Mir Tanha Yousafi ਮੀਰ ਤਨਹਾ ਯੂਸਫ਼ੀ

ਮੀਰ ਤਨਹਾ ਯੂਸਫ਼ੀ (1 ਜਨਵਰੀ 1955 - 26 ਅਗਸਤ 2019) ਪਾਕਿਸਤਾਨੀ ਪੰਜਾਬੀ ਅਤੇ ਉਰਦੂ ਕਵੀ ਅਤੇ ਗਲਪਕਾਰ ਸਨ। ਉਨ੍ਹਾਂ ਨੇ ਆਪਣਾ ਸਾਹਿਤਕ ਜੀਵਨ ਉਰਦੂ ਕਵੀ ਵਜੋਂ ਸ਼ੁਰੂ ਕੀਤਾ। ਆਪਣੇ ਵਿਦਿਆਰਥੀ ਜੀਵਨ ਦੇ ਸਮੇਂ 1972 ਤੋਂ ਉਨ੍ਹਾਂ ਨੇ ਕਵਿਤਾਵਾਂ ਗਜ਼ਲਾਂ ਛਪਾਉਣੀਆਂ ਸ਼ੁਰੂ ਕਰ ਦਿੱਤੀਆ ਸਨ।
ਪੰਜਾਬੀ ਰਚਨਾਵਾਂ : ਸੂਰਜ ਉੱਗਣ ਤਾਈਂ (ਕਹਾਣੀ ਸੰਗ੍ਰਹਿ, 1996), ਤ੍ਰੇਹ (ਨਾਵਲ,1998), ਇਕ ਸਮੁੰਦਰ ਪਾਰ (ਨਾਵਲ, 2000), ਖਿਦੂ (ਨਾਵਲ, 2002), ਕਾਲਾ ਚਾਨਣ (ਨਾਵਲ, 2005), ਤੇ ਅੰਨ੍ਹਾ ਖੂਹ (ਨਾਵਲ)
ਉਰਦੂ ਸ਼ਾਇਰੀ : "ਲੁਕਨਾਤ" 1996 ।

ਪੰਜਾਬੀ ਸ਼ਾਇਰੀ : ਮੀਰ ਤਨਹਾ ਯੂਸਫ਼ੀ

Punjabi Poetry : Mir Tanha Yousafiਕੋਈ ਆਰ ਹੈ ਕੋਈ ਪਾਰ ਹੈ

ਕੋਈ ਆਰ ਹੈ ਕੋਈ ਪਾਰ ਹੈ ਕੋਈ ਸ਼ੌਹ ਦਰਿਆ ਵਿਚਕਾਰ ਹੈ ਮੈਂ ਕੰਢੇ ਬੈਠਾ ਸੋਚਦਾ ਕਦ ਆਉਣੀ ਮੇਰੀ ਵਾਰ ਹੈ ਕਿਆ ਕਿੱਸੇ ਯਾਰ ਸੁਨਾਵਣੇ ਕਿਆ ਪਿਆਰ ਦੇ ਦੁੱਖੜੇ ਗਾਵਣੇ ਜਦ ਹਾਰੇ ਇਸ਼ਕ ਦੀ ਜਿੱਤ ਹੈ ਜਦ ਜਿੱਤੇ ਰੂਪ ਦੀ ਹਾਰ ਹੈ ਬੱਸ ਪੱਕਾ ਕਰਕੇ ਕੰਡ ਨੂੰ ਹੱਥ ਲਾਵੀਂ ਗ਼ਮ ਦੀ ਪੰਡ ਨੂੰ ਜੇ ਚੁੱਕ ਲਿਆ ਤਾਂ ਫੁੱਲ ਹੈ ਨਾ ਚੁੱਕ ਸਕਿਆ ਤਾਂ ਭਾਰ ਹੈ ਹੁਣ ਤਨਹਾ ਦੁੱਖ ਕੀ ਫੋਲੀਏ ਹੁਣ ਉਸ ਦੇ ਝੂਠ ਕੀ ਖੋਲ੍ਹੀਏ ਸਾਨੂੰ ਏਸੇ ਗੱਲ ਨੇ ਮਾਰਿਆ ਉਹ ਝੂਠਾ ਸੀ ਪਰ ਯਾਰ ਹੈ।

ਕੋਈ ਬੋਲੋ ਸਾਡੇ ਲਾਲ ਗਵਾਚੇ ਕਿੱਥੇ ਗਏ

ਕੋਈ ਬੋਲੋ ਸਾਡੇ ਲਾਲ ਗਵਾਚੇ ਕਿੱਥੇ ਗਏ ਪੱਗਾਂ, ਕੁੜਤੇ, ਬੁੱਕਲ, ਖੋਸੇ, ਲਾਚੇ ਕਿੱਥੇ ਗਏ ਫੁੱਫੀ, ਤਾਈ, ਮਾਸੀ, ਚਾਚੀ ਸਭੇ ਹੋਈਆਂ ਆਂਟੀ ਅੰਕਲ ਹੋ ਗਏ ਸੱਕੇ, ਮਾਮੇ, ਚਾਚੇ ਕਿੱਥੇ ਗਏ ਮੀਆਂ ਮੀਰ ਦਾ, ਮਾਧੋ ਲਾਲ਼ ਤੇ ਸ਼ਾਹ ਜਮਾਲ ਦਾ ਮੇਲ਼ਾ ਕਿੱਥੇ ਟੁਰ ਗਏ ਯਾਰ ਮਦਾਰੀ, ਨਾਚੇ ਕਿੱਥੇ ਗਏ ਥਾਂਵਾਂ ਦੇ ਨਾਂ ਟਾਊਨ ਕਲੋਨੀ ਰੱਖਣ ਵਾਲੇ ਦੱਸਣ ਮੇਰੇ ਪਿੰਡ ਸੁਲਤਾਨੀ, ਢੋਕ ਪਰ ਉੱਚੇ ਕਿੱਥੇ ਗਏ ਮੱਝਾਂ ਗਾਵਾਂ ਚੋਣਾਂ, ਢੱਗੇ ਵੱਛੇ ਚਾਰਨ ਜਾਣਾਂ ਜਿਹੜੇ ਕੰਮ ਸਨ ਤਨਹਾ ਸਾਡੀ ਜਾਚੇ, ਕਿੱਥੇ ਗਏ

ਆਪਣੇ ਲਈ ਮੈਂ ਮੰਗਣਾ ਈ ਨਹੀਂ

ਆਪਣੇ ਲਈ ਮੈਂ ਮੰਗਣਾ ਈ ਨਹੀਂ ਦੂਜੇ ਲਈ ਮੈਂ ਸੰਗਣਾ ਈ ਨਹੀਂ ਸੱਚ ਦੀ ਸੂਲ਼ੀ ਕਾਹਨੂੰ ਗਡਨੈਂ ਜੇ ਤੂੰ ਝੂਠ ਨੂੰ ਟੰਗਣਾ ਈ ਨਹੀਂ ਜਿਹੜੇ ਵੱਧ ਵੱਧ ਬੋਲ ਰਹੇ ਨੇ ਵਾਰ ਆਈ ਤੇ ਖੰਘਣਾ ਈ ਨਹੀਂ ਉਹਨੂੰ ਹਰ ਇਕ ਸ਼ੈ ਫੱਬਦੀ ਏ ਕੋਕਾ, ਕੰਠਾ, ਕੰਙਣਾ ਈ ਨਹੀਂ ਤਨਹਾ ਉਹਦੇ ਰੰਗ ਪਿਆ ਵੇਖਾਂ ਜਿਹਨੇ ਸਾਨੂੰ ਰੰਗਣਾ ਈ ਨਹੀਂ

ਚਾਰ ਦਿਨਾਂ ਦਾ ਰੌਲ਼ਾ ਹੈ

ਚਾਰ ਦਿਨਾਂ ਦਾ ਰੌਲ਼ਾ ਹੈ ਬਾਦੋਂ ਗੋਰ ਨਾ ਖੋਲ਼ਾ ਹੈ ਉੱਚਾ ਉੱਚਾ ਉੱਡਦਾ ਏ ਬੰਦਾ ਕਿਨਾ ਹੌਲਾ ਹੈ ਲੋਕੀ ਆਖਣ ਚੰਨ ਚੜ੍ਹਿਆ ਏ ਮੈਨੂੰ ਤੇਰਾ ਝੌਲ਼ਾ ਹੈ ਓੜਕ ਜਾਲ਼ ਏ ਲਿਖੇ ਦਾ ਕੀ ਮੱਛੀ ਕੀ ਡੌਲ਼ਾ ਹੈ ਰੋਂਦੀ ਪਿੱਟਦੀ ਖ਼ਲਕਤ ਦਾ ਕਿਧਰੇ ਕੋਈ ਮੌਲਾ ਹੈ? ਚੀਕਦੀ ਦੁਨੀਆ ਵਿਚ ਤਨਹਾ ਦਿਲ ਈ ਗੁੰਮ ਗਰੌਲਾ ਹੈ

ਹੱਸਦਾ ਖਿੜਦਾ ਤੇਰਾ ਸ਼ੀਸ਼ਾ

ਹੱਸਦਾ ਖਿੜਦਾ ਤੇਰਾ ਸ਼ੀਸ਼ਾ ਰੋਵਣ ਲਈ ਏ ਮੇਰਾ ਸ਼ੀਸ਼ਾ ਜਦ ਉਹ ਉੱਠਣ ਲੱਗਾ ਅੱਗੋਂ ਪਾ ਕੇ ਬਹਿ ਗਿਆ ਘੇਰਾ ਸ਼ੀਸ਼ਾ ਮੇਰੀਆਂ ਅੱਖਾਂ ਰੱਖ ਲਈਆਂ ਸੂ ਉਇ ਨਿੱਜ ਦਾ ਯਾਰ ਲੁਟੇਰਾ ਸ਼ੀਸ਼ਾ ਤੇਰੇ ਰੂਪ ਦੇ ਪ੍ਰਛਾਂਵੇਂ ਨੇ ਸ਼ਾਮ, ਗੁਲਾਬ, ਸਵੇਰਾ, ਸ਼ੀਸ਼ਾ ਚੰਨ ਚੜ੍ਹਿਆ ਤੇ ਦੁਨੀਆ ਤੱਕਿਆ ਕੱਚਾ ਘਰ, ਬਨੇਰਾ ਸ਼ੀਸ਼ਾ ਉਹੋ ਦਿਸਦਾ ਸੀ ਹਰ ਪਾਸੇ ਤਨਹਾ ਚਾਰ ਚੁਫ਼ੇਰਾ ਸ਼ੀਸ਼ਾ

ਆਪਣੇ ਆਪ ਚੋਂ ਆਪ ਨੂੰ ਕੱਢਿਆ

ਆਪਣੇ ਆਪ ਚੋਂ ਆਪ ਨੂੰ ਕੱਢਿਆ ਤਾਂ ਕਿਧਰੇ ਇਹ ਜਾਤਾ ਅੱਖਾਂ ਵਾਲੇ ਅੱਖਰ ਕਿੱਥੇ ਜਰਦੇ ਪਿਆਰ ਦਾ ਖਾਤਾ ਇਕਲਾਪੇ ਦੇ ਦਿਨ ਜਿਵੇਂ ਨੇ ਸੜਦੀ ਧੁੱਪ ਵਿਚ ਪੈਂਡੇ ਇਕਲਾਪੇ ਦੀ ਰਾਤ ਏ ਕੋਈ ਸਦੀਆਂ ਦਾ ਜਗਰਾਤਾ ਖੁੱਥੇ ਹੋਏ ਖੰਭਾਂ ਵਾਂਗੂੰ ਇਧਰ ਉਧਰ ਉੱਡਾਂ ਨਾ ਈ ਧਰਤੀ ਨਾਲ਼ ਏ ਯਾਰੀ, ਨਾ ਅੰਬਰ ਨਾਲ਼ ਨਾਤਾ ਜਿਹਨੇ ਰੱਬ ਤੋਂ ਮੰਗਣਾ ਉਹਨੂੰ ਇਹਦੇ ਨਾਲ਼ ਕੀ ਲੱਗੇ ਕਿਹੜਾ ਉਥੇ ਦਾਤਾ ਏ ਤੇ ਕਿਹੜਾ ਏ ਅੰਨਦਾਤਾ ਵੀਰ ਸ਼ਰੀਕਾ ਬਣ ਜਾਂਦੇ ਤੇ ਭੈਣਾਂ ਜ਼ਾਤ ਪਰਾਈ ਬੇ-ਲੋਭੇ ਬੱਸ ਦੋ ਈ ਤਨਹਾ, ਜਾਂ ਬਾਪੂ ਜਾਂ ਮਾਤਾ

ਜਾਗ ਕੇ ਰਾਤਾਂ ਕੱਟੀਏ

ਜਾਗ ਕੇ ਰਾਤਾਂ ਕੱਟੀਏ ਸੋਚਦੇ ਸੂਤਰ ਵੱਟੀਏ ਅੱਖਰ ਤੇਰੇ ਔਖੇ ਇਸ਼ਕ ਦੀਏ ਨੀ ਪੱਟੀਏ ਚੰਨ ਚੜ੍ਹਨ ਤੱਕ, ਅੱਖ ਦੇ ਛੱਜ ਵਿਚ ਤਾਰੇ ਛੱਟੀਏ ਕਿਹੜੀਆਂ ਧੂੜਾਂ ਫੱਕੀਏ ਕਿਹੜੇ ਪੱਥਰ ਚੱਟੀਏ ਮਿਹਣਿਆਂ ਦੀ ਏ ਖਾਈ ਕਿੰਜ ਪਿਛਾਂਹ ਨੂੰ ਹੱਟੀਏ ਉਹ ਕੋਈ ਭੁੱਲਿਆ ਹੋਵੇ ਉਹਦਾ ਨਾਂ ਕਿਉਂ ਰਟੀਏ ਝੱਲੇ ਹੋ ਗਏ ਤਨਹਾ ਏਸ ਤੋਂ ਵੱਧ ਕੀ ਖੱਟੀਏ

ਜ਼ਹਿਰ ਕਚੀਚੀਆਂ ਵੱਟ ਛੱਡੀਆਂ

ਜ਼ਹਿਰ ਕਚੀਚੀਆਂ ਵੱਟ ਛੱਡੀਆਂ ਉਮਰਾਂ ਇੰਜੇ ਕੱਟ ਛੱਡੀਆਂ ਉਹਦੀ ਅੱਖ ਨਾ ਪੜ੍ਹ ਪਾਏ ਐਵੇਂ ਪੱਟੀਆਂ ਰਟ ਛੱਡੀਆਂ ਇਕੋ ਰਾਹ ਤੇ ਟੁਰ ਟੁਰ ਕੇ ਅਸੀਂ ਵੀ ਧੂੜਾਂ ਪੱਟ ਛੱਡੀਆਂ ਹੀਰ ਸੀ ਭਾਂਵੇਂ ਸਾਹਿਬਾਂ ਸੀ ਵੀਣੀਆਂ ਕਦੀ ਨਾ ਜੱਟ ਛੱਡੀਆਂ ਗਿੱਲਾ ਥਿੰਦਾ ਲੈ ਗਏ ਚੋਰ ਸੁੱਕੀਆਂ ਨਿੱਕੀਆਂ ਖੱਟ ਛੱਡੀਆਂ ਛਿੱਡੀਓਂ ਬਾਝ ਨਾ ਕੁੱਝ ਲੱਭਾ ਚਾਟੀਆਂ ਸਾਰੀਆਂ ਚੱਟ ਛੱਡੀਆਂ ਤਨਹਾ ਤੂੰ ਵੀ ਵੱਧ ਵੱਧ ਬੋਲ ਯਾਰਾਂ ਕਿਹੜੀਆਂ ਘੱਟ ਛੱਡੀਆਂ

ਸਾਡਾ ਜਨਮ ਵੀ ਵੱਖਰਾ ਏ

ਸਾਡਾ ਜਨਮ ਵੀ ਵੱਖਰਾ ਏ ਤੇ ਯਾਰ ਜਨਮ ਵੀ ਵੱਖਰਾ ਏ ਖ਼ੌਰੇ ਏਸੇ ਕਰ ਕੇ ਲਗਦਾ ਸਾਡਾ ਕੰਮ ਵੀ ਵੱਖਰਾ ਏ ਭਾਂਵੇਂ ਜੋ ਵੀ ਕਰ ਲੌ, ਸਾਡਾ ਕੀਮਾ ਨਹੀਂ ਜੇ ਹੋ ਸਕਨਾਂ ਸਾਡਾ ਮਾਸ ਵੀ ਡਾਹਢਾ ਏ ਤੇ ਸਾਡਾ ਚੰਮ ਵੀ ਵੱਖਰਾ ਏ ਤੂੰ ਜੋ ਮੰਜੇ ਉੱਤੇ ਬੈਠਾ ਜੰਨਤ ਦੋਜ਼ਖ਼ ਵੰਡਣਾ ਏਂ ਮਤਲਬ ਤੇਰੀ ਜ਼ਾਤ ਵੀ ਉੱਚੀ, ਦੀਨ ਧਰਮ ਵੀ ਵੱਖਰਾ ਏ ਅਸੀਂ ਆਂ ਕਿੱਕਰ ਕੰਡਿਆਲੀ ਤੇ ਉਹ ਹੈ ਫੁੱਲ ਗੁਲਾਬ ਜਿਹਾ ਮਤਲਬ ਸਾਡੇ ਉੱਤੇ ਰੁੱਤ ਨੇ ਕੀਤਾ ਦਮ ਵੀ ਵੱਖਰਾ ਏ ਉਹਦੇ ਪਿੰਡ ਦਾ ਕੀ ਦੱਸਾਂ ਵਈ, ਓਥੇ ਮਸਤ ਬਹਾਰਾਂ ਨੇਂ ਓਥੇ ਮਿੱਟੀ ਹੋਰ ਏ ਤਨਹਾ ਤੇ ਮੌਸਮ ਵੀ ਵੱਖਰਾ ਏ

ਆਪਣੇ ਬਾਰੇ ਬੋਲ ਰਿਹਾਂ

ਆਪਣੇ ਬਾਰੇ ਬੋਲ ਰਿਹਾਂ ਰਮਜ਼ਾਂ ਤੇਰੀਆਂ ਖੋਲ੍ਹ ਰਿਹਾਂ ਪਾਣੀ ਚੀਰ ਕੇ ਆਇਆ ਵਾਂ ਬੈਠ ਹਵਾਵਾਂ ਤੋਲ ਰਿਹਾਂ ਤੂੰ ਵੀ ਭੁੱਲ ਕੇ ਹੱਸਿਆ ਏਂ ਮੈਂ ਵੀ ਕਰਨ ਠਠੋਲ ਰਿਹਾਂ ਅੱਟੀ ਸੂਤਰ ਮੁੱਲ ਮੇਰਾ ਕਹਿੰਦੇ ਨੇ ਅਨਮੋਲ ਰਿਹਾਂ ਪੈਂਡਾ ਸੀ ਕਿ ਦਾਰੂ ਸੀ ਪਲ ਪਲ ਡਾਂਵਾਂ ਡੋਲ ਰਿਹਾਂ ਉਸ ਤੋਂ ਵੱਧ ਹੁਣ ਦੂਰ ਏ ਉਹ ਜਿੰਨਾਂ ਉਹਦੇ ਕੋਲ਼ ਰਿਹਾਂ ਤਨਹਾ ਤੂੰ ਨਾ ਦਿਲ ਤੇ ਲੈ ਮੈਂ ਤੇ ਖਿੱਦੋ ਫੋਲ ਰਿਹਾਂ

ਤੇਜ਼ ਹਵਾਓ ਸਬਰ ਕਰੋ

ਤੇਜ਼ ਹਵਾਓ ਸਬਰ ਕਰੋ ਕਿਧਰੇ ਦੀਵਾ ਬਲਣ ਦਿਓ ਦਿਲ ਕਰਦਾ ਏ ਮੁੜ ਖੇਡਾਂ ਅਕੜ ਬਕੜ ਬੰਬੇ ਬੋ ਕਹਿਨਾ ਏਂ ਤੇ ਪੀ ਲਾਂਗੇ ਤੇਰੇ ਫੁੱਲਾਂ ਦੀ ਖ਼ੁਸ਼ਬੋ ਸੈਨਤ ਨਹੀਂ ਇਹ ਛਲ ਏ ਜੀ ਕਿਹੜੇ ਪਾਸੇ ਟੁਰ ਪਏ ਓ ਮੈਂ ਈ ਕਾਹਨੂੰ ਕਸ਼ਟ ਕਰਾਂ ਤਨਹਾ ਤੂੰ ਵੀ ਨੇੜੇ ਹੋ

ਪਿਆਰ 'ਚ ਜਿਹੜੇ ਜਿਹੜੇ ਦੁੱਖ ਨੇ

ਪਿਆਰ 'ਚ ਜਿਹੜੇ ਜਿਹੜੇ ਦੁੱਖ ਨੇ, ਜੇ ਆਖੇਂ ਤੇ ਦੱਸਾਂ ਦੋ ਪਲ ਦੇ ਬੱਸ ਇੱਕ ਦੋ ਸੁੱਖ ਨੇ, ਜੇ ਆਖੇਂ ਤੇ ਦੱਸਾਂ ਬਿਰਹੋਂ ਵਾਲੀ ਅੱਗ ਵਿਚ ਸੜਦਾ ਕਿਧਰ ਥਲ ਵੱਲ ਟੁਰਿਆ ਏਂ ਓਥੇ ਛਾਂ ਤੋਂ ਵਾਂਝੇ ਰੁੱਖ ਨੇ, ਜੇ ਆਖੇਂ ਤੇ ਦੱਸਾਂ ਹੱਸ ਕੇ ਵੇਖਣ ਤੇ ਪਿੰਡੇ ਵਿਚ ਜਿਵੇਂ ਜਾਨ ਈ ਪੈ ਜਾਏ ਸਾਡੇ ਪਿੰਡ ਵੀ ਇੰਜ ਦੇ ਮੁੱਖ ਨੇ, ਜੇ ਆਖੇਂ ਤੇ ਦੱਸਾਂ