Punjabi Ghazlan Mohammad Akhtar Khan Hafizabadi

ਪੰਜਾਬੀ ਗ਼ਜ਼ਲਾਂ ਮੁਹੰਮਦ ਅਖ਼ਤਰ ਖਾਂ ਹਾਫ਼ਿਜ਼ਾਬਾਦੀ

੧. ਰੋਂਦ, ਠੱਗੀ, ਲੋਭ ਤੇ ਉਤਲੀ-ਕਮਾਈ ਛੱਡ ਦਿਓ

ਰੋਂਦ, ਠੱਗੀ, ਲੋਭ ਤੇ ਉਤਲੀ-ਕਮਾਈ ਛੱਡ ਦਿਓ ।
ਚੁੰਝ ਇੱਕ-ਦੂਜੇ ਦੀ, ਮੈਂ ਦੇਨਾਂ ਦੁਹਾਈ, ਛੱਡ ਦਿਓ ।

ਮੁੱਕ-ਮੁਕਾ, ਡਾਕੇ, ਗ਼ਬਨ, ਬੰਬ ਤੇ ਧਮਾਕੇ, ਨੌਸਰਾਂ,
ਦੇਸ਼ ਅਪਣੇ ਨਾਲ ਮਿੱਤਰੋ ! ਬੇ-ਵਫ਼ਾਈ ਛੱਡ ਦਿਓ ।

ਹੱਜ, ਰੋਜ਼ੇ ਤੇ ਨਿਮਾਜ਼ਾਂ, ਤੇ ਖਵਾਸਤ ਨਾਲ ਨਾਲ,
ਇਹ ਮਕਰ ਤੇ ਕੂੜ ਵਾਲੀ ਪਰਸਾਈ ਛੱਡ ਦਿਓ ।

ਚਹੁੰ ਦਿਨਾਂ ਦੀ ਐਸ਼ ਪਾਰੋਂ ਆਕਬਤ ਕਰਨੀ ਖ਼ਰਾਬ,
ਮੇਰੀ ਜੇ ਮੰਨੋਂ, ਅਜ਼ੀਜ਼ੋ ! ਹਰ ਬੁਰਾਈ ਛੱਡ ਦਿਓ ।

ਇੱਕ ਸਿਆਸਤ ਦੀ ਪਰੀ, ਸੌ ਝੂਠ ਦੇ ਗੰਦੇ ਗ਼ਿਲਾਫ਼,
ਪਾਗਲੋ ! ਲਾਣੀ ਨਿਰੀ ਦੋਜ਼ਖ਼ ਦੀ ਸਾਈ ਛੱਡ ਦਿਓ ।

ਹੋਇਆ ਮੈਂ ਹਾਜ਼ਰ ਜਦੋਂ, ਕੱਲ੍ਹ 'ਰੂਪ' ਦੇ ਦਰਬਾਰ ਵਿੱਚ,
ਹੁਕਮ ਮਿਲਿਆ, 'ਗ਼ਜ਼ਲ' ਆਖੋ, ਜਾਂ ਲਿਖਾਈ ਛੱਡ ਦਿਓ ।

ਸਿਰ ਨਿਵਾਕੇ ਪਰ ਮੈਂ 'ਅਖ਼ਤਰ' ਅਰਜ਼ ਝੱਟ ਦਿੱਤੀ ਗੁਜ਼ਾਰ-
ਆਪ ਵੀ ਫਸਵੇ, ਚਲਿੱਤਰ, ਬੇਹਿਆਈ ਛੱਡ ਦਿਓ ।

੨. ਸਾਮ੍ਹਣਾ ਕਰਨਾ ਕਿਤੇ ਸੌਖਾ ਪਿਆ ਜੇ ਪਿਆਰ ਵਿੱਚ

ਸਾਮ੍ਹਣਾ ਕਰਨਾ ਕਿਤੇ ਸੌਖਾ ਪਿਆ ਜੇ ਪਿਆਰ ਵਿੱਚ ?
ਜਾਨ ਦਾ ਧੜਕਾ ਹੀ ਰਹਿੰਦੈ ਹੁਸਨ ਦੇ ਦਰਬਾਰ ਵਿੱਚ ।

ਇਹਨੂੰ ਤੂੰ ਸੱਚੀ ਲਗਨ ਦੀ ਇੱਕ ਕਰਾਮਤ ਹੀ ਸਮਝ,
ਝਾਤੀਆਂ ਇਕਰਾਰ ਮਾਰੇ, ਬੇ-ਧੜਕ ਇਨਕਾਰ ਵਿੱਚ ।

ਦੋਸਤੀ ਦੇ ਝੁੰਮ 'ਚੋਂ ਨਿਕਲੇ ਅਦਾਵਤ ਦੀ ਛਵੀ,
ਮਾਰਦੇ ਨੇ ਯਾਰ ਲੋਹੜੇ, ਬੰਨ੍ਹ ਕੇ ਇਤਬਾਰ ਵਿੱਚ ।

ਨ੍ਹੇਰ-ਖਾਤਾ ਜ਼ੁਲਮ ਦਾ, ਬਾਜ਼ਾਰ ਦੁਨੀਆਂ ਲੋਭ ਦੀ,
ਚਾਨਣਾ ਹੋ ਜਾਊ ਜਦ ਪਹੁੰਚਾਂਗੇ ਪਰਲੇ ਪਾਰ ਵਿੱਚ ।

ਤਿਊੜੀਆਂ ਤੋਂ ਘਾਬਰੇ ਨਾ, ਸੱਚ ਤੇ ਅੜਿਆ ਰਹਵੇ,
ਸੁਰਖ਼ਰੂ ਹੁੰਦਾ ਏ 'ਸੱਚਾ', ਅੰਤ ਨੂੰ ਸੰਸਾਰ ਵਿੱਚ ।

ਓਸ ਦੇ ਢਾਰੇ ਤੇ ਚੜ੍ਹਕੇ ਧਿਆਨ ਜਦ ਮਾਰਾਂ ਉਤਾਂਹ,
ਇੱਕ ਪੱਖੂ ਵਰਗਾ ਨਜ਼ਰ ਆਉਂਦਾ ਏ ਉਡਦੀ-ਡਾਰ ਵਿੱਚ ।

ਕੀਹਦੇ-ਕੀਹਦੇ ਹਿਜਰ ਦੇ ਜ਼ਖ਼ਮਾਂ ਦੀ ਝੱਲੇ ਪੀੜ, ਦਿਲ ?
ਇੱਕ ਤੋਂ ਇੱਕ ਵਧਕੇ ਚਹੇਤਾ ਹੈ ਸਰੇ ਪਰਿਵਾਰ ਵਿੱਚ ।

ਡਾਕੀਏ ਨੂੰ ਕੀ ਪਤਾ 'ਅਖ਼ਤਰ' ਭਲਾ ਇਸ ਰਾਜ਼ ਦਾ ?
ਲੋਕ ਕਿਉਂ ਪਾਉਂਦੇ ਨੇ ਚਿੱਠੀਆਂ ਰਾਤ-ਦਿਨ ਘਰ ਬਾਰ ਵਿੱਚ ?

੩. ਸੜਕੇ ਸੜਕੇ ਬਾਂਗਾਂ ਦਿੰਦਾ ਅਲਖ ਜਗਾਉਂਦਾ ਜਾਂ, ਸੱਜਣੋਂ

ਸੜਕੇ ਸੜਕੇ ਬਾਂਗਾਂ ਦਿੰਦਾ ਅਲਖ ਜਗਾਉਂਦਾ ਜਾਂ, ਸੱਜਣੋਂ ।
ਜੀ ਕਰਦਾ ਹੈ ਦੇਸ਼-ਪਿਆਰ ਦੇ ਹੋਕੇ ਲਾਉਂਦਾ ਜਾਂ, ਸੱਜਣੋਂ ।

ਹਰ ਪਾਸੇ ਹਮਦਰਦੀ ਮਹਿਕੇ, ਖ਼ੁਸ਼ੀਆਂ ਨੱਚਣ, ਟਹਿਕੇ ਪਿਆਰ,
ਤਦ ਮੈਂ ਕੋਹਾਂ, ਖ਼ੁਸ਼ਹਾਲੀ ਦੇ ਢੋਲੇ ਗਾਉਂਦਾ ਜਾਂ, ਸੱਜਣੋਂ ।

ਫੇਰ ਸਵਾਦ, ਜੇ ਰਲ-ਮਿਲ ਸਾਰੇ, ਚਾਨਣ ਵੰਡਣ ਸੂਰਜ ਵਾਂਗ,
ਤੇ ਮੈਂ ਕਲਮ ਬਣਾਕੇ ਜੁਗਨੂੰ ਨ੍ਹੇਰ ਮੁਕਾਉਂਦਾ ਜਾਂ, ਸੱਜਣੋਂ ।

ਮੈਂ ਮੋਹਣੀ ਧਰਤੀ ਦਾ 'ਰਾਂਝਾ' ਲੇਖਾਂ ਵਿੱਚ ਪ੍ਰਦੇਸ ਲਿਖੇ,
ਅੱਖੀਆਂ ਮੀਟ ਕੇ 'ਹੀਰ' ਵਿਛੁੰਨੀ ਦੇ ਦਰਸ਼ਨ ਪਾਉਂਦਾ ਜਾਂ, ਸੱਜਣੋਂ ।

ਨਫ਼ਰਤ ਭਰੀ ਸਿਆਸੀ-ਦਾਤੀ ਵੈਰ ਕਮਾਵੇ ਗੁਲਸ਼ਨ ਨਾਲ,
ਮੈਂ ਥਾਂ ਥਾਂ ਅਪਣਿਆਂ ਦੇ ਗਲ ਬੂਟੇ ਲਾਉਂਦਾ ਜਾਂ, ਸੱਜਣੋਂ ।

ਪੱਕ ਏ, ਓੜਕ ਹੋ ਜਾਣਾ ਏ ਮੰਜ਼ਿਲ ਦਾ ਦੀਦਾਰ ਨਸੀਬ,
ਫੇਰ ਕੀ ਹੋਇਆ ਜੇ ਹੁਣ 'ਅਖ਼ਤਰ' ਠੇਡੇ ਖਾਂਦਾ ਜਾਂ, ਸੱਜਣੋਂ ।

੪. ਮਿਜ਼ਾਜ ਐਨਾ ਵੀ ਝੱਲਿਆ ! ਆਜਿਜ਼ਾਨਾ ਠੀਕ ਨਹੀਂ ਹੁੰਦਾ

ਮਿਜ਼ਾਜ ਐਨਾ ਵੀ ਝੱਲਿਆ ! ਆਜਿਜ਼ਾਨਾ ਠੀਕ ਨਹੀਂ ਹੁੰਦਾ ।
ਜਿਵੇਂ ਜੰਗਲ ਦੇ ਵਿੱਚ ਕੱਚਾ ਨਿਸ਼ਾਨਾ ਠੀਕ ਨਹੀਂ ਹੁੰਦਾ ।

ਵਫ਼ਾ ਦੀ ਰੋਸ਼ਨੀ ਵਿੱਚ ਨ੍ਹੇਰੇ ਨਾ ਕਰ ਦਾਖ਼ਿਲ,
ਸ਼ਰਾਬਾਂ ਸੁੱਚੀਆਂ ਵਿੱਚ ਜ਼ਹਿਰ ਪਾਣਾ ਠੀਕ ਨਹੀਂ ਹੁੰਦਾ ।

ਕਿਸੇ ਇਕ ਦਰ ਦਾ ਹੋ ਕੇ ਬਹਿ ਜਵੇਂ ਤਾਂ ਜ਼ਿੰਦਗੀ ਸੰਵਰੇ,
ਇਹ ਘਰ-ਘਰ ਝੂਰਨਾ, ਪੂਛਲ ਹਿਲਾਣਾ ਠੀਕ ਨਹੀਂ ਹੁੰਦਾ ।

ਅਜਬ ਭਾਂਬੜ ਪਏ ਮੱਚਦੇ ਨੇ ਸੀਨੇ ਵਿੱਚ ਜੁਦਾਈਆਂ ਦੇ,
ਮੈਂ ਕਹਿਨਾਂ ਜ਼ੁਲਮ ਐਡਾ ਵੀ ਕਮਾਣਾ ਠੀਕ ਨਹੀਂ ਹੁੰਦਾ ।

ਇਕ 'ਪਾਸ਼ੇ' ਯਾਰ ਦੀ ਸੱਚੀ ਕਹਾਣੀ ਦੇਖਿਉ ਸ਼ਾਹ ਜੀ !
ਹਮੇਸ਼ਾ ਛਾਪਿਆ ਝੂਠਾ ਫ਼ਸਾਨਾ ਠੀਕ ਨਹੀਂ ਹੁੰਦਾ ।

ਉਹਦੇ ਵਲ ਝਾਤ ਪਾ ਕੇ ਚੁੱਪ-ਚੁਪੀਤਿਆਂ ਪਰਤਣਾ ਚੰਗਾ,
ਦੁਆਰੇ ਯਾਰ ਦੇ ਧੂਣੀ ਰਮਾਣਾ ਠੀਕ ਨਹੀਂ ਹੁੰਦਾ ।

ਵਫ਼ਾ ਦੇ ਮੋਤੀਆਂ ਦੀ ਭਾਲ ਵਿੱਚ ਰੁਲਦਾ ਫਿਰੇ 'ਅਖ਼ਤਰ',
ਉਹ ਕਹਿੰਦੇ ਨੇ ਪਈ ਖ਼ਾਲੀ ਖ਼ਜ਼ਾਨਾ ਠੀਕ ਨਹੀਂ ਹੁੰਦਾ ।

੫. ਇਕ ਜ਼ਰਾ ਜਿਹੀ ਗੱਲ ਦਾ ਐਵੇਂ ਨਾ ਅਫ਼ਸਾਨਾ ਬਣੇ

ਇਕ ਜ਼ਰਾ ਜਿਹੀ ਗੱਲ ਦਾ ਐਵੇਂ ਨਾ ਅਫ਼ਸਾਨਾ ਬਣੇ ।
ਹਾਂ ਪਜ਼ੀਰਾਈ ਲਈ ਮਿਆਰ ਪੈਮਾਨਾ ਬਣੇ ।

ਦੋਸਤੀ ਦੇ ਜ਼ਿਕਰ 'ਤੇ ਹਾਸਾ ਮਸਾਂ ਮੈਂ ਰੋਕਿਆ,
ਜਾਨ ਦਾ ਜੰਜਾਲ ਅੱਜ-ਕੱਲ੍ਹ ਦਾ ਤੇ ਯਾਰਾਨਾ ਬਣੇ ।

ਇੱਕ ਪਾਸੇ ਉਹ ਉਸਾਰਨ ਖ਼ੈਰ ਦੇ ਉੱਚੇ ਮਹੱਲ,
ਇੱਕ ਪਾਸੇ ਰੌਸ਼ਨੀ ਦਾ ਸ਼ਹਿਰ ਵੀਰਾਨਾ ਬਣੇ ।

ਦਰਸਗਾਹਾਂ ਵਿੱਚ ਕਦੋਂ 'ਇਕਬਾਲ' ਜਾਂ ਚੱਲਦੇ 'ਜਿਨਾਹ' ?
ਕਾਲਜੋਂ ਨਿਕਲੇ ਤੇ ਮੁੰਡਾ 'ਜੱਗਾ-ਸੁਲਤਾਨਾ' ਬਣੇ ।

ਮੁੱਦਤਾਂ ਦਾ 'ਅਕਲ' ਪਿੱਛੇ ਮੈਂ ਫੜੀ ਫਿਰਨਾ ਹਾਂ ਡਾਂਗ,
ਦਾਨਿਆਂ ਦੇ ਸ਼ਹਿਰ ਵਿੱਚ ਕੋਈ ਤੇ ਦੀਵਾਨਾ ਬਣੇ ।

ਯਾਦ ਜੇ 'ਅਖ਼ਤਰ' ਜ਼ਰੂਰਤ ਤੇ ਰਵਾਬਤ 'ਗ਼ਜ਼ਲ' ਦੀ,
ਕੀ ਕਰਾਂ ਜੇਕਰ ਧਿੰਗਾਣੇ ਸ਼ਿਅਰ ਮਰਦਾਨਾ ਬਣੇ ।