Muneer Asri
ਮੁਨੀਰ ਅਸਰੀ

ਨਾਂ-ਮੁਹੰਮਦ ਮੁਨੀਰ, ਕਲਮੀ ਨਾਂ-ਮੁਨੀਰ ਅਸਰੀ,
ਪਿਤਾ ਦਾ ਨਾਂ-ਮੁਹੰਮਦ ਸ਼ਰੀਫ਼ ਖੋਖਰ,
ਜਨਮ ਤਾਰੀਖ਼-1 ਜੂਨ 1936,
ਜਨਮ ਸਥਾਨ-ਕਿਲਾ ਸੂਬਾ ਸਿੰਘ, ਤਹਿਸੀਲ ਪਸਰੂਰ,
ਵਿਦਿਆ-ਐਮ. ਏ. (ਉਰਦੂ ਫ਼ਾਰਸੀ), ਕਿੱਤਾ-ਅਧਿਆਪਨ,
ਪਤਾ-ਗੋਰਮਿੰਟ ਇਸਲਾਮੀਆ ਕਾਲਜ, ਗੁਜਰਾਂਵਾਲਾ,
ਛਪੀਆਂ ਕਿਤਾਬਾਂ-ਬਸੰਤੀ ਚੋਲਾ (ਪੰਜਾਬੀ ਗ਼ਜ਼ਲਾਂ) ।

ਪੰਜਾਬੀ ਗ਼ਜ਼ਲਾਂ (ਬਸੰਤੀ ਚੋਲਾ 1992 ਵਿੱਚੋਂ) : ਮੁਨੀਰ ਅਸਰੀ

Punjabi Ghazlan (Basanti Chola 1992) : Muneer Asriਸਾਡੀਆਂ ਸਾਂਝਾਂ ਸਾਡੀ 'ਵਾਜ਼ ਪਛਾਣ ਦੀਆਂ

ਸਾਡੀਆਂ ਸਾਂਝਾਂ ਸਾਡੀ 'ਵਾਜ਼ ਪਛਾਣ ਦੀਆਂ । ਸਾਨੂੰ ਪਰਖਣ ਸੋਚਾਂ ਸਾਡੇ ਹਾਣ ਦੀਆਂ । ਨੈਣ ਨਗਰ ਦੇ ਉਹਲੇ ਧੂਣੀ ਲਾਂਦਾ ਕਿਉਂ, ਜੇ ਰਾਂਝੇ ਨੂੰ ਸੱਭੇ ਕੁੜੀਆਂ ਜਾਣ ਦੀਆਂ । ਆਪਣੀ ਸੂਲੀ ਆਪੇ ਚੁੱਕਣੀ ਪੈਂਦੀ ਕਿਉਂ, ਜੇ ਸਰਕਾਰਾਂ ਦਿਲ ਦਾ ਹਾਲ ਪਛਾਣ ਦੀਆਂ । ਸਾਡੇ ਵਰਗੇ ਲੱਖਾਂ ਬੰਦੇ ਹਾਲਾਂ ਵੀ, ਰੜੇ ਤੇ ਬੈਠੇ ਗੱਲਾਂ ਕਰਨ ਮਕਾਨ ਦੀਆਂ । ਹੁਣ ਸਭਨਾਂ ਦੇ ਹੱਥ ਸੁਜਾਖੇ ਹੋ ਗਏ ਨੇ, ਰਸਮਾਂ ਬਦਲ ਦਿਉ ਲੰਗਰ ਵਰਤਾਣ ਦੀਆਂ । ਸ਼ਾਖ਼ਾਂ ਤੇ ਮਜ਼ਦੂਰ ਪਖੇਰੂ ਜਾਗੇ ਨੇ, ਗੱਲਾਂ ਕਰਦੇ ਸਾਂਝੀ ਤੌਣ ਤੇ ਖਾਣ ਦੀਆਂ ।

ਦਿਲ ਦਾ ਚਾਨਣ ਕਾਲੀ ਜੂਹੇ

ਦਿਲ ਦਾ ਚਾਨਣ ਕਾਲੀ ਜੂਹੇ ਤੁਰਦਾ ਹੌਲੀ-ਹੌਲੀ । ਸੂਰਜ ਵੀ ਸਤਰੰਗੀਆਂ ਤੰਦਾਂ ਕਸਦਾ ਹੌਲੀ-ਹੌਲੀ । ਸਾਨੂੰ ਐਵੇਂ ਚੁੱਕੀ ਫਿਰਦੀ ਸੋਚਾਂ ਦੀ ਵਡਿਆਈ, ਡੂੰਘਾ ਦਿਲਬਰ ਦਿਲ ਦੀਆਂ ਗੱਲਾਂ ਦਸਦਾ ਹੌਲੀ-ਹੌਲੀ । ਰਿਸ਼ਮਾਂ ਦਾ ਜੇ ਲਸ਼ਕਰ ਕੋਈ ਸਰਘੀ ਵੇਲੇ ਜੁੜਦਾ, ਗੁੰਗਾ-ਬੋਲਾ ਚੋਰ ਹਨੇਰਾ ਨੱਸਦਾ ਹੌਲੀ-ਹੌਲੀ । ਆਪਣੇ ਆਪ ਤੋਂ ਵਾਂਝੀਆਂ ਗਈਆਂ ਪ੍ਰੇਮ-ਪੁਜਾਰੀ ਰੁੱਤਾਂ, ਰੋਂਦਾ ਮੌਸਮ ਉੱਤੋਂ ਦਿੱਸੇ ਹਸਦਾ ਹੌਲੀ-ਹੌਲੀ । ਨਾ ਪੱਤਰਾਂ ਦਾ ਕੁੜਤਾ ਸਾਡਾ ਨਾ ਫੁੱਲਾਂ ਦਾ ਚੀਰਾ, 'ਵਾਵਾਂ ਅੱਗੇ ਨੰਗਾ ਪਿੰਡਾ ਲਸਦਾ ਹੌਲੀ-ਹੌਲੀ । ਵਿਹੰਦਿਆਂ-ਵਿਹੰਦਿਆਂ ਮਾਰੇ ਜਾਂਦੇ ਨਵੇਂ ਨਰੋਏ ਜਜ਼ਬੇ, ਬਾਹਰਲਿਆਂ ਦਾ ਵਾਰ ਕਲੇਜੇ ਧਸਦਾ ਹੌਲੀ-ਹੌਲੀ । ਚੇਤਰ ਚੜੇ੍ਹ'ਤੇ ਸੁਕਣੇ ਪਾਈਏ, ਸਿੱਲੀਆਂ, ਗਿੱਲੀਆਂ ਪੀੜਾਂ, ਹੱਡਾਂ ਦੇ ਵਿਚ ਸੀਤ ਸਮਂੇ ਦਾ ਧਸਦਾ ਹੌਲੀ-ਹੌਲੀ ।

ਉਸ ਨਾਰੀ ਦੀਆਂ ਪਲਕਾਂ ਤੇ ਹੈ ਤਰਦਾ

ਉਸ ਨਾਰੀ ਦੀਆਂ ਪਲਕਾਂ ਤੇ ਹੈ ਤਰਦਾ ਮੇਰਾ ਨਾਵਾਂ । ਕਿੱਥੇ ਜਾ ਕੇ ਦਿਲ ਦੀਆਂ ਜੋਗਾਂ, ਜੂਲਾ ਕੀਤਾ ਸਾਵਾਂ । ਮਿੱਠੇ ਜਿਹੇ ਉਸ ਨਰਮ ਨਸ਼ੇ ਨੇ ਐਸਾ ਪਾਗਲ ਕੀਤਾ, ਜੀਅ ਕਰਦਾ ਏ ਸਾਰੀ ਧਰਤੀ ਉਹਦੇ ਨਾਵੇਂ ਲਾਵਾਂ । ਇਹ ਕਿਸ ਦੀ ਖ਼ੁਸ਼ਬੂ ਨੇ ਖੋਲ੍ਹੇ, ਬੂਹੇ ਵੰਨ-ਸਵੰਨੇ, ਸੁੰਦਰ ਸੋਚ ਦੀਆਂ ਸੌਗ਼ਾਤਾਂ ਸਭ ਥੀਂ ਪਿਆ ਲੁਕਾਵਾਂ । ਨਵੇਂ-ਨਕੋਰ ਧਿਆਨੇ ਬੈਠਾ ਅਗਲੇ ਵਰਕੇ ਫੋਲਾਂ ਨੱਸੋ-ਨੱਸੀ ਕਰਦਾ ਜਾਏ ਪਰਤਾਂ ਦਾ ਪਰਛਾਵਾਂ । ਨਿੱਘੀ ਜਿਹੀ ਸਾਂਝਾਂ ਦੀ ਜੋੜੀ ਤੋੜ ਚੜੇ੍ਹ ਤਾਂ ਜਾਣਾ, ਸੱਜਣਾਂ ਬਾਝੋਂ ਮੇਲਾ ਸੁੰਝਾ ਮੁਕਦੀ ਗੱਲ ਮੁਕਾਵਾਂ । ਉਹ ਹੋਵੇ ਤੇ 'ਅਸਰੀ' ਬੀਬਾ ਮੈਂ ਵੀ ਡਲ੍ਹਕਾਂ ਮਾਰਾਂ, ਉਹਦੀ ਯਾਦ ਦਾ ਚਾਨਣ ਕਰਕੇ ਮੋਤੀ ਨਿੱਤ ਕਲਾਵਾਂ ।

ਰੁੱਤਾਂ ਫਿਰੀਆਂ ਅਜੇ ਨਾ ਪੀਲੂ ਪੱਕਿਆ ਏ

ਰੁੱਤਾਂ ਫਿਰੀਆਂ ਅਜੇ ਨਾ ਪੀਲੂ ਪੱਕਿਆ ਏ । ਕੱਚਾ ਹੰਝੂ ਮੋਤੀ ਬਣ ਨਾ ਸਕਿਆ ਏ । ਜਿਹੜਾ ਬੁੱਲਾ ਮੇਰੇ ਘਰ ਵਲ ਆਉਂਦਾ ਸੀ, ਉਸ ਵੈਰੀ ਨੇ ਜ਼ੁਲਫ਼ਾਂ ਉਹਲੇ ਰੱਖਿਆ ਏ । ਸਾਰੇ ਸੋਨਾ ਦੂਣਾ ਕਰਦੇ ਫਿਰਦੇ ਨੇ, ਕਿਸ ਨੇ ਏਥੇ ਜ਼ਹਿਰ ਪਿਆਲਾ ਛਕਿਆ ਏ । ਐਵੇਂ ਡੋਲੇ ਖਾਂਦੀ ਪੱਖੀ ਪਲਕਾਂ ਦੀ, ਅੱਥਰੂ ਕਾਹਨੂੰ ਝਾਤੀ ਪਾਉਂਦਾ ਝਕਿਆ ਏ । ਸੱਭੋ ਰੀਝਾਂ ਬੁੱਕਲ ਮਾਰ ਕੇ ਬਹਿ ਗਈਆਂ, ਅੱਜ ਉਸ ਮਾਹੀ ਐਸੀ ਤੱਕਣੀ ਤੱਕਿਆ ਏ । ਕਿੱਲੇ ਬੱਝੀ ਧਰਤੀ ਖਿੱਚਾਂ ਲੈਂਦੀ ਏ, ਬੰਦਾ ਵੀ ਬੰਦੇ ਦੇ ਪਾਰੋਂ ਅੱਕਿਆ ਏ । ਭਾਵੇਂ ਚੰਨ ਦੇ ਤਨ ਤੇ ਲਾਸ਼ਾਂ ਪਈਆਂ ਨੇ, ਅਜੇ ਵੀ ਦੇਖੋ ਲੋਅ ਕਰਦਾ ਨਾ ਥੱਕਿਆ ਏ ।

ਜਿਸ ਮੂਰਤ ਦਾ ਰਖਵਾਲਾ ਹਰ ਕੋਈ ਸੀ

ਜਿਸ ਮੂਰਤ ਦਾ ਰਖਵਾਲਾ ਹਰ ਕੋਈ ਸੀ । ਉਹਦੀ ਮਾਂ ਵੀ ਉਹਦੇ ਹੋਣ ਤੇ ਰੋਈ ਸੀ । ਪਿਛਲੀ ਰਾਤੇ ਤੇਰੀ ਅੱਖ ਵੀ ਲੱਗੀ ਨਾ, ਸਾਡੇ ਨਾਲ ਤੇ ਜਿਹੜੀ ਹੋਈ, ਹੋਈ ਸੀ । ਪੈਰਾਂ ਥੱਲੇ ਰੁਲਦੀ ਚੰਗੀ ਨਹੀਂ ਲੱਗਦੀ, ਮੇਰੀ ਸੀ ਜਾਂ ਹੋਰ ਕਿਸੇ ਦੀ ਲੋਈ ਸੀ । ਇਹੇ ਕਹਾਣੀ ਢਕੀ-ਢਕਾਈ ਰਹਿਣੀ ਏਂ, ਨਿੱਕੀ ਰਾਣੀ ਪਹਿਲੀ ਉਮਰੇ ਮੋਈ ਸੀ । ਦਿਨ ਤੇ ਆਪਣਾ ਕੰਡੇ ਚੁਗਦੇ ਲੰਘ ਗਿਆ, ਪਰ ਰਾਤੀਂ ਵੀ ਹੱਦੋਂ ਬਾਹਰੀ ਹੋਈ ਸੀ । 'ਅਸਰੀ' ਕਲੀਆਂ ਜੰਮਦੇ ਹੀ ਮਰ ਗਈਆਂ ਨੇ, ਮਿੱਟੀ ਦਾ ਇਹ ਕੂੜ-ਪਸਾਰ ਧਰੋਈ ਸੀ ।

ਪਹਿਲਾ ਤੀਰ ਲੱਗੇ ਤੇ ਆਸ਼ਿਕ ਰੋਂਦੇ ਨੇ

ਪਹਿਲਾ ਤੀਰ ਲੱਗੇ ਤੇ ਆਸ਼ਿਕ ਰੋਂਦੇ ਨੇ । ਪਹਿਲਾ ਮੀਂਹ ਵੱਸੇ ਤੇ ਕੋਠੇ ਚੋਂਦੇ ਨੇ । ਮੋਤੀ ਰੰਗੇ ਪੱਤਰ ਤੇਰੇ ਬਾਗਾਂ ਦੇ, ਆਪੇ ਮਰਦੇ ਆਪੇ ਲਾਸ਼ਾਂ ਢੋਂਦੇ ਨੇ । ਸੱਖਣਾ ਪਿਆਲਾ ਕੰਡੇ ਵਾਂਗੂੰ ਵੱਜਦਾ ਏ, 'ਸੀ' ਕਰੀਏ ਤੇ ਵੈਰੀ ਉੱਠ ਖਲੋਂਦੇ ਨੇ । ਛੱਲ ਭਰੇ ਲਿਸ਼ਕਾਰੇ ਤੇਰੀ ਰਹਿਤਲ ਦੇ, ਦੋ ਅੱਖਾਂ ਦੇ ਖੁੱਲ੍ਹੇ ਬੂਹੇ ਢੋਂਦੇ ਨੇ । ਭਾਗ ਜਗਾ ਨਾ ਸਕੇ ਕੱਚੀ ਕੁੱਲੀ ਦਾ, ਜਿਹੜੇ ਆਪਣੇ ਹੱਥੀਂ ਮਿੱਟੀ ਗੌਂਦੇ ਨੇ । ਕਿਹੜੀ ਗੱਲੇ ਸਿਰ ਫਿਰਿਆ ਫ਼ਨਕਾਰਾਂ ਦਾ, ਚਿੰਤਾ ਵਾਲੀ ਤਸਬੀ ਨਵੀਂ ਪਰੋਂਦੇ ਨੇ । ਚੂੜੇ ਵਾਲੀ ਵੀਣੀ, ਚੂੜੇ ਵਾਲੇ ਦੀ, 'ਅਸਰੀ' ਹੋਰੀਂ ਸੱਚੇ ਰੋਣੇ ਰੋਂਦੇ ਨੇ ।

ਮੈਂ ਸੁਣਦਾ ਹਾਂ ਰੌਲਾ ਉਡਦੇ ਪੱਤੇ ਦਾ

ਮੈਂ ਸੁਣਦਾ ਹਾਂ ਰੌਲਾ ਉਡਦੇ ਪੱਤੇ ਦਾ । ਜਿਹੜਾ ਨਾਬਰ ਹੋਇਆ ਮੌਸਮ ਤੱਤੇ ਦਾ । ਜਿਉਂਦੀ ਜਾਨੇ ਮੋਇਆਂ ਵਰਗਾ ਜਿਉਣਾ ਏ, ਮੂੰਹ ਰੱਖਣਾ ਪੈਂਦਾ ਏ ਬਾਬੇ ਫੱਤੇ ਦਾ । ਸੜ ਗਏ ਗਿੱਲੀ ਲੱਕੜੀ ਵਾਂਗੂੰ ਧੁੱਖ-ਧੁੱਖ ਕੇ, ਐਵੇਂ ਬਾਲਣ ਬਣ ਗਏ ਜੱਗ ਕਪੱਤੇ ਦਾ । ਅੱਜ ਖਿਡੌਣੇ ਦੋ-ਦੋ ਆਨੇ ਵਿਕ ਗਏ ਨੇ, ਬੁੱਢੀ ਕਾਗ਼ਜ਼ ਦੀ ਤੇ ਬੰਦਾ ਗੱਤੇ ਦਾ । ਸ਼ਹਿਦ ਦੀਆਂ ਮੱਖੀਆਂ ਜੇ ਪੱਧਰ ਤੋੜਦੀਆਂ, ਕੋਈ ਤੇ ਘਰ ਉੱਚਾ ਹੁੰਦਾ ਛੱਤੇ ਦਾ । 'ਅਸਰੀ' ਕੋਈ ਵੇਲ 'ਤੇ ਨਵੀਂ ਬਨਾਣੀ ਸੀ, ਕੁੱਝ ਤੇ ਰੰਗ ਚੁਰਾਂਦਾ ਮੌਸਮ ਰੱਤੇ ਦਾ ।

ਕੁਝ ਹੋਰ ਰਚਨਾਵਾਂ : ਮੁਨੀਰ ਅਸਰੀ

ਇੱਕੋ ਜਹੀਆਂ ਸੁਖਣਾਂ ਸੁਖੀਆਂ ਸਾਡੀਆਂ ਨਿਘੀਆਂ ਮਾਵਾਂ

ਇੱਕੋ ਜਹੀਆਂ ਸੁਖਣਾਂ ਸੁਖੀਆਂ ਸਾਡੀਆਂ ਨਿਘੀਆਂ ਮਾਵਾਂ।
ਨਾ ਤੂੰ ਮੇਰੇ ਵਰਗਾ ਹੋਇਓਂ ਨਾ ਮੈਂ ਤੇਰੇ ਸ੍ਹਾਵਾਂ।

ਮੁੱਖ ਤੇਰੇ 'ਤੇ ਆ ਕੇ ਖੁਲ੍ਹਦੀ, ਗੁੰਝਲ ਸਾਦ ਮੁਰਾਦੀ,
ਕਿਧਰੇ ਧੁੱਪ ਵਧੇਰੀ ਹੋਈ ਕਿਧਰੇ ਗੂੜ੍ਹੀਆਂ ਛਾਵਾਂ।

ਇਕ ਜੈਸਾ ਹੈ ਸ਼ਜਰਾ ਭੁਖ ਦਾ ਇੱਕੋ ਜ਼ਰ ਦੀ ਜ਼ਾਤ,
ਏਕੇ ਦਾ ਤਨ ਪੁਰਜ਼ੇ ਕਰਕੇ ਵੰਡੇ ਦਰਦ ਭਰਾਵਾਂ।

ਬੇਕਦਰੀ ਦੀ ਸ਼ੁਹਰਤ ਨਾਲੋਂ ਮੈਂ ਐਵੇਂ ਈਂ ਚੰਗਾ,
ਅੱਖਾਂ ਦੀ ਕੁਰਬਾਨੀ ਦੇ ਕੇ ਮੇਲੇ ਵੇਖਣ ਜਾਵਾਂ?

ਵੰਨ ਸੁਵੰਨੇ ਸੁਪਨੇ ਏਥੇ ਜਾਗੋ ਮੀਟੀ ਰਹਿੰਦੇ,
ਜਾਗਦਿਆਂ ਦੀ ਗੱਲ ਜੇ ਕਰੀਏ ਰੌਲਾ ਪਾਉਣਾ ਕਾਵਾਂ।

'ਅਸਰੀ' ਸਾਡੇ ਹਿੱਸੇ ਦਾ ਵੀ ਜਾਂਦੈ ਕਾਵੀਂ ਕੁੱਤੀਂ,
ਮੂੰਹ-ਜ਼ੋਰਾਂ ਦੇ ਕਾਰਿਆਂ ਵੰਨੀਂ ਵਿੰਹਦੀਆਂ ਰਹਿਣ ਸਜ਼ਾਵਾਂ।

ਓਹੀ ਰੇਸ਼ਮੀ ਫੁੱਲ ਨੂੰ ਪਾਲਣਾ ਸੀ

ਓਹੀ ਰੇਸ਼ਮੀ ਫੁੱਲ ਨੂੰ ਪਾਲਣਾ ਸੀ।
ਗੱਲੀਂ ਪੈ ਕੇ ਫੋਲਣਾ ਫਾਲਣਾ ਸੀ।

ਓਹੀ ਸ਼ੀਸ਼ੇ ਦੇ ਪਾਰ ਨਾ ਵੇਖ ਸਕਿਆ,
ਜਿਸਦੇ ਨਾਲ ਵੀ ਬੋਲਣਾ ਚਾਲਣਾ ਸੀ।

ਤੇਰੀ ਅੱਖ ਦੀ ਮਸਤ ਸਹਾਰ ਲੈ ਕੇ,
ਐਵੇਂ ਮੌਤ ਨੂੰ ਚਾਰ ਦਿਨ ਟਾਲਣਾ ਸੀ।

ਜਿਹੜੇ ਰੁੱਖ ਤੇ ਰਾਤ ਸਵਾਰ ਹੋ ਗਈ,
ਓਸੇ ਰੁੱਖ ਉੱਤੇ ਮੇਰਾ ਆਲ੍ਹਣਾ ਸੀ।

ਜਿੰਦ ਆਣ ਬੈਠੀ ਤੇਰੀ ਛਤਰ ਛਾਵੇਂ,
ਅਸਾਂ ਆਪਣੇ ਆਪ ਨੂੰ ਬਾਲਣਾ ਸੀ।

ਤਾਹੀਂ ਸ਼ਾਮ ਸਵੇਰ ਦਾ ਕਾਲ 'ਅਸਰੀ',
ਕਿਸੇ ਵੇਲੜੇ ਰੰਗ ਵਿਖਾਲਣਾ ਸੀ।

ਸੱਜਰਾ ਫੁੱਲ ਵੀ ਰੋਇਆ ਹੋਇਆ ਲਗਦਾ ਏ

ਸੱਜਰਾ ਫੁੱਲ ਵੀ ਰੋਇਆ ਹੋਇਆ ਲਗਦਾ ਏ।
ਕੰਡਿਆਂ ਵਿੱਚ ਪਰੋਇਆ ਹੋਇਆ ਲਗਦਾ ਏ।

ਤੀਰਾਂ ਨੇ ਗੁਲਜ਼ਾਰ ਬਨਾਇਆ ਜੁੱਸੇ ਨੂੰ
ਇੱਕ ਇੱਕ ਅੰਗ ਨਰੋਇਆ ਹੋਇਆ ਲਗਦਾ ਏ।

ਜੋਬਨ ਨੇ ਵੀ ਸੱਚੀ ਦੱਖ ਵਿਖਾਈ ਏ,
ਨਾਜ਼ਾਂ ਅੱਗੇ ਜੋਇਆ ਹੋਇਆ ਲਗਦਾ ਏ।

ਸੋਹਲ ਹਵਾਏ ਹੌਲੀ ਹੌਲੀ ਟੁਰਨੀ ਏਂ,
ਤੇਰਾ ਵੀ ਕੰਮ ਹੋਇਆ ਹੋਇਆ ਲਗਦਾ ਏ।

ਜਿਉਂਦਾ ਬੰਦਾ ਮਾਨ ਕਰੇ ਤਸਵੀਰਾਂ ਦੇ,
ਮਰ ਜਾਵੇ ਤੇ ਮੋਇਆ ਹੋਇਆ ਲਗਦਾ ਏ।

ਮਿੱਟੀ ਦੇ ਵਿੱਚ ਰੁਲਿਆ ਫੁੱਲ ਵੀ 'ਅਸਰੀ' ਜੀ,
ਲਾਲਾਂ ਦੇ ਵਿੱਚ ਗੋਇਆ ਹੋਇਆ ਲਗਦਾ ਏ।

ਨਿੰਮੋਂ ਝਾਨੇ ਰਸਤੇ ਤਲੀਆਂ ਫੜਦੇ ਨੇ

ਨਿੰਮੋਂ ਝਾਨੇ ਰਸਤੇ ਤਲੀਆਂ ਫੜਦੇ ਨੇ।
ਚਾਰੇ ਪਾਸੇ ਜ਼ਹਿਰੀ ਕੁੰਡੇ ਅੜਦੇ ਨੇ।

ਨੀਂਦਰ ਵਿੱਚ ਵੀ ਕੋਈ ਸੁਪਨਾ ਪੋਂਹਦਾ ਨਹੀਂ,
ਜਾਗਦਿਆਂ ਵੀ ਨੈਣ ਨਜ਼ਾਰੇ ਝੜਦੇ ਨੇ।

ਅੱਖਾਂ ਵਿੱਚ ਪਛਾਣ ਲੁਕਾਈ ਹੋਈ ਏ,
ਉਜਲਾ ਚਾਨਣ ਦੇਖ ਕੇ ਦੀਵੇ ਸੜਦੇ ਨੇ।

ਸਾੜੀ ਧਰਤੀ ਸਾਇਆ ਮਾਰੂ ਡੈਣਾਂ ਦਾ,
ਭਰੀ ਜਵਾਨੀ ਆ ਕੇ ਜਿੰਨ ਚਿੰਬੜਦੇ ਨੇ।

ਨੰਗੇ ਪਿੰਡੇ ਮਾਰ ਸਮੇਂ ਦੀ ਪੈਂਦੀ ਏ,
ਖਰਵੀ ਰੁੱਤੇ ਸਾਉ ਮਾਸ ਉਚੜਦੇ ਨੇ।

ਸਾਰਾ ਪਾਲਾ ਚੁੱਪ ਚੁਪੀਤੇ ਸਹਿਣਾ ਏ,
ਗੱਲ ਕਰੋ ਤੇ ਹੋਛੇ ਸ਼ਤਰੇ ਕੜ੍ਹਦੇ ਨੇ।

ਦਿਨ ਦਾ ਪਿਛਲਾ ਪਹਿਰ ਸਾਂ

ਦਿਨ ਦਾ ਪਿਛਲਾ ਪਹਿਰ ਸਾਂ
ਮੈਂ ਸਾਇਆਂ ਦਾ ਸ਼ਹਿਰ ਸਾਂ

ਖ਼ਫ਼ੀ ਖ਼ਜ਼ਾਨਾ ਪੀੜ ਦਾ
ਬੀਤੇ ਜੱਗ ਦੀ ਗਹਿਰ ਸਾਂ

ਸ਼ਜਰਾ ਕਾਇਨਾਤ ਦਾ
ਆਪੇ ਅਪਣਾ ਦਹਿਰ ਸਾਂ

ਅੱਗ ਭਰੇ ਸੰਸਾਰ ਦੀ
ਟੁਰਦੀ ਫਿਰਦੀ ਲਹਿਰ ਸਾਂ

ਸ਼ਾਹਦੀ ਮੰਗਾਂ ਥਲਾਂ ਦੀ
ਜਲ ਵਰਤਾਂਦੀ ਨਹਿਰ ਸਾਂ

ਸਾਂ, ਚੰਗਿਆਰਾ ਸਬਰ ਦਾ
ਤੇਰੇ ਭਾਣੇ ਕਹਿਰ ਸਾਂ

ਤੂੰ ਕਿੱਧਰੋਂ ਤਰਿਆਕ ਸੀ
ਮੈਂ ਜੇ ਮਿੱਠਾ ਜ਼ਹਿਰ ਸਾਂ

ਅੰਦਰ ਭਾਂਡੇ ਸੱਖਣੇ
ਰੌਣਕ ਸ਼ਹਿਰ ਬਸ਼ਹਰ ਸਾਂ