Mera Jiwan Mera Geet : Dr. Diwan Singh Kalepani

ਮੇਰਾ ਜੀਵਨ ਮੇਰਾ ਗੀਤ : ਡਾਕਟਰ ਦੀਵਾਨ ਸਿੰਘ ਕਾਲੇਪਾਣੀ


ਮੇਰਾ ਜੀਵਨ

ਇਸ ਦੁਨੀਆਂ ਦਾ ਅਡੰਬਰ ਕਿਸ ਨੇ ਤੇ ਕਿਉਂ ਰਚਿਯਾ ? ਅਸੀਂ ਇਸ ਦੇ ਵਿਚ, ਬਗੈਰ ਪੁੱਛ ਪਰਤੀਤ ਦੇ, ਕਿਉਂ ਤੇ ਕਾਹਨੂੰ ਤੇ ਕਿਥੋਂ ਭੇਜੇ ਗਏ ? ਉਸ ਕਰਤੇ ਨੇ ਸਾਨੂੰ, ਓਸ ਕੁਹੱਥੜੀ ਥਾਉਂ, "ਜਿਥੇ ਅਸੀਂ ਸੀਸ ਤਲੇ ਪੈਰ ਉਪਰੇ" ਪਏ ਸੀ, ਕਢਣ ਵਿਚ ਸਾਡੇ ਉਤੇ ਤਰਸ ਕੀਤਾ ਯਾ ਜ਼ੁਲਮ ? ਤੇ ਅਸੀਂ ਇਸ ਮਿਹਰ ਸਦਕਾ ਉਸ ਧਨੀ ਨੂੰ ਨਾ ਵਿਸਾਰੀਏ ਕਿ ਇਸ ਕਹਿਰ ਸਦਕਾ ਉਸ ਡਾਢੇ ਨੂੰ ਸਲਵਾਤਾਂ ਸੁਣਾਈਏ ? ਇਸ ਕੰਡਿਆਲੀ ਦੁੱਖ ਭਰੀ ਦੁਨੀਆਂ ਵਿਚ ਕੋਈ ਸੁਖੀ ਭੀ ਹੈ ? ਕੋਈ ਸੁਖੀ ਹੋ ਭੀ ਸਕਦਾ ਏ ? ਮਜ਼ਹਬ ਤੇ ਫਲਸਫ਼ਾ ਕਿਸੇ ਨੂੰ ਸ਼ਾਂਤੀ ਤੇ ਸੁਖ ਦੇਂਦੇ ਭੀ ਹਨ ਕਿ ਐਵੇਂ ਵਹਿਮ ਹੀ ਹੈ ? ਇਹ ਤੇ ਇਹੋ ਜੇਹੇ ਹੋਰ ਸਵਾਲ ਮੈਨੂੰ ਅਮੂਮਨ ਚੁਭਦੇ ਹੀ ਰਹਿੰਦੇ ਨੇ । ਇਸ ਦੁਨੀਆਂ ਵਿਚ ਮੈਨੂੰ ਦੁੱਖ ਹੀ ਦੁੱਖ ਤੇ ਘਿਰਨਾ ਹੀ ਘਿਰਨਾ ਦਿੱਸਦੀ ਏ। ਜੇ ਕਿਧਰੇ ਸੁਖ ਤੇ ਪਿਆਰ ਦਾ ਝੱਲਕ ਲੱਝਦਾ ਏ ਤਾਂ ਦੁਨੀਆਂ ਦੇ ਲੋਕ ਉਸ ਨੂੰ ਸਹਾਰ ਨਹੀਂ ਸਕਦੇ ਤੇ ਓਨਾਂ ਚਿਰ ਪਿੱਛਾ ਨਹੀਂ ਛੱਡਦੇ ਜਿੰਨਾਂ ਚਿਰ ਉਸ ਸੁਖੀ ਤੇ ਪਿਆਰ ਭਰੇ ਜੀਵਨ ਦਾ ਸੱਤਯਾਨਾਸ ਨਹੀਂ ਕਰ ਲੈਂਦੇ ।

ਖ਼ਿਆਲ ਕੁਝ ਇੰਞ ਹਨ ਪਈ ਇਹ ਦੁਨੀਆਂ, ਈਰਖਾ, ਦੁੱਖ, ਦੁੱਪਰਿਆਰ, ਕੀਨਾ, ਬੁਗਜ਼, ਸੜਨ ਕੁੜ੍ਹਨ, ਤਾਹਨੇ, ਮੇਹਣੇ ਤੇ ਗਾਲ੍ਹਾਂ ਨਾਲ ਭਰੀ ਪਈ ਏ । ਸਾਡਾ ਜੀਵਨ ਪਿਆਰਿਆਂ ਦੇ ਵਿਛੋੜੇ, ਦਿਲਾਂ ਦੇ ਸਹਿਮ ਤੇ ਸਰੀਰਾਂ ਦੀਆਂ ਆਹਰਾਂ ਕਰਕੇ ਸਦਾ ਰੋਣ ਤੇ ਪਿੱਟਣ ਵਿਚ ਬਤੀਤ ਹੁੰਦਾ ਹੈ । ਅੰਦੇਸ਼ੇ, ਹਸਰਤਾਂ, ਸੰਸੇ ਤੇ ਸੋਚਾਂ ਨੇ ਇਸ ਦੁੱਖੀ ਜੀਵਨ ਨੂੰ ਹੋਰ ਭੀ ਕੋਝਾ ਬਣਾ ਦਿੱਤਾ ਏ । ਕਦੇ ਕਦੇ ਆਸਾਂ, ਉਮੈਦਾਂ, ਸਿੱਕਾਂ ਤੇ ਸੱਧਰਾਂ ਜੀਵਨ ਵਿਚ ਕੁਝ ਸਵਾਦ ਪੈਦਾ ਕਰਦੀਆਂ ਹਨ। ਪਰ ਨਿਰਾਸ਼ਾਂ ਤੇ ਮਾਯੂਸੀਆਂ ਇਸ ਅਨੰਦ ਨੂੰ ਇਕ ਛਿਨ ਵਿਚ ਫਨਾਹ ਕਰਦੀਆਂ ਹਨ । ਚਿਤ ਕਰਦਾ ਏ ਪਈ ਇਸ ਦੁਨੀਆਂ ਨੂੰ ਛੱਡਕੇ ਕਿਸੇ ਐਸੇ ਦੇਸ਼ ਚੱਲੀਏ ਜਿਥੇ ਪਿਆਰ, ਮੁਹੱਬਤਾਂ, ਮਸਤੀਆਂ, ਹਿਲੋਰੇ ਤੇ ਠੰਡਕਾਂ ਹੋਣ ਪਰ ਉਹ ਦੇਸ ਕਿਥੇ ਹੈ ਤੇ ਕੌਣ ਇਸਦਾ ਪਤਾ ਦੱਸੇ ? ਫੇਰ ਚੇਤਾ ਔਂਦਾ ਏ ਪਈ ਇਹੋ ਜੇਹੇ ਦੇਸ ਵਿਚ ਅਪੜ ਕੇ ਭੀ ਜੀਵਨ ਸਵਾਦਲਾ ਨਹੀਂ ਹੋਣਾ, ਜਿੰਨਾਂ ਚਿਰ ਮੇਰੇ ਹੱਥ ਕਿਸੇ ਜਾਨੀ ਯਾਰ ਦੇ ਹੱਥਾਂ ਵਿਚ ਤੇ ਮੇਰਾ ਸਰੀਰ ਕਿਸੇ ਦਿਲਾਂ ਦੇ ਮਹਰਮ ਦੀ ਗਲਵਕੜੀ ਵਿਚ ਨਾ ਹੋਵੇਗਾ। ਤਾਂ ਤੇ ਕਿਸੇ ਪਿਆਰੇ ਯਾਰ ਦੀ ਗੋਦੀ ਤੇ ਉਸਦੀ ਗਲਵਕੜੀ ਹੀ ਜੀਵਨ ਨੂੰ ਸੁਖੀ ਬਣਾ ਸਕਦੀ ਏ । ਪਰ ਉਹ ਯਾਰ ਵਿਛੜੇ ਨਾ ।



ਜੀਉਣ ਤੇ ਜੀ ਨਹੀਂ ਕਰਦਾ, ਮਰਨ ਤੋਂ ਆਇ ਡਰ ਮੈਨੂੰ । ਜਿਉਣ ਦਿਸਦਾ ਨਿਰਾ ਧੋਖਾ, ਮਰਨ ਕਸ਼ਟਾਂ ਦਾ ਘਰ ਮੈਨੂੰ । ਸਦਾ ਪਿਟਣਾ, ਨਿਰਾ ਰੋਣਾ, ਵਿਛੋੜੇ ਸਹਿਮ ਤੇ ਅਹੁਰਾਂ, ਜਿ ਜੀਵਨ ਦੇ ਇਹੀ ਲੱਛਣ, ਤਾਂ ਇਸਦੀ ਕੀ ਕਦਰ ਮੈਨੂੰ ? ਈਰਖਾ, ਬੁਗਜ਼, ਕੀਨਾ, ਦਵੈਖ, ਤਾਨ੍ਹੇ, ਮੇਹਣੇ, ਗਾਲ੍ਹਾਂ, ਹ੍ਰਿਦਾ ਨਿੱਤ ਲੂੰਹਦੇ ਰਹਿੰਦੇ, ਕਿਵੇਂ ਆਵੇ ਸਬਰ ਮੈਨੂੰ ? ਕੁਈ ਅੱਗੇ, ਕੁਈ ਪਿੱਛੇ, ਪਿਆਰੇ ਯਾਰ ਟੁਰ ਗਏ ਨੇ, ਨਾ ਅੱਗੇ ਦੀ ਨਾ ਪਿੱਛੇ ਦੀ, ਕੁਈ ਦੇਂਦਾ ਖ਼ਬਰ ਮੈਨੂੰ । ਜਿਨ੍ਹਾਂ ਦੇ ਪਯਾਰ ਦਾ ਸਦਕਾ, ਸਦਕੜੇ ਜਾਨ ਕੀਤੀ ਸੀ, ਉਨ੍ਹਾਂ ਨੇ ਮਾਰ ਕੇ ਠੁੱਡੇ, ਘਰੋਂ ਕੀਤਾ ਬਿਘਰ ਮੈਨੂੰ । ਜਿਨ੍ਹਾਂ ਦੇ ਪ੍ਰੇਮ ਦੀ ਪੀਂਘੇ, ਇਹ ਝੂਟੇ ਜਿੰਦ ਲੈਂਦੀ ਸੀ, ਉਨਾਂ ਦੇ ਹੀ ਵਿਛੋੜੇ ਨੇ, ਰੁਲਾਯਾ ਦਰ ਬਦਰ ਮੈਨੂੰ । ਅੰਦੇਸ਼ੇ, ਹਸਰਤਾਂ, ਹਾਵੇ, ਉਡੀਕਾਂ, ਤੌਖ਼ਲੇ, ਸੋਚਾਂ, ਇਹੀ ਜੀਵਨ ਬਿਰਛ ਦੇ, ਪਏ ਫਲ ਔਂਦੇ ਨਜ਼ਰ ਮੈਨੂੰ। ਮਜ਼ਹਬ ਤੇ ਫ਼ਲਸਫ਼ੇ ਸਾਰੇ, ਹਨੇਰੇ ਦੀ ਡੰਗੋਰੀ ਨੇ, ਟਿਕਾਣਾ ਕੋਈ ਲੱਭਦਾ ਨਾ, ਨਾ ਦਿੱਸੇ ਕੋਈ ਘਰ ਮੈਨੂੰ । ਉਮੰਗਾਂ, ਖਿੱਚਾਂ ਤੇ ਲੋਚਾਂ, ਉਛਾਲੇ, ਸਿੱਕਾਂ ਤੇ ਸਧਰਾਂ, ਨਿਰਾਸ਼ਾਂ ਵਿਚ ਬਦਲਣਗੇ, ਦਿਸੀਂਦਾ ਏ ਹਸ਼ਰ ਮੈਨੂੰ । ਤਰਾਵਤ, ਫਬਨ ਤੇ ਠੰਡਕ, ਸੁਹਜ, ਆਭਾ, ਹੁਸਨ, ਖੇੜਾ, ਇਹ ਕਿਹੜੇ ਬਾਗ ਖਿੜਦੇ ਨੇ ? ਕੋਈ ਦੱਸੇ ਚਾ ਕਰ ਮੈਨੂੰ । ਹੁਲਾਰੇ, ਮਸਤੀਆਂ, ਲਹਿਰਾਂ, ਵਲਵਲੇ, ਖਿੱਚਾਂ ਤੇ ਟੁੰਬਾਂ, ਇਹ ਜਿਹੜੇ ਦੇਸ਼ ਵਸਦੇ ਨੇ, ਮੈਂ ਉੱਡ ਜਾਂ ਹੋਣ ਪਰ ਮੈਨੂੰ । ਸਜਨ ਐਸਾ ਪਿਆਰਾ ਇਕ, ਦਿਲ ਦਾ ਯਾਰ ਮਿਲ ਜਾਵੇ, ਲਵੇ ਗਲਵਕੜੀ ਆਪਣੀ ਚਿ, ਕਰਦੇ ਬੇ-ਫ਼ਿਕਰ ਮੈਨੂੰ ।

—ਜੂਨ 1928

ਧਨ ਤੇ ਅਕਲ

ਇਹ ਇਕ ਪੁਰਾਣੇ ਜ਼ਮਾਨੇ ਦੀ ਕਹਾਣੀ ਏ। ਅੱਜ ਭੀ ਉਜਿਹੀ ਹੀ ਸੱਚੀ ਹੈ ਜਿਹੀ ਓਦੋਂ ਸੀ । ਆਖਦੇ ਨੇ ਕਈ ਜੁੱਗ ਬੀਤੇ, ਅਰਸ਼ਾਂ ਤੋਂ ਇਕ ਦੇਵੀ ਸਾਡੀ ਏਸ ਧਰਤੀ ਤੇ ਉਤਰੀ ਸੀ । ਓਹਦੇ ਇਕ ਹੱਥ ਵਿਚ ਧਨ ਤੇ ਦੌਲਤਾਂ ਦੇ ਭੰਡਾਰ ਸਨ ਤੇ ਦੂਏ ਵਿਚ ਦਾਨਿਸ਼ ਤੇ ਅਕਲਾਂ ਦੇ ਖ਼ਜ਼ਾਨੇ । ਉਹ ਇਹ ਦਾਤਾਂ ਵੰਡਨ ਹੀ ਉਤਰੀ ਸੀ ।

ਲੱਭਦਿਆਂ ਲੱਭਦਿਆਂ ਉਹਨੂੰ ਦੋ ਆਦਮੀ ਲੱਭੇ – ਦੋਵੇਂ ਸੱਕੇ ਭਰਾ, ਇੱਕੋਂ ਮਾਂ ਪਿਓ ਜਾਏ ਸਨ । ਪਹਿਲੂੰ ਦੇਵੀ ਨੇ ਵੱਡੇ ਨੂੰ ਆਖਿਆ, "ਮੰਗ ਜੋ ਮੰਗਨਾ ਏਂ ।" ਉਹਨੇ ਧਨ ਦੇ ਭੰਡਾਰਾਂ ਵੱਲ ਲਲਚਦੀ ਨਜ਼ਰ ਕੀਤੀ। ਦੇਵੀ ਨੇ ਘ੍ਰਿਣਾ ਨਾਲ ਤਕਿਆ ਤੇ ਕਾਹਲੀ ਨਾਲ ਧਨ ਦੇ ਭੰਡਾਰ ਉਹਦੀ ਝੋਲੀ ਵਿਚ ਸੁੱਟ ਪਾਏ ।

ਫੇਰ ਦੇਵੀ ਨੇ ਨਿੱਕੇ ਭਰਾ ਨੂੰ ਪੁੱਛਿਆ ਤਾਂ ਉਹਨੇ ਦਾਨਿਸ਼ ਮੰਗੀ । ਦੇਵੀ ਮੁਸਕ੍ਰਾਈ ਤੇ ਇਕ ਪ੍ਰਸੰਨਤਾ ਭਰੀ ਅਦਾ ਨਾਲ ਦਾਨਿਸ਼ ਤੇ ਅਕਲ ਦੇ ਖ਼ਜ਼ਾਨੇ ਉਸ ਨੂੰ ਬਖ਼ਸ਼ ਦਿੱਤੇ ।

ਦੇਵੀ ਫੇਰ ਅਰਸ਼ਾਂ ਤੇ ਚੜ੍ਹ ਗਈ । ਫੇਰ ਮੁੱਦਤ ਪਿੱਛੋਂ ਦੇਵੀ ਨੂੰ ਓਹਨਾਂ ਦੋਹਾਂ ਭਰਾਵਾਂ ਦਾ ਫੇਰ ਖਿਆਲ ਆਇਆ ਤੇ ਓਹ ਫੇਰ ਧਰਤੀ ਤੇ ਉਤਰੀ, ਪਈ ਵੇਖਾਂ ਓਹ ਦੋਵੇਂ ਭਰਾ ਕਿਸ ਕਿਸ ਹਾਲ ਵਿਚ ਨੇ ।

ਪਹਿਲੋਂ ਦੇਵੀ ਛੋਟੇ ਭਰਾ ਨੂੰ ਲੱਭਨ ਚੜ੍ਹੀ, ਸ਼ਾਹੀ ਮਹੱਲ, ਅਮੀਰਾਂ ਦੀਆਂ ਕੋਠੀਆਂ, ਰਾਜਿਆਂ ਦੇ ਦਰਬਾਰ, ਰਈਸਾਂ ਦੀਆਂ ਕਚਹਿਰੀਆਂ—ਸਭ ਉੱਘੇ-ਉੱਘੇ ਟਿਕਾਣੇ ਟੋਲ ਮਾਰੇ । ਪਰ ਉਸ ਦਾਨਿਸ਼ਾਂ ਦੇ ਮਾਲਿਕ ਦਾ ਕੋਈ ਪਤਾ ਨਾ ਲੱਗਾ – ਉਸ ਨੂੰ ਕੋਈ ਜਾਣਦਾ ਹੀ ਨਹੀਂ ਸੀ । ਕਿਸੇ ਉਸਦਾ ਨਾਂ ਤੱਕ ਨਹੀਂ ਸੁਣਿਆ ਸੀ। ਅਖੀਰ ਬਹੁਤ ਟੋਲਨ ਤੇ ਉਸ ਨੂੰ ਇਕ ਟੁੱਟੀ-ਫੁੱਟੀ, ਬੇ-ਕਿਵਾੜੀ ਕੱਖਾਂ ਪ੍ਰਾਲਾਂ ਦੀ ਇਕ ਝੌਂਪੜੀ ਲੱਭੀ । ਅੰਦਰ ਇਕ ਗੁੱਠੇ ਛੋਟਾ ਭਰਾ—ਦਾਨਿਸ਼ 'ਤੇ ਅਕਲਾਂ ਦਾ ਮਾਲਿਕ—ਭੁੱਖ ਤੇ ਪਾਲੇ ਦਾ ਮਾਰਿਆ ਗੋਡੇ ਢਿਡ ਨਾਲ ਲਾਈ, ਗੁੱਛੂ-ਮੁੱਛੂ ਅਧਮੋਇਆ ਜਿਹਾ ਪਿਆ ਸੀ ।

ਦੇਵੀ ਠਠੰਬਰ ਖਲੋਤੀ। ਡਾਢਾ ਤਰਸ ਖਾਧਾ ਤੇ ਸਿਰ ਪਲੋਸ ਕੇ ਪੁੱਛਿਓ ਸੂ: "ਕੀਹ ਦਾਨਿਸ਼ ਤੇ ਅਕਲ ਦੇ ਵਟਾਂਦਰੇ ਵਿਚ ਧਨ ਤੇ ਦੌਲਤ ਲੈਣੀ ਚਾਹਨਾ ਏਂ ?" ਅਧਮੋਈ ਲਾਸ਼ ਨੇ ਅੱਖਾਂ ਪਾੜਕੇ ਤਕਿਆ; ਫੇਰ ਮੱਥੇ ਤੇ ਇਕ ਨਿੱਕਾ ਜਿਹਾ ਵੱਟ ਪਾਇਆ, ਫੇਰ ਇਕ ਲੰਮਾ ਹਾਹੁਕਾ ਖਿਚਿਆ, ਤੇ ਫੇਰ ਸਦਾ ਲਈ ਸੌਂ ਗਈ ।

ਦੇਵੀ ਨੂੰ ਇਸ ਦ੍ਰਿਸ਼ਯ ਵਿਚ ਰੱਬ ਜਾਣੇ ਕੀਹ-ਕੀਹ ਭੇਤ ਦਿੱਸੇ; ਢੇਰ ਚਿਰ ਅੱਖੀਆਂ ਮੀਟੀ ਲਾਸ਼ ਦੇ ਸਿਰਹਾਣੇ ਬੈਠੀ ਰਹੀ । ਇਕ ਅੱਥਰ ਡਿੱਗੀ, ਤੇ ਬਿਨਾ ਇਕ ਅੱਖਰ ਬੋਲੇ ਉੱਠ ਕੇ ਟੁਰ ਪਈ ।

ਦੇਵੀ ਹੁਣ ਵੱਡੇ ਭਰਾ ਦੀ ਤਲਾਸ਼ ਕਰਨ ਲੱਗੀ, ਪਰ ਤਲਾਸ਼ ਕਰਨ ਦੀ ਲੋੜ ਹੀ ਨਾ ਪਈ। ਉਸ ਨੂੰ ਹਰ ਕੋਈ ਜਾਣਦਾ ਸੀ । ਇਕ ਨੂੰ ਪੁਛਦੀ ਤਾਂ ਵੀਹ ਹੋਰ ਨਾਲ ਹੋਕੇ ਘਰ ਪਹੁੰਚਾਣ ਤਕ ਟੁਰ ਪੈਂਦੇ ।

ਇਕ ਚਮਕਦੇ ਲਿਸ਼ਕਦੇ, ਸਜੇ-ਜੇ ਆਲੀਸ਼ਾਨ ਮਹੱਲ ਵਿਚ ਇਕ ਬਹੁਮੁੱਲੇ ਤਖ਼ਤ ਉਤੇ ਵੱਡਾ ਭਰਾ ਲੱਤ ਤੇ ਲੱਤ ਧਰੀ ਬੈਠਾ ਸੀ । ਮਹਿਫ਼ਲ ਗਰਮ ਸੀ ਤੇ ਕਈ ਅਕਲਾਂ ਦੇ ਕੋਟ ਉਸਦੇ ਮੂੰਹ ਵੰਨੀਂ ਝਾਕਦੇ ਬੈਠੇ ਸਨ । ਦੇਵੀ ਨੂੰ ਓਹ ਖਿੜਖਿੜਾ ਕੇ ਮਿਲਿਆ ਤੇ ਚੰਗਾ ਆਦਰ-ਭਾੱ ਕੀਤੋ ਸੂ ।

ਦੇਵੀ ਨੇ ਉਹੋ ਸੁਆਲ ਉਸ ਨੂੰ ਪੁਛਿਆ : "ਕੀਹ ਤੂ ਧਨ ਦੌਲਤ ਦੇ ਵਟਾਂਦਰੇ ਵਿਚ ਅਕਲ ਤੇ ਦਾਨਿਸ਼ ਲੈਣੀ ਚਾਹਨਾ ਏਂ ?' ਉਸ ਨੇ ਇਕ ਗੁਸੈਲ ਤੇ ਭੱਦੀ ਆਵਾਜ਼ ਵਿਚ 'ਨਹੀਂ' ਆਖਿਆ ਤੇ ਦੇਵੀ ਵੱਲੋਂ ਮੂੰਹ ਭੰਵਾ ਬੈਠਾ।

ਦੇਵੀ ਹੱਸੀ ਤੇ ਛਣਨ-ਛਣਨ ਕਰਦੀ ਅਰਸ਼ਾਂ ਤੇ ਚੜ੍ਹ ਗਈ, ਤੇ ਉਤੋਂ ਆਵਾਜ਼ ਆਈ :—

... ... ... ਦੋਨੋਂ ਭਾਈ
ਪ੍ਰਭ ਕੀ ਕਲਾ ਨਾ ਮੋਟੀ ਜਾਈ ।

—ਮਾਰਚ 1930

ਬੇਨਤੀ-ਸ਼ੁਕਰ

ਵਾਹਿਗੁਰੂ ਦਾਤਾ ਹੈ ਮਨੁਖ ਮੰਗਤਾ ਹੈ, ਵਾਹਿਗੁਰੂ ਦਾ ਸੁਭਾ ਦੇਣਾ ਹੈ ਮਨੁਖ ਦਾ ਸੁਭਾ ਮੰਗਣਾ, ਲੈਣਾ—ਤੇ ਲੈਕੇ ਮੁੱਕਰ ਜਾਣਾ ਹੈ । ਵਾਹਿਗੁਰੂ ਦੇਂਦਾ ਹੀ ਦੇਂਦਾ ਹੈ ਮਨੁਖ ਲੈਂਦਾ-ਲੈਂਦਾ ਥਕ ਪੈਂਦਾ ਹੈ—"ਦੇਂਦਾ ਦੇਹਿ ਲੈਂਦੇ ਥਕ ਪਾਹਿ" । ਵਾਹਿਗੁਰੂ ਅਣ- ਮੰਗਿਆ ਦਾਨ ਦੇਂਵਦਾ ਹੈ—ਮਨੁਖ ਲੈ ਲੈ ਕੇ ਮੁੱਕਰ ਪੈਂਦਾ ਹੈ—"ਕੇਤੇ ਲੈ ਲੈ ਮੁਕ ਪਾਹਿ।”

ਦਾਨੀ ਵਾਹਿਗੁਰੂ ਬੇ-ਚਾਹ, ਬੇ-ਲੋੜ, ਤੇ ਬੇ-ਪ੍ਰਵਾਹ ਹੈ, ਮੰਗਤਾ ਮਨੁਖ ਆਪਣੇ ਸਦਾ ਰੱਜੇ ਦਾਤੇ ਨੂੰ ਕੀਹ ਦੇ ਸਕਦਾ ਹੈ ? ਕੁਝ ਨਹੀਂ, ਉਸਦੀਆਂ ਬੇ-ਅੰਦਾਜ਼ ਬਖਸ਼ਸ਼ਾਂ ! ਉਸਦੀਆਂ ਅਣਮੋਲ ਦਾਤਾਂ ਦੇ ਬਦਲੇ ਵਿਚ ਮਨੁਖ ਸਿਰਫ਼ ਇਕ ਚੀਜ਼ ਦੇ ਸਕਦਾ ਹੈ ਤੇ ਸਿਰਫ ਉਸ ਇਕ ਚੀਜ਼ ਦੀ ਹੀ ਦਾਤੇ ਦੇ ਦਰ ਤਕ ਪਹੁੰਚ ਹੈ—ਓਹ ਹੈ ‘ਸ਼ੁਕਰ' । ਦਿਲੋਂ ਨਿਕਲਿਆ ਸ਼ੁਕਰਾਨਾ ਦਾਤੇ ਦੇ ਦਰ ਤਕ ਅਪੜਦਾ ਹੈ ਤੇ ਦਾਤੇ ਦੇ ਦਰਾਂ ਹੋਰ ਬਰਕਤਾਂ ਹੋਰ ਦਾਤਾਂ ਲਿਆਂਦਾ ਹੈ । ਸ਼ੁਕਰ ਕਰਨਾ ਮਨੁੱਖ ਦਾ ਧਰਮ ਹੈ, ਸ਼ੁਕਰ ਵਿਚ ਰਹਿਣਾਂ ਮਨੁੱਖ ਦਾ ਆਦਰਸ਼ ਹੈ, ਸ਼ੁਕਰ ਹੀਨ ਮਨੁੱਖ ਪਸ਼ੂ ਤੋਂ ਕਿਤੇ ਨੀਵਾਂ ਹੈ—ਸ਼ੁਕਰ ਸਹਿਤ ਮਨੁਖ ਦੇਵਤਾ ਹੈ।

ਮਨੁਖ ਕਮਜ਼ੋਰ ਹੈ, ਊਣਾ ਹੈ, ਹੀਣਾ ਹੈ; ਭਾਵੇਂ ਟਾਹਰਾਂ ਤਾ ਬੜੀਆਂ ਮਾਰਦਾ ਏ, ਪਰ ਬਸਾਤ ਕਿਛ ਨਹੀਂ। ਸੰਸਾਰ-ਸਾਗਰ ਦੀਆਂ ਛੱਲਾਂ ਤੇ ਥਪੇੜਿਆਂ ਨੂੰ ਸਹਾਰਨ ਦੀ ਤਾਕਤ ਇਸ ਵਿਚ ਨਹੀਂ। ਜਦੋਂ ਮਨੁੱਖ ਦੁਖਾਂ ਦੇ ਝਖੜ ਤੇ ਗਮਾਂ ਦੇ ਵਾ ਵਰੋਲਿਆਂ ਵਿਚ ਫਸਦਾ ਹੈ ਤਦ ਆਪਣੇ ਨਤਾਣਪੁਣੇ ਨੂੰ ਮਹਸੂਸ ਕਰਦਾ ਏ ਤੇ ਆਪਣੇ ਆਪ ਨੂੰ ਖੜਾ ਰਖਣ ਲਈ ਸਹਾਰੇ ਢੂੰਡਦਾ ਏ । ਜਦ ਦੁਨਿਆਵੀ ਸਹਾਰੇ ਆਸਰਾ ਨਹੀਂ ਦੇਂਦੇ ਤਾਂ ਨਿਰ-ਆਸਰਾ ਹੋਕੇ ਉਸ ਕਾਦਰ ਮੁਤਲਿਕ ਅਗੇ ਬਿਲਬਿਲਾਂਦਾ ਏ, ਗਿੜਗਿੜਾਂਦਾ ਏ। ਜਦ ਇਹ ਬਿਲਬਿਲਾਹਟ ਨਿਰਮਲ ਹੋਂਦੀ ਏ, ਤਦ ਬੇਨਤੀ ਦਾ ਰੂਪ ਧਾਰ ਕੇ ਸਰਬ ਸ਼ਕਤੀਮਾਨ ਤਕ ਪਹੁੰਚਦੀ ਏ ।

ਉਸ ਸਰਬ ਸ਼ਕਤੀਮਾਨ ਰਹੀਮ ਦੀ ਰਹਮਤ ਜੋਸ਼ ਵਿਚ ਆਕੇ ਠੰਢ ਵਰਤਾਂਦੀ ਏ, ਤੇ ਡਿਗਦਾ ਢਹਿੰਦਾ ਮਨੁਖ ਉਸ ਠੰਢ ਦੇ ਆਸਰੇ ਫੇਰ ਸਾਵਧਾਨ ਹੋ ਜਾਂਦਾ ਏ, ਦੁਖਾਂ ਤੇ ਗ਼ਮਾਂ ਤੋਂ ਛੁਟਕਾਰਾ ਪਾਂਦਾ ਏ, ਛੁਟਕਾਰਾ ਮਿਲਣ ਕਰਕੇ ਸ਼ੁਕਰ ਕਰਦਾ ਏ, ਸਿਦਕ ਵਿਚ ਜਾਂਦਾ ਏ, ਸਿਦਕ ਹੋਣ ਕਰਕੇ ਫੇਰ ਬੇਨਤੀ ਕਰਦਾ ਏ, ਫੇਰ ਸ਼ੁਕਰ ਕਰਦਾ ਏ, ਇਓਂ ਬੇਨਤੀ ਤੇ ਸ਼ੁਕਰ ਦਾ ਇਕ ਸਿਲਸਿਲਾ ਬਝ ਜਾਂਦਾ ਏ, ਜਿਸ ਵਿਚ ਮਨੁਖ ਸੁਖੀ ਤੇ ਸੁਹੇਲਾ ਹੋ ਜਾਂਦਾ ਏ ।

ਮਨੁਖ ਬਹੁਤ ਨੀਵਾਂ ਹੈ, ਵਾਹਿਗੁਰੂ ਅੱਤ ਉੱਚਾ ਏ, ਮਨੁਖ ਦੀ ਕੋਈ ਚੀਜ਼ ਸਿਵਾਏ ਬੇਨਤੀ ਤੇ ਸ਼ੁਕਰ ਦੇ ਵਾਹਿਗੁਰੂ ਤਕ ਪੁਜਦੀ ਨਹੀਂ । ਬੇਨਤੀ ਤੇ ਸ਼ੁਕਰ, ਮਨੁਖ ਤੇ ਵਾਹਿਗੁਰੂ ਵਿਚ ਪਏ ਪਾੜ ਤੇ ਇਕ ਪੁਲ ਬੰਨ੍ਹ ਦੇਂਦੇ ਨੇ, ਜਿਸ ਰਾਹੀਂ ਧਰਤੀ ਦਾ ਮਨੁੱਖ ਅਰਸ਼ਾਂ ਦੇ ਸਾਂਈਂ ਦੇ ਚਰਨਾਂ ਵਿਚ ਪੁੱਜ ਜਾਂਦਾ ਏ ।

—ਜੁਲਾਈ 1930

ਨੀਂਦ-ਜਾਗ-ਜੀਆਦਾਨ

ਮੈਂ ਪੱਥਰ ਸਾਂ—ਨਿਰਜੀਵ, ਮੁਰਦਾ, ਅਹਿਸਾਸ-ਰਹਿਤ, ਹਿਲਜੁਲ-ਰਹਿਤ, ਗਰਦਸ਼-ਰਹਿਤ, ਸ਼ਾਂਤ, ਇਕ-ਰਸ ।

ਕੜਾਕੇ ਦੀਆਂ ਧੁੱਪਾਂ, ਕਹਿਰ ਦੇ ਕੱਕਰ, ਹਨੇਰ ਦੀਆਂ ਹਨੇਰੀਆਂ, ਮੋਹਲੇਧਾਰ ਮੀਂਹ— ਇਹ ਸਭ ਆਉਂਦੇ ਸਨ ਤੇ ਲੰਘ ਜਾਂਦੇ ਸਨ। ਮੈਂ ਅਹਿੱਲ, ਅਡੋਲ, ਅਚੱਲ, ਸਦਾ ਵਾਂਗ, ਸਦਾ ਲਈ, ਇਕ ਟਿਕਾਣੇ ਇਕ-ਰਸ ਖੜੋਤਾ ਸਾਂ। ਦੁਖ-ਸੁਖ, ਖੁਸ਼ੀ- ਗ਼ਮੀ, ਰੋਗ-ਸੋਗ, ਊਸ਼ਨ-ਸੀਤ, ਮੇਰੇ ਲਈ ਸਭ ਅਣ-ਹੋਈਆਂ ਚੀਜ਼ਾਂ ਸਨ। ਮੈਂ ਨਾ ਖ਼ੁਸ਼ੀ ਦੀ ਗਰਮਾਈ ਨਾਲ ਫੈਲਦਾ ਸਾਂ, ਨਾ ਦੁਖਾਂ ਦੀ ਠੰਡ ਨਾਲ ਸੁੰਗੜਦਾ ਸਾਂ, ਮੈਂ ਹਿਸ-ਹੀਣ ਯੋਗੀ ਸਾਂ—ਯੋਗੀ ਮੇਰੀ ਸਹਿਜ ਅਵਸਥਾ ਨੂੰ ਤਰਸਦੇ ਸਨ।

ਸਾਰੀ ਦੁਨੀਆਂ ਮੇਰੇ ਕੋਲੋਂ ਦੀ ਲੰਘਦੀ ਜਾਂਦੀ ਸੀ—ਨਾ ਮੈਂ ਕਿਸੇ ਨੂੰ ਖਿੱਚਦਾ ਸਾਂ, ਨਾ ਕੋਈ ਮੇਰੀ ਵਲ ਖਿਚੀਂਦਾ ਸੀ ।

ਇਕ ਦਿਨ ‘ਉਹ' ਇਸੇ ਰਾਹੇ ਮੇਰੇ ਕੋਲ ਦੀ ਲੰਘਿਆ--ਅਟਕਿਆ, ਖਲੋਤਾ। ਤ੍ਰਿਕੁਟ ਤੇ ਇਕ ਨਿੱਕਾ ਜਿਹਾ ਬੇਮਲੂਮਾ ਵੱਟ ਖਾਧੇ ਸੂ, ਤਰਸ ਪਿਆ । ਮਿਹਰਾਮਤ ਹੋਈ, ਮੁਸਕਰਾਇਆ, ਤੇ ਆਪਣੇ ਪੈਰ ਦੀ ਇਕ ਪੋਪਲੀ ਜਿਹੀ ਠੋਕਰ ਨਾਲ ਠੁਕਰਾਇਓ ਸੂ- ਉਠ ਜਾਗ !

ਪਤਾ ਨਹੀਂ ਕੀਹ ਹੋਇਆ—ਕੁਝ ‘ਥੱਰਰਾ' ਲਰਜ਼ਾ ਮੇਰੇ ਵਿੱਚ ਦੀ ਲੰਘ ਗਿਆ । ਲੰਘ ਨ ਗਿਆ ਅਟਕ ਗਿਆ, ਇੱਕ ਝਰਨਾਟ ਮੇਰੇ ਅੰਦਰ ਛਿੜ ਪਈ, ਇੱਕ ਰੌ ਮੇਰੇ ਲੂਆਂ ਵਿਚ ਦੀ ਫਿਰ ਗਈ ।

ਮੈਂ ਜੀਉ ਉਠਿਆ-ਮੈਂ ਜਾਗ ਉਠਿਆ ! ਇਸ ਤੋਂ ਪਹਿਲਾਂ ਕਿ ਮੈਂ ਉਸਦੇ ਚਰਨ ਚੁੰਮਦਾ ਉਹ ਅਲੋਪ ਹੋ ਚੁੱਕਾ ਸੀ ।

* * * *** ***

ਤਦੋਕਨਾਂ ਮੈਂ ਜੀਉਂਦਾ ਹਾਂ। ਮੈਂ ਜਾਗਦਾ ਹਾਂ, ਮੈਂ ਮਹਿਸੂਸ ਕਰਦਾ ਹਾਂ, ਸੁੰਗੜਦਾ ਹਾਂ, ਸਿਮਰਦਾ ਹਾਂ, ਖਿਲਰਦਾ ਹਾਂ—ਪਰ ਉਫ ! ਇਹ ਜਿੰਦਗੀ । ਦੁੱਖਾਂ ਦੇ ਤਮਾਂਚੇ, ਜ਼ਮਾਨੇ ਦੇ ਧੱਪੇ ਚਕਰੀ ਭਵਾਈ ਰੱਖਦੇ ਹਨ । ਖੁਸ਼ੀ ਨਾਲ ਮੌਲਦਾ ਹਾਂ, ਗਮੀ ਨਾਲ ਮੁਰਝਾਂਦਾ ਹਾਂ, ਠੰਡ ਨਾਲ ਠਰਦਾ ਹਾਂ, ਗਰਮੀ ਨਾਲ ਅਕੁਲਾਂਦਾ ਹਾਂ ਸਾਰੇ ਜ਼ਮਾਨੇ ਦੇ ਹਾਲਾਤ ਮੇਰੇ ਤੇ ਅਸਰ ਕਰਦੇ ਹਨ— ਵਾ ਵਗਦੀ ਏ ਤਾਂ ਮੈਂ ਹਿਲਦਾ ਹਾਂ, ਹਨੇਰੀ ਵਗਦੀ ਏ ਤਾਂ ਮੈਂ ਢਹਿੰਦਾ ਹਾਂ !

ਕੀਹ ਹੁਣ ਮੈਂ 'ਪੱਥਰ ਅਵਸਥਾ' ਨਾਲੋਂ ਸ਼ੂਨਯ-ਦਸ਼ਾ ਨਾਲੋਂ, ਹਿਸ-ਹੀਣ ਹਾਲਤ ਨਾਲੋਂ ਸੁਖੀ ਹਾਂ ? ਸੁਖੀ ਨਹੀਂ, ਨਿਸ਼ਚੇ ਹੀ ਦੁਖੀ ਹਾਂ—ਏਨਾਂ ਕਿ ਕਦੀ-ਕਦੀ ਚਿੱਤ ਉਸ ਇੱਕ-ਰਸ ਅਗਿਆਨ ਅਵਸਥਾ ਨੂੰ ਲੋਚਦਾ ਹੈ ; ਪਰ ਤਦ ਭੀ ਮੈਂ ਉਸ ਪਹਿਲੀ ਅਵਸਥਾ ਵਿੱਚ ਮੁੜ ਜਾਣ ਲਈ ਤਿਆਰ ਨਹੀਂ।

ਦੁੱਖਾਂ ਸੁਖਾਂ ਵਾਲੀ ਅਸ਼ਾਂਤ ਜ਼ਿੰਦਗੀ, ਸ਼ਾਂਤ-ਪੱਥਰਤਾ ਨਾਲੋਂ ਮੈਨੂੰ ਬਹੂੰ ਚੰਗੀ ਲਗਦੀ ਏ । ਜ਼ਿੰਦਗੀ ਦੀ ਕੁੜੱਤਣ ਨਿਰਜੀਵਤਾ ਦੀ ਫਿੱਕ ਨਾਲੋਂ ਕਿਤੇ ਸੁਆਦਲੀ ਏ । ਚਸਕਾਂ ਭਰੀ ਹੋਂਦ, ਪੀੜਾ-ਰਹਿਤ ਅਣਹੋਂਦ ਨਾਲੋਂੱ ਕਿਤੇ ਸੁਆਦਲੀ ਏ । ਦੁੱਖਾਂ ਵਲ੍ਹੇਟੀ ਚੇਤਨਤਾ, ਅਹਿਸਾਸ-ਰਹਿਤ ਜੜ੍ਹਤਾ ਨਾਲੋਂ ਢੇਰ ਮਿੱਠੀ ਹੈ !

ਮੈਂ ਹੁਣ ਜਿਉਂਦਾ ਹਾਂ—ਜੀਵਨ ਦੀਆਂ ਸਾਰੀਆਂ ਕਮਜ਼ੋਰੀਆ, ਅਣਗਿਣਤ ਊਣਤਾਈਆਂ ਸਮੇਤ ਜੀਵਨ ਦਾ ਅਹਿਸਾਸ, ਜ਼ਿੰਦਗੀ ਦੀ ਪਰਤੀਤੀ—ਮੇਰੇ ਲਈ ਬਸ ਕਾਫੀ ਹੈ ।

ਮੇਰੇ ਅੰਦਰ ਮੂਰਛਿਤ ਪਈ ਜਿੰਦ ਨੂੰ ਠੋਕਰ ਮਾਰ ਜਗਾਣ ਵਾਲੇ ! ਇਕ ਮੈਂ ਜਿੰਦ-ਰਹਿਤ ਮਿੱਟੀ ਵਿੱਚ ਜਿੰਦ ਪਾਣ ਵਾਲੇ ! ਮੈਂ ਤੇਰੇ ਤੋਂ ਸਾਰੀ ਦੀ ਸਾਰੀ ਸਦਕੇ ਹਾਂ । ਅਹਿਸਾਸ-ਰਹਿਤ ਸ਼ਾਂਤੀ, ਪੀੜ-ਰਹਿਤ ਪੱਥਰਤਾ, ਪਰਤੀਤੀ-ਰਹਿਤ ਜੜ੍ਹਤਾ, ਹਰਕਤ-ਹੀਣ ਹੋਂਦ ਤੂੰ ਲੈ ਲਈ ਏ ਤੇ ਅਸ਼ਾਂਤੀ-ਪੂਰਨ ਅਹਿਸਾਸ, ਹਰਦਮ-ਹਿਲਦੀ ਜਿੰਦਗੀ ਦੀ ਪਰਤੀਤੀ ਦੇ ਦਿੱਤੀ ਹੈ ! ਤੂੰ ਕੈਸਾ ਸ਼ਾਹ-ਵਣਜਾਰਾ ਹੈ !

ਹੁਣ ਬਸ ਜ਼ਿੰਦਗੀ ਹੈ——ਸਦਾ ਵੱਜਦੀ ਵੀਣਾ, ਸਦਾ ਹਿਲਦੀ ਤਾਰ, ਸਦਾ ਵਹਿੰਦੀ ਕੂਲ੍ਹ, ਸਦਾ ਮਹਿਕਦੀ ਸੁਗੰਧੀ, ਸਦਾ ਸਿੰਮਦਾ ਸੋਮਾ, ਉਮਲਦਾ ਉਛਲਦਾ ਸਾਗਰ, ਥਰਕਦੀ ਫਰਕਦੀ ਅਮੁਲ ਮੰਜ਼ਲ ! ਮੈਂ ਹੁਣ ਛਿਨ ਛਿਨ ਬਦਲਦਾ ਹਾਂ, ਕਿਉਂਕਿ ਜੀਂਦਾ ਹਾਂ-- ਖੜੋਣਾ ਮੌਤ ਹੈ, ਖਲੋਤਾ ਪਾਣੀ ਤ੍ਰੱਕਦਾ ਹੈ !

ਆਖਦੇ ਨੇ ਇਸ ਥੋਂ ਅੱਗੇ ਇਕ ਹੋਰ ਜੀਵਨ ਹੈ—ਪੂਰਣ ਜੀਵਨ ਹੈ, ਜਿੱਥੇ ਜੀਵਨ ਪੂਰਾ ਹੁੰਦਾ ਹੈ, ਮੁਕਦਾ ਹੈ, ਮੰਜ਼ਲ ਮੁਕਦੀ ਹੈ, ਪੰਧ ਪੁੱਗਦਾ ਹੈ—ਪੂਰਨ ਪਦ, ਸਹਿਜ ਅਵਸਥਾ ! ਹੈ ??

—ਮਈ 1934

ਮਾਂ-ਪਿਆਰ

ਰੱਬ ਪਿਆਰ ਹੈ—ਪਿਆਰ ਰੱਬ ਹੈ, ਚੋਰ, ਯਾਰ, ਕੂੜਿਆਰ, ਗੁਨਾਹਗਾਰ, ਵੇਕਾਰ— ਸਭ ਰੱਬ ਦੇ ਪਿਆਰ-ਦਾਇਰੇ ਵਿੱਚ ਹਨ । ਰੱਬ ਦਾ ਇਹ ਪਿਆਰ–ਦਾਇਰਾ ਅਮਿਤ ਹੈ, ਬੇਹੱਦ । ਨੀਵੇਂ ਤੋਂ ਨੀਵਾਂ ਰੱਬ-ਪਿਆਰ ਤੋਂ ਨੀਵਾਂ ਨਹੀਂ । ਰੱਬ-ਪਿਆਰ ਸਰਬ ਲਈ ਏ--ਪਿਆਰਦਾ, ਠਾਰਦਾ, ਉਭਾਰਦਾ ਸਭ ਨੂੰ ।

ਇਸ ਦਿਸਦੇ ਵਸਦੇ ਸਾਡੇ ਸੰਸਾਰ ਵਿਚ ਮਾਂ-ਪਿਆਰ ਰੱਬ-ਪਿਆਰ ਦਾ ਪ੍ਰਤਿਨਿਧ ਹੈ । ਮਾਂ-ਪਿਆਰ ਨੂੰ ਕਾਣਾ, ਕੋਝਾ, ਕੁਕਰਮੀ, ਕੁਸੱਤੀ, ਕੁਰਾਹੀ ਬਾਲਕ ਉਤਨਾ ਹੀ ਪਿਆਰਾ ਹੈ ਜਿਤਨਾ ਸੁਨੱਖਾ, ਸੁੰਦਰ, ਸੁਕਰਮੀ, ਸਤਵਾਦੀ ਤੇ ਸੁਘੜ ਬਾਲਕ !

ਕੋਈ ਮੁੰਡਾ ਜਾਂ ਕੁੜੀ ਮਾਂ ਦੀਆਂ ਨਜ਼ਰਾਂ ਵਿਚ ਕਦੀ ਏਨਾ ਨਹੀਂ ਡਿੱਗਿਆ ਕਿ ਮਾਂ-ਪਿਆਰ ਦੀ ਹੱਦੋਂ ਪਰੇ ਹੋ ਜਾਵੇ । ਜਦ ਸਮਾਜ ਬੱਚੇ ਨੂੰ ਅਛੂਤ ਕਹਿ ਦੇਂਦੀ ਏ, ਕਾਨੂੰਨ ਕੂੜਿਆਰ, ਤੇ ਮਜ਼ਬ ਗੁਨਾਹਗਾਰ ਆਖ ਦਿੰਦਾ ਏ; ਜਦ ਬੱਚੇ ਦਾ ਠਿਕਾਣਾ ਜੇਲ੍ਹ ਦੀ ਸੀਖਾਂਦਾਰ ਕੋਠੜੀ ਤੇ ਬ੍ਰਹਮਣ ਦੇ ਕਲਪਤ ਨਰਕ ਤੋਂ ਬਿਨਾਂ ਹੋਰ ਕੋਈ ਨਹੀਂ ਰਹਿੰਦਾ; ਜਦ ਬੱਚੇ ਦੇ ਸਭ ਯਾਰ, ਦੋਸਤ, ਸਾਥੀ, ਦਾਹਵੇ-ਦਾਰ ਪੱਤ੍ਰਾ ਵਾਚ ਜਾਂਦੇ ਨੇ; ਜਦ ਜਹਾਨ ਵਿੱਚੋਂ ਹਮਦਰਦੀ ਤੇ ਰਹਿਮ ਬੱਚੇ ਲਈ ਮਫ਼ਕੂਦ ਹੋ ਜਾਂਦੇ ਨੇ; ਜਦ ਦੁਨੀਆਂ ਬੱਚੇ ਨੂੰ ਗਿਆ ਗੁਆਤਾ ਸਮਝ ਕੇ ਭੁੱਲ ਚੁੱਕਦੀ ਏ-ਤਦ ਮਾਂ-ਪਿਆਰ ਬੱਚੇ ਨੂੰ ਪਿਆਰਦਾ ਤੇ ਯਾਦ ਕਰਦਾ ਏ; ਤਦ ਮਾਂ-ਝੋਲੀ ਬੱਚੇ ਨੂੰ ਤਰਸਦੀ ਏ, ਮਾਂ-ਦੁਧ ਬੱਚੇ ਲਈ ਕੁਰਲਾਂਦਾ ਏ, ਮਾਂ ਲੈਂਦੀ ਏ ਪੁੱਤ ਦੀਆਂ ਬਲਾਵਾਂ, ਮਾਂ ਉਡੀਕਦੀ ਏ ਪੁੱਤ ਦੀ ਠੰਡੀ ਵਾ ਨੂੰ, ਮਾਂ ਜਾਵੰਦੀ ਏ ਸਦਕੇ ਪੁੱਤ ਥੋਂ ਪਿਆਰ ਵਿਚ ਤਦ ਮਾਂ-ਪੁੱਤ ਦੀ ਰੱਖਾਂ ਰੱਖਦੀ ਤੇ ਸ਼ਗਨ ਮਨਾਂਦੀ ਏ । ਮਾਂ ਅਪਣੇ ਪੁੱਤ ਨੂੰ ਮੌਤ-ਦਰ ਉਤੇ ਤੇ ਅਪਣੀ ਧੀ ਨੂੰ ਚਕਲੇ ਵਿਚ ਪਿਆਰ ਕਰਨ ਜਾਂਦੀ ਏ । ਬੱਚਾ ਕਦੀ ਭੀ ਏਨਾ ਭੁੱਲੜ ਨਹੀਂ ਹੁੰਦਾ ਕਿ ਮਾਂ ਦਾ ਵਿਸ਼ਾਲ ਪਿਆਰ ਉਸ ਨੂੰ ਭੁੱਲ ਸਕੇ। ਮਾਂ-ਪਿਆਰ ਇਤਨਾ ਵਸੀਹ, ਖੁਲ੍ਹਾ ਸਮੁੰਦ੍ਰ ਜਿੱਡਾ ਕੁੱਲ ਆਲਮ ਮਾਂ-ਪਿਆਰ ਵਿਚ ਸਮਾਂ ਜਾਂਦਾ !

ਮਾਂ-ਪਿਆਰ ਦਾ ਆਸਰਾ ਰੱਬ-ਪਿਆਰ !
ਮਾਂ-ਪਿਆਰ ਸਦਾ ਜੁਆਨ, ਬੁੱਢਾ ਕਦੇ ਨਹੀਂ,
ਮਾਂ-ਬੱਚਾ ਸਦਾ ਇਆਣਾ, ਸਿਆਣਾ ਕਦੇ ਨਹੀਂ
ਮਾਂ-ਪਿਆਰ ਆਵੇ, ਵੱਸੇ ਸਾਡੇ ਵਿੱਚ ਕਦੀ !

-ਮਾਰਚ 1935

ਸੇਵਾ

ਸਿੱਖੀ ਦੀ ਬੁਨਿਆਦ ਸੇਵਾ ਹੈ; ਪਰ ਸੇਵਾ ਹੈ ਕੀ ?

ਹਾਂ, ਸੇਵਾ ? ਸੇਵਾ ਕੀ ਹੈ ? ਮੈਂ ਅਪਣੀ ਗਾਂ ਦੀ ਸੇਵਾ ਕਰਦਾ ਹਾਂ, ਰਾਜਾ ਅਪਣੀ ਰਿਆਇਆ ਦੀ; ਮਾਲਿਕ ਗੁਲਾਮਾਂ ਦੀ ਹਿਫ਼ਾਜ਼ਤ ਕਰਦਾ ਹੈ, ਆਜੜੀ ਅੱਜੜ ਦੀ ਰਾਖੀ; ਸਿਪਾਹੀ ਮੁਲਕ ਦੀ ਖ਼ਿਦਮਤ ਕਰਦਾ ਏ, ਝਟਕਈ ਮਾਸ ਖਾਣੇ ਖ਼ਾਲਸੇ ਦੀ; ਕੌਂਸਲ ਦਾ ਮੈਂਬਰ ਅਪਣੇ ਚੋਣਿਆਂ ਦੀ ਸੇਵਾ ਕਰਦਾ ਏ, ਦੁਕਾਨਦਾਰ ਗਾਹਕਾਂ ਦੀ; ਲੀਡਰ ਪਿਛਲੱਗਾਂ ਦੀ ਸੇਵਾ ਕਰਦਾ ਏ ਤੇ ਧਰਮ ਦਾ ਪ੍ਰਚਾਰਕ ਅਪਣੇ ਖ਼ੁਦਾ ਦੀ, ਨਾਲੇ ਖ਼ੁਦਾ ਦੀ ਖ਼ਲਕਤ ਦੀ ।

ਸੱਚਮੁਚ, ਕੀ ਮੈਂ ਅਪਣੀ ਗਾਂ ਦੀ ਸੇਵਾ ਅਪਣੇ ਢਿੱਡ ਦੇ ਦੁੱਧ ਦੀ ਖਾਤਰ ਤਾਂ ਨਹੀਂ ਕਰਦਾ ? ਕੀ ਸਿਪਾਹੀ ਤੇ ਕਸਾਈ ਸੇਵਾ ਦੇ ਓਹਲੇ ਪੇਟ ਦੀ ਪੂਜਾ ਤਾਂ ਨਹੀਂ ਕਰਦੇ ? ਕੀ ਰਾਜਾ ਰਈਅਤ ਦੀ ਥਾਵੇਂ ਅਪਣੇ ਖਜ਼ਾਨਿਆਂ ਦੀ ਸੇਵਾ ਤਾਂ ਨਹੀਂ ਕਰਦਾ? ਕੀ ਕੌਂਸਲ ਦਾ ਮੈਂਬਰ ਅਪਣੇ ਨਾਮਣੇ, ਤੇ ਦੁਕਾਨਦਾਰ ਅਪਣੇ ਗੁਜ਼ਾਰੇ ਦੀ ਚੱਟੀ ਤਾਂ ਨਹੀਂ ਭਰਦੇ ? ਕੀ ਧਰਮ ਦਾ ਪ੍ਰਚਾਰਕ ਅਪਣੇ ਨਿੱਜੀ ਨਿਸ਼ਚੇ ਤੇ ਅਪਣੇ ਤੰਗ ਧਰਮ ਦੇ ਵਡੱਪਣ ਦੀ ਸੇਵਾ ਤਾਂ ਨਹੀਂ ਕਰਦਾ ? ਤੇ ਮੁਲਕੀ ਲੀਡਰ ਅਪਣੀ ਹਉਮੈਂ ਨੂੰ ਤਾਂ ਪੱਠੇ ਨਹੀਂ ਪਾ ਰਿਹਾ ?

ਫਿਰ ਸੇਵਾ ਕੀ ਹੈ ? ਚੰਗੀ ਸੇਵਾ ਕੀ, ਮੰਦੀ ਸੇਵਾ ਕੀ ਹੈ ? ਸੇਵਾ ਕੀ ਹੈ, ਜ਼ੁਲਮ ਕੀ ਹੈ ? ਬੱਕਰੇ ਵੱਢਣ ਵਾਲਾ ਕਸਾਈ ਵੀ ਸੇਵਕ, ਬੰਦੇ ਮਾਰਣ ਵਾਲਾ ਸਿਪਾਹੀ ਵੀ ਸੇਵਕ, ਅਪਣੇ ਤੰਗ ਨਿਸ਼ਚੇ ਦੇ ਵਹਿਮ ਫੈਲਾਣ ਵਾਲਾ ਅੰਨ੍ਹਾ ਉਪਦੇਸ਼ਕ ਵੀ ਸੇਵਕ, ਕਿਸੇ ਅਗਲੇ ਸੁਰਗ ਵਿੱਚ ਵਧੇਰੀ ਸੇਵਾ ਕਰਾਉਣ ਦੀ ਹਿਰਸ ਤੇ ਪੱਖੇ ਫੇਰਨ, ਪਾਣੀ ਦੀ ਢੋਣ ਤੇ ਭਾਂਡੇ ਮਾਂਜਣ ਵਾਲਾ ਬਿਉਪਾਰੀ ਵੀ ਸੇਵਕ !

ਕਦੀ ਕਿਸੇ ਗੁਲਾਬ ਦੇ ਫੁੱਲ ਨੂੰ ਪੁੱਛਿਆ ਹੈ, "ਤੂੰ ਕੀ ਤੇ ਕਿਸਦੀ ਸੇਵਾ ਕਰਦਾ ਹੈਂ ਤੇ ਕਿਉਂ" ? ਕਦੀ ਕਿਸੇ ਨੂੰ ਗੁਲਾਬ ਦੇ ਫੁੱਲ ਨੇ ਦੱਸਿਆ ਹੈ ਕਿ ਮੈਂ ਅਮੁਕੇ ਦੀ ਅਮੁਕੀ ਸੇਵਾ ਕਰਦਾ ਹਾਂ, ਅਮੁਕੇ ਕਾਰਨ ? ਕੀ ਗੁਲਾਬ ਦਾ ਖਿੜਿਆ ਫੁੱਲ ਕਿਸੇ ਦੀ ਕੋਈ ਸੇਵਾ ਨਹੀਂ ਕਰਦਾ ?

ਗੁਲਾਬ ਦਾ ਫੁੱਲ ਹੈ ਸੁੰਦਰ, ਸੁਗੰਧਤ ਤੇ ਖੇੜੇ ਵਾਲਾ। ਜੋ ਇਸ ਦੇ ਨੇੜੇ ਆਉਂਦਾ ਹੈ ਬਿਨਾਂ ਵਿਤਕਰੇ ਇਹ ਵੱਡਾ ਸੇਵਾਦਾਰ ਅਪਣੀ ਖੁਸ਼ਬੂ, ਖੇੜਾ ਤੇ ਹੁਸਨ ਵੰਡਦਾ ਹੈ । ਪਰ ਇਹ ਫੁੱਲ ਕੀ ਸੱਚੀਂ ਮੁੱਚੀਂ ਸੇਵਾ ਕਰਦਾ ਏ ? ਖ਼ਸ਼ਬੂ ਤੇ ਖੇੜਾ ਅਪਣੀ ਖ਼ੁਸ਼ੀ ਨਾਲ, ਅਪਣੀ ਮਰਜ਼ੀ ਨਾਲ ਲੁਟਾਂਦਾ ਹੈ ? ਭਲਾ ਆਖੋ ਸੂ ਨਾ ਵੰਡੇ; ਆਖੋ ਸੂ ਅਧਿਕਾਰੀ ਨੂੰ ਖੁਸ਼ਬੂ ਦੇਵੇ, ਅਨ-ਅਧਿਕਾਰੀ ਨੂੰ ਨਾ ਦੇਵੇ ! ਕੀ ਇਹ ਖੇੜਾ, ਖੁਸ਼ਬੂ ਤੇ ਸੁਣ੍ਹੱਪ ਖਿੰਡਾਉਣੋਂ ਰੁਕ ਸਕਦਾ ਹੈ ? ਬੱਸ ਤਦ ਇਹ ਸਾਡੀ ਤੁਹਾਡੀ ਮਿਥੀ ਸੇਵਾ ਨਹੀਂ ਕਰਦਾ, ਇਹ ਸੇਵਾ ਉੱਕਾ ਨਹੀਂ ਕਰਦਾ—ਇਹ ਤਾਂ ਸਿਰਫ਼ ਹੈ, ਅਪਣੇ ਖੇੜੇ, ਖ਼ੁਸ਼ਬੂ, ਸੁਣ੍ਹਪ ਤੇ ਹੋਂਦ ਤੋਂ ਭੀ ਅਗਿਆਤ । ਸੇਵਾ ਕਰਨੀ ਤੇ ਸੇਵਾ ਕਰਾਉਣੀ ਇੱਕ ਨਿਰਾ ਭੁਲੇਖਾ ਹੈ, ਇੱਕ ਭੂਤ ਦਾਇਰਾ ! ਇਹ ਫੁੱਲ ਕਿਸੇ ਦੀ ਸੇਵਾ ਨਹੀਂ ਕਰਦਾ, ਇਹ ਤਾਂ ਬੱਸ ‘ਹੈ’, ਜਦ ਤੱਕ ਹੈ। ਇਸ ਦਾ ਹੋਣਾ ਬਸ ਸੇਵਾ ਹੈ, ਇਸ ਦਾ ਸ੍ਵਭਾਵ ਬੱਸ ਵੰਡਣਾ ਹੈ ।

ਸੇਵਕ ਉਹ ਜੋ ਸੇਵਾ ਨਹੀਂ ਕਰਦਾ ਪਰ ਉਸ ਤੋਂ ਜੋ ਕੁਝ ਹੁੰਦਾ ਹੈ ਬੱਸ ਸੇਵਾ ਹੈ । ਉਹ ਰਹਿ ਨਹੀਂ ਸਕਦਾ, ਰੁਕ ਨਹੀਂ ਸਕਦਾ, ਬੇ-ਬਸ ਸਹਿਜੇ ਹੀ ਉਸ ਤੋਂ ਸੇਵਾ ਹੁੰਦੀ ਏ । ਉਹ ਸੇਵਾ ਕਰਦਾ ਨਹੀਂ, ਉਸ ਤੋਂ ਸੇਵਾ ਪਈ ਹੁੰਦੀ ਏ । ਉਸਦੀ ਹੋਂਦ ਅਣਹੋਂਦ ਹੋਂਦ- ਬੱਸ ਸੇਵਾ ਹੈ ............ਤੇ ਹੋਰ ਸੇਵਾ ਦੇ ਦਾਹਵੇਦਾਰ ਕੀ ਹਨ ? ਵਿਹਾਰੀ; ਸਮਝਾਂ ਵਾਲੇ, ਗਿਆਨਾਂ ਵਾਲੇ ਵਿਹਾਰੀ-

ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਵਿਉਹਾਰੀ ।

ਅਪ੍ਰੈਲ 1935

ਸੁਧਾਰ

ਸੁਧਾਰ ? ਕਾਹਦਾ ? ਮੌਜੂਦਾ ਸਮਾਜਕ ਰਿਵਾਜਾਂ, ਰਸਮਾਂ, ਰੀਤਾਂ ਦਾ, ਮੌਜੂਦਾ ਧਾਰਮਿਕ ਖ਼ਰਾਬੀਆਂ, ਕਮਜ਼ੋਰੀਆਂ, ਵਿਖਾਵਿਆਂ, ਗੁਰਡੰਮਾਂ ਦਾ; ਮੌਜੂਦਾ ਮੁਲਕੀ ਗੁੰਝਲਾਂ ਬੰਧਨਾਂ, ਰੁੱਸਿਆਂ, ਰੱਸੀਆਂ ਦਾ।

ਸੁਧਾਰ ਦਾ ਮਤਲਬ ਕੀਹ ? ਕਿ ਰੱਸੇ ਰਤਾ ਕੁ ਢਿੱਲੇ ਹੋ ਜਾਣ, ਮੁੰਞ ਦੀ ਥਾਂ ਪਸ਼ਮ ਦੇ ਹੋ ਜਾਣ; ਵਿਖਾਵਿਆਂ ਉੱਤੇ ਐਸੀ ਪੋਚਾ ਪਾਚੀ ਅਕਲ ਦੀ ਹੋਵੇ ਕਿ ਉਹ ਵਿਖਾਵੇ ਹੁੰਦੇ ਹੋਏ ਭੀ ਅਸਲ ਦਿੱਸਣ ; ਰਸਮਾਂ ਤੇ ਰਿਵਾਜਾਂ ਦੇ ਜ ੁਲੇ ਰਤਾ ਕੁ ਹੌਲੇ ਹੋ ਜਾਣ; ਅੱਜ ਉਹ ਬਹੁਤ ਭਾਰੇ ਹਨ; ਚੁੱਕਨ ਦੀ ਹਿਮੰਤ ਨਹੀਂ ਰਹੀ—ਜਾਂ ਸ਼ਾਇਦ ਇਹ ਰਿਵਾਜ ਪੁਰਾਣੇ ਬੇਸੁਆਦ ਹੋ ਗਏ ਹਨ, ਇਹਨਾਂ ਦੀ ਥਾਂ ਵੀਹਵੀਂ ਸਦੀ ਦੀਆਂ ਨਵੀਆਂ ਰਸਮਾਂ ਤੇ ਰੀਤਾਂ ਸੁਹਾਵਿਆਂ ਨਾਵਾਂ ਥੱਲੇ ਜਾਰੀ ਕੀਤੀਆਂ ਜਾਣ, ਜਿਵੇਂ ਸੇਹਰੇ ਦੀ ਥਾਂ ਕਲਗੀ, ਮੇਲ ਦੀ ਥਾਂ ਟੀ ਪਾਰਟੀ, ਬੱਸ ਇਹ ਹੀ ਸੁਧਾਰ ਹੈ ਨਾ ?

ਜੇ ਇਹ ਹੀ ਸੁਧਾਰ ਹੈ –ਤੇ ਮੈਂ ਸਮਝਨਾਂ ਸੁਧਾਰ ਤੋਂ ਮਤਲਬ ਏਦੂੰ ਵੱਧ ਕੁਝ ਨਹੀਂ—ਤਦ ਇਹ ਨਿਰੀ ਦਿਲ-ਲਗੀ ਹੈ, ਸ਼ੁਗਲ ਹੈ, ਖੇਡ ਹੈ; ਤੇ ਇਸ ਤੋਂ ਵੱਧ ਰੁਪੈ, ਮਿਹਨਤ ਤੇ ਵਕਤ ਦਾ ਬੇਲੋੜਾ ਹਰਜਾ, ਤੇ ਇਸ ਤੋਂ ਭੀ ਵੱਧ ਇਹ ਸੁਧਾਰਾਂ ਦੇ ਓਪਰੇ ਯਤਨ ਰਸਮਾਂ ਰਿਵਾਜਾਂ ਨੂੰ ਕਾਇਮ ਰਖਣ ਦੇ ਬੱਸ ਤਰਲੇ ਹਨ, ਤੇ ਅਸਲੀ ਜੜ੍ਹ ਕਾਰਨ ਨੂੰ ਉਹਲੇ ਕਰਦੇ ਹਨ ਤੇ ਇਸ ਤਰ੍ਹਾਂ ਦੁਖੀ ਲੋਕਾਂ ਨੂੰ ਆਪੂੰ ਸੋਚਨ ਤੇ ਅਮਲ ਕਰਨ ਤੋਂ ਅਵੇਸਲਾ ਕਰਦੇ ਹਨ, ਇਸ ਨੁਕਤੇ ਤੋਂ ਸੁਧਾਰ ਦੇ ਯਤਨ ਨਾ ਨਿਰੇ ਬਿਰਥਾ ਹਨ ਸਗੋਂ ਹਾਨੀਕਾਰਕ । ਸੁਧਾਰਕ ਤੇ ਸੁਧਰਨ ਵਾਲੇ ਜੇ ਏਸ ਨੁਕਤੇ ਨੂੰ ਸਮਝਣ ਦਾ ਯਤਨ ਕਰਨ ਤਾਂ ਚੰਗਾ ਹੈ ।

ਜਦ ਤੋਂ ਦੁਨੀਆਂ ਰਸਮਾਂ, ਰਿਵਾਜਾਂ ਤੇ ਧਰਮਾਂ ਵਿਚ ਪਈ ਹੈ, ਤਦ ਤੋਂ ਹੀ ਸੁਧਾਰਕ, ਅਵਤਾਰ ਤੇ ਪੈਗੰਬਰ ਔਂਦੇ ਰਹੇ ਹਨ; ਤੇ ਵੇਲੇ ਕੁਵੇਲੇ ਇਹਨਾਂ ਸਾਰਿਆਂ ਨੂੰ ਘੱਟ ਵੱਧ ਜ਼ਾਹਿਰਾ ਸਫਲਤਾ ਭੀ ਹੁੰਦੀ ਰਹੀ ਏ, ਪਰ ਨਵੇਂ ਆਏ ਓਸੇ ਰਟ ਵਿੱਚ ਪਏ ਰਹੇ ਤੇ ਜਨਤਾ ਲਈ ਹੋਰ ਨਵੇਂ ਰੱਸੇ ਵੱਟ ਲਏ, ਨਵੀਆਂ ਰਸਮਾਂ ਚੱਲੀਆਂ ਤੇ ਨਵੇਂ ਮਜ਼੍ਹਬ ਟੁਰੇ ਤੇ ਇਹ ਨਵੀਆਂ ਰਸਮਾਂ ਤੇ ਨਵੇਂ ਮਜ਼੍ਹਬ ਪਹਿਲਿਆਂ ਨਾਲੋਂ ਭੀ ਭੱਦੇ, ਭਾਰੇ ਗੁੰਝਲਦਾਰ ਤੇ ਲਹੂ ਨਚੋੜ ਸਾਬਤ ਹੋਏ, ਜਨਤਾ ਟੋਇਓਂ ਨਿਕਲ ਖੂਹੇ ਡਿੱਗੀ। ਦੂਰ ਪਿੱਛੇ ਤੱਕ ਨਜ਼ਰ ਮਾਰ ਕੇ ਦੇਖ ਲੌ, ਸੁਧਾਰ ਦਾ ਸਿੱਟਾ ਸਦਾ ਏਹੋ ਨਿਕਲਿਆ, ਕਾਰਨ ਇਹ ਕਿ ਸੁਧਾਰਕਾਂ ਤੇ ਪੈਗ਼ੰਬਰਾਂ ਨੇ ਲੋਕਾਂ ਨੂੰ ਆਪ ਸੋਚਨ ਤੇ ਅਮਲ ਕਰਨ ਦੀ ਥਾਂ ਬੱਸ ਪਿੱਛੇ ਲੱਗਣ ਦੀ ਜਾਚ ਸਿਖਾਈ।

ਅਗਲੀਆਂ ਰਟਾਂ ਵਿਚੋਂ ਕੱਢ ਕੇ ਨਵੀਆਂ ਲੀਹਾਂ ਵਿੱਚ ਟੋਰ ਲਿਆ, ਸਿੱਟਾ, ਉਹ ਨਵੇਂ ਬੰਧਨ ਨਵੇਂ ਪਿੰਜਰੇ, ਨਵੇਂ ਰੱਸੇ, ਨਵੀਆਂ ਕੈਦਾਂ ਤੇ ਨਵੇਂ ਦੁੱਖ ।

ਗੁਲਾਮਾਂ ਦੀ ਵਾਦੀ ਹੋ ਜਾਂਦੀ ਏ, ਕਿ ਨਵਾਂ ਪਿੰਜਰਾ, ਨਵੇਂ ਢੰਗ ਦਾ ਜਿਹਲ ਖ਼ਾਨਾਂ ਵੇਖ ਕੇ ਖ਼ੁਸ਼ ਹੋ ਜਾਂਦੇ ਹਨ, ਇਹੋ ਕਾਰਨ ਹੈ ਕਿ ਦੁਨੀਆਂ ਵਿਚ ਬੇਲੋੜੇ ਰਿਵਾਜ ਤੇ ਦੁਖਦਾਈ ਧਰਮ ਬੇ-ਅੰਤ ਟੁਰ ਪਏ । ਇੱਕ ਹੋਰ ਵੀ ਭੇਤ ਹੈ, ਹਰ ਦੁਖੀ ਬੰਦਾ ਹਰ ਫੋਕੇ ਹਮਦਰਦੀ ਤੇ ਹਰ ਸੁਖ ਦੇ ਦਾਹਵੇਦਾਰ ਨੂੰ ਆਪਣਾ ਮੁਕਤੀ ਦਾਤਾ ਹੀ ਸਮਝ ਲੈਂਦਾ ਏ ਤੇ ਇਸ ਲਈ ਹਰ ਨਵੇਂ ਪੈਗੰਬਰ ਪਿਛੇ ਬਿਨਾਂ ਸੋਚੇ ਹੀ ਟੁਰ ਪੈਂਦਾ ਏ, ਪਤਾ ਤਦੋਂ ਲਗਦਾ ਏ, ਜਦੋਂ ਪਹਿਲੇ ਨਾਲੋਂ ਭੀ ਵਧੇਰੇ ਪਰੇਸ਼ਾਨ ਤੇ ਦੁਖੀ ਹੋ ਬੈਠਦਾ ਏ, ਪਰ ਹੋਸ਼ ਤਦ ਭੀ ਨਹੀਂ ਪਰਤਦੀ, ਸਿਰਫ ਇਕ ਦਾਹਵੇਦਾਰ ਤੋਂ ਮਾਯੂਸ ਹੋ ਕੇ ਦੂਜੇ ਮੁਕਤਦਾਤਾ ਦੇ ਔਣ ਦੀ ਆਸ ਤੇ ਜਿਉਂਦਾ ਰਹਿੰਦਾ ਏ ।

ਸੁਭਾ ਐਸਾ ਪੱਕ ਗਿਆ ਏ ਕਿ ਜੇ ਪੀੜ ਹੋਵੇ ਤਾਂ ਉਸ ਦੇ ਦੂਰ ਕਰਨ ਲਈ ਤਰਲੇ ਲਈਦੇ ਹਨ, ਉਸ ਦਾ ਮੂਲ ਕਾਰਨ ਉਸ ਦੇ ਪੈਦਾ ਹੋਣ ਦੇ ਸਬੱਬ ਢੂੰਡਨ ਲਈ ਸੋਚ ਤੇ ਯਤਨ ਨਹੀਂ ਕਰੀਦਾ। ਅੱਜ ਸਾਰਾ ਜਹਾਨ ਰਸਮਾਂ ਰਿਵਾਜਾਂ, ਤੇ ਧਰਮਾਂ ਤੋਂ ਪੀੜਤ ਹੈ। ਲੋਕ ਚੀਖਦੇ ਚਿੱਲਾਂਦੇ ਨੇ, ਭਾਂਤ ਭਾਂਤ ਦੇ ਲੇਪ ਪੋਚੇ ਲਗਾਂਦੇ ਨੇ, ਪਰ ਕੋਈ ਇਹ ਵਿਚਾਰ ਨਹੀਂ ਕਰਦਾ ਕਿ ਆਖ਼ਰ ਇਸ ਪੀੜ ਦਾ ਕਾਰਨ ਇਹਨਾਂ ਧਰਮਾਂ ਤੇ ਰਵਾਜਾਂ ਦੀ ਹੋਂਦ ਹੀ ਤੇ ਨਹੀਂ ? ਜਿੰਨਾ ਚਿਰ ਕਾਰਨ ਨਾ ਲੱਭੋ ਦਰੁਸਤ ਇਲਾਜ ਕਿਵੇਂ ਹੋਵੇ, ਤੇ ਜਦ ਤਕ ਕਾਰਨ ਨਾ ਹਟੇ ਪੀੜ ਕਿਵੇਂ ਜਾਏ ; ਲੋਕ ਤਰਲੇ ਕਰਦਾ ਏ ਕੋਈ ਐਸਾ ਗੁਰੂ ਅਵਤਾਰ ਹੋਵੇ ਜਿਹੜਾ ਇਕ ਸਵਾਹ ਦੀ ਚੁਟਕੀ ਨਾਲ, ਇਕ ਫੂਕ ਨਾਲ ਜਾਂ ਅਸੀਸ ਨਾਲ ਸਾਡੀ ਦੁੱਖਾਂ ਦੀ ਗਠੜੀ ਚੁੱਕ ਕੇ ਸੁੱਖਾਂ ਦਾ ਗੱਠਾ ਦੇ ਜਾਏ ; ਐਸਾ ਕਦੇ ਹੋਇਆ ਨਹੀਂ, ਐਸਾ ਹੋਣਾ ਸੰਭਵ ਨਹੀਂ ਪਰ ਅਸੀਂ ਹੋਸ਼ ਨਹੀਂ ਕਰਦੇ, ਕਿਉਂਕਿ ਅਸੀਂ ਮਜ਼੍ਹਬਾਂ, ਮੁਲਕਾਂ ਤੇ ਬੰਦਿਆਂ ਦੇ ਗੁਲਾਮ ਹੋ ਚੁੱਕੇ ਹਾਂ, ਤੇ ਗੁਲਾਮਾਂ ਵਿਚ ਸਾਹਸ ਨਹੀਂ ਰਹਿੰਦਾ, ਉਨ੍ਹਾਂ ਦੇ ਹਵਾਸ ਭੀ ਠੀਕ ਨਹੀਂ ਰਹਿੰਦੇ, ਕਿਉਂਕਿ ਉਹ ਆਪਣੀ ਸੋਚ ਸ਼ਕਤੀ ਤੇ ਅਮਲ ਸ਼ਕਤੀ ਗਵਾ ਚੁਕਦੇ ਹਨ ।

ਲੋੜ ਸਿਰਫ ਇੱਕ ਚੀਜ਼ ਦੀ ਏ—ਸੋਚ ਸ਼ਕਤੀ ਨੂੰ ਜਗਾਨ ਦੀ ਤੇ ਸੋਚ ਦੇ ਸਿੱਟੇ ਤੇ ਅਮਲ ਕਰਨ ਦੀ । ਸਾਨੂੰ ਹਰ ਰਿਵਾਜ, ਹਰ ਰਹਿਤ ਤੇ ਹਰ ਅਸੂਲ ਨੂੰ ਆਪਣੀ ਸੋਚ ਦੀ ਸ਼ਕਤੀ ਤੇ ਘਿਸਾਨਾ ਚਾਹੀਦਾ ਏ, ਨਿਰਪੱਖ ਹੋ ਕੇ ਕਦੀ ਸੋਚਿਆ ਜੇ ਜਿਨ੍ਹਾਂ ਰਸਮਾਂ ਰਵਾਜਾਂ ਤਲੇ ਤੁਸੀਂ ਕੁਚਲੇ ਜਾ ਰਹੇ ਹੋ, ਇਹਨਾਂ ਦੀ ਲੋੜ ਹੀ ਕੀਹ ਹੈ ? ਇਨ੍ਹਾਂ ਦਾ ਫਾਇਦਾ ਕੀਹ, ਇਨ੍ਹਾਂ ਬਿਨਾਂ ਥੁੜਿਆ ਕੀਹ ਹੈ ? ਜਿਨ੍ਹਾਂ ਮਜ਼੍ਹਬਾਂ ਨੇ ਅਗਲੇ ਜਹਾਨ ਦੇ ਬਹਿਸ਼ਤ ਤੇ ਸੁਖ ਦੇ ਲਾਲਚ ਉਤੇ ਇਸ ਦਿਸਦੇ ਵਸਦੇ ਜਹਾਨ ਨੂੰ ਨਰਕ ਬਣਾ ਦਿੱਤਾ ਏ, ਇਹਨਾਂ ਦੀ ਹੋਂਦ ਕੀਹ ਜ਼ਰੂਰੀ ਹੈ ? ਜਿਨ੍ਹਾਂ ਆਗੂਆਂ ਤੇ ਸੁਧਾਰਕਾਂ ਨੇ ਮੂਰਖ ਟੋਲੇ ਨੂੰ ਪਿੱਛੇ ਲਗਾ ਕੇ ਇਨਸਾਨ ਵਿਚ ਅਮਿਣਵੀਆਂ ਅਮਿਟਣੀਆ ਵਿੱਥਾਂ ਪਾ ਦਿਤੀਆਂ ਨੇ, ਉਹਨਾਂ ਦਾ ਮੁੱਲ ਕੀਹ ਹੈ ?

ਸੁਧਾਰ ਸਿਰਫ਼ ਏਨਾ ਹੀ ਹੈ ਕਿ ਮੌਜੂਦਾ ਸਮਾਜਿਕ, ਧਾਰਮਿਕ ਤੇ ਮੁਲਕੀ ਰਹਿਣੀ ਸਹਿਣੀ ਉੱਤੇ ਅਕਲ ਨਾਲ ਵੀਚਾਰ ਕਰੋ । ਕਿਉਂ ਹਨ ਇਹ ਸਮਾਜਕ ਧੜੇ, ਕਿਉਂ ਹਨ ਇਹ ਊਚ ਨੀਚ ਤੇ ਵਿਤਕਰੇ ? ਕਿਉਂ ਹਨ ਇਹ ਮੁਲਕਾਂ ਮਜ੍ਹਬਾਂ ਦੀਆਂ ਵੰਡਾਂ ? ਕਿਉਂ ਉਗਦੇ ਹਨ ਖੁੰਬਾਂ ਵਾਂਗਨ ਨਿਤ ਨਵੇਂ ਸੁਧਾਰਕ ਤੇ ਲੀਡਰ ? ਕੀਹ ਲੋੜ ਹੈ ਕਿਸੇ ਪਿਛੇ ਬਿਨਾਂ ਸੋਚੇ ਸਮਝੇ ਲੱਗਣ ਦੀ ? ਭੇਡਾਂ ਨਾ ਬਣੋ, ਵੀਚਾਰਵਾਨ, ਇਨਸਾਨ ਬਣੋ, ਦੁਨੀਆਂ ਦੇ ਸੁਧਾਰ ਦਾ ਖਿਆਲ ਛੱਡੋ, ਸਿਰਫ ਆਪਨੀ ਰਹਿਣੀ ਸਹਿਣੀ ਤੇ ਨਿਸ਼ਚਿਆਂ ਨੂੰ ਵਿਚਾਰ ਨਾਲ ਵੀਚਾਰੋ । ਤੁਸੀਂ ਸੁਧਰੇ; ਬਸ ਦੁਨੀਆਂ ਸੁਧਰੀ ।

ਜਿੰਨਾ ਚਿਰ ਪਈਆਂ ਲੀਹਾਂ ਵਿਚ ਚਲੋਗੇ, ਜਿੰਨਾ ਚਿਰ ਧਰਮਾਂ ਦੀਆਂ ਵਹਿਮੀ ਹੱਦ ਬੰਦੀਆਂ ਵਿਚ ਰਹੋਗੇ, ਸੁੱਖ ਕਦੀ ਨਹੀਂ ਹੋ ਸਕਦਾ । ਭਲਾ ਸੋਚੋ ਖਾਂ ਥੋੜੇ ਜਿੰਨੇ ਖ਼ੁਦਗਰਜ਼ ਲੋਕ ਤੁਹਾਨੂੰ ਸਾਰਿਆਂ ਦਾ ਉੱਲੂ ਕਿਉਂ ਬਣਾ ਰਹੇ ਹਨ, ਭਲਾ ਉੱਲੂ ਬਣਨ ਤੋਂ ਇਨਕਾਰ ਕਰ ਖਾਂ ?

ਆਸਰੇ ਟੋਹਾਂ, ਢੋਆਂ, ਟੇਕਾਂ ਛੱਡ ਕੇ ਆਪਣੇ ਪੈਰਾਂ ਤੇ ਖਲੋਵੋ ਖਾਂ ਭਲਾ, ਖਲੋ ਸਕਦੇ ਹੋ ? ਲੋਕਾਂ ਦਾ ਸੋਚਿਆ ਮਿਥਿਆ ਛੱਡ ਕੇ ਆਪਣੀ ਸੋਚ ਨੂੰ ਵਰਤੋਂ ਤੇ ਵੇਖੋ ਕਿੱਥੇ ਅਪੜਦੇ ਓ ।

ਪਾਲਿਸ਼ ਦੀ ਲੋੜ ਨਹੀਂ, ਟਾਕੀਆਂ ਲਾਇਆਂ ਕੁਝ ਸਰਨਾ ਨਹੀਂ, ਖਿਆਲਾਂ ਦੀ ਬੁਨਯਾਦੀ ਤਬਦੀਲੀ ਦੀ ਲੋੜ ਹੈ, ਖ਼ਿਆਲਾਂ ਵਿਚ ਇਕਦਮ ਇਨਕਲਾਬ ਦੀ ਲੋੜ ਹੈ ।

ਜਦ ਸਾਰੇ ਮਨੁੱਖ ਆਪਣੇ ਆਪਣੇ ਥਾਂ ਸੋਚਣ ਲੱਗ ਪੈਣਗੇ, ਵਿਵੇਕ ਵਿਤ੍ਰੇਕ ਤੋਂ ਕੰਮ ਲੈਣ ਲਗ ਜਾਣਗੇ, ਜਦ ਹਰ ਕੋਈ ਕਹਿ ਸਕੇਗਾ- 'ਕਹੁ ਕਬੀਰ ਮੈਂ ਸੋ ਗੁਰ ਪਾਇਆ ਜਾਕਾ ਨਾਉ ਬਿਬੇਕੋ' ਤਦ ਆਪੇ ਸੁਧਾਰ ਹੋ ਜਾਏਗਾ । ਦੁੱਖ ਦੂਰ ਹੋਣਗੇ ; ਸੁੱਖ ਵਰਤੇਗਾ ਤੇ ਇਸ ਤੋਂ ਬਿਨਾਂ ਸਾਰੇ ਸੁਧਾਰ ਤੇ ਸੁਧਾਰਾਂ ਦੀਆਂ ਫੜ੍ਹਾਂ, ਬਸ :-

ਦਿਲ ਖੁਸ਼ ਰਖਨੇ ਕੋ
ਗ਼ਾਲਿਬ ਯਹ ਖ਼ਿਆਲ ਹੱਛਾ ਹੈ

—ਜਨਵਰੀ 1936

ਜੀਵਨ ਮੰਜ਼ਲ

ਸਾਰੀ ਦੁਨੀਆਂ ਦੇ ਸਾਰੇ ਦਰਿਆ ਇਕ ਤਾਰ ਵਗਦੇ ਹਨ—ਦਿਨ ਰਾਤ ਦਮ ਬਦਮ ਆਪਣੇ ਵਿਤ ਦਾ ਪਾਣੀ ਸਮੁੰਦਰ ਵਿਚ ਸੁੱਟਦੇ ਰਹਿੰਦੇ ਹਨ; ਪਰ ਸਮੁੰਦਰ ਭਰੀਂਦਾ ਨਹੀਂ ! ਫਿਰ ਦਰਿਆ ਕਿਉਂ ਵਗਦੇ ਹਨ ? ਕਿਉਂ ਨਹੀਂ ਮਾਯੂਸ ਹੋ ਕੇ ਖਲੋ ਰਹਿੰਦੇ ?

ਅੱਗ ਦਾ ਸੂਰਜ, ਆਦਿ ਤੋਂ ਸਮੁੰਦਰ ਸੁਕਾਉਣ ਦੇ ਜਤਨਾਂ ਵਿਚ ਹੈ ! ਭਾਪ ਦੇ ਬੱਦਲਾਂ ਦੇ ਬੱਦਲ ਸਮੁੰਦਰ ਵਿੱਚੋਂ ਦਮ ਬਦਮ ਸੂਰਜ-ਅਗਨੀ ਕਾਰਨ ਉਠਦੇ ਰਹਿੰਦੇ ਹਨ—ਪਰ ਸਮੁੰਦਰ ਸੁੱਕਦਾ ਨਹੀਂ, ਨਾ ਕੱਸਾ ਹੁੰਦਾ ਹੈ ! ਕਿਉਂ ਨਹੀਂ ਸੂਰਜ ਇਸ ਅਣਹੋਣੇ ਕੰਮ ਤੋਂ ਅੱਕ ਥੱਕ ਕੇ ਠੰਢਾ ਹੋ ਰਹਿੰਦਾ ?

ਤਾਰਾ-ਮੰਡਲ, ਸੂਰਜ, ਚੰਨ, ਗ੍ਰਹਿ ਸਦਾ ਤੋਂ ਅਮਿਣਵੀਂ ਰਫ਼ਤਾਰ ਵਿਚ ਨੱਸੇ ਚਲੇ ਜਾਂਦੇ ਹਨ, ਕਿਤੇ ਅਪੜਦੇ ਨਹੀਂ, ਬੇਮਕਸਦ ਭਜ ਦੌੜ ਤੋਂ ਕੀਹ ਲੈਣਾ ? ਕਿਉਂ ਨਹੀਂ ਖਲੋ ਜਾਂਦੇ, ਅਰਾਮ ਕਰਦੇ ?

ਸਮੁੰਦਰ ਅਜ਼ਲ ਥੋਂ ਆਪਣੇ ਪਥਰੀਲੇ ਕੰਢਿਆਂ ਨਾਲ ਟਕਰਾਂ ਮਾਰ ਰਿਹਾ ਹੈ । ਕਦੇ ਕਦੇ, ਕਿਧਰੇ ਕਿਧਰੇ ਕੋਈ ਢਿੱਗ ਢਹਿੰਦੀ ਹੈ, ਨਹੀਂ ਤਾਂ ਸਾਰੇ ਦਾ ਸਾਰਾ ਕੰਢਾ ਹੂਬਹੂ ਕਾਇਮ ਹੈ ; ਸਮੁੰਦਰ ਨੂੰ ਕੀਹ ਆਸ ਹੈ, ਕੰਢੇ ਤੋੜ ਕੇ ਧਰਤ ਨੂੰ ਡਬੋ ਲੈਣ ਦੀ, ਜਾਂ ਕੰਢਿਆਂ ਦੀ ਕੈਦ ਵਿਚੋਂ ਨੱਸ ਖਲੋਣ ਦੀ ? ਕਿਉਂ ਨਹੀਂ ਫਿਰ ਇਹ ਸਮੁੰਦਰ ਇਸ ਲਗਾਤਾਰ ਅਫਲ ਮੁਸ਼ੱਕਤ ਨੂੰ ਛੱਡ ਕੇ ਸ਼ਾਂਤ ਹੋ ਬਹਿੰਦਾ ?

ਕਦੋਂ ਤੋਂ ਮਨੁੱਖ ਜੰਮਦਾ ਹੈ, ਮੁੱਸ਼ਕਤ ਕਰਦਾ ਹੈ ਤੇ ਮਰ ਪੈਂਦਾ ਹੈ; ਅਜ ਤਕ ਨਾ ਇਹ ਆਪ ਬਦਲਿਆ ਹੈ, ਨਾ ਦੁਨੀਆਂ । ਫਿਰ ਕਿਉਂ ਇਹ ਬੇਫ਼ੈਜ਼ ਆਵਾਗੌਣ ? ਕਿਉਂ ਨਹੀਂ ਮਨੁਖ ਜੰਮਣੋਂ ਜਮਾਣੋ, ਮਰਨੋਂ ਮਾਰਨੋਂ ਇਨਕਾਰ ਕਰ ਬਹਿੰਦਾ ?

ਹਮੇਸ਼ਾਂ ਤੋਂ ਦਰਖ਼ਤ ਉੱਗਦੇ ਹਨ, ਵਧਦੇ ਹਨ, ਫੁਲਦੇ ਹਨ, ਫਲਦੇ ਹਨ, ਸੁਕ ਸੜ ਕੇ ਢਹਿ ਪੈਂਦੇ ਹਨ, ਫੇਰ ਉਗਦੇ ਹਨ ਫੇਰ ਓਹਾ ਚੱਕਰ ! ਕਾਸ ਨੂੰ ਇਹ ਵਿੰਗਾ ਸਿਲਸਿਲਾ ? ਕਿਉਂ ਨਹੀਂ ਦਰਖ਼ਤ ਹਮੇਸ਼ਾਂ ਰਹਿੰਦੇ, ਹਮੇਸ਼ਾਂ ਫੁਲਦੇ, ਹਮੇਸ਼ਾਂ ਫਲਦੇ ?

ਉਫ ! ਇਹ ਆਵਾਗੌਣ, ਇਹ ਗਰਦਸ਼, ਇਹ ਚੱਕਰ, ਇਹ ਭਜ ਦੌੜ ! ਬਿਨ ਮਕਸਦ, ਬਿਨ ਮਕਸੂਦ ! ਇਹ ਗੱਲ ਕੀ ਹੈ ?

ਇਹੋ ਜੀਵਨ ਹੈ ! ਨ-ਮੁਕ ਮੰਜ਼ਲ ਨ-ਪੁੱਜ ਪੈਂਡਾ, ਅਸੰਭਵ ਮੁਹਿੰਮ, ਅਣਹੋਣੀ ਹੋਂਦ ! ਤਬਦੀਲੀ, ਦਮ ਬਦਮ ਤਬਦੀਲੀ, ਬਸ ਇਹੋ ਜੀਵਨ ਹੈ ! ਇਹ ਜ਼ਿੰਦਗੀ ਇਸ ਗੋਤਕਨਾਲੇ ਦਾ ਰਾਜ ਹੈ ? ਹਰ ਥਾਂ ਜ਼ਿੰਦਗੀ, ਹਰ ਥਾਂ ਗਰਦਸ਼ । ਸਦਾ ਤੋਂ ਸਦਾ ਲਈ, ਮੰਜ਼ਲੇ ਪਏ ਰਹਿਣਾ, ਸਫ਼ਰੇ ਟੁਰੇ ਰਹਿਣਾ ! ਜੀਵਨ ਟੁਰਦਾ ਹੈ । ਮੰਜ਼ਲ ਮੁਕਦੀ ਹੈ ਮੋਇਆਂ ਦੀ ।

ਇਹ ਜ਼ਿੰਦਗੀ ਤੱਤਾਂ ਤੇ ਰੂਹਾਂ ਦੀ ਖੇਡ ਨਹੀਂ । ਕਿਵੇਂ ਬੰਦ ਹੋਵੇ, ਕੌਣ ਬੰਦ ਕਰੇ ! ਤਕਦੀਰ ਤੇ ਗਰਦਸ਼ ਇਸ ਬੇ-ਬਸੀ ਦਾ ਨਾਂ ਹੈ, ਵਿਧਾਤਾ ਤੇ ਰੱਬ ਇਸ ਬੇ-ਬਸੀ ਦੀ ਅਗਿਆਨਤਾ ਦਾ !

ਬੇ-ਬਸੀ ਦਾ ਅਨੰਦ, ਅਗਿਆਨਤਾ ਦਾ ਮਜ਼ਾ, ਬੇ-ਮਕਸਦ ਤਲਾਸ਼ ਦੀ ਮੌਜ, ਇਹ ਇਸ ਜ਼ਿੰਦਗੀ ਦੇ ਸੁਆਦ ਹਨ ।

ਜ਼ਿੰਦਗੀ ਹੈ ਨਿਰੀ ਤਬਦੀਲੀ, ਨਿਰੀ ਹਰਾਨੀ, ਤੇ ਕਿਧਰੇ-ਕਿਧਰੇ ਟਾਂਵੇਂ-ਟਾਂਵੇਂ ਸੁਖ-ਬੂਟੇ ।

ਲੁਟ ਲੌ ਲਹਿਰੇ, ਹੁਣੇ ਇਸ ਖਿਨ, ਇਸ ਤਬਦੀਲੀ ਦੇ, ਇਸ ਹਰਾਨੀ ਦੇ, ਇਸ ਛਿਨ-ਭੰਗਰ ਸੁਖ ਦੇ !

ਭੂਤ ਲੰਘ ਗਿਆ, ਭਵਿਖਤ ਆਉਣਾ ਨਹੀਂ, ਹੁਣ ਹੈ ਬਸ !

ਇਸੇ ਛਿਨ ਜੀਉ ਜਾਓ, ਕੰਬ ਜਾਓ, ਅਟਕਣ ਮੌਤ ਹੈ, ਕੰਬਣਾ ਜ਼ਿੰਦਗੀ !

—ਮਾਰਚ 1936

ਧੁੱਪ ਛਾਂ

ਧੁੱਪ ਛਾਂ ਇਕ ਜੀਵਨ ਗੀਤ ਹੈ । ਜੀਵਨ ਵਿਚ ਸਫਰ ਹੈ, ਧੁੱਪ ਹੈ, ਥਕੇਵਾਂ, ਛਿੱਥ ਤੇ ਕਾਹਲ ਹੈ, ਹੁੰਮਸ, ਧੁੰਮਸ, ਵੱਟ ਤੇ ਹੁਟ ਹੈ, ਕਿਧਰੇ ਕਿਧਰੇ ਟਾਵੀਂ ਟਾਵੀਂ ਛਾਂ ਹੈ, ਉਹ ਛਾਂ ਗਨੀਮਤ ਹੈ । ਉਸ ਹੇਠ ਖਲੋ ਜਾਣਾ, ਬਹਿ ਜਾਣਾ, ਸੁਸਤਾ ਜਾਣਾ, ਇਕ ਲਾਹਾ ਹੈ, ਖੁੰਝਿਆ ਮੁੜ ਨਹੀਂ ਮਿਲਣਾ ਨ ਅਸਾਂ ਮੁੜ ਹੋਣਾ, ਨਾ ਉਹ ਰਾਹ ਹੋਣੇ, ਨ ਅਸਾਂ ਮੁੜ ਉਹਨੀਂ ਰਾਹੀਂ ਟੁਰਨਾ--

'ਅਸੀਂ ਨ ਹੋਸਾਂ ਮੁੜਕੇ, ਸਾਥੋਂ ਚੰਗੇ ਮੰਦੇ, ਸਾਡੀ ਮਿਟੀਓਂ ਬਣਕੇ ਵਿਚ ਬਾਜ਼ਾਰ ਵਕੀਸਨ ।'

ਇਹ ਸਫਰ ਕਿਤੋਂ ਟੁਰਿਆ ਨਹੀਂ, ਕਿਤੇ ਇਸ ਮੁਕਣਾ ਨਹੀਂ, ਇਹਦਾ ਮਕਸਦ ਕੋਈ ਨਹੀਂ । ਬਸ-

ਜਿਥੇ ਕਿਥੇ ਮਿਲੋ, ਮਿਲੋ ਹਸ ਰਸ ਕੇ, ਤਨੋਂ ਮਨੋਂ ਤੇ ਧਨੋਂ ਨ ਕਸਰ ਛਡੋ, ਸੇਵਾ ਤੇ ਹਸਮੁਖਤਾ ਤੇ ਇਮਦਾਦ ਬਣ ਆਵੇ ਜੋ ਕਰੋ ।

ਮਨੁਖਤਾ ਹੈ ਇਹ ਵੱਡੀ, ਫਰਜ ਬਸ ਇਤਨਾ, ਕਿਉਂਕਿ-

ਦੀਵਾਨਾ ਹੈ ਜੋ ਢੂੰਡਤਾ ਹੈ ਮਕਸਦੇ ਹਯਾਤ
ਬਾਜ਼ੀਚਾ ਏ ਹਯਾਤ ਕਾ ਕੁਛ ਮੁਦਆ ਨਹੀਂ

ਜੁਆਨੀ ਮੁੜ ਨਹੀਂ ਔਣੀ, ਨਾ ਜ਼ੋਰ, ਨਾ ਜੁਆਨੀ ਦਾ ਚਾਅ, ਜੁਆਨੀ ਇਕ ਚੜ੍ਹਾਓ ਹੈ ਜਿਦ੍ਹਾ ਉਤਰਾਓ ਹੈ ਜ਼ਰੂਰ, ਪਰ ਮੁੜ ਚੜ੍ਹਾਓ ਨਹੀਂ, ਸੱਚ ਮੁਚ—

ਸੈ ਸ਼ੌਕਾਂ ਦੇ ਮੇਲ ਮਿਲਾਪੇ
ਦਾ ਹੈ ਨਾਓਂ ਜੁਆਨੀ

ਪਰ ਨ ਇਹ ਸ਼ੌਕ ਰਹਿਣੇ, ਨਾ ਮੇਲ । ਸੋ ਇਸ ਜੁਆਨੀ ਨੂੰ ਜਿਵੇਂ ਹੋ ਸਕੇ ਹੰਢਾ ਲੌ, ਭਾਵੇਂ ਏਨਾਂ ਹੀ ਕਹਿ ਸਕੋ—

ਹਮ ਨੇ ਜੂੰ ਤੂੰ ਲੁਟਾ ਦੀਆਂ ਉਸਕੋ
ਵਾਰਦਾਤੇ ਸ਼ਬਾਬ ਰਹਿਨੇ ਦੋ ।

ਪਰ ਜੇ ਇਸ ਨੂੰ ਕਿਸੇ ਕਾਰੇ ਨ ਲਗਾ ਸਕੋ, ਤਦ ਰਬ ਦੀਆਂ ਰੱਖਾਂ ਹੀ ਮੰਗੋ--

"ਮੈਥੋਂ ਕੁਝ ਇਮਦਾਦ ਨਾ ਹੋਵੇ
ਮੰਗਾਂ ਰਬ ਦੀਆਂ ਰੱਖਾਂ''

ਪਰ ਤੁਸੀਂ ਕਿੰਨਾ ਪੈ ਆਖੋ, ‘ਮੁੜਕੇ ਰੱਬਾ ਫੇਰ ਭੀ ਆਵੇ ਸਦਕੇ ਏਸ ਜਵਾਨੀ ਤੋਂ' ਇਹ ਮੁੜਕੇ ਕਦੀ ਆਈ ਨਹੀਂ, ਨਾ ਇਸ ਹੁਣ ਔਣਾ ਏਂ।

ਪਰ ਸਾਨੂੰ ਇਹ ਲੰਮਾ ਜੀਵਨ-ਸਫ਼ਰ ਕਰਦਿਆਂ ਪੱਕਾ ਏਨਾਂ ਵੀ ਪਤਾ ਨਾ ਲਗਾ ਪਈ ਸਾਰਿਆਂ ਚੋਂ ਸੁਹਣੀ ਸ਼ੈ ਕਿਹੜੀ ਏ। ਜਵਾਬ ਵਿਚ ਡਾਕਟਰ ਮੋਹਨ ਸਿੰਘ ਨੇ ਦੋ ਸਫ਼ੇ ਦੀ ਕਵਿਤਾ ਲਿਖੀ ਪਰ ਸਾਨੂੰ ਫੇਰ ਵੀ ਪਤਾ ਨਾ ਲਗਾ । ਸਿਵਾ ਇਸ ਦੇ ਕਿ ਬੀਤ ਗਿਆ ਸਮਾਂ ਸੋਹਣਾ ਪਿਆ ਲਗਦਾ ਏ । ਪਿਛਾ ਮਿੱਠਾ ਦਿਸਦਾ ਏ ਤੇ ਪਿਆ ਆਖੀਦਾ ਏ—

"ਹਾਏ ਉਹ ਸਾਫ਼ ਗੋਈ, ਸਾਫ਼ ਦਿਲੀ
ਉਹਦੇ ਵਿਛੜਨ ਦਾ ਕਿਉਂ ਨਾ ਕਰੀਏ ਸੋਗ।"

ਪਰ ਇਸ ਲੰਘ ਗਈ ਦਾ ਪਛਤਾਵਾ ਭਾਵੇਂ ਕੁਦਰਤੀ ਸੀ, ਪਰ ਫਿਰ ਭੀ ਨਿਰਾ ਹੇਜ਼ ਹੀ ਸੀ । ਅਸਲ ਸਵਾਲ ਤਾਂ ਅਜੇ ਭੀ ਇਹ ਹੀ ਰਿਹਾ ਪਈ ਉਹ ਥਾਂ ਕੋਈ ਹੈ ? ਜੇ ਹੈ ਤਾਂ ਕਿਥੇ ਹੈ ?

ਬਖ਼ਤਾਵਰ ਨਹੀਂ ਰੱਬ ਜਿਥੋਂ ਦੇ,
ਮੁਨਕਰ ਜਿਥੇ ਨਹੀਂ ਗਰੀਬ।
ਪਾਸ ਪਿਆਸੇ ਪਾਣੀ ਜਾਂਦਾ,
ਜਿਥੇ ਰੋਗੀ ਕੋਲ ਤਬੀਬ ।

ਪਰ ਇਸ ਜੀਵਨ ਸਫ਼ਰ ਵਿਚ ਇਹੋ ਜਿਹਾ ਕੋਈ ਟਿਕਾਣਾ ਨਹੀਂ, ਹਾਂ ਯਾਰੀਆਂ ਤੇ ਮੁਹੱਬਤਾਂ ਜੋ ਕਚੀਆਂ ਲਗ ਜਾਣ । ਲਗ ਕੇ ਜੋ ਕਦੀ ਨਿਭ ਜਾਣ ਤਾਂ ਕੰਡਿਆਂ ਦੇ ਫੁੱਲ ਖਿੜਾ ਦੇਂਦੀਆਂ ਨੇ ਤੇ ਸਫਰ ਸੁਖਾਲਾ ਸੁਹਾਵਾ ਬਨਾ ਦੇਂਦੀਆਂ ਨੇ।

ਹੀਰ ਰਾਂਝਿਓਂ ਵਲੀ ਬਣਾਇਆ, ਕਿਨ ਦੋਹਾਂ ਨੂੰ ? ਯਾਰੀ ਨੇ । ਯਾਰੀ ਸੱਚੀ ਦੋਹਾਂ ਨੂੰ, ਕਿਨ ਬਖਸ਼ੀ ? ਰਹਿ ਮਤਵਾਰੀ ਨੇ। ਤੇ ਇਹ ਯਾਰੀ ਹੀ ਜੀਵਨ, ਹੋਰ ਸਭ ਬਣਨ ਹੈ ।

‘ਜੀਵਨ ਪੂਰੀ ਖੁਲ੍ਹ ਹੈ, ਜੀਵਨ ਹੈ ਸੁਖ ਦੁਖ ।
ਅੰਦਰ ਸ਼ੀਸ਼ ਮਹਲ ਦੇ ਸਕੇ ਹਰਿਆ ਰੁੱਖ ।'

- ਜੁਲਾਈ 1937