Misc. Poetry : Bhai Vir Singh
ਮਿਲੀ-ਜੁਲੀ ਕਵਿਤਾ : ਭਾਈ ਵੀਰ ਸਿੰਘ
1. ਅਪਨੀ ਅਰਦਾਸ
(ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ)
ਹੇ ਗੁਰੂ ਅੰਗਦ ਦੇਵ !
ਨਿਰੀ ਨਾ ਤੂੰ ਤਸਵੀਰ ਗੁਰੁ ਨਾਨਕ ਦੀ ਸੁਹਣਿਆਂ
ਤੂੰ ਉਹੀ ਸਰੀਰ, ਓਹੋ ਮਨ, ਓਹੋ ਜੋਤ ਹੈਂ ਤੂੰ
ਤਰੁੱਠ ਉਸੇ ਹੀ ਵਾਂਙ ਚਰਨ ਸ਼ਰਣ ਦਾ ਦਾਨ ਦੇ
ਨਿਭ ਜਾਏ ਮੇਰੀ ਸਾਂਝ ਤੇਰਾ ਸਿੱਖ ਅਖਵਾਣ ਦੀ
ਹੇ ਗੁਰੂ ਅੰਗਦ ਦੇਵ ! ਕਿਲਵਿਖ ਕਰ ਦਿਓ ਦੂਰ
ਲਾ ਕੇ ਅਪਨੀ ਸੇਵ 'ਸਜਣ' ਵਾਂਙ ਉਧਾਰ ਲੈ ।
2. ਲਹਿਣਾ
ਜਿਸ ਪ੍ਰੀਤਮ ਨੇ ਤੁਸਾਨੂੰ ਮੋਹਿਆ
ਉਸ ਦਾ ਨਾਂ ਤਾਂ ਲਹਿਣਾ ਸੀ ।
ਦੇਣਾ ਸੀ ਨ ਕਿਸੇ ਦਾ ਉਸ ਨੇ
ਲੈਣਾ ਹੀ ਉਸ ਲੈਣਾ ਸੀ ।
ਉਸ ਦੇ ਪ੍ਰੀਤਮ ਕਿਹਾ ਉਸ ਨੂੰ
ਆ ਭਾਈ ! ਤੂੰ ਤਾਂ ਲਹਿਣਾ ਹੈ ।
ਤੂੰ ਲੈਣਾ ਤੇ ਅਸਾਂ ਦੇਵਣਾ
ਸਾਥੋਂ ਤਾਂ ਤੂੰ ਲੈਣਾ ਹੈ ।
3. ਅਮਰ ਦਾਸ
ਹੈ ਅਚਰਜ ਤੂੰ ਲੈਣ ਹਾਰ ਤੋਂ
ਅਮਿਤ ਖਜ਼ਾਨੇ ਭਰੇ ਲਏ ।
ਭਰੇ ਲਏ ਤੇ ਖੋਲ੍ਹ ਮੁਹਾਨੇ,
ਦੋਹੀਂ 'ਹਥੀਂ' ਵੰਡ ਦਏ ।
ਫਿਰ ਅਚਰਜ ਓਹ ਭਏ ਨਾ ਖਾਲੀ,
ਜਿਉਂ ਕੇ ਤਿਉਂ ਰਹੇ ਭਰੇ ਭਰੇ ।
ਦਾਤ ਅਮਿਤੀ ਵੰਡ ਅਮਿਤੀ,
ਫੇਰ ਅਮਿਤੀ ਰਹੇ ਸਦੇ ।
ਪਿਆਰੇ ਅਮਰਦਾਸ ਗੁਣ ਤੇਰੇ
ਤੇਰੀ ਉਪਮਾ ਕੌਣ ਕਰੇ ।
ਕਰਦਿਆਂ ਮੁਕਦੀ ਕਦੇ ਨਾ ਸਤਿਗੁਰ
ਜਾਇ ਫੈਲਦੀ ਪਰੇ ਪਰੇ ।