Malhian De Ber & other poems : Dr Diwan Singh Kalepani

ਮਲ੍ਹਿਆਂ ਦੇ ਬੇਰ ਤੇ ਹੋਰ ਕਵਿਤਾਵਾਂ : ਡਾਕਟਰ ਦੀਵਾਨ ਸਿੰਘ ਕਾਲੇਪਾਣੀ

1. ਅਰਦਾਸ

ਅੱਖਾਂ ਮੇਰੀਆਂ ਦੇ ਵਿਚ ਸ਼ਰਮ ਹੋਵੇ,
ਵਿਚ ਜੀਭ ਮੇਰੀ ਦੇ ਮਿਠਾਸ ਹੋਵੇ ।

ਮਨੂਆ ਸਾਫ ਹੋਵੇ, ਟੋਰ ਹੋਏ ਸਿੱਧੀ,
ਅੰਦਰ ਗ਼ੈਰਤ ਤੇ ਸੁਥਰਾ ਲਿਬਾਸ ਹੋਵੇ ।

ਸੱਚੋ ਸੱਚ ਕਹਿਣੋਂ ਕਦੇ ਟਲਾਂ ਨਾ ਮੈਂ,
ਮੈਨੂੰ ਕਿਸੇ ਤੋਂ ਜ਼ਰਾ ਨਾ ਤ੍ਰਾਸ ਹੋਵੇ ।

ਸੀਨੇ ਦਿਲ ਹੋਵੇ, ਦਿਲ ਵਿਚ ਦਰਦ ਹੋਵੇ,
ਦਾਰੂ ਦਰਦ ਵਾਲਾ ਮੇਰੇ ਪਾਸ ਹੋਵੇ ।

2. ਆਖ਼ਰੀ ਸੱਧਰ

ਚਿੱਤ੍ਰ ਗੁਪਤਾਂ ਦੇ ਲਿਖੇ ਨਾ ਫੜੀਂ ਮੈਨੂੰ,
ਪੁੱਛ ਲਈਂ ਮੈਥੋਂ ਸਾਰੀ ਗੱਲ ਪਹਿਲੋਂ ।

ਮੇਰੇ ਕਤਲ ਦਾ ਹੁਕਮ ਚੜ੍ਹਾਣ ਵੇਲੇ,
ਤੱਕੀਂ ਨਜ਼ਰ ਭਰ ਕੇ ਮੇਰੇ ਵੱਲ ਪਹਿਲੋਂ ।

ਪੂਰੇ ਜੋਬਨ ਦਾ ਜਲਵਾ ਦਿਖਾਲ ਮੈਨੂੰ,
ਸਦਕੇ ਹੋਣ ਦੇਵੀਂ ਪਲ ਦਾ ਪਲ ਪਹਿਲੋਂ ।

ਪਿਛੋਂ ਧੱਕ ਦੇਈਂ ਵਲ ਜੱਲਾਦ ਭਾਵੇਂ,
ਹੱਥੀਂ ਆਪਣੀ ਖਿੱਚ ਲਈਂ ਖੱਲ ਪਹਿਲੋਂ ।

ਵੇਖਾਂ ਆਪਣੀ ਮੌਤ ਦੀ ਮੌਜ ਮੈਂ ਭੀ,
ਵੱਜੇ ਮੌਤ ਮੇਰੀ ਵਾਲਾ ਟੱਲ ਪਹਿਲੋਂ ।

ਗ਼ੈਰ ਮਹਿਰਮ ਨਾ ਲਾਸ਼ ਉਠਾਣ ਮੇਰੀ,
ਖ਼ਬਰ ਮਹਿਰਮਾਂ ਨੂੰ ਦਈਂ ਘੱਲ ਪਹਿਲੋਂ ।

3. ਕਿਸਮਤ ਦੇ ਕੜਛੇ

ਕਿਸੇ ਰੱਜ ਪੀਤੀ, ਕਿਸੇ ਚੱਖ ਡਿੱਠੀ,
ਐਵੇਂ ਮੁਫ਼ਤ ਵਿਚ ਅਸੀਂ ਬਦਨਾਮ ਹੋ ਗਏ ।

ਬਿਨਾ ਘਾਲ ਲੋਕੀਂ ਪਹੁੰਚੇ ਅਰਸ਼ ਉੱਤੇ,
ਘਾਲਾਂ ਘਾਲਦੇ ਅਸੀਂ ਨਾਕਾਮ ਹੋ ਗਏ ।

ਦੂਤੀ ਊਤ ਰਹਿ ਕੇ ਅੰਤ ਹੋਏ ਚੰਗੇ,
ਅਸੀਂ ਚੰਗੇ ਸਾਂ, ਬੁਰੇ ਅੰਜਾਮ ਹੋ ਗਏ ।

ਬੁਰਾ ਬੋਲ ਕੇ ਬਹੁਤ ਬੁਲੰਦ ਹੋਏ,
ਸਦਕਾ ਸੱਚ ਦਾ ਅਸੀਂ ਗੁੰਮਨਾਮ ਹੋ ਗਏ।

ਅਸੀਂ ਤਰਸਦੇ ਰਹੇ, ਮਿਲੀ ਬੂੰਦ ਨਾਹੀਂ,
ਖ਼ਾਲੀ ਗ਼ੈਰਾਂ ਲਈ ਜਾਮ ਦੇ ਜਾਮ ਹੋ ਗਏ ।

ਮੁਜਰੇ ਆਮ ਹੋਏ ਖ਼ਾਸ ਆਮ ਤਾਈਂ,
ਸਾਡੇ ਲਈ ਪਰ ਦਰਸ਼ਨ ਹਰਾਮ ਹੋ ਗਏ ।

ਪੱਲੇ ਸਬਰ ਨਾ ਸਿਦਕ ਸੰਤੋਖ ਰਹਿਆ,
ਗੈਰ ਖ਼ਾਸ ਤੇ ਅਸੀਂ ਜਦ ਆਮ ਹੋ ਗਏ ।

ਸਾਡੇ ਭਾਗ ਭੰਬਲ-ਭੂਸੇ ਭਟਕਣਾ ਬੱਸ,
ਹਿੱਸੇ ਹੋਰਾਂ ਦੇ ਐਸ਼-ਆਰਾਮ ਹੋ ਗਏ ।

ਖ਼ਾਤਰ ਕਿਸੇ ਦੀ ਮਿਹਰ ਦੇ ਮਹਿਲ ਬਣ ਗਏ,
ਵਕਫ਼ ਅਸਾਂ ਲਈ ਗਾਲ੍ਹ ਦੁਸ਼ਨਾਮ ਹੋ ਗਏ ।

ਨੰਨ੍ਹੀ ਜਿੰਦ ਬੇਦੋਸੜੀ ਲਈ ਵੇਖੋ,
ਜ਼ੁਲਮ ਕਹਿਰ ਸਾਰੇ ਬੇਲਗਾਮ ਹੋ ਗਏ ।

4. ਪੁੱਛ

ਕਾਹਨੂੰ ਭੇਜਿਆ ਸਾਈ ਵਿਚ ਏਸ ਦੁਨੀਆਂ,
ਏਥੇ ਆਉਣ ਦਾ ਕੀ ਸੀ ਕੰਮ ਮੇਰਾ ?

ਕੋਈ ਮਾਰਦਾ ਏ ਕੋਈ ਧਿੱਕਦਾ ਏ,
ਮੁੱਕ ਗਿਆ ਏ ਮਾਰ ਖਾ ਚੰਮ ਮੇਰਾ ।

ਦਿਨੇ ਫਿਰਾਂ ਮੈਂ ਘੁੱਸੇ ਹੋਏ ਪਸ਼ੂ ਵਾਂਗੂੰ,
ਰਾਤੀਂ ਸੁੱਤਿਆਂ ਘੁਟਦਾ ਏ ਦਮ ਮੇਰਾ ।

ਫਸੀ ਧੋਖੇ ਦੀ ਚੱਕੀ 'ਚ ਜਿੰਦ ਔਖੀ,
ਕੋਈ ਕਟਦਾ ਨਾ ਆ ਕੇ ਗ਼ਮ ਮੇਰਾ ।

ਮੈਂ ਹਾਂ ਦੁਖੀ, ਨਹੀਂ ਕੋਈ ਭੀ ਸੁੱਖ ਮੈਂ ਥੀਂ,
ਮਰਨ ਜੀਣ ਹੋਇਆ ਇਕ ਸਮ ਮੇਰਾ ।

ਗਿਆਨ ਝੂਠੜੇ ਆਖਕੇ ਸਾੜਦੇ ਨੇ,
ਕਰਮਾਂ ਮੇਰਿਆਂ ਤੋਂ ਹੋਇਆ ਜੰਮ ਮੇਰਾ ।

ਜੇ ਨਾ ਜਨਮ ਹੁੰਦਾ ਕਾਹਨੂੰ ਕਰਮ ਹੁੰਦੇ,
ਕੀਹਨੇ ਲਿਖਿਆ ਹੈ ਲੇਖ ਕਰਮ ਮੇਰਾ ?

ਕਦੇ ਹੋਏਂ ਸਨਮੁਖ ਤਾਂ ਪੁੱਛ ਵੇਖਾਂ,
ਏਥੇ ਆਉਣ ਦਾ ਕੀ ਸੀ ਕੰਮ ਮੇਰਾ ?

5. ਉਲ੍ਹਾਮਾ

ਹੋਇਆ ਕੀ ਜੇ ਤਾਰਿਆ ਰਾਖ਼ਸ਼ਾਂ ਨੂੰ,
ਮੈਂਨੂੰ ਤਾਰਿਆ ਨਾ, ਤਾਰਨਹਾਰ ਕੇਹਾ !

'ਦੇਂਦਾ ਦੇਹ ਲੈਂਦੇ ਥਕ ਪੈਣ' ਸਾਰੇ,
ਦਿੱਤਾ ਨਹੀਂ ਮੈਨੂੰ ਤਾਂ ਦਾਤਾਰ ਕੇਹਾ !

ਫਿਰੇਂ ਬਖ਼ਸ਼ਦਾ ਭਾਲ ਕੇ ਠੱਗਾਂ ਤਾਈਂ,
ਬਖ਼ਸ਼ੇਂ ਨਹੀਂ ਮੈਨੂੰ ਤਾਂ ਗ਼ਫਾਰ ਕੇਹਾ !

ਸਾਰੇ ਜੱਗ ਦੇ ਰੋਗੀਆਂ ਕਰੇਂ ਰਾਜ਼ੀ,
ਮੈਂ ਬੀਮਾਰ ਰਿਹਾ, ਡਾਕਦਾਰ ਕੇਹਾ !

ਮੇਰਾ ਤਪਤ ਕੜਾਹਾ ਨਾ ਬੁਝਿਆ ਜੇ,
ਤਾਂ ਤੂੰ ਸੀਤ ਕੇਹਾ, ਠੰਡਾ ਠਾਰ ਕੇਹਾ।

ਸਾਰੇ ਜਗਤ ਜਲੰਦੇ ਨੂੰ ਰੱਖ ਭਾਵੇਂ,
ਜੇ ਮੈਂ ਭੁੱਜ ਰਿਹਾ, ਕਿਰਪਾਧਾਰ ਕੇਹਾ ।

ਮੇਰੇ ਮਨ ਦੇ ਵਿੰਗੇ ਤ੍ਰੱਕਲੇ ਨੂੰ,
ਕੀਤਾ ਨਹੀਂ ਸਿੱਧਾ, ਤੂੰ ਲੁਹਾਰ ਕੇਹਾ ।

ਘਰ ਤੇਰੇ ਤਾਂ ਸੱਭ ਕਿਛ ਸੱਚ ਬਾਬਾ,
ਮੈਂ ਕੰਗਾਲ ਰਿਹਾ, ਤੇਰਾ ਦੁਆਰ ਕੇਹਾ ।

ਸੁਣੀ ਗੱਲ ਨਾ ਰਾਤ ਦਿਨ ਕੂਕਿਆ ਮੈਂ,
ਤੂੰ ਹੀ ਦੱਸ, ਇਹ ਤੇਰਾ ਦਰਬਾਰ ਕੇਹਾ ।

ਜੈਂਦੀ ਭੋਂਡੜੀ ਸ਼ਕਲ ਬਣਾਇਉ ਈ,
ਉਹਦੇ ਭਾਅ ਦਾ ਤੂੰ ਘੁਮਿਆਰ ਕੇਹਾ ।

ਜੀਹਦਾ ਨਹੀਂ ਅੱਗਾ, ਨਾ ਹੀ ਕੋਈ ਪਿੱਛਾ,
ਉਹਦੀ ਵਸੋਂ ਕਾਹਦੀ, ਘਰ ਬਾਰ ਕੇਹਾ ।

6. ਅਸੀਂ ਤੇ ਤੁਸੀਂ

ਅਸੀਂ ਮਾਰ ਖਾਈਏ, ਤੁਸੀਂ ਹੋਰ ਮਾਰੋ,
ਅਸੀਂ ਰੋਈਏ ਤੇ ਤੁਸੀਂ ਹੱਸਦੇ ਹੋ ।

ਅਸੀਂ ਤੜਫ ਜਾਗੇ, ਤੁਸੀਂ ਮਸਤ ਸੁੱਤੇ,
ਅਸੀਂ ਪਕੜਦੇ ਹਾਂ, ਤੁਸੀਂ ਨੱਸਦੇ ਹੋ ।

ਨੱਕ ਨਾਲ ਲੀਕਾਂ ਅਸੀਂ ਕੱਢਦੇ ਹਾਂ,
ਗੱਲਾਂ ਤਿੱਖੀਆਂ ਨਾਲ ਅੱਗੋਂ ਡੱਸਦੇ ਹੋ ।

ਪੈਰ ਪਕੜਨੇ ਆਂ, ਕਿਵੇਂ ਚੁੰਮ ਲਈਏ,
ਤੁਸੀਂ ਪੈਰ ਪਿਛਾਂਹ ਨੂੰ ਖੱਸਦੇ ਹੋ ।

ਅਸੀਂ ਤੜਫਦੇ ਲੁੱਛਦੇ ਜ਼ਿਮੀਂ ਉੱਤੇ,
ਤੁਸੀਂ ਵਿੱਚ ਹੋਠਾਂ ਉਤੋਂ ਹੱਸਦੇ ਹੋ ।

ਅਸੀਂ ਮੁੱਖ ਤੁਸਾਡੜਾ ਤੱਕਦੇ ਹਾਂ,
ਤੁਸੀਂ ਤੀਰ ਕਮਾਨ 'ਚੋਂ ਕੱਸਦੇ ਹੋ ।

ਅਸੀਂ ਬ੍ਰਿਹੋਂ ਦੇ ਵਿੱਚ ਬੀਮਾਰ ਪੈ ਗਏ,
ਤੁਸੀਂ ਮਕਰ ਫਰੇਬ ਹੀ ਦੱਸਦੇ ਹੋ ।

ਸਾਨੂੰ ਬੰਨ੍ਹਿਆਂ ਜੇ ਨਾਲ ਸੰਗਲਾਂ ਦੇ,
ਤੁਸੀਂ ਕਦੋਂ ਹੋਏ ਸਾਡੇ ਵਸ ਦੇ ਹੋ ।

ਅਸੀਂ ਲੋਚਦੇ ਹਾਂ, ਕਦੀ ਮਿਲੋ ਕੱਲੇ,
ਉਸੀਂ ਮਜਲਸਾਂ ਵਿੱਚ ਖਰਖੱਸਦੇ ਹੋ ।

ਅਸੀਂ ਆਪਣੀ ਅਕਲ ਗੁਆ ਬੈਠੇ,
ਰਾਹ ਤੁਸੀਂ ਵੀ ਕੋਈ ਨਾ ਦੱਸਦੇ ਹੋ ।

ਲੋਕ ਟਿੱਚਰਾਂ ਕਰਦੇ ਨੇ ਵੇਖ ਕਮਲਾ,
ਤੁਸੀਂ ਨਾਲ ਲੋਕਾਂ ਰਲਕੇ ਹੱਸਦੇ ਹੋ ।

ਸਾਨੂੰ ਅੱਗ ਫਿਰਾਕ ਦੀ ਸਾੜਿਆ ਏ,
ਕਦੀ ਮੀਂਹ ਬਣਕੇ ਨਹੀਂ ਵੱਸਦੇ ਹੋ ।

ਮੂੰਹ ਅੱਡਿਆ ਵਾਸਤੇ ਬੂੰਦ ਦੇ ਹੈ,
ਅੱਗੋਂ ਘਤਦੇ ਬੁੱਕ ਭਰ ਭੱਸਦੇ ਹੋ ।

ਅਸੀਂ ਵੇਖਦੇ ਹਾਂ, ਨਾਲੇ ਤਰਸਦੇ ਹਾਂ,
ਹੋਇਆ ਕੀ ਜੇ ਭਰੇ ਹੋਏ ਰਸ ਦੇ ਹੋ ।

ਪ੍ਰੇਮ ਫਾਹੀਆਂ ਲਾਈਆਂ ਬਹੁਤ ਭਾਵੇਂ,
ਤੁਸੀਂ ਕਿਸੇ ਦੇ ਵਿੱਚ ਨਾ ਫਸਦੇ ਹੋ ।

ਅਸੀਂ ਆਪਣਾ ਹਾਲ ਬੇਹਾਲ ਕੀਤਾ,
ਤੁਸੀਂ ਬੱਚਿਆਂ ਦੀ ਖੇਡ ਦੱਸਦੇ ਹੋ ।

ਅਸੀਂ ਆਖਿਆ ਮਾਰ ਮੁਕਾ ਸਾਨੂੰ,
ਤੁਸੀਂ ਤੜਫਦਾ ਵੇਖ ਵਿਗੱਸਦੇ ਹੋ ।

7. ਕਿਹੜਾ

ਪੈਦਾ ਕਰਕੇ ਤੇ ਫੇਰ ਨਹੀਂ ਸਾਰ ਲੈਂਦਾ,
ਪੱਥਰ ਚਿੱਤ ਐਡਾ ਕਿਰਦਗਾਰ ਕਿਹੜਾ ?

ਨਹੀਂ ਕੂਣ ਦੇਂਦਾ, ਨਹੀਂ ਰੋਣ ਦੇਂਦਾ,
ਉਤੋਂ ਮਾਰਦਾ ਏ ਐਡੀ ਮਾਰ ਕਿਹੜਾ ?

ਨਹੀਂ ਮਰਨ ਦਿੰਦਾ, ਨਹੀਂ ਜੀਣ ਦਿੰਦਾ,
ਲੰਮੀ ਲਾਈ ਰੱਖੇ ਐਡੀ ਲਾਰ ਕਿਹੜਾ ?

ਚਿਣਗ ਲਾ ਆਪੀਂ ਗਿਆ ਛੱਪ ਕਿਧਰੇ,
ਕਰੇ ਆਣ ਮੈਨੂੰ ਠੰਡਾ ਠਾਰ ਕਿਹੜਾ ?

ਮੈਨੂੰ ਕੋਝੜੀ ਨੂੰ ਆਣ ਗਲੇ ਲਾਵੇ,
ਨੀ ਉਹ ਸੋਹਣਿਆਂ ਦਾ ਸਰਦਾਰ ਕਿਹੜਾ ?

ਮੇਰੇ ਦਿਲ ਦੀ ਉੱਜੜੀ ਕੁੱਲੜੀ ਦੀ,
ਵੇਖਾਂ ਆਣ ਕੇ ਲੈਂਦਾ ਭਲਾ ਸਾਰ ਕਿਹੜਾ ?

ਪਿਛਲੇ ਬਖ਼ਸ਼ ਲਵੇ ਅੱਗੋਂ ਕਰਨ ਦੇਵੇ,
ਐਡੀ ਬਖ਼ਸ਼ ਵਾਲਾ ਬਖ਼ਸ਼ਣਹਾਰ ਕਿਹੜਾ ?

ਆਪੇ ਕਰੀ ਜਾਵੇ, ਆਪੇ ਭਰੀ ਆਵੇ,
ਲੇਖਾ ਪਾਕ ਰੱਖੇ ਗੁਨਹਗਾਰ ਕਿਹੜਾ ?

ਚਿੱਤ ਮੇਰੇ ਦੇ ਉਡਣ ਪੰਖੇਰੂਏ ਨੂੰ,
ਬਾਣ ਮਾਰ ਆ ਕਰੇ ਸ਼ਿਕਾਰ ਕਿਹੜਾ ?

ਭੈੜੀ ਗਲੀ ਦੇ ਵਿਚ ਨਾ ਵੜਨ ਦੇਵੇ,
ਪਹਿਰਾ ਤੇਜ਼ ਰੱਖੇ ਚੋਬਦਾਰ ਕਿਹੜਾ ?

ਅੰਦਰ ਚਸਕ ਪੈਂਦੀ, ਬਾਹਰ ਜ਼ਖਮ ਹੈ ਨਹੀਂ,
ਗੁੱਝੀ ਪੀੜ ਵਾਲਾ ਹੈ ਬੀਮਾਰ ਕਿਹੜਾ ?

ਦਾਗ਼ਦਾਰ ਦਿਲ ਦਾ ਖ਼ਰੀਦਾਰ ਹੋਵੇ,
ਐਡੀ ਮਿਹਰ ਵਾਲਾ ਦਿਲਬਰ ਯਾਰ ਕਿਹੜਾ ?

ਕਾਲੇ-ਪਾਣੀਆਂ ਤੋਂ ਦੂਰ ਸੁੱਟਿਆਂ ਨੂੰ,
ਸੁਹਣੀ ਬਾਸ ਦੇਵੇ ਗੁਲੇ-ਜ਼ਾਰ ਕਿਹੜਾ ?

8. ਹੁਣ ਤੇ ਹਿਚਕੀਆਂ ਤੇ ਆ ਗਈ ਜਾਨ ਮੇਰੀ

ਜੇ ਮੈਂ ਸੱਚ ਆਖਾਂ ਤਾਂ ਤੂੰ ਮੰਨਣਾ ਨਹੀਂ,
ਤੇਰੇ ਬਾਝ ਹੈ ਜਾਨ ਹੈਰਾਨ ਮੇਰੀ ।
ਤੇਰੇ ਦਰਸ ਨੂੰ ਤਰਸਦੇ ਬਰਸ ਗੁਜ਼ਰੇ,
ਹੁਣ ਤਾਂ ਨੱਕ ਤੇ ਆ ਗਈ ਜਾਨ ਮੇਰੀ ।
ਅਜੇ ਤਰਸ ਨਹੀਂ ਆਉਂਦਾ ਵਿਲਕਦੀ ਤੇ,
ਤਰਲੇ ਲੈਂਦਿਆਂ ਸੁੱਕੀ ਜ਼ਬਾਨ ਮੇਰੀ ।
ਜੰਗਲ ਝਲ ਬੇਲੇ ਸਾਰੇ ਛਾਣ ਮਾਰੇ,
ਹੋਰ ਕਰਨੈਂ ਕਿਉਂ ਮਿੱਟੀ ਵੀਰਾਨ ਮੇਰੀ ।

ਮੇਰਾ ਹਾਲ ਹੀ ਹੋਰ ਦਾ ਹੋਰ ਹੋਯਾ,
ਤੂੰ ਭੀ ਸਕੇਂ ਨਾ ਸ਼ਕਲ ਸਿਆਣ ਮੇਰੀ ।
ਮੇਰੇ ਰੋਗ ਦਾ ਪਤਾ ਨਾ ਕਿਸੇ ਲਗੇ,
ਸਾਰੇ ਵੈਦ ਰਹੇ ਨਬਜ਼ ਪਛਾਣ ਮੇਰੀ ।
ਜਾਂ ਤੂੰ ਜਾਣਨਾ ਏਂ ਜਾਂ ਮੈਂ ਜਾਣਨੀ ਹਾਂ,
ਜਿਹੜਾ ਰੋਗ ਲੱਗਾ ਜਾਨ ਖਾਣ ਮੇਰੀ ।
ਮੇਰੇ ਦਰਦ ਦੀ ਦਵਾ ਤੂੰ ਜਾਣਨਾ ਏਂ,
ਐਵੇਂ ਵੈਦ ਪਏ ਜਾਨ ਖਪਾਣ ਮੇਰੀ ।

ਪਤਲੀ ਪਾਣੀਓਂ ਤੇ ਕੱਖੋਂ ਹੋਈ ਹੌਲੀ,
ਐਪਰ ਮੁਸ਼ਕਲ ਨਾ ਹੋਈ ਆਸਾਨ ਮੇਰੀ ।
ਹਸਰਤ ਇਕ ਵਾਰੀ ਤਾਂ ਮਿਟਾ ਆ ਕੇ,
ਹੁਣ ਤੇ ਹਿਚਕੀਆਂ ਤੇ ਆ ਗਈ ਜਾਨ ਮੇਰੀ ।

9. ਗਰੀਬੀ ਦਾਵ੍ਹਾ

ਤੈਨੂੰ ਨਾਜ਼ ਹੈ ਆਪਣੀ ਜਫ਼ਾ ਉੱਤੇ,
ਸਾਨੂੰ ਮਾਣ ਹੈ ਆਪਣੀ ਵਫ਼ਾ ਉੱਤੇ ।

ਤੈਨੂੰ ਫ਼ਖ਼ਰ ਹੈ ਆਪਣੇ ਜ਼ੁਲਮ ਉੱਤੇ,
ਸਾਨੂੰ ਫ਼ਖ਼ਰ ਹੈ ਸੇਵਾ ਦੇ ਚਾਅ ਉੱਤੇ ।

ਤੈਨੂੰ ਮਾਣ ਹੈ ਜਬਰ ਤੇ ਜ਼ੋਰ ਉੱਤੇ,
ਸਾਨੂੰ ਤਕਵਾ ਹੈ ਆਪਣੀ ਆਹ ਉੱਤੇ ।

ਤੈਨੂੰ ਸ਼ੌਕ ਹੈ ਸਿਤਮ ਅਜ਼ਮਾਵਣੇ ਦਾ
ਅਸੀਂ ਮਸਤ ਹਾਂ ਤੇਰੀ ਅਦਾ ਉੱਤੇ ।

10. ਭੇਤ ਖੁਲ੍ਹੇ ਤੇ ਰੁੱਸ ਗਏ ਪ੍ਰੀਤਮ ਨੂੰ

ਜੇਕਰ ਵੱਸ ਹੁੰਦਾ ਮੇਰੇ, ਬੱਸ ਕਰਦੀ,
ਐਪਰ ਵੱਸ ਤੋਂ ਗੱਲ ਬੇਵੱਸ ਹੋਈ ।
ਕਮਲੀ ਚਿਣਗ ਨੂੰ ਰੂੰ ਲਪੇਟਦੀ ਸੀ,
ਲੂੰਬਾ ਨਿਕਲਿਆ ਸਾਰੇ ਖੜਖੱਸ ਹੋਈ ।
ਭੇਤ-ਭਾਂਡੇ ਨੂੰ ਮਰਨ ਤੇ ਭੰਨਦੀ ਨਾ,
ਐਪਰ ਹੋਣੀ ਨਿਮਾਣੀ ਦੀ ਸੱਸ ਹੋਈ ।
ਲੇਖ ਲਿਖੇ ਧੁਰ ਦੇ ਅੱਗੇ ਆਣ ਹੋਏ,
ਅੱਲਾਹ ਮਾਰਿਆਂ ਸਿਰ ਐਵੇਂ ਭੱਸ ਹੋਈ ।

ਬੰਦ ਕਲੀ ਵਾਂਗੂੰ ਸਦਾ ਬੰਦ ਰਹਿੰਦੀ,
ਜੇਕਰ ਆਸ-ਬੁਲਬੁਲ ਠੂੰਗਾ ਮਾਰਦੀ ਨਾ ।
ਜੇਕਰ ਜਾਣ ਜਾਂਦੀ ਅਸਰ ਉਲਟ ਹੁੰਦੈ,
ਭੇਤ ਦਿਲੇ ਦਾ ਖੋਲ੍ਹ ਖਿਲਾਰਦੀ ਨਾ ।

ਮੈਂ ਤੇ ਭੁੱਲ ਗਈ ਵੇ, ਡੋਲ ਡੁਲ੍ਹ ਗਈ ਵੇ,
ਧੁਰੋਂ ਭੁੱਲੀ ਨੂੰ ਤੂੰ ਭੁਲਾ ਨਾਹੀਂ ।
ਮੈਂ ਤਾਂ ਰੋੜ੍ਹ ਬੇਕਲੀ ਦੇ ਰੁੜ੍ਹ ਗਈ ਹਾਂ,
ਧੱਕਾ ਦੇ ਕੇ ਹੋਰ ਰੁੜ੍ਹਾ ਨਾਹੀਂ ।
ਦੂਤੀ ਦੁਸ਼ਮਣਾਂ ਦੇ ਆਖੇ ਲੱਗ ਸੱਜਣ,
ਤੱਤੀ ਤਪੀ ਨੂੰ ਹੋਰ ਤਪਾ ਨਾਹੀਂ ।
ਸਤੀ ਸਤੀ ਨੂੰ ਹੋਰ ਸਤਾ ਨਾਹੀਂ,
ਪੁਰ ਪੁਰ ਦੁਖੀ ਨੂੰ ਹੋਰ ਦੁਖਾ ਨਾਹੀਂ ।

ਐਵੇਂ ਚੁੱਪ ਚੁਪੀਤੜਾ ਚੁੱਪ ਨਾ ਹੋ,
ਸਾਡੇ ਨਾਲ ਆ ਕੇ ਲੜ ਰੁੱਸ ਬੀਬਾ ।
ਕਿਹੜੀ ਗੱਲ ਤੇ ਮੂੰਹ ਭਵਾ ਬੈਠੋਂ,
ਘੁੰਡੀ ਦਿਲ ਦੀ ਖੋਲ੍ਹ ਕੇ ਦੱਸ ਬੀਬਾ ।

ਮੈਨੂੰ ਜੱਗ ਦੀ ਕੱਖ ਪਰਵਾਹ ਹੈ ਨਹੀਂ,
ਨਾਲ ਸਾਕ ਤੇਰੇ ਜਦ ਤੋਂ ਜੋੜ ਬੈਠੀ ।
ਦੁਨੀਆਂ ਮੁੱਕ ਗਈ ਏ ਮੈਂਡੀ ਤੁੱਧ ਉੱਤੇ,
ਸਾਰੀ ਖ਼ਲਕ 'ਚੋਂ ਤੁੱਧ ਨੂੰ ਲੋੜ ਬੈਠੀ ।
ਬੇਪਰਵਾਹ ਹੋਈ ਤੇ ਬੇਚਾਰ ਹੋਈ,
ਰੱਸੇ ਰੱਸੀਆਂ ਸਭ ਤਰੋੜ ਬੈਠੀ ।
ਇਕ ਤੂੰ ਰਾਜ਼ੀ ਮੇਰਾ ਰੱਬ ਰਾਜ਼ੀ,
ਹੋਰ ਆਸਰੇ ਤੇ ਆਸਾਂ ਛੋੜ ਬੈਠੀ ।

ਮੇਰ ਤੇਰ ਦੇ ਵਿਚ ਵਿਛੋੜ ਪਾਇਆ,
ਇਹਨਾਂ ਕਾਜ਼ੀਆਂ : ਕੁੱਤਿਆਂ-ਕੰਮੀਆਂ ਨੇ ।
ਸੁਣੇਂ ਬੈਠ ਨਵੇਕਲਾ ਰੋ ਦੱਸਾਂ,
ਮਿਰੀਆਂ ਦਰਦ ਕਹਾਣੀਆਂ ਲੰਮੀਆਂ ਨੇ ।

ਤੈਨੂੰ ਭੁੱਲ ਗਏ ਨੇ, ਮੈਨੂੰ ਯਾਦ ਉਹ ਦਿਨ,
ਜਦੋਂ ਪ੍ਰੇਮ ਦੀ ਪੀਂਘ ਚੜ੍ਹਾਂਵਦੇ ਸਾਂ ।
ਦੋ ਦਿਸਦੇ ਸਾਂ, ਵਿਚੋਂ ਇਕ ਹੈ ਸਾਂ,
'ਕੱਠਾ ਹੱਸਦੇ ਰੋਂਵਦੇ ਗਾਂਵਦੇ ਸਾਂ ।
ਵਿੱਥ ਵਿਤਕਰਾ ਵਿਚ ਨਾ ਕੋਈ ਸਾਡੇ,
ਇਕ ਦੂਜੇ ਦਾ ਨਾਮ ਧਿਆਵੰਦੇ ਸਾਂ ।
ਮਤੇ ਨਜ਼ਰ ਜਹਾਨ ਦੀ ਲੱਗ ਜਾਏ,
ਡਰਦੇ ਕਦੀ ਅੰਦਰ ਛਿਪ ਜਾਂਵਦੇ ਸਾਂ ।

ਤਾਪ ਚੜ੍ਹੇ ਨੂੰ ਠੰਡ ਜਿਉਂ ਬੁਰੀ ਲੱਗੇ,
ਤਿਵੇਂ ਇਸ਼ਕ ਗੱਲਾਂ ਨਾ ਸੁਖਾਈਆਂ ਨੇ ।
ਵਿਥਾਂ ਵਾਲੇ ਜਹਾਨ ਨੇ ਵਿਚ ਸਾਡੇ,
ਮੇਖਾਂ ਮਾਰ ਕੇ ਤੇ ਵਿੱਥਾਂ ਪਾਈਆਂ ਨੇ ।

'ਪਹਿਲੋਂ ਅੱਗ ਲਾ ਕੇ ਹੁਣ ਅਲੱਗ ਹੋਇਉਂ,
ਬੀਬਾ ਇਹ ਨਹੀਂ ਚੰਗੜੀ ਗੱਲੜੀ ਵੇ ।
ਮੇਰਾ ਕੋਈ ਨਹੀਂ ਮੈਂ ਤੇ ਹੋਈ ਤੇਰੀ,
ਖੇਡ ਖੇਡਨੈਂ ਕਾਹਨੂੰ ਅਵੱਲੜੀ ਵੇ ।
ਚਿੱਟੇ ਚਾਨਣੇ ਤੋਂ ਕਦੀ ਚੌਂਕਦੀ ਸਾਂ,
ਰਾਤਾਂ ਕਾਲੀਆਂ ਮੈਂ ਇਕੱਲੜੀ ਵੇ ।
ਉਹਨਾਂ ਦਿਨਾਂ ਦੀ ਯਾਦ ਤੇ ਜੀਉਂਦੀ ਹਾਂ,
ਜਦੋਂ ਆਖਦਾ ਸੈਂ ਬੱਲੀ ਬੱਲੜੀ ਵੇ ।

ਮੰਨਤਾਂ ਮੰਨ ਬੈਠੀ, ਰੋਣੇ ਰੋ ਬੈਠੀ,
ਐਪਰ ਮਨ ਨਾ ਤੇਰਾ ਪਸੀਜਿਆ ਏ ।
ਸੁਣ ਕੇ ਮੌਤ ਮੇਰੀ ਖਬਰੇ ਆ ਜਾਵੇਂ,
ਹੁਣ ਤੇ ਮਰਨ ਉਤੇ ਚਿੱਤ ਰੀਝੀਆ ਏ ।

ਜੇ ਨਾ ਆਏਂਗਾ ਮੁਖ ਨਾ ਵੇਖਸੇਂਗਾ,
ਆਖੀਂ ਫੇਰ ਨਾ, ਸਾਨੂੰ ਕਿਸ ਦੱਸਿਆ ਈ ।
ਮੈਨੂੰ ਅੰਦਰੋ ਅੰਦਰੀ ਡੋਬ ਪੈਂਦੇ,
ਬ੍ਰਿਹੋਂ ਡੈਣ ਨੇ ਕਾਲਜਾ ਖੱਸਿਆ ਈ ।
ਸਾਥੋਂ ਜਦੋਂ ਦਾ ਮੁੱਖੜਾ ਮੋੜ ਗਇਉਂ,
ਮੁੱਕੀ ਰੈਣ ਨਾ ਤਦੋਂ ਦੀ ਮੱਸਿਆ ਈ ।
ਕੱਚੀ ਆਸ ਦੀ ਤੰਦ ਤੇ ਪਲਮਦੀ ਏ,
ਸਾਡੀ ਜ਼ਿੰਦਗੀ ਕਠਨ ਸਮੱਸਿਆ ਈ ।

ਅਸਾਂ ਆਪਣਾ ਹਾਲ ਬਿਆਨ ਕੀਤਾ,
ਅੱਗੋਂ ਗੱਲ ਸਾਰੀ ਤੇਰੇ ਵੱਸ ਬੀਬਾ ।
ਦੁਹੁੰ ਚਹੁੰ ਦਿਨਾਂ ਦੇ ਅਸੀਂ ਪ੍ਰਾਹੁਣੇ ਹਾਂ,
ਸੱਚੋ ਸੱਚ ਦਿੱਤਾ ਤੈਨੂੰ ਦੱਸ ਬੀਬਾ ।

11. ਹੀਰ ਦਾ ਸਰਾਪ

ਰੱਬਾ ਮਰੇ ਕੈਦੋ ਲੰਝਾ ਮਿਰਾ ਚਾਚਾ,
ਤੁੱਕਾ ਲਾਹ ਪੁੱਠਾ ਖੂਹ ਗੇੜਿਆ ਸੂ ।
ਸ਼ਾਲਾ ਪੈਣ ਕੀੜੇ, ਮਰੇ ਹੋ ਕੋੜ੍ਹਾ,
ਐਵੇਂ ਆਸ਼ਿਕਾਂ ਸਾਦਿਕਾਂ ਛੇੜਿਆ ਸੂ ।

ਫਿਰੇ ਮੰਗਦਾ, ਰੱਜ ਨਾ ਖ਼ੈਰ ਮਿਲਸੂ,
ਭੇਤ ਦਿਲਾਂ ਦਾ ਚੁੱਕ ਉਘੇੜਿਆ ਸੂ ।
ਢਾਰਾ ਢਹਿ ਪੈਸੂ, ਧੂੰਆਂ ਬੁਝ ਜਾਸੂ,
ਕਿੱਲਾ ਆਸ਼ਕਾਂ ਆ ਉਖੇੜਿਆ ਸੂ ।

ਸੱਚ ਝੂਠ ਦੇ ਢੱਕਲੇ ਥੱਪ ਕੇ ਤੇ
ਚਿੱਟੀ ਚਾਦਰ ਨੂੰ ਚਿੱਕੜ ਲਬੇੜਿਆ ਸੂ ।
ਗੈਰ ਮਹਿਰਮਾਂ ਨੂੰ ਉਸ਼ਕਲ ਦੇ ਕੇ ਤੇ
ਸਾਡੇ ਲਈ ਬਖੇੜ ਸਹੇੜਿਆ ਸੂ ।

12. ਮੈਂ ਗੁਨਾਹ ਕਿਉਂ ਕਰਦਾ ਹਾਂ

ਤੈਨੂੰ ਕਈ ਵਾਰੀ ਮੈਂ ਮੁਆਫ਼ ਕੀਤਾ,
ਅਤੇ ਫੇਰ ਹੈਂ ਪਿਆ ਗੁਨਾਹ ਕਰਦਾ,
ਓ ਬੇਸ਼ਰਮ, ਤੈਨੂੰ ਕਿਉਂ ਨਹੀਂ ਸ਼ਰਮ ਆਉਂਦੀ ?
ਗੁੱਸੇ ਹੋ ਕੇ ਆਖਿਆ ਰੱਬ ਮੇਰੇ ।

ਰਤਾ ਵਿਚ ਗੁਨਾਹ ਦੇ ਲੁਤਫ਼ ਹੈ ਨਹੀਂ,
ਮਾਫ਼ੀ ਮੰਗਣ ਦੇ ਵਿਚ ਆਨੰਦ ਸਾਰਾ,
ਬਿਨਾਂ ਬਣੇ ਮੁਜਰਮ ਮਾਫ਼ੀ ਕਿਵੇਂ ਮੰਗਾਂ ?
ਮੈਂ ਸ਼ਰਮਾ ਕੇ ਆਖਿਆ ਰੱਬ ਤਾਈਂ ।

ਗੁੱਸੇ ਨਾਲ ਤੇਰਾ ਹੁਸਨ ਹੋਏ ਦੂਣਾ,
ਤੇ ਗੁਨਾਹ ਮੇਰੀ ਗਰਦਨ ਕਰਨ ਨੀਵੀਂ,
ਤੂੰ ਮੁਆਫ਼ ਕਰਦਾ ਮੈਨੂੰ ਭਲਾ ਭਾਵੇਂ,
ਨਿਤ ਨਵੇਂ ਮੈਂ ਤਾਹੀਓਂ ਗੁਨਾਹ ਕਰਨਾਂ ।

ਮੈਂ ਗੁਨਾਹ ਕਰਾਂ, ਤੂੰ ਜਾਣੀ ਜਾਣ ਜਾਵੇਂ;
ਤੂੰ ਬੁਲਾ ਭੇਜੇਂ, ਮੁਜਰਮ ਬਣ ਜਾਵਾਂ;
ਤੂੰ ਨਾਰਾਜ਼ ਹੋਵੇਂ ਤੇ ਮੈਂ ਕਰਾਂ ਤਰਲੇ,
ਤੂੰ ਮੁਆਫ਼ ਕਰੇਂ ਤੇ ਮੈਂ ਕਰਾਂ ਸਿਜਦਾ,
ਮੁੜ ਮੁੜ ਪਤਿਤ ਥੀਵਾਂ ਤੂੰ ਪਵਿਤ ਕਰ ਦਏਂ,
ਏਸੇ ਪੀਂਘ ਦੇ ਵਿਚ ਮੈਂ ਸਦਾ ਲਟਕਾਂ,
ਇਹੋ ਅਰਜ਼ ਮੇਰੀ ਬਖਸ਼ਣਹਾਰ ਮੇਰੇ,
ਸਦਾ ਸਦਾ ਅਪਵਿੱਤਰ ਹੀ ਰਹਿਣ ਦੇਵੀਂ,
ਕਦੇ ਪਾਕ ਪਵਿੱਤਰ ਨਾ ਕਰੀਂ ਮੈਨੂੰ,
ਤੇਰੇ ਤੀਰ ਔਣਾ ਮੈਨੂੰ ਔਖ ਬਣਸੀ,
ਤੇਰੇ ਦਰਸ਼ਨ ਵੀ ਮੈਨੂੰ ਦੁਰਲੱਭ ਥੀਸਨ,
ਮੇਰੀ ਪਾਪ-ਬੇੜੀ ਤਰਨ-ਤਾਰਨੀ ਹੈ ।

13. ਅੱਜ ਦਾ ਤਰਲਾ

ਮੈਂ ਜਿਹੀ ਕਮਲੀ ਦਿਆ
ਯਮ੍ਹਲਿਆ ਸਾਈਆਂ ਵੇ
ਰਟਨ ਕਰੇਂਦਾ ਕਦੀ, ਮੇਰੇ ਵੇਹੜੇ ਆਵੀਂ ਅੱਜ ।

ਚਰਨੀਂ ਲਗਾਵੀਂ ਅੱਜ,
ਸ਼ਰਨੀਂ ਸਮਾਵੀਂ ਅੱਜ,
ਜੁੱਗਾਂ ਦੀ ਪਿਆਸੀ ਤਾਈਂ, ਰੱਜ ਕੇ ਪਿਲਾਵੀਂ ਅੱਜ ।

ਉਜੜੀ ਵਸਾਵੀਂ ਅਤੇ
ਡੁਬਦੀ ਬਚਾਵੀਂ ਆ ਕੇ
ਰੁੜ੍ਹੀ ਚਲੀ ਜਾਂਦੀ, ਕਿਸੇ ਪੱਤਣ ਲਗਾਵੀਂ ਅੱਜ ।

ਰੁੱਸੀ ਨੂੰ ਮਨਾਵੀਂ ਅਤੇ
ਰੋਂਦੀ ਨੂੰ ਹਸਾਵੀਂ ਆ ਕੇ,
ਭੀਖਕ ਨਿਮਾਣੀ ਦੀ ਵੀ, ਝੋਲੀ ਭਰ ਜਾਵੀਂ ਅੱਜ ।

ਢਹਿੰਦੀ ਨੂੰ ਬਚਾਵੀਂ,
ਢੱਠ ਪਈ ਨੂੰ ਉਠਾਵੀਂ ਆ ਕੇ,
ਚੜ੍ਹਦੀਆਂ ਕਲਾਂ ਵਿਚ ਚੁੱਕ ਕੇ ਲਿਜਾਵੀਂ ਅੱਜ ।

ਹੇਰ ਫੇਰ ਮੁੱਕ ਜਾਏ,
ਮੇਰ ਤੇਰ ਚੁੱਕ ਜਾਏ,
ਚਾੜ੍ਹੇ ਜੋ ਸਰੂਰ ਐਸਾ, ਨਸ਼ਾ ਉਹ ਖਿਲਾਵੀਂ ਅੱਜ ।

ਗੌਂ ਗਰਜ਼ਾਂ ਗਵਾਵੀਂ
ਪੀੜਾਂ ਦਰਦਾਂ ਹਟਾਵੀਂ,
ਦੁੱਖਾਂ ਤੋਂ ਬਚਾਵੀਂ, ਸੁਖ ਸਹਿਜ 'ਚ ਲਿਜਾਵੀਂ ਅੱਜ ।

ਪਰਦਾ ਹਟਾਵੀਂ, ਕੰਧ
ਦੂਈ ਦੀ ਉਠਾਵੀਂ ਅੱਜ,
ਤੂੰ ਹੀ ਸਾਰੇ ਦਿਸੇਂ, ਐਸਾ ਚਾਨਣ ਦਿਖਾਵੀਂ ਅੱਜ ।

14. ਮੇਰਾ ਦਰਦੀ ਦਿਲ

ਜਦ ਚੋਟ ਕਿਸੇ ਸਿਰ ਪੈਂਦੀ ਏ
ਤਦ ਜ਼ਖ਼ਮ ਮਿਰੇ ਸਿਰ ਹੁੰਦਾ ਏ
ਜਦ ਪੀੜ ਕਿਸੇ ਨੂੰ ਹੁੰਦੀ ਏ
ਚੀਕਾਂ ਦਿਲ ਮੇਰਾ ਕੱਢਦਾ ਏ
ਜਦ ਸ਼ੂਸ਼ਕ ਵਜਦੀ ਕਿਸੇ ਨੂੰ ਹੈ
ਤਦ ਲਾਸ ਮਿਰੇ ਤਨ ਪੈਂਦੀ ਏ
ਜਦ ਬੋਝ ਕਿਸੇ ਤੇ ਲੱਦੀਦਾ
ਤਦ ਗਰਦਨ ਮੇਰੀ ਲਿਫਦੀ ਏ ।

ਜਦ ਪਾਪ ਕਦੀ ਕੋਈ ਕਰਦਾ ਏ
ਤਦ ਹਿਰਦਾ ਮੇਰਾ ਕੰਬਦਾ ਏ
ਅਪਰਾਧ ਕਿਤੇ ਜਦ ਹੁੰਦਾ ਏ
ਹੌਕੇ ਦਿਲ ਮੇਰੇ ਉਠਦੇ ਨੇ
ਗਲ ਰੱਸੀ ਕਿਸੇ ਦੇ ਪੈਂਦੀ ਏ
ਫਾਂਸੀ ਪਰ ਮੈਨੂੰ ਲਗਦੀ ਏ
ਭੁੱਖਾ ਜਦ ਕੋਈ ਰੋਂਦਾ ਏ
ਰੁੱਗ ਮਿਰੇ ਕਾਲਜੇ ਭਰਦਾ ਏ
ਕਿਰਤੀ ਜਦ ਧੁੱਪੇ ਸੜਦਾ ਏ
ਮੁੜ੍ਹਕਾ ਤਦ ਮੇਰੇ ਚੋਂਦਾ ਏ
ਤੇ ਕੱਕਰ ਜਦ ਕੋਈ ਭੰਨਦਾ ਏ
ਪਾਲਾ ਤਦ ਮੈਨੂੰ ਪੈਂਦਾ ਏ
ਜਦ ਕੰਡਿਆਂ ਤੇ ਕੋਈ ਸੌਂਦਾ ਏ
ਤਾਂ ਸੂਲ ਮੇਰੇ ਤਨ ਚੁਭਦੀ ਏ ।

ਜਦ ਜ਼ੁਲਮ ਕਿਸੇ ਸਿਰ ਹੁੰਦਾ ਏ
ਚਾਪੜ ਮੇਰੇ ਭਾ ਆਉਂਦਾ ਏ
ਜਦ ਮਾਰ ਕਿਸੇ ਨੂੰ ਪੈਂਦੀ ਏ
ਤਦ ਰੋਣਾ ਮੈਨੂੰ ਆਉਂਦਾ ਏ ।

ਜਦ ਉਜੜਦਾ ਹੈ ਕਿਤੇ ਕੋਈ
ਦਿਲ ਮੇਰਾ ਵੀਰਾਨਾ ਹੁੰਦਾ ਏ
ਠੇਡਾ ਜਦ ਕੋਈ ਖਾਂਦਾ ਏ
ਤਦ ਮੇਰਾ ਪੈਰ ਉਖੜਦਾ ਏ
ਜਦ ਕੋਈ ਰਾਹੋਂ ਗੁੰਮਦਾ ਏ
ਦਰਦੀ ਦਿਲ ਮੇਰਾ ਬਣਦਾ ਏ ।

ਰੋਗੀ ਜਦ ਰਾਤੀਂ ਰੋਂਦਾ ਏ
ਅੱਖਾਂ 'ਚੋਂ ਰਾਤ ਨਿਕਲਦੀ ਏ
ਕੰਡਾ ਹੈ ਚੁਭਦਾ ਕਿਸੇ ਤਾਈਂ
ਪਰ ਪੈਰ ਮੇਰਾ ਲੰਗੜਾਂਦਾ ਏ
ਗ਼ਮ, ਸਹਿਮ ਕਿਸੇ ਤੇ ਛਾਂਦਾ ਏ
ਤੇ ਦਿਲ ਮੇਰਾ ਕੁਮਲਾਂਦਾ ਏ
ਬਿਜਲੀ ਜਦ ਕਿਧਰੇ ਪੈਂਦੀ ਏ
ਦਿਲ-ਆਲ੍ਹਣਾ ਮੇਰਾ ਸੜਦਾ ਏ
ਜਦ ਲਗਦਾ ਸੇਕ ਕਿਸੇ ਤਾਈਂ
ਦਿਲ ਫੁੱਲ ਮੇਰਾ ਸੁੱਕ ਜਾਂਦਾ ਏ
ਨਸ਼ਤਰ ਹੈ ਚੁਭਦੀ ਕਿਸੇ ਨੂੰ ਜਦ
ਲਹੂ ਦਿਲ ਮੇਰੇ ਥੀਂ ਸਿੰਮਦਾ ਏ ।

ਐਸਾ ਦਿਲ ਦਰਦੀ ਪਾਇਆ ਹੈ
ਮੱਖਣ ਜਿਉਂ ਕੋਮਲ ਕੂਲਾ ਹੈ
ਹੈ ਵਾਲ ਨਾਲ ਇਹ ਚਿਰ ਜਾਂਦਾ
ਤੇ ਖ਼ਾਰ ਨਾਲ ਛਿਲ ਜਾਂਦਾ ਏ
ਬੱਸ ਦਰਦਾਂ ਦਾ ਇਹ ਪੁਤਲਾ ਏ
ਤੇ ਰਹਿਮ ਤਰਸ ਦਾ ਬਟੂਆ ਹੈ
ਪੀੜਾਂ ਦਾ ਖ਼ਿਲਵਤ-ਖ਼ਾਨਾ ਹੈ
ਟੀਸਾਂ ਚੀਸਾਂ ਦਾ ਕੋਠਾ ਹੈ
ਇਹ ਦਰਦੀ ਖ਼ਲਕਤ ਸਾਰੀ ਦਾ
ਤੇ ਸਭਸ ਲਈ ਗ਼ਮ ਖਾਂਦਾ ਏ
ਭਰ ਆਉਂਦਾ ਏ, ਫਿਸ ਪੈਂਦਾ ਏ
ਤੇ ਵਗਦਾ, ਵਹਿੰਦਾ ਰਹਿੰਦਾ ਏ ।

ਬੇਵੱਸ ਅਤੇ ਲਾਚਾਰ ਬੜਾ
ਨਾ ਵੱਸ ਕੋਈ ਭੀ ਚਲਦਾ ਏ
ਮਜਬੂਰ ਹੈ, ਛੋਟਾ, ਨਿੱਕਾ ਹੈ,
ਕੱਲਾ ਹੈ ਕੱਲਮ-ਕੱਲਾ ਹੈ
ਨਾ ਵੱਸ, ਨਾ ਕੁਦਰਤ, ਚਾਰਾ ਏ
ਨਾ ਹੱਥ ਏਸ ਦੇ ਜ਼ੋਰ ਕੋਈ
ਨਾ ਹੁਕਮ ਏਸ ਦਾ ਚਲਦਾ ਏ
ਨਾ ਇਸ ਨੂੰ ਕਿਧਰੇ ਮਿਲੇ ਢੋਈ
ਨਾ ਤਰਲੇ ਕੋਈ ਸੁਣਦਾ ਏ
ਨਾ ਮਿੰਨਤ ਕੋਈ ਮੰਨਦਾ ਏ
ਨਾ ਤਗੜੇ ਨੂੰ ਹੈ ਖ਼ੌਫ਼ ਰਤਾ
ਨਾ ਮਾੜੇ ਨੂੰ ਧਰਵਾਸ ਕੋਈ
ਚੰਗੇ ਨੂੰ ਦਿਲਾਸਾ ਦੇ ਨਾ ਸਕੇ
ਨਾ ਮੰਦੇ ਤਾਈਂ ਮੋੜ ਸਕੇ
ਨਾ ਪਾਪੀ ਨੂੰ ਇਹ ਬਦਲਾ ਦੇ
ਨਾ ਪੁੰਨੀ ਨੂੰ ਹੈ ਆਸ ਕੋਈ ।

ਨਾ ਤੜਪ ਕਿਸੇ ਕੰਮ ਆਂਦੀ ਏ
ਵਗ ਪਿਆ ਨਾ ਆਵੇ ਹੜ੍ਹ ਕੋਈ
ਨਾ ਪਿਆਸ ਕਿਸੇ ਦੀ ਬੁਝਦੀ ਏ
ਨਾ ਨਿੱਘ ਕਿਸੇ ਨੂੰ ਆਉਂਦਾ ਏ
ਨਾ ਦਾਰੀ ਇਸ ਦੀ ਚਲਦੀ ਏ
ਨਾ ਦਰਦ ਕਿਸੇ ਦਾ ਹਟਦਾ ਏ
ਨਾ ਮੰਗਤੇ ਮਿਲਦੀ ਭਿੱਖ ਰਤਾ
ਨਾ ਦਰਦਮੰਦਾਂ ਦਾ ਦਰਦ ਹਰੇ
ਨਾ ਬੱਦਲ ਬਣ ਕੇ ਵੱਸ ਸਕੇ
ਨਾ ਸੁੱਕਾ ਹਰਿਆ ਥੀਂਦਾ ਏ
ਨਾ ਰੋਣਾ ਇਸ ਦਾ ਰਹਿਮਤ ਹੈ
ਨਾ ਹੱਸਣਾ ਇਸ ਦਾ ਜਾਦੂ ਏ
ਨਾ ਰੋਇਆਂ ਮੈਲੇ ਧੁਪਦੇ ਨੇ
ਨਾ ਹੱਸਿਆਂ ਮੀਟੇ ਖਿੜਦੇ ਨੇ
ਕੁਝ ਮੁੱਲ ਨਹੀਂ ਏਸ ਨਿਮਾਣੇ ਦਾ
ਬੱਸ ਲਹੂ ਦੀ ਬੂੰਦ ਨਿਗੂਣੀ ਹੈ
ਬੱਸ ਤੜਪਣ ਇਸ ਦੀ ਤਾਕਤ ਹੈ
ਤੇ ਰੋਣਾ ਇਸ ਦੀ ਕੁਦਰਤ ਹੈ
ਲਾਚਾਰ ਬਹੁਤ, ਬੇਵੱਸ ਹੈ ਇਹ
ਕੁਝ ਵੱਸ ਨਹੀਂ ਪਰਵੱਸ ਹੈ ਇਹ
ਵਿਤ ਮਿਤ ਨਾ ਇਸ ਦੀ ਕੱਖ ਜਿਹੀ
ਬੱਸ ਕੀਮਤ, ਕੁਦਰਤ ਕੁੱਛ ਨਹੀਂ ।

ਪੱਥਰ ਵੀ ਇਸ ਤੋਂ ਚੰਗੇ ਨੇ
ਭਾਰੇ ਤੇ ਗਉਰੇ ਹੁੰਦੇ ਨੇ
ਨਾ ਵੇਖ ਕਿਸੇ ਨੂੰ ਰੋਂਦੇ ਨੇ
ਨਾ ਸਹਿਮ ਤੇ ਸੋਚਾਂ ਕਰਦੇ ਨੇ
ਨਾ ਦਰਦ ਕਿਸੇ ਦਾ ਖਾਂਦੇ ਨੇ
ਨਾ ਦਾਰੂ ਢੂੰਡਣ ਜਾਂਦੇ ਨੇ
ਨਾ ਪੀੜ ਕਿਸੇ ਦੀ ਵੰਡਦੇ ਨੇ
ਨਾ ਵੰਡਣ ਨੂੰ ਅਕੁਲਾਂਦੇ ਨੇ
ਨਾ ਰੋਂਦੇ ਨੇ ਗ਼ਮ ਖਾਂਦੇ ਨੇ
ਨਾ ਲਿੱਸੇ ਹੁੰਦੇ ਜਾਂਦੇ ਨੇ
ਨਾ ਤੜਪਣ, ਨਾ ਤੜਪਾਂਦੇ ਨੇ
ਨਾ ਸਹਿਮ ਸੁੰਗੜਦੇ ਜਾਂਦੇ ਨੇ
ਨਾ ਸੁਖੀਆ ਵੇਖ ਕੇ ਖਿੜਦੇ ਨੇ
ਨਾ ਵੇਖ ਦੁਖੀ ਮੁਰਝਾਂਦੇ ਨੇ
ਕੋਈ ਮਰੇ ਪਿਆ, ਕੋਈ ਜੀਂਦਾ ਰਹੇ
ਇਹ ਖੰਡ ਪਤਾਸੇ ਖਾਂਦੇ ਨੇ ।

ਪਰ ਕੀ ਫਿਰ ਪੱਥਰ ਹੋਣਾ ਸੀ ?
ਇਕ ਇੱਟਾ ਵੱਟਾ ਹੋਣਾ ਸੀ ?
ਜਾਂ ਦਿਲ ਹੋਣਾ ਹੀ ਚੰਗਾ ਸੀ ?
ਜ਼ਿੰਦਾ ਹੋਣਾ ਬੱਸ ਕਾਫ਼ੀ ਸੀ ?
ਮੈਂ ਦਿਲ ਆਪਣੇ ਨੂੰ ਪੁੱਛਿਆ ਸੀ
ਅੱਗੋਂ ਉਹ ਕਹਿੰਦਾ ਸੁਣਿਆ ਸੀ
ਦਿਲ ਹੋਣਾ ਦਰਦੀ ਹੋਣਾ ਹੈ
ਗ਼ਮ ਖਾਣਾ ਬੋਝੇ ਢੋਣਾ ਹੈ
ਬੱਸ ਰੋਣਾ ਤੇ ਚਿਚਲਾਣਾ ਹੈ
ਸੁੰਗੜਨਾ ਤੇ ਘਬਰਾਣਾ ਹੈ
ਹਾਂ, ਸਹਿਮ ਸਹਿਮ ਕੇ ਸੁੱਕਣਾ ਹੈ
ਤੇ ਸੋਚ ਸੋਚ ਕੇ ਮੁਕਣਾ ਹੈ
ਬਸ ਕੰਬਣਾ ਤੇ ਗ਼ਮ ਖਾਣਾ ਹੈ
ਕਾਂਬਾ ਹੀ ਹੁੰਦੇ ਜਾਣਾ ਹੈ
ਹੈ ਪੰਘਰਨਾ, ਪਿਘਲਾਣਾ ਹੈ
ਬੱਸ ਵਗਦੇ ਵਹਿੰਦੇ ਰਹਿਣਾ ਹੈ
ਬੱਸ ਲਚਕ ਲਚਕ ਲਿਫ ਜਾਣਾ ਹੈ
ਤੇ ਲਰਜ਼ ਲਰਜ਼ ਲੁੜ੍ਹ ਜਾਣਾ ਹੈ
ਕਨਸੋਅ ਸਭਨਾਂ ਦੀ ਰੱਖਣੀ ਹੈ
ਇਕ ਅੰਤਰਯਾਮੀ ਹੋਣਾ ਹੈ
ਹੈ ਵੇਦਨ ਸਭ ਦੀ ਸੁਣ ਲੈਣੀ
ਤੇ ਦਰਦਾਂ ਵਿਚ ਘੁਲ ਜਾਣਾ ਹੈ
ਹਾਂ, ਸਭਨਾਂ ਖਾਤਰ ਮਰ ਜਾਣਾ
ਤੇ ਸਭਸ ਲਈ ਲੁੜ੍ਹ ਜਾਣਾ ਹੈ
ਘੁਲ ਜਾਣਾ ਹੈ, ਲਤੜੀਣਾ ਹੈ
ਇਕ ਪੀੜ ਜਹੀ ਵਿਚ ਜੀਣਾ ਹੈ
ਫਰਕੀਣਾ ਹੈ, ਤੜਫੀਣਾ ਹੈ,
ਕੰਬੀਣਾ ਹੈ, ਸੁਫਨੀਣਾ ਹੈ
ਇਕ ਤੀਖਣਤਾ ਦੀ ਮਟਕ ਚਾਲ
ਵਿਚ ਸ਼ਾਂਤ ਜਹੇ ਪਏ ਵਹਿਣਾ ਹੈ
ਇਕ ਤੀਬਰਤਾ ਦੀ ਜਾਗ ਅੰਦਰ
ਬੇਹੋਸ਼ ਜਹੇ ਹੋ ਰਹਿਣਾ ਹੈ
ਦਿਲ ਹੋਇਆਂ ਖ਼ੁਸ਼ੀ ਨਹੀਂ ਕੋਈ
ਨਿਤ ਗ਼ਮ ਦੀ ਚੱਕੀ ਝੋਣਾ ਹੈ
ਪਰ
ਪੱਥਰ ਤੋਂ ਚੰਗਾ ਲੱਖ ਦਰਜੇ
ਦਿਲ ਹੋਣਾ, ਚੋਟਾਂ ਖਾਣਾ ਹੈ
ਦਿਲ ਦਾ ਇਹ ਉੱਤਰ ਸੁਣ ਕਰ ਕੇ
ਬੱਸ ਨਿਸ਼ਾ ਮੇਰੀ ਸਭ ਹੋਈ ਹੈ
ਦਿਲ ਛਾਤੀ ਅੰਦਰ ਰਖਦਾ ਹਾਂ
ਪਥਰ ਪੈਰਾਂ ਹੇਠ ਧਰਦਾ ਹਾਂ ।

15. ਹਿੰਮਤ ਬਿਨਾਂ

ਦਿਲ ਅੰਦਰ ਜੋਸ਼ ਬਥੇਰਾ ਹੈ,
ਪਰ ਹਿੰਮਤ ਹੈ ਨਹੀਂ ਕੱਢਣ ਦੀ ।

ਪਿਆਰ ਦਾ ਭੀਖਕ ਧੁਰ ਤੋਂ ਹਾਂ,
ਹਿੰਮਤ ਨਹੀਂ ਝੋਲੀ ਟੱਡਣ ਦੀ ।

ਰਸਮਾਂ ਰਹਿਤਾਂ ਤੋਂ ਸੜਿਆ ਹਾਂ,
ਪਰ ਹਿੰਮਤ ਹੈ ਨਹੀਂ ਛੱਡਣ ਦੀ ।

ਸਾਧਾਂ ਸੰਤਾਂ ਦੇ ਪੋਲਾਂ ਦੀ,
ਭੇਖਾਂ ਦੀ ਭੰਡੀ ਭੰਡਣ ਦੀ ।

ਵਾਕਿਫ਼ ਹਾਂ ਪ੍ਰੀਤਾਂ ਰੀਤਾਂ ਤੋਂ,
ਹਿੰਮਤ ਨਹੀਂ ਹਿੱਕਾਂ ਕੱਢਣ ਦੀ ।

ਹਾਂ ਵਾਕਿਫ਼ ਜੀਵਨ ਰਾਜ਼ਾਂ ਥੀਂ,
ਹਿੰਮਤ ਨਹੀਂ ਹਸ ਹਸ ਹੰਢਣ ਦੀ ।

ਭਰਦਾ ਹਾਂ ਕਲਾਵੇ ਪਿਆਰਾਂ ਦੇ,
ਹਿੰਮਤ ਨਹੀਂ ਤਾਣੇ ਅੱਡਣ ਦੀ ।

ਹਾਂ ਜਾਣੂ ਹਾਲ ਹਕੀਕਤ ਦਾ,
ਹਿੰਮਤ ਨਹੀਂ ਫਸਤੇ ਵੱਢਣ ਦੀ ।

ਅੰਦਰ ਤਾਂ ਮੇਰੇ ਸਭ ਕੁਝ ਹੈ,
ਪਰ ਹੋਇਆ ਨਿਜੜੇ ਹੋਇਆ ਹਾਂ ।

ਦਿਲ ਅੰਦਰ ਸਾਰੇ ਵਲਵਲੇ ਨੇ,
ਹਿੰਮਤ ਬਿਨ ਜੀਊਂਦਾ ਮੋਇਆ ਹਾਂ ।

16. ਮਿੰਨਤ !

ਜ਼ਿੰਦਗੀ, ਹਾਏ ਮਿਰੀ
ਗੰਦਗੀ ਨਾਲ ਭਰੀ,
ਔਤਰ ਪਈ ਜਾਂਦੀ ਏ, ਕਿਸੇ ਕਾਰੇ ਲਾ ਦੇ ।

ਰੁੱਖਾ ਜਿਹਾ ਬੁੱਸਾ ਜਿਹਾ,
ਗਿੱਲਾ ਜਿਹਾ ਗਲਿਆ ਜਿਹਾ,
ਜੀਵਨ ਪਿਆ ਜਾਂਦਾ ਈ, ਕਿਸੇ ਆਹਰੇ ਲਾ ਦੇ ।

ਬਣ ਵਿੱਚ ਇਕੱਲੜੀ ਹਾਂ
ਬੇਲੀ ਨਾ ਸਾਥੀ ਕੋਈ,
ਔਝੜ ਪਈ ਜਾਂਦੀ ਨੂੰ ਰਸਤਾ ਹੀ ਦਿਖਾ ਦੇ ।

ਬਾਵਲ ਜਿਹੀ ਹੋਈ ਨੂੰ
ਜੀਵੰਦੜੀ ਮੋਈ ਨੂੰ,
ਅ-ਫਲ ਟੁਰੀ ਜਾਂਦੀ ਨੂੰ ਫਲਦਾਰ ਬਣਾ ਦੇ ।

ਨਾ ਰਹਿ ਗਈ ਏਧਰ ਦੀ
ਨਾ ਹੋ ਰਹੀ ਓਧਰ ਦੀ,
ਡਿੱਕੇ-ਡੋਲੇ ਖਾਨੀ ਆਂ, ਆ, ਠਾਹਰ ਰਤਾ ਦੇ ।

ਸੁਖ ਦਾ ਕੋਈ ਸਾਹ ਨਾਹੀਂ,
ਨਿਕਲਦੀ ਆਹ ਨਾਹੀਂ
ਇਸ ਦੁਖੀਏ ਜੀਵਨ ਦਾ, ਕੋਈ ਰਾਜ਼ ਬਤਾ ਦੇ ।

ਅਛੂਤ ਅਪਵਿੱਤਰ ਹਾਂ
ਨੇੜੇ ਨਾ ਢੁਕ ਸਕਦੀ,
ਬਾਟਾ ਨਹੀਂ, ਨਾ ਹੀ ਸਹੀ, ਬੁੱਕ ਨਾਲ ਪਿਆ ਦੇ ।

ਮੈਂ ਰਾਹੋਂ ਭਟਕੀ ਨੂੰ
ਮਲ੍ਹਿਆਂ ਵਿੱਚ ਫਾਥੀ ਨੂੰ,
ਡਰ ਭੌ ਪਿਆ ਲਗਦਾ ਈ, ਨਿਰਭਉ ਬਣਾ ਦੇ ।

ਸੁੱਝਦਾ ਕੁਝ ਬੁੱਝਦਾ ਨਹੀਂ,
ਡੋਰੀ ਹਾਂ, ਬੌਰੀ ਹਾਂ,
ਰੋਗ ਮੇਰੇ ਜਾਣ ਜਿਵੇਂ, ਉਹ ਦਾਰੂ ਦੁਆ ਦੇ ।

ਨ੍ਹੇਰੇ ਘੁਪ ਘੇਰੇ ਵਿਚ
ਅੰਨ੍ਹੀ ਦੇ ਡੇਰੇ ਵਿਚ,
ਚਾਨਣ ਜੋ ਕਰ ਦੇਵੇ, ਉਹ ਨੂਰ ਦਿਖਾ ਦੇ ।

ਤੋਲਿਆ ਈ, ਜੋਖਿਆ ਈ,
ਕਿਸੇ ਕਾਰ ਨਹੀਂ ਜੋਗਾ,
ਜੀਵਨ ਨਹੀਂ, ਨਾ ਹੀ ਸਹੀ, ਮਰਨਾ ਤਾਂ ਸਿਖਾ ਦੇ ।

-ਮਾਰਚ ੧੯੩੪

17. ਭੇਤ

ਮੈਂ ਅੱਖੀਆਂ ਖੋਈਆਂ ਨੇਂ
ਸੁਜਾਖਾ ਹੋਇਆ ਹਾਂ
ਮੈਂ ਅਕਲ ਗਵਾਈ ਏ
ਤੇ ਦਾਨਾ ਹੋਇਆ ਹਾਂ
ਮੈਂ ਗਿਣਤੀਆਂ ਛੱਡੀਆਂ ਨੇ
ਮੈਂ ਹੋਸ਼ ਭੁਲਾਈ ਏ
ਦੀਵਾਨਾ ਹੋਇਆ ਹਾਂ।

ਹੁਣ ਸਭ ਕੁਝ ਦਿਸਦਾ ਹੈ
ਤੇ ਸਭ ਕੁਝ ਸੁੱਝਦਾ ਹੈ
ਮੈਂ ਸਭ ਕੁਝ ਛੱਡਿਆ ਹੇ
ਤੇ ਸਭ ਕੁਝ ਪਾਇਆ ਹੇ
ਮੈਨੂੰ ਰੱਬ ਪਿਆ ਦਿਸਦਾ ਹੈ
ਰੱਬਤਾ ਪਈ ਸੁੱਝਦੀ ਹੈ
ਮੈਂ ਆਪ ਗਵਾਇਆ ਏ
ਤੇ ਆਪਾ ਪਾਇਆ ਏ।

ਮੈਂ ਸਭ ਦਾ ਹੋਇਆ ਹਾਂ
ਸਭ ਕੋਈ ਮੇਰਾ ਹੈ
ਹੁਣ ਤੂੰ ਜੋ ਮੇਰਾ ਹੈਂ
ਸਭ ਕੋਈ ਤੇਰਾ ਹੈ
ਹੁਣ ਕਿਧਰੇ ਰੋਕਾਂ ਨਹੀਂ
ਸਭ ਦੇਸ ਚੰਗੇਰਾ ਹੈ
ਜੀਵਣ ਦਾ ਥੀਵਣ ਦਾ
ਹੁਣ ਸੁਆਦ ਘਨੇਰਾ ਹੈ।

18. ਮੇਰੀਆਂ ਪੀੜਾਂ

ਮੈਨੂੰ ਪੀੜਾਂ ਲੱਗੀਆਂ ਨੀ
ਮੈਂ ਦਰਦਾਂ ਫਟੀਆਂ ਨੀ
ਮੇਰਾ ਸਾਹ ਨਹੀਂ ਫਿਰਦਾ ਨੀ
ਮੇਰਾ ਦਮ ਪਿਆ ਰੁਕਦਾ ਨੀ
ਮੈਂ ਹੰਭ ਗਈ ਹੁਟ ਗਈ ਨੀ
ਮੈਂ ਮਰਨ ਮਰਾਂਦ ਪਈ ।

ਕੁਈ ਬਹੁੜੋ ਨੀ ਕੁਈ ਪਕੜੋ
ਕੁਈ ਪਕੜੋ ਨੀ ਕੁਈ ਪਕੜੋ
ਕੁਈ ਕਰਿਓ ਚਾਰਾ ਨੀ
ਕੁਈ ਦਿਉ ਸਹਾਰਾ ਨੀ
'ਦੁਨੀਆਂ ਨਵੀਂ' ਵਸਾਓ ਨੀ
ਮੇਰੀ ਪੀੜ ਭੁਲਾਓ ਨੀ ।

19. ਟੁਰ ਚਲੀਏ ਦੂਰ ਕਿਤੇ

ਆ, ਤੂੰ ਤੇ ਮੈਂ ਟੁਰ ਚਲੀਏ,
ਟੁਰ ਚਲੀਏ ਦੂਰ ਕਿਤੇ !

ਹਾਏ,
ਕਦੀ ਮੈਂ ਤੇ ਤੂੰ
ਟੁਰ ਚੱਲੀਏ ਓਸ ਜਗ੍ਹਾ
ਜਿੱਥੇ ਮੈਂ-ਤੂੰ ਨਹੀਂ !

ਐਥੇ ਦੁਖ ਭੁੱਖ ਬੜੀ
ਜਿੰਦ ਅਜ਼ਾਬਾਂ ਨੇ ਫੜੀ
ਫੰਧੇ ਨੇ ਬਹੁਤ ਬੜੇ
ਸੰਗਲ ਨੇ ਬਹੁਤ ਕੜੇ
ਹਰ ਦਿਲ ਵਿਚ ਗ਼ਮ-ਕੰਡਾ
ਹਰ ਸਿਰ ਤੇ ਦੁਖ-ਡੰਡਾ
ਸਭ ਤੰਗ ਕਜ਼ਾ ਤੋਂ ਹਨ
ਸਭ ਦੁਖੀ ਜਫ਼ਾ ਤੋਂ ਹਨ
ਕੁਲੀਆਂ ਜਿਉਂ ਲੱਦੇ ਹਨ
ਢੋਰਾਂ ਜਿਉਂ ਬੱਧੇ ਹਨ
ਫ਼ੁਰਸਤ ਨਾ ਕਿਸੇ ਮਿਲਦੀ
ਕਿਹੜਾ ਲਏ ਸਾਰ ਤਿਰੀ ?

ਆ, ਆ, ਨੀ ਟੁਰ ਚਲੀਏ,
ਤੂੰ ਤੇ ਮੈਂ ਰਲ ਮਿਲੀਏ ।

ਆਹ ਝੂਠ ਦੀ ਦੁਨੀਆਂ ਨੇ
ਸਭ ਚੰਗਾ ਹੈ, ਧੋਖਾ ਹੈ
ਵੇਖਣ ਨੂੰ ਦੁੱਧ ਚਿੱਟੇ
ਅੰਦਰੋਂ ਹਨ ਸ਼ਾਹ ਕਾਲੇ
ਖਿੱਦੋ ਜਿਉਂ ਖ਼ੂਬ ਦਿਸਨ
ਅੰਦਰੋਂ ਪਰ ਲੀਰਾਂ ਹਨ
ਹੰਸਾਂ ਜਿਉਂ ਦਿਸਦੇ ਹਨ
ਡੱਡਾਂ 'ਤੇ ਮਰਦੇ ਹਨ
ਉਲਫ਼ਤ ਦੇ ਜ਼ਿਕਰ ਬਹੁਤ
ਰਹਿਮਤ ਦੇ ਫ਼ਿਕਰ ਬਹੁਤ
ਦਾਅਵੇ ਹਨ ਬਹੁਤ ਬੜੇ
ਚਰਚੇ ਦਿਨ ਰਾਤ ਪਏ
ਅੰਦਰੋਂ ਪਰ ਸੱਖਣੇ ਹਨ
ਖ਼ਾਲੀ ਹਨ, ਢਕਣੇ ਹਨ ।

ਚਾਹਤ ਨਹੀਂ ਮੂਲ ਰਹੀ,
ਰਾਹਤ ਨਹੀਂ ਤਾਂ ਹੀ ਮਿਲੀ ।

ਆ, ਆ, ਉਠ ਟੁਰ ਚਲੀਏ,
ਇਹ ਦੁਨੀਆਂ ਛੱਡ ਚੱਲੀਏ ।

ਟੁਰ ਚਲੀਏ ਓਸ ਜਗ੍ਹਾ
ਜਿਥੇ ਰਹੇ ਕੁਸ਼ਲ ਸਦਾ
ਚਲੀਏ ਉਸ ਚਮਨ ਵਿਖੇ
ਕੰਡੇ ਬਿਨ ਫੁੱਲ ਜਿੱਥੇ
ਕੁਲਫ਼ਤ ਨਾ ਯਾਸ ਕੋਈ,
ਨਾ ਖ਼ੌਫ਼ ਹਰਾਸ ਕੁਈ
ਉਲਫ਼ਤ ਦੇ ਬਾਗ਼ੇ ਵਿਚ
ਸਿਦਕਾਂ ਦੇ ਬੂਟੇ ਨੂੰ
ਰਾਹਤ ਦੇ ਫੁੱਲ ਲੱਗਣ
ਰਾਹਤ ਦੇ ਫੁੱਲਾਂ 'ਤੇ
ਰਹਿਮਤ ਦੇ ਸਦਕੇ ਫਿਰ
ਨਾ ਫੁੱਲ ਕੁਮਲਾਨ ਕਦੀ
ਜੋਬਨ ਤੇ ਰਹਿਣ ਸਦਾ
ਆ, ਆ, ਉਠ ਟੁਰ ਚਲੀਏ
ਕੁਝ ਦਿਨ ਤਾਂ ਰਲ ਮਿਲੀਏ
ਇਹ ਦੁਨੀਆਂ ਛੱਡ ਚਲੀਏ
ਟੁਰ ਚੱਲੀਏ ਦੂਰ ਕਿਤੇ ।

20. ਮੈਨੂੰ ਵੀ

ਕਿਸੇ ਨੂੰ ਕੁਝ ਬਣਾਇਆ ਈ,
ਕਿਸੇ ਨੂੰ ਕੁਝ ਬਣਾਇਆ ਈ,
ਮੈਨੂੰ ਵੀ ਕੁਝ ਬਣਾ ਦੇਂਦੋਂ ।

ਕਿਸੇ ਨੂੰ ਇਧਰ ਲਾਇਆ ਈ,
ਕਿਸੇ ਨੂੰ ਉਧਰ ਲਾਇਆ ਈ,
ਮੈਨੂੰ ਵੀ ਕਿਤੇ ਲਾ ਦੇਂਦੋਂ ।

ਕਿਸੇ ਨੂੰ ਇਵੇਂ ਦਿਸਨਾ ਏਂ,
ਕਿਸੇ ਨੂੰ ਉਵੇਂ ਦਿਸਨਾ ਏਂ,
ਮੈਨੂੰ ਵੀ ਕਿਵੇਂ ਤਾਂ ਦਿਸਦੋਂ ।

ਕਿਸੇ ਨੂੰ ਜਾਗਿਆਂ ਮਿਲਨਾ ਏਂ,
ਕਿਸੇ ਨੂੰ ਸੁਤਿਆਂ ਮਿਲਨਾ ਏਂ,
ਮੈਨੂੰ ਵੀ ਕਦੀ ਤਾਂ ਮਿਲਦੋਂ ।

21. ਜੋਦੜੀ

ਕੋਈ ਨਾ ਮੇਰਾ
ਆਸਰਾ ਤੇਰਾ

ਜਿੰਦੜੀ ਔਖੀ
ਕਰ ਦੇ ਸੌਖੀ

ਚਰਨੀਂ ਲਾ ਲੈ
ਸ਼ਰਨ ਸਮਾ ਲੈ

ਤੋੜ ਨਿਭਾਈਂ
ਛੋੜ ਨਾ ਜਾਈਂ

ਅੰਦਰ ਵੱਸੀਂ
ਰਸ ਰਸ ਰੱਸੀਂ

ਭੁੱਖ ਮਿਟਾ ਦੇ
ਸਦਾ ਰਜਾ ਦੇ

ਕਿਤੇ ਨਾ ਜਾਵਾਂ
ਅੰਦਰੇ ਨ੍ਹਾਵਾਂ

ਮੁਖੰਤ੍ਰ ਹੋ ਕੇ
ਮਲ ਮਲ ਧੋ ਕੇ

ਟੁੱਭੀਆਂ ਲਾਵਾਂ
ਮੈਲ ਗਵਾਵਾਂ

ਚਿੱਟਾ ਹੋ ਕੇ
ਖੁੰਬੇ ਚੜ੍ਹ ਕੇ

ਨਿਰਮਲ ਬਣ ਕੇ
ਹਲਕਾ ਹੋ ਕੇ

ਝਾਤੀਆਂ ਪਾਵਾਂ
ਅੰਦਰ ਤਕਾਵਾਂ

ਤੂੰ ਹੀ ਦਿਸੇਂ
ਹੋਰ ਨਾ ਦਿੱਸੇ

ਮੈਂ ਤੂੰ ਹੋਵਾਂ
ਤੂੰ ਮੈਂ ਹੋਵੇਂ

ਮੈਂ ਨਾ ਹੋਵਾਂ
ਤੂੰ ਹੀ ਹੋਵੇਂ ।

22. ਪੀਆ ਵੇ

ਤੂੰ ਜਦ ਦਾ ਟੁਰ ਪਰਦੇਸ ਗਿਉਂ
ਨੀਂਦਰ ਨਾ ਪਲ ਭਰ ਆਂਦੀ ਏ
ਗਿਣ ਗਿਣ ਕੇ ਤਾਰੇ ਅੰਬਰ ਦੇ
ਸਭ ਰਾਤ ਮੇਰੀ ਲੰਘ ਜਾਂਦੀ ਏ ।

ਪਈ ਪਈ ਦੇ ਪਾਸੇ ਦੁਖਦੇ ਨੇ
ਲਖ ਵਾਰ ਪਰਤਦੀ ਰਹਿੰਦੀ ਹਾਂ
ਕਿਧਰੇ ਪਾਸੇ ਵੀ ਚੈਨ ਨਹੀਂ
ਸਿਰਹਾਂਦੀ ਕਦੀ ਪਵਾਂਦੀ ਏ ।

ਸੁੰਨਸਾਨ ਪਿਆ ਸੰਸਾਰ ਮੇਰਾ
ਅੰਦਰ ਵੀ ਖਾਣ ਨੂੰ ਪੈਂਦਾ ਏ
ਰਾਤ ਹਨੇਰੀ ਮੈਂ 'ਕੱਲੀ ਨੂੰ
ਨੋਚ ਨੋਚ ਕੇ ਖਾਂਦੀ ਏ ।

ਉਡ ਕਾਲਜਾ ਮੂੰਹ ਨੂੰ ਆਉਂਦਾ ਹੈ
ਤੇ ਸਵਾਸ ਉਖੜਦਾ ਜਾਂਦਾ ਏ
ਪਰ ਤੈਨੂੰ ਖ਼ਬਰ ਨਹੀਂ ਪ੍ਰੀਤਮ
ਕੋਈ ਤੁਧ ਬਿਨ ਹੋਈ ਮਾਂਦੀ ਏ ।

ਇਹ ਜੀਵਨ ਦੁੱਭਰ ਹੋ ਰਿਹਾ ਏ
ਹੁਣ ਨਾ ਆਏ, ਕਦ ਆਓਗੇ ?
ਸੋਚੋ ਤਾਂ ਭਲਾ ਮੈਂ ਬਾਂਦੀ ਤੇ
ਕੀ ਕੀ ਕੁਝ ਬੀਤੀ ਜਾਂਦੀ ਏ ।

ਰਸ, ਖੇੜਾ, ਰੰਗ ਸਭ ਉੱਡ ਗਿਆ
ਤੇ ਧੜਕਣ ਹਰਕਤ ਬੰਦ ਹੋਈ
ਆ ਜੁੰਬਸ਼ ਦੇਹ, ਕੁਈ ਲਰਜ਼ਾ ਦੇ
ਦਿਲ ਅਗਨੀ ਬੁਝਦੀ ਜਾਂਦੀ ਏ ।

23. ਏਹਾ ਪਛੋਤਾਓ

'ਕੂੜ ਕੁੱਲੀ' ਸੀ ਛੱਤ ਸੁਆਰੀ,
'ਸੱਚ-ਮਦਾਨਾਂ' ਨੂੰ ਛੱਡ ਕੇ ।
ਉਹਲੇ ਬਹਿ ਕੇ ਜਾਲ ਖਿਲਾਰੇ,
ਓਛੇ ਅੱਡਣ ਅੱਡ ਕੇ ।

ਜਾਤਾ ਸੀ ਜੋ ਕੂੜ ਹਨੇਰਾ,
ਐਬ ਛੁਪਾਊ ਸਾਰੇ ।
ਸੱਚ ਚਾਨਣ ਤੋਂ ਲੁਕਣ ਲਈ,
ਮੈਂ ਕੂੜ ਉਸਾਰ ਉਸਾਰੇ ।

ਓੜਕ ਇਕ ਦਿਨ ਕੁੱਲੀ ਪਾਟੀ,
ਕੂੜ ਕੰਧਾਂ ਕਿਰ ਗਈਆਂ ।
ਸਿਰ ਪਾਟਾ ਤੇ ਪਿੰਜਰ ਟੁੱਟਾ,
ਦਿਲ ਦੀਆਂ ਦਿਲ ਵਿਚ ਰਹੀਆਂ ।

ਨੰਗੇ ਹੋ ਗਏ ਪਾਪ ਪਸਾਰੇ,
ਢੱਕਣ ਕੱਜਣ ਪਾਟੇ ।
ਭੇਤ ਦੀਆਂ ਨੀਹਾਂ ਕਿਰ ਗਈਆਂ,
ਜਿੰਦ ਫਸੀ ਅਧਵਾਟੇ ।

'ਕੂੜ ਕਿੱਲੇ' ਨੂੰ ਫੜ ਬੈਠੀ ਸਾਂ,
ਟੁੱਟ ਗਿਆ ਸੋ ਦਾਅਵਾ,
'ਸੱਚ-ਪਰਬਤ' ਤੇ ਖੜ੍ਹਦੀ ਜੇਕਰ,
ਕਿਉਂ ਹੁੰਦਾ ਪਛਤਾਵਾ ।

ਫਿਰ ਜੀਵਨ ਜੇ ਮਿਲੇ ਇਕੇਰਾਂ,
ਬੈਠ ਰਹਾਂ 'ਸੱਚ' ਫੜ ਕੇ,
ਵੱਤ ਕੁਆਰੀ ਕੀਕੂੰ ਥੀਵਾਂ,
ਇਹ ਪਛਤਾਵਾ ਰੜਕੇ ।

24. ਰੁਬਾਈਆਂ

(੧)

ਮੰਦਰ ਤਾਂ ਹੈ, ਕੋਈ ਪੁਜਾਰੀ ਨਹੀਂ ਹੈ
ਬਖ਼ਸ਼ਿਸ਼ ਤਾਂ ਹੈ, ਪਰ ਭਿਖਾਰੀ ਨਹੀਂ ਹੈ
ਮੁਹੱਬਤ ਦਾ ਰੌਲਾ ਬਹੁਤ ਹੈ ਅਜੇ ਵੀ
ਪਰ ਅੰਦਰ ਦਿਲਾਂ ਦੇ ਖ਼ੁਮਾਰੀ ਨਹੀਂ ਹੈ ।

(੨)

ਨਾ ਉਹ ਸਮੇਂ ਰਹਿ ਗਏ, ਨਾ ਉਹ ਯਾਰ ਰਹਿ ਗਏ
ਨਾ ਮੁਹੱਬਤਾਂ ਤੇ ਨਾ ਉਹ ਪਿਆਰ ਰਹਿ ਗਏ
ਸੁਹਣੀ ਬਾਸ ਵਫ਼ਾ ਸੰਦੀ ਦੇਣ ਵਾਲੜੇ
ਫੁੱਲ ਚਲੇ ਗਏ ਬਾਕੀ ਸਭ ਖ਼ਾਰ ਰਹਿ ਗਏ ।

(੩)

ਮੈਂ ਕਤਰੇ ਨੂੰ ਦਰਯਾ ਬਣਾ ਕੇ ਚਮਕਦਾ
ਮੈਂ ਕਿਣਕੇ ਨੂੰ ਸੂਰਜ ਬਣਾ ਕੇ ਦਮਕਦਾ
ਤੂੰ ਕਰਤਾਰ, ਕਾਦਰ ਹੈਂ ਕੁਦਰਤ ਦਿਖਾ ਦੇ
ਮੈਂ ਕੰਡੇ ਨੂੰ ਇਕ ਫੁੱਲ ਬਣਾ ਕੇ ਮਹਿਕਦਾ ।

(੪)

ਹੱਥ ਪੈਰ ਬਣਾਏ ਸੂ ਕਾਰ ਦੇ ਲਈ
ਦਿੱਤੇ ਇੰਦਰੇ ਐਸ਼ ਬਹਾਰ ਦੇ ਲਈ
ਸੋਚਾਂ ਸੋਚਣੇ ਲਈ ਦਿਮਾਗ਼ ਬਣਿਆ
ਐਪਰ ਆਤਮਾ ਬਣੀ ਏ ਪਿਆਰ ਦੇ ਲਈ।

(੫)

ਸੁੰਦਰ ਫੁੱਲ ਹਿਤ ਮਨ ਲਲਚਾਯਾ
ਟਾਹਣੀ ਨੂੰ ਹੱਥ ਪਾਯਾ
ਇਕ ਫੁੱਲ ਨਾਲ ਚੁਭੇ ਕਈ ਕੰਡੇ
ਹੱਥ ਪੱਛ, ਖ਼ੂਨ ਵਗਾਯਾ
ਫੁੱਲ ਤਾਂ ਕੁਝ ਘੜੀਆਂ ਵਿਚ ਸੁਕਿਆ
ਲੁਤਫ਼ ਓਸ ਦਾ ਭੁਲਿਆ
ਪਰ ਕੰਡਿਆਂ ਦੀ ਚੋਭ ਨਾ ਭੁੱਲੀ
ਚੀਸਾਂ ਨੇ ਤੜਪਾਯਾ ।

(੬)

ਸੁਖ ਦੇ ਕੇ ਬਣਾ ਲਿਆ ਈ ਆਪਣਾ
ਭੁੱਖ ਦੇ ਕੇ ਬਣਾ ਲਿਆ ਈ ਆਪਣਾ
ਵਾਹ ! ਓ ਦਗ਼ੇਬਾਜ਼ਾ, ਫ਼ਰੇਬ ਤੇਰੇ
ਦੁੱਖ ਦੇ ਕੇ ਬਣਾ ਲਿਆ ਈ ਆਪਣਾ ।

25. ਚੌਬਰਗਾ

ਤੀਰ ਮਾਰ ਕੇ ਚੁੱਪ ਹੋ ਬੈਠਾ,
ਵਾਹਵਾ ਅਜਬ ਸ਼ਿਕਾਰੀ ਏ ।

ਹਾਸਾ ਤੇਰਾ ਮੌਤ ਅਸਾਡੀ,
ਵਾਹ ਤੇਰੀ ਦਿਲਦਾਰੀ ਏ ।

ਹਾਸੇ ਦੇ ਵਿਚ ਮਾਰ ਵੰਝਾਨੈਂ,
ਚੰਗੀ ਤੇਰੀ ਯਾਰੀ ਏ ।

ਪਲ ਵਿਚ ਮਾਰੇ, ਝੱਟ ਜਿਵਾਲੇ,
ਵਾਹ ਵਾਹ ਖ਼ੂਬ ਮਦਾਰੀ ਏ ।

26. ਭਿੰਨੀ ਰੈਨੜੀਏ

ਰਾਤ ਅੱਧੀ ਤੋਂ ਲੰਘ ਗਈ ਹੈ
ਕੁਦਰਤ ਦਿਸਦੀ ਹੈ ਸੌਂ ਰਹੀ ਹੈ

ਰੁੱਖ, ਬਿਰਖ ਜਾਨਵਰ ਤੇ ਖ਼ਾਮੋਸ਼
ਬੰਦੇ ਨੀਂਦਰ ਦੇ ਅੰਦਰ ਮਦਹੋਸ਼
ਨਦੀਆਂ ਨਾਲੇ ਖਲੋ ਗਏ ਨੇ
ਸ਼ੋਰ ਚੁੱਪ ਸਾਰੇ ਹੋ ਗਏ ਨੇ
ਸਾਰੇ ਚੁੱਪ ਚਾਂ ਛਾ ਗਈ ਹੈ
ਪੌਣ ਨੂੰ ਨੀਂਦ ਆ ਗਈ ਹੈ

ਤਾਰੇ ਇਉਂ ਢਿੱਲੇ ਹੋ ਗਏ ਨੇ
ਢੂੰਘੀ ਸੋਚਾਂ ਦੇ ਵਿਚ ਪਏ ਨੇ
ਚੰਦ ਦੀ ਚਾਲ ਸੁਸਤ ਇਉਂ ਹੈ
ਊਂਘਦਾ ਟੁਰਦਾ ਜਾਂਦਾ ਜਿਉਂ ਹੈ
ਮਿੱਠੀ ਠੰਡਕ ਸੁਹਾ ਰਹੀ ਏ
'ਕਾਗਰਤਾ ਜੁੜਦੀ ਜਾ ਰਹੀ ਏ

ਕੁਦਰਤ ਨੰਗੀ ਨਿਖਰ ਰਹੀ ਏ
ਆਪਾ ਸਭ ਭੇਟ ਕਰ ਰਹੀ ਏ
ਦਾਤਾ ਬਖ਼ਸ਼ਸ਼ ਤੇ ਆ ਗਿਆ ਹੈ
ਨਾਦ 'ਚੁੱਪ' ਦਾ ਵਜਾ ਰਿਹਾ ਹੈ
ਲੁੱਟ ਰਹੇ ਨੇ ਖ਼ਜ਼ਾਨੇ ਖੁੱਲ੍ਹ ਖੁੱਲ੍ਹ
ਸਵੱਛ, ਪਾਕੀਜ਼ਾ, ਪਾਕ ਧੁਲ ਧੁਲ

ਰਾਜ ਨੀਂਦਰ ਦਾ ਪਰ ਹੈ ਛਾਇਆ
ਸੁਸਤੀ, ਆਲਸ ਨੇ ਡੇਰਾ ਲਾਇਆ
ਖ਼ਲਕ ਸੁੱਤੀ ਹੈ ਬੇਖ਼ਬਰ ਆਹ !
ਨਹਿੰ ਕਿਸੇ ਨੂੰ ਭੀ ਕੁਛ ਖ਼ਬਰ ਆਹ !
ਏਸ ਵੇਲੇ ਔਹ ਇਕ ਪਰੀ ਹੈ
ਛੋਟੀ ਉਮਰਾ ਤੇ ਭੋਲੀ ਭਾਲੀ
ਮੁੱਖ ਤੇ ਗੁਲਾਬੀ ਲਾਲੀ
ਮੱਥਾ ਚਮਕੇ ਹੈ ਚੰਦ ਵਾਂਗੂੰ
ਠੰਡਾ ਚਿੱਟਾ ਹੈ ਚੰਦ ਵਾਂਗੂੰ

ਅੱਖਾਂ ਅਕਾਸ਼ੀ ਉਠ ਗਈਆਂ ਨੇ
ਜ਼ੁਲਫ਼ਾਂ ਹੌਲੀ ਕੁ ਹਿਲ ਰਹੀਆਂ ਨੇ

ਅੱਖਾਂ ਵਿਚ ਛਲਕਦੇ ਹੰਝੂ
ਗੱਲ੍ਹਾਂ ਉਤੇ ਡਲ੍ਹਕਦੇ ਹੰਝੂ
ਬੁੱਲ੍ਹ ਫਰਕਦੇ ਨੇ ਹੌਲੀ ਹੌਲੀ
ਫੁੱਲ ਕਿਰਦੇ ਨੇ ਹੌਲੀ ਹੌਲੀ
ਝੀਣੀ ਸੁਰ ਨਾਲ ਗਾ ਰਹੀ ਏ
ਸਾਰੀ ਰਚਨਾ ਰੁਆ ਰਹੀ ਏ
ਅੱਡੀ ਹੋਈ ਸੂ ਆਪਣੀ ਝੋਲੀ
ਅਰਜ਼ ਕਰਦੀ ਏ ਪੋਲੀ ਪੋਲੀ
ਬੋਲਦੀ ਭੀ ਹੈ, ਸੰਗਦੀ ਏ
ਦਾਨ ਦਾਤੇ ਤੋਂ ਮੰਗਦੀ ਏ
ਝੂਮਦੀ ਏ ਸਰੂਰ ਦੇ ਵਿਚ
ਸ਼ੁਗਲ ਕਰਦੀ ਏ ਨੂਰ ਦੇ ਵਿਚ
ਚਾਨਣਾ ਪਈ ਖਲੇਰਦੀ ਏ
ਸੁਹਜ, ਮਹਿਕਾਂ ਬਖੇਰਦੀ ਏ
ਸਿਰ ਨਿਵਾ ਸਿਜਦੇ ਕਰ ਰਹੀ ਏ
ਅੰਦਰ ਭਰ ਗਏ ਨੂੰ ਜਰ ਰਹੀ ਏ
ਸ਼ਾਂਤ, ਚੁੱਪ, ਅਡੋਲ ਬਹਿ ਗਈ ਹੈ
ਲਬਾ ਲਬ ਭਰ ਕੇ ਰਹਿ ਗਈ ਹੈ ।

27. ਗ਼ੁਰਬਤ ਦਾ ਨਖ਼ਰਾ

ਨਾ ਕੋਲ ਹੈ ਮੇਰੇ ਦੌਲਤ
ਨਾ ਹੁਸਨ, ਇਲਮ, ਨਾ ਹਿਕਮਤ
ਨਾ ਰੁਤਬਾ ਤੇ ਨਾ ਸ਼ੌਕਤ
ਨਾ ਕਿਸੇ ਕਿਸਮ ਦੀ ਅਜ਼ਮਤ ।

ਨਾ ਹੌਸਲਾ ਮੇਰਾ ਆਲੀ
ਨਾ ਚਿਹਰਾ ਮੇਰਾ ਜਲਾਲੀ
ਹੈ ਵਰਦੀ ਮੇਰੀ ਕਾਲੀ
ਅੰਦਰ ਹੈ ਮੇਰਾ ਖ਼ਾਲੀ ।

ਨਾ ਅਕਲ ਹੈ ਨਾ ਸ਼ਕਲ
ਤੇ ਜੀਅੜਾ ਭੀ ਹੈ ਬੇਕਲ
ਨਾ ਕਿਸੇ ਕਿਸਮ ਦੀ ਅਟਕਲ
ਨਾ ਕਿਸੇ ਕਿਸਮ ਦਾ ਵੱਲ ।

ਨਾ ਖ਼ੁਸ਼ੀ, ਨਾ ਬਦਨੀ ਸੇਹਤ
ਨਾ ਵਡਿਆਂ ਵਾਲੀ ਬਰਕਤ
ਨਾ ਮੇਰੇ ਸਦਕਾ ਵਸਦੀ
ਕਦੇ ਅੱਲਾ ਵਾਲੀ ਰਹਿਮਤ ।

ਨਾ ਦੀਨ ਨਾ ਕੋਈ ਧਰਮ
ਨਾ ਆਪਣਾ ਉਸ ਦਾ ਕਰਮ
ਦਿਲ ਅੰਦਰ ਛਾਲੇ ਬਹੁਤ
ਜਿਗਰੇ ਦੇ ਅੰਦਰ ਵਰਮ ।

ਨਾ ਕੋਈ ਹੈ ਮੇਰਾ ਆਪਣਾ
ਮੈਂ ਸਭ ਤੋਂ ਹਾਂ ਬੇਗਾਨਾ
ਹਾਂ ਐਸਾ ਬੇ-ਸਰੋ ਸਾਮਾਂ
ਮੰਜ਼ਲ ਨਾ ਕੋਈ ਠਿਕਾਣਾ ।

ਸਿਰ ਦੇ ਅੰਦਰ ਵਹਿਸ਼ਤ
ਤੇ ਦਿਲ ਦੇ ਅੰਦਰ ਦਹਿਸ਼ਤ
ਨਾ ਕੋਈ ਉਠਾਂਦਾ ਮੈਨੂੰ
ਨਾ ਉਠਣ ਦੀ ਹੈ ਤਾਕਤ ।

ਗ਼ੁਰਬਤ ਦਾ ਮੈਨੂੰ ਗ਼ਮ ਹੈ
ਸਿਰ ਨਾਲ ਸ਼ਰਮ ਦੇ ਖ਼ਮ ਹੈ
ਪਰ ਪੇਸ਼ ਨਾ ਕੋਈ ਜਾਂਦੀ
ਇਹ ਹੈ ਕਹਿਰ, ਸਿਤਮ ਹੈ ।

ਹਾਂ ਫਿਰ ਭੀ ਉਤਾਂਹ ਨੂੰ ਤੱਕਦਾ
ਨਾ ਅਰਸ਼ ਨੂੰ ਤੱਕਣੋਂ ਝਕਦਾ
ਖ਼ਾਹ ਪਹੁੰਚ ਕਿਤੇ ਨਹੀਂ ਸਕਦਾ
ਨਹੀਂ ਤਾਂਘ ਤਾਂਘਣੋਂ ਥਕਦਾ ।

28. ਡੁੱਬਦੇ ਬਚਾਣ ਵਾਲੇ

ਜਿੰਦ ਨਾ ਰਤਾ ਹੈ ਬਾਕੀ, ਬੱਸ ਲੋਥ ਹੀ ਪਈ ਹੈ,
ਇਕ ਜਿੰਦ-ਕਿਣਕਾ ਪਾ ਦੇਹ, ਮੁਰਦੇ ਜਿਵਾਣ ਵਾਲੇ ।

ਮੈਂ ਬਲ ਕੇ ਬੁਝ ਗਈ ਹਾਂ, ਕੋਲਾ ਹੀ ਹੋ ਰਹੀ ਹਾਂ,
ਇਕ ਚਿਣਗ ਮੈਨੂੰ ਦੇ ਦੇਹ, ਬੁਝਿਆਂ ਜਗਾਣ ਵਾਲੇ ।

ਚਿੰਤਾ ਚਿਖਾ 'ਚ ਰੱਖ ਕੇ, ਹੈ ਈਰਖਾ ਜਲਾਂਦੀ,
ਇਕ ਠੰਡਾ ਛੱਟਾ ਪਾ ਦੇਹ, ਓ ਠੰਡ ਪਾਣ ਵਾਲੇ ।

ਪਾਪਾਂ ਦੀ ਅਗਨ ਅੰਦਰ, ਮੈਂ ਦਗਧ ਹੋ ਰਹੀ ਹਾਂ,
ਆਤਿਸ਼ ਮੇਰੀ ਬੁਝਾ ਦੇ, ਬਲਦੀ ਬੁਝਾਣ ਵਾਲੇ ।

ਹਾਂ ਧਰਤ ਸੰਦੀ ਕੀੜੀ, ਲਿਵ ਅਰਸ਼ ਨਾਲ ਲਾਈ,
ਲੱਗੀ ਮੇਰੀ ਪੁਗਾ ਦੇ, ਲੱਗੀਆਂ ਪੁਗਾਣ ਵਾਲੇ ।

ਨੀਵੀਂ ਹਾਂ ਅੱਤ ਨੀਵੀਂ, ਖੰਭਾਂ ਤੋਂ ਹੀਨੜੀ ਹਾਂ,
ਮੈਂ ਚਰਨ ਕੀਕੂੰ ਪਰਸਾਂ, ਉੱਚੇ ਮਕਾਨ ਵਾਲੇ ?

ਉਥੇ ਨਾ ਪਹੁੰਚ ਮੇਰੀ, ਜਿੱਥੇ ਹੈ ਵਾਸ ਤੇਰਾ,
ਹੇਠਾਂ ਖੜੀ ਪੁਕਾਰਾਂ, ਸੁਣ ਆਸਮਾਨ ਵਾਲੇ ।

ਨੀਚਾਂ ਉਧਾਰਨੇ ਨੂੰ, ਛੱਡ ਅਰਸ਼ ਨੂੰ ਤੂੰ ਆ ਜਾ,
ਆਸ਼ਾ ਮੇਰੀ ਪੁਜਾ ਦੇ, ਆਸ਼ਾ ਪੁਜਾਣ ਵਾਲੇ ।

ਸਾਗਰ ਦੀਆਂ ਇਹ ਛੱਲਾਂ, ਪਈ ਜਿੰਦ ਡੋਲਦੀ ਏ,
ਆ, ਚੁੱਕ ਕੇ ਪਾਰ ਲੈ ਜਾ, ਓ ਪਾਰ ਲਾਣ ਵਾਲੇ ।

ਬੇੜੀ ਹੋਈ ਏ ਬੋਦੀ, ਪਏ ਛੇਕ ਨੇ ਹਜ਼ਾਰਾਂ,
ਡੁੱਬਦੀ ਨੂੰ ਆ ਬਚਾ ਲੈ, ਡੁੱਬਦੇ ਬਚਾਣ ਵਾਲੇ ।

ਪਰਪੰਚ ਇਕ ਬਣਾ ਕੇ, ਆਪੂੰ ਤਮਾਸ਼ਾ ਤੱਕੇਂ,
ਸਾਨੂੰ ਮਧੋਲ ਮਾਰੇਂ, ਖੇਡਾਂ ਰਚਾਣ ਵਾਲੇ ।

ਛਾਣੇ ਨੇ ਝੰਗ ਬੇਲੇ, ਜੂਹਾਂ ਪਹਾੜ ਟੋਲੇ,
ਤੇਰਾ ਪਤਾ ਨਾ ਪਾਇਆ, ਓ ਬੇ-ਨਿਸ਼ਾਨ ਵਾਲੇ ।

ਗ਼ੌਗਾ ਹੈ ਤੇਰਾ ਹਰ ਸੂ, ਤੇ ਸ਼ੋਰ ਤੇਰਾ ਹਰ ਜਾ,
ਐਪਰ ਨਾ ਭੇਤ ਖੁਲ੍ਹਦਾ, ਅੰਨ੍ਹੀ ਮਚਾਣ ਵਾਲੇ ।

29. ਬਾਪੂ ਜੀ ਦੇ ਚਰਨਾਂ ਵਿਚ

ਚਰਨ ਲਾ ਮੈਨੂੰ ਜਗਾ ਦੇ, ਨਾਲ ਮੇਹਰਾਂ ਤਾਰ ਦੇ ।
ਕਰਮ ਨਾਲ ਉਭਾਰ ਦੇ ਤੂੰ, ਦਰਸ ਦੇ ਕੇ ਠਾਰ ਦੇ ।

ਅੰਦਰੋਂ ਮੈਂ ਸੱਖਣਾ ਤੇ ਸੁੰਞ ਮੈਨੂੰ ਖਾ ਰਹੀ,
ਖ਼ਾਲੀ ਭਰਨੇ ਹਾਰਿਆ, ਆ, ਭਰ ਮਿਰੇ ਭੰਡਾਰ ਦੇ ।

ਠਿੱਠ ਕੀਤਾ ਜਗਤ ਮੈਨੂੰ, ਲੁਕਣ ਦੀ ਨਹੀਂ ਥਾਂ ਕੁਈ,
ਮੇਰੀ ਧਿਰ ਬੱਸ ਤੂੰ ਸੁਆਮੀ, ਥੁੜ੍ਹ ਗਏ ਨੂੰ ਠ੍ਹਾਰ ਦੇ ।

ਬੇ-ਅਦਬ, ਗੁਸਤਾਖ਼, ਝੂਠਾ, ਢੀਠ ਤੇ ਨਿਰਲੱਜ ਹਾਂ,
ਪਾਜ ਕੱਜੇ ਕੌਣ ਮੇਰੇ, ਬਾਝ ਤੈਂ ਸੱਤਾਰ ਦੇ ?

ਠਉਰ ਨਹੀਂ ਠਾਹਰ ਕੋਈ, ਆਸਰਾ ਨਾ ਆਸ ਹੈ,
ਦਰ ਨਾ ਘਰ ਮੇਰਾ ਕੋਈ ਹੈ, ਵਿੱਚ ਇਸ ਸੰਸਾਰ ਦੇ ।

ਧੱਕੇ ਸਹਿ ਕੇ, ਠਿਠ ਹੋ ਕੇ, ਨਿਰਾਸਤਾ ਦੀ ਚੋਟ ਖਾ,
ਆਇਆ ਆਖ਼ਿਰ ਫਿਰ ਫਿਰਾ ਕੇ, ਵਿਚ ਤਿਰੇ ਦਰਬਾਰ ਦੇ ।

ਪਾਪੀਆਂ, ਪਾਖੰਡੀਆਂ, ਪਾਲਾਲੀਆਂ ਨੂੰ ਤਾਰਨੈਂ,
ਨਜ਼ਰ ਭਰ ਕੇ ਤਰਸ ਵਾਲੀ, ਮੈਂ ਤਈਂ ਨਿਸਤਾਰ ਦੇ ।

30. ਪ੍ਰੀਤ-ਸੁਨੇਹੁੜਾ

ਤੂੰ ਪ੍ਰੀਤ ਨਗਰ ਦਾ ਵਾਸੀ ਹੈਂ, ਦੁਨੀਆਂ ਨੂੰ ਪ੍ਰੀਤ ਸਿਖਾਂਦਾ ਜਾ ।
ਪਾ ਡੋਰੇ ਪਿਆਰ ਮੁਹੱਬਤ ਦੇ ਹਰ ਇੱਕ ਨੂੰ ਮਸਤ ਬਣਾਂਦਾ ਜਾ ।

ਝਗੜੇ ਇਹ ਮੰਦਰ ਮਸਜਦ ਦੇ ਰਗੜੇ ਇਹ ਮਜ਼੍ਹਬ ਮਿੱਲਤ ਦੇ,
ਆਪੇ ਹੀ ਸਾਰੇ ਮੁੱਕ ਜਾਵਣ ਗਲਵਕੜੀ ਨਿੱਘੀ ਪਾਂਦਾ ਜਾ ।

ਜੋ ਦੂਈ ਦਵੈਤ 'ਚ ਬੱਝੇ ਨੇ ਉਹ ਇਕ ਮੁੱਠ ਹੋਣੋ ਡਰਦੇ ਨੇ,
ਉਠ ਉਠ ਕੇ ਜੱਫੀਆਂ ਪਏ ਪਾਸਣ ਤੂੰ ਵਿਛੜੇ ਇੰਜ ਮਿਲਾਂਦਾ ਜਾ ।

ਪੜ੍ਹਨਾ ਗੁੜ੍ਹਨਾ ਪਾਖੰਡ ਹੈ ਇੱਕ, ਮੁਰਦਾ ਦਿਲ ਭਗਤੀ ਨਿਹਫਲ ਹੈ,
ਖ਼ਲਕਤ 'ਚੋਂ ਖ਼ਾਲਕ ਮਿਲਦਾ ਹੈ, ਇਹ ਭੇਤ ਖੋਲ੍ਹ ਸਮਝਾਂਦਾ ਜਾ ।

ਜੋ ਆਪਣਾ ਆਪ ਵਿਸਾਰ ਚੁੱਕੇ ਕੀ ਹੱਕ ਉਨ੍ਹਾਂ ਨੂੰ ਜੀਣੇ ਦਾ,
ਬੁੱਤਾਂ ਨੂੰ ਬਿਸਮਿਲ ਕਰਦਾ ਜਾ, ਪੱਥਰ 'ਚੋਂ ਪੀੜ ਜਗਾਂਦਾ ਜਾ ।

ਪਰਨਿੰਦਾ ਜਿਹੜੇ ਕਰਦੇ ਨੇ ਪਏ ਵਿਚ ਤਅੱਸੁਬ ਸੜਦੇ ਨੇ,
ਪਾ ਪ੍ਰੀਤ ਦੇ ਮਾਰਗ ਉਹਨਾਂ ਨੂੰ, ਸਭ ਵੈਰ ਵਿਰੋਧ ਮਿਟਾਂਦਾ ਜਾ ।

ਧਿਰਕਾਰ ਤਿਨ੍ਹਾਂ ਦੇ ਜੀਵਨ ਨੂੰ ਦੁਖੀਆਂ ਦੇ ਜਿਹੜੇ ਦਰਦੀ ਨਹੀਂ,
ਕਿੰਝ ਲੋਕਾਂ ਖ਼ਾਤਰ ਜੂਝੀਦਾ, ਇਹ ਜੀਵਨ-ਜਾਚ ਸਿਖਾਂਦਾ ਜਾ ।

31. ਸਾਡੀ ਯਾਦ

ਕੂਕ ਪੁਕਾਰਾਂ, ਰੋ ਕਹਾਂ, ਹਾਏ, ਫਰਯਾਦ ।
ਕਦੀ ਨ ਕਰਦਾ ਸੋਹਣਿਆਂ ਤੂੰ ਆ ਇਮਦਾਦ ।

ਸਾਨੂੰ ਲੁੱਟ ਖਸੁੱਟ ਕੇ ਹੋ ਰਹਿਓਂ ਆਬਾਦ ।
ਵੇਖੇਂ ਤੇ ਮੁਸਕਾ ਦਏਂ ਸਾਨੂੰ ਕਰੇਂ ਬਰਬਾਦ ।

ਸਾਨੂੰ ਤਾੜ ਕੇ ਪਿੰਜਰੇ ਫਿਰਨੈਂ ਆਜ਼ਾਦ ।
ਸ਼ਾਦੀ ਹੋਈ ਤੁਧ ਨੂੰ ਅਸੀਂ ਨਾਸ਼ਾਦ ।

ਅਹਿਦ ਜੋ ਕੀਤੇ ਤੁਧ ਨੇ ਸਨ ਲਾ-ਤਾਦਾਦ ।
ਇਕ ਵੀ ਸਿਰੇ ਨਾ ਚੜ੍ਹਿਆ ਹਾਇ ! ਬੇਦਾਦ ।

ਸਾਡੀ ਯਾਦ ਭੀ ਆਏਗੀ ਪਰ ਮੌਤੋਂ ਬਾਦ ।
ਮੌਤੋਂ ਬਾਦ ਰੁਲਾਏਗੀ ਇਹ ਸਾਡੀ ਯਾਦ ।

32. ਮੈਂ

ਮੈਂ ਟੁਰਨਾ ਨਾ ਮੰਗਦਾ, ਕੌਣ ਹੈ ਮਗਰੋਂ ਧੱਕੇ ਲਾਂਦਾ ?
ਮੈਂ ਸੁਣਨਾ ਚਾਹੁੰਦਾ, ਕੌਣ ਹੈ ਪਿੱਛੇ ਸ਼ੋਰ ਮਚਾਂਦਾ ?

ਮੈਂ ਕਿੱਥੋਂ ਆਇਆ, ਕਿੱਥੇ ਜਾਂਦਾ ?
ਕੌਣ ਹੈ ਧਕਦਾ, ਖਿੱਚ ਲਈ ਜਾਂਦਾ ?

ਗੁੱਸਾ ਆਇਆ, ਪਰਤ ਕੇ ਮੈਂ ਪਿੱਛੇ ਡਿੱਠਾ ।
ਬਿਨ ਪਰਛਾਵੇਂ ਆਪਣੇ ਪਰ ਕੁਝ ਨਾ ਡਿੱਠਾ ।

ਪਰਛਾਵੇਂ ਮੇਰੇ, ਮੇਰੇ ਸੁਪਨੇ,
ਮੈਂ ਆਪ ਹਾਂ ਹੋਣੀ, ਹੋਰ ਧਿੰਗਾਣੇ ।

33. ਮੈਂ ਕੀ ਕਰਾਂ ?

ਮੈਂ ਕੀ ਕਰਾਂ ?

ਮੇਰੀ ਜਿੰਦ ਬੀਮਾਰੀ ਹੋ ਥੱਕੀ
ਨਾ ਮੁੱਕੇ, ਨਾ ਮਗਰੋਂ ਲੱਥੀ

ਮੈਂ ਮਰ ਜਾਵਾਂ ?

ਮੈਨੂੰ ਮੌਤ ਨਾ ਮਿਲਦੀ ਮੰਗਵੀਂ
ਨਾ ਕਬਰ ਮਿਲੇ ਕੁਈ ਸੱਖਣੀ
ਜਿਥੇ ਜਿੰਦ ਅਕੁਲਾਂਦੀ ਜਾ ਛਪੇ ।

ਮੈਂ ਫਾਥਾ ਕਿਹਾ ਕੁੜਿੱਕੀਆਂ
ਮਜ਼੍ਹਬ ਨੇ ਠੋਕੀਆਂ ਕਿੱਲੀਆਂ
ਮੁਲਕ ਨੇ ਮੱਲੀਆਂ ਦਿੱਲੀਆਂ
ਮੈਨੂੰ ਰਾਹ ਨੱਸਣ ਦਾ ਨਾ ਲੱਭੇ ।

ਬਿਨ ਸਵਾਦ ਕੁਸੈਲਾ ਜੀਵਣਾ
ਨਿਤ ਉਠਣਾ
ਨਿਤ ਖਾਵਣਾ
ਨਿਤ ਸੌਣਾ
ਨਿਤ ਜਾਗਣਾ
ਮੇਰੇ ਮਗਰੋਂ ਲਹੇ ਰੁਟੀਨ ਇਹ
ਕੋਈ ਐਸੀ ਮਸਲਤ ਨਾ ਸੁੱਝੇ ।

ਇਹ ਮੌਤ ਤੋਂ ਭੈੜਾ ਜੀਵਣਾ
ਢੁਡ ਮਾਰਨੇ
ਅਤੇ ਦੁਲੱਤੀਆਂ
ਨਿਤ ਚੁਗਲੀਆਂ
ਚੁਪਕੀਆਂ ਚੋਰੀਆਂ
ਕਿਤੇ ਸੱਚ ਦਾ ਜੀਵਨ ਨਾ ਲੱਭੇ
ਨਾ ਦਿਲ ਦੀ ਲੱਗੀ ਹੀ ਬੁੱਝੇ ।

ਮੈਂ ਛੱਡ ਦਿਆਂ ਐਸਾ ਜੀਵਣਾ
ਮਜ਼੍ਹਬਾਂ, ਮੁਲਕਾਂ ਦੀਆਂ ਵੰਡੀਆਂ
ਮਾਰਾਂ, ਹਾਰਾਂ ਦੀਆਂ ਭੰਡੀਆਂ
ਮੈਂ ਚੜ੍ਹਾਂ ਉਚੇਰਾ ਜਾ ਕਿਤੇ ।

ਮੈਂ ਉਡ ਜਾਂ ਉਤਾਂਹ ਆਕਾਸ਼ ਵਿਚ
ਜਿੱਥੇ ਹੱਸਾਂ ਨਾਲ ਬਿਜਲੀਆਂ
ਤੇ ਵੱਸਾਂ ਨਾਲ ਮੈਂ ਬੱਦਲੀਆਂ
ਤੇ
ਰਹਾਂ ਉਡਦਾ ਨਿਤ ਨਿਤੇ
ਹਾਂ
ਓਥੇ ਜਿਥੇ ਰੱਬ ਵੱਸੇ ।

34. ਇਕੱਲੀ ਰੂਹ

ਕੋਈ ਨਹੀਂ ਮੇਰਾ
ਕੋਈ ਨਹੀਂ ਹੈ
ਦਿਲਦਾਰ ਨਹੀਂ ਕੋਈ
ਖਰੀਦਾਰ ਨਹੀਂ ਕੋਈ ।

ਇਹ ਭਰੀ ਪਈ ਦੁਨੀਆਂ
ਸਭ ਸਖਣੀ ਪਈ ਹੈ
ਦਿਲ ਵਿਹੜਾ ਮੇਰਾ
ਸਭ ਖਾਲੀ ਖਾਲੀ
ਭਾਂ ਭਾਂ ਪਿਆ ਕਰਦਾ
ਇਕ ਖੋਲਾ ਜਿਹਾ ਹੈ ।

ਕੋਈ ਤਾਕ ਨਹੀਂ ਹਨ
ਨਾਂਹ ਪਰਦੇ ਲੱਗੇ ਨੇ
ਕੁਈ ਅੰਦਰ ਨਹੀਂ ਵੜਦਾ
ਦਰ ਖੁਲ੍ਹੇ ਨੇ ਸਾਰੇ ।

ਬਦਬਖ਼ਤ ਹਾਂ ਬਦਕਿਸਮਤ
ਕਮਬਖ਼ਤ ਹਾਂ ਕੈਸਾ
ਨਾ ਪਿਆਰ ਕਰੇ ਕੋਈ
ਦਿਲਦਾਰ ਬਣੇ ਨਾ ।

ਪਰ ਪਿਆਰ ਕਰਾਂ ਮੈਂ ਹੀ
ਕੋਈ ਮਿਲਦਾ ਨਾ ਐਸਾ
ਰੁਸਾਇਆ ਕਿਸੇ ਹੈ ਨਹੀਂ
ਨਾ ਮਨਾਇਆ ਕਿਸੇ ਮੈਨੂੰ ।

ਕੀ ਹੋਇਆ
ਉਹ ਜਾਣੇ
ਕੋਈ ਰੁਸਿਆ ਨਾ ਹਾਏ ਮਿਲਦਾ
ਮੈਂ ਲਵਾਂ ਮਨਾ ਜਿਸ ਨੂੰ ।


ਤੂੰ ਹੀ ਮਿਲ ਜਾ
ਰਲ ਮਿਲ ਕੇ
ਘੁਲ ਮਿਲ ਜਾ
ਪਏ ਆਪੇ ਹੀ ਰੁਸੀਏ
ਪਏ ਆਪੇ ਹੀ ਮੰਨੀਏ
ਕੋਈ ਮੇਰਾ ਨਾ ਹੋਵੇ
ਕੋਈ ਤੇਰਾ ਨਾ ਹੋਵੇ
ਇਕ ਮੈਂ ਹੋਵਾਂ ਤੇਰੀ
ਇਕ ਤੂੰ ਹੋਵੇਂ ਮੇਰਾ ।

35. ਮੇਰਾ ਦੀਵਾ

ਮੇਰਾ ਦੀਵਾ ਜਗਦਾ ਨਹੀਂ

ਤੇਲ ਚੰਗੇਰਾ ਅੰਦਰ ਪਾ ਕੇ
ਦੀਵਾ ਅੰਦਰ ਧਰ ਕੇ
ਉਹਲਾ ਕਰਕੇ
ਡੱਕਾ ਧਰਕੇ
ਝੋਲੀ ਰੱਖ ਕੇ
ਬੁੱਕਲ ਲੈ ਕੇ
'ਵਾ ਨ੍ਹੇਰੀ ਤੋਂ ਰਤਾ ਬਚਾ ਕੇ
ਕੋਈ ਸੋਹਣਾ ਆਣ ਜਗਾਵੇ
ਮੇਰਾ ਦੀਵਾ ਜਗਦਾ ਨਹੀਂ ।

ਮੇਰਾ ਦੀਵਾ ਜਗ ਪਿਆ ਨੀ
ਮਾਹੀ ਮੇਰੇ ਸਦਕੇ ਤੇਰੇ
ਭਾਗ ਚੰਗੇਰੇ, ਆਇਉਂ ਨੇੜੇ
ਰਹਿਮਤ ਕਰ ਕੇ
ਤਰਸਾਂ ਖਾ ਕੇ
ਜੋਤ ਆਪਣੀ ਤੋਂ
ਜੋਤ ਜਗਾ ਕੇ
ਮੇਰੇ ਦੀਵੇ ਨਾਲ ਛੁਹਾ ਕੇ
ਜੋਤ ਜਗਾਈ ਚਾਨਣ ਹੋਇਆ
ਮੇਰਾ ਦੀਵਾ ਜਗ ਪਿਆ ਨੀ ।

ਮੇਰਾ ਦੀਵਾ ਬੁਝ ਚਲਿਆ ਜੇ
ਥੋੜ੍ਹੀ ਦੇਰ ਟਿਮ ਟਿਮਾ ਕੇ
ਥੋੜ੍ਹੀ ਦੇਰ ਰੂਪ ਦਿਖਾ ਕੇ
ਤੇਲ ਸੀ ਥੋੜ੍ਹਾ
ਦੀਵਟ ਛੋਟੀ
ਇਹਨਾਂ ਮੁਕਣਾ
ਇਸ ਨੇ ਬੁਝਣਾ
ਫੂਕ ਆਪਣੀ ਦੇ ਨਾਲ ਓ ਸੁਹਣੇ
ਜਿਵੇਂ ਜਗਾਇਆ
ਤਿਵੇਂ ਬੁਝਾ ਦੇ
ਮੇਰਾ ਦੀਵਾ ਬੁਝ ਚਲਿਆ ਜੇ ।

ਮੇਰਾ ਦੀਵਾ ਬੁਝ ਗਇਆ ਜੇ
ਖ਼ੁਸ਼ੀਆਂ ਦਾ ਕੋਈ ਰਿਹਾ ਨਾ ਓੜਕ
ਕਿਸੇ ਚੀਜ਼ ਦਾ ਮੈਂ ਨਾ ਲੋੜਕ
ਜਗਿਆ ਜਗਿਆ
ਬੁਝ ਗਿਆ ਹਾਂ
ਅੱਗ ਦਾ ਚਾਨਣ
ਵੇਖ ਗਿਆ ਹਾਂ
ਸਿੱਕ ਨਾ ਸੱਧਰ
ਹਸਰਤ ਹਉਕੇ
ਇਸ ਨੇ ਜਗਾਇਆ
ਓਸ ਬੁਝਾਇਆ
ਮੇਰਾ ਦੀਵਾ ਬੁਝ ਗਿਆ ਜੇ ।

36. ਦੀਵਾ ਬੁਝ ਚੁੱਕਾ ਸੀ

ਮੈਂ ਟੁਰਦਾ ਆਇਆ
ਥੱਕਿਆ, ਟੁਟਿਆ, ਹਫਿਆ, ਹੁਟਿਆ
ਰਾਹ ਖੁੰਝਦਾ ਆਇਆ
ਰਾਤਾਂ ਹਨੇਰੀਆਂ ।

ਡਿਗਦਾ, ਢਹਿੰਦਾ,
ਖਪਦਾ ਖਹਿੰਦਾ
ਮੌਤ ਨੂੰ 'ਵਾਜਾਂ' ਮਾਰਦਾ
ਆਇਆ ਵਲ ਸਰਾਂ ਦੇ
ਪਾ ਘਨੇਰੀਆਂ ।

ਇਹ ਬੜੀ ਸਰਾਂ ਸੀ
ਕਦੀ ਸੀ ਵਸਦੀ
ਦੀਵੇ ਜਲਦੇ, ਰੌਸ਼ਨੀ ਥੀਂਦੀ
ਗਏ ਗੁਆਚੇ, ਥੱਕੇ ਟੁੱਟੇ
ਦੀ ਇਕ ਧਿਰ ਸੀ ।

ਆਣ ਡਿੱਗਾ ਮੈਂ ਦਰ ਨੂੰ ਵੱਜਾ
ਚੀਕ ਮਾਰ ਦਰ ਖੁੱਲ੍ਹਾ
ਉਫ਼ ! ਘੁੱਪ ਹਨੇਰਾ ਅੰਦਰ ਬਾਹਰ
ਦੀਵਾ ਬਲ ਬਲ ਬੁਝ ਚੁੱਕਾ ਸੀ ।

ਠੇਡਾ ਲੱਗਾ, ਦੜ ਕਰ ਡਿੱਗਾ
ਇਕ ਛਾਤੀ ਤੇ ਡਿਗ ਪਿਆ
ਦੀਵਾ ਜਿਸ ਦਾ ਬੁਝ ਚੁੱਕਾ ਸੀ ।

ਹੁਝਕੇ ਨਾਲ, ਹੌਲ ਦੇ ਨਾਲੇ
ਧੈਂ ਕਰ ਡਿੱਗਾ
ਇਕ ਢੇਰ ਸੀ ਓਧਰ, ਇਕ ਢੇਰੀ ਸੀ ਏਧਰ
ਦੀਵਾ ਮੇਰਾ ਬੁਝ ਚੁੱਕਾ ਸੀ ।

37. ਤੂੰ

ਤੂੰ ਹੈਂ
ਤੇਰੇ ਸਦਕਾ ਮੈਂ ਹਾਂ
ਤੂੰ ਮੇਰਾ ਹੈਂ ਕਿ-ਕਿ ਤੇਰੇ ਬਿਨਾਂ ਮੈਂ ਨਹੀਂ
ਮੈਂ ਤੇਰਾ ਹਾਂ-ਕਿ ਮੇਰੇ ਬਿਨਾਂ ਤੂੰ ਨਹੀਂ ।

ਤੂੰ ਮੇਰਾ ਪਿਆਰ ਹੈਂ, ਮੈਂ ਤੇਰਾ ਪਿਆਰ
ਤੂੰ ਮੇਰੀ ਜਿੰਦ ਹੈਂ, ਮੈਂ ਤੇਰਾ ਜਿਸਮ
ਤੂੰ ਮੇਰਾ ਕਰਤਾ ਹੈਂ, ਮੈਂ ਤੇਰੀ ਕਿਰਤ
ਤੂੰ ਮੇਰਾ ਕਾਦਰ ਹੈਂ, ਮੈਂ ਤੇਰੀ ਕੁਦਰਤ
ਤੂੰ ਮੇਰਾ ਸੁੰਦਰ ਹੈਂ, ਮੈਂ ਤੇਰਾ ਸੁਹਣੱਪ
ਤੂੰ ਮੇਰੀ ਜੋਤ ਹੈਂ, ਮੈਂ ਤੇਰਾ ਜਲਵਾ
ਤੂੰ ਮੇਰੀ ਨਜ਼ਰ ਹੈਂ, ਮੈਂ ਤੇਰੀ ਅੱਖ
ਤੂੰ ਅਸਲ ਮੇਰਾ ਹੈਂ, ਮੈਂ ਛਾਇਆ ਤੇਰੀ
ਤੂੰ ਰੌਸ਼ਨੀ ਮੇਰੀ ਹੈਂ, ਮੈਂ ਝਰੋਖਾ ਤੇਰਾ
ਤੂੰ ਸ਼ਾਨਾਂ ਵਾਲਾ ਹੈਂ, ਮੈਂ ਨਿਸ਼ਾਨ ਤੇਰਾ
ਤੂੰ ਅਨੰਦੀ ਮੇਰਾ ਹੈਂ, ਮੈਂ ਅਨੰਦ ਤੇਰਾ
ਤੂੰ ਸੁਗੰਧੀ ਮੇਰੀ ਹੈਂ, ਮੈਂ ਫੁੱਲ-ਪੱਤੇ ਤੇਰੇ
ਤੂੰ ਜੁਆਨੀ ਮੇਰੀ ਹੈਂ, ਮੈਂ ਤੇਰਾ ਹੁਸਨ
ਤੂੰ ਮੇਰਾ ਸਭ ਕੁਝ ਹੈਂ, ਮੈਂ ਤੇਰਾ ਸਭ ਕੁਝ ।

ਤੂੰ ਹੈਂ ਸਤਯ, ਤੂੰ ਧਰਮ
ਤੂੰ ਹੈਂ ਰਾਖਾ, ਤੂੰ ਰਹਿਬਰ
ਤੂੰ ਹੈਂ ਸਾਥੀ, ਤੂੰ ਮਾਸ਼ੂਕ
ਤੂੰ ਹੈਂ ਆਰਾਮ, ਤੇ ਤੂੰ ਜੀਵਨ
ਤੂੰ ਹੈਂ ਹੁਸਨ, ਤੇ ਤੂੰ ਰੂਹ
ਮੈਂ ਤਕੜਾ ਹਾਂ ਕਿ ਤੂੰ ਮੇਰੇ ਨਾਲ ਹੈਂ
ਮੈਂ ਅਡੋਲ ਹਾਂ ਕਿ ਤੂੰ ਮੇਰਾ ਆਸਰਾ ਹੈਂ ।

ਮੈਂ ਦਾਨਾ ਹਾਂ ਕਿ ਤੂੰ ਮੇਰਾ ਮਸਲਤੀ ਹੈਂ
ਮੈਂ ਭਰਪੂਰ ਹਾਂ ਕਿ ਤੂੰ ਮੇਰਾ ਦਾਤਾ ਹੈਂ
ਮੈਂ ਧਰਮ ਪਾਕ ਹਾਂ ਕਿ ਛੁਹ ਮੈਨੂੰ ਤੇਰੀ ਹੈ
ਮੈਂ ਅਨਉਖੜ ਹਾਂ ਕਿ ਜੜ੍ਹ ਮੇਰੀ ਹੈ ਤੇਰੇ ਵਿਚ
ਮੈਂ ਰੋਂਦਾ ਹਾਂ ਉਨ੍ਹਾਂ ਲਈ
ਜਿਨ੍ਹਾਂ ਨੂੰ ਤੂੰ ਨਹੀਂ ਦਿਸਦਾ, ਜਿਨ੍ਹਾਂ ਨੂੰ ਮੈਂ ਨਹੀਂ ਦਿਸਦਾ
ਜਿਹੜੇ ਤੇਰੇ ਵਿਚ ਮੈਨੂੰ ਨਹੀਂ ਵੇਖਦੇ, ਮੇਰੇ ਵਿਚ ਤੈਨੂੰ ਨਹੀਂ ਵੇਖਦੇ
ਤੈਨੂੰ ਮੈਂ ਉਨ੍ਹਾਂ ਨੂੰ ਕਿਵੇਂ ਵਿਖਾਵਾਂ ?
ਮੈਨੂੰ ਉਹ, ਹਾਇ ! ਕਿਵੇਂ ਵੇਖਣ ?

ਮੇਰਾ ਪਿਆਰ ਤੇਰੇ ਲਈ, ਹੋ ਗਿਆ ਮੇਰਾ ਪਿਆਰ ਸਭ ਲਈ
ਐ ਕਾਸ਼ ! ਮੈਂ ਸਭ ਨੂੰ ਤੇਰੇ ਵਲ ਖਿੱਚ ਸਕਾਂ
ਉਹ ਤੈਨੂੰ ਉਵੇਂ ਜਾਣਨ ਜਿਵੇਂ ਮੈਂ ਜਾਣਦਾ ਹਾਂ
ਉਹ ਤੈਨੂੰ ਉਵੇਂ ਵੇਖਣ, ਜਿਵੇਂ ਮੈਂ ਵੇਖਦਾ ਹਾਂ
ਉਹ ਤੈਨੂੰ ਜਾਣਨ, ਤੇ ਹੋਰ ਸਭ ਨੂੰ-ਖੇਡਾਂ ਨੂੰ, ਖਿਡੌਣਿਆਂ ਨੂੰ
ਮਜ਼੍ਹਬਾਂ ਨੂੰ, ਮਿੱਲਤਾਂ ਨੂੰ, ਰਸਮਾਂ ਨੂੰ ਰਿਵਾਜਾਂ ਨੂੰ
ਝਾੜੀਆਂ ਨੂੰ, ਮਲ੍ਹਿਆਂ ਨੂੰ-ਭੁੱਲ ਜਾਵਣ
ਹੋਰ ਕੁਝ ਨਾ ਰਹੇ, ਰਹਿ ਜਾਏਂ ਇਕ ਤੂੰ, ਸਦ-ਰਹਿਣਾ ਜੀਵਨ ।

ਮਜ਼੍ਹਬ ਕਿਸ ਕੰਮ, ਜੇ ਤੂੰ ਨਹੀਂ ?
ਪੂਜਾ ਕਿਸ ਕੰਮ, ਜੇ ਤੂੰ ਨਹੀਂ ?
ਮੰਦਰ ਕਿਸ ਕੰਮ, ਜੇ ਤੂੰ ਨਹੀਂ ?
ਸਜਦੇ, ਨਮਾਜ਼ਾਂ, ਰੋਜ਼ੇ ਕਿਸ ਕੰਮ, ਜੇ ਤੂੰ ਨਹੀਂ ?
ਗਿਆਨ ਕਿਸ ਕੰਮ, ਜੇ ਤੂੰ ਨਹੀਂ ?
ਤਲਾਸ਼ ਕਿਸ ਕੰਮ, ਜੇ ਤੂੰ ਨਹੀਂ ?
ਕਿ ਤੂੰ ਮਕਸਦ ਹੈਂ ਸਭ ਮਜ਼੍ਹਬਾਂ ਦਾ, ਧਿਆਨਾਂ ਦਾ, ਤਲਾਸ਼ਾਂ ਦਾ ।
ਖ਼ੁਸ਼ੀ ਤੇਰੇ ਵਿਚ ਹੈ, ਸੋਗਾਂ ਦਾ ਅੰਤ ਤੂੰ ਹੈਂ
ਰੋਗਾਂ ਦਾ ਤੂੰ ਦਾਰੂ ਹੈਂ ।

38. ਮੈਂ ਤੇ ਤੂੰ

ਜੇ ਇਨਕਾਰੀ ਹਾਂ ਤਦ,
ਜੇ ਇਕਰਾਰੀ ਹਾਂ ਤਦ,
ਜੇ ਮੋਮਨ ਹਾਂ ਤਦ ਵੀ
ਜੇ ਕਾਫ਼ਰ ਹਾਂ ਤਦ ਵੀ
ਜੇ ਮੁਨਕਰ ਹਾਂ ਤਦ ਵੀ

ਮੈਂ ਤੇਰਾ ਹਾਂ
ਹਾਂ ਤੇਰਾ ਹੀ ਤੇਰਾ

ਮੈਂ ਨੱਸ ਜਾਵਾਂ ਕਿਧਰੇ
ਮੈਂ ਛਪ ਜਾਵਾਂ ਕਿਧਰੇ
ਮੈਂ ਟੁਰ ਜਾਵਾਂ ਕਿਧਰੇ
ਮੁੜ ਮੁੜ ਕੇ ਆਖ਼ਿਰ
ਮੈਂ ਪਹੁੰਚਾ ਹਾਂ ਏਥੇ

ਇਹ ਤੇਰਾ ਹੈ ਡੇਰਾ
ਜੋ ਸਭ ਥਾਂ ਖਿਲੇਰਾ

ਜੇ ਆਸਾਂ ਨੂੰ ਪੂਰੇਂ
ਮੁਰਾਦਾਂ ਨੂੰ ਪੂਰੇਂ
ਜੇ ਦਿਲ ਦੀਆਂ ਬੁੱਝੇਂ
ਜੇ ਲਗੀਆਂ ਪਛਾਣੇਂ
ਜੇ ਪੈਣ ਪੁੱਠੀਆਂ
ਕਰੇਂ ਆਪ ਸਿੱਧੀਆਂ

ਇਹ ਤੇਰਾ ਹੈ ਜੇਰਾ
ਉਚੇਰਾ ਚੰਗੇਰਾ

ਜੇ ਆਸਾਂ ਨੂੰ ਤੋੜੇਂ
ਮੂਧਿਆਂ ਮਾਰੇਂ
ਜੇ ਹੇਠੋਂ ਭੀ ਮਾਰੇਂ
ਜੇ ਉਤੋਂ ਭੀ ਮਾਰੇਂ
ਜੇ ਮੰਗਾਂ ਸਵਾਰੀ
ਤੂੰ ਬੋਝਾ ਲਦਾਵੇਂ

ਮੈਂ ਫਿਰ ਵੀ ਹਾਂ ਤੇਰਾ
ਇਹ ਜੇਰਾ ਹੈ ਮੇਰਾ ।

39. ਤੂੰ ਤੇ ਮੈਂ

ਤੂੰ ਸੱਤਿ ਹੈਂ, ਚਿੱਤ ਹੈਂ, ਅਨੰਦ ਹੈਂ
ਤੂੰ ਸਦਾ ਹੈਂ-ਸਦਾ ਤੋਂ ਪਹਿਲੋਂ ਤੋਂ-ਹੈਂ
ਆਦਿ ਸੱਚ, ਜੁਗਾਦ ਸੱਚ
ਤੂੰ ਸਦਾ ਰਹੇਂਗਾ-ਹੋਸੀ ਭੀ ਸੱਚ
ਸਿਰਫ਼ ਤੂੰ ਹੀ ਰਹੇਂਗਾ, ਕਿ ਸਦਾ ਤੋਂ ਪਿਛੋਂ ਭੀ ਰਹੇਂਗਾ
ਤੂੰ ਅਕਾਲ ਹੈਂ-ਸਤਿ......ਸ੍ਰੀ......ਅਕਾਲ !
ਮੈਂ ਤੇ ਤੂੰ ਇਕੋ ਹਾਂ-ਤੋਹੀ ਮੋਹੀ, ਮੋਹੀ ਤੋਹੀ
ਤੂੰ ਜੋਤ ਹੈਂ-ਮੈਂ ਜੋਤ ਸਰੂਪ ਹਾਂ
ਤੂੰ ਮਾਤ-ਪਿਤਾ ਹੈਂ-ਮੈਂ ਬਾਲਕ ਹਾਂ
ਤੂੰ ਰਾਮ ਹੈਂ-ਮੈਂ ਰਾਮ ਦੀ ਅੰਸ ਹਾਂ
ਤੂੰ ਚਸ਼ਮਾ ਹੈਂ-ਮੈਂ ਕੂਹਲ ਹਾਂ
ਤੂੰ ਸਾਗਰ ਹੈਂ-ਮੈਂ ਇਕ ਕੱਤਰਾ
ਮੈਂ ਤੇ ਤੂੰ ਇਕੋ ਹਾਂ

ਪਰ
ਮੈਂ ਨਮਿਤ ਹਾਂ, ਮਿਤ ਵਾਲਾ-ਤੂੰ ਸੈਭੰ ਹੈਂ, ਅਮਿਤ
ਮੈਂ ਮਹਿਦੂਦ ਹਾਂ, ਨਿੱਕੀਆਂ ਹੱਦਾਂ ਵਾਲਾ-
ਤੂੰ ਗੈਰ ਮਹਿਦੂਦ ਹੈਂ, ਬਿਨਾਂ ਬੰਨਿਉਂ
ਤੂੰ ਸਰਬ ਸ਼ਕਤੀ ਮਾਨ ਹੈਂ-ਮੈਂ ਅਸ਼ੱਕਤ
ਤੂੰ ਸਰਬ ਵਾਸੀ ਹੈਂ, ਸਭ ਕੋਈ ਤੇਰੇ ਵੱਸ-
ਮੈਂ ਕੈਦ ਹਾਂ, ਬੇਬਸ ਲਾਚਾਰ
ਤੂੰ ਵੈਦ ਹੈਂ ਰੋਗ ਰਹਿਤ-ਮੈਂ ਮਰੀਜ਼ ਹਾਂ ਲਾਇਲਾਜ਼
ਤੂੰ ਪਾਰਸ ਹੈਂ, ਛੁਹ ਤੇਰੀ ਪਾਰਸ-ਮੈਂ ਪੱਥਰ ਹਾਂ, ਛੁਹ ਮੇਰੀ ਗਿਰਾਂ
ਕਿਉਂਕਿ
ਮੈਂ ਕੈਦ ਹਾਂ, ਸਰੀਰ ਦੀਆਂ ਕੰਧਾਂ ਵਿਚ
ਮੈਂ ਬੱਧਾ ਹਾਂ ਕਾਮਨਾ ਦੀਆਂ ਜ਼ੰਜੀਰਾਂ ਨਾਲ
ਤੇ ਗੰਢ ਪਈ ਹੈ ਵਿਚ ਹਉਮੇਂ ਦੀ
ਤੇ ਇਉਂ
ਤੂੰ ਸਰਬ ਸ਼ਕਤੀਮਾਨ ਖਿਡਾਰੀ ਹੈਂ
ਤੇ ਮੈਂ ਬੇਬਸ, ਵਿਚਾਰਾ, ਲਾਚਾਰ ਖਿਡੌਣਾ ।

40. ਮੈਂ ਤੇ ਤੂੰ, ਤੂੰ ਤੇ ਮੈਂ

ਨਾ ਮਿਲਾਂ ਮੈਂ ਤੈਨੂੰ ਮਿਲ ਨਾ ਸਕਾਂ
ਕੋਈ ਗ਼ਮ ਨਹੀਂ
ਨਾ ਮਿਲੇਂ ਤੂੰ ਮੈਨੂੰ, ਮਿਲ ਨਾ ਸਕੇਂ
ਕੋਈ ਅਲਮ ਨਹੀਂ
ਪਰ ਰਹੇ, ਰਹੇ ਸਦਾ ਤੇਰੇ ਅੰਦਰ ਮੇਰੀ ਯਾਦ
ਤੇਰੀ ਯਾਦ ਸਦਾ ਹੀ ਰੱਖੇ ਮੇਰਾ ਦਿਲ ਆਬਾਦ
ਨਾ ਮਿਲਾਏ ਕਿਸਮਤ, ਨਾ ਮਿਲਾਏ
ਮੈਨੂੰ ਤੇਰੇ ਨਾਲ
ਦੁੱਖ ਨਹੀਂ, ਭੁੱਖ ਨਹੀਂ, ਰੰਜ ਨਹੀਂ, ਫ਼ਿਕਰ ਨਹੀਂ
ਧੋਖਾ ਨਹੀਂ, ਸੋਖਾ ਨਹੀਂ, ਤਰਸ ਨਹੀਂ, ਖ਼ਤਰਾ ਨਹੀਂ
ਪਰ ਸਦਾ ਰਹਿਣ, ਸਦਾ ਅੰਦਰ ਮੈਂ
ਤੇਰੀਆਂ ਕਸਕਾਂ
ਪਰ ਸਦਾ ਪੈਣ, ਸਦਾ ਅੰਦਰ ਤੈਂ
ਮੇਰੀਆਂ ਚਸਕਾਂ ।
ਨਾ ਮਿਲਾਂ, ਮਿਲ ਨਾ ਸਕਾਂ, ਪਰ ਭੁੱਲ ਨਾ ਜਾਵਾਂ ਤੈਨੂੰ
ਨਾ ਮਿਲੇਂ, ਮਿਲ ਨਾ ਸਕੇਂ, ਪਰ ਭੁੱਲ ਨਾ ਜਾਵੇਂ ਮੈਨੂੰ
ਕਿ ਜਦੋਂ ਮਿਲੀਏ ਮੈਂ ਤੇ ਤੂੰ, ਤੂੰ ਤੇ ਮੈਂ
ਏਥੇ ਓਥੇ
ਤੇ ਜਦੋਂ ਮਿਲੀਏ ਮੈਂ ਤੇ ਤੂੰ, ਤੂੰ ਤੇ ਮੈਂ
ਅੱਗੇ ਪਿੱਛੇ
ਜਾਣ ਲਈਏ-ਤੂੰ ਮੈਨੂੰ, ਮੈਂ ਤੈਨੂੰ
ਪਛਾਣ ਲਈਏ
ਸਮਝ ਲਈਏ-ਮੈਂ ਤੈਨੂੰ, ਤੂੰ ਮੈਨੂੰ
ਸਿਆਣ ਲਈਏ
ਨਾ ਰੱਜੀਏ, ਨਾ ਰੱਜੀਏ ਮਿਲ ਮਿਲ ਕੇ
ਮਿਲ ਮਿਲ ਕੇ
ਨਾ ਕੱਜੀਏ, ਨਾ ਕੱਜੀਏ ਇਕ ਦੂਜੇ ਥੀਂ
ਪਰਦੇ ਦਿਲ ਦੇ
ਜਦ ਮਿਲੀਏ, ਮਿਲ ਜਾਈਏ, ਮਿਲ ਰਲ, ਰਲ ਮਿਲ ਇਕ ਹੋਈਏ
ਇਕ ਹੋਈਏ, ਤੂੰ ਤੇ ਮੈਂ, ਮੈਂ ਤੇ ਤੂੰ ਇਕ ਹੋਈਏ, ਇਕ ਹੋਈਏ ।

41. ਤੇਰੀ ਗੋਦ

ਤੇਰੀ ਗੋਦ 'ਚ ਬੈਠੇ
ਬੈਠੇ ਰਹੇ ਉਂਘਲਾਂਦੇ ਰਹੇ
ਮਰਦੇ ਰਹੇ ਕਿ ਜੀਂਦੇ ਰਹੇ
ਪਰ ਅੱਕ ਗਏ
ਫਿਰ ਨੱਸ ਗਏ
ਦੂਰ ਪਰੇ
ਹੋਰ ਪਰੇ
ਪਰੇ ਪਰੇ ।

ਤੇਰੀ ਹੱਦੋਂ
ਤੇਰੀ ਲੀਕੋਂ
ਤੇਰੀ ਪਹੁੰਚੋਂ
ਪਾਰ ਪਰੇ
ਉਪਰ ਚੜ੍ਹ ਗਏ ਅਰਸ਼ਾਂ ਵਲ
ਹੇਠਾਂ ਉਤਰੇ ਫਰਸ਼ਾਂ ਵਲ
ਗਿਣਤੀਆਂ ਗਿਣੀਆਂ
ਮਿਣਤੀਆਂ ਮਿਣੀਆਂ
ਮਿੱਟੀ ਛਾਣ ਮਣਾਂ ਮੂੰਹੀਂ
ਖ਼ਾਕ ਉਡਾਈ ਸਿਰ ਵਿਚ ਪਾਈ
ਗਿਣ ਨਾ ਸਕਿਆ
ਮਿਣ ਨਾ ਸਕਿਆ
ਬੋਹਲ ਤੇਰਾ
ਬੇਹਿਸਾਬਾ ।

ਲਈਆਂ ਝੱਈਆਂ
ਫਾਹੀਆਂ ਪਈਆਂ
ਠੇਡੇ ਖਾਂਦੇ
ਡਿਗ ਪਏ
ਝੱਖੜ ਛਾਏ
ਫਿਰ ਉਦਰਾਏ
ਫਿਰ ਉਕਤਾਏ
ਫਿਰ ਘਬਰਾਏ
ਆਂਗਸ ਉਡਦੀ ਜਾਏ
ਉਂਘਲਾਉਣ ਨੂੰ ਦਿਲ ਚਾਹੇ
ਕੋਈ ਨਾ ਦਿਸੇ ਦਰ ਦਰਵਾਜ਼ਾ
ਜਿਥੇ ਜਾ ਕੇ ਕਰਾਂ ਆਰਾਮ
ਖੜਨ ਨਾ ਦੇਂਦੇ, ਉਡਣ ਨਾ ਦੇਂਦੇ
ਜਿਨ੍ਹਾਂ ਮੂੰਹ ਵਿਚ ਦਈ ਲਗਾਮ
ਮੈਂ ਹਫ ਹੁਟਿਆ, ਮੈਂ ਉਠ ਨੱਸਿਆ
ਛੋੜ ਛਾੜ ਕੇ ਕੰਮ ਤਮਾਮ
ਆ ਪਹੁੰਚਾ ਮੈਂ
ਹਫਿਆ ਹੁਟਿਆ
ਥੱਕਿਆ ਟੁਟਿਆ
ਦੌੜ ਲਗਾ ਕੇ
ਜਾਨ ਬਚਾ ਕੇ-
ਤੇਰੇ ਦਰ ਤੇ ਕਰਨ ਸਲਾਮ ।

ਗੋਦੀ ਤੇਰੀ ਉਹੋ ਜੇਹੀ
ਖੁੱਲ੍ਹੀ ਖੁੱਲ੍ਹੀ, ਪੋਲੀ ਪੋਲੀ
ਜੋ ਚਾਹੇ ਅੰਦਰ ਆ ਬੈਠੇ
ਤੂੰ ਨਾ ਕਰਦਾ ਮਨ੍ਹਾ ਕਿਸੇ ਨੂੰ
ਤੂੰ ਨਾ ਤ੍ਰਾਹੰਦਾ ਜੋ ਦਰ ਆਏ
ਤੂੰ ਨਾ ਡਰਾਂਦਾ ਜੋ ਤੁਰ ਜਾਏ
ਬਾਤਾਂ ਪਾਈਏ
ਗਾਣਾ ਗਾਈਏ
ਨੱਚਦੇ ਜਾਈਏ
ਥੱਕਦੇ ਤੇ
ਉਂਘਲਾਂਦੇ ਜਾਈਏ
ਮਿੱਠੀ ਨੀਂਦਰ ਸੌਂਦੇ ਜਾਈਏ
ਸ਼ਹੁ ਸਾਗਰ ਜਹੀ ਗੋਦੀ ਤੇਰੀ
ਉਸ ਦੇ ਵਿਚ ਸਮਾਂਦੇ ਜਾਈਏ ।

ਤੂੰ ਭਰੇਂ ਕਲਾਵੇ
ਜੱਫੀਆਂ ਪਾਵੇਂ
ਲੋਰੀਆਂ ਗਾ ਕੇ
ਥਾਪੜ ਲਾ ਕੇ
ਖ਼ੂਬ ਸੁਆਵੇਂ
ਘੂਕ ਸੁਆਵੇਂ, ਦੀਨ ਦੁਨੀ ਭੁੱਲ ਜਾਏ
ਧੁਖਦੇ ਰਹੇ ਸਾਂ ਅਕਲਾਂ ਨਾਲ
ਸ਼ਾਂਤ ਮਿਲੀ ਹੁਣ ਨਿਸਚਿਆਂ ਨਾਲ
ਧੰਨ ਤੂੰ ਬਾਬਾ
ਧੰਨ ਹੈ ਤੇਰੀ ਗੋਦੀ
ਜਿਥੇ ਆ ਕੇ
ਲੜਨਾ ਭਿੜਨਾ
ਸੜਨਾ ਕੁੜ੍ਹਨਾ
ਵੱਢਣ ਪੈਣਾ
ਭੌਂਕਦੇ ਰਹਿਣਾ
ਅਕਲ ਚਲਾਕੀ, ਭੱਸ-ਖ਼ਰਾਬੀ
ਭੁੱਖ ਨਵਾਬੀ, ਸਭ ਭੁੱਲ ਜਾਏ ।

42. ਉਹਦੀ ਛੁਹ

ਉਹ ਆਇਆ ਮੇਰੇ ਵਲ, ਆਪਣੇ ਆਪ-ਮੈਂ ਚੁੱਪ
ਉਸ 'ਤੇ ਕੋਈ ਜਲਾਲ ਸੀ ।
ਉਸ ਵੇਖਿਆ ਮੇਰੇ ਵਲ
ਮੈਂ ਵੇਖਿਆ ਉਸ ਵਲ
ਉਹ ਮੇਰੇ ਵਿਚਦੀਂ ਲੰਘ ਗਿਆ
ਮੈਂ ਲੰਘਾ ਲਿਆ ਉਸ ਨੂੰ ਆਪਣੇ ਵਿਚਦੀਂ
ਕੋਈ ਸਮਝ ਮੈਨੂੰ ਆ ਗਈ, ਕੋਈ ਜਾਗ
ਅੱਖਾਂ ਗਈਆਂ ਖੁਲ੍ਹ ਜੀਕਣ ਮੇਰੀਆਂ
ਹੁਣ ਉਹ ਉਹੋ, ਮੈਂ ਉਹ ਨਾਹੀਂ ।

ਕੋਈ ਜੁਆਨੀ, ਕੋਈ ਚਾਅ, ਕੋਈ ਸ਼ਾਂਤੀ, ਕੋਈ ਮਸਤੀ ਹੈ ਮੇਰੇ ਉਤੇ
ਉਹੋ ਜਲਾਲ, ਉਹੋ ਜਮਾਲ, ਉਹੋ ਸਦ-ਜੀਵਨ ਹੈ ਉਸ ਉਤੇ ।

ਹੁਣ ਉਹ ਦਿਸਦਾ ਹੈ ਮੈਨੂੰ ਠੀਕ
ਕੁੱਤੇ ਦੀ ਭੌਂਕ ਵਿਚ, ਬਿੱਲੀ ਦੀ ਮਿਆਊਂ ਵਿਚ
ਚੀਤੇ ਦੀ ਚੰਘਾੜ ਵਿਚ, ਮੇਮਣੇ ਦੀ ਮਿਆਂਕ ਵਿਚ
ਦਰਖਤਾਂ, ਪਹਾੜਾਂ, ਪੱਥਰ ਦੀ ਸ਼ਾਂਤ ਵਿਚ
ਨਦੀਆਂ, ਨਾਲੇ, ਕੂਹਲਾਂ ਦੀ ਚਾਲ ਵਿਚ
ਰੋਗ ਵਿਚ, ਰੋਗੀ ਵਿਚ, ਵੈਦ ਵਿਚ, ਵੈਦਗੀ ਵਿਚ
ਹਰਖ ਵਿਚ, ਸੋਗ ਵਿਚ, ਪ੍ਰੇਮ ਵਿਚ, ਵਿਰੋਧ ਵਿਚ
ਜੰਗ ਵਿਚ, ਮੌਤ ਵਿਚ, ਮੂਜ਼ੀ ਦੀ ਤਲਵਾਰ ਵਿਚ
ਰਹਿਮ ਵਿਚ, ਰੰਗ ਵਿਚ, ਮੇਲ ਵਿਚ, ਮਿਲਾਪ ਵਿਚ
ਚੰਗ ਵਿਚ, ਮੰਦ ਵਿਚ, ਰੱਜ ਵਿਚ, ਨੰਗ ਵਿਚ
ਹਸਦੇ ਵਿਚ, ਰੋਂਦੇ ਵਿਚ, ਚਿੱਕੜ ਵਿਚ, ਕਮਲ ਵਿਚ
ਗਿਆਨੀ ਵਿਚ, ਮੂੜ੍ਹ ਵਿਚ, ਉਜੱਡ ਵਿਚ, ਮਸਤੀ ਵਿਚ
ਜੀਵਨ ਦੀ ਤੜਫੜਾਹਟ ਵਿਚ, ਮੌਤ ਵਾਲੀ ਸ਼ਾਂਤ ਵਿਚ
ਜਿਊਂਦੇ ਦੀ ਮੁਰਦਿਹਾਨ ਵਿਚ, ਮੁਰਦੇ ਦੀ ਮੁਸਕਰਾਹਟ ਵਿਚ
ਸਭ ਕੁਝ ਉਸ ਵਿਚ ਹੈ, ਸਭ ਕੁਝ 'ਚ ਉਹ ਹੈ
ਸਭ ਕੁਝ ਮੇਰੇ ਵਿਚ ਹੈ, ਸਭ ਕੁਝ 'ਚ ਮੈਂ ਹਾਂ
ਜਿਥੇ ਵੇਖਾਂ, ਓਥੇ ਉਹ ਹੈ
ਸਦਾ ਮੇਰੇ ਸਾਹਮਣੇ ।

ਮੈਨੂੰ ਮਿਲਿਆ ਸੀ, ਉਹ ਲੰਘ ਗਿਆ ਸੀ ਮੇਰੇ ਵਿਚਦੀਂ
ਇਕ ਨਵਾਂ ਗੀਤ, ਇਕ ਨਵਾਂ ਪ੍ਰੇਮ ਜਾਗਿਆ ਏ, ਮੇਰੇ ਵਿਚ
ਸਭ ਦੁਨੀਆਂ, ਸਭ ਦੁਨੀਆਂ ਦੇ ਜੀਵਾਂ ਨੂੰ ਮੈਂ ਪਿਆਰਨਾ
ਸਭ ਦੁਨੀਆਂ, ਸਭ ਦੁਨੀਆਂ ਦੇ ਜੀਵ ਮੈਨੂੰ ਪਿਆਰਦੇ ।

ਦੁਨੀਆਂ ਕੈਸੀ ਪਿਆਰੀ ਏ
ਦੁਨੀਆਂ ਵਾਲੇ ਕੈਸੇ ਪਿਆਰੇ ਨੇ
ਓਹ ਕੈਸਾ ਪਿਆਰਾ ਏ
ਉਹਦੇ ਕੈਸੇ ਪਿਆਰੇ ਨੇ ।

43. ਮੇਰਾ ਯਾਰ

ਉਹ ਨੀਂਦਰ 'ਚ ਜਾਗੇ
ਤੇ ਜਾਗਾਂ 'ਚ ਸੁਫਨੇ
ਤੇ ਸੁਫਨਿਆਂ ਦੇ ਵਿਚ ਹਕੀਕਤ ਨੂੰ ਚਿਤਰੇ
ਉਹ ਖਲ੍ਹਤਾ ਭੀ ਟੁਰਦਾ
ਤੇ ਟੁਰਦਾ ਭੀ ਖਲ੍ਹਦਾ
ਤੇ ਟੁਰਦਾ ਤੇ ਖਲ੍ਹਦਾ, ਲੱਖਾਂ ਕਾਰ ਵਿਤਰੇ
ਉਹ ਰੋਣੇ 'ਚ ਹੱਸੇ
ਉਜਾੜਾਂ ਦੇ ਢੇਰਾਂ ਦੇ ਕਿਣਕੇ 'ਚ ਵੱਸੇ
ਉਹ ਮੇਰਾ ਭੀ ਯਾਰ ਏ
ਤੇਰਾ ਭੀ ਯਾਰ
ਉਹ ਬੁੱਕਲ 'ਚ ਰਹਿੰਦਾ ਨਾ ਭੇਤਾਂ ਨੂੰ ਦੱਸੇ ।

44. ਮੇਰਾ ਪਿਆਰਾ

ਮੈਂ ਤੇ ਮੇਰਾ ਪਿਆਰਾ
ਇੱਕੋ ਹਾਂ
ਉਹੋ ਮੇਰਾ ਆਸਰਾ ਹੈ
ਉਹੋ ਮੇਰੀ ਸ਼ਾਨ
ਉਹ ਹਰ ਸ਼ੈ ਵਿਚ ਹੈ
ਉਸ ਵਿਚ ਹੈ ਹਰ ਸ਼ੈ
ਮੈਂ ਹੁਣ ਲਭਿਆ ਹੈ
ਮੇਰਾ ਪਿਆਰਾ ।

ਮੈਂ ਪਾਇਆ ਹੈ ਉਸਨੂੰ
ਰਾਹ ਮੈਨੂੰ ਲਭਿਆ ਹੈ ਉਸ ਦਾ
ਰਾਹ ਉਸ ਦਾ ਲੰਘਦਾ
ਮੇਰੇ ਦਿਲ ਵਿਚਦੀਂ
ਤੇਰੇ ਦਿਲ ਵਿਚਦੀਂ
ਕਿ ਤੂੰ, ਮੈਂ, ਮੇਰਾ ਪਿਆਰਾ, ਤੇ ਰਾਹ ਪਿਆਰੇ ਦਾ
ਸਭ ਇਕੋ ਹੈ ।

ਮੈਂ ਭੰਬਲ ਭੂਸੇ ਖਾਂਦਾ ਰਿਹਾ ਕਈ ਚਿਰ
ਫਿਰਦਾ ਰਿਹਾ ਚੱਕਰਾਂ ਅੰਦਰ, ਚਰਖ਼ ਚੜ੍ਹਿਆ
ਮੰਨਦਾ ਕਾਜ਼ੀਆਂ ਦੇ ਕਾਨੂੰਨ
ਪੂਜਦਾ ਪੰਡਤਾਂ ਦੇ ਦੇਵਤੇ
ਪੈਂਡਾ ਮੇਰਾ ਵਧਦਾ ਗਿਆ, ਨਾਲੇ ਥਕਾਵਟ
ਚੂਰ ਚੂਰ ਹੋਏ ਮੇਰੇ ਹੱਡ ਗੋਡੇ
ਤੇ ਧੁੰਦ ਵਧੀ ਮੇਰੇ ਇਰਦ ਗਿਰਦ
ਦਿਸਣੋਂ ਰਹਿ ਗਿਆ ।

ਪਰ
ਢੱਠਾ ਨਾ ਮੈਂ, ਨਾ ਮੋਇਆ, ਨਾ ਅੰਨ੍ਹਾ ਹੋਇਆ
ਅਸ਼ਾਂਤੀ ਵਧੀ ਮੇਰੇ ਅੰਦਰ ਕਹਿਰ ਦੀ ਸਗੋਂ
ਤਲਾਸ਼ ਦੀ ਸ਼ਿੱਦਤ ਪੁੱਜੀ ਕਿਸੇ ਸਿਖਰ ਤੇ
ਛੱਡੇ ਸਭ ਟਿਕਾਣੇ ਮੈਂ
ਮੁਲਾਣਿਆਂ, ਪੰਡਤਾਂ, ਪਾਂਧਿਆਂ ਦੇ
ਕਿ ਪੈਂਡਾ ਮੇਰਾ ਖੋਟਾ ਕਰਦੇ, ਦੇ ਦੇ ਚੱਕਰ ਉਲਟੇ
ਨਾਲ ਮੱਤ ਮੇਰੀ ਮਾਰਦੇ, ਪਿਲਾ ਪਿਲਾ ਪੋਸਤ ਤੇ ਭੰਗਾਂ
ਜੂਠਾਂ ਸਾਰੇ ਜਹਾਨ ਦੀਆਂ
ਰਹਿ ਗਿਆ ਮੈਂ ਇਕੱਲਾ ।

ਚੜ੍ਹ ਗਿਆ ਉਚੇਰਾ, ਕਿਸੇ ਤਲਾਸ਼ ਵਿਚ
ਕਿ ਰੱਬਾਂ ਦੇ ਰੌਲੇ
ਤੇ ਰੌਲਿਆਂ ਦੇ ਰੱਬ
ਰਹਿ ਗਏ ਥੱਲੇ
ਇਕ ਸੁਆਦ ਆ ਗਿਆ
ਉਚਿਆਈ ਵਿਚ
ਉਚਿਆਈ ਦੀ ਚੜ੍ਹਾਈ ਵਿਚ
ਦਿਲ ਦਾ ਬੂਹਾ ਖੋਹਲਿਆ ਆਪਣਾ
ਝਾਤ ਪਾਈ ਤੇ ਡਿੱਠਾ
ਓਥੇ ਮੇਰਾ ਪਿਆਰਾ ਸੀ ।

ਓ ਮੇਰੇ ਪਿਆਰੇ ਦੇ ਪਿਆਰੇ
ਓ ਮੇਰੇ ਆਪਣੇ ਆਪ
ਤੂੰ ਭੀ ਫਿਰਨੈਂ ਕਿਸੇ ਤਲਾਸ਼ ਵਿਚ
ਤੂੰ ਭੀ ਢੂੰਡਨੈਂ ਕਿਸੇ ਨੂੰ
ਛੱਡ ਦੇ ਇਹ ਆਗੂ ਸਾਰੇ
ਇਹ ਸਭ ਅੰਨ੍ਹੇ ਹਨ
ਛੱਡ ਦੇ ਸਭ ਮਜ਼੍ਹਬ ਦੇ ਪਸਾਰੇ
ਇਹ ਸਭ ਅਟਕਲਪੱਚੂ ਨੇ ਹਨੇਰੇ ਦੇ
ਛੱਡ ਦੇ ਇਹ ਰਾਹ ਤੇ ਪਗਡੰਡੀਆਂ
ਇਹ ਸਭ ਭੁੱਲ ਭੁਲੱਈਆਂ ਹਨ
ਅੰਨ੍ਹਿਆਂ ਦੀਆਂ ਅੰਨ੍ਹਿਆਂ ਲਈ
ਛੱਡ ਦੇ ਟੁਰਨਾ ਇਸ ਮਾਂਗਵੀ ਰੋਸ਼ਨੀ ਪਿੱਛੇ
ਕਿ ਪਰਛਾਵਿਆਂ ਵਿਚੋਂ ਨਿਕਲੇਂ
ਤੂੰ ਆਪਣਾ ਆਗੂ ਆਪ ਹੈਂ
ਰੋਸ਼ਨੀ ਸਾਰੇ ਜਹਾਨ ਦੀ ਤੇਰੇ ਅੰਦਰ ਹੈ
ਨਾ ਘਾਬਰ, ਨਾ ਡਰ
ਖੋਲ੍ਹ ਦੇ ਦਰਵਾਜ਼ੇ ਦਿਲ ਦੇ
ਉਠਾ ਦੇ ਪਰਦੇ ਤੇ ਚਿਕਾਂ
ਕਿ ਚਾਨਣ ਹੋਵੀ
ਢਾਹ ਦੇ ਕੋਠੇ ਤੇ ਕੰਧਾਂ
ਕਿ ਖੁੱਲ੍ਹ ਹੋਵੀ
ਨਿਕਲ ਬਾਹਰ ਚੁਰ੍ਹਾਂ ਚੋਂ, ਖੁੰਦਰਾਂ ਚੋਂ
ਤੇ ਮਿਲ ਜੀਵਨ ਨੂੰ ਖੁੱਲ੍ਹੇ ਮਦਾਨੀਂ, ਹਸਦੇ ਮੱਥੇ ।

ਛੱਡ ਮਜ਼੍ਹਬ ਨੂੰ
ਕਿ ਇਸ ਤੈਨੂੰ ਅੰਨ੍ਹਾ ਕਰ ਦਿੱਤਾ
ਫ਼ਿਲਾਸਫ਼ੀ ਨੂੰ ਛੱਡ
ਕਿ ਇਸ ਜੀਵਨ ਨੂੰ ਮੁਰਝਾ ਦਿੱਤਾ
ਉਠ, ਛਾਲ ਮਾਰ
ਇਸ ਸਦ-ਵਗਦੇ ਜੀਵਨ-ਸਮੁੰਦਰ ਵਿਚ
ਖੁੱਲ੍ਹੇ ਦਿਲ, ਖੁੱਲ੍ਹੀ ਬਾਹੀਂ
ਹੱਸ ਖੇਡ ਜਿੰਨਾਂ ਕੁ ਖੇਡ ਸਕੇਂ
ਹੱਸਦਿਆਂ ਨਾਲ ਹੱਸ, ਰੋਂਦਿਆਂ ਨੂੰ ਹਸਾ
ਪਿਆਰ ਕਰ, ਜਿੰਨਾ ਕੁ ਕਰ ਸਕੇਂ
ਪਿਆਰ ਕਰ, ਸਭ ਨਾਲ, ਸਭ ਜਿੰਨਾ
ਪਿਆਰ ਬਣ
ਇਕਮਿਕ ਹੋ ਜਾ
ਮੇਰੇ ਨਾਲ ਮੇਰੇ ਪਿਆਰੇ ਨਾਲ
ਕਿ ਮੈਂ, ਤੂੰ ਤੇ ਮੇਰਾ ਪਿਆਰਾ ਸਭ
ਇੱਕੋ ਹੈ ।

45. ਉਹ

ਉਹ !
ਜੋ ਹੈ ਭੀ ਤੇ ਨਹੀਂ ਭੀ
ਜੋ
ਹੋਇਆ
ਨਾ ਹੋਇਆ ਏ
ਦਿਮਾਗ਼ ਮੰਨਦਾ ਨਹੀਂ
ਤਿਸ ਨੂੰ
ਦਿਲ ਛੱਡਦਾ ਨਹੀਂ
ਜਿਸ ਨੂੰ
ਕਿਵੇਂ ਕੋਈ ਮੰਨ ਸਕਦਾ ਏ
ਉਸ ਨੂੰ
ਕਿਵੇਂ ਕੋਈ ਛੱਡ ਸਕਦਾ ਏ
ਉਸ ਨੂੰ
ਮੰਨਣਾ ਔਖਾ ਏ ਤਿਸ ਦਾ
ਛੱਡਣਾ ਵਧੇਰੇ ਔਖਾ
ਮੰਨਿਆਂ
ਉਹ ਮਿਲਦਾ ਨਹੀਂ
ਛੱਡਿਆਂ
ਉਹ ਛੁਟਦਾ ਨਹੀਂ
'ਹੋਣਾ' ਉਸ ਦਾ
ਇਕ ਵਹਿਮ ਏ ਦਿਮਾਗ਼ ਦਾ
'ਹੋਂਦ' ਉਸ ਦੀ
ਇਕ ਸੱਚ ਏ ਦਿਲ ਦਾ
ਇਹ ਮੇਰੀਆਂ ਕਮਜ਼ੋਰੀਆਂ ਹੋਣ ਭਾਵੇਂ
ਤੇ ਉਸ ਦੀਆਂ ਜ਼ੋਰੀਆਂ ਹੋਣ ਭਾਵੇਂ
ਉਹ ਇਕ ਵਹਿਮ ਹੈਵੇ ਭਾਵੇਂ
ਭਾਵੇਂ ਇਕ ਸੱਚ
ਉਸ ਬਿਨਾਂ
ਇਕ ਸੁੰਞ ਵਰਤਦੀ ਏ ਕਹਿਰ ਦੀ
ਉਸ ਹੋਇਆਂ
ਕੋਈ ਠੰਡ ਪੈਂਦੀ ਏ ਠਾਰਵੀਂ
ਉਹ
ਵਹਿਮ ਹੈ ਸੁਆਦਲਾ
ਉਹ
ਸੱਚ ਹੈ ਮਿਠਾਸਲਾ ।

ਮਜ਼੍ਹਬ, ਮੰਦਰ
ਪਾਠ, ਪੂਜਾ
ਛੱਡੇ ਮੈਂ
ਨਾਲ ਛੱਡਿਆ
ਕਾਜ਼ੀਆਂ, ਪਾਂਧਿਆਂ, ਰੌਲਾਂ ਨੂੰ
ਮੈਂ ਆਖਿਆ
ਵਹਿਮ ਛੁੱਟੇ
ਉਹ ਛੁੱਟਸੀ
ਜਦ ਪਕੜ ਨਾ ਰਹੇਗੀ
ਉਹ ਕਿਵੇਂ ਰਹਿਸੀ ।

ਵਹਿਮ ਛੱਡੇ
ਸਭ ਕੁਝ ਛੁੱਟਿਆ
ਇਕ ਉਹ ਨਾ ਛੁੱਟਾ
ਵੱਡਾ ਵਹਿਮ
ਕੋਈ ਪਕੜ ਨਾ ਰਹੀ
ਬੰਨ੍ਹਣ ਨਾ ਰਿਹਾ
ਇਕ ਉਹ ਰਿਹਾ
ਵੱਡਾ ਸੱਚ !
ਮੈਂ
ਉਸ ਨੂੰ
ਉਸ ਦਿਆਂ ਨੂੰ ਛੱਡਿਆ
ਉਸ ਨਾ ਛੱਡਿਆ ਮੈਨੂੰ
ਕੇਹਾ ਬੇ-ਯਾਰਾਂ ਦਾ ਯਾਰ ਹੈ ਉਹ !
ਬੇ-ਵਫ਼ਾਵਾਂ ਨਾਲ ਵਫ਼ਾ ਕਰਦਾ !
ਇਨਕਾਰੀਆਂ ਦਾ ਇਕਰਾਰ ਕਰਦਾ
ਬੇ-ਚੇਤਿਆਂ ਦਾ ਚੇਤਾ ਰਖਦਾ
ਦਿਮਾਗ਼ ਦੇ ਹਟਕਦਿਆਂ
ਮੁੜ ਮੁੜ ਦਿਲ ਕਰਦਾ
ਉਸ ਨੂੰ ਫੜ ਲੈਣ ਨੂੰ
ਘੁੱਟ ਲੈਣ ਨੂੰ
ਚੁੰਮ ਲੈਣ ਨੂੰ
ਇਕਰਾਰ ਬਣ ਨਾ ਪੈਂਦਾ
ਇਕਰਾਰ ਹੋ ਨਾ ਵਹਿੰਦਾ ।

ਬੱਸ
ਨਮਸਕਾਰ ਹੈ ਤੈਨੂੰ
ਓ ! ਹੋਏ, ਨਾ ਹੋਏ
ਮਾਖਿਉਂ ਮਿੱਠੇ
ਕਦੀ ਨਾ ਡਿੱਠੇ ।

46. ਇਕ ਐਧਰ ਇਕ ਓਧਰ

ਚੁੱਪ ਚਾਪ ਮਿਲੇ ਅਸੀਂ
ਦੋ ਅੱਖਾਂ ਏਧਰ
ਦੋ ਓਧਰ ।

ਚੁੱਪ ਚਾਪ ਨਿਖੜ ਗਏ
ਇਕ ਹੌਕਾ ਏਧਰ
ਇਕ ਓਧਰ ।

ਮੁੱਦਤਾਂ ਬੀਤ ਗਈਆਂ
ਤੂੰ ਕਿਧਰੇ
ਮੈਂ ਕਿਧਰੇ ।

ਕਿਉਂ ਲੱਗੀਆਂ ਸਨ ?
ਜੇ
ਨਿਖੜਨਾ ਸੀ ਏਵੇਂ ।

ਤੂੰ ਭੁੱਲ ਗਇਉਂ
ਭੁੱਲਣਾ ਸੀ ਆਖ਼ਿਰ ।

ਮੈਂ ਨਾ ਭੁੱਲ ਸਕਿਆ
ਚੰਦਰਾ ਚਿਤ ਐਸਾ ।

ਨਾ ਮੈਂ ਭੁੱਲ ਸਕਿਆ
ਕੁਝ ਐਸਾ ਦਿਲ ਮੇਰਾ ।

ਜੇ ਤੂੰ ਕਦੀ ਮਿਲੇਂ
ਤਾਂ ਮੈਂ ਕਿਵੇਂ ਮਿਲਾਂ ।
ਬਿਟ ਬਿਟ ਤਕਦਾ ਰਹਾਂ
ਅੱਖੀਆਂ ਭਰੀਆਂ ਰਹਿਣ ।

47. ਪਿਆਰ

ਪਿਆਰ ਕੀ ਏ ?
ਕਿਸੇ ਜੀਵਨ ਦੀ ਠਾਹਰ
ਕਮਜ਼ੋਰੀ ਦਾ ਸਹਾਰਾ
ਕਿਸੇ ਇਕੱਲ ਦਾ ਸਾਥ
ਕਿਸੇ ਸੁੰਞ ਦਾ ਭਰੱਪਣ ।

ਕਿਸੇ ਇਕੱਲੀ ਕਮਜ਼ੋਰ ਰੂਹ ਨੂੰ
ਟੱਕਰੀ ਇਕ ਹੋਰ ਇਕੱਲੀ ਕਮਜ਼ੋਰ ਰੂਹ
ਹੋ ਗਿਆ ਧਰਵਾਸ, ਆ ਗਿਆ ਯੁਮਨ,
ਜਿਊਂ ਪਈਆਂ ਦੋਵੇਂ ਪਿਆਰ ਵਿਚ ।

ਉਸ ਪਿਆਰ-ਜੀਵਨ-ਮੇਲ ਵਿਚ
ਵਗ ਟੁਰੀਆਂ ਦੋਵੇਂ ਰੂਹਾਂ
ਤੇ ਰੁੜ੍ਹ ਗਈਆਂ ਪਿਆਰ-ਬੇਖੁਦੀ ਵਿਚ ਦੋਵੇਂ ।

ਇਹ ਮੇਲ
ਇਹ ਵਹਿਣ
ਇਹ ਬੇਖ਼ੁਦੀ
ਬਸ ਪਿਆਰ ਹੈ ।

-ਅਗਸਤ ੧੯੩੯

48. ਸਿਦਕ

ਜਿੱਥੇ ਸਿਦਕ ਹੈ
ਉੱਥੇ ਪ੍ਰੇਮ ਹੈ
ਜਿੱਥੇ ਪ੍ਰੇਮ ਹੈ
ਉੱਥੇ ਸਹਿਜ ਹੈ
ਜਿੱਥੇ ਸਹਿਜ ਹੈ
ਉੱਥੇ ਰੱਬ ਹੈ
ਜਿੱਥੇ ਰੱਬ ਹੈ
ਉੱਥੇ ਸਭ ਕੁਝ !

ਸਾਡੇ ਅੰਦਰ
ਰੱਬ ਦਾ ਸਿਦਕ ਬੋਲਦਾ ਏ
ਪਰ
ਸੁਣੀਂਦਾ ਤਦ ਏ
ਜਦ
ਭਰਮ ਦੇ ਸ਼ੋਰ ਬੰਦ ਥੀਣ
ਸਿਦਕ
ਜੀਵਨ-ਜਹਾਜ਼ ਦਾ ਲੰਗਰ ਹੈ
ਤੇ
ਰੱਬ
ਸੰਸਾਰ-ਸਮੁੰਦਰ ਵਿਚ
ਅਹਿਲ, ਅਚੱਲ, ਚਟਾਨ-ਮਰਕਜ਼ ।

ਜਿਦ੍ਹਾ ਸਿਦਕ ਕਾਇਮ ਹੈ
ਉਸ ਦਾ ਲੰਗਰ ਕਾਇਮ
ਜਿਦ੍ਹਾ ਲੰਗਰ ਮਜਬੂਤ
ਉਸ ਨੂੰ
ਤੂਫ਼ਾਨੀ ਲਹਿਰਾਂ ਦਾ ਕਿਆ ਭੈ !

ਜਿਦ੍ਹਾ ਘਰ
ਮਰਕਜ਼-ਚਟਾਨ ਵਿਚ
ਉਸ ਨੂੰ
ਮੌਜੀ, ਥਪੇੜਿਆਂ ਦਾ ਕੀ ਡਰ !
ਉਸ ਨੂੰ
'ਵਾ ਹਨੇਰੀ ਤੋਂ ਕੀ ਭੈ !

ਸਿਦਕ ਰੌਸ਼ਨੀ ਹੈ
ਜਿਥੇ
ਅਕਲ ਦੀ ਰੌਸ਼ਨੀ ਗੁੰਮਦੀ ਏ
ਓਥੇ
ਸਿਦਕ ਦਾ ਚਾਨਣ ਚਮਕਦਾ ਏ ।

ਸਿਦਕ ਦੀ ਅਣਹੋਂਦ
ਭਰਮ ਹੈ
ਭਰਮ ਭਉ ਹੈ
ਤੇ ਭਉ
ਸਭ ਬੀਮਾਰੀਆਂ ਦੀ ਜੜ੍ਹ ।

ਸਿਦਕ
ਨਿਸਚਾ ਹੈ
ਈਮਾਨ ਤੇ ਯਕੀਨ
ਤੇ ਯਕੀਨ
ਸਭ ਰੋਗਾਂ ਦਾ ਦਾਰੂ ।
ਭਰਮੀ ਹਮੇਸ਼ਾ ਫਿਕਰਵਾਨ
ਚਿੰਤਾਵਾਨ
ਤੇ ਡੋਲਦਾ ਰਹਿੰਦਾ ਏ
ਸਿਦਕੀ ਹਮੇਸ਼ਾ
ਬੇ-ਪਰਵਾਹ, ਖ਼ੁਸ਼, ਖਿੜਿਆ ।

ਸਿਦਕ ਜੁਆਨੀ ਹੈ
ਭਰਮ ਬੁਢੇਪਾ
ਜੁਆਨ ਜਿਉਂਦੇ ਹਨ
ਬੁੱਢੇ ਹੱਡ ਗੋਡੇ ਰਗੜਦੇ ਹਨ
ਸਿਦਕ ਮਰਦਾਨਗੀ ਹੈ
ਭਰਮ ਨਾ-ਮਰਦੀ
ਸਿਦਕੀ ਮਰਦ ਹਨ
ਭਰਮੀ ਬੱਸ ਪਰਛਾਵੇਂ ।

ਸਿਦਕ
ਸ਼ਹਿਦ ਦੀ ਮੱਖੀ ਏ
ਕਿ
ਸਭ ਫੁੱਲਾਂ ਤੋਂ ਸ਼ਹਿਦ ਬਣਾਂਦੀ ਏ
ਭਰਮ
ਇਕ ਤਰ੍ਹਾਂ ਦਾ ਸੱਪ ਹੈ
ਜੋ
ਹਰ ਖੁਰਾਕ ਤੋਂ ਜ਼ਹਿਰ ਬਣਾਂਦਾ ਏ ।

ਸਿਦਕ
ਸੂਝ ਹੈ
ਭਰਮ
ਅੰਨ੍ਹਾ
ਸਿਦਕ ਨਾਲ
ਅਜ਼ਦਿਸਦੀਆਂ ਚੀਜਾਂ ਦਿਸਦੀਆਂ ਹਨ
ਭਰਮ ਨਾਲ
ਅਸਲੀਅਤਾਂ ਬਾਬਤ ਭੁਲੇਵੇਂ ਪੈਂਦੇ ਹਨ
ਸਿਦਕੀ
ਅੱਖਾਂ ਵਾਲਾ ਹੈ
ਭਰਮੀ ਅੰਨ੍ਹਾ ।

ਸਿਦਕ
ਰੱਬ ਵਿਚ
ਸਿਦਕ
ਆਪਣੇ ਆਪ ਵਿਚ
ਸਿਦਕ
ਅਰਦਾਸ ਵਿਚ
ਸਿਦਕ
ਅਰਦਾਸ ਦੀ ਪੂਰਤੀ ਵਿਚ
ਸਿਦਕ ਆਪਣੇ ਮਕਸਦ ਵਿਚ
ਸਿਦਕ ਆਪਣੀ ਮੁਸ਼ੱਕਤ ਵਿਚ
ਸਿਦਕ ਅਜ਼ਲੀ ਸੱਚਾਈ ਵਿਚ
ਸਿਦਕ ਅਬਦੀ ਰਹਿਮਤ ਵਿਚ
ਸਿਦਕ ਆਦਿ
ਮੱਧ
ਅਤੇ
ਅੰਤ ਹੈ ।

49. ਆਨੰਦ

ਆਨੰਦ ਕਿੱਥੇ ਵੇ ?
ਆਨੰਦ, ਸੁਖ
ਸ਼ਾਂਤੀ ਖ਼ੁਸ਼ੀ-
ਕਿੱਥੇ ਵੇ ?

ਸਭ ਕੋਈ ਢੂੰਡਦਾ ਏ ਇਸਨੂੰ
ਕਿੱਥੇ ਵੇ ?

ਪੜ੍ਹੇ ਹੋਏ, ਪੰਡਤ ਪੁਜਾਰੀ
ਗੁੜ੍ਹੇ ਹੋਏ, ਮੁੱਲਾਂ ਮੁਲਾਣੇ
ਦੌਲਤਮੰਦ ਅਮੀਰ
ਕੰਗਲੇ ਹਕੀਰ
ਕਵੀ ਤੇ ਕਿਸਾਨ
ਕਾਢਾਂ ਦੇ ਕਾਢੂ
ਸੰਨਿਆਸੀ ਤਿਆਗੀ
ਮਾਇਆ ਦੇ ਰਸੀਏ
ਫ਼ਕੀਰ ਤੇ ਮੰਗਤੇ
ਰੱਜੇ ਪੁੱਜੇ
ਭੁੱਖੇ ਨੰਗੇ
ਸਭ ਲੱਭਦੇ ਨੇ ਇਸੇ ਨੂੰ ।

ਪਰ
ਆਨੰਦ ਹੈ ਕਿੱਥੇ ?
ਖ਼ੁਸ਼ੀ ਹੈ ਕਿਧਰ ?
ਪੁਸ਼ਾਕਾਂ 'ਚ ?
ਖ਼ੁਰਾਕਾਂ 'ਚ ?
ਰੰਗ ਰਲੀਆਂ ਵਿਚ ?
ਖੇਲਾਂ ਤਮਾਸ਼ਿਆਂ 'ਚ ?
ਕਵੀ ਦੀ ਕਵਿਤਾ ਵਿਚ ?
ਸੁੰਦਰ ਦੀ ਸੁੰਦਰਤਾ 'ਚ ?
ਗਵੱਈਏ ਦੇ ਰਾਗ ਵਿਚ ?
ਪੱਥਰ ਘਾੜੇ ਦੇ ਬੁੱਤ ਵਿਚ ?
ਤਪੱਸਵੀ ਦੇ ਤਪ ਵਿਚ ?
ਭਗਤਾਂ ਦੇ ਜੀ ਵਿਚ ?
ਪਾਪੀ ਦੇ ਪਾਪ ਵਿਚ ?
ਪੂਜਾ ਤੇ ਸਰਾਪ ਵਿਚ ?
ਖ਼ੁਸ਼ੀ ਹੈ ਕਿੱਥੇ ?
ਆਨੰਦ ਹੈ ਕਿੱਥੇ ?

ਜਿਧਰ ਵੇਖੋ
ਦੁਖ ਹੈ
ਦਰਦ ਹੈ
ਜ਼ਖ਼ਮ ਹੈ
ਫੱਟ ਹੈ
ਸੁੰਞ ਹੈ
ਖ਼ਲਾਅ ਹੈ
ਡੋਬ ਹੈ, ਢਾਠ ਹੈ
ਜਨਮ ਹੈ, ਮਰਨ ਹੈ
ਮੌਤ ਹੈ
ਮੁਰਝਾਹਟ ਹੈ
ਖ਼ੁਸ਼ੀ ਤੇ ਆਨੰਦ
ਹੈ ਕਿੱਥੇ ?

ਟੁੱਟ ਜਾਣ ਵਾਲੀਆਂ ਚੀਜ਼ਾਂ ਵਿਚ ?
ਫੁੱਟ ਜਾਣ ਵਾਲੀਆਂ ਸ਼ੈਆਂ ਵਿਚ ?
ਲਹਿ ਜਾਣ ਵਾਲੇ ਨਸ਼ਿਆਂ ਵਿਚ ?
ਰਸਮਾਂ ਵਿਚ ?
ਰਵਾਜਾਂ ਵਿਚ ?
ਫੰਧਾਂ ਵਿਚ ?
ਜੰਜਾਲਾਂ ਵਿਚ ?
ਝੂਠੀਆਂ ਮੁਹੱਬਤਾਂ ਵਿਚ ?
ਗੌਂ ਗਰਜ਼ਾਂ ਦੇ ਪਿਆਰਾਂ ਵਿਚ ?
ਇਨ੍ਹਾਂ ਵਿਚ ਖ਼ੁਸ਼ੀ ਨਹੀਂ
ਰੇਤਾਂ ਦੇ ਮਹਿਲ ਨਹੀਂ ਉਸਰਦੇ ।

ਆਨੰਦ !
ਹਾਂ, ਆਨੰਦ !
ਵਰਤੋਂ ਨਾਲ ਵਧਦਾ ਹੈ
ਵਰਤੋਂ ਨਾਲ ਫਲਦਾ ਹੈ
ਮਰਦਾ ਨਹੀਂ
ਜਾਂਦਾ ਨਹੀਂ
ਇਹਦਾ ਸ਼ੁਰੂ ਨਹੀਂ
ਅਖ਼ੀਰ ਨਹੀਂ ।

ਆਜ਼ਾਦ ਹੈ
ਬੇਪਰਵਾਹ ਹੈ
ਸਾਗਰ ਵਾਂਗ ਬੇਅੰਤ ਹੈ
ਚੰਨ ਵਾਂਗ ਚਿੱਟਾ ਹੈ
ਸੂਰਜ ਵਾਂਗ ਲਾਲ
ਬਰਫ਼ ਵਾਂਗ ਠੰਡਾ
ਖ਼ੂਨ ਵਾਂਗ ਗਰਮ
ਐਸਾ ਆਨੰਦ ਹੁੰਦਾ ਹੈ ।

ਪਰ ਹੈ ਕਿੱਥੇ ?
ਤੇਰੇ ਵਿਚ
ਤੈਥੋਂ ਬਾਹਰ ਨਹੀਂ !
ਅੰਦਰ ਝਾਤੀ ਮਾਰ
ਗੋਤਾ ਮਾਰ
ਫੈਲ ਜਾ
ਖਿੜ ਜਾ
ਆਜ਼ਾਦ ਹੋ
ਤੰਗਦਿਲੀ ਦੂਰ ਕਰ
ਪੂੰਜੀ ਦੀ ਪਿਆਰ ਦੀ
ਮੁਲਕ ਦੀ
ਮਜ਼੍ਹਬ ਦੀ
ਖ਼ਲਕ ਦੀ
ਖ਼ੁਦਾ ਦੀ
ਅੰਦਰ ਠਹਿਰਾਉ ਪੈਦਾ ਕਰ
ਟਿਕਾਅ ਪੈਦਾ ਕਰ
ਜਦ ਤੂੰ ਆਜ਼ਾਦ ਹੋ ਕੇ ਟਿਕੇਂਗਾ
ਤੇਰੇ ਅੰਦਰ
ਆਨੰਦ ਇਉਂ ਲਿਸ਼ਕੇਗਾ
ਜਿਉਂ
ਟਿਕੇ ਹੋਏ ਨਿਰਮਲ ਤਲਾ ਵਿਚ
ਸੂਰਜ ਦਾ ਜਲਵਾ ।

50. ਫ਼ਜ਼ਲ

ਜਿਸ ਤਰ੍ਹਾਂ ਗਰਮੀਆਂ ਵਿਚ
ਨਦੀਆਂ ਸੁੱਕ ਜਾਂਦੀਆਂ ਨੇ
ਪਰ ਇਕ ਦਿਨ
ਬਿਨ ਬੱਦਲੋਂ, ਬਿਨ ਬਾਰਸ਼ੋਂ,
ਸੁੱਕੇ ਅੰਬਰੋਂ
ਹੜ੍ਹ ਆ ਜਾਂਦੀਆਂ ਨੇ
ਭਰਪੂਰ ਹੋ ਵਗਦੀਆਂ ਨੇ
ਕਿਉਂਕਿ
ਦੂਰ, ਪਰੇ ਦੂਰ
ਸਾਡੀਆਂ ਅੱਖਾਂ ਤੋਂ ਉਹਲੇ
ਉੱਚੇ ਪਹਾੜਾਂ ਤੇ ਬਾਰਸ਼ ਹੋ ਰਹੀ ਏ ।

ਇਸੇ ਤਰ੍ਹਾਂ
ਡੁੱਬੇ ਹੋਏ ਦਿਲ,
ਢੱਠੇ ਹੋਏ ਮਨ,
ਫੇਰ ਜਿਉਂ ਪੈਂਦੇ ਨੇ
ਫੇਰ ਉਠ ਬਹਿੰਦੇ ਨੇ
ਤੇ ਹੈਰਾਨ ਹੁੰਦੇ ਨੇ
ਆਪਣੀ ਨਵੀਂ ਤਾਕਤ, ਨਵੀਂ ਤਾਜ਼ਗੀ 'ਤੇ ।

ਨਹੀਂ ਸਮਝਦੇ
ਕਿ ਰੱਬ ਦੀ ਰਹਿਮਤ
ਦਿਲਾਂ ਦਿਆਂ ਚਸ਼ਮਿਆਂ 'ਤੇ
ਵੱਸ ਰਹੀ ਏ
ਚੁੱਪ ਕੀਤੀ, ਬਿਨ ਬੁਲਾਈ,
ਸਾਡੀਆਂ ਅੱਖਾਂ ਤੋਂ ਉਹਲੇ ।

51. ਹੇ ਬੰਦੇ !

ਓ ਬੰਦੇ ।
ਸਾਹ ਮਿਲੇ ਨੇ ਤੈਨੂੰ
ਗਿਣਵੇਂ ਜਿਹੇ
ਹੱਸ ਕੇ ਗੁਜ਼ਾਰ ਲੈ
ਭਾਵੇਂ ਰੋ ਕੇ ਬਿਤਾ ਲੈ ।

ਪੁੰਨ, ਪਾਪ
ਸੁਰਗ, ਨਰਕ
ਸੰਸੇ, ਭਰਮ, ਵਹਿਮ ਛੱਡ ।

ਹੈ ਵਿਹਲ ਮਿਲੀ
ਕਿਸੇ ਕਾਰੇ ਲਗਾ ਲੈ
ਹਰਗਿਜ਼ ਨਾ ਵਧ ਸਕੇ ।
ਕਿਸੀ ਹਾਲਤ
ਤਿਰੀ ਮੁਹਲਤ ।

ਐਵੇਂ ਨਾ ਆਫਰੀਂ ਤੂੰ
ਤਬੀਬਾਂ ਦੇ ਕਹਿਣ ਤੇ
ਕਈਆਂ ਨੇ ਆਖਿਆ
'ਅਸੀਂ' ਜੀਵਾਂਗੇ

ਸੌ ਬਰਸ ।
ਕਹਿੰਦੇ ਰਹੇ, ਕਹਿੰਦੇ ਰਹੇ
'ਅਸੀਂ' ਹੀ ਟੁਰ ਪਏ ।

ਕਈਆਂ ਨੇ ਦਾਹਵੇ ਬੱਧੇ ਸਨ
ਕਿ ਸਦਾ ਰਹਾਂਗੇ
ਬੱਧੇ ਹੀ ਰਹਿ ਗਏ ਦਾਹਵੇ
ਤੇ ਆਪ ਚੱਲ ਬਸੇ ।

ਦਾਹਵੇ ਨਾ ਬੰਨ੍ਹ
ਬੰਨ੍ਹਿਆਂ ਹੈ ਆਪ ਬੱਝੀਦਾ
ਦਾਹਵੇ ਨੂੰ ਛੱਡ
ਹੋ ਆਜ਼ਾਦ
ਰੰਗ ਮਾਣ ਲੈ ।

ਏਥੇ
ਨਾ ਕੋਈ ਰਿਹਾ ਹੈ
ਨਾ ਕੋਈ ਰਹੇਗਾ
ਚੰਗਾ ਹੈ
ਏਸ ਸੱਚ ਨੂੰ
ਪੱਲੇ ਜੇ ਬੰਨ੍ਹ ਲਏਂ ।

ਕਿਉਂ ?
ਕਿੱਥੋਂ ਆਏ ?
ਕਿਧਰ ਨੂੰ ਜਾਣਾ ?
ਪਤਾ ਨਹੀਂ ।

ਆ ਗਏ ਹਾਂ ਏਸ ਥਾਂ ਅਸੀਂ
ਬੱਸ !
ਏਨਾ ਸੱਚ ਹੈ ।

ਉਕਦੇ ਭੀ ਖੋਹਲੋ
ਰਾਜ਼ ਭੀ
ਮਜ਼ਦੂਰੀਆਂ ਕਰੋ
ਜੀਵੋ ਤਾਂ, ਤਾਂ ਭੀ ਹੱਸ ਕੇ
ਮਰ ਜਾਓ ਹੱਸ ਕੇ ।

ਭੁੱਖੇ ਰਹੋ
ਬੀਮਾਰ
ਦੁਖੀ
ਤੰਗ
ਪੁੱਜ ਕੇ
ਹੱਸੋ
ਕਿ ਦੁੱਖ ਘਟਣਗੇ
ਸੁੱਖ ਖੂਬ ਵਧਣਗੇ ।

ਬਾਜ਼ੀ ਹੈ ਇਹ ਜਹਾਨ
ਤੁਸੀਂ ਬਾਜ਼ੀਗਰ ਬਣੋ
ਟੁਰ ਜਾਓ ਇਸ ਜਗ੍ਹਾ ਤੋਂ
ਬਸ ਤਮਾਸ਼ਾ ਮਾਣ ਕੇ
ਸਭ ਹਾਰ ਜਿੱਤ
ਊਚ, ਨੀਚ ਦੇ ਖਿਆਲ ਛੱਡ
ਚੰਗੇ ਖਿਲਾੜੀ ਵਾਂਗ ।
ਜਾਓ ਖੇਡ ਹੱਸ ਕੇ
ਰੋਂਦੂ ਬਣੀਂ ਨਾ ਆਪ
ਨਾ ਹੋਰਾਂ ਰੁਆਈਂ ਤੂੰ
ਖੇੜਾ, ਮੁਸ਼ਕ
ਖਿੰਡਾਂਦਾ ਜਾਈਂ
ਟੁਰੇਂ ਜਿਸ ਰਾਹੇ ।

ਮੁਹਲਤ ਮਿਲੀ ਹੈ
ਹੁਸਨ ਭੀ
ਜੋਬਨ ਭੀ ਨਵੇਲਾ
ਆਪ ਭੀ ਰੰਗ ਮਾਣ ਲੈ
ਹੋਰਾਂ ਸਰੂਰ ਦੇ
ਬੇਬੱਸ ਹੈਂ
ਨਾ ਵੱਸ ਤੇਰਾ
ਠੀਕ ਗੱਲ ਹੈ
ਐਪਰ
ਹੈ ਇਕ ਚੱਲਣ ਤੇਰੇ ਵਸ ਅੰਦਰ
ਮੁਹਲਤ ਮਿਲੀ ਹੈ ਤੈਨੂੰ ਜੋ
ਹੈ ਉਸ ਨੇ ਗੁਜ਼ਰਨਾ
ਹੱਸ ਕੇ ਗੁਜ਼ਾਰ ਲੈ
ਭਾਵੇਂ
ਰੋ ਕੇ ਗੁਜ਼ਾਰ ਲੈ ।

52. ਜਿਉਂਦੇ ਰਹਿਣਾ

ਡੁੱਬਦੇ ਸੂਰਜ
ਚੜ੍ਹਦੇ ਤਾਰਿਆਂ ਨੂੰ ਪਏ ਵੇਖਣਾ
ਲਹਿੰਦੇ ਚੰਨੇ
ਚੜ੍ਹਦੇ ਸੂਰਜ ਨੂੰ ਪਏ ਸੇਕਣਾ
ਤ੍ਰੇਲੀਆਂ ਕਲੀਆਂ
ਖਿੜਦੇ ਫੁੱਲਾਂ ਨੂੰ ਪਏ ਤੱਕਣਾ
ਉਡਦੇ ਪੰਛੀ ਵੇਖਣੇ
ਭਾਵੇਂ ਉੱਡ ਨਾ ਸਕਣਾ
ਵੇਖ ਵੇਖ ਕੇ
ਵੇਂਹਦੇ ਜਾਣਾ, ਵੇਂਹਦੇ ਰਹਿਣਾ
ਇਹ ਨਹੀਂ ਵਿਹਲੇ ਰਹਿਣਾ, ਸਮਾਂ ਗਵਾਣਾ
ਇਹ ਹੈ
ਜਿਉਂਦੇ ਰਹਿਣਾ, ਜੀਵਨ ਪਾਣਾ ।

53. ਬੇਸਮਝ ਬੱਚਾ-ਸਮਝਦਾਰ ਗੱਭਰੂ

ਮੈਂ ਡਿੱਠਾ ਸੀ
ਇਕ ਨਿੱਕਾ ਜਿਹਾ ਬੱਚਾ
ਆਕਾ ਬਾਕਾ
ਨਾਈਆਂ ਦੇ ਘਰ ਹੋਇਆ ਕਾਕਾ
ਪਿੱਲਾ ਪਿੱਲਾ
ਬੱਗਾ ਬੱਗਾ
ਗਲ ਉਸ ਦੇ ਨਸਵਾਰੀ ਝੱਗਾ ।

ਚੰਨ ਮਾਮੇ ਨੂੰ ਵੇਖੇ
ਰੋਵੇ
ਆਖੇ
ਚੰਨੇ ਦੀ ਉਹ ਬੁੱਢੀ ਮਾਂ
ਔਹ ਚਰਖਾ ਕੱਤਦੀ
ਉਸ ਦੇ ਕੁੱਛੜ ਜਾਣਾ ਏਂ
ਆਂ, ਆਂ, ਆਂ..........
ਮੈਂ ਹੱਸਿਆ
ਕਿਹੋ ਜਿਹਾ ਇਹ ਭੋਲਾ ਬੱਚਾ !

ਸੂਰਜ ਡੁੱਬਦਾ ਵੇਖੇ
ਡੁੱਬ ਗਿਆ ਹੌਲੇ, ਹੌਲੇ
ਰੋਵੇ
ਆਖੇ
ਲਾਲ ਲਾਲ
ਸੋਨੇ ਦਾ ਥਾਲ
ਲੈਣਾ ਏਂ
ਉਹੋ ਜਿਹੜਾ
ਢਹਿ ਪਿਆ ਉਹਲੇ
ਚਰ੍ਹੀਆਂ ਦੇ, ਔਥੇ
ਮੈਂ ਹੱਸਾਂ
ਕਿਹੋ ਜਿਹਾ ਬੇਸਮਝਾ ਬੱਚਾ !

ਅੱਜ ਮੈਂ ਡਿੱਠਾ
ਮੁੜ ਉਹੋ ਬਾਲ ਜਵਾਨ
ਨੀਲੇ ਦਾ ਅਸਵਾਰ
ਹੱਥ ਨੇਜਾ
ਮੋਢੇ ਬੰਦੂਕ
ਪਿਛੇ ਕੁੱਤੇ
ਚੜ੍ਹਿਆ ਸ਼ਿਕਾਰ
ਮਾਰਦਾ ਫਿਰਦਾ
ਹਿਰਨ ਤੇ ਸੈਹੇ
ਜੰਘਾਂ ਦੀਆਂ ਵਰਜ਼ਸ਼ਾਂ ਖ਼ਾਤਰ
ਚਿੜੀਆਂ, ਘੁੱਗੀਆਂ
ਅਤੇ ਕਬੂਤਰ
ਮੈਂ ਰੋਵਾਂ
ਕਿਉਂ ਇਹ ਹੋਇਆ ਵੱਡਾ
ਸਮਝਦਾਰ ਗੱਭਰੂ
ਮੂਰਖ ਜ਼ਾਲਮ !

ਹਾਂ
ਅੱਜ ਮੈਂ ਡਿੱਠਾ
ਮੁੜ ਉਹੋ ਜਵਾਨ ਗੱਭਰੂ
ਹੂਰਾ ਵੱਟੀ ਖਲੋਤਾ
ਉਂਗਲ ਕੀਤੀ
ਲਾਲ ਪੀਲਾ
ਝਈਆਂ ਲੈਂਦਾ
ਝੱਗਾਂ ਛੱਡਦਾ
'ਮਾਰੋ', 'ਕੁੱਟੋ' ਆਖਦਾ
ਚੀਕਦਾ
ਧਰਮ, ਈਮਾਨ
ਮੁਲਕ ਦੇ ਨਾਂ ਤੇ
ਮੈਂ ਰੋਂਦਾ ਖਲੋਤਾ
ਕਿਵੇਂ ਬਣ ਗਿਆ
ਮਾਸੂਮ ਬੱਚੇ ਤੋਂ ਖ਼ੂਨੀ ਬੁੱਚੜ !

ਚੰਗਾ ਸੀ
ਇਸ ਸਜੇ ਸਜਾਏ
ਜ਼ਹਿਰੀਲੇ ਸੱਪੋਂ
ਇਸ ਧਰਮ ਤੇ ਮੁਲਕ ਦੇ ਠੇਕੇਦਾਰੋ
ਉਹ ਨਿੱਕਾ ਜੇਹਾ
ਆਲਾ ਭੋਲਾ, ਬੇਸਮਝ ਬੱਚਾ
ਨਿਜੜੇ ਹੁੰਦਾ ।

54. ਜ਼ਿੰਦਗੀ-ਅੰਤ

ਇਹ ਕੀਹ ਹੈ ਜ਼ਿੰਦਗੀ ?
ਕੀਹ ਹੈ ਇਹਦਾ ਦਾਈਆ ?
ਖੁੱਲ੍ਹਾ ਜੰਗ
ਇਕ ਗੁਪਤ ਲੜਾਈ
ਸ਼ੋਰ, ਅਸ਼ਾਂਤੀ
ਰੌਲੇ, ਵੈਣ
ਬੀਮਾਰੀ
ਭੂਚਾਲ, ਹਨੇਰੀ
ਹਾਰ ਤੇ ਜਿੱਤ
ਚੜ੍ਹਾਈ ਤੇ ਉਤਰਾਈ ।

ਇਕ ਸੁਫਨਾ
ਇਕ ਭਰਮ ਵਹਿਮ
ਇਕ ਹੋਣੀ
ਬਹੁਤ ਰੰਜ
ਦੁਖ
ਸੋਕੇ, ਸਹਿਮ
ਕਦੇ ਕਦੇ
ਕੋਈ ਉਕਸਾਹਟ ।

ਕਦੇ ਕਦੇ
ਕੋਈ ਮੁਸਕਰਾਹਟ
ਫਿਰ ਚੁੱਪ-ਚਾਨ
ਇਕ ਗ਼ਸ਼ੀ
ਇਕ ਨੀਂਦ
ਇਕ ਮੌਤ
ਇਕ ਤਬਦੀਲੀ
ਉੱਗਣਾ, ਖਿੜਨਾ
ਕੁਮਲਾਣਾ
ਝੜ ਜਾਣਾ
ਹੱਸਣਾ, ਰੋਣਾ
ਤਰਸਣਾ
ਪਾਣਾ
ਤੇ ਮਰ ਜਾਣਾ ।

ਖ਼ੁਸ਼ੀਆਂ ਗ਼ਮੀਆਂ
ਆਸ, ਨਿਰਾਸਾਂ
ਅੱਥਰੂ ਤੇ ਮੁਸਕਣੀਆਂ
ਭੋਲਾ ਬਚਪਨ
ਕਹਿਰ ਹੁਸਨ ਦੇ
ਕੋਝ ਬੁਢੇਪਾ
ਕਬਰਾਂ
ਜਾਂ ਫਿਰ ਮੜ੍ਹੀਆਂ ।

55. ਕੀ ਲਾਹ

ਨਾ ਖਾਧਾ ਤੇ ਖੱਟਿਆ
ਨਾ ਵੇਚਿਆ ਨਾ ਕੁਝ ਵੱਟਿਆ
ਨਾ ਹੱਸਿਆ ਤੇ ਨਾ ਵੱਸਿਆ
ਨਾ ਭੇਤ ਲਿਆ ਨਾ ਦੱਸਿਆ
ਨਾ ਨੰਗਾ ਹੋ ਕੇ ਨੱਚਿਆ
ਨਾ ਇਸ਼ਕ ਦਾ ਭਾਂਬੜ ਮੱਚਿਆ
ਨਾ ਖਿੜਿਆ ਤੇ ਨਾ ਮਹਿਕਿਆ
ਨਾ ਪਿਆਰ ਚਿਣਗ ਨੇ ਫੂਕਿਆ
ਨਾ ਲਾਟਾਂ ਕੱਢ ਕੱਢ ਬਲ ਪਿਆ
ਬਸ ਧੁਖ ਧੁਖ ਭੁੱਬਲ ਹੋ ਗਿਆ ।

ਨਾ ਬਣਿਆ ਇਨਸਾਨ ਮੈਂ
ਨਾ ਬੇਫਿਕਰ ਹੈਵਾਨ ਮੈਂ
ਨਾ ਇਸ਼ਕ ਵਿਚ ਜੀਵਿਆ
ਨਾ ਮੌਤ ਕਿਸੇ ਦੀ ਮਰ ਪਿਆ
ਨਾ ਕੁਗਰਤ ਨਾਲ ਮੈਂ ਖੇਡਿਆ
ਨਾ ਕਾਦਰ ਨਾਲ ਹੀ ਭੇਟਿਆ
ਨਾ ਗਗਨਾਂ ਦਾ ਦਰ ਵੇਖਿਆ
ਨਾ ਬਿਜਲੀਆਂ ਦੇ ਸੰਗ ਖੇਡਿਆ
ਬਸ ਬੁਝਦਾ ਬੁਝਦਾ ਬੁਝ ਗਿਆ
ਇਸ ਜੀਵਨ ਦਾ ਕੀ ਲਾਹ !

ਨਾ ਘੁਲਿਆ ਨਾ ਘੋਲਿਆ
ਨਾ ਢਾਹਿਆ ਨਾ ਢਹਿ ਪਿਆ
ਜੀ ਸਕਦਾ ਸੀ ਨਾ ਜੀਵਿਆ
ਮਰ ਸਕਦਾ ਸੀ ਨਾ ਮਰ ਪਿਆ
ਬਸ ਹੋਣੀ ਹੁੰਦੀ ਹੀ ਰਹੀ
ਇਸ ਹੋਣਾ ਏਸੇ ਤਰ੍ਹਾਂ ਸੀ
ਹੁਣ ਮਰਨੇ ਦਾ ਕੁਝ ਡਰ ਨਹੀਂ
ਧੁਖਧੁਖੀ ਹੈ ਏਨੀ ਗੱਲ ਦੀ
ਜੋ ਜੀਵਨ ਹੀ ਨਾ ਜੀ ਸਕੇ
ਉਹ ਚੰਗਾ ਹੈ ਕਿ ਮਰ ਰਹੇ ।

56. ਇਹ ਦੁਨੀਆਂ

ਸੁਖ ਆਉਂਦੇ ਟੁਰ ਜਾਂਦੇ ਨੇ
ਗ਼ਮ ਲੱਗਦੇ ਛੁਟ ਜਾਂਦੇ ਨੇ
ਇਸ ਜੀਵਨ ਦੇ ਸਾਗਰ ਵਿਚ
ਚੜ੍ਹ ਚੜ੍ਹ ਕੇ ਹੜ੍ਹ ਆਂਦੇ ਨੇ
ਕਦੀ ਸਿੱਧੇ ਤੁਰਦੇ ਵਗਦੇ ਨੇ
ਕਦੀ ਡਿੰਗ ਵਿੰਗ ਪਏ ਖਾਂਦੇ ਨੇ
ਪੱਥਰਾਂ ਦੇ ਉਤੇ ਵੱਜ ਵੱਜ ਕੇ
ਸਿਰ ਫੋੜਦੇ ਤੇ ਮੁਕ ਜਾਂਦੇ ਨੇ ।

ਨਾ ਕੰਢੇ ਹੀ ਤੁਰ ਸਕਦੇ ਨੇ
ਨਾ ਬਾਹਰ ਨੂੰ ਧਾਂਦੇ ਨੇ
ਸਭ ਹਸਦੇ ਨੇ ਤੇ ਰੋਂਦੇ ਨੇ
ਆਖ਼ਰ ਇੰਜ ਮਰ ਮਿਟ ਜਾਂਦੇ ਨੇ
ਰੰਗਦਾਰ ਬੁਲਬੁਲੇ ਪਿਆਰਾਂ ਦੇ
ਹਾਂ ਕੁਝ ਕੁਝ ਮੌਜ ਬਣਾਂਦੇ ਨੇ
ਹਸਦੇ, ਮੁਸਕਾਂਦੇ ਨੱਚਦੇ
ਆਖ਼ਰ ਨੂੰ ਟੁੱਟ ਜਾਂਦੇ ਨੇ ।

ਸੁਫਨਿਆਂ ਦੇ ਜੋ ਸਵਰਨ ਮੰਦਰ
ਹਾਂ, ਠੰਡ ਜਹੀ ਕੁਝ ਪਾਂਦੇ ਨੇ
ਖਾ ਖਾ ਕੇ ਮਾਰਾਂ ਮੌਤ ਦੀਆਂ
ਫਿਰ ਸੁਫਨੇ ਬਣ ਜਾਂਦੇ ਨੇ
ਸੱਧਰਾਂ ਸੁੱਕ ਸੁੱਕ ਜਾਂਦੀਆਂ ਨੇ
ਤੇ ਰੀਝਾਂ ਰੁੜ੍ਹ ਰੁੜ੍ਹ ਜਾਂਦੀਆਂ ਨੇ
ਦੀਦੇ ਭਰ ਭਰ ਛਲਕਦੇ ਨੇ
ਤੇ ਅੱਥਰੂ ਵਹਿ ਵਹਿ ਜਾਂਦੇ ਨੇ ।

ਇਹ ਦੁਨੀਆਂ ਇਕ ਕਬਰ ਸੁਹਣੀ ਏ
ਜ਼ਿੰਦਗੀ ਤਾਂ ਹੈ ਬੇਥਵ੍ਹੀ ਜਿਹੀ
ਪਰ ਮੌਤ ਸਦੀਵੀ ਏ ।

57. ਚੁਗਲ-ਖ਼ੋਰ

ਮੀਣਾ ਜਿਹਾ
ਘੀਸਾ ਜਿਹਾ
ਗੱਲ ਨਾ ਕਰਦਾ
ਹੱਸ ਨਾ ਸਕਦਾ
ਵੇਖ ਨਾ ਸਕਦਾ ਸਾਹਮਣੇ ।

ਭੜੋਲਿਆਂ ਦੇ ਉਹਲੇ ਉਹਲੇ
ਉਹਲਿਆਂ ਦੇ ਕੌਲੇ ਕੋਲੇ
ਕੰਧ ਨਾਲ ਕੰਨ ਲਾ
ਹਨੇਰੇ ਵਿਚ ਬੈਠਾ ਰਹਿੰਦਾ
ਗੱਲਾਂ ਸੁਣਨ ਵਾਸਤੇ ।

ਨਾ ਇਹ ਪੇਅ ਦਾ
ਨਾ ਇਹ ਮਾਂ ਦਾ
ਨਾ ਇਹ ਭੈਣਾਂ ਦਾ
ਨਾ ਇਹ ਭਰਾ ਦਾ
ਅੱਗ ਲਾਣੀ
ਫਿੱਕ ਪਾਣੀ
ਵੇਚ ਦੇਵੇ ਸਭ ਨੂੰ
ਜਦੋਂ ਦਾਅ ਲੱਗਦਾ ।

ਹੱਗਿਆ ਮਿੱਧਣਾ
ਚਗਲਿਆ ਖਾਣਾ
ਦਰ ਦਰ ਫਿਰਨਾ
ਘਰ ਘਰ ਮੰਗਣਾ
ਮੰਗ ਪਿੱਨ, 'ਕੱਠਾ ਕਰ
ਦਾਰੇ ਜਾ ਕੇ ਬੈਠਣਾ
ਗਠੜੀਆਂ ਖੋਲ੍ਹ
ਗੁਥਲੀਆਂ ਫੋਲ
ਨਾਲੀਆਂ ਛਾਣ
ਰੂੜੀਆਂ ਟੋਲ
ਗੰਦ ਸਾਰਾ 'ਕੱਠਾ ਕਰ
ਖ਼ੁਸ਼ ਹੋ ਕੇ ਵੇਖਣਾ
ਗੰਦ ਦੇ ਵਿਹਾਰੀਆਂ ਨੂੰ
ਕੁੱਤਿਆਂ ਸ਼ਿਕਾਰੀਆਂ ਨੂੰ
ਕੌਡਾਂ ਉਤੇ ਵੇਚਣਾ ।

ਇਹੋ ਕਰਮ ਏਸ ਦਾ
ਏਵੇਂ ਜਨਮ ਗਾਲਦਾ
ਕੋਈ ਨਾ ਇਹਦੇ ਮੱਥੇ ਲੱਗੇ
ਕੋਈ ਨਾ ਇਹਨੂੰ ਮੱਥੇ ਲਾਓ
ਗੰਦ ਖਾਣ ਵਾਲਾ ਹੈ
ਇਹ ਸੂਰ ਕਿਸੇ ਥਾਂ ਦਾ ।

ਬੁੱਢਲ, ਢਿੱਡਲ
ਬਚੋ ਬਚੋ ਏਸ ਤੋਂ
ਮੂੰਹ ਇਹਦਾ ਬੋ ਵਾਲਾ
ਦੰਦ ਇਹਦੇ ਜ਼ਹਿਰ ਵਾਲੇ
ਹਟੋ ਹਟੋ, ਅਗੋਂ ਹਟੋ
ਜੀਭ ਮਾਰਦਾ
ਬੁਲ੍ਹ ਢਿਲਕਾਂਦਾ
ਨਾਸ ਫੁਲਾਂਦਾ
ਬੂਥ ਹਿਲਾਂਦਾ
ਫੂੰ ਫੂੰ ਕਰਦਾ
ਰਾਲ ਵਗਾਂਦਾ
ਮੁੜ੍ਹਕੋ ਮੁੜ੍ਹਕੀ
ਖਾਖੀਂ ਬੁਥ
ਔਹ ਚੁਗਲ-ਖ਼ੋਰ ਆਂਵਦਾ ।

58. ਲੱਦੂ ਖੋਤਾ

ਨਿੱਕਾ ਜਿਹਾ
ਫਿੱਕਾ ਜਿਹਾ
ਲਿੱਸਾ ਜਿਹਾ
ਵਿੱਸਾ ਜਿਹਾ
ਘੱਟੇ ਰੁਲਿਆ ਪਿੰਡਾ
ਰੰਗ ਸਿੰਞਾਤਾ ਨਾ ਜਾਏ
ਡਿੰਗੀਆਂ ਲੱਤਾਂ, ਵਿੰਗੇ ਗੋਡੇ
ਟੁਰਦਿਆਂ ਭਿੜਦੇ ਗਿੱਟੇ
ਵੱਖੀਆਂ ਵੜੀਆਂ ਅੰਦਰ
ਪਸਲੀਆਂ ਨਿਕਲੀਆਂ ਬਾਹਰ
ਕੰਨ ਹਿਠਾਂ ਨੂੰ ਸੁੱਟੇ
ਅੱਖਾਂ 'ਚੋਂ ਮਿੱਝ ਵਗੇ
ਪਿੱਠ ਤੇ ਛੱਟ ਪਈ
ਲੱਕ ਲਿਫ ਲਿਫ ਜਾਏ ।

ਪਿੱਛੇ ਆਉਂਦਾ ਬੂਸਰ ਘੁਮਿਆਰ
ਫਟਿਆ ਤਹਿਮਤ
ਠਿੱਬੀ ਜੁੱਤੀ
ਘਸਿਆ ਝੱਗਾ
ਖੁੱਚੀਂ ਘੱਟਾ
ਮੋਢੇ ਧਰੀ ਚੁਆੜੀ ਮੋਟੀ
ਇਕ ਹੱਥ ਫੜਿਆ ਹੁੱਕਾ ਟੱਲੀਆਂ ਵਾਲਾ
ਧੈਂ ਕਰਦਾ ਰੱਖੇ ਇਕ ਚੁਆੜੀ
ਖੁੰਨਿਆਂ ਉਤੇ
ਜਦ ਕਦੀ ਸੁਸਤਦਾ ਇਹ ਖੋਤਾ
ਵੀਹ ਕੋਹ ਪੈਂਡਾ ਮਾਰੇ ਰੋਜ਼
ਇੱਟ-ਸਿੱਟ ਚੁਗ ਕਰੇ ਗੁਜ਼ਰਾਨ
ਕਦੇ ਜੁਆਨੀ ਨਾ ਇਸ ਤੇ ਆਈ
ਨਾ ਚਾਅ ਚੜ੍ਹਿਆ ਜੀਵਨ ਦਾ
ਨਾ ਹੀਂਗੇ ਨਾ ਕੁੱਦੇ
ਨਾ ਮਸਤੇ, ਨਾ ਖਰਮਸਤੇ
ਬੇ ਸੰਭਾਲਾ ਪਿਆ ਪਲਾਣਾ
ਬੇ ਸੰਭਾਲੀ ਲੱਦੀ ਛੱਟ
ਉਤਰੇਗੀ ਤਦ ਜਦ ਛੁਟੇਗੀ ਜਿੰਦ ।

ਹਾਏ ਇਹ ਲੱਦੂ ਖੋਤਾ
ਵੇਖ ਵੇਖ ਤਰਸ ਪਿਆ ਆਵੇ
ਪਰ ਤਰਸਾਂ ਦਾ ਨਾ ਮੁੱਲ, ਭੰਨੀ ਇਕ ਕੌਡੀ
ਚੁਆੜੀ ਵਾਲੇ ਇਸ ਘੁਮਿਆਰੇ ਸਾਹਵੇਂ
ਡਾਢਾ ਇਹ ਘੁਮਿਆਰ
ਵਹਿਸ਼ੀ ਲਗਦਾ ਮਨੁੱਖ
ਜਿੰਦ ਅਜੇ ਨਾ ਰੁਮਕੀ
ਕਦ ਮਰਨਗੇ ਇਹ ਘੁਮਿਆਰ
ਕਦ ਟੁੱਸਨ ਇਨ੍ਹਾਂ ਦੀਆਂ ਚੁਆੜੀਆਂ
ਕਦ ਫੁੱਟਸਨ ਚੰਮਣੀਆਂ ਛੱਟਾਂ
ਤੇ ਕਦ ਮੁਕਸਨ ਇਹ ਛੱਟਾਂ ਵਾਲੇ
ਕਦ ਹੋਸੀ ਆਜ਼ਾਦ ਇਹ ਖੋਤਾ
ਬਣ ਜਾਸੀ ਇਕ ਬੋਤਾ
ਜੀਵਸੀ, ਕੁੱਦਸੀ ਵਾਂਗਰ ਕੋਤਲਾਂ ।

59. ਕੁਲੀ

ਕਾਲਾ ਕਲੂਟਾ
ਧੁੱਪੀਂ ਝੁਲਸਿਆ
ਨੰਗਾ ਪਿੰਡਾ
ਮੋਟੇ ਮੋਟੇ
ਫਿੱਸੜ ਸਖਤੇ
ਖਰ੍ਹਵੇ ਹੱਥ ।

ਡੌਲੇ
ਕਰੜੇ, ਨਿੱਗਰ, ਮੋਟੇ, ਪੱਥਰੇ ।

ਲੱਤਾਂ
ਲੱਕੜ
ਕਦੇ ਨਾ ਅੱਕਣ
ਕਦੇ ਨਾ ਥੱਕਣ ।

ਨੰਗੇ
ਮੈਲੇ
ਤ੍ਰੇੜੇ
ਪਾਟੇ
ਪੈਰ ।

ਲੱਕ ਇਕ ਲੰਗੋਟ
ਨੰਗ ਢਕੇਂਦਾ ਮਰ ਮਰ ।

ਸਿਰ ਖਦਰੀਲਾ ਇੱਨੂੰ ਧਰਿਆ
ਉੱਤੇ ਚੱਕੀ
ਇਕ ਕੜਾਹੀ ਗਾਰੇ ਵਾਲੀ
ਭੱਦੀ ਮੋਟੀ ਧੌਣ
ਹਿਠਾਂ ਹੀ ਰਹਿੰਦੀ ਜਾਂਦੀ
ਸਦੀਆਂ ਤੋਂ ਇਹ ਤੁਰਿਆ ਆਉਂਦਾ
ਏਵੇਂ ਏਵੇਂ
ਹੰਭਿਆ ਹੰਭਿਆ
ਝੰਬਿਆ ਝੰਬਿਆ
ਮੁੜ੍ਹਕੋ ਮੁੜ੍ਹਕੀ

ਇਸ ਨੂੰ ਕਦੇ ਨਾ ਛੁੱਟੀ ਹੁੰਦੀ
ਨਾ ਜਿੰਦ ਅਜ਼ਾਬੋਂ ਛੁਟਦੀ
ਨਾ ਪੂਰੀ ਇਸ ਦੀ ਪੈਂਦੀ
ਬਸ ਪੂਰਾ ਹੁੰਦਾ ਜਾਂਦਾ ।

ਕਦੀ ਉਸਾਰੇ ਮੰਦਰ ਇਸ ਨੇ
ਕਦੇ ਕਿਸੇ ਦੇ
ਕਦੇ ਕਿਸੇ ਦੇ
ਕੋਈ ਨਾ ਇਸ ਨੂੰ ਮੰਦਰ ਮਿਲਿਆ ਅਪਣਾ ।

ਇਸ ਦਾ ਗੱਡਾ
ਰਿਹਾ ਖੜੋਤਾ ਉਵੇਂ ਹੀ
ਸਾਰੀਆਂ ਚੱਕੀਆਂ
ਅਤੇ ਮਸ਼ੀਨਾਂ
ਏਸ ਬਣਾਈਆਂ
ਵਿਚ ਪਸੀਂਦਾ ਗਿਆ ਵਿਚਾਰਾ ਆਪ ਹੀ
ਕੇਹੀ ਨਿਕਾਰੀ ਵਰਤੋਂ ਏਸ ਮਨੁੱਖ ਦੀ
ਕੇਹਾ ਥੁੜੇਰਾ ਮੁੱਲ ।

ਦੁਨੀਆਂ ਬਦਲੀ
ਬਦਲਦੀ ਬਦਲਦੀ
ਬਦਲੀ ਜਾਂਦੀ
ਇਸ ਦੀ ਦੁਨੀਆਂ
ਅਜੇ ਨਾ
ਕਦੇ ਨਾ
ਬਦਲੀ ।

ਕਦ ਆਸੀ ਉਹ ਦੌਰ
ਜਦ ਹੋਸੀ ਇਹ ਕਾਦਰ
ਉਪਰ ਕੁਦਰਤਾਂ
ਕੁਦਰਤ ਕਰਸੀ ਆਪ
ਕੰਮ ਸਭ ਏਸ ਦੇ
ਇਹ ਬੱਸ
ਵਿੰਹਦਾ ਰਹਿਸੀ ਸਾਰੀਆਂ ਕੁਦਰਤਾਂ
ਹਸਦਾ, ਖੇਡਦਾ
ਵਿਸਮਦਾ ਵਾਂਗਰ ਜਿਉਂਦਿਆਂ
ਕੰਮ ਕਰੇਸੀ, ਖਿੜ ਖਿੜ
ਹਸ ਹਸ, ਸ਼ੁਗਲ ਸਮਝ ਕੇ
ਰੋਣਾ ਧੋਣਾ
ਸੜਨਾ ਕੁੜ੍ਹਨਾ
ਸੁੱਕਣਾ
ਕੁੱਸਣਾ
ਸਭ ਮੁੱਕ ਜਾਸੀ
ਇਕ ਰਹਿਸੀ ਮਜੂਰੀ ਮਨ ਦੀ ਮੌਜ ਦੀ
ਕਦ ਆਸੀ ਉਹ ਦੌਰ ।

60. ਇਕ ਮਦਰਾਸਣ

ਕਾਲੀ ਕਾਲੀ
ਕਰਮਾਂ ਵਾਲੀ
ਨਿੱਕੀ ਜੇਹੀ
ਗਿਟਣੀ ਜੇਹੀ
ਗੋਲ ਮਟੋਲ
ਪੈਰੋਂ ਨੰਗੀ
ਸਿਰ ਤੋਂ ਨੰਗੀ
ਰੂਹ ਭੀ ਨੰਗ-ਮੁਨੰਗੀ ।

ਮਸਤੀ ਹੋਈ
ਮੁਸ਼ਕੀ ਹੋਈ
ਗੁੜ੍ਹਕੇ ਤੇ ਮੁਸਕਾਵੇ
ਭੁੜਕੇ ਖਿੱਦੂ ਵਾਂਗਰ
ਅੱਖਾਂ ਗੁਟਾਰ ਜਹੀਆਂ
ਬਾਤਾਂ ਪਾਣ
ਹੋਠ ਨੀਲੇ ਨੀਲੇ
ਪਏ ਮੁਸਕਾਣ
ਚਉ ਨਾ ਆਉਂਦਾ
ਨਿੱਠ ਨਾ ਬਹਿੰਦੀ
ਤੁਰਦੀ ਫਿਰਦੀ
ਤਿਲ੍ਹਕਦੀ ਰਹਿੰਦੀ ।

ਹਸਦੀ ਹਸਦੀ, ਥਕਦੀ ਨਾ
ਵਿਹਲੇ ਕੰਮੀ ਅੱਕਦੀ ਨਾ
ਜੋ ਕੁਝ ਲੱਭੇ ਖਾ ਲੈਂਦੀ
ਢਿੱਡ ਭਰੇ ਤਾਂ ਗਾ ਲੈਂਦੀ
ਹੌਲੀ ਫੁੱਲ, ਮਮੋਲੀ ਜੇਹੀ
ਕੱਸੀ ਕੱਸੀ ਰਹਿੰਦੀ
ਪਰ
ਰੂਹ ਨਾ ਕੱਸੀ ਰਹਿੰਦੀ
ਰੂਹ ਗੱਲਾਂ ਕਰਦੀ ।

ਆਉਂਦੇ ਜਾਂਦੇ ਰਾਹੀਆਂ ਵੱਲੇ
ਭੇਤ ਦਿਲਾਂ ਦੇ ਖੋਹਲੇ
ਪਈ ਬੁਝਾਰਤਾਂ ਸੁੱਟੇ
ਕੋਈ ਨਾ ਇਸ ਦੀਆਂ ਬੁੱਝੇ
ਤਰਸ ਤਰਸ ਰਹਿ ਜਾਂਦੀ ਡਿੱਠੀ
ਕੁਝ ਨਾ ਉਸ ਨੂੰ ਸੁੱਝੇ
ਕੋਈ ਨਾ ਮਿਲਦਾ ਐਸਾ ਰਾਹੀ
ਜਿਸਦੀ ਗੱਲੇ ਰੁੱਲੇ ।

ਬਾਤ ਸੁਣਾਵੇ
ਜੀ ਪਰਚਾਵੇ
ਬਾਤਾਂ ਪਾਵੇ
ਬਾਤਾਂ ਬੁੱਝੇ
ਕੋਈ ਨਾ ਮਿਲਦਾ ਐਸਾ ਰਾਹੀ
ਜੋ ਭੇਤ ਖੋਲ੍ਹ ਦਏ ਗੁੱਝੇ
ਤਰਸ ਵੇਖ ਵੇਖ ਮੈਨੂੰ ਆਵੇ
ਮੈਂ ਜਾ ਬੈਠਾ ਉਹਦੇ ਸਾਹਵੇਂ
ਮੈਂ ਨਾ ਬੋਲੀ ਉਸ ਦੀ ਜਾਣਾਂ
ਉਹ ਨਾ ਮੇਰੀ ਜਾਣੇ
ਮੈਂ ਨਾ ਉਸ ਦੀ ਰਮਜ਼ ਪਛਾਣਾਂ
ਉਹ ਨਾ ਮੇਰੀ ਸਿਆਣੇ
ਪਰ ਦੋਵੇਂ ਟੁਰਦੇ ਆਏ ਦੂਰੋਂ
ਟੁਰੇ ਹੋਵਸਾਂ 'ਕੱਠੇ ਪਹਿਲੋਂ
ਫੇਰ ਵਿਛੜ ਗਏ ਪੂਰੋਂ
ਅਜ ਮਿਲੇ ਜਾ ਫੇਰ ਕਿਥਾਈਂ
ਹੋਣੀ ਪਾਪੜ ਵੇਲੇ
ਐਡੀ ਵੱਡੀ ਦੁਨੀਆਂ ਅੰਦਰ
ਮੁੜ ਕੇ ਹੋ ਪਏ ਮੇਲੇ
ਰੂਹਾਂ ਸਾਡੀਆਂ ਪੇਚੇ ਪਾਏ
ਹੋਣੀ ਸੋ ਨਾ ਖੋਲ੍ਹੇ ।

ਅੱਜ ਦੋਹਾਂ ਰੂਹਾਂ ਨੇ ਰਲ ਕੇ
ਦੋ ਦੋ ਅੱਥਰੂ ਡੋਲ੍ਹੇ
ਮਿਟ ਗਈ ਸਾਡੀ ਤਾਂਘ ਤ੍ਰਿਸ਼ਨਾ
ਦੋਵੇਂ ਹੋ ਗਏ ਹੌਲੇ
ਮੈਂ ਤੁਰਿਆ ਮੁੜ ਆਪਣੇ ਰਾਹੇ
ਉਹ ਬੈਠੀ ਰਹੀ ਉਹਲੇ
ਬੁਲ੍ਹ ਮੁਸਕਾਣ
ਅੱਖਾਂ ਫਰਕਣ
ਰੂਹ ਪਈ ਚਹਿਕੇ ਬੋਲੇ ।

ਨਾ ਕੁਝ ਖੱਟਿਆ
ਨਾ ਕੁਝ ਵੱਟਿਆ
ਪਲਕ ਝਲਕ ਦੇ ਮੇਲੇ ।

ਹੱਸ ਲਿਆ ਏ
ਰੱਜ ਲਿਆ ਏ
ਲੰਘ ਗਿਆ ਚੰਗਾ ਵੇਲਾ
ਏਦੂੰ ਵਧ ਕੇ ਹੋਰ ਕੀ ਖੱਟੀ
ਕੀ ਏਦੂੰ ਵੱਧ ਵਪਾਰ
ਬਿਨਾਂ ਵਲੇਵੇਂ
ਬਿਨਾਂ ਛੁਪੇਵੇਂ
ਰੂਹਾਂ ਕੀਤਾ ਪਿਆਰ ।

ਸ਼ਾਲਾ ! ਵੱਸੇ ਇਹ ਮਦਰਾਸਣ
ਵੱਸੇ ਇਹਦਾ ਵਿਹੜਾ
ਜਿੱਥੇ ਆ ਕੇ ਰਾਹੀ ਰੂਹਾਂ
ਰਤਾ ਕੁ ਲੈਂਦੀਆਂ ਖੇੜਾ ।

61. ਮਲ੍ਹਿਆਂ ਦੇ ਬੇਰ

ਹੋ ਸਕਦਾ ਸੀ
ਰਾਹ ਮੇਰਾ ਚੰਗਾ ਫੁੱਲਾਂ ਵਾਲਾ
ਮੈਂ ਰਾਹੀ ਚੰਗਾ ਖੇੜੇ ਵਾਲਾ ।

ਇਹ ਕਿਸ ਬੀਜੇ ਮੇਰੇ ਰਾਹ ਵਿਚ ਕੰਡੇ ?
ਮਲ੍ਹਿਆਂ ਵਾਲੇ, ਪੁਹਲੀਆਂ ਵਾਲੇ, ਭੱਖੜੇ ਵਾਲੇ
ਪੈਰਾਂ 'ਚ ਚੁਭਦੇ, ਹੱਥਾਂ 'ਚ ਖੁਭਦੇ
ਵਿੱਚੇ ਵਿਚ ਟੁੱਟਦੇ
ਵਧਦੇ ਜਾਂਦੇ
ਇਹ ਮਲ੍ਹੇ, ਇਹ ਪੁਹਲੀਆਂ, ਇਹ ਭੱਖੜੇ
ਮੈਂ ਹਫ਼ ਹਫ਼ ਹੁੱਟਿਆ, ਇਨ੍ਹਾਂ ਹਟਾਂਦਾ ।

ਕਿਸ ਪੁੱਟੇ ਇਹ ਰਾਹ ਵਿਚ ਮੇਰੇ
ਟੋਏ ਟਿੱਬੇ, ਚਿੱਬ ਖੜਿੱਬੇ ?
ਮੈਂ ਡਿਗ ਡਿਗ ਪੈਂਦਾ, ਠੋਕਰਾਂ ਖਾਂਦਾ
ਪੈਰ ਭੀ ਫਟੇ, ਹੱਥ ਭੀ ਫਟੇ
ਠੇਡੇ ਲਗਦੇ, ਟੁਰਿਆ ਨਾ ਜਾਂਦਾ
ਇਹ ਵਧਦੇ ਜਾਂਦੇ
ਟੋਏ ਟਿੱਬੇ, ਵੱਟਾਂ ਬੰਨੇ, ਖੱਡਾਂ ਖੋਲੇ,
ਮੈਂ ਹਫ਼ ਹਫ਼ ਥੱਕਿਆ, ਪੱਧਰ ਕਰਦਾ ਰਾਹ ਇਹ ਮੇਰਾ ।

ਇਹ ਕਿਸ ਖਿਲਾਰੇ ਰਾਹ ਵਿਚ ਮੇਰੇ
ਪੱਥਰ ਰੋੜੇ, ਇੱਟਾਂ ਵੱਟੇ, ਠੀਕਰ ਖਿੰਘਰ ?
ਚੁਭਦੇ ਜਾਂਦੇ, ਫਟਦੇ ਜਾਂਦੇ
ਜ਼ਖ਼ਮੀ ਕਰਦੇ ਪੈਰ ਇਹ ਮੇਰੇ
ਕੂਲੇ ਕੂਲੇ, ਸੋਹਣੇ ਸੋਹਣੇ
ਵੱਸ ਨਾ ਚਲਦਾ, ਰਿਹਾ ਹਟਾਂਦਾ
ਵਧਦੇ ਜਾਂਦੇ
ਰੋੜ ਤੇ ਠੀਕਰ
ਤਿੱਖੇ ਤਿੱਖੇ, ਚੁੰਝਾਂ ਵਾਲੇ, ਕੰਢਿਆਂ ਵਾਲੇ
ਮਿਹਨਤ ਮੁਸ਼ਕਿਲ, ਹਿੰਮਤ ਔਖੀ
ਮੇਲ ਨਾ ਮਿਲਦਾ
ਫਿਰ ਭੀ ਕਰਨੀ ।

ਹੋਣੀ ਹੁੰਦੀ, ਹੁੰਦੀ ਜਾਣੀ
ਟਾਲੀ ਨਾ ਟਲਦੀ, ਰੋਕੀ ਨਾ ਰੁਕਦੀ
ਚੱਕਰ ਚਲਦਾ, ਚਲਦਾ ਜਾਂਦਾ, ਚਲਦਾ ਜਾਂਦਾ
ਨਾ ਰੁਕਦਾ, ਨਾ ਪੁੱਠਾ ਗਿੜਦਾ
ਰੋਣਾ ਭਾਰਾ, ਹੱਸਣਾ ਹੌਲਾ
ਟੁਰਦਿਆਂ ਜਾਣਾ, ਹਸਦਿਆਂ ਜਾਣਾ
ਟਿੱਬਿਆਂ ਤੇ ਚੜ੍ਹਨਾ, ਟੋਇਆਂ 'ਚ ਵੜਨਾ
ਹਸ ਹਸ ਡਿਗਣਾ, ਹਸ ਹਸ ਉਠਣਾ
ਕੰਡੇ ਚੁਭਣੇ, ਰੋੜੇ ਖੁਭਣੇ
ਪੀੜਾਂ ਜਰਨੀਆਂ, ਠੇਡੇ ਖਾਣੇ
ਮਿਲ ਮਿਲ ਸਹਿਣਾ, ਮਿਲ ਮਿਲ ਬਹਿਣਾ
ਮਿਲ ਮਿਲ ਰਹਿਣਾ, ਮਿਲ ਮਿਲ ਵਹਿਣਾ ।

ਚਲਦਿਆਂ ਚਲਣਾ
ਮਲ੍ਹਿਆਂ 'ਚੋਂ ਲੰਘਣਾ
ਮਿਲ ਮਿਲ ਟੁਰਨਾ ਸੰਝ ਸਵੇਰ
ਮਿਲ ਮਿਲ ਖਾਣੇ ਮਲ੍ਹਿਆਂ ਦੇ ਬੇਰ
ਨਿੱਕੇ ਨਿੱਕੇ, ਮਿੱਠੇ ਮਿੱਠੇ, ਸੋਹਣੇ ਸੋਹਣੇ
ਗੋਲ ਗੋਲ, ਲਾਲ ਲਾਲ, ਕੋਕਨ ਬੇਰ
ਕੁਝ ਨਾ ਸਰਦਾ, ਢਿੱਡ ਨਾ ਭਰਦਾ
ਫਿਰ ਭੀ ਖਾਣੇ, ਚਿਥ ਚਿਥ ਖਾਣੇ
ਸੁਆਦਾਂ ਨਾਲ
ਇਸ ਸੁਆਦੀ ਇਸ ਰਾਹ ਦੇ ਮੇਵੇ
ਰੱਬ ਅਸਾਨੂੰ ਸਦਾ ਹੀ ਦੇਵੇ
ਰਜ ਰਜ ਖਾਈਏ
ਹਸ ਹਸ ਖਾਈਏ
ਮਿਲ ਮਿਲ ਖਾਈਏ
ਰਲ ਮਿਲ ਖਾਈਏ
ਮਲ੍ਹਿਆਂ ਦੇ ਬੇਰ ।

ਉਹਲੇ ਉਹਲੇ ਬਹਿ
ਟਾਵੇਂ ਟਾਵੇਂ, ਮਲ੍ਹਿਆਂ ਦੀ ਛਾਵੇਂ
ਸਾਇਆਂ ਹੇਠ
ਬਹਿ ਬਹਿ ਖਾਣੇ, ਰਜ ਰਜ ਖਾਣੇ
ਗਿਟਕ ਸਮੇਤ
ਇਹ ਮਿੱਠੇ ਇਸ ਰਾਹ ਦੇ ਮੇਵੇ
ਮਲ੍ਹਿਆਂ ਦੇ ਬੇਰ ।

62. ਆਨੰਦਪੁਰੀ

(ਆਨੰਦਪੁਰੀ ਦੇ ਵਾਲੀ ਨੂੰ,
ਆਨੰਦਪੁਰ ਛੋੜਨ ਤੇ)

ਆਨੰਦਪੁਰ ਦੇ ਵਾਲੀਆ !
ਹੇ ਮਾਲੀਆ! ਰਖਵਾਲਿਆ !
ਆਨੰਦਪੁਰ ਨੂੰ ਛੋੜ ਕੇ
ਵਾਗਾਂ ਨੀ ਕਿਧਰ ਮੋੜੀਆਂ ?
ਆਹ ਵੇਖ

ਰੋਂਦੇ ਬੇਲ, ਬਿਰਖ
ਪੰਛੀ, ਪਸ਼ੂ, ਨਾਰੀ, ਮਨੁੱਖ
ਪਾਣੀ ਪਵਨ ਕੁਰਲਾ ਰਹੇ
ਕਿਉਂ ਮੋਹ-ਤਣਾਵਾਂ ਤੋੜੀਆਂ ?

ਹੇ ਸੱਤ ਚਿੱਤ, ਆਨੰਦ
ਬੇਗ਼ਮਪੁਰੇ ਦੇ ਸਾਈਆਂ!
ਬੰਦੀ ਨੂੰ ਜਾਨੈਂ ਦੱਸ ਭਲਾ
ਕਿਸ ਆਸਰੇ ਤੇ ਛੋੜੀਆਂ ?

ਰਸਤੇ ਤੋਂ ਜਦ ਚੁਕ ਜਾਵਾਂਗੀ
ਸ਼ਿਸਤਾਂ ਤੋਂ ਜਦ ਉੱਕ ਜਾਵਾਂਗੀ
ਤਦ ਰਾਹ ਦਿਖਲਾਏਗਾ ਕੌਣ
ਕੌਣ ਕਰਸੀ ਬਹੁੜੀਆਂ ?

ਮੈਂ ਕੀ ਸਾਂ ?
ਬੱਸ, ਬੰਜਰ ਸਾਂ ਇਕ
ਟੀਲਾ ਖ਼ੁਸ਼ਕ, ਪੱਥਰ ਨਿਰੀ
ਵਸਾਇਓ ਈ ਇਹ ਉਜਾੜ ਥੇਹ
ਤੁੱਧ ਵਿਟਹੁੰ ਕੁਰਬਾਨ ਜੀਉ।

ਰੋੜਾਂ 'ਚ ਰੁਮਕੀ ਜ਼ਿੰਦਗੀ
ਬੂਝਿਆਂ 'ਚ ਚਮਕੀ ਬੰਦਗੀ
ਬਖ਼ਸ਼ਿੰਦਗੀ, ਬਖ਼ਸ਼ਿੰਦਗੀ
ਤੇਰੀ ਹੀ ਸਾਰੀ ਸ਼ਾਨ ਜੀਉ ।

ਉਲਫ਼ਤ ਦਾ ਚਸ਼ਮਾ ਉਮ੍ਹਲਿਆ
ਰਹਿਮਤ ਦਾ ਦਰਿਆ ਉਛਲਿਆ
ਕਰਮਾਂ ਦੇ ਕੱਟੇ ਜਾਲ ਤੂੰ
ਹੇ ਰੱਬ ਤੇ ਰਹਿਮਾਨ ਜੀਉ ।

ਕੰਡਿਆਂ 'ਚੋਂ ਸ਼ਾਖਾਂ ਫੁੱਟੀਆਂ
ਪੱਥਰਾਂ 'ਚੋਂ ਕੂਹਲਾਂ ਉਮੜੀਆਂ
ਉੱਜੜੀ ਦਾ ਵਿਹੜਾ ਵੱਸਿਆ
ਹੋਇਉਂ ਮੇਰਾ ਮਹਿਮਾਨ ਜੀਉ ।

ਲੰਗਰ ਚੱਲੇ, ਰੋਟੀ ਮਿਲੀ
ਪੂਜਾ ਹੋਈ, ਪੋਸ਼ਸ਼ ਮਿਲੀ
ਵੇਦਨ ਸੁਣੀ, ਦਾਰੂ ਦੀਆ
ਖ਼ਿਦਮਤ ਹੋਈ ਬੀਮਾਰ ਦੀ ।

ਲਹਿਰਾਂ ਤੇ ਬਹਿਰਾਂ ਹੋ ਗਈਆਂ
ਝੂਟੇ ਤੇ ਝੂਮਾਂ ਆਈਆਂ
ਕਵੀਆਂ ਨੇ ਕਵਿਤਾ ਆਖੀਆਂ
ਕੀਰਤ ਹੋਈ ਕਰਤਾਰ ਦੀ।

ਜੀਵਨ ਦੇ ਚਸ਼ਮੇ ਵਹਿ ਤੁਰੇ
ਅੰਮ੍ਰਿਤ ਦੇ ਬਾਟੇ ਭਰ ਮਿਲੇ
ਵਾਰਾਂ ਸੀ ਗੰਵੀਆਂ ਢਾਡੀਆਂ
ਘਨਘੋਰ ਆਸਾ ਵਾਰ ਦੀ ।

ਜੰਗਲ 'ਮੰਗਲ ਹੋ ਗਿਆ
ਕੱਟੇ ਗਏ ਸੰਗਲ ਮਿਰੇ
ਰੰਗਾਂ 'ਚ ਮੈਂ ਰੰਗੀ ਗਈ
ਰਹਿਮਤ ਹੋਈ ਸਰਦਾਰ ਦੀ ।

ਦੁਖੀਆਂ ਦੇ ਦੁੱਖ ਤੇ ਸੋਗ ਗਏ
ਸਭ ਰੋਗੀਆਂ ਦੇ ਰੋਗ ਗਏ
ਕਾਇਰ ਨਿਡਰ ਨਿਰਭੈ ਭਏ
ਮੋਇਆਂ ਨੇ ਛਾਲਾਂ ਮਾਰੀਆਂ ।

ਧੌਂਸੇ ਵੱਜੇ, ਡੰਕੇ ਚਲੇ
ਕੇਸਰ ਧਵਜ ਅੰਬਰ ਝੁੱਲੇ
ਅਕਾਲ ਗੂੰਜਾਂ ਉੱਠੀਆਂ
ਸਦਕੇ ਤੇਰੇ ਬਲਿਹਾਰੀਆਂ ।

ਮਾਰਾਂ ਪਈਆਂ ਕੁਰਲਾਏ ਜਦ
ਤੈਨੂੰ ਸੀ ਆਇਆ ਦਰਦ ਤਦ
ਤੇਰੇ ਚਲੇ ਨਿਰਵੈਰ ਬਾਣ
ਜ਼ੁਲਮ ਫੌਜਾਂ ਹਾਰੀਆਂ ।

ਜੀਵਨ ਦੇ ਵਿਚ ਆਨੰਦ ਹੈ
ਮਰਨਾ ਵੀ ਇੱਕ ਆਨੰਦ ਹੈ
ਇਹ ਖੇਲ ਸਭ ਕਰਤਾਰ ਦਾ
ਰਮਜ਼ਾਂ ਸੁਝਾਈਆਂ ਸਾਰੀਆਂ ।

ਉਲਫ਼ਤ ਦੀ ਤਾਣੀ ਤਣ ਗਈ
ਹਉਮੈ ਤੇ ਈਰਖਾ ਛਣ ਗਈ
ਤੇ ਸਾਂਝ ਸਭ ਦੀ ਬਣ ਗਈ
ਸਭਨਾਂ ਦਾ ਸਾਂਝੀਵਾਲ ਤੂੰ ।

ਸਾਂਝਾ ਸੀ ਖਾਣਾ ਪੀਵਣਾ
ਸਾਂਝਾ ਸੀ ਮਰਨਾ ਜੀਵਣਾ
ਨਾ ਊਚ ਨਾ ਕੋਈ ਨੀਵਣਾ
ਤੇ ਸਭਸ ਦਾ ਰਖਵਾਲ ਤੂੰ ।

ਟੋਏ ਤੇ ਟਿੱਬੇ ਢਹਿ ਗਏ
ਕੰਧਾਂ ਤੇ ਬੰਨੇ ਵਹਿ ਗਏ
ਵੰਡ ਵਿਤਕਰੇ ਸਭ ਰਹਿ ਗਏ
ਸਭ ਦਾ ਪਿਤਾ ਪ੍ਰਿਤਪਾਲ ਤੂੰ ।

ਤਦ ਪ੍ਰੇਮ ਦਾ ਹੀ ਰਾਜ ਸੀ
ਤੇ ਪ੍ਰੇਮ ਦਾ ਸਭ ਸਾਜ਼ ਸੀ
ਤੇ ਪ੍ਰੇਮ ਦਾ ਸਭ ਕਾਜ ਸੀ
ਸਭਨਾਂ ਦਾ ਮਹਿਰਮ ਹਾਲ ਤੂੰ ।

ਝਾਕੀ ਆਨੰਦ ਦੀ ਦੱਸ ਕੇ
ਤੇ ਮੁਸਕਰਾ ਕੇ ਹੱਸ ਕੇ
ਲੱਸ ਵੱਸ ਕੇ ਤੇ ਰੱਸ ਕੇ
ਹੁਣ ਜਾਵਨੈਂ ਕਿਉਂ ਛੋੜ ਕੇ ?

ਤੁਧ ਬਾਜ ਕੀਕਰ ਰਹਾਂਗੀ
ਤੂੰ ਜਾਏਂਗਾ ਮੈਂ ਢਹਾਂਗੀ
ਤੇ ਫਿਰ ਨਾ ਉਠ ਕੇ ਬਹਾਂਗੀ
ਟੁਰ ਜਾਈਂ ਹੱਥੀਂ ਰੋੜ੍ਹ ਕੇ ।

ਤੂੰ ਜਿੰਦ ਸੈਂ ਬੇਜਾਨ ਦੀ
ਤੇ ਕਿੰਦ ਸੈਂ ਬੇ ਆਨ ਦੀ
ਤੂੰ ਰੂਹ ਸੈਂ ਈਮਾਨ ਦੀ
ਸੁੱਟ ਗਿਉਂ ਮੈਨੂੰ ਬੋੜ ਕੇ ।

ਇਹ ਹੁਕਮ ਸੀ ਨਿਰੰਕਾਰ ਦਾ
ਬੇਅੰਤ ਪਰਵਰਦਗਾਰ ਦਾ
ਸਭ ਖੇਲ ਸੀ ਕਰਤਾਰ ਦਾ
ਦੱਸ ਗਿਉਂ ਭੇਤ ਨਿਚੋੜ ਕੇ ।

ਫਿਰ ਆਵਸੈਂ ? ਕਦ ਆਵਸੈਂ ?
ਤੇ ਰੰਗ ਫਿਰ ਕਦ ਲਾਵਸੈਂ?
ਮੋਈ 'ਚ ਜਿੰਦ ਫਿਰ ਪਾਵਸੈਂ
ਇਸ ਆਸ ਉੱਤੇ ਜੀਆਂਗੀ ।

ਜੀਅ-ਦਾਨ ਖੇਲਾਂ ਖੇਲ ਸੈਂ
ਫਿਰ ਵਿਛੜਿਆਂ ਨੂੰ ਮੇਲ ਸੈਂ
ਤੇ ਸਾਰ ਮੇਰੀ ਲੈਵਸੈਂ
ਇਸ ਲਾਰੇ ਉੱਤੇ ਥੀਆਂਗੀ।

ਤੱਕਾਂਗੀ ਫਿਰ ਕਦ ਨੂਰ ਨੂੰ
ਅੱਲਾ ਦੇ ਪਾਕ ਜ਼ਹੂਰ ਨੂੰ
ਤੁਧ ਹਾਜ਼ਰ ਹਜ਼ੂਰ ਨੂੰ
ਕਦ ਚਰਨ-ਅੰਮ੍ਰਿਤ ਪੀਆਂਗੀ ।

ਚੌਤਰਫ ਆਨੰਦ ਛਾਏਗਾ
ਦੁੱਖ, ਦਰਦ, ਗ਼ਮ ਮਿਟ ਜਾਏਗਾ
ਸਾਰਾ ਜਹਾਂ ਸੁੱਖ ਪਾਏਗਾ
ਮੈਂ ਧਰਤ ਠੰਡੀ ਥੀਆਂਗੀ ।

63. ਅਕਾਲੀ ਨੂੰ !

ਤੂੰ ਚੁਰਾਸੀ ਤੋਂ ਵੱਖਰਾ ਏਂ-ਉਚੇਰਾ
ਕਾਲ ਦੀ ਹੱਦੋਂ ਪਰੇ
ਤੂੰ ਜਿਉਂਦਾ ਹੈਂ ਬੱਸ
ਤੇਰੇ ਲਈ ਨਹੀਂ
ਦੇਸ਼ ਤੇ ਸਮੇਂ ਦੀ ਹੱਦਬੰਦੀ
ਭੂਤ ਭਵਿੱਖ ਦੀ ਵਰਤੋਂ ।

ਤੂੰ
ਦੁਨੀਆਂ ਤੋਂ
ਦੁਨੀਆਂ ਵਾਲਿਆਂ ਤੋਂ
ਅੱਡਰਾ ਹੈਂ
ਦੁਨੀਆਂ ਵਗਦੀ ਗੌਂ ਦੇ ਧੁਰੇ ਉਦਾਲੇ
ਤੇਰਾ ਧਰਮ-ਸੇਵਾ, ਪਿਆਰ, ਸੱਚ !
ਸੇਵਾ ਸਭ ਦੀ
ਜ਼ਾਤ, ਰੰਗ
ਕੌਮ, ਦੇਸ਼
ਊਚ, ਨੀਚ ਦੇ ਵਿਤਕਰੇ, ਵੰਡਾਂ ਬਿਨ
ਪਿਆਰ ਸਭ ਨਾਲ
ਪਸ਼ੂ, ਪੰਖੀ
ਮਨੁੱਖ, ਜੀਵ, ਨਿਰਜੀਵ
ਅਕਾਲ ਦੀ ਜੋਤ ਵਸਦੀ ਸਭ ਵਿਚ
ਤੂੰ ਜਿਸਦਾ ਪੁਜਾਰੀ ।
ਸੱਚ-ਉਹੋ ਜਿਹਾ
ਜਿਹੋ ਜਿਹਾ ਹੈ
ਸਭ ਕੁਫ਼ਰ ਸਮਾਅ ਜਾਂਦੇ ਜਿਸ ਵਿਚ
ਸਭ ਝੂਠ
ਦੁਸ਼ਮਣੀ, ਈਰਖਾ, ਸਾੜਾ
ਤੇਰੀ ਬਣਤਰ ਵਿਚ ਨਹੀਂ
ਡਰ, ਡਰਾਵ, ਫਰੇਬ
ਤੇਰੀ ਮਿੱਟੀ ਵਿਚ ਨਹੀਂ
ਕਪਟ, ਕ੍ਰੋਧ, ਸਾੜਾ
ਤੇਰੇ ਖ਼ਮੀਰ ਵਿਚ ਨਹੀਂ ।

ਤੇਰਾ ਕੋਈ ਮੁਲਕ ਨਹੀਂ
ਕੋਈ ਮਜ਼੍ਹਬ
ਕੋਈ ਮਸਜਿਦ
ਕੋਈ ਮੰਦਰ ਨਹੀਂ
ਕਿ ਤੇਰੇ ਹਨ
ਸਭ ਮੁਲਕ
ਸਭ ਮਜ਼੍ਹਬ
ਸਭ ਮਸਜਿਦਾਂ
ਸਭ ਮੰਦਰ
ਤੂੰ ਆਜ਼ਾਦ ਹੈਂ
ਭਰਮਾਂ, ਵਹਿਮਾਂ, ਭੁਲੇਖਿਆਂ ਤੋਂ
ਤੂੰ ਬੱਧਾ ਹੈਂ
ਸੇਵਾ, ਪਿਆਰ, ਸੱਚਾਈ ਦੇ ਬੰਧਨਾਂ ਵਿਚ ।

ਇਹ ਮੈਂ ਕੀਹ ਸੁਣਨਾਂ ?
ਤੂੰ ਗੁਰਦੁਆਰੇ ਮੱਲੀ ਜਾਨੈਂ ?
ਮਸੀਤਾਂ ਢਾਈ ਜਾਨੈਂ ?
ਗੁਰਦੁਆਰੇ ਬਣਾਈ ਜਾਨੈਂ ?
ਮੱਲਣਾ ਤੇਰਾ ਧਰਮ ਹੋਇਆ
ਕਦ ਤੋਂ ?
ਗੁਰਦੁਆਰਿਆਂ 'ਚ ਬੈਠ ਰਿਹਾ
ਮਸਜਿਦਾਂ ਖਾਲੀ ਕਰ ਕੇ
ਕਦ ਤੋਂ ?
ਪਛਾਣ ਉਸ ਨੂੰ
ਪਛਾਣ ਆਪਾ
ਖੋਹਿਆ ਗਿਆ ਉਹ
ਖੋਹਿਆ ਗਿਆ ਤੂੰ ।

ਅੱਲਾਹ ਤੇ ਅਕਾਲ
ਇਕ ਥਾਂ ਨਹੀਂ ਰਹਿ ਸਕਦੇ
ਕਿਉਂ ?
ਅਕਾਲੀ ਤੇ ਮੁਸਲਿਮ
ਇਕ ਥਾਂ ਨਹੀਂ ਬਹਿ ਸਕਦੇ
ਕਿਉਂ ?
ਮੁਸਲਿਮ ਮੂਰਖ ਨਹੀਂ
ਤੂੰ ਸਿਆਣਾ ਕਿਵੇਂ ?
ਮੁਸਲਿਮ ਢਾਊ ਨਹੀਂ
ਤੂੰ ਉਸਾਰੂ ਕਿਵੇਂ ?

64. ਮੇਰੀ ਦੁਨੀਆਂ

ਉਹ ਮੇਰੀ ਦੁਨੀਆਂ
ਦੂਰ ਕਿਤੇ ਹੈ
ਦੂਰ ਪਰੇ ਹੈ
ਉੱਚੀ ਉੱਚੀ
ਸੁੱਚੀ ਸੁੱਚੀ
ਪਿਆਰਾਂ ਵਾਲੀ
ਪ੍ਰੀਤਾਂ ਵਾਲੀ
'ਮੇਰ' 'ਤੇਰ' ਦਾ ਝਗੜਾ ਨਹੀਂ
'ਹੈਂ', 'ਹ', 'ਹਾਂ' ਦਾ ਰਗੜਾ ਨਹੀਂ ।

ਚੁੱਪ ਦਾ ਇਕ ਰਾਗ ਹੈ ਓਥੇ
ਪੀੜਾਂ ਦਾ ਵੀ ਸੁਆਦ ਹੈ ਓਥੇ
ਪੀੜਾਂ ਓਥੇ ਹੋਵਣ ਸਾਂਝੀਆਂ
ਰੰਜ ਓਥੇ ਸਭ ਵੰਡੇ ਜਾਂਦੇ
ਖ਼ੁਸ਼ੀਆਂ ਦੇ ਵਿਚ ਵਟਦੇ ਜਾਂਦੇ ।

ਖ਼ੁਸ਼ੀ ਹੈ ਓਥੇ
ਸ਼ੁਕਰ ਹੈ ਓਥੇ
ਉਹ ਮੇਰੀ ਦੁਨੀਆਂ
ਇਹ ਸਭ ਕੁਝ ਜਿੱਥੇ
ਮੈਂ ਇਸ ਦੁਨੀਆਂ ਦਾ ਬੰਦਾ ਨਹੀਂ
ਉਹ ਮੇਰੀ ਦੁਨੀਆਂ
ਦੂਰ ਕਿਤੇ ਹੈ
ਦੂਰ ਪਰੇ ਹੈ ।

65. ਧੜਵਾਈ

ਲੋਕ ਇਆਣੇ
ਬੜੇ ਸਿਆਣੇ
ਮੈਨੂੰ ਨਾਪਦੇ
ਉਹੋ ਪੁਰਾਣੇ ਮੇਚੇ ਨਾਲ
ਮੇਚ ਚਿਰਾਣੇ
ਫਟੇ ਪੁਰਾਣੇ
ਠੀਕ ਨਾ ਬਹਿੰਦੇ ।

ਮੈਂ ਵੱਡਾ ਹੋ ਗਿਆ
ਉੱਚਾ ਹੋ ਗਿਆ
ਬੜਾ ਜੁਆਨ
ਅਜੇ ਭੀ ਵਧਦਾ
ਵਧਦਾ ਜਾਂਦਾ
ਤੇ
ਇਹ ਮੇਚੇ
ਬੱਚਿਆਂ ਵਾਲੇ
ਛੋਟੇ ਛੋਟੇ
ਨਿੱਕੇ ਨਿੱਕੇ
ਖੇਡ ਖਡੁਕਣੇ
ਕਿਵੇਂ ਇਹ ਨਾਪਣ ਮੈਨੂੰ ।

ਨਾਪ ਨਾ ਸੱਕਣ
ਤੋਲ ਨਾ ਸੱਕਣ
ਹਾੜ ਨਾ ਸੱਕਣ
ਮੈਂ ਬਹੁਤਾ ਵੱਡਾ
ਬਹੁਤਾ ਭਾਰਾ
ਬਹੁਤਾ ਨਿੱਗਰ ਹੋਇਆ
ਇਹ ਗੀਟੇ, ਗੀਟੀਆਂ
ਪਾਅ, ਸਰਸਾਹੀਆਂ
ਤੋਲ ਨਾ ਸੱਕਣ ਮੈਨੂੰ ।

ਛਿੱਥੇ ਹੁੰਦੇ
ਇਹ ਧੜਵਾਈ
ਆਖਦੇ
ਇਹ ਵੱਡਾ
ਇਹ ਵਹਿਤਰ ਬੰਦਾ
ਸਾਡੇ ਤੋਲ ਨਾ ਤੁਲਦਾ
ਨਵਾਂ ਨਮੂਨਾ
ਕਿੱਥੋਂ ਆਇਆ
ਸਾਡੇ ਜੋਖ ਨਾ ਜੁਖਦਾ
ਕੋਸਦੇ ਮੈਨੂੰ ਐਵੇਂ, ਐਵੇਂ
ਤੋਲ ਨਾ ਬਦਲਣ ਆਪਣੇ
ਇਹ ਮੂਰਖ ਲੋਕ
ਵੱਡੇ ਧੜਵਾਈ !

ਜੁਗ ਪਲਟ ਗਏ
ਰਾਜ ਬਦਲ ਗਏ
ਦੁਨੀਆਂ ਬਦਲੀ
ਅੱਗੇ ਲੰਘੀ
ਮੈਂ ਵੀ ਬਦਲਿਆ-ਵੱਡਾ ਹੋਇਆ
ਮੈਂ ਪੱਥਰ ਨਾ ਸੀ
ਨਾ ਮੈਂ ਮੁਰਦਾ
ਨਾ ਮੈਂ ਮੂੜ੍ਹ ਮਹਾਤਮਾ
ਨਾ ਜੰਮਿਆਂ ਪਾਣੀ, ਠੰਡੀ ਬਰਫ਼ !

ਤੁਸੀਂ ਵੀ ਬਦਲੋ, ਓ ਧੜਵਾਈਓ
ਨਾਲੇ ਬਦਲੋ ਵੱਟੇ ਆਪਣੇ
ਨਿੱਕੇ ਨਿੱਕੇ, ਹੌਲੇ ਹੌਲੇ
ਨਿੱਗਰ ਨਵਿਆਂ ਵੱਟਿਆਂ ਨਾਲ
ਫਿਰ ਨਾ ਹੋਸੋ ਛਿੱਥੇ
ਨਾ ਕੋਸੋ ਮੁੜ ਕਿਸੇ ਨੂੰ
ਕਿ
ਦੁਨੀਆਂ ਨਵੀਂ ਨਰੋਈ
ਠੀਕ ਤੁਲੇਗੀ ਨਵੇਂ ਨਰੋਏ ਵੱਟਿਆਂ ਨਾਲ !

66. ਐ ਬਹੂ

ਬਹੂ!
ਆਪਣਾ ਕੰਮ ਖਤਮ ਕਰ ਲੈ
ਸੁਣ
ਪਰਾਹੁਣਾ ਆ ਗਿਆ ਹੈ
ਤੂੰ ਸੁਣਦੀ ਹੈਂ
ਉਹ ਹੌਲੀ ਹੌਲੀ ਦਰਵਾਜ਼ੇ ਦੀ ਕੁੰਡੀ ਖੜਕਾ ਰਿਹਾ ਹੈ ।

ਦੇਖ
ਤੇਰੇ ਪੈਰਾਂ ਦੀਆਂ ਝਾਂਜਰਾਂ ਕਿਤੇ ਛਣਕ ਨਾ ਪੈਣ
ਤੇ ਤੇਰੀ ਚਾਲ ਕਿਤੇ ਉਖੜੀ ਨਾ ਹੋਵੇ
ਜਦੋਂ ਤੂੰ ਉਸ ਨੂੰ ਮਿਲਣ ਜਾਵੇਂ ।

ਬਹੂ ਆਪਣਾ ਕੰਮ ਧੰਦਾ ਮੁਕਾ ਲੈ
ਪਰਾਹੁਣਾ ਆ ਗਿਆ
ਸ਼ਾਮ ਹੋ ਗਈ ਹੈ
ਹਵਾ ਤੇਜ਼ ਚਲ ਰਹੀ ਹੈ
ਬਹੂ ਤੂੰ ਡਰ ਨਾ
ਪੂਰਨਮਾਸ਼ੀ ਦਾ ਚੰਦ ਨਿਕਲਿਆ ਹੋਇਆ ਹੈ
ਅਤੇ ਉੱਤੇ ਅਸਮਾਨ ਸਾਫ਼ ਹੈ ।

ਆਪਣੇ ਮੂੰਹ ਉੱਤੇ ਘੁੰਡ ਕੱਢ ਲੈ
ਜੇ ਤੂੰ ਚਾਹੁੰਦੀ ਹੈਂ
ਤੇ ਦਰਵਾਜ਼ੇ ਤਕ ਦੀਵਾ ਲੈ ਜਾ
ਜੇ ਤੂੰ ਡਰਦੀ ਹੈਂ
ਤੂੰ ਉਹਦੇ ਨਾਲ ਕੋਈ ਗੱਲ ਨਾ ਕਰੀਂ
ਜੇ ਤੂੰ ਸੰਗਦੀ ਹੈਂ ।

ਜਦੋਂ ਤੂੰ ਉਸ ਨੂੰ ਮਿਲੇਂ
ਤਾਂ ਦਰਵਾਜ਼ੇ ਦੇ ਇਕ ਪਾਸੇ ਹੋ ਕੇ ਖੜੋ ਜਾਵੀਂ
ਜੇ ਉਹ ਤੈਨੂੰ ਕੋਈ ਪ੍ਰਸ਼ਨ ਕਰੇ
ਤਾਂ ਤੂੰ ਚੁਪ ਕਰਕੇ ਆਪਣੀਆਂ ਅੱਖਾਂ ਨੀਵੀਆਂ ਕਰ ਲਵੀਂ
ਤੂੰ ਆਪਣੀਆਂ ਚੂੜੀਆਂ ਛਣਕਣ ਨਾ ਦੇਵੀਂ
ਜਦੋਂ ਹੱਥ ਵਿਚ ਦੀਵਾ ਫੜ ਕੇ
ਤੂੰ ਉਸ ਨੂੰ ਅੰਦਰ ਲਿਆਵੇਂ
ਜੇ ਤੈਨੂੰ ਸ਼ਰਮ ਆਉਂਦੀ ਹੈ
ਤਾਂ ਉਸ ਨਾਲ ਨਾ ਬੋਲੀਂ ।

ਬਹੂ !
ਕੀ ਤੂੰ ਹਾਲੇ ਆਪਣਾ ਕੰਮ ਖ਼ਤਮ ਨਹੀਂ ਕੀਤਾ
ਸੁਣ
ਪਰਾਹੁਣਾ ਆ ਗਿਆ ਹੈ
ਕੀ ਤੂੰ ਕੋਠੜੀ ਵਿਚ ਦੀਵਾ ਨਹੀਂ ਜਗਾਇਆ
ਕੀ ਤੂੰ ਸੰਧਿਆ ਦੀ ਪੂਜਾ ਲਈ ਫੁੱਲ ਨਹੀਂ ਚੁਣੇ
ਕੀ ਤੂੰ ਆਪਣੀ ਮਾਂਗ ਵਿਚ ਸਿੰਧੂਰ ਨਹੀਂ ਲਾਇਆ ?
ਐ ਬਹੂ !
ਕੀ ਤੂੰ ਸੁਣਦੀ ਹੈਂ
ਪਰਾਹੁਣਾ ਆ ਗਿਆ ਹੈ
ਆਪਣਾ ਕੰਮ ਬੰਦ ਕਰ ।

(ਮਹਾਂ ਕਵੀ ਟੈਗੋਰ ਦੀ ਇਕ ਰਚਨਾ ਦਾ ਤਰਜਮਾ)

ਫੁਟਕਲ ਰਚਨਾਵਾਂ

67. ਮੇਰਾ ਜੀਵਨ

ਜੀਉਣ ਤੇ ਜੀਅ ਨਹੀਂ ਕਰਦਾ,
ਮਰਨ ਤੋਂ ਆਇ ਡਰ ਮੈਨੂੰ ।
ਜਿਉਣਾ ਦਿਸਦਾ ਨਿਰਾ ਧੋਖਾ,
ਮਰਨ ਕਸ਼ਟਾਂ ਦਾ ਘਰ ਮੈਨੂੰ ।

ਸਦਾ ਪਿਟਣਾ, ਨਿਰਾ ਰੋਣਾ,
ਵਿਛੋੜੇ, ਸਹਿਮ ਤੇ ਅਹੁਰਾਂ,
ਜਿ ਜੀਵਨ ਦੇ ਇਹੀ ਲੱਛਣ,
ਤਾਂ ਇਸਦੀ ਕੀ ਕਦਰ ਮੈਨੂੰ ?

ਈਰਖਾ, ਬੁਗਜ਼, ਕੀਨਾ, ਦਵੈਖ,
ਤਾਨ੍ਹੇ, ਮੇਹਣੇ, ਗਾਲ੍ਹਾਂ,
ਹ੍ਰਿਦਾ ਨਿੱਤ ਲੂੰਹਦੇ ਰਹਿੰਦੇ,
ਕਿਵੇਂ ਆਏ ਸਬਰ ਮੈਨੂੰ ।

ਕੁਈ ਅੱਗੇ, ਕੁਈ ਪਿੱਛੇ,
ਪਿਆਰੇ ਯਾਰ ਟੁਰ ਗਏ ਨੇ,
ਨਾ ਅੱਗੇ ਦੀ, ਨਾ ਪਿੱਛੇ ਦੀ,
ਕੁਈ ਦੇਂਦਾ ਖ਼ਬਰ ਮੈਨੂੰ ।

ਜਿਨ੍ਹਾਂ ਦੇ ਪਯਾਰ ਦਾ ਸਦਕਾ,
ਸਦਕੜੇ ਜਾਨ ਕੀਤੀ ਸੀ,
ਉਨ੍ਹਾਂ ਨੇ ਮਾਰ ਕੇ ਠੁੱਡੇ,
ਘਰੋਂ ਕੀਤਾ ਬਿਘਰ ਮੈਨੂੰ ।

ਜਿਨ੍ਹਾਂ ਦੇ ਪ੍ਰੇਮ ਦੀ ਪੀਂਘੇ,
ਇਹ ਝੂਟੇ ਜਿੰਦ ਲੈਂਦੀ ਸੀ,
ਉਨ੍ਹਾਂ ਦੇ ਹੀ ਵਿਛੋੜੇ ਨੇ,
ਰੁਲਾਯਾ ਦਰ ਬਦਰ ਮੈਨੂੰ ।

ਅੰਦੇਸ਼ੇ, ਹਸਰਤਾਂ, ਹਾਵੇ,
ਉਡੀਕਾਂ, ਤੌਖਲੇ, ਸੋਚਾਂ,
ਇਹੀ ਜੀਵਨ ਬਿਰਛ ਦੇ,
ਪਏ ਫਲ ਔਂਦੇ ਨਜ਼ਰ ਮੈਨੂੰ ।

ਮਜ਼ਹਬ ਤੇ ਫ਼ਲਸਫ਼ੇ ਸਾਰੇ,
ਹਨੇਰੇ ਦੀ ਡੰਗੋਰੀ ਨੇ,
ਟਿਕਾਣਾ ਕੋਈ ਲੱਭਦਾ ਨਾ,
ਨਾ ਦਿੱਸੇ ਕੋਈ ਘਰ ਮੈਨੂੰ ।

ਉਮੰਗਾਂ, ਖਿੱਚਾਂ ਤੇ ਲੋਚਾਂ,
ਉਛਾਲੇ, ਸਿੱਕਾਂ ਤੇ ਸੱਧਰਾਂ,
ਨਿਰਾਸ਼ਾ ਵਿਚ ਬਦਲਣਗੇ,
ਦਿਸੀਂਦਾ ਏ ਹਸ਼ਰ ਮੈਨੂੰ ।

ਤਰਾਵਤ, ਫਬਨ ਤੇ ਠੰਡਕ,
ਸੁਹਜ, ਆਭਾ, ਹੁਸਨ, ਖੇੜਾ,
ਇਹ ਕਿਹੜੇ ਬਾਗ਼ ਖਿੜਦੇ ਨੇ,
ਕੋਈ ਦੱਸੇ ਚਾ ਆ ਕਰ ਮੈਨੂੰ ।

ਹੁਲਾਰੇ, ਮਸਤੀਆਂ, ਲਹਿਰਾਂ,
ਵਲਵਲੇ, ਖਿੱਚਾਂ ਤੇ ਟੁੰਬਾਂ,
ਇਹ ਜਿਹੜੇ ਦੇਸ ਵਸਦੇ ਨੇ,
ਮੈਂ ਉੱਡ ਜਾਂ ਹੋਣ ਪਰ ਮੈਨੂੰ ।

ਸਜਨ ਐਸਾ ਪਿਆਰਾ ਇਕ,
ਦਿਲ ਦਾ ਯਾਰ ਮਿਲ ਜਾਵੇ,
ਲਵੇ ਗਲਵਕੜੀ ਆਪਣੀ 'ਚਿ,
ਕਰਦੇ ਬੇ-ਫ਼ਿਕਰ ਮੈਨੂੰ ।

(ਲੇਖ 'ਮੇਰਾ ਜੀਵਨ' ਵਿੱਚੋਂ)

68. ਮਾਂ-ਪਿਆਰ

ਮਾਂ-ਪਿਆਰ ਦਾ ਆਸਰਾ ਰੱਬ-ਪਿਆਰ !
ਮਾਂ-ਪਿਆਰ ਸਦਾ ਜੁਆਨ, ਬੁੱਢਾ ਕਦੇ ਨਹੀਂ,
ਮਾਂ-ਬੱਚਾ ਸਦਾ ਇਆਣਾ, ਸਿਆਣਾ ਕਦੇ ਨਹੀਂ,
ਮਾਂ-ਪਿਆਰ ਆਵੇ, ਵੱਸੇ ਸਾਡੇ ਵਿੱਚ ਕਦੀ ।

(ਲੇਖ ' ਮਾਂ-ਪਿਆਰ' ਵਿੱਚੋਂ)

69. ਬਖ਼ਤਾਵਰ ਨਹੀਂ ਰੱਬ ਜਿਥੋਂ ਦੇ



ਬਖ਼ਤਾਵਰ ਨਹੀਂ ਰੱਬ ਜਿਥੋਂ ਦੇ,
ਮੁਨਕਰ ਜਿਥੇ ਨਹੀਂ ਗਰੀਬ ।
ਪਾਸ ਪਿਆਸੇ ਪਾਣੀ ਜਾਂਦਾ,
ਜਿਥੇ ਰੋਗੀ ਕੋਲ ਤਬੀਬ ।



ਜੀਵਨ ਪੂਰੀ ਖੁਲ੍ਹ ਹੈ ਜੀਵਨ ਹੈ ਸੁਖ ਦੁਖ ।
ਅੰਦਰ ਸ਼ੀਸ਼ ਮਹਲ ਦੇ ਸੁਕੇ ਹਰਿਆ ਰੁੱਖ ।



ਅਸੀਂ ਨ ਹੋਸਾਂ ਮੁੜਕੇ,
ਸਾਥੋਂ ਚੰਗੇ ਮੰਦੇ,
ਸਾਡੀ ਮਿਟੀਓਂ ਬਣਕੇ
ਵਿਚ ਬਾਜ਼ਾਰ ਵਕੀਸਨ ।



ਸੈ ਸ਼ੌਕਾਂ ਦੇ ਮੇਲ ਮਿਲਾਪੇ
ਦਾ ਹੈ ਨਾਓਂ ਜੁਆਨੀ ।



ਮੈਥੋਂ ਕੁਝ ਇਮਦਾਦ ਨਾ ਹੋਵੇ
ਮੰਗਾਂ ਰੱਬ ਦੀਆਂ ਰੱਖਾਂ ।



ਹਾਏ ਉਹ ਸਾਫ਼ ਗੋਈ, ਸਾਫ਼ ਦਿਲੀ
ਉਹਦੇ ਵਿਛੜਨ ਦਾ ਕਿਉਂ ਨਾ ਕਰੀਏ ਸੋਗ ।

(ਲੇਖ 'ਧੁੱਪ ਛਾਂ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾਕਟਰ ਦੀਵਾਨ ਸਿੰਘ ਕਾਲੇਪਾਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ