Muhhabat, Virasat Ate Manavi Peer Di Kaav Sirjana : Kavitanjali : Gurpreet Singh

ਮੁਹੱਬਤ, ਵਿਰਾਸਤ ਅਤੇ ਮਾਨਵੀ ਪੀੜ੍ਹ ਦੀ ਕਾਵਿ ਸਿਰਜਣਾ : ਕਵਿਤਾਂਜਲੀ : ਗੁਰਪ੍ਰੀਤ ਸਿੰਘ

ਡਾ. ਅਮਰਜੀਤ ਟਾਂਡਾ ਆਸਟਰੇਲੀਆ ਦਾ ਪਰਵਾਸੀ ਪੰਜਾਬੀ ਕਵੀ ਹੈ। ਉਹ ਕੇਵਲ ਕਵੀ ਹੀ ਨਹੀਂ ਸਗੋਂ ਕੀਟ-ਵਿਗਿਆਨੀ ਅਤੇ ਸਮਾਜ-ਸੇਵਕ ਵੀ ਹੈ। ਕਵੀ ਸੰਵੇਦਨਸ਼ੀਲ/ਸੁਹਜਵਾਦੀ/ਕਲਪਨਿਕ ਦ੍ਰਿਸ਼ਟੀ ਵਾਲਾ ਹੁੰਦਾ ਹੈ। ਵਿਗਿਆਨੀ ਤਰਕਵਾਦੀ ਅਤੇ ਵਿਗਿਆਨਕ ਦ੍ਰਿਸ਼ਟੀ ਵਾਲਾ ਹੁੰਦਾ ਹੈ। ਸਮਾਜ- ਸੇਵਕ ਮਾਨਵੀ ਦ੍ਰਿਸ਼ਟੀ ਵਾਲੀ ਹੁੰਦਾ ਹੈ। ਇਹ ਤਿੰਨੋ ਦ੍ਰਿਸ਼ਟੀਆਂ ਡਾ. ਅਮਰਜੀਤ ਟਾਂਡਾ ਦੀ ਸ਼ਖ਼ਸੀਅਤ ਨੂੰ ਪਾਸਾਰ ਅਤੇ ਵਿਸਥਾਰ ਦਿੰਦੀਆਂ ਹਨ ਜਿਸ ਦਾ ਕੇਂਦਰ-ਬਿੰਦੂ ਸਮਾਜ ਨੂੰ ਨਵੀਂ ਅਤੇ ਨਰੋਈ ਦਿਸ਼ਾ ਪ੍ਰਦਾਨ ਕਰਨਾ ਹੈ। ਇਹ ਤਿੰਨੋ ਦ੍ਰਿਸ਼ਟੀਆਂ ਇਸ ਗੱਲ ਵੀ ਸੰਕੇਤ ਕਰਦੀਆਂ ਹਨ ਕਿ ਡਾ. ਅਮਰਜੀਤ ਟਾਂਡਾ ਵਿਹਾਰਕ ਅਤੇ ਸਿਧਾਂਤਕ ਪੱਧਰ ਉੱਤੇ ਵਿੱਥਾਂ ਦੀ ਬਜਾਇ ਸੁਮੇਲਤਾ ਸਿਰਜਣ ਵਿਚ ਅਟੁੱਟ ਵਿਸ਼ਵਾਸ ਰੱਖਦਾ ਹੈ। ਇਹ ਸਮੁੱਚੀ ਗੱਲ-ਬਾਤ ਨੂੰ ਸਮਝਣ ਲਈ ਅਸੀਂ ਡਾ. ਅਮਰਜੀਤ ਟਾਂਡਾ ਦਾ ਕਾਵਿ ਸੰਗ੍ਰਹਿ 'ਕਵਿਤਾਂਜਲੀ' ਨੂੰ ਆਧਾਰ ਬਣਾਇਆ ਹੈ। ਇਸ ਕਾਵਿ ਸੰਗ੍ਰਹਿ ਨੂੰ ਆਧਾਰ ਬਣਾਉਣ ਦਾ ਦੂਸਰਾ ਕਾਰਨ ਪਰਵਾਸ ਦੌਰਾਨ ਪੈਦਾ ਹੋ ਰਹੀਆਂ ਮਾਨਸਿਕ ਗੁੰਝਲਾਂ ਅਤੇ ਸੰਕਟ ਸਥਿਤੀਆਂ ਨੂੰ ਸਮਝਣ ਦਾ ਵੀ ਹੈ।

ਜਿੱਥੇ ਮਹਾਨ ਕਵੀ ਰਾਵਿੰਦਰ ਨਾਥ ਟੈਗੋਰ ਆਪਣੀ ਕਾਵਿ ਪੁਸਤਕ 'ਗੀਤਾਂਜਲੀ' ਰਾਹੀਂ ਪ੍ਰਮਾਤਮਾ ਨੂੰ ਗੀਤਾਂ ਦੇ ਫੁੱਲ ਅਰਪਿਤ ਕਰਦਾ ਹੈ, ਉੱਥੇ ਮੈਨੂੰ ਆਸਟਰੇਲੀਆਈ ਪੰਜਾਬੀ ਕਵੀ ਡਾ. ਅਮਰਜੀਤ ਟਾਂਡਾ ਆਪਣੀ ਕਾਵਿ ਪੋਥੀ 'ਕਵਿਤਾਂਜਲੀ' ਰਾਹੀਂ ਆਪਣੀ ਲੋਕਾਈ ਅਤੇ ਆਪਣੇ ਵਿਰਸੇ ਨੂੰ ਕਵਿਤਾ ਦੇ ਫੁੱਲ ਅਰਪਿਤ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ ਪਰ ਖ਼ੂਬਸੂਰਤ ਗੱਲ ਇਹ ਹੈ ਕਿ ਦੋਵਾਂ ਕਵੀਆਂ ਦਾ ਸਾਂਝਾ ਕਾਵਿ ਸੰਦੇਸ਼ ਮੁਹੱਬਤ ਅਤੇ ਪਿਆਰ ਕਰਨਾ ਹੈ।

ਡਾ. ਅਮਰਜੀਤ ਟਾਂਡਾ ਦੀ ਕਵਿਤਾ ਦਾ ਕਾਵਿ ਪਾਤਰ ਮੈਂ-ਮੁਖਤਾ ਦੀ ਬਜਾਇ ਦੂਸਰੇ ਵਿਅਕਤੀ ਨੂੰ ਸੰਬੋਧਨ ਹੈ। ਇਹ ਦੂਸਰੇ ਵਿਅਕਤੀ ਨੂੰ ਸੰਬੋਧਨ ਹੋਣਾ ਨਿੱਜ ਤੋਂ ਪਾਰ ਸਫ਼ਰ ਹੈ। ਇਹ ਦੂਸਰਾ ਵਿਅਕਤੀ ਕਾਵਿ ਪਾਤਰ ਦਾ ਪ੍ਰੇਮੀ ਹੈ ਜਿਸ ਨੂੰ ਮੁਹੱਬਤ ਕਰਦਾ ਹੈ। ਉਹ ਮੁਹੱਬਤ ਦੀ ਦਾਸਤਾਂ ਬਿਆਨ ਕਰਦਾ ਹੋਇਆ ਮੁਹੱਬਤ ਦਾ ਬਦਲ ਪੇਸ਼ ਨਹੀਂ ਕਰਦਾ ਸਗੋਂ ਮੁਹੱਬਤ ਨੂੰ ਮੁਹੱਬਤ ਵਜੋਂ ਚਿਤਰਦਾ ਹੈ। ਮੁਹੱਬਤ ਨੂੰ ਸੱਜਰੀ ਸਵੇਰ ਆਖਦਾ ਹੈ। ਉਸ ਦੇ ਨੈਣ ਨਕਸ਼ ਸੋਹਣੀ ਗ਼ਜ਼ਲ ਅਤੇ ਉਸ ਦੀ ਤੋਰ ਵਧੀਆ ਸ਼ੇਅਰ ਲੱਗਦੀ ਹੈ। ਉਹ ਮੁਹੱਬਤ ਨੂੰ ਜਿਉਂਦਾ ਹੈ। ਉਹ ਮੁਹੱਬਤ ਦੀ ਦਸਤਕ ਨੂੰ ਨਵੇਂ-ਨਵੇਂ ਕੋਨਿਆਂ ਤੋਂ ਪਰਿਭਾਸ਼ਤ ਕਰਦਾ ਹੈ :

ਸੁੰਨਿਆਂ ਬੂਹਿਆਂ 'ਤੇ
ਜਿਵੇਂ ਚੰਨ ਨੂੰ ਵਿਹਲ ਮਿਲੀ ਹੋਵੇ
ਚਾਨਣੀ ਚੌਂਕਾ ਲਿੱਪਦੀ ਫਿਰੇ
ਕੋਂਪਲਾਂ ਡੋਡੀਆਂ ਨੇ ਅੱਖਾਂ ਖੋਲ੍ਹੀਆਂ
ਕੱਲ੍ਹ ਤੇਰੇ ਆਉਣ 'ਤੇ

ਕਾਵਿ ਵਕਤਾ ਦੀ ਇਸ ਮੁਹੱਬਤ ਦੁਨੀਆ ਅੰਦਰ ਮਾਂ, ਧੀ ਅਤੇ ਯਾਰ ਬੇਲੀ ਵੀ ਆਉਂਦੇ ਹਨ। ਇਨ੍ਹਾਂ ਮੁਹੱਬਤੀ ਰਿਸ਼ਤਿਆਂ ਨੂੰ ਕਾਵਿ ਵਕਤਾ ਚਿੱਠੀ ਰਾਹੀਂ ਯਾਦ ਕਰਦਾ ਹੈ। ਚਿੱਠੀ ਇੱਕ ਅਜਿਹਾ ਮੈਟਾਫ਼ਰ ਹੈ ਜਿਸ ਵਿਚ ਸੁਖਦ ਅਹਿਸਾਸ ਹੁੰਦਾ ਹੈ। ਮਿਲਾਪ ਦੀਆਂ ਘੜੀਆਂ ਵਰਗਾ ਛਿਣ ਹੁੰਦਾ ਹੈ ਪਰ ਦੂਜੇ ਪਾਸੇ ਨਵੀਂ ਦੁਨੀਆ ਦਾ ਨਵਾਂ ਸੁਹਜ ਸ਼ਾਸ਼ਤਰ ਹੈ। ਨਵੀਂ ਸੂਚਨਾ ਕ੍ਰਾਂਤੀ ਆਉਣ ਨਾਲ ਮਾਨਵੀ ਸੰਵੇਦਨਾ ਦਾ ਰੂਪਾਂਤਰਣ ਹੁੰਦਾ ਹੈ। ਕਾਵਿ ਵਕਤਾ ਦੀ ਕਾਵਿ ਵੇਦਨਾ ਨਵੀਂ ਦੌਰ ਦੀ ਤਕਨੀਕ ਨੂੰ ਸਵੀਕਾਰ ਤਾਂ ਕਰਦੀ ਹੈ ਪਰ ਇਸ ਸਵੀਕਾਰਨ ਹਿੱਤ ਵੀ ਮਨ ਖੁਸ਼ੀ ਤੋਂ ਸੱਖਣਾ ਰਹਿੰਦਾ ਹੈ। ਪਰਵਾਸੀ ਦੇ ਇਸ ਸੱਖਣੇ ਮਨ ਵਿਚੋਂ ਮਾਨਸਿਕ ਪੀੜ੍ਹਾ ਪੈਦਾ ਹੁੰਦੀ ਹੈ :

ਫ਼ੋਨ ਈਮੇਲਾਂ ਜਾਂ ਵਟਸਐਪ 'ਚ
ਕੁਝ ਵੀ ਨਹੀਂ ਹੁੰਦਾ ਹਿੱਕ ਨੂੰ ਲਾਉਣ ਵਾਲਾ
ਤੇ ਗਲ਼ ਲਾ ਕੇ ਚੁੱਪ ਕਰਾਉਣ ਵਾਲਾ
ਚਿੱਠੀਆਂ 'ਚ ਬਹੁਤ ਕੁਝ ਹੁੰਦਾ ਸੀ
ਚੁੱਕ ਚੁੱਕ ਕੇ ਖਿਡਾਉਣ ਵਰਗਾ
ਸਾਹਾਂ ਵਿਚ ਪਾਉਣ ਵਰਗਾ
ਚਿੱਠੀਆਂ ਚੁੱਪ ਚਾਪ ਆਉਂਦੀਆਂ ਹਨ

ਕਾਵਿ ਪੰਕਤੀਆਂ ਵਿਚ ਦੋ ਦੌਰਾਂ ਦਾ ਤਣਾਅ ਹੈ। ਇੱਕ ਦੌਰ ਚਿੱਠੀ ਵਾਲਾ ਹੈ ਜੋ ਸਹਿਜਤਾ/ਸੰਜਮ/ਪਿਆਰ/ਮਿਲਾਪ/ਖੇੜੇ ਨੂੰ ਪ੍ਰਦਰਸ਼ਤ ਕਰਦਾ ਹੈ। ਦੂਸਰਾ ਦੌਰ ਫ਼ੋਨ ਈਮੇਲਾਂ ਅਤੇ ਵਟਸਐਪ ਵਾਲਾ ਹੈ ਜੋ ਭੱਜ-ਨੱਠ/ਇਕੱਲਤਾ/ਬੇਚੈਨੀ/ਸੰਵੇਦਨਹੀਣਤਾ/ਮਾਨਸਿਕ ਖਿੰਡਾਅ ਨੂੰ ਵਿਅਕਤ ਕਰਦਾ ਹੈ। ਫ਼ੋਨ ਈਮੇਲ ਅਤੇ ਵਟਸਐਪ ਦੀਆਂ ਲਿਖਤਾਂ ਵਿਚ ਮੋਹ ਨਾਲ ਭਿੱਜੀਆਂ ਭਾਵਨਾਵਾਂ ਪ੍ਰਦਰਸ਼ਤ ਨਹੀਂ ਹੁੰਦੀਆਂ ਜਦਕਿ ਹੱਥ-ਲਿਖਤ ਚਿੱਠੀਆਂ ਇਵੇਂ ਪ੍ਰਤੀਤ ਹੁੰਦੀਆਂ ਹਨ ਜਿਵੇਂ ਮਾਰੂਥਲ ਵਿਚ ਪਾਣੀ ਦਾ ਮਿਲਣ ਹੋਵੇ ਭਾਵ ਇੱਕ ਪ੍ਰਕਾਰ ਨਾਲ ਸਭਿਆਚਾਰਕ ਸਾਂਝ ਦਾ ਖਜ਼ਾਨਾ ਹੁੰਦੀਆਂ ਹਨ ਜੋ 'ਟੁੱਟੇ ਸਵਾਸ ਨੂੰ ਜੋੜਦੀਆਂ ਹਨ', 'ਯਾਰਾਂ ਦਾ ਧਰਵਾਸ' ਬਣਦੀਆਂ ਹਨ ਅਤੇ 'ਬਾਪ ਵਰਗਾ ਪ੍ਰਕਾਸ਼' ਵੀ ਬਣਦੀਆਂ ਹਨ। ਇਸ ਲਈ ਜਿੱਥੇ ਫ਼ੋਨ ਈਮੇਲ ਅਤੇ ਵਟਸਐਪ ਆਉਣ ਨਾਲ ਦੂਰੀਆਂ ਘਟੀਆਂ ਹਨ ਉੱਥੇ ਸਾਂਝ ਦੀ ਜੀਵੰਤਤਾ ਨੂੰ ਵੀ ਢਾਅ ਲੱਗੀ ਹੈ।

ਡਾ. ਅਮਰਜੀਤ ਟਾਂਡਾ ਦੀ ਗੂੜ੍ਹ ਕਾਵਿ ਸੰਵੇਦਨਾ ਦੇਸ਼-ਵੰਡ ਦੇ ਦੁਖਾਂਤ ਨਾਲ ਵੀ ਜੁੜੀ ਹੋਈ ਹੈ। ਦੇਸ਼-ਵੰਡ ਦਾ ਦੁਖਾਂਤ ਪੰਜਾਬ ਲਈ ਇਤਿਹਾਸਕ ਜ਼ਖ਼ਮ ਹੋ ਨਿੱਬੜਿਆ ਹੈ। ਇਹ ਜ਼ਖ਼ਮ ਕਈ ਦਹਾਕੇ ਬੀਤ ਜਾਣ ਬਾਅਦ ਵੀ ਅੱਲਾ ਦਿਖਾਈ ਦਿੰਦਾ ਹੈ। ਇਸ ਲਈ ਇਸ ਅੱਲੇ ਜ਼ਖ਼ਮ ਨੇ ਪੰਜਾਬੀ ਮਨ ਉੱਤੇ ਐਨਾ ਗਹਿਰਾ ਨਿਸ਼ਾਨ ਛੱਡਿਆ ਹੈ ਜਿਸ ਨੂੰ ਮਿਟਾਇਆ ਨਹੀਂ ਜਾ ਸਕਿਆ ਅਤੇ ਹੌਲ਼ੀ-ਹੌਲ਼ੀ ਪੰਜਾਬੀ ਸਿਮਰਤੀ ਦਾ ਅਟੁੱਟ ਅੰਗ ਬਣ ਗਿਆ। ਅਸਲ ਵਿਚ ਦੇਸ਼-ਵੰਡ ਨਾਲ ਕੇਵਲ ਦੇਸ਼ ਹੀ ਨਹੀਂ ਵੰਡੇ ਗਏ ਸਗੋਂ ਪਾਣੀ, ਜ਼ਮੀਨ, ਅੰਬਰ, ਬੋਲੀ, ਗੀਤ-ਸੰਗੀਤ ਅਤੇ ਇਤਿਹਾਸ ਦੀ ਵੰਡ ਵੀ ਹੋਈ ਭਾਵ ਸਭਿਆਚਾਰਕ ਸਾਂਝ ਦੀ ਵੰਡ ਹੋਈ ਜਿਸ ਦਾ ਦਰਦ ਕਾਵਿ ਮਨ ਦੀ ਸੰਵੇਦਨਾ ਨੂੰ ਜ਼ਖ਼ਮੀ ਕਰਦਾ ਹੈ :

ਕਦੇ ਪੰਜ ਪਾਣੀਆਂ 'ਤੇ
ਇਕ ਅੰਬਰ ਹੁੰਦਾ ਸੀ
ਸਾਹ ਸਾਂਝੇ ਸਨ ਅਜੇ ਉਦੋਂ
ਰੈੱਡਕਲਿਫ ਲਾਈਨ ਨੇ
ਪੰਜਾਬੀਆਂ ਨੂੰ ਏਦਾਂ ਦਾ ਡੰਗ ਮਾਰਿਆ
ਕਿ ਹਰ ਰੁੱਖ ਜ਼ਖ਼ਮੀ ਹੋਇਆ
ਲੋਕ ਹੱਥੋਂ ਜਣੀਆਂ ਦੁਪਹਿਰਾਂ ਲੁਕੋਦੇਂ ਰਹੇ
ਚਾਹ ਦੇ ਗਲਾਸ ਹੱਥੋਂ ਡਿੱਗ ਪਏ ਸਨ
ਭੁੱਖਾਂ ਗੁਆਚ ਗਈਆਂ ਸਨ ਪੇਟੋਂ
ਰਿਜ਼ਕ ਨੂੰ ਦਿਲ ਨਹੀਂ ਸੀ ਕਰਦਾ
ਸਮੇਂ ਨੇ ਰੱਜ ਕੇ

ਡਾਇਸਪੋਰਿਕ ਪ੍ਰਸਥਿਤੀਆਂ ਦੌਰਾਨ ਦੇਸ਼-ਵੰਡ ਦਾ ਦੁਖਾਂਤ ਜ਼ਿਆਦਾ ਤੀਬਰ ਰੂਪ ਅਖ਼ਤਿਆਰ ਕਰਦਾ ਹੈ ਜਿਸ ਪਿੱਛੇ ਪਰਵਾਸੀ ਕਾਵਿ ਮਨ ਨਾਲ ਹੁੰਦਾ ਵਿਤਕਰਾ, ਅਨਿਆਂ ਅਤੇ ਹਿੰਸਕ ਘਟਨਾਵਾਂ ਹਨ। ਇਹ ਵਿਤਕਰਾ, ਅਨਿਆਂ ਅਤੇ ਹਿੰਸਕ ਘਟਨਾਵਾਂ ਪਰਵਾਸੀ ਦੀ ਸੋਚ ਨੂੰ ਭੂਤਕਾਲ ਵੱਲ ਮੋੜ ਦਿੰਦੀਆਂ ਹਨ ਜਿਸ ਨਾਲ ਪਰਵਾਸੀ ਪੰਜਾਬੀ ਕਾਵਿ ਵਕਤਾ ਅੰਤਰ-ਮੁਖੀ ਸੰਵਾਦ ਕਰਦਾ ਹੈ। ਇਸ ਅੰਤਰ-ਮੁਖੀ ਸੰਵਾਦ ਨਾਲ ਪਰਵਾਸੀ ਕਾਵਿ ਮਨ ਪਿੱਛਲਝਾਤ ਅਤੇ ਭੂਤਕਾਲ ਦੀ ਨਿਰੰਤਰ ਸਾਧਨਾ ਕਰਦਾ ਹੈ। ਇਸ ਨਿਰੰਤਰ ਸਾਧਨਾ ਨਾਲ ਉਹ ਬੀਤੇ ਦੀ ਪ੍ਰਕਰਮਾ ਨਾਲ ਜੁੜਿਆ ਰਹਿੰਦਾ ਹੈ :

ਸਤਲੁਜ ਝਨਾਂ ਪਾਣੀ ਓਥੇ
ਦਾਦੀ ਦੀ ਕਹਾਣੀ ਓਥੇ
ਰਾਜਾ ਤੇ ਇੱਕ ਰਾਣੀ ਓਥੇ
ਸੁਫ਼ਨੇ ਮੇਰੇ ਹਾਣੀ ਓਥੇ
ਮਾਏ ਨੀ ਮੇਰਾ ਬਚਪਨ ਲੱਭਦੇ

ਜਾਂ
ਅਜੇ ਤਾਂ ਅਸੀਂ ਆ ਕੇ
ਬੇਰ ਖਾਣੇ ਨੇ ਪੇਂਦੂ ਚੋਰੀ ਤੋੜ ਤੋੜ ਕੇ ਛੱਤੋ ਦੀ ਬੇਰੀ ਤੋਂ
ਮਲ੍ਹਿਆਂ ਦੇ ਕੰਡੇ ਲਵਾਉਣੇ ਨੇ ਐਂਤਕੀ
ਦਾਤਣ ਕਰਨੀ ਆ ਫ਼ਲਾਅ ਤੇ ਕਿੱਕਰ ਦੀ
ਚੱਲ ਤੂੰ ਨਾ ਵੜ੍ਹਨ ਦੇਵੀਂ ਪੰਜਾਬ 'ਚ

ਪੰਜਾਬੀ ਕਾਵਿ ਮਨ ਦੀ ਪਿੱਛਲ-ਝਾਤ ਤਰਕਪੂਰਨ ਅਤੇ ਪ੍ਰਸੰਗਿਕ ਹੈ। ਇਸ ਪਿੱਛੇ ਪਰਵਾਸੀ ਕਾਵਿ ਮਨ ਦੀ ਸਥਾਨਕਤਾ ਕਾਰਜਸ਼ੀਲ ਹੁੰਦੀ ਹੈ ਜਿੱਥੋਂ ਉਹ ਆਪਣੀ ਆਤਮਿਕ ਊਰਜਾ ਗ੍ਰਹਿਣ ਕਰਦਾ ਹੈ ਜੋ ਉਸ ਦੇ ਸਵੈ ਨੂੰ ਵਿਕਸਤ ਕਰਦਾ ਹੈ। ਦੂਸਰੇ ਪੱਖ ਤੋਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਪਿੱਛਲ- ਝਾਤ ਨੂੰ ਕੇਵਲ ਪਿੱਛਲ-ਝਾਤ ਕਹਿ ਕੇ ਨਹੀਂ ਛੁਟਾ ਸਕਦੇ ਸਗੋਂ ਪਿੱਛਲ-ਝਾਤ ਪਰਵਾਸੀ ਦੀ ਚੇਤਨਾ ਨੂੰ ਵੀ ਪ੍ਰਗਟ ਕਰਦੀ ਹੈ। ਪਰਵਾਸੀ ਦੀ ਇਹ ਚੇਤਨਾ ਸਭਿਆਚਾਰਕ ਵੀ ਹੋ ਸਕਦੀ ਹੈ ਅਤੇ ਰਾਜਨੀਤਕ ਵੀ। ਡਾ. ਅਮਰਜੀਤ ਟਾਡਾ ਦੀ ਕਾਵਿ ਦ੍ਰਿਸ਼ਟੀ ਵਿਚ ਰਾਜਨੀਤਕ ਚੇਤਨਾ ਦਾ ਪ੍ਰਗਟਾ ਰੂਪ ਵੀ ਦੇਖਣ ਨੂੰ ਮਿਲਦਾ ਹੈ ਜਿਸ ਵਿਚ ਕਾਵਿ ਵਕਤਾ ਦੀ ਬੀਜੀ ਆਖਦੀ ਹੈ ਕਿ ਅਸੀਂ ਨਿੱਕੇ-ਨਿਆਣੇ ਨਹੀਂ ਭੁੱਲੇ ਸੀ ਹੁਣ ਤੂੰ ਮੇਰੇ ਪੋਤੇ-ਪੋਤੀਆਂ ਨੂੰ ਵੀ ਨਾਲ ਲੈ ਕੇ ਜਾ ਰਿਹੈ। ਇੱਥੇ ਚੰਗੀ ਭਲੀ ਨੌਕਰੀ ਹੈ। ਘਰ-ਬਾਰ ਸੋਹਣਾ ਹੈ ਫੇਰ ਤੈਨੂੰ ਕਿਸ ਚੀਜ਼ ਦੀ ਘਾਟ ਹੈ? ਇਹ ਸਵਾਲ ਜਿੰਨੇ ਤਿੱਖੇ ਹਨ, ਓਨੇ ਪ੍ਰਸੰਗਕ ਵੀ ਹਨ ਪਰ ਕਾਵਿ ਵਕਤਾ ਇਨ੍ਹਾਂ ਸਵਾਲਾਂ ਦਾ ਉੱਤਰ ਡੂੰਘੇ ਅਤੇ ਗਹਿਰੇ ਕਾਵਿ ਵਿਚਾਰ ਨਾਲ ਦਿੰਦਾ ਹੈ :

ਉਹ ਨਹੀਂ ਸੀ ਜਾਣਦੀ ਕਿ
ਚੰਨ ਨੂੰ ਰਾਤ ਦੇ ਹਨੇਰਿਆਂ 'ਚ ਤੱਕਣ ਨੂੰ
ਏਥੇ ਸੱਧਰਾਂ ਜਨਮ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ

ਅੰਬਰ ਨੂੰ ਪੌੜੀ ਲਾਉਣ 'ਤੇ
ਖਿਸਕਾਉਣ ਵਾਲੇ ਅਨੇਕਾਂ ਸਨ ਏਥੇ
ਸੱਤਾ ਏਨੀ ਵਿਛ ਗਈ ਹੈ ਕਿ
ਬੰਸਰੀ ਦੇ ਛੇਕਾਂ 'ਚ ਮਿੱਟੀ ਪਾ ਭੱਜ ਜਾਂਦੇ ਨੇ ਕੁੱਤੇ
ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ

ਜਾਂ
ਜੇ ਕਿਤੇ ਆਪਣੇ ਹੀ ਪਿੰਡ ਸ਼ਹਿਰ ਜਗਦਾ ਭਵਿੱਖ ਦਿਸਦਾ
ਪੰਜਾਬ ਦੀ ਜਵਾਨੀ ਤੇ ਸ਼ਬਾਬ
ਬਦੇਸ਼ਾਂ ਦੇ ਖੇਤਾਂ ਫ਼ੈਕਟਰੀਆਂ 'ਚ ਨਾ ਰੁਲਦੇ
ਤੇ ਨਾ ਹੀ ਤੂੰ ਮਾਂ ਘਰ ਕੱਲੀ
ਖ਼ਤਾਂ ਫ਼ੋਨਾਂ ਦੀ ਉਡੀਕ 'ਚ ਤੜਫ਼ਦੀ
ਨਾ ਹੀ ਬਾਪੂ ਡਿਉੜੀ 'ਚ
ਪੁੱਤਾਂ ਨੂੰ ਉਡੀਕਦਾ ਉਡੀਕਦਾ
ਕਿਸੇ ਦਰਿਆ ਦੀ ਰਾਖ਼ ਬਣ ਤਰਦਾ
ਮਾਂ-ਪੁੱਤ ਕਰਨ ਤੇ ਕੀ ਨਾ ਕਰਨ

ਇੱਕ ਪਾਸੇ ਮੂਲਵਾਸ ਸਭਿਆਚਾਰ ਦੀ ਖਿੱਚ ਅਤੇ ਦੂਸਰੇ ਪਾਸੇ ਮੇਜਬਾਨ ਸਭਿਆਚਾਰ ਦੀ ਸੁੱਖ-ਸਹੂਲਤ ਦੀ ਆੜ ਥੱਲੇ ਪਸੀਜੀ ਜਾ ਰਹੀ ਪੰਜਾਬ ਦੀ ਜਵਾਨੀ ਅਤੇ ਸ਼ਬਾਬ ਦਾ ਮਸਲਾ ਹੈ। ਇਨ੍ਹਾਂ ਦੋਵਾਂ ਧਰਾਤਲਾਂ ਉੱਤੇ ਖੜ੍ਹਕੇ ਪਰਵਾਸੀ ਕਾਵਿ ਮਨ ਭੂਤਕਾਲ ਦਾ ਅਟੁੱਟ ਸਿਮਰਨ ਕਰਦਾ ਹੈ। ਪੂੰਜੀ ਅਤੇ ਆਰਥਿਕ ਸ਼ਕਤੀ ਕਾਰਨ ਨਾ ਪਰਵਾਸੀ ਮੇੇਜ਼ਬਾਨ ਮੁਲਕ ਨੂੰ ਤਿਆਗ ਸਕਦਾ ਹੈ ਅਤੇ ਨਾ ਹੀ ਆਪਣੀ ਸਭਿਆਚਾਰ ਭੁੱਖ ਮਿਟਾਉਣ ਲਈ ਮੂਲਵਾਸ ਵੱਲ ਚਾਲੇ ਪਾ ਸਕਦਾ ਹੈ। ਇਹ ਦਵੰਦ ਹੀ ਪਰਵਾਸੀ ਲਈ ਸੰਕਟ ਬਣਦਾ ਹੈ। ਇਸ ਸੰਕਟ ਵਿਚ ਘਿਰਿਆ ਪਰਵਾਸੀ ਕਾਵਿ ਮਨ ਆਪਣੇ ਆਪ ਨੂੰ ਮੁਖ਼ਾਤਿਬ ਹੁੰਦਾ ਹੈ ਜਿੱਥੋਂ ਪਛਾਣ ਅਤੇ ਪਛਾਣ ਸੰਕਟ ਉਤਪੰਨ ਹੁੰਦਾ ਹੈ।

ਡਾ. ਅਮਰਜੀਤ ਟਾਂਡਾ ਦੀ ਕਾਵਿ ਰਚਨਾ ਵਿਚ 'ਘਰ' ਮੈਟਾਫ਼ਰ ਰੂਪ ਵਿਚ ਵਾਰ-ਵਾਰ ਆਉਂਦਾ ਹੈ। 'ਘਰ' ਇੱਕੋ ਇੱਕ ਅਜਿਹਾ ਮੈਟਾਫ਼ਰ ਹੈ ਜੋ ਹਰ ਪਰਵਾਸੀ ਪੰਜਾਬੀ ਕਾਵਿ ਮਨ ਦਾ ਹਿੱਸਾ ਬਣਿਆ ਰਹਿੰਦਾ ਹੈ। ਅਸਲ ਵਿਚ ਪਰਵਾਸੀ ਪੰਜਾਬੀ ਕਵਿਤਾ 'ਘਰ' ਤੋਂ ਮੁਕਤ ਹੋ ਹੀ ਨਹੀਂ ਸਕਦੀ। ਪਰਵਾਸੀ ਪੰਜਾਬੀ ਕਵਿਤਾ ਦੀ ਹੋਂਦ ਹੀ 'ਘਰ' ਨਾਲ ਜੁੜੀ ਹੋਈ ਹੈ। ਪਰਵਾਸੀ ਨੂੰ ਸੁਖਦ ਅਹਿਸਾਸ ਘਰ ਵਿਚ ਹੀ ਮਿਲਦਾ ਹੈ। ਉਸ ਦੇ ਸਾਹਮਣੇ ਮੁੱਖ ਤੌਰ 'ਤੇ ਦੋ ਘਰ ਹਨ। ਇੱਕ ਘਰ ਮੇਜ਼ਬਾਨ ਮੁਲਕ ਵਾਲਾ ਜਿਹੜਾ ਉਸ ਦੀਆਂ ਨਜ਼ਰਾਂ ਵਿਚ ਅਸਥਾਈ ਹੈ। ਦੂਸਰਾ ਘਰ ਜਨਮ-ਭੌਇੰ ਵਾਲਾ ਹੈ ਜੋ ਸਥਾਈ ਤੌਰ 'ਤੇ ਉਸ ਦੀਆਂ ਸਿਮਰਤੀਆਂ ਵਿਚ ਰਮਿਆ ਹੋਇਆ ਹੈ ਪਰ ਸੰਕਟ ਅਤੇ ਤਣਾਓ ਤਦ ਪੈਦਾ ਹੁੰਦਾ ਹੈ ਜਦ ਪਰਵਾਸੀ ਨੂੰ ਉਸ ਦੀਆਂ ਸਿਮਰਤੀਆਂ ਵਿਚ ਰਮਿਆ ਹੋਇਆ ਘਰ ਨਸੀਬ ਨਹੀਂ ਹੁੰਦਾ ਜਿਸ ਦਾ ਉਲੇਖ ਇਹ ਕਾਵਿ-ਸਤਰਾਂ ਕਰਦੀਆਂ ਹਨ :

ਇਸ ਘਰ ਵਿਚ
ਅੱਜ ਕੀ ਕੀ ਨਹੀਂ ਸੀ ਹੋਣਾ
ਕੰਧਾਂ ਰਸੋਈ ਵਿਹੜਾ ਲਿੱਪਿਆ ਜਾਣਾ ਸੀ

ਸੁਰਗ ਵਾਂਗ
ਸੂਰਜ ਨੂੰ ਨੇੜੇ ਬਿਠਾ
ਗੱਲਾਂ ਕਰਨੀਆਂ ਸਨ ਬਾਪ ਵਾਂਗ
ਇਹ ਉਹ ਸੁੰਨੀ ਰਸੋਈ ਹੈ
ਜੋ ਕਦੇ ਭਾਗਾਂ ਵਾਲੀ ਹੁੰਦੀ ਸੀ
ਜਿੱਥੇ ਪਿੱਤਰਾਂ ਨੇ ਤਾਰੀਖ਼ ਲਿਖੀ ਸੀ
ਇੱਟਾਂ 'ਤੇ ਰੀਝਾਂ ਉੱਕਰੀਆਂ ਸਨ ਕਦੇ
ਇਸ ਘਰ ਵਿਚ

ਜਾਂ
ਸ਼ਰੀਕ ਸਾਂਭੀ ਬੈਠੇ ਹਨ ਘਰ
ਤਾਰੀਖ ਸਾਂਭੀ ਬੈਠੀ ਹੈ ਘਰ
ਲੀਕ ਸਾਂਭੀ ਬੈਠੀ ਹੈ ਘਰ
ਉਡੀਕ ਸਾਂਭੀ ਬੈਠੀ ਹੈ ਘਰ

ਪਰਵਾਸੀ ਕਾਵਿ ਮਨ ਅੰਦਰ 'ਘਰ' ਘਰ ਨਹੀਂ ਰਹਿੰਦਾ ਸਗੋਂ ਘਰ ਅਤੇ ਮਾਨਵੀ ਹੋਂਦ ਇੱਕ ਸਿੱਕੇ ਦੋ ਪਹਿਲੂ ਹਨ। 'ਸ਼ਰੀਕ' ਰਿਸ਼ਤੇ-ਨਾਤਿਆਂ ਨੂੰ, 'ਤਾਰੀਖ' ਬਚਪਨ-ਜਵਾਨੀ ਤੇ ਬੁਢਾਪੇ ਨੂੰ, 'ਲੀਕ' ਦੁੱਖ-ਸੁੱਖ, ਲੜਾਈ-ਝਗੜੇ ਅਤੇ ਨੈਤਿਕਤਾ ਨੂੰ ਅਤੇ 'ਉਡੀਕ' ਸੱਧਰਾਂ, ਰੀਝਾਂ ਅਤੇ ਇੱਛਾਵਾਂ ਨੂੰ ਪ੍ਰਤੀਬਿੰਬਤ ਕਰਦੀ ਹੈ। ਇਸ ਲਈ ਘਰ ਬਚਪਨ ਤੋਂ ਲੈ ਕੇ ਜਵਾਨੀ ਤੱਕ ਅਤੇ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਦੀਆਂ ਤਰੱਕੀਆਂ, ਸੁਪਨੇ, ਇੱਛਾਵਾਂ, ਸੱਧਰਾਂ, ਮੋਹ-ਤੰਦਾਂ, ਦੁੱਖ-ਸੁੱਖ ਅਤੇ ਰਿਸ਼ਤੇ-ਨਾਤੇ ਦਾ ਲਖਾਇਕ ਬਣਦਾ ਹੈ ਜਿਸ ਵਿਚੋਂ ਪੰਜਾਬ ਦੀ ਸਭਿਆਚਾਰਕ ਯਾਦ ਝਲਕਦੀ ਹੈ। ਪਰਵਾਸੀ ਪ੍ਰਸਥਿਤੀਆਂ ਦੌਰਾਨ ਪਰਵਾਸੀ ਕਾਵਿ ਮਨ ਸਭਿਆਚਾਰਕ ਯਾਦ ਨੂੰ ਸਿਰਜਦਾ ਹੈ ਅਤੇ ਸਭਿਆਚਾਰਕ ਯਾਦ ਪਰਵਾਸੀ ਕਾਵਿ ਮਨ ਨੂੰ ਸਿਰਜਦੀ ਹੈ। ਇਹ ਦੋਵੇਂ ਇੱਕ ਦੂਸਰੇ ਦੇ ਪੂਰਕ ਬਣ ਜਾਂਦੇ ਹਨ। ਮੂਲ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਡਾ. ਅਮਰਜੀਤ ਟਾਂਡਾ ਦੀ ਕਾਵਿ ਪੁਸਤਕ 'ਕਵਿਤਾਂਜਲੀ' ਮੁਹੱਬਤੀ-ਰਿਸ਼ਤਿਆਂ, ਸੂਚਨਾ ਕ੍ਰਾਂਤੀ ਦੌਰ ਵਿਚਲੀ ਅਸੰਵੇਦਨਸ਼ੀਲਤਾ, ਦੇਸ਼-ਵੰਡ ਦਾ ਦੁਖਾਂਤ ਅਤੇ ਭੂਤਕਾਲ ਦਾ ਨਿਰੰਤਰ ਸਭਿਆਚਾਰਕ ਸਿਮਰਨ ਆਦਿ ਤਮਾਮ ਸਰੋਕਾਰਾਂ ਵਾਲੀ ਕਵਿਤਾ ਹੈ। ਇਨ੍ਹਾਂ ਸਮੁੱਚੀਆਂ ਕਵਿਤਾਵਾਂ ਦਾ ਅਧਿਐਨ ਕਰਦਿਆਂ ਇਹ ਜ਼ਾਹਰ ਹੁੰਦਾ ਹੈ ਕਿ ਕਾਵਿ ਮਨ ਆਪਣੀ ਕਵਿਤਾ ਰਾਹੀਂ ਜੀਵਨ ਦੇ ਹਰ ਪਹਿਲੂ ਨੂੰ ਛੂੰਹਦਾ ਹੈ ਜਿਸ ਵਿਚ ਬਚਪਨ ਦਾ ਭੋਲਾਪਣ ਅਤੇ ਮਾਸੂਮੀਅਤ ਹੈ। ਜਵਾਨੀ ਦੀ ਰੰਗਤ ਅਤੇ ਹੁਸਨ-ਓ-ਜਮਾਲ ਹੈ। ਬੁਢਾਪੇ ਦੀਆਂ ਫ਼ਿਕਰਾਂ ਅਤੇ ਝੋਰੇ ਹਨ। ਖ਼ੂਬਸੂਰਤ ਗੱਲ ਇਹ ਹੈ ਕਿ ਕਾਵਿ ਮਨ ਦੀਆਂ ਫ਼ਿਕਰਾਂ ਅਤੇ ਝੋਰੇ ਇਕਹਿਰੇ ਨਹੀਂ ਸਗੋਂ ਬਹੁ-ਪਾਸਾਰੀ ਅਤੇ ਬਹੁ-ਸੰਵਾਦੀ ਹਨ। ਅਗਲੀ ਖ਼ੂਬਸੂਰਤ ਗੱਲ ਇਹ ਹੈ ਕਿ ਕਾਵਿ ਮਨ ਆਪਣੀ ਕਾਵਿਕ ਊਰਜਾ ਇਤਿਹਾਸ ਵਿਚੋਂ ਇਕੱਤਰ ਕਰਦਾ ਹੈ ਅਤੇ ਉਸ ਦੀ ਸਿਰਜਣਾ ਨੂੰ ਸਭਿਆਚਾਰਕ ਪ੍ਰਸੰਗਾਂ ਵਿਚ ਢਾਲਦਾ ਹੈ। ਇਨ੍ਹਾਂ ਸਮੁੱਚੇ ਪਹਿਲੂਆਂ ਨੂੰ ਵਿਚਾਰਦਿਆਂ ਇਹ ਗੱਲ ਧਿਆਨ-ਗੋਚਰ ਹੁੰਦੀ ਹੈ ਕਿ ਡਾ. ਅਮਰਜੀਤ ਟਾਂਡਾ ਦੀ ਕਾਵਿ ਪੁਸਤਕ 'ਕਵਿਤਾਂਜਲੀ' ਵਿਚ ਪਰਵਾਸੀ ਦਾ ਸਭਿਆਚਾਰਕ ਤਣਾਓ, ਦਵੰਦ, ਨਸਲੀ ਵਿਹਾਰ ਅਤੇ ਨਸਲੀ ਸੰਵਾਦ ਭਾਵ ਡਾਇਸਪੋਰਕ ਪ੍ਰਸਥਿਤੀਆਂ ਦਾ ਅਨੁਭਵ ਨਹੀਂ ਮਿਲਦਾ ਜੋ ਪਰਵਾਸੀ ਪੰਜਾਬੀ ਕਵਿਤਾ ਨੂੰ ਪੰਜਾਬੀ ਦੀ ਮੂਲਧਾਰਾ ਦੀ ਕਵਿਤਾ ਨਾਲੋਂ ਨਿਖੇੜਦੇ ਹਨ ਪਰ ਜੇਕਰ ਕਵਿਤਾ ਵਿਚ ਡਾਇਸਪੋਰਕ ਅਨੁਭਵ ਆਏ ਵੀ ਹਨ ਤਾਂ ਇਕਹਿਰੇ ਰੂਪ ਵਿਚ ਦੇਖਣ ਨੂੰ ਮਿਲਦੇ ਹਨ। ਕੁੱਲ ਮਿਲਾ ਕੇ ਡਾ. ਅਮਰਜੀਤ ਟਾਂਡਾ ਦੀ ਕਾਵਿ ਪੋਥੀ 'ਕਵਿਤਾਂਜਲੀ' ਆਪਣੇ ਕਾਵਿ ਸਰੋਕਾਰਾਂ, ਵਿਲੱਖਣ ਅਨੁਭਵਾਂ ਅਤੇ ਵਿਲੱਖਣ ਦ੍ਰਿਸ਼ਟੀ ਕਾਰਨ ਪਰਵਾਸੀ ਪੰਜਾਬੀ ਕਵਿਤਾ ਅੰਦਰ ਗੌਲਣਯੋਗ ਅਤੇ ਪ੍ਰਸੰਸਾਯੋਗ ਕਾਵਿ ਪੁਸਤਕ ਹੋ ਨਿੱਬੜਦੀ ਹੈ।

ਗੁਰਪ੍ਰੀਤ ਸਿੰਘ, ਖੋਜਾਰਥੀ,
ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ।
ਫੋਨ ਨੰਬਰ : 9417618624,