Majid Siddiqui ਮਾਜਿਦ ਸਿੱਦੀਕੀ
ਨਾਂ-ਮਾਜਿਦ ਅਲੀ, ਕਲਮੀ ਨਾਂ-ਮਾਜਿਦ ਸਿੱਦੀਕੀ,
ਜਨਮ ਵਰ੍ਹਾ-1938, ਜਨਮ ਸਥਾਨ-ਨੂਰਪੁਰ ਸਹਿਤੀ,
ਵਿਦਿਆ-ਐਮ. ਏ. (ਉਰਦੂ) ਕਿੱਤਾ-ਅਧਿਆਪਨ ਪਤਾਨੂਰਪੁਰ ਸਹਿਤੀ, ਪੰਜਾਬ,
ਛਪੀਆਂ ਕਿਤਾਬਾਂ-ਵਿੱਥਾਂ ਨਾਪਦੇ ਹੱਥ (ਪੰਜਾਬੀ ਗ਼ਜ਼ਲ
ਸੰਗ੍ਰਿਹ) ਸੂਹਾਂ ਲੈਂਦੀ ਅੱਖ (ਪੰਜਾਬੀ ਗ਼ਜ਼ਲ ਸੰਗ੍ਰਿਹ) ਅੱਧ ਅਸਮਾਨ (ਪੰਜਾਬੀ ਸ਼ਾਇਰੀ),
ਮੈਂ ਕਿੰਨੇ ਪਾਣੀ ਵਿਚ ਆਂ (ਨਜ਼ਮਾਂ), ਗੂੰਗੇ ਦੀਆਂ ਰਮਜ਼ਾਂ (ਨਜ਼ਮਾਂ), ਹਾਸੇ ਦੀ ਸਭਾ
(ਨਜ਼ਮਾਂ), ਸੱਚ ਸੁਹਾਗ (ਨਜ਼ਮਾਂ, ਗ਼ਜ਼ਲਾਂ), ਉਚੇਚ (ਨਜ਼ਮਾਂ, ਗ਼ਜ਼ਲਾਂ), ਰਾਤ ਦੀ ਰਾਤ,
ਪਰਤਾਂ, ਤਿਰਹਾਈ ਸੱਧਰ, (ਦੋਵੇਂ ਤਰਜਮੇਂ)।
ਪੰਜਾਬੀ ਗ਼ਜ਼ਲਾਂ (ਅੱਧ ਅਸਮਾਨ 1983 ਵਿੱਚੋਂ) : ਮਾਜਿਦ ਸਿੱਦੀਕੀ
Punjabi Ghazlan (Addh Asman 1983) : Majid Siddiqui
ਅੱਖੀਆਂ ਉਹਲੇ ਸੱਧਰਾਂ ਭਾਂਬੜ ਬਾਲੇ ਨੇ
ਅੱਖੀਆਂ ਉਹਲੇ ਸੱਧਰਾਂ ਭਾਂਬੜ ਬਾਲੇ ਨੇ । ਹੋਠਾਂ ਉੱਤੇ ਡੂੰਘੀ ਚੁੱਪ ਦੇ ਤਾਲੇ ਨੇ । ਮੰਨਿਆ ਸਾਡੀਆਂ ਉਂਗਲਾਂ ਅੱਗ ਦੀਆਂ ਪੋਰਾਂ ਨੇ, ਕਲਮਾਂ ਦੀ ਹੋਠੀਂ ਪਰ ਕੱਕਰ ਪਾਲੇ ਨੇ । ਗੱਲ ਨਖੇੜ ਦੀ ਕੋਈ ਪੱਲੇ ਪੈਂਦੀ ਨਹੀਂ, ਵੇਲੇ ਕੀ-ਕੀ ਵਾਅਦੇ ਕੱਲ੍ਹ 'ਤੇ ਟਾਲੇ ਨੇ । ਖ਼ੌਫ਼ ਦੀ ਇੱਲ੍ਹ ਤੋਂ ਕੁੱਕੜਾਂ ਵਾਂਗੂੰ ਅਸਾਂ ਵੀ, ਤਾਂਘਾਂ ਚੂਚੇ ਪੰਖਾਂ ਹੇਠ ਸੰਭਾਲੇ ਨੇ । ਭਾਅ ਲੱਗੇ ਚਿਟਿਆਈ ਚਿੱਟਿਆਂ ਦੰਦਾਂ ਦੀ, ਖਿੜ-ਖਿੜ ਹਸਦੇ ਯਾਰ ਵੀ ਮਨ ਦੇ ਕਾਲੇ ਨੇ । ਪਲ-ਪਲ ਦਿਲ ਨੂੰ ਸੱਜਰੇ ਘੇਰੇ ਪਾਉਣ ਪਏ, ਜੋ ਮੰਜ਼ਰ ਵੀ 'ਮਾਜਿਦ' ਆਲ-ਦਵਾਲੇ ਨੇ ।
ਜਜ਼ਬਿਆਂ ਨੂੰ ਬੇਥਾਵਾਂ ਕਰ ਗਏ
ਜਜ਼ਬਿਆਂ ਨੂੰ ਬੇਥਾਵਾਂ ਕਰ ਗਏ, ਸੁਪਨਿਆਂ ਨੂੰ ਦਹਿਲਾ ਗਏ ਨੇ । ਚੰਗਿਆਂ ਦਿਨਾਂ ਦੇ ਹਾੜੇ ਸਿਰ 'ਤੇ ਹੋਰ ਭਸੂੜੀਆਂ ਪਾ ਗਏ ਨੇ । ਖ਼ਬਰੇ ਕਿਹੜੀਆਂ ਰੁੱਤਾਂ ਹੱਥੋਂ ਮੁੱਦਤਾਂ ਤੋਂ ਜ਼ੰਜੀਰੇ ਨੇ, ਪਾਂਧੀ ਪੈਰ ਅਸਾਡੇ ਅੱਗੇ, ਚੱਲਣ ਨੂੰ ਸੱਧਰਾ ਗਏ ਨੇ । ਸੂਰਤ ਕੋਈ ਨਾ ਬਣਦੀ ਜਾਪੇ ਸੰਗ ਮੁਕੱਦਰ ਕੁੜਮਾਈ ਦੀ, ਵਿੱਚ ਉਡੀਕਾਂ ਫੁੱਲ ਗਾਨੇ ਦੇ, ਵੀਣੀਆਂ 'ਤੇ ਕੁਮਲਾ ਗਏ ਨੇ । ਟਿੰਡਾਂ ਦਾ ਕੀ ਐਤਕ 'ਤੇ ਮਾਹਲਾਂ ਵੀ ਟੁੱਟੀਆਂ ਹੋਣਗੀਆਂ, ਅੱਚਣ-ਚੇਤੀ ਖੂਹ ਤਾਂਘਾਂ ਦੇ ਇੰਜ ਉਲਟੇ ਚਕਰਾ ਗਏ ਨੇ । ਵੇਲੇ ਨੇ ਕਦ ਪਰਤਨ ਦਿੱਤੈ ਵਧਦੇ ਹੋਏ ਪਰਛਾਵੇਂ ਨੂੰ, ਸੱਜਣ ਸਾਨੂੰ ਇੰਜ ਹੀ ਮੇਲ-ਮਿਲਾਪ ਦੇ ਲਾਰੇ ਲਾ ਗਏ ਨੇ ।
ਝੱਟ-ਘੜੀ ਨੂੰ ਉੱਚੇ ਚੜ੍ਹ ਕੇ
ਝੱਟ-ਘੜੀ ਨੂੰ ਉੱਚੇ ਚੜ੍ਹ ਕੇ ਪਰਤ ਜ਼ਮੀਨ 'ਤੇ ਆਣਾ ਏ । ਉਹਨੇ ਕੀ ਲਹਿਰਾਉਣਾ ਜਿਸ ਦੀ ਪੀਂਘ ਦਾ ਝੂਟਾ ਕਾਣਾ ਏ । ਸਾਡੇ ਹਰਫ਼ ਨੇ ਅਰਜ਼ੀਆਂ ਪੁਰਜ਼ੇ, ਸਾਡਿਆ ਇਨ੍ਹਾਂ ਹਰਫ਼ਾਂ ਨੂੰ, ਬੋਲ ਸੁਣੇਂਦੇ ਨੇ ਜੀਹਨਾਂ ਦੇ ਉਹਨਾਂ ਨੇ ਕਤਰਾਣਾ ਏ । ਰੁੱਤਾਂ ਵਾਲੇ ਫੇਰ ਦੀ ਆਰੀ ਅੰਦਰੋ-ਅੰਦਰੀ ਚਲਦੀ ਏ, ਜਿਸ ਪੱਤਰ ਦੀ ਰੰਗਤ ਬਦਲੀ, ਉਸ ਪੱਤਰ ਨੇ ਢਾਣਾ ਏ । ਆਹਰ ਭਲਾ ਕੀ ਕਰੀਏ ਇਸ ਤੋਂ ਆਪਣੀ ਜ਼ਿੰਦ ਛੁਡਾਵਣ ਦਾ, ਪਰਤ ਕੇ ਫੇਰ ਹਰਾ ਹੋ ਜਾਵੇ, ਜਿਹੜਾ ਰੋਗ ਪੁਰਾਣਾ ਏ । ਅਸੀਂ ਤੇ ਏਹੋ ਹੀ ਆਖਾਂਗੇ 'ਮਾਜਿਦ' ਤੇਰੀਆਂ ਲਿਖਤਾਂ ਨੂੰ, ਗੂੜ੍ਹੀਆਂ ਨ੍ਹੇਰੀਆਂ ਦੇ ਵਿਚ ਤੇਰਾ, ਹਰ ਇੱਕ ਹਰਫ਼ ਟਟਿਹਣਾ ਏ ।
ਫੁੱਲਾਂ ਦੇ ਵਿਚ ਚਹਿਕਣ ਦਾ
ਫੁੱਲਾਂ ਦੇ ਵਿਚ ਚਹਿਕਣ ਦਾ, ਮਹਿਕਾਂ ਵਿਚ ਚੁੱਭੀਆਂ ਮਾਰਣ ਦਾ । ਦੂਰੋ-ਦੂਰ ਈ ਨੱਸਦਾ ਜਾਵੇ ਮੌਸਮ, ਪੰਖ ਸੰਵਾਰਣ ਦਾ । ਵਸ ਕਿਧਰੇ ਵੀ ਚੱਲਦਾ ਨਹੀਂ ਤੇ ਦਿਲ ਨੂੰ ਧੜਕਾ ਰਹਿੰਦਾ ਏ, ਮੁੱਖਾਂ ਉੱਤੇ ਬੁੱਝ-ਬੁੱਝ ਜਾਂਦੇ ਫਿੱਕੇ ਨਕਸ਼ ਉਭਾਰਣ ਦਾ । ਇਹਨੇ ਵੀ ਤੇ ਅੰਤ ਨੂੰ ਸਾਡੇ ਸਿਰ ਵਿਚ ਸੁਆਹ ਹੀ ਪਾਉਣੀ ਏ, ਕਾਜ ਅਸਾਡੇ ਨਾਵੇਂ ਲੱਗਿਆ ਜਿਹੜਾ ਮੱਝੀਆਂ ਚਾਰਣ ਦਾ । ਇਹ ਵੱਖਰੀ ਗੱਲ ਏ ਜੇ ਅਸੀਂ ਚੜ੍ਹ ਗਏ ਹੱਥ ਸਰਾਫ਼ਾਂ ਦੇ, ਵੱਲ ਸਿੱਖਿਆ ਸੀ ਹੂੰਝਿਆ ਸੋਨਾ, ਰੇਤਾ ਛਾਣ ਨਿਤਾਰਣ ਦਾ । ਇਹ ਚੱਜ ਵੀ ਰਾਹ ਜਾਂਦੇ 'ਮਾਜਿਦ' ਉਂਜ ਈ ਸਾਨੂੰ ਲੱਭਿਆ ਨਈਂ, ਫੁੱਲਾਂ ਨਾਲੋਂ ਝੜੀਆਂ ਪੱਤੀਆਂ ਹਰਫ਼ਾਂ ਵਿਚ ਉਤਾਰਣ ਦਾ ।
ਕੀਹਨੂੰ ਕੋਲ ਬੁਲਾਵਾਂ ਐਥੇ
ਕੀਹਨੂੰ ਕੋਲ ਬੁਲਾਵਾਂ ਐਥੇ ਕਿਹੜੀ ਬੋਲੀ ਬੋਲਾਂ ਮੈਂ । ਕੌਣ ਅਜੇਹਾ ਜਿਸ ਦੇ ਉੱਤੇ, ਇਸ ਦਿਲ ਦੇ ਦਰ ਖੋਲ੍ਹਾਂ ਮੈਂ । ਸੱਜਰੀਆਂ ਲੱਥੀਆਂ ਫ਼ਸਲਾਂ ਵਾਂਗਰ ਮੈਨੂੰ ਦੁੱਖਾਂ ਚੁੱਕਿਆ ਏ, ਭਖਦੀਆਂ ਮੱਚਾਂ ਵਿਚ ਜਿਨ੍ਹਾਂ ਦੇ ਨਿੱਤ ਬਣਦਾ ਵਾਂ, ਹੋਲਾਂ ਮੈਂ । ਸੁੱਖ ਦੀ ਖ਼ਾਤਰ ਚੁੰਝਾਂ ਪੰਜੇ ਹਰ ਵਾਰੀ ਸੜ ਜਾਂਦੇ ਨੇ, ਕੁੱਕੜਾਂ ਵਾਂਗਰ ਜਦ ਕਿਧਰੇ ਵੀ ਸੱਧਰਾਂ ਭੁੱਬਲ ਫੋਲਾਂ ਮੈਂ । ਪੁੱਜਣ ਉੱਤੇ ਆਈਆਂ ਆਸਾਂ ਇੰਜ ਛੰਡਣੀਆਂ ਪੈਣ ਪਈਆਂ, ਤਨ ਤੋਂ ਲੱਥਿਆਂ ਲੀੜਿਆਂ ਨੂੰ ਜਿੰਜ ਪਾਣੀ ਵਿਚ ਝੰਝੋਲਾਂ ਮੈਂ । 'ਮਾਜਿਦ' ਮੇਰੇ ਨਾਵੇਂ ਲੱਗੀ ਡੋਰ ਈ ਕੁੱਝ ਨਿਧਰਾਨੀ ਏ, ਨਹੀਂ ਤੇ ਠਹਿਰੀਆਂ ਰੁੱਤਾਂ ਵਿਚ ਵੀ ਇੰਜ ਕਾਹਨੂੰ ਪਿਆ ਡੋਲਾਂ ਮੈਂ ।
ਹਿੱਕ 'ਤੇ ਟਿਕਿਆ ਪੱਥਰ ਅਸਾਂ
ਹਿੱਕ 'ਤੇ ਟਿਕਿਆ ਪੱਥਰ ਅਸਾਂ ਇੰਜ ਦਾ ਪਰਤ ਵਿਖਾਇਆ ਏ । ਵੇਲਾ ਆਪੋ ਸਾਡੇ ਨਾਂ ਦੀਆਂ ਵੇਲਾਂ ਹੁੱਕਣ ਆਇਆ ਏ । ਸਾਡੇ ਮਾਣ ਦਾ ਜਾਮਨ ਸਾਡੇ ਦੇਸ ਦੇ ਸਿਰ ਦਾ ਸ਼ਮਲਾ ਏ, ਉਹ ਝੰਡਾ ਸੱਧਰਾਂ ਨੇ ਜਿਹੜਾ ਸਾਡੇ ਹੱਥ ਫੜਾਇਆ ਏ । ਕੀ ਏ ਜੇ ਅੱਜ ਹਿੱਸੇ ਸਾਡੇ ਸੁਫ਼ਨੇ ਸੁੱਖ ਦੇ ਆਏ ਨੇ, ਦੁੱਖ ਨੇ ਵੀ ਤੇ ਬੱਝੀਆਂ ਉਮਰਾਂ ਲਹੂ ਸਾਡਾ ਖੌਲਾਇਆ ਏ । ਜਿਸ ਦੇ ਹੇਠਾਂ ਬੈਠ ਕੇ ਬੰਦਾ ਅਰਸ਼ਾਂ ਦੀ ਸੂਹ ਲੈਂਦਾ ਏ, ਸਾਡੇ ਸਿਰਾਂ ਦੇ ਉੱਤੇ ਓਸ ਈ ਪੱਕ ਯਕੀਨ ਦਾ ਸਾਇਆ ਏ । 'ਮਾਜਿਦ' ਇਹ ਹਾਸਿਲ ਏ ਸਾਡਾ, ਤਨ 'ਤੇ ਜਰੀਆਂ ਧੁੱਪਾਂ ਦਾ, ਹਰੀਆਂ ਫ਼ਸਲਾਂ ਵਾਂਗਰ ਜਿਹੜਾ ਸੁੱਖ ਅੱਖੀਂ ਲਹਿਰਾਇਆ ਏ ।
ਸੱਜਰੀਆਂ ਚੋਭਾਂ ਦੇ ਦੇ ਮੈਨੂੰ ਕਿਸਤਾਂ ਦੇ ਵਿਚ
ਸੱਜਰੀਆਂ ਚੋਭਾਂ ਦੇ ਦੇ ਮੈਨੂੰ ਕਿਸਤਾਂ ਦੇ ਵਿਚ ਮਾਰ ਦੀਆਂ । ਇਨਸਾਨਾਂ ਦੇ ਲਹੂ ਵਿਚ ਭਿੱਜੀਆਂ ਖ਼ਬਰਾਂ ਹਰ ਅਖ਼ਬਾਰ ਦੀਆਂ । ਮੁੱਦਤਾਂ ਤੋਂ ਪਏ ਵਸਦੇ ਨੇ ਇੰਜ ਦਿਲ ਵਿਚ ਖ਼ੌਫ਼ ਨਾ ਪੁੰਗਰਣ ਦੇ, ਜਿੰਜ ਅਨਜਾਣੀਆਂ ਸੱਧਰਾਂ ਕਿਸੇ ਉਠਦੀ ਹੋਈ ਮੁਟਿਆਰ ਦੀਆਂ । ਹਮਦਰਦਾਂ ਨਹੀਂ ਗ਼ੈਰਾਂ ਕੋਲੋਂ ਸੱਚ ਦੀ ਆਸ ਰਖੇਂਦਾ ਹਾਂ, ਮੈਂ ਕਨਸੂਆਂ ਲੈਂਦਾ ਰਹਿਨਾ ਆਪਣੇ ਸ਼ਹਿਰੋਂ ਪਾਰ ਦੀਆਂ । ਓੜਕ ਰਾਂਝੇ ਚਾਕ ਦੀ ਝੋਲੀ ਰਹਿ ਜਾਣੀ ਏ ਸੱਖਣੀ ਈ, ਆਪਣੇ ਅੰਤ ਨੂੰ ਕਦੇ ਨਾ ਪੁੱਜਣ ਘੜੀਆਂ ਕੌਲ-ਕਰਾਰ ਦੀਆਂ । ਖ਼ਬਰੈ ਕਿਹੜੇ ਹਿਜਰ ਦੇ ਪੰਧ ਵਿਚ ਸੁੱਤੇ ਦਰਦ ਜਗਾਂਦਾ ਏ, ਬੋਲ ਮੁਸਾਫ਼ਿਰ ਕੂੰਜਾਂ ਦੇ ਨੇ ਗੱਲਾਂ 'ਮਾਜਿਦ' ਯਾਰ ਦੀਆਂ ।
'ਵਾਵਾਂ ਦੇ ਵਿਚ ਖਿੰਡ ਗਏ ਬੋਲ ਦੁਹਾਈਆਂ ਦੇ
'ਵਾਵਾਂ ਦੇ ਵਿਚ ਖਿੰਡ ਗਏ ਬੋਲ ਦੁਹਾਈਆਂ ਦੇ । 'ਪਰ'ਘੁੱਗੀਆਂ ਦੇ ਰਹਿ ਗਏ ਨੇ ਵਿਚ ਫ਼ਾਹੀਆਂ ਦੇ । ਮੁੱਖ ਮੁੱਖ ਉਕਰੇ ਹਰਫ਼ ਨੇ ਹਾਲ-ਹਵਾਲਾਂ ਦੇ, ਯਾ ਅੱਖਰ ਪਾਣੀ 'ਤੇ ਜੰਮੀਆਂ ਕਾਈਆਂ ਦੇ । ਮੁੜ-ਮੁੜ ਦਿੰਦੇ ਝੂਟੇ ਊਠ ਅਸਵਾਰੀ ਦੇ, ਪੰਧ ਅਸਾਡੇ ਟੋਇਆਂ, ਟਿੱਬਿਆਂ, ਖਾਈਆਂ ਦੇ । ਸਾਨੂੰ ਫ਼ਿਕਰਾਂ ਨੇ ਇੰਜ ਆਲ-ਦਵਾਲ ਦੀਆਂ, ਜਿੰਜ ਮਾਵਾਂ ਨੂੰ ਦੁੱਖੜੇ ਜੰਮਿਆਂ-ਜਾਈਆਂ ਦੇ । ਭਖਦੀਆਂ ਧੁੱਪਾਂ ਭੁੱਬਲ ਕੀਤਾ ਨਜ਼ਰਾਂ ਨੂੰ, ਦਾਰੂ ਲੱਭਦੇ ਫਿਰੀਏ ਅੱਖਾਂ ਆਈਆਂ ਦੇ । ਸ਼ੀਸ਼ਾ ਬਣ ਕੇ ਵੇਲਾ ਨਕਸ਼ ਉਭਾਰੇਗਾ, ਹੁਸਟਰ ਪਾਰੋਂ ਮੂੰਹ 'ਤੇ ਪਈਆਂ ਛਾਈਆਂ ਦੇ । 'ਮਾਜਿਦ' ਇੰਜ ਬੋਲੀ ਚੜ੍ਹੀਆਂ ਨੇ ਸੱਧਰਾਂ ਜਿਉਂ, ਮੰਡੀਆਂ ਵਿਚ ਮੁੱਲ ਚੁੱਕਣ ਮੱਝਾਂ, ਗਾਈਆਂ ਦੇ ।
ਉੱਚੇ ਚਾੜ੍ਹ ਕੇ ਮੈਨੂੰ ਅੰਬਰੋਂ ਧਰਤੀ ਲਾਹਿਆ
ਉੱਚੇ ਚਾੜ੍ਹ ਕੇ ਮੈਨੂੰ ਅੰਬਰੋਂ ਧਰਤੀ ਲਾਹਿਆ । ਵੇਲੇ ਮੈਨੂੰ ਗੁੱਡੀਆਂ ਵਾਲਾ ਨਾਚ ਨਚਾਇਆ । ਤੂੰ ਵੀ 'ਤੇ ਨਹੀਂ ਗੌਲੇ ਲਫ਼ਜ਼ ਦੁਆ ਮੇਰੀ ਦੇ, ਹੋਰ ਕਿਸੇ ਤੋਂ ਕਰਨੀ ਏਂ ਕੀ ਮੰਗ ਖ਼ੁਦਾਇਆ । ਉਹਦੇ ਕਿਸੇ ਹਰਫ਼ ਨਾ ਮੇਰੀ ਧੀਰ ਬੰਨ੍ਹਾਈ, ਜਿਉਣ ਕਿਤਾਬ ਦਾ ਜੋ ਵਰਕਾ ਵੀ ਮੈਂ ਪਰਤਾਇਆ । ਉਨ੍ਹਾਂ ਦਾ ਇਹ ਐਬ ਸਦਾ ਨਹੀਂ ਲੁਕਿਆ ਰਹਿਣਾ, ਮੈਨੂੰ ਨਿੰਦ ਕੇ ਵੱਡਿਆਂ ਜਿਹੜਾ ਨੰਗ ਛੁਪਾਇਆ । ਸਿਰ ਵੱਜਿਆ ਏ ਫਿਰ ਤੇਸਾ ਫ਼ਰਿਹਾਦ ਦੇ ਹੱਥੋਂ, ਰੁੱਤਾਂ ਭੁੱਲੀਆਂ ਵਿਸਰੀਆਂ ਕਿੱਸਾ ਫਿਰ ਦੁਹਰਾਇਆ । ਦਿਲ ਵਿਚ ਦਿਲ ਦਾ ਦੁੱਖ 'ਮਾਜਿਦ' ਕੱਜਿਆ ਤੇ ਹੈ ਸੀ, ਹੋਠਾਂ ਉੱਤੇ ਆ ਕੇ ਹੋਇਆ ਹੋਰ ਸਵਾਇਆ ।
ਕੁਕੜੀ ਲੱਖ ਪਰਾਂ ਦੇ ਹੇਠਾਂ
ਕੁਕੜੀ ਲੱਖ ਪਰਾਂ ਦੇ ਹੇਠਾਂ ਬਾਲਕ ਚੂਚੇ ਕੱਜੇ । ਇੱਲ ਨੇ ਉਸ ਤੋਂ ਟਲਣਾ ਨਾਹੀਂ ਜਦ ਤੀਕਣ ਨਾ ਰੱਜੇ । ਫੁੱਲਾਂ ਕੋਲੋਂ ਮਹਿਕ ਖਿੰਡਾਵਣ ਦਾ ਵਲ ਸਿੱਖਣ ਮਗਰੋਂ, ਬਾਗ਼ਾਂ ਵਾਲਿਆਂ ਦੇ ਮੂੰਹ ਉੱਤੇ ਕੀ-ਕੀ ਜਿੰਦਰੇ ਵੱਜੇ । ਕਿਧਰੇ ਤੇ ਨਸਲਾਂ ਦੇ ਮਾਨ ਨੂੰ ਲੋਕੀ ਟੁਟਦਾ ਵੇਖਣ, ਕਿਧਰੇ ਤੇ ਚਾਹਬੰਦਾਂ ਦੇ ਤਨ ਮਿਰਜ਼ੇ ਦਾ ਸਿਰ ਸੱਜੇ । ਲਿਖਦੇ-ਲਿਖਦੇ ਪੋਟੇ ਘਸ ਗਏ ਫੇਰ ਵੀ ਏਹੋ ਜਾਪੇ, ਜੋ ਵੀ ਗੱਲਾਂ ਕਹਿਣ ਦੀਆਂ ਨੇ ਉਹ ਨਹੀਂ ਕਹੀਆਂ ਅੱਜੇ । ਨਵੇਂ ਜ਼ਮਾਨੇ ਹਰ ਕਿਸੇ ਨੂੰ ਵਾਹਵਾ ਭਾਜੜ ਪਾਈ, ਬੰਦਿਆਂ ਮਗਰੇ ਬੰਦਾ 'ਮਾਜਿਦ' ਟਿੰਡਾਂ ਵਾਂਗੂੰ ਭੱਜੇ ।
ਕੁਝ ਹੋਰ ਰਚਨਾਵਾਂ : ਮਾਜਿਦ ਸਿੱਦੀਕੀ
ਦੁਖ ਨੇ ਅੰਤ ਵਖਾਲਿਆ ਖਬਰੇ ਕਿਹੜੇ ਖ਼ਾਬ ਦਾ
ਦੁਖ ਨੇ ਅੰਤ ਵਖਾਲਿਆ ਖਬਰੇ ਕਿਹੜੇ ਖ਼ਾਬ ਦਾ।
ਅਜ ਦਾ ਦਿਨ ਤੇ 'ਮਾਜਦਾ' ਦਿਨ ਸੀ ਜਿਵੇਂ ਅਜ਼ਾਬ ਦਾ।
ਮੌਤ ਝੁਲਾਰਾ ਖੌਫ਼ ਦਾ, ਮੁੜਿਆ ਇੰਜ ਸ਼ਰਮਾਂਵਦਾ,
ਜਿਉਂ ਜੀਵਨ ਦੀ ਤਾਂਘ ਸੀ, ਖਿੜਦਾ ਫੁੱਲ ਗੁਲਾਬ ਦਾ।
ਲਾਪਰਵਾਹੀ ਸੀ ਅਪਣੀ ਕੁਝ ਉਹਦੀਆਂ ਬੇਮਿਹਰੀਆਂ,
ਇਕ ਇਕ ਵਰਕਾ ਟੋਲਿਆ, ਦੁੱਖ ਦੀ ਭਰੀ ਕਿਤਾਬ ਦਾ।
ਕੱਲ ਤੀਕਰ ਤੇ ਜ਼ਹਿਰ ਸੀ, ਦੁੱਖਾਂ ਦੀ ਕੜਵਾਟ ਵੀ,
ਅਜ ਮੈਂ ਸਮਝਾਂ ਮੌਤ ਵੀ, ਹੈ ਇਕ ਜਾਮ ਸ਼ਰਾਬ ਦਾ।
ਜੀਣਾ ਕੇਡ ਗੁਨਾਹ ਸੀ, ਉਹ ਵੀ ਝੋਲੀ ਮੌਤ ਦੀ,
ਰਬ ਮੈਥੋਂ ਕੀ ਪੁੱਛਸੀ, ਕੀ ਏ ਰੋਜ਼ ਹਿਸਾਬ ਦਾ।
ਕਿੰਨੇ ਲੋਕ ਨਿਗਾਹ ਵਿਚ, ਰਹੇ ਸੀ ਰੰਗ ਬਖੇਰਦੇ,
ਕੋਈ ਕੋਈ ਮਾਂ ਦਾ ਲਾਲ ਸੀ, 'ਮਾਜਦ' ਤੇਰੇ ਜਵਾਬ ਦਾ।
ਹੈ ਸੀ ਠਾਠਾਂ ਮਾਰਦਾ, ਜੋਬਨ ਚੜ੍ਹਿਆ ਕਹਿਰ ਦਾ
ਹੈ ਸੀ ਠਾਠਾਂ ਮਾਰਦਾ, ਜੋਬਨ ਚੜ੍ਹਿਆ ਕਹਿਰ ਦਾ।
ਯਾ ਫਿਰ ਉਹਦੇ ਕੱਦ 'ਤੇ ਧੋਖਾ ਸੀ ਕੁਝ ਲਹਿਰ ਦਾ।
ਅੱਖੀਆਂ ਵਿਚ ਬਰਸਾਤ ਜਹੀ, ਸਿਰ ਤੇ ਕਾਲੀ ਰਾਤ ਜਹੀ,
ਦਿਲ ਵਿਚ ਉਹਦੀ ਝਾਤ ਜਹੀ, ਨਕਸ਼ਾ ਭਰੀ ਦੁਪਹਿਰ ਦਾ।
ਇੱਕੋ ਸੁਹਝ ਖ਼ਿਆਲ ਸੀ, ਰਲਦਾ ਨਾਲੋ ਨਾਲ ਸੀ,
ਫ਼ਿਕਰਾਂ ਵਿਚ ਉਬਾਲ ਸੀ, ਕਦਮ ਨਹੀਂ ਸੀ ਠਹਿਰਦਾ।
ਸੀਨੇ ਦੇ ਵਿਚ ਛੇਕ ਸੀ, ਡਾਢਾ ਮਿੱਠੜਾ ਸੇਕ ਸੀ,
ਦਿਲ ਨੂੰ ਉਹਦੀ ਟੇਕ ਸੀ, ਰੰਗ ਹੋਰ ਸੀ ਸ਼ਹਿਰ ਦਾ।
ਆਈ ਤੇ ਉਹਦੇ ਨਾਲ ਸੀ, ਫੁਟਦੀ ਪਹੁ ਵਿਸਾਖ ਦੀ,
ਗਈ ਤੇ 'ਮਾਜਦ' ਮੁੱਖ 'ਤੇ ਸਮਾਂ ਸੀ ਪਿਛਲੇ ਪਹਿਰ ਦਾ।
ਸੁੱਕੇ ਵਰਕੇ ਸੁਟ ਜਾਂਦਾ ਏ, ਡਾਕੀਆ ਨਿੱਤ ਅਖ਼ਬਾਰਾਂ ਦੇ
ਸੁੱਕੇ ਵਰਕੇ ਸੁਟ ਜਾਂਦਾ ਏ, ਡਾਕੀਆ ਨਿੱਤ ਅਖ਼ਬਾਰਾਂ ਦੇ।
ਕਦੇ ਨਾ ਆਏ ਜੀਉਂਦੇ ਜਾਗਦੇ, ਨਾਮੇ ਦਿਲ ਦਿਆਂ ਯਾਰਾਂ ਦੇ।
ਅਪਣੇ ਦਿਲ ਤੋਂ ਉਹਦੇ ਦਿਲ ਤਕ, ਪੈਂਡਾ ਬਹੁਤ ਲਮੇਰਾ ਏ,
ਕਹਿੰਦੇ ਨੇ ਸੜ ਜਾਂਦੇ ਏਥੇ, ਜਿਗਰੇ ਸ਼ਾਹ-ਸਵਾਰਾਂ ਦੇ।
ਉਹਦੇ ਅੰਗ ਸਲਾਮਤ ਪਹਿਲੀ ਵਾਰ ਜਦੋਂ ਮੈਂ ਛੋਹੇ ਸੀ,
ਪੈਰਾਂ ਹੇਠਾਂ ਫਿਸਦੇ ਦਿੱਸੇ ਫੁੱਲ ਜਿਵੇਂ ਗੁਨਜ਼ਾਰਾਂ ਦੇ।
ਸੜਕਾਂ ਉੱਤੇ ਭਰੇ ਭਰਾਤੇ ਮੁਖੜੇ ਉਡ ਉਡ ਲੰਘਦੇ ਨੇ,
ਦਿਲ ਵਿਚ ਪਹੀਏ ਲਹਿ ਜਾਂਦੇ ਨੇ, ਪੀਲੀਆਂ ਚਿੱਟੀਆਂ ਕਾਰਾਂ ਦੇ।
ਚੁਪ ਦੇ ਉਜੜੇ ਜੰਗਲ ਵਿਚ ਜਦ ਬੋਲ ਤਿਰੇ ਲਹਿਰਾਉਂਦੇ ਨੇ,
ਛਿੜ ਜਾਂਦੇ ਨੇ ਕਿੱਸੇ 'ਮਾਜਦ' ਸਾਵਣ ਦੀਆਂ ਫੁਹਾਰਾਂ ਦੇ।
ਦਿਲ ਅਸਮਾਨੀਂ ਠੇਡੇ ਖਾਂਦਾ, ਮਨ ਵਿਚ ਰੋਗ ਹਜ਼ਾਰਾਂ
ਦਿਲ ਅਸਮਾਨੀਂ ਠੇਡੇ ਖਾਂਦਾ, ਮਨ ਵਿਚ ਰੋਗ ਹਜ਼ਾਰਾਂ।
ਚੜ੍ਹਿਆ ਦਿਨ ਨਈਂ ਢਲਦਾ ਕੀਕਣ ਰਾਤ ਢਲੇ ਬਿਨ ਯਾਰਾਂ।
ਇਕ ਦਿਲ ਉਹ ਵੀ, ਦਰਦ ਰੰਝਾਣਾ, ਕਿਸ ਬਾਜ਼ੀ 'ਤੇ ਲਾਈਏ,
ਅਸਾਂ ਜਿਹਾਂ ਬੰਦਿਆਂ ਦੀਆਂ ਏਥੇ, ਕੀ ਜਿੱਤਾਂ ਕੀ ਹਾਰਾਂ।
ਤੇਰੇ ਹੁੰਦਿਆਂ ਤੇ ਇਹ ਘਰ ਦੀ, ਹਾਲਤ ਕਦੇ ਨਾ ਵੇਖੀ,
ਜਾਂ ਨਜ਼ਰਾਂ ਨਈਂ ਅਪਣੀ ਜਾ 'ਤੇ, ਜਾਂ ਕੰਬਣ ਦੀਵਾਰਾਂ।
ਕੱਲ੍ਹ ਇਹਨਾਂ ਫੁੱਲਾਂ ਜਹੀਆਂ ਤਸਵੀਰਾਂ ਤੇ ਦਭ ਜੰਮਸੀ,
ਕੋਲ ਬਹਾ ਕੇ ਤੈਨੂੰ ਅਜ ਮੈਂ ਕਿਹੜੇ ਨਕਸ਼ ਉਤਾਰਾਂ।
ਸੁਕ ਗਏ ਬੂਟੇ ਆਸਾਂ ਵਾਲੇ, ਸੱਜਣ ਜਦ ਦੇ ਟੁਰ ਗਏ,
ਸਚ ਕਹਿੰਦੇ ਨੇ ਲੋਕੀ 'ਮਾਜਦ' ਯਾਰਾਂ ਨਾਲ ਬਹਾਰਾਂ।