Muhammad Abdulla Yaseen
ਮੁਹੰਮਦ ਅਬਦੁੱਲਾ ਯਾਸੀਨ

ਨਾਂ-ਮੁਹੰਮਦ ਅਬਦੁੱਲਾ ਯਾਸੀਨ, ਕਲਮੀ ਨਾਂ- ਅਬਦੁੱਲਾ ਯਾਸੀਨ,
ਪਿਤਾ ਦਾ ਨਾਂ-ਮੁਹੰਮਦ ਯਾਸੀਨ,
ਵਿੱਦਿਆ-ਐਮ. ਏ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਉਹਲਾ (ਪੰਜਾਬੀ ਸ਼ਾਇਰੀ),
ਪਤਾ-ਮੁਹੰਮਦ ਅਬਦੁੱਲਾ ਯਾਸੀਨ, ਅਸਦ ਕਾਲੋਨੀ, ਸ਼ੇਖ਼ੂਪੁਰਾ ਰੋਡ ਗੁਜਰਾਂਵਾਲਾ ।

ਪੰਜਾਬੀ ਗ਼ਜ਼ਲਾਂ (ਉਹਲਾ 1989 ਵਿੱਚੋਂ) : ਮੁਹੰਮਦ ਅਬਦੁੱਲਾ ਯਾਸੀਨ

Punjabi Ghazlan (Uhla 1989) : Muhammad Abdulla Yaseen



ਕਿੱਡਾ ਰੰਗ ਬੱਧੇ ਅੱਖਾਂ ਪਾਲ-ਪਾਲ ਅੱਥਰੂ

ਕਿੱਡਾ ਰੰਗ ਬੱਧੇ ਅੱਖਾਂ ਪਾਲ-ਪਾਲ ਅੱਥਰੂ । ਦੋ ਘੜੀ ਔੜ ਏ 'ਤੇ ਸਾਲ-ਸਾਲ ਅੱਥਰੂ । ਪੱਲੇ ਵਿਚ ਝੋਲੀ 'ਤੇ ਰੁਮਾਲ ਨਾਲ ਅੱਥਰੂ, ਛਮ-ਛਮ ਵਸਦੇ ਨੇ ਲਾਲ-ਲਾਲ ਅੱਥਰੂ । ਤੈਨੂੰ ਮੈਂ ਉਡੀਕਿਆ ਏ ਸਾਰੀ ਰਾਤ ਝੂਠਿਆ, ਅੱਖਾਂ ਦਿਆਂ ਬੰਨਿਆਂ 'ਤੇ ਬਾਲ਼-ਬਾਲ਼ ਅੱਥਰੂ । ਕਿਵੇਂ ਤੈਨੂੰ ਵੇਖਾਂ 'ਤੇ ਸੁਨਾਵਾਂ ਹਾਲ ਦਿਲ ਦਾ, ਉੱਤੋੜੱਤੀ ਹਿਚਕੀਆਂ ਨੇ ਨਾਲ-ਨਾਲ ਅੱਥਰੂ । ਹਾਏ ਰੱਬਾ ਕਿਵੇਂ ਮੈਂ ਗ਼ੁਬਾਰ ਕੱਢਾਂ ਦਿਲ ਦਾ, ਕੋਈ-ਕੋਈ ਹੌਕਾ ਏ 'ਤੇ ਖਾਲ-ਖਾਲ ਅੱਥਰੂ । ਭੋਏਂ 'ਤੇ ਨਾ ਪੈਣ ਦੇਵੀਂ ਕੀਮਤੀ ਖ਼ਜ਼ਾਨੇ ਨੂੰ, 'ਯਾਸੀਨ' ਕੇਰ ਜ਼ਰਾ ਭਾਲ-ਭਾਲ ਅੱਥਰੂ ।

ਤਾਰਿਆਂ ਉੱਤੇ ਪੈਰ ਟਿਕਾਵੇ

ਤਾਰਿਆਂ ਉੱਤੇ ਪੈਰ ਟਿਕਾਵੇ, ਸੋਹਣਾ ਮੋਰ ਦੀ ਚਾਲ ਟੁਰੇ । ਜਿੱਧਰ-ਜਿੱਧਰ ਵੀ ਉਹ ਜਾਵੇ, ਚੰਨ ਵੀ ਉਹਦੇ ਨਾਲ ਟੁਰੇ । ਸਭਨੀਂ ਪਾਸੀਂ ਅਕਲਾਂ ਵਾਲੀ ਕਾਲੀ ਨ੍ਹੇਰੀ ਝੁੱਲੀ ਸੀ, ਉਹ ਹੀ ਰਾਹ ਨਾ ਭੁੱਲੇ ਜਿਹੜਾ ਦਿਲ ਦਾ ਦੀਵਾ ਬਾਲ ਟੁਰੇ । ਤੌਬਾ-ਤੌਬਾ ਚੰਨਾ ਤੇਰਾ ਐਡੀ ਦੂਰ ਵਸੇਰਾ ਸੀ, ਏਥੋਂ ਤਾਈਂ ਪਹੁੰਚਣ ਲਈ ਅਸੀਂ ਖ਼ਬਰੈ ਕਿੰਨੇ ਸਾਲ ਟੁਰੇ । ਕੁੱਝ ਨਾ ਵੇਖਣ ਸੋਚਣ ਸਿਰ ਤੋਂ ਲਾਹ ਕੇ ਹੱਥ ਫੜਾਵਣ ਚਾ, ਇਹ ਮੈਖ਼ਾਨੈ ਏਥੇ ਹਰ ਕੋਈ, ਆਪਣੀ ਪੱਗ ਸੰਭਾਲ ਟੁਰੇ । ਬਿਨਾ ਸਿਫ਼ਾਰਸ਼ ਉਹ ਨਹੀਂ ਭਾਂਦੇ, ਮਜਲਿਸ ਦੇ ਵਿਚ ਆਸ਼ਿਕ ਨੂੰ, ਹੈ ਕੋਈ ਜਿਹੜਾ ਤਰਸ ਕਰੇ 'ਤੇ 'ਯਾਸੀਨ' ਦੇ ਨਾਲ ਟੁਰੇ ।

ਬੱਦਲ ਹੋਵੇ, ਝੱਖੜ ਹੋਵੇ ਜਾਂ ਵੱਸਣ ਸ਼ਰਲਾਟੇ

ਬੱਦਲ ਹੋਵੇ, ਝੱਖੜ ਹੋਵੇ ਜਾਂ ਵੱਸਣ ਸ਼ਰਲਾਟੇ । ਰਿੰਦਾਂ ਨਾਲ ਮੈਂ ਖਹਿੰਦੇ ਡਿੱਠੇ ਹਰ ਵੇਲੇ ਮੁੱਲਾਟੇ । ਕੀ ਹੋਇਆ ਜੇ ਜਾਨ ਵੀ ਲੈ ਕੇ ਤੂੰ ਨਹੀਂ ਸਾਡਾ ਬਣਿਆ, ਹੁਸਨ ਵਿਹਾਜਣ ਵਾਲਿਆਂ ਚੰਨਾਂ ਕਦੇ ਨਹੀਂ ਜਾਤੇ ਘਾਟੇ । ਅਸੀਂ ਨਿਕਰਮੇ ਯਾਰ ਨਾ ਲੱਭਾ ਮੰਜ਼ਿਲ 'ਤੇ ਵੀ ਸਾਨੂੰ, ਕਿਸਮਤ ਵਾਲਿਆਂ ਨੂੰ ਮਿਲ ਜਾਂਦਾ ਅਕਸਰ ਉਹ ਅਧਵਾਟੇ । ਮੱਤ ਕੋਈ ਖ਼ਾਸ ਰਕੀਬਾਂ ਵਿੱਚੋਂ ਪੈ ਜਾਵੇ ਗਲ ਮੇਰੇ, ਐਸੇ ਈ ਡਰ ਤੋਂ ਉੱਠ ਸਵੇਰੇ ਲਾਉਣਾ ਡੰਡ ਸਪਾਟੇ । ਮੁੰਦਰਾਂ ਵਾਲੇ ਵੀ ਪਏ ਸਿਰ 'ਤੇ ਬਾਹਵਾਂ ਰੱਖਕੇ ਰੋਵਣ, ਕੀ ਹੋਇਆ 'ਯਾਸੀਨ' ਨਹੀਂ ਜੇ ਤੇਰੇ ਵੀ ਕੰਨ ਪਾਟੇ ।

ਮਰਨੋਂ ਨਹੀਂ ਇਨਕਾਰ ਜ਼ਰਾ ਵੀ

ਮਰਨੋਂ ਨਹੀਂ ਇਨਕਾਰ ਜ਼ਰਾ ਵੀ, ਸ਼ਹਿਦ ਜ਼ੁਬਾਨੋਂ ਘੋਲ ਤੇ ਸਹੀ । ਸਮਝਾਂਗੇ ਸਭ ਮਤਲਬ ਤੇਰੇ, ਸਹਿਜੇ-ਸਹਿਜੇ ਬੋਲ ਤੇ ਸਹੀ । ਬਿਨ ਅਜ਼ਮਾਇਉਂ ਸੁੱਟ ਦੇਣਾ ਵੀ ਸੋਹਣਿਆ ਚੰਗਾ ਹੁੰਦਾ ਨਹੀਂ, ਸੁਰਮੇ ਨਾਲੋਂ ਹੌਲੇ ਆਂ ਸਾਨੂੰ ਅੱਖਾਂ ਦੇ ਵਿਚ ਤੋਲ ਤੇ ਸਹੀ । ਬਰਖਾ ਬਾਝ ਕਦੇ ਨਹੀਂ ਨਿੱਤਰੀ ਰਾਤ ਵਸਲ ਦੀ ਚੰਨ ਜਿਹੀ, ਪਹੁੰਚ ਕੇ ਤੈਨੂੰ ਆਪ ਮਿਲਣਗੇ, ਝਿਲ ਮਿਲ ਮੋਤੀ ਰੋਲ ਤੇ ਸਹੀ । ਮੁੱਦਤ ਹੋਈ ਏ ਬਲ-ਬੁਝਿਆਂ ਭਾਵੇਂ ਕੀ ਪਿਆ ਵਿਹਣਾ ਏਂ, ਨਿਕਲਣਗੇ ਚੰਗਿਆੜੇ ਹੁਣ ਵੀ ਸਾਹ ਪੁਰਾਣੀ ਫੋਲ ਤੇ ਸਹੀ । ਮੈਂ 'ਯਾਸੀਨ' ਕਦੇ ਨਹੀਂ ਭੁੱਲਾ ਸੁਹਣਿਆਂ ਤੈਨੂੰ ਕਿਧਰੇ ਵੀ, ਖ਼ਵਰੇ ਹਾਲ ਤੇਰਾ ਵੀ ਹੋਵੇ ਏਹੋ ਦਿਲ ਨੂੰ ਟੋਲ੍ਹ ਤੇ ਸਹੀ ।

ਘੁੱਪ ਹਨੇਰੈ ਦਿਲ ਮੇਰੇ ਵਿਚ

ਘੁੱਪ ਹਨੇਰੈ ਦਿਲ ਮੇਰੇ ਵਿਚ, ਕਾਲੀਆਂ ਬਦਲੀਆਂ ਛਾਈਆਂ ਨੇ । ਅੱਖਾਂ ਵਿੱਚੋਂ ਪਾਣੀ ਨਹੀਂ ਇਹ ਸਾਵਣ ਝੜੀਆਂ ਲਾਈਆਂ ਨੇ । ਇਹ ਨੇ ਭੋਲੇ-ਭਾਲੇ ਸਾਦੇ ਦੇਖਣ ਦੇ ਵਿਚ ਪੁੱਛੋ ਨਾ, ਇਹਨਾਂ ਪਾਣੀ ਵਾਂਗੂੰ ਟੁਰਦਿਆਂ ਥਾਂ-ਥਾਂ ਅੱਗਾਂ ਲਾਈਆਂ ਨੇ । ਖ਼ਵਰੇ ਕਿੱਥੇ ਛੁਪਿਆ ਬੈਠੈਂ, ਸੋਹਣਿਆਂ ਤੈਨੂੰ ਲੱਭਣ ਲਈ, ਕਈ ਬੂਹਿਆਂ 'ਤੇ ਦਸਤਕ ਦਿੱਤੀ, 'ਤੇ ਕੁੰਡੀਆਂ ਖੜਕਾਈਆਂ ਨੇ ਘੱਟ ਫ਼ਾਇਦਾ ਏ ਇਸ਼ਕ ਤੇਰੇ ਦਾ ਅਸਾਂ ਤੇ ਇਹੋ ਡਿੱਠਾ ਏ, ਇਕ ਦੋ ਘੜੀਆਂ ਵਸਲ ਦੀਆਂ ਤੇ ਉਮਰਾਂ ਤੀਕ ਜੁਦਾਈਆਂ ਨੇ । ਕੀਹਨੂੰ ਖੋਲ੍ਹ ਸੁਣਾਵਾਂ ਮੈਂ 'ਯਾਸੀਨ' ਜੋ ਦਿਲ 'ਤੇ ਬੀਤੀ ਏ, ਟਾਵੇਂ-ਟਾਵੇਂ ਲੋਕ ਨੇ ਏਥੇ, ਬਾਕੀ ਸਭ ਪਰਛਾਈਆਂ ਨੇ ।

ਤਦਬੀਰਾਂ ਦੇ ਡੱਕੇ-ਡੋਲੇ

ਤਦਬੀਰਾਂ ਦੇ ਡੱਕੇ-ਡੋਲੇ, ਮੰਜ਼ਿਲ ਦੂਰ ਹਨੇਰੇ ਵਿਚ । ਜਿੰਨਾਂ ਘੇਰਿਉਂ ਬਾਹਰ ਮੈਂ ਜਾਨਾਂ, ਉੱਨਾਂ ਈ ਰਹਿਣਾ ਘੇਰੇ ਵਿਚ । ਖ਼ਵਰੈ ਕਿਸਰਾਂ ਸੱਤ ਤੁਆਫ਼ ਕਰਨਗੇ ਤੇਰੇ ਕੂਚੇ ਦੇ, ਮੇਰਾ ਹਾਲ ਤੇ ਡਾਢਾ ਮੰਦਾ ਹੋ ਗਿਆ ਏ ਇਕ ਫ਼ੇਰੇ ਵਿਚ । ਤੇਰੀ ਸੂਹਣ ਕਦੇ ਨਹੀਂ ਕੀਤਾ ਰੋਸ਼ਨ ਮੇਰੀ ਝੁੱਗੀ ਨੂੰ, ਮੇਰੇ ਦਿਲ ਦਾ ਚਾਨਣ ਹਰ ਦਮ ਤੇਰੇ ਮਹਿਲ ਉਚੇਰੇ ਵਿਚ । ਸੋਹਣਿਆਂ ਵਾਂਗੂੰ ਉਨ੍ਹਾਂ ਈ ਪੈਰਾਂ 'ਤੇ ਜੇ ਐਹਦ ਤਰੋੜਾਂ ਮੈਂ, ਤੂੰ ਈ ਦੱਸ ਫੇਰ ਫ਼ਰਕ ਰਹੇ ਕੀ ਤੇਰੇ ਵਿਚ ਤੇ ਮੇਰੇ ਵਿਚ । ਤੇਰੀ ਨਜ਼ਰ ਸਵੱਲੀ ਦਾ ਏ ਸਦਕਾ ਚਾਨਣ ਲਾ ਗਏ ਨੇ, ਸੂਰਜ, ਚੰਨ ਸਿਤਾਰੇ ਸਾਰੇ ਈ 'ਯਾਸੀਨ' ਦੇ ਡੇਰੇ ਵਿਚ ।

ਇਸ਼ਕ ਤੇਰੇ ਨੇ ਦਿਲ ਮੇਰੇ 'ਤੇ

ਇਸ਼ਕ ਤੇਰੇ ਨੇ ਦਿਲ ਮੇਰੇ 'ਤੇ ਕੀਤੀਆਂ ਨੇ ਕੀ ਕਾਰਾਂ । ਅੱਧੀ ਰਾਤ ਤੇ ਕੰਧੀਂ ਲਗ-ਲੱਗ ਮੈਂ ਰੋਂਦਾ ਨਾ ਹਾਰਾਂ । ਕਦੀ ਤੇ ਪੁੱਛੇਂ ਚੰਨਾਂ ਮੈਨੂੰ ਮੈਂ ਕਿਉਂ ਐਨਾਂ ਰੋਨਾਂ, ਕਦੀ ਤੇ ਦੱਸਾਂ ਦਿਲ ਦੀਆਂ ਤੈਨੂੰ ਕਦੀ ਤੇ ਦਿਲ ਨੂੰ ਠਾਰਾਂ । ਇੱਕੋ ਝਲਕੀ ਨਾ ਤੂੰ ਭੁੱਲੇਂ ਬਾਝ ਨਸੀਹਤ ਸਾਰੀ, ਕਿੱਥੇ ਨੇ ਉਹ ਜੁੱਬੇ-ਕੁੱਬੇ ਕਿੱਥੇ ਨੇ ਦਸਤਾਰਾਂ । ਅੱਗੇ ਈ ਕਿਹੜੀ ਹੋਸ਼ ਸੀ ਮੈਨੂੰ ਅੱਲਾ੍ਹ ਵੱਲੋਂ ਆਈ, ਉੱਤੋਂ ਸਾਰੀ ਸਾਂਭ ਲਈ ਏ ਹੁਸਨ ਦੀਆਂ ਸਰਕਾਰਾਂ । ਇੱਥੇ ਈ ਤੇ ਕਿਤੇ ਨਹੀਂ 'ਯਾਸੀਨ' ਹੋਰਾਂ ਦਾ ਡੇਰਾ, ਜਿੱਧਰ ਉਡੀਆਂ ਜਾਂਦੀਆਂ ਨੇ ਇਹ ਮਾਸ਼ੂਕਾਂ ਦੀਆਂ ਡਾਰਾਂ ।

ਮੇਰੀ ਆਸ ਭਲੀ ਦੀਆਂ ਕੰਧਾਂ

ਮੇਰੀ ਆਸ ਭਲੀ ਦੀਆਂ ਕੰਧਾਂ ਬਣਦੀਆਂ-ਬਣਦੀਆਂ ਢਹਿ ਗਈਆਂ ਨੇ । ਮੇਰੇ ਦਿਲ ਦੀਆਂ ਸਾਰੀਆਂ ਸੋਹਣਿਆਂ, ਮੇਰੇ ਦਿਲ ਵਿਚ ਰਹਿ ਗਈਆਂ ਨੇ । ਮੇਰੇ ਵੱਲ ਤਵੱਜਾ ਤੋਬਾ, ਮੇਰੇ ਵੱਲ ਤੇ ਵਿਹੰਦਾ ਈ ਨਹੀਂ, ਉਹਦੀਆਂ ਸਖ਼ੀਆਂ ਉਹਦੇ ਕੰਨ ਵਿਚ ਖ਼ਬਰੈ ਕੀ ਕੁੱਝ ਕਹਿ ਗਈਆਂ ਨੇ । ਉਹਨਾਂ ਨੂੰ ਫਿਰ ਕਿਸੇ ਵੀ ਛਾਂ ਨੇ ਆਪਣੇ ਸੀਨੇ ਲਾਇਆ ਨਾ, ਜਿਹੜੀਆਂ ਕਿਸੇ ਪਿਆਰ ਦੇ ਬੂਟੇ ਹੇਠ ਜ਼ਰਾ ਕੂ ਬਹਿ ਗਈਆਂ ਨੇ । ਹੌਲੀ ਹੌਲੀ ਹੋ ਗਿਐ ਵਾਕਿਫ਼, ਪੂਰਾ ਈ ਉਹਦੀ ਆਦਤ ਤੋਂ, ਲੰਮੀਆਂ-ਲੰਮੀਆਂ ਆਸਾਂ ਦਿਲ ਦੀਆਂ, ਦਿਲ ਦੇ ਮਗਰੋਂ ਲਹਿ ਗਈਆਂ ਨੇ । ਹੁਣ 'ਯਾਸੀਨ' ਨਾ ਕਾਹਲਾ ਪਉ ਤੂੰ, ਅੱਲਾਹ ਤੇਰੀ ਸੁਣ ਲਈ ਏ, ਹੁਣ ਵੀਰਾਗ ਦੇ ਦਿਲ ਦੀਆਂ ਬਸ ਆਹ, ਇਕ-ਦੋ ਘੜੀਆਂ ਰਹਿ ਗਈਆਂ ਨੇ ।

ਕੁਝ ਹੋਰ ਰਚਨਾਵਾਂ : ਮੁਹੰਮਦ ਅਬਦੁੱਲਾ ਯਾਸੀਨ

ਜੀਵਨ ਦਾ ਇਤਬਾਰ ਨੇ ਟੋਟੇ ਵੰਗਾਂ ਦੇ

ਜੀਵਨ ਦਾ ਇਤਬਾਰ ਨੇ ਟੋਟੇ ਵੰਗਾਂ ਦੇ।
ਤਾਂਘਾਂ ਦਾ ਲਿਸ਼ਕਾਰ ਨੇ ਟੋਟੇ ਵੰਗਾਂ ਦੇ।

ਤੇਰੇ ਕੋਲ ਨੇ ਚੂੜੀਆਂ ਛਣ ਛਣ ਛਣਕਦੀਆਂ,
ਮੇਰੇ ਕੋਲ ਸਰਕਾਰ ਨੇ ਟੋਟੇ ਵੰਗਾਂ ਦੇ।

ਨਿੱਘੀ ਨੇਕ ਨਿਸ਼ਾਨੀ ਸੋਹਣਿਆਂ ਸ਼ਗਨਾਂ ਦੀ,
ਉਲਫ਼ਤ ਦਾ ਇਕਰਾਰ ਨੇ ਟੋਟੇ ਵੰਗਾਂ ਦੇ।

ਗ਼ਮ ਜਦਿਆਂ ਤੋਂ ਇਹ ਨਹੀਂ ਕਦੀ ਵੀ ਵਿਛੜ ਦੇ,
ਇਕਲਾਪੇ ਦੇ ਯਾਰ ਨੇ ਟੋਟੇ ਵੰਗਾਂ ਦੇ।

ਪਲ ਪਲ ਦਿਲ ਨੂੰ ਨਵਾਂ ਸੁਨੇਹਾ ਦਿੰਦੇ ਨੇ,
ਜ਼ਿੰਦਗੀ ਦਾ ਖੜਕਾਰ ਨੇ ਟੋਟੇ ਵੰਗਾਂ ਦੇ।

ਏਦੋਂ ਵਧ ਕੇ ਕਿੱਥੇ ਰੱਖਾਂ ਇਹਨਾਂ ਨੂੰ,
ਦਿਲ ਦੇ ਅੱਧ ਵਿਚਕਾਰ ਨੇ ਟੋਟੇ ਵੰਗਾਂ ਦੇ।

ਦੇਖ ਤੇਰੇ ਬਰਤਾਰੇ ਕਿਉਂ ਨਾ, ਨਿਕਲਣ ਮੇਰੀਆਂ ਚੀਕਾਂ

ਦੇਖ ਤੇਰੇ ਬਰਤਾਰੇ ਕਿਉਂ ਨਾ, ਨਿਕਲਣ ਮੇਰੀਆਂ ਚੀਕਾਂ।
ਦੁਸ਼ਮਣ ਰੋਜ਼ ਨਜ਼ਾਰੇ ਲੁੱਟਣ, ਮੈਨੂੰ ਨਿੱਤ ਤਰੀਕਾਂ।

ਵੇਖਕੇ ਫਿਸਲੇ ਯਾਰ ਮੇਰੇ ਪਏ, ਰਾਹ ਜਾਂਦੇ ਦੀ ਝਲਕੀ,
'ਯੂਸਫ਼' ਸੁਹਣਾ ਮਨੋਂ ਭੁਲਾਇਆ, ਮਿਸਰ ਦਿਆਂ ਵਸਨੀਕਾਂ।

ਮੈਂ ਵੀ ਜ਼ਿੱਦੀ ਬੜਾ ਸਾਂ ਮੈਂ ਵੀ, ਕਿਧਰੇ ਨਹੀਂ ਸਾਂ ਝੁਕਿਆ,
ਨੱਕ ਦੇ ਨਾਲ ਕਢਾ ਛੱਡੀਆਂ ਨੇ, ਪਿਆਰ ਤੇਰੇ ਨੇ ਲੀਕਾਂ।

ਮੈਂ ਹਾਂ ਆਜਿਜ਼ ਰੋ ਰੋ ਰੱਬਾ, ਅਰਜ਼ ਗੁਜ਼ਾਰਨ ਜੋਗਾ,
ਤੂੰ ਜੇ ਚਾਹਵੇਂ ਯਾਰ ਮਿਲਾਦੇ, ਤੈਨੂੰ ਸਭ ਤੌਫ਼ੀਕਾਂ।

ਤੂੰ ਤੇ ਭਾਵੇਂ ਭੁੱਲ ਗਿਆ ਏਂ, ਗ਼ੈਰਾਂ ਦੇ ਸੰਗ ਰਲ ਕੇ,
ਮੈਂ 'ਯਾਸੀਨ' ਤਿਰਾ ਵਾਂ ਮੈਨੂੰ, ਤੇਰੀਆਂ ਨਿੱਤ ਉਡੀਕਾਂ।