Muhammad Iqbal Najmi
ਮੁਹੰਮਦ ਇਕਬਾਲ ਨਜਮੀ

ਨਾਂ-ਮੁਹੰਮਦ ਇਕਬਾਲ ਹੁਸੈਨ, ਕਲਮੀ ਨਾਂ-ਮੁਹੰਮਦ ਇਕਬਾਲ 'ਨਜਮੀ',
ਪਿਤਾ ਦਾ ਨਾਂ-ਮੁਹੰਮਦ ਇਸਮਾਈਲ,
ਜਨਮ ਤਾਰੀਖ਼-4 ਜਨਵਰੀ 1953 ਜਨਮ ਸਥਾਨ-ਮਦਰ ਚੱਕ ਪੱਤੋਕੀ,
ਵਿਦਿਆ-ਐਮ. ਏ. ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਉਮਰੋਂ ਵੱਡੇ ਰੁੱਖ (ਪੰਜਾਬੀ ਸ਼ਾਇਰੀ) ਸੀਰਤੇ ਹਜ਼ੂਰ (ਪੰਜਾਬੀ ਨਾਅਤ) ਟਿਮ ਟਿਮ ਤਾਰੇ (ਪੰਜਾਬੀ ਸ਼ਾਇਰੀ) ਧਰਤੀ ਮੇਰਾ ਮਾਨ (ਪੰਜਾਬੀ ਸ਼ਾਇਰੀ) ਖਿੜਦੇ ਫੁੱਲ (ਪੰਜਾਬੀ ਸ਼ਾਇਰੀ) ਤਨ ਬਸਤੀ ਵਿਚ ਦਰਦ ਵਲਾਵਾਂ (ਸ਼ਾਇਰੀ) ਹੋਰ ਕਿਤਾਬਾਂ; ਸ਼ੱਕ ਦੀ ਡਾਲੀ, ਗੁਜਰਾਂਵਾਲਾ ਕੇ ਅਹਿਲੇ ਕਲਮ, ਆਜ਼ਾਦੀ ਕਾ ਸਫ਼ਰ, ਇਜਾਜ਼ਤ, ਮਹਿਕਾਂ ਵੰਡਦੇ ਬੋਲ, ਮੁਹਾਵਰਾਤੀ ਗ਼ਜ਼ਲਾਂ, ਪਾਕਿਸਤਾਨੀ ਆਜ਼ਾਦ ਗ਼ਜ਼ਲ, ਸਾਰੇ ਦੀਏ ਜਲਾਦੋ, ਹਮ ਕਲੀਆਂ ਹਮ ਤਾਰੇ, ਕਦਮ ਕਦਮ ਆਬਾਦ,
ਪਤਾ-88 ਬੀ, ਸੈਟੇਲਾਇਟ ਟਾਉਨ, ਗੁਜਰਾਂਵਾਲਾ ।

ਪੰਜਾਬੀ ਗ਼ਜ਼ਲਾਂ (ਤਨ ਬਸਤੀ ਵਿਚ ਦਰਦ ਬਲਾਵਾਂ 1989 ਵਿੱਚੋਂ) : ਮੁਹੰਮਦ ਇਕਬਾਲ ਨਜਮੀ

Punjabi Ghazlan (Tan Basti Vich Dard Balawan 1989) : Muhammad Iqbal Najmi



ਇਕ-ਇਕ ਵਰਕ ਫਰੋਲਿਆ

ਇਕ-ਇਕ ਵਰਕ ਫਰੋਲਿਆ ਦਿਲ ਦੀ ਕਿਤਾਬ ਦਾ । ਪਾਇਆ ਨਾ ਫਿਰ ਵੀ ਭੇਤ ਮੈਂ ਆਪਣੇ ਜਨਾਬ ਦਾ । ਫੁੱਟੀ ਕਿਰਨ ਨਾ ਕੋਈ ਵੀ ਮੇਰੇ ਲਈ ਕਦੀ, ਕਰਨਾ ਵਾਂ ਇੰਤਜ਼ਾਰ ਮੈਂ ਉਹਦੇ ਜਵਾਬ ਦਾ । ਮੇਰੇ ਇਹ ਜੁਰਮ ਲੱਗਣੇ ਨੇ ਆਖ਼ਰ ਜੇ ਮੇਰੇ ਨਾਂ, ਕੋਈ ਸ਼ਰੀਕ ਕਿਉਂ ਬਣੇ ਮੇਰੇ ਜਵਾਬ ਦਾ । ਖ਼ੁਦ ਨੂੰ ਤੂੰ ਹਰ ਖ਼ਤਾ ਤੋਂ ਜੇ ਹੈ ਪਾਕ ਜਾਣਦਾ, ਇਲਜ਼ਾਮ ਕਿਸ ਨੂੰ ਦੇਵੇਂਗਾ ਹਾਲਤ ਖ਼ਰਾਬ ਦਾ । ਮੇਰੇ ਈ ਨਾਵੇਂ ਲਾਂਵਦੈ ਉਹਨੇ ਜੋ ਕੀਤੀਆਂ, ਪੱਕਾ ਵਾਂ ਉਹਨੂੰ ਦੱਸ ਦਿਓ ਮੈਂ ਵੀ ਹਿਸਾਬ ਦਾ ।

ਰਸਮਾਂ ਦੀ ਜੋ ਕੰਧ ਉਸਾਰੀ ਮੈਂ

ਰਸਮਾਂ ਦੀ ਜੋ ਕੰਧ ਉਸਾਰੀ ਮੈਂ ਆਂ ਉਹਦਾ ਵਾਰਸ । ਜ਼ਾਤਾਂ ਦੀ ਜੋ ਵਲਗਣ ਮਾਰੀ ਮੈਂ ਆਂ ਉਹਦਾ ਵਾਰਸ । ਰਾਹਵਾਂ ਦੇ ਵਿਚ ਖਿਲਰੇ ਹੋਏ ਕੰਡੇ ਮੈਂ ਪਿਆ ਚੁੱਗਾਂ, ਵੱਡਿਆਂ ਜਿਹੜੀ ਬਾਜ਼ੀ ਹਾਰੀ ਮੈਂ ਆਂ ਉਹਦਾ ਵਾਰਸ । ਮੈਂ ਮਕਰੂਜ਼ ਈ ਜੰਮਿਆ ਸੀ 'ਤੇ ਮੈਂ ਮਕਰੂਜ਼ ਈ ਰਹਿਣਾ, ਜਿਹੜੀ ਸ਼ੈਅ ਵੀ ਲਈ ਉਧਾਰੀ ਮੈਂ ਆਂ ਉਹਦਾ ਵਾਰਸ । ਸੱਧਰਾਂ, ਆਸਾਂ, ਤਾਂਘਾਂ, ਕੂਕਾਂ, ਚੀਸਾਂ ਮੇਰੀ ਝੋਲੀ, ਭਾਵੇਂ ਕੋਈ ਏ ਦੁੱਖ ਦੀ ਖਾਰੀ ਮੈਂ ਆਂ ਉਹਦਾ ਵਾਰਸ । ਹਰ ਇਕ ਜ਼ਹਿਰੀ ਸੱਪ ਨੂੰ ਮੈਂ ਤੇ ਹੱਸ ਕੇ ਹਿੱਕ ਨਾਲ ਲਾਵਾਂ, ਬਾਹਰੋਂ ਆਵੇ ਜੋ ਬੀਮਾਰੀ ਮੈਂ ਆਂ ਉਹਦਾ ਵਾਰਸ । ਝੋਲੀ ਪਾਈਆਂ ਕਿੱਥੇ ਸੁੱਟਾਂ! ਸਮਝ ਨਾ ਆਵੇ ਮੈਨੂੰ, ਜਿਹੜੀ ਸ਼ੈਅ ਵੀ ਕਰਮਾਂ ਮਾਰੀ ਮੈਂ ਆਂ ਉਹਦਾ ਵਾਰਸ । ਅਜ਼ਮਾਂ, ਸ਼ਰਮਾਂ ਦੀ ਹੁਣ ਮੈਨੂੰ ਕੀ ਪਰਵਾਹ ਏ 'ਨਜ਼ਮੀ', ਜਿਸ ਘਰ ਦਾ ਨਹੀਂ ਬੂਹਾ ਬਾਰੀ ਮੈਂ ਆਂ ਉਹਦਾ ਵਾਰਸ ।

ਰਾਤ ਦੇ ਘੁੱਪ ਹਨੇਰੇ ਵਿਚ ਇੰਜ

ਰਾਤ ਦੇ ਘੁੱਪ ਹਨੇਰੇ ਵਿਚ ਇੰਜ ਸ਼ੌਕ ਦੇ ਤਾਰੇ ਜਾਗਣ । ਹਿਜਰ ਦੇ ਕੱਟੇ ਹੋਏ ਜਿਸਰਾਂ ਦਰਦਾਂ ਮਾਰੇ ਜਾਗਣ । ਅਸਾਂ ਤੇ ਜਦ ਦਾ ਤੱਕਿਆ ਏਥੇ ਛਾਇਆ ਗੂੜ੍ਹ ਹਨੇਰਾ, ਖ਼ਵਰੇ ਕਿਹੜੀ ਫ਼ਜਰ ਦੀ ਖ਼ਾਤਰ ਨੈਣ ਵਿਚਾਰੇ ਜਾਗਣ । ਪਿਆਰ ਵਫ਼ਾ ਦੇ ਫੁੱਲਾਂ ਦਾ ਤੇ ਹਾਲ ਅਸਾਂ ਇਹ ਡਿੱਠਾ, ਵਿੱਚ ਖ਼ਿਜਾਂ ਇਹ ਸੁੱਤੇ ਰਹਿੰਦੇ ਰੁੱਤ ਬਹਾਰੇ ਜਾਗਣ । ਮੇਰੀ ਰੂਹ ਅਦਮੋਈ ਉਸ ਦਮ ਚੈਨ-ਕਰਾਰ ਏ ਪਾਂਦੀ, ਅੱਖੀਆਂ ਦੇ ਅਸਮਾਨੀ ਜਦ ਵੀ ਅਸ਼ਕ ਨਜ਼ਾਰੇ ਜਾਗਣ । ਸਾਵਣ ਝੜੀਆਂ ਜਦ ਦੀਆਂ ਲੱਗੀਆਂ ਮੇਰੇ ਸ਼ਹਿਰ ਦੇ ਅੰਦਰ ਮਹਿਲਾਂ ਵਾਲੇ ਘੂਕ ਨੇ ਸੁੱਤੇ ਕੱਚੇ ਢਾਰੇ ਜਾਗਣ । ਤੈਨੂੰ ਦਿਲੋਂ ਵਿਸਾਰ ਨਹੀਂ ਸਕਿਆ ਹਾਲੇ ਤੋੜੀ 'ਨਜਮੀ', ਤੇਰੀ ਯਾਦ ਦੀ ਭੁੱਬਲ ਦੇ ਵਿਚ ਅਜੇ ਸ਼ਰਾਰੇ ਜਾਗਣ ।

ਲਾਂਬੂ ਲਾਂਦੇ ਵਾਵਰੋਲਿਆਂ ਲਾ ਲਏ

ਲਾਂਬੂ ਲਾਂਦੇ ਵਾਵਰੋਲਿਆਂ ਲਾ ਲਏ ਏਥੇ ਡੇਰੇ । ਵੇਖਾਂ ਮੈਂ ਸਹਿਰਾ ਦਾ ਮਨਜ਼ਰ ਆਪਣੇ ਚਾਰ ਚੁਫ਼ੇਰੇ । ਨ੍ਹੇਰੀ, ਝਾਂਜੇ, ਝੱਖੜਾਂ ਕੋਲੋਂ ਅਸੀਂ ਨਈਂ ਡੋਲਣ ਵਾਲੇ, ਵਾਂਗ ਚਟਾਨਾਂ ਹੈ ਨੇ ਯਾਰ ਅਸਾਡੇ ਅਜ਼ਮ ਪਕੇਰੇ । ਕਿਹੜਾ ਅੰਬਰ ਦੀ ਟੀਸੀ 'ਤੇ ਜਗਿਆ ਤਾਰਿਆਂ ਵਾਂਗੂੰ, ਸ਼ਬਨਮ ਸ਼ਬਨਮ ਫੁੱਲਾਂ ਉੱਤੇ ਕਿਸ ਨੇ ਅੱਥਰੂ ਕੇਰੇ । ਅਸੀਂ ਨਾ ਧੂੜਾਂ ਵਿਚ ਗਵਾਚਣ ਵਾਲੇ ਪਿਆਰ ਦੇ ਪਾਂਧੀ, ਕਛ ਲੈਨੇਆਂ ਪਲ ਦੋ ਪਲ ਵਿਚ ਅਸੀਂ ਤਾਂ ਪੰਧ ਲਮੇਰੇ । ਮਾਂ ਦੇ ਦੁੱਧ ਦੀ ਬਾਸ ਏ ਇਸ ਵਿਚ ਬਾਪ ਦੀ ਨਿੱਘੀ ਚਾਹਤ, ਸਾਡੀ ਬੋਲੀ ਸਹਿਦੋਂ ਮਿੱਠੀ ਸਾਡੇ ਅਜ਼ਮ ਉਚੇਰੇ । ਦੇਖ ਰਿਹਾ ਏ ਦੂਰੋਂ ਆਉਂਦੀ ਸਾਵੀਂ ਰੁੱਤ ਦਾ ਬੁੱਲਾ, ਸੁੱਕੀ ਟਹਿਣੀ 'ਤੇ ਇਕ ਪੰਛੀ ਬੈਠਾ ਖੰਭ ਖਲੇਰੇ । ਉਹਨੂੰ ਆਪਣਾ ਸੱਚਾ ਰਹਿਬਰ ਮਿੱਥਾਂਗੇ ਸਭ 'ਨਜਮੀ', ਜਿਹੜਾ ਰਾਤ ਦਾ ਚੀਰ ਕੇ ਪਰਬਤ ਕੱਢੇ ਨੂਰ ਸਵੇਰੇ ।

ਹੁਣ ਤੇ ਪਿਆਰ ਵੀ ਮਿਲਦਾ ਨਹੀਂ

ਹੁਣ ਤੇ ਪਿਆਰ ਵੀ ਮਿਲਦਾ ਨਹੀਂ ਬਿਨ ਕੀਮਤ ਦੇ । ਕੰਮ ਕੋਈ ਅੱਜ ਹੁੰਦਾ ਨਹੀਂ ਬਿਨ ਰਿਸ਼ਵਤ ਦੇ । ਸ਼ਰਮਾਏ ਦੀ ਡੈਣ ਡਰਾਵੇ ਵੱਧ ਵੱਧ ਕੇ, ਸੋਚ ਰਹੇ ਹਾਂ ਕਿੰਜ ਲੰਘਣ ਦਿਨ ਇੱਜ਼ਤ ਦੇ । ਉਦੋਂ ਹੀ ਫਿਰ ਲੋਕੀ ਅੱਖਾਂ ਖੋਲ੍ਹਣਗੇ, ਅੱਗੇ ਆਏ ਲੇਖ ਲਿਖੇ ਜਦ ਕਿਸਮਤ ਦੇ । ਅੱਜ ਸੀਰਤ ਨੂੰ ਕੋਈ ਦੇਖਣ ਵਾਲਾ ਨਹੀਂ, ਸਭ ਦੀਵਾਨੇ ਹੁੰਦੇ ਦੇਖੇ ਸੂਰਤ ਦੇ । ਰੱਜਿਆ ਰੋਂਦਾ, ਭੁੱਖਾ ਸੌਂਦਾ ਡਿੱਠਾ ਏ, ਵੇਖ ਕ੍ਰਿਸ਼ਮੇਂ 'ਨਜ਼ਮੀ' ਉਹਦੀ ਕੁਦਰਤ ਦੇ ।

ਭੈੜੇ ਨਾਲ ਮਤੱਕਾ ਲਾਉਂਣਾ ਚੰਗਾ ਨਈਂ

ਭੈੜੇ ਨਾਲ ਮਤੱਕਾ ਲਾਉਂਣਾ ਚੰਗਾ ਨਈਂ । ਰਾਹੇ ਜਾਂਦਿਆਂ ਲੰਗ-ਲਹਾਣਾ ਚੰਗਾ ਨਈਂ । ਸੱਪਾਂ ਨਾਲੋਂ ਜ਼ਹਿਰੀ ਅੱਜ ਦੇ ਬੰਦੇ ਨੇ, ਇਹਨਾਂ ਤਾਈਂ ਮੀਤ ਬਣਾਣਾ ਚੰਗਾ ਨਈਂ । ਜੀਵਨ ਬੇੜੀ ਓੜਕ ਇਕ ਦਿਨ ਮੁੱਕਣਾ ਏਂ, ਇਸ 'ਤੇ ਆਸ ਦਾ ਮਹਿਲ ਬਨਾਣਾ ਚੰਗਾ ਨਈਂ । ਮਰ ਜਾਵੇਂਗਾ ਵਾਂਗ ਚਕੋਰਾਂ ਉੱਡ-ਉੱਡ ਕੇ, ਚੰਨ ਨਾਲ ਵੱਧ-ਵੱਧ ਮੱਥੇ ਲਾਣਾ ਚੰਗਾ ਨਈਂ । ਚੰਗੇ ਕੰਮ ਦੀ ਖ਼ੁਸ਼ਬੂ ਆਪੇ ਖਿਲਰੇਗੀ, 'ਨਜ਼ਮੀ' ਇਸ ਲਈ ਢੋਲ ਵਜਾਣਾ ਚੰਗਾ ਨਈਂ ।

ਵਿੱਚ ਸ਼ਰੀਕਾਂ ਤੂੰ ਸਾਨੂੰ ਬਦਨਾਮ ਕਰੇਂ

ਵਿੱਚ ਸ਼ਰੀਕਾਂ ਤੂੰ ਸਾਨੂੰ ਬਦਨਾਮ ਕਰੇਂ । ਸਾਡੀਆਂ ਜਿੱਤਾਂ ਥਾਂ-ਥਾਂ 'ਤੇ ਨਾਕਾਮ ਕਰੇਂ । ਇੱਕੋ ਵਾਰੀ ਡਾਂਗੋ-ਡਾਂਗੀ ਹੋ ਲੈ ਤੂੰ, ਰੋਜ਼-ਦਿਹਾੜੀ ਕਾਹਨੂੰ ਪਹੀਆ ਜਾਮ ਕਰੇਂ । ਸਫ਼ਰਾਂ ਦੀ ਔਖਿਆਈ ਕੀ ਏ ਜਾਣ ਲਵੇਂ, ਚੜ੍ਹਦੇ ਸੂਰਜ ਵਾਂਗੂੰ ਜੇ ਤੂੰ ਸ਼ਾਮ ਕਰੇਂ । ਝੂਠ ਦੇ ਨ੍ਹੇਰੇ ਬੁੱਕਲ ਮਾਰ ਕੇ ਨੱਸ ਜਾਵਣ, ਸੱਚ ਦਾ ਚਾਨਣ ਜੇ ਤੂੰ ਏਥੇ ਆਮ ਕਰੇਂ । ਤੇਰੀ ਮਨਤਾ ਗੁਲਸ਼ਨ ਗੁਲਸ਼ਨ ਹੋ ਜਾਵੇ, ਜੇ ਤੂੰ ਜ਼ਹਿਰੀ ਕੰਡਿਆਂ ਨੂੰ ਗੁਲਫ਼ਾਮ ਕਰੇਂ । ਤੇਰੇ ਪਿਆਰ ਦੇ ਜਾਦੂ ਨੂੰ ਫਿਰ ਮੰਨਾਂਗੇ, ਇਸ ਪੱਥਰ ਨੂੰ ਜੇ ਤੂੰ 'ਨਜ਼ਮੀ' 'ਰਾਮ' ਕਰੇਂ ।

ਕਰ ਰਹੇ ਆਂ ਰੋਸ਼ਨੀ ਦੇ ਵਿਚ ਮਿਲਾਵਟ

ਕਰ ਰਹੇ ਆਂ ਰੋਸ਼ਨੀ ਦੇ ਵਿਚ ਮਿਲਾਵਟ । ਹੋ ਰਹੀ ਏ ਜ਼ਿੰਦਗੀ ਦੇ ਵਿਚ ਮਿਲਾਵਟ । ਹਾਲ ਮੰਦਾ ਓਸ ਦਿਨ ਦਾ ਹੋ ਗਿਆ ਏ, ਜਦ ਦੀ ਆਈ ਮੁਨਸਫ਼ੀ ਦੇ ਵਿਚ ਮਿਲਾਵਟ । ਦਿਲ ਮੇਰੇ 'ਤੇ ਕੀ ਗ਼ੁਜ਼ਰਦੀ ਪੁੱਛ ਨਾ ਮੈਥੋਂ, ਦੇਖਦਾਂ ਜਦ ਸਾਦਗੀ ਦੇ ਵਿਚ ਮਿਲਾਵਟ । ਹੋਰ ਸ਼ੈਅ ਦਾ ਦੱਸ ਕਰਾਂ ਮੈਂ ਤਜ਼ਕਰਾ ਕੀ, ਹਰ ਗ਼ਮੀਂ , ਤੇ ਹਰ ਖ਼ੁਸ਼ੀ ਦੇ ਵਿਚ ਮਿਲਾਵਟ । ਚਿਹਰਿਆਂ 'ਤੇ ਰੌਣਕਾਂ ਨਹੀਂ ਮਿਲਦੀਆਂ ਹੁਣ, ਲੋਕਾਂ ਕੀਤੀ ਦਿਲਕਸ਼ੀ ਦੇ ਵਿਚ ਮਿਲਾਵਟ । ਇਸ ਤੋਂ ਵਧ ਕੀ ਹੋਰ 'ਨਜ਼ਮੀ' ਹੋਵਣਾ ਏ, ਕਰ ਰਹੇ ਆਂ ਬੰਦਗੀ ਦੇ ਵਿਚ ਮਿਲਾਵਟ ।

ਹੀਰ ਸਿਆਲਣ ਬਣ ਕੇ ਆਈ

ਹੀਰ ਸਿਆਲਣ ਬਣ ਕੇ ਆਈ ਦੁੱਖ ਦੀ ਰਾਤ । ਕਿਸਮਤ ਜਾਣ ਕੇ ਗਲ ਨੂੰ ਲਾਈ ਦੁੱਖ ਦੀ ਰਾਤ । ਸੋਚ ਦੀ ਸੂਲੀ ਚੜ੍ਹਿਆ ਵਾਂ ਮੈਂ ਇਹਦੇ ਨਾਲ, ਫ਼ਿਕਰ ਦੇ ਭਾਂਬੜ ਨਾਲ ਸਜਾਈ ਦੁੱਖ ਦੀ ਰਾਤ । ਮੇਰੇ ਦਿਲ ਵਿਚ ਪਲਦਾ ਰਹਿੰਦਾ ਏਹੋ ਖ਼ੌਫ਼, ਕਿਧਰੇ ਨਿਕਲੇ ਨਾ ਹਰਜਾਈ ਦੁੱਖ ਦੀ ਰਾਤ । ਸੇਵਾ ਕੀਤੀ ਇਸ ਦੀ ਦਿਲ ਦੇ ਚਾਨਣ ਨਾਲ, ਚਾਵਾਂ ਰੀਝਾਂ ਥੀਂ ਰੁਸ਼ਨਾਈ ਦੁੱਖ ਦੀ ਰਾਤ । ਮੈਨੂੰ ਜੱਫ਼ੇ ਪਾਵੇ ਦੇਵੇ ਮੇਰਾ ਸਾਥ, ਮੇਰੀ ਵੰਡੇ ਇਹ ਤਨਹਾਈ ਦੁੱਖ ਦੀ ਰਾਤ । ਕੁੱਝ ਘੜੀਆਂ ਲਈ ਰਹਿ ਕੇ 'ਨਜਮੀ' ਮੇਰੇ ਕੋਲ, ਆਪਣੀ ਕਰਦੀ ਏ ਵਡਿਆਈ ਦੁੱਖ ਦੀ ਰਾਤ ।

ਕੁਝ ਹੋਰ ਰਚਨਾਵਾਂ : ਮੁਹੰਮਦ ਇਕਬਾਲ ਨਜਮੀ

ਪਹਿਲਾਂ ਸਭਨਾਂ ਨੇ ਸਮਝਾਇਆ

ਪਹਿਲਾਂ ਸਭਨਾਂ ਨੇ ਸਮਝਾਇਆ, ਟਸ ਤੋਂ ਮਸ ਨਾ ਹੋਇਆ।
ਠੱਗਿਆ ਜਦੋਂ ਜ਼ਮਾਨੇ ਨੇ ਤਾਂ, ਸਿਰ ਤੇ ਬਾਂਹ ਰੱਖ ਰੋਇਆ।

ਸਹਿਜ ਪੱਕੇ ਸੋ ਮਿੱਠਾ ਹੁੰਦਾ, ਕਹਿ ਗਏ ਗੱਲ ਸਿਆਣੇ,
ਕਾਹਲੀ ਕਰਿਆਂ ਕੀ ਫਾਇਦਾ ਏ, ਕਾਹਲੀ ਅੱਗੇ ਟੋਇਆ।

ਮੇਰੇ ਦਿਲ ਦਾ ਪੰਛੀ ਸੱਜਣਾਂ, ਤੈਥੋਂ ਦੱਸ ਕੀ ਮੰਗੇ,
ਤਾੜੀ ਮਾਰ ਉੜਾਈਂ ਨਾ ਇਹ, ਆਪ ਉਡਾਰੂ ਹੋਇਆ।

ਖੋਲ੍ਹ ਕੇ ਅਪਣ ਹਾਲ ਮੈਂ ਆਪੇ, ਅਪਣਾ ਭਰਮ ਗਵਾਇਆ,
ਜੀਹਨੂੰ ਸੱਜਣ ਸਮਝ ਰਿਹਾ ਸੀ, ਇਕ ਅੱਥਰੂ ਨਾ ਰੋਇਆ।

ਝੂਠੇ ਹਾਸੇ ਵਿੱਚ ਲੁਕਾਵਾਂ, ਅਪਣੀ ਜ਼ਖਮੀ ਰੂਹ ਨੂੰ,
ਦੇਖ ਕੇ ਲੋਕੀ ਦੱਸ ਨਹੀਂ ਸਕਦੇ, ਮੈਂ ਜਿਉਂਦਾ ਜਾਂ ਮੋਇਆ।

'ਨਜਮੀ' ਜਿਹੜੀਆਂ ਹੋ ਨਾ ਸੱਕਣ, ਉਹ ਗੱਲਾਂ ਸਭ ਚਾਹੁੰਦੇ,
ਅੱਕਾਂ ਨੂੰ ਤੇ ਅੰਬ ਨਹੀਂ ਲੱਗਦੇ, ਉਹ ਮਿਲਣਾ ਜੋ ਬੋਇਆ।

ਸਾਡੇ ਚਾਅ ਜੋ ਰੁੱਤ ਬਹਾਰੇ ਅੱਪੜੇ ਸਨ

ਸਾਡੇ ਚਾਅ ਜੋ ਰੁੱਤ ਬਹਾਰੇ ਅੱਪੜੇ ਸਨ।
ਤੇਰੇ ਪਿਆਰ ਦੀ ਪੀਂਘ ਹੁਲਾਰੇ ਅੱਪੜੇ ਸਨ।

ਠਿੱਲੇ ਹੋਏ ਬੇੜੇ ਦਰਦ ਫ਼ਿਰਾਕਾਂ ਦੇ,
ਆਸ ਦੇ ਕੰਢੀਂ ਪਿਆਰ ਸਹਾਰੇ ਅੱਪੜੇ ਸਨ।

ਚੰਨ ਮੇਰੇ ਦਾ ਹੋਇਆ ਰੂਪ ਸਵਾਇਆ ਏ,
ਇਹਦੇ ਨੇੜੇ ਰੌਸ਼ਨ ਤਾਰੇ ਅੱਪੜੇ ਸਨ।

ਜਿੱਥੋਂ ਤੋੜੀਂ ਦਿਲ ਚੰਦਰੇ ਦੀਆਂ ਹੱਦਾਂ ਸਨ,
ਉੱਥੋਂ ਤੋੜੀਂ ਤੇਰੇ ਲਾਰੇ ਅੱਪੜੇ ਸਨ।

ਭੈੜੇ ਮੂੰਹ ਵੀ ਤੂੰ ਉਹਨਾਂ ਨੂੰ ਪੁੱਛਿਆ ਨਈਂ,
ਤੇਰੇ ਤੱਕ ਜੋ ਲੋਕ ਵਿਚਾਰੇ ਅੱਪੜੇ ਸਨ।

ਜਦ ਦਾ 'ਨਜਮੀ' ਹਿਜਰ ਦਾ ਮੌਸਮ ਆਇਆ ਏ,
ਦਿਲ ਦੇ ਲਾਂਬੂ ਅੱਖ-ਚੁਬਾਰੇ ਅੱਪੜੇ ਸਨ।

ਹੁਣ ਤੇ ਪਿਆਰ ਵੀ ਮਿਲਦਾ ਨਹੀਂ ਬਿਨ ਕੀਮਤ ਦੇ

ਹੁਣ ਤੇ ਪਿਆਰ ਵੀ ਮਿਲਦਾ ਨਹੀਂ ਬਿਨ ਕੀਮਤ ਦੇ।
ਕੰਮ ਕੋਈ ਅੱਜ ਹੁੰਦਾ ਨਹੀਂ ਬਿਨ ਰਿਸ਼ਵਤ ਦੇ।

ਸਰਮਾਏ ਦੀ ਡੈਣ ਡਰਾਵੇ ਵੱਧ ਵੱਧ ਕੇ,
ਸੋਚ ਰਹੇ ਆਂ ਕਿੰਜ ਲੰਘਣ ਦਿਨ ਇੱਜ਼ਤ ਦੇ।

ਉਹਨਾਂ ਅੱਗੇ ਰੋ ਰੋ ਕੇ ਨਾ ਨੈਣ ਗਵਾ,
ਚਰਬ ਚੜ੍ਹੇ ਨੇ ਜਿਨ੍ਹਾਂ ਉੱਤੇ ਦੌਲਤ ਦੇ।

ਉਦੋਂ ਹੀ ਫਿਰ ਲੋਕੀ ਅੱਖਾਂ ਖੋਲ੍ਹਣਗੇ,
ਸਾਮ੍ਹਣੇ ਆਏ ਲੇਖ ਲਿਖੇ ਜਦ ਕਿਸਮਤ ਦੇ।

ਅੱਜ ਸੀਰਤ ਨੂੰ ਕੋਈ ਵੀ ਦੇਖਣ ਵਾਲਾ ਨਈਂ,
ਸਭ ਦੀਵਾਨੇ ਹੁੰਦੇ ਦੇਖੇ ਸੂਰਤ ਦੇ।

ਸੱਚਾਈ ਦਾ ਸੂਰਜ ਝਲਕ ਦਿਖਾਏਗਾ,
ਬੱਦਲ ਵਰ੍ਹ ਕੇ ਜਾਵਣਗੇ ਜਦ ਹੈਰਤ ਦੇ।

ਰੱਜਿਆ ਰੋਂਦਾ, ਭੁੱਖਾ ਸੌਂਦਾ ਡਿੱਠਾ ਏ,
ਵੇਖ ਕ੍ਰਿਸ਼ਮੇਂ 'ਨਜਮੀ' ਉਹਦੀ ਕੁਦਰਤ ਦੇ।