Murda Phera Rasam Ate Geet : Neelam Saini

ਮੁੜਦਾ ਫੇਰਾ ਰਸਮ ਅਤੇ ਗੀਤ : ਨੀਲਮ ਸੈਣੀ

ਸਹੁਰੇ ਘਰ ਸਭ ਰਸਮਾਂ ਨਿਭਾਉਣ ਤੋਂ ਬਾਅਦ ਮੁੜ ਵਿਆਂਦੜ ਜੋੜਾ ਆਪਣੇ ਮਾਂ ਬਾਪ ਅਤੇ ਹੋਰ ਖਾਸ ਰਿਸ਼ਤੇਦਾਰਾਂ ਨਾਲ ਕੁੜੀ ਵਾਲੇ ਘਰ ਫ਼ੇਰਾ ਪਾਉਣ ਜਾਂਦੇ ਸਨ। ਇਸ ਵਕਤ ਕੁੜੀ ਆਪਣੇ ਮਾਪਿਆਂ ਨੂੰ ਮਿਲਣ ਲਈ ਬੇਚੈਨ ਹੁੰਦੀ ਸੀ। ਮਾਪਿਆਂ ਨੂੰ ਵੀ ਇਹ ਇਕ ਰਾਤ ਦਾ ਵਿਛੋੜਾ ਕਈ ਸਾਲਾਂ ਦੇ ਵਿਛੋੜੇ ਦੇ ਬਰਾਬਰ ਲੱਗਦਾ ਸੀ। ਭੈਣਾਂ ਅਤੇ ਸਹੇਲੀਆਂ ਵੀ ਰਾਹ ਵਿਚ ਅੱਖਾਂ ਵਿਛਾਈ ਬੈਠੀਆਂ ਹੁੰਦੀਆਂ ਸਨ, ਪਰ ਸਾਲੀਆਂ ਲਈ ਜੀਜਾ ਅਤੇ ਜੀਜੇ ਵਲੋਂ ਲਿਆਂਦੇ ਜਾਣ ਵਾਲੇ ਲੌਂਗ, ਇਲਾਚੀਆਂ, ਮਿਸ਼ਰੀ, ਕਲੀਚੜੀਆਂ ਆਦਿ ਖਿੱਚ ਦਾ ਕੇਂਦਰ ਬਣੇ ਹੁੰਦੇ ਸਨ। ਉਹ ਸਕੀਆਂ ਸਾਲੀਆਂ ਲਈ ਸੋਨੇ ਦੀਆਂ ਕਲੀਚੜੀਆਂ ਅਤੇ ਬਾਕੀ ਸ਼ਰੀਕੇ ਵਿਚ ਲੱਗਦੀਆਂ ਸਾਲੀਆਂ ਲਈ ਚਾਂਦੀ ਜਾਂ ਗਿਲਟ ਦੀਆਂ ਕਲੀਚੜੀਆਂ ਲੈ ਕੇ ਜਾਂਦਾ ਸੀ।
ਸ਼ਰੀਫ਼ ਅਤੇ ਸੰਗਾਊ ਸੁਭਾਅ ਦਾ ਲਾੜਾ ਤਾਂ ਚੁੱਪ-ਚਾਪ ਛੋਟੀ ਸਾਲੀ ਦੇ ਹੱਥ ਤੇ ਕਲੀਚੜੀਆਂ ਰੱਖ ਦਿੰਦਾ ਸੀ, ਪਰ ਚੁਸਤ ਅਤੇ ਰੰਗੀਨ ਮਿਜਾਜ਼ ਲਾੜਾ ਸਾਲੀ ਦੀ ਉਂਗਲੀ ਵਿਚ ਕਲੀਚੜੀ ਪਾਉਣ ਦੀ ਸ਼ਰਤ ਰੱਖ ਦਿੰਦਾ ਸੀ। ਇਸ ਮੌਕੇ ਲਾੜੇ ਨਾਲ ਕਈ ਤਰ੍ਹਾਂ ਦੇ ਮਜ਼ਾਕ, ਜਿਵੇਂ ਚਾਹ ਵਿਚ ਲੂਣ ਪਾ ਦੇਣਾ, ਬੈਠਣ ਲਈ ਟੁੱਟੀ ਹੋਈ ਕੁਰਸੀ ਨੂੰ ਚਾਦਰ ਨਾਲ ਢੱਕ ਦੇਣਾ ਅਤੇ ਲਾੜੇ ਵਲੋਂ ਲੌਂਗਾਂ ਦੀ ਥਾਂ 'ਚੂਹਿਆਂ ਦੀਆਂ ਮੀਂਗਣਾਂ' ਦੀ ਪੁੜੀ ਦੇਣਾ ਆਦਿ ਵੀ ਹੁੰਦੇ ਸਨ। ਇਸ ਵਕਤ ਸਾਰਾ ਵਾਤਾਵਰਤਨ ਹਾਸੇ ਦੇ ਠਹਾਕਿਆਂ ਨਾਲ ਚਹਿਕ ਉਠਦਾ ਸੀ। ਇਸ ਰਸਮ ਦਾ ਮੰਤਵ ਦੂਜੇ ਦਿਨ ਵਿਆਹੀ ਗਈ ਧੀ ਨੂੰ ਉਸ ਦੇ ਮਾਪਿਆਂ ਨਾਲ ਮਿਲਾਉਣਾ ਅਤੇ ਜਵਾਈ ਨਾਲ ਪਿਆਰ ਵਧਾਉਣਾ ਹੀ ਸੀ।
ਸਾਲੀਆਂ ਜੀਜੇ ਨਾਲ ਨੋਕ-ਝੋਂਕ ਕਰਦੇ ਹੋਏ ਉਸ ਨੂੰ 'ਛੰਦ' ਸੁਣਾਉਣ ਲਈ ਕਹਿੰਦੀਆਂ ਸਨ। 'ਛੰਦ' ਕਾਵਿ ਰੂਪ ਹੈ, ਜੋ ਨਿੱਕੀਆਂ ਬੋਲੀਆਂ ਨਾਲ ਮਿਲਦਾ ਜੁਲਦਾ ਹੈ। 'ਪਰਾਗੇ' ਸ਼ਬਦ ਦਾ ਅਰਥ ਹੈ 'ਇਕ ਰੁੱਗ' ਭਾਵ ਸੰਗ੍ਰਿਹ। ਇਸ ਲਈ 'ਛੰਦ' ਇਕ ਛੰਦ ਬੱਧ ਕਾਵਿ-ਰਚਨਾ ਹੈ, ਜਿਸ ਵਿਚ ਛੰਦ ਬੰਦੀ ਦੇ ਕੋਈ ਵਿਸ਼ੇਸ਼ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਵਿਆਹ ਉਪਰੰਤ ਲਾੜੇ ਦੀ ਅਕਲ-ਲਿਆਕਤ ਦਾ ਅਨੁਮਾਨ 'ਛੰਦ' ਸੁਣ' ਕੇ ਹੀ ਲਗਾਇਆ ਜਾਂਦਾ ਸੀ। ਜੇ ਕਰ ਲਾੜਾ ਸੰਗਾਊ ਸੁਭਾਅ ਦਾ ਹੋਵੇ ਤਾਂ ਬਹੁਤ ਨਹੀਂ ਬੋਲਦਾ ਸੀ। ਜੇ ਕਰ ਚੁਸਤ ਚਲਾਕ ਹੋਵੇ ਤਾਂ ਦੁਹਰੇ ਅਰਥਾਂ ਵਾਲੇ ਛੰਦਾਂ ਨਾਲ ਸਾਲੀਆਂ ਦੇ ਮੂੰਹ ਬੰਦ ਕਰਵਾ ਦਿੰਦਾ ਸੀ। ਉਸ ਦੇ ਦੋਸਤ ਮਿੱਤਰ ਉਸ ਨੂੰ ਘਰੋਂ ਛੰਦ ਯਾਦ ਕਰਵਾ ਕੇ ਤੋਰਦੇ ਸਨ। ਇਹ ਰਸਮ ਹੁਣ ਟਾਂਵੀ-ਟਾਂਵੀ ਰਹਿ ਗਈ ਹੈ।
ਕੁੜਤਾ ਵੀ ਲਿਆਇਆ ਮੰਗ ਕੇ ਵੇ ਜੀਜਾ,
ਐਨਕਾਂ ਲਿਆਇਆ ਚੁਰਾ।
ਜੇ ਹੁੰਦੀਆਂ ਮੇਰੇ ਵੀਰ ਦੀਆਂ ਵੇ,
ਵੇ ਤੈਥੋਂ ਸਾਵੀਆਂ ਲੈਂਦੀ ਲੁਹਾ।
ਜੀਜੇ ਵਲੋਂ ਇਹ ਛੰਦ ਸੁਣਾਏ ਜਾਂਦੇ ਹਨ:
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਚੱਕੀਆਂ,
ਮਾਂ ਤੁਹਾਡੀ ਡਾਢੀ ਖ਼ਚਰੀ,
ਤੁਸੀਂ ਛਿਨਾਰਾਂ ਪੱਕੀਆਂ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਤੁੰਮਾਂ,
ਸਭੇ ਸਾਲ਼ੀਆਂ ਸੁਹਣੀਆਂ,
ਮੈਂ ਕੀਹਦਾ ਮੂੰਹ ਚੁੰਮਾਂ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਥਾਲੀ,
ਹੋਰ ਛੰਦ ਮੈਂ ਤਾਂ ਸੁਣਾਵਾਂ,
ਜੇ ਹੱਥ ਜੋੜੇ ਸਾਲੀ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਮਹਿਣਾ,
ਬੇਟੀ ਨੂੰ ਸਮਝਾ ਦੇਣਾ ਜੀ,
ਆਗਿਆ ਦੇ ਵਿਚ ਰਹਿਣਾ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਤਰ,
ਲੋਕ ਬੋਲੀਆਂ ਮਾਰਦੇ,
ਸੰਯੋਗ ਜ਼ੋਰਾਵਰ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਗਹਿਣਾ,
ਇਕ ਨੂੰ ਤਾਂ ਅਸੀਂ ਲੈ ਚੱਲੇ ਹਾਂ,
ਇਕ ਸਾਕ ਹੋਰ ਲੈਣਾ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਬੇਰੀ,
ਵੇਖ ਵੇਖ ਕੇ ਥੱਕੀਆਂ ਅੱਖੀਆਂ,
ਝੁਮਕਿਆਂ ਵਾਲੀ ਮੇਰੀ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਡੰਡੀ,
ਸਹੁਰਾ ਮੇਰਾ ਮਾਰਦਾ,
ਤੇ ਸੱਸ ਪਾਉਂਦੀ ਭੰਡੀ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਬਰੂਟੀ,
ਸਹੁਰਾ ਫ਼ੁੱਲ ਗ਼ੁਲਾਬ,
ਤੇ ਸੱਸ ਚੰਬੇ ਦੀ ਬੂਟੀ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਕੇਸਰ,
ਸੱਸ ਮੇਰੀ ਪਾਰਬਤੀ,
ਸਹੁਰਾ ਮੇਰਾ ਪਰਮੇਸ਼ਵਰ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਆਲ਼ਾ,
ਅਕਲਾਂ ਵਾਲੀ ਸਾਲੀ ਮੇਰੀ,
ਸੁਹਣਾ ਮੇਰਾ ਸਾਲ਼ਾ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਤੀਰ,
ਮੈਂ ਸੀ ਰਾਂਝਾਂ ਜੱਟ ਅੱਗੇ ਹੀ,
ਮਿਲ ਗਈ ਮੈਨੂੰ ਹੀਰ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਫ਼ੀਤਾ,
ਅਸੀਂ ਸੀ ਗ਼ਰੀਬ ਆਦਮੀ,
ਤੁਸਾਂ ਨੇ ਕੱਜ ਲੀਤਾ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਡੋਲਣਾ,
ਬਾਪੂ ਜੀ ਨੇ ਅਖਿਆ ਸੀਗਾ,
ਬਹੁਤਾ ਨਹੀਓਂ ਬੋਲਣਾ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਗਹਿਣਾ,
ਛੇਤੀ ਛੇਤੀ ਤੋਰੋ ਕੁੜੀ ਨੂੰ,
ਹੋਰ ਨਹੀਂ ਮੈਂ ਬਹਿਣਾ।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਹੰਸ,
ਸੀਤਾ ਤਾਈਂ ਵਿਆਹੁਣ ਆਏ,
ਰਾਮ ਜੀ ਸੂਰਜ ਵੰਸ਼।

ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਘਿਓ।
ਸੱਸ ਲੱਗੀ ਅੱਜ ਤੋਂ ਮਾਂ ਮੇਰੀ,
ਸਹੁਰਾ ਲੱਗਿਆ ਪਿਓ।
ਫਿਰ ਕੁੜਮਣੀਆਂ ਦੀ ਮਿਲਣੀ ਹੁੰਦੀ ਹੈ ਅਤੇ ਇਸ ਤੋਂ ਬਾਅਦ ਵਿਆਹ ਸੰਪੂਰਨ ਹੋ ਜਾਂਦਾ ਹੈ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ