Punjabi Poetry Muhammad Afzal Shahid

ਪੰਜਾਬੀ ਕਲਾਮ ਮੁਹੰਮਦ ਅਫ਼ਜ਼ਲ ਸ਼ਾਹਿਦ

1. ਗ਼ਜ਼ਲ-ਵੇਲੇ ਦੇ ਹਰ ਪਲ ਪਲ ਸੌ ਸੌ ਸਦੀਆਂ ਇੰਜ ਲੁਕਾਈਆਂ

ਵੇਲੇ ਦੇ ਹਰ ਪਲ ਪਲ ਸੌ ਸੌ ਸਦੀਆਂ ਇੰਜ ਲੁਕਾਈਆਂ
ਅੱਜ ਦੇ ਬਾਲ ਇਆਣੇ ਕਲ੍ਹ ਦੇ ਬਾਬੇ ਬੁੱਢੀਆਂ-ਮਾਈਆਂ

ਬੁੱਲ੍ਹਿਆਂ ਦੀ ਕੀ ਸਾਰ ਕਿਸੇ ਨੂੰ ਭੈਣਾਂ ਕੀ ਭਰਜਾਈਆਂ
ਅੰਦਰੋਂ ਅੰਦਰੀਂ ਖਿੱਚ ਧਰੂਆਂ ਲੱਗੀਆਂ, ਕੁੰਡੀਆਂ ਪਾਈਆਂ

ਦਿਲ ਦਾ ਰੋਗ ਨਾ ਜਾਣੇ ਕੋਈ ਰਾਸ ਕੀ ਆਉਣ ਦਵਾਈਆਂ
ਅੰਦਰ ਬਾਹਰ ਭਾਂਬੜ ਲਾਂਬੂ ਮੱਚਦੇ ਡਾਢੀ ਤਾਈਆਂ

ਇਹ ਜਾਣਨ ਦੇਹ ਲੀੜੇ ਲੱਤੇ ਡੋਲੀਏ ਪਾ ਪਰਨਾਈਆਂ
ਲੂੰ ਲੂੰ ਹਾੜੇ ਕੂਕਾਂ ਡੁਸਕਣ ਹੱਡੋਂ ਮਾਰ ਮੁਕਾਈਆਂ

ਮੈਂ ਸੁੱਤੀ ਤੇ ਭਾਗ ਵੀ ਸੁੱਤੇ ਯਾਰ ਉਧਾਲ਼ਿਆ ਭਾਈਆਂ
ਲੇਖੀਂ ਤੱਤੀਆਂ ਰੇਤਾਂ ਲਿਖੀਆਂ ਸ਼ਾਹਿਦ ਸੌਂ ਪਛਤਾਈਆਂ

2. ਕਾਫ਼ੀ-ਸਖ਼ੀ ਕਿਹਨੂੰ ਆਖ ਸੁਣਾਵਾਂ

ਸਖ਼ੀ ਕਿਹਨੂੰ ਆਖ ਸੁਣਾਵਾਂ ਪਿਆਰ ਮੇਰਾ ਮਜਬੂਰ
ਦਿਲਬਰ ਪਾਰ ਮੈਂ ਤਰਣ ਨਾ ਜਾਣਾਂ ਭਖ਼ਦਾ ਹਿਜਰ ਤੰਦੂਰ
ਮੈਂ ਤੜਫ਼ਾਂ ਇਸ ਪਾਰ ਨਿਮਾਣੀ ਪਾਰ ਗਏ ਲੰਘ ਪੂਰ
ਔਗਣਹਾਰੀ ਜਿੱਤ ਵੱਲ ਜਾਵਾਂ ਦੂਰੋਂ ਈ ਦੁਰ ਦੁਰ ਦੂਰ
ਕੌਂਤ ਬਿਨਾਂ ਕੀ ਹੋਣ ਕਲੋਲਾਂ ਕੂੰਜ ਕੱਲੀ ਮਹਿਜੂਰ
ਲੁਕ ਛੁੱਪ ਲੈ ਸੌ ਪਰਦਿਆਂ ਸ਼ਾਹਿਦ ਹੋਸਣ ਮੇਲ ਜ਼ਰੂਰ

3. ਸੀਹਰਫ਼ੀਆਂ

ਅ- ਆਸਾਂ ਦੇ ਦੀਵੇ ਬਾਲ਼ ਕੇ ਥਾਂ ਥਾਂ ਚਾਨਣ ਪਾਈਏ
ਮੀਟੀ ਪੁੱਗੀਏ ਕੱਢ ਪਾ ਕੇ ਕੋਈ ਖੇਡਣ ਰੰਗ ਜਮਾਈਏ
ਅੱਜ ਤੇਰੀ ਕੱਲ ਮੇਰੀ ਵਾਰੀ ਮਿੱਥ ਮੁੱਥ ਕੇ ਭੁਗਤਾਈਏ
ਰੋਂਦੂਆਂ ਕੋਲੋਂ ਸ਼ਾਹਿਦ ਨੱਸੀਏ ਕਦੇ ਨਾ ਮੀਤ ਬਣਾਈਏ

ਭ- ਭੰਨਣ ਸੌ ਵਾਰ ਤਰੋੜਨ ਤੁਧ ਤੋਂ ਮੂਲ ਨਾ ਫਿਰਸਾਂ
ਨਾ ਮੈਨੂੰ ਚਾਅ ਮਾਲ ਮਤਾਈਂ ਮਾਰ ਮੁਕਾਈਆ ਹਿਰਸਾਂ
ਨਾ ਖੋਂਦੇ ਤੇ ਵੰਡ ਵੁੰਡ ਦੇਂਦਾ ਦੁਰ ਦੁਰ ਕੀਤੀਆਂ ਕਿਰਸਾਂ
ਪੱਕੀਆਂ ਖ਼ਬਰਾਂ ਓੜਕ ਸ਼ਾਹਿਦ ਭੋਰਾ ਭੋਰਾ ਚਿਰਸਾਂ

ਤ- ਤਕੜੀ ਕੀ ਤੁਲਣ ਜਿਣਸਾਂ ਜਦ ਮਾਰਣ ਸੌ ਡੰਡੀ
ਅਣਮੁੱਲੇ ਬਿਨ ਮੁੱਲੋਂ ਮਿਲਦੇ ਮੰਦ ਘਣਾ ਇਸ ਮੰਡੀ
ਸ਼ਮਲਿਆਂ ਵਾਲੇ ਨੰਗ ਪਨੰਗੇ ਕਿੱਕਲੀਆਂ ਮਾਰੇ ਰੰਡੀ
ਸ਼ਾਹਿਦ ਦੇ ਸਭ ਪਰਦੇ ਲੱਥੇ ਕੋਈ ਭੰਡੀ ਜਿਹੀ ਭੰਡੀ

ਥ- ਥਰ ਥਰ ਜੂ ਕੰਬੀ ਧਰਤੀ ਪੈ ਗਈਆਂ ਸੈ ਤਰੇੜਾਂ
ਆਖੇ ਜ਼ੁਲਮੋਂ ਤੇ ਬੱਚ ਜਾਸਣ ਪਰਦਿਆਂ ਹੇਠ ਨਘੇੜਾਂ
ਭੋਰਿਆਂ ਅੰਦਰ ਵਾੜ ਲੁਕਾ ਕੇ ਤਾਕ ਬੂਹੇ ਚਾ ਭੇੜਾਂ
ਓੜਕ ਇੰਜੇ ਧਰਤ ਮੁਕਾਸੀ ਸ਼ਾਹਿਦ ਖਿੱਲਰੀਆਂ ਛੇੜਾਂ

ਛ- ਛੱਜਾਂ ਵਿੱਚ ਛਾਨਣੀ ਬੋਲੇ ਛੱਜਾਂ ਨੇ ਚੁੱਪ ਵੱਟੀ
ਭੱਠ ਚੁਪੀਤੇ ਛੱਜ ਜਿਹਨਾਂ ਗੱਲ ਸੱਚ ਤੋਂ ਕੂੜ ਨਾ ਛੱਟੀ
ਮੱਤ ਮੋਈ ਵੱਲ ਛੱਟਣ ਭੁੱਲਿਆ ਕੀ ਰੰਗ ਲਾਏ ਚੱਟੀ
ਮੁਫ਼ਤ ਫੜਾਵਨ ਸ਼ਾਹਿਦ ਫੜ ਫੜ ਮੁੱਲ ਨਾ ਪਾਵਣ ਅੱਟੀ

4. ਥੜ੍ਹਾ

ਹੁੱਕੇ ਦੀ ਗੁੜ ਗੁੜ ਸੁਣ ਸੁਣ ਕੇ
ਮੈਂ ਆਣ ਥੜ੍ਹੇ ਤੇ ਬੈਠਾ ਸਾਂ
ਏਥੇ ਤੇ ਰੰਗ ਅਵੱਲੇ ਨੇ
ਪਏ ਦਿਸਦੇ ਤੌਰ ਕਵੱਲੇ ਨੇ
ਕੋਈ ਅੰਦਰ ਝਾਤੀ ਪਾਂਦਾ ਨਹੀਂ
ਮਨ ਕਾਲ਼ੇ ਪੂੰਝੇ ਢਾਂਦਾ ਨਹੀਂ
ਬਹਿਸਾਂ ਦੀ ਗਰਮਾ ਗਰਮੀ ਏ
ਕੋਈ ਮਨਦਾ ਨਹੀਂ ਹਠ ਧਰਮੀ ਏ
ਕੋਈ ਮਜ਼੍ਹਬਾਂ ਦੀ ਕੋਈ ਧਰਮਾਂ ਦੀ
ਕੋਈ ਰੁੱਸਦੇ ਮਨ ਦੇ ਕਰਮਾਂ ਦੀ
ਕੋਈ ਅਰਸ਼ਾਂ ਦੀ ਕੋਈ ਫ਼ਰਸ਼ਾਂ ਦੀ
ਕੋਈ ਚਸਕਿਆਂ ਦੀ ਕੋਈ ਚਰਸਾਂ ਦੀ
ਕੋਈ ਜੀਂਦਿਆਂ ਦੀ ਕੋਈ ਮੋਇਆਂ ਦੀ
ਕੋਈ ਹੋਇਆਂ ਯਾ ਨਿੱਜ ਹੋਇਆਂ ਦੀ
ਕੋਈ ਰਾਂਝਿਆਂ ਭਾਬੀਆਂ ਵੀਰਾਂ ਦੀ
ਕੋਈ ਪਾਰ ਝਨਾਉਂ ਹੀਰਾਂ ਦੀ
ਕੋਈ ਪਾਟੀਆਂ ਗਲਮਿਆਂ ਲੀਰਾਂ ਦੀ
ਕੋਈ ਵੰਡੀਆਂ ਦੀ ਕੋਈ ਸੀਰਾਂ ਦੀ
ਕੋਈ ਨਾ ਬਣੀਆਂ ਤਕਦੀਰਾਂ ਦੀ
ਕੋਈ ਗਲ਼ਮਿਆਂ ਖੁੱਭਿਆਂ ਤੀਰਾਂ ਦੀ
ਕੋਈ ਆਲਫ਼ਾਂ ਦੀ ਕੋਈ ਊੜੇ ਦੀ
ਕੋਈ ਏ ਬੀ ਸੀ ਦੇ ਧੂੜੇ ਦੀ
ਕੋਈ ਟਾਟਾਂ ਦੀ ਕੋਈ ਫੂੜ੍ਹੇ ਦੀ
ਕੋਈ ਕੁਰਸੀਆਂ ਦੀ ਕੋਈ ਮੂੜ੍ਹੇ ਦੀ
ਕੋਈ ਬੁੱਲ੍ਹੇ ਦੀ ਕੋਈ ਵਾਰਿਸ ਦੀ
ਕੋਈ ਪੋਰਸ ਦੀ ਕੋਈ ਪਾਰਸ ਦੀ
ਕੋਈ ਵਰਦੀਆਂ ਦੀ ਕੋਈ ਫ਼ੌਜਾਂ ਦੀ
ਕੋਈ ਚਾਵਾਂ ਦੀ ਕੋਈ ਮੌਜਾਂ ਦੀ
ਕੋਈ ਪਿਛਲੀ ਗੱਲ ਸੁਣਾਂਦਾ ਏ
ਕੋਈ ਅਗਾਂਹ ਈ ਵਧਦਾ ਜਾਂਦਾ ਏ
ਕੋਈ ਐਵੇਂ ਈ ਰੌਲ਼ਾ ਪਾਂਦਾ ਏ
ਕੋਈ ਕੰਨਾਂ ਨੂੰ ਹੱਥ ਲਾਂਦਾ ਏ
ਕੋਈ ਗਾਲ੍ਹ ਉਲਾਹਮੇਂ ਲੋਕਾਂ ਨੂੰ
ਕੋਈ ਪਾਲ਼ਦਾ ਚੰਬੜੀਆਂ ਜੋਕਾਂ ਨੂੰ
ਕੋਈ ਟੋਹਵੇ ਲੈ ਲੈ ਸੌ ਚੱਸਾਂ
ਕੋਈ ਮਿਹਣੇ ਨੂੰਹਾਂ ਤੇ ਸੱਸਾਂ
ਮੈਂ ਚੁੱਪ ਚੁਪੀਤਾ ਕੀ ਦੱਸਾਂ
ਸੋਚਾਂ ਦੀਆਂ ਵਾਗਾਂ ਕੀ ਕੱਸਾਂ
ਜੀ ਰੋਵੇ ਅੰਦਰ ਮੈਂ ਹੱਸਾਂ
ਮੈਂ ਕੜਕਣ ਹਾਰਾ ਕੀ ਵੱਸਾਂ
ਘੁੱਟ ਪ੍ਰੀਤ ਪ੍ਰੇਮੀ ਦਾ ਧੱਸਾਂ
ਇਹ ਵਿਚਲੀ ਗੱਲ ਕਿਵੇਂ ਦੱਸਾਂ
ਹਿਕ ਸੂਟਾ ਲਾਵਣ ਆਇਆ ਸਾਂ
ਕੁੱਝ ਜੀ ਪਰਚਾਵਣ ਆਇਆ ਸਾਂ
ਹੁਣ ਹਿੱਲਣ ਨੂੰ ਨਹੀਂ ਜੀ ਕਰਦਾ
ਮੈਂ ਕੇਸ ਥੜ੍ਹੇ ਆ ਬੈਠਾ ਵਾਂ ?