Mukh Band 'Mehfil Mehfil' : Gurdip

ਮੁੱਖ ਬੰਦ "ਮਹਿਫਲ ਮਹਿਫਲ" : ਗੁਰਦੀਪ

ਸ਼ਾਇਰੀ ਲਫਜ਼ਾਂ ਦੀਆਂ ਖੂਬਸੂਰਤ ਸੰਭਾਵਨਾਵਾਂ ਦਾ ਨਾਂ ਹੈ ਅਤੇ ਗਜ਼ਲ ਲਫ਼ਜ਼ਾਂ ਦੀਆਂ ਕੈਫੀਅਤਾਂ ਦੀ ਸ਼ਾਇਰੀ ਹੈ। ਸਮੇਂ ਦੀ ਤੋਰ ਨਾਲ ਲਫਜ਼ ਆਉਂਦੇ-ਜਾਂਦੇ ਰਹਿੰਦੇ ਨੇ, ਹੱਥਲੇ ਲਫਜ਼ਾਂ ਨੂੰ ਨਵੇਂ ਅਰਥ ਵੀ ਮਿਲਦੇ ਰਹਿੰਦੇ ਨੇ। ਪੈਦਾਵਾਰ ਦੀ ਆਲਮੀ ਅਜਾਰੇਦਾਰੀ ਨੇ ਕਿੰਨੇ ਹੀ ਲਫਜ਼ਾਂ ਦੇ ਅਰਥ ਬਦਲ ਦਿੱਤੇ ਨੇ। ਅੱਜ ਦੇ ਉਦਾਰਵਾਦ ਵਿਚ ਇਕ ਪੂਰਾ ਹਾਕਮਾਨਾ ਦਾਬਾ ਹੈ ਪਰ ਇਹ ਲਫਜ਼ਾਂ ਦੇ ਆਮ ਅਰਥਾਂ ਦੀ ਗੱਲ ਹੈ, ਸੋਹਜ ਦੀ ਨਹੀਂ। ਲਫਜ਼ਾਂ ਵਿਚ ਨਵਾਂ ਸੋਹਜ ਭਰਨਾ ਸਿਰਫ ਸ਼ਾਇਰੀ ਦਾ ਹਿੱਸਾ ਹੈ ਅਤੇ ਗ਼ਜ਼ਲ ਉਸ ਵਿਚ ਸਭ ਤੋਂ ਮੂਹਰੇ ਹੈ।
ਨਸ਼ਾ-ਮਸਤੀ ਸ਼ਾਇਰੀ ਦੀ ਜਜ਼ਬਾਤੀ ਲੋੜ ਸੀ ਅਤੇ ਮੈਅਖ਼ਾਨਾ ਉਹ ਲੋੜ ਪੂਰੀ ਕਰਨ ਵਾਲੀ ਥਾਂ। ਇਹ ਮੈਅਖ਼ਾਨਾ ਮੇਰੀ ਗਜ਼ਲ ਵਿਚ ਨਵੇਂ ਅਰਥ ਲੈ ਕੇ ਇੰਜ ਆਉਂਦਾ ਹੈ:
ਤੁਹਾਡੇ ਮੈਅਕਦੇ ਦੀ ਰਾਸ ਨਾ ਆਈ ਫ਼ਿਜ਼ਾ ਸਾਨੂੰ
ਰਿਹਾ ਏ ਚੜ੍ਹਣ ਪਿੱਛੋਂ ਕੋਸਦਾ ਅਕਸਰ ਨਸ਼ਾ ਸਾਨੂੰ
ਗ਼ਜ਼ਲ ਨੇ ਰਸਮੀ ਲਫ਼ਜ਼ਾਂ ਦੇ ਇਕ ਨਿੱਕੇ ਜਿਹੇ ਘੇਰੇ ਵਿਚ ਹੀ ਹਰ ਧੜਕਣ ਨੂੰ ਜ਼ੁਬਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੇ ਲਫਜ਼ ਮੇਰੀ ਗ਼ਜ਼ਲ ਵਿਚ ਵੀ ਆਉਂਦੇ ਹਨ। ਗ਼ਜ਼ਲ ਜਦੋਂ ਰਾਹ, ਮੰਜ਼ਲ ਅਤੇ ਕਾਰਵਾਂ ਦੀ ਗੱਲ ਕਰਦੀ ਹੈ, ਮੈਂ ਇਸਨੂੰ ਇਸ ਤਰ੍ਹਾਂ ਨਿਭਾਉਂਦਾ ਹਾਂ:
ਜ਼ਿਕਰ ਮੰਜ਼ਲ ਦਾ ਕਿਤੇ ਤੁਰਦਾ ਨਜ਼ਰ ਆਉਂਦਾ ਨਹੀਂ।
ਭੀੜ ਹੈ ਰਾਹਾਂ 'ਤੇ ਲੇਕਿਨ ਕਾਰਵਾਂ ਕੋਈ ਨਹੀਂ।
ਜਾਂ
ਪਹੁੰਚਣਾ ਕਿਧਰੇ ਨਹੀਂ ਇਹ ਕਾਫ਼ਲਾ,
ਅੱਡ ਜਿਸ ਵਿਚ ਹਰ ਕਿਸੇ ਦੀ ਤੋਰ ਹੈ।
ਗ਼ਜ਼ਲ ਸਾਕੀ ਨਾਲ ਅਕਸਰ ਹਮਕਲਾਮ ਰਹੀ ਹੈ, ਮੈਂ ਸਮੇਂ ਦੇ ਸਾਕੀ ਨੂੰ ਇਸ ਤਰ੍ਹਾਂ ਖ਼ਿਤਾਬ ਕਰਦਾ ਹਾਂ:
ਮੈਅਕਸ਼ਾਂ ਉਤੇ ਸਿਤਮ ਢਾਈ ਨਾ ਜਾ।
ਜਾਮ ਦੇ ਵਿਚ ਤਲਖ਼ੀਆਂ ਪਾਈ ਨਾ ਜਾ।
ਦਰਦ ਗ਼ਜਲ ਲਈ ਬਹੁਤ ਖਾਸ ਲਫਜ਼ ਹੈ, ਇਹ ਇਸ਼ਕ ਦਾ ਹਮਪੱਲਾ ਹੈ ਅਤੇ ਮੇਰੀ ਗ਼ਜ਼ਲ ਵਿਚ ਵਾਰ-ਵਾਰ ਆਉਂਦਾ ਹੈ:
ਜੂਝਦਾ ਹੀ ਜੇ ਰਿਹਾ ਹਾਲਾਤ ਨਾਲ।
ਦਰਦ ਪੈਦਾ ਕਰ ਲਵੇਗਾ ਹਮਖਿਆਲ।
ਵਫ਼ਾ ਗ਼ਜ਼ਲ ਵਿਚ ਇਕ ਕਦਰ ਦੀ ਹੈਸੀਅਤ ਰੱਖਦੀ ਹੈ। ਵਫ਼ਾ ਹੁਸਨ ਦੀ ਕਦਰਦਾਨੀ ਵੀ ਹੈ, ਕੀਮਤ ਵੀ ਤੇ ਪਛਾਣ ਵੀ:
ਤੇਰੇ ਸਾਮ੍ਹਣੇ ਮੇਰੀ ਵਫ਼ਾ ਦੀ ਹੋਂਦ ਹੀ ਕੀ ਹੈ,
ਤੂੰ ਇਸ ਮਾਮਲੇ ਵਿਚ ਆਪਣੀ ਨਾ ਸੌਂਹ ਖਵਾ ਮੈਨੂੰ।
ਮਹਿਫ਼ਲ ਤੇ ਤਨਹਾਈ ਦਾ ਗ਼ਜ਼ਲ ਵਿਚ ਬਹੁਤ ਜ਼ਿਕਰ ਹੋਇਆ ਹੈ, ਤਨਹਾਈ ਤਾਂ ਗਜ਼ਲ ਵਿਚ ਰੋਮਾਂਟਿਕ ਰੂਪ ਹੀ ਲੈ ਗਈ ਹੈ:
ਅੱਜ ਮੈਂ ਕੱਲਾ ਹਾਂ ਆਪਣੇ ਆਪ ਨਾਲ,
ਅੱਜ ਹੈ ਮੇਰੀ ਬੜੀ ਮਸਰੂਫ ਸ਼ਾਮ।
ਅਤੇ ਸ਼ਾਮ ਮੇਰੀ ਗ਼ਜ਼ਲ ਵਿਚ ਇਸ ਤਰ੍ਹਾਂ ਆਉਂਦੀ ਹੈ:
ਖੜ ਕੇ ਕੁਝ ਪਰਛਾਵਿਆਂ ਦੀ ਓਟ ਵਿਚ,
ਸ਼ਾਮ ਗੱਲਾਂ ਤੇਰੀਆਂ ਕਰਦੀ ਰਹੀ।
ਤੇ ਸਵੇਰ ਮੇਰੀ ਇਸ ਤਰ੍ਹਾਂ ਹੁੰਦੀ ਹੈ:
ਲੰਘ ਕੇ ਨੇਰ੍ਹੇ 'ਚੋਂ ਆਉਂਦੀ ਹੈ ਸਵੇਰ,
ਜ਼ਿੰਦਗੀ ਨੂੰ ਦੇਣ ਕਿਰਨਾਂ ਦਾ ਸਲਾਮ।
ਰਾਤ ਦੀ ਜ਼ੁਲਮਤ (ਹਨੇਰ) ਦਾ ਗ਼ਜ਼ਲ ਵਿਚ ਬੜਾ ਚਰਚਾ ਰਿਹਾ ਹੈ। ਮੇਰੀ ਗ਼ਜ਼ਲ ਇਸਨੂੰ ਇਸ ਤਰ੍ਹਾਂ ਲੈਂਦੀ ਹੈ:
ਅਰਸ਼ ਦੇ ਤਾਰੇ ਜਾਂ ਜੁਗਨੂੰ ਜਾਂ ਤਸੱਵਰ ਦੇ ਚਰਾਗ਼,
ਰੌਸ਼ਨੀ ਹਾਜ਼ਰ ਰਹੀ ਹੈ ਹਰ ਹਨੇਰੀ ਰਾਤ ਵਿਚ।
ਗ਼ਜ਼ਲ ਨੂੰ ਮੁੱਢ ਵਿਚ ਔਰਤਾਂ ਨਾਲ ਗੱਲਾਂ ਕਰਨ ਦੇ ਅਰਥ ਦਿੱਤੇ ਗਏ ਜੋ ਮਗਰੋਂ ਮਹਿਬੂਬ ਕੋਲ 'ਅਰਜ਼ੇ ਗਮ', 'ਸਵਾਲੇ ਵਸਲ' ਕਰਨ ਤੇ 'ਰਾਜ਼ੋ ਨਿਆਜ਼' ਕਰਨ ਉਤੇ ਆ ਟਿਕੇ। ਮੇਰੀ ਗਜ਼ਲ ਦੇ ਮਹਿਬੂਬ ਤੋਂ ਮੁਤਾਲਬੇ ਕੁਝ ਇਸ ਤਰ੍ਹਾਂ ਹਨ:
ਚੜ੍ਹਦੇ ਲਹਿੰਦੇ ਤਾਰਿਆਂ ਦਾ ਇਹ ਜਹਾਨ।
ਸਾਂਭ ਕੇ ਨੈਣਾਂ 'ਚ ਰੱਖੀਂ ਮਿਹਰਬਾਨ।
ਆ ਕਦੀ ਮੇਰੀ ਹਨੇਰੀ ਰਾਤ ਵਿਚ,
ਚੌਦ੍ਹਵੀਂ ਦੇ ਚੰਦ ਦੀ ਲੈ ਕੇ ਸੁਗਾਤ।
---
ਹੋ ਗਏ ਏਧਰ ਪੁਰਾਣੇ ਰਾਤ ਦਿਨ,
ਲੈ ਕੇ ਆਵੀਂ ਕੁਛ ਨਵੇਂ ਇਤਫ਼ਾਕ ਨਾਲ।
ਅਸੀਂ ਖਪਤਕਾਰੀ ਦੇ ਜੁਗ ਵਿਚ ਜੀ ਰਹੇ ਹਾਂ ਅਤੇ ਇਥੇ ਖਪਤ ਸਾਹਿਤ ਪੈਟੀ ਵਰਕ ਦੇ ਪ੍ਰੋਜੈਕਟ ਵਾਂਗ ਸਾਹਿਤਕਾਰ ਨੂੰ ਦਿੱਤਾ ਜਾਂਦਾ ਹੈ। ਉਸ ਦੀ ਵਿਕਰੀ ਦਾ ਇਸ਼ਤਿਹਾਰਬਾਜ਼ੀ ਅਤੇ ਬਾਜ਼ਾਰੀ ਹੱਥਕੰਡਿਆਂ ਨਾਲ ਇੰਤਜ਼ਾਮ ਕੀਤਾ ਜਾਂਦਾ ਹੈ। ਇੱਕੋ ਵਾਰ ਅਖ਼ਬਾਰ ਜਿੰਨੀਆਂ ਕਾਪੀਆਂ ਛਾਪ ਕੇ ਮੁਨਾਫਾ ਕਮਾ ਲਿਆ ਜਾਂਦਾ ਹੈ ਅਤੇ ਉਹ ਕਿਰਤ ਸਦਾ ਲਈ ਖਤਮ ਹੋ ਜਾਂਦੀ ਹੈ ਪਰ ਗਜ਼ਲ ਇਕ ਕਲਾਸੀਕਲ ਸ਼ਾਇਰੀ ਹੈ। ਗ਼ਜ਼ਲ ਦਾ ਦਰਜਾ ਰੱਖਣ ਵਾਲੀ ਸ਼ਾਇਰੀ ਦੇ ਕੁਛ ਸ਼ਿਅਰ ਸਦਾ ਰਹਿਣ ਵਾਲੇ ਹੁੰਦੇ ਹਨ ਅਤੇ ਪੁਸ਼ਤ-ਦਰ-ਪੁਸ਼ਤ ਚਲਦੇ ਹਨ।
ਗ਼ਜ਼ਲ ਦਾ ਖਪਤਕਾਰੀ ਰੁਝਾਨ ਨਾਲ ਇਹ ਵੱਡਾ ਤਜ਼ਾਦ ਹੈ। ਇਹ ਖਪਤ ਸਾਹਿਤ ਨੂੰ ਟੱਕਰ ਦੇਣ ਵਾਲੀ ਸਿਨਫ ਹੈ। ਇਹੋ ਗ਼ਜ਼ਲ ਦੀ ਵੱਡੀ ਤਾਕਤ ਹੈ ਅਤੇ ਗ਼ਜ਼ਲ ਪਾਠਕਾਂ ਨੂੰ ਚੇਤਨ ਕਰਦੀ ਰਹੇਗੀ:
ਰੌਸ਼ਨੀ ਦਿਨ ਕੀ ਸੰਭਾਲੋ ਆਪ ਸੇ ਗਰ ਬਨ ਪੜੇ,
ਕੁਛ ਅੰਧੇਰੇ ਕੁਛ ਉਜਾਲੇ ਤੋ ਰਹੇਂਗੇ ਰਾਤ ਮੇਂ।
(ਬਕਲਮ ਖੁਦ)
ਅਤੇ ਬਿਲਾਵਜਹ ਚੰਗੇ ਲੱਗਣ ਵਾਲੇ ਸ਼ਿਅਰ ਵੀ ਗਜ਼ਲ ਕਹਿੰਦੀ ਰਹੇਗੀ:
ਭਰ ਕੇ ਵਗੀ ਹੈ ਅਰਸ਼ ਦੀ ਗੰਗਾ ਤਮਾਮ ਰਾਤ,
ਮੈਨੂੰ ਰਿਹਾ ਏ ਉਸ ਤਰਫ ਕੋਈ ਪੁਕਾਰਦਾ।
---
ਦਿਲ ਮੇਰਾ ਵਾਛੜ ਹਵਾਲੇ ਕਰ ਗਈ,
ਤੁਰ ਗਈ ਹੈ ਪੌਣ ਬਾਰੀ ਖੋਲ੍ਹ ਕੇ।
ਇਸ ਨਿੱਕੀ ਜਿਹੀ ਜਾਣ-ਪਛਾਣ ਨਾਲ ਮੈਂ ਨਵੀਂ ਗ਼ਜ਼ਲ ਦੀ ਕਿਤਾਬ 'ਮਹਿਫਲ ਮਹਿਫਲ' ਪੇਸ਼ ਕਰ ਰਿਹਾ ਹਾਂ:
ਜੇ ਪੜ੍ਹੋ ਤੇ ਮਿਹਰਬਾਨੀ ਹੈ ਬੜੀ,
ਨਾ ਪੜ੍ਹੋ ਵੀ ਤੇ ਗਿਲਾ ਕੋਈ ਨਹੀਂ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ