Mehakdian Ghazlan : Paramjit Kaur Mehak

ਮਹਿਕਦੀਆਂ ਗ਼ਜ਼ਲਾਂ : ਪਰਮਜੀਤ ਕੌਰ ਮਹਿਕ



ਭਰੀ ਹੈ ਸਤਿਗੁਰਾਂ ਨੇ ਆਪ

ਭਰੀ ਹੈ ਸਤਿਗੁਰਾਂ ਨੇ ਆਪ, ਝੋਲੀ ਮਾਤ ਭਾਸ਼ਾ ਦੀ ਬੜੀ ਮਿੱਠੀ ਹੈ ਤਾਂ ਹੀ ਲਗਦੀ, ਬੋਲੀ ਮਾਤ ਭਾਸ਼ਾ ਦੀ ਵਰਣ ਮਾਲਾ ਹੈ ਪੈਂਤੀ ਦੀ, ਗੁਰਾਂ ਨੇ ਆਪ ਉਲੀਕੀ ਹੈ ਅਸਾਡੇ ਗੁਰਮੁਖਾਂ ਉਚਰੀ ਹੈ, ਬੋਲੀ ਮਾਤ ਭਾਸ਼ਾ ਦੀ ਹਰ ਇਕ ਅੱਖਰ ਵਰਣਮਾਲਾ ਦਾ, ਬਣਿਆ ਦਾਸ ਬਾਣੀ ਦਾ ਤੇ ਹਰ ਇਕ ਵੰਨਗੀ ਸੋਚੇ ਹਾਂ, ਗੋਲੀ ਮਾਤ ਭਾਸ਼ਾ ਦੀ ਫਰੀਦਾ ਆਪ ਉਚਰੇ ਨੇ ਇਸ ਵਿਚ ਬੋਲ ਅਣਮੁੱਲੇ ਸਲੋਕਾਂ ਵਿਚ ਵੀ ਸ਼ੱਕਰ ਜਾਪੇ ਘੋਲੀ ਮਾਤ ਭਾਸ਼ਾ ਦੀ ਸਦਾ ਸਤਿਕਾਰ ਕੀਤਾ ਹੈ, ਕਰਾਂਗੇ ਮਾਤ ਭਾਸ਼ਾ ਦਾ ਕੋਈ ਸੱਧਰ ਵੀ ਨਾ ਜਾਵੇ ਮਧੋਲੀ ਮਾਤ ਭਾਸ਼ਾ ਦੀ ਕੁਦੇਸਣ ਲਾ ਕੇ ਗਲ ਦੇ ਨਾਲ ਮਾਤਾ ਦੀ ਨਾ ਕੀਤੀ ਭਾਲ ਅਸੀਸਾਂ ਫੇਰ ਵੀ ਦੇਂਦੀ ਨਾ ਡੋਲੀ ਮਾਤ ਭਾਸ਼ਾ ਦੀ ਕੁਰਾਹੇ ਪੈ ਗਏ ਆਪਾਂ ਕਿ, ਮੁੜ ਆਈਏ ਘਰਾਂ ਨੂੰ ਹੁਣ ਬਥੇਰਾ ਜ਼ੋਰ ਲਾ ਬੈਠੀ ਮਾਂ ਭੋਲੀ ਮਾਤ ਭਾਸ਼ਾ ਦੀ ਮੈਂ ਅਪਣੀ ਮਾਤ ਬੋਲੀ ਨੂੰ, ਕਰਾਂ ਸਿਜਦੇ ਕਰਾਂ ਸੌ ਵਾਰ ਕਿ ਲੋਰੀ, ਬਾਤ, ਵਾਰ, ਕਥਾ ਨਿਮੋਲੀ ਮਾਤ ਭਾਸ਼ਾ ਦੀ ਬੜਾ ਵਿਸਮਾਦ ਸਹਿੰਦੀ ਹੈ, ਜਦੋਂ ਸੱਟ ਮਾਰਦੇ ਆਪਾਂ ਗੁਣਾਂ ਦੀ ਹੈ ਭਰੀ ਹੋਈ, ਭੜੋਲੀ ਮਾਤ ਭਾਸ਼ਾ ਦੀ ਸੁਣਾਵਾਂ ਗੀਤ, ਗ਼ਜ਼ਲਾਂ ਨਾਲ, ਕਵਿਤਾ ਨੂੰ ਸਜਾਕੇ ਮੈਂ ਜਨਮ ਸਾਖੀ ਤੇ ਬਾਣੀ ਰੱਬੋਂ, ਮੌਲੀ ਮਾਤ ਭਾਸ਼ਾ ਕਰਾਂ ਸਿਫ਼ਤਾਂ ਮੈਂ ਕਿੰਨੀਆਂ ਕੂ ਕਿ ਸਿਫ਼ਤਾਂ ਤੋਂ ਕਿਤੇ ਉੱਚੀ ਕਿ ਰੱਬੀ 'ਮਹਿਕ' ਦਿਲ, ਵਿਚ ਹੈ ਸਮੋਲੀ ਮਾਤ ਭਾਸ਼ਾ ਦੀ ਬੜਾ ਹੀ ਮਾਣ ਕਰਦੀ ਹੈ ‘ਮਹਿਕ, ਪੰਜਾਬੀਅਤ ਉੱਤੇ ਤਾਂ ਹੀ ਅੰਬਰ ’ਤੇ ਜਾਕੇ, ਖਿੜਕੀ ਖੋਲੀ ਮਾਤ ਭਾਸ਼ਾ ਦੀ ਦਿਲਾਂ 'ਤੇ ਰਾਜ ਕਰਨਾ ਹੈ, ਤੇ ਕਰਦੀ 'ਮਹਿਕ' ਪੰਜਾਬੀ ਕਿ ਰੱਬ ਦੇ ਤੁੱਲ ਮੈਂ ਤਾਂ, ਤੋਲੀ ਬੋਲੀ ਮਾਤ ਭਾਸ਼ਾ ਦੀ

ਪਰਿੰਦੇ ਪਰਤ ਆਏ ਘਰ

‘ਪਰਿੰਦੇ ਪਰਤ ਆਏ ਘਰ ਸਲੋਨੀ ਸ਼ਾਮ ਤੋਂ ਪਹਿਲਾਂ' ਰਿਹਾ ਸੁੰਨਾ ਨਾ ਕੋਈ ਦਰ ਸਲੋਨੀ ਸ਼ਾਮ ਤੋਂ ਪਹਿਲਾਂ ਖ਼ੁਦਾ ਨੇ ਆਪ ਦਿੱਤਾ ਹੈ ਇਹ ਰੁਤਬਾ ਪਿਆਰ ਦਾ ਉੱਚਾ ਤੂੰ ਉਸ ਨੂੰ ਹੋਰ ਉੱਚਿਆਂ ਕਰ ਸਲੋਨੀ ਸ਼ਾਮ ਤੋਂ ਪਹਿਲਾਂ ਅਮੀਰੀ ਨੂੰ ਅਮੀਰੀ ਤੇ ਬੜਾ ਹੀ ਮਾਣ ਰਹਿੰਦਾ ਹੈ ਗਰੀਬੀ ਮਾਣ ਤੂੰ ਵੀ ਕਰ ਸਲੋਨੀ ਸ਼ਾਮ ਤੋਂ ਪਹਿਲਾਂ ਵਫਾਵਾਂ ਰੋਂਦੀਆਂ ਹੋਵਣ ਅਜਿਹਾ ਵਕਤ ਆਵੇ ਨਾ ਜਫਾਵਾਂ ਦੇ ਨਾ ਨਿਕਲਣ ਪਰ ਸਲੋਨੀ ਸ਼ਾਮ ਤੋਂ ਪਹਿਲਾਂ ਗਵਾਹੀ ਦੇਣ ਖਾਤਿਰ ਹੀ ਗਗਨ ਤੋਂ ਉੱਤਰੇ ਤਾਰੇ ਉਤਰ ਚਿਹਰਾ ਨਾ ਜਾਏ ਡਰ ਸਲੋਨੀ ਸ਼ਾਮ ਤੋਂ ਪਹਿਲਾਂ ਤੂੰ ਵੀ ਆ ਜਾ ਮੇਰੇ ਸਾਥੀ ਸੁਹਾਣੀ ਰਾਤ ਆਈ ਹੈ ਕਿ ਅੱਖੀਆਂ ਹੋ ਨਾ ਜਾਵਣ ਤਰ ਸਲੋਨੀ ਸ਼ਾਮ ਤੋਂ ਪਹਿਲਾਂ ਮੇਰੇ ਅੱਥਰੂ ’ਚ ਲੁਕਿਆ ਦਰਦ ਹੈ ਸਾਰੀ ਲੁਕਾਈ ਦਾ ਤੂੰ ਬਣ ਹਮਦਰਦ ਤੇ ਕੁਝ ਕਰ ਸਲੋਨੀ ਸ਼ਾਮ ਤੋਂ ਪਹਿਲਾਂ ਹਮੇਸ਼ਾ ਸੱਚ ਦਾ ਹੀ ਅਕਸ ਹੁੰਦਾ ਸੱਚਾ ਤੇ ਸੁੱਚਾ ਜ਼ਮੀਰਾਂ ਨੂੰ ਹੈ ਕਾਹਦਾ ਡਰ ਸਲੋਨੀ ਸ਼ਾਮ ਤੋਂ ਪਹਿਲਾਂ ਮਿਰਾ ਦਿਲ ਬੈਠ ਜਾਂਦਾ ਏ ਜੇ ਮੁਰਥਲ ਕਾਂਡ ਵਾਪਰਦੇ ਗਈ ਇਨਸਾਨੀਅਤ ਹੀ ਮਰ ਸਲੋਨੀ ਸ਼ਾਮ ਤੋਂ ਪਹਿਲਾਂ ਕਿਸੇ ਵੀ ਦੋਗਲੇ ਦੇ ਨਾਲ ਆਪਾਂ ਸਾਂਝ ਨਹੀਂ ਪਾਉਣੀ ਲੱਗੇ ਹੈ ਮੀਸਣੇ ਤੋਂ ਡਰ ਸਲੋਨੀ ਸ਼ਾਮ ਤੋਂ ਪਹਿਲਾਂ ਤੂੰ ਜੇ ਬੇਹੱਦ ਨੂੰ ਹੈ ਪਾਉਣਾ ਤਾਂ ਸਿੱਖ ਹੱਦਾਂ ਦੇ ਵਿਚ ਰਹਿਣਾ ਅਸੂਲਾਂ ਨਾਲ ਹੱਦਾਂ ਭਰ ਸਲੋਨੀ ਸ਼ਾਮ ਤੋਂ ਪਹਿਲਾਂ ਕਦੋਂ ਫੁੱਲਾਂ ਧਰੀ ਉਂਗਲ ਕਦੀ ਹਮਜ਼ਾਤ ਕੰਡਿਆਂ ’ਤੇ 'ਮਹਿਕ' ਕੁਰਬਾਨ ਹੁੰਦੀ ਪਰ ਸਲੋਨੀ ਸ਼ਾਮ ਤੋਂ ਪਹਿਲਾਂ

ਜਦੋਂ ਚੁੱਪ ਰਹਿੰਦੀਆਂ ਅੱਖਾਂ

ਜਦੋਂ ਚੁੱਪ ਰਹਿੰਦੀਆਂ ਅੱਖਾਂ ਬੁਲਾਰਾ ਹੋਰ ਹੁੰਦਾ ਹੈ ਜੇ ਕੱਜਲ ਪਾ ਲਈਏ ਅੱਖ ਦਾ ਇਸ਼ਾਰਾ ਹੋਰ ਹੁੰਦਾ ਹੈ ਬੜੇ ਖੇਖਣ ਪਈ ਕਰਦੀ ਜਵਾਨੀ ਆਪਦੇ ਵੱਲੋਂ ਕਿ ਸੱਚੀ ਪ੍ਰੀਤ ਦਾ ਆਸ਼ਿਕ ਪਿਆਰਾ ਹੋਰ ਹੁੰਦਾ ਹੈ ਕੁੜੀ ਤੋਂ ਧੀ ਤੇ ਧੀ ਤੋਂ ਮਾਂ ਤੇ ਮਾਂ ਤੋਂ ਨੂੰਹ ਤੇ ਨੂੰਹ ਤੋਂ ਸੱਸ ਕਿ ਵੱਖਰੇ ਕੋਣ ਤੋਂ ਧੀ ਦਾ ਸਿਤਾਰਾ ਹੋਰ ਹੁੰਦਾ ਹੈ ਹੈ ਬਾਬਲ ਵਾਸਤੇ ਦੌਲਤ ਸਕੀ ਔਲਾਦ ਹੀ ਉਸਦੀ ਅਗਰ ਉਹ ਵਿੱਥ ਨਾ ਪਾਵੇ ਤਾਂ ਪਿਆਰਾ ਹੋਰ ਹੁੰਦਾ ਹੈ ਬਹਾਨੇ ਮਾਰਦਾ ਫਿਰਦਾ ਨਵੇਂ ਯੁੱਗ ਦਾ ਨਵਾਂ ਪੁੱਤਰ ਕਿ ਸਰਵਣ ਬਣਨਾ ਹੈ ਜਿਸਨੇ ਸਹਾਰਾ ਹੋਰ ਹੁੰਦਾ ਹੈ ਤਮੰਨਾ ਵਾਸਤੇ ਸੋਹਣਾ ਹੈ ਵਿਹੜਾ ਤੇਰੇ ਦਿਲ ਵਾਲਾ ਅਜਿਹੀ ਥਾਂ ਉੱਤੇ ਸੁੱਖ ਦਾ ਨਜ਼ਾਰਾ ਹੋਰ ਹੁੰਦਾ ਹੈ ਅਸੀਂ ਐਂਨਗੇਜ ਹੋਣਾ ਹੈ ਤੇ ਰਿੰਗ ਪਾਉਣੀ ਏ ਡਾਇਮੰਡ ਦੀ ਰੁਪਈਏ ਇਕ ਦਾ ਪੇਂਡੂ ਛੁਹਾਰਾ ਹੋਰ ਹੁੰਦਾ ਹੈ ਬੜੀ ਮਿਹਨਤ ਵੀ ਕਰਦੇ ਹਾਂ ਜੇ ਮਿਲਦੀ ਕਾਮਯਾਬੀ ਵੀ ਤਾਂ ਮੱਥੇ ਤੇ ਲਕੀਰਾਂ ਦਾ ਸਿਤਾਰਾ ਹੋਰ ਹੁੰਦਾ ਹੈ ਕਰੋ ਮੇਂਟੇਨ ਖ਼ੁਦ ਨੂੰ ਤੇ ਟਵੀਟਾਂ ਕਰ ਲਵੋ ਅੱਪਡੇਟ ਟਵੀਟਰ ਦਾ ਤੇ ਗੂਗਲ ਦਾ ਨਜ਼ਾਰਾ ਹੋਰ ਹੁੰਦਾ ਹੈ ਜੁਦਾ ਹੋ ਕੇ ਜੋ ਸੰਗ ਰਹਿੰਦੇ ਸਮਾਏ ਦਿਲ ਦੇ ਵਿਚ ਰਹਿੰਦੇ ਉਨਾਂ ਸਚਿਆਰਿਆਂ ਖਾਤਿਰ ਪਸਾਰਾ ਹੋਰ ਹੁੰਦਾ ਹੈ ਕਹੋ 'ਜੀ ਆਇਆਂ ਨੂੰ' ਮੌਕਾ ਦਵੋ ਜੀ ਸੇਵਾ ਕਰਨੇ ਦਾ ਕਿ ਮੋਹ ਸੰਗ 'ਮਹਿਕ' ਦਾ ਹੋਇਆ ਦਵਾਰਾ ਹੋਰ ਹੁੰਦਾ ਹੈ

ਬੜਾ ਹੀ ਕੀਮਤੀ ਹੁੰਦਾ ਹੈ ਪਾਣੀ

ਬੜਾ ਹੀ ਕੀਮਤੀ ਹੁੰਦਾ ਹੈ ਪਾਣੀ ਅਜਾਈ ਬੂੰਦ ਆਪਾਂ ਨਾ ਗਵਾਣੀ ਬਣੂਗੀ ਚੁੱਲ੍ਹੇ ਚੌਂਕੇ ਦੀ ਉਹ ਰਾਣੀ ਜੋ ਵਰਤੂਗੀ ਸੰਜਮ ਦੇ ਨਾਲ ਪਾਣੀ ਹੈ ਅੱਜ ਕੱਲ ਵਿਕ ਰਿਹਾ ਹੱਟਾਂ ਤੇ ਪਾਣੀ ਸ਼ਰਮ ਸੰਗ ਪਾਣੀ ਹੋਇਆ ਪਾਣੀ ਪਾਣੀ ਪੜ੍ਹੋ ਤੇ ਵਾਚ ਲਓ ਗੁਰੂਆਂ ਦੀ ਬਾਣੀ ਪਿਤਾ ਦੇ ਤੁੱਲ, ਕਹਿੰਦੇ ਉਹ ਤਾਂ ਪਾਣੀ ਸਦਾ ਪੀ ਸ਼ਹਿਦ ਵਰਗਾ ਮਿੱਠਾ ਪਾਣੀ ਤੇ ਟਲ ਜਾਂ ਪਾਣੀਆਂ ਵਿਚ ਵਿਸ਼ ਮਿਲਾਣੀ ਜਦੋਂ ਸੀ ਕੱਢਦੀ ਖੂਹਾਂ 'ਚੋਂ ਪਾਣੀ ਅਜਾਈਂ ਡੋਲਦੀ ਕਦ ਸੀ ਸੁਆਣੀ ਹੋਵੇ ਨਾ ਆਖਰੀ ਕਤਰਾ ਇਹ ਪਾਣੀ ਬਚਾਵੋ ਜੰਗੀ ਪੱਧਰ ਉੱਤੇ ਪਾਣੀ ਨਾ ਸੋਨੇ ਚਾਂਦੀ ਨੇ ਹੈ ਤ੍ਰੇਹ ਬੁਝਾਉਣੀ ਕਿ ਸਭ ਤੋਂ ਕੀਮਤੀ ਹੁੰਦਾ ਹੈ ਪਾਣੀ ਬਚਾਣੀ ਹੈ ਜੇ ਆਪੋ ਅਪਣੀ ਢਾਣੀ ਤਾਂ ਪਾਣੀ ਦੁਸ਼ਮਣੀ ਕਿਉਂ ਨਾਲ ਪਾਣੀ ਫੁੱਲਾਂ ਵਿਚ 'ਮਹਿਕ' ਹੈ ਆਪਾਂ ਬਚਾਣੀ ਬਚੂਗੀ ਜੇ ਬਚੂਗਾ ਸਾਡਾ ਪਾਣੀ

ਅਸੀਂ ਪ੍ਰੀਤਾਂ ਭਰੇ ਦਿਲ ਵਿਚ

ਅਸੀਂ ਪ੍ਰੀਤਾਂ ਭਰੇ ਦਿਲ ਵਿਚ ਬਣੀ ਦੀਵਾਰ ਬੈਠੇ ਹਾਂ ਕਿ ਨਫ਼ਰਤ ਪਾਲ ਕੇ ਦਿਲ ਵਿਚ ਭੁਲਾਈ ਪਿਆਰ ਬੈਠੇ ਹਾਂ ਜ਼ਮੀਰਾਂ ਮਾਰ ਕੇ ਜੀਣਾ ਨਹੀਂ ਮਨਜੂਰ ਆਪਾਂ ਨੂੰ ਤਲੀ ’ਤੇ ਜਾਨ ਧਰ ਕੇ ਦੁਸ਼ਮਣਾ ਵਿਚਕਾਰ ਬੈਠੇ ਹਾਂ ਨਹੀਂ ਵਰਤੇ ਦਿਮਾਗ, ਅਪਣੇ ਤਾਂ ਹੀ ਵਰਤੇ ਗਏ ਆਪਾਂ ਕਿ ਹੱਥਾਂ ਵਿਚ ਦੁਸ਼ਮਣ ਦੇ, ਬਣੇ ਹਥਿਆਰ ਬੈਠੇ ਹਾਂ ਜਦੋਂ ਇਨਸਾਨ ਹੁੰਦੇ ਸੀ ਤਾਂ ਮਿਲਜੁਲ ਕੇ ਹੀ ਰਹਿੰਦੇ ਸੀ ਜਦੋਂ ਤੋਂ ਹੋ ਗਏ ਕੱਟੜ ਫੜੀ ਤਲਵਾਰ ਬੈਠੇ ਹਾਂ ਤੇਰੇ ਹੀ ਨਾਮ ਦਾ ਸੁਰਮਾ ਸਜਾਈ ਬੈਠੇ ਇਤਰਾ ਕੇ ਤੇ ਨੈਣਾਂ ਵਿਚ ਸਮੋਈ ਮੁਕਤੀ ਵਾਲਾ ਦਵਾਰ ਬੈਠੇ ਹਾਂ ਜਦੋਂ ਯਾਦਾਂ ’ਚ ਆਉਂਦੇ ਹੋ ਤਾਂ ਧੜਕਣ ਤੇਜ਼ ਹੋ ਜਾਂਦੀ ਤਾਂ ਦਿਲ ਪੁੱਛੇ ਕਿ ਨੈਣਾਂ ਨੂੰ ਕਰੀ ਕਿਉਂ ਚਾਰ ਬੈਠੇ ਹਾਂ ਮਿਰਾ ਹਮਦਮ ਮੇਰਾ ਸਾਥੀ ਕਦੀ ਸੱਧਰਾਂ ਸਵਾਰੇਗਾ ਨਸ਼ੀਲੀ ਅੱਖ ਹੋਈ, ਲਾਲ ਕਰ, ਰੁਖ਼ਸਾਰ ਬੈਠੇ ਹਾਂ ਹੈ ਦਿਲ ਵਿਚ 'ਮਹਿਕ' ਦਾ ਭੰਡਾਰ ਪਲਕਾਂ ਸ਼ਬਨਮੀ ਹੋਈਆਂ ਵਿਚਾਰਾਂ ਸਾਂਝ ਪਾਈ ਹੈ ਖਿੜੀ ਗੁਲਜ਼ਾਰ ਬੈਠੇ ਹਾਂ

ਦੁਪਹਿਰਾ ਉਮਰ ਦਾ ਹੈ

ਦੁਪਹਿਰਾ ਉਮਰ ਦਾ ਹੈ ਉਸਦੀ ਛਾਂ ਦਾ ਜਾਮ ਹੋ ਜਾਵੇ ਪਤਾ ਨਹੀਂ ਕਿਸ ਘੜੀ ਵਿਚ ਜ਼ਿੰਦਗੀ ਦੀ ਸ਼ਾਮ ਹੋ ਜਾਵੇ ਸਦੀਵੀਂ ਨਾ ਕਦੇ ਹੋਇਆ ਕਿਸੇ ਦਾ ਨਾਮ ਦੁਨੀਆ ’ਤੇ ਜੇ ਉਸਦਾ ਨਾਮ ਲੈ ਲਏ ਤੂੰ ਤਾਂ ਤੇਰਾ ਨਾਮ ਹੋ ਜਾਵੇ ਸਜੇ ਫਿਰਦੇ ਜਗਤ ਵਿਹੜੇ ਰਤਾ ਕੁ ਗ਼ਮ ਖੁਸ਼ੀ ਭੋਰਾ ਤੂੰ ਇਸ ਵਿਚ ਵੀ ਖੁਸ਼ੀ ਮਾਣੇਂ ਤਾਂ ਦੂਣਾ ਦਾਮ ਹੋ ਜਾਵੇ ਜੇ ਕਿਣਮਿਣ ਬਣ ਕੇ ਮੁਹਲੇਧਾਰ, ਰਹਿਮਤ ਵਰਸਦੀ ਹੋਵੇ ਤਾਂ ਬੰਦਾ ਕਿਉਂ ਨਾ ਖੁਸ਼ੀਆਂ ਵਿਚ ਭਲਾ ਗੁਲਾਮ ਹੋ ਜਾਵੇ ਕੋਈ ਐਸਾ ਵੀ ਪੁੱਤਰ ਹੈ ਜੋ ਨਾਰੀ ਦੇ ਬਿਨਾ ਜਨਮੇ ਤਾਂ ਧੀ ਦੇ ਜੰਮਣੇ ਤੇ ਕਾਸ ਤੋਂ ਕੁਹਰਾਮ ਹੋ ਜਾਵੇ ਇੱਛਾਵਾਂ ਖਿੰਡਦੀਆਂ ਨੇ 'ਮਹਿਕ’ ਬਣਕੇ ਜਦ ਫਿਜ਼ਾ ਅੰਦਰ ਕਿ ਮੋਹ ਤੇ ਲੋਭ ਦਾ ਐਵੇ ਹੀ ਨਾਂ ਬਦਨਾਮ ਹੋ ਜਾਵੇ

ਮੁਹੱਬਤ ਆਦਮੀ ਨੂੰ ਹੋਰ ਵੀ

ਮੁਹੱਬਤ ਆਦਮੀ ਨੂੰ ਹੋਰ ਵੀ ਧਨਵਾਨ ਕਰਦੀ ਹੈ ਮਜ਼ਾਜੀ ਨੂੰ ਹਕੀਕੀ ਆਣ ਫਿਰ ਸੁਲਤਾਨ ਕਰਦੀ ਹੈ ਜਵਾਨੀ ਇਸ਼ਕ ਹੈ ਕਰਦੀ ਕਿਸੇ ਤੋਂ ਵੀ ਨਹੀਂ ਡਰਦੀ ਵਟੌਂਦੀ ਦਿਲ ਅਤੇ ਫਿਰ ਜਾਨ ਵੀ ਕੁਰਬਾਨ ਕਰਦੀ ਹੈ ਸਮੇਂ ਦੇ ਹਾਣੀ ਬਣਨਾ ਹੈ, ਸਮੇਂ ਦੇ ਨਾਲ ਹੀ ਚੱਲੋ ਬਹੁਤ ਜਲਦੀ ਬਹੁਤੀ ਦੇਰੀ ਵੀ ਤਾਂ ਨੁਕਸਾਨ ਕਰਦੀ ਹੈ ਜਦੋਂ ਕੋਈ ਕਿਸੇ ਦਾ ਹੋ ਕੇ , ਰਹਿੰਦਾ ਏ ਹਮੇਸ਼ਾ ਲਈ ਤਾਂ ਸੱਧਰਾਂ ਚਾਵਾਂ ਸੰਗ ਜ਼ਿੰਦਗੀ ਉਸੇ ਦਾ ਮਾਨ ਕਰਦੀ ਹੈ ਬਿਨਾਂ ਬੂਹੇ ਤੇ ਬਾਰੀ ਤੋਂ ਘਰਾਂ ਦੀ ਹੋਂਦ ਕੀ ਹੋਣੀ ਕਿ ਧੀ ਦੀ ਹੋਂਦ ਹੀ ਤਾਂ ਘਰ ਨੂੰ ਗੁਲਇਸਤਾਨ ਕਰਦੀ ਹੈ ਹਨੇਰੀ ਰਾਤ ਮੁਕ ਜਾਣੀ ਹਨੇਰੇ ਦਿਨ ਵੀ ਨੇ ਕਟ ਜਾਣੇ ਵਫਾ ਹੀ ਜ਼ਿੰਦਗੀ ਨੂੰ ਰੌਸ਼ਨੀ ਦਾ ਦਾਨ ਕਰਦੀ ਹੈ ਲਿਆਕਤ ਦਾ ਤਕਾਜਾ ਹੈ ਸੁਣੋ ਬਹੁਤੀ ਕਹੋ ਥੋੜੀ ਕਿ ਬੱਤੀ ਦੰਦਾਂ ਅੰਦਰ ਜੀਭ ਇਹੀ ਵਖਿਆਨ ਕਰਦੀ ਹੈ ‘ਮਹਿਕ’ ਜਾਂਦਾ ਹੈ ਗੁਲਸ਼ਨ ਓਸਦਾ ਪਰਿਵਾਰ ਵਾਲਾ ਵੀ ਪਿਤਾ ਦਾ ਸੀਸ ਉੱਚਾ ਜਦ ਉਦੀ ਸੰਤਾਨ ਕਰਦੀ ਹੈ

ਗ਼ਦਰ ਨੂੰ ਇਨਕਲਾਬੀ ਸੋਚ ਦਾ

ਗ਼ਦਰ ਨੂੰ ਇਨਕਲਾਬੀ ਸੋਚ ਦਾ ਤੂਫਾਨ ਕਹਿੰਦੇ ਨੇ ਗੁਲਾਮੀ ਦੀ ਕੱਟੇ ਜ਼ੰਜੀਰ ਉਹ ਸਾਮਾਨ ਕਹਿੰਦੇ ਨੇ ਨਹੀਂ ਹੁੰਦੇ ਜਸ਼ਨ ਕੇਵਲ ਖੁਸ਼ੀ ਦੇ ਮੌਕੇ ਹੀ ਲੋਕੋ ਮਨਾਏ ਜਸ਼ਨ ਫਾਂਸੀ ਹੋਣ ਤੇ ਵਰਦਾਨ ਕਹਿੰਦੇ ਨੇ ਭੁਲਾਈ ਨਾ ਕਦੇ ਵੀ ਦੇਸ਼ ਭਗਤੀ ਦੇਸ਼ ਭਗਤਾਂ ਨੇ ਜਿੰਨਾਂ ਨੇ ਜਾਨ ਵਾਰੀ ਹੈ ਉਹ ਆਪਣੀ ਜਾਨ ਕਹਿੰਦੇ ਨੇ ਬਗ਼ਾਵਤ ਦਾ ਵੱਜੇ ਧੌਂਸਾ ਗ਼ਦਰ ਦੀ ਅੱਜ ਤਿਆਰੀ ਹੈ ਤਿਆਰੀ ਤੇਜ ਕਰ ਲਈਏ ਗ਼ਦਰ ਸੁਲਤਾਨ ਕਹਿੰਦੇ ਨੇ ਲੁਕਾਈ ਆਸ ਕਰਦੀ ਹੈ ਫਰੰਗੀ ਬਾਹਰ ਹੋ ਜਾਣੇ ਗ਼ਦਰ ਦੇ ਬਾਬਿਆਂ ਤਾਈ ਸਭੈ ਮਿਲ ਆਨ ਕਹਿੰਦੇ ਨੇ ‘ਗ਼ਦਰ ਅਖ਼ਬਾਰ’ ਅਸਰ ਕਰਦੀ ਹੈ ਧੁਰ ਅੰਦਰ ਹੀ ਸਭਨਾਂ ਦੇ ਇਸੇ ਕਰਕੇ ਹੀ ਇਸਨੂੰ ਇਨਕਲਾਬੀ ਜਾਨ ਕਹਿੰਦੇ ਨੇ ਗ਼ਦਰ ਅਖ਼ਬਾਰ ਦੀ ਬੋਲੀ ਕਿਸਾਨਾਂ ਦੀ ਬਣੀ ਬੋਲੀ ਜਵਾਨਾਂ ਦੀ ਬਣੀ ਬੋਲੀ ਇਹ ਸਭ ਇਨਸਾਨ ਕਹਿੰਦੇ ਨੇ ਲੁਹਾਰਾਂ ਨੂੰ ਕਹੋ ਜਾਕੇ ਕਿ ਸੀਖਾਂ ਲਾਲ ਕਰ ਦੇਵਣ ਫਿਰੰਗੀਆਂ ਦੇ ਨੇ ਦਾਗਣੀਆਂ ‘ਭਾਈ ਭਗਵਾਨ' ਕਹਿੰਦੇ ਨੇ ਸਰਾਭੇ ਨੇ ਹੀ ਭਰਿਆ ਹੈ ਦਿਲਾਂ ਵਿਚ ਜੋਸ਼ ਸਭਦੇ ਹੀ ‘ਮਹਿਕ’ ਫੁੱਲਾਂ ਦੇ ਵਿਚ ਭਰਦੀ ਜਿਵੇਂ ਜਿੰਦ ਜਾਨ ਕਹਿੰਦੇ ਨੇ

ਭੁਲਾ ਸਕਦੇ ਨਹੀਂ ਆਪਾਂ

ਭੁਲਾ ਸਕਦੇ ਨਹੀਂ ਆਪਾਂ ਕਦੇ ਅਹਿਸਾਨ ਰੁੱਖਾਂ ਦਾ ਚੁਕਾ ਸਕਦਾ ਨਹੀਂ ਕਰਜ਼ਾ ਕਦੇ ਇਨਸਾਨ ਰੁੱਖਾਂ ਦਾ ਇਹ ਰੁਤ ਪਤਝੜ ਬਹਾਰਾਂ ਦੀ ਤਾਂ ਆਉਂਦੀ ਜਾਂਦੀ ਰਹਿੰਦੀ ਏ ਨਹੀਂ ਜਾਂਦਾ ਮੇਰੇ ਦਿਲ ਚੋਂ ਕਦੇ ਸਨਮਾਨ ਰੁੱਖਾਂ ਦਾ ਇਨ੍ਹਾਂ ਦੇ ਫ਼ਲ ਹਰ ਇਕ ਪ੍ਰਾਣੀ ਦਾ ਮੂੰਹ ਮਿੱਠਾ ਕਰਾਉਂਦੇ ਨੇ ਹੈ ਲੱਗਾ ਧਰਤ 'ਤੇ ਸੁਹਣਾ ਜਿਹਾ ਮਿਸ਼ਠਾਨ ਰੁੱਖਾਂ ਦਾ ਜਮੀਂ ਤੋਂ ਅਰਸ਼ ਤਕ ਜੀਵਨ ਹੈ ਤਾਂ ਇਹਨਾਂ ਦੇ ਕਰਕੇ ਹੀ ਲੁਕਾਈ ਨੂੰ ਦਿੱਤਾ ਹੋਇਆ ਇਹ ਕੰਨਿਆ ਦਾਨ ਰੁੱਖਾਂ ਦਾ ਹੈ ਕਿੰਨਾ ਮਤਲਬੀ ਇਨਸਾਨ ਜੋ ਲੈ ਕੇ ਮੁਕਰਦਾ ਹੈ ਕਿ ਨਿਤ ਬਲੀਦਾਨ ਤੇ ਬਲੀਦਾਨ ਤੇ ਬਲੀਦਾਨ ਰੁੱਖਾਂ ਦਾ ਬਹਾਰਾਂ ਆ ਗਈਆਂ ਨੇ ਇਹ ਨਵੇ ਪੱਤੇ ਜੋ ਆਏ ਨੇ ਸਜਾਇਆ ਨਵੀਆਂ ਕਲੀਆਂ ਨੇ ਹੈ ਫਿਰ ਗੁਲਦਾਨ ਰੁੱਖਾਂ ਦਾ ਇਬਾਦਤ ਕਰ ਲਈਏ ਆਪਾਂ ਇਹਨਾਂ ਪਿੱਪਲਾਂ ਤੇ ਬੋਹੜਾਂ ਦਾ ਕਤਲ ਹੁਣ ਹੋਰ ਨਹੀਂ ਕਰਣੇ ਕਰੋ ਸਨਮਾਨ ਰੁੱਖਾਂ ਦਾ ਮੈਂ ਕੰਨ ਫੜਕੇ ਕਰੂੰ ਤੌਬਾ ਤੇ ਆਵਾਂ ਭੁੱਲ ਬਖ਼ਸ਼ਾ ਕੇ ਬਹੁਤ ਕੀਤਾ ਨਹੀਂ ਕਰਨਾ ਕਦੀ ਨੁਕਸਾਨ ਰੁੱਖਾਂ ਦਾ ਇਹ ਪੀਕੇ ਖੁਦ ਹਵਾ ਗੰਦੀ ਤੇ ਕਰਕੇ ਸਾਫ ਦੇਂਦੇ ਨੇ ਸਦਾ ਤੋਂ ਚਲਦਾ ਆਇਆ ਹੈ ਇਹ ਜੀਵਨ ਦਾਨ ਰੁੱਖਾਂ ਦਾ ਜੇ ਵੱਟਾ ਮਾਰੀਏ ਆਪਾਂ ਤਾਂ ਸਾਨੂੰ ਫਲ ਹੀ ਦੇਂਦੇ ਨੇ ਮੈਂ ਸਿੱਖਾਂਗੀ ਹਲੀਮੀ ਦਾ ਇਹ ਵੱਡਾ ਗਿਆਨ ਰੁੱਖਾਂ ਦਾ ਇਹ ਖੁਦ ਧੁੱਪਾਂ ਦੇ ਵਿਚ ਖੜਦੇ ਤੇ ਠੰਡੀ ਛਾਂ ਹੀ ਦੇਂਦੇ ਨੇ ਚੁਕਾਵਾਂਗੇ ਕਿਵੇਂ ਆਪਾਂ ਦੱਸੋ ਅਹਿਸਾਨ ਰੁੱਖਾਂ ਦਾ ਮੈਂ ਸੌ ਰੁੱਖ ਹੋਰ ਲਾਵਾਂਗੀ ਤੇ ਬੱਚਿਆਂ ਵਾਂਗ ਪਾਲਾਂਗੀ ਮੈਂ ਦੇਵਾਂਗੀ ਧਰਤ ਆਪਣੀ ਨੂੰ ਜੀਵਨਦਾਨ ਰੁੱਖਾਂ ਦਾ ਹਜ਼ਾਰਾਂ ਬੀਜ ਨੇ ਅਗਲੀ ਪਨੀਰੀ ਦੇ ਫਲਾਂ ਅੰਦਰ ‘ਮਹਿਕ’ ਦੇ ਵਾਸਤੇ ਇਹ ਖੁਲਦਿਲਾ ਅਨੁਦਾਨ ਰੁੱਖਾਂ ਦਾ

ਕੋਈ ਵੀ ਰੱਬ ਦੇ ਪਾਏ ਫ਼ਰਕ ਨੂੰ

ਕੋਈ ਵੀ ਰੱਬ ਦੇ ਪਾਏ ਫ਼ਰਕ ਨੂੰ ਝੂਠਲਾ ਨਹੀਂ ਸਕਦਾ, ਧੀਆਂ ਪੁੱਤਰ ਦੋਵੇਂ ਦਾਤਾਂ ਕੋਈ ਵਿਥ ਪਾ ਨਹੀਂ ਸਕਦਾ ਦੋਹਾਂ ਦੀ ਹੋਂਦ ਪਿਆਰੀ ਹੈ ਸਮਝਕੇ ਵੀ ਨਾ ਸਮਝੇ ਜੋ ਤਾਂ ਸੱਚ ਜਾਣੋ ਕਿ ਫਿਰ ਉਸਨੂੰ ਕੋਈ ਸਮਝਾ ਨਹੀਂ ਸਕਦਾ ਜੇ ਜੜ੍ਹ ਹੀ ਹੋਈ ਨਾਂ ਦੱਸੋ ਕਿਵੇਂ ਫਲ ਫੁੱਲ ਪੁੰਗਰਣਗੇ ਐ ਬਿਰਖਾ ਤੂੰ ਵੀ ਫਿਰ ਅੰਬਰ ਨੂੰ ਸਿਰ 'ਤੇ ਚਾ ਨਹੀ ਸਕਦਾ ਹੁ ਦੋਵਾਂ ਦਾ ਸਾਂਝਾ ਹੈ ਤੇ ਮਮਤਾ ਵੀ ਹੈ ਸਾਂਝੀ ਹੀ ਨਹੁੰ ਤੇ ਮਾਸ ਦਾ ਰਿਸ਼ਤਾ ਕੋਈ ਤੁੜਵਾ ਨਹੀਂ ਸਕਦਾ ਇਹ ਜੜ੍ਹ ਧਰਤੀ ਤੇ ਮਾਂ ਆਪਣੀ ਤਾਂ ਹਰ ਦੁਖ ਸਹਿੰਦੀਆਂ ਤਨ 'ਤੇ ਇੰਨੀ ਮਮਤਾ ਕਿ ਹੋਠਾਂ ਤੇ ਉਲਾਮਾ ਆ ਨਹੀਂ ਸਕਦਾ ਪਿਆਰੀ ਭੈਣ ਹੋਈ ਨਾ ਪਿਆਰਾ ਵੀਰ ਕਿਸ ਕਹਿਣਾ ਕਿ ਉਸਦੇ ਬੋਲ ਦੇ ਘੁੰਘਰੁ ਕੋਈ ਛਣਕਾ ਨਹੀਂ ਸਕਦਾ ਮੇਰੇ ਭਾਪਾ ਜੀ ਕਹਿ ਕੇ ਆਪ ਜੋ ਗਲ ਆਣ ਲਗਦੀ ਹੈ ਜੋ ਪੈਂਦੀ ਕਾਲਜੇ ਵਿਚ ਠੰਡ ਉਹ ਕੋਈ ਪਾ ਨਹੀਂ ਸਕਦਾ ਇਹ ਮੰਮੀ ਜੀ ਦੀ ਲਾਡੋ ਧੀ ਸਿਆਣੀ ਧੀ ਧਿਆਣੀ ਹੈ ‘ਮਹਿਕ' ਇਸਦੇ ਬਿਨਾ ਵਿਹੜਾ ਕੋਈ ਰੁਸ਼ਨਾ ਨਹੀਂ ਸਕਦਾ

ਮਨੁੱਖੀ ਜੀਵ ਜੰਤੂ ਤੇ ਰੁੱਖਾਂ ਦੀ

ਮਨੁੱਖੀ ਜੀਵ ਜੰਤੂ ਤੇ ਰੁੱਖਾਂ ਦੀ ਜਾਨ ਹੈ ਪਾਣੀ ਕਿ ਰਬ ਦੀ ਮਿਹਰ ਹੈ ਪਾਣੀ, ਅਮੁੱਲ ਵਰਦਾਨ ਹੈ ਪਾਣੀ ਧਰਤ ਦੀ ਹਿੱਕ ਦੇ ਉੱਤੇ ਬਨਸਪਤ ਦੇ ਉੱਗੇ ਬੂਟੇ ਧਰਤ 'ਤੇ ਸਵਰਗ ਦੇ ਝੂਟੇ, ਸੁੱਖਾਂ ਦੀ ਖਾਨ ਹੈ ਪਾਣੀ ਅਸਾਡੇ ਗੁਰੂਆਂ ਪੀਰਾਂ ਨੇ ਹੈ ਦਿੱਤਾ ਮਰਤਬਾ ਉੱਚਾ ਪਰਮ ਪਰਮਾਤਮਾ ਰੂਪੀ ਪਿਤਾ ਭਗਵਾਨ ਹੈ ਪਾਣੀ ਇਹ ਝੀਲਾਂ ਨਦੀਆਂ ਬਣ ਕੇ ਨਿਤ ਸ਼ਿੰਗਾਰੇ ਧਰਤ ਸਾਡੀ ਨੂੰ ਸਮੁੰਦਰ ਜਲ ਖਜ਼ਾਨਾ ਧਰਤ ਲਈ ਵਰਦਾਨ ਹੈ ਪਾਣੀ ਕਦੇ ਅੰਮ੍ਰਿਤ ਸਰੋਵਰ ਬਣਕੇ ਤਾਰੇ ਕੁੱਲ ਦੁਨੀਆਂ ਨੂੰ ਸੁਨਾਮੀ ਕਹਿਰ ਦਾ ਬਣਦਾ ਕਦੇ ਸੁਲਤਾਨ ਹੈ ਪਾਣੀ ਕਿਸੇ ਪਿਆਸੇ ਪਪੀਹੇ ਦੀ ਸਵਾਤੀ ਬੰਦ ਹੈ ਬਣਦਾ ਕਦੇ ਚੁੱਲੂ ’ਚ ਡੋਬੇ ਹੈ ਬੜਾ ਸ਼ੈਤਾਨ ਹੈ ਪਾਣੀ ਦਿਵਸ ਤੇ ਰਾਤ ਮੌਸਮ ਦੀ ਪੁਰੇ ਦੀ ਵੀ ਹਵਾ ਬਣਕੇ ਹੈ ਕੁਦਰਤ ਦਾ ਮਧੁਰ ਸੰਗੀਤ ਤੇ ਸਹਿਗਾਨ ਹੈ ਪਾਣੀ ਕਦੇ ਬੱਦਲਾਂ ਚੋਂ ਵਰ੍ਹਦਾ ਹੈ ਨੁਵਾਵੇ ਕੁਦਰਤੀ ਸੋਮੇ ਪਿਆਸੇ ਲਈ ਘੁੱਟ ਅੰਮ੍ਰਿਤ ਦਾ ਨਵੀਂ ਜਿੰਦ ਜਾਨ ਹੈ ਪਾਣੀ ਗਰੀਬਾਂ ਦੀ ਤਾਂ ਟੁੱਟੀ ਛੱਤ ਲਈ ਤੂਫਾਨ ਬਣ ਜਾਂਦਾ ਅਮੀਰਾਂ ਦੇ ਸਵੀਮਿੰਗ ਪਲ ਦਾ ਅਭਿਮਾਨ ਹੈ ਪਾਣੀ ਕਦੇ ਵੀ ‘ਮਹਿਕ' ਆਪਣੇ ਫੁੱਲਾਂ ਕੋਲੋਂ ਵੱਖ ਨਹੀਂ ਹੁੰਦੀ ਇਹਨਾਂ ਫੁੱਲਾ ਦੇ ਕਲੀਆਂ ਦੀ ਨਿਰਾਲੀ ਸ਼ਾਨ ਹੈ ਪਾਣੀ

ਮੇਰੇ ਨੈਣਾਂ ਚੋਂ ਨੀਂਦਰ ਨੂੰ ਚੁਰਾਵੋਗੇ ਕਦੋਂ ਤੀਕਰ

ਮੇਰੇ ਨੈਣਾਂ ਚੋਂ ਨੀਂਦਰ ਨੂੰ ਚੁਰਾਵੋਗੇ ਕਦੋਂ ਤੀਕਰ ਮੇਰੇ ਮਾਸੂਮ ਜਿਹੇ ਦਿਲ ਨੂੰ ਦੁਖਾਵੋਗੇ ਕਦੋਂ ਤੀਕਰ ਸਮਾਂ ਇਹ ਦੁਨੀਆ ਦਾਰੀ ਦਾ ਸਦਾ ਹੀ ਚਲਦਾ ਰਹਿਣਾ ਏ ਉਸੱਲ ਵੱਟੇ ਜਿਹੇ ਲੈਕੇ ਲੰਘਾਵੋਗੇ ਕਦੋਂ ਤੀਕਰ ਹਿਜ਼ਰ ਦੀ ਰਾਤ ਲੰਬੀ ਹੋਰ ਲੰਬੀ ਹੋ ਗਈ ਜਾਪੇ ਰਚੀ ਇਹ ਮਹਿੰਦੀ ਸੱਧਰਾਂ ਦੀ ਸਜਾਵੋਗੇ ਕਦੋਂ ਤੀਕਰ ਬਿਨਾ ਬੋਲੇ , ਸਮਝ ਲੈਂਦਾ ਏ ਹਰ ਇਕ ਗੱਲ ਨੂੰ ਮੇਰੀ ਖੁਦਾ ਤੋਂ ਦਿਲ ਦੀ ਹਸਰਤ ਨੂੰ ਲੁਕਾਵੋਗੇ ਕਦੋਂ ਤੀਕਰ ਕੁੜੀ ਨੂੰ ਕੁੱਖ ਵਿਚ ਮਾਰੋ, ਕਿ ਬਦੀ ਅੱਗ ਵਿਚ ਸਾੜੋ ਲਹੂ ਰੰਗੇ ਇਹ ਹੱਥ ਆਪਣੇ ਛੁਪਾਵੋਗੇ ਕਦੋਂ ਤੀਕਰ ਚਿੜੀ ਤੋਂ ਆਲ੍ਹਣਾ ਖੋਹ ਕੇ, ਬੜੇ ਖੁਸ਼ ਗਏ ਹੋ ਕਿਉਂ ਤੁਸੀਂ ਪੈਰਾਂ ਨੂੰ ਧਰਤੀ 'ਤੇ ਟਿਕਾਵੋਗੇ ਕਦੋਂ ਤੀਕਰ ਹਰੇ ਜਖ਼ਮਾਂ ਦੇ ਸੰਗ ਬਣਦੀ ਨਹੀਂ ਹੈ ਇਨ੍ਹਾਂ ਮਲ੍ਹਮਾਂ ਦੀ ਜ਼ਖ਼ਮ ਨਾਸੂਰ ਬਣਨੇ ਤੋਂ ਬਚਾਵੋਗੇ ਕਦੋਂ ਤੀਕਰ ਤੁਹਾਨੂੰ ਰੱਖੜੀ ਬੰਨ੍ਹਦੀ ਹੈ ਉਸੇ ਦੀ ਲੁੱਟ ਕੇ ਇੱਜ਼ਤ ਅਦਾਲਤ ਵਿੱਚ ਤੁਸੀਂ ਫਿਰ ਮੁਸਕੁਰਾਵੋਗੇ ਕਦੋਂ ਤੀਕਰ ਜ਼ਮੀਰਾਂ ਕੈਦ ਕਰ ਲੈਣੇ ਤੇਰੇ ਹਾਸੇ ਜੋ ਹੱਸੇਂ ਤੂੰ ਕਿ ਜ਼ੁਲਮਾਂ ਦੀ ਤਵੀ ਤੱਤੀ ਤਪਾਵੋਗੇ ਕਦੋਂ ਤੀਕਰ ਉਡੀਕਾਂ ਹੋ ਗਈਆਂ ਲੰਮੀਆਂ ਤੇ ਅੱਖਾਂ ਹੋਰ ਨੇ ਸਿੰਮੀਆਂ ਨਮੀ ਨੈਣਾਂ ਦੀ ਨੂੰ ਕੈਦੀ ਬਣਾਵੋਗੇ ਕਦੋਂ ਤੀਕਰ 'ਮਹਿਕ' ਫੁੱਲ ਵਿਚ ਸਮਾਵੇਗੀ, ਸਮੋ ਕੇ ਫੇਰ ਖਿੱਲਰੇਗੀ ਇਹਨੂੰ ਹੱਦਾਂ ਦੇ ਵਿੱਚ ਦੱਸੋ, ਖਿਡਾਵੋਗੇ ਕਦੋਂ ਤੀਕਰ

ਅਮਰ ਹੋ ਜਾਂਦੇ ਨੇ ਜਿਹੜੇ

ਅਮਰ ਹੋ ਜਾਂਦੇ ਨੇ ਜਿਹੜੇ ਧਰਮ ਹਿਤ ਜਾਨ ਦੇਂਦੇ ਨੇ ਨਹੀਂ ਝੁਕਦੇ ਜ਼ੁਲਮ ਅੱਗੇ ਉਹ ਛਾਤੀ ਤਾਨ ਦੇਂਦੇ ਨੇ ਪਤਾ ਵੀ ਹੈ ਮੈਦਾਨੇ-ਜੰਗ ਦਾ ਪਲੜਾ ਨਾ ਬਰਾਬਰ ਹੈ ਸਵਾ ਲੱਖ ਇਕ ਬਰਾਬਰ ਹੋਣ ਦਾ ਫੁਰਮਾਨ ਦੇਂਦੇ ਨੇ ਨਾ ਡਰਦੇ ਨਾ ਡਰਾਉਂਦੇ ਨੇ ਹਰ ਇਕ ਔਕੜ ਤੋਂ ਲੰਘ ਜਾਂਦੇ ਦਿਲਾਂ ਨੂੰ ਨਾਮ ਦੇਂਦੇ ਨੇ ਤੇ ਹੱਥ ਕਿਰਪਾਨ ਦੇਂਦੇ ਨੇ ਜਦੋਂ ਹਾਕਮ ਰਿਆਇਆ ਤੇ ਧਰਮ ਤੇ ਵਾਰ ਨੇ ਕਰਦੇ ਤਾਂ ਯੋਧੇ ਤੋਹਫੇ ਵਿਚ ਉਸਨੂੰ ਤਾਂ ਕਬਰਿਸਤਾਨ ਦੇਂਦੇ ਨੇ ਉਹ ਬਹਿ ਜਾਂਦੇ ਨੇ ਦਿਲ ਨੂੰ ਸਾਫ ਵਾਂਗਰ ਆਈਨਾਂ ਕਰਕੇ ਤੇ ਦੇਹ ਨੂੰ ਭਗਤੀ ਸ਼ਕਤੀ ਦਾ ਵੀ ਖੁਦ ਵਰਦਾਨ ਦੇਂਦੇ ਨੇ ਸਰਣ ਆਇਆਂ ਦੀ ਰਖਦੇ ਲਾਜ ਦੇ ਕੇ ਜਾਨ ਵੀ ਅੱਪਣੀ ਤੇ ਕਿਰਪਾ ਦੀ ਨਦਰਿ ਕਰਕੇ ਅਭੈ ਦਾ ਦਾਨ ਦੇਂਦੇ ਨੇ ਨਿੱਕੀ ਉਮਰੇ ਵੱਡੇ ਸਾਕੇ , ਫੁੱਲਾਂ ਦੀ ਉਮਰ ਦੇ ਕਾਕੇ ‘ਮਹਿਕ’ ਦੇ ਪੂਰਨੇ ਪਾਕੇ, ਉਹ ਆਪਣੀ ਜਾਨ ਦੇਂਦੇ ਨੇ

ਅਸਾਂ ਸਿੱਖੀ ਸੰਭਾਲੀ ਨਹੀਂ

ਅਸਾਂ ਸਿੱਖੀ ਸੰਭਾਲੀ ਨਹੀਂ ਤੁਸਾਂ ਮੁੱਲ ਤਾਰਿਆ ਬਹੁਤਾ ਅਸਾਂ ਨੇ ਅੱਗ ਬਾਲੀ ਹੈ ਤੁਸਾਂ ਨੇ ਠਾਰਿਆ ਬਹੁਤਾ ਅਸਾਂ ਨੇ ਭੇਖ ਧਾਰੇ ਨੇ , ਤੁਸਾਂ ਨੇ ਰਬ ਨੂੰ ਪਾ ਲੀਤਾ ਅਸਾਂ ਭੇਖਾਂ ਦੇ ਸਿਰ 'ਤੇ ਹੀ ਅਸਲ ਡੰਗ ਸਾਰਿਆ ਬਹੁਤਾ। ਅਸਾਂ ਨੇ ਕੇਸ ਕਟਵਾਏ , ਤੁਸਾਂ ਕਟਵਾ ਲਏ ਖੋਪਰ. ਅਸੀਂ ਜਿੱਤੀ ਨਹੀਂ ਬਾਜ਼ੀ ਅਸਲ ਵਿਚ ਹਾਰਿਆ ਬਹੁਤਾ। ਅਸਾਂ ਪੁੱਤਰ ਹੀ ਮੰਗੇ ਨੇ ਤੁਸਾਂ ਪੁੱਤ ਆਪਣੇ ਵਾਰੇ ਨੇ , ਅਸਾਂ ਨੂੰ ਬਖ਼ਸ਼ੀਆਂ ਦਾਤਾਂ ਅਤੇ ਪੁਚਕਾਰਿਆ ਬਹੁਤਾ। ਅਸਾਂ ਨੇ ਕੇਸ ਰੰਗੇ ਨੇ , ਤਦੇ ਕੇਸਾ ’ਚ ਉਲਝੇ ਨੇ, ਬਣੇ ਆਸ਼ੂ ਬਣੇ ਆਸਾ, ਬਣੇ ਭਣਿਆਰਿਆ ਬਹੁਤਾ। ਤੁਸਾਂ ਸ਼ਰਨਾਗਤਾਂ ਦੀ ਲਾਜ ਰੱਖੀ ਜਾਨ ਦੇਕੇ ਵੀ, ਉਨ੍ਹਾਂ ਅਕਿਰਤਘਣਾ ਫਿਰ ਵੀ ਨਹੀਂ ਸਤਿਕਾਰਿਆ ਬਹੁਤਾ। ਤੁਸਾਂ ਨੀਹਾਂ ਨੂੰ ਭਰਿਆ ਹੈ ਜਿਗਰ ਦਾ ਖੂਨ ਪਾਕੇ ਵੀ, ਤੇ ਸਿੱਖੀ ਦਾ ਮਹਿਲ ਬਾਣੀ ਦੇ ਸੰਗ ਸਤਿਕਾਰਿਆ ਬਹੁਤਾ। ਅਸੀਂ ਤਾਂ ਸੀ ਡੁੱਬਣਹਾਰੇ ਤੁਸਾਂ ਨੇ ਤਾਰ ਦਿੱਤਾ ਹੈ, ਅਸੀਂ ਤਾਂ ਲੂਣ ਹਰਾਮੀ ਸਾਂ ਤੁਸਾਂ ਨੇ ਪਿਆਰਿਆ ਬਹੁਤਾ। ਕਦੇ ਤੂੰ ‘ਜਾਪੁ ਸਾਹਿਬ' ਪੜ੍ਹ ਕੇ ਕਰਦਾ ਰਬ ਸੰਗ ਗੱਲਾਂ, ਤੇ ਸਾਨੂੰ ਰਾਹੇ ਪਾਵਣ ਨੂੰ ‘ਦਸ਼ਮ’ ਸ਼ਿੰਗਾਰਿਆ ਬਹੁਤਾ । ਤੁਸਾਂ ਨੇ ਸੀਸ ਮੰਗੇ ਸੀ ਤੇ ਸੁਹਣੇ ਸਿੰਘ ਸਾਜੇ ਨੇ, ਤੇ ਖੁਦ ਅਮਰਤ ਛਕਣ ਖਾਤਿਰ ਤੁਸਾਂ ਮੁੱਲ ਤਾਰਿਆ ਬਹੁਤਾ। ਤੁਸਾਂ ਦੀ ਬਖ਼ਸ਼ ਦੇ ਸਦਕੇ ਹੀ ਇਕ ਇਕ ਸਿੰਘ ਨੇ ਗੱਜ ਕੇ, ਸਵਾ ਲਖ ਫੌਜ ਨੂੰ ਰਣ ਵਿਚ ਖੜੋ ਵੰਗਾਰਿਆ ਬਹੁਤਾ। ਤੁਸਾਂ ਸਰਬੰਸ ਆਪਣਾ ਵਾਰ ਕੇ ਸ਼ੁਕਰਾਨਾ ਕੀਤਾ ਏ, ਤੇ ਸਿਰਹਾਣੇ ਦੀਆਂ ਟਿੰਡਾਂ ਨੂੰ ਵੀ ਪੁਚਕਾਰਿਆ ਬਹੁਤਾ। ‘ਜਫਰਨਾਮੇਂ' ਨੂੰ ਪੜ੍ਹ ਕੇ ਹੋਸ਼ ਉਡ ਪੁਡ ਗਏ ਸੀ ਰਾਜੇ ਦੇ, ਕਲੇਜੇ ਸ਼ਬਦ ਜਾ ਵੱਜੇ ਗਿਆ ਦੁਰਕਾਰਿਆ ਬਹੁਤਾ। ਤੁਸਾਂ ਨੇ ਦੀਨ ਦਾ ਸ਼ੀਸ਼ਾ ਹੀ ਉਸਨੂੰ ਚਾ ਵਿਖਾਇਆ ਸੀ, ਸ਼ਰਮ ਨਾਲ ਮਰ ਗਇਆ ਥਾਂਈ ਤੇ ਦਿਲ ਫੜ ਹਾਰਿਆ ਬਹੁਤਾ। ਤੁਸਾਂ ਮਿੱਤਰ ਪਿਆਰੇ ਨਾਲ ਕੀਤਾ ਹਾਲ-ਏ-ਦਿਲ ਸਾਂਝਾ, ਅਦੁੱਤੀ ‘ਮਹਿਕ' ਉਸਦੀ ਨੂੰ ਵੀ ਮਨ ਵਿਚ ਧਾਰਿਆ ਬਹੁਤਾ।

ਕਸ਼ਿਸ਼ ਦੀ ਬਣਦੇ ਨੇ ਦੌਲਤ ਇਹ

ਕਸ਼ਿਸ਼ ਦੀ ਬਣਦੇ ਨੇ ਦੌਲਤ ਇਹ ਗ਼ਮ ਆਓ ਗ਼ਜ਼ਲ ਲਿਖੀਏ ਕਿ ਪੜ੍ਹਕੇ ਆਸ਼ਿਕੀ ਦਾ ਹੀ ਇਲਮ ਆਓ ਗ਼ਜ਼ਲ ਲਿਖੀਏ ਹਮੇਸ਼ਾਂ ਨੈਣ ਕਿਉਂ ਰੋਵਣ ਹਮੇਸ਼ਾ ਹੋਠ ਕਿਉਂ ਫੜਕਣ ਮਿਟਾ ਕੇ ਦੋਹਾਂ ਦੇ ਢਿੱਡੋਂ ਸਹਿਮ ਆਓ ਗ਼ਜ਼ਲ ਲਿਖੀਏ ਚੱਲੂਗੀ ਮਣਕਿਆਂ ਦੀ ਗੱਲ ਹਮੇਸ਼ਾ ਛੱਲਿਆਂ ਦੇ ਨਾਲ ਕਿ ਦਿਲ ਵੱਟੇ ਵਟਾ ਕੇ ਦਿਲ ਸਨਮ ਆਓ ਗ਼ਜ਼ਲ ਲਿਖੀਏ ਹਨੇਰਾ ਆਖਦਾ ਚਾਨਣ ਤੂੰ ਮੇਰੇ ਪਿੱਛੇ ਆ ਜਾਵੀਂ ਕਿ ਬਣਿਆ ਕੁਦਰਤੀ ਇਹੋ ਨਿਯਮ ਆਓ ਗ਼ਜ਼ਲ ਲਿਖੀਏ ਬਣਾ ਕੇ ਪਾਕ ਦਿਲ ਆਪਣਾ ਗੁਰੂ ਚਰਨਾ ਤੇ ਢਹਿ ਜਾਂਵੀ ਕਿ ਜ਼ਜ਼ਬਾ ਹੈ ਇਹੀ ਸਭ ਤੋਂ ਨਿਗ਼ਮ ਆਓ ਗ਼ਜ਼ਲ ਲਿਖੀਏ ਸਦਾ ਤੋਂ ਹੀ ਮਜਾਜੀ ਨੂੰ ਹਕੀਕੀ ਥਾਪੜਾ ਦੇਂਦੀ ਦਿਲਾਂ ਨੂੰ ਦਿਲ ਤੋਂ ਦਿੱਤੀ ਹੈ ਕਸਮ ਆਓ ਗ਼ਜ਼ਲ ਲਿਖੀਏ ਜਫਾ ਤੇਰੀ ਤੋਂ ਹਾਰੀ ਨਾ ਵਫਾ ਮੇਰੀ ਮੇਰੇ ਦਿਲਬਰ ਕਰੀ ਜਾ ਜਿੰਨੇ ਕਰ ਸਕਦਾ ਸਿਤਮ ਆਓ ਗ਼ਜ਼ਲ ਲਿਖੀਏ ਦਵਾਂ ਟੱਕਰ ਹਮੇਸ਼ਾ ਮੈਂ ਸਦਾ ਹੀ ਹੌਸਲੇ ਵਾਲੀ ਮਤਾ ਔਕੜ ਵੀ ਹੋ ਜਾਵੇ ਸੁਗਮ ਆਓ ਗ਼ਜ਼ਲ ਲਿਖੀਏ ਤੇਰੀ ਕੀ ਜ਼ਾਤ ਹੈ ਜਾਣਾ ਤੇ ਪੁੱਛਾਂ ਵੀ ਭਲਾ ਮੈਂ ਕਿਉਂ ਸੱਚੇ ਇਨਸਾਨ ਦੀ ਇੱਕ ਕਿਸਮ ਆਓ ਗ਼ਜ਼ਲ ਲਿਖੀਏ ਸਿਖਰ ਤੇ ਪਹੁੰਚ ਜਾਵੋਗੇ ਜੇ ਮਨ ਦੀ ਸਿਹਤ ਸਿਹਤ ਹੈ ਚੰਗੀ ਸਫਲ ਹੋਵਣ ਦਾ ਰਸਤਾ ਹੈ ਸੁਗਮ ਆਓ ਗ਼ਜ਼ਲ ਲਿਖੀਏ ਉਕਰਕੇ ਕਾਲੀਆਂ ਸਤਰਾਂ ਵੀ ਦੇਵੇ ਸੇਧ ਜੀਵਨ ਨੂੰ ਉਹੀ ਤਾਂ ਬਣਦੇ ਨੇ ਸੱਚੇ ਕਲਮ ਆਓ ਗ਼ਜ਼ਲ ਲਿਖੀਏ ਸਜਰ ਆਪਣੀ 'ਮਹਿਕ' ਦੇ ਨਾਂ ਕਸਕ ਕਰਦੇ ਨੇ ਸਾਰੀ ਹੀ ਸਜਲ ਨੈਣਾਂ ਚੋਂ ਕਿਰਦੀ ਹੈ ਕੁਸੁਮ ਆਓ ਗ਼ਜ਼ਲ ਲਿਖੀਏ

ਤਮੰਨਾ ਹੈ ਇਹ ਸਾਵਣ ਦੀ

ਤਮੰਨਾ ਹੈ ਇਹ ਸਾਵਣ ਦੀ, ਬਹਾਰਾਂ ਲੈ ਕੇ ਆਵਾਂ ਮੈਂ ਤੇ ਮੋਰਾਂ ਨੂੰ ਨਚਾਵਾਂ ਮੈਂ, ਤੇ ਬਾਗਾਂ ਨੂੰ ਸਜ਼ਾਵਾਂ ਮੈਂ ਤਮੰਨਾ ਹੈ ਇਹ ਸਾਵਣ ਦੀ, ਕਿ ਭੈਣਾਂ ਨੂੰ ਬਚਾਵਾਂ ਮੈਂ ਜੋ ਲੱਗੀ ਅੱਗ ਹਰ ਪਾਸੇ , ਕਰਾਂ ਹੀਲਾ ਬੁਝਾਵਾਂ ਮੈਂ ਤਮੰਨਾ ਹੈ ਇਹ ਸਾਵਣ ਦੀ, ਹੁਨਰ ਆਪਣਾ ਵਿਖਾਵਾਂ ਮੈਂ ਛਮਾਛਮ ਬਦਲੀਆਂ ਵਰਸਣ, ਤੇ ਅੱਗ ਪਾਣੀ ਨੂੰ ਲਾਵਾਂ ਮੈਂ ਤਮੰਨਾ ਏ ਇਹ ਸਾਵਣ ਦੀ, ਕੋਈ ਵੀ ਭੈਣ ਰੋਵੇ ਨਾ ਕਿ ਇੱਜਤ ਪੱਤ ਦਾ ਰਾਖਾ, ਸਦਾ ਹੀ ਬਣਕੇ ਆਵਾਂ ਮੈਂ ਤਮੰਨਾ ਏ ਇਹ ਸਾਵਣ ਦੀ, ਕਿ ਧੀਆਂ ਪੇਕਿਆਂ ਕੰਨੀ ਜਦੋਂ ਆਵਣ ਤਾਂ ਸੁੱਖਾਂ ਦੇ, ਹੁਲਾਰੇ ਦੇਈ ਜਾਂਵਾ ਮੈਂ ਤਮੰਨਾ ਹੈ ਇਹ ਸਾਵਣ ਦੀ, ਕਿ ਸੀਤਲ ਪੌਣ ਬਣ ਜਾਵਾਂ ਕੁਦਰਤੀ ਛੋਹ ‘ਮਹਿਕ’ ਦੇ ਨਾਲ ਭਰ ਭਰ ਕੇ ਖਿਡਾਵਾਂ ਮੈਂ

ਦੁਹਾਈ ਹੈ ਦੁਹਾਈ ਹੈ ਦੁਹਾਈ ਹੈ ਦੁਹਾਈ ਹੈ

ਦੁਹਾਈ ਹੈ ਦੁਹਾਈ ਹੈ ਦੁਹਾਈ ਹੈ ਦੁਹਾਈ ਹੈ ਜਿਹਦੇ ਪਾਸੋਂ ਇਹ ਲੁੱਟੀ ਹੈ ਉਸੇ ਤੋਂ ਹੀ ਲੁਕਾਈ ਹੈ ਸਤਾਈ ਹੈ ਸਤਾਈ ਹੈ, ਸਤਾਈ ਹੈ ਸਤਾਈ ਹੈ ਕਿ ਮਮਤਾ ਆਪਣੇ ਬੱਚਿਆਂ, ਤੋਂ ਜਾਂਦੀ ਕਿਉਂ ਸਤਾਈ ਹੈ ਕਸਾਈ ਹੈ ਕਸਾਈ ਹੈ , ਕਸਾਈ ਹੈ ਕਸਾਈ ਹੈ ਜੋ ਧੀ ਨੂੰ ਕੁੱਖ ਵਿਚ ਮਾਰੇ , ਉਹੀ ਵੱਡਾ ਕਸਾਈ ਹੈ ਭੁਤਾਈ ਹੈ ਭੁਤਾਈ ਹੈ, ਭੁਤਾਈ ਹੈ ਭੁਤਾਈ ਹੈ ਹਊਮੈ ਦੇ ਖਵਾ ਛਿੱਲੜ, ਇਹ ਜਨਤਾ ਕਿਉਂ ਭੁਤਾਈ ਹੈ ਖੁਵਾਈ ਹੈ ਖੁਵਾਈ ਹੈ, ਖੁਵਾਈ ਹੈ ਖੁਵਾਈ ਹੈ ਪਿਉ ਦਾਦੇ ਨੇ ਗੁੜ੍ਹਤੀ, ਗੈਰਤਾਂ ਵਾਲੀ ਖੁਵਾਈ ਹੈ ਢੁਵਾਈ ਹੈ ਢੁਵਾਈ ਹੈ , ਢੁਵਾਈ ਹੈ ਢੁਵਾਈ ਹੈ ਇਹ ਜੀਵਨ ਚੰਗੇ ਮਾੜੇ ਕਰਮਾਂ ਦੀ ਢੋਆ-ਢੁਵਾਈ ਹੈ ਮਨਾਈ ਹੈ ਮਨਾਈ ਹੈ, ਮਨਾਈ ਹੈ ਮਨਾਈ ਹੈ ਕਿ ਫੁੱਲਾਂ ਤੋਂ ਸੀ ਰੁੱਸੀ ‘ਮਹਿਕ' ਫੁੱਲਾਂ ਨੇ ਮਨਾਈ ਹੈ

ਮੈਂ ਕੁਦਰਤ ਸੰਗ ਪਾਕੇ ਪਿਆਰ

ਮੈਂ ਕੁਦਰਤ ਸੰਗ ਪਾਕੇ ਪਿਆਰ, ਸਿਖਰਾਂ ਤੱਕ ਨਿਭਾਵਾਂਗੀ। ਕਿ ਚਿੜੀਆਂ ਵੀ ਬਚਾਵਾਂਗੀ ਤੇ ਕੁੜੀਆਂ ਵੀ ਬਚਾਵਾਂਗੀ। ਓ ਮਘਦੇ ਸੂਰਜਾ ਮੈਨੂੰ ਤੂੰ, ਆਪਣੀ ਲਾਟ ਇੱਕ ਦੇ ਜਾ। ਤੇਰੇ ਵਾਂਗਰ ਹੀ ਦੁਨੀਆਂ, ਰੌਸ਼ਨਾ ਕੇ ਮੁਸਕੁਰਾਵਾਂਗੀ। ਮੈਂ ਸੂਰਜ ਬਣ ਚਮਕ ਜਾਣਾ, ਤੇ ਚੰਨ ਤਾਰੇ ਚਮਕ ਜਾਣੇ। ਤੇ ਧਰਤੀ ਉੱਤੇ ਜੀਵਨ ਦੇ, ਸਮੁੱਚੇ ਰੰਗ ਹੰਢਾਵਾਂਗੀ। ਖ਼ਿਜ਼ਾਂ ਦੀ ਰੁੱਤ ਹੋਵੇ, ਤੇ ਬਹਾਰਾਂ ਰੁੱਸੀਆਂ ਹੋਵਣ । ਤਾਂ ਆਉਂਦੇ ਹੌਕਿਆਂ ਨੂੰ ਹਾਸਿਆਂ ਦੇ ਘੁੱਟ ਪਿਆਵਾਂਗੀ। ਤੇਰੇ ਰੰਗਾਂ ਤੋਂ ਮੈਂ ਸਤਰੰਗੀਆਂ, ਪੀਘਾਂ ਬਣਾ ਕਰਕੇ। ਲਿਜਾ ਕੇ ਉੱਚੇ ਅੰਬਰ ਤੇ, ਸਣੇ ਰੀਝਾਂ ਪੁਚਾਵਾਂਗੀ। ਤੇਰੇ ਵਾਂਗਰ ਹਨੇਰੀ ਰਾਤ, ਤੋਂ ਮੁਕਤੀ ਦਿਵਾਕੇ ਤੇ। ਸੁਨੱਖੀ 'ਮਹਿਕ' ਦੀ ਪਰਭਾਤ ਦਾ ਮੁਖੜਾ ਦਿਖਾਵਾਂਗੀ।

ਮੁਹੱਬਤ ਦਾ ਖਜਾਨਾ, ਵਰਤੋ, ਖਰਚੇ ਤੇ ਵਧਾਵੋ ਜੀ

ਮੁਹੱਬਤ ਦਾ ਖਜਾਨਾ, ਵਰਤੋ, ਖਰਚੇ ਤੇ ਵਧਾਵੋ ਜੀ ਨਫਰਤ ਤੋਂ ਹਮੇਸ਼ਾ ਵਾਸਤੇ, ਪਿੱਛਾ ਛੁਡਾਵੋ ਜੀ ਗਰੀਬੀ ਹੋਰ ਵਧ ਜਾਂਦੀ, ਜਦੋਂ ਲਾਲਚ ਹੈ ਵਧ ਜਾਂਦਾ ਇਨ੍ਹਾਂ ਦਿਲ ਦੇ ਗਰੀਬਾਂ ਨੂੰ, ਸਹੀ ਰਸਤਾ ਵਿਖਾਵੋ ਜੀ । ਸਵਾ ਮਣ ਭਾਰ ਲੱਕੜਾਂ ਦਾ, ਕਦੇ ਢੋਣਾ ਵੀ ਹੈ ਸੌਖਾ ਗ਼ਮਾਂ ਦਾ ਭਾਰ ਹਿੱਕ ਉੱਤੇ, ਜ਼ਰਾ ਢੋਅ ਕੇ ਵਿਖਾਵੋ ਜੀ। ਖੁਸ਼ਾਮਦ ਕਰ ਲਵਾਂ ਮੈਥੋਂ, ਇਹ ਬਿਲਕੁਲ ਵੀ ਨਹੀਂ ਹੋਣਾ। ਖੁਸ਼ਾਮਦ ਕਰਣ ਵਾਲੀ ਫੱਟੀ, ਪੂਰੀ ਪੋਚ ਆਵੋ ਜੀ। ਦੁਨੀਆਦਾਰ ਹੋਣਾ ਹੋਰ ਗੱਲ, ਹੈ ਸੱਚ ਦੱਸਾਂ ਮੈਂ। ਸਹੀ ਹੋਣਾ ਸਹੀ ਹੋਣੈ, ਇਥੇ ਹੀ ਮੋਹਰ ਲਾਵੋ ਜੀ। ਸਿਆਸਤ ਹਰ ਜਗ੍ਹਾ ਹੁੰਦੀ, ਸਦਾ ਹੁੰਦੀ ਹੀ ਰਹਿਣੀਏ । ਸਿਆਸਤ ਨਾਲ ਜਨਤਾ ਦਾ, ਭਲਾ ਕਰਕੇ ਵਿਖਾਵੋ ਜੀ। ਬੜੀ ਜਾਂ ਬਾਜ਼ ਜਿੰਦ ਹੈ, ਜੋ ਜ਼ਮੀਰਾਂ ਨਾਲ ਜਿਉਂਦੀ ਹੈ। ਸਵਾਭੀਮਾਨ ਦੇ ਅੱਗੇ ਨਮਨ, ਕਰ ਸਿਰ ਨਿਵਾਵੋ ਜੀ। ਅਸਾਂ ਰਾਵਣ ਨੂੰ ਪਾ ਖ਼ੈਰਾਂ, ਅਗਨ ਦੇ ਪੁੰਨ ਖੱਟੇ ਨੇ। ਅਗਨ ਤੋਂ ਜਾਨਕੀ ਜੀ ਨੂੰ ਤੇ ਖੁਦ ਨੂੰ ਵੀ ਬਚਾਵੋ ਜੀ। ਦੀਵਾਲੀ ਬਣ ਨਹੀਂ ਜਾਵੇ ਦਿਵਾਲਾ ਯਾਦ ਕਰ ਪਾਂਡੂ । ਕਿ ਇਜ਼ਤ ਆਪਣੇ ਹੱਥੀਂ ਨ, ਭਰ ਭਰ ਕੇ ਲੁਟਾਵੋ ਜੀ। ਕਲੀਆਂ ਫੁੱਲ ਬਣ ਜਾਣਾ ਤੇ , ਗੁਲਸ਼ਨ ਵੀ ਸੰਵਰ ਜਾਣਾ ਕਿ ਕੁਦਰਤ ਦੇ ਖਜਾਨੇ ਦੀ, 'ਮਹਿਕ’ ਭਰ ਭਰ ਲਿਆਵੋ ਜੀ।

ਨਹੀਂ ਹੁੰਦੀ ਜੇ ਆਪਣੀ ਧਰਤ

ਨਹੀਂ ਹੁੰਦੀ ਜੇ ਆਪਣੀ ਧਰਤ, ਫਿਰ ਅਸਮਾਨ ਕੀ ਹੁੰਦਾ ਕਿ ਜੀਵਨ ਮੌਤ ਦਾ ਪਹੀਆ, ਚਲਾਇਮਾਨ ਕੀ ਹੁੰਦਾ ਸੂਹਾ ਜੋੜਾ ਖਿਆਲਾਂ ਨੂੰ ਤੇ , ਚਾਅ ਨੂੰ ਝਾਂਜਰਾ ਪਾ ਕੇ ਤੇਰੇ ਸਾਹਵੇਂ ਨੱਚਣ ਤੋਂ ਵਧ ਕੇ ਦਸ ਅਰਮਾਨ ਕੀ ਹੁੰਦਾ ਠੱਗੀ ਨੂੰ ਛੱਡ ਸੱਜਣ ਨੇ , ਗੁਰਾਂ ਦੇ ਚਰਣ ਫੜ ਲਏ ਨੇ ਕਿ ਇਸ ਤੋਂ ਵਧ ਕੇ ਰਹਿਮਤ ਦਾ ਭਲਾ ਵਰਦਾਨ ਕੀ ਹੁੰਦਾ ਵਿਖਾਵਾ ਕੰਜਕਾਂ ਪੂਜਣ ਦਾ ਤਾਂ ਕਰਦੇ ਲੋਕ ਬਹੁਤੇ ਨੇ ਨਾ ਹੁੰਦੀ ਪੂਜਾ ਜੇਕਰ ਤਾਂ, ਇਨ੍ਹਾਂ ਦਾ ਮਾਨ ਕੀ ਹੁੰਦਾ ਬੀਆਬਾਨਾਂ 'ਚ ਸਹਿਰਾ ਵਿਚ, ਤੇ ਉਜੜੇ ਗੁਲਸ਼ਨਾਂ ਅੰਦਰ ਸੁਲਗਦੇ ਰੋਜ਼ ਹੀ ਅਰਮਾਨ, ਦਾ ਸ਼ਮਸ਼ਾਨ ਕੀ ਹੁੰਦਾ ਹਿਮਾਲਾ ਬਣ ਕੇ ਰਖਵਾਲਾ, ਖੜਾ ਹੈ ਤਣ ਕੇ ਵੇਖੋ ਤਾਂ ਬਿਨਾਂ ਇਸ ‘ਮਹਿਕ' ਦੇ ਦੱਸੋ ਕਿ ਹਿੰਦੋਸਤਾਨ ਕੀ ਹੁੰਦਾ

ਜ਼ੁਬਾਂ ਖ਼ਾਮੋਸ਼ ਰਹਿ ਕੇ ਵੀ

ਜ਼ੁਬਾਂ ਖ਼ਾਮੋਸ਼ ਰਹਿ ਕੇ ਵੀ, ਬੜਾ ਕੁੱਝ ਬੋਲ ਜਾਂਦੀ ਹੈ ਦੋ ਨੈਣਾਂ ਦੀ ਜੁਬਾਂ ਬਣ, ਰਾਜ ਦਿਲ ਦੇ ਖੋਲ੍ਹ ਜਾਂਦੀ ਹੈ ਕਈ ਰਾਵਣ ਜਦੋਂ ਮਿਲ, ਸਾੜਦੇ ਹਰ ਸਾਲ ਇਕ ਰਾਵਣ ਅਸਲ ਰਾਵਣ ਤੋਂ ਪਰਦਾ, ਜਾਨਕੀ ਫਿਰ ਖੋਲ ਜਾਂਦੀ ਹੈ ਜਦੋਂ ਲੜਦੀ ਸੀ ਰਾਵਣ ਨਾਲ, ਜਿੱਤੀ ਜਾਪਦੀ ਸੀਤਾ ਪਤੀ ਪਰਮੇਸ਼ਵਰ ਤੋਂ ਹਾਰ ਕੇ ਉਹ ਡੋਲ ਜਾਂਦੀ ਹੈ ਛੁਰੀ ਵਜਦੀ ਹੈ ਦਿਲ ਉੱਤੇ ਜਦੋਂ, ਲਵਕੁਸ਼ ਨਜ਼ਰ ਪੈਂਦੇ ਝੜੀ ਲਗਦੀ ਸਵਾਲਾਂ ਦੀ, ਤਾਂ ਗੱਦੀ ਡੋਲ ਜਾਂਦੀ ਹੈ ਕਦੀ ਲੜਦੀ ਹੈ ਰਾਵਣ ਨਾਲ, ਕਦੇ ਲੜਦੀ ਹੈ ਕਿਸਮਤ ਨਾਲ ਤੇ ਧੋਬਣ ਵਾਂਗ ਦੁੱਖ ਅੱਪਣੇ, ਦੱਸਣ ਤੋਂ ਵੀ ਲਜਾਂਦੀ ਹੈ ਤੇਰੇ ਨੈਣਾਂ ਦੇ ਦੋ ਤਾਰੇ , ਮੇਰੇ ਦੋਨੋ ਜਹਾਂ ਬਣਦੇ ਤੇ ਕੁਦਰਤ ਕਹਿਕਸ਼ਾਂ ਰੰਗਤ, 'ਮਹਿਕ' ਦੀ ਘੋਲ ਜਾਂਦੀ ਹੈ।

ਜਦੋਂ ਮਰਜ਼ੀ ਪਰਖ ਲੈਣਾ

ਜਦੋਂ ਮਰਜ਼ੀ ਪਰਖ ਲੈਣਾ, ਕਿ ਕਿੰਨਾ ਪਿਆਰ ਕੀਤਾ ਹੈ ਬੜਾ ਹੀ ਤੜਫ਼ਿਆ ਹੈ ਦਿਲ, ਕਦੋਂ ਇਜ਼ਹਾਰ ਕੀਤਾ ਹੈ ਰੁੱਤਾਂ ਬਦਲਣ ਤੂੰ ਬਦਲੀਂ ਨਾ, ਇਹੋ ਮੈਂ ਅਰਜ਼ ਕਰਦੀ ਹਾਂ ਕਿ ਸੋਹਣੀ ਵਾਂਗਰਾਂ ਹੰਝੂਆਂ, ਦਾ ਦਰਿਆ ਪਾਰ ਕੀਤਾ ਹੈ ਖਿੜੇ ਪੱਤੇ ਜਹੀ ਝਾਂਜ਼ਰ , ਮੇਰੀ ਝੁਣਕਾਰ ਦੇਂਦੀ ਏ ਤੇ ਮੇਰੀ ਕਲਪਨਾ ਨੇ , ਸ਼ਬਨਮੀ ਸ਼ਿੰਗਾਰ ਕੀਤਾ ਹੈ। ਮੈਂ ਸੂਰਜ ਵਾਂਗ ਤਪਦੀ ਹਾਂ, ਤੇਰੀ ਬਿਰਹੋਂ ਦੀ ਭੱਠੀ ਵਿਚ ਹਵਾ ਨੇ ਵੀ ਮੈਨੂੰ ਸਾਹ, ਦੇਣ ਤੋਂ ਇਨਕਾਰ ਕੀਤਾ ਹੈ। ਤੇਰੇ ਪੈਰਾਂ ਦੀਆਂ ਪੈੜਾਂ, ਅੱਹਲਿਆ ਬਣ ਨਿਹਾਰਾਂਗੀ ਤੇ ਫਿਰ ਪੱਥਰ ਤੋਂ ਜੀਵਨ ਪਾਉਣ ਦਾ ਇਕਰਾਰ ਕੀਤਾ ਹੈ ਮੇਰੇ ਫੁੱਲ ਵਰਗੇ ਦਿਲ ਦੇ ਹੋ, ਗਏ ਹਾਲਾਤ ਪੱਥਰ ਦੇ ਤੇ ਫਿਰ ਵੀ ‘ਮਹਿਕ' ਨੇ, ਮਹਿਕਾਂ ਦਾ ਕਾਰੋਬਾਰ ਕੀਤਾ ਹੈ

ਤੇਰੇ ਮੁਖੜੇ ਤੋਂ ਪੱਲਾ ਜੇ, ਜਰਾ ਕੁ

ਤੇਰੇ ਮੁਖੜੇ ਤੋਂ ਪੱਲਾ ਜੇ, ਜਰਾ ਕੁ ਸਰਕਿਆ ਹੁੰਦਾ, ਤਾਂ ਚੰਨ ਅਸਮਾਨ ਤੇ ਕੱਲਾ, ਨਾ ਇਨਾ ਮੜਕਿਆ ਹੁੰਦਾ ਹਨੇਰੀ ਰਾਤ ਮੁੱਕਦੀ ਨਾ, ਤੇ ਦਿਨ ਹੀ ਪਰਤਿਆ ਹੁੰਦਾ ਤੇਰੇ ਮੁਖ ਤੋਂ ਨਾ ਪੱਲਾ ਜੇ, ਜ਼ਰਾ ਕੁ ਸਰਕਿਆ ਹੁੰਦਾ ਤੇਰੇ ਦਰਸ਼ਨ ਜੇ ਕਰ ਲਏ , ਜ਼ਿੰਦਗੀ ਕੁਝ ਹੋਰ ਹੋ ਜਾਂਦੀ। ਮਜਾਜ਼ੀ ਨੇ ਹਕੀਕੀ ਰੰਗ, ਨਾ ਫਿਰ ਵਰਤਿਆ ਹੁੰਦਾ ਤੇਰੇ ਤੋਂ ਜ਼ਿੰਦ ਵਾਰਣ ਦੀ, ਹੈ ਜਿਸਨੂੰ ਤਾਂਘ ਬਲਸ਼ਾਲੀ। ਇਸ਼ਕ ਦੇ ਵਿਹੜੇ ਵਿਚ ਫਿਰ, ਅੱਥਰੂ ਨਾ ਡਲਕਿਆ ਹੁੰਦਾ। ਤੇਰੇ ਨੈਣਾਂ ਤੋਂ ਜੀਵਨ ਜੋਤ, ਲੈਕੇ ‘ਮਹਿਕ' ਆਖੇਗੀ। ਨਾ ਮਿਲਦੇ ਸਾਰ ਨੈਣਾਂ ਦੇ ਇਹ ਦਿਲ ਹੀ ਧੜਕਿਆ ਹੁੰਦਾ।

ਦੁਆਵਾਂ ਦੀ ਜੜੀ ਚੁੰਨੀ

ਦੁਆਵਾਂ ਦੀ ਜੜੀ ਚੁੰਨੀ, ਅਦਾਵਾਂ ਦੀ ਜੜੀ ਚੁੰਨੀ ਤੂੰ ਕੰਨੀ ਨੂੰ ਛੁਡਾਵੀਂ ਨਾਂ, ਬੜੀ ਅਣਮੋਲ ਹੈ ਕੰਨੀ ਮਨੁੱਖਾਂ ਦੀ ਤੇ ਰੁੱਖਾਂ ਦੀ, ਤੇ ਕੁੱਖਾਂ ਦੀ ਤੇ ਭੁੱਖਾਂ ਦੀ ਰਹੀ ਇਨਸਾਨੀਅਤ ਦੇ ਸੰਗ, ਹਮੇਸ਼ਾ ਤੋਂ ਤਨਾ ਤੰਨੀ ਸੱਚਾਈ ਸਹਿਮ ਕੇ ਬੈਠੀ, ਬੁਰਾਈ ਦੀ ਹੈ ਚੜ੍ਹ ਮੱਚੀ ਬਰਾਈ ਨੇ ਸੱਚਾਈ ਦੀ, ਕਦੇ ਇਕ ਗੱਲ ਨਹੀਂ ਮੰਨੀ ਫੜੀ ਹੋਈ ਹੈ ਕੰਨੀ ਏਸ, ਦੁਨੀਆਂ ਬੇਵਫਾਈ ਦੀ ਸੁਣੱਖੀ ਪ੍ਰੀਤ ਨੇ ਪਾਈ, ਵਫਾਵਾਂ ਦੀ ਜੜੀ ਚੁੰਨੀ ਮਨੁੱਖਤਾ ਦੀ ਤੂੰ ਭੱਠੀ ’ਤੇ, ਨਾ ਭੁੰਨ ਦਾਣੇ ਆਤੰਕਾਂ ਦੇ ਧਰਮ ਨਾਲ ਲੂਹ ਕੇ ਸੁੱਟਿਆ ਹੈ, ਅਜੇ ਵੀ ਜਾਂਵਦਾ ਭੁੰਨੀ ਰਹੀ ਨਾ ਸਾਦਗੀ ਹੁਣ ਤਾਂ, ਵਿਆਹਾਂ ਵਿਚ ਪਹਿਲਾਂ ਦੀ ਕਿਤੇ ਨੱਚੇ ਪਿਆ ਬੰਨੜਾ, ਕਿਤੇ ਨੱਚੇ ਪਈ ਬੰਨੀ ਬੜਾ ਪਿਆਰਾ ਜਿਹਾ ਗੁਲਸ਼ਨ, ਬੜੇ ਹੀ ਖੁਸ਼ਨੁਮਾ ਪੌਦੇ ਇਹ ਅੱਜ ਕੱਲ੍ਹ ‘ਮਹਿਕ' ਪਿਆਰੀ ਹੈ, ਜੋ ਪਹਿਲਾਂ ਹੁੰਦੀ ਸੀ ਚੰਨੀ

ਭਲਾ ਬੰਦਾ ਉਹੀ ਹੁੰਦਾ

ਭਲਾ ਬੰਦਾ ਉਹੀ ਹੁੰਦਾ, ਭਲਾ ਸਭਨਾਂ ਦਾ ਮੰਗੇ ਜੋ ਭਲਾ ਦੱਸੋ ਖਾਂ ਕੀ ਹੁੰਦਾ, ਭਲਾ ਮੰਗਣ ਤੋਂ ਸੰਗੇ ਜੋ । ਬੜੀ ਨਫਰਤ ਬੁਰੀ ਹੁੰਦੀ, ਬੜੀ ਨਫਰਤ ਵਧੌਂਦੀ ਹੈ, ਲਲਾਰੀ ਪ੍ਰੀਤਾਂ ਦਾ ਬਣ ਜਾ, ਮੁਹੱਬਤ ਰੰਗ ਰੰਗੇ ਜੋ ਕਰੀਂ ਉਪਕਾਰ ਦੂਜੇ ਤੇ, ਕਰੀਂ ਉੱਧਾਰ ਦੂਜੇ ਦਾ। ਜਤਾਵੀਂ ਨਾ ਕਦੇ ਅਹਿਸਾਨ, ਸੱਪ ਬਣਕੇ ਹੀ ਡੰਗੇ ਜੋ। ਨਿਮਾਣੀ ਖ਼ਾਕ ਹੋ ਜਾਵੀਂ, ਸਿਆਣਾ ਵਾਕ ਹੋ ਜਾਵੀਂ। ਬਚੀਂ ਜ਼ਾਤਾਂ ਤੇ ਪਾਤਾਂ ਤੋਂ, ਕਰੌਂਦੇ ਰਹਿੰਦੇ ਦੰਗੇ ਜੋ। ਸਦਾ ਹੀ ਇੱਕ ਤੋਂ ਗਿਣਤੀ, ਸ਼ੁਰੂ ਹੁੰਦੀ ਹਮੇਸ਼ਾ ਤੋਂ। ਹਜ਼ਾਰਾਂ ਨੋਟ ਦੂਏ ਤੋਂ, ਨਵੇਂ ਪਾਏ ਨੇ ਪੰਗੇ ਜੋ। ਗਉ ਮਾਤਾ ਜੀ ਨੂੰ ਪੁਜੇ, ਪਿਆ ਇਕ ਵੱਖਰਾ ਕੁਨਬਾ। ਕਰਾਵੇ ਹਾਦਸੇ ਸੜਕਾਂ ਤੇ, ਸੰਸਦ ਵਿਚ ਦੰਗੇ ਜੋ। ‘ਮਹਿਕ' ਇਹੋ ਦੁਆ ਕਰਦੀ, ਦੁੱਖੀ ਹੋਏ ਨ ਧੀ ਕੋਈ। ਨਸ਼ੇੜੀ ਪੁੱਤ ਨਾ ਹੋਵੇ, ਨਸ਼ੇ ਦੀ ਮੰਗ ਮੰਗੇ ਜੋ।

ਸਜਾਵਾਂ ਗੁੱਟ ਤੇ ਰੱਖੜੀ

ਸਜਾਵਾਂ ਗੁੱਟ ਤੇ ਰੱਖੜੀ, ਸਕਾ ਵੀਰਾ ਦੇਵੀਂ ਰੱਬਾ। ਕਰਣ ਅਰਜ਼ੋਈਆਂ ਕਦ ਤੋਂ, ਮੇਰੀ ਅੰਮੀ ਮੇਰੇ ਅੱਬਾ। ਸਮਾਜ ਆਪਣੇ ਦੀ ਬਣਤਰ ਹੈ, ਕਿ ਧੀਆਂ ਬਿਨ ਵੀ ਸਰਦਾ ਨਹੀਂ। ਤੇ ਪੁੱਤਰ ਬਿਨ ਕਦੋਂ ਹੁੰਦਾ, ਸ਼ਰੀਕੇ ਵਿੱਚ ਦਬ ਦੱਬਾ। ਕਰੀਂ ਤੂੰ ਮਿਹਰ ਚੜ ਆਵੇ, ਉਹ ਚੜਦਾ ਚਮਕਦਾ ਸੂਰਜ। ਕਰੀਂ ਤੂੰ ਮਿਹਰ ਬਣ ਆਵੇ, ਉਹ ਹੱਥ ਸੱਜਾ ਮੈਂ ਹੱਥ ਖੱਬਾ। ਕਦੀ ਵੀ ਭੈਣ ਤੋਂ ਭਾਈ ਨਾ ਵਿਛੱੜੇ ਅਰਜ਼ ਹੈ ਮੇਰੀ। ਸਿਰੇ 'ਤੇ ਗੰਢ ਹੈ ਏਹੋ , ਕਿ ਖੁਸ਼ੀਆਂ ਦਾ ਉਹ ਹੈ ਥੱਬਾ। ਦੁਲਾਰਾ ਵੀਰ ਭੈਣਾਂ ਦਾ, ਸਦਾ ਸਤਿਕਾਰ ਹੀ ਵੰਡੇ। ਤੇ ਉਹੀ ਸੋਧ ਦੇਊਗਾ, ਜੇ ਕੋਈ ਹੋਊਗਾ ਕੱਬਾ। ਹਾਂ ਆਪਣੇ ਮਾਪਿਆਂ ਦੀ ਮੈਂ, ਦੁਲਾਰੀ ਧੀ ਬੜੀ ਪਿਆਰੀ। ਕਿਨਾਰੇ ਬੈਠ ਜਾਊ ਮੈਂ, ਉਹ ਮੱਲੇ ਆਣ ਕੇ ਗੱਬਾ। ਸਿਖਾਵਾਂਗੀ ਮੈਂ ਪੰਜਾਬੀ, ਪਿਆਰੀ ਮਾਤ ਭਾਸ਼ਾ ਦਾ। ਸਿਖਾਵਾਂਗੀ ਉਨੂੰ ਉੜਾ, ਪੱਪਾ, ਫੱਫਾ ਬੱਬਾ ਭੱਬਾ। ਨਰੋਈ ਰੁੱਤ ਬਹਾਰਾਂ ਦੀ, ਖਿੜੇ ਮੁਸਕਾਨ ਉਸਦੀ ਤੋਂ। ਕਈਆਂ ਨੂੰ ਤੜਫਣੀ ਲੱਗੀ, ਮਿਲੇ ਉਹ ‘ਮਹਿਕ’ ਦਾ ਡੱਬਾ।

ਬੜੀਆਂ ਬੇਸ਼ਕੀਮਤ ਨੇ ਦੁਆਵਾਂ

ਬੜੀਆਂ ਬੇਸ਼ਕੀਮਤ ਨੇ ਦੁਆਵਾਂ ਬਜ਼ੁਰਗਾਂ ਤੋਂ ਬਿਨਾਂ ਕਿਤਿਉਂ ਨਾ ਪਾਵਾਂ। ਸਬੱਬੀ ਹੈਨ ਤੇਰੇ ਕੋਲ ਸਾਂਭੀ, ਇਹ ਠੰਡੀਆਂ ਮਿੱਠੀਆਂ ਜੋ ਹੈਨ ਛਾਵਾਂ। ਬਜ਼ੁਰਗਾਂ ਦਾ ਕਰੋ ਸਤਿਕਾਰ ਦੱਬਕੇ, ਦਿਲਾਂ 'ਚੋਂ ਸੀਸਾਂ ਨਿਕਲਣ ਨਾ ਕਿ ਹਾਵਾਂ। ਕਦੀ ਵੀ ਬੋਲ ਬੋਲੀਂ ਨਾ ਅਜੇਹੇ , ਕਿਸੇ ਮੂੰਹੋਂ ਜੋ ਮੈਂ ਸੁਣਨੇ ਨਾ ਚਾਵ੍ਹਾਂ। ਬੜਾ ਵੱਡਾ ਖ਼ਜ਼ਾਨਾ ਹੈਨ ਅਸੀਸਾਂ, ਦੋ ਮਿੱਠੇ ਬੋਲ ਬੋਲਾਂ ਲੁੱਟ ਲਿਆਵਾਂ। ਬਿਠਾ ਪਲਕਾਂ ਤੇ ਦਿਲ ਨੂੰ ਸਾਫ਼ ਕਰਲਾਂ, ਇਨ੍ਹਾਂ ਦੀ ਪੈੜ ਤੁਰ ਮੰਜ਼ਿਲ ਨੂੰ ਪਾਵਾਂ। ਨਜ਼ਾਰਾ ਵੇਖ ਲੈਣਾ ਹੈ ਉਨ੍ਹਾਂ ਵੀ, ਵਡੇਰੇ ਨੂੰ ਜੋ ਚਾਹਵਣ ਕੇ ਵਿਖਾਵਾਂ। ਬਿਰਧ ਸ਼ੀਸ਼ੇ 'ਚ ਵੇਖੀਂ ਰੂਪ ਅੱਪਣਾ, ਸਜਾ ਜੀਵਨ, ਬਣਾਵੀਂ ਨਾ ਸਜਾਵਾਂ। ਕਦੇ ਅਲ੍ਹੜ ਪੁਣੇ ਜੇ ਬੋਲ ਬੈਠਾਂ, ਦੋ ਮੰਦੇ ਬੋਲ ਬਹੁਤਾ ਪੱਛੋਤਾਵਾਂ। ਖੁਦਾ ਵੰਦ ਤੇਰੇ ਬਾਝੋਂ ਬਿਰਧ ਸੂਰੇ ਨੇ ਤਪਦੀ ਰੂਹ ਤੇ ਘਣਘੋਰ ਛਾਵਾਂ। ਬੜੀ ਵੱਡੀ ਤੂੰ ਰੱਬਾ ਮਿਹਰ ਕੀਤੀ, ‘ਮਹਿਕ’ ਰਹਿਮਤ ਨੂੰ ਮੈਂ ਰੱਜਕੇ ਹੰਡਾਵਾਂ ਜੋ ਵੱਡਿਆਂ ਦਾ ਕਰਣ ਸਤਿਕਾਰ ਹਮੇਸ਼ਾਂ, ਉਨ੍ਹਾਂ ਘਰ ‘ਮਹਿਕ’ ਸੰਗ ਰੁਮਕਣ ਹਵਾਵਾਂ।

ਕਿਸੇ ਨੇ ਪਾ ਲਿਆ ਅੱਬਾ

ਕਿਸੇ ਨੇ ਪਾ ਲਿਆ ਅੱਬਾ ਕਿਸੇ ਨੇ ਪਾ ਲਈ ਕੁੱਟੀ, ਕਿਸੇ ਤੋਂ ਜਾਨ ਪੈ ਗਈ ਹੈ ਕਿਸੇ ਤੋਂ ਜਾਨ ਹੈ ਛੁੱਟੀ ਕਿਤੇ ਬਾਬੇ ਨੇ ਕੁੱਟਿਆ ਹੈ ਕਿਤੇ ਬੇਬੇ ਨੇ ਹੈ ਕੁੱਟੀ, ਕਿਸੇ ਮਮਤਾ ਨੂੰ ਸੁੱਟਿਆ ਹੈ ਕਿਤੇ ਹਾਲਾਤ ਨੇ ਸੁੱਟੀ ਬੜੀ ਮਜਬੂਰ ਧੀ ਭਾਵੇਂ ਕਿਸੇ ਵੀ ਕੋਣ ਤੋਂ ਤੱਕੋ, ਕਿ ਜੀ ਲੈਂਦੀ ਹੈ ਆਪਣੇ ਸਿਰ 'ਤੇ ਇਸਦੀ ਤੰਦ ਹੈ ਗੁੱਟੀ। ਨਿਭਾਓ ਫ਼ਰਜ਼ ਅੱਪਣੇ ਤੇ ਕਰੋ ਫਿਰ ਹੱਕ ਦੀਆਂ ਗੱਲਾਂ ਪਿਲਾਉ ਧੀਆਂ ਪੁੱਤਰਾਂ ਨੂੰ ਇਹ ਸਾਂਝੀ ਜਨਮ ਤੋਂ ਘੁੱਟੀ। ਧਰਮ ਦੀ ਬਾਤ ਪਾਉਂਦੇ ਨੇ ਧਰਮ ਦੇ ਪਾਸ ਦੇ ਵੀ ਨਹੀਂ, ਧਰਮ ਦੀ ਜੜ੍ਹ ਧਰਮ ਦੇ ਨਾਲ ਇਹਨਾਂ ਭੇਖੀਆਂ ਪੁੱਟੀ। ਕਰੋ ਸਿਜਦੇ ਮਨਾਵੋ ਪੁਰਬ ਉਸ ਸੱਚੇ ਗੁਰਾਂ ਦੇ ਜੀ, ‘ਮਹਿਕ' ਸਿੱਖੀ ਦੀ ਵੰਡੀ ਹੈ, ਤੇ ਮੁਗਲਾਂ ਦੀ ਹੈ ਜੜ ਪੁੱਟੀ।

ਸ਼ਾਮ ਦੇ ਸੂਰਜ ਵਿਚ ਵੀ ਲਾਲੀ ਹੁੰਦੀ ਹੈ

ਸ਼ਾਮ ਦੇ ਸੂਰਜ ਵਿਚ ਵੀ ਲਾਲੀ ਹੁੰਦੀ ਹੈ, ਲਾਲੀ ਉਹ ਦਿਲਕਸ਼ ਨਿਰਾਲੀ ਹੁੰਦੀ ਹੈ। ਜਿਸ ਟਾਹਣੀ ਤੇ ਫ਼ਲ ਅਤੇ ਫੁੱਲ ਲਗਦੇ ਨੇ , ਵੇਖੋ ਕਿੰਨੀ ਨਿਮਰ ਉਹ ਡਾਲੀ ਹੁੰਦੀ ਹੈ। ਜ਼ਖ਼ਮ ਨਾ ਏਨੇ ਗਹਿਰੇ ਜਿੰਨੀ ਪੀੜਾ ਏ , ਬੋਲਾਂ ਨੇ ਤਲਵਾਰ ਜੋ ਢਾਲੀ ਹੁੰਦੀ ਹੈ। ਮਹਿਫ਼ਲ ਉਸਦੀ ਨਾਜ਼ ਉਠਾਵੇਗੀ ਤੱਕਣਾਂ! ਮੇਰੀ ਹਾਜ਼ਰੀ ਧੁੱਪ ਸਿਆਲੀ ਹੁੰਦੀ ਹੈ। ਹੱਕ ਕਿਸੇ ਦਾ ਖੋਹਣਾ ਬਜਰ ਪਾਪ ਹੁੰਦਾ, ਸਭ ਤੋਂ ਚੰਗੀ ਨਮਕ ਹਲਾਲੀ ਹੁੰਦੀ ਹੈ । ਵਲ ਛਲ ਵਾਲੀ ਗੱਲ ਕਰੀਂ ਨਾ ਮੇਰੇ ਨਾਲ, ਸਿੱਧੀ ਗੱਲ ਕਰ ਬਹੁਤ ਸੁਖਾਲੀ ਹੁੰਦੀ ਹੈ। ਬਲ਼ਦੀ ਸ਼ੱਮਾ ਰੋਈ ਰੋਈ ਲਗਦੀ ਏ , ਪਰਵਾਨੇ ਨੇ ਜਿੰਦ ਜੋ ਗਾਲੀ ਹੁੰਦੀ ਹੈ। ਲੱਭਣ ਵਾਲੇ ਨੇ ਆਖਿਰ ਲੱਭ ਹੀ ਲੈਣੀ, ਜਿਸਮ ਨੇ ਕਿੱਦਾਂ ਜਿੰਦ ਸਮਾਲੀ ਹੁੰਦੀ ਹੈ। ਪ੍ਰੀਤ ਦੇ ਨੈਣੀ ਹਿਜ਼ਰ ਦਾ ਕੱਜਲ ਡੁੱਲੇ ਨਾ, ਕਰਨੀ ਮੁਸ਼ਕਿਲ ਕਹਿਣ ਸੁਖਾਲੀ ਹੁੰਦੀ ਹੈ। ਕੰਤ ਪਿਆਰਾ ਜਿਸ ਵੀ ਜਿੰਦ ਨੇ ਨਾਲ ਰਹੇ, ਦਿਨ ਹੋਲੀ ਤੇ ਰਾਤ ਦੀਵਾਲੀ ਹੁੰਦੀ ਹੈ । ਆਸ਼ਿਕ ਬਣਕੇ ਹੱਦਾਂ ਬੰਨੇ ਟੱਪ ਜਾਂਦਾ ਭਾਂਵੇ ਇਸ਼ਕ ਦੀ ਹੱਦ ਕੰਡਿਆਲੀ ਹੁੰਦੀ ਹੈ। ਜਿਹੜੀ ਮਾਂ ਧੀ ਆਪਣੀ ਕੁੱਖ ਵਿਚ ਸਾਂਭ ਲਵੇ, ਰਬ ਦੀ ਸਹੁੰ ਉਹ ਮਾਂ ਦਿਲ ਵਾਲੀ ਹੁੰਦੀ ਹੈ। ਤੇਰੇ ਪਿਆਰ ਨੂੰ ਮੈਂ ਸਾਂਭਿਆਂ ਹੈ ਏਦਾਂ, ਜਿਉਂ ਫੁੱਲਾਂ ਨੇ 'ਮਹਿਕ' ਸੰਭਾਲੀ ਹੁੰਦੀ ਹੈ।

ਪਾਣੀ ਵਿਚ ਜ਼ਹਿਰ ਮਿਲਾਇਆ ਹੈ

ਪਾਣੀ ਵਿਚ ਜ਼ਹਿਰ ਮਿਲਾਇਆ ਹੈ, ਤਾਂ ਹੀ ਬੰਦਾ ਤਿਰਹਾਇਆ ਹੈ। ਸਭ ਮਹਿਕਾਂ ਜ਼ਹਿਰੀ ਕਰ ਸੁੱਟੀਆਂ, ਜੰਗਲਾਂ ਨੂੰ ਲਾਂਬੂ ਲਾਇਆ ਹੈ। ਰੁੱਖਾਂ ਨੂੰ ਜ਼ਖ਼ਮੀ ਕਰ ਕਰ ਕੇ , ਸੁਹਣਾ ਸਾਮਾਨ ਸਜਾਇਆ ਹੈ। ਬੋਹੜ ਦੀਆਂ ਲੱਤਾਂ ਵੱਢ ਸੁੱਟੀਆਂ, ਟਾਹਲੀ ਦਾ ਸੀਸ ਕਟਾਇਆ ਹੈ। ਧਰਤੀ ਵਿਚ ਜੋ ਵੀ ਰੁੱਖ ਉੱਗਿਆ, ਉਹ ਧਰਤੀ ਦਾ ਸਰਮਾਇਆ ਹੈ। ਫੁੱਲ ਪੱਤੀਆਂ ਸੁੱਕੀਆਂ ਰੋਣ ਪਈਆਂ, ਪੱਥਰਾਂ ਦਾ ਜਾਲ ਵਿਛਾਇਆ ਹੈ । ਘਰ ਫੂਕ ਤਮਾਸ਼ਾ ਵੇਖ ਰਿਹਾ, ਇਹ ਟੋਲਾ ਕਿੱਥੋਂ ਆਇਆ ਹੈ। ਹੀਰੇ ਨੂੰ ਸੁੱਟ ਕੇ ਪੈਰਾਂ ਵਿਚ , ਪੱਥਰ ਦਾ ਮੂੰਹ ਲਿਸ਼ਕਾਇਆ ਹੈ। ਉੱਨਤੀ ਦੇ ਨਾਮ ਤੇ ਜੰਗਲਾਂ ਚੋਂ, ਰੁੱਖਾਂ ਨੂੰ ਵੱਖ ਕਰਾਇਆ ਹੈ। ਧੀਆਂ ਨੂੰ ਹੱਥੀਂ ਮਰਵਾਵਣ, ਕੁੱਖਾਂ ਤੇ ਤਰਸ ਨਾ ਆਇਆ ਹੈ। ਉਫ ! ਬਾਲ੍ਹਣ ਖਾਤਿਰ ਸੰਦਲ ਨੂੰ, ਚੁੱਲ੍ਹੇ ਦੇ ਵਿਚ ਤੂੰ ਡਾਇਆ ਹੈ ? ਹਾਏ ਇਤਰ ਦੀ ਖਾਤਿਰ ‘ਮਹਿਕ’ ਦੀ ਨੂੰ, ਕਿਉਂ ਫੁੱਲ ਤੋਂ ਵੱਖ ਕਰਾਇਆ ਹੈ।

ਅੱਖੀਆਂ ਬੋਲਣ ਬੁੱਲ੍ਹੀਂ ਤਾਲੇ ਹੁੰਦੇ ਨੇ

ਅੱਖੀਆਂ ਬੋਲਣ ਬੁੱਲ੍ਹੀਂ ਤਾਲੇ ਹੁੰਦੇ ਨੇ , ਐਸੇ ਪਲ ਨਾ ਭੁੱਲਣ ਵਾਲੇ ਹੁੰਦੇ ਨੇ। ਇਸ਼ਕ ਨੂੰ ਕੁੰਜੀ ਮੁਸ਼ਕ ਨੂੰ ਤਾਲੇ ਨਹੀਂ ਹੁੰਦੇ, ਇਸ ਰਾਹ ਦੇ ਰਾਹੀ ਮਤਵਾਲੇ ਹੁੰਦੇ ਨੇ। ਨੈਣਾਂ ਦੀ ਜੋੜੀ ਹੈ ਤੇਜ ਕਟਾਰਾਂ ਦੀ, ਫਨੀਅਰ ਨਾਗ ਪਿਟਾਰੀ ਪਾਲੇ ਹੁੰਦੇ ਨੇ। ਘੁੰਢ ਦੇ ਵਿੱਚੋਂ ਦਿਸ ਪੈਂਦਾ ਹੈ ਚੰਨ ਮਾਹੀ, ਨ੍ਹੇਰੇ ਵਿਚ ਵੀ ਘੋਰ ਉਜਾਲੇ ਹੁੰਦੇ ਨੇ। ਧੱਜੀਆਂ ਸੱਭਿਆਚਾਰ ਦੀ ਨੇ ਉੱਡ ਗਈਆਂ, ਨਿੱਤ ਦਿਹਾੜੀ ਘਾਲੇ ਮਾਲੇ ਹੁੰਦੇ ਨੇ । ਉਨ੍ਹਾਂ ਦੇ ਦਿਲ ਨੂੰ ਮਿਲਦਾ ਆਰਾਮ ਨਹੀਂ, ਇਸ਼ਕ ਦੇ ਭਾਂਬੜ ਜਿੰਨਾਂ ਬਾਲੇ ਹੁੰਦੇ ਨੇ। ਪੁੱਤਾਂ ਵਾਲਾ ਘਰ ਸੁਭਾਗਾ ਹੁੰਦਾ ਹੈ, ਧੀਆਂ ਵਾਲੇ ਕਰਮਾ ਵਾਲੇ ਹੁੰਦੇ ਨੇ। ਕਿਸੇ ਚਲਾਕ ਤੋਂ ਆਪਾਂ ਨੇ ਕੀ ਲੈਣਾ ਏ , ਭੋਲੇ ਭਾਲੇ ਕਰਮਾ ਵਾਲੇ ਹੁੰਦੇ ਨੇ। ਦੁਬਿਧਾ ਮੇਰੀ ਦੂਰ ਕਰੋ ਰਹਿਮਤ ਬਣਕੇ , ਜੀਵਨ ਮਰਣ ਤਾਂ ਮਕੜੀ ਜਾਲੇ ਹੁੰਦੇ ਨੇ। ਸਿੱਖੀ ਦੀ ਪਹਿਚਾਣ ਹੈ ਸੌਖੀ ਹੋ ਜਾਂਦੀ ਸੀਸ ਤੇ ਜਦ ਦਸਤਾਰ ਦੁਮਾਲੇ ਹੁੰਦੇ ਨੇ ਲਗਨ ਤੋਂ ਉਸਦੀ ਮੰਜ਼ਿਲ ਰਹਿੰਦੀ ਦੂਰ ਨਹੀਂ, ਭਾਂਵੇਂ ਰਿਸਦੇ ਪੈਰੀਂ ਛਾਲੇ ਹੁੰਦੇ ਨੇ । ਇਹ ਮਨ ਮੋਹਣੀ ‘ਮਹਿਕ’ ਹੀ ਕੇਵਲ ਨਹੀਂ ਦਿੰਦੇ, ਚੰਦਨ ਰੁੱਖ ਨੇ, ਸੱਪ ਵੀ ਪਾਲੇ ਹੁੰਦੇ ਨੇ।

ਮੋਹ ਦੇ ਰੁਤਬੇ ਸਾਂਭਣ ਤੋਂ ਜਦ ਹਾਰ ਗਏ

ਮੋਹ ਦੇ ਰੁਤਬੇ ਸਾਂਭਣ ਤੋਂ ਜਦ ਹਾਰ ਗਏ , ਫੁੱਲ ਅਸਾਡੇ ਦਿਲ ਵਿਚ ਖੋਭ ਕੇ ਖ਼ਾਰ ਗਏ। ਮਣਕੇ ਖਿਲਰੇ ਹਸਰਤ ਦੇ ਖਿੰਡ ਬਾਹਰ ਗਏ , ਮੰਜ਼ਿਲ ਕੋਲੇ ਆ ਕੇ ਹੋ ਬੀਮਾਰ ਗਏ । ਜੀਰੋ ਸਾਂ ਜੁੜ ਉਸਦੇ ਪਿੱਛੇ ਰਕਮ ਬਣੀ, ਨਾਲ ਹਲੀਮੀ ਕਰਨਾ ਸਿਖ ਵਿਵਹਾਰ ਗਏ । ਦੌਲਤ ਦੂਣੀ ਪਿਆਰ ਮੁਹੱਬਤ ਨਾਲ ਹੋਈ, ਰਿਸ਼ਤੇ ਨਾਤੇ ਮਹਿਕੇ ਹੋ ਕਚਨਾਰ ਗਏ। ਦਿਲ ਦੀ ਹਰ ਧੜਕਣ ਸੀ ਜਿਸਦਾ ਨਾਂ ਜਪਦੀ, ਦਿਲ ਦੇ ਟੋਟੇ ਕਰਕੇ ਓਹੀ ਚਾਰ ਗਏ । ਆਖਿਰ ਮੰਜ਼ਿਲ ਪਾ ਲਈ ਮੁਸ਼ਕਿਲ ਰਾਹਵਾਂ ਨੇ, ਆਖਿਰ ਆਪਾ ਸਭ ਦੇ ਹੋ ਸਰਕਾਰ ਗਏ। ਪ੍ਰੀਤ ਪਿਆਰ ਦੀ 'ਮਹਿਕ' ਹੈ ਚਾਰੇ ਪਾਸੇ ਹੀ, ਕੌੜ ਕੁੜੱਤਣ ਨਫ਼ਰਤ ਭੁੱਲ ਤਕਰਾਰ ਗਏ।

ਕਿਸਦੇ ਆਉਣੇ ਚੰਗੇ ਦਿਨ

ਕਿਸਦੇ ਆਉਣੇ ਚੰਗੇ ਦਿਨ ਜਾਣੇ ਕਿਹੜਾ ਉਸ ਦੇ ਬਿਨ ਔਖੇ ਕੱਟਣੇ ਔਖੇ ਦਿਨ, ਪਲ ਪਲ ਕਰਦਾ ਦਿਲ ਧਕ ਧਿਨ। ਜੀਵਨ ਖਾਂਦਾ ਉਮਰਾਂ ਨੂੰ, ਆਪਾਂ ਖਾਂਦੇ ਸਾਹ ਗਿਨ ਗਿਨ। ਲੋਭੀ ਮਰਦਾ ਮਾਇਆ ’ਤੇ, ਗੁੜ ’ਤੇ ਮੱਖੀ ਭਿਨ ਭਿਨ ਭਿਨ। ਤੇਰੇ ਕੌੜੇ ਬੋਲਾਂ ਨੇ ਨਰਮ ਕਲੇਜਾ ਦਿੱਤਾ ਵਿੰਨ, ਪਾਕ ਪਵਿੱਤਰ ਤੂੰ ਹੀ ਤੂ ਵਸਦਾ ਮਨਵਿਚ ਰਾਤ ਤੇ ਦਿਨ, ਪਾਲ ਮੁਹੱਬਤ ਦਿਲ ਅੰਦਰ ਵੈਰ ਵਿਰੋਧ ਦਾ ਮਾਰ ਕੇ ਜਿੰਨ, ਤਾਰੇ ਗਿਣਦੇ ਰਹਿੰਦੇ ਨੇ ਜੋ ਦਿਲ ਧੜਕਣ ਤੇਰੇ ਬਿਨ ਦੁੱਖ ਭੰਜਨ ਤੇਰਾ ਨਾਮ ਸਦਾ ਸੁਖ ਵਿਚ ਪਰਤਣ ਦੁਖ ਦੇ ਛਿਨ ਦਾਅਵੇ ਝੂਠੇ ਹੋ ਜਾਂਦੇ ਜਿੱਥੇ ਲਾਰੇ ਕੱਟਣ ਦਿਨ ਨਾ ਤਿੰਨ ਨਾ ਤੇਰਾਂ 'ਚੋਂ ਤੂੰ ਤਾਂ ਆਖਏ ਹਰ ਇਕ ਦਿਨ ਤੇਰਾ ਤੇਰਾ ਕਰਦੇ ਜੋ ਉਜਲੇ ਕਰਦੇ ਰਾਤਾਂ ਦਿਨ 'ਮਹਿਕ' ਵਸੀ ਹੈ ਦਿਲ ਅੰਦਰ ਕਿੰਜ ਉਤਾਰੇ ਤੇਰਾ ਰਿਨ,

ਮਿਹਨਤ ਕਰਨੋ ਡਰਦੇ ਲੋਕ

ਮਿਹਨਤ ਕਰਨੋ ਡਰਦੇ ਲੋਕ ਤਾਂ ਹੀ ਭੁੱਖੇ ਮਰਦੇ ਲੋਕ , ਤੋਹਮਤ ਲਾਉਂਦੇ ਦੂਜੇ ਤੇ, ਖੁਦ ਉੱਤੇ ਨਾ ਜਰਦੇ ਲੋਕ। ਵੇਖ ਤਮਾਸਾ ਦੁਨੀਆਂ ਦਾ, ਕੀ ਕੀ ਖੇਖਣ ਕਰਕੇ ਲੋਕ । ਦੂਜੇ ਕੰਨੀ ਝਾਕਣ ਇਹ, ਹੱਥ ਉੱਤੇ ਹੱਥ ਧਰਦੇ ਲੋਕ। ਵੇਖਣ ਨੂੰ ਤਾਂ ਜੀਉਂਦੇ ਨੇ , ਮਨ ਦੇ ਤਲ ਤੇ ਮਰਦੇ ਲੋਕ । ਨੰਗ ਢੱਕਣ ਜੋ ਹੋਰਾਂ ਦਾ, ਉਹੀ ਠੁਰ ਠੁਰ ਕਰਦੇ ਲੋਕ। ‘ਮਹਿਕ’ ਬਿਨ੍ਹਾ ਵੀ ਫੁਲ ਮਿਲਦੇ, ਕਾਗਜ਼ ਦੇ ਫੁੱਲ ਧਰਦੇ ਲੋਕ।

ਤੇਰੇ ਦਰ ਤੋਂ ਖੈਰਾਂ ਮੰਗਦੀ

ਤੇਰੇ ਦਰ ਤੋਂ ਖੈਰਾਂ ਮੰਗਦੀ, ਮੰਗਦੀ ਹਾਂ ਡਰ ਡਰ ਕੇ ਮੈਂ। ਨਦਰਿ ਕਰੇ ਤਾਂ ਭਰ ਜਾਏ ਝੋਲੀ, ਕਹਿੰਦੀ ਹਾਂ ਡਰ ਡਰ ਕੇ ਮੈਂ ਪ੍ਰੀਤਮ ਜੀ! ਇਹ ਉਮਰਾ ਨਿੱਕੀ ਕਾਹਨੂੰ ਰੁਸ ਰੁਸ ਬਹਿੰਦੇ ਓ ? ਲੰਘ ਨਾ ਜਾਵੇ ਸਾਵਣ ਪਿਆਸਾ, ਮੰਨਦੀ ਹਾਂ ਡਰ ਡਰ ਕੇ ਮੈਂ। ਓਸ ਲਈ ਤਾਂ ਰਬ ਵੀ ਕੁਝ ਨਹੀਂ, ਜਿਹੜਾ ਆਖੇ ਰਬ ਤੂੰ ਕੌਣ। ਮੈਂ ਤਾਂ ‘ਡਰਦੀ ਰਬ ਰਬ ਕਰਦੀ', ਕਰਦੀ ਹਾਂ ਡਰ ਡਰ ਕੇ ਮੈਂ। ਕੀਕਣ ਵੇਖਾਂ ਵਿਚਦੀ ਲੇਖਾਂ, ਲੇਖਾਂ ਵਿਚ ਜੜੀਆਂ ਮੇਖਾਂ। ਰਿਸਦੇ ਖੂਨ ’ਤੇ ਫੰਬਾ ਧਰਦੀ, ਧਰਦੀ ਹਾਂ ਡਰ ਡਰ ਕੇ ਮੈਂ। ਜੀਵਨ ਦੀ ਤਸਵੀਰ ਨੂਰਾਨੀ, ਰੰਗ ਵੀ ਇਸਦੇ ਸ਼ੋਖ ਬੜੇ। ਰੰਗ ਬਰਗੀ ਮਹਿਕ ਭਰਾਂ ਵਿਚ, ਭਰਦੀ ਹਾਂ ਡਰ ਡਰ ਕੇ ਮੈਂ।

ਤੇਰੇ ਵਾਂਗੂੰ ਥੋੜ੍ਹਾ ਥੋੜ੍ਹਾ ਸੰਗਦਾ ਹੈ

ਤੇਰੇ ਵਾਂਗੂੰ ਥੋੜ੍ਹਾ ਥੋੜ੍ਹਾ ਸੰਗਦਾ ਹੈ । ਉਂਜ ਇਹ ਮੈਥੋਂ ਮੇਰਾ ਸਾਇਆ ਮੰਗਦਾ ਹੈ । ਹੁਸਨ ਤੇਰੇ ਦਾ ਡੰਗ ਜਿਸਨੂੰ ਡੰਗਦਾ ਹੈ , ਰੰਗ ਜਾਂਦਾ ਫਿਰ ਉਹ ਵੀ ਤੇਰੇ ਰੰਗਦਾ ਹੈ । ਨਾ ਨੇਪਾਲੀ ਨਾ ਤੁਰਕੀ ਨਾ ਝੰਗ ਦਾ ਹੈ , ਇਸ਼ਕ ਦਾ ਆਸ਼ਿਕ ਆਸ਼ਿਕ ਉਸਦੀ ਵੰਗ ਦਾ ਹੈ। ਇਹ ਨਜ਼ਾਰਾ ਜਾਪ ਰਿਹਾ ਕਿਸੇ ਜੰਗ ਦਾ ਹੈ, ਨੇਤਾ ਕੋਈ ਚੋਣ ਵਿਧੀ ਚੋਂ ਲੰਘਦਾ ਹੈ । ਨਾਗ ਇਸ਼ਕ ਦਾ ਜਦ ਵੀ ਕੋਈ ਡੰਗਦਾ ਹੈ, ਅਮਨ ਚੈਨ ਤੇ ਨੀਂਦਰ ਸੂਲੀ ਟੰਗਦਾ ਹੈ। ਗੁੱਸੇ ਹੈ ! ਪਰ ਮਾਰ ਖੰਗੂਰਾ ਲੰਘਦਾ ਹੈ, ਕੰਨਾ ਵਿਚ ਰਸ ਘੋਲੇ ਉਹ ਸੁਰ ਖੰਘਦਾ ਹੈ। ਆਪਣੀ ਮੱਤ ਨੂੰ ਕਾਲੇ ਰੰਗ ਕੋਈ ਰੰਗਦਾ ਹੈ, ਫੁੱਲਾਂ ਦੇ ਸੰਗ 'ਮਹਿਕ' ਵੀ ਸੂਲੀ ਟੰਗਦਾ ਹੈ।

ਸਭਦੇ ਪਰਛਾਵੇਂ ਕਾਲੇ

ਸਭਦੇ ਪਰਛਾਵੇਂ ਕਾਲੇ, ਕੀ ਸਭਦੇ ਨੇ ਦਿਲ ਕਾਲੇ । ਧੱਕਾ ਲੱਗਾ ਉਨਾ ਨੂੰ , ਦਿਲ ਨਾ ਜਿਨ੍ਹਾਂ ਦੇ ਕਾਲੇ । ਖਾਮੋਸ਼ ਹੈ ਕਿਉਂ ਇਹ ਦੁਨੀਆਂ, ਕਿਉਂ ਸਭਦੇ ਮੂੰਹ ਤੇ ਤਾਲੇ। ਸੀਨੇ ਵਿਚ ਮਚਦੇ ਭਾਂਬੜ , ਤੇ ਨੈਣਾਂ ਹੰਝੂ ਗਾਲੇ । ਗੁਸਤਾਖ਼ ਨਿਗਾਹਾਂ ਪੁੱਛਣ , ਕਿਉਂ ਸੁਣ ਕੇ ਪਾਏ ਚਾਲੇ । ਰੰਗੀਨ ਹੁੰਦੇ ਪਰਛਾਵੇਂ, ਕਿਉਂ ਇਹ ਨੇ ਕਾਲੇ ਕਾਲੇ ? ਰੰਗੀਨ ਹੋਵਣ ਪਰਛਾਵੇਂ, ਪਰਛਾਵੇਂ 'ਮਹਿਕਣ’ ਵਾਲੇ।

ਫੁੱਲ ਪੱਤੀਆਂ ਵੀ ਕੰਬਣ ਜਦ ਵੀ

ਫੁੱਲ ਪੱਤੀਆਂ ਵੀ ਕੰਬਣ ਜਦ ਵੀ ਕੰਬਦੀ ਡਾਲੀ ਹੈ ਸੱਧਰਾਂ ਦਿਲ ਵਿਚ ਕੰਬਦੀਆਂ ਜਿਉਂ ਸੁਰਤ ਸੰਭਾਲੀ ਹੈ। ਰੀਝ ਮੇਰੀ ਔਕਾਤ ਦੇ ਪੱਖੋਂ ਵਧ ਮਤਵਾਲੀ ਹੈ , ਸੁਰਖ ਗੁਲਾਬਾਂ ਦੀ ਲਾਲੀ ਹੀ ਜੜ੍ਹਾਂ ਦੀ ਲਾਲੀ ਹੈ। ਲਫ਼ਜ਼ ਮੇਰੇ ਨੇ ਫੁੱਲਾਂ ਦੇ, ਜ਼ਜ਼ਬਾਤ ਦੀ ਡਾਲੀ ਹੈ। ਹਿਰਸ ਗਵੌਂਦੀ ਫਿਰਦੀ ਇਹ, ਮਨ ਕਬਿਤ ਕੱਵਾਲੀ ਹੈ। ਬਾਗ ਨੂੰ ਵੇਖ ਕੇ ਬਾਗ ਬਾਗ ਹੋ ਜਾਂਦਾ ਮਾਲੀ ਹੈ, ਜੋ ਮਾਲੀ ਕਲੀਆਂ ਨੋਚੇ ਉਹ ਕਾਹਦਾ ਮਾਲੀ ਹੈ। ਜ਼ਖਮ ’ਤੇ ਮਰਹਮ ਧਰਦਾ ਉਹ ਦੁਨੀਆਂ ਦਾ ਵਾਲੀ ਹੈ, ਫਿਤਰਤ ਉਸਦੀ ਨੇਕੀ ਪਰਉਪਕਾਰਾਂ ਵਾਲੀ ਹੈ। ਮੀਰਾ ਤੇ ਸੁਕਰਾਤ ਲਈ ਕਿਉਂ ਜ਼ਹਿਰ ਪਿਆਲੀ ਹੈ, ਮਾਨਵਤਾ ਦੇ ਮੂੰਹ 'ਤੇ ਇਹ ਤਾਂ ਭੱਦੀ ਗਾਲੀ ਹੈ। ਮਾਤਾ-ਪਿਤਾ ਦੀ ਹਰਦਮ ਮਮਤਾ ਨਾਲ ਭਿਆਲੀ ਹੈ, ਫੁੱਲਾਂ ਦੇ ਵਿਚ ਰੱਬੋਂ ‘ਮਹਿਕ' ਜਿਉਂ ਪਈ ਸੰਭਾਲੀ ਹੈ।

ਧੀਆਂ ਕੋਲੋਂ ਖੌਫ ਜ਼ਦਾ ਕਿਉਂ ਹੋਇਆ

ਧੀਆਂ ਕੋਲੋਂ ਖੌਫ ਜ਼ਦਾ ਕਿਉਂ ਹੋਇਆ ਇਹ ਸੰਸਾਰ , ਜੰਮਣ ਦਾ ਹੀ ਖੋਹ ਲਿਆ ਉਨ੍ਹਾਂ ਕੋਲੋਂ ਅਧਿਕਾਰ । ਧੀ ਨੇ ਜਨਮ ਜੇ ਲੈ ਲਿਆ ਹੈ ਸਦਮੇਂ ਵਿਚ ਪਰਿਵਾਰ , ਜੰਮਦੀ ਦਾ ਗੱਲ ਘੁੱਟਿਆ, ਦੱਬਿਆ ਘਰ ਤੋਂ ਬਾਹਰ । ਜੇ ਫਿਰ ਵੀ ਕੋਈ ਬਚ ਗਈ ਕਿਸਮਤ ਦੀ ਸਚਿਆਰ, ਇੰਨੇ ਕੀਤੇ ਵਿਤਕਰੇ ਜੀਣਾ ਕੀਤਾ ਦੁਸ਼ਵਾਰ । ਬੇਪੱਤ ਕਰਕੇ ਸਾੜੀਆਂ ਕਈ ਕਲੀਆਂ ਕਚਨਾਰ, ਜੀਵਨ ਟਾਹਣੀ ਲੱਗੀਆਂ ਦਾ ਕਿੰਨਾਂ ਕੁ ਸੀ ਭਾਰ । ਜੋ ਕਲੀਆਂ ਫੁੱਲ ਨ ਬਣਦੀਆਂ ਉਹ ਧਰਤੀ 'ਤੇ ਸੀ ਭਾਰ, ਧੁਖਦੀ ਅੱਗ ਵਿਚ ਭੁੱਨੀਆਂ ਕਰਤੀਆਂ ਹੱਦਾਂ ਪਾਰ । ਸਭ ਕੁਝ ਜੇਕਰ ਸਹਿ ਗਈਆਂ ਕਰਕੇ ਧੰਨ ਨਿਰੰਕਾਰ, ਰਜਨੀਆਂ ਦੇ ਗਲ ਪਾ ਦਿੱਤੇ ਪਿੰਗਲਿਆਂ ਦੇ ਹਾਰ । ਮਰਿਆਦਾ ਹੀ ਮਰ ਗਈ ਕੁਝ ਤਾਂ ਸੋਚ ਵਿਚਾਰ, ਪਹਿਰੇਦਾਰੀ ਹੀ ਕਰ ਗਈ ਵਾਧੂ ਅੱਤਿਆਚਾਰ । ਕਦਰਾਂ ਬੁੱਕ ਬੁੱਕ ਰੋਂਦੀਆਂ ਹੁਬਕਣ ਜ਼ਾਰੋ ਜ਼ਾਰ, ਆਪਣਿਆਂ ਹੱਥੋਂ ਹੋਈ ਜਦ, ਉਸਦੀ ਇੱਜਤ ਤਾਰ । ਕਿੱਥੇ ਪਾਵੇ ਕੀਰਨੇ ਹਰ ਅੱਖ ਭੋਗਣਹਾਰ, ਹਰ ਥਾਂ ਲੱਗੇ ਲੱਗਿਆ ਕੁਰੂਆਂ ਦਾ ਦਰਬਾਰ। ਬੰਦਿਆਂ ਕੁਝ ਤੇ ਸ਼ਰਮ ਕਰ ਤੈਨੂੰ ਜੰਮਦੀ ਨਾਰ ਕੱਲੀ ਕਾਰੀ ਨੋਚਦੇ ਜਾਲਮ ਦੇ ਤਿੰਨ ਚਾਰ । ‘ਮਹਿਕ' ਤੋਂ ਧੀਆਂ ਰੁੱਸੀਆਂ, ਫੋਕਾ ਹੋਣਾ ਗੁਲਜ਼ਾਰ । ਮੈਲੀ ਅੱਖ ਨੂੰ ਸਾਫ ਕਰ, ਸਾਫ ਕਰੋ ਕਿਰਦਾਰ ।

ਬੱਦਲ ਕਿਣਮਿਣ ਕਰਦਾ ਹੈ

ਬੱਦਲ ਕਿਣਮਿਣ ਕਰਦਾ ਹੈ, ਧਰਤੀ ਉੱਤੇ ਮਰਦਾ ਹੈ ਦਿਲ ਹੈ ਮਾਲਕ ਮਰਜ਼ੀ ਦਾ, ਮਨ ਮਰਜ਼ੀ ਹੀ ਕਰਦਾ ਹੈ ਸੁਰਗਾਂ ਤੋਂ ਬਣ ਨਰਕ ਗਏ , ਏਦਾਂ ਪਾਣੀ ਵਰ੍ਹਦਾ ਹੈ ਪਾਣੀ ਆਪਣੇ ਪਾਣੀ ਦੀ, ਦੁਰਵਰਤੋਂ ਵੀ ਕਰਦਾ ਹੈ ਧਰਤੀ ਤੱਕ ਕਸ਼ਮੀਰ ਦੀ ਨੂੰ, ਰੱਬ ਵੀ ਹੌਕਾ ਭਰਦਾ ਹੈ ਜਲਥਲ ਜਲਥਲ ਹੋਈ ਏ , ਬੱਦਲ ਹੁਣ ਕਿਉਂ ਵਰ੍ਹਦਾ ਹੈ ? ਸੋਕੇ ਉੱਤੇ ਸੋਕਾ ਹੈ, ਵਰ੍ਹਦੇ ਉੱਤੇ ਵਰ੍ਹਦਾ ਹੈ ਨਰਕ ਸੁਰਗ ਦੋਵੇਂ ਏਥੇ, ਸਮਝਣ ਦਾ ਹੀ ਪਰਦਾ ਹੈ ਮੈਂ ਕੀ ਜਾਣਾ ਕੌਣ ਕਦੋਂ? ਸੁੱਚੇ ਮੋਤੀ ਧਰਦਾ ਹੈ ਤੇਰੇ ਸਾਰੇ ਰੂਪਾਂ ਨੂੰ , ਸਜਦੇ ਬਿਨ ਨਾ ਸਰਦਾ ਹੈ ਗ਼ਜ਼ਲਾਂ ਵਿਚ ਜ਼ਜ਼ਬਾਤ ਭਰੇ ਸਤਰੰਗੀ ਰੰਗ ਭਰਦਾ ਹੈ ਫੁੱਲਾਂ ਅੰਦਰ ਕੀ ਜਾਣਾ, ‘ਮਹਿਕ' ਉਹ ਕਿੱਦਾਂ ਭਰਦਾ ਹੈ ‘ਮਹਿਕ' ਜਾਣਦੀ ਹੈ ਕਿਹੜਾ, ਫੁੱਲਾਂ ਵਿਚ ਰੰਗ ਭਰਦਾ ਹੈ

ਸਮਝ ਨਾ ਆਈ ਕਿਹੜੀ ਉਸ

ਸਮਝ ਨਾ ਆਈ ਕਿਹੜੀ ਉਸ ਮਰਿਯਾਦਾ ਪਾਲੀ ਹੈ, ਲੁੱਟੇ ਪੱਤ ਜੋ ਕਲੀਆਂ ਦੀ ਉਹ ਕਾਹਦਾ ਮਾਲੀ ਹੈ ਕੀ ਉੱਤਮ ਪੁਰਸ਼ੋਤਮ ਲੱਗੇ, 'ਕੰਨਾਂ ਦਾ ਕੱਚਾ', ਅਸਲੀਅਤ ਤੇ ਪਰਛਾਵੇਂ ਵਿਚ, ਜਿਸ ਦੁਬਿਧਾ ਪਾਲੀ ਹੈ ਉਸਦੀ ਲੀਲਾ ਉਹ ਹੀ ਜਾਣੇ , ਮੈਂ ਨਾ ਸਕਦੀ ਜਾਣ ਸੱਚ ਦੇ ਵਿੱਚ ਕਿੰਨੀ ਕਿਸਨੇ , ਝੂਠ ਰਲਾਲੀ ਹੈ ਦੱਬੀ ਕੁਚਲੀ ਜਨਤਾ ਦੀ, ਆਵਾਜ਼ ਨੂੰ ਸੁਣ ਕਰਕੇ ਮਾਂ ਸੀਤਾ ਬਨਵਾਸ ਨੂੰ ਤੋਰੀ, ਕਰ ਬਦਹਾਲੀ ਹੈ ਧੋਬਣ ਨੂੰ ਧੋਬੀ ਨੇ ਕੱਢਿਆ, ਸੀਤਾ ਜੀ ਨੂੰ ਰਾਮ ਹੀਰੇ ਦੀ ਸੁੱਟੀ ਤੇ ਕੱਚ ਦੀ ਮੁੰਦਰੀ ਪਾਲੀ ਹੈ ਇੱਕੋ ਔਗਣ ਸਾਰੇ ਗੁਣਾ ’ਤੇ, ਕਾਲਿਖ ਫੇਰੇਗਾ ਰਾਵਣ ਰਾਮ ਨੇ ਏਸੇ ਕਰਕੇ , ਪਿੱਠ ਲੁਵਾਲੀ ਹੈ ਅੰਗੀਕਾਰ ਕਰੋ ਸਦਗੁਣ ਤੇ, ਨਿਭ ਜਾਵਣ ਦਮ ਨਾਲ ‘ਮਹਿਕ' ਨੇ ਦੱਸੀ ਮਕਤੇਅ ਅੰਦਰ ਬਾਤ ਨਿਰਾਲੀ ਹੈ

ਗੁੱਡੀਆਂ ਦੇ ਸਿਰ ਸ਼ਾਮਤ ਛਾਈ ਹੋਵੇਗੀ

ਗੁੱਡੀਆਂ ਦੇ ਸਿਰ ਸ਼ਾਮਤ ਛਾਈ ਹੋਵੇਗੀ, ਫੂਕਣ ਬਿਨ ਕਦ ਬਾਰਿਸ਼ ਆਈ ਹੋਵੇਗੀ ਕੰਜਕਾਂ ਵੇਲੇ ਕੰਜਕਾਂ ਕਿੱਥੋਂ ਲੱਭਣੀਆਂ, ਲੱਭ ਲੱਭ ਕੇ ਇੱਕ ਇੱਕ ਮੁਕਾਈ ਹੋਵੇਗੀ ਜਦ ਜਾਪੇ ਕਿ ਆਈ ਹੈ ਕੁੱਖ ਦੇ ਅੰਦਰ, ਜੰਗ ਦੇ ਵੈਰੀ ਵਾਂਗ ਮੁਕਾਈ ਹੋਵੇਗੀ ਸਮਝੋ ਓਸ ਘਰੇ ਵੀ ਲੱਛਮੀ ਹੈ ਆਈ, ਧੀ ਬਣ ਕੇ ਜੋ ਜੱਗ ’ਤੇ ਆਈ ਹੋਵੇਗੀ ਤਿੰਨ ਮਹੀਨੇ ਤਿੰਨ ਸਾਲਾਂ ਦੀ ਬੱਚੀ ਵੀ, ਨਰਭਕਸ਼ੀ ਹੈਵਾਨਾਂ ਤਾਈ ਹੋਵੇਗੀ ਕਾਮ ਜਿੰਨ੍ਹਾਂ ਦੇ ਸਿਰ ਤੇ ਚੜ੍ਹਿਆ ਤਾਂਡਵ ਸੀ, ਰਿਸ਼ਤੇ ਵਿੱਚੋਂ ਸੱਚ ਮਿਟਾਈ ਹੋਵੇਗੀ ਧੀਆਂ ਦੀ ਹੋਣੀ ’ਚੋਂ ਦੁੱਖ ਮਿਟਾ ਰੱਬਾ, ‘ਮਹਿਕ' ਨੇ ਪਾਈ ਹਾਲ-ਦੁਹਾਈ ਹੋਵੇਗੀ

ਉੱਗੇ ਨੇ ਖੰਭ ਉੱਡਣ ਦੇ ਵਿਚ ਗਗਨ

ਉੱਗੇ ਨੇ ਖੰਭ ਉੱਡਣ ਦੇ ਵਿਚ ਗਗਨ ਵਿਚ ਆਕਾਸ਼, ਬੋਟਾਂ ਨੇ ਉੱਡ ਹੀ ਜਾਣਾ ਹੁੰਦੇ ਬੜੇ ਬਦਮਾਸ਼ ਨਿੱਕੇ ਤੋਂ ਵੱਡੇ ਹੋਣਾ ਕੁਦਰਤ ਦਾ ਇਕ ਨਿਯਮ, ਪਹਿਲੀ ਉਡਾਣ ਮੇਰੀ ਦੇ ਦੇਵੀਂ ਤੂੰ ਸ਼ਾਬਾਸ਼ ਮੈਂ ਜਾਕੇ ਉੱਚੇ ਅੰਬਰ ਤੱਕਾਂਗੀ ਸਾਰੀ ਖਲਕਤ , ਰੋ ਨਾ ਮੈਨੂੰ ਮਾਏ ਨਾ ਬੰਨੀ ਬਾਹੂਪਾਸ਼ ਦੇ ਕੇ ਅਸੀਸ ਤੋਰੀਂ ਮੈਨੂੰ ਤੂੰ ਮੇਰੀ ਮਾਏ , ਭਰ ਲਾਂ ਉਡਾਰੀ ਉੱਚੀ ਪੂਰੀ ਹੋਵੇਗੀ ਖਾਹਿਸ਼ ਚਾਹੁੰਦੀ ਹਾਂ ਉੱਚੇ ਅੰਬਰ ਧਰੂ ਤਾਰੇ ਵਾਂਗ ਚਮਕਾਂ, ਅਭਿਆਸ ਕਰ ਲਉਂਗੀ ਜਾਊ ਹੁਨਰ ਤਰਾਸ਼ ਮਾਂ ਤੇਰੀ ਹੋਂਦ ਹਾਂ ਮੈਂ ਤੇਰਾ ਹੀ ਸੱਚਾ ਅਕਸ, ਤੂੰ ਮੇਰਾ ਤੇ ਮੈਂ ਤੇਰਾ ਬਣ ਜਾਈਏ ਰੂਪ ਕਾਸ਼ ਅਜ ਡੇਰਿਆਂ ਦੇ ਵਿਚ ਜੋ ਹੋ ਜਾਏ ਉਹ ਹੀ ਘੱਟਏ, ਨੈਤਿਕਤਾ ਮਰਦੀ ਮਰਦੀ ਅਜ ਬਣ ਹੀ ਗਈ ਲਾਸ਼ ਬਾਜ਼ੀ ਇਹ ਜ਼ਿੰਦਗੀ ਦੀ ਜਿੱਤਾਂਗੀ ਮੈਂ ਤਾਂ ਆਖਿਰ, ਲੱਗ ਜਾਊ ਸੀਪ ਇਸ ਵਿਚ ਜੇ ਜ਼ਿੰਦਗੀ ਹੈ ਤਾਸ਼ ਅੱਪਣੇ ਹੀ ਦੁਸ਼ਮਣਾਂ ਨੇ ਪਰ ਨੇ ਕੁਤਰਨੇ ਮੇਰੇ, ਤੂੰ ‘ਮਹਿਕ' ਵਾਂਗ ਕਰਦੇ ਹਰ ਬਦੀ ਦਾ ਵਿਨਾਸ਼

ਸੂਰਜ ਬਾਝੋਂ ਕਿੰਨਾ ਨੇਰਾ ਹੁੰਦਾ ਹੈ

ਸੂਰਜ ਬਾਝੋਂ ਕਿੰਨਾ ਨੇਰਾ ਹੁੰਦਾ ਹੈ ਜੁਗਨੂੰ ਵੀ ਇਕ ਰਾਹ ਦਸੇਰਾ ਹੁੰਦਾ ਹੈ ਜੇਕਰ ਥਾਂ ਉੱਤੇ ਪਰਛਾਂਵਾ ਪੈਂਦਾ ਏ ਉੱਤੇ ਸੂਰਜ ਦਾ ਹੀ ਡੇਰਾ ਹੁੰਦਾ ਹੈ ਮਨ ਦੇ ਤਲ ਤੇ ਸੱਚ ਦਾ ਦੀਵਾ ਬਾਲ ਲਵੋ, ਵੇਖੋ ਕਿੱਦਾਂ ਦੂਰ ਹਨੇਰਾ ਹੁੰਦਾ ਹੈ ਦੁਨੀਆ ਵਿਚ ਕੁਝ ਵੀ ਨਾ ਮੇਰਾ ਹੁੰਦਾ ਏ , ਸਭ ਕੁਝ ਬਸ ‘ਤੇਰਾ ਹੀ ਤੇਰਾ ਹੁੰਦਾ ਹੈ ਗਿਰਗਿਟ ਰੰਗ ਬਦਲਦਾ ਰੱਬ ਦੇ ਰੰਗਾਂ ਸੰਗ, ਉਸ ਦੀ ਸੋਚ ਦਾ ਉਹੀ ਚਿਤੇਰਾ ਹੁੰਦਾ ਹੈ ਪਿੰਜਰੇ ਤਾੜੀ ਜਿੰਦ ਪਿਆਰੀ ਮੈਨਾ ਦੀ, ਸੁਫਨੇ ਉੱਡਣਾ ਵੱਡਾ ਜੇਰਾ ਹੁੰਦਾ ਹੈ ਗੁਲਸ਼ਨ ਦੇ ਵਿੱਚ ਫੁੱਲ ‘ਮਹਿਕ' ਹੀ ਵੰਡਣਗੇ, ਭਾਂਵੇ ਕੰਡਿਆਂ ਉੱਤੇ ਬਸੇਰਾ ਹੁੰਦਾ ਹੈ

ਹਾਏ ਰੱਬਾ ਹਾਲ ਦੁਹਾਈ ਹੋਵੇਗੀ

ਹਾਏ ਰੱਬਾ ਹਾਲ ਦੁਹਾਈ ਹੋਵੇਗੀ, ਜਦ ਤੂੰ ਧੀ ਦੀ ਜੂਨ ਹੰਢਾਈ ਹੋਵੇਗੀ ਜਦ ਜੀ ਕਰਦਾ ਗਹਿਣਿਆਂ ਨਾਲ ਸਜ਼ਾ ਦੇਂਦੇ, ਜਦ ਜੀ ਕਰਦਾ ਖੱਲ ਵਿਕਾਈ ਹੋਵੇਗੀ ਖੇਡਣ, ਤੋੜਣ, ਫੋੜਣ, ਵਰਤਣ ਮਾਰਣ ਨੂੰ, ਫੇਰ ਦਾਮਿਨੀ ਹੱਥ ’ਚ ਆਈ ਹੋਵੇਗੀ ਔਰਤ ਨੂੰ ਔਰਤ ਦੀ ਕਹਿੰਦੇ ਨੇ ਦੁਸ਼ਮਣ, ਇਹ ਜੰਗ ਬੰਦਿਆਂ ਆਪ ਕਰਾਈ ਹੋਵੇਗੀ ਔਰਤ ਦੇ ਹੱਥ ਕਲਮ ਵੀ ਹੈ ਤਲਵਾਰ ਵੀ ਹੈ, ਵਰਤੂ, ਜਦ, ਆਈ ਤੇ ਆਈ ਹੋਵੇਗੀ ਖਾਣ ਲੱਗੀ ਜਦ ਵਾੜ ਹੀ ਖੇਤਾਂ ਨੂੰ ਦੱਸੋ, ਜਿੰਦ ਮਲੂਕ ਦੀ ਕਦ ਸੁਣਵਾਈ ਹੋਵੇਗੀ ਖਿੜਣ ਤੋਂ ਪਹਿਲਾਂ ਹੀ ਕੁਮਲਾਈ ਜੋ ਹੋਣੀ, ਪੱਤੀ ਪੱਤੀ ਵੀ ਸ਼ਰਮਾਈ ਹੋਏਗੀ ਮਾਨਵਤਾ ਦਾ ਘਰ ਵਿਹੜਾ ਮਹਿਕਾਵਣ ਲਈ, ‘ਮਹਿਕ ਪਿਆਰੀ ਜੱਗ ’ਤੇ ਆਈ ਹੋਵੇਗੀ

ਸੂਰਜ ਦੀ ਬਦ ਖੋਈ ਕਰਕੇ

ਸੂਰਜ ਦੀ ਬਦ ਖੋਈ ਕਰਕੇ ‘ਕਬਰ ਤੇ ਦੀਵੇ ਧਰਦੇ ਲੋਕ, ਕਾਲੇ ਕਰਮੀਂ ਸੱਚੇ ਰਿਸ਼ਤੇ ਧੁੰਧਲੇ ਗੰਧਲੇ ਕਰਦੇ ਲੋਕ ਜੰਤਰ ਮੰਤਰ ਜਾਦੂ ਟੂਣੇ ਵਹਿਮ ਭਰਮ ਵਿਚ ਮਰਦੇ ਲੋਕ, ਖਾਬਾਂ ਚੋਂ ਤਾਬੀਰਾਂ ਲਭਦੇ ਜਾਗਣ ਤੋਂ ਪਰ ਡਰਦੇ ਲੋਕ ‘ਨੱਕ' ਤੇ ਮੱਖੀ ਬਹਿਣ ਨਾ ਦਿੰਦੇ ‘ਚੰਨ’ ਤੇ ਥੁੱਕ ਨਾ ਹਰਦੇ ਲੋਕ, ਰਹਿੰਦੇ ਨੇ ਸ਼ੀਸੇ ਦੇ ਘਰ ਵਿਚ ਪੱਥਰ ਤੇ ਹੱਥ ਧਰਦੇ ਲੋਕ ਦੁਸ਼ਮਣ ਬਣਕੇ ਆਪਣਿਆ ਦੇ ਸੀਨੇ ਖੰਜ਼ਰ ਧਰਦੇ ਲੋਕ, ਘਰ ਦਾ ਭੇਤੀ ਲੰਕਾ ਢਾਹਵੇ ਗੱਲ ਨੂੰ ਸੱਚੀ ਕਰਦੇ ਲੋਕ ਸਾਂਝ ਹਲੀਮੀ ਪਿਆਰ ਮੁਹੱਬਤ ਦੇ ਕੋਲੋਂ ਨੇ ਡਰਦੇ ਲੋਕ, ਜ਼ਖ਼ਮ ਅਜੇ ਨੇ ਤਾਜ਼ੇ ਤਾਜ਼ੇ ਉੱਤੇ ਉਂਗਲ ਧਰਦੇ ਲੋਕ ਨਫ਼ਰਤ ਗੁੱਸਾ ਬੇਈਮਾਨੀ ਦੇ ਖਾਂਦੇ ਪਏ ਨੇ ਜਰਦੇ ਲੋਕ, ਮਰਹੱਮ ਧਰਨੀ ਭੁੱਲ ਬੈਠੇ ਨੇ ਆਪਣੀ ਅੱਗ ਵਿਚ ਮਰਦੇ ਲੋਕ ਜਾਤਾਂ ਪਾਤਾਂ ਧਰਮਾਂ ਕਰਕੇ ਲੜ ਲੜ ਕੇ ਨੇ ਮਰਦੇ ਲੋਕ, ਆਪਣੇ ਆਪ ਨੂੰ ਉੱਚਾ ਕਹਿੰਦੇ ਦੂਜਾ ਊਣਾ ਕਰਦੇ ਲੋਕ ਜਜ਼ਬਾਤਾਂ ਦੇ ਲੋਕੋ ਹੰਝੂ ਸੁੱਕੇ ਰੱਤ ਨੈਣਾਂ ਵਿਚ ਭਰਦੇ ਲੋਕ, ਦੂਜੇ ਦੇ ਨੇ ਪਾਜ ਉਘੇੜਣ ਆਪਣੇ ਪਰਦੇ ਕਰਦੇ ਲੋਕ ਹੁਸਨ ਇਸ਼ਕ ਵਿਚ ਪਹਿਨ ਪਚਰ ਕੇ ਲੀੜੇ ਬੀੜੇ ਧਰਦੇ ਲੋਕ, ਉਸ ਦੀ ਇਕ ਮੁਸਕਾਨ ਦੀ ਖਾਤਿਰ ਹੁਸਨ ਦਾ ਪਾਣੀ ਭਰਦੇ ਲੋਕ ਆਓ-ਭਗਤ ਹੈ ਉੱਤੋਂ ਉੱਤੋਂ ਲਾਗਤ ਬਾਜ਼ੀ ਕਰਦੇ ਲੋਕ , ਮਨ ਤੋਂ ਹੋ ਕੇ ਕੰਗਾਲ ਹਮੇਸ਼ਾ ਦੋਸ਼ ਗਰੀਬੀ ਧਰਦੇ ਲੋਕ ‘ਮਹਿਕ' ਦਾ ਘਰ ਹੈ ਫੁੱਲਾਂ ਵਾਲਾ ਸ਼ੀਸ਼ੀ ਦੇ ਵਿਚ ਭਰਦੇ ਲੋਕ, ਪੰਜੇ ਤੱਤਾਂ ਵਿਚ ਮਿਲਾਵਟ ਕਰਦੇ ਪਰ ਨਾ ਹਰਦੇ ਲੋਕ

ਨਾਰੀਤਵ ਵਿਚ ਸੌਂਧੀ ਮਹਿਕੀ ਪ੍ਰੀਤੀ ਦਾ

ਨਾਰੀਤਵ ਵਿਚ ਸੌਂਧੀ ਮਹਿਕੀ ਪ੍ਰੀਤੀ ਦਾ ਭੰਡਾਰ ਵੀ ਹੁੰਦਾ ਚੰਡੀ ਵਰਗਾ ਰੰਗ ਵੀ ਹੁੰਦਾ ਖੌਫ ਜ਼ਦਾ ਕਿਰਦਾਰ ਵੀ ਹੁੰਦਾ ਨੀਰ ਦੀ ਕਲਕਲ ਦਿਲ ਵਿਚ ਹਲਚਲ ਪਲ ਪਲ ਦੇ ਵਿਚ ਹੁੰਦੀ ਰਹਿੰਦੀ, ਦੁੱਖ ਦੀ ਦਲਦਲ ਸੁਪਨੀ ਬੁੱਕਲ ਜੀਵਨ ਦਾ ਆਧਾਰ ਵੀ ਹੁੰਦਾ ਪਾਕ ਪਵਿੱਤਰ ਰੂਹਦਾਰੀ ਦਾ ਪਹਿਰਣ ਔਢਣ ਪਾਕੀਜ਼ਾ ਹੈ ਅਕਸ ਅਸਾਡਾ ਸੱਚੇ ਰੱਬ ਦੀ ਰਹਿਮਤ ਸੰਗ ਸਰਸ਼ਾਰ ਵੀ ਹੁੰਦਾ ਮੇਰੇ , ਤੇਰੇ , ਤੇਰੇ , ਮੇਰੇ , ਇਸਦੇ-ਉਸਦੇ , ਉਸਦੇ-ਇਸਦੇ , ਦਿਸਦਾ ਨਹੀਂ ਪਰ ਸਭ ਅੰਦਰ ਧੰਨ ਧੰਨ ਉਹ ਨਿਰੰਕਾਰ ਵੀ ਹੁੰਦਾ ਹਥ ਵਿਚ ਠੂਠਾ ਦੇ, ਦਰ-ਦਰ ਤੋਂ ਚਾਹਵੇ ਮੰਗਣ ਲਾ ਦਿੰਦਾ ਹੈ, ਰਾਜ ਕਰਾਏ ਉਸ ਦੀ ਚਾਹਤ ਸਭ ਦਾ ਉਹ ਸਰਦਾਰ ਵੀ ਹੁੰਦਾ ਜਾਨ ਬਚੀ ਤੋਂ ਲਾਖੋਂ ਪਾਏ ਲੌਟ ਕੇ ਬੁੱਧੂ ਘਰ ਕੋ ਆਏ, ਆਪੋ ਅੱਪਣੇ ਘਰ ਦੀ ਖਾਤਿਰ ਇਹ ਵੱਸਿਆ ਸੰਸਾਰ ਵੀ ਹੁੰਦਾ ਸੁਹਣ-ਸੁਹੱਪਣ, ਫੁੱਲ ਕਲੀਆਂ ਤਾਂ ਸੁਹਜ ਸੁਖਨ ਹੈ ਸੁੱਖਾਂ ਵਾਲਾ, ਅਸਲੀ ਸੁੱਖ ਨੂੰ ਬੁੱਝਣ ਵਾਲਾ ਰੱਬ ਸੰਗ ਜੁੜਿਆ ਤਾਰ ਵੀ ਹੁੰਦਾ ਧੰਨਾ-ਲਾਲੋ ਕਹਿਣ ਬਥੇਰਾ ਭੋਗ ਲਵਾਓ ਭਗਤੀ ਵਾਲਾ, ਸੱਚੀ ਸ਼ਰਧਾ ਭਗਤੀ ਕਰਕੇ ਸੱਚੀਂ ਬੇੜਾ ਪਾਰ ਵੀ ਹੁੰਦਾ ਸੋਨਾ-ਚਾਂਦੀ, ਹੀਰੇ-ਮੋਤੀ, ਪੈਸਾ-ਬੰਗਲੇ ਨਾਲ ਨਹੀਂ ਜਾਣ , ਨਾਨਕ ਨਾਮ ਜਹਾਜ ਚੜਜੋ ਡੁਬਦਾ ਬੇੜਾ ਪਾਰ ਵੀ ਹੁੰਦਾ ਮਿੰਨਤ ਤਰਲੇ , ਲਾਰੇ ਲੱਪੇ, ਝੂਠ ਫਰੇਬ ਦੀ ਮ੍ਰਿਗ ਤ੍ਰਿਸ਼ਨਾਏ, ਦੁੱਖ ਦੇ ਕਰਕੇ ਸੁੱਖ ਦੀ ਇੱਜ਼ਤ ਜੀਵਨ ਕਦ ਇਕਸਾਰ ਵੀ ਹੁੰਦਾ ਜੰਮਣਾ-ਮਰਨਾ, ਖੁਸ਼ੀਆਂ-ਗ਼ਮੀਆਂ ਦਾ ਲੱਗਾ ਬਾਜ਼ਾਰ ਹੈ ਸੋਹਣਾ, ਫੁੱਲਾਂ ਦੇ ਸੰਗ ‘ਮਹਿਕ' ਵੀ ਹੁੰਦੀ, ਖੁਸ਼ਬੋਈ ਸੰਗ ਖ਼ਾਰ ਵੀ ਹੁੰਦਾ

ਅਪਣੇ ਆਪ ਨੂੰ ਸਾਬਿਤ ਕਰਦੀ

ਅਪਣੇ ਆਪ ਨੂੰ ਸਾਬਿਤ ਕਰਦੀ ਜਾਂਦੀ ਹੈ ਔਰਤ ਮਰਕੇ ਜੀਂਦੀ ਜੀ ਕੇ ਮਰਦੀ ਜਾਂਦੀ ਹੈ ਔਰਤ 'ਲੋਗਣ ਰਾਮ ਖਿਲੌਣਾ ਜਾਣਾ’ ਤੇ ਔਰਤ ਨੂੰ ਵੀ, ਫਿਰ ਵੀ ਫਰਜ਼ ਸਮੁੰਦਰ ਭਰਦੀ ਜਾਂਦੀ ਹੈ ਔਰਤ ਇਹ ਤਾਂ ਹੈ ਮਮਤਾ ਦੇਵੀ ਤੇ ਚੰਡੀ ਵੀ ਹੈ, ਪਰਉਪਕਾਰ ਦਾ ਹੀਲਾ ਕਰਦੀ ਜਾਂਦੀ ਹੈ ਔਰਤ ਘਰ ਆਂਗਣ ਦੀ ਤੁਲਸੀ ਜਗ ਵਿਚ ਮਹਿਕ ਖਿੰਡਾਰਦੀ ਏ, ਅਗਾਂਹ ਅਗਾਂਹ ਪੱਬ ਅਪਣੇ ਧਰਦੀ ਜਾਂਦੀ ਹੈ ਔਰਤ ਅਪਣੇ ਪਰਾਂ ਤੇ ਉਡਦੀ ਭਾਂਵੇ ਪੈਰੀਂ ਬੇੜੀ ਏ , ਅੱਖੀਆਂ ਵਿਚ ਨਿਤ ਸੁਫਨੇ ਭਰਦੀ ਜਾਂਦੀ ਹੈ ਔਰਤ ਤਿਆਗ ਦੀ ਮੂਰਤ, ਘਰ ਦੀ ਲਛਮੀ ਵੀ ਅਖਵਾਏ ਪਰ, ਤਾਂ ਵੀ ਗਾਲ੍ਹਾਂ ਝਿੜਕਾਂ ਜਰਦੀ ਜਾਂਦੀ ਹੈ ਔਰਤ ਸੁਫ਼ਨੇ ਦੇ ਵਿਚ ਅਪਣੇ ਮਨ ਦੀ ਪਟਰਾਣੀ ਵੀ ਹੈ, ‘ਮਹਿਕ' ਦੇ ਸੁਫਨੇ ਪੂਰੇ ਕਰਦੀ ਜਾਂਦੀ ਹੈ ਔਰਤ

ਸਾਹਾਂ ਦਾ ਤੂੰ ਸਾਜ਼ ਵਜਾਵੀਂ

ਸਾਹਾਂ ਦਾ ਤੂੰ ਸਾਜ਼ ਵਜਾਵੀਂ ਨਾਮ ਦੀ ਮਸਤੀ ਭਰ ਕੇ ਗਾਵੀਂ ਆਪ ਇਸ਼ਕ ਦਾ ਰਾਹ ਰੁਸਨਾਵੀਂ ਚੰਨ ਮਾਹੀ ਮੁਖੜਾ ਦਿਖਲਾਵੀਂ ਆਪੇ ਆਪਣਾ ਨਾਮ ਜਪਾਵੀਂ, ਨਾਮ ਜਪਾਵੀਂ ਦਰਸ ਦਿਖਾਵੀਂ ਮੇਰੀ ਹਉਮੈ ਮਾਰ ਮੁਕਾਵੀਂ, ਸ਼ੁਕਰਾਨਾ ਕਰਨਾ ਸਿਖਲਾਵੀਂ ‘ਮਹਿਕ’ ਵੱਸੀ ਜਿਉਂ ਫੁੱਲਾਂ ਅੰਦਰ, ਤੂੰ ਵੀ ਦਿਲ ਦੇ ਵਿਚ ਵਸ ਜਾਵੀਂ

ਚੰਨ ਚਕੋਰੀ ਮਾਰਦੇ ਆਪਸ ਵਿਚ ਝਾਤ

ਚੰਨ ਚਕੋਰੀ ਮਾਰਦੇ ਆਪਸ ਵਿਚ ਝਾਤ , ਤਾਰਾ ਮੰਡਲ ਆ ਗਇਆ ਲੈ ਕੇ ਬਾਰਾਤ ਫੁੱਲਾਂ ਵਾਂਗੂ ਮਹਿਕੀ ਹੈ ਅਣਮੁੱਲ ਸੌਗਾਤ, ਰਾਤ ਪਿੱਛੇ ਆਉਂਦੀ ਸੰਦਲੀ ਪਰਭਾਤ ਧੀ ਤੇ ਪੁੱਤਰ ਦੋਨੋ ਹੀ ਰੱਬ ਦੀਆਂ ਦਾਤ, ਇਹ ਤਾਂ ਰਬ ਦੀ ਮਿਹਰ ਦੀ ਬਹੁਮੁੱਲੀ ਝਾਤ ਮਾਨੁਖਤਾ ਦੀ ਜ਼ਾਤ ਤੋਂ ਨਹੀਂ ਉੱਚੀ ਜਾਤ, ਜਾਤਾਂ ਦੇ ਵਿਚ ਪੈਂਦਿਆਂ ਬਸ ਮਾਤ ਹੀ ਮਾਤ ਬੁੱਝ ਸਮੇਂ ਸਿਰ ਬੁੱਝ ਲੈ ਜੋ ਪੈਂਦੀ ਬਾਤ, ਦੁਸ਼ਮਣ ਅੰਦਰ ਬਾਹਰਲੇ ਬੈਠੇ ਲਾ ਘਾਤ ਮੱਸਿਆ ਪੁੰਨਿਆਂ ਵੰਡੀ ਹੈ ਆਪਣੀ ਰਾਤ, ‘ਮਹਿਕ’ ਵਿਹੂਣੇ ਫੁੱਲ ਦਿਲ ਸੱਖਣੇ ਜਜ਼ਬਾਤ

ਇਨਕਲਾਬ ਹਾਲੇ ਨਹੀਂ ਆਇਆ

ਇਨਕਲਾਬ ਹਾਲੇ ਨਹੀਂ ਆਇਆ, ਇਨਕਲਾਬ ਤਾਂ ਆਉਣਾ ਹੈ, ਹਾਲੇ ਤਾਂ ਜੀ ਵਕਤ ਨੇ ਪਾਇਆ, ਪੱਲੇ ਰੋਣਾ ਧੋਣਾ ਹੈ ਸੁਰਗ ਨਰਕ ਦੇ ਝਲਕਾਰੇ ਤਾਂ ਪੈਂਦੇ ਰਹਿੰਦੇ ਧਰਤੀ 'ਤੇ ਇਕ ਦਾ ਦਿਲ ਤਾਂ ਦਿਲ ਹੈ ਆਖਣ, ਇਕ ਦਾ ਦਿਲ ਖਿਡੌਣਾ ਹੈ ਕੰਜਕ ਦੇਵੀ ਮਾਤਾ ਪੂਜਣ ਜਿੱਥੇ ਉਸੇ ਸ਼ਹਿਰ ਗਰਾਂ, ਮੈਲੇ ਮਨ ਦਾ ਦੈਤ ਵੀ ਫਿਰਦਾ, ਲੱਭ ਕੇ ਦੂਰ ਭਜਾਉਣਾ ਹੈ ਸਭ ਨੂੰ ਠੰਡੀ ਛਾਂ ਦੇਂਦੇ ਨੇ ਫਲ ਫੁੱਲ ਦੇਂਦੇ ਖੁਸ਼ ਹੋਕੇ, ਕੁਰਬਾਨੀ ਦੀ ਤਖ਼ਤੀ ਗਲ ਵਿਚ ਬੰਦ ਬੰਦ ਕਹਿਣ ਕਟਾਉਣਾ ਹੈ ਧਰਮ-ਸਿਆਸਤ ਦੀ ਲੜਦੀ ਲੜਦੀ, ਖੜਕੀ ਦੜਕੀ ਹੰਭ ਗਈ, ਸੱਭੇ ਰੰਗ ਜੇ ਇੱਕੋ ਰੱਬ ਦੇ, ਕਾਹਤੋਂ ਲੜਦਾ ਚੌਣਾ ਹੈ ਦਰਸ ਤੇਰੀ ਨੂੰ ਹੰਭੇ ਹਾਰੇ ਨੈਣ ਵਿਚਾਰੇ ਤਰਸ ਗਏ , ਨੈਣਾਂ ਦੇ ਵਿੱਚ ਤਪੇ ਸਮੁੰਦਰ ਸੁਫਨਾ ਕਿੱਦਾ ਆਉਣਾ ਹੈ ਵੇਖੀਂ ਫਸਲ ਨ ਮਰ ਮੁੱਕ ਜਾਵੇ, ਧੀਆਂ ਚਿੜੀਆਂ ਵਾਲੀ ਵੇ ਮਨ ਖੇਤੀ ਦੇ ਰਾਖੇ, ਬਣ ਕੇ ਖੜ ਜਾਉ ਬਣ ਡਰੌਣਾ ਹੈ ਵੰਗਾਂ ਵੇਚੇ ਵਣਜਾਰਾ ਪਰ ਇਕ ਵੀਣੀ ਵੀ ਮੰਗੇ ਨਾ, ਨਰਮ ਕਲਾਈਆਂ ਤੋੜ ਮੁਕਾਈਆਂ ਪੈ ਜਾਣਾ ਪਛਤੌਣਾ ਹੈ ਚਿੱਟੀ ਚਾਦਰ, ਚਿੱਟਾ ਕੁੜਤਾ, ਚਿੱਟਾ ਪਰਨਾ ਫਬਦਾ ਏ, ਉਜਲੇ ਸੱਚ ਦਾ ਸੁੱਚਾ ਬੰਦਾ, ਰੱਬ ਦਾ ਵੀ ਮਨ ਭਾਉਣਾ ਹੈ ਹਰੀ ਕ੍ਰਾਂਤੀ ਵਾਲਾ ਹਰਿਆ ਕੱਪੜਾ ਅੱਜ ਲੀਰਾਂ ਲੀਰਾਂ ਚਿੱਟੇ ਦੀ ਕਾਲੀ ਚਕਰੀਏ , ਲਾਲ ਸੁਰਖ ਹਰ ਪੌਣਾ ਹੈ ਉਹੀ ਬੰਦਾ, ਉਹੀ ਗਰਦਨ, ਉਹੀ ਸਭ ਝੂਲਣ ਵਾਲੇ ਸ਼ਹੀਦ ਹੋਈ ਕਿਰਸਾਨੀ ਹੱਥਾਂ ਪੈ ਜਾਣਾ ਘਬਰੌਣਾ ਹੈ ਦੰਦੇ ਕੰਘੀ ਦੇ ਟੁੱਟ ਜਾਵਣ ਕੀਕਣ ਕੇਸਾਂ ਨੂੰ ਸੁਲਝਾਵਣ, ਉਲਝੀ ਉਲਝੀ ਜੀਵਨ ਤਾਣੀ ਕਿੱਦਾਂ ਇਸ ਨੂੰ ਵੌਣਾ ਹੈ ਮੁੱਖ ਮੁਹੱਬਤ ਨੁਰਾਨੀ ਤਾਂ ਪਿਆਰ ਦੀ ਹੋਲੀ ਖੇਡੇਗਾ, ਮੁੰਦਰੀ ਜਿੰਦ ਵਿਚ ਨਗ ਤਾਂ ਪਾਲੌ ਜਿੰਨੇ ਪਵੌਣਾ ਹੈ ਪਿਆਰ ਮੁਹੱਬਤ ਵਾਲੇ ਸਖੀਉ ਸਾਰੇ ਹੀ ਰੰਗ ਚੰਗੇ ਨੇ , ‘ਮਹਿਕ’ ਭਰੇ ਫੁੱਲਾਂ ਸੰਗ ਮਹਿਕੇ ਜੱਗ ਵੀ ਦੂਣਾ ਚੌਣਾ ਹੈ

ਮਨ ਵਿੱਚ ਖੁਸ਼ੀਆਂ ਵਾਲਾ ਪੱਤਾ

ਮਨ ਵਿੱਚ ਖੁਸ਼ੀਆਂ ਵਾਲਾ ਪੱਤਾ ਝੜ ਜਾਂਦਾ ਹੈ, ਬਿਨ ਪਾਣੀ ਗ਼ਮਲੇ ਵਿਚ ਬੂਟਾ ਸੜ ਜਾਂਦਾ ਹੈ ਤਾਰੇ ਹੋਕਾ ਦੇਂਦੇ ਆਓ ਤੱਕੋ ਸਾਨੂੰ , ਏ. ਸੀ ਲਾਕੇ ਬੰਦਾ ਅੰਦਰ ਵੜ ਜਾਂਦਾ ਹੈ ਦਾਦੀ ਆਖੇ ਪੋਤਰਿਆ ਗੱਲ ਸੁਣਕੇ ਜਾਵੀਂ, ਪੋਤਾ ਬੁੜ ਬੁੜ ਕਰਦਾ, ਗੁੱਸਾ ਚੜ ਜਾਂਦਾ ਹੈ ਅਰਮਾਨਾਂ ਦਾ ਘੇਰਾ ਮਿੱਤਰੋ ਵਧਦਾ ਰਹਿੰਦਾ, ਖ਼ਾਹਸ਼ਾਂ ਮਰ ਜਾਵਣ ਤਾਂ ਜੀਵਨ ਖੜ ਜਾਂਦਾ ਹੈ ਚੰਨ ਚਕੋਰ ਤੇ ਮਛਲੀ ਪਾਣੀ ਸਬਕ ਅਨੋਖਾ, ਇਸ਼ਕ 'ਚ ਆਸ਼ਿਕ ਆਪ ਮੁਹਾਰੇ ਪੜ੍ਹ ਜਾਂਦਾ ਹੈ ਮਿੱਠੇ ਮਿੱਠੇ ਬੋਲਾਂ ਰਾਹੀਂ ਘੁਲਦੀ ਮਿਸ਼ਰੀ, ਮੰਦੇ ਬੋਲਾਂ ਰਾਹੀਂ ਤਨ ਮਨ ਸੜ ਜਾਂਦਾ ਹੈ ਸੂਰਜ ਉੱਗੇ ਨਿੱਤ ਸਵੇਰੇ ਹੁੰਦਾ ਚਾਨਣ , ਪੋਥੀ ਜੀਵਨ ਵਾਲੀ ਬੰਦਾ ਪੜ੍ਹ ਜਾਂਦਾ ਹੈ ਨੈਣ ਮਿਲੇ ਦੋ ਗੱਲਾਂ ਹੋਈਆਂ ਚੁੱਪ ਚੁਪੀਤੇ, ਇਸ ਦਿਲ ਨੂੰ ਫਿਰ ਸੱਪ ਇਸ਼ਕ ਦਾ ਲੜ ਜਾਂਦਾ ਹੈ ਬਹੁਤ ਸਵਾਦੀ ਲਗਦਾ ਕੱਚਾ ਦੁੱਧ ਕਿਸੇ ਨੂੰ, ਹੋਰ ਸਵਾਦੀ ਲਗਦਾ ਜਦ ਉਹ ਕੜ ਜਾਂਦਾ ਹੈ ਲਹਿਰਾਂ ਆਵਣ ਜਾਵਣ, ਜਾਵਣ ਜਾਕੇ ਆਵਣ, ਹਿਰਸ ਦਾ ਪਾਣੀ ਮੁੱਕੇ ਤਾਂ ਵੱਟ ਦੜ ਜਾਂਦਾ ਹੈ ਬਾਂਦਰ ਤਿੰਨੇ ਗੂੰਗੇ ਬੋਲ਼ੇ ਅੰਨੇ ਹੋਏ , ਭਗਤ ਸਿੰਘ ਦਾ ਕਾਤਿਲ ਨੋਟੀਂ ਚੜ੍ਹ ਜਾਂਦਾ ਹੈ ਸੱਚਾ ਸੁੱਚਾ ਬੰਦਾ ਹੁੰਦਾ ਭੋਲਾ ਭਾਲਾ, ਸੱਚੀ ਗੱਲ ਦੇ ਉੱਤੇ ਉਹ ਵੀ ਅੜ ਜਾਂਦਾ ਹੈ ਇਸ਼ਕ ਮੁਸ਼ਕ ਨਾ ਲੁਕਣਾਂ ਫੁੱਲਾਂ ਕੋਲੋਂ ਪੁੱਛੋ, ‘ਮਹਿਕ’ ਦਾ ਬੁੱਲਾ ਕਿੱਦਾ ਅੰਦਰ ਤੜ ਜਾਂਦਾ ਹੈ

ਗ਼ਮ ਭਾਗ ਸੀ ਢੋਈ ਫਿਰਦਾ

ਗ਼ਮ ਭਾਗ ਸੀ ਢੋਈ ਫਿਰਦਾ, ਮਨ ਮੁਰਦਾ ਜਿਹਾ ਹੋਈ ਫਿਰਦਾ ਹੰਝੂ ਕੇਰਨ ਦਾ ਵੱਲ ਭੁੱਲਿਆ, ਨੈਣਾਂ ਵਿੱਚ ਲੁਕੋਈ ਫਿਰਦਾ ਕੀਮਤ ਸਾਹਾਂ ਦੀ ਨਾ ਜਾਣੇ , ਪਲ ਪਲ ਐਂਵੇ ਖੋਈ ਫਿਰਦਾ ਭਾਂਤ ਭਾਂਤ ਦੇ ਭਾਂਡੇ ਘੜਦਾ, ਚਿਕਨੀ ਮਿੱਟੀ ਗੋਈ ਫਿਰਦਾ ਤੂ ਹੀ ਤੂ ਹੀ ਮੁੱਖੋਂ ਬੋਲੇ , ਦਿਲ ਵਿਚ ਨਾਮ ਲੁਕੋਈ ਫਿਰਦਾ ਹੰਝੂ ਕੇਰੇ ਹਾੜੇ ਪਾਵੇ, ਮਨ ਮਰਜਾਣਾ ਰੋਈ ਫਿਰਦਾ ਸਾਹਵਾਂ ਪੱਖੋਂ ਜਿਉਂਦਾ ਜਾਪੇ, ਗ਼ੈਰਤ ਪੱਖੋਂ ਮੋਈ ਫਿਰਦਾ ਮਨ ਦੇ ਤਲ ਨਿਮਰਤਾ ਲਿਆਕੇ, ਉੱਚੇ ਦੇ ਤੁੱਲ ਹੋਈ ਫਿਰਦਾ ਓਹੀ ਵਿਹੜਾ ਭਾਗਾਂ ਭਰਿਆ, ਧੀ ਲਈ ਨਿੱਘ ਸਮੋਈ ਫਿਰਦਾ ਖਾਬਾਂ ਦੇ ਪਰ ਕੱਟੇ ਗਏ ਨੇ , ਰੱਤ ਨੈਣਾਂ ਚੋਂ ਚੌਈ ਫਿਰਦਾ ਚਿੱਟੀ ਮੱਖੀ ਚਿੱਟਾ ਖਾਣਾ, ਜਿੰਦ ਮੁੱਠੀ ਵਿਚ ਢੋਈ ਫਿਰਦਾ ਕਤਰਾ ਕਤਰਾ ‘ਮਹਿਕ’ ਦਾ ਜਾਪੇ, ਫੁੱਲਾਂ ਦਾ ਹੀ ਹੋਈ ਫਿਰਦਾ

ਇਕ ਬੁਝਾਰਤ ਪਾਵਾਂ ਮੈਂ

ਇਕ ਬੁਝਾਰਤ ਪਾਵਾਂ ਮੈਂ, ਬੁੱਝ ਭਲਾ ਕੀ ਚਾਹਵਾਂ ਮੈਂ ਨੇੜੇ ਹੋਕੇ ਸੁਣ ਰੱਬਾ , ਦਿਲ ਦੀ ਆਖ ਸੁਣਾਵਾਂ ਮੈਂ ਰੁੱਤਾਂ ਦੇ ਸੰਗ ਬਦਲੇ ਜੋ ਚਾਹਵਾਂ ਨਾਂ ਸਿਰਨਾਵਾਂ ਮੈਂ ਹੋਠਾਂ ਤੋਂ ਖ਼ਾਮੋਸ਼ੀ ਸੰਗ , ਤੇਰਾ ਨਾਮ ਜਪਾਵਾਂ ਮੈਂ ਦਿਲ ਵਿਚ ਭਾਂਬੜ ਮੱਚੇ ਨੇ , ਨੈਣੋਂ ਨੀਰ ਵਹਾਵਾਂ ਮੈਂ ਬੋਲ ਗੁਆਚੇ ਹੋਠਾਂ ਦੇ , ਨੈਣਾਂ ਸੰਗ ਸਮਝਾਵਾਂ ਮੈਂ ਜੀ ਚਾਹੇ ਕੇ ਦੁਨੀਆਂ ਤੋਂ, ਨਾਂ ਚੰਗਾਂ ਖੱਟ ਜਾਵਾਂ ਮੈਂ ‘ਮਹਿਕ' ਪਿਆਰੀ ਦੇਖਣ ਨੂੰ, ਗੈਬੀ ਐਨਕ ਲਾਵਾਂ ਮੈਂ

ਰੱਬਾ ਹੁੰਦੀ ਹੈ ਰਹਿਮਤ

ਰੱਬਾ ਹੁੰਦੀ ਹੈ ਰਹਿਮਤ, ਹੱਥੀਂ ਕਰਦਾ ਰਹਿ ਮਿਹਨਤ ਕੁਝ ਤਾਂ ਹੁੰਦੀ ਏ ਕਿਸਮਤ, ਘੱਟ ਵੱਧ ਜੋ ਮਿਲਦੀ ਉਲਫ਼ਤ ਮਿਲਦੀ ਨਾਲ ਨਸੀਬਾਂ ਦੇ , ਪਿਆਰ ਮੁਹਬਤ ਜਾਂ ਨਫ਼ਰਤ ਰਬ ਵਧਾਵੇ ਵਧਦੀ ਹੈ , ਖਿਦਮਤ ਇੱਜ਼ਤ ਤੇ ਸ਼ੋਹਰਤ ਫਿਤਰਤ ਉਗ਼ਮਣ, ਭਰਮਣਦੀ, ਰੱਬੋਂ ਮਿਲ ਦੀ ਹੈ ਜੰਨਤ ਅਜ਼ਮਤ ਦਾ ਰਾਖਾ ਬਣ ਜਾ, ਜ਼ਾਲਿਮ ਦੇ ਲਈ ਬਣ ਸ਼ਾਮਤ ਪਾਕ ਪਵਿੱਤਰ ਰੂਹਾਂ ਦੀ, ਕਰਨੀ ਸਿੱਖ ਲੈ ਤੂੰ ਖ਼ਿਦਮਤ ‘ਮਹਿਕ' ਬਿਨਾ ਕੀ ਫੁੱਲਾਂ ਦੀ, ਹੋਣੀ ਸੀ ਜਗ ਤੇ ਵੁੱਕਤ

ਬਿਨ ਵਰਿਆਂ ਹੀ ਲੰਘਿਆ

ਬਿਨ ਵਰਿਆਂ ਹੀ ਲੰਘਿਆ, ਇਹ ਕੈਸਾ ਆਇਆ ਸਾਉਣ ਨਾ ਮੋਰਾਂ ਪੈਲਾਂ ਪਾਈਆਂ, ਨਾ ਕੋਕਿਲ ਬੈਠੀ ਗੌਣ ਲੋਕਾਂ ਗੁੱਡੀਆਂ ਫੂਕੀਆਂ, ਕੀਤੇ ਬਹੁਤੇ ਜੱਗ ਸੌਣ ਭਾਦਰੋਂ ਸੁੱਕਿਆ, ਨਾ ਬਿਜਲੀਆਂ ਅੱਖ ਝਪਕੌਣ ਜੇਠ ਹਾੜ ਦੀ ਧੁੱਪ ਨੇ, ਸਭ ਨੂੰ ਲੂਹ ਕੇ ਸੁੱਟਿਆ ਸੁੱਕਾ ਸਾਵਣ ਲੱਭਦਾ, ਪੀਂਘ ਦੀ ਲੰਮੀ ਦੌਣ ਬਿਜਲੀ ਦੇ ਕੱਟ ਲੱਗਦੇ, ਗਰਮੀ ਜੀਣ ਮੁਹਾਲ ਲਗਦਾ ਇੰਦਰ ਕੁੰਭਕਰਣ, ਵਾਂਗਰ ਲੱਗਿਆ ਸੌਣ ਚੋਣਾ ਸੀ ਜਦ ਲੜਨੀਆਂ, ਲੱਗੀ ਥੁੜ ਚਿਰ ਮੌਜ ਜਿੱਤੇ, ਅੱਖਾਂ ਮੁੰਦੀਆਂ, ਤੇ ਮੁੱਖ ਕਰ ਲਿਆ ਮੌਣ ਸਾਉਣ ’ਚ ਗਿੱਧਾ ਪਾ ਲਇਆ, ਵਗਦੇ ਮੁੜ੍ਹਕੇ ਨਾਲ ਭੰਗੜੇ ਪਾਏ ਲਾਰਿਆਂ , ਰੋਸ ਦੇ ਗਾਏ ਗੌਣ ਪਿੱਪਲ ਬੋਹੜ ਨੇ ਲੱਭਦੇ ਪੀਘਾਂ ਤ੍ਰਿੰਝਣ ਤ੍ਰੀਮਤਾਂ ‘ਮਹਿਕ' ਵੀ ਰੁੱਸੀ ਫੁੱਲ ਤੋਂ ਫਿਰ ਪਾਣੀ, ਰੁੱਸੀ ਪੌਣ

ਹਰ ਯੁਗ ਤੋਂ ਯੁਗ ਦੇ ਨੇ ਫਾਸਲੇ

ਹਰ ਯੁਗ ਤੋਂ ਯੁਗ ਦੇ ਨੇ ਫਾਸਲੇ ਹਰ ਯੁਗ ਹੀ ਕਿਉਂ ਗ਼ਮਗੀਨ ਹਾਂ ਤੂੰ ਹਿਸਾਬ ਲੈ ਗਏ ਵਕਤ ਤੋਂ ਮੈਂ ਤਾਂ ਵਰਤਮਾਨ ਅਧੀਨ ਹਾਂ ਮੈਂ ਤਾਂ ਖ਼ਾਬ ਲੈ ਲਏ ਉਡਾਣ ਦੇ, ਪਰ, ਪਰ ਨਹੀਂ ਮੇਰੇ ਹਾਣ ਦੇ ਬੇਰਬਤ ਪਰ ਤੇ ਉਡਾਰੀਆਂ ਹੋਈ ਫਿਰਦੀ ਫਿਰ ਗ਼ਮਗੀਨ ਹਾਂ ਇਕ ਚੰਨ ਹੈ ਚਾਨਣ ਵੰਡਦਾ, ਸੰਗ ਤਾਰਾ-ਮੰਡਲ ਗੰਡਦਾ ਕਾਲੀ ਰਾਤ ਤੋਪਾ ਭਰ ਰਹੀ, ਸੂਈ ਰੌਸ਼ਨੀ ਦੀ ਮਹੀਨ ਹਾਂ ਧਰੁਵ ਤਾਰੇ ਵਾਂਗੂ ਚਮਕਦੀ, ਕੋਈ ਸ਼ੈਅ ਰਿਦੇ ਵਿਚ ਦਮਕਦੀ ਓਦੀ ਖਾਹਿਸ਼ ਹਾਂ ਓਦੀ ਪਿਆਸ ਹਾਂ, ਉਹਦੀ ਹੋਂਦ ਵਿਚਲਾ ਯਕੀਨ ਹਾਂ ਇਨ੍ਹਾਂ ਨੈਣਾਂ ਖ਼ਾਬ ਸਜਾ ਲਏ , ਹਿੱਕ ਮੇਰੀ ਹਿੱਕ ਨਾਲ ਲਾ ਲਏ ਮੁੜ ਆਵੇਗਾ ਉਹ ਭਲਾ ਸਮਾਂ ਇਸ ਕਰਕੇ ਤਾਜ਼ਾ ਤਰੀਨ ਹਾਂ ਕਿਤੇ ਹਿੰਦ ਹੈ ਕਿਤੇ ਪਾਕ ਹੈ, ਕਿਤੇ ਰੂਸ ਕਿਧਰੇ ਈਰਾਕ ਹੈ ਤੁਸਾਂ ਪਾ ਲਈਆਂ ਜਿੱਥੇ ਵੰਡੀਆਂ, ਮੈਂ ਉਹ ਮਾਂ ਸਮਾਨ ਜ਼ਮੀਨ ਹਾਂ ਮੈਂ ਵੀ ਜੀਅ ਹਾਂ ਜੀਉਂਦੀ ਜਾਗਦੀ, ਵਿਚ ਰੂਹ ਹਾਂ ਪਿਆਰ ਦੇ ਰਾਗ ਦੀ ਸੜ ਬਲਦੀ ਜਦ ਕੋਈ ਆਖਦਾ, ਕੋਈ ਸ਼ੈਅ ਬੜੀ ਨਮਕੀਨ ਹਾਂ ਵਣ ਸੀ ਵਹਿੰਗੀ ਚੁੱਕਦਾ, ਮਾਂ-ਬਾਪ ਖਾਤਿਰ ਮੁੱਕਦਾ ਫੁੱਲ ਖਿੜਣੇ ਅੱਜ ਵੀ ਪਿਆਰ ਦੇ, ਰੁੱਤ ‘ਮਹਿਕ' ਦੀ ਰੰਗੀਨ ਹਾਂ

ਛੱਡ ਕਸੂਰੀ ਜੁੱਤੀ ਪਾਈ

ਛੱਡ ਕਸੂਰੀ ਜੁੱਤੀ ਪਾਈ ਹਾਈ ਹੀਲ ਦੀ ਸੈਂਡਿਲ ਦੀਵੇ ਥੱਲੇ ਹਨੇਰਾ ਹੁੰਦਾ, ਬਾਲੂੰ ਬਿਜਲਈ ਕੈਂਡਿਲ ਦਸ ਜਮਾਤਾਂ ਬਹੁਤ ਥੋੜ੍ਹੀਆਂ, ਪੀ.ਐਚ.ਡੀ ਮੈਂ ਕਰਨੀ ਅੱਪਣੇ ਜੀਵਨ ਦਾ ਲੈਣਾ ਮੈਂ, ਆਪਣੇ ਹੱਥੀਂ ਹੈਂਡਿਲ ਹੇਠ ਸਕੂਟੀ ਲਾਲੀ ਰੰਗੀ, ਬਿਨਾਂ ਗੀਯਰ ਦੇ ਭੱਜਦੀ ਸਾਈਕਲ ਛੱਡ ਸਕੂਟੀ ਆਈ, ਹੋਰ ਨਾ ਮਾਰੂੰ ਪੈਂਡਿਲ ਮੁੰਡਿਆਂ ਵਾਂਗੂ ਤੁਰਦੀ ਫਿਰਦੀ, ਮਨ ਮਰਜੀ ਦਾ ਪਾਵਾਂ ਜੀਵਨ ਦੀ ਚੇਨੀ ਵਿਚ, ਪਾ ਕੇ ਸਵਾਭਿਮਾਨ ਦਾ ਪੈਂਡਿਲ ਆਈ.ਟੀ.ਪਾਰਕ, ਸਕੂਲ ਕਾਲਜਾਂ ਵਿੱਚ ਹਾਂ ਜੌਬਾਂ ਕਰਦੀ ‘ਮਹਿਕ’ ਭਰੀ ਹੈ ਜੀਵਨ ਅੰਦਰ, ਇਹ ਨਹੀਂ ਕੋਈ ਸਕੈਂਡਿਲ

ਈਰਖਾ ਦਿਲ ਵਿਚ ਵਸੌਣਾ ਛੱਡ ਦੇ ਤੂੰ

ਈਰਖਾ ਦਿਲ ਵਿਚ ਵਸੌਣਾ ਛੱਡ ਦੇ ਤੂੰ , ਨਿੰਦਕਾਂ ਦੇ ਨਾਲ ਹੋਣਾ ਛੱਡ ਦੇ ਤੂੰ ਦੁੱਖ ਭੰਬੀਰੀ ਘੁੰਮਦੀ ਰਹਿਣੀ ਸਦਾਹੀ, ਦੁੱਖ ਹੋਰਾਂ ਅੱਗੇ ਰੋਣਾ ਛੱਡ ਦੇ ਤੂੰ ਮਸਲਿਆਂ ਮਸਲੇ ਪਏ ਨੇ ਸਾਰੇ ਮਸਲੇ , ਮਸਲਿਆਂ ਨੂੰ ਦਿਲ ’ਤੇ ਲਾਉਣਾ ਛੱਡਦੇ ਤੂੰ ਕੀ ਅਮੀਰੀ ਕੀ ਗਰੀਬੀ ਰੋਣ ਸਾਰੇ , ਦਿਲ ਦੇ ਉੱਤੇ ਭਾਰ ਪਾਉਣਾ ਛੱਡਦੇ ਤੂੰ ਲੱਭ ਕੇ ਰੱਬ ਨੂੰ ਤੂੰ ਪੁੱਛੀਂ ਹਾਲ ਉਸਦਾ, ਆਪ ਹੁੱਣ ਬੇਹਾਲ ਹੋਣਾ ਛੱਡਦੇ ਤੂੰ ਤੂੰ ਖਿਡੌਣਾ ਰੱਬ ਦਾ ਉਹ ਖੇਡਦਾ ਹੈ, ਟੁੱਟਾ ਹੋਇਆ ਵੇਖ ਰੋਣਾ ਛੱਡਦੇ ਤੂੰ ਗੱਲਾਂ ਕਰ ਲੈ ਤੂੰ ਵੀ ਖੁੱਲੇ ਦਿਲ ਦੇ ਨਾਲ, ਸੰਗ ਕੇ ਗੱਲ ਨੂੰ ਲੁਕੌਣਾ ਛੱਡ ਦੇ ਤੂੰ ਯਾਦਾਂ ਨੂੰ ਢੋਂਦਾ ਹੈ ਫਿਰਦਾ ਉਮਰ ਭਰ ਹੀ, ਇਹ ਬਿਗਾਨਾ ਭਾਰ ਢੋਣਾ ਛੱਡ ਦੇ ਤੂੰ ਬਸ ਨਸੀਹਤ ਦੀ ਵਸੀਅਤ ਲਿਖਣੀ ਸਿੱਖ ਲੈ , ਭੇਤ ਦੇ ਹੁਣ ਨਾਂ ਲਵਾਉਣਾ ਛੱਡ ਦੇ ਤੂੰ ਓਸ ਰਹਿਮਤ ਕੀਤੀ ਤੂੰ ਮਿਹਨਤ ਕਰੀ ਜਾ, ਆਲਸਾਂ ਦੇ ਨਾਲ ਸੌਣਾ ਛੱਡ ਦੇ ਤੂੰ ਦਿਲ ਤੇ ਰੱਖ ਕੇ ਹੱਥ ਏਹੀ ਅਹਿਦ ਕਰ ਲੈ , ਦੂਸਰੇ ਦਾ ਦਿਲ ਦੁਖਾਉਣਾ ਛੱਡ ਦੇ ਤੂੰ ਨਾਮ ਦੇ ਪਾਂਧੀ ਸਦਾ ਹੀ ਨਾਮ ਜਪਦੇ , ਵਕਤ ਨੂੰ ਐਵੇਂ ਗਵਾਉਣਾ ਛੱਡ ਦੇ ਤੂੰ ਕੀਮਤੀ ਸ਼ੈਅ ਹੈਂ ਤੂੰ ਇਸਨੂੰ ਸਾਂਭ ਖਰਚੀਂ, ਵਕਤ ਨੂੰ ਲਾਰੇ ਲਗਾਉਣਾ ਛੱਡ ਦੇ ਤੂੰ 'ਮਹਿਕ’ ਤਾਂ ਖੁਸ਼ਬੋ ਹੈ ਤੂੰ ਮਹਿਸੂਸ ਕਰ , ਇਸਨੂੰ ਹੱਦਾਂ ਵਿਚ ਪਰੋਣਾ ਛੱਡ ਦੇ ਤੂੰ

ਯਾਦ ਬਣ ਦਿਲ ਵਿਚ ਸਮਾਏ

ਯਾਦ ਬਣ ਦਿਲ ਵਿਚ ਸਮਾਏ ਜੋ ਲਏ ਸੁਫਨੇ ਕਦੀ, ਪੂਰੇ ਹੋਵਣ ਵਿੱਚ ਨਾ ਆਏ ਜੋ ਲਏ ਸੁਫਨੇ ਕਦੀ ਅਸ਼ਕ ਨੈਣਾਂ ਨੇ ਵਹਾਅ ਕੇ ਦਿਲ ਨੂੰ ਹੌਲਾ ਕਰ ਲਿਆ, ਗੱਚ ਦੇ ਵਿੱਚ ਕਸਮਸਾਏ ਜੋ ਲਏ ਸੁਫਨੇ ਕਦੀ ਉਹ ਭੁਲਾਇਆਂ ਵੀ ਨਾ ਭੁੱਲੇ ਦਿਲ 'ਚ ਵੱਸੇ ਇਸ ਤਰ੍ਹਾਂ, ਜ਼ਖ਼ਮ ਬਣ ਫਿਰ ਉਭਰ ਆਏ ਜੋ ਲਏ ਸੁਫਨੇ ਕਦੀ ਤਾਕਤਾਂ ਦੇ ਸਭ ਵਸੀਲੇ ਵਰਤੇ ਨੇ ਧਨ ਵਾਸਤੇ , ਲੋੜਵੰਦੇ ਹੀ ਭੁਲਾਏ ਜੋ ਲਏ ਸੁਫਨੇ ਕਦੀ ਅਜ ਤਿਜ਼ਾਬਾਂ ਜਾਲਿਆ ਹੈ ਆਪ ਪੱਲਾ ਇਸ਼ਕ ਦਾ, ਬੇਬਸੀ ਵਿਚ ਤਿਲਮਿਲਾਏ ਜੋ ਲਏ ਸੁਫਨੇ ਕਦੀ ਆਸ ਦਾ ਪੱਲਾ ਨਾ ਛੱਡੀਂ ਆਖਿਆ ਸੀ ਓਸਨੇ , ‘ਮਹਿਕ' ਬਣ ਕੇ ਮੁਸਕੁਰਾਏ ਜੋ ਲਏ ਸੁਫਨੇ ਕਦੀ

ਜਖ਼ਮ ਦਿਲ ਦੇ ਹਾਸਿਆਂ ਹੇਠਾਂ

ਜਖ਼ਮ ਦਿਲ ਦੇ ਹਾਸਿਆਂ ਹੇਠਾਂ ਲੁਕਾਈ ਜਾ ਰਹੇ ਹਾਂ, ਹਸਦੇ ਹਸਦੇ ਨੈਣਾਂ ਚੋਂ ਹੂੰਝ ਵਹਾਈ ਜਾ ਰਹੇ ਹਾਂ ਰਾਹ ਦੇ ਵਿਚ ਆਵੇ ਜੇ ਮੁਸ਼ਕਿਲ ਭੀੜ ਕੋਈ ਬਣ ਜਾਵੇ , ਹੌਸਲੇ ਸੰਗ ਸਾਹਮਣਾ ਉਸਦਾ ਕਰਾਈ ਜਾ ਰਹੇ ਹਾਂ ਸਾਹਮਣੇ ਤਾਂ ਪੂਜਦੇ ਹਾਂ ਦੇਵੀਆਂ ਨੂੰ ਕੰਜਕਾਂ ਨੂੰ , ਪਰਦਿਆਂ ਦੇ ਪਾਰ ਕੁੱਖਾਂ ਵਿਚ ਮੁਕਾਈ ਜਾ ਰਹੇ ਹਾਂ ਆ ਰਹੇ ਹਾਂ, ਜਾ ਰਹੇ ਹਾਂ, ਖਾ ਰਹੇ ਹਾਂ, ਪਾ ਰਹੇ ਹਾਂ, ਜ਼ਿੰਦਗੀ ਹੈ ਕੀਮਤੀ ਐਵੇਂ ਗਵਾਈ ਜਾ ਰਹੇ ਹਾਂ ਜਦ ਕੋਈ ਵੀ ਰੋਕਦੀ ਧਿਰ ਮਨਚਲੇ ਨੂੰ ਮਨਚਲੀ ਤੋਂ, ਪਾ ਤੇਜ਼ਾਬੀ ਬੋਤਲਾਂ ਮੁਖੜੇ ਜਲਾਈ ਜਾ ਰਹੇ ਹਾਂ ਲਾਡਲੀ ਤਾਂ ਆਖਦੇ ਨੇ, ਰੱਖਦੇ ਨੇ ਅਪਣੀ ਧੀ ਨੂੰ, ਬਾਬਲਾ ਧੀ ਦਾ ਬਣਨ ਤੋਂ ਹਿਚਕਿਚਾਈ ਜਾ ਰਹੇ ਹਾਂ ਦੋਸਤੀ ਵਿਚ ਦੁਸ਼ਮਣੀ ਵਿਚ ਹੋਸ਼ ਵਿਚ ਬੇਹੋਸ਼ੀ ਵਿਚ, ਅਣਖ ਨੂੰ ਟੀਕਾ ਨਮੋਸ਼ੀ ਦਾ ਲਵਾਈ ਜਾ ਰਹੇ ਹਾਂ ਪਾੜ ਵੱਖੀ ਪਰਬਤਾਂ ਦੀ ਸੜਕ ਤੋਂ ਲੈ ਰਾਹਦਾਰੀ, ਵੈਰ ਕੁਦਰਤ ਨਾਲ ਇੰਜ ਆਪਾਂ ਕਮਾਈ ਜਾ ਰਹੇ ਹਾਂ ਮਾਲਕਾਂ ਦੀ ਚਾਲਕਾਂ ਦੀ ਹਾਲਤਾਂ ਦੀ ਦੁਰਗਤੀ ਹੈ, ਆਪੋ ਆਪਣੀ ਤੇਜ਼ ਗੱਡੀ ਹੀ ਭਜਾਈ ਜਾ ਰਹੇ ਹਾਂ ਹੰਝੂ ਖਾਰੇ ਪੀਤ ਮਿੱਠੀ ਦਿਲ ਨੂੰ ਬਾਲਣ ਕਰ ਗਈ ਏ, ਪਿਆਰ ਦੀ ਭੱਠੀ ਤਪੀ ਨੂੰ ਹੀ ਤਪਾਈ ਜਾ ਰਹੇ ਹਾਂ ਹੋਂਠ ਚੁੱਪ ਹੋਕੇ ਲੁਕਾਂਦੇ ਦੋ ਧਿਰਾਂ ਦੇ ਭੇਤ ਨੂੰ ਜੀ, ਰਾਜ਼ ਨੈਣਾਂ ਤੋਂ ਨਹੀਂ ਲੁਕਣੇ ਪਰ ਲੁਕਾਈ ਜਾ ਰਹੇ ਹਾਂ ‘ਮਹਿਕ' ਦਾ ਜੀਵਨ ਕਦੋਂ ਹੈ ਕਾਗਜ਼ੀ ਫੁੱਲਾਂ ਦੇ ਸਦਕੇ , ਏਸ ਨੰਗੇ ਸੱਚ ਤੋਂ ਮੁੱਖ ਨੂੰ ਭਵਾਈ ਜਾ ਰਹੇ ਹਾਂ

ਇਸ਼ਕ ਵਿਚ ਜੇ ਲਾਉਂਣਾ ਚਾਹਵੇਂ ਤਾਰੀਆਂ

ਇਸ਼ਕ ਵਿਚ ਜੇ ਲਾਉਂਣਾ ਚਾਹਵੇਂ ਤਾਰੀਆਂ, ਕੱਚੀਆਂ ਲਾਵੀਂ ਕਦੇ ਨਾ ਯਾਰੀਆਂ ਜੇ ਤਿਜਾਬਾਂ ਨਾਲ ਮਿਲਦਾ ਹੋਵੇ ਪਿਆਰ, ਜਾਨ ਦੇ ਕੇ ਕਿਉਂ ਨਿਭਾਉਂਦੇ ਯਾਰੀਆਂ ਤੂੰ ਬੇਰੰਗੇ ਰੰਗ ਖੇਡੇਂ ਹੋਲੀਆਂ, ਵਿਸਰੀਆਂ ਸਤ ਰੰਗੀਆਂ ਪਿਚਕਾਰੀਆਂ ਧੀ ਦੁਨੀ ਦੀ ਮਾਂ ਤੂੰ ਦੁਰਕਾਰਤੀ, ਮੱਤ ਨੂੰ ਤੇਰੀ ਲੱਖਾਂ ਫਿਟਕਾਰੀਆਂ ਜਾਨ ਛਿੜਕੋ ਛਿੜਕਦੇ ਤੇਜ਼ਾਬ ਕਿਉਂ, ਏਸ ਵਿਚ ਨੇ ਕਾਹਦੀਆਂ ਹੁਸ਼ਿਆਰੀਆਂ 'ਮਹਿਕ' ਪੌਣਾਂ ਵਿੱਚ ਭਰਦੀ ਮਹਿਕ ਹੈ, ਤੂੰ ਵਸਾਈਆਂ ਕਿਉਂ ਸਦਾ ਦੁਸ਼ਵਾਰੀਆਂ

ਲਾਰਿਆਂ ਦੇ ਵਿੱਚ ਸਾਨੂੰ ਰੱਬ ਰੱਖਿਆ

ਲਾਰਿਆਂ ਦੇ ਵਿੱਚ ਸਾਨੂੰ ਰੱਬ ਰੱਖਿਆ, ਲਾਰੇ ਲੱਪੇ ਸਾਥੋਂ ਵੀ ਲਵਾਈ ਜਾਂਦਾ ਏ ਪੁੱਛੇ ਕੋਈ ਬਿਠਾ ਕੇ ਉਸ ਸੱਚੇ ਰਬ ਨੂੰ, ਖੁੱਲਾ ਡੁਲਾ ਦੇਵੇ ਓਹਦਾ ਕੀ ਜਾਂਦਾ ਏ ਬਾਬਲੇ ਨੇ ਲਾਡ ਵੀ ਲਡਾਏ ਰੱਜਕੇ , ਦੁੱਖ ਸੁੱਖ ਵਿੱਚ ਆਉਂਦਾ ਭੱਜ ਭੱਜ ਕੇ ਬਹੁਤ ਸਾਰੀ ਲੋੜ ਜਦ ਪਿਆਰ ਦੀ ਪਈ, ਦੋਸਤਾਂ ਦੀ ਦੋਸਤੀ ਨਿਭਾਈ ਜਾਂਦਾ ਏ ਰੱਬ ਸੱਚਾ ਸੁੱਚਾ ਦੇਵੇ, ਤੋਟ ਨਾ ਕੋਈ, ਸਿਦਕ ਭਰੋਸੇ ਵਾਲੀ ਚੂਰੀ ਕੁੱਟੀ ਹੋਈ ਇਕਨਾਂ ਦੇ ਗੁੰਝਲਾਂ ਉਹ ਪਾਵੇ ਰੱਜ ਕੇ, ਇਕਨਾਂ ਦੇ ਵਾਏ ਹੋਈ ਵਾਈ ਜਾਂਦਾ ਏ ਸਾਡੀ ਬਿੱਲੀ ਸਾਨੂੰ ਹੀ ਮਿਆਉਂ ਆਖਦੀ, ਸਖੀ ਭੈਣ ਬੰਗਲੇ ਹੀ ਪਈ ਝਾਕਦੀ ਅੱਜ ਮੱਤਾਂ ਦੇਣ ਲੋਕ ਆਣ ਆਣ ਕੇ ਦਿਲ ਸਾਡਾ ਅੱਥਰੂ ਵਹਾਈ ਜਾਂਦਾ ਏ ਖ਼ੈਰ ਪਾਦੇ ਮੰਗਤੀ ਹਾਂ ਤੇਰੇ ਦਰ ਦੀ, ਭਰ ਦੇ ਤੂੰ ਝੋਲੀ ਅਰਦਾਸ ਕਰਦੀ ਮੰਗ ਮੰਗਾਂ ਗੁਲਮਾ ਵੀ ਸੁੱੱਕਿਆ ਪਿਆ, ਲੇਲੜੀਆਂ ਸਾਥੋਂ ਕਢਵਾਈ ਜਾਂਦਾ ਏ ਪਰਚੇ ਵੀ ਰੱਬ ਪਾਏ ਰੱਜ ਰੱਜ ਕੇ , ਲੰਮੀਆਂ ਤਰੀਕਾਂ ਪਾਈਆਂ ਗੱਜ ਵੱਜ ਕੇ ‘ਮਹਿਕ' ਨੂੰ ਤੰਗੀਆਂ ’ਚੋਂ ਆਣ ਕੱਢ ਦੇ, ਸੱਚੇ ਰੱਬ ਦੱਸ ਤੇਰਾ ਕੀ ਜਾਂਦਾ ਏ

ਮੌਸਮਾਂ ਦੇ ਵਾਂਗ ਬਦਲੇ ਜਦ ਕਿਸੇ

ਮੌਸਮਾਂ ਦੇ ਵਾਂਗ ਬਦਲੇ ਜਦ ਕਿਸੇ ਹਾਣੀ ਦਾ ਰੰਗ ਖੂਨ ਵਰਗਾ ਜਾਪਦਾ ਏ ਝੀਲ ਦੇ ਪਾਣੀ ਦਾ ਰੰਗ ਉਸ ਵਿਚਾਰੀ ਜ਼ਿੰਦਗੀ ਦਾ ਹਾਲ ਕੀ ਦੱਸਾਂ ਕਿਵੇਂ ਰੰਗ ਅਪਣੇ , ਰੰਗ ਨਾ ਸਕਿਆ, ਆਵਦੀ ਢਾਣੀ ਦਾ ਰੰਗ ਖਾਕ ਦੇ ਸੰਗ ਖਾਕ ਹੋਣਾ ਕੋਈ ਵੱਡੀ ਗੱਲ ਨਹੀਂ ਮੂਰਤਾਂ ਨਵੀਆਂ ਤੇ ਚਾੜ੍ਹੋ ਇਕ ਨਵੀਂ ਘਾਣੀ ਦਾ ਰੰਗ ਬੋਲ ਬੋਲੀਂ ਤੋਲ ਕੇ ਤੇ ਬੋਲ ਬੋਲੀਂ ਮਿੱਠੜੇ ਫੇਰ ਵੇਖੀਂ ਆਪ ਹੀ ਤੂੰ ਉਸ ਮਿੱਠੀ ਬਾਣੀ ਦਾ ਰੰਗ ਖੋਲ ਦੇ ਤੂੰ ਤੀਜਾ ਨੇਤਰ , ਜੋ ਅਸਾਡੇ ਕੋਲ ਹੈ ਮੈਂ ਵੀ ਤੱਕਾਂ ਹੋ ਨਿਮਾਣੀ ਰੱਬ ਦੀ ਤਾਣੀ ਦਾ ਰੰਗ ਅੰਬਰੀਂ ਕੜਕੇ ਹੈ ਬਿਜਲੀ ਮੇਘ ਵਰਸਣ ਕਿਣਨ ਮਿਣ ਮਾਣਦੀ ਹਾਂ ਮਾਣ ਦੇ ਨਾਲ ਅਰਸ਼ ਦੇ ਪਾਣੀ ਦਾ ਰੰਗ ਰੰਗ ਤੇ ਬਦ ਰੰਗ ਬਸ ਦੋ ਰੰ ਗ ਦੀ ਨਹੀਂ ਜ਼ਿੰਦਗੀ ਰੰਗ 'ਮਹਿਕ' ਦੇ, ਨੇ ਹਜ਼ਾਰਾਂ ਤੱਕ ਮਹਾਰਾਣੀ ਦਾ ਰੰਗ

ਉਸ ਦੀ ਰਹਿਮਤ ਦਾ ਨਜ਼ਾਰਾ ਹੋ ਗਇਆ

ਉਸ ਦੀ ਰਹਿਮਤ ਦਾ ਨਜ਼ਾਰਾ ਹੋ ਗਇਆ ਹੋ ਗਇਆ ਅੱਪਣਾ ਗੁਜ਼ਾਰਾ ਹੋ ਗਇਆ ਜਿਸ ਦੇ ਉੱਤੇ ਉਸਦੀ ਰਹਿਮਤ ਹੋਈ ਨਾ, ਹੁੰਦਿਆਂ ਹੋਇਆਂ ਵਿਚਾਰਾ ਹੋ ਗਇਆ ਡੋਲਦੀ ਫਿਰਦੀ ਪਈ ਕਸ਼ਤੀ ਮੇਰੀ, ਨਾਮ ਤੇਰਾ ਹੀ ਸਹਾਰਾ ਹੋ ਗਇਆ ਗ੍ਰਿਹਸਥੀ ਹੋਕੇ ਕਿਰਤ ਕਰਦਾ ਧਰਮ ਦੀ, ਭਵਜਲਾਂ ਤੋਂ ਪਾਰ ਉਤਾਰਾ ਹੋ ਗਇਆ ਦੀਨ ਦੁਖਿਆਰੇ ਦੀ ਲੈਂਦਾ ਸਾਰ ਹੈ, ਧਰਮ ਦਾ ਧਰਮੀ ਪਿਆਰਾ ਹੋ ਗਇਆ ਜੋ ਸ਼ਰਨ ਵਿੱਚ ਆਣਕੇ ਬਿਨਤੀ ਕਰੇ , ਮਿੱਤਰ ਉਸ ਦਾ ਖੁੰਦਕਾਰਾ ਹੋ ਗਇਆ ਉਸਦੀ ਮਹਿਮਾ ਆਪ ਹੀ ਉਹ ਜਾਣਦਾ, ਸਾਥੋਂ ਤਾਂ ਬਸ ਘੱਲੂਘਾਰਾ ਹੋ ਗਇਆ “ਮਹਿਕ' ਉਸਦੀ ਸਭਦੇ ਅੰਦਰ ਹੈ ਵੱਸੀ ਨੈਣ ਮੀਚੋ ਤੇ ਨਜ਼ਾਰਾ ਹੋ ਗਇਆ

ਮੁੱਦੇ ਏਥੇ ਬਹੁਤ ਨੇ ਬਹਿਸਣ ਲਈ

ਮੁੱਦੇ ਏਥੇ ਬਹੁਤ ਨੇ ਬਹਿਸਣ ਲਈ, ਕਾਹਨੂੰ ਆਪਾਂ ਉਲਝੀਏ ਉਲਝਣ ਲਈ ਐਤਕੀਂ ਉਲਝਣ ਪਈ ਸੁਲਝਣ ਲਈ, ਸੁਲਝ ਕੇ ਕਾਰਣ ਬਣੂ ਚੰਭਲਣ ਲਈ ਜਿਸ ਨੇ ਹਰ ਇਕ ਰੂਪ ਤੇਰਾ ਸਾਂਭਿਆ, ਤੂੰ ਕਹੇਂ ਉਹ ਹੋਂਦ ਹੈ ਦਬਕਣ ਲਈ ਦੋਹੀਂ ਹੱਥੀਂ ਵੱਜਦੀ ਤਾੜੀ ਜਿਵੇਂ, ਦੋਸ਼ੀ ਨੇ ਦੋਵੇਂ ਧਿਰਾਂ ਅਣ ਬਣ ਲਈ ਸੋਨੇ ਦੀ ਰੋਟੀ ਤੇ ਸ਼ਬਜ਼ੀ ਚਾਂਦੀ ਦੀ, ਦੰਦ ਵੀ ਲੋਹੇ ਦੇ ਦੇ ਚੱਬਣ ਲਈ ਚੇਤਿਆਂ ਵਿਚ ਤੂੰ ਖਿੱਲਰ ਦਾ ਹੈਂ ਬਹੁਤ, ਹੰਝੂਆਂ ਨੂੰ ਵਹਿਣ ਦੇ ਹੂੰਝਣ ਲਈ ਦੋਹਾਂ ਨੂੰ ਹੈ ਬੇਵਸਾਈ ਦੋਹਾਂ ਦੀ, ਹੋ ਜਾਈਏ ਹੁਣ ਰੂਬਰੂ ਪਰਖਣ ਲਈ ਅੱਜ ਅਦਾਵਾਂ ਬਹੁਤ ਹੋਈਆਂ ਕਾਹਲੀਆਂ, ਤੇਰੇ ਲਈ ਨੇ ਜਾਂ ਕਿ ਇਸ ਦਰਪਣ ਲਈ ਦੇਹ ਦੇ ਵਿਚ ਧੜਕਦਾ ਜੋ ਹੀ ਰਹੇ , ਵਿੱਛੜ ਕੇ ਫਿਰ ਮਿਲਣ ਦੀ ਤੜਪਣ ਲਈ ਤਨ ਤੇ ਮਨ ਦੀ ਆਬਰੂ ਮੈਂ ਢੱਕ ਸਕਾਂ, ਸ਼ਰਮ ਦਾ ਇਕ ਗਹਿਣਾ ਦੇ ਕੱਜਣ ਲਈ ਕਰ ਲਵਾਂ ਮੈਂ ਵੀ ਮਖੌਲਾਂ ਮੌਤ ਨੂੰ ਇਕ ਅਜਿਹੀ ਰੀਝ ਦੇ ਜੂਝਣ ਲਈ ਤਪਿਸ਼ ਸੂਰਜ ਦੀ ਨੂੰ ਤੂੰ ਚਾਨਣ ਬਣਾ, ਤੋਹਫੇ ਵੱਜੋਂ ਭੇਜੀ ਹੈ ਚਮਕਣ ਲਈ ਵਕਤ ਦੇ ਕਿਣਕੇ ਸਮੋ ਕੇ ਮੁੱਠ ਵਿੱਚ, ‘ਮਹਿਕ’ ਵਾਂਗੂ ਤੂੰ ਖਿੰਡਾ ਮਹਿਕਣ ਲਈ

ਜ਼ਿੰਦਗੀ ਦੇ ਵਿਚ ਰਿਹਾ ਸ਼ਹਿ-ਮਾਤ ਵਿਚਲਾ ਫ਼ਾਸਲਾ

ਜ਼ਿੰਦਗੀ ਦੇ ਵਿਚ ਰਿਹਾ ਸ਼ਹਿ-ਮਾਤ ਵਿਚਲਾ ਫ਼ਾਸਲਾ, ਦੁੱਖ-ਸੁੱਖ, ਛਾਂ-ਧੁੱਪ, ਦਿਨ ਤੇ ਰਾਤ ਵਿਚਲਾ ਫ਼ਾਸਲਾ ਸਾਨ-ਓ-ਸ਼ੌਕਤ ਭਾਲਦੀ ਹੈ ਜ਼ਿੰਦਗੀ ਚੋਂ ਜ਼ਿੰੰਦਗੀ, ਸੱਚ ਦਾ ਸ਼ੀਸ਼ਾ ਕਹੇ ਔਕਾਤ ਵਿਚਲਾ ਫ਼ਾਸਲਾ ਕੁੱਖ ਦੀ ਇਕ ਚੀਕ ਸੁਣਕੇ, ਮਾਂ ਦੀ ਮਮਤਾ ਰੋ ਪਈ, ਆਦਮੀ ਦੀ ਜ਼ਾਤ ਦਾ, ਕਮਜ਼ਾਤ ਵਿਚਲਾ ਫ਼ਾਸਲਾ ਰਹਿਮਤਾਂ ਨੂੰ ਭਾਲਦੀ ਨੇ ਜ਼ਿੰਦ ਵਾਰੀ ਉਸ ਤੋਂ, ਤੇ ਮਿਟਾਇਆਂ ਮੌਤ ਤੇ ਸੌਗਾਤ ਵਿਚਲਾ ਫ਼ਾਸਲਾ ਹਾਣ ਦਾ ਪਰਵਾਣ ਹਾਣੀ ਮਿਲ ਨਾ ਸਕਿਆ ਹਾਣ ਨੂੰ, ਪੈ ਗਇਆ ਸਧਰਾਂ ਵਿਚਾਲੇ ਜ਼ਾਤ ਵਿਚਲਾ ਫ਼ਾਸਲਾ ਵਰਤ ਕੇ ਨਿਖਰੀ ਸਿਆਹੀ ਕਲਮ ਆਖੇ ‘ਮਹਿਕ' ਦੀ, ਮੈਂ ਮਿਟਾਇਆ ਲਫਜ਼ ਅਤੇ ਜਜ਼ਬਾਤ ਵਿਚਲਾ ਫ਼ਾਸਲਾ

ਤੇਰੀ ਰਹਿਮਤ ਤੋਂ ਜਾਣੂ ਗ਼ਰ ਨਹੀਂ ਹਾਂ

ਤੇਰੀ ਰਹਿਮਤ ਤੋਂ ਜਾਣੂ ਗ਼ਰ ਨਹੀਂ ਹਾਂ, ਤਾਂ ਮੰਜ਼ਿਲ ਵਾਸਤੇ ਆਤੁਰ ਨਹੀਂ ਹਾਂ ਮੈਂ ਗੰਗਾ ਹਾਂ ਪਵਿੱਤਰਤਾ ਦੀ ਜਾਈ, ਮਹਿਜ਼ ਖਾਰਾ ਜਿਹਾ ਸਾਗਰ ਨਹੀਂ ਹਾਂ ਤੇਰੀ ਪਰਭਾਤ ਦੀ ਟਿੱਕੀ ਹਾਂ ਸੂਹੀ, ਹਨੇਰੇ ਦੀ ਕੋਈ ਕਾਤਰ ਨਹੀਂ ਹਾਂ ਹਰਾਈ ਜਾਂਦੀ ਹਾਂ ਜਿੱਤੀ ਹੋਈ ਵੀ, ਕਿ ਮਮਤਾ ਹਾਂ ਕੋਈ ਸ਼ਾਤਰ ਨਹੀਂ ਹਾਂ ਮੇਰੀ ਦੁਨੀਆਂ ਹਕੂਮਤ ਮੰਨੇ ਤੇਰੀ, ਦਇਆ ਦੀ ਮੈਂ ਕੋਈ ਪਾਤਰ ਨਹੀਂ ਹਾਂ ਹਮੇਸ਼ਾ ਹੀ ਰੁਵਾਏ ਮੈਨੂੰ ਦਿਲਬਰ , ਹਸਾਵਾਂ ਮੈਂ ਉਹਨੂੰ ਜੋਕਰ ਨਹੀਂ ਹਾਂ ਬਣਾਵੋਗੇ ਮੇਰਾ ਬੁੱਤ ਦੱਸੋ ਕਿੱਦਾਂ, 'ਮਹਿਕ' ਫੁੱਲਾਂ ਦੀ ਹਾਂ ਪੱਥਰ ਨਹੀਂ ਹਾਂ

ਅਸੀਂ ਔਕਾਤ ਅਪਣੀ ਜਾਣ ਬੈਠੇ

ਅਸੀਂ ਔਕਾਤ ਅਪਣੀ ਜਾਣ ਬੈਠੇ , ਗਵਾਯਾ ਉਹ ਜੋ ਕਰਕੇ ਮਾਣ ਬੈਠੇ ਉਹੀ ਸਥ ਕਾਮਯਾਬੀ ਨਾਲ ਚੱਲੇ , ਜਿੱਥੇ ਸਭ ਹਾਣ ਦੇ ਸੰਗ ਹਾਣ ਬੈਠੇ ਲਹੂ ਦੇ ਰੰਗ ਦੋ ਉਹ ਆਖਦੇ ਨੇ , ਇਹ ਕੈਸੀ ਛਤਰੀ ਆਪਾਂ ਤਾਣ ਬੈਠੇ ਲਹੂ ਲੁਹਾਨ ਹੋਕੇ ਵੀ ਨਾ ਅੱਕੇ , ਇਹ ਕੇਹਾ ਕਰਕੇ ਹਾਂ ਵਿਸ਼ਪਾਣ ਬੈਠੇ ਅਸੀਂ ਹੰਕਾਰ ਜਿਹੜਾ ਪਾਲਿਆ ਸੀ, ਉਦੇ ਸੰਗ ਕਰਕੇ ਆਪਣਾ ਘਾਣ ਬੈਠੇ ਅਸਾਂ ਟਾਹਣੀ ਹੀ ਉਹ ਤਾਂ ਵੱਢ ਦਿੱਤੀ, ਕਦੇ ਜਿੱਥੇ ਸੀ ਆਪਾਂ ਆਣ ਬੈਠੇ 'ਮਹਿਕ' ਦੇ ਸੰਗ ਹੈ ਫੁੱਲਾਂ ਦੀ ਚੌਧਰ, ਕਿ ਭੰਵਰੇ ਗਾਈ ਇਹੋ ਗਾਣ ਬੈਠੇ

ਖ਼ਸਮਾਂ ਖਾਣੀ ਮਰ ਮੁਕ ਜਾਣੀ

ਖ਼ਸਮਾਂ ਖਾਣੀ ਮਰ ਮੁਕ ਜਾਣੀ, ਧੀ ਧਿਆਣੀ ਹੁਣ ਕਿੱਥੇ ਹੈ ਇਹ ਕਹਾਣੀ ਖੇਡ ਪੁਰਾਣੀ, ਦਾਤ ਨਿਮਾਣੀ ਹੁਣ ਕਿੱਥੇ ਹੈ ਲਿੱਪੀਆਂ ਕੰਧਾਂ ਲਿੱਪਿਆ ਵਿਹੜਾ, ਅੱਪਣਤ ਸੰਗ ਭਰਿਆ ਹੋਇਆ ਚਰਖਾ ਡਾਹੁੰਦੀ ਤੋਪਾ ਭਰਦੀ, ਮੁਘੜ ਸਿਆਣੀ ਹੁਣ ਕਿੱਥੇ ਹੈ ਗਾਗਰ ਮਟਕੀ ਖੂਹ ਤੋਂ ਭਰਨੀ, ਢਾਕੇ ਲਾਉਂਣੀ ਪਿਆਸ ਬੁਝਾਉਂਣੀ ਧੇਲੇ ਸੇਰ ਕਣਕ ਆ ਜਾਣੀ, ਰੱਜ ਰੱਜ ਖਾਣੀ ਹੁਣ ਕਿੱਥੇ ਹੈ ਆੜੀ ਦੇ ਦੁੱਖ ਸੁੱਖ ਦੀ ਸਾਥਣ, ਜੋ ਸੀ ਢਾਣੀ ਲੱਭਦੀ ਨਾ ਕੱਠੇ ਕੱਠੇ ਰਹਿ ਲੈਂਦੇ ਸੀ, ਅੱਗ ਤੇ ਪਾਣੀ ਹੁਣ ਕਿੱਥੇ ਹੈ ਤੱਕਿਆਂ ਹਾਣੀ, ਰੂਹ ਠਰ ਜਾਣੀ, ਰੂਹ ਰੁਸ਼ਨਾਈ ਲੱਭਦੇ ਹਾਂ ਪ੍ਰੀਤ-ਕਹਾਣੀ ਨਿਭਦੀ ਜਾਣੀ, ਮੜੀਂ ਮਸਾਣੀ ਹੁਣ ਕਿੱਥੇ ਹੈ ਪੰਜੀ ਦੱਸੀ ਚਵਾਨੀ ਦਵਾਨੀ, ਬਾਰਾ ਆਨੇ ਲੱਭਦੇ ਨਹੀਂ ਨੇ ਗੁੱਡੀ ਪਟੋਲੇ ਗੀਟੇ-ਗੇਂਦਾ, ਛੂਹਣ ਛੁਹਾਣੀ ਹੁਣ ਕਿੱਥੇ ਹੈ ਟੋਟੇ, ਟਿੱਬੇ , ਸੂਏ , ਨਹਿਰਾਂ, ਦਰਿਆ ਲਪ ਲਪ ਭਰੇ ਹੋਏ ਸੱਤ ਦਰਿਆਵਾਂ ਦੀ ਧਰਤੀ ਦਾ, ਕਲ ਕਲ ਪਾਣੀ ਹੁਣ ਕਿੱਥੇ ਹੈ ਭਾਂਤੋਂ ਭਾਂਤੀਂ ਫੁੱਲ ਸਜਾਕੇ , ਪੱਤੀਆਂ ਦੇ ਸੰਗ ਭਰੀ ਹੋਈ ਰਾਤ ਦੀ ਰਾਣੀ ‘ਮਹਿਕ' ਖਿਡਾਣੀ ਕੰਬਦੀ ਟਾਹਣੀ ਹੁਣ ਕਿੱਥੇ ਹੈ ਹੀਰ ਤੇ ਰਾਂਝਾ, ਸੱਸੀ-ਪੁੰਨੂੰ, ਮਿਰਜਾ-ਸਾਹਿਬਾਂ, ਸੀਰੀ ਫਰਿਹਾਦ ਇਕ ਸੰਗ ਲਾਣੀ ਤੋੜ ਨਿਭਾਣੀ, ਪ੍ਰੀਤ ਕਹਾਣੀ ਹੁਣ ਕਿੱਥੇ ਹੈ ਗੁੱਲੀ-ਡੰਡਾ, ਖਿੱਦੋ-ਖੂੰਡੀ, ਅੱਡੀ-ਟੱਪਾ, ਪਿੱਠੂ ਗਰਮ ਲੁੱਕਣ -ਮੀਟੀ, ਬਾਂਦਰ-ਕਿੱਲਾ, ਖੇਡਣ ਹਾਣੀ ਹੁਣ ਕਿੱਥੇ ਹੈ

ਮੈਂ ਦਰਪਣ ਵੇਖ ਕੇ ਅੱਜ ਡਰ ਗਈ ਹਾਂ

ਮੈਂ ਦਰਪਣ ਵੇਖ ਕੇ ਅੱਜ ਡਰ ਗਈ ਹਾਂ, ਤੇ ਧੌਲੇ ਵੇਖ ਹੌਕੇ ਭਰ ਗਈ ਹਾਂ ਉਹ ਸੱਚ ਬੋਲੇ ਜਿਹੜਾ ਉਹ ਬੋਲਦਾ ਸੀ, ਉਲਾਮਾ ਉਸ ਉੱਤੇ ਧਰ ਗਈ ਹਾਂ ਅਜੇ ਮੈਂ ਭੋਗਿਆ ਨ ਰੱਜ ਕੇ ਬਚਪਨ, ਕਿ ਉੱਚੀ ਹੋ ਗਈ ਬਚਪਨ ਦੀ ਅਚਕਨ ਜਵਾਨੀ ਤੇਜ਼ ਗੱਡੀ ਵਾਂਗ ਲੰਘੀ, ਸਦੀ ਅੱਧੀ ਮੈਂ ਪੂਰੀ ਕਰ ਗਈ ਹਾਂ ਅੱਖਾਂ ਨੂੰ ਧੁੰਧਲੇ ਦਿਸਦੇ ਨਜ਼ਾਰੇ, ਤੇ ਬੋਲ਼ੇ ਹੋ ਗਏ ਕੰਨਾਂ ਦੇ ਦਵਾਰੇ ਅਜਬ ਹੀ ਰੂਪ ਮੈਨੂੰ ਮਿਹਣੇ ਮਾਰੇ, ਮੈਂ ਪਰਦਾ ਆਈਨੇ 'ਤੇ ਧਰ ਗਈ ਹਾਂ ਕਦੇ ਇਹ ਮੇਰੀਆਂ ਸਿਫਤਾਂ ਸੀ ਕਰਦਾ, ਸੁਹਪੱਣ ਦੀ ਬੜੀ ਸੋਭਾ ਵੀ ਕਰਦਾ ਹੈ ਕਰਦਾ ਅੱਜ ਵੀ ਇਹ ਸਿਫਤ ਮੇਰੀ, ਮੈਂ ਇਸ ਨਾਲ ਬਹਿਸ ਕਾਹਤੋਂ ਕਰ ਗਈ ਹਾਂ ਬੜਾ ਹੀ ਸੱਚਾ ਸੁੱਚਾ ਹੈ ਇਹ ਦਰਪਣ, ਸੱਚਾਈ ਨੂੰ ਹੀ ਕਰਦਾ ਜਿੰਦ ਅਰਪਣ ਇਹ ਕੱਲਾ ਰਹਿ ਗਇਆ ਹੈ ਸੱਚ ਕਹਿਕੇ, ਕਿਨਾਰਾ ਏਸ ਕੋਲੋਂ ਕਰ ਗਈ ਹਾਂ ਇਹ ਦਰਪਣ ਆਖਦਾ ਤੂੰ ਮੇਰਾ ਮੰਨੀ, ਹਮੇਸ਼ਾ ਸੱਚ ਦੀ ਫੜਣੀ ਹੈ ਕੰਨੀ ਕਿ ਮੂਰਤ ਰਬ ਬਣਾਈ ਰਬ ਭੰਨੀ, ਬਹੁਤ ਕੌੜਾ ਸੀ ਸੱਚ ਪਰ ਜਰ ਗਈ ਹਾਂ ਸਮਾਂ ਖੁੱਸਦਾ ਮੁੱਠੀ ਚੋਂ ਰੇਤ ਵਾਂਗੂ, ਅਸਾਡੇ ਸਾਹਮਣੇ ਪਰ ਭੇਤ ਵਾਂਗੂ ਕਲੀ ਫੁੱਲਾਂ ਜਦੋਂ ਵੀ ਮੁੱਠ ਖੋਲੀ, ਉਸੇ ਦੀ ‘ਮਹਿਕ' ਉਸ ਵਿਚ ਭਰ ਗਈ ਹਾਂ

ਇਹ ਸਾਉਣ ਕੇਹਾ ਆਇਆ

ਇਹ ਸਾਉਣ ਕੇਹਾ ਆਇਆ, ਮੈਨੂੰ ਰਵਾਉਣ ਨੂੰ ਅੱਖਾਂ ’ਚ ਆਏ ਹੰਝੂ , ਮਹਿਫਿਲ ਸਜਾਉਣ ਨੂੰ ਬਿਨ ਪਾਣੀਆਂ ਦੇ ਤੜਫੇ , ਮੱਛੀ ਪੰਜਾਬ ਦੀ ਕਿਸੇ ਹੋਰ ਰਾਹੇ ਤੋਰੇ , ਦਰਿਆ ਨਵਾਉਣ ਨੂੰ ਖੰਡਿਤ ਹੋਇਆ ਹੈ ਖਿੰਡ ਖਿੰਡ, ਸਾਰਾ ਹੀ ਪਿੰਡ ਕਿਉਂ ਪਿੱਛੇ ਰਹੀਆਂ ਨੇ ਰਾਹਵਾਂ, ਬਸ ਹਾੜੇ ਪਾਉਂਣ ਨੂੰ ਅਰਥੀ ਪੰਜਾਬੀ ਮਾਂ ਦੀ, ਮੋਢਾ ਦੇਵੇਗਾ ਕੌਣ ਸੁਫਨਾ ਇਹ ਕੈਸਾ ਆਇਆ, ਮੇਰਾ ਦਿਲ ਡਰਾਉਣ ਨੂੰ ਹੋਇਆ ਹੈ ਗੱਭਰੂਆਂ ਦਾ, ਕਿੰਜ ਵੇਖੋ ਕਾਲਾ ਰੰਗ ਨਸ਼ਿਆਂ ਦਾ ਹੜ ਹੈ ਆਇਆ, ਗੋਤੇ ਲਵਾਉਣ ਨੂੰ ਚਿੜੀਆਂ ਤੇ ਤਿੱਤਲੀਆਂ ਦੇ, ਖੰਭ ਆਪ ਕੁਤਰਕੇ ਮਾਲੀ ਨੇ ਦਿੱਤਾ ਸੱਦਾ, ਗੁਲਸ਼ਨ ਸਜਾਉਣ ਨੂੰ ਇਨ੍ਹਾਂ ਹੁਕਮਰਾਨਾ ਹੌਕਾ, ਸਭ ਠੀਕ ਹੈ ਕਿਹਾ ਪਰ ਜ਼ੋਰ ਪੂਰਾ ਲਾਇਆ, ਗੜਬੜ ਕਰਾਉਣ ਨੂੰ ਅਸਾਂ ਹੱਥੀ ਵੋਟਾਂ ਪਾ ਕੇ , ਹਥ ਹੀ ਵਢਾ ਲਏ ਨੇ ਹੁਣ ਤੜਫਦੇ ਹਾਂ ਕੰਡਿਆਂ ਦਾ ਤਾਜ ਲਾਉਣ ਨੂੰ ਸੰਤਾਲੀਆਂ ਚੁਰਾਸੀਆਂ, ਕਾਸਾ ਫੜਾਇਆ ਏ ਜਾਨਾਂ ਜ਼ਮੀਨਾਂ ਪਾਣੀਆਂ, ਦੇ ਦਰਦ ਢੋਣ ਨੂੰ ਅਜ ਡਾਲ ਡਾਲ ਪੁੰਗਰੇ , ਫੁੱਲ ਪੱਤਿਆਂ ਕਿਹਾ ਤੀਆਂ ’ਚ ਆਏ ਆਪਾਂ, ਗਿੱਧਾ ਪੁਵਾਉਣ ਨੂੰ ਲੋਕਾਂ ਦੀ ਹੂਕ ਦਿਲ ਦੀ, ਪੋਹੇ ਉਨ੍ਹਾਂ ਨੂੰ ਕਿਉਂ ਬੈਠੇ ਜੋ ਕੁਰਸੀਆਂ ਤੇ , ਪੈਸਾ ਕਮਾਉਣ ਨੂੰ ਪੰਛੀਆਂ ਰੋ ਰੋ ਕੇ ਬਿਰਖਾਂ ਨੂੰ ਇਹ ਕਿਹਾ ਵੱਢਦਾ ਮਨੁੱਖ ਫਿਰਦਾ, ਅੱਪਣੀ ਹੀ ਧੌਣ ਨੂੰ ਕੋਸ਼ਿਸ਼ ਕੀਤੀ ਦਰਖਤਾਂ, ਲੁਕਾਇਆ ਗਿਆ ਨਾ ਦਰਦ ਆ ਹੀ ਗਏ ਨੇ ਹੰਝੂ , ਅੱਖੀਆਂ ਸੁਜਾਉਣ ਨੂੰ ਪੱਤ ਪੱਤ ਵਿਲਕ ਵਿਲਕ, ਕੇ ਮੰਗਦਾ ਹੈ ਜ਼ਿੰਦਗੀ ਕੰਬਦਾ ਹੈ ‘ਮਹਿਕ' ਦਾ ਦਿਲ, ਜੀਵਨ ਦੀ ਪੌਣ ਨੂੰ

ਇਕ ਸੁਖਦ ਅਹਿਸਾਸ ਦਿਲ ਤੇ ਧਰਦਿਆਂ

ਇਕ ਸੁਖਦ ਅਹਿਸਾਸ ਦਿਲ ਤੇ ਧਰਦਿਆਂ, ਜਿਤ ਲਵਾਂਗੀ ਜ਼ਿੰਦਗੀ ਨੂੰ ਹਰਦਿਆਂ ਮਾਰ ਕੇ ਚੁੱਭੀ ਤੂੰ ਪਾ ਲੈ ਦੌਲਤਾਂ, ਅਉਧ ਮੁਕ ਜਾਣੀ ਹੈ ਉੱਤੇ ਤਰਦਿਆਂ ਰਾਜ ਰੱਖੀਂ ਸਾਂਭ ਅੱਪਣੇ ਕੋਲ ਹੀ, ਨਾਲ ਜਿੰਦੇ ਲੈ ਜਾਵੀਂ ਤੂੰ ਮਰਦਿਆਂ ਸਾਗਰਾਂ ਤਾਕੀਦ ਕੀਤੀ ਪਾਣੀ ਨੂੰ , ਖੁਦ ਨੂੰ ਰੱਖੋ ਸਾਫ, ਸੇਵਾ ਕਰਦਿਆਂ ਮਾਲਕਾਨਾ ਹੱਕ ਇੱਕੋ ਵਾਸਤੇ ਧਿਰ ਤਾਂ ਦੂਜੀ ਮਰ ਹੀ ਜਾਊ ਡਰਦਿਆਂ ਗੁਮਸ਼ੁਦਾ ਰਾਹਵਾਂ ਦੇ ਰਾਹੀ ਭਾਲਦੇ , ਮੰਜ਼ਿਲਾਂ ਨੂੰ ਯਾਦ ਕਰਦੇ ਕਰਦਿਆਂ ਇਕ ਸ਼ਬਦ ਹੀ ਬਹੁਤੇ ਮੇਰੇ ਮਾਲਕਾ, ‘ਕਰ ਭਲਾ ਤੇ ਹੋ ਭਲਾ' ਹੀ ਕਰਦਿਆਂ ਵਿਹਲ ਦੇਂਦੀ ਨਾ ਧਰਤ, ਸੀਤਾ ਨੂੰ ਹੁਣ , ਮਰ ਗਈ ਹੁਣ ਉਹ ਵੀ ਹੌਕੇ ਭਰਦਿਆਂ ਬਦਹਵਾਸੀ, ਬੇਵਸਾਹੀ ਰਹਿ ਗਈ, ਰੋਲ ਦਿੱਤੇ ਕੌਲ ਤੂੰ ਮੁੱਕਰਦਿਆਂ ਤੂੰ ਬਿਠਾਵੀਂ ਚੰਨ ਆਪਣੇ ਕੋਲ ਹੀ, ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ਪਾਕੇ ਨੈਣੀ ਪੀਣ ਵਾਲਾ ਸੁਰਮਚੂ , ਭਰ ਲਈ ਵਿੱਚ ‘ਮਹਿਕ’ ਡਰਦੇ ਡਰਦਿਆਂ

ਇਹੋ ਦੁਆਵਾਂ ਰੱਬ ਕੋਲੋਂ ਮੰਗੀਆਂ

ਇਹੋ ਦੁਆਵਾਂ ਰੱਬ ਕੋਲੋਂ ਮੰਗੀਆਂ, ਦੇਵੀਂ ਨਾ ਰੱਬਾ ਕਿਸੇ ਨੂੰ ਤੰਗੀਆਂ ਬਦਨਸੀਬੀ ਆਣ ਵਿਹੜਾ ਨਾ ਵੜੇ , ਖੁਸ਼ਨਸੀਬੀ ਸੰਗ ਕੰਧਾਂ ਰੰਗੀਆਂ ਨੈਣਾਂ ਦੇ ਵਿਚ ਉਹ ਜਦੋਂ ਦਾ ਵੱਸ ਗਇਆ, ਰੈਣਾਂ ਜਾਪਣ ਸੂਹੀਆਂ ਸਤ ਰੰਗੀਆਂ ਬੋਲ ਬੋਲੋ ਤੋਲਕੇ ਤੇ ਸੋਚ ਕੇ , ਤਾਰਾਂ ਛੇੜੋ ਨਾ ਕਦੇ ਵੀ ਨੰਗੀਆਂ ਪਾ ਲਵੋ ਭੋਰੇ 'ਚ ਜਾਂ ਵਿਚ ਬੁਰਕਿਆਂ, ਨੀਤ ਬਦਕਾਰੀ ਨੂੰ ਦਿਸਣ ਨੰਗੀਆਂ ਸਾਧਕਾਂ ਨੇ ਸਾਧਣਾਂ ਹੈ ਆਪ ਨੂੰ, ਉਚਰਨੀਆਂ ਮੁੱਖ ਗੱਲਾਂ ਚੰਗੀਆਂ ਸ਼ੋਖ ਨੈਣਾਂ ਕੱਜਲੇ ਦੀ ਧਾਰ ਤੇ , ਕੀਲ ਸੁੱਟੀਆਂ ਕਈ ਜਿੰਦਾ ਡੰਗੀਆਂ ਸਾਥ ਜੇ ਚੰਗਾ ਮਿਲੇ ਤਾਂ ਕਹਿਣਾ ਕੀ, ਅਸ਼ਕੇ ਜੇਕਰ ਨੀਤਾਂ ਹੋਵਣ ਚੰਗੀਆਂ ਮੋਕਲਾ ਕਿਰਦਾਰ ਸੋਚਾਂ ਉੱਚੀਆਂ, ਜੰਗ ਤੋਂ ਬਣਾਉਂਦੀਆਂ ਨੇ ਜੰਗੀਆਂ ਲਟਕਦੇ ਬੇਸ਼ਕ ਪਦੇ ਕਿੱਲਾਂ ’ਤੇ, ਸੱਧਰਾਂ ਨਾ ਹੋਣ ਸੂਲੀ ਟੰਗੀਆਂ ਮਾਨ ਹੁੰਦੀ ਧੀ ਪਿਆਰੀ ਸੱਚ ਹੈ ਰੋਅਬ ਹੁੰਦਾ 'ਮਹਿਕ’ ਸੰਗ ਭੁਜੰਗੀਆਂ

ਸਦਾ ਹੀ ਮਾਤ ਭਾਸ਼ਾ ਦਾ

ਸਦਾ ਹੀ ਮਾਤ ਭਾਸ਼ਾ ਦਾ, ਅਸੀਂ ਸਤਿਕਾਰ ਕਰਨਾ ਹੈ ਇਹਦੀ ਖਾਤਿਰ ਹੀ ਜੀਣਾ ਤੇ ਇਹਦੀ ਖਾਤਿਰ ਹੀ ਮਰਨਾ ਹੈ ਕਹੇ ਜਾਪਾਨ ਚੀਨ ਆਖੇ , ਲਿਸ਼ਕਣਾ ਹੈ ਜੇ ਅੰਬਰ ’ਤੇ ਤਾਂ ਆਪਣੀ ਮਾਤ ਦੇ ਸਿਰ 'ਤੇ, ਧਰੋ ਜੇ ਤਾਜ ਧਰਨਾ ਹੈ ਤਰੱਕੀ ਕੀ ਉਹਨਾਂ ਕਰਨੀ, ਜਿਨ੍ਹਾਂ ਮਾਣੀ ਨ ਮਾਂ ਬੋਲੀ ਮਤੇਈ ਮਾਂ ਬਣਾਵੋਗੇ , ਸਕੀ ਮਾਂ ਨੇ ਤਾਂ ਮਰਨਾ ਹੈ ਬਿਗਾਨੀ ਬੋਲ ਸਕੀਏ ਨਾ, ਨਮੋਸ਼ੀ ਗੂੰਗਿਆਂ ਕਰਨਾ ਕਿ ਡੁੱਬਣਾ ਲਾਜ਼ਮੀ ਦੋ, ਕਸ਼ਤੀਆਂ ਜਿਸ ਪੈਰ ਧਰਨਾ ਹੈ ਤੁਹਾਨੂੰ ਸ਼ਰਮ ਆਉਂਦੀ ਹੈ, ਕਿ ਜਿਸ ਨੂੰ ਮਾਂ ਵੀ ਆਖਣ ਤੇ ਉਸੇ ਮਾਤਾ ਦੇ ਹੀ ਸਦਕੇ , ਤੁਸਾਂ ਨੇ ਰਾਜ ਕਰਨਾ ਹੈ ਜਦੋਂ ਕੰਡਾ ਚੁਭੇ ਤਾਂ ਮੂੰਹ ਚੋਂ, ਹਾਇ ਮਾਂ! ਨਿਕਲ ਜਾਂਦਾ ਜਦੋਂ ਦੁੱਖ ਦਿਲ ਤੇ ਜਾ, ਲੱਗੂ ਕਿਵੇਂ ਇਜ਼ਹਾਰ ਕਰਨਾ ਹੈ ਬੇਗਾਨੀ ਮਾਤ ਬੋਲੀ ਨੂੰ, ਸਮਝ ਕੇ ਮਾਂ ਸਕੀ ਆਪਣੀ ਸਕੀ ਦਾ ਦਿਲ ਦੁਖਾ ਕੇ ਤੂੰ, ਕਿਤੇ ਨਾ ਘੁੱਗ ਵਿਚਰਨਾ ਹੈ ਸਦਾ ਆਦਰ ਕਰੋ ਮਾਂ ਦਾ, ਤੇ ਆਪਣੀ ਮਾਤ ਭਾਸ਼ਾ ਦਾ ਜੇ ਖੁਦ ਸਨਮਾਨ ਚਾਹੁੰਦੇ ਹੋ ਪਊ ਸਨਮਾਨ ਕਰਨਾ ਹੈ ਝੁਕਾਓ ਸੀਸ ਤੇ ਸੀਸਾਂ ਨਾਲ, ਭਰ ਲਉ ਝੋਲੀ ਆਪਣੀ ਨੂੰ ਅਸਾਂ ਨੂੰ ਡਰ ਨਾ ਡੁੱਬਣ ਦਾ, ਅਸੀਂ ਤਰਨਾ ਹੀ ਤਰਨਾ ਹੈ ਕਹੇ ਮਾਨੁਖ ਜਨੌਰ ਆਖੇ, ਕਹੇ ਦਾਨਵ ਤੇ ਆਖੇ ਦੇਵ, ਕਿ ਮਾਂ ਤੇ ਮਾਤ ਭਾਸ਼ਾ ਬਿਨ, ਨਹੀਂ ਇਕ ਪਲ ਵੀ ਸਰਨਾ ਹੈ ਸੁਰਗ ਦੀ ਤਾਂਘ ਦਿਲ ਵਿਚ ਹੈ, ਸੁਧਾਰੋ ਆਪਣਾ ਆਪਾ ਕਿ ਮਾਂ ਦੇ ਚਰਨਾ ਸਦਕੇ ਹੀ, ਸੁਰਗ ਤੇ ਪੈਰ ਧਰਨਾ ਹੈ ਕਹੇ ਨਾਨਕ, ਵਿਵੇਕਾਨੰਦ, ਬੁੱਧ ਟੈਗੋਰ ਵੀ ਆਖੇ ਗੁਰੂ , ਮਾਂ, ਮਾਤ ਭਾਸ਼ਾ ਬਿਨ, ਕਿਸੇ ਨਾ ਪਾਰ ਉਤਰਨਾ ਹੈ ਪਰੁੱਚੀ ‘ਮਹਿਕ' ਪਿਆਰੀ ਹੈ, ਅਸਾਡੀ ਮਾਤ ਭਾਸ਼ਾ ਵਿਚ ਕਰੋ ਸਨਮਾਨ ਇਸ ਦਾ ਆਪਣਾ, ਜੇ ਨਾਮ ਕਰਨਾ ਹੈ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ