Mere Akhar : Sukhdev Singh
ਮੇਰੇ ਅੱਖਰ : ਸੁਖਦੇਵ ਸਿੰਘ
ਨੰਨ੍ਹੀ ਜਾਨ
ਪਾਪਾ ਨੰਨ੍ਹੀ ਜਾਨ ਤੇਰੀ, ਕੀ ਕਰਾਂ ਮੈਂ ਹੁਣ ਹਿਸਾਬਾਂ ਦਾ ?
ਪਾਪਾ ਨਹੀਂ ਹੁਣ ਚੁੱਕਿਆ ਜਾਂਦਾ, ਮੈਥੋਂ ਭਾਰ ਕਿਤਾਬਾਂ ਦਾ।
ਦਿਲ ਦਾ ਦਰਦ ਮੈਂ ਕਿਹਨੂੰ ਦੱਸਾਂ,
ਹਰ ਵੇਲੇ ਖੇਡਣ ਵੱਲ ਨੱਸਾਂ।
ਹੋਮ-ਵਰਕ ਦਾ ਡਰ ਸਤਾਵੇ,
ਖਾਦਾ ਪੀਤਾ ਬਾਹਰ ਨੂੰ ਆਵੇ।
ਉੱਡਣਾ ਵਿੱਚ ਹਵਾ ਦੇ ਚਾਹਵਾਂ, ਜਿਵੇਂ ਡਾਰ ਕੋਈ ਖੁਆਬਾਂ ਦਾ।
ਪਾਪਾ ਨਹੀਂ ਹੁਣ ਚੁੱਕਿਆ ਜਾਂਦਾ, ਮੈਥੋਂ ਭਾਰ ਕਿਤਾਬਾਂ ਦਾ।
ਦਿਲ ਬੜਾ ਹੈ ਸੌਣ ਨੂੰ ਕਰਦਾ,
ਉੱਠਣ ਨੂੰ ਦਿਲ ਰਤਾ ਨਾ ਕਰਦਾ,
ਪਰ ਪੇਪਰ ਹੁਣ ਨੇੜੇ ਆ ਗਏ।
ਸਿਲੇਬਸ ਮੇਰਾ ਭੱਜਿਆ ਜਾਵੇ,
ਵਗਣਾ ਵਾਂਗ ਪਾਣੀ ਦੇ ਚਾਹਵਾਂ, ਜਿਵੇਂ ਲੱਗੇ ਰੋਕ ਚਨਾਬਾਂ ਦਾ।
ਪਾਪਾ ਨਹੀਂ ਹੁਣ ਚੁੱਕਿਆ ਜਾਂਦਾ, ਮੈਥੋਂ ਭਾਰ ਕਿਤਾਬਾਂ ਦਾ।
ਪਰ ਪਾਪਾ ਜਦ ਤੁਸੀਂ ਪੜ੍ਹਾਂਦੇ,
ਬੜੇ ਪਿਆਰ ਦੇ ਨਾਲ ਸਮਝਾਂਦੇ।
ਨਿੱਕੀ-ਨਿੱਕੀ ਗਲਤੀ ਮੇਰੀ,
ਪਿਆਰ ਦੀ ਘੂਰੀ ਵਿੱਚ ਲੁਕਾਂਦੇ।
ਦਿੱਖ ਤੁਹਾਡੀ ਜਿਹੀ ਹੀ ਚਾਹਵਾਂ, ਜਿਵੇਂ ਹੋਵੇ ਰੋਹਬ ਨਵਾਬਾਂ ਦਾ।
ਪਾਪਾ ਨਹੀਂ ਹੁਣ ਚੁੱਕਿਆ ਜਾਂਦਾ, ਮੈਥੋਂ ਭਾਰ ਕਿਤਾਬਾਂ ਦਾ।
ਪਾਪਾ ਜਦ ਮੈਂ ਗਾਣੇ ਗਾਵਾਂ,
ਹੌਲੀ-ਹੌਲੀ ਭੰਗੜਾ ਪਾਵਾਂ,
ਦੇਖ ਤੁਹਾਡੇ ਹਾਸੇ ਨੂੰ ਮੈਂ,
ਸਦੀਆਂ ਤੱਕ ਵੀ ਭੁੱਲ ਨਾ ਪਾਵਾਂ।
ਚਿਹਰਾ ਸਦਾ ਖਿੜੇ ਤੁਹਾਡਾ, ਜਿਵੇਂ ਫੁੱਲ ਹੋਵੇ ਗੁਲਾਬਾਂ ਦਾ।
ਪਾਪਾ 'ਸੁਖਦੇਵ' ਨਹੀਂ ਹੁਣ ਚੁੱਕਿਆ ਜਾਂਦਾ, ਮੈਥੋਂ ਭਾਰ ਕਿਤਾਬਾਂ ਦਾ।
ਰੁੱਖ
ਰੁੱਖ ਨੂੰ ਸਵਾਲ
ਠੰਡੇ ਤੱਤੇ ਕਿਉਂ ਸਹਿੰਦਾ ਏਂ, ਰੜ੍ਹੇ ਮੈਦਾਨ ਚ' ਕਿਉਂ ਬਹਿੰਦਾ ਏਂ।
ਮਨੁੱਖਤਾ ਦੀ ਸੇਵਾ ਤੂੰ ਕਰਕੇ, ਹਾਏ ਵੇ ਰੁੱਖਾ ਕਿਉਂ ਰੋਂਦਾ ਏਂ।
ਸਾਫ ਹਵਾ ਤੇ ਸ਼ੁੱਧ ਪਾਣੀ, ਵਿੱਚ ਹਵਾ ਦੇ ਤੂੰ ਦੇਂਦਾ ਏਂ।
ਵਡਮੁੱਲੇ ਨੇ ਕਾਰਜ ਸਾਰੇ, ਹਾਏ ਵੇ ਰੁੱਖਾ ਕਿਉਂ ਰੋਂਦਾ ਏਂ।
ਤਪਦੀ ਧਰਤੀ ਵਰ੍ਹਦੀ ਅੱਗ ਵਿੱਚ, ਛਾਂ ਆਸਰੇ ਤੂੰ ਦੇਂਦਾ ਏਂ।
ਠੰਡਕ ਤੇਰੀ ਸਵਰਗ ਜਿਹੀ ਜਾਪੇ, ਹਾਏ ਵੇ ਰੁੱਖਾ ਕਿਉਂ ਰੋਂਦਾ ਏਂ।
ਤਣਾ, ਪੱਤੇ ਹਰ ਟਾਹਣੀ ਤੇਰੀ, ਹਰ ਦੁੱਖ ਤੂੰ ਭਜਾ ਦਿੰਦਾ ਏਂ।
ਗਰੀਬਾਂ ਦਾ ਰਾਖਾ ਤੂੰ ਸੱਜਣਾਂ, ਹਾਏ ਵੇ ਰੁੱਖਾ ਕਿਉਂ ਰੋਂਦਾ ਏਂ।
ਵਿੱਚ ਤ੍ਰਿੰਝਣਾਂ ਪੀਘਾਂ ਦੇ ਸੰਗ, ਖੁਸ਼ੀ ਦੇ ਨਾਦ ਵਜਾ ਦੇਂਦਾ ਏਂ।
ਹਰ ਮੌਸਮ ਦੀ ਜਾਨ ਤੂੰ ਸੱਜਣਾਂ, ਹਾਏ ਵੇ ਰੁੱਖਾ ਕਿਉਂ ਰੋਂਦਾ ਏਂ।
ਰੁੱਖ ਦਾ ਜਵਾਬ
ਮੇਰਾ ਰੋਣਾ ਸੱਚ ਹੈ ਬੰਦਿਆ, ਤੂੰ ਕੁਦਰਤ ਦਾ ਵੈਰੀ ਹੋ ਗਿਆਂ।
ਤਰੱਕੀ ਦੀਆਂ ਰਾਹਾਂ ਤੇ ਚੱਲ, ਪੈਸੇ ਅੱਗੇ ਢੇਰੀ ਹੋ ਗਿਆਂ।
ਸ਼ਹਿਰੋਂ ਕੱਢ ਸੜਕਾਂ ਤੇ ਲਾਇਆ, ਮੌਸਮ ਤੇਰਾ ਜ਼ਹਿਰੀ ਹੋ ਗਿਆਂ।
ਬੰਦਿਆਂ ਤੈਨੂੰ ਫਿਕਰ ਨਾ ਆਪਣੀ, ਚੰਗੀ ਸਿਹਤ ਤੋਂ ਢੇਰੀ ਹੋ ਗਿਆਂ।
ਜੁਆਕ ਤੇਰੇ ਨਾਂ ਭੁੱਲ ਗਏ ਮੇਰੇ, ਤੂੰ ਬੰਦਿਆਂ ਹੁਣ ਸ਼ਹਿਰੀ ਹੋ ਗਿਆਂ।
ਮੇਰੇ ਕਾਰਨ ਤੂੰ ਵਸਦਾ ਏਂ, ਚੁੱਕ ਆਰੀ ਹੁਣ ਵੈਰੀ ਹੋ ਗਿਆਂ।
'ਸੁੱਖਿਆ' ਪੈਸੇ ਛਾਵੇਂ ਬਹਿ ਜਾਈਂ, ਪਾਣੀ ਤੇਰਾ ਮੁੱਲ ਹੋ ਗਿਆਂ।
ਮੇਰਾ ਰੋਣਾ ਸੱਚ ਹੈ ਬੰਦਿਆ, ਤੂੰ ਕੁਦਰਤ ਦਾ ਵੈਰੀ ਹੋ ਗਿਆਂ।
ਪਾਣੀ ਪਿਤਾ
ਉੱਠ ਸਵੇਰੇ ਤੜਕੇ ਸੀ, ਮੈਂ ਰੱਬ ਦਾ ਨਾਮ ਧਿਆਇਆ।
ਗਲ਼ਾ ਆਪਣਾ ਤਰ ਕਰਨੇ ਲਈ, ਗਿਲਾਸ ਸੀ ਇੱਕ ਉਠਾਇਆ।
ਲੱਭਾਂ ਪਾਣੀ ਇੱਧਰ-ਉੱਧਰ, ਪਰ ਨਜ਼ਰੀਂ ਨਹੀਂ ਆਇਆ।
ਪਾਗਲਾਂ ਵਾਂਗਰ ਘੁੰਮਣ ਲੱਗਾ, ਸਭ ਆਂਢ-ਗੁਆਂਢ ਤਿਹਾਇਆ।
ਸੁੱਕ ਗਏ ਸਭ ਸੋਮੇ ਲੱਗਦੇ, ਕੀ ਭਾਣਾ ਵਰਤਾਇਆ? ਔਰਤ,
ਮਰਦ, ਬੱਚਾ, ਬੁੱਢਾ, ਮੱਛੀ ਵਾਂਗ ਤੜਫਾਇਆ।
ਕੂਕਾਂ, ਚੀਕਾਂ, ਵੈਣ ਰੌਲੇ ਨੇ, ਦਿਲ ਮੇਰਾ ਦਹਿਲਾਇਆ।
ਲੱਤਾਂ ਕੰਬਣ, ਸਾਹ ਸੁੱਕੇ ਮੇਰਾ, ਅੱਖੀਂ ਨੇਰ੍ਹਾ ਛਾਇਆ।
ਸਭ ਦੇ ਮੂੰਹ ਤੇ ਮੌਤਾਂ ਛਾਈਆਂ, ਰੱਬ ਦਾ ਚੇਤਾ ਆਇਆ।
ਰੁੱਖੀ-ਸੁੱਕੀ ਪਾਟੀ ਧਰਤ ਤੇ, ਡਿੱਗ ਚੇਤਾ ਸਭ ਆਇਆ।
ਦੁਰਵਰਤੋਂ ਨੂੰ ਰੋਕਣ ਲਈ ਸੀ, ਸਭ ਨੂੰ ਵਾਸਤਾ ਪਾਇਆ।
ਪਰ ਕਿਸੇ ਨਾ ਸੁਣੀ ਸੀ ਮੇਰੀ, ਅੱਖੀਂ ਘੱਟਾ ਪਾਇਆ।
ਇਸ ਬਿਨ ਸਭ ਕੁਝ ਮਿਟ ਜਾਣਾ, ਨਾ ਰਹਿਣੀ ਕੋਈ ਕਾਇਆ।
ਉੱਠੋ ਲੋਕੋ ਜਾਗੋ ਹੁਣ ਤਾਂ, ਜਾਗਣ ਦਾ ਵੇਲਾ ਆਇਆ।
ਕੁਦਰਤ ਰਹੀ ਝੰਜੋੜ ਹੈ 'ਸੁੱਖਿਆ', ਦਿਲ ਮੇਰਾ ਭਰ ਆਇਆ।
ਪਹੁ ਫੁੱਟਣ ਦਾ ਵੇਲਾ ਸੀ, ਮੇਰੀ ਮਾਂ ਨੇ ਆਣ ਜਗਾਇਆ।
ਇਸ ਸੁਪਨੇ ਨੇ ਮੇਰੀ ਰੂਹ ਨੂੰ, ਅੰਦਰ ਤੱਕ ਕੰਬਾਇਆ।
ਪਾਣੀ ਪਿਤਾ ਗੁਰੂਆਂ ਦੀ ਬਾਣੀ, ਸਭ ਨੂੰ ਹੈ ਸਮਝਾਇਆ।
ਬੂੰਦ ਬੂੰਦ ਨਾ ਰੋੜ੍ਹੋ ਐਂਵੇਂ,
ਇਹ ਅਨਮੋਲ ਸਰਮਾਇਆ।
ਪਾਣੀ
ਧਰਤੀ ਸਾਡੀ ਰਹਿਣ ਬਸੇਰਾ,
ਪਰ ਪਾਣੀ ਬਿਨ ਘੋਰ ਹਨੇਰਾ।
ਗੰਦਾ ਕਰੀ ਜਾਂਦਾ ਤੂੰ ਬੰਦਿਆ,
ਕਰਕੇ ਆਪਣਾ ਵੱਡਾ ਜੇਰਾ।
ਅਕਲ ਤੇਰੀ ਪਰ ਲਾ ਕੇ ਉੱਡ ਗਈ,
ਪਾਣੀ ਬਿਨ ਨੀ ਸਰਨਾ ਤੇਰਾ।
ਨਵੀਂ ਨਸਲ ਦਾ ਘਾਣ ਕਰੇਂਦਾ,
ਲਾਹਣਤਾਂ ਤੈਨੂੰ ਪਾਉਣਾ ਘੇਰਾ।
ਸਾਇੰਸ ਤਰੱਕੀ ਕੀਤੀ ਵਾਧੂ,
ਪਰ ਪਾਣੀ ਨਾ ਬਣਿਆ ਤੇਰਾ।
ਹੈ ਜੀਵਨ ਦੀ ਜਾਨ ਇਹ ਪਾਣੀ,
ਫਿਰ ਸਿਰ ਹੈ ਕਿਉਂ ਫਿਰਿਆ ਤੇਰਾ?
ਧਰਤੀ ਸਾਰੀ ਬੰਜਰ ਹੋ ਜੂ,
ਜਿਸ ਦਿਨ ਰਿਹਾ ਨਾ ਪਾਣੀ ਤੇਰਾ।
ਇਹ ਅਣਮੁੱਲ ਸੌਗਾਤ ਕੁਦਰਤੀ,
ਰੋੜੀ ਜਾਵੇਂ ਖਾਲ ਬਥੇਰਾ।
ਘੂਰ ਰਿਹਾ ਹੈ ਕਾਲ ਅਸਾਡਾ,
ਮੌਤ ਨੇ ਆ ਕੇ ਪਾਉਣਾ ਘੇਰਾ।
ਅੱਜ ਬੋਤਲ ਹੈ ਲਗਦੀ ਸਸਤੀ,
ਮੁੱਕੂ 'ਸੁੱਖਿਆ' ਰੋਊਂ ਬਥੇਰਾ।
ਸੁਣ ਪੰਜਾਬਾ
ਡੁੱਬਦਾ ਚੜ੍ਹਦਾ ਡਿੱਗਦਾ ਢਹਿੰਦਾ, ਮੈਂ ਤੇਰਾ ਹਾਂ……………. ਸਮਾਂ ਪੰਜਾਬਾ।
ਮਿੱਠੜੇ ਮਿੱਠੜੇ ਪਾਣੀ ਦੇ ਵਿੱਚ, ਘੁਲਿਆ ਤੇਰੇ……………. ਜ਼ਹਿਰ ਪੰਜਾਬਾ।
ਅੱਗਾਂ ਲਾ ਲਾ ਫੂਕ ਦਿੱਤਾ ਹੈ, ਹਵਾ ਤੇਰੀ ਵਿੱਚ……………. ਕਹਿਰ ਪੰਜਾਬਾ।
ਰੂਹ ਦੇ ਹਾਣੀ ਰੁੱਖ ਸੀ ਤੇਰੇ, ਵੱਢ-ਵੱਢ ਦਿੱਤੇ…… ……… ਤੋਰ ਪੰਜਾਬਾ।
ਧਰਤੀ ਸੀਨੇ ਭਰਿਆ ਪਾਣੀ, ਖਾਲ਼ੀ ਦਿੱਤਾ……………… ਰੋੜ੍ਹ ਪੰਜਾਬਾ।
ਟੱਬਰ ਟੀਹਰ ਸਭ ਛੋਟੇ ਹੋ ਗਏ, ਰਿਸ਼ਤਿਆਂ ਵਿੱਚ ਨਾ…………ਮੋਹ ਪੰਜਾਬਾ।
ਉੱਚੇ ਲੰਬੇ ਗੱਭਰੂ ਤੇਰੇ, ਗਏ ਨਸ਼ਿਆਂ ਵੱਲ……………… ਹੋ ਪੰਜਾਬਾ।
ਊੜਾ ਊਠ ਹੁਣ ਭੁੱਲਦਾ ਜਾਵੇ, ਏ ਫਾਰ ਐਪਲ………….. ਸੁਣ ਪੰਜਾਬਾ।
ਮਿੱਠੇ ਵੰਨ-ਸੁਵੰਨੇ ਗਾਣੇ, ਵਿੱਚ ਸ਼ੋਰਾਂ ਗਏ…… ………. ਖੋਹ ਪੰਜਾਬਾ।
ਨਵੀਂ ਨਸਲ ਨੇ ਭਰੀ ਉਡਾਰੀ, ਵਿੱਚ ਜਹਾਜ਼ਾਂ…… …….. ਰੋ ਪੰਜਾਬਾ।
ਉੱਚੇ ਟਾਵਰ ਪੰਛੀ ਖਾ ਗਏ, ਸੁੰਨੀ ਹੋ ਗਈ…………….. ਪਹੁ ਪੰਜਾਬਾ।
ਸੋਨੇ ਰੰਗੀ ਹਰਿਆਲੀ ਤੇਰੀ, ਵਿੱਚ ਕੂੜੇ ਗਈ………… ਖੋਹ ਪੰਜਾਬਾ।
ਦੁੱਧ ਮੱਖਣ ਸਭ ਖੂੰਜੇ ਲਾ ਕੇ, ਅੰਦਰ ਸੁੱਟੇ……………… ਕੋਕ ਪੰਜਾਬਾ।
ਸੋਨੇ ਰੰਗੀ ਧਰਤੀ ਤੇਰੀ, ਖਾਦਾਂ ਦਿੱਤੀ ………………… ਰੋਲ਼ ਪੰਜਾਬਾ।
ਭੋਲੇ-ਭਾਲੇ ਲੋਕ ਅਸਾਡੇ, ਬਾਬਿਆਂ ਦਿੱਤੇ……………….. ਰੋਲ਼ ਪੰਜਾਬਾ।
'ਸੁੱਖਿਆ' ਕਿਸੇ ਨੂੰ ਕਾਹਨੂੰ ਕੋਸੇਂ, ਚੰਗੀ ਰੱਖ ਤੂੰ ………… ਸੋਚ ਪੰਜਾਬਾ।
ਕਾਲ਼ੇ ਕਾਰੋਬਾਰ
ਚਾਰ ਚੁਫੇਰੇ ਕਾਲ਼ੇ ਹੋਗੇ,
ਈਮਾਨ ਲੋਕਾਂ ਦੇ ਜਾਲ਼ੇ ਹੋਗੇ,
ਰੰਗ ਸਬਜ਼ੀ ਦੇ ਖ਼ਾਲੇ ਹੋਗੇ,
ਬੱਚੇ ਪਾਊਡਰਾਂ ਵਾਲੇ ਹੋਗੇ,
ਦੁੱਧ ਦੇ ਰੰਗ ਰਖਵਾਲੇ ਹੋਗੇ,
ਕੀ ਲੱਭਦੇ ਹੋ ਵਿੱਚ ਬਾਜ਼ਾਰ ਮੀਆਂ,
ਇੱਥੇ ਚਲਦੇ ਨੇ ਬਸ ਕਾਰੋਬਾਰ ਮੀਆਂ।
ਕੱਚੀ ਸਬਜ਼ੀ ਹਰੀ ਹੋ ਗਈ,
ਟੀਕਾ ਪਸ਼ੂ ਦੀ ਚਰੀ ਹੋ ਗਈ,
ਦਾਲ਼ ਪੱਥਰ ਨਾਲ਼ ਖਰੀ ਹੋ ਗਈ,
ਨਸ਼ੇ ਜਵਾਨੀ ਮਰੀ ਹੋ ਗਈ,
ਫੌਜ ਖੰਡ ਦੀ ਖੜ੍ਹੀ ਹੋ ਗਈ,
ਸਭ ਲੁਟਦੇ ਨੇ ਸ਼ਰ੍ਹੇ ਬਾਜ਼ਾਰ ਮੀਆਂ,
ਇੱਥੇ ਚਲਦੇ ਨੇ ਬਸ ਕਾਰੋਬਾਰ ਮੀਆਂ।
ਕਾਲ਼ਾ ਸਾਡਾ ਪਾਣੀ ਹੋ ਗਿਆ,
ਖਾਧਾ ਪੀਤਾ ਘਾਣੀ ਹੋ ਗਿਆ,
ਪੈਸਾ ਸਾਡਾ ਹਾਣੀ ਹੋ ਗਿਆ,
ਮਿੱਠਾ ਸਾਡਾ ਚਾਣੀ ਹੋ ਗਿਆ,
ਫੈਟ ਘੱਟ ਦਾ ਪ੍ਰਾਣੀ ਹੋ ਗਿਆ,
ਮੱਚੀ ਸਭ ਪਾਸੇ ਹਾਹਾਕਾਰ ਮੀਆਂ,
ਇੱਥੇ ਚਲਦੇ ਨੇ ਬਸ ਕਾਰੋਬਾਰ ਮੀਆਂ।
ਸਿਹਤ ਸਾਡੀ ਨੂੰ ਜ਼ਹਿਰ ਖਾ ਗਿਆ,
ਸਭ ਮਿਲਾਵਟ ਦਾ ਕਹਿਰ ਖਾ ਗਿਆ,
ਪਿੰਡਾਂ ਨੂੰ ਹੁਣ ਸ਼ਹਿਰ ਖਾ ਗਿਆ,
ਹਵਾ ਧੂੰਏ ਦਾ ਗਹਿਰ ਖਾ ਗਿਆ,
ਹਰਾ ਰੰਗ ਹੁਣ ਜ਼ਹਿਰ ਖਾ ਗਿਆ,
ਕੁਦਰਤ ਨਾਲ ਕਿਸੇ ਨਾ ਸਰੋਕਾਰ ਮੀਆਂ,
ਇੱਥੇ ਚਲਦੇ ਨੇ ਬਸ ਕਾਰੋਬਾਰ ਮੀਆਂ।
ਕੀ ਲੱਭਦੇ ਹੋ ਵਿੱਚ ਬਾਜ਼ਾਰ ਸੁੱਖਿਆ,
ਇੱਥੇ ਚਲਦੇ ਨੇ ਬਸ ਕਾਰੋਬਾਰ ਸੁੱਖਿਆ ।
ਸੱਜਣ
ਕਦੇ ਸੋਚ ਮੇਰੀ ਵਿੱਚ ਆ ਸੱਜਣਾ,
ਦਿਲ ਨਾਲ ਅਸਾਂ ਨੂੰ ਲਾ ਸੱਜਣਾ।
ਰਹਿ ਗਏ ਇੱਕਲੇ ਭੀੜਾਂ ਅੰਦਰ,
ਲੱਭ ਸਾਨੂੰ ਹੱਥ ਫੜਾ ਸੱਜਣਾ।
ਅਸੀਂ ਸੁੱਕੀ ਔੜੀ ਧਰਤ ਬਣੇ,
ਘਨਘੋਰ ਘਟਾ ਬਣ ਛਾ ਸੱਜਣਾ।
ਹੁਣ ਦਿਨ ਗੁਜਰਦੇ ਦਰਦਾਂ ਅੰਦਰ,
ਕਦੇ ਮਲ੍ਹਮਾਂ ਬਣਕੇ ਆ ਸੱਜਣਾ।
ਸਾਡੀ ਰਾਤ ਹੋਈ ਹੁਣ ਕਾਲ਼ੀ ਬੋਲ਼ੀ,
ਤੂੰ ਬਣ ਜੁਗਨੂੰ ਰੁਸ਼ਨਾਂ ਸੱਜਣਾ।
ਅਸੀਂ ਸੜ ਗਏ ਧੁੱਪਾਂ ਵਿੱਚ ਖੜ੍ਹੇ,
ਤੂੰ ਬਣ ਰੁੱਖ ਕਰਦੇ ਛਾਂ ਸੱਜਣਾ।
ਅਸੀਂ ਵਿੱਚ ਪਗਡੰਡੀਆਂ ਭੁੱਲ ਗਏ,
ਸਾਨੂੰ ਰਾਹ ਪਿਆਰ ਦੇ ਪਾ ਸੱਜਣਾ।
ਸਾਡੀ ਅੱਖ ਸੁੱਕੀ ਹੈ ਰੋ-ਰੋ ਕੇ,
ਤੂੰ ਬਣ ਕੱਜਲ ਚਮਕਾ ਸੱਜਣਾ।
ਅਸੀਂ ਯਾਦ ਚ ਤੇਰੀ ਮਰਦੇ ਜਾਈਏ,
ਤੂੰ ਬਣਕੇ ਧੜਕਣ ਆ ਸੱਜਣਾ।
ਤੇਰੀ ਯਾਦ ਚ ਉਜੜੇ ਬਾਗ ਸਾਡੇ,
ਤੂੰ ਬਣ ਕੇ ਫੁੱਲ ਮਹਿਕਾ ਸੱਜਣਾ।
ਸਾਨੂੰ ਯਾਦ ਸਮੁੰਦਰ ਲੈ ਡੁੱਬਾ,
ਤੂੰ ਬੇੜੀ ਬਣ ਮਲਾਹ ਸੱਜਣਾ।
ਪਰ ਲਾ ਕੇ ਕਿਧਰੇ ਨੀਂਦ ਉੱਡੀ,
ਕਦੇ ਬਣ ਕੇ ਸੁਪਨਾ ਆ ਸੱਜਣਾ।
ਸੁੱਖੇ ਜਿੰਦ ਅਧੂਰੀ ਬਿਨ ਤੇਰੇ,
ਗਲ਼ ਹਾਰ ਪਿਆਰ ਦਾ ਪਾ ਸੱਜਣਾ।
ਸੱਜਣ ਤੁਰਗੇ !
ਡੂੰਘੇ ਰਿਸ਼ਤੇ ਸੱਜਣ ਤੁਰਗੇ, ਰਹਿ ਗਏ ਅਸੀਂ ਇੱਕਲੇ ਹਾਂ।
ਸਾਡਾ ਕਿਧਰੇ ਦਿਲ ਨਾ ਲੱਗੇ, ਅਸੀਂ ਬਹਿਸ਼ਤ ਨੂੰ ਚੱਲੇ ਹਾਂ।
ਖੂਨ ਦੇ ਦੀਵੇ ਬਾਲ ਅਸੀਂ, ਰੁਸ਼ਨਾਇਆ ਉਹਦੀ ਜਿੰਦਗੀ ਨੂੰ।
ਸਭ ਕੁਝ ਆਪਣਾ ਵਾਰ ਅਸੀਂ,ਮਹਿਕਾਇਆ ਉਹਦੀ ਜਿੰਦਗੀ ਨੂੰ।
ਹੱਥ ਕਿਸੇ ਹੁਣ ਹੋਰ ਨੂੰ ਦੇ, ਕਹਿੰਦੇ ਵੱਧ ਸੁਖੱਲੇ ਹਾਂ।
ਸਾਡਾ ਕਿਧਰੇ ਦਿਲ ਨਾ ਲੱਗੇ, ਅਸੀਂ ਬਹਿਸ਼ਤ ਨੂੰ ਚੱਲੇ ਹਾਂ।
ਰੰਗ ਆਪਣੇ ਛੱਡ ਅਸੀਂ, ਰੰਗੀਨ ਕਰੀ ਉਹਦੀ ਜਿੰਦਗੀ ਸੀ।
ਛੱਡ ਹਰ ਖੁਸ਼ੀ ਆਪਣੀ,ਵੱਲ ਮੋੜ ਦਿੱਤੀ ਉਹਦੀ ਜਿੰਦਗੀ ਸੀ।
ਸਾਡੇ ਬਿਨ ਨੀ ਸਾਹ ਸੀ ਲੈਂਦੀ,ਕਹਿੰਦੀ ਹੁਣ ਅਸੀਂ ਝੱਲੇ ਹਾਂ।
ਸਾਡਾ ਕਿਧਰੇ ਦਿਲ ਨਾ ਲੱਗੇ, ਅਸੀਂ ਬਹਿਸ਼ਤ ਨੂੰ ਚੱਲੇ ਹਾਂ।
ਆਪਣੀ ਮੰਜ਼ਿਲ ਛੱਡ ਅਸੀਂ, ਰਾਹ ਮੋੜ ਉਹਨਾਂ ਦੇ ਨਾਲ ਤੁਰੇ।
ਰਿਸ਼ਤੇ- ਨਾਤੇ ਤੋੜ ਸਾਰੇ, ਅਸੀਂ ਜਾ ਉਹਨਾਂ ਦੇ ਨਾਲ ਖੜ੍ਹੇ।
ਠਗਿਆ ਹੋਇਆ ਜਾਪੇ ਹੁਣ,ਭੀੜਾਂ ਵਿਚ ਇਕੱਲੇ ਹਾਂ।
ਸਾਡਾ ਕਿਧਰੇ ਦਿਲ ਨਾ ਲੱਗੇ, ਅਸੀਂ ਬਹਿਸ਼ਤ ਨੂੰ ਚੱਲੇ ਹਾਂ।
ਆਪਣਾ ਸਭ ਕੁਝ ਫਿੱਕਾ ਕਰ, ਮਿਠਾਸ ਭਰੀ ਉਹਦੀ ਜਿੰਦਗੀ ਵਿੱਚ।
ਆਪਣੀ ਖੁਸ਼ੀ ਨੂੰ ਲਾ ਖੂੰਜੇ, ਮੁਸਕਾਨ ਭਰੀ ਉਹਦੀ ਜਿੰਦਗੀ ਵਿੱਚ।
ਠੰਡਕ ਸਾਰੀ ਨਾਲ ਲਈ, ਸੁੱਖੇ ਗਰਮ ਹਵਾ ਦੇ ਬੁੱਲੇ ਹਾਂ,
ਸਾਡਾ ਕਿਧਰੇ ਦਿਲ ਨਾ ਲੱਗੇ, ਅਸੀਂ ਬਹਿਸ਼ਤ ਨੂੰ ਚੱਲੇ ਹਾਂ।
ਸਿਰਜਨਹਾਰੀ
ਔਰਤ ਤੈਨੂੰ ਦੁਨੀਆਂ ਕਹਿੰਦੀ,
ਪਰ ਤੂੰ ਤਾਂ ਹੈ ਸਿਰਜਨਹਾਰੀ।
ਬੜੀ ਪਿਆਰੀ ਰੱਬ ਦੀ ਮੂਰਤ,
ਜਾਵਾਂ ਤੇਰੇ ਤੋਂ ਬਲਿਹਾਰੀ।
ਆਪਣੇ ਹੱਕਾਂ ਦੇ ਲਈ ਲੜਦੀ,
ਬਣ ਕੇ ਤੂੰ ਤਾਂ ਅੱਗ ਅੰਗਿਆਰੀ।
ਮੋਹ ਪਿਆਰ ਸਭ ਤੇਰੇ ਅੰਦਰ,
ਕੁਦਰਤ ਦੀ ਤੂੰ ਚਿੱਤਰਕਾਰੀ।
ਕੁੱਖ ਵਿੱਚ ਤੇਰਾ ਕਤਲ ਕਰਾਵੇ,
ਦੁਨੀਆਂ ਨੂੰ ਕੀ ਲੱਗੀ ਬੀਮਾਰੀ।
ਤੂੰ ਤਾਂ ਘਰ ਦਾ ਬਾਗ ਸਜਾਵੇ,
ਜਿਵੇਂ ਫੁੱਲਾਂ ਦੀ ਕੋਈ ਕਿਆਰੀ।
ਤੇਰਾ ਮੁੱਲ ਪਾਵੇ ਇਹ ਦੁਨੀਆਂ,
ਇਹ ਤਾਂ ਹੋ ਗਈ ਹੈ ਅੰਧਿਆਰੀ।
ਤੇਰੀ ਹੋਂਦ ਦੇ ਕਰਕੇ ਹੀ ਤਾਂ,
ਕੰਨੀ ਪੈਂਦੀ ਹੈ ਕਿਲਕਾਰੀ।
ਪੁੱਤਰ ਮਿੱਠੜੇ ਮੇਵੇ ਹੁੰਦੇ,
ਪਰ ਧੀ ਮਾਪਿਆਂ ਦੀ ਚੰਗਿਆਰੀ।
ਅੱਕੇ ਥੱਕੇ ਕਦੇ ਨਾ ਬੈਠੇ,
ਰੱਬ ਬਖਸ਼ੀ ਕੈਸੀ ਹੁਸ਼ਿਆਰੀ।
ਵੱਡ ਅਕਾਰੀ ਰੁਤਬਾ ਤੇਰਾ,
ਦੁਨੀਆਂ ਦੇ ਵਿੱਚ ਹੈ ਸ਼ਾਹਕਾਰੀ।
ਬੱਚੇ ਦੀ ਤੂੰ ਸੀਰਤ ਘੜਦੀ,
ਵਿੱਚ ਭਰਕੇ ਉਸ ਦੁਨੀਆਂਦਾਰੀ।
ਹਰ ਰਿਸ਼ਤੇ ਵਿੱਚ ਤੂੰ ਰੰਗ ਭਰਦੀ,
ਜਿਵੇਂ ਹੋਵੇ ਕੋਈ ਤੂੰ ਲਲਾਰੀ।
ਮਹਿਕਾਂ ਵੰਡੇ ਭਰ-ਭਰ ਮੁੱਠੀਆਂ,
ਜਿਵੇਂ ਹੋਵੇ ਕੋਈ ਪਰਉਪਕਾਰੀ।
ਤੇਰੇ ਚਰਨਾਂ ਵਿੱਚ ਰੱਬ ਵਸਦਾ,
ਪੂਜੇ ਤੈਨੂੰ ਦੁਨੀਆਂ ਸਾਰੀ।
ਔਰਤ ਤੈਨੂੰ ਦੁਨੀਆਂ ਕਹਿੰਦੀ,
ਪਰ ਤੂੰ ਤਾਂ ਹੈ ਸਿਰਜਨਹਾਰੀ।
ਬੜੀ ਪਿਆਰੀ ਰੱਬ ਦੀ ਮੂਰਤ,
'ਸੁੱਖਾ' ਜਾਵੇ ਤੈਥੋਂ ਬਲਿਹਾਰੀ।
ਖਿਡੌਣਾ
ਹੱਥ ਵਿੱਚ ਮੇਰੇ ਹੈ,
ਖਿਡੌਣਾ ਇੱਕ ਆ ਗਿਆ।
ਨਾ-ਮੁਰਾਦ, ਬੇਈਮਾਨ ਮੇਰਾ,
ਸਭ ਸਮਾਂ ਖਾ ਗਿਆ।
ਚੰਗਾ ਸੀ ਦਿਮਾਗ ਮੇਰਾ,
ਜਿੰਦਾ ਇਹ ਹੈ ਲਾ ਗਿਆ।
ਮੌਰ ਮੇਰੇ ਕੱਢ,
ਧੌਣ ਮੇਰੀ ਅਕੜਾ ਗਿਆ।
ਚਿੱਠੀਆਂ ਨੂੰ ਖੂੰਜੇ ਲਾ,
ਮੈਸਜ ਸਿਖਾ ਗਿਆ।
ਵਿੰਗੇ ਟੇਡੇ ਮੂੰਹਾਂ ਵਾਲੀ,
ਸੈਲਫੀ ਦਿਖਾ ਗਿਆ।
ਬੀਬੇ ਮੇਰੇ ਬਜ਼ੁਰਗਾਂ ਨੂੰ,
ਚੱਕਰਾਂ 'ਚ ਪਾ ਗਿਆ।
ਗੱਲਾਂ ਬਾਤਾਂ ਬੰਦ ਭੈੜੀ,
ਚੁੱਪ ਜਿਹੀ ਪਾ ਗਿਆ।
ਸੋਹਣੇ-ਸੋਹਣੇ ਬੱਚੇ,
ਅੱਖੀਂ ਐਨਕ ਲੁਆ ਗਿਆ।
ਨਸ਼ਿਆਂ ਤੋਂ ਵੱਧ ਭੈੜਾ,
ਨਸ਼ਾ ਇਹ ਹੈ ਲਾ ਗਿਆ।
ਦਸ-ਦਸ ਜੇਬੋਂ ਕੱਢ,
ਪੈਸਾ ਸਾਰਾ ਖਾ ਗਿਆ।
ਬੈਟਰੀ ਦਾ ਅੰਤ ਇਹਦੀ,
ਸਾਨੂੰ ਮੰਗਤਾ ਬਣਾ ਗਿਆ।
ਹਰ ਇੱਕ ਬੰਦੇ ਹੱਥ,
ਕੈਮਰਾ ਫੜਾ ਗਿਆ।
ਕੋਈ ਨਹੀਂ ਵਿਹਲਾ ਹੁਣ,
ਸਾਰੇ ਕੰਮੀ ਲਾ ਗਿਆ।
ਪੁੱਠੀ –ਸਿੱਧੀ ਫੋਟੋ,
ਫੇਸ ਬੁੱਕ ਉੱਤੇ ਪਾ ਗਿਆ।
ਕਿਤਾਬਾਂ ਰੱਖੋ ਪਿੱਛੇ,
ਗੂਗਲ ਬਾਬਾ ਕਹਿੰਦੇ ਆ ਗਿਆ।
ਉਂਗਲੀਆਂ ਦੀ ਖੇਡ ਹੁਣ,
ਸਭ ਨੂੰ ਸਿਖਾ ਗਿਆ।
ਜਿੱਦੀ ਹੋਏ ਜੁਆਕਾਂ ਨੂੰ ਹੈ,
ਸਾਡੇ ਪੱਲੇ ਪਾ ਗਿਆ।
ਹਰ ਇੱਕ ਰਿਸ਼ਤੇ ਦੀ,
ਦੂਰੀ ਹੈ ਵਧਾ ਗਿਆ।
ਬੁੱਢੇ-ਠੇਰੇ ਮਾਪਿਆਂ ਨੂੰ,
ਫਿਕਰਾਂ 'ਚ ਪਾ ਗਿਆ।
ਸਮਾਂ ਘੱਟ ਆੱਨਲਾਈਨ,
ਸਮਾਨ ਸਭ ਪਹੁੰਚਾ ਗਿਆ।
ਹਰ ਪਲ ਚੈੱਕ,
ਸੁਰ ਇੱਕ ਥਾਂ ਟਿਕਾ ਗਿਆ।
ਆਪ ਬੇਤਾਰਾ,
ਸਭ ਤਾਰ ਤੁੜਵਾ ਗਿਆ।
ਹੱਥ ਵਿੱਚ ਸੁੱਖੇ ਹੈ,
ਖਿਡੌਣਾ ਇੱਕ ਆ ਗਿਆ।
ਮਾਂ
ਮਾਂ ਤੇਰੇ ਪਿਆਰ ਵਿੱਚ ਸੱਧਰਾਂ ਦੇ ਸੰਸਾਰ ਵਿੱਚ,
ਬੈਠਾ ਮੈਂ ਤਾਂ ਰਹਿੰਦਾ ਹਾਂ ਬੜਾ ਸੁੱਖ ਪਾਵਾਂ ਮਾਂ।
ਚੁੰਮ-ਚੱਟ ਪਿਆਰ ਨਾਲ ਕਲੇਜ਼ੇ ਦੀ ਠਾਰ ਨਾਲ,
ਮਿੱਠੀ ਤਕਰਾਰ ਨਾਲ ਬੜਾ ਸੁੱਖ ਪਾਵਾਂ ਮਾਂ।
ਸਦਕੜੇ ਤੂੰ ਜਾਵੇ ਮੈਥੋਂ ਦੁੱਖ ਤੂੰ ਲੁਕਾਵੇਂ ਮੈਥੋਂ,
ਤੇਰੇ ਅਹਿਸਾਸ ਨਾਲ ਬੜਾ ਸੁੱਖ ਪਾਵਾਂ ਮਾਂ।
ਲੁਕਾਵੇ ਤੂੰ ਬਲਾਵਾਂ ਤੋਂ ਤੱਤੀਆਂ ਹਵਾਵਾਂ ਤੋਂ,
ਤੇਰੀ ਠੰਡੀ ਛਾਂ ਦਾ ਬੜਾ ਸੁੱਖ ਪਾਵਾਂ ਮਾਂ।
ਮਿਰਚਾਂ ਤੂੰ ਵਾਰਦੀ ਏਂ ਕੱਪੜੇ ਸੁਆਰਦੀ ਏਂ,
ਕਾਲਾ ਟਿੱਕਾ ਦੇਖ ਤੇਰਾ ਬੜਾ ਸੁੱਖ ਪਾਵਾਂ ਮਾਂ।
ਛੋਟੀ ਮੋਟੀ ਗਲਤੀ ਮੇਰੀ ਪਿਆਰ ਨਾਲ ਸੁਆਰਦੀ ਏਂ,
ਡਾਂਟ ਫਿਟਕਾਰ ਨਾਲ ਤੇਰੀ ਬੜਾ ਸੁੱਖ ਪਾਵਾਂ ਮਾਂ।
ਇੱਕ ਵੀ ਖਰੋਚ ਮੇਰੇ ਸਾਹ ਤੇਰਾ ਰੋਕ ਦੇਵੇ,
ਓਹੜ-ਪੋਹੜ ਦੇਖ ਤੇਰਾ ਬੜਾ ਸੁੱਖ ਪਾਵਾਂ ਮਾਂ।
ਲੰਘ ਜਾਵੇ ਰਾਤ ਕਿਤੇ ਕੰਮਾਂ ਵਿੱਚ ਫਸੇ ਮੇਰੇ,
ਅੱਖਾਂ ਵਿੱਚ ਨੀਂਦ ਦੇਖ ਬੜਾ ਸੁੱਖ ਪਾਵਾਂ ਮਾਂ।
ਜ਼ਿੰਦਗੀ ਜਿਊਣ ਨੂੰ ਤੇਰੇ ਕੀਤੇ ਸ਼ਗਨਾਂ ਦਾ,
ਤੇਰੇ ਕੀਤੇ ਚਾਵਾਂ ਦਾ ਬੜਾ ਸੁੱਖ ਪਾਵਾਂ ਮੈਂ।
ਚੰਗਾ ਮਾੜਾ ਦੱਸੇ ਮੈਨੂੰ ਦੁੱਧ ਵਾਂਗ ਰੱਖੇ ਮੈਨੂੰ,
ਤੇਰੀਆਂ ਨਸੀਹਤਾਂ ਦਾ ਬੜਾ ਸੁੱਖ ਪਾਵਾਂ ਮਾਂ।
'ਸੁੱਖਾ' ਕਹੇ ਰੱਬੋਂ ਉੱਚੀ ਮੂਰਤ ਨੀ ਮਾਏਂ ਤੇਰੀ,
ਰੂਹ ਨੂੰ ਸਕੂਨ ਦੇਵੇਂ ਬੜਾ ਸੁੱਖ ਪਾਵਾਂ ਮਾਂ।
ਰੁਤਬਾ-ਏ-ਮੋਬਾਇਲ
ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?
ਅੱਖਾਂ ਵਿੱਚ ਗੱਡੀ ਰੱਖਾਂ ਕੰਮਕਾਜ ਛੱਡੀ ਰੱਖਾਂ,
ਦਿਨ ਰਾਤ ਵਿੱਚ ਬਸ ਇੱਕੋ ਕੰਮ ਯਾਦ ਰੱਖਾਂ,
ਫੇਰ-ਫੇਰ ਕੱਚ ਵਾਲੇ ਸ਼ੀਸ਼ੇ ਉੱਤੇ ਹੁਣ ਤਾਂ,
ਉਂਗਲਾਂ ਵੀ ਥੱਕੀਆਂ ਜੀ।
ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?
ਮੈਨੂੰ ਇਹ ਕੀ ਹੋ ਗਿਆ ਏ ਨੈੱਟ ਮੇਰਾ ਖੋ ਗਿਆ ਏ,
ਬੱਚੇ, ਘਰਵਾਲੀ, ਮਾਪੇ ਸਭ ਮੈਥੋਂ ਖੋ ਗਿਆ ਏ,
ਪੁੱਠੇ ਸਿੱਧੇ ਥਾਵਾਂ ਉੱਤੇ ਵਿੰਗੇ ਸਿੱਧੇ ਮੂੰਹਾਂ ਨਾਲ,
ਸੈਲਫੀਆਂ ਖਿੱਚੀਆਂ ਜੀ।
ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?
ਫੋਨ ਜਦ ਆ ਗਿਆ ਏ, ਨੇਰ੍ਹਾ ਸਭ ਛਾ ਗਿਆ ਏ,
ਰੋਟੀ ਪਾਣੀ ਖਾਣਾ-ਪੀਣਾ, ਸਭ ਹੀ ਗੁਆ ਗਿਆ ਏ,
ਕਿਸੇ ਨੂੰ ਬੁਲਾਉਣਾ ਕੀ ਕਿਸੇ ਨੂੰ ਹਸਾਉਣਾ,
ਕੀ ਯਾਰੀਆਂ ਵੀ ਟੁੱਟੀਆਂ ਜੀ।
ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?
ਬੱਚੇ ਮੇਰੇ ਚਿੜਚਿੜੇ ਨੇ, ਰਿਸ਼ਤੇ ਵੀ ਤਿੜਕਣੇ ਨੇ,
ਇੱਕੋ ਛੱਤ ਥੱਲੇ ਬਸ, ਫੋਨ ਦਸ ਥਿੜਕਣੇ ਨੇ,
ਸਿਰ, ਅੱਖ, ਦਿਲ ਤੋਂ, ਬੀਮਾਰ ਹੁਣ ਹੋਇਆ ਮੈਂ,
ਗੋਲੀਆਂ ਹੀ ਫੱਕਣੀਆਂ ਜੀ।
ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?
ਇਹੀ ਮੇਰਾ ਪਿਆਰ ਏ, ਇਹੀ ਮੇਰਾ ਯਾਰ ਏ,
ਇਹਦੇ ਬਿਨ ਲੱਗੇ 'ਸੁੱਖੇ', ਸੁੰਨਾ ਲੱਗੇ ਸੰਸਾਰ ਏ,
ਇੱਕ ਨਾਲ ਸਰਦਾ ਨੀ, ਦੋ ਨਾਲ ਸਰਦਾ ਨੀ,
ਤਿੰਨ ਸਿੰਮਾਂ ਰੱਖੀਆਂ ਜੀ।
ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?
ਜਿੰਦ ਨਿਮਾਣੀ
ਨਿੱਕੀ ਜਿੰਨੀ ਜਿੰਦ ਅਸਾਡੀ, ਤੇ ਬਸਤੇ ਸਾਡੇ ਭਾਰੇ।
ਖੇਡਣ ਦੇ ਦਿਨ ਚਾਰ ਸੀ, ਜੋ ਅਸੀਂ ਸਮਿਆਂ ਹੱਥੋਂ ਹਾਰੇ।
ਹਰ ਵਿਸ਼ੇ ਦੇ ਕੰਮ ਅੱਗੇ, ਅਸੀਂ ਕੱਢਦੇ ਰਹੀਏ ਹਾੜ੍ਹੇ।
ਸਕੂਲੋਂ ਮਿਲਦੀ ਵਹਿਲ ਨਾ, ਅਸੀ ਟਿਊਸ਼ਨ ਹੱਥੇ ਚਾੜ੍ਹੇ।
ਹਰ ਮਾਪੇ ਦੀ ਚਾਹਤ ਹੈ, ਅਸੀਂ ਇੱਕ ਨੰਬਰ ਹੀ ਰਹੀਏ।
ਵਿੱਚ ਕਿਤਾਬਾਂ ਪਿਸਦੇ ਹਾਂ, ਗੱਲ ਦਿਲ ਦੀ ਕਿਸਨੂੰ ਕਹੀਏ।
ਇੱਕ ਤਿਮਾਹੀ, ਦੂਜੀ,ਫਿਰ ਤੀਜੀ,ਸਿਰ ਪੇਪਰ ਆ ਕੇ ਖੜ੍ਹਦੇ ਨੇ।
ਸਾਡਾ ਪੜ੍ਹਿਆ ਇਕ ਪਾਸੇ, ਸਾਡੇ ਮਾਪੇ ਵਧ ਕੇ ਪੜ੍ਹਦੇ ਨੇ।
ਨਿੱਕੇ-ਨਿੱਕੇ ਹੱਥ ਸਾਡੇ, ਫੜ ਪੈਨਸਿਲ ਲਿਖਣਾ ਸਿੱਖਦੇ ਨੇ
ਨੀਂਦਰ ਪੂਰੀ ਹੋਵੇ ਨਾ, ਫਿਰ ਅੱਖਰ ਧੁੰਦਲੇ ਦਿਸਦੇ ਨੇ।
ਨੱਚਾ ਟੱਪਾ ਜੇ ਕਿਧਰੇ, ਤਾਂ ਅੱਗੋਂ ਘੂਰੀ ਪੈਦੀਂ ਆ।
ਪੜ੍ਹ ਲੈ ਜੇ ਕੁਝ ਬਣਨਾ, ਬਸ ਆਵਾਜ਼ ਇਹ ਕੰਨੀਂ ਪੈਦੀਂ ਆ।
ਸਾਨੂੰ ਲੱਗੇ ਅਸਾਂ ਹਾਂ ਰੌਬਟ, ਕੰਮ ਅਸਾਡਾ ਪੜ੍ਹਨਾ।
ਨਿੱਕੇ ਪੈਰੀ ਕਦੇ ਨਾ ਥੱਕਣਾ, ਬਸ ਜਮਾਤਾਂ ਚੜ੍ਹਨਾ।
ਖੇਡਣ ਦੀ ਭੁੱਖ ਮੈਨੂੰ ਲੱਗੇ, ਮੈਂ ਵੀ ਚਾਹਵਾ ਹੱਸਣਾ।
ਉੱਡਣਾ ਵਿੱਚ ਹਵਾ ਦੇ ਚਾਹਵਾ,ਤੇ ਪਾਣੀ ਵਾਗੂੰ ਨੱਸਣਾ।
ਅੱਧੀ ਦੁਨੀਆਂ ਸੁੱਤੀ ਹੁੰਦੀ, ਬੱਸ ਸਾਡੀ ਆ ਜਾਦੀਂ ਆ।
ਬੈਗ ਪੂਰਾ,ਕੰਮ ਪੂਰਾ ਬਸ, ਇਹੀ ਟੈਂਸ਼ਨ ਖਾਂਦੀ ਆ।
ਦੇਖੇ ਸੁਪਨੇ ਪੂਰੇ ਹੋਵਣ, ਬਸ ਇਹੀ ਡਰ ਸਤਾਂਦਾ ਏ।
ਦੱਬਿਆ ਘੁੱਟਿਆ ਸੁੱਖਾ ਹੁਣ, ਬਸ ਭਾਰ ਉਠਾਈ ਜਾਂਦਾ ਏ।
ਹਾਲ
ਪਈ ਧੁੰਦ ਲੱਗੇ ਜਾਂ ਜਾਪੇ ਫਿਰ ਗਹਿਰ ਏ,
ਲੱਗੇ ਪਾਣੀ ਤਾਜ਼ਾ ਜਾਂ ਲੱਗੇ ਫਿਰ ਜ਼ਹਿਰ ਏ।
ਘਰ ਸਤਰੰਗੀ ਪਰ ਚਿੱਟਾ ਲੱਗੇ ਕਹਿਰ ਏ,
ਜਾਪੇ ਰੰਗ ਕਾਲਾ ਜਾਂ ਜਾਪੇ ਇਹ ਨਹਿਰ ਏ।
ਨਸ਼ਾ ਨਹੀਂ ਇਹ ਤਾਂ ਵੈਣਾਂ ਦੀ ਦੁਪਿਹਰ ਏ,
ਬੱਦਲ ਵੀ ਜਾਪੇ ਹੁਣ ਧੁੰਦ ਵਾਲੀ ਲਹਿਰ ਏ।
ਵੰਨੇ-ਵੰਨੇ ਵੱਟ-ਵੱਟ ਲਾਟਾਂ ਵਾਲਾ ਕਹਿਰ ਏ,
ਲਗਦਾ ਮਨੁੱਖਤਾ ਦੀ ਬਚਦੀ ਨਾ ਖੈਰ ਏ।
ਕਣ-ਕਣ ਰੱਬ ਨਹੀਂ ਬੱਸੇ ਹੁਣ ਜ਼ਹਿਰ ਏ,
ਸਾਫ ਹਵਾ ਸੁਪਨਾ ਬਸ ਧੂੰਏ ਵਾਲਾ ਸ਼ਹਿਰ ਏ।
ਪੰਛੀਆਂ ਦੀ ਥਾਂ ਹੁਣ ਗੱਡੀਆਂ ਦੀ ਚਹਿਰ ਏ,
ਹਰ ਕੋਈ ਲੁੱਟੇ ਰਾਜਨੀਤੀਆਂ ਦਾ ਪਹਿਰ ਏ,
ਸਮੇਂ ਸਭ ਮੁੱਕ ਚੱਲੇ ਤੇਜੀ ਵਾਲੀ ਲਹਿਰ ਏ,
ਭਰਿਆ ਦਿਮਾਗਾਂ 'ਚ ਅਮੀਰੀ ਵਾਲਾ ਕਹਿਰ ਏ।
ਪਲਾਸਟਿਕ ਬੈਗਾਂ ਵਿੱਚ ਖਾਣਾ ਪੀਣਾ ਕੈਦ ਏ,
ਡੱਬਾ ਬੰਦ ਭੋਜਨ ਬੀਮਾਰੀਆਂ 'ਚ ਪੈਰ ਏ।
ਦਿਲ ਤੋਂ ਬੀਮਾਰ ਸਭ ਲਗਦੀ ਨੀਂ ਖੈਰ ਏ,
ਸੁੱਤੇ ਪਏ ਜਾਣਾ ਇਥੋਂ ਲਗਣੀ ਨੀਂ ਦੇਰ ਏ।
ਮਨੁੱਖ ਨਹੀ ਧਰਤੀ ਤੇ ਲੱਗੇ ਕੋਈ ਗੈਰ ਏ,
ਦੁੱਖ ਕੀਹਨੂੰ ਦੱਸੇ ਸੁੱਖਾ ਸਭਦਾ ਹੀ ਵੈਰ ਏ।
ਮਨੁੱਖੀ ਘਾਣ
ਅੱਖ 'ਸੁੱਖੇ' ਦੀ ਵੇਖਦੀ, ਕੀ ਕਰਦਾ ਹੈ ਇਨਸਾਨ,
ਵੱਢ-ਵੱਢ ਰੁੱਖਾਂ ਨੂੰ ਸੁੱਟਦਾ, ਖੁਦ ਬਣਦਾ ਹੈ ਵਿਦਵਾਨ।
ਮੈਨੂੰ ਤਾਂ ਇਹ ਮੂਰਖ ਲੱਗੇ, ਆਖੇ ਮੈਂ ਮਹਾਨ।
ਇਹਦੇ ਵਿੱਚ ਵੀ ਜਾਨ ਹੈ, ਇਹ ਜਾਣੇ ਕੁੱਲ ਜਹਾਨ।
ਹੱਥ ਜੋੜ ਕੇ ਆਖਾਂ ਬੰਦਿਆ, ਆਪਣਾ ਫਰਜ਼ ਪਛਾਣ।
ਅੱਤ ਚੁੱਕੀ ਤੂੰ ਫਿਰਦਾ ਏ, ਕਰ ਕੁਦਰਤ ਦਾ ਘਾਣ।
ਸਾਡੇ ਸਾਹਾਂ ਦੇ ਰਾਖੇ ਨੇ, ਤੂੰ ਕਿਉਂ ਨੀ ਕਰਦਾ ਮਾਣ।
ਜਿੰਨਾ ਤੂੰ ਕਰਦਾ ਨੁਕਸਾਨ, ਮੁੱਕ ਜਾਣੀ ਤੇਰੀ ਪਹਿਚਾਣ।
ਆਪਣੇ ਲਈ ਤੂੰ ਸੜਕ ਬਣਾਵੇ, ਵਿੱਚ ਰੁੱਖਾਂ ਦੀ ਸ਼ਮਸ਼ਾਨ।
ਜੰਗਲ ਵੱਢ ਫੈਕਟਰੀਆਂ ਲਾਵੇ, ਤੂੰ ਕੰਮ ਕਰੇ ਨਾਦਾਨ।
ਕੁਦਰਤ ਤੈਨੂੰ ਬੁੱਕਲ ਰੱਖਿਆ, ਤੂੰ ਮੰਨ ਇਹਦਾ ਅਹਿਸਾਨ।
ਅੰਬਾਰ ਧੁੰਏ ਦੇ ਪੈਦਾ ਕਰ, ਤੂੰ ਧੁੰਦਲਾ ਕੀਤਾ ਅਸਮਾਨ।
ਆਉਣ ਵਾਲੀ ਨਸਲ ਨੂੰ ਲੱਗਾ, ਮੌਤ ਦੇ ਮੂੰਹ ਵਿੱਚ ਪਾਣ।
ਉੱਚਾ ਕਿਤੋ ਨਾ ਉਠਿਆ ਲੱਗੇ,ਜਾਵੇ ਵੱਲ ਨਿਵਾਣ।
ਕੁਦਰਤ ਦੀ ਕਰ ਤੂੰ ਪੂਜਾ, ਇਹ ਲਿਖਿਆ ਵਿੱਚ ਪੁਰਾਣ।
ਪਾ ਕੁਰਾਹੇ ਮੱਤ ਆਪਣੀ, ਕਿਉਂ ਭਰੇ ਲੰਬੀ ਉਡਾਣ।
ਵਿਗੜ ਚੁੱਕੇ ਮੌਸਮ ਦੇ ਹਾਲਤ, ਤੱਕ ਹੁੰਦੇ ਸਭ ਹੈਰਾਨ।
ਲਾਓ ਰੁੱਖ ਬਦਲੋ ਦੁਨੀਆਂ, ਹੈ ਦਿਲ ਦਾ ਇਹ ਅਰਮਾਨ ;
ਅੱਖ ਸੁੱਖੇ ਦੀ ਵੇਖਦੀ,ਕੀ ਕਰਦਾ ਹੈ ਇਨਸਾਨ,
ਵੱਢ-ਵੱਢ ਰੁੱਖਾਂ ਨੂੰ ਸੁੱਟਦਾ, ਖੁਦ ਬਣਦਾ ਹੈ ਵਿਦਵਾਨ।
ਬਾਬਲਾ ਪੜ੍ਹਾ ਦੇ
ਬਾਬਲਾ ਪੜ੍ਹਾ ਦੇ ਮੈਨੂੰ, ਇੱਕ ਵਾਰ ਰੱਜ ਕੇ,
ਗਹਿਣਆਂ ਤੋਂ ਬਿਨ ਮੈਂ, ਦਿਖਾਉ ਤੈਨੂੰ ਸੱਜ ਕੇ।
ਲੋਕੀਂ ਕਹਿੰਦੇ ਕੁੜੀ ਤਾਂ, ਕਲੰਕ ਹੁੰਦਾ ਕੁਲ ਤੇ,
ਸੀਨਾ ਤੇਰਾ ਕਰੂ ਚੌੜਾ, ਦੇਖੀ ਗੱਜ ਵੱਜ ਕੇ।
ਆਸਾ ਤੇ ਉਮੀਦਾਂ, ਅਰਮਾਨ ਕਰੂ ਪੂਰੇ ਤੇਰੇ,
ਧੰਮ ਮੇਰਾ ਬਣ, ਮੈਂ ਦਿਖਾਉਂ ਤੈਨੂੰ ਭੱਜ ਕੇ।
ਕੁੱਖ ਵਿੱਚ ਕਤਲ ਤਾਂ, ਹੁੰਦੇ ਨੇ ਜਹਾਨ ਤੇ,
ਕਰ ਮੈਨੂੰ ਪੈਦਾ, ਕਰ ਖੁਸ਼ੀ ਮੇਰੀ ਰੱਜ ਕੇ।
ਪੈਦਾ ਹੁੰਦੇ ਸੋਚ, ਮੇਰੇ ਦਾਜ ਵੱਲ ਪੈਦੀ ਏ,
ਉਂਗਲ ਤੂੰ ਫੜ ,ਪੱਬ ਧਰਾ ਅਸਮਾਨ ਤੇ।
ਧੀ ਪੈਦਾ ਹੁੰਦੇ ਮੱਥੇ, ਤਿਉੜੀ ਪੈਦੀ ਜੱਗ ਤੇ,
ਸੱਚੀ ਸੁੱਚੀ ਲੌਅ, ਮੈਂ ਜਗਾਊ ਇਸ ਜੱਗ ਤੇ।
ਸਿਰ ਧੀਆਂ ਭਾਰ, ਕਹਿੰਦੇ ਹੁੰਦੀਆਂ ਨੇ ਜੱਗ ਤੇ,
ਭਾਰ ਮੈਂ ਵੰਡਾਊ ਤੇਰਾ, ਉਮਰਾਂ ਤੋ ਵੱਧ ਕੇ।
ਪੁੱਤ ਹੁੰਦੇ ਮਿੱਠੇ ਮੇਵੇ, ਕਹਿੰਦੇ ਇਸ ਜੱਗ 'ਤੇ,
ਸ਼ਹਿਦ ਨਾਲੋਂ ਮਿੱਠਾ ਪਿਆਰ, ਪਾਊ ਮੈਥੋਂ ਰੱਜ ਕੇ।
ਬਾਬਲਾ ਪੜ੍ਹਾ ਦੇ ਮੈਨੂੰ, ਇੱਕ ਵਾਰ ਰੱਜ ਕੇ,
ਗਹਿਣਆਂ ਤੋਂ ਬਿਨ 'ਸੁੱਖੇ', ਦਿਖਾਊਂ ਤੈਨੂੰ ਸੱਜ ਕੇ।
ਉਡੀਕ
ਤੇਰੇ ਖਤ ਦੀ ਉਡੀਕ,
ਨੀ ਮੈਂ ਮੀਂਹ ਵਾਂਗ ਰੋਇਆ।
ਯਾਦਾਂ ਵਾਲਾ ਹਰ ਪਲ,
ਹੰਝੂ ਬਣ ਬਣ ਚੋਇਆ।
ਤੇਰੇ ਨਾਲ ਜੋ ਬਿਤਾਏ ਪਲ ਪਲ ਵਿੱਚ ਖੋਇਆ।
ਉਨ੍ਹਾਂ ਅੰਦਰ ਹੀ ਅੰਦਰ ਮੈਨੂੰ ਘੁਣ ਵਾਂਗ ਢੋਇਆ।
ਇੱਕ ਆਖਰੀ ਉਮੀਦ ਤੈਨੂੰ ਵੇਖਣ ਦੀ ਰੋਇਆ।
ਤੇਰੇ ਖਤ ਦੀ ਉਡੀਕ,
ਨੀ ਮੈਂ ਮੀਂਹ ਵਾਂਗ ਰੋਇਆ।
ਤੇਰੇ ਪਿਆਰਾਂ ਵਾਲਾ ਫੁੱਲ, ਲੈਕੇ ਦਿਲ ਚ ਲੁਕੋਇਆ।
ਤੇਰੇ ਮੂੰਹ ਫੇਰ ਜਾਣ ਪਿੱਛੋਂ, ਉਹ ਹੈ ਮੁਰਝਾਇਆ।
ਪਰ ਲਗਦਾ ਇਹ ਆਸ, ਲੈਕੇ ਕਬਰਾਂ 'ਚ ਸੋਇਆ।
ਤੇਰੇ ਖਤ ਦੀ ਉਡੀਕ,
ਨੀ ਮੈਂ ਮੀਂਹ ਵਾਂਗ ਰੋਇਆ।
ਤੇਰੇ ਪਿਆਰਾਂ ਵਾਲਾ ਮਹਿਲ, ਨੀ ਮੈਂ ਸੀਨੇ ਸੀ ਬਣਾਇਆ।
ਟੁੱਟੇ ਪਿਆਰ ਨਾਲ਼ ਤੇਰੇ, ਉਹ ਤਾਂ ਖੰਡਰ ਬਣਾਇਆ।
ਦਿਲ ਨਹੁੰਦਰਾਂ ਤੂੰ ਚੋਭੇ, ਦਿਲ ਖੂਨ ਰੰਗਾ ਹੋਇਆ।
ਤੇਰੇ ਖਤ ਦੀ ਉਡੀਕ,
ਨੀ ਮੈਂ ਮੀਂਹ ਵਾਂਗ ਰੋਇਆ।
ਮੇਰੇ ਪੈਰੀਂ ਪਏ ਛਾਲੇ, ਤੇਰੀ ਪੈੜ ਤ ਖਲੋਇਆ।
ਤੇਰੀ ਲੱਭਾਂ ਤਸਵੀਰ, ਨੇਰ੍ਹ ਅੱਖਾਂ ਅੱਗੇ ਹੋਇਆ।
ਮੇਰੇ ਵਿਲਕਦੇ ਨੇ ਹਾਸੇ, ਵੈਣ ਅੱਖਾਂ ਚ ਸਮੋਇਆ।
ਤੇਰੇ ਖਤ ਦੀ ਉਡੀਕ,
ਨੀ ਮੈਂ ਮੀਂਹ ਵਾਂਗ ਰੋਇਆ।
ਖ਼ਾਮੋਸ਼ ਹੋ ਗਈਆਂ ਰਾਤਾਂ, ਦਿਨ ਅੱਗ ਮੇਰਾ ਹੋਇਆ।
ਕਦੇ ਵੱਲ ਮੇਰੇ ਆਵੇ, ਦੇਖੀਂ ਮਿੱਟੀ ਮੈਨੂੰ ਹੋਇਆ।
ਆਇਆ ਸੁੱਖ ਨਾ ਸੁਨੇਹਾ, ਮੇਲ ਮੌਤ ਨਾਲ ਹੋਇਆ।
ਤੇਰੇ ਖਤ ਦੀ ਉਡੀਕ,
'ਸੁੱਖਾ' ਮੀਂਹ ਵਾਂਗ ਰੋਇਆ।
ਜੇ ਰੁੱਖਾਂ ਦੀ ਸੁਣਦੇ ਤਾਂ...
ਇਹ ਬਣਦੇ ਸਹਾਰੇ,
ਇਹ ਲੱਗਣ ਬੇਚਾਰੇ,
ਇਹ ਸੜਕਾਂ 'ਤੇ ਉੱਗਦੇ,
ਪਿਆਰਾਂ ਦੇ ਮਾਰੇ।
ਜੇ ਰੁੱਖਾਂ ਦੀ ਸੁਣਦੇ ਤਾਂ ਚਲਦੇ ਨਾ ਆਰੇ।
ਇਹ ਸਾਥੀ ਨੇ ਸਾਡੇ,
ਇਹ ਬੇਲੀ ਨੇ ਸਾਡੇ,
ਇਹ ਵੀ ਹੱਕ ਰੱਖਦੇ,
ਨੇ ਧਰਤੀ ਤੇ ਸਾਰੇ।
ਜੇ ਰੁੱਖਾਂ ਦੀ ਸੁਣਦੇ ਤਾਂ ਚਲਦੇ ਨਾ ਆਰੇ।
ਇਹ ਪੈਰਾਂ ਤੋ ਵਾਝੇਂ,
ਇਹ ਸੈਰਾਂ ਤੋ ਵਾਝੇਂ,
ਇਹ ਮੰਗਦੇ ਨਾ ਰੋਟੀ,
ਨਾ ਦੱਸਦੇ ਵੇਚਾਰੇ।
ਜੇ ਰੁੱਖਾਂ ਦੀ ਸੁਣਦੇ ਤਾਂ ਚਲਦੇ ਨਾ ਆਰੇ।
ਇਹ ਸਾਹਾਂ ਨੇ ਦੇਂਦੇ,
ਗਲ਼ ਬਾਹਾਂ ਨੇ ਦੇਂਦੇ,
ਹਵਾਂਵਾਂ ਦੇ ਰਾਖੇ,
ਇਹ ਖੁਦ ਵੀ ਨੇ ਹਾਰੇ।
ਜੇ ਰੁੱਖਾਂ ਦੀ ਸੁਣਦੇ ਤਾਂ ਚਲਦੇ ਨਾ ਆਰੇ।
ਇਹਨਾਂ ਨੂੰ ਨਾ ਚੀਰੋ,
ਸੁਣੋ ਮੇਰੇ ਵੀਰੋ,
ਇਹ ਦੁਨੀਆਂ ਦੇ ਰਾਖੇ,
ਸੁੱਖੇ ਕਰਦੇ ਇਸ਼ਾਰੇ,
ਜੇ ਰੁੱਖਾਂ ਦੀ ਸੁਣਦੇ ਤਾਂ ਚਲਦੇ ਨਾ ਆਰੇ।
ਕੁਦਰਤ ਦੀ ਕਰਾਮਾਤ
ਪਹੁ ਫੁਟਣ ਦਾ ਵੇਲਾ ਵੇਖਾਂ,
ਕੁਦਰਤ ਦੀ ਕਰਾਮਾਤ ਜਿਹੀ।
ਭਿੰਨੀ –ਭਿੰਨੀ ਖੁਸ਼ਬੂ ਵੱਗੇ,
ਲੱਗੇ ਇਹ ਸੌਗਾਤ ਜਿਹੀ।
ਸੂਰਜ ਛੱਡੇ ਅੰਬਰੀ ਲਾਲੀ,
ਸੋਨੇ ਰੰਗੀ ਝਾਤ ਜਿਹੀ।
ਟਿਮਟਿਮਾਉਦੇਂ ਤਾਰੇ ਨੱਚਣ,
ਤ੍ਰੇਲ ਪਾਉਂਦੀ ਸੀ ਬਾਤ ਜਿਹੀ।
ਧੁੰਦ ਚੁਫੇਰੇ ਬੁੱਕਲ ਮਾਰੀ,
ਨਿੱਘੀ ਲੱਗੇ ਲਾਟ ਜਿਹੀ।
ਪੰਛੀਂ ਮਿੱਠੇ ਗੀਤ ਸੁਣਾਵਣ,
ਕੰਨੀ ਦੇਣ ਧਰਵਾਸ ਜਿਹੀ।
ਆਲ੍ਹਣੇ ਬੋਟ ਕਲੋਲਾਂ ਕਰਦੇ,
ਝਾਂਜਰ ਦੀ ਛਨਕਾਟ ਜਿਹੀ।
ਅੰਬਰੀ ਪੰਛੀਂ ਡਾਰ ਬਣਾਉਦੇ,
ਲੱਗੇ ਜਿੰਦ ਉਡਾਰ ਜਿਹੀ ।
ਸ਼ਾਂ ਸ਼ਾਂ ਕਰਦੇ ਪਾਣੀ ਵਗਦੇ,
ਦਿੰਦੇ ਸੁਰ ਰਬਾਬ ਜਿਹੀ।
ਰੁੱਖ ਦੇਖੇ ਮੈਂ ਸੀਨਾ ਤਾਣੀ,
ਦੇਵਣ ਹਿੰਮਤ ਧਾਤ ਜਿਹੀ।
ਹਰਿਆਲੀ ਖੇਤਾਂ ਵਿੱਚ ਲੱਗੇ,
ਚਾਦਰ ਕਿਸੇ ਮਜਾਰ ਜਿਹੀ।
ਪਹੁ ਫੁਟਣ ਦਾ ਵੇਲਾ 'ਸੁੱਖੇ',
ਕੁਦਰਤ ਦੀ ਕਰਾਮਾਤ ਜਿਹੀ।
ਹਰਾ ਰੰਗ
ਹਰਾ ਰੰਗ ਫੱਬੇ ਤੈਨੂੰ, ਦੱਸ ਕਿੱਥੋ ਲੱਭੇ ਤੈਨੂੰ।
ਦੇਖ ਦੇਖ ਰੱਜਾਂ ਨਾ ਮੈਂ, ਦਿੰਦਾ ਸੁੱਖ ਸੱਭੇ ਮੈਨੂੰ।
ਦਿਲੀ ਤਮੰਨਾ ਮੇਰੀ, ਦੁੱਖ ਨਾ ਕੋਈ ਲੱਗੇ ਤੈਨੂੰ
ਪੌਣਾ ਨਾਲ ਕਲੋਲ ਕਰੇ, ਹੱਸਦਾ ਤੂੰ ਲੱਗੇ ਮੈਨੂੰ।
ਪੱਤੇ ਤਣਾ ਫੁੱਲ ਫਲ, ਸਭ ਤੈਨੂੰ ਸੋਭਦਾਂ ਏ।
ਦੇਖ ਤੇਰੇ ਰੰਗ ਏਹੋ, ਮਾਣ ਮੈਨੂੰ ਹੋਵਦਾਂ ਏ।
ਆਰੀ ਜਦ ਫੇਰੇ ਕੋਈ, ਦਿਲ ਮੇਰਾ ਰੋਵਦਾਂ ਏ।
ਵੱਢ ਟੁੱਕ ਹਸ਼ਰ ਦੇਖ, ਹੰਝੂ ਮੇਰਾ ਚੋਵਦਾਂ ਏ।
ਦਿਲ ਚੋਂ ਉਮੰਗ ਉੱਠੇ, ਰੁੱਖ ਬਣ ਖੜ੍ਹਾ ਕਦੇ।
ਜੋ ਦੁੱਖ ਸਹਿੰਦਾ ਏ ਆਪਣੇ ਤੇ ਸਹਾ ਕਦੇ।
ਤੇਰੇ ਵਾਗੂੰ ਛਾਵਾਂ ਕਰਾਂ, ਝੱਖੜਾਂ ਚ ਬਹਾ ਕਦੇ।
ਬੋਲ ਤੇਰੇ ਦੁੱਖਾਂ ਵਾਲੇ ਲੋਕਾਂ ਨੂੰ ਕਹਾਂ ਕਦੇ।
ਹਰ ਮੌਸਮ ਆਪਣੇ ਤੇ, ਸਹਿ ਕੇ ਵੀ ਹੱਸਦਾ ਤੂੰ।
ਦਿਲ ਵਾਲੀ ਗੱਲ ਕਦੇ, ਬੋਲ ਕੇ ਨੀ ਦੱਸਦਾ ਤੂੰ।
ਸ਼ਾਤੀ ਦਾ ਪੁੰਜ ਲੱਗੇ ਕਿਤੇ ਨਹੀਓ ਨੱਸਦਾ ਤੂੰ।
ਕਰੇ ਸਤਿਕਾਰ 'ਸੁੱਖਾ' ਦਿਲ ਵਿੱਚ ਵਸਦਾ ਤੂੰ।
ਧਰਤ ਪਿਆਰੀ
ਧਰਤੀ ਕਿੱਡੀ ਸੋਹਣੀ ਜਾਪੇ,
ਜਿੱਥੇ ਰੁੱਖ ਰਚਿਆ ਕਰਤਾਰ।
ਧਰਤੀ ਇਸ ਤੋਂ ਸਾਹਾਂ ਮੰਗੇ,
ਨਾ ਜਾਪੇ ਏਸ ਦਾ ਭਾਰ।
ਦੇਵੇ ਸਭ ਨੂੰ ਹੱਕ ਬਰਾਬਰ,
ਨਾ ਕਰਦੀ ਕਦੇ ਹੰਕਾਰ।
ਧਰਤੀ ਕਿੱਡੀ ਸੋਹਣੀ ਜਾਪੇ,
ਜਿੱਥੇ ਰੁੱਖ ਰਚਿਆ ਕਰਤਾਰ।
ਸੱਤ ਅਸਮਾਨੋਂ ਪਰਲੀ ਮੂਰਤ,
ਜਿਸ ਰਚਿਆ ਇਹ ਸੰਸਾਰ।
ਲੋਕੀਂ ਕਰਦੇ ਰੱਬੀ ਪੂਜਾ,
ਮੈਂ ਪੂਜਾ ਧਰਤ ਪਿਆਰ।
ਧਰਤੀ ਕਿੱਡੀ ਸੋਹਣੀ ਜਾਪੇ,
ਜਿੱਥੇ ਰੁੱਖ ਰਚਿਆ ਕਰਤਾਰ।
ਸਭ ਕੁਝ ਲੱਗੇ ਇੱਥੇ ਝੂਠਾ,
ਰੁੱਖ ਜਾਪਣ ਧਰਤ ਸਚਿਆਰ।
ਕੁਦਰਤ ਦੇ ਨੇ ਵੈਰੀ ਲੋਕੀਂ,
ਵਿੱਚ ਤਰੱਕੀ ਲੋਕ ਉਡਾਰ।
ਧਰਤੀ ਕਿੱਡੀ ਸੋਹਣੀ ਜਾਪੇ,
ਜਿੱਥੇ ਰੁੱਖ ਰਚਿਆ ਕਰਤਾਰ।
ਉੱਡੋ ਉੱਚੀ ਜਿੰਨਾ ਮਰਜੀ,
ਉਸ ਦੀ ਲੀਲਾ ਅਪਰ ਅੰਪਾਰ,
ਕੀਤਾ ਪਿਆਰ ਅੱਖੋਂ ਓਹਲੇ,
ਲੱਗਣ ਲੋਕ ਮੈਨੂੰ ਲਾਚਾਰ।
ਧਰਤੀ ਕਿੱਡੀ ਸੋਹਣੀ ਜਾਪੇ,
ਜਿੱਥੇ ਰੁੱਖ ਰਚਿਆ ਕਰਤਾਰ।
ਛੱਡ ਕੁਹਾੜੀ ਚੱਕੋ ਰੰਬੀ,
ਕਰੋ ਰੁੱਖ ਨੂੰ ਪਿਆਰ ਇਜਹਾਰ।
ਧਰਤ ਰੁੱਖ ਦੀ ਬੋਲੀ ਬੋਲੇ,
ਕਲਮ ਸੁੱਖੇ ਬਣੀ ਤਲਵਾਰ।
ਧਰਤੀ ਕਿੱਡੀ ਸੋਹਣੀ ਜਾਪੇ,
ਜਿੱਥੇ ਰੁੱਖ ਰਚਿਆ ਕਰਤਾਰ।
ਲੋਕਾਂ ਨੂੰ ਪੁਕਾਰ
ਅਰਜ ਗੁਜਾਰਾਂ ਦੋਵੇਂ ਹੱਥ ਜੋੜ ਕੇ ਜੀ,
ਕਦੇ ਰੁੱਖ ਨੂੰ ਫੇਰੋ ਨਾ ਆਰੀ ਲੋਕੋ।
ਇਹ ਤਾਂ ਸਦਾ ਸਾਡੀ ਸੁੱਖ ਮੰਗਦੇ ਜੀ,
ਦਿੰਦੇ ਠੰਡੜੀ ਛਾਂ ਬਸ ਪਿਆਰੀ ਲੋਕੋ।
ਵੱਢ ਆਪਣਾ ਘਰ ਸਜਾਵਦੇ ਜੀ,
ਕਿਉਂ ਮੱਤ ਤੁਹਾਡੀ ਗਈ ਮਾਰੀ ਲੋਕੋ।
ਰਿਹਾ ਰੁੱਖ ਨਾ ਇੱਕ ਜੇ ਧਰਤ ਤੇ ਜੀ,
ਬੰਜਰ ਬਣ ਜੂ ਸਾਰੀ ਦੀ ਸਾਰੀ ਲੋਕੋ।
ਸਾਡੀ ਧਰਤੀ ਦੀ ਸ਼ਾਨ ਇਹ ਰੁੱਖ ਨੇ ਜੀ,
ਬਿਨਾ ਰੁੱਖਾਂ ਦੇ ਜਿੰਦ ਲੱਗੂ ਖਾਰੀ ਲੋਕੋ।
ਆਖੋ ਸਭ ਨੂੰ ਕੁਦਰਤ ਦੇ ਯਾਰ ਓ ਜੀ,
ਝੂਠ ਬੋਲ ਕੇ ਕਿਉਂ ਜਾਂਦੇ ਚਾਰੀ ਲੋਕੋ।
ਪੁੱਟ- ਪੁੱਟ ਕੇ ਰੁੱਖਾਂ ਨੂੰ ਸੁੱਟਦੇ ਜੀ,
ਹਿੱਕ ਧਰਤੀ ਦੀ ਕਦੇ ਨਾ ਠਾਰੀ ਲੋਕੋ।
ਮਾੜੇ ਕੰਮੀ ਹੁੰਦਾ ਜੱਗ ਤੇ ਮਾੜਾ ਹੀ ਜੀ,
ਜਾਣਾ ਸਭ ਨੇ ਮਾਰ ਉਡਾਰੀ ਲੋਕੋ।
ਰੁੱਖਾਂ ਨਾਲ ਹੀ ਸਾਹ ਸਾਡੇ ਚਲਦੇ ਜੀ,
ਮੁੱਕੂ ਦੁਨੀਆ ਜੋ ਲਗਦੀ ਪਿਆਰੀ ਲੋਕੋ।
ਵਾਸਤੇ ਪਾ ਪਾ ਆਖਰ ਨੂੰ ਥੱਕਿਆ ਜੀ,
ਕਲਮ ਸੁੱਖੇ ਦੀ ਲਿਖ ਕੇ ਹਾਰੀ ਲੋਕੋ।
ਰੁੱਖਾਂ 'ਤੇ ਮਿਹਰ
ਰੱਬਾ ਰੁੱਖਾਂ 'ਤੇ ਸਦਾ ਹੀ ਮਿਹਰ ਰੱਖੀਂ,
ਇਹ ਖੜ੍ਹਦੇ ਵਿੱਚ ਹਨ੍ਹੇਰੀਆਂ ਨੇ।
ਕੀ ਕਰਾਂ ਮੈਂ ਸਿਫਤ ਇਹਨਾਂ ਦੀ,
ਪੂਰੀਆਂ ਕਰਦੇ ਜਰੂਰਤਾਂ ਮੇਰੀਆਂ ਨੇ।
ਨਾ ਸ਼ੁਕਰੇ ਲੋਕਾਂ ਆਣ ਦੇਖੋ,
ਆਰਾ ਚੱਕ ਆ ਰਾਹਾਂ ਘੇਰੀਆਂ ਨੇ।
ਰੱਬਾ ਰੁੱਖਾਂ 'ਤੇ ਸਦਾ ਹੀ ਮਿਹਰ ਰੱਖੀਂ,
ਇਹ ਖੜ੍ਹਦੇ ਵਿੱਚ ਹਨ੍ਹੇਰੀਆਂ ਨੇ।
ਠੰਢੀਆਂ ਛਾਵਾਂ ਤੇ ਸਭ ਨੂੰ ਫਲ ਵੰਡਣ,
ਨਾ ਇਹ ਮੇਰੀਆਂ ਤੇ ਨਾ ਇਹ ਤੇਰੀਆਂ ਨੇ
ਦੇਂਦੇ ਸਭ ਨੂੰ ਹੱਕ ਬਰਾਬਰ ਨੇ,
ਨਾ ਇਹ ਕਰਦੇ ਹੇਰਾ ਫੇਰੀਆਂ ਨੇ।
ਰੱਬਾ ਰੁੱਖਾਂ 'ਤੇ ਸਦਾ ਹੀ ਮਿਹਰ ਰੱਖੀਂ,
ਇਹ ਖੜ੍ਹਦੇ ਵਿੱਚ ਹਨ੍ਹੇਰੀਆਂ ਨੇ।
ਮਨੁੱਖ ਅਕ੍ਰਿਤਘਣ ਦੇਖੋ ਹੋਇਆ ਕਿੱਦਾਂ,
ਵੱਢ- ਵੱਢ ਲਾਉਦਾ ਹੁਣ ਇਹ ਢੇਰੀਆਂ ਨੇ।
ਠੇਕੇਦਾਰ ਨੇ ਲੋਕੀ ਬਣੀ ਫਿਰਦੇ,
ਲ਼ਾਉਦੇ ਕੱਟ ਨਾ ਕਰਦੇ ਦੇਰੀਆਂ ਨੇ।
ਰੱਬਾ ਰੁੱਖਾਂ 'ਤੇ ਸਦਾ ਹੀ ਮਿਹਰ ਰੱਖੀਂ,
ਇਹ ਖੜ੍ਹਦੇ ਵਿੱਚ ਹਨ੍ਹੇਰੀਆਂ ਨੇ।
ਆਪਣੇ ਰਾਹੀਂ ਕੰਡੇ ਇਹ ਆਪ ਬੀਜਣ,
ਜਿਵੇਂ ਰੁੱਖ ਨੋਕਾਂ ਤਿੱਖੇ ਬੇਰੀਆਂ ਨੇ।
ਅੰਤ ਹੋਣਾ 'ਸੁੱਖੇ' ਬੈਠ ਇੱਥੇ,
ਰੇਤਾਂ ਬੰਦ ਮੁੱਠੀ ਚੋਂ ਕੇਰੀਆਂ ਨੇ।
ਰੱਬਾ ਰੁੱਖਾਂ 'ਤੇ ਸਦਾ ਹੀ ਮਿਹਰ ਰੱਖੀਂ,
ਇਹ ਖੜ੍ਹਦੇ ਵਿੱਚ ਹਨ੍ਹੇਰੀਆਂ ਨੇ।
ਰੁੱਖ ਸੱਚੇ ਯਾਰ
ਸਾਰੀਆਂ ਹੀ ਗੱਲਾਂ ਲੋਕਾਂ ਕੰਨਾਂ ਤੋਂ ਲੰਘਾਤੀਆਂ,
ਜਿੰਨੀਆਂ ਮੈਂ ਲਿਖੀਆਂ ਸਭ ਖੂਹ ਖਾਤੇ ਪਾਤੀਆਂ।
ਮੰਨਦਾ ਮੈਂ ਤੁਹਾਡੇ ਵਿੱਚ ਹੋਣਾ ਕੋਈ ਸੁਧਾਰ ਨੀ,
ਰੁੱਖ ਸਦਾ ਦਿੰਦੇ ਤੁਹਾਨੂੰ ਮੰਗਦੇ ਉਧਾਰ ਨੀ ।
ਰੁੱਖ ਪਾਉਦੇਂ ਸਾਝਾਂ ਪਿਆਰ ਪਾਉਣ ਨੂੰ ਤਿਆਰ ਨੇ,
ਸਾਰੇ ਗੱਲ ਪੱਲੇ ਬੰਨੋਂ ਰੁੱਖ ਸੱਚੇ ਸਾਡੇ ਯਾਰ ਨੇ।
ਆਰੀ ਚੁੱਕ ਵੱਢੋ ਤੁਸੀਂ ਲਾਵੋ ਕੋਈ ਦੇਰ ਨਾ,
ਇੱਕ ਵਾਰੀ ਲੰਘੇ ਵੇਲਾ ਆਵੇ ਹੱਥ ਫੇਰ ਨਾ।
ਸੇਵਾ ਕੀਹਨੂੰ ਕਹਿੰਦੇ ਤੂੰ ਵੀ ਰੁੱਖ ਕੋਲੋ ਸਿੱਖ ਲਾ,
ਵੱਢ-ਵੱਢ ਸੁੱਟੇ ਕਾਹਨੂੰ ਇਹਨਾਂ ਨੂੰ ਤੂੰ ਹਿੱਕ ਲਾ।
ਕੁਦਰਤ ਨਾਲ ਖੇਡੇ ਆਖੇ ਮੈਂ ਵਿਦਵਾਨ ਹਾਂ,
ਏਹੀ ਤੇਹੀ ਚਾੜ੍ਹ ਛੱਡੀ ਬਣੇ ਵੱਡਾ ਪਰਧਾਨ ਹਾਂ।
ਲੰਘੇ ਜਦ ਵੇਲਾ ਐਵੇਂ ਲਕੀਰ ਤੁਸੀ ਪੁੱਟੋਗੇ,
ਪੜ੍ਹ ਗੱਲਾਂ ਮੇਰੀਆਂ ਬਸ ਹੰਝੂ ਫੇਰ ਸੁੱਟੋਗੇ।
ਚੀਕ-ਚੀਕ ਥੱਕਾ ਮੈਂ ਤਾਂ ਗੱਲ ਤੁਸੀ ਸੁਣੋ ਨਾ,
ਬਸ ਲੋਕੋ ਰੁੱਖ ਲਾਓ ਗੱਲ ਮੇਰੀ ਪੁਣੋ ਨਾ।
ਸਾਰੀਆਂ ਹੀ ਗੱਲਾਂ ਲੋਕਾਂ ਕੰਨਾਂ ਤੋਂ ਲੰਘਾਤੀਆਂ,
ਜੋ ਵੀ 'ਸੁੱਖੇ' ਲਿਖੀਆਂ ਸਭ ਖੂਹ ਖਾਤੇ ਪਾਤੀਆਂ।