Mithe Meway (Poems for children) : Vidhata Singh Teer

ਮਿੱਠੇ ਮੇਵੇ (ਬੱਚਿਆਂ ਲਈ ਕਵਿਤਾਵਾਂ) : ਵਿਧਾਤਾ ਸਿੰਘ ਤੀਰ

1. ਮੇਰੀ ਪੋਥੀ

ਇਹ ਪੋਥੀ ਮੇਰੀ ਪਿਆਰੀ ਏ ।
ਇਹ ਮੇਰੀ ਫੁੱਲ ਕਿਆਰੀ ਏ ।
ਇਹ ਮਨ ਮੇਰਾ ਮਹਿਕਾਂਦੀ ਏ ।
ਇਹ ਮੈਨੂੰ ਮੱਤ ਸਿਖਾਂਦੀ ਏ ।
ਇਹ ਮੈਨੂੰ ਸੁਘੜ ਬਣਾਵੇਗੀ ।
ਸਭ ਦਿਲ ਦੀ ਆਸ ਪੁਗਾਵੇਗੀ ।
ਮੈਂ ਇਸ ਤੋਂ ਬਿਨਾ ਨਕਾਰਾ ਹਾਂ ।
ਮੈਂ ਤਾਹੀਏਂ ਇਸਦਾ ਪਿਆਰਾ ਹਾਂ ।
ਪੜ੍ਹ ਇਸ ਨੂੰ ਪਦਵੀ ਪਾਵਾਂਗਾ ।
ਗੁਣ ਤਾਂ ਵੀ ਇਸਦੇ ਗਾਵਾਂਗਾ ।
ਇਹ ਪੋਥੀ ਮੇਰੀ ਪਿਆਰੀ ਏ ।
ਇਹ ਮੇਰੀ ਫੁੱਲ ਕਿਆਰੀ ਏ ।

2. ਸਾਡਾ ਕਾਕਾ

ਸਾਡਾ ਕਾਕਾ । ਭੂੰਡ ਪਟਾਕਾ ।
ਤਿੱਖਾ ਛੋਹਲਾ । ਮੋਟਾ ਮੋਹਲਾ ।
ਘੁੰਨ ਮਘੁਨਾ । ਗੋਗੜ ਕੁੰਨਾ ।
ਨੰਗ ਧੜੰਗਾ । ਲਾਇ ਦੁੜੰਗਾ ।
ਡਿਗਦਾ ਢਹਿੰਦਾ । ਨਚਦਾ ਰਹਿੰਦਾ ।
ਉਡਦਾ ਜਾਵੇ । ਹੱਥ ਨਾ ਆਵੇ ।
ਢਿੱਡ ਵਜਾਂਦਾ । ਖੇਹ ਉਡਾਂਦਾ ।
ਮਿੱਟੀ ਪਾ ਪਾ । ਬਣਦਾ ਬਾਵਾ ।
ਝੰਡ ਖਿਲਾਰੀ । ਜਿਉਂ ਫੁਲਕਾਰੀ ।
ਫੁੱਲੀਆਂ ਖਾਂਦਾ । ਦੰਦ ਖਿੜਾਂਦਾ ।
ਫੱਕੇ ਮਾਰੇ । ਧੱਕੇ ਮਾਰੇ ।
ਚੀਜੋ ਲੈਂਦਾ । ਰੁਸ ਰੁਸ ਪੈਂਦਾ ।
ਪਲ ਵਿਚ ਮੰਨਦਾ । ਭਾਂਡੇ ਭੰਨਦਾ ।
ਰੋਂਦਾ ਹਸਦਾ । ਕੁਦਦਾ ਨਸਦਾ ।
ਕਰੇ ਰਿਹਾੜਾਂ । ਖਾਵੇ ਝਾੜਾਂ ।
ਕਰ ਕਰ ਅੜੀਆਂ । ਮਾਰੇ ਛੜੀਆਂ ।
ਸੋਹਣਾ ਲਗਦਾ । ਮੋਹਣਾ ਲਗਦਾ ।

3. ਮੈਂ ਕੀ ਬਣਾਂਗਾ

ਮੈਂ ਦੁਨੀਆਂ ਤੇ ਫੁੱਲ ਬਣਾਂਗਾ,
ਆਪਣਾ ਆਪ ਖਿੜਾਵਾਂਗਾ ।
ਹੱਸ ਹੱਸ ਕੇ ਹਰ ਪਲ ਦੇ ਅੰਦਰ,
ਜਗ ਨੂੰ ਪਿਆ ਹਸਾਵਾਂਗਾ ।
ਮਹਿਕ ਮਹਿਕ ਮਹਿਕਾਰਾਂ ਅੰਦਰ,
ਸਾਰਾ ਜੱਗ ਮਹਿਕਾਵਾਂਗਾ ।
ਖ਼ੁਸ਼-ਰਹਿਣਾ ਬਣ ਹਰ ਇਕ ਜੀ ਨੂੰ,
ਖ਼ੁਸ਼-ਰਹਿਣਾ ਸਿਖਲਾਵਾਂਗਾ ।
ਖ਼ੁਸ਼-ਰਹਿਣਾ ਹੈ ਅਸਲੀ ਜੀਣਾ,
ਇਹ ਭੇਦ ਸਮਝਾਵਾਂਗਾ ।
ਮਹਿਕੇਗੀ ਇਹ ਦੁਨੀਆਂ ਸਾਰੀ,
ਏਨੀ ਮਹਿਕ ਖਿੰਡਾਵਾਂਗਾ ।
ਜਾਂ ਫਿਰ ਭੌਰ ਪ੍ਰੇਮੀ ਬਣ ਕੇ,
ਗੀਤ ਵਤਨ ਦੇ ਗਾਵਾਂਗਾ ।
ਭਾਰਤ ਮਾਤਾ ਦੇ ਗਲ ਵਿੱਚੋਂ,
ਸੰਗਲ ਤੋੜ ਵਿਖਾਵਾਂਗਾ ।
ਜਿਸ ਦੇਸ ਵਿਚ ਪੈਦਾ ਹੋਇਆ,
ਉਸ ਤੋਂ ਜਾਨ ਘੁਮਾਵਾਂਗਾ ।
ਮਰਕੇ ਜਰਕੇ ਕਸ਼ਟ ਹਜ਼ਾਰਾਂ,
ਮਰਦਾ ਦੇਸ ਜਿਵਾਵਾਂਗਾ ।
ਫੁੱਲ ਸਮਝਕੇ ਦੇਸ ਆਪਣਾ,
ਇਸ ਨੂੰ ਹੀ ਗਲ ਲਾਵਾਂਗਾ ।
ਵਤਨ ਲਈ ਜੀਵਾਂਗਾ ਜਗ ਤੇ,
ਵਤਨ ਲਈ ਮਰ ਜਾਵਾਂਗਾ ।

4. ਹਾਥੀ

ਵਾਹ ਵਾਹ ਇਹ ਹੈ ਕੈਸੀ ਮੂਰਤ ।
ਉਚੀ ਮੋਟੀ ਭਾਰੀ ਸੂਰਤ ।
ਲਤਾਂ ਥੰਮ ਚਾਰ ਹਨ ਦਿਸਦੇ ।
ਪਖੇ ਵਾਂਙ ਕੰਨ ਹਨ ਇਸਦੇ ।
ਨਾਗ ਵਾਂਙ ਸੁੰਡ ਕੁੰਡਲ ਮਾਰੇ ।
ਪਰ ਅਖੀਆਂ ਹਨ ਨਿਕੇ ਤਾਰੇ ।
ਛੋਟੀ ਪੂਛਲ ਵੱਡਾ ਕਦ ।
ਰਬ ਨੇ ਇਹ ਬਣਾਇਆ ਹੱਦ ।
ਜਾਪੇ ਕਾਲਾ ਜਿਹਾ ਪਹਾੜ ।
ਬੋਲੇ ਜਦ ਇਹ ਖ਼ੂਬ ਚਿੰਘਾੜ ।
ਸਭ ਨੂੰ ਇਹਦੀ ਅਵਾਜ਼ ਡਰਾਵੇ ।
ਖਲਾ ਅਨ੍ਹੇਰਾ ਨਜ਼ਰੀ ਆਵੇ ।
ਵੇਖੋ ਰਬ ਦੀ ਕੁਦਰਤ ਕੀ ।
ਕੈਸਾ ਅਜਬ ਬਣਾਇਆ ਜੀ ।
ਪੋਨੇ ਗੰਨੇ, ਇਸ ਨੂੰ ਭਾਂਦੇ ।
ਰੋਜ ਮਹਾਵਤ ਇਸ ਨੂੰ ਪਾਂਦੇ ।
ਲੰਮੇ ਲੰਮੇ ਇਸ ਦੇ ਦੰਦ ।
ਚਮਕਣ ਜਿਉਂ ਦੁਤੀਏ ਦਾ ਚੰਦ ।
ਥਲਕੂੰ ਥਲਕੂੰ ਟੁਰਦਾ ਕਰਦਾ ।
ਹਰ ਕੋਈ ਹੈ ਇਸ ਤੋਂ ਡਰਦਾ ।
ਪਰ ਇਹ ਰਬ ਕੀ ਖੇਡ ਰਚਾਈ ।
ਕੀੜੀ ਇਸ ਦੀ ਮੌਤ ਬਣਾਈ ।
ਇਸ ਦੇ ਸੁੰਡ ਵਿਚ ਜਦ ਓਹ ਲੜਦੀ ।
ਸਤਿਆ ਮੁਕੇ ਇਸਦੇ ਧੜ ਦੀ ।
ਇਹ ਪਲ ਵਿਚ ਹੋ ਜਾਂਦਾ ਮੁਰਦਾ ।
ਇੱਕ ਪੈਰ ਨਹੀਂ ਫਿਰ ਇਹ ਟੁਰਦਾ ।

5. ਓ ਹਲਵਾਈ

ਓ ਹਲਵਾਈ ਓ ਹਲਵਾਈ ।
ਵਾਹ ਵਾਹ ਤੂੰ ਦੁਕਾਨ ਸਜਾਈ ।
ਭਾਂਤੋ ਭਾਂਤ ਬਣੀ ਮਠਿਆਈ ।
ਥਾਲਾਂ ਵਿਚ ਪਾ ਖੂਬ ਟਿਕਾਈ ।
ਨਾਲ ਤਰੀਕੇ ਥਾਲ ਸਵਾਰੇ ।
ਖੂਬ ਬਣਾਏ ਮਹਿਲ ਮੁਨਾਰੇ ।
ਵਾਹ ਵਾਹ ਸੋਹਣਾ ਰੰਗ ਵਿਖਾਇਆ ।
ਮਠਿਆਈ ਦਾ ਸ਼ਹਿਰ ਵਸਾਇਆ ।
ਲਡੂ ਬਰਫ਼ੀ ਵਿਚ ਵਸਾਏ ।
ਬੂੰਦੀ ਦੇ ਹਨ ਬੋਹਲ ਲਗਾਏ ।
ਲੰਮੇ ਲੰਮੇ ਸ਼ਕਰ ਪਾਰੇ ।
ਉਹ ਤੂੰ ਪਹਿਰੇਦਾਰ ਖਲਾਰੇ ।
ਜੋੜ ਜਲੇਬੀ ਕਿਲਾ, ਬਣਾਇਆ ।
ਮੇਸੂ ਨੂੰ ਤੂੰ ਪਾਸ ਬਹਾਇਆ ।
ਪੇੜੇ, ਤੇ ਰਸ-ਗੁੱਲੇ, ਤੇਰੇ ।
ਵਾਹ ਵਾਹ ਮਨ ਭਾਂਦੇ ਨੇ ਮੇਰੇ ।
ਕੀ ਭਾ ਹੈਣ ਦਸ ਨਾ ਮੱਠੀਆਂ ।
ਕਿਦਾਂ ਦੇਵੇਂਗਾ ਤੂੰ ਕੱਠੀਆਂ ।
ਕਹਿੰਦਾ ਨਹੀਂ ਉਧਾਰੇ ਦੇਹ ।
ਸਸਤੇ ਨੇ ਤਾਂ ਸਾਰੇ ਦੇਹ ।
ਮੇਰਾ ਨਕਦੋ ਨਕਦ ਵਪਾਰ ।
ਦੇਹ ਮਠਿਆਈ ਮੈਨੂੰ ਯਾਰ ।

6. ਗੋਗੜ ਮੱਲ

ਗੋਗੜ ਮੱਲ ਜੀ ਗੋਗੜ ਮੱਲ ।

ਵਡੇ ਮੱਟ ਦਾ ਵਡਾ ਵੀਰ,
ਫੁਲਿਆ ਹੋਇਆ ਜਿਵੇਂ ਪਨੀਰ ।
ਹਲਵੇ ਕੱਦੂ ਤੋਂ ਸਿਰ ਭਾਰਾ,
ਨਿਕੇ ਕੰਨ ਪਰ ਅਜਬ ਨਜ਼ਾਰਾ ।
ਅਖਾਂ ਦੇਵਣ ਛੇਕ ਵਿਖਾਲੀ,
ਦੰਦ ਬੁਲ੍ਹਾਂ ਦੀ ਸ਼ਾਨ ਨਿਰਾਲੀ ।
ਰੂੰ ਦੇ ਬੋਰੇ ਵਰਗਾ ਪੇਟ,
ਸਤਰ ਫੁਲਕੇ ਲਏ ਸਮੇਟ ।
ਔਹ ਜਾਂਦਾ ਵੇਖੋ ਉਸ ਵਲ,
ਗੋਗੜ ਮੱਲ ਜੀ ਗੋਗੜ ਮੱਲ ।

ਗੋਗੜ ਇਸਦੀ ਦਾ ਕੀ ਕਹਿਣਾ,
ਔਖਾ ਇਸਨੂੰ ਉਠਣਾ ਬਹਿਣਾ ।
ਜੇ ਕੋਈ ਚੀਜ ਪਏ ਡਿਗ ਅੱਗੇ,
ਗੋਗੜ ਮੱਲ ਨੂੰ ਪਤਾ ਨਾ ਲੱਗੇ ।
ਜੇ ਭਜੇ ਤਾਂ ਭਜ ਨਹੀਂ ਸਕਦਾ,
ਖਾਣ ਲਗੇ ਤਾਂ ਰਜ ਨਹੀਂ ਸਕਦਾ ।
ਜਿਸ ਮੰਜੇ ਉੱਤੇ ਬਹਿ ਜਾਵੇ,
ਕੜ ਕੜ ਕਰ ਹੀਆਂ ਕੜਕਾਵੇ ।
ਪਾਵੇ ਟੁੱਟਣ ਖਾਣ ਕੁੜੱਲ,
ਗੋਗੜ ਮੱਲ ਜੀ ਗੋਗੜ ਮੱਲ ।

ਗੋਗੜ ਮੱਲ ਜਾਂ ਫਿਰ ਘਰ ਆਵੇ,
ਨਵੀਂ ਤਰ੍ਹਾਂ ਦੇ ਰੰਗ ਵਿਖਾਵੇ ।
ਬਾਲ ਅੰਜਾਣੇ ਭੋਲੇ ਭਾਲੇ,
ਹੁੰਦੇ ਇਸਦੇ ਆਣ ਦਵਾਲੇ ।
ਪਰ ਜੋ ਇਸਦੇ ਅੱਗੇ ਆਵਣ,
ਗੋਗੜ ਹੇਠਾਂ ਉਹ ਛੁਪ ਜਾਵਣ ।
ਪਏ ਬੁਲਾਵਣ ਗੋਗੜ ਮੱਲ ਨੂੰ,
ਏਹ ਵੀ ਵੇਖੇ ਹੇਠਾਂ ਵਲ ਨੂੰ ।
ਪਰ ਗੋਗੜ ਨੇ ਬਾਲ ਲੁਕਾਏ,
ਇਸ ਨੂੰ ਕੁਝ ਨਾ ਨਜ਼ਰੀ ਆਏ ।
ਗੋਗੜ ਹੇਠ ਖਲੋਤੇ ਬਾਲ,
ਵੇਖਣ ਬੜੀ ਹਰਾਨੀ ਨਾਲ ।
ਲਮਕੀ ਗੋਗੜ ਨੂੰ ਹੱਥ ਲਾਵਣ,
ਖ਼ੁਸ਼ ਹੋਵਣ ਤੇ ਨੱਚਣ ਗਾਵਣ ।
ਗਿੱਧੇ ਦੀ ਪਾਵਣ ਤੜਥੱਲ ,
ਗੋਗੜ ਮੱਲ ਜੀ ਗੋਗੜ ਮੱਲ ।

ਬੀਬਾ ਜੀ ! ਨਾ ਹੋਵੋ ਹਰਾਨ ।
ਮੇਰੀ ਗੱਲ ਵਲ ਕਰੋ ਧਿਆਨ ।
ਜੇਕਰ ਇਹ ਨਾ ਆਲਸ ਕਰਦਾ,
ਹਿੱਲਣ ਜੁੱਲਣ ਤੋਂ ਨਾ ਡਰਦਾ ।
ਮਾਲਸ਼ ਕਰਦਾ ਮਲਦਾ ਤੇਲ,
ਕਸਰਤ ਕਰਦਾ ਇਹ ਡੰਡ ਪੇਲ ।
ਰੋਜ ਬੈਠਕਾਂ ਕਢਦਾ ਰਹਿੰਦਾ,
ਰੋਜ ਸਵੇਰੇ ਉਠਦਾ ਬਹਿੰਦਾ ।
ਤੜਕੇ ਉਠਕੇ ਕਰਦਾ ਸੈਰ,
ਕਰਦੇ ਪੰਧ ਜੇ ਇਸਦੇ ਪੈਰ ।
ਵਾਂਙ ਖਮੀਰ ਕਦੇ ਨਾ ਫੁਲਦਾ,
ਜੇ ਇਹ ਜਾ ਅਖਾੜੇ ਘੁਲਦਾ ।
ਫਿਰ ਨਾ ਅਜ ਇਹ ਹੋਂਦੀ ਗੱਲ,
ਪੈਂਦੀ ਇਸਦੀ ਮੂਲ ਨਾ ਅੱਲ ।
ਖਿਲੀ ਤੁਸੀਂ ਨਾ ਪਾਂਦੇ ਰਲ,
ਗੋਗੜ ਮੱਲ ਜੀ ਗੋਗੜ ਮੱਲ ।

7. ਘੜੀ

ਘੜੀਏ ਨੀਂ ਕੀ ਕਹਿੰਦੀ ਹੈਂ ?
ਟਿਕ ਟਿਕ ਕਰਦੀ ਰਹਿੰਦੀ ਹੈਂ ।
ਨਾ ਕੁਝ ਖਾਂਦੀ ਪੀਂਦੀ ਹੈਂ !
ਫਿਰ ਤੂੰ ਕੀਕਣ ਜੀਂਦੀ ਹੈਂ ?

ਕਰ ਕੇ ਟੁਣ ਟੁਣ, ਟੁਣ ਟੁਣ ਟੁਣ ।
ਬੋਲੀ, 'ਬੀਬਾ ! ਸੁਣ, ਸੁਣ, ਸੁਣ !
ਉਮਰ ਗੁਜ਼ਰਦੀ ਜਾਂਦੀ ਏ,
ਮੁੜ ਕੇ ਹੱਥ ਨਾ ਆਂਦੀ ਏ ।
ਜੋ ਚਾਹੇਂ ਸੋ ਕਰ ਲੈ ਹੁਣ,
ਦੱਮ ਨੇਕੀ ਦਾ ਭਰ ਲੈ ਹੁਣ ।
ਇਹੋ ਈ ਰੌਲਾ ਪਾਂਦੀ ਹਾਂ,
ਟੁਣਕੋ ਟੁਣਕ ਜਗਾਂਦੀ ਹਾਂ ।
ਕੰਮ ਕਰੋ, ਕੁਝ ਕੰਮ ਕਰੋ,
ਐਵੇਂ ਖਰਚ ਨਾ ਦੱਮ ਕਰੋ ।'

8. ਖਾਂਦੇ ਚੋਬਾ ਜੀ ਆਹਾ

ਵਾਹ ਜੀ ਵਾਹ ! ਵਾਹ ਜੀ ਵਾਹ !
ਗੱਫੇ ਲਗਦੇ ਵਾਹੋ ਦਾਹ ।
ਮੂੰਹੋਂ ਮੂੰਹ ਭਰੇ ਨੇ ਥਾਲ ।
ਲੱਡੂ ਪੇੜੇ ਬਰਫ਼ੀ ਨਾਲ ।
ਲੁੱਚੀ ਪੂਰੀ ਆਲੂ ਖੀਰ ।
ਰੈਤਾ ਭੱਲੇ ਦਾਲ ਪਨੀਰ ।
ਮਾਵਾ ਮੱਠਾ ਚੌਲ ਕੜਾਹ ।
ਦੱਬੀ ਜਾਂਦੇ ਇੱਕੋ ਸਾਹ ।
ਨਾਖਾਂ ਕੇਲੇ ਸੇਅ ਅੰਗੂਰ ।
ਵਾਹ ਬਸੰਤੀ ਮੋਤੀ ਚੂਰ ।
ਫੜ ਫੜ ਖੂਬ ਉਡਾਈ ਜਾਣ ।
ਡੂੰਘੇ ਖੂਹ ਵਿਚ ਪਾਈ ਜਾਣ ।
ਦੇਂਦੇ ਸੋਭਾ ਜੀ ਆਹਾ !
ਖਾਂਦੇ ਚੋਬਾ ਜੀ ਆਹਾ !

ਸਿਰ ਲੋਹੇ ਦੇ ਗੋਲੇ ਵਾਂਙ ।
ਬਣਿਆ ਢਿੱਡ ਭੜੋਲੇ ਵਾਂਙ ।
ਲੱਤਾਂ ਬਾਹਵਾਂ ਮੁੰਗਲੀ ਹਾਰ ।
ਮੂੰਹ ਜਾਪੇ ਜਿਉਂ ਛੱਤ ਮੁੰਘਾਰ ।
ਸਭ ਕੁਝ ਉਸ ਵਿਚ ਸੁੱਟੀ ਜਾਣ ।
ਦੋਂਹ ਦੋਂਹ ਹੱਥੀਂ ਲੁੱਟੀ ਜਾਣ ।
ਵਾਹ ਜੀ ਵਾਹ ! ਵਾਹ ਜੀ ਵਾਹ !
ਸ਼ੋਪੇ ਲਗਦੇ ਵਾਹੋ ਦਾਹ ।

9. ਛਮ ਛਮ ਛਮ ਛਮ ਛਮ

ਵਾਹ ! ਮਹੀਨਾ ਸਾਵਣ ਦਾ ।
ਨੱਚਣ ਕੁੱਦਣ ਗਾਵਣ ਦਾ ।
ਪੂੜੇ ਖੀਰਾਂ ਖਾਵਣ ਦਾ ।
ਬਾਗੀਂ ਪੀਂਘਾਂ ਪਾਵਣ ਦਾ ।
ਨੰਗ ਧੜੰਗ ਨਹਾਵਣ ਦਾ ।
ਹੀਂਬੋ ਹੀਂਬ ਮਚਾਵਣ ਦਾ ।
ਰੱਬ ਨੇ ਦਿੱਤਾ ਵੇਲਾ ਹੈ ।
ਵਾਹ ਮੌਜਾਂ ਵਾਹ ਮੇਲਾ ਹੈ !

ਆ ਓ ਸ਼ਰਮੂ ! ਛੇਤੀ ਆ ।
ਨ੍ਹਾਮੂ ਭਾਊ ! ਢਿਲ ਨਾ ਲਾ ।
ਦੀਪੂ ! 'ਝਤ ਕਰ ਪਕਰੇ ਲਾਹ' ।
ਭਗਤੂ ! ਲੈ ਉਇ ਕਛਨੀ ਪਾ ।
ਜੱਗਿਆ ਭਾਊ ! ਹੱਥ ਫਰਾ ।
ਰਲ ਮਿਲ ਗਾਈਏ ਸਭ ਭਰਾ ।
ਰੱਬਾ ਰੱਬਾ ਮੀਂਹ ਵਸਾ ।
ਸਾਡੀ ਕੋਠੀ ਦਾਣੇ ਪਾ ।
ਛਮ ਛਮ ਛਮ ਛਮ ਛਮ ਆਹਾ ਆਹ !
ਹੋਰ ਵਰ੍ਹਾ ਬਈ ਹੋਰ ਵਰ੍ਹਾ ।
ਵਰ੍ਹਦਾ ਆ ਤੇ ਵਰ੍ਹਦਾ ਜਾ ।
ਛੱਪੜ ਟੋਭੇ ਭਰਦਾ ਜਾ ।
ਨਠਦਾ ਭਜਦਾ ਤਰਦਾ ਜਾ ।
ਜਗ ਨੂੰ ਹਰਿਆ ਕਰਦਾ ਜਾ ।

ਬੱਲੇ ਬੱਲੇ ਔਹ ਕੀ ਆ ?
ਬੱਦਲ ਬਣਿਆ ਹਾਥੀ ਆ ।
ਹੜ ਉਇ ਹੜ ਉਇ ਓਹੋ ਹੋ ।
ਲੈ ਓਇ ਦਰਸ਼ੂ ! ਅੱਗੇ ਹੋ ।
ਨੰਦਿਆ ! ਪਿੱਛੇ ਤੂੰ ਖਲੋ ।
ਬੰਸੋ ਗੰਦੀਏ ! ਮੂੰਹ ਤਾਂ ਧੋ ।
ਚੁਪ ਕਰ ਨਿਮਲੋ ! ਤੂੰ ਨਾ ਰੋ ।
ਆ ਮਚਾਈਏ 'ਡਿਕ ਡਿਕ ਡੋ' ।
ਛਲਬਲ ਛਲਬਲ ਛਲਬਲ ਛਲ ।
ਚੱਲ ਪਈ ਗੱਡੀਏ ਚੱਲ ਸੁ ਚੱਲ ।
ਅੱਗੜ ਪਿੱਛੜ ਹੋਇਆ ਮੇਲ ।
ਵਾਹ ਵਾਹ ਸਾਡੀ ਬਣ ਗਈ ਖੇਲ ।
"ਕੂ ਕੂ ਕੂ ਕੂ ਕੂ ਕੂ ਕੂ ।"
ਚੀਕਾਂ ਮਾਰੇ ਤੁਰਦੀ ਰੇਲ ।
ਭਕ ਭਕ ਭਕ ਭਕ ਭਕ ਭਕ ਭਕ ।
ਅਗਲੇ ਇੰਜਣਾ ਅੱਗੋਂ ਖਿੱਚ ।
ਪਿਛਲੇ ਇੰਜਣਾ ਪਿੱਛੋਂ ਧਿੱਕ ।

10. ਮੇਰੀ ਗਾਂ

ਗਾਂ ਮੇਰੀ ਹੈ ਭੋਲੀ ਭਾਲੀ,
ਅੱਖੋਂ ਬਿਲੀ ਰੰਗੋਂ ਕਾਲੀ ।
ਸੋਹਣੇ ਸਿੰਗ ਤੇ ਲੰਮੀ ਪੂਛਲ,
ਨਿੱਕੀਆਂ ਨਿੱਕੀਆਂ ਥਣੀਆਂ ਵਾਲੀ ।
ਖਾਵੇ ਘਾਹ, ਖਲ, ਤੂੜੀ, ਕਮੂੰ,
ਵੇਹਲੇ ਵੇਲੇ ਕਰੇ ਜੁਗਾਲੀ ।
ਦੋਵੇਂ ਵੇਲੇ ਦੁੱਧ ਪਿਲਾਵੇ,
ਭਰ ਭਰ ਦੇਵੇ ਗਡਵਾ ਖਾਲੀ ।
ਪੁੱਤਰ ਇਸ ਦੇ ਜੱਗ ਨੂੰ ਪਾਲਣ,
ਉਹਨਾਂ ਨੂੰ ਹਲ ਵਾਹੁਣ ਹਾਲੀ ।
ਇਸ ਦਾ ਦਿੱਤਾ ਸਭ ਜਗ ਖਾਵੇ,
ਆਪ ਨਿਮਾਣੀ, ਸਦਾ ਸਵਾਲੀ ।
ਪੁੱਤਰ ਛੱਡ ਦੁੱਧ ਸਾਨੂੰ ਦੇਵੇ,
ਏਹ ਹੈ ਸਾਨੂੰ ਪਾਲਣ ਵਾਲੀ ।
ਤਾਹੀਏਂ ਇਸਨੂੰ ਕਹਿੰਦੇ ਮਾਤਾ,
ਇਸ ਨੇ ਹੈ ਸਭ ਦੁਨੀਆਂ ਪਾਲੀ ।

11. ਤਾਰੇ

ਔਹ ਝਮ ਝਮ ਕਰਦੇ ਤਾਰੇ ।
ਲਗਦੇ ਨੇ ਪਿਆਰੇ ਪਿਆਰੇ ।
ਅੰਬਰ ਤੇ ਕਿਤਨੇ ਛਾ ਗਏ ?
ਕਿੱਥੋਂ ਇਹ ਇਤਨੇ ਆ ਗਏ ?
ਸਾਡੇ ਦਿਲ ਵਿਚ ਇਹ ਆਈ ।
ਇਹ ਚੰਦ ਦੀ ਜੰਞ ਸੁਹਾਈ ।
ਮੋਤੀ ਹਨ ਕਿਸੇ ਲੁਟਾਏ ।
ਹੀਰੇ ਹਨ ਕਿਸੇ ਵਰ੍ਹਾਏ ।
ਜੇ ਦਸ ਵੀਹ ਚੁਗ ਲੈ ਆਈਏ ।
ਤਦ ਹਾਰ ਪ੍ਰੋ ਗਲ ਪਾਈਏ ।
ਲਉ ਵੇਖੋ ਔਹ ਚੰਨ ਆਇਆ ।
ਜਿਸ ਸਭ ਨੂੰ ਫਿੱਕਾ ਪਾਇਆ ।

12. ਮੇਰਾ ਘੋੜਾ

ਘੋੜਾ ਮੇਰਾ ਹੈ ਹੁਸ਼ਿਆਰ ।
ਤਕੜਾ ਛੁਹਲਾ ਤੇਜ ਤਰਾਰ ।
ਪੋਈਆ ਦੁੜਕੀ ਟਾਪ ਰਵਾਲ ।
ਕਈ ਤਰ੍ਹਾਂ ਦੀ ਚਲਦਾ ਚਾਲ ।
ਇਸਦੇ ਉੱਤੇ ਹੋ ਅਸਵਾਰ ।
ਲੁੱਟਦਾ ਹਾਂ ਮੈਂ ਮੌਜ ਬਹਾਰ ।
ਰੋਜ ਦੁੜਾਂਦਾ ਜਾਂਦਾ ਹਾਂ ।
ਅੱਡੀ ਮਾਰ ਭਜਾਂਦਾ ਹਾਂ ॥
ਖਾਂਦਾ ਹੈ ਇਹ ਦਾਣਾ ਘਾਹ ।
ਮੋਟਾ ਹੁੰਦਾ ਜਾਂਦਾ ਵਾਹ ।
ਜਦੋਂ ਖ਼ੁਸ਼ੀ ਵਿਚ ਆਵੇ ਇਹ ।
ਦੌੜ ਦੁੜੰਗੇ ਲਾਵੇ ਇਹ ।
ਸੋਹਣਾ ਮੇਰਾ ਪਿਆਰਾ ਘੋੜਾ ।
ਸੋਹਣਾ ਮੇਰਾ ਪਿਆਰਾ ਘੋੜਾ ।

13. ਤੋਤਾ

ਵੇਖੋ ਜੀ ਮੈਂ ਤੋਤਾ ਹਾਂ ।
ਪਿੰਜਰੇ ਵਿਚ ਖਲੋਤਾ ਹਾਂ ।
ਰੰਗ ਹੈ ਮੇਰਾ ਸਾਵਾ ਘਾਹ ।
ਪਰ ਮੇਰੇ ਹਨ ਕੂਲੇ ਵਾਹ ।
ਚੁੰਝ ਮੇਰੀ ਹੈ ਰੱਤੀ ਲਾਲ ।
ਫਲ ਟੁਕਦਾ ਹਾਂ ਇਸ ਦੇ ਨਾਲ ।
ਕਹਿੰਦੇ ਮੈਨੂੰ ਗੰਗਾ ਰਾਮ ।
ਪੜ੍ਹਦਾ ਰਵ੍ਹਾਂ ਸਵੇਰੇ ਸ਼ਾਮ;-
'ਲਟ ਪਟ ਪੰਛੀ ਚਤਰ ਸੁਜਾਨ ।
ਸਭ ਕਾ ਦਾਤਾ ਸ੍ਰੀ ਭਗਵਾਨ ।'

14. ਸ਼ਰਾਬੀ

ਵੇਖੋ ! ਔਹ ਸ਼ਰਾਬੀ ਆਇਆ ।
ਨਾਲੇ ਬੋਤਲ ਚੁੱਕ ਲਿਆਇਆ ।
ਔਹ ਵੇਖੋ ! ਫੜ ਇੱਕੋ ਵਾਰੀ ।
ਗਟ ਗਟ ਕਰ ਕੇ ਪੀ ਗਿਆ ਸਾਰੀ ।
ਝੂਟੇ ਖਾਂਦਾ, ਡਿਗਦਾ, ਢਹਿੰਦਾ ।
ਜੋ ਮੂੰਹ ਆਉਂਦਾ, ਜਾਂਦਾ ਕਹਿੰਦਾ ।
ਗੁੱਛਮ-ਗੁੱਛਾ ਹੋ ਕੇ ਕੱਠਾ ।
ਔਹ ਵੇਖੋ ! ਖਾ ਚੱਕਰ ਢੱਠਾ ।
ਲੱਥੀ ਪਗੜੀ, ਖੁੱਲ੍ਹੇ ਵਾਲ ।
ਕੈਆਂ ਕਰਦਾ ਭੈੜੇ ਹਾਲ ।
ਸੁਸਰੀ ਵਾਂਙੂ ਸੌਂ ਗਿਆ ਵੇਖੋ ।
ਸਿਰ ਮੂਰਖ ਦਾ ਭੌਂ ਗਿਆ ਵੇਖੋ ।
ਔਹ ਵੇਖੋ ! ਇਕ ਕੁੱਤਾ ਆ ਕੇ ।
ਮੂੰਹ ਚੱਟਦਾ ਸੂ ਮਾਰ ਪਚਾਕੇ ।
ਪਰ ਨਹੀਂ ਉਸ ਨੂੰ ਤਨ ਦੀ ਸਾਰ ।
ਖ਼ੂਬ ਪਿਆ ਹੈ ਨਿਸਲ ਨਿਸਾਰ ।
ਹੁਣ ਵੇਖੋ ਕੁੱਤੇ ਦੀ ਕਾਰ ।
ਮੂੰਹ ਨੂੰ ਚੱਟ ਕੇ ਜਾਂਦੀ ਵਾਰ ।
ਕੈਸੀ ਕਰ ਕਰਤੂਤ ਗਿਆ ਹੈ ।
ਉਸ ਦੇ ਮੂੰਹ ਤੇ ਮੂਤ ਗਿਆ ਹੈ ।
ਪਰ ਨਹੀਂ ਇਸ ਨੂੰ ਕੁੱਝ ਖ਼ਿਆਲ ।
ਕੀ ਬੀਤੀ ਹੈ, ਮੇਰੇ ਨਾਲ ।
ਦੇਖੋ ਮੂਰਖ ਦੀ ਮੱਤ ਮਾਰੀ ।
ਦਾਰੂ ਪੀ ਕੇ ਸੁਰਤ ਵਿਸਾਰੀ ।
ਪੈਸੇ ਅਪਣੇ ਪੱਲਿਓਂ ਲਾ ਕੇ,
ਰੁਲਦਾ ਹੈ, ਰਾਹਾਂ ਵਿਚ ਆ ਕੇ ।
ਬੀਬੇ ਬੱਚਿਓ ! ਜਿੱਥੇ ਜਾਓ ।
ਉੱਥੇ ਇਸ ਦੀ ਗੱਲ ਸੁਣਾਓ ।
ਨਾ ਕੋਈ ਮੂਰਖ ਬਣੇ ਸ਼ਰਾਬੀ ।
ਇਸ ਵਿਚ ਹੁੰਦੀ ਖੇਹ ਖਰਾਬੀ ।

15. ਲੋਰੀ

ਚੁਪ ਕਰ ਮੇਰੇ ਵੀਰ ਪਿਆਰੇ ।
ਜਾਵਾਂ ਤੈਥੋਂ ਸਦਕੇ ਵਾਰੇ ।
ਖੇਡ ! ਖੇਡ ! ਮੈਂ ਵਾਰੀ ਘੋਲੀ ।
ਸੂਰਤ ਤੇਰੀ ਬੀਬੀ ਭੋਲੀ ।
ਮੈਂ ਗਾਵਾਂਗੀ ਘੋੜੀ ਤੇਰੀ ।
ਤੂੰ ਚੁੱਕੇਂਗਾ ਡੋਲੀ ਮੇਰੀ ।
ਬੀਬਾ ਵੀਰਾ ਅੰਮੀਂ ਜਾਇਆ ।
ਵੇਖ ! ਵੇਖ ! ਔਹ ਕੁੱਤੂ ਆਇਆ ।
ਮੇਰਾ ਸੁਹਣਾ, ਮੇਰਾ ਲਾਲ !
ਆਹ ਲੈ ਖੇਡ, ਖਿਦੋ ਦੇ ਨਾਲ ।
ਆ ਜਾ ਦੋਵੇਂ ਗਿੱਧਾ ਪਾਈਏ ।
ਨੱਚੀਏ, ਟੱਪੀਏ, ਹੱਸੀਏ ਗਾਈਏ ।

16. ਜੇ ਤੂੰ ਚਾਹਵੇਂ

ਜੇ ਤੂੰ ਭਲਾ ਅਖਾਣਾ ਚਾਹਵੇਂ,
ਬੀਬਾ ਦਿਲ ਭਲਾਈ ਧਾਰ ।
ਜੇ ਤੂੰ ਦਾਨਾਂ ਬਣਨਾ ਲੋਚੇਂ,
ਚੁੱਭੀ ਸਰ ਵਿਦਿਆ ਵਿੱਚ ਮਾਰ ।
ਜੇ ਤੂੰ ਰਸ ਮਾਣਨਾ ਚਾਹਵੇਂ,
ਹਰ ਇੱਕ ਜੀ ਨੂੰ ਮਿੱਠਾ ਬੋਲ ।
ਜੇ ਤੂੰ ਸੱਚਾ ਬਣਨਾ ਚਾਹਵੇਂ,
ਝੂਠੇ ਵਸਣ ਨਾ ਦੇਵੀਂ ਕੋਲ ।
ਜੇ ਤੂੰ ਚਾਹਵੇਂ ਚਰਚਾ ਤੇਰੀ,
ਹੋਵੇ ਹਰ ਇਕ ਘਰ ਦੇ ਵਿੱਚ ।
ਤਾਂ ਫਿਰ ਬੀਬਾ ਦੇਸ ਵਤਨ ਲਈ,
ਸਦਕੇ ਹੋਣਾ ਸਮਝੀਂ ਟਿੱਚ ।
ਜੇ ਤੂੰ ਕੁਝ ਵੀ ਬਣਨਾ ਚਾਹਵੇਂ,
ਸੁਣ ਹੇ ਚੰਦ ! ਮਾਂ ਪਿਉ ਦੇ ਲਾਲ !
ਤਾਂ ਫਿਰ ਧੀਰਜ ਦਿਲੋਂ ਨਾ ਛੱਡੀਂ,
ਸੁਘੜ ਬਣੀ ਜਾ ਹਿੰਮਤ ਨਾਲ ।

17. ਬਾਬੇ ਦਾ ਝੋਲਾ

ਬਾਬੇ ਬੁੱਢੇ ਛੰਡਿਆ ਝੋਲਾ ।
ਵਿੱਚੋਂ ਨਿਕਲਿਆ ਲੰਮਾ ਚੋਲਾ ।
ਚੋਲੇ ਨੂੰ ਉਸ ਜਦੋਂ ਹਿਲਾਇਆ ।
ਵਿੱਚੋਂ ਮੁੰਡਾ ਨਿਕਲ ਆਇਆ ।
ਮੁੰਡੇ ਕਢ ਕੇ ਭੰਨਿਆ ਗੰਢਾ ।
ਵਿੱਚੋਂ ਨਿਕਲਿਆ ਭਾਨੂੰ ਪੰਡਾ ।
ਭਾਨੂੰ ਪੰਡੇ ਪਤਰੀ ਵਾਚੀ ।
ਵਿੱਚੋਂ ਨਿਕਲੀ ਡੌਂਚਲ ਡਾਚੀ ।
ਡਾਚੀ ਤੇ ਆ ਬੈਠਾ ਤੋਤਾ ।
ਤੋਤੇ ਵਿੱਚੋਂ ਨਿਕਲਿਆ ਬੋਤਾ ।
ਬੋਤੇ ਉੱਤੇ ਧਰੀ ਸੁਪਾਰੀ ।
ਕਾਂ ਨੇ ਉਸ ਨੂੰ ਠੂੰਗੀ ਮਾਰੀ ।
ਵਿੱਚੋਂ ਕਿਰਿਆ ਸੌ ਮਣ ਆਟਾ ।
ਬਾਬੇ ਨੇ ਝਟ ਬਰਿਆ ਬਾਟਾ ।
ਆਖਣ ਲੱਗੀ ਦਾਦੀ ਆ ਕੇ ।
ਲੈ ਆਉਂਦੀ ਹਾਂ ਮੈਂ ਪਕਾ ਕੇ ।
ਝੱਟ ਪਕਾ ਲੈ ਆਈ ਦਾਦੀ ।
ਗਰਮੋ ਗਰਮ ਤੇ ਬੜੇ ਸਵਾਦੀ ।
ਰਲ ਮਿਲ ਸਭਨਾਂ ਫੁਲਕੇ ਵੰਡੇ ।
ਕੁਝ ਕੁਝ ਤੱਤੇ, ਕੁਝ ਕੁਝ ਠੰਡੇ ।
ਇਕ ਫੁਲਕੇ ਚੋਂ ਛੁਟੀ ਅਨ੍ਹੇਰੀ ।
ਉਸ ਵਿਚ ਆ ਗਈ ਇਕ ਵਛੇਰੀ ।
ਦਾਦੀ ਬਾਬਾ ਹੋ ਕੇ ਕੱਠੇ ।
ਓਸ ਵਛੇਰੀ ਤੇ ਚੜ੍ਹ ਨੱਠੇ ।
ਉਹ ਵਿਚਾਰੀ ਤ੍ਰੈਹ ਕੇ ਨੱਠੀ ।
ਖਾਤੇ ਵਿਚ ਸਿਰ ਪਰਨੇ ਢੱਠੀ ।
ਬਾਬਾ ਡਿਗ ਕੇ ਡਾਢਾ ਰੋਇਆ ।
ਹਾ ਓ ਰੱਬਾ ! ਮੈਂ ਆਂ ਮੋਇਆ ।
ਦਾਦੀ ਤੜਫੇ ਦਏ ਦੁਹਾਈ ।
ਰਲ ਅਸਾਂ ਨੇ ਖਿੱਲੀ ਪਾਈ ।
ਆਹਾ ਬਣਿਆ ਖ਼ੂਬ ਤਮਾਸ਼ਾ ।
ਠਲ੍ਹਿਆ ਜਾਏ ਨਾ ਸਾਥੋਂ ਹਾਸਾ ।

18. ਮੇਰੀ ਚੁੰਨੀ

ਵੇਖੋ ਜੀ ! ਇਹ ਮੇਰੀ ਚੁੰਨੀ ।
ਆਹਾ ਜੀ ! ਇਹ ਮੇਰੀ ਚੁੰਨੀ ।

ਵੇਖੋ ! ਮੇਰੀ ਪਿਆਰੀ ਚੁੰਨੀ ।
ਰੰਗ ਰੰਗੀ ਗੁਲਨਾਰੀ ਚੁੰਨੀ ।
ਗੋਟੇ ਨਾਲ ਸਵਾਰੀ ਚੁੰਨੀ ।
ਮਲਮਲ ਦੀ ਇਕਤਾਰੀ ਚੁੰਨੀ ।

ਵੇਖੋ ਜੀ ! ਇਹ ਮੇਰੀ ਚੁੰਨੀ ।

ਮਾਤਾ ਜੀ ਦੇ ਦਿਲ ਵਿਚ ਆਇਆ ।
ਗੋਟੇ ਦਾ ਇਕ ਥਾਨ ਮੰਗਾਇਆ ।
ਚੁੰਨੀ ਨੂੰ ਲਾ ਕੇ ਚਮਕਾਇਆ ।
ਕੋਨੇ ਕੋਨੇ ਤੇ ਫੁੱਲ ਪਾਇਆ ।

ਆਹਾ ਜੀ ! ਇਹ ਮੇਰੀ ਚੁੰਨੀ ।

ਰੰਗ ਇਦ੍ਹਾ ਹੈ ਟਸ ਟਸ ਕਰਦਾ ।
ਗੋਟਾ ਇਸ ਦਾ ਲਸ ਲਸ ਕਰਦਾ ।
ਚਾਨਣ ਵਿਚ ਚੰਦ ਵਾਂਙੂੰ ਚਮਕੇ ।
ਝਿਲਮਿਲ ਝਿਲਮਿਲ ਕਰਕੇ ਦਮਕੇ ।

ਵੇਖੋ ਜੀ ! ਇਹ ਮੇਰੀ ਚੁੰਨੀ ।

ਇਸ ਨੂੰ ਹੁਣ ਮੈਂ ਠੱਪ ਠਪਾ ਕੇ ।
ਰੱਖੂੰ ਸਾਂਭ ਸੰਦੂਕੇ ਪਾ ਕੇ ।
ਮੇਲੇ ਉੱਤੇ ਲੈ ਜਾਵਾਂਗੀ ।
ਸਾਂਭ ਦਿਆਂਗੀ ਜਦ ਆਵਾਂਗੀ ।

ਵਾਹਵਾ ਜੀ ! ਇਹ ਮੇਰੀ ਚੁੰਨੀ ।

19. ਆ ਜਾ ਚੰਨ ਪਿਆਰੇ

ਚੰਨ ਪਿਆਰੇ ! ਲੈ ਕੇ ਤਾਰੇ ।
ਛੇਤੀ ਆ ਤੂੰ । ਢਿੱਲ ਨਾ ਲਾ ਤੂੰ ।
ਰਲ ਮਿਲ ਸਾਰੇ । ਮਿੱਤਰ ਪਿਆਰੇ ।
ਖੇਡ ਮਚਾਈਏ । ਕੁਦੀਏ ਗਾਈਏ ।
ਛੇਤੀ ਆ ਜਾ । ਖੇਡ ਮਚਾ ਜਾ ।

20. ਬਜ਼ਾਰ

ਵਿੱਚ ਬਜ਼ਾਰ ਬੜੀ ਬਹਾਰ ।
ਹੋਕੇ ਦੇਂਦੇ ਵਾਰੋ ਵਾਰ ।
ਆੜੂ, ਨਾਖਾਂ, ਕੇਲੇ, ਬੇਰ ।
ਲੈ ਲਉ ਅੰਬ, ਦੁਆਨੀ ਸੇਰ ।
ਤਾਜੀ ਪੂੜੀ, ਗਰਮ ਕੜਾਹ ।
ਦੁੱਧ ਮਲਾਈ ਬਰਫ਼ੀ ਚਾਹ ।
ਬਰਫ਼ ਮਲਾਈ ਫਿਰਨੀ ਸੇ ।
ਦਾਖਾਂ ਸੀਤਾ ਫਲ ਜੇ ਏਹ ।
ਬੜੇ ਸਵਾਦੀ ਮਿੱਠੇ ਵਾਹ ।
ਕਲ ਨਹੀਂ ਮਿਲਣੇ ਅੱਜ ਦੇ ਭਾ ।
ਭਰਿਆ ਬੱਤਾ ਲੈ ਜਾ ਯਾਰ ।
ਠੰਢਾ ਮਿੱਠਾ ਬੜੀ ਬਹਾਰ ।
ਧੱਕਮ ਧੱਕਾ ਕਰਦੇ ਲੋਕ ।
ਟਾਂਗਿਆਂ ਲੀਤੇ ਰਸਤੇ ਰੋਕ ।
ਔਹ ਵੇਖੋ ਸੈਕਲ ਅਸਵਾਰ ।
ਡਾਢਾ ਡਿੱਗਾ ਮੂੰਹ ਦੇ ਭਾਰ ।
ਲੋਕੀ ਹੱਸੇ ਟਾਹ ਟਾਹ ਟਾਹ ।
ਵਾਹ ਬਾਬੂ ਜੀ ਵਾਹਵਾ ਵਾਹ !

21. ਮੇਰੀ ਚਰਖੀ

(1)
ਕੱਤਦੀ ਹਾਂ ਮੈਂ ਕੱਤਦੀ ਹਾਂ ।
ਚੱਕਰ ਦੇ ਦੇ ਦੇ ਖ਼ੂਬ ਭੁਵਾਂ ।
ਵੇਖੋ ਕੁੜੀਓ, ਵੇਖੋ ਖਾਂ ।
ਚਰਖੀ ਮੈਨੂੰ ਦਿੱਤੀ ਮਾਂ ।
ਸੂਤ ਕਰੇ ਇਹ ਪੂਣੀ ਨੂੰ ।
ਕਰਦੀ ਏ ਘੂੰ ਘੂੰ ਘੂੰ ਘੂੰ ।

(2)
ਸੋਹਣੀ ਰੰਗ ਰੰਗੀਲੀ ਏ ।
ਸੂਹੀ ਸਾਵੀ ਪੀਲੀ ਏ ।
ਪਰੀਆਂ ਇਸ ਵਿੱਚ ਗਾਵਣ ਨੀਂ ।
ਵੇਖੋ ਤਾਂ ਲੁਕ ਜਾਵਣ ਨੀਂ ।
ਨੀ ਦੀਪੋ ਨਾ ਵੇਖੀ ਤੂੰ ।
ਸੁਣ ਲੈ ਇਹਦੀ ਘੂੰ ਘੂੰ ਘੂੰ ।

(3)
ਵਾਹ ਮੇਰੀ ਚਰਖੀ ਦੀ ਚਾਲ ।
ਚਰਖੀ ਉੱਤੇ ਨਠਦੀ ਮਾਲ੍ਹ ।
ਹੱਥੀ ਗੇੜੇ ਖਾਂਦੀ ਏ ।
ਛੱਲੀ ਪਈ ਬਣਾਂਦੀ ਏ ।
ਏਦਾਂ ਕੱਤ ਲਵਾਂਗੀ ਰੂੰ ।
ਘੂੰ ਘੂੰ, ਘੂੰ ਘੂੰ, ਘੂੰ ਘੂੰ, ਘੂੰ ।

(4)
ਆ ਨੀ ਨਾਮ੍ਹੋ ਛੋਪੇ ਪਾ ।
ਕਤੀਏ ਦੋਵੇਂ ਸ਼ਰਤਾਂ ਲਾ ।
ਗੋਹੜੇ ਦਈਏ ਸਭ ਮੁਕਾ ।
ਖੇਸੀ ਚਦਰ ਲਈਂ ਉਣਾ ।
ਚਰਖੀ ਮਾਂ ਤੋਂ ਲੈ ਆ ਤੂੰ ।
ਆ ਨੀ ਲਾਈਏ ਘੂੰ ਘ੍ਹੂੰ ਘ੍ਹੂੰ ।

22. ਜਲੇਬੀ

ਹੈ ਜਲੇਬੀ ਜਿਸ ਦਾ ਨਾਂ ?
ਬਣਦੀ ਹੈ ਇਹ ਕਿਹੜੇ ਥਾਂ ?
ਰੰਗ ਰੂਪ ਵਿਚ ਨਿਆਰੀ ਨਿਆਰੀ ।
ਮਿੱਠੀ ਮਿੱਠੀ ਪਿਆਰੀ ਪਿਆਰੀ ।
ਇਸ ਨੂੰ ਤਲਦਾ ਹੈ ਹਲਵਾਈ ।
ਮਾਰ ਪਚਾਕੇ ਖਾਏ ਲੁਕਾਈ ।
ਹਰ ਕੋਈ ਹੱਟ ਤੇ ਆਖੇ ਆ ।
ਪਹਿਲਾਂ ਦੇਵੀਂ ਮੈਨੂੰ ਪਾ ।
ਮੁੰਡਿਓ ਕੁੜੀਓ ਬੜੀ ਸਵਾਦੀ ।
ਹੁਣੇ ਲਿਆਈ ਹੱਟੀਓਂ ਦਾਦੀ ।
ਭਜ ਕੇ ਆਓ ਗੱਫੇ ਲਾਓ ।
ਇਕ ਇਕ ਕਰ ਕੇ ਸਭ ਮੁਕਾਓ ।
ਇਕ ਇਕ ਸਭ ਰਕੇਬੀ ਲੈ ਲਉ ।
ਹੱਥੋ ਹੱਥ ਜਲੇਬੀ ਲੈ ਲਉ ।

23. ਮੇਰੀ ਗੁੱਡੀ

ਗੁੱਡੀ ਪਿਆਰੀ । ਬਣੀ ਸਵਾਰੀ ।
ਕਪੜੇ ਪਾ ਕੇ । ਗਹਿਣੇ ਲਾਕੇ ।
ਕੱਲਮ-ਕੱਲੀ । ਸਹੁਰੇ ਚੱਲੀ ।
ਸੋਹਣੀ ਲੱਗਦੀ । ਮੋਹਣੀ ਲੱਗਦੀ ।

24. ਸੇਵਾ

ਜਗ ਵਿਚ ਜੋ ਕਰਦਾ ਹੈ ਸੇਵਾ ।
ਉਹ ਖਾਂਦਾ ਹੈ ਮਿੱਠਾ ਮੇਵਾ ।
ਜੇ ਕੋਈ ਬੂਟਾ ਲਾ ਕੇ ਪਾਲੇ ।
ਬੂਟਾ ਉਸ ਨੂੰ ਫਲ ਖਵਾਲੇ ।
ਜੇ ਕੋਈ ਟਹਿਲ ਕਮਾਵੇ ਜਗ ਦੀ ।
ਦੁਨੀਆਂ ਉਸਦੇ ਚਰਨੀਂ ਲਗਦੀ ।
ਸੇਵਾ ਵਿਚ ਹੈ ਮਾਣ ਵਡਾਈ ।
ਸੇਵਾ ਕਰਨੀ ਸਿੱਖੋ ਭਾਈ ।
ਮਾਤ ਪਿਤਾ ਦੀ ਸੇਵਾ ਕਰਨਾ ।
ਦੁਖ ਕਲੇਸ਼ੋਂ ਮੂਲ ਨਾ ਡਰਨਾ ।
ਸੇਵਾ ਬਿਨਾ ਮਨੁੱਖ ਨਕਾਰਾ ।
ਸੇਵਾ ਬਣਦੀ ਜਗਤ-ਸਹਾਰਾ ।

25. ਬੱਦਲ

ਬੱਦਲਾਂ ਨੇ ਕਿਣਮਿਣ ਲਾਈ ਏ ।
ਵਾਹ ਮੌਜ ਬਹਾਰ ਬਣਾਈ ਏ ।
ਔਹ ! ਤੰਬੂ ਤਣਦੇ ਜਾਂਦੇ ਨੇ ।
ਔਹ ! ਹਾਥੀ ਬਣਦੇ ਜਾਂਦੇ ਨੇ ।
ਬਣ ਮਹਿਲ ਮੁਨਾਰੇ ਸਜਦੇ ਨੇ ।
ਔਹ ! ਸ਼ੇਰਾਂ ਵਾਂਙਣ ਗਜਦੇ ਨੇ ।
ਔਹ ਲਗਦੇ ਰੂੰ ਦੇ ਗੋਹੜੇ ਨੇ ।
ਜਾਂ ਲੂਣ ਖੰਡ ਦੇ ਧੋਹੜੇ ਨੇ ।
ਐਵੇਂ ਪਏ ਖੁਰ ਖੁਰ ਪੈਂਦੇ ਨੇ ।
'ਵਾਵਾਂ ਵਿਚ ਵਗਦੇ ਰਹਿੰਦੇ ਨੇ ।
ਕਣੀਆਂ ਦੀ ਛਹਿਬਰ ਲਾਣ ਪਏ ।
ਸਿੱਟਿਆਂ ਵਿਚ ਦਾਣੇ ਪਾਣ ਪਏ ।
ਜੱਟਾਂ ਲਈ ਮੋਤੀ ਕਣੀਆਂ ਨੇ ।
ਬਾਗੀ ਲਈ ਮੌਜਾਂ ਬਣੀਆਂ ਨੇ ।
ਵਾਹ ਬੱਦਲਾਂ ਰੁੱਤ ਬਦਲਾਈ ਏ ।
ਕਿਹੀ ਸੋਹਣੀ ਕਿਣਮਿਣ ਲਾਈ ਏ ।

26. ਸੁੱਚਾ ਲਾਲ

ਜੋ ਦੁਖੀਆਂ ਦਾ ਰੋਣਾ ਸੁਣ ਕੇ,
ਜਾ ਕੇ ਦਰਦ ਵੰਡਾਂਦਾ ਹੈ ।
ਭੁੱਖਾ ਵੇਖ ਗਵਾਂਢੀ ਨੂੰ ਜੋ,
ਆਪ ਭੁੱਖਾ ਰਹਿ ਜਾਂਦਾ ਹੈ ।
ਅੰਨ੍ਹਿਆਂ ਨੂੰ ਰਾਹ ਭੁੱਲਣ ਤੇ ਜੋ,
ਉਂਗਲੀ ਫੜ ਰਾਹ ਪਾਂਦਾ ਹੈ ।
ਵੇਖ ਕਿਸੇ ਰੋਂਦੇ ਨੂੰ ਜਿਹੜਾ,
ਰੋ ਰੋ ਨੀਰ ਵਹਾਂਦਾ ਹੈ ।
ਜੋ ਨਹੀਂ ਡਰਦਾ ਕਦੇ ਰਤਾ ਵੀ,
ਭਾਵੇਂ ਸਿਰ ਤੇ ਆਵੇ ਕਾਲ ।
ਜੋ ਸਭਨਾਂ ਦੀ ਸੇਵਾ ਕਰਦਾ,
ਉਹ ਹੈ ਜਗ ਵਿਚ ਸੁੱਚਾ ਲਾਲ ।

27. ਬੱਚਿਓ ! ਸਿੱਖੋ

ਫੁੱਲਾਂ ਕੋਲੋਂ ਹੱਸਣਾ ਸਿੱਖੋ,
ਭੌਰਾਂ ਕੋਲੋਂ ਗਾਣਾ ।
ਰੁੱਖ ਦੀਆਂ ਨਿਵੀਆਂ ਸ਼ਾਖਾਂ ਕੋਲੋਂ,
ਸਿੱਖੋ ਸੀਸ ਨਿਵਾਣਾ ।
ਸਿੱਖੋ ਦੁੱਧ ਤੇ ਪਾਣੀ ਕੋਲੋਂ,
ਦੱਮ ਮੇਲ ਦਾ ਭਰਨਾ ।
ਦਿਲ ਲਾ ਕੇ ਦੀਵੇ ਤੋਂ ਸਿੱਖੋ,
ਦੂਰ ਅਨ੍ਹੇਰਾ ਕਰਨਾ ।
ਪੱਤ ਝੜੇ ਰੁੱਖਾਂ ਤੋਂ ਸਿੱਖੋ,
ਦੁਖ ਵਿਚ ਧੀਰਜ ਧਰਨਾ ।
ਮੱਛੀ ਕੋਲੋਂ ਸਿੱਖੋ ਬੀਬਾ !
ਦੇਸ਼ ਵਤਨ ਲਈ ਮਰਨਾ ।

28. ਵਿਦਵਾਨ ਬਣੋ

ਵਿਦਵਾਨ ਬਣੋ ਵਿਦਵਾਨ ਬਣੋ ।
ਮਾਂ ਪਿਓ ਦੀ ਕੁਲ ਦੀ ਸ਼ਾਨ ਬਣੋ ।
ਪੜ੍ਹ ਪੜ੍ਹ ਕੇ ਚੰਨ ਵਿਦਵਾਨ ਬਣੋ ।
ਰਲ ਜੋਰ ਕਰੋ ਬਲਵਾਨ ਬਣੋ ।
ਗੁਣ ਧਾਰਨ ਕਰ ਗੁਣਵਾਨ ਬਣੋ ।
ਭਲਿਆਂ ਦੀ ਸੁਘੜ ਸੰਤਾਨ ਬਣੋ ।
ਆਜ਼ਾਦ ਹੋਣ ਲਈ ਸ਼ੇਰ ਬਣੋ ।
ਵਿਦਵਾਨ ਬਣੋ ਦਲੇਰ ਬਣੋ ।

29. ਮੇਰੀ ਬੇੜੀ

ਇਹ ਵੇਖੋ ! ਮੇਰੀ ਬੇੜੀ ਏ ।
ਮੈਂ ਪਾਣੀ ਦੇ ਵਿੱਚ ਰੇੜ੍ਹੀ ਏ ।
ਇਹ ਵਾਹ ਵਾਹ ਤਾਰੀ ਤਰਦੀ ਏ ।
ਬਣ ਹਰਨੀ ਚੁੰਗੀਆਂ ਭਰਦੀ ਏ ।
ਜਦ ਘੁੱਮਣ ਘੇਰੀ ਆਉਂਦੀ ਏ ।
ਏਹ ਵਾਹ ਵਾਹ ਘੁੰਮਰ ਪਾਉਂਦੀ ਏ ।
ਹਥ ਮੇਰੇ ਇਸ ਦੇ ਚੱਪੇ ਨੇ ।
ਉਹ ਲਾਂਦੇ ਇਸਨੂੰ ਧੱਪੇ ਨੇ ।
ਪਾਣੀ ਵਿਚ ਮੌਜਾਂ ਕਰਦੀ ਏ ।
ਪਈ ਬਤਖਾਂ ਵਾਂਙੂੰ ਤਰਦੀ ਏ ।
ਜਦ ਡਿਕੋ ਡੋਲੇ ਖਾਂਦੀ ਹੈ ।
ਤਦ ਖ਼ੂਬ ਬਹਾਰ ਵਿਖਾਂਦੀ ਹੈ ।
ਪਈ ਉਚੀ ਨੀਵੀਂ ਹੋਂਦੀ ਹੈ ।
ਤੁਰ ਪੈਂਦੀ, ਕਦੇ ਖਲੋਂਦੀ ਹੈ ।
ਡਰਦੀ ਨਹੀਂ ਛੱਲਾਂ ਲਹਿਰਾਂ ਤੋਂ ।
ਇਹ ਲੰਘਦੀ ਕਪਰ ਕਹਿਰਾਂ ਚੋਂ ।
ਜਦ ਪਾਣੀ ਪੈ ਕੇ ਭਰਦੀ ਹੈ ।
ਤਦ ਡੁਬ ਜਾਂਦੀ, ਨਾ ਤਰਦੀ ਹੈ ।
ਮੈਂ ਝਟ ਪਟ ਹੋਰ ਬਣਾਂਦਾ ਹਾਂ ।
ਛੱਡ ਪਾਣੀ ਵਿਚ ਤਰਾਂਦਾ ਹਾਂ ।

30. ਪੀਂਘ ਦਾ ਗੀਤ

ਕੁਰਬਾਨ ! ਹੁਲਾਰੇ ਖਾਂਦੀਏ ।
ਸਦਕੇ ! ਹਾਂ ਜੀ ਪਰਚਾਂਦੀਏ ।
ਤੂੰ ਗੇੜੇ ਲਾਂਦੀ ਰਹੁ ਨੀ ।
ਦਿਲ ਮਨ ਰੀਝਾਂਦੀ ਰਹੁ ਨੀ ।
ਤੇਰੀ ਇਸ ਸੋਹਣੀ ਚਾਲ ਤੋਂ ।
ਲਚਕੇ ਤੋਂ, ਲੰਮੀ ਛਾਲ ਤੋਂ ।
ਉੱਚੀ ਤੇ ਨੀਵੀਂ ਢਾਲ ਤੋਂ ।
ਸਦਕੇ ਇਸ ਤੇਰੀ ਘਾਲ ਤੋਂ ।
ਤੂੰ ਝੱਲੇਂ ਸਾਡਾ ਭਾਰ ਨੀ ।
ਪਾਲੇਂ ਪਰ ਪ੍ਰੇਮ ਪਿਆਰ ਨੀ ।
ਤੇਰੇ ਹੂਟੇ ਵਿਚ ਰੱਸ ਨੀ ।
ਸਕਦਾ ਨਾ ਕੋਈ ਦੱਸ ਨੀ ।
ਤੂੰ ਸਾਡੀ ਦਿਲੀ ਮੁਰਾਦ ਨੀ ।
ਹੈ ਹੂਟਾ ਨਿਰਾ ਸਵਾਦ ਨੀ ।
ਜਦ ਇਕ ਹੁਲਾਰਾ ਦਏਂ ਤੂੰ ।
ਇਕ ਬੰਨ੍ਹ ਨਜ਼ਾਰਾ ਦਏਂ ਤੂੰ ।
ਅੰਗ ਅੰਗ ਵਿਚ ਦੌੜੇ ਰੱਤ ਨੀ ।
ਪੈਰਾਂ ਨੂੰ ਚੁੱਮਣ ਪੱਤ ਨੀ ।
ਵਾ ਆ ਆ ਪੱਖਾ ਝੱਲਦੀ ।
ਅੱਖਾਂ ਵਿਚ ਠੰਢਕ ਰੱਲਦੀ ।
ਤੇਰਾ ਜਦ ਹੂਟਾ ਆਂਵਦਾ ।
ਦਿਲ ਨਾਲ ਹੁਲਾਰੇ ਖਾਂਵਦਾ ।
ਪੀਂਘੇ ਸੱਤ ਰੰਗੀਏ ਸਾਡੀਏ ।
ਨੀ ਰੰਗੀਂ ਰੰਗੀeਂੇ ਫੇਰੀਏ ।
ਤੂੰ ਸਾਡੀ ਹੈਂ ਜਿੰਦ ਜਾਨ ਨੀ ।
ਅਸੀਂ ਤੇਰੇ ਤੋਂ ਕੁਰਬਾਨ ਨੀ ।

31. ਬੀਬੀ ਰਾਣੀ

ਇਹ ਬੀਬੀ, ਬੀਬੀ ਰਾਣੀ ਏ ।
ਸਭ ਕਹਿੰਦੇ ਸੁਘੜ ਸਿਆਣੀ ਏ ।
ਇਹ ਦਿਲ ਮਨ ਲਾਕੇ ਪੜ੍ਹਦੀ ਏ ।
ਹਰ ਸਾਲ ਜਮਾਤੇ ਚੜ੍ਹਦੀ ਏ ।
ਜੀ ਜੀ ਨੂੰ, ਜੀ ਜੀ ਕਹਿੰਦੀ ਏ ।
ਭੁਲ ਕੇ ਨਾ ਵਿਹਲੀ ਬਹਿੰਦੀ ਏ ।
ਨਿਤ ਧੋਤੇ ਕਪੜੇ ਪਾਂਦੀ ਏ ।
ਨਿਤ ਮਾਂ ਦਾ ਹੱਥ ਵਟਾਂਦੀ ਏ ।
ਇਹ ਪਾਸ਼ੋ ਖਸਮਾਂ ਖਾਣੀ ਏ ।
ਇਹ ਨ੍ਹਾਮੋ ਬੀਬੀ ਰਾਣੀ ਏ ।
ਇਹ ਰੋਜ ਕੰਮ ਵਿਚ ਜੁੜਦੀ ਏ ।
ਕੁਝ ਪੜ੍ਹਦੀ ਹੈ ਕੁਝ ਗੁੜਦੀ ਏ ।
ਇਹ ਸਿਧੀ ਭੋਲੀ ਭਾਲੀ ਏ ।
ਉਹ ਕ੍ਰੋਧਨ ਦਿਲ ਦੀ ਕਾਲੀ ਏ ।
ਸਭ ਕਹਿੰਦੇ ਪਾਸ਼ੋ ਕਾਣੀ ਏ ।
ਪਰ ਨ੍ਹਾਮੋ ਸੁਘੜ ਸਿਆਣੀ ਏ ।

32. ਤਿੰਨ ਬਿੱਲੀਆਂ

ਤਿੰਨ ਬਿੱਲੀਆਂ ਟੁਰ ਪਈਆਂ ਘਰ ਤੋਂ,
ਜਾ ਕੇ ਪੁੱਜੀਆਂ ਦਿੱਲੀ ।
ਬਹਿ ਕੇ ਚੌਕ ਚਾਂਦਨੀ ਅੰਦਰ,
ਪਾਉਣ ਲੱਗੀਆਂ ਖਿੱਲੀ ।
ਖਿਝ ਕੇ ਇਕ ਨੇ ਇਕ ਬਿੱਲੀ ਨੂੰ,
ਐਸੀ ਸੋਟੀ ਮਾਰੀ ।
ਪੂਛਲ ਉੱਤੇ ਲੱਗੀ ਓਸ ਨੂੰ,
ਚੀਕੀ ਬੜੀ ਵਿਚਾਰੀ ।
ਆਖਣ ਲੱਗੀ, "ਊ ਮੈਂ ਮਰ ਗਈ,
ਬਹੁੜੀਂ ਮੇਰੇ ਰੱਬਾ ।
ਦਿੱਲੀ ਭੈੜ ਭੜੱਥੀ ਵਿਚੋਂ,
ਕੀ ਹੈ ਮੈਨੂੰ ਲੱਭਾ ।
ਘਰ ਰਹਿੰਦੀ ਤਾਂ ਰੋਜ ਦਿਹਾੜੇ,
ਚੂਹੀਆਂ ਫੜ ਫੜ ਖਾਂਦੀ ।
ਮੌਜਾਂ ਕਰਦੀ ਈਦ ਮਨਾਂਦੀ,
ਗੋਗੜ ਖ਼ੂਬ ਵਧਾਂਦੀ ।"
ਰੋਂਦੀ ਵੇਖ ਉਨੂੰ ਇਕ ਬੋਲੀ,
"ਨਾ ਰੋ ਨਾ ਰੋ ਭੈਣਾਂ,
ਚਲ ਘਰ ਦੁੱਧ ਮਲਾਈਆਂ ਖਾਈਏ,
ਏਥੋਂ ਕੀ ਹੈ ਲੈਣਾ ?"
ਪਹਿਲੀ ਆਖੇ 'ਆਊਂ ਆਊਂ',
ਦੂਜੀ ਆਖੇ 'ਜਾਊਂ' ।
ਤੀਜੀ ਦੰਦੀਆਂ ਟੱਡ ਕੇ ਬੋਲੀ,
'ਮਿਆਊਂ ਮਿਆਊਂ ਮਿਆਊਂ' ।

33. ਹਵਾ

ਮੈਂ ਚਲਦੀ ਹੀ ਨਿਤ ਰਹਿੰਦੀ ਹਾਂ ।
ਟਿੱਕ ਕੇ ਕਦੇ ਨਾ ਬਹਿੰਦੀ ਹਾਂ ।
ਜੇ ਦਮ ਲੈਣ ਲਈ ਰੁਕ ਜਾਂ ।
ਸਭ ਦਾ ਨੱਕ ਵਿਚ ਦਮ ਲਿਆਂ ।
ਹਰ ਥਾਂ ਮੈਨੂੰ ਪਾਂਦੇ ਹੋ ।
ਜੇ ਲੁਕ ਜਾਂ, ਘਬਰਾਂਦੇ ਹੋ ।
ਬਰਫ਼ ਵਾਂਙ ਵੀ ਹੋ ਜਾਵਾਂ ।
ਅਗ ਵੀ ਬਣ ਬਣ ਕੇ ਆਵਾਂ ।
ਕਰਦੀ ਆਵਾਂ ਜਾਂ ਸਾਂ ਸਾਂ ।
ਦੁਨੀਆਂ ਉੱਤੇ ਮੀਂਹ ਵਸਾਂ ।
ਬੂਟੇ ਢਾਹਵਾਂ ਨਜ਼ਰ ਨਾ ਆਂ ।
ਛੋਹ ਕੇ ਫੇਰ ਹਵਾ ਹੋ ਜਾਂ ।
ਇਹੋ ਮੇਰਾ ਹੈ ਸੁਭਾ ।
ਬੱਚਿਓ ! ਮੈਂ ਹਾਂ ਕੁੜੀ ਹਵਾ ।

34. ਮੀਂਹ

ਔਹ ਵੇਖੋ ਬੱਦਲ ਆਏ ।
ਪਾਣੀ ਭਰ ਕਿਤੋਂ ਲਿਆਏ ।
ਉਹਨਾਂ ਦਾ ਰੰਗ ਨਿਰਾਲਾ ।
ਭੂਰਾ ਤੇ ਨੀਲਾ ਕਾਲਾ ।
ਲੱਖਾਂ ਈ ਵੇਸ ਵਟਾਂਦੇ ।
ਹਾਥੀ ਘੋੜੇ ਬਣ ਜਾਂਦੇ ।
ਕਹੀ ਬਿਜਲੀ ਚਮਕ ਵਿਖਾਂਦੀ ।
ਝਮ ਝਮ ਕਰ ਕੇ ਲੁਕ ਜਾਂਦੀ ।
ਬੱਦਲ ਪਏ ਗੜ ਗੜ ਗੱਜਣ ।
ਪਏ ਜਿਵੇਂ ਨਗਾਰੇ ਵੱਜਣ ।
ਪਿਆ ਮੋਰ ਪੈਲ ਅੱਜ ਪਾਵੇ ।
ਪੀ ਪੀ ਪਪੀਹਾ ਗਾਵੇ ।
ਠੰਢਕ ਖੇਤਾਂ ਤੇ ਛਾਈ ।
ਹਰ ਥਾਂ ਉੱਗੀ ਹਰਿਆਈ ।
ਸਭ ਥਾਂ ਖ਼ੁਸ਼ਹਾਲੀ ਵੱਸੀ ।
ਸਭ ਸਾੜ ਧਰਤ ਦੀ ਨੱਸੀ ।
ਹੁਣ ਬੜੇ ਹੋਣਗੇ ਦਾਣੇ ।
ਖਾ ਦੁਨੀਆਂ ਮੌਜਾਂ ਮਾਣੇ ।

35. ਅੱਜ ਵਿਸਾਖੀ ਏ

ਬੀਬੀ ਮਾਂ ! ਪਿਆਰੀ ਮਾਂ !
ਕਪੜੇ ਨਵੇਂ ਸਵਾ ਦੇ ਖਾਂ ।
ਪਾ ਕੇ ਮੈਂ ਮੇਲੇ ਤੇ ਜਾਂ ।
ਊਂ ਊਂ ਅੱਜ ਵਿਸਾਖੀ ਏ ।

ਜੀ ਵੇ ਪੁਤਰ ! ਜੁਗ ਜੁਗ ਜੀ ।
ਮੇਲੇ ਜਾ ਲੈਣਾ ਈ ਕੀ ?
ਡਾਢਾ ਭੀੜ ਭੜੱਕਾ ਈ ।
ਘਰ ਹੀ ਰਹੁ, ਮੈਂ ਸਦਕੇ ਲਾਲ !

ਬੀਬੀ ਮਾਂ ! ਪਿਆਰੀ ਮਾਂ !
ਪੈਸੇ ਦੇਹ ਮੈਂ ਖਰਚਾਂ ਖਾਂ ।
ਬਰਫ਼ੀ ਪੇੜੇ ਲੈ ਕੇ ਆਂ ।
ਹਾਂ ! ਹਾਂ !! ਅੱਜ ਵਿਸਾਖੀ ਏ ।

ਜੀ ਵੇ ਪੁਤਰ ! ਜੀ ਵੇ ਲਾਲ ।
ਚੰਗਾ ! ਜਾਵੀਂ ਭਾਈਏ ਨਾਲ ।
ਕੱਲੇ ਗਏ, ਗਵਾਚਣ ਬਾਲ ।
ਕੱਲਾ ਨਾ ਜਾ ਸਦਕੇ ਲਾਲ ।

ਬੀਬੀ ਮਾਂ ! ਪਿਆਰੀ ਮਾਂ !
ਪੀਲੀ ਪੱਗ ਰੰਗਾ ਦੇ ਖਾਂ ।
ਬੂਟ ਰੁਮਾਲ ਲਿਆ ਦੇ ਖਾਂ ।
ਵੇਖਾਂ ! ਅੱਜ ਵਿਸਾਖੀ ਏ ।

ਜੀ ਵੇ ਪੁਤਰ ! ਸਦਕੇ, ਆ !
ਪੱਗ ਲਈ ਸੀ ਕੱਲ੍ਹ ਰੰਗਾ ।
ਬੰਨ੍ਹ ਲੈ ਸਿਰ ਤੇ ਕੱਪੜੇ ਪਾ ।
ਆ ਫਿਰ ਲਗ ਜਾ ਹਿੱਕ ਦੇ ਨਾਲ ।

ਬੀਬੀ ਮਾਂ ! ਪਿਆਰੀ ਮਾਂ !
ਕਪੜੇ ਵੀ ਪਾ ਲਏ ਹੁਣ ਤਾਂ ।
ਦਸ ਨਾ, ਹੁਣ ਮੈਂ ਮੇਲੇ ਜਾਂ ?
ਵੇਖਾਂ ! ਅੱਜ ਵਿਸਾਖੀ ਏ ।

ਜਾ ਪੁੱਤਰ ! ਮੈਂ ਸਦਕੇ ਜਾਂ ।
ਪਰ ਇਹ ਗੱਲ ਭੁਲਾਵੀਂ ਨਾ ।
ਗੰਦ ਮੰਦ ਓਥੇ ਖਾਵੀਂ ਨਾ ।
ਘਰ ਮੁੜ ਆਵੀਂ ਵੇਲੇ ਨਾਲ ।

36. ਮੇਰੀਆਂ ਖੇਡਾਂ

ਇਕ ਗੱਡਾ ਮੇਰਾ ਰਿੜ੍ਹਦਾ ਹੈ ।
ਇਕ ਫੌਜੀ ਮੇਰਾ ਭਿੜਦਾ ਹੈ ।
ਇਕ ਗੇਂਦ ਮੇਰੀ ਪਈ ਨਚਦੀ ਹੈ ।
ਇਹ ਨਚਦੀ ਟਪਦੀ ਮਚਦੀ ਹੈ ।
ਇਕ ਮੋਟਰ ਮੇਰੀ ਚਲਦੀ ਹੈ ।
ਇਕ ਰੇਲ ਲਿਆਂਦੀ ਕੱਲ੍ਹ ਦੀ ਹੈ ।
ਇਕ ਗੁੱਲੀ ਡੰਡਾ ਮੇਰਾ ਹੈ ।
ਇਕ ਕੌਮੀ ਝੰਡਾ ਮੇਰਾ ਹੈ ।
ਇਕ ਬੇਰ ਲਾਹੁਣ ਨੂੰ ਢਾਂਗਾ ਹੈ ।
ਇਕ ਮੇਰਾ ਘੋੜੀ ਤਾਂਗਾ ਹੈ ।
ਮੈਂ ਇਸਨੂੰ ਖ਼ੂਬ ਭਜਾਂਦਾ ਹਾਂ ।
ਨਿਤ ਸੈਲ ਕਰਨ ਨੂੰ ਜਾਂਦਾ ਹਾਂ ।

37. ਕਾਠ ਦਾ ਘੋੜਾ

ਵਾਹ ਵਾਹ ਜੀ, ਇਹ ਮੇਰਾ ਘੋੜਾ !
ਤਿੱਖਾ ਜੀ, ਇਹ ਉਡਣਾ ਲੋਹੜਾ ।
ਖੁਲ੍ਹੀਆਂ ਜੀ, ਇਹ ਦੌੜਾਂ ਲਾਵੇ ।
ਜਾਂਦਾ ਜੀ, ਇਹ ਹੱਥ ਨਾ ਆਵੇ ।
ਇਸ ਨੂੰ ਜੀ, ਮੈਂ ਜਦ ਵੀ ਚਾਹਵਾਂ ।
ਦੁੜਕੀ ਜੀ, ਮੈਂ ਖ਼ੂਬ ਦੁੜਾਵਾਂ ।
ਤੁਰਦਾ ਜੀ, ਇਹ ਬੰਜਰ ਰੌੜੇ ।
ਖਡ ਤੋਂ ਜੀ, ਇਹ ਟਪ ਟਪ ਦੌੜੇ ।
ਰਹਿੰਦਾ ਜੀ, ਇਹ ਸਦਾ ਅਲਾਣਾ ।
ਖਾਂਦਾ ਜੀ, ਇਹ ਘਾਹ ਤੇ ਦਾਣਾ ।
ਦੁੜਕੀ ਜੀ, ਪੋਈਏ ਦੀਆਂ ਚਾਲਾਂ ।
ਜਾਣੇ ਜੀ, ਇਹ ਟਾਪ ਰਵਾਲਾਂ ।
ਲੱਤਾਂ ਜੀ, ਨਹੀਂ ਇਸਨੂੰ ਲੱਗੀਆਂ ।
ਅੱਖਾਂ ਜੀ ਹਨ, ਨਿਰੀਆਂ ਠੱਗੀਆਂ ।
ਲੰਮਾ ਜੀ, ਇਹ ਲੰਮ ਸਲੰਮਾ ।
ਰਹਿੰਦਾ ਜੀ, ਨਾ ਕਦੇ ਨਿਕੰਮਾ ।
ਬਣਿਆ ਜੀ, ਇਹ ਕਾਠ ਕਠੋੜਾ ।
ਆਹਾ ਜੀ, ਇਹ ਕਾਠੀ-ਘੋੜਾ ।

38. ਕੈਂਚੀ ਤੇ ਸੂਈ

ਸੂਈ ਨੂੰ ਕੈਂਚੀ ਕਹਿੰਦੀ ਹੈ ।
ਥੁੜ ਜਗ ਨੂੰ ਮੇਰੀ ਰਹਿੰਦੀ ਹੈ ।
ਮੈਂ ਜਗ ਦੇ ਕੰਮ ਚਲਾਂਦੀ ਹਾਂ ।
ਨਿੱਤ ਫ਼ੈਸ਼ਨ ਨਵੇਂ ਬਣਾਂਦੀ ਹਾਂ ।
ਕਪੜੇ ਦੀ ਸ਼ਾਨ ਬਣਾਵਾਂ ਮੈਂ ।
ਜਗ ਨੂੰ ਸ਼ਿੰਗਾਰ ਵਿਖਾਵਾਂ ਮੈਂ ।
ਕਪੜੇ-ਦਰਿਆ ਵਿਚ ਵਗਦੀ ਹਾਂ ।
ਮੱਛੀ ਜਿਉਂ ਵਾਹ ਵਾਹ ਲਗਦੀ ਹਾਂ ।
ਨੀ ਸੂਈਏ, ਮੋਈਏ, ਮਰੀਏ ਨੀ ।
ਨਕ ਪਾਟੋ ਪਤਲੋ ਪਰੀਏ ਨੀ ।
ਤੂੰ ਸ਼ਾਨ ਮੇਰੀ ਕੀ ਜਾਣੇ ਨੀ ।
ਵੱਸ ਮੇਰੇ, ਸੁਘੜ ਸਿਆਣੇ ਨੀ ।
ਨਾ ਮੇਰੇ ਸਾਵ੍ਹੇਂ ਆਇਆ ਕਰ ।
ਭੁਲ ਕੇ ਨਾ ਮੱਥਾ ਲਾਇਆ ਕਰ ।
ਨੀ ਹੀਣੀ ਹਾਲਤ ਤੇਰੀ ਏ ।
ਪਰ ਮੇਰੀ ਸ਼ਾਨ ਉਚੇਰੀ ਏ ।
ਭਾਵੇਂ ਤੂੰ ਨਿਉਂ ਨਿਉਂ ਚਲਦੀ ਏਂ ।
ਬਣ ਤੀਰ ਕਲੇਜੇ ਸਲਦੀ ਏਂ ।
ਸੁਣ ਸੁਣ ਕੇ ਸੋਈ ਬੋਲ ਪਈ ।
"ਨੀ ਕੂੜ ਨਾ ਐਡੇ ਤੋਲ ਪਈ ।
ਮੂੰਹ ਫਟੀਏ ਵੈਰ ਕਮਾਉਣੀਏਂ ।
ਮਿਲਿਆਂ ਵਿਚ ਫੋਟਕ ਪਾਉਣੀਏਂ ।
ਤੂੰ ਸਾਰ ਨਾ ਜਾਣੇਂ ਏਕੇ ਦੀ ।
ਪਲ ਮੌਜ ਨਾ ਮਾਣੇਂ ਏਕੇ ਦੀ ।
ਐਵੇਂ ਪਈ ਬਣ ਬਣ ਬਹਿੰਦੀ ਏਂ ।
ਸਭ ਕੂੜ ਜ਼ਬਾਨੋਂ ਕਹਿੰਦੀ ਏਂ ।
ਕੰਮ ਤੇਰਾ ਵਖ ਵਖ ਕਰਨਾ ਨੀ ।
ਫੁੱਟ ਪਾਣਾ, ਮੂਲ ਨਾ ਡਰਨਾ ਨੀ ।
ਮੈਂ ਪਾਟੇ ਜੋੜ ਵਿਖਾਵਾਂ ਨੀ ।
ਵਿਛੜੇ ਫੜ ਗਲੇ ਲਗਾਵਾਂ ਨੀ ।
ਹਰ ਵੇਲੇ ਇਹ ਕੰਮ ਕਰਦੀ ਹਾਂ ।
ਮੇਲਣ ਵਿਚ ਜੰਮਦੀ ਮਰਦੀ ਹਾਂ ।
ਸਭ ਸੁਘੜ ਸਿਆਣੇ ਕਹਿੰਦੇ ਨੇ ।
ਜੋ ਮੇਲਣ ਵਿਚ ਖ਼ੁਸ਼ ਰਹਿੰਦੇ ਨੇ ।
ਰਬ ਆਪ ਓਸ ਨੂੰ ਮਿਲਦਾ ਏ ।
ਜੋ ਮੇਲੂ ਹੁੰਦਾ ਦਿਲ ਦਾ ਏ ।"

39. ਭੈਣ ਦੀ ਲੋਰੀ ਵੀਰ ਨੂੰ

ਔਹ ਸੂਰਜ ਨੇ ਅੱਖ ਖੋਹਲੀ ਹੈ ।
ਔਹ ਚਿੜੀ ਚਹਿਕ ਕੇ ਬੋਲੀ ਹੈ ।
ਗਾਂ ਚਰਨ ਚਲੀ ਹੈ ਜੰਗਲ ਹੁਣ ।
ਉਠ ਜਾਗ ਪਿਆਰੇ ਮੰਗਲ ਹੁਣ ।
ਔਹ ਤੋਤਾ ਪਿਆ ਜਗਾਂਦਾ ਈ ।
ਔਹ ਬੂਛੂ ਪਿਆ ਬੁਲਾਂਦਾ ਈ ।
ਲੈ ਦੁੱਧ ਦੀ ਸੋਹਣੀ ਗਾਛੀ ਊ ।
ਲੈ ਔਹ ਤਕ ਆਈ ਮਾਛੀ ਊ ।
ਉਠ ਉਠ ਖਾਂ, ਛੁਰਮਾ ਪਾਵਾਂ ਮੈਂ ।
ਮੂੰਹ ਧੋ ਕੇ ਚੰਨ ਚਮਕਾਵਾਂ ਮੈਂ ।
ਉਠ ਔਹ ਤਕ ਕਿਰਨਾਂ ਆਈਆਂ ਨੀ ।
ਚੰਨਾ ਵੇ ! ਚਾਨਣ ਲਿਆਈਆਂ ਨੀ ।
ਖਿੜ ਪਏ ਨੀ ਵੀਰਾ ਫੁੱਲ ਬਾਗ ।
ਮੈਂ ਸਦਕੇ ਜਾਵਾਂ ਜਾਗ ! ਜਾਗ !

40. ਝੂਠਾ

ਝੂਠੇ ਦਾ ਇਤਬਾਰ, ਕਰਦਾ ਕੋਈ ਨਾ ।
ਝੂਠੇ ਨਾਲ ਪਿਆਰ, ਕਰਦਾ ਕੋਈ ਨਾ ।
ਝੂਠਾ ਰੱਬ ਦੇ ਦਵਾਰ, ਮੂੰਹ ਮੂੰਹ ਖਾਂਵਦਾ ।
ਝੂਠੇ ਨੂੰ ਕਰਤਾਰ, ਮੂੰਹ ਨਹੀਂ ਲਾਂਵਦਾ ।
ਝੂਠਾ ਵਣਜ ਵਿਹਾਰ, ਦੋ ਦਿਨ ਚੱਲਦਾ ।
ਝੂਠਾ ਮਿਤਰ ਯਾਰ, ਮਿਟੀ ਰੱਲਦਾ ।
ਬੀਬਾ ਕਰ ਇਕਰਾਰ, ਝੂਠ ਨਾ ਬੋਲਣਾ ।
ਬਣਕੇ ਬੇ-ਇਤਬਾਰ, ਮਨ ਨਾ ਰੋਲਣਾ ।

41. ਅਰਦਾਸ

ਮੈਂ ਭੋਲਾ ਬਾਲ ਅੰਜਾਣ,
ਬੁੱਧ ਬਲ ਅਕਲੋਂ ਖ਼ਾਲੀ ।
ਨਾਂਹ ਭਲੇ ਬੁਰੇ ਦੀ ਸਾਰ,
ਉਮਰ ਹੈ ਖੇਡਾਂ ਵਾਲੀ ।
ਇਹ ਨਿੱਕੇ ਨਿੱਕੇ ਹੱਥ,
ਪਿਆ ਭੋਲੇ ਭਾ ਜੋੜਾਂ ।
ਤੂੰ ਜਗ ਦੀ ਪੂਰੇਂ ਆਸ,
ਮੇਰੀਆਂ ਇਹ ਨੇ ਲੋੜਾਂ :-
ਸੱਚ, ਮਿੱਠਤ, ਵਤਨ ਪ੍ਰੇਮ ਦੀ,
ਹੇ ਦਾਤਾ ਮੈਨੂੰ ਦਾਤ ਦੇਹ !
ਜੋ ਸ਼ਾਂਤ ਭਰੀ ਹੋਏ ਚਾਨਣੀਂ,
ਉਹ ਜੀਵਨ ਦੀ ਪਰਭਾਤ ਦੇਹ !

  • ਮੁੱਖ ਪੰਨਾ : ਕਾਵਿ ਰਚਨਾਵਾਂ, ਵਿਧਾਤਾ ਸਿੰਘ ਤੀਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ