Main Nastik Kiun Haan ? : Sardar Bhagat Singh

ਮੈਂ ਨਾਸਤਿਕ ਕਿਉਂ ਹਾਂ ? : ਸ਼ਹੀਦ ਭਗਤ ਸਿੰਘ

(ਰਿਹਾਈ ਤੋਂ ਪਹਿਲਾਂ ਭਾਈ ਰਣਧੀਰ ਸਿੰਘ ਦੀ ਭਗਤ ਸਿੰਘ ਨਾਲ ਮੁਲਾਕਾਤ ਹੋਈ।ਜਿਸ ਵਿੱਚ ਦੋਵਾਂ ਵਿਚਕਾਰ ਸਵਾਲ-ਜਵਾਬ ਹੋਏ ।ਜਿੱਥੇ 'ਮੈਂ ਨਾਸਤਿਕ ਕਿਉਂ ਹਾਂ ?' ਭਗਤ ਸਿੰਘ ਵੱਲੋਂ ਭਾਈ ਰਣਧੀਰ ਸਿੰਘ ਦੇ ਸਵਾਲਾਂ ਦੇ ਜਵਾਬ ਦੇ ਰੂਪ ਵਿਚ ਹੈ, ਉੱਥੇ ਇਹ ਦਸਤਾਵੇਜ ਉਨ੍ਹਾਂ ਦੀ ਆਪਣੀ ਸੋਚ ਵੀ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ ।)

ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ: ਕੀ ਸਰਬ ਸ਼ਕਤੀਮਾਨ, ਸਰਬ ਵਿਆਪਕ ਤੇ ਸਰਬ ਹਿਤਕਾਰੀ ਰੱਬ ਦੀ ਹੋਂਦ ਵਿਚ ਮੇਰਾ ਅਵਿਸ਼ਵਾਸ, ਮੇਰੇ ਅਹੰਕਾਰ ਕਰ ਕੇ ਹੈ? ਮੈਨੂੰ ਕਦੇ ਚਿੱਤ-ਚੇਤਾ ਵੀ ਨਹੀਂ ਸੀ ਕਿ ਮੈਨੂੰ ਕਿਸੇ ਵੇਲੇ ਇਹੋ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ। ਆਪਣੇ ਕੁਝ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਮੇਰੇ ਕੁਝ ਦੋਸਤਾਂ (ਜੇ ਦੋਸਤੀ ਦਾ ਦਾਅਵਾ ਗ਼ਲਤ ਨਾ ਹੋਵੇ) ਨੇ ਮੇਰੇ ਨਾਲ ਥੋੜ੍ਹੇ ਜਿਹੇ ਮੇਲ-ਜੋਲ ਮਗਰੋਂ (ਭਾਈ ਰਣਧੀਰ ਸਿੰਘ ਵੱਲ ਇਸ਼ਾਰਾ) ਹੀ ਇਹ ਸਿੱਟਾ ਕੱਢ ਲਿਆ ਕਿ ਮੇਰਾ ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਮੇਰੀ ਹਿਮਾਕਤ ਹੈ ਤੇ ਇਹ ਵੀ ਕਿ ਮੇਰਾ ਅਹੰਕਾਰ ਹੀ ਮੇਰੇ ਅਵਿਸ਼ਵਾਸ ਦਾ ਕਾਰਨ ਹੈ। ਫਿਰ ਵੀ ਸਮੱਸਿਆ ਤਾਂ ਗੰਭੀਰ ਹੀ ਹੈ। ਇਨ੍ਹਾਂ ਇਨਸਾਨੀ ਵਤੀਰਿਆਂ ਤੋਂ ਉਪਰ ਹੋਣ ਦਾ ਮੈਂ ਦਾਅਵਾ ਨਹੀਂ ਕਰਦਾ। ਮੈਂ ਵੀ ਆਖਰ ਇਨਸਾਨ ਹਾਂ, ਇਸ ਤੋਂ ਵੱਧ ਕੁਝ ਨਹੀਂ ਹੈ, ਤੇ ਨਾ ਹੀ ਕੋਈ ਇਸ ਤੋਂ ਵੱਧ ਹੋਣ ਦਾ ਦਾਅਵਾ ਕਰ ਸਕਦਾ ਹੈ। ਮੇਰੇ ਅੰਦਰ ਵੀ ਇਕ ਕਮਜ਼ੋਰੀ ਹੈ। ਅਹੰਕਾਰ (vanity) ਮੇਰੇ ਸੁਭਾਅ ਦਾ ਵੀ ਅੰਗ ਹੈ। ਮੈਂ ਆਪਣੇ ਸਾਥੀਆਂ ਵਿਚ ਤਾਨਾਸ਼ਾਹ ਕਰ ਕੇ ਜਾਣਿਆ ਜਾਂਦਾ ਸਾਂ। ਇਥੋਂ ਤੱਕ ਕਿ ਮੇਰਾ ਦੋਸਤ ਬੀ.ਕੇ. ਦੱਤ ਕਦੀ ਕਦੀ ਤਾਨਾਸ਼ਾਹ ਕਹਿੰਦਾ ਹੁੰਦਾ ਸੀ। ਕਈ ਮੌਕਿਆਂ ਉਤੇ ਮੈਨੂੰ ਹੈਂਕੜਬਾਜ਼ ਵੀ ਕਿਹਾ ਗਿਆ। ਕੁਝ ਦੋਸਤ ਪੂਰੀ ਗੰਭੀਰਤਾ ਨਾਲ ਮੇਰੇ ਉਤੇ ਦੋਸ਼ ਲਾਉਂਦੇ ਰਹੇ ਕਿ ਮੈਂ ਦੂਜਿਆਂ 'ਤੇ ਆਪਣੀ ਰਾਇ ਮੜ੍ਹਦਾ ਹਾਂ ਤੇ ਆਪਣੀ ਗੱਲ ਮੰਨਵਾ ਲੈਂਦਾ ਹਾਂ। ਮੈਂ ਇਨਕਾਰ ਨਹੀਂ ਕਰਦਾ ਕਿ ਇਹ ਗੱਲ ਕਿਸੇ ਹੱਦ ਤੱਕ ਸਹੀ ਹੈ। ਇਸ ਨੂੰ ਅਹੰਵਾਦ (egotism) ਵੀ ਕਿਹਾ ਜਾ ਸਕਦਾ ਹੈ। ਜਿਥੋਂ ਤੱਕ ਸਮਾਜ ਦੀਆਂ ਰੂੜ੍ਹੀਵਾਦੀ ਰਵਾਇਤਾਂ ਦੇ ਵਿਰੋਧ ਦਾ ਸਵਾਲ ਹੈ, ਮੈਂ ਅਹੰਕਾਰੀ ਹਾਂ, ਪਰ ਇਹ ਜ਼ਾਤੀ ਗੱਲ ਨਹੀਂ। ਇਹ ਆਪਣੇ ਵਿਚਾਰਾਂ 'ਤੇ ਮਾਣ ਵਾਲੀ ਗੱਲ ਹੈ। ਇਸ ਨੂੰ ਅਹੰਕਾਰ ਨਹੀਂ ਕਿਹਾ ਜਾ ਸਕਦਾ। ਅਭਿਮਾਨ, ਜਾਂ ਕਹਿ ਲਓ ਅਹੰਕਾਰ ਕਿਸੇ ਮਨੁੱਖ ਵਿਚ ਲੋੜੋਂ ਵੱਧ ਆਪਣੇ ਆਪ ਮਾਣ ਦਾ ਪ੍ਰਗਟਾਵਾ ਹੁੰਦਾ ਹੈ। ਕੀ ਮੈਂ ਬੇਲੋੜੇ ਮਾਣ ਕਰ ਕੇ ਨਾਸਤਿਕ ਬਣਿਆ ਹਾਂ, ਜਾਂ ਇਸ ਵਿਸ਼ੇ ਬਾਰੇ ਡੂੰਘਾ ਮੁਤਾਲਿਆ ਤੇ ਗੰਭੀਰ ਸੋਚ ਵਿਚਾਰ ਮਗਰੋਂ ਨਾਸਤਿਕ ਬਣਿਆ ਹਾਂ? ਇਹ ਸਵਾਲ ਹੈ ਜਿਸ ਬਾਰੇ ਮੈਂ ਇਥੇ ਚਰਚਾ ਕਰਨਾ ਚਾਹੁੰਦਾ ਹਾਂ; ਇਸ ਤੋਂ ਪਹਿਲਾਂ ਇਹ ਨਬੇੜਾ ਕਰ ਲਈਏ ਕਿ ਅਭਿਮਾਨ (egotism) ਤੇ ਅਹੰਕਾਰ (vanity) ਦੋ ਅਲੱਗ ਅਲੱਗ ਗੱਲਾਂ ਹੁੰਦੀਆਂ ਹਨ।
ਮੈਨੂੰ ਇਸ ਗੱਲ ਦੀ ਹੁਣ ਤੱਕ ਸਮਝ ਨਹੀਂ ਆਈ ਕਿ ਬੇਲੋੜਾ ਮਾਣ ਜਾਂ ਫੋਕਾ ਅਭਿਮਾਨ ਮਨੁੱਖ ਲਈ ਆਸਤਿਕਤਾ ਦੇ ਰਾਹ ਦਾ ਰੋੜਾ ਕਿਵੇਂ ਬਣ ਸਕਦੇ ਹਨ। ਮੈਂ ਕਿਸੇ ਸੱਚੀਂ-ਮੁੱਚੀਂ ਦੇ ਮਹਾਨ ਬੰਦੇ ਦੀ ਮਹਾਨਤਾ ਤੋਂ ਮੁਨਕਰ ਹੋ ਸਕਦਾ ਹਾਂ, ਬਸ਼ਰਤਿ ਮੈਨੂੰ ਐਵੇਂ ਰਾਹ ਜਾਂਦੇ ਹੀ ਸ਼ੁਹਰਤ ਹੱਥ ਲੱਗ ਗਈ ਹੋਵੇ, ਜਾਂ ਮਹਾਨ ਹੋਣ ਲਈ ਸੱਚੀਂ-ਮੁੱਚੀਂ ਲੋੜੀਂਦੇ ਗੁਣ ਹੀ ਮੇਰੇ ਵਿਚ ਨਾ ਹੋਣ। ਇਹ ਗੱਲ ਸਮਝ ਪੈਂਦੀ ਹੈ, ਪਰ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਆਸਤਿਕ ਆਪਣੇ ਅਹੰਕਾਰ ਕਰ ਕੇ ਨਾਸਤਿਕ ਹੋ ਜਾਵੇ! ਸਿਰਫ ਦੋ ਗੱਲਾਂ ਹੋ ਸਕਦੀਆਂ ਹਨ: ਜਾਂ ਤਾਂ ਮਨੁੱਖ ਖੁਦ ਨੂੰ ਖੁਦਾ ਦਾ ਰਕੀਬ ਸਮਝਣ ਲੱਗੇ, ਤੇ ਜਾਂ ਫਿਰ ਖੁਦ ਹੀ ਖੁਦਾ ਬਣ ਬੈਠੇ। ਦੋਵੇਂ ਹਾਲਾਤ ਵਿਚ ਉਹ ਸਹੀ ਨਾਸਤਿਕ ਨਹੀਂ ਹੋ ਸਕਦਾ। ਪਹਿਲੀ ਸੂਰਤ ਵਿਚ ਉਹ ਰਕੀਬ ਦੀ ਹੋਂਦ ਤੋਂ ਮੁਨਕਰ ਨਹੀਂ ਹੁੰਦਾ। ਦੂਸਰੀ ਸੂਰਤ ਵਿਚ ਵੀ ਉਹ ਸੁਚੇਤ ਸੱਤਾ (being) ਦੀ ਹੋਂਦ ਨੂੰ ਮੰਨਦਾ ਹੈ ਜੋ ਪਰਦੇ ਪਿਛਿਉਂ ਸਾਰੀ ਪ੍ਰਕ੍ਰਿਤੀ ਨੂੰ ਚਲਾ ਰਹੀ ਹੈ। ਇਸ ਦੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਕਿ ਉਹ ਖੁਦ ਨੂੰ ਖੁਦਾ ਸਮਝਦਾ ਹੈ, ਜਾਂ ਖੁਦਾ ਨੂੰ ਖੁਦ ਤੋਂ ਅਲੱਗ ਕੋਈ ਪਰਮ-ਸੱਤਾ ਮੰਨਦਾ ਹੈ। ਅਸਲ ਨੁਕਤਾ ਇਹ ਹੈ- ਦੋਵੇਂ ਹਾਲਾਤ ਵਿਚ ਉਹਦਾ ਰੱਬ ਵਿਚ ਵਿਸ਼ਵਾਸ ਕਾਇਮ ਰਹਿੰਦਾ ਹੈ। ਉਹ ਕਿਸੇ ਤਰ੍ਹਾਂ ਵੀ ਨਾਸਤਿਕ ਨਹੀਂ। ਇਹੋ ਮੈਂ ਆਖਣਾ ਚਾਹੁੰਦਾ ਹਾਂ। ਮੈਂ ਉਪਰਲੀਆਂ ਦੋਹਾਂ ਕਿਸਮਾਂ ਵਿਚ ਨਹੀਂ ਆਉਂਦਾ ।
ਮੈਂ ਕਿਸੇ ਵੀ ਸਰਬ ਸ਼ਕਤੀਮਾਨ ਜਾਂ ਸਰਬੋਪਰੀ-ਸੱਤਾ ਦੀ ਹੋਂਦ ਤੋਂ ਮੂਲੋਂ ਹੀ ਇਨਕਾਰੀ ਹਾਂ। ਇੰਜ ਕਿਉਂ ਹੈ, ਮੈਂ ਇਹਦੇ ਬਾਰੇ ਅੱਗੇ ਚੱਲ ਕੇ ਚਰਚਾ ਕਰਾਂਗਾ। ਇਥੇ ਮੈਂ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਅਹੰਕਾਰ ਕਰ ਕੇ ਨਾਸਤਿਕਤਾ ਦੇ ਸਿਧਾਂਤ ਦਾ ਧਾਰਨੀ ਨਹੀਂ ਹੋਇਆ। ਨਾ ਤਾਂ ਮੈਂ ਖੁਦਾ ਦਾ ਰਕੀਬ ਹਾਂ, ਨਾ ਕੋਈ ਰੱਬੀ ਅਵਤਾਰ ਤੇ ਨਾ ਹੀ ਆਪ ਪਰਮਾਤਮਾ ਹਾਂ। ਇਕ ਗੱਲ ਤਾਂ ਪੱਕੀ ਹੈ ਕਿ ਅਹੰਕਾਰ ਕਾਰਨ ਮੈਂ ਇਹ ਸੋਚਣੀ ਨਹੀਂ ਅਪਨਾਈ। ਇਸ ਇਲਜ਼ਾਮ ਦਾ ਜਵਾਬ ਦੇਣ ਲਈ ਮੈਂ ਤੱਥ ਬਿਆਨ ਕਰਦਾ ਹਾਂ। ਮੇਰੇ ਦੋਸਤ ਕਹਿੰਦੇ ਹਨ ਕਿ ਦਿੱਲੀ ਬੰਬ ਅਤੇ ਲਾਹੌਰ ਸਾਜ਼ਿਸ਼ ਕੇਸਾਂ ਦੌਰਾਨ ਮੈਨੂੰ ਜਿਹੜੀ ਬੇਲੋੜੀ ਸ਼ੁਹਰਤ ਮਿਲੀ, ਉਸ ਕਾਰਨ ਮੇਰੇ ਵਿਚ ਫੋਕੀ ਸ਼ਾਨ ਆ ਗਈ ਹੈ। ਆਓ, ਆਪਾਂ ਦੇਖੀਏ ਕਿ ਉਨ੍ਹਾਂ ਦੇ ਕਥਨ ਕਿਥੋਂ ਤੱਕ ਠੀਕ ਹਨ।
ਪਿਛੇ ਜਿਹੇ ਵਾਪਰੀਆਂ ਘਟਨਾਵਾਂ ਕਾਰਨ ਮੈਂ ਨਾਸਤਿਕ ਨਹੀਂ ਹੋਇਆ, ਮੈਂ ਤਾਂ ਉਦੋਂ ਹੀ ਰੱਬ ਨੂੰ ਮੰਨਣੋਂ ਹਟ ਗਿਆ ਸੀ, ਜਦ ਮੈਂ ਨਾਮਾਲੂਮ ਨੌਜਵਾਨ ਸੀ, ਜਦ ਮੇਰੇ ਉਪਰੋਕਤ ਦੋਸਤ ਰੱਬ ਦੀ ਹੋਂਦ ਤੋਂ ਸੁਚੇਤ ਵੀ ਨਹੀਂ ਸਨ। ਘੱਟੋ-ਘੱਟ ਕਾਲਜ ਦਾ ਕੋਈ ਵਿਦਿਆਰਥੀ ਇੰਨਾ ਅਭਿਮਾਨੀ ਨਹੀਂ ਹੋ ਸਕਦਾ ਕਿ ਉਹ ਨਾਸਤਿਕ ਹੋ ਜਾਏ। ਕੁਝ ਪ੍ਰੋਫੈਸਰ ਭਾਵੇਂ ਮੈਨੂੰ ਪਸੰਦ ਕਰਦੇ ਸਨ ਤੇ ਕੁਝ ਨਾਪਸੰਦ, ਪਰ ਮੈਂ ਕਦੇ ਵੀ ਮਿਹਨਤੀ ਮੁੰਡਾ ਨਹੀਂ ਸੀ। ਅਹੰਕਾਰ ਵਰਗੇ ਵਿਚਾਰ ਰੱਖਣ ਦਾ ਮੈਨੂੰ ਕੋਈ ਮੌਕਾ ਨਹੀਂ ਮਿਲਿਆ ਸੀ। ਮੈਂ ਬਹੁਤ ਸੰਙਾਊ ਸੁਭਾਅ ਵਾਲਾ ਤੇ ਭਵਿੱਖ ਬਾਰੇ ਉਲਝਿਆ ਰਹਿਣ ਵਾਲਾ ਮੁੰਡਾ ਸੀ ਤੇ ਉਨ੍ਹਾਂ ਦਿਨਾਂ ਵਿਚ ਮੈਂ ਪੱਕਾ ਨਾਸਤਿਕ ਨਹੀਂ ਸੀ। ਮੈਂ ਆਪਣੇ ਬਾਬਾ ਜੀ ਦੇ ਅਸਰ ਹੇਠ ਵੱਡਾ ਹੋਇਆ ਸੀ ਤੇ ਉਹ ਪੱਕੇ ਆਰੀਆ ਸਮਾਜੀ ਸਨ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਹੈ, ਪਰ ਨਾਸਤਿਕ ਨਹੀਂ। ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀ.ਏ.ਵੀ. ਸਕੂਲ ਵਿਚ ਦਾਖ਼ਲ ਹੋ ਗਿਆ ਅਤੇ ਇਹਦੇ ਬੋਰਡਿੰਗ ਹਾਊਸ ਵਿਚ ਪੂਰਾ ਇਕ ਸਾਲ ਰਿਹਾ। ਉਥੇ ਸਵੇਰ ਤੇ ਤ੍ਰਿਕਾਲ ਸੰਧਿਆ ਦੀਆਂ ਪ੍ਰਾਰਥਨਾਵਾਂ ਤੋਂ ਛੁੱਟ ਮੈਂ ਘੰਟਿਆਂ-ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਮੈਂ ਉਨ੍ਹਾਂ ਦਿਨਾਂ ਵਿਚ ਪੱਕਾ ਸ਼ਰਧਾਲੂ ਸੀ। ਫਿਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਧਾਰਮਿਕ ਦ੍ਰਿਸ਼ਟੀਕੋਣ ਉਦਾਰ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਹੀ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਨੂੰ ਅਰਪੀ, ਪਰ ਉਹ ਨਾਸਤਿਕ ਨਹੀਂ ਸਨ। ਉਨ੍ਹਾਂ ਦਾ ਰੱਬ ਵਿਚ ਪੱਕਾ ਅਕੀਦਾ ਸੀ। ਮੈਨੂੰ ਉੁਹ ਹਰ ਰੋਜ਼ ਪ੍ਰਾਰਥਨਾ ਕਰਨ ਲਈ ਕਹਿੰਦੇ ਹੁੰਦੇ ਸਨ। ਸੋ, ਮੇਰੀ ਪਰਵਰਿਸ਼ ਇਸ ਢੰਗ ਨਾਲ ਹੋਈ।
ਨਾਮਿਲਵਰਤਨ ਦੇ ਦਿਨਾਂ ਦੌਰਾਨ ਮੈਂ ਨੈਸ਼ਨਲ ਕਾਲਜ ਵਿਚ ਦਾਖ਼ਲ ਹੋ ਗਿਆ। ਉਥੇ ਹੀ ਮੈਂ ਸਾਰੀਆਂ ਧਾਰਮਿਕ ਸਮੱਸਿਆਵਾਂ ਬਾਰੇ, ਇਥੋਂ ਤੱਕ ਕਿ ਰੱਬ ਬਾਰੇ ਵੀ ਖੁੱਲ੍ਹੇ ਤੌਰ 'ਤੇ ਸੋਚਣਾ ਤੇ ਇਨ੍ਹਾਂ ਬਾਰੇ ਵਿਚਾਰ ਚਰਚਾ ਕਰਨੀ ਸ਼ੁਰੂ ਕਰ ਦਿੱਤੀ, ਪਰ ਮੇਰਾ ਉਦੋਂ ਵੀ ਰੱਬ ਵਿਚ ਪੱਕਾ ਯਕੀਨ ਸੀ। ਉਦੋਂ ਮੈਂ ਦਾੜ੍ਹੀ ਕੇਸ ਰੱਖ ਲਏ ਸੀ, ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਜਾਂ ਕਿਸੇ ਹੋਰ ਧਰਮ ਵਿਚ ਵਿਸ਼ਵਾਸ ਨਾ ਕਰ ਸਕਿਆ, ਪਰ ਰੱਬ ਦੀ ਹੋਂਦ ਵਿਚ ਮੇਰਾ ਪੱਕਾ ਵਿਸ਼ਵਾਸ ਸੀ।
ਫਿਰ ਮੈਂ ਇਨਕਲਾਬੀ ਪਾਰਟੀ ਵਿਚ ਸ਼ਾਮਲ ਹੋ ਗਿਆ। ਮੈਂ ਜਿਸ ਪਹਿਲੇ ਆਗੂ ਨੂੰ ਮਿਲਿਆ, ਉਹ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਹੌਸਲਾ ਤੱਕ ਨਹੀਂ ਕਰ ਸਕਦਾ ਸੀ, ਭਾਵੇਂ ਉਹ ਇਹਦੇ ਬਾਰੇ ਪੂਰੀ ਤਰ੍ਹਾਂ ਸੁਚੇਤ ਨਹੀਂ ਸੀ। ਮੈਂ ਉਹਦੇ ਕੋਲੋਂ ਰੱਬ ਬਾਰੇ ਵਾਰ ਵਾਰ ਪੁੱਛਣਾ ਤਾਂ ਉਨ੍ਹਾਂ ਆਖ ਛੱਡਣਾ: "ਜਦ ਤੇਰਾ ਦਿਲ ਕਰੇ, ਰੱਬ ਨੂੰ ਧਿਆ ਲਿਆ ਕਰ।" ਨਾਸਤਿਕਤਾ ਦੇ ਸਿਧਾਂਤ ਨੂੰ ਮੰਨਣ ਲਈ ਜੋ ਹੌਸਲਾ ਚਾਹੀਦਾ ਹੈ, ਇਹ ਉਹ ਹੌਸਲੇ ਤੋਂ ਬਿਨਾਂ ਨਾਸਤਿਕਤਾ ਹੈ। ਮੈਂ ਜਿਸ ਦੂਜੇ ਆਗੂ ਨੂੰ ਮਿਲਿਆ, ਉਹਦਾ ਰੱਬ ਵਿਚ ਪੱਕਾ ਵਿਸ਼ਵਾਸ ਸੀ। ਮੈਂ ਤੁਹਾਨੂੰ ਉਹਦਾ ਨਾਂ ਦੱਸਦਾਂ- ਮਾਣਯੋਗ ਕਾਮਰੇਡ ਸਚੀਂਦਰ ਨਾਥ ਸਾਨਿਆਲ ਜੋ ਹੁਣ ਕਰਾਚੀ ਸਾਜ਼ਿਸ਼ ਕੇਸ ਸਬੰਧੀ ਉਮਰ ਕੈਦ ਭੁਗਤ ਰਹੇ ਹਨ। ਉਨ੍ਹਾਂ ਦੀ ਪ੍ਰਸਿੱਧ ਤੇ ਇਕੋ ਇਕ ਕਿਤਾਬ 'ਬੰਦੀ ਜੀਵਨ' ਵਿਚ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਗਾਈ ਗਈ ਹੈ। ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖਰੀ ਸਫ਼ੇ ਵਿਚ ਉਹਦੀ ਵੇਦਾਂਤਵਾਦ ਕਾਰਨ ਰੱਬ ਦੀ ਅਧਿਆਤਮਕ ਮਹਿਮਾ ਉਨ੍ਹਾਂ ਦੇ ਵਿਚਾਰਾਂ ਦਾ ਸਾਰ ਹੈ। ਇਸਤਗਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ ੨੮ ਜਨਵਰੀ ੧੯੨੫ ਨੂੰ ਹਿੰਦੋਸਤਾਨ ਭਰ ਵਿਚ ਵੰਡਿਆ ਗਿਆ ਸੀ, ਉਹ ਇਨ੍ਹਾਂ ਦੇ ਦਿਮਾਗ ਦਾ ਸਿੱਟਾ ਸੀ। ਜਿਵੇਂ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿਚ ਕੋਈ ਉਘਾ ਆਗੂ ਆਪਣੇ ਵਿਚਾਰ ਪ੍ਰਗਟਾਉਂਦਾ ਹੈ ਜੋ ਉਹਨੂੰ ਬੜੇ ਪਿਆਰੇ ਹੁੰਦੇ ਹਨ ਅਤੇ ਦੂਜੇ ਕਾਰਕੁਨਾਂ ਨੂੰ ਮਤਭੇਦਾਂ ਦੇ ਬਾਵਜੂਦ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਉਣੀ ਪੈਂਦੀ ਹੈ।
ਉਸ ਪਰਚੇ ਵਿਚ ਇਕ ਪੂਰਾ ਪੈਰਾ ਸਰਵੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ। ਇਹ ਰਹੱਸਵਾਦ ਹੈ। ਮੈਂ ਆਖਣਾ ਇਹ ਚਾਹੁੰਦਾ ਹਾਂ ਕਿ ਉਦੋਂ ਇਨਕਲਾਬੀ ਪਾਰਟੀ ਵਿਚ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਵਿਚਾਰ ਪੈਦਾ ਵੀ ਨਹੀਂ ਹੋਇਆ ਸੀ। ਕਾਕੋਰੀ ਦੇ ਉਘੇ ਚਾਰ ਸ਼ਹੀਦਾਂ ਨੇ ਆਪਣਾ ਅੰਤਿਮ ਦਿਨ ਪ੍ਰਾਰਥਨਾ/ਦੁਆ ਕਰਦਿਆਂ ਲੰਘਾਇਆ ਸੀ। ਰਾਮ ਪ੍ਰਸ਼ਾਦ ਬਿਸਮਿਲ ਪੱਕੇ ਆਰੀਆ ਸਮਾਜੀ ਸਨ। ਸਮਾਜਵਾਦ ਤੇ ਸਾਮਵਾਦ ਦੇ ਖੇਤਰ ਵਿਚ ਆਪਣੇ ਡੂੰਘੇ ਅਧਿਐਨ ਦੇ ਬਾਵਜੂਦ ਰਾਜਨ ਲਾਹਿੜੀ ਕੋਲੋਂ ਉਪਨਿਸ਼ਦਾਂ ਦੇ ਮੰਤਰ ਉਚਾਰਨ ਤੇ ਗੀਤਾ ਦਾ ਪਾਠ ਕਰਨ ਤੋਂ ਰਿਹਾ ਨਾ ਗਿਆ। ਉਨ੍ਹਾਂ ਸਾਰਿਆਂ ਵਿਚ ਮੈਂ ਇਕੋ ਬੰਦਾ ਦੇਖਿਆ ਸੀ ਜਿਹਨੇ ਕਦੇ ਵੀ ਪ੍ਰਾਰਥਨਾ ਨਹੀਂ ਕੀਤੀ ਸੀ ਤੇ ਉਹ ਕਿਹਾ ਕਰਦਾ ਸੀ, "ਧਾਰਮਿਕ ਫਲਸਫਾ ਮਨੁੱਖੀ ਕਮਜ਼ੋਰੀ ਜਾਂ ਸੀਮਤ ਗਿਆਨ ਦਾ ਸਿੱਟਾ ਹੈ।" ਇਹ ਬੰਦਾ ਵੀ ਉਮਰ ਕੈਦ ਭੁਗਤ ਰਿਹਾ ਹੈ, ਪਰ ਇਹਨੂੰ ਵੀ ਕਦੇ ਆਖਣ ਦੀ ਹਿੰਮਤ ਨਾ ਪਈ ਕਿ ਰੱਬ ਨਹੀਂ ਹੈ।
ਉਸ ਅਰਸੇ ਤੱਕ ਮੈਂ ਸਿਰਫ਼ ਰੋਮਾਂਟਿਕ ਵਿਚਾਰਵਾਦੀ ਇਨਕਲਾਬੀ ਸੀ। ਉਦੋਂ ਤੱਕ ਤਾਂ ਅਸੀਂ ਸਿਰਫ਼ ਅਨੁਆਈ ਹੀ ਸਾਂ। ਫਿਰ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਉਤੇ ਲੈਣ ਦਾ ਵੇਲਾ ਆਇਆ। ਕੁਝ ਚਿਰ ਪਾਰਟੀ ਦੇ ਅਟੱਲ ਵਿਰੋਧ ਕਾਰਨ ਇਹਦੀ ਹੋਂਦ ਹੀ ਖਤਰੇ ਵਿਚ ਸੀ। ਜੋਸ਼ ਨਾਲ ਭਰੇ ਕਾਮਰੇਡ ਨਹੀਂ, ਸਗੋਂ ਆਗੂ ਵੀ ਮਜ਼ਾਕ ਉਡਾਉਣ ਲੱਗੇ। ਕੁਝ ਚਿਰ ਮੈਨੂੰ ਵੀ ਸੰਸਾ ਰਿਹਾ ਕਿ ਕਿਸੇ ਦਿਨ ਮੈਨੂੰ ਵੀ ਆਪਣੀ ਪਾਰਟੀ ਦੇ ਪ੍ਰੋਗਰਾਮ ਦੀ ਨਿਸਫਲਤਾ ਦਾ ਯਕੀਨ ਹੋ ਜਾਏਗਾ। ਇਹ ਮੇਰੇ ਇਨਕਲਾਬੀ ਜੀਵਨ ਵਿਚ ਆਇਆ ਵੱਡਾ ਮੋੜ ਸੀ। 'ਅਧਿਐਨ ਕਰਨ' ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਵਿਚ ਉਭਰਦੀਆਂ ਰਹੀਆਂ। ਅਧਿਐਨ ਕਰ, ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਨਾਲ ਜਵਾਬ ਦੇ ਸਕਣ ਦੇ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਮਾਇਤ ਵਿਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਐਨ ਕਰ!
ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਅਤੇ ਵਿਸ਼ਵਾਸਾਂ ਵਿਚ ਬਹੁਤ ਵੱਡੀ ਤਬਦੀਲੀ ਆ ਗਈ। ਸਾਥੋਂ ਪਹਿਲਾਂ ਦੇ ਇਨਕਲਾਬੀਆਂ ਵਿਚ ਸਿਰਫ਼ ਤਸ਼ੱਦਦ ਦੇ ਤੌਰ-ਤਰੀਕਿਆਂ ਦਾ ਰੋਮਾਂਸ ਇੰਨਾ ਭਾਰੂ ਸੀ, ਹੁਣ ਉਹਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ। ਹੁਣ ਰਹੱਸਵਾਦ ਵਾਸਤੇ ਅੰਧ-ਵਿਸ਼ਵਾਸ ਵਾਸਤੇ ਕੋਈ ਥਾਂ ਨਾ ਰਹੀ। ਯਥਾਰਥਵਾਦ ਸਾਡਾ ਸਿਧਾਂਤ ਹੋ ਗਿਆ। ਸਖਤ ਲੋੜ ਵੇਲੇ ਤਾਕਤ ਦੀ ਵਰਤੋਂ ਜਾਇਜ਼ ਹੈ, ਪਰ ਅਹਿੰਸਾ ਸਾਰੀਆਂ ਜਨਤਕ ਲਹਿਰਾਂ ਦੀ ਅਟੁੱਟ ਨੀਤੀ ਹੈ। ਮੈਂ ਤੌਰ-ਤਰੀਕਿਆਂ ਬਾਰੇ ਕਾਫੀ ਆਖ ਚੁੱਕਾ ਹਾਂ। ਸਭ ਤੋਂ ਅਹਿਮ ਇਹ ਗੱਲ ਸੀ ਕਿ ਜਿਸ ਆਦਰਸ਼ ਵਾਸਤੇ ਅਸੀਂ ਜੂਝਣਾ ਹੈ, ਉਹਦਾ ਸਪਸ਼ਟ ਸੰਕਲਪ ਸਾਡੇ ਸਾਹਮਣੇ ਹੋਵੇ। ਕਿਉਂਕਿ ਐਕਸ਼ਨ ਵਜੋਂ ਕੋਈ ਖਾਸ ਸਰਗਰਮੀਆਂ ਨਹੀਂ ਹੋ ਰਹੀਆਂ, ਇਸ ਲਈ ਮੈਨੂੰ ਸੰਸਾਰ ਇਨਕਲਾਬ ਦੇ ਵੱਖ ਵੱਖ ਆਦਰਸ਼ਾਂ ਦੇ ਅਧਿਐਨ ਵਾਸਤੇ ਕਾਫ਼ੀ ਮੌਕਾ ਮਿਲ ਗਿਆ। ਮੈਂ ਅਰਾਜਕਤਾਵਾਦੀ ਆਗੂ ਬਾਕੂਨਿਨ ਨੂੰ ਪੜ੍ਹਿਆ। ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਤੇ ਲੈਨਿਨ, ਟਰਾਟਸਕੀ ਤੇ ਆਪਣੇ ਦੇਸ਼ਾਂ ਵਿਚ ਸਫ਼ਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ। ਇਹ ਸਾਰੇ ਨਾਸਤਿਕ ਸਨ।
ਬਾਕੂਨਿਨ ਦੀ ਕਿਤਾਬ 'ਗੌਡ ਐਂਡ ਸਟੇਟ' (ਰੱਬ ਤੇ ਰਿਆਸਤ) ਭਾਵੇਂ ਅਧੂਰੀ ਜਿਹੀ ਹੈ, ਪਰ ਇਹ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਸ ਤੋਂ ਮਗਰੋਂ ਮੈਨੂੰ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ 'ਕਾਮਨ ਸੈਂਸ' (ਸਾਧਾਰਨ ਵਿਗਿਆਨ) ਹੱਥ ਲੱਗੀ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕਵਾਦ ਸੀ। ਇਸ ਵਿਸ਼ੇ ਵਿਚ ਮੇਰੀ ਬਹੁਤ ਜ਼ਿਆਦਾ ਦਿਲਚਸਪੀ ਹੋ ਗਈ। ੧੯੨੬ ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਾ ਸੀ ਕਿ ਬ੍ਰਹਿਮੰਡ ਦੇ ਸਿਰਜਣ, ਪਾਲਣਹਾਰ ਤੇ ਸਰਬ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਦੋਸਤਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆਂ ਨਾਸਤਿਕ ਹੋ ਚੁੱਕਾ ਸੀ। ਨਾਸਤਿਕ ਹੋਣ ਦਾ ਅਰਥ ਮੈਂ ਹੇਠਾਂ ਬਿਆਨ ਕਰਦਾ ਹਾਂ।
ਮਈ ੧੯੨੭ ਵਿਚ ਮੈਂ ਲਾਹੌਰ ਵਿਚ ਗ੍ਰਿਫ਼ਤਾਰ ਹੋਇਆ। ਮੇਰੀ ਗ੍ਰਿਫਤਾਰੀ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਸੀ। ਮੈਨੂੰ ਅਸਲੋਂ ਹੀ ਕੋਈ ਸਾਰ ਨਹੀਂ ਸੀ ਕਿ ਪੁਲਿਸ ਮੇਰੇ ਪਿਛੇ ਲੱਗੀ ਹੋਈ ਹੈ। ਜਦ ਮੈਂ ਕਿਸੇ ਬਾਗ ਵਿਚ ਦੀ ਲੰਘ ਰਿਹਾ ਸੀ ਤਾਂ ਅਚਾਨਕ ਮੈਂ ਕੀ ਦੇਖਿਆ ਕਿ ਪੁਲਿਸ ਨੇ ਮੈਨੂੰ ਘੇਰਿਆ ਹੋਇਆ ਸੀ। ਮੈਂ ਉਦੋਂ ਬਹੁਤ ਤਹੱਮਲ ਨਾਲ ਪੇਸ਼ ਆਇਆ। ਮੈਨੂੰ ਕੋਈ ਘਬਰਾਹਟ ਨਾ ਹੋਈ ਤੇ ਨਾ ਹੀ ਮੈਂ ਉਤੇਜਿਤ ਹੋਇਆ। ਮੈਨੂੰ ਪੁਲਿਸ ਹਿਰਾਸਤ ਵਿਚ ਲਿਆ ਗਿਆ। ਅਗਲੇ ਦਿਨ ਉਹ ਮੈਨੂੰ ਰੇਲਵੇ ਪੁਲਿਸ ਜੇਲ੍ਹ ਵਿਚ ਲੈ ਗਏ ਜਿਥੇ ਮੈਂ ਪੂਰਾ ਮਹੀਨਾ ਕੱਟਿਆ। ਪੁਲਿਸ ਅਫ਼ਸਰਾਂ ਨਾਲ ਕਿੰਨੇ ਦਿਨਾਂ ਦੀ ਗੱਲਬਾਤ ਮਗਰੋਂ ਮੈਂ ਅੰਦਾਜ਼ਾ ਲਾਇਆ ਕਿ ਉਨ੍ਹਾਂ ਨੂੰ ਕਾਕੋਰੀ ਪਾਰਟੀ ਨਾਲ ਮੇਰੇ ਸਬੰਧਾਂ ਤੇ ਇਨਕਲਾਬੀ ਲਹਿਰ ਨਾਲ ਸਬੰਧਤ ਮੇਰੀਆਂ ਹੋਰ ਸਰਗਰਮੀਆਂ ਬਾਰੇ ਕੁਝ ਜਾਣਕਾਰੀ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ (ਕਾਕੋਰੀ) ਮੁਕੱਦਮੇ ਦੀ ਸਮਾਇਤ ਦੌਰਾਨ ਮੈਂ ਲਖਨਊ ਵਿਚ ਸੀ, ਕਿ ਮੈਂ ਉਨ੍ਹਾਂ ਨਾਲ (ਕਾਕੋਰੀ ਮੁਲਜ਼ਮਾਂ) ਉਨ੍ਹਾਂ ਨੂੰ ਫਰਾਰ ਕਰਨ ਦੀ ਕੋਈ ਵਿਉਂਤ ਬਣਾਈ ਸੀ, ਤੇ ਉਨ੍ਹਾਂ ਦੀ ਮਨਜ਼ੂਰੀ ਮਿਲਣ ਮਗਰੋਂ ਅਸੀਂ ਕੁਝ ਬੰਬ ਇਕੱਠੇ ਕੀਤੇ ਸਨ ਤੇ ਇਹ, ਕਿ ਅਜ਼ਮਾਇਸ਼ ਵਾਸਤੇ ਉਨ੍ਹਾਂ ਵਿਚੋਂ ਇਕ ਬੰਬ ੧੯੨੬ ਦੇ ਦੁਸਹਿਰੇ ਦੇ ਮੌਕੇ ਭੀੜ ਵਿਚ ਸੁੱਟਿਆ ਸੀ। ਉਨ੍ਹਾਂ ਨੇ ਮੇਰੇ ਹਿੱਤ ਵਾਸਤੇ ਮੈਨੂੰ ਇਹ ਵੀ ਦੱਸਿਆ ਕਿ ਜੇ ਮੈਂ ਇਨਕਲਾਬੀ ਪਾਰਟੀ ਦੀਆਂ ਸਰਗਰਮੀਆਂ ਬਾਰੇ ਕੋਈ ਬਿਆਨ ਦੇਵਾਂ ਤਾਂ ਮੈਨੂੰ ਕੈਦ ਨਹੀਂ ਹੋਵੇਗੀ, ਸਗੋਂ ਉਹ ਮੈਨੂੰ ਰਿਹਾ ਕਰ ਦੇਣਗੇ ਤੇ ਇਨਾਮ ਦੇਣਗੇ। ਮੈਨੂੰ ਅਦਾਲਤ ਵਿਚ ਵਾਅਦਾ-ਮੁਆਫ਼ ਵਜੋਂ ਪੇਸ਼ ਨਹੀਂ ਕਰਨਗੇ। ਮੈਂ ਉਨ੍ਹਾਂ ਦੀ ਇਸ ਤਜਵੀਜ਼ ਉਤੇ ਹੱਸ ਛੱਡਿਆ। ਇਹ ਸਰਾਸਰ ਧੋਖਾ ਸੀ। ਸਾਡੇ ਵਿਚਾਰਾਂ ਵਾਲੇ ਲੋਕ ਕਦੇ ਵੀ ਆਪਣੇ ਮਾਸੂਮ ਲੋਕਾਂ ਉਤੇ ਬੰਬ ਨਹੀਂ ਸੁੱਟਦੇ।
ਇਕ ਦਿਨ ਸਵੇਰੇ ਮਿਸਟਰ ਨੀਊਮੈਨ ਮੇਰੇ ਕੋਲ ਆਇਆ ਜੋ ਉਨ੍ਹੀਂ ਦਿਨੀਂ ਸੀ.ਆਈ.ਡੀ. ਦਾ ਸੀਨੀਅਰ ਸੁਪਰਡੈਂਟ ਸੀ। ਉਹਨੇ ਮੇਰੇ ਨਾਲ ਲੰਮੀ-ਚੌੜੀ ਹਮਦਰਦ ਗੱਲਬਾਤ ਮਗਰੋਂ ਆਪਣੇ ਚਿੱਤੋਂ ਮੈਨੂੰ ਬੜੀ ਮਾੜੀ ਖਬਰ ਦਿੱਤੀ ਕਿ ਜੇ ਮੈਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਕੋਈ ਬਿਆਨ ਨਾ ਦਿੱਤਾ, ਤਾਂ ਉਹ ਮੇਰੇ ਉਤੇ ਕਾਕੋਰੀ ਮੁਕੱਦਮੇ ਸਬੰਧੀ ਜੰਗ ਛੇੜਨ ਦੀ ਸਾਜ਼ਿਸ਼ ਅਤੇ ਦੁਸਹਿਰਾ ਬੰਬ ਸਾਕੇ ਦੇ ਵਹਿਸ਼ੀ ਕਾਤਲਾਂ ਦਾ ਮੁਕੱਦਮਾ ਚਲਾਉਣ ਲਈ ਮਜਬੂਰ ਹੋਣਗੇ। ਫਿਰ ਆਖਣ ਲੱਗਾ ਕਿ ਮੈਨੂੰ ਸਜ਼ਾ ਦਿਵਾਉਣ ਤੇ ਫਾਹੇ ਲਾਉਣ ਲਈ ਉਸ ਕੋਲ ਗਵਾਹੀ ਮੌਜੂਦ ਹੈ। ਉਨ੍ਹੀਂ ਦਿਨੀਂ ਮੇਰਾ ਵਿਸ਼ਵਾਸ ਸੀ- ਮੈਂ ਭਾਵੇਂ ਬਿਲਕੁਲ ਮਾਸੂਮ ਸੀ, ਕਿ ਪੁਲਿਸ ਜੋ ਦਾਅਵੇ ਕਰ ਸਕਦੀ ਹੈ, ਉਹ ਕਰ ਸਕਦੀ ਹੈ। ਉਸੇ ਦਿਨ ਕੁਝ ਪੁਲਿਸ ਅਫ਼ਸਰ ਦੋਵੇਂ ਵੇਲੇ ਰੱਬ ਦਾ ਨਾਂ ਲੈਣ ਲਈ ਮੈਨੂੰ ਪ੍ਰੇਰਨ ਲੱਗ ਪਏ। ਮੈਂ ਤਾਂ ਨਾਸਤਿਕ ਸੀ। ਮੈਂ ਆਪਣੇ ਆਪ ਨਾਲ ਫੈਸਲਾ ਕਰਨਾ ਚਾਹੁੰਦਾ ਸਾਂ ਕਿ ਕੀ ਮੈਂ ਅਮਨ ਚੈਨ ਤੇ ਖੁਸ਼ੀ ਦੇ ਦਿਨਾਂ ਵਿਚ ਹੀ ਨਾਸਤਿਕ ਹੋਣ ਦੀ ਫੜ੍ਹ ਮਾਰ ਸਕਦਾ ਹਾਂ, ਜਾਂ ਇਹੋ ਜਿਹੀ ਔਖੀ ਘੜੀ ਵਿਚ ਵੀ ਆਪਣੇ ਅਸੂਲਾਂ ਉਤੇ ਸਾਬਤ ਕਦਮ ਰਹਿ ਸਕਦਾ ਹਾਂ। ਬੜੀ ਸੋਚ ਵਿਚਾਰ ਮਗਰੋਂ ਫੈਸਲਾ ਕੀਤਾ ਕਿ ਮੈਂ ਰੱਬ ਵਿਚ ਯਕੀਨ ਨਹੀਂ ਕਰ ਸਕਦਾ, ਤੇ ਨਾ ਹੀ ਅਰਦਾਸ ਕਰ ਸਕਦਾ ਹਾਂ। ਮੈਂ ਕਦੇ ਵੀ ਅਰਦਾਸ ਨਾ ਕੀਤੀ। ਇਹ ਪਰਖ ਦੀ ਘੜੀ ਸੀ ਤੇ ਮੈਂ ਇਸ ਵਿਚ ਕਾਮਯਾਬ ਰਿਹਾ। ਮੈਂ ਕਦੇ ਇਕ ਪਲ ਵੀ ਆਪਣੀ ਜਾਨ ਬਚਾਉਣ ਬਾਰੇ ਨਹੀਂ ਸੋਚਿਆ ਸੀ। ਸੋ, ਮੈਂ ਪੱਕਾ ਨਾਸਤਿਕ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਾਂ। ਉਸ ਅਜ਼ਮਾਇਸ਼ ਵਿਚ ਪੂਰਾ ਉਤਰਨਾ ਕੋਈ ਸੌਖੀ ਗੱਲ ਨਹੀਂ ਸੀ।
'ਵਿਸ਼ਵਾਸ' ਮੁਸ਼ਕਿਲਾਂ ਨੂੰ ਘੱਟ ਕਰ ਦਿੰਦਾ ਹੈ, ਇਥੋਂ ਤੱਕ ਕਿ ਉਨ੍ਹਾਂ ਨੂੰ ਖੁਸ਼ਗਵਾਰ ਬਣਾ ਦਿੰਦਾ ਹੈ। ਬੰਦਾ ਰੱਬ ਵਿਚ ਧਰਵਾਸ ਤੇ ਆਸਰੇ ਦਾ ਬਹੁਤ ਜ਼ੋਰਦਾਰ ਅਹਿਸਾਸ ਲੱਭ ਸਕਦਾ ਹੈ। 'ਉਹਦੇ' ਬਿਨਾਂ ਮਨੁੱਖ ਨੂੰ ਆਪਣੇ ਆਪ ਉਤੇ ਨਿਰਭਰ ਹੋਣਾ ਪੈਂਦਾ ਹੈ। ਝੱਖੜ-ਝਾਂਜਿਆਂ ਤੇ ਤੂਫ਼ਾਨਾਂ ਵਿਚ ਸਾਬਤ ਕਦਮ ਰਹਿਣਾ ਬੱਚਿਆਂ ਦੀ ਖੇਡ ਨਹੀਂ। ਇਹੋ ਜਿਹੀਆਂ ਅਜ਼ਮਾਇਸ਼ੀ ਘੜੀਆਂ ਵਿਚ ਕਿਸੇ ਵਿਚ ਕੋਈ ਹਉਮੈ ਬਚੀ ਹੋਈ ਹੋਵੇ, ਤਾਂ ਉਹ ਕਾਫ਼ੂਰ ਹੋ ਜਾਂਦੀ ਹੈ ਅਤੇ ਮਨੁੱਖ ਆਮ ਵਿਸ਼ਵਾਸਾਂ ਨੂੰ ਉਲੰਘਣ ਦੀ ਹਿੰਮਤ ਤੱਕ ਨਹੀਂ ਕਰ ਸਕਦਾ। ਜੇ ਉਹ ਹਿੰਮਤ ਕਰਦਾ ਹੈ, ਤਾਂ ਸਾਨੂੰ ਇਹ ਕਹਿਣਾ ਪਏਗਾ ਕਿ ਉਸ ਵਿਚ ਨਿਜੀ ਹਉਮੈ ਨਾਲੋਂ ਹੋਰ ਕੋਈ ਤਾਕਤ ਵੀ ਹੁੰਦੀ ਹੋਣੀ ਹੈ। ਹੁਣ ਬਿਲਕੁਲ ਇਹੀ ਹਾਲਤ ਹੈ। ਪਹਿਲਾਂ ਹੀ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਮੁਕੱਦਮੇ ਦਾ ਕੀ ਫੈਸਲਾ ਹੋਏਗਾ। ਹਫ਼ਤੇ ਦੇ ਵਿਚ ਵਿਚ ਫੈਸਲਾ ਸੁਣਾ ਦਿੱਤਾ ਜਾਏਗਾ। ਮੈਂ ਆਪਣੀ ਜ਼ਿੰਦਗੀ ਆਦਰਸ਼ ਖਾਤਰ ਕੁਰਬਾਨ ਕਰ ਦੇਣੀ ਹੈ, ਇਸ ਵਿਚਾਰ ਤੋਂ ਬਿਨਾਂ ਮੇਰਾ ਹੋਰ ਕਿਹੜਾ ਧਰਵਾਸ ਹੈ? ਕਿਸੇ ਆਸਤਿਕ ਹਿੰਦੂ ਨੂੰ ਤਾਂ ਦੂਜੇ ਜਨਮ ਵਿਚ ਬਾਦਸ਼ਾਹ ਬਣਨ ਦੀ ਆਸ ਹੋ ਸਕਦੀ ਹੈ, ਕੋਈ ਮੁਸਲਮਾਨ ਜਾਂ ਈਸਾਈ ਤਾਂ ਆਪਣੀਆਂ ਮੁਸ਼ਕਿਲਾਂ ਤੇ ਕੁਰਬਾਨੀਆਂ ਬਦਲੇ ਸਵਰਗ ਦੀਆਂ ਐਸ਼ੋ-ਇਸ਼ਰਤਾਂ ਦੀ ਕਲਪਨਾ ਕਰ ਸਕਦਾ ਹੈ, ਪਰ ਮੈਂ ਕਿਸ ਗੱਲ ਦੀ ਆਸ ਰੱਖਾਂ? ਮੈਨੂੰ ਪਤਾ ਹੈ ਕਿ ਜਿਸ ਪਲ ਮੇਰੇ ਗਲ ਇਹ ਫਾਂਸੀ ਦਾ ਫੰਦਾ ਪਾ ਦਿੱਤਾ ਜਾਏਗਾ, ਤੇ ਮੇਰੇ ਪੈਰਾਂ ਹੇਠੋਂ ਤਖ਼ਤੇ ਖੋਲ੍ਹ ਦਿੱਤੇ ਗਏ, ਤਾਂ ਉਹ ਮੇਰਾ ਆਖਰੀ ਪਲ ਹੋਏਗਾ। ਮੇਰਾ ਜਾਂ ਮਿਥਿਹਾਸਕ ਸ਼ਬਦਾਵਲੀ ਵਿਚ ਆਖੀਏ, ਤਾਂ ਮੇਰੀ ਆਤਮਾ ਦਾ ਬਿਲਕੁਲ ਖਾਤਮਾ ਹੋ ਜਾਏਗਾ। ਜੇ ਮੈਂ ਇਨਾਮ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਹਿੰਮਤ ਕਰਾਂ ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜਦੋ-ਜਹਿਦ ਭਰੀ ਮੁਖ਼ਤਸਰ ਜ਼ਿੰਦਗੀ ਹੀ ਆਪਣੇ ਆਪ ਵਿਚ (ਮੇਰਾ) ਇਨਾਮ ਹੋਏਗਾ। ਇਸ ਤੋਂ ਵੱਧ ਕੁਝ ਨਹੀਂ। ਹੁਣ ਜਾਂ ਕਦੇ ਵੀ ਕੁਝ ਹਾਸਲ ਕਰ ਸਕਣ ਦੀ ਕਿਸੇ ਵੀ ਖੁਦਗਰਜ਼ੀ ਤੋਂ ਬਿਨਾਂ ਮੈਂ ਕਾਫ਼ੀ ਬੇਲਾਗ ਹੋ ਕੇ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਲੇਖੇ ਲਾਈ ਹੈ, ਕਿਉਂਕਿ ਮੇਰੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁੱਖ ਝਾਗ ਰਹੀ ਮਨੁੱਖਤਾ ਦੇ ਨਿਜਾਤ ਦੀ ਭਾਵਨਾ ਨਾਲ ਪ੍ਰੇਰਿਤ ਬਹੁਤ ਸਾਰੇ ਮਰਦ-ਔਰਤਾਂ ਅੱਗੇ ਆ ਗਏ, ਜਿਹੜੇ ਇਸ ਬਗੈਰ ਹੋਰ ਕਿਸੇ ਚੀਜ਼ ’ਤੇ ਜੀਵਨ ਨਹੀਂ ਲਗਾ ਸਕਦੇ, ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੂ ਹੋਵੇਗਾ। ਉਹ ਦਮਨਕਾਰੀਆਂ, ਲੋਟੂਆਂ ਤੇ ਜ਼ਾਲਮਾਂ ਨੂੰ ਇਸ ਗੱਲੋਂ ਨਹੀਂ ਵੰਗਾਰਨਗੇ ਕਿ ਉਹ ਇਸ ਜਾਂ ਅਗਲੇ ਜਨਮ ਵਿਚ ਜਾਂ ਮੌਤ ਮਗਰੋਂ ਵਹਿਸ਼ਤ ਵਿਚ ਬਾਦਸ਼ਾਹ ਬਣ ਜਾਣਗੇ ਜਾਂ ਉਨ੍ਹਾਂ ਨੂੰ ਕੋਈ ਇਨਾਮ ਮਿਲ ਜਾਵੇਗਾ, ਸਗੋਂ ਮਨੁੱਖਤਾ ਦੀ ਧੌਣ ਤੋਂ ਗੁਲਾਮੀ ਦਾ ਜੂਲਾ ਲਾਹੁਣ ਤੇ ਆਜ਼ਾਦੀ ਤੇ ਅਮਨ ਕਾਇਮ ਕਰਨ ਲਈ ਹੀ ਉਹ ਇਸ ਬਿਖੜੇ, ਪਰ ਇਕੋ ਇਕ ਸ਼ਾਨਦਾਰ ਮਾਰਗ ਉਤੇ ਚੱਲਣਗੇ। ਕੀ ਆਪਣੇ ਸੱਚੇ ਆਦਰਸ਼ ਵਿਚ ਉਨ੍ਹਾਂ ਦੇ ਮਾਣ ਨੂੰ ਅਹੰਕਾਰ ਕਿਹਾ ਜਾ ਸਕਦਾ ਹੈ? ਇਹੋ ਜਿਹੀ ਘ੍ਰਿਣਤ ਬਿਆਨੀ ਕਰਨ ਦੀ ਕੌਣ ਜੁਰਅਤ ਕਰ ਸਕਦਾ ਹੈ? ਇਹੋ ਜਿਹੇ ਬੰਦੇ ਨੂੰ ਮੂਰਖ ਜਾਂ ਪਾਖੰਡੀ ਆਖਾਂਗਾ। ਚਲੋ, ਆਪਾਂ ਇਸ ਨੂੰ ਮੁਆਫ਼ ਕਰ ਦਿੰਦੇ ਹਾਂ, ਕਿਉਂਕਿ ਉਹ ਸੁੱਚੇ ਆਦਰਸ਼ ਵਾਲੇ ਦਿਲ ਦੇ ਜਜ਼ਬੇ, ਭਾਵਨਾ ਤੇ ਅਹਿਸਾਸ ਨੂੰ ਜਾਣ ਨਹੀਂ ਸਕਦਾ। ਉਹਦਾ ਦਿਲ ਮਾਸ ਦਾ ਬੇਜਾਨ ਲੋਥੜਾ ਹੈ। ਉਹਦੀ ਦ੍ਰਿਸ਼ਟੀ ਕਮਜ਼ੋਰ ਹੈ, ਕਿਉਂਕਿ ਹੋਰ ਗਰਜ਼ਾਂ ਦੀਆਂ ਬੁਰਾਈਆਂ ਦਾ ਉਨ੍ਹਾਂ 'ਤੇ ਪਰਦਾ ਪਿਆ ਹੋਇਆ ਹੈ। ਸਵੈ-ਵਿਸ਼ਵਾਸ ਨੂੰ ਅਹੰਕਾਰ ਸਮਝਿਆ ਜਾ ਸਕਦਾ ਹੈ। ਇਹ ਅਫਸੋਸਨਾਕ ਤੇ ਤਰਸਯੋਗ ਗੱਲ ਹੈ, ਪਰ ਇਹਦਾ ਕੋਈ ਚਾਰਾ ਨਹੀਂ।
ਤੁਸੀਂ ਪ੍ਰਚਲਿਤ ਵਿਸ਼ਵਾਸ ਦਾ ਵਿਰੋਧ ਕਰ ਕੇ ਦੇਖ ਲਓ, ਤੁਸੀਂ ਨਿਹਕਲੰਕ ਅਵਤਾਰ ਸਮਝੇ ਜਾਂਦੇ ਕਿਸੇ ਨਾਇਕ, ਕਿਸੇ ਮਹਾਨ ਪੁਰਖ ਦੀ ਨੁਕਤਾਚੀਨੀ ਕਰ ਕੇ ਦੇਖ ਲਓ, ਤਾਂ ਤੁਹਾਡੀ ਦਲੀਲ ਦਾ ਜਵਾਬ ਤੁਹਾਨੂੰ ਘੁਮੰਡੀ-ਅਹੰਕਾਰੀ ਆਖ ਕੇ ਦਿੱਤਾ ਜਾਵੇਗਾ। ਇਹਦਾ ਕਾਰਨ ਮਾਨਸਿਕ ਖੜੋਤ ਹੈ। ਆਲੋਚਨਾ ਤੇ ਸੁਤੰਤਰ ਸੋਚਣੀ ਇਨਕਲਾਬੀ ਦੇ ਦੋ ਲਾਜ਼ਮੀ ਗੁਣ ਹੁੰਦੇ ਹਨ। ਮਹਾਤਮਾ ਜੀ (ਮਹਾਤਮਾ ਗਾਂਧੀ) ਕਿਉਂਕਿ ਮਹਾਨ ਹਨ, ਇਸ ਲਈ ਕੋਈ ਉਨ੍ਹਾਂ ਦੀ ਆਲੋਚਨਾ ਨਾ ਕਰੇ, ਕਿਉਂਕਿ ਉਹ ਉਪਰ ਉਠ ਚੁੱਕੇ ਹਨ। ਇਸ ਲਈ ਉਹ ਰਾਜਨੀਤੀ ਜਾਂ ਧਰਮ, ਆਰਥਿਕਤਾ ਜਾਂ ਸਦਾਚਾਰ ਬਾਰੇ ਕੁਝ ਵੀ ਕਹਿੰਦੇ ਹਨ, ਤਾਂ ਉਹ ਸਹੀ ਹੁੰਦਾ ਹੈ। ਤੁਸੀਂ ਮੰਨਦੇ ਹੋ, ਭਾਵੇਂ ਨਹੀਂ; ਤੁਹਾਨੂੰ ਇਹ ਜ਼ਰੂਰ ਕਹਿਣਾ ਪਏਗਾ, "ਹਾਂ ਇਹ ਗੱਲ ਠੀਕ ਹੈ।" ਇਹ ਮਾਨਸਿਕਤਾ ਸਾਨੂੰ ਪ੍ਰਗਤੀ ਵੱਲ ਨਹੀਂ ਲਿਜਾਂਦੀ, ਸਗੋਂ ਇਹ ਤਾਂ ਸਪਸ਼ਟ ਤੌਰ 'ਤੇ ਪ੍ਰਤੀਗਾਮੀ (ਮਾਨਸਿਕਤਾ) ਹੈ।
ਸਾਡੇ ਵੱਡੇ-ਵਡੇਰਿਆਂ ਨੇ ਕਿਉਂਕਿ ਕਿਸੇ ਸਰਬ ਸ਼ਕਤੀਮਾਨ ਪਰਮਾਤਮਾ ਵਿਚ ਵਿਸ਼ਵਾਸ ਬਣਾ ਲਿਆ ਸੀ, ਇਸ ਲਈ ਕੋਈ ਵੀ ਬੰਦਾ, ਜਿਹੜਾ ਉਸ ਵਿਸ਼ਵਾਸ ਜਾਂ ਉਸ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਣ ਦਾ ਹੌਸਲਾ ਕਰਦਾ ਹੈ, ਉਹਨੂੰ ਹਰ ਹਾਲਤ ਵਿਚ ਕਾਫ਼ਰ, ਗੱਦਾਰ ਕਿਹਾ ਜਾਏਗਾ। ਜੇ ਉਹਦੀਆਂ ਵਜ਼ਨਦਾਰ ਦਲੀਲਾਂ ਨੂੰ ਅੱਗੇ ਕੱਟਿਆ ਨਾ ਜਾ ਸਕਦਾ ਹੋਵੇ ਅਤੇ ਸਰਬ ਸ਼ਕਤੀਮਾਨ ਦੀ ਕਰੋਪੀ ਵੀ ਉਹਦੀ ਜ਼ੋਰਦਾਰ ਦ੍ਰਿੜਤਾ ਨੂੰ ਡੇਗ ਨਾ ਸਕੇ, ਤਾਂ ਉਹਨੂੰ ਘੁਮੰਡੀ ਗਰਦਾਨਿਆ ਜਾਏਗਾ ਤੇ ਉਹਦੀ ਦ੍ਰਿੜਤਾ ਨੂੰ ਅਹੰਕਾਰ ਆਖਿਆ ਜਾਏਗਾ। ਤਾਂ ਫਿਰ ਇਸ ਫਜ਼ੂਲ ਬਹਿਸ ਵਿਚ ਸਮਾਂ ਕਿਉਂ ਜ਼ਾਇਆ ਕੀਤਾ ਜਾਵੇ? ਇਹ ਸਵਾਲ ਲੋਕਾਂ ਅੱਗੇ ਪਹਿਲੀ ਵਾਰ ਆ ਰਿਹਾ ਹੈ ਤੇ ਇਸ ਨੂੰ ਤਰੀਕੇ ਨਾਲ ਪਹਿਲੀ ਵਾਰ ਲਿਆ ਜਾ ਰਿਹਾ ਹੈ, ਇਸੇ ਲਈ ਲੰਮੀ ਬਹਿਸ ਹੋ ਰਹੀ ਹੈ।
ਜਿਥੋਂ ਤੱਕ ਪਹਿਲੇ ਸਵਾਲ ਦਾ ਸਬੰਧ ਹੈ, ਮੇਰਾ ਵਿਚਾਰ ਹੈ ਕਿ ਮੈਂ ਸਪਸ਼ਟ ਕਰ ਦਿੱਤਾ ਹੈ ਕਿ ਮੈਂ ਅਹੰਕਾਰ ਕਾਰਨ ਨਾਸਤਿਕ ਨਹੀਂ ਬਣਿਆ। ਇਹ ਫੈਸਲਾ ਮੈਂ ਨਹੀਂ, ਸਗੋਂ ਮੇਰੇ ਪਾਠਕਾਂ ਨੇ ਕਰਨਾ ਹੈ ਕਿ ਮੇਰੀਆਂ ਦਲੀਲਾਂ ਖੁੱਭਵੀਆਂ ਸਾਬਤ ਹੋਈਆਂ ਹਨ ਜਾਂ ਨਹੀਂ। ਮੈਨੂੰ ਪਤਾ ਹੈ ਕਿ ਹੁਣ ਦੇ ਹਾਲਾਤ ਵਿਚ ਜੇ ਮੈਂ ਆਸਤਿਕ ਹੁੰਦਾ ਤਾਂ ਮੇਰੀ ਜ਼ਿੰਦਗੀ ਹੁਣ ਨਾਲੋਂ ਆਸਾਨ ਹੋਣੀ ਸੀ ਤੇ ਮੇਰਾ ਬੋਝ ਹੁਣ ਨਾਲੋਂ ਘੱਟ ਹੋਣਾ ਸੀ। ਮੇਰਾ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਕਰ ਕੇ ਹਾਲਾਤ ਬਹਤ ਹੀ ਅਣਸੁਖਾਵੇਂ ਹੋ ਗਏ ਹਨ ਤੇ ਹਾਲਤ ਇਸ ਤੋਂ ਵੀ ਭੈੜੀ ਹੋ ਸਕਦੀ ਹੈ। ਥੋੜ੍ਹਾ ਜਿੰਨਾ ਰਹੱਸਵਾਦ ਇਸ ਹਾਲਤ ਨੂੰ ਸ਼ਾਇਰਾਨਾ ਬਣਾ ਸਕਦਾ ਹੈ, ਪਰ ਮੈਨੂੰ ਆਪਣੇ ਅੰਤ ਵਾਸਤੇ ਕਿਸੇ ਨਸ਼ੇ ਦੀ, ਮਦਦ ਦੀ ਲੋੜ ਨਹੀਂ ਹੈ। ਮੈਂ ਯਥਾਰਥਵਾਦੀ ਹਾਂ। ਮੈਂ ਤਰਕ ਦੀ ਮਦਦ ਨਾਲ ਇਸ ਰੁਝਾਨ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਮੈਂ ਇਸ ਕੋਸ਼ਿਸ਼ ਵਿਚ ਹਮੇਸ਼ਾ ਹੀ ਸਫਲ ਨਹੀਂ ਹੁੰਦਾ, ਪਰ ਬੰਦੇ ਦਾ ਫਰਜ਼ ਤਾਂ ਕੋਸ਼ਿਸ਼ ਕਰੀ ਜਾਣਾ ਹੁੰਦਾ ਹੈ, ਕਾਮਯਾਬੀ ਮੌਕੇ ਅਤੇ ਹਾਲਾਤ ਉਤੇ ਨਿਰਭਰ ਹੁੰਦੀ ਹੈ।
ਦੂਜਾ ਸਵਾਲ ਇਹ ਹੈ ਕਿ ਅਹੰਕਾਰ ਨਹੀਂ, ਤਾਂ ਰੱਬ ਦੀ ਹੋਂਦ ਪੁਰਾਣੀ ਤੇ ਪ੍ਰਚੱਲਤ ਧਾਰਨਾ ਨੂੰ ਨਾ ਮੰਨਣ ਦਾ ਕੋਈ ਕਾਰਨ ਹੋਵੇਗਾ। ਹਾਂ, ਮੈਂ ਇਸ ਸਵਾਲ ਵੱਲ ਆਉਂਦਾ ਹਾਂ। ਇਹਦਾ ਕਾਰਨ ਹੈ। ਮੇਰੇ ਵਿਚਾਰ ਅਨੁਸਾਰ ਜਿਸ ਬੰਦੇ ਕੋਲ ਥੋੜ੍ਹੀ-ਬਹੁਤ ਤਰਕ ਸ਼ਕਤੀ ਹੈ, ਉਹ ਹਮੇਸ਼ਾ ਆਪਣੇ ਆਲੇ-ਦੁਆਲੇ ਨੂੰ ਤਰਕ ਦੀ ਕਸਵੱਟੀ ਉਤੇ ਪਰਖਦਾ ਹੈ। ਜਿਥੇ ਸਿੱਧੇ ਸਬੂਤ ਨਹੀਂ ਮਿਲਦੇ, ਉਥੇ ਫਲਸਫ਼ੇ ਦਾ ਅਹਿਮ ਥਾਂ ਹੁੰਦਾ ਹੈ। ਜਿਵੇਂ ਮੈਂ ਪਹਿਲਾਂ ਆਖ ਚੁੱਕਾ ਹਾਂ, ਮੇਰਾ ਕੋਈ ਇਨਕਲਾਬੀ ਦੋਸਤ ਕਿਹਾ ਕਰਦਾ ਸੀ, "ਫਲਸਫ਼ਾ ਮਨੁੱਖੀ ਕਮਜ਼ੋਰੀ ਦੀ ਪੈਦਾਵਾਰ ਹੈ।"
ਜਦ ਸਾਡੇ ਵੱਡੇ-ਵਡੇਰਿਆਂ ਨੂੰ ਇਸ ਜਗਤ-ਤਮਾਸ਼ੇ ਨੂੰ ਜਾਣਨ ਦੀ ਕਾਫ਼ੀ ਫ਼ੁਰਸਤ ਮਿਲੀ ਤੇ ਜਦ ਉਨ੍ਹਾਂ ਨੂੰ ਜਗਤ ਦਾ ਅਤੀਤ, ਵਰਤਮਾਨ, ਭਵਿੱਖ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਸਿੱਧੇ ਸਬੂਤ ਨਾ ਮਿਲੇ, ਤਾਂ ਹਰ ਕਿਸੇ ਨੇ ਇਸ ਸਮੱਸਿਆ ਨੂੰ ਆਪਣੇ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਇਸ ਕਰ ਕੇ ਵੱਖ ਵੱਖ ਧਰਮਾਂ ਦੇ ਬੁਨਿਆਦੀ ਸਿਧਾਂਤਾਂ ਵਿਚ ਵੱਡੇ ਵੱਡੇ ਮਤਭੇਦ ਮਿਲਦੇ ਹਨ। ਜਿਹੜੇ ਕਦੇ ਕਦੇ ਬਹੁਤ ਵਿਰੋਧੀ ਰੂਪ ਅਖਤਿਆਰ ਕਰ ਜਾਂਦੇ ਹਨ। ਜਿਥੇ ਏਸ਼ੀਆਈ ਤੇ ਯੂਰਪੀ ਫਿਲਾਸਫੀਆਂ ਵਿਚ ਵਖਰੇਵਾਂ ਹੈ, ਇਥੋਂ ਤੱਕ ਕਿ ਹਰ ਮਹਾਂ ਖੇਤਰ ਦੀਆਂ ਵੱਖ ਵੱਖ ਵਿਚਾਰ ਪ੍ਰਣਾਲੀਆਂ ਵਿਚ ਵੀ ਮਤਭੇਦ ਹੈ। ਏਸ਼ੀਆਈ ਧਰਮਾਂ ਵਿਚ ਇਸਲਾਮ ਦੀ ਹਿੰਦੂ ਧਰਮ ਨਾਲ ਕੋਈ ਸਾਂਝ ਨਹੀਂ। ਸਿਰਫ਼ ਹਿੰਦੋਸਤਾਨ ਵਿਚ ਹੀ ਬੁੱਧ ਤੇ ਜੈਨ ਧਰਮ, ਬ੍ਰਾਹਮਣਵਾਦ ਤੋਂ ਕਾਫ਼ੀ ਵੱਖਰੇ ਹਨ ਤੇ ਬ੍ਰਾਹਮਣਵਾਦ ਵਿਚ ਵੀ ਅਗਾਂਹ ਆਰੀਆ ਸਮਾਜ ਤੇ ਸਨਾਤਨ ਧਰਮ ਵਰਗੇ ਵਿਰੋਧੀ ਮੱਤ ਹਨ। ਚਾਰਵਾਕ ਪੁਰਾਤਨ ਕਾਲ ਦਾ ਸੁਤੰਤਰ ਚਿੰਤਕ ਸੀ। ਇਹਨੇ ਰੱਬ ਦੀ ਪ੍ਰਭੂਸੱਤਾ ਨੂੰ ਵੰਗਾਰਿਆ ਸੀ। ਇਨ੍ਹਾਂ ਸਾਰੇ ਮੱਤਾਂ ਵਿਚ ਬੁਨਿਆਦੀ ਸਵਾਲ ਬਾਰੇ ਮਤਭੇਦ ਹਨ ਅਤੇ ਹਰ ਕੋਈ ਆਪਣੇ ਆਪ ਨੂੰ ਦਰੁਸਤ ਮੰਨਦਾ ਹੈ। ਇਹੋ ਸਾਰੀ ਬੁਰਾਈ ਹੈ। ਪੁਰਾਣੇ ਵਿਦਵਾਨਾਂ ਦੇ ਤਜਰਬਿਆਂ ਤੇ ਵਿਚਾਰਾਂ ਨੂੰ ਅਗਿਆਨ ਵਿਚ ਸਾਡੀ ਆਉਣ ਵਾਲੀ ਜਦੋ-ਜਹਿਦ ਦਾ ਆਧਾਰ ਬਣਾਉਣ ਤੇ ਇਸ ਭੇਤਭਰੇ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੀ ਥਾਂ ਅਸੀਂ ਸੁਸਤ, ਨਿਕੰਮੇ, ਕੱਟੜ ਧਰਮ ਦੀ ਹਾਲ ਦੁਹਾਈ ਪਾਉਣ ਲੱਗ ਜਾਂਦੇ ਹਾਂ ਅਤੇ ਇੰਜ ਮਨੁੱਖੀ ਜਾਗ੍ਰਤੀ ਵਿਚ ਆਈ ਖੜੋਤ ਦੇ ਕਸੂਰਵਾਰ ਹਾਂ।
ਜਿਹੜਾ ਵੀ ਮਨੁੱਖੀ ਪ੍ਰਗਤੀ ਦਾ ਹਾਮੀ ਹੈ, ਉਸ ਨੂੰ ਲਾਜ਼ਮੀ ਤੌਰ 'ਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿਚ ਅਵਿਸ਼ਵਾਸ ਪ੍ਰਗਟ ਕਰਨਾ ਪਏਗਾ, ਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਏਗਾ, ਪ੍ਰਚੱਲਿਤ ਵਿਸ਼ਵਾਸ ਦੀ ਇਕੱਲੀ-ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਹੋਵੇਗੀ। ਜੇ ਕੋਈ ਦਲੀਲ ਨਾਲ ਕਿਸੇ ਸਿਧਾਂਤ ਜਾਂ ਫਲਸਫੇ ਵਿਚ ਵਿਸ਼ਵਾਸ ਕਰਨ ਲੱਗਦਾ ਹੈ, ਤਾਂ ਉਹਦਾ ਵਿਸ਼ਵਾਸ ਸਰਾਹੁਣਯੋਗ ਹੈ। ਉਹਦੀ ਦਲੀਲ ਗਲਤ ਜਾਂ ਉਕਾ ਹੀ ਬੇਬੁਨਿਆਦ ਹੋ ਸਕਦੀ ਹੈ, ਪਰ ਉਹਨੂੰ ਦਰੁਸਤ ਰਾਹ ਉਤੇ ਲਿਆਂਦਾ ਜਾ ਸਕਦਾ ਹੈ, ਕਿਉਂਕਿ ਤਰਕਸ਼ੀਲਤਾ ਉਹਦਾ ਜ਼ਿੰਦਗੀ ਦਾ ਧਰੂ ਤਾਰਾ ਜੋ ਹੈ, ਪਰ ਨਿਰਾ ਵਿਸ਼ਵਾਸ ਤੇ ਅੰਨ੍ਹਾ ਵਿਸ਼ਵਾਸ ਖਤਰਨਾਕ ਹੁੰਦਾ ਹੈ: ਇਹ ਦਿਮਾਗ਼ ਨੂੰ ਕੁੰਦ ਬਣਾਉਂਦਾ ਹੈ ਤੇ ਬੰਦੇ ਨੂੰ ਪ੍ਰਤੀਗਾਮੀ (ਪਿਛਾਂਹਖਿੱਚੂ)। ਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਹਨੂੰ ਸਮੁੱਚੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ ਕਰਨਾ ਪਏਗਾ। ਜੇ ਇਹ ਵਿਸ਼ਵਾਸ ਦਲੀਲ ਅੱਗੇ ਨਾ ਖੜ੍ਹ ਸਕੇ ਤਾਂ ਇਹ ਢਹਿ-ਢੇਰੀ ਹੋ ਜਾਣਗੇ। ਫਿਰ ਉਸ ਬੰਦੇ ਦਾ ਪਹਿਲਾ ਕੰਮ ਸਾਰੇ ਪੁਰਾਤਨ ਵਿਸ਼ਵਾਸ ਨੂੰ ਤਬਾਹ ਕਰ ਕੇ ਨਵੇਂ ਫਲਸਫੇ ਲਈ ਜ਼ਮੀਨ ਤਿਆਰ ਕਰਨੀ ਹੋਵੇਗੀ। ਇਹ ਨਾਕਾਰਾਤਮਕ ਪੱਖ ਹੈ। ਇਸ ਮਗਰੋਂ ਸਾਕਾਰਾਤਮਕ ਕੰਮ ਸ਼ੁਰੂ ਹੁੰਦਾ ਹੈ ਜਿਸ ਵਿਚ ਕਈ ਵਾਰ ਪੁਰਾਣੇ ਵਿਸ਼ਵਾਸ ਦੀ ਕੁਝ ਸਮੱਗਰੀ ਮੁੜ ਉਸਾਰੀ ਲਈ ਵਰਤੀ ਜਾ ਸਕਦੀ ਹੈ। ਜਿਥੋਂ ਤੱਕ ਮੇਰਾ ਸਬੰਧ ਹੈ, ਮੈਂ ਤਸਲੀਮ ਕਰਦਾ ਹਾਂ ਕਿ ਮੈਂ ਇਸ ਬਾਰੇ ਬਹੁਤਾ ਅਧਿਐਨ ਨਹੀਂ ਕਰ ਸਕਿਆ। ਏਸ਼ੀਆਈ ਫਲਸਫੇ ਨੂੰ ਪੜ੍ਹਨ ਦੀ ਮੇਰੀ ਵੱਡੀ ਰੀਝ ਸੀ, ਪਰ ਮੈਨੂੰ ਇਸ ਦਾ ਵਕਤ ਜਾਂ ਮੌਕਾ ਨਹੀਂ ਮਿਲ ਸਕਿਆ, ਜਿਥੋਂ ਤੱਕ ਨਾਕਾਰਾਤਮਕ ਪੱਖ ਦਾ ਸਬੰਧ ਹੈ, ਮੈਨੂੰ ਇਸ ਹੱਦ ਤੱਕ ਯਕੀਨ ਹੈ ਕਿ ਮੈਂ ਪੁਰਾਤਨ ਵਿਸ਼ਵਾਸ ਦੀ ਪੁਖਤਗੀ ਉਤੇ ਕਿੰਤੂ ਕਰ ਸਕਦਾ ਹਾਂ। ਮੈਨੂੰ ਪੱਕਾ ਯਕੀਨ ਹੈ ਕਿ ਕੁਦਰਤ ਨੂੰ ਚਲਾਉਣ ਵਾਲਾ ਕੋਈ ਪਰਮਾਤਮਾ ਜਾਂ ਸੁਚੇਤ ਸੱਤਾ ਨਹੀਂ ਹੈ। ਸਾਡਾ ਕੁਦਰਤ ਵਿਚ ਯਕੀਨ ਹੈ ਤੇ ਸਮੁੱਚੀ ਤਰੱਕੀ ਦਾ ਨਿਸ਼ਾਨਾ ਮਨੁੱਖ ਦਾ ਕੁਦਰਤ ਉਤੇ ਆਪਣੀ ਲੋੜ ਵਾਸਤੇ ਗਲਬਾ ਪਾਉਣਾ ਹੈ। ਇਹਦੇ ਪਿੱਛੇ ਕੋਈ ਸੁਚੇਤ ਚਾਲਕ ਸ਼ਕਤੀ ਨਹੀਂ ਹੈ। ਇਹੋ ਸਾਡਾ ਫਲਸਫਾ ਹੈ।
ਨਾਕਾਰਾਤਮਕ ਪੱਖ ਤੋਂ ਆਸਤਿਕਾਂ ਤੋਂ ਕੁਝ ਸਵਾਲ ਪੁੱਛਦੇ ਹਾਂ:
ਤੁਹਾਡੇ ਵਿਸ਼ਵਾਸ ਅਨੁਸਾਰ ਜੇ ਕੋਈ ਸਰਬ-ਸ਼ਕਤੀਮਾਨ, ਸਰਬ-ਵਿਆਪਕ ਤੇ ਸਰਬ-ਗਿਆਤਾ ਰੱਬ ਹੈ, ਤਾਂ ਦੁਨੀਆਂ ਜਾਂ ਧਰਤੀ ਨੂੰ ਜਿਸ ਨੇ ਸਾਜਿਆ ਸੀ, ਮੈਨੂੰ ਇਹ ਦੱਸਣ ਦੀ ਮਿਹਰਬਾਨੀ ਕਰੋ ਕਿ ਉਸ ਨੇ ਧਰਤੀ ਸਾਜੀ ਹੀ ਕਿਉਂ? ਉਹ ਧਰਤੀ ਜੋ ਦੁੱਖਾਂ-ਆਫ਼ਤਾਂ, ਅਣਗਿਣਤ ਅਨੰਤ ਦੁਖਾਂਤਾਂ ਨਾਲ ਭਰੀ ਪਈ ਹੈ, ਜਿਥੇ ਇਕ ਵੀ ਜੀਅ ਪੂਰੀ ਤਰ੍ਹਾਂ ਸੁਖੀ ਨਹੀਂ ਹੈ।
ਮਿਹਰਬਾਨੀ ਕਰ ਕੇ ਇਹ ਨਾ ਆਖੋ ਕਿ ਇਹ ਉਸ ਦਾ ਨੇਮ ਹੈ: ਜੇ ਉਹ ਕਿਸੇ ਨੇਮ ਦੇ ਵੱਸ ਹੈ, ਤਾਂ ਉਹ ਸਰਬ-ਸ਼ਕਤੀਮਾਨ ਨਹੀਂ। ਤਾਂ ਫਿਰ ਉਹ ਵੀ ਸਾਡੇ ਵਰਗਾ ਗੁਲਾਮ ਹੈ। ਮਿਹਰਬਾਨੀ ਕਰ ਕੇ ਇਹ ਵੀ ਨਾ ਆਖੋ ਕਿ ਇਹ ਉਸ ਦਾ ਸ਼ੁਗਲ ਹੈ। ਨੀਰੋ ਨੇ ਤਾਂ ਇਕੋ ਰੋਮ ਸਾੜ ਕੇ ਸਵਾਹ ਕੀਤਾ ਸੀ। ਉਸ ਨੇ ਗਿਣਤੀ ਦੇ ਬੰਦੇ ਜਾਨੋਂ ਮਾਰੇ ਸਨ। ਉਸ ਦੇ ਹੱਥੋਂ ਬਹੁਤ ਘੱਟ ਦੁਖਾਂਤ ਵਾਪਰੇ। ਇਹ ਸਭ ਉਸ ਨੇ ਆਪਣੇ ਮਜ਼ੇ ਲਈ ਕੀਤਾ ਤੇ ਇਤਿਹਾਸ ਵਿਚ ਉਸ ਨੂੰ ਕਿਹੜੀ ਥਾਂ ਹਾਸਲ ਹੈ? ਇਤਿਹਾਸਕਾਰ ਉਸ ਦਾ ਜ਼ਿਕਰ ਕਿਹੜੇ ਨਾਂਵਾਂ ਨਾਲ ਕਰਦੇ ਹਨ? ਸਾਰੇ ਵਿਹੁਲੇ ਵਿਸ਼ੇਸ਼ਣ ਉਸ ਲਈ ਵਰਤੇ ਜਾਂਦੇ ਹਨ। ਜ਼ਾਲਮ, ਬੇਰਹਿਮ, ਸ਼ੈਤਾਨ ਨੀਰੋ ਦੀ ਨਿਖੇਧੀ ਕਰਨ ਲਈ ਲਾਹਣਤਾਂ ਨਾਲ ਸਫਿਆਂ ਦੇ ਸਫੇ ਕਾਲੇ ਕੀਤੇ ਪਏ ਹਨ। ਚੰਗੇਜ਼ ਖਾਨ ਨੇ ਮਜ਼ਾ ਲੈਣ ਲਈ ਕੁਝ ਹਜ਼ਾਰ ਲੋਕਾਂ ਦੀ ਜਾਨ ਲਈ ਸੀ ਤੇ ਅੱਜ ਅਸੀਂ ਉਸ ਦੇ ਨਾਂ ਤੱਕ ਨੂੰ ਨਫਰਤ ਕਰਦੇ ਹਾਂ। ਤਾਂ ਫੇਰ ਤੁਸੀਂ ਆਪਣੇ ਸਰਬ-ਸ਼ਕਤੀਮਾਨ ਅਨੰਤ ਨੀਰੋ ਨੂੰ ਕਿਵੇਂ ਵਾਜਬ ਠਹਿਰਾਓਗੇ ਜੋ ਅਜੇ ਵੀ ਹਰ ਦਿਨ, ਹਰ ਘੜੀ ਤੇ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ ਹੈ? ਤੁਸੀਂ ਉਸ ਦੀਆਂ ਉਨ੍ਹਾਂ ਕਰਤੂਤਾਂ ਦੀ ਹਮਾਇਤ ਕਿਵੇਂ ਕਰੋਗੇ ਜੋ ਪਲੋ-ਪਲੀ ਚੰਗੇਜ਼ ਦੀਆਂ ਕਰਤੂਤਾਂ ਨੂੰ ਵੀ ਮਾਤ ਪਾਈ ਜਾਂਦੀਆਂ ਹਨ? ਮੈਂ ਪੁੱਛਦਾ ਹਾਂ ਕਿ ਉਸ ਨੇ ਇਹ ਦੁਨੀਆਂ ਬਣਾਈ ਹੀ ਕਿਉਂ ਸੀ; ਦੁਨੀਆਂ ਜਿਹੜੀ ਸੁੱਚੀ-ਮੁੱਚੀ ਦਾ ਨਰਕ ਹੈ, ਅਨੰਤ ਤੇ ਤਲਖ ਬੇਚੈਨੀ ਦਾ ਘਰ ਹੈ? ਸਰਬ-ਸ਼ਕਤੀਮਾਨ ਨੇ ਮਨੁੱਖ ਕਿਉਂ ਸਾਜਿਆ, ਜਦ ਕਿ ਉਸ ਦੇ ਕੋਲ ਮਨੁੱਖ ਨੂੰ ਸਾਜਣ ਦੀ ਤਾਕਤ ਸੀ? ਇਨ੍ਹਾਂ ਸਾਰੀਆਂ ਗੱਲਾਂ ਦਾ ਤੁਹਾਡੇ ਕੋਲ ਕੀ ਜਵਾਬ ਹੈ? ਤੁਸੀਂ ਆਖੋਗੇ ਕਿ ਅਗਲੇ ਜਨਮ ਵਿਚ ਮਾਸੂਮ ਪੀੜਤਾਂ ਨੂੰ ਨਿਵਾਜਣ ਤੇ ਕੁਕਰਮੀਆਂ ਨੂੰ ਸਜ਼ਾ ਦੇਣ ਲਈ ਉਸ ਨੇ ਇੰਜ ਕੀਤਾ? ਅੱਛਾ ਤਾਂ ਫਿਰ, ਤੁਸੀਂ ਉਸ ਬੰਦੇ ਨੂੰ ਕਿਵੇਂ ਹੱਕੀ ਠਹਿਰਾਉਗੇ ਜੋ ਤੁਹਾਡੇ ਸਰੀਰ ਨੂੰ ਇਸ ਵਾਸਤੇ ਜ਼ਖ਼ਮੀ ਕਰਦਾ ਹੈ ਕਿ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੇਗਾ? ਗਲੈਡੀਏਟਰ (ਪੁਰਾਤਨ ਰੋਮ ਵਿਚ ਗੁਲਾਮਾਂ, ਜੰਗੀ ਕੈਦੀਆਂ ਜਾਂ ਸਜ਼ਾ-ਯਾਫ਼ਤਾ ਮੁਜਰਮਾਂ ਨੂੰ ਰਾਜੇ ਦੇ ਦਰਬਾਰ ਵਿਚ ਆਪਸ ਵਿਚ ਜਾਨਲੇਵਾ ਤਲਵਾਰਬਾਜ਼ੀ ਕਰਨ ਦੀ ਬਹੁਤ ਸਖ਼ਤ ਕਿਸਮ ਦੀ ਸਿੱਖਲਾਈ ਦਿੱਤੀ ਜਾਂਦੀ ਸੀ। ਰਾਜਾ ਕਈ ਵਾਰ ਮਜ਼ੇ ਖਾਤਰ ਗੁਲਾਮਾਂ ਨੂੰ ਭੁੱਖੇ ਸ਼ੇਰਾਂ ਅੱਗੇ ਛੱਡ ਦਿੰਦਾ ਸੀ। ਗਲੈਡੀਏਟਰ ਲਾਤੀਨੀ ਬੋਲੀ ਦਾ ਸ਼ਬਦ ਹੈ ਤੇ ਇਸ ਦਾ ਅਰਥ ਹੈ ਤਲਵਾਰਬਾਜ਼) ਸੰਸਥਾ ਦੇ ਹਮਾਇਤੀਆਂ ਤੇ ਪ੍ਰਬੰਧਕਾਂ ਦਾ ਇਹ ਕਾਰਾ ਕਿਥੋਂ ਤਾਈਂ ਸਹੀ ਸੀ, ਦੂਜੇ ਉਹ ਭੁੱਖੇ ਕਰੋਪੀ ਸ਼ੇਰਾਂ ਅੱਗੇ ਬੰਦਿਆਂ ਨੂੰ ਇਸ ਲਈ ਸੁੱਟ ਦਿੰਦੇ ਸੀ ਕਿ, ਜੇ ਉਹ ਸ਼ੇਰਾਂ ਹੱਥੋਂ ਜਿਉਂਦੇ ਬਚ ਗਏ ਤਾਂ ਫਿਰ ਉਨ੍ਹਾਂ ਦੀ ਬਹੁਤ ਖਾਤਰ-ਤਵੱਜੋ ਹੋਏਗੀ? ਇਸੇ ਕਰ ਕੇ ਮੈਂ ਪੁੱਛਦਾ ਹਾਂ: "ਸੁਚੇਤ ਸਰਬ-ਉਚ ਸੱਤਾ ਨੇ ਦੁਨੀਆਂ ਤੇ ਮਨੁੱਖ ਕਿਉਂ ਸਾਜਿਆ? ਮਜ਼ਾ ਲੈਣ ਲਈ। ਫਿਰ ਉਹਦੇ ਵਿਚ ਤੇ ਨੀਰੋ ਵਿਚ ਫਰਕ ਹੀ ਕੀ ਹੈ!
ਮੁਸਲਮਾਨੋ ਤੇ ਈਸਾਈਓ! ਹਿੰਦੂ ਦਰਸ਼ਨ ਕੋਲ ਤਾਂ ਹੋਰ ਵੀ ਦਲੀਲ ਹੋਏਗੀ। ਮੈਂ ਤੁਹਾਡੇ ਕੋਲੋਂ ਉਪਰਲੇ ਸਵਾਲਾਂ ਦੇ ਜਵਾਬ ਪੁੱਛਦਾ ਹਾਂ। ਪੂਰਬਲੇ ਜਨਮ ਵਿਚ ਤੁਹਾਡਾ ਯਕੀਨ ਨਹੀਂ ਹੈ। ਤੁਸੀਂ ਹਿੰਦੂਆਂ ਵਾਂਗ ਮਾਸੂਮ ਪੀੜਤਾਂ ਦੇ ਪਹਿਲੇ ਕੀਤੇ ਮੰਦੇ ਕਰਮਾਂ ਵਾਲੀ ਦਲੀਲ ਨਹੀਂ ਵਰਤ ਸਕਦੇ। ਮੈਂ ਤੁਹਾਥੋਂ ਪੁੱਛਦਾ ਹਾਂ ਕਿ ਸਰਬ-ਸ਼ਕਤੀਮਾਨ ਨੇ ਇਹ ਦੁਨੀਆਂ ਸਾਜਣ ਲਈ ਛੇ ਦਿਨ ਕਿਉਂ ਮਿਹਨਤ ਕੀਤੀ? ਉਸ ਨੇ ਕਿਉਂ ਕਿਹਾ ਸੀ ਕਿ ਸਭ ਅੱਛਾ ਹੈ? ਉਸ ਨੂੰ ਅੱਜ ਹੀ ਸੱਦੋ। ਉਸ ਨੂੰ ਪਿਛਲਾ ਇਤਿਹਾਸ ਦਿਖਾਓ। ਉਸ ਨੂੰ ਮੌਜੂਦਾ ਹਾਲਾਤ ਬਾਰੇ ਜਾਣਨ ਦਿਓ। ਫਿਰ ਦੇਖਾਂਗੇ ਕਿ ਉਹ ਇਹ ਕਹਿਣ ਦੀ ਜੁਰਅਤ ਕਰਦਾ ਹੈ: ਸਭ ਅੱਛਾ ਹੈ।
ਜੇਲ੍ਹਖ਼ਾਨਿਆਂ ਦੀਆਂ ਕਾਲ ਕੋਠੜੀਆਂ ਤੋਂ ਗੰਦੀਆਂ ਬਸਤੀਆਂ ਤੇ ਝੌਂਪੜੀਆਂ ਵਿਚ ਭੁੱਖਮਰੀ ਦੇ ਹੱਥੋਂ ਮਰ ਰਹੇ ਲੱਖਾਂ ਲੋਕਾਂ ਨੂੰ ਦੇਖ ਕੇ ਪੂੰਜੀਵਾਦੀ ਲੋਕਾਂ ਕੋਲੋਂ ਚੁੱਪ-ਚਾਪ ਜਾਂ ਕਹਿ ਲਓ ਬੇਵਾਸਤਗੀ ਨਾਲ ਆਪਣਾ ਲਹੂ ਪਿਲਾ ਰਹੇ ਲੁਟੀਂਦੇ ਮਜ਼ਦੂਰਾਂ ਨੂੰ ਦੇਖ ਕੇ, ਇਨਸਾਨੀ ਤਾਕਤ ਦੀ ਬਰਬਾਦੀ ਜਿਸ ਨੂੰ ਦੇਖ ਕੇ ਅਤਿ ਸਾਧਾਰਨ ਬੁੱਧੀ ਵਾਲਾ ਵਿਅਕਤੀ ਵੀ ਡਰ ਨਾਲ ਕੰਬਣ ਲੱਗ ਜਾਏ ਤੇ ਲੋੜਵੰਦਾਂ ਨੂੰ ਵੰਡਣ ਦੀ ਥਾਂ ਵਾਧੂ ਪੈਦਾਵਾਰ ਸਮੁੰਦਰਾਂ ਵਿਚ ਸੁੱਟੀ ਜਾਂਦੀ ਦੇਖ ਕੇ, ਇਨਸਾਨਾਂ ਦੀਆਂ ਹੱਡੀਆਂ ਨਾਲ ਚਿਣੀਆਂ ਨੀਹਾਂ ਉਤੇ ਉਸਰੇ ਬਾਦਸ਼ਾਹਾਂ ਦੇ ਮਹਿਲਾਂ ਨੂੰ ਦੇਖ ਕੇ ਉਹ ਰਤਾ ਆਖੇ ਤਾਂ ਸਹੀ, ਸਭ ਅੱਛਾ ਹੈ ਕਿਉਂ ਤੇ ਕਿਸ ਕਾਰਨ? ਇਹ ਮੇਰਾ ਸਵਾਲ ਹੈ। ਤੁਸੀਂ ਚੁੱਪ ਹੋ, ਠੀਕ ਹੈ, ਮੈਂ ਆਪਣੀ ਗੱਲ ਅੱਗੇ ਤੋਰਦਾ ਹਾਂ।
ਤੁਸੀਂ ਹਿੰਦੂ ਆਖਦੇ ਹੋ ਕਿ ਅੱਜ ਜਿਹੜਾ ਵੀ ਦੁੱਖ ਝੱਲ ਰਿਹਾ ਹੈ, ਉਹ ਪੂਰਬਲੇ ਜਨਮ ਦੇ ਮੰਦੇ ਕਰਮਾਂ ਕਰ ਕੇ ਹੈ। ਠੀਕ, ਤੁਸੀਂ ਇਹ ਵੀ ਕਹਿੰਦੇ ਹੋ ਕਿ ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਹਨ, ਉਹ ਪੂਰਬਲੇ ਜਨਮਾਂ ਵਿਚ ਧਰਮਾਤਮਾ ਲੋਕ ਸਨ। ਇਸ ਕਰ ਕੇ ਉਨ੍ਹਾਂ ਦੇ ਹੱਥ ਤਾਕਤ ਹੈ। ਮੈਂ ਤਾਂ ਮੰਨਦਾ ਹਾਂ ਕਿ ਤੁਹਾਡੇ ਵੱਡੇ-ਵਡੇਰੇ ਬੜੇ ਸ਼ਾਤਰ ਲੋਕ ਸਨ, ਉਹ ਐਸੇ ਸਿਧਾਂਤ ਲੱਭਣ ਵਿਚ ਲੱਗੇ ਰਹੇ ਜਿਨ੍ਹਾਂ ਨਾਲ ਤਰਕ ਤੇ ਅਵਿਸ਼ਵਾਸ ਨੂੰ ਖਤਮ ਕੀਤਾ ਜਾ ਸਕੇ, ਪਰ ਆਪਾਂ ਦੇਖਦੇ ਹਾਂ ਕਿ ਇਸ ਦਲੀਲ ਵਿਚ ਕਿੰਨਾ ਕੁ ਵਜ਼ਨ ਹੈ।
ਬਹੁਤ ਉਘੇ ਨਿਆਂ ਸ਼ਾਸਤਰੀਆਂ ਦਾ ਵਿਚਾਰ ਹੈ ਕਿ ਕਸੂਰਵਾਰ ਨੂੰ ਜੋ ਸਜ਼ਾ ਦਿੱਤੀ ਜਾਂਦੀ ਹੈ, ਉਸ ਦੇ ਤਿੰਨ ਜਾਂ ਚਾਰ ਮਕਸਦ ਹੋ ਸਕਦੇ ਹਨ ਤੇ ਇਸੇ ਆਧਾਰ 'ਤੇ ਸਜ਼ਾ ਨੂੰ ਵਾਜਬ ਕਰਾਰ ਦਿੱਤਾ ਜਾ ਸਕਦਾ ਹੈ। ਇਹ ਮਕਸਦ ਹਨ: ਬਦਲਾ, ਸੁਧਾਰ ਤੇ ਵਰਜਣ ਲਈ ਡਰ। ਹੁਣ ਸਾਰੇ ਚਿੰਤਕ ਬਦਲੇ ਵਾਲੇ ਸਿਧਾਂਤ ਦੀ ਨੁਤਾਚੀਨੀ ਕਰਦੇ ਹਨ। ਵਰਜਣ ਵਾਲੇ ਸਿਧਾਂਤ ਦੀ ਵੀ ਨੁਕਤਾਚੀਨੀ ਹੋ ਰਹੀ ਹੈ। ਸੁਧਾਰਕ ਸਿਧਾਂਤ ਹੀ ਜ਼ਰੂਰੀ ਹੈ ਅਤੇ ਇਨਸਾਨੀ ਤਰੱਕੀ ਦਾ ਅਟੁੱਟ ਅੰਗ ਹੈ। ਇਸ ਸਿਧਾਂਤ ਦਾ ਮੰਤਵ ਇਹ ਹੈ ਕਿ ਕਸੂਰਵਾਰ ਸਭ ਤੋਂ ਵੱਧ ਕਾਬਲ ਤੇ ਅਮਨ-ਪਸੰਦ ਸ਼ਹਿਰੀ ਬਣ ਕੇ ਸਮਾਜ ਵਿਚ ਵਾਪਸ ਜਾਵੇ, ਪਰ ਜੇ ਅਸੀਂ ਇਹ ਮੰਨ ਵੀ ਲਈਏ ਕਿ ਬੰਦਿਆਂ ਨੇ (ਪੂਰਬਲੇ ਜਨਮ ਵਿਚ) ਪਾਪ ਕੀਤੇ ਹੋਣਗੇ, ਤਾਂ ਰੱਬ ਜਿਹੜੀ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ, ਉਹ ਕਿਹੋ ਜਿਹੀ ਹੈ? ਤੁਸੀਂ ਆਖਦੇ ਹੋ ਕਿ ਉਹ ਉਨ੍ਹਾਂ ਨੂੰ ਗਾਂ, ਬਿੱਲੀ, ਦਰੱਖ਼ਤ, ਜੜ੍ਹ-ਬੂਟੀ ਜਾਂ ਜਾਨਵਰ ਦੇ ਰੂਪ ਵਿਚ ਜਨਮ ਲੈਣ ਲਈ ਭੇਜਦਾ ਹੈ। ਤੁਸੀਂ ਇਨ੍ਹਾਂ ਸਜ਼ਾਵਾਂ ਦੀ ਗਿਣਤੀ ੮੪ ਲੱਖ ਦੱਸਦੇ ਹੋ। ਮੈਨੂੰ ਇਹ ਦੱਸੋ ਕਿ ਇਸ ਦਾ ਮਨੁੱਖ ਉਤੇ ਕੋਈ ਸੁਧਾਰਕ ਅਸਰ ਪੈਂਦਾ ਹੈ? ਤੁਸੀਂ ਐਸੇ ਕਿੰਨੇ ਕੁ ਜਣਿਆਂ ਨੂੰ ਮਿਲੇ ਹੋ, ਜੋ ਪਾਪ ਕਰਨ ਕਾਰਨ ਪਿਛਲੇ ਜਨਮ ਵਿਚ ਗਧੇ ਦੀ ਜੂਨੇ ਪਏ ਸਨ? ਕੋਈ ਨਹੀਂ ਮਿਲਿਆ ਹੋਣਾ। ਆਪਣੇ ਪੁਰਾਣਾਂ ਦੇ ਬਿਰਤਾਂਤ ਦੀ ਲੋੜ ਨਹੀਂ। ਮੈਂ ਤੁਹਾਡੀਆਂ ਮਿਥਿਹਾਸਕ ਕਹਾਣੀਆਂ ਦਾ ਜ਼ਿਕਰ ਤੱਕ ਨਹੀਂ ਛੁਹਣਾ ਚਾਹੁੰਦਾ। ਇਸ ਤੋਂ ਬਿਨਾਂ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਦੁਨੀਆਂ ਵਿਚ ਸਭ ਤੋਂ ਵੱਡਾ ਪਾਪ ਗਰੀਬ ਹੋਣਾ ਹੈ। ਗਰੀਬੀ ਪਾਪ ਹੈ, ਇਹ ਸਜ਼ਾ ਹੈ। ਤੁਸੀਂ ਇਹੋ ਜਿਹੀਆਂ ਸਜ਼ਾਵਾਂ ਤਜਵੀਜ਼ ਕਰਨ ਵਾਲੇ ਕਿਸੇ ਅਪਰਾਧ ਵਿਗਿਆਨੀ, ਕਿਸੇ ਕਾਨੂੰਨਦਾਨ ਜਾਂ ਕਾਨੂੰਨਸਾਜ਼ ਦੀ ਕਿੰਨੀ ਕੁ ਸਿਫ਼ਤ ਸਲਾਹੀ ਕਰੋਗੇ ਜਿਸ ਨਾਲ ਮਨੁੱਖ ਹੋਰ ਵਧੇਰੇ ਗੁਨਾਹ ਕਰਨ ਲਈ ਮਜਬੂਰ ਹੁੰਦਾ ਹੈ? ਕੀ ਤੁਹਾਡੇ ਰੱਬ ਨੇ ਇਸ ਗੱਲ ਬਾਰੇ ਪਹਿਲਾਂ ਨਹੀਂ ਸੋਚਿਆ ਸੀ ਜਾਂ ਉਹ ਵੀ ਇਹ ਗੱਲਾਂ ਮਨੁੱਖਤਾ ਦੀਆਂ ਅਕਹਿ ਦੁੱਖ-ਤਕਲੀਫਾਂ ਦੀ ਕੀਮਤ ਉਤੇ ਤਜਰਬਿਆਂ ਰਾਹੀਂ ਸਿੱਖਦਾ ਹੈ? ਤੁਹਾਡੀ ਜਾਚੇ ਕਿਸੇ ਚਮਾਰ ਜਾਂ ਭੰਗੀ ਦੇ ਅਨਪੜ੍ਹ ਪਰਿਵਾਰ ਵਿਚ ਜੰਮੇ ਬੰਦੇ ਦੀ ਕੀ ਹੋਣੀ ਹੋਏਗੀ? ਉਹ ਗਰੀਬ ਹੈ, ਇਸ ਲਈ ਉਹ ਪੜ੍ਹਾਈ ਨਹੀਂ ਕਰ ਸਕਦਾ। ਖੁਦ ਨੂੰ ਚੰਗੇ ਸਮਝਣ ਵਾਲੇ ਦੂਜੇ ਇਨਸਾਨ ਉਸ ਨੂੰ ਨਫ਼ਰਤ ਕਰਦੇ ਹਨ ਤੇ ਧਿਕਾਰਦੇ ਹਨ, ਕਿਉਂਕਿ ਉਹ ਉਚੇਰੀ ਜਾਤ ਵਿਚ ਪੈਦਾ ਹੋਏ ਸਨ। ਉਸ ਦੀ ਅਗਿਆਨਤਾ, ਉਸ ਦੀ ਗਰੀਬੀ ਤੇ ਜਿਹੜਾ ਸਲੂਕ ਉਸ ਨਾਲ ਹੁੰਦਾ ਹੈ, ਇਨ੍ਹਾਂ ਸਾਰੀਆਂ ਗੱਲਾਂ ਕਾਰਨ ਸਮਾਜ ਤਾਈਂ ਉਸ ਦਾ ਦਿਲ ਸਖਤ ਹੋ ਜਾਏਗਾ। ਫਰਜ਼ ਕਰੋ ਕਿ ਉਹ ਕੋਈ ਪਾਪ ਕਰਦਾ ਹੈ, ਤਾਂ ਇਸ ਦਾ ਖਮਿਆਜ਼ਾ ਕੌਣ ਭੁਗਤੇਗਾ? ਰੱਬ, ਪਾਪ ਕਰਨ ਵਾਲਾ ਜਾਂ ਸਮਾਜ ਦੇ ਗੁਣੀ ਗਿਆਨੀ ਬੰਦੇ? ਉਨ੍ਹਾਂ ਲੋਕਾਂ ਨੂੰ ਮਿਲੀਆਂ ਸਜ਼ਾਵਾਂ ਬਾਰੇ ਤੁਸੀਂ ਕੀ ਆਖੋਗੇ ਜਿਨ੍ਹਾਂ ਨੂੰ ਹਿਰਸੀ ਤੇ ਹੰਕਾਰੀ ਬ੍ਰਾਹਮਣਾਂ ਨੇ ਜਾਣ ਬੁੱਝ ਕੇ ਅਗਿਆਨ ਦੀਆਂ ਗਾਰਾਂ ਵਿਚ ਸੁੱਟਿਆ ਸੀ। ਉਨ੍ਹਾਂ ਦਾ ਕਸੂਰ ਇਹੋ ਸੀ ਕਿ ਉਨ੍ਹਾਂ ਪਾਪੀਆਂ ਨੇ ਤੁਹਾਡੇ ਗਿਆਨ ਦੀਆਂ ਪਵਿੱਤਰ ਪੋਥੀਆਂ ਵੇਦਾਂ ਦੀਆਂ ਕੁਝ ਸਤਰਾਂ ਆਪਣੇ ਕੰਨੀ ਸੁਣ ਲਈਆਂ ਸਨ ਤੇ ਤੁਸੀਂ ਉਨ੍ਹਾਂ ਦੇ ਕੰਨਾਂ ਵਿਚ ਸਿੱਕਾ ਢਾਲ ਕੇ ਪਾ ਦਿੱਤਾ ਸੀ। ਜੇ ਉਨ੍ਹਾਂ ਨੇ ਕੋਈ ਕਸੂਰ ਕੀਤਾ ਸੀ ਤਾਂ ਇਸ ਦਾ ਜ਼ਿੰਮੇਦਾਰ ਕੌਣ ਸੀ ਤੇ ਬਿਪਤਾ ਕਿਸ ਦੇ ਸਿਰ ਪੈਣੀ ਸੀ? ਮੇਰੇ ਪਿਆਰੇ ਦੋਸਤੋ: ਇਹ ਸਾਰੇ ਸਿਧਾਂਤ ਖਾਸ ਅਧਿਕਾਰਾਂ ਦੇ ਮਾਲਕਾਂ ਦੀਆਂ ਕਾਢਾਂ ਹੀ ਹਨ। ਇਨ੍ਹਾਂ ਸਿਧਾਂਤਾਂ ਸਦਕਾ ਉਹ ਆਪਣੀ ਲੁੱਟੀ ਹੋਈ ਤਾਕਤ, ਦੌਲਤ ਤੇ ਉਤਮਤਾ ਨੂੰ ਵਾਜਬ ਠਹਿਰਾਉਂਦੇ ਹਨ। ਹਾਂ, ਸ਼ਾਇਦ ਅਪਟਨ ਸਿਨਕਲੇਅਰ (ਅਮਰੀਕੀ ਲੇਖਕ ਤੇ ਸੋਸ਼ਲਿਸਟ ਪਾਰਟੀ ਦਾ ਕਾਰਕੁਨ, ਭਗਤ ਸਿੰਘ ਦਾ ਇਸ਼ਾਰਾ ਸ਼ਾਇਦ ਸਿਨਕਲੇਅਰ ਦੇ ੧੯੧੮ ਵਿਚ ਲਿਖੇ ਪੈਂਫਲਿਟ 'ਪਰੌਫਿਟਸ ਆਫ ਰਿਲੀਜਨ (ਧਰਮ ਦੇ ਮੁਨਾਫ਼ੇ) ਵੱਲ ਹੈ, ਨੇ ਕਿਸੇ ਥਾਂ ਲਿਖਿਆ ਸੀ ਕਿ ਬੰਦੇ ਨੂੰ (ਆਤਮਾ ਦੀ) ਅਮਰਤਾ ਵਿਚ ਯਕੀਨ ਕਰਨ ਲਾ ਦਿਓ ਤੇ ਫਿਰ ਉਸ ਕੋਲ ਜੋ ਕੁਝ ਵੀ ਹੈ, ਉਹ ਲੁੱਟ ਲਓ। ਉਹ ਸਗੋਂ ਹੱਸ ਕੇ ਤੁਹਾਡੀ ਮਦਦ ਕਰੇਗਾ। ਧਾਰਮਿਕ ਉਪਦੇਸ਼ਕਾਂ ਤੇ ਹੁਕਮਰਾਨਾਂ ਨੇ ਮਿਲੀਭੁਗਤ ਕਰ ਕੇ ਜੇਲ੍ਹਾਂ, ਫਾਂਸੀਆਂ, ਕੋਰੜੇ ਤੇ ਇਨ੍ਹਾਂ ਸਿਧਾਂਤਾਂ ਦੀ ਕਾਢ ਕੱਢੀ ਸੀ।
ਮੈਨੂੰ ਦੱਸੋ ਕਿ ਤੁਹਾਡਾ ਸਰਬ-ਸ਼ਕਤੀਮਾਨ ਰੱਬ ਹਰ ਕਿਸੇ ਬੰਦੇ ਨੂੰ ਕਸੂਰ ਜਾਂ ਪਾਪ ਕਰਨੋਂ ਵਰਜਦਾ ਕਿਉਂ ਨਹੀਂ? ਉਸ ਲਈ ਤਾਂ ਇਹ ਕੰਮ ਬਹੁਤ ਸੌਖਾ ਹੈ। ਉਸ ਨੇ ਜੰਗਬਾਜ਼ਾਂ ਨੂੰ ਕਿਉਂ ਨਾ ਜਾਨੋਂ ਮਾਰਿਆ ਜਾਂ ਉਨ੍ਹਾਂ ਦੇ ਜੰਗੀ ਪਾਗਲਪਨ ਨੂੰ ਮਾਰ ਕੇ ਵੱਡੀ ਜੰਗ ਨਾਲ ਮਨੁੱਖਤਾ ਉਤੇ ਆਈ ਪਰਲੋ ਨੂੰ ਕਿਉਂ ਨਾ ਬਚਾਇਆ? ਉਹ ਅੰਗਰੇਜ਼ ਲੋਕਾਂ ਦੇ ਮਨਾਂ ਵਿਚ ਕੋਈ ਇਹੋ ਜਿਹਾ ਜਜ਼ਬਾ ਕਿਉਂ ਨਹੀਂ ਭਰ ਦਿੰਦਾ ਕਿ ਉਹ ਹਿੰਦੋਸਤਾਨ ਛੱਡ ਕੇ ਚਲੇ ਜਾਣ? ਉਹ ਸਾਰੇ ਸਰਮਾਏਦਾਰਾਂ ਦੇ ਦਿਲਾਂ ਵਿਚ ਇਹ ਜਜ਼ਬਾ ਕਿਉਂ ਨਹੀਂ ਭਰ ਦਿੰਦਾ ਕਿ ਉਹ ਪੈਦਾਵਾਰੀ ਸਾਧਨਾਂ ਦੀ ਸਾਰੀ ਜਾਇਦਾਦ ਨੂੰ ਛੱਡ ਦੇਣ ਤੇ ਸਾਰੇ ਮਿਹਨਤਕਸ਼ ਤਬਕੇ ਨੂੰ ਹੀ ਨਹੀਂ, ਸਗੋਂ ਸਾਰੇ ਮਨੁੱਖੀ ਸਮਾਜ ਨੂੰ ਪੂੰਜੀਵਾਦ ਦੇ ਬੰਧਨ ਤੋਂ ਛੁਟਕਾਰਾ ਦੇ ਦੇਣ। ਤੁਸੀਂ ਬਹਿਸ ਕਰਨਾ ਚਾਹੋਗੇ ਕਿ ਸਮਾਜਵਾਦੀ ਸਿਧਾਂਤ ਲਾਗੂ ਹੋ ਸਕਦਾ ਹੈ ਜਾਂ ਨਹੀਂ, ਮੈਂ ਇਸ ਨੂੰ ਲਾਗੂ ਕਰਨ ਦਾ ਜ਼ਿੰਮਾ ਤੁਹਾਡੇ ਪਰਵਰਦਿਗਾਰ ਉਤੇ ਸੁੱਟਦਾ ਹਾਂ। ਜਿਥੋਂ ਤੱਕ ਆਮ ਲੋਕ ਭਲਾਈ ਦਾ ਸਬੰਧ ਹੈ, ਲੋਕਾਂ ਨੂੰ ਸਮਾਜਵਾਦ ਦੇ ਗੁਣਾਂ ਦਾ ਪਤਾ ਹੈ। ਉਹ ਇਸ ਦਾ ਵਿਰੋਧ ਇਸ ਨੁਕਤੇ ਤੋਂ ਕਰਦੇ ਹਨ ਕਿ ਇਹ ਲਾਗੂ ਨਹੀਂ ਹੋ ਸਕਦਾ। ਚਲੋ, ਤੁਹਾਡਾ ਰੱਬ ਚਾਹਵੇ ਤੇ ਸਭ ਕੁਝ ਬਾਕਾਇਦਾ ਤਰੀਕੇ ਨਾਲ ਕਰ ਦੇਵੇ। ਹੁਣ ਤੁਸੀਂ ਦਲੀਲ ਵਿਚੋਂ ਦਲੀਲ ਕੱਢਣ ਦੀ ਕੋਸ਼ਿਸ਼ ਨਾ ਕਰਨੀ। ਮੈਂ ਤੁਹਾਨੂੰ ਦੱਸਦਾ ਹਾਂ: ਹਿੰਦੋਸਤਾਨ ਉਤੇ ਜੇ ਬਰਤਾਨਵੀ ਹਕੂਮਤ ਹੈ ਤਾਂ ਇਹ ਰੱਬ ਦੀ ਮਰਜ਼ੀ ਕਾਰਨ ਨਹੀਂ ਹੈ, ਸਗੋਂ ਇਸ ਕਾਰਨ ਹੈ ਕਿ ਸਾਡੇ ਵਿਚ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਹੈ। ਉਹ ਰੱਬ ਦੀ ਮਦਦ ਨਾਲ ਸਾਨੂੰ ਗੁਲਾਮ ਨਹੀਂ ਰੱਖ ਰਹੇ, ਸਗੋਂ ਉਨ੍ਹਾਂ ਨੇ ਬੰਦੂਕਾਂ, ਤੋਪਾਂ, ਬੰਬਾਂ, ਗੋਲੀਆਂ, ਪੁਲਿਸ ਤੇ ਫੌਜ ਦੀ ਮਦਦ ਨਾਲ ਸਾਨੂੰ ਗੁਲਾਮ ਬਣਾਇਆ ਹੋਇਆ ਹੈ ਅਤੇ ਸਾਡਾ ਕੀ ਕਸੂਰ ਹੈ ਕਿ ਉਹ (ਮਨੁੱਖੀ) ਸਮਾਜ ਵਿਰੁਧ ਸਭ ਤੋਂ ਵੱਧ ਘਿਨਾਉਣਾ ਗੁਨਾਹ ਇਹ ਕਰ ਰਹੇ ਹਨ ਕਿ ਇਕ ਕੌਮ ਹੱਥੋਂ ਦੂਜੀ ਕੌਮ ਲੁੱਟੀ ਜਾ ਰਹੀ ਹੈ। ਕਿਥੇ ਹੈ ਰੱਬ? ਉਹ ਕਰ ਕੀ ਰਿਹਾ ਹੈ? ਕੀ ਉਹ ਮਨੁੱਖਤਾ ਦੀਆਂ ਇਨ੍ਹਾਂ ਸਾਰੀਆਂ ਦੁੱਖ ਤਕਲੀਫਾਂ ਦਾ ਮਜ਼ਾ ਲੈ ਰਿਹਾ ਹੈ? ਉਹ ਨੀਰੋ ਹੈ, ਉਹ ਚੰਗੇਜ਼ ਖਾਂ ਹੈ। ਰੱਬ ਮੁਰਦਾਬਾਦ!
ਤੁਸੀਂ ਮੈਨੂੰ ਇਹ ਪੁੱਛੋਗੇ ਕਿ ਇਸ ਦੁਨੀਆਂ ਦਾ, ਤੇ ਮਨੁੱਖ ਦਾ ਅਰੰਭ ਕਿਵੇਂ ਹੋਇਆ ਸੀ। ਚਾਰਲਸ ਡਾਰਵਿਨ (੧੮੦੯-੧੮੮੨, ਅੰਗਰੇਜ਼ ਪ੍ਰਕ੍ਰਿਤੀਵਾਦੀ, ੧੯ਵੀਂ ਸਦੀ ਦੀ ਸਭ ਤੋਂ ਵੱਡੀ ਜਿੱਤ, ਉਸ ਦੀ ੧੮੫੯ ਵਿਚ ਛਪੀ 'ਓਰਿਜਨ ਆਫ਼ ਸਪੀਸੀਜ਼' ਸੀ ਜਿਸ ਵਿਚ ਪ੍ਰਕ੍ਰਿਤੀ ਦੇ ਵਿਕਾਸ ਦਾ ਸਿਧਾਂਤ ਸੀ। ਇਸ ਸਿਧਾਂਤ ਨੇ ਕੁਦਰਤ ਸਬੰਧੀ ਧਾਰਮਿਕ ਤੇ ਵਿਚਾਰਵਾਦੀ ਸੰਕਲਪਾਂ ਨੂੰ ਤੋੜ ਦਿੱਤਾ) ਨੇ ਇਸ ਵਿਸ਼ੇ ਬਾਰੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਦਾ ਮੁਤਾਲਿਆ ਕਰੋ। ਸੋਹੰਮ ਸਵਾਮੀ ਦੀ ਕਿਤਾਬ 'ਕਾਮਨਸੈਂਸ' (ਸਾਧਾਰਨ ਗਿਆਨ) ਪੜ੍ਹੋ। ਤੁਹਾਨੂੰ ਇਸ ਸਵਾਲ ਦਾ ਕੁਝ ਹੱਦ ਤੱਕ ਜਵਾਬ ਮਿਲ ਜਾਏਗਾ। ਇਹ ਕੁਦਰਤ ਦਾ ਵਿਸ਼ਾ ਹੈ। ਵੱਖ-ਵੱਖ ਪਦਾਰਥਾਂ ਦੇ ਇਤਫ਼ਾਕੀਆ ਮੇਲ ਨਾਲ ਧਰਤੀ ਤੇ ਬੂਲੇ ਦੇ ਰੂਪ ਵਿਚ ਪੈਦਾ ਹੋਈ ਸੀ। ਕਦੋਂ? ਇਹ ਜਾਣਨ ਲਈ ਇਤਿਹਾਸ ਪੜ੍ਹੋ। ਇਸ ਅਮਲ ਵਿਚ ਜਾਨਵਰ ਤੇ ਫਿਰ ਅਖੀਰ ਵਿਚ ਮਨੁੱਖ ਪੈਦਾ ਹੋਇਆ ਸੀ। ਤੁਸੀਂ ਡਾਰਵਿਨ ਦੀ ਕਿਤਾਬ 'ਓਰਿਜਨ ਆਫ਼ ਸਪੀਸੀਜ਼' ਪੜ੍ਹੋ ਅਤੇ ਉਸ ਤੋਂ ਮਗਰੋਂ ਜੋ ਵੀ ਉਨਤੀ ਹੋਈ, ਉਹ ਮਨੁੱਖ ਦੀ ਕੁਦਰਤ ਨਾਲ ਲਗਾਤਾਰ ਟੱਕਰ ਤੇ ਮਨੁੱਖ ਵੱਲੋਂ ਕੁਦਰਤ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਵਜੋਂ ਹੋਈ ਸੀ। ਧਰਤੀ ਦੇ ਆਦਿ ਬਾਰੇ ਇਹ ਸਭ ਸੰਖੇਪ ਜਿਹਾ ਵੇਰਵਾ ਹੈ।
ਤੁਹਾਡਾ ਅਗਲਾ ਸਵਾਲ ਹੋ ਸਕਦਾ ਹੈ ਕਿ ਪਿਛਲੇ ਜਨਮ ਵਿਚ ਮਾੜੇ ਕਰਮ ਨਾ ਕੀਤੇ ਹੋਣ ਤਾਂ ਕੋਈ ਬੱਚਾ ਅੰਨ੍ਹਾ ਜਾਂ ਲੰਗੜਾ ਕਿਉਂ ਜੰਮਦਾ ਹੈ? ਜੀਵ ਵਿਗਿਆਨੀਆਂ ਨੇ ਇਸ ਸਮੱਸਿਆ ਦਾ ਜ਼ਿਕਰ ਕੀਤਾ ਹੈ ਕਿ ਇਹ ਜੀਵ ਵਿਗਿਆਨਿਕ ਵਿਸ਼ਾ ਹੈ। ਇਸ ਦੇ ਕਾਰਨ ਬੱਚੇ ਦੇ ਮਾਂ-ਪਿਓ ਦੇ ਜੀਵ-ਇਤਿਹਾਸ ਵਿਚ ਹੀ ਹੁੰਦੇ ਹਨ।
ਕੁਦਰਤਨ ਤੁਸੀਂ ਇਕ ਹੋਰ ਸਵਾਲ ਪੁੱਛ ਸਕਦੇ ਹੋ: ਭਾਵੇਂ ਇਹ ਨਿਰਾ ਬਚਗਾਨਾ ਸਵਾਲ ਹੀ ਹੈ। ਉਹ ਸਵਾਲ ਇਹ ਹੈ ਕਿ ਜੇ ਰੱਬ ਨਹੀਂ ਸੀ ਤਾਂ ਫਿਰ ਲੋਕ ਉਸ ਨੂੰ ਮੰਨਣ ਕਿਵੇਂ ਲੱਗੇ? ਮੇਰਾ ਜਵਾਬ ਸਪਸ਼ਟ ਤੇ ਸੰਖੇਪ ਹੋਵੇਗਾ। ਜਿਵੇਂ ਲੋਕ ਭੂਤ-ਪ੍ਰੇਤਾਂ ਨੂੰ ਮੰਨਣ ਲੱਗ ਪਏ ਸੀ, ਓਵੇਂ ਹੀ ਉਹ ਰੱਬ ਨੂੰ ਮੰਨਣ ਲੱਗ ਪਏ। ਫਰਕ ਸਿਰਫ਼ ਇੰਨਾ ਹੈ ਕਿ ਰੱਬ ਵਿਚ ਵਿਸ਼ਵਾਸ ਤਕਰੀਬਨ ਸਰਬ-ਵਿਆਪਕ ਹੈ ਤੇ ਇਸ ਦਾ ਦਰਸ਼ਨ ਕਾਫ਼ੀ ਵਿਕਸਿਤ ਹੈ। ਕੁਝ ਪਰਿਵਰਤਨਕਾਰੀਆਂ (ਰੈਡੀਕਲਜ਼) ਵਾਂਗ ਮੇਰਾ ਇਹ ਵਿਚਾਰ ਨਹੀਂ ਹੈ ਕਿ ਰੱਬ ਆਦਿ ਲੁੱਟ-ਖਸੁੱਟ ਕਰਨ ਵਾਲਿਆਂ ਦੀ ਕਰਤੂਤ ਸੀ, ਤਾਂ ਕਿ ਉਹ ਸਰਬ-ਉਚ ਸੱਤਾ ਦੀ ਹੋਂਦ ਦਾ ਪ੍ਰਚਾਰ ਕਰ ਕੇ ਆਪਣੀਆਂ ਗੱਦੀਆਂ ਕਾਇਮ ਰੱਖਣ ਲਈ ਲੋਕਾਂ ਨੂੰ ਗੁਲਾਮ ਰੱਖ ਸਕਣ। ਭਾਵੇਂ ਉਨ੍ਹਾਂ ਨਾਲ ਮੇਰਾ ਇਸ ਜ਼ਰੂਰੀ ਨੁਕਤੇ ਨਾਲ ਕੋਈ ਮਤਭੇਦ ਨਹੀਂ ਹੈ ਕਿ ਸਾਰੇ ਧਾਰਮਿਕ ਮੱਤ, ਧਰਮ, ਸਿਧਾਂਤ ਤੇ ਹੋਰ ਇਹੋ ਜਿਹੀਆਂ ਸੰਸਥਾਵਾਂ ਆਖਰਕਾਰ ਜਾਬਰ, ਦਮਨਕਾਰੀ ਸੰਸਥਾਵਾਂ, ਵਿਅਕਤੀਆਂ ਤੇ ਜਮਾਤਾਂ ਦੀਆਂ ਹਮਾਇਤੀ ਹੀ ਹੋ ਨਿਬੜੀਆਂ ਹਨ। ਹਰ ਧਰਮ ਇਹ ਕਹਿੰਦਾ ਹੈ ਕਿ ਬਾਦਸ਼ਾਹ ਵਿਰੁਧ ਬਗਾਵਤ ਕਰਨਾ ਹਮੇਸ਼ਾ ਹੀ ਪਾਪ ਹੁੰਦਾ ਹੈ।
ਰੱਬ ਦੇ ਆਦਿ ਬਾਰੇ ਮੇਰਾ ਆਪਣਾ ਵਿਚਾਰ ਇਹ ਹੈ ਕਿ ਜਦ ਮਨੁੱਖ ਨੂੰ ਆਪਣੀਆਂ ਸੀਮਾਵਾਂ ਕਮਜ਼ੋਰੀਆਂ ਤੇ ਕਮੀਆਂ ਦਾ ਅਹਿਸਾਸ ਹੋ ਗਿਆ ਤਾਂ ਉਸ ਨੇ ਰੱਬ ਦੀ ਕਾਲਪਨਿਕ ਹੋਂਦ ਬਣਾ ਲਈ, ਤਾਂ ਕਿ ਇਮਤਿਹਾਨੀ ਹਾਲਤ ਦਾ ਦ੍ਰਿੜਤਾ ਨਾਲ ਸਾਹਮਣਾ ਕਰਨ ਲਈ ਮਨੁੱਖ ਨੂੰ ਹੌਸਲਾ ਮਿਲੇ, ਤਾਂ ਕਿ ਸਾਰੇ ਖਤਰਿਆਂ ਦਾ ਜਵਾਂ-ਮਰਦੀ ਨਾਲ ਮੁਕਾਬਲਾ ਕਰ ਸਕੇ ਅਤੇ ਖੁਸ਼ਹਾਲੀ ਤੇ ਅਮੀਰੀ ਦੀ ਹਾਲਤ ਵਿਚ ਆਪਣੀਆਂ ਇੱਛਾਵਾਂ 'ਤੇ ਕਾਬੂ ਪਾ ਸਕੇ। ਮਨੁੱਖ ਨੇ ਰੱਬ ਨੂੰ ਇਹਦੇ ਨਿੱਜ ਰੂਪਕ ਨੇਮਾਂ ਤੇ ਪਾਲਣਹਾਰ ਗੁਣਾਂ ਦੇ ਰੂਪ ਵਿਚ ਚਿਤਵਿਆ ਤੇ ਚਿਤਰਿਆ ਸੀ। ਉਹਦੀ ਕਰੋਪੀ ਤੇ ਨਿੱਜ ਰੂਪਕ ਨੇਮਾਂ ਨੂੰ ਵਿਚਾਰਨ ਵੇਲੇ ਉਹ ਤਾੜਨਾ ਦਾ ਕੰਮ ਦਿੰਦਾ ਸੀ ਤਾਂ ਜੋ ਮਨੁੱਖ ਸਮਾਜ ਵਾਸਤੇ ਖਤਰਾ ਨਾ ਬਣ ਜਾਵੇ। ਉਹਦੇ ਪਾਲਣਹਾਰ ਗੁਣਾਂ ਵਿਚ ਉਹ ਮਾਂ-ਪਿਤਾ, ਭੈਣ, ਭਾਈ, ਦੋਸਤ ਤੇ ਮਦਦਗਾਰ ਸੀ ਤਾਂ ਕਿ ਉਸ ਹਾਲਤ ਵਿਚ ਜਦ ਬੰਦੇ ਨੂੰ ਔਖੇ ਵੇਲੇ ਹਰ ਕੋਈ ਛੱਡ ਜਾਵੇ ਤਾਂ ਉਸ ਘੜੀ ਵੀ ਬੰਦੇ ਨੂੰ ਇਹ ਧਰਵਾਸ ਰਹੇ ਕਿ ਉਹਦੀ ਮਦਦ ਕਰਨ ਲਈ, ਉਹਨੂੰ ਢਾਰਸ ਦੇਣ ਲਈ ਸਦਾ ਸਲਾਮਤ ਰਹਿਣ ਵਾਲਾ ਸੱਚਾ ਮਿੱਤਰ ਰੱਬ ਹੈ। ਆਦਿ ਕਾਲ ਵਿਚ ਰੱਬ ਸੱਚੇ ਅਰਥਾਂ ਵਿਚ ਸਮਾਜ ਲਈ ਲਾਹੇਬੰਦ ਸੀ। ਔਖੀ ਘੜੀ ਵੇਲੇ ਰੱਬ ਦਾ ਵਿਚਾਰ ਬੰਦੇ ਲਈ ਮਦਦਗਾਰ ਹੁੰਦਾ ਹੈ।
ਸਮਾਜ ਨੇ ਜਿਵੇਂ ਬੁੱਤ ਪੂਜਾ ਤੇ ਧਰਮ ਦੇ ਤੰਗ ਨਜ਼ਰ ਸੰਕਲਪ ਵਿਰੁਧ ਲੜਾਈ ਲੜੀ ਸੀ, ਉਸੇ ਤਰ੍ਹਾਂ ਸਮਾਜ ਨੂੰ ਰੱਬ ਦੇ ਵਿਸ਼ਵਾਸ ਵਿਰੁਧ ਲੜਨਾ ਪੈਣਾ ਹੈ। ਇਸੇ ਤਰ੍ਹਾਂ ਜਦ ਬੰਦਾ ਆਪਣੇ ਪੈਰੀਂ ਹੋਣ ਦੀ ਕੋਸ਼ਿਸ਼ ਕਰਨ ਲੱਗਾ ਤੇ ਯਥਾਰਥਵਾਦੀ ਹੋਣ ਲੱਗਾ ਹੈ ਤਾਂ ਉਹਨੂੰ ਰੱਬ ਦਾ ਵਿਸ਼ਵਾਸ ਲਾਂਭੇ ਸੁੱਟਣਾ ਪਏਗਾ ਤੇ ਹਰ ਮੁਸ਼ਕਿਲ, ਹਰ ਆਫ਼ਤ ਤੇ ਹਰ ਤਰ੍ਹਾਂ ਦੀ ਹਾਲਤ ਦਾ ਡਟ ਕੇ ਮੁਕਾਬਲਾ ਕਰਨਾ ਪਏਗਾ। ਇਸ ਵੇਲੇ ਮੇਰੀ ਹਾਲਤ ਬਿਲਕੁਲ ਇਹੀ ਹੈ। ਮੇਰੇ ਦੋਸਤੋ, ਮੇਰਾ ਇਹ ਕੋਈ ਅਹੰਕਾਰ ਨਹੀਂ ਹੈ। ਮੈਂ ਆਪਣੀ ਸੋਚਣ ਵਿਧੀ ਨਾਲ ਹੀ ਨਾਸਤਿਕ ਬਣਿਆ ਹਾਂ। ਮੇਰਾ ਖਿਆਲ ਨਹੀਂ ਕਿ ਰੱਬ ਵਿਚ ਵਿਸ਼ਵਾਸ ਕਰਨ ਨਾਲ ਤੇ ਹਰ ਰੋਜ਼ ਅਰਦਾਸ ਕਰਨ ਨਾਲ (ਜਿਹੜਾ ਮੈਂ ਮਨੁੱਖ ਦਾ ਸਭ ਤੋਂ ਵੱਧ ਖੁਦਗਰਜ਼ੀ ਕਰਨ ਵਾਲਾ ਤੇ ਘਟੀਆ ਕੰਮ ਸਮਝਦਾ ਹਾਂ) ਮੇਰਾ ਕੁਝ ਸੌਰ ਸਕਦਾ ਹੈ ਜਾਂ ਇਹਦੇ ਨਾਲ ਮੇਰੀ ਹਾਲਤ ਹੋਰ ਵੀ ਭੈੜੀ ਹੋ ਜਾਵੇਗੀ। ਮੈਂ ਉਨ੍ਹਾਂ ਨਾਸਤਿਕਾਂ ਬਾਰੇ ਪੜ੍ਹਿਆ ਹੈ ਜਿਨ੍ਹਾਂ ਨੇ ਬਹੁਤ ਡਟ ਕੇ ਸਾਰੀਆਂ ਮੁਸ਼ਕਿਲਾਂ ਦਾ ਮੁਕਾਬਲਾ ਕੀਤਾ ਸੀ। ਇਸੇ ਲਈ ਮੈਂ ਅਖੀਰ ਤੱਕ ਫਾਂਸੀ ਦੇ ਤਖ਼ਤੇ 'ਤੇ ਵੀ, ਮਰਦ ਵਾਂਗ ਸਿਰ ਤਾਣ ਕੇ ਸਾਬਤ ਕਦਮ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਦੇਖੀਏ, ਮੈਂ ਇਸ 'ਤੇ ਕਿੰਨਾ ਕੁ ਪੂਰਾ ਉਤਰਦਾ ਹਾਂ। ਮੇਰੇ ਕਿਸੇ ਦੋਸਤ ਨੇ ਮੈਨੂੰ ਅਰਦਾਸ ਕਰਨ ਲਈ ਕਿਹਾ ਸੀ। ਜਦ ਮੈਂ ਉਹਨੂੰ ਦੱਸਿਆ ਕਿ ਮੈਂ ਤਾਂ ਨਾਸਤਿਕ ਹਾਂ, ਤਾਂ ਉਹ ਕਹਿਣ ਲੱਗਾ, "ਦੇਖੀਂ ਆਪਣੇ ਅਖੀਰੀ ਦਿਨਾਂ ਵਿਚ ਤੂੰ ਰੱਬ ਨੂੰ ਮੰਨਣ ਲੱਗ ਜਾਏਂਗਾ।" ਮੈਂ ਅੱਗਿਉਂ ਕਿਹਾ, ਨਹੀਂ ਪਿਆਰੇ ਜਨਾਬ ਜੀ, ਇਸ ਤਰ੍ਹਾਂ ਹਰਗਿਜ਼ ਨਹੀਂ ਹੋਣ ਲੱਗਾ। ਇੰਜ ਕਰਨਾ ਮੇਰੇ ਲਈ ਬੜੀ ਘਟੀਆ ਤੇ ਪਸਤੀ ਵਾਲੀ ਗੱਲ ਹੋਵੇਗੀ। ਖੁਦਗਰਜ਼ੀ ਵਾਸਤੇ ਮੈਂ ਅਰਦਾਸ ਨਹੀਂ ਕਰਨੀ। ਪਾਠਕੋ ਤੇ ਦੋਸਤੋ, ਕੀ ਇਹ ਹਉਮੈ ਹੈ। ਜੇ ਇਹ ਹੈ ਤਾਂ ਮੈਂ ਇਸ ਲਈ ਦ੍ਰਿੜ ਹਾਂ।

  • ਮੁੱਖ ਪੰਨਾ : ਸ਼ਹੀਦ ਭਗਤ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ