Muneer Sabari Kunjahi
ਮੁਨੀਰ ਸਾਬਰੀ ਕੁੰਜਾਹੀ

ਨਾਂ-ਮੁਹੰਮਦ ਮੁਨੀਰ, ਕਲਮੀ ਨਾਂ-ਮੁਨੀਰ ਸਾਬਰੀ ਕੁੰਜਾਹੀ,
ਪਿਤਾ ਦਾ ਨਾਂ-ਹਾਜੀ ਬਰਕਤ ਅਲੀ,
ਜਨਮ ਤਾਰੀਖ਼-13 ਫ਼ਰਵਰੀ 1946, ਜਨਮ ਸਥਾਨ-ਕੁੰਜਾਹ ਪੰਜਾਬ,
ਵਿਦਿਆ-ਐਫ਼. ਏ., ਕਿੱਤਾ-ਵਪਾਰ,
ਛਪੀਆਂ ਕਿਤਾਬਾਂ-ਸੋਚਾਂ ਦੀ ਪੂੰਜੀ (ਪੰਜਾਬੀ ਸ਼ਾਇਰੀ),
ਪਤਾ-ਮੁਹੱਲਾ ਕੱਕੇ ਜੀਆਂ, ਕੁੰਜਾਹ, ਪੰਜਾਬ ।

ਪੰਜਾਬੀ ਗ਼ਜ਼ਲਾਂ (ਸੋਚਾਂ ਦੀ ਪੂੰਜੀ 2004 ਵਿੱਚੋਂ) : ਮੁਨੀਰ ਸਾਬਰੀ ਕੁੰਜਾਹੀ

Punjabi Ghazlan (Sochan Di Poonji 2004) : Muneer Sabari Kunjahi



ਉਹ ਕਿਸਰਾਂ ਦਾ ਫ਼ਰੇਬੀ ਸੀ

ਉਹ ਕਿਸਰਾਂ ਦਾ ਫ਼ਰੇਬੀ ਸੀ ਉਹ ਕੀਵੇਂ ਦਾ ਪਖੰਡੀ ਸੀ । ਜੀਹਦਾ ਕਾਗ਼ਜ਼ ਦਾ ਰੌਜ਼ਾ ਸੀ 'ਤੇ ਗੱਤੇ ਦੀ ਚੌਖ਼ੰਡੀ ਸੀ । ਉਹ ਦੌਲਤ ਦਾ ਪੁਜਾਰੀ ਸੀ 'ਤੇ ਸੀ ਮਹਿਰਾਬ ਮੱਥੇ 'ਤੇ, ਮੈਂ ਗ਼ੁਰਬਤ ਦਾ ਨਮਾਜ਼ੀ ਸਾਂ ਮੇਰੇ ਮੱਥੇ 'ਤੇ ਚੰਡੀ ਸੀ । ਹਨੇਰੇ ਗ਼ਾਰ ਮੇਰੇ ਦਿਲ ਦੇ ਸਾਰੇ ਜਗਮਗਾ ਉੱਠੇ, ਜਦੋਂ ਉਸ ਚੰਨ ਨੇ ਮੁਖੜੇ ਤੋਂ ਕਾਲੀ ਜ਼ੁਲਫ਼ ਛੰਡੀ ਸੀ । ਹਮੇਸ਼ਾ ਗੋਦ ਵਿਚ ਗ਼ੁਰਬਤ ਦੇ ਰਹਿ ਕੇ ਇਹ ਖ਼ਿਆਲ ਆਇਆ, ਮੈਂ ਤੇਰੇ ਜ਼ਿਹਨ ਵਿਚ ਨਹੀਂ ਸਾਂ ਜਦੋਂ ਜਾਗੀਰ ਵੰਡੀ ਸੀ । ਉਹ ਮਨਜ਼ਰ ਅੱਜ ਵੀ ਅੱਖਾਂ ਦੇ ਵਿੱਚੋਂ ਝਾਤੀਆਂ ਮਾਰੇ, ਜਦੋਂ ਭਰੀਆਂ ਮੈਂ ਢੋਈਆਂ ਸਨ ਉਨ੍ਹਾਂ ਮੁੰਜੀ ਵੀ ਫੰਡੀ ਸੀ । ਪਹਾੜੋਂ ਪਾਰ ਜਾਣਾ ਸੀ 'ਤੇ ਇਕ ਵਾਹਦਾ ਨਿਭਾਣਾ ਸੀ, ਗਰਮ ਸਨ ਮੇਰੇ ਜਜ਼ਬੇ ਦੋਸਤੋ 'ਤੇ ਬਰਫ਼ ਠੰਢੀ ਸੀ । ਇਕ ਐਸੀ ਸੋਚ ਬਾਰੇ 'ਸਾਬਰੀ' ਮੈਂ ਸੋਚਣਾ ਜਿਹੜੀ, ਸੁਹਾਗਣ ਰੋਜ਼ ਰਾਤੀਂ ਸੀ ਸਵੇਰੇ ਰੋਜ਼ ਰੰਡੀ ਸੀ ।

ਸੋਚਾਂ ਦੇ ਵਿਚ ਪਾ ਗਏ ਮੈਨੂੰ

ਸੋਚਾਂ ਦੇ ਵਿਚ ਪਾ ਗਏ ਮੈਨੂੰ ਚੰਨ ਜਿਹੇ ਮੁੱਖ ਵਾਲੇ । ਦਾਰੂਗਰ ਦੇ ਕੋਠੇ ਵਾਂਗੂੰ ਜਿਨ੍ਹਾਂ ਦੇ ਅੰਦਰ ਕਾਲੇ । ਤੇਰੇ ਪਿੱਛੋਂ ਜਦ ਮੈਂ ਦਿਲ ਦਾ ਬੂਹਾ ਖੋਲ੍ਹ ਕੇ ਤੱਕਿਆ, ਕੁਝ ਸੱਧਰਾਂ ਦਾ ਕੱਲਰ ਦਿਸਿਆ ਕੁਝ ਯਾਦਾਂ ਦੇ ਜਾਲੇ । ਬੱਦਲ ਗੱਜੇ ਬੱਦਲ ਵੱਸੇ ਚਿੱਕੜ ਹੋ ਗਈ ਧਰਤੀ, ਅੱਜ ਵੀ ਮੈਨੂੰ ਅੱਗ ਦੇ ਲਾਂਬੂ ਦਿਸਦੇ ਚਾਰ ਦਵਾਲੇ । ਬੁਲਬੁਲ ਰਾਹ ਬਹਾਰ ਦਾ ਤੱਕ ਤੱਕ ਐਵੇਂ ਝੱਲੀ ਹੋਈ, ਫੁੱਲਾਂ ਦੀ ਗੁਲਕੰਦ ਪਾਵਣਗੇ ਬਾਗ਼ਾਂ ਦੇ ਰਖਵਾਲੇ । ਪੱਤਝੜ ਦਾ ਅਹਿਸਾਸ ਵੀ ਨਹੀਂ 'ਮੁਨੀਰ' ਭੁਲਾਇਆ ਜਾਂਦਾ, ਪੱਤਰ ਕੰਮ ਟਕੋਰ ਦੇ ਆਏ ਕੰਡਿਆਂ ਵਿੰਨ੍ਹੇ ਛਾਲੇ ।

ਹਿਜਰ ਤੇਰੇ ਵਿਚ ਰੋਂਦੀ ਪਈ ਏ

ਹਿਜਰ ਤੇਰੇ ਵਿਚ ਰੋਂਦੀ ਪਈ ਏ ਹਰਨੀ ਵਰਗੀ ਅੱਖ । ਅੱਖਾਂ ਦੇ ਵਿਚ ਲਸ ਲਸ ਕਰਦੀ ਸੱਜਣਾ ਤੇਰੀ ਦੱਖ । ਨੈਣ ਪਿਆਲੇ ਵਿੱਚੋਂ ਹੰਝੂ ਸੂਹੇ ਰੰਗ ਦੇ ਡੁੱਲ੍ਹੇ, ਤੇਜ਼ ਹਵਾਵਾਂ ਦੇ ਹੱਥ ਤੱਕੇ ਜਦ ਕੁੱਲ੍ਹੀ ਦੇ ਕੱਖ । ਮੈਂ ਵੇਲੇ ਦੀ ਕੋਹਝ 'ਚ ਭਰਿਆ ਇੰਜ ਦਾ ਨੂਰ ਉਜਾਲਾ, ਲਾਟਾਂ ਮਾਰਦੇ ਤੱਕੇ ਮੈਂ ਤੇ ਦੀਵੇ ਵੱਖੋ-ਵੱਖ । ਜਿਸ ਦੀਆਂ ਲਿਸ਼ਕਾਂ ਅੱਖ ਦੀ ਧੀਰੀ ਉੱਤੇ ਚਾਨਣ ਲੀਕਣ, ਘੁੱਪ ਹਨੇਰੇ ਦੀ ਮੁੰਦਰੀ ਵਿਚ ਥੀਵਾਂ ਇੰਜ ਦੀ ਰੱਖ । ਸੀਤ ਹਵਾਹਾਂ ਸੀਨਾ ਠਾਰਣ ਵੱਜੇ ਦੰਦੋ-ੜਿੱਕੀ, ਫੇਰ ਵੀ ਤੇਰੀਆਂ ਰਾਹਵਾਂ ਦੇ ਵਿਚ ਵਿੱਛੀ ਰਹਿੰਦੀ ਅੱਖ । ਤਗੜੇ ਦਾ ਤੇ ਹੋ ਜਾਂਦਾ ਏ ਨੱਬੇ ਦਾ ਵੀ ਸੌ, ਮਾੜੇ ਦਾ ਨਹੀਂ ਹੁੰਦਾ ਡਿੱਠਾ ਸੌ ਹਜ਼ਾਰ ਦਾ ਲੱਖ । ਬੇਲੇ ਦੇ ਵਿਚ ਫੇਰ ਇਕ ਰਾਂਝਾ ਵੰਝਲੀ ਲੈ ਕੇ ਆਇਆ, ਲਗਦੈ ਫੇਰ 'ਮੁਨੀਰ' ਕਿਸੇ ਨੇ ਮੋਹਰਾ ਜਾਣਾ ਚੱਖ ।

ਹਾਸਿਆਂ ਦੇ ਜ਼ਮਜ਼ਮੇ ਐਧਰ ਵੀ

ਹਾਸਿਆਂ ਦੇ ਜ਼ਮਜ਼ਮੇ ਐਧਰ ਵੀ ਫੁਟਣੇ ਚਾਹੀਦੇ । ਗ਼ਮ ਦੇ ਬੂਟੇ ਦਿਲ ਦੀ ਪੈਲੀ ਚੋਂ ਵੀ ਪੁਟਣੇ ਚਾਹੀਦੇ । ਹਰ ਸੁਹਾਗਣ ਦੀ ਖ਼ੁਸ਼ੀ ਲਈ ਜੁਸਤਜੂ ਕਰਦੇ ਰਹਵੋ, ਰੋਂਦੀ ਰਹਿੰਦੀ ਬੇਵਾ ਦੇ ਅਥਰੂ ਵੀ ਸੁਕਣੇ ਚਾਹੀਦੇ । ਡੰਗਰਾਂ ਲਈ ਨਾੜ ਦੀ ਕਰਨੀ ਹਿਫ਼ਾਜ਼ਤ ਚਾਹੀਦੀ, ਬੰਦਿਆਂ ਲਈ ਦੋਸਤੋ ਸਿੱਟੇ ਵੀ ਕੁਟਣੇ ਚਾਹੀਦੇ । ਜਿਹੜਾ ਫ਼ਨ ਦੇ ਮਿੱਠੇ ਮਿੱਠੇ ਬੇਰ ਆਪੋ ਵੰਡਦਾ, ਤੋਤਿਆਂ ਵਾਂਗੂੰ ਨਈਂ ਉਹਦੇ ਸ਼ਿਅਰ ਟੁਕਣੇ ਚਾਹੀਦੇ । ਖੁਰਦਰੇ ਅੱਖਰ ਜੇ ਚਾਹੇਂ ਪੱਧਰੇ ਹੋ ਜਾਣਗੇ, ਇਨ੍ਹਾਂ 'ਤੇ ਤਨਕੀਦ ਦੇ ਰੰਦੇ ਨਈਂ ਚੱਲਣੇ ਚਾਹੀਦੇ । ਬਾਹਰ ਮੇਰਾ ਨਾਂ ਸੀ ਅੰਦਰ ਚਾਰ ਅੱਖਰ ਇੰਜ ਦੇ ਸਨ, ਜਿਹੜੇ ਬੂਟੇ ਹੱਥੀਂ ਲਾਏ ਉਹ ਨਹੀਂ ਪੁਟਣੇ ਚਾਹੀਦੇ । ਦਿਲ ਜੇ ਮੰਦਰ ਵੇ ਤੇ ਰੱਖੋ ਵਿਚ ਸਜਾ ਕੇ ਮੂਰਤੀ, ਦਿਲ ਜੇ ਕਾਅਬਾ ਏ ਤੇ ਬੁੱਤ ਚੁੱਕ ਚੁੱਕ ਕੇ ਸੁਟਣੇ ਚਾਹੀਦੇ । ਜਿਸ ਦੇ ਅੱਗੇ ਸੁਰਨਗੋ ਨੇ ਪਰਬਤਾਂ ਦੇ ਸਿਲਸਿਲੇ, ਉਹਦੇ ਅੱਗੇ 'ਸਾਬਰੀ' ਬੰਦੇ ਵੀ ਝੁਕਣੇ ਚਾਹੀਦੇ ।

ਮੇਰੀ ਆਸ ਰੰਡੇਪੇ ਰੰਗੀ

ਮੇਰੀ ਆਸ ਰੰਡੇਪੇ ਰੰਗੀ ਮੈਂ ਨਹੀਂ ਯਾਰ ਕਿਸੇ ਦਾ । ਮੈਨੂੰ ਕੀਵੇਂ ਚੰਗਾ ਲੱਗੇ ਹਾਰ ਸ਼ਿੰਗਾਰ ਕਿਸੇ ਦਾ । ਤੂੰ ਧਰਤੀ ਦੀ ਧੂੜ ਸਮਝ ਕੇ ਠੋਕਰ ਮਾਰਦਾ ਰਹਿਣੈ, ਅਸਮਾਨਾਂ ਦਾ ਚੰਨ ਸੀ ਸੱਜਣਾ ਸੁੱਚਾ ਪਿਆਰ ਕਿਸੇ ਦਾ । ਮੇਰੇ ਦਿਲ ਥੀਂ ਖ਼ੂਨ ਦੇ ਕਤਰੇ ਅੱਖਾਂ ਪਾੜ ਕੇ ਨਿਕਲੇ, ਜਿਸ ਵੇਲੇ ਮੈਂ ਹੁੰਦਾ ਤੱਕਿਆ ਆਪਣਾ ਯਾਰ ਕਿਸੇ ਦਾ । ਅੱਗੇ ਪਿੱਛੇ ਬੱਤਖ਼ਾਂ ਵਾਂਗੂੰ ਸਭ ਨੇ ਟੁਰਦੇ ਜਾਣਾ, ਕਿਸੇ ਨਹੀਂ ਡਿੱਠਾ ਅੱਜ ਤੱਕ ਹੁੰਦਾ ਇਹ ਸੰਸਾਰ ਕਿਸੇ ਦਾ । ਰਾਹੀਆ ਐਨੀ ਗੱਲ 'ਮੁਨੀਰ' ਨੂੰ ਮਿਲ ਜਾਵੇ ਤੇ ਆਖੀਂ, ਅੱਡੀਆਂ ਚੁਕ ਚੁਕ ਰਸਤਾ ਦੇਖੇ ਇਕ ਮੁਟਿਆਰ ਕਿਸੇ ਦਾ ।

ਤਸਬੀ ਤੇਰੀਆਂ ਯਾਦਾਂ ਦੀ ਕੋਈ

ਤਸਬੀ ਤੇਰੀਆਂ ਯਾਦਾਂ ਦੀ ਕੋਈ ਰੋਲ ਗਿਆ ਤੇ ਆਖੀਂ । ਸਾਡੀਆਂ ਦਿੱਤੀਆਂ ਗੰਢਾਂ ਕੋਈ ਖੋਲ੍ਹ ਗਿਆ ਤੇ ਆਖੀਂ । ਤੇਰੀ ਰਹਿਮਤ ਤੇਰੇ ਫ਼ੈਸਲੇ ਤੂੰ ਬਦਲਾ ਨਾ ਦੇਵੀਂ, ਮੈਂ ਸੂਲੀ 'ਤੇ ਚੜ੍ਹ ਕੇ ਰੱਬਾ ਡੋਲ ਗਿਆ ਤੇ ਆਖੀਂ । ਖ਼ੂਸ਼ਬੂਆਂ ਦੇ ਜਾਣੂ ਵੀ ਅੱਜ ਕਾਗ਼ਜ਼ ਦੇ ਫੁੱਲ ਮੰਗਦੇ, ਹੁਣ ਕੋਈ ਅਸਲੀ ਫੁੱਲਾਂ ਦੇ ਵੀ ਕੋਲ ਗਿਆ ਤੇ ਆਖੀਂ । ਇਕ ਵਾਰੀ 'ਤੇ ਸੁੱਕਣ ਅੱਥਰੂ ਇਕ ਵਾਰੀ ਤੇ ਹੱਸਾਂ, ਜੇ ਮੈਂ ਦਿਲ ਦੇ ਦੁਖੜੇ ਕਿਧਰੇ ਫੋਲ ਗਿਆ ਤੇ ਆਖੀਂ । ਸਾਡੀ ਗੱਲ ਪੱਥਰ 'ਤੇ ਲੀਕ ਏ ਜਾ 'ਮੁਨੀਰ' ਜੇ ਜਾਣੇਂ, ਜੇ ਉਹ ਜ਼ਾਲਮ ਦਿਲ ਦੀ ਘੁੰਢੀ ਖੋਲ੍ਹ ਗਿਆ ਤੇ ਆਖੀਂ ।

ਜ਼ਿੰਦਗੀ ਦੇ ਦੋਸਤੋ ਸਾਰੇ ਹਵਾਲੇ ਠੀਕ ਨੇ

ਜ਼ਿੰਦਗੀ ਦੇ ਦੋਸਤੋ ਸਾਰੇ ਹਵਾਲੇ ਠੀਕ ਨੇ । ਉਹਦੀਆਂ ਨਜ਼ਰਾਂ ਦੇ ਵਿਚ ਇਹ ਗੋਰੇ ਕਾਲੇ ਠੀਕ ਨੇ । ਫੇਰ ਕਿਉਂ ਨਹੀਂ ਲੋਕ ਆਪਣੇ ਆਪਣੇ ਬੂਹੇ ਖੋਲ੍ਹਦੇ, ਚਾਬੀਆਂ ਵੀ ਠੀਕ ਨੇ ਇਨ੍ਹਾਂ ਦੇ ਤਾਲੇ ਠੀਕ ਨੇ । ਹਾਸਿਆਂ ਦਾ ਨੂਰ ਲੈ ਜਾ ਪਰ ਇਹ ਗ਼ਮ ਦੇ ਭੂਤਨੇ, ਰਹਿਣ ਦੇ ਇਨ੍ਹਾਂ ਨੂੰ ਇਹ ਮੇਰੇ ਦਵਾਲੇ ਠੀਕ ਨੇ । ਮੇਰੀ ਗਾਟੀ ਦੋਸਤੋ ਚਿਹਰੇ ਦੇ ਵਿਚ ਮਾਰੀ ਗਈ, ਫੇਰ ਵੀ ਦਿਲ ਆਖਦੈ ਇਨ੍ਹਾਂ ਦੇ ਚਾਲੇ ਠੀਕ ਨੇ । ਰਹਿਣ ਦੇ ਤੂੰ 'ਸਾਬਰੀ' ਸੋਨੇ ਦੀਆਂ ਇਹ ਵਾਲੀਆਂ, ਇਨ੍ਹਾਂ ਦੇ ਕੰਨਾਂ ਦੇ ਵਿਚ ਪਿੱਤਲ ਦੇ ਵਾਲੇ ਠੀਕ ਨੇ ।

ਅਸਾਂ 'ਤੇ ਇੰਜ ਵੀ ਇਕ ਦਿਨ ਯਾਰੋ

ਅਸਾਂ 'ਤੇ ਇੰਜ ਵੀ ਇਕ ਦਿਨ ਯਾਰੋ ਹੁੰਦਾ ਡਿੱਠਾ । ਕੋਈ ਇਕ ਤਸਵੀਰ ਬਣਾ ਕੇ ਰੋਂਦਾ ਡਿੱਠਾ । ਤਾਰੇ ਚੰਨ 'ਤੇ ਸੂਰਜ ਹੱਥ ਵਿਚ ਲੈ ਕੇ ਕੋਈ, ਅੱਧੀ ਰਾਤੀਂ ਤੇਰੀ ਜੂਹ ਵਿਚ ਭੌਂਦਾ ਡਿੱਠਾ । ਚੱਪੂ ਆਪਣੀ ਬੇੜੀ ਦੇ ਮੈਂ ਆਪ ਸੰਭਾਲੇ, ਜਿਸ ਵੇਲੇ ਕੱਜ਼ਾਕ ਨੂੰ ਦੂਰੋਂ ਆਉਂਦਾ ਡਿੱਠਾ । ਬੰਜਰ ਜੂਹ ਵਿਚ ਹਰਿਆਲੀ ਦੀ ਬਾਤ ਚਿਤਾਰੇ, ਨੇਤਾ ਵਾਲੀ ਜੋਗ ਇਕ ਸ਼ਾਇਰ ਜੋਂਦਾ ਡਿੱਠਾ । ਤਪਦੀ ਰੇਤ 'ਤੇ ਕੜ ਕੜ ਕਰਕੇ ਬੱਦਲ ਨੱਸੇ, ਏਸੇ ਕਰਕੇ 'ਸਾਬਰੀ' ਅੱਜ ਵੀ ਰੋਂਦਾ ਡਿੱਠਾ ।

ਕਾਵਾਂ ਆਸ ਨਹੀਂ ਟੁੱਟਣ ਦਿੱਤੀ

ਕਾਵਾਂ ਆਸ ਨਹੀਂ ਟੁੱਟਣ ਦਿੱਤੀ ਤੋੜ ਨਹੀਂ ਚੜ੍ਹੀ ਉਡੀਕ । ਉਹਦੇ ਆਉਣ ਦਾ ਵਾਅਦਾ ਨਿਕਲਿਆ ਪਾਣੀ ਉੱਤੇ ਲੀਕ । ਮੇਰੀਆਂ ਸੱਧਰਾਂ ਪੈਰ ਪੈਰ ਤੇ ਸਿਜਦੇ ਤੈਨੂੰ ਕੀਤੇ, ਮੇਰੀ ਆਸ ਦੀ ਲਾਸ਼ ਨੂੰ ਸੱਜਣਾ ਚੱਜ ਦੇ ਨਾਲ ਧਰੀਕ । ਸਾਕਾ ਦਾਰੀ ਦੇ ਵਹੀ ਖ਼ਾਤੇ ਬਲਦੀ ਅੱਗ ਵਿਚ ਸਾੜ, ਵਿਹੜੇ ਬਹਿ ਕੇ ਦਰਦ ਵੰਡਾਵਣ ਬੂਹਿਉਂ ਬਾਹਰ ਸ਼ਰੀਕ । ਟੁਰ ਟੁਰ ਪੈਰੀਂ ਛਾਲੇ ਪੈ ਗਏ ਅਜੇ ਨਈਂ ਮੰਜ਼ਿਲ ਆਈ, ਚਾਰ ਕੂ ਕੋਹ ਸੀ ਪੈਂਡਾ ਸਾਰਾ ਉਦ੍ਹੇ ਬੂਹੇ ਤੀਕ । ਮੂੰਹ ਦੀ ਚਾਟੀ ਉੱਤੇ ਚੁਪ ਦੀ ਚੱਪਣੀ ਰੱਖ 'ਮੁਨੀਰ', ਗ਼ਮ ਦੀ ਬਲਦੀ ਚਿਤਾ 'ਚ ਬਹਿ ਕੇ ਯਾਰ ਨੂੰ ਅੱਜ ਉਡੀਕ ।

ਕਿਤੇ ਝੁਗੀਆਂ ਦੇ ਵਾਸੇ ਨੂੰ ਚੁਬਾਰੇ

ਕਿਤੇ ਝੁਗੀਆਂ ਦੇ ਵਾਸੇ ਨੂੰ ਚੁਬਾਰੇ ਸੌਣ ਨਹੀਂ ਦਿੰਦੇ । ਕਿਤੇ ਦਰਦਾਂ ਦੇ ਮਾਰੇ ਨੂੰ ਸਿਤਾਰੇ ਸੌਣ ਨਹੀਂ ਦਿੰਦੇ । ਕਿਸੇ ਨੂੰ ਵਸਲ ਦੇ ਲਮਹੇ ਜਗਾ ਕੇ ਰੱਖਦੇ ਰਾਤੀਂ, ਕਿਸੇ ਹਿਜਰਾਂ ਦੇ ਫੰਡੇ ਨੂੰ ਤੇ ਕਾਰੇ ਸੌਣ ਨਹੀਂ ਦਿੰਦੇ । ਖ਼ੁਸ਼ੀ ਦੀ ਬਾਂਸਰੀ ਉਹ ਤੇ ਵਜਾਉਂਦਾ ਏ ਦਿਨੇ ਰਾਤੀਂ, ਗ਼ਮਾਂ ਦੀ ਪੀਂਘ ਦੇ ਮੈਨੂੰ ਹੁਲਾਰੇ ਸੌਣ ਨਹੀਂ ਦਿੰਦੇ । ਕਿਸੇ ਦੀ ਅੱਖ ਰਹਿੰਦੀ ਏ ਤਰੰਗੜ ਖਿੱਤੀਆਂ ਦੇ ਵਲ, ਕਿਸੇ ਖੋਜੀ ਨੂੰ ਖੋਜਾਂ ਦੇ ਨਿਤਾਰੇ ਸੌਣ ਨਹੀਂ ਦਿੰਦੇ । ਮਸੀਤਾਂ ਤੇ ਮਸੀਤਾਂ ਨੇ ਮੈਂ ਇੰਜ ਵੀ 'ਸਾਬਰੀ' ਤੱਕਿਐ, ਕਿਸੇ ਮਸਕੀਨ ਨੂੰ ਅਜ ਕਲ੍ਹ ਤੇ ਦਾਰੇ ਸੌਣ ਨਹੀਂ ਦਿੰਦੇ ।