Mere Parnana S.S.Charan Singh Shaheed : Sunanda Mehta
ਮੇਰੇ ਪੜਨਾਨਾ ਸ.ਸ. ਚਰਨ ਸਿੰਘ ਸ਼ਹੀਦ : ਸੁਨੰਦਾ ਮਹਿਤਾ
ਅਪਣੇ ਪਿਤਾ ਦੇ ਸਿਰਹਾਣੇ ਪਏ ਮੇਜ਼ ਉੱਤੇ ਘਸੇ ਗੂੜ੍ਹੇ ਹਰੇ ਰੰਗ ਦੀ ਪੁਰਾਣੀ ਪਈ ਕਿਤਾਬੜੀ ਮੈਨੂੰ ਭੁੱਲਦੀ ਨਹੀਂ। ਮੇਰੇ ਪਿਤਾ ਜਦੋਂ ਕਦੇ ਦਿਲ ਕਰਦਾ ਇਹ ਕਿਤਾਬ ਖੋਲ੍ਹ ਕੇ ਉੱਚੀ-ਉੱਚੀ ਪੜ੍ਹਨ ਲੱਗਦੇ। ਪੜ੍ਹਦੇ ਵੀ ਕਾਹਦੇ; ਬੋਲਦੇ ਹੁੰਦੇ ਸਨ, ਕਿਉਂਕਿ ਉਨ੍ਹਾਂ ਨੂੰ ਇਸ ਕਿਤਾਬ ਦੀ ਹਰ ਕਵਿਤਾ ਜ਼ਬਾਨੀ ਯਾਦ ਹੁੰਦੀ ਸੀ। ਕਿੰਨੀ-ਕਿੰਨੀ ਵਾਰ ਪੜ੍ਹੀ ਫੇਰ ਪੜ੍ਹਦੇ ਬੋਲਦੇ ਤੇ ਉੱਚੀ ਉੱਚੀ ਹੱਸਣ ਲੱਗਦੇ। ਮੈਂ ਓਦੋਂ ਦਸ-ਕੁ ਸਾਲ ਦੀ ਬਾਲੜੀ ਸਾਂ। ਮੈਂ ਵੀ ਪਿਤਾ ਦੇ ਨਾਲ਼ ਹੱਸਣ ਲੱਗ ਪੈਣਾ। ਕਵਿਤਾਵਾਂ ਵਿੱਚੋਂ-ਵਿੱਚੋਂ ਮੈਨੂੰ ਵੀ ਯਾਦ ਹੋ ਗਈਆਂ ਸਨ।
ਵੱਡੀ ਹੋ ਕੇ ਮੈਂ ਜਦ ਪਤ੍ਰਕਾਰ ਤੇ ਲੇਖਿਕਾ ਬਣੀ, ਤਾਂ ਪਿਤਾ ਨੇ ਆਖਣਾ: ”ਤੂੰ ਬਾਪੂ ਜੀ ਦਾ ਖ਼ੂਨ ਏਂ।” ਬਾਪੂ ਜੀ ਯਾਨੀ ਉਨ੍ਹਾਂ ਦੀ ਮਾਤਾ ਦੇ ਪਿਤਾ – ਸ.ਸ. ਚਰਨ ਸਿੰਘ ਮੇਰੇ ਪੜਨਾਨਾ। ਪਤ੍ਰਕਾਰੀ ਵਿਚ ਤਰੱਕੀ ਕਰਨ ਦੀ ਕਾਹਲ਼ ਵਿਚ ਪਿਤਾ ਦੀ ਆਖੀ ਗੱਲ ਵਲ ਮੇਰਾ ਕੋਈ ਬਹੁਤਾ ਧਿਆਨ ਨਹੀਂ ਸੀ ਜਾਂਦਾ। ਕਿੱਥੇ ਭੱਜਨੱਸ ਵਿਚ ਲਿਖੀਆਂ ਖ਼ਬਰਾਂ ਤੇ ਕਿੱਥੇ ਮੇਰੇ ਕਵੀ ਤੇ ਲਿਖਾਰੀ ਪੜਨਾਨਾ ਜੀ ਦੀਆਂ ਲਿਖੀਆਂ ਨਾ ਭੁੱਲਣ ਵਾਲ਼ੀਆਂ ਕਵਿਤਾਵਾਂ। ਮੈਂ ਜ਼ੋਰ ਲਾ-ਲਾ ਕੇ ਖ਼ਬਰਾਂ ਲਿਖਦੀ; ਸ਼ਬਦ ਨਾਲ਼ ਸ਼ਬਦ ਜੋੜਦੀ ਕੱਟਦੀ; ਗੱਲ ਅੱਗੇ ਨਾ ਟੁਰਦੀ ਜਾਂ ਸੰਪਾਦਕ ਮੇਰਾ ਲਿਖਿਆ ਅਸਲੋਂ ਰੱਦ ਕਰ ਦਿੰਦਾ।
ਕਦੇ ਕਦੇ ਮੈਂ ਪਤ੍ਰਕਾਰੀ ਦੇ ਨਾਲ਼ ਨਾਲ਼ ਮਜ਼ਾਹੀਆ ਕਵਿਤਾਵਾਂ ਵੀ ਲਿਖਣੀਆਂ। ਇਹ ਛਪਣ ਲਈ ਹੁੰਦੀਆਂ ਤੇ ਜਾਂ ਦੋਸਤਾਂ ਸਹੇਲੀਆਂ ਵਾਸਤੇ, ਉਨ੍ਹਾਂ ਦੇ ਬਰਥ ਡੇਆਂ ਅਨਵਰਸਰੀਆਂ ਵਾਸਤੇ। ਮੇਰੀ ਮਾਨਤਾ ਪਤ੍ਰਕਾਰ ਨਾਲ਼ੋਂ ਮਜ਼ਾਹੀਆ ਸ਼ਾਇਰੀ ਕਰਨ ਵਾਲ਼ੀ ਦੀ ਵਧੇਰੀ ਹੋ ਗਈ! ਐਸੀ ਸ਼ਾਇਰੀ ਮੈਂ ਕੁਝ ਮਿੰਟਾਂ ਵਿਚ ਹੀ ਲਿਖ ਲੈਂਦੀ ਸਾਂ, ਤੇ ਇਹ ਕਦੇ ਕਿਸੇ ਨੇ ਰੀਜੈਕਟ ਵੀ ਨਹੀਂ ਸੀ ਕੀਤੀ!
ਸੋ ਮੇਰਾ ਅਪਣੇ ਪੜਨਾਨੇ ਨਾਲ਼ ਖ਼ੂਨ ਦਾ ਰਿਸ਼ਤਾ ਪ੍ਰਤੱਖ ਹੋਣ ਲੱਗਾ ਸੀ – ਲਿਖਣਕਾਰੀ ਦਾ ਕੋਈ ਨਿੱਕਾ-ਜਿਹਾ ਕਣ, ਪੁਸ਼ਤੋ-ਪੁਸ਼ਤੀ ਲਹੂ ਦੀ ਤਾਸੀਰ ਮੇਰੇ ਤਕ ਅੱਪੜ ਗਈ ਸੀ। ਪਰ ਮੈਂ ਇਹ ਗੱਲ ਪ੍ਰਵਾਨ ਨਹੀਂ ਕੀਤੀ। ਮੈਂ ਹਾਸੇ-ਠੱਠੇ ਵਾਲ਼ੀ ਕਦੇ ਸੀਰੀਅਸ-ਜਿਹੀ ਅੰਗਰੇਜ਼ੀ ਵਿਚ ਤੁਕਬੰਦੀ ਕਰਦੀ ਰਹੀ; ਬਿਨਾਂ ਸੋਚਿਆਂ ਕਿ ਇਸ ਮਜ਼ਾਹ-ਵਿਅੰਗ ਪਿੱਛੇ ਕੋਈ ਤਰਕ ਵੀ ਹੈ ਜਾਂ ਨਹੀਂ।
‘ਸੁੱਥਰਾ’ ਸਰਦਾਰ ਚਰਨ ਸਿੰਘ ਜੀ ਦਾ ਤਖ਼ੱਲੁਸ ਸੀ। ਇਕ ਦਿਨ ਕੀ ਹੋਇਆ ਕਿ ਜਿਸ ਆਵਾਜ਼ ਨੇ ਮੈਨੂੰ ਸੁੱਥਰੇ ਨਾਲ਼ ਮਿਲ਼ਾਇਆ ਸੀ, ਉਹ ਸਦਾ ਲਈ ਚੁੱਪ ਹੋ ਗਈ। ਸੰਨ 2017 ਵਿਚ ਮੇਰੇ ਪਿਤਾ ਚਲਾਣਾ ਕਰ ਗਏ। ਸਭ ਕਿਰਿਆ-ਕਰਮ ਸਮੇਟ ਮੈਂ ਅਪਣੇ ਪਿਤਾ ਦੇ ਸਾਦਾ-ਜਿਹੇ ਕਮਰੇ ਵਿਚ ਖਲੋਤੀ ਸਾਂ। ਮੇਰੀ ਨਜ਼ਰ ਉਨ੍ਹਾਂ ਦੇ ਮੇਜ਼ ‘ਤੇ ਪਈ ਸਾਂਭ-ਸਾਂਭ ਰੱਖੀ ਹਰੀ ਜਿਲ਼ਦ ਵਾਲੀ ਕਿਤਾਬ ਵਲ ਗਈ। ਮੈਂ ਮੇਜ਼ ਤੋਂ ਇਕ ਸੌ ਸਾਲ ਪੁਰਾਣੀ ਕਿਤਾਬ ‘ਬਾਦਸ਼ਾਹੀਆਂ’ ਚੁੱਕੀ। ਇਹਦੇ ਭੁਰਦੇ-ਜਾਂਦੇ ਪੱਤਰੇ ਹੋਰ ਵੀ ਪੀਲ਼ੇ ਪੈ ਚੁੱਕੇ ਸਨ। ਪੜਦੋਹਤੀ ਪੜਨਾਨੇ ਦੇ ਗਲ਼ ਧਾੱ ਕੇ ਲੱਗੀ। ਕਮਰੇ ਵਿਚ ਉਹ ਪੈੱਨ ਵੀ ਪਿਆ ਸੀ, ਜੋ ਮੈਂ ਕਦੇ ਅਪਣੇ ਪਿਤਾ ਨੂੰ ਤੋਹਫ਼ੇ ਵਜੋਂ ਦਿੱਤਾ ਸੀ। ਮੈਂ ਹਰੀ ਕਿਤਾਬ ਤੇ ਪੈੱਨ ਚੁੱਕ ਕੇ ਸਾਂਭ ਲਿਆ।
ਪੰਜਾਬੀ ਟਕਸਾਲ ਦਾ ਮਕਸਦ ਪੰਜਾਬੀ ਖੋਜ ਕੇਂਦਰ ਬਣਾਉਣਾ ਤੇ ਸ਼ੁੱਧ ਗੁਰਬਾਣੀ ਟਰੱਸਟ ਕਾਇਮ ਕਰਨਾ ਸੀ।
ਫੇਰ ਕੁਝ ਸਾਲ ਮੈਂ ਹਰੀ ਕਿਤਾਬ ਖੋਲ੍ਹ ਕੇ ‘ਪੜ੍ਹਨ’ ਲੱਗਣਾ; ਪਤਾ ਨਾ ਹੋਣਾ ਕਿ ਮੈਂ ਇੰਜ ਕਿਉਂ ਕਰੀ ਜਾਂਦੀ ਹਾਂ। ਕਿਤਾਬ ਤਾਂ ਗੁਰਮੁਖੀ ਵਿਚ ਸੀ ਤੇ ਇਹ ਲਿੱਪੀ ਮੈਨੂੰ ਉਠਾਲਣੀ ਵੀ ਨਹੀਂ ਆਉਂਦੀ। ਬੋਲੀ ਪੰਜਾਬੀ ਤਾਂ ਮੈਂ ਸਮਝ ਹੀ ਲੈਂਦੀ ਹਾਂ।
ਫੇਰ ਕੋਰੋਨਾ ਦਾ ਕਹਿਰ ਵਾਪਰ ਗਿਆ। ਦੁਨੀਆ ਦੇ ਜਿਵੇਂ ਸਾਰੇ ਕੰਮ ਰੁਕ ਗਏ। ਇਸ ਮਹਾਮਾਰੀ ਨੂੰ ਸਾਨੂੰ ਕਿੰਨਾ ਕਸ਼ਟ ਦਿੱਤਾ। ਨਾਲ਼ ਹੀ ਸਭਨਾਂ ਨੂੰ ਸੋਚਣ ਵੀ ਲਾ ਦਿੱਤਾ ਕਿ ਭਲਿਓ ਲੋਕੋ, ਸੋਚੋ ਕੀ ਕੁਝ ਜੀਉਣ-ਜੋਗਾ ਹੈ ਤੇ ਜ਼ਿੰਦਗੀ ਕਿੰਨੀ ਛੋਟੀ ਹੈ।
ਮੈਨੂੰ ਪਹਿਲਾਂ ਇਹ ਅਹਿਸਾਸ ਨਹੀਂ ਸੀ ਕਿ ਸਾਡੇ ਪਰਿਵਾਰ ਦੀ ਸਾਨੂੰ ਕਿੰਨੀ ਵੱਡੀ ਵਿਰਾਸਤ ਮਿਲ਼ੀ ਹੋਈ ਹੈ, ਜਿਹਦਾ ਸਾਨੂੰ ਦੇਣਦਾਰ ਹੋਣਾ ਚਾਹੀਦਾ ਹੈ, ਜਿਹਦਾ ਮਾਣ ਕਰਨਾ ਚਾਹੀਦਾ ਹੈ ਤੇ ਇਹ ਇਕ ਤਰ੍ਹਾਂ ਦਾ ਕਰਜ਼ ਹੈ, ਜੋ ਸਾਨੂੰ ਹਰ ਹੀਲੇ ਮੋੜਨਾ ਵੀ ਚਾਹੀਦਾ ਹੈ। ਸਾਡੇ ਕੋਲ਼ ਸਮਾਂ ਵੀ ਬਹੁਤਾ ਨਹੀਂ; ਅਸੀਂ ਪਹਿਲਾਂ ਹੀ ਕਿੰਨੇ ਵਰ੍ਹੇ ਉਂਜ ਹੀ ਲੰਘਾ ਛੋੜੇ ਹਨ।
ਗੁਰਮੁਖੀ ਨਾ ਪੜ੍ਹ ਸਕਣ ਦੀ ਮੇਰੀ ਕਸਰ ਮੇਰੀ ਸਹੇਲੀ ਮੀਰਾਂ ਚੱਢਾ ਬੋਰਵੰਕਰ ਨੇ ਪੂਰੀ ਕਰ ਦਿੱਤੀ। ਇਹਨੇ ਕਵਿਤਾਵਾਂ ਬੋਲ ਕੇ ਰਿਕਾਰਡ ਕੀਤੀਆਂ ਮੈਨੂੰ ਘੱਲ ਦਿੱਤੀਆਂ। ਮਹਾਮਾਰੀ ਦੇ ਦਿਨੀਂ ਮੇਰਾ ਇਹ ਨਿਤਨੇਮ ਬਣ ਗਿਆ – ਰਾਤ ਨੂੰ ਮੈਂ ਰਿਕਾਰਡ ਕੀਤੀਆਂ ਕਵਿਤਾਵਾਂ ਸੁਣਦੀ ਤੇ ਨਾਲ਼ੋ-ਨਾਲ਼ ਇਨ੍ਹਾਂ ਦੀ ਅੰਗਰੇਜ਼ੀ ਕਰੀ ਜਾਂਦੀ।
ਮੈਂ ਅਨੁਵਾਦ ਕਰਦਿਆਂ ਇਹ ਵੀ ਸੋਚਣਾ ਕਿ ਅਪਣੇ ਪੜਨਾਨਾ ਜੀ ਦੀ ਦੇਣ ਦਾ ਕਰਜ਼ ਉਤਾਰਨ ਨਾਲ਼ੋਂ ਇਹ ਗੱਲ ਕਿਤੇ ਵੱਡੀ ਹੈ ਕਿ ਉਨ੍ਹਾਂ ਦੀਆਂ ਕਵਿਤਾਵਾਂ ਬਹੁਤ ਸਾਰੇ ਲੋਕਾਂ ਤੀਕ ਪੁੱਜਣ। ਇਨ੍ਹਾਂ ਦਾ ਸਾਹਿਤਕ ਮੁੱਲ ਤੇ ਹੈ ਹੀ; ਨਾਲ਼ ਹੀ ਸਮਾਜਿਕ ਮੁੱਲ ਵੀ ਹੈ, ਜੋ ਇਕ ਸਦੀ ਬਾਅਦ ਵੀ ਘਟਿਆ ਨਹੀਂ ਹੈ।
ਕਵੀ ਚਰਨ ਸਿੰਘ ਦੇ ਵਿਚਾਰਾਂ ਦੀ ਡੂੰਘਿਆਈ, ਇਨ੍ਹਾਂ ਦੀ ਮਨੁੱਖੀ ਵਤੀਰੇ ਦੀ ਬਾਰੀਕ ਸਮਝ, ਸਾਦੀ ਤੇ ਅਮੀਰ ਵਾਰਤਕ ਤੇ ਸਭ ਤੋਂ ਵਧ ਕੇ ਵਿਅੰਗ, ਮਜ਼ਾਹ ਤੇ ਹਾਸਯ ਰਾਹੀਂ ਦੱਸਿਆ ਜੀਵਨ-ਸੱਚ – ਇਨ੍ਹਾਂ ਦੀ ਲਿਖਤ ਦੇ ਇਹ ਪੱਖ ਹੈਰਾਨ ਕਰਨ ਵਾਲ਼ੇ ਹਨ। ਇਨ੍ਹਾਂ ਦੀਆਂ ਕਵਿਤਾਵਾਂ ਅਪਣੇ ਵੇਲੇ ਤੋਂ ਬਹੁਤ ਅੱਗੇ ਸਨ। ਇਨ੍ਹਾਂ ਵਿਚ ਸਿਆਸਤਦਾਨਾਂ ਬਾਰੇ ਚੁੱਭਵੇਂ ਕਟਾਕਸ਼, ਕਰਮ-ਕਾਂਡ ਵਹਿਮ-ਭਰਮ ਜ਼ਾਤਪਾਤ ਫੈਲਾਉਣ ਵਾਲ਼ੇ ਜਾਅਲੀ ਸਾਧਾਂ-ਸੰਤਾਂ ਪ੍ਰਤੀ ਹਿਕਾਰਤ ਹੈ; ਇਹ ਸਮਾਜ ਵਿਚ ਔਰਤ ਨੂੰ ਉਹਦਾ ਰੁਤਬਾ ਦੇਣ ਤਾਈਂ ਤੇ ਧਨ-ਦੌਲਤ ਦਾ ਲਾਲਚ ਤੱਜਣ ਅਤੇ ਹਿੰਦੂਆਂ ਮੁਸਲਮਾਨਾਂ ਦੇ ਆਪਸੀ ਭਰੱਪਣ ਦੀ ਨਸੀਹਤ ਕਰਦੀਆਂ ਹਨ।
ਚਰਨ ਸਿੰਘ ਬਾਰੇ ਹੋਰ ਜਾਣਨ ਵਾਸਤੇ ਮੈਂ ਉਨ੍ਹਾਂ ਦੇ ਵੇਲਿਆਂ ਦੇ ਹੋਰ ਲੇਖਕਾਂ ਬਾਰੇ ਪਤਾ ਕਰਨ ਲੱਗੀ। ਮੈਨੂੰ ਇਹ ਜਾਣ ਕੇ ਚੰਗਾ ਲੱਗਾ ਕਿ ਪੰਜਾਬੀ ਸਾਹਿਤ ਦੇ ਹਰ ਲਿਖਾਰੀ ਤੇ ਵਿਦਿਆਰਥੀ ਨੂੰ ਉਨ੍ਹਾਂ ਦਾ ਪਤਾ ਸੀ; ਉਨ੍ਹਾਂ ਦੀਆਂ ਲਿਖਤਾਂ ਪੜ੍ਹੀਆਂ ਹੋਈਆਂ ਸਨ ਤੇ ਉਨ੍ਹਾਂ ਦੀ ਵਡਿਆਈ ਕਰਦੇ ਸਨ।
***
ਚਰਨ ਸਿੰਘ ਦਾ ਜਨਮ ਸੰਨ 1891 ਵਿਚ ਹੋਇਆ। ਇਨ੍ਹਾਂ ਦੇ ਪਿਤਾ ਸੂਬਾ ਸਿੰਘ ਗਰੰਥੀ ਸਨ ਅਤੇ ਇਨ੍ਹਾਂ ਦੀ ਮਾਤਾ ਦਾ ਨਾਂ ਸ਼ਿਵ ਕੌਰ ਸੀ। ਇਹ ਪੰਦਰਾਂ ਸਾਲ ਦੇ ਹੀ ਹੋਏ ਸਨ ਕਿ ਇਨ੍ਹਾਂ ਦੇ ਪਿਤਾ ਚਲ ਵੱਸੇ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਇਨ੍ਹਾਂ ਸਿਰ ਆ ਪਈ। ਮੁਸਲਮਾਨ ਕੁੜੀ ਸਕੀਨਾ ਨਾਲ਼ ਪਿਆਰ-ਵਿਆਹ ਕੀਤਾ, ਜਿਹੜੀ ਕਿ ਉਨ੍ਹਾਂ ਵੇਲਿਆਂ ਦੀ ਅੱਲੋਕਾਰੀ ਗੱਲ ਸੀ। ਸਕੀਨਾ ਦਾ ਨਵਾਂ ਨਾਂ ਦਲਜੀਤ ਕੌਰ ਰੱਖ ਦਿੱਤਾ ਗਿਆ। ਇਨ੍ਹਾਂ ਦੇ ਨੌਂ ਬੱਚੇ ਹੋਏ – ਤਿੰਨ ਪੁਤ ਤੇ ਛੇ ਧੀਆਂ। ਦੋ ਪੁਤ ਦਿਲਦਾਰ ਸਿੰਘ ਤੇ ਕਿਸ਼ਨ ਸਿੰਘ ਭਾਰਤੀ ਫ਼ੌਜ ਵਿਚ ਭਰਤੀ ਹੋਏ। ਤੀਸਰੇ ਪੁਤਰ ਜਗਤੇਸ਼ਵਰ ਸਿੰਘ ਨੇ ਛੋਟੀ ਉਮਰ ਵਿਚ ਘਰ ਛੱਡ ਦਿੱਤਾ ਸੀ ਤੇ ਪਰਿਵਾਰ ਨਾਲ਼ ਕੋਈ ਨਾਤਾ ਨਾ ਰੱਖਿਆ। ਛੇ ਧੀਆਂ ਦੀ ਪਰਵਰਿਸ਼ ਵੀ ਪੁੱਤਾਂ ਵਰਗੀ ਕੀਤੀ ਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਾਇਆ-ਲਿਖਾਇਆ – ਜਗਜੀਤ ਕੌਰ, ਸਤਨਾਮ ਕੌਰ, ਬਲਬੀਰ ਕੌਰ, ਸਤਵੰਤ ਕੌਰ, ਹਰਪ੍ਰਤਾਪ ਕੌਰ ਤੇ ਇੰਦਰਜੀਤ ਕੌਰ। ਸਭ ਤੋਂ ਵੱਡੀ ਜਗਜੀਤ ਕੌਰ ਮੇਰੀ ਦਾਦੀ ਸੀ। ਇਹਦੇ ਦੋਹਵੇਂ ਪੋਤਰੇ ਫ਼ੌਜ ਵਿਚ ਸਨ: ਕਰਨਲ ਜੇ. ਐੱਸ. ਬੀਚਾ (ਮੇਰੇ ਪਿਤਾ) ਤੇ ਬ੍ਰਿਗੇਡੀਅਰ ਐੱਨ.ਐੱਸ. ਸਾਹੀ।
ਸਤਨਾਮ (ਨਾਮਾ) ਪਰਿਵਾਰ ਦੀ ਕੱਲੀ ਜੀਅ ਸੀ, ਜਿਹਨੇ ਸੰਤਾਲ਼ੀ ਵੇਲੇ ਲਹੌਰ ਨਹੀਂ ਛੱਡਿਆ। ਇਹਨੇ ਸਰ ਸਿਕੰਦਰ ਹਯਾਤ ਖ਼ਾਨ ਦੇ ਟੱਬਰ ਦੇ ਮਹਮੂਦ ਅਲੀ ਖ਼ਾਨ (ਜਿਹਦਾ ਭਤੀਜਾ ਮਸ਼ਹੂਰ ਦਾਨਿਸ਼ਵਰ ਤਾਰਿਕ ਅਲੀ ਹੈ) ਨਾਲ਼ ਵਿਆਹ ਕਰਵਾਇਆ ਸੀ। ਇਹਨੇ ਹਾਵਰਡ ਯੂਨੀਵਰਸਟੀ ਤੋਂ ਪੀਐੱਚ.ਡੀ ਕੀਤੀ। ਤੇ ਲਹੌਰ ਰੇਡੀਓ ਤੋਂ ਕਈ ਸਾਲ ਅਪਣੀ ਮਿੱਠੀ ਪੰਜਾਬੀ ਵਿਚ ਮਹਿਫ਼ਲਾਂ ਲਾਉਂਦੀ ਰਹੀ।
ਚਰਨ ਸਿੰਘ ਦੀ ਛੋਟੀਆਂ ਦੋ ਧੀਆਂ ਹਰਪ੍ਰਤਾਪ ਨਾਨਾਵਤੀ (‘ਤਾਪੀ’ 91 ਸਾਲ) ਤੇ ਇੰਦਰਜੀਤ (‘ਇੰਨੀ’ 88 ਸਾਲ) ਹੁਣ ਮੁੰਬਈ ਰਹਿੰਦੀਆਂ ਹਨ। ਇਨ੍ਹਾਂ ਨੂੰ ਅਪਣੇ ਪਿਤਾ ਦਾ ਬਹੁਤਾ ਚੇਤਾ ਨਹੀਂ, ਕਿਉਂਕਿ ਸੰਨ 1935 ਵਿਚ 44 ਸਾਲ ਦੀ ਉਮਰ ਵਿਚ ਪਿਤਾ ਜਦ ਪੇਟ ਦੇ ਓਪਰੇਸ਼ਨ ਕਾਰਣ ਪੂਰਾ ਹੋਇਆ, ਤਾਂ ਇਹ ਨਿੱਕੀਆਂ-ਨਿੱਕੀਆਂ ਸਨ।
ਚਰਨ ਸਿੰਘ ਨੇ ਅਪਣੀ ਛੋਟੀ ਉਮਰ ਵਿਚ ਪੰਜਾਬੀ ਸਾਹਿਤ ਨੂੰ ਮਾਲਾਮਾਲ ਕੀਤਾ। ਕਈ ਇਤਿਹਾਸਕਾਰ ਇਨ੍ਹਾਂ ਨੂੰ ਪੰਜਾਬੀ ਕਹਾਣੀ ਦਾ ਮੋਢੀ ਮੰਨਦੇ ਹਨ। ਸੰਨ 1907 ਵਿਚ ਇਨ੍ਹਾਂ ਨੇ ਅੰਮ੍ਰਿਤਸਰ ਵਿਚ ਭਾਈ ਵੀਰ ਸਿੰਘ ਦੇ ਅਖ਼ਬਾਰ ਖ਼ਾਲਸਾ ਸਮਾਚਾਰ ਵਿਚ ਪਰੂਫ਼ ਰੀਡਰ ਤੇ ਅਨੁਵਾਦਕ ਵਜੋਂ ਕੰਮ ਸ਼ੁਰੂ ਕੀਤਾ ਸੀ। ਸਮਾਂ ਪਾ ਕੇ ਅਪਣੀ ਗੁਰੂ ਖ਼ਾਲਸਾ ਪ੍ਰੈੱਸ ਲਾ ਲਈ ਤੇ ਢੇਰ ਸਾਰੀਆਂ ਕਹਾਣੀਆਂ, ਨਾਵਲਾਂ, ਤੇ ਕਵਿਤਾ ਦੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਸੁੱਥਰਾ ਤਖ਼ੱਲੁਸ ਹੇਠ ਛਪੇ ਕਾਵਿ-ਸੰਗ੍ਰਹਿ ਸਨ: ‘ਬਾਦਸ਼ਾਹੀਆਂ’, ‘ਬੇਪਰਵਾਹੀਆਂ’, ‘ਸ਼ਹਿਨਸ਼ਾਹੀਆਂ’। ਇਨ੍ਹਾਂ ਦਾ ਹਫ਼ਤੇਵਾਰ ਅਖ਼ਬਾਰ ‘ਮੌਜੀ’ (1926 ਚ ਸ਼ੁਰੂ) ਅਪਣੇ ਸਮੇਂ ਦਾ ਸਭ ਤੋਂ ਵੱਧ ਮਕਬੂਲ ਅਖ਼ਬਾਰ ਸੀ। ਇਹ ਪਟਿਆਲਾ ਰਿਆਸਤ ਦੇ ਰਾਜ ਕਵੀ ਸਨ। ਸ.ਸ. (ਸਰਦਾਰ ਸਾਹਿਬ) ਦਾ ਖ਼ਿਤਾਬ ਆਪ ਨੂੰ ਮਹਾਰਾਜਾ ਨਾਭਾ ਨੇ ਦਿੱਤਾ ਸੀ। ਇਨ੍ਹਾਂ 1913-14 ਵਿਚ ਦਿਨ ਵਿਚ ਦੋ ਵਾਰ ਛਪਦਾ ਰੋਜ਼ਾਨਾ ‘ਬੀਰ’ ਕੱਢਿਆ ਸੀ। ਫੇਰ ਇਨ੍ਹਾਂ ‘ਸ਼ਹੀਦ’ ਨਾਂ ਦਾ ਪੰਜਾਬੀ ਰੋਜ਼ਾਨਾ ਅਖ਼ਬਾਰ 1914-16 ਦੌਰਾਨ ਕੱਢਿਆ। ਉਹਦੇ ਕਰਕੇ ਸ਼ਹੀਦ ਨਾਮ ਇਨ੍ਹਾਂ ਦੇ ਨਾਂ ਨਾਲ਼ ਸਦਾ ਲਈ ਜੁੜ ਗਿਆ।
ਮੋਹਨ ਸਿੰਘ ਦੀਵਾਨਾ ਉਬਰਾਇ ਨੇ ਪੰਜਾਬੀ ਸਾਹਿਤ ਬਾਰੇ ਅਪਣੀ ਅੰਗਰੇਜ਼ੀ ਕਿਤਾਬ ਵਿਚ ਲਿਖਿਆ ਸੀ ਕਿ ‘ਸਾਡੇ ਕੋਲ਼ ਚਰਨ ਸਿੰਘ ਸ਼ਹੀਦ ਵਰਗਾ ਲਿਖਾਰੀ ਕੋਈ ਨਹੀਂ, ਤੇ ਨਾ ਹੀ ਇਕ ਹੋਰ ਸਦੀ ਵਿਚ ਕੋਈ ਹੋਵੇਗਾ। …ਇਹਦੇ ਸੁਭਾਅ, ਇਹਦੇ ਮਾਹੌਲ ਤੇ ਇਹਦੇ ਤਜਰਬਿਆਂ ਨੇ ਇਹਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਅਪਣੇ ਭਾਂਤ ਦੀ ਬਹੁਤ ਵਿਲੱਖਣ ਸ਼ਖ਼ਸੀਅਤ ਬਣਾ ਦਿੱਤਾ ਸੀ। ਇਸ ਭਲੇਪੁਰਖ ਦੀ ਪੰਜਾਬੀ ਵਿਚ ਉਹੀ ਥਾਂ ਹੈ, ਜੋ ਅੰਗਰੇਜ਼ੀ ਸਾਹਿਤ ਵਿਚ ਜੋਸਫ਼ ਐਡੀਸਨ (1672-1719) ਦੀ ਅਪਣੇ ਯੁੱਗ ਵਿਚ ਬਣੀ ਸੀ।’
ਰੂਸੀ ਹਿੰਦ-ਵਿਗਿਆਨੀ ਈਗਰ ਸੇਰੇਬ੍ਰਿਆਕੋਫ਼ ਨੇ ਅਪਣੀ ਕਿਤਾਬ ‘ਪੰਜਾਬੀ ਲਿਟਰੇਚਰ’ (1968) ਵਿਚ ਲਿਖਿਆ: ”ਚਰਨ ਸਿੰਘ ਦੀ ਬੋਲੀ ਦੀ ਸਾਦਗੀ ਤੇ ਸ਼ਾਇਰਾਨਾ ਰੂਪ (ਫ਼ੌਰਮ) ਨਾਲ਼ ਇਹਦਾ ਹਾਸ-ਵਿਅੰਗ ਹੋਰ ਵੀ ਨਿਖਰਦਾ ਹੈ। ਪਹਿਲੇ ਹਾਸ ਰਸ ਕਵੀ ਸੁੱਥਰੇ (1615 ਈ.-1670 ਈ.) ਦੀ ਰੀਤ ਵਾਲ਼ੀ ਇਹਦੀ ਕਵਿਤਾ ਰਾਤ ਵੇਲੇ ਬਲ਼ਦੀ ਧੂਣੀ ਸੇਕਦੇ ਕਿੱਸੇ ਸੁਣਦੇ ਬੰਦਿਆਂ ਜਾਂ ਮੇਲੇ ਵਿਚ ਜੁੱਗਤਾਂ ਲਾਉਂਦੇ ਮਸਖਰੇ ਨੂੰ ਸੁਣ-ਸੁਣ ਹੱਸਦੇ ਬੰਦੇ ਨੂੰ ਓਪਰੀ ਨਹੀਂ ਲਗਦੀ।”
ਮੈਂ ਬੜੇ ਸੰਸਿਆਂ ਵਿਚ ਬਾਦਸ਼ਾਹੀਆਂ ਦੇ ਅੰਗਰੇਜ਼ੀ ਅਨੁਵਾਦ ਕਰਨ ਦੇ ਕੰਮ ਨੂੰ ਹੱਥ ਪਾਇਆ। ਪੰਜਾਹ ਕਵਿਤਾਵਾਂ ਦੀ ਅੰਗਰੇਜ਼ੀ ਕਰਦਿਆਂ ਮੈਨੂੰ ਪੂਰਾ ਸਾਲ ਲਗ ਗਿਆ। ਹੁਣ ਇਹਦੀ ਕਿਤਾਬ ਛਪਣੀ ਹੈ। ਉਨ੍ਹਾਂ ਦਾ ਮੇਰੇ ਸਿਰ ਬੜਾ ਅਹਿਸਾਨ ਹੈ, ਜਿਨ੍ਹਾਂ ਨੂੰ ਭਾਵੇਂ ਮੈਂ ਕਦੇ ਮਿਲ਼ੀ ਨਹੀਂ, ਉਨ੍ਹਾਂ ਚਰਨ ਸਿੰਘ ਦੇ ਨਾਉਂ ਨੂੰ ਕਿਤਾਬ ਸੰਜੋਣ ਵਿਚ ਮੇਰੀ ਹਰ ਤਰ੍ਹਾਂ ਮਦਦ ਕੀਤੀ।
ਅਮਰਜੀਤ ਚੰਦਨ ਨੇ ਮੈਨੂੰ ਸਹੀ ਰਸਤੇ ਪਾਈ ਰੱਖਿਆ। ਪ੍ਰੋਫ਼ੈਸਰ ਹਰਜੀਤ ਸਿੰਘ ਗਿੱਲ ਨੇ ਆਦਿਕਾ ਲਿਖੀ ਤੇ ਦਿੱਲੀ ਦੇ ਭਾਈ ਵੀਰ ਸਿੰਘ ਸਦਨ ਵਾਲ਼ੇ ਡਾਕਟਰ ਮਹਿੰਦਰ ਸਿੰਘ ਨੇ ਚਰਨ ਸਿੰਘ ਜੀ ਦੀ ਮਿਲ਼ਦੀ ਧੁੰਦਲੀ-ਜਿਹੀ ਫ਼ੋਟੋ ਤੋਂ ਸੁੱਥਰੀ ਡਰਾਇੰਗ ਬਣਵਾ ਕੇ ਦਿੱਤੀ। ਕਈ ਵਿਦਵਾਨਾਂ ਨੇ ਮੇਰਾ ਕੀਤਾ ਅਨੁਵਾਦ ਪਰਖਿਆ।
ਮੈਂ ਇਹ ਵੀ ਜਾਣ ਗਈ ਹਾਂ ਕਿ ਪਰਿਵਾਰ ਦੀ ਧਰੋਹਰ ‘ਤੇ ਮਾਣ ਦਾ ਕੀ ਮਤਲਬ ਹੁੰਦਾ ਹੈ। ਅਪਣੇ ਵਡੇਰੇ ਬਾਰੇ ਹੋਰ ਜਾਣਨ ਦੀ ਜਗਿਆਸਾ ਸਦਕੇ ਮੈਨੂੰ ਅਪਣੇ ਚਰੋਕਣੇ ਭੁੱਲ-ਗੁੰਮ ਗੁਆਚ-ਗਏ ਅਪਣੇ ਕਿੰਨੇ ਰਿਸ਼ਤੇਦਾਰ ਲਭ ਪਏ, ਜੋ ਹੁਣ ਦੁਨੀਆ ਭਰ ਵਿਚ ਵੱਸੇ ਹੋਏ ਹਨ।
ਚਰਨ ਸਿੰਘ ਦੇ ਚਲਾਣੇ ਦੇ ਸਤਾਸੀ ਸਾਲਾਂ ਬਾਅਦ ਹੁਣ ਉਹਦੇ ਨਾਂ ਦਾ ਵਟਸਐਪ ਗਰੁੱਪ ਵੀ ਚੱਲਦਾ ਏ – ‘ਚਰਨ ਸਿੰਘ’ਜ਼ ਫ਼ੈਮਿਲੀ’।
(ਅੰਗ੍ਰੇਜ਼ੀ ਤੋਂ ਅਨੁਵਾਦ: ਅਮਰਜੀਤ ਚੰਦਨ)
ਲੇਖਿਕਾ ਇੰਡੀਅਨ ਐਕਸਪ੍ਰੈੱਸ ਪੁਣੇ ਦੀ ਰੈਜ਼ੀਡੈਂਟ ਐਡੀਟਰ ਰਹੀ ਹੈ।
ਈ-ਮੇਲ: sunandamehta@gmail.com
(ਧੰਨਵਾਦ ਸਹਿਤ : ਅਦਾਰਾ 'ਪੰਜਾਬੀ ਟ੍ਰਿਬਿਊਨ' ਤੋਂ)