Mangal Rai ਮੰਗਲ ਰਾਇ

ਮੰਗਲ ਰਾਇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ।

ਕਬਿਤ

੧.

ਸਮੁੰਦਰ ਦੇ ਵਾਰਪਾਰ ਵਿਚ ਮਹੀ ਮੰਡਲ ਦੇ
ਜੈਂਦਾ ਜਸ ਦੇਸ ਦੇਸ ਸਭੇ ਲੋਕ ਗਾਂਵਦੇ ।
ਸੇਂਵਦੇ ਭਿਖਾਰੀ ਸੋਈ ਹੋਂਦੇ ਨੀ ਹਜ਼ਾਰੀ ਹੁਣ
ਵਾਰੀ ਵਾਰੀ ਪਢ ਕੈ ਕਬਿੱਤ ਨੀ ਸੁਣਾਂਵਦੇ ।
ਚਾਰੋਂ ਹੀ ਬਰਨ ਖਟ ਦਰਸਨ ਜੈਂਦੇ ਦੁਆਰ
'ਮੰਗਲ' ਸੁਕਵਿ ਮਨ ਇੱਛਾ ਫਲ ਪਾਂਵਦੇ ।
ਵੇਖੀਂ ! ਬਲਿ ਵਾਂਙੂ ਕੋਈ ਛਲੀ ਗੁਰ ਗੋਬਿੰਦ ਜੀ
ਇਕ ਲੈ ਲੈ ਜਾਂਦੇ ਇਕ ਲੇਵਣੇ ਨੂੰ ਆਂਵਦੇ ।

੨.

ਆਨੰਦ ਦਾ ਵਾਜਾ ਨਿਤ ਵੱਜਦਾ ਅਨੰਦ ਪੁਰ
ਸੁਣ ਸੁਣ ਸੁੱਧ ਭੁਲਦੀ ਏ ਨਰ ਨਾਹ ਦੀ ।
ਭੈ ਭਯਾ ਭਭੀਖਣ ਨੂੰ ਲੰਕਾ ਗੜ੍ਹ ਵਸਣੇ ਦਾ
ਫੇਰ ਅਸਵਾਰੀ ਆਂਵਦੀ ਏ ਮਹਾਂ ਬਾਹੁ ਦੀ ।
ਬਲ ਛੱਡ ਬਲਿ ਜਾਇ ਛਪਿਆ ਪਤਾਲ ਵਿਚ
ਫਤੇ ਦੀ ਨਿਸ਼ਾਨੀ ਜੈਂ ਦੇ ਦਵਾਰ ਦਰਗਾਹ ਦੀ ।
ਸਵਣੇ ਨੂੰ ਦੇਂਦੀ ਸੁਖ, ਦੁੱਜਨਾਂ ਨੂੰ ਰਾਤ ਦਿਨ
ਨਉਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ ।

੩.

ਪੂਰਨ ਪੁਰਖ ਅਵਤਾਰ ਆਨ ਲੀਨ ਆਪ
ਜਾਂ ਕੈ ਦਰਬਾਰ ਮਨ ਚਿਤਵਹਿ ਸੋ ਪਾਈਏ ।
ਘਟਿ ਘਟਿ ਬਾਸੀ ਅਬਿਨਾਸੀ ਨਾਮ ਜਾਂ ਕੋ ਜਗ
ਕਰਤਾ ਕਰਨਹਾਰ ਸੋਈ ਦਿਖਰਾਈਏ ।
ਨੌਮੇ ਗੁਰੂ ਨੰਦ ਜਗ ਬੰਦ ਤੇਗ, ਤਯਾਗ ਪੂਰੇ
'ਮੰਗਲ' ਸੁ ਕਵਿ ਕਹਿ ਮੰਗਲ ਸੁਥਾਂਈਏ ।
ਆਨੰਦ ਕੋ ਦਾਤਾ ਗੁਰ ਸਾਹਿਬ ਗੋਬਿੰਦ ਰਾਇ
ਚਾਹੈ ਜੌ ਅਨੰਦ ਤੋ ਅਨੰਦ ਪੁਰ ਆਈਏ ।

੪.

ਭਾਵੈਂ ਜਾਇ ਤੀਰਥ ਭ੍ਰਮਤ ਸੇਤੁ ਬੰਧੁ ਹੂੰ ਲੌਂ
ਭਾਵੈਂ ਜਾਇ ਕੰਦਰਾ ਮੈਂ ਕੰਦ ਮੂਲ ਖਾਈਏ ।
ਭਾਵੇਂ ਦੇਹਿ ਦਵਾਰਕਾ ਦਗਧ ਕਰੇ ਛਾਪੇ ਲਾਇ
ਭਾਵੇਂ ਕਾਂਸੀ ਮਾਂਹਿ ਜਾਇ ਜੁਗ ਲੌ ਵਸਾਈਏ ।
ਭਾਵੇਂ ਪੂਜਉ ਦੇਹੁਰੇ ਦਿਵਾਲੇ ਸਭ ਜਗ ਹੂੰ ਕੇ
ਭਾਵੇਂ ਖਟ ਦਰਸ਼ਨ ਕੇ ਭੇਖ ਮੇਂ ਫਿਰਾਈਏ ।
ਜੌ ਤੂੰ ਚਾਹਹਿੰ ਮਨਸਾ ਕੋ 'ਮੰਗਲ' ਤੁਰਤ ਫਲ
ਗੋਬਿੰਦ ਗੁਰੂ ਕੀ ਏਕ ਮੌਜ ਹੂੰ ਮੈਂ ਪਾਈਏ ।