Selected Poetry : Vidhata Singh Teer
ਚੋਣਵੀਂ ਕਵਿਤਾ : ਵਿਧਾਤਾ ਸਿੰਘ ਤੀਰ
1. ਅਕਾਲੀ ਝੰਡੇ ਦੀ ਵਾਰ
ਅਕਾਲੀ ਝੰਡਾ
ਇਹ ਝੰਡਾ ਦੂਲੇ ਪੰਥ ਦਾ, ਉੱਚਾ ਲਾਸਾਨੀ ।
ਪਈ ਇਸ ਵਿੱਚ ਚਮਕਾਂ ਮਾਰਦੀ, ਕਲਗ਼ੀ ਨੂਰਾਨੀ ।
ਫੜ ਇਸ ਨੂੰ ਉੱਚਾ ਕਰ ਗਿਆ, ਪੁੱਤਰਾਂ ਦਾ ਦਾਨੀ ।
ਜਿਸ ਰਖੀ ਮੂਲ ਨਾ ਆਪਣੀ, ਜਗ ਵਿੱਚ ਨਿਸ਼ਾਨੀ ।
ਜਿਸ ਪੂਜੀ ਕੁਲ ਦੀ ਰੱਤ ਪਾ, ਸ੍ਰੀ ਮਾਤਾ ਭਾਨੀ ।
ਜਿਸ ਦਿੱਤੀ ਸਾਰੀ ਬੰਸ ਦੀ, ਹੱਸ ਕੇ ਕੁਰਬਾਨੀ ।
ਉਸ ਕਲਗੀਧਰ ਦੀ ਰੀਝ ਦਾ, ਸੂਰਜ ਅਸਮਾਨੀ ।
ਕੀ ਕਲਮ ਕਵੀ ਦੀ ਏਸ ਦਾ ਯੱਸ ਕਰੇ ਜ਼ਬਾਨੀ ।
ਅਕਾਲੀ ਝੰਡੇ ਦੇ ਕਾਰਨਾਮੇ
ਇਸ ਉੱਚੇ ਹੋ ਲਹਿਰਾਂਦਿਆਂ, ਹਨ ਯੁੱਗ ਪਲੱਟੇ ।
ਇਸ ਖੱਟੇ-ਰੰਗੇ, ਜ਼ੁਲਮ ਦੇ ਦੰਦ ਕੀਤੇ ਖੱਟੇ ।
ਇਸ ਡੋਬੀ ਬੇੜੀ ਪਾਪ ਦੀ, ਭਰ ਭਰ ਕੇ ਵੱਟੇ ।
ਇਸ ਹੇਠਾਂ ਨੱਥੇ ਪੰਥ ਨੇ, ਜਰਵਾਣੇ ਢੱਟੇ ।
ਇਹ ਲਿੱਸਿਆਂ ਨੂੰ ਗਲ ਲਾਂਵਦਾ, ਜੋ ਰੁਲਦੇ ਘੱਟੇ ।
ਇਸ ਕੀੜੇ ਕੀਤੇ ਪਾਤਸ਼ਾਹ, ਫੜ ਤਖ਼ਤ ਉਲੱਟੇ ।
ਉਹ ਤੇਗ਼ ਜੀਭ ਸੀ ਏਸ ਦੀ, ਜਿਸ ਜ਼ਾਲਮ ਚੱਟੇ ।
ਇਹ ਲਾਹਵੇ ਗਲੋਂ ਗ਼ੁਲਾਮੀਆਂ, ਸਭ ਸੰਗਲ ਕੱਟੇ ।
ਇਸ ਨੂੰ ਚੁੱਕ ਕੇ ਤੁਰਨ ਵਾਲੇ
ਇਹ ਝੰਡਾ ਚੁੱਕ ਨੰਦੇੜ ਤੋਂ, ਇਕ 'ਬੰਦਾ' ਚੜ੍ਹਿਆ ।
ਉਹ ਘੜਿਆ ਜਿਵੇਂ ਫ਼ੁਲਾਦ ਦਾ, ਲੋਹ-ਬਖ਼ਤਰ ਜੜਿਆ ।
ਉਹ ਅੱਖੋਂ ਅੱਗ ਉਗਲੱਛਦਾ, ਰੋਹ ਅੰਦਰ ਸੜਿਆ ।
ਉਸ ਮੰਤਰ ਗੁਰ ਦਸ਼ਮੇਸ਼ ਤੋਂ, ਸਿੱਖੀ ਦਾ ਪੜ੍ਹਿਆ ।
ਉਸ ਖੰਡਾ ਖੋਹ ਕੇ ਮੌਤ ਦਾ, ਹੱਥ ਸੱਜੇ ਫੜਿਆ ।
ਉਹ ਅੰਦਰ ਖ਼ੂਨੀ ਸ਼ਹਿਰ ਦੇ, ਜਦ ਜਾ ਕੇ ਵੜਿਆ ।
ਤਦ ਹਿੱਲੀ ਨੀਂਹ ਸਰਹੰਦ ਦੀ, ਜੋ ਇੱਟ ਇੱਟ ਝੜਿਆ ।
ਸੀ ਖ਼ੂਬ ਫੱਰਾਟੇ ਮਾਰਦਾ, ਸਿੰਘਾਂ ਹੱਥ ਫੜਿਆ ।
ਦੂਜਾ ਅਣਖੀ
ਫਿਰ ਸੀਸ ਤਲੀ ਤੇ ਰੱਖ ਕੇ, ਇਕ ਗੁਰੂ-ਦੁਲਾਰਾ ।
ਇਹ ਝੰਡਾ ਫੜ ਕੇ ਜੂਝਿਆ, ਕਰ ਸਿਦਕੀ ਕਾਰਾ ।
ਉਸ ਤੇਰ੍ਹਾਂ ਕੋਹ ਵਿੱਚ ਫੇਰਿਆ, ਖੰਡਾ ਦੋ-ਧਾਰਾ ।
ਉਸ ਧੋਤਾ ਆਪਣੀ ਰੱਤ ਪਾ, ਰਾਹ ਪੈਂਡਾ ਸਾਰਾ ।
ਉਹ 'ਦੀਪ ਸਿੰਘ' ਕੁਲ-ਦੀਪ ਸੀ, ਵਰਿਆਮ ਕਰਾਰਾ ।
ਉਸ ਸੀਸ ਤਲੀ ਤੇ ਰੱਖਿਆ, ਸੀ ਅਜਬ ਨਜ਼ਾਰਾ ।
ਧੜ ਰਣ ਵਿੱਚ ਲੜਦਾ ਸਿਰ ਨਹੀਂ, ਵੇਖੇ ਜੱਗ ਸਾਰਾ ।
ਤਦ ਝੂਲ ਝੂਲ ਸੀ ਆਖਦਾ, ਇਹ ਝੰਡਾ ਪਿਆਰਾ ।
ਵਾਹ! ਰੱਖ ਵਿਖਾਈ ਅਣਖ ਤੂੰ, ਸਿੰਘਾ! ਸਰਦਾਰਾ!
ਦੋ ਦਲੇਰ
ਫਿਰ ਉੱਠਿਆ ਬੀਕਾਨੇਰ ਤੋਂ, ਇਕ ਜੋੜ ਹਠੀਲਾ ।
ਇਹ ਝੰਡਾ ਉਸ ਨੇ ਚੁੱਕਿਆ, ਫਿਰ ਕਰ ਕੇ ਹੀਲਾ ।
ਇਕ ਅਣਖੀ 'ਮੀਰਾਂ-ਕੋਟੀਆ' ਹੈ ਸੀ ਫੁਰਤੀਲਾ ।
ਇਕ ਸਿੰਘ 'ਮਾੜੀ ਕੰਬੋ' ਦਾ, ਸਿਰਲੱਥ ਰੰਗੀਲਾ ।
ਉਨ੍ਹਾਂ 'ਹਰਿਮੰਦਰ' ਵਿਚ ਜਾਣ ਦਾ, ਰੱਚ ਲਿਆ ਵਸੀਲਾ ।
ਉਨ੍ਹਾਂ ਇੱਕੋ ਚਾਲੇ ਮਾਰਿਆ, ਮੁਗ਼ਲਾਂ ਦਾ ਫ਼ੀਲਾ ।
ਉਨ੍ਹਾਂ ਪੁਟਿਆ ਅੰਮ੍ਰਿਤਸਰ ਵਿਚੋਂ, ਜਰਵਾਣਾ ਡੀਲਾ ।
ਉਨ੍ਹਾਂ ਸਿਰ ਮੱਸੇ ਦਾ ਲਾਹ ਲਿਆ, ਰਚ ਅਚਰਜ ਲੀਲ੍ਹਾ ।
ਜਿਉਂ ਜੱਟੀ ਲਾਹਵੇ ਚੁਲ੍ਹ ਤੋਂ, ਰਿਝ ਰਿਹਾ ਪਤੀਲਾ ।
ਦੋ ਹੋਰ
ਫਿਰ ਚੜ੍ਹਿਆ ਲਾਟਾਂ ਛਡਦਾ ਇਕ ਮਰਦ 'ਅਕਾਲੀ' ।
ਸਨ ਖ਼ੂਬ ਦੁਮਾਲੇ ਤੇ ਜੜੇ, ਉਸ ਚੱਕਰ ਚਾਲੀ ।
ਸੀ 'ਨਲੂਆ' ਸਾਥੀ ਓਸ ਦਾ, ਅਣਖਾਂ ਦਾ ਵਾਲੀ ।
ਰਲ ਦੋਹਾਂ ਝੰਡੇ ਏਸ ਦੀ, ਲਜ ਵਾਹ ਵਾਹ ਪਾਲੀ ।
ਉਨ੍ਹਾਂ ਪਾਈ ਗਲੇ ਪਠਾਣ ਦੇ, ਬਲ ਨਾਲ ਪੰਜਾਲੀ ।
ਉਨ੍ਹਾਂ ਵਾਹੀ ਵਿਚ ਰਣ-ਖੇਤ ਦੇ, ਹਲ-ਤੇਗ਼ ਨਿਰਾਲੀ ।
ਉਨ੍ਹਾਂ 'ਬਰੂਓਂ ਦੱਭੋਂ' ਖੇਤ ਨੂੰ, ਕਰ ਸੁਟਿਆ ਖ਼ਾਲੀ ।
ਇਸ ਝੰਡੇ ਨੇ ਜਮਰੌਦ ਤੇ, ਤਦ ਸ਼ਾਨ ਵਿਖਾਲੀ ।
ਹੁਣ ਵੀ ਰੰਗ ਵਿਖਾਏਗਾ
ਇਸ ਝੰਡੇ ਹੇਠਾਂ ਖ਼ਾਲਸਾ, ਫਲਿਆ ਤੇ ਫੁਲਿਆ ।
ਇਸ ਝੰਡੇ ਹੇਠਾਂ ਖ਼ਾਲਸਾ, ਤੇਗ਼ਾਂ ਤੇ ਤੁਲਿਆ ।
ਇਸ ਝੰਡੇ ਹੇਠਾਂ ਖ਼ਾਲਸਾ, ਰਾਹ ਕਦੇ ਨਾ ਭੁਲਿਆ ।
ਇਸ ਝੰਡੇ ਹੇਠਾਂ ਪੰਥ ਦਾ, ਰਲ ਕੇ ਲਹੂ ਡੁਲ੍ਹਿਆ ।
ਹੈ ਨਿਸਚਾ ਹੁਣ ਵੀ ਜੇ ਕਦੇ, ਕੁਈ ਝੱਖੜ ਝੁਲਿਆ ।
ਜੇ ਰਾਖਸ਼ ਕਿਸੇ ਸ਼ੈਤਾਨ ਦਾ, ਮੂੰਹ ਏਧਰ ਖੁਲ੍ਹਿਆ ।
ਇਹ ਭੰਨੇਗਾ ਦੰਦ ਓਸ ਦੇ, ਕਰਨੀ ਨਹੀਂ ਭੁਲਿਆ ।
2. ਹੇ ਗੁਰੂ ਨਾਨਕ
ਬਾਗ ਧਰਮ ਤੇ ਕਹਿਰ ਅਨ੍ਹੇਰੀ,
ਪਤਝੜ ਹੋ ਕੇ ਝੁੱਲ ਰਹੀ ।
ਫੁੱਲ ਟੁੱਟੇ ਕਲੀਆਂ ਕੁਮਲਾਈਆਂ,
ਬੁਲਬੁਲ ਦਰ ਦਰ ਰੁੱਲ ਰਹੀ ।
ਵਿਛੜੇ ਫੁੱਲ ਟਹਿਣੀਆਂ ਨਾਲੋਂ,
ਹੋਣੀ ਤਕ ਤਕ ਫੁਲ ਰਹੀ ।
ਕੋਮਲ ਪੱਤੀਆਂ ਲੂਸਣ ਟੁੱਟਣ,
ਵੇਖ ਵੇਖ ਅੱਖ ਡੁੱਲ੍ਹ ਰਹੀ ।
ਜਿਹੜਾ ਫੁੱਲ ਸੁਗੰਧੀ ਦੇਵੇ,
ਉਹੀਓ ਤੋੜ ਉਜਾੜੀ ਦਾ ।
ਹੇ ਗੁਰੂ ਨਾਨਕ ! ਪਹੁੰਚ ਅਚਾਨਕ,
ਰਾਖਾ ਹੋ ਫੁਲਵਾੜੀ ਦਾ ।
ਖੋਹ ਖੋਹ ਖਿੜੀਆਂ ਕਲੀਆਂ "ਪੱਤਝੜ",
ਧਾਗੇ ਹਾਰ ਪਰੋ ਰਹੀ ਏ ।
ਸੀਨਾ ਵਿੰਨੇ ਨਾਲ ਸੂਈ ਦੇ,
ਤਿੱਖੇ ਤੀਰ ਚੁਭੋ ਰਹੀ ਏ ।
ਤੋੜ ਤੋੜ ਕੇ ਕੋਮਲ ਕਲੀਆਂ,
ਹੱਸ ਰਹੀ ਏ ਖ਼ੁਸ਼ ਹੋ ਰਹੀ ਏ ।
ਵੇਖ ਵੇਖ ਕੇ ਦਰਦਣ ਮਾਲਣ,
ਰੱਤ ਦੇ ਅੱਥਰੂ ਰੋ ਰਹੀ ਏ ।
ਫਲਿਆ ਫੁਲਿਆ ਬਾਗ ਕੌਮ ਦਾ,
ਨਾਲ ਬੇਦਰਦੀ ਸਾੜੀ ਦਾ ।
ਹੇ ਗੁਰੂ ਨਾਨਕ ! ਪਹੁੰਚ ਅਚਾਨਕ,
ਰਾਖਾ ਹੋ ਫੁਲਵਾੜੀ ਦਾ ।
ਕਿਧਰੇ ਖਿੜੀਆਂ ਖਿੜੀਆਂ ਕਲੀਆਂ,
ਭੱਠੀ ਵਿੱਚ ਨੇ ਸੜ ਰਹੀਆਂ ।
ਲੂਸ ਲੂਸ ਕਈ ਚੰਦਰ-ਮੁਖੀਆਂ,
ਬੂਟਿਆਂ ਤੋਂ ਨੇ ਝੜ ਰਹੀਆਂ ।
ਬਣਨ ਪਈਆਂ ਗੁਲਕੰਦਾਂ ਕਿਧਰੇ,
ਰੱਤਾਂ ਕਿਧਰੇ ਕੜ੍ਹ ਰਹੀਆਂ ।
ਰੂਹ ਕਢਦੇ ਨੇ ਤਾੱ ਦੇ ਦੇ ਕੇ,
ਜ਼ੁਲਮੀ ਭੱਠੀਆਂ ਚੜ੍ਹ ਰਹੀਆਂ ।
ਪਿਆ ਪਸਾਰੀ ਅਰਕ ਖਿੱਚਦਾ,
ਫੁਲ ਦੀ ਨਾੜੀ ਨਾੜੀ ਦਾ ।
ਹੇ ਗੁਰੂ ਨਾਨਕ ! ਪਹੁੰਚ ਅਚਾਨਕ,
ਰਾਖਾ ਹੋ ਫੁਲਵਾੜੀ ਦਾ ।
ਫੁੱਲ ਬਹਾਰੀ ਝਾੜੇ "ਪੱਤਝੜ",
ਬਾਗ ਬਣਾ ਰਹੀ ਜੰਗਲ ਹੈ ।
ਚੰਦਰਾ ਮਾਲੀ ਫੜ ਫੜ ਪੰਛੀ,
ਪਾ ਰਹਿਆ ਕੜੀਆਂ ਸੰਗਲ ਹੈ ।
ਜੇ ਕੋਈ ਹੋੜੇ ਹਟਕੇ, ਇਸਨੂੰ,
ਘੁਲਦਾ ਕਰਦਾ ਦੰਗਲ ਹੈ ।
ਪਤ-ਝੜ ਕਾਹਦੀ ਸਾਡੇ ਭਾ ਦਾ,
ਰਾਹੂ ਕੇਤੂ ਮੰਗਲ ਹੈ ।
ਯਾਦ ਤਿਰੀ ਵਿੱਚ ਤੇਰੇ ਪਿਆਰੇ,
ਸਹਿੰਦੇ ਵਾਰ ਕੁਹਾੜੀ ਦਾ ।
ਹੇ ਗੁਰੂ ਨਾਨਕ ! ਪਹੁੰਚ ਅਚਾਨਕ,
ਰਾਖਾ ਹੋ ਫੁਲਵਾੜੀ ਦਾ ।
3. ਪਿਆਰਾ ਗੁਰੂ ਨਾਨਕ
ਤੇਰਾ ਰੂਪ ਹੈ ਰੱਬ ਦਾ ਰੂਪ ਨਾਨਕ,
ਤੇਰਾ ਦਿਲ ਹੈ ਸਦਾ ਨਿਰੰਕਾਰ ਅੰਦਰ ।
ਕਾਗੋਂ ਹੰਸ ਹੋਵੇ ਉੱਚੀ ਵੰਸ ਵਾਲਾ,
ਇਹ ਹੈ ਪ੍ਰਭਤਾ ਤੇਰੇ ਦਰਬਾਰ ਅੰਦਰ ।
ਬਣ ਕੇ ਵੈਦ ਜੇ ਦਏਂ ਹਰ-ਨਾਮ ਚੁਟਕੀ,
ਨਵੀਂ ਫੂਕ ਦਏਂ ਰੂਹ ਬੀਮਾਰ ਅੰਦਰ ।
ਛੱਲ ਵੱਲ ਸਾਰੇ ਪੱਲ ਵਿੱਚ ਕੱਢੇਂ,
ਮੇਟੇਂ ਕੱਲ ਦੀ ਕੱਲ ਪਲਕਾਰ ਅੰਦਰ ।
ਮਿੱਠਾ ਰਾਗ ਹੈ ਤੇਰੀ ਰਬਾਬ ਅੰਦਰ,
ਪ੍ਰੇਮ ਰੱਸ ਹੈ ਸਤ ਕਰਤਾਰ ਅੰਦਰ ।
ਵਿੱਕ ਜਾਏਂ ਤੂੰ ਕਿਸੇ ਦੇ ਪਯਾਰ ਉੱਤੋਂ,
ਪਹੁੰਚੇਂ ਪਲ ਵਿੱਚ ਕਾਬਲ ਕੰਧਾਰ ਅੰਦਰ ।
ਵਲੀ ਪੀਰ ਫ਼ਕੀਰ ਤੇ ਸਾਧ ਜੋਗੀ,
ਸਿਫ਼ਤ ਨਹੀਂ ਇਹ ਕਿਸੇ ਅਵਤਾਰ ਅੰਦਰ ।
ਸਭਸ ਵਾਸਤੇ ਨੂਰ ਵਰਸਾਣ ਵਾਲਾ,
ਤੇਰਾ ਮੁਖੜਾ ਹੈ ਸੰਸਾਰ ਅੰਦਰ ।
4. ਸੱਚੇ ਮਲਾਹ
ਦੁਖੀ ਭਾਰਤ ਨੇ ਜਦੋਂ ਪੁਕਾਰ ਕੀਤੀ,
ਰੋਂਦੀ ਹੋਈ ਨੂੰ ਧੀਰ ਬਨ੍ਹਾਣ ਆਏ ।
ਸਿਦਕ, ਧਰਮ, ਸਚਾਈ, ਗਿਆਨ, ਭਗਤੀ,
ਪ੍ਰੇਮ ਪ੍ਰੀਤ ਦੀ ਰੀਤ ਚਲਾਣ ਆਏ ।
ਭੁੱਖੇ ਦਰਸ ਦੇ ਝੁੰਡ ਅਪੱਛਰਾਂ ਦੇ,
ਉੱਤੋਂ ਪ੍ਰੇਮ ਦੇ ਫੁੱਲ ਬਰਸਾਣ ਆਏ ।
ਸੂਰਜ ਚੰਦ੍ਰਮਾ ਵੇਖ ਪ੍ਰਕਾਸ਼ ਸੁੰਦਰ,
ਕਰਨ ਬੰਦਨਾ ਸੀਸ ਨਿਵਾਣ ਆਏ ।
ਬ੍ਰਹਮਾ, ਇੰਦ੍ਰ, ਕੁਬੇਰ ਤੇ ਸ਼ਿਵ ਸ਼ੰਭੂ,
ਵਾਂਗ ਢਾਡੀਆਂ ਦੇ ਜਸ ਗਾਣ ਆਏ ।
ਨਾਨਕ ਗੁਰੂ ਜੀ ਸਾਡੇ ਮਲਾਹ ਬਣਕੇ,
ਡੁਬਦੇ ਬੇੜਿਆਂ ਨੂੰ ਬੰਨੇ ਲਾਣ ਆਏ ।
ਜਦੋਂ ਪਾਪ ਸਾਗਰ ਛੱਲਾਂ ਮਾਰਦਾ ਸੀ,
ਬੇੜਾ ਧਰਮ ਖਾਂਦਾ ਡਿਕੋ-ਡੋਲੜੇ ਸੀ ।
ਘੁੰਮਣ ਘੇਰ ਪਖੰਡ ਸੀ ਜ਼ੋਰ ਉੱਤੇ,
ਝੁੱਲੇ ਵਹਿਮ ਦੇ ਵਾ ਵਰੋਲੜੇ ਸੀ ।
ਜਗਤ ਡੁੱਬਿਆ ਸੀ ਭਰਮ-ਵਹਿਣ ਅੰਦਰ,
ਡਾਢੇ ਦੁਖੀ ਹੋਏ ਲੋਕ ਭੋਲੜੇ ਸੀ ।
ਜਦੋਂ ਦੰਭੀ ਮਲਾਹ ਚੜ੍ਹਾਊਆਂ ਨੂੰ,
ਕਰਦੇ ਮੁਲ ਖਰੀਦ ਦੇ ਗੋਲੜੇ ਸੀ ।
ਭਗਤੀ, ਨਾਮ, ਗਿਆਨ ਦਾ ਲਾ ਚੱਪਾ,
ਡੁੱਬੇ ਹੋਇਆਂ ਨੂੰ ਪਾਰ ਲੰਘਾਣ ਆਏ ।
ਨਾਨਕ ਗੁਰੂ ਜੀ ਸਾਡੇ ਮਲਾਹ ਬਣਕੇ,
ਡੁਬਦੇ ਬੇੜਿਆਂ ਨੂੰ ਬੰਨੇ ਲਾਣ ਆਏ ।
5. ਮਲਕ ਭਾਗੋ ਨੂੰ
ਭਾਗੋ ਸੱਚ ਹੀ ਤੂੰ ਭਗਵਾਨ ਹੁੰਦੋਂ,
ਸੁੱਤਾ ਜੇ ਕਦੇ ਨਾ ਤੇਰਾ ਭਾਗ ਹੁੰਦਾ ।
ਮੋਤੀ ਮਾਨ ਸਰੋਵਰੋਂ ਪਿਆ ਚੁਗਦਾ,
ਜੇ ਨਾ ਦਿਲ ਤੇਰਾ ਕਾਲਾ ਕਾਗ ਹੁੰਦਾ ।
ਤੈਨੂੰ ਵੇਖ ਕੇ ਪਏ ਗਰੀਬ ਜੀਉਂਦੇ,
ਜੇ ਨਾ ਬੋਲ ਤੇਰਾ ਮਾਰੂ ਰਾਗ ਹੁੰਦਾ ।
ਵੱਧ ਚੰਦ ਤੋਂ ਪੂਜਿਆ ਜਾਂਵਦੋਂ ਤੂੰ,
ਜੇਕਰ ਦੂਈ ਦਾ ਨਾ ਤੈਨੂੰ ਦਾਗ ਹੁੰਦਾ ।
ਲਹੂ ਤੇਰੇ ਭੰਡਾਰੇ ਵਿੱਚ ਵਰਤਦਾ ਨਾ,
ਦਸਾਂ ਨਵ੍ਹਾਂ ਦੀ ਹੁੰਦੀ ਜੇ ਕਾਰ ਤੇਰੀ ।
ਜੇਕਰ ਦਿਲ ਗਰੀਬਾਂ ਦੇ ਜਿੱਤ ਲੈਂਦੋਂ,
ਲਾਲੋ ਅੱਗੇ ਨਾ ਹੋਂਵਦੀ ਹਾਰ ਤੇਰੀ ।
ਹੋਇਆ ਫੇਰ ਕੀ ? ਜੇ ਭੋਰੇ ਖੋਹ ਖੋਹ ਕੇ,
ਇਹ ਤੂੰ ਯੱਗ ਭੰਡਾਰੇ ਰਚਾ ਲਏ ਨੇ ।
ਚਿਣ ਚਿਣ ਸਿਰ ਗਰੀਬਾਂ ਦੇ ਥਾਂ ਇੱਟਾਂ,
ਜੇ ਤੂੰ ਰੰਗਲੇ ਬੰਗਲੇ ਪਾ ਲਏ ਨੇ ।
ਛਲਾਂ ਨਾਲ ਮਾਸੂਮਾਂ ਦੀ ਰੱਤ ਚੋ ਚੋ,
ਜੇ ਤੂੰ ਰੰਗ ਮਹੱਲਾਂ ਨੂੰ ਲਾ ਲਏ ਨੇ ।
ਰੋਂਦੇ ਰੁਲਦੇ ਯਤੀਮਾਂ ਦੀ ਖੱਲ ਲਾਹ ਲਾਹ,
ਜੇ ਤੂੰ ਦਰੀਆਂ ਗ਼ਲੀਚੇ ਵਿਛਾ ਲਏ ਨੇ ।
ਘੱਟਾ ਭਰਮ ਦੀ ਅੱਖ ਵਿੱਚ ਦੇ ਪਾਵੇਂ,
ਤੇਰੇ ਕੋਲ ਕੁਈ ਧਰਮ ਈਮਾਨ ਈ ਨਹੀਂ ।
ਜੀਉਣ ਵਾਸਤੇ ਲੱਖਾਂ ਹੀ ਜੀ ਮਾਰੇਂ,
ਮਲਕਾ ! ਮਰਨ ਵਲ ਤੇਰਾ ਧਿਆਨ ਈ ਨਹੀਂ ।
ਰਤਾ ਦਿਲ ਨੂੰ ਪੁੱਛ ਕੇ ਵੇਖ ਲੈ ਖਾਂ,
ਕਾਰਾਂ ਕੁੱਲ ਤੂੰ ਕੀਤੀਆਂ ਪੁੱਠੀਆਂ ਨਹੀਂ ?
ਫੋਲ ਫੋਲ ਖੀਸੇ ਸਿੱਧੇ ਸਾਦਿਆਂ ਦੇ,
ਭਰੀਆਂ ਲਾਲਸਾਂ ਦੀਆਂ ਤੂੰ ਮੁੱਠੀਆਂ ਨਹੀਂ ?
ਛਲਾਂ ਨਾਲ ਫਰੇਬ ਦੀ ਛੁਰੀ ਫੜਕੇ,
ਕੀ ਤੂੰ ਲੋਭ ਖਾਤਰ ਜਾਨਾਂ ਕੁੱਠੀਆਂ ਨਹੀਂ ?
ਔਧਰ ਵੇਖ ਤੇਰੇ ਪਕਦੇ ਪੂੜਿਆਂ ਚੋਂ,
ਧੂਆਂ ਬਣ ਬਣ ਕੇ ਢਾਹਾਂ ਉੱਠੀਆਂ ਨਹੀਂ ?
ਤੂੰ ਨਹੀਂ ਜਾਣਦਾ ? ਘਿਉ ਤੇ ਦੁੱਧ ਤੇਰਾ,
ਚਰਬੀ ਹੈ ਮਜ਼ਲੂਮਾਂ ਦੀ ਢਲੀ ਹੋਈ ।
ਤੂੰਹੀਏਂ ਦੱਸ ? ਤੇਰੀ ਰੋਟੀ ਕੌਣ ਖਾਵੇ ?
ਜਦ ਕਿ ਰੱਤ ਹੈ ਇਦ੍ਹੇ ਵਿੱਚ ਰਲੀ ਹੋਈ ।
ਕੰਠੇ ਨਹੀਂ, ਕੰਗਰੋੜ ਹੈ ਆਜਜ਼ਾਂ ਦੀ,
ਪਾਏ ਜੋ ਤੇਰੀਆਂ ਸੁੱਖਾਂ ਲੱਧੀਆਂ ਨੇ ।
ਰਖ ਕਈ ਗਰੀਬਾਂ ਦੇ ਪੁੱਤ ਭੁੱਖੇ,
ਤੇਰੇ ਪੁੱਤਾਂ ਦੀਆਂ ਗੋਗੜਾਂ ਵੱਧੀਆਂ ਨੇ ।
ਹੰਝੂ ਉਨ੍ਹਾਂ ਦੇ ਕਲਗੀ ਤੇ ਲਾਏ ਨੇ ਤੂੰ,
ਰੋ ਰੋ ਹੋਈਆਂ ਵਿਧਵਾਵਾਂ ਜੋ ਅੱਧੀਆਂ ਨੇ ।
ਇਹ ਤੂੰ ਨਹੀਂ ਬਨਾਰਸੀ ਪੱਗ ਬੱਧੀ,
ਕਿਸੇ ਦੁਖੀ ਦੀਆਂ ਆਂਦਰਾਂ ਬੱਧੀਆਂ ਨੇ ।
ਗਲੇ ਆਪਣੇ ਜੋ ਚੋਗਾ ਪਾ ਲਿਆ ਈ,
ਇਸ ਲਈ ਕਈਆਂ ਦਾ ਗਲਾ ਤੂੰ ਵੱਢਿਆ ਏ ।
ਅਤਰ ਤੇਲ ਜੋ ਲਾਂਦਾ ਏਂ, ਤਿਲਾਂ ਦਾ ਨਹੀਂ,
ਇਹ ਤੂੰ ਦਿਲਾਂ ਨੂੰ ਪੀੜ ਕੇ ਕੱਢਿਆ ਏ ।
ਜਦੋਂ ਕਿਸੇ ਨਿਮਾਣੇ ਦੀ ਆਹ ਅੰਦਰ,
ਦਿਲੋਂ ਦਿਲ ਦਾ ਦਰਦ ਰਲਾਇੰਗਾ ਤੂੰ ।
ਜਦੋਂ ਕਿਸੇ ਗਰੀਬ ਨੂੰ ਵੇਖ ਨੰਗਾ,
ਲਾਹ ਕੇ ਆਪਣਾ ਚੋਗਾ ਪਵਇੰਗਾ ਤੂੰ ।
ਜਦੋਂ ਕਿਸੇ ਯਤੀਮ ਨੂੰ ਵੇਖ ਰੋਂਦਾ,
ਰੋ ਰੋ ਅੱਖੀਆਂ ਤੋਂ ਛਹਿਬਰ ਲਾਇੰਗਾ ਤੂੰ ।
ਜਦੋਂ ਆਪਣੇ ਪੁੱਤਾਂ ਨੂੰ ਰੱਖ ਭੁੱਖਾ,
ਕਿਸੇ ਭੁੱਖੇ ਦੇ ਪੁੱਤ ਰਜਾਇੰਗਾ ਤੂੰ ।
ਮੰਨੀਂ ਸੱਚ ਮਲਕਾ ! ਤੈਨੂੰ ਓਸ ਵੇਲੇ,
ਭਾਈ ਲਾਲੋ ਦੇ ਨਾਲ ਬਿਠਲਾ ਲਵਾਂਗਾ ।
ਤੂੰ ਨਾ ਸੱਦੀਂ ਮੈਂ ਆਪ ਅਣ-ਸੱਦਿਆ ਈ,
ਤੇਰਾ ਬਿਹਾ ਸਿੰਨਾ ਟੁੱਕਰ ਖਾ ਲਵਾਂਗਾ ।
6. ਕੁਰਬਾਨੀ ਦਾ ਸੂਰਜ
ਘਨਘੋਰ ਘਟਾ ਹੈ ਕਹਿਰਾਂ ਦੀ,
ਬਿਜਲੀ ਹੈ ਤੇਗ਼ ਜਲਾਦਾਂ ਦੀ ।
ਪਿਆ ਗੜਾ ਜ਼ੁਲਮ ਦਾ ਵਰ੍ਹਦਾ ਹੈ,
ਮਰ ਰਹੀ ਖੇਤੀ ਫ਼ਰਿਆਦਾਂ ਦੀ ।
ਦਿੱਲੀ ਦੇ ਦੁਖਦੇ ਦਿਲ ਅੰਦਰ,
ਅੱਜ ਪੀੜ ਅਨੋਖੀ ਹੋ ਰਹੀ ਹੈ ।
ਜਰਵਾਣੇ ਖਿੜ ਖਿੜ ਹਸਦੇ ਨੇ,
ਪਰ ਦਿੱਲੀ ਦਿਲ ਤੋਂ ਰੋ ਰਹੀ ਹੈ ।
ਔਹ ਚੌਂਕ ਚਾਂਦਨੀ ਵਿਚ ਵੇਖੋ !
ਕਿਹੀ ਝਾਕੀ ਨਜ਼ਰੀਂ ਆਉਂਦੀ ਹੈ ।
ਜਦ ਰੱਬ ਦੀ ਖ਼ਲਕਤ ਰੋਂਦੀ ਹੈ,
ਤਦ ਇਕ ਮੂਰਤ ਮੁਸਕਾਉਂਦੀ ਹੈ ।
ਇਸ ਸੋਹਣੀ ਮੋਹਣੀ ਮੂਰਤ ਨੇ,
ਕਿਹਾ ਸੋਹਣਾ ਆਸਣ ਲਾਇਆ ਏ ।
ਅੱਜ ਚੌਂਕ ਚਾਂਦਨੀ ਵਿਚ ਆ ਕੇ,
ਇਸ ਚਾਨਣ ਸਿਦਕ ਜਗਾਇਆ ਏ ।
ਹੈ ਵੱਧ ਅਡੋਲ ਹਿਮਾਲਾ ਤੋਂ,
ਬੇਫ਼ਿਕਰ ਧਿਆਨ ਲਗਾ ਬੈਠੀ ।
ਇਉਂ ਜਾਪੇ, ਪੀੜਾ ਦੁਖੀਆਂ ਦੀ,
ਹੈ ਦਰਦ ਵੰਡਾਉਣ ਆ ਬੈਠੀ ।
ਤੱਕ ਤੱਕ ਕੇ ਦੁਨੀਆਂ ਕਹਿੰਦੀ ਹੈ,
'ਸੂਰਜ' ਹੈ ਇਹ 'ਕੁਰਬਾਨੀ' ਦਾ ।
ਅਜ ਸੋਹਣਾ ਲਾੜਾ ਬਣਿਆ ਹੈ,
ਸਿਦਕੀ 'ਪੜਪੋਤਾ' ਭਾਨੀ ਦਾ' ।
ਕੁਰਬਾਨੀ ਲਾੜੀ ਵਰਨ ਲਈ,
ਇਹ ਸੋਹਣਾ ਬਣ ਬਣ ਬਹਿੰਦਾ ਹੈ ।
ਚੌਗਿਰਦੇ ਖੜੇ ਜਲਾਦਾਂ ਨੂੰ,
ਫੁੱਲ ਵਾਙੂ ਖਿੜ ਖਿੜ ਕਹਿੰਦਾ ਹੈ:-
'ਅੱਜ ਜੰਞੂ ਖ਼ੂਨੀ ਤੇਗ਼ਾਂ ਦਾ,
ਮੈਂ ਅਪਣੇ ਗਲ ਵਿਚ ਪਾਵਾਂਗਾ ।
ਪਰ ਜੰਞੂ ਕਈ ਦੁਖਿਆਰਾਂ ਦੇ,
ਮੈਂ ਟੁੱਟ ਕੇ ਆਪ ਬਚਾਵਾਂਗਾ ।
ਪੋਤਾ ਹਾਂ ਦਾਦੀ ਗੰਗਾ ਦਾ,
ਕਰਣੀ ਮੈਂ 'ਜਿਹੀ ਕਮਾ ਜਾਣੀ ।
ਸੀ ਸਿਰੋਂ ਵਗਾਈ ਸ਼ਿਵ ਜੀ ਨੇ,
ਮੈਂ ਗਲਿਓਂ ਗੰਗ ਵਗਾ ਜਾਣੀ ।
ਜੇਰਾ ਹਾਂ ਬਾਬੇ ਅਰਜਨ ਦਾ,
ਤੇਗਾ ਹਾਂ 'ਤੇਗਾਂ ਵਾਲੇ' ਦਾ ।
ਅੱਜ ਚੌਂਕ ਚਾਂਦਨੀ ਅੰਦਰ ਮੈਂ,
ਕਰਨਾ ਹੈ ਕੰਮ ਉਜਾਲੇ ਦਾ ।
ਇਹ ਤੇਗ਼ ਜ਼ੁਲਮ ਦੀ ਫੇਰ ਗਲੇ,
ਮੈਂ ਖੁੰਢੀ ਕਰਕੇ ਸੁੱਟ ਜਾਣੀ ।
ਖਾ ਸੱਟ ਮੇਰੀ ਕੁਰਬਾਨੀ ਦੀ,
ਹੋ ਟੋਟੇ ਟੋਟੇ ਟੁੱਟ ਜਾਣੀ ।
ਮੇਰੀ ਸ਼ਾਹ ਰਗ ਤੇ ਫਿਰਦੇ ਹੀ,
ਖੰਜਰ ਦਾ ਮੂੰਹ ਮੁੜ ਜਾਵੇਗਾ ।
ਮੇਰੀ ਇਸ ਰੱਤ ਦੀ ਧਾਰਾ ਵਿਚ,
ਇਹ ਤਖਤ ਤਾਜ ਰੁੜ੍ਹ ਜਾਵੇਗਾ ।
ਮੈਂ ਜੰਞੂ ਆਪਣੀ ਆਂਦਰ ਦਾ,
ਪੰਡਤ ਨੂੰ ਪਾ ਕੇ ਜਾਵਾਂਗਾ ।
ਭਾਰਤ ਤਖਤੇ ਦੇ ਮੁਰਦੇ ਨੂੰ,
ਮੈਂ ਤਖਤ ਉੱਤੇ ਬਿਠਲਾਵਾਂਗਾ ।
ਮੇਰੇ ਲਈ ਵਿਆਹ ਦੀ ਵੇਦੀ ਹੈ,
ਤੇਰੇ ਲਈ ਇਹ ਤਲਵਾਰਾਂ ਹਨ ।
ਹਾਰਾਂ ਵਿਚ ਮੇਰੀਆਂ ਜਿੱਤਾਂ ਹਨ,
ਜਿੱਤਾਂ ਵਿਚ ਤੇਰੀਆਂ ਹਾਰਾਂ ਹਨ ।'
'ਲੌ ! ਤੇਗ਼ ਜ਼ੁਲਮ ਦੀ ਚਲ ਗਈ ਔਹ,
ਔਹ ਵਗ ਪਈ ਧਾਰਾ ਲਾਲ ਜਿਹੀ ।'
ਵੱਖ ਸਿਰ ਨੇ ਧੜ ਤੋਂ ਹੁੰਦਿਆਂ ਈ,
ਤੁਕ 'ਕੇਤੀ ਛੁਟੀ ਨਾਲ' ਕਹੀ ।
7. ਸੱਚਾ ਮਲਾਹ
ਦੁਖੀਆਂ ਦਾ ਦਿਲ ਇਹਨੂੰ ਜੱਗ ਸਾਰਾ ਆਖਦਾ ਏ,
ਗੰਗਾ ਜਲੋਂ ਵੱਧ 'ਗੰਗਾ ਮਾਤਾ' ਨੂੰ ਇਹ ਭਾਇਆ ਹੈ ।
ਜਿਨ੍ਹੇ ਇਦ੍ਹੀ ਨੌਕਰੀ ਦੀ ਟੋਕਰੀ ਹੈ ਸਿਰ ਚੁੱਕੀ,
ਉਹਦੇ ਸਿਰ ਉੱਤੇ ਇਨ੍ਹੇ ਛੱਤਰ ਝੁਲਾਇਆ ਹੈ ।
ਕਰਮਾਂ ਦੀ ਰੇਖ ਉਹਦੀ ਪਲਾਂ ਵਿੱਚ ਮੇਸੀ ਗਈ,
ਮੱਥਾ ਜਿਨ੍ਹੇ ਏਸ ਦੀ ਦਲੀਜ ਤੇ ਘਸਾਇਆ ਹੈ ।
ਇਹਦੇ ਅੱਗੇ ਨਿਉਂਕੇ ਜੋ ਚੱਲਿਆ ਪ੍ਰੇਮ ਨਾਲ,
ਉਹਨੇ ਸਾਰੇ ਸ਼ਾਹਾਂ ਪਾਤਸ਼ਾਹਾਂ ਨੂੰ ਨਿਵਾਇਆ ਹੈ ।
ਏਹਦਾ ਨਾਮ ਸੁਣ ਜਮ ਕਾਨੇਂ ਵਾਂਙ ਕੰਬਦਾ ਏ,
ਮੋਢਾ ਡਾਹ ਕੇ ਜੱਗ ਇਨ੍ਹੇ ਡੁੱਬਦਾ ਬਚਾਇਆ ਹੈ ।
ਸਾਈਂ ਵੱਸ ਗਿਆ ਆ ਕੇ ਉਹਦੇ ਰੋਮ ਰੋਮ ਵਿੱਚ,
'ਗੁਜਰੀ ਦਾ ਸਾਈਂ' ਜਿਨ੍ਹੇਂ ਰਿਦੇ ਚਿ ਵਸਾਇਆ ਹੈ ।
ਚਰਨਾਂ ਦੀ ਧੂੜ ਇਦ੍ਹੀ ਨਿਸਚੇ ਦੇ ਨਾਲ ਲੈ ਕੇ,
ਸੁਰਮਾ ਬਣਾ ਕੇ ਜਿਸ ਅੱਖੀਆਂ 'ਚਿ ਪਾ ਲਈ ।
ਛੌੜ ਉਹਦੇ ਲੱਥ ਗਏ ਦੂਈ ਵਾਲੇ ਇੱਕੋ ਵਾਰ,
ਏਕਤਾ ਦੀ ਜੋਤ ਉਹਨੇ ਦਿਲ ਚਿ ਜਗਾ ਲਈ ।
ਇਹਦੇ ਦਰਬਾਰ ਦੀਆਂ ਕਰੇ ਪਰਦਖਣਾਂ ਜੋ,
'ਵਾਟ' ਉਨ੍ਹੇ ਇਥੇ ਹੀ 'ਚੁਰਾਸੀ' ਦੀ ਮੁਕਾ ਲਈ ।
ਆਤਮਾ ਦੀ ਮੈਲ ਉਹਦੀ ਲੱਥ ਗਈ ਪਲਾਂ ਵਿੱਚ,
ਇਹਦੀ ਅੱਖ ਵਿੱਚ ਜਿਨ੍ਹੇ ਟੁਭੀ ਆ ਕੇ ਲਾ ਲਈ ।
ਸਾਨੂੰ ਜਿਸ ਚੁੱਕ ਚੁੱਕ ਲੀਤਾ ਗੋਦ ਆਪਣੀ ਚਿ,
ਉਹੋ ਦਸਮੇਸ਼ ਏਸ ਗੋਦੀ ਚਿ ਖਿਡਾਇਆ ਹੈ ।
'ਗੰਗਾ' ਜਲ ਵਾਰਦੀ ਏ ਉਹਦੀ ਚਰਨ ਧੂੜ ਉਤੋਂ,
ਗੰਗਾ ਮਾਂ ਦਾ ਲਾਡਲਾ ਇਹ ਜਿਸ ਨੇ ਧਿਆਇਆ ਹੈ ।
ਇਦ੍ਹੇ ਬੂਹੇ ਵਿੱਚੋਂ ਜੇੜ੍ਹਾ ਲੰਘ ਆਇਆ ਨਿਹਚੇ ਨਾਲ,
ਉਹਦੇ ਲਈ ਜੂਨਾਂ ਵਾਲਾ ਬੂਹਾ ਬੰਦ ਹੋ ਗਿਆ ।
ਏਦ੍ਹੇ ਨਾਲ ਛੋਹਿਆ ਲੋਹਿਆ ਪਾਰਸ ਦਾ ਰੂਪ ਹੋਇਆ,
'ਪਸਲੀ ਸ਼ੈਤਾਨ ਦੀ' ਤੋਂ 'ਹਾਥੀ ਦੰਦ ਹੋ ਗਿਆ' ।
'ਝਾੜੂ ਬਰਦਾਰ' ਜੇਹੜਾ ਇਦ੍ਹੇ ਦਰਬਾਰ ਹੋਇਆ,
'ਤਾਜਦਾਰ ਹੋ ਗਿਆ' ਤੇ ਉਹ ਅਨੰਦ ਹੋ ਗਿਆ ।
ਜੇਹੜਾ ਅੱਖਾਂ ਏਹਦੀਆਂ ਦਾ ਤਾਰਾ ਬਣ ਗਿਆ ਆਕੇ,
ਸਾਰੇ ਸੰਸਾਰ ਲਈ ਉਹੋ ਚੰਦ ਹੋ ਗਿਆ ।
ਜਿਨ੍ਹੇ ਏਹਦੇ ਲੰਗਰ ਦੇ ਮਾਂਜੇ ਜੂਠੇ ਭਾਂਡੇ ਬਹਿ ਕੇ,
ਲਾਹ ਲਾਹ ਕੇ ਮੈਲ ਉਸ ਮਨ ਲਿਸ਼ਕਾਇਆ ਹੈ ।
ਨੌਵੇਂ ਨਿੱਧਾਂ ਉਸ ਦੇ ਦਵਾਰੇ ਦਆਂ ਗੋਲੀਆਂ ਨੇ,
ਨੌਵਾਂ ਗੁਰੂ ਜਿਸ ਜਿਸ ਰਿਦੇ ਚਿ ਵਸਾਇਆ ਹੈ ।
ਜਿਨ੍ਹੇ ਜਿਨ੍ਹੇ ਪ੍ਰੇਮ ਪਾਇਆ ਗੁਜਰੀ ਦੇ ਸਾਈਂ ਨਾਲ,
ਰੱਬ ਨਾਲ ਜਾਣੋਂ ਹੈ ਪ੍ਰੇਮ ਉਸ ਪਾ ਲਿਆ ।
ਉਹਦੇ ਲਈ ਰਿਹਾ ਨਾ ਬਿਗਾਨਾ ਕੋਈ ਜੱਗ ਉੱਤੇ,
ਚੰਦ ਮੀਰੀ ਪੀਰੀ ਦੇ ਨੂੰ ਜਿਨ੍ਹੇ ਅਪਣਾ ਲਿਆ ।
ਤੁੱਠ ਪਿਆ ਪੋਤਾ ਗੁਰੂ ਅਰਜਨ ਦਾ ਜਿਸ ਉੱਤੇ,
ਉਹਨੇ ਪੱਕੀ ਜਾਣ ਲੌ ਕਿ ਰੱਬ ਨੂੰ ਹੀ ਪਾ ਲਿਆ ।
ਜਿਸ ਨੇ ਵਸਾਇਆ ਨੈਣੀਂ ਨੌਵਾਂ ਗੁਰੂ ਨਿਹਚੇ ਨਾਲ,
ਉਸ ਨੇ ਨਿਗਾਹ ਵਿਚ ਰੱਬ ਨੂੰ ਬਿਠਾ ਲਿਆ ।
ਜਿਸ ਨੇ ਧਿਆਇਆ ਕੰਤ ਗੁਜਰੀ ਦਾ ਪ੍ਰੇਮ ਰੱਖ,
ਓਹਨੇ 'ਹਰ ਥਾਵੇਂ' ਹਰੀ ਨਾਮ ਨੂੰ ਧਿਆਇਆ ਏ ।
'ਤੀਰ' ਜੇਹੜਾ ਏਸ ਦੇ ਦਵਾਰੇ ਉੱਤੇ ਚਲ ਆਇਆ,
ਕਦੇ ਜਮ ਉਸ ਦੇ ਨਾ ਸਾਹਮਣੇ ਵੀ ਆਇਆ ਏ ।
8. ਬਤਲਾ ਦੀਆ ਕਿ ਯੂੰ
ਕਰਤੇ ਹੋ ਨੇਕੀ ਕਿਸ ਤਰ੍ਹਾ, ਬਤਲਾ ਦੀਆ ਕਿ ਯੂੰ ।
ਪੂਛਾ ਕਿ ਹਿੰਦ ਰੱਖਿਆ, ਹੋਤੀ ਹੈ ਕਿਸ ਤਰ੍ਹਾ,
ਵਾਲਿਦ ਕੋ ਭੇਜ ਦਿਹਲੀ ਮੇਂ, ਜਤਲਾ ਦੀਆ ਕਿ ਯੂੰ ।
ਪੂਛਾ ਕਿ ਮਹਿਲ ਕੌਮ ਕਾ, ਬਨਤਾ ਹੈ ਕਿਸ ਤਰ੍ਹਾ,
ਬੇਟੇ ਚੁਨਾ ਦੀਵਾਰ ਮੇਂ, ਸਮਝਾ ਦੀਆ ਕਿ ਯੂੰ ।
ਪੂਛਾ ਕਿ ਆਪ ਬੁਜ਼ਦਿਲੀ ਕਰਤੇ ਹੋ ਕੈਸੇ ਦੂਰ,
ਚਿੜੀਓਂ ਸੇ ਲੇ ਕੇ ਬਾਜ ਕੋ ਤੁੜਵਾ ਦੀਆ ਕਿ ਯੂੰ ।
ਪੂਛਾ ਕਿ ਜਾਨ ਮੁਰਦੋਂ ਮੇਂ, ਕੈਸੇ ਹੋ ਡਾਲਤੇ,
ਅੰਮ੍ਰਤ ਛਕਾ ਕੇ ਮੋਹਜਜ਼ਾ, ਦਿਖਲਾ ਦੀਆ ਕਿ ਯੂੰ ।
ਪੂਛਾ ਕਿ ਸੂਰਬੀਰੋਂ ਕੋ ਕੈਸੇ ਹੋ ਜੀਤਤੇ,
ਨਿਗਾਹ ਸੇ ਸੈਦ ਖ਼ਾਨ ਕੋ, ਝੁਕਵਾ ਦੀਆ ਕਿ ਯੂੰ ।
ਪੂਛਾ ਕਿ ਚੀਟੀ ਕੈਸੇ ਹੋ ਹਾਥੀ ਪੈ ਪੇਲਤੇ,
ਕਹਿ ਕਰ ਬਚਿਤ੍ਰ ਸਿੰਘ ਕੋ, ਦੁਹਰਾ ਦੀਆ ਕਿ ਯੂੰ ।
ਪੂਛਾ ਕਿ ਆਪ ਦੇਤੇ ਹੋ ਕੁਰਬਾਨੀ ਕਿਸ ਤਰ੍ਹਾ,
ਲਖਤਿ-ਜਿਗਰ ਚਮਕੌਰ ਮੇਂ ਕਟਵਾ ਦੀਆ ਕਿ ਯੂੰ ।
ਪੂਛਾ ਸ਼ਹਿੱਨਸ਼ਾਹ ਹੋਤੇ ਭੀ ਕੈਸੇ ਫ਼ਕੀਰ ਹੋ,
ਬਨੇ ਵੋਹ ਪੀਰ ਉਚ ਕੇ, ਮਨਵਾ ਦੀਆ ਕਿ ਯੂੰ ।
ਪੂਛਾ ਕਿ ਕਿਸਤਰ੍ਹਾ ਤੁਮ ਸਰਬੰਸ ਦਾਨੀ ਹੋ,
ਘਰ ਬਾਰ ਔਰ ਪਰਵਾਰ ਕੋ ਲੁਟਵਾ ਦੀਆ ਕਿ ਯੂੰ ।
ਪੂਛਾ ਕਿ ਰਾਖੀ ਕਰਤੇ ਹੋ ਸਿਖੋਂ ਕੀ ਕਿਸਤਰ੍ਹਾ,
ਜੋਗੇ ਕੋ ਵੇਸਵਾ ਸੇ, ਜਾ ਬਚਾ ਦੀਆ ਕਿ ਯੂੰ ।
ਮਾਨਾ ਖ਼ਲਕ ਨੇ ਆਪ ਕੁਰਬਾਨੀ ਕੇ ਪੁਤਲੇ ਹੈਂ,
ਖੁਦ ਕੋ ਭੀ ਲੇਖੇ ਲਾ ਦੀਆ, ਦਰਸਾ ਦੀਆ ਕਿ ਯੂੰ ।
9. ਕਦੋਂ ?
ਜਦੋਂ ਖੂਹ ਤੇ ਨਾਲ ਗੁਲੇਲਿਆਂ ਦੇ,
ਟੁੱਟੀਆਂ ਗਾਗਰਾਂ ਕਿਸੇ ਪਨਿਹਾਰ ਦੀਆਂ ।
ਨੌਵੇਂ ਪਾਤਸ਼ਾਹ ਨੂੰ ਦਿੱਲੀ ਲੈ ਟੁਰੀਆਂ,
ਆਹਾਂ ਜਦੋਂ ਇਸ ਹਿੰਦ ਦੁਖਿਆਰ ਦੀਆਂ ।
ਕੇਸ ਗੜ੍ਹ ਦੀ ਲਾਡਲੀ ਭੋਇੰ ਉੱਤੇ,
ਲਾਟਾਂ ਨਿਕਲੀਆਂ ਜਦੋਂ ਤਲਵਾਰ ਦੀਆਂ ।
ਹੈਸਨ ਰੁੜ੍ਹਦੀਆਂ ਤੇਗ ਦੀ ਧਾਰ ਅੰਦਰ,
ਜਦੋਂ ਤੇਜ ਤੇਗਾਂ 'ਬਾਈ ਧਾਰ' ਦੀਆਂ ।
ਮਾਤ ਕਰਦੀਆਂ ਸਨ ਜਦੋਂ ਪਾਤਸ਼ਾਹ ਨੂੰ,
ਚਾਲਾਂ ਰਣ ਅੰਦਰ 'ਦਲ ਸ਼ਿੰਗਾਰ' ਦੀਆਂ ।
'ਤੀਰ ' ਓਸ ਵੇਲੇ ਵੇਖਣ ਵਾਲੀਆਂ ਸਨ,
ਅੱਖਾਂ ਰੰਗ ਭਰੀਆਂ 'ਕਲਗੀਧਾਰ' ਦੀਆਂ ।
ਜਦੋਂ ਦਲਾਂ ਦੀ ਮੱਚਦੀ ਰਾਸ ਅੰਦਰ,
ਤੇਗਾਂ ਨੰਗੀਆਂ ਹੋ ਨਾਚ ਕਰਦੀਆਂ ਸਨ ।
ਜਦੋਂ ਬੀਰ ਬੱਦਲ ਵਾਙੂ ਗੱਜਦੇ ਸਨ,
ਗੜੇ ਵਾਂਗਰਾਂ ਗੋਲੀਆਂ ਵਰ੍ਹਦੀਆਂ ਸਨ ।
ਹੈਸਨ ਰੱਤ ਦੇ ਜਦੋਂ ਦਰਿਆ ਵਗਦੇ,
ਵਾਙ ਮੱਛੀਆਂ ਦੇ ਲੋਥਾਂ ਤਰਦੀਆਂ ਸਨ ।
ਕੱਛੂ ਕੁੰਮਿਆਂ ਦੇ ਵਾਙ ਜਦੋਂ ਢਾਲਾਂ,
ਸੱਟਾਂ ਆਪਣੀ ਕੰਡ ਤੇ ਜਰਦੀਆਂ ਸਨ ।
ਸੈਦ ਖ਼ਾਨ ਨੇ ਨੀਵੀਆਂ ਘਤੀਆਂ ਸੀ,
ਵੇਖ ਅੱਖੀਆਂ ਜਦੋਂ ਸਰਕਾਰ ਦੀਆਂ ।
'ਤੀਰ ' ਓਸ ਵੇਲੇ ਵੇਖਣ ਵਾਲੀਆਂ ਸਨ,
ਚੜ੍ਹਤਾਂ ਸ਼ੋਖ਼ ਮੇਰੇ 'ਕਲਗੀਧਾਰ' ਦੀਆਂ ।
ਕਾਲੀ ਘਟਾ ਵਾਙੂ ਜਦੋਂ ਫੌਜ ਸ਼ਾਹੀ,
ਆ ਕੇ ਪੁਰੀ ਆਨੰਦ ਤੇ ਚੜ੍ਹੀ ਹੈਸੀ ।
ਜਦੋਂ ਉੱਛਲਦੇ ਸਰਸੇ ਦੇ ਕੰਢਿਆਂ ਤੇ,
ਟੁੱਟ ਗਈ ਚਹੁੰ ਲਾਲਾਂ ਦੀ ਲੜੀ ਹੈਸੀ ।
ਸਿਦਕਵਾਨ ਸਿਰ ਲੱਥਾਂ ਦੀ ਰੱਤ ਅੰਦਰ,
ਰੰਗੀ ਜਦੋਂ ਚਮਕੌਰ ਦੀ ਗੜ੍ਹੀ ਹੈਸੀ ।
ਛੱਡ ਚੁਕਾ ਸੀ ਜਦੋਂ 'ਅਜੀਤ' ਦੁਨੀਆਂ,
ਜਦੋਂ ਤੇਗ 'ਜੁਝਾਰ' ਨੇ ਫੜੀ ਹੈਸੀ ।
ਹੈਸਨ ਅੱਖੀਆਂ ਸਾਹਮਣੇ ਜਦੋਂ ਪਈਆਂ,
ਲੋਥਾਂ 'ਲਾਲ ਅਜੀਤ ਜੁਝਾਰ ਦੀਆਂ' ।
'ਤੀਰ ' ਓਸ ਵੇਲੇ ਵੇਖਣ ਵਾਲੀਆਂ ਸਨ,
ਅੱਖਾਂ ਰੰਗ ਭਰੀਆਂ 'ਕਲਗੀਧਾਰ' ਦੀਆਂ ।
ਮਾਛੀ ਵਾੜੇ ਦੇ ਸੰਘਣੀਂ ਜੰਗਲੀਂ ਜਾਂ,
ਕੋਈ ਹਾਲ ਮੁਰੀਦਾਂ ਦਾ ਗਾ ਰਿਹਾ ਸੀ ।
ਜਦੋਂ ਸਿਦਕ ਵਿੱਚ ਭਿੱਜਿਆ ਰਾਏ ਕਲ੍ਹਾ,
ਚਰਨ ਧੂੜ ਲੈ ਕੇ ਮੱਥੇ ਲਾ ਰਿਹਾ ਸੀ ।
ਜੋਰਾਵਰ ਤੇ ਫਤਹ ਦੀ ਹੱਡ ਬੀਤੀ,
ਮਾਹੀ ਰੋ ਰੋ ਜਦੋਂ ਸੁਣਾ ਰਿਹਾ ਸੀ ।
ਜਦੋਂ ਤੀਰ ਦੀ ਅਣੀ ਦੀ ਟੁੰਬ ਖਾ ਕੇ,
ਬੂਟਾ 'ਕਾਹੀ' ਦਾ ਪੁੱਟਿਆ ਜਾ ਰਿਹਾ ਸੀ ।
ਹੈਸਨ ਅੱਖੀਆਂ ਦੇ ਅੰਦਰ ਰੜਕ ਰਹੀਆਂ,
ਇੱਟਾਂ ਜਦੋਂ 'ਸਰਹੰਦ ਦੀਵਾਰ ਦੀਆਂ' ।
'ਤੀਰ ' ਓਸ ਵੇਲੇ ਵੇਖਣ ਵਾਲੀਆਂ ਸਨ,
ਅੱਖਾਂ ਭੇਤ ਭਰੀਆਂ 'ਕਲਗੀਧਾਰ' ਦੀਆਂ ।
ਆ ਕੇ ਜਦੋਂ ਖਿਦਰਾਣੇ ਦੀ ਢਾਬ ਉੱਤੇ,
ਸਿੱਖੀ ਗਈ ਹੋਈ ਸੂਰਮੇ ਮੋੜ ਰਹੇ ਸੀ ।
ਜਾਨਾਂ ਤੋੜ ਰਣ ਖੇਤ ਵਿੱਚ ਲੜੇ ਜਿਹੜੇ,
ਜਦੋਂ ਸਾਹ ਗਿਣ ਕੇ ਜਾਨਾਂ ਤੋੜ ਰਹੇ ਸੀ ।
ਟੁੱਟੀ ਗੰਢਣੇ ਵਾਸਤੇ ਜੀਅ ਇਕ ਦੋ,
ਪ੍ਰਾਣ ਟੁੱਟਦਿਆਂ ਹੱਥ ਜਾਂ ਜੋੜ ਰਹੇ ਸੀ ।
'ਜਾਣੀ ਜਾਣ' ਜਦੋਂ ਲੋਥਾਂ ਚਾਲੀਆਂ ਚੋਂ,
'ਚੌਹਾਂ ਚੰਦਾਂ ਦੀ ਆਤਮਾ' ਲੋੜ ਰਹੇ ਸੀ ।
ਜਦੋਂ ਨਾਲ ਰੁਮਾਲ ਦੇ ਪੂੰਝੀਆਂ ਸਨ,
ਹੰਝੂ ਆਪ 'ਮਹਾਂ ਸਿੰਘ' ਸਰਦਾਰ ਦੀਆਂ ।
'ਤੀਰ ' ਓਸ ਵੇਲੇ ਵੇਖਣ ਵਾਲੀਆਂ ਸਨ,
ਅੱਖਾਂ ਪ੍ਰੇਮ ਭਰੀਆਂ 'ਕਲਗੀਧਾਰ' ਦੀਆਂ ।
10. ਸਰ੍ਹੰਦ ਦੀ ਗਰਦ ਵਿੱਚ
ਰੱਤੂ ਭਿੰਨੀ ਸਰਹੰਦ ਦੀ ਗਰਦ ਅੰਦਰ,
ਮੈਨੂੰ ਦੂਰੋਂ ਸ਼ਹੀਦਾਂ ਦਾ ਦੱਰ ਦਿੱਸਿਆ ।
ਓਸ ਦੱਰ ਅੰਦਰ ਜਦੋਂ ਲੰਘਿਆ ਮੈਂ,
ਵੱਸ ਰਿਹਾ ਕੁਰਬਾਨੀ ਦਾ ਘਰ ਦਿੱਸਿਆ ।
ਓਸ ਘਰ ਦੀ ਇੱਕ ਇੱਕ ਇੱਟ ਅੰਦਰ,
ਸੂਹੇ ਰੰਗ ਵਿੱਚ ਖ਼ੂਨ ਨਿਡਰ ਦਿੱਸਿਆ ।
ਓਸ ਖ਼ੂਨ ਅੰਦਰ ਜਦੋਂ ਝਾਤ ਮਾਰੀ,
ਸਾਖਯਾਤ ਬੈਠਾ ਕਲਗੀਧਰ ਦਿੱਸਿਆ ।
ਕਲਗੀਧਰ ਦੀ ਜਾਗਦੀ ਜੋਤ ਅੰਦਰ,
ਚਾਨਣ ਸਿਦਕ ਦਾ ਇੱਕ ਅਮਰ ਦਿੱਸਿਆ ।
'ਤੀਰ' ਓਸ ਚਾਨਣ ਅੰਦਰ ਮੌਤ ਵਰਦਾ,
ਮੈਨੂੰ 'ਫਤਿਹ' ਅਤੇ 'ਜ਼ੋਰਾਵਰ' ਦਿੱਸਿਆ ।
ਫੇਰ ਉੱਜੜੇ ਥੇਹ ਦੀ ਸ਼ਕਲ ਵਿੱਚੋਂ,
ਖ਼ੂਨੀ ਰੰਗ ਦੀ ਇੱਕ ਨੁਹਾਰ ਦਿੱਸੀ ।
ਓਸ ਖ਼ੂਨੀ ਨੁਹਾਰ ਦੇ ਰੂਪ ਅੰਦਰ,
ਜ਼ੋਰ ਜ਼ੁਲਮ ਦਾ ਰੂਪ ਤਲਵਾਰ ਦਿੱਸੀ ।
ਤਿੱਖੀ ਓਸ ਤਲਵਾਰ ਦੀ ਧਾਰ ਅੰਦਰ,
ਅਜਬ ਤਰ੍ਹਾਂ ਦੀ ਆਈ ਬਹਾਰ ਦਿੱਸੀ ।
ਖਿੜੇ ਫੁੱਲ ਦੋ, ਡਿੱਠੇ ਦੀਵਾਰ ਅੰਦਰ,
ਉਤੇ ਸਿਦਕ ਦੀ ਪੈਂਦੀ ਫੁਹਾਰ ਦਿੱਸੀ ।
ਇੱਟਾਂ ਸਿਰਾਂ ਦੀਆਂ ਲਹੂ ਮਿੱਝ ਗਾਰਾ,
ਬਣਦਾ, ਨਵਾਂ ਓਥੇ ਸਿਦਕ ਸੱਰ ਦਿੱਸਿਆ ।
'ਤੀਰ' ਫਤਿਹ ਕਰਦਾ ਫਤਿਹ ਸਿੰਘ ਦਿੱਸਿਆ,
ਜ਼ੋਰਾਵਰ ਜਿੱਤਦਾ ਜ਼ੋਰਾਵਰ ਦਿੱਸਿਆ ।
ਜਦੋਂ ਬੁਰਜ ਡਿੱਠਾ ਮਾਤਾ ਗੁਜਰੀ ਦਾ,
ਗਈ ਗੁੱਜਰੀ ਗੱਲ ਨਜ਼ੀਰ ਬਣ ਗਈ ।
ਨਿਗ੍ਹਾ ਓਸ ਨਜ਼ੀਰ ਤੇ ਪੈਂਦਿਆਂ ਈਂ,
ਅਜਬ ਰੰਗ ਦੀ ਇੱਕ ਤਸਵੀਰ ਬਣ ਗਈ ।
ਨਿਰੀ ਓਹ ਤਸਵੀਰ ਤਸਵੀਰ ਨਾ ਰਹੀ,
ਬੀਤੀ ਹੋਈ ਦੀ ਇੱਕ ਜ਼ੰਜੀਰ ਬਣ ਗਈ ।
ਉਹ ਜ਼ੰਜੀਰ ਆ ਕੇ ਮੇਰੇ ਮਨ ਅੰਦਰ,
ਵੱਖੋ ਵੱਖਰੇ ਤਿੰਨ ਸਰੀਰ ਬਣ ਗਈ ।
ਭੋਲੇ ਮੁੱਖੜੇ ਸ਼ਾਨ ਦੁਮਾਲਿਆਂ ਦੀ,
ਬੁਰਜ ਵਿੱਚ ਇੱਕ ਝਾਕਾ ਅਜੱਰ ਦਿੱਸਿਆ,
'ਤੀਰ' ਕੱਕਰੀ ਰਾਤ ਵਿੱਚ ਰੜੇ ਉੱਤੇ,
ਸੁੱਤਾ ਫਤਿਹ ਅਤੇ ਜ਼ੋਰਾਵਰ ਦਿੱਸਿਆ ।
ਫੇਰ ਬੁਰਜ ਦੇ ਅੰਦਰੋਂ ਦਰਦ ਭਿੱਜੀ,
ਅੰਬਰ ਵਲ ਇੱਕ ਉੱਠਦੀ ਆਹ ਵੇਖੀ ।
ਓਸ ਆਹ ਦੀ ਅੱਗ ਦੇ ਵਿੱਚ ਸੜਕੇ,
ਹੁੰਦੀ ਜ਼ੁਲਮ ਦੀ ਤੇਗ ਸਵਾਹ ਵੇਖੀ ।
ਪਾ ਕੇ ਓਸ ਸਵਾਹ ਨੂੰ ਸਿਰ ਅੰਦਰ,
ਮੁਗਲ ਬੰਸ ਹੁੰਦੀ ਖ਼ਾਕਸ਼ਾਹ ਵੇਖੀ ।
ਖ਼ਾਕਸ਼ਾਹਾਂ ਦੇ ਉਜੜੇ ਥੇਹ ਉੱਤੇ,
ਚੰਦਾਂ ਲਈ ਬਣ ਗਈ ਈਦਗਾਹ ਵੇਖੀ ।
'ਤੀਰ' ਖ਼ੂਨੀ ਸਰ੍ਹੰਦ ਦੀ ਹੱਦ ਅੰਦਰ,
ਜੋ ਵੀ ਨੈਣ ਦਿੱਸਿਆ ਹੋਇਆ ਤਰ ਦਿੱਸਿਆ ।
ਹਰ ਇੱਕ ਹੰਝੂ ਅੰਦਰ ਜਦੋਂ ਡਿੱਠਾ,
ਬੈਠਾ ਫਤਿਹ ਅਤੇ ਜ਼ੋਰਾਵਰ ਦਿੱਸਿਆ ।
11. ਭਾਈ ਦਿਆਲਾ ਜੀ
ਓਇ ! ਜ਼ਾਲਮਾ ਬਾਲ ਕੇ ਅੱਗ ਭਾਂਬੜ,
ਬੇਸ਼ਕ ਦੇਗ ਦੇ ਵਿੱਚ ਉਬਾਲ ਮੈਨੂੰ ।
ਤਲੀਂ ਤੇਲ ਪਾ ਕੇ ਇਹ ਸਰੀਰ ਭਾਵੇਂ,
ਖ਼ੌਫ਼ ਮਰਨ ਦਾ ਨਹੀਂ ਰਵਾਲ ਮੈਨੂੰ ।
ਜਿੰਨਾ ਦੇਗ ਦੇ ਵਿੱਚ ਮੈਂ ਰਿੱਝਦਾ ਹਾਂ,
ਓਨੀ ਠੰਢ ਪੈਂਦੀ ਵਾਲ ਵਾਲ ਮੈਨੂੰ ।
ਜਾਵਾਂ ਗੁਰ-ਦਰਗਾਹ ਦੇ ਵਿੱਚ ਹੱਸਦਾ,
ਐਥੋਂ ਟੋਰ ਦੇ ਸਿਦਕ ਦੇ ਨਾਲ ਮੈਨੂੰ ।
ਸਹੁੰ ਆਪਣੀ ਹੱਸ ਕੇ ਧਰਮ ਖਾਤਰ,
ਵੇਖੀਂ ! ਮਰਾਂਗਾ ਸੀ ਨਾ ਕਰਾਂਗਾ ਮੈਂ ।
ਜੀਵਨ-ਮੁਕਤਿ ਹੋ ਕੇ ਸਿੱਖਾਂ ਵਾਂਗ ਵੇਖੀਂ,
ਅੱਜ ਸੋਹਣੀ ਸ਼ਹੀਦੀ ਨੂੰ ਵਰਾਂਗਾ ਮੈਂ ।
ਜਿਹੜੇ ਉਬਲਦੇ ਹੋਣ ਪਿਆਰ ਅੰਦਰ,
ਉਨ੍ਹਾਂ ਵਾਸਤੇ ਉਬਲਦੀ ਦੇਗ ਕੀ ਏ ?
ਰੁੜ੍ਹੇ ਜਾਣ ਜੋ ਪ੍ਰੇਮ ਦੀ ਨੈਂ ਅੰਦਰ,
ਉਨ੍ਹਾਂ ਲਈ ਝਨਾਂ ਦਾ ਵੇਗ ਕੀ ਏ ?
ਜਿਨ੍ਹਾਂ ਆਪ ਹੀ ਤਲੀ ਤੇ ਸੀਸ ਧਰਿਆ,
ਉਨ੍ਹਾਂ ਵਾਸਤੇ ਲਿਸ਼ਕਦੀ ਤੇਗ ਕੀ ਏ ?
ਖਾਧੇ ਜਿਨ੍ਹਾਂ ਕੁਰਬਾਨੀ ਦੇ 'ਤੀਰ' ਸੀਨੇ,
ਉਨ੍ਹਾਂ ਸੂਲੀਓਂ ਦੱਸ ਦਰੇਗ ਕੀ ਏ ?
ਐਧਰ ਵੇਖ ! ਉਬਾਲੀਆਂ ਖਾ ਖਾ ਕੇ,
ਦੇਗ ਜਿਉਂ ਜਿਉਂ ਦੇਹ ਉਬਾਲਦੀ ਏ ।
ਸਗੋਂ ਲਾਲੀਆਂ ਚੜ੍ਹਦੀਆਂ ਜਾਂਦੀਆਂ ਨੇ,
ਘੜੀ ਜਾਪਦੀ ਆਈ ਵਸਾਲ ਦੀ ਏ ।
ਹਾਂ ਜੀ ! ਭਾਈ ਦਿਆਲਾ ਜੀ ! ਸਿੱਖ ਸੱਚੇ,
ਦੇਗੇ ਵਿੱਚ ਉਬਾਲੀਆਂ ਖਾ ਰਹੇ ਜੇ ।
ਪੰਚਮ ਗੁਰੂ ਜੀ ਤੋਂ ਜਿਹੜੀ ਲਈ ਸੰਥਾ,
ਇਨ ਬਿਨ ਹੀ ਉਹਨੂੰ ਪਕਾ ਰਹੇ ਜੇ ।
ਭੁੜਥਾ ਹੋ ਰਹੀ ਹੈ ਦੇਹੀ ਗੜ੍ਹਕ ਲੱਗ ਕੇ,
ਉਭਰ ਉਭਰ ਛਾਲੇ ਉਤ੍ਹਾਂ ਆ ਰਹੇ ਜੇ ।
ਤਾਂ ਬੀ ਮਗਨ ਬੈਠੇ ਰੱਬੀ ਯਾਦ ਅੰਦਰ,
ਵੇਖੋ ਵਾਹਿਗੁਰੂ ! ਵਾਹਿਗੁਰੂ ! ਗਾ ਰਹੇ ਜੇ ।
ਈਹੋ ਹੈ ਸਿੱਖੀ ਖੰਡੇ-ਧਾਰ ਵਰਗੀ,
ਧਰਮ ਰੱਖਣਾ, ਮੌਤ ਪਰਵਾਨ ਕਰਨੀ ।
ਹਸੂੰ ਹਸੂੰ ਕਰਦੇ ਕਸ਼ਟ ਸਹੀ ਜਾਣਾ,
'ਤੀਰ' ਆਪਣੀ ਜਾਨ ਕੁਰਬਾਨ ਕਰਨੀ ।
12. ਸਿੱਖੀ ਸਿਦਕ
ਸਿਦਕ ਧਰਮ ਸੱਚਾਈ ਤੇ ਅਣਖ ਖਾਤਰ,
ਕੋਮਲ ਜਿੰਦੜੀਆਂ ਵੇਖਣਾ ! ਚਿਰਦੀਆਂ ਨੇ ।
ਪ੍ਰੇਮ ਗਲੀ ਅੰਦਰ ਸੀਸ ਤਲੀ ਧਰਿਆ,
ਬਲੀ ਦੇਣ ਨ ਬਚਨ ਤੋਂ ਫਿਰਦੀਆਂ ਨੇ ।
ਵਾਂਗ ਬੱਕਰੇ ਡੱਕਰੇ ਪੈਣ ਝੋਲੀ,
ਜੇਰੇ ਧੰਨ ! ਨਾ ਅੱਥਰੂ ! ਕਿਰਦੀਆਂ ਨੇ ।
ਮਾਵਾਂ ਪੁੱਤਰਾਂ ਤਾਈਂ ਕੁਹਾਂਦੀਆਂ ਨੇ,
ਵੇਖੋ ਬਾਜੀਆਂ ਲੱਗੀਆਂ ਸਿਰਦੀਆਂ ਨੇ ।
ਐਧਰ ਤੇਜ ਤਲਵਾਰ ਦੀ ਧਾਰ ਵੇਖੋ,
ਐਧਰ ਰੱਤ ਦੀ ਚਲਦੀ ਧਾਰ ਵੇਖੋ ।
ਬੱਚੇ ਹੁੰਦੇ ਪਰਾਣਾਂ ਤੋਂ ਪਾਰ ਵੇਖੋ,
ਗਲੇ ਮਾਵਾਂ ਦੇ ਲਟਕਦੇ ਹਾਰ ਵੇਖੋ ।
ਪੁੱਤਾਂ ਲਾਡ ਲਡਿੱਕਿਆਂ ਚੌਹਗੜਾਂ ਤੇ,
ਹੁੰਦੇ ਵਾਰ ਵੇਖੋ ਤੇ ਵਿਚਾਰ ਵੇਖੋ ।
ਬੋਟ ਕਿਸ ਤਰ੍ਹਾਂ ਸਾਹਮਣੇ ਕੋਹੀ ਦੇ ਨੇ,
ਝਾਤੀ ਪੁੱਤਰਾਂ ਵਾਲਿਓ ! ਮਾਰ ਵੇਖੋ ।
ਦੁੱਖ ਭੁੱਖ ਦਾ ਝੱਲਦੇ ਬਾਲ ਭੋਲੇ,
ਘੁੱਟ ਦੁੱਧ ਨਾ ਲੱਭੇ ਨਿਮਾਣਿਆਂ ਨੂੰ ।
ਖੰਨੀ ਟੁਕ ਤੇ ਕਰਨ ਗੁਜਰਾਨ ਮਾਵਾਂ,
ਮੰਨ ਸਿਰ ਮੱਥੇ ਉੱਤੇ ਭਾਣਿਆਂ ਨੂੰ ।
ਟੋਟੇ ਜਿਗਰ ਦੇ ਹੋਣ ਪਏ ਕਈ ਟੋਟੇ,
ਆਵੇ ਤਰਸ ਨਾ ਦਿਲੋਂ ਜਰਵਾਣਿਆਂ ਨੂੰ ।
ਮਾਵਾਂ ਡੱਕਰੇ ਕਰਨ ਲਈ ਆਪ ਹੱਥੀਂ,
ਧਰਮ ਵਾਸਤੇ ਦੇਣ ਅੰਞਾਣਿਆਂ ਨੂੰ ।
ਔਧਰ ਵੇਖਣਾ ! ਸਾਹਮਣੇ ਬੀਰ ਮਾਤਾ,
ਉਂਗਲ ਨਾਲ ਜਲਾਦ ਨੂੰ ਦੱਸਦੀ ਏ ।
ਵੇ ਜਲਾਦ ! ਛੋਟੇ ਟੋਟੇ ਕਰੀਂ ਇਸਦੇ,
ਪੁਤਰ ਕੋਹੀਦਾ ਵੇਖ ਕੇ ਹੱਸਦੀ ਏ ।
ਸ਼ੁਕਰ ਸ਼ੁਕਰ ਕਰਦੀ ਜਦੋਂ ਲਹੂ ਡੁੱਲ੍ਹੇ,
ਆਖੇ:-"ਪਈ ਕੌਮੀ ਪਿਉਂਦ ਰੱਸਦੀ ਏ" ।
ਮਰਨ ਉਨ੍ਹਾਂ ਲਈ 'ਤੀਰ' ਜੀ ਖੇਡ ਮਾਤਰ,
ਸਿੱਖੀ ਜਿਨ੍ਹਾਂ ਦੇ ਦਿਲਾਂ ਤੇ ਵੱਸਦੀ ਏ ।
13. ਪਾਂਡੀ ਪਾਤਸ਼ਾਹ
ਕੋਈ ਰੋਕੇ ਬਲਾ ਕਿਵੇਂ, ਸਾਹਿਬ ਦੇ ਭਾਣੇ ਨੂੰ ।
ਇਕ ਵੇਲਾ ਐਸਾ ਵੀ, ਆਇਆ ਇਸ ਧਰਤੀ ਤੇ ।
ਦਾਤਾ ਵੀ ਸਹਿਕ ਗਿਆ, ਜਦ ਇੱਕ ਇੱਕ ਦਾਣੇ ਨੂੰ ।
ਭੁੱਖੇ ਬਘਿਆੜ ਜਿਉਂ, ਆ ਭੁੱਖਾ ਕਾਲ ਪਿਆ ।
ਧਰਤ ਇਹ ਭਾਗ ਭਰੀ, ਪੰਜਾਂ ਦਰਿਆਵਾਂ ਦੀ ।
ਮੂੰਹ ਆਈ ਆਫ਼ਤ ਦੇ, ਕੋਈ ਉਲਟਾ ਫਾਲ ਪਿਆ ।
ਮੁਟਿਆਰਾਂ ਕੁੜੀਆਂ ਸਭ, ਪੂਣੀ ਰੰਗ ਹੋ ਗਈਆਂ ।
ਪਿਤ ਪੈ ਗਏ ਭੋਖੋਂ ਦੇ, ਸਭ ਛੈਲ ਜਵਾਨਾਂ ਨੂੰ ।
ਰੱਤਾਂ ਵਿੱਚ ਨਾੜਾਂ ਦੇ, ਸੁੱਕੀਆਂ ਤੇ ਖਲੋ ਗਈਆਂ ।
ਬੁੱਢਿਆਂ ਦਾ ਹਾਲ ਬੁਰਾ, ਗਭਰੂ ਵੀ ਝੁਕ ਗਏ ਸਨ ।
ਨਾ ਪੇਟ ਪਿਆ ਝੁਲਕਾ, ਨਾ ਭੁੱਖ ਦੀ ਅੱਗ ਬੁੱਝੀ ।
ਮਾਵਾਂ ਦੀ ਛਾਤੀ ਚੋਂ, ਦੁੱਧ ਸੜ ਸੜ ਸੁੱਕ ਗਏ ਸਨ ।
ਕਈ ਹੀਰੇ ਮਾਵਾਂ ਦੇ, ਲੱਖ ਤਰਲੇ ਕਰਨ ਲੱਗੇ ।
ਚੁੰਘ ਚੁੰਘ ਕੇ ਥਣ ਸੁੱਕੇ, ਲੈ ਲੈ ਕੇ ਵਿਲਕਣੀਆਂ ।
ਜਦ ਜੀਵਣ ਜੋਗੇ ਵੀ, ਲੁਛ ਲੁਛ ਕੇ ਮਰਨ ਲੱਗੇ ।
ਪੰਜਾਬ ਦੇ ਰਾਜੇ ਤੋਂ, 'ਰਣਜੀਤ' ਪਿਆਰੇ ਤੋਂ ।
ਇਹ ਝਾਕੀ ਦਰਦਾਂ ਦੀ, ਤਦ ਗਈ ਸਹਾਰੀ ਨਾ ।
ਦੁਖੀਆਂ ਦੇ ਦਰਦੀ ਤੋਂ, ਲਿਸਿਆਂ ਦੇ ਸਹਾਰੇ ਤੋਂ ।
ਢੰਢੋਰਾ ਦੇ ਦਿੱਤਾ, ਹੋਕਾ ਫਿਰਵਾ ਦਿੱਤਾ ।
ਪਤਨਾਂ, ਚੌਰਾਹਿਆਂ ਤੇ, ਸ਼ਾਹੀ ਦਰਵਾਜੇ ਤੇ ।
ਇਹ ਮੋਟੇ ਅੱਖਰਾਂ ਵਿੱਚ, ਲਿਖ ਕੇ ਲਗਵਾ ਦਿੱਤਾ ।
"ਰਾਜਾ ਤਾਂ 'ਰਾਖਾ ਹੈ', 'ਭੰਡਾਰਾ ਪਰਜਾ ਦਾ' ।
ਤੜਕੇ ਤੋਂ ਸ਼ਾਮਾਂ ਤੱਕ, ਦਰਵਾਜੇ ਖੁਲ੍ਹੇ ਹਨ ।
ਅੰਨ ਹਰ ਕੋਈ ਲੈ ਜਾਵੇ, ਹੈ ਸਾਰਾ ਪਰਜਾ ਦਾ ।
ਇਕ ਵਾਰੀ ਜਿਤਨੇ ਵੀ, ਕੋਈ ਚਾ ਕੇ ਲੈ ਜਾਵੇ ।
ਹਿੰਦੂ ਸਿੱਖ ਮੁਸਲਮ ਦਾ, ਕੋਈ ਖਾਸ ਮੁਲਾਹਜਾ ਨਹੀਂ ।
ਹੈ ਜਿਸ ਨੂੰ ਲੋੜ ਬਣੀ, ਉਹ ਆ ਕੇ ਲੈ ਜਾਵੇ ।"
ਸੁੰਞੇ ਜਿਹੇ ਕੂਚੇ ਵਿੱਚ, ਲਾਹੌਰ ਦੀ ਵਾਸੀ ਵਿੱਚ ।
ਇਕ ਮੋਚੀ-ਬੱਚੜੇ ਦੀ, ਕੰਨੀਂ ਇਹ ਭਿਣਕ ਪਈ ।
ਇਕ 'ਆਸਾ' ਚਮਕ ਪਈ ਝਟ ਆਣ 'ਉਦਾਸੀ' ਵਿੱਚ ।
ਝਟ ਬੂਹਿਓਂ ਅੰਦਰ ਹੋ, ਦਾਦੇ ਦੁਖਿਆਰੇ ਨੂੰ ।
ਇਉਂ ਪੋਤਾ ਕਹਿਣ ਲੱਗਾ, ਢਿਡ ਉੱਤੇ ਹਥ ਧਰ ਕੇ ।
ਭੁੱਖਾਂ ਦੇ ਰੁਲਾਏ ਨੂੰ, ਵਖਤਾਂ ਦੇ ਮਾਰੇ ਨੂੰ ।
"ਬਾਬਾ ਦੀ 'ਲਾਦੇ' ਦਾ, ਤਹਿ ਦਿਆ 'ਪਛਾਈ' ਏ ।
ਲਾਦੇ ਦੇ ਮਹਿਲਾਂ ਤੋਂ, ਛਬ ਦਾਣੇ ਲੈ ਆਵੋ ।
ਉਥੇ ਤੋਈ ਧਾਟਾ ਨਹੀਂ, ਅਦ ਬੇ ਪਲਵਾਹੀ ਏ ।
ਜੇ ਮੇਲੇ ਨਾਲ ਤਲੋ, ਦਾਣੇ ਲੈ ਆਵਾਂ ਦੇ ।
ਦੰਦੋਰੀ ਉਲ੍ਹੇ ਕਲੋ, ਮੈਂ ਫਲਕੇ ਤੁਲਦਾ ਹਾਂ ।
ਜੇ ਤਲ ਤੇ ਲੈ ਆਈਏ, ਲਜ ਲਜ ਤੇ ਥਾਵਾਂ ਦੇ ।"
ਸੁਣ ਬੁੱਢੜੇ ਮੋਚੀ ਨੂੰ ਲਗ ਸੀਨੇ ਤੀਰ ਗਿਆ ।
ਪੋਤੇ ਦੀਆਂ ਲਾਡਲੀਆਂ, ਥਥੀਆਂ ਤੇ ਤੋਤਲੀਆਂ ।
ਘਾ ਦਿਲ ਤੇ ਕਰ ਗਈਆਂ, ਨੈਣਾਂ ਚੋਂ ਨੀਰ ਗਿਆ ।
ਤੱਕ ਹਿੰਮਤ ਅਪਣੀ ਨੂੰ, ਪਹਿਲੇ ਤਾਂ ਝੁਰਿਆ ਉਹ,
ਪਰ ਆਜਜ਼ ਪੋਤੇ ਦੀ, ਭੁਖ ਜਿੰਦ ਨੂੰ ਖਾਂਦੀ ਸੀ ।
ਹਥਾਂ ਚਿ ਡੰਗੋਰੀ ਲੈ, ਲੱਕ ਬੰਨ੍ਹ ਕੇ ਟੁਰਿਆ ਉਹ ।
ਹਿਚਕੋਲੇ ਖਾਂਦਾ ਉਹ, ਇਉਂ ਜੀਉਂਦਾ ਮਰਦਾ ਉਹ ।
ਪੋਤੇ ਨੂੰ ਨਾਲ ਲਈ, ਡੰਗੋਰੀ ਫੜੀ ਹੋਈ ।
ਪੁਜ ਪਿਆ ਭੰਡਾਰੇ ਤੇ, ਲੱਖ ਤਰਲੇ ਕਰਦਾ ਉਹ ।
ਘਿਗਿਆਈ ਬੋਲੀ ਵਿੱਚ, ਉਸ ਅਰਜ਼ ਸੁਣਾ ਦਿੱਤੀ ।
ਜਾ ਕੋਲ ਭੰਡਾਰੀ ਦੇ, ਮਾਰੇ ਲਾਚਾਰੀ ਦੇ ।
ਮੈਲੀ ਜਿਹੀ ਚਾਦਰ ਇਕ, ਚੁਪ ਚਾਪ ਵਿਛਾ ਦਿੱਤੀ ।
ਦਰਦੀ ਭੰਡਾਰੀ ਨੇ, ਝਟ ਚਾਦਰ ਭਰ ਦਿੱਤੀ ।
ਉਸ ਦਰਦ ਰੰਞਾਣੇ ਦੀ, ਉਸ ਭੁੱਖਣ ਭਾਣੇ ਦੀ ।
ਆਸਾ ਜੋ ਦਿਲ ਦੀ ਸੀ, ਝਟ ਪੂਰੀ ਕਰ ਦਿੱਤੀ ।
ਪਰ ਪੰਡ ਜੋ ਬੰਨ੍ਹ ਧਰੀ, ਸੀ ਦੋ ਮਣ ਭਾਰੀ ਉਹ ।
ਇੱਕ ਬਾਲ ਅੰਞਾਣਾ ਸੀ, ਇੱਕ ਬਾਬਾ ਬੁੱਢੜਾ ਸੀ ।
ਪੰਡ ਚੁੱਕਦਾ ਕੌਣ ਭਲਾ, ਟੁਰਨੋਂ ਸੀ ਆਰੀ ਉਹ ।
ਆਖਰ ਇਉਂ ਕੁਦਰਤ ਨੇ, ਇਕ ਢੋ ਢੁਕਾਇਆ ਏ ।
ਇਕ ਸਿੱਖ ਚਿਟ-ਕਾਪੜੀਆ, ਦਾੜ੍ਹੀ ਸੂ ਦੁੱਧ ਜਿਹੀ ।
ਉਸ ਬੁੱਢੜੇ ਬਾਬੇ ਵਲ, ਉਹ ਭਜਿਆ ਆਇਆ ਏ ।
ਕੀਤੀ ਹਮਦਰਦੀ ਆ, "ਐਵੇਂ ਨਾ ਝੁਰ ਬਾਬਾ ।
ਮੈਂ ਤੇਰਾ ਪੁੱਤਰ ਹਾਂ," ਕਹਿ ਪੰਡ ਉਠਾ ਲੀਤੀ ।
ਫਿਰ ਬੋਲਿਆ ਬਾਬੇ ਨੂੰ, "ਚਲ ਘਰ ਨੂੰ ਟੁਰ ਬਾਬਾ ।"
ਤੱਕ ਬੁੱਢੜੇ ਮੋਚੀ ਨੇ, ਲੱਖ ਸ਼ੁਕਰ ਮਨਾਇਆ ਏ ।
ਦਿਲ ਦੇ ਵਿੱਚ ਕਹਿੰਦਾ ਏ, "ਇਹ ਬੰਦਾ ਬੰਦਾ ਨਹੀਂ ।
ਇਸ ਆਜਜ਼ ਬੰਦੇ ਲਈ, ਇਹ ਅੱਲਾ ਆਇਆ ਏ ।"
ਔਹ ! ਪਾਂਡੀ ਜਾਂਦਾ ਜੇ, ਕਿਹਾ ਸੋਹਣਾ ਲੱਗਦਾ ਏ ।
ਭਾਰੀ ਏ ਪੰਡ ਬੜੀ, ਪੈਂਡਾ ਵੀ ਚੋਖਾ ਏ ।
ਪਾਂਡੀ ਦੇ ਪਿੰਡੇ ਚੋਂ, ਪਿਆ ਮੁੜ੍ਹਕਾ ਵਗਦਾ ਏ ।
ਪੁੱਜ ਪਿਆ ਟਿਕਾਣੇ ਤੇ, ਮੋਚੀ ਦੇ ਘਰ ਆਇਆ ।
ਪੰਡ ਸੁਟਕੇ ਮੁੜਿਆ ਜਾਂ, ਜਾਂ ਓਥੋਂ ਤੁਰਨ ਲੱਗਾ ।
ਉਸ ਬੁੱਢੜੇ ਮੋਚੀ ਦਾ, ਦਿਲ ਡਾਢਾ ਭਰ ਆਇਆ ।
ਉਸ ਪਿਆਰੇ ਪਾਂਡੀ ਦੀ, ਉਸ ਸੋਹਣੇ ਪਾਂਡੀ ਦੀ ।
ਉਸ ਕੰਨੀ ਪਕੜ ਲਈ, ਮਨਮੋਹਣੇ ਪਾਂਡੀ ਦੀ ।
ਦਿਲਦਾਰੀ ਇਉਂ ਕੀਤੀ, ਦਿਲ-ਖੋਹਣੇ ਪਾਂਡੀ ਦੀ ।
"ਸਰਦਾਰਾ ! ਜੀਉਂਦਾ ਰਹੁ, ਕੀ ਨਾਂ ਹੈ ਦੱਸ ਤੇਰਾ ।
ਤੂੰ ਮੁੱਲ ਲੈ ਲੀਤਾ ਏ, ਇਸ ਬੁੱਢੜੇ ਮੋਚੀ ਨੂੰ ।
ਕਬਰਾਂ ਵਿੱਚ ਪੈ ਕੇ ਵੀ, ਗਾਵੇਗਾ ਯੱਸ ਤੇਰਾ ।"
ਉਸ ਹੀਰੇ ਪਾਂਡੀ ਨੇ, ਝਟ ਚਾਦਰ ਲਾਹ ਦਿੱਤੀ ।
ਬਰਦੀ ਵੀ ਸ਼ਾਹੀ ਏ, ਸਿਰ ਤੇ ਵੀ ਕਲਗੀ ਏ ।
ਬੁੱਢੜੇ ਦੇ ਦਿਲ ਅੰਦਰ, ਇਕ ਹਲਚਲ ਪਾ ਦਿੱਤੀ ।
"ਬਾਬਾ ਮੈਂ ਰਾਜਾ ਹਾਂ, ਨਾਂ ਹੈ 'ਰਣਜੀਤ' ਮੇਰਾ ।
ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ ।
ਪਰਜਾ ਲਈ ਜਾਨ ਦਿਆਂ, ਪੇਸ਼ਾ ਹੈ 'ਪ੍ਰੀਤ' ਮੇਰਾ ।
ਕਾਬਲ ਦੀਆਂ ਕੰਧਾਂ ਤਕ, ਮੈਂ ਪਾਉਂਦਾ ਘੂਕਰ ਹਾਂ ।
ਪਰ ਪਿਆਰੇ ਬਾਬਾ ਜੀ, ਪਰਜਾ ਦਾ ਕੂਕਰ ਹਾਂ ।
14. ਸਾਵਣ
ਸਾਵਣ ਵਿਚ ਮੌਜਾਂ ਬਣੀਆਂ ਨੇ ।
ਬਦਲਾਂ ਨੇ ਤਾਣੀਆਂ ਤਣੀਆਂ ਨੇ ।
ਫੌਜਾਂ ਲੱਥੀਆਂ ਘਣੀਆਂ ਨੇ ।
ਕਿਰ 'ਕਿਣ ਮਿਣ' ਲਾਈ ਕਣੀਆਂ ਨੇ ।
ਮੱਟ ਡੁਲ੍ਹਿਆ ਅੰਮ੍ਰਤ ਰਸਦਾ ਏ ।
ਛਮ! ਛਮ! ਛਮ! ਸਾਵਣ ਵੱਸਦਾ ਏ ।
ਔਹ! ਕਾਲੀ ਬੋਲੀ ਰਾਤ ਪਈ ।
ਇੰਦਰ ਦੀ ਢੁਕ ਬਰਾਤ ਪਈ ।
ਲਾੜੀ ਬਣਦੀ ਬਰਸਾਤ ਪਈ ।
ਬਿਜਲੀ ਆ ਕਰਦੀ ਝਾਤ ਪਈ ।
ਇਹ ਮੇਲ ਦਿਲਾਂ ਨੂੰ ਖਸਦਾ ਏ ।
ਛਮ! ਛਮ! ਛਮ! ਸਾਵਣ ਵੱਸਦਾ ਏ ।
ਔਹ ਵੱਸ ਪਏ ਬੱਦਲ ਕਾਲੇ ਨੇ ।
ਦਗ ਦਗ ਵਗ ਪਏ ਪਰਨਾਲੇ ਨੇ ।
ਨੱਕੋ ਨੱਕ ਭਰ ਗਏ ਨਾਲੇ ਨੇ ।
ਵਹਿਣਾ ਨੂੰ ਆਏ ਉਛਾਲੇ ਨੇ ।
ਅੱਜ ਜੋਬਨ ਚੜ੍ਹਿਆ ਕੱਸ ਦਾ ਏ ।
ਛਮ! ਛਮ! ਛਮ! ਸਾਵਣ ਵੱਸਦਾ ਏ ।
ਮੱਚ ਬੱਦਲਾਂ ਦੇ ਘਨ-ਘੋਰ ਪਏ ।
ਸੁਣ ਸੁਣ ਕੇ ਨੱਚਦੇ ਮੋਰ ਪਏ ।
ਡੱਡੂਆਂ ਨੂੰ ਆਵਣ ਲੋਰ ਪਏ ।
ਗਿੜੜਾਉਣ ਜ਼ੋਰੋ ਜ਼ੋਰ ਪਏ ।
ਪਿਆ ਇਕ ਦੂਜੇ ਨੂੰ ਦੱਸਦਾ ਏ ।
ਛਮ! ਛਮ! ਛਮ! ਸਾਵਣ ਵੱਸਦਾ ਏ ।
ਅੱਜ ਉਛਲਣ ਟੋਭੇ ਤਾਲ ਪਏ ।
ਰੰਗ ਬੰਨ੍ਹਦੇ ਲਹਿਰਾਂ ਨਾਲ ਪਏ ।
ਨੱਕੋ ਨੱਕ ਦਿਸਦੇ ਖਾਲ ਪਏ ।
'ਡਿਕ ਡੋ ਡੋ' ਖੇਡਣ ਬਾਲ ਪਏ ।
ਕੋਈ ਇਹ ਕਹਿ ਕਹਿ ਕੇ ਨਸਦਾ ਏ ।
ਛਮ! ਛਮ! ਛਮ! ਸਾਵਣ ਵੱਸਦਾ ਏ ।
ਕੋਈ ਤੁਰਦਾ ਉਠਦਾ ਬਹਿੰਦਾ ਏ ।
ਕੋਈ ਨਚਦਾ ਟਪਦਾ ਢਹਿੰਦਾ ਏ ।
ਕੋਈ ਡਿੱਗ ਡਿੱਗ ਸੱਟਾਂ ਸਹਿੰਦਾ ਏ ।
ਕੋਈ ਉੱਚੀ ਉੱਚੀ ਕਹਿੰਦਾ ਏ ।
'ਔਹ ਇੰਦਰ ਰਾਜਾ ਹਸਦਾ ਏ ।
ਛਮ! ਛਮ! ਛਮ! ਸਾਵਣ ਵੱਸਦਾ ਏ ।
ਵਾਹਣਾਂ ਵਿਚ ਭਰਵਾਂ ਨੀਰ ਪਿਆ ।
ਜੱਟ ਖੁਸ਼ ਹੋ ਵੰਡਦਾ ਖੀਰ ਪਿਆ ।
ਸੁਰ ਕਰਦਾ ਕਿੰਗ ਫ਼ਕੀਰ ਪਿਆ ।
ਅਜ ਵਾਗੀ ਗਾਵੇ 'ਹੀਰ' ਪਿਆ ।
ਪਿਆ ਗੋਡੇ ਗੋਡੇ ਧਸਦਾ ਏ ।
ਛਮ! ਛਮ! ਛਮ! ਸਾਵਣ ਵੱਸਦਾ ਏ ।
ਹੇ ਸਾਵਣ ਸੋਹਣਿਆਂ! ਵਰ੍ਹਦਾ ਰਹੁ ।
ਸਭ ਜਗ ਨੂੰ ਠੰਢਿਆਂ ਕਰਦਾ ਰਹੁ ।
ਡੁੱਲ੍ਹ ਛੱਪੜ ਟੋਭੇ ਭਰਦਾ ਰਹੁ ।
ਤੂੰ ਅੰਮ੍ਰਤ ਸੋਮਿਆ! ਝਰਦਾ ਰਹੁ ।
ਜੱਗ ਤੇਰੀਆਂ ਤਲੀਆਂ ਝਸਦਾ ਏ ।
ਤੂੰ ਵੱਸੇਂ ਤਾਂ ਜੱਗ ਵਸਦਾ ਏ ।
15. ਅੰਮ੍ਰਿਤ ਦੇ ਘੁੱਟ
ਹੇ ਕਲਗੀਧਰ ! ਕਲਗੀ ਧਰ ਕੇ,
ਇਕ ਵਾਰੀ ਫਿਰ ਆ ਜਾ ।
ਬੰਦੀ ਭਾਰਤ ਰੋ ਰੋ ਆਖੇ,
"ਪ੍ਰੀਤਮ ਬੰਦ ਛੁੜਾ ਜਾ ।"
ਸ਼ਾਹ ਅਸਵਾਰਾ ! ਦਰਸ਼ਨ ਦੇ ਜਾ,
ਚਿਰ ਦੀਆਂ ਲੱਗੀਆਂ ਤਾਂਘਾਂ ।
ਮੁਰਝਾਇਆ ਜੀਵਨ ਜੀ ਉੱਠੇ,
ਅੰਮ੍ਰਿਤ ਘੁੱਟ ਪਿਲਾ ਜਾ ।
16. ਲੁਬਾਣੇ ਦੀ ਅਰਜੋਈ
(ਗ਼ਜ਼ਲ)
ਦੀਨ ਦਿਆਲ ਗੁਰੂ, ਬਹੁੜੋ ਉਪਕਾਰ ਕਰੋ ।
ਫਸਿਆ ਮੰਝਧਾਰ ਮਿਰਾ, ਬੇੜਾ ਅਜ ਪਾਰ ਕਰੋ ।
ਆਸ ਹੈ ਆਪ ਦੀ ਹੀ, ਟੇਕ ਹੈ ਆਪਦੀ ਹੀ ।
ਬਣੇ ਹੋ ਮਲਾਹ ਜਗ ਦੇ. ਮੇਰਾ ਵੀ ਉਧਾਰ ਕਰੋ ।
ਦੁਖ ਦੇ ਪਹਾੜ ਪਏ, ਆਣ ਲੁਬਾਣੇ ਉੱਤੇ ।
ਤਰਸ ਕਰੋ ਮੇਹਰ ਕਰੋ, ਹੌਲਾ ਇਹ ਭਾਰ ਕਰੋ ।
ਰੁੜ੍ਹ ਰਹੀ ਰਾਸ ਪਿਤਾ, ਡੁਬ ਰਿਹਾ ਅਧ ਵਿਚ ਅੱਜ ਬੇੜਾ ।
ਆਣ ਕੇ ਪਾਰ ਕਰੋ, ਭਗਤ ਦੀ ਕਾਰ ਕਰੋ ।
ਬਣੀਆਂ ਨੇ ਬਣੀਏ ਉੱਤੇ, ਆਪਦੀ ਓਟ ਲਈ ।
ਪ੍ਰੇਮ ਦੇ ਪਾਤਸ਼ਾਹ ਜੀ, ਪ੍ਰੇਮ ਬਿਆਪਾਰ ਕਰੋ ।
ਇਕ ਸੌ ਇਕ ਮੋਹਰ ਦਿਆਂ ਆਪਦੀ ਭੇਟ ਪਿਤਾ ।
ਵੰਝ ਆ ਲਾਓ ਕੋਈ, ਹੋਰ ਨਾ ਇੰਤਜ਼ਾਰ ਕਰੋ ।
17. ਸ਼ਰਧਾਲੂ ਲੁਬਾਣੇ ਦਾ ਸੰਸਾ
ਦਿਲਾ ! ਭੇਟ ਆਪਣੀ ਚੜ੍ਹਾਵਾਂਗਾ ਅੱਜ ਮੈਂ ।
ਓਨੂੰ ਸੀਸ ਆਪਣਾ ਨਿਵਾਵਾਂਗਾ ਅੱਜ ਮੈਂ ।
ਗਦੇਲੇ ਲਗਾ ਕੇ ਇਹ ਬੈਠ ਨੇ ਬਾਈ ।
ਕਿਨੂੰ ਆਪਣਾ ਗੁਰੂ ਬਣਾਵਾਂਗਾ ਅੱਜ ਮੈਂ ।
ਏਹ ਸਾਰੇ ਗੁਰੂ ਨੇ ਬਣੇ ਬੈਠੇ ਏਥੇ ।
ਕਿਵੇਂ ਸੱਚੇ ਸਤਗੁਰ ਨੂੰ ਪਾਵਾਂਗਾ ਅੱਜ ਮੈਂ ।
ਕੀ ਮੇਰਾ ਮਲਾਹ ਮਿਲੇਗਾ ਨਾ ਅੱਜ ਮੈਨੂੰ ?
ਕੀ ਦਰਸ਼ਨ ਤੋਂ ਖਾਲੀ ਹੀ ਜਾਵਾਂਗਾ ਅਜ ਮੈਂ ।
ਹੱਛਾ ਜੇਹੜਾ ਮੰਗੇਗਾ ਅੱਜ ਭੇਟ ਪੂਰੀ ।
ਜਾਣੀ ਜਾਣ ਉਸ ਨੂੰ ਮਨਾਵਾਂਗਾ ਅੱਜ ਮੈਂ ।
18. ਗੁਰੂ ਲਾਧੋ ਰੇ
ਦਏ ਲੁਬਾਣਾ ਸਿੱਖ ਦੁਹਾਈ, ਕਰੀਂ ਪਛਾਣ ਸੰਗਤੇ ।
ਮੈਨੂੰ ਲੱਭ ਪਿਆ ਸਤਗੁਰ ਸੱਚਾ, ਜਾਣੀ ਜਾਣ ਸੰਗਤੇ ।
ਏਸੇ ਮੁਝ ਤੇ ਕਰਮ ਕਮਾਇਆ, ਮੇਰਾ ਬੇੜਾ ਬੰਨੇ ਲਾਇਆ ।
ਮੇਰੇ ਸੁਣ ਲਏ ਤਰਲੇ ਹਾੜੇ, ਰਖਿਆ ਮਾਣ ਸੰਗਤੇ ।
ਇਹ ਹੈ ਸੱਚਾ ਸਤਿਗੁਰ ਪਿਆਰਾ, ਕਰਦਾ ਦੁਨੀਆਂ ਦਾ ਨਿਸਤਾਰਾ ।
ਆਇਆ ਡੁਬਦੇ ਰੁੜ੍ਹਦੇ ਬੇੜੇ, ਬੰਨੇ ਲਾਣ ਸੰਗਤੇ ।
ਗੁੱਝੀ ਗੱਲ ਅੱਜ ਹੈ ਖੁਲ੍ਹੀ, ਐਵੇਂ ਭਟਕ ਨਾ ਥਾਂ ਥਾਂ ਭੁਲੀ ।
ਐਹ ਤਕ ਬੈਠਾ ਈ ਗੁਰ ਸੋਢੀ, ਸ਼ਾਹ ਸੁਲਤਾਨ ਸੰਗਤੇ ।
ਪਾਯਾ ਪੂਰ ਭੇਦ ਲੁਬਾਣੇ, ਇਹ ਗੁਰ ਸਭ ਦੇ ਦਿਲ ਦੀਆਂ ਜਾਣੇ ।
ਬਾਈ ਮੰਜੀਆਂ ਵਾਲੇ ਠੱਗ ਨੇ, ਲੁਟ ਲੁਟ ਖਾਣ ਸੰਗਤੇ ।
19. ਹੀਰ ਦੇ ਕਰਤਾ ਨੂੰ
ਮਿੱਠੀ ਬੋਲੀ ਦੇ ਵਾਰਸਾ ! ਸੱਚ ਮੰਨੀਂ,
ਮੰਨਾਂ ਮੈਂ ਪੰਜਾਬੀ ਦਾ ਪੀਰ ਤੈਨੂੰ ।
ਪੰਜਾਂ ਪਾਣੀਆਂ ਵਿੱਚ ਤੂੰ ਲਏਂ ਲਹਿਰਾਂ,
ਆਸ਼ਕ ਸਮਝਦੇ ਅੱਖ ਦਾ ਨੀਰ ਤੈਨੂੰ ।
ਕਲਮ ਨਹੀ', ਇਹ ਛਾਤੀਆਂ ਵਿੰਨ੍ਹਣੇ ਨੂੰ,
ਵਾਹ ਵਾਹ ਦਿੱਤਾ 'ਵਿਧਾਤਾ' ਨੇ 'ਤੀਰ' ਤੈਨੂੰ ।
ਦਿੱਤੀ ਜਿੰਦ ਤੂੰ 'ਹੀਰ ਸਲੇਟੜੀ' ਨੂੰ,
ਦੇ ਗਈ ਸਦਾ ਦੀ ਜ਼ਿੰਦਗੀ ਹੀਰ ਤੈਨੂੰ ।
ਤੇਰੀ ਸੋਚ ਦੀ ਚੜ੍ਹੀ ਝਨਾਂ ਅੰਦਰ,
ਜੱਟੀ ਹੀਰ ਦੀਆਂ ਬੇੜੀਆਂ ਤਰਦੀਆਂ ਨੇ ।
ਤੇਰੇ ਨੈਣਾਂ ਦੀ ਸਾਂਦਲੀਬਾਰ ਅੰਦਰ,
ਮੰਹੀਆਂ ਰਾਂਝੜੇ ਮੀਏਂ ਦੀਆਂ ਚਰਦੀਆਂ ਨੇ ।
ਤੇਰੇ ਬੋਲ ਵਿਚ ਵੰਝਲੀ ਰਾਂਝਣੇ ਦੀ,
ਹੋ ਹੋ ਰਾਗ ਦੀ ਰੂਹ ਪਈ ਵੱਜਦੀ ਏ ।
ਤੇਰੇ ਦਿਲ ਦੇ ਰਾਂਗਲੇ ਪਲੰਘ ਉਤੇ;
'ਹੀਰ' ਬਿਨਾਂ ਸ਼ਿੰਗਾਰ ਪਈ ਸੱਜਦੀ ਏ ।
ਤੇਰੇ ਮਿੱਠਿਆਂ ਗੀਤਾਂ ਦਾ ਰਸ ਲੈਂਦੀ,
'ਭਾਗ-ਭਰੀ' ਜ਼ਬਾਨ ਨਾ ਰੱਜਦੀ ਏ ।
ਤੇਰੀ ਸ਼ਾਇਰੀ ਸ਼ਾਲਾ ਕਮਾਲ ਦੀ ਏ,
ਪਈ ਨੰਗ ਪੰਜਾਬੀ ਦਾ ਕਜਦੀ ਏ ।
ਜਦੋਂ ਬੋਲਿਓਂ ਸਹਿਤੀ ਦੀ ਜੀਭ ਉੱਤੇ,
ਗੁੰਗੀ ਜੱਗ ਦੀ ਹੋ ਜ਼ਬਾਨ ਰਹਿ ਗਈ ।
ਰੰਗ ਵੇਖ ਕੇ ਤੇਰਿਆਂ ਨੁਸਖ਼ਿਆਂ ਦੇ,
ਮੁਠ ਵਿੱਚ ਧਨੰਤਰ ਦੀ ਜਾਨ ਰਹਿ ਗਈ ।
20. ਮੀਰੀ ਪੀਰੀ ਵਾਲੇ
ਕਿਸੇ ਇੱਕ ਖਿਆਲ ਵਿੱਚ ਗੁੰਮ ਹੋਇਆਂ,
ਦਸਾਂ ਕੀ ? ਜੇਹੜਾ ਚਮਤਕਾਰ ਡਿੱਠਾ ।
'ਸ਼ਾਂਤੀ' 'ਬੀਰਤਾ' ਗਾਤਰੇ-ਪਾਈ ਹੋਈ,
ਬਾਂਕੇ ਘੋੜੇ ਤੇ ਇਕ ਸਵਾਰ ਡਿੱਠਾ ।
ਓਹਦੀ ਚਾਨਣੀ ਦਾ ਭਰੇ ਚੰਨ ਪਾਣੀ,
ਓਹਨੂੰ ਨੂਰ ਦਾ ਪਿਆ ਪ੍ਰਵਾਰ ਡਿੱਠਾ ।
ਗੰਗਾ ਆ ਆ ਕੇ ਧੋਵੇ ਚਰਨ ਜਿਸਦੇ,
ਗੰਗਾ ਮਾਈਂ ਦਾ ਉਹ ਹੋਣਹਾਰ ਡਿੱਠਾ ।
ਓਹਨੂੰ ਵੇਖ ਕੇ ਚੜ੍ਹ ਗਿਆ ਚਾ ਮੈਨੂੰ,
ਦਸਾਂ ਕੀ ਹਾਲਤ ਮੇਰੀ ਜੋ ਹੋ ਗਈ ।
ਓਹਦੇ ਚਿਹਰੇ ਦੀ ਪਈ ਚਿਲਕੋਰ ਐਸੀ,
ਲੂੰਅ ਲੂੰ ਮੇਰੇ ਅੰਦਰ ਲੋ ਹੋ ਗਈ ।
ਵਾਂਙ ਗੋਲੀਆਂ ਚਰਨਾਂ ਦੇ ਵਿੱਚ ਬਹਿ ਕੇ,
'ਕਰਦੀ ਓਦ੍ਹੀ ਵਡਿਆਈ' ਵਡਿਆਈ ਵੇਖੀ ।
ਮੁਕਤ ਓਸ ਤੋਂ 'ਮੰਗਦੀ ਮੁਕਤ ਵੇਖੀ',
ਸੱਚ ਮੰਗਦੀ ਓਥੋਂ ਸਚਿਆਈ ਵੇਖੀ ।
'ਤਣੀਆਂ ਫੜ ਫੜਕੇ ਸੱਚੇ ਤਣੀ ਦੀਆਂ,
ਜਨਮ ਜੂਨ ਤੋਂ ਹੁੰਦੀ ਰਿਹਾਈ ਵੇਖੀ ।
'ਰੇਜਾ' ਗਾੜ੍ਹੇ ਦਾ ਵੇਖਿਆ ਭੇਟ ਚੜ੍ਹਦਾ',
'ਤਰਦੀ ਮਾਈ ਦੇ ਨਾਲ ਲੁਕਾਈ ਵੇਖੀ ।
ਜਿਦ੍ਹੇ ਪੈਰਾਂ 'ਚ ਰੁਲਦੀਆਂ ਪਾਤਸ਼ਾਹੀਆਂ,
ਡਿੱਠਾ ਓਸ ਸੱਚੀ ਪਾਤਸ਼ਾਹੀ ਨੂੰ ਮੈਂ ।
ਪੜ੍ਹੇ ਪੰਡਤਾਂ ਦੀ ਨਹੀਂ ਪਹੁੰਚ ਜਿੱਥੇ,
ਓਥੇ ਪੁੱਜਦਾ ਵੇਖਿਆ ਘਾਹੀ ਨੂੰ ਮੈਂ ।
ਰੰਗਾ ਰੰਗ ਦੇ ਹੀ ਉਹਦੇ ਰੂਪ ਡਿੱਠੇ,
'ਬੰਦੀਵਾਨ ਵੀ ਏ' 'ਬੰਦੀ ਛੋੜ ਵੀ ਏ ।'
'ਲਾਕੇ ਤੋੜਦਾ ਨਹੀਂ 'ਤੋੜ ਚਾੜ੍ਹਦਾ ਏ',
'ਮਾਣ ਰੱਖ ਵੀ ਏ' ਮਾਣ ਤੋੜ ਵੀ ਏ ।
'ਟੁੱਟੇ ਜੋੜਦਾ ਏ' 'ਜੁੜੇ ਪਿਆਰਦਾ ਏ',
ਏਡਾ ਬਲੀ ਕਿ 'ਬੀਰ ਬੇ ਜੋੜ ਵੀ ਏ ।
ਦਇਆ ਧਰਮ ਦਾ 'ਸੱਤ' 'ਨਿਚੋੜ' ਹੈ ਓਹ,
ਲੈਂਦਾ ਜ਼ੁਲਮ ਦੀ ਰੱਤ ਨਿਚੋੜ ਵੀ ਏ ।
ਡਿੱਠਾ ਉਸ ਦੀ ਮਿਹਰ ਦਾ ਮੀਂਹ ਵਰ੍ਹਦਾ,
ਜਿਨ੍ਹੇ ਫੱਲ ਲਾਏ ਵੱਲ ਸੱਖਣੀ ਨੂੰ ।
ਓਹਦੀ ਸੱਤਿਆ ਇੱਕ ਦੇ ਸੱਤ ਦਿੱਤੇ,
ਆਈ ਮੰਗਦੀ ਮਾਈ ਸੁਲੱਖਣੀ ਨੂੰ ।
ਉਹਦੇ ਡਲ੍ਹਕਦੇ ਝਮਕਦੇ ਨੂਰ ਅੱਗੇ,
ਡਿੱਠਾ ਝੁੱਕਿਆ ਨੂਰ ਜਹਾਨ ਦਾ ਸਿਰ ।
ਓਸ ਸਚੇ ਸੁਲਤਾਨ ਦੇ ਤਾਜ ਅੱਗੇ,
ਨੀਵਾਂ ਡਿੱਠਾ ਜਹਾਂਗੀਰ ਸੁਲਤਾਨ ਦਾ ਸਿਰ ।
ਓਸ ਚੰਨ ਦੇ ਚਿਹਰੇ ਦੀ ਸ਼ਾਨ ਅੱਗੇ,
ਹੈਸੀ ਝੁਕਿਆ ਸ਼ਾਹਾਂ ਦੀ ਸ਼ਾਨ ਦਾ ਸਿਰ ।
ਓਹਦੀ ਬੀਰਤਾ ਤੇ ਅਣਖ ਆਣ ਅੱਗੇ,
ਪਿਆ ਰੁੱਲਦਾ ਸੀ ਅਣਖ ਮਾਨ ਦਾ ਸਿਰ ।
'ਤੀਰ' ਹਰਮੰਦਰ ਅੰਦਰ ਵੱਸਦਾ ਏ,
ਹਰ ਇੱਕ ਦੀ ਅਸਲ ਵਿਚ ਜਿੰਦ ਏ ਓਹ ।
ਮੀਰੀ ਪੀਰੀ ਦੀ ਜਿਨੇ ਕਮਾਈ ਕੀਤੀ,
ਹਰਗੋਬਿੰਦ ਏ ਓਹ ਬਖਸ਼ਿੰਦ ਏ ਓਹ ।
21. ਭਾਗ ਭਰੀ ਦੀ ਤਾਂਘ
(ਤਰਜ਼:-ਓ ਨਾਜ਼ ਭਰੀ ਚਿਤਵਨ ਵਾਲੇ......
ਸਿੰਧੜਾ ਤਾਲ ਤਲਵਾੜਾ)
ਆ ਵਾਲੀ ਮੀਰੀ ਪੀਰੀ ਦੇ, ਕਲਗੀ ਦੀ ਝਲਕ ਵਿਖਾ ਜਾਵੀਂ ।
ਖਾਲੀ ਹਨ ਠੂਠੇ ਨੈਣਾਂ ਦੇ, ਦਰਸ਼ਨ ਦੀ ਭਿਛਿਆ ਪਾ ਜਾਵੀਂ ।
ਤਾਂਘਾਂ ਦੀਆਂ ਤੰਦਾਂ ਕੱਤੀਆਂ ਨੇ, ਸਧਰਾਂ ਦਾ ਰੇਜਾ ਉਣਿਆ ਏ ।
ਲੈ ਭੇਟਾ ਰਾਹ ਪਈ ਵੇਖਾਂ ਮੈਂ, ਆਵੀਂ ਤੇ ਆਸ ਪੁਗਾ ਜਾਵੀਂ ।
ਅੱਖੀਆਂ ਚੋਂ ਮੋਤੀ ਕਢ ਕਢ ਕੇ, ਰਾਹਵਾਂ ਵਿਚ ਪਈ ਵਿਛਾਵਾਂ ਮੈਂ ।
ਇਹ ਸਫਲੇ ਹੋਵਣ ਵਿਛੇ ਹੋਏ, ਏਹਨਾਂ ਨੂੰ ਚਰਨ ਛੁਹਾ ਜਾਵੀਂ ।
ਕਰ ਕਰਕੇ ਤੇਰੀਆਂ ਆਰਤੀਆਂ, ਨੈਣਾਂ ਦੀ ਜੋਤ ਬੁਝਾ ਲੀਤੀ ।
ਮੈਂ ਸਦਕੇ ਚਾਨਣ ਗੰਗਾ ਦੇ, ਏਹਨਾਂ ਵਿਚ ਚਾਨਣ ਪਾ ਜਾਵੀਂ ।
ਹਾਂ ਨਾਂ ਨੂੰ ਭਾਵੇੱ ਭਾਗ ਭਰੀ, ਅਸਲੋਂ ਹਾਂ ਪਰ ਮੈਂ ਭਾਗ ਸੜੀ ।
ਆ ਸਚ ਦੇ ਸੂਰਜ ! ਇਕ ਵਾਰੀ, ਸੁੱਤੇ ਹੋਏ ਭਾਗ ਜਗਾ ਜਾਵੀਂ ।
ਦੋਵੇਂ ਦਰਵਾਜੇ ਅੱਖੀਆਂ ਦੇ, ਤੇਰੇ ਲੰਘਣ ਲਈ ਖੋਲ੍ਹੇ ਹਨ ।
ਤੂੰ 'ਤੀਰ' ਇਨ੍ਹਾਂ ਚੋਂ ਲੰਘ ਅੰਦਰ, ਬਿਰਹੋਂ ਦੀ ਜਲਨ ਬੁਝਾ ਜਾਵੀਂ ।
22. ਮੀਰੀ ਪੀਰੀ ਦਾ ਵਾਲੀ
(ਤਰਜ਼:-ਜਾਤੇ ਹੋ ਕਹਾਂ ਐ ਜਾਨੇ ਜਹਾਂ,
ਅਭੀ ਦਿਲ ਤੋ ਹਮਾਰਾ ਭਰਾ ਈ ਨਹੀਂ ।
ਜੰਗਲਾ ਕਵਾਲੀ)
ਮੀਰੀ ਪੀਰੀ ਅਜਬ ਝਲਕ ਮਾਰੇ ਪਈ,
ਬੇੜੀ ਬਣ ਭਵਜਲੋਂ ਜਗਤ ਤਾਰੇ ਪਈ ।
ਤੇਰੀ ਕਲਗੀ ਦਾ ਪਾਣੀ ਭਰਨ ਬਿਜਲੀਆਂ,
ਚਾਨਣਾ ਵੀ ਦਏ ਨਾਲੇ ਠਾਰੇ ਪਈ ।
ਤੇਰੀ ਬਾਣੀ ਮੋਏ ਨੂੰ ਦਏ ਜ਼ਿੰਦਗੀ,
ਬੀਰਤਾ ਤੇਰੀ ਦਿਲ ਨੂੰ ਉਭਾਰੇ ਪਈ ।
ਤੇਰੀ ਚਰਨਾਂ ਦੀ ਧੂੜੀ ਚਰਾਸੀ ਕਟੇ,
ਲੱਖਾਂ ਜੀਵਾਂ ਦੀ ਵਿਗੜੀ ਸਵਾਰੇ ਪਈ ।
ਹੁਸਨ ਤੇਰੇ ਤੋਂ ਹੈ ਹੁਸਨ ਚੌਖਨੇ,
ਆ ਕੇ 'ਨੂਰੇ-ਜਹਾਂ' ਨੂਰ ਵਾਰੇ ਪਈ ।
ਤੂੰ ਪੁਚਾਇਆ ਉਹਨੂੰ ਮੁਕਤ ਦੇ ਅਰਸ਼ ਤੇ,
ਜੋ ਜੋ ਜਿੰਦੜੀ ਆ ਤੇਰੇ ਦਵਾਰੇ ਪਈ ।
ਸਾਡੀ ਬੇੜੀ ਵੀ ਤਾਰੀਂ ਮਲਾਹਾ ਕਦੇ,
ਗੋਤੇ ਖਾਂਦੀ ਫਸੀ ਮੰਝਧਾਰੇ ਪਈ ।
23. ਨਵੀਂ ਪੁਰਾਣੀ ਤਹਿਜ਼ੀਬ
ਹੱਥ ਵੇਲਾ ਨਹੀਂ ਆਉਂਦਾ, ਹੱਥੋਂ ਜੋ ਗਵਾਚ ਗਿਆ,
ਉਹ ਜੋਬਨ ਨਹੀਂ ਮੁੜਦਾ, ਜੋ ਪੱਤਰਾ ਵਾਚ ਗਿਆ।
ਪਾਣੀ ਦਰਿਅਵਾਂ ਦੇ, ਇੱਕ ਵਾਰ ਜੋ ਵਹਿ ਗਏ ਹਨ,
"ਪਰਤਣ ਨਾ ਪਤਣਾਂ' 'ਤੇ ਇਹ ਦਾਨੇ ਕਹਿ ਗਏ ਹਨ।
ਤਦਬੀਰ ਲਿਆਵੇ ਕਿਵੇਂ, ਤਕਦੀਰ ਜੋ ਲੈ ਗਈ ਹੈ,
ਗੱਲਾਂ ਹਨ ਚੱਲੀਆਂ ਤਾਂ, ਗੱਲ ਕਰਨੀ ਪੈ ਗਈ ਹੈ।
'ਕਪਲਾ ਗਊ' ਦੇ ਕੇ ਘਰੋਂ, ਇੱਕ ਖੋਤੀ ਵਟਾ ਲਈ ਹੈ।
ਦੁੱਧ ਪੀਣੋਂ ਰਹਿ ਗਏ ਹਾਂ, ਲਿੱਦ ਝੋਲੀ ਪਾ ਲਈ ਹੈ,
ਕੀ ਲਈ ਤਹਿਜ਼ੀਬ ਨਵੀਂ, ਗਲ਼ ਜ਼ਹਿਮਤ ਪਾ ਲਈ ਹੈ।
ਜੇ ਇਹ ਵੀ ਕਹਿ ਦੇਈਏ, ਮਾਸਾ ਨਹੀਂ ਝੂਠ ਕੁਈ,
ਰਿਸ਼ੀਆਂ ਦੇ ਚੌਂਕੇ ਵਿੱਚ, ਪੱਛਮ ਦੀ 'ਜੂਠ' ਕੁਈ।
ਆਈ ਅੱਗ ਲੈਣ ਲਈ, ਆ ਕੇ ਘਰ ਪਾ ਬੈਠੀ,
ਭਾਰਤ ਦਾ ਸਾਊਪੁਣਾ, ਸਭ ਰਿੰਨ੍ਹ ਕੇ ਖਾ ਬੈਠੀ।
ਜੋ ਅੱਜ ਤੀਕ ਨਹੀਂ ਆਖੀ, ਉਹ ਆਖੀ ਜਾਣੀ ਹੈ,
ਉਹ ਦੁੱਧ ਸੀ ਬਰਕਤ ਦਾ, ਇਹ ਫੁੱਟ ਦਾ ਪਾਣੀ ਹੈ ।
ਉਹ ਜੀਵਨ ਦੇਂਦੀ ਸੀ, ਇਹ ਜੀਵਨ ਲੈਂਦੀ ਹੈ,
ਉਹ ਖਾਣ ਨੂੰ ਦੇਂਦੀ ਸੀ, ਇਹ ਖਾਣ ਨੂੰ ਪੈਂਦੀ ਹੈ।
ਉਹ ਬਾਂਹ ਬਣਾਂਦੀ ਸੀ, ਇਹ ਬਾਹਵਾਂ ਭੰਨਦੀ ਹੈ,
ਉਹ ਭੋਲ਼ੀ-ਭਾਲ਼ੀ ਸੀ, ਇਹ ਚੰਚਲ ਮਨ ਦੀ ਹੈ।
ਉਹ ਵੀਰ ਮਨਾਂਦੀ ਸੀ, ਇਹ ਵੀਰ ਲੜਾਂਦੀ ਹੈ,
ਉਹ ਛਾਂਵੇਂ ਸੁੱਟਦੀ ਸੀ, ਇਹ ਸੁੱਕਣੇ ਪਾਂਦੀ ਹੈ।
ਉਸ ਵਿੱਚ ਇੱਕ ਕਰਦਾ ਸੀ, ਸਭ ਟੱਬਰ ਖਾਂਦਾ ਸੀ,
ਸੀ ਸਮੇਂ ਆਜ਼ਾਦੀ ਦੇ, ਹਿੰਦ 'ਢੋਲੇ ਗਾਂਦਾ ਸੀ'।
ਇਸ ਵਿੱਚ ਮਰ-ਮਰ ਕੇ ਵੀ, ਸਭ ਭੁੱਖੇ ਮਰਦੇ ਹਨ,
ਹਉਕੇ ਦਿਨ ਰਾਤ ਭਰਨ, ਪਰ ਪੇਟ ਨਾ ਭਰਦੇ ਹਨ।
ਕਿਰਤੀ ਦੀ ਛਾਤੀ 'ਤੇ ਇਹ ਮੂੰਗ ਪਈ ਦਲ਼ਦੀ ਹੈ,
ਰੱਤ ਪੀ-ਪੀ ਲਿੱਸਿਆਂ ਦੀ, ਇਹਦੀ ਗੋਗੜ ਪਲ਼ਦੀ ਹੈ।
ਬਿਜਲੀ ਦੇ ਲਾਟੂ ਜੋ, ਇਸ ਦੇ ਘਰ ਜਗਦੇ ਹਨ,
ਉਹ ਨੈਣ ਗ਼ਰੀਬਾਂ ਦੇ ਕੱਢੇ ਹੋਏ ਲਗਦੇ ਹਨ।
ਖੱਲ ਲਾਹ-ਲਾਹ ਲੋਕਾਂ ਦੀ, ਇਹ ਸੂਟ ਸਿਵਾਉਂਦੀ ਹੈ,
ਪੀਹ-ਪੀਹ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੀ ਹੈ।
ਆ ਕੇ ਇਸ ਚੰਦਰੀ ਨੇ, ਹੋਣੀ ਵਰਤਾ ਦਿੱਤੀ,
ਲਾਲੀ ਸਭ ਭਾਰਤ ਦੀ, ਢੰਗ ਨਾਲ ਉੱਡਾ ਦਿੱਤੀ।
ਪਿਛਲੇ ਵਰਿਆਮਾਂ ਦੇ, ਹੁਣ 'ਨਾਂਵੇਂ' ਰਹਿ ਗਏ ਹਨ,
ਅੱਜ-ਕੱਲ੍ਹ ਦੇ ਗੱਭਰੂ ਤਾਂ, ਪਰਛਾਂਵੇਂ ਰਹਿ ਗਏ ਹਨ।
ਪੈਲ਼ੀ ਦੀ ਵਾਟ ਕਰਨ, ਤਾਂ ਕੋਠੀ ਹੱਲਦੀ ਹੈ,
ਮੂੰਗੀ ਦੀ ਦਾਲ਼ ਪਈ, ਨਾ ਢਿੱਡ ਵਿੱਚ ਗਲ਼ਦੀ ਹੈ।
ਇਹ ਬਿਜਲੀ ਕੜਕ ਪਈ, ਭਾਰਤ ਦੇ ਵੇਸਾਂ 'ਤੇ,
ਇਸ ਕੈਂਚੀ ਧਰ ਦਿੱਤੀ, ਕੁੜੀਆਂ ਦਿਆਂ ਕੇਸਾਂ 'ਤੇ।
ਕੀ ਹੈ ਤਹਿਜ਼ੀਬ ਨਵੀਂ, ਟਿੱਕਾ ਬਦਨਾਮੀ ਦਾ,
ਹਿੰਦ ਦੇ ਗਲ਼ ਲਟਕ ਰਿਹਾ, ਇੱਕ ਤੌਕ ਗ਼ੁਲਾਮੀ ਦਾ।
24. ਪੰਚਮ ਪਾਤਸ਼ਾਹ
ਅਰਸ਼ ਫਰਸ਼ ਮਿਲ ਕੇ ਢਾਹਾਂ ਮਾਰ ਰੋਏ,
ਹਾੜੇ ਕਰਨ:-"ਸਾਈਆਂ ਦੇਵੀਂ ਧੀਰ ਆ ਕੇ।
ਬਲੇ ਜ਼ੁਲਮ ਭਾਂਬੜ ਲੂਸੇ, ਸੜੇ ਸੀਨੇ,
ਪਾਵੀਂ ਆਪ ਛੇਤੀ ਮੇਹਰ ਨੀਰ ਆ ਕੇ।"
ਪਹੁੰਚੀ ਕੂਕ ਦਰਗਾਹ ਵਿਚ ਦਰਦ ਵਾਲੀ,
ਸਾਈਂ ਵਲੋਂ ਇਹ ਹੋਈ ਅਕਾਸ਼ ਬਾਣੀ:-
"ਚੋਲਾ ਜ਼ੁਲਮ ਦਾ ਚਾਰ ਦਿਨ ਲਾਲ ਰਹਿੰਦਾ,
ਪਿਛੋਂ ਹੋਂਵਦਾ ਏ ਲੀਰ ਲੀਰ ਆ ਕੇ।"
ਛਿਕੇ ਅਦਲ ਇਨਸਾਫ ਨੂੰ ਟੰਗ ਕੇ ਜਾਂ,
ਜ਼ੋਰ ਜ਼ੁਲਮ ਤੇ ਜ਼ਾਲਮਾਂ ਲੱਕ ਬਧਾ।
ਪਕੜ ਜਕੜ ਕੇ ਕੈਦ ਕਰ ਬੰਨ੍ਹ ਮੁਸ਼ਕਾਂ,
ਗੰਗਾ ਵਿੱਚ ਸੁਟਿਆ ਸੀ ਕਬੀਰ ਆ ਕੇ।
ਸ਼ਾਂਤ ਰੂਪ ਧਰਮੀ ਸਾਈਂ ਯਾਦ ਕੀਤਾ,
ਬੁਰਾ ਬੁਰੇ ਦਾ ਵੀ ਦਿਲੋਂ ਚਿਤਵਿਆ ਨਾ।
ਸਬਰ ਓਸਦੇ ਨੂੰ ਲੱਗਾ ਫੱਲ ਐਸਾ,
ਟੁੱਟੀ ਪਲਕ ਦੇ ਵਿੱਚ ਜ਼ੰਜ਼ੀਰ ਆ ਕੇ।
ਚੰਦੂ ਚੰਦਰੇ, ਚੰਦਰੀ ਗੱਲ ਕੀਤੀ,
ਰਤੀ ਜ਼ੁਲਮ ਕਮਾਣ ਤੋਂ ਝੱਕਿਆ ਨਾ।
ਐਪਰ ਸ਼ਾਂਤੀ ਪੁੰਜ ਨੇ ਮੰਨ ਭਾਣਾ,
ਲੂਹਿਆ ਲੋਹ ਦੇ ਉੱਤੇ ਸਰੀਰ ਆ ਕੇ।
ਤੱਤੀ ਰੇਤ ਸਿਰ ਤੇ ਹੇਠਾਂ ਅੱਗ-ਭਾਂਬੜ,
ਸ਼ਾਂਤ-ਮਈ ਦਾ ਦੇਵਤਾ ਸੋਭਦਾ ਸੀ
"ਜੇਕਰ ਕਹੋ ਤਾਂ ਕਰ ਫ਼ਨਾਹ ਦੇਵਾਂ"
ਏਦਾਂ ਕਹਿਣ ਲੱਗਾ ਮੀਆਂ ਮੀਰ ਆ ਕੇ।
ਅਰਜਨ ਦੇਵ ਸਤਿਗੁਰੂ ਜੀ ਇਉਂ ਬੋਲੇ:-
"ਮੀਆਂ ਮੀਰ ਸਾਈਂ ਭਾਣਾ ਰੱਬ ਦਾ ਏ।
ਐਪਰ ਅੰਤ ਸ਼ਾਂਤੀ ਸਬਰ ਜਿੱਤ ਗਿਆ,
ਜ਼ੁਲਮ ਹਾਰਿਆ ਕਿਵੇਂ ਅਖੀਰ ਆ ਕੇ।"
25. ਧਰਮ ਪੁੰਜ ਗੁਰੂ ਅਰਜਨ ਦੇਵ ਜੀ
ਧਰਮ ਪੁੰਜ ਸਿਰੋਮਣੀ ਸਿਦਕੀਆਂ ਦੇ,
ਸਿਦਕ ਸੀਸ ਦੇ ਨਾਲ ਨਿਭਾਣ ਵਾਲੇ।
ਦੁੱਖ ਸੁੱਖ ਦੇ ਵਿਚ ਅਡੋਲ, ਰਹਿਕੇ,
ਸਿਦਕ ਸਬਰ ਦੇ ਪੂਰਨੇ ਪਾਣ ਵਾਲੇ।
ਰਹਿਕੇ ਤਰਨ ਤਾਰਨ ਗੋਇੰਦਵਾਲ ਅੰਦਰ,
ਗੀਤ ਮੋਹਿਨ ਪਿਆਰੇ ਦੇ ਗਾਣ ਵਾਲੇ।
ਕਦੇ ਹਰੀ ਮੰਦਰ ਕਦੇ ਦੇਗ ਅੰਦਰ,
ਕਦੇ ਲੋਹ ਤੇ ਚੌਂਕੜੀ ਲਾਣ ਵਾਲੇ।
ਸਿਦਕ ਵਾਨ ਗੰਭੀਰ ਤੇ ਬ੍ਰਹਮ ਗਯਾਨੀ,
ਪੁੰਜ ਸੱਚ ਦੇ ਸੱਚ ਧਿਆਣ ਵਾਲੇ।
ਵਾਰੀ ਲੱਖ ਵਾਰੀ ਸੱਚੇ ਗੁਰੂ ਅਰਜਨ,
ਬੇੜੀ ਰੁੜ੍ਹੀ ਜਾਂਦੀ ਬੰਨੇ ਲਾਣ ਵਾਲੇ ।
ਮੇਰੀ ਲੇਖਣੀ ਭਲਾ ਕੀ ਲਿਖਣ ਜਾਣੇ,
ਜੋ ਜੋ ਜੀਆਂ ਤੇ ਤੁਸਾਂ ਉਪਕਾਰ ਕੀਤਾ।
ਕੀਤੀ ਕਿਤੇ ਕਲਿਆਣ ਕਲਿਆਣੇ ਜੀ ਦੀ,
ਮੰਝਧਾਰ ਚੋਂ ਮੰਝ ਨੂੰ ਪਾਰ ਕੀਤਾ।
ਕਿਤੇ ਸਤੇ ਬਲਵੰਡੇ ਨੂੰ ਗਲੇ ਲਾਇਆ,
ਹਰੀਸੈਨ ਦਾ ਕਿਤੇ ਉਧਾਰ ਕੀਤਾ।
ਕਿਤੇ ਲਧੇ ਉਪਕਾਰੀ ਤੇ ਮੇਹਰ ਕੀਤੀ,
ਸਦਾ ਯਾਦ ਕਰਤਾਰ ਕਰਤਾਰ ਕੀਤਾ।
ਕਿਤੇ ਬੈਠ ਮੰਜੀ ਸਾਹਿਬ ਆਪ ਨੀਵੇ,
ਸ਼ਬਦ ਉਚਰੇ ਰੱਬ ਨੂੰ ਪਾਣ ਵਾਲੇ।
ਕਿਤੇ ਰਚੇ "ਸੰਤੋਖ ਸਰ" "ਰਾਮ ਸਰ" ਜੇ,
ਸੜਦੇ ਦਿਲਾਂ ਦੀ ਅੱਗ ਬੁਝਾਣ ਵਾਲੇ।
ਚੰਦੂ ਚੰਦਰੇ ਰਤਾ ਵੀ ਸਮਝੀ ਨਾ,
'ਰਮਜ਼' 'ਉੱਚਤਾ' ਪੀਰਾਂ ਦੇ ਪੀਰ ਤੇਰੀ।
ਕੱਢੇ ਓਸਨੇ ਸਭ ਅਰਮਾਨ ਦਿਲ ਦੇ,
ਤਾਂ ਵੀ ਆਤਮਾ ਰਹੀ ਗੰਭੀਰ ਤੇਰੀ।
ਤੱਤੀ ਉਬਲਦੀ ਰੇਤ ਤੇ ਦੇਗ਼ ਅੰਦਰ,
ਜਦੋਂ ਦੇਹ ਡਿੱਠੀ ਮੀਆਂ ਮੀਰ ਤੇਰੀ।
ਮੱਥੇ ਮਾਰ ਦੁਹੱਥੜਾਂ ਪਿੱਟਿਆ ਓਹ,
ਵੇਖੀ ਗਈ ਨਾ ਇਹ ਤਸਵੀਰ ਤੇਰੀ।
"ਹੁਣੇ ਦਿੱਲੀ ਲਾਹੌਰ ਟਕਰਾ ਦਿਆਂ ਮੈਂ,
ਤੁਸੀਂ ਬਣੋ ਖਾਂ ਰਤਾ ਫੁਰਮਾਣ ਵਾਲੇ।"
ਉਸਨੂੰ ਸਾਂਤ ਉਪਦੇਸ਼ ਦੇ ਸ਼ਾਂਤ ਕੀਤਾ,
"ਸਾਈਂ ਸਿਦਕ ਰਖਣ ਅਣਖ ਆਣ ਵਾਲੇ।"
ਸਿੱਖੀ ਆਪਣੀ ਨੂੰ ਲੋਹਾਂ ਤੱਤੀਆਂ ਤੇ,
ਤੁਸਾਂ ਚੌਂਕੜੀ ਮਾਰਨੀ ਦੱਸ ਦਿਤੀ।
ਮੀਆਂ ਮੀਰ ਫਕੀਰ ਨੂੰ ਨਾਲ ਸੈਨਤ,
ਭਾਣੇ ਵਾਲੀ ਮੁਹਾਰਨੀ ਦੱਸ ਦਿਤੀ।
ਜੇਠੇ ਬਿੱਧੀਏ ਪੈੜੇ ਲੰਗਾਹੇ ਜੀ ਨੂੰ,
ਤੁਸਾਂ ਜਿੰਦੜੀ ਵਾਰਨੀ ਦੱਸ ਦਿੱਤੀ ।
ਵੇਲੇ ਲੋੜ ਦੇ ਆਪਣੇ ਬੱਚਿਆਂ ਨੂੰ,
ਤੁਸਾਂ ਸਾਂਤ-ਮਈ ਧਾਰਨੀ ਦੱਸ ਦਿੱਤੀ।
ਤਦੇ ਰੱਤ ਸ਼ਹੀਦੀ ਤੋਂ ਹੋਏ ਪੈਦਾ,
ਸਿਰ ਰੰਬੀਆਂ ਨਾਲ ਛਿਲਵਾਣ ਵਾਲੇ।
'ਪਿਆਰੇ ਆਰਿਆਂ ਦੇ ਗੀਤ ਗਾਣ ਵਾਲੇ,'
ਸ਼ਾਂਤਮਈ ਦਾ ਸਬਕ ਸਿਖਾਣ ਵਾਲੇ।
ਸਿਦਕ ਪੁੰਜ ਜੀ ! ਧਣੀ ਹੋ ਕਰਨੀਆਂ ਦੇ,
ਸਾਰਾ ਜਗ ਤਦੇ ਸੋਹਲੇ ਗਾ ਰਿਹਾ ਏ।
ਸਬਰ ਸ਼ਾਂਤ ਗੰਭੀਰਤਾ ਵੇਖਦੇ ਈ,
ਕੜਛ "ਸੀਸ ਨੂੰ ਸੀਸ ਨਿਵਾ ਰਿਹਾ ਏ।"
ਵੇਖ ਵੇਖ ਅਡੋਲਤਾ ਅੱਗ ਰੇਤਾ,
ਭੱਜਾ ਵੱਲ ਚਰਨਾਂ ਆਪੇ ਆ ਰਿਹਾ ਏ।
ਦੇਗ ਦਿਲ ਤੋਂ, ਆਪਦੀ ਕਰੇ ਪੂਜਾ,
ਸਮਾ ਦੇਹ ਤੇ ਫੁੱਲ ਚੜ੍ਹਾ ਰਿਹਾ ਏ।
ਵੇਖ ਵੇਖ ਕੁਰਬਾਨੀ ਨੂੰ ਆ ਮੁਹਾਰੇ,
ਜੁੜ ਗਏ ਹੱਥ ਦੋਵੇਂ ਰੇਤਾ ਪਾਣ ਨਾਲੇ।
ਏਸ ਸੱਚੀ ਸ਼ਹੀਦੀ ਨੂੰ ਵੇਖ ਨਿਤਰੇ,
ਸਿਰ ਧੜ ਵਾਲੀ ਬਾਜੀ ਲਾਣ ਵਾਲੇ।
26. ਨਵਾਂ ਸਕੂਲ
ਉੱਡੀ ਸੁਰਤ ਤਾਂ ਵੇਖਿਆ ਇਕ ਕੌਤਕ,
ਅਲੋਕਾਰ ਸਕੂਲ ਸੁਹਾ ਰਿਹਾ ਸੀ।
ਪ੍ਰੀਤਮ "ਪੰਜਵਾਂ" ਸਿਦਕ ਸਿਖਾਣ ਵਾਲਾ,
ਤੱਤੀ ਲੋਹ ਉੱਤੇ ਆਸਣ ਲਾ ਰਿਹਾ ਸੀ।
ਧਰਮ, ਸਿਦਕ, ਸਚਾਈ ਤੇ ਸ਼ਾਂਨਤੀ ਦੀ,
ਔਖੀ ਸੰਥਿਆ ਆਪ ਪੜ੍ਹਾ ਰਿਹਾ ਸੀ।
ਕਿਵੇਂ ਹੁਕਮ ਦੇ ਵਿਚ ਪ੍ਰਸੰਨ ਰਹੀਏ,
ਬੈਠਾ ਅੱਗ ਦੇ ਵਿੱਚ ਸਿਖਾ ਰਿਹਾ ਸੀ।
"ਮਰੋ ਧਰਮ ਬਦਲੇ ਸਿਦਕਵਾਨ ਹੋ ਕੇ",
ਅੱਖਰ ਰੱਤ ਦੇ ਨਾਲ ਲਿਖਾ ਰਿਹਾ ਸੀ।
ਕਦੇ ਲੋਹ ਤੇ ਚੌਂਕੜੀ ਲਾ ਰਿਹਾ ਸੀ।
ਕਦੇ ਉਬਲਦੀ ਦੇਗ ਵਿਚ ਨ੍ਹਾ ਰਿਹਾ ਸੀ।
ਭਾਣੇ ਜੱਗ ਦੇ ਉਲਟ ਸੀ ਖੇਲ ਐਪਰ,
ਭਾਣੇ ਵਿੱਚ ਉਹ ਭਾਣਾ ਵਰਤਾ ਰਿਹਾ ਸੀ।
ਏਕਾ ਇੱਕ ਉਂਗਲ ਨਾਲ ਦੱਸ ਪ੍ਰੀਤਮ,
ਏਕਾ ਕਰਨ ਤੇ ਮਰਨ ਸਿਖਾ ਰਿਹਾ ਸੀ।
ਡਿਠੇ ਕਈ ਵਿਦਿਆਰਥੀ ਪਾਸ ਬੈਠੇ,
ਕੋਈ ਲਿੱਖਦਾ ਕੋਈ ਪਕਾ ਰਿਹਾ ਸੀ।
ਵਾਰੋ ਵਾਰ ਵਿਦਿਆਰਥੀ ਪੁੱਛਦੇ ਸਨ,
ਹਰ ਗੱਲ ਉਹ ਆਪ ਸਮਝਾ ਰਿਹਾ ਸੀ।
ਮੀਆਂ ਮੀਰ ਵੀ 'ਰੱਖ ਲੌ ਰੱਖ ਲੌ' ਦੀ,
ਉਚੀ ਉਚੀ ਮੁਹਾਰਨੀ ਗਾ ਰਿਹਾ ਸੀ।
ਮਨੀ ਸਿੰਘ ਵੀ ਯਾਦ ਸਣਾ ਸੰਥਾ,
ਪੱਟੀ ਲਿੱਖ ਕੇ ਆਣ ਵਿਖਾ ਰਿਹਾ ਸੀ।
ਮਤੀ ਦਾਸ ਹੋ ਗਿਆ ਜੀ ਪਾਸ ਜੇਹੜਾ,
ਉਹ ਵੀ ਗੀਤ ਸ਼ਹੀਦੀ ਦੇ ਗਾ ਰਿਹਾ ਸੀ।
'ਲਛਮਣ' ਅਤੇ 'ਦਲੀਪ' ਜਾਂ ਵੜੇ ਅੰਦਰ,
ਉਨ੍ਹਾਂ ਪਿਛੇ ਵਹੀਰ ਇਕ ਆ ਰਿਹਾ ਸੀ।
'ਕਰਮ' ਅਤੇ 'ਪ੍ਰਤਾਪ' ਫਿਰ ਨਜ਼ਰ ਆਏ,
ਇੰਜਨ ਉਨ੍ਹਾਂ ਨੂੰ ਦਲਦਾ ਜਾ ਰਿਹਾ ਸੀ।
ਮੀਂਹ ਰੱਤ ਦਾ ਫਿਰ ਉਥੇ ਵਰ੍ਹਨ ਲੱਗਾ,
ਜੈਤੋ ਵਿਚ ਇਹ ਸਾਕਾ ਵਿਹਾ ਰਿਹਾ ਸੀ।
ਬੋਲੇ ਸਤਿਗੁਰੂ ਧਰਮ ਦੀ ਜੈ ਹੋਏ,
ਨੂਰ ਨਵਾਂ ਹੀ ਮੁਖ ਤੇ ਛਾ ਰਿਹਾ ਸੀ।
ਧਰਮ ਸੱਚ ਦੇ ਪੂਰਨੇ ਪਾਣ ਵਾਲਾ,
ਧਰਮ ਸੱਚ ਦੇ ਪੂਰਨੇ ਪਾ ਰਿਹਾ ਸੀ।
ਖਿੜਕੀ ਖੜਕ ਕੇ ਰੰਗ ਪਲਟਾ ਦਿੱਤਾ,
ਸਮਾ ਸੁਰਤ ਦਾ ਮੇਲਦਾ ਆ ਰਿਹਾ ਸੀ।
ਖੁਲ੍ਹੀ ਅੱਖ ਤਾਂ ਸਾਹਮਣੇ ਵੇਖਿਆ ਕੀ?
ਤੇਲ ਖੁਣੋਂ ਦੀਵਾ ਟਿਮ ਟਿਮਾ ਰਿਹਾ ਸੀ।
27. ਦਰਦ ਕਹਾਣੀ
ਨਾ ਯਾਦ ਕਰਾਣੀ, ਉਹ ਦਰਦ ਕਹਾਣੀ।
ਉਹ ਦੇਗ ਉਬਲਦੀ, ਉਹ ਖੌਲਦਾ ਪਾਣੀ।
ਵਿੱਚ ਬੈਠਾ ਮਾਹੀ, ਰੱਬ ਦੇ ਰੰਗ ਰੱਤਾ।
ਉਹ ਚੰਦ ਭਾਨੀ ਦਾ, ਉਹ ਜੋਬਨ ਮੱਤਾ।
ਉਹ ਪ੍ਰੀਤ ਦਾ ਭਰਿਆ, ਉਹ ਗੀਤ ਦਾ ਭਰਿਆ।
ਉਹ ਬੁਲ੍ਹ ਫੁਰਕਦੇ, ਉਹ ਨੈਣ ਝਮੱਕਦੇ।
ਉਹ ਰੂਪ ਇਲਾਹੀ, ਉਹ ਬੇਪਰਵਾਹੀ।
ਜਦ ਚੇਤੇ ਆਉਣ, ਦੇਗੇ ਦੇ ਉਬਾਲੇ।
ਤਦ ਦਿਲ ਮੇਰੇ ਤੇ, ਪੈ ਜਾਂਦੇ ਨੇ ਛਾਲੇ।
ਨਾ ਯਾਦ ਕਰਾਣੀ, ਉਹ ਦਰਦ ਕਹਾਣੀ।
ਉਹ ਲੋਹ 'ਅੱਗ-ਤੱਤੀ', ਉਹ ਅੱਗ, ਅੱਗ ਲਾਣੀ।
ਇਕ ਸੋਹਣੀ ਸੂਰਤ, ਇਕ ਮੋਹਣੀ ਮੂਰਤ।
ਅੱਗ ਨੂੰ 'ਜਲ' ਜਾਣੇ, ਪਈ ਮੌਜਾਂ ਮਾਣੇ।
ਵਿੱਚ ਅੱਗ ਦੇ ਬੈਠੀ, ਕਹਿ "ਰੱਬ ਦੇ ਭਾਣੇ"।
'ਆਸਨ' ਉਹ ਅਨੋਖਾ, ਉਹ ਮਗਨ 'ਸਮਾਧੀ'।
ਉਹ 'ਹਰਿ ਦਾ ਹਿਮਾਲਾ, ਜਿਸ ਸਾਧਨਾ ਸਾਧੀ।
'ਲੋਹ' ਚੇਤੇ ਕਰਕੇ, ਮੇਰਾ ਲੂੰ ਲੂੰ, ਕੰਬੇ।
ਨਾੜਾਂ 'ਚੋਂ ਨਿਕਲਣ, ਪਏ ਅੱਗ ਅਲੰਬੇ।
ਨਾ ਯਾਦ ਕਰਾਣੀ, ਉਹ ਦਰਦ ਕਹਾਣੀ।
ਉਹ ਰੇਤ ਝਲੂਹਣੀ, ਉਹ ਸਾੜ ਵਧਾਣੀ।
ਉਹ ਸਿਰ ਤੋਂ ਪੈਂਦੀ, ਫਿਰ ਪੈਰੀਂ ਢਹਿੰਦੀ।
ਪਰ ਮੇਰਾ ਮਾਹੀ, ਵਿੱਚ ਬੇ ਪਰਵਾਹੀ।
ਰੰਗ ਝੂਮਾਂ ਲੈਂਦਾ, ਕਹੇ 'ਅਲਤਾ' ਹੈ ਪੈਂਦਾ।
ਨਹੀਂ ਰੇਤ ਇਹ ਵਰ੍ਹਦੀ ਇਹ ਨੇਤ ਹੈ ਹਰਿ ਦੀ।
ਮੇਰੇ ਸਾਈਂ ਦੇ ਦਰ ਦੇ, ਪਏ ਫੁੱਲ ਨੇ ਵਰ੍ਹਦੇ।
ਜਦ ਰੇਤ ਦੀ ਝਾਕੀ, ਮੇਰੇ ਨੈਣਾਂ ਚਿ ਫਿਰਦੀ।
ਤਦ ਪੈਰਾਂ ਦੇ ਹੇਠੋਂ, ਪਈ ਮਿਟੀ ਏ ਕਿਰਦੀ।
ਨਾ ਯਾਦ ਕਰਾਣੀ, ਉਹ ਦਰਦ ਕਹਾਣੀ।
ਉਹ ਨੰਗੀਆਂ ਤੇਗਾਂ, ਉਹ ਰੁਤ ਜਰਵਾਣੀ।
ਉਹ ਰਾਵੀ ਦਾ ਕੰਢਾ, ਉਹ ਅੰਤ ਦੀਦਾਰੇ।
ਉਹ ਪ੍ਰੀਤਮ ਪਿਆਰਾ, ਉਹ ਪ੍ਰੀਤਮ ਪਿਆਰੇ।
ਉਹ ਅੰਤਿਮ ਸਿਖਿਆ, ਉਹ ਅੰਤਮ ਗੱਲਾਂ।
ਉਹ ਮਾਹੀ ਦੀ ਟੁਭੀ, ਉਹ ਪਾਣੀ ਤੇ ਛੱਲਾਂ।
ਰਾਵੀ ਰੱਵ ਜਾਣਾ, ਫਿਰ ਨਜ਼ਰ ਨਾ ਆਣਾ।
ਜਦ ਚੇਤੇ ਆਵੇ, ਲੱਖ ਲੱਗਣ ਚੋਭਾਂ।
ਤਕ ਤਕ ਕੇ ਰਾਵੀ, ਦਿਲ ਖਾਵੇ ਡੋਬਾਂ।
ਨਾ ਯਾਦ ਕਰਾਣੀ, ਉਹ ਦਰਦ ਕਹਾਣੀ।
28. ਰਾਵੀਏ ਨੀ !
ਤੇਰੇ ਕੰਢਿਆਂ ਤੇ ਜਦੋਂ ਆਵੀਏ ਨੀ।
ਵੇਖ ਅੱਖੀਆਂ ਤੋਂ ਉਛਲ ਜਾਵੀਏ ਨੀ।
ਲਹਿਰਾਂ ਤੇਰੀਆਂ ਤੇ ਨੀਝਾਂ ਲਾ ਲਾ ਕੇ,
ਲੁਕੇ ਮਾਹੀ ਤੇ ਨਿਗ੍ਹਾ ਟਿਕਾਵੀਏ ਨੀ।
ਦੇਗੇ ਵਾਂਗ ਨੀ ! ਉਬਲਦੇ ਦਿੱਲ ਸਾਡੇ,
ਸੀਨਾ ਤਵੀ ਵਾਙੂ ਜਾਂਦਾ ਤੱਪ ਅੜੀਏ।
ਦੱਸ ਕਿਥੇ ਲੁਕਾਇਆ ਈ ਰੱਬ ਸਾਡਾ?
ਤੱਤੀ ਰੇਤ ਤੇ ਵਗਦੀਏ ਰਾਵੀਏ ਨੀ!
ਲਹਿਰਾਂ ਤੇਰੀਆਂ ਬਾਲ ਨੇ ਅੱਗ ਰਹੀਆਂ,
ਸੀਨੇ ਕਾਤੀਆਂ ਵਾਙ ਹਨ ਲੱਗ ਰਹੀਆਂ।
ਠਾਠਾਂ ਤੇਰੀਆਂ ਆਂਦਰਾਂ ਲੂਹਣ ਪਈਆਂ,
ਕਾਂਗਾਂ ਤੇਰੀਆਂ, ਅੱਖੀਆਂ ਵਗ ਰਹੀਆਂ।
ਛਲਾਂ ਤੇਰੀਆਂ ਸੁੱਟਦੀਆਂ ਝੱਗ ਮੋਈਏੇ,
ਰਹੀਆਂ ਵਾਙ ਅੰਗਿਆਰ ਦੇ ਮਗ੍ਹ ਮੋਈਏ।
ਸੜਨ ਹੱਥ, ਜੇ ਤੈਨੂੰ ਛੁਹਾਵੀਏ ਨੀ,
ਤੱਤੀ ਰੇਤ ਤੇ ਵਗਦੀਏ ਰਾਵੀਏ ਨੀ!
ਦੇਗ ਉਬਲਦੀ ਤੇਰੇ ਉਬਾਲਿਆਂ ਦੀ।
ਤੇਰੇ ਬੁਲਬਲੇ ਨੇ ਸ਼ਕਲ ਛਾਲਿਆਂ ਦੀ।
ਤੇਰੀ ਸਾਂ ਸਾਂ ਚੰਦੂ ਦੀ ਨੂੰਹ ਕੂਕੇ,
ਘੁੰਮਣ ਘੇਰ ਰੇਖਾ ਕਰਮਾਂ ਕਾਲਿਆਂ ਦੀ।
ਕੰਢੇ ਦੋਏ ਨੀ ਸੀਨੇ ਦੇ ਫਟ ਮੋਈਏ,
ਖੋਲ੍ਹ ਦਿਲ ਦੀਆਂ ਘੁੰਡੀਆਂ ਝਟ ਮੋਈਏ।
ਐਵੇਂ ਭੇਤ ਨਾ ਪਏ ਛੁਪਾਵੀਏ ਨੀ।
ਤੱਤੀ ਰੇਤ ਤੇ ਵਗਦੀਏ ਰਾਵੀਏ ਨੀ!
ਰਾਵੀ ਵਲੋਂ:-
"ਜੀਵਣ ਜੋਗਿਆ ! ਕਰੀਂ ਨਾ ਰੋਹ ਮੈਨੂੰ।
ਚੇਤੇ ਆਂਵਦੀ ਏ ਸਦਾ ਲੋਹ ਮੈਨੂੰ।
ਦੇਗ ਉਬਲਦੀ ਅੱਖੀਆਂ ਵਿਚ ਰਹਿੰਦੀ,
ਰਹਿੰਦੀ ਸਾੜਦੀ ਰਾਤ ਦੇਂਹ ਓਹ ਮੈਨੂੰ।
ਤੱਤੀ ਰੇਤ ਜੋ ਓਸ ਤੇ ਰਹੀ ਪੈਂਦੀ,
ਉਹੋ ਸਾੜਦੀ ਹੈ ਮੇਰਾ ਦਿਲ ਰਹਿੰਦੀ।
ਤੱਤੀ ਰੇਤ ਨੂੰ ਮੈਂ ਤਾਂ ਬੁਝਾ ਰਹੀਆਂ।
ਨਹੀਂ ਵਗਦੀ! ਹੰਝੂ ਵਹਾ ਰਹੀਆਂ।
ਮਿਲਿਆ ਜਿਹਾ, ਮੁੜ ਕੇ ਮਿਲਣਾ ਮੁੱਕ ਗਿਆ।
ਮੇਰੇ ਵਿੱਚ ਲੁਕਿਆ ਮੈਥੋਂ ਲੁੱਕ ਗਿਆ।
ਮੇਰੀ ਹਿੱਕ ਤੇ ਯਾਦ ਦੇ ਪੈਣ ਛਾਲੇ,
ਰੋ ਰੋ ਅੱਖੀਆਂ ਦਾ ਨੀਰ ਸੁੱਕ ਗਿਆ।
ਉਹਦੇ ਅਜੇ ਤਕ ਲੱਭਦੀ ਭੇਤ ਹਾਂ ਮੈਂ।
ਪਈ ਠਾਰਦੀ ਸੜੀ ਹੋਈ ਰੇਤ ਹਾਂ ਮੈਂ।
ਉਹਦੀ ਯਾਦ ਜਦ 'ਤੀਰ' ਜੀ ਆ ਜਾਂਦੀ।
ਮੇਰੀ ਹਿੱਕ ਉੱਤੇ ਛਾਲੇ ਪਾ ਜਾਂਦੀ।
29. ਦਰਦ-ਕਹਾਣੀ ਮਰਦ-ਕਹਾਣੀ
ਉਹ ਸਾਦ-ਮੁਰਾਦੀ ਸੂਰਤ ਸੀ,
ਉਸ ਪ੍ਰੀਤ-ਸਮਾਧੀ ਲਾਈ ਸੀ।
ਭੋਰੇ ਵਿੱਚ ਛੱਬੀ ਸਾਲ ਉਨ੍ਹੇਂ,
ਬਹਿ ਜੀਵਨ-ਜੋਤ ਜਗਾਈ ਸੀ।
ਲੋਕਾਂ ਲਈ 'ਤੇਗ਼ਾ ਕਮਲਾ' ਸੀ,
ਉਸਦੀ ਪਰ ਸੂਝ ਸਿਆਣੀ ਸੀ।
ਉਸ ਕੋਮਲ-ਚਿੱਤ ਦੀ ਕਹਿੰਦੇ ਨੇ,
ਬਾਣਾਂ ਤੋਂ ਵੱਧ ਕੇ ਬਾਣੀ ਸੀ।
ਮਸਤੀ ਵਿੱਚ ਰਹਿ ਕੇ ਮਸਤ ਸਦਾ,
ਉਹਲੇ ਹੋ ਸਮਾਂ ਲੰਘਾਂਦਾ ਸੀ।
ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ,
ਪਰ ਡੁੱਬਦੇ ਸਦਾ ਬਚਾਂਦਾ ਸੀ।
ਪਰਲੋ ਤੱਕ ਰਲਕੇ ਕਲਮਾਂ ਨੇ,
ਓਸੇ ਦੀ ਮਹਿਮਾ ਗਾਣੀ ਹੈ।
ਸੱਜਣੋ ! ਉਹ ਦਰਦ-ਕਹਾਣੀ ਹੈ,
ਮਿਤਰੋ ! ਉਹ ਮਰਦ-ਕਹਾਣੀ ਹੈ।
ਉਸ ਪਾਟੇ ਦਿਲ ਦਰ-ਆਇਆਂ ਦੇ,
ਪਲਕਾਂ ਵਿੱਚ ਚੁੱਕ ਚੁੱਕ ਸੀਤੇ ਸੀ।
ਉਸ ਡੁਲ੍ਹਦੇ ਹੰਝੂ ਚੁੰਮ ਚੁੰਮ ਕੇ,
ਰੋ ਰੋ ਕੇ ਸਾਂਝੇ ਕੀਤੇ ਸੀ।
ਉਸ ਬਾਂਹ ਫੜੀ ਜਿਸ ਡਿੱਗਦੇ ਦੀ,
ਜੀਉਂਦੇ ਕੀ ? ਮਰ ਕੇ ਛੋੜੀ ਨਾ।
ਲਾ ਪ੍ਰੀਤ ਨਾਲ ਮਜ਼ਲੂਮਾਂ ਦੇ,
ਡਰ ਜ਼ੁਲਮੋਂ ਮੌਤੋਂ ਤੋੜੀ ਨਾ।
ਉਹ ਚੰਨ, ਚਾਨਣੀ ਕਰਨੀ ਦੀ,
ਬਹਿ ਦਿੱਲੀ ਵਿੱਚ ਖਿਲਾਰ ਗਿਆ।
ਉਹ ਡੁੱਬ ਸ਼ਾਹ-ਰਗ ਦੀ ਰੱਤ ਅੰਦਰ,
ਡੁੱਬਦੀ ਹੋਈ ਭਾਰਤ ਤਾਰ ਗਿਆ।
ਉਸ ਮਸਤ ਬਕਾਲੇ ਵਾਲੇ ਦੀ,
ਨਾ ਮਹਿਮਾ ਜੱਗ ਨੇ ਜਾਣੀ ਹੈ।
ਸੱਜਣੋ ! ਉਹ ਦਰਦ-ਕਹਾਣੀ ਹੈ,
ਮਿਤਰੋ ! ਉਹ ਮਰਦ-ਕਹਾਣੀ ਹੈ।
ਉਸ ਕੇਸਰ ਲੈ ਕੇ ਸ਼ਾਹ-ਰਗ 'ਚੋਂ,
ਹੱਸ ਤਿਲਕ ਲਗਾਇਆ ਪੰਡਤ ਨੂੰ।
ਉਸ ਸੂਤਰ ਵਟਿਆ ਆਂਦਰ ਦਾ,
ਉਸ ਜੰਞੂ ਪਾਇਆ ਪੰਡਤ ਨੂੰ।
ਉਹ ਲੜਿਆ ਬਿਨ ਹਥਿਆਰਾਂ ਤੋਂ,
ਪਰ ਜ਼ੁਲਮੀਂ ਤੇਗ਼ਾਂ ਤੋੜ ਗਿਆ।
ਉਹ ਗੂੰਦ ਲਗਾ ਮਿੱਝ ਚਰਬੀ ਦੀ,
ਟੁੱਟੇ ਹੋਏ ਰਿਸ਼ਤੇ ਜੋੜ ਗਿਆ।
ਪ੍ਰਣ ਕਰਕੇ ਘਰ ਤੋਂ ਟੁਰਿਆ ਸੀ,
ਸਿਰ ਗਾਂਦਾ ਗਾਂਦਾ ਵਾਰ ਗਿਆ।
ਪੱਥਰਾਂ ਦੇ ਹੰਝੂ ਫੁੱਟ ਨਿਕਲੇ,
ਜਿੰਦ ਉਹ ਮੁਸਕਾਂਦਾ ਵਾਰ ਗਿਆ।
ਜੀਉਣਾ ਜਾਂ ਮਰਨਾ ਦੁਨੀਆਂ 'ਤੇ,
ਇਕ ਖੇਡ ਜਿਹੀ ਜਿਸ ਜਾਣੀ ਹੈ।
ਉਸਦੀ ਇਹ ਦਰਦ-ਕਹਾਣੀ ਹੈ,
ਉਸਦੀ ਇਹ ਮਰਦ-ਕਹਾਣੀ ਹੈ।
ਤਪ ਤਪ ਕੇ ਤੇਗ਼ੇ ਕਮਲੇ ਤੋਂ,
ਜਦ ਤੇਗ਼ ਬਹਾਦਰ ਬਣਿਆ ਉਹ।
ਦਿਲ ਭਰ ਕੇ ਦਿੱਲੀ ਪਹੁੰਚ ਗਿਆ,
ਹੱਸ ਹਿੰਦ ਦੀ ਚਾਦਰ ਬਣਿਆ ਉਹ।
ਓਸੇ ਦੇ ਲਹੂ ਦੀ ਲਾਲੀ ਹੈ,
ਅੱਜ ਭਾਰਤ ਦੀਆਂ ਬਹਾਰਾਂ 'ਤੇ।
ਓਸੇ ਦੀ ਰੱਤ ਦੀ ਰੰਗਣ ਹੈ,
ਕਸ਼ਮੀਰ ਦੀਆਂ ਗੁਲਜ਼ਾਰਾਂ 'ਤੇ।
ਚੰਨ ਰਾਤੀਂ ਉਸਦੇ ਮੰਦਰ 'ਤੇ,
ਤਾਹੀਏਂ ਤਾਂ ਚੌਰੀ ਕਰਦਾ ਹੈ।
ਤਾਰੇ ਤੱਕ ਉਸਨੂੰ ਜੀਉਂਦੇ ਨੇ,
ਸੂਰਜ ਵੀ ਉਸ 'ਤੇ ਮਰਦਾ ਹੈ।
ਜਿਸ ਚੌਕ ਚਾਂਦਨੀ ਵਿੱਚ ਬਹਿ ਕੇ,
ਤਲਵਾਰਾਂ ਦੀ ਛਾਂ ਮਾਣੀ ਹੈ।
ਉਸਦੀ ਇਹ ਦਰਦ-ਕਹਾਣੀ ਹੈ,
ਉਸਦੀ ਇਹ ਮਰਦ-ਕਹਾਣੀ ਹੈ।
30. ਸੇਵਕ ਦੀ ਸੇਵਾ
ਪਾਣੀ ਢੋਣ ਦੀ ਸਤਿਗੁਰਾਂ ਕਾਰ ਸੌਂਪੀ,
ਸਿਦਕ ਨਾਲ ਢੋਵੇ ਅਮਰ ਦਾਸ ਪਾਣੀ।
ਪਾਣੀ-ਪ੍ਰੇਮ ਵਗਦਾ ਨੈਣਾਂ ਵਿਚ ਤੱਕ ਕੇ,
ਅਮਰ ਦਾਸ ਨੂੰ ਦਏ ਬਿਆਸ ਪਾਣੀ।
ਪਦਵੀ ਏਸ ਪਾਣੀ ਗੁਰੂ ਆਪਣੇ ਦੀ,
ਲਿਖੇ ਇਸ ਤਰ੍ਹਾਂ ਰੋਜ਼ ਇਤਿਹਾਸ ਪਾਣੀ।
ਵੇਖੋ ! ਸਿਦਕ ਤੇ ਪ੍ਰੇਮ ਦੀ ਛੁਹ ਲੈ ਕੇ,
ਕਿਵੇਂ ਬਣ ਗਿਆ ਪ੍ਰੇਮ ਦੀ ਰਾਸ ਪਾਣੀ।
ਅਮਰ ਦਾਸ ਜੱਗ 'ਤੇ ਅਮਰ ਹੋਣ ਖ਼ਾਤਰ,
ਪਾਣੀ ਭਰਨ ਲਗਾ, ਪਾਣੀ ਢੋਣ ਲੱਗਾ।
ਚਰਨ ਧੋ ਧੋ ਆਪਣੇ ਸਤਿਗੁਰਾਂ ਦੇ,
ਦਾਗ਼ ਆਪਣੇ ਰਿਦੇ ਦੇ ਧੋਣ ਲੱਗਾ।
ਅੰਗਦ ਸਤਿਗੁਰੂ ਦੀ ਜਿਹੜੀ ਪ੍ਰੇਮ-ਮਾਲਾ,
ਰੂਹ ਨੂੰ ਓਸਦੇ ਵਿੱਚ ਪਰੋਣ ਲੱਗਾ।
ਪ੍ਰੇਮ ਵਿੱਚ ਅੰਗਦ ਨਾਨਕ ਰੂਪ ਹੋਇਆ,
ਅੰਗਦ ਰੂਪ ਤੀਜਾ ਅਮਰ ਹੋਣ ਲੱਗਾ।
ਗਾਗਰ ਸੀਸ ਤੇ ਪ੍ਰੇਮ ਵਿੱਚ ਲੀਨ ਹੋਇਆ,
ਵਗਣ ਨੈਣ ਪਾਣੀ ਲੈਣ ਧਾਈ ਜਾਂਦਾ।
ਟੁਰੇ ਪਿੱਠ ਪਰਨੇ ਗੁਰੂ ਮੁੱਖ ਧਰ ਕੇ,
ਗੁਰੂ ਰੂਪ ਹੋਇਆ, ਗੁਰੂ ਗਾਈ ਜਾਂਦਾ।
ਏਧਰ ਗੁਰੂ ਨੂੰ ਸਿੱਖ ਧਿਆਏ ਪਿਆ,
ਉਧਰ ਸਿੱਖ ਨੂੰ ਗੁਰੂ ਧਿਆਈ ਜਾਂਦਾ।
ਦੋਹਾਂ ਦਿਲਾਂ ਅੰਦਰ ਸਦਾ ਰਹਿਣ ਵਾਲੀ,
ਰੱਬੀ ਜੋਤ ਪ੍ਰੇਮ ਜਗਾਈ ਜਾਂਦਾ।
ਪਾਣੀ ਲੈ ਕੇ ਪਰਤਿਆ ਗੁਰੂ-ਭੌਰਾ,
ਕਾਲੀ ਰਾਤ ਅਨ੍ਹੇਰ ਗੁਬਾਰ ਦੀ ਹੈ।
ਰਾਹੋਂ ਖੁੰਝਿਆ ਤੇ ਖੱਡੀ ਵਿੱਚ ਢੱਠਾ,
ਮੂੰਹ ਤੋਂ ਨਿਕਲੀ ਸਦ ਕਰਤਾਰ ਦੀ ਹੈ।
ਖੜਕ ਸੁਣ ਜੁਲਾਹੇ ਜਾਂ ਪੁੱਛ ਕੀਤੀ,
'ਬੋਲੀ' ਇਉਂ ਜੁਲਾਹੀ ਚਾ ਮਾਰਦੀ ਹੈ।
ਡਿੱਗੀ 'ਅਮਰੂ ਨਿਥਾਵੇਂ' ਦੀ ਦੇਹ ਬੁੱਢੀ,
ਸੁੱਧ ਬੁੱਧ ਨਾ ਜਿਨੂੰ ਪਰਵਾਰ ਦੀ ਹੈ।
ਸੂਰਜ ਚੜ੍ਹਦਿਆਂ ਈ ਜਾਗੀ ਕੁੱਲ ਦੁਨੀਆਂ,
ਅਮਰ ਦਾਸ ਦੇ ਵੀ ਜਾਗੇ ਭਾਗ ਵੇਖੋ।
ਸੱਚੇ ਪਾਤਸ਼ਾਹ ਨੇ ਕੋਲ ਸੱਦ ਲੀਤਾ,
ਲਾਈ ਆਪਣੀ ਜੋਤ ਦੀ ਜਾਗ ਵੇਖੋ।
ਗੱਦੀ ਆਪਣੀ ਉੱਤੇ ਬਿਠਾਲ ਦਿੱਤਾ,
ਅਮਰਦਾਸ ਦੇ ਈ ਗਾਵੇ ਰਾਗ ਵੇਖੋ।
ਪੀ ਪੀ ਪ੍ਰੇਮ ਦਾ ਨਿਤਰਿਆ ਸ਼ੁੱਧ ਪਾਣੀ,
ਹੋਰ ਖਿੜ ਪਿਆ ਨਾਨਕੀ ਬਾਗ਼ ਵੇਖੋ।
ਮੱਥਾ ਟੇਕ ਕੇ ਆਖਦੇ ਗੁਰੂ ਅੰਗਦ,
ਅਮਰ ਦੇਵ ਹੈ ਮਾਣ ਨਿਮਾਣਿਆਂ ਦਾ।
ਇਹੋ ਓਟ ਹੈ ਇੱਕ ਨਿਓਟਿਆਂ ਦੀ,
ਸੱਚਾ ਤਾਣ ਹੈ ਇਹੋ ਨਿਤਾਣਿਆਂ ਦਾ।
ਸਾਰੇ ਜੱਗ ਦਾ ਇਹ ਪ੍ਰੇਮ-ਆਸਰਾ ਹੈ,
ਜਾਣੇ ਭੇਦ ਕੀ ਦਿਲ ਅੰਜਾਣਿਆਂ ਦਾ।
'ਤੀਰ' ਗੁਰੂ ਈ ਜਗ 'ਤੇ ਜਾਣਦਾ ਏ,
ਭੇਦ ਆਪਣੇ ਚੋਜਾਂ ਤੇ ਭਾਣਿਆਂ ਦਾ।
31. ਸਿੱਖੀ
ਹੈਂਕੜ ਵਿਚ ਆ ਹੈਂਕੜੀ ਦਿੱਲ ਮੇਰੇ,
ਇਕ ਦਿਨ ਆਪਣੀ ਸਿੱਖੀ ਤੇ ਮਾਨ ਕੀਤਾ।
ਲੱਗਾ ਕਹਿਣ:-"ਨਹੀਂ ਕੁਈ ਕੁਰਹਿਤ ਕੀਤੀ,
ਅੰਮ੍ਰਿਤ ਗੁਰੂ ਦਾ ਜਦੋਂ ਦਾ ਪਾਨ ਕੀਤਾ।
ਨਾਲੇ ਔਹ ਕੀਤਾ, ਨਾਲੇ ਆਹ ਕੀਤਾ।
ਭੁਖੇ ਨੰਗਿਆਂ ਨੂੰ ਬੜਾ ਦਾਨ ਕੀਤਾ।
ਹਾਂ ! ਮੈਂ ਤਰਨ ਤਾਰਨ ਅੰਮ੍ਰਿਤਸਰ ਜਾ ਜਾ,
ਕੀਤੀ ਯਾਤਰਾ ਜਪ ਇਸ਼ਨਾਨ ਕੀਤਾ।
ਇੱਕਾ ਇੱਕ ਖਿਆਲ ਵਿੱਚ ਲੀਨ ਹੋ ਕੇ,
ਤਵਾਰੀਖ ਵੱਲੇ ਜਾਂ ਧਿਆਨ ਕੀਤਾ।
ਪਾਈ ਝਾੜ ਡਾਢੀ, ਸੱਚੇ ਅੱਖਰਾਂ ਨੇ,
ਉਨ੍ਹਾਂ ਇੱਕ-ਜ਼ਬਾਨ ਬਿਆਨ ਕੀਤਾ।
ਨਾਂ ਧਰੀਕ ਸਿੱਖਾ ! ਤੇਰੀ ਮੱਤ ਮਾਰੀ,
ਪਿਆ ਆਪਣੀ ਸਿੱਖੀ ਤੇ ਫੁੱਲਦਾ ਏਂ?
ਉਏ! ਮੋਤੀਆ !! ਝੂਠਿਆ ! ਕੱਚ ਦਿਆ?
ਲਾਲਾਂ ਨਾਲ ਤੂੰ ਅੱਜ ਪਿਆ ਤੁੱਲਦਾ ਏਂ?
ਤੈਨੂੰ ਪਤਾ ਏ ਸਿੱਖੀ ਦਾ ਮੁੱਲ ਕੀ ਏ?
ਅਤੇ ਤੂੰ ਵਿੱਚੋਂ ਕਿਹੜੇ ਮੁੱਲ ਦਾ ਏਂ?
ਰਤਾ ਆਪਣੇ ਆਪ ਵਿਚ ਸੋਚ ਤਾਂ ਸਹੀ,
'ਸੱਚਾ ਸਿੱਖ ਹੈਂ' ਤੂੰ ਯਾਂ ਕਿ ਭੁੱਲਦਾ ਏਂ।
ਸਿੱਖੀ 'ਲਹਿਣੇ' 'ਭਿਖਾਰੀ' ਤੇ 'ਮੰਝ' ਦੀ ਏ,
ਜਿਨ੍ਹਾਂ ਸਤਿਗੁਰੂ ਨੂੰ ਆਪਾ ਦਾਨ ਕੀਤਾ।
ਆਪ ਤਰੇ ਤੇ ਤਾਰਿਆ ਜੱਗ ਸਾਰਾ,
ਜਿਨ੍ਹਾਂ ਵੇਖਿਆ ਭਗਤ ਭਗਵਾਨ ਕੀਤਾ।
ਓਇ ! ਆਪ-ਸ੍ਵਾਰਥੀ ਖੁੱਦ ਗਰਜ਼ਾ!
ਸਾਰ ਸਿੱਖੀ ਦੀ ਤੇਰੀ ਬਲਾ ਜਾਣੇ।
ਸਿੱਖੀ ਓਸਦੀ ਹੱਸਦਾ ਹੱਸਦਾ ਜੋ,
ਤਨ ਮਨ ਤੇ ਧਨ ਘੁਮਾ ਜਾਣੇ।
ਬਹੇਂ ਹੱਸ ਕੇ ਛਾਵੇਂ ਕਲਵੱਤਰਾਂ ਦੀ,
ਬਾਜੀ ਸਿਰਾਂ ਤੇ ਧੜਾਂ ਦੀ ਲਾ ਜਾਣੇ।
ਮੌਤ ਸਾਹਮਣੇ ਆਈ ਨੂੰ ਕਰੇ ਝੇਡਾਂ,
ਆਪ ਉੱਜੜੇ ਜਗਤ ਵਸਾ ਜਾਣੇ।
ਤੂੰ ਨਹੀਂ ਜਾਣਦਾ ? ਕਿ ਕਲਗੀਧਰ ਜੀ ਨੇ,
ਜਦੋਂ ਸਿੱਖੀ ਦਾ ਸੀ ਇਮਤਿਹਾਨ ਕੀਤਾ।
ਉਹਨਾਂ ਪੰਜਾਂ ਦੀ ਸਿੱਖੀ ਪ੍ਰਵਾਨ ਹੋਈ,
ਜਿਹਨਾਂ ਆਪਣਾ ਆਪ ਕੁਰਬਾਨ ਕੀਤਾ।
ਸਾਰ ਸਿੱਖੀ ਦੀ ਸੋਹਣਿਆਂ ਪੁੱਛ ਜਾਕੇ,
'ਬਾਈ ਧਾਰ' ਤੇ 'ਸਰਸੇ ਦੀ ਧਾਰ' ਕੋਲੋਂ।
ਪਤਾ ਲੈ 'ਚਮਕੌਰ ਦੀ ਗੜ੍ਹੀ' ਵਿਚੋਂ,
ਜਾਂ 'ਸਰਹਿੰਦ ਦੀ ਖੂਨੀ ਦੀਵਾਰ' ਕੋਲੋਂ।
ਜਾ ਕੇ ਪੁੱਛ ਸ਼ਹੀਦਾਂ ਦੀ ਚਰਖੜੀ ਤੋਂ,
ਜਾਂ ਫਿਰ ਦੀਪ ਸਿੰਘ ਜਹੇ ਸਰਦਾਰ ਕੋਲੋਂ।
ਪੁੱਛ ਦੇਗਾਂ ਕਲਵੱਤਰਾਂ ਰੰਬੀਆਂ ਤੋਂ,
'ਕਾਹਨੂੰ ਵਾਨ' ਦੀ ਸੰਘਣੀ ਬਾਰ ਕੋਲੋਂ।
ਪੜ੍ਹ ਲੈ ਲੇਖ 'ਸ਼ਹੀਦ' ਦੀ ਖੋਪਰੀ ਦਾ,
ਸਿਰੋਂ ਲੱਥਣਾ ਜਿਨ੍ਹੇ ਪਰਵਾਨ ਕੀਤਾ।
ਜਾਂ ਤੂੰ ਪੁੱਛ ਬੀਰੰਗਣਾਂ ਬੀਬੀਆਂ ਤੋਂ,
ਜਿਨ੍ਹਾ ਆਪਣਾ ਆਪ ਕੁਰਬਾਨ ਕੀਤਾ।
ਪਿੱਛੋਂ ਆਪਣੀ ਸਿੱਖੀ ਦੀ ਡੀਂਗ ਮਾਰੀਂ,
ਚੜ੍ਹਕੇ ਚਰਖੜੀ ਸਿੱਖ ਲੈ ਤੰਦ ਹੋਣਾ।
ਜੜ੍ਹ ਜ਼ੁਲਮ ਅਨਿਆਓਂ ਦੀ ਵੱਢਣੇ ਲਈ,
ਪਹਿਲੇ ਮੰੰਨ ਕੁਰਬਾਨੀ ਦਾ ਸੰਦ ਹੋਣਾ।
ਬੰਦ ਬੰਦ ਹੋਣਾ ਸਿੱਖ ਜਾਣਦਾ ਏ,
ਦੁਖੀ ਦਰਦੀਆਂ ਦਾ ਦਰਦਵੰਦ ਹੋਣਾ।
ਏਕਾ ਰੱਖਣਾ ਜੱਪਣਾ ਇਕ ਪਲ ਪਲ,
ਦੂਰੰਦੇਸ਼ ਹੋਣਾ ਜਥੇਬੰਦ ਹੋਣਾ।
ਕਦੇ ਨਿਘਰਿਆ ! ਦੱਸ ਖਾਂ ਸੋਚਿਆ ਈ?
ਕਾਹਦੇ ਲਈ ਹੈਸੀ ਅੰਮ੍ਰਿਤ ਪਾਨ ਕੀਤਾ।
ਐਵੇਂ ਫੋਕੀਆਂ ਈ ਟਾਹਰਾਂ ਮਾਰਕੇ ਜਾਂ,
ਜ਼ਾਹਿਰ ਚਾਹੁੰਦਾ ਏਂ ਸਿਦਕਵਾਨ ਕੀਤਾ।
ਸਿੱਖ ਚੱਲਦਾ ਖੰਡੇ ਦੀ ਧਾਰ ਉੱਤੇ,
ਸਦਾ ਹੱਸਕੇ ਖੇਡਦਾ ਜਾਨ ਉੱਤੇ।
ਮਰਕੇ ਮਰਦ ਦੇ ਵਾਂਗ ਸ਼ਹੀਦ ਹੁੰਦਾ,
ਆਉਣ ਦਏ ਨਾ 'ਸੀ' ਜ਼ਬਾਨ ਉੱਤੇ।
ਸੂਰਜ ਵਾਂਗ ਉਹ ਸੁੱਟਕੇ ਸਿਦਕ-ਕਿਰਨਾਂ,
ਲੱਸਾਂ ਮਾਰਦਾ ਜੱਗ ਜਹਾਨ ਉੱਤੇ।
ਮਰਦਾ ਮਰ ਕੇ ਜੀਉਂਦਾ ਅਮਰ ਹੁੰਦਾ,
ਟੋਟੇ ਹੋ ਜਾਂਦਾ ਅਣਖ ਆਨ ਉੱਤੇ।
ਵੇਲੇ ਸਿਰ ਤੈਨੂੰ ਸਵਾਧਾਨ ਕੀਤਾ,
ਖਬਰਦਾਰ ਜੇ ਮੂਰਖਾ ! ਮਾਨ ਕੀਤਾ।
'ਤੀਰ' ਓਸ ਦਿਨ ਸਿੱਖ ਸਦਵਾਇੰਗਾ ਤੂੰ,
ਜਿਸ ਦਿਨ ਆਪਣਾ ਆਪ ਕੁਰਬਾਨ ਕੀਤਾ ।
32. ਤਾਰਨ ਵਾਲਾ ਗਰੂ
ਗੁਰੂ ਅਮਰ ਦੇਵ ਜੇ ਮੇਹਰ ਕਰੇ, ਜੀ ਸੁਫਲਾ ਜੀਵਨ ਕਰ ਜਾਵੇ।
ਚਰਨਾਂ ਦੀ ਦੇਵੇ ਛੁਹ ਜਿਸ ਨੂੰ, ਉਹ ਸੜਦਾ ਬਲਦਾ ਠਰ ਜਾਵੇ।
ਮੇਹਰਾਂ ਦਾ ਬੱਦਲ ਜੇ ਕਿਧਰੇ, ਮੇਹਰਾਂ ਦੇ ਘਰ ਵਿਚ ਆ ਜਾਵੇ।
ਜਿਸ ਜਿਸ ਹਿਰਦੇ ਤੇ ਵਰ੍ਹ ਜਾਵੇ, ਉਸ ਉਸ ਵਿਚ ਅੰਮ੍ਰਿਤ ਭਰ ਜਾਵੇ।
ਜਿਸ ਖਡੀ ਵਿਚ ਉਹ ਡਿਗਿਆ ਸੀ, ਜੇ ਉਸਦੇ ਦਰ ਕੋਈ ਜਾ ਡਿੱਗੇ।
ਉਹ ਜੂਨ ਜਨਮ ਤੋਂ ਛੁੱਟ ਜਾਵੇ, ਮੁੜ ਫੇਰ ਨਾ ਜਮ ਦੇ ਦਰ ਜਾਵੇ।
ਜੋ ਆਣ ਬਾਉਲੀ ਉਸਦੀ ਵਿਚ, ਇਸ਼ਨਾਨ ਕਰੇ ਤੇ ਧਿਆਨ ਧਰੇ ।
ਜੇ ਪ੍ਰੇਮ ਉਹਦੇ ਵਿਚ ਡੁਬ ਜਾਵੇ, ਤਾਂ ਭਵ ਸਾਗਰ ਤੋਂ ਤਰ ਜਾਵੇ।
ਜੋ ਆਣ ਚੁਰਾਸੀ ਪਾਠ ਕਰੇ, ਓਸ ਦੇ ਚੌਰਾਸੀ ਪੌੜਾਂ ਤੇ।
ਕੱਟ ਫਾਸੀ ਗਲੋਂ ਚੁਰਾਸੀ ਦੀ, ਉਹ ਕਲਗੀਧਰ ਦੇ ਘਰ ਜਾਵੇ।
ਨਹੀਂ 'ਤੀਰ' ਜਮਾਂ ਦੇ ਵਸ ਪੈਂਦਾ, ਨਰਕਾਂ ਦੇ ਕੋਲੋਂ ਲੰਘਦਾ ਨਹੀਂ।
ਉਹ ਜੀਵਨ ਪਾਏ ਹਮੇਸ਼ਾਂ ਦਾ, ਜੋ ਇਸ ਦੇ ਦਰ ਤੇ ਮਰ ਜਾਵੇ।
33. ਸੋਢੀ ਪਾਤਸ਼ਾਹ
ਧੰਨ ਤੇਰੀ ਹੈ ਕਮਾਈ ਰਾਮਦਾਸ,
ਰੁੜ੍ਹ ਰਹੀ ਦੁਨੀਆ ਬਚਾਈ ਰਾਮਦਾਸ।
ਛਤਰ ਤੇਰਾ ਛਾਬੜੀ ਹੀ ਬਣ ਗਈ,
ਅਮਰ ਗੁਰ ਦਿਤੀ ਵਡਾਈ ਰਾਮਦਾਸ।
ਘੁੰਙਣੀਆਂ ਮੋਤੀ ਬਣੇ ਦੁਨੀਆ ਲਈ,
ਕਿਰਤ ਤੇਰੀ ਪ੍ਰਭੁ ਨੂੰ ਭਾਈ ਰਾਮਦਾਸ।
ਰੀਸ ਜਿਸ ਦੀ ਕਰ ਰਿਹਾ ਸਚ ਖੰਡ ਵੀ,
ਉਹ ਨਗਰੀ ਤੂੰ ਵਸਾਈ ਰਾਮਦਾਸ।
ਜੋਤ ਜਗਦੀ ਹੈ ਭੱਲੇ ਗੁਰ ਅਮਰ ਦੀ,
ਸਿਦਕ ਤੇਰੇ ਨੇ ਜਗਾਈ ਰਾਮਦਾਸ।
ਲਛਮੀ ਦਾਸੀ ਤੇਰੇ ਦਰਬਾਰ ਦੀ,
ਦਰ ਤੇਰੇ ਝੁਕਦੀ ਲੁਕਾਈ ਰਾਮਦਾਸ।
ਦੀਨ ਦੁਨੀਆ ਹੈਣ ਤੇਰੇ ਆਸਰੇ,
ਜਮ ਤੋਂ ਹੋਵੀਂ ਸਹਾਈ ਰਾਮਦਾਸ।
34. ਅੰਮ੍ਰਿਤ
ਗੁਰ ਕਲਗੀ ਵਾਲੇ, ਇੱਕ ਕਲਾ ਵਿਖਾਈ।
ਉਸ ਧੁਰ ਤੋਂ ਲੀਤੀ, ਭਗਤੀ ਸੱਚਿਆਈ।
ਫਿਰ ਉਸ ਵਿਚ ਪਾ ਲਈ, ਅਪਣੀ ਗੁਰਿਆਈ।
ਤੇ ਪਾ ਲਈ ਦਿਲ ਦੀ, ਗਰਮੀ ਠੰਢਿਆਈ।
ਬੇਦੋਸ਼ ਦੇ ਹੰਝੂ, ਥਾਂ ਪਾਣੀ ਦੀ ਪਾਏ।
ਤੇ ਦਰਦ ਦਿਲਾਂ ਦੇ, ਮਾਤਾ ਜੀ ਲਿਆਏ।
ਲੋਕਾਂ ਨੇ ਜੋ ਸਮਝੇ, ਅੱਜ ਤੀਕ ਪਤਾਸੇ।
ਉਹ ਪਤਾਸੇ ਨਹੀਂ ਸੀ, ਸਨ ਮਾਂ ਦੇ ਦਿਲਾਸੇ।
ਦੁਖਿਆਰ ਦਾ ਹਿਰਦਾ, ਫਿਰ ਬਾਟਾ ਬਣਾ ਕੇ।
ਇਹ ਅਦਭੁਤ ਨੁਸਖਾ, ਵਿਚ ਉਸ ਦੇ ਪਾ ਕੇ।
ਖੰਡੇ ਦੀਆਂ ਅਣਖਾਂ, ਵਿਚ ਫੇਰ ਘਸਾਈਆਂ,
ਨਿਰਵੈਰ ਪੁਣੇ ਦੀਆਂ, ਲੱਖ ਰਗੜਾਂ ਲਾਈਆਂ।
ਫਿਰ ਨਿਰਭਉ ਰੰਗ ਦੀ, ਖ਼ੁਦ ਗਾਵੀ ਬਾਣੀ।
ਤਦ ਅੰਮ੍ਰਿਤ ਹੋਇਆ, ਸੁਣ ਸੁਣ ਕੇ ਪਾਣੀ।
ਇਹ ਜਿਸ ਜਿਸ ਪੀਤਾ, ਉਸ ਪਲਟੀ ਕਾਂਇਆਂ।
ਕੀੜੀ ਪੀ ੫ਾ ਗਈ, ਹਾਥੀ ਦੀ ਪਾਂਇਆਂ।
ਚਿੜੀਆਂ ਪੀ ਕੀਤਾ, ਝਟ ਬਾਜ ਦਾ ਧਾਮਾ।
ਪੀ ਗਿਦੜਾਂ ਲੀਤਾ, ਝਟ ਸ਼ੇਰ ਦਾ ਜਾਮਾ।
ਇਹ ਜਿਸ ਦੇ ਸਿਰ ਤੇ, ਬਣ ਬਰਕਤ ਵਰ੍ਹਿਆ।
ਸਿਰ ਉਸ ਨੇ ਅਪਣਾ, ਹਸ ਹੱਥ ਤੇ ਧਰਿਆ।
ਜਿਸ ਜਿਸ ਦੀ ਨਾੜੀਂ, ਇਸ ਗੇੜੇ ਲਾਏ।
ਉਸ ਚੜ੍ਹ ਚੜ੍ਹ ਚਰਖੀਂ, ਚਾਤਰ ਚਕਰਾਏ।
ਜਿਸ ਜਿਸ ਨੂੰ ਇਸ ਨੇ, ਅਪਣੇ ਰੰਗ ਰੰਗਿਆ।
ਫੜ ਖੋਪਰ ਖਪਰੀ, ਉਸ ਸਿਦਕ ਹੀ ਮੰਗਿਆ।
ਜਿਸ ਮੂੰਹ ਇਹ ਪੀਤਾ, ਉਸ ਮੂੰਹ ਤੇ ਲਾਲੀ।
ਉਹ ਮੌਤ ਨੂੰ ਮਾਰੇ, 'ਹੋ ਅਮਰ ਅਕਾਲੀ'।
ਪੀ ਪੀ ਇਸ ਨੂੰ, ਡੰਝ ਲਾਹੀ ਕਈਆਂ।
ਧੁੰਮਾਂ ਹਨ ਇਦ੍ਹੀਆਂ, ਜਗ ਅੰਦਰ ਪਈਆਂ।
ਮਾਵਾਂ ਨੂੰ ਰੰਗਣਾਂ, ਜਦ ਇਸ ਦੀਆਂ ਚੜ੍ਹੀਆਂ।
ਗਲ ਹਾਰ ਪੁਆ ਲਏ, ਲਾਲਾਂ ਦੀਆਂ ਲੜੀਆਂ।
ਪੀ ਇਸ ਨੂੰ ਸਿਦਕੀ, ਕਈ ਜੌਹਰ ਵਿਖਾ ਗਏ।
ਸ਼ਾਹ ਰਗ ਤੇ ਰੱਖ ਕੇ, ਫਟ ਤੇਗ ਨੂੰ ਲਾ ਗਏ।
ਜੋ ਇਸ ਦੇ ਕੰਡੇ, ਤੁੱਲਿਆ ਸਿਰ ਸਾਵਾਂ।
ਦੁਸ਼ਮਣ ਲਈ ਉਸ ਦਾ, ਹਊਆ ਪਰਛਾਵਾਂ।
ਇਕ ਬੂੰਦ ਵੀ ਇਸ ਦੀ, ਜਿਸ ਦੇ ਮੂੰਹ ਪੈ ਗਈ।
ਸਭ ਦੂਈ ਉਸ ਦੀ, ਉਹ ਰੋੜ੍ਹ ਕੇ ਲੈ ਗਏ।
ਵੈਰੀ ਸੱਦੇ, ਉਹ ਭਜ ਭਜ ਜਾਵੇ।
ਕਹਿ ਮਾਂ ਪਿਓ ਜਾਇਆ, ਗਲਵੱਕੜੀ ਪਾਵੇ।
ਜਿਸ ਦੇ ਲੂੰ ਲੂੰ ਵਿੱਚ, ਇਹ ਅੰਮ੍ਰਿਤ ਰਚਿਆ।
ਕੁਰਬਾਨੀ ਕਰਦਾ, ਹੋ ਅੰਗ ਅੰਗ ਨੱਚਿਆ।
ਇਸ ਭੂਤ ਭਰਮ ਦੇ, ਪੈਰਾਂ ਤੋਂ ਉਖੇੜੇ।
ਇਸ ਛੂਤ ਦੇ ਡੋਬੇ, ਭਰ ਭਰ ਕੇ ਬੇੜੇ।
ਜੇ ਇਸ ਦੇ ਅੰਦਰ, ਗਰਮਾਈ ਆ ਗਈ।
ਤਾਂ ਰਣ ਦੇ ਅੰਦਰ, ਚੰਡੀ ਚਮਕਾ ਗਈ।
ਜੇ ਠੰਢਕ ਹੋ ਕੇ, ਇਹ ਕਿੱਧਰੇ ਵੱਸਿਆ।
ਤਦ ਡਾਂਗ ਤੇ ਗੋਲੀ, ਇਹ ਖਾ ਖਾ ਹੱਸਿਆ।
ਮੈਂ ਇਸ ਦੇ ਆਸ਼ਕ, ਰਣ ਲੜਦੇ ਵੇਖੇ।
ਇਸ ਦੇ ਪਰਵਾਨੇ, ਅੱਗ ਸੜਦੇ ਵੇਖੇ।
ਇਹ ਜਿਸ ਜਿਸ ਪੀਤਾ, ਉਹ ਮੋਹਰਾ ਪੱਕਿਆ।
ਉਹ ਮੌਤ ਨੂੰ ਮਾਰੇ, ਜਿਸ ਅੰਮ੍ਰਿਤ ਛੱਕਿਆ।
35. ਗੁਰ ਨਾਨਕ ਨੂੰ
ਸਾੜਿਆਂ ਵਿਚ ਆਣ ਕੇ, ਫਿਰ ਸੜ ਰਿਹਾ ਸੰਸਾਰ ਹੈ ।
ਲੋੜ ਮੁੜ ਕੇ ਜ਼ਿੰਦਗੀ ਨੂੰ, ਫੇਰ ਅੰਮ੍ਰਿਤਧਾਰ ਹੈ ।
ਚੋਰ ਰਾਖੇ ਅਮਨ ਦੇ, ਫਿਰ ਵਾੜ ਖਾ ਰਹੀ ਖੇਤ ਨੂੰ,
ਅੱਜ ਦਾ ਇਨਸਾਫ਼ ਵੀ, ਲੋਟੀ ਹੈ, ਧਾੜੇ ਮਾਰ ਹੈ ।
ਮਹਿਕਦੀ ਗੁਲਜ਼ਾਰ ਮੁੜ ਕੇ, ਫੇਰ ਬਦਬੂ ਬਣ ਗਈ,
ਫੁੱਲ ਫੁੱਲ ਦਾ ਵੈਰ ਹੈ, ਤੇ ਪੱਤ ਪੱਤ ਦੀ ਖਾਰ ਹੈ ।
ਫੇਰ ਪੂੜੇ ਰੱਤ ਦੇ, ਪੱਕਦੇ ਪਏ ਨੀ ਵੇਖ ਲੈ,
ਫੇਰ ਭਾਗੋ ਨੇ ਫੜੀ, ਉਹੀਓ ਅਵੱਲੀ ਕਾਰ ਹੈ ।
ਕੌਡਿਆਂ ਦੀ ਅੰਸ ਨੇ, ਮੁੜ ਕੇ ਕੜਾਹੇ ਤਾਅ ਲਏ,
ਮੌਤ ਕਰਦੀ ਵੇਖ ਲੈ, ਮਰਦਾਨਿਆਂ ਤੇ ਵਾਰ ਹੈ ।
ਸੱਜਣਾਂ ਦੇ ਰੂਪ ਵਿਚ, ਠੱਗੀ ਦੇ ਅੱਡੇ ਨੇ ਬਣੇ,
ਧਰਮ ਨੂੰ ਡੋਬਣ ਲਈ, ਬੈਠਾ ਮਲਾਹ ਹੀ ਧਾਰ ਹੈ ।
ਆਤਮਾ ਬਾਬਰ ਦੀ ਮੁੜ ਕੇ, ਬੰਬ ਐਟਮ ਬਣ ਗਈ,
ਅਮਨ, ਸ਼ਾਂਤੀ, ਏਕਤਾ, ਲੋੜੀਦੀ ਫਿਰ ਦਿਲਦਾਰ ਹੈ ।
ਆ 'ਜਾਲੰਦੇ ਜਗਤ' ਨੂੰ ਕੱਢ ਅੱਗ ਤੋਂ ਆ ਕੇ ਬਚਾ,
ਈਰਖਾ ਵਿਚ ਹੋ ਗਿਆ, ਜੋ ਅੱਗ ਦਾ ਅੰਗਿਆਰ ਹੈ ।
ਹੈ ਮਨੁੱਖਤਾ ਅੱਜ ਤਾਂ, ਅੰਤਮ ਦਮਾਂ ਤੇ ਜਾਪਦੀ,
ਵੈਦ ਮੁੜ ਤੇਰੇ ਜਿਹਾ, ਬੀਮਾਰ ਨੂੰ ਦਰਕਾਰ ਹੈ ।
ਜੰਗ, ਕਬਜ਼ੇ, ਲੁੱਟ ਦਾ, ਅਜ ਕੋੜ੍ਹ ਸਭ ਨੂੰ ਹੋ ਗਿਐ,
ਹੈ ਸ਼ੁਦਾਅ ਹਉਮੈਂ ਦਾ ਇਸ ਨੂੰ, ਇਹ ਤਦੇ ਬੇਜ਼ਾਰ ਹੈ ।
ਜ਼ਿੰਦਗੀ ਮੰਝਧਾਰ ਪੈ, ਗੋਤੇ ਹੈ ਹੁਣ ਤੇ ਖਾ ਰਹੀ,
ਅੱਜ ਜੇ ਤੂੰ ਬਾਹੁੜੇਂ ਹੁੰਦਾ ਤਾਂ ਬੇੜਾ ਪਾਰ ਹੈ ।
ਤੀਰ ਤੁੱਕਾ ਅੱਜ ਜੋ, ਚਲਦਾ ਈ ਆ ਕੇ ਫਿਰ ਚਲਾ,
ਤੂੰ ਦਿਲਾਂ ਦਾ ਵੈਦ ਹੈਂ, ਤੈਨੂੰ ਨਬਜ਼ ਦੀ ਸਾਰ ਹੈ ।
('ਅਣੀਆਂ' ਵਿਚੋਂ)
36. ਪੰਜਾ ਸਾਹਿਬ ਦੇ ਸ਼ਹੀਦਾਂ ਦੀਆਂ ਰੂਹਾਂ
ਰਾਗ ਰੰਗ ਭੁੱਲੇ, ਸਾਕ ਅੰਗ ਭੁੱਲੇ,
ਸੁਣ ਕੇ ਵੀਰ ਭੁੱਖੇ ਦੁਖੇ ਨੈਨ ਡੁਲ੍ਹੇ,
ਲਗੀ ਦਿਲ ਅੰਦਰ ਏਹੋ ਚਾਹ ਡਾਢੀ,
ਚਲੋ ਦੇਖੀਏ ਸਾਈਂ ਦੇ ਬੰਦਿਆਂ ਨੂੰ।
ਖਲੇ ਵਿਚ ਉਡੀਕਦੇ ਪਟੜੀ 'ਤੇ,
ਆ ਵੇ ਇੰਜਨਾਂ ਦੇਰ ਨਾ ਲਾ ਛੇਤੀ,
ਬਾਟਾ ਦੇਹ ਸ਼ਹਾਦਤ ਦਾ ਪੀ ਲਈਏ,
ਭਾਗਾਂ ਨਾਲ ਮਿਲਿਆ ਹੈ ਤਰਸੰਦਿਆਂ ਨੂੰ।
ਸਾਡੇ ਵੀਰ ਜੰਜੀਰਾਂ ਦੇ ਵਿਚ ਜਕੜੇ,
ਆਪਣੀ ਆਣ ਖਾਤਰ ਕਰਦੇ ਕਾਰ ਪਕੜੇ,
ਭੈ ਉਨ੍ਹਾਂ ਨੂੰ ਨਹੀਂ ਜੇਹਲ ਫਾਂਸੀਆਂ ਦਾ,
ਸਾਨੂੰ ਭੈ ਕੀ ਭਲਾ ਕੁਚਲੰਦਿਆਂ ਨੂੰ।
ਵਾਹ ਵਾਹ ਖੂਨੀਆ ਸਾਡਿਆ ਝੱਬਦੇ ਆ,
ਸਾਨੂੰ ਭੇਟ ਆਜ਼ਾਦੀ ਦੀ ਚਾੜਦਾ ਜਾ,
ਆਪਣਾ ਜਬਰ, ਸਾਡਾ ਸਬਰ ਹਾੜਦਾ ਜਾ,
ਵੇਲਾ ਬੀਤਦਾ ਸਿਕ ਸਿਕੰਦਿਆਂ ਨੂੰ।
ਤੁਸਾਂ ਜੇਹਲ ਮੱਲੀ, ਅਸਾਂ ਰੇਲ ਮੱਲੀ,
ਆਪਣੀ ਕੌਮ ਖਾਤਰ ਧਰਿਆ ਸੀਸ ਤਲੀ,
ਇਹ ਸੁਨੇਹੜਾ ਅਸਾਂ ਦਾ ਜਾ ਦੇਵੀਂ,
ਖੂਨੀ ਇੰਜਨਾਂ ਜੇਹਲ ਵਸੰਦਿਆਂ ਨੂੰ।
ਹਾਂ ! ਹੁਣ ਜਾਬਰਾ ਆਪਣਾ ਤਾਣ ਲਾ ਕੇ,
ਸਾਨੂੰ ਪੈਰਾਂ ਦੇ ਹੇਠ ਲਤਾੜਦਾ ਜਾ,
ਅਖੀਂ ਆਪਣੀ ਅਸੀਂ ਵੀ ਵੇਖ ਲਈਏ,
ਨਾਲੇ ਅੰਨ ਦੇਈਏ ਭੁਖੇ ਬੰਦਿਆਂ ਨੂੰ।
ਜੇਕਰ ਸਿਦਕ ਸਾਡਾ ਸੱਚੇ ਰੱਬ ਉਤੇ,
ਵੀਰਾਂ ਤਾਈਂ ਛਕਾਵਣਾ ਅੰਨ ਪਾਣੀ,
ਜਾਨ ਵਾਰਕੇ ਲੈਣਾ ਖਲਾਰ ਤੈਨੂੰ,
ਲੋਕੀ ਵੇਸਨ ਅਜ ਕਟੰਦਿਆਂ ਨੂੰ।
ਗਾਨਾ ਬੰਨ੍ਹ ਸ਼ਹੀਦੀ ਦਾ ਰਾਹ ਫੜਿਆ,
ਅਖਾਂ ਲਾਲ ਹੋਈਆਂ ਬੀਰ ਰਸ ਚੜਿਆ,
ਧਰਮ ਮੁਲਕ ਤੋਂ ਵਾਰਨੀ ਜਿੰਦ ਅੜਿਆ,
ਬੁਰਾ ਸਮਝਦੇ ਹਾਂ ਹਟਕੰਦਿਆਂ ਨੂੰ।
(ਪੰਜਾਬ ਸਰਕਾਰ ਦੇ ਅਧਿਆਦੇਸ਼ ਨੰ: 20095-ਜੇ. ਮਿਤੀ
26 ਅਗਸਤ 1924 ਦੁਆਰਾ ਜ਼ਬਤ) (ਤੀਰ ਤ੍ਰੰਗ ਵਿਚੋਂ)