Poems on Sikhs : Punjabi Kavita
ਸਿੱਖੀ ਕਵਿਤਾਵਾਂ
1. ਚੌਪਈ
ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥
ਸੀਸੁ ਦੀਆ ਪਰ ਸੀ ਨ ਉਚਰੀ ॥੧੩॥
ਧਰਮ ਹੇਤਿ ਸਾਕਾ ਜਿਨਿ ਕੀਆ ॥
ਸੀਸੁ ਦੀਆ ਪਰ ਸਿਰਰੁ ਨ ਦੀਆ ॥
ਨਾਟਕ ਚੇਟਕ ਕੀਏ ਕੁਕਾਜਾ ॥
ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥
ਦੋਹਰਾ
ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰਿ ਕੀਯਾ ਪਯਾਨ ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥੧੫॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ ॥੧੬॥
2. ਬਾਂਹਿ ਜਿਨ੍ਹਾਂ ਦੀ ਪਕੜੀਐ
ਬਾਂਹਿ ਜਿਨ੍ਹਾਂ ਦੀ ਪਕੜੀਐ
ਸਿਰ ਦੀਜੈ ਬਾਂਹਿ ਨ ਛੋੜੀਐ।
ਤੇਗ ਬਹਾਦਰ ਬੋਲਿਆ
ਧਰ ਪਈਏ ਧਰਮ ਨ ਛੋੜੀਐ।
3. ਹੁਣ ਕਿਸ ਥੀਂ ਆਪ ਛੁਪਾਈਦਾ
ਕਿਧਰੇ ਚੋਰ ਹੋ ਕਿਧਰੇ ਕਾਜ਼ੀ ਹੋ, ਕਿਤੇ ਮੰਬਰ ਤੇ ਬਹਿ ਵਾਅਜ਼ੀ ਹੋ,
ਕਿਤੇ ਤੇਗ਼ ਬਹਾਦਰ ਗ਼ਾਜ਼ੀ ਹੋ, ਆਪੇ ਆਪਣਾ ਕਟਕ ਚੜ੍ਹਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।
4. ਦੋਇ ਲੋਕ ਤਿਨ੍ਹਾਂ ਦੇ ਚੰਗੇ
੧.
ਦੋਇ ਲੋਕ ਤਿਨ੍ਹਾਂ ਦੇ ਚੰਗੇ, ਜੁ ਮੁਰਸ਼ਦ ਦਾ ਦਮ ਭਰਦੇ
ਨਿਸ ਦਿਨ ਰਹਿਣ ਸੁਖਾਲੇ ਸੋਈ, ਜੁ ਆਸ ਗੁਰੂ ਮਨ ਧਰਦੇ
ਮਨ ਬਚ ਕਰਮ ਨ ਰੰਜਨ ਕਾਹੂੰ, ਹਰ ਘਟ ਦੇਖਣ ਹਰਿ ਦੇ
'ਸਿੰਘ ਕ੍ਰਿਪਾ' ਨਿਜ ਰੂਪ ਜਗਤ ਲਖ, ਜਨਮ ਮਰਣ ਦੁਖ ਹਰਦੇ
੨.
ਦੁਹਾਂ ਲੋਕਾਂ ਦੀ ਕਾਣ ਚੁਕਾਈ, ਜੁ ਤਾਲਿਬ ਮਿਹਰ ਨਜ਼ਰ ਦੇ
ਕਾਈ ਵਸਤੂ ਦੀ ਚਾਹ ਨ ਜਗ ਵਿਚ, ਜੁ ਪ੍ਰੇਮ ਪਿਆਲਾ ਭਰਦੇ
ਅੰਮ੍ਰਿਤ ਪੀਵਣ ਜੁਗ ਜੁਗ ਜੀਵਣ, ਵੈ ਭੇਦੀ ਇਸ਼ਕ ਨਗਰ ਦੇ
'ਸਿੰਘ ਕ੍ਰਿਪਾ' ਨਿਜ ਰੂਪ ਦਰਸ ਲਖਿ, ਨਿਤ ਉਠ ਮੌਜਾਂ ਕਰਦੇ
5. ਆਸਾਵਰੀਆਂ
੧.
ਤੇਰਾ ਦਰਸ਼ਨ ਮੇਰੀਆਂ ਅੱਖੀਆਂ, ਸੁਰਮੇ ਵਾਂਗੂੰ ਘੁੰਮਾਂ ਵੋ
ਜਿਤ ਵਲਿ ਲਗਣ ਚਰਨ ਤੁਸਾਡੇ, ਮੈਂ ਜਾਈ ਉਤ ਉਤ ਚੁੰਮਾਂ ਵੋ
ਰਾਤੀਂ ਡੀਹੇ ਮਨ ਤਨ ਅੰਦਰਿ, ਤੇਰੀਆਂ ਉਡਣ ਧੁੰਮਾਂ ਵੋ
ਘਰ ਦਾ ਸਾਹਿਬ ਘਰ ਵਿਚ ਲੱਧਾ, ਨਨੂਆ ਬਲਿ ਬਲਿ ਹੁੰਮਾਂ ਵੋ ।੧।
੨.
ਤੇਰਾ ਦਰਸ਼ਨ ਮੇਰੀਆਂ ਅੱਖੀਆਂ, ਘੁੰਮ ਰਹੀਆਂ ਵਿਚ ਧਾਰੀ ਵੋ
ਬਿਰਹੁ ਦੇ ਅਸਵਾਰ ਥੀਉਸੇ, ਜੈਂਦੀ ਚੜ੍ਹਤਲ ਭਾਰੀ ਵੋ
ਮੇਰਾ ਤੇਰਾ ਨਦਰਿ ਨ ਆਵਹਿ, ਪਾਈ ਪ੍ਰੇਮ ਗੁਬਾਰੀ ਵੋ
ਘਰ ਦਾ ਸਾਹਿਬ ਘਰ ਵਿਚ ਮਿਲਿਆ, ਨਨੂਆ ਵਾਰੀ ਵਾਰੀ ਵੋ ।੨।
੩.
ਤੇਰਾ ਚੁਖ ਦਿਲਾਸਾ ਸੱਜਣਾ, ਦੀਨ ਦੁਨੀ ਦੀ ਓਟ ਵੋ
ਮੱਲ੍ਹਮ ਦੀ ਪਰਵਾਹ ਨ ਧਰਦੀ, ਵਾਹੁ ਤੁਸਾਡੀ ਚੋਟ ਵੋ
ਲਗਾ ਨੇਹੁੰ ਅਨੋਖਾ ਤੇਰਾ, ਦੇਇ ਨ ਇਕ ਪਲ ਛੋਟ ਵੋ
ਲੋਟ ਪੋਟ ਲੁਟਿ ਲੀਤਾ ਨਨੂਆ, ਵਾਹੁ ਤੁਸਾਡੀ ਲੋਟ ਵੋ ।੩।
੪.
ਤੇਰਾ ਚੁਖ ਦਿਲਾਸਾ ਸੱਜਣਾ, ਦੀਨ ਦੁਨੀ ਦੀ ਓਟ ਵੋ
ਇਕੁ ਖਰਾ ਕਰ ਬੱਧਾ ਪੱਲੇ, ਰਹੀ ਨ ਦੁਬਿਧਾ ਖੋਟ ਵੋ
ਜੋ ਕਿਛੁ ਹੋਣਾ ਸੋਈ ਹੋਆ, ਸਿਰ ਦੀ ਸੁੱਟੀ ਪੋਟ ਵੋ
'ਨਨੂਆ' ਬਿਨ ਸ਼ਰਣੀਂ ਕਿਉਂ ਪਾਈਐ, ਬੁਰੇ ਭਲੇ ਥੀਂ ਛੋਟ ਵੋ ।੪।
੫.
ਸੱਜਣ ਦੇ ਵੱਲ ਨੈਣ ਅਸਾਡੇ, ਰਾਤੀਂ ਡੀਂਹੇ ਖੁਲ੍ਹੇ ਵੋ
ਦਰਸਨ ਪੂਰੇ ਸਦਾ ਹਜ਼ੂਰੇ, ਵੱਤਣ ਡੁਲ੍ਹੇ ਡੁਲ੍ਹੇ ਵੋ
ਨਰਕ ਸੁਰਗ ਤ੍ਰਿਣ ਸੁੱਕੇ ਵਾਂਗੂ, ਦਿੱਤੇ ਬਲਦੇ ਚੁਲ੍ਹੇ ਵੋ
ਨਨੂਆ ਦੀਵਾ ਟਿਕਹਿ ਨ ਇਕ ਪਲ, ਜੇ ਚਉ ਵਾਇਆ ਝੁਲੇ ਵੋ ।੫।
੬.
ਤੁਧ ਬਿਨ ਸਜਣ ਜਾਣੈ ਨਾਹੀ ਕੋਈ ਮੇਰੇ ਦਿਲ ਦੀ ਵੋ
ਦਰਦ ਦੁਸਾਡਾ ਵਸਤੀ ਦਿਲ ਦੀ, ਖਿਨ ਖਿਨ ਜਾਂਦੀ ਮਿਲਦੀ ਵੋ
ਕਾਤੀ ਉਪਰਿ ਕਾਤੀ ਤੇਰੀ, ਕਾਤੀ ਆਵੈ ਛਿਲਦੀ ਵੋ
ਕਿਉਂ ਕਰਿ ਠਾਕਿ ਵੰਞਾਏ ਨਨੂਆ, ਹਿਲੇ ਅਵੇਹੀ ਹਿਲਦੀ ਵੋ ।੬।
੭.
ਪਾਇਆ ਘੁੰਮ ਘੁੰਮੇਦੇ ਸੱਜਣ, ਅੰਙਣ ਸਾਡੇ ਫੇਰਾ ਵੋ
ਲੂੰ ਲੂੰ ਅੰਦਰ ਹੋਇ ਮੁਕੀਮੀ, ਕੀਤੋ ਅਪਣਾ ਡੇਰਾ ਵੋ
ਧੋਖਾ ਸੰਸਾ ਕੋਇ ਨਾ ਰਹਿਓ, ਕੌੜੀ ਦੁਬਿਧਾ ਕੇਰਾ ਵੋ
ਨਨੂਆ ਆਪਿ ਆਰਸੀ ਅੰਦਰਿ, ਸੱਚੇ ਸੱਚਾ ਹੇਰਾ ਵੋ ।੭।
੮.
ਤੇਰੀ ਚੁਖ ਚੁਖ ਝਾਤੀ ਮੈਨੂੰ, ਸਭ ਦੁਖਾਂ ਦੀ ਕਾਤੀ ਵੋ
ਦੇਂਦੀ ਕਦੇ ਨਾ ਰੱਜੇ ਮੂਲੇ, ਵਾਹੁ ਵਾਹੁ ਕਿਆ ਦਾਤੀ ਵੋ
ਲਾਈ ਝੜੀ ਰਹੈ ਅੰਮ੍ਰਿਤ ਦੀ, ਅਠਿ ਪਹਰ ਦਿਹੁੰ ਰਾਤੀ ਵੋ
ਨਨੂਏ ਉਪਰਿ ਡੁਲ੍ਹ ਡੁਲ੍ਹ ਪਉਂਦੀ, ਵਾਹੁ ਵਾਹੁ ਕਿਆ ਮਾਤੀ ਵੋ ।੮।
੯.
ਤੇਰਿਆਂ ਪੈਰਾਂ ਦੀ ਚੁਖ ਮਿਟੀ, ਮੇਰੇ ਸਿਰ ਦੀ ਤਾਜ ਵੋ
ਇਹੁ ਕਦੇ ਨਾ ਡੋਲੇ ਜੁਗ ਜੁਗ, ਕਾਇਮ ਤੇਰਾ ਰਾਜ ਵੋ
ਗਰਬ ਪ੍ਰਹਾਰੀ ਬਿਰਦ ਤੁਸਾਡਾ, ਹੋਹੁ ਗਰੀਬ ਨਿਵਾਜ ਵੋ
ਨਨੂਆ ਅੱਠ ਪਹਿਰ ਭਰ ਤੁਹਨੂੰ, ਏਹੋ ਵੱਡਾ ਕਾਜ ਵੋ ।੯।
੧੦.
ਤੇਰੇ ਦਰ ਤੇ ਸੱਥਰ ਲੱਥੇ, ਕੀਚੈ ਜੋ ਕਿਛੁ ਕਰਨਾ ਵੋ
ਚਰਨ ਕੰਵਲ ਸ਼ਾਂਤ ਸੁਖਦਾਤਾ, ਮੇਰੇ ਸਿਰ ਤੇ ਧਰਨਾ ਵੋ
ਨਨੂਏ ਸੁਣਿਆ ਬਿਰਦ ਤੁਸਾਡਾ, ਸਚੇ ਅਸਰਨ ਸਰਨਾ ਵੋ ।੧੦।
6. ਸ਼ਬਦ ਸਿਰੀ ਰਾਗ
ਹਾਂ ਵੇ ਲੋਕਾ ਦੇਂਦੀ ਹਾਂ ਹੋਕਾ ਗੋਬਿੰਦ ਅਸਾਂ ਲੋੜੀਦਾ ਵੋ ।੧।ਰਹਾਉ।
ਗੁਰਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ ਸੁਰਤਿ ਸਬਦ ਮਨ ਜੋੜੀਂਦਾ ਵੋ ।੧।
ਸੋਹੰ ਦਾ ਹਥ ਪਕੜਿ ਕੁਹਾੜਾ ਹਊਮੈ ਬੰਧਨ ਤੋੜੀਂਦਾ ਵੋ ।੨।
ਇਹ ਮਨ ਮਤਾ ਹਰਿ ਰੰਗ ਰਤਾ, ਮੁਹਰਾ ਨਹੀਂ ਮੋੜੀਂਦਾ ਵੋ ।੩।
ਨਿਤ ਨਿਤ ਖਸਮ ਸਮਾਲਹੁ 'ਨਨੂਆ', ਕਿਆ ਭਰਵਾਸਾ ਖੋੜੀਂਦਾ ਵੋ ।੪।
7. ਛੰਦ
੧.
ਗੋਬੰਦ ਸਿੰਘ ਗੁਰਾਂ ਗੁਰ ਸੂਰੇ, ਮਿਹਰ ਆਪਣੀ ਕੀਤੀ
ਜਿਤ ਵਲ ਨਜ਼ਰ ਉਤੇ ਵਲਿ ਮੇਹਰ, ਮਿਹਰ ਅਸਾਂ ਲੈ ਲੀਤੀ
ਕਾਹਦੇ ਇਸ਼ਕ ਤੇ ਸਿਦਕ ਅਸਾਡੇ, ਸਾਡੀ ਭੱਲ ਪ੍ਰੀਤੀ
ਨਾਮ, ਦਾਨ, ਇਸਨਾਨ ਦਾਤ ਦੇ, ਕਮੀ ਨ ਕੋਈ ਕੀਤੀ ।੧।
੨.
ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ, ਤਿਨ੍ਹਾਂ ਕਮੀ ਨ ਕਾਈ
ਕਰਨ ਅਰਦਾਸਿ ਸੰਗਤਿ ਕੈ ਆਗੈ, ਸਤਿਗੁਰ ਹੋਇੰ ਸਹਾਈ
ਆਢਾ ਮੈਂ ਕੁਰਬਾਨ ਤਿਨ੍ਹਾਂ ਨੋ, ਜਿਨ੍ਹਾਂ ਮਨ ਪ੍ਰਤੀਤਿ ਵਸਾਈ ।੨।
੩.
ਮਨ ਪ੍ਰਤੀਤਿ ਜਿਨ੍ਹਾਂ ਦੇ ਵੁੱਠੀ, ਕੰਮ ਉਨ੍ਹਾਂ ਦੇ ਹੋਏ
ਜਿਨ੍ਹਾਂ ਗੁਰੂ ਗੋਬਿੰਦ ਕਾ ਦਰਸਨ ਕੀਤਾ, ਸੇ ਮੁਕਤਿ ਪ੍ਰਾਪਤ ਹੋਏ ।੩।
8. ਸਲੋਕ
ਆਢਾ ਸਤਿਗੁਰ ਬਾਹਰਾ, ਭਜਨ ਸੁਨਿ ਖਣੀਅੰਮ
ਰਤਨ ਜੁ ਲੱਧਾ ਬਾਂਦਰਾਂ, ਸੋ ਆਇਆ ਕਿਤੈ ਨ ਕੰਮੁ ।੧।
ਰਤਨ ਜੁ ਲੱਧਾ ਬਾਂਦਰਾਂ, ਸੋ ਲੱਧਾ ਭੀ ਗਇਓਮੁ
ਅੰਧਾ ਵੜਿਆ ਚਿਤ੍ਰਸ਼ਾਲ, ਉਸ ਕੀ ਸੁਖ ਡਿਠਿਓਮੁ ।੨।
ਆਢਾ ਲੋੜੈ ਸਿਪਰੀ, ਤਬ ਸਰਫੇ ਦਿਲ ਗੱਡ
ਅਣਡਿਠੇ ਮਹਿਬੂਬ ਦੀ, ਪਈ ਮੁਹੱਬਤਿ ਹੱਡਿ ।੩।
ਅਣਡਿਠਾ ਮਹਿਬੂਬ, ਅਸਾਂ ਕਰਿ ਜਾਤਾ ਸਾਹਿਬੋ
ਸੂਰਤਿ ਕਹੀਐ ਖੂਬ, ਵੇਖਣ ਕੋ ਮਨ ਸਿੱਕਦਾ ।੪।
(ਆਢਾ) ਇਹ ਦਿਲ ਅਜਬ ਕਿਤਾਬ, ਜਿਥੇ ਹਰਫ ਨ ਦੂਜਾ ਲਿਖੀਐ
ਸੋ ਦਮ ਕਿਤ ਹਿਸਾਬੁ, ਜੈ ਦਮੁ ਸਾਈਂ ਵਿਸਰਹਿ ।੫।
9. ਮਾਝ
ਜ਼ਰਾ ਨ ਡਰਾਂ ਜੇ ਸਿਟਿ ਘਤੀਵਾਂ, ਕੋਈ ਹਾ ਹੂ ਦੋਜ਼ਕ ਤਪੈ
ਜ਼ਰਾ ਨ ਡਰਾਂ ਜੇ ਸਿਟਿ ਘਤੀਵਾਂ, ਕੋਈ ਮਾਤੇ ਹਾਥੀ ਅਗੈ
ਜ਼ਰਾ ਨ ਡਰਾਂ ਬਿਧਾਤਾ ਕੋਲਹੁੰ, ਜਿਨਿ ਸੱਚੇ ਅੱਖਰ ਲਿਖੇ
'ਜਾਦੋ' ਡਰਾਂ ਵਿਛੋੜੇ ਕੰਨਹੁੰ, ਮਤ ਰਬ ਵਿਛੋੜਾ ਘੱਤੇ
10. ਰਾਗ ਕਲਿਆਣ
ਭਗਤ ਭਗਤ ਨਾਮ ਪਰਿਓ, ਰਾਖਹੁ ਲਾਜ ਮੋਰੀ
ਪਤਿਤ ਪਾਵਨ ਪ੍ਰਾਨ ਨਾਥ, ਚਰਨ ਸਰਣ ਤੋਰੀ ।੧।ਰਹਾਉ।
ਜਬ ਕਾ ਜਨਮ ਲੀਓ, ਸੁਕ੍ਰਿਤ ਨ ਕਛੂ ਕੀਓ ਮਾਨਸ ਦੇਹਿ ਧਾਰੀ
ਤਬ ਤੇ ਪਾਪ ਅਘ ਕੀਏ, ਕਛੁ ਸੁਰਤਿ ਨ ਸੰਮਾਰੀ ।੧।
ਬਾਲ ਬੁਧਿ ਬਾਲ ਖੋਇਓ, ਅਬ ਚਢਿਓ ਜੁਆਨੀ
ਜਬ ਕਿਛੂ ਪ੍ਰਤਾਪ ਬਢਿਓ, ਤਬ ਭਏ ਅਭਿਮਾਨੀ ।੨।
ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕੀਨਾ
ਸੇਵਾ ਤੁਮਰੀ ਕਰ ਨ ਸਾਕਉਂ, ਨਿਪਟ ਭਗਤਿ ਹੀਨਾ ।੩।
ਕ੍ਰਿਪਾ ਕੀਜੈ ਦਰਸ ਦੀਜੈ, ਗਿਰਵਰ ਗਿਰਧਾਰੀ
ਜਾਦੋ ਜਨ ਦੁਆਰ ਠਾਂਢੇ, ਨਾਮ ਕੇ ਭਿਖਾਰੀ ।੪।
11. ਕਬਿੱਤ
੧.
ਪ੍ਰਿਯਾ ਪ੍ਰੇਮ ਸੋ ਸ਼ਿੰਗਾਰੀ, ਹਾਸਯ ਸੋ ਵਿਨੋਦ ਭਾਰੀ
ਦੀਨਨ ਪੈ ਕਰੁਣਾਨੁਸਾਰੀ, ਸੁਖ ਦੀਨੋ ਹੈ ।
ਕੀਨੇ ਅਰਿ ਰੁੰਡ ਰੁੰਡ ਰੁਦ੍ਰ ਰਸ ਭਰਯੋ ਝੁੰਡ
ਫੌਜ ਕੇ ਸੁਧਾਰਨ ਮੇਂ ਬੀਰ ਰਸ ਕੀਨੋ ਹੈ ।
ਡੰਕ ਸੁਨ ਲੰਕ ਭਯਭੀਤ ਸ਼ਤ੍ਰ ਥਾਮ ਨਿੰਦਾ
ਬਿਕ੍ਰਮ ਪ੍ਰਬਲ ਅਦਭੁਤ ਰਸ ਲੀਨੋ ਹੈ ।
ਬ੍ਰਹਿਮ ਗਿਆਨਿ ਸਮ ਰਸ 'ਅੰਮ੍ਰਿਤ' ਵਿਰਾਜੈ ਸਦਾ
ਸ੍ਰੀ ਗੁਰ ਗੋਬਿੰਦ ਰਾਇ ! ਨਵੈ ਰਸ ਭੀਨੋ ਹੈ ।
੨.
ਹਿਮ ਗਿਰਿ ਹਿਮ ਸੀ ਮਲਯ ਸੀਮ ਲੈ ਕੈ ਮੱਧ
ਹੰਸਨੀ ਸੀ ਮਾਨਸਰ ਛੀਰ ਨਿਧਿ ਛੀਰ ਸੀ ।
ਸ਼ੇਸ ਨਾਗ ਸੀ ਪਯਾਲ ਸ਼ਿਵ ਭਾਲ ਬਿਧੁ ਬਾਲ
ਦੇਵਨ ਕੇ ਫੂਲ ਮਾਲ ਭਵ ਕੇ ਸਰੀਰ ਸੀ ।
ਕਵਿਨ ਕੇ ਮੁਖ ਬਾਨੀ ਬਾਨੀ ਬੀਨ ਸੁਖਦਾਨੀ
ਸੁਧਾ ਧਰ ਸੁਧਾ ਸਾਨੀ ਰਮਾਪਤਿ ਬੀਰ ਸੀ ।
ਸ੍ਰੀ ਗੁਰੂ ਗੋਬਿੰਦ ਸਿੰਘ ਕੀਰਤਿ ਜਹਾਨ ਜਾਨੀ
'ਅੰਮ੍ਰਿਤ' ਬਖਾਨੀ ਜਗ ਗੰਗਾ ਜੂ ਕੇ ਨੀਰ ਸੀ ।
੩.
ਬੇਦ ਮੁਖ ਬੇਦ ਜਾਨ ਬੇਦਨ ਮੈਂ ਹੈ ਬਿਗਯਾਨ
ਬਿਗਯਾਨ ਹੂੰ ਮੈਂ ਹਰਿ ਨਾਮ ਸੁਖ ਦਾਨੀਐ ।
ਹਰਿਨਾਮ ਸੰਤਨ ਕੇ ਸੰਤਨ ਜਯੋਂ ਅਨੰਤ ਤਯੋਂ
ਅਨੰਤ ਹੀ ਮੈਂ ਬਿਸਨੁ ਰੂਪ ਸਨਮਾਨੀਐ ।
ਬਿਸਨ ਚਿਤ ਚੰਦ੍ਰਮਾ ਸੀ ਚੰਦ੍ਰਮਾ ਮੈਂ ਚੰਦ੍ਰਿਕਾ ਸੀ
ਚੰਦ੍ਰਿਕਾ ਮੈਂ ਅੰਮ੍ਰਿਤ ਸੀ ਅੰਮ੍ਰਿਤ ਬਖਾਨੀਐ ।
ਸ੍ਰੀ ਗੁਰੂ ਗੋਬਿੰਦ ਸਿੰਘ ਕੀਰਤਿ ਜਹਾਨ ਜਾਨੀ
ਤਹਾਂ ਤਹਾਂ ਸਾਰਦਾ ਸੀ ਸਬ ਜਗ ਜਾਨੀਐ ।
੪.
ਲਾਖ ਭਾਂਤ ਮਨੀ ਨਿਰਧਨੀ ਕੋ ਨਿਹਾਲ ਕਰੈ
ਚਿੰਤਾਮਨੀ ਕੇ ਸਮਾਨ ਔਰ ਕੋ ਬਖਾਨੀਏ ।
ਸੁਰਭੀ ਅਨੰਤ ਦੂਧ ਅੰਮ੍ਰਿਤ ਅਘਾਯ ਦੇਤ
ਕਾਮਧੇਨੁ ਜੈਸੀ ਕੈਸੀ ਉਪਮਾ ਪ੍ਰਮਾਨੀਏ ।
ਨੰਦਨ ਔ ਚੰਦਨ ਕਦੰਬ ਬਟ ਖਾਂਡਵ ਲੌ
ਪਾਰਜਾਤ ਜੈਸਾ ਤਰੁ ਧਰਾ ਮੈਂ ਨ ਜਾਨੀਏ ।
ਬੀਤੇ ਅਰੁ ਹਵਾਂਗੇ ਅਵਤਾਰ ਯੋਂ ਅਨੇਕ ਜਸ
ਸ੍ਰੀ ਗੁਰੂ ਗੋਬਿੰਦ ਸਿੰਘ ਜਸ ਸੌ ਨ ਆਨੀਏ ।
੫.
ਪ੍ਰੇਮ ਉਪਜਾਇ ਗਜਰਾਜਨ ਚਢਾਇ ਰੰਗ
ਰੰਗ ਕੇ ਤੁਰੰਗ ਦਯਾ ਕ੍ਰਿਪਾ ਸਰਸਾਈਏ ।
ਆਛੇ ਆਛੇ ਸਿਰੇਪਾਯ ਪਹਿਰਾਯ ਪਲ ਪਲ
ਭੂਖਨ ਸਜਾਇ ਭਲੀ ਬਾਨਕ ਸਜਾਈਏ ।
ਸ੍ਰੀ ਗੁਰੂ ਗੋਬਿੰਦ ਸਿੰਘ ਪੂਰਬ ਸਨੇਹੀ ਜਾਨਿ
'ਅੰਮ੍ਰਿਤ' ਮਿਲਾਯੋ ਆਨ ਸਾਖ ਸੁਖਦਾਈਏ ।
ਮੈਂ ਤੌ ਜਸ ਤੇਰੋ ਪ੍ਰਤਿਪਾਲ ਕੈ ਬਡੇਰੋ ਕੀਯੋ
ਜੈਸੇ ਹੋ ਬਡੇਰੋ ਮੇਰੋ ਭਾਟ ਹੂੰ ਬਢਾਈਏ ।
12. ਸਮੁੰਦਰ ਦੇ ਵਾਰਪਾਰ ਵਿਚ
੧.
ਸਮੁੰਦਰ ਦੇ ਵਾਰਪਾਰ ਵਿਚ ਮਹੀ ਮੰਡਲ ਦੇ
ਜੈਂਦਾ ਜਸ ਦੇਸ ਦੇਸ ਸਭੇ ਲੋਕ ਗਾਂਵਦੇ ।
ਸੇਂਵਦੇ ਭਿਖਾਰੀ ਸੋਈ ਹੋਂਦੇ ਨੀ ਹਜ਼ਾਰੀ ਹੁਣ
ਵਾਰੀ ਵਾਰੀ ਪਢ ਕੈ ਕਬਿੱਤ ਨੀ ਸੁਣਾਂਵਦੇ ।
ਚਾਰੋਂ ਹੀ ਬਰਨ ਖਟ ਦਰਸਨ ਜੈਂਦੇ ਦੁਆਰ
'ਮੰਗਲ' ਸੁਕਵਿ ਮਨ ਇੱਛਾ ਫਲ ਪਾਂਵਦੇ ।
ਵੇਖੀਂ ! ਬਲਿ ਵਾਂਙੂ ਕੋਈ ਛਲੀ ਗੁਰ ਗੋਬਿੰਦ ਜੀ
ਇਕ ਲੈ ਲੈ ਜਾਂਦੇ ਇਕ ਲੇਵਣੇ ਨੂੰ ਆਂਵਦੇ ।
੨.
ਆਨੰਦ ਦਾ ਵਾਜਾ ਨਿਤ ਵੱਜਦਾ ਅਨੰਦ ਪੁਰ
ਸੁਣ ਸੁਣ ਸੁੱਧ ਭੁਲਦੀ ਏ ਨਰ ਨਾਹ ਦੀ ।
ਭੈ ਭਯਾ ਭਭੀਖਣ ਨੂੰ ਲੰਕਾ ਗੜ੍ਹ ਵਸਣੇ ਦਾ
ਫੇਰ ਅਸਵਾਰੀ ਆਂਵਦੀ ਏ ਮਹਾਂ ਬਾਹੁ ਦੀ ।
ਬਲ ਛੱਡ ਬਲਿ ਜਾਇ ਛਪਿਆ ਪਤਾਲ ਵਿਚ
ਫਤੇ ਦੀ ਨਿਸ਼ਾਨੀ ਜੈਂ ਦੇ ਦਵਾਰ ਦਰਗਾਹ ਦੀ ।
ਸਵਣੇ ਨੂੰ ਦੇਂਦੀ ਸੁਖ, ਦੁੱਜਨਾਂ ਨੂੰ ਰਾਤ ਦਿਨ
ਨਉਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ ।
੩.
ਪੂਰਨ ਪੁਰਖ ਅਵਤਾਰ ਆਨ ਲੀਨ ਆਪ
ਜਾਂ ਕੈ ਦਰਬਾਰ ਮਨ ਚਿਤਵਹਿ ਸੋ ਪਾਈਏ ।
ਘਟਿ ਘਟਿ ਬਾਸੀ ਅਬਿਨਾਸੀ ਨਾਮ ਜਾਂ ਕੋ ਜਗ
ਕਰਤਾ ਕਰਨਹਾਰ ਸੋਈ ਦਿਖਰਾਈਏ ।
ਨੌਮੇ ਗੁਰੂ ਨੰਦ ਜਗ ਬੰਦ ਤੇਗ, ਤਯਾਗ ਪੂਰੇ
'ਮੰਗਲ' ਸੁ ਕਵਿ ਕਹਿ ਮੰਗਲ ਸੁਥਾਂਈਏ ।
ਆਨੰਦ ਕੋ ਦਾਤਾ ਗੁਰ ਸਾਹਿਬ ਗੋਬਿੰਦ ਰਾਇ
ਚਾਹੈ ਜੌ ਅਨੰਦ ਤੋ ਅਨੰਦ ਪੁਰ ਆਈਏ ।
੪.
ਭਾਵੈਂ ਜਾਇ ਤੀਰਥ ਭ੍ਰਮਤ ਸੇਤੁ ਬੰਧੁ ਹੂੰ ਲੌਂ
ਭਾਵੈਂ ਜਾਇ ਕੰਦਰਾ ਮੈਂ ਕੰਦ ਮੂਲ ਖਾਈਏ ।
ਭਾਵੇਂ ਦੇਹਿ ਦਵਾਰਕਾ ਦਗਧ ਕਰੇ ਛਾਪੇ ਲਾਇ
ਭਾਵੇਂ ਕਾਂਸੀ ਮਾਂਹਿ ਜਾਇ ਜੁਗ ਲੌ ਵਸਾਈਏ ।
ਭਾਵੇਂ ਪੂਜਉ ਦੇਹੁਰੇ ਦਿਵਾਲੇ ਸਭ ਜਗ ਹੂੰ ਕੇ
ਭਾਵੇਂ ਖਟ ਦਰਸ਼ਨ ਕੇ ਭੇਖ ਮੇਂ ਫਿਰਾਈਏ ।
ਜੌ ਤੂੰ ਚਾਹਹਿੰ ਮਨਸਾ ਕੋ 'ਮੰਗਲ' ਤੁਰਤ ਫਲ
ਗੋਬਿੰਦ ਗੁਰੂ ਕੀ ਏਕ ਮੌਜ ਹੂੰ ਮੈਂ ਪਾਈਏ ।
13. ਗੁਰੂ ਜੀ ਦੀ ਤਲਵਾਰ
ਸੂਰਨ ਕੀ ਪਤਿ ਅਤਿ ਜਾਨਤ ਜਹਾਨ ਜਾਂ ਕੋ
ਤਾਂ ਕੋ ਫਲ ਦੇਤ ਸਦਾ ਅਰਿ ਪਰ ਜੀਤ ਹੈ ।
ਪੂਰ ਜੇ ਹਰੀ ਕੇ ਹੀਏ ਕਾਮਨਾ ਥਮਤ ਜਾਂਤੇ
ਹੰਸਰਾਮ ਕਹਹਿ ਸਦਾ ਪਾਨਿਪ ਸੋਂ ਪ੍ਰੀਤਿ ਹੈ ।
ਜੋਗਿਨ ਕੀ ਜੀਵਨਿ ਸੰਜੀਵਨਿ ਹੈ ਭੂਤਲ ਕੀ
ਮੂਤਨ ਸੁਹੀਨ ਨਿਤ ਬਾਢਤ ਪੁਨੀਤ ਹੈ ।
ਪ੍ਰਬਲ ਪ੍ਰਤਾਪੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ
ਤੇਰੀ ਕਰਾਚੋਲੀ, ਕਾਮਤਰੁ ਕੀ ਸੀ ਰੀਤਿ ਹੈ ।
14. ਪਦੇ
੧.
ਆਪੇ ਮੇਲਿ ਲਈ ਜੀ ਸੁੰਦਰ ਸ਼ੋਭਾਵੰਤੀ ਨਾਰੀ
ਕਰਿ ਕ੍ਰਿਪਾ ਸਤਿਗੁਰੂ ਮਨਾਇਆ ਲਾਗੀ ਸ਼ਹੁ ਨੂੰ ਪਯਾਰੀ
ਕੂੜਾ ਕੂੜ ਗਿਆ ਸਭ ਤਨ ਤੇ, ਫੂਲ ਰਹੀ ਫੁਲਵਾਰੀ
ਅੰਤਰਿ ਸਾਚ ਨਿਵਾਸ ਕੀਆ, ਗੁਰ ਸਤਿਗੁਰ ਨਦਰਿ ਨਿਹਾਰੀ
ਸ਼ਬਦ ਗੁਰੂ ਕੇ ਕੰਚਨ ਕਾਯਾ, ਹਉਮੈ ਦੁਬਿਧਾ ਮਾਰੀ
ਗੁਣ ਕਾਮਣ ਕਰਿ ਕੰਤੁ ਰੀਝਾਯਾ, ਸੇਵਾ ਸੁਰਤਿ ਬੀਚਾਰੀ
ਦਯਾ ਧਾਰਿ ਗੁਰ ਖੋਲ੍ਹ ਦਿਖਾਈ, ਸਬਦ ਸੁਰਤਿ ਕੀ ਬਾਰੀ
ਗਯਾਨ ਰਾਉ ਨਿਤ ਭੋਗ ਕਮਾਵੈ, ਕਾਇਆ ਸੇਜ ਸਵਾਰੀ
ਭਟਕ ਮਿਟੀ ਗੁਰਸਬਦੀ ਲਾਗੇ, ਲੀਨੋ ਆਪਿ ਉਬਾਰੀ
ਦਾਸ ਚੰਦ ਗੁਰ ਗੋਬਿੰਦ ਪਾਯਾ, ਚਿੰਤਾ ਸਗਲਿ ਬਿਸਾਰੀ
੨.
ਸੱਜਣ ! ਝਾਤ ਝਰੋਖੇ ਪਾਈਂ
ਮੈਂ ਬੰਦੀ ਬਿਨ ਦਾਮ ਤੁਸਾਡੀ, ਤੂ ਸੱਜਣ ਤੂ ਸਾਈਂ
ਦਰ ਤੇਰੇ ਵਲ ਝਾਕ ਅਸਾਡੀ, ਭੋਰੀ ਦਰਸੁ ਦਿਖਾਈਂ
ਤੂ ਦਿਲ ਮਹਿਰਮ ਸਭ ਕਿਛ ਜਾਣੈਂ, ਕੈਨੂੰ ਕੂਕ ਸੁਣਾਈਂ
ਤਿਨ੍ਹਾਂ ਨਾਲਿ ਬਰਾਬਰਿ ਕੇਹੀ, ਜੋ ਤੇਰੇ ਮਨ ਭਾਈਂ
ਥੀਵਾਂ ਰੇਣੁ ਤਿਨਾ ਬਲਿਹਾਰੀ, ਨਿਵ ਨਿਵ ਲਾਗਾਂ ਪਾਈਂ
ਜਹਿੰ ਜਹਿੰ ਦੇਖਾਂ ਸਭ ਠਾਂ ਤੂੰ ਹੈਂ, ਤੂੰ ਰਵਿਆ ਸਭ ਠਾਈਂ
ਭੋਰੀ ਨਦਰਿ ਨਿਹਾਲ ਪਿਆਰੇ, ਸਿਕਦੀ ਨੂੰ ਗਲਿ ਲਾਈਂ
ਪਲ ਪਲ ਦੇਖਾਂ ਮੁਖ ਤੁਸਾਡਾ, 'ਚੰਦ' ਚਕੋਰ ਨਿਆਈਂ
ਗੋਬਿੰਦ ! ਦਯਾ ਕਰਹੁ ਜਨ ਊਪਰਿ, ਵਾਰਿ ਵਾਰਿ ਬਲ ਜਾਈਂ
15. ਛੰਦ
੧.
'ਚੰਦ' ਪਿਆਰੋ ਮਿਤੁ, ਕਹਹੁ ਕਿਉਂ ਪਾਈਐ
ਕਰਹੁ ਸੇਵਾ ਤਿੰਹ ਨਿਤ, ਨ ਚਿਤਹਿ ਭੁਲਾਈਐ
ਗੁਨਿ ਜਨ ਕਹਤ ਪੁਕਾਰ, ਭਲੋ ਯਾ ਜੀਵਨੋ
ਹੋ ਬਿਨ ਪ੍ਰੀਤਮ ਕਿਹ ਕਾਮ, ਅੰਮ੍ਰਿਤ ਕੋ ਪੀਵਨੋ ।
੨.
ਅੰਤਰਿ ਬਾਹਰਿ 'ਚੰਦ' ਏਕ ਸਾ ਹੋਈਐ
ਮੋਤੀ ਪਾਥਰ ਏਕ, ਠਉਰ ਨਹਿੰ ਪਾਈਐ
ਹੀਐ ਖੋਟੁ ਤਨ ਪਹਰ, ਲਿਬਾਸ ਦਿਖਾਈਐ
ਹੋ ਪਰਗਟੁ ਹੋਇ ਨਿਦਾਨ, ਅੰਤ ਪਛੁਤਾਈਐ ।
੩.
ਜਬ ਤੇ ਲਾਗੋ ਨੇਹੁ, 'ਚੰਦ' ਬਦਨਾਮ ਹੈ
ਆਂਸੂ ਨੈਨ ਚੁਚਾਤ, ਆਠੁ ਹੀ ਜਾਮ ਹੈ
ਜਗਤ ਮਾਂਹਿ ਜੇ ਬੁਧਿਵਾਨ ਸਭ ਕਹਤ ਹੈ
ਹੋ ਨੇਹੀ ਸਕਲੇ ਸੰਗ ਨਾਮ ਤੇ ਰਹਿਤ ਹੈ ।
੪.
ਸਭ ਗੁਨ ਜੋ ਪ੍ਰਬੀਨ, 'ਚੰਦ' ਗੁਨਵੰਤੁ ਹੈ
ਬਿਨ ਗੁਨ ਸਭ ਅਧੀਨ, ਸੁ ਮੂਰਖੁ ਜੰਤੁ ਹੈ
ਸਭਹੁ ਨਰਨ ਮੈਂ ਤਾਕੁ, ਹੋਇ ਜੋ ਯਾ ਸਮੈਂ
ਹੋ ਹੁਨਰਮੰਦ ਜੋ ਹੋਇ, ਸਮੋ ਸੁਖ ਸਿਉਂ ਰਮੈਂ ।
੫.
'ਚੰਦ' ਗਰਜ਼ ਬਿਨ ਕੋ ਸੰਸਾਰ ਨ ਦੇਖੀਐ
ਬੇਗਰਜ਼ੀ ਅਮੋਲ ਰਤਨ ਚਖ ਪੇਖੀਐ
ਰੰਕ ਰਾਉ ਜੋ ਦੀਸਤ, ਹੈ ਸੰਸਾਰ ਮੈਂ
ਹੋ ਨਾਹਿ ਗਰਜ਼ ਬਿਨ ਕੋਊ, ਕੀਓ ਬੀਚਾਰ ਮੈਂ ।
੬.
'ਚੰਦ' ਰਾਗ ਧੁਨਿ ਦੂਤੀ ਪ੍ਰੇਮੀ ਕੀ ਕਹੈਂ
ਨੇਮੀ ਧੁਨ ਸੁਨ ਥਕਤ, ਅਚੰਭੌ ਹੋਇ ਰਹੈ
ਬਜਤ ਪ੍ਰੇਮ ਧੁਨਿ ਤਾਰ, ਅਕਲ ਕਉ ਲੂਟਹੈ
ਹੋ ਸ੍ਰਵਨ ਮੱਧ ਹੋਇ ਪੈਠਤ, ਕਬਹੂ ਨ ਛੂਟ ਹੈ ।
੭.
'ਚੰਦ' ਪ੍ਰੇਮ ਕੀ ਬਾਤ, ਨ ਕਾਹੂੰ ਪੈ ਕਹੋ
ਅਤਲਸ ਖਰ ਪਹਿਰਾਇ, ਕਉਨ ਖੂਬੀ ਚਹੋਂ
ਬੁਧਿਵਾਨ ਤਿੰਹ ਜਾਨ, ਭੇਦ ਨਿਜ ਰਾਖਈ
ਹੋ ਦੇਵੈ ਸੀਸ ਉਤਾਰਿ, ਸਿਰਰੁ ਨਹਿੰ ਭਾਖਈ ।
੮.
'ਚੰਦ' ਮਾਲ ਅਰ ਮੁਲਖ, ਜਾਂਹਿ ਪ੍ਰਭੁ ਦੀਓ ਹੈ
ਅਪਨੋ ਦੀਓ ਬਹੁਤ, ਤਾਂਹਿ ਪ੍ਰਭੁ ਲੀਓ ਹੈ
ਰੋਸ ਕਰਤ ਅਗਿਆਨੀ, ਮਨ ਕਾ ਅੰਧ ਹੈ
ਹੋ ਅਮਰ ਨਾਮ ਗੋਬਿੰਦ, ਅਵਰੁ ਸਭ ਧੰਦ ਹੈ ।
੯.
ਚੰਦ ਜਗਤ ਮੋ ਕਾਮ ਸਭਨ ਕੋ ਕੀਜੀਐ
ਕੈਸੇ ਅੰਬਰ ਬੋਇ, ਖਸਨ ਸਿਉ ਲੀਜੀਐ
ਸੋਉ ਮਰਦ ਜੁ ਕਰੈ ਮਰਦ ਕੇ ਕਾਮ ਕਉ
ਹੋ ਤਨ ਮਨ ਧਨ ਸਭ ਸਉਪੇ, ਅਪਨੇ ਰਾਮ ਕਉ ।
੧੦.
'ਚੰਦ' ਪਿਆਰਨਿ ਸੰਗਿ ਪਿਆਰ ਬਢਾਈਐ
ਸਦਾ ਹੋਤ ਆਨੰਦ ਰਾਮ ਗੁਨ ਗਾਈਐ
ਐਸੋ ਸੁਖ ਦੁਨੀਆਂ ਮੈਂ, ਅਵਰ ਨ ਪੇਖੀਐ
ਹੋ ਮਿਲਿ ਪਿਆਰਨ ਕੈ ਸੰਗਿ, ਰੰਗ ਜੋ ਦੇਖੀਐ ।
੧੧.
'ਚੰਦ' ਨਸੀਹਤ ਸੁਨੀਐ, ਕਰਨੈਹਾਰ ਕੀ
ਦੀਨ ਹੋਇ ਖ਼ੁਸ਼ ਰਾਖੋ, ਖਾਤਰ ਯਾਰ ਕੀ
ਮਾਰਤ ਪਾਇ ਕੁਹਾੜਾ, ਸਖਤੀ ਜੋ ਕਰੈ
ਹੋ ਨਰਮਾਈ ਕੀ ਬਾਤ, ਸਭਨ ਤਨ ਸੰਚਰੈ ।
੧੨.
'ਚੰਦ' ਕਹਿਤ ਹੈ ਕਾਮ ਚੇਸ਼ਟਾ ਅਤਿ ਬੁਰੀ
ਸ਼ਹਤ ਦਿਖਾਈ ਦੇਤ, ਹਲਾਹਲ ਕੀ ਛੁਰੀ
ਜਿੰਹ ਨਰ ਅੰਤਰਿ ਕਾਮ ਚੇਸ਼ਟਾ ਅਤਿ ਘਨੀ
ਹੋ ਹੁਇ ਹੈ ਅੰਤ ਖੁਆਰੁ, ਬਡੋ ਜੋ ਹੋਇ ਧਨੀ ।
੧੩.
'ਚੰਦ' ਪਿਆਰੇ ਮਿਲਤ ਹੋਤ ਆਨੰਦ ਜੀ
ਸਭ ਕਾਹੂੰ ਕੋ ਮੀਠੋ, ਸ਼ਰਬਤ ਕੰਦ ਜੀ
ਸਦਾ ਪਿਆਰੇ ਸੰਗਿ, ਵਿਛੋੜਾ ਨਾਹਿ ਜਿਸ
ਹੋ ਮਿਲੇ ਮੀਤ ਸਿਉਂ ਮੀਤ, ਏਹ ਸੁਖ ਕਹੇ ਕਿਸ ।
੧੪.
'ਚੰਦ' ਕਹਤ ਹੈ ਠਉਰ, ਨਹੀਂ ਹੈ ਚਿਤ ਜਿੰਹ
ਨਿਸ ਦਿਨ ਆਠਹੁ ਜਾਮ, ਭ੍ਰਮਤ ਹੈ ਚਿਤ ਜਿੰਹ
ਜੋ ਕਛੁ ਸਾਹਿਬ ਭਾਵੈ, ਸੋਈ ਕਰਤ ਹੈ
ਹੋ ਲਾਖ ਕਰੋੜੀ ਜਤਨ, ਕੀਏ ਨਹੀਂ ਟਰਤ ਹੈ ।