Misc. Poems : Bawa Balwant
ਮਿਲੀ-ਜੁਲੀ ਕਵਿਤਾ : ਬਾਵਾ ਬਲਵੰਤ
1. ਰਾਤ ਦੀ ਰਾਣੀ
ਖ਼ੁਸ਼ਬੂ ਦੇ ਸਾਰੇ ਉਪਬਨ ਚਾਨਣ ਖਿਲਾਰਦੀ ਏ,
ਕੋਮਲ ਕਲੀ ਏ ਜਾਂ ਇਹ ਜੋਤੀ ਬਹਾਰ ਦੀ ਏ ।
ਕਾਲੇ ਹਨੇਰਿਆਂ ਨੂੰ ਸੁਰਤੀ 'ਚੋਂ ਹਰ ਰਹੀ ਏ,
ਪਾਂਧੀ-ਅਕਲ ਦੀ ਸ਼ਕਤੀ ਨੂੰ ਤੇਜ਼ ਕਰ ਰਹੀ ਏ ।
ਸਦੀਆਂ ਤੋਂ ਚਾਹੇ ਮਿਲਦੀ ਨਹੀਂ ਮਜ਼ੂਰੀ,
ਫੁੱਲਾਂ ਦਾ ਕੁਝ ਅਸਰ ਵੀ ਜੀਵਨ 'ਤੇ ਹੈ ਜ਼ਰੂਰੀ ।
ਨੀਤੀ ਜਾਂ ਅਰਥ ਨੀਤੀ ਹੋਵੇ ਜ਼ਰੂਰ ਹੋਵੇ,
ਕੁਦਰਤ ਦਾ ਨਾ ਕਲਾ 'ਚੋਂ ਪ੍ਰਭਾਵ ਦੂਰ ਹੋਵੇ ।
ਜੀਵਨ ਦੀ ਜਾਚ ਹੈ ਇਹ ਕੋਈ ਨਕਲ ਨਹੀਂ ਏ,
ਕੋਮਲ-ਕਲਾ ਦਾ ਉਪਬਨ ਬਸ ਮਾਰੂਥਲ ਨਹੀਂ ਏ ।
ਖ਼ੁਸ਼ਬੂ ਦੇ ਸਾਹਮਣੇ ਕਦ ਇਕੋ ਹੀ ਪੱਖ ਹੋਵੇ,
ਮੀਟੀ ਕਿਸੇ ਨ ਪਾਸੇ ਚਾਨਣ ਦੀ ਅੱਖ ਹੋਵੇ ।
2. ਆਜ਼ਾਦ
ਸਿਰ ਆਪਣਾ ਪਿਆਰ ਬਿਨ, ਕਿਧਰੇ ਝੁਕਾਇਆ ਜਾ ਨਹੀਂ ਸਕਦਾ।
ਕਰਜ਼ ਇਕ ਪਿਆਰ ਦਾ ਹੈ, ਜੋ ਚੁਕਾਇਆ ਜਾ ਨਹੀਂ ਸਕਦਾ।
ਸੁਣਾਣਾ ਚਾਹ ਰਹੇ ਹਾਂ ਪਰ, ਕੋਈ ਐਸੀ ਹੈ ਪਾਬੰਦੀ
ਕਿ ਆਪਣਾ ਹਾਲ ਵੀ ਸਾਥੋਂ ਸੁਣਾਇਆ ਜਾ ਨਹੀਂ ਸਕਦਾ।
ਜ਼ਮੀਰਾਂ 'ਤੇ ਹੈ ਸਦੀਆਂ ਦੀ ਗ਼ੁਲਾਮੀ ਦਾ ਅਸਰ ਐਸਾ
ਬੁਲਾਣਾ ਚਾਹ ਰਹੇ ਹਾਂ ਪਰ, ਬੁਲਾਇਆ ਜਾ ਨਹੀਂ ਸਕਦਾ।
ਲੁਕਾਣਾ ਚੰਦ ਤੇ ਸੂਰਜ ਨੂੰ ਸੀਨੇ ਵਿੱਚ ਨਹੀਂ ਮੁਸ਼ਕਿਲ
ਕਰਾਂ ਕੀ ਪਿਆਰ ਐਸਾ ਹੈ ਲੁਕਾਇਆ ਜਾ ਨਹੀਂ ਸਕਦਾ।
ਅਜੇ ਵਾਤਾਵਰਣ ਦੇ ਨਿਰਦਈਪਣ ਨੂੰ ਬਦਲਣਾ ਏ
ਕਿ ਜੀਵਨ ਦਾ ਸੁਹਾਣਾ ਗੀਤ ਗਾਇਆ ਜਾ ਨਹੀਂ ਸਕਦਾ।
ਹਰ ਇਕ ਰਿਸ਼ਤੇ ਤੋਂ ਉੱਚਾ ਏ ਸੁਨਹਿਰੀ ਪਿਆਰ ਦਾ ਰਿਸ਼ਤਾ
ਕਲਾ ਦੀ ਜੋਤ! ਤੈਨੂੰ ਕੀ ਬਣਾਇਆ ਜਾ ਨਹੀਂ ਸਕਦਾ?
ਕਲਾ ਹੀ ਮੁਰਦਾ ਕੌਮਾਂ ਨੂੰ ਨਵਾਂ ਜੀਵਨ ਬਖ਼ਸ਼ਦੀ ਏ
ਗ਼ਲਤ ਕਹਿੰਦੇ ਨੇ ਮੁਰਦੇ ਨੂੰ ਜਿਵਾਇਆ ਜਾ ਨਹੀਂ ਸਕਦਾ।
3. ਅਧੂਰਾ!
ਕਿਰਨਾਂ ਆ ਰੋਜ਼ ਡੁਬਾਵਣ,
ਤਾਰੇ ਨਿੱਤ ਨਿੱਤ ਚੜ੍ਹ ਆਵਣ,
ਦਿਨ ਦੌੜ ਕੇ ਫੜਨਾ ਚਾਹੇ,
ਪੱਲਾ ਨਾ ਰਾਤ ਫੜਾਏ,
ਛੱਲਾਂ ਯੁਗਾਂ ਵਾਹ ਲਾਈ,
ਦੇਵੇ ਨਾ ਚੰਨ ਫੜਾਈ,
ਇਕ ਕਦਮ ਨਾ ਪੁੱਟਿਆ ਜਾਏ
ਪਰਬਤ ਲੱਖ ਤੁਰਨਾ ਚਾਹੇ।
ਸਾਗਰ ਅੱਤ ਕੋਸ਼ਿਸ਼ ਕੀਤੀ,
ਡੁੱਬਾ ਹੀ ਰਿਹਾ ਸਿਤਾਰਾ;
ਲੰਘੇ ਲੱਖ ਝੀਲਾਂ ਝਰਨੇ
ਪਰ ਹੈ ਖ਼ਾਰ ਦਾ ਖ਼ਾਰਾ।
ਰੁਕ ਜਾਣ ਨੂੰ ਚਾਹੇ ਲੋਚੇ,
ਰੁਕਿਆ ਨਹੀਂ ਮੌਸਮ-ਧਾਰਾ।
ਚੱਲੀ ਜਿਉਂ ਇਸ਼ਕ ਦੀ ਬੇੜੀ,
ਆਇਆ ਨਹੀਂ ਅਜੇ ਕਿਨਾਰਾ!
ਜਿਉਂ ਪੈਰ ਅਗਾਂਹ ਵਲ ਧਾਏ,
ਮੰਜ਼ਲ ਗੁੰਮ ਹੁੰਦੀ ਜਾਏ!
ਕੋਇਲ ਬੇਅੰਤ ਬੁਲਾਇਆ,
ਪ੍ਰੀਤਮ ਹੁਣ ਤਕ ਨਹੀਂ ਆਇਆ!
ਜੀਵਨ ਜੇ ਰਹੇ ਅਧੂਰਾ
ਸ਼ਾਇਦ ਇਹ ਤਦੇ ਹੈ ਪੂਰਾ!!
4. ਅੱਜ ਹਵਾ ਵਗਦੀ ਰਹੀ
ਅੱਜ ਹਵਾ ਵਗਦੀ ਰਹੀ!
ਮੇਲ ਤੇਰੇ ਦੀ ਚਿਣਗ ਮਘਦੀ ਰਹੀ, ਮਘਦੀ ਰਹੀ।
ਵਗਦੀ ਰਹੀ ਠੰਡੀ ਹਵਾ, ਕੋਮਲ ਹਵਾ, ਮਿੱਠੀ ਹਵਾ,
ਇਹ ਮੇਰੇ ਦਿਲ ਦੀ ਦਵਾ, ਇਹ ਜ਼ਿੰਦਗਾਨੀ ਦੀ ਦਵਾ;
ਬੁਝਣ ਵਾਲੀ ਇਸ ਤੋਂ ਮੇਰੀ ਆਤਮਾ ਜਗਦੀ ਰਹੀਂ
ਅੱਜ ਹਵਾ ਵਗਦੀ ਰਹੀ!
ਝੀਲ-ਅੰਦਰ ਦੇ ਕੰਵਲ ਜਾਗੇ ਸੁਆਗਤ ਦੇ ਲਈ;
ਨਾਚ ਮੇਰੇ ਦੀ ਤੜਪ ਸੀ ਇਸ ਹਵਾ-ਗਤ ਦੇ ਲਈ।
ਨਫ਼ਸ ਦੀ ਗਰਮੀ 'ਚ ਲੈ ਕੇ ਸੀਤ ਉਸ ਦੇ ਪਿਆਰ ਦੀ,
ਯਾਦ ਲੈ ਕੇ ਉਸ ਅਨੋਖੀ ਜਿੱਤ ਦੀ ਤੇ ਹਾਰ ਦੀ,
ਆਪਣੇ ਪਰਲੇ ਪਾਰ ਦੀ
ਹਰ ਖ਼ੁਸ਼ੀ ਅੱਜ ਮੇਰੇ ਗਲ ਲਗਦੀ ਰਹੀ, ਲਗਦੀ ਰਹੀ
ਅੱਜ ਹਵਾ ਵਗਦੀ ਰਹੀ!
ਮੈਂ ਨਹੀਂ ਚਾਹੁੰਦਾ ਕਿ ਮਿਲ ਜਾਏ ਹਵਾ ਦੀ ਜ਼ਿੰਦਗੀ;
ਇਹ ਤਮੰਨਾ ਹੈ ਕਿ ਬਣ ਜਾਵਾਂ ਕਦੀ ਮੈਂ 'ਆਦਮੀ'!
ਇਕ ਹਵਾ ਆਏ, ਉਡਾਏ ਮੇਰੀ ਕਾਲੀ ਧੂੜ ਨੂੰ,
ਇਕ ਹਵਾ ਆਏ ਤਾਂ ਡੇਗੇ ਮੇਰੇ ਪਰਬਤ-ਕੂੜ ਨੂੰ,
ਇਕ ਹਵਾ ਆ ਕੇ ਬੁਝਾਏ ਚੰਮ-ਖ਼ੁਸ਼ੀ ਦੀ ਲਾਟ ਨੂੰ,
ਇਕ ਹਵਾ ਰੌਸ਼ਨ ਕਰੇ ਦੁਖ-ਜਿੰਦਗੀ ਦੀ ਵਾਟ ਨੂੰ,
ਅੱਜ ਜਿਵੇਂ ਹਲਕੀ, ਮਧੁਰ, ਮਿੱਠੀ ਹਵਾ ਵਗਦੀ ਰਹੀ,
ਬੁਝਣ ਵਾਲੀ ਇਸ ਤੋਂ ਮੇਰੀ ਆਤਮਾ ਜਗਦੀ ਰਹੀ,
ਮੌਤ ਦੇ ਦਿਨ ਵੀ ਮੇਰੇ ਠੰਢੀ ਹਵਾ ਵਗਦੀ ਰਹੇ,
ਲਹਿਲਹਾਏ ਕਫ਼ਨ-ਝੰਡਾ ਜ਼ਿੰਦਗੀ ਦਾ ਮੌਤ 'ਤੇ!
ਇਹ ਹਵਾ ਤੇਰੀ ਨਹੀਂ, ਮੇਰੀ ਨਹੀਂ, ਵਗਦੀ ਰਹੇ!
ਮੇਲ ਤੇਰੇ ਦੀ ਚਿਣਗ ਮਘਦੀ ਰਹੇ, ਮਘਦੀ ਰਹੇ!
ਮੇਰੀ ਕਵਿਤਾ ਦੀ, ਮੇਰੇ ਸਾਂਝੇ ਖ਼ਿਆਲਾਂ ਦੀ ਹਵਾ,
ਚੜ੍ਹਦੇ ਸੂਰਜ ਲਹਿੰਦੇ ਸੂਰਜ ਦੇ ਖ਼ਿਲਾਰਾਂ ਤਕ ਵਗਾ!
ਆਦਮੀਅਤ ਦੇ ਭੰਵਰ ਦੀ ਗੋਦ 'ਚੋਂ ਤੇਰੇ ਜਹਾਜ਼
ਇਹ ਮੇਰੇ ਕੋਮਲ-ਕਲਾ ਦੇ ਅਰਸ਼ ਦੀ ਠੰਡੀ ਹਵਾ।
ਮੇਰੀ ਹਵਾ ਵਗਦੀ ਰਹੇ, ਤੇਰੀ ਹਵਾ ਵਗਦੀ ਰਹੇ!
ਜਿਸ ਤਰ੍ਹਾਂ ਵਗਦੀ ਰਹੀ, ਹਾਂ ਅੱਜ ਹਵਾ ਵਗਦੀ ਰਹੀ!
5. 'ਸਰਮਦ' ਦੇ ਮਕਬਰੇ 'ਤੇ
ਹੁੰਦੇ ਨੇ ਲੱਖਾਂ ਆਗੂ ਜਾਨਾਂ ਬਚਾਣ ਵਾਲੇ,
ਵਿਰਲੇ ਨੇ ਆਮ ਰਾਹ 'ਤੇ ਸਿਰ ਨੂੰ ਕਟਾਣ ਵਾਲੇ।
ਹੁੰਦਾ ਹੈ ਕੋਈ-ਕੋਈ ਜੋ ਮੂਲ ਨੂੰ ਪਹਿਚਾਣੇ,
ਕਰਦੀ ਹੈ ਉਸ ਦੀ ਬਾਣੀ ਸੰਸਾਰ ਵਿੱਚ ਉਜਾਲੇ।
ਚੁੱਕਦਾ ਹੈ ਅੰਧਕਾਰਾਂ ਤੋਂ ਕੋਈ-ਕੋਈ ਪਰਦਾ,
ਦੇ ਕੇ ਬਲੀ ਤੇ ਖੋਲ੍ਹੇ ਰਸਤੇ ਵਿਕਾਸ ਵਾਲੇ।
ਥੱਕਦਾ ਨਹੀਂ ਕਦੀ ਵੀ ਹੁਸਨਾਂ ਦੇ ਰਾਹ ਦਾ ਪਾਂਧੀ,
ਓਨੀ ਖ਼ੁਸ਼ੀ ਤੁਰਨ ਦੀ ਪੈਰਾਂ 'ਚ ਜਿੰਨੇ ਛਾਲੇ।
ਉਹ ਹੌਸਲਾ ਹੈ ਪੂਰਾ, ਪੂਰਨ ਹੈ ਉਹ ਦਲੇਰੀ,
ਤਾਕਤ ਨੂੰ ਆਖ ਦੇਵੇ ਕਿ ਜੀਭ ਨੂੰ ਸੰਭਾਲੇ।
ਕੀ ਨੇ ਸ਼ਰਹ ਦੇ ਬੰਧਨ, ਕੀ ਕਾਫ਼ਰੀ ਦੇ ਫ਼ਤਵੇ,
ਹਨ ਇਨ੍ਹਾਂ ਕਾਫ਼ਰਾਂ ਦੇ ਦੁਨੀਆਂ 'ਚ ਬੋਲ-ਬਾਲੇ।
ਸੁੱਤਾ ਹੈ ਜਿਸ 'ਚ 'ਸਰਮਦ' ਸਵੈਮਾਣ ਨੂੰ ਬਚਾ ਕੇ,
ਐਸੀ ਕਬਰ ਤੋਂ ਸਦਕੇ, ਉੱਚ ਮਸਜਦਾਂ, ਸ਼ਿਵਾਲੇ।
ਸ਼ਾਹਾਂ ਦੇ ਜ਼ੁਲਮ ਦੀ ਇਹ ਜੀਵਤ ਹੈ ਇੱਕ ਨਿਸ਼ਾਨੀ,
ਇਤਹਾਸ ਜ਼ਿੰਦਗੀ ਦਾ ਇਸ ਨੂੰ ਪਿਆ ਸੰਭਾਲੇ।
ਬਣਦਾ ਹੈ ਜ਼ਿੰਦਗੀ ਵਿੱਚ ਕੁੱਝ ਲਾਇਆਂ ਸਿਰ ਦੀ ਬਾਜ਼ੀ,
ਏਸੇ ਤਰ੍ਹਾਂ ਨੇ ਹੁੰਦੇ ਜੀਵਨ ਦੇ ਰਾਹ ਸੁਖਾਲੇ।
ਉਹ ਹੈ ਵਿਸ਼ਾਲ ਬੁੱਧੀ ਜੋ ਆਪ ਸੋਚਦੀ ਹੈ,
ਮੌਲਕ ਵਿਚਾਰ ਹੀ ਤਾਂ ਦੁਨੀਆਂ ਨਵੀਂ ਨੂੰ ਢਾਲੇ।
ਹੈ ਹੋਰ ਵੀ ਸਿਰਾਂ ਦੀ ਬੀਜਣ ਦੀ ਲੋੜ ਏਥੇ,
ਆਈ ਨਾ ਹਿੰਦ ਅੰਦਰ ਪੂਰਨ ਬਹਾਰ ਹਾਲੇ।
ਇਹ ਕਹਿਣ ਦੀ ਦਲੇਰੀ, ਕੁਰਬਾਨੀਆਂ ਦਾ ਜਜ਼ਬਾ,
ਹੈ ਜ਼ਿੰਦਗੀ ਦੀ ਹਰਕਤ! ਕਰ ਦੇ ਮੇਰੇ ਹਵਾਲੇ।
6. ਤੂਲਕਾ
ਹਿੱਲਦੇ ਪਏ ਨੇ ਪੱਤੇ ਹਰ ਸ਼ਾਖ਼ ਡੋਲਦੀ ਏ
ਕੁਦਰਤ ਕਿ ਤੂਲਕਾ ਦੀ ਹਰਕਤ ਤੋਂ ਬੋਲਦੀ ਏ
ਰੰਗਾਂ ਦੇ ਕਰ ਇਸ਼ਾਰੇ ਇਹ ਭੇਦ ਖੋਲ੍ਹਦੀ ਏ-
ਖ਼ਾਮੋਸ਼ੀਆਂ ਦੀ ਤੂਤੀ ਦੁਨੀਆਂ 'ਚ ਬੋਲਦੀ ਏ ।
ਅਤਿ ਗਰਮੀਆਂ 'ਚ ਬੱਦਲ ਰਹਿਮਤ ਦੇ ਛਾ ਗਏ ਨੇ
ਫੁੱਲ ਬਾਗ਼ ਦੀ ਕਬਰ 'ਚੋਂ ਜੱਨਤ 'ਚ ਆ ਗਏ ਨੇ ।
ਚੰਗੇ ਬੁਰੇ ਨੂੰ ਕੋਮਲ ਲੀਕਾਂ 'ਤੇ ਤੋਲਦੀ ਏ
ਖ਼ਾਮੋਸ਼ ਚਿੱਤਰਾਂ 'ਚੋਂ ਤਹਿਜ਼ੀਬ ਬੋਲਦੀ ਏ ।
ਜਾਂਦੇ ਵਿਖਾ ਰਹੀ ਏ, ਆਉਂਦੇ ਬਣਾ ਰਹੀ ਏ
ਖ਼ਾਮੋਸ਼ ਚਿੱਤਰਾਂ 'ਤੇ ਇਤਿਹਾਸ ਗਾ ਰਹੀ ਏ ।
ਖ਼ਵਾਜਾ ਖ਼ਿਜਰ ਨੂੰ ਜਿਸ ਨੇ ਦਿੱਤੀ ਹੈ ਅਮਰ ਸੂਰਤ
ਉਸ ਤੋਂ ਬਣੇਗੀ ਪੂਰਨ ਇਨਸਾਨੀਅਤ ਦੀ ਮੂਰਤ ।