Main Veil Haan : Dr. Jatinder Randhawa

ਮੈਂ ਵੇਲ ਹਾਂ : ਡਾ. ਜਤਿੰਦਰ ਰੰਧਾਵਾ

ਕਵਿਤਾ ਤੇ ਸੰਗੀਤ ਦੇ ਅੰਗ-ਸੰਗ!

ਇਥੇ ਪੱਛਮ ਦੀ ਧਰਤੀ ਤੇ ਅਸੀਂ ਹਰ ਰੋਜ਼ ਅਨਗਿਣਤ ਕੂੰਜਾਂ ਨੂੰ ਅੰਬਰੀ ਉਡਾਣ ਦੀ ਮੌਜ ਵਿਚ ਦੇਖਦੇ ਹਾਂ। ਅੰਤਹਿਕਰਣ ਦੀ ਤ੍ਰੇਹ ਵਾਲੀਆਂ ਰੂਹਾਂ ਵਿਚੋਂ ਜਿਸ ਕਿਸੇ ਵੀ ਤਰਿਹਾਈਆਂ ਕੂੰਜਾਂ ਦੀ ਵਿਡੰਮਨਾ ਵੇਖ-ਪਰਖ ਕੇ ਕਿਹਾ ਹੈ—
ਪਾਣੀ ਵੇ ਪਿਲਾ ਦੇ ਮਿੱਤਰਾ! ਕੂੰਜਾਂ ਮਰਨ ਤਿਹਾਈਆਂ---।

ਹਰ ਜੀਵ ਲਈ ਤ੍ਰੇਹ ਜਾਂ ਪਿਆਸ ਇਕ ਹੀ ਹੁੰਦੀ ਹੈ। ਪਰ ਮਾਨਸ- ਤ੍ਰੇਹ ਦੀ ਤ੍ਰਿਪਤੀ ਲਈ ਸਾਧਨ ਦੇ ਸੋਮੇਂ ਦੋ ਹੀ ਹਨ। ਉਨ੍ਹਾਂ ਵਿਚੋਂ ਵੀ ਇਕ ਤਾਂ ਅਕਾਰ ਰਹਿਤ ਜਾਂ ਨਿਰਾਕਾਰ ਹੈ। ਪਰ, ਅਕਾਰਮਈ ਸੋਮੇਂ ਤਾਂ ਇਕ ਤੋਂ ਜ਼ਿਆਦਾ ਹਨ--- ਆਮ ਤੌਰ ਤੇ ਦੋ ਮੰਨੇ ਜਾਂਦੇ ਹਨ। ਪੰਜਾਬੀਆਂ ਲਈ ਇਨ੍ਹਾਂ ਦੇ ਸੰਦਰਭ ਵਿਚ ਹੀ ਦੋ ਅਲੋਕਾਰੀ ਪ੍ਰਤੀਕ ਚਰੋਕਣੇ ਸਮੇਂ ਤੋਂ ਸਥਾਪਿਤ ਹੋ ਚੁੱਕੇ ਹਨ। ਇਕ ਹੈ ‘ਰਾਂਝਾ’ ਤੇ ਦੂਜਾ ਸਭਨਾਂ ਦਾ ‘ਮੁਰਸ਼ਦ’। ਦੋਵੇਂ ਸੋਮੇਂ ਇਸ਼ਕ ਦੀਆਂ ਹੱਦਾਂ ਤੇ ਅਣਹੱਦਾਂ ਟੱਪਦੀਆਂ ਰੂਹਾਂ ਦੇ ਇਸ਼ਕ ਦੀ ਇੰਤਹਾ ਦੇ ਉਹਲਿਆਂ ਵਿਚ ਹੀ ਨਿਕਲਦੇ ਹਨ।

ਮੁਰਸ਼ਦ ਦੀ ਕੂਲ੍ਹ, ਸੋਮੇ ਜਾਂ ਚਸ਼ਮੇ ਤੇ ਪਹੁੰਚਣ ਲਈ ਮਨ ਦੀ ਪਿਆਸ ਕੀ ਕੀ ਰਾਸ ਰਚਾਂਦੀ ਹੈ! ਇਹ ਵੀ ਜ਼ਿੰਦਗੀ ਦੇ ਸਹਿਜ ਤੇ ਆਨੰਦ ਮਈ ਪਲਾਂ ਦੇ ਵਧੀਆ ਤੇ ਨਰਗਸੀ ਰੁਝੇਵਿਆਂ ਦਾ ਮਹਿਕਾਂ ਭਰਪੂਰ ਹਿੱਸਾ ਹੀ ਬਣ ਜਾਂਦਾ ਹੈ। ਅਕਸਰ ਸਾਡੀ ਰੂਹ ਦਾ ਆਪਣੇ ਮੁਰਸ਼ਦ ਜਾਂ ਰਾਂਝੇ ਤੇ ਵਿਸ਼ਵਾਸ ਅਡੋਲ ਹੀ ਹੁੰਦਾ ਹੈ। ਪਰ, ਫਿਰ ਵੀ ਕਦੇ-ਕਦਾਈਂ ਇਹ ਡੋਲ ਵੀ ਜਾਂਦਾ ਹੈ। ਜ਼ਰੂਰੀ ਨਹੀਂ ਮਹਿਕਾਂ ਲੱਦੇ ਰੁਝੇਵੇਂ ਆਪਣੇ ਰਥਵਾਨ ਨੂੰ ਪੱਠੇ ਹੀ ਪਾਈ ਆਉਣ। ਉਹ ਤਾਂ ਗਾਹੇ- ਬਗਾਹੇ ਸੋਹਣੇ ਰੱਬ ਨਾਲ ਵੀ ਗਿਲੇ-ਸ਼ਿਕਵੇ ਕਰ ਲੈਂਦੇ ਹਨ! ਉਤੋਂ ਕਿਸੇ ਵੀ ਕਾਵਿਕ ਰੂਹ ਦੀਆਂ ਗੱਲਾਂ ਤਾਂ ਜੱਗੋਂ ਹਟਵੀਆਂ ਹੀ ਹੁੰਦੀਆਂ ਹਨ।

‘ਮੈਂ ਵੇਲ ਹਾਂ’ ਦੀ ਰਚੇਤਾ ਜਤਿੰਦਰ ਰੰਧਾਵਾ ਦੇ ਨਿਰੰਤਰ ਸੰਪਰਕ ਵਿਚ ਰਹਿੰਦਾ ਹਾਂ। ਰਹਿੰਦਾ ਵੀ ਕਿਵੇਂ ਨਾ! ਉਹ ‘ਕਲਾਕਾਰ ਲੇਖਕ ਮੰਚ’- ਕਲਮ ਲੈਂਗੁਏਜ ਡਿਵਲਪਮੈਂਟ ਫਉਂਡੇਸ਼ਨ ਆਫ ਨੌਰਥ ਅਮੈਰਿਕਾ ਦੀ ਸਫ਼ਲ ਪ੍ਰਧਾਨ ਰਹਿ ਚੁੱਕੀ ਹੈ। --- ‘ਕਲਮ’ ਹਰ ਮਹੀਨੇ ਵਿਚ ਇਕ ਅਦਬੀ ਬੈਠਕ ਦਾ ਸਿਲਸਿਲਾ ਬਦਸਤੂਰ ਜਾਰੀ ਰੱਖ ਰਹੀ ਹੈ। ਉਸ ਵਿਚ ਹੀ ਜਤਿੰਦਰ ਦੀ ਕਾਵਿ-ਮਈ ਸ਼ਿਲਪ ਕਲਾ ਮੱਥੇ ਦਾ ਨਸੀਬ ਬਣਦੀ ਰਹੀ। ਹਾਂ, ਮੇਰਾ ਪੱਕਾ ਵਿਸ਼ਵਾਸ਼ ਹੈ ਕਿ ਕਵਿਤਾ ਕਦੀ ਵੀ ਚੰਗੀ ਜਾਂ ਮਾੜੀ ਨਹੀਂ ਹੁੰਦੀ। ਇਹ ਤਾਂ ਹੁੰਦੀ ਹੈ ਜਾਂ ਬਿਲਕੁਲ ਹੀ ਨਹੀਂ ਹੁੰਦੀ। ਜਤਿੰਦਰ ਵਿੱਚ ਕਵਿਤਾ ਪ੍ਰਤੱਖ ਹੈ--- ਤੇ ਉਹ ਵੀ ਗਾਉਂਦੀ ਹੋਈ। ਮੈਂ ਕੋਈ ਵੱਡਾ ਵਿਦਵਾਨ, ਕਾਵਿ ਪਾਰਖੂ ਜਾਂ ਕੋਈ ਆਲੋਚਕ ਬਗੈਰਾ ਤਾਂ ਨਹੀਂ ਹਾਂ। ਪਰ, ਚੰਗੀ ਕਵਿਤਾ ਵਿਚਲੇ ਕਾਵਿ-ਸ਼ਬਦਾਂ ਦੇ ਵਜੂਦ, ਤਾਲ ਤੇ ਰਚਨਾ ਵਿਚ, ਉਹਨਾਂ ਦੀ ਨਿਰੰਤਰ ਹਾਜ਼ਰੀ ਦਾ ਜਗਿਆਸੂ ਜ਼ਰੂਰ ਹਾਂ। ਜਤਿੰਦਰ ਦੇ ਪਲੇਠੇ ਕਾਵਿ- ਸੰਗਹਿ ‘ਮੈਂ ਵੇਲ ਹਾਂ’ ਵਿਚੋਂ ਕਾਵਿ ਮੋਤੀਆਂ ਦੇ ਵਿਰਲੇ- ਟਾਵੇਂ ਵੇਰਵਿਆਂ ਦੀ ਇਸ਼ਤਿਹਾਰ ਵਾਂਗ ਮਣਿਆਦੀ ਕਰਨ ਤੋਂ ਗੁਰੇਜ਼ ਕਰਾਂਗਾ। ਹਾਂ, ਹਥਲੇ ਕਾਵਿ- ਸੰਗਹਿ ਵਿਚੋਂ ਹੀ ਇਕ ਸਬੂਤੀ ਰਚਨਾਂ ਤੁਹਾਡੇ ਰੂ- ਬ- ਰੂ ਕਰਦਾ ਹਾਂ:

ਹਾਂ ਉਮਰਾਂ ਦੀ ਪਿਆਸੀ
ਇਕ ਆਸ ਘੇਰ ਬੈਠੀ।
ਅੱਜ ਫ਼ੇਰ ਤੜਕੇ-ਤੜਕੇ
ਯਾਦਾਂ ਦੇ ਨੇੜ ਬੈਠੀ।

ਜਦ ਵੀ ਭੁਲਾਏ ਦਿਲ ਨੇ
ਉਹ ਹੋਰ ਯਾਦ ਆਏ।
ਹਿਜ਼ਰ-ਪੀੜਾਂ ਗੱਲਾਂ
ਆਪੇ ਸਾਂ ਛੇੜ ਬੈਠੀ।
ਅੱਜ ਫ਼ੇਰ ਤੜਕੇ-ਤੜਕੇ
ਯਾਦਾਂ ਦੇ ਨੇੜ ਬੈਠੀ।

ਹਾਰ ਸ਼ਿੰਗਾਰ ਨਹੀਂ ਮਾਣੇ
ਸਾਲੂ ਸੂਹਾ ਪਾਇਆ ਨਹੀਂ।
ਜਿੰਦ ਵਸਲ ਪੈਰੋਂ ਤਰਸੀ
ਦਰ-ਦਰ ਹਾਂ ਭੇੜ ਬੈਠੀ।
ਅੱਜ ਫ਼ੇਰ ਤੜਕੇ-ਤੜਕੇ
ਯਾਦਾਂ ਦੇ ਨੇੜ ਬੈਠੀ।

ਸੂਈ ਕੰਧੂਈ ਗੁੰਮ ਨੇ
ਚੋਲਾ ਵੀ ਹੋਇਆ ਵੈਰੀ।
ਤੇਰੀ ਹੀ ਕਮਲੀ-ਰਮਲੀ
ਦਿਲ ਨੂੰ ਉਚੇੜ ਬੈਠੀ।
ਅੱਜ ਫ਼ੇਰ ਤੜਕੇ-ਤੜਕੇ
ਯਾਦਾਂ ਦੇ ਨੇੜ ਬੈਠੀ।

ਖ਼ੂਹ ਤਾਂ ਵੰਡੇਦੇ ਨੇਹੁੰ ਨੂੰ
ਮਣ ਤੇ ਸੀ ਦੀਵੇ ਬਾਲੇ।
ਤੂੰਬਾ ਨਾ ਮੇਰਾ ਹਾਸਿਲ
ਰੂਹ ਤਕ ਖ਼ਦੇੜ ਬੈਠੀ।
ਅੱਜ ਫ਼ੇਰ ਤੜਕੇ-ਤੜਕੇ
ਯਾਦਾਂ ਦੇ ਨੇੜ ਬੈਠੀ।
ਚਿਣ-ਚਿਣ ਕੇ ਤੱਤਾ ਸੀਨਾ
ਜਰ-ਜਰ ਕੇ ਸਿਤਮ ਭੈੜੇ
ਇਕ ਆਨ-ਸ਼ਾਨ ਖ਼ਾਤਿਰ—
ਕਿਤੇ ਪਾ ਤਰੇੜ ਬੈਠੀ।
ਅੱਜ ਫ਼ੇਰ ਤੜਕੇ-ਤੜਕੇ
ਯਾਦਾਂ ਦੇ ਨੇੜ ਬੈਠੀ।

ਵੈਸੇ ਅੱਜ ਕਲ੍ਹ ਕਾਵਿ- ਪੁਸਤਕਾਂ ਤਾਂ ਢੇਰਾਂ ਦੇ ਢੇਰ ਛਪ ਰਹੀਆਂ ਹਨ। ਉਨ੍ਹਾਂ ਦੀ ਉਮਰ ਬਾਰੇ ਪੰਜਾਬੀ ਅਦਬ ਦੇ ਰਸੀਏ ਤੇ ਪਾਠਕ ਬਹੁਤ ਹੀ ਚੰਗੀ ਤਰ੍ਹਾਂ ਜਾਣਦੇ ਹਨ। ਉਸ ਵੇਰਵੇ ’ਚ ਨਾ ਪੈਂਦਾ ਹੋਇਆ ਆਪਣੀ ਤਸੱਲੀ ਤੇ ਵਿਸ਼ਵਾਸ਼ ਵਾਲੀ ਗੱਲ ਹੀ ਕਰਾਂਗਾ ਕਿ ‘ਮੈਂ ਵੇਲ ਹਾਂ’ ਵਿਚਲੇ ਬਹੁਤੇ ਤੱਤ ਕਿਸੇ ਵੀ ਢੇਰ ਤੋਂ ਬਾਹਰ ਹਨ। ਹੁਣ, ਜਦੋਂ ਇਹ ਸ਼ਬਦ ਲਿਖ ਰਿਹਾ ਹਾਂ, ਇਸ ਪੁਸਤਕ ਨੇ ਛਾਪਣ ਦੇ ਕੁਝ ਪੜਾਵਾਂ ਵਿਚੋਂ ਲੰਘਣਾ ਹੈ। ਪਰ, ਮੈਂ ਖ਼ੁਸ਼ਨਸੀਬ ਹਾਂ ਕਿ ‘ਮੈਂ ਵੇਲ ਹਾਂ’ ਵਿਚਲੀਆਂ ਕੁਝ ਰਚਨਾਵਾਂ, ਸੁਰਾਂ ਦੇ ਰਸੀਏ ਤੇ ਗੁਲੂਕਾਰ ਸਨੀ ਸ਼ਿਵਰਾਜ ਦੀ ਜ਼ਬਾਨੀ ਸੰਗੀਤ ਰੂਪ ਵਿਚ, ਸੁਣ ਤੇ ਮਾਣ ਵੀ ਸਕਿਆ ਹਾਂ।

ਕਿਸੇ ਅਦਬੀ ਕਾਮੇ ਦਾ ਕਵਿਤਾ ਤੇ ਸੰਗੀਤ ਦੇ ਅੰਗ-ਸੰਗ ਹੋ ਜਾਣਾ ਰੱਬੀ ਸੁਮੇਲ ਹੀ ਹੁੰਦਾ ਹੈ। ਜ਼ਿੰਦਗੀ ਦੇ ਕਿਸੇ ਵੀ ਪੜਾਅ ਤੇ ਇਹੀ ਸੁਮੇਲ, ਜਤਿੰਦਰ ਦੀ ਕਾਵਿ- ਰੂਹ ਦੀਆਂ ਕੂੰਜਾਂ ਨੂੰ ਤ੍ਰੇਹ ਜਾਂ ਪਿਆਸ ਕਾਰਨ ਵਿਆਕੁਲ ਹੋਣ ਹੀ ਨਹੀਂ ਦੇਵੇਗਾ। ਮਾਂ ਬੋਲੀ ਪੰਜਾਬੀ ਦੇ ਵਿਖਿਆਤ, ਵਿਲੱਖਣ ਤੇ ਕਹਿਕਸ਼ਾਂ ਸਰੂਪ ਅਦਬ ਦੇ ਵਿਹੜੇ ਵਿਚ ‘ਮੈਂ ਵੇਲ ਹਾਂ’ ਦਾ ਸਵਾਗਤ ਕਰਦਾ ਹਾਂ--- ਦੁਆ ਕਰਦਾ ਹਾਂ ਕਿ ਜਤਿੰਦਰ ਕਵਿਤਾ ਤੇ ਸੰਗੀਤ ਦੇ ਸੋਹਣੇ ਸੁਮੇਲ ਦੀ ਨਿਰੰਤਰ ਯਾਤਰਾ ਕਰਦੀ ਰਵ੍ਹੇ।

ਲੱਖ ਕਰਨਾਲਵੀ
ਸਕੱਤਰ ਜਨਰਲ, ਕਲਮ ਫ਼ਾਉਂਡੇਸ਼ਨ
ਧਰਤੀ

ਧਰਤੀ ਸਹਿੰਦੀ ਹੈ, ਅੰਬਰ ਵਰ੍ਹਦਾ ਹੈ ਧਰਤੀ ਪਿਆਸੀ ਹੈ, ਅੰਬਰ ਦਾਤਾ ਹੈ ਦੇਂਦਾ ਹੈ ਲਖਾਂ ਜੀਵਾਂ ਨੂੰ ਪ੍ਰਾਣ-ਵਾਯੂ ਪਰ ਜਨਮ ਤਾਂ ਧਰਤੀ ਹੀ ਦੇਂਦੀ ਹੈ- ਫਿਰ ਧਰਤੀ ਤੇ ਅੰਬਰ ਕਦੇ ਮਿਲਦੇ ਕਿਉਂ ਨਹੀਂ-----? ਧਰਤੀ ਤੇ ਛਾਂ ਕੀਤੀ ਹੈ ਅੰਬਰ ਨੇ- ਸੁਰੱਖਿਆ ਦਾ ਅਹਿਸਾਸ ਵੀ ਕਰਾਉਂਦਾ ਹੈ ਲਾਡ ਨਾਲ ਵਡਿਆਉਂਦਾ ਹੈ ਤੇ ਫਿਰ ਅੰਬਰ ਬਣ ਜਾਂਦਾ ਹੈ। ਪਰ ਕਦੇ-ਕਦੇ ਧਰਤੀ ਦਾ ਵੀ ਜੀਅ ਕਰਦਾ ਹੈ, ਅੰਬਰ ਨੂੰ ਕੋਲ ਬੁਲਾਵੇ, ਸਾਹਵਾਂ ਵਿਚ ਭਰ ਲਵੇ ਹਿੱਕ ਨਾਲ ਲਾ ਲਏ ਦਿਲ ਵਿਚ ਸਮੋ ਲਏ ਪਰ ਅੰਬਰ ਹੱਸ ਛੱਡਦਾ ਹੈ------ ਧਰਤੀ ਦੀ ਹਸਰਤ ਫਿਰ ਹਸਰਤ ਬਣ ਜਾਂਦੀ ਹੈ ਹੂਕ ਬਣ ਜਾਂਦੀ ਹੈ ਤੇ ਕਦੀ ਸਿਸਕੀ ਬਣ ਜਾਂਦੀ ਹੈ ਤੇ ਕਦੇ ਕਦੇ ਚਸ਼ਮਾ ਬਣ ਕੇ ਫੁੱਟ ਪੈਂਦੀ ਹੈ ਪਰ ਧਰਤੀ ਤੇ ਅੰਬਰ ਕਦੇ ਮਿਲਦੇ ਕਿਉਂ ਨਹੀਂ? ਮੰਨਿਆ ਕਿ ਅੰਬਰ ਬਹੁਤ ਵਿਸ਼ਾਲ ਹੈ, ਲੱਖਾਂ ਚੰਦਾ, ਸੂਰਜਾਂ, ਸਿਤਾਰਿਆਂ, ਬ੍ਰਹਿਮੰਡਾਂ ਦਾ ਉਸ ਤੇ ਭਾਰ ਹੈ, ਉਹ ਪਾਲਣਹਾਰ ਹੈ---- ਪਰ ਧਰਤੀ ਵੀ ਲੱਖ ਸਮੁੰਦਰ, ਕਰੋੜਾਂ ਜਵਾਲਾ ਮੁਖੀ ਆਪਣੀ ਹਿੱਕ ਵਿਚ ਸਾਂਭੀ ਬੈਠੀ ਹੈ ਲੱਖਾਂ ਤੂਫਾਨ ਆਪਣੇ ਮਨ ਵਿਚ ਡੱਕੀ ਬੈਠੀ ਹੈ। ਅਰਬਾਂ ਜੀਵਾਂ ਨੂੰ ਜਨਮ ਦੇਂਦੀ ਹੈ ਉਮਰ ਭਰ ਸਭ ਕੁਛ ਸਹਿੰਦੀ ਹੈ ਪਰ ਡੋਲਦੀ ਨਹੀਂ ਕੁਝ ਬੋਲਦੀ ਨਹੀਂ ਉਸ ਨੂੰ ਤੇ ਬਸ ਇੰਤਜ਼ਾਰ ਹੈ ਇਕ ਪਿਆਸ ਹੈ, ਗੁੱਝੀ ਆਸ ਹੈ ਹਸਰਤਾਂ ਦਾ ਤੂਫਾਨ ਹੈ ਖਾਮੋਸ਼ ਭਾਵਨਾਵਾਂ ਦਾ ਉਫਾਨ ਹੈ ਕਿ ਧਰਤੀ ਤੇ ਅੰਬਰ ਕਦੇ ਮਿਲਦੇ ਕਿਉਂ ਨਹੀਂ? ਧਰਤੀ ਤੇ ਅੰਬਰ ਕਦੇ ਮਿਲਦੇ ਕਿਉਂ ਨਹੀਂ?

ਆਜ਼ਾਦੀ ਨਹੀਂ ਹੈ

ਜਾਉ ਨੀ ਬਹਾਰੋ, ਕਿਸੇ ਹੋਰ ਵਿਹੜੇ ਫੁੱਲ ਖਿੜਾਉ ਸਾਡੇ ਬਾਗਾਂ ਨੂੰ ਖਿੜਨ ਦੀ ਇਜਾਜ਼ਤ ਨਹੀਂ ਹੈ ਜਾਉ ਨੀ ਠੰਡੀਉ ਹਵਾਉ, ਕਿਸੇ ਹੋਰ ਨੂੰ ਠੰਡ ਪਾਉ। ਸਾਡੇ ਤਾਂ ਵਿਹੜੇ ਭੱਠੀ ਹੈ ਮੱਘਦੀ, ਐਵੇਂ ਨਾ ਅੰਗਾਰੇ ਖਲਾਰੋ ਸਾਡੇ ਮਲੂਕ ਹੱਥਾਂ ਨੂੰ, ਅੱਗ ਚੁਣਨ ਦੀ ਆਦਤ ਨਹੀਂ ਹੈ ਅਸੀਂ ਤਾਂ ਆਪਾ ਬਚਾਉਣਾ ਹੈ ਅਜੇ ਆਪਣਿਆਂ ਤੋਂ ਹੀ ਗ਼ੈਰ ਨਾਲ ਜੂਝਣ ਦੀ ਹਾਲੇ, ਸਾਡੇ ਕੋਲ ਤਾਕਤ ਨਹੀਂ ਹੈ ਐਵੇਂ ਹੀ ਖਿੜ ਖਿੜ ਕੇ ਹੱਸੋ ਤੇ ਵਰ੍ਹ ਵਰ੍ਹ ਪਵੋ ਸਾਡੇ ਟੁੱਟੇ ਛਪਰਾਂ ਨੂੰ ਚੋਣ ਦੀ ਇਜਾਜ਼ਤ ਨਹੀਂ ਹੈ ਜੀਅ ਤਾਂ ਭਾਵੇਂ ਸਾਡਾ ਵੀ ਕਰਦਾ ਹੈ ਸ਼ੂਕ ਕੇ ਵਗੀਏ ਤੇਰੀ ਤਰ੍ਹਾਂ, ਅਸਮਾਨੀ ਤਾਰੀਆਂ ਲਾਈਏ ਉਫਨ ਕੇ ਵਹਿ ਤੁਰੀਏ ਇਕ ਜੰਗਲੀ ਨਦੀਂ ਦੀ ਤਰ੍ਹਾਂ ਝਾੜ ਝਖਾੜ ਸਭ ਹੂੰਝ ਕੇ ਲੈ ਜਾਈਏ ਪਰ ਹਾਇ ਨੀ ਵੈਰਨੋ ਸਾਡੀ ਇਸ ਸਰਾਪੀ ਰੂਹ ਨੂੰ ਅਜੇ ਇਹ ਆਜ਼ਾਦੀ ਨਹੀਂ ਹੈ ਜਾਉ ਨੀ ਬਹਾਰੋ----

ਮੈਂ ਵੇਲ ਹਾਂ

ਮੈਂ ਵੇਲ ਹਾਂ ਲਿਪਟੀ ਹਾਂ ਤੇਰੇ ਆਸਰੇ ਪਰ ਕਮਜ਼ੋਰ ਨਹੀਂ ਹਾਂ। ਇਹ ਤਾਂ ਮੇਰੀ ਫ਼ਿਤਰਤ ਹੈ ਤੈਨੂੰ ਵਡਿਆਉਣ ਦੀ ਤੈਨੂੰ ਉਚਿਆਉਣ ਦੀ ਤੂੰ ਮੈਨੂੰ ਕਮਜ਼ੋਰ ਸਮਝਣ ਦੀ ਭੁੱਲ ਨਾ ਕਰੀਂ। ਮੰਗਦੀ ਹਾਂ ਤੇਰੀ ਛਾਂ ਕਿ ਤੇਰਾ ਗਰੂਰ ਬਣਿਆ ਰਹੇ ਤੱਕਦੀ ਹਾਂ ਤੇਰੀ ਰਾਹ ਕਿ ਤੇਰਾ ਸਰੂਰ ਬਣਿਆ ਰਹੇ ਝੁੱਕਦੀ ਹਾਂ ਤੇਰੇ ਅੱਗੇ ਕਿ ਤੇਰੀ ਸ਼ਾਨ ਵੱਧਦੀ ਰਹੇ ਨਿਮਾਣੀ ਹਾਂ ਤਾਂ ਕੇਵਲ ਇਸ ਲਈ ਕਿ ਤੇਰਾ ਮਾਣ ਬਣਿਆ ਰਹੇ। ਪਰ ਤੂੰ ਮੇਰਾ ਅੰਨਦਾਤਾ ਨਹੀਂ ਤੇ ਨਾ ਹੀ ਮੈਂ ਤੇਰੀ ਚੰਮ ਦੀ ਗੁੱਡੀ ਸਗੋਂ ਮੈਂ ਤਾਂ ਤੇਰੀ ਅੰਨ-ਪੂਰਣਾ ਇਹ ਘਰ ਵੀ ਮੇਰੇ ਸਦਕੇ ਤੇ ਇਹ ਜਗ ਵੀ ਮੇਰੇ ਸਦਕੇ ਮੈਂ ਤਾਂ ਤੇਰੀ ਗ੍ਰਹਿਸਥ-ਰੱਥ ਦਾ ਉਹ ਪਹੀਆ ਹਾਂ ਜੋ ਤੇਰੇ ਰੱਥ ਨੂੰ ਵੀ ਰੇੜ੍ਹਦਾ ਹੈ ਤੇ ਫਿਰ ਗ੍ਰਹਿਸਥ ਦੀ ਚੱਕੀ ਦਾ ਹੇਠਲਾ ਪੁੜ ਵੀ ਬਣ ਜਾਂਦਾ ਹੈ ਮੈਂ ਹੀ ਸਾਂ ਜੋ ਕਦੀ ਭਗੌਤੀ ਬਣੀ ਤੇ ਕਦੀ ਮਾਂ ਦੁਰਗਾ ਕਦੀ ਮਾਂ ਕਾਲੀ ਬਣ ਕੇ ਦੁਸ਼ਮਣਾਂ ਦਾ ਸੰਹਾਰ ਕਰਦੀ ਰਹੀ ਕਦੀ ਪਾਰਬਤੀ ਤੇ ਫਿਰ ਸਤੀ ਬਣ ਕੇ ਤੇਰੀ ਚਿਤਾ ਨਾਲ ਜਿੰਦਾ ਵੀ ਸੜਦੀ ਰਹੀ ਝਾਂਸੀ ਦੀ ਰਾਣੀ ਵੀ ਮੈਂ ਸਾਂ ਤੇ ਮਦਰ ਟੈਰੇਸਾ ਵੀ ਮੇਰਾ ਹੀ ਰੂਪ ਸੀ ਹਾਂ ਮੈਂ ਵੇਲ ਹਾਂ ਤੇਰੇ ਗਲ ਲੱਗੀ ਪਰ ਨਿਤਾਣੀ ਨਹੀਂ ਹਾਂ ਇਹ ਤਾਂ ਮੇਰੀ ਫ਼ਿਤਰਤ ਹੈ ਤੈਨੂੰ ਵਡਿਆਉਣ ਦੀ ਤੈਨੂੰ ਉਚਿਆਉਣ ਦੀ ਮੈਨੂੰ ਅਬਲਾ ਸਮਝਣ ਦੀ ਭੁੱਲ ਨਾ ਕਰੀਂ।

ਇਕ ਸੁਆਲ

ਜਦ ਵੀ ਕਿਸੇ ਧੀ ਦੇ ਅਥਰੂ ਡੁੱਲ੍ਹ ਕੇ ਦਿਲ ਭਰ ਆਇਆ ਨਾ ਮੁਕਣ ਵਾਲਾ ਕੋਈ ਦਰਦ ਹੰਢਾਇਆ ਤੇ ਬਸ ਇਕ ਧਰਵਾਸ, ਇਕੋ ਦਿਲਾਸਾ ਧੀਏ ਤੇਰੇ ਲੇਖ ਹਰ ਵਾਰ ਜਦ ਮੈਂ ਇਹ ਸੁਣਿਆ ਤੇ ਇਹੀ ਸੋਚਦੀ ਰਹੀ ਕਿ ਕੌਣ ਲਿਖਦਾ ਹੈ ਇਹ ਧੀਆਂ ਦੇ ਲੇਖ ਬਚਪਨ ਵਿਚ ਮਾਂ ਕੋਲੋ ਸੁਣਿਆ ਤੇ ਨਾਨੀ ਨੇ ਵੀ ਇਹੀ ਸਮਝਾਇਆ ਜਦ ਕੋਈ ਬੱਚਾ ਜਨਮਦਾ ਹੈ ਤੇ ਵਿੱਧ ਮਾਤਾ ਉਦੋਂ ਹੀ ਉਸ ਦੇ ਲੇਖ ਲਿਖ ਦੇਂਦੀ ਜਦ ਉਹ ਸੁੱਤਾ ਸੁੱਤਾ ਰੋਂਦਾ ਹੈ ਤੇ ਵਿੱਧ ਮਾਤਾ ਰੁਆਉਂਦੀ ਹੈ ਤੇ ਜਦ ਕਿਤੇ ਮੁਸਕਰਾਉਂਦਾ ਹੈ ਤੇ ਵਿੱਧ ਮਾਤਾ ਹੀ ਹਸਾਉਂਦੀ ਹੈ। ਇੰਝ ਖਿਡਾਉਣੇ ਬਣਾ ਬਣਾ ਵਿੱਧ ਮਾਤਾ ਆਪ ਖੇਡਦੀ ਹੈ! ਜਾਂ ਸਾਰੇ ਜਗ ਨੂੰ ਖਿਡਾਉਂਦੀ ਹੈ ਇਹ ਮੇਰੀ ਸਮਝੇ ਕਦੀ ਨਹੀਂ ਆਇਆ ਤੇ ਮੇਰਾ ਇਹ ਸਵਾਲ ਹਮੇਸ਼ਾ ਖਲਾਅ ਵਿਚ ਭਟਕਦਾ ਹੈ ਕਿ ਕੌਣ ਲਿਖਦਾ ਹੈ ਇਹ ਧੀਆਂ ਦੇ ਲੇਖ? ਨੀ ਵਿੱਧ ਮਾਤਾ ਨੀ ਮਾਤਾ ਰਾਣੀਏਂ ਤੂੰ ਜਾਣ ਬੁੱਝ ਕੇ ਧੀਆਂ ਦੇ ਲੇਖ ਸੰਜੀਦਾ ਲਿਖਤੇ ਜਾਂ ਫਿਰ ਤੇਰੇ ਪੈਰੋਕਾਰਾਂ ਆਪ ਮਿੱਥ ਲਏ? ਤੇਰੇ ਬਣਾਏ ਨਿੱਕੇ ਨਿੱਕੇ ਖਿਡਾਉਣੇ ਇਹ ਹੱਸਦੇ ਰੋਂਦੇ ਖਿਡਾਉਣੇ ਕਦੋਂ ਦੇ ਧੀਆਂ ਦੇ ਲੇਖ ਆਪ ਲਿਖਣ ਲਗ ਪਏ ਤੈਨੂੰ ਕੁਛ ਪਤਾ ਲਗਾ? ਹੁਣ ਕੋਈ ਧੀ ਚਾਵਾਂ ਮਲ੍ਹਾਰਾਂ ਨਾਲ ਨਹੀਂ ਜੰਮਦੀ, ਸਗੋਂ ਸੋਗੀ ਵਾਤਾਵਰਣ ਵਿਚ ਪਨਪਦੀ ਹੈ- ਅੱਵਲ ਤੇ ਜਨਮਦੀ ਹੀ ਘੱਟ ਹੈ ਜੇ ਜਨਮਦੀ ਹੈ ਤੇ ਪੂਰਣ ਵਿਗਸਦੀ ਨਹੀਂ ਤੇ ਫਿਰ ਮਾਂ ਦਾ ਉਹੀ ਅਖਾਣ ਧੀਆਂ ਨਹੀਂ ਬੁਰੀਆਂ ਮਾੜੇ ਨੇ ਤੇ ਧੀਆਂ ਦੇ ਲੇਖ ਇੰਝ ਪੜਾਅ ਦਰ ਪੜਾਅ ਸਾਂਭ ਸਾਂਭ ਕੇ ਆਪਾ ਬੋਚ ਬੋਚ ਪੈਰ ਧਰਦੀ ਜਦ ਮਹਿਕਣ ਤੇ ਆਵੇ ਆਪਣੇ ਹੱਥੀਂ, ਆਪੇ ਮਾਲੀ ਜੜੋਂ ਉਖਾੜੇ ਤੇ ਓਪਰੇ ਵਿਹੜੇ ਲਾਵੇ ਮਹਿਕਾਂ ਵੰਡਦੀ ਲੂੰ ਲੂੰ ਪਿੰਜਦੀ ਆਪਾ ਵਾਰੇ ਤੇ ਮੁੜ ਟਹਿਕਣ ਨੂੰ ਆਸ ਜਗਾਵੇ, ਖੇੜਾ ਲਿਆਵੇ ਪਰ ਜਦ ਫਿਰ ਮਨ ਭਾਉਂਦਾ ਫੁੱਲ ਦੇ ਨਾ ਸਕੇ ਕਿਸ ਕੰਮ ਆਵੇ ਪੁੱਟ ਕੇ ਮਾਲਕ ਦੂਰ ਵਗ੍ਹਾਵੇ ਉਹ ਵਿਚਾਰੀ ਲਹੂ-ਅਥਰੂ ਰੋਵੇ ਦਿਲ ਡੁੱਬ ਡੁੱਬ ਜਾਏ ਦਰਦ ਹੰਢਾਵੇ ਮਾਂ ਫਿਰ ਆਖੇ-ਧੀਏ ਤੇਰੇ ਲੇਖ

ਰਿਸ਼ਤਾ

ਅੱਜ ਫਿਰ ਮਨ ਉਦਾਸ ਹੈ ਦਿਲ ਵਿਚ ਪਤਾ ਨਹੀਂ ਕਿਹੜੀ ਇਕ ਬੁੱਝੀ ਬੁੱਝੀ ਜਿਹੀ ਆਸ ਹੈ ਖੁਰ ਗਿਆ ਹੈ ਜੋ ਰਿਸ਼ਤਾ ਲੂਣ ਵਾਂਗਰਾਂ ਭਾਲ਼ਦਾ ਕਿਉਂ ਮਨਾ, ਉਸ ’ਚੋਂ ਮਿਠਾਸ ਹੈਂ? ਨਾ ਕੋਈ ਦਰਦ ਰਿਹਾ ਤੇ ਨਾ ਕੋਈ ਖੁਸ਼ੀ ਹੀ ਹੈ ਸਮਾਂ ਉਂਝ ਹੀ ਬੇਰੰਗ ਤੇ ਬੇਬਾਕ ਹੈ ਕਿਉਂ ਲਗਦੀ ਹੈ ਤੇਰੇ ਸ਼ਹਿਰ ਦੀ ਧੁੱਪ ਧੁਆਂਖੀ ਜਿਹੀ ਜਦ ਕਿ ਅੱਖ ਭਿੱਜੀ ਭਿੱਜੀ ਤੇ ਰੂਹ ਨਾਸਾਜ਼ ਹੈ ਅੱਜ ਫਿਰ ਤੋਂ ਦਿਲ ਉਦਾਸ ਹੈ ਜੁਗਨੂਆਂ ਦੀ ਰੌਸ਼ਨੀ ਭਰਮਾਉਂਦੀ ਨਹੀਂ ਹੈ ਹੁਣ ਭਾਵੇਂ ਅੱਜ ਵੀ ਉਹੀ ਹਨੇਰੀ ਰਾਤ ਹੈ ਤਾਰੇ ਵੀ ਪੂਰਾ ਤਾਣ ਲਾ ਹਟੇ, ਪਰ ਬਗ਼ੈਰ ਚੰਦ ਦੇ ਉਹਨਾਂ ਦੀ ਕੀ ਔਕਾਤ ਹੈ ਲੱਖਾਂ ਖਵਾਹਿਸ਼ਾਂ ਸੁਫ਼ਨੇ ਪਾ ਸੱਧਰਾਂ ਦੇ ਤੰਗ ਜਾਮੇ ਦਮ ਤੋੜਦੇ ਰਹੇ ਅਕਸਰ ਉਹ ਜਾਣੇ ਸ਼ਾਇਦ ਦਿਲ ਦੇ ਕਿਸੇ ਕੋਣੇ ਨੂੰ ਹਾਲੇ ਕਰੂੰਬਲਾਂ ਦੇ ਮੁੜ ਫੁਟ ਪੈਣ ਦੀ ਆਸ ਹੈ।

ਮੈਂ ਇਕ ਔਰਤ ਹਾਂ

ਮੈਂ ਇਕ ਔਰਤ ਹਾਂ ਹਾਂ, ਮੈਂ ਇਕ ਔਰਤ ਹਾਂ ਸਵੈਮਾਣ ਨਾਲ ਮਹਿਕਦੀ ਪਰ ਅੰਦਰੋ ਅੰਦਰ ਸਹਿਕਦੀ ਇਸ ਰੰਗ ਬਿਰੰਗੀ ਦੁਨੀਆਂ ਅੰਦਰ ਆਪਣੇ ਗਵਾਚੇ ਨਕਸ਼ ਸਿਆਣਦੀ ਲੱਭਣ ਦੇ ਲਈ ਆਪਣਾ ਆਪਾ ਕਦੀ ਮਾਰੂਥਲ ਮੈਂ ਛਾਣਦੀ ਸੋਹਣੀ ਬਣ ਝਨਾਂ ਵਿਚ ਡੁੱਬਦੀ ਬਣ ਸਾਹਿਬਾਂ ਇਸ਼ਕ ਪਛਾਣਦੀ ਪਰ ਹੁਣ ਸ਼ਾਇਦ ਮੇਰੀ ਖੁਸ਼ਬੋ ਘਟ ਰਹੀ ਹੈ ਭਾਵੇਂ ਚੰਬੇ ਦੀ ਕਲੀ ਮੇਰੇ ਹੀ ਸਾਹਵਾਂ ਵਿਚ ਉਗਦੀ ਸੀ ਚਿੱਟੇ ਦੰਦ ਵੀ ਮੋਤੀ ਹੀ ਹਨ ਪਰ ਹੁਣ ਮੇਰੇ ਹਾਸਿਆਂ ਤੋਂ ਫੁੱਲ ਨਹੀਂ ਝਰਦੇ। ਡੋਲੀ ਚੜ੍ਹਨ ਤੋਂ ਲੈ ਕੇ ਪਾਣੀ ਵਾਰੇ ਜਾਣ ਤਕ ਦਾ ਸਫ਼ਰ ਗਿਣਤੀਆਂ ਮਿਣਤੀਆਂ ਵਿਚ ਹੀ ਬੀਤ ਜਾਂਦਾ ਹੈ ਹਜ਼ਾਰਾਂ ਸੁਫਨੇ ਕਰੋੜਾਂ ਖ਼ਵਾਹਿਸ਼ਾਂ ਲੈ ਕੇ ਡੋਲੇ ਪੈਂਦੀ ਮੈਂ ਸਾਰੇ ਚਾਅ ਤੇ ਖੇੜੇ ਪਾਣੀ ਵਾਰੇ ਜਾਣ ਦੇ ਨਾਲ ਹੀ ਹਾਰ ਜਾਂਦੀ ਹਾਂ ਰਹਿ ਜਾਂਦਾ ਹੈ ਜ਼ਿੰਦਗੀ ਦੀਆਂ ਹਕੀਕਤਾਂ ਦਾ ਤਲਖ਼ ਦੁਪਹਿਰਾ ਇਹਨਾਂ ਤਿੱਖੀਆਂ ਧੁੱਪਾਂ ਨੇ, ਇਹਨਾਂ ਤੱਤੀਆਂ ਲੂਆਂ ਨੇ ਮੇਰਾ ਮਨ ਤਨ ਲੂਹ ਸੁੱਟਿਆ, ਮੇਰਾ ਅੰਦਰ ਕੋਹ ਸੁੱਟਿਆ ਮੈਂ ਚੰਬੇ ਦੀ ਕਲੀ ਤੋਂ ਕੰਡਿਆਲੀ ਥ੍ਹੋਰ ਤਾਂ ਬਣਨਾ ਹੀ ਸੀ ਮੇਰੇ ਸੁਫ਼ਨੇ ਗੁਆਚ ਗਏ ਮੇਰੀਆਂ ਸੱਧਰਾਂ ਅਧੂਰੀਆਂ ਰਹੀਆਂ ਪਰ ਮੇਰੇ ਫਰਜ਼ ਉਹ ਉਂਝ ਹੀ ਹਨ ਮੈਂ ਫਰਜ਼ ਨਿਭਾਉਣੇ ਨੇ, ਮੈਂ ਖੇੜੇ ਲਿਆਉਣੇ ਨੇ ਤਾਹੀਉਂ ਤਾਂ ਮੈਂ ਔਰਤ ਹਾਂ ਹਾਂ, ਮੈਂ ਇਕ ਔਰਤ ਹਾਂ।

ਚਲੇਗਾ ਮੇਰਾ ਹੌਸਲਾ

ਮੈਂ ਤੁਰਾਂ ਤਾਂ ਕਾਫ਼ਲਾ ਵੀ ਤੁਰਦਾ ਬਣੇ ਜੇ ਮੈਂ ਰੁਕੀ ਤੇ ਠਹਿਰ ਜਾਊ ਸਿਲਸਲਾ ਜਾਉ ਹਵਾਵਾਂ ਨੂੰ ਕਹਿ ਦਿਉ, ਅਜਮਾਉਣ ਲਈ ਮੇਰੇ ਨਾਲ ਚਲੇਗਾ ਮੇਰਾ ਹੌਸਲਾ। ਨੀਂਦ ਵਿਚ ਸੀ ਤੇ ਸੁੱਤੀ ਰਹੀ ਏ ਇਹ ਸਰਜ਼ਮੀਂ ਹੁਣ ਜਾਗ ਪਈ ਤੇ ਭੱਜ ਪਿਆ ਹੈ ਸਫ਼ਰ ਵੀ ਪਰਛਾਵਿਆਂ ਤੋਂ ਤੇਜ਼ ਦੌੜੀ ਉਹ ਪੀੜ ਵੀ ਛੱਡ ਜਿਸ ਨੂੰ ਲਿਆ ਮੈਂ, ਨਿਰਵਾਣ ਸੀ ਹੁਣ ਕਿਸ ਆਸਰੇ ਵਰਚੇਗੀ ਭਲਾ ਬਿਰਹੋਂ ’ਚ ਭਿੱਜੀ ਇਹ ਸੰਦਲ਼ੀ ਪਉਣ ਅਸੀਂ ਤਾਂ ਤੱਤੀਆਂ ਲੂਆਂ ਨਾਲ ਯਾਰੀ ਪਾ ਲਈ। ਹੁਣ ਨਾ ਸਾਹਵਾਂ ਮੇਰਿਆਂ ਨੇ ਮਘਣਾ ਅਗਨ ਵਾਂਗ ਕੌਣ ਚੁੱਕੇਗਾ ਭਲਾ ਹੁਣ ਨਖ਼ਰੇ ਵਸਲ ਦੇ ਅਸੀਂ ਤਾਂ ਤਪਣਾ ਹੈ ਅਜੇ, ਸੋਨਾ ਬਨਣ ਲਈ ਸੂਰਜ ਭਲਿਆ ਤੂੰ ਤਿੱਖਾ ਵੇਸ ਕਰ

ਸਫ਼ਰ

ਹਜ਼ਾਰਾਂ ਮੁਸ਼ਕਲਾਂ ਨੇ ਭਾਵੇਂ ਰਾਤਾਂ ਵੀ ਘੋਰ ਕਾਲ਼ੀਆਂ ਕੱਸ ਲਈਆ ਨੇ ਮਸ਼ਕਾਂ ਅਸਾਂ ਤਾਂ ਸਫ਼ਰਾਂ ਵਾਲ਼ੀਆਂ ਹੁਣ ਨਾ ਭੈ ਕੋਈ ਨਾ ਸਾਇਆ ਬੀਤੇ ਗ਼ਮ ਦਾ ਹੈ ਹੁਣ ਤਾਂ ਸਖੀਏ ਕਰ ਲਿਆ ਭਰੋਸਾ ਆਪਣੇ ਦਮ ਦਾ ਹੈ ਜਗਦੀ ਹੋਈ ਲਾਟ ਕੋਈ ਸਾਡੀ ਤਲਬਗਾਰ ਹੋਏਗੀ ਜੰਗਲਾਂ ਦੀ ਹੀ ਡਾਰ ਹੁਣ ਸਾਡੀ ਰਾਜ਼ਦਾਰ ਹੋਏਗੀ। ਪਰਬਤਾਂ ਦੀ ਤਿੱਖੀ ਧਾਰ ਤੋਂ ਮੰਜ਼ਲ ਦਾ ਰਾਹ ਹੈ ਪੁੱਛਣਾ ਹਵਾਵਾਂ ਦਾ ਕਰ ਸੰਗ ਹੁਣ ਤਾਂ ਬੱਸ ਅੱਗੇ ਹੀ ਅੱਗੇ ਵਧਣਾ ਹੁਣ ਤਾਂ ਅੜੀਉ ਰਹਿ ਗਈਆਂ ਪਿੱਛੇ ਉਹ ਗਲ਼ੀਆ ਗਰਦਸ਼ ਵਾਲ਼ੀਆਂ ਅਸੀਂ ਤਾਂ ਕੱਸ ਲਈਆਂ ਨੇ ਮਸ਼ਕਾਂ ਹੁਣ ਤਾਂ ਸਫ਼ਰਾਂ ਵਾਲੀਆਂ।

ਅਰਦਾਸ

ਅੱਜ ਮੈਂ ਫਿਰ ਨਿੱਤ ਕਰਮ ਤੋਂ ਵਿਹਲੀ ਹੋ ਇਸ਼ਨਾਨ ਪਾਣੀ ਕਰ ਨਿੱਤ ਵਾਂਗਰਾਂ ਗੁਰੂ ਘਰ ਦੀਆਂ ਦਹਿਲੀਜ਼ਾਂ ’ਤੇ ਨਤਮਸਤਕ ਹੋਈ ਹਾਂ- ਵਾਹਿਗੁਰੂ ਨਾਮਦਾਨ ਦੇ, ਗੁਰਸਿੱਖੀ ਦੇ, ਪਰਿਵਾਰ ਦੇ ਸਿਰ ’ਤੇ ਹੱਥ ਰੱਖਣ ਅਤੇ ਮੈਨੂੰ ਫਰਜ਼ ਨਿਭਾਉਣ ਦੀ ਹਿੰਮਤ ਦੇ- ਕਹਿ ਢਹਿ ਢੇਰੀ ਹੋਈ ਹਾਂ ਤੇ ਇੰਝ ਲੱਗਦਾ ਹੈ ਮੈਂ ਤਾਂ ਸਦੀਆਂ ਤੋਂ ਇਹੀ ਕਰਦੀ ਆ ਰਹੀ ਹਾਂ--- ਨਿੱਤ ਅਰਦਾਸਾਂ ਤੇ ਉਹਨਾਂ ਦੀਆਂ ਪੂਰੀਆਂ ਹੋਣ ਦੀਆਂ ਆਸਾਂ ਯਾਦ ਆਉਂਦਾ ਹੈ ਜਦੋਂ ਮੈਂ ਅਜੇ ਬਾਲੜੀ ਸਾਂ ਚਾਵਾਂ ਮਲ੍ਹਾਰਾਂ ਨਾਲ ਪਲ ਰਹੀ ਸਾਂ ਤਾਂ ਵੀ ਮੈਂ ਇਹੀ ਅਰਦਾਸ ਕਰਦੀ ਸਾਂ ਹੇ ਬਾਬਾ ਜੀ ਸਾਡੇ ਘਰ ’ਤੇ ਮਿਹਰ ਕਰੋ ਮੇਰੇ ਮਾਪਿਆਂ ਤੇ ਕਿਰਪਾ ਕਰੋ ਸੋਹਣਾ ਰਿਜ਼ਕ ਦਿਉ, ਖੁਸ਼ੀਆਂ ਦਿਉ, ਖੇੜੇ ਦਿਉ ਤੇ ਇੰਝ ਕਰਦੀ ਕਰਦੀ ਮੈਂ ਮੁਟਿਆਰ ਹੋ ਗਈ ਹਾਣ-ਪਰਵਾਣ ਹੋ ਗਈ ਤੇ ਫਿਰ ਉਹੀ ਅਰਦਾਸ ਇਕੋ ਆਸ- ਪਰਮਾਤਮਾ ਸੁਮੱਤ ਦਿਉ, ਸਾਨੂੰ ਬਖਸ਼ ਦਿਉ ਸਿੱਧੇ ਰਾਹ ਪਾਉ ਵਕਤ ਦੇ ਬਦਲਣ ਦੀ ਆਸ ਸਹੁਰੇ ਘਰ ਦੀ ਲਾਜ ਮਾਪਿਆਂ ਦਿੱਤੇ ਸੰਸਕਾਰ ਪਰ ਆਪੇ ਹੀ ਮੈਨੂੰ ਸਿਦਕ ਆ ਗਿਆ ਹੈ ਪੜਾਅ ਦਰ ਪੜਾਅ ਮੇਰੀ ਅਰਦਾਸ ਦੇ ਲਫ਼ਜ ਬਦਲਦੇ ਰਹੇ--- ਪਰ ਟੀਚਾ ਉਹੀ ਰਿਹਾ ਹੁਣ ਫਿਰ ਮੈਂ ਮੰਗਦੀ ਹਾਂ ਨਾਮ-ਗੁਰ ਸਿੱਖੀ ਦਾਨ ਤੇ ਭਾਣੇ ਨੂੰ ਮੰਨਣ ਲਈ ਸਬਰ ਸੰਤੋਖ ਮੇਰੇ ਕੋਲੋਂ ਮੇਰੇ ਲਈ ਤੇ ਕੁਛ ਮੰਗਿਆ ਹੀ ਨਹੀਂ ਗਿਆ ਮੈਂ ਕਦੀ ਧੀ ਸਾਂ, ਕਦੀ ਪਤਨੀ ਸਾਂ ਤੇ ਫਿਰ ਹੁਣ ਬਸ ਇਕ ਮਾਂ--- ਤੇ ਮੈਂ ਕੀ ਹਾਂ---ਮਾਂ---ਧੀ--- ਪਤਨੀ ਜਾਂ ਫਿਰ ਇਕ ਔਰਤ ਸੋਚ ਸੋਚ ਕੇ ਮੈਂ ਫਿਰ ਤਰਲ ਹੋ ਜਾਂਦੀ ਹਾਂ ਬਾਰ ਬਾਰ ਫਿਰ ਉਸੇ ਜੂਨੇ ਆਉਂਦੀ ਹਾਂ------ ਆਪਣਾ ਰੂਪ ਪਛਾਣਦੀ ਹਾਂ ਤੇ ਆਪਣੀ ਰੂਹ ਸਿਆਣਦੀ ਹਾਂ ਤੇ ਫਿਰ ਇਸਤਰੀ ਤੋਂ ਔਰਤ, ਮਾਂ, ਕਦੀ ਧੀ ਤੇ ਕਦੀ ਪਤਨੀ ਬਣ ਜਾਂਦੀ ਹਾਂ ਹੇ ਦਾਤਾ, ਮੈਨੂੰ ਸਬਰ ਦੇ, ਸੰਤੋਖ ਦੇ, ਸੰਜਮ ਦੇ ਤੇ ਭਾਣਾ ਮੰਨਣ ਦੀ ਤਾਕਤ ਦੇ ਇਹੀ ਦੁਹਰਾਉਂਦੀ ਹਾਂ ਇਹੀ ਦੁਹਰਾਉਂਦੀ ਹਾਂ।

ਹੋਂਦ

ਕੁਛ ਦਮ ਤੋੜਦੇ ਸੁਫ਼ਨੇ ਕੁਛ ਮਾਸੂਮ ਹਸਰਤਾਂ ਕੇਵਲ ਮੇਰੇ ਨਹੀਂ ਹਰ ਉਸ ਔਰਤ ਦੇ ਵੀ ਨੇ ਜੋ ਹਾਲਤਾਂ ਅੰਦਰ ਬੇਬਸ ਹੋਈ ਹਰ ਰੋਜ਼ ਇਕ ਨਵੀਂ ਜੰਗ ਲੜਦੀ ਹੈ------ ਇਕ ਆਪਣੇ ਆਪ ਨਾਲ਼ ਤੇ ਦੂਜੀ ਇਹਨਾਂ ਹਾਲਤਾਂ ਨਾਲ਼ ਕਦੀ ਆਪਾ ਹਾਰਦੀ ਤੇ ਹਾਲਤਾਂ ਨਾਲ ਲੜੀ ਜੰਗ ਜਿੱਤਦੀ ਹੈ, ਤੇ ਦੂਜੇ ਹੀ ਪਲ ਜੰਗ ਜਿੱਤਦੀ ਜਿੱਤਦੀ ਆਪ ਮਨੋਂ ਹਾਰ ਜਾਂਦੀ ਹੈ ਰੋਜ਼ ‘ਮੈਂ’ ਨੂੰ ਮਾਰਦੀ ਹੋਂਦ ਨੂੰ ਖੂੰਜੇ ਲਾਉਂਦੀ ਆਪਣੀਆਂ ਸੱਧਰਾਂ ਨੂੰ ਪੋਚ ਪੋਚ ਲਿਪਦੀ ਉੱਤੇ ਠੰਢੇ ਸਾਹਾਂ ਦੇ ਛਿੱਟੇ ਮਾਰਦੀ ਹੈ ਲਿਸ਼ਕਿਆ ਪੁਸ਼ਕਿਆ ਚਿਹਰੇ ਦਾ ਚੌਖਟਾ ਆਪਣੇ ਹਾਰੇ ਮਨ ਨੂੰ ਵਿਖਾਉਂਦੀ ਹੈ ਤੇ ਵਰਾਉਂਦੀ ਹੈ ਅੰਤ ‘ਉੱਠ ਵੇ ਮਨਾ ਬੇਗਾਨਿਆਂ ਧਨਾ’ ਆਖ ਸਦੀਆਂ ਤੋਂ ਪਾਇਆ ਜੂਲਾ ਫਿਰ ਮੁੜ ਗਲ਼ ਸਜਾਉਂਦੀ ਹੈ ਪਰ ਜਦੋਂ ਵਿਹਲੇ ਪਲਾਂ ਵਿਚ ਸ਼ੀਸ਼ੇ ਸਾਹਮਣੇ ਖੜ੍ਹ ਕੇ ਵਾਲ ਸੁਆਰਦੀ ਹੈ ਆਪਣਾ ਆਪਾ ਨਿਹਾਰਦੀ ਹੈ ਤੇ ਪਤਾ ਨਹੀਂ ਕਿਹੜੇ ਵਹਿਣਾਂ ਵਿਚ ਵਹਿ ਤੁਰਦੀ ਹੈ ਤੇ ਆਪਣੇ ਆਪ ਵਲ ਮੁੜ ਆਉਂਦੀ ਹੈ ਹੁਣ ਉਸ ਨੂੰ ਖ਼ਿਆਲ ਆਉਂਦਾ ਹੈ ਉਹਨਾਂ ਮਾਸੂਮ ਹਸਰਤਾਂ ਦਾ ਉਹਨਾਂ ਦਫ਼ਨ ਹੋਏ ਸੁਫ਼ਨਿਆਂ ਦਾ ਸਹਿਮ ਕੇ ਖਾਮੋਸ਼ ਹੋਈ ਹੋਂਦ ਜੋ ਫਿਰ ਉਸ ਨੂੰ ਚੌਰਾਹੇ ’ਤੇ ਖੜਾ ਕਰ ਦਿੰਦੀ ਹੈ ਜਦੋਂ ਰੂਬਰੂ ਹੁੰਦੀ ਹੈ, ਆਪਣੀ ਹੋਂਦ ਨਾਲ ਤੇ ਉਸਦਾ ਇਹ ਖਾਮੋਸ਼ ਅਸਤਿਤਵ ਮੂੰਹ ਚਿੜ੍ਹਾਉਂਦਾ ਹੈ ਫਿਰ ਇਹ ਲਿਸ਼ਕਦਾ ਪਿੰਡਾ ਭਾਵ ਹੀਣ ਮੁਸਕਰਾਉਂਦਾ ਚਿਹਰਾ ਬੜਾ ਖਾਲੀ ਖਾਲੀ ਤੇ ਬੇਰੰਗ ਜਾਪਦਾ ਹੈ ਝਟ ਹਟਾ ਲੈਂਦੀ ਹੈ ਸ਼ੀਸ਼ੇ ਤੋਂ ਨਜ਼ਰਾਂ ਉਹ ਆਪਣੇ ਆਪ ਤੋਂ ਬਚਦੀ ਆਪਣੇ ਹਰ ਸਵਾਲ ਤੋਂ ਬਚਦੀ ਜਿੱਤੀ ਹੋਈ ਹਰ ਜੰਗ ਉਹ ਫਿਰ ਹਾਰ ਜਾਂਦੀ ਹੈ ਹਾਰ ਜਾਂਦੀ ਹੈ

ਆਖ਼ਿਰ ਕਦ ਤਕ

ਕਦ ਤਕ ਦੇਵੇਗੀ, ਸੀਤਾ ਅਗਨ ਪ੍ਰੀਖਿਆ ਕਦ ਤਕ ਧੋਬੀ ਦੂਸ਼ਨ ਲਾਉਂਦੇ ਰਹਿਣਗੇ ਕਦ ਤਕ ਤਾਰੇਗੀ ਮੁੱਲ ਆਪਣੀ ਹੋਣੀ ਦਾ ਇਹ ਔਰਤ ਕਦ ਤਕ ਇਹ ਰਾਵਣ ਜਿਉਂਦੇ ਰਹਿਣਗੇ ਕਦੋਂ ਤਕ ਹਾਰੀ ਜਾਵੇਗੀ ਦ੍ਰੋਪਦੀ ਇੰਝ ਭਰੇ ਦਰਬਾਰ ਅੰਦਰ ਬਣ ਕੇ ਮਹਿਜ਼ ਇਕ ਵਸਤ ਇਨਸਾਨ ਨਹੀਂ ਕਦ ਤਕ ਇਹ ਕੌਰਵ ਇੰਝ ਦਿਲ ਪਰਚਾਉਂਦੇ ਰਹਿਣਗੇ ਕਿਉਂ ਸਰਾਪੀ ਜਾਵੇ? ਅਹਲਿਆ ਨਿਰਦੋਸ਼ ਹੀ ਕਦ ਤਕ ਇੰਦਰ ਜਿਹੇ ਧਰੋਹੀ, ਧਰੋਹ ਕਮਾਉਂਦੇ ਰਹਿਣਗੇ। ਕਿਵੇਂ ਸਾਬਿਤ ਕਰੇਗੀ ਕੋਈ ਸਤੀ ਸੱਤ ਆਪਣਾ ਜਿਉਂਦੇ ਜੀ, ! ਕਦ ਤਕ ਆਦਮ ਦੇ ਬੱਚੇ, ਇਸ ਨੂੰ ਇਉਂ ਅਜਮਾਉਂਦੇ ਰਹਿਣਗੇ। ਦਾਜ ਦੀ ਬਲੀ ਤੇ ਇਹ ਚੜ੍ਹਦੀ ਰਹੀ ਹੈ ਅਰਸੇ ਤੋਂ ਉਹਤਾਂ ਬਿਗਾਨੇ ਨੇ ਚਲੋ ਮੰਨ ਲਿਆ ਪਰ ਜੰਮਣਹਾਰੇ ਹੀ ਆਪਣੀਆਂ ਕੁੱਖਾਂ ਨੂੰ ਕਦ ਤਕ ਕਤਲਗਾਹਾਂ ਬਣਾਉਂਦੇ ਰਹਿਣਗੇ

ਜਾਂਦਿਆ ਵਰ੍ਹਿਆ

ਜਾ ਵੇ ਜਾਂਦਿਆ ਜਾਂਦਿਆ ਵਰ੍ਹਿਆ ਸੁੱਖੀ ਸਾਂਦੀ ਜਾਈਂ ਜਾਂਦੇ ਜਾਂਦੇ ਰੂਹ ਸਾਡੀ ਨੂੰ ਸਬਰ ਰਤਾ ਦੇ ਜਾਵੀਂ ਸੁੱਖੀਂ ਵਸੇ ਇਹ ਖ਼ਲਕਤ ਸਾਰੀ ਨਾ ਭੈਅ ਕੋਈ ਹੋਵੇ ਨਾ ਹੋਵੇ ਕੋਈ ਮਾਰਾਮਾਰੀ ਰਲ ਮਿਲ਼ ਰਹੀਏ, ਐਂਵੇਂ ਨਾ ਖਹੀਏ ਮੱਤ ਭੋਰਾ ਦੇ ਜਾਵੀਂ ਜਾ ਵੇ ਜਾਂਦਿਆ ਵਰ੍ਹਿਆ, ਸੁੱਖੀ ਸਾਂਦੀ ਜਾਵੀਂ------ ਆਉਣ ਵਾਲਾ ਜੋ ਨਵਾਂ ਸਵੇਰਾ ਖਿੜਿਆ ਹੋਵੇ ਹਰ ਹੁਣ ਵਿਹੜਾ ਦੁੱਖ ਦਰਦ ਦਾ ਬੇੜਾ ਡੁੱਬੇ ਹਰ ਕੋਈ ਚਿਹਰਾ ਖਿੜ ਖਿੜ ਹੱਸੇ ਬੱਸ ਦੁਆ ਇਹੀ ਕਰ ਜਾਵੀਂ ਜਾ ਵੇ ਜਾਂਦਿਆ ਜਾਂਦਿਆ ਵਰ੍ਹਿਆ ਸੁੱਖੀ ਸਾਂਦੀ ਜਾਵੀਂ------- ਨਾ ਵਿਛੜਨ ਹੁਣ ਪੁੱਤ ਮਾਵਾਂ ਦੇ ਸੋਹਣੇ ਸੱਜਣ ਸੱਜ ਮੁਟਿਆਰਾਂ ਦੇ ਵੀਰਾਂ ਦੀਆਂ ਬਾਹਵਾਂ ਨਾ ਭੱਜਣ ਧੀਆਂ ਪੁੱਤਰ ਅਨਾਥ ਨਾ ਵੱਜਣ ਜੱਗ ਤੇ ਠੰਡ ਵਰਤਾਈਂ ਜਾ ਵੇ ਜਾਂਦਿਆ ਜਾਂਦਿਆ ਵਰ੍ਹਿਆ ਸੁੱਖੀ ਸਾਂਦੀ ਜਾਵੀਂ

ਦਰਦ

ਮੇਰੇ ਸੀਨੇ ਵਿਚ ਦਰਦ ਬਣ ਕੇ ਇਹ ਕੀ ਉੱਤਰਦਾ ਜਾ ਰਿਹੈ ਕੀ ਉਦਾਸੀ? ਕੀ ਬੇਰਾਮੀ? ਕੀ ਹੈ ਇਹ ਸੁੱਨਾਪਣ ਜਿਹਾ ਵਾਂਗ ਇਕ ਬੇਦਰਦ ਪੱਤੇ ਇਹ ਦਿਲ ਕਿਉਂ ਝਰਦਾ ਜਾ ਰਿਹਾ। ਕੀ ਕਹਾਂ ਮੈਂ ਦਰਦ ਇਸ ਨੂੰ ਜਾਂ ਇਹ ਮੇਰਾ ਵਹਿਮ ਹੀ ਨੀਮ ਬੇਹੋਸ਼ੀ ਬਣ ਕੇ ਕਿਉਂ ਇਹ ਮੇਰੇ ਸਿਰ ਨੂੰ ਚੜ੍ਹਦਾ ਜਾ ਰਿਹਾ। ਮੇਰੇ ਨੈਣਾਂ ਵਿਚ ਉਹ ਜਿਹੜੀ ਚਮਕ ਸੀ ਉਮੰਗ ਸੀ, ਇਹ ਜਜ਼ਬਾ ਵੀ ਸੀ ਜ਼ਿੰਦਗੀ ਲਈ ਤੇ ਜੀਣ ਲਈ ਕਿਉਂ ਤਰਲ ਜਿਹਾ ਹਉਕਾ ਬਣਦਾ ਜਾ ਰਿਹੈ। ਕਿੰਝ ਹੋਈਆਂ ਬੇਬਸ ਇਹ ਰੀਝਾਂ ਬਣ ਗਈਆਂ ਬਸ ਹਸਰਤਾਂ ਇੰਝ ਕਿਉਂ ਹਰ ਚਾਅ ਈ ਮੇਰਾ ਬਿਨ ਮੌਤ ਮਰਦਾ ਜਾ ਰਿਹਾ ਬਿਨ ਮੌਤ ਮਰਦਾ ਜਾ ਰਿਹਾ। ਕਿਉਂ ਅੱਜ ਇਹ ਬੇਖੌਫ਼ ਝਰਨਾ ਮੱਚਲਦੇ ਪਾਣੀਆਂ ਵਾਲ਼ਾ ਸੁੱਤੇ ਸੁੱਤੇ ਅਰਮਾਨਾਂ ਦੀ, ਇਕ ਝੀਲ ਬਣਦਾ ਜਾ ਰਿਹੈ? ਸਭ ਕੁਛ ਜਿਵੇਂ ਠਹਿਰ ਗਿਆ ਹੋਵੇ ਮੇਰਾ ਅੱਜ ਤੇ ਮੇਰਾ ਕਲ੍ਹ ਵੀ ਬੇ ਆਸ ਹੋ ਕੇ ਬੀਤੇ ਸਮੇਂ ਦੀ ਬਸ ਇਕ ਬਾਤ ਬਣਦਾ ਜਾ ਰਿਹੈ। ਮੇਰੇ ਸੀਨੇ ਵਿਚ ਕੋਈ ਦਰਦ ਬਣ ਕੇ ਇਹ ਕੀ ਉਤਰਦਾ ਜਾ ਰਿਹੈ? ਇੰਝ ਕਿਉਂ ਹਰ ਚਾਅ ਈ ਮੇਰਾ ਬਿਨ ਮੌਤ ਮਰਦਾ ਜਾ ਰਿਹੈ?

ਦਰਦ ਨੂੰ ਦਵਾ

ਦਰਦ ਨੂੰ ਦਵਾ ਬਣਾ ਲਿਆ ਹੈ ਮੈਂ ਇਹਨਾਂ ਹਰਫਾਂ ਨੂੰ ਗਵਾਹ ਬਣਾ ਲਿਆ ਹੈ ਮੈਂ ਇਹ ਮੇਰੀ ਪੀੜ ਚੁਣਨਗੇ, ਮੇਰੇ ਜ਼ਖਮਾਂ ’ਤੇ ਹੱਥ ਧਰਨਗੇ ਹੁਣ ਨਾ ਕਿਸੇ ਇਨਕਾਰ ਦਾ ਖੌਫ਼ ਮੈਨੂੰ ਨਾ ਕਿਸੇ ਇਕਰਾਰ ਦਾ ਸ਼ੌਕ ਮੈਨੂੰ ਬਿਰਹੋਂ ਨੂੰ ਪਰਣਾ ਲਿਆ ਹੈ ਮੈਂ ਇਹਨਾਂ ਹਰਫਾਂ ਨੂੰ ਗਵਾਹ ਬਣਾ ਲਿਆ ਹੈ ਮੈਂ ਨਾ ਰਹੀ ਕੋਈ ਜੁਸਤਜੂ ਕਿਸੇ ਦੇ ਮਿਲਣ ਦੀ ਹੁਣ ਨਾ ਹੀ ਕੋਈ ਜੁਦਾਈ ਦਾ ਗ਼ਮ ਹੈ ਫੁੱਲਾਂ ਦੀ ਮੈਂ ਹਸਰਤ ਛੱਡ ਕੇ ਨਾਲ ਕੰਡਿਆਂ ਦੇ ਚਿੱਤ ਪਰਚਾ ਲਿਆ ਹੈ ਮੈਂ ਦਰਦ ਨੂੰ ਦਵਾ ਬਣਾ ਲਿਆ ਹੈ ਮੈਂ ਇਹਨਾਂ ਹਰਫ਼ਾਂ ਨੂੰ ਗਵਾਹ ਬਣਾ ਲਿਆ ਹੈ ਮੈਂ ਇਹ ਮੇਰੀ ਪੀੜ ਚੁਣਨਗੇ, ਮੇਰੇ ਜ਼ਖਮਾਂ ’ਤੇ ਹੱਥ ਧਰਨਗੇ---

ਜਿੰਦੇ

ਸੁਣ ਨੀ ਜਿੰਦੇ, ਕੁਛ ਤਾਂ ਕਹਿ ਨਾ ਨੀ ਅੜੀਏ, ਇੰਝ ਚੁੱਪ ਚੁੱਪ ਨਾ ਬਹਿ ਕੋਈ ਮਿੱਠੜਾ ਗੀਤ ਸੁਣਾ ਅੜੀਏ ਭੋਰਾ ਤਾਂ ਚਿੱਤ ਪਰਚਾ ਅੜੀਏ। ਲੰਮੀਆ ਵਾਟਾਂ ਘੋਰ ਹਨ੍ਹੇਰਾ ਰਾਹ ਵੀ ਹੈ ਕੁਛ ਵਿੰਗਾ ਟੇਢਾ ਕੁਛ ਮਨ ਦੀ ਪੀੜ ਘਟਾ ਅੜੀਏ ਕਿਸੇ ਪੱਧਰੇ ਰਸਤੇ ਪਾ ਅੜੀਏ ਮੈਂ ਥੱਕ ਨਾ ਜਾਵਾਂ, ਮੈਂ ਹੰਭ ਨਾ ਜਾਵਾਂ ਕੋਈ ਆਸ ਪੰਖੂਰੇ ਉਡਾ ਅੜੀਏ। ਕੋਈ ਮਿੱਠੜਾ ਗੀਤ ਸੁਣਾ ਅੜੀਏ। ਨਾ ਨੀ ਅੜੀਏ ਇੰਝ ਰੁਸ ਰੁਸ ਨਾ ਬਹਿ ਕੁਛ ਦਮ ਤਾਂ ਹੋਰ ਲੰਘਾ ਅੜੀਏ ਫਿਰ ਭਾਵੇਂ ਤੂੰ ਛੱਡ ਜਾਈਂ ਡੋਰੀ ਬਸ ਮੰਜ਼ਿਲ ਤਕ ਅਪੜਾ ਅੜੀਏ ਕੋਈ ਮਿੱਠੜਾ ਗੀਤ ਸੁਣਾ ਅੜੀਏ ਕੁਛ ਪਲ ਧੀਰ ਧਰਾ ਅੜੀਏ ਭੋਰਾ ਤਾਂ ਚਿੱਤ ਪਰਚਾ ਅੜੀਏ

ਯਾਦ

ਜਦੋਂ ਵੀ ਬੱਦਲ ਗਰਜਦਾ ਹੈ ਘਟਾ ਚੜ੍ਹ ਕੇ ਆਉਂਦੀ ਹੈ, ਮੈਨੂੰ ਅਜੇ ਵੀ ਡਰ ਲੱਗਦਾ ਹੈ ਪਰ ਤੇਰੀ ਯਾਦ-ਨਹੀਂ ਆਉਂਦੀ। ਮੀਂਹ ਪੈਣ ਤੋਂ ਬਾਅਦ, ਇਹ ਭਿੱਜੀ ਭਿੱਜੀ ਸਰਦ ਹਵਾ ਭਿੱਜੇ ਪੱਤਿਆਂ ਨੂੰ ਜਦੋਂ ਹਿਲਾਉਂਦੀ ਹੈ ਅਥਰੂ ਕੇਰਦਾ ਹੈ ਪੱਤਿਆਂ ਦਾ ਝੁਰਮੁਟ ਆਪਣੀ ਬੇਬੱਸੀ ਤੇ--- ਭਰ ਆਉਂਦਾ ਹੈ ਮੇਰਾ ਵੀ ਮਨ ਉਦੋਂ ਪਰ ਮੇਰੀ ਅੱਖ ਹੁਣ ਹੋਰ ਨਹੀਂ ਰੋਂਦੀ। ਨਿਕਲ ਪੈਂਦਾ ਹੋਉਗਾ, ਕੋਈ ਬੇਕਿਰਕ ਹਉਕਾ ਮੇਰੇ ਵੀ ਸੀਨੇ ਵਿਚੋਂ ਪਰ ਆਸ ਨਹੀਂ ਜਗਦੀ ਕੋਈ ਤੇਰੇ ਮਿਲਣ ਲਈ ਹੁਣ ਨਾ ਹੀ ਕੋਈ ਰੀਝ ਵਸਲ ਦੀ ਮੈਨੂੰ ਕਸਮਸਾਉਂਦੀ ਇਹਨਾਂ ਮੋਏ ਅਹਿਸਾਸਾਂ ਉਹਨਾਂ ਖਿੰਡ ਗਏ ਜਜ਼ਬਾਤਾਂ ਦੀ ਕੀ ਬਾਤ ਪਾਵਾਂ ਹੁਣ ਹੁਸਨ ਇਸ਼ਕ ਦੀ ਬਾਤ ਹੁਣ ਹੋਰ ਨਹੀਂ ਭਰਮਾਉਂਦੀ ਮੰਜਲ਼ਾਂ ਹੋਰ ਵੀ ਨੇ ਜੋ ਸਰ ਕਰਨੀਆਂ ਨੇ ਅਜੇ ਪਲ ਭਰ ਦੀ ਰੌਸ਼ਨੀ ਦੀ ਝਲਕ ਹੁਣ ਮੇਰੇ ਸੁਨਹਿਰੇ ਰਾਹ ਨਹੀਂ ਰੁਸ਼ਨਾਉਂਦੀ ਮੈਨੂੰ ਡਰ ਭਾਵੇਂ ਅਜੇ ਵੀ ਲਗਦਾ ਹੈ ਤਨਹਾਈ ਤੋਂ ਪਰ ਤੇਰੀ ਯਾਦ ਨਹੀਂ ਆਉਂਦੀ

ਚੁੱਪ

ਇਕ ਚੁੱਪ ਸੌ ਸੁਖ ਤੇ ਇੰਝ ਅਣਦਿਸਦੇ ਸੁਖਾਂ ਦੀ ਤਾਂਘ ਲਈ ਮੈਂ ਚੁੱਪ ਵੱਟ ਲਈ। ਨਾ ਤੇਰੇ ਬਾਣ ਮੁੱਕੇ ਨਾ ਮੇਰੀ ਚੁੱਪ ਟੁੱਟੀ ਬਸ ਰਾਹ ਹੀ ਜੁਦਾ ਹੋ ਗਏ। ਉਹ ਵੀ ਇਕ ਰੁੱਤ ਸੀ ਇਹ ਵੀ ਇਕ ਰੁੱਤ ਸੀ ਮੈਂ ਅਜੇ ਵੀ ਚੁੱਪ ਹਾਂ ਪਰ ਸ਼ਾਂਤ ਨਹੀਂ ਹਾਂ ਚੁਪ ਰਹਿਣ ਤੇ ਸ਼ਾਂਤ ਰਹਿਣ ’ਚ ਜੋ ਫ਼ਰਕ ਹੁੰਦਾ ਹੈ ਨਾ ਉਹ ਡਾਢਾ ਤੰਗ ਕਰਦਾ ਹੈ, ਸ਼ੋਰ ਵੀ ਬਹੁਤ ਪਾਉਂਦਾ ਹੈ ਬਹੁਤ ਕੁਛ ਸੀ ਜੋ ਸ਼ਾਇਦ ਮੈਂ ਕਹਿਣਾ ਚਾਹੁੰਦੀ ਸਾਂ ਪਰ ਹੋਂਠ ਚੁੱਪ ਰਹੇ--- ਸ਼ਬਦ ਜਨਮ ਲੈਂਦੇ ਰਹੇ ਸਿਰ ਪਟਕਦੇ ਰਹੇ, ਮੁਕਤ ਹੋਣ ਲਈ----- ਵਿਆਕੁਲ ਸਨ ਪਰਗਟ ਹੋਣ ਲਈ ਪਰ ਬੁਲ੍ਹਾਂ ਤੇ ਲਗਾ ਤਾਲਾ ਮੈਂ ਮਜਬੂਰ ਸਾਂ ਆਪਣੇ ਹੀ ਹੱਥੀਂ ਬੇਬਸ ਇਹਨਾਂ ਸ਼ਬਦਾਂ ਨੂੰ ਧੁਨੀ ਦਾ ਜਾਮਾ ਨਾ ਪਹਿਨਾ ਸਕੀ ਮੈਂ ਤਾਂ ਚੁੱਪ ਸਾਂ, ਕੇਵਲ ਸੁੱਖ ਦੀ ਤਾਂਘ ਲਈ ਪਰ ਕਹਿਣਾ ਤਾਂ ਮੈਂ ਬਹੁਤ ਕੁਛ ਸੀ ਆ ਇਕ ਵਾਰ ਵਾਪਸ ਆ ਮੈਂ ਆਪਣੀ ਚੁੱਪ ਤੋੜਨੀ ਹੈ ਆਪਣੀ ਰੁੱਤ ਮੋੜਨੀ ਹੈ ਮੈਂ ਜਨਮ ਦੇਣਾ ਹੈ, ਇਸ ਚੀਤਕਾਰ ਨੂੰ ਜੋ ਸਦੀਆਂ ਤੋਂ ਅੰਦਰ ਹੀ ਉਸਲ਼ਵਟੇ ਲੈ ਰਹੀ ਹੈ ਇਹ ਭਖਦਾ ਲਾਵਾ ਜੋ ਮੈਂ ਅਜੇ ਰੋੜ੍ਹਨਾ ਹੈ ਤਾਂ ਕਿ ਮੈਂ ਸ਼ਾਂਤ ਹੋ ਜਾਵਾਂ ਮੁਕਤ ਹੋ ਜਾਵਾਂ ਇਸ ਚੁੱਪ ਤੋਂ ਮੈਨੂੰ ਤੇਰੀ ਰੁੱਤ ਦੀ ਲੋੜ ਨਹੀਂ ਮੈਂ ਤਾਂ ਆਪਣੀ ਰੁੱਤ ਸੁਆਰਨੀ ਹੈ ਚਿਰਾਂ ਤੋਂ ਦੱਬੀ ਅਗਨ ਪ੍ਰਗਟ ਕਰਕੇ ਨਿਰਮਲ ਹੋਣਾ ਹੈ, ਰੂਹ ਠਾਰਨੀ ਹੈ ਆ ਇਕ ਵਾਰ ਤੇ ਮੁੜ ਕੇ ਆ ਮੈਂ ਚੁੱਪ ਤੋੜਨੀ ਹੈ, ਮੈਂ ਆਪਣੀ ਰੁੱਤ ਮੋੜਨੀ ਹੈ।

ਅਥਰੂ

ਮੇਰੀ ਅੱਖ ਦਾ ਅਥਰੂ ਮੇਰੀ ਕਮਜ਼ੋਰੀ ਨਹੀਂ ਇਹ ਇਕ ਭਾਵੁਕ ਸੱਚ ਹੈ ਜਦ ਵੀ ਮੈਂ ਗੱਲ ਸੁਣੀ ਉਸ ਮਾਂ ਦੀ ਜੋ ਭੁੱਖ ਨਾਲ਼ ਵਿਲਕਦੇ ਆਪਣੇ ਬੱਚਿਆਂ ਨੂੰ ਚੁਲ੍ਹੇ ਤੇ ਧਰੇ ਖਾਲੀ ਪਤੀਲੇ ਵਲ ਇਸ਼ਾਰਾ ਕਰ ਹੌਸਲਾ ਧਰਾਉਂਦੀ ਧਰਾਉਂਦੀ ਬਾਲਾਂ ਨੂੰ ਵਰਾਉਂਦੀ ਹੈ ਤੇ ਡੁੱਬ ਜਾਂਦਾ ਹੈ ਮੇਰਾ ਵੀ ਦਿਲ, ਅੱਖ ਭਰ ਆਉਂਦੀ ਹੈ। ਬੱਚੇ ਤੇ ਨਾਦਾਨ ਨੇ, ਮਾਂ ਦੇ ਆਸਰੇ ਵਰਚ ਜਾਂਦੇ ਹੋਣਗੇ ਪਰ ਭਲਾ! ਉਹ ਮਜਬੂਰ ਮਾਂ ਕਿਸ ਆਸਰੇ ਤੇ ਕਿੰਝ ਉਹ ਘੜੀ ਲੰਘਾਉਂਦੀ ਹੋਊਗੀ ਆਪਣੇ ਆਪ ਨੂੰ ਕਿਵੇਂ ਧੀਰ ਧਰਾਉਂਦੀ ਹੋਊਗੀ। ਦੂਸਰਾ ਸੱਚ ਉਹੀ ਭਾਵੁਕ ਸੱਚ, ਮੈਂ ਉਸ ਮਾਂ ਦਿਆਂ ਨੈਣਾਂ ਵਿਚ ਡਿੱਠਾ ਜੋ ਦਿਨ ਭਰ ਦਿਹਾੜੀ ਕਰਕੇ, ਹੱਡ ਭੰਨ ਮਿਹਨਤ ਮਜ਼ੂਰੀ ਕਰਕੇ ਸ਼ਾਮ ਨੂੰ ਜਦੋਂ ਵੀਹਾਂ ਦਾ ਨੋਟ ਤਲੀ ਧਰ ਲਿਆਉਂਦੀ ਹੈ ਚੌਕੇ ਲਈ ਲੋੜੀਂਦੀਆਂ ਵਸਤਾਂ ਦਾ ਲੇਖਾ ਜੋਖਾ ਕਰਦੀ ਸ਼ਾਮ ਦੀ ਰੋਟੀ ਦਾ, ਬੱਚਿਆਂ ਦੀ ਭੁੱਖ ਨੂੰ ਸ਼ਾਂਤ ਕਰਨ ਦੀ ਕੋਈ ਵਿਉਂਤ ਬਣਾਉਂਦੀ ਹੈ। ਘਰ ਵੜਨ ਤੋਂ ਪਹਿਲਾਂ ਹੀ ਬਾਹਰਲੀ ਨੁੱਕਰੇ ਘਾਤ ਲਾਈ ਬੈਠਾ ਉਸ ਦਾ ਵੈਲੀ ਪਤੀ ਦੂਰੋਂ ਆਉਂਦੀ ਪਤਨੀ ਨੂੰ ਵੇਖਦਾ ਹੋਇਆ ਵੀ ਨਹੀਂ ਵੇਖਦਾ ਕਿਉਂ ਜੋ? ਉਸ ਦੀ ਨਜ਼ਰ ਤਾਂ ਉਸ ਵੀਹਾਂ ਦੇ ਨੋਟ ’ਤੇ ਮੁੜ ਮੁੜ ਚਿੱਤ ਪਰਚਾਉਂਦੀ ਹੈ ਕਿਸ ਬਹਾਨੇ ਥਿਆਵੇ ਉਹ ਨੋਟ ਤੇ ਕੀ ਲੜਾਵੇ ਦਾਅ ਪੇਚ ਉਸ ਦੀ ਦੁਰਮਤਿ ਇਹੀ ਵਿਉਂਤ ਬਣਾਉਂਦੀ ਹੈ ਕੀ ਲਾਵੇ ਇਲਜ਼ਾਮ ਤੇ ਕੀ ਚਲਾਵੇ ਬਾਣ ਬਸ ਜ਼ੁਬਾਨ ਉਸ ਦੀ ਇਹੀ ਗੱਲ ਸਮਝਾਉਂਦੀ ਹੈ ਦੂਜੇ ਹੀ ਪਲ ਪਈ ਹੈ ਜ਼ਮੀਨ ਤੇ ਧਰਤੀ ਦੀ ਜਾਈ ਲੱਤਾਂ ਤੇ ਮੁੱਕਿਆਂ ਦੀ ਮਾਰ ਸਹਿੰਦੀ ਕਦੀ ਨੋਟ ਤੇ ਕਦੀ ਆਪਣਾ ਆਪਾ ਬਚਾਉਂਦੀ ਹੈ ਖੁਸ ਗਿਆ ਨੋਟ ਤੇ ਰੁੜ੍ਹ ਗਈਆਂ ਵਿਉਂਤਾਂ ਕੀ ਕਹੇਗੀ ਜਾ ਕੇ ਭੁੱਖੇ ਨਿਆਣਿਆਂ ਨੂੰ ਕਿਵੇਂ ਦਏ ਦਿਲਾਸਾ ਬਸ ਇਹੋ ਮਜਬੂਰੀ, ਮੇਰੀ ਅੱਖ ਫਿਰ ਭਰ ਆਉਂਦੀ ਹੈ ਮੇਰੀ ਅੱਖ ਦਾ ਅਥਰੂ ਮੇਰੀ ਕਮਜ਼ੋਰੀ ਨਹੀਂ

ਨਦੀ

ਅੱਜ ਫਿਰ ਉਹ ਨਦੀ ਉਫਨ ਰਹੀ ਹੈ, ਸ਼ੂਕ ਰਹੀ ਹੈ ਕੰਢਿਆਂ ਤੋਂ ਬਾਗੀ ਹੋਣਾ ਲੋਚਦੀ ਹੈ ਨਾ ਜਾਣੇ, ਫਿਰ ਕੀ ਸੋਚਦੀ ਹੈ ਮਸਾਂ ਹੀ ਰੋਕਿਆ ਹੈ ਉਸ ਆਪਨੇ ਡੁਲ੍ਹ ਡੁਲ੍ਹ ਪੈਂਦੇ ਜਜ਼ਬਾਤਾਂ ਨੂੰ ਆਪਣੇ ਵੇਗਾਂ ਨੂੰ, ਆਪਣੇ ਸੰਤਾਪਾਂ ਨੂੰ ਹਾਂ, ਇਹ ਨਦੀ ਕਦੀ ਕੰਢਿਉਂ ਬਾਹਰੀ ਹੋ ਕੇ ਕਦੀ ਵਗੀ ਤੇ ਨਹੀਂ ਪਰ ਲੋਚਿਆ ਤਾਂ ਜ਼ਰੂਰ ਹੋਵੇਗਾ, ਇਸ ਕਦੀ ਹਾਇ ਇਹ ਉਫ਼ਾਨ, ਇਹ ਜਾਨ ਲੇਵਾ ਤੂਫ਼ਾਨ ਬੜੇ ਮਜ਼ਬੂਤ ਬੰਨ੍ਹ ਨੇ ਇਸ ਦੇ--- ਸੰਸਕਾਰਾਂ ਦੇ, ਮਰਿਆਦਾ ਦੇ ਤੇ ਹੋਰ ਫਿਰ ਪ੍ਰੀਤਮ ਦੀਆਂ ਯਾਦਾਂ ਦੇ। ਅੱਜ ਫਿਰ ਕਿਉਂ ਇਹ ਛੱਲਾਂ ਮਾਰ ਰਹੀ ਹੈ ਸਾਰੇ ਬੰਨ੍ਹ ਢਾਹ ਦੇਣਾ ਚਾਹੁੰਦੀ ਹੈ ਮੁਹੱਬਤ ਦੇ ਆਜ਼ਾਦ ਝਰਨੇ ਵਾਂਗ ਝਰ ਝਰ ਕੇ ਆਪਾ ਵਾਰ ਦੇਣਾ ਚਾਹੁੰਦੀ ਹੈ। ਨਹੀਂ ਸ਼ਾਇਦ ਨਹੀਂ ਅੱਜ ਵੀ ਸਦੀਆਂ ਤੋਂ ਪਿਆਸੀ ਇਹ ਨਦੀ ਸਾਹਿਲ ਨਾਲ ਹੀ ਸਿਰ ਮਾਰ ਮਾਰ ਕੇ ਬੇਹਾਲ ਹੋ ਕੇ ਬਹਿ ਜਾਵੇਗੀ, ਨਾ ਨੱਚੇਗੀ, ਨਾ ਟੱਪੇਗੀ ਤੇ ਨਾ ਹੀ ਮੁਸਕਰਾਏਗੀ ਆਪਣੀਆਂ ਹਸਰਤਾਂ ਨੂੰ ਇੰਝ ਹੀ ਤ੍ਰਿਹਾਈਆਂ ਮੁਰਝਾਈਆਂ ਰੱਖ ਕੇ ਕਿਤੇ ਦੂਰ ਤਨਹਾਈਆਂ ’ਚ ਜਾ ਦਫ਼ਨਾਏਗੀ। ਤਾਂ ਜੋ ਬੁੱਲ੍ਹ ਫਿਰ ਸੁੱਕ ਜਾਣ ਹਉਕੇ ਅੰਦਰ ਹੀ ਰੁਕ ਜਾਣ ਸਾਰੇ ਸੋਮੇ ਸੁੱਕ ਜਾਣ ਇਹੋ ਮਨ ਮਨਾਏਗੀ ਕਦ ਤਕ ਭੋਗੇਗੀ ਇਹ ਸੰਤਾਪ ਨਾ ਮੁਕਣ ਵਾਲਾ ਇਹ ਸਰਾਪ ਬਸ ਫਿਰ ਸਿਰ ਸੁੱਟ ਕੇ ਪੈ ਜਾਏਗੀ ਕਿੱਥੇ ਜਾਣਗੇ ਇਸ ਦੇ ਨਿੱਕੇ ਨਿੱਕੇ ਹਾਸੇ ਉਹ ਚਾਅ, ਮਸਤ ਪ੍ਰਵਾਹ ਇਹ ਸ਼ੋਖੀ, ਇਹ ਲਹਿਰਾਂ ਇਹ ਬਹਿਰਾਂ ਉਹ ਜੀਣ ਦੀ ਚਾਹ ਰੁਸਣਾ ਮੰਨਣਾ ਅਠਖੇਲੀਆਂ ਕਰਨਾ, ਰੂਹ ਰੂਹ ਭਿੱਜਣਾ ਡੁੱਬਣਾ ਤੇ ਫਿਰ ਤਾਰੀਆਂ ਲਾਉਣਾ ਕਦੇ ਇੰਝ ਹੁੰਦਾ ਸੀ? ਕੀ ਹੋ ਸਕਦਾ ਸੀ? ਇਹ ਸੁਫ਼ਨਾ ਸੀ ਜਾਂ ਕੇਵਲ ਖ਼ਿਆਲ? ਸੋਚ ਸੋਚ ਕੇ ਫਿਰ ਕੁਰਲਾਏਗੀ ਵਾਂਗ ਬਿਰਹਣਾਂ ਇਹ ਇੰਝ ਹੀ ਥਲਾਂ ਵਿਚ ਸੜ ਭੁੱਜ ਜਾਏਗੀ ਇਹ ਉਫਨਦੀ, ਸ਼ੂਕਦੀ, ਡੁਲ੍ਹ-ਡੁਲ੍ਹ ਪੈਂਦੀ ਨਦੀ ਫਿਰ ਤੋਂ ਪਿਆਸੀ ਹੀ ਰਹਿ ਜਾਏਗੀ ਪਿਆਸੀ ਹੀ ਰਹਿ ਜਾਏਗੀ।

ਆਲਮ

ਉਦਾਸੀਆਂ ਦੇ ਆਲਮ ਅਸੀਂ ਜੀਅ ਲਏ ਬਥੇਰੇ ਸਾਥੋਂ ਨਾ ਜੀਆ ਜਾਵੇ ਤੇਰੇ ਪਿਆਰ ਦਾ ਹੀ ਆਲਮ ਕੋਈ ਆਖਦਾ ਹੈ ਮੈਨੂੰ ਤੇਰੀ ਜ਼ਿੰਦਗੀ ਵੀ ਕੀ ਏ ਕਿਤੇ ਧੁੱਪ ਹੈ ਜੋ ਧੁੰਧਲੀ ਜਾਂ ਪਰਛਾਵਿਆਂ ਦਾ ਚਾਨਣ ਉਦਾਸੀਆਂ ਦੇ ਆਲਮ ਅਸੀਂ ਜੀਅ ਲਏ ਬਥੇਰੇ-------- ਇਹਨਾਂ ਹੰਝੂਆਂ ਦਾ ਕੀ ਏ ਇਹ ਵਗਦੇ ਨੇ ਇਉਂ ਹੀ ਅਸੀਂ ਬੈਠ ਕੇ ਪਰੁੱਤੇ ਇਹ ਮੋਤੀਆਂ ਦੇ ਵਾਂਗਣ ਕੋਈ ਹੱਸਦਾ ਹੈ ਤੇ ਲੱਗਦਾ ਹੈ ਕਿ ਪੀ ਗਿਆ ਹੈ ਗ਼ਮ ਨੂੰ, ਜੀ ਲਵਾਂਗੇ ਏਦਾਂ ਕਦੀ ਹਾਸਿਆਂ ਦੇ ਉਹਲੇ, ਕਦੀ ਹਉਕਿਆਂ ਦੇ ਚਾਨਣ ਉਦਾਸੀਆਂ ਦੇ ਆਲਮ ਅਸੀਂ ਜੀਅ ਲਏ ਬਥੇਰੇ ਸਾਥੋਂ ਨਾ ਜੀਆ ਜਾਵੇ, ਤੇਰਾ ਪਿਆਰ ਦਾ ਹੀ ਆਲਮ ਤੈਥੋਂ ਤਾਂ ਕੀ ਗਿਲਾ ਹੈ, ਮੇਰੀ ਜ਼ਿੰਦਗੀ ਦੇ ਰਹਿਬਰ ਪਿਛੜੀ ਹਾਂ ਮੈਂ ਹਮੇਸ਼ਾ ਤਕਦੀਰਾਂ ਦੇ ਹੀ ਕਾਰਣ ਮਿਲਿਆ ਹੈ ਤੁਪਕਾ ਤੁਪਕਾ ਅਹਿਸਾਸ ਜ਼ਿੰਦਗੀ ਦਾ ਕਦੇ ਹਸਰਤਾਂ ਨੂੰ ਕਲਪੇ ਕਦੀ ਚਾਹਤਾਂ ਨੂੰ ਮਾਨਣ ਉਦਾਸੀਆਂ ਦੇ ਆਲਮ ਅਸੀਂ ਜੀਅ ਲਏ ਬਥੇਰੇ

ਮੇਰਾ ਜੀਵਨ

ਮੇਰਾ ਜੀਵਨ ਇਕ ਤਪਦਾ ਮਾਰੂਥਲ ਤੇਰਾ ਪਿਆਰ ਇਕ ਠੰਡੀ ਫੁਹਾਰ ਜ਼ਿੰਦਗੀ ਜੀਵਾਂ ਜਿਵੇਂ ਨਿੰਮ ਦੀ ਗੁਠਲੀ ਇੱਤਰ ਦਾ ਝੋਕਾ ਤੇਰੀ ਯਾਦ ਝੱਖੜ ਝੁੱਲੇ ਇਉਂ ਜ਼ਿੰਦਗੀ ਵਿਚ ਦਿਲ ਦਰਿਆ ਵਿਚ ਕਾਂਗ ਵੀ ਆਏ ਹੂੰਝ ਲੈ ਗਿਆ ਕੋਈ ਸਿਪ ਦੇੇ ਮੋਤੀ ਤੇਰੀ ਕਿਸਮਤ ਇਹ ਅੰਗਿਆਰ ਮੇਰਾ ਜੀਵਨ ਇਕ ਤਪਦਾ ਮਾਰੂਥਲ ਤੇਰਾ ਪਿਆਰ ਇਕ ਠੰਡੀ ਫੁਹਾਰ ਜ਼ਿੰਦਗੀ ਜੀਵਾਂ ਜਿਉਂ ਨਿੰਮ ਦੀ ਗੁਠਲੀ ਇੱਤਰ ਦਾ ਝੋਕਾ ਤੇਰੀ ਯਾਦ

ਭੁਲੇਖਾ

ਇਹਨਾਂ ਸੋਚਾਂ ਸਮਝਾਂ ਨੂੰ ਮੈਂ ਕਿਹੜੇ ਖੂਹ ਵਿਚ ਪਾਵਾਂ ਇਹਨਾਂ ਡੂੰਘੀਆਂ ਰਮਜ਼ਾਂ ਨੂੰ ਮੈਂ ਕਿੱਥੇ ਛੱਡ ਕੇ ਜਾਵਾਂ ਜੀਅ ਤਾਂ ਬਹੁਤ ਕਰਦਾ ਹੈ ਮੇਰਾ ਇਕ ਵਾਰ ਭੁਲੇਖਾ ਖਾਵਾਂ--- ਕੀ ਸੱਚ ਹੈ? ਕੀ ਸੁਫ਼ਨਾ ਹੋਵੇ ਕਿਉਂ ਮੈਂ ਉਲਝਾਂ ਕਿਉਂ ਪਈ ਸੁਲਝਾਂ ਕੋਈ ਤਾਂ ਸੱਚੀ ਝੂਠੀ ਕਹਿ ਦਏ, ਪਲ ਭਰ ਤਾਂ ਮੁਸਕਾਵਾਂ ਤੇਰੀਆਂ ਮਿੱਠੀਆਂ ਮਿੱਠੀਆਂ ਬਾਤਾਂ ਸੁਣ ਕੇ ਭੋਰਾ ਤਾਂ ਚਿੱਤ ਪਰਚਾਵਾਂ, ਜੀਅ ਤਾਂ ਬਹੁਤ ਕਰਦਾ ਹੈ ਮੇਰਾ ਪਲ ਭਰ ਤਾਂ ਮੁਸਕਾਵਾਂ--- ਜਾਣਾ ਬੁੱਝਾਂ ਤਾਂ ਹੀ ਛਾਲ ਨਾ ਮਾਰਾਂ ਦਰਿਆ ਦੇ ਕੰਢਿਉਂ, ਸੋਹਣਿਆਂ ਸੱਜਣਾ ਰੋਜ਼ ਤਿਹਾਈ ਉੱਠ ਜਾਵਾਂ ਕੀ ਮੈਂ ਵੱਟਿਆ ਕੀ ਮੈਂ ਖੱਟਿਆ ਇਹਨਾਂ ਫਿਕਰਾਂ ਮੇਰਾ ਮਨ ਤਨ ਛੱਟਿਆ ਕਿਉਂ ਨਾ ਸੱਜਣਾ ਮੈਂ ਇਸ਼ਕ ਤੇਰੇ ਵਿਚ ਸੁੱਧ ਬੁੱਧ ਹੀ ਭੁੱਲ ਜਾਵਾਂ ਜੀਅ ਤਾਂ ਬਹੁਤ ਕਰਦਾ ਹੈ ਮੇਰਾ ਮੈਂ ਫਿਰ ਤੋਂ ਭੁਲੇਖਾ ਖਾਵਾਂ ਕੋਈ ਤਾਂ ਸੱਚੀ ਝੂਠੀ ਕਹਿ ਦਏ ਪਲ ਭਰ ਤਾਂ ਮੁਸਕਾਵਾਂ

ਹੈ ਉਦਾਸ ਤੇਰਾ ਚਿਹਰਾ

ਹੈ ਉਦਾਸ ਤੇਰਾ ਚਿਹਰਾ, ਇਹ ‘ਆਹ’ ਮੇਰੇ ਦਿਲ ਵਿਚ ਲੁਕੀ ਲੁਕੀ ਜਿਹੀ ਹੈ ਹੈ ਚੁੱਪ, ਹਾਰ ਤੇਰੇ ਹੋਂਠਾਂ ਤੇ ਨੈਣਾਂ ਵਿਚ ਮੇਰੇ ਵੀ ਕੁਛ ਨਮੀ, ਗ਼ਮੀ ਜਿਹੀ ਹੈ ਹੈ ਉਦਾਸ ਤੇਰਾ ਚਿਹਰਾ ਰਮਜ਼ ਕਿਵੇਂ ਨਾ ਸਮਝਾਂ ਮੈਂ ਤੇਰੇ ਜਜ਼ਬਾਤਾਂ ਦੀ ਜਦ ਨਜ਼ਰ ਇੱਕੋ ਤੇ ਸੋਚ ਰਲ਼ੀ ਮਿਲ਼ੀ ਜਿਹੀ ਹੈ ਡੁੱਬਦਾ ਹੈਂ ਤੂੰ ਜਦ ਵੀ, ਇਹਨਾਂ ਸੋਚਾਂ ਦੇ ਗਹਿਰੇ ਸਮੁੰਦਰ ਵਿਚ ਇਕ ਗਾਗਰ ਮੇਰੀ ਵੀ ਵਲਵਲਿਆਂ ਦੀ ਭਰੀ ਭਰੀ ਜਿਹੀ ਹੈ ਹੈ ਮੰਜੂਰ ਤੇ ਕਰ ਲੈ ਪਲ ਦੋ ਪਲ ਸਾਂਝੇ ਲੱਗਦਾ ਹੈ ਮੁਸ਼ਕਲ ਤੇਰੀ ਮੇਰੀ, ਕੁਛ ਰਲ਼ੀ ਮਿਲ਼ੀ ਜਿਹੀ ਹੈ ਹੈ ਉਦਾਸ ਤੇਰਾ ਚਿਹਰਾ ਇਕ ‘ਆਹ’ ਮੇਰੇ ਦਿਲ ਵਿਚ ਲੁਕੀ ਛੁਪੀ ਹੈ ਹੈ ਹਾਰ, ਚੁੱਪ ਤੇਰੇ ਹੋਠਾਂ ਤੇ ਨੈਣਾਂ ਵਿਚ ਮੇਰੇ ਵੀ ਕੁਛ ਨਮੀ, ਗ਼ਮੀ ਜਿਹੀ ਹੈ

ਤੇਰੇ ਸ਼ਹਿਰ ਦਾ

ਲੈ ਸੋਹਣਿਆਂ ਛੱਡ ਚਲੇ ਹਾਂ, ਇਹ ਪਿਆਰ ਤੇਰੇ ਸ਼ਹਿਰ ਦਾ ਬਹੁਤ ਚਿਰ ਹੈ ਅਸੀਂ ਨਿਭਾਇਆ ਇਕਰਾਰ ਤੇਰੇ ਸ਼ਹਿਰ ਦਾ ਤੇਰੇ ਹੀ ਨਾ ’ਤੇ ਸ਼ਾਮਾਂ ਢਲੀਆਂ ਮੇਰੀ ਪ੍ਰਭਾਤ ਸ਼ਹਿਰ ਤੇਰੇ ਤੋਂ ਹੀ ਚਲਦੀ ਸੀ ਬਿਰਹੋਂ ਭਰਿਆ ਕੱਟਿਆ ਦੁਪਿਹਰਾ ਪਰ ਆਸ ਮਿਲਣ ਦੀ ਲਗਦੀ ਸੀ ਹੁਣ ਤਾਂ ਆਪਣੇ ਪਰਛਾਵੇਂ ਵਿਚ ਹੀ ਕੰਕੜ ਮਾਰ ਕੇ ਉੱਠ ਚੱਲੇ ਇਕ ਦੁਖ ਹੈ ਕਿ ਦਰਿਆ ਦੇ ਕੰਢਿਉਂ ਅਸੀਂ ਤਿਹਾਏ ਉਠ ਚਲੇ ਸ਼ਾਲਾ ਲੰਮੀਆਂ ਉਮਰਾਂ ਹੋਣ ਤੇਰੀਆਂ ਜ਼ਿੰਦਗੀ ਵਿਚ ਤੂੰ ਖੇੜੇ ਮਾਣੇਂ ਤੇਰੇ ਦਰ ਤੋਂ ਅਸੀਂ ਮੁਸਾਫ਼ਿਰ ਇਹੀ ਦੁਆ ਕਰ ਉੱਠ ਚੱਲੇ ਹੁਣ ਨਾਂ ਕਦੇ ਅਸੀਂ ਫੇਰਾ ਪਾਉਣਾ ਮਗਰੂਰ ਤੇਰੇ ਸ਼ਹਿਰ ਦਾ ਲੈ ਸੋਹਣਿਆਂ ਛੱਡ ਚਲੇ ਹਾਂ ਇਹ ਪਿਆਰ ਤੇਰੇ ਸ਼ਹਿਰ ਦਾ ਬਹੁਤ ਚਿਰ ਹੈ ਅਸੀਂ ਨਿਭਾਇਆ ਇਕਰਾਰ ਤੇਰੇ ਸ਼ਹਿਰ ਦਾ

ਪੁੰਨਿਆਂ ਦੀ ਰਾਤ

ਪੁੰਨਿਆ ਦੀ ਰਾਤ ਹੋਵੇ, ਇਕ ਤੇਰਾ ਸਾਥ ਹੋਵੇ ਡੁਲ੍ਹਿਆ ਡੁਲ੍ਹਿਆ ਚੰਨ ਹੋਵੇ ਤਾਰਿਆਂ ਭਰੀ ਰਾਤ ਹੋਵੇ ਰੋਮ ਰੋਮ ਵਿਚ ਭਰਿਆ ਸੋਹਣਿਆ ਤੇਰਾ ਪਿਆਰ ਹੋਵੇ ਨਿੱਕਾ-ਨਿੱਕਾ ਹਾਸਾ ਹੋਵੇ, ਚਾਨਣੀ ’ਚ ਬੁਣਿਆ ਠੰਢੀ ਕੋਸੀ, ਨ੍ਹਿੰਮੀ ਨ੍ਹਿੰਮੀ, ਸਾਹਾਂ ਦੀ ਸੌਗਾਤ ਹੋਵੇ ਪੁੰਨਿਆਂ ਦੀ ਰਾਤ ਹੋਵੇ, ਇਕ ਤੇਰਾ ਸਾਥ ਹੋਵੇ। ਮਿੱਠੀਆਂ-ਮਿੱਠੀਆਂ ਗੱਲਾਂ ਹੋਵਣ ਸ਼ਹਿਦ ਵਿਚ ਡੁੱਬੀਆਂ ਤੂੰ ਤੇ ਮੈਂ ਗੱਲਾਂ ਕਰੀਏ ਹੋਰ ਦੀ ਨਾ ਬਾਤ ਹੋਵੇ ਵਾਰ ਦਿਆਂ ਲਖਾਂ ਨੇਹਮਤਾਂ ਇਹ ਜ਼ਿੰਦਗੀ ਵੀ ਵਾਰ ਦਿਆਂ ਇਕ ਵਾਰੀ ਜੇ ਸਾਰਾ ਚੰਨਾਂ ਤੇਰਾ ਮੇਰਾ ਸਾਥ ਹੋਵੇ, ਪੁੰਨਿਆ ਦੀ ਰਾਤ ਹੋਵੇ, ਇਕ ਤੇਰਾ ਸਾਥ ਹੋਵੇ ਡੁਲ੍ਹਿਆ-ਡੁਲ੍ਹਿਆ ਚੰਨ ਹੋਵੇ, ਤਾਰਿਆਂ ਭਰੀ ਰਾਤ ਹੋਵੇ।

ਯਾਦ

ਅੱਜ ਫਿਰ ਤੜਕੇ ਤੜਕੇ ਤੇਰੀ ਯਾਦ ਘੇਰ ਬੈਠੀ ਉਮਰਾਂ ਦੇ ਪਿਆਸੇ ਨੂੰ ਜਿਉਂ ਸ਼ਰਾਬ ਘੇਰ ਬੈਠੀ ਬਹੁਤ ਛੁਡਾਇਆ ਇਸ ਤੋਂ ਖਹਿੜਾ ਇਹ ਕਿਹਾ ਮੈਂ ਗੀਤ ਨਾ ਸਾਜ਼ ਛੇੜ ਬੈਠੀ ਜਦ ਜਦ ਵੀ ਭੁਲਾਇਆ ਤੂੰ ਹੋਰ ਯਾਦ ਆਇਆ ਹਿਜ਼ਰਾਂ ਤੇ ਖਿਜ਼ਰਾਂ ਦੀ, ਕਿਤਾਬ ਛੇੜ ਬੈਠੀ ਕਲ੍ਹ ਕਿਉਂ ਨਾ ਆਇਆ ਤੇ ਕਲ੍ਹ ਕਿੱਥੇ ਹੋਸੇਂ ਜਦ ਵੀ ਕੋਲ ਬੈਠੀ ਇਹ ਹਿਸਾਬ ਛੇੜ ਬੈਠੀ ਉਮਰਾਂ ਦਾ ਚੋਲਾ, ਹੋਇਆ ਲੀਰੋ ਲੀਰ ਹੋਰ ਜਾਏ ਨਾ ਹੰਢਾਇਆ ਇਕ ਤੇਰੀ ਸਿੱਕ ਪਿੱਛੇ ਕੁਲ ਹਯਾਤੀ ਛੋੜ ਬੈਠੀ ਕੀਤਾ ਨਾ ਸ਼ਿੰਗਾਰ ਮੈਂ ਨਾ ਰੱਤਾ ਸਾਲੂ ਪਾਇਆ ਫਿਰ ਕਿਉਂ ਭਲਾ ਵਸਲਾਂ ਵਾਲਾ ਮੈਂ ਖਵਾਬ ਸਹੇੜ ਬੈਠੀ ਅੱਜ ਫਿਰ ਤੜਕੇ ਤੜਕੇ, ਤੇਰੀ ਯਾਦ ਘੇਰ ਬੈਠੀ ਨਾ ਤੂੰ ਦਗ਼ਾ ਕੀਤਾ ਨਾ ਤੈਥੋਂ ਵਫ਼ਾ ਹੋਈ ਬੇਕਦਰੀ ਤੋਂ ਡਰਦੀ ਚੰਨਾ ਮੈਂ ਆਪੇ ਫ਼ਨਾਹ ਹੋਈ ਸੀਨੇ ਤੇ ਪੱਥਰ ਧਰ ਲਿਆ ਹਰ ਸਿਤਮ ਹੱਸ ਕੇ ਜ਼ਰ ਲਿਆ ਇਕ ਤੇਰੇ ਮਾਣ ਦੇ ਲਈ ਮੈਂ ਹਰ ਹੱਕ ਤੋਂ ਹਾਰ ਬੈਠੀ ਫਿਰ ਤੋਂ ਕਿਉਂ ਮੈਂ ਇਹ ਅਹਿਸਾਸ ਛੇੜ ਬੈਠੀ ਅੱਜ ਫਿਰ ਤੜਕੇ ਤੜਕੇ ਤੇਰੀ ਯਾਦ ਘੇਰ ਬੈਠੀ ਉਮਰਾਂ ਦੇ ਪਿਆਸੇ ਨੂੰ ਜਿਉਂ ਸ਼ਰਾਬ ਘੇਰ ਬੈਠੀ

ਕਿਥੇ ਹੈ ਮੇਰਾ ਬਾਬੁਲ

ਕਿੱਥੇ ਹੈ ਮੇਰਾ ਬਾਬੁਲ ਨੀ ਅੰਮੜੀਏ ਕਿੱਥੇ ਨੇ ਮੇਰੇ ਲਾਡ ਨੀ ਕਿਉਂ ਕਰ ਸਾਡਾ ਵਿਹੜਾ ਹੈ ਸੁੰਨਾ ਸੁੰਨਾ ਕਿੱਥੇ ਗਏ ਨੇ ਸਾਡੇ ਭਾਗ ਨੀ ਦਾਦਾ ਵੀ ਹੁਣ ਸਾਡਾ ਸਿਰ ਨਾ ਪਲੋਸਦਾ ਦਾਦੀ ਵੀ ਨਾ ਦੇਵੇ ਸਾਨੂੰ ਵਾਜ ਨੀ, ਨੀ ਅੰਮੜੀਏ ਕਿੱਥੇ ਤਾਂ ਗਏ ਨੇ, ਸਾਡੇ ਸੰਗ ਤੇ ਸਾਥ ਨੀ ਕਿਉਂ ਤਾਂ ਰਹੇ ਸਾਡਾ ਵਿਹੜਾ ਨੀ ਸੁੰਨਾ ਸੁੰਨਾ ਕਿੱਥੇ ਗਏ ਨੇ ਸਾਡੇ ਭਾਗ ਨੀ ਕਿਉਂ ਨਾ ਤੇਰੇ ਮੁਖੜੇ ਤੇ, ਘੋਰ ਉਦਾਸੀ ਮਾਏ ਚਿੰਤਾ ਦੇ ਛਾਏ ਨੇ ਸੰਤਾਪ ਨੀ, ਨੀ ਅੰਮੜੀਏ ਨੀ ਪਿਆਰੀਏ ਕਿੱਥੇ ਗੁਆਚੇ ਤੇਰੇ ਚਾਅ ਤੇ ਕਿੱਧਰ ਨੂੰ ਗਏ ਨੇ ਹੁਲਾਸ ਨੀ ਕਿੱਧਰ ਨੂੰ ਗਿਆ ਨੀ ਮਾਏ ਬਾਬਲ ਨਿਰਮੋਹੀ ਸਾਡਾ ਕਿਹੜੇ ਕੁ ਦੇਸ ਲਾਏ ਭਾਗ ਨੀ ਕਿਹੜੇ ਤਾਂ ਜੀਆਂ ਉਸ ਨੂੰ ਮੋਹ ਨੀ ਲੀਤਾ ਕਿਉਂ ਨਾ ਆਇਆ, ਸਾਡਾ ਖਿਆਲ ਨੀ ਨੀ ਅੰਮੜੀਏ ਕਿਉਂ ਨਾ ਆਇਆ ਸਾਡਾ ਖਿਆਲ ਨੀ ਕਿਹੜੀ ਤਾਂ ਗਲੋਂ ਸਾਡਾ ਵਿਹੜਾ ਨੀ ਸੁੰਨਾ ਸੁੰਨਾ, ਕਿਥੇ ਤਾਂ ਗਏ ਸਾਡੇ ਭਾਗ ਨੀ--- ਨਾ ਤਾਂ ਭੂਆ ਸਾਡੇ ਲਾਡ ਲਡਾਏ ਨਾ ਚਾਚੇ ਹੀ ਦਿੱਤਾ ਸਿਰ ’ਤੇ ਪਿਆਰ ਨੀ ਕਾਹਨੂੰ ਤਾਂ ਮਾਏ, ਸਾਰੇ ਹੋ ਨਿਰਮੋਹੀ ਬੈਠੇ ਕਾਹਨੂੰ ਤਾਂ ਦਿੱਤਾ ਈ ਵਿਸਾਰ ਨੀ ਕਿਹੜੀ ਤਾਂ ਗੱਲੋਂ ਮਾਏ ਦੇਸ ਨੀ ਪਰਾਇਆ ਹੋਇਆ ਹੋ ਗਏ ਪਰਾਏ ਸਾਰੇ ਅੰਗ ਤੇ ਸਾਕ ਨੀ ਕਿਥੋਂ ਤਾਂ ਲਈਏ ਅਸੀਂ ਖੁਸ਼ੀਆਂ ਤੇ ਠੰਢੀਆਂ ਛਾਵਾਂ ਕਿਹੜਾ ਤਾਂ ਦੇਵੇ ਸਾਨੂੰ, ਹਾਸੇ ਉਧਾਰ ਨੀ ਕਿੱਥੇ ਹੈ ਸਾਡਾ ਬਾਬਲ ਨੀ ਅੰਮੜੀਏ ਕਿੱਥੇ ਨੇ ਸਾਡੇ ਲਾਡ ਨੀ ਕਿਉਂ ਕਰ ਸਾਡਾ ਵਿਹੜਾ ਹੈ ਸੁੰਨਾ ਸੁੰਨਾ ਕਿੱਥੇ ਤਾਂ ਗਏ ਸਾਡੇ ਭਾਗ ਨੀ।

ਪਰਛਾਵਾਂ

ਅੱਜ ਮੈਂ ਫਿਰ ਸੀ ਡਿੱਠਾ ਅਪਣਾ ਚਿਰ ਪਰਛਾਵਾਂ ਫੁਲਕਾਰੀ ਤੇ ਫੁੱਲ ਸੀ ਪਾਉਂਦੀ ਗੀਤ ਸ਼ਗਨਾਂ ਦੇ ਗਾਵਾਂ ਡਾਹ ਚਰਖਾ ਮੈਂ ਟਾਹਲੀ ਹੇਠਾਂ ਤੰਦ ਪਿਆਰ ਦੇ ਪਾਵਾਂ ਨਾ ਮੈਂ ਥੱਕਦੀ, ਨਾ ਸਾਂ ਅੱਕਦੀ ਬਸ ਇਕੋ ਰੀਝ ਹੰਢਾਵਾਂ ਕਦ ਹੋਵਣਗੇ ਸੱਜਣਾ ਦੇ ਮੇਲੇ ਕਦ ਡੋਲੀ ਪੈ ਕੇ ਜਾਵਾਂ ਫਿਰ ਉਹ ਸੁਫ਼ਨਾ ਬਣਿਆ ਹਕੀਕਤ ਪਰ ਉਹ ਸਹੀ ਨਾ ਸੀ ਜੋ ਮੈਂ ਸੀ ਬੁਣਿਆਂ ਉਹ ਮਿਲ਼ ਕੇ ਵੀ ਨਹੀਂ ਸੀ ਮਿਲ਼ਿਆ ਕਿਸਮਤ ਐਸਾ ਤਾਣਾ ਉਣਿਆ ਇਕ ਦਿਨ ਇਕ ਹਵਾ ਦਾ ਬੁਲ੍ਹਾ ਲੈ ਕੇ ਆਇਆ ਮਿੱਠੜਾ ਸੱਦਾ ਪੱਛਮ ਦੀ ਸੀ ਹਵਾ ਪਈ ਵੱਗਦੀ ਉਹੀਉ ਅਕਸ ਸੀ ਮੈਨੂੰ ਦਿਖਿਆ ਮੈਂ ਭੱਜ ਕੇ ਸਨ ਬੂਹੇ ਖੋਲ੍ਹੇ ਮਹਿਕਾਂ ਦੇ ਨਾਲ ਤਨ ਮਨ ਭਿੱਜਿਆ ਪਰ ਮੇਰੇ ਚਾਅ ਫਿਰ ਰਹੇ ਕੁਆਰੇ ਉਹ ਨਹੀਂ ਸੀ ਜੋ ਹੁਣ ਸੀ ਮੁੜਿਆ ਨਾਲ ਸੱਜਣ ਦੇ ਸੀ ਇਕ ਛਲੇਡਾ ਜਿਸ ਨੇ ਉਸ ਦਾ ਮਨ ਤਨ ਮੱਲਿਆ ਉਹ ਤਾਂ ਬਣਿਆ ਬਸ ਇਕ ਬੁਝਾਰਤ ਤੋਤਾ ਜਿਵੇਂ ਸੀ ਪਿੰਜਰੇ ਡੱਕਿਆ ਨਾ ਸੀ ਕੋਈ ਉਹ ਅਪਸਰਾ, ਨਾ ਹੀ ਕੋਈ ਪਰੀਆਂ ਵਰਗੀ ਬਣ ਕੇ ਮਾਇਆ ਧਾਰੀ ਉਸ ਨੇ ਗਹਿਰਾ ਕੋਈ ਛਲ ਸੀ ਛਲਿਆ ਲੈ ਗਈ ਮੇਰੇ ਸੁਫ਼ਨੇ ਰੋੜ ਕੇ ਲਹਿਰਾਂ ਦਾ ਸੀ ਸੰਗ ਉਸ ਕਰਿਆ ਕੁਛ ਟੁੱਟੀਆਂ ਸਿੱਪੀਆਂ ਕੁਛ ਮਣਕੇ ਘੋਘੇ, ਫਿਰ ਤੋਂ ਮੈਂ ਕੱਠੇ ਕਰਕੇ ਸੀ, ਬਸ ਇਕ ਆਲ੍ਹਣਾ ਜੜਿਆ ਹੁਣ ਨਾ ਕੋਈ ਹਨ੍ਹੇਰੀ ਵੱਗੇ ਨਾ ਰੂਹ ਤੇ ਹੀ ਕੋਈ ਮਾਰ ਹੀ ਲੱਗੇ ਐਸਾ ਸੀ ਹੁਣ ਤਾਣਾ ਤਣਿਆਂ

ਕੀ ਦਸਾਂ ਨੀ ਸਹੀਉ

ਕੀ ਦਸਾਂ ਨੀ ਸਹੀਉ ਕਿਵੇਂ ਗੁਜ਼ਰੀ ਕਿਵੇਂ ਬੀਤੀ ਤੇ ਕੀ ਹੋਈ ਮੈਂ ਚੰਨ ਦੀ ਰਿਸ਼ਮ ਹਾਂ ਐਸੀ ਜੋ ਬਿਨ ਚਮਕੇ ਫ਼ਨਾ ਹੋਈ। ਮੇਰੇ ਹਿੱਸੇ ਦਾ ਸੂਰਜ ਸੀ ਜੋ ਮੈਥੋਂ ਖੋਹ ਲਿਆ ਜਿਸ ਨੇ ਉਹ ਤਕਦੀਰ ਹੀ ਐਸੀ ਸੀ ਜੋ ਬਣ ਤਦਬੀਰ ਅਦਾ ਹੋਈ ਇਹ ਕੈਸੀ ਇਕ ਬਦਲੀ ਸੀ ਜੋ ਨਾ ਚਮਕੀ ਤੇ ਨਾ ਗਰਜ਼ੀ ਬਸ ਡਿੱਗੀ ਉਹ ਬਣ ਬਿਜਲੀ, ਮੇਰੇ ਅਸ਼ਿਆਨੇ ’ਤੇ ਲਾਂ ਲਾਂਬੂ ਪਰ੍ਹਾਂ ਹੋਈ ਕੀ ਦਸਾਂ ਨੀ ਸਹੀਉ ਕਿਵੇਂ ਗੁਜ਼ਰੀ ਕਿਵੇਂ ਬੀਤੀ ਤੇ ਕੀ ਹੋਈ ਮੈਂ ਖੁਸ਼ ਹਾਂ ਬਹੁਤ ਖੁਸ਼ ਹਾਂ ਕੋਈ ਗ਼ਮ ਨਹੀਂ ਮੈਨੂੰ ਇਹ ਅਹਿਸਾਸ ਹੀ ਕਾਫ਼ੀ ਹੈ ਕਿ ਤੇਰੇ ਹੀ ਵਾਸਤੇ ਹੋਈ ਮੈਂ ਜਦ ਵੀ ਫ਼ਨਾਹ ਹੋਈ ਕੀ ਦਸਾਂ ਨੀ ਸਹੀਉ ਕਿਵੇਂ ਗੁਜ਼ਰੀ ਕਿਵੇਂ ਬੀਤੀ ਤੇ ਕੀ ਹੋਈ।

ਦਰਦਾਂ ਦਾ ਸਮੁੰਦਰ

ਦਰਦਾਂ ਦਾ ਮੁਸਲਸਲ ਸਮੁੰਦਰ ਰੁੜ੍ਹਿਆ ਆਉਂਦਾ ਹੈ ਲੱਖ ਲਗਾਏ ਹੱਦਾਂ ਬੰਨੇ ਸਭ ਰੋਹੜੀ ਆਉਂਦਾ ਜੇ ਕਿੱਧਰ ਨੱਸਾਂ, ਕਿਉਂ ਕਰ ਨੱਸਾਂ ਸਮਝ ਨਾ ਮੈਨੂੰ ਆਏ ਮਨ ਦੀਆਂ ਪੀੜਾਂ ਜਾਂ ਤਨ ਦੀਆਂ ਪੈੜਾਂ ਕੋਈ ਕਿਹੜੇ ਪਾਸੇ ਜਾਏ ਰੋਹ ਭਰੀਆਂ ਹਨੇਰੀਆਂ ਵੱਗਣ ਲਾਲੀ ਛਾਈ ਕਾਲੇ ਬੋਲੇ ਅਸ਼ਕਾਂ ਦਾ ਹੜ੍ਹ ਚੜ੍ਹਿਆ ਆਉਂਦਾ ਜੇ ਲੱਖ ਲਗਾਏ ਪਹਿਰੇ ਸੱਜਣਾ ਹੁਣ ਬਸ ਹੋਈ ਨੈਣਾਂ ਰਾਹੀਂ ਦਰਦ ਸਮੁੰਦਰ ਰੁੜਿ੍ਹਆ ਆਉਂਦਾ ਹੈ ਕਦ ਤੱਕ ਕੋਈ ਝੱਲੇ ਦੁੱਖੜੇ ਕਦ ਤੱਕ ਹਾਇ ਕੋਈ ਪੀੜ ਲੁਕੋਏ ਸਬਰਾਂ ਦਾ ਇਹ ਸੁਰਖ ਪਿਆਲਾ ਹੁਣ ਛਲਕੀ ਆਉਂਦਾ ਏ। ਤਨ ਵੀ ਭਿੱਜਿਆ ਤੇ ਮਨ ਵੀ ਭਿੱਜਿਆ ਡੁੱਬਣ ਤੋਂ ਹੁਣ ਕੀ ਕਰ ਬਚੀਏ ਲੂਣੇ ਖਾਰੇ ਪਾਣੀਆਂ ਦਾ ਹੜ੍ਹ ਰੁੜ੍ਹਿਆ ਆਉਂਦਾ ਹੈ ਦਰਦਾਂ ਦਾ ਮੁਸਲਸਲ ਸਮੁੰਦਰ ਚੜ੍ਹਿਆ ਆਉਂਦਾ ਹੈ ਲੱਖ ਲਗਾਏ ਬੰਨ੍ਹ ਨੀ ਅੜੀਏ ਸਭ ਰੋਹੜੀ ਆਉਂਦਾ ਜੇ

ਕੋਈ ਤਾਂ ਸਾਰ ਮੇਰੀ ਲਉ

ਕਿੱਥੇ ਤਾਂ ਰਹਿ ਗਿਆ ਮੇਰੇ ਹਿੱਸੇ ਦਾ ਸੂਰਜ ਨੀ ਕਿੱਥੇ ਤਾਂ ਗਈ ਉਹਦੀ ਲੋਅ ਨੀ ਪਿਆਰੀਉ ਪੈਂਦੀ ਨਾ ਕੋਈ ਕਨਸੋਅ ਨੀ ਸਹੇਲੀਉ ਆਉਂਦੀ ਨਾ ਕੋਈ ਕੰਨਸੋਅ ਮੋੜੀ ਨਾ ਮੇਰੀ ਅਜੇ, ਚੰਨ ਨੇ ਵੀ ਚਾਨਣੀ ਤਾਰਿਆਂ ਦੀ ਮੱਠੀ ਪੈ ਗਈ ਲੋਅ ਨੀ ਸਹੇਲੜੀਉ ਕੋਈ ਤਾਂ ਸਾਰ ਮੇਰੀ ਲਉ ਨੀ ਪਿਆਰੀਉ ਆਉਂਦੀ ਨਾ ਕੋਈ ਕੰਨਸੋਅ ਕਿੰਨਾ ਕੁ ਪੈਂਡਾ ਅਜੇ ਮੈਂ ਹੋਰ ਹੈ ਤੁਰਨਾ ਕਿੱਥੇ ਕੁ ਮੇਰੀ ਮੰਜ਼ਲ ਹੋ ਨੀ ਸਹੇਲੜੀਉ ਕਿੱਥੇ ਕੁ ਮੇਰੀ ਮੰਜ਼ਲ ਹੋ------------- ਥੱਕੀ ਜਾਂਦੇ ਪੈਰ ਹੁਣ ਤਾਂ ਵਾਟ ਵੀ ਲੰਮੇਰੀ ਦਿੱਸੇ ਸੱਜਣਾ ਦਾ ਪਿੰਡ ਕਿੰਨੇ ਕੋਹ? ਨੀ ਪਿਆਰੀਓ ਕੋਈ ਤਾਂ ਸਾਰ ਮੇਰੀ ਲਉ ਆਸਾਂ ਦਾ ਦੀਵਾ ਬਾਲੋ ਭੋਰਾ ਤਾਂ ਚਾਨਣ ਹੋਵੇ ਸੰਝ ਨੇ ਲਿਆ ਸਭ ਲਕੋਅ ਨੀ ਸਹੇਲੜੀਉ ਆਉਂਦੀ ਨਾ ਕੋਈ ਕਨਸੋਅ ਆਸ ਦੀ ਕਿਰਣ ਉੱਗੇ ਟਿੱਸ ਟਿੱਸ ਸੂਰਜ ਮੱਘੇ ਤਾਰਿਆਂ ’ਚ ਪੈ ਜਾਵੇ ਲੋਅ ਨੀ ਸਹੇਲੜੀਉ ਕੋਈ ਤਾਂ ਸਾਰ ਮੇਰੀ ਲਉ ਸੱਜਣਾ ਦਾ ਪਿੰਡ ਕਿੰਨੇ ਕੋਹ ਹਿਜਰਾਂ ਵਾਲਾ ਚੋਲਾ ਨੀ ਮੈਂ ਬਹੁਤ ਹੰਢਾ ਲਿਆ ਵਸਲਾਂ ਵਾਲਾ ਬਾਣਾ ਸੂਹਾ ਕੋਈ ਤਾਂ ਦਿਉ ਨੀ ਸਿਉ ਬੀਤ ਨਾ ਜਾਵੇ ਐਂਵੇ ਉਮਰਾ ਅਣਭੋਲ ਸਾਰੀ ਵੱਖਰੀ ਨਾ ਜਾਵੇ ਜੱਗ ਤੋਂ ਹੋ ਨੀ ਪਿਆਰੀਉ ਕੋਈ ਤਾਂ ਸਾਰ ਮੇਰੀ ਲਉ ਕੰਨੀ ਤਾਂ ਪਾਵੋ ਮੇਰੇ ਇਤਰਾਂ ਦਾ ਲੋਟਨ ਅੜੀਉ ਸਾਹਾਂ ’ਚ ਭਰਾਂ ਖੁਸ਼ਬੋ ਬਾਲ਼ੋ ਨੀ ਬਾਲ਼ੋ ਕੋਈ ਦੀਵਾ ਮਹੁੱਬਤਾਂ ਦਾ ਬਿਰਥੀ ਨਾ ਜਾਵਾਂ ਜਗੋਂ ਹੋ ਨੀ ਪਿਆਰੀਉ ਕੋਈ ਤਾਂ ਸਾਰ ਮੇਰੀ ਲਉ

ਇਕ ਮੁੱਠੀ ਅਸਮਾਨ

ਬਹੁਤ ਵੱਡੀ ਧਰਤੀ, ਅੰਬਰ ਉਸ ਤੋਂ ਵੀ ਵਿਸ਼ਾਲ ਲੱਖਾਂ ਜੀਅ ਇੱਥੇ ਕਰਨ ਕਲੋਲਾਂ ਪੰਛੀ ਬੇਮਿਸਾਲ ਇਕ ਚਿੜੀ ਵਿਚਾਰੀ ਸੋਚੇ ਉਹ ਵੀ ਉਡਣਾ ਲੋਚੇ ਧਰਤੀ ਤੋਂ ਅੰਬਰ ਤੱਕ ਅੰਬਰ ਤੋਂ ਧਰਤੀ ਤੱਕ ਕਦੇ ਏਸ ਛੋਰ-ਕਦੇ ਉਸ ਛੋਰ ਪਰ ਨਿੱਕੇ ਨਿੱਕੇ ਖੰਭ ਤੇ ਨਿੱਕੀ ਜਿਹੀ ਜਾਨ ਸੁਫ਼ਨੇ ਬਹੁਤ ਵੱਡੇ ਵੱਡੇ ਕਿੰਝ ਦੇਵੇ ਅੰਜਾਮ ਫੜਫੜਾਵੇ, ਝੰਬੇ ਫਟਕਾਰੇ, ਉਡਾਰੀ ਲਈ ਸਵਾਰੇ ਖੰਭ ਭਾਵੇਂ ਨਿੱਕੇ ਪਰ ਹੋਂਸਲੇ ਬੇਲਗਾਮ ਪਹਿਲੀ ਉਡਾਰੀ ਬੜੀ ਹਿੰਮਤ ਨਾਲ ਮਾਰੀ ਇਹ ਤਾਂ ਮੇਰੀ ਖ਼ਸਲਤ ਮੈਂ ਜਾਵਾਂ ਬਲਿਹਾਰੀ ਉਹ ਖੁਸ਼ੀਆਂ ’ਚ ਖੀਵੀ, ਚਾਅ ਆਬਸ਼ਾਰ ਕਰਦੀ ਕਲੋਲ ਵੀ ਉੱਡਾਂ ਹੋਰ ਉੱਚੇ ਉਹਨਾਂ ਤਾਰਿਆਂ ਦੇ ਉਹਲੇ ਇਹਨਾਂ ਬਦਲ਼ਾਂ ਤੋਂ ਪਾਰ ਉਹ, ਇਹ ਕੈਸੀ ਕਾਣੀ ਕਿਸ ਖਿੱਚ ਕੇ ਤਾਣੀ ਉਹ ਤੜਫੀ ਵਿਚਾਰੀ, ਹੋਈ ਹਾਲੋਂ ਬੇਹਾਲ ਪਿੱਛੇ ਮੁੜ ਕੇ ਤੱਕੇ ਕੁਛ ਬੋਲ ਨਾ ਸਕੇ ਇਹ ਤਾਂ ਮੇਰੇ ਅੰਗੀ, ਮੇਰੇ ਸੁੱਖ ਦੁੱਖ ਦੇ ਸੰਗੀ ਕਿਉਂ ਪਏ ਖੰਭ ਨੋਚਣ, ਕਿਉਂ ਨਾ ਭੋਰਾ ਸੋਚਣ ਕੀ ਹੋਇਆ, ਮੈਂ ਚਿੜੀ ਵਿਚਾਰੀ ਸਦੀਆਂ ਤੋਂ ਪਿੰਜਰੇ ਡੱਕੀ ਹਰ ਹੱਕ ਤੋਂ ਹਾਰੀ ਜੇ ਅੱਜ ਮੈਂ ਖੰਭ ਉਲਾਰੇ ਕੁਛ ਸੁਫ਼ਨੇ ਵਿਚਾਰੇ, ਕੁਛ ਚਾਅ ਸੀ ਪਰੁੱਤੇ ਇਸ ਬਸੰਤੀ ਰੁੱਤੇ ਕੁੱਛ ਮੇਰੀਆਂ ਵੀ ਸੱਧਰਾਂ, ਹਨ ਮੇਰੇ ਵੀ ਅਰਮਾਨ ਮੈਂ ਵੀ ਧਰਤੀ ਦੀ ਜਾਈ, ਇਹ ਮੇਰਾ ਵੀ ਅਸਮਾਨ ਮੰਗਾਂ, ਹੁਣ ਮੈਂ ਮੰਗਾਂ ਇਕ ਮੁੱਠੀ ਅਸਮਾਨ ਮੇਰਾ ਮੈਨੂੰ ਮੋੜੋ ਇਕ ਮੁੱਠੀ ਅਸਮਾਨ ਮੇਰਾ ਆਸਮਾਨ--------

ਤੇਰੇ ਜਨਮ ਦਿਨ ’ਤੇ

ਤੇਰੇ ਜਨਮ ਦਿਨ ’ਤੇ ਕੀ ਤੋਹਫ਼ਾ ਮੈਂ ਦੇਵਾਂ ਤੈਨੂੰ ਤੂੰ ਤੇ ਖੁਦ ਖੁਦਾ ਦੀ ਬਰਕਤ ਏਂ ਕਦੀ ਬਣ ਕੇ ਖੜੀ ਹੈਂ ਧਿਰ ਮੇਰੀ ਕਦੀ ਮੇਰੇ ਮੋਏ ਦਿਲ ਵਿਚ ਹਰਕਤ ਹੈਂ ਮੇਰੇ ਘਰ ਦੀ ਰੌਣਕ ਵੀ ਤੂੰ ਤੇ ਘਰ ਦਾ ਸ਼ਿੰਗਾਰ ਵੀ ਤੂੰ ਮੇਰੀ ਧਰਤੀ ਹੇਠਲਾ ਧੌਲ਼ ਵੀ ਤੂੰ ਹੈਂ ਤੇ ਮੇਰੇ ਸਿਰ ’ਤੇ ਤਣਿਆਂ ਅਸਮਾਨ ਵੀ ਤੂੰ। ਕਦੀ ਬਣੇਂ ਤੂੰ ਸੱਜੀ ਬਾਂਹ ਮੇਰੀ, ਕਦੀ ਅੱਖਾਂ ਦੀ ਮੇਰੀ ਤੂੰ ਚਮਕ ਬਣਜੇਂ ਡੋਲਣ ਨਾ ਦੇਵੇਂ ਕਦੀ ਵਿਸ਼ਵਾਸ਼ ਮੇਰਾ, ਮੇਰੇ ਜੀਵਨ ਹਵਨ ਦਾ ਕਦੇ ਤੂੰ ਅੰਮ੍ਰਿਤ ਕਲਸ਼ ਬਣਜੇਂ ਕੀ ਤੋਹਫਾ ਮੈਂ ਦੇਵਾਂ ਤੈਨੂੰ, ਖੂਬ ਇਛਾਵਾਂ ਦੇ ਹਾਰ ਲੈ ਜਾ ਡੋਲੀਂ ਨਾ ਕਦੀ, ਸਦਾ ਖੁਸ਼ਹਾਲ ਵਸੀਂ, ਮੇਰੇ ਦਿਲ ਵਿਚ ਭਰਿਆ ਸਾਰਾ ਪਿਆਰ ਲੈ ਜਾ ਵੰਡੀਂ ਖੁਸ਼ਬੋਈ ਸਦਾ, ਖੁਸ਼ੀਆਂ ਤੇ ਖੇੜੇ ਲਿਆਈਂ ਵਸਦਾ ਰਹੇ ਉਹ ਵਿਹੜਾ ਸਦਾ, ਵਿਹੜੇ ਤੂੰ ਜਿਹੜੇ ਜਾਵੇਂ ਚੰਗਾ ਇਨਸਾਨ ਬਣੀਂ, ਚੰਗੇ ਤੂੰ ਕਰਮ ਕਮਾਈਂ ਅਰਸ਼ਾਂ ਦਾ ਦੀਪ ਹੈ ਤੂੰ, ਜਾਵੀਂ ਤੂੰ ਰਾਹ ਰੁਸ਼ਨਾਈਂ ਦਾਤੇ ਦੀ ਮਿਹਰ ਰਹੇ, ਧੀਆਂ ਦਾ ਮਾਣ ਵਧਾਈਂ

ਲੋਕ

ਚੁੱਪ ਰਹਿਣ ਦੀ ਮੈਨੂੰ, ਸਜ਼ਾ ਦੇ ਰਹੇ ਨੇ ਲੋਕ ਪਲਟ ਕੇ ਨਾ ਕੁਛ ਕਹਿਣ ਦੀ, ਦੇ ਰਹੇ ਨੇ ਸਜ਼ਾ ਇਹ ਲੋਕ ਕੀਤੇ ਨਹੀਂ ਗੁਨਾਹ ਜੋ, ਕਿਉਂ ਕਰ ਕੋਈ ਉਹ ਮੰਨ ਲਵੇ ਇਉਂ ਤਨਹਾ ਤੁਰੇ ਰਹਿਣ ਦੀ, ਦੇ ਰਹੇ ਨੇ ਸ਼ਜਾ ਇਹ ਲੋਕ ਹੁੰਦੇ ਚਾਰ ਜੇ ਪਹਿਰੇ ਬੁੱਤ ’ਤੇ ਮੇਰੇ, ਤੇ ਚਲੋ ਕੋਈ ਭਲਾ ਜ਼ਰ ਲਵੇ ਰੂਹ ਨੂੰ ਕੈਦ ਕਰਨ ਦੀਆਂ, ਘੜ ਰਹੇ ਨੇ ਤਦਬੀਰਾਂ ਇਹ ਤੇਰੇ ਲੋਕ ਮੈਨੂੰ ‘ਮੈਂ’ ਤੋਂ ਹੀ ਖੋਹ ਕੇ, ਇਹ ਕਿੱਥੇ ਲੈ ਤੁਰੇ ਜਿਉਂਦੇ ਜੀ ਮਰ ਮੁਕਾਣ ਦੀਆਂ ਤਰਕੀਬਾਂ ਕਰ ਰਹੇ ਨੇ ਇਹ ਤੇਰੇ ਲੋਕ ਦਰਦ ਅਵੱਲੜੇ ਦੇ ਕੇ ਮੈਨੂੰ, ਹਮਦਰਦ ਬਣ ਕੇ ਮੇਰੇ, ਹਾਮੀ ਭਰ ਰਹੇ ਨੇ ਇਹ ਲੋਕ ਹੱਸ ਕੇ ਗ਼ਮ ਨੂੰ ਜਰਨ ਦੀ, ਸਿਖਿਆ ਦੇ ਰਹੇ ਨੇ ਸਦਾ ਇਹ ਲੋਕ ਇਉਂ ਤਨਹਾ ਤੁਰੇ ਰਹਿਣ ਦੀ, ਦੇ ਰਹੇ ਨੇ ਸਜ਼ਾ ਇਹ ਤੇਰੇ ਲੋਕ

ਸ਼ੁਕਰੀਆ

ਸ਼ੁਕਰੀਆ ਤੇਰਾ ਐ ਦੋਸਤਾ ਮੈਨੂੰ ਇਉਂ ਸਤਾਉਣ ਦਾ ਹਮਦਰਦ ਬਣ ਕੇ ਹੀ ਸਹੀ ਜਖ਼ਮਾਂ ਨੂੰ ਪੱਛ ਫਿਰ ਲਾਉਣ ਦਾ ਸ਼ੁਕਰੀਆ ਤੇਰਾ ਐ ਦੋਸਤਾ ਮੁੜ ਮੁੜ ਦਰਦ ਜਗਾਉਣ ਦਾ ਕਹਿੰਦਾ ਹੈਂ ਤੂੰ ਕਿ ਮੈਂ ਜੀ ਲਵਾਂ ਹੱਸ ਕੇ ਜ਼ਹਿਰ ਇਹ ਪੀ ਲਵਾਂ ਪਰ ਵਸੀਲਾ ਸੀ ਜੋ ਮੇਰੇ ਜੀਣ ਦਾ ਮੈਥੋਂ ਜੁਦਾ ਕਰਾਉਣ ਦਾ ਸ਼ੁਕਰੀਆ ਮੇਰੇ ਐ ਦੋਸਤਾ, ਤੇਰੀ ਵਫ਼ਾ ਕਮਾਉਣ ਦਾ!! ਸ਼ੁਕਰੀਆ ਮੇਰੇ ਐ ਦੋਸਤਾ ਰੁੱਸਵਾਈ ਹੋਈ ਜੇ ਜੱਗ ’ਚ ਮੇਰੀ ਇਹ ਵੀ ਤੇਰੀ ਅਦਾ ਹੀ ਸੀ ਨਸੀਹਤਾਂ ਦੇਣ ਦੇ ਭੁਲੇਖੇ ਅਲ੍ਹੇ ਜ਼ਖਮਾਂ ਨੂੰ ਹਰਿਆਉਣ ਦਾ ਦਾ ਸ਼ੁਕਰੀਆ ਤੇਰਾ ਐ ਦੋਸਤਾ ਕੀ ਸੀ ਭਲਾ ਖ਼ਤਾ ਮੇਰੀ ਜੋ ਮਿਲੀ ਸਜ਼ਾ ਇਹ ਮੁਫ਼ਤ ਹੀ ਇਲਜ਼ਾਮਾਂ ਦੀ ਭੱਠੀ ਅੰਦਰ, ਜ਼ਿੰਦਾ ਚਿਖ਼ਾ ਚਿਣਾਉਣ ਦੀ ਹਮਦਰਦ ਬਣ ਕੇ ਹੀ ਸਹੀ, ਦਰਦਾਂ ਨੂੰ ਪੱਛ ਇਉਂ ਲਾਉਣ ਦੀ ਸ਼ੁਕਰੀਆ ਤੇਰਾ ਐ ਦੋਸਤਾ ਮੈਨੂੰ ਇਉਂ ਸਤਾਉਣ ਦਾ ਹਮਦਰਦ ਬਣ ਕੇ ਹੀ ਸਹੀ ਮੁੜ ਮੁੜ ਦਰਦ ਜਗਾਉਣ ਦਾ ਸ਼ੁਕਰੀਆ ਤੇਰਾ ਐ ਦੋਸਤਾ ਕਹਿੰਦਾ ਏਂ ਤੂੰ ਤੇ ਮੈਂ ਜੀ ਲਵਾਂ ਹੱਸ ਕੇ ਜ਼ਹਿਰ ਇਹ ਵੀ ਲਵਾਂ ਜੋ ਵਸੀਲਾ ਸੀ ਪਰ ਮੇਰੇ ਜੀਣ ਦਾ ਮੈਥੋਂ ਜੁਦਾ ਕਰੀਣ ਦਾ ਸ਼ੁਕਰੀਆ ਤੇਰਾ ਐ ਦੋਸਤਾ ਰੁਸਵਾਈਆਂ ਜੋ ਜੱਗ ਕਰੇ ਇਹ ਵੀ ਕੋਈ ਅਦਾ ਤੇਰੀ ਸ਼ੁਕਰੀਆ ਤੇਰਾ ਐ ਦੋਸਤਾ ਮੈਨੂੰ ਇਉਂ ਸਤਾਉਣ ਦਾ

ਅੱਜ ਫੇਰ ਤੜਕੇ--

ਹਾਂ ਉਮਰਾਂ ਦੀ ਪਿਆਸੀ ਇਕ ਆਸ ਘੇਰ ਬੈਠੀ। ਅੱਜ ਫੇਰ ਤੜਕੇ-ਤੜਕੇ ਯਾਦਾਂ ਦੇ ਨੇੜ ਬੈਠੀ। ਜਦ ਵੀ ਭੁਲਾਏ ਦਿਲ ਨੇ ਉਹ ਹੋਰ ਯਾਦ ਆਏ। ਪੀੜਾਂ ਤੇ ਹਿਜ਼ਰਾਂ ਦੀਆਂ ਗੱਲਾਂ ਸਾਂ ਛੇੜ ਬੈਠੀ। ਅੱਜ ਫੇਰ--- ਹਾਰ ਸ਼ਿੰਗਾਰ ਨਾ ਮਾਣੇ ਸਾਲੂ ਸੂਹਾ ਪਾਇਆ ਨਾ। ਜਿੰਦ ਤਰਸਦੀ ਵਸਲੋਂ ਹਰ-ਦਰ ਹਾਂ ਭੇੜ ਬੈਠੀ। ਅੱਜ ਫੇਰ--- ਸੂਈ ਕੰਧੂਈ ਲੱਭਦਾ ਚੋਲਾ ਵੀ ਹੋਇਆ ਵੈਰੀ। ਤੇਰੀ ਹੀ ਕਮਲ਼ੀ-ਰਮਲ਼ੀ ਦਿਲ ਨੂੰ ਉਚੇੜ ਬੈਠੀ। ਅੱਜ ਫੇਰ--- ਖ਼ੂਹ ਤਾਂ ਵੰਡੇਂਦੇ ਨੇਹੁੰ ਨੂੰ ਮਣ ਤੇ ਨੇ ਦੀਵੇ ਬਾਲੇ। ਤੂੰਬੇ ਦਾ ਹਾਸਿਲ ਨਹੀਂ ਰੂਹ ਤਕ ਖ਼ਦੇੜ ਬੈਠੀ। ਅੱਜ ਫੇਰ--- ਚਿਣ-ਚਿਣ ਕੇ ਸੀਨਾ ਅਪਣਾ ਜਰ-ਜਰ ਕੇ ਸਿਤਮ ਤੇਰੇ। ਇਕ ਆਨ-ਸ਼ਾਨ ਖ਼ਾਤਿਰ ਕਿਤੇ ਪਾ ਤਰੇੜ ਬੈਠੀ। ਅੱਜ ਫੇਰ--- ਹਾਂ ਉਮਰਾਂ ਦੀ ਪਿਆਸੀ ਇਕ ਆਸ ਘੇਰ ਬੈਠੀ। ਅੱਜ ਫੇਰ ਤੜਕੇ-ਤੜਕੇ ਯਾਦਾਂ ਦੇ ਨੇੜ ਬੈਠੀ।

ਰਿਸਦੇ ਜ਼ਖ਼ਮ

ਆਪੇ ਦਰਦ ਕਮਾ ਕੇ ਬੈਠੀ ਆਪੇ ਕਰਾਂ ਦੁਆਵਾਂ। ਕਿਹੜਾ ਮੇਰਾ ਟਿਕਾਣਾ ਸਖੀਏ ਕੀ ਲਿਖਾਂ ਸਿਰਨਾਵਾਂ। ਇਸ ਵਿਹੜੇ ਤੋਂ ਉਸ ਘਰ ਤਾਈਂ ਡਿੱਕਮ-ਡੋਲੀ ਹੋਈ। ਖਿੜ-ਖਿੜ ਕੇ ਜਿੰਦ ਹੱਸਣਾ ਭੁੱਲੀ ਨਾ ਹੀ ਰੱਜ ਕੇ ਰੋਈ। ਆਪਣੇ ਆਪੇ ਕੋਲੋਂ ਇਹ ਜਿੰਦਵਾ ਆਖੇ ਲੁਕ-ਲੁਕ ਜਾਵਾਂ। ਕਿਹੜਾ ਮੇਰਾ--- ਰਿਸਦੇ ਜ਼ਖਮ ਲੁਕਾ ਨਹੀਂ ਹੁੰਦੇ ਤਰਲੋ-ਮੱਛੀ ਹੋਈ। ਦਿਨ ਚੜਿ੍ਹਆ ਤੇ ਧੁੱਪ ਵੀ ਆਈ ਨਾ ਜਾਣੇ ਜਿੰਦ ਮੋਈ। ਪਹਿਰ ਤੇ ਘੜੀਆਂ ਗਿਣਦੀ ਅੱਕੀ ਲੱਭੇ ਨ ਪਰਛਾਵਾਂ। ਕਿਹੜਾ ਮੇਰਾ--- ਮੱਠੀ ਤੋਰੇ ਤੁਰਦੇ ਪੈਂਡੇ ਮੁੱਕਣ ਤੇ ਨਹੀਂ ਆਉਂਦੇ। ਮੰਜ਼ਿਲ ਨਾ ਪੜਾ ਹੀ ਦਿੱਸਦੇ ਐਵੇਂ ਨੇ ਤਰਸਾਂਦੇ। ਤਲੀਆਂ ਦੇ ਵੀ ਨਕਸ਼ ਪਏ ਮਿਟਦੇ ਕਿਸ ਨੂੰ ਕੂਕ ਸੁਣਾਵਾਂ। ਕਿਹੜਾ ਮੇਰਾ--- ਬਰੇਤੀ ਦੇ ਹੋ ਕਣ-ਕਣ ਝਿਰਦੇ ਜੋ ਜਿੰਦਵਾ ਦੇ ਹਮਸਾਏ। ਤੁਰਨਾ, ਅਜੇ ਬਹੁਤ ਹੈ ਤੁਰਨਾ ਜੇ ਸਾਹਵਾਂ ਸਾਥ ਨਿਭਾਏ। ਦਰਦ ਪਰੁੱਤੀ ਰੂਹ ਵਿਚਾਰੀ ਮੁੜ-ਮੁੜ ਕਰੇ ਦੁਆਵਾਂ। ਕਿਹੜਾ ਮੇਰਾ--- ਆਪੇ ਦਰਦ ਕਮਾ ਕੇ ਬੈਠੀ ਆਪੇ ਕਰਾਂ ਦੁਆਵਾਂ। ਕਿਹੜਾ ਮੇਰਾ ਟਿਕਾਣਾ ਸਖੀਏ ਕੀ ਲਿਖਾਂ ਸਿਰਨਾਵਾਂ।

ਜੰਗਲ਼ੀ ਨਦੀ

ਜਾਵੋ ਨੀ ਬਹਾਰੋ ਫੁੱਲ ਕਿਤੇ ਹੋਰ ਖ਼ਿੜਾਵੋ। ਏਸ ਬਾਗ ਨੂੰ ਨਾ ਐਵੇਂ ਮੁੜ-ਮੁੜ ਵਰਚਾਵੋ। ਜਾਵੋ ਨੀ ਹਵਾਵੋ ਕਿਤੇ ਹੋਰ ਠੰਡ ਪਾਵੋ। ਏਥੇ ਤਾਂ ਤੰਦੂਰ ਮਘ੍ਹਦੇ ਕਮਲ਼ੀਉ ਅੱਗ ਨਾ ਖਿਲਾਰੋ। ਮਲੂਕ ਹੱਥਾਂ ਨੂੰ ਪਹਿਲਾਂ— ਅੱਗ ਨਾਲ ਖ਼ੇਡਣਾ ਸਿਖਾਵੋ। ਏਸ ਬਾਗ ਨੂੰ--- ਆਪੇ ਨੂੰ ਬਚਾਣਾ ਆਪਣੇ ਤੋਂ ਬਚਾਣਾ। ਗੈਰਾਂ ਵਾਲਾ ਦੁੱਖੜਾ ਨਹੀਂ ਜ਼ੋਰ ਨਹੀਂ ਅਜਮਾਣਾ। ਖਿੜ-ਖਿੜ ਹੱਸੋ ਅੜੀਉ ਤੇ ਮਹਿਲਾਂ-ਮਾੜੀਆਂ ਸਿਖਾਵੋ। ਏਸ ਬਾਗ ਨੂੰ--- ਗੁੰਮ-ਸ਼ੁਮ ਅਉਧ ਹੈ ਚਾਅ ਵਗਣੇ ਦਾ ਮੋਇਆ। ਜੂਨ ਨਦੀ ਵਾਲੀ ਪਾਈ ਪਰ ਵਗ ਵੀ ਨਾ ਹੋਇਆ। ਅਕਾਸ਼-ਗੰਗਾ ਦੀ ਤਾਂ ਛੱਡੋ ਕਿਸੇ ਬੇਲੇ ਹੀ ਵਗਾਵੋ। ਏਸ ਬਾਗ ਨੂੰ--- ਜੰਗਲੀ ਨਦੀ ਦੇ ਕੰਢੇ ਜੰਗਲੀ ਹੀ ਗੁਲ ਨੇ। ਫੁੱਲ-ਪੱਤੀਆਂ ਹੂੰਝ-ਹੂੰਝ ਹੰਭੇ ਲੇਖ ਤਾਂ ਸਰਾਪ ਤੁਲ ਨੇ। ਕੱਖੋ-ਕੱਖ ਜਿੰਦ ਹੋ ਗਈ ਪਲ-ਛਿਣ ਝੂਮਣ ਵੀ ਲਾਵੋ ਏਸ ਬਾਗ ਨੂੰ ਨਾ ਐਵੇਂ ਮੁੜ-ਮੁੜ ਵਰਚਾਵੋ। ਜਾਵੋ ਨੀ ਬਹਾਰੋ ਫੁੱਲ ਕਿਤੇ ਹੋਰ ਖਿੜਾਵੋ। ਏਸ ਬਾਗ ਨੂੰ ਨਾ ਐਵੇਂ ਮੁੜ-ਮੁੜ ਵਰਚਾਵੋ।

ਬਾਗ ਬਾਬਲ ਦਾ

ਬਾਗ ਬਾਬਲ ਦਾ ਅੱਖ਼ਾਂ ਦੇ ਉਹਲੇ। ਲਾਡ ਤਾਂ ਚੰਦਰੇ ਚਰੋਕਣੇ ਨੇ ਭੁੱਲੇ। ਸੁੰਨਾਂ ਤਾਂ ਵਿਹੜਾ ਹਿਰਸਾਂ ਨੇ ਖ਼ਾਧਾ ਜਿੰਦ-ਕਲੀਆਂ ਨੂੰ ਹਾਸੇ ਨੇ ਭੁੱਲੇ। ਬਾਬੇ ਵਰਗੇ ਤਾਂ ਰੁੱਖ ਨਹੀਂ ਲੱਭਦੇ ਛਾਵਾਂ ਬੁੱਡੜੀਆਂ ਦੂਰ ਲੁਕ ਗਈਆਂ। ਕਿੱਥੇ ਤਾਂ ਛਿਪ ਗਏ ਨੇ ਸੰਗੀ-ਸਾਥੀ ਲੇਖਾਂ ਦਾ ਬਾਲਣ ਨਾ ਹੋਵੇ ਕਿਸੇ ਚੁਲ੍ਹੇ। ਕਿਥੋਂ ਤਾਂ ਲੱਭਾਂ ਹੁਣ ਨੂਰ ਜੋ ਗਵਾਚੇ ਰੰਗਾਂ ਗਵਾਚੇ ਨਾਲੇ ਲੱਭਾਂ ਦਿਲਾਸੜੇ। ਨੂਰ ਗਵਾਚਿਆ ਤੇ ਹਿਰਸਾਂ ਮੋਈਆਂ ਰੀਝਾਂ ਦੇ ਪੂਰ ਵੀ ਗਵਾਏ ਅਣਮੁੱਲੇ। ਅਸੀਂ ਤੇਰੇ, ਤੇਰੇ ਹਾਂ! ਰਾਤ ਬਰਾਤੇ ਨਿਰਮੋਹੇ ਹੋ ਗਏ ਨੇ ਰਿਸ਼ਤੇ-ਨਾਤੇ। ਮਹਿਕ ਮਿੱਟੀ ਦੀ ਮੋਈ ਰੁੱਸ ਗਈ ਭਾਂਦੇ ਨਹੀਂ ਹੁਣ ਪੁਰਵੇ ਵਾਲੇ ਬੁਲ੍ਹੇ। ਹਾਸੇ ਤਾਂ ਉਧਾਰੇ ਮੂਲੋਂ ਨਈਂ ਪੁੱਗਦੇ ਸਿੱਖ ਗਏ ਪੋਟੇ ਰਹਿਣ ਕੰਡੇ ਚੁਗਦੇ। ਵੇਖ਼ਣ ਵਾਲੀ ਅੱਖ਼ ਮਾਏ ਰਹੇ ਵੇਖਦੀ ਮੋਤੀ-ਮੋਤੀ ਨੈਣ ਜਦ-ਜਦ ਨੇ ਡੁਲ੍ਹੇ। ਜ਼ਖ਼ਮ ਅਵੱਲੜੇ ਜਾਂਦੇ ਨਹੀਉਂ ਝੱਲੇ ਹੌਕੇ ਮੁੱਕ ਚੱਲੇ ਸਾਹ ਵੀ ਰੁਕ ਚੱਲੇ। ਸੂਲ ਦਗੇ ਵਾਲੀ ਫ਼ੂਕਾਂ ਲੀਰ ਪਟੋਲੇ ਜਿੰਦੜੀ ਵੀ ਕਦੇ ਕਿਸੇ ਭਾਅ ਤੁੱਲੇ। ਬਾਗ ਬਾਬਲ ਦਾ ਅੱਖ਼ਾਂ ਦੇ ਉਹਲੇ। ਲਾਡ ਤਾਂ ਦਿੱਸਦੇ ਨਿਰੇ ਖ਼ੋਲੇ-ਖ਼ੋਲੇ। ਸੁੰਨਾਂ ਤਾਂ ਵਿਹੜਾ ਹਿਰਸਾਂ ਨੇ ਖ਼ਾਧਾ ਜਿੰਦ-ਕਲੀਆਂ ਨੂੰ ਹਾਸੇ ਨੇ ਭੁੱਲੇ।

ਗਵਾਚੇ ਰੰਗ

ਅੰਮੜੀਏ! ਮੈਂ ਮੁੜ-ਮੁੜ ਡਿੱਠਾ ਆਪਣਾ ਹੀ ਪਰਛਾਵਾਂ। ਪਰਛਾਵੇਂ ਦੀਆਂ ਰੀਝਾਂ ਖ਼ਾਤਰ ਸਦਕੇ ਬਲਿਹਾਰੀ ਜਾਵਾਂ। ਫੁੱਲਕਾਰੀ ’ਤੇ ਫੁੱਲ ਪਾਂਦਾ ਸੀ ਮੈਂ ਸੌ-ਸੌ ਸ਼ਗਨ ਮਨਾਵਾਂ। ਡਾਹਵਾਂ ਚਰਖ਼ਾ ਟਾਹਲੀ ਹੇਠਾਂ ਤੰਦ ਲੰਮ ਸਲੰਮੇ ਪਾਵਾਂ। ਨਾ ਥੱਕਾਂ ਨਾ ਅੱਕਾਂ ਮਾਏ ਕੱਤਣ ਕੱਤਦੀ ਜਾਵਾਂ ਸੁਪਨੇ ਬਣ-ਬਣ ਜਾਣ ਹਕੀਕੀ ਪਰ, ਦਿਲ ਨਾ ਊੱਕਣ ਚਾਹੇ। ਗਏ ਗਵਾਚੇ ਰੰਗ ਨਹੀਂ ਲੱਭਦੇ ਦਿਲ ਅੱਥਰਾ ਜੋ ਚਾਹਵੇ। ਮੁਕੱਦਰ ਬੁਣਦਾ ਪੁੱਠੇ ਤਾਣੇ ਤਾਣੀ ਨਾ ਉਲਝੀ ਚਾਹਵਾਂ। ਪਰਛਾਵੇਂ ਦੀਆਂ--- ਆਇਆ ਸੀ ਇਕ ਪਵਣ ਦਾ ਬੁਲ੍ਹਾ ਸੱਦਾ ਮਿੱਠਾ ਲਿਆਇਆ ਸੀ। ਠੰਡਮ ਠੰਡੜੀ ਪੱਛੋਂ ਨੇ ਚੱਲ ਕੇ ਜੀ ਰਜਵਾਂ ਪਰਚਾਇਆ ਸੀ। ਦਰ-ਦਰਵਾਜ਼ੇ ਭੱਜ-ਭੱਜ ਖੋਲ੍ਹੇ ਹਾਏ! ਮਹਿਕਾਂ ਨੂੰ ਗਲ ਲਾਵਾਂ। ਪਰਛਾਵੇਂ ਦੀਆਂ--- ਤਨ-ਮਨ ਮਹਿਕ ਸੰਝਾਣ ਲਿਆ ਸੀ ਚਾਅ ਸੀ ਸਾਰੇ ਮਰਦੇ ਜਾਂਦੇ। ਪਰਛਾਵੇਂ ਦੇ ਉਹਲੇ ਤਾਂ ਨਿਰੇ ਛਲੇਡੇ ਨਾਗ ਜੁ ਚੰਦਰੇ ਡੱਸਦੇ ਜਾਂਦੇ। ਮਾਇਆਧਾਰੀ ਛਲਾਂ ਤੋਂ ਬਚ ਕੇ ਹੁਣ ਕਿਹੜਾ ਪੀਰ ਧਿਆਵਾਂ। ਪਰਛਾਵੇਂ ਦੀਆਂ--- ਨਹੀਂ ਰੁਕਮਣੀ, ਗੋਪੀ, ਨ ਕੁਈ ਅਪਸਰਾ ਸਿਲ-ਪੱਥਰ ਵੀ ਨਾ ਹੋਈ। ਕਿਤਾਬ ਸਾਂ ਉਸਦੀ ਸਭ ਵਰਕੇ ਖੁਲ੍ਹੇ ਬੁਝਾਰਤ ਕਦੀ ਨਾ ਹੋਈ। ਸਾਗਰ-ਲਹਿਰਾਂ ਜ਼ਾਲਮਾਂ, ਸੁਪਨ ਵਲ੍ਹੇਟੇ ਕਿਸ ਦਰ ਲੱਭਣ ਜਾਵਾਂ? ਪਰਛਾਵੇਂ ਦੀਆਂ--- ਅੰਮੜੀਏ! ਮੈਂ ਮੁੜ-ਮੁੜ ਡਿੱਠਾ ਆਪਣਾ ਹੀ ਪਰਛਾਵਾਂ। ਪਰਛਾਵੇਂ ਦੀਆਂ ਰੀਝਾਂ ਖ਼ਾਤਰ ਸਦਕੇ ਬਲਿਹਾਰੀ ਜਾਵਾਂ।

ਕੀ ਗੱਲਾਂ ਮੈਂ ਛੇੜਾਂ

ਛੇੜਾਂ! ਛੇੜਾਂ! ਕੀਹ ਮੈਂ ਛੇੜਾਂ? ਗੱਲਾਂ ਪਿਆਰ ਦੀਆਂ! ਪਿਆਰ ਦੀਆਂ— ਉੱਜੜੇ ਗੁਲਜ਼ਾਰ ਦੀਆਂ! ਪਲ ਦੋ ਪਲ ਸੀ, ਨਾਲ ਬਹਾਰਾਂ। ਨਾ ਆਈਆਂ ਨਾ ਗਈਆਂ, ਸੱਧਰਾਂ ਸਾਰੀਆਂ ਮੋਈਆਂ। ਪੀਚ ਬਹਾਰਾਂ ਨਾਲ, ਪਇਆ ਨਾਂ— ਕੀਹ ਗੱਲਾਂ ਮੈਂ ਛੇੜਾਂ! ਛੇੜਾਂ! ਛੇੜਾਂ!--- ਬਾਬਲ ਨੇ ਜਦ, ਕਾਜ ਰਚਾਏ। ਵਰ ਘਰ ਸੋਹਣੇ, ਬਾਬਲ ਲੱਭੇ। ਸਾਲੂ ਨਿਖ਼ੁੱਟੜੇ, ਸੱਚ ਕਮਾਇਆ ਨਾਂ— ਕੀਹ ਗੱਲਾਂ ਮੈਂ ਛੇੜਾਂ! ਛੇੜਾਂ! ਛੇੜਾਂ!--- ਮੱਥੇ ਦਾ ਸੂਰਜ, ਮਘ੍ਹ ਮਘ੍ਹ ਮਘ੍ਹਦਾ। ਦਿਲ ਚੰਦਰੇ ਦਾ ਨ੍ਹੇਰਾ ਪਲ ਪਲ ਪੱਛਦਾ। ਸੱਧਰਾਂ ਵਾਲੇ ਸਾਜ਼ ਦੀਆਂ, ਸਭ ਤਾਰਾਂ ਟੁੱਟੀਆਂ— ਕੀਹ ਗੱਲਾਂ ਮੈਂ ਛੇੜਾਂ! ਛੇੜਾਂ! ਛੇੜਾਂ!--- ਡੁੱਲ੍ਹ ਡੁੱਲ੍ਹ ਪੈਂਦਾ, ਮੋਹ ਵੀ ਮੋਇਆ। ਭੈੜਾ ਰਾਤ ਬਰਾਤੇ, ਉਹ ਭੁੱਬੀਂ ਰੋਇਆ। ਵੇਦਨ ਦੀ ਕੀ ਆਖ਼ਾਂ? ਜਦ ਕੂਲ੍ਹਾਂ ਸੁੱਕ ਗਈਆਂ— ਕੀਹ ਗੱਲਾਂ ਮੈਂ ਛੇੜਾਂ! ਛੇੜਾਂ! ਛੇੜਾਂ!--- ਛੇੜਾਂ! ਛੇੜਾਂ! ਕੀਹ ਮੈਂ ਛੇੜਾਂ? ਗੱਲਾਂ ਪਿਆਰ ਦੀਆਂ! ਪਿਆਰ ਦੀਆਂ— ਉੱਜੜੇ ਗੁਲਜ਼ਾਰ ਦੀਆਂ!

ਦੁੱਖ ਅਮਿਣਵੇਂ

ਕਿਣ ਮਿਣ ਕਿਣ ਮਿਣ ਸਾਗਰ ਬਣਿਆਂ। ਹੰਝੂ ਹੰਝੂ ਟੇਪਾ ਟੇਪਾ ਹੜ੍ਹ ਬਣਿਆਂ। ਜੋ ਭਾਇਆ ਉਹਾ ਉਸ ਕੀਤਾ, ਜੋ ਸੋਚਿਆ ਪਾਤੀ ਲਿਖ਼ ਦੀਤਾ। ਇਕ ਤੋਂ ਇਕ ਹੁਕਮ ਚੜ੍ਹਾਏ, ਉਹ ਕਵੱਲੀ ਵੀ ਮੰਨ ਲੀਤਾ। ਹੜ੍ਹ ਦੀ ਉਸੇ ਨਾਲ ਭਿਆਲੀ ਅੰਦਰ-ਖ਼ਾਤਿਓਂ ਮੈਂ ਸੁਣਿਆਂ, ਹੰਝੂ ਹੰਝੂ ਟੇਪਾ ਟੇਪਾ--- ਕਿੱਧਰ ਨੱਸੇ ਕਿਸ ਬਿਧ ਨੱਸੇ, ਹਉਕਾ ਹਉਕਾ ਜਿੰਦ ਪਈ ਪੱਛੇ। ਤਨ ਦੀਆਂ ਪੈੜਾਂ ਮਨ ਦੀਆਂ ਪੀੜਾਂ, ਰੱਬਾ! ਬੱਦਲੀਆਂ ਪਿੱਛੇ, ਨ੍ਹੇਰੀਆਂ ਪਿੱਛੇ! ਰੰਗਲੇ ਮਹਿਲੋਂ ਧੱਕੇ ਖ਼ਾਧੇ— ਫ਼ਿਰ ਉਹੀਉ ਰੱਬ ਧਿਆਵਾਂ, ਹੰਝੂ ਹੰਝੂ ਟੇਪਾ ਟੇਪਾ--- ਨੈਣਾਂ ਵਿਚੋਂ ਵਗ ਵਗ ਨਦੀਆਂ, ਅੱਤ ਦੀ ਅੱਤ ਮਚਾਈ। ਡਾਚੀ ਵਾਲਿਆਂ ਦਗੇ ਕਮਾਏ, ਜਿੰਦ ਗਈ ਪਥਰਾਈ। ਸਬਰ ਪਿਆਲੀ ਉਛਲ ਰਹੀ ਏ— ਕਿਸ ਨੂੰ? ਕੀਹ? ਸਮਝਾਵਾਂ, ਹੰਝੂ ਹੰਝੂ ਟੇਪਾ ਟੇਪਾ--- ਤਨ ਵੀ ਖੋਭੇ ਮਨ ਵੀ ਖੋਭੇ, ਝੜੀ ਹੈ ਅੱਖ਼ੀਆਂ ਲਾਈ। ਲੂਣੀ ਖ਼ਾਰੀ ਕਿਣ ਮਿਣ ਵਾਲੀ, ਅਉਧ ਹੈ ਹੜ੍ਹ ਨੇ ਪਾਈ। ਤਨ ਮਨ ਚਿੱਕੜ ਵਿੱਚ ਗਰੱਸਿਆ— ਨਾ ਕੋਈ ਕਰੇ ਦੁਆਵਾਂ, ਹੰਝੂ ਹੰਝੂ ਟੇਪਾ ਟੇਪਾ--- ਹੰਝੂਓ ਵੇ! ਬਣੋਂ ਕਾਲੀਆਂ ਘਟਾਵਾਂ, ਵਾਰੀ-ਵਾਰੀ ਮੈਂ ਵੀ ਜਾਵਾਂ। ਤੁਸੀ ਰੱਜ ਰੱਜ ਵਰ੍ਹ ਜਾਵੋ, ਕਲੇਜੜੇ ਠੰਡ ਪਾਵਾਂ। ਤੁਸਾਂ ਬਣਨਾ ਸੋਹਣੀਆਂ ਸ਼ੁਆਵਾਂ— ਨਿੱਘ ਦੇਣਾ ਸਾਵਾਂ ਸਾਵਾਂ। ਦੁੱਖ ਤਾਂ ਨਾਂ ਜਾਵੇ ਮਿਣਿਆਂ, ਹੰਝੂ ਹੰਝੂ ਟੇਪਾ ਟੇਪਾ--- ਕਿਣ ਮਿਣ ਕਿਣ ਮਿਣ, ਸਾਗਰ ਬਣਿਆਂ। ਹੰਝੂ ਹੰਝੂ ਟੇਪਾ ਟੇਪਾ, ਹੜ੍ਹ ਬਣਿਆਂ।

ਕਿੱਥੇ ਸੂਰਜ ਮੇਰਾ

ਸਗਵਾਂ ਸੀ ਸੂਰਜ ਮੇਰਾ, ਸਗਵੀਆਂ ਕਿਰਨਾਂ। ਕਿੱਥੇ ਤਾਂ ਸੂਰਜ ਮੇਰਾ, ਕਿਤ ਗਈਆਂ ਕਿਰਨਾਂ! ਰਚਨਾ ਰਚਨਹਾਰ ਦੀ ਸਾਂ, ਖ਼ੇਡ ਖ਼ੇਡਣਹਾਰ ਦੀ ਸਾਂ। ਉਸੇ ਭੰਨਣਹਾਰ ਦੀ ਹਾਂ, ਉਸੇ ਜੋੜਨਹਾਰ ਦੀ ਹਾਂ। ਕੰਨਾਂ ਵਿੱਚ ਕਿਤੋਂ ਉਹਦੀ, ਨਾ ਪਵੇ ਕਨਸੋਅ! ਹੋਰ ਉਹਨੇ ਕੀ ਹੈ ਕਰਨਾ? ਕਿੱਥੇ ਤਾਂ ਸੂਰਜ ਮੇਰਾ--- ਚੰਨ ਦੀ ਚਾਨਣੀ ਮੇਰੀ ਸੀ, ਬੇਲਿਹਾਜ਼ ਹੋ ਗਈ। ਤਾਰਿਆਂ ਦੀ ਲੋਅ ਲੱਭ ਲੱਭ, ਆਪੇ ਟੁੱਟ ਗਈ। ਆਕਾਸ਼ੀ ਗੰਗਾ ਦਾ ਕੀ ਆਖਾਂ? ਲੱਭੇ ਆਪਣੀ ਨਾ ਲੋਅ। ਲੋਅ ਲਈ ਜਿਉਣਾ ਮਰਨਾ! ਕਿੱਥੇ ਤਾਂ ਸੂਰਜ ਮੇਰਾ--- ਪੈਂਡਾ ਹੋ ਗਿਆ ਸਰਾਲ, ਕਮਲੀ ਜਿੰਦ ਦਾ ਜੰਜਾਲ। ‘ਉਰਾਰ ਹਾਂ ਜਾਂ ਪਾਰ ਹਾਂ’ ਕਰਾਂ ਖ਼ੁਦੀ ਨੂੰ ਸਵਾਲ। ਥੱਕੇ ਪੈਰਾਂ ਨੂੰ ਵਾਟਾਂ ਲੰਮੀਆਂ, ਹਮਸਫ਼ਰਾਂ ਨਾ ਸਾਰ ਲਈ। ਹੋਰ ਕਿਹੜਾ ਡੰਨ ਭਰਨਾ? ਕਿੱਥੇ ਤਾਂ ਸੂਰਜ ਮੇਰਾ--- ਆਸਾਂ ਵਾਲਾ ਦੀਵਾ ਦੀਵਟੇ, ਰਾਤਾਂ ਕਾਲੀਆਂ ਨਾਲ ਜੂਝਦਾ। ਦਿਨ ਢਲੇ ਮਨ ਝੂਰ ਝੂਰ ਕੇ, ਅੰਦਰਾਂ ਦਾ ਅੰਦਰ ਫ਼ਰੋਲਦਾ। ਕਾਲੀ ਰਾਤ ਵਿਚਾਰੀ ਵੀ ਲੱਗੇ, ਮੂਲੋਂ ਹਿਜ਼ਰ ਦੀ ਮਾਰੀ। ਰੱਬ ਨੂੰ ਨਾ ਹਉਕਾ ਸਰਨਾ! ਕਿੱਥੇ ਤਾਂ ਸੂਰਜ ਮੇਰਾ--- ਸਗਵਾਂ ਸੀ ਸੂਰਜ ਮੇਰਾ, ਸਗਵੀਆਂ ਕਿਰਨਾਂ। ਕਿੱਥੇ ਤਾਂ ਸੂਰਜ ਮੇਰਾ, ਕਿਤ ਗਈਆਂ ਕਿਰਨਾਂ!

ਵਫ਼ਾ

ਅੱਜ ਫੇਰ ਜਫ਼ਾ ਜਿੱਤੀ ਅੱਜ ਫੇਰ ਵਫ਼ਾ ਮੋਈ ਕੋਈ ਕਿਸ ਤੇ ਗਿਲਾ ਕਰੇ ਕਿਸ ਤੇ ਕਰੇ ਸ਼ਿਕਵਾ ਮੇਰਾ ਇਤਬਾਰ ਹੀ ਐਸਾ ਸੀ ਜਿਸ ਦੀ ਇਹ ਸਜ਼ਾ ਹੋਈ ਅੱਜ ਫੇਰ ਜਫ਼ਾ ਜਿੱਤੀ ਚੜ੍ਹ ਅਹੰ ਦੀ ਸੂਲ਼ੀ ਤੇ ਤੇਰਾ ਇਸ਼ਕ ਬੜਾ ਨੱਚਿਆ ਮੇਰੇ ਸੁੱਚੇ ਜਜ਼ਬਾਤਾਂ ਦੀ ਕਦਰ ਪਈ ਨਾ ਕੋਈ ਜਦ ਜਦ ਵੀ ਨੈਣ ਛਲਕੇ ਤੂੰ ਹੋਰ ਖ਼ਫ਼ਾ ਹੋਇਉਂ ਬਸ ਇਹੋ ਭੁੱਲ ਮੈਥੋਂ ਹਰ ਵਾਰ ਸੀ ਕਿਉਂ ਹੋਈ ਅੱਜ ਫੇਰ ਜਫ਼ਾ ਜਿੱਤੀ ਅੱਜ ਫੇਰ ਵਫ਼ਾ ਮੋਈ ਤੂੰ ਗਿਣ ਗਿਣ ਕਰਮ ਦੱਸੇ ਮੈਂ ਆਪਣੇ ਮਰਮ ਦੱਸੇ ਬਸ ਏਸੇ ਲੇਖੇ ਵਿਚ ਕੁੱਲ ਉਮਰ ਤਬਾਹ ਹੋਈ ਅੱਜ ਫੇਰ ਜਫ਼ਾ ਜਿੱਤੀ ਅੱਜ ਫੇਰ ਵਫ਼ਾ ਮੋਈ ਮੈਂ ਸਿਜਦੇ ਬੜੇ ਕੀਤੇ ਤੂੰ ਪੱਥਰ ਤੋਂ ਖ਼ੁਦਾ ਹੋਇਆ ਮੇਨੂੰ ਤੇਰੀ ਸਹੁੰ ਸੱਜਣਾ ਮੇਰੀ ਪੇਸ਼ ਨਾ ਚਲਦੀ ਕੋਈ ਤੇਰੀ ਇਸ਼ਕ ਦੀ ਦੇਹਰੀ ਤੇ ਅੱਖ ਹੋਰ ਇਕ ਨਮ ਹੋਈ ਅੱਜ ਫੇਰ ਜਫ਼ਾ ਜਿੱਤੀ ਅੱਜ ਫੇਰ ਵਫ਼ਾ ਮੋਈ

ਵਗਦੀ ਨਦੀ

ਮੈਂ ਤਾਂ ਵਗਦੀ ਨਦੀ ਵੇ ਸੱਜਣਾ ਮਸਤ ਮੇਰਾ ਪ੍ਰਵਾਹ ਵੇ ਸੱਜਣਾ ਪੱਤਣ ਬਣ ਕੇ ਰਹੀਂ ਮੇਰੇ ਅੰਗ ਸੰਗ ਪਾ ਲਈਂ ਮੇਰੀ ਥਾਹ ਵੇ ਸੱਜਣਾ ਮੈਂ ਤਾਂ ਠੰਡੜੀ ਪੁਰੇ ਦੀ ਵਾਅ ਹਾਂ ਚੰਨਣ ਰੁੱਖ ਬਣ ਆ ਮੇਰੇ ਰਾਹ ਵਿਚ ਜਦ ਵੀ ਤੈਨੂੰ ਖਹਿ ਕੇ ਲੰਘਾਂ ਸਾਹਾਂ ਵਿਚ ਰਚ ਜਾ ਮੇਰੇ ਸੱਜਣਾ ਮੈਂ ਤਾਂ ਸੋਨ ਚਿੜੀ ਵੇ ਅੜਿਆ ਸੰਗ ਤੇਰੇ ਮੇਰਾ ਮਨ ਤਨ ਖਿੜਿਆ ਉਡਣਾ ਚਾਹਵਾਂ ਪਰ ਮੈਂ ਸੋਚਾਂ ਅੇਵੇਂ ਨਾ ਮੈਨੂੰ ਪਿੰਜਰੇ ਡੱਕੀਂ ਬਣ ਜਾਵੀਂ ਤੂੰ ਅੰਬਰ ਮੇਰਾ ਖੰਭਾਂ ਵਿਚ ਜਿੰਦ ਪਾ ਮੇਰੇ ਸੱਜਣਾ ਮੈਂ ਤਾ ਮਛਲੀ ਮਾਨ ਸਰੋਵਰ ਨਿਰਮਲ ਪਾਣੀ ਜੀਵਨ ਮੇਰਾ ਭਿੱਜਾਂ ਸਿੱਜਾਂ ਤਾਰੀਆ ਲਾਵਾਂ ਬਣ ਜਾਵੀਂ ਤੂੰ ਸਾਗਰ ਮੇਰਾ ਆਪਣੇ ਅੰਗ ਸਮਾਅ ਮੇਰੇ ਸੱਜਣਾ

ਨਵਾਂ ਸਾਲ 2013

ਛੱਡ ਮਨਾਂ ਵੇ ਥੋਥੀਆਂ ਗੱਲਾਂ ਇਧਰ ਦੀਆਂ, ਓਧਰ ਦੀਆ ਗੱਲਾਂ ਆ ਵੇ ਅੜਿਆ ਕੋਈ ਚੱਜ ਦੀ ਗੱਲ ਕਰੀਏ ਨਵੇਂ ਵਰ੍ਹੇ ਦੀਆ ਨਵੀਆ ਗੱਲਾਂ ਕੁਝ ਫ਼ਰਜ਼ਾਂ ਦੀਆਂ, ਕੁਝ ਹੱਕ ਦੀ ਗੱਲ ਕਰੀਏ ਹੋ ਨਾ ਜਾਵੇ ਕੋਈ ਕੁਤਾਹੀ ਐਵੇਂ ਦੀ ਨਾ ਗੱਲ ਕਰੀਏ ਜੋ ਹੋਇਆ ਉਸ ਤੇ ਮਿੱਟੀ ਪਾਈਏ ਕਲ੍ਹ ਦੀ ਛੱਡ ਅੱਜ ਦੀ ਗੱਲ ਕਰੀਏ ਧੀਆਂ ਭੈਣਾਂ ਸਭ ਦੀਆਂ ਇੱਕੋ ਦਰਦ ਉਨ੍ਹਾਂ ਦਾ ਵੀ ਹੈ ਇੱਕੋ ਐਵੇਂ ਨਾ ਮਿਹਣੋ ਮਿਹਣੀ ਹੋਈਏ ਐਵੇਂ ਨਾ ਛੋਟੀ ਗੱਲ ਕਰੀਏ ਧੀਆਂ ਦਾ ਅਸੀਂ ਮਾਣ ਵਧਾਈਏ ਪੁੱਤਰਾਂ ਨੂੰ ਮਤ ਦੀ ਗੱਲ ਕਰੀਏ ਕੌਡੀਉਂ ਖੋਟੇ ਜਿਹੜੇ ਹੋ ਗਏ ਉਨ੍ਹਾਂ ਮੁੱਲਾਂ ਦੀ ਕੀ ਗੱਲ ਕਰੀਏ ਉਹ ਤੇਰਾ ਹੈ ਇਹ ਮੇਰਾ ਹੈ ਐਵੇਂ ਨਾ ਅਸੀਂ ਉਲ਼ਝੀ ਜਾਈਏ ਮਜ਼੍ਹਬਾਂ ਦੀ ਅਸੀਂ ਲੀਕ ਮਿਟਾ ਕੇ ਮਾਨਵਤਾ ਦੀ ਇਕ ਗੱਲ ਕਰੀਏ ਆ ਸੱਜਣਾ ਚੱਜ ਦੀ ਗੱਲ ਕਰੀਏ ਹੌਕੇ ਹੰਝੂ ਹੋਰ ਨਾ ਹੋਵਣ ਐਸੇ ਜੀਵਨ ਪੱਖ ਦੀ ਗੱਲ ਕਰੀਏ ਆ ਸੱਜਣਾ ਚੱਜ ਦੀ ਗੱਲ ਕਰੀਏ।

ਸੰਪੂਰਣ

ਸਖੀਉ ਨੀ ਮੈਂ ਅੱਜ ਸੰਪੂਰਣ ਹੋਈ ਨਾ ਕੋਈ ਗ਼ਮ ਹੈ ਬੀਤੇ ਕਲ੍ਹ ਦਾ ਨਾ ਹੀ ਅੱਜ ਤੋਂ ਸ਼ਿਕਵਾ ਕੋਈ ਸਖੀਉ ਨੀ ਮੈਂ ਅੱਜ ਸੰਪੂਰਣ ਹੋਈ ਮਨ ਆਪਣੇ ਤੋਂ ‘ਮੈਂ’ ਹਟਾ ਕੇ ਤੂੰ ਹੀ ਤੂੰ ਦੇ ਰਸਤੇ ਹੋਈ ਸਖੀਉ ਨੀ ਮੈਂ ਕੂਕ ਸੁਣਾਵਾਂ ਮਾਹੀ ਦਿਲ ਦੇ ਅੰਦਰ ਵਸਿਆ ਮੈਂ ਫੁੱਲਾਂ ਤੋਂ ਹੌਲ਼ੀ ਹੋਈ ਸਖੀਉ ਨੀ ਮੈਂ ਅੱਜ ਸੰਪੂਰਣ ਹੋਈ ਸੱਤ ਰੰਗੀ ਨੀ ਪੀਂਘ ਸਜਾ ਕੇ ਮੈਂ ਅੰਬਰਾਂ ਦੇ ਵੱਲ ਨੂੰ ਹੋਈ ਬਦਲਾਂ ਦੇ ਉਹਲੇ ਮੇਰਾ ਵਾਸਾ ਚੰਨ ਨਾਲ਼ ਖੇਡਾਂ ਲੁਕਣ ਮੀਚੋਈ ਸਖੀਉ ਨੀ ਮੈਂ ਅੱਜ ਸੰਪੂਰਣ ਹੋਈ

ਇੰਤਜ਼ਾਰ

ਜਦ ਹੈ ਹੀ ਨਹੀਂ ਤੂੰ ਨਾਲ਼ ਮੇਰੇ ਤੇਰਾ ਇੰਤਜ਼ਾਰ ਕਿਉਂ ਹੈ? ਮਿਲ਼ ਕੇ ਵਿਛੜੇ ਇਸ ਤਰ੍ਹਾਂ ਹੋਰ ਵੀ ਕੋਲ਼ੇ ਹੋ ਗਏ ਦੁਨੀਆ ਭਰ ਦੇ ਝਗੜੇ ਝੇੜੇ ਸਭ ਤੋਂ ਵਿਹਲੇ ਹੋ ਗਏ ਛਲ ਗਿਆ ਹੈ ਤੂੰ ਇਸ ਤਰ੍ਹਾਂ ਮੈਂ ਬੇਵਸ ਵੇਖੀ ਗਈ ਦਿਲ ਤਾਂ ਉਹ ਮੇਰਾ ਹੀ ਸੀ ਹੁਣ ਬੇਇਖ਼ਤਿਆਰ ਕਿਉਂ ਹੈ? ਇਉਂ ਬੇਬਸ ਹੋਈਆਂ ਕਿਉਂ ਹਸਰਤਾਂ ਕਿਉਂ ਰੂਹ ਉੱਡੀ ਕਲਬੂਤ ’ਚੋਂ ਜਾਣ ਕੇ ਵੀ ਹਾਲ ਮੇਰਾ ਬਣਿਆਂ ਅਣਜਾਣ ਕਿਉਂ ਹੈਂ? ਪਤਾ ਸੀ ਜਦ ਇਸ ਸਫ਼ਰ ਦੀ ਮੰਜ਼ਲ ਕੋਈ ਹੈ ਨਹੀਂ ਫਿਰ ਚੈਨ ਗੁਆ ਕੇ ਆਪਣਾ ਦਿਲ ਬੇਕਰਾਰ ਕਿਉਂ ਹੈ? ਬਿਰਹੋਂ ਜ਼ਫ਼ਰ ਨੂੰ ਜਾਲਣਾ ਫ਼ਿਤਰਤ ਰਹੀ ਹੈ ਇਸ਼ਕ ਦੀ ਆਪਣੇ ਇਸ ਅੰਜਾਮ ਤੇ ਦਿਲ ਜ਼ਾਰ ਜ਼ਾਰ ਕਿਉਂ ਹੈ? ਨਕਲੀ ਗੁਲਾਬ ਦੀ ਤਾਂ ਉਹ ਮਹਿਕ ਸੀ ਰੂਹ ਵਿਚ ਰਚੀ ਕਿਸ ਤਰ੍ਹਾਂ? ਜਾਣ ਕੇ ਵੀ ਇਹ ਜੀਅ ਮੇਰਾ ਬਣਿਆਂ ਨਦਾਨ ਕਿਉਂ ਹੈ? ਜੇ ਹੈ ਹੀ ਨਹੀਂ ਤੂੰ ਨਾਲ਼ ਮੇਰੇ ਤੇਰਾ ਇੰਤਜ਼ਾਰ ਕਿਉਂ ਹੈ?

ਸੁਆਲ

ਜੇ ਹੋਏ ਮੇਰੇ ਕੋਲ਼ ਤੇ ਕਰਾਂ ਇਕ ਸਵਾਲ ਤੈਨੂੰ ਹੋਇਆ ਕੀ ਗੁਨਾਹ ਮੈਥੋਂ ਕੀਤਾ ਈ ਖੁਆਰ ਮੈਨੂੰ ਦੇ ਦੇ ਲੱਖਾਂ ਨੇਹਮਤਾਂ ਭੋਗਣ ਤੋਂ ਵਰਜ ਦਿੱਤਾ ਹੱਕਾਂ ਦੀ ਕੁੰਜੀ ਖੁੱਸ ਗਈ ਫ਼ਰਜ਼ਾਂ ਦਾ ਖ਼ੂਬ ਦਾਜ ਦਿੱਤਾ ਦਰਦਾਂ ਦਾ ਵਣਜ ਖੇਡ ਗਏ ਜਿਹਨਾਂ ਸਜਣਾਂ ਦਾ ਸਾਥ ਦਿੱਤਾ ਖਿੜੇ ਸਨ ਤੇਰੇ ਚਮਨ ਵਿਚ ਗੁਲਾਬ ਹੀ ਗੁਲਾਬ ਪਰ ਸਾਨੂੰ ਕਿਉਂ ਓਇ ਡਾਢਿਆ ਤੂੰ ਕੰਡਿਆਂ ਦਾ ਬਾਗ਼ ਦਿੱਤਾ ਹੋਏ ਲਹੂ ਲੁਹਾਣ ਅਸੀਂ ਹਰ ਇਕ ਛੋਹ ਦੇ ਨਾਲ਼ ਨਾਲ਼ ਮੂਲ਼ੋਂ ਵਿਸਾਰ ਛੱਡਿਆ ਈ ਹਰ ਸਾਹ ਤੂੰ ਉਧਾਰ ਦਿੱਤਾ ਹੁਣ ਤਾਂ ਦੱਸ ਦੇ ਸੱਜਣਾ ਵੇ ਕਿੰਨਾ ਕੁ ਲੇਖਾ ਰਹਿ ਗਿਆ ਕਿੰਨਾ ਕੁ ਅਸਾਂ ਤਾਰ ਦਿੱਤਾ

ਹਾਸੇ

ਕਿੱਥੇ ਤਾ ਰੱਖਾਂ ਨੀ ਮੈਂ ਹਾਸੇ ਲੁਕੋ ਕੇ ਮਾਏ ਬੁਲ੍ਹਾਂ ਦੇ ਰੰਗ ਸੂਹੇ ਹੋ ਨੀ ਅੰਮੜੀਏ ਕਿੱਥੇ ਰੱਖਾਂ ਨੀ ਮੈਂ ਲੁਕੋ ਚਿੱਟਿਆਂ ਦੰਦਾ ’ਚੋਂ ਹਾਸਾ ਹੋ ਹੋ ਫੁੱਲ ਝਰੇ ਪੈਂਦੀ ਕਲੇਜੇ ਮੇਰੇ ਖੋਹ ਨੀ ਅੰਮੜੀਏ ਕਿੱਥੇ ਰੱਖਾਂ ਨੀ ਮੈਂ ਲੁਕੋ ਕਿੱਥੇ ਤਾਂ ਕੱਜਾਂ ਨੀ ਮੈਂ ਚਸ਼ਮਾ ਇਹ ਨੂਰਾਂ ਵਾਲ਼ਾ ਕਿੱਥੇ ਲੁਕਾਵਾਂ ਇਹਦੀ ਲੋਅ ਨੀ ਅੰੜੀਏ ਕਿੱਥੇ ਲੁਕਾਵਾ ਇਹਦੀ ਲੋਅ ਲੁਕਾਇਆ ਇਹ ਭੇਦ ਸੀ ਜੋ ਆਪਣੇ ਮੈਂ ਜੀਅ ਦੇ ਅੰਦਰ ਫੁੱਟ ਫੁੱਟ ਪੈਂਦਾ ਬਾਹਰ ਹੋ ਨੀ ਅੰਮੜੀਏ ਲਿਆ ਹੈ ਚੈਨ ਇਸ ਖੋਹ ਨੀ ਅੰਮੜੀਏ ਕਿੱਵੇਂ ਰੱਖਾਂ ਨੀ ਮੈਂ ਲੁਕੋ ਕੁਛ ਤਾਂ ਬੋਲ ਅੜੀਏ ਦੇ ਦੇ ਧਰਵਾਸਾ ਕੋਈ ਵੱਖਰੀ ਨਾ ਜਾਵੇ ਜੱਗੋਂ ਹੋ ਨੀ ਅੰਮੜੀਏ ਜੀਵਾਂ ਤਾਂ ਜੀਵਾ ਕਿਵੇਂ ਹੋ ਨੀ ਅੰਮੜੀਏ ਕਿੱਥੇ ਰੱਖਾਂ ਨੀ ਮੈਂ ਲੁਕੋ

ਜਿੰਦ

ਨਾ ਨੀ ਜਿੰਦੇ ਇੰਜ ਬਣ ਨਾ ਪ੍ਰਾਹੁਣੀ ਕਿਸੇ ਨਾ ਤੇਰੀ ਇਹ ਰੀਝ ਪੁਗਾਉਣੀ ਤੂੰ ਆਪੇ ਉੱਠ ਤੁਰਨਾ ਅੱਗੇ ਨੂੰ ਵਧਣਾ ਆਪੇ ਹੀ ਸ਼ਗਨ ਮਨਾ ਅੜੀਏ ਭੋਰਾ ਤਾਂ ਚਿੱਤ ਪਰਚਾ ਅੜੀਏ ਮੰਨਿਆਂ ਤਨਹਾ ਸਫ਼ਰ ਹੈ ਤੇਰਾ ਕਾਲ਼ੀ ਬੋਲ਼ੀ ਰਾਤ ਡਰਾਵੇ ਇੰਝ ਨਾ ਡਰ ਜਾਵੀਂ ਐਵੇਂ ਨਾ ਮਰ ਜਾਵੀਂ ਕੋਈ ਸਵੇਰਾ ਨਵਾਂ ਜਗਾ ਅੜੀਏ ਕੋਈ ਮਿਠੜਾ ਗੀਤ ਸੁਣਾ ਅੜੀਏ

ਗੀਤ

ਇਕ ਜਿੰਦ ਮੇਰੀ ਟੰਗੀ ਸੂਲ਼ੀ ਰੂਹ ਮੇਰੀ ਨੂੰ ਲਾਇਆ ਫਾਹੀ ਹਾਇ ਓਇ ਰੱਬਾ ਮੇਰਿਆ ਦੁਹਾਈ ਵੇ ਦੁਹਾਈ ਕਿਹਨੂੰ ਦੁੱਖ ਦੱਸਾਂ ਨੀ ਮੈਂ ਕਿੰਜ ਕੂਕ ਸੁਣਾਵਾਂ ਡਾਰੋਂ ਵਿਛੜੀ ਮੈਂ ਕੂੰਜ ਕੁਰਲਾਵਾਂ ਬੁੱਤ ਘੜਿਆ ਕਰਮ ਕਿਉਂ ਖੋਟੇ ਤੇਰੀਆਂ ਲਿਖੀਆਂ ਨੂੰ ਹੋਰ ਕੌਣ ਮੇਟੇ ਜਗ ਦੀਆ ਹੁੱਝਾਂ ਤੌਬਾ ਕਰਵਾਈ ਹਾਇ ਓਇ ਮੇਰੇ ਡਾਢਿਆ ਦੁਹਾਈ ਵੇ ਦੁਹਾਈ ਨੈਣ ਪਏ ਬਰਸਨ ਸੱਧਰਾਂ ਤਰਸਣ ਕੋਈ ਨਾ ਘੜੀ ਹਾਇ ਸੁੱਖ ਦੀ ਆਈ ਵੇਰੀ ਹੋਇਆ ਜੱਗ ਸਾਰਾ ਬਦਲੀ ਲੁਕਾਈ ਹਾਇ ਓਇ ਮੇਰੇ ਡਾਢਿਆ ਦੁਹਾਈ ਵੇ ਦੁਹਾਈ ਤਪੀ ਜਾਵੇ ਲੂੰ ਲੂੰ ਮੇਰਾ ਜਿੰਦ ਕੁਮਲਾਈ ਮੇਰੇ ਲਈ ਕਿਉਂ ਨਾ ਅੜਿਆ ਠੰਡੀ ਛਾਂ ਬਣਾਈ ਵਾਸਤਾ ਹੈ ਤੈਨੂੰ ਰੱਬਾ ਦੇਈਂ ਜਾ ਦਿਲਾਸਾ ਕੋਈ ਰੱਖ ਲਈਂ ਤੂੰ ਮਨ ਮੇਰਾ ਜਗ ਤੇਰੇ ਆਈ ਹਾਇ ਓਇ ਮੇਰੇ ਡਾਢਿਆ ਦੁਹਾਈ ਵੇ ਦੁਹਾਈ

ਬਾਬਲ

ਐਵੇਂ ਨਾ ਘਬਰਾਈਂ ਬਾਬਲ ਚਿੱਤ ਨਾ ਡੁਲਾਈਂ ਬਾਬਲ ਪੁੱਤਾਂ ਨਾਲੋਂ ਵੱਧ ਤੇਰਾ ਕਰਾਂਗੀ ਖਿਆਲ ਬਾਬਲ ਨਾ ਹੀ ਸਦਾ ਰਹਿਣਾ ਬਣ ਕੇ ਚਿੜੀਆਂ ਦਾ ਚੰਬਾ ਬਾਬਲ ਨਾ ਹੀ ਬਣਨਾ ਹੋਰ ਗਊਆਂ ਦੀ ਡਾਰ ਬਾਬਲ ਦਾਜ ਦੀ ਬਲੀ ਨਾ ਚੜ੍ਹੀਏ ਹੁਣ ਅਸੀਂ ਜਿਉਂਦੇ ਜੀਅ ਨਾ ਮਰੀਏ ਹੁਣ ਅਸੀਂ ਹਿੰਮਤ ਤੇ ਦਲੇਰੀ ਨਾਲ ਜਿਉਣਾ ਸਿੱਖ ਕੇ ਅਰਸ਼ਾਂ ਤਕ ਪੀਘਾਂ ਪਾਵਾਗੀਆਂ ਪੜ੍ਹ ਲਿਖ ਕੇ ਮਿਹਨਤ ਤੇ ਹਿੰਮਤ ਨਾਲ਼ ਮਾਣ ਤੇਰਾ ਬਾਬਲ ਹੋਰ ਵਧਾਵਾਂਗੀਆਂ ਸ਼ੀਸ਼ੇ ਪੱਖੀਆਂ ਨੂੰ ਲਾਉਣ ਦੀ ਹੁਣ ਰੀਝ ਛੱਡ ਕੇ ਚੰਨ ਤਾਰੇ ਅਸੀਂ ਮੜ੍ਹਨਾ ਚਾਹੀਏ ਰੇਸ਼ਮ ਦੇ ਧਾਗਿਆਂ ’ਚ ਅਸੀਂ ਰਹੀਆਂ ਉਲ਼ਝੀਆਂ ਤੰਦਾਂ ਜ਼ਿੰਦਗੀ ਦੀਆਂ ਹੁਣ ਰੋਜ਼ ਸੁਲ਼ਝਾਈਏ-- ਐਵੇਂ ਨਾ ਘਬਰਾਈਂ ਬਾਬਲ ਜੰਮਣ ਦਾ ਹੱਕ ਦੇਈਂ ਬਾਬਲ ਤੇਰੇ ਮਹਿਲਾਂ ਨੂੰ ਹੋਰ ਰੁਸ਼ਨਾਵਾਂਗੀਆਂ ਤੇਰਾ ਮਾਣ ਜੱਗ ਤੇ ਅਸੀਂ ਪੁੱਤਰਾਂ ਤੋਂ ਵੱਧ ਦੁਆਵਾਂਗੀਆਂ--- ਐਵੇਂ ਨਾ ਘਬਰਾਈਂ ਬਾਬਲ ਚਿੱਤ ਨਾ ਡੁਲਾਈਂ ਬਾਬਲ ਪੁੱਤਰਾਂ ਤੋਂ ਵੱਧ ਤੇਰਾ ਰੱਖਾਂਗੀਆਂ ਖਿਆਲ ਵੇ ਹੋਰ ਨਾ ਰਹਿਣਾ ਅਸੀਂ ਚਿੜੀਆਂ ਦਾ ਚੰਬਾ ਬਣ ਬਣ ਨਾ ਹੀ ਬਣਨਾ ਚਾਹੀਏ ਗਊਆਂ ਦੀ ਡਾਰ ਵੇ----

ਤਲਾਸ਼

ਇਕ ਦਰਦ ਜੋ ਅਜੇ ਟੁੰਬਦਾ ਹੈ ਇਕ ਅਹਿਸਾਸ ਜੋ ਅਜੇ ਫੁਰਨਾ ਹੇ ਇਕ ਤਲਾਸ਼ ਜੋ ਅਜੇ ਬਾਕੀ ਹੈ ਇਕ ਪੈਂਡਾ ਜੋ ਅਜੇ ਤੁਰਨਾ ਹੈ ਮੇਰੀ ਮੰਜ਼ਿਲ ਤੂੰ ਕਿੱਥੇ ਕੁ ਹੈਂ? ਪਤਾ ਨਹੀਂ ਉਹ ਕਿਹੜਾਂ ਮੋਤੀ ਕਿਹੜਾ ਉਹ ਨਾਯਾਬ ਹੀਰਾ ਤਿਲਕਿਆ ਉਹ ਮੇਰੇ ਹੱਥੋਂ ਖੌਰੇ ਕਿਹੜੇ ਜਨਮ ਡੂੰਘੇ ਪਾਣੀਆਂ ਜਾ ਲੱਥਾ ਮੇਰੀ ਨਿਰੰਤਰ ਦੀ ਪਿਆਸ ਮੈਨੂੰ ਕਿਸ ਰਾਹ ਦੀ ਤਲਾਸ਼ ਮੇਰੀ ਮੰਜ਼ਿਲ ਤੂੰ ਕਿੱਥੇ ਕੁ ਹੈਂ? ਲੱਖ ਸਮੁੰਦਰ ਮੈਂ ਅੰਦਰ ਡਕ ਲਏ ਲੱਖਾਂ ਹੀ ਤੂਫਾਨ ਮੈਂ ਸਹਿਜੇ ਹੀ ਜਰ ਲਏ ਕਰੋੜਾਂ ਲਹਿਰਾਂ ਦੀ ਮੈਂ ਹਿੱਕ ਤੇ ਸਵਾਰ ਹੋਈ ਡੱਕੇ ਡੋਲ਼ੇ ਖਾਦੀ ਮੇਰੀ ਇਹ ਜੀਵਨ ਬੇੜੀ ਕਿੰਨੀ ਵਾਰ ਕੰਢੇ ਲੱਗੀ ਤੇ ਫਿਰ ਸਫਰ ਲਈ ਤਿਆਰ ਹੋਈ ਮੇਰੀ ਮੰਜ਼ਿਲ ਤੂੰ ਕਿੱਥੇ ਹੈਂ? ਯਾਦਾਂ ਦੀ ਭੱਠੀ ਵਿਚ ਭੁੱਜ ਕੇ ਵੇਖ ਲਿਆ ਬਿਰਹੋਂ ਦੀ ਅਗਨੀ ਵਿਚ ਭੁੱਜ ਭੁੱਜ ਰੋੜ ਹੋਈ ਤੇਰੀ ਤਾਂਘ ਵਿਚ ਹੀ ਤਮਾਮ ਉਮਰ ਰਹੀ ਮੈਂ ਸਫ਼ਰ ਕਰਦੀ ਮੇਰੀ ਮੰਜ਼ਿਲ ਤੂੰ ਭਲਾ ਕਿੱਥੇ ਕੁ ਹੈ?

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ