Matak Chanana : Ram Sarup Ankhi

ਮਟਕ ਚਾਨਣਾ : ਰਾਮ ਸਰੂਪ ਅਣਖ਼ੀ

1. ਹਾਣੀਆਂ ! ਚਾਨਣ-ਚਿੱਟੇ ਰਾਹ

ਚਾਨਣ-ਚਿੱਟੇ ਰਾਹ,
ਹਾਣੀਆਂ ! ਚਾਨਣ-ਚਿੱਟੇ ਰਾਹ ।

ਅੰਬਰ ਤੇਰਾ ਨੀਲਾ-ਚਿੱਟਾ,
ਤੂੰ ਲਾ ਕੇ ਵੇਖ ਉਡਾਰੀ ।
ਧਰਤੀ ਦੇ ਪਿੰਡੇ ਤੇ ਹੋਣੀ,
ਨਵੀਂ ਮਾਨੁੱਖ-ਉਸਾਰੀ ।
ਨਵੇਂ ਹੌਸਲੇ ਨਵੇਂ ਵਸੀਲੇ,
ਜੁੱਗ ਨਵੇਂ ਦੀ ਚਾਹ ।

ਨਿੱਡਰ ਹੋ ਤੁਰਿਆ ਚੱਲ ਹਾਣੀ,
ਫਿਹ ਸੱਪਾਂ ਦੀਆਂ ਸਿਰੀਆਂ ।
ਜੱਗ ਸਾਰੇ ਤੇ ਗੱਲਾਂ ਯਾਰਾ,
ਜੋਸ਼ ਤੇਰੇ ਦੀਆਂ ਛਿੜੀਆਂ ।
ਧਰਤੀ ਦੇ ਮਾਲਕ ਤੋਂ ਲੀਤਾ,
ਅਰਸ਼ਾਂ ਨੇ ਉਤਸ਼ਾਹ ।

ਉੱਜਲ ਹੋਣੀ ਸਮੇਂ ਦੀ ਬੁੱਕਲ,
ਉਮ੍ਹਲ ਉਮ੍ਹਲ ਮੁਸਕਾਵੇ ।
ਸੁਪਨੇ ਤੇਰੇ ਦੀ ਮਲਕਾ ਔਹ !
ਧਰਤੀ ਪਟਦੀ ਆਵੇ ।
ਜੀਵਨ ਨੂੰ ਜਿਸ ਕਰਨਾ ਪੱਧਰ,
ਟੋਏ ਟਿੱਬੇ ਢਾਹ ।

ਢੂੰਡ ਤੇਰੀ ਵਿੱਚ ਤਾਰਾ-ਮੰਡਲ,
ਲਾਵੇ ਚੱਕਰ ਸਾਰੇ ।
ਕੁਦਰਤ-ਰਾਣੀ ਬਾਂਦੀ ਤੇਰੀ,
ਭਰਦੀ ਅੱਜ ਹੁੰਗਾਰੇ ।
ਪ੍ਰਾਧੀਨਤਾ ਦਾ ਮੋਢੇ ਤੋਂ-
ਜੂਲਾ ਦਿਹ ਤੂੰ ਲਾਹ ।

ਦਿਨ ਚੜ੍ਹਦੇ ਦੀ ਲਾਲੀ ਨੇ ਜਾਂ,
ਕਿਰਨਾਂ ਧਰਤ ਵਿਛਾਈਆਂ ।
ਗਲ ਬਲਦਾਂ ਦੇ ਛਣਕੀ ਟੱਲੀ,
ਹੇਕਾਂ ਜੱਟ ਨੇ ਲਾਈਆਂ ।
ਆਲਮ ਸਾਰਾ ਵਿੱਚ ਹਕੀਕਤ,
ਤੇਰਾ ਏ ਹਮਰਾਹ ।

2. ਜ਼ਿੰਦਗੀ ਦੇ ਕਾਫ਼ਲੇ

ਮੌਲਦੇ ਨੇ ਹੌਸਲੇ,
ਤੇ ਜਾਗਦੇ ਨੇ ਵਲਵਲੇ ।
ਮੰਜ਼ਲਾਂ ਵਲ ਵਧ ਰਹੇ ਨੇ,
ਜ਼ਿੰਦਗੀ ਦੇ ਕਾਫ਼ਲੇ ।

ਮਿਲ ਗਈ ਹੈ ਤਾਜ਼ਗੀ,
ਤੇ ਦੂਰ ਹੋਈ ਬੇਬਸੀ,
ਇੱਕ ਨਵੇਲੇ ਹੁਸਨ ਤਾਈਂ,
ਹਾਣ ਸਾਡੇ ਜਾ ਮਿਲੇ ।

ਸਾਂਝ ਦੀ ਪਹਿਚਾਣ ਹੈ,
ਤੇ ਜ਼ਿੰਦਗੀ ਦਾ ਤਾਣ ਹੈ,
ਬੁੱਕਲਾਂ 'ਚ ਹੋਣੀਆਂ ਦੇ,
ਬਣ ਰਹੇ ਨੇ ਜ਼ਲਜ਼ਲੇ ।

ਕੰਮ ਦੀ ਤੇ ਵਿਹਲ ਦੀ,
ਇੱਕ ਲੜਾਈ ਅੱਜ ਛਿੜੀ,
ਜ਼ਿੰਦਗੀ ਤੇ ਮੌਤ ਦੇ ਹੁਣ,
ਛਿੜ ਪਏ ਨੇ ਮਾਮਲੇ ।

ਮਾਲਕਾਂ ਦੀ ਸੰਗ-ਦਿਲੀ,
ਹੈ ਗੈਰ ਮਿਹਨਤ ਤੇ ਪਲੀ,
ਮਿਹਨਤਾਂ ਤੋਂ ਹੀ ਬਣੇ ਨੇ,
ਇਨਕਲਾਬੀ ਸਿਲਸਿਲੇ ।

ਤਾੜਨਾ ਹਰ ਟਲ ਗਈ,
ਤੇ ਹਾਕਮੀ ਹਰ ਢਲ ਗਈ,
ਏਕਤਾ 'ਚੋਂ ਲਿਸ਼ਕਦੇ ਨੇ,
ਲੇਖ ਸਾਡੇ ਰਾਂਗਲੇ ।

ਹਿਰਖ ਚਮੜੀ ਦੀ ਸੜੀ,
ਪਿਆਰ ਹੋਇਆ ਸੂਰਜੀ,
ਇਸ਼ਕ ਦੀ ਨਵ-ਹਿੱਕੜੀ 'ਚੋਂ,
ਮੱਚ ਉਠੇ ਹਲਚਲੇ ।

ਮਿਹਨਤਾਂ ਨੇ ਵਾਜ ਮਾਰੀ,
ਤੇ ਕਿਸਾਨਾਂ ਸੁਣ ਲਈ,
ਲੋਕ-ਚਾਨਣ ਦਾ ਪਸਾਰਾ,
ਹੋਂਵਦਾ ਹਰ ਦਿਨ-ਢਲੇ ।

3. ਚਾਨਣ

ਜ਼ਿੰਦਗੀ ਦੇ ਘੋਲ 'ਚੋਂ,
ਤੇ ਜਜ਼ਬਿਆਂ ਦੀ ਛਲਕ 'ਚੋਂ ।
ਗੀਤ ਨਵਾਂ ਛੋਹ ਲਿਆ ਮੈਂ,
ਚਾਨਣੇ ਦੀ ਝਲਕ 'ਚੋਂ ।
ਵਿਪਤਾਵਾਂ ਰਾਸਤੇ ਨੇ,
ਮੇਰੀ ਜੀਵਨ-ਚਾਲ ਲਈ ।
ਤਣ ਨਹੀਂ ਸਕਦਾ ਜਾਲ,
ਕੋਈ ਮੇਰੇ ਖ਼ਿਆਲ ਲਈ ।
ਗ਼ਮੀਆਂ ਨੂੰ ਖ਼ੁਸ਼ੀਆਂ 'ਚ,
ਮੈਂ ਪਲਟਾ ਦਿਆਂਗਾ ।
ਜ਼ਮਾਨੇ ਦੀ ਮੱਠੀ ਚਾਲ ਨੂੰ,
ਮੈਂ ਉਲਟਾ ਦਿਆਂਗਾ ।
ਬਾਹਾਂ ਦੇ ਉਲਾਰ ਨੇ,
ਛੁਹਣਾ ਨਹੀਂ ਪਰਕਾਸ਼ ਨੂੰ ।
ਆਪ ਝੁਕਣਾ ਪਏਗਾ,
ਮੇਰੇ ਤੇ ਆਕਾਸ਼ ਨੂੰ ।
ਤਿਣਕਾ ਵੀ ਛੁਪਿਆ ਰਹਿਣਾ ਨੀ,
ਊਸ਼ਾ ਦੇ ਨੂਰ ਤੋਂ ।
ਰੋਮ ਰੋਮ ਕੰਬ ਪਏਗਾ,
ਉੱਠ ਰਹੇ ਸਰੂਰ ਤੋਂ ।
ਬੰਦ ਹੋਈਆਂ ਕਲੀਆਂ ਨੂੰ,
ਭੌਰੇ ਟੁੰਬ ਜਗੌਣਗੇ ।
ਟੁੱਟੇ ਹੋਏ ਸਾਜ਼ 'ਚੋਂ ਉਹ,
ਗੀਤ ਨਵਾਂ ਗੌਣਗੇ ।

4. ਕਣਕਾਂ ਦੇ ਮੁੱਖ ਹਾਸੇ

ਬਲ੍ਹਦਾਂ ਦੇ ਗਲ ਟੱਲੀ,
ਛਣਕ ਪਈ ਟੱਲੀ ਨੀ ।
ਰਾਹੀਆਂ ਨੇ ਰਾਹ ਫੜੇ,
ਰਾਤਰੀ ਢੱਲੀ ਨੀ ।

ਗਊਆਂ ਦੇ ਜੋ ਕੱਖ,
ਖੁਰਲੀਓਂ ਚਰ ਗਏ ਨੀ ।
ਉਹ ਜਰਵਾਣੇ ਸਾਹਨ,
ਕਦੋਂ ਦੇ ਮਰ ਗਏ ਨੀ ।

ਸਾਥੋਂ ਪਰਲੇ ਪਾਰ,
ਤਣੀਂਦਾ ਤਾਣਾ ਨੀ ।
ਤਣਨ ਵਾਲੇ ਗਲ ਪਵੇ,
ਏਸ ਦਾ ਬਾਣਾ ਨੀ ।

ਕਣਕਾਂ ਦੇ ਮੁੱਖ ਹਾਸੇ,
ਸੋਹਣੀਏ ਹਾਸੇ ਨੀ ।
ਮੂੰਹੋਂ ਡੁਲ੍ਹ ਡੁਲ੍ਹ ਪੈਣ,
ਸਾਡੜੇ ਕਾਸੇ ਨੀ ।

ਪੋਹ ਮਾਘਾਂ ਵਿੱਚ ਗੰਦਲ,
ਸੋਹਣੀਏ ਗੰਦਲ ਨੀ ।
ਖੇਤੀਂ ਆਈ ਬਹਾਰ,
ਮੈਂ ਗਾਵਾਂ ਮੰਗਲ ਨੀ ।

ਜੂਨ-ਥਕੇਵੇਂ ਵਿੱਚ,
ਕੀ ਤੈਨੂੰ ਮਾਣ ਲਿਆ ।
ਸਾਡੇ ਦਿਲ ਦਾ ਰੋਗ,
ਲੋਕਾਂ ਹੁਣ ਜਾਣ ਲਿਆ ।

5. ਆਈ ਵਸਾਖੀ
(ਗਿਧੇ ਦੀਆਂ ਬੋਲੀਆਂ)

ਆਈ ਵਸਾਖੀ ਯਾਰੋ ਸਾਡੀ,
ਨਵੀਆਂ ਲੈ ਕੇ ਆਸਾਂ ।
ਕਣਕਾਂ ਦੇ ਭਰ ਜਾਣੇ ਕੋਠੇ,
ਜਾਵਣ ਪੁੱਗ ਧਰਾਸਾਂ ।
ਹਾਲੀ ਦੇ ਮੂੰਹ ਭਖਦੀ ਲਾਲੀ,
ਚਾੜ੍ਹੀ ਨਵੇਂ ਹੁਲਾਸਾਂ ।
ਲਗਦਾ ਨਾ ਪੱਬ ਧਰਤੀ ਉੱਤੇ,
ਜੱਟੀਆਂ ਪਾਵਣ ਰਾਸਾਂ ।
ਆਖੇ ਜੱਗ ਸਾਰਾ,
ਗੀਤ ਨਵੇਂ ਹੁਣ ਗਾਸਾਂ ।

ਜਾਗੀ ਕਿਸਮਤ ਦੇਸ਼ ਸਾਡੇ ਦੀ,
ਭੁੱਖ ਨੇ ਮੰਨੀਆਂ ਹਾਰਾਂ ।
ਹਰ ਬੰਦੇ ਨੂੰ ਰੋਟੀ ਮਿਲਣੀ,
ਲਈਆਂ ਸਮੇਂ ਨੇ ਸਾਰਾਂ ।
ਗਜ਼ ਗਜ਼ ਚੌੜੀਆਂ ਛਾਤੀਆਂ ਮੂਹਰੇ,
ਆਪੇ ਹੋਵਣ ਕਾਰਾਂ ।
ਪਾਵਣ ਗਿੱਧਾ ਗਾਵਣ ਢੋਲੇ,
ਹੁਸਨ ਦੀਆਂ ਸਰਕਾਰਾਂ ।
ਧਰਤੀ ਛੋਹ ਲੀਤੀ,
ਜੁੱਗ ਨਵੇਂ ਦੇ ਯਾਰਾਂ ।

ਕਣਕਾਂ ਤੇ ਜੌਂ ਛੋਲੇ ਪੱਕੇ,
ਪੱਕੀਆਂ ਸਰ੍ਹਵਾਂ ਖੜੀਆਂ ।
ਉੱਜਲ ਹੋਣੀ ਭਰੇ ਹੁੰਗਾਰੇ,
ਭੁੱਖਾਂ ਨੇ ਸਭ ਦੜੀਆਂ ।
ਅਸੀਂ ਨਾ ਯਾਰੋ ਝੱਲਣੀਆਂ ਹੁਣ,
ਹੋਰ ਕਿਸੇ ਦੀਆਂ ਤੜੀਆਂ ।
ਕੜ ਕੜ ਕਰ ਕੇ ਟੁੱਟ ਰਹੀਆਂ ਨੇ,
ਲੋਟੂ ਦਲ ਦੀਆਂ ਕੜੀਆਂ ।
ਭੰਗੜਾ ਪਾ ਮਿੱਤਰਾ,
ਸ਼ਾਨਾਂ ਅੰਬਰੀਂ ਚੜ੍ਹੀਆਂ ।

ਆਪੇ ਬੀਜੀ ਆਪੇ ਗੋਡੀ,
ਆਪੇ ਕੀਤੀ ਰਾਖੀ ।
ਲਹੂ ਪਸੀਨਾ ਕੀਤਾ ਇੱਕੋ,
ਧਰਤੀ ਮਾਤਾ ਸਾਖੀ ।
ਅਸੀਂ ਧਰਤ ਦੇ ਧਰਤ ਅਸਾਡੀ,
ਜਚ ਕੇ ਇਹ ਗੱਲ ਆਖੀ ।
ਨਵੇਂ ਵਰ੍ਹੇ ਦੀਆਂ ਨਵੀਆਂ ਰੀਝਾਂ,
ਆ ਗਈ ਅੱਜ ਵਸਾਖੀ ।
ਕਿੱਕਲੀ ਪਾ ਕੁੜੀਏ,
ਲੈ ਕੇ ਦੁਪੱਟਾ ਦਾਖੀ ।

6. ਵੰਗਾਰ

ਖੁਲ੍ਹ ਉਡਾਰੀ ਲਾਵਣ ਦੇ ਲਈ,
ਅੰਬਰੀ-ਖੌਲ ਪੈਦਾ ਕਰ ।
ਬਦਲ ਜਾਏ ਦੁਨੀਆਂ ਦਾ ਨਕਸ਼ਾ,
ਕੋਈ ਮਾਹੌਲ ਪੈਦਾ ਕਰ ।
ਫੁੱਲ ਪੱਤਰਾਂ ਦੀ ਛਾਵੇਂ ਬਹਿ ਕੇ,
ਜ਼ਿੰਦਗੀ ਮਾਣਨ ਕੰਡੇ :-
ਕੰਬ ਕੰਬ ਬੋਲਣ ਚੁੱਪਾਂ ਆਪੇ,
ਅਜਿਹਾ ਹੌਲ ਪੈਦਾ ਕਰ ।

7. ਨਿੱਖੜਿਆ ਪੰਜਾਬ
(ਬੋਲੀਆਂ)

ਲੋਕ-ਰਾਜ ਦਾ ਸੁਨੇਹਾ ਲਿਆਈ,
ਪਹਿਲੀ ਝਾਤ ਪਰਭਾਤ ਦੀ ।
ਤੱਕ ਲਾਲੀਆਂ ਦੇਵਤੇ ਭੱਜ ਗਏ,
ਕੱਛਾਂ ਵਿੱਚ ਲੈ ਕੇ ਟੋਪੀਆਂ ।
ਵੰਡ ਦੇਸ਼ ਪੰਜਾਬ ਦੀ ਪੈ ਗਈ,
ਰਾਂਝੇ ਕੋਲੋਂ ਹੀਰ ਖੁੱਸ ਗਈ ।
ਕਿਸੇ ਭੈਣ ਦਾ ਸੁਹਾਗ ਗਿਆ ਲੁੱਟਿਆ,
ਦੇਸ਼ ਵਿੱਚ ਵੰਡਾਂ ਪੈ ਗਈਆਂ ।
ਮਾਵਾਂ ਵੇਂਹਦਿਆਂ ਕਲੇਜੇ ਦਿਲੋਂ ਪੁੱਟ ਲਏ,
ਵਿੱਚ ਇਤਿਹਾਸ ਹਿੰਦ ਦੇ ।
ਕੁੜੀ ਹਟ ਗਈ ਕਸੀਦਾ ਕੱਢਣੋਂ,
ਕੰਡਿਆਂ ਨੇ ਦਿਲ ਵਿੰਨ੍ਹਿਆ ।
ਨਾਮ ਹੀਰ ਦਾ ਨਹੀਂ ਹੁਣ ਜਪਦੀ,
ਸੁਰੰਗੀ ਢਾਡੀਆਂ ਦੀ ।
ਭੁੱਖਾ ਇਸ਼ਕ ਕਲਾਵੇ ਖਾਵੇ,
ਪ੍ਰੀਤਾਂ ਦੀ ਧਰਤੀ ਤੇ ।
ਪਾਲੀ ਭੁੱਲ ਗਏ ਬੋਲੀਆਂ ਪੌਣੋਂ,
ਪੰਜਾਬਣਾਂ ਨੂੰ ਗੀਤ ਭੁੱਲ ਗਏ ।
ਬੁੱਲ੍ਹੇ ਸ਼ਾਹ ਤੋਂ ਕਾਫ਼ੀਆਂ ਭੁੱਲੀਆਂ,
ਵਾਰਸ ਨੂੰ ਹੀਰ ਭੁੱਲ ਗਈ ।

8. ਵੱਸੇ ਅਮਨ ਦੇ ਨਾਲ ਪੰਜਾਬ ਸਾਡਾ

ਜੁੱਗਾਂ ਜੁੱਗਾਂ ਤੋਂ ਅਸੀਂ ਉਡੀਕਦੇ ਰਹੇ,
ਪੂਰਾ ਹੋਇਆ ਨਾ ਕਦੀ ਖੁਆਬ ਸਾਡਾ ।
ਸਿਉਂਕ ਫੁੱਟ ਦੀ ਖਾ ਲਏ ਤਣੇ ਜੀਹਦੇ,
ਮਾਣੇ ਕਿਸ ਤਰ੍ਹਾਂ ਜੋਬਨ ਗੁਲਾਬ ਸਾਡਾ ।
ਭੈੜੇ ਮਜ਼ਹਬ ਨੇ ਜਿਸਦੇ ਖੰਭ ਝਾੜੇ,
ਉੱਚ-ਗਗਨ ਕੀ ਪੁੱਜੇ ਉਕਾਬ ਸਾਡਾ ।
ਅਸੀਂ ਆਪ ਨੂੰ ਜਾਣਿਆ ਅਕਲ-ਹੀਣਾ,
ਗੈਰ-ਕੌਮ ਹੀ ਰਿਹਾ ਨਵਾਬ ਸਾਡਾ ।

ਸਮਾਂ ਬੀਤਿਆ ਮਗਰੋਂ ਸੁਰਤ ਆਈ,
ਖਾਨਾ ਹੋ ਗਿਆ ਜਦੋਂ ਖਰਾਬ ਸਾਡਾ ।
ਇੱਕ ਦੂਜੇ ਦਾ ਅਸੀਂ ਜੇ ਮਾਣ ਕਰੀਏ,
ਵੱਸੇ ਅਮਨ ਦੇ ਨਾਲ ਪੰਜਾਬ ਸਾਡਾ ।

ਸੱਚੇ ਰੱਬ ਦੇ ਵਾਸ ਪੰਜਾਬ ਸੋਹਣਾ,
ਜੀਹਨੂੰ ਲੈਂਦੀਆਂ ਕੁਦਰਤਾਂ ਚੁੰਮ ਯਾਰੋ ।
ਇਹਦੇ ਬਾਂਕਿਆਂ, ਸੂਰਿਆਂ, ਮਰਦ ਨਾਰਾਂ,
ਪਾਈ ਮੁਲਕ ਦੇ ਵਿੱਚ ਹੈ ਧੁੰਮ ਯਾਰੋ ।
ਸਾਰੇ ਜੱਗ ਤੋਂ ਵੱਖਰਾ ਰੂਪ ਇਹਦਾ,
ਲਈਏ ਵਿਚ ਜਹਾਨ ਦੇ ਘੁੰਮ ਯਾਰੋ ।
'ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ,'
ਕੀਤੀ ਰਾਂਝਣੇ ਦੀ ਅਕਲ ਗੁੰਮ ਯਾਰੋ ।

ਲਿਖੀ ਕੌਮ ਦੀ ਸੋਹਣੀ ਤਾਰੀਖ ਵਿਚੋਂ,
ਇੱਕ ਵੱਖਰਾ ਚਮਕਦਾ ਬਾਬ ਸਾਡਾ ।
ਸਾਂਝੀਵਾਲਤਾ ਦੀ ਸ਼ਾਹ-ਰਾਹ ਉਤੇ,
ਵੱਸੇ ਅਮਨ ਦੇ ਨਾਲ ਪੰਜਾਬ ਸਾਡਾ ।

ਸਾਂਝਾ ਖੂਨ ਹੈ ਸਾਡੀਆਂ ਰਗ਼ਾਂ ਅੰਦਰ,
ਸਾਂਝੀ ਅਣਖ ਤੇ ਸਾਡਾ ਵਕਾਰ ਸਾਂਝਾ ।
ਸਾਂਝੇ ਚੰਦ, ਸੂਰਜ, ਅੰਬਰ, ਧਰਤ ਸਾਂਝੇ,
ਪਾਣੀ, ਹਵਾ ਤੇ ਅੰਨ-ਅਧਾਰ ਸਾਂਝਾ ।
ਦੁੱਖ ਸੁੱਖ ਸਾਂਝੇ ਗੀਤ ਵੈਣ ਇੱਕੋ,
ਹੁਸਨ ਮਾਣਦਾ ਰੱਜਕੇ ਪਿਆਰ ਸਾਂਝਾ ।
ਓਹੀ ਮੰਜ਼ਲ ਤੇ ਓਹੀ ਨੇ ਕਦਮ ਸਾਡੇ,
ਉੱਜਲ ਸਮੇਂ ਖਾਤਰ ਇੰਤਜ਼ਾਰ ਸਾਂਝਾ ।

ਜਾਮ-ਮਸਤੀਆਂ ਰਿੰਦਾਂ ਨੂੰ ਭੁੱਲ ਜਾਵਣ,
ਵੱਜੇ ਇਉਂ ਕੁਝ ਪਿਆਰ-ਰਬਾਬ ਸਾਡਾ ।
ਅਸੀਂ ਝੂਮ ਕੇ ਲੋਰ ਦੇ ਵਿੱਚ ਕਹੀਏ,
ਵੱਸੇ ਅਮਨ ਦੇ ਨਾਲ ਪੰਜਾਬ ਸਾਡਾ ।

ਇੱਕੋ ਟੱਬਰ ਦੇ ਅਸੀਂ ਹਾਂ ਸਭ ਮੈਂਬਰ,
ਸਾਂਝੀ ਹੋਵਣੀ ਅਸਾਂ ਦੀ ਕਾਰ ਲੋਕੋ ।
ਸਾਡੇ ਗਿਲੇ ਮਹਿਮਾਨ ਨੇ ਦੋ ਦਿਨ ਦੇ,
ਰੋਸੇ ਮੰਨਤਾਂ ਵਿੱਚ ਕਰਾਰ ਲੋਕੋ ।
ਪੱਧਰ ਪਾਣੀ ਦੀ ਕਦੇ ਨਾ ਜਾਏ ਕੱਟੀ,
ਲੱਖ ਵਰਤੀਏ ਤੇਜ਼ ਕਟਾਰ ਲੋਕੋ ।
ਗੰਧ ਕਦੀ ਨਾ ਫੁੱਲ 'ਚੋਂ ਵੱਖ ਹੋਵੇ,
ਭਾਵੇਂ ਮਿੱਧੀਏ ਵਿੱਚ ਬਾਜ਼ਾਰ ਲੋਕੋ ।

ਚੱਲੋ ਨਿਕਲੋ ਈਰਖਾ-ਭੱਠ ਵਿੱਚੋਂ,
ਸੜ ਕੇ ਹੋ ਨਾ ਜਾਏ ਕਬਾਬ ਸਾਡਾ ।
ਏਕਾ, ਉੱਨਤੀ, ਅਮਨ ਅਪਣਾ ਲਈਏ,
ਵੱਸੇ ਅਮਨ ਦੇ ਨਾਲ ਪੰਜਾਬ ਸਾਡਾ ।

ਡੁਲ੍ਹੇ ਬੇਰਾਂ ਦਾ ਅਜੇ ਕੁਝ ਬਿਗੜਿਆ ਨਹੀਂ,
ਚੁੱਕ ਭੁੰਜਿਉਂ ਪੂੰਝੀਏ ਝਾੜੀਏ ਜੀ ।
ਇੱਕੇ ਵੀਰ ਪੰਜਾਬ ਦੇ ਹੋ 'ਕੱਠੇ',
ਭੈੜੀ ਫੁੱਟ ਨੂੰ ਪਿੰਜਰੇ ਤਾੜੀਏ ਜੀ ।
ਸਾਂਝੀ ਬੋਲੀ ਤੇ ਹੋਵੇ ਇਖਲਾਕ ਸਾਂਝਾ,
ਸਾਂਝੀ ਕੌਮ ਨੂੰ ਅਰਸ਼ ਤੇ ਚਾੜ੍ਹੀਏ ਜੀ ।
'ਵਾਰਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ',
'ਫੁੱਲ ਅੱਗ ਦੇ ਵਿਚ ਨਾ ਸਾੜੀਏ ਜੀ' ।

ਨ੍ਹੇਰੇ ਘਰਾਂ ਨੂੰ ਚਾਨਣਾ ਦੇਣ ਵਾਲਾ,
ਨਵਾਂ ਨੂਰ ਵੰਡੇ ਆਫ਼ਤਾਬ ਸਾਡਾ ।
ਸਾਂਝੇ ਦਿਲਾਂ 'ਚੋਂ ਇਕ ਆਵਾਜ਼ ਉੱਠੇ,
ਵੱਸੇ ਅਮਨ ਦੇ ਨਾਲ ਪੰਜਾਬ ਸਾਡਾ ।

9. ਮਜ਼ਦੂਰ ਲਈ ਅੱਜ ਰਿਜ਼ਕ ਹੀ-ਗ਼ਜ਼ਲ

ਮਜ਼ਦੂਰ ਲਈ ਅੱਜ ਰਿਜ਼ਕ ਹੀ,
ਈਮਾਨ ਬਣਦਾ ਜਾ ਰਿਹੈ ।
ਵਿਹਲੜ ਨਵ-ਸੰਸਾਰ ਦਾ,
ਮਹਿਮਾਨ ਬਣਦਾ ਜਾ ਰਿਹੈ ।

ਕਿਸੇ ਹੁਸੀਨ ਦਿਲ ਨੂੰ,
ਲੱਗਣੀ ਕਦੀ ਨੀ ਠੋਕਰ,
ਦਿਲ ਦਾ ਦਿਲਾਂ ਨੂੰ ਮਿਲਕੇ,
ਵਿਧਾਨ ਬਣਦਾ ਜਾ ਰਿਹੈ ।

ਭਾਈ ਦੇ ਗਰਮ ਕੁਣਕੇ ਨੂੰ,
ਹੋ ਗਿਆ ਹੈ ਖ਼ਤਰਾ,
ਪੰਡਤ ਦੀ ਖੀਰ ਲਈ ਵੀ,
ਸਾਮਾਨ ਬਣਦਾ ਜਾ ਰਿਹੈ ।

ਰੱਬ ਸੀ ਇੱਕ ਭੁਲੇਖਾ,
ਰੱਬ ਤੋਂ ਡਰੋ ਨਾ ਮਿੱਰੋ,
ਆਪ ਅੱਜ ਇਨਸਾਨ ਹੀ,
ਭਗਵਾਨ ਬਣਦਾ ਜਾ ਰਿਹੈ ।

ਹੈ ਧਾਰ ਮੇਰੀ ਕਲਮ ਦੀ-
ਛੁਰੀਆਂ ਤੋਂ ਵੀ ਤੇਜ਼,
ਲੋਕ-ਵੈਰੀ ਦੌਰ ਨੂੰ,
ਫਰਮਾਨ ਬਣਦਾ ਜਾ ਰਿਹੈ ।

10. ਵਿਸ਼ਵਾਸ਼ ਬਦਲਦੇ ਜਾ ਰਹੇ ਨੇ

ਹੈ ਮੂਧਾ ਛੰਨਾ ਪਾਂਧੇ ਦਾ,
ਜੋ ਖੰਡ ਤੇ ਖੀਰਾਂ ਛਕਦਾ ਰਿਹਾ ।
ਭਾਈ ਤੋਂ ਬਾਟਾ ਵਿਸਰ ਗਿਆ,
ਹਲੂਏ ਦੇ ਗੱਫੇ ਡਕਦਾ ਰਿਹਾ ।
ਪਾਖੰਡ ਬਣਾਏ ਮੁੱਲਾਂ ਨੇ,
ਜੱਨਤ ਦੇ ਝਾਕੇ ਤਕਦਾ ਰਿਹਾ ।
ਇਹ ਦੁਨੀਆਂ ਬਣੀ ਪਖੰਡਾਂ ਦੀ,
ਏਦਾਂ ਮੈਂ ਕਹਿਣੋ ਝਕਦਾ ਰਿਹਾ ।
ਮੁੱਕੀ ਅੱਜ ਕੂੜੀ ਪਾਰਸਾਈ,
ਆਕਾਸ਼ ਬਦਲਦੇ ਜਾ ਰਹੇ ਨੇ,
ਅੰਗੜਾਈ ਲਈ ਮਾਨੁੱਖਤਾ ਨੇ,
ਵਿਸ਼ਵਾਸ਼ ਬਦਲਦੇ ਜਾ ਰਹੇ ਨੇ ।

11. ਸਰ੍ਹੋਂ ਦੇ ਖੇਤ

ਸੰਘਣੇ ਖੇਤ ਸਰ੍ਹੋਂ ਦੇ ਮੱਲੇ,
ਭਰ ਜੁਆਨੀ ਤੇ ਖੇਤੀ ਆਈ ।
ਫੁੱਲ ਵੀ ਖਿੜ ਖਿੜ ਕਮਲੇ ਹੋ ਗਏ,
ਵਿੱਚ ਹਵਾ ਦੇ ਗੰਧ ਲੁਟਾਈ ।

ਪੰਛੀ ਡਿੱਗਣ ਅੰਬਰੋਂ ਭੌਂ ਕੇ,
ਫਸਲ ਦਾ ਐਸਾ ਹਿੱਕ-ਉਭਾਰ ।
ਲੱਕ ਗੋਰੀ ਦਾ ਮਾਤ ਹੋ ਗਿਆ,
ਸਰ੍ਹੋਂ ਰਾਣੀ ਦਾ ਤੱਕ ਹੁਲਾਰ ।

ਫੁੱਲ ਬਸੰਤੀ ਪਾਉਣ ਭੁਲੇਖਾ,
ਜਾਂ ਫੁੱਲਾਂ ਵਿਚ ਵਟ ਗਿਆ ਸੋਨਾ ।
ਧਰਤੀ ਦੀ ਹਰ ਨੁੱਕਰ ਸੋਹਣੀ,
ਖਿੜਿਆ ਖੇਤਾਂ ਦਾ ਹਰ ਕੋਨਾ ।

ਕਸ਼ਮੀਰ ਸੁਹਾਣਾ ਕੇਸਰ ਕਰਕੇ,
ਸਰ੍ਹਵਾਂ ਕਰਕੇ ਦੇਸ ਪੰਜਾਬ ।
ਬਸੰਤ ਟੁਰੇਂਦੀ ਮਟਕ ਮਟਕ ਕੇ,
ਚੜ੍ਹੇ ਹੁਸਨ ਦੀ ਹਰ ਪਲ ਆਬ ।

12. ਕਲੀ

ਤੱਕ ਹੁਸਨ, ਸੁਗੰਧ, ਉਠਾਅ ਨੂੰ,
ਸਿਰ-ਪਰਨੇ ਹੋ ਆਏ ।
ਮਾਰ ਝੜੱਪਾਂ, ਹੱਝਕੇ, ਰੁੱਗੀਂ,
ਜ਼ਾਲਮ-ਕਟਕ ਚੜ੍ਹਾਏ ।
ਛੁਰੀ ਕਹਿਰ ਦੀ ਫੜਕੇ ਹੱਥੀਂ,
ਸੀਨਾ ਕਰਿਆ ਲੀਰਾਂ:-
ਲੱਖੀਂ ਸ਼ੁਕਰ ਗੁਜ਼ਾਰਾਂ ਹੁਣ ਵੀ,
ਸਾਜਨ-ਮਨ ਜੇ ਭਾਏ ।

13. ਆਸ

ਕੀ ਧਰਤੀ ਕੀ ਅੰਬਰ ਹੋਇਆ,
ਟੱਕਰੀ ਸਭ ਥਾਂ ਇੱਕੋ ਨੀਤੀ ।
ਲੰਘ ਗਈ ਤੋਂ ਸਿਖਿਆ ਜੀਵਨ,
ਜੋ ਬੀਤੀ ਸਭ ਸੋਹਣੀ ਬੀਤੀ ।
ਚਿਰ ਤੋਂ ਘੁੱਟੇ ਸਬਰ ਮਿਰੇ ਨੇ,
ਤਾਰਿਆਂ ਦੀ ਚੁੱਪ ਸਮਝ ਲਈ ਹੈ:-
ਮਿੱਠੀਆਂ ਚੰਨ-ਰਿਸ਼ਮਾਂ ਖਾਤਰ,
ਸਾਗਰ ਨੇ ਹਿੱਕ ਨੰਗੀ ਕੀਤੀ ।

14. ਲੱਭ ਲਏ ਪਿਆਰ ਮੇਰੇ ਨੇ ਹੀਲੇ

ਧਰਤੀ ਜੇਡੀ ਹਿੱਕ ਏਸਦੀ,
ਦਿਲ ਦਰਿਆ ਦੀਆਂ ਵਹਿਣਾਂ,
ਸੀਨਾ ਚੌੜਾ ਅੰਬਰ ਜੇਡਾ,
ਕੀ ਕੋਈ ਏਸ ਨੂੰ ਕੀਲੇ ।
ਲੱਭ ਲਏ ਪਿਆਰ ਮੇਰੇ ਨੇ ਹੀਲੇ ।

ਦੂਰ ਖੜਾ ਕੋਈ ਵਾਜਾਂ ਮਾਰੇ,
ਕਸ ਕਸ ਕੇ ਅੰਗੜਾਈਆਂ ਲੈਂਦਾ,
ਲੱਖਾਂ 'ਕੱਚੇ' ਖੁਰ ਗਏ ਭਾਵੇਂ,
ਅਜੇ ਉਡੀਕਣ 'ਤੀਲੇ' ।
ਲੱਭ ਲਏ ਪਿਆਰ ਮੇਰੇ ਨੇ ਹੀਲੇ ।

ਪਿਆਰ-ਭੁੱਖ ਦੇ ਭਾਂਬੜ ਮੱਚੇ,
ਸੁਪਨੇ ਹੁੰਦੇ ਜਾਪਣ ਸੱਚੇ,
ਖਿੜ ਖਿੜ ਦੁਨੀਆਂ ਖੇੜਾ ਹੋ ਗਈ,
ਮਸਤੇ ਨੈਣ ਨਸ਼ੀਲੇ ।
ਲੱਭ ਲਏ ਪਿਆਰ ਮੇਰੇ ਨੇ ਹੀਲੇ ।

15. ਭਰਮਾਂ ਤੇ ਵਹਿਮਾਂ ਪਿਛਲਿਆਂ 'ਚੋਂ-ਗ਼ਜ਼ਲ

ਭਰਮਾਂ ਤੇ ਵਹਿਮਾਂ ਪਿਛਲਿਆਂ 'ਚੋਂ,
ਦਿਲ ਨਿਆਰਾ ਹੋ ਗਿਆ ।
ਰੂਹ ਮਿਰੀ ਨੂੰ ਖਿੜਨ ਦਾ,
ਗ਼ੈਬੀ ਇਸ਼ਾਰਾ ਹੋ ਗਿਆ ।

ਚਿਰੋਂ ਉੱਠੀ ਚਾਹ ਦਾ,
ਅੱਜ ਜਿੱਤਿਆ ਵਿਸ਼ਵਾਸ਼ ਜਾਂ,
ਡਿੱਗ ਚੁੱਕੇ ਚਾਅ ਨੂੰ,
ਆਖਰ ਸਹਾਰਾ ਹੋ ਗਿਆ ।

ਪਲਕਾਂ ਉਠਾ ਕੇ ਝਾਕਣੋਂ ਵੀ,
ਸੰਗ ਔਂਦੀ ਸੀ ਕਦੀ,
ਪਲ ਵੀ ਲਾਂਭੇ ਹੋਣ ਦਾ,
ਅੱਜ ਮਰਨ-ਹਾਰਾ ਹੋ ਗਿਆ ।

ਚੂਲੀ ਚੂਲੀ ਪੀਣ ਦੀ,
ਹੁਣ ਉਹ ਪੁਰਾਣੀ ਥੁੜ ਨਹੀਂ,
ਇਸ਼ਕ ਦੇ ਅੱਜ ਜਾਮ ਲਈ,
ਸਾਗਰ-ਕਿਨਾਰਾ ਹੋ ਗਿਆ ।

ਅੱਖਾਂ 'ਚ ਤੇਰੇ ਸੋਹਣੀਏ !
ਅੱਜ ਤੱਕਿਆ ਭਗਵਾਨ ਮੈਂ,
ਤੇਰਾ ਫਰਿਸ਼ਤਾ ਹੋਣ ਦਾ,
ਇਹ ਚਮਤਕਾਰਾ ਹੋ ਗਿਆ ।

ਤੇਰੀ ਚੁੜਾਈ 'ਅਣਖੀਆ',
ਧਰਤੀ ਤੇ ਅੰਬਰ ਮਿਣਨ ਕੀ,
ਓਸਦਾ ਇਹ ਨਾਪ ਹੀ
ਜੀਵਨ-ਪਸਾਰਾ ਹੋ ਗਿਆ ।

16. ਨੀਂਦ ਆਈ

ਰਾਤ ਨਿੱਘੀ ਨੀਂਦ ਆਈ,
ਨੀਂਦ ਸੀ ਅਤਿ ਰਸ-ਭਰੀ ।
ਵਿੱਚ ਸੁਪਨੇ ਤੂੰ ਮਿਲੀ,
ਛੋਹ ਸੀ ਤੇਰੀ ਕਾਦਰੀ ।

ਰਾਤ ਮਿੱਠੀ ਨੀਂਦ ਆਈ,
ਸਾਹਮਣੇ ਤੂੰ ਆ ਖੜੀ ।
ਚਿਉਂ ਗਿਆ ਰਸ ਇਸ਼ਕ ਵਾਲਾ,
ਭਰ ਲਈ ਮੈਂ ਹਿੱਕੜੀ ।

ਰਾਤ ਗੂੜ੍ਹੀ ਨੀਂਦ ਆਈ,
ਚੰਨ ਦੀ ਸੀ ਹਾਜ਼ਰੀ ।
ਚੁੰਮਣਾਂ ਦੇ ਖੇਲ੍ਹ ਦੀ,
ਭਰਮੰਡ ਕੀਤੀ ਚਾਕਰੀ ।

17. ਪਾਕ ਪਾਪ

ਇਹ ਜੋਸ਼ ਮਿਰਾ ਨਿੱਤ ਭਖੇ ਠਰੇ,
ਇੱਕ ਜੋਸ਼-ਕਥਾ ਇਹ ਬਣੀ ਅਜਬ ।
ਧੜਕਣ ਕੁਝ ਵਟਦੀ ਹੋਰ ਰੂਪ,
ਖਿਆਲਾਂ ਦਾ ਔਂਦਾ ਜਦੋਂ ਗਜ਼ਬ ।

ਇਕ ਦਿਨ ਉਸ ਦਾ ਰੂਪ ਹੈ ਬਣਨਾ,
ਇਹ ਚਾਹ ਚਿਰਾਂ ਤੋਂ ਘੜੀ ਰਹੀ ।
ਭਾਵੇਂ ਇਸ਼ਕ ਸ਼ਰ੍ਹਾ ਤੋਂ ਬਾਹਰ,
ਪਰ ਵਹਿਮਾਂ ਦੀ ਕੰਧ ਖੜੀ ਰਹੀ ।

ਇੱਕ ਸੱਧਰ ਹੈ ਅਧਵਾਟ ਖੜੀ,
ਤੇ ਟੁੱਟ ਪਿਆ ਇਕ ਨਵਾਂ ਕਹਿਰ ।
ਛੱਡੀਏ ਇਹ ਕਿ ਛੱਡੀਏ ਉਹ ?
ਇਸ ਦਿਲ ਦੀ ਸੁੰਦਰ ਹੋਰ ਬਹਿਰ ।

ਬੱਸ ਉਸ ਦੀ ਇਕੋ ਝਾਤ ਬਹੁਤ,
ਕੋਈ ਹੋ ਜਾਂਦਾ ਤਦ ਨੂਰ ਨੂਰ ।
ਜਦ ਮਨ ਚੋਂ ਫੁਰਦੀ ਨਵੀਂ ਗੱਲ,
ਤਦ ਹਰ ਸ਼ੈ ਲਗਦੀ ਕੋਹਿ-ਤੂਰ ।

ਜਦੋਂ ਨਵੇਂ ਨਿਸ਼ਾਨੇ ਫੁਰਨ ਕਦੀ,
ਤਦ ਉਸ ਦਾ ਹੁੰਦਾ ਦਿਲੋਂ ਜਾਪ ।
ਲੁਕ ਲੁਕ ਕੇ ਚੋਰੀਂ ਲੋਕਾਂ ਤੋਂ,
ਮੈਂ ਕਰਦਾ ਹਾਂ ਤਦ ਪਾਕ ਪਾਪ ।

18. ਇਸ਼ਕ ਮੇਰੇ ਨੂੰ ਕੀ ਸਮਝਾਂ-ਗ਼ਜ਼ਲ

ਇਸ਼ਕ ਮੇਰੇ ਨੂੰ ਕੀ ਸਮਝਾਂ,
ਗੱਲ ਕੁਝ ਕਰਦਾ ਨਹੀਂ ।
ਕੀ ਪਤਾ ਕੀ ਢੂੰਡਦਾ ਏ,
ਧੀਰ ਅੱਜ ਧਰਦਾ ਨਹੀਂ ।

ਘੁੱਟ ਮੇਰੇ ਹੱਥ ਨੂੰ,
ਕੁਝ ਕਹਿ ਰਹੀ ਚੰਚਲ ਕੁੜੀ,
ਏਤਨੇ ਕੁ ਨਾਲ ਕੇਵਲ,
ਪਿਆਰੀਏ ਸਰਦਾ ਨਹੀਂ ।

ਉਹ ਕਰੇ ਕੁਝ ਹੋਰ ਗੱਲਾਂ,
ਮੈਂ ਕਹਾਂ ਕੁਝ ਹੋਰ ਹੀ,
ਓਸ ਦੀ ਗੱਲਵੱਕੜੀ ਸੰਗ,
ਕਾਲਜਾ ਠਰਦਾ ਨਹੀਂ ।

ਐ ਹੁਸੀਨੋਂ ਜ਼ਾਲਮੋਂ,
ਹੁਣ ਰੂਪ ਨੂੰ ਮੈਂ ਕੀ ਕਰਾਂ,
ਪਿਆਰ ਹੈ ਇੱਕ ਢੂੰਡ ਮੇਰੀ,
ਉਹ ਮਿਰੇ ਘਰ ਦਾ ਨਹੀਂ ।

ਕੀ ਕਹਾਂ ਕਾਲੀ ਘਟਾ ਇਹ,
ਇੱਕ ਸੁਹਾਣੀ ਰਾਤ ਹੈ,
ਅਕਾਸ਼ ਤੇ ਕਾਲਖ ਨਿਰੀ ਹੈ,
ਨੀਰ ਜੇ ਝਰਦਾ ਨਹੀਂ ।

ਮੰਨਿਆ ਕਿ ਅੱਖ ਉਸ ਦੀ,
ਇਸ਼ਕ ਲਈ ਸੰਕੇਤ ਹੈ,
ਦਿਲ ਤਾਂ ਪਰ ਹਾਏ ਓਸਦਾ,
ਹਾਮੀਆਂ ਭਰਦਾ ਨਹੀਂ ।

ਨਜ਼ਰਾਂ ਤੋਂ ਦੂਰ ਮੈਨੂੰ,
ਉਸ ਦੀ ਵਫ਼ਾ ਤੇ ਸ਼ੱਕ ਹੈ,
ਦਰਸ ਉਹਦਾ ਸੋਚ ਵਿਚੋਂ,
ਫੇਰ ਵੀ ਮਰਦਾ ਨਹੀਂ ।

ਮੈਂ ਤਾਂ ਕਹਿਨਾ 'ਅਣਖੀਆ',
ਨਾ ਗੱਲ ਤੋਰੀਂ ਇਸ਼ਕ ਦੀ,
ਹੁਸਨ ਨਾਬਰ ਹੋ ਗਿਆ ਏ,
ਇਸ਼ਕ ਤੋਂ ਡਰਦਾ ਨਹੀਂ ।

19. ਕਾਫ਼ੀ

ਦਰਸ ਤੇਰੇ ਦੀਆਂ ਤਾਂਘਾਂ ਬਣੀਆਂ
ਜੀਵਨ ਦਾ ਦਸਤੂਰ ਓ ਯਾਰ ।
ਵੱਸਣਾ ਦੂਰ ਨੈਣਾਂ ਤੋਂ ਉਹਲੇ,
ਮੈਨੂੰ ਨਾ ਮਨਜ਼ੂਰ ਓ ਯਾਰ ।

ਦਿਲ ਮੇਰੇ ਵਿੱਚ ਤੇਰੀ ਉਲਫ਼ਤ,
ਹਿਜਰ ਮਿਰੇ ਦੀ ਬਣ ਗਈ ਅਸਮਤ,
ਬਾਕੀ ਕੁਲ ਦੁਨੀਆਂ ਤੋਂ ਰੁਖਸਤ,
ਇਸ਼ਕ ਤੇਰੇ ਵਿਚ ਚੂਰ ਓ ਯਾਰ ।

ਮਿੱਤਰਾਂ ਨਾਲ ਕਰੇਂ ਮਨ-ਆਈਆਂ,
ਸੱਜਣਾਂ ਤੇਰੀਆਂ ਬੇ-ਪ੍ਰਵਾਹੀਆਂ,
ਭੁੱਲੇ ਉਹ ਦਿਨ ਜਦ ਸੀ ਲਾਈਆਂ,
ਆ ਕੇ ਵਿਚ ਸਰੂਰ ਓ ਯਾਰ ।

ਇਸ਼ਕ ਮੇਰੇ ਦਾ ਜੰਮਣ-ਹਾਰਾ,
ਕਰ ਬੈਠਾ ਏ ਅੱਜ ਕਿਨਾਰਾ,
ਆ ਜਾ ਆ ਕੇ ਦਿਹ ਨਜ਼ਾਰਾ,
ਹੋਇਆ ਕਿਉਂ ਮਗ਼ਰੂਰ ਓ ਯਾਰ ।

ਵਿੱਚ ਵਿਯੋਗਾਂ ਜਿੰਦੜੀ ਝੂਰੀ,
ਭਟਕੇ ਜਾਨ ਜਿਉਂ ਫਿਰਦੀ ਊਰੀ,
ਹੋ ਗਈ ਮੁਸ਼ਕਲ ਝੱਲਣੀ ਦੂਰੀ,
ਮਰਨੋਂ ਵੀ ਮਜਬੂਰ ਓ ਯਾਰ ।

ਰੋਗ ਅਵੱਲੜਾ ਇਸ਼ਕ ਨਸਲ ਦਾ,
ਵਿੱਚ ਵਿਛੋੜੇ ਸੁਆਦ ਅਸਲ ਦਾ,
ਜਾਮ ਪਿਆ ਛੱਡ ਇੱਕ ਵਸਲ ਦਾ,
ਹੋਵਣ ਦੁੱਖ ਕਾਫ਼ੂਰ ਓ ਯਾਰ ।

ਇਸ਼ਕ ਹੁਸਨ ਦੀ ਜਾਂ ਗੱਲ ਚੱਲੀ,
ਦਿਲ ਵਿੱਚ ਉੱਠੀ ਪੀੜ ਅਵੱਲੀ,
ਚੈਨ ਵਜੂਦ ਚੋਂ ਮੇਰੇ ਹੱਲੀ,
ਪਾ ਗਈ ਅਜਬ ਫਤੂਰ ਓ ਯਾਰ ।

ਇਸ਼ਕ ਤੇਰੇ ਦੀ ਗੰਢ ਨਾ ਖੁਲ੍ਹਦੀ,
ਬੇੜੀ ਵਿੱਚ ਭੰਵਰਾਂ ਦੇ ਰੁਲਦੀ,
ਸ਼ਕਲ ਤੇਰੀ ਨਾ ਦਿਲ ਤੋਂ ਭੁਲਦੀ,
ਦਿਲ ਮੇਰੇ ਦਾ ਨੂਰ ਓ ਯਾਰ ।

20. ਏਦਾਂ ਹੀ…(Sonnet)

ਏਦਾਂ ਹੀ ਦਿਲ ਰਹੇ ਪਰਚਦਾ,
ਪ੍ਰੇਮ-ਪਿਆਲਾ ਡੁੱਲ੍ਹ ਜਾਏ ਨਾ ।

ਦੁਨੀਆਂ ਹੋੜੇ ਫਿਰ ਕੀ ਹੋਸੀ,
ਪਿਆਰ ਨੂੰ ਤਾਂ ਹੋੜ ਕੋਈ ਨੀ ।
ਜੀਵਨ ਨਾਲੋਂ ਮੌਤ ਚੰਗੇਰੀ,
ਜਿਸਦਾ ਏਥੇ ਜੋੜ ਕੋਈ ਨੀ ।

ਭਾਵੇਂ ਉਸ ਤੋਂ ਦੂਰ ਹਾਂ ਬੈਠਾ,
ਪਰ ਉਹ ਮੈਨੂੰ ਭੁੱਲ ਜਾਏ ਨਾ ।
ਨਿੱਤ ਬਹਾਰਾਂ ਰਹਿਣ ਖਿੜਦੀਆਂ,
ਝੱਖੜ ਕੋਈ ਝੁੱਲ ਜਾਏ ਨਾ ।

ਖਿੜ ਖਿੜ ਹੱਸਣਾ ਜੀਵਨ-ਜੁਗਤੀ,
ਉਪਦੇਸ਼ਾਂ ਦੀ ਲੋੜ ਕੋਈ ਨੀ ।
ਵਿੱਚ ਵਿਛੋੜੇ ਸੁਆਦ ਅਨੋਖਾ,
ਗ਼ਮ ਦੀ ਭਾਵੇਂ ਥੋੜ ਕੋਈ ਨੀ ।

ਕੱਸ ਕੇ ਦਿੱਤੀ ਗੰਢ ਪਿਆਰ ਦੀ,
ਇੱਕੋ ਹਝਕੇ ਖੁੱਲ੍ਹ ਜਾਏ ਨਾ ।

ਨੀਲੇ ਅੰਬਰੀਂ ਚਮਕਣ ਤਾਰੇ,
ਦਿਲ ਵਿੱਚ ਮਸਤੀ ਛਾ ਰਹੀ ਹੈ ।
ਜਿਸ ਦੀ ਅਰਸ਼ਾਂ ਵਿੱਚ ਉਡਾਰੀ,
ਫਰਸ਼ੀਂ ਰਹਿਣਾ ਸਹਿ ਨਹੀਂ ਸਕਦਾ ।

ਸਾਊ ਚੁੱਪ ਹਨੇਰੇ ਵਿਚੋਂ,
ਸੋਅ ਕਿਸੇ ਦੀ ਆ ਰਹੀ ਹੈ ।
ਮੰਜ਼ਲ ਤੇ ਜਿਸ ਉਪੜਨਾ ਹੈ,
ਥਾਂ ਥਾਂ ਟਿਕ ਕੇ ਬਹਿ ਨਹੀਂ ਸਕਦਾ ।

ਹਵਾ ਰੁਮਕ ਰਹੀ ਸੀਤ ਪੁਰੇ ਦੀ,
ਗੀਤ ਦਿਲੇ ਦੇ ਗਾ ਰਹੀ ਹੈ ।
ਸਾਗਰ ਦੀ ਮਗ਼ਰੂਰ ਹਿੱਕ ਥੀਂ,
ਲੁਕਿਆ ਕੁਝ ਵੀ ਰਹਿ ਨਹੀਂ ਸਕਦਾ ।

21. ਕਲਮ-ਮੇਰੀ ਮਜਬੂਰ

ਜਿੱਦਾਂ ਹੁਭਕੀਂ ਰੋਂਦਾ ਬੱਚਾ,
ਪੂਰੀ ਗੱਲ ਸੁਣਾ ਨਹੀਂ ਸਕਦਾ ।
ਸ਼ਿਕਵਾ ਏਨਾ ਹੁੰਦੈ ਪਰਬਲ,
ਸ਼ਬਦ ਕੋਈ ਪ੍ਰਗਟਾ ਨਹੀਂ ਸਕਦਾ ।
ਇਓਂ ਚਿੰਬੜੀ ਹੈ ਬਿਪਤਾ ਮੈਨੂੰ,
ਹੋ ਗਏ ਗਿਲੇ ਮਿਰੇ ਮਫਰੂਰ ।

ਸੋਚਾਂ ਵਿੱਚ ਚਿਰ-ਢੇਰ ਗੁਆਚਾ,
ਸੁਣਕੇ ਕਿਸੇ ਗ਼ਰੀਬ ਦੀ ਹਾਲਤ ।
ਪਲਕਾਂ ਵਿੱਚ ਅਟਕੇ ਅਥਰੂਆਂ ਦੀ,
ਕੀਤੀ ਮੈਂ ਕਈ ਵਾਰ ਵਕਾਲਤ ।
ਹੱਡ-ਬੀਤੇ ਪਰ ਦੁੱਖ-ਦਿਹਾੜੇ,
ਅੱਜ ਖਲੋਤੇ ਕੋਹਾਂ ਦੂਰ ।

ਤਮ੍ਹਾਂ ਨਾਲ ਜਦ ਯਾਰੀ ਗੰਢੀ,
ਸੁੱਖ ਸਾਰੇ ਹੋ ਗਏ ਪਰੇਰੇ ।
ਜਾਂ ਤਮ੍ਹਾਂ ਦੇ ਹੋਇਆ ਨੇੜੇ,
ਸਗੋਂ ਪਈ ਉਲਟੀ ਗਲ ਮੇਰੇ ।
ਜੀਵਨ ਤੇ ਕਈ ਕੰਮ ਨੇ ਭਾਰੂ,
ਕਵਿਤਾ ਦੇ ਜਜ਼ਬੇ ਕਾਫੂਰ ।

ਹਾਵੇ ਝੋਰੇ ਬਣਕੇ ਅੱਥਰੂ,
ਨੈਣਾਂ ਦੇ ਵਿੱਚ ਥੰਮ੍ਹ ਜਾਂਦੇ ਨੇ ।
ਜਿੱਗਰਾ ਏਨਾ ਹੁੰਦੈ ਪੱਥਰ,
ਡਿਗਦੇ ਨਹੀਂ ਇਹ ਜੰਮ ਜਾਂਦੇ ਨੇ ।
ਝੱਖੜ ਦੀ ਬੇ-ਤਰਸੀ ਮੂਹਰੇ,
ਝੜ ਜਾਂਦਾ ਅੰਬਾਂ ਦਾ ਬੂਰ ।

ਹੀਰਾਂ ਤੇ ਰਾਂਝਿਆਂ ਦੇ ਕਿੱਸੇ,
ਕਲਮ ਮੇਰੀ ਨੇ ਗਾਏ ਨੇ ਕਈ ।
ਦੇਵਤਿਆਂ ਦੀ ਛੱਡ ਇਬਾਦਤ,
ਅੱਖੀਂ ਕਾਦਰ ਪਾਏ ਨੇ ਕਈ ।
ਪਰ ਮੈਂ ਆਪਣੀ ਭੁੱਖ-ਵਾਰਤਾ,
ਕਰ ਸਕਿਆ ਨਾ ਜੱਗ-ਮਸ਼ਹੂਰ ।

22. ਚਿੱਠਾ ਤੇਰੀ ਬੇਰੁਖੀ ਦਾ

ਚਿੱਠਾ ਤੇਰੀ ਬੇਰੁਖੀ ਦਾ,
ਦਿਲ ਤੇ ਜਾਏ ਉੱਕਰਦਾ ।
ਉਮਰ-ਸਹਾਰਾ ਦੇ ਕੇ ਦਿਲਬਰ,
ਫਿਰ ਕਿਉਂ ਅੱਜ ਮੁੱਕਰਦਾ ।

ਚਿੱਠਾ ਤੇਰੀ ਬੇਰੁਖੀ ਦਾ,
ਸੀਨੇ ਲਹਿੰਦਾ ਜਾਵੇ ।
ਸੱਜਣ ! ਤੇਰੀ ਬੇ ਪ੍ਰਵਾਹੀ,
ਇਹ ਦਿਲ ਕਹਿੰਦਾ ਜਾਵੇ ।

ਚਿੱਠਾ ਤੇਰੀ ਬੇਰੁਖੀ ਦਾ,
ਦਰਦ ਅਨੋਖਾ ਛੇੜੇ,
ਜੀਵਨ-ਕੰਮਾਂ ਉੱਤੇ ਛਾਏ,
ਹੁਸਨ ਇਸ਼ਕ ਦੇ ਝੇੜੇ ।

ਚਿੱਠਾ ਤੇਰੀ ਬੇਰੁਖੀ ਦਾ,
ਸੋਚ ਮੇਰੀ ਤੇ ਤਰਦਾ,
ਵਸਲ ਤੇਰੇ ਦਾ ਇੱਕ ਤਸੱਵਰ,
ਨਾ ਜਿਉਂਦਾ ਨਾ ਮਰਦਾ ।

ਚਿੱਠਾ ਤੇਰੀ ਬੇਰੁਖੀ ਦਾ,
ਦੂਏ ਨੂੰ ਕੀ ਦੱਸਾਂ ।
ਦੁੱਖ ਮਿਰੇ ਨੇ ਜੱਗ-ਹਸਾਈ,
ਕੀ ਰੋਵਾਂ ਕੀ ਹੱਸਾਂ ।

23. ਛੋਹ

ਦਿਲ ਟੁੱਟਿਆ ਦਿਲਬਰ ਵੀ ਟੁੱਟਿਆ,
ਸਾਂਝਾਂ ਦਿਲ ਥੀਂ ਰੁੱਠੀਆਂ ।
ਦਰਸ, ਨਾਮ ਤੇ ਯਾਦ ਭੁਲਾਈ,
ਆਸਾਂ ਬਿਰਹੋਂ ਕੁੱਠੀਆਂ ।
ਦਿਲੋਂ ਦਿਮਾਗੋਂ ਮੰਜ਼ਲ ਵਿਸਰੀ,
ਦੁਨੀਆਂ ਬਣੀ ਨਵੇਲੀ :-
ਛੋਹ ਓਸ ਦੀ ਹੁਣ ਵੀ ਐਪਰ,
ਭਰ ਭਰ ਸੁਟਦੀ ਮੁੱਠੀਆਂ ।

24. ਅਜੇ ਹੈ ਜੀਵਨ-ਧਰਤੀ ਰੋਹੀ

ਅਜੇ ਹੈ ਜੀਵਨ-ਧਰਤੀ ਰੋਹੀ ।
ਅਜੇ ਆਤਮਾ ਭੁੱਖੀ ।

ਇਸ ਧਰਤੀ ਦੀ ਹਿੱਕ ਦੇ ਅੰਦਰ,
ਧੜਕਣ ਲੱਖਾਂ ਜਜ਼ਬੇ ।
ਸੋਚ ਦੀਆਂ ਹੱਦਾਂ ਤੋਂ ਬਾਹਰ,
ਉਠਦੇ ਭਾਂਬੜ ਦੱਬੇ ।
ਹਿੱਕ ਮੇਰੀ ਇਹ ਪਾਕ ਪਵਿੱਤਰ,
ਅਜੇ ਕਿਸੇ ਨਾ ਟੋਹੀ ।

ਅਣ-ਛੋਹਿਆ ਬੇ-ਲਾਗ ਤਸੱਵਰ,
ਅਜੇ ਨਾ ਟੀਚਾ ਜਾਣੇ ।
ਅਜੇ ਜਵਾਨੀ ਝੱਲੇ ਤੜੀਆਂ,
ਦੇਣ ਘੂਰ ਜਰਵਾਣੇ ।
ਅਨੁਭਵ-ਅਗਨੀ ਦੀ ਪ੍ਰਚੰਡਤਾ
ਅਜੇ ਕਿਸੇ ਨਾ ਮੋਹੀ ।

ਬਿਨਾ-ਕਿਆਸੇ ਝਾੜ ਮਲੇ ਕਈ,
ਧਰਤ ਮੇਰੀ ਤੇ ਉੱਗੇ ।
ਅਜੇ ਨਾ ਚਾਨਣ ਚਿੱਟੇ ਹੋਏ,
ਅਜੇ ਹਨ੍ਹੇਰ ਨਾ ਪੁੱਗੇ ।
ਏਸ ਨਜ਼ਾਮ ਦੀ ਲਾਗ-ਬਾਜ਼ੀ
ਮੈਨੂੰ ਕਦੇ ਨਾ ਪੋਹੀ ।

25. ਪਰਦੇਸੀ ਜੁੱਗਾਂ ਦਾ

ਮੈਂ ਸਿਖਰ ਜਵਾਨੀ ਤੇ
ਮੇਰਾ ਜੋਬਨ ਚੜ੍ਹ ਆਇਆ ।
ਮੈਨੂੰ ਚਾਹਾਂ ਲਾਡ ਦੀਆਂ,
ਮੈਨੂੰ ਪਿਆਰ ਦਾ ਹੜ੍ਹ ਆਇਆ ।

ਹਾਏ ! ਜੰਗ ਨਿਮਾਣੀ ਨੇ
ਮੇਰਾ ਚੰਨ ਖੋਹ ਲਿੱਤਾ ।
ਮੇਰੇ ਪਿਆਰ ਨੂੰ ਲਾਂਬੂ ਲਾ,
ਸੱਧਰਾਂ ਨੂੰ ਕੋਹ ਦਿੱਤਾ ।

ਮੈਂ ਪਿਆਰ ਦੀ ਸਿਖਰ ਲਈ,
ਕੋਈ ਘਾਲ ਵੀ ਘਾਲੀ ਨਹੀਂ ।
ਅੱਖਾਂ ਵਿਚ ਮਸਤੀ ਨਹੀਂ,
ਚਿਹਰੇ ਤੇ ਲਾਲੀ ਨਹੀਂ ।

ਮੈਨੂੰ ਰੋਣਾ ਭੁੱਲ ਗਿਆ,
ਹੰਝੂ ਵੀ ਸੁੱਕ ਗਏ ਨੇ ।
ਮੇਰੀ ਜੀਵਨ-ਲੀਲ੍ਹਾ ਦੇ,
ਝਾਕੇ ਸਭ ਮੁੱਕ ਗਏ ਨੇ ।

ਪਰਦੇਸੀ ਜੁੱਗਾਂ ਦਾ !
ਮੁੜ ਪਰਤ ਕੇ ਆਇਆ ਨਹੀਂ ।
ਮੇਰੇ ਪਿਆਰ ਦੇ ਮੰਦਰ ਦਾ,
ਉਸ ਦੀਪ ਜਗਾਇਆ ਨਹੀਂ ।

ਹਉਂਕੇ ਤੇ ਡੋਬਾਂ ਵਿੱਚ,
ਮੈਂ ਖਾਕ 'ਚ ਰਲ ਜਾਣੈ ।
ਇਕ ਪਿਆਰ ਦੀ ਛੋਹ ਬਾਝੋਂ,
ਸੰਸਾਰੋਂ ਚਲ ਜਾਣੈ ।

26. ਸਾਵਣ ਵਿੱਚ ਕੁੜੀਆਂ

ਭਾਦੋਂ ਵਿੱਚ ਸਨ ਨਿੱਖੜੀਆਂ ਜੋ,
ਸਭ ਤਿੰਞਣ ਦੀਆਂ ਕੁੜੀਆਂ ।
ਐਸਾ ਫਾਹਿਆ ਕੰਤ-ਪਿਆਰੇ ਨੇ,
ਫਿਰ ਪੇਕੇ ਨਹੀਂ ਮੁੜੀਆਂ ।
ਐਸਾ ਲੋਰ ਫ਼ਿਜ਼ਾ ਨੂੰ ਆਇਆ,
ਮੁੜ ਕੇ ਰੁੱਤ ਨਸ਼ਿਆਈ :-
ਛੱਡ ਪਤੀਆਂ ਨੂੰ ਕੁਝ ਸਮੇਂ ਲਈ,
ਸਾਵਣ ਵਿੱਚ ਆ ਜੁੜੀਆਂ ।

27. ਕਿੱਕਰਾਂ ਵੀ ਲੰਘ ਗਈ-ਗੀਤ

ਕਿੱਕਰਾਂ ਵੀ ਲੰਘ ਗਈ,
ਬੇਰੀਆਂ ਵੀ ਲੰਘ ਗਈ,
ਲੰਘਣੇ ਰਹਿ ਗਏ ਜੰਡ ਵੇ ।
ਮੈਂ ਗੁਥਲੀ ਗੁਣਾਂ ਦੀ,
ਐਵੇਂ ਨਾ ਵੈਰੀਆ ਭੰਡ ਵੇ ।

ਸਾਰਾ ਜੱਗ ਵੇਖਦਾ ਏ,
ਅੱਖੀਆਂ ਨੂੰ ਪਾੜ ਕੇ ।
ਲੰਘਦੇ ਨੇ ਲੋਕ,
ਸਾਡੇ ਬੂਹੇ ਵਲ ਤਾੜ ਕੇ ।
ਮੁੰਡਿਆਂ ਦੀ ਢਾਣੀ ਵਿੱਚ,
ਮੇਰੀਆਂ ਛਿੜਨ ਗੱਲਾਂ,
ਮੈਨੂੰ ਵੇਖ ਉੱਚੀਂ ਪੌਂਦੇ ਡੰਡ ਵੇ ।

ਤੇਰੇ ਵੇ ਇਸ਼ਕ ਵਿੱਚ,
ਲਗਦਾ ਨਾ ਪੱਬ ਚੰਨਾ ।
ਤੇਰੀ ਗਲਵੱਕੜੀ ਦੀ,
ਪੂਰਦੀ ਮੈਂ ਛੱਬ ਚੰਨਾ ।
ਘੁੱਟ ਭਰ ਪੀਵਾਂ ਤੈਨੂੰ,
ਵੇਖ ਨਾ ਸਬਰ ਆਵੇ,
ਨਾ ਤੇਰਾ ਮਿੱਠਾ ਵਾਂਗੂੰ ਖੰਡ ਵੇ ।

ਕਾਹਨੂੰ ਮੇਰੇ ਪਿਆਰ ਵਿੱਚ,
ਕਰਨਾ ਏਂ ਸ਼ੱਕ ਵੇ ।
ਦੁੱਧ ਵਿੱਚ ਘੋਲਨਾ ਏਂ,
ਕਾਹਨੂੰ ਪਿਆ ਅੱਕ ਵੇ ।
ਫੁੱਲਾਂ ਦਿਆ ਭੁੱਖਿਆ ਵੇ,
ਬਾਗ਼ ਹੀ ਹਵਾਲੇ ਤੇਰੇ,
ਦੇਈਂ ਸਾਨੂੰ ਹਾਣੀਆਂ ਨਾ ਕੰਡ ਵੇ ।

28. ਕੁੜੀ ਪੰਜਾਬ ਦੀ

ਮਣਾਂ-ਭਾਰੀ ਟੋਕਰੇ ਦੇ,
ਬਾਲੇ ਕੱਢ ਜਾਂਵਦੀ ।
ਹਲ ਵਾਹੁੰਦੇ ਵੀਰਨੇ ਨੂੰ,
ਭੱਤਾ ਚਾ ਪੁਚਾਂਵਦੀ ।

ਹਾਨਣਾਂ ਦੇ ਵਿਆਹਾਂ 'ਚ,
ਪੰਜੇਬਾਂ ਛਣਕਾਂਵਦੀ ।
ਦੁੱਖ ਦਰਦ ਦੁਨੀਆਂ ਦੇ,
ਉਂਗਲੀਂ ਨਚਾਂਵਦੀ ।

ਬੁੱਲ੍ਹੀਆਂ ਦੀ ਛੋਹ ਵਿਚੋਂ,
ਨੈਣਾਂ ਦੇ ਖੁਮਾਰ ਚੋਂ ।
ਚਾਲ ਮਟਕੀਲੀ ਵਿਚੋਂ,
ਹਿੱਕ ਦੇ ਉਭਾਰ ਚੋਂ ।

ਖੇਤਾਂ ਵਿਚੋਂ ਚੁਗੇ ਹੋਏ,
ਨਰਮੇ ਦੇ ਅੰਬਾਰ ਚੋਂ ।
ਘੰਮ ਘੰਮ ਚਾਟੀਆਂ 'ਚ,
ਪੈਂਦੀ ਘੁਮਕਾਰ ਚੋਂ ।

ਬੋੜੇ ਖੂਹੋਂ ਤੌੜਾ ਚੁੱਕੀ,
ਚਾਲ ਦੀ ਨੁਹਾਰ ਚੋਂ ।
ਲੱਕ ਦੇ ਮਰੋੜ ਵਿਚੋਂ,
ਵੰਗਾਂ ਦੀ ਛਣਕਾਰ ਚੋਂ ।

ਸਿਰੋਂ ਉੱਚੀ ਮੱਕੀ ਦੀਆਂ,
ਛੱਲੀਆਂ ਨੂੰ ਡੁੰਗਦੀ ।
ਸਰ੍ਹੋਂ-ਸਾਗ ਤੋੜਦੀ,
ਤੇ ਛੋਲੂਏ ਨੂੰ ਠੁੰਗਦੀ ।

ਲੱਖ ਭਾਵੇਂ ਹੋਣ ਦੁੱਖ,
ਪਿਆਰ ਸੀਨੇ ਪਾਲਦੀ ।
ਪੱਬ ਧਰਤੀ ਲਾਂਵਦੀ ਨਾ,
ਹੁਸਨਾਂ ਦੇ ਤਾਲਦੀ ।

ਸੱਜਣਾਂ ਦੇ ਪਿਆਰ ਨੂੰ ਇਹ,
ਤਿਣਕਿਆਂ ਚੋਂ ਭਾਲਦੀ ।
ਯਾਰ ਦੇ ਪਿਆਰ ਲਈ,
ਲੱਖ ਜਫਰ ਜਾਲਦੀ ।

ਚਾਈਂ ਚਾਈਂ ਵਿਉਲ੍ਹੀਆਂ ਤੋਂ,
ਪਤੀ-ਪਿਆਰ ਪੁੱਛਦੀ ।
ਨਿੱਤ ਨਵੇਂ ਹੌਕਿਆਂ 'ਚ,
ਜਾਨ ਇਹਦੀ ਲੁੱਛਦੀ ।

ਛੋਪ ਵਿੱਚ ਕੱਤ ਰਹੀ,
ਚਰਖਿਆਂ ਦੀ ਘੂਕ ਚੋਂ ।
ਤੀਆਂ ਵਿੱਚ ਨੱਚ ਰਹੀ,
ਗੀਤਾਂ ਵਾਲੀ ਹੂਕ ਚੋਂ ।

ਡੌਲਿਆਂ ਤੇ ਪੱਟਾਂ ਨਾਲ,
ਪੀਂਘ ਚੜ੍ਹੀ ਸ਼ੂਕ ਚੋਂ ।
ਬੜਾ ਕੁਝ ਲੱਭੇ ਸਾਨੂੰ,
ਇਹਦੇ ਪਿਆਰ ਮੂਕ ਚੋਂ ।

ਗਿੱਧਿਆਂ ਦੀ ਤਾਲ ਵਿੱਚ,
ਵੀਰ ਦੇ ਪਿਆਰ ਚੋਂ ।
ਹੁਸਨ ਝਾਤ ਪਾਵੇ,
ਇਹਦੇ ਮੁੱਖ ਦੇ ਨਿਖਾਰ ਚੋਂ ।

29. ਚੁੰਨੀ

ਵੀਰੇ ਨੇ ਧਰਤੀ ਛੇੜੀ ਸੀ ।
ਨਰਮੇ ਨੇ ਅੱਖ ਉਘੇੜੀ ਸੀ ।
ਪੇਂਜੇ ਪਿੰਜ ਰੂੰ ਨਖੇੜੀ ਸੀ ।
ਗਈ ਚਾਂਦੀ ਵਾਂਗੂੰ ਸੱਜ ਕੁੜੇ ।

ਤਾਣੀ ਬੁਣ ਕੀਲੇ ਟੰਗੀ ਸੀ ।
ਰੰਗਰੇਜ਼ ਨੇ ਸੋਹਣੀ ਰੰਗੀ ਸੀ ।
ਬਚਪਨ ਵਿੱਚ ਰੰਗ ਬਰੰਗੀ ਸੀ ।
ਨਾ ਸ਼ਰਮ ਹਯਾ ਨਾ ਲੱਜ ਕੁੜੇ ।

ਚੁੰਨੀ ਵਿੱਚ ਦਾਣੇ ਪਾਂਦੀ ਮੈਂ ।
ਭਠੀਆਂ ਵੱਲ ਭੱਜੀ ਜਾਂਦੀ ਮੈਂ ।
ਤੇ ਝੱਟ ਭੁਨਾ ਲੈ ਆਂਦੀ ਮੈਂ ।
ਵੰਡ ਦੇਂਦੀ ਨਾਲ ਸੁਚੱਜ ਕੁੜੇ ।

ਅੱਖ ਪੂੰਝੇ ਵੀਰ ਵਰਿਆਉਂਦੀ ਸੀ ।
ਥਾਂ ਹੂੰਝ ਹੂੰਝ ਚਮਕਾਉਂਦੀ ਸੀ ।
ਰੇਤੇ ਚੋਂ ਰੜਾ ਬਣਾਉਂਦੀ ਸੀ ।
ਮਾਂ ਆਖੇ ਛੱਜ ਕੁਚੱਜ ਕੁੜੇ ।

ਜਦ ਚੁੰਨੀ ਜ਼ਰਾ ਰਕਾਨ ਹੋਈ ।
ਬਚਪਨ ਛੱਡ ਜੁਆਨ ਹੋਈ ।
ਲੰਮਾ ਕੱਦ ਸਰੂ-ਨਿਸ਼ਾਨ ਹੋਈ ।
ਫਿਰ ਚੁੰਨੀ ਦਾ ਕੀ ਹੱਜ ਕੁੜੇ ।

ਚੁੰਨੀ ਜਾਂ ਸਿਰ ਤੇ ਰੱਖ ਲਵਾਂ ।
ਝੱਟ ਲਹਿ ਜਾਵੇ ਮੈਂ ਲੱਖ ਲਵਾਂ ।
ਕਦੀ ਇੰਞ ਲਵਾਂ, ਇੰਞ ਵੱਖ ਲਵਾਂ ।
ਨਖਰੇ ਦਾ ਨਾਹੀਂ ਰੱਜ ਕੁੜੇ ।

ਬੁੱਕਲ ਜਦ ਇਸਦੀ ਮਾਰਾਂ ਮੈਂ ।
ਘੁੱਟ ਸੀਨੇ ਨਾਲ ਪਿਆਰਾਂ ਮੈਂ ।
ਮਿੱਠਾ ਕੋਈ ਨਿੱਘ ਚਿਤਾਰਾਂ ਮੈਂ ।
ਦੁੱਖੜੇ ਸਭ ਜਾਵਣ ਭੱਜ ਕੁੜੇ ।

ਇਹਦੇ ਵਿੱਚ ਸੀਰਤ ਭਾਰੀ ਨੀ ।
ਜ਼ੁਲਫ਼ਾਂ ਲਈ ਬਣੀ ਪਟਿਆਰੀ ਨੀ ।
ਸਿਰ ਤੇ ਮੈਂ ਰੀਝ ਸ਼ੰਗਾਰੀ ਨੀ ।
ਫਨੀਅਰ ਇਸ ਲੀਤੇ ਕੱਜ ਕੁੜੇ ।

ਸਹੁਰੀਂ ਜੋ ਪੱਲਾ ਕਰਦੀ ਮੈਂ ।
ਇਹ ਜਬਰ ਧੁਰਾਂ ਦਾ ਜਰਦੀ ਮੈਂ ।
ਚੰਦਰੇ ਸਮਾਜ ਤੋਂ ਡਰਦੀ ਮੈਂ ।
ਇਹ ਧੱਕ ਗਈ ਕੀ ਵੱਜ ਕੁੜੇ ।

ਘੁੰਡ ਦਾ ਤਾਂ ਐਵੇਂ ਭੇਖ ਕੁੜੇ ।
ਮੈਨੂੰ ਵਿਚਦੀ ਲੈਂਦੇ ਦੇਖ ਕੁੜੇ ।
ਪਿੱਟਾਂ ਮੈਂ ਆਪਣੇ ਲੇਖ ਕੁੜੇ ।
ਦੁਨੀਆਂ ਦੀ ਵੇਖੋ ਲੱਜ ਕੁੜੇ ।

ਚੁੰਨੀ ਤੋਂ ਸਦਕੇ ਜਾਵਾਂ ਮੈਂ ।
ਜਿੰਦ ਆਪਣੀ ਘੋਲ ਘੁਮਾਵਾਂ ਮੈਂ ।
ਘੁੱਟ ਘੁੱਟ ਕੇ ਜੱਫੀਆਂ ਪਾਵਾਂ ਮੈਂ ।
ਦਰਦਾਂ ਨੂੰ ਦੇਵਾਂ ਤੱਜ ਕੁੜੇ ।

ਚੁੰਨੀ ਦੀ ਵੇਖਾਂ ਛੱਬ ਵੱਲੇ ।
ਮੇਰਾ ਕਿਤੇ ਨਾ ਲਗਦਾ ਪੱਬ ਵੱਲੇ ।
ਹੁਸਨਾਂ ਵਿੱਚ ਵਸਦਾ ਰੱਬ ਵੱਲੇ ।
ਦਿਲਦਾਰ ਬਣੇ ਕੋਈ ਜੱਜ ਕੁੜੇ ।

30. ਮੁਕਲਾਵੇ ਮੈਨੂੰ ਤੋਰ ਨੀ ਮਾਂ

ਮਾਵਾਂ ਠੰਡੀਆਂ ਛਾਵਾਂ ਮਾਏ ।
ਲੱਖ ਤੇਰੇ ਗੁਣ ਗਾਵਾਂ ਮਾਏ ।
ਤੈਨੂੰ ਵਾਸਤੇ ਪਾਵਾਂ ਮਾਏ ।
ਇੱਕੋ ਪਰਦਾ ਮਾਵਾਂ ਧੀਆਂ ਦਾ,
ਆਖਾਂ ਤੈਨੂੰ ਠੋਰ ਨੀ ਮਾਂ ।

ਜੋਸ਼ ਜੁਆਨੀ ਤੇ ਹੁਸਨ ਕਹਿਰ ਦਾ ।
ਦਿਲੀ-ਵਹਿਣ ਦਰਿਆਈ ਲਹਿਰ ਦਾ ।
ਹੋ ਗਿਆ ਜਾਂ ਸੌ ਸਾਲ ਪਹਿਰ ਦਾ ।
ਦੋ ਤੀਆਂ ਦੋ ਕਰੂਏ ਲੰਘੇ,
ਕਿਵੇਂ ਲੰਘਾਵਾਂ ਹੋਰ ਨੀ ਮਾਂ ।

ਖੇਡ ਲਿਆ ਹੁਣ ਰੱਜ ਅੰਮੜੀਏ ।
ਅੱਗੇ ਦਾ ਕੀ ਹੱਜ ਅੰਮੜੀਏ ।
ਤੋਰੀਂ ਸਹੁਰੇ ਅੱਜ ਅੰਮੜੀਏ ।
ਆਪ ਗੰਵਾਵੇ ਤਾਂ ਸ਼ਹੁ ਪਾਵੇ,
ਹਰਦਮ ਸ਼ਹੁ ਦਾ ਲੋਰ ਨੀ ਮਾਂ ।

ਕੰਮ ਨੀ ਮੁਕਣਾ ਤੇਰੇ ਘਰ ਦਾ ।
ਹੋ ਗਿਆ ਲਾਲਚ ਤੈਨੂੰ ਜ਼ਰ ਦਾ ।
ਕੀ ਕਰਨਾ ਹੈ ਫੇਰ ਮੈਂ ਵਰ ਦਾ ।
ਰੋ ਕੇ ਪਿੱਟ ਕੇ ਥੱਕ ਲਵਾਂਗੀ,
ਧੀਆਂ ਦਾ ਕੀ ਜ਼ੋਰ ਨੀ ਮਾਂ ।

ਗੋਲਾ ਧੰਦਾ ਮੈਂ ਨਹੀਂ ਕਰਨਾ ।
ਨਿੱਤ ਨਵੇਂ ਦਿਨ ਹਉਂਕੇ ਭਰਨਾ ।
ਮਾਹੀਏ ਬਾਝੋਂ ਹੁਣ ਕੀ ਸਰਨਾ ।
ਮੱਘਰ ਤੇ ਪੋਹ ਟੱਪ ਗਏ ਜੇ,
ਸੱਧਰਾਂ ਹੋਸਣ ਖੋਰ ਨੀ ਮਾਂ ।

ਸੜ ਜਾਏ ਤੇਰਾ ਪੇਟਾ ਤਾਣਾ ।
ਚਰਖਾ ਘੂਕੇ ਮੈਂ ਸਹੁਰੀਂ ਜਾਣਾ ।
ਮਾਹੀਆ ਮੇਰੇ ਦਿਲ ਦਾ ਰਾਣਾ ।
ਮਹਿੰਦੀ ਦਾ ਰੰਗ ਉਡਦਾ ਜਾਂਦਾ,
ਢੂੰਡੇ ਦਿਲ ਦਾ ਚੋਰ ਨੀ ਮਾਂ ।

ਮਸਤ-ਘਟਾਵਾਂ ਅੰਬਰ ਛਾਈਆਂ ।
ਠੋਸੇ ਦੇਵਣ ਮੈਨੂੰ ਆਈਆਂ ।
ਹਰ ਇਕ ਜੋੜਾ ਲਾਵੇ ਸਾਈਆਂ ।
ਹਵਾ ਝੰਜੋੜੇ ਮੋਢਿਓਂ ਫੜਕੇ,
ਪਉਣ ਉਮੰਗਾਂ ਸ਼ੋਰ ਨੀ ਮਾਂ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਾਮ ਸਰੂਪ ਅਣਖੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਰਾਮ ਸਰੂਪ ਅਣਖੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ