Mithre Krishan-Radha Prem Ke : Kavi Saundha

ਮਿਠੜੇ ਕ੍ਰਿਸ਼ਨ-ਰਾਧਾ ਪ੍ਰੇਮ ਕੇ : ਕਵੀ ਸੌਂਧਾ

ਦੋਹਰਾ

ਪ੍ਰੇਮ ਪ੍ਰੇਮ ਸਭ ਕੋ ਕਹੈ ਪ੍ਰੇਮ ਨਾ ਜਾਨੇ ਕੋਇ॥
ਪ੍ਰੇਮ ਪੁਰਖ ਪਰਮਾਤਮਾ ਜਲ ਥਲ ਮਹੀਅਲ ਸੋਇ ॥੧॥
ਬਾਟ ਘਾਟ ਨਹਿ ਪਾਈਐ ਪ੍ਰੇਮ ਨਾ ਹਾਟ ਬਿਕਾਇ॥
ਜਿਸ ਪਰ ਪ੍ਰਭੂ ਕ੍ਰਿਪਾ ਕਰੈ ਘਟ ਮੇ ਲੇਤ ਮਿਲਾਇ ॥੨॥

੧ਓ ਸਤਿਗੁਰ ਪ੍ਰਸਾਦਿ॥
ਅਥ ਪ੍ਰੇਮ ਬਿਲਾਸ ਰਾਧਕਾ ਜੀ ਕਾ ਲਿਖਯਤੇ॥

ਦੋਹਰਾ

ਪ੍ਰੇਮ ਭਗਤ ਸ੍ਰੀ ਰਾਮ ਕੀ ਸਭ ਤੇ ਉਤਮ ਜਾਨ॥
ਕਿਰਪਾ ਕਰ ਕੇ ਦੇਹ ਹਰਿ ਜਨ ਅਪਨੇ ਕੋ ਦਾਨ ॥੧॥
ਪ੍ਰੇਮ ਬਾਨ ਜਾਂ ਕੋ ਲਗੇ ਸੋ ਜੀਵਤ ਮਰ ਜਾਇ॥
ਜਾਕੇ ਘਟ ਮੇ ਸੰਚਰੇ ਸੁਧ ਬੁਧ ਦੇਤ ਭੁਲਾਇ ॥੨॥
ਦੇਖੋ ਕੁਬਜਾ ਪ੍ਰੇਮ ਕਰ ਪਾਇਓ ਹਰਿ ਸੋ ਮੀਤ॥
ਪ੍ਰੇਮ ਨਾ ਹਾਸੀ ਖੇਲ ਹੈ ਕਠਨ ਪ੍ਰੇਮ ਕੀ ਰੀਤ॥੩॥
ਕੱਚਾ ਤੰਤੁ ਪ੍ਰੇਮ ਕਾ ਮਾਨ ਲੇਹੁ ਸਭ ਕੋਇ॥
ਗਰਬ ਨ ਕੀਚਾ ਪ੍ਰੇਮ ਮਹ ਟੂਟਿ ਜਾਇ ਮਤ ਸੋਇ ॥੪॥
ਦ੍ਰਪਨ ਮੇ ਮੁਖ ਦੇਖ ਕੇ ਰਾਧੇ ਕੀਆ ਗੁਮਾਨ॥
ਸੁੰਦਰ ਰੂਪਨਿਹਾਰ ਕੇ ਕੀਨੋ ਮਨ ਅਭਮਾਨ ॥੫॥
ਮੇਰੇ ਜੈਸੀ ਜਗਤ ਮੇ ਔਰ ਨ ਦੂਜੀ ਨਾਰ॥
ਮੋਹਿ ਲੀਆ ਮੈ ਕ੍ਰਿਸ਼ਨ ਕਉ ਫਾਸ ਪ੍ਰੇਮ ਕੀ ਡਾਰ ॥੬॥
ਜਬ ਇਤਨਾ ਮੁਖ ਤੇ ਕਹਯੋ ਗਏ ਕ੍ਰਿਸ਼ਨ ਤਿਹ ਤਿਆਗ॥
ਪਈ ਚਿਣਗ ਤਨ ਪ੍ਰੇਮ ਕੀ ਕੀਓ ਬਹੁਤ ਬੈਰਾਗ ॥੭॥

ਸੋਰਠਾ

ਜਾ ਸੋ ਲਾਗੇ ਪ੍ਰੇਮ ਗਰਬ ਨ ਕੀਜੇ ਤਾਹ ਸੋ॥
ਏਹੀ ਪ੍ਰੇਮ ਕਾ ਨੇਮ ਤਾਕੋ ਉਤਮ ਜਾਨੀਏ॥੮॥
ਸੋ ਕਹਯੋ ਨ ਜਾਇ, ਜੋ ਵੈਰਾਗ ਰਾਧੇ ਕੀਉ॥
ਸੋ ਸਭ ਕਹੋ ਸੁਨਾਇ, ਪਾਹਨ ਚਿਤ ਕਠੋਰ ਹੋਇ ॥੯॥
ਰਾਧੇ ਕਰੇ ਬਖਾਨ, ਜੋ ਉਰਾਹਨੇ ਕ੍ਰਿਸ਼ਨ ਕੋ॥
ਸੁਨਹੁ ਚਤੁਰ ਧਰ ਧਿਆਨ, ਸੋ ਸਭ ਮਿਠੜੇ ਮੈਂ ਕਹੇ ॥੧੦॥
ਦੇਵੋਂ ਪ੍ਰੇਮ ਸੁਨਾਇ ਅਬ ਮੈ ਰਾਧੇ ਕ੍ਰਿਸ਼ਨ ਕਾ॥
ਸੁਨਹੁ ਸਰਬ ਮਨ ਲਾਇ, ਜੋ ਪ੍ਰੇਮੀ ਸ਼੍ਰੀ ਕ੍ਰਿਸਨ ਕਾ॥੧੧॥
ਪ੍ਰੇਮੀ ਦੁਖੀਆ ਦੇਇ, ਮਤਵਾਰੇ ਕੀ ਗਾਰ ਮੈ॥
ਕ੍ਰੋਧ ਨ ਸੁਘੜ ਕਰੇਇ, ਮਾਤ ਪਿਤਾ ਗੁਰ ਭੂਪ ਕੀ ॥੧੨॥

ਰਾਧੇ ਵਾਚ ਮਿਠੜੇ

ਸੋਹਣੀ ਨੂੰ ਛੱਡ ਕੇ ਕਸੋਹਨੀ ਦੇ ਨਾਲ ਰਤਾ,
ਕੁੱਬੀ ਜੇਹੀ ਨਾਰ ਨਿਤ ਸੀਨੇ ਨਾਲ ਲਾਉਂਦਾ॥
ਰਿਛ ਸੰਦੀ ਪੁਤਰੀ ਲੈ ਆਇਆ ਡੋਲੀ ਵਿਚ ਪਾਇ,
ਕਾਲੇ ਜੇਹੇ ਕਾਹਨ ਨੂੰ ਹਯਾਉ ਨਹੀਂ ਆਉਂਦਾ॥੧੨॥

ਜਗ ਦਾ ਹੈ ਹਾਸੋ ਹਾਨਾ ਸਾਵਰੇ ਦਾ ਨਾਉਂ ਕਾਨ੍ਹਾ,
ਬੰਸਰੀ ਬਜਾਇਕੇ ਨਾਰੀਆਂ ਰਿਝਾਉਂਦਾ॥
ਇਕਨਾ ਨੂੰ ਸਾਈ ਦਿੰਦਾ ਇਕਨਾ ਵਧਾਈ ਕਾਨ੍ਹ,
ਜਣੀ ਖਣੀ ਨਾਲ ਨੇਹੁ ਕਾਹੇ ਨੂੰ ਲਗਾਉਂਦਾ ॥੧੩॥

ਜਿਨ੍ਹਾਂ ਅੱਖੀਂ ਡਿੱਠਾ ਉਨ੍ਹਾਂ ਕਿਉਂ ਨਾ ਲਗੇ ਮਿੱਠਾ,
ਸਾਂਮ ਡਿੱਠੇ ਬਾਝੂ ਨਾਰੀ ਨੂੰ ਅਰਾਮ ਨਹੀਂ ਆਉਂਦਾ॥
ਦੋਸ ਕੇਹਾ ਰੰਨਾ ਚਿਤ ਜਿਨ੍ਹਾਂ ਦਾ ਲੈ ਭੰਨਾ,
ਸਾਰੇ ਜੱਗ ਵਿਚ ਸਾਵਰੇ ਨੂੰ ਸਭੋ ਕੋਈ ਗਾਉਂਦਾ॥
ਰਾਜੇ ਰਾਜ ਛਡ ਕੇ ਬਿਭੂਤ ਲਾਇ ਬੈਠੇ,
ਸਾਨੂੰ ਆਇ ਕੇ ਸਲੋਨਾ ਮੁਖ ਕਿਉਂ ਨਹੀਂ ਦਿਖਾਉਂਦਾ॥
ਜੋਗੀ ਅਤੇ ਜੰਗਮ ਸਰੇਵੜਾ ਸੰਨਿਆਸੀ ਬੈਠਾ
ਮੜ੍ਹੀਆਂ ਤੇ ਮਸਾਣਾ ਵਿਚ ਉਸੇ ਨੂੰ ਧਿਆਉਂਦਾ ॥੧੪॥

ਮੁੱਠੀ ਹਾਵੇ ਮੁੱਠੀ ਲੋਕਾ ਸਾਵਰੇ ਨੇ ਕੁੱਠੀ ਆਜਿ,
ਰੁੱਠੀ ਹੋਈ ਕੁਬਰੀ ਨੂੰ ਆਪੇ ਹੈ ਮਨਾਉਂਦਾ॥
ਸਾਹੁਰੇ ਤੇ ਮਾਪੇ ਮੈਂ ਤਾਂ ਛਡ ਆਈ ਆਪੇ,
ਅਜ ਰਾਧਕੇ ਦੇ ਫੱਟਾਂ ਉਤੇ ਲੂਣ ਕੇਹਾ ਪਾਉਂਦਾ॥
ਬੰਸਰੀ ਬਜਾਇ ਰੰਨਾਂ ਲੈਂਦਾ ਹੈ ਰਿਝਾਇ,
ਨਿਤ ਸਾਵਰਾ ਸਲੋਨਾ ਸਿਯਾਮ ਜਗ ਨੂੰ ਹਸਾਉਂਦਾ॥
ਗੋਪ ਤੇ ਗਵਾਰ ਲੈ ਕੇ ਆਪਣੇ ਹੀ ਯਾਰ ਸਾਰੇ,
ਗੁਜਰਾਂ ਦਾ ਦੁਧ ਦਹੀਂ ਸਾਰੇ ਹੀ ਲੁਟਾਉਂਦਾ ॥੧੫॥

ਸਿਖਿਆ ਕੁਬਾਣੀਂਆਂ ਉਹ ਛਡ ਕੇ ਸਵਾਣੀਆਂ ਨੂੰ,
ਕੁੱਬੀ ਜੇਹੀ ਨਾਰ ਮੁੱਢ ਗੋਡੇ ਦੇ ਬਹਾਉਂਦਾ॥
ਜਗ ਦੀ ਛਨਾਰ ਸੋ ਬਨਾਇ ਲਈ ਨਾਰ ਕਾਨ੍ਹ,
ਜਾਤ ਦਾ ਅਹੀਰ ਛਡ ਖੀਰ ਸਾਗ ਖਾਉਂਦਾ॥
ਡਿੱਠੇ ਡਰ ਆਵੈ ਸੋਈ ਸੀਨੇ ਨਾਲ ਲਾਵੈ ਗੁੰਡੀ,
ਜਗ ਨੂੰ ਨ ਭਾਵੈ ਸੋਈ ਰਾਤ ਦਿਨੇ ਗਾਉਂਦਾ॥
ਕਾਨ੍ਹ ਜੇਹਾ ਹੋਰ ਨਾਹੀਂ ਦੂਸਰਾ ਕਠੋਰ ਚੋਰ
ਚਿਤ ਨੂੰ ਚੁਰਾਇ ਕੇਹੀ ਬੰਸਰੀ ਬਜਾਉਂਦਾ॥੧੬॥

ਬਾਂਸ ਦੀ ਕਮਾਈ ਦੇਖੋ ਬੰਸਰੀ ਬਨਾਈ ਕਾਨ੍ਹ,
ਰੀਝ ਰੀਝ ਰਾਤ ਦਿਨੇ ਹੋਠਾਂ ਨਾਲ ਲਾਉਂਦਾ॥
ਕੇਹਾ ਪੁੰਨ ਕੀਤਾ ਚੰਗਾ ਨ੍ਹਾਇਕੇ ਨਾ ਆਇਆ ਗੰਗਾ,
ਮੋਹਿ ਲੈਂਦਾ ਪੰਛੀਆਂ ਨੂੰ ਫੂਕ ਕੇ ਬਜਾਉਂਦਾ॥
ਲੋਕਾਂ ਦੀ ਬਡਾਈ ਜੋ ਮੁਖ ਦਹੀ ਪਾਈ ਰਾਧੇ,
ਨਿਤ ਦਾ ਵਿਛੋੜਾ ਸਾਨੂੰ ਮਿਤ ਦਾ ਸਤਾਉਂਦਾ॥
ਜਾਨੀ ਨੇ ਲਗਾਈ ਕਾਨੀ ਕੀਤੀ ਹਾਂ ਦਿਵਾਨੀ ਮੈਂ ਤਾਂ,
ਸੁਫਨੇ ਭੀ ਆਇ ਸ਼ਾਮ ਰੂਪ ਨ ਦਿਖਾਉਂਦਾ॥੧੭॥

ਛੁਟੜਾ ਛਨਾਰ ਨਾਲ ਕਰਦਾ ਹੈ ਪਿਆਰ ਨਾ ਹੀ
ਕਾਨ੍ਹ ਦਾ ਇਤਬਾਰ ਸਾਨੂੰ ਰਤੀ ਇਕ ਆਉਂਦਾ॥
ਜੀਉ ਜਿੰਦ ਬਸ ਵਿਚੋਂ ਜਾਂਦਾ ਆਪ ਨਸ
ਸਾਡਾ ਚਲਦਾ ਨਾ ਵਸ ਅੱਗ ਕੱਖਾਂ ਵਿੱਚ ਪਾਉਂਦਾ॥
ਆਪੇ ਨੇਹੁ ਲਾਇਆ ਆਪੇ ਦਿੰਦਾ ਹੈ ਭੁਲਾਇ,
ਚਿੱਤ ਰੰਨਾ ਦਾ ਚੁਰਾਇ ਨਾਉਂ ਕਾਨ੍ਹ ਜੀ ਕਹਾਉਂਦਾ॥
ਕੌਣ ਆਖੇ ਕਾਨ੍ਹ ਕੱਢ ਲੈਂਦਾ ਵਿਚੋਂ ਜਾਨ,
ਫਾਹੀ ਅਖੀਆਂ ਦੀ ਪਾਇ ਵਾਂਗ ਤਿਤਰਾਂ ਫਸਾਉਂਦਾ॥੧੮॥

ਟੇਢੀ ਟੇਢੀ ਪਗ ਧਰੇ ਟੇਢੇ ਹੀ ਉਹ ਨੈਣ ਕਰੇ
ਕਾਲੇ ਜੇਹੇ ਸੱਪ ਵਾਂਗੁ ਟੇਢਾ ਹੋਇ ਡਰਾਉਂਦਾ॥
ਟੇਢੀ ਟੇਢੀ ਚਾਲ ਚਲੇ ਤੀਨੋ ਵਲ ਥਾਇ ਹਲੇ,
ਟੇਢੀ ਭਵਾਂ ਨਾਲ ਤੀਰ ਕੱਸ ਕੇ ਚਲਾਉਂਦਾ॥
ਅੰਦਰ ਬਾਹਰ ਕਾਲਾ ਟੇਢੀ ਰਖ ਕੇ ਦੁਸਾਲਾ ਸੀਸ,
ਟੇਢੀਆਂ ਈ ਗੱਲਾਂ ਨਾਲ ਸਾਡੇ ਦਿਲ ਨੂੰ ਚੁਰਾਉਂਦਾ॥
ਕੀ ਕਰਾਂ ਨੀ ਮਾਏ ਚਿੱਤ ਰਖਿਆ ਨ ਜਾਏ,
ਕਾਮਦੇਉ ਦੇ ਸਤਾਏ ਮਨ ਵਸ ਨਹੀਂ ਆਉਂਦਾ॥੧੯॥

ਡਰੇ ਨ ਡਰਾਇਆ ਦੁਖ ਦਿੰਦਾ ਹੈ ਸਵਾਇਆ,
ਨਿੱਤ ਗੋਪੀਆਂ ਨੂੰ ਛੇੜ ਛੇੜ ਘੇਰ ਕੇ ਖੁਹਾਉਂਦਾ॥
ਸਾਵਰੇ ਸਮਾਨ ਨਾਹੀ ਦੂਸਰਾ ਜਹਾਨ ਵਿਚ,
ਕਿਸੇ ਦੀ ਕਣੌਡ ਚਿਤ ਵਿੱਚ ਨ ਧਰਾਉਂਦਾ॥
ਗੋਪੀਆਂ ਭੀ ਸਦਕੇ ਜਾਨ ਚਿੱਤ ਵਿਚ ਵਸੇ ਕਾਨ੍ਹ,
ਸਈਆਂ ਦਾ ਦਲਾਲ ਹੈ ਗੁਪਾਲ ਜੀ ਕਹਾਉਂਦਾ॥
ਆਪ ਹੈ ਅਕਾਲ ਹੋਰ ਸਾਰੇ ਜਗ ਕਾਲ ਵਸ,
ਸੋਹਣਾ ਸੱਜਾਦਾ ਲਾਲ ਸਾਨੂੰ ਅੱਜ ਭਾਉਂਦਾ॥੨੦॥

ਦੋਵੈ ਬਾਪ ਦੋਵੈ ਮਾਇ ਕਾਨ੍ਹ ਦੀ ਨਾ ਇਕ ਜਾਇ,
ਕੋਈ ਆਖੇ ਦੇਵਕੀ ਜਸ਼ੋਧਾ ਦਾ ਕਹਾਉਂਦਾ॥
ਕੋਈ ਆਖੇ ਬਾਸਦੇਵ ਜਾਇਆ ਹੈ ਖਿਡਾਇਆ ਨੰਦ,
ਕੋਈ ਆਖੇ ਨੰਦ ਹੀ ਦਾ ਨੰਦ ਹੈ ਸਦਾਉਂਦਾ॥
ਸੁੰਦ੍ਰ ਗੰਭੀਰ ਕੋਈ ਜਾਤ ਦਾ ਅਹੀਰ ਆਖੇ,
ਟੋਲ ਭਾਲ ਹਾਰੇ ਸਾਰੇ ਅੰਤ ਨਹੀਂ ਆਉਂਦਾ॥
ਸੌਂਧਾ ਕੀ ਸੁਣਾਵੈ, ਜੈਂਦਾ ਅੰਤ ਨਹੀਂ ਆਵੈ,
ਸ਼ੇਸ਼ ਨਾਗ ਲੈ ਲੈ ਕਈ ਨਾਮ ਰਾਤਿ ਦਿਨੇ ਗਾਉਂਦਾ॥੨੧॥

ਬਡੇ ਸੀਲਵੰਤ ਜਾਸੋਂ ਕੁਬਰੀ ਨ ਉਬਰੀ ਹੈ,
ਕੇਸੋ ਕੁਲਵੰਤ ਜਾਤ ਪਾਵਨ ਧਰਾਉਂਦਾ॥
ਅਰਜਨ ਸੋ ਸਿਧਾਰੀ ਭੈਣ ਸਾਮ੍ਹਣੇ ਨ ਕੀਤੇ ਨੈਣ,
ਭਾਬੀ ਦੇ ਭਤਾਰ ਪੰਚ ਰੰਗ ਨ ਲਗਾਉਂਦਾ॥
ਮੇਹਣਾ ਨਾ ਗਾਲ ਕੋਈ ਡਾਢਿਆਂ ਦੇ ਨਾਲ ਸਹੀਓ,
ਡਾਢੇ ਨੂੰ ਹਯਾਉ ਸ੍ਰਮ ਰਤੀ ਭੀ ਨਾ ਆਉਂਦਾ॥
ਕੰਸ ਨੂੰ ਪਛਾੜ ਕੇ ਨਾ ਪਛੋਤਾਣਾ ਚਿੱਤ ਵਿੱਚ,
ਦੇਖੋ ਤੇ ਬੀਚਾਰੋ ਕੋਈ ਮਾਮੇ ਨੂੰ ਕੁਹਾਉਂਦਾ॥੨੨॥

ਕੀਰਨੇ ਬ੍ਰਿਲਾਪ ਕਰੇ ਰਾਧੇ ਬੈਠੀ ਆਪ,
ਹੋਇ ਕਾਨ੍ਹ ਦਾ ਮਿਲਾਪ ਨਿੱਤ ਕਾਵਾਂ ਨੂੰ ਉਡਾਉਂਦੀ॥
ਕੀਤੀ ਹਾਂ ਦਿਵਾਨੀ ਅੱਜ ਸਾਂਵਰੇ ਗੁਮਾਨੀ,
ਛੱਲਾ ਯਾਰ ਦੀ ਨਿਸ਼ਾਨੀ ਦੇਖ ਚਿੱਤ ਨੂੰ ਵਲਾਉਂਦੀ॥
ਕਾਨ੍ਹ ਜੇਹੀ ਚਾਲ ਚੱਲੇ ਹਥੀਂ ਪੈਰੀਂ ਪਾਇ ਛਲੇ,
ਬੰਸਰੀ ਬਜਾਇ ਸਦ ਸਈਆਂ ਨੂੰ ਸੁਣਾਉਂਦੀ॥
ਅਤ੍ਰ ਸੁਗੰਧ ਲਾਇ ਕਾਨ੍ਹ ਨੂੰ ਲਿਆ ਰਿਝਾਇ,
ਕੁਬਰੀ ਨੇ ਪਾਇਆ ਮਿਤ ਚਿੱਤ ਮੇਂ ਬੁਲਾਉਂਦੀ॥੨੩॥

ਮੇਰੀ ਸੀ ਸੋ ਤੇਰੀ ਹੋਈ ਰਾਧੇ ਦਾ ਨਾ ਜੋਰ ਕੋਈ,
ਕਾਨ੍ਹ ਨੂੰ ਲੁਭਾਇ ਸਾਨੂੰ ਮੁਖ ਨਾ ਵਿਖਾਉਂਦੀ॥
ਕਿਥੋਂ ਸਾਡੇ ਲੇਖ ਨੂੰ ਉਪਾਈ ਮੁੱਠੀ ਕੁਬਰੀ,
ਰੂਪ ਨੂੰ ਸ਼ਿੰਗਾਰ ਅਜ ਕਾਨ੍ਹ ਥੋਂ ਲੁਟਾਉਂਦੀ॥
ਸੁਰਮੇ ਦੀ ਸਲਾਈ ਪਾਇ ਸਾਮ੍ਹਣੇ ਝਮੱਕੇ ਲਾਇ.
ਸਾਡੇ ਅੱਜ ਸਾਂਵਰੇ ਦੇ ਚਿੱਤ ਨੂੰ ਵਲਾਉਂਦੀ॥
ਸਾਡੇ ਮੰਦੇ ਭਾਗ ਨੂੰ ਸੁਹਾਗ ਪਾਇਆ ਮਾਲਣੀ ਨੇ,
ਰਾਗ ਦਾ ਵਿਰਾਗ ਰਾਧੇ ਰੋਇ ਰੋਇ ਗਾਉਂਦੀ॥੨੪॥

ਸਿਯਾਮ ਦਾ ਚੁਰਾਇ ਚਿੱਤ ਆਪਣਾ ਬਣਾਏ ਮਿਤ,
ਗੁੱਝੇ ਗੁੱਝੇ ਤੀਰ ਗੁੱਝੀ ਨੈਣਾਂ ਦੇ ਚਲਾਉਂਦੀ॥
ਕੁਚਾ ਦੀ ਬੰਦੂਕ ਕੀਨੀ ਅੰਧੇਰੇ ਦੀ ਓਟ ਦੀਨੀ,
ਕਾਮ ਦੀ ਲੜਾਈ ਦੇਖੋ ਦਉੜੀ ਦਉੜੀ ਆਉਂਦੀ॥
ਮੇਹਣਾ ਨਾ ਤਾਨ੍ਹਾ ਕੋਈ, ਕਾਨ੍ਹ ਦਾ ਯਰਾਨਾ ਦੇਖੋ,
ਦੇਵਕੀ ਜਸੋਧਾ ਨੂੰ ਉਹ ਲੀਕ ਕੇਹੀ ਲਾਉਂਦੀ॥
ਨੇਹਿ ਤੇ ਸਨੇਹਿ ਸਹੀਓ ਇਕੋ ਜੇਹਾ ਚੰਗਾ ਅੱਜ,
ਨੀਚ ਜਾਣ ਮਾਲਣੀ ਉਹ ਕਉਣ ਸੀ ਕਹਾਉਂਦੀ॥੨੫॥

ਕਾਨ੍ਹ ਦੀ ਦੁਖਾਈ ਦਿਆਂ ਕਿਸ ਥੇ ਦੁਹਾਈ ਅੱਜ,
ਉਸੇ ਦੀ ਸਿਖਾਈ ਸਾਨੂੰ ਕੁਬਰੀ ਸਤਾਉਂਦੀ॥
ਛੱਡ ਕੈ ਗੁਆਲਣੀ ਨੂੰ ਮਾਲਣੀ ਦੇ ਨਾਲ ਰੱਤਾ,
ਮਾਲਣੀ ਸੁਗੰਧ ਲਾਇ ਕਾਨ੍ਹ ਨੂੰ ਰਿਝਾਉਂਦੀ॥
ਮੇਰੇ ਵਸ ਆਵੇ ਰਾਧੇ ਆਖ ਕੇ ਸੁਣਾਵੇ ਸਹੀਓ,
ਦੰਦਾਂ ਨਾਲ ਵੱਢ ਵੱਢ ਮਾਸ ਸਾਰਾ ਖਾਉਂਦੀ॥
ਕੰਸ ਦੀ ਅਰਾਇਣੀ ਕਸਾਇਣੀ ਦੀ ਚਾਲ ਦੇਖੋ,
ਕਾਨ੍ਹ ਨੂੰ ਉਧਾਲ ਸਾਥੋਂ ਅੱਖੀਆਂ ਚੁਰਾਉਂਦੀ॥੨੬॥

ਕੁਬਰੀ ਦਾ ਕੁਬ ਭੰਨ ਸੋਹਿਣੀ ਬਨਾਇ ਚੰਨ,
ਅੰਨ ਧੰਨ ਲਛਮੀ ਦੀ ਤੋਟ ਨਹੀਂ ਆਉਂਦੀ॥
ਮੁੱਠੀ ਹਾਵੇ ਮੱਠੀ ਲਾਲ ਸੀਨਾ ਮੇਰਾ ਸਾੜ ਬਾਲ,
ਸਾਂਵਰੇ ਗੁਪਾਲ ਨਾਲ ਯਾਰੀਆਂ ਕਮਾਉਂਦੀ॥
ਜਾਤ ਦੀ ਅਰਾਇਣੀ ਕਸਾਇਣੀ ਦੀ ਚਾਲ ਦੇਖੋ,
ਹੀਰਾ ਪੰਨਾ ਮੋਤੀ ਲਾਲ ਚੁੰਨੀਆਂ ਹੰਢਾਉਂਦੀ॥
ਸਾਂਵਰੇ ਦੀ ਪ੍ਰੀਤ ਸੰਦੀ ਇੱਕ ਭੀ ਨਾ ਗੱਲ ਮੰਦੀ,
ਪਾਪੀਆਂ ਪਰਾਧੀਆਂ ਨੂੰ ਪਾਰ ਹੈ ਲੰਘਾਉਂਦੀ॥੨੭॥

ਭੀਲਣੀ ਤਰਾਈ ਨੀਚ ਜਾਤ ਬੰਨੇ ਲਾਈ
ਬੇਰ ਚੱਖ ਕੇ ਲਿਆਈ ਪਿਆਰ ਨਾਲ ਜੋ ਖਵਾਉਂਦੀ॥
ਮੀਰਾਂ ਬਾਈ ਤਾਰੀ ਔਰ ਦ੍ਰੋਪਤੀ ਉਧਾਰੀ
ਕਰਮਾਬਾਈ ਦੀ ਪ੍ਰੀਤ ਧਾਮ ਸਾਂਮ ਨੂੰ ਬੁਲਾਉਂਦੀ॥
ਕੁਬਰੀ ਸਮਾਨ ਨ ਕਸੋਹਣੀ ਜਹਾਨ ਵਿੱਚ,
ਕੁੱਬੀ ਜੇਹੀ ਠੇਂਗਣੀ ਸੀ ਜਗ ਨੂੰ ਹਸਾਉਂਦੀ॥
ਸੋਈ ਅੱਜ ਕੂਬਰੀ ਸੁਗੰਧ ਲਾਇ ਊਬਰੀ ਹੈ,
ਗੋਪਾਲ ਦਾ ਖ਼ਿਆਲ ਦੇਖੋ ਸੀਨੇ ਵਿੱਚ ਭਾਉਂਦੀ॥੨੮॥

ਕੀਤਾ ਸੀ ਗੁਮਾਨ ਤਾਹੀਂ ਨਾਠੇ ਮੈਥੋਂ ਕਾਨ੍ਹ,
ਰਾਧੇ ਹੋਈ ਸੀ ਅਜਾਨ ਏਹੋ ਸਹੀਆਂ ਨੂੰ ਸੁਣਾਉਂਦੀ॥
ਸਾਂਵਰੇ ਸੁਜਾਨ ਬਾਝੋਂ ਹੋਈ ਮੈਂ ਹੈਰਾਨ ਅੱਜ,
ਉੱਚੀ ਉੱਚੀ ਰੋਇ ਰੋਇ ਗੀਤ ਏਹੋ ਗਾਉਂਦੀ॥
ਆਵੀਂ ਲਾਲ ਆਵੀਂ ਸਾਡੇ ਦੇਸ ਨੂੰ ਵਸਾਵੀਂ,
ਮੁਖੁ ਆਪਣਾ ਦਿਖਾਵੀਂ ਤੈਨੂੰ ਰਾਧਕੇ ਬੁਲਾਉਂਦੀ॥
ਸੁੰਞਾ ਕੀਤੋ ਦੇਸ ਹੋਇਆ ਜੋਗੀਆਂ ਦਾ ਭੇਸੁ,
ਖੁਲ੍ਹੇ ਗੋਪੀਆਂ ਦੇ ਕੇਸ, ਸੜੀ ਕੁਬਰੀ ਗੁੰਦਾਉਂਦੀ॥੨੯॥

ਕੇਹੀ ਤੇਰੀ ਚਾਲ ਲੈ ਕੇ ਗੋਪੀਆਂ ਨੂੰ ਨਾਲ
ਵਿਚ ਜੰਗਲ ਦੇ ਜਾਇ ਰਾਸ ਮੰਡਲ ਮਚਾਉਂਦਾ॥
ਲਾਇ ਕੇ ਪ੍ਰੀਤ ਪਿਛੋਂ ਕਰਨਾ ਹੈਂ ਅਨੀਤ,
ਤੇਰੀ ਏਹੁ ਕੇਹੀ ਰੀਤਿ, ਅਗ ਲਾਇ ਕੇ ਬੁਝਾਉਂਦਾ॥
ਬੁੱਝੇ ਨਾ ਬੁਝਾਈ ਨਿੱਤ ਭੜਕੇ ਸਵਾਈ,
ਬ੍ਰਿਹੋਂ ਜਾਤ ਦਾ ਕਸਾਈ ਖੱਲਾਂ ਬਾਝੂ ਸੀਨਾ ਤਾਉਂਦਾ॥
ਕਰਾਂ ਸਿਆਮ ਸਿਆਮ ਤੇਰੀ ਰਾਧਕੇ ਗੁਲਾਮ,
ਦਿਨ ਗਿਆ ਹੋਈ ਸ਼ਾਮ, ਸਿਯਾਮ ਅਜੇ ਭੀ ਨ ਆਉਂਦਾ॥੩੦॥

ਕਿਥੇ ਗਇਓਂ ਸ਼ਾਮ ਮੇਰਾ ਲੈ ਗਇਉਂ ਗੁਮਾਨ,
ਅੱਜ ਰਾਧਕੇ ਗੁਲਾਮ ਨੂੰ ਤੂੰ ਕਿਉਂ ਨਹੀਂ ਬੁਲਾਉਂਦਾ॥
ਵਿਸਰ ਗਈ ਬਾਤ ਜਦੋਂ ਹੁੰਦੀ ਅੱਧੀ ਰਾਤ,
ਸਾਥੋਂ ਚੋਰੀ ਚੋਰੀ ਆਇ ਬਾਹਾਂ ਟੁੰਬ ਕੇ ਜਗਾਉਂਦਾ॥
ਓਹਾ ਹਾਂ ਪਿਆਰੀ, ਬ੍ਰਿਖਭਾਨ ਦੀ ਦੁਲਾਰੀ,
ਜੈਨੂੰ ਕੁਬਰੀ ਦੀ ਯਾਰੀ ਪਿੱਛੇ ਕਾਨ੍ਹ ਜੀ ਸਤਾਉਂਦਾ॥
ਆਵੀਂ ਲਾਲ ਆਵੀਂ ਮੁਖ ਆਪਣਾ ਦਿਖਾਵੀਂ,
ਤੈਨੇ ਰਾਧੇ ਦੇ ਦੁਖਾਏ ਜਸ ਹੱਥ ਨਹੀਂ ਆਉਂਦਾ॥੩੧॥

ਬੇਨਤੀ ਕਰੇਂਦਿਆਂ ਦੇ ਅੱਗੇ ਪਿਛੇ ਫਿਰੇ ਕਾਨ੍ਹ,
ਦੂਰ ਹੈ ਗੁੰਮਾਨੀਆਂ ਦੇ ਨੇੜੇ ਨਹੀਂ ਆਉਂਦਾ॥
ਭਗਤਾਂ ਅਧੀਨ ਸ਼ਾਮ ਜੇਹਾ ਨਾ ਪ੍ਰਬੀਨ ਕੋਈ,
ਦੀਨਾਂ ਨੂੰ ਨਿਹਾਰ ਮੁਖ ਆਪਣਾ ਦਿਖਾਉਂਦਾ॥
ਕੀਰਨੇ ਚਿਤਾਰ ਕੇ ਉਰਾਹਨੇ ਵਿਸਾਰ ਸਾਰੇ,
ਤਤਕਾਲ ਰਾਧਕੇ ਨੂੰ ਸੀਨੇ ਨਾਲ ਲਾਉਂਦਾ॥
ਛਾਤੀ ਨਾਲ ਲਾਇ ਦੁਖ ਦਿੰਦਾ ਹੈ ਭੁਲਾਇ ਸਾਰੇ,
ਰਾਧੇ ਨੂੰ ਬੁਲਾਇ ਸ਼ਾਮ ਹੰਝੂ ਆ ਪੁੰਝਾਉਂਦਾ॥੩੨॥

ਰਾਧੇ ਗਲ ਲਾਇ ਸ਼ਾਮ ਹੰਝੂ ਆ ਪੁੰਝਾਇ,
ਦੁਖ ਦਏ ਸੂ ਗਵਾਇ ਕਹੇ ਤੇਰੋ ਮੈਂ ਕਹਾਉਂਦਾ॥
ਤੇਰਾ ਨਾਉਂ ਅਗੋਂ ਦੀ ਤੇ ਮੇਰਾ ਨਾਉਂ ਪਿਛੋਂ ਲੈ ਕੇ,
ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਸਭੋ ਕੋਈ ਗਾਉਂਦਾ॥
ਰਾਧੇ ਕ੍ਰਿਸ਼ਨ ਗਾਵੈ, ਸੋਈ ਜੂਨਿ ਮੈ ਨਾ ਆਵੈ,
ਸ਼ਾਮ ਭੈਜਲ ਤਰਾਵੈ ਪ੍ਰੇਮ ਨਾਲ ਜੋ ਧਿਆਉਂਦਾ॥
ਕ੍ਰਿਸ਼ਨ ਦੇ ਸੁਣਾਏ ਜਸ, ਦੁਖ ਸਾਰੇ ਜਾਂਦੇ ਨਸ,
ਪ੍ਰੇਮ ਦੇ ਹੋਇ ਵਸ ਸੌਂਧਾ ਆਖਕੇ ਸੁਣਾਉਂਦਾ॥੩੩॥

ਦੋਹਰਾ

ਸਭ ਤੇ ਉਤਮ ਨਾਮ ਹਰਿ ਕਿਸੀ ਭਾਂਤ ਕੋਈ ਲੇਇ॥
ਰੀਝਿ ਖੀਝਿ ਕੋਈ ਜਪੈ ਸਭ ਹੀ ਕੋ ਫਲ ਦੇਇ॥
ਮਿਠੜੇ ਸੰਪੂਰਨੰ॥੧॥੨॥

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ