Manukh Di Vaar : Harinder Singh Roop

ਮਨੁਖ ਦੀ ਵਾਰ : ਹਰਿੰਦਰ ਸਿੰਘ ਰੂਪ

ਧੁੰਦੂਕਾਰਾ

ਬਣਿਆ ਨਹੀਂ ਜਹਾਨ ਸੀ, ਸਨ ਅੰਧ ਗੁਬਾਰੇ।
ਸਮਝੋ ਗੁਫ਼ਾ ਹਨੇਰ ਦੀ, ਤੇ ਜੋਗੀ ਤਾਰੇ।
ਹੈ ਸਨ ਕਾਲੀ ਕੁੱਖ ਵਿਚ, ਫੁਲ ਮਹਿਕਣ ਹਾਰੇ।
ਪੈਂਦੇ ਨਹੀਂ ਸਨ ਓਸ ਜੁੱਗ, ਹੁਸਨੀ ਲਿਸ਼ਕਾਰੇ।
ਉਠਦੇ ਨਹੀਂ ਸਨ ਓਸਲੇ, ਮਨਤ੍ਰੰਗ ਨਿਆਰੇ।
ਮਮਤਾ ਸੁੱਤੀ ਘੂਕ ਸੀ, ਅਤ ਘੁਪ-ਚੁਬਾਰੇ।
ਨਾ ਹੀ ਮੂੰਹ ਸਨ ਓਸਲੇ, ਨਾ ਬੋਲ-ਛੁਹਾਰੇ।
ਬਦਲੇ ਹੁਸਨ ਪ੍ਰੀਤ ਨਾ, ਹੁਣ ਵਾਕਰ ਖਾਰੇ।
ਹਰਿਆਵਲ ਸੀਤਾ ਹਰੀ, ਜੁਗ ਰੌਣ ਕਰਾਰੇ।
ਬੱਦਲਾਂ ਝੂਲੇ ਪਾਏ ਨਾ, ਨਾ ਰੰਗ ਨਿਖਾਰੇ।
ਦਮ ਕਿਸੇ ਨਾ ਮਾਰਿਆ, ਚੁਪ ਪੈਰ ਪਸਾਰੇ।
ਨਾ ਹੀ ਕੋਇਲਾਂ ਕੂਕੀਆਂ, ਨਾ ਮੋਰ ਪੁਕਾਰੇ।
ਚੱਲੇ ਨਹੀਂ ਸਨ ਓਸਲੇ, ਕਿਰਨਾਂ ਦੇ ਚਾਰੇ।
ਦਿਸਦੇ ਨਹੀਂ ਸਨ ਇਸ ਤਰ੍ਹਾਂ, ਇਹ ਬਰਫ਼-ਮੁਨਾਰੇ।
ਓਦੋਂ ਸਨ ਅਣਹੋਂਦ ਵਿਚ, ਇਹ ਝਰਣੇ ਸਾਰੇ।
ਰਿਸ਼ਮਾਂ ਨਹੀਂ ਸਨ ਮੌਲੀਆਂ, ਲੈ ਚੰਦ ਹੁਲਾਰੇ।
ਪਾਏ ਅੰਨ੍ਹ ਅਨ੍ਹੇਰ ਨੇ, ਅਗਿਆਨ-ਖਿਲਾਰੇ।
ਓਸ ਭਵਾਏ ਰੱਬ ਦੇ, ਕੁਲ ਭੰਬਰ ਤਾਰੇ।

ਤਾ ਜੁਗ

ਆਖਣ ਕਈ ਜੁਗਾਦ ਵਿਚ, ਗਰਮੀ ਸੀ ਆਈ।
ਬਿਰਹੁੰ ਕੁਠੀ ਵਾਂਗ ਸੀ, ਉਸ ਦੇਹ ਤਪਾਈ।
ਗਰਮੀ ਸੌਦਾ ਲਾਇਆ, ਗਰਮੀ ਦੀ ਸਾਈ।
ਤਪਸ਼ਾਂ ਤਾਵਾਂ ਸਾੜਿਆਂ, ਬਹਿ ਪਰ੍ਹੇ ਜਮਾਈ।
ਅਣ ਦਸਿਆਂ ਬ੍ਰਹਿਮੰਡ ਤੇ, ਕਸ-ਫ਼ੌਜ ਚੜ੍ਹਾਈ।
ਕੁਦਰਤ ਮੱਥਾ ਫੋੜ ਕੇ, ਚੰਡੀ ਚਮਕਾਈ।
ਤੱਪਸ਼ ਰਹੀ ਅਜਿੱਤ ਸੀ, ਜੈ ਫ਼ਤਹ ਗਜਾਈ।
ਤਾ ਨੇ ਮਨਮੁਖ ਵਾਂਗਰਾਂ, ਕੀਤੀ ਮਨ ਆਈ।
ਦੂਣਾ ਹੁੰਦਾ ਹੀ ਗਿਆ, ਵਡ ਜੋਸ਼-ਕਸਾਈ।
ਗਰਮੀ ਜਪ ਕੇ ਸਾਰਿਆਂ, ਗਰਮੀ ਗਤ ਪਾਈ।
ਗਰਮੀ ਸ਼ਾਹਣੀ ਵਾਂਗ ਸੀ, ਬ੍ਰਹਿਮੰਡੇ ਆਈ।
ਤਪੱਸ਼-ਹੁੰਡੀ ਓਸ ਨੇ, ਬੇਹਦ ਚਲਾਈ।
ਖਾਤਾ ਰਖਿਆ ਗੈਸ ਦਾ, ਕਸ-ਸੂੜ ਬਣਾਈ।
ਗੈਸਾਂ ਦੋਹੀ ਫੇਰ ਕੇ, ਅਗ ਖ਼ੂਬ ਧੁਮਾਈ।
ਅਗ ਖਾਂਦੇ ਅਗ ਪੀਂਦਿਆਂ, ਤਾ ਉਮਰ ਬਿਤਾਈ।
ਗੈਸ ਚੜ੍ਹੀ ਅਸਮਾਨ ਤੇ, ਲਾਵਾ ਬਣ ਧਾਈ।
ਗੁੱਲੀ ਬਣ ਕੇ ਅਰਸ਼ ਤੇ, ਜੁੱਗ ਫਿਰੀ ਫਿਰਾਈ।
ਲਾਵੇ ਦਾ ਚੱਕ ਘੁੰਮਿਆ, ਇਹ ਧਰਤ ਬਣਾਈ।
ਫੱਬੀ ਨਹੀਂ ਸੀ ਹਾਲ ਤਕ, ਹੁਸਨਾਂ ਦੀ ਮਾਈ।

ਬਰਫ਼ ਜੁਗ

ਬਰਫ਼ਾਂ ਹੱਥ ਵਖਾਇਆ, ਤਾ ਕਹਿਰ ਉਡਾਇਆ।
ਬਰਫ਼ ਵਛੌਣਾ ਕਰਦਿਆਂ, ਤਨ ਨੂੰ ਫੈਲਾਇਆ।
ਸੁੱਤੀ ਆਕੜ ਲੈਂਦਿਆਂ, ਜਗ ਮੂਲ ਭੁਲਾਇਆ।
ਨੀਲ ਪਿਆ ਅਸਮਾਨ ਨੂੰ, ਠੰਢ ਹਥ ਵਖਾਇਆ।
ਬਰਫ਼ਾਂ ਦਾ ਹਥਿਆਰ ਸੀ, ਤੇ ਬਰਫ਼ ਚਲਾਇਆ।
ਬਰਫ ਤਤ ਰੁੱਤ ਮਾਹ ਬਰਫ਼, ਦੋ ਦਾਈ ਦਾਇਆ।
ਹਾਲੀ ਜੋਗੀ ਇਸ਼ਕ ਦਾ, ਵਿਹੜੇ ਨਾ ਆਇਆ।
ਵੱਸੀ ਨਹੀਂ ਸੀ ਹਾਲ ਤਕ, ਕਣੀਆਂ ਦੀ ਮਾਇਆ।
ਬਰਫ਼ਾਂ ਹਾਲੀ ਤੀਕ ਨਾ, ਪਾਣੀ ਪੁੱਤ ਜਾਇਆ।
ਸਾਗਰ ਆਕੜ ਲੈਂਦਿਆਂ, ਨਾ ਮੌਜੀਂ ਆਇਆ।
ਜੁਗ ਦੇ ਰਿਸ਼ੀ ਅਡੋਲ ਬਹਿ, ਠੰਢ ਜਾਪ ਜਪਾਇਆ।
ਬਰਫ਼ਾਂ ਦਾ ਭਗਵਾਨ ਸੀ, ਬਰਫ਼ਾਨੀ ਮਾਇਆ।
ਠੰਢ ਤਕੜੀ ਤੇ ਠੰਢ ਦਾ, ਕੁਲ ਤੋਲ ਤੁਲਾਇਆ।
ਪਾਸਾ ਸੁਟਿਆ ਬਰਫ਼ ਨੇ, ਦਾ ਬਰਫ਼ਾਂ ਲਾਇਆ।
ਜੁਗ-ਚਾਟੇ ਵਿਚ ਬਰਫ਼ ਦਾ, ਜਗ ਦਹੀਂ ਜਮਾਇਆ।
ਪਹਿਰਾ ਮੁੱਕਾ ਬਰਫ਼ ਦਾ, ਅੱਤ ਅੰਤ ਕਰਾਇਆ।

ਅੱਤ ਦਾ ਅੰਤ

ਅੱਤ ਦਾ ਹੋਂਦਾ ਅੰਤ ਹੈ, ਰਬ ਨੂੰ ਨਾ ਭਾਏ।
ਦੂਹਰਾ ਹੋਂਦਾ ਬੈਂਤ ਹੈ, ਜੋ ਧੌਂਸ ਦਿਖਾਏ।
ਰੁਖ ਚੜ੍ਹਦਾ ਅਸਮਾਨ ਨੂੰ ਜੜ੍ਹ ਮੂਲ ਵਢਾਏ।
ਜਿਸ ਦਿਨ ਫੁਲਦਾ ਚੰਦ ਹੈ, ਮੁੜ ਨਜ਼ਰ ਨ ਆਏ।
ਮਸਿਆ ਚੁਕਦੀ ਅੱਤ ਜਦ, ਚੰਦ ਰੂਪ ਦਿਖਾਏ।
ਗਰਮੀ ਦੀ ਅੱਤ ਸਾਉਣ ਨੂੰ, ਸਦ ਸਿਰੇ ਚੜ੍ਹਾਏ।
ਭਾਦੋਂ ਬੜ੍ਹਕਾਂ ਮਾਰਦਾ, ਤਾਂ ਸਰਦੀ ਆਏ।
ਸਰਦੀ ਹੱਥ ਦਿਖਾਉਂਦੀ, ਪੱਤ-ਝੜ ਛਾ ਜਾਏ।
ਪੱਤ ਝੜ ਚੁਕਦੀ ਅੱਤ ਜਾਂ, ਰੁੱਤ ਰੂਪ ਫਬਾਏ।
ਰੁੱਤ ਬਹਾਰੀ ਆਉਂਦੀ, ਜਦ ਜੋਸ਼ ਦਿਖਾਏ।
ਓਸੇ ਵੇਲੇ ਰੂਪ ਜੀ, ਤਾ ਆਣ ਸੁਕਾਏ।
ਅੱਤ ਨਾ ਰਹਿੰਦੀ ਜਗਤ ਵਿਚ, ਕਢ ਤਤ ਸੁਝਾਏ।
ਘਟਦੀ ਗਰਮੀ ਧਰਤ ਤੋਂ, ਜਦ ਜ਼ੁਲਮ ਵਰ੍ਹਾਏ।
ਕਿਸ ਨੇ ਅੱਤਾਂ ਚੁਕਦਿਆ, ਦਸ ਨਫ਼ੇ ਕਮਾਏ?
ਸੂਰਜ ਮੁਖੀਏ ਗੁੱਟਿਆਂ, ਨਾ ਮੁਖ ਵਖਾਏ।
ਟਹਿਕੇ ਨਹੀਂ ਗੁਲਾਬ ਸਨ, ਹੁਸਨਾਂ ਦੇ ਜਾਏ।
ਅਗਣ ਚੰਡੋਲਾਂ ਮੌਜ ਵਿਚ, ਨਾ ਟਪੇ ਗਾਏ।
ਦਈਅੜ ਤੇ ਕਸਤੂਰਿਆਂ, ਨਾ ਰਾਗ ਸੁਣਾਏ।
ਡਾਲਾਂ ਉਪਰ ਪਤਰਾਂ, ਨਾ ਗਿਧੇ ਪਾਏ।
ਹਾਲੀ ਉਠ ਉਠ ਸਾਗਰਾਂ, ਨਾ ਸੰਖ ਵਜ਼ਾਏ।
ਪੱਥਰ ਹੈ ਸਨ ਖੁਰਦਰੇ, ਜਿਉਂ ਦੈਂਤ ਬਹਾਏ।
ਬਾਘ ਉਨਾਘਾਂ ਚਿਤਰਿਆਂ, ਨਾ ਫੇਰੇ ਪਾਏ।
ਫਿਰੇ ਨਾ ਹੀਰੇ ਹਰਨ ਸਨ, ਹੁਸਨਾਂ ਦੇ ਜਾਏ।

ਜੀਵਣ ਜੁਗ

ਧਰਤੀ ਪਾਸਾ ਪਰਤਿਆ, ਤੇ ਮੌਜਾਂ ਲਾਈਆਂ।
ਕਿਰਨਾਂ ਬਰਫ਼ੀ ਵਸੀਆਂ, ਕੂਲਾਂ ਲਹਿਰਾਈਆਂ।
ਪਾਣੀ ਨੇ ਸਨ ਸਿੰਜੀਆਂ, ਥਾਵਾਂ ਹਰਿਆਈਆਂ।
ਧਰਤੀ ਨੂੰ ਜਲ ਮਿਲ ਗਿਆ, ਆਸਾਂ ਬਰ ਆਈਆਂ।
ਮਹਿਕਾਂ ਮੌਲਣ ਲੱਗੀਆਂ, ਮਚੀਆਂ ਹਰਿਆਈਆਂ।
ਮਿਲੀਆਂ ਜੋਬਨ ਹੁਸਨ ਤੋਂ, ਹਰ ਵਕਤ ਵਧਾਈਆਂ।
ਮਾਦੇ ਨੇ ਲਖ ਰੂਪ ਹੋ, ਜੂਨਾਂ ਉਪਜਾਈਆਂ।
ਵੇਲਾਂ ਮੱਛਾਂ ਸਾਗਰੀਂ, ਧਾ ਲਹਿਰਾਂ ਲਾਈਆਂ।
ਘੋਗੇ ਕੌਡਾਂ ਸਿੱਪੀਆਂ, ਜੂਨਾਂ ਸਮਝਾਈਆਂ।
ਸ਼ੀਂਹ ਬਘੇਲੇ ਗਰਜਦੇ, ਜੂਹਾਂ ਘਬਰਾਈਆਂ।
ਹਾਥੀ ਘੋੜੇ ਹੋ ਗਏ, ਤੇ ਹੋਰ ਬਲਾਈਆਂ।
ਹੋਈਆਂ ਨਾਸ ਅਲੋਪ ਹੁਣ, ਓਦੋਂ ਸਨ ਆਈਆਂ।
ਵੇਲਾਂ ਨੇ ਵਲ ਖਾਂਦਿਆਂ, ਦੇਹਾਂ ਮਟਕਾਈਆਂ।
ਬਿਦ ਬਿਦ ਬੋੜ੍ਹਾਂ ਪਿਪਲਾਂ, ਬਾਹਾਂ ਫੈਲਾਈਆਂ।
ਬਹਿਰੀ ਜੁਰੇ ਸ਼ਹੀਨ ਨੇ, ਕੂੰਜਾਂ ਦਬਕਾਈਆਂ।
ਸ਼ਿਕਰੇ ਬਾਜ਼ ਉਕਾਬ ਨੂੰ, ਭੁਖ ਦਿਤੀਆਂ ਸਾਈਆਂ।
ਤਿੱਤਰਾਂ ਕਿਹਾ ਸੁਬਹਾਨ ਤੂੰ, ਚਿੜੀਆਂ ਚਿਚਲਾਈਆਂ।
ਹਰੀਅਲ ਤਿਲੀਅਰ ਬਹਿ ਗਏ, ਡਾਲਾਂ ਦਮਕਾਈਆਂ।
ਸੁਰਖਾਂ ਦਾ ਰੰਗ ਵੇਂਹਿੰਦਿਆਂ, ਚਿੱਟੀਆਂ ਸ਼ਰਮਾਈਆਂ।
ਬਾਂਦਰ ਤੋਂ ਹੀ ਬਦਲ ਕੇ, ਇਹ ਸ਼ਕਲਾਂ ਆਈਆਂ।
ਆਈਆਂ ਵਿਚ ਜਹਾਨ ਦੇ, ਹੁਣ ਹੱਵਾ ਜਾਈਆਂ।
ਆਦਮ ਨੇ ਭੁਖ ਵਾਸਤੇ, ਕੁਲ ਵਾਹਾਂ ਲਾਈਆਂ।
ਰਾਜ਼ ਸੁਣਾਏ ਧਰਤ ਨੇ, ਹਿੱਕਾਂ ਫੁਲਵਾਈਆਂ।

ਆਦਿ ਮਨੁਖ

ਜੰਮਿਆ ਸੂਰਾ ਧਰਤ ਦਾ, ਮਾਨੁਖ ਨਿਆਰਾ।
ਨਾਂਗਾ ਫਿਰਿਆ ਅਸਲ ਸਾਧ, ਬਹੁ ਜੁਗ ਵਿਚਾਰਾ।
ਜਤ ਦੇ ਘਾਹਾਂ ਢਕਿਆ, ਉਹਦਾ ਤਨ ਸਾਰਾ।
ਓਸੇ ਕਾਰਨ ਮਾਰਿਆ, ਪਾਲਾ ਹਤਿਆਰਾ।
ਮੁੜ ਖੱਲਾਂ ਦੇ ਨਾਲ ਉਸ, ਕਰ ਲਿਆ ਗੁਜ਼ਾਰਾ।
ਭੁਖ ਲਈ ਸੀ ਭਟਕਦਾ, ਕਰ ਮਾਰੋ ਮਾਰਾ ।
ਪੱਥਰ ਦੇ ਹਥਿਆਰ ਦਾ, ਕੀਤਾ ਵਰਤਾਰਾ ।
ਕਰਦਾ ਪਸ਼ੂਆਂ ਨਾਲ ਸੀ, ਵਡ ਜੁੱਧ ਕਰਾਰਾ।
ਹੋਂਦਾ ਜੰਗਲਾਂ ਵਿਚ ਸੀ, ਨਿਤ ਧੁੰਦੂਕਾਰਾ।
ਹਿਮਤਾਂ ਦਾ ਅਵਤਾਰ ਸੀ, ਉਹ ਮਰਦ ਨਿਆਰਾ।
ਬਾਹਾਂ ਚੀਲਾਂ ਵਾਂਗ ਸਨ, ਕਦ ਪਰਬਤ ਭਾਰਾ ।
ਤ੍ਰਾਹ ਖਾਂਦੇ ਸਨ ਸ਼ੇਰ ਵੀ, ਸੁਣ ਕੇ ਲਲਕਾਰਾ।
ਸਿੱਲ੍ਹੀ ਭੋਂ ਤੇ ਤੁਰਦਿਆਂ, ਕਰਦਾ ਸੀ ਗਾਰਾ ।
ਹੱਥ ਲਾਉਂਦਾ ਸੀ ਟਹਿਣ ਨੂੰ, ਰੁਖ ਝੁਕਦਾ ਸਾਰਾ।
ਹੈ ਸੀ ਕਾਲੇ ਰੰਗ ਵਿਚ, ਉਹ ਸਿਹਤ ਭੰਡਾਰਾ।
ਚਲਦਾ ਖੰਜਰ ਵਾਂਗਰਾਂ, ਨਹੁੰਆਂ ਦਾ ਚਾਰਾ।
ਥੋੜਾ ਹੀ ਸੀ ਚਮਕਿਆ, ਅਕਲਾਂ ਦਾ ਤਾਰਾ।
ਵਾਧੇ ਪਿਆ ਗਿਆਨ ਨਾ, ਚੰਨ ਮੋਹਣ ਹਾਰਾ।
ਕੀਤਾ ਨਹੀਂ ਸੀ ਸੂਝ ਨੇ, ਕੁਝ ਜੁਗਤ ਦਿਦਾਰਾ।
ਲਹਿ ਨਾ ਸਕਿਆ ਹਾਲ ਤਕ, ਅਗਿਆਨ-ਅਫ਼ਾਰਾ।
ਗੁੰਗਾ ਰਸਨਾ ਹੋਂਦਿਆਂ, ਤੇ ਬੋਲ ਇਸ਼ਾਰਾ।

ਪੰਛੀ ਫਟਕਾਂਦਾ ਰਿਹਾ, ਕੱਚੇ ਹੀ ਖਾਂਦਾ।
ਦੰਦਾਂ ਦੇ ਵਿਚ ਸੰਖੀਆਂ, ਉਹ ਰਿਹਾ ਦਬਾਂਦਾ।
ਰਿੱਛਾਂ ਦੇ ਵੀ ਮਾਸ ਨੂੰ, ਕਰ ਭਸਮ ਦਿਖਾਂਦਾ।
ਜਿੰਦ ਕਢਦਾ ਸੀ ਸ਼ੇਰ ਦੀ, ਪਟ ਨਾਲ ਦਬਾਂਦਾ।
ਧੌਂਸੇ ਬਦਲਾਂ ਵਾਂਗਰਾਂ, ਉਹ ਗਰਜ ਸੁਣਾਂਦਾ।
ਕੱਚੇ ਫਲ ਪੱਤ ਖਾਂਦਿਆਂ ਉਹ ਝਟ ਲੰਘਾਂਦਾ।
ਗੈਂਡੇ ਬੱਬਰ ਸ਼ੇਰ ਦਾ, ਹੀਆ ਕਢ ਜਾਂਦਾ।
ਛਕਦਾ ਜੜ੍ਹੀਆਂ ਬੂਟੀਆਂ, ਪਲ ਵਿਚ ਹਜ਼ਮਾਂਦਾ।
ਜੰਗਲ ਵਿਚ ਜਿੰਦ ਜਾਪਦੀ, ਜਦ ਪੈਰ ਹਿਲਾਂਦਾ।
ਪੋਟੇ ਸੰਗ ਹਰਨੋਟੜੇ, ਉਹ ਪਾਰ ਬਲਾਂਦਾ।
ਤੌੜੀ ਜਿਸ ਦਮ ਮਾਰਦਾ, ਸੁਣਸਾਨ ਡਰਾਂਦਾ।
ਢਿਡ ਰਬ ਢਿਡ ਫ਼ਲਸਫ਼ਾ, ਢਿਡੋ ਢਿਡ ਭਾਂਦਾ।
ਏਸੇ ਖ਼ਾਤਰ ਰੂਪ ਜੀ, ਨਿਤ ਬਣਤ ਬਣਾਂਦਾ।

ਜੁਗ ਲੰਘੇ ਮਨ ਇਸ ਤਰਾਂ, ਢਿੱਡ ਸੇਵ ਕਮਾਂਦੇ।
ਦਿਲ ਉਮਲ੍ਹੇ ਬੋਲਣ ਲਈ, ਬੁਲ੍ਹ ਵਾਹਾਂ ਲਾਂਦੇ।
ਮਨ-ਤ੍ਰੰਗ ਉਠਦੇ ਸਦਾ, ਹੋਠੀਂ ਟਕਰਾਂਦੇ।
ਪਿੱਛੇ ਮੁੜਦੇ ਰਾਤ ਦਿਨ, ਮੁੜ ਠੇਡੇ ਖਾਂਦੇ।
ਸਿਰ ਵਲ ਚੜ੍ਹਦੇ ਬੇ ਬਸੇ, ਹੰਝੂ ਬਣ ਜਾਂਦੇ।
ਇਕ ਦੂਜੇ ਨੂੰ ਦੇਖ ਕੇ, ਜੱਫੀ ਜਾ ਪਾਂਦੇ।
ਖੁਲ੍ਹ ਗਏ ਏਦਾਂ ਰੂਪ ਜੀ, ਦਫ਼ਤਰ ਪ੍ਰੀਤਾਂ ਦੇ,
ਪਰ ਬੋਲੀ ਦੇ ਬਾਝ ਸਨ, ਨਕਸ਼ੇ ਬੁਤਾਂ ਦੇ।
ਪੰਛੀ ਬੋਲ ਸੁਣਾਉਂਦੇ, ਇਹ ਗੁਸਾ ਖਾਂਦੇ।
ਕਿੰਨੀ ਵਾਰੀ ਉਸ ਤਰ੍ਹਾਂ, ਰੀਸਾਂ ਸਨ ਲਾਂਦੇ।
ਹੂੰ ਹੂੰ ਹਾਂ ਹਾਂ ਕਰਦਿਆਂ, ਸਮਝਣ, ਸਮਝਾਂਦੇ।
ਚਿਤਰ ਲਿੱਪੀ ਰੂਪ ਜੀ, ਕੁਝ ਸੋਚ ਸਜਾਂਦੇ।

ਚਿਤਰ-ਲਿਪੀ

ਭਾਵ ਸੁਝਾਉਣ ਵਾਸਤੇ, ਤਸਵੀਰ ਬਣਾਈ।
ਓਹੋ ਉਹਦਾ ਬੋਲ ਸੀ, ਤੇ ਹੁਨਰ ਕਮਾਈ।
ਮੂਰਤ ਅਖਰ ਵਾਸਤੇ, ਉਸ ਸੋਚ ਦੁੜਾਈ।
ਗੁੱਸਾ ਦਸਣ ਵਾਸਤੇ, ਬਿਜਲੀ ਕੜਕਾਈ।
ਹਾਸਾ ਖੇੜਾ ਦਸਦਿਆਂ, ਜਲ ਤ੍ਰੰਗ ਉਠਾਈ।
ਸੋਗ ਸ਼ੋਕ ਜਤਲਾਂਦਿਆਂ, ਗੋਹ ਤੋਰ ਵਖਾਈ।
ਵਿੰਗੀ ਚਾਲ ਚਲਾਉਂਦਿਆਂ, ਸੱਪ ਚਾਲ ਚਲਾਈ।
ਜ਼ੋਰ ਲਈ ਉਹ ਬਾਂਹ ਦੀ, ਕਰ ਗਿਆ ਵਹਾਈ।
ਜੋਬਨ ਦਸਣ ਕਾਰਨੇ, ਫੁਲ ਸ਼ਕਲ ਫਬਾਈ।
ਰੂਪ ਦਿਖਾਉਣ ਦੇ ਲਈ, ਉਸ ਨਾਰ ਸਜਾਈ।
ਫਲ ਵਾਹ ਵਾਹ ਕੇ ਮੌਲਿਆ, ਸੰਤਾਨ ਜਤਾਈ।

ਨਜ਼ਰ ਦਿਖਾਉਣ ਵਾਸਤੇ, ਉਸ ਨੈਣ ਦਿਖਾਏ।
ਮਿਹਨਤ ਦੱਸਣ ਵਾਸਤੇ, ਉਸ ਹਥ ਵਖਾਏ।
ਵਸਣਾ ਦਸਣ ਦੇ ਲਈ, ਉਸ ਬੱਦਲ ਪਾਏ।
ਸਾਵੀ ਰੰਗਤ ਕਾਰਨੇ, ਉਸ ਘਾਹ ਬਣਾਏ।
ਪੀਲਾ ਰੰਗ ਖਿੜਾਉਣ ਨੂੰ, ਗੁੱਟੇ ਫੁਲ ਲਾਏ।
ਰੰਗ ਗੁਲਾਬੀ ਦਸਦਿਆਂ, ਬੁਲ੍ਹ ਵਾਹ ਦਿਖਾਏ।
ਕਾਲਾ ਰੰਗ ਦਿਖਾਉਣ ਨੂੰ, ਉਸ ਕਾਗ ਉਡਾਏ।
ਕੰਦਰਾਂ ਜਿਵੇਂ ਕਿਤਾਬ ਸਨ, ਕੰਧ ਸਫੇ ਸਜਾਏ।
ਇੰਜ ਉਸ ਹਿਮਤੀ ਮਰਦ ਨੇ, ਦਿਲ ਬੋਲ ਫਬਾਏ।

ਮਿਸਰ ਵਿਚ ਮਨੁਖਤਾ

ਹੌਲੇ ਹੌਲੇ ਓਸ ਨੇ, ਹੁਣ ਕਦਮ ਵਧਾਇਆ।
ਨੱਪ ਲਿਆ ਅਗਿਆਨ ਨੂੰ, ਤੇ ਗਿਆਨ ਉਠਾਇਆ।
ਜੀਵਣ ਜਾਚਾਂ ਆਈਆਂ, ਆਪਾ ਬਦਲਾਇਆ।
ਪੱਤਰ ਖੱਲਾਂ ਲਾਹੀਆਂ, ਗਲ ਕਪੜਾ ਪਾਇਆ।

ਸੋਟੀ ਉਂਗਲ ਫੜੀ, ਤੇ ਸਿਖਰ ਚੜ੍ਹਾਇਆ।
ਜਾ ਨਦੀ ਤੇ ਅਟਕਿਆ, ਕੁਝ ਸੋਚ ਸੋਚਾਇਆ।
ਹਰ ਪਾਸੇ ਤੋਂ ਸੋਚ ਨੂੰ, ਆ ਇਲਮ ਸਿਖਾਇਆ।
ਸੋਚਾਂ ਤੋਂ ਹਰ ਇਲਮ ਨੇ, ਨਿਤ ਰੂਪ ਦਿਖਾਇਆ।
ਚਾਰ ਮੁਨਾਰੇ ਦਸਦਿਆਂ, ਜਗ ਬੁੱਤ ਬਣਾਇਆ।
ਦੂਰੋਂ ਡਿਗਦੇ ਜਾਪਦੇ, ਸ਼ਕ ਅੱਖੀਂ ਪਾਇਆ,
ਹਨ ਅਡਿੱਗ ਤੇ ਹੁਨਰ ਨੂੰ ਅਸਮਾਨ ਚੜ੍ਹਾਇਆ।
ਇਹਨੇ ਜਾਦੂ ਇਸ ਤਰ੍ਹਾਂ ਆ ਧੂੜ ਦਿਖਾਇਆ।
ਲੁਸ ਲੁਸ ਕਰਦੀ ਜਾਪਦੀ, ਮੁਰਦੇ ਦੀ ਕਾਇਆ।

ਬਾਬਲ ਵਿਚ ਮਨੁਖਤਾ ਦਾ ਚਮਤਕਾਰਾ

ਬਾਬਲ ਦੇ ਵਿਚ ਆਣ ਕੇ, ਸਭਿਤਾ ਮਹਾਂ ਰਾਣੀ।
ਲਗੀ ਭਰਨ ਇਨਸਾਨ ਦੇ ਪੈਰੀਂ ਪੈ ਪਾਣੀ।
ਪਾਈ ਖ਼ੂਬ ਦਿਮਾਗ਼ ਵਿਚ, ਇਸ ਸੋਚ-ਮਧਾਣੀ।
ਸਿੱਖੀ ਏਸ ਵਿਚਾਰ ਤੋਂ, ਉਸ ਕਲਮ ਚਲਾਣੀ।
ਮਿੱਟੀ ਤੇ ਹੀ ਲਾ ਲਈ, ਹੁਣ ਲਿਖਤੀ ਤਾਣੀ।
ਧਰਤੀ ਮੇਚੀ ਮਿਸਰ ਇਸ ਗ੍ਰਹਿ ਚਾਲ ਪਛਾਣੀ।
ਸਾਲ ਮਾਹ ਨਪੀੜ ਕੇ, ਕਢੀ ਦਿਨ ਘਾਣੀ।
ਘੜੀ ਮਹੂਰਤ ਪਲ ਚਸੇ, ਹਰ ਵਸਤੂ ਜਾਣੀ।
ਲਿਖੀ ਏਸ ਕਿਤਾਬ ਵੀ, ਕਾਨੂੰਨ ਚਲਾਣੀ।

(ਮਿੱਟੀ...ਲਿਖਤੀ=ਮਿੱਟੀ ਦੀਆਂ ਪੱਟੀਆਂ ਬਣਾ ਕੇ
ਲਿਖਦੇ ਸਨ। ਦੁਨੀਆਂ ਦੀ ਸਭ ਤੋਂ ਪਹਿਲੀ ਕਾਨੂੰਨੀ
ਕਿਤਾਬ ਏਥੇ ਬਣੀ।)

ਮਨੁਖ ਦਾ ਸੁਭਾ ਤੇ ਸਾਮਰਾਜ

ਮਿਲ ਗਿਲ ਕੇ ਮਾਨੁਖ ਨੇ, ਦੁਖ ਦਰਦ ਵੰਡਾਇਆ।
ਜਥੇ ਲਈ ਹੀ ਜੀਵਣਾ, ਉਸ ਚਿੱਤ ਵਸਾਇਆ।
ਧਰਮ ਇਹ ਈਮਾਨ ਇਹ, ਇਹ ਸੀ ਸਰਮਾਇਆ।
ਇੱਕੋ ਜਿੱਨਾ ਸਾਰਿਆਂ, ਬਹਿ ਝਟ ਲੰਘਾਇਆ।
ਭੇਦ ਨਹੀਂ ਸੀ ਉਸ ਸਮੇਂ, ਜੋ ਵਰਣਾਂ ਪਾਇਆ।
ਉੱਚਾ ਉੱਚਾ ਆਖ ਕੇ, ਨਾ ਸਿਰੇ ਚੜ੍ਹਾਇਆ।
ਨੀਵਾਂ ਨੀਵਾਂ ਆਖਿਆ ਨਾ ਬੁਰਾ ਮਣਾਇਆ।
ਚਾਲਾਂ ਨਾਲ ਨ ਸਾਥ ਨੂੰ, ਉਸ ਔਝੜ ਪਾਇਆ।
ਡਾਂਡੇ ਮੀਂਡੇ ਪੈਂਦਿਆਂ, ਨਿਤ ਪ੍ਰੇਮ ਵਧਾਇਆ।
ਕਹਿਰੀ ਝਗੜਾਂ ਪਰ੍ਹੇ ਵਿਚ, ਆਇਆ ਮੁਕਵਾਇਆ।
ਦਾਨੇ ਤੇ ਥੁੜ ਅਕਲੀਏ, ਦਿਲ ਫ਼ਰਕ ਨ ਆਇਆ।
ਮੂਰਖ ਬਣਿਆ ਨਾ ਕੋਈ, ਨਾ ਚਤਰ ਸਦਾਇਆ।
ਇਹਨੇ ਜੀਵਣ-ਖੋਜ ਦਾ, ਜਦ ਕਦਮ ਵਧਾਇਆ।
ਲਬ ਲੋਭ ਨੇ ਚਾਹ ਵਿਚ, ਆ ਧਾੜਾ ਪਾਇਆ।
ਬਾਬਲ ਦੇ ਵਿਚ ਮੋਛੂਆਂ, ਇਕ ਰਾਜ ਚਲਾਇਆ।
ਰਾਜਾ ਬਣ ਇਕ ਬਹਿ ਗਿਆ, ਜਗ ਦਾਸ ਕਹਾਇਆ।

ਅਸੀਰੀਆ

ਮਾਰ ਵਗੀ ਇਸ ਦੇਸ ਨੂੰ, ਇਕ ਰਾਜਾ ਆਇਆ।
ਓਹੋ ਕੀਤਾ ਓਸ ਨੇ, ਜੋ ਮਤਾ ਮਤਾਇਆ।
ਲੱਗਾ ਪੈਣ ਜਹਾਨ ਤੇ, ਸ਼ਾਹਾਂ ਦਾ ਸਾਇਆ।
ਉਡਣ ਲੱਗਾ ਜਗਤ ਚੋਂ, ਗੁਣ ਦਾ ਸਰਮਾਇਆ।
ਨਨਵਾ ਨਾਂ ਦੇ ਸ਼ਾਹ ਨੇ, ਇਕ ਸ਼ਹਿਰ ਵਸਾਇਆ।
ਮਾਇਆ ਖਿੱਚ ਗ਼ਰੀਬ ਦੀ, ਦਬ ਕਹਿਰ ਕਮਾਇਆ।
ਆਖ਼ਰ ਦਰਦ ਪਿਆਰ ਨੇ, ਧਾ ਜ਼ੋਰ ਘਟਾਇਆ।
ਵੇਖਦਿਆਂ ਹੀ ਜ਼ਲਮ ਦਾ, ਹੋ ਗਿਆ ਸਫ਼ਾਇਆ।

(ਨਨਵਾ=ਅਸਲ ਨਾਂ ਨੈਨਵਾ ਹੈ)

ਰਿਸ਼ੀ ਜ਼ਰਤੁਸ਼ਤ

ਮਾਨੁਖ ਨੇ ਈਰਾਨ ਦਾ, ਤਾਰਾ ਚਮਕਾਇਆ।
ਸੂਝਾਂ ਦਾ ਸਰਦਾਰ ਸੀ, ਜ਼ਰਤੁਸ਼ਤ ਕਹਾਇਆ।
ਸੋਚ ਸਮਝ ਵਿਚਾਰ ਕੇ, ਰਬ ਨੂਰ ਸੁਝਾਇਆ।
ਚਾਨਣ ਬਾਝ ਜਹਾਨ ਵਿਚ, ਕਿਸ ਰਸਤਾ ਪਾਇਆ?
ਉਹਨੇ ਉਦਮ ਆਹਰ ਨੂੰ, ਜੀਵਨ ਸਮਝਾਇਆ।
ਗੁਣ ਨੇ ਪੈਰ ਜਮਾਇਆ, ਔਗੁਣ ਵੀ ਆਇਆ।
ਸਾਮਰਾਜ ਨੇ ਇਸ ਜਗ੍ਹਾ, ਮੁੱਢ ਬੰਨ੍ਹ ਦਿਖਾਇਆ।
ਸਭਿਤਾ ਮਹਿਲੀਂ ਜਾ ਧਸੀ ਤੇ ਰੂਪ ਵਟਾਇਆ।
ਕੁੱਲੀਆਂ ਦੇ ਵਿਚ ਮੁੜ ਕਦੀ, ਨਾ ਫੇਰਾ ਪਾਇਆ।
ਔਗੁਣ ਸਾਧੂ ਸਾਹਮਣੇ, ਸ਼ਾਹ ਬਣ ਕੇ ਆਇਆ।
ਔਗੁਣ ਸੈਣਾ ਸਾਜ ਕੇ, ਲਸ਼ਕਰ ਲੈ ਧਾਇਆ।
ਔਗੁਣ ਆਪਣੀ ਗ਼ਰਜ਼ ਨੂੰ, ਕਾਨੂੰਨ ਬਣਾਇਆ।
ਹਠ ਨੂੰ ਧਰਮ ਜਤਾਇਆ, ਕੰਮ ਸਾਰ ਵਖਾਇਆ।
ਸਾਮਰਾਜ ਹੁਣ ਭੂਤਿਆ, ਔਗੁਣ ਪੂਜਾਇਆ।
ਪਾ ਗੁਣ ਕੀਤਾ ਜੇ ਕਦੀ, ਮਨ ਪਾਪ ਕਰਾਇਆ।
ਮਹਿਲੋਂ ਕਿੰਨੀ ਵਾਰ ਹੀ, ਗੁਣ ਰੋਂਦਾ ਆਇਆ।
ਸਿੱਧਾਰਥ ਵੀ ਮਹਿਲ ਤੋਂ, ਜਨਤਾ ਵਲ ਧਾਇਆ।

ਚੀਨ ਤੇ ਮਹਾਤਮਾ ਕਨਫੋਸ਼ੀਅਸ

ਔਗੁਣ ਨੇ ਜਦ ਚੀਨ ਵਿਚ, ਧਾ ਧੂੜ ਧੁਮਾਈ।
ਕਨਫੋਸ਼ਸ ਦਾ ਰੂਪ ਧਰ, ਨੇਕੀ ਵੀ ਆਈ।
ਇਹਨੇ ਮਾਨੁਖ ਨਾਮ ਦੀ, ਮੁੜ ਪੈਜ ਰਖਾਈ।
ਹਮਦਰਦੀ ਦੀ ਹਰ ਜਗ੍ਹਾ, ਜਾ ਜੋਤ ਜਗਾਈ।
ਮਾਨੁਖ ਸੇਵਾ ਨੂੰ ਕਿਹਾ, ਰੱਬੋਂ ਵਧ ਭਾਈ।
ਭੁਲ ਕੇ ਵੀ ਨਾ ਸੁਰਗ ਦੀ, ਇਸ ਬਾਤ ਚਲਾਈ।
ਲੂ ਰਾਜਾ ਨੇ ਓਸ ਦੀ, ਸੁਣ ਕੇ ਵਡਿਆਈ,
ਸੌਂਪ ਵਜ਼ਾਰਤ ਹਿਰਦਿਓਂ ਤੇ ਖੁਸ਼ੀ ਮਨਾਈ।
ਕਨਫੋਸ਼ਸ ਨੇ ਜਾਂਦਿਆਂ, ਗੁਣ ਕਲਮ ਵਗਾਈ।
ਹਰ ਥਾਂ ਸ਼ਾਹ ਬਪਾਰੀਆਂ, ਅੰਨ੍ਹੀ ਸੀ ਪਾਈ।
ਕੀਮਤ ਦੱਸੀ ਬੰਨ੍ਹ ਕੇ, ਭਾ-ਅੱਗ ਬੁਝਾਈ।
ਓਸ ਅਮੀਰ ਗ਼ਰੀਬ ਦੀ, ਨਾ ਖੇਡ ਖਿਡਾਈ।
ਰੱਖੀ ਦੋਹਾਂ ਵਾਸਤੇ, ਇੱਕੋ ਹੀ ਦਾਈ।
ਉਸ ਕਾਮੇ ਮਜ਼ਦੂਰ ਤੇ, ਜਦ ਨਜ਼ਰ ਜਮਾਈ।
ਘਾੜਤ ਘੜੀ ਅਮੀਰ ਨੇ, ਇਕ ਚਾਲ ਚਲਾਈ।
ਸੀ ਰਾਜਾ ਸੀ ਨਾਲ ਦਾ, ਜਾ ਚੁਗਲੀ ਲਾਈ।
"ਸਮਝ ਲਵੋ ਕਿ ਆਪ ਦੀ, ਹੋ ਗਈ ਸਫ਼ਾਈ।
ਇਸ ਕਨਫੂ ਕੰਬਖਤ ਨੇ, ਜਿਹੜੀ ਭੜਕਾਈ।
ਸਮਝੋ ਸਾਡੇ ਚੀਨ ਦੀ, ਸ਼ੁਹਰਤ ਭਸਮਾਈ"।
ਸੀ ਨੇ ਲੂ ਨੂੰ ਇਸ ਤਰ੍ਹਾਂ ਲਿਖ ਗਲ ਸਮਝਾਈ:
"ਕਨਫੋਸ਼ਸ ਦੀ ਚਾਲ ਤੋਂ, ਹੁਣ ਬਚ ਜਾ ਭਾਈ।
ਰਾਜਾ ਪਰਜਾ ਏਸ ਨੇ, ਇਕ ਆਣ ਬਣਾਈ।
ਕਿਸ ਗਲ ਕਰ ਕੇ ਆਪਣੀ, ਖ਼ੁਦ ਕਦਰ ਘਟਾਈ?
ਕਿਸ ਲਈ ਜੋਤੀ ਅਣਖ ਦੀ, ਤੂੰ ਆਪ ਬੁਝਾਈ?
ਕਿਸ ਨੇ ਬੇੜੀ ਜਾਣ ਕੇ, ਮੰਝ ਧਾਰੇ ਪਾਈ?
ਕਿਸ ਸਰਦਾਰੀ ਆਪਣੀ, ਹੱਥੋਂ ਲੁਟਵਾਈ।
ਕਿਸ ਨੇ ਆਪਣੀ ਧੌਣ ਤੇ, ਹੱਸ ਤੇਗ ਫਿਰਾਈ?
ਕਿਹੜਾ ਦੁੰਬਾ ਆਪ ਹੀ, ਲਭ ਰਿਹਾ ਕਸਾਈ?
ਕਿਹੜਾ ਮੂਰਖ ਮੋਹਰ ਤੋਂ, ਲੈਂਦਾ ਈ ਪਾਈ?
ਭੂਹੇ ਪਰਜਾ ਕਰ ਲਈ, ਅਗ ਮੇਰੇ ਲਈ।
ਮਿੱਟੀ ਮੇਰੇ ਚੀਨ ਦੀ, ਤੂੰ ਆਪ ਬੁਲਾਈ।
ਚਾੜ੍ਹੀ ਜਿਵੇਂ ਅਫ਼ੀਮ ਹੈ, ਮੁੜ ਸੁਰਤ ਨ ਆਈ।
ਅੱਧ ਔਗੁਣ ਨੂੰ ਔਗੁਣਾਂ, ਜਦ ਦਿੱਤੀ ਸਾਈ।
ਲੂ ਰਾਜੇ ਚੰਦ ਚਾੜ੍ਹਿਆ, ਕਾਲਖ ਵਰਤਾਈ।
ਹੱਥੋਂ ਰੇਸ਼ਮ ਸੁੱਟਿਆ, ਮੁੰਜ ਵਟ ਵਖਾਈ।
ਲਾਲ ਗਵਾਇਆ ਕੰਨੀਓਂ ਫੂਕੀ ਚਤਰਾਈ।
ਹੀਰਾ ਮਾਰ ਵਗਾਹਿਆ, ਭੁੱਲੀ ਦਾਨਾਈ।
ਅੰਮ੍ਰਿਤ ਹੱਥੀਂ ਡੋਲ੍ਹਿਆ, ਲੜ ਜ਼ਹਿਰ ਬੰਨ੍ਹਾਈ।
ਮੱਖਣ ਭੁੰਜੇ ਰੋਲਿਆ, ਛਾਹ ਛੰਨੇ ਪਾਈ।
ਹੱਥੋਂ ਨੁਸਖਾ ਪਾੜਿਆ, ਤੇ ਮਰਜ਼ ਵਧਾਈ।
ਮੂਰਖਤਾ ਧੀ ਜੰਮ ਪਈ, ਪਏ ਦੇਣ ਵਧਾਈ।
ਰਹਿਮ ਦਿਮਾਗੋਂ ਦੌੜਿਆ, ਕੀ ਰਹੀ ਭਲਾਈ?
ਗੁਣ ਔਗੁਣ ਦੀ ਆਦਿ ਤੋਂ, ਹੋਂਦੀ ਹੀ ਆਈ।

(ਲੂ=ਲੂ ਤੇ ਸੀ ਰਿਆਸਤਾਂ ਹਨ ।)

ਕਨਫੋਸ਼ਸ ਮੌਜ਼ੇ ਤੁੰਗ ਦੇ ਰੂਪ ਵਿਚ

ਬਿਖੜੇ ਪੈਂਡੇ ਦਾ ਸਦਾ, ਬਣਿਆ ਸੀ ਰਾਹੀ।
ਕਹਿੰਦਾ ਸੀ ਮੈਂ ਮੇਟਣੀ ਕੁਲ ਝਗੜੇ ਸ਼ਾਹੀ।
ਔਗੁਣ ਨੂੰ, ਦੁਖ ਝਾਗ ਕੇ, ਨਾ ਦਿੱਤੀ ਡਾਹੀ।
ਲੋਕਾਂ ਵਾਂਗ ਸੁਣਾਇਆ, ਨਾ ਹੁਕਮ ਅਲਾਹੀ।
ਬਣਿਆ ਮੌਜ਼ੇ ਤੁੰਗ ਹੀ, ਕਟ ਔਗੁਣ ਫਾਹੀ।

ਹਿੰਦੀ ਮਨੁਖ ਦੀ ਆਦਿ ਸਭਿਤਾ

ਮਾਨੁਖ ਆਇਆ ਹਿੰਦ ਵਿਚ, ਤੇ ਪੈਰ ਜਮਾਏ।
ਸਿੰਧ ਹੜੱਪੇ ਜਾਂਦਿਆਂ, ਕਿਣਕੇ ਚਮਕਾਏ।
ਸ਼ਹਿਰ ਬਣਾਏ ਏਸ ਨੇ, ਘਰ ਬਾਰ ਵਸਾਏ।
ਮੰਦਰ ਕਲਾ ਦਿਖਾਂਦਿਆਂ, ਬੁੱਤ ਲੋਕ ਬਣਾਏ।
ਖੂਹ ਪੁੱਟੇ ਕਰ ਹਿਮਤਾਂ, ਸਰ ਥਾਂ ਥਾਂ ਲਾਏ।
ਮੋਹਰਾਂ ਉਪਰ ਏਸ ਨੇ, ਕੁਝ ਪਸ਼ੂ ਵਹਾਏ।
ਪਾਏ ਸੋਹਣੇ ਪੂਰਨੇ, ਤੇ ਹੁਨਰ ਵਧਾਏ।
ਸਦੀਆਂ ਲੰਘੀਆਂ ਉੱਪਰੋਂ, ਕੁਲ ਮਿੱਧ ਦਿਖਾਏ।
(ਮੰਦਰ ਕਲਾ=ਇਮਾਰਤੀ ਹੁਨਰ।)

ਆਰੀਆ ਸਭਿਆਚਾਰ

ਆਖ਼ਰ ਆਏ ਆਰੀਏ, ਤੇ ਰੋਅਬ ਜਮਾਇਆ।
ਨੱਸੇ ਵਾਸੀ ਆਦਿ ਦੇ, ਡਾਢਾ ਦਬਕਾਇਆ।
ਔਗੁਣ ਹੱਥੇ ਚੜ੍ਹਦਿਆਂ, ਗੁਣ ਨੂੰ ਹੱਥ ਪਾਇਆ।
ਆਪੇ ਅਪਣੇ ਆਪ ਨੂੰ, ਹਰ ਤਰਫ਼ ਧੁਮਾਇਆ।
ਵਹੀਆਂ ਖੋਹ ਪੁਰਾਣੀਆਂ, ਨਾਂ ਆਪਣਾ ਪਾਇਆ।
ਦੇਸ ਜਗਾਇਆ ਆਪ ਹੀ, ਤੇ ਆਪ ਸਵਾਇਆ।
ਮਾਨੁਖਤਾ ਦੇ ਰਾਜ਼ ਨੂੰ, ਜਾਤਾ ਸਮਝਾਇਆ।
ਹਰ ਪਾਸੇ ਨੂੰ ਰਿੜਕਿਆ, ਤਤ ਸਾਰ ਕਢਾਇਆ।
ਜਿਸ ਸ਼ੈ ਨੂੰ ਹਥ ਪਾਇਆ, ਸਿਰ ਤਾਜ ਬਣਾਇਆ।
ਦਰਸ਼ਨ ਕੀਤਾ ਰਾਗ ਦਾ, ਜਸ ਸ਼ਾਮ ਸੁਣਾਇਆ।
ਉਪਨਿਸ਼ਦਾਂ ਵਿਚ ਏਸ ਨੇ, ਬ੍ਰਹਮਵਾਦ ਚਲਾਇਆ।
ਆਖ਼ਰ ਇਕ ਦਿਮਾਗ਼ ਨੂੰ, ਛੇ ਰਾਹੀਂ ਪਾਇਆ।
ਵਰਣਾਂ ਦੇ ਵਿਚ ਆਰੀਆਂ, ਜਗ ਵੰਡ ਵਖਾਇਆ।
ਓਦੋਂ ਤਾਂ ਗੁਣ ਹੋਏਗਾ, ਹੁਣ ਔਗੁਣ ਆਇਆ।
ਬ੍ਰਹਮੋਂ ਵਧ ਕੇ ਰੂਪ ਜੀ, ਬਾਹਮਨ ਸਦਵਾਇਆ।

ਖਤਰੀ ਚੜ੍ਹਦੀ ਕਲਾ ਵਿਚ

ਮਾਨੁਖਤਾ ਨੂੰ ਖਤਰੀਆਂ, ਮੁੜ ਕੇ ਚਮਕਾਇਆ।
ਉਰਮਿਲਾ ਨੇ ਨਾਰ ਦਾ, ਨਾਂ ਰਖ ਵਖਾਇਆ।
ਗਾਇਆ ਜਸ ਰਾਮਾਇਣ ਦਾ, ਜੋਗ ਸੀਸ ਨਿਵਾਇਆ।
ਭਾਰਤ ਜੁਧੋਂ ਏਸ ਨੂੰ, ਵਧ ਕੇ ਅਦਰਾਇਆ।
ਓਧਰ ਵੀਰਾਂ ਲੜਦਿਆਂ, ਘਮਸਾਨ ਮਚਾਇਆ।
ਵੀਰਾਂ ਕਾਰਨ ਵੀਰ ਨੇ, ਛਡ ਰਾਜ ਦਿਖਾਇਆ।
ਰਾਮਾਇਨ ਨੇ ਕਾਵਿ ਦਾ ਆ ਮੁੱਢ ਬੰਨ੍ਹਾਇਆ।

(ਉਰਮਿਲਾ=ਲਛਮਨ ਜੀ ਦੇ ਘਰ ਵਾਲੀ,
ਜਿਸ ਨੇ ਸ੍ਰੀ ਰਾਮ ਨਾਲ ਪਤੀ ਦੇਵ ਨੂੰ
ਬਨਬਾਸ ਵਿਚ ਤੋਰਿਆ ਸੀ, ਰਾਮਾਇਨ=
ਰਾਮਾਇਨ ਦੇ ਕਰਤਾ ਰਿਸ਼ੀ ਵਾਲਮੀਕ ਜੀ
ਸਨ, ਜਿਨ੍ਹਾਂ ਨੂੰ ਆਦਿ ਕਵੀ ਮੰਨਿਆ ਗਿਆ
ਹੈ। ਇਹਨਾਂ ਇਕ ਫਟੜ ਪੰਛੀ ਨੂੰ ਦੇਖ ਕੇ
ਅਨੁਸ਼ਟਪ ਛੰਦ ਦਾ ਇਕ ਟੱਪਾ ਉਚਾਰਿਆ
ਸੀ।)

ਗੀਤਾ

ਬੋਲੀ ਗੀਤਾ ਖੜਕ ਕੇ, ਪਹਿਲੀ ਹੀ ਵਾਰੀ।
ਹਕ, ਲਈ ਇਨਸਾਨ ਨੇ, ਜੇ ਜਿੰਦ ਨ ਵਾਰੀ।
ਪੱਲੇ ਪੈਣੀ ਏਸ ਦੇ, ਹਰ ਦਮੀ ਖਵਾਰੀ।
ਕੀਤੀ ਕਤਰੀ ਖੂਹ ਪਵੂ, ਮਾਨੁਖ ਦੀ ਸਾਰੀ।

ਹਕ ਦਾ ਨਾਮ ਜਿਊਣ ਹੈ, ਡਿੱਠਾ ਪਰਤਾ ਕੇ।
ਹਕ ਬਾਝੋਂ ਜਗ ਮਾਰਦਾ, ਤਰਸਾ ਤਰਸਾ ਕੇ।
ਰੂਹ ਕਦੇ ਮਰਦੀ ਨਹੀਂ, ਉਸ ਦਸਿਆ ਆ ਕੇ।
ਹੋਇਆ ਕੀ ਜੇ ਬਦਲਿਆ, ਤਨ ਚੋਲਾ ਜਾ ਕੇ।
ਅਰਜਨ ਮਾਰੇ ਸੂਰਮੇ, ਵਡ ਜੋਧ ਲੜਾਕੇ।
ਛਡਿਆ ਹੱਥੋਂ ਧਣਖ ਨੂੰ, ਤੇ ਢੇਰੀ ਢਾ ਕੇ।
ਦਸਿਆ ਇਕ ਮਨੁਖ ਨੇ, ਇਨਸਾਨ ਬਣਾ ਕੇ।

ਯੂਨਾਨ ਵਿਚ ਮਨੁਖ ਦਾ ਬੋਲ ਬਾਲਾ

ਇਲਮਾਂ ਨੇ ਯੂਨਾਨ ਵਿਚ, ਲਾ ਦਿਤੇ ਡੇਰੇ।
ਉੱਠੇ ਕਈ ਫ਼ਲਾਸਫ਼ਰ ਤੇ ਕਵੀ ਬਥੇਰੇ।
ਲੱਗਾ ਬੰਦਾ ਸਤਿ ਦਾ, ਸੁਕਰਾਤ ਅਗੇਰੇ।
ਸਤਿ ਦੇ ਚੇਲੇ ਮਰਦ ਨੇ, ਦੁਖ ਸਹੇ ਘਨੇਰੇ।

ਬੁੱਧੀ ਵਾਦ ਚਲਾਇਆ, ਸੁਕਰਾਤ ਪਿਆਰੇ।
ਬੁੱਧੀ ਸਦਕਾ ਓਸ ਨੇ, ਗੁਣ ਖ਼ੂਬ ਸਵਾਰੇ।
ਸਤਿ ਦਾ ਖੋਜੀ ਮਾਰਿਆ, ਔਗੁਣ ਹਤਿਆਰੇ।
ਭਾਵੇਂ ਚੰਨ ਲੁਕਾਇਆ, ਪਰ ਦਮਕੇ ਤਾਰੇ।
ਗੁਣ, ਡੁਬ ਕੇ ਵੀ ਰੂਪ ਜੀ, ਪਾਂਦਾ ਲਿਸ਼ਕਾਰੇ।

ਉੱਠਿਆ ਸਿੱਖ ਸੁਕਰਾਤ ਦਾ, ਅਫ਼ਲਾਤੂ ਭਾਰਾ।
ਫ਼ਲਸਫ਼ੇ ਦਾ ਸੀ ਗੁਰੂ, ਵਡ ਇਲਮ ਮੁਨਾਰਾ।
ਸੂਝਾਂ ਸੋਚਾਂ ਦਾ ਧਨੀ, ਤੇ ਅਕਲ ਸਹਾਰਾ।
ਜਗ ਨੂੰ ਰੋਸ਼ਨ ਕਰ ਗਿਆ, ਚੰਨੋਂ ਵਧ ਤਾਰਾ।
ਉੱਚਾ ਸ਼ਹਿਰ ਵਸਾਇਆ, ਟਿਲ ਲਾ ਕੇ ਸਾਰਾ।
ਪੜ੍ਹਿਆ ਆਲਮ ਆਖਦਾ, ਗੰਗਾ ਦੀ ਧਾਰਾ।

ਹੁਣ ਆ ਕੇ ਵਿਗਿਆਨ ਨੇ, ਗੁਣ ਨਾਮ ਧਰਾਇਆ।
ਅਫ਼ਲਾਤੂ ਦਾ ਸਿੱਖ ਇਕ, ਆਰਸਤੂ ਆਇਆ।
ਢੋਰਾਂ ਪਸ਼ੂਆਂ ਏਸ ਨੂੰ ਕੁਲ ਰਾਜ਼ ਸੁਝਾਇਆ।
ਪੁਜ ਪੁਜ ਕੇ ਪੰਖੇਰੂਆਂ, ਦਿਲ ਫੋਲ ਦਿਖਾਇਆ।

(ਉੱਚਾ ਸ਼ਹਿਰ=ਦੁਨੀਆ ਦੀ ਨਾਮੀ ਕਿਤਾਬ
ਰੀਪਬਲਿਕ ਵਿਚ ਇਕ ਆਦਰਸ਼ਕ ਸ਼ਹਿਰ
ਦੀ ਰਚਨਾ ਕੀਤੀ ਹੈ।)

ਰੋਮ

ਔਗੁਣ ਹੋਰੀ ਰੋਮ ਵਿਚ ਹੱਬ ਪਏ ਦਿਖਾਂਦੇ।
ਕੌਂਸਲ ਨੂੰ ਸਰਦਾਰ ਹੀ, ਹੱਕੀ ਸਨ ਜਾਂਦੇ।
ਹੋਏ ਗ਼ਰੀਬ ਤਿਆਰ ਜਦ, ਗਚ ਖਾਂਦੇ ਖਾਂਦੇ।
ਸੀਜ਼ਰ ਦੇ ਹੀ ਨਾਮ ਤੇ, ਵੋਟਾਂ ਸਨ ਪਾਂਦੇ।
ਸੀਜ਼ਰ ਸ਼ਹਿਰ ਵਸਾਇਆ, ਵਾਹ ਲਾਂਦੇ ਲਾਂਦੇ।
ਬਣੇ ਮਹੱਲੇ ਗ਼ਜ਼ਬ ਦੇ, ਤੇ ਘਰ ਹੁਨਰਾਂ ਦੇ।
ਕੁਝ ਕੁਝ ਵੱਸੇ ਰੋਮ ਤੇ, ਬੱਦਲ ਸੁੱਖਾਂ ਦੇ।
ਲੋਕਾਂ ਨੂੰ ਸਾਹ ਆਇਆ, ਲਖ ਸ਼ੁਕਰ ਮਨਾਂਦੇ।
ਹੋਏ ਖ਼ੁਸ਼ੀ ਗ਼ਰੀਬ ਵੀ, ਸੁਖ ਝਟ ਲੰਘਾਂਦੇ।
ਸਦਾ ਗ਼ਰੀਬ ਝੁਲਾਉਂਦੇ, ਝੰਡੇ ਅਮਨਾਂ ਦੇ।
ਹੋਂਦੇ ਜੰਗ ਜਹਾਨ ਤੇ ਸ਼ਾਹ ਲੋਟੀ ਪਾਂਦੇ।
ਮੁਛਦੇ ਮੁੱਛਾਂ ਤਾਂਦਿਆਂ, ਭਾ ਖ਼ੂਬ ਚੜ੍ਹਾਂਦੇ।

ਬੁਧ

ਹਿੰਸਾ ਮਾਰੇ ਹਿੰਦ ਤੇ, ਸਿੱਧਾਰਥ ਛਾਇਆ।
ਸਮਝੋ ਘੁਪ ਹਨੇਰ ਵਿਚ, ਚੰਦਰਮਾਂ ਆਇਆ।
ਪੰਛੀ ਪਸ਼ੂਆਂ ਨਾਲ ਵੀ, ਉਸ ਪ੍ਰੇਮ ਵਧਾਇਆ।
ਉਹਨਾਂ ਦੀ ਇਕ ਚੀਕ ਨੇ, ਇਹਨੂੰ ਤੜਫਾਇਆ।

ਖੰਭ ਟੁਟਾ ਜੇ ਹੰਸ ਦਾ, ਉਸ ਬਾਂਹ ਸਿਞਾਤੀ।
ਸੀਨਾ ਪਾਟਾ ਮੋਰ ਦਾ, ਜਾਣੀ ਸੂ ਛਾਤੀ।
ਕੀੜੀ ਮਿੱਧੀ ਦੇਖ ਕੇ, ਅਪਣੀ ਦੇਹ ਜਾਤੀ।
ਸ਼ਾਹ ਰਗ ਬਕਰੇ ਦੀ ਗਈ, ਇਸ ਜਿੰਦ ਪਛਾਤੀ।

ਰੋਗੀ ਦਾ ਤਨ ਦੇਖ ਕੇ, ਨਿਤ ਦਿਲ ਮਤਲਾਂਦਾ।
ਕੋੜ੍ਹਾ, ਦੁਖੀਆ ਵੇਂਹਿੰਦਿਆਂ ਦਿਲ ਡੋਬਾਂ ਖਾਂਦਾ।
ਲੂਲ੍ਹਾ ਵੇਂਹਿੰਦੇ ਸਾਰ ਹੀ, ਮਨ ਚਾਲ ਭੁਲਾਂਦਾ।
ਲੁੰਜਾ ਜਿਸ ਦਮ ਦੇਖਦਾ, ਸਭ ਸੁਖ ਵਿਸਰਾਂਦਾ।

ਟੁੰਡਾ ਜਿਸ ਦਮ ਦੇਖਦਾ, ਹੱਥ ਮਲ ਕੇ ਬਹਿੰਦਾ।
ਪਿੰਗਲੇ ਨੂੰ ਤਾਂ ਤਕਦਿਆਂ, ਤੁਰਦਾ ਦੁਖ ਸਹਿੰਦਾ।
ਗੁੰਗੇ ਦਾ ਦਿਲ ਦੇਖ ਕੇ, ਗੁਮ ਹੋਇਆ ਰਹਿੰਦਾ।
ਫੋੜੇ ਤੇ ਫਟ ਦੇਖਦਾ, ਦਿਲ ਵਗਦਾ ਵਹਿੰਦਾ।

ਟੀਰੇ ਭੈਂਗੇ ਦੇਖਦਾ, ਤੇ ਅੱਚੋ ਤਾਣੇ।
ਡਿੱਠੇ ਜੋਬਨ ਸਖਣੇ, ਗਭਰੂਟ ਅਲਾਣੇ।
ਢਿੱਡ ਵੜੇ ਵਿਚ ਵਖੀਆਂ, ਮੂੰਹ ਝੁਰੜੀ-ਤਾਣੇ।
ਗੁਣ ਗੁਣ ਕਰਦੇ ਦੇਖਦਾ, ਤੇ ਅੱਨ੍ਹੇ ਕਾਣੇ।
ਸਿੱਧੇ ਕਰਨਾ ਚਾਹੁੰਦਾ, ਕੁਲ ਪੁੱਠੇ ਭਾਣੇ।

ਡਿੱਠਾ ਜੋਤਾਂ, ਮੰਦਰੀਂ, ਪਰਵਾਨੇ ਸੜਦੇ।
ਵੇਖੇ ਨਾਲ ਹਨੇਰੀਆਂ, ਕਚੇ ਫਲ ਝੜਦੇ।
ਵਹਿਣਾਂ ਦੇ ਵਿਚ ਵੇਖਦਾ, ਐਂਵੇ ਜੀ ਹੜਦੇ।
ਵੇਖੇ ਪੁਤਰ ਓਸ ਨੇ, ਮਾਂ ਅੱਗੇ ਅੜਦੇ।
ਸਕੇ ਭਾਈ ਦੇਖਦਾ, ਅਠਪਹਿਰੇ ਲੜਦੇ।

ਮਹਿਲਾਂ ਦੇ ਵਿਚ ਰਹਿੰਦਿਆਂ, ਨਾ ਲਹੀ ਉਦਾਸੀ।
ਰੋਣਾ ਸਮਝਣ ਲਗ ਪਿਆ, ਤੀਵੀਂ ਦੀ ਹਾਸੀ।
ਪਾਈ ਆਣ ਦਿਮਾਗ ਤੇ, ਵਖਰੀ ਹੀ ਘਾਸੀ।
ਸੋਚ ਰਿਹਾ ਸੀ ਜਗਤ ਦੀ, ਦੁਖ ਕਰੇ ਖਲਾਸੀ।
ਕਹਿੰਦਾ ਸੀ ਕਿ ਕਰ ਲਵਾਂ, ਤ੍ਰਿਸ਼ਨਾ ਨੂੰ ਦਾਸੀ।
ਚਾਹੁੰਦਾ ਸੀ ਲੁਟਵਾ ਦਿਆਂ ਜੰਗ ਤੋਂ ਦੁਖ-ਰਾਸੀ।
ਅਪਣਾ ਤਨ ਜਗ ਜਾਣਿਆ, ਜੀ ਜਾਤੇ ਵਾਸੀ।

ਚਲ ਨਾ ਸੱਕੀਆਂ ਓਸ ਤੇ, ਰਾਜਾਈ ਚਾਲਾਂ।
ਪੁਜੀਆਂ ਉਹਦੇ ਵਾਸਤੇ, ਹੁਸਨਾਲੀ ਡਾਲਾਂ।
ਪਰ ਨਾ ਚਲੀਆਂ ਓਸ ਨੇ, ਮਨ ਮੱਤੀਆਂ ਚਾਲਾਂ।
ਉਹਨੂੰ ਨਾ ਖਲਿਹਾਰਿਆ, ਹਰਨਾਖੀ ਪਾਲਾਂ।
ਉਹਦਾ ਦਿਲ ਨਾ ਨੂੜਿਆ, ਘੁੰਗਰਾਲੇ ਵਾਲਾਂ।
ਉਹਦਾ ਚਿਤ ਨਾ ਡੋਬਿਆ, ਮਰਮਰ ਦੇ ਤਾਲਾਂ।

ਪੰਛੀ ਦੀ ਤਸਵੀਰ ਤੋਂ, ਸੁਣਦਾ ਸੀ ਆਹਾਂ।
ਉਹਨੂੰ ਖਿੱਚਿਆ ਨਾ ਕਦੀ, ਮਾਂਗਾਂ ਦੇ ਰਾਹਾਂ।
ਉਹਦਾ ਦਿਲ ਨਾ ਡੋਬਿਆ, ਜਗ ਰੋੜੂ ਚਾਹਾਂ।
ਉਹਦਾ ਜੀ ਨਾ ਹੋੜਿਆ, ਧੂਪਾਂ ਦੇ ਸਾਹਾਂ।

ਲਾਲਾਂ ਦੇ ਵਿਚ ਵੇਖਦਾ, ਰੱਤ ਭਰੇ ਖਜ਼ਾਨੇ।
ਮਹਿਲਾਂ ਨੂੰ ਉਸ ਜਾਣਿਆ, ਕੁਲ ਕੈਦ ਬਹਾਨੇ।
ਭੌਹਾਂ ਪਲਕਾਂ ਜਾਤੀਆਂ, ਜਿਉਂ ਤੀਰ ਕਮਾਨੇ।
ਦਿਲ ਨੂੰ ਓਸ ਲੁਕਾਇਆ, ਨਾ ਹੋਣ ਨਿਸ਼ਾਨੇ।

ਰਾਹੁਲ ਪੁਤ ਨੂੰ ਦੇਖਿਆ, ਤੇ ਮੋਹ-ਪਲੀਤੇ,
ਦਿਲ ਉਹਦੇ ਨੂੰ ਦਾਗਿਆ, ਹੰਝੂ ਚੁਪ ਕੀਤੇ,
ਸਿਲ੍ਹੇ ਗੋਲੇ ਰਿੜ੍ਹ ਪਏ, ਜਾਣੋ ਬੁਲ੍ਹ ਸੀਤੇ।
ਛੱਡਿਆ ਸੁੱਤੀ ਨਾਰ ਨੂੰ, ਉਸ ਚੁਪ ਚੁਪੀਤੇ।

ਰਾਤ ਹਨੇਰੀ ਕਹਿਰ ਦੀ, ਤੇ ਉਤੋਂ ਪਾਲਾ।
ਤਾਂ ਵੀ ਚਲਿਆ ਚੀਰਦਾ, ਚਾਨਣ ਮਤਵਾਲਾ।
ਜਾਂਦੇ ਜਾਂਦੇ ਫਿਸ ਪਿਆ, ਘਰ ਖਿੱਚਦਾ ਛਾਲਾ।
ਆਪੇ ਹੀ ਹੁਣ ਲਹਿ ਗਿਆ, ਦੋ ਚਿੱਤੀ ਜਾਲਾ।
ਲੋਕ- ਹਿੱਤ ਨੇ ਧੂਹਿਆ, ਗ੍ਰਹਿਸਤੀ ਦੋਸ਼ਾਲਾ।
ਧਸਿਆ ਸੂਝ ਜ਼ਮੀਨ ਵਿਚ, ਵੈਰਾਗੀ ਫਾਲਾ।
ਜਿੱਤ ਗਿਆ ਸ਼ਤਰੰਜ ਨੂੰ, ਸਿੱਧਾਰਥ ਚਾਲਾ।
ਭਾਲਣ ਚੜ੍ਹਿਆ ਹਿੰਦ ਤੇ, ਸੁਖ ਸ਼ਾਂਤ ਹਿਮਾਲਾ।
ਜੰਗਲ ਦੇ ਵਿਚ ਤੋੜਿਆ, ਤ੍ਰਿਸ਼ਨਾਲਾ ਤਾਲਾ।
ਹਰ ਇਕ ਉਸ ਨੂੰ ਦਿੱਸਿਆ, ਗੌਂਦਾ ਬੇ ਤਾਲਾ।
ਹਰ ਇਕ ਨੂੰ ਸੀ ਤਾਰਿਆ, ਅਗਿਆਨ ਹੁਨਾਲਾ।
ਕਿਧਰੇ ਵੀ ਨਾ ਦਿੱਸਿਆ ਸੁਖ ਅਮਨ ਸਿਆਲਾ।
ਹਰ ਥਾਂ ਖੁਭਦਾ ਵੇਖਿਆ, ਹਿੰਸਾਲਾ ਭਾਲਾ।
ਹੰਨੇ ਹੰਨੇ ਦੇਖਿਆ, ਰੱਤਾ ਪਰਨਾਲਾ।
ਬੇ-ਵਸ ਹੋ ਗੁਣ ਦੇ ਰਿਹਾ, ਔਗੁਣ ਨੂੰ ਹਾਲਾ।
ਮਾਲਾ ਫਿਰਦੀ ਜਾਣਿਆ, ਚਕਰ ਮਕਰਾਲਾ।
ਦਿਸਿਆ ਅੰਦਰੋਂ ਇਕ ਨਾ, ਸ਼ੁਭ ਕਰਮਾਂ ਵਾਲਾ।
ਮਨ ਘੋੜੇ ਲਈ ਮੰਗਿਆ, ਉਸ ਗਿਆਨ ਮਸਾਲਾ।
ਹਾਰ ਹੁਟ ਕੇ ਬਹਿ ਗਿਆ, ਤਕ ਰੁਖ ਪਤਰਾਲਾ।
ਕੀਤਾ ਅੰਦਰੋਂ ਆਪ ਹੀ, ਬੁਧ ਆਪ ਉਜਾਲਾ।

ਬੁੱਧ ਕਿਹਾ "ਹੇ ਦੂਲਿਓ, ਬੁੱਧ ਵਰਤ ਦਿਖਾਵੋ।
ਪਲ ਪਲ ਦੇ ਵਿਚ ਬਦਲਦਾ, ਜਗ ਵੇਖੀ ਜਾਵੋ।
ਛਿਨ ਭੰਗਰ ਹੈ ਆਤਮਾ, ਗਲ ਪਲੇ ਪਾਵੋ।
ਛਡੋ ਲਾਰੇ ਸਵਰਗ ਦੇ, ਚਿੱਤ ਨੂੰ ਬਦਲਾਵੋ।
ਲੋਕ ਹਿਤ ਹੀ ਧਰਮ ਹੈ, ਪੂਜੋ ਪੁਜਵਾਵੋ।
ਉੱਠੋ ਤ੍ਰਿਸ਼ਨਾ ਡੈਣ ਤੋਂ, ਨਾ ਜਿੰਦ ਕੁਹਾਵੋ।
ਜਾਗੋ ਲੋਕਾਂ ਦੇ ਲਈ, ਪਰ ਗਰਜ਼ ਸਵਾਵੋ।
ਬਾਹਮਨ ਵੰਡਾਂ ਪਾ ਰਿਹਾ, ਵੰਡ ਮੂਲ ਮੁਕਾਵੋ।
ਜਗ ਹਿੱਤ ਜਗ ਦਾ ਮੁਢ ਹੈ, ਇਹਦੀ ਜੜ੍ਹ ਲਾਵੋ।
ਯੁੱਗਾਂ ਦੇ ਵਿਚ ਜਗਤ ਦਾ, ਨਾ ਦਰਦ ਜਤਾਵੋ।
ਇਹੋ ਜੀਵਣ ਤੱਤ ਹੈ, ਸਭ ਨੂੰ ਸਮਝਾਵੋ।
ਘੁੰਡੀ ਰੱਖੋ ਨਾ ਦਿਲੀਂ, ਗਲ ਸਾਫ਼ ਸੁਣਾਵੋ।
ਇਹੋ ਹੀ ਨਿਰਬਾਣ ਹੈ, ਸੁਣ ਲਵੋ ਭਰਾਵੋ।
"

ਬੁਧ ਜੀਵਣ ਅਪਣਾਇਆ ਹੁਨਰੀ ਸਰਦਾਰਾਂ।
ਜਗਮਗਾਇਆ ਗੁਫ਼ਾ ਨੂੰ ਕੁਝ ਚਿਤਰਕਾਰਾਂ।
ਯੂਰਪ ਮਟਕਾਂ ਵੇਖ ਕੇ ਮੰਨਦਾ ਹੈ ਹਾਰਾਂ।
ਏਜੰਤਾ ਹੈ ਦੇ ਰਹੀ ਕੁਲ ਸੀਤਲ ਸਾਰਾਂ।

(ਗੌਂਦਾ-ਇਹ ਇਉਂ ਵੀ ਪੜ੍ਹੀ ਜਾ ਸਕਦੀ ਹੈ:
ਗੌਂ ਦਾ ਬੇਤਾਲਾ।)

ਕੌਟਿਲ ਅਰਥ ਸ਼ਾਸਤਰ

ਅਰਥ ਸ਼ਾਸਤਰ ਆਉਂਦਿਆਂ, ਜੁਗਤਾਂ ਸਮਝਾਈਆਂ।
ਔਗੁਣ ਮਾਰਣ ਦੇ ਲਈ, ਦੱਸੀਆਂ ਚਤਰਾਈਆਂ।
ਰੀਤੀ ਰਸਮ ਰਵਾਜ ਤੇ, ਪਈਆਂ ਰੁਸ਼ਨਾਈਆਂ।
ਕੱਤਣਾ ਬੁਨਣਾ ਪਹਿਨਣਾ, ਕਾਨੂੰਨ ਲੜਾਈਆਂ।
ਸ਼ਾਦੀ ਅਤੇ ਤਲਾਕ ਤੇ, ਉਸ ਝਾਤਾਂ ਪਾਈਆਂ।
ਪਾਸਪੋਰਟ ਤੇ ਟੈਕਸ ਨੂੰ, ਦਿੱਤੀਆਂ ਸੂ ਸਾਈਆਂ।
ਜਲ ਥਲ ਸੈਣਾ ਸੂਝ ਨੇ, ਝਟ ਰਖ ਦਿਖਾਈਆਂ।
ਐਪਰ ਉਹਨੇ ਨੇਕੀਆਂ, ਨਾ ਨਿੱਤ ਸੁਝਾਈਆਂ।
ਅਕਲਾਂ ਹੁੰਦੇ ਸੁੰਦਿਆਂ, ਜਾਪਣ ਬੁਰਿਆਈਆਂ।
ਰੂਪ ਗੁਣਾਂ ਦੇ ਬਾਝ ਨਾ, ਸੋਭਣ ਚਤਰਾਈਆਂ।

ਅਸ਼ੋਕ

ਰਾਜਾ ਪਰਜਾ ਨੂੰ ਸਦਾ ਹੱਥ ਉਤੇ ਪਾਂਦਾ।
ਡਰ ਭਉ ਛਿਕੇ ਟੰਗ ਕੇ, ਪਰਜਾ ਨੂੰ ਭਾਂਦਾ।
ਹਰਨਾਕਸ਼ ਦੇ ਵਾਂਗਰਾਂ, ਅਧਮੂਲ ਮਚਾਂਦਾ।
ਪਰ ਇਕ ਰਾਜਾ ਵੇਖਿਆ, ਪੱਕਾ ਅਮਨਾਂ ਦਾ।

ਧੌਂਸੇ ਮਾਰ ਕਲਿੰਗ ਤੇ, ਜਦ ਦਲ ਧਮਕਾਏ।
ਵੱਢ ਵੱਢ ਢੇਰ ਲਵਾਉਂਦਿਆਂ, ਘਮਸਾਨ ਮਚਾਏ।
ਰਾਜੇ ਰਾਜ-ਪਿਆਸ ਦੇ, ਰੱਤ ਰੇੜ੍ਹ ਵਗਾਏ।
ਮਾਰੇ ਸੂਰੇ ਕਾਲ ਨੇ, ਜੋਧੇ ਧੜਕਾਏ।
ਨਾੜਾਂ ਪਾਏ ਜਾਲ ਸਨ, ਜੀਵਣ ਫਸ ਜਾਏ।
ਹੱਥਾਂ ਤਲੀਆਂ ਅਡੀਆਂ, ਜਿਉਂ ਤਰਲੇ ਪਾਏ।
ਮੂੰਹ ਬਾਕੇ ਹੀ ਰਹਿ ਗਏ, ਪੰਖੇਰੂ ਧਾਏ।
ਸਾਸਾਂ ਦੀ ਹੀ ਤਾਂਘ ਵਿਚ, ਡੇਲੇ ਪਥਰਾਏ।
ਰਾਜ-ਪਿਆਸੀ ਆਸ ਨੇ, ਜਿੰਦ ਖੁਣੋਂ ਸੁਕਾਏ।

ਵਿਧਵਾਵਾਂ ਦੇ ਵੈਣ ਸਨ, ਸ਼ਸਤਰ ਝਣਕਾਰਾਂ।
ਮਾਵਾਂ ਹਿੱਕਾਂ ਪਿੱਟੀਆਂ, ਜਤਲਾਇਆ ਵਾਰਾਂ।
ਅਸਲ ਵਿਚ ਸਨ ਕੀਰਣੇ, ਜੋ ਜੁੱਧ-ਪੁਕਾਰਾਂ।
ਪੀਲੀ ਪਈ ਮਨੁੱਖਤਾ, ਕਢ ਰੱਤ ਝਲਾਰਾਂ।
ਜੇਠ ਮਹੀਨੇ ਵਿਚ ਕਦੀ, ਕੀ ਪੈਣ ਫੁਹਾਰਾਂ?
ਜਗਤ ਅਮਨ ਨੂੰ ਫੂਕਿਆ, ਭੋਂ-ਭੁੱਖਾਂ ਖਾਰਾਂ।
ਸਿਰ ਲਹਿੰਦੇ ਸਨ ਜਾ ਰਹੇ, ਇਉਂ ਬਾਝ ਸ਼ੁਮਾਰਾਂ।
ਜਿਉਂ ਟਿੱਡੀ ਨੂੰ ਮਾਰਦੇ, ਕਿਰਸਾਨ ਹਜ਼ਾਰਾਂ।
ਰੱਬਾ! ਖਾਲੀ ਰਹਿਣ ਦੇ, ਰਣ ਭੂਮੀ ਗਾਰਾਂ।

ਮਿੱਝਾਂ ਦੇ ਪਰਨਾਲਿਆਂ, ਸੜਿਹਾਂਦ ਉਠਾਈ।
ਹੋਈ ਜਿੱਤ ਅਸ਼ੋਕ ਦੀ ਸੱਟ ਧੌਂਸੇ ਲਾਈ।
ਲਖ ਕੈਦੀ ਤੇ ਡੇਢ ਦੀ, ਵਾਰੀ ਸੀ ਆਈ।
ਬੋ ਦੇ ਕਾਰਨ ਰੋਗ ਨੇ, ਅੱਤ ਚੁੱਕ ਵਖਾਈ।
ਲੋਥਾਂ ਦੇ ਹੀ ਢੇਰ ਸਨ, ਦਬ ਪਈ ਦੁਹਾਈ।
ਹੁਣ ਅਸ਼ੋਕ ਸਿਰ ਸ਼ੋਕ ਨੇ, ਧਾ ਛਾਉਣੀ ਪਾਈ।
ਘਿੱਗੀ ਬੱਝੀ ਓਸ ਦੀ, ਰੋ ਸੁਰਤ ਬੁਝਾਈ।
ਪਛਤਾਵੇ ਦੀ ਜੋਕ ਨੇ, ਜਦ ਰੱਤ ਸੁਕਾਈ।
ਚੜ੍ਹੀ ਜਵਾਨੀ ਦਰਦ ਦੀ, ਰਸ ਸ਼ਾਂਤ ਲਿਆਈ।
ਮੁੜ ਕੇ ਚੱਪਾ ਭੋਂ ਲਈ, ਨਾ ਫ਼ੌਜ ਚੜ੍ਹਾਈ।
ਛਡਿਆ ਅਪਣਾ ਰਾਜ ਨਾ, ਨਾ ਭਸਮ ਰਮਾਈ।
ਹੋਂਦੀ ਹੁਕਮਾਂ ਨਾਲ ਹੈ, ਨਿਤ ਲੋਕ ਭਲਾਈ।

ਹਰ ਥਾਂ ਉਤੇ ਲਾਇਆ, ਫ਼ਰਮਾਨੀ ਤਾਣਾ:-
"ਲੋਕਾਂ ਨੂੰ ਕੀ ਹਿੰਦੀਓ, ਨਾ ਪਸ਼ੂ ਸਤਾਣਾ।
ਹਰ ਜੰਤੂ ਤੇ ਰੀਝ ਕੇ, ਕੁਲ ਦੁਖ ਵੰਡਾਣਾ।
ਹਰ ਹਿਰਦੇ ਤੇ ਪਾਉਣਾ, ਹਿੱਤ ਮੜ੍ਹਿਆ ਬਾਣਾ।
ਵੈਰੀ ਨੂੰ ਵੀ ਸੂਰਿਓ ਪ੍ਰੀਤੋਂ ਝੁਕਵਾਣਾ।
ਜਬਰਾਂ ਨਾਲ ਜਹਾਨ ਵੀ, ਕੀ ਕਿਸੇ ਦਬਾਣਾ?
ਦਿਲ ਨੂੰ ਪੱਕਾ ਕਰ ਲਵੋ, ਨਾ ਕਹੋ ਨਿਮਾਣਾ।
ਹਰ ਵੇਲੇ ਅਮਨ ਤੇ, ਲਾਣਾ ਅਟਕਾਣਾ।
ਅਮਨ ਬਿਨਾਂ ਬ੍ਰਹਮੰਡ ਤੇ, ਕਿਸ ਨੇ ਸੁਖ ਪਾਣਾ?
ਚੰਦਰਮਾਂ ਬਿਨ ਰਾਤ ਨੂੰ, ਕਿਸ ਨੂਰ ਵਸਾਣਾ?
ਲੋਕ ਹਿੱਤ ਬਿਨ ਵਰਤਦਾ, ਰਾਜਾਂ ਵਿਚ ਭਾਣਾ।
ਪਾਵੋ ਭੁਖੇ ਜੀਵ ਨੂੰ, ਅਮਨਾਂ ਦਾ ਦਾਣਾ।
ਅਮਨਾਂ ਦੀ ਭੋਂ ਵਾਹੁਣੀ, ਤੇ ਅਮਨ ਉਗਾਣਾ।
ਮਾਨੁਖਤਾ ਦੇ ਬਾਗ਼ ਵਿਚ, ਫੁਲ-ਅਮਨ ਖਿੜਾਣਾ।
ਮਾਨੁਖਤਾ ਹੈ ਦ੍ਰੋਪਤੀ, ਲਜ ਪਾਲ ਕਹਾਣਾ।
ਭਾਵੇਂ ਜਿੰਦ ਜਾਂਦੀ ਰਹੇ, ਨਾ ਅਮਨ ਮੁਕਾਣਾ।
ਅਮਨ ਬਹਾਣਾ ਹਰ ਜਗ੍ਹਾ, ਤੇ ਕ੍ਰੋਧ ਨਸਾਣਾ।
ਅਮਨਾਂ ਬਾਝੋਂ ਕਿਸ ਭਲਾ, ਸਤਜੁਗ ਵਰਤਾਣਾ?
ਮਾਨੁਖ ਬਾਝੋਂ ਅਮਨ ਦੇ, ਹੈ ਪਲੰਘ ਅਲਾਣਾ।
ਜੀਵਣ ਦਾਤਾ ਅਮਨ ਹੈ, ਮੰਗਤੇ ਬਣ ਜਾਣਾ।
ਅਮਨ ਤੱਤ ਹੈ ਬੁਧ ਦਾ, ਨਾ ਮਨੋਂ ਭੁਲਾਣਾ।
ਵੈਰੀ ਅਪਣੇ ਆਪ ਦਾ, ਜਿਸ ਅਮਨ ਭਜਾਣਾ।
ਕਰਸੀ ਰਾਜ ਜਹਾਨ ਵਿਚ, ਅਮਨਾਂ ਦਾ ਰਾਣਾ।
ਚੱਕਰ ਚਲੇ ਹਿਤ ਦਾ, ਤੇ ਅਮਨ ਝੁਲਾਣਾ।
ਲਾਲ ਜਵਾਹਰ ਅਮਨ ਦਾ, ਸਿਰ ਤੇ ਦਮਕਾਣਾ।
ਰਣ ਭੂਮੀ ਵਿਚ ਅਮਨ ਦਾ, ਜੈ ਕਾਰਾ ਲਾਣਾ।
ਜੇ ਮੈਂ ਡੋਬਾਂ ਅਮਨ ਨੂੰ, ਤਾਂ ਪਾਰ ਬੁਲਾਣਾ।
ਜਗ ਦੇ ਸਾਹਵੇਂ ਰਖਿਆ, ਉਸ ਅਜਬ ਨਿਸ਼ਾਨਾ।
ਜੁੱਧਾਂ ਵਿਚੋਂ ਭਾਲਿਆ, ਅਨਮੋਲ ਖਜ਼ਾਨਾ।
ਰਾਜੇ ਮੂਰਖ ਨਿਕਲਦੇ, ਉਹ ਬਣਿਆ ਦਾਨਾ।
ਕੀਤਾ ਸੌਦਾ ਰਾਜ ਦਾ, ਦੇ ਅਮਨ-ਬਿਆਨਾ।

ਜਣਕੋਂ ਵਧ ਤਪਸਿਆ, ਸਮਝੋ ਉਸ ਕੀਤੀ।
ਹਰੀ ਚੰਦ ਤੋਂ ਵਧਦਿਆਂ, ਵਡਿਆਈ ਲੀਤੀ।
ਲੀਰੋਲੀਰ ਮਨੁਖਤਾ, ਉਸ ਨਾਮੇ ਸੀਤੀ।
ਸੁਚੀ ਅਮਨ ਸ਼ਰਾਬ ਵੀ, ਉਸ ਹਾਫ਼ਜ਼ ਪੀਤੀ।
ਸਮਝਾਈ ਸੰਸਾਰ ਨੂੰ, ਰਾਜੇ ਦੀ ਨੀਤੀ।
ਆਦਮ ਖਾਣੇ ਧਰਮ ਦੀ, ਉਸ ਮੋਟੀ ਰੀਤੀ।
ਦੱਸੀ ਰਾਂਝਣ ਹੀਰ ਤੋਂ, ਵਧ ਲੋਕ ਪ੍ਰੀਤੀ।
ਸ਼ੋਕ ਨਸਾਇਆ ਭਾਲ ਕੇ, ਭੁੱਲੀ ਕੁਲ ਬੀਤੀ।

ਹਜ਼ਰਤ ਈਸਾ

ਆਇਆ ਯੋਰਸ਼ਲਮ ਵਿਚ ਮਰੀਅਮ ਦਾ ਜਾਇਆ।
ਨਿਮਰਤਾ ਤੇ ਪ੍ਰੀਤ ਨੂੰ, ਦਿਲ ਵਿਚ ਰਚਾਇਆ।
ਧੁੱਪ ਸਹਾਰੀ ਸੀਸ ਤੇ, ਹੋਰਾਂ ਤੇ ਛਾਇਆ।
ਚਾਨਣ ਲੋਕ ਪ੍ਰੀਤ ਦਾ, ਹਰ ਥਾਂ ਤੇ ਪਾਇਆ।
ਗੁਣ ਨੂੰ ਮੋਹਿਆ ਏਸ ਨੇ, ਔਗੁਣ ਪਛਤਾਇਆ।
ਔਗੁਣ ਯਾਰ ਫੁਟਾਇਆ, ਉਸ ਨੇ ਬੰਨ੍ਹਵਾਇਆ।
ਚੁੱਕੀ ਆਪਣੀ ਪਿੱਠ ਤੇ, ਸੂਲੀ ਦੀ ਕਾਇਆ।

ਇਸਲਾਮ ਤੇ ਖ਼ਲੀਫ਼ੇ

ਬਿਜਲੀ ਵਾਂਗੂ ਕੜਕਿਆ, ਇਸਲਾਮ ਨਗਾਰਾ।
ਚਮਕ ਪਿਆ ਤਹਿਜ਼ੀਬ ਦਾ, ਤੇਗੀ ਚਨ ਤਾਰਾ।
ਵਗਿਆ ਵਹਿਣ ਜਹਾਦ ਦਾ, ਜਗ ਡੁਬਾ ਸਾਰਾ।
ਕਿਧਰੇ ਜ਼ਮ ਜ਼ਮ ਬਣ ਗਿਆ, ਤੇ ਕਿਧਰੇ ਖਾਰਾ।
ਹਾਰੂੰ ਜਿਹੇ ਖਲੀਫ਼ਿਆਂ, ਬਲ ਲਾਇਆ ਭਾਰਾ।
ਬਣਿਆ ਹੁਣ ਇਸਲਾਮ ਵੀ, ਜਗ-ਹੁਨਰ ਮੁਨਾਰਾ।
ਵੇਂਹਿੰਦੇ ਵੇਂਹਿੰਦੇ ਚੜ੍ਹ ਗਿਆ, ਤੁਰਕਾਂ ਦਾ ਪਾਰਾ।
ਆਣ ਰਲੀ ਇਸਲਾਮ ਵਿਚ, ਤੁਰਕਾਨੀ ਧਾਰਾ।
ਵਟਿਆ ਨਹੀਂ ਖਲੀਫ਼ਿਆਂ, ਤੁਰਕਾਂ ਦਾ ਵਾਰਾ।
ਯੋਰੋਸ਼ਿਲਮ ਦਬਾਇਆ, ਅਸਥਾਨ ਨਿਆਰਾ।
ਸੂਲੀ ਦੇ ਜੁੱਧ ਮਚ ਪਏ, ਕਰ ਧੁੰਦੂਕਾਰਾ।
ਵਿੱਥਾਂ ਪਾੜੇ ਸਾੜਿਆਂ, ਵਰਤਾਇਆ ਕਾਰਾ।

ਸੂਲੀ ਦੇ ਜੁਧ

ਓਧਰ ਜੋਸ਼ ਇਸਲਾਮ ਦਾ, ਏਧਰ ਸੀ ਸਾੜਾ।
ਤੁਰਕਾਂ ਨੇ ਜਦ ਪਾਇਆ, ਨਾਹੱਕਾ ਧਾੜਾਂ।
ਸਾਧੂ ਪੀਟਰ ਉਠਿਆ, ਜੁੱਧਾਂ ਦਾ ਲਾੜਾ।
ਮਾਨੁਖ ਦੇ ਮਨ ਪੈ ਗਿਆ, ਮਜ਼ਹਬ ਤੋਂ ਪਾੜਾ।

ਸੁਧਾਰ ਲਹਿਰ

ਮਜ਼ਹਬ ਨੂੰ ਹੁਣ ਪਰਖਿਆ, ਦਾਨੇ ਈਸਾਈਆਂ।
ਪਈਆਂ ਜਾਨ ਵਿਕਲਫ ਤੋਂ, ਨਵੀਆਂ ਰੁਸ਼ਨਾਈਆਂ।
ਅੰਧ ਵਿਸਵਾਸ ਮਿਟਾਇਆ, ਅਡ ਲੀਹਾਂ ਪਾਈਆਂ।
ਵਹਿਮਾਂ ਸ਼ੱਕਾਂ ਮਾਰੀਆਂ, ਵੇਲਾਂ ਮਹਿਕਾਈਆਂ।
ਔਗੁਣ ਅੱਖਾਂ ਮੀਟੀਆਂ, ਗੁਣ ਖੋਲ੍ਹ ਵਖਾਈਆਂ।
ਗੁਣ ਔਗੁਣ ਨੇ ਰੂਪ ਜੀ, ਮੁੜ ਦੌੜਾਂ ਲਾਈਆਂ।

ਸਰ ਟਾਮਸ ਮੋਰ

ਗੁਣ ਨੇ ਟਾਮਸ ਮੋਰ ਦੇ, ਹੱਥ ਵਾਗ ਫੜਾਈ।
ਕੀਤੀ ਅੰਧ ਵਿਸ਼ਵਾਸ ਤੇ, ਉਸ ਖ਼ੂਬ ਚੜ੍ਹਾਈ।
ਰਚੀ ਕਿਤਾਬ ਯੂਟੋਪੀਆ, ਤੇ ਅਕਲ ਲੜਾਈ।
ਧੌਣ ਵਢਾਈ ਮੂੜ੍ਹਤਾ, ਖਲ ਵਹਿਮ ਲੁਹਾਈ।
ਮਾਰੀ ਵਾਦੀ ਭਰਮ ਦੀ, ਤੇ ਜੁਗਤ ਜਵਾਈ।
ਕੁਝ ਨ ਕੁਝ ਨ ਆਖ ਕੇ, ਉਸ ਫਕੜੀ ਲਾਈ।

ਬੁੱਧੀ ਨਕਸ਼ਾ ਵਾਹਿਆ, ਬਸ ਕਲਮ ਵਗਾ ਕੇ।
ਦੱਸਿਆ ਨਾਲ ਦਲੀਲ ਦੇ, ਇਕ ਸ਼ਹਿਰ ਵਸਾ ਕੇ।
ਜੁਗਤਾਂ ਨਾਲ ਵਖਾਇਆ, ਉਸ ਰਾਜ ਚਲਾ ਕੇ।
ਅਫ਼ਲਾਤੂ ਦੇ ਵਾਂਗਰਾਂ, ਹਰ ਹੁਨਰ ਵਖਾ ਕੇ।
ਪਰਜਾ ਦਸੀ ਇਲਮ ਦੀ, ਬਸ ਖ਼ੂਬ ਸਜਾ ਕੇ।
ਉਸ ਯੂਟੋਪੀ ਵੇਲ ਵਿਚ, ਨਿੰਦਾ ਰਸ ਪਾ ਕੇ।
ਤੇਗ ਚਲਾਈ ਸੂਝ ਦੀ, ਇਕ ਵਾਰ ਬਣਾ ਕੇ।
ਨਿੰਦਿਆ ਰਾਜ ਸਮਾਜ ਨੂੰ, ਰਾਜੇ ਗਚ ਖਾ ਕੇ,
ਫਾਂਸੀ ਚਾੜ੍ਹ ਦਿਖਾਇਆ, ਔਗੁਣ ਜਤਲਾ ਕੇ।
ਗੁਣ ਨਹੀਂ ਮਰਦਾ ਰੂਪ ਜੀ, ਡਿੱਠਾ ਅਜ਼ਮਾ ਕੇ।
ਮੋਇਆ ਅਠਵਾਂ ਹੈਨਰੀ, ਸਰ ਮੂਰ ਜਵਾ ਕੇ।

ਮਾਰਟਿਨ ਲੂਥਰ

ਲੂਥਰ ਆਖੇ "ਜਰਮਨੋਂ, ਸ਼ਕ ਭਰਮ ਹਟਾਣਾ,
ਛਡੋ ਇਕਦਮ ਦੂਲਿਓ, ਹੈ ਵਹਿਮ ਨਿਮਾਣਾ"।
ਚਾਹਿਆ ਵਡੇ ਪੋਪ ਨੇ, ਲੂਥਰ ਦਬਵਾਣਾ।
ਜਰਮਨ ਸ਼ਾਹ ਨਾ ਮੰਨਿਆ, ਇਹਨੂੰ ਦਬਕਾਣਾ।
ਲੂਥਰ ਨਵੇਂ ਖ਼ਿਆਲ ਦਾ, ਤੇ ਪੋਪ ਪੁਰਾਣਾ।
ਇਹ ਹੈ ਪਲੰਘ ਨਵਾਰ ਦਾ, ਉਹ ਮੰਜਾ ਵਾਣਾ।
ਸਮਝ ਗੋਲ ਸਮਾਨ ਉਹ, ਇਹ ਫੂਲ ਮਖਾਣਾ।
ਲੂਥਰ ਪੇਟਾ ਪਟ ਦਾ, ਉਹ ਸੂਤੀ ਤਾਣਾ।
ਇਹ ਬੰਦੇ ਦਾ ਦਾਸ ਹੈ, ਉਹ ਆਦਮ ਖਾਣਾ।
ਰੱਕੜ ਜਿਹਾ ਡਰਾਉਣਾ, ਇਹ ਬਾਗ਼ ਸੁਹਾਣਾ।
ਭਰਿਆ ਸਿੱਟਾ ਸੋਹਣਾ, ਉਹ ਸੁਕਾ ਦਾਣਾ।
ਇਹ ਸਮਝਾਂ ਦਾ ਮਹਿਲ ਹੈ, ਉਹ ਐਸ਼-ਘਰਾਣਾ।
ਇਹ ਲੋਕਾਂ ਦਾ ਸੁੱਖ ਹੈ, ਉਹ ਸੁੱਖ-ਨਸਾਣਾ।
ਕੱਜਲ ਹੈ ਇਨਸਾਨ ਦਾ, ਉਹ ਕਾਮੀ ਬਾਣਾ।
ਇਹ ਰਾਖਾ ਹੈ ਅਕਲ ਦਾ, ਉਹ ਅਕਲ ਲੁਟਾਣਾ।
ਇਹ ਜੋਧਾ ਹੈ ਸੂਝ ਦਾ, ਬੇਸਮਝ ਨਿਤਾਣਾ।
ਇਹ ਆਲਮ ਦਾ ਦਾਸ, ਉਹ ਅਭਿਮਾਨੀ ਰਾਣਾ।

ਯੂਰਪੀ ਲਹਾ ਚੜ੍ਹਾ

ਯੂਰਪ ਸੀ ਘਬਰਾ ਗਿਆ, ਸੁਣ ਪੋਪੀ ਕਿੱਸੇ।
ਸੋਚਾਂ ਝਗੜੇ ਪੈ ਗਏ, ਹੁਣ ਉਹਦੇ ਹਿੱਸੇ।
ਹੋਈਆਂ ਚੁਪ ਤਜਾਰਤਾਂ, ਬਿਉਪਾਰੀ ਲਿੱਸੇ।
ਜੱਟਾਂ ਦੇ ਭਾ ਰਹਿ ਗਏ, ਪਰਸ਼ਾਦੇ ਮਿੱਸੇ।
ਵਾਸਾ ਕੋਡੀ ਗਾਮ ਨੂੰ, ਭਾਰਤ ਜਿਹੇ ਦਿਸੇ।
ਸਉੜੀ ਦੁਨੀਆਂ ਖੁਲ੍ਹ ਗਈ, ਭੁਖ ਛਾਲੇ ਫਿੱਸੇ।

ਰੀਨੈਸਾਂ (ਮੁੜ ਜਾਗਾ)

ਠੱਗੀ ਠੋਰੀ ਗ਼ਰਜ਼ ਦਾ ਜਦ ਚਲਿਆ ਚਾਲਾ।
ਕੀਤਾ ਅੰਨ੍ਹ ਅੰਨ੍ਹੇਰ ਨੇ, ਹਰ ਪਾਸਾ ਕਾਲਾ।
ਲੋਕਾਂ ਨੀਝਾਂ ਲਾਈਆਂ, ਕਿ ਹੋਏ ਉਜਾਲਾ।
ਤਦ ਯੂਨਾਨੀ ਇਲਮ ਦਾ, ਖੁਲ੍ਹਿਆ ਹਰ ਤਾਲਾ।
ਹਰ ਭਾਸ਼ਾ ਗਲ ਲਾ ਲਿਆ, ਸਾਹਿੱਤ ਨਿਰਾਲਾ।
ਮੋਹਰੇ ਇਟਲੀ ਹੋ ਗਿਆ, ਵਡ ਕਰਮਾਂ ਵਾਲਾ।
ਨਗਰ ਫਲੋਰੈਂਸ ਜਾਪਿਆ, ਇਕ ਹੁਨਰ ਸ਼ਿਵਾਲਾ।

ਮੁੜ ਜਾਗੇ ਦੇ ਮੂਰਤੀਕਾਰ ਤੇ ਚਿਤਰਕਾਰ

ਹਰ ਸ਼ੈ ਨੂੰ ਰੰਗ ਲਾਇਆ, ਆ ਚਿਤਰਕਾਰਾਂ।
ਪੱਥਰ ਜਿਉਂਦੇ ਹੋ ਗਏ, ਬਣ ਬੁੱਤ ਹਜ਼ਾਰਾਂ।
ਹੁਨਰਾਂ ਦਾ ਸਰਦਾਰ ਜੋ, ਦੇਂਦਾ ਸੀ ਸਾਰਾਂ।
"ਹੱਥਾਂ ਦਾ ਇਹ ਕੰਮ ਨਹੀਂ, ਸਿਰ ਲਾਣ ਬਹਾਰਾਂ।
"

ਬਾਝ ਵਿਓਂਤੋਂ ਹੋ ਗਿਆ, ਜਗ ਸੁੰਜਾ ਭਾਈ।
ਸੁਰਤੀ ਟੁੱਬੀ ਹੁਨਰ ਨੇ, ਤੇ ਵਿਓਂਤ ਜਗਾਈ।
ਦੇਂਦਾ ਨਿਤ ਦਿਮਾਗ਼ ਨੂੰ, ਇਹ ਕੋਮਲਤਾਈ।
ਕਿਰਲੀ ਜੀ ਮਿਚਕਾਉਂਦੀ, ਜਦ ਹੁਨਰ ਬਣਾਈ,
ਰੋਟੀ ਖਾਂਦੇ ਤਕਦਿਆਂ, ਨਾ ਅਲਕਤ ਆਈ।
ਜਾਣ ਲਵੋ ਇਹ ਹੁਨਰ ਦੀ, ਵੱਡੀ ਵਡਿਆਈ।
ਮੁੜ ਜਾਗੇ ਜੋ ਦੇਖਿਆ, ਸੋ ਸ਼ਕਲ ਵਹਾਈ।
ਏਜੰਤਾ ਤੋਂ ਵਖਰੀ, ਇਕ ਪਿਰਤ ਪਵਾਈ।
ਵਿਣਸੀ ਹੁਨਰ ਵਖਾਇਆ, ਮੌਲੀ ਲੋਕਾਈ।
ਯੂਰਪ ਇਹਦੇ ਹੁਨਰ ਦੀ, ਸ਼ੈ ਸਾਂਭ ਵਿਖਾਈ।
ਜੋਤੀ ਜੋਤੋਂ ਜਗ ਪਈ, ਹੋਈ ਰੁਸ਼ਨਾਈ।

ਵਿਣਸੀ ਦੀ ਹੀ ਨੀਂਹ ਤੇ, ਹਨ ਹੁਨਰ-ਮੁਨਾਰੇ।
ਸਮਝੋ ਏਸੇ ਅਰਸ਼ ਦੇ, ਜੋ ਦਿਸਦੇ ਤਾਰੇ।
ਜਹਾਂਗੀਰ ਨੇ ਵੇਖ ਕੇ, ਇਹ ਅਜਬ ਨਜ਼ਾਰੇ,
ਖੁਲਵਾਏ ਮਨਸੂਰ ਤੋਂ, ਹੁਨਰੀ ਭੰਡਾਰੇ।
ਮੇਲਣ ਦੁਨੀਆਂ ਦੂਰ ਦੀ, ਨਿਤ ਹੁਨਰ ਇਸ਼ਾਰੇ।
ਮੁੜ ਜਾਗੇ ਦੇ ਰੂਪ ਜੀ, ਹਨ ਗੁਝ ਇਸ਼ਾਰੇ।

(ਹੁਨਰਾਂ ਦਾ ਸਰਦਾਰ=ਉਸਤਾਦ ਮਾਈਕਲ ਏਂਜਲੋ;
ਵਿਣਸੀ=ਮਹਾਂ ਚਿਤਰਕਾਰ ਲਯੂਨਾਰਡੋ ਡੀਵਿਣਸੀ;
ਮਨਸੂਰ=ਜਹਾਂਗੀਰ ਦਾ ਵੱਡਾ ਚਿਤਰਕਾਰ ਸੀ,
ਜਿਸ ਯੂਰਪੀ ਰੰਗਤ ਲਿਆਂਦੀ)

ਮੁੜ ਜਾਗੇ ਦੇ ਵਿਗਿਆਨੀ

ਯੂਰਪ ਨੂੰ ਮੁੜ ਜਾਗ ਨੇ, ਵਿਗਿਆਨ ਸਿਖਾਇਆ।
ਪੱਤਾ ਪੱਤਾ ਫੋਲਿਆ, ਤੇ ਇਲਮ ਵਧਾਇਆ।
ਚੋਟ ਪਈ ਵਿਗਿਆਨ ਦੀ, ਗਿਰਜਾ ਥਰਰਾਇਆ।
ਔਗੁਣ ਜਾਂ ਅਗਿਆਨ ਨੂੰ, ਭੋਂ ਉੱਤੇ ਪਾਇਆ।
ਪਰ ਮੁਰਦੇ ਅਗਿਆਨ ਨੇ ਬਰੂਨੋ ਸੜਵਾਇਆ।
ਕੁਦਰਤ ਦੇ ਗੁਝ ਭੇਦ ਨੂੰ, ਵਿਗਿਆਨ ਸੁਝਾਇਆ।
ਗੁਣ ਨੂੰ ਵਧਦਾ ਦੇਖ ਕੇ, ਔਗੁਣ ਘਬਰਾਇਆ।
ਜਨਤਾ ਦੇ ਵਿਗਿਆਨ ਨੂੰ, ਗਿਰਜੇ ਪਛੜਾਇਆ।
ਜਿਉਂ ਸ਼ੂਦਰ ਨੂੰ ਪੰਡਿਤਾਂ, ਨਾ ਇਲਮ ਪੜ੍ਹਾਇਆ।
ਨਯੂਟਨ ਇਲਮ ਸਵਾਰਿਆ, ਆਕਾਸ਼ ਚੜ੍ਹਾਇਆ।
ਕਸ਼ਿਸ਼ ਦੱਸੀ ਧਰਤ ਦੀ, ਔਗੁਣ ਧੜਕਾਇਆ।

(ਬਰੂਨੋ=ਜਿਸ ਨੇ ਸੂਰਜ ਗਿਰਦੇ ਧਰਤੀ ਭੌਂਦੀ
ਸਿੱਧ ਕੀਤੀ ਤੇ ਇਹਨੂੰ ਜਾਦੂਗਰ ਕਹਿ ਕੇ
ਸਾੜ ਦਿਤਾ)

ਸ਼ੈਕਸਪੀਅਰ

ਮੁੜ ਜਾਗੇ ਸਾਹਿਤ ਨੂੰ, ਦਸਿਆ ਚਮਕਾ ਕੇ।
ਜਨਤਾ ਭਾਸ਼ਾ ਉਠੀਆਂ, ਲੇਟਿਨ ਨੂੰ ਢਾ ਕੇ।
ਉਠਿਆ ਨਾਟਕਕਾਰ ਇਕ, ਲੰਡਨ ਵਿਚ ਆ ਕੇ।
ਕੌਮ ਸਜਾਈ ਓਸ ਨੇ, ਸਾਹਿੱਤ ਫਬਾ ਕੇ।
ਕੀਤਾ ਨਾਟਕ ਹੁਨਰ ਦਾ, ਧੁਰ ਸਿਖਰ ਚੜ੍ਹਾ ਕੇ।
ਪਾਠਕ ਸੁਘੜ ਬਣਾਇਆ, ਅਨਭਵ ਸਮਝਾ ਕੇ।
ਸ਼ਾਹਾਂ ਨੂੰ ਉਸ ਭੰਡਿਆ, ਚੋਟਾਂ ਲਾ ਲਾ ਕੇ।
ਘੁੰਡੀ ਖੋਲ੍ਹੀ ਸੋਚ ਦੀ, ਉਸ ਸਮਝ ਵਖਾ ਕੇ।

ਰਾਜ ਘਰਾਣੇ ਨਾ ਰਚੇ, ਉਸਤਤ ਗਾ ਗਾ ਕੇ।
ਜੀਵਣ ਉਪਮਾ ਕਰ ਗਿਆ, ਚਜ ਰਮਜ਼ ਵਖਾ ਕੇ।
ਮੇਘਾਂ ਤੇ ਹੀ ਨਾ ਰਿਹਾ, ਵਿਜੋਗ ਦਿਖਾ ਕੇ।
ਤਲਵਾਰਾਂ ਨਾ ਮਾਰੀਆਂ, ਵਾਵਾਂ ਵਿਚ ਜਾ ਕੇ।
ਦਸਿਆ ਨਾ ਉਸ ਆਪ ਨੂੰ, ਸਰਦਾਰ ਬਣਾ ਕੇ।
ਵਸਿਆ ਉਹ ਮਜ਼ਦੂਰ ਵਾਂਗ, ਨਿਤ ਕਲਮ ਚਲਾ ਕੇ।
ਮੁੜ ਜਾਗਾ ਤਾਂ ਸੌਂ ਗਿਆ, ਸਭ ਇਲਮ ਜਗਾ ਕੇ।
ਓਸੇ ਤੋਂ ਹੁਣ ਹੁਨਰ ਦੇ, ਦਰ ਖੁਲ੍ਹੇ ਆ ਕੇ।

ਬਿਕਰਮਾਂ ਜੀਤ

ਗੁਪਤੇ ਉਠੇ ਕੋਨਿਓਂ ਤੇ ਛਾਏ ਸਾਰੇ।
ਬਿਕਰਮ ਜੀ ਦੇ ਗਾ ਰਹੇ, ਜਸ ਦਾਨੇ ਭਾਰੇ।
ਚਿਤਰਾਂ ਬੁਤਾਂ ਫੱਬਦਿਆ, ਦਿਤੇ ਦੀਦਾਰੇ।
ਸਾਹਿਤ ਨੇ ਵੀ ਦੇਸ ਤੇ, ਆ ਖੰਭ ਖਲਾਰੇ।

ਰਾਜਾ, ਸਾਹਿੱਤ ਤੇ ਮਹਾਂ ਕਵੀ ਕਾਲੀ ਦਾਸ

ਕਾਲੀ ਦਾਸ ਬਹਾਲਿਆ, ਬਿਕਰਮ ਨੇ ਛਾਵੇਂ।
ਲਿਖਤਾਂ ਵਿਚ ਵੀ ਆ ਪਏ, ਰਾਜੇ ਪਰਛਾਵੇਂ।
ਭੀਲ ਅਛੂਤ ਨਾ ਤਕਿਆ, ਦਿਸਦਾ ਸੀ ਭਾਵੇਂ।
ਚੁਕਿਆ ਨਹੀਂ ਗ਼ਰੀਬ ਨੂੰ, ਰਾਜੇ ਦੇ ਸਾਵੇਂ।

ਸਾਹਿੱਤ ਨਹੀਂ ਸਿਖਾਉਂਦਾ, ਭੰਡ ਬਣਦੇ ਜਾਵੋ।
ਸਾਹਿੱਤ ਨਹੀਂ ਸਿਖਾਉਂਦਾ, ਨੰਗੇਜ ਲਿਆਵੋ,
ਲੋਕ ਹਿੱਤ ਧੁਮਾਉਂਦਿਆਂ, ਗੌਂ ਦੇ ਗੁਣ ਗਾਵੋ।
ਸਾਹਿੱਤ ਨਹੀਂ ਸਿਖਾਉਂਦਾ, ਆਪਾ ਦਬਵਾਵੋ।
ਵਿਹਲੇ ਬੈਠੇ ਫ਼ਰਸ਼ ਤੇ, ਦਿਲ ਅਰਸ਼ ਪੁਚਾਵੋ।
ਸਾਹਿਤ ਨਹੀਂ ਸਿਖਾਉਂਦਾ, ਰਾਜੇ ਪਰਚਾਵੋ।
ਪਰਜਾ ਜਨਤਾ ਰੂਪ ਜੀ, ਨਿਤ ਮਨੋ ਭੁਲਾਵੋ।
ਸਾਹਿੱਤ ਨਹੀਂ ਸਿਖਾਉਂਦਾ, ਰਾਜੇ ਦਾ ਹੋਣਾ।
ਸਾਹਿੱਤ ਨਹੀਂ ਰਵਾਉਂਦਾ, ਇਸ਼ਕਾਂ ਦਾ ਰੋਣਾ।
ਸਾਹਿੱਤ ਸਦਾ ਧੁਵਾਉਂਦਾ, ਕੌਮਾਂ ਦਾ ਧੋਣਾ।
ਸਾਹਿੱਤ ਨਹੀਂ ਢੁਵਾਉਂਦਾ, ਗ਼ਰਜ਼ਾਂ ਦਾ ਢੋਣਾ।

ਅਲਬੈਰੂਨੀ ਵਾਂਗਰਾਂ, ਜਦ ਮੋਮਨ ਆਏ।
ਹਿੰਦੂ ਨੇ ਗਲ ਲਾਇਆ ਤੇ ਸਿਰੇ ਚੜ੍ਹਾਏ।
ਵਧੇ ਬਪਾਰ, ਦੁਪਾਸਿਓਂ, ਨਾ ਵੈਰ ਜਗਾਏ।
ਪਰ ਜਦ ਗ਼ਜ਼ਨੀ ਵਾਂਗਰਾਂ, ਹੜ ਬਣ ਕੇ ਧਾਏ।
ਬਾਹਮਨ ਕਾਜ਼ੀ ਖਹਿਬੜੇ ਤੇ ਝਗੜੇ ਪਾਏ।
ਦੋਵੇਂ ਚਾਹੁੰਦੇ ਹੀ ਰਹੇ, ਅਪਣੀ ਚਲ ਜਾਏ।
ਗ਼ਰਜ਼ਾਂ ਦੇ ਹੀ ਵਾਸਤੇ, ਦੋ ਧੜੇ ਬਣਾਏ।

ਹੋ ਗਿਆ ਹੁਣ ਦੇਸ ਵਿਚ, ਦੌਰਾ ਇਸਲਾਮੀ।
ਆਖ਼ਰ ਛਾਇਆ ਮੁਲਕ ਤੇ, ਏਕੇ ਦਾ ਹਾਮੀ।
ਗਲ ਤੋਂ ਲਾਹੀ ਸ਼ੂਦਰਾਂ, ਅਜ ਵਰਣ-ਗੁਲਾਮੀ।
ਪੰਡਿਤ ਦੇ ਸਿਰ ਚੜ੍ਹ ਪਈ, ਆਪਣੀ ਹੀ ਖਾਮੀ।

ਪਹਿਲਾਂ ਗੌਰੀ ਆ ਗਏ, ਮੁੜ ਦਾਸ ਬਹਾਏ।
ਪਿਛੋਂ ਖ਼ਿਲਜੀ ਆ ਪਏ, ਰਾਜਪੂਤ ਖਪਾਏ।
ਉੱਠੀ ਪੁਤਰੀ ਹਿੰਦ ਦੀ, ਸਤ ਜੌਹਰ ਦਿਖਾਏ।
ਕਾਮ-ਪਿਆਸੇ ਸ਼ਾਹ ਨੂੰ, ਉਸ ਮਜ਼ੇ ਚਖਾਏ।

ਤੁਗ਼ਲਕ ਲੋਧੀ ਆ ਗਏ, ਪਰ ਕੰਮ ਨਾ ਸਰਿਆ।
ਪਰਜਾ ਰੋਂਦੀ ਰਹਿ ਗਈ, ਦਿਲ ਦਰਦਾਂ-ਭਰਿਆ।
ਖੇਤ ਪੁਰਾਣੀ ਪੈਂਠ ਦਾ, ਨਾ ਹੋਇਆ ਹਰਿਆ।
ਕਖ ਤੀਲਾ ਵੀ ਰੂਪ ਜੀ, ਰਿਸ਼ਵਤ-ਵਗ ਚਰਿਆ।

ਅਕਲਾਂ ਫ਼ਰਜ਼ਾਂ ਲੈ ਲਈ, ਸ਼ਾਹਾਂ ਤੋਂ ਛੁਟੀ।
ਨਾਂ ਲੈ ਲੈ ਇਨਸਾਫ਼ ਦਾ, ਕੁਲ ਪਰਜਾ ਲੁਟੀ।
ਡਾਲੀ ਧਰਮ ਈਮਾਨ ਦੀ, ਕੁੜਕੀ ਤੇ ਟੁੱਟੀ।
ਤਾਣੀ ਭਗਤ ਕਬੀਰ ਦੀ, ਖੁੰਦਰ ਵਿਚ ਸੁੱਟੀ।

(ਅਲਬੈਰੂਨੀ=ਵਡੀ ਸੂਝ ਵਾਲਾ ਸੀ; ਹਿੰਦ
ਵਿਚ ਆਇਆ ਤੇ ਏਥੋਂ ਦੀਆਂ ਰਸਮਾਂ
ਆਦਿ ਦਾ ਪੂਰਾ ਵੇਰਵਾ ਲਿਖਿਆ;
ਨਡਰ ਹੋ ਕੇ ਦੋ-ਪੱਖੀ ਰਾਏ ਵੀ ਦਿੱਤੀ;
ਪੁਤਰੀ ਹਿੰਦ ਦੀ=ਮਹਾਰਾਣੀ ਪਦਮਣੀ)

ਭਗਤੀ ਲਹਿਰ

ਪਤਝੜ ਵਾਂਗੂ ਛਾਈਆਂ, ਜਦ ਫ਼ਿਰਕੂ ਖਾਰਾਂ,
ਲਾਈਆਂ ਭਗਤੀ ਲਹਿਰ ਨੇ, ਤਦ ਅਜਬ ਬਹਾਰਾਂ।
ਮਿਲੀਆਂ ਸਨ ਮਾਨੁਖ ਤੋਂ, ਮਾਨੁਖਤਾ ਸਾਰਾਂ।
ਮੁੱਲਾਂ ਪੰਡਿਤ ਸੋਧਿਆ, ਜੁਗਤਾਂ ਦੇ ਵਾਰਾਂ।

ਈਸ਼ਰ-ਪ੍ਰੇਮ ਗੁੰਜਾਇਆ, ਭਗਤੀ ਦੇ ਸਾਜ਼ਾਂ।
ਖੋਲ੍ਹ ਦਿਲਾਂ ਨੂੰ ਰਖਿਆ, ਧੁਸ ਦੇ ਕੁਲ ਰਾਜ਼ਾਂ।
ਕੂੜ ਕਪਟ ਨਸਾਇਆ, ਸਚ-ਰਤੀਆਂ ਵਾਜ਼ਾਂ।
ਦਸਿਆ ਹੱਥ ਭਗਵਾਨ ਨੂੰ, ਭਗਤਾਂ ਦੇ ਨਾਜ਼ਾਂ।

ਨੰਗ ਗਵਾਇਆ ਕੌਮ ਦਾ, ਤਣ ਵਖਰੀ ਤਾਣੀ।
ਦੱਸੀ ਧੰਨੇ, ਰੱਬ ਨੂੰ, ਝਟ ਜੋਗ ਚਲਾਣੀ।
ਚਮਰੇਟੇ ਦਾ ਭਰ ਲਿਆ, ਗੰਗਾ ਨੇ ਪਾਣੀ।
ਸੰਸਕ੍ਰਿਤ ਨੂੰ ਛਡਿਆ, ਨਾ ਸਮਝੀ ਰਾਣੀ।
ਮਾਂ ਭਾਸ਼ਾ ਦੀ ਸਾਰਿਆਂ, ਨਿਤ ਕਦਰ ਪਛਾਣੀ।
ਅਭਮਾਨੀ ਸਨ ਆਖਦੇ, ਹੈ ਅਣਪੜ੍ਹ ਢਾਣੀ।
ਕੰਨ ਖੁਲ੍ਹੇ ਜਦ ਸੁਣ ਲਈ, ਭਗਤਾਂ ਦੀ ਬਾਣੀ।

ਦਿਲ ਦੇ ਸਾਰੇ ਸਨ ਖਰੇ, ਤੇ ਕਿਰਤ ਕਮਾਂਦੇ।
ਢਿਡ ਦੀ ਖ਼ਾਤਰ ਰਬ ਨੂੰ, ਨਿਤ ਸਾਫ਼ ਸੁਣਾਂਦੇ।
ਭੁਲ ਕੇ ਨਹੀਂ ਅਮੀਰ ਨੂੰ, ਉਹ ਤਲੀ ਦਿਖਾਂਦੇ।
ਉਹ ਜਨਤਾ ਦੇ ਦਾਸ ਸਨ, ਪੰਡਿਤ ਘਬਰਾਂਦੇ।
ਭਰਮਾਂ ਨੂੰ ਭਸਮਾਇਆ, ਤੇ ਵਰਣ ਰੁੜ੍ਹਾਏ।
ਚਾਹੁੰਦੇ ਸਨ ਇਨਸਾਨ ਹੀ, ਖ਼ੁਦ ਸੁੱਧ ਹੋ ਜਾਏ।
ਕਾਨੂੰਨਾਂ ਦੇ ਬਾਝ ਵੀ, ਇਨਸਾਨ ਸਦਾਏ।
ਹਰ ਇਕ ਵਿਚ ਮਾਨੁਖ ਨੂੰ, ਹਰਿ ਨਜ਼ਰੀਂ ਆਏ।

(ਚਮਰੇਟੇ...ਗੰਗਾ=ਕਵ ਕਸੀਰਾ ਸੌਂਪਿਆ
ਰਵਿਦਾਸੇ ਗੰਗਾ ਦੀ ਭੇਟਾ-ਭਾ: ਗੁਰਦਾਸ)

ਬਾਬਰ ਵਾਣੀ

ਲੋਧੀ ਲਾਲ ਲੁਟਾਇਆ, ਜੋ ਦੇਸ ਖੁਹਾਇਆ।
ਬਾਬਰ ਦੀ ਚੜ੍ਹ ਮਚ ਗਈ, ਉਸ ਖੌਰੂ ਪਾਇਆ।
ਰਾਜ-ਪਿਆਸਾਂ ਓਸ ਦੇ ਸਿਰ ਨੂੰ ਚਕਰਾਇਆ।
ਅੱਲਾਹ ਦੀ ਮਖ਼ਲੂਕ ਨੂੰ, ਫੜ ਬੰਨੇ ਲਾਇਆ।
ਬੱਚਾ ਬੁਢਾ ਓਸ ਨੇ, ਫੜ ਬਿਲੇ ਲਵਾਇਆ।
ਲਿਖਿਆ ਅਪਣੇ ਹਾਲ ਨੂੰ ਤੇ ਖ਼ੂਬ ਫਬਾਇਆ।
ਭੱਸ ਪਵੇ ਉਸ ਅਕਲ ਸਿਰ, ਜਿਸ ਜ਼ੁਲਮ ਕਮਾਇਆ।

ਮਰਦ ਕਾ ਚੇਲਾ

ਉੱਠਿਆ ਚੇਲਾ ਮਰਦ ਕਾ, ਜ਼ੁਲਮੋਂ ਕੁਰਲਾਇਆ।
ਗੱਜ ਕੇ ਰੱਬ ਨੂੰ ਪੁਛਿਆ, ਨਾ ਚਿਤ ਡੁਲਾਇਆ।
ਮਾਰ ਪਈ ਕੁਲ ਦੇਸ ਨੂੰ, ਕੀ ਦਰਦ ਦਿਖਾਇਆ?
ਰਾਜ ਪਿਛੇ ਨਸਦਾ ਰਿਹੋਂ, ਜਗ ਲਈ ਨ ਆਇਆ।
ਮੋਮਨ ਉਤੇ ਚੜ੍ਹ ਪਿਆ, ਮੋਮਨ ਦਾ ਜਾਇਆ।
ਨਾਂ ਤਾਂ ਸੀ ਇਸਲਾਮ ਦਾ, ਪਰ ਗ਼ਰਜ਼ਾਂ ਤਾਇਆ।
ਲਬ ਵਿਨਾਹੇ ਮਾਣਸਾਂ, ਤਤ ਸਾਰ ਕਢਾਇਆ।
ਲੋਭਾਂ ਨੇ ਕਦ ਰੂਪ ਜੀ, ਜਗ ਭਲਾ ਕਰਾਇਆ?

ਬਾਬੇ ਕੇ ਬਾਬਰ ਕੇ

ਬਾਬੇ ਕੇ ਬਾਬਰ ਕਿਆਂ, ਆ ਵਾਹਾਂ ਲਾਈਆਂ।
ਕਰਦੇ ਦੁਖ ਸਹਾਰ ਕੇ, ਇਹ ਲੋਕ ਭਲਾਈਆਂ।
ਰਾਜਾਂ ਪਿਛੋਂ ਬੀਜਦੇ, ਉਹ ਕੁਝ ਚੰਗਿਆਈਆਂ।
ਰਤੋ ਰੱਤ ਵਿਹਾਜਿਆ, ਵਡ ਦੈਂਤ ਕਸਾਈਆਂ।
ਭਾਗੋ ਦੀਆਂ ਕੀਤੀਆਂ, ਗੁਰ ਤੋਂ ਸ਼ਰਮਾਈਆਂ।
ਲਾਲੋ ਲਾਲ ਦਿਖਾਇਆ, ਜਦ ਕਿਰਤ ਕਮਾਈਆਂ।

ਸਤਿਗੁਰ ਨਾਨਕ ਦੇਵ ਨੇ, ਗੁਣ-ਪਰਜਾ ਪਾਲੀ।
ਸੋਧੋ ਚੋਟੇ ਕੂੜ ਦੇ, ਸੱਚੀ ਕੁਟਵਾਲੀ।
ਹਿੱਤ-ਸਿੰਘਾਸਣ ਸਾਂਭਿਆ, ਲੋਕਾਂ ਦੇ ਵਾਲੀ।
ਦਿੱਤੀ ਬਲ ਦੇ ਵਾਂਗ ਨਾ, ਉਸ ਯੱਗ ਦਲਾਲੀ।
ਧਰਮ ਨਿਆਂ ਦਾ ਤੋਰਿਆ, ਸਿੱਕਾ ਟਕਸਾਲੀ।
ਮਾੜੂ ਬੀਰ ਬਣਾ ਲਏ, ਮੁਖਾਂ ਤੇ ਲਾਲੀ।
ਫ਼ੌਜ ਚੜ੍ਹਾਈ ਅਮਨ ਦੀ, ਹਰ ਜਗ੍ਹਾ ਬਹਾਲੀ।
ਸੰਗਤ ਦੇ ਦਰਬਾਰ ਦੀ, ਵਡ ਸ਼ਾਨ ਨਿਰਾਲੀ।

ਲੋਕਾਂ ਨੂੰ ਸਮਝਾਇਆ, ਹਕ ਖ਼ਾਤਰ ਅੜਨਾ।
ਤੇਸਾ ਪਗੜ ਗਿਆਨ ਦਾ, ਮਨ ਲਾਲੋ ਘੜਨਾ।
ਫਲਿਆਲੇ ਰੁਖ ਦੀ ਤਰ੍ਹਾਂ, ਜਗ ਅੱਗੇ ਝੜਨਾ।
ਹਿੱਤ ਦੇ ਸੇਕੋਂ ਹੜਦਿਆਂ, ਬਰਫ਼ਾਂ ਜਿਉਂ ਹੜਨਾ।

ਗਾਹਿਆ ਸਾਰੇ ਜਗਤ ਨੂੰ, ਉੱਦਮ ਸੀ ਹਾਲੀ।
ਭੋਈਂ ਕੀਤੀ ਸਾਫ਼ ਉਸ, ਪੁੱਟ ਦੰਭ ਪਰਾਲੀ।
ਬੀਜੀ ਖ਼ੂਬ ਮਨੁਖਤਾ, ਚਿਤ ਲਾ ਕੇ ਪਾਲੀ।
ਮਹਿਕੀ ਨਾਫ਼ੇ ਦੀ ਤਰ੍ਹਾਂ, ਹਰ ਗੁਣ ਦੀ ਡਾਲੀ।
ਮਾਰੀ ਜੁਗਤੀ ਦਾਤਰੀ, ਛਾਂਗੀ ਕੰਡਿਆਲੀ।
ਸਿੱਖੀ ਬਾਗ਼ ਖਿੜਾਇਆ, ਤੇ ਬਣਿਆ ਮਾਲੀ।

ਸ਼ੂਦਰ ਬਾਹਮਨ ਵੈਰ ਨੂੰ, ਬੰਨ੍ਹਿਆ ਨਾ ਪੱਲੇ।
ਜੁਗਤਾਂ ਨਾਲ ਸਵਾਰਦਾ, ਜੋ ਵਹਿਮੀ ਝੱਲੇ।
ਕੀਤੇ ਸਤਿ ਨੇ ਕੂੜ ਤੇ, ਹੱਲੇ ਤੇ ਹੱਲੇ।
ਓੜਕ ਸੀਤ ਪਰਤਾਪ ਨੂੰ, ਕਿਹੜਾ ਜੋ ਝਲੇ?
ਸੂਝਾਂ ਦੀ ਗਲ ਸੁਣਦਿਆਂ, ਜੁੱਧ ਹੋਏ ਨਿਗੱਲੇ।

ਪਾਪੀ ਦੇ ਡਰ ਵਾਸਤੇ, ਉਸ ਰੱਬ ਦਿਖਾਇਆ।
ਲੋਕ ਹਿੱਤ ਰੱਬ ਓਸ ਦਾ, ਓਹੋ ਹਿੱਕ ਲਾਇਆ।
ਅਰਬੋਂ ਲੈ ਆਸਾਮ ਤਕ, ਹਿੱਤ ਦੌਰ ਚਲਾਇਆ।
ਚਾਨਣ ਦਾ ਮੁਢ ਜੀਵ ਹੈ, ਇਹ ਸਾਫ਼ ਸੁਣਾਇਆ।
ਬੁੱਧੀ ਮਰਕਜ਼ ਥਾਪ ਕੇ, ਹਰ ਘੇਰਾ ਪਾਇਆ।
ਮਨ ਨੂੰ ਜਿਤਣ ਨਾਲ ਹੀ, ਕੁਲ ਜਗਤ ਜਿਤਾਇਆ।

ਖੋਲ੍ਹੇ ਲੋਕਾਂ ਵਾਸਤੇ, ਸਭ ਸ਼ਬਦ, ਖ਼ਜ਼ਾਨੇ।
ਰਸ ਲੈ ਲੈ ਕੇ ਹੋ ਗਏ, ਮਸਤਾਨੇ ਦਾਨੇ।
ਦਿਲ ਦਿਮਾਗ਼ ਨੂੰ ਸੋਧਿਆ, ਉਸ ਕਾਵਿ ਬਹਾਨੇ।
ਢੱਠੇ ਕਵਿਤਾ ਜੋਤ ਤੇ, ਜਜ਼ਬੇ ਪਰਵਾਨੇ।
ਰਖੇ ਓਹਨੇ ਅੱਖ ਵਿਚ, ਨਿਤ ਭਾਵ ਨਿਸ਼ਾਨੇ।
ਕਾਵਿ ਗੁਣ ਨਹੀਂ ਦੇਖਿਆ, ਭਾਰਤ ਮਾਤਾ ਨੇ।

ਗੁਰੂ ਅਰਜਨ ਦੇਵ

ਨਾਨਕ ਅਰਜਨ ਬਣਦਿਆਂ, ਇਕ ਗ੍ਰੰਥ ਬਣਾਇਆ।
ਜਾਣੋ ਭਗਤੀ ਲਹਿਰ ਨੂੰ, ਜਦ ਰਿੜਕ ਦਿਖਾਇਆ,
ਜ਼ਾਤ ਪਾਤ ਦਾ ਰੇੜਕਾ, ਤਦ ਐਣ ਮੁਕਾਇਆ।
ਬਾਹਮਣ ਦੀ ਨਾ ਟੈਂ ਰਹੀ, ਸ਼ੂਦਰ ਗਲ ਲਾਇਆ।

ਸਮਝੋ ਸੰਗਤ ਰੂਪ ਧਰ, ਮਾਨੁਖਤਾ ਆਈ।
ਸੰਗਤ ਉਹਦਾ ਸੀ ਪਿਤਾ, ਤੇ ਸੰਗਤ ਮਾਈ।
ਸੰਗਤ ਨੂੰ ਸੀ ਮੰਨਦਾ, ਗੁਰੂਓਂ ਵਧ ਭਾਈ।
ਗੁਰ ਨਾਨਕ ਦੀ ਪੈਂਠ ਤੇ, ਰਹੁ ਰੀਤ ਚਲਾਈ।

ਹਕ ਅਸੂਲਾਂ ਦੇ ਲਈ, ਬੈਠਾ ਅੱਗ ਉਤੇ।
ਖਿੜਿਆ ਫੁਲ ਗੁਲਾਬ ਦਾ, ਪਤ ਝੜ ਦੀ ਰੁਤੇ।
ਜਾਗੋ ਸਿੱਖ ਹਕ ਲੈਣ ਨੂੰ, ਜਿਹੜੇ ਸਨ ਸੁਤੇ।
ਗੁਣ ਤਾਂ ਦੇਂਦਾ ਹੀ ਨਹੀਂ, ਔਗੁਣ ਨੂੰ ਬੁੱਤੇ।

ਗੁਰੂ ਹਰਿ ਗੋਬਿੰਦ

ਗੁਰ ਨਾਨਕ ਦੇ ਹੌਸਲੇ, ਹੁਣ ਤੇਗ਼ ਫੜਾਈ।
ਸ਼ਾਹਾਂ ਨਾਲ ਗ਼ਰੀਬ ਦੀ, ਛਿੜ ਪਈ ਲੜਾਈ।
ਸਦੀਆਂ ਦੀ ਤਾਕਤ ਗਈ, ਜਨਤਾ ਹੱਥ ਆਈ।
ਮਤਲਬ ਬਾਝੋਂ ਰੂਪ ਨਾ, ਤਲਵਾਰ ਚਲਾਈ।

ਤੇਗ਼

ਜਿਸ ਦਮ ਚੁੱਕੀ ਤੇਗ਼ ਸੀ, ਪੈ ਗਈ ਦੁਹਾਈ।
ਦੇਖੇ ਵਾਰ ਚੁਗਤਿਆਂ, ਮੂੰਹ ਉੱਗਲ ਪਾਈ।
ਪੋਹੀ ਉਹਨੂੰ ਨਜ਼ਰ ਨਾ, ਅੱਤ ਤੇਗ਼ ਵਗਾਈ।
ਲੀਕ ਜਿਹੀ ਨੇ ਪੈਂਦਿਆਂ, ਸ਼ਫ਼ ਸਾਫ਼ ਉਡਾਈ।
ਮੌਤ-ਪੁੜੀ ਜਦ ਸਾਰ ਨਾਲ, ਉਸ ਘੋਲ ਪਿਲਾਈ,
ਜਿਸ ਨੇ ਚਾੜ੍ਹੀ ਵੇਂਹਿੰਦਿਆਂ, ਲੱਬੀ ਹਉਂ ਵਾਈ।
ਪਰੀ ਨਹੀਂ ਨਾ ਹੂਰ ਹੈ, ਨਾ ਕਾਲੀ ਮਾਈ।
ਨਾਮ ਭਗੌਤੀ ਓਸ ਦਾ, ਲੋਹਿਓਂ ਘੜਵਾਈ।
ਜਿਹੜਾ ਲਾਗੇ ਆ ਗਿਆ, ਜਿੰਦ ਭੇਟ ਚੜ੍ਹਾਈ।
ਸਿਰ ਤੇ ਪੈਂਦੇ ਸਾਰ ਹੀ, ਪੈਰਾਂ ਵਿਚ ਆਈ।
ਸਮਝੋ ਧਾਰਾ ਪਰਬਤੋਂ, ਮੈਦਾਨੇ ਧਾਈ।
ਲੇਖਾਂ ਲਾਂਦੀ ਕਾਲ ਦਾ, ਸਫ਼ ਸੂੜ੍ਹ ਬਣਾਈ।
ਚਾਬਕ ਸ਼ਾਹ ਸਵਾਰ ਦੀ, ਬੁਜ਼ਦਿਲੀ ਭਜਾਈ।
ਹੱਥੀ ਚਰਖੇ ਕਾਲ ਦੀ, ਜਿਸ ਫ਼ੌਜ ਕਤਾਈ।
ਸਿਖਰ ਦੁਪਹਿਰੇ ਤਪਦਿਆਂ, ਸੰਨ੍ਹ ਸੀਨੇ ਲਾਈ।
ਫਾੜੀ ਫਾੜੀ ਕਰ ਗਈ, ਦਲ ਦੀ ਵਡਿਆਈ।
ਨਾਂੜੀ ਸਮਝੋ ਕੌਮ ਦੀ, ਗੁਰ ਵੈਦ ਚਲਾਈ।
ਸ਼ਾਹੀ ਫ਼ੌਜ ਸਵਾਉਂਦਿਆਂ, ਝਟ ਕੌਮ ਜਗਾਈ।
ਤਰਦੀ ਮੱਛੀ ਉੱਡਣੀ, ਰੱਤ ਵਹਿਣੇ ਭਾਈ।
ਦੇਂਦੀ ਸ਼ਾਹ ਜਹਾਨ ਨੂੰ, ਹਕ ਖ਼ਾਤਰ ਸਾਈ।
ਕੜ ਕੜ ਕੀਤੀ ਹੱਡੀਆਂ, ਜਮ-ਦਾੜ੍ਹ ਸਦਾਈ।
ਓਹੋ ਟਿੱਕੀ ਹੋ ਗਿਆ, ਜਿਸ ਨੇ ਗਲ ਲਾਈ।
ਡੋਰ ਜਿਵੇਂ ਹਕ ਬਾਜ਼ ਦੀ, ਗੁਰ ਸਾਂਭ ਵਖਾਈ।
ਭੌਣੀ ਆਖੋ ਕਾਲ ਦੀ, ਗੁਰਦੇਵ ਭਵਾਈ।
ਖੂਹ ਜਿਵੇਂ ਪੰਜਾਬ ਹੈ, ਜਲ ਅਮਨ ਲਿਆਈ।
ਕਪਿਆ ਦੁਸ਼ਮਨ ਖੇਤ ਨੂੰ, ਭੋਂ ਸਾਫ਼ ਕਰਾਈ।
ਜਾਣੋ ਜਟੀ ਸਾਰ ਦੀ, ਕੁਰ ਹੀ ਗੁਡਾਈ।
ਰੱਤ ਚਵਾਈ ਮੁਖ ਚੋਂ ਤੇ ਅਣਖ ਉਗਾਈ,
ਝੱਖੜ ਝੁਲੇ ਦੇਸ ਤੇ, ਨਾ ਕਿਸੇ ਪੁਟਾਈ।
ਹੈ ਕੱਟਣੀ ਦਲ ਕੂੰਡਿਓਂ, ਲਾਹ ਗਈ ਮਲਾਈ।
ਢਕਦੀ ਨੰਗ ਧੜੰਗ ਨੂੰ, ਪਾ ਕਾਲ ਰਜਾਈ।
ਹਥੋ ਹਥੀ ਵੰਡਦੀ, ਇਹ ਮੌਤ ਮਿਠਾਈ।
ਲਟ ਲਟ ਕਰਦੀ ਲਾਟ ਹੈ, ਇਨਸਾਫ਼ ਮਚਾਈ।
ਜਹਾਂਗੀਰ ਦੀ ਈਰਖਾ, ਇਸ ਲਾਟ ਬੁਝਾਈ।
ਕਲਗ਼ੀ ਸ਼ਾਹ ਜਹਾਨ ਦੀ, ਏਸੇ ਮਧਮਾਈ।
ਜੋਧੇ ਦੀ ਹਥ ਰੇਖ ਨੇ, ਕਿਸਮਤ ਪਲਟਾਈ।
ਇਹਦਾ ਖੰਡਾ ਪੋਤਰਾ, ਜਿਸ ਕੌਮ ਜਵਾਈ।
ਤੇਗ਼ ਘੁਮਾਈ ਰੂਪ ਜੀ, ਪਰਲੋ ਧੜਕਾਈ।

ਕਸ਼ਮੀਰ ਤੇ ਪੰਜਾਬ

ਮਾਨੁਖਤਾ ਜਦ ਮੌਲਦੀ, ਹਿੱਤ ਜਗਤ ਵਸਾਂਦਾ।
ਔਗੁਣ ਪੈਰ ਪਸਾਰਦਾ, ਗੁਣ ਕਦਮ ਵਧਾਂਦਾ।
ਚੜ੍ਹਿਆ ਸੀ ਕਸ਼ਮੀਰ ਤੇ, ਜਦ ਹੜ ਜ਼ੁਲਮਾਂ ਦਾ।
ਰਸਤਾ ਲੀਤਾ ਸੋਚ ਨੇ, ਸੂਝਾਂ ਜੁਗਤਾਂ ਦਾ।
ਤੁਰਿਆ ਸਰਧਾ ਧਾਰ ਕੇ, ਜੱਥਾ ਪੰਡਿਤਾਂ ਦਾ।
ਵੇਲੇ ਸਿਰ ਕਸ਼ਮੀਰ ਨੂੰ ਪੰਜਾਬ ਬਚਾਂਦਾ।

ਪੰਡਿਤ

ਚਲੇ ਆਨੰਦ ਪੁਰ ਤਰਫ਼, ਸੁਖ ਸ਼ਾਂਤ ਵਿਹੂਣੇ।
ਧੁਖੂੰ ਧੁਖੂੰ ਸਨ ਕਰ ਰਹੇ, ਗਮਿਆਲੇ ਧੂਣੇ।
ਉੱਠੇ ਆਲਸ ਨੀਂਦਰੋਂ, ਅਣਖਾਂ ਨੇ ਝੂਣੇ।
ਜਾਣੋ ਵਿਦਿਆ ਟਹਿਣ ਸਨ, ਅਨਪੜ੍ਹਾਂ ਹਲੂਣੇ।
ਪਾਪ ਨਸਾਉਣੇ ਲੋਚਦੇ, ਜਿਗਰੇ ਤੋਂ ਊਣੇ।
ਗਏ ਨਾ ਗੱਲ੍ਹੀਂ ਕਾਲ ਦੀ, ਇਹ ਸੋਚ ਸਲੂਣੇ।

ਹੱਥ ਬੰਨ੍ਹ ਕਰਦੇ ਬੇਨਤੀ, "ਹੇ ਹਿੰਦ ਸਹਾਰੇ,
ਝਾੜੇ ਫੁਲ ਕਸ਼ਮੀਰ ਦੇ, ਮਹਿਕੀਂ ਭੰਡਾਰੇ।
ਵੇਲਾਂ ਧੌਣਾ ਸੁਟੀਆਂ, ਤਕ ਜਬਰ ਕਰਾਰੇ।
ਡਲ ਬਲ ਪੂਰੇ ਪਾਪ ਨੇ, ਤੇ ਪੁੰਨ ਨਿਘਾਰੇ।
ਧਰਤੀ ਕੰਬੀ ਰੋ ਪਈ, ਕਰ ਨੈਣ ਫੁਹਾਰੇ।
ਦਿਲ ਦੇ ਚਸ਼ਮ ਫੁਟ ਪਏ, ਅਠ ਪਹਿਰ ਪੁਕਾਰੇ।
ਨੇਕੀ ਗੰਦਲ ਵਿਸ ਭਰੀ, ਤੇ ਪਾਪ ਛੁਹਾਰੇ।
ਮਿੱਠਤਾਂ ਉੱਠੀ ਅੰਦਰੋਂ ਮਨ ਹੋਏ ਖਾਰੇ।
ਚਟੇ ਵਿਦਿਆ ਮਥਿਓਂ, ਕੁਲ ਤਿਲਕ ਪਿਆਰੇ।
ਪੀਂਘ ਚੜ੍ਹੀ ਕਸ਼ਮੀਰ ਦੀ, ਅੱਤ ਜ਼ੁਲਮ ਹੁਲਾਰੇ।
ਝੂਟੇ ਲੀਤੇ ਹਿੰਦੂਆਂ, ਢੱਠੇ ਬੇ-ਚਾਰੇ।
ਅਸਲੀ ਮੋਮਨ ਬਹਿ ਗਏ, ਚੁੱਪ ਸਬਰ ਸਹਾਰੇ।
ਸੈਦ ਪੁਰੇ ਤੋਂ ਵਧ ਗਏ, ਕੁਲ ਜ਼ੁਲਮ ਨਕਾਰੇ।
ਉਹਦੇ ਜ਼ੁਲਮਾਂ ਮਾਰਿਆ, ਜਿਸ ਭਾਈ ਮਾਰੇ,
ਤਨ ਟੋਟੇ ਕਰਵਾ ਲਿਆ, ਬਖ਼ਤਾਵਰ ਦਾਰੇ।
ਕੈਦੀ ਕੀਤਾ ਬਾਪ ਨੂੰ, ਫੜ ਬੁਢੇ ਵਾਰੇ।
ਧਹਿ ਧਹਿ ਸੁਟੀ ਜਾ ਰਿਹਾ, ਕੁਲ ਇਲਮ ਮੁਨਾਰੇ।
ਸ਼ਕਤੀ ਉੱਡੀ ਯੱਗ ਦੀ, ਸਭ ਮੰਤਰ ਹਾਰੇ।
ਝਲਿਆ ਸਾਨੂੰ ਹੈ ਨਹੀਂ, ਭਗਵਾਨ ਦਵਾਰੇ।

"ਹਰ ਗਲ ਭਗਤੀ ਲਹਿਰ ਦੀ, ਔਰੰਗ ਰੁੜ੍ਹਾਈ।
ਕੰਨੀ ਬੰਨ੍ਹੀ ਓਸ ਨੇ, ਇਕ ਕੱਟੜਤਾਈ।
ਦੱਸੀ ਰਾਜ-ਪਿਆਸ ਦੀ, ਉਸ ਮੋਮਨਤਾਈ।
ਹੇ ਪ੍ਰਭ ਚੱਲੀ ਭਾਰਤੋਂ, ਅਜ ਮਾਨੁਖਤਾਈ।

((ਬਲ=ਇੱਛਾ ਬਲ ਆਦਿ ਚਸ਼ਮੇ, ਸੈਦ
ਪੁਰ=ਏਥੇ ਬਾਬਰੀ ਜੁਲਮ ਬਹੁਤ ਹੋਇਆ ਸੀ)

ਹਿੰਦ ਦੀ ਚਾਦਰ

ਤੇਗ਼ ਬਹਾਦਰ ਦਸ ਗਏ, ਜਗ ਖ਼ਾਤਰ ਮਰਨਾ।
ਲੋਕਾਂ ਖ਼ਾਤਰ ਦਸਿਆ, ਧੜ ਧਰਤੀ ਧਰਨਾ।
ਲੋਕਾਂ ਦੇ ਸੁਖ ਵਾਸਤੇ, ਦੁਖ ਸਿਰ ਤੇ ਜਰਨਾ।
ਅੜਨਾ ਧਰਮ ਅਸੂਲ ਤੇ, ਨਾ ਕਸ਼ਟੋਂ ਡਰਨਾ।
ਜੌਹਰ ਦਿਖਾਣੇ ਤੇਗ਼ ਨੂੰ, ਨੇਕੀ ਨੂੰ ਵਰਨਾ"।
ਗੁਣ ਦੀ ਬਾਜ਼ੀ ਲਾਉਂਦਿਆਂ, ਤਨ ਨੂੰ ਵੀ ਹਰਨਾ।
ਉਪਕਾਰੋਂ ਸਿਰ ਵਾਰਨਾ, ਤੇ ਮਹਿਕਾਂ ਕਰਨਾ।
ਛਡਣਾ ਪੁੱਤ ਪਿਆਰ ਨੂੰ, ਜਗ ਦਾ ਹਿੱਤ ਕਰਨਾ।
ਮਾਰੂ ਥਲ ਵਿਚ ਦਸ ਗਏ, ਸੁਖ ਖ਼ਾਤਰ ਝਰਨਾ।
ਏਸ ਤਰ੍ਹਾਂ ਦਾ ਰੂਪ ਜੀ, ਕਿਸ ਤੋਂ ਕੰਮ ਸਰਨਾ?

ਕਲਮ ਤੇਗ਼ ਤੇ ਮਾਨੁਖਤਾ ਦਾ ਗੁਰੂ

ਨੌਵੇਂ ਗੁਰ ਜਤਲਾ ਗਏ, ਕਾਇਆਂ ਪਲਟਾਣੀ।
ਬਾਲਕ ਗੋਬਿੰਦ ਰਾਏ ਨੇ, ਝਟ ਨਬਜ਼ ਪਛਾਣੀ।
ਓਹਨੇ "ਮੂੰਹ ਗ਼ਰੀਬ ਕਾ, ਗੁਰ ਗੋਲਕ" ਜਾਣੀ।
ਚਾਹੀ ਓਸ ਬਰਾਬਰੀ, ਹਰ ਤਰਫ਼ ਧੁਮਾਣੀ।
ਢੱਠੀ ਚਰਨੀਂ ਆਣ ਕੇ, ਮਾਨੁਖਤਾ ਰਾਣੀ।
ਏਸੇ ਦੱਸੀ ਕੌਮ ਨੂੰ, ਸਿਰ, ਅਣਖ ਸਜਾਣੀ।
ਸਿਰ ਤੀਕਣ ਜਦ ਚਾੜ੍ਹਿਆ, ਜ਼ੁਲਮਾਂ ਨੇ ਪਾਣੀ,
ਫੜਨੀ ਪੈ ਗਈ ਤੇਗ਼ ਵੀ, ਤੇ ਕਲਮ ਚਲਾਣੀ।
ਮੇਟ ਵਖਾਣੀ ਦੇਰ ਦੀ, ਇਸ ਬਾਬਰਵਾਣੀ।

ਦਸ਼ਮੇਸ਼ ਸਾਹਿੱਤ

ਦਸੇ ਸੋਹਣੇ ਕਾਵਿ ਦੇ, ਜੋ ਜੌਹਰ ਨਿਰਾਲੇ।
ਦੇਖ ਨਹੀਂ ਸਕੇ, ਅਜੇ ਕੁਲ ਹਿੰਦੀ ਵਾਲੇ।
ਬਖ਼ਸ਼ੇ ਕਵਿਤਾ ਨਾਰ ਨੂੰ, ਉਸ ਛੰਦ ਸੁਚਾਲੇ।
ਓਸ ਵਹਾਏ ਕਲਮ ਚੋਂ, ਰੱਤੇ ਪਰਨਾਲੇ।
ਚਾੜ੍ਹੇ ਸੂ ਸਾਹਿੱਤ ਦੇ, ਦਲ ਮਾਰ ਰਸਾਲੇ।
ਦਿਲ ਬਹਿ ਜਾਂਦੇ ਓਸਲੇ, ਜਦ ਖ਼ੌਫ਼ ਦਿਖਾਲੇ।
ਨਾੜਾਂ ਫੜਕਨ ਲਗਦੀਆਂ, ਜਦ ਬੀਰ ਉਛਾਲੇ।
ਵਾਂਗ ਭੁਜੰਗਾਂ ਸ਼ੂਕਦੇ, ਲਫ਼ਜ਼ੀ ਅਣਿਆਲੇ।
ਗੜ ਗੜ ਬੱਦਲ ਗੜ੍ਹਕਦੇ, ਜੋ ਅਖਰ ਕਾਲੇ।
ਉਸਤਤ ਕਰੇ ਅਕਾਲ ਦੀ, ਬਹਿ ਸ਼ਾਂਤ-ਸ਼ਿਵਾਲੇ।
ਜਾਪ ਕਰੇ ਜਦ ਓਸ ਦਾ, ਰਸ ਬੀਰ ਵਿਚਾਲੇ।
ਚਾਲੇ ਦੂਸੇ ਗ਼ਜ਼ਬ ਦੇ, ਉਸਤਾਦਾਂ ਵਾਲੇ।
ਚਲੇ ਉਹਦੇ ਦੌਰ ਵਿਚ, ਸਾਹਿੱਤ-ਪਿਆਲੇ।
ਕਾਇਰ ਜੋਧੇ ਹੋ ਗਏ, ਮੂਰਖ ਮਤਵਾਲੇ।

ਜੁੱਧ

ਦੇਖੋ ਆਨੰਦ ਪੁਰ ਤਰਫ਼, ਦੁਸ਼ਮਨ ਦਲ ਲਥੇ।
ਸਾਹਵੇਂ ਹੋਏ ਗਰਜਦੇ, ਸਿੰਘਾਂ ਦੇ ਜਥੇ।
ਭਿੜਦੇ ਸਾਹਨਾਂ ਦੀ ਤਰ੍ਹਾਂ, ਡਾਹ ਅਗੇ ਮਥੇ।
ਫੇਰਨ ਪਟੇ ਸਰੋਹੀਆਂ, ਦਸ ਰਹੇ ਪਲੱਥੇ।
ਘਚ ਘਚ ਨੇਜ਼ੇ ਖੋਭਦੇ, ਪਹਿਲੇ ਹੀ ਹਥੇ।
ਖ਼ੂਨੀ ਧਾਰ ਨਕੇਲ ਹੈ, ਜਿਸ ਜੋਧੇ ਨਥੇ।
ਪਲ ਵਿਚ ਖ਼ਾਲੀ ਹੋ ਗਏ, ਤੂਸੇ ਜੋ ਭੱਥੇ।

ਗੱਦੀ ਦੂਣ ਪਹਾੜ ਦੀ, ਜਦ ਧੌਂਸੇ ਵੱਜੇ।
ਬੁਕੇ ਸਿੰਘ ਸਿੰਘ ਵਾਂਗਰਾਂ, ਦੂਜੇ ਦਲ ਗੱਜੇ।
ਬੁਰਜਾਂ ਵਾਂਗ ਖਲੋ ਗਏ, ਰਣ ਚੋਂ ਨਾ ਭੱਜੇ।
ਗੋਲੀ ਖਾਣ ਬਦਾਮ ਜਿਉਂ, ਉੱਕਾ ਨਾ ਰੱਜੇ।

ਗੁੱਥਮ ਗੁੱਥਾ ਹੋ ਗਏ, ਤੇ ਖਬੇ ਪਾਸੇ।
ਤੋਪਾਂ ਤੁਪਕਾਂ ਦਾਗਦੇ, ਲਗ ਗਏ ਚੁਮਾਸੇ।
ਹਿੱਕਾਂ ਦੇ ਬੁਕ ਭਰ ਰਹੇ, ਕੁਝ ਗੋਲ ਪਤਾਸੇ।
ਠਾਹ ਠਾਹ ਕਰਦੇ ਰਿਹਲਕੇ, ਬੀਰਾਂ ਦੇ ਹਾਸੇ।
ਖੰਡੇ ਬਰਛੇ ਹਨ ਬੜੇ, ਪਰ ਬੜੇ ਪਿਆਸੇ।
ਵਧਦੇ ਹਟਦੇ ਜਾਂਦਿਆਂ, ਦਿਲ ਦੇਂਦੇ ਝਾਸੇ।

ਭੀਮ ਚੰਦ ਲਲਕਾਰਦਾ, "ਅੜ ਅੜ ਤਨ ਵਾਰੋ।
ਅਜ ਦੀ ਖ਼ਾਤਰ ਪਾਲਿਆ, ਹੁਣ ਤਲਬਾਂ ਤਾਰੋ।
ਵਧ ਵਧ ਕੇ ਛੋਟ ਖਾ ਲਵੋ, ਕੰਮ ਸਾਡਾ ਸਾਰੋ।
ਰੱਤੀ ਗੰਗਾ ਤਰਦਿਆਂ, ਬਸ ਜਨਮ ਸਵਾਰੋ।
ਕਹਿਣ ਭਗੌਤੀ ਤੇਗ਼ ਨੂੰ, ਸਿੱਖਾਂ ਨੂੰ ਮਾਰੋ।
ਗਿੱਦੜ ਬਣਦੇ ਸਿੰਘ ਪਏ, ਕੁਝ ਸੋਚ ਵਿਚਾਰੋ।
ਸ਼ੂਦਰ ਚਾਹੁੰਦੇ ਹੱਕ ਨੇ, ਸਤਲੁਜੇ ਨਿਘਾਰੋ"।

ਜਿਉਂ ਜਿਉਂ ਤਪੇ ਪਹਾੜੀਏ, ਸਿੰਘ ਮਚਦੇ ਜਾਂਦੇ।
ਕਹਿੰਦੇ ਹਕ ਹੰਡਾਉਣਾ, ਹਾਰਾਂ ਨਹੀਂ ਖਾਂਦੇ।
ਜਪ ਕੇ ਇਕ ਅਕਾਲ ਨੂੰ, ਗੁਰ ਫ਼ਤਹ ਗਜਾਂਦੇ।
ਟੁਟੇ ਉਪਰ ਜੋਧਿਆਂ, ਮਾਰੇ ਜੋਸ਼ਾਂ ਦੇ।
ਉਹ ਵੀ ਸ਼ਿਵ ਸ਼ਿਵ ਜਪਦਿਆਂ, ਪਏ ਪੈਰ ਜਮਾਂਦੇ।
ਛਡੇ ਗੋਬਿੰਦ ਸਿੰਘ ਜੀ, ਕੈਬਰ ਕਹਿਰਾਂ ਦੇ।
ਤਿੰਨ ਤਿੰਨ ਤਨ ਹਨ ਵਿੰਨ੍ਹਦੇ, ਛੁਟੇ ਜੁਗਤਾਂ ਦੇ।
ਸਾਂਗਾਂ ਮਾਰਨ ਸੂਤ ਕੇ, ਸੂਰੇ ਗਚ ਖਾਂਦੇ।
ਢਾਲਾਂ ਤੋਂ ਤਿਲਕਾ ਰਹੇ, ਜੋਧੇ ਹੁਨਰਾਂ ਦੇ।
ਖੰਡੇ ਜਾਂਦੇ ਚੀਰਦੇ ਤਨ ਸੰਜੋਹਾਂ ਦੇ।
ਰਜ ਰਜ ਕੇ ਘੁਟ ਪੀ ਰਹੇ, ਤੇਗ਼ੀ ਧਾਰਾਂ ਦੇ।
ਅਧਚੰਦੇ ਮੁਖ ਦੇ ਕਿਵੇਂ, ਹਨ ਬਾਣ ਚਲਾਂਦੇ?
ਨਾਲ ਸਫ਼ਾਈ ਧੌਣ ਤੋਂ, ਇੰਜ ਸਿਰੀ ਉਡਾਂਦੇ:-
ਗੰਨੇ ਉੱਤੋਂ ਆਗ ਨੂੰ, ਜਿਉਂ ਛਾਂਗੀ ਜਾਂਦੇ।
ਬਣ ਸੰਭਾਲੇ ਅਰਸ਼ ਤੇ, ਸੂਰਜ ਕਿਰਨਾਂ ਦੇ।

ਭੀਮ ਚੰਦ ਨੇ ਆਖਿਆ, "ਇਕ ਡੌਲ ਬਣਾਵੋ।
ਦੇ ਦੇ ਮੱਟ ਸ਼ਰਾਬ ਦੇ, ਹਾਥੀ ਮਸਤਾਵੋ।
ਮਥੇ ਤੇ ਅਸਪਾਤ ਦੇ, ਬੰਨ੍ਹ ਤਵੇ ਸਜਾਵੋ।
ਆਨੰਦ ਗੜ੍ਹ ਵਲ ਓਸ ਨੂੰ, ਤੋਰੋ ਮਛਰਾਵੋ।
ਏਸੇ ਜੁਗਤੀ ਨਾਲ ਹੀ, ਬੂਹਾ ਤੁੜਵਾਵੋ।
ਜੋ ਕੁਲ ਵਰਣ ਮਿਟਾ ਰਿਹਾ, ਮੇਟੋ ਮਿਟਵਾਵੋ।
ਜੱਟ ਸਿਰੇ ਜੋ ਚਾੜ੍ਹਦਾ, ਉਹ ਖੇਤ ਸੜਾਵੋ।
ਜਿਹੜਾ ਕੂਕੇ ਹਕ ਨੂੰ, ਉਹ ਸੰਘ ਨਪਾਵੋ।
ਰਾਜੇ ਰਾਜ ਕਮਾਣਗੇ, ਸੁਣ ਲਵੋ ਭਰਾਵੋ।
ਗੋਬਿੰਦ ਸਿੰਘ ਦੇ ਵਾਰ ਤੋਂ, ਟਿਲ ਲਾ ਬਚ ਜਾਵੋ"।

ਫ਼ਜਰੇ ਹਾਥੀ ਚਾੜ੍ਹਿਆ, ਕੁਲ ਕਸਬ ਕਮਾ ਕੇ।
ਡਿੱਠਾ ਦਸਵੇਂ ਪਾਤਸ਼ਾਹ, ਬੋਲੇ ਮੁਸਕਾ ਕੇ।
"ਹਾਥੀ ਚਾਹਾਂ ਆਪਣਾ, ਜੋ ਠਲ੍ਹੇ ਧਾ ਕੇ"।
ਸਿੰਘ ਬਚਿਤਰ ਉੱਠਿਆ, ਸਿਰ ਚਰਣੀਂ ਪਾ ਕੇ।
"ਥਾਪੀ ਦੇਵੋ ਹੇ ਗੁਰੋ! ਦਸਾਂ ਹਥ ਜਾ ਕੇ"।
ਜਾਣੋ ਘੋੜੇ ਚਾੜ੍ਹਿਆ, ਇਕ ਸ਼ੇਰ ਸਜਾ ਕੇ।
ਹੱਥ ਵਿਚ ਲੀਤੀ ਨਾਗਣੀ, ਤੇ ਮੁੱਛਾਂ ਤਾ ਕੇ।
ਘੋੜਾ ਗਾਮੇ ਲਾਇਆ, ਮੁੜ ਪੋਈਏ ਪਾ ਕੇ।
ਸੂਤੀ ਖੋਭੀ ਨਾਗਨੀ, ਗਚ ਗੁੱਸਾ ਖਾ ਕੇ।
ਘੋੜੇ ਦਾ ਤੰਗ ਟੁਟਿਆ, ਪਰ ਖ਼ੂਬ ਬਚਾ ਕੇ।
ਮੱਥਾ ਗਜ ਦਾ ਵਿੰਨ੍ਹਿਆ, ਡੂੰਘਾ ਫਟ ਪਾ ਕੇ।
ਦਸਿਆ ਦੂਲੇ ਸ਼ੇਰ ਨੇ, ਹਾਥੀ ਪਰਤਾ ਕੇ।
ਦੱਸੀ ਗੋਬਿੰਦ ਸਿੰਘ ਜੀ, ਇਉਂ ਜੁਗਤ ਬਣਾ ਕੇ।
ਸੁਖ ਪੁਚਾਏ ਰੂਪ ਜੀ, ਨਿਤ ਅਕਲ ਚਲਾ ਕੇ।

ਖੰਡਾ

ਜਾਂਦਾ ਸੀ ਮੈਦਾਨ ਵਿਚ, ਜਦ ਖੰਡਾ ਫੜ ਕੇ।
ਦੋ ਡਕ ਜਿਸਮ ਕਰਾਉਂਦਾ, ਜੋ ਲੜਦਾ ਅੜ ਕੇ।
ਡਿਗਦਾ ਫਲ ਦੇ ਵਾਂਗਰਾਂ, ਘੋੜੇ ਤੋਂ ਝੜ ਕੇ।
ਖੰਡਾ ਲਾਂਬਾ ਜੋਸ਼ ਦਾ, ਜਿਸ ਦਮ ਵੀ ਭੜਕੇ,
ਲਗਦਾ ਢੇਰ ਸਵਾਹ ਦਾ, ਦਲ ਜੰਗਲ ਸੜਕੇ।
ਖੰਡਾ ਕੰਡਾ ਟੰਗਦਾ, ਮੁਗ਼ਲਾਂ ਵਿਚ ਵੜ ਕੇ।
ਧੜੀਆਂ ਹੀ ਧੜ ਤੋਲਦਾ, ਸਿਰ ਦੋ ਦੋ ਜੜ ਕੇ।
ਝਪਣੇ ਚਿਟਾ ਬਾਜ਼ ਜਿਉਂ, ਤੇ ਮੁੜ ਕੇ ਖੜ ਕੇ,
ਮਾਰੇ ਸੱਟ ਵਦਾਨ ਜਿਉਂ, ਧੌਂਸੇ ਜਿਉਂ ਖੜਕੇ।
ਵਸੇ ਬਦਲ ਦੀ ਤਰ੍ਹਾਂ, ਬਿਜਲੀ ਜਿਉਂ ਕੜਕੇ।
ਸਫ਼ ਦੀ ਸਫ਼ ਨੂੰ ਰੋੜ੍ਹਦਾ, ਰੱਤ ਵਹਿਣੇ ਹੜ ਕੇ।
ਖੰਡੇ ਨੂੰ ਨਾ ਜਿੱਤਿਆ, ਸ਼ਾਹਾਂ ਨੇ ਅੜ ਕੇ।

ਦਸਮੇਸ਼ ਚਮਤਕਾਰ

ਦੇ ਦਿਤੇ ਪੰਜਾਬ ਨੂੰ, ਉਸ ਪੰਜ ਪਿਆਰੇ।
ਲਾਲ ਲੁਟਾਏ ਆਪਣੇ, ਤੇ ਮਾਪੇ ਵਾਰੇ।
ਧਰਮ, ਦੀਨ, ਮਸੰਦ ਦੇ, ਉਸ ਔਗੁਣ ਮਾਰੇ।
ਬੰਦਾ ਬੰਦਾ ਬਣ ਗਿਆ, ਜਦ ਬਚਨ ਉਚਾਰੇ।

ਸੰਗਤ ਦੀ ਹੀ ਚਾਹ ਦਾ, ਨਿੱਤ ਪਾਣੀ ਭਰਦਾ।
ਸੰਗਤ ਜਨਤਾ ਵਾਸਤੇ, ਉਹ ਲੜਦਾ ਮਰਦਾ।
ਸੰਗਤ ਖ਼ਾਤਰ ਰਾਤ ਦਿਨ, ਸਭ ਕੁਝ ਸੀ ਕਰਦਾ।
ਸੰਗਤ ਦਾ ਹੀ ਸਤਿਗੁਰੂ, ਸੰਗਤ ਦਾ ਬਰਦਾ।

ਉਹਦੇ ਹੀ ਪਰਸਾਦਿ ਤੇ, ਕੁਲ ਮਿਸਲਾਂ ਧਾਰਾਂ,
ਵਗੀਆਂ ਆਣ ਪੰਜਾਬ ਤੇ, ਲਾ ਅਜਬ ਬਹਾਰਾਂ।
ਸਮਝੋ ਓਸ ਬਚਾਈਆਂ, ਅਹਿਮਦ ਤੋਂ ਨਾਰਾਂ।
ਉਹਦੀ ਰੂਹ ਬਣਾਈਆਂ, ਜਿਤੋਂ ਵਧ ਹਾਰਾਂ।
ਉਹਦੀ ਸੂਝ ਦਵਾਈਆਂ, ਮਾਨੁਖਤਾ ਸਾਰਾਂ।
ਰੰਗ ਦਿਤਾ ਹੈ ਹਿੰਦ ਨੂੰ, ਉਹਦੇ ਉਪਕਾਰਾਂ।
ਏਸੇ ਕਰ ਕੇ ਉਹਦੀਆਂ, ਗਾਂਦਾ ਹਾਂ ਵਾਰਾਂ।

ਦੋ ਪੰਜਾਬੀ ਵਿਦਵਾਨ

ਸਤਿ ਵੀ ਸੋਭੇ ਇਲਮ ਤੋਂ, ਇਕ ਆਲਮ ਆਇਆ।
ਤੁਲਸੀ ਨੂੰ ਰਾਮਾਇਣ ਦਾ, ਉਹ ਭਾਵ ਸੁਣਾਇਆ।
ਜਿਹੜਾ ਚਿੱਤ ਵਿਚ ਸੀ ਨਹੀਂ, ਇਸ ਖੋਲ੍ਹ ਦਿਖਾਇਆ।
ਟੀਕਾ ਕਾਰ ਸਿਆਣਿਆਂ, ਸਿਰ ਚਰਣੀ ਪਾਇਆ।
ਸੰਤ ਸਿੰਘ ਵਰਿਆਮ ਨੇ, ਸੰਤੋਖ ਜਿਤਾਇਆ।
ਜਿਸ ਸਿੱਖੀ ਤੇ ਕਾਵਿ ਦਾ, ਸੂਰਜ ਚਮਕਾਇਆ।

(ਸੰਤ ਸਿੰਘ=ਭਾਈ ਸੰਤ ਸਿੰਘ ਗਿਆਨੀ
ਨੇ ਰਾਮਾਇਣ ਦੀ ਸੁੰਦਰ ਵਿਆਖਿਆ
ਕੀਤੀ ਹੈ; ਉਹਦਾ ਨਾਂ ਭਾਵ ਪ੍ਰਕਾਸ਼ਨੀ
ਹੈ; ਭਾਈ ਸੰਤੋਖ ਸਿੰਘ ਨੇ ਇਨ੍ਹਾਂ ਤੋਂ
ਵਿਦਿਆ ਲਈ ਸੀ)

ਮਨੁਖਤਾ ਲਈ ਪੰਜਾਬੀਆਂ ਦੇ ਜਤਨ

ਵਿਦਵਾਨਾਂ ਤੇ ਜੋਧਿਆਂ, ਪੰਜਾਬ ਉਠਾ ਕੇ।
ਅਮਨ ਵਸਾਇਆ ਦੇਸ ਤੇ, ਇਕ ਰਾਜ ਚਲਾ ਕੇ।
ਵਿਕਦਾ ਸਿੱਖ ਦਾ ਸੀਸ ਸੀ, ਜਿਸ ਥਾਂ ਤੇ ਆ ਕੇ।
ਮੋਮਨ ਕਾਜ਼ੀ ਥਾਪਿਆ, ਉਥੇ ਹੀ ਜਾ ਕੇ।
ਦਸਿਆ ਸ਼ੇਰ ਪੰਜਾਬ ਨੇ, ਇਉਂ ਵੈਰ ਮੁਕਾ ਕੇ।
ਭਾਵੇਂ ਤੰਗ ਗ਼ਰੀਬ ਸਨ, ਪਰ ਅਮਨ ਦਿਖਾ ਕੇ।
ਸਾਹ ਦਵਾਇਆ ਵਤਨ ਨੂੰ, ਚਿਰ ਮਗਰੋਂ ਆ ਕੇ।

ਪੰਜਾਬ ਦਾ ਮੁੜ ਜਾਗਾ ਤੇ ਹਰਿਮੰਦਰ

ਕਸਬਾਂ ਅੱਖਾਂ ਖੋਲ੍ਹੀਆਂ, ਹੁਨਰਾਂ ਮੁਖ ਦੱਸਿਆ।
ਮੁਗ਼ਲ ਪਹਾੜੀ ਕਲਮ ਤੋਂ, ਵਖਰਾ ਮੀਂਹ ਵੱਸਿਆ।
ਹਰਿਮੰਦਰ ਵਿਚ ਹਾਲ ਤਕ, ਉਹ ਹੁਨਰ ਹੈ ਰੱਸਿਆ।
ਜਿਸ ਮੇਟੀ ਪੰਜਾਬ ਦੀ, ਬੇਹੁਨਰੀ ਮੱਸਿਆ।

ਮੁੜ ਜਾਗੇ ਦੇ ਕੁਝ ਮੁਸੱਵਰ, ਕਵੀ

ਮੁੜ ਜਾਗੇ ਪੰਜਾਬ ਤੇ, ਗੁਣ ਲਹਿਰ ਲਿਆਂਦੀ।
ਪਤ ਰੱਖੀ ਸੀ ਕਿਹਰ ਸਿੰਘ, ਕਿੰਨੇ ਹੁਨਰਾਂ ਦੀ।
ਮਹਿਕੀ ਮਹਿਕ ਕਪੂਰ ਦੇ, ਸਾਰੇ ਰੰਗਾਂ ਦੀ।
ਪੀੜੀ ਤੁਰੀ ਮੁਸੱਵਰਾਂ, ਹੈ ਰੂਪ ਵਟਾਂਦੀ।

ਮੁੜ ਜਾਗੇ ਪੰਜਾਬ ਦਾ, ਆ ਭਰਿਆ ਪਾਣੀ।
ਅਹਿਮਦ ਯਾਰ ਬਣਾ ਗਿਆ, ਕਵਿਤਾ ਨੂੰ ਰਾਣੀ।
ਕਾਦਰ ਖ਼ੂਬ ਧੁਖਾ ਗਿਆ, ਇਕ ਭਗਤ ਕਹਾਣੀ।
ਦਸੀ ਹਾਸ਼ਮ ਸ਼ਾਹ ਨੇ, ਸੱਸੀ ਨੂੰ ਲਾਣੀ।

ਹਰ ਪਾਸਾ ਪੰਜਾਬ ਦਾ, ਸੀ ਫੁਲਿਆ ਫਲਿਆ।
ਸਾੜੇ ਨਾਲੇ ਹਸਦ ਦਾ, ਕੁਝ ਸੂਰਜ ਢਲਿਆ।
ਇਲਮਾਂ ਕਥਾਂ ਬੁਝਾਰਤਾਂ, ਚੌਗਿਰਦਾ ਵਲਿਆ।
ਸ਼ੋਰੀ, ਟੱਪਾ ਗਾਂਵਿਆ, ਜੋ ਹਿੰਦ ਵਿਚ ਚਲਿਆ।

ਆਖ਼ਰ ਏਸੇ ਦੇਸ ਨੇ ਕੁਲ ਡਾਕੂ ਡਕੇ।
ਹਰੀਆ ਹਰੀਆ ਕਹਿੰਦਿਆਂ, ਜਰਵਾਣੇ ਥਕੇ।
ਫੂਲਾ ਸਿੰਘ ਦਬਾ ਗਿਆ, ਸਰਹੱਦੀ ਨੱਕੇ।
ਨਿਕਲੇ ਹਿੰਦੀ ਤਾਸ਼ ਦੇ, ਪੰਜਾਬੀ ਯੱਕੇ।

(ਕਪੂਰ=ਮਹਾਂ ਚਿਤਰਕਾਰ ਭਾਈ ਕਪੂਰ ਸਿੰਘ)

ਪੰਜਾਬ ਤੇ ਹਿੰਦ

ਹਿੰਦ ਲਈ ਪੰਜਾਬ ਨੇ, ਹਿਤ ਹਰਦਮ ਦੱਸਿਆ।
ਮੋਘ ਸਕੰਦਰ ਗਜਿਆ, ਪੋਰਸ ਮੀਂਹ ਵੱਸਿਆ।
ਅਹਿਮਦ ਨਾਦਰ ਏਸ ਥਾਂ, ਜਮਿਆਂ ਨਾ, ਨੱਸਿਆ।
ਹਿੰਦ ਬਣਿਆ ਅੰਗਰੇਜ਼ ਦਾ, ਪੰਜਾਬ ਗ੍ਰੱਸਿਆ।
ਸੰਨ ਸਤਵਿੰਜਾ ਰੂਪ ਜੀ, ਦਸ ਦਸ ਕੇ ਹੱਸਿਆ।
ਸਭਰਾਵਾਂ ਦੀ ਭੁਲ ਗਿਆ, ਕਰਤੂਤੀ ਮੱਸਿਆ।

ਉੱਠੇ ਭਾਰਤ ਵਾਸਤੇ, ਪੰਜਾਬ ਪਿਆਰੇ।
ਬਜ, ਬਜ ਘਾਟ ਬਣਾਇਆ, ਸਿਰ ਦੁਖ ਸਹਾਰੇ।
ਬੱਬਰ ਜਾਗੇ ਰੂਪ ਜੀ, ਗੋਰੇ ਨੇ ਮਾਰੇ।
ਅੰਤ ਪੰਜਾਬੀ ਫ਼ੌਜ ਨੇ ਕਰ ਲਏ ਨਿਤਾਰੇ।
ਸਿੰਘਾ ਪੁਰ ਪੰਜਾਬੀਆਂ, ਦਿਤੇ ਦੀਦਾਰੇ।
ਛਡਿਆ ਸਾਰੇ ਹਿੰਦ ਨੂੰ, ਖਚਰੇ ਹਤਿਆਰੇ।

ਵਾਲਟੇਅਰ

ਤਕ ਵਿਚ ਫ਼ਰਾਂਸ ਦੇ, ਔਗੁਣ ਦੇ ਕਾਰੇ।
ਸ਼ਾਹਾਂ ਚਬੇ ਆਪਣੇ, ਮਾਨੁਖ ਵਿਚਾਰੇ।
ਖ਼ੂਬ ਸੁਣਾਏ ਵਾਲਟੇਰ, ਨਿਤ ਬੋਲ ਕਰਾਰੇ।
ਦਿਸੇ ਹਰ ਇਨਸਾਨ ਨੂੰ, ਸਿਰ ਔਗੁਣ ਭਾਰੇ।
ਜਿਸ ਦਮ ਚਲੇ ਓਸ ਦੀ, ਕਾਨੀ ਦੇ ਆਰੇ।
ਖੁੰਡੇ ਹੋ ਗਏ ਭਰਮ ਤੇ ਕੁਲ ਵਹਿਮ ਦੁਧਾਰੇ।
ਉਸਰਨ ਲਗੇ ਹਰ-ਜਗ੍ਹਾ, ਤਦ ਅਕਲ ਮੁਨਾਰੇ।
ਸਾਰੇ ਯੂਰਪ ਲਾ ਲਏ, ਮੁਖ ਜਗਤ-ਛੁਹਾਰੇ।

ਰੂਸੋ

ਰੂਸੋ ਦੂਜਾ ਉਠਿਆ, ਜੋਧਾ ਇਲਮਾਂ ਦਾ।
ਮਾਨੁਖਤਾ ਦੇ ਹਾਲ ਤੇ, ਨਿਤ ਦੰਦ ਚਬਾਂਦਾ।
ਕਹਿੰਦਾ ਆਪਣੇ ਆਪ ਹੀ, ਮਾਨੁਖ ਬੁਝ ਜਾਂਦਾ।
ਹਰ ਔਗੁਣ ਦਾ ਫਾਹੀਓਂ, ਨਿਤ ਇਲਮ ਬਚਾਂਦਾ।
ਇਲਮਾਂ ਨੂੰ ਰੱਬ ਜਾਣਦਾ ਤੇ ਇਲਮ ਪੁਜਾਂਦਾ।

ਮਹਾਂ ਕਵੀ ਗੇਟੇ

ਸ਼ਾਇਰ ਗੇਟੇ ਉੱਠਿਆ, ਜਰਮਨ ਵਿਚ ਆ ਕੇ।
ਦੱਸੀ ਖੂਬ ਫ਼ਲਾਸਫ਼ੀ ਤੇ ਅਕਲ ਚਲਾ ਕੇ।
ਵਿਦਿਆ ਦੇ ਹੀ ਤੇਜ ਨੇ, ਮੁਖੜਾ ਚਮਕਾ ਕੇ।
ਦੱਸਿਆ ਬੋਨਾਪਾਰਟ ਦਾ, ਚਿਹਰਾ ਮਧਮਾ ਕੇ।
ਨਾਟਕ ਕੀਤਾ ਓਸ ਨੇ, ਵਡ ਹੁਨਰ ਲਿਆ ਕੇ।
ਸਿਰ ਤੇ ਨੇਕੀ ਚੁਕ ਲਈ, ਬਦੀਆਂ ਦਬਕਾ ਕੇ।
ਓਸੇ ਨੇ ਸ਼ੈਤਾਨ ਨੂੰ, ਇਨਸਾਨ ਬਣਾ ਕੇ,
ਦਸਿਆ ਸਾਰੇ ਜਗਤ ਨੂੰ, ਰਮਜ਼ਾਂ ਸਮਝਾ ਕੇ।
ਬੁਧੀ ਪੌਦਾ ਲਾਇਆ, ਨਿਜ ਖ਼ੂਨ ਚਵਾ ਕੇ।
ਜੋਧਾ ਸੀ ਉਹ ਕਲਮ ਦਾ, ਤੇ ਕਲਮ ਵਗਾ ਕੇ,
ਅਨਪੜ੍ਹਤਾ ਨੂੰ ਜਿਤਿਆ, ਧੌਂਸੇ ਵਜਵਾ ਕੇ।

ਆਲਮ ਜਾਂ ਵਿਦਵਾਨ

ਆਲਮ, ਆਲਮ ਦਾ ਬਣੇ, ਜੇ ਸੂਝ ਕਰਾਵੇ।
ਆਲਮ ਦਾ ਆਲਮ ਬਣੇ, ਜੇ ਸ਼ੈ ਪਰਖਾਵੇ।
ਆਲਮ ਨੂੰ ਜੇ ਰੂਪ ਜੀ, ਜਗ ਸਿਰ ਤੇ ਚਾਵੇ।
ਜਾਣ ਦਬੀਂਦੇ ਆਪ ਹੀ, ਅਨਪੜ੍ਹਤਾ ਲਾਵੇ।
ਆਲਮ ਦਾ ਸੰਸਾਰ ਜੇ, ਉਤਸ਼ਾਹ ਮਚਾਵੇ,
ਠੰਢੇ ਹੋਣ ਜਹਾਨ ਦੇ, ਜਦ ਵਹਿਣ ਵਹਾਵੇ।
ਆਲਮ ਸੂਰਾ ਕਲਮ ਦਾ, ਜਦ ਵਹਿਣ ਵਹਾਵੇ।
ਢਾਹੇ ਟਿਲੇ ਭਰਮ ਦੇ, ਤੇ ਬੰਨੇ ਲਾਵੇ।
ਰੋਂਦਾ ਹੈ ਪੰਜਾਬ ਕਿ ਇਕ ਆਲਮ ਆਵੇ।

ਸਾਇੰਸ

ਆ ਦੱਸੀ ਵਿਗਿਆਨ ਨੇ, ਹਰ ਗਲ ਅਸਮਾਨੀ।
ਸੈਂਸ ਬਣੀ ਵਿਚ ਸਾਗਰਾਂ, ਦਾਨੀ ਪਰਧਾਨੀ।
ਧਰਤੀ ਨੇ ਸਿਰ ਚਾ ਲਈ, ਜਿਉਂ ਹੋਂਦਾ ਜਾਨੀ।
ਸਾਇੰਸ ਸੰਗਤ ਜਾਪਦੀ, ਤੇ ਗੁਰ ਵਿਗਿਆਨੀ।
ਦੇਂਦੀ ਰਾਜ਼ ਜਹਾਨ ਦੇ, ਨਾ ਦਵੇ ਗਿਆਨੀ।
ਹੱਥੀ ਸਰ੍ਹੋਂ ਜਮਾ ਰਹੀ, ਇਹ ਅਜਬ ਭਵਾਨੀ।
ਸ਼ਕਤੀ ਇਹਦੀ ਦੇਖ ਕੇ, ਨਿਵ ਗਏ ਗੁਮਾਨੀ।
ਭਾਈ ਮੁਲਾਂ ਸਮਝਿਆ, ਅਪਣੀ ਨਾਦਾਨੀ।
ਤਕਤਾ ਪੰਡਿਤ ਰਹਿ ਗਿਆ, ਵਰਤੀ ਹੈਰਾਨੀ।
ਸਿਰ ਧੁਣ ਧੁਣ ਕੇ ਬਹਿ ਗਈ, ਉਹਦੀ ਵਿਦਵਾਨੀ।
ਰੱਦ ਦਿਖਾਈ ਏਸ ਨੇ, ਮਿਥਿਹਾਸ ਬਿਆਨੀ।
ਲਭੀ ਏਸ ਵਿਕਾਸ ਦੀ, ਜਦ ਆਦਿ ਨਿਸ਼ਾਨੀ।
ਬਾਂਦਰ ਸੁਣਦੇ ਸਾਰ ਹੀ, ਬਣ ਬੈਠਾ ਮਾਨੀ।
ਧੁਰ ਤੋਂ ਸੀ ਇਹ ਰਿੜ੍ਹ ਰਹੀ, ਹੁਣ ਚੜ੍ਹੀ ਜਵਾਨੀ।
ਜਾਪੇ ਜਿਤਿਆ ਬ੍ਰਹਮ ਵੀ, ਇਸ ਸੁਘੜ ਜ਼ਨਾਨੀ।

ਪਹਿਲਾਂ ਤਾਂ ਵਿਗਿਆਨ ਨੇ, ਅਪਮਾਨ ਕਰਾਇਆ।
ਜੋ ਵਿਗਿਆਨੀ ਉਠਿਆ, ਪੋਪਾਂ ਦਬਕਾਇਆ।
ਇਲਮ ਖਜ਼ਾਨਾ ਭੈੜਿਆਂ, ਚਿਰ ਤੀਕ ਦਬਾਇਆ।
ਭਰਿਆ ਅਪਣੇ ਪੇਟ ਨੂੰ, ਨਾ ਇਲਮ ਰਜਾਇਆ।
ਆਪੇ ਮੌਜਾਂ ਮਾਣੀਆਂ, ਨਾ ਹੁਨਰ ਰਿਝਾਇਆ।
ਪੋਪਾਂ ਕੀਤਾ ਪਾਪ ਜੋ, ਉਹ ਪੁੰਨ ਜਤਾਇਆ।
ਉਹਨਾਂ ਭਾਣੇ ਪਾਪ ਸੀ, ਸਭ ਪੁੰਨ ਪਰਾਇਆ।
ਬੁਲ੍ਹਾਂ ਵਿਚ ਸ਼ਰਾਬ ਸੀ ਤੇ ਕੁਛੜ ਮਾਇਆ।
ਐਸ਼ਾਂ ਦੇ ਹੀ ਰਾਗ ਨੇ, ਡਾਢਾ ਮਸਤਾਇਆ।
ਬੀਨ ਸੁਣੀ ਨ ਸੈਂਸ ਦੀ, ਜਗ ਦੂਰ ਬਹਾਇਆ।
ਅਨਪੜ੍ਹਤਾ ਦੇ ਰਾਜ ਨੇ, ਔਗੁਣ ਚਲਵਾਇਆ।
ਵਾਂਗ ਭਿਖਾਰੀ ਇਲਮ ਨੂੰ, ਦਰ ਦਰ ਰੁਲਵਾਇਆ।
ਵਿਗਿਆਨੀ ਦੀ ਖੋਜ ਨੂੰ, ਨਾ ਸਿਰੇ ਚੜ੍ਹਾਇਆ।
ਆਖਰ ਸੱਚ ਨੂੰ ਰੂਪ ਜੀ, ਕਦ ਕੂੜ ਲੁਕਾਇਆ।

ਨਾਰੀ

ਆਈ ਏਸ ਜਹਾਨ ਵਿਚ, ਹਵਾ ਬਣ ਨਾਰੀ।
ਇਹਨੇ ਆਦਮ-ਜ਼ਾਤ ਦੀ, ਆ ਸ਼ਕਲ ਸੁਆਰੀ।
ਲਾਈ ਸੇਵ-ਸਮੁੰਦ ਵਿਚ, ਅਣਥਕਵੀਂ ਤਾਰੀ।
ਜੀਵਣ ਦੇਂਦੀ ਜਗਤ ਨੂੰ, ਖੁਦ ਮਮਤਾ ਮਾਰੀ।
ਚੜ੍ਹਦੀ ਇਹਦੇ ਨਾਲ ਹੀ, ਸਾਹਿੱਤ-ਸਵਾਰੀ।
ਮਹਿਕੇ ਮਹਿਕ ਸੰਗੀਤ ਦੀ, ਇਸ ਨਾਲ ਨਿਆਰੀ।
ਸਮਝੋ ਜੀਂਦੀ ਜਾਗਦੀ, ਹੈ ਚਿਤਰਕਾਰੀ।
ਹਾਥੀ ਬਾਝ ਅੰਬਾਰੀਓਂ ਤੇ ਨਰ ਬਿਨ ਨਾਰੀ,
ਕਦੇ ਨ ਸੋਹੰਦੇ ਰੂਪ ਜੀ, ਗਲ ਸਾਫ ਨਿਤਾਰੀ।
ਸੱਚ ਕਿਹਾ ਗੁਰਦਾਸ ਜੀ, "ਹੈ ਮੋਖ ਦੁਆਰੀ"।

ਨਾਲ ਨਿਭੀ ਇਨਸਾਨ ਦੇ, ਦੁਖ ਜਰਦੀ ਆਈ।
ਬਹੁਤੀ ਦੱਸੀ ਏਸ ਨੇ, ਹੀ ਮਾਨੁਖਤਾਈ।
ਤਾਂ ਵੀ ਗ਼ਰਜ਼ੀ ਬੰਦਿਆਂ, ਦੁਖਾਂ ਵਿਚ ਪਾਈ।
ਸਤੀ ਕਰਾ ਕੇ ਮਰਦ ਨੇ, ਇਹ ਸੁੰਦਰਤਾਈ,
ਪਾਈ ਖ਼ੂਬ ਜਹਾਨ ਵਿਚ, ਇਖ਼ਲਾਕ ਦੁਹਾਈ।
ਉੱਘੜ ਆਈ ਮਰਦ ਦੀ, ਕੁਲ ਕੋਮਲਤਾਈ।
ਅਬਲਾ ਅਬਲਾ ਆਖ ਕੇ, ਸੰਧਿਆ ਸੂ ਪਾਈ।
ਬਣ ਬੈਠਾ ਬਲਵੰਤ ਹੈ, ਨਾਰੋਂ ਡਰ ਭਾਈ।
ਬਾਵੇ ਸਾਧੂ ਸੰਤ ਸਭ, ਭੁੱਲੇ ਭਲਿਆਈ।
ਗੌਂਦੇ ਨਾਰ ਪ੍ਰੀਤ ਨੂੰ, ਖੁਦ ਨਾਰ ਭੁਲਾਈ।
ਰੂਪ ਕਦੀ ਚਲਣੀ ਨਹੀਂ, ਕਲਮੀ ਚਤਰਾਈ।
ਕਾਮ ਦਿਓਤੇ ਦੀ ਬਲੀ, ਇਹ ਨਾਰ ਬਣਾਈ।
ਤਾਂ ਵੀ ਸਾੜੀ ਜਾ ਰਹੇ, ਅਪਣੀ ਦਾਨਾਈ।
ਮਰਦ ਝੁਕਾਇਆ ਨਾਰ ਨੇ, ਦਸ ਦਿਲੀ ਸਫ਼ਾਈ।
ਕੀਤੀ ਨਾਈਟਿੰਗੇਲ ਨੇ, ਜੋ ਲੋਕ-ਭਲਾਈ।
ਸੀਨੇ ਤੇ ਹੱਥ ਧਰ ਕਹੋ, ਕਿਸ ਕਾਢ ਕਢਾਈ?
ਬਣ ਕੇ ਅੰਮ੍ਰਿਤ ਸ਼ੇਰ ਗਿਲ, ਜਦ ਕਲਾ ਜਗਾਈ,
ਫੈਲ ਗਈ ਸੰਸਾਰ ਵਿਚ, ਹੁਨਰੀ ਰੁਸ਼ਨਾਈ।
ਮਾਤ ਬਸੰਤੀ ਨੇ ਸਦਾ, ਹਿੱਤ ਨਹਿਰ ਵਹਾਈ।
ਹੁਨਰ ਅਖਾੜੇ ਮੈਨਿਕਾ, ਕਰ ਹੱਦ ਵਖਾਈ।
ਪੈਰੀਂ ਪੈ ਕੇ ਮਚ ਪਈ, ਮਨ ਦੀ ਨਰਮਾਈ।
ਤੋਰੂ ਦੱਤ ਸਰੋਜਨੀ, ਕਵਿਤਾ ਮਟਕਾਈ।
ਪਰਲ ਬੁੱਕ ਸੰਸਾਰ ਨੂੰ, ਜੋ ਕਥਾ ਸੁਣਾਈ।
ਬੁੱਤ ਬਣ ਕੇ ਸੁਣਦੀ ਪਈ, ਜਗ ਦੀ ਦਾਨਾਈ।

ਉੱਨੀਵੀਂ ਸਦੀ ਤੇ ਯੂਰਪ

ਹਰ ਇਕ ਗਲ ਦੀ ਸੂਝ ਨੇ, ਜਗ ਝੁਣ ਜਗਾਇਆ।
ਮਜ਼ਹਬ ਦੀ ਟਕਸਾਲ ਨਾ, ਸਿੱਕਾ ਚਲਵਾਇਆ।
ਚਾਰਵਾਕ ਦਾ ਪੈ ਗਿਆ, ਯੂਰਪ ਵਿਚ ਸਾਇਆ।
ਕਿਧਰੇ ਹੈਗਲਵਾਦ ਨੇ, ਝੰਡਾ ਲਹਿਰਾਇਆ।
ਪਾਪ ਪੁੰਨ ਨੂੰ ਓਸ ਨੇ, ਨਾ ਅੱਡ ਕਰਾਇਆ।
ਕਿਧਰੇ ਸ਼ੋਪਨਹਾਰ ਨੂੰ, ਤ੍ਰਿਸ਼ਨਾ ਤਝਫਾਇਆ।
ਕਿਧਰੇ ਨਿਸ਼ਟੇ ਉੱਠਿਆ, ਇਕਬਾਲ ਬਣਾਇਆ।
ਹਰ ਇਕ ਮੂੰਹ ਨੇ ਰੂਪ ਜੀ, ਅਡ ਬੋਲ ਸੁਣਾਇਆ।
ਚਿੰਤਾਂ ਸੋਚਾਂ ਨਾਲ ਹੀ, ਹਰ ਸਿਰ ਚਕਰਾਇਆ।
ਨਵੀਂ ਪੁਰਾਣੀ ਪੈਂਠ ਨੇ, ਆ ਖੌਰੂ ਪਾਇਆ।
ਥਿੜਕਿਆ ਪੈਰ ਬਢੈਲ ਦਾ, ਤੇ ਨਵੀਂ ਜਮਾਇਆ।
ਅਰਥ ਸ਼ਾਸਤਰ ਦੀ ਤਰਫ਼, ਕਈਆਂ ਚਿੱਤ ਲਾਇਆ।
ਐਡਮ ਅਪਣੇ ਨਾਮ ਨੂੰ, ਕਾਫ਼ੀ ਚਮਕਾਇਆ।

ਲੋਕ ਸੱਤਾ

ਲੋਕਾਂ ਦੀ ਸੱਤਾ ਰਹੇ, ਕਹਿੰਦੇ ਸਨ ਸਿਆਣੇ।
ਸੱਤਾ ਸਮਝੀ ਸਾਫ਼ ਸੀ, ਹਨ ਰਾਜ ਨਿਤਾਣੇ।
ਕਹਿੰਦੀ ਲੋਕ ਬਰਾਬਰੀ, ਠਾਕੇ ਕੁਲ ਭਾਣੇ।
ਅਕਲ ਮੁਤਾਬਕ ਰੂਪ ਜੀ, ਏਹ ਬਖਸ਼ੇ ਦਾਣੇ।

ਟਾਮਸ ਪੇਣ ਤੇ ਲੋਕ ਸੱਤਾ

ਉੱਠਿਆ ਟਾਮਸ ਪੇਣ ਤੇ, ਲੋਕਾਂ ਲਈ ਲੜਿਆ।
ਆਦਮ ਦੇ ਹਕ ਵਾਸਤੇ, ਲਿਖਿਆ ਤੇ ਅੜਿਆ।
ਪਿਛੇ ਨੱਸੂ ਗ਼ਰਜ਼ੀਆਂ, ਇਹਨੂੰ ਵੀ ਫੜਿਆ।
ਤਰਕ ਯੁਗ ਸੰਸਾਰ ਨੂੰ, ਹੁਨ ਚਾਂਟਾ ਜੜਿਆ।

ਜਾਨ ਸਟੂਅਰਟ ਮਿਲ

ਜਾਨ ਸਟੂਅਰਟ ਗੱਜਿਆ, ਨਾ ਨੱਪੋ ਰਾਏ।
ਦੱਸੇ ਦਿਲ ਦੀ ਹਰ ਕੋਈ, ਨਾ ਕਦੀ ਲੁਕਾਏ।
ਚਾਹਿਆ ਜਨਤਾ ਵਾਸਤੇ, ਸੁਖ ਹੋਣ ਸਵਾਏ।
ਲਗਦੀ ਵਾਹੇ ਹਰ ਤਰ੍ਹਾਂ, ਦੁਖ ਜਾਣ ਦਬਾਏ।

ਮਜ਼ਦੂਰ ਜਾਗਾ

ਜੀਵਣ ਦੇ ਲਈ ਜਾਗੀਆਂ, ਹਰ ਦਿਲ ਵਿਚ ਚਾਹਾਂ।
ਅਪਣਾ ਆਪ ਲੁਕਾਇਆ, ਗਿਰਜੇ ਦੇ ਰਾਹਾਂ।
ਹੁਣ ਦਮ ਲੈਣ ਚਾਹਿਆ, ਮਜ਼ਦੂਰੀ ਸਾਹਾਂ।
ਹਕ ਤੇ ਲੜਨਾ ਲੋਚਿਆ, ਛਡ ਚੀਕਾਂ, ਆਹਾਂ।

ਕੰਬ ਗਏ ਮਜ਼ਦੂਰ ਤੋਂ, ਅੰਗਰੇਜ਼ ਓਚੱਕੇ।
ਕੰਬੀਨੇਸ਼ਨ ਐਕਟ ਨੇ, ਧਾ ਕੀਤੇ ਧੱਕੇ।
ਫੜ ਕੇ ਸਿਰਕਢ ਮਿਹਨਤੀ, ਤੇ ਜਿਹਲੀਂ ਡੱਕੇ।
ਲੁਕ ਛੁਪ ਬਣੇ ਮਜੂਰ ਦਲ, ਪੈਰਾਂ ਦੇ ਪੱਕੇ।
ਹਿੱਮਤ ਸੋਚ ਵਿਚਾਰ ਨੂੰ, ਕਿਹੜਾ ਢਾ ਸੱਕੇ।

ਪਾਪ ਪੁੰਨ ਨੂੰ ਓਸ ਨੇ, ਨਾ ਅੱਡ ਕਰਾਇਆ।
ਕਿਧਰੇ ਸ਼ੋਪਨਹਾਰ ਨੂੰ, ਤ੍ਰਿਸ਼ਨਾ ਤਝਫਾਇਆ।
ਕਿਧਰੇ ਨਿਸ਼ਟੇ ਉੱਠਿਆ, ਇਕਬਾਲ ਬਣਾਇਆ।
ਹਰ ਇਕ ਮੂੰਹ ਨੇ ਰੂਪ ਜੀ, ਅਡ ਬੋਲ ਸੁਣਾਇਆ।
ਚਿੰਤਾਂ ਸੋਚਾਂ ਨਾਲ ਹੀ, ਹਰ ਸਿਰ ਚਕਰਾਇਆ।
ਨਵੀਂ ਪੁਰਾਣੀ ਪੈਂਠ ਨੇ, ਆ ਖੌਰੂ ਪਾਇਆ।
ਥਿੜਕਿਆ ਪੈਰ ਬਢੈਲ ਦਾ, ਤੇ ਨਵੀਂ ਜਮਾਇਆ।
ਅਰਥ ਸ਼ਾਸਤਰ ਦੀ ਤਰਫ਼, ਕਈਆਂ ਚਿੱਤ ਲਾਇਆ।
ਐਡਮ ਅਪਣੇ ਨਾਮ ਨੂੰ, ਕਾਫ਼ੀ ਚਮਕਾਇਆ।

ਕਾਰਲ ਮਾਰਕਸ

ਮਜ਼ਦੂਰਾਂ ਦੇ ਦਰਦ ਨੇ, ਇਕ ਮਰਦ ਉਠਾਇਆ।
ਕਢਿਆ ਕਿਰਤੀ ਫ਼ਲਸਫ਼ਾ, ਲਿਖਿਆ ਸਮਝਾਇਆ।
ਉਸ ਸਰਮਾਇਆਦਾਰ ਨੂੰ, ਮੁਜਰਮ ਠਹਿਰਾਇਆ।
ਕਿ ਏਸੇ ਨੇ ਠਗ ਲਿਆ, ਜਗ ਦਾ ਸਰਮਾਇਆ।
ਰੱਤ ਚੂਸੀ ਮਜ਼ਦੂਰ ਦੀ, ਕੰਮ ਕਾਜ ਵਧਾਇਆ।
ਮਿਹਨਤ ਮੁੱਲ ਖ਼ਰੀਦ ਕੇ, ਹਰ ਮਹਿਲ ਬਣਾਇਆ।
ਕਾਮੇ ਢਾਰੇ ਬਾਝ ਹੀ, ਨਿਤ ਝਟ ਲੰਘਾਇਆ।
ਸੱਚੀ ਮੂਰਤ ਵਾਹੁੰਦਿਆਂ, ਉਹ ਨਾ ਘਬਰਾਇਆ।
ਜਦ ਵੇਖੀ ਮਜ਼ਦੂਰ ਨੇ, ਸਿਰ ਪੈਰੀਂ ਪਾਇਆ।
ਕਿਰਤੀ ਸ਼ਾਹ ਦਾ ਏਸ ਨੇ, ਜੁੱਧ ਸਾਫ਼ ਸੁਝਾਇਆ।
ਲੜਨ ਹੱਕ ਦੇ ਵਾਸਤੇ, ਉਸ ਧਰਮ ਧੁਮਾਇਆ।
ਜੰਗਾਂ ਬਾਝੋਂ ਰੂਪ ਜੀ, ਕਿਸ ਨੇ ਹਕ ਪਾਇਆ?
ਵਜ ਗਜ ਕੇ ਸੰਸਾਰ ਵਿਚ, ਉਸ ਸਾਫ਼ ਸੁਣਾਇਆ।
ਦਿਤਾ ਓਸ ਜਹਾਨ ਨੂੰ, ਇਲਮ ਸਰਮਾਇਆ।

ਕਹਿੰਦਾ ਸੀ ਸੰਸਾਰ ਚੋਂ, ਮੋਛੂ ਪਣ ਮਾਰੋ।
ਸ਼ਾਹ ਸਰਮਾਇਆਦਾਰ ਦੇ, ਕੁਲ ਤੌਰ ਵਿਚਾਰੋ।
ਇਕ ਮੁੱਠ ਹੋ ਉੱਦਮ ਕਰੋ, ਤੇ ਜੂਨ ਸਵਾਰੋ।
ਡਾਹੋ ਹਿੱਕਾਂ ਹੱਕ ਲਈ, ਨਾ ਜੇਰਾ ਹਾਰੋ।
ਹਰ ਧਨ ਸਾਂਝਾ ਜਾਣ ਕੇ, ਵੰਡੇ ਕੰਮ ਸਾਰੋ।
ਵੰਡਣ ਖ਼ਾਤਰ ਰੂਪ ਜੀ, ਤਨ ਮਨ ਧਨ ਵਾਰੋ।

(ਸਰਮਾਇਆ=ਕੈਪੀਟਲ ਨਾਂ ਦੀ ਕਿਤਾਬ)

ਲੈਨਿਨ

ਖਾਕਾ ਵਾਹਿਆ ਮਾਰਕਸ ਨੇ, ਲੈਨਿਨ ਰੰਗ ਭਰਿਆ।
ਲਗਣ ਨਾ ਮਾਰੀ ਆਪਣੀ, ਜ਼ਾਰੀ ਦੁਖ ਜਰਿਆ।
ਟਾਲਸਟਾਈਓਂ ਰੂਪ ਜੀ, ਜੋ ਕੁਝ ਨਾ ਸਰਿਆ।
ਸਾਲਾਂ ਦੇ ਵਿਚ ਲੈਨਿਨੇ, ਜਗ ਸਾਹਵੇਂ ਧਰਿਆ।
ਬੂਟਾ ਜਨਤਾ ਪ੍ਰੀਤ ਦਾ, ਕਰ ਦਿੱਤਾ ਹਰਿਆ।

ਰੂਸ

ਇਨਸਾਨਾਂ ਦੀ ਭੋਂ ਬਣੀ, ਔਹ ਰੂਸ ਨਿਆਰਾ।
ਇਲਹਾਮਾਂ ਦਾ ਓਸ ਥਾਂ, ਨਾ ਪਿਆ ਖਿਲਾਰਾ।
ਆਇਆ ਨਾ ਅਸਮਾਨ ਤੋਂ ਚਮਕੀਲਾ ਤਾਰਾ।
ਕਿਣਕਾ ਚਾਨਣ ਦੇ ਰਿਹਾ, ਜਿਉਂ ਨੂਰ-ਮੁਨਾਰਾ।
ਕਰਮ ਵਾਦ ਦਾ ਓਸ ਥਾਂ, ਚਲਿਆ ਨਾ ਚਾਰਾ।
ਹਰ ਕਾਮੇ ਦੇ ਵਾਸਤੇ, ਨਹੀਂ ਪਹਿਲਾ ਢਾਰਾ।
ਤ੍ਰੱਕੀ ਦੇ ਵਲ ਜਾ ਰਿਹਾ, ਮਜ਼ਦੂਰ ਗੁਜ਼ਾਰਾ।
ਅਪਣਾ ਜਾਤਾ ਸਾਰਿਆਂ, ਉਹ ਦੇਸ਼ ਪਿਆਰਾ।
ਏਸੇ ਕਰ ਕੇ ਜਰਮਨੋਂ, ਜੁੱਧ ਜਿੱਤਿਆ ਭਾਰਾ।
ਉਸ ਧਰਤੀ ਤੇ ਵਹਿ ਗਈ, ਮਾਨੁਖਤਾ ਧਾਰਾ।
ਜਿਸ ਦੇ ਕੰਢੇ ਬਣ ਗਿਆ, ਹਰ ਹੁਨਰ ਦਵਾਰਾ।
ਕੀ ਓਸੇ ਨੂੰ ਜਪਦਿਆਂ, ਹੋਣਾ ਛੁਟਕਾਰਾ?
ਅਮਲਾਂ ਬਾਝੋ ਰੂਪ ਜੀ, ਕੀ ਪਾਰ ਉਤਾਰਾ?

ਸਾਹਿਤਕਾਰ

ਮਾਨੁਖਤਾ ਸਾਹਿਤ ਦੀ, ਸੂਰਤ ਵਿਚ ਆਈ।
ਲੈ ਲੀਤੀ ਬਰਨਾਰਡ ਨੇ, ਵੱਡੀ ਵਡਿਆਈ।
ਗਾਂਧੀ ਵਖਰੀ ਦੇ ਗਿਆ, ਕਲਚਰ ਨੂੰ ਸਾਈ।
ਪ੍ਰੇਮ ਚੰਦ ਨੇ ਛੋਹ ਲਈ, ਸਾਹਿੱਤਕ ਦਾਈ।
ਬੰਕਮ ਹੱਸਿਆ ਚੜ੍ਹਦਿਓਂ, ਧੁੰਮ ਲਹਿੰਦੇ ਪਾਈ।
ਵੀਰ ਸਿੰਘ ਪੰਜਾਬ ਵਿਚ, ਆ ਵਰਖਾ ਲਾਈ।
ਬਿਹਬਲ ਹੋਇਆ ਚਾਤ੍ਰਿਕ, ਮੁਖ ਬੂੰਦ ਪਵਾਈ?

ਕੁਝ ਕਲਾਕਾਰ ਆਦਿ

ਸ਼ੰਕਰ ਨੇ ਜਗ ਰਚਨ ਦਾ, ਹੁਣ ਨਾਚ ਵਖਾਇਆ।
ਚਹੁੰ ਚੱਕੀਂ ਨਾਰਾਇਣ ਨੇ, ਸੰਗੀਤ ਵਜਾਇਆ।
ਗੁਰਬਾਣੀ ਸੰਗੀਤ ਨੂੰ, ਇਕ ਲਾਲ ਫਬਾਇਆ।
ਪਿੱਕਾਸੋ ਨੇ ਆਰਟ ਦਾ, ਅਡ ਭਾਵ ਸੁਝਾਇਆ।
ਠਾਕਰ ਬਣਿਆ ਹੁਨਰ ਦਾ, ਸਿਰ ਹਿੰਦ ਨਿਵਾਇਆ।
ਕੀਕਣ ਪੇਂਡੂ ਹੁਨਰ ਨੂੰ, ਜਾਮਿਨ ਚਮਕਾਇਆ।
ਮੁਲਕ ਰਾਜ ਆਨੰਦ ਨੇ, ਰਸ ਹੁਨਰੀਂ ਪਾਇਆ।
ਮਾਨੁਖਤਾ ਦੇ ਰੂਪ ਕੁਲ, ਨਾ ਜਾਣ ਗਿਣਾਏ।
ਅਰਸ਼ਾਂ ਦੇ ਇਹ ਹਨ ਨਹੀਂ, ਧਰਤੀ ਦੇ ਜਾਏ।
ਵਹਿਮਾਂ ਭਰਮਾਂ ਬਾਹਰੇ, ਜਗ ਅੰਦਰ ਆਏ।
ਭੁੱਖੇ ਲੋਕ ਪ੍ਰੀਤ ਦੇ, ਤੇ ਇਲਮ-ਤਿਹਾਏ।
ਬੂਹੇ ਉੱਤੇ ਦਾਨਿਆਂ, ਨਾ ਭੱਟ ਬਹਾਏ।
ਸੋਹਲੇ ਡੂੰਮ ਮਰਾਸੀਓਂ, ਨਾ ਕਦੀ ਗਵਾਏ।
ਸੁਣਦੇ ਹਨ ਹੱਥ ਬੰਨ੍ਹ ਕੇ, ਜੋ ਅਕਲ ਸੁਣਾਏ।
ਮੈਨੂੰ ਜਾਪਣ ਰੂਪ ਜੀ, ਇਹ ਅੰਮਾਂ ਜਾਏ।

ਮਿਲ ਮਾਲਕ ਦੇ ਢੋਲ ਤੇ ਇਹ ਚੋਟਾਂ ਲਾਂਦੇ।
ਵਾਰੇ ਜਾਂਦੇ ਨੇ ਸਦਾ, ਜੋ ਵੰਡ ਛਕਾਂਦੇ।
ਖ਼ੁਦਗ਼ਰਜ਼ੀ ਦੀ ਪੂਤਣਾ, ਇਹ ਮਾਰ ਦਿਖਾਂਦੇ।
ਜੁਗ ਨੂੰ ਵਿਹੜੇ ਦੀ ਤਰ੍ਹਾਂ, ਨਿਤ ਹੈਨ ਬਣਾਂਦੇ।
ਦਿਲ ਦੀ ਕਹਿੰਦੇ ਸਾਫ਼ ਨੇ ਮੂਰਖ ਵਟ ਖਾਂਦੇ।
ਅਨਪੜ੍ਹ ਲੋਕੀ ਰੂਪ ਜੀ ਪਿਛੇ ਨਹੀਂ ਧਾਂਦੇ।
ਮੀਣੇ ਮੂਰਖ ਆਪ ਹੀ, ਆਗੂ ਬਣ ਜਾਂਦੇ।

(ਸ਼ੰਕਰ=ਉਦੈ ਸ਼ੰਕਰ, ਲਾਲ=ਭਾਈ ਲਾਲ ਅੰਮ੍ਰਿਤਸਰੀ,
ਪਿਕਾਸੋ=ਫ਼ਰਾਂਸ ਦਾ ਵੱਡਾ ਆਰਟਿਸਟ, ਜਾਮਿਨ=
ਬੰਗਾਲੀ ਆਰਟਿਸਟ)

ਮੀਣਾ ਆਗੂ

ਵਡਾ ਆਗੂ ਬਣ ਗਿਆ, ਲੀਡਰ ਮਤ ਹੀਣਾ।
ਮਹੁਰਾ ਕੀਤਾ ਏਸ ਨੇ, ਸਾਡਾ ਤਾਂ ਜੀਣਾ।
ਉੱਤੋਂ ਬਗਲਾ ਜਾਪਿਆ, ਅੰਦਰ ਰੱਤ ਪੀਣਾ।
ਬਣਿਆ ਹੈ ਅਸਰਾਲ ਜਿਉਂ, ਦੂਣਾ ਕੀ ਤੀਣਾ।
ਗ਼ਰਜ਼-ਨਾਚ ਠੱਠ ਬੰਨ੍ਹਿਆ, ਫੜ ਚੁਗਲੀ-ਵੀਣਾ।
ਉਗਮ ਪਿਆ ਪੰਜਾਬ ਵਿਚ, ਆਹ ਮੁੜ ਕੇ ਮੀਣਾ।

ਇੱਕੋ ਪੇਸ਼ਾ ਏਸ ਦਾ, ਖ਼ਲਕਤ ਨੂੰ ਖਾਣਾ।
ਸਿੱਧੇ ਰਾਹੇ ਜੋ ਪਏ, ਉਹ ਪੁੱਠੇ ਪਾਣਾ।
ਅਪਣੀ ਠੰਢਕ ਦੇ ਲਈ, ਸਿਖਿਆ ਜਗ ਤਾਣਾ।
ਕੌਡੀ ਨੂੰ ਸੀ ਝੂਰਦਾ, ਅਜ ਬਣਿਆ ਰਾਣਾ।
ਰਾਮ ਰਾਜ ਨੂੰ ਲਗ ਗਿਆ, ਘੁਣ ਲੀਡਰ ਲਾਣਾ।

ਜਨਤਾ ਹੱਥ ਵਿਚ ਲੈ ਲਈ, ਮੁੜ ਵੇਚੀ ਵੰਡੀ।
ਗਾਂਧੀ ਤੁਰਿਆ ਸਾਹਵਿਉਂ, ਭਾਰਤ ਕਰ ਰੰਡੀ।
ਇਹਨੇ ਗ਼ਰਜ਼ਾਂ ਦੀ ਭਰੀ, ਫੜ ਛੱਡੀ ਝੰਡੀ।
ਆਪਾ ਧਾਪੀ ਨੱਪ ਲਈ, ਹਰ ਗੁਣ ਦੀ ਘੰਡੀ।
ਵਢੀ ਸੂ ਹਰ ਹਿਰਦਿਓ, ਉਪਕਾਰੀ ਜੰਡੀ।
ਲਾਈ ਖ਼ੂਬ ਬਲੈਕ ਦੀ, ਅਠਪਹਿਰੀ ਮੰਡੀ।

ਬਣਦਾ ਦੁਸ਼ਮਨ ਆਪ ਹੀ, ਮੁੜ ਲਾਂਦਾ ਯਾਰੀ।
ਰੂਪ ਦਿਖਾਣ ਵਜ਼ੀਰੀਆਂ, ਆ ਵਾਰੋ ਵਾਰੀ।
ਸੱਟਾ, ਆਪ, ਦਲਾਲ ਆਪ, ਆਪੇ ਬਿਓਪਾਰੀ।
ਔਗੁਣ ਤੇ ਕਾਨੂੰਨ ਆਪ, ਆਪੇ ਜਜ ਭਾਰੀ।
ਸੱਮਨ ਭੇਜੇ ਆਪ ਹੀ, ਲਿਖਦਾ ਇਨਕਾਰੀ।
ਆਪੇ ਕਢਦਾ ਨਾਲ ਜੇ, ਕਰ ਠਾਣੇਦਾਰੀ।

ਰਹੀ ਦੁਪਹਿਰ ਖੁਸ਼ਾਮਦੀ, ਇਸ ਅੰਬਰ ਉੱਤੇ।
ਝੜ ਗਏ ਫੁੱਲ ਗੁਲਾਬ ਦੇ, ਜੜ੍ਹ ਮਾਰੂ ਉੱਤੇ।
ਜਾਗੇ ਹੋਏ ਭਾਉਣ ਨਾ, ਭਾਂਦੇ ਸੂ ਸੁੱਤੇ।
ਛਾਤੀ ਤੇ ਹੱਥ ਮਾਰ ਕੇ, ਦੇਂਦਾ ਹੈ ਬੁੱਤੇ।
ਮੈਂਬਰ ਬਣ ਕੇ ਆਖਦਾ, ਦਰ ਭੌਂਕਣ ਕੁੱਤੇ।
ਕੁਲ ਦਾ ਨਾਂ ਚਮਕਾਇਆ, ਇਸ ਚੰਨ ਸੁਪੁੱਤੇ।

ਦਰ ਸੇਵੇ ਰਿਸ਼ਵਤ ਖੜੀ, ਇਹ ਮੁੱਛਾਂ ਤਾਏ।
ਇਸ ਛਾਂਗੇ ਥਾਂ ਬਖਸ਼ਣੇ, ਟਹਿਣੇ ਹਮਸਾਏ।
ਕਢਦਾ ਜਦ ਕੰਮ ਆਪਣਾ, ਨਾ ਸੁਣੇ ਸੁਣਾਏ।
ਚਾੜ੍ਹ ਉਕਾਬੀ ਅੱਖੀਆਂ, ਹੱਥ ਕਲਮ ਵਖਾਏ।
ਪਾਖੰਡੀ ਟਕਸਾਲ ਤੋਂ, ਦਾ ਮੱਕਰ ਚਲਾਏ।
ਹਿਤ ਪ੍ਰੀਤੀ ਦੇ ਰੂਪ ਜੀ, ਕੁਲ ਨੋਟ ਦਬਾਏ।

ਏਸੇ ਦੀਵੇ ਹੇਠ ਹੀ, ਪਏ ਰਹਿਣ ਹਨੇਰੇ।
ਡਾਕੂ ਸ਼ਾਹ ਇਸ ਰੁਖ ਤੇ, ਨਿਤ ਕਰਨ ਬਸੇਰੇ।
ਬੋਲੀ ਝਗੜਾ ਪਾਇਆ, ਏਸੇ ਦੇ ਡੇਰੇ।
ਖ਼ਲਕਤ ਨੂੰ ਪਰਚਾਉਂਦਾ, ਘਰ ਧਰਮ ਬਥੇਰੇ।
ਸੋਧੋ ਘੋਰ ਹਨੇਰ ਨੂੰ, ਕਰ ਲਵੋ ਸਵੇਰੇ।

ਮਨੁਖੀ ਜੁਗ

ਇਹ ਜੁਗ ਆਪਣੇ ਆਪ ਹੀ, ਇਨਸਾਨ ਬਣਾਣਾ।
ਰੱਕੜ ਭੋਈਂ ਵਿਚ ਵੀ, ਹਰ ਇਲਮ ਉਗਾਣਾ।
ਪੈਣਾ ਨਹੀਂ ਜਹਾਨ ਤੇ, ਹੁਣ ਮੋਛੂ ਦਾਣਾ।
ਅੱਡੋ ਅੱਡ ਹੀ ਰਹਿੰਦਿਆਂ, ਉਗਮੇ ਜਰਵਾਣਾ।
ਪਕਣਾ ਸਭ ਦੇ ਵਾਸਤੇ, ਇੱਕੋ ਹੀ ਖਾਣਾ।
ਪਾਣਾ ਪੇਟਾ ਪ੍ਰੇਮ ਦਾ, ਇਨਸਾਫ਼ੀ ਤਾਣਾ।
ਮਾਨੁਖ ਕਪੜੇ ਨੇ ਸਦਾ, ਲਜ ਕਜ ਕਹਾਣਾ।
ਪੂਜਾ ਕਰਨੀ ਸੈਂਸ ਦੀ, ਉਸ ਤੋਂ ਵਰ ਪਾਣਾ।
ਮਰਨਾ ਨਹੀਂ ਜਹਾਨ ਵਿਚ, ਹੁਣ ਬਾਲ ਨਿਆਣਾ।
ਇਸ ਹਰ ਮਤਲਬ ਸਾਰਣਾ, ਉਹ ਨੂਰਵਸਾਣਾ।
ਚੰਨ ਸੂਰਜ ਜਿਸ ਸਾਹਮਣੇ, ਹੋ ਜਾਣਾ ਕਾਣਾ।

ਇਨਸਾਨੀ ਨਾਅਰਾ

ਮਾਨੁਖ ਕਹਿੰਦਾ "ਜਗਤ ਦੇ, ਜੰਗਬਾਜ਼ ਨਸਾਵਾਂ।
ਧੌਂਸੇ ਮਾਰਾਂ ਅਮਨ ਦੇ, ਕੁਲ ਲੋਕ ਉਠਾਵਾਂ।
ਹਕ ਲੈਣਾ ਹੀ ਅਮਨ ਹੈ, ਉਹ ਲੈ ਕੇ ਜਾਵਾਂ।
ਲੋਕ ਰਾਜ ਨੂੰ ਜਿਤਿਆ, ਚਾਲਾਂ ਤੇ ਦਾਵਾਂ।
ਨੱਸਣ ਮੇਰੇ ਸਾਇਓ, ਕੁਲ ਚਾਲ ਬਲਾਵਾਂ।
ਮਤਲਬ ਦੇ ਹਲਕੇ ਬਣਾ, ਜੋ ਲੈਂਦੇ ਰਾਵਾਂ।
ਸਮਝੋ ਰੌਲਾ ਪਾਇਆ, ਗ਼ਰਜ਼ਾਂ ਦੇ ਕਾਵਾਂ।
ਸੇਵਾ ਗਰਾਮਾਂ ਦੀ ਕਰਾਂ, ਨਾ ਜ਼ਾਹਰ ਕਰਾਵਾਂ।
ਨਿੱਗਰ ਸ਼ਾਂਤ ਨਿਕੇਤਨੋਂ, ਇਕ ਚੀਜ਼ ਬਣਾਵਾਂ।
ਕਾਮੇ ਤੇ ਮਜ਼ਦੂਰ ਨੂੰ, ਉੱਚ ਹੁਨਰ ਸਿਖਾਵਾਂ।
ਨਕਲ ਕਰਾਂ ਨਾ ਰੂਸ ਦੀ, ਖ਼ੁਦ ਰਾਜ ਚਲਾਵਾਂ।
ਵੇਲਾ ਵਤਨ ਵਿਚਾਰ ਕੇ, ਗੁਣ ਨੂੰ ਪੁਜਵਾਵਾਂ।
ਕੈਸਰ ਹਿਟਲਰ ਦੁੱਧ ਦਾ, ਨਾ ਨਕਸ਼ ਪਵਾਵਾਂ।
ਹੀਰੋਸ਼ੀਮਾਂ ਵਾਂਗ ਨਾ, ਮੁੜ ਥੇਹ ਬਣਵਾਵਾਂ।
ਗੁਣ ਨੂੰ ਬਿਨ ਕਾਨੂੰਨ ਦੇ, ਜਗ ਤੇ ਫੋਲਾਵਾਂ।
ਅਮਨ ਪਿਆਰੇ ਦੇਸ ਦਾ, ਗੁਣ ਹਰ ਥਾਂ ਗਾਵਾਂ।
ਜਯੂਲੀ ਕਯੂਰੀ ਦਾ ਸਦਾ, ਧੰਨਵਾਦ ਕਰਾਵਾਂ।
ਸਾੜਾਂ ਸਾੜੇ ਹਸਦ ਨੂੰ, ਤੇ ਅਮਨ ਵਸਾਵਾਂ।
ਜੁਗਤੀ ਦਰਦ ਨਿਭਾਉਂਦਿਆਂ, ਜਗ ਉੱਤੇ ਛਾਵਾਂ।

"ਭੰਨਾਂਗਾ ਮੈਂ ਟੈਂਕ ਉਹ, ਜੋ ਅਮਨ ਰੁਲਾਂਦੇ।
ਘੁੱਟਾਂਗਾ ਮੈਂ ਸਾਸ ਹੁਣ ਐਟਮ ਬੰਬਾਂ ਦੇ।
ਉਡਣ ਖਟੋਲੇ ਫੂਕਸਾਂ, ਜੋ ਅਮਨ ਉਡਾਂਦੇ।
ਲੇਖਕ ਸੋਧਾਂਗਾ ਸਦਾ, ਜੋ ਖੁਦੀ ਦਬਾਂਦੇ।
ਫੂਕਾਂਗਾ ਸਾਹਿੱਤ ਉਹ, ਜੋ ਵਹਿਮ ਸੁਣਾਂਦੇ।
ਜ਼ਬਤ ਕਰਾਂਗਾ, ਚਿਤਰ ਉਹ, ਜੋ ਜਗਤ ਸਵਾਂਦੇ।
ਫੜਸਾਂ ਸਾਰੇ ਸਾਧ ਉਹ, ਜੇ ਮਕਰ ਚਲਾਂਦੇ।
ਰੋਕਾਂਗਾ ਉਹ ਫ਼ਲਸਫ਼ੇ, ਜੋ ਆਸ ਮੁਕਾਂਦੇ।

"ਪੂਜਾਂਗਾ ਨਾ ਸੈਂਸ ਉਹ, ਜੋ ਮਾਣਸ ਖਾਣੀ।
ਜੀਵਣ ਸ਼ਕਤੀ ਜਗਤ ਦੀ, ਰਾਹੇ ਹੈ ਪਾਣੀ।
ਪੁਰਜ਼ਾ ਪੁਰਜ਼ਾ ਕਰ ਦਊਂ, ਜੋ ਵੰਡੀ ਕਾਣੀ।
ਉੱਚੇ ਦਾ ਨੀਵਾਂ ਬਣੂੰ, ਜਿਉਂ ਹੋਂਦਾ ਹਾਣੀ।"

ਮਾਰੇ ਦੁਲੇ ਸ਼ੇਰ ਨੇ, ਜਿਸ ਦਮ ਭਬਕਾਰੇ।
ਭਾਰੇ ਦਰਦੀ ਜੋ ਬਣੇ, ਉਹ ਨੱਸੇ ਸਾਰੇ।
ਕਾਰੇ ਉਘੜੇ ਸੇਠ ਦੇ, ਨਾਂ ਚੱਲੇ ਚਾਰੇ।
ਚਾਰੇ ਜੁੱਗੀਂ ਮਾਰਿਆ, ਮੋਛੂ ਹਤਿਆਰੇ।
ਤਾਰੇ ਭੰਬਰ ਭੌਂ ਗਏ, ਤਕ ਵੰਡ ਨਜ਼ਾਰੇ।
ਆਰੇ ਚੱਲੇ ਹਿੱਕ ਤੇ, ਜੋ ਜੁਗਤੀ ਭਾਰੇ।
ਭਾਰੇ ਲਾਹ ਨਜ਼ਾਮ ਦੇ, ਹੋਏ ਇਕ ਸਾਰੇ।
ਸਾਰੇ ਜੀਵਣ ਮਾਣਦੇ, ਬਣ ਜਗਤ ਪਿਆਰੇ।
ਪਾਰੇ ਵਾਂਗੂੰ ਥਿੜਕਦੇ, ਸ਼ੱਕ ਵਹਿਮ ਪੁਕਾਰੇ।
ਵਾਰੇ ਮਾਨੁਖ ਸੁੱਖ ਤੋਂ, ਕੁਲ ਭਰਮੀ ਲਾਰੇ।
ਲਾਰੇ ਲਾਏ ਨਾ ਕਿਸੇ, ਜਦ ਇਲਮ ਵਿਚਾਰੇ।
"ਬੇ-ਚਾਰੇ" ਹੁਣ ਹੋ ਗਏ, ਸੋਹਣੇ ਸੁਚਿਆਰੇ।

ਦਾਨ ਖ਼ੈਰ ਦਾ ਜਗਤ ਚੋਂ, ਇਸ ਨਾਮ ਉਡਾਇਆ।
ਦਾਨੀ ਮਾਨੀ ਰਿਹਾ ਨਾ, ਮੰਗਤਾ ਵਿਲਲਾਇਆ।
ਤਰਲੇ ਹਾੜੇ ਹੌਕਿਆਂ, ਨਾ ਜਗ ਧੁੰਦਿਆਇਆ।
ਨਿਮਰਤਾ ਹਦ ਤਕ ਰਹੀ, ਨਾ ਹੜ ਚੜ੍ਹ ਆਇਆ।
ਕਾਤਿਲ ਵਾਦੀ ਭੁਲਿਆ, ਜਿਸ ਦਮ ਗਲ ਲਾਇਆ।
ਮਿਲਿਆ ਜਿਸ ਦਮ ਖਾਣ ਨੂੰ, ਨਾ ਹਸਦ ਸਤਾਇਆ।
ਢਿਡ ਝੁਰਕੇ ਨੇ ਸਦਾ, ਹਰ ਹੁਨਰ ਨਸਾਇਆ।
ਢਿਡ ਦਾ ਹੀ ਹਥਿਆਰ ਲੈ, ਨਿਤ ਔਗੁਣ ਛਾਇਆ।
ਜੁਗਤਾਂ ਢਿੱਡ ਰਜਾਇਆ, ਔਗੁਣ ਸ਼ਰਮਾਇਆ।
ਸੂਝ ਸਵਾਰੀ ਸ਼ਾਇਰੀ, ਦਿਲ ਖੋਲ੍ਹ ਵਖਾਇਆ।
ਨਾਚਾਂ ਰੂਪ ਨਿਖਾਰਿਆ, ਤੇ ਗਿੱਧਾ ਪਾਇਆ।
ਨਾਰੀ ਪੰਛੀ ਪੁਰਖ ਨੇ, ਦਿਲ-ਰਾਗ ਸੁਣਾਇਆ।
ਜੁੱਗਾਂ ਬਾਅਦ ਮਨੁਖ ਨੇ, ਸੁਖ ਚਿਤਰ ਬਣਾਇਆ।
ਸ਼ੰਕਰ ਜੀ ਨੇ ਸੋਚ ਕੇ, ਇਕ ਬ੍ਰਹਮ ਸੁਝਾਇਆ।
ਦੱਸੀ ਸੱਤਾ ਓਸਦੀ, ਲਛਮੀ ਜਾਂ ਮਾਇਆ।
ਐਪਰ ਮੈਨੂੰ ਨੀਝ ਨੇ, ਇਹ ਬ੍ਰਹਮ ਦਿਖਾਇਆ।
ਜਿਸ ਤੋਂ ਸੱਤਾ ਲੈ ਰਹੀ, ਕੁਦਰਤ ਦੀ ਕਾਇਆ।
ਤਾਂ ਹੀ ਮੈਂ ਵੀ ਵਾਰ ਦਾ, ਇਹ ਹਾਰ ਚੜ੍ਹਾਇਆ।

(ਕਯੂਰੀ=ਅਮਨ ਦਾ ਵੱਡਾ ਯੋਧਾ, ਇਹ ਫ਼ਰਾਂਸੀਸੀ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਿੰਦਰ ਸਿੰਘ ਰੂਪ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ