Muhammad Fazil ਮੁਹਮੰਦ ਫ਼ਾਜ਼ਿਲ

ਜਨਾਬ ਮੁਹੰਮਦ ਫ਼ਾਜ਼ਿਲ ਵੀਹਵੀਂ ਸਦੀ ਨਾਲ ਸੰਬੰਧ ਰਖਦੇ ਹਨ । ਆਪ ਭਿਮਲਾ, ਜ਼ਿਲ੍ਹਾ ਜਿਹਲਮ, ਦੇ ਵਸਨੀਕ ਸਨ ਅਤੇ ਚੋਖਾ ਚਿਰ ਫ਼ੌਜ ਵਿਚ ਨੌਕਰੀ ਕਰਦੇ ਰਹੇ । ਆਪ ਸੂਫ਼ੀ ਵਿਚਾਰਾਂ ਦੇ ਧਾਰਣੀ ਸਨ। ਆਪਨੇ 'ਸੂਹਾ ਚਰਖ਼ਾ', ਬਾਰਾਂਮਾਹ, ਕਾਫ਼ੀਆਂ ਤੇ ਨਾਅਤਾਂ ਲਿਖੀਆਂ ਹਨ।ਪਰ ਸਭ ਤੋਂ ਵਧ ਮਸ਼ਹੂਰੀ 'ਸੂਹਾ ਚਰਖ਼ਾ' ਨੂੰ ਹੀ ਮਿਲੀ ਹੈ ।

ਪੰਜਾਬੀ ਕਲਾਮ/ਕਵਿਤਾ ਮੁਹਮੰਦ ਫ਼ਾਜ਼ਿਲ

ਸੂਹਾ ਚਰਖਾ-ਕੱਤ ਚਰਖਾ ਛੋਪੇ ਘੱਤ ਕੁੜੇ

੧.
ਉਠ ਚਰਖਾ ਕੱਤ ਸਵੇਰੇ ਤੂੰ,
ਕਰ ਦਾਜ ਤਿਆਰ ਅਗੇਰੇ ਤੂੰ,
ਕਰ ਮਿੱਠੀ ਨੀਂਦ ਪਰੇਰੇ ਤੂੰ,
ਕੱਤ ਤਾਣੀ ਜੋੜ ਬਣਾ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੨.
ਇਹ ਵੇਲ਼ਾ ਕਤ ਲੈ ਚਰਖਾ ਨੀ,
ਬਾਕੀ ਰਹਿੰਦਾ ਥੋੜਾ ਅਰਸਾ ਨੀ,
ਤੈਨੂੰ ਜਾਗਣ ਦਾ ਕਿਉਂ ਸਰਫ਼ਾ ਨੀ,
ਉਠ ਵੇਲਾ ਹੱਥ ਨਾ ਆ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੩.
ਰੰਗੀਂ ਚਰਖ਼ਾ ਉਠ ਘੁਕਾ ਝਲੀਏ,
ਸੰਗ ਸਈਆਂ ਛੋਪੇ ਪਾ ਝਲੀਏ;
ਕਝ ਕਤ ਕੇ ਦਾਜ ਬਣਾ ਝਲੀਏ,
ਗਿਆ ਵਕਤ ਨ ਆਵੇ ਹੱਥ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੪.
ਇਹ ਵੇਲਾ ਹੱਥ ਨ ਆਵੀਗਾ,
ਜਦ ਘਰ ਵਾਲਾ ਘਰ ਆਵੀਗਾ;
ਤੈਥੋਂ ਬਣਿਆ ਦਾਜ ਪੁਛਾਵੀਗਾ,
ਨਾ ਗ਼ਫ਼ਲਤ ਵਕਤ ਗਵਾ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੫.
ਤੇਰੇ ਚਰਖੇ ਮੁੰਨੇ ਹਲਦੇ ਨੀ,
ਕਿਉਂ ਗ਼ਮ ਨ ਝਲੀਏ ਝਲਦੇ ਨੀ;
ਕਰ ਗ਼ੌਰ ਇਕਰਾਰ ਅਜ਼ਲ ਦੇ ਨੀ,
ਕਰ ਮੋਹਕਮ ਠੋਕਾ ਲਾ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੬.
ਵਾਹ ਸਈਆਂ ਛਲੀ ਬਨਾਈ ਹੈ,
ਸੂਹੇ ਚਰਖੇ ਨਾਲ ਸੁਹਾਈ ਹੈ;
ਤੁਧ ਇਕ ਭੀ ਤੰਦ ਨਾ ਪਾਈ ਹੈ,
ਨਹੀਂ ਡਾਹਣਾ ਨਿਤ ਨਿਤ ਆ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੭.
ਤੇਰਾ ਬਾਇੜ ਵਲ ਧਿਆਨ ਨਹੀਂ,
ਕਰੀ ਦੂਰ ਤੂੰ ਖੇਡ ਜਹਾਨ ਨਹੀਂ;
ਤੈਨੂੰ ਯਾਦ ਅਲਸਤ ਬਿਆਨ ਨਹੀਂ,
ਝਲੀ ਲਫ਼ਜ਼ 'ਬਲਾ' ਪਕਾ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੮.
ਕਰ ਨਜ਼ਰ ਨਿਗਾਹ ਵਲ ਖੰਭੜੀਆਂ,
ਕਰ ਪੇਸ਼ ਜੋ ਵਾਟਾਂ ਲੰਬੜੀਆਂ;
ਕਰ ਹੀਲਾ ਕਤ ਕੇ ਛਲੜੀਆਂ,
ਮੁੜ ਵਕਤ ਗਿਆ ਨਾ ਆ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੯.
ਵੇਲਾ ਤਣਨੇ ਦਾ ਹੁਣ ਆਇਆ ਹੈ,
ਜਿਹੜਾ ਕਤ ਕਤ ਦਾਜ ਬਣਾਇਆ ਹੈ;
ਕਰ ਜ਼ਾਹਿਰ ਆਖ ਸੁਣਾਇਆ ਹੈ,
ਨਾਲੇ ਵਟ ਕੇ ਤਾਣਾ ਲਾ ਕੁਤੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੧੦.
ਕਿੱਲੀ ਠੋਕ ਤੇ ਤਾਣਾ ਲਾ ਝਲੀਏ,
ਗਡ ਕਾਨੇ ਸੰਗ ਬੁਲਾ ਝਲੀਏ;
ਨਲੇ ਵਿੱਚ ਸਲਾਈ ਪਾ ਝਲੀਏ,
ਕਰ ਪੂਰੇ ਪਾਂਜੇ ਤਣਾ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੧੧.
ਤੇਰੇ ਘਰ ਬੀਬਾ ਜੰਞ ਆਵੇਗੀ,
ਤੇਰੀ ਕੀਤੀ ਅਗੇ ਆਵੇਗੀ;
ਤੇਰੀ ਸ਼ੇਖ਼ੀ ਉਡ ਪੁਡ ਜਾਵੇਗੀ,
ਕਰ ਗ਼ੌਰ ਖ਼ਿਆਲ ਨ ਭੁਲਾ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੧੨.
ਅਜੇ ਪੇਟਾ ਤੇਰਾ ਘਟਦਾ ਨੀ,
ਤੈਨੂੰ ਕੌਂਤ ਗ਼ਜ਼ਬ ਥੀਂ ਤੱਕਦਾ ਨੀ;
ਕੰਮ ਤਾਣੀ ਪਿਆ ਅਟਕਦਾ ਨੀ,
ਕਰ ਪੇਟਾ ਤੂੰ ਪੂਰਾ ਕੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੧੩.
ਵੇਲਾ ਨੀਂਦਰ ਵਿਚ ਗਵਾਇਆ ਈ,
ਆਇਆ ਪੇਸ਼ ਜੋ ਤੁਧ ਕਮਾਇਆ ਈ;
ਜਿਹੜਾ ਦਾਜ ਸੋਹਾਗ ਬਣਾਇਆ ਈ,
ਤਕ ਨਾਲ ਨਜ਼ਰ ਦੇ ਜਾ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੧੪.
ਹੱਥੀਂ ਘੜੀ ਕਾਰੀਗਰ ਸੋਨੇ ਦੀ,
ਤੂੰ ਬਣ ਗਈ ਰੰਨ ਕਲੋਹਣੇ ਦੀ।
ਜਾਣੀ ਉਮਰ ਤੂੰ ਵਾਂਗ ਵਲੂਹਣੇ ਦੀ,
ਕਤ ਗੋਹੜੇ ਚਰਖਾ ਡਾਹ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੧੫.
ਜੰਞ ਆਈ ਬੂਹੇ ਤੇਰੇ ਨੀਂ,
ਜੇਹੜੇ ਅਜ਼ਲੋਂ ਯਾਰ ਸਹੇੜੇ ਨੀਂ।
ਏਹ ਜਾਂਞੀ ਭਲੇ ਭਲੇਰੇ ਨੀਂ,
ਤੈਨੂੰ ਡੌਲੀ ਖੜਸਨ ਪਾ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੧੬.
ਤੂੰ ਪੁਠੇ ਫੇਰੇ ਫੇਰੇ ਨੀਂ,
ਅਜ ਲਾਗਾਂ ਕੌਣ ਨਿਬੇੜੇ ਨੀਂ;
ਹੋਂਦੇ ਪੂਰੇ ਲਾਗ ਨਾ ਤੇਰੇ ਨੀਂ,
ਆਈਏਂ ਗ਼ਫ਼ਲਤ ਉਮਰ ਲੰਘਾ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੧੭.
ਕੁਝ ਅਮਲ ਨ ਕੀਤਾ ਤੂੰ ਝਲੀਏ!
ਕੀਤੀ ਨੇਕੀ ਕੁਝ ਨਾ ਤੂੰ ਝਲੀਏ!
ਰਹੀਏਂ ਖੇਡਾਂ ਦੇ ਵਿਚ ਤੂੰ ਝਲੀਏ,
ਅਜ ਰੋ ਰੋ ਹਸਰਤ ਖਾ ਕੁੜੇ!
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੧੮.
ਕੀਤੀ ਸਮਝ ਨ ਤੁਧ ਨਾਦਾਨੀ ਨੀ,
ਕੀਤੀ ਮਿੱਠੀ ਖੇਡ ਜਹਾਨੀ ਨੀ।
ਤੈਨੂੰ ਯਾਦ ਨ ਦੁਨੀਆ ਫ਼ਾਨੀ ਨੀ,
ਹੁਣ ਮੁਕਾ ਸਭ ਝੇੜਾ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

੧੯.
ਇਸ ਚਰਖੇ ਹਮਦ ਪਛਾਣੀ ਤੂੰ,
ਨਾਲੇ ਹੱਕ ਨੂੰ ਹੱਕ ਸਿੰਞਾਣੀ ਤੂੰ;
ਹੱਕ ਪਾਕ ਨਬੀ ਨੂੰ ਜਾਣੀ ਤੂੰ,
ਜੈਂਦਾ ਸ਼ਾਨ ਮਜ਼ੱਮਲ ਆਇਆ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।

('ਸੂਹਾ ਚਰਖਾ' ਵਿੱਚੋਂ)