Munawar Hussain Waheed ਮੁਨੱਵਰ ਹੁਸੈਨ ਵਹੀਦ
ਨਾਂ-ਮੁਨੱਵਰ ਹੁਸੈਨ ਵਹੀਦ, ਕਲਮੀ ਨਾਂ-ਮੁਨੱਵਰ ਵਹੀਦ,
ਪਿਤਾ ਦਾ ਨਾਂ-ਮੀਆਂ ਗੁਲਜ਼ਾਰ ਦੀਨ, ਮਾਤਾ ਦਾ ਨਾਂ-ਨਜ਼ੀਰਾਂ ਬੀਬੀ,
ਜਨਮ ਤਾਰੀਖ਼-4 ਜੂਨ 1954,
ਜਨਮ ਸਥਾਨ-ਨਾਰੋਵਾਲ,
ਛਪੀਆਂ ਕਿਤਾਬਾਂ -ਛੇੜੂ (ਪੰਜਾਬੀ ਸ਼ਾਇਰੀ),
ਪਤਾ-ਨਾਰੋਵਾਲ, ਪੰਜਾਬ ।
ਪੰਜਾਬੀ ਗ਼ਜ਼ਲਾਂ (ਛੇੜੂ 1999 ਵਿੱਚੋਂ) : ਮੁਨੱਵਰ ਹੁਸੈਨ ਵਹੀਦ
Punjabi Ghazlan (Chheru 1999) : Munawar Hussain Waheed
ਤਵੇ ਪਏ ਪਰੌਠੇ ਵਾਂਗੂੰ ਤੂੰ ਕਵਾਸਾ ਹੋਵੇਂਗਾ
ਤਵੇ ਪਏ ਪਰੌਠੇ ਵਾਂਗੂੰ ਤੂੰ ਕਵਾਸਾ ਹੋਵੇਂਗਾ । ਕੁਝ ਲਾਖਾ, ਕੁਝ ਕਾਵਾਂ ਜੋਗਾ, ਲੋਸਾ ਲਾਸਾ ਹੋਵੇਂਗਾ । ਗਲ ਵਿਚ ਲੀਰਾਂ ਹੋਣਗੀਆਂ ਨਿਆਣੇ ਢੀਮਾਂ ਮਾਰਣਗੇ, ਯਾਦ ਰੱਖੀਂ ਤੂੰ ਗੱਲ ਅਸਾਡੀ ਜਗ ਦਾ ਹਾਸਾ ਹੋਵੇਂਗਾ । ਜਿਉਂਦੀ ਜਾਨੇਂ ਦਰਦ ਬੇਦਰਦਾ ਸਾਡੇ ਨਾਲ ਵੰਡਾਇਆ ਨਾ ਮਰਦਿਆਂ ਸਾਨੂੰ ਦੇਖੇਂਗਾ ਤੇ ਦਰਦੀ ਖ਼ਾਸਾ ਹੋਵੇਂਗਾ । ਲੱਤਾਂ ਬਾਹਵਾਂ ਕੁੰਜ ਕੇ ਤੈਨੂੰ ਕਬਰਾਂ ਵਿਚ ਲੈ ਜਾਵਣਗੇ, ਚੀਕ-ਚਿਹਾੜੇ ਝਾਂਜੇ ਵਿਚ ਤੂੰ ਚੁੱਪ ਦਾ ਵਾਸਾ ਹੋਵੇਂਗਾ । ਵੈਰੀ ਤੇਰੇ ਬੋਹੜ ਦੀ ਛਾਵੇਂ ਕੂੜ ਭਰੇ ਅੱਜ ਬੈਠੇ ਨੇ, ਖਾਰੇ ਖੂਹ ਵਿਚ ਖੁਰ ਕੇ ਵੀ ਤੂੰ ਇਕ ਪਤਾਸਾ ਹੋਵੇਂਗਾ । ਬੰਦਿਆ ਵੇਖ ਜ਼ੁਬਾਨਾਂ ਲਾਂਬੂੰ ਅੱਗ ਵਰਾਵਣ ਤੇਰੇ 'ਤੇ, ਸੇਕ ਦਾ ਨਾਲੇ ਹਿਜਰ ਦਾ ਸੱਜਣਾ ਕੁਰੜ ਚੁਮਾਸਾ ਹੋਵੇਂਗਾ । ਮਾਂ ਬੋਲੀ ਦੇ ਵੈਰੀ ਉਸ ਦਿਨ ਤੇਰੇ ਅੱਗੇ ਭੱਜਣਗੇ, ਇਨ੍ਹਾਂ ਦੇ ਵਲ ਫੜ ਕੇ ਜਿਸ ਦਿਨ ਤੂੰ ਗੰਡਾਸਾ ਹੋਵੇਂਗਾ ।
ਕੀ ਕਰਦੇ ਓ ਮੰਦਰ-ਮਸੀਤਾਂ
ਕੀ ਕਰਦੇ ਓ ਮੰਦਰ-ਮਸੀਤਾਂ, ਦਿਲ ਵੀ ਢਾਈ ਜਾਂਦੇ ਓ । ਮੀਆਂ ਮੁਹੰਮਦ ਬਖ਼ਸ਼ ਦੀ ਕਬਰ ਦੀ ਖ਼ਾਕ ਉਡਾਈ ਜਾਂਦੇ ਓ । ਪਾਕ ਮੁਹੰਮਦ, ਰਾਮ ਤੇ ਸੀਤਾ, ਕਿਸੇ ਨੇ ਨਫ਼ਰਤ ਦੱਸੀ ਨਈਂ, ਕਿਹੜੇ ਦੀਨ ਤੋਂ ਸਿੱਖਿਆ ਲੈ ਕੇ ਖੂਨ ਵਹਾਈ ਜਾਂਦੇ ਓ । ਆਜ਼ਾਦੀ ਦੀ ਤੁਸੀਂ ਜਵਾਨੋ ਕਦਰ ਜ਼ਰਾ ਨਾ ਪਾਈ ਜੇ, ਆਪਣੇ ਦੇਸ ਨੂੰ ਆਪੇ ਯਾਰੋ ਅੱਗਾਂ ਲਾਈ ਜਾਂਦੇ ਓ । ਸੁਰ ਤੇ ਤਾਲ ਪਵਿੱਤਰ ਰਿਸ਼ਤਾ, ਰੰਗ 'ਚ ਭੰਗ ਕੁਚੱਜਾ ਏ, ਸਾਜ਼ ਮੁਹੱਬਤ ਛੇੜ ਕੇ ਨਫ਼ਰਤ ਗੀਤ ਸੁਣਾਈ ਜਾਂਦੇ ਓ । ਇਸ ਧਰਤੀ ਤੋਂ ਦੂਰ ਹਨ੍ਹੇਰਾ ਕਰਨ 'ਚ ਮੇਰਾ ਹਿੱਸਾ ਏ, ਦੁੱਖ ਨਹੀਂ ਮੈਨੂੰ ਚਿੱਟੇ ਦਿਨ ਨੂੰ ਰਾਤ ਸੁਣਾਈ ਜਾਂਦੇ ਓ ।
ਇਸ਼ਕ ਤੇਰੇ ਨੇ ਮਾਰ ਮੁਕਾਇਆ
ਇਸ਼ਕ ਤੇਰੇ ਨੇ ਮਾਰ ਮੁਕਾਇਆ, ਤੂੰ ਨਾ ਆਇਆ । ਹਿਜਰ ਦੀ ਧੁੱਪ ਵਿਚ ਖ਼ੂਨ ਸੁਖਾਇਆ, ਤੂੰ ਨਾ ਆਇਆ । ਮੈਂ ਸਰਦਲ ਤੇ ਦੀਦ ਟਿਕਾਈ, ਤੇਰੀ ਖ਼ਾਤਰ, ਔਸੀਆਂ ਪਾ-ਪਾ ਵਕਤ ਲੰਘਾਇਆ, ਤੂੰ ਨਾ ਆਇਆ । ਸੱਕ ਸੁਰਮਾ ਕਰ ਕੰਘੀ ਪੱਟੀ ਤੇਰੀ ਖ਼ਾਤਰ, ਚਾਵਾਂ ਦੇ ਨਾਲ ਰੂਪ ਸਜਾਇਆ, ਤੂੰ ਨਾ ਆਇਆ । ਕਾਵਾਂ ਹੱਥ ਸੁਨੇਹੜੇ ਘੱਲੇ ਸਖੀਆਂ ਦੇ ਲਈ, ਮੈਂ ਯਾਦਾਂ ਨਾਲ ਦਿਲ ਪਰਚਾਇਆ, ਤੂੰ ਨਾ ਆਇਆ । ਆ ਜਾਵੇਗਾ ਆਵਣ ਵਾਲਾ, ਗ਼ਮ ਨਾ ਕਰ ਤੂੰ, ਕਈ ਵਾਰਾਂ ਦਿਲ ਨੂੰ ਸਮਝਾਇਆ, ਤੂੰ ਨਾ ਆਇਆ ।
ਲੋਥਾਂ ਪਈਆਂ, ਗਿਰਝਾਂ ਆਈਆਂ
ਲੋਥਾਂ ਪਈਆਂ, ਗਿਰਝਾਂ ਆਈਆਂ, ਦੇਣ ਦੁਹਾਈ ਕਾਂ । ਨਿੱਕੇ ਨਿੱਕੇ ਝਗੜਿਆਂ ਪਾਰੋਂ ਮੁੱਕਿਆ ਪਿੰਡ ਦਾ ਨਾਂ । ਹੱਥ-ਪੜ੍ਹੱਤੀ, ਆਪ-ਧੜਾਪੀ, ਥੇਹ ਵੀ ਥੇੜੇ ਕੀਤੇ, ਲੰਮੀ ਤਾਣ ਕੇ ਅਣਖੀ ਸੌਂ ਗਏ ਕਬਰਾਂ ਦੇ ਵਿਚ ਛਾਂ । ਲੋੜਾਂ ਥੋੜਾਂ ਗੱਭਰੂ ਸੱਭੇ ਸ਼ਹਿਰਾਂ ਦੇ ਵੱਲ ਧੱਕੇ, ਬੋਹੜ ਦੀ ਛਾਵੇਂ ਸੋਂਦਾ ਕਿਹੜਾ ਰੱਖ ਸਰਹਾਣੇ ਬਾਂਹ । ਅੱਧੀ ਰਾਤੀਂ ਨਾਕਾ ਟੁੱਟਿਆ ਪਿੰਡ ਦੇ ਰਾਖੇ ਹੱਥੋਂ, ਧਰਮ ਨਹੀਂ ਰਹਿੰਦਾ ਕੱਲਾ ਜਾਣੋਂ ਚੁਪ ਕਿਵੇਂ ਕਰ ਜਾਂ । ਮੂੰਹ ਰੱਖਣੀ ਤੇ ਲੋਕੋ ਮੈਨੂੰ ਅੱਜ ਤੀਕਰ ਨਈਂ ਔੜੀ, ਸੱਚ ਦੀ ਗੁੜ੍ਹਤੀ ਸੱਚ ਨੇ ਦਿੱਤੀ ਸੱਚ ਸਦਾ ਈ ਕਹਾਂ ।
ਮੈਂ ਸੂਰਜ ਦੀ ਅੱਖ ਵਿਚ ਅੱਖ
ਮੈਂ ਸੂਰਜ ਦੀ ਅੱਖ ਵਿਚ ਅੱਖ ਹੁਣ ਪਾਵਾਂਗਾ । ਇੰਜ ਵੇਲੇ ਦੀ ਹਿੱਕ ਤੇ ਤੀਰ ਚਲਾਵਾਂਗਾ । ਸਿੱਖ ਲਿਆ ਹੈ ਜਾਚਾ ਸੋਚ ਦੁੜਾਵਣ ਦਾ, ਮੈਂ ਅੰਬਰ ਤੋਂ ਤਾਰੇ ਤੋੜ ਲਿਆਵਾਂਗਾ । ਕਬਰ ਹਨ੍ਹੇਰ ਦੀ ਮੂੰਹ ਹਨ੍ਹੇਰੇ ਕੱਢੀ ਏ, ਕਫ਼ਨ ਪਵਾ ਕੇ ਚਿੱਟੇ ਦਿਨ ਦਫ਼ਨਾਵਾਂਗਾ । ਕੱਲ੍ਹ ਸਾਂ 'ਕੱਲਾ ਫੇਰ ਵੀ ਤੈਥੋਂ ਡਰਿਆ ਨਈਂ, ਅੱਜ ਬਹੱਤਰ ਲੈ ਕੇ 'ਕੋਫ਼ੇ' ਜਾਵਾਂਗਾ । ਭੋਰਾ ਝੂਠ ਨਹੀਂ ਇਹ ਹਿਆਤੀ ਤੇਰੇ ਨਾਲ, ਵੇਲਾ ਆਨ ਦੇ ਸੱਚ ਵੀ ਕਰ ਵਿਖਾਵਾਂਗਾ ।
ਐਵੇਂ ਕਾਲੀ ਰਾਤ ਕੋਲੋਂ ਕਿਉਂ ਡਰ ਜਾਈਏ
ਐਵੇਂ ਕਾਲੀ ਰਾਤ ਕੋਲੋਂ ਕਿਉਂ ਡਰ ਜਾਈਏ । ਨਵੇਂ ਸਵੇਰੇ ਦੇ ਲਈ ਕੁੱਝ ਤੇ ਕਰ ਜਾਈਏ । ਲੱਖ ਝਨਾਂ ਦਾ ਡੂੰਘਾ ਪਾਣੀ ਡੋਲੇ ਨਾ, ਪੱਕਾ ਕਰਕੇ ਸਿਦਕ ਨੂੰ ਕੱਚਾ ਕਰ ਜਾਈਏ । ਆਪਣੇ ਘਰ ਦੀ ਰੁੱਖੀ ਸੁੱਕੀ ਖਾ ਲਈਏ, ਠੂਠਾ ਫੜ ਕੇ ਮੂਲ ਕਿਸੇ ਨਾ ਦਰ ਜਾਈਏ । ਟਿੱਬੇ ਟੋਏ ਰਾਹਾਂ ਦੇ ਵਿਚ ਕੰਡੇ ਵੀ, ਮੰਜ਼ਿਲ ਤੱਕ ਅਪੜਾਂਗੇ ਭਾਵੇਂ ਮਰ ਜਾਈਏ । ਕੰਨ ਪੜਵਾਇਆਂ 'ਹੀਰ' ਤੇ ਰਾਂਝਿਓ ਲੱਭਣੀ ਨਹੀਂ, ਡਾਂਗਾਂ ਫੜ ਲਓ ਖੇੜਿਆਂ ਦੇ ਹੁਣ ਘਰ ਜਾਈਏ ।
ਵਿਹੜੇ ਦੇ ਵਿਚ ਬੋਲ ਬੁਲਾਰਾ
ਵਿਹੜੇ ਦੇ ਵਿਚ ਬੋਲ ਬੁਲਾਰਾ ਠੀਕ ਨਹੀਂ । ਹਮਸਾਇਆਂ ਨੂੰ ਇੰਜ ਇਸ਼ਾਰਾ ਠੀਕ ਨਹੀਂ । ਅੱਥਰੂ ਅੱਥਰੂ ਹੋ ਕੇ ਪੰਘਰ ਜਾਓਗੇ, ਮੋਮ ਹੱਥਾਂ ਦੇ ਵਿਚ ਅੰਗਿਆਰਾ ਠੀਕ ਨਹੀਂ । ਭੋਲੀਏ ਘੁੱਗੀਏ ਬਾਜਾਂ ਦੇ ਨਾਲ ਯਾਰੀ ਕੀ, ਤੂੰ ਕਮਜ਼ੋਰ ਏਂ ਉੱਚ ਉਡਾਰਾ ਠੀਕ ਨਹੀਂ । ਮੇਰੇ ਮਗਰੋਂ ਜੋ ਜੀ ਆਏ ਕਰਿਓ ਜੀ, ਮੇਰੇ ਜਿਉਂਦਿਆਂ ਇਹ ਬਟਵਾਰਾ ਠੀਕ ਨਹੀਂ । ਪਿਓ ਦੇ ਜਿਉਂਦਿਆਂ ਬੋਲਦੇ ਵੀਰ ਤੇ ਵਿਹੰਦਾ ਮੈਂ, ਮਾਂ ਰੋਂਦੀ ਜੇ ਕਰਾਂ ਕਿਨਾਰਾ ਠੀਕ ਨਹੀਂ ।
ਗੱਲੀਂ ਬਾਤੀਂ ਮੇਰੇ ਸੱਕੇ ਲਗਦੇ ਨੇ
ਗੱਲੀਂ ਬਾਤੀਂ ਮੇਰੇ ਸੱਕੇ ਲਗਦੇ ਨੇ । ਮੁੱਕਰਣ ਨਾ ਤੇ ਗੱਲ ਦੇ ਪੱਕੇ ਲਗਦੇ ਨੇ । ਓਪਰਿਆਂ ਨੇ ਜੋ ਕਰਨਾਂ ਏ ਕਰਦੇ ਨੇ, ਯਾਰ ਵੀ ਮੈਥੋਂ ਅੱਕੇ-ਅੱਕੇ ਲਗਦੇ ਨੇ । ਅੱਪੜੇ ਕਿਸਰਾਂ ਪਾਣੀ ਸਾਡੀ ਪੈਲੀ ਨੂੰ, ਰਸਤੇ ਦੇ ਵਿਚ ਲੱਖਾਂ ਡੱਕੇ ਲਗਦੇ ਨੇ । ਮੇਰੀ ਵਾਰੀ ਗੱਲ ਮਖੌਲੇ ਪੈ ਜਾਂਦੀ, ਇੰਜ ਵੀ ਸਾਡੇ ਨਾਲ ਮਤੱਕੇ ਲਗਦੇ ਨੇ । ਆਪਣੇ ਵਰਗੇ ਦੇਖ ਕੇ ਮੱਥਾ ਲਾਣਾ ਸੀ, ਮਾੜੇ ਥਾਂ ਕਿਉਂ ਇੱਟ ਖੜੱਕੇ ਲਗਦੇ ਨੇ ।
ਵਰ੍ਹੇ ਵਰਾਗੇ ਨੈਂਣ ਸਵਾਲੇ
ਵਰ੍ਹੇ ਵਰਾਗੇ ਨੈਂਣ ਸਵਾਲੇ ਨਹੀਂ ਜਾਂਦੇ । ਜਗਰਾਤੇ ਵੀ ਆਲ ਦਵਾਲੇ ਨਹੀਂ ਜਾਂਦੇ । ਮੈਂ ਤੇਰੇ ਲਈ ਕਾਂਗ ਝਨਾਂ ਦੀ ਚੀਰੀ ਏ, ਤੇਰੇ ਕੋਲੋਂ ਟੱਪੇ ਖਾਲੇ ਨਹੀਂ ਜਾਂਦੇ । ਧੂਣੀ ਹਿਜਰ ਦੀ ਮੇਰੇ ਅੰਦਰ ਧੁਖਦੀ ਏ, ਤੇਰੇ ਦਿਲ ਚੋਂ ਕਿਸਰਾ ਜਾਲੇ ਨਹੀਂ ਜਾਂਦੇ । ਮੈਨੂੰ ਮੇਰੀਆਂ ਖ਼ੁਸ਼ੀਆਂ ਚੰਗੀਆਂ ਲੱਗੀਆਂ ਨਹੀਂ, ਮੈਥੋਂ ਤੇਰੇ ਦੁੱਖੜੇ ਟਾਲੇ ਨਹੀਂ ਜਾਂਦੇ । ਤੇਰੀਆਂ ਯਾਦਾਂ ਦਿਲ ਦੇ ਵਿਹੜੇ ਵਸੀਆਂ ਨੇ, ਮੈਥੋਂ ਦਿੱਤੇ ਦੇਸ ਨਿਕਾਲੇ ਨਹੀਂ ਜਾਂਦੇ ।
ਬੇਲੀ ਸਾਥੋਂ ਕਰ ਕੇ ਇੰਜ ਦੀ
ਬੇਲੀ ਸਾਥੋਂ ਕਰ ਕੇ ਇੰਜ ਦੀ ਕੰਡ ਗਿਆ । ਸਾਨੂੰ ਸਾਡਾ ਆਪਣਾ ਆਪ ਈ ਛੰਡ ਗਿਆ । ਆਪਣੇ ਅੰਦਰੋਂ ਝੜਦਾ ਕੁਝ ਤੇ ਮੰਨਦਾ ਮੈਂ, ਸਾਡੇ ਮੂੰਹ ਤੇ ਮਾਰ ਕੇ ਸਾਡੀ ਚੰਡ ਗਿਆ । ਕੱਖ ਦਾ ਭਾਰ ਨਾ ਚੁੱਕਦੀ ਜਿੰਦ ਨਿਮਾਣੀ ਸੀ, ਢਲ ਢਲਾ ਕੇ ਸੁੱਟ ਗ਼ਮਾਂ ਦੀ ਪੰਡ ਗਿਆ । ਮੁੰਜ ਪੁਰਾਣੀ ਵਾਂਗੂੰ ਭਰਦੀ ਜਿੰਦੜੀ ਨੂੰ, ਝਾਤ ਨੈਣਾਂ ਦੀ ਪਾ ਕੇ ਪੱਕੀ ਗੰਢ ਗਿਆ । ਕਦ ਚਾਹੰੁਦੇ ਨੇ ਮਾਪੇ ਪੁੱਤਰ ਵੰਡੇ ਜਾਣ, ਕੋਈ ਸਿਆਣਾ ਬਾਹਰੋਂ ਆ ਕੇ ਵੰਡ ਗਿਆ ।