Misc. Poetry : Maulvi Ghulam Rasool Qila Mihan Singh
ਕੁਝ ਹੋਰ ਰਚਨਾ : ਮੌਲਵੀ ਗ਼ੁਲਾਮ ਰਸੂਲ ਕਿਲ੍ਹਾ ਮੀਹਾਂ ਸਿੰਘ
ਵੇ ਸਾਰਬਾਨਾ !-‘ਹੁਲੀਆ ਸ਼ਰੀਫ਼’ ਵਿੱਚੋਂ
ਚਲੀਂ ਉਸ ਦੇਸ ਨੂੰ ਵੇ ਸਾਰਬਾਨਾ !
ਜਿਥੇ ਕੀਤਾ ਹਬੀਬ ਅਲਾਹ ਟਿਕਾਨਾ ।
ਚਲਾ ਉਸ਼ਤਰ ਹੋਵਾਂ ਕੁਰਬਾਨ ਤੇਰੀ,
ਤੇਰੇ ਰਾਹਾਂ ਤੋਂ ਘੋਲੀ ਜਾਨ ਮੇਰੀ ।
ਹੋਈ ਮੁਦਤ ਜੋ ਰੋਵਣ ਨੈਣ ਮੇਰੇ,
ਕਲੇਜੇ ਛੇਕ ਪਾਵਣ ਵੈਣ ਮੇਰੇ ।
ਰਸੂਲ ਅਲਾਹ ਦੇ ਕਰ ਕਰ ਯਾਦ ਆਸਾਰ,
ਅਬ ਬੇ ਮਾਰ ਭੜਕੇ ਸ਼ੌਕ ਦੀਦਾਰ ।
ਮਦੀਨੇ ਨੂੰ ਪੁਚਾ ਇਕ ਵਾਰ ਮੈਨੂੰ,
ਹੜਾਤੀ ਮੇਂ ਮਿਲਾ ਇਕ ਵਾਰ ਮੈਨੂੰ ।
ਗ਼ੁਬਾਰ ਜਿਸ ਰਾਹ ਦਾ ਸੁਰਮਾ ਬਣਾਵਾਂ,
ਹੋਵਾਂ ਸਦਕੇ ਅਗਰ ਇਕ ਝਾਤ ਪਾਵਾਂ ।
ਅਗਰ ਪਰ ਹੋਣ ਤਾਂ ਮਾਰਾਂ ਉਡਾਰੀ,
ਵੇਖਾਂ ਰੋਜ਼ਾ ਜੇ ਤਾਲਅ ਕਰਨ ਯਾਰੀ ।
'ਕਿੱਸਾ ਬਲਾਲ' ਵਿੱਚੋਂ
ਕਿਹਾ ਸਮਝਣ ਸਿਆਣੇ ਨਬਜ਼ ਮੇਰੀ,
ਹਜ਼ਾਰਾਂ ਵੇਖ ਤੱਕੇ, ਨਬਜ਼ ਮੇਰੀ ।
ਨਹੀਂ ਦਾਰੂ ਮੇਰਾ ਕਰਸੀ ਤਬਾਸ਼ੀਰ,
ਕਰੋ ਮਹਿਬੂਬ ਨੂੰ ਮਿਲਣੇ ਦੀ ਤਦਬੀਰ ।
ਹਜ਼ਾਰਾਂ ਅਕਲ ਇਸ ਸੌਦਾ ਪੇ ਕੁਰਬਾਨ,
ਇਹੋ ਦੀਵਾਨਗੀ ਹੈ, ਐਨ ਕੁਰਬਾਨ ।
'ਨਸੀਹਤਨਾਮਾ' ਵਿੱਚੋਂ
ਦਿਲਾ ਗ਼ਾਫ਼ਲ ਨਾ ਹੋ ਯਕਦਮ, ਯੇਹ ਦੁਨੀਆ ਛੋੜ ਜਾਨਾ ਹੈ ।
ਬਗੀਚੇ ਛੋੜ ਕੇ ਖ਼ਾਲੀ, ਜ਼ਿਮੀਂ ਅੰਦਰ ਸਮਾਨਾ ਹੈ ।
…………………
'ਗ਼ੁਲਾਮ' ਇਤਨੀ ਨਾ ਕਰ ਗ਼ਫ਼ਲਤ, ਹਯਾਤੀ ਪਰ ਨਾ ਹੋ ਗ਼ੱਰਾ,
ਖ਼ੁਦਾ ਕੋ ਯਾਦ ਕਰ ਹਰਦਮ, ਜੋ ਆਖ਼ਰ ਕਾਮ ਆਨਾ ਹੈ ।