Moghe Vichli Chiri : Charan Puadhi

ਮੋਘੇ ਵਿਚਲੀ ਚਿੜੀ : ਚਰਨ ਪੁਆਧੀ

ਮੋਘੇ ਵਿਚਲੀ ਚਿੜੀ

ਇੱਕ ਸੀ ਕੋਠਾ ਇੱਕ ਪੜਛੱਤੀ, ਪੜਛੱਤੀ ਕੋਲੇ ਮੋਘਾ।
ਮੋਘੇ ਦੇ ਵਿੱਚ ਚਿੜੀ ਸੀ ਰਹਿੰਦੀ, ਸਾਰੇ ਘਰ ਦੀ ਸ਼ੋਭਾ।

ਪਹੁ-ਫੁੱਟੀ ਤੇ ਚੂਕਣ ਲੱਗਦੀ, ਘਰਦਿਆਂ ਤਾਈਂ ਜਗਾਉਂਦੀ।
ਦਾਦੀ ਮਾਂ ਤਦ ਚੱਕੀ ਝੋ ਕੇ, ਦੁੱਧ ਰਿੜਕਣਾ ਪਾਉਂਦੀ।
ਘਮ-ਘਮ ਚਾਟੀ ਵਿੱਚ ਮਧਾਣੀ, ਸੁਣਦੀ ਸੀ ਸਭ ਲੋਗਾ।
ਮੋਘੇ ਦੇ ਵਿੱਚ ............................।

ਦਾਦੀ ਮਾਂ ਸੀ ਸ਼ਬਦ ਅਲਾਉਂਦੀ, 'ਵਾਜ਼ ਸੀ ਬੜੀ ਸੁਰੀਲੀ।
ਸਮਾਂ ਉਦੋਂ ਰੁਕ ਜਾਂਦਾ, ਜਾਂਦੀ ਕਾਇਨਾਤ ਸੀ ਕੀਲੀ।
ਦਾਦਾ ਮੇਰਾ ਨ੍ਹਾ ਕੇ ਆਉਂਦਾ ਪਿੰਡੋਂ ਬਾਹਰ ਸੀ ਟੋਭਾ।
ਮੋਘੇ ਦੇ ਵਿੱਚ...................................।

ਦਾਦਾ ਫਹੁੜੇ ਨਾਲ ਹਟਾਉਂਦਾ ਦਾਦੀ ਚੁੱਕਦੀ ਗੋਹਾ।
ਨਾਲੋ-ਨਾਲ ਸੀ ਗਾਉਂਦਾ ਰਹਿੰਦਾ ਬਾਬੇ ਫਰੀਦ ਦਾ ਦੋਹਾ।
ਟੋਕਰੇ ਦੇ ਨਾਲ ਸੁੱਕ ਪਾ ਦਿੰਦਾ ਚੁੱਕ ਸਲ੍ਹਾਬਾ ਖੋਭਾ।
ਮੋਘੇ ਦੇ ਵਿੱਚ.................................।

ਦਾਦਾ ਮੇਰਾ ਸੰਨ੍ਹੀ ਕਰਦਾ ਦਾਦੀ ਕੱਢਦੀ ਧਾਰਾਂ।
ਨਾਨਕ-ਬਾਣੀ ਨਾਲ ਜੁੜਦੀਆਂ ਸਨ ਦੋਹਾਂ ਦੀਆਂ ਤਾਰਾਂ।
ਦਾਦਾ ਜੋੜਦਾ ਗੱਡਾ ਖੇਤ ਨੂੰ ਪਾ ਚਿੜੀਆਂ ਨੂੰ ਚੋਗਾ।
ਮੋਘੇ ਦੇ ਵਿੱਚ................................।

ਸਾਗ ਤੌੜੀ ਦਾ ਮੱਖਣ-ਕੁੱਜਾ ਜਾ ਝਲਿਆਨੀ ਟਿਕਦਾ।
ਮਨ ਮੇਰਾ ਇਉਂ ਚੇਤੇ ਜਿੱਦਾਂ ਵਾਰਿਸ ਹੀਰ ਨੂੰ ਲਿਖਦਾ।
'ਚਰਨ' ਜ਼ਮਾਨੇ ਚਿੜੀ ਉਡਾ ’ਤੀ ਪੈ ਗਿਆ ਘਰ ਵਿੱਚ ਸੋਗਾ।
ਮੋਘੇ ਦੇ ਵਿੱਚ .....................।

ਪਿਆਰੀ ਗਾਂ

ਗਊ ਚਰਾਂਦ 'ਚ ਜਦ ਜਾਂਦੀ, ਘਰ ਕਰਦਾ ਏ ਭਾਂ-ਭਾਂ।
ਨੀਲੇ-ਚਿੱਟੇ ਡੱਬਿਆਂ ਵਾਲੀ, ਸਾਡੀ ਪਿਆਰੀ ਗਾਂ।

ਪਿਛਲੇ ਹਫਤੇ ਸੂਈ ਸੀ, ਇੱਕ ਵੱਛਾ ਏਸਨੇ ਦਿੱਤਾ।
ਲਾਡ ਲਡਾਉਂਦੀ, ਇੱਕ ਪਲ ਨਾ ਅੱਖੋਂ ਉਹਲੇ ਕੀਤਾ।
ਦੂਰ ਬੰਨ੍ਹੀਏ ਜੇਕਰ, ਰੰਭਦੀ ਕਰਕੇ ਇਹ ਬਾਂ-ਬਾਂ।
ਨੀਲੇ-ਚਿੱਟੇ................................।

ਵੱਡਾ ਡੋਲੂ ਦੁੱਧ ਦਾ ਭਰਕੇ, ਸਾਨੂੰ ਹੈ ਇਹ ਦਿੰਦੀ।
ਬੁੱਢਾ-ਬੱਚਾ ਕੋਈ ਵੀ ਖੋਹਲੇ, ਕਦੇ ਨਾ ਮਾਰਨ ਪੈਂਦੀ।
ਬਿਨਾ ਨਿਆਣਿਓਂ ਧਾਰ ਕੱਢੀਏ, ਕਦੇ ਟੱਪਦੀ ਨਾ।
ਨੀਲੇ-ਚਿੱਟੇ...............................।

ਚਰ੍ਹੀ ਦੇ ਵਿੱਚ ਰਲਾ ਕੇ ਤੂੜੀ, ਅਸੀਂ ਇਸਨੂੰ ਪਾਉਂਦੇ।
ਵੜੇਵਿਆਂ ਦੀ ਖਲ ਦਾ ਇੱਕ ਤਸਲਾ, ਖੁਰਲੀ ਵਿੱਚ ਟਿਕਾਉਂਦੇ।
ਸਰਦੀ ਦੇ ਵਿੱਚ ਧੁੱਪ ਲੋਚਦੀ, ਗਰਮੀ ਦੇ ਵਿੱਚ ਛਾਂ।
ਨੀਲੇ-ਚਿੱਟੇ ................।

ਚੰਗੇ ਬੱਚੇ

ਚੰਗੇ ਬੱਚੇ ਨਹੀਂ ਕਦੇ ਜਮਾਤ 'ਚ ਰੌਲਾ ਪਾਉਂਦੇ।
ਰੋਜ਼ ਅਸਾਡੇ ਮਾਸਟਰ ਜੀ ਸਾਨੂੰ ਸਮਝਾਉਂਦੇ।

ਕਾਪੀਆਂ ਕਾਇਦਿਆਂ ਉੱਤੇ ਜਿਲਦ ਚੜ੍ਹਾ ਕੇ ਰੱਖੋ।
ਨਾਮ ਲਿਖਕੇ ਵਿੱਚ ਬਸਤੇ ਦੇ ਪਾ ਕੇ ਰੱਖੋ।
ਅਸੀਂ ਗੱਲ ਜੇ ਮੰਨੀਏ ਨਾ ਤਾਂ ਡੰਡੇ ਲਾਉਂਦੇ।
ਰੋਜ਼ ਅਸਾਡੇ ..........................।

ਕਾਪੀਆਂ ਅਤੇ ਕਿਤਾਬਾਂ ’ਤੇ ਨਾ ਕਾਟੇ ਮਾਰੋ।
ਭਾਵੇਂ ਹੋਣ ਖ਼ਰਾਬ ਸਫੇ ਪਰ ਕਦੇ ਨਾ ਪਾੜੋ।
ਚੰਗੇ ਬੱਚੇ ਗੱਲ ਨੂੰ ਦਿਲ ਦੇ ਵਿੱਚ ਬਿਠਾਉਂਦੇ।
ਰੋਜ਼ ਅਸਾਡੇ ....................।

ਕਲਮ ਸਿਆਹੀ ਗਾਚਣੀ ਪੈਂਸਿਲ ਵਧੀਆ ਹੋਵੇ।
ਚੰਗਾ ਬੱਚਾ ਉਹੀ ਜੋ ਕਦੇ ਚੀਜ਼ ਨਾ ਖੋਵੇ।
ਚੰਗੇ ਬੱਚੇ ਕਦੇ ਬਹਾਨੇ ਨਹੀਂ ਬਣਾਉਂਦੇ।
ਰੋਜ਼ ਅਸਾਡੇ .........................।

ਹੁਣ ਕੀ ਬਣਦਾ ?

ਲਿਖਣ ਲੱਗਿਆ ਏ ਬੀ ਸੀ ਡੀ.
ਪਰ ਨਾ ਸਿੱਖਿਆ ਆੜਾ ਈੜੀ
ਮਗਜ਼ ਖਪਾਇਆ ਮਾਸਟਰ ਜੀ ਨੇ,
ਜੂੰ ਨਾ ਸਰਕੀ ਤੇਰੇ ’ਤੇ।
ਹੁਣ ਕੀ ਬਣਦਾ ਬੁੱਲ੍ਹ ਟੇਰੇ 'ਤੇ।

ਦੱਸੇ ਉਠ ਨੂੰ ਊੜਾ ਬੋਤਾ।
ਅੰਬਾ ਦੇ ਕੋਲ ਹੈ ਸੱਪ ਖਲੋਤਾ,
ਹਾਥੀ ਇੰਜਣ ਚੁੱਕ ਲਵੇ ਨਾ,
ਰਹਿੰਦਾ ਖੌਫ ਮਾਸੂਮੀ ਚਿਹਰੇ 'ਤੇ।
ਹੁਣ ਕੀ ਬਣਦਾ............।

ਐਪਲ ਚੁੱਕ ਲੈ ਗਿਆ ਮੌਂਕੀ।
ਕੈਟ ਦੇ ਪਿੱਛੇ ਲੱਗਿਆ ਡੌਂਕੀ
ਐਲੀਫੈਂਟ ਬੈਟ ਨਾਲ ਖੇਡੇ
ਝੂਲਦਾ ਪਿਆ ਫਲੈਗ ਬਨੇਰੇ 'ਤੇ।
ਹੁਣ ਕੀ ਬਣਦਾ .......।

ਅ ਆ ਹਿੰਦੀ ਦੀ ਪ੍ਰੇਸ਼ਾਨੀ।
ਪੀਛੇ ਪੜਗੀ ਕਹਿਤਾ ਜਾਨੀ।
ਮੈਨੇ ਤੋ ਅੰਗਰੇਜ਼ ਹੈ ਬਣਨਾ,
ਮੌਤ ਫੈਂਕੋ ਹਿੰਦ ਕੇ ਡੇਰੇ ਤੇ।
ਹੁਣ ਕੀ ਬਣਦਾ ..........।

ਯੇ ਕਿਆ ਅਲਫ ਬੇ ਪੇ ਤੇ ਟੇ।
ਅੰਮੀ ਜਾਨ ਕਹੇ ਸੁਨ ਬੇਟੇ।
ਅੱਲ੍ਹਾ ਅਜ਼ਲ ਕੋ ਯਾਦ ਤੂ ਕਰਨਾ,
ਰੱਬ ਮੇਹਰ ਕਰੇਗਾ ਤੇਰੇ ਤੇ।
ਹੁਣ ਕੀ ਬਣਦਾ ..........।

ਪੱਪੂ ਦਾ ਪਤੰਗ

ਪੱਪੂ ਇੱਕ ਪਤੰਗ ਲਿਆਇਆ।
ਬੜੇ ਸ਼ੌਕ ਨਾਲ ਉਪਰ ਚੜ੍ਹਾਇਆ।

ਹਵਾ ਦੇ ਵਿੱਚ ਵਲੇਵੇਂ ਖਾਂਦਾ।
ਉੱਪਰੋ-ਉੱਪਰ ਚੜ੍ਹਦਾ ਜਾਂਦਾ।

ਅਰਸ਼ ’ਚ ਦੀਵਾ ਜਗਦਾ ਸੀ।
ਕਿੰਨਾ ਸੋਹਣਾ ਲਗਦਾ ਸੀ।

ਰਿੰਪੀ ਨੇ ਵੀ ਚਾੜ੍ਹ ਲਿਆ।
ਸੋਹਣਾ ਮੌਕਾ ਤਾੜ ਲਿਆ।

ਡੋਰ ’ਚ ਡੋਰ ਫਸ ਪਈ।
ਰਿੰਪੀ ਦੀਦੀ ਹਸ ਪਈ।

ਰਿੰਪੀ ਪਿੱਛੇ ਹਟ ਗਈ।
ਡੋਰ ਪਤੰਗ ਦੀ ਕਟ ਗਈ।

ਪਤੰਗ ਧਰਤ ਤੇ ਔਹ ਪਿਆ।
ਪੱਪੂ ਵੀਰਾ ਰੋ ਪਿਆ।

ਕ੍ਰਿਕੇਟ

ਕਰਕੇ ਲੰਮੀ ਸੋਚਮ-ਸੋਚ।
ਕੁੱਕੜ ਬਣ ਗਿਆ ਕ੍ਰਿਕੇਟ ਕੋਚ।

ਕਹਿੰਦਾ ਇੰਡੀਆ ਟੀਮ ਤਾਂ ਫਿਸ।
ਕਰਦੀ ਨਾ ਕੁਝ ਕਿੱਸਮ-ਕਿਸ।

ਮਾਰੇ ਕੂਕਾਂ ਲਾਏ ਕਲੰਕ।
ਵਰਲਡ ਕੱਪ ਤੋਂ ਰਹੇ ਅਟੰਕ।

ਆਪਾਂ ਸਭ ਦਾ ਕੱਢਣਾ ਧੂੰ।
ਕਰਨਾ ਏ ਜਦ ਕੁੱਕੜੂੰ-ਕੂੰ।

ਕੂੜਾ ਕਰਕਟ ਸਾਡੀ ਜਾਨ।
ਰੂੜੀ ਤੇ ਖਿੱਚ ਲਿਆ ਮੈਦਾਨ।

ਕਿੱਕਰ ਤੇ ਚੜ੍ਹ ਦੇ ’ਤੀ ਬਾਂਗ।
ਆ ਜਾਓ ਮਾਰਨੀ ਜੀਹਨੇ ਛਲਾਂਗ।

ਭੱਜ ਆਏ ਕਿਗੜੂ ਥਿਗੜੂ।
ਪਿੱਛੇ ਉਨ੍ਹਾਂ ਦੇ ਦਬੜੂ-ਘੁਸੜੂ।

ਆਏ ਫਲਾਣੇ ਇਮਕੇ ਢਿਮਕੇ।
ਸ਼ੁਰੂ ਹੋ ਗਏ ਕਿਮਕੇ ਚਿਮਕੇ।

ਗਰਮ ਮੈਦਾਨ ਤੇ ਬਿੱਲੀ ਆ ਗਈ।
ਕੜ-ਕੜ, ਕੜ-ਕੜ ਸਭ ਨੂੰ ਖਾ ਗਈ।

ਸ਼ੇਰ ਦਾ ਐਲਾਨ

ਸ਼ੇਰ ਨੇ ਕੀਤਾ ਜਦ ਐਲਾਨ।
ਆਪੋ-ਆਪਣੇ ਲਿਆਓ ਵਾਹਨ।

ਨਹੀਂ ਕਿਸੇ ਦੀ ਚੱਲਣੀ ਚੌੜ।
ਅੱਜ ਲਵਾਉਣੀ ਸਭ ਦੀ ਦੌੜ।

ਸੁਣ ਕੇ ਕੁੱਤੇ ਲਿਆਂਦੀ ਕਾਰ।
ਜਿਸ ਤੇ ਟੰਗੇ ਫੁੱਲ ਹਜ਼ਾਰ।

ਬਾਂਦਰ ਲਿਆਂਦਾ ਬੰਬੂਕਾਟ।
ਹੈ ਸੀ ਪਹਿਲੀ ਕਿੱਕ ਸਟਾ'ਟ।

ਖੋਤੇ ਲਿਆਂਦਾ ਟੱਟੂ ਠੇਲ੍ਹਾ।
ਲੱਦੀ ਖੋਤੀ ਨਹੀਂ ਅਕੇਲਾ।

ਘੋੜਾ ਦੱਬੀ ਵਿਰੇ ਘਤੂਕਾ।
ਇੰਜਣ ਮਾਰੇ ਅੰਗ-ਭੰਬੂਕਾ।

ਬਲਦ ਨੇ ਰੋੜ੍ਹ ਲਿਆਂਦੀ ਬੱਸ।
ਗਾਂ ਕੰਡਕਟਰ ਬਣ ਗਈ ਹੱਸ।

ਰਿੱਛ ਲਿਆਇਆ ਰੇਸਰ ਰਾਕਟ।
ਰੇਸਾਂ ਦੇ ਦੇ ਕੱਢੇ ਘੁੰਗਾਟ।

ਵਿੱਚ ਵੈਨ ਦੇ ਬੈਠਾ ਹਾਥੀ।
ਲੂੰਬੜ ਗਿੱਦੜ ਜਿਸਦੇ ਸਾਥੀ।

ਸ਼ੇਰ ਨੇ ਮਾਰੀ ਸੀਟੀ ਜਦ।
ਮਾਰਿਆ ਪੈਡਲ ਸੇਹ ਨੇ ਤਦ।

ਬਾਕੀ ਕਰਦੇ ਰਹੇ ਸਟਾਰਟ।
ਗੇਅਰ ਕਲੱਚਾਂ ਦੀ ਘਬਰਾਹਟ।

ਸੇਹ ਅੱਗੇ ਨੂੰ ਵਧਦੀ ਜਾਵੇ।
ਬੱਧੇ ਕੰਡੇ ਛੱਡਦੀ ਜਾਵੇ।

ਪੈਂਚਰ ਹੋ ਗੇ ਸਭ ਦੇ ਟੈਰ।
ਸਭਨਾਂ ਦੇ ਗਏ ਖਾਲੀ ਫੈਰ।

ਸੇਹ ਸਭਨਾਂ ਨੂੰ ਕਰਗੀ ਚਿੱਤ।
ਗਈ ਏ ਅੱਜ ਮੁਕਾਬਲਾ ਜਿੱਤ।

ਪੈਂਤੀ ਅੱਖਰੀ

ੳ ਅ ੲ ਸ ਹਾਹਾ ਬੱਚਿਓ।
ਵਿੱਦਿਆ ਦਾ ਲੈਣਾ ਸਦਾ ਲਾਹਾ ਬੱਚਿਓ।

ਕ ਖ ਗ ਘ ਙ ਕਹੋਗੇ।
ਸੱਚ ਬੋਲੋਗੇ ਜੇ ਸਦਾ ਸੁਖੀ ਰਹੋਗੇ।

ਚ ਛ ਜ ਝ ਞ ਲਿਖਣਾ।
ਚੰਗੀਆਂ ਕਿਤਾਬਾਂ ਪੜ੍ਹ ਚੰਗਾ ਸਿੱਖਣਾ।

ਟ ਠ ਡ ਢ ਣ ਬੋਲਣਾ।
ਚੰਗੇ ਕੰਮ ਕਰਨੋਂ ਕਦੇ ਨੀ ਡੋਲਣਾ।

ਤ ਥ ਦ ਧ ਨ ਪੜ੍ਹਿਓ।
ਪਾਵਣਾ ਜੇ ਸੁੱਖ ਕਦੇ ਵੀ ਨਾ ਲੜਿਓ।

ਪ ਫ ਬ ਭ ਮ ਬੀਬਿਓ।
ਕਰਨਾ ਨਾ ਕੰਮ ਕੋਈ ਨਿਕੰਮਾ ਬੀਬਿਓ।

ਯ ਰ ਲ ਵ ੜ ਬੋਲ ਕੇ।
ਬੋਲਣਾ ਹੈ ਪਿੱਛੋਂ ਪਹਿਲਾਂ ਗੱਲ ਤੋਲ ਕੇ।

ਕਬੂਤਰ ਚੀਨੇ

ਹਾਲੇ ਹੋਏ ਨੇ ਦੋ ਕੁ ਮਹੀਨੇ।
ਰੱਖੇ ਅਸੀਂ ਕਬੂਤਰ ਚੀਨੇ।

ਚਿੱਟੇ ਮੋਤੀਆਂ ਵਰਗੇ ਸੁੱਚੇ।
ਅਰਸੀਂ ਉਡਦੇ ਉੱਚੇ-ਉੱਚੇ।
ਸਾਡੇ ਨੇ ਛੁਟ ਜਾਣ ਪਸੀਨੇ।
ਰੱਖੇ ਅਸੀਂ................।

ਕਲਾ ਬਾਜ਼ੀਆਂ ਖਾਂਦੇ ਰਹਿੰਦੇ।
ਹੋਰ ਵੀ ਖੇਲ੍ਹ ਦਿਖਾਂਦੇ ਰਹਿੰਦੇ।
ਮੁੰਦਰੀ ਦੇ ਵਿੱਚ ਜਿਵੇਂ ਨਗੀਨੇ।
ਰੱਖੇ ਅਸੀਂ...................।

ਆ ਕੇ ਫਿਰ ਛਤਰੀ ਤੇ ਬਹਿੰਦੇ।
ਪਾਇਆ ਚੋਗਾ ਚੁਗਦੇ ਰਹਿੰਦੇ।
ਸਿਫਤ ਕਰੀ ਹੈ ਦੇਖੇ ਜੀਹਨੇ।
ਰੱਖੇ ਅਸੀਂ...................।

ਇਕਤਾਰਾ ਵੱਜਦਾ

ਤੁਨ-ਤੁਨ-ਤੁਨ ਇਕਤਾਰਾ ਵੱਜਦਾ।
ਸਭਨਾਂ ਨੂੰ ਵੀਰੋ ਬੜਾ ਪਿਆਰਾ ਲੱਗਦਾ।
ਆਖਦਾ ਏ ਵੀਰੋ ਛੱਡੋ ਭੈੜਿਆਂ ਕੰਮਾਂ ਨੂੰ।
ਕਰਨਾ ਹਮੇਸ਼ਾ ਕੋਈ ਕੰਮ ਚੱਜ ਦਾ।
ਤੁਨ-ਤੁਨ-ਤੁਨ ........................।

ਹੱਕ ਦਾ ਕਮਾਇਆ ਫਲਦਾ ਤੇ ਫੁੱਲਦਾ।
ਮੋਤੀ ਪੈਦਾ ਕਰੇ ਮੁੜ੍ਹਕਾ ਜੋ ਡੁੱਲ੍ਹਦਾ।
ਕਰਦਾ ਜੋ ਕਿਰਤ ਹੈ ਦਸਾਂ ਨਹੁੰਆਂ ਦੀ,
ਉਹ ਬੰਦਾ ਸਭਨਾ ਦਾ ਦਿਲ ਠੱਗਦਾ।
ਤੁਨ-ਤੁਨ-ਤੁਨ......................।

ਚੋਰੀ, ਹੇਰਾ-ਫੇਰੀ ਇਹ ਬੁਰੇ ਕੰਮ ਨੇ।
ਡਰ ਪੈਦਾ ਕਰਦੇ ਜੋ ਹਰਦਮ ਨੇ।
ਇਸ ਲਈ ਇਨ੍ਹਾਂ ਨੂੰ ਵਿਸਾਰ ਦੇਣਾ ਮਨੋਂ,
ਸਦਾ ਲਈ ਬਣਦਾ ਫਰਜ਼ ਸਭ ਦਾ।
ਤੁਨ-ਤੁਨ-ਤੁਨ....................।

ਬਰਕਤ ਹੁੰਦੀ ਹੱਕ ਦੀ ਕਮਾਈ 'ਚ।
ਘਾਟਾ ਰਹਿੰਦਾ ਸਦਾ ਲੁੱਟ ਤੇ ਲੁਟਾਈ `ਚ।
ਮਿਹਨਤੀ ਬੰਦੇ ਨੂੰ ਜਾਂਦਾ ਸਤਿਕਾਰਿਆ,
ਬੁਰਾ ਹਾਲ ਹੁੰਦਾ ਸਦਾ ਚੋਰ ਠੱਗ ਦਾ।
ਤੁਨ-ਤੁਨ-ਤੁਨ......................।

ਅੰਬਾਂ ਵਾਲਾ ਭਾਈ

ਉੱਚੀ-ਉੱਚੀ ਹੋਕਾ ਲਾਇਆ।
ਅੰਬਾਂ ਵਾਲਾ ਭਾਈ ਆਇਆ।

ਅੰਬ ਲੈ ਲਵੋ ਭੈਣੇ ਵੀਰੋ।
ਸਾਰੇ ਅੰਬਾਂ ਦੇ ਵਿੱਚ ਹੀਰੋ।
ਸਾਈਕਲ ਉੱਤੇ ਫੇਰਾ ਪਾਇਆ।
ਅੰਬਾਂ ਵਾਲਾ................।

ਮਿੱਠੇ-ਮਿੱਠੇ ਪੋਲੇ-ਪੋਲੇ।
ਜਿਵੇਂ ਹੁੰਦੇ ਨੇ ਸ਼ਹਿਦ ਦੇ ਗੋਲੇ।
ਸਿਫ਼ਤ ਹੈ ਕੀਤੀ ਜਿਸ ਵੀ ਖਾਇਆ।
ਅੰਬਾਂ ਵਾਲਾ....................।

ਬੱਚੇ ਸੁਣਕੇ ਭੱਜੇ ਆਉਂਦੇ।
ਕਈ ਪੈਸੇ ਕਈ ਦਾਣੇ ਲਿਆਉਂਦੇ।
ਕਈਆਂ ਨੇ ਹੈ ਝੋਲ ਭਰਾਇਆ।
ਅੰਬਾਂ ਵਾਲਾ .....................।

ਆਖੇ ਲੱਗ ਕੇ ਮੰਮੀ ਜੀ ਦੇ।
ਮੈਂ ਵੀ ਕਈ ਅੰਬ ਖਰੀਦੇ।
ਫਰਿੱਜ ਵਿੱਚ ਮੈਂ ਆਣ ਟਿਕਾਇਆ।
ਅੰਬਾਂ ਵਾਲਾ.......................।

ਲਾਇਬ੍ਰੇਰੀ

ਰੋਜ਼ ਖੁਲ੍ਹਦੀ ਸੁਬ੍ਹਾ-ਸਵੇਰੀ।
ਚਾਚਾ ਜੀ ਦੀ ਲਾਇਬ੍ਰੇਰੀ।

ਆਉਂਦੀਆਂ ਨੇ ਕਈ ਪੱਤ੍ਰਿਕਾਵਾਂ।
ਰੰਗ ਬਿਰੰਗੀਆਂ ਚਿਤਰਕਥਾਵਾਂ।
ਲੱਗ ਜਾਂਦੀ ਏ ਡਾਕ ਦੀ ਢੇਰੀ।
ਚਾਚਾ ਜੀ ....।

ਕਈ ਅਖ਼ਬਾਰ ਪੰਜਾਬੀ ਦੇ ਨੇ।
ਇੱਕ ਦੋ ਇੰਗਲਿਸ਼ ਹਿੰਦੀ ਦੇ ਨੇ।
ਤਾਜ਼ੀ ਖ਼ਬਰ ਮਿਲੇ ਬਿਨ ਦੇਰੀ।
ਚਾਚਾ ਜੀ......।

ਰਖਨਿਆਂ ਵਿੱਚ ਕਿਤਾਬਾਂ ਲਾਈਆਂ।
ਝਾੜ ਪੂੰਝ ਕੇ ਹੈਨ ਸਜਾਈਆਂ।
ਅਕਲ ਇਨ੍ਹਾਂ ਵਿੱਚ ਬਥੇਰੀ।
ਚਾਚਾ ਜੀ....।

ਬਲੂੰਗੜਾ

ਇੱਕ ਮਰੀਅਲ ਜਿਹਾ ਦਰ ਸਾਡੇ।
ਆਇਆ ਬਲੂੰਗੜਾ ਘਰ ਸਾਡੇ।

ਮਿਆਊਂ ਮਿਆਉਂ ਕਰਦਾ ਫਿਰਦਾ
ਬੋਚ-ਬੋਚ ਪੱਬ ਧਰਦਾ ਫਿਰਦਾ।
ਅੰਦਰ ਤੇ ਬਾਹਰ ਸਾਡੇ।
ਆਇਆ........................।

ਬਿੱਲੀ ਕਿਤੇ ਬਿਆਈ ਹੋਊ
ਉਹੀਓ ਚੁੱਕ ਲਿਆਈ ਹੋਊ
ਕਰਨੀ ਹੋਊ ਗੁਜ਼ਰ ਸਾਡੇ।
ਆਇਆ............।

ਜਦੋਂ ਕਿਤੇ ਵੀ ਸੂੰਦੀ ਬਿੱਲੀ।
ਕਈ ਘਰ ਜਾਂਦੀ ਆਉਂਦੀ ਬਿੱਲੀ।
ਦੱਸਦੇ ਸੀ ਸਾਨੂੰ ਸਰ ਸਾਡੇ।
ਆਇਆ.....................।

ਰੋਝ ਦੀ ਦਾਵਤ

ਰੋਝ ਪ੍ਰੀਤੀ ਭੋਜ ਦੇ ਉੱਤੇ, ਜਾਨਵਰਾਂ ਤਾਈਂ ਬੁਲਾਵੇ।
ਯਾਕ ਲਿਆਵੇ ਡਾਕ, ਗਰੀਟਿੰਗ ਸਭ ਦੇ ਤਾਈਂ ਪੁਚਾਵੇ।
ਖੋਤਾ ਚੌਂਕ ਖਲੋਤਾ, ਚਿੱਠੀ ਦੇਖਕੇ ਭੱਜਾ ਆਇਆ।
ਘੋੜੇ ਦੰਦ ਘਰੋੜੇ ਨੂੰ ਵੀ ਉਸ ਨੇ ਨਾਲ ਰਲਾਇਆ!
ਕੁੱਤਾ ਸੀ ਅਧਸੁੱਤਾ ਸੁਣਕੇ ਦੇਰੀ ਨਾ ਉਸ ਲਾਈ।
ਬਿੱਲੀ ਸੁੱਖ ਸਬੀਲੀ ਦੇ ਨਾਲ ਜਾਕੇ ਸੁਰ ਮਿਲਾਈ।
ਹਾਥੀ ਮਾਰ ਪਲਾਥੀ ਬੈਠਾ ਚੱਬ ਰਿਹਾ ਸੀ ਗੰਨੇ।
ਭਾਲੂ ਪੱਟ ਕਚਾਲੂ ਦੇ ਨਾਲ ਜਾਊਂਗਾ ਜੇ ਮੰਨੇ।
ਝੋਟਾ ਕੱਸ ਲੰਗੋਟਾ ਵੀਰੋ ਤੁਰਿਆ ਬੀੜ ਪਲਾਣੇ
ਢੱਠਾ ਹਾਸੀ ਠੱਠਾ ਕਰਦਾ ਆਇਆ ਵਲ ਧਿਝਾਣੇ।
ਬਾਂਦਰ ਕਸਕੇ ਆਂਦਰ ਪੋਟਾ ਛੱਡ ਗਿਆ ਝੂਟੇ-ਮਾਟੇ।
ਲੂੰਬੜ ਬਣਿਆ ਤੂੰਬੜ ਉਸਨੂੰ ਮਿਲਿਆ ਸੀ ਅਧਵਾਟੇ।
ਜੰਗਲੀ ਜਾਨਵਰ ਸੰਗਲੀਆਂ ਤੇ ਤੋੜ ਕੇ ਪਿੰਜਰੇ ਆਏ।
ਚੀਤਾ ਚੁੱਪ-ਚਪੀਤਾ ਸਭ ਨੂੰ ਭੋਜਨ ਹੈ ਵਰਤਾਏ।
ਖਾਣਾ ਸੀ ਮਨ ਭਾਣਾ ਸਭ ਨੂੰ ਰਾਮ ਨੇ ਪਰਦੇ ਕੱਜੇ।
ਰੱਜ ਪੁੱਜ ਕੇ ਗੱਜ ਗੁੱਜ ਕੇ ਜੰਗਲ ਵੱਲ ਸਭ ਭੱਜੇ।

ਦਾਦਾ ਜੀ

ਮਿਲਕੇ ਰਹਿਣਾ ਹਰਦਮ ਕਹਿੰਦੇ।
ਦਾਦਾ ਜੀ ਇਹ ਸਿੱਖਿਆ ਦਿੰਦੇ।

ਛੇਤੀ ਸੌਂ ਕੇ ਛੇਤੀ ਜਾਗੋ।
ਆਲਸ ਭੈੜੀ ਬਾਣ ਤਿਆਗੋ।
ਨਾਮ ਸਿਮਰੋ ਉਠਦੇ ਬਹਿੰਦੇ।
ਦਾਦਾ ਜੀ..................।

ਦਾਤਣ ਕੁਰਲੀ ਰੋਜ਼ ਨਹਾਓ।
ਖੁੱਲ੍ਹੇ ਦੇ ਵਿੱਚ ਸ਼ੌਚ ਨਾ ਜਾਓ।
ਚੰਗੇ ਬੱਚੇ ਸਾਫ ਨੇ ਰਹਿੰਦੇ।
ਦਾਦਾ ਜੀ...............।

ਮਾਤਾ-ਪਿਤਾ ਤੇ ਗੁਰੂ ਦਾ ਕਹਿਣਾ।
ਖਿੜੇ ਮੱਥੇ ਵਜਾਉਂਦੇ ਰਹਿਣਾ।
ਉੱਚੇ ਬਣਦੇ ਜੋ ਗੱਲ ਸਹਿੰਦੇ।
ਦਾਦਾ ਜੀ.....................।

ਪੜ੍ਹਨਾ ਲਿਖਣਾ ਸੋਚਣਾ ਚੰਗਾ।
ਥੋੜ੍ਹਾ ਹੱਸਣਾ ਖੇਡਣਾ ਚੰਗਾ।
ਨਿਰਮਲ ਪਾਣੀ ਜੋ ਨੇ ਵਹਿੰਦੇ।
ਦਾਦਾ ਜੀ.....................।

ਗਿਣਤੀ

ਇੱਕ ਇਕਤਾਰਾ ਦੋ ਦੀਵੇ।
ਬੁੱਢੀ ਗੁਥਲੀ ਪਈ ਸੀਵੇ।

ਤਿੰਨ ਤਖ਼ਤੀਆਂ ਚਾਰ ਚਿੜੀਆਂ।
ਬੁੱਢੀ ਦੀਆਂ ਬਾਛਾਂ ਖਿੜੀਆਂ।

ਪੰਜ ਪੈਸੇ ਛੇ ਛੱਲੀਆਂ।
ਕਣਕ ਵੇਚਦੀ ਚੁਗ ਬੱਲੀਆਂ।

ਸੱਤ ਸਿੱਪੀਆਂ ਅੱਠ ਅੰਬੀਆਂ।
ਬੁੱਢੀ ਦੀਆਂ ਸਕੀਮਾਂ ਲੰਬੀਆਂ।

ਨੌਂ ਨਰਦਾਂ ਦਸ ਦੁੱਕੀਆਂ।
ਬੁੱਢੀਆਂ ਕਦੇ ਵੀ ਨਹੀਂ ਥੱਕੀਆਂ।

ਪੜ੍ਹੋ ਕਿਤਾਬ

ਐਵੇਂ ਕਰੋ ਨਾ ਸਮਾਂ ਖਰਾਬ।
ਹਰ ਰੋਜ਼ ਕੋਈ ਪੜ੍ਹੋ ਕਿਤਾਬ।

ਘਰੇ ਲਵਾਓ ਇੱਕ ਅਖ਼ਬਾਰ।
ਮਿਲਣੇ ਦੁਨੀਆਂ ਦੇ ਸਮਾਚਾਰ।

ਲਾਇਬ੍ਰੇਰੀ ਦੇ ਬਣੋ ਮੈਂਬਰ।
ਜ਼ਿੰਦਗੀ ਦੇ ਵਿੱਚ ਆ ਜਾਊ ਛਹਿਬਰ।

ਖਰੀਦੋ ਮਨ ਭਾਉਂਦੇ ਮੈਗਜ਼ੀਨ।
ਜ਼ਿੰਦਗੀ ਬਣ ਜਾਊਗੀ ਹੁਸੀਨ।

ਪੜ੍ਹੋ ਹੋਰਾਂ ਨੂੰ ਲਾਓ ਰੀਸ।
ਵਿੱਦਿਆ ਦੇਵੀ ਦੇਊ ਅਸੀਸ।

ਕਰੋਗੇ ਸਾਹਿਤ ਦਾ ਸਤਿਕਾਰ।
ਮਿਲੂ ਤੁਹਾਨੂੰ ਖੁਸ਼ੀ ਅਪਾਰ।

ਵਿੱਦਿਆ ਰਾਣੀ

ਵਿੱਦਿਆ ਰਾਣੀ ਦਾ ਘਰ ਵੀਰੋ,
ਹੈਗਾ ਏ ਵਿੱਦਿਆਲਾ।
ਜਿਹੜਾ ਇਸ ਘਰ ਚੱਲ ਕੇ ਆਵੇ,
ਉਹ ਹੈ ਕਰਮਾ ਵਾਲਾ।

ਜੋ ਵਿੱਦਿਆ ਦਾ ਅਧਿਐਨ ਕਰਦਾ,
ਅਧਿਆਪਕ ਕਹਿਲਾਂਦਾ।
ਜੋ ਵਿੱਦਿਆ ਨੂੰ ਹਾਸਿਲ ਕਰਦਾ,
ਵਿਦਿਆਰਥੀ ਬਣ ਜਾਂਦਾ।

ਵਿੱਦਿਆ ਰਾਣੀ ਵਿੱਦਿਆ ਵੰਡੇ,
ਘਰ ਘਰ ਦੇ ਵਿੱਚ ਜਾ ਕੇ।
ਮੈਗਜ਼ੀਨਾਂ ਅਖ਼ਬਾਰਾਂ ਵਾਲਾ,
ਆਪਣਾ ਰੂਪ ਬਣਾਕੇ।

ਲਾਇਬ੍ਰੇਰੀਆਂ ਵਿੱਚ ਭਰੇ ਨੇ,
ਵਿੱਦਿਆ ਦੇ ਭੰਡਾਰੇ।
ਜੋ ਇਹਨਾਂ ਨਾਲ ਰਾਬਤਾ ਰੱਖੇ,
ਉਸਦੇ ਵਾਰੇ ਨਿਆਰੇ।

ਵਿੱਦਿਆ ਦਾ ਪਰਉਪਕਾਰ

ਉਡਿਆ ਫਿਰਦਾ ਏ ਸੰਸਾਰ।
ਇਹ ਵਿੱਦਿਆ ਦਾ ਪਰਉਪਕਾਰ।

ਵਿੱਦਿਆ ਪੜ੍ਹ ਕੋਈ ਬਣਿਆ ਮਾਸਟਰ।
ਪਾਇਲਟ ਪ੍ਰੋਫੈਸਰ ਮੈਨੇਜਰ
ਪਟਵਾਰੀ ਕੋਈ ਤਹਿਸੀਲਦਾਰ।
ਇਹ ਵਿੱਦਿਆ...................।

ਐਕਟਰ ਡਾਕਟਰ ਕੋਈ ਕੁਲੈਕਟਰ।
ਜੱਜ ਵਕੀਲ ਕੋਈ ਇੰਸਪੈਕਟਰ।
ਕਵੀ ਲੇਖਕ ਕੋਈ ਨਾਟਕਕਾਰ।
ਇਹ ਵਿੱਦਿਆ ..................।

ਕੋਈ ਸੰਚਾਲਕ ਕੋਈ ਅਨੁਵਾਦਕ।
ਛਾਪਕ, ਪ੍ਰਕਾਸ਼ਕ, ਸੰਪਾਦਕ।
ਛਾਪਣ ਮੈਗਜ਼ੀਨ ਅਖਬਾਰ
ਇਹ ਵਿੱਦਿਆ...................।

ਮੁੱਖ ਮੰਤਰੀ ਪ੍ਰਧਾਨ ਮੰਤਰੀ।
ਵਿੱਤ ਸਿੱਖਿਆ ਕੋਈ ਵਾਹਨ ਮੰਤਰੀ।
ਗਾਈਡ ਵਿਗਿਆਨੀ ਸੂਬੇਦਾਰ।
ਇਹ ਵਿੱਦਿਆ..................।

ਇੱਕ ਤੇ ਇੱਕ ਦੋ

ਇੱਕ ਤੇ ਇੱਕ ਦੋ ਦੋ ਤੇ ਦੋ ਚਾਰ ਹੁੰਦੇ ਨੇ।
ਜੋ ਰਲ ਆਪਸ ਵਿੱਚ ਖੇਡਣ ਉਹ ਸਰਦਾਰ ਹੁੰਦੇ ਨੇ।

ਤਿੰਨ ਤੇ ਤਿੰਨ ਛੇ ਚਾਰ ਤੇ ਚਾਰ ਅੱਠ ਵੀਰ ਜੀ।
ਸਭ ਨੂੰ ਲੱਗਦਾ ਚੰਗਾ ਪਿਆਰ ਦਾ 'ਕੱਠ ਵੀਰ ਜੀ।

ਪੰਜ ਤੇ ਪੰਜ ਦਸ ਛੇ ਤੇ ਛੇ ਬਾਰ੍ਹਾਂ ਭੈਣ ਜੀ।
ਰੱਖੀਏ ਨਾ ਕਦੇ ਵਿੱਚ ਦਿਲਾਂ ਦੇ ਖਾਰਾਂ ਭੈਣ ਜੀ।

ਸੱਤ ਤੇ ਸੱਤ ਚੌਦਾਂ, ਅੱਠ ਤੇ ਅੱਠ ਸੋਲ੍ਹਾਂ ਗੁਰੂ ਜੀ।
ਜਾਤ-ਜਾਤ ਵਿੱਚ ਪੈਰਾਂ ਦੇ ਰੋਲਾਂ ਗੁਰੂ ਜੀ।

ਨੌਂ ਤੇ ਨੌ ਅਠਾਰ੍ਹਾਂ ਦਸ ਤੇ ਦਸ ਵੀਹ ਦੋਸਤੋ।
ਬਿਨਾ ਪਿਆਰ ਦੇ ਲੈ ਜਾਣਾ ਇਥੋਂ ਕੀ ਦੋਸਤੋ।

ਚੰਦਾ ਮਾਮਾ

ਚੰਦਾ ਮਾਮਾ, ਚੰਦਾ ਮਾਮਾ
ਕਿੰਨਾ ਸੋਹਣਾ ਲੱਗਦਾ ਏ।
ਦਿਨ ਵੇਲੇ ਜੋ ਬੁਝਿਆ ਰਹਿੰਦਾ।
ਰਾਤ ਦੇ ਵੇਲੇ ਜਗਦਾ ਏ।

ਚੰਦਾ ਮਾਮਾ ਬੜਾ ਪਿਆਰਾ।
ਜੀਹਨੂੰ ਜਾਣਦਾ ਏ ਜੱਗ ਸਾਰਾ।
ਹੌਲੀ ਹੌਲੀ ਵਗਦਾ ਏ।
ਚੰਦਾ ਮਾਮਾ............।

ਹੈਗਾ ਧਰਤੀ ਮਾਂ ਦਾ ਭਾਈ।
ਕਰਦਾ ਏ ਠੰਢੀ ਰੁਸ਼ਨਾਈ।
ਭੋਰਾ ਨਾ ਇਹ ਮਘਦਾ ਏ।
ਚੰਦਾ ਮਾਮਾ...........।

ਚੰਦਾ ਮਾਮਾ ਸੋਹਣਾ ਏ।
ਸਭ ਦੇ ਮਨ ਨੂੰ ਮੋਹਣਾ ਏ।
ਸਭ ਦੇ ਦਿਲ ਨੂੰ ਠਗਦਾ ਏ।
ਚੰਦਾ ਮਾਮਾ.............।

ਕੰਧ ਅਖ਼ਬਾਰ

ਹਰ ਕੋਈ ਪੜ੍ਹੇ ਉਹਨੂੰ ਨਾਲ ਸਤਿਕਾਰ।
ਲੱਗਿਆ ਸਕੂਲ ਸਾਡੇ ਕੰਧ ਅਖ਼ਬਾਰ।
ਰੋਜ਼ ਇੱਕ ਬੱਚਾ ਟੀ. ਵੀ. ਰੇਡੀਓ ਨੂੰ ਸੁਣ।
ਲਿਖਦੈ ਖ਼ਬਰ ਕੋਈ ਖ਼ਾਸ ਜਿਹੀ ਚੁਣ।
ਸੁੰਦਰ ਲਿਖਾਈ ਵਿੱਚ ਕਰਦੈ ਤਿਆਰ।
ਲੱਗਿਆ ਸਕੂਲ .................।

ਇੱਕ ਬੱਚਾ ਖ਼ਬਰ ਨੂੰ ਪੜ੍ਹ ਕੇ ਸੁਣਾਵੇ।
ਗੌਰ ਕਰੇ ਹਰ ਇੱਕ ਬੱਚਾ ਕੰਨ ਲਾਵੇ।
ਕਿਸੇ ਤੋਂ ਵੀ ਪੁੱਛੀ ਜਾ ਸਕਦੀ ਏ ਸਾਰ।
ਲੱਗਿਆ ਸਕੂਲ.....................।

ਖਬਰਾਂ ਦੇ ਨਾਲ ਪਤਾ ਲਗਦੇ ਹਾਲਾਤ।
ਦੁਨੀਆਂ ਦੇ ਪੈਂਦੀ ਚੱਪੇ ਚੱਪੇ ਉੱਤੇ ਝਾਤ।
ਦੂਜੇ ਬੋਰਡ ਉੱਤੇ ਹੁੰਦਾ 'ਅੱਜ ਦਾ ਵਿਚਾਰ'
ਲੱਗਿਆ ਸਕੂਲ....................।

ਮੰਮੀ ਡੈਡੀ ਨਾ ਲੜੋ

ਮੰਮੀ ਡੈਡੀ ਨਾ ਲੜੋ ਸਾਨੂੰ ਪੜ੍ਹ ਲੈਣ ਦੋ।
ਕੰਮ ਹੈ ਸਕੂਲ ਦਾ ਜੋ ਸਾਰਾ ਕਰ ਲੈਣ ਦੋ।

ਜਦੋਂ ਤੁਸੀਂ ਲੜਦੇ ਓ ਖਿਆਲ ਸਾਡਾ ਚੁੱਕਦਾ।
ਨਿਸ਼ਾਨੇ ਤੋਂ ਤੀਰ ਸਾਡੀ ਅਕਲ ਦਾ ਉੱਕਦਾ।
ਗੱਲ ਕੋਈ ਦਿਮਾਗ ਵਿੱਚ ਸਾਡੇ ਵੜ ਲੈਣ ਦੋ।
ਮੰਮੀ ਡੈਡੀ...................................।

ਰੋਜ਼ ਦੀ ਲੜਾਈ ਘਰ ਚੰਗੀ ਨਹੀਓਂ ਲਗਦੀ।
ਸਾੜ ਦਿੰਦੀ ਸਭ ਕੁੱਝ ਲਪਟ ਹੈ ਅੱਗ ਦੀ।
ਜੰਗ ਅਗਿਆਨਤਾ ਦੀ ਸਾਨੂੰ ਲੜ ਲੈਣ ਦੋ।
ਮੰਮੀ ਡੈਡੀ..................................।

ਝਗੜਾ ਕੋਈ ਜੇ ਕੱਲੇ ਬਹਿ ਸੁਲਝਾ ਲਵੋ।
ਹੁੰਦਾ ਨਹੀਂ ਜੇ ਹੱਲ ਫਿਰ ਸਾਨੂੰ ਵਿੱਚ ਪਾ ਲਵੋ।
ਪੌੜੀ ਜੋ ਸਫਲਤਾ ਦੀ ਡੰਡਾ ਫੜ ਲੈਣ ਦੋ।
ਮੰਮੀ ਡੈਡੀ................................।

ਝਗੜੇ ਸਾਰੇ ਹੀ ਮੁੱਕ ਜਾਂਦੇ ਨਾਲ ਪਿਆਰ ਦੇ।
ਰੱਖਿਆ ਕੀ ਦੱਸੋ ਏਥੇ ਵਿੱਚ ਤਕਰਾਰ ਦੇ।
ਸਫਲ ਲੋਕਾਂ ਦੇ ਵਿੱਚ ਸਾਨੂੰ ਖੜ੍ਹ ਲੈਣ ਦੋ।
ਮੰਮੀ ਡੈਡੀ............................।

ਜੰਗਲ ਦਾ ਸੋਗ

ਜੰਗਲ ਦੇ ਵਿੱਚ ਸੋਗ ਵੀਰਨੋ, ਜੰਗਲ ਦੇ ਵਿੱਚ ਸੋਗ।
ਕੀ ਹੋਇਆ ਜ਼ਿਰਾਫ ਦੇ ਕੋਲੋਂ, ਪਏ ਪੁੱਛਦੇ ਲੋਗ।

ਕੌਡੀਆਂ ਵੱਟੇ ਵਿਕਿਆ ਕਹਿੰਦੇ, ਕੱਲ੍ਹ ਰੇਸ ਦਾ ਘੋੜਾ।
ਕੀੜੀ ਬਰਾਬਰ ਕੰਡੇ ਤੁਲਿਆ, ਨੀਲੀ ਵੇਲ੍ਹ ਦਾ ਜੋੜਾ।
ਮਾਸਾਹਾਰ ਨੂੰ ਧਾਰਨ ਕਰਗੀ, ਇੱਕ ਬੈਲਾਂ ਦੀ ਜੋਗ।
ਜੰਗਲ ਦੇ ਵਿੱਚ...........................।

ਬਾਂਦਰ ਲਾਈ ਸਮਾਧੀ ਬੈਠਾ, ਮਾਰੇ ਮਗਰ ਠਹਾਕੇ।
ਬੁਲਬੁਲ ਕੌੜਾ ਬੋਲਣ ਲੱਗੀ, ਕਾਂ ਦੇ ਉਡਗੇ ਝਾਕੇ।
ਲੂੰਬੜੀ ਗਈ ਛੱਡ ਚਲਾਕੀ, ਚੀਲ ਹੈ ਚੁਗਦੀ ਚੋਗ।
ਜੰਗਲ ਦੇ ਵਿੱਚ...........................।

ਬਾਰਾਂ ਸਿੰਗੇ ਸਿੰਗ ਲੁਹਾ ਲਏ, ਕੱਛੂ ਕੁੰਮੇ ਪਾਥੀ।
ਪੰਡੇ ਅੱਖੋਂ ਖੋਖਾ ਲਾਹਿਆ, ਦੰਦ ਲੁਹਾ ਲਏ ਹਾਥੀ।
ਸਾਰਸ ਨੂੰ ਜੀ ਬਿਰਹੋਂ ਵਾਲਾ ਲੱਗਿਆ ਲੰਬਾ ਰੋਗ।
ਜੰਗਲ ਦੇ ਵਿੱਚ.............................।

ਡਰਦਾ ਸ਼ੇਰ ਗੁਫਾ ਵਿੱਚ ਵੜਿਆ, ਮਾਰੇ ਦਹਾੜਾ ਗਿੱਦੜ।
ਸੂਰਜ ਕਹਿੰਦਾ ਮੈਂ ਨਹੀਂ ਚੜ੍ਹਦਾ ਬਾਂਗ ਨਾ ਦੇਵੇ ਕੁੱਕੜ।
ਭਾਲੂ ਕਹਿੰਦਾ ਬੰਦੇ ਵਾਂਗੂੰ ਮੈਂ ਨਾ ਟੱਡਾਂ ਬੋਘ।
ਜੰਗਲ ਦੇ ਵਿੱਚ.................................।

ਮੈਂ ਬੱਚਾ ਸਰਦਾਰ

ਮੈਂ ਵੀ ਸਭ ਨੂੰ ਪਿਆਰ ਕਰਾਂ ਸਭ ਦੇਣ ਮੈਨੂੰ ਸਤਿਕਾਰ।
ਮੈਂ ਬੱਚਾ ਸਰਦਾਰ ਵੀਰਨੋ ਮੈਂ ਬੱਚਾ ਸਰਦਾਰ।

ਤੜਕੇ ਉੱਠਦੇ ਮਾਤ-ਪਿਤਾ ਨੂੰ ਸਤਿ ਸ੍ਰੀ ਅਕਾਲ ਬਲਾਉਨਾ।
ਸ਼ੌਚ ਨੂੰ ਜਾਨਾ ਦਾਤਣ ਕਰਦਾ ਫੇਰ ਮੈਂ ਮਲ ਮਲ ਨ੍ਹਾਉਨਾ।
ਜਾਕੇ ਫਿਰ ਮੈਂ ਗੁਰਦੁਆਰੇ ਸੁਣਦੇ ਸ਼ਬਦ ਵਿਚਾਰ।
ਮੈਂ ਬੱਚਾ ਸਰਦਾਰ..........................।

ਫੇਰ ਸਕੂਲ ਦੀ ਵਰਦੀ ਪਾਕੇ ਬੂਟ ਜੁਰਾਬਾਂ ਪਾਵਾਂ।
ਰੋਟੀ ਖਾ ਕੇ ਟਿਫਨ 'ਚ ਪਾ ਕੇ ਮਾਂ ਨਾਲ ਹੱਥ ਵਟਾਵਾਂ।
ਪਟਕੇ ਦੇ ਵਿੱਚ ਬਾਜ ਫੇਰ ਕੇ ਹੋ ਜਾਨਾ ਵਾਂ ਤਿਆਰ।
ਮੈਂ ਬੱਚਾ ਸਰਦਾਰ..........................।

ਸਹੀ ਸਮੇਂ ਤੇ ਜਾਵਾਂ ਸਕੂਲੇ ਅਨੁਸ਼ਾਸਨ ਵਿੱਚ ਰਹਿੰਨਾਂ।
ਗੁਰੂ ਜਨਾਂ ਨੂੰ ਕੰਮ ਦਿਖਾਉਨਾ ਅੱਗੇ ਵੀ ਕੰਮ ਲੈਣਾ।
ਚੰਗੀਆਂ ਆਦਤਾਂ ਕਾਰਨ ਮਿਲੇ ਨੇ ਕਈ ਪੁਰਸਕਾਰ।
ਮੈਂ ਬੱਚਾ ਸਰਦਾਰ..........................।

ਮਸ਼ਕਰਾ

ਕਰਦਾ ਸਾਰਾ ਵੇਹੜਾ ਵੀਹੀ।
ਹਾਹਾ ਹੀਹੀ ਹਾਹਾ ਹੀਹੀ।

ਆਇਆ ਆਇਆ ਗਾਉਂਦਾ ਆਇਆ।
ਪੈਰ ਮਸ਼ਕਰੇ ਪਿੰਡ 'ਚ ਪਾਇਆ।
ਕਹਿੰਦਾ ਲੈ ਲੋ ਲਾਹਾ ਲੀਹੀ।
ਹਾਹਾ ਹੀਹੀ ਹਾਹਾਂ ਹੀਹੀ।

ਆਂਗੀ ਬਾਂਗੀ ਤੂੜ-ਤੜਾਂਗੀ।
ਮਾਰਦਾ ਜਾਂਦਾ ਊਟ-ਪਟਾਂਗੀ।
ਛੱਡਦੋ ਮੈਨੂੰ ਰਾਹਾ ਰੀਹੀ।
ਹਾਹਾ ਹੀਹੀ.........।

ਔਕੜ ਬੱਕੜ ਘੋਟ ਘੁਮੱਕੜ,
ਉਲਟ-ਸੁਲਟੇ ਮਾਰੇ ਜੱਕੜ।
ਪੀਣਾ ਨਾ ਮੈਂ ਚਾਹਾ ਚੀਹੀ।
ਹਾਹਾ ਹੀਹੀ.........।

ਅੰਬਾ ਸੰਬਾ ਡੰਬ ਕਲੰਬਾ।
ਵੱਜੂ ਮੇਰੇ ਰੂੰ ਦਾ ਫੰਬ੍ਹਾ।
ਆਜੂ ਮੈਨੂੰ ਫਾਹਾ ਵੀਹੀ।
ਹਾਹਾ ਹੀਹੀ.........।

ਥੇਲ੍ਹੀ ਦੀ ਢੱਡ ਸੁਣਲੋ ਹੋ ਚੁੱਪ।
ਧੁੱਪ ਧੁੱਪ ਧੁੱਪ ਧੁੱਪ ਧੁੱਪ।
ਸਿੱਖਿਆ ਹੈ ਮੈਂ ਆਹਾ ਈਹੀ।
ਹਾਹਾ ਹੀਹੀ.........।

ਢਿੱਡ ਦਾ ਢੋਲ ਵਜਾਉਂਦਾ ਕਾਢੀ।
ਡੰਮ ਡਮਾਡੀ ਡੰਡੜ ਡਾਢੀ।
ਲੈਣਾ ਨਾ ਕੋਈ ਪਾਹਾ ਪੀਹੀ।
ਹਾਹਾ ਹੀਹੀ.........।

ਚੰਗੇ ਬੋਲ ਜੇ ਬੋਲਾਂਗੇ

ਉੱਤਮ ਕਥਨਾਂ ਵਾਲੀ ਪੀਡੀ ਗੰਢ ਜੇ ਖੋਲਾਂਗੇ।
ਚੰਗੇ ਬੱਚੇ ਬਣਾਂਗੇ ਚੰਗੇ ਬੋਲ ਜੇ ਬੋਲਾਂਗੇ।

ਹੌਲੀ ਬੋਲਣਾ ਘੱਟ ਬੋਲਣਾ ਆਦਤ ਚੰਗੀ ਹੈ।
ਚੰਗੇ ਬੱਚਿਆਂ ਦਾਤ ਰੱਬ ਤੋਂ ਇਹੀ ਮੰਗੀ ਹੈ।
ਮਿੱਠੀ ਹੋਵੇ ਜ਼ੁਬਾਨ ਤਾਂ ਸਿਦਕੋਂ ਵੀ ਨਾ ਡੋਲਾਂਗੇ।
ਚੰਗੇ ਬੱਚੇ .......................।

ਤਾਹਨੇ ਮਿਹਣੇ ਗਾਲ ਤਿਆਗੋ ਝਗੜੇ-ਝੇੜਿਆਂ ਨੂੰ।
ਬੋਲ ਕੇ ਮਿੱਠੇ ਬੋਲ ਖਾਓਗੇ ਮੱਖਣ-ਪੇੜਿਆਂ ਨੂੰ।
ਬੋਲਣ ਤੋਂ ਹੈ ਬੇਹਤਰ ਜੇ ਗੱਲ ਪਹਿਲਾਂ ਤੋਲਾਂਗੇ।
ਚੰਗੇ ਬੱਚੇ ........................।

ਚੰਗੇ ਬੋਲਾਂ ਵਾਲਿਆਂ ਨੂੰ ਹਰ ਕੋਈ ਚਾਹੁੰਦਾ ਏ।
ਮਿੱਠਾ ਬੋਲ ਹੀ ਸਭ ਕੋਲੋਂ ਸ਼ਾਬਾਸ਼ੇ ਪਾਉਂਦਾ ਏ।
ਪ੍ਰਣ ਕਰੋ ਕਿ ਹਰ ਇਕ ਬੋਲ ’ਚ ਮਿਸ਼ਰੀ ਘੋਲਾਂਗੇ।
ਚੰਗੇ ਬੱਚੇ...........................।

ਖਿਆਲ ਆਪੋ-ਆਪਣਾ

ਇੱਕ ਵਾਰ ਦੀ ਗੱਲ ਹੈ ਸੀ ਤਿੰਨ ਮੁਸਾਫਰ।
ਜੰਗਲ ਵਿੱਚ ਦੀ ਜਾ ਰਹੇ ਸੀ ਉਹ ਆਪਣੇ ਘਰ।
ਇੱਕ ਮੁੱਲਾਂ ਇੱਕ ਪਹਿਲਵਾਨ ਸੀ ਇੱਕ ਬਾਣੀਆ।
ਗੱਲਾਂ ਕਰਦੇ ਜਾਂਦੇ ਨਾਲੇ ਪਾਉਣ ਕਹਾਣੀਆਂ।
ਅਚਾਨਕ ਬੋਲਿਆ ਝਾੜੀ ਵਿੱਚੋਂ ਕਾਲਾ ਤਿੱਤਰ।
ਆਵਾਜ਼ ਮਨੁੱਖਾ ਦੰਗ ਰਹਿ ਗਏ ਤਿੰਨੋ ਮਿੱਤਰ।
ਪੁੱਛਣ ਲੱਗੇ ਇੱਕ ਦੂਜੇ ਨੂੰ ਅਰਥ ਇਸ ਦਾ।
ਦੱਸੋ ਕਿਹੜੀ ਗੱਲ ਹੈ ਇਹ ਤਿੱਤਰ ਕਹਿੰਦਾ।
'ਲੂਣ ਤੇਲ ਅਦਰਕ' ਹੈ ਲਾਲਾ ਗੱਲ ਤੋਲੇ।
“ਖਾ ਘਿਉ ਕਰ ਕਸਰਤ' ਸੀ ਭਲਵਾਨ ਜੀ ਬੋਲੇ।
ਮੁੱਲਾਂ ਜੀ ਨੇ ਆਪਣਾ ਸੀ ਦਿਮਾਗ ਲੜਾਇਆ।
“ਸੁਬ੍ਹਾਨ ਤੇਰੀ ਕੁਦਰਤ" ਸੀ ਮੁੱਖੋਂ ਫਰਮਾਇਆ।
ਹਰ ਕੋਈ ਹਰ ਗੱਲ ਨੂੰ ਆਪਣੀ ਨਜ਼ਰੋਂ ਦੇਖੇ।
ਮੰਦਿਰ ਮਸਜਿਦ ਗੁਰੂਘਰ ਚਾਹੇ ਮੱਥਾ ਟੇਕੇ।
ਵਾਕਿਆ ਹੀ ਸੁਬਾਹਨ ਦੀ ਕੁਦਰਤ ਹੈ ਵੀਰੋ।
ਜਿਸਦੇ ਅੱਗੇ ਸਾਰੀ ਦੁਨੀਆ ‘ਚਰਨ' ਹੈ ਜ਼ੀਰੋ।

ਬੁਰੀਆਂ ਆਦਤਾਂ

ਕੰਨ 'ਚ ਡੱਕਾ, ਨੱਕ 'ਚ ਉਂਗਲ, ਕਦੇ ਨਾ ਪਾਵੋ।
ਇਹ ਆਦਤਾਂ ਬੁਰੀਆਂ ਵੀਰੋ ਨਾ ਅਪਣਾਵੋ।

ਰੌਲਾ ਪਾਉਣਾ, ਲੜਨਾ-ਭਿੜਨਾ, ਗਾਲਮ-ਗਾਲੀ।
ਚੋਰੀ ਕਰਨਾ, ਕੰਮ ਨਾ ਕਰਨਾ, ਨੀਅਤ ਕਾਲੀ।
ਬਹਾਨੇਬਾਜ਼ੀ, ਹੁਸ਼ਿਆਰੀ ਨੂੰ ਮੂੰਹ ਨਾ ਲਾਵੋ।
ਇਹ ਆਦਤਾਂ ਬੁਰੀਆਂ....................।

ਨਹੁੰ ਦੰਦਾਂ ਨਾਲ ਕਟਣੇ, ਮੂੰਹ ਵਿੱਚ 'ਗੂਠਾ ਲੈਣਾ।
ਵਿੱਚ ਜਮਾਤਾਂ ਦੇ ਸਾਥੀਆਂ ਨੂੰ ਵੀਰ-ਭੈਣ ਨਾ ਕਹਿਣਾ।
ਜੇ ਇੱਲਤ ਕੀਤੀ ਆਪ, ਨਾ ਹੋਰ ਨਾਮ ਟਿਕਾਵੋ।
ਇਹ ਆਦਤਾਂ ਬੁਰੀਆਂ....................।

ਸਰੀਰ ਤੇ ਪੈੱਨ ਦੇ ਨਾਲ ਲਕੀਰਾਂ, ਕਾਗਜ਼ ਖਾਣੇ।
ਜੋ ਨਾ ਇਹਦੇ ਆਦੀ ਉਹ ਨੇ ਬੱਚੇ ਸਿਆਣੇ।
ਗੰਦੀ ਲਿਖਾਈ ਛੱਡੋ, ਨਾ ਘੁੱਗੂ-ਘਾਂਗੜੇ ਪਾਵੋ।
ਇਹ ਆਦਤਾਂ ਬੁਰੀਆਂ....................।

ਬਸਤਾ

ਡੈਡੀ ਜੀ ਮੇਰੇ ਖੜਿਆ ਬਸਤਾ।
ਨਾਲ ਕਿਤਾਬਾਂ ਭਰਿਆ ਬਸਤਾ।

ਵਿੱਚ ਇਸਦੇ ਹਰ ਇੱਕ ਪੁਸਤਕ।
ਹਿੰਦੀ ਪੰਜਾਬੀ ਸਾਇੰਸ ਸਮਾਜਿਕ।
ਹਿਸਾਬ ਅਤੇ ਅੰਗਰੇਜ਼ੀ ਵੀ ਹੈ,
ਲਗਦਾ ਹੈ ਜੋ ਔਖਾ ਰਸਤਾ।
ਡੈਡੀ ਜੀ ਮੇਰੇ...........।

ਹਰ ਵਿਸ਼ੇ ਦੀਆਂ ਕਾਪੀਆਂ ਵੀ ਨੇ।
ਲਿਆ ਕੇ ਦਿੱਤੀਆਂ ਭਾਪਾ ਜੀ ਨੇ।
ਕਦੇ ਨੀ ਪਾਪਾ ਨੱਕ ਵੱਟਦੇ,
ਹੋਵੇ ਬੇਸ਼ੱਕ ਹਾਲਤ ਖਸਤਾ।
ਡੈਡੀ ਜੀ..............।

ਕਲਮ ਦਵਾਤ ਤੇ ਫੱਟੀ ਸਲੇਟੀ।
ਸਲੇਟ ਗਾਚਣੀ ਮੇਰੇ ਹਿਮੈਤੀ।
ਚਹੁੰ ਕੂੰਟਾਂ ਦਾ ਗਿਆਨ ਦੱਸਦਾ,
ਚਰਨ ਇਸਨੂੰ ਕਹੇ ਚੁਰਸਤਾ।
ਡੈਡੀ ਜੀ.............।

ਗਿਣਤੀ

ਇੱਕ ਦਾ ਏਕਾ ਦੋ ਦਾ ਦੂਆ
ਭੈੜੀ ਆਦਤ ਚੋਰੀ ਜੂਆ।
ਤਿੰਨ ਦਾ ਤੀਆ ਚਾਰ ਦਾ ਚੌਕਾ
ਹੱਥ ਨੀ ਆਉਂਦਾ ਖੁੰਝਿਆ ਮੌਕਾ।
ਪੰਜ ਦਾ ਪਾਂਜਾ ਛੀ ਦਾ ਛੀਕਾ,
ਮਿੱਠਾ ਬੋਲ ਸਭ ਲਈ ਠੀਕ ਆ।
ਸੱਤ ਦਾ ਸਾਤਾ ਅੱਠ ਦਾ ਆਠਾ,
ਸੱਚ ਬੋਲਣ ਵਿੱਚ ਸਾਡੀ ਠਾਠ ਆ।
ਨੌਂ ਦਾ ਨਾਇਆਂ ਏਕੇ ਬਿੰਦੀ ਦਸ।
ਸਭ ਨੂੰ ਹਸਾ ਆਪ ਵੀ ਹੱਸ।

ਛੋਟੀ ਜਿਹੀ ਇੱਕ ਮੁੰਨੀ

ਛੋਟੀ ਜਿਹੀ ਇੱਕ ਮੁੰਨੀ ਹੈ।
ਬੈਠੀ ਰਹਿੰਦੀ ਸੁੰਨੀ ਹੈ।

ਨਾਮ ਉਸਦਾ ਲਾਲੀ ਹੈ।
ਬੜੇ ਪਿਆਰ ਨਾਲ ਪਾਲੀ ਹੈ।
ਸਿਰ ਨਾ ਲੈਂਦੀ ਚੁੰਨੀ ਹੈ।
ਛੋਟੀ ਜਿਹੀ......................।

ਭੁੱਖੀ ਹੋਈ ਰੋਂਦੀ ਹੈ।
ਰੱਜੀ ਹੋਵੇ ਸੌਂਦੀ ਹੈ।
ਉਮਰ ਹਫਤੇ ਉੱਨੀ ਹੈ।
ਛੋਟੀ ............................।

ਸਦਾ ਹਸਦੀ ਦਿਸਦੀ ਹੈ।
ਕਦੇ ਨਾ ਰੋਂਦੀ ਫਿਸਦੀ ਹੈ।
ਵਿੱਚ ਪੰਘੂੜੇ ਤੁੰਨੀ ਹੈ।
ਛੋਟੀ ਜਿਹੀ.......................।

ਛੁੱਟੀ ਦੇ ਦਿਓ

ਮਾਸਟਰ ਜੀ ਸਰਦਾਰ, ਛੁੱਟੀ ਦੇ ਦਿਓ।
ਮਾਂ ਜੀ ਪਏ ਬਿਮਾਰ, ਛੁੱਟੀ ਦੇ ਦਿਓ।

ਪਿਤਾ ਜੀ ਮੇਰੇ ਨੌਕਰ, ਛੁੱਟੀ ਮਿਲਦੀ ਨਹੀਂ।
ਦਾਦੀ ਜੀ ਮੇਰੇ ਬਿਰਧ, ਮੰਜਿਓਂ ਹਿਲਦੀ ਨਹੀਂ।
ਗਏ ਬਾਬਾ ਜੀ ਸੁਰਗ-ਸਿਧਾਰ, ਛੁੱਟੀ ਦੇ ਦਿਓ।
ਮਾਸਟਰ............................।

ਚਾਚਾ ਜੀ ਮੇਰੇ ਅੱਡ, ਸਾਡੇ ਨਾਲ ਬੋਲਦੇ ਨਹੀਂ।
ਤਾਇਆ ਜੀ ਮੇਰੇ ਦੂਰ, ਕੋਈ ਗੱਲ ਗੌਲਦੇ ਨਹੀਂ।
ਕਰਾਂ ਮੈਂ ਮਿੰਨਤ ਹਜ਼ਾਰ, ਛੁੱਟੀ ਦੇ ਦਿਓ।
ਮਾਸਟਰ ਜੀ............................।

ਭੈਣ ਮੇਰੀ ਏ ਨਿਆਣੀ, ਖੇਡਦੀ ਰਹਿੰਦੀ ਹੈ।
ਭੂਆ ਜੀ ਵੀ ਪੇਕੀਂ ਪੈਰ ਨਾ ਦਿੰਦੀ ਹੈ।
ਘਰ ਕੰਮ ਹੈ ਬੇਸ਼ੁਮਾਰ, ਛੁੱਟੀ ਦੇ ਦਿਓ।
ਮਾਸਟਰ ਜੀ............................।

ਕੱਪੜੇ ਧੋਣੇ, ਸੁਕਾ ਕੇ ਇਸਤਰੀ ਕਰਨੇ ਨੇ!
ਡੰਗਰਾਂ ਨੂੰ ਕੱਖ ਪਾਉਣੇ, ਛਾਵੇਂ ਕਰਨੇ ਨੇ।
ਨਾਲੇ ਗਾਂ ਦੀ ਚੋਣੀ ਧਾਰ, ਛੁੱਟੀ ਦੇ ਦਿਓ।
ਮਾਸਟਰ ਜੀ............................।

ਪੰਛੀ ਸਾਡੇ ਘਰਾਂ ਖੇਤਾਂ ਦੇ ਸ਼ਿੰਗਾਰ ਨੇ

ਰਹਿਮ ਕਰੋ ਲੋਕੋ ਬੰਦ ਕਰੋ ਮਾਰਨੇ।
ਪੰਛੀ ਸਾਡੇ ਘਰਾਂ ਖੇਤਾਂ ਦੇ ਸ਼ਿੰਗਾਰ ਨੇ।

ਬਾਂਗ ਦੇ ਕੇ ਮੁਰਗਾ ਜਗਾਉਂਦਾ ਤੜਕੇ।
ਘੁੱਗੀ ਜਪਵਾਵੇ ਰੱਬ ਤੂੰ ਤੂੰ ਕਰਕੇ।
ਸਾਫ ਮੁਰਦਾਰ ਹੁੰਦੀ ਇੱਲ੍ਹਾਂ ਕਾਰਨੇ।
ਪੰਛੀ ਸਾਡੇ............................।

ਤੇਰੀ ਕੁਦਰਤ ਹੈ ਤਿੱਤਰ ਬੋਲਦਾ।
ਪੀ-ਪੀ ਪਪੀਹਾ ਕੰਨੀਂ ਰਸ ਘੋਲਦਾ।
ਮਿੱਠੇ ਬੋਲ ਕੋਇਲ ਦੇ ਕਲੇਜਾ ਠਾਰਨੇ
ਪੰਛੀ ਸਾਡੇ............................।

ਮੋਰ ਪੈਲਾਂ ਪਾ ਕੇ ਮਨ ਮੋਂਹਦਾ ਸਭ ਦਾ।
ਹੰਸ ਚਿੱਟਾ ਖੰਭ ਜਿਹਾ ਸੋਹਣਾ ਲੱਗਦਾ।
ਕਾਂ ਤੋਤੇ ਉੱਲੂ ਬਾਜ਼ ਸਭ ਯਾਰ ਨੇ,
ਪੰਛੀ ਸਾਡੇ............................।

ਫਸਲਾਂ ਤੇ ਅਨਾਜ-ਖੋਰਾਂ ਨੂੰ ਇਹ ਮਾਰਦੇ।
ਕਾਹਤੋਂ ਇਹਨਾਂ ਉੱਤੇ ਕਹਿਰ ਹੋ ਗੁਜ਼ਾਰਦੇ।
ਜੰਗਲਾਂ ਦੇ ਮੇਲੇ ਬਾਗਾਂ ਦੀ ਬਹਾਰ ਨੇ।
ਪੰਛੀ ਸਾਡੇ............................।

ਦਮੋਦਰ

ਸੱਚਮੁੱਚ ਹੀਰ ਦਾ ਪਹਿਲਾ ਸਿਰਜਣਹਾਰ ਦਮੋਦਰ ਹੈ।
ਪੰਜਾਬੀ ਦਾ ਪਹਿਲਾ ਕਿੱਸਾਕਾਰ ਦਮੋਦਰ ਹੈ।

ਮੁੱਖ ਰੂਪ ਤੇ ਇਹਦੀ ਹੀਰ ਤਾਂ ਵਾਰਿਸ ਵਰਗੀ ਏ।
ਸੁਖੀ ਕਹਾਣੀ ਉਂਜ ਵੀ ਹੈਗੀ ਪਾਰਸ ਵਰਗੀ ਏ।
ਲੰਬੀ ਕਹਾਣੀ ਵਾਰਿਸ ਤੇ ਛੁਟਸਾਰ ਦਮੋਦਰ ਹੈ।
ਪੰਜਾਬੀ ਦਾ............................।

ਦੱਸੇ ਵਾਰਿਸ ਮਲਕੀ ਹੀਰ ਦੀ ਮਾਂ ਨੂੰ ਇਹ ਕੁੰਦੀ।
ਰਾਮੂ ਬਾਹਮਣ ਦੇ ਨਾਲ ਸਹਿਤੀ ਫਿਰਦੀ ਸੀ ਹੁੰਦੀ।
ਅਕਬਰ ਵੇਲੇ ਦਾ ਪੰਜਾਬੀ ਯਾਰ ਦਮੋਦਰ ਹੈ।
ਪੰਜਾਬੀ ਦਾ............................।

ਲਹਿੰਦੀ ਬੋਲੀ ਛੰਦ ਦਵਈਆ ਝੰਗ ਸਿਆਲੀ ਹੈ।
ਹੀਰ ਰਾਂਝੇ ਦੀ ਅੱਖੀਂ ਦੇਖੀ ਆਂਖ ਮਿਚੌਲੀ ਹੈ।
ਜਾਤ ਗੁਲਾਟੀ ਅਰੋੜਾ ਦਿਲਦਾਰ ਦਮੋਦਰ ਹੈ।
ਪੰਜਾਬੀ ਦਾ............................।

ਮਾਤ-ਪਿਤਾ ਸੁਤ ਜਨਮ ਮਰਨ ਦਾ ਪਤਾ ਟਿਕਾਣਾ ਨਹੀਂ।
ਘੱਟ ਪੜ੍ਹਾਈ ਹਿਸਾਬ-ਕਿਤਾਬੋਂ ਵਧਕੇ ਸਿਆਣਾ ਨਹੀਂ।
ਚਮਤਕਾਰੀ ਦੀ ਥੋਹੜੀ ਬਾਹਲੀ ਮਾਰ ਦਮੋਦਰ ਹੈ।
ਪੰਜਾਬੀ ਦਾ............................।

ਮੇਰੀ ਨਮਸਕਾਰ

ਸਾਨੂੰ ਸਾਡੇ ਦੇਸ਼ ਦੇ ਨਾਲ ਅਟੁੱਟ ਪਿਆਰ ਹੈ।
ਦੇਸ਼ ਦੇ ਅਮਰ ਸ਼ਹੀਦਾਂ ਨੂੰ ਮੇਰੀ ਨਮਸਕਾਰ ਹੈ।

ਬਾਪੂ ਗਾਂਧੀ ਚਾਚਾ ਨਹਿਰੂ ਲਾਲਾ ਲਾਜਪਤ ਰਾਏ।
ਸ਼ਾਂਤੀ ਦੇ ਨਾਲ ਲਵੋ ਅਜ਼ਾਦੀ ਹਿੰਦ ਥੰਮ੍ਹ ਕਹਿਲਾਏ।
ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਸਰਦਾਰ ਹੈ।
ਦੇਸ਼ ਦੇ.....................................।

ਨੇਤਾ ਜੀ ਸੁਭਾਸ਼ ਚੰਦਰ ਦਾ ਜੈ ਹਿੰਦ ਦਾ ਨਾਹਰਾ।
ਅੱਜ ਵੀ ਸਭ ਦੇ ਮੂੰਹ ਦੇ ਉੱਤੇ ਹੈ ਉਹ ਪਿਆਰਾ-ਪਿਆਰਾ।
ਊਧਮ ਸਿੰਘ ਸੁਨਾਮੀਏ ਦਾ ਹਿੰਦ ਕਰਜ਼ੇਦਾਰ ਹੈ।
ਦੇਸ਼ ਦੇ.....................................।

ਕਰਾਂ ਸਲਾਮ ਮਦਨ ਢੀਂਗਰੇ, ਗਦਰੀ ਬਾਬੇ ਨੂੰ।
ਚੰਦਰ ਸ਼ੇਖਰ, ਧੰਨਾ ਸਿੰਘ, ਕਰਤਾਰ ਸਰਾਭੇ ਨੂੰ।
ਟੁੰਡੀਲਾਟ ਦਾ ਸਾਡੇ ਦਿਲ ਦੇ ਵਿੱਚ ਸਤਿਕਾਰ ਹੈ।
ਦੇਸ਼ ਦੇ.....................................।

ਨਾਨੀ ਜੀ

ਨਾਨੀ ਜੀ, ਨਾਨੀ ਜੀ, ਸੁਣਾ ਦਿਓ ਇੱਕ ਕਹਾਣੀ ਜੀ।
ਬੇਸ਼ਕ ਹੋਵੇ ਨਵੀਂ-ਨਵੇਲੀ ਬੇਸ਼ਕ ਹੋਵੇ ਪੁਰਾਣੀ ਜੀ।

ਚਿੜੇ-ਚਿੜੀ ਦੀ ਕਥਾ ਸੁਣਾਦੋ ਜਾਂ ਫਿਰ ਤੋਤੇ ਮੈਨਾ ਦੀ।
ਨਲ ਦਮਿਅੰਤੀ ਲਵ-ਕੁਸ਼ ਜਾਂ ਹਨੂੰਮਾਨ ਦੀ ਸੈਨਾ ਦੀ।
ਕਿੰਨੀ ਚੰਗੀ ਹਰੀ ਚੰਦ ਦੀ ਹੈ ਸੀ ਤਾਰਾ ਰਾਣੀ ਜੀ।
ਨਾਨੀ ਜੀ..................................।

ਚਾਹੇ ਨਾਨਕ ਜੀ ਦੀ ਸਾਖੀ ਜਾਂ ਬਾਲੇ ਮਰਦਾਨੇ ਦੀ।
ਮੱਖਣ ਚੋਰੀ ਕਰ ਰਹੇ ਉਸ ਬੰਸਰੀ ਵਾਲੇ ਕਾਨ੍ਹੇ ਦੀ।
ਐਸੀ ਕੋਈ ਕਥਾ ਸੁਣਾ ਦੋ ਸੁਣ ਕੇ ਹੋਵੇ ਹੈਰਾਨੀ ਜੀ।
ਨਾਨੀ ਜੀ..................................।

ਹੀਰ ਰਾਂਝਾ ਸੱਸੀ ਪੁੰਨੂੰ ਜਾਂ ਫਿਰ ਗੁੱਗਾ ਪੀਰ ਹੋਵੇ।
ਰੂਪ ਬਸੰਤ ਸਰਬਣ ਭਗਤ ਜਾਂ ਫਿਰ ਮੀਆਂ-ਮੀਰ ਹੋਵੇ!
ਸੁੱਚਾ, ਜਿਊਣਾ ਕੁੰਦਣ ਸੂਰਮਾ ਜਾਂ ਚੋਰਟਾ ਜਾਨੀ ਜੀ।
ਨਾਨੀ ਜੀ..................................।

ਗੁਰੂ ਗੋਬਿੰਦ, ਬੰਦਾ ਬਹਾਦਰ, ਬਾਲਕ ਨਾਥ ਵਡਭਾਗ ਹੋਵੇ।
ਗੰਗਾ, ਦੁਰਗਾ, ਨੈਣਾਂ ਦੇਵੀ ਜਾਂ ਸ਼ਿਵ ਦਾ ਕਾਲਾ ਨਾਗ ਹੋਵੇ।
ਸੌਣਾ ਨਹੀਂ ਮੈਂ ਉਦੋਂ ਤੱਕ, ਨਾ ਜਦ ਤੱਕ ਤੁਸਾਂ ਸੁਣਾਣੀ ਜੀ।
ਨਾਨੀ ਜੀ..................................।

ਮੇਰੀ ਦਾਦੀ

ਆਪੇ ਹੀ ਕਹਿ ਦਿੰਦੀ ਹੈ, ਢਾਈ ਦਿਨ ਦੀ ਜਿੰਦ ਪਰਾਹੁਣੀ।
ਮੇਰੀ ਬੜੀ ਹੀ ਚੰਗੀ ਦਾਦੀ ਹੈ ਨਹੀਂ ਹੋਰ ਕਿਸੇ ਦੀ ਹੋਣੀ।

ਮਾਤਾ ਜੀ ਨੂੰ ਦਾਦੀ ਜੀ ਮੇਰੀ ਬੜਾ ਪਿਆਰ ਹੈ ਕਰਦੀ।
ਸ਼ਹਿਰ ਜਾਵੇ ਜਾਂ ਲਾਵੇ ਸ਼ੁਕੀਨੀ ਨਹੀਂ ਦੇਖਕੇ ਸੜਦੀ।
ਤੇਰੇ ਤਾਂ ਕੁੜੇ ਦਿਨ ਨੇ ਹਾਲੇ ਕਹਿ ਦਿੰਦੀ ਮਨਮੋਹਣੀ।
ਮੇਰੀ ਬੜੀ ਹੀ ਚੰਗੀ...........................।

ਬਿਰਧ ਸਰੀਰ ਹੈ ਭਾਵੇਂ ਫਿਰ ਵੀ ਕੰਮ ਕਰਦੀ ਹੈ ਰਹਿੰਦੀ।
ਲਿਆ ਪੁੱਤ ਮੈਂ ਕਰ ਦਿਆਂ ਕਹਿ ਕੇ ਪਲ ਨਾ ਟਿਕ ਕੇ ਬਹਿੰਦੀ।
ਜਦ ਤੱਕ ਹੱਡ ਨੇ ਚੱਲਦੇ ਕਹਿੰਦੀ ਕਾਹਤੋਂ ਢੇਰੀ ਢਾਉਣੀ।
ਮੇਰੀ ਬੜੀ ਹੀ ਚੰਗੀ..............................।

ਰੋਟੀ ਲਾਹਵੇ, ਕੱਪੜੇ ਧੋਵੇ, ਗੋਹਾ ਕੂੜਾ ਚੁਕਵਾਵੇ।
ਸਾਰਾ ਦਿਨ ਫਿਰ ਕੱਤੇ ਚਰਖਾ ਮੱਥੇ ਵੱਟ ਨਾ ਪਾਵੇ।
ਰਾਤ ਦੇ ਵੇਲੇ ਸਾਨੂੰ ਵੀ ਫਿਰ ਹੁੰਦੀ ਕਥਾ ਸੁਣਾਉਣੀ।
ਮੇਰੀ ਬੜੀ ਹੀ ਚੰਗੀ............................।

ਗੁੱਡੀਆਂ ਪਟੋਲੇ ਖੇਲ੍ਹੀਏ

ਜਾਨ ਤੋਂ ਪਿਆਰੀਏ, ਮੁੱਢ ਦੀਏ ਸਹੇਲੀਏ।
ਆ ਜਾ ਭੈਣੇ! ਗੁੱਡੀਆਂ ਪਟੋਲੇ ਖੇਲ੍ਹੀਏ।

ਗੁੱਡੀ ਮੇਰੀ ਲੀਰਾਂ ਦੀ, ਸਹੁੰ ਮੈਨੂੰ ਵੀਰਾਂ ਦੀ।
ਲੜਾਂਗੀ ਨਾ ਤੇਰੇ ਨਾਲ, ਮਾਰ ਪਵੇ ਪੀਰਾਂ ਦੀ।
ਰੁੱਸ-ਰੁੱਸ ਬੈਠ ਕਾਹਤੋਂ ਦੁੱਖ ਝੇਲੀਏ।
ਆਜਾ ਭੈਣੇ......................।

ਗੁੱਡੀ ਮੇਰੀ ਸੋਹਣੀ ਏ, ਮਨ ਨੂੰ ਵੀ ਮੋਹਣੀ ਏ।
ਤੇਰੇ ਜਿਹੀ ਸਹੇਲੀ ਨਾ ਕੋਈ ਪਿੰਡ ਵਿੱਚ ਹੋਣੀ ਏ।
ਪਿਆਰ ਸਾਡਾ ਰੂਹਾਂ ਦਾ ਨਾ ਪੈਸਾ ਧੇਲੀ ਏ।
ਆ ਜਾ ਭੈਣੇ........................।

ਗੁੱਡੀ ਮੇਰੀ ਲਾਲ ਰੰਗੀ, ਸਭੇ ਗੁੱਡੀਆਂ ਤੋਂ ਚੰਗੀ।
ਮੈਂ ਜਦੋਂ ਅਰਦਾਸ ਕੀਤੀ ਤੇਰੀ ਹੀ ਤਾਂ ਸੁੱਖ ਮੰਗੀ।
ਮਾਪੇ ਚੰਗੇ ਸਾਰਿਆਂ ਕੰਮਾਂ ਤੋਂ ਵੇਹਲੀਏ।
ਆ ਜਾ ਭੈਣੇ।
......................।

ਲਾਲਚ ਬੁਰੀ ਬਲਾ ਹੈ

ਇਸ ਲਾਲਚ ਤੋਂ ਬਚਕੇ ਰਹਿਣਾ, ਸਿਆਣਿਆਂ ਦੀ ਸਿੱਖਿਆ।
ਲਾਲਚ ਬੁਰੀ ਬਲਾ ਹੈ ਵੀਰੋ ਲਾਲਚ ਬੁਰੀ ਬਲਾ।

ਇੱਕ ਕੁੱਤੇ ਨੂੰ ਮਾਸ ਮਿਲ ਗਿਆ ਲੈ ਕੇ ਨਦੀ ਤੇ ਆਇਆ।
ਪੁਲ ਦੇ ਉੱਤੇ ਬੈਠ ਕੇ ਉਸ ਨੇ ਖਾਣ ਦਾ ਚਿੱਤ ਬਣਾਇਆ।
ਪਾਣੀ ਵਿੱਚ ਪਰਛਾਈ ਕੋਲੋਂ ਵੀ ਟੁਕੜਾ ਲੈਣਾ ਚਾਹਿਆ।
ਝਪਟ ਮਾਰੀ ਤੇ ਆਪਣਾ ਟੁਕੜਾ ਵੀ ਉਹਨੇ ਲਿਆ ਗੁਆ।
ਲਾਲਚ ਬੁਰੀ ਬਲਾ........................।

ਨਦੀ ਦੇ ਕੰਢੇ ਲੱਕੜਹਾਰਾ ਲੱਕੜੀਆਂ ਸੀ ਵੱਢਦਾ।
ਹੱਥੋਂ ਛੁੱਟੀ ਕੁਹਾੜੀ ਰੋਂਦਾ ਸੀ ਉਹ ਝੋਲੀਆਂ ਅੱਡਦਾ।
ਜਲ ਦਾ ਦੇਵਤਾ ਤਿੰਨ ਕੁਹਾੜੀਆਂ ਲਿਆ ਉਹਦੇ ਅੱਗੇ ਛੱਡਦਾ।
ਸੋਨੇ ਵਾਲੀ ਨੂੰ ਹੱਥ ਪਾਇਆ ਆਸਰਾ ਟੁੱਟ ਗਿਆ।
ਲਾਲਚ ਬੁਰੀ..........................।

ਤਿੰਨ ਯਾਰਾਂ ਨੂੰ ਜੰਗਲ ਦੇ ਵਿੱਚ ਇੱਟ ਸੋਨੇ ਦੀ ਲੱਭੀ।
ਇੱਕ ਨੇ ਰੋਟੀ 'ਚ ਜ਼ਹਿਰ ਮਿਲਾ ਕੇ ਕੀਤੀ ਸੀ ਗੱਲ ਕੱਬੀ।
ਦੋਵੇਂ ਯਾਰਾਂ ਨੇ ਪਹਿਲੇ ਯਾਰ ਦੀ ਆ ਕੇ ਸੰਘੀ ਦੱਬੀ।
ਦੋਵੇਂ ਨਾਲ ਜ਼ਹਿਰ ਦੇ ਮਰ ਗਏ ਤਿੰਨੋਂ ਹੋਏ ਸੁਆਹ।
ਲਾਲਚ ਬੁਰੀ ਬਲਾ ਹੈ....................।

ਜੀ ਕਹੋ ਤੇ ਜੀ ਕਹਾਓ

ਛੋਟਿਆਂ ਦੇ ਨਾਲ ਪਿਆਰ ਕਰੋ।
ਵੱਡਿਆਂ ਦਾ ਸਤਿਕਾਰ ਕਰੋ।
ਜੀ ਕਹੋ ਤੇ ਜੀ ਕਹਾਓ,
ਦੇਸ਼ ਦੇ ਨਾਲ ਪਿਆਰ ਕਰੋ।

ਘਰ ਆਏ ਦੀ ਇੱਜ਼ਤ ਕਰਨੀ ਚੰਗੀ ਹੁੰਦੀ ਏ।
ਦੁਸ਼ਮਣ ਦੀ ਵੀ ਇੱਜ਼ਤ ਲਾਹੁਣੀ ਮੰਦੀ ਹੁੰਦੀ ਏ।
ਨਾਲ ਪਿਆਰ ਦੇ ਗੱਲ ਸੁਲਝਾਓ,
ਕਦੇ ਨਾ ਝਗੜਾ ਯਾਰ ਕਰੋ।
ਜੀ ਕਹੋ ਤੇ...................।

ਦੇਸ਼ ਦੀ ਖਾਤਿਰ ਤਨ ਮਨ ਧਨ ਸਭ ਅਰਪਣ ਕਰ ਦੇਈਏ।
ਭਾਰਤ ਮਾਂ ਦੀ ਝੋਲੀ ਖੁਸ਼ੀਆਂ ਦੇ ਨਾਲ ਭਰ ਦੇਈਏ।
ਅਮਰ ਸ਼ਹੀਦਾਂ ਨੂੰ ਪ੍ਰਣਾਮ ਵੀ,
ਵੀਰੋ ਵਾਰਮ-ਵਾਰ ਕਰੋ।
ਜੀ ਕਹੋ ਤੇ................।

ਚੰਗੀ ਸੰਗਤ ਦੇ ਵਿੱਚ ਬੈਠੀਏ ਮਾੜੀ ਛੱਡ ਦੇਈਏ।
ਈਰਖਾ ਚੋਰੀ ਝੂਠ ਬੁਰਾਈਆਂ ਮਨ ’ਚੋਂ ਕੱਢ ਦੇਈਏ।
ਤੜਕੇ ਉੱਠਕੇ ਯਾਦ ਰੱਬ ਨੂੰ,
ਰੋਜ਼ ਹੀ ਵਾਰ ਹਜ਼ਾਰ ਕਰੋ।

ਕਮਰਾ

ਹਰਦਮ ਰਹਿੰਦਾ ਖਿੜਿਆ ਚਿਹਰਾ।
ਸਾਫ਼ ਸੁਥਰਾ ਕਮਰਾ ਮੇਰਾ।
ਕਰਦਾ ਵਾਂ ਹਰ ਰੋਜ਼ ਸਫਾਈ,
ਜਦ ਵੀ ਹੁੰਦਾ ਸੋਨ ਸਵੇਰਾ।

ਕਮਰਾ ਮੇਰਾ ਖੁੱਲ੍ਹਮ-ਖੁੱਲ੍ਹਾ
ਇੰਤਜ਼ਾਮ ਵਿੱਚ ਖੁੱਲ੍ਹਾ ਡੁੱਲ੍ਹਾ।
ਰੋਸ਼ਨਦਾਨ ਬਾਰੀਆਂ ਲੱਗੀਆਂ,
ਹੁੰਦਾ ਨਾ ਵਿੱਚ ਕਦੇ ਹਨੇਰਾ।
ਸਾਫ ਸੁਥਰਾ...........।

ਰਹਿਣ ਨਾ ਦੇਵਾਂ ਮੱਕੜੀ ਜਾਲੇ
ਸਾਫ ਰੱਖਾਂ ਨਿੱਤ ਮੋਰੀਆਂ ਆਲੇ।
ਰੰਗੇ ਹੋਏ ਬਾਰੀਆਂ ਬੂਹੇ
ਪੱਕਾ ਬੰਨ੍ਹਿਆ ਹੋਇਆ ਬਨੇਰਾ।
ਸਾਫ ਸੁਥਰਾ...........।

ਥਾਂ ਸਿਰ ਤੇ ਹਰ ਚੀਜ਼ ਹੈ ਸੋਹਵੇ।
ਲੱਭਣ ਲੱਗਿਆਂ ਔਖਾ ਨਾ ਹੋਵੇ।
ਹਰ ਕੋਈ ਮੈਨੂੰ ਕਹਿੰਦਾ, "ਇਕ ਦਿਨ
ਮਹਾਨ ਬਣੇਂਗਾ ਬੱਗਿਆ ਸ਼ੇਰਾ।"
ਸਾਫ ਸੁਥਰਾ............।

ਤਿਰੰਗਾ ਝੰਡਾ

ਸ਼ਰਧਾ ਦੇ ਨਾਲ ਸੀਸ ਝੁਕਾਉਂਦਾ ਹਿੰਦੁਸਤਾਨ ਹਮਾਰਾ।
ਸਾਡਾ ਤਿਰੰਗਾ ਝੰਡਾ ਸਾਨੂੰ ਲੱਗਦਾ ਬੜਾ ਪਿਆਰਾ।

ਤਿੰਨ ਰੰਗ ਨੇ ਇਹਦੇ ਇਕ ਵਿਚਾਲੇ ਚੱਕਰ ਸੋਹਵੇ।
ਜੀ ਕਰਦਾ ਇਹ ਸਾਡੀਆਂ ਅੱਖਾਂ ਤੋਂ ਨਾ ਓਹਲੇ ਹੋਵੇ।
ਏਕਤਾ ਦਾ ਪ੍ਰਤੀਕ ਅਸਾਡਾ ਸਭ ਦੁਨੀਆਂ ਤੋਂ ਨਿਆਰਾ।
ਸਾਡਾ ਤਿਰੰਗਾ.........................।

ਜੈ ਹਿੰਦ ਦਾ ਨਾਹਰਾ ਲਾ ਕੇ ਝੰਡਾ ਅਸੀਂ ਲਹਿਰਾਉਂਦੇ।
ਉੱਚਾ ਰੱਖਣ ਦੇ ਲਈ ਆਪਣੀ ਜਾਨ ਵੀ ਲੇਖੇ ਲਾਉਂਦੇ।
ਉੱਨਤ ਹਿੰਦੁਸਤਾਨ ਰਹੇ ਦਾ ਕਰਦਾ ਰਹੇ ਇਸ਼ਾਰਾ।
ਸਾਡਾ ਤਿਰੰਗਾ........................।

ਦੇ ਕੇ ਸ਼ਹੀਦੀਆਂ ਨਾਲ ਆਜ਼ਾਦੀ ਦੇ ਇਹ ਮਿਲਿਆ ਝੰਡਾ।
ਦੋਸਤਾਂ ਦੇ ਲਈ ਪਿਆਰ-ਦੁਸ਼ਮਣਾ ਦੀ ਖ਼ਾਤਿਰ ਹੈ ਡੰਡਾ।
ਸਾਡੇ ਸ਼ਹੀਦਾਂ ਦੀ ਇਹ ਯਾਦ ਦਿਵਾਉਂਦਾ ਰਹੇ ਵਿਚਾਰਾ।
ਸਾਡਾ ਤਿਰੰਗਾ.........................।

ਪੰਦਰਾਂ ਅਗਸਤ, ਛੱਬੀ ਜਨਵਰੀ, ਦਿਨ ਜੋ ਕੌਮੀ ਆਉਂਦੇ।
‘ਜਨ-ਗਣ-ਮਨ’ ਜੋ ਕੌਮੀ ਗੀਤ ਸਭ ਨਾਲ ਪਿਆਰ ਦੇ ਗਾਉਂਦੇ।
‘ਵੰਦੇ ਮਾਤਰਮ’ ਚਰਨ ਗਾਂਵਦਾ ਭਾਰਤ ਦੇਸ਼ ਇਹ ਸਾਰਾ।
ਸਾਡਾ ਤਿਰੰਗਾ................................।

ਦੋ ਬਿੱਲੀਆਂ

ਬਿੱਲੂ ਬਾਂਦਰ ਭੌਂਦਾ ਕਿਤਿਉਂ,
ਰੋਟੀ ਚੁੱਕ ਲਿਆਇਆ।
ਪਾਣੀ ਕੰਢੇ ਛਾਵੇਂ ਬਹਿਕੇ,
ਖਾਣ ਦਾ ਮਨ ਬਣਾਇਆ।

ਰਾਣੋ-ਮਾਣੋ ਦੋ ਬਿੱਲੀਆਂ,
ਅੱਗੇ ਆਣ ਖਲੋਈਆਂ।
ਖੋਹ ਲਈ ਰੋਟੀ ਝਪਟ ਮਾਰ ਕੇ,
ਲੈ ਕੇ ਤਿੱਤਰ ਹੋਈਆਂ।

ਬਾਂਦਰ ਕੱਲਾ ਦੋ ਬਿੱਲੀਆਂ,
ਪੇਸ਼ ਗਈ ਨਾ ਕੋਈ।
ਤਲੀਆਂ ਮਲਦਾ ਬਾਂਦਰ ਰਹਿ ਗਿਆ,
ਜਾਗੀ ਕਿਸਮਤ ਸੋਈ।

ਸੋਚੇ ਕੱਲ ਮੈਂ ਫੈਸਲਾ ਕੀਤਾ,
ਜਦ ਸੀ ਰੋਟੀ ਖੋਹੀ।
ਮਿਲ-ਜੁਲ ਕੇ ਦੋਵੇਂ ਭੈਣਾਂ,
ਲੈ ਲਿਆ ਬਦਲਾ ਓਹੀ।

ਚਾਰ ਕੁ ਘੰਟੇ ਮਾਰ ਟਪੂਸੀਆਂ,
ਜਾ ਝਾੜੀ ਵਿੱਚ ਸੁੱਤਾ।
ਹੁਣ ਬੈਠਾ ਪਿੰਡੇ ਨੂੰ ਖੁਰਕੇ,
ਲੜ ਗਿਆ ਭੱਬੂ ਕੁੱਤਾ।

ਜੰਗਲ ਦੇ ਵਿੱਚ ਮੰਗਲ

ਜੰਗਲ ਦੇ ਵਿੱਚ ਮੀਟਿੰਗ ਹੋਈ, ਸ਼ੇਰ ਲਏ ਸਭ ਜਾਨਵਰ ਸੱਦ।
ਵਿਹਲੇ ਰਹਿ ਕੇ ਭੁੱਖੇ ਮਰਗੇ, ਕੰਮ ਕਰਕੇ ਹੁਣ ਖਾਈਏ ਰੱਜ।

ਲੈ ਬਈ ਅੱਜ ਤੋਂ ਸਾਰੇ ਮਿੱਤਰੋ, ਆਪੋ ਆਪਣੇ ਤੋਰ ਲੋ ਕੰਮ।
ਨਾਮ ਲਿਖਾ ਦਿਉ ਮੇਰੇ ਕੋਲੇ, ਗੌਰ ਰੱਖੂੰ ਥੋਡੀ ਹਰਦਮ।

ਨਿਓਲ ਕਹੇ ਮੈਂ ਨਾਈ ਬਣੂੰਗਾ, ਚੂਹਾ ਆਖੇ ਚਿੱਤਰਕਾਰ।
ਮੋਚੀ ਮਿਰਗ, ਜਿਰਾਫ ਜੁਲਾਹਾ, ਘੋੜਾ ਬਣ ਬੈਠਾ ਘੁਮਿਆਰ।

ਹਿਰਨ ਕਹੇ ਹਲਵਾਈ ਬਣਨਾ, ਕੁੱਤਾ ਆਖੇ ਮੈਂ ਕਿਰਸਾਣ।
ਲੰਬੜ ਲੋਹਾ-ਕੁੱਟ ਬਣ ਗਿਆ, ਤੇਂਦੂਆ ਬਣ ਗਿਆ ਸੀ ਤਰਖਾਣ।

ਜ਼ੈਬਰਾ ਜੌਹਰੀ, ਕੁਲੀ ਕੰਗਾਰੂ, ਸੂਰ ਬਣ ਗਿਆ ਸ਼ਾਹੂਕਾਰ।
ਲੱਕੜ-ਬੱਘਾ ਲੱਕੜਹਾਰਾ, ਚੀਤਾ ਬਣ ਗਿਆ ਚੌਂਕੀਦਾਰ।

ਲੰਗੂਰ ਲਲਾਰੀ, ਪੰਡਾ ਪੰਡਿਤ, ਖੱਚਰ ਨੇ ਜਾ ਲਾਈ ਖਰਾਦ।
ਮੈਸ੍ਹਾ ਮਾਲੀ, ਬੈਲ ਗਵਾਲਾ, ਗੈਂਡਾ ਸੀ ਬਣ ਬੈਠਾ ਸਾਧ।

ਰੇਂਡੀਅਰ ਸੀ ਰਾਜ ਮਿਸਤਰੀ, ਬਣਗੀ ਵੇਲ੍ਹ ਮਹਾਨ ਵਕੀਲ।
ਰੋਝ ਰਸੋਈਆ, ਭਾਲੂ ਦਰਜੀ, ਨੇਤਾ ਬਣਗੀ ਮੱਛੀ ਨੀਲ।

ਸੁੰਨਮਸਾਨ ਦਾ ਸ਼ਹਿਰ ਬਣਾ ’ਤਾ, ਕਣ ਕਣ ਕਿਰਪਾ ਕਰ ਕਰਤਾਰ।
ਜੰਗਲ ਦੇ ਵਿੱਚ ਮੰਗਲ ਲੱਗਿਆ, ਪੱਤਝੜ ਦੇ ਵਿੱਚ ਆਈ ਬਹਾਰ।

ਰਹੋ ਹੱਸਦੇ

ਹੱਸਣਾ ਰੱਬੀ ਦਾਤ ਹੈ ਵੀਰੋ,
ਰਹੋ ਹੱਸਦੇ,
ਹੱਸਦਿਆਂ ਦੇ ਘਰ ਹੁੰਦੇ ਨੇ,
ਸਦਾ ਵੱਸਦੇ।

ਹੱਸਦਿਆਂ ਦੇ ਕੋਲ ਹਰ ਕੋਈ ਖੜ੍ਹਨਾ ਚਾਹੁੰਦੈ।
ਹਰ ਕੋਈ ਆਪਣਾ ਦੁੱਖ-ਸੁੱਖ ਸਾਂਝਾ ਕਰਨਾ ਚਾਹੁੰਦੈ।
ਝੂਠ ਦੇ ਉੱਤੇ ਰਹੋ ਸਦਾ,
ਵਿਅੰਗ ਕੱਸਦੇ।
ਹੱਸਣਾ ਰੱਬੀ..........................।

ਹੱਸਦਿਆਂ ਦੇ ਚਿਹਰੇ ਰਹਿਣ, ਸਦਾ ਟਹਿਕਦੇ।
ਵਾਂਗ ਫੁੱਲਾਂ ਦੇ ਦਿਲ ਉਨ੍ਹਾਂ ਦੇ, ਰਹਿਣ ਮਹਿਕਦੇ।
ਬੋਲ ਮੁੱਖ 'ਚੋਂ ਕੱਢੋ ਮਿੱਠੇ
ਵਾਂਗ ਰਸ ਦੇ।
ਹੱਸਣਾ ਰੱਬੀ...................................।

ਹੱਸਦਿਆਂ ਦਾ ਕੰਮ ਦੂਜੇ ਨੂੰ ਹੁੰਦਾ ਹਸਾਉਣਾ।
ਹੱਸ ਕੇ ਗਮ ਤੇ ਦੁੱਖ ਦੂਜੇ ਦਾ ਹੁੰਦਾ ਭੁਲਾਉਣਾ।
ਹਾਸੇ ਸਦਾ ਦੁੱਖ ਨੂੰ ਵੀਰੋ,
ਰਹਿਣ ਡੱਸਦੇ।
ਹੱਸਣਾ ਰੱਬੀ................................।

ਦਸ ਰੁਪਏ

ਘੋਟ-ਘੁਮੱਕੜ, ਕੱਢ ਭਮੱਕੜ,
ਪਾਪਾ ਦਿੱਤੇ ਰੁਪਈਏ ਦਸ।
ਇੱਕ ਦਾ ਲੈ ਲਿਆ ਹੈਲੀਕਾਪਟਰ,
ਇੱਕ ਦੀ ਲੈ ਲਈ ਮਿੰਨੀ ਬੱਸ।

ਅੱਲ-ਪਤਾਣੀ, ਜਲ-ਪਤਾਣੀ
ਚੂਹਾ ਡੱਡੂ ਰਹੇ ਸੀ ਖੇਲ੍ਹ।
ਇੱਕ ਰੁਪਏ ਦੀ ਸੜਕ ਬਣਾ ’ਤੀ
ਇੱਕ ਦਾ ਵਿੱਚ ਪਵਾਇਆ ਤੇਲ।

ਉੱਡਣ, ਮੂੰਡਣ, ਗੋਲ, ਗਲੂੰਡਣ,
ਚਾਰੋ ਭਾਈ ਲੈ ਗੇ ਮੰਗ।
ਇੱਕ ਇੱਕ ਲੈ ਲਿਆ ਜੇਬ ਖਰਚ ਨੂੰ
ਨਾਲ ਮੇਰੇ ਸੀ ਕਰਕੇ ਜੰਗ।

ਉੱਘ-ਪਤਾਲੀ ਬਾਗ ਦੇ ਕੋਲੇ,
ਚਾਰਾਂ ਉੱਤੇ ਡਿੱਗ ਪਿਆ ਸੇਬ।
ਦੋ ਰੁਪਏ ਵਿੱਚ ਹੋਈ ਮੁਰੰਮਤ
ਖਾਲੀ ਹੋ ਗਈ ਮੇਰੀ ਜੇਬ।

ਝੱਲ-ਵਲੱਲੀਆਂ

ਲਾਲਾ ਬੈਠਾ ਹੱਟੀ ਉੱਤੇ,
ਤੇਰ੍ਹਾਂ ਦੇ ਤਿੰਨ ਤੋਲੇ।
ਵਹੀ ਦੇ ਉੱਤੇ ਬਿੰਦੀ ਲਾ ਕੇ,
ਜੈ ਮਾਤਾ ਦੀ ਬੋਲੇ।

ਝੱਲ-ਵਲੱਲੀ ਨੱਚੇ-ਟੱਪੇ,
ਮਾਰੇ ਪੁੱਠੀਆਂ ਛਾਲਾਂ।
ਨੱਕ ਚੜ੍ਹਾਵੇ ਅੱਖਾਂ ਕੱਢੇ,
ਨਾਲੇ ਸੁੱਟਦੀ ਲਾਲ਼ਾਂ।

ਮਿੱਡੂ ਮੱਲ ਪਰੌਂਠੇ ਥੱਲੇ,
ਚੀਚੋ ਬੈਠੀ ਬੇਲੇ।
ਮਾਘੀ ਤੋੜ ਤੜਾਗੀ ਆਇਆ,
ਬੱਲੂ ਸ਼ਾਹ ਦੇ ਮੇਲੇ।

ਖੋਤੇ ਤੇ ਚੜ੍ਹ ਮਾਰੇ ਦੁਲੱਤੇ,
ਕਾਕਾ ਭੂੰਡ-ਪਟਾਕਾ।
ਭੋਲੂ ਡੰਡ-ਪਲਾਂਘੜਾ ਖੇਲ੍ਹੇ,
ਗੋਲੂ ਤੂੜ-ਤੜਾਕਾ।

ਚੁਗਲ ਝਾਤੀਆਂ ਮਾਰੇ ਚੰਦੂ,
ਲੀਲੋ ਰਿੜਕੇ ਪਾਣੀ।
ਡੱਡੂ ਜਲ ਦਾ ਰਾਜਾ ਬਣਿਆ
ਚੂਹੀ ਥਲ ਦੀ ਰਾਣੀ।

ਬਿੱਲੀ ਤੇ ਕੁੱਤਾ

ਇੱਕ ਸੀ ਕੁੱਤਾ ਇੱਕ ਸੀ ਬਿੱਲੀ।
ਦੋਹਾਂ ਦੀ ਸੀ ਕੋਠੀ ਪਿੱਲੀ।

ਪਿੱਲੀ ਕੋਠੀ ਭੁਰਦੀ ਜਾਵੇ।
ਰੋਹੀ ਸਾਰੀ ਕਿਰਦੀ ਜਾਵੇ।

ਗਿਰੇ ਟੁੱਟ ਕੇ ਬਾਰੀਆਂ ਬੂਹੇ।
ਗਰਮੀ ਆਉਂਦੀ ਪਿੰਡਾ ਲੂਹੇ।

ਬਾਰਸ਼ ਆਉਂਦੀ ਕੋਠੇ ਚੋਂਦੇ।
ਬਿੱਲੀ ਕੁੱਤਾ ਡੁੱਬ-ਡੁਬ ਰੋਂਦੇ।

ਸਰਦੀ ਆਉਂਦੀ ਜਾਂਦੇ ਮਰਦੇ।
ਪਾਲੇ ਦੇ ਵਿੱਚ ਠੁਰ-ਠੁਰ ਕਰਦੇ।

ਨ੍ਹੇਰੀ ਆਉਂਦੀ ਕਾਂ ਕੁਰਲਾਵੇ।
ਨਿਕਲੋ ਕੋਠਾ ਗਿਰ ਨਾ ਜਾਵੇ।

ਦੋਵੇਂ ਭੁੱਖੇ ਵੜ ਗਏ ਦਿੱਲੀ।
ਮੌਜਾਂ ਕਰਦੇ ਕੁੱਤਾ ਬਿੱਲੀ।

ਮੰਮੀ ਗੁੱਡੀ ਬਣਾ ਦਿਓ

ਮੰਮੀ ਜੀ ਮੈਨੂੰ ਗੁੱਡੀ ਬਣਾ ਦਿਓ,
ਸੋਹਣੀ ਜਿਹੀ ਲੀਰਾਂ ਦੀ।
ਬੜੀ ਸੋਹਣੀ ਸੀ ਕੱਲ੍ਹ ਮੈਂ ਦੇਖੀ,
ਸਹੇਲੀ ਨੀਰਾਂ ਦੀ।

ਉਸ ਗੁੱਡੀ ਨਾਲ ਮੰਮੀ ਜੀ ਉਹ ਖੇਡਦੀ ਰਹਿੰਦੀ ਏ।
ਮੇਰੀ ਮੰਮੀ ਨੇ ਦਿੱਤੀ ਮੈਨੂੰ ਰੋਜ਼ ਹੀ ਕਹਿੰਦੀ ਏ।
ਮੇਰਾ ਜੀ ਨਾ ਲੱਗੇ ਅੰਮੜੀਏ
ਸਹੁੰ ਮੈਨੂੰ ਪੀਰਾਂ ਦੀ।
ਮੰਮੀ ਜੀ................................।

ਹੱਥ ਵਿੱਚ ਮੇਰੀ ਸਹੇਲੀ ਦੇ ਉਹ ਬੜੀ ਹੀ ਫੱਬਦੀ ਆ।
ਮੈਨੂੰ ਤਾਂ ਉਹ ਬਿਲਕੁਲ ਜਿਊਂਦੀ ਜਾਗਦੀ ਲਗਦੀ ਆ।
ਲੋੜ ਨਾ ਮੈਨੂੰ ਘਿਓ-ਬੂਰੇ ਰਸ ਪੂੜੇ ਖੀਰਾਂ ਦੀ।
ਮੰਮੀ ਜੀ..............................।

ਮਾਂ ਮੈਂ ਆਪਣੀ ਗੁੱਡੀ ਦੇ ਨਾਲ ਖੁਸ਼ ਹੋ ਜਾਊਂਗੀ।
ਜੇ ਨਾ ਦਿੱਤੀ ਬਣਾ ਕੇ ਫੇਰ ਮੈਂ ਬੜਾ ਹੀ ਰੋਊਂਗੀ।
ਕੱਲ੍ਹ ਨੂੰ ਬਣ ਕੇ ਆ ਜਾਣੀ ਮੇਰੀ ਸਹੇਲੀ ਮੀਰਾਂ ਦੀ।
ਮੰਮੀ ਜੀ..........................।

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਪੁਆਧੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ