Mehboob Sarmad
ਮਹਿਬੂਬ ਸਰਮਦ

ਨਾਂ-ਮੁਹੰਮਦ ਮਹਿਬੂਬ ਅਲੀ, ਕਲਮੀ ਨਾਂ-ਮਹਿਬੂਬ ਸਰਮਦ,
ਪਿਤਾ ਦਾ ਨਾਂ-ਸੂਫ਼ੀ ਮੁਹੰਮਦ ਬਸ਼ੀਰ ਅਹਿਮਦ,
ਜਨਮ ਤਾਰੀਖ਼-7 ਫ਼ਰਵਰੀ 1975,
ਜਨਮ ਸਥਾਨ-ਢਜਕੋਟ, ਜ਼ਿਲਾ ਫ਼ੈਸਲਾਬਾਦ,
ਵਿਦਿਆ-ਬੀ. ਏ., ਕਿੱਤਾ-ਨੌਕਰੀ,
ਛਪੀਆਂ ਕਿਤਾਬਾਂ-ਹਵਾਵਾਂ ਜ਼ਹਿਰ ਪਿਆਲੇ ਪੀਤੇ,
ਪਤਾ-118, ਗ. ਬ. ਜੜ੍ਹਾਂਵਾਲਾ, ਜ਼ਿਲਾ ਫ਼ੈਸਲਾਬਾਦ ।

ਪੰਜਾਬੀ ਗ਼ਜ਼ਲਾਂ (ਹਵਾਵਾਂ ਜ਼ਹਿਰ ਪਿਆਲੇ ਪੀਤੇ 2003 ਵਿੱਚੋਂ) : ਮਹਿਬੂਬ 'ਸਰਮਦ'

Punjabi Ghazlan (Hawawan Zehar Piale Peete 2003) : Mehboob Sarmad



ਸਾਡੇ ਵੱਲੇ ਘੱਲ ਛੱਡੀ ਉਸ

ਸਾਡੇ ਵੱਲੇ ਘੱਲ ਛੱਡੀ ਉਸ ਯਾਦਾਂ ਦੀ ਖ਼ੁਸ਼ਬੋਈ । ਸੀਨੇ ਲੱਗ ਕੇ ਸੋਚਾਂ ਦੇ ਇਹ ਬਾਲਾਂ ਵਾਂਗੂੰ ਰੋਈ । ਉਹਨੂੰ ਮਾਸਾ ਵਿਹਲ ਨਹੀਂ ਲੱਭਦਾ ਹੁਣ ਕੁੱਤੇ ਪਾਲਣ ਤੋਂ, ਸਾਡੇ ਭੁੱਖੇ ਬੱਚਿਆਂ ਦੀ ਉਹ ਕਿੰਜ ਲਵੇ ਕਨਸੋਈ । ਬੋਲਣ-ਚਾਲਣ ਖਾਵਣ-ਪੀਵਣ ਜਿਹੜਾ ਕਰੇ ਵਿਦੇਸੀ, ਉਹ ਧਰਤੀ ਦਾ ਕੀ ਲੱਗਦਾ ਏ ਜੀਹਨੇ ਲਾਹ ਲਈ ਲੋਈ । ਧਰਤੀ ਉੱਤੇ ਕੱਖੋਂ ਹੌਲਾ ਰੱਬਾ ਨਾਇਬ ਤੇਰਾ, ਕੀ ਆਦਮ ਦਾ ਬੁੱਤ ਬਣਾਇਆ ਕੀ ਤੂੰ ਮਿੱਟੀ ਗੋਈ । ਦਿਨ ਚੜ੍ਹਿਆ 'ਤੇ ਮੇਲਾ ਲਾਇਆ ਨੂਰੀ ਰਿਸ਼ਮਾਂ ਆ ਕੇ, ਬੱਦਲਾਂ ਭਾਵੇਂ ਸੂਰਜ ਦੀ ਸੀ ਲੱਖਾਂ ਸ਼ਕਲ ਲਕੋਈ । ਉੱਨਾਂ ਏਥੇ ਅੱਜ ਇਕਲਾਪਾ ਧਾਵਾ ਕਰਕੇ ਆਇਆ, ਉਹਦੇ ਆਣ 'ਤੇ ਕੱਲ ਸੀ ਸੱਜਣਾ ਜਿੰਨੀ ਰੌਣਕ ਹੋਈ । ਪਿਆਰ ਦੀ ਦੇਖ ਕਰਾਮਤ ਰੌਲਾ ਪਾ ਉਠਿਆ ਸੀ ਬੁੱਲਾ, "ਰਾਂਝਾਂ ਰਾਂਝਾਂ ਕਰਦੀ ਨੀ ਮੈਂ ਆਪੇ ਰਾਂਝਾਂ ਹੋਈ" ।

ਯਾਦਾਂ ਦੇ ਇੰਜ ਬੱਦਲ ਗੜ੍ਹਕਣ

ਯਾਦਾਂ ਦੇ ਇੰਜ ਬੱਦਲ ਗੜ੍ਹਕਣ ਲੱਗ ਪਏ ਨੇ । ਪਲਕਾਂ ਉੱਤੇ ਅੱਥਰੂ ਫੜਕਣ ਲੱਗ ਪਏ ਨੇ । ਨੀਂਦਰ ਨਾਂ ਦੀ ਹਰ ਸ਼ੈ ਉਡ-ਪੁਡ ਜਾਣੀ ਏ, ਦਿਲ ਦੇ ਕੁੰਡੇ ਖਿੜ ਖਿੜ ਖੜਕਣ ਲੱਗ ਪਏ ਨੇ । ਮੇਰੇ ਦੀਵੇ ਦੀ ਇਹ ਕਰਮ ਨਵਾਜ਼ੀ ਏ, ਘਰ ਨੂੰ ਲੱਗੇ ਭਾਂਬੜ ਭੜਕਣ ਲੱਗ ਪਏ ਨੇ । ਚੀਕਾਂ ਸੁਣ ਕੇ ਖੇੜਿਆਂ ਦੇ ਘਰ ਹੀਰ ਦੀਆਂ, ਪੱਥਰਾਂ ਦੇ ਵੀ ਦਿਲ ਹੁਣ ਧੜਕਣ ਲੱਗ ਪਏ ਨੇ । ਹੱਥਾਂ ਵਿਚ ਜੋ ਪਾਲੇ ਪੋਸੇ ਹੋਏ ਨੇ, ਸਾਡੇ ਅੱਗੇ ਉਹ ਵੀ ਬੜ੍ਹਕਣ ਲੱਗ ਪਏ ਨੇ । ਇਸਰਾਂ ਚਮੜੀ ਸਿਉਂਕ ਸਿਆਸਤ ਹੋਈ ਏ, ਬਾਲੇ ਸਣੇ ਸਤੀਰਾਂ ਕੜਕਣ ਲੱਗ ਪਏ ਨੇ । ਉਨ੍ਹਾਂ ਲੋਕਾਂ ਮੰਜ਼ਿਲ ਉੱਤੇ ਕੀ ਪੁੱਜਣਾ, ਰਾਹਵਾਂ ਦੇ ਵਿਚ ਜਿਹੜੇ ਅੜਕਣ ਲੱਗ ਪਏ ਨੇ । ਨਾਜ਼ ਅਦਾਵਾਂ ਵਾਲੇ 'ਸਰਮਦ' ਜਿਉਂਦੇ ਰਹਿਣ, ਹਿਜਰ ਦੀ ਹਾਂਡੀ ਦਿਲ ਨੂੰ ਤੜਕਣ ਲੱਗ ਪਏ ਨੇ ।

ਬੇਇਤਬਾਰੇ ਸਾਹ ਨੇ ਤੇਰੇ ਕੱਚੇ ਧਾਗੇ

ਬੇਇਤਬਾਰੇ ਸਾਹ ਨੇ ਤੇਰੇ ਕੱਚੇ ਧਾਗੇ । ਗਲ ਵਿਚ ਗ਼ਮ ਦੇ ਫਾਹ ਨੇ ਤੇਰੇ ਕੱਚੇ ਧਾਗੇ । ਇਹ ਤਾਂ ਝਟਕੀ ਫਟਕੀ ਦੇ ਵਿਚ ਟੁੱਟ ਜਾਂਦੇ, ਸੱਜਣਾ ਕੂੜ ਵਿਸਾਹ ਨੇ ਤੇਰੇ ਕੱਚੇ ਧਾਗੇ । ਦਿਲ ਦੇ ਅਰਸ਼ੀਂ ਖਿੜਿਆ ਰਹਿਣ ਦੇ ਜ਼ਖ਼ਮਾਂ ਨੂੰ, ਮਾਹੀਆ ਖਿੜੀ ਕਪਾਹ ਨੇ ਤੇਰੇ ਕੱਚੇ ਧਾਗੇ । ਵੇਖੀਂ ਤੈਨੂੰ ਕਿਧਰੇ ਖੂਹ ਵਿਚ ਸੁਟ ਨਾ ਦੇਣ, ਯੂਸਫ਼ ਵਾਂਗ ਭਰਾ ਨੇ ਤੇਰੇ ਕੱਚੇ ਧਾਗੇ । ਇਨ੍ਹਾਂ ਉੱਤੇ ਵਿੱਸਣ ਦੀ ਨਾ ਭੁੱਲ ਕਰੀਂ ਤੂੰ, ਸੱਜਣ ਬੇਪਰਵਾਹ ਨੇ ਤੇਰੇ ਕੱਚੇ ਧਾਗੇ । ਜੇ ਕੋਈ ਵੇਖੇ 'ਸਰਮਦ' ਤੇਰੀ ਸਜਣਾਈ ਨੂੰ, ਮੁੜ ਜੇ ਪੁੱਛੇ ਆਹ ਨੇ ਤੇਰੇ ਕੱਚੇ ਧਾਗੇ ।

ਜਿਹੜੇ ਲੋਕੀ ਪੀੜ ਹਿਜਰ ਦੀ

ਜਿਹੜੇ ਲੋਕੀ ਪੀੜ ਹਿਜਰ ਦੀ ਸਹਿੰਦੇ ਨੇ । ਹਸ਼ਰ ਦਿਹਾੜੇ ਤਾਈਂ ਜ਼ਿੰਦਾ ਰਹਿੰਦੇ ਨੇ । ਰੋ ਰੋ ਅੱਖੀਆਂ ਲਾਲ ਬਣਾਈਆਂ, ਏਸੇ ਲਈ, ਵਸਦੇ ਘਰ ਵਿਚ ਰੰਗਲੇ ਪੀੜ੍ਹੇ ਡਹਿੰਦੇ ਨੇ । ਓੜਕ ਸੁੱਚੇ ਮੋਤੀ ਉਹ ਲੱਭ ਲੈਂਦੇ ਨੇ, ਸੋਚ ਸਮੁੰਦਰੀਂ ਜਿਹੜੇ ਲੋਕੀ ਲਹਿੰਦੇ ਨੇ । ਮਸਤ ਕਲੰਦਰ ਜੋਸ਼ 'ਚ ਕਿਧਰੇ ਆ ਜਾਵੇ, ਠੋਕਰ ਨਾਲ ਪਹਾੜ ਵੀ ਦੇਖੇ ਢਹਿੰਦੇ ਨੇ । ਸੰਗਤ ਸੋਨਾ ਕਰ ਜਾਂਦੀ ਏ ਉਸ ਵੇਲੇ, ਪਾਰਸ ਜਦ ਵੀ ਪੱਥਰਾਂ ਦੇ ਸੰਗ ਖਹਿੰਦੇ ਨੇ । ਧੜ ਨੱਚਦੇ ਨੇ ਮਸਤਾਂ ਦੇ ਮੁੜ ਉਸ ਵੇਲੇ, ਸਰ ਜਦ 'ਸਰਮਦ' ਧੜ ਦੇ ਉੱਤੋਂ ਲਹਿੰਦੇ ਨੇ ।

ਸਾਡੇ ਨਾਲ ਨਾ ਬੀਤੀ ਕੋਈ

ਸਾਡੇ ਨਾਲ ਨਾ ਬੀਤੀ ਕੋਈ ਨਵੀਂ ਕਹਾਣੀ ਪੱਥਰ ਦੀ । ਕਿਰਚੀ ਕਿਰਚੀ ਕਰਨਾ ਮੁੱਢੋਂ ਰੀਤ ਪੁਰਾਣੀ ਪੱਥਰ ਦੀ । ਉਹ ਪੱਥਰ ਏ ਉਹਨੂੰ ਦੁਨੀਆ ਸ਼ੀਸ਼ੇ ਵਰਗੀ ਲਗਦੀ ਏ, ਮੈਂ ਸ਼ੀਸ਼ਾ ਹਾਂ ਮੇਰੇ ਲਈ ਇਹ ਔਤਰ ਜਾਣੀ ਪੱਥਰ ਦੀ । ਡਿਗਰੀ ਨੂੰ ਮੈਂ ਤੀਲੀ ਲਾ ਕੇ ਮਿੱਲ ਮਜ਼ਦੂਰੀ ਕਰ ਲਈ ਏ, ਉਥੇ ਮਾਲਕ, ਬਾਬੂ, ਅਫ਼ਸਰ ਤਾਣੀ ਬਾਣੀ ਪੱਥਰ ਦੀ । ਉਨ੍ਹਾਂ ਤੀਕਰ ਬੂਹੇ ਬਾਰੀਆਂ ਸ਼ੀਸ਼ੇ ਨਾਲ ਸਜਾਵੀਂ ਨਾ, ਜਿੰਨਾਂ ਤੀਕਰ ਘਰ ਵਿਚ ਰਹਿਣੀ ਆਣੀ ਜਾਣੀ ਪੱਥਰ ਦੀ । ਮੈਂ ਰੁੱਤਾਂ ਨੂੰ ਹਰਿਆਲੀ ਦੀ 'ਸਰਮਦ' ਆਸ ਲਗਾਵਾਂ ਕੀ, ਬੂਟਾ ਬੂਟਾ ਪੱਤਰ ਪੱਤਰ ਟਾਹਣੀ ਟਾਹਣੀ ਪੱਥਰ ਦੀ ।

ਵਰ੍ਹੀ ਫਿਰ ਸੋਚ ਦੀ ਬਾਰਿਸ਼

ਵਰ੍ਹੀ ਫਿਰ ਸੋਚ ਦੀ ਬਾਰਿਸ਼ ਦਿਲਾਂ ਦੇ ਟਿੱਬਿਆਂ ਉੱਤੇ । ਬਣਾਈ ਓਸ ਦੀ ਮੂਰਤ ਜਦੋਂ ਮੈਂ ਕਾਗ਼ਜ਼ਾਂ ਉੱਤੇ । ਰਿਹਾ ਇਕ ਵੀ ਨਾ ਤੀਲਾ ਫ਼ਿਰ ਉਨ੍ਹਾਂ ਦੇ ਆਸ਼ੀਆਨੇ ਦਾ, ਭਰੋਸਾ ਕਰ ਲਿਆ ਚਿੜੀਆਂ ਜਦੋਂ ਦਾ ਬਿਜਲੀਆਂ ਉੱਤੇ । ਤੂੰ ਭਾਲੇਂ ਬੁਲਬੁਲਾਂ ਏਥੇ ਤੂੰ ਲੱਭੇਂ ਕੋਇਲਾਂ ਭੰਵਰੇ, ਕਿ ਪੱਤਰ ਰਹਿਣ ਨਈਂ ਦਿੱਤੇ ਹਵਾਵਾਂ ਟਹਿਣੀਆਂ ਉੱਤੇ । ਇਹ ਆਕੜ ਨ੍ਹੇਰੀਆਂ ਰਾਤਾਂ ਦੀ ਤੋੜਨਗੇ ਖ਼ੁਦਾ ਚਾਹਿਆ, ਬੜਾ ਈ ਮਾਣ ਮੈਨੂੰ ਏ ਚਮਕਦੇ ਜੁਗਨੂੰਆਂ ਉੱਤੇ । ਮੈਂ ਪਲਕਾਂ 'ਤੇ ਸਜਾਏ ਨੇ ਤੇਰੀ ਇੰਜ ਯਾਦ ਦੇ ਗਹਿਣੇ, ਜਿਵੇਂ ਉਸ ਨਾਜ਼ਨੀ ਲਾਏ ਨੇ ਮੋਤੀ ਭੂਸ਼ਣਾਂ ਉੱਤੇ

'ਵਾਵਾਂ ਨਾਲ ਉਡਾ ਲੈ ਗਈਆਂ

'ਵਾਵਾਂ ਨਾਲ ਉਡਾ ਲੈ ਗਈਆਂ ਫੇਰ ਠਿਕਾਣਾ ਚਿੜੀਆਂ ਦਾ । ਹੈ ਕੋਈ ਦਰਦੀ ਜਿਹੜਾ ਵੰਡੇ ਦਰਦ ਪੁਰਾਣਾ ਚਿੜੀਆਂ ਦਾ । ਚਾਰ-ਚੁਫ਼ੇਰੇ ਦਰਦੀ ਪਹਿਰੇ ਮੁਨਸਫ਼ ਆਪ ਉਕਾਬੀ ਏ, ਕੋਣ ਸੁਣੇਗਾ ਧਰਤੀ ਉੱਤੇ ਅਜ ਅਫ਼ਸਾਨਾ ਚਿੜੀਆਂ ਦਾ । ਜਿਹੜੇ ਦਿਨ ਤੋਂ ਮਿਤਰਾਂ ਨੇ ਇਕ ਸ਼ਿਕਰਾ ਯਾਰ ਬਣਾਇਆ ਏ ਉਸੇ ਦਿਨ ਤੋਂ ਮੁੱਕ ਗਿਆ ਏ ਆਣਾ ਜਾਣਾ ਚਿੜੀਆਂ ਦਾ । ਉਹ ਤਕੜਾ ਏ ਉਹਦਾ ਰਿਸ਼ਤਾ ਗਿਰਝਾਂ ਦੇ ਨਾਲ ਫਬਦਾ ਏ, ਮੈਂ ਮਾੜਾ ਹਾਂ ਮੈਨੂੰ ਵਾਰੇ ਹੈ ਯਾਰਾਨਾਂ ਚਿੜੀਆਂ ਦਾ । ਜਿਹੜੇ ਦਿਨ ਇਹ ਚੁੰਝਾਂ ਨਾਲ ਮਿਲਾ ਕੇ ਚੁੰਝਾਂ ਆ ਗਈਆਂ, ਚੇਤੇ ਰੱਖ ਪਰਤਾਣਾ ਪਏਗਾ ਦਾਣਾ ਦਾਣਾ ਚਿੜੀਆਂ ਦਾ ।

ਜਿੰਨਾ ਤੀਕਰ ਸਾਡਾ ਗਲਮਾ

ਜਿੰਨਾ ਤੀਕਰ ਸਾਡਾ ਗਲਮਾ ਤਾਰੋ-ਤਾਰ ਨਾ ਹੋਇਆ । ਸੱਜਣਾ ਵੱਲੋਂ ਬੰਦ ਜਫ਼ਾ ਦਾ ਕਾਰੋਬਾਰ ਨਾ ਹੋਇਆ । ਸ਼ਾਖ਼ਾਂ ਤੋਂ ਫੁੱਲ ਲਾਹ ਕੇ ਲੈ ਗਈ ਫੁੱਲਾਂ ਚੋਂ ਖ਼ੁਸ਼ਬੂ, ਹਾਲੇ ਤੀਕਰ ਅੱਥਰੀ 'ਵਾ ਦਾ ਹਾਰ ਸ਼ਿੰਗਾਰ ਨਾ ਹੋਇਆ । ਵੇਲੇ ਦੇ ਮੂੰਹ ਜ਼ੋਰ ਝਨਾਂ ਨੂੰ ਹਿਕ ਨਾਲ ਚੀਰ ਕੇ ਲੰਘਿਆ, ਐਪਰ ਤੇਰੀ ਅੱਖ ਦਾ ਮੈਥੋਂ ਦਰਿਆ ਪਾਰ ਨਾ ਹੋਇਆ । ਦਿਲ ਵਿਚ ਏਸਰਾਂ ਧੂਣੀ ਤਾਈ ਤੇਰੀ ਯਾਦ ਦੇ ਸੂਰਜ, ਪੋਹ ਦੇ ਪਾਲੇ ਤੋਂ ਵੀ ਮੇਰਾ ਸੀਨਾ ਠਾਰ ਨਾ ਹੋਇਆ । ਵੰਨ-ਸਵੰਨੇ ਮੰਤਰ ਲੈ ਕੇ ਲੱਖਾਂ ਜੋਗੀ ਆਏ, ਐਪਰ ਭੁੱਖ ਦਾ ਸੱਪ ਖੜੱਪਾ ਸਾਥੋਂ ਮਾਰ ਨਾ ਹੋਇਆ । ਲੋਕਾਂ ਲੱਖ ਦਲੀਲਾਂ ਦਿੱਤੀਆਂ ਸ਼ਾਨ ਵਧਾਵਣ ਖ਼ਾਤਰ, ਤੇਰਾ ਪੈਰਿਸ ਮੁੜ ਵੀ ਮੇਰਾ ਸਾਂਦਲ ਬਾਰ ਨਾ ਹੋਇਆ । ਰੰਗ ਬਰੰਗੇ ਰੂਪ ਵਟਾਏ 'ਸਰਮਦ' ਏਥੇ ਲੋਕਾਂ, ਸਾਡੇ ਕੋਲੋਂ ਖ਼ਵਰੇ ਕਾਹਨੂੰ ਇਹ ਕਿਰਦਾਰ ਨਾ ਹੋਇਆ ।

ਕੱਲਮ ਕੱਲਾ ਵੇਖ ਕੇ ਮੈਨੂੰ

ਕੱਲਮ ਕੱਲਾ ਵੇਖ ਕੇ ਮੈਨੂੰ ਆਣ ਖਲੋਤੀ ਰਾਤ । ਅੱਜ ਫਿਰ ਮੇਰੇ ਅੱਗੇ ਸੀਨਾ ਤਾਨ ਖਲੋਤੀ ਰਾਤ । ਮੁੜ ਵੀ ਇਹਦਾ ਕਰਜ਼ ਲਾ ਲੱਥਾ ਮੱਲ ਬਰੂਹਾਂ ਬੈਠੀ, ਦਿਨ ਦੀ ਲੋ ਵੀ ਭਾਵੇਂ ਸਾਰੀ ਮਾਣ ਖਲੋਤੀ ਰਾਤ । ਮੈਂ ਚਾਨਣ ਦੇ ਡੁਬਕੇ ਲੈ ਕੇ ਲਿਖਿਆ ਸੀ ਅਫ਼ਸਾਨਾ, ਧੱਕੋ ਜੋਕੀ ਬਣ ਉਹਦਾ ਅਨੁਵਾਨ ਖਲੋਤੀ ਰਾਤ । ਜਿਹੜੇ ਆਲੇ ਦੇ ਵਿਚ ਦੀਵਾ ਬਾਲ ਕੇ ਧਰਿਆ ਮੈਂ, ਉਹਦੀਆਂ ਝੀਥਾਂ ਵਿੱਚੋਂ ਮੁੜ ਕੇ ਆਨ ਖਲੋਤੀ ਰਾਤ । ਮੇਰੇ ਵਾਂਗੂੰ ਇਹਦਾ ਵੀ 'ਤੇ ਸਾਥੀ ਰੁੱਸਿਆ ਰਹਿੰਦਾ, ਗ਼ਮ ਦੀ ਮਾਰੀ ਮੇਰੇ ਦੁੱਖ ਸਿਹਾਣ ਖਲੋਤੀ ਰਾਤ । ਤੂੰ ਕੀ ਝੱਲਿਆ ਲੱਭਣੈ ਏਥੋਂ ਵੱਟ ਕੇ ਪਾਸਾ ਤੁਰ ਜਾ, ਗ਼ਮ ਦੀ ਨਗਰੀ 'ਸਰਮਦ' ਬਣ ਪਰਧਾਨ ਖਲੋਤੀ ਰਾਤ ।

ਖ਼ਬਰੈ ਕੀਹਨੇ ਪਾ ਛੱਡੀਆਂ ਨੇ

ਖ਼ਬਰੈ ਕੀਹਨੇ ਪਾ ਛੱਡੀਆਂ ਨੇ ਸ਼ੀਸ਼ੇ ਵਿਚ ਤਰੇੜਾਂ । ਫੁੱਲਾਂ ਵਾਂਗ ਉਗਾ ਛੱਡੀਆਂ ਨੇ ਸ਼ੀਸ਼ੇ ਵਿਚ ਤਰੇੜਾਂ । ਮੋਈਆਂ ਹੋਈਆਂ ਸੱਧਰਾਂ ਦੇ ਗਲ ਗ਼ਮ ਦੀ ਕੱਫ਼ਨੀ ਪਾ ਕੇ ਦੇਖ ਲਵੋ ਦਫ਼ਨਾ ਛੱਡੀਆਂ ਨੇ ਸ਼ੀਸ਼ੇ ਵਿਚ ਤਰੇੜਾਂ । ਰਾਤੀਂ ਮਿਲਿਆ ਸੁਫ਼ਨੇ ਦੇ ਵਿਚ ਮੈਂ ਉਹਲਾ ਨਹੀਂ ਰੱਖਿਆ, ਸੀਨਾ ਚੀਰ ਵਿਖਾ ਛੱਡੀਆਂ ਨੇ ਸ਼ੀਸ਼ੇ ਵਿਚ ਤਰੇੜਾਂ । ਤਨ ਦਾ ਮਾਸ 'ਤੇ ਖ਼ੂਨ ਜਿਗਰ ਦਾ ਛੰਨੇ ਭਰ ਭਰ ਦਿੱਤਾ, ਸਦੀਆਂ ਤੋਂ ਭਰਮਾ ਛੱਡੀਆਂ ਨੇ ਸ਼ੀਸ਼ੇ ਵਿਚ ਤਰੇੜਾਂ । ਨਾਜ਼ ਅਦਾਵਾਂ ਵਾਲਾ ਜੀਵੇ ਮੈਂ ਉਹਨੂੰ ਕੀ ਆਖਾਂ, ਬੱਚਿਆਂ ਵਾਂਗਰ ਵਾਹ ਛੱਡੀਆਂ ਨੇ ਸ਼ੀਸ਼ੇ ਵਿਚ ਤਰੇੜਾਂ, 'ਸਰਮਦ' ਵੱਲੋਂ ਜੋ ਵੀ ਆਈਆਂ ਸਾਂਭ ਕੇ ਨਹੀਉਂ ਰੱਖੀਆਂ, ਹੱਥੀਂ ਮੈਂ ਵਰਤਾ ਛੱਡੀਆਂ ਨੇ ਸ਼ੀਸ਼ੇ ਵਿਚ ਤਰੇੜਾਂ ।

ਫੁੱਲਾਂ ਵਾਂਗੂੰ ਚੁੰਮਿਆ ਚੱਟਿਆ

ਫੁੱਲਾਂ ਵਾਂਗੂੰ ਚੁੰਮਿਆ ਚੱਟਿਆ ਸੀਨੇ ਲਾਇਆ ਪੱਥਰਾਂ ਨੂੰ । ਸੱਜਣਾ ਵੱਲੋਂ ਆਏ ਕਰਕੇ ਝੋਲੀ ਪਾਇਆ ਪੱਥਰਾਂ ਨੂੰ । ਦੋਜ਼ਖ ਵਰਗੀਆਂ ਅੱਗਾਂ ਦੇ ਵਿਚ ਸੜਕ ਬਣਾਈ ਜਾਂਦੇ ਨੇ, ਢਿੱਡਾਂ ਖ਼ਾਤਰ ਕਿਸਰਾਂ ਫੁੱਲਾਂ ਸਿਰ 'ਤੇ ਚਾਇਆ ਪੱਥਰਾਂ ਨੂੰ । ਸ਼ੀਸ਼ਾ ਟੁੱਟਿਆ ਜੁੱਸੇ ਦੇ ਵਿਚ ਪੀੜਾਂ ਮੇਲਾ ਲਾ ਛੱਡਿਆ, ਭੁੱਲ-ਭੁਲੇਖੇ ਜਦ ਵੀ ਕਿਧਰੇ ਹਾਲ ਸੁਣਾਇਆ ਪੱਥਰਾਂ ਨੂੰ । ਮੰਜ਼ਿਲ ਮੇਰੇ ਪੈਰੀਂ ਡਿੱਗੀ, ਤੱਕ ਕੇ ਮੇਰੇ ਅਜ਼ਮਾਂ ਨੂੰ, ਠੋਕਰ ਮਾਰ ਕੇ ਰਾਹ ਦੇ ਵਿੱਚੋਂ ਜਦੋਂ ਹਟਾਇਆ ਪੱਥਰਾਂ ਨੂੰ । ਨਾ ਬੋਲਣ ਨਾ ਚੱਲਣ 'ਸਰਮਦ' ਬਿਟ ਬਿਟ ਵੇਖੀ ਜਾਣ ਪਏ, ਕੀਤੇ ਜਤਨ ਬਥੇਰੇ ਮੈਂ ਕਈ ਵਾਰ ਬੁਲਾਇਆ ਪੱਥਰਾਂ ਨੂੰ ।