Misc. poetry : Lala Dhani Ram Chatrik

ਮਿਲੀਜੁਲੀ ਕਵਿਤਾ : ਲਾਲਾ ਧਨੀ ਰਾਮ ਚਾਤ੍ਰਿਕ

1. ਬਾਬਾ ਨਾਨਕ

ਜਿਸ ਦੇ ਚਾਨਣ ਰਿਸ਼ਮਾਂ ਪਾਈਆਂ ਲਹਿਣੇ ਦੇ ਆਈਨੇ ਤੇ,
ਉਸ ਜੋਤ ਨੇ ਛਾਪ ਲਗਾਈ ਕੰਧਾਰੀ ਦੇ ਸੀਨੇ ਤੇ ।

ਬਾਲਕ ਵਾਗੀ ਬੁਢਾ ਕੀਤਾ, ਬੇਰ ਬਣਾਇਆ ਰੇਠੇ ਦਾ,
ਰਾਇ ਬੁਲਾਰ ਮੁਰੀਦ ਕਰ ਲਿਆ, ਪਾ ਕੇ ਨੂਰ ਨਗੀਨੇ ਤੇ ।

ਕਿਰਤੀ ਦਾ ਭੰਡਾਰ ਵਿਖਾਇਆ, ਅੰਨ੍ਹੇ ਮਾਇਆ ਧਾਰੀ ਨੂੰ,
ਸੱਜਣ ਠੱਗ ਨੂੰ ਝਾਤ ਪੁਆਈ, ਘਰ ਵਿਚ ਪਏ ਦਫ਼ੀਨੇ ਤੇ ।

ਬ੍ਰਾਹਮਣ ਕਾਜੀ ਦੋਵੇਂ ਰਗੜੇ, ਨਿਯਤ ਦੀ ਘਸਵੱਟੀ ਤੇ,
ਉਹ ਅਛੂਤ ਬਰਾਬਰ ਤੋਲੇ, ਕਰਤਬ ਦੇ ਤਖ਼ਮੀਨੇ ਤੇ ।

ਪ੍ਰੇਮ ਨਸ਼ੇ ਥੀਂ ਖੀਵਾ ਕੀਤਾ, ਅਮਲਾਂ ਦੇ ਦੀਵਾਨੇ ਨੂੰ ।
ਮੱਕੇ ਵਾਲੇ ਨੂੰ ਭਰਮਾਇਆ, ਦਿਲ ਦੇ ਪਾਕ ਮਦੀਨੇ ਤੇ ।

ਵਹਦਤ ਦਾ ਵਿਉਪਾਰੀ ਆਇਆ, ਹਾਦੀ ਹਿੰਦੂ ਮੁਸਲਿਮ ਦਾ,
ਮੰਦਰ ਮਸਜਿਦ ਸਾਂਝੇ ਕੀਤੇ, ਮਿਟੀ ਪਾਈ ਕੀਨੇ ਤੇ ।

ਆ ਜਾ ਮਨ ਅਜ ਸ਼ੁਕਰਾਨੇ ਕਰੀਏ ਬਾਬੇ ਏਕੰਕਾਰੀ ਦੇ,
ਜਿਸ ਨੇ ਜੋਤ ਜਗਾਈ ਆਣ ਗੁਆਚੇ ਮਾਲ ਖਜੀਨੇ ਤੇ ।

ਦੁਨੀਆਂ ਵਾਲਿਓ, ਕੁਝ ਨਾ ਪੁਛੋ ਮੇਰੇ ਐਬ ਸਵਾਬਾਂ ਦੀ,
ਚਾਤ੍ਰਿਕ ਦਾ ਹੈ ਤਕਵਾ ਆਪਣੇ ਰਹਬਰ ਦਾਨੇ ਬੀਨੇ ਤੇ ।

2. ਚਾਂਦਨੀ ਚੌਂਕ ਦਿੱਲੀ ਵਿੱਚ ਅੰਤ ਸਮਾਂ

ਰਾਤ ਬੀਤੀ ਦਿਨ ਚੜ੍ਹ ਪਿਆ ਹੁਣ ਕਹਿਰਾਂ ਵਾਲਾ ।
ਸੂਰਜ ਖ਼ੂਨੀ ਨਿਕਲਯਾ, ਸੂਰਤ ਬਿਕਰਾਲਾ ।
ਕੀਤਾ ਵੇਸ ਅਕਾਸ਼ ਨੇ ਅਜ ਕਾਲਾ ਕਾਲਾ ।
ਧੌਲ ਧਰਮ ਤੋਂ ਡੋਲਿਆ ਆਇਆ ਭੁੱਚਾਲਾ ।

ਸ੍ਰੀ ਸਤਿਗੁਰ ਇਸ਼ਨਾਨ ਕਰ ਲਿਵ ਪ੍ਰਭ ਵਿਚ ਲਾਈ ।
ਜਪੁਜੀ ਸਾਹਿਬ ਉਚਾਰਿਆ ਵਿਚ ਸੀਤਲਾਈ ।
ਪਾਠ ਮੁਕਾਇ ਅਕਾਲ ਦਾ ਜਦ ਧੌਣ ਝੁਕਾਈ ।
ਕਾਤਲ ਨੇ ਉਸ ਵੇਲੜੇ ਤਲਵਾਰ ਚਲਾਈ ।

ਕੰਬਣ ਲੱਗੀ ਪ੍ਰਿਥਵੀ ਨਾ ਦੁੱਖ ਸਹਾਰੇ ।
ਸ਼ਾਹੀ ਵਰਤੀ ਗਗਨ ਤੇ ਅਰ ਟੁੱਟੇ ਤਾਰੇ ।
ਅੰਧ ਹਨੇਰੀ ਝੁਲਦੀ ਦਿੱਲੀ ਵਿਚਕਾਰੇ ।
ਮਾਤਮ ਸਾਰੇ ਵਰਤਿਆ ਇਸ ਦੁਖ ਦੇ ਮਾਰੇ ।

ਧਰਮੀ ਹਿੱਕਾਂ ਪਾਟੀਆਂ ਛਾਇਆ ਅੰਧਯਾਰਾ ।
ਅੱਖਾਂ ਵਿਚੋਂ ਨਿਕਲੀ ਲੋਹੂ ਦੀ ਧਾਰਾ ।
ਹੋਣ ਲੱਗਾ ਸੰਸਾਰ ਵਿਚ, ਵਡ ਹਾਹਾ ਕਾਰਾ ।
ਹੋਇਆ ਵਿਚ ਅਕਾਸ਼ ਦੇ, ਜੈ ਜੈ ਜੈਕਾਰਾ ।

ਹਿੰਦੂ ਧਰਮ ਨੂੰ ਰਖ ਲਿਆ, ਹੋ ਕੇ ਕੁਰਬਾਨ ।
ਬਲੀ ਚੜ੍ਹਾ ਕੇ ਆਪਣੀ ਰਖ ਲੀਤੀ ਆਨ ।
ਪਾਈ ਮੁਰਦਾ ਕੌਮ ਵਿਚ, ਮੁੜ ਕੇ ਜਿੰਦ ਜਾਨ ।
ਗੁਰੂ ਨਾਨਕ ਦਾ ਬੂਟੜਾ ਚੜ੍ਹਿਆ ਪਰਵਾਨ ।

ਇਕ ਪਯਾਰੇ ਸਿਖ ਨੇ ਜਾ ਸੀਸ ਉਠਾਯਾ ।
ਲੈ ਕੇ ਵਿਚ ਅਨੰਦ ਪੁਰ ਓਵੇਂ ਪਹੁੰਚਾਯਾ ।
ਧੜ ਲੈ ਕੇ ਇਕ ਲੁਬਾਨੜੇ ਸਸਕਾਰ ਕਰਾਯਾ ।
ਸਿਰ ਤਲੀਆਂ ਤੇ ਰਖ ਕੇ ਇਹ ਸਿਦਕ ਕਮਾਯਾ ।

ਸਤਿਗੁਰ ਰੱਛਕ ਹਿੰਦ ਦੇ, ਕੀਤਾ ਉਪਕਾਰ ।
ਸਾਕਾ ਕੀਤਾ ਕਲੂ ਵਿਚ ਸਿਰ ਅਪਨਾ ਵਾਰ ।
ਦਿੱਲੀ ਦੇ ਵਿਚ ਆਪ ਦੀ ਹੈ ਯਾਦਸੁਗਾਰ ।
ਸੀਸ ਗੰਜ ਰਕਾਬ ਗੰਜ ਲਗਦੇ ਨੇ ਦਰਬਾਰ ।

(ਇਕ ਪਯਾਰੇ ਸਿਖ=ਭਾਈ ਜੈਤਾ ਜੀ, ਇਕ
ਲੁਬਾਨੜੇ=ਲੱਖੀ ਸ਼ਾਹ ਲੁਬਾਣਾ)

3. ਸਿਖਯਾ

ਹੇ ਮਨ ਮੁੱਖੀਂ ਰੁੱਝਿਆ, ਉੱਠ ਝਾਤੀ ਮਾਰ ।
ਅਪਨੇ ਰਖਕ ਗੁਰੂ ਦੇ ਉਪਕਾਰ ਚਿਤਾਰ ।
ਕਿਸ ਖਾਤਰ ਉਹ ਤੁਰ ਗਏ ਸਨ ਜਿੰਦਾਂ ਵਾਰ ?
ਅਸੀਂ ਕਿਵੇਂ ਅਲਮਸਤ ਹਾਂ ਉਹ ਧਰਮ ਵਿਸਾਰ ।

ਦੀਨਾਂ ਦੀ ਪ੍ਰਿਤਪਾਲ ਹਿਤ ਸਨ ਧਾਮ ਲੁਟਾਏ ।
ਪਰੁਪਕਾਰ ਦੇ ਵਾਸਤੇ, ਸਰਬੰਸ ਗਵਾਏ ।
ਦੁਖੀਆਂ ਦੇ ਦੁਖ ਕੱਟਣੇ ਹਿਤ ਸੀਸ ਕਟਾਏ ।
ਪਰ ਤੂੰ ਹਾਇ ਅਕ੍ਰਿਤਘਣ, ਗੁਣ ਸਰਬ ਭੁਲਾਏ ।

ਅਪਸਵਾਰਥ ਦੇ ਵਾਸਤੇ, ਹਾਂ ਪਾਪ ਕਮਾਂਦੇ ।
ਦੁਖੀਆ ਦਰਦੀ ਵੇਖ ਕੇ ਕੁਝ ਤਰਸ ਨਾ ਖਾਂਦੇ ।
ਰੋਗੀ ਦੀ ਦਾਰੀ ਵਿਖੇ, ਇਕ ਪਲ ਨਾ ਲਾਂਦੇ ।
ਲੀਕਾਂ ਵਡ ਵਡੇਰੀਆਂ ਛੱਡ, ਔਝੜ ਜਾਂਦੇ ।

ਅਗੇ ਦੇ ਵੀ ਵਾਸਤੇ ਕੁਝ ਖਰਚੀ ਬੰਨ੍ਹੋਂ ।
ਆਖੀ ਵਡ ਵਡੇਰਿਆਂ, ਦੀ ਦਿਲ ਦੇ ਮੰਨੋਂ ।
ਆਣ ਜਮਾਂ ਜਦ ਘੇਰਿਆ ਫੜ ਖੜਿਆ ਕੰਨੋਂ ।
ਓਦੋਂ ਨਾਲ ਤੁਰੇਗੀ ਇਹ ਮਾਈ ਧੰਨੋਂ ।

4. ਆ ਗਿਆ

ਆ ਦਿਲਾ, ਤਿਰੀ ਉਜਾੜ ਨੂੰ ਵਸਤੀ ਬਣਾ ਦਿਆਂ,
ਪਤ ਝੜ ਨੂੰ ਅੱਜ ਬਹਾਰ ਦੀ ਰੰਗਣ ਚੜ੍ਹਾ ਦਿਆਂ,
ਕਲੀਆਂ ਖਿੜਾ ਕੇ, ਬੁਲ ਬੁਲ ਨੂੰ ਜਾਨ ਪਾ ਦਿਆਂ,
ਪੰਖੇਰੂਆਂ ਨੂੰ ਪ੍ਰੇਮ ਸੰਦੇਸ਼ਾ ਸੁਣਾ ਦਿਆਂ,
ਜਿਸ ਦਿਨ ਨੂੰ ਤਰਸਦੀ ਸੀ ਲੁਕਾਈ, ਓ ਆ ਗਿਆ ।

ਕਹਿ ਦੇ ਵਜੰਤਰੀ ਨੂੰ ਜ਼ਰਾ ਛੇੜ ਦਿਲ ਰੁਬਾ,
ਰਗ ਰਗ ਬਣਾ ਕੇ ਤਰਬ ਸੁਰਾਂ ਇਸ ਤਰ੍ਹਾਂ ਮਿਲਾ,
ਨਿਕਲੇ ਆਵਾਜ਼ ਗੂੰਜ ਕੇ ਸ਼ਾਬਾਸ਼ ਮਰਹਬਾ,
ਲੂੰ ਲੂੰ ਖਲੋ ਕੇ ਗਾਇ ਉਸ ਸਤਿਗੁਰ ਦਾ ਸ਼ੁਕਰੀਆ,
ਜੋ ਪਯਾਰ ਤੇ ਉਪਕਾਰ ਦੀ ਸਰਗਮ ਸਿਖਾ ਗਿਆ ।

ਮੀਰਾਂ ਦਾ ਮੀਰ ਕਲਗੀਧਰ ਪੀਰਾਂ ਦਾ ਉਚ ਪੀਰ,
ਜ਼ੁਲਮਾਂ ਦਾ ਘਟਾ ਟੋਪ ਕਰਨ ਵਾਲਾ ਲੀਰ ਲੀਰ,
ਹਾਮੀ ਸਚਾਈਆਂ ਦਾ, ਗਰੀਬਾਂ ਦਾ ਦਸਤਗੀਰ,
ਪਲਟਾਈ ਜਿਸ ਨੇ ਹਿੰਦ ਦੀ ਉਲਟੀ ਹੋਈ ਤਕਦੀਰ,
ਵਖਤਾਂ ਦੀ ਰਾਤ ਬੈਠ ਸਿਰ੍ਹਾਣੇ ਕਟਾ ਗਿਆ ।

ਜਿਸ ਨੂਰ ਨੇ ਜ਼ੁਲਮਾਤ ਜ਼ੁਲਮ ਦੀ ਹਟਾਈ ਸੀ,
ਜਿਸ ਮੀਂਹ ਨੇ ਅੱਗ ਦੇਸ਼ ਨੂੰ ਲੱਗੀ ਬੁਝਾਈ ਸੀ,
ਜਿਸ ਪਹਿਰੂਏ ਨੇ ਸੌਂ ਗਈ ਕਿਸਮਤ ਜਗਾਈ ਸੀ,
ਜਿਸ ਆਤਮਾ ਨੇ ਮੁਰਦਿਆਂ ਵਿਚ ਜਾਨ ਪਾਈ ਸੀ,
ਜੋ ਗੀਦੀਆਂ ਨੂੰ ਸ਼ੇਰ ਦਾ ਜਾਮਾ ਪੁਆ ਗਿਆ ।

ਜਿਸ ਹਿੰਦ ਨੂੰ ਬਚਾ ਲਿਆ ਸਰਬੰਸ ਆਪਣਾ ਗਾਲ,
ਕੰਧਾਂ ਦੇ ਵਿਚ ਚਿਣਾ ਲਏ ਦੋ ਛੋਟੇ ਛੋਟੇ ਲਾਲ,
ਹੱਥੀਂ ਕੁਹਾ ਕੇ ਲਾਡਲੇ ਕੀਤਾ ਨਾ ਮਲਾਲ,
ਭਾਰਤ ਨੂੰ ਸਿੰਜ ਸਿੰਜ ਕੇ ਆਪਣੇ ਲਹੂ ਦੇ ਨਾਲ,
ਕੱਲਰ ਦੇ ਵਿਚ ਧਰਮ ਬਗੀਚਾ ਉਗਾ ਗਿਆ ।

ਆ ਉਸ ਗੁਰੂ ਦੇ ਜਨਮ ਦਾ ਮੰਗਲ ਮਨਾਵੀਏ,
ਉਪਕਾਰ ਕਰਕੇ ਯਾਦ ਧੰਨਵਾਦ ਗਾਵੀਏ,
ਦੁਨੀਆਂ ਤੇ ਉਸ ਦੇ ਜਸ ਦਾ ਢੰਡੋਰਾ ਫਿਰਾਵੀਏ,
ਪੈਗਾਮ ਉਸ ਦੇ ਮਿਸ਼ਨ ਦਾ ਘਰ ਘਰ ਪੁਚਾਵੀਏ,
ਅੰਮ੍ਰਿਤ ਓ ਵੰਡੀਏ ਜੋ ਅਸਾਂ ਨੂੰ ਛਕਾ ਗਿਆ ।

5. ਚੜ੍ਹਦੀ ਕਲਾ

ਆ ਗਈ ਨੂਰੀ ਝਲਕ ਇਕ ਆ ਗਈ,
ਦੀਨ-ਦੁਨੀਆਂ ਮੇਰੀ ਨੂੰ ਚਮਕਾ ਗਈ ।

ਫਿਰ ਗਈ ਤਨ ਮਨ ਤੇ ਰਹਿਮਤ ਦੀ ਨਿਗਾਹ,
ਖਾਕ ਨੂੰ ਅਕਸੀਰ ਤੁਰਤ ਬਣਾ ਗਈ ।

ਧਸ ਗਈ ਰਗ ਰਗ ਦੇ ਵਿਚ ਬਿਜਲੀ ਕੋਈ,
ਸੁਰਤ ਸੁਤੀ ਨੂੰ ਹਲੂਣ ਜਗਾ ਗਈ ।

ਦਸ ਕੇ ਆਪਣੇ ਆਪ ਨੂੰ ਦੇ ਬਲਕਾਰ ਨੂੰ,
ਜਾਨ ਮੁਰਦਾ ਲਾਸ਼ ਦੇ ਵਿਚ ਪਾ ਗਈ ।

ਜੀ ਕੇ ਮਰਨਾ ਰੋਜ਼ ਸਾਂ ਸਿਖਦੇ ਰਹੇ,
ਮਰ ਕੇ ਜੀਉਣ ਦਾ ਏ ਚੇਟਕ ਲਾ ਗਈ ।

ਕੌਣ ਕਹਿੰਦਾ ਹੈ ਕਿ ਮੈਂ ਕੰਗਾਲ ਹਾਂ,
ਮੇਰੀ ਦੌਲਤ ਬੇਹਿਸਾਬ ਲਭਾ ਗਈ ।

ਪਿੰਜਰੇ ਦੀ ਕੈਦ ਤੋਂ ਆਜ਼ਾਦ ਕਰ,
ਅਰਸ਼ ਤੇ ਪਰਵਾਜ਼ ਕਰਨਾ ਸਿਖਾ ਗਈ ।

ਮਿਟ ਸਕੇ ਹਸਤੀ ਨਾ ਚਾਤ੍ਰਿਕ ਦੀ ਕਦੇ,
ਜ਼ਿੰਦਗੀ ਦਾ ਭੇਦ ਇਹ ਸਮਝਾ ਗਈ ।

6. ਸਤਿਗੁਰ ਦਾ ਪੈਗਾਮ
(ਆਪਣੇ ਆਦਰਸ਼ ਸਿੱਖ ਦੇ ਨਾਮ)

ਹੇ ਗੁਰ ਸਿਖ ਵਾੜੀ ਦੇ ਫੁੱਲਾ,
ਉਠ ਨਵੀਂ ਬਹਾਰ ਖਿੜਾ ਸਿਖਾ ।
ਦੁਨੀਆਂ ਨੂੰ ਸੀਤਲ ਕਰਨ ਲਈ,
ਤੂੰ ਆਪਣੀ ਮਹਿਕ ਲੁਟਾ ਸਿਖਾ ।

ਜੇ ਮੇਰਾ ਸਿਖ ਸਦਾਣਾ ਈ,
ਜੇ ਪ੍ਰੇਮ ਗਲੀ ਵਿਚ ਜਾਣਾ ਈ,
ਤਦ ਆਪਣਾ ਆਪ ਗੁਆ ਸਿਖਾ,
ਸਹਿ ਚੋਟਾਂ ਸਿਦਕ ਵਿਖਾ ਸਿਖਾ ।

ਜਦ ਮੇਰਾ ਅੰਮ੍ਰਿਤ ਪੀਤਾ ਸੀ,
ਇਕਰਾਰ ਇਹੋ ਤੂੰ ਕੀਤਾ ਸੀ,
ਮੇਰੇ ਮਕਸਦ ਦੇ ਰਸਤੇ ਵਿਚ,
ਦੇਵੇਂਗਾ ਸਭ ਕੁਝ ਲਾ ਸਿਖਾ ।

ਪਾ ਕੇ ਚੋਲਾ ਪਰਵਾਨੇ ਦਾ,
ਰਖ ਚੇਤਾ ਅਸਲ ਨਿਸ਼ਾਨੇ ਦਾ,
ਛਡ ਝਾਕ ਨਫੇ ਨੁਕਸਾਨਾਂ ਦੀ,
ਅੱਖ ਮੀਟੀ ਤੁਰਿਆ ਜਾ ਸਿਖਾ ।

ਆਦਰਸ਼ ਤੇਰਾ ਜਦ ਮਰਨਾ ਹੈ,
ਇਕ ਸਿਦਕ ਸਮੁੰਦਰ ਤਰਨਾ ਹੈ,
ਤੂੰ ਧਰਤੀ ਤੇ ਕੀ ਕਰਨਾ ਹੈ,
ਉਠ ਅਰਸ਼ ਉਡਾਰੀ ਲਾ ਸਿਖਾ ।

7. ਨਿੰਦਾ ਚੁਗ਼ਲੀ

੧.
ਜੀਆ ! ਨਿੰਦਾ ਚੁਗ਼ਲੀ ਦਾ ਤੂੰ,
ਕਾਹਨੂੰ ਹੋ ਗਿਓਂ ਆਦੀ ?
ਐਬ ਪਰਾਏ ਫੋਲ ਫੋਲ ਕੇ,
ਕਰਨਾ ਏਂ ਰੋਜ਼ ਮੁਨਾਦੀ ।
ਆਪਣੀ ਬੁੱਕਲ ਵਿਚ ਜੇ ਝਾਤੀ,
ਮਾਰ ਕਦੇ ਸ਼ਰਮਾਂਦੋਂ,
ਤੋਬਾ ਕਰ ਬਖ਼ਸ਼ਾ ਲੈਂਦੇ,
ਹਟ ਜਾਂਦੀ ਭੈੜੀ ਵਾਦੀ ।

੨.
ਫੋਲ ਪਰਾਏ ਔਗੁਣ ਬੁੱਝੇਂ,
ਕੁੱਝ ਨਾ ਅਪਣੇ ਪੱਲੇ ।
ਜੇ ਅਗਲੇ ਦੇ ਗੁਣ ਟੋਹੀਏ ਤਾਂ,
ਠੰਢ ਪਏ ਇਸ ਗੱਲੇ ।
ਪਰ ਜੇ ਉਸ ਦੇ ਐਬਾਂ ਉੱਤੇ,
ਪੜਦਾ ਪਾ ਚੁੱਪ ਰਹੀਏ,
ਨੇਕੀ ਬਦੀ ਦੁਹਾਂ ਤੋਂ ਨਿਆਰੇ,
ਰਹੀਏ ਬੈਠ ਸੁਖੱਲੇ ।

8. ਗ਼ਜ਼ਲ

ਜ਼ੱਰੇ ਦਾ ਸੂਰਜ ਬਣ ਬਹਿਣਾ,
ਗ਼ਲਤੀ ਵੀ ਹੈ ਸਚਿਆਰ ਵੀ ਹੈ ।
ਐਵਰੈਸਟ ਦੀ ਚੋਟੀ ਜਾ ਲਭਣੀ,
ਆਸਾਨ ਵੀ ਹੈ ਦੁਖਦਾਰ ਵੀ ਹੈ ।

ਅਜ਼ਲੋਂ ਤੁਰ ਚੁਕੀ ਕਹਾਣੀ ਨੇ,
ਖਬਰੇ ਕਦ ਜਾ ਕੇ ਮੁਕਣਾ ਹੈ ।
ਸੁਣੀਆਂ ਤੇ ਪੜ੍ਹੀਆਂ ਗੱਲਾਂ ਤੇ,
ਕੁਝ ਭਰਮ ਵੀ ਹਨ, ਇਤਬਾਰ ਵੀ ਹੈ ।

ਦੋ-ਦਿਲੀ ਮੇਰੀ ਨੂੰ ਤੱਕ ਤੱਕ ਕੇ,
ਉਹ ਪਰਦਿਆਂ ਉਹਲਿਓਂ ਹਸਦੇ ਨੇ,
.........................,
..........................।

ਬੂਹਾ ਢੋ ਕੇ ਹਸਦੇ ਸਨ,
ਝੀਤਾਂ ਦੇ ਵਿਚ ਦੀ ਤੱਕ ਤੱਕ ਕੇ,
"ਵਹਿਮੀ ਜਿਹਾ ਕੋਈ ਬੰਦਾ ਹੈ,
ਈਮਾਨ ਵੀ ਹੈ ਤਕਰਾਰ ਵੀ ।"

ਰੇਡੀਓ ਦੀਆਂ ਖਿੰਡੀਆਂ ਰੌਆਂ ਵਿਚ,
ਜੇ ਲਭਨਾ ਏਂ, ਕਿਸੇ ਇਸ਼ਾਰੇ ਨੂੰ,
ਕਰ ਸੂਈ ਰਾਸ ਰਸੀਵਰ ਦੀ,
ਸੰਦੇਸ਼ ਵੀ ਹੈ, ਸੁਰਤਾਰ ਵੀ ਹੈ ।

ਜੀਵਨ ਦੀ ਰਗੜਾ ਰਗੜੀ ਵਿਚ,
ਚੰਗਿਆੜੇ ਚਮਕਣ ਆਸ਼ਾ ਦੇ,
ਇਸ ਲੋਅ ਵਿਚ ਲੰਮੀਆਂ ਤਾਂਘਾਂ ਨੇ,
ਧਰਵਾਸ ਵੀ ਹੈ, ਇਕਰਾਰ ਵੀ ਹੈ ।

ਇਕ ਰਿੰਦ ਦੇ ਹੱਥ ਵਿਚ ਠੂਠੀ ਏ,
ਸਾਕੀ ਦੇ ਦਰ ਤੇ ਬੈਠਾ ਹੈ,
ਪੀ ਪੀ ਕੇ ਖੀਵਾ ਹੁੰਦਾ ਏ,
ਬਦਮਸਤ ਵੀ ਏ ਹੁਸ਼ਿਆਰ ਵੀ ਹੈ ।

ਕੀ ਡਰ ਹੈ ਮੰਜ਼ਲ ਲੰਮੇਰੀ ਦਾ,
ਕੀ ਅੰਦੇਸ਼ਾ ਹੈ ਦੇਰੀ ਦਾ,
ਕੋਈ ਦਿਨ ਆਵੇਗਾ ਮਿਲ ਪਾਂਗੇ,
ਇਕਰਾਰ ਵੀ ਹੈ, ਇਤਬਾਰ ਵੀ ਹੈ ।

9. ਜੋਤ ਅਗੰਮੀ

ਜੁਗਾਂ ਜੁਗਾਂ ਤੋਂ ਜੋਤ ਅਗੰਮੀ ਰਾਤ ਦਿਨੇ ਪਈ ਜਗਦੀ ।
ਉਤਰ ਪਰਬਤੋਂ ਸਾਗਰ ਵਲ ਨੂਰਾਨੀ ਧਾਰਾ ਵਗਦੀ ।
ਪਰਮ-ਸੁੰਨ ਦੇ ਅੰਧੇਰੇ ਵਿਚ ਬਿਜਲੀ ਵਾਂਗਰ ਕੂੰਦੇ,
ਤ੍ਰੈ ਲੋਕਾਂ ਨੂੰ ਜੀਵਨ ਲੋਅ, ਨਿਤ ਨਿਘੀ ਨਿਘੀ ਲਗਦੀ ।

10. ਯਾਦ ਦਾ ਦੀਵਾ

ਦਿਲਾ ਉਠ ਗ਼ਮ ਭੁਲਾਉਣ ਨੂੰ ਕੋਈ ਮਹਿਰਮ ਬਣਾ ਲਈਏ ।
ਕੋਈ ਸੋਹਣੀ ਜਿਹੀ ਤਸਵੀਰ ਸੀਨੇ ਵਿਚ ਜੜਾ ਲਈਏ ।

ਉਨ੍ਹਾਂ ਨੂੰ ਆਪਣੀ ਬਾਬਤ ਕੋਈ ਚੇਤਾ ਤੇ ਔਣਾ ਨਹੀਂ,
ਉਨ੍ਹਾਂ ਦੀ ਯਾਦ ਦਾ ਦੀਵਾ ਹਨੇਰੇ ਵਿਚ ਜਗਾ ਲਈਏ ।

ਪੁਰਾਣੇ ਲੇਖ ਤੇ ਘਸ ਘਸ ਕੇ ਮਲੀਆ ਮੇਟ ਹੋ ਗਏ ਨੇ,
ਕਿਸੇ ਅਜ ਕਲ ਦੇ ਮੁਰਸ਼ਦ ਤੋਂ ਨਵੀਂ ਕਿਸਮਤ ਲਿਖਾ ਲਈਏ ।

ਨਸ਼ਾ ਭੀ ਹੈ ਤੇ ਸਾਕੀ ਭੀ ਹੈ ਮੈਖ਼ਾਨਾ ਭੀ ਨੇੜੇ ਹੈ,
ਦੁਆਖੀ ਬਾਲ ਰਿੰਦਾਂ ਨੂੰ ਬੁਲਾ ਮਹਿਫ਼ਲ ਭਖਾ ਲਈਏ ।

ਪੁਰਾਣੇ ਲੋਕ ਪਿਟਦੇ ਮਰ ਗਏ ਲੀਹਾਂ ਲਕੀਰਾਂ ਨੂੰ,
ਅਗਾਂਹ ਵਧੂਆਂ ਤੋਂ ਅਜ ਕਲ ਦੀ ਨਵੀਂ ਦੁਨੀਆਂ ਵਸਾ ਲਈਏ ।

ਜਗਤ ਵਿਚ ਕੁਫ਼ਰ ਤੇ ਇਸਲਾਮ ਲੜਦੇ ਹੀ ਚਲੇ ਆਏ,
ਦੁਹਾਂ ਦੇ ਸਿਰ ਸੁਆਹ ਪਾ ਕੇ ਸਿਆਪਾ ਹੀ ਮੁਕਾ ਲਈਏ ।

ਖੁਰਾ ਰੱਬ ਦਾ ਰਹੇ ਲਭਦੇ, ਰਿਖੀ, ਅਵਤਾਰ, ਪੈਗੰਬਰ,
ਅਸੀਂ ਕਤਰੇ ਦੀ ਬੁਕਲ ਵਿਚ, ਸਮੁੰਦਰ ਨੂੰ ਲੁਕਾ ਲਈਏ ।

ਪੁਜਾਰੀ ਪ੍ਰੇਮ ਦਾ ਹੋ ਕੇ, ਨ ਤਕਵਾ ਛੋੜ ਦੇ ਚਾਤ੍ਰਿਕ,
ਜੇ ਬੇਪਰਵਾਹ ਹੈ ਤਦ ਭੀ ਯਾਰ ਦਾ ਦਰ ਖਟਖਟਾ ਲਈਏ ।

11. ਕਿਵੇਂ ਤੁਰ ਚਲਿਆ ਏਂ ਕੱਲਿਆਂ ਛੱਡ ਕੇ

੧.

ਜੋ ਰਿਹੋਂ ਕਹਿੰਦਾ, ਸੋ ਰਹੀ ਕਰਦੀ,
ਹਰਦਮ ਤੇਰਾ ਦਮ ਰਹੀ ਭਰਦੀ,
ਤੈਥੋਂ ਕੋਈ ਨਾ ਓਹਲਾ ਰੱਖਿਆ,
ਦਸਦੀ ਰਹੀ ਕਲੇਜਾ ਕੱਢ ਕੇ ।

੨.

ਜਦ ਤੂੰ ਅਪਣਾ ਜੀ ਉਦਰਾਇਆ,
ਸਭ ਕੁਝ ਤੇਰੀ ਨਜ਼ਰ ਚੜ੍ਹਾਇਆ,
ਪੱਲਾ ਫੜ ਫੜ ਜਾਣ ਨਾ ਦਿੱਤਾ,
ਸੌ ਸੌ ਵਾਰੀ ਦੰਦੀਆਂ ਅੱਡ ਕੇ ।

੩.

ਕਈ ਵਾਰੀ ਤੂੰ ਫੇਰੀਆਂ ਅੱਖੀਆਂ,
ਕਈ ਵਾਰੀ ਤੂੰ ਸ਼ਰਮਾ ਰੱਖੀਆਂ,
ਹੁਣ ਵੀ ਨਾ ਕਰ ਸੁੰਞਾ ਵਿਹੜਾ,
ਉਮੈਦਾਂ ਦਾ ਬੂਟਾ ਵੱਢ ਕੇ ।

੪.

ਤੇਰੇ ਬਿਨ ਮੈਂ ਕੌਡੀਓਂ ਖੋਟੀ,
ਕਿਸੇ ਨਹੀਂ ਮੈਨੂੰ ਪੁਛਣੀ ਰੋਟੀ,
ਖੰਭ ਜੇ ਮੇਰੇ ਖੋਹ ਸੁਟਿਓ ਨੀਂ,
ਕੀ ਲੱਭ ਲਏਂਗਾ ਪਿਛੋਂ ਸੱਦ ਕੇ ।

12. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੱਚ ਪਰ ਕੁਰਬਾਨੀ

ਕਲੂ ਕਾਲ ਦਾ ਪਹਿਰਾ ਆਯਾ, ਜਗ ਵਿਚ ਛਾਇਆ ਧੁੰਦੂਕਾਰ ।
ਕਾਲੀ ਬੋਲੀ ਰਾਤ ਪੈ ਗਈ, ਹੋਯਾ ਪਾਪਾਂ ਦਾ ਵਿਸਥਾਰ ।
ਸਚ ਚੰਦ੍ਰਮਾਂ ਉਹਲੇ ਹੋਇਆ, ਕੂੜ ਅਮਾਵਸ ਦਾ ਬਲਕਾਰ ।
ਦਯਾ ਧਰਮ ਅਰ ਭਗਵਤ ਭਗਤੀ, ਉੱਡੇ ਕਿਧਰੇ ਪੰਛੀ ਹਾਰ ।
ਰਾਜਾ ਪਰਜਾ ਖਚਿਤ ਹੋ ਗਏ, ਪਾਪਾਂ ਅਪਕਰਮਾਂ ਵਿਚਕਾਰ ।
ਡੋਲ ਖਲੋਤਾ ਧਰਮ ਧੌਲ, ਧਰਤੀ ਨੇ ਪਾਈ ਹਾਲ ਪੁਕਾਰ ।
ਧੁਨ ਪਹੁੰਚੀ ਕਰਤਾਰ ਪਾਸ, ਦੁਨੀਆਂ ਵਿਚ ਹੋਈ ਹਾਹਾਕਾਰ ।
ਕ੍ਰਿਪਾ ਕਰੋ ਦੁਖ ਹਰੋ ਨਾਥ, ਵਧ ਗਿਆ ਬਹੁਤ ਪਾਪਾਂ ਦਾ ਭਾਰ ।
ਸੁਣ ਪੁਕਾਰ ਦਾਤਾਰ ਪ੍ਰਭੂ, ਗੁਰੂ ਨਾਨਕ ਜੀ ਭੇਜੇ ਅਵਤਾਰ ।
ਜਿਨ ਅਪਨੇ ਉਪਦੇਸ਼ ਨਾਲ, ਅੰਧੇਰੇ ਦਾ ਕੀਤਾ ਪਰਹਾਰ ।
ਸੱਤਯ ਧਰਮ ਦਾ ਸੂਰ ਚੜ੍ਹਾ ਕੇ, ਭਗਤਿ ਭਾਵ ਕੀਤਾ ਪਰਚਾਰ ।
ਸਤ ਮਾਰਗ ਵਿਚ ਪਾਈ ਖਲਕਤ, ਸਤਿਨਾਮ ਦਾ ਮੰਤ੍ਰ ਉਚਾਰ ।
ਸਤਯ ਧਰਮ ਦਾ ਬਾਗ ਲਗਾ ਕੇ, ਸਿੰਜਨ ਦੀ ਸਿਰ ਚਾਈ ਕਾਰ ।
ਫਿਰ ਫਿਰ ਦੇਸ ਦਸੰਤਰ ਅੰਦਰ, ਸਭ ਸੁਖ ਚੈਨ ਆਪਣੇ ਵਾਰ ।
ਲਹੂ ਵੀਟਕੇ ਆਪਣਾ ਉਸਨੂੰ, ਸਿੰਚਨ ਕੀਤਾ ਬਾਰੰਬਾਰ ।
ਦਸਵੇਂ ਜਾਮੇ ਧਰਮ ਬਚਾਯਾ, ਸਮੇਂ ਸਮੇਂ ਦੀ ਲੋੜ ਵਿਚਾਰ ।
ਪੰਜਵੇਂ ਜਾਮੇ ਸ੍ਰੀ ਗੁਰੂ ਅਰਜਨ, ਜਦ ਆਏ ਦੁਨੀਆਂ ਵਿਚਕਾਰ ।
ਉਨ੍ਹੀਂ ਦਿਨੀਂ ਸੀ ਅਕਬਰ ਸ਼ਾਹ ਦਾ, ਸਿੱਕਾ ਚਲਦਾ ਦੇਸ ਮਝਾਰ ।
ਰਾਜ ਸ਼ਾਸਨਾਂ-ਅਗਨਿ ਕੁਛਕ ਸੀ, ਮੰਦ, ਬੰਦ ਸੀ ਮਾਰੋ ਮਾਰ ।
ਲੋੜ ਸਮੇਂ ਦੀ ਲਖ ਸਤਿਗੁਰੂ ਨੇ, ਕੀਤਾ ਸ਼ੁਰੂ ਧਰਮ ਪਰਚਾਰ ।
'ਸਤਿਨਾਮ' ਦਾ ਲੰਗਰ ਲਾਯਾ, ਮੁਕਤਿ ਭੁਗਤਿ ਦਾ ਖੋਲ੍ਹ ਦੁਆਰ ।
ਖੂਹੇ ਤਾਲ ਬਾਵਲੀ ਲਾਏ, ਭੋਜਨ ਦੇ ਖੋਹਲੇ ਭੰਡਾਰ ।
ਸ੍ਰੀ ਅੰਮ੍ਰਿਤਸਰ ਹਰਿਮੰਦਰ ਰਚ, ਥਾਪਿਆ ਸੱਚੇ ਦਾ ਦਰਬਾਰ ।
ਤਰਨ ਤਾਰਨ ਦਾ ਤਾਲ ਲਵਾ ਵਿਚ, ਮੰਦਰ ਪਾਇਆ ਦੂਖ ਨਿਵਾਰ ।
ਜਗ ਤਾਰ ਵਿਚ ਬੋਹਿਥ ਰਚਿਆ, ਅਨੁਭਵ ਬਾਣੀ ਮੁਖੋਂ ਉਚਾਰ ।
ਸ੍ਰੀ (ਗੁਰੂ) ਗ੍ਰੰਥ ਪੰਥ ਦੇ ਵਾਲੀ, ਦੀਨ ਦੁਨੀ ਦੇ ਮਦਦਗਾਰ ।
ਭਾਰਤ ਦੀ ਕਲਯਾਣ ਵਾਸਤੇ, ਹੋਰ ਬਿਅੰਤ ਕਰੇ ਉਪਕਾਰ ।

ਇਕ ਦਿਨ ਸਤਿਗੁਰ ਬੈਠੇ ਸੀ, ਸ੍ਰੀ ਹਰਿਮੰਦਰ ਵਿਚ ਲਾਇ ਦੀਵਾਨ ।
ਅਕਬਰ ਦੇ ਦਰਬਾਰੀ ਚੰਦੂ, ਦੇ ਦੋ ਲਾਗੀ ਪਹੁੰਚੇ ਆਨ ।
ਸਾਹਿਬਜ਼ਾਦੇ ਹਰਿਗੋਬਿੰਦ ਜੀ ਲਾਇਕ, ਵਰ ਕਰਕੇ ਅਨੁਮਾਨ ।
ਸਾਕ ਵਾਸਤੇ ਅਰਜ ਗੁਜ਼ਾਰੀ, ਸਤਿਗੁਰ ਕਰ ਲੀਤੀ ਪਰਵਾਨ ।
ਜਾ ਦਿੱਲੀ ਤਿਨ ਖਬਰ ਪੁਚਾਈ, ਸੁਣ ਸੜਿਆ ਚੰਦੂ ਦੀਵਾਨ ।
ਸ੍ਰੀ ਗੁਰੂ ਅਰਜਨ ਇਕ ਸਾਧੂ ਹੈ, ਅਰ ਮੈਂ ਸ਼ਾਹੀ ਦੀਵਾਨ ਮਹਾਨ ।
ਇੱਟ ਚੁਬਾਰੇ ਦੀ ਲਾ ਆਏ, ਮੋਰੀ ਨੂੰ ਮੂਰਖ ਨਾਦਾਨ ।
ਦਿਲੀ ਦੀ ਸੰਗਤ ਨੇ ਸੁਣਿਆਂ, ਸਤਿਗੁਰ ਨੂੰ ਨਿੰਦੇ ਦੀਵਾਨ ।
ਲਿਖ ਘੱਲੀ ਅਰਦਾਸ ਗੁਰੂ ਪਹਿ, ਚੰਦੂ ਖਾਧੀ ਬੜੀ ਗਿਲਾਨ ।
ਸਾਕ ਓਹਦਾ ਮਨਜੂਰ ਨਾ ਕਰਨਾ, ਸੰਗਤ ਦਾ ਰਖ ਲੈਣਾ ਮਾਨ ।
ਸਤਿਗੁਰੂ ਬੋਲੇ ਸੋਈ ਹੋਸੀ, ਜੋ ਸੰਗਤ ਕੀਤਾ ਫ਼ੁਰਮਾਨ ।
ਪਹੁੰਚੀ ਖਬਰ ਜਦੋਂ ਏਹ ਦਿੱਲੀ, ਚੰਦੂ ਲਗਾ ਖੇਹ ਉਡਾਨ ।
ਮੇਰਾ ਨਾਤਾ ਮੋੜ ਗੁਰੂ, ਬੈਠੇਗਾ ਕਰ ਉਚੀ ਸ਼ਾਨ ?
ਇਉਂ ਵੈਰੀ ਬਣ ਗਿਆ ਗੁਰਾਂ ਦਾ, ਸੋਚਾਂ ਵਿਚ ਰਹੇ ਗਲਤਾਨ ।
ਪ੍ਰਿਥੀ ਚੰਦ ਗੁਰੂ ਦਾ ਵਡ ਭ੍ਰਾਤਾ, ਜੋ ਹੰਕਾਰੀ ਸੀਗ ਮਹਾਨ ।
ਉਸਦੇ ਨਾਲ ਧਮੌਕਾ ਪਾਇਆ, ਦੋਨੋਂ ਲਗੇ ਮਤਾ ਪਕਾਨ ।
ਰਲ ਕੇ ਕਈ ਵਾਰ ਚਲਾਏ, ਥੱਪੇ ਕਈ ਝੂਠ ਤੂਫ਼ਾਨ ।
ਪਰ ਕਰਤਾਰ ਜਿਦ੍ਹੇ ਵਲ ਹੋਵੇ, ਕੌਣ ਓਹਦਾ ਕਰ ਸਕੇ ਜਾਨ ।
ਜੋ ਦੁਖ ਆਯਾ ਮਾਰ ਹਟਾਯਾ, ਆਪ ਪ੍ਰਭੂ ਨੇ ਹੋ ਮਿਹਰਵਾਨ ।
ਅਕਬਰ ਤੀਕ ਮੁਰੀਦ ਹੋ ਗਏ, ਪਚ ਪਚ ਮਰੇ ਨੀਚ ਸ਼ੈਤਾਨ ।
ਆਾਂਚ ਨਾ ਲਗੀ ਸਤ ਧਰਮੀ ਨੂੰ, ਵਧਦੀ ਗਈ ਦਿਨੋ ਦਿਨ ਸ਼ਾਨ ।
ਜਿਉਂ ਜਿਉਂ ਪਾਪੀ ਕਰਨ ਈਰਖਾ, ਤਿਉਂ ਤਿਉਂ ਮਹਿਮਾਂ ਹੋਏ ਮਹਾਨ ।

ਅਕਬਰ ਦੇ ਦਮ ਹੋਏ ਬਰਾਬਰ, ਜਹਾਂਗੀਰ ਦਾ ਆਯਾ ਰਾਜ ।
ਇਸਦਾ ਛੋਟਾ ਭਾਈ ਖੁਸਰੋ, ਲੜ ਭਿੜ ਕੇ ਹੋਯਾ ਨਾਰਾਜ਼ ।
ਜਾਨ ਬਚਾ ਕਾਬਲ ਨੂੰ ਨੱਠਾ, ਤਯਾਗ ਪਿਤਾ ਦਾ ਰਾਜ ਸਮਾਜ ।
ਰਸਤੇ ਵਿਚ ਸਤਿਗੁਰ ਦੇ ਦਵਾਰੇ, ਅਰਜ ਗੁਜ਼ਾਰੀ ਹੇ ਮਹਾਰਾਜ ।
ਕ੍ਰਿਪਾ ਕਰੋ ਮੈਂ ਦੁਖੀਏ ਪਰ ਪ੍ਰਭੂ, ਦਰ ਦਰ ਦਾ ਹੋਯਾ ਮੁਹਤਾਜ ।
ਸਤਿਗੁਰ ਨੇ ਧੀਰਜ ਦੇ ਉਸ ਨੂੰ, ਧਨ ਦੇ ਸਰਬ ਸੁਆਰੇ ਕਾਜ ।
ਸ਼ਾਹ, ਫ਼ਕੀਰ, ਸੰਤ ਦਰ ਇਕੋ, ਸੰਤ ਸਭਸ ਦੇ ਹੇਤ ਜਹਾਜ ।
ਪਰ ਚੰਦੂ ਨੂੰ ਗੱਲ ਮਿਲ ਗਈ, ਪ੍ਰਿਥੀ ਚੰਦ ਨੂੰ ਮਾਰੀ ਵਾਜ ।
ਆ ਭਾਈ, ਹੁਣ ਗੁਰੂ ਅਰਜਨ ਦਾ, ਕਰੀਏ ਚੰਗੀ ਤਰ੍ਹਾਂ ਇਲਾਜ ।
ਜਹਾਂਗੀਰ ਲਾਹੌਰ ਤਯਾਰ ਹੋ, ਹੋਇ ਰਿਹਾ ਹੈ ਸਾਜ ਸਮਾਜ ।
ਬਦਲੇ ਖੂਬ ਲਵਾਂਗੇ ਓਥੇ, ਗਿਣ ਗਿਣ ਸਾਰਾ ਮੂਲ ਬਿਆਜ ।

ਚੰਦੂ ਦੀਵਾਨ ਦੀ ਬਾਦਸ਼ਾਹ ਪਾਸ ਚੁਗਲੀ ਕਰਨੀ

ਜਹਾਂਗੀਰ ਕਸ਼ਮੀਰ ਜਾਂਦਿਆਂ, ਫਿਰ ਲਾਹੌਰ ਕੀਤਾ ਇਜਲਾਸ ।
ਚੰਦੂ ਸ਼ਾਹ ਨੇ ਸਮਾਂ ਤਾੜ ਕੇ, ਚੁਗਲੀ ਕੀਤੀ ਇਸ ਦੇ ਪਾਸ ।
ਅੰਮ੍ਰਿਤਸਰ ਵਿਚ ਗੁਰੂ ਅਰਜਨ ਹੈ, ਰੱਯਤ ਵਿਚ ਫਸਾਦੀ ਖਾਸ ।
ਖੁਸਰੋ ਨਠੇ ਜਾਂਦੇ ਨੂੰ ਉਨ, ਆਪਣੇ ਡੇਰੇ ਦਿਤਾ ਵਾਸ ।
ਧਨ ਅਸਬਾਬ ਢੇਰ ਕੁਝ ਦਿਤਾ, ਪ੍ਰੇਮ ਨਾਲ ਕਰ ਬਚਨ ਬਿਲਾਸ ।
ਵਡੇ ਭਾਈ ਪ੍ਰਿਥੀ ਚੰਦ ਦਾ, ਖੋਹ ਅਧਿਕਾਰ ਲਵੇ ਅਰਦਾਸ ।
ਅਰ ਇਕ ਰਚੀ ਕਿਤਾਬ ਓਸ ਨੇ, ਪੰਥ ਚਲਾਇਆ ਆਪਣਾ ਖਾਸ ।
ਹਜ਼ਰਤ ਪੈਗ਼ੰਬਰ ਦੀ ਉਸ ਵਿਚ ਲਿਖ ਨਿੰਦਾ ਕੀਤੇ ਉਪਹਾਸ ।
ਰਹੇ ਸਦਾ ਹੰਕਾਰ ਮਤਿਆ, ਮੂਲ ਨਾ ਰੱਖੇ ਰਾਜ ਤਰਾਸ ।
ਉਸ ਦਾ ਬੰਦੋਬਸਤ ਚਾਹੀਏ ਨਹਿ ਤਾਂ ਕਰਸੀ ਢੇਰ ਵਿਣਾਸ ।
ਜਹਾਂਗੀਰ ਕੰਨਾਂ ਦਾ ਕੱਚਾ, ਸਚ ਸਮਝਿਆ ਇਹ ਬਕਵਾਸ ।
ਹੁਕਮ ਚੜ੍ਹਾਯਾ ਸੂਬੇ ਨੂੰ ਜਾ ਤੁਰਤ ਲਿਆਓ ਮੇਰੇ ਪਾਸ ।
ਹਜ਼ਰਤ ਦੀ ਹੱਤਕ ਜਿਨ ਕੀਤੀ, ਉਸ ਦਾ ਕਰਨਾ ਚਾਹੀਏ ਨਾਸ ।

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰਾਜ ਦਰਬਾਰ ਵਿਚ ਪਹੁੰਚ ਕੇ ਸੱਚ ਪ੍ਰਗਟਾਣਾ

ਆਯਾ ਧੁਰ ਦਰਗਾਹੀਂ ਸੱਦਾ, ਜਹਾਂਗੀਰ ਦਾ ਨਾਮ ਰਖਾਇ ।
ਸਤਿਗੁਰ ਨੇ ਲਖ ਲੀਤਾ ਮਨ ਵਿਚ, ਪਿਤਾ ਪ੍ਰਭ ਦੀ ਇਹੋ ਰਜ਼ਾਇ ।
ਭਾਣਾ ਮੰਨ ਤਿਆਰੀ ਕੀਤੀ, ਸਾਰੀ ਸੰਗਤ ਲਈ ਬੁਲਾਇ ।
ਸਾਹਿਬਜ਼ਾਦੇ ਹਰਿ ਗੋਬਿੰਦ ਜੀ, ਗੁਰ ਗੱਦੀ ਪਰ ਦਏ ਬਿਠਾਇ ।
ਸਭ ਸੰਗਤ ਨੂੰ ਧੀਰਜ ਦੇ ਕੇ, ਮਹਿਲਾਂ ਨੂੰ ਸੰਤੋਸ਼ ਦ੍ਰਿੜਾਇ ।
ਅੰਤ ਸਮੇਂ ਸ੍ਰੀ ਹਰਿਮੰਦਰ ਦੇ ਵਿਚ, ਬੈਠੇ ਆਣ ਸਮਾਧੀ ਲਾਇ ।
ਅਗਲੇ ਰੋਜ਼ ਤਿਆਰੀ ਕੀਤੀ, ਪਿਤਾ ਪ੍ਰਭੂ ਦਾ ਹੁਕਮ ਵਜਾਇ ।
ਉਪਦੇਸ਼ਾਂ ਦਾ ਮੀਂਹ ਵਸਾਂਦੇ, ਵਿਚ ਲਾਹੌਰ ਦੇ ਪਹੁੰਚੇ ਆਇ ।
ਸੁਣ ਸੁਣ ਨਾਮ ਗੁਰੂ ਦਾ ਦੂਰੋਂ, ਖਲਕਤ ਆਈ ਹੁੰਮ ਹੁਮਾਇ ।
ਲਗੇ ਨਿਹਾਲ ਕਰਨ ਦੁਨੀਆਂ ਨੂੰ, 'ਸਤਿਨਾਮ' ਲੰਗਰ ਵਰਤਾਇ ।
ਚਾਰ ਦਿਨਾਂ ਤਕ ਠੰਡਕ ਪਾਈ, ਉਪਦੇਸ਼ਾਂ ਦਾ ਮੀਂਹ ਵਰਸਾਇ ।
ਜਹਾਂਗੀਰ ਨੂੰ ਚੰਦੂ ਨੇ ਜਾ ਖ਼ਬਰ ਪੁਚਾਈ ਚੁਗਲੀ ਖਾਇ ।
ਚਾਰ ਦਿਨਾਂ ਦਾ ਗੁਰੂ ਅਰਜਨ ਆਯਾ, ਬੈਠਾ ਹੈ ਜੋ ਥੜਾ ਜਮਾਇ ।
ਪਰ ਹਜ਼ੂਰ ਦੇ ਪਾਸ ਨਾ ਆਯਾ, ਬਣਿਆ ਬੈਠਾ ਆਪ ਖ਼ੁਦਾਇ ।
ਗੁੱਸਾ ਚਾੜ੍ਹ ਹੁਕਮ ਚੜ੍ਹਾਯਾ, ਸਤਿਗੁਰ ਨੂੰ ਲੀਤਾ ਸਦਵਾਇ ।
ਅਰ ਹਜ਼ਰਤ ਦੀ ਨਿੰਦਾ ਵਾਲੀ, ਪੋਥੀ ਭੀ ਭੇਜੀ ਮੰਗਵਾਇ ।
ਸ੍ਰੀ ਸਤਿਗੁਰ ਨੇ ਸੱਦਾ ਸੁਣਕੇ, ਦਰਸ਼ਨ ਦਿੱਤਾ ਸ਼ਾਹ ਨੂੰ ਆਇ ।
ਗ੍ਰੰਥ ਸਾਹਿਬ ਦੇ ਵਾਕ ਸੁਣਨ ਦਾ, ਸ਼ਾਹ ਨੂੰ ਸੀਗਾ ਵੱਡਾ ਚਾਇ ।
ਜਿਉਂ ਜਿਉਂ ਵਾਕ ਸੁਣੇ ਸਤਿਗੁਰ ਦੇ, ਤਿਉਂ ਤਿਉਂ ਬਝਦਾ ਜਾਇ ਧਿਆਇ ।
ਅੰਮ੍ਰਿਤ ਬਰਸੇ ਬਚਨ ਤੋਂ ਹਿਰਦਾ ਸੀਤਲ ਹੁੰਦਾ ਜਾਇ ।
ਹਜ਼ਰਤ ਦੀ ਨਿੰਦਾ ਦਾ ਦੂਸ਼ਨ, ਨਾਮ ਮਾਤ੍ਰ ਨਾ ਨਜ਼ਰੇ ਆਇ ।
ਸਮਝ ਗਿਆ ਇਹ ਝੂਠੀ ਤੁਹਮਤ, ਵੈਰੀ ਲੋਕਾਂ ਦਿਤੀ ਲਾਇ ।
ਹੋ ਸੰਤੁਸ਼ਟ ਇਧਰ ਤੋਂ ਕਹਿੰਦਾ, ਮੇਰਾ ਖੁਸਰੋ ਨੀਚ ਭਿਰਾਇ ।
ਪਾਸ ਤੁਸਾਡੇ ਆਯਾ ਸੀ ਜਦ, ਕਿਉਂ ਕੀਤੀ ਸੀ ਉਦ੍ਹੀ ਸਹਾਇ ?
ਇਸ ਅਪਰਾਧ ਹੇਤ ਮੈਂ ਚੱਟੀ, ਦੋ ਲੱਖ ਦਿਤੀ ਹੈ ਠਹਿਰਾਇ ।
ਪਾਸੋਂ ਚੰਦੂ ਸਵਾਹੀ ਨੇ ਉਠ, ਇਹ ਸੁਰ ਦਿਤੀ ਨਾਲ ਮਿਲਾਇ ।
ਅਰ ਹਜ਼ਰਤ ਦੀ ਉਪਮਾ ਵੀ, ਕੁਝ ਇਸ ਪੋਥੀ ਵਿਚ ਦਿਓ ਚੜ੍ਹਾਇ ।
ਸ਼ਾਹ ਨੂੰ ਭੀ ਇਹ ਗੱਲ ਭਾ ਗਈ, 'ਹਾਂ' ਕਹਿ ਦਿਤਾ ਸੀਸ ਹਿਲਾਇ ।
ਪਰ ਸਤਿਗੁਰ ਨੇ ਬਚਨ ਕਿਹਾ, ਇਹ ਦੋਵੇਂ ਬਾਤਾਂ ਹਨ ਅਨਿਆਇ ।
ਖੁਸਰੋ ਇਕ ਅਤਿਥੀ ਜਾਣ ਕੇ, ਅਸਾਂ ਲਿਆ ਸੀ ਤਦੋਂ ਠਰ੍ਹਾਇ ।
ਸੰਤ ਸਭਸ ਦੀ ਸੇਵਾ ਕਰਦੇ, ਊਚ ਨੀਚ ਦਾ ਭਰਮ ਮਿਟਾਇ ।
ਜੋ ਸੰਗਤ ਦੀ ਚੜ੍ਹਤ ਆਇ, ਸੋ ਸੰਗਤ ਜਾਂਦੀ ਹੈ ਖਾਇ ।
ਸਾਡੇ ਪਾਸ ਰੁਪਯਾ ਕਿਥੋਂ ? ਦੋ ਲੱਖ ਚੱਟੀ ਭਰੀ ਨਾ ਜਾਇ ।
ਇਹ ਬਾਣੀ ਹੈ ਕੰਚਨ ਰੂਪੀ ਲਿਖਵਾਈ ਹੈ ਆਪ ਖ਼ੁਦਾਇ ।
ਮੈਂ ਇਸ ਵਿਚ ਆਪਣੇ ਵੱਲੋਂ, ਰੱਤੀ ਖੋਟ ਨਾ ਸਕਾਂ ਰਲਾਇ ।
ਜੋ ਹੋਯਾ ਸੋ ਹੁਕਮੀ ਹੋਯਾ, ਹੋ ਨਾ ਸਕੇ ਹੁਣ ਵਾਧ ਘਟਾਇ ।
ਚੰਦੂ ਨੇ ਸੁਰ ਭਰੀ ਸ਼ਾਹ ਨੂੰ, ਮੇਰੇ ਜਿੰਮੇ ਦਿਉ ਲਗਾਇ ।
ਚੱਟੀ ਭੀ ਭਰਾ ਲਵਾਂ ਅਤੇ ਉਸਤਤ ਵੀ ਛਡਾਂਗਾ ਲਿਖਵਾਇ ।
ਥੋੜੇ ਦਿਨ ਤਕਲੀਫ਼ ਪੁਚਾ ਕੇ, ਸਭ ਕੁਝ ਹੀ ਲੈਸਾਂ ਕਰਵਾਇ ।
'ਬੇਹਤਰ' ਕਹਿ ਕੇ ਜਹਾਂਗੀਰ ਤਾਂ, ਆਪ ਗਿਆ ਕਸ਼ਮੀਰ ਸਿਧਾਇ ।
ਪਿਛੋਂ ਚੰਦੂ ਸਵਾਹੀ ਨੂੰ, ਬਦਲਾ ਕਢਣ ਦਾ ਲਭਾ ਦਾਇ ।
ਆਪਣੇ ਡੇਰੇ ਸਤਿਗੁਰ ਜੀ ਨੂੰ, ਕੈਦੀ ਕਰ ਦਿਤਾ ਪਹੁੰਚਾਇ ।

ਚੰਦੂ ਸਵਾਹੀ ਦਾ ਨੀਚ ਵਰਤਨ

ਆ ਗੁਰੂ ਦੇ ਪਾਸ ਬੈਠ ਪੁਛੇ, ਹੁਣ ਦਸੋ ਕੀ ਹੈ ਹਾਲ ?
ਜਾਣ ਬੁਝ ਪਰਤਾਪ ਮਿਰਾ, ਕਿਉਂ ਵੈਰ ਵਧਾਇਆ ਮੇਰੇ ਨਾਲ ?
ਹੁਣ ਵੀ ਜੇਕਰ ਮੰਨ ਲਵੋ ਤਾਂ, ਏਸ ਬਲਾ ਨੂੰ ਦੇਵਾਂ ਟਾਲ ।
ਸਾਕ ਮੇਰਾ ਮਨਜੂਰ ਕਰੋ ਤੇ ਉਪਮਾ ਲਿਖ ਕੇ ਦੇਵੋ ਡਾਲ ।
ਨਹੀਂ ਤੇ ਸੋਚ ਲਵੋ ਮੈਂ ਖਿਝਿਆ, ਸਾਰੀ ਸ਼ੇਖੀ ਦਿਊਂ ਨਿਕਾਲ ।
ਸੁਣ ਸਤਿਗੁਰ ਬੋਲੇ, ਹੇ ਭਾਈ ! ਇਹ ਤੇਰਾ ਹੈ ਖਾਮ ਖ਼ਿਆਲ ।
ਸਾਡਾ ਵੈਰ ਵਿਰੋਧ, ਮਿਤ੍ਰਤਾ, ਉੱਕਾ ਨਹੀਂ ਕਿਸੇ ਦੇ ਨਾਲ ।
ਸੰਗਤ ਨੇ ਜੋ ਹੁਕਮ ਭੇਜਿਆ, ਉਸਨੂੰ ਮੈਂ ਨਾ ਸਕਾਂ ਹੁਣ ਟਾਲ ।
ਅੰਮ੍ਰਿਤ ਬਾਣੀ ਵਿਚ ਮਿਲਾਣੀ ਵਿਹੁ ਦੀ ਸਿਪੀ ਬੜੀ ਮੁਹਾਲ ।
ਅਰ ਜੋ ਡਰ ਦਿਖਲਾਵੇਂ ਸਾਨੂੰ, ਇਸ ਦਾ ਭੀ ਕੁਝ ਨਹੀਂ ਖ਼ਯਾਲ ।
ਜੋ ਕੁਝ ਪਿਤਾ ਪ੍ਰਭੂ ਦਾ ਭਾਣਾ, ਉਸ ਵਿਚ ਸਾਡੀ ਕਿਹੀ ਮਜਾਲ ।
ਕਰਤੇ ਦੇ ਭਾਣੇ ਵਿਚ ਰਹਿਣਾ, ਇਹ ਸਾਡੇ ਵਡਿਆਂ ਦੀ ਚਾਲ ।
ਇਹ ਸੁਣ ਚੰਦੂ ਖੁਣਸ ਖਾਇਕੇ, ਅਖਾਂ ਕਰਦਾ ਲਾਲੋ ਲਾਲ ।
ਪਹਿਰੇ ਦਾਰ ਬੁਲਾ ਕੇ ਕਹਿੰਦਾ, ਇਸ ਨੂੰ ਰਖੋ ਪਾਸ ਬਿਠਾਲ ।
ਨਾ ਖਾਏ ਨਾ ਪੀਏ ਅਰ ਨਾ ਅੱਖ ਲਗਾਵੇ ਰੰਚਕ ਕਾਲ ।
ਕਸ਼ਟ ਪਾਇਕੇ, ਫੂਲ ਸੇਜ ਪਰ ਜਾ ਕੇ ਸੁਤਾ ਆਪ ਚੰਡਾਲ ।
ਸਤਿਗੁਰ ਭਾਣੇ ਦੇ ਵਿਚ ਬੈਠੇ ਰਹੇ ਸਿਮਰਦੇ ਦੀਨ ਦਿਆਲ ।
ਦੁਖ ਵਿਚ ਸੁਖ ਮਨਾਵਣ ਵਾਲੇ, ਮਗਨ ਰਹੇ ਪਯਾਰੇ ਦੇ ਨਾਲ ।

ਕਸ਼ਟਾਂ ਦਾ ਕੁੜੱਲ

ਦੇਹੁੰ ਚੜ੍ਹੇ ਚੰਦੂ ਚੜ੍ਹ ਆਯਾ, ਆ ਛੋਹੀ ਓਹੋ ਤਕਰੀਰ ।
ਪਰ ਅਗੋਂ ਪਰਵਾਹ ਨਾ ਹੋਈ, ਨਾ ਚੱਲੀ ਇਹ ਭੀ ਤਦਬੀਰ ।
ਹੁਕਮ ਚੜ੍ਹਾਯਾ ਭੱਠ ਤਪਾ ਕੇ ਦੇਗਾਂ ਚਾੜ੍ਹ ਉਬਾਲੋ ਨੀਰ ।
ਉਬਲਦੇ ਜਲ ਵਿਚ ਬਿਠਾਓ ਭਲੀ ਤਰ੍ਹਾਂ ਭੁਗਤੇ ਤਕਸੀਰ ।
ਅੱਗ ਬਲੀ ਜਲ ਤੱਤਾ ਹੋਯਾ, ਵਿਚ ਬਿਠਾਏ ਸਿਖਨ ਪੀਰ ।
ਛਾਲੇ ਛਾਲੇ ਹੁੰਦਾ ਜਾਵੇ, ਫੁੱਲਾਂ ਵਰਗਾ ਸੋਹਲ ਸਰੀਰ ।
ਪਰ ਮੂੰਹੋਂ 'ਸੀ' 'ਹਾਇ' ਨਾ ਨਿਕਲੀ, ਭਾਣੇ ਅੰਦਰ ਰਹੇ ਸਧੀਰ ।
ਕਸ਼ਟਾਂ ਦੇ ਵਿਚ ਦਿਹੁੰ ਗੁਜਰਿਆ, ਅੱਧੀ ਰਾਤ ਗਈ ਦਿਲ ਚੀਰ ।
ਉਸ ਵੇਲੇ ਇਕ ਬਾਲਾ ਆਈ, ਲੈ ਭੋਜਨ ਤੇ ਛੰਨਾ ਖੀਰ ।
ਆਣ ਕਿਹਾ ਹੇ ਪਿਤਾ ਗੁਰੂ ਜੀ, ਸੁਣ ਕੇ ਕਸ਼ਟ ਲਗਾ ਦਿਲ ਤੀਰ ।
ਮਾਤਾ ਪਿਤਾ ਮੇਰੇ ਗੁਰ ਨਾਨਕ ਦੀ ਸਿੱਖੀ ਦੇ ਸਿਦਕ ਸਰੀਰ ।
ਮੈਂ ਭੀ ਗੁਰਸਿੱਖੀ ਦੀ ਪ੍ਰੇਮਣ, ਬਚਪਨ ਦੇ ਵਿਚ ਰਹੀ ਸਧੀਰ ।
ਨਿਹਕਰਮਣ ਚੰਦੂ ਘਰ ਆਈ, ਬਣ ਕੇ ਨੂੰਹ ਬੁਰੀ ਤਕਦੀਰ ।
ਪ੍ਰਾਣ ਪ੍ਰਾਣ ਮੈਂ ਦੁਖੀਆ ਹਾਂ, ਕੁਝ ਕਰੋ ਬਚਾਉਣ ਦੀ ਤਦਬੀਰ ।
ਭੁੱਖੇ ਭਾਣੇ ਆਪ ਕਦੋਂ ਦੇ, ਅੰਨ ਛਕੋ ਕੁਝ ਪੀਵੋ ਨੀਰ ।
ਅਰ ਇਸ ਕਸ਼ਟ ਭਰੇ ਦ੍ਰਿਸ਼ਯ ਨੂੰ, ਆਪ ਸਮੇਟੋ ਆਵੇ ਧੀਰ ।
ਸਤਿਗੁਰ ਬੋਲੇ ਪਯਾਰੀ ਪੁਤ੍ਰੀ, ਨਾ ਹੋ ਤੂੰ ਐਡੀ ਦਿਲਗੀਰ ।
ਪਿਤਾ ਪ੍ਰਭੂ ਦਾ ਭਾਣਾ ਹੈ ਇਹ, ਸਾਨੂੰ ਨਹੀਂ ਰਤਾ ਭਰ ਪੀਰ ।
ਤੂੰ ਆਪਣੀ ਚਿੰਤਾ ਭੀ ਨਾ ਕਰ, ਸਾਈਂ ਕਰ ਦੇਸੀ ਤਦਬੀਰ ।
ਜਿਸ ਦਿਨ ਅਸੀਂ ਪਯਾਨ ਕਰਾਂਗੇ, ਤੇਰਾ ਭੀ ਛੁਟ ਜਾਗੁ ਸਰੀਰ ।
ਇਹ ਭੋਜਨ ਚੰਦੂ ਦੇ ਘਰ ਦਾ, ਜੁੜਿਆ ਪਾਪੀਂ ਚੋ ਚੋ ਸੀਰ ।
ਯੋਗ ਨਾ ਅੰਗੀਕਾਰ ਕਰਨ ਦੇ, ਮੋੜ ਲਿਜਾ ਇਹ ਭੋਜਨ ਨੀਰ ।
ਉਸਨੂੰ ਤੋਰ ਆਪ ਹੋ ਬੈਠੇ, ਯੋਗਾਸਨ ਪਰ ਗਹਿਰ ਗੰਭੀਰ ।
ਦਿਨ ਚੜ੍ਹਿਆ ਅਰ ਚੰਦੂ ਆਯਾ, ਲੈ ਨਾਜ਼ਮ ਦੀ ਨਾਲ ਵਹੀਰ ।
ਉਹੋ ਸਵਾਲ ਦੁਹਰਾਯਾ ਦੋਹਾਂ, ਕਰ ਕਰ ਕੇ ਮਿਠੀ ਤਕਰੀਰ ।
ਪਰ ਸਤਿਗੁਰ ਦਾ ਅਚੱਲ ਹ੍ਰਿਦਾ, ਪਰਬਤ ਸਮ ਬੋਲੇ ਬਚਨ ਸਧੀਰ ।
ਸੰਤ ਬਚਨ ਉਲਟਾਵਨ ਦੀ ਨਾ ਕਰੋ ਬ੍ਰਿਥਾ ਭਾਈ ਤਦਬੀਰ ।
ਮੌਤ ਝੂਠ ਤੋਂ ਮਿਠੀ ਸਾਨੂੰ, ਮੌਤੋਂ ਨਾ ਇਹ ਡਰੇ ਫ਼ਕੀਰ ।
ਖਿਝ ਕੇ ਕਿਹਾ ਦੋਹਾਂ ਨੇ ਜੇਕਰ, ਇਉਂ ਨਹੀਂ ਹੁੰਦੀ ਕੁਝ ਤਾਸੀਰ ।
ਤੱਤੀ ਰੇਤ ਵਰ੍ਹਾਓ ਉਪਰ, ਛਾਲੇ ਹੋਵੇ ਸਰਬ ਸਰੀਰ ।
ਇਹ ਕਹਿ ਆਪ ਅਰਾਮ ਕਰਨ ਨੂੰ, ਚਲੇ ਗਏ ਇਹ ਦੋਵੇਂ ਕੀਰ ।

ਪੀਰ ਮੀਆਂ ਮੀਰ ਜੀ ਦਾ ਗੁਰਾਂ ਦੇ ਕਸ਼ਟਾਂ ਤੇ ਦ੍ਰਵਨਾ

ਫੁੱਲੋਂ ਸੋਹਲ ਸਰੀਰ, ਛਾਲਿਆਂ ਭਰਿਆ, ਪੀੜਾ ਨਾਲ ਨਿਢਾਲ ।
ਸਤਿਨਾਮੁ ਅਰ ਧੰਨਯਵਾਦ, ਬਿਨ ਗਿਲਾਹ-ਗੁਜ਼ਾਰੀ ਬੋਲਨ ਚਾਲ ।
ਹਾਇ, ਓਸ ਦੁਖ ਪੱਛੇ ਤਨ ਪਰ, ਵਰ੍ਹਨ ਲਗੀ ਇਕ ਹੋਰ ਜੁਆਲ ।
ਭਰ ਭਰ ਛਾਲੇ ਫਿਸਣ ਲਗੇ, ਵਗਨ ਲਗੀ ਸੜ ਸੜ ਕੇ ਰਾਲ ।
ਪਰ ਸੰਤੋਸ਼ੀ ਹਿਰਦਾ ਫਿਰ ਭੀ, ਸਿਮਰ ਰਿਹਾ ਹੈ ਦੀਨ ਦਿਆਲ ।
ਕਸ਼ਟਾਂ ਵਿਚ ਦਿਨ ਰਾਤ ਬੀਤ ਗਿਆ, ਲਿਵ ਜੁੜਿਆ ਪ੍ਰਮਾਤਮ ਨਾਲ ।
ਤਿਸ ਪਰ ਹੋਰ ਕਲੇਸ਼ ਦੇਣ ਨੂੰ, ਆਯਾ ਫਿਰ ਚੰਡਾਲ ।
ਨਾਜ਼ਮ ਸਣੇ ਆਣ ਕੇ ਸਾਹਵੇਂ, ਕੀਤਾ ਓਹੋ ਸਵਾਲ ।
ਅੱਗੋਂ ਓਹੋ ਉੱਤਰ ਸੁਣ ਕੇ, ਅਖਾਂ ਕਰਦਾ ਲਾਲੋ ਲਾਲ ।
ਕਹਿਣ ਲਗਾ ਹੁਣ ਲੋਹ ਤਪਾ ਕੇ, ਉਪਰ ਉਸਦੇ ਦਿਉ ਬਿਠਾਲ ।
ਭਾਣੇ ਦੇ ਪ੍ਰਿਤਪਾਲਕ ਸਤਿਗੁਰ, ਬੈਠ ਗਏ ਉਸ ਪਰ ਤਤਕਾਲ ।
ਮਨ ਪ੍ਰਸੰਨ ਅਰ ਧੰਨਯਵਾਦ ਵਿਚ ਦੁਖ ਸਹੇ ਸਭ ਧੀਰਜ ਨਾਲ ।
ਪਰ ਦੇਖਣ ਵਾਲਿਆਂ ਦੇ ਜੀ ਵਿਚ ਕਸ਼ਟ ਦੇਖ ਕੇ ਆਇ ਉਬਾਲ ।
ਮੀਆਂ ਮੀਰ ਫ਼ਕੀਰ ਹਾਲ ਲਖ, ਦਰਸ਼ਨ ਨੂੰ ਆਯਾ ਤਤਕਾਲ ।
ਹਿੱਕ ਪਾਟ ਗਈ ਵੇਖ ਕਸ਼ਟ ਨੂੰ, ਹਿਰਦਾ ਹੁੰਦਾ ਜਾਇ ਨਿਢਾਲ ।
ਕਹਿੰਦਾ ਕਿਰਪਾ ਕਰੋ ਗੁਸਾਈਂ, ਡਿਠਾ ਜਾਵੇ ਨਾ ਇਹ ਹਾਲ ।
ਨਸ਼ਟ ਕਰ ਦਿਉ ਦੁਸ਼ਟ ਸਭਾ ਦਾ, ਪਲ ਵਿਚ ਜ਼ਾਹਰ ਕਲਾ ਵਿਖਾਲ ।
ਸਤਿਗੁਰ ਬੋਲੇ ਸਾਈਂ ਜੀ, ਇਹ ਕਸ਼ਟ ਸਹਾਰਨ ਨਹੀਂ ਮੁਹਾਲ ।
ਪਯਾਰੇ ਦੇ ਭਾਣੇ ਵਿਚ ਸਾਨੂੰ, ਹੋਇ ਰਿਹਾ ਹੈ ਬੜਾ ਸੁਖਾਲ ।
ਜਿਥੇ ਬੈਠਾਵੇ ਓਹ ਸੁਆਮੀ, ਓਥੇ ਹੈ ਆਰਾਮ ਕਮਾਲ ।
ਧਰਮ ਅਸਾਡਾ ਹੈ ਪ੍ਰਭ ਦੇ ਭਾਣੇ ਵਿਚ ਝੱਲ ਗੁਜ਼ਰਨੀ ਝਾਲ ।
ਪਿਖ ਸੰਤੋਖ ਧੰਨ ਧੰਨ ਕਹਿ ਕੇ, ਮੀਆਂ ਮੀਰ ਮੁੜੇ ਤਤਕਾਲ ।
ਰਾਤ ਪੈ ਗਈ ਕਸ਼ਟਾਂ ਦੇ ਵਿਚ, ਅਧੀ ਰਾਤ ਵਜੇ ਘੜਿਆਲ ।
ਆਈ ਫੇਰ ਨੂੰਹ ਚੰਦੂ ਦੀ, ਕਹਿੰਦੀ ਹੇ ਗੁਰ ਦੀਨ ਦਿਆਲ ।
ਏਹ ਦੁਖ ਸਹਯਾ ਨਾ ਜਾਵਣ ਵਾਲਾ, ਕਦ ਤਕ ਰਖਸੋ ਏਹੋ ਹਾਲ ।
ਕ੍ਰਿਪਾ ਕਰੋ ਹੁਣ ਬਸ ਕਰਾਓ, ਝੱਲੀ ਜਾਇ ਨਾ ਪਿਖ ਕੇ ਝਾਲ ।
ਸਤਿਗੁਰ ਬੋਲੇ ਭਲਾ ਪੁੱਤਰੀ, ਦੇਖੀ ਜਾਸੀ ਪ੍ਰਾਤਾਕਾਲ ।
ਮੁੜਕੇ ਹੋਰ ਸਵੇਰ ਦੁਖਾਂ ਦੀ, ਨਾ ਲਯਾਵੇਗਾ ਪੁਰਖ ਅਕਾਲ ।
ਦੇ ਸੰਤੋਸ਼ ਵਿਦਾ ਕਰ ਉਸਨੂੰ ਲਿਵ ਲਾਈ ਪਯਾਰੇ ਦੇ ਨਾਲ ।

ਚੰਦੂ ਦੀ ਕਰੂਰਤਾ ਤੇ ਅੰਤਲੀ ਦਸ਼ਾ

ਵਿਚ ਸਮਾਧ ਸਵੇਰ ਹੋ ਗਈ, ਫਿਰ ਆਇਆ ਚੰਦੂ ਸ਼ੈਤਾਨ ।
ਕਹਿੰਦਾ ਅਜੇ ਭੀ ਹੈ ਹਠ ਬਾਕੀ, ਯਾ ਆਯਾ ਹੈ ਸੋਚ ਧਿਆਨ ?
ਹੁਣ ਭੀ ਮੰਨ ਲੌ ਜੋ ਆਖਾਂ, ਕਸ਼ਟਾਂ ਤੋਂ ਬਚ ਜਾਏ ਜਾਨ ।
ਬਚਨ ਭਯਾ ਹੇ ਨੀਚ ਤੇਰਾ, ਅਪਵਿਤ੍ਰ ਮਨੋਰਥ ਨੀਚ ਮਹਾਨ ।
ਕਦੇ ਨਾ ਪੂਰਾ ਹੋਇ ਸਕੇਗਾ, ਛਡ ਦੇ ਇਸ ਦਾ ਦਿਲੋਂ ਧਿਆਨ ।
ਹੋ ਕੇ ਲਾਲ ਬੋਲਿਆ ਚੰਦੂ, ਲਹਿ ਜਾਸੀ ਹੰਕਾਰ ਗੁਮਾਨ ।
ਖੱਲ ਗਊ ਦੀ ਦੇ ਵਿਚ ਪੈ ਕੇ, ਸੀਤੇ ਜਾਓਗੇ ਜਿਸ ਆਨ ।
ਸਤਿਗੁਰ ਬੋਲੇ, ਜੇ ਭਾਣਾ ਹੈ ਉਸ ਤੇ ਸਾਨੂੰ ਨਹੀਂ ਗਿਲਾਨ ।
ਪਰ ਪਹਿਲੇ ਤਾਂ ਅਜ ਅਸਾਂ, ਰਾਵੀ ਵਿਚ ਕਰਨਾ ਹੈ ਇਸ਼ਨਾਨ ।
ਇਸਦੇ ਪਿਛੋਂ ਹੁਕਮ ਕਰਤੇ ਦਾ, ਜਿਵ ਹੋਸੀ ਤਿਵ ਕਰਸਾਂ ਆਨ ।
ਚੰਦੂ ਨੇ ਭੀ ਸੋਚ ਲਿਆ ਫਿਸੇ ਹਨ ਛਾਲੇ ਸਰਬ ਸਥਾਨ ।
ਜਦ ਪਾਣੀ ਲਗ ਚੀਸ ਵਧੇਗੀ, ਦੁਖ ਝਾਗਣਗੇ ਹੋਰ ਮਹਾਨ ।
ਰਾਵੀ ਦੇ ਇਸ਼ਨਾਨ ਵਾਸਤੇ, ਜਾਣਾ ਕਰ ਲੀਤਾ ਪਰਵਾਨ ।
ਪੈਰੀਂ ਛਾਲੇ ਹੱਥੀਂ ਛਾਲੇ, ਸਰਬ ਸਰੀਰੋਂ ਲਹੂ ਲੁਹਾਨ ।
ਤੁਰ ਨਾ ਸਕਣ, ਨਾ ਬੈਠ ਸਕਣ, ਨਾ ਸੁਖ ਹੋਵੇ ਜਦ ਸਿੱਖ ਉਠਾਨ ।
ਬੜੇ ਕਸ਼ਟ ਦੇ ਨਾਲ ਨਦੀ ਤਕ, ਪਹੁੰਚੇ, ਪ੍ਰਭੂ ਦਾ ਕਰੀ ਧਿਆਨ ।
ਧੰਨਯਵਾਦ ਅਰ ਭਜਨ ਕਰਦਿਆਂ, ਰਾਵੀ ਵਿਚ ਕੀਤਾ ਇਸ਼ਨਾਨ ।
ਪਰਮ ਸ਼ਾਂਤਿ ਦੇ ਨਾਲ ਬਹ ਕੰਢੇ, ਪਰ ਲਿਵ ਪਯਾਰੇ ਵਿਚ ਲਾਨ ।
ਜਪੁਜੀ ਦਾ ਕਰ ਪਾਠ, ਬੁਲਾ ਕੇ ਸਿਖਾਂ ਨੂੰ ਕੀਤਾ ਫ਼ੁਰਮਾਨ ।
ਪਰਮ ਪਿਤਾ ਨੇ ਸਦ ਬੁਲਾਯਾ, ਸਾਡਾ ਹੈ ਤਯਾਰ ਪਯਾਨ ।
ਛੇਵੇਂ ਗੁਰ ਹਰਿ ਗੋਬਿੰਦ ਜੀ, ਮੀਰੀ ਪੀਰੀ ਦੇ ਸੁਲਤਾਨ ।
ਸਿਖੀ ਸਾਂਭ ਨੀਤਿ ਸਿਰ ਚਲ ਕੇ, ਸੰਗਤ ਦੇ ਅਧਿਕਾਰ ਬਚਾਨ ।
ਸਤਯ ਧਰਮ ਦੀ ਵਾੜੀ ਨੂੰ ਸਿੰਜਨ ਹਿਤ ਸਾਰਾ ਸਮਾਂ ਲਗਾਨ ।
ਇਹ ਕਰ ਹੁਕਮ ਨਦੀ ਦੇ ਕੰਢੇ ਲੇਟ ਲਗੇ ਭਾਣਾ ਵਰਤਾਨ ।
ਪਰਮ ਪਿਤਾ ਦੀ ਜਯੋਤੀ ਦੇ ਵਿਚ, ਜੋਤ ਸਮਾਈ ਕੀਯਾ ਪਯਾਨ ।
ਠੀਕ ਉਸ ਵੇਲੇ ਓਧਰ ਨੂੰਹ ਚੰਦੂ ਦੀ ਤਿਆਗੀ ਜਾਨ ।
ਦੁਸ਼ਟ ਨੀਚ ਇਤ ਹਸ ਰਿਹਾ ਸੀ ਘਰੋਂ ਸੁਣੌਣੀ ਪਹੁੰਚੀ ਆਨ ।
ਇਉਂ ਪਾਪੀ ਨੂੰ ਪਾਪ ਕਰਮ ਦੇ ਰੰਚਕ ਫਲ ਦਾ ਹੋਯਾ ਗਯਾਨ ।
ਵਰਤ ਗਈ ਫਿਟਕਾਰ ਮੁਖੇ ਤੇ, ਜੀ ਵਿਚ ਲਗਾ ਪਛੋਤਾਨ ।
ਆਪਨੇ ਦੁਸ਼ਟ ਕਰਮ ਪਰ, ਆਉਣ ਲਗੀ ਨੀਚ ਗਿਲਾਨ ।
ਦੁਨੀਯਾਂ ਵਲੋਂ ਸਵਾਹ ਪਈ ਸਿਰ, ਸਵਾਹੀ ਨਾਮ ਹੋਯਾ ਪਰਵਾਨ ।
ਲੋਕ ਅਤੇ ਪਰਲੋਕ ਦੁਹਾਂ ਵਿਚ ਕੰਡੇ ਬੀਜ ਬਨ੍ਹਾਈ ਜਾਨ ।
ਨਰਕਾਂ ਦੇ ਵਿਚ ਸਦਾ ਰਹਿਣ ਦਾ ਆਪੇ ਹੀ ਕੀਤਾ ਸਮਿਆਨ ।
ਸੰਤ ਸਦਾ ਨਿਰਬੰਧ, ਨਿਰੋਧੀ ਦੁਖ ਆਏ ਭੀ ਸੁਖ ਮਨਾਨ ।
ਸੰਤਾਂ ਦਾ ਕੁਝ ਵਿਗੜ ਗਿਆ ਨਹੀਂ, ਨਿੰਦਕ ਆਪਨਾ ਕੀਤਾ ਪਾਨ ।

ਸੋਲਾਂ ਸੌ ਅਰ ਤਰੇਹਠ ਬਿਕ੍ਰਮੀ ਜੇਠ ਸ਼ੁਕਲ ਪਖੁ ਚੌਥ ਤਿਤਾਇ ।
ਕਿਲ੍ਹੇ ਪਾਸ ਲਾਹੌਰ ਸਹਿਰ ਵਿਚ ਸਤਿਗੁਰ ਜੋਤੀ ਜੋਤ ਸਮਾਇ ।
ਸਤਯ ਧਰਮ ਦੀ ਰਾਖੀ ਕੀਤੀ, ਕਸ਼ਟ ਝੱਲੇ ਅਰ ਲਹੂ ਵਹਾਇ ।
ਸਚ ਦਵਾਰ ਪਰ ਪਹਰਾ ਦਿਤਾ, ਕੁਰਬਾਨੀ ਦੀ ਖੜਗ ਉਠਾਇ ।
ਛਾਲੇ ਛਾਲੇ ਦੇਹ ਕਰਾਈ, ਸਚਿਆਈ ਨੂੰ ਲਿਆ ਬਚਾਇ ।
ਅੰਮ੍ਰਿਤ ਬਾਣੀ ਭਵ ਸੇਤੂ ਵਿਚ ਹੋਣ ਨਾ ਦਿਤਾ ਮੇਲ ਮਿਲਾਇ ।
ਬਲ ਹੁੰਦੇ ਜੋ ਨਿਰਬਲ ਲੀਤੇ ਭਾਣੇ ਦੇ ਵਿਚ ਕਸ਼ਟ ਉਠਾਇ ।
ਸਤ ਸੰਗਤ ਦਾ ਮਾਨ ਰਖ ਲਿਆ, ਆਪਣੇ ਉਪਰ ਬਿਪਤਾ ਪਾਇ ।
ਗੁਰ ਨਾਨਕ ਦੀ ਵਾੜੀ ਦੇ ਵਿਚ, ਸਚੇ ਸੁਚੇ ਫੁੱਲ ਖਿੜਾਇ ।
ਨਾਮ ਪਵਿਤਰ ਜਗ ਵਿਚ ਰੋਸ਼ਨ, ਕਰਕੇ ਦਰਗਾਹ ਗਏ ਸਿਧਾਇ ।
ਪਰੁਪਕਾਰ ਅਰ ਧੀਰ ਧਰਮ ਦੀ, ਸਿਖਯਾ ਸਭ ਨੂੰ ਗਏ ਸਿਖਾਇ ।
ਧੀਰਯਤਾ ਦੀ ਸੋਭਾ ਲੈ ਕੇ, ਪਿਤਾ ਪ੍ਰਭੂ ਪਹਿ ਪਹੁੰਚੇ ਜਾਇ ।
ਧੰਨ ਧੰਨ ਦੀ ਧੁਨੀ ਉਚਾਰੀ, ਦੇਵਤਿਆਂ ਨੇ ਫੁੱਲ ਬਰਸਾਇ ।
ਹਾਹਾਕਾਰ ਜਗਤ ਵਿਚ ਹੋਯਾ, ਦ੍ਰਵੀ-ਭੂਤਿ ਗ਼ਮ ਚਿੰਤਾ ਖਾਇ ।
ਸੰਤ ਹਿਰਦੇ ਰੁਖਾਂ ਵਤ ਡੋਲੇ, ਸੁਣ ਗੁਰ ਗਮਨ ਗਏ ਅਕੁਲਾਇ ।
ਸਿਖ ਸੰਗਤ ਨੇ ਜਲ ਪਰਵਾਹੇ, ਜਿਉਂ ਗੁਰ ਆਪ ਗਏ ਫ਼ੁਰਮਾਇ ।
ਕਿਲ੍ਹੇ ਪਾਸ ਇਕ ਯਾਦਗਾਰ ਹੈ, ਦੇਖ ਜਿਨੂੰ ਗੁਰ ਚੇਤੇ ਆਇ ।
ਜੇਠ ਸ਼ੁਕਲ ਪਖ ਚੌਥ ਹਰ ਵਰ੍ਹੇ, ਸੰਗਤ ਜੋੜ ਕਰੇਂਦੀ ਆਇ ।

ਸਾਡੀ ਵਿਚਾਰ ਯੋਗ ਦਸ਼ਾ

ਹੇ ਮਨ ! ਪੜ੍ਹ ਇਹ ਪਾਵਨ ਜੀਵਨ, ਬੁਕਲ ਦੇ ਵਿਚ ਝਾਤੀ ਮਾਰ ।
ਜਿਸ ਪਵਿਤ੍ਰ ਬੂਟੇ ਦਾ ਫਲ ਹੈਂ, ਉਸਦਾ ਕੀ ਹੈ ਗੁਣ ਬਲਕਾਰ ?
ਜਿਸ ਧਰਤੀ ਦੀ ਮਿੱਟੀ ਹੈਂ ਤੂੰ, ਕੀ ਉਸਦਾ ਗੁਣ ਲੀਤਾ ਧਾਰ ?
ਵਡੇ ਵਡੇਰੇ ਸਾਡੇ ਜਿਸ ਸਚਿਆਈ ਪਰ ਹੋ ਗਏ ਨਿਸਾਰ ।
ਅਸੀਂ ਓਸ ਸਚਿਆਈ ਦਾ ਕੀ ਕਰਦੇ ਹਾਂ ਆਦਰ ਸਤਿਕਾਰ ?
ਪ੍ਰਣ ਪਾਲਣ ਵਿਚ ਪਿਤਾ ਪਿਤਾਮਾ, ਸਾਡੇ ਕੈਸੇ ਸਨ ਤਯਾਰ ।
ਅਸੀਂ ਉਨ੍ਹਾਂ ਦੀ ਅੰਸਾਂ ਹੋ ਕੇ, ਕੀ ਗੁਣ ਕੀਤੇ ਅੰਗੀਕਾਰ ?
ਡੁੱਬ ਮਰਨ ਦੀ ਥਾਉਂ ਨਾਹੀਂ ? ਜੋ ਸਾਡੇ ਹਨ ਆਚਾਰ ਵਿਹਾਰ ।
ਟਕੇ ਟਕੇ ਪਰ ਧਰਮ ਵੇਚਦੇ ਆਇ ਨਾ ਮਨ ਵਿਚ ਰਤਾ ਵਿਚਾਰ ।
ਧ੍ਰਿਗ ਹੈ ਐਸੇ ਜੀਵਨ ਉੱਪਰ ਜੋ ਡੋਬੇ ਵਡਿਆਂ ਦੀ ਕਾਰ ।
ਕਦਮ ਕਦਮ ਪਰ ਠੇਡੇ ਖਾ ਖਾ ਡਿਗਦੇ ਫਿਰੀਏ ਮੂੰਹ ਦੇ ਭਾਰ ।
ਧਰਮ, ਭਾਵ, ਅਰ ਧੀਰ, ਸਚਾਈ, ਉੱਡ ਗਏ ਹਨ ਪੰਛੀ ਹਾਰ ।
ਵਡਿਆਂ ਨੇ ਜੋ ਪਾਏ ਪੂਰਨੇ, ਮੇਟੀ ਜਾਈਏ, ਧਰਮ ਵਿਸਾਰ ।
ਸਚ ਜੇੜ੍ਹੇ ਨੂੰ ਦਸਾਂ ਗੁਰਾਂ ਨੇ ਲਹੂ ਵੀਟ ਰਖਿਆ ਸੰਭਾਰ ।
ਓਸ ਸਚ ਨੂੰ ਅਸੀਂ ਰੁਲਾਈਏ, ਪੈਰਾਂ ਹੇਠ ਨਾ ਲਈਏ ਸਾਰ ।
ਸਾਡੇ ਜੈਸਾ ਨੀਚ ਕੌਣ ਹੈ ? ਵਡਿਆਂ ਦੇ ਕੀਤੇ ਉਪਕਾਰ ।
ਦਿਨ ਦਿਨ ਦਿਲੋਂ ਭੁਲਾਂਦੇ ਜਾਈਏ, ਪੈ ਪੈ ਮਨਮਤ ਜੂਹ ਮਝਾਰ ।

(ਨੋਟ=ਤੁਜ਼ਕਿ-ਜਹਾਂਗੀਰੀ ਮੁਤਾਬਕ ਗੁਰੂ ਜੀ ਦੀ ਸ਼ਹੀਦੀ ਦਾ ਜਿੰਮੇਵਾਰ
ਜਹਾਂਗੀਰ ਬਾਦਸ਼ਾਹ ਹੈ, ਪਰ ਚਾਤ੍ਰਿਕ ਜੀ ਵੇਲੇ ਇਹੋ ਕਥਾ ਪ੍ਰਚਲਿਤ ਸੀ ।)

13. ਸ੍ਰੀ ਪੰਚਮ ਪਾਤਸ਼ਾਹ ਦੀ ਕੁਰਬਾਨੀ

ਆ ਦਿਲਾ ਅਜ ਰੱਜ ਕੇ ਰੋ ਲੈਣ ਦੇ,
ਹੌਲਿਆਂ ਰੋ ਰੋ ਕੇ ਜੀ ਹੋ ਲੈਣ ਦੇ ।

ਫੁਟ ਕੇ ਦਿਲ ਦੇ ਫਫੋਲੇ ਵਹਿਣ ਦੇ,
ਪ੍ਰੇਮ ਦੇ ਮਨ ਨੂੰ ਤਮਾਚੇ ਸਹਿਣ ਦੇ ।

ਘਾਉ ਚਰਕੇ ਖਾ ਕੇ ਤਾਜ਼ੇ ਹੋਣ ਦੇ,
ਮਿੱਝ ਬਣ ਬਣ ਕਾਲਜੇ ਨੂੰ ਚੋਣ ਦੇ ।

ਫਿਰਨ ਦੇ ਸੀਨੇ ਦੇ ਅੰਦਰ ਆਰੀਆਂ,
ਲੈਣ ਦੇ ਗ਼ਮ ਦੇ ਸਮੁੰਦਰ ਤਾਰੀਆਂ ।

ਰਹਿਣ ਦੇ ਰੁਝਾ ਰਿਦਾ ਫ਼ਰਯਾਦ ਵਿਚ,
ਹੋਣ ਦੇ ਬਿਹਬਲ ਕਿਸੇ ਦੀ ਯਾਦ ਵਿਚ ।

ਮਨ ਦੇ ਮੰਦਰ ਖੋਲ੍ਹ ਦੇ ਉਸ ਯਾਰ ਨੂੰ,
ਸੌਂਪ ਦੇ ਸੀਨਾ ਉਦ੍ਹੇ ਸਤਕਾਰ ਨੂੰ ।

ਮਾਂਜ ਦੇ ਸ਼ੀਸ਼ਾ ਉਦ੍ਹੇ ਬਿਠਲਾਣ ਨੂੰ,
ਬੁਕਲੇ ਦੀਦਾਰ ਝੁਕ ਝੁਕ ਪਾਣ ਨੂੰ ।

ਛੇੜ ਦੇ ਉਸ ਦੇ ਤਰਾਨੇ ਦੀ ਸਤਾਰ,
ਚਾੜ੍ਹ ਦੇ ਉਸ ਪ੍ਰੇਮ ਰੰਗਣ ਦਾ ਖ਼ੁਮਾਰ ।

ਧੂੜ ਉਸਦੇ ਚਰਨ ਦੀ ਸਿਰ ਚਾੜ੍ਹ ਦੇ,
ਉਸਦੀ ਮਹਿਮਾਂ ਹਿਤ ਕਪਾਟ ਉਘਾੜ ਦੇ ।

ਜਿਸ ਦੀ ਕੁਰਬਾਨੀਆਂ ਦੀ ਯਾਦ ਨੇ,
ਕਰ ਛਡੇ ਹਿਰਦੇ ਦੇ ਬਾਗ਼ ਅਬਾਦ ਨੇ ।

ਜਿਸ ਨੇ ਸਦਕੇ ਹੋ ਕੇ ਧਰਮ ਬਚਾ ਲਿਆ,
ਆਪ ਕੁਮਲਾ ਕੇ ਬਗੀਚਾ ਲਾ ਲਿਆ ।

ਕਤਰਾ ਸਦਕੇ ਹੋ ਕੇ ਦਰਯਾ ਚੱਲਿਆ,
ਬੀਜ ਹੋ ਨਿਰਮੂਲ ਬੂਟਾ ਫੱਲਿਆ ।

ਸੀਸ ਕਰ ਕੁਰਬਾਨ ਸ਼ਾਨ ਬਚਾ ਲਈ,
ਨਾਥ ਹੋਇ ਅਨਾਥ ਕੌਮ ਬਚਾ ਲਈ ।

ਧਰਮ ਅਰ ਤਾਕਤ ਦਾ ਹੋਯਾ ਟਾਕਰਾ,
ਜਾਨ ਉਪਰ ਖੇਲ ਸੱਚ ਸੁਲਾਕਿਆ ।

ਭਠੀਆਂ ਤੇ ਆਣ ਕੁੰਦਨ ਡਲ੍ਹਕਿਆ,
ਸਾਣ ਤੇ ਚੜ੍ਹ ਗਿਆ ਹੀਰਾ ਪਰਖਿਆ ।

ਤਪਦੀਆਂ ਲੋਹਾਂ ਤੇ ਆਸਣ ਕਰ ਲਿਆ,
ਗਰਮ ਰੇਤਾ ਉਪਰੋਂ ਭੀ ਜਰ ਲਿਆ ।

ਛਾਲਿਆਂ ਨੇ ਛਹਿਬਰਾਂ ਹਨ ਲਾਈਆਂ,
ਮਿਝ ਵਗ ਵਗ ਹਡੀਆਂ ਨਿਕਲਾਈਆਂ ।

ਪਰ ਨਿਕਲਦਾ ਮੂੰਹ ਦੇ ਵਿਚੋਂ ਸੀ ਨਹੀਂ,
ਕਸ਼ਟ ਮਾਨੋ ਪਹੁੰਚਿਆ ਹੀ ਸੀ ਨਹੀਂ ।

ਭਾਣੇ ਵਿਚ ਦਿਲ ਇਸ ਤਰ੍ਹਾਂ ਸਰਸ਼ਾਰ ਹੈ,
ਠਾਰ ਮਨ ਨੂੰ ਭਾਸਦੀ ਗੁਲਜ਼ਾਰ ਹੈ ।

ਲਿਵ ਲਗੀ ਹੋਈ ਹੈ ਉਸ ਕਰਤਾਰ ਵਿਚ,
ਘੁਲ ਗਏ ਸਭ ਦਰਦ ਲਿਵ ਦੀ ਤਾਰ ਵਿਚ ।

ਧੁਨ ਉਠੇ ਹਰ ਤਰਬ ਵਿਚੋਂ ਨਾਮ ਦੀ,
ਪਰਖ ਵਿਸਰੀ ਦੁਖ ਤੇ ਆਰਾਮ ਦੀ ।

ਖ਼ੂਨ ਨਿਰਦੋਸ਼ਾ ਜ਼ਿਮੀਂ ਤੇ ਡੁਲ੍ਹਿਆ,
ਦਵਾਰ ਆਜ਼ਾਦੀ ਦਾ ਮਾਨੋ ਖੁਲ੍ਹਿਆ ।

ਖੇਲ ਅਗਨੀ ਨਾਲ ਸਤਿਗੁਰ ਹੋਲੀਆਂ,
ਵੰਡਿਆ ਸੰਤੋਸ਼ ਭਰ ਭਰ ਝੋਲੀਆਂ ।

ਧਰਮ ਦੀ ਖ਼ਾਤਰ ਰਚੀ ਕੁਰਬਾਨਗਾਹ,
ਹੋ ਗਿਆ ਕੁਰਬਾਨ ਪੰਚਮ ਪਾਤਸ਼ਾਹ ।

ਸਿਦਕੀਆਂ ਨੂੰ ਰਾਹ ਦਿਖਾਉਣ ਵਾਸਤੇ,
ਜਾ ਬਿਰਾਜੇ ਸਤਿਗੁਰੂ ਅਕਾਸ਼ ਤੇ ।

ਜਾਚ ਦੱਸੀ ਆਨ ਸ਼ਾਨ ਬਚਾਣ ਦੀ,
ਸੱਚ ਖ਼ਾਤਰ ਦਾਰ ਤੇ ਚੜ੍ਹ ਜਾਣ ਦੀ ।

ਧਰਮ ਜਗਵੇਦੀ ਤੇ ਚੋਵਣ ਦੀ ਬਲੀ,
ਰਸਮ ਸਿਖੀ ਵਿਚ ਏਥੋਂ ਤੁਰ ਪਈ ।

ਸਿਦਕੀਆਂ ਦੇ ਝੁੰਡ ਸਾਹਵੇਂ ਡਟ ਗਏ,
ਆਰਿਆਂ ਦੇ ਹੇਠ ਆ ਆ ਕਟ ਗਏ ।

ਉਬਲਦੀ ਦੇਗਾਂ ਦੇ ਅੰਦਰ ਕੜ੍ਹ ਗਏ,
ਚਰਖੀਆਂ ਦੇ ਰਾਹ ਅਕਾਸ਼ੀਂ ਚੜ੍ਹ ਗਏ ।

ਬੰਦ ਬੰਦ ਕਟਾਉਣਾ ਭੀ ਜਰ ਗਏ,
ਪੁੱਠੀਆਂ ਖਲਾਂ ਤੇ ਦਰਯਾ ਤਰ ਗਏ ।

ਰੰਬੀਆਂ ਦੇ ਨਾਲ ਖੱਲ ਛਿਲਾ ਲਈ,
ਡਕਰੇ ਸੰਤਾਨ ਝੋਲੀ ਪਾ ਲਈ ।

ਪਾਰ ਲੰਘੇ ਘਾਟ ਤੋਂ ਤਲਵਾਰ ਦੇ,
ਟਾਕਰੇ ਕਰ ਕਰਕੇ ਅਤਯਾਚਾਰ ਦੇ ।

ਗੋਲੀਆਂ ਦੇ ਅਗੇ ਹਿਕਾਂ ਡਾਹੀਆਂ,
ਹੋਏ ਠੰਡੇ ਪੈ ਕੇ ਤੇਲ ਕੜਾਹੀਆਂ ।

ਕੰਧ ਵਿਚ ਚਿਣਵਾਕੇ ਜਾਨਾਂ ਵਾਰੀਆਂ,
ਸਹਿ ਗਏ ਪੀੜਾਂ ਦਰੇੜਾਂ ਸਾਰੀਆਂ ।

ਜੂਝ ਕੇ ਰਣ ਵਿਚ ਧਰਮ ਬਚਾ ਲਿਆ,
ਕਸ਼ਟ ਤੋਂ ਨਿਰਜੀਵ ਦੇਸ਼ ਛੁਡਾ ਲਿਆ ।

ਤੇਲ ਪੈ ਪੈ ਜੀਉਂਦੇ ਹੀ ਸੜ ਗਏ,
ਧਰਮ ਦੀ ਖ਼ਾਤਰ ਸ਼ਹੀਦੀ ਚੜ੍ਹ ਗਏ ।

ਖੇਲ੍ਹ ਕੇ ਜਾਨਾਂ ਤੇ ਸ਼ਾਨਾਂ ਪਾਈਆਂ,
ਪ੍ਰੇਮ ਗਲੀਏ ਵੜ ਕੇ ਜਿੰਦਾਂ ਲਾਈਆਂ ।

ਧਰਮ ਦੀ ਰਾਹ ਵਿਚ ਲੁਟਾਯਾ ਮਾਲ ਧਨ,
ਸੱਚ ਪਰ ਸਦਕੇ ਚੜ੍ਹਾਯਾ ਜਾਨ ਤਨ ।

ਜੇਲ ਵਿਚ ਸੜ ਸੜ ਕੇ ਉਮਰਾਂ ਗਾਲੀਆਂ,
ਨੰਗਿਆਂ ਬਹਿ ਬਹਿ ਕੇ ਰਾਤਾਂ ਜਾਲੀਆਂ ।

ਧੰਨ ਸਤਿਗੁਰ ਸਿਦਕ ਜਿਨ ਸਿਖਲਾਇਆ,
ਪ੍ਰੇਮ ਰੰਗਣ ਚਾੜ੍ਹ ਮਾਰਗ ਪਾਇਆ ।

ਧੰਨ ਸਿਖੀ ਜਿਸ ਨੇ ਕਾਰਾਂ ਚੁਕੀਆਂ,
ਸੰਗਤਾਂ ਉਸ ਆਣ ਤੇ ਮਰ ਮੁਕੀਆਂ ।

ਆਂਚ ਨਾ ਪਰ ਆਉਣ ਦਿੱਤੀ ਆਣ ਪਰ,
ਸ਼ਾਨ ਕਾਇਮ ਰਖ ਲਈ ਇਸ ਤ੍ਰਾਣ ਪਰ ।

ਜਸ ਦਾ ਆਕਾਸ਼ ਤਾਰਾ ਚਮਕਿਆ,
ਮਾਣ ਦਾ ਸੇਹਰਾ ਚੁਤਰਫ਼ੋਂ ਚੜ੍ਹ ਰਿਹਾ ।

ਸਿਦਕ ਦੇ ਉਸ ਮੇਘ ਵਿਚੋਂ ਹੇ ਗੁਰੋ,
ਸਵਾਂਤ ਬੂੰਦ ਚਾਤ੍ਰਿਕ ਨੂੰ ਭੀ ਦਿਓ ।

14. ਮੀਆਂ ਮੀਰ ਦੀ ਮੰਗ

(ਸਾਈਂ ਮੀਆਂ ਮੀਰ ਵਲੋਂ, ਕੁਰਬਾਨੀਆਂ ਦੇ ਆਗੂ, ਤੱਤਿਆਂ ਤਵਿਆਂ ਤੇ
ਸਰੀਰ ਨੂੰ ਹੋਮ ਰਹੇ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੇਵਾ ਵਿਚ ਜ਼ੁਲਮ ਦੇ
ਨਿਕਲਦੇ ਸੋਮੇ ਨੂੰ ਝਟ ਪਟ ਬੰਦ ਕਰ ਲੈਣ ਦੀ ਮੰਗ :)

ਮੇਰੇ ਸੱਚ ਦਿਆ ਸ਼ੈਦਾਈਆ, ਇਹ ਕੀ ਅੱਜ ਕਲਾ ਵਰਤਾਈਆ ?
ਸੂਰਤ ਡਿਠੀ ਨਾ ਜਾਇ ਹਜ਼ੂਰ ਦੀ, ਲੂੰ ਲੂੰ ਬਣ ਗਿਆ ਸ਼ਕਲ ਨਸੂਰ ਦੀ ।
ਲੋਹ, ਲੋਹੀ ਲਾਖੀ ਹੋ ਰਹੀ, ਬੰਦ ਬੰਦ ਤੋਂ ਚਰਬੀ ਚੋ ਰਹੀ ।
ਤੱਤੀ ਰੇਤ ਦੀ ਪੈ ਰਹੀ ਪੁਹਾਰ ਹੈ, ਮੱਚੀ ਚੌਹੀਂ ਪਾਸੀਂ ਹਾਹਾਕਾਰ ਹੈ ।
ਤੇਰੇ ਮੱਥੇ ਤੇ ਵੱਟ ਨਾ ਆਉਂਦਾ, ਤਰਸ ਕਿਉਂ ਨਹੀਂ ਜੱਗ ਤੇ ਖਾਉਂਦਾ ?
ਜੇਕਰ ਸੱਚ ਤਸੀਹੇ ਪਾਇਗਾ, ਕੌਣ ਏਸ ਦੇ ਨੇੜੇ ਆਇਗਾ ?
ਸੋਮਾਂ ਪਾਪ ਦਾ ਜੰਮਦਿਆਂ ਮਾਰ ਦੇ, ਏਸ ਰੋੜ੍ਹ ਨੂੰ ਏਥੇ ਹੀ ਖਲਾਰ ਦੇ ।
ਨਹਿ ਤਾਂ ਹਿਲੇਗੀ ਜੜ੍ਹ ਸਚਿਆਈ ਦੀ, ਜਾਣੀ ਪੇਸ਼ ਨਹੀਂ ਫੇਰ ਸਿੰਜਾਈ ਦੀ ।
ਉਚਾ ਹੋਇਆ ਜੇ ਹੌਸਲਾ ਪਾਪ ਦਾ, ਧਰਮ ਫੇਰ ਨਹੀਂ ਟਿਕਦਾ ਜਾਪਦਾ ।
ਠਲ੍ਹ ਏਸ ਨੂੰ ਅੱਜ ਨਾ ਪਾਇੰਗਾ, ਲੱਖਾਂ ਲਾਸ਼ਾਂ ਦਾ ਬੰਦ ਬਣਵਾਇੰਗਾ ।
ਮੰਨ ਵਾਸਤਾ ਕੱਢ ਆਵਾਜ਼ ਨੂੰ, ਕਰਦੇ ਖ਼ਾਕ ਸ਼ਾਹ ਪਾਪ ਦੇ ਰਾਜ ਨੂੰ ।
ਇਕੋ ਮਾਰਕੇ ਨਾਅਰਾ ਆਹ ਦਾ, ਰੋੜਾ ਚੁਕ ਦੇ ਧਰਮ ਦੀ ਰਾਹ ਦਾ ।

ਗੁਰੂ ਸਾਹਿਬ ਵਲੋਂ ਇਨਕਾਰ

ਸਾਈਂ ਲੋਕਾਂ ਨੂੰ ਇਹ ਨਹੀਂ ਫੱਬਦਾ, ਚਾਹੀਏ ਮੰਨਣਾ ਭਾਣਾ ਰੱਬ ਦਾ ।
ਸ਼ਾਂਤਮਈ ਦੀ ਢਾਲ ਬਚਾਇਗੀ, ਏਸ ਜ਼ੁਲਮ ਦਾ ਖੋਜ ਮਿਟਾਇਗੀ ।
ਸੱਚ ਨਾਲ ਮੈਂ ਕੱਚ ਨਹੀਂ ਮਿਲਾਉਣਾ, ਵੱਟ ਪਾਇਕੇ ਵੱਟਾ ਨਹੀਂ ਲਾਉਣਾ ।
ਜੋ ਕੁਝ ਹੁਕਮ ਹੈ ਉਪਰੋਂ ਆ ਰਿਹਾ, ਉਹ ਹੈ ਪੂਰਾ ਹੁੰਦਾ ਜਾ ਰਿਹਾ ।
ਸਾਰਾ ਫ਼ਿਕਰ ਹੈ ਸਿਰਜਣਹਾਰ ਨੂੰ, ਹਥ ਦੇਵੇਗਾ ਓਹੋ ਸੰਸਾਰ ਨੂੰ ।

15. ਗੁਰੂ ਰਾਮਦਾਸ ਜੀ

ਗੁਰੂ ਰਾਮਦਾਸ ਤੇਰੀ ਨਗਰੀ ਆਬਾਦ ਰਹੇ,
ਬੱਝਾ ਰਹੇ ਰੰਗ ਤੇਰੇ ਨਾਮ ਦੇ ਚੁਬਾਰੇ ਤੇ ।
ਅੰਮ੍ਰਿਤ ਸਰੋਵਰ ਉਛਾਲੇ ਨਿਤ ਖਾਂਦਾ ਰਹੇ,
ਜੁੜੀ ਰਹੇ ਪ੍ਰੇਮੀਆਂ ਦੀ ਪੰਗਤ ਕਿਨਾਰੇ ਤੇ ।
ਹੁੰਦਾ ਰਹੇ ਕੀਰਤਨ ਅਖੰਡ ਹਰਿਮੰਦਰ ਵਿਚ,
ਆਉਂਦਾ ਉਛਾਲਾ ਰਹੇ ਮੇਹਰ ਦੇ ਪੁਹਾਰੇ ਤੇ ।
ਆਣ ਆਣ ਕਾਉਂ ਨਿਤ ਹੰਸ ਰੂਪ ਧਾਰੀ ਜਾਣ,
ਛਾਈ ਰਹੇ ਮਹਿਮਾ ਮਹਿਕਾਰ ਜੱਗ ਸਾਰੇ ਤੇ ।
ਬਣੀ ਰਹੇ ਆਨ ਸ਼ਾਨ ਝੂਲਦਾ ਨਿਸ਼ਾਨ ਰਹੇ,
ਪੈਂਦੀ ਰਹੇ ਚੋਟ ਤੇਰੇ ਧੌਂਸੇ ਤੇ ਨਗਾਰੇ ਤੇ ।
ਲਗਾ ਰਹੇ ਜੱਗ ਅਤੇ ਜਗੀ ਰਹੇ ਜੋਤ ਸਦਾ,
ਜਗ ਨੂੰ ਜਗਾਣ ਵਾਲੇ ਚਾਨਣੇ ਮੁਨਾਰੇ ਤੇ ।
ਵੱਸੀ ਰਹੇ ਸ਼ਾਂਤ ਸੀਤ ਸੰਗਤਾਂ ਦੇ ਸੀਨੇ ਸਦਾ,
ਹੁੰਦਾ ਰਹੇ ਕ੍ਰਿਪਾ ਦਾਨ ਚਾਤ੍ਰਿਕ ਨਿਕਾਰੇ ਤੇ ।
ਜੁਗੋ ਜੁਗ ਚਲਦੀ ਦਿਆਲਤਾ ਦੀ ਦੇਗ਼ ਰਹੇ,
ਲਗੀ ਰਹੇ ਭੀੜ ਸੋਢੀ ਸ਼ਾਹ ਤੇਰੇ ਦਵਾਰੇ ਤੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਲਾਲਾ ਧਨੀ ਰਾਮ ਚਾਤ੍ਰਿਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ