Baranmah-Shirin : Muhammad Boota Gujrati

ਬਾਰਾਂਮਾਹ-ਸ਼ੀਰੀਂ : ਮੁਹੰਮਦ ਬੂਟਾ ਗੁਜਰਾਤੀ

ਚੇਤਰ ਮਾਹ ਚੜ੍ਹਿਆ ਮੰਦਾ ਸਾਲ ਮੈਨੂੰ, ਦੂਤਾਂ ਕੰਤ ਥੀਂ ਚਾ ਅਕੰਤ ਕੀਤਾ
ਖੇਤ ਖੇਤ ਬਸੰਤ ਖਿੜੰਤ ਬੇਲੀ, ਮੇਰਾ ਰੰਗ ਬਸੰਤ ਬਸੰਤ ਕੀਤਾ
ਮੇਰੇ ਤੋੜ ਦੇ ਜੋੜ ਨੂੰ ਤੋੜ ਦੂਤਾਂ, ਮੈਂ ਤੇ ਜ਼ੁਲਮ ਬੇਅੰਤ ਚਾ ਅੰਤ ਕੀਤਾ
ਮੇਰਾ ਬੂਟਿਆ ਬਾਝ ਸਨਮ ਦਿਲਬਰ, ਮੰਦਾ ਬਾਬ ਉਸ ਚਿੰਤ ਅਚਿੰਤ ਕੀਤਾ ।੧।

ਚੜ੍ਹੇ ਮਾਹ ਬਿਸਾਖ ਵੇ ਸਾਖ ਲੱਗੀ, ਚਾ ਬਿਸਾਖ ਦੂਤਾਂ ਦੂਤਾਂ ਨਾਲ ਮੇਰੇ
ਖੋਲ੍ਹ ਵਾਲ ਡੋਲੀ ਨੈਣ ਨੈਣ ਝੋਲੀ, ਬਿਨਾਂ ਲਾਲ ਹੋਏ ਦੀਦੇ ਲਾਲ ਮੇਰੇ
ਦੂਤਾਂ ਚਾ ਫਾਹੀਆਂ ਪਾ ਫਾਹੀਆਂ ਮੈਂ, ਸਾਈਆਂ ਤੁਧ ਸਾਈਆਂ ਜਾਲ ਜਾਲ ਮੇਰੇ
ਮੇਰਾ ਬੂਟਿਆ ਵੇਖ ਲਏ ਹਾਲ ਅੱਖੀਂ, ਆਖੀਂ ਪਾਸ ਜਾ ਕੇ ਜਾਨੀ ਹਾਲ ਮੇਰੇ ।੨।

ਜੇਠ ਹੇਠ ਮੈਂ ਇਸ਼ਕ ਅਲਸੇਠ ਆਈਆਂ, ਹੋਇਆ ਸੇਜ ਦਾ ਪਲੰਘ ਪਲੰਗ ਮੇਰਾ
ਬਿਨਾਂ ਕੰਤ ਮੈਂ ਅੰਤ ਅਕੰਤ ਹੋਈਆਂ, ਰੱਬਾ ਮੇਲ ਫ਼ਰਹਾਦ ਮਲੰਗ ਮੇਰਾ
ਦੂਤੀ ਸੰਗ ਕਰਕੇ ਨਾਹੀਂ ਸੰਗ ਕਰਕੇ, ਜੀ ਸੰਗ ਕਰਕੇ ਤੋੜ ਸੰਗ ਮੇਰਾ
ਰੱਜ ਬੂਟਿਆ ਵਸਲ ਨਾ ਜਾਮ ਪੀਤਾ, ਪਿਆ ਪੀਆ ਜੀਆ ਹੁਣ ਤੰਗ ਮੇਰਾ ।੩।

ਚੜ੍ਹੇ ਮਾਹ ਹਾੜੇ ਬੈਠੀ ਕਰਾਂ ਹਾੜੇ, ਅਸਾਂ ਦੁੱਖ ਹਾੜੇ ਹਾੜੇ ਅੰਤ ਸਾਰੇ
ਇਕ ਜਾਨ ਮੇਰੀ ਦੁੱਖ ਜਾਣ ਲੱਖਾਂ, ਸਾਥੀਂ ਸੁਖ ਹੋ ਗਏ ਉਡੰਤ ਸਾਰੇ
ਸਈਆਂ ਕੌਂਤ ਲੈ ਕੇ ਸੌਣ ਸੇਜ ਉਤੇ, ਸਾਡੀ ਕੰਤ ਬਿਨ ਸੇਜ ਅਕੰਤ ਵਾਰੇ
ਤਕੀਆ ਬੂਟਿਆ ਰੱਬ ਤੇ ਰਖਿਆ ਮੈਂ, ਕਦੀ ਮੇਲਸੇਗਾ ਨਾਲ ਕੰਤ ਪਿਆਰੇ ।੪।

ਸਾਵਣ ਮਾਹ ਚਮਕੀ ਕੜਕ ਮਾਰ ਬਿਜਲੀ, ਘਟਾਂ ਕਾਲੀਆਂ ਕਾਲੀਆਂ ਆਈਆਂ ਨੇ
ਓਧਰ ਅੰਬਰ ਝੜੀਆਂ ਏਧਰ ਨੈਣ ਝੜੀਆਂ, ਦੋਹਾਂ ਖ਼ੂਬ ਝੜੀਆਂ ਅੰਬਰਾਂ ਲਾਈਆਂ ਨੇ
ਝੂਲਾ ਝੂਲਦਾ ਨਾ ਅਚਨਚੇਤ ਦੂਤਾਂ, ਦੇ ਕੇ ਸਾਹ ਵਿਸਾਹ ਵਿਸਾਹੀਆਂ ਨੇ
ਕੀਤੀ ਬੂਟਿਆ ਜਿਨ੍ਹਾਂ ਨੇ ਨਾਲ ਸਾਡੇ, ਆਵੇ ਪੇਸ਼ ਉਨ੍ਹਾਂ ਦੀਆਂ ਜਾਈਆਂ ਨੇ ।੫।

ਭਾਦਰੋਂ ਭਾਹ ਲਗੀ ਇਸ਼ਕ ਤਨ ਮੇਰੇ, ਹੋਇਆ ਜਿਗਰ ਤਮਾਮ ਕਬਾਬ ਸ਼ੀਰੀਂ
ਮੇਰੇ ਖ਼ਾਨ ਸੁਲਤਾਨ ਫ਼ਰਹਾਦ ਸਾਈਆਂ, ਜਾਨ ਜਾਨ ਥੀਂ ਜਾਣ ਗ਼ੁਲਾਮ ਸ਼ੀਰੀਂ
ਮਤਾਂ ਕਹੇਂ ਪਿਆਰਿਆ ਸੱਜਣਾ ਵੇ, ਕਰਦੀ ਸੇਜ ਤੇ ਪਈ ਆਰਾਮ ਸ਼ੀਰੀਂ
ਮੌਜੀ ਬੂਟਿਆ ਇਸ਼ਕ ਜੱਲਾਦ ਤੇਰਾ, ਦੇਂਦਾ ਚੈਨ ਨਾਹੀਂ ਸੁਬ੍ਹਾ ਸ਼ਾਮ ਸ਼ੀਰੀਂ ।੬।

ਅਸੂਜ ਪੈਣ ਆਂਸੂ ਛਮ ਛਮ ਝੋਲੀ, ਸਾਨੂੰ ਗ਼ਮ ਫ਼ਰਹਾਦ ਫ਼ਕੀਰ ਦਾ ਜੇ
ਵੇਖ ਹਾਲ ਉਸਦਾ ਕਰਨਾ ਰਹਿਮ ਲੋਕੋ, ਆਜਜ਼ ਹਾਲ ਫ਼ਕੀਰ ਦਿਲਗੀਰ ਦਾ ਜੇ
ਵਾਲ ਵਾਲ ਉਸਦਾ ਦੁੱਖਾਂ ਨਾਲ ਭਰਿਆ, ਪਿਆ ਜਾਲ ਅਸਾਂ ਤਕਦੀਰ ਦਾ ਜੇ
ਐਪਰ ਬੂਟਿਆ ਛੈਲ ਉਹ ਮੱਸ ਭਿੰਨਾ, ਫਿਰੇ ਮਾਰਿਆ ਇਸ਼ਕ-ਸ਼ਮਸ਼ੀਰ ਦਾ ਜੇ ।੭।

ਕੱਤਕ ਮਾਹ ਜਾਲਾਂ ਕਬ ਤਕ ਦੁਖ ਲੋਕੋ, ਦਮ ਦਮ ਸਨਮ ਦਾ ਗ਼ਮ ਮੈਨੂੰ
ਮੰਜੀ ਇਸ਼ਕ ਬਖ਼ੀਲ ਜਲਾਦ ਜ਼ਾਲਮ, ਦਿਲ ਤੇ ਦਰਦ ਫ਼ਰਾਕ ਸਿਤਮ ਮੈਨੂੰ
ਦਮ ਦਮ ਪਰ ਗ਼ਮ ਸਿਤਮ ਕਰਦੇ, ਰੱਬਾ ਮੇਲ ਫ਼ਰਹਾਦ ਸਨਮ ਮੈਨੂੰ
ਡਿੱਠੇ ਬੂਟਿਆ ਜੰਮ ਮੈਂ ਗ਼ਮ ਭਾਰੇ, ਭੁਲ ਗਏ ਮਾਪੇ ਆਪੇ ਜੰਮ ਮੈਨੂੰ ।੮।

ਚੜ੍ਹੇ ਮਾਹ ਮੱਘਰ ਪਿਆ ਇਸ਼ਕ ਮਗਰ, ਵਾਂਗ ਕੂੰਜ ਦੇ ਔਂਸੀਆਂ ਪਾਨੀਆਂ ਮੈਂ
ਵੇਖਾਂ ਰਾਹ ਤੇਰਾ ਚੜ੍ਹ ਕੇ ਮਹਿਲ ਉਤੇ, ਖਲੀ ਰਾਹੀਆ ਕਾਗ ਉਡਾਨੀਆਂ ਮੈਂ ।
ਕਦੀ ਮੋੜ ਮੁਹਾਰ ਇਕ ਵਾਰ ਮੈਂ ਤੇ, ਤੈਥੋਂ ਵਾਰਨੇ ਵਾਰਨੇ ਜਾਨੀਆਂ ਮੈਂ
ਐਪਰ ਬੂਟਿਆ ਬਾਝ ਫ਼ਰਹਾਦ ਸਾਈਂ, ਤਾਰੇ ਗਿਣਦਿਆਂ ਰਾਤ ਲੰਘਾਨੀਆਂ ਮੈਂ ।੯।

ਚੜ੍ਹਿਆ ਪੋਹ ਸਿਆਲੇ ਤੇ ਪੈਣ ਪਾਲੇ, ਲੰਮੀ ਹਿਜਰ ਫ਼ਰਾਕ ਦੀ ਰੈਣ ਬੇਲੀ
ਰਾਤੀਂ ਗਿਣਾਂ ਤਾਰੇ ਮੇਰੇ ਚੰਦ ਤਾਰੇ, ਸਾਰੀ ਰੈਣ ਬੈਠੀ ਕਰਾਂ ਵੈਣ ਬੇਲੀ
ਨੈਣ ਪੈਣ ਡੋਲੀ ਲੈਣ ਚੈਨ ਨਾਹੀਂ, ਵੈਣ ਵੈਣ ਕਰਦੀ ਰੈਣ ਰੈਣ ਬੇਲੀ
ਸਖ਼ਤ ਬੂਟਿਆ ਇਸ਼ਕ ਦੇ ਮੁਆਮਲੇ ਨੇ, ਅੱਲ੍ਹਾ ਪੇਸ਼ ਨਾ ਕਿਸੇ ਦੇ ਪੈਣ ਬੇਲੀ ।੧੦।

ਚੜ੍ਹਿਆ ਮਾਘ ਮਾਹੀ ਤੜਫ਼ਾਂ ਵਾਂਗ ਮਾਹੀ, ਤੇਰੇ ਇਸ਼ਕ ਨੇ ਫਾਹੀਆਂ ਪਾਈਆਂ ਮੈਂ
ਤੇਰੇ ਦਰਦ ਫ਼ਰਾਕ ਹਲਾਕ ਕੀਤੀ, ਰੋ ਰੋ ਅੱਖੀਆਂ ਖ਼ੂਨ ਡੁਬਾਈਆਂ ਮੈਂ
ਅਗੇ ਰੱਬ ਦੇ ਕੂਕ ਫ਼ਰਿਆਦ ਮੇਰੀ, ਤੈਥੋਂ ਦੂਤੀਆਂ ਜੁਦਾ ਕਰਾਈਆਂ ਮੈਂ
ਨਿਹੁੰ ਬੂਟਿਆ ਲਾ ਨਾ ਸੁਖ ਪਾਇਆ, ਨਿਜ ਸਾਈਆਂ ਪਾਈਆਂ ਸਾਈਆਂ ਮੈਂ ।੧੧।

ਚੜ੍ਹੇ ਮਾਹ ਫੱਗਣ ਰੱਬਾ ! ਮੇਲ ਸੱਜਣ, ਮੈਨੂੰ ਦਰਦ ਫ਼ਰਾਕ ਸਤਾਇਆ ਏ
ਗੱਲਾਂ ਮਨ ਦੀਆਂ ਮਨ ਦੀਆਂ ਮਨ ਰਹੀਆਂ, ਜਾਨੀ ਰੱਜ ਕੇ ਗਲ ਨਾ ਲਾਇਆ ਏ
ਫਿਰੇ ਖੁਆਰ ਲਾਚਾਰ ਫ਼ਰਹਾਦ ਮੇਰਾ, ਸਾਨੂੰ ਓਸਦੇ ਸਾੜ ਜਲਾਇਆ ਏ
ਅਸਾਂ ਬੂਟਿਆ ਦਰਦ ਫ਼ਰਾਕ ਅੰਦਰ, ਸਾਰਾ ਰੋਂਦਿਆਂ ਸਾਲ ਲੰਘਾਇਆ ਏ ।੧੨।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ