Muhammad Akram Tahir
ਮੁਹੰਮਦ ਅਕਰਮ 'ਤਾਹਿਰ'

ਨਾਂ-ਮੁਹੰਮਦ ਅਕਰਮ, ਕਲਮੀ ਨਾਂ-ਮੁਹੰਮਦ ਅਕਰਮ 'ਤਾਹਿਰ',
ਵਿਦਿਆ-ਐਮ. ਏ., ਕਿੱਤਾ-ਸਰਕਾਰੀ ਨੌਕਰੀ,
ਛਪੀਆਂ ਕਿਤਾਬਾਂ-ਪੋਥੀ ਕਾਲੀਆਂ ਰਾਤਾਂ ਦੀ (ਪੰਜਾਬੀ ਗ਼ਜ਼ਲ), ਸ਼ਾਮ ਕੀ ਦਹਿਲੀਜ਼ (ਉਰਦੂ ਗ਼ਜ਼ਲ), ਪਤਾ-ਲ਼ਾਹੌਰ ।

ਪੰਜਾਬੀ ਗ਼ਜ਼ਲਾਂ (ਪੋਥੀ ਕਾਲੀਆਂ ਰਾਤਾਂ ਦੀ 1999 ਵਿੱਚੋਂ) : ਮੁਹੰਮਦ ਅਕਰਮ 'ਤਾਹਿਰ'

Punjabi Ghazlan (Pothi Kaalian Raatan Di 1999) : Muhammad Akram Tahir



ਕਾਲੀਆਂ ਅੰਨ੍ਹੀਆਂ ਰਾਤਾਂ ਘੇਰਾ ਪਾਉਂਦੀਆਂ

ਕਾਲੀਆਂ ਅੰਨ੍ਹੀਆਂ ਰਾਤਾਂ ਘੇਰਾ ਪਾਉਂਦੀਆਂ ਜਦੋਂ ਚੁਫ਼ੇਰ । ਫੇਰ ਉਨ੍ਹਾਂ ਦੀ ਕੁੱਖ ਚੋਂ ਜੰਮਦੀ ਦੁੱਧਾਂ ਭਰੀ ਸਵੇਰ । ਅੱਜ ਦੀ ਰਾਤੀਂ ਯਾਰੋ ਕੋਈ ਚੜ੍ਹੇਗਾ ਚੰਨ ਜ਼ਰੂਰ, ਫੇਰ ਇੱਕ ਅੱਥਰੂ ਡਿੱਗਾ ਏ ਇੱਕ ਤਾਰਾ ਟੁੱਟਾ ਫੇਰ । ਇਹਨੂੰ ਫੋਲ ਕੇ ਇਹਦੇ ਵਿੱਚੋਂ ਲੱਭੋ ਨਾ ਚੰਗਿਆੜੇ, ਸੜਿਆ ਹੋਇਆ ਮੇਰਾ ਦਿਲ ਏ ਇੱਕ ਸਵਾਹ ਦਾ ਢੇਰ । ਭੱਜੇ-ਟੁੱਟੇ ਹੋਏ ਭਾਂਡੇ ਸੌ ਵਾਰੀ ਜੁੜ ਜਾਣ, ਦਿਲ ਦਾ ਸ਼ੀਸ਼ਾ ਟੁੱਟਾ ਹੋਇਆ ਕਦੇ ਨਾ ਜੁੜਦਾ ਫੇਰ । ਬੇਰੀ ਉੱਤੇ ਵੱਜੇ ਪੱਥਰ ਤਾਂ ਮੇਰੇ ਘਰ ਆਏ, ਪਰ ਮੇਰੇ ਘਰ ਦੀ ਕੰਧੋਂ ਬਾਹਰ ਈ ਡਿੱਗੇ ਬੇਰ । ਮੈਂ ਜਿਹੜਾ ਫੁੱਲ ਚੁਣਿਆ ਸੀ ਉਹ ਫੁੱਲ ਸੀ ਸੁਰਖ਼ ਗੁਲਾਬ, ਤ੍ਰਿੰਝਣ ਦੇ ਵਿਚ ਪਈ ਹੋਈ ਸੀ ਫੁੱਲਾਂ ਭਰੀ ਚੰਗੇਰ । ਅੱਖਾਂ ਵਾਲੇ ਵਿੱਟ-ਵਿੱਟ ਦੇਖਣ ਕੁੱਝ ਨਜ਼ਰੀ ਨਾ ਆਵੇ, ਅੰਨ੍ਹਿਆਂ ਨੇ ਮਜਲਿਸ ਦੇ ਅੰਦਰ ਪਾਇਐ ਅਜਿਹਾ ਹਨੇਰ ।

ਕੱਖਾਂ ਕੋਲੋਂ ਹੌਲੇ ਹੋਏ ਲਾਲਾਂ ਦੇ ਵਣਜਾਰੇ

ਕੱਖਾਂ ਕੋਲੋਂ ਹੌਲੇ ਹੋਏ ਲਾਲਾਂ ਦੇ ਵਣਜਾਰੇ । ਇਹ ਦੁਨੀਆ ਏ ਕਿਸ ਦੀ ਤਾਕਤ ਇਸ ਅੱਗੇ ਦਮ ਮਾਰੇ । ਜਿਨ੍ਹਾਂ ਦਾ ਕੁੱਝ ਨਾਮ-ਨਿਸਬ 'ਤੇ ਨਾ ਕੁੱਝ ਠੌਰ-ਠਿਕਾਣਾ । ਕੀਵੇਂ ਉੱਚੇ ਹੋ ਹੋ ਬਹਿੰਦੇ ਸਰਕਾਰੇ ਦਰਬਾਰੇ । ਦੁਨੀਆ ਬਦਲ ਗਈ ਪਰ ਨਾ ਬਦਲੇ ਮਜ਼ਦੂਰ ਮਜ਼ਾਰੇ, ਕਰਮਾ ਦੇ ਮਾਰੇ ਹੋਏ ਨੇ ਇਹ ਕਰਮਾਂ ਦੇ ਮਾਰੇ । ਕੋਠੇ ਵਿੱਚ ਗ਼ੁਰਬਤ ਦੇ ਯਾਰੋ ਇੱਕ ਦੀਵਾ ਨਹੀਂ ਬਲਦਾ, ਪਿੰਡ ਦੇ ਨੰਬਰਦਾਰਾਂ ਦੀ ਮਾੜੀ ਮਾਰੇ ਲਿਸ਼ਕਾਰੇ । 'ਸਾਹਿਬਾਂ' ਦੇ ਸਭ ਚਾਚੇ, ਬਾਬੇ ਨੀਵੀਂ ਪਾ ਕੇ ਬੈਠੇ, ਵਕਤ ਦੀ ਨੀਲੀ ਘੋੜੀ ਚੜ੍ਹਿਆ 'ਮਿਰਜ਼ਾ ਖ਼ਾਨ' ਵੰਗਾਰੇ ।

ਕੋਇਲ ਦੀ ਕੂ-ਕੂ ਕਹਿੰਦੀ ਅੰਬਾਂ ਨੂੰ

ਕੋਇਲ ਦੀ ਕੂ-ਕੂ ਕਹਿੰਦੀ ਅੰਬਾਂ ਨੂੰ ਪੈ ਗਿਆ ਬੂਰ । ਐਸੀ ਰੁੱਤੇ ਵਿਛੜੇ ਹੋਏ ਸੱਜਣ ਮਿਲਣ ਜ਼ਰੂਰ । ਮੇਰੇ ਹੱਥੋਂ ਛੁੱਟੀਆਂ ਘੜੀਆਂ ਹੱਥ ਨਾ ਆਈਆਂ ਫੇਰ, ਜੀਵੇਂ ਪਿਛਲੇ ਪਹਿਰ ਦਾ ਸਾਇਆ ਜਾਂਦਾ ਦੂਰ ਈ ਦੂਰ । ਕਿੱਕਰ ਚੜ੍ਹੀ ਵੇਲ ਤੋਂ ਲਾਹੇ ਕਰ ਕੇ ਜਤਨ ਹਜ਼ਾਰ, ਹੱਥ ਆਏ ਤੇ ਖੱਟੇ ਨਿਕਲੇ ਸੱਧਰਾਂ ਦੇ ਅੰਗੂਰ । ਨਾ ਦੁੱਧਾਂ ਦੀ ਨਹਿਰ ਵਗੇ ਨਾ ਸ਼ੀਰੀਂ ਲੱਗੇ ਹੱਥ, ਸਮੇਂ ਦੇ ਖ਼ੁਸਰੋ ਦੇ ਹੱਥ ਆਇਆ ਹੋਇਆ ਮੈਂ ਮਜ਼ਦੂਰ । ਦੌਲਤਮੰਦ ਦੀ ਦੌਲਤ 'ਤੇ ਜ਼ਾਲਮ ਦਾ ਜ਼ੁਲਮ ਵਧੇ, ਮੇਰੇ ਦੇਸ ਦੀ ਖ਼ੈਰ ਹੋਵੇ ਜਿਸ ਦਾ ਹੈ ਇਹ ਦਸਤੂਰ ।

ਮੂੰਹ ਹਨੇਰੇ ਫਿਰਦੇ ਨਿੱਘੀ ਸਵੇਰੇ ਲੱਭਦੇ

ਮੂੰਹ ਹਨੇਰੇ ਫਿਰਦੇ ਨਿੱਘੀ ਸਵੇਰੇ ਲੱਭਦੇ, ਤੈਥੋਂ ਵਿੱਛੜ ਕੇ ਅਸੀਂ ਤੈਨੂੰ ਚੁਫ਼ੇਰੇ ਲੱਭਦੇ । ਆਪਣੀਆਂ ਸੋਚਾਂ ਦੇ ਧੂਏਂ ਵਿੱਚ ਗੁੰਮ-ਸੁੰਮ ਹੋ ਗਿਆ, ਮੁੱਦਤਾਂ ਤੋਂ ਹਰ ਥਾਂ ਮੈਨੂੰ ਯਾਰ ਮੇਰੇ ਲੱਭਦੇ । ਤੈਨੂੰ ਮਿਲੀਏ ਕਿੰਜ ਕੋਈ ਰਸਤਾ ਨਜ਼ਰ ਆਉਂਦਾ ਨਹੀਂ, ਉਂਜ ਦੂਰੋਂ ਤੇਰੀ ਮਾੜੀ ਦੇ ਬਨੇਰੇ ਲੱਭਦੇ । ਉਸ ਦੇ ਦਰ ਤੇ ਆਂਦੇ-ਜਾਂਦੇ ਫੇਰੇ ਪਾਉਂਦੇ ਮਰ ਗਏ, ਯਾਰ ਹੱਥੋਂ ਛੁੱਟ ਕੇ ਕਦ ਪਹਿਲੇ ਫੇਰੇ ਲੱਭਦੇ । ਇੰਜ ਕਮਜ਼ਰਫ਼ਾਂ ਦੇ ਹੱਥੀਂ ਆਈ ਦੌਲਤ ਸੱਜਣੋਂ, ਜਿਸ ਤਰ੍ਹਾਂ ਫ਼ਸਲਾਂ ਚੋਂ ਅੰਨ੍ਹਿਆਂ ਨੂੰ ਬਟੇਰੇ ਲੱਭਦੇ ।

ਕੋਠਿਆਂ 'ਤੇ ਬੰਬ 'ਤੇ ਕੰਧਾਂ 'ਤੇ ਗੋਲੇ ਪੈਣਗੇ

ਕੋਠਿਆਂ 'ਤੇ ਬੰਬ 'ਤੇ ਕੰਧਾਂ 'ਤੇ ਗੋਲੇ ਪੈਣਗੇ । ਜੰਗ ਦੇ ਵਿੱਚ ਉੱਚੇ-ਉੱਚੇ ਮਹਿਲ ਪਹਿਲਾਂ ਢਹਿਣਗੇ । ਹੁਸਨ ਦੇ ਬੂਟੇ 'ਤੇ ਜਦ ਤੱਕ ਫੁੱਲ ਖਿੜਦੇ ਰਹਿਣਗੇ, ਉਸ ਦੀ ਟਹਿਣੀ-ਟਹਿਣੀ 'ਤੇ ਸੱਧਰਾਂ ਦੇ ਪੰਛੀ ਬਹਿਣਗੇ । ਜਿੱਥੋਂ-ਜਿੱਥੋਂ ਬਾਗ਼ ਦੇ ਫੁੱਲ ਟੁੱਟੇ ਪੱਤਝੜ ਦੇ ਸਮੇਂ, ਆਉਂਦੀਆਂ ਰੁੱਤਾਂ 'ਚ ਉੱਥੋਂ-ਉੱਥੋਂ ਫੁਟਦੇ ਰਹਿਣਗੇ । ਐਸ਼ ਦੇ ਫ਼ਸਲੀ ਬਟੇਰੇ ਕਦ ਆਏ 'ਤੇ ਕਦ ਗਏ । ਅਜ਼ਲਾਂ ਤੋਂ ਦੁੱਖ ਨਾਲ ਸਾਡੇ ਅਬਦਾਂ ਤੀਕਰ ਰਹਿਣਗੇ । ਆਪਣੇ ਦੁਖੜੇ ਮਜਲਿਸ਼ਾਂ ਦੇ ਵਿੱਚ ਲੈ ਕੇ ਜਾਹ ਨਹੀਂ, ਲੋਕ ਤੇਰੀ ਬਾਤ ਸੁਣ ਕੇ ਖ਼ਵਰੇ ਕੀ ਕੀ ਕਹਿਣਗੇ ।

ਸਾਡੇ ਫੇਰਿਆਂ ਸਮੇਂ ਨਾ ਫਿਰਦੇ

ਸਾਡੇ ਫੇਰਿਆਂ ਸਮੇਂ ਨਾ ਫਿਰਦੇ ਰੁੱਤ ਆਵੇ ਰੁੱਤ ਜਾਵੇ । ਰੁੱਸੀਆਂ ਹੋਈਆਂ ਸੱਧਰਾਂ ਨੂੰ ਕੋਈ ਤੇ ਮੋੜ ਲਿਆਵੇ । ਤੇਰੀਆਂ ਯਾਦਾਂ ਤੇਰੀਆਂ ਸਾਹਵਾਂ ਦੀ ਖ਼ੁਸ਼ਬੂਈ ਲੈ ਕੇ, ਸ਼ਾਮ ਦੀ ਨਿੰਮੀ-ਨਿੰਮੀ ਪਰਵਾਈ ਪਰਦੇਸੋਂ ਆਵੇ । ਤਾਰਿਆਂ ਦੀ ਰੁਸ਼ਨਾਈ 'ਤੇ ਫੁੱਲਾਂ ਦੀ ਵਾਸ਼ਨਾਂ ਬਣ ਕੇ, ਕੋਈ ਚੁੱਪ-ਚੁਪੀਤੇ ਮੇਰੇ ਰੂੰ-ਰੂੰ ਰਚਦਾ ਜਾਵੇ । ਉਹ ਸੂਰਜ ਦਾ ਲਿਸ਼ਕਾਰਾ ਉਹ ਬਿਜਲੀ ਦਾ ਚਮਕਾਰਾ, ਹੈ ਕੋਈ ਜਿਹੜਾ ਓਸ ਦੀਆਂ ਅੱਖਾਂ ਵਿੱਚ ਅੱਖਾਂ ਪਾਵੇ । ਤਲੀਆਂ ਵਿੱਚੋਂ ਨਿਕਲਿਆ ਲਾਂਬੂ ਅੱਖਾਂ ਤੀਕਰ ਆਇਆ, ਹੱਥੀਂ ਲਾਈ ਅੱਗ ਨੂੰ 'ਤਾਹਿਰ' ਕੀਵੇਂ ਆਪ ਬੁਝਾਵੇ ।

ਡੂੰਘੀ ਸ਼ਾਮ ਪਈ ਫਿਰ ਤੇ ਬਿਰਹੋਂ ਦੀ

ਡੂੰਘੀ ਸ਼ਾਮ ਪਈ ਫਿਰ ਤੇ ਬਿਰਹੋਂ ਦੀ 'ਵਾ ਫਿਰ ਚੱਲੀ । ਦੁੱਖਾਂ ਦੇ ਘੇਰੇ ਵਿੱਚ ਆ ਗਈ ਜਾਨ ਨਿਮਾਣੀ ਕੱਲੀ । ਤੇਰੀਆਂ ਯਾਦਾਂ ਦੇ ਕੱਖਾਂ ਨੂੰ ਬੈਠਾ ਸੀਨੇ ਲਾ ਕੇ, ਕਿੱਥੇ ਲੈ ਜਾਵਾਂ ਇਹ ਯਾਦਾਂ ਬਲਦੀ ਅੱਗ ਦੁਵੱਲੀ । ਅੱਗੇ-ਪਿੱਛੇ ਵਾਰੋ-ਵਾਰੀ ਰਾਹੀ ਟੁਰਦੇ ਜਾਂਦੇ, ਕੰਨਾ ਵਿੱਚ ਦਮੋਂ-ਦਮ ਖੜਕੇ ਚਲੋ-ਚਲੀ ਦੀ ਟੱਲੀ । ਪੁੰਨੂ ਯਾਰ ਗਿਆ ਕਿਸ ਪਾਸੇ ਫਿਰ ਉਸ ਸਾਰ ਨਾ ਘੱਲੀ, ਮਾਰੂ ਥਲ ਦੇ ਵਿੱਚ ਰਹਿ ਗਈ ਸੱਸੀ ਕੱਲਮ-ਕੱਲੀ । ਲ਼ੋਕਾਂ ਹਰ ਸੋਹਣੀ ਸੂਰਤ ਦੇ ਅੱਗੇ ਸੀਸ ਨਿਵਾਇਆ, 'ਤਾਹਿਰ' ਹੋਰੀ ਤੇ ਬੈਠੇ ਨੇ ਇੱਕੋ ਬੂਹਾ ਮੱਲੀ ।

ਅੱਖੀਆਂ ਬੇਨੂਰ 'ਤੇ ਬੇਰੰਗ ਹਾਸੇ ਹੋ ਗਏ

ਅੱਖੀਆਂ ਬੇਨੂਰ 'ਤੇ ਬੇਰੰਗ ਹਾਸੇ ਹੋ ਗਏ । ਮੇਰੀ ਬੇੜੀ ਰੋੜ੍ਹ ਕੇ ਉਹ ਇੱਕ ਪਾਸੇ ਹੋ ਗਏ । ਖ਼ਵਰੇ ਕੀ ਹੋਇਐ ਯਾਰੋ ਕੁਝ ਨਾ ਕੁਝ ਹੋਇਐ ਜ਼ਰੂਰ, ਜੀ ਟਿਕਾਣੇ ਨਈਂ ਰਿਹਾ ਯਾ ਦਿਨ ਉਦਾਸੇ ਹੋ ਗਏ । ਹੰਝੂਆਂ ਦੀ ਨੀਰ ਨੱਦੀ ਵਿਚ ਝਟ ਪਟ ਰੁੜ੍ਹ ਗਏ, ਪਿਆਰ ਦੇ ਹਾਸੇ ਵੀ ਪਾਣੀ ਦੇ ਪਤਾਸੇ ਹੋ ਗਏ । ਕੱਲ੍ਹ ਦੀ 'ਤੇ ਅੱਜ ਦੀ ਮਿਲਣੀ 'ਚ ਕਿੰਨਾ ਫ਼ਰਕ ਏ, ਉਸ ਦੇ ਮਿੱਠੇ ਬੋਲ ਹੁਣ ਫ਼ਿੱਕੇ ਦਿਲਾਸੇ ਹੋ ਗਏ । ਆਸ਼ਕਾਂ ਦੀ ਅੱਖੀਂ ਨ੍ਹੇਰੇ ਦੀ ਸਲਾਈ ਫਿਰ ਗਈ, ਉਹ ਤੇ ਬਸ ਜਲਵਾ ਦਿਖਾ ਕੇ ਇਕ ਪਾਸੇ ਹੋ ਗਏ । ਆਪਣੀ ਮਜਲਿਸ ਚੋਂ ਸਾਨੂੰ ਬਾਹਰ ਉਹਨੇ ਕੱਢਿਆ, ਕੀ ਅਸੀਂ ਹੁਣ ਗੋਰੇ ਮੁੱਖੜੇ ਦੇ ਮਹਾਸੇ ਹੋ ਗਏ । ਰਿੰਦ ਮੈਖ਼ਾਨੇ ਚੋਂ ਤ੍ਰਿਹਾਏ ਈ ਵਾਪਸ ਆ ਗਏ, ਲੜਖੜਾਏ ਪੈਰ ਯਾ ਪਿਆਲੇ ਕਵਾਸੇ ਹੋ ਗਏ । ਮੁੱਦਤਾਂ ਹੋਈਆਂ ਹਿਜਰ ਦੇ ਬੋਲ ਗਾ ਗਾ ਥੱਕ ਗਿਆ, ਕੀ ਮੇਰੇ ਸਭ ਗੀਤ 'ਤਾਹਿਰ' ਬਾਰਾਂ ਮਾਸੇ ਹੋ ਗਏ ।

ਰਾਤ ਪਏ ਜਦ ਹਰ ਕੋਈ ਸੌਂ ਜਾਂਦਾ ਏ

ਰਾਤ ਪਏ ਜਦ ਹਰ ਕੋਈ ਸੌਂ ਜਾਂਦਾ ਏ । ਕੋਈ ਦਿਲ ਦੇ ਵਿੱਚ ਧਮਾਲਾਂ ਪਾਂਦਾ ਏ । ਇਕ ਦਿਨ ਰੋਗਾਂ ਦਾ ਦਾਰੂ ਵੀ ਦੱਸੇਗਾ, ਜਿਹੜਾ ਰੋਗ ਦਿਲਾਂ ਨੂੰ ਲਾਈ ਜਾਂਦਾ ਏ । ਇੱਥੇ ਗੱਜਿਆ ਏ 'ਤੇ ਉੱਥੇ ਵੱਸੇਗਾ, ਬੱਦਲ ਹੁਣ ਜਿੱਥੇ ਵੀ ਅੱਡਿਆ ਜਾਂਦਾ ਏ । ਨ੍ਹੇਰੇ ਦੀ ਕਾਲਖ਼ ਮੂੰਹਾਂ 'ਤੇ ਮਲ ਜਾਂਦਾ, ਸੂਰਜ ਜਦੋਂ ਪਹਾੜਾਂ ਉਹਲੇ ਲੁਕ ਜਾਂਦਾ ਏ । ਰਾਹੀ ਚਾਨਣੀ ਰਾਤੀਂ ਟੁਰ-ਟੁਰ ਥੱਕ ਗਿਆ, ਉਸਦਾ ਸਾਇਆ ਲੰਮਾ ਹੁੰਦਾ ਜਾਂਦਾ ਏ । 'ਤਾਹਿਰ' ਹੋਰਾਂ ਲਾਈ ਤੋੜ ਨਿਭਾਈ ਏ, ਹਰਜਾਈ ਦਿਲ ਵਾਲਿਆਂ ਦਾ ਕੀ ਜਾਂਦਾ ਏ ।

ਜਿਉਂ ਜਿਉਂ ਸਮੇਂ ਦਾ ਸੂਰਜ ਢਲਦਾ ਜਾਵੇ

ਜਿਉਂ ਜਿਉਂ ਸਮੇਂ ਦਾ ਸੂਰਜ ਢਲਦਾ ਜਾਵੇ । ਉਵੇਂ ਉਵੇਂ ਦਿਲ ਦਾ ਦੀਵਾ ਬਲਦਾ ਜਾਵੇ । ਆਵੇ ਯਾ ਨਾ ਆਵੇ ਜਿੱਥੇ ਚਾਹੇ ਜਾਵੇ, ਬਸ ਉਹ ਸਾਨੂੰ ਸੁੱਖ ਸੁਨੇਹੜੇ ਘੱਲਦਾ ਜਾਵੇ । ਮੰਜ਼ਿਲ ਵਾਲਿਆਂ ਚਾਰੇ ਵੰਨੇ ਖੇਹ ਉਡਾਈ, ਖ਼ਾਕ ਸ਼ਫ਼ਾ ਇਹ ਮੂੰਹ 'ਤੇ ਰਾਹੀ ਮਲਦਾ ਜਾਵੇ । ਸਾਡੇ ਬਾਗ਼ ਦੀ ਰੀਤ ਏ ਹਰ ਸਿਰ ਕੱਢਵਾਂ ਬੂਟਾ, ਫੁਲਦਾ ਫਲਦਾ ਜਾਵੇ ਖ਼ਾਕ 'ਚ ਰਲਦਾ ਜਾਵੇ । ਥਲਾਂ ਨੇ ਸੱਸੀ ਨੂੰ ਅੱਧ ਮੋਇਆ ਕੀਤਾ ਏ, ਫੇਰ ਵੀ ਦਿਲੋਂ ਧਿਆਨ ਨਾ ਯਾਰ ਪੁੰਨੂ ਦਾ ਜਾਵੇ । ਕੇਹੀ ਵਾ ਵੱਗੀ ਏ ਅੰਦਰ ਬਾਹਰ 'ਤਾਹਿਰ', ਕੀ ਬੰਦਾ ਕੀ ਬੂਟਾ ਸੜਦਾ ਬਲਦਾ ਜਾਵੇ ।

ਕੁਤਬਾਂ ਵਲੀਆਂ ਵਾਲੇ ਭੇਸ ਵਟਾਈ ਫਿਰਦੇ

ਕੁਤਬਾਂ ਵਲੀਆਂ ਵਾਲੇ ਭੇਸ ਵਟਾਈ ਫਿਰਦੇ । ਮੁੱਲਾਂ ਹੋਰੀਂ ਆਪਣੀ ਟੋਹਰ ਬਣਾਈ ਫਿਰਦੇ । ਕੱਟੀ ਹੋਈ ਗੁੱਡੀ ਵਾਂਗੂੰ ਸ਼ਹਿਰ ਦੇ ਲੋਕੀ, ਵਾਵਰੋਲੇ ਦੇ ਹੱਥ ਬਾਂਹ ਫੜਾਈ ਫਿਰਦੇ । ਦੁਖੀਏ ਤੇ ਰੋਗਾਂ ਦਾ ਦਾਰੂ ਲੈਣ ਗਏ ਸਨ, ਪਤਾ ਨਹੀਂ ਸੀ ਸ਼ਹਿਰਾਂ ਵਿੱਚ ਕਸਾਈ ਫਿਰਦੇ । ਮੁਟਿਆਰਾਂ ਦੀ ਉਮਰ ਦੀ ਚਾਨਣੀਂ ਢਲਦੀ ਜਾਵੇ, ਖ਼ਬਰੈ ਗੱਭਰੂ ਕਰਦੇ ਕਿੱਥੇ ਕਮਾਈ ਫਿਰਦੇ । ਅੱਖਾਂ ਵਾਲਿਆਂ ਦੀ ਬਸਤੀ ਆਏ ਨੇ 'ਤਾਹਿਰ', ਅੰਨ੍ਹੇ ਰਾਤੀਂ ਹੱਥ ਵਿਚ ਬੱਤੀ ਚਾਈ ਫਿਰਦੇ ।

ਮੀਰੇ ਮਜਲਿਸ ਬਾਝੋਂ ਮਜਲਿਸ

ਮੀਰੇ ਮਜਲਿਸ ਬਾਝੋਂ ਮਜਲਿਸ ਸੁੰਨੀ-ਸੁੰਨੀ ਜਾਪੇ । ਸਾਡੇ ਲੇਖਾਂ ਵਿੱਚ ਲਿਖੇ ਨੇ ਅਜਲਾਂ ਤੋਂ ਇਕਲਾਪੇ । ਸੂਰਜ ਦੀ ਰੁਸ਼ਨਾਈ ਦੋਵੇਂ ਚੋਰ 'ਤੇ ਸਾਧ ਪਛਾਣੇ, ਨ੍ਹੇਰੀ ਰਾਤੇ ਸਾਰੀ ਨਗਰੀ ਇੱਕੋ ਜੇਹੀ ਜਾਪੇ । ਅੱਖਾਂ ਅੱਗੇ ਸੱਜਰੇ ਫੁੱਲ ਕਤਾਰਾਂ ਬੰਨ੍ਹ ਖਲੋਤੇ, ਅਗਾਂਹ ਵਧਾਂ ਤੇ ਮੇਰਾ ਪੱਲਾ ਫੜ ਲੈਂਦੇ ਨੇ ਛਾਪੇ । ਮੈਂ ਅਨਜਾਣ ਮੁਸਾਫ਼ਿਰ ਹਾਂ ਦੱਸ ਇਹ ਕੀ ਰੂਪ ਇਸ਼ਕ ਦਾ, ਤੈਨੂੰ ਦੇਖ ਕੇ ਜੀਹਨੂੰ ਦੇਖਾਂ ਤੇਰੇ ਵਰਗਾ ਜਾਪੇ । ਏਹੋ ਜਿਉਂਦਿਆਂ ਜੀਅ ਉਨ੍ਹਾਂ ਦੀ ਜਾਨ ਦੇ ਵੈਰੀ ਹੋਏ, ਹੁਣ ਜੋ ਮਰਨ ਵਾਲਿਆਂ ਪਿੱਛੇ ਬੈਠੇ ਰੋਂਦੇ ਆਪੇ ।