Mahan Naach : Bawa Balwant

ਮਹਾਂ ਨਾਚ : ਬਾਵਾ ਬਲਵੰਤ

1. ਤੇਰਾ ਮੇਲ

ਤੇਰਾ ਮੇਲ ਕੋਈ ਜਜ਼ਬਾ ਪੁਕਾਰਦਾ ਰਿਹਾ,
ਫੂਕਾਂ ਸੌਂਕ ਦੀ ਚਿਣਗ ਤਾਈਂ ਮਾਰਦਾ ਰਿਹਾ ।
ਤਦੇ ਪਹੁੰਚਿਆ ਹੈ ਦਿਲ ਤੇਰੀ ਟੀਸਿਆਂ ਤੇ,
ਜਾਣ ਜਾਣ ਕੇ ਜੋ ਬਾਜ਼ੀਆ ਨੂ ਹਾਰਦਾ ਰਿਹਾ-
ਫੂਕਾਂ ਸੌਂਕ ਦੀ ਚਿਣਗ ਤਾਈਂ ਮਾਰਦਾ ਰਿਹਾ ।

ਸ਼ੌਕ ਤੋੜ ਲੰਘਿਆ ਕੋਟ ਆਫ਼ਤਾਂ ਦੇ,
ਸਮਾਂ ਸੂਝ ਦੀਆਂ ਛੁਰੀਆਂ ਉਲਰਦਾ ਰਿਹਾ ।
ਇਹ ਫ਼ਲਸਫ਼ਾ ਖ਼ਿਆਲੀ ਬਿਨਾ ਜਿੰਦ ਜਾਨ ਤੋਂ
ਬੇੜੇ ਡੋਬਦਾ ਰਿਹਾ, ਇਸਕ ਤਾਰਦਾ ਰਿਹਾ;
ਤੇਰੇ ਤਾਰੂਆਂ ਨੂੰ ਭੈ ਨਾ ਸੰਸਾਰ ਦਾ ਰਿਹਾ-
ਤੇਰਾ ਮੇਲ ਕੋਈ ਜਜ਼ਬਾ ਪੁਕਾਰਦਾ ਰਿਹਾ ।

ਦੇਖ ਸਾਗਰ ਅਸਗਾਹ ਇਲਮ ਹੋਸ਼ ਭੁੱਲਿਆ,
ਦੂਰ ਦੂਰ ਤੱਦੇ ਜੱਗ ਨੂੰ ਖਲ੍ਹਾਰਦਾ ਰਿਹਾ ।
ਉਹ ਹੈ ਮੌਤ, ਨਹੀਂ ਜ਼ਿੰਦਗੀ ਦੇ ਨਾਚ ਦਾ ਨਸ਼ਾ,
ਜਿਹੜਾ ਅਜ਼ਲ ਦੇ ਸਰੂਰ ਨੂ ਉਤਾਰਦਾ ਰਿਹਾ,
ਜਿਹੜਾ ਅਜ਼ਲ ਦੇ ਸਰੂਰ ਨੂ ਉਤਾਰਦਾ ਰਿਹਾ,
ਉਹ ਤਾਂ ਸਿੱਪੀਆਂ 'ਚ ਮੋਤੀਆਂ ਨੂੰ ਮਾਰਦਾ ਰਿਹਾ ।

ਜਦੋਂ ਹੋਸ਼ ਨੂੰ ਭੀ ਹੋਸ਼ ਦਾ ਖ਼ਿਆਲ ਭੁਲਿਆ,
ਆਣ ਅਰਸ਼ਾਂ ਤੋਂ ਜ਼ਿੰਦਗੀ ਤੇ ਨੂਰ ਡੁਲ੍ਹਿਆ;
ਐਸਾ ਆਪਣੇ 'ਚੋਂ ਆਪਣੇ ਦਾ ਦਰ ਖੁਲ੍ਹਿਆ,
ਦਿਲ 'ਖ਼ੂਬ! ਖ਼ੂਬ! ਖ਼ੂਬ!' ਹੀ ਉਚਾਰਦਾ ਰਿਹਾ ।
ਪਾਂਧੀ ਸ਼ੌਕ ਦਾ ਸਰਵ-ਤਮ ਪਾਰ ਹੋ ਗਿਆ,
ਦਿਨ ਕੰਢਿਆਂ ਤੇ ਕੱਪੜੇ ਉਤਾਰਦਾ ਰਿਹਾ ।

ਉਹ ਨਾਕਾਮ ਭੀ ਹੈ ਚੰਗਾ ਕਾਮਯਾਬ ਦਿਲ ਤੋਂ,
ਫੂਕਾਂ ਸ਼ੌਕ ਦੀ ਚਿਣਗ ਨੂੰ ਜੋ ਮਾਰਦਾ ਰਿਹਾ ।
ਤੇਰਾ ਮੇਲ ਕੋਈ ਜਜ਼ਬਾ ਪੁਕਾਰਦਾ ਰਿਹਾ !

2. ਬਾਗ਼ੀ

ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਆਕੀ, ਮੈਂ ਆਕੀ;
ਮੈਂ ਇਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ ।
ਮੈਂ ਦੁਨੀਆਂ ਦੀ ਹਰ ਇਕ ਬਗ਼ਾਵਤ ਦਾ ਬਾਨੀ,
ਮੈਂ ਹਰਕਤ, ਮੈਂ ਸੱਤਾ, ਮੈਂ ਚੇਤਨ ਜਵਾਨੀ ।
ਮੈਂ ਪਾਰੇ ਦਾ ਦਿਲ ਹਾਂ, ਮੈਂ ਛੱਲਾਂ ਦਾ ਹਿਰਦਾ;
ਪਹਾੜਾਂ ਦਾ ਦਿਲ ਮੇਰੇ ਨਾਹਰੇ ਤੋਂ ਘਿਰਦਾ ।
ਮੇਰੇ ਸਾਹਮਣੇ ਕੀ ਹੈ ਜ਼ਾਲਮ ਦਾ ਟੋਲਾ;
ਮੈਂ ਪਰਚੰਡ ਅਗਨੀ, ਮੈਂ ਬੇਰੋਕ ਸ਼ੁਹਲਾ ।
ਇਹ ਧੁੰਦਲੇ, ਇਹ ਮਿਟਦੇ, ਪੁਰਾਣੇ ਨਜ਼ਾਰੇ,
ਇਹ ਫਿੱਕਾ ਜਿਹਾ ਚੰਨ, ਇਹ ਬੇ-ਚਮਕ ਤਾਰੇ ।
ਮੈਂ ਸੂਰਜ ਦਾ ਬਦਲਾਂਗਾ ਹਰ ਪਹਿਲਾ ਕਾਇਦਾ-
ਨਵਾਂ ਦਿਨ, ਨਵੀਂ ਰਾਤ ਹੋਵੇਗੀ ਪੈਦਾ ।
ਮੈਂ ਅੰਬਰ ਦਾ ਪੋਲਾ ਜਿਹਾ ਚੀਰ ਸੀਨਾ,
ਤੇ ਦੁਨੀਆਂ ਨੂੰ ਦੱਸਾਂਗਾ ਕੀ ਸ਼ੈ ਹੈ ਜੀਣਾ ।
ਮੈਂ ਬਦਲੀ ਦਾ ਅਵਤਾਰ, ਬਦਲੀ ਦਾ ਰਾਗੀ;
ਮੈਂ ਆਕੀ, ਮੈਂ ਆਕੀ, ਮੈਂ ਬਾਗ਼ੀ, ਮੈਂ ਬਾਗ਼ੀ ।

ਮੇਰੀ ਖੇਡ ਨੂੰ ਤੰਗ ਹੈ ਇਹ ਜ਼ਮਾਨਾ,
ਮੇਰੀ ਖੇਡ ਤੋਂ ਦੰਗ ਹੈ ਇਹ ਜ਼ਮਾਨਾ ।
ਮੈਂ ਕਰਦਾ ਰਿਹਾ ਹਾਂ, ਇਹੋ ਮੇਰੀ ਆਦਤ,
ਹਯਾਤੀ ਦੇ ਸਭ ਪਹਿਲੂਆਂ ਵਿਚ ਬਗ਼ਾਵਤ ।
ਤਬਾਹੀ ਦੀ ਬਣ ਕੇ ਤਬਾਹੀ ਮੈਂ ਆਵਾਂ;
ਜੋ ਖ਼ਲਕਤ ਮੁਕਾਵੇ, ਮੈਂ ਉਸ ਨੂੰ ਮੁਕਾਵਾਂ ।
ਮੈਂ ਨੀਰੋ ਦਾ ਦੁਸ਼ਮਣ, ਮੈਂ ਕਾਰੂੰ ਦਾ ਵੈਰੀ,
ਮੈਂ ਇਨ੍ਹਾਂ ਲਈ ਅਯਦਹਾ, ਨਾਗ ਜ਼ਹਿਰੀ ।
ਮੇਰੇ ਡਰ ਤੋਂ ਦੁਨੀਆਂ ਦੇ ਡਰ ਨੱਸਦੇ ਨੇ;
ਮੇਰੀ ਮੁਸਕ੍ਰਾਹਟ 'ਚ ਜਗ ਵਸਦੇ ਨੇ ।
ਮੇਰੀ ਨਜ਼ਰ ਵੈਰਾਂ ਨੂੰ ਕਾਲੀ ਦਾ ਖੰਡਾ;
ਮੈਂ ਪੁਟਦਾ ਹਾਂ ਪਲ ਵਿਚ ਗ਼ਰੂਰਾਂ ਦਾ ਝੰਡਾ ।
ਬਗ਼ਾਵਤ ਦਾ ਜ਼ੱਰਾ ਜਹਾਨਾਂ ਤੇ ਭਾਰੂ;
ਮੇਰਾ ਕਤਰਾ ਕਤਰਾ ਤੁਫ਼ਾਨਾਂ ਤੇ ਭਾਰੂ ।
ਮੇਰਾ ਬੋਲ ਸ਼ਾਹਾਂ ਦੇ ਸੀਨੇ 'ਚ ਨੇਜ਼ਾ;
ਮੇਰੀ ਗਰਜ ਤੋਂ ਕੋਟ ਹਨ ਰੇਜ਼ਾ ਰੇਜ਼ਾ ।
ਮੈਂ ਕੁਤਬਾਂ ਨੂੰ ਜਾ ਜਾ ਕੇ ਗਰਮਾ ਦਿਆਂਗਾ;
ਮੈਂ ਭੋਂ ਨਾਲ ਅੰਬਰ ਨੂੰ ਟਕਰਾ ਦਿਆਂਗਾ !
ਮੇਰਾ ਹੁਕਮ ਸੁਣਕੇ ਮੋਈ ਦੁਨੀਆਂ ਜਾਗੀ;
ਮੈਂ ਆਕੀ, ਮੈਂ ਆਕੀ, ਮੈਂ ਬਾਗ਼ੀ, ਮੈਂ ਬਾਗ਼ੀ ।

ਮੇਰੇ ਜੀ 'ਚ ਜੋ ਕੁਝ ਭੀ ਆਏ ਕਰਾਂਗਾ;
ਮੈਂ ਗ਼ਮ ਤੇ ਖ਼ੁਸ਼ੀ ਦੇ ਸਮੁੰਦਰ ਤਰਾਂਗਾ ।
ਗ਼ੁਲਾਮੀ ਦੀ ਹਰ ਤਾਰ, ਹਰ ਸਾਜ਼ ਮੁਰਦਾ;
ਗ਼ੁਲਾਮੀ ਦਾ ਹਰ ਤਖ਼ਤ, ਹਰ ਤਾਜ ਮੁਰਦਾ ।
ਇਹ ਖ਼ੁਦਗ਼ਰਜ਼ ਮੰਦਰ, ਇਹ ਲੋਭੀ ਦਿਓਤੇ;
ਇਹ ਦੌਲਤ ਦੇ ਪੂਜਕ, ਇਹ ਕਾਰੂੰ ਦੇ ਪੋਤੇ ।
ਇਹ ਮੱਥੇ ਦੇ ਵੱਟਾਂ ਦੇ ਮੂਸਲ, ਇਹ ਸਾੜੇ,
ਇਹ ਚੜ੍ਹਦੇ ਹੋਏ ਨੱਕ ਤਿਖੇ ਕੁਹਾੜੇ ।
ਮਸੰਦਾਂ ਦੀ ਮਜਲਸ ਸ਼ਰਾਰਤ ਦੀ ਮਹਿਫ਼ਲ,
ਮੈਂ ਇਨ੍ਹਾਂ ਦੀ ਦੁਨੀਆਂ 'ਚ ਪਾਵਾਂਗਾ ਹਲਚਲ ।
ਮੈਂ ਇਨ੍ਹਾਂ ਲਈ ਬਣ ਕੇ ਭੂਚਾਲ ਆਵਾਂ;
ਇਹ ਡਿੱਗਣ, ਮੈਂ ਅੰਬਰ ਤੋਂ ਲੱਖ ਬਿਜਲੀ ਪਾਵਾਂ ।
ਮੈਂ ਲਾਸਾ, ਮੈਂ ਭਾਬੜ, ਮੈਂ ਅਣਬੁਝ ਜਵਾਲਾ;
ਮੈਂ ਜ਼ਾਲਮ ਲਈ ਮੌਤ ਵਿਚ ਬੁਝਿਆ ਭਾਲਾ ।
ਮੈਂ ਉਹ ਬਾਣ ਜੈਦਰਥ ਲਈ ਜੋ ਸੀ ਤਣਿਆਂ;
ਮੈਂ ਉਹ ਤੀਰ ਜੋ ਕ੍ਰਿਸ਼ਨ ਦੀ ਮੌਤ ਬਣਿਆਂ ।
ਮੇਰੇ ਸਾਹਮਣੇ ਹੇਚ ਹੈ ਸਭ ਚਲਾਕੀ;
ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਆਕੀ, ਮੈਂ ਆਕੀ ।

ਮੈਂ ਇਕ ਇਨਕਲਾਬੀ ਖ਼ੁਦਾ ਹਾਂ, ਖ਼ੁਦਾ ਹਾਂ;
ਮੈਂ ਹਰ ਗ਼ਦਰ ਦੇ ਭੁੜਕਵੇਂ ਦਿਲ ਦਾ ਚਾ ਹਾਂ ।
ਮੈਂ ਨਚਦਾ ਹਾਂ ਪਰ ਅਪਣੇ ਤਾਲਾਂ ਤੇ ਹਰਦਮ;
ਮੈਂ ਨਿਰਭੈ, ਮੈਂ ਬੇ-ਖ਼ੌਫ਼, ਨਿਸਚਿੰਤ, ਬੇ-ਗ਼ਮ ।
ਮੇਰਾ ਕੰਮ ਹਰ ਦਿਲ ਨੂੰ ਆਜ਼ਾਦ ਕਰਨਾ,
ਤੇ ਹਰ ਆਸ ਦਾ ਬਾਗ਼ ਆਬਾਦ ਕਰਨਾ ।
ਮੇਰਾ ਇਕ ਇਸ਼ਾਰਾ ਜ਼ਮੀਨਾਂ ਉਥੱਲੇ;
ਮੇਰੀ ਨਜ਼ਰ ਅੰਬਰ ਦੇ ਵਰਕੇ ਪਥੱਲੇ ।
ਮੇਰਾ ਹੁਕਮ ਸੁਣ ਕੇ ਸਮਾਂ ਚੱਲਦਾ ਏ,
ਮੇਰਾ ਰਾਗ ਸਾਰੀ ਫ਼ਜ਼ਾ ਮੱਲਦਾ ਏ ।
ਸ਼ਤਾਨਾਂ ਲਈ ਕਾਲ ਆਇਆ ਹਾਂ ਬਣ ਕੇ;
ਮਸੂਮਾਂ ਲਈ ਢਾਲ ਆਇਆ ਹਾਂ ਬਣ ਕੇ ।
ਮੈਂ ਹਰ ਥਾਂ ਨਵਾਂ ਯੁਗ ਵਰਤਾ ਦਿਆਂਗਾ;
ਮੈਂ ਇੱਟ ਨਾਲ ਇੱਟ 'ਹੁਣ' ਦੀ ਖੜਕਾ ਦਿਆਂਗਾ ।
ਮੇਰੇ ਸਾਹਮਣੇ ਕਲਗ਼ੀਆਂ, ਕਲਸ ਕੰਬਣ;
ਮੇਰੇ ਸਾਹਮਣੇ ਥੰਮ ਤਾਕਤ ਦੇ ਲਰਜ਼ਨ ।
ਮੈਂ ਸੀਨਾ ਹਾਂ ਇਕ ਖੋਜ ਭਰਿਆ ਕਪਲ ਦਾ;
ਮੈਂ ਇਕ ਮਰਦ ਕਾਮਲ ਹਾਂ ਦੁਨੀਆਂ ਦੇ ਵੱਲ ਦਾ ।
ਮੈਂ ਗੌਤਮ, ਮੈਂ ਰੂਸੋ, ਮੈਂ ਲੈਨਿਨ ਦੀ ਚਾਹਤ,
ਮੈਂ ਹਾਂ ਮਾਰਕਸ ਦੀ ਖ਼ੁਦਾਈ ਦੀ ਦੌਲਤ ।
ਮੇਰੇ ਨਾਂ ਤੋਂ ਕੰਬਣ ਪੈਗ਼ੰਬਰ, ਤਿਆਗੀ;
ਮੈਂ ਆਕੀ, ਮੈਂ ਆਕੀ, ਮੈਂ ਬਾਗ਼ੀ, ਮੈਂ ਬਾਗ਼ੀ ।

ਮੈਂ ਇਨਸਾਫ਼ ਦਾ ਦੇਵਤਾ ਸਭ ਦਾ ਸਾਂਝਾ;
ਮੈਂ ਅਣਥੱਕ ਪ੍ਰੇਮੀ, ਮੈਂ ਕੁਦਰਤ ਦਾ ਰਾਂਝਾ ।
ਮੈਂ ਫੁੱਲਾਂ ਤੇ ਕਲੀਆਂ ਨੂੰ ਦੇਂਦਾ ਹਾਂ ਖੇੜਾ;
ਜ਼ਮਾਨੇ ਦੀ ਰਗ ਰਗ 'ਚ ਹੈ ਮੇਰਾ ਗੇੜਾ ।
ਮੈਂ ਮੋਰਾਂ ਦੇ ਸੀਨੇ 'ਚ ਹਾਂ ਨਾਚ ਦਾ ਚਾਅ;
ਮੈਂ ਸ਼ਾਗਿਰਦ ਦੇ ਦਿਲ 'ਚ ਹਾਂ ਜਾਚ ਦਾ ਚਾਅ ।
ਮੈਂ ਹਰ ਕਾਢ ਦੇ ਰਾਹ 'ਚ ਰੋਸ਼ਨ ਸਤਾਰਾ,
ਮੇਰੀ ਰੋਸ਼ਨੀ ਦਾ ਦਿਲਾਂ ਵਿਚ ਖਿਲਾਰਾ ।
ਮੈਂ ਉਠਦੇ ਅਸਾਰਾਂ 'ਚ ਜਿੰਦ ਪਾਉਣ ਵਾਲਾ;
ਮੈਂ ਬਦਲੀ ਦੇ ਸੋਹਲੇ ਸਦਾ ਗਾਉਣ ਵਾਲਾ ।
ਕਦੀ ਭੀ ਕਿਸੇ ਤੋਂ ਨਹੀਂ ਹਾਰਿਆ ਮੈਂ;
"ਕਦੀ ਭੀ ਨਾ ਹਾਰਾਂਗਾ !" ਲਲਕਾਰਿਆ ਮੈਂ ।
ਮੈਂ ਇਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ ।
ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਆਕੀ, ਮੈਂ ਆਕੀ ।

3. ਸ਼ਾਮ ਦੀ ਲਾਲੀ

ਪਈ ਸ਼ਾਮ ਲੁਟਾਏ ਲਾਲੀ
ਪੀ ਪਰਿਵਰਤਨ-ਮਦ-ਪਿਆਲੀ;
ਕੁਦਰਤ ਦੀ ਅੱਖ ਸ਼ਰਾਬੀ
ਜ਼ਰਦਾਂ ਨੂੰ ਕਰੇ ਉਨਾਬੀ;
ਅਰਸ਼ਾਂ ਦੀ ਪੀਂਘ ਬਣੀ ਹੈ ਉਪਬਨ ਦੀ ਡਾਲੀ ਡਾਲੀ-
ਪਈ ਸ਼ਾਮ ਲੁਟਾਏ ਲਾਲੀ !

ਅੰਬਾਂ ਦੀਆਂ ਪਾਲਾਂ ਲੰਘ ਕੇ,
ਪਰ ਜਾਨਵਰਾਂ ਦੇ ਰੰਗ ਕੇ,
ਹੋ ਰੰਗ-ਬਰੰਗੇ ਸਾਏ,
ਨੱਚਦੇ ਪਾਣੀ ਤੇ ਆਏ;
ਹੋਇਆ ਇੰਜ ਗਹਿਰਾ ਪਾਣੀ
ਜਿਉਂ ਪਰ ਪਿਘਲੇ ਮੋਰਾਂ ਦੇ;
ਬਿਜਲੀ ਹੋ ਅਰਸ਼ ਦੀ ਠੰਢੀ ਹੈ ਆਣ ਵਿਛੀ ਰਾਹਾਂ ਤੇ;
ਕੇਸਰ ਹੋਈ ਹਰਿਆਲੀ-
ਪਈ ਸ਼ਾਮ ਲੁਟਾਏ ਲਾਲੀ !

ਹੇ ਦੇਵ-ਲੋਕ ਦੀ ਮਦਰਾ,
ਪਿਆਸਾ ਹੈ ਮੇਰਾ ਹਿਰਦਾ;
ਆ ਬਣ ਕੇ ਨਸ਼ਾ ਸਦੀਵੀ,
ਹਸਤੀ ਹੋ ਜਾਏ ਖੀਵੀ !
ਕੋਈ ਪਾਰ ਤੇਰੇ ਤੋਂ ਗਾਏ,
ਉਹ ਲੈ ਦਿਲ ਖਿਚਦੀ ਜਾਏ ।
ਕੀ ਰਾਗ ਦਾ ਜਾਦੂ ਹੈਂ ਤੂੰ ?
ਜੋ ਕੁਝ ਹੈਂ ਦਸ ਜਾ ਮੈਨੂੰ ।
ਹੇ ਰੰਗ-ਨਗਰ ਦੀ ਰਾਣੀ,
ਹੇ ਚੇਤਨ-ਵਿਸ਼ਵ-ਜਵਾਨੀ,
ਪੂਰਬ ਦੇ ਪੀਲੇ ਚਿਹਰੇ
ਬਣ ਜਾਣ ਨਿਸ਼ਾਨੇ ਤੇਰੇ;
ਆ ਚੜ੍ਹ ਜਾ ਦਿਲਾਂ ਤੇ ਆ ਕੇ,
ਮੁੜ ਜਾਵੀਂ ਜੋਤ ਜਗਾ ਕੇ !

-ਚਿਹਰੇ ਦਾ ਰੰਗ ਬਣਾਵਣ
ਇੰਜਣਾਂ ਦੀ ਰਾਖ ਬਦਲ ਕੇ,
ਤੂੰ ਨਿਤ ਦੇਖੇ ਹੋਵਣਗੇ
ਬਣ ਬਣ ਕੇ ਸਾਂਗ ਨਿਕਲਦੇ;
ਪੱਛਮ ਦੀ ਸੁਰਖ਼ੀ ਲਾਲੀ
ਲੱਖ ਸੂਰਤ ਪਈ ਸਜਾਏ,
ਦਿਲ ਮੇਰਾ ਕਦੀ ਨਾ ਖਿੱਚੇ,
ਨੈਣਾਂ ਨੂੰ ਕਦੇ ਨਾ ਭਾਏ-

ਹੇ ਨੂਰ ਦੀ ਲਾਲੀ ਆ ਜਾ,
ਜੀਵਨ ਮੇਰਾ ਪਲਟਾ ਜਾ,
ਧੁੰਦਲੇ ਨੂੰ ਲਾਲ ਬਣਾ ਜਾ !

4. ਜਦ ਪਿਆਰ ਹੋਇਆ

ਪੈਰਾਂ ਨੇ ਕਦ ਵੇਖੇ ਦੂਰ ਦੁਰੇਡੇ ?
ਕਦ ਘਬਰਾਏ ਦੇਖ ਦੇਖ ਰਾਹ ਟੇਢੇ ?
ਨਜ਼ਰ 'ਚ ਆਈਆਂ ਕਦ ਪਰਬਤ-ਦੀਵਾਰਾਂ ?
ਰੋਕ ਨਾ ਸਕੀਆਂ ਰਾਹ ਮੇਰਾ ਗੁਲਜ਼ਾਰਾਂ ।
ਜਦ ਤੂਫ਼ਾਨ ਲਿਆਇਆ ਤੱਤ-ਸਾਗਰ ਵਿਚ,
ਸ਼ੌਕ-ਮਿਲਾਪ ਵਸਾਇਆ ਮੌਤ-ਨਗਰ ਵਿਚ ।
ਤੂਫ਼ਾਨਾਂ ਸੰਗ ਬੰਨ੍ਹ ਕੇ ਜੀਵਨ-ਬੇੜੀ,
ਰੁੜ੍ਹਦਾ ਗਿਆ ਮੈਂ ਦੇਖ ਕੇ ਮਰਜ਼ੀ ਤੇਰੀ ।
ਖ਼ੂਬ ਅਨੰਦ ਲਿਆ ਤੇਰੇ ਬਿਸਮਲ ਨੇ,
ਕਦ ਹੋਵੇਗਾ ਮੇਲ ਨਾ ਪੁਛਿਆ ਦਿਲ ਨੇ,
ਪਿਆਰ 'ਚ ਪੁਛਣਾ ਪਾਪ ਨਫ਼ਾ ਨੁਕਸਾਨ ।

ਸੁਪਨ-ਸੁਨਹਿਰੀ ਮੇਰੇ ਬਣੇ ਮੁਹਾਣੇ,
ਲੰਘਦਾ ਗਿਆ ਮੈਂ ਪਾਣੀ ਨਵੇਂ ਪੁਰਾਣੇ ।
ਅਮਰ ਬੁਲਬੁਲਾ ਕੱਛਦਾ ਗਿਆ ਦੁਰੇੜੇ,
ਬਚਦਾ ਰਿਹਾ ਹੈ ਖਾ ਖਾ ਲੱਖ ਥਪੇੜੇ ।
ਡੁੱਬ ਗਿਆ ਉਹ ਪੰਧ-ਵਿਖਾਊ ਤਾਰਾ,
ਪਰ ਸੁਹਣੀ ! ਨਹੀਂ ਪੁਛਿਆ ਪਾਰ ਕਿਨਾਰਾ ।
ਨਜ਼ਰ 'ਚ ਹੈ ਜੇ ਪੂਰਨ-ਪ੍ਰੇਮ-ਨਿਸ਼ਾਨ,
ਪਿਆਰ 'ਚ ਪੁਛਣਾ ਪਾਪ ਨਫ਼ਾ ਨੁਕਸਾਨ ।

ਹੰਝੂ ਹੋਏ ਲੱਖ ਸਿੱਪੀਆਂ ਵਿਚ ਮੋਤੀ,
ਤਾਰਾ-ਹੀਨ-ਅਰਸ਼ ਪਹੁੰਚੀ ਦਮ-ਜੋਤੀ ।
ਲਹਿਰ-ਨਗਰ ਵਿਚ ਅਪਣੀ ਜਾਨ ਘੁਮਾਈ,
ਪਰ ਕੋਈ ਆਵਾਜ਼-ਮਿਲਾਪ ਨਾ ਆਈ ।
"ਕੋਲ ਕੋਲ ਲੱਖ ਫਿਰਦਾ ਰਿਹਾ ਮੈਂ ਤੇਰੇ,
ਕਿਉਂ, ਪਿਆਰੀ, ਦਸ, ਭਾਗ ਨਾ ਜਾਗੇ ਮੇਰੇ ?
ਕਦ ਲਾਏਂਗੀ ਗਲ ? ਤੱਕ ਜੀਵਨ ਮੇਰਾ ।
ਜਾਂ ਪ੍ਰੀਤਮ ਦਰ ਬੰਦ ਰਹੇਗਾ ਤੇਰਾ ?"
ਇਹ ਪੁਛਣਾ ਭੀ ਨਹੀਂ ਇਸ਼ਕ ਦੀ ਸ਼ਾਨ-
ਪਿਆਰ 'ਚ ਪੁਛਣਾ ਪਾਪ ਨਫ਼ਾ ਨੁਕਸਾਨ ।

5. ਸਿਤਾਰੇ

ਖ਼ਬਰ ਨਹੀਂ ਅਸੀਂ ਤੁਰਦੇ ਹਾਂ ਕਿਸ ਸਰਾਂ ਦੇ ਲਈ,
ਕੋਈ ਤਾਂ ਹੁੰਦਾ ਟਿਕਾਣਾ ਮੁਸਾਫ਼ਿਰਾਂ ਦੇ ਲਈ !
ਖ਼ੁਸ਼ੀ 'ਚ ਅਪਣੀ ਕੋਈ ਚਾਲ ਚਲ ਨਹੀਂ ਸਕਦਾ,
ਕਿ ਚੰਦ ਪੈਂਤੜਾ ਅਪਣਾ ਬਦਲ ਨਹੀਂ ਸਕਦਾ ।
ਹੁਕਮ ਦੀ ਧੁੱਪ ਹੈ, ਛਾਇਆ ਨਹੀਂ, ਦਰੱਖ਼ਤ ਨਹੀਂ;
ਅਵਾਜ਼ ਹੈ ਕਿ ਤੁਰੋ, ਇਹ ਕਾਨੂੰਨ ਸਖ਼ਤ ਨਹੀਂ ।
ਰਵਾਨਾ ਕਾਫ਼ਲਾ ਇਹ ਪਰ ਹੈ ਕਿਸ ਸਰਾਂ ਦੇ ਲਈ ?
ਕਿ ਕੋਟ ਨੈਣ ਤੜਪਦੇ ਨੇ ਮੰਜ਼ਲਾਂ ਦੇ ਲਈ ।
ਬਸ ਇਕ ਚਾਲ ਤੇ ਇਕ ਰਾਹ ਦਾ ਇਹ ਜ਼ੁਲਮ ਹੀ ਰਿਹਾ,
ਅਸੀਂ ਸੁਖੀ ਹਾਂ ਵਿਸ਼ਵਕਾਰ ਨੂੰ ਭਰਮ ਹੀ ਰਿਹਾ ।
ਵਿਸ਼ਾਲ ਖੁਲ੍ਹ ਭੀ ਇਕ ਉਜਲਾ ਕੈਦ-ਖ਼ਾਨਾ ਏ,
ਕਿ ਰੂਹ ਦੇ ਨਾਚ ਲਈ ਤੰਗ ਹਰ ਜ਼ਮਾਨਾ ਏ ।
ਕੀ ਰੋਸ਼ਨੀ ਹੈ ਕਿਸੇ ਸ਼ੈ ਦਾ ਕੁਝ ਪਤਾ ਹੀ ਨਹੀਂ ?
ਹਾਂ ਅੰਧਕਾਰ ਤੋਂ ਬਿਨ ਇਸ ਦਾ ਕੁਝ ਮਜ਼ਾ ਹੀ ਨਹੀਂ ।
ਤਰਸ ਰਹੇ ਹਾਂ ਚਿਰਾਂ ਤੋਂ ਪਿਆਰ-ਮਾਂ ਦੇ ਲਈ ।
ਅਲੋਕ-ਕਤਰੇ ਤਰਸਦੇ ਨੇ ਸਿੱਪੀਆਂ ਦੇ ਲਈ ।
ਨਾ ਤੋਰ, ਤੋਰ ਨਾ ਹੁਣ ਸਾਨੂੰ ਗੁੰਮ ਸਰਾਂ ਦੇ ਲਈ,
ਚਮਕਦੇ ਪੰਛੀ ਤੜਪਦੇ ਹਾਂ ਜੰਗਲਾਂ ਦੇ ਲਈ ।
ਕਿਸੇ ਦੇ ਰਸਤੇ 'ਚ ਦੀਵੇ ਬਲਾਂਗੇ ਪਰ ਕਦ ਤਕ ?
ਹੈ ਖ਼ਾਕ ਜ਼ਿੰਦਗੀ, ਅਪਣੇ ਤੇ ਹੱਕ ਨਹੀਂ ਜਦ ਤਕ !
ਬੁਰਾ ਹੈ ਪਾਪ ਤੋਂ ਬੰਦਸ਼ 'ਚ ਅਮਰ ਜੀਵਨ ਭੀ,
ਕਿ ਕੈਦ-ਨੂਰ 'ਚ ਵਹਿਸ਼ਤ ਹੈ ਦੇਵਤਾ-ਪਨ ਭੀ ।
ਹੇ ਮੌਤ, ਜੋਤ ਬਿਗਾਨੀ ਦੀ ਲਾਟ ਗੁੱਲ ਕਰ ਦੇ !

6. ਸ਼ਿਵ-ਨਾਚ

ਮੀਟ ਕੇ ਅੱਖੀਆਂ, ਖੋਲ੍ਹ ਕੇ ਬਾਹਾਂ,
ਨਾਚ ਕਰੇ ਮਤਵਾਲਾ !
ਸ਼ੌਕ-ਅਲੱਸਤ, ਅਪਾਰ ਨੂਰ ਤੇ
ਪੀ ਕੇ ਮਸਤ-ਪਿਆਲਾ;
ਨਾਚ ਕਰੇ ਮਤਵਾਲਾ !

ਨਸ਼ਾ ਮਹਾਂ-ਮਦਰਾ ਦਾ ਛਾਇਆ
ਸਰਵ-ਉਸ਼ਾ ਜਿਸ ਦਾ ਲਘੂ ਸਾਇਆ ।
ਨੌਬਤ-ਅਰਸ਼ ਵਜਾਏ ਕੋਈ,
ਕੋਈ ਮੁਰਲੀ-ਹਾਲਾ;
ਮੀਟ ਕੇ ਅੱਖੀਆਂ, ਖੋਲ੍ਹ ਕੇ ਬਾਹਾਂ,
ਨਾਚ ਕਰੇ ਮਤਵਾਲਾ !

ਸੂਰਜ ਚੰਦ ਛਣਾ-ਛਣ ਛੈਣੇ,
ਸ਼ਕਤੀ-ਰਿਸ਼ਮਾਂ ਉਸ ਦੇ ਗਹਿਣੇ;
ਖੜਕ ਰਹੀ ਮਰਦੰਗ ਹਵਾ ਦੀ,
ਬੋਲੇ ਮਧੁਰ ਸਿਤਾਰ ਨਿਸ਼ਾ ਦੀ;
ਤਾਰੇ ਘੁੰਗਰੂ ਹਨ ਪੈਰਾਂ ਦੇ,
ਵੱਜਣ ਤੁਰਮ ਮਹਾਂ-ਲਹਿਰਾਂ ਦੇ ।
ਜੀਵਨ-ਮੌਤ ਪਕੜ ਖੜਤਾਲਾਂ;
ਤ੍ਰੈ-ਲੋਚਨ ਨੱਚੇ ਸੰਗ ਤਾਲਾਂ;
ਨਾਨਾ ਸੁਰ ਰਾਗਾਂ ਵਿਚ ਘਿਰਿਆ
ਸੱਚ ਸਹੰਸਰ ਨਾਚਾਂ ਵਾਲਾ,
ਸੁੰਨਤਾਈ ਵਿਚ ਛਿਣਕਦਾ ਜੀਵਨ
ਨਾਚ ਕਰੇ ਮਤਵਾਲਾ !

ਨਾਚ ਕਰੇ ਮਿੱਟੀ ਦੀ ਰੇਖਾ
ਜਗ-ਜੀਵਨ ਦੀ ਰੋਲ ਕੇ ਆਸ਼ਾ;
ਕੋਮਲ ਨ੍ਰਿਤ ਗਾਵਣ ਨਰਸਿੰਘੇ
ਅੰਗ ਅੰਗ ਕਰ ਸਿੱਧੇ ਵਿੰਗੇ;
ਲੋਚੇ ਏਸ ਤਪਸ਼ ਨੂੰ ਸਾਗਰ
ਵਿਸ਼ਵ ਦੇ ਪੈਰ ਦਾ ਛਾਲਾ;
ਪੈਲਾਂ ਪਾਂਦਾ ਮੌਲ ਮੌਲ ਕੇ
ਨਾਚ ਕਰੇ ਮਤਵਾਲਾ !

ਚਿੰਨ੍ਹ-ਪੈਰ ਨੂੰ ਚੁੰਮਣਾ ਚਾਹੇ
ਖਾ ਖਾ ਜੋਸ਼ ਹਿਮਾਲਾ !
ਮਸਤ ਕੇ ਨਾਚ ਅਨੂਪਮ ਅੰਦਰ
ਧਰਤ, ਅਕਾਸ਼, ਪਤਾਲਾ !
ਵਹਿੰਦਾ ਜਾਏ ਭੁੜਕ ਭੁੜਕ ਕੇ
ਜੋਬਨ ਆਪ ਮੁਹਾਰਾ;
ਦੁਖ-ਸੁਖ ਦੇ ਸੱਪ-ਕੰਢਿਆਂ ਅੰਦਰ
ਦਿਲ-ਗੰਗਾ ਦੀ ਧਾਰਾ ।
ਫਿਰਦੀ ਜਾਏ ਗਲ ਵਿਚ ਉਸ ਦੇ
ਸਮਿਆਂ ਦੀ ਰੁੰਡ-ਮਾਲਾ !
ਨਾਚ ਕਰੇ ਮਤਵਾਲਾ !
ਨਾਚ ਕਰੇ ਮਤਵਾਲਾ !

ਹੇ ਅਸਲੇ ਵਿਸ਼ਵ-ਕਲਾ ਦੇ
ਤੱਤਾਂ ਦੀ ਅਲਖ ਮੁਕਾ ਦੇ !
ਮੈਨੂੰ ਵੀ ਨਾਚ ਬਣਾ ਦੇ ।
ਜਾਂ ਮੈਂ ਸ਼ਿਵਜੀ ਹੋ ਜਾਵਾਂ,
ਨਾਚਾਂ ਵਿਚ ਉਮਰ ਬਿਤਾਵਾਂ !
ਨਾਚ ਹੈ ਅਸਲਾ, ਨਾਚ ਹੈ ਮਸਤੀ,
ਨਾਚ ਹੈ ਜੀਵਨ-ਸ਼ਾਲਾ-
ਨਾਚ ਹੈ ਸਰਵ-ਉਜਾਲਾ !
ਮੀਟ ਕੇ ਅੱਖੀਆਂ, ਖੋਲ੍ਹ ਕੇ ਬਾਹਾਂ,
ਨਾਚ ਕਰੇ ਮਤਵਾਲਾ !

7. ਤੇਰਾ ਇਕ ਦਿਲ ਹੈ ਜਾਂ ਦੋ

ਤੇਰਾ ਇਕ ਦਿਲ ਹੈ ਜਾਂ ਦੋ ?

ਆਪੇ ਕਹੇਂ, "ਮੈਂ ਤੇਰੀ ਤੇਰੀ"; ਆਪੇ ਕਹੇਂ, "ਨਾ ਛੋਹ" -
ਤੇਰਾ ਇਕ ਦਿਲ ਹੈ ਜਾਂ ਦੋ ?

ਰੋਵਾਂ ਜਦ ਆਖੇਂ, "ਹੱਸ ਛੇਤੀ";
ਹੱਸਾਂ ਆਖੇਂ "ਰੋ" -
ਤੇਰਾ ਇਕ ਦਿਲ ਹੈ ਜਾਂ ਦੋ ?

ਕਰਾਂ ਮੈਂ ਜਦੋਂ ਉਜਾਲਾ,
ਆਖੇਂ, "ਬਾਲ ਨਾ ਦੀਵੇ";
ਰਹਾਂ ਜੇ ਬੈਠ ਹਨੇਰੇ ਅੰਦਰ
ਆਖੇਂ "ਕਰ ਲੈ ਲੋ" -
ਤੇਰਾ ਇਕ ਦਿਲ ਹੈ ਜਾਂ ਦੋ ?

ਤੁਰਦਾ ਰਹਾਂ ਤਾਂ ਦਏਂ ਅਵਾਜ਼ਾਂ,
"ਮੰਜ਼ਲ ਦੂਰੋ ਦੂਰ";
ਜੇ ਮੈਂ ਅੜ ਬੈਠਾਂ ਤਾਂ ਆਖੇਂ,
"ਹੁਣ ਹੈ ਇਕੋ ਕੋਹ" -
ਤੇਰਾ ਇਕ ਦਿਲ ਹੈ ਜਾਂ ਦੋ ?

8. ਦੂਰ ਇਕ ਬਹਿਲੀ ਖੜੀ

(ਸੀਤਾ-ਬਨਬਾਸ ਨਾਂ ਦੀ ਇਕ ਤਸਵੀਰ ਮੈਂ ਦੇਖੀ ।
ਲਛਮਨ ਸੀਤਾ ਨੂੰ ਇਕ ਭਿਆਨਕ ਜੰਗਲ ਵਿਚ ਛਡ
ਕੇ ਮੁੜ ਰਿਹਾ ਸੀ ਤੇ ਦੂਰ ਇਕ ਬਹਿਲੀ ਖੜੀ ਸੀ ।)

ਦੂਰ ਇਕ ਬਹਿਲੀ ਖੜੀ………………

ਕਿੱਕਰਾਂ ਦਾ ਬਨ ਭਿਆਨਕ ਉਸ ਦੀ ਛਾਂ,
ਇਕ ਔਰਤ ਬੇਗੁਨਾਹ, ਹਾਂ ਬੇਗੁਨਾਹ
-ਕਹਿਣ ਦੀ ਤਾਕਤ ਤਾਂ ਹੈ ਪਰ ਬੇਜ਼ਬਾਨ-
ਦੇਣ ਅਪਣਾ ਜਾ ਰਹੀ ਹੈ ਇਮਤਿਹਾਨ ।
ਜੀਣ ਦੀ ਹੱਕਦਾਰ ਪਰ ਜੀਣਾ ਮੁਹਾਲ,
ਫੇਰ ਵੀ ਮੂੰਹ ਤੇ ਨਹੀਂ ਕੋਈ ਸਵਾਲ !
ਉਮਰ ਤਕ ਬਨਬਾਸ ਦਾ ਦੋਜ਼ਖ਼ ਰਹੇ,
ਫੇਰ ਭੀ ਦੁਨੀਆਂ ਨੂੰ ਸ਼ਾਇਦ ਸ਼ੱਕ ਰਹੇ !
ਅਜ਼ਲ ਤੋਂ ਹੀ ਆਦਮੀ ਜ਼ਾਲਮ ਰਿਹਾ,
ਲੈ ਕੇ ਖ਼ੁਸ਼ੀਆਂ-ਸੁਹਲ ਦੇਂਦਾ ਗ਼ਮ ਰਿਹਾ ।
ਨਜ਼ਰ ਵਿਚ ਔਰਤ ਸਦਾ ਦਾਸੀ ਰਹੀ,
ਇਸ ਲਈ ਔਰਤ ਦੀ ਰੂਹ ਪਿਆਸੀ ਰਹੀ ।
ਇਸ ਲਈ ਪੂਰਬ ਹੈ ਕੀ ? ਪੱਛਮ ਹੈ ਕੀ ?
ਰੂਹ ਦੀ ਕੋਈ ਕਦਰ ਕਰਦਾ ਨਹੀਂ ।
ਮਾਰਦੇ ਹਨ ਇਸ ਨੂੰ ਜੱਸ ਦੇ ਵਾਸਤੇ,
ਦੇਣ ਆਜ਼ਾਦੀ ਨਫ਼ਸ ਦੇ ਵਾਸਤੇ !
ਉਹ ਸਵੰਬਰ ਭੀ ਸਦਾ ਧੋਖਾ ਰਹੇ,
ਰੂਹ ਕੀ ? ਕਰਤਵ ਹੀ ਪਰਖੇ ਗਏ ।
ਸ਼ੋਕ ! ਦਿਲ ਦੀ ਕੁਝ ਕਦਰ ਹੁਣ ਤਕ ਨਹੀਂ !
ਹਾਏ ਔਰਤ ! ਹਾਏ ਜ਼ਾਲਮ ਆਦਮੀ !
ਦੂਰ ਇਕ ਬਹਿਲੀ ਖੜੀ………
ਦੂਰ ਇਸ ਦਰਿਆ ਤੋਂ ਪਾਰ
ਮੁੜ ਰਿਹਾ ਹੈ ਬਨ 'ਚੋਂ ਕੋਈ ਤਾਜਦਾਰ ।

ਕੁਝ ਨਹੀਂ ਜੇ ਅਸਰ ਨਾ ਛਿਣਕੇ ਜ਼ਬਾਨ;
ਕੁਝ ਨਹੀਂ ਯਸ਼-ਤੀਰ, ਮਰਯਾਦਾ-ਕਮਾਨ ।
ਇਕ ਗਈ ਹੈ ਠੋਕਰਾਂ ਦੇ ਵਾਸਤੇ,
ਕੋਈ ਮੁੜਿਆ ਹੈ ਸਮੇਂ ਦੀ ਆਸ ਤੇ ।
ਹਾਏ ! ਔਰਤ ਇਮਤਿਹਾਨਾਂ ਵਿਚ ਰਹੀ,
ਹਿਰਸ ਹੇਠਾਂ ਬੇਜ਼ਬਾਨਾਂ ਵਿਚ ਰਹੀ ।
ਇਸ ਕਦੀ ਮਾਣੀ ਨਾ ਅਸਲੀ ਜ਼ਿੰਦਗੀ;
ਹਾਏ ! ਔਰਤ ਇਕ ਖਿਡੌਣਾ ਹੀ ਰਹੀ !
ਦੂਰ ਇਕ ਬਹਿਲੀ ਖੜੀ,
ਉਸ 'ਚ ਬੈਠੂ ਧਨਸ਼-ਧਾਰੀ ਜਵਾਨ;
ਇਕ ਹੈ ਸੂਲਾਂ ਦੇ ਜੰਗਲ ਨੂੰ ਵਿਦਾ !

(ਬਹਿਲੀ=ਇਕ ਰਥ ਵਰਗੀ ਗੱਡੀ)

9. ਸੁਨਹਿਰੀ ਸ਼ਾਮ

ਮੈਂ ਸੌ ਸੌ ਵਾਰ ਜਾਂਦਾ ਹਾਂ ਸੁਨਹਿਰੀ ਸ਼ਾਮ ਦੇ ਸਦਕੇ !
ਜਦੋਂ ਉਹ ਆਪ ਆਏ ਸਨ ਕਿਸੇ ਚਾਹਵਾਨ ਦੇ ਘਰ ਤਕ,
ਜਦੋਂ ਇਕ ਛਿਨ 'ਚ ਜਾ ਪਹੁੰਚਾ ਸਾਂ ਮੈਂ ਖ਼ੁਸ਼ੀਆਂ ਦੇ ਸਾਗਰ ਤਕ,
ਮੈਂ ਪਿਆਰੀ ਸ਼ਾਮ, ਹਾਂ ਜੀਵਨ ਤੋਂ ਪਿਆਰੀ ਸ਼ਾਮ ਦੇ ਸਦਕੇ !

ਬੜੇ ਰਮਣੀਕ ਸਨ ਬਾਜ਼ਾਰ, ਦੀਵੇ ਜਗਣ ਵਾਲੇ ਸਨ,
ਪਰ ਇਸ ਵੇਲੇ ਅਚਾਨਕ ਹੁਸਨ ਦਾ ਸੂਰਜ ਨਿਕਲ ਆਇਆ-
ਮੇਰੇ ਦਿਲ ਤਕ ਉਜਾਲਾ ਹੋ ਗਿਆ, ਲੂੰ ਲੂੰ ਨੂੰ ਗਰਮਾਇਆ;
ਇਸੇ ਸੂਰਤ ਨੂੰ ਸ਼ਾਇਦ ਤੜਪਦੇ ਉਹ ਗਗਨ ਵਾਲੇ ਸਨ !

ਅਕਹਿ ਮਸਤੀ 'ਚ ਦੇਵੀ ਝੂਮਦੀ, ਹਸਦੀ ਹੋਈ ਆਈ,
ਕਿ ਆਈ ਨੂਰ ਦੀ ਪੁਤਲੀ ਕੋਈ ਪਰੀਆਂ ਦੇ ਦੇਸ਼ਾਂ 'ਚੋਂ,
ਉਹ ਕਾਲੀ ਬਿਜਲੀਆਂ ਸੁਟਦੀ ਹੋਈ ਚਮਕੀਲੇ ਕੇਸਾਂ 'ਚੋਂ;
ਕੋਈ ਮਦਰਾ ਭਰੀ ਬਦਲੀ ਜਿਵੇਂ ਵੱਸਦੀ ਹੋਈ ਆਈ !

ਪਿਆਲੇ ਛਲਕਦੇ ਵਾਂਗੂੰ ਛਲਕਦੀ, ਲਰਜ਼ਦੀ ਸਾੜ੍ਹੀ;
ਉਹਦੇ ਨੈਣਾਂ 'ਚ ਖ਼ਬਰੇ ਸੈਂਕੜੇ ਮੈਖ਼ਾਨੇ ਨੱਚਦੇ ਸਨ,
ਸੁਬਕ ਬੁਲ੍ਹਾਂ ਤੇ ਖ਼ਬਰੇ ਸੈਂਕੜੇ ਪੈਮਾਨੇ ਨੱਚਦੇ ਸਨ,
ਬਣਾਈ ਆਣ ਕੇ ਜੱਨਤ ਮੇਰੀ ਉਜੜੀ ਹੋਈ ਵਾੜੀ !

ਕੋਈ ਚਾਨਣ ਕੁੜੀ ਬਣ ਮੇਰੇ ਦਿਲ-ਗੌਤਮ ਲਈ ਆਇਆ,
ਮੇਰਾ ਜੀਵਨ-ਹਨੇਰਾ ਦੌੜਿਆ, ਖ਼ਬਰੇ ਹਵਾ ਹੋਇਆ !
ਮੈਂ ਪਲ ਦੀ ਪਲ ਤਾਂ ਉਸ ਵੇਲੇ ਸਾਂ ਬੰਦੇ ਤੋਂ ਖ਼ੁਦਾ ਹੋਇਆ !
ਕੋਈ ਅਵਤਾਰ ਖੇੜੇ ਦਾ ਮੇਰੇ ਫੁਲ-ਗ਼ਮ ਲਈ ਆਇਆ !

ਤਸੱਵਰ ਵਿਚ ਅਜੇ ਤਕ ਉਹ ਸੁਨਹਿਰੀ ਸ਼ਾਮ ਫਿਰਦੀ ਏ
ਜੋ ਮੇਰੀ ਜ਼ਿੰਦਗੀ ਦੀ ਜ਼ਿੰਦਗਾਨੀ ਹੋਣ ਆਈ ਸੀ;
ਉਹ ਇਕ ਮਿਜ਼ਰਾਬ ਮੇਰਾ ਸਾਜ਼-ਜੀਵਨ ਛੁਹਣ ਆਈ ਸੀ,
ਅਜੇ ਤਕ ਸਾਜ਼ ਵਜਦਾ ਏ, ਖ਼ਬਰ ਨਾ ਅਪਣੇ ਸਿਰ ਦੀ ਏ !

ਤਸੱਵਰ ਵਿਚ ਮੇਰਾ ਦਿਲ ਸਾਫ਼ ਹੈ ਸ਼ੀਸ਼ੇ ਤੋਂ, ਪਾਣੀ ਤੋਂ;
ਤਸੱਵਰ ਵਿਚ ਮੈਂ ਮਾਫ਼ੀ ਦੇ ਰਿਹਾ ਹਾਂ ਅਪਣੇ ਕਾਤਲ ਨੂੰ !
ਤਸੱਵਰ ਵਿਚ ਲੁਟਾ ਸਕਦਾ ਹਾਂ ਅਪਣੀ ਸਾਰੀ ਦੌਲਤ ਨੂੰ !
ਨਾ ਅਵਤਾਰਾਂ ਤੋਂ ਮਿਲਿਆ, ਮਿਲਿਆ ਜੋ ਉਠਦੀ ਜਵਾਨੀ ਤੋਂ ।

ਤਸੱਵਰ ਨੇ ਬਣਾਇਆ ਦੇਵਤਾ ਮੈਨੂੰ ਸਚਾਈ ਦਾ;
ਤਸੱਵਰ ਵਿਚ ਤੇਰੇ, ਮੈਂ ਕੌਣ ਹਾਂ, ਕੀ ਬਣਦਾ ਜਾਂਦਾ ਹਾਂ !
ਤਸੱਵਰ ਵਿਚ ਤੇਰੇ ਬ੍ਰਹਿਮੰਡ ਨੂੰ ਗੋਦੀ ਖਿਡਾਂਦਾ ਹਾਂ !
ਤਸੱਵਰ ਨੇ ਤੇਰੇ ਦਰਦੀ ਬਣਾਇਆ ਹੈ ਖ਼ੁਦਾਈ ਦਾ ।

ਪੁਰਾਣੀ ਯਾਦ, ਕੀ ਆਖਾਂ, ਕਦੀ ਕਿਸ ਦੇਸ ਖੜਦੀ ਏ !
ਖ਼ਿਆਲਾਂ ਵਿਚ ਕਦੇ ਮਿਲਟਨ ਤੇ ਡਾਂਟੇ ਦੇ ਨਹੀਂ ਆਇਆ !
ਨਾ ਡਿੱਠਾ ਫ਼ਲਸਫ਼ਾਦਾਨਾਂ, ਨਾ ਰੂਹਾਂ ਪੈਰ ਹੈ ਪਾਇਆ !
ਤਸੱਵਰ ਮੇਰਾ ਮੈਨੂੰ ਇਕ ਅਜਬ ਪਰਦੇਸ ਖੜਦਾ ਏ !

ਜਿਦ੍ਹਾ ਨਾਂ ਦਿਲ ਮੇਰਾ ਜਾਣੇ, ਲਬਾਂ ਤਕ ਆਉਂਦਾ ਭੁਲ ਜਾਏ;
ਜਿਦ੍ਹੇ ਵਿਚ ਪ੍ਰੇਮ ਦੇ ਦਰਿਆ, ਜਿਦ੍ਹੀ ਧਰਤੀ ਹੈ ਨੂਰਾਨੀ;
ਜਿਦ੍ਹੀ ਹਰ ਸ਼ਾਖ਼ ਇਕ ਝੂਲਾ, ਜਿਦ੍ਹੀ ਹਰ ਚੀਜ਼ ਰੋਮਾਨੀ;
ਜਿਦ੍ਹਾ ਇਕ ਕਿਣਕਾ ਜੱਨਤ ਜੇ ਕਦੇ ਦੇਖੇ ਤਾਂ ਡੁਲ੍ਹ ਜਾਏ;

ਜਿਦ੍ਹਾ ਇਕ ਫੁੱਲ ਕਾਫ਼ੀ ਹੈ ਜ਼ਮਾਨੇ ਦੇ ਦਿਮਾਗ਼ਾਂ ਨੂੰ;
ਅਗੰਮਾ ਹੁਸਨ ਖ਼ਬਰੇ ਕੌਣ ਉਸ ਥਾਂ ਤੇ ਬਣਾਉਂਦਾ ਏ !
ਜ਼ਮਾਨੇ ਵਿਚ ਤਾਂ ਬਸ ਉਸ ਹੁਸਨ ਦਾ ਇਕ ਸਾੜ ਆਉਂਦਾ ਏ;
ਜਿਦ੍ਹੀ ਮਿੱਟੀ ਵੀ ਕਾਫ਼ੀ ਹੈ ਅਮਿਟਵੇਂ ਜ਼ਖ਼ਮਾਂ-ਦਾਗ਼ਾਂ ਨੂੰ ।

ਤੇਰੀ ਇਕ ਯਾਦ ਨੇ ਜੋ ਕੁਝ ਵਿਖਾਇਆ ਕਹਿ ਨਹੀਂ ਸਕਦਾ !
ਜੇ ਹੁਣ ਆ ਜਾਏਂ ਇਸ ਦੁਨੀਆਂ ਨੂੰ ਉਸ ਦੁਨੀਆਂ 'ਚ ਲੈ ਜਾਈਏ,
ਕੋਈ ਜੋ ਕਹਿ ਨਹੀਂ ਸਕਿਆ ਉਹ ਜੀਵਨ-ਭੇਤ ਕਹਿ ਜਾਈਏ !
ਮੈਂ ਅਰਸ਼ੀ ਭੇਤ ਇਸ ਧਰਤੀ ਨੂੰ ਕਹਿਣੋਂ ਰਹਿ ਨਹੀਂ ਸਕਦਾ ।

ਜਗੇ ਦੀਵੇ, ਧੂਏਂ ਨਿਕਲੇ, ਤੇਰਾ ਇਕਰਾਰ ਹੈ, ਆ ਜਾ !
ਕਿ ਤੁਧ ਬਿਨ ਜ਼ਿੰਦਗੀ ਦੀ ਜ਼ਿੰਦਗੀ ਬੇਕਾਰ ਹੈ, ਆ ਜਾ !

(ਡਾਂਟੇ=ਪ੍ਰਸਿੱਧ ਇਤਾਲਵੀ ਕਵੀ ਦਾਂਤੇ)

10. ਦੇਸ਼-ਭਗਤੀ

ਇਹ ਸਦਾ ਖ਼ੁਸ਼ਕ ਰਹੀ ਖ਼ੂਨ ਦੇ ਦਰਿਆ ਪੀ ਕੇ,
ਹਾਂ, ਅਸੀਂ ਅਪਣੀ ਹਕੂਮਤ 'ਚ ਭੀ ਬਰਬਾਦ ਰਹੇ;
ਆਦਮੀਅਤ ਸਦਾ ਮੁਰਦਾ ਹੀ ਰਹੀ ਹੈ ਜੀ ਕੇ ।
ਹੈ ਗ਼ਰੀਬਾਂ ਦੀਆਂ ਲਾਸ਼ਾਂ ਤੇ ਗੁਜ਼ਾਰਾ ਇਸ ਦਾ,
ਨਾ ਬੁਝੀ ਇਸ ਦੀ ਕਦੀ ਬੇਵਾ ਦੇ ਰੋਣੇ ਤੋਂ ਪਿਆਸ,
ਭੁੱਖੇ ਬੱਚਿਆਂ ਦੀਆਂ ਸਿਰੀਆਂ ਨੇ ਸਹਾਰਾ ਇਸ ਦਾ ।
ਕੁਝ ਬਣੀ ਹੈ ਤਾਂ ਅਮੀਰਾਂ ਦੀ ਹੀ ਇਹ ਜਿੰਦ ਬਣੀ,
ਕਦੀ ਦਿੱਲੀ, ਕਦੀ ਚਿੱਤੌੜ, ਕਦੀ ਹਿੰਦ ਬਣੀ ।
ਸੈਂਕੜੇ ਵਾਰ ਹਰੇ ਖੇਤ ਜਲਾਏ ਇਸ ਨੇ,
ਤਖ਼ਤ ਲੋਕਾਂ ਦੀਆਂ ਹੱਡੀਆਂ ਦੇ ਬਣਾਏ ਇਸ ਨੇ ।
ਰਹਿਮ ਆਇਆ ਤਾਂ ਕਦੀ ਵੰਡੇ ਸ਼ਹੀਦਾਂ ਦੇ ਖ਼ਿਤਾਬ,
ਕਾਸ਼ ! ਉਲਟੇ ਕੋਈ ਇਸ ਵਤਨ-ਪ੍ਰਸਤੀ ਦਾ ਨਕਾਬ !
ਖ਼ੂਨ ਕਿਰਤੀ ਦਾ ਰਿਹਾ ਸ਼ਾਹਾਂ ਦੀ ਮਸਤੀ ਦੇ ਲਈ,
ਕੌਮ ਮਰਵਾਈ ਗਈ ਐਸ਼-ਪ੍ਰਸਤੀ ਦੇ ਲਈ ।
ਸਦਾ ਹੋਈ ਏ ਮਨੁੱਖਤਾ ਦੀ ਤਬਾਹੀ ਇਸ ਤੋਂ,
ਸਦਾ ਦੁਨੀਆਂ 'ਚ ਰਹੂ ਜੰਗ-ਲੜਾਈ ਇਸ ਤੋਂ ।
ਅੱਜ ਤਹਿਜ਼ੀਬ ਦਾ ਯੁਗ ਇਸ ਦੀਆਂ ਚਾਲਾਂ ਦਾ ਸ਼ਿਕਾਰ ।
ਦੇਸ਼-ਭਗਤੀ ਕੀ ਜੋ ਹੋਰਾਂ ਦੀ ਤਬਾਹੀ ਹੋਵੇ ?
ਦੇਸ਼-ਭਗਤੀ, ਤੂੰ ਸਰਵ-ਸਾਂਝਤਾ ਨੂੰ ਮੋੜ ਮੁਹਾਰ !
ਦੇਸ਼-ਭਗਤੀ ਕੀ ਜੇ ਕਲ੍ਹ ਆਪ ਭੀ ਹੋਣਾ ਹੈ ਗ਼ੁਲਾਮ,
ਦੂਸਰੇ ਭੀ ਤਾਂ ਉਲਟ ਸਕਦੇ ਨੇ ਦੁਨੀਆਂ ਦਾ ਨਜ਼ਾਮ ।
ਦੇਸ਼ ਦੀ ਸੇਵਾ ਸਿਰਫ਼ ਪੌੜੀ ਸੀ, ਮੰਜ਼ਲ ਤਾਂ ਨਹੀਂ;
ਇਹ ਮਨੁੱਖਤਾ ਦੀ ਕੋਈ ਆਖ਼ਰੀ ਮਹਿਫ਼ਲ ਤਾਂ ਨਹੀਂ ।
ਅਪਣੇ ਕੁਨਬੇ ਲਈ ਦੁਨੀਆਂ ਤੇ ਹੈ ਕਬਜ਼ਾ ਲਾਹਨਤ !
ਅਪਣੀ ਬੇੜੀ ਲਈ ਸਾਗਰ ਤੇ ਹੈ ਘੇਰਾ, ਤੋਬਾ !
ਦੇਸ਼-ਭਗਤੀ 'ਚ ਜ਼ਰੂਰਤ ਹੈ ਪਰੀਵਰਤਨ ਦੀ,
ਏਸ ਪਿੰਜਰ ਨੂੰ ਜ਼ਰੂਰਤ ਹੈ ਨਵੇਂ ਜੀਵਨ ਦੀ ।
ਦੇਸ ਦੇ ਨਾਂ ਤੇ ਮਨੁੱਖਤਾ ਨੂੰ ਕਦੇ ਚੂਰ ਨਾ ਕਰ,
ਤੂੰ ਕਦੀ ਅਪਣੀ ਹਕੂਮਤ ਨੂੰ ਭੀ ਮਨਜ਼ੂਰ ਨਾ ਕਰ ।
ਅਪਣੀ ਸ਼ਾਹੀ 'ਚ ਭੀ ਮੁਰਦਾ ਹੀ ਰਹੇ ਹਾਂ ਜੀ ਕੇ,
ਇਹ ਸਦਾ ਖ਼ੁਸ਼ਕ ਰਹੀ ਖ਼ੂਨ ਦੇ ਦਰਿਆ ਪੀ ਕੇ ।
ਦੇਸ਼-ਭਗਤੀ ਦਾ ਹੀ ਦੁਨੀਆਂ 'ਚ ਨਸ਼ਾ ਹੈ ਜਦ ਤਕ,
ਖ਼ੂਬ ਹੋਵੇਗੀ ਗ਼ਰੀਬਾਂ ਦੀ ਤਬਾਹੀ ਤਦ ਤਕ ।

11. ਫਲੂਸ

ਆਏ, ਆਏ ਵਿਕਣ ਫਲੂਸ !
ਕਾਗ਼ਜ਼ ਦੀ ਦੁਨੀਆਂ ਵਿਚ ਘੁੰਮੇ ਜੀਵਨ-ਰੰਗ-ਜਲੂਸ-
ਆਏ, ਆਏ ਵਿਕਣ ਫਲੂਸ !

ਗਿਰਦੇ ਜੋਤ ਦੇ ਗੇੜੇ ਲਾਂਦੇ,
ਰਾਜੇ, ਰਾਣੇ ਲੰਘਦੇ ਜਾਂਦੇ;
ਧੂੰਏਂ ਦੀਪ-ਹਰੀਰ 'ਚੋਂ ਨਿਕਲਣ,
ਲੱਖ ਦਿਲ ਇਕ ਸ਼ਰੀਰ 'ਚੋਂ ਨਿਕਲਣ;
ਜਿਉਂ ਸੁਪਨੇ ਨੂੰ ਸੁਪਨਾ ਆਏ,
ਅਸਮਾਨੀ ਖੂਹ ਗਿੜਦਾ ਜਾਏ;
ਲੱਖਾਂ ਹੀ ਪਰੀਆਂ ਜਹੇ ਸਾਏ,
ਲੈ ਘੜੀਆਂ ਪਾਣੀ ਨੂੰ ਆਏ !

ਤਲਵਾਰਾਂ, ਤੀਰਾਂ ਦੇ ਸਨਮੁਖ
ਸਾਂਘਾ ਲਈ ਖੜਾ ਹੈ ਕੋਈ,
ਡਿੱਗੇ ਹਨ ਇਸ ਤੇ ਕਈ ਪਰਬਤ
ਪਰ ਗਰਦਨ ਨੀਵੀਂ ਨਹੀਂ ਹੋਈ !
ਨੱਚਦੇ ਟੱਪਦੇ ਕਈ ਪ੍ਰਾਣੀ,
ਦੇਂਦੇ ਇਕ ਅਜੀਬ ਹੈਰਾਨੀ,
ਲੰਘਦੇ ਲ਼ੰਘਦੇ ਜਾਣ,
ਸੌ ਰਮਜ਼ਾਂ ਸਮਝਾਣ ।

ਕਾਰੀਗਰਾ, ਕਮਾਲ ਹੈ ਯਾਰਾ !
ਮੈਂ ਹਾਂ ਬੜਾ ਹੈਰਾਨ !
ਮਾਸੂਮੀ ਲਈ ਲੈ ਕੇ ਆਇਓਂ,
ਤੂੰ ਪਿਆਰੇ, ਜਿੰਦ-ਜਾਨ ।
ਬਾਪੂ ਦਾ ਹੱਥ ਛੱਡ ਅਞਾਣੇ
ਇਸ ਵੱਲ ਹੱਥ ਵਧਾਣ;
ਮਾਵਾਂ ਦੇ ਕੁਛੜਾਂ ਤੋਂ ਬੱਚੇ
ਦੇਖ ਕੇ ਉਤਰੀ ਜਾਣ;
ਦੇਖੀ ਹੋਈ ਕਿਸੇ ਦੁਨੀਆਂ ਦੀ
ਮੁੜ ਮੁੜ ਕਰਨ ਪਛਾਣ !
ਸਭ ਕੁਝ ਸਮਝਣ, ਖਿੜ ਖਿੜ ਹੱਸਣ,
ਕੀ ਸਾਨੂੰ ਸਮਝਾਣ ?

ਹੇ ਕਾਰੀਗਰ, ਖ਼ੂਬ ਬਣਾਈ
ਬ੍ਰਹਿਮੰਡ ਦੀ ਤਸਵੀਰ !
ਗਿੜਦੀ ਜਾਏ ਜੋਤ ਦੇ ਲਾਗੇ
ਹਰ ਸ਼ੈ ਦੀ ਤਕਦੀਰ !
ਪਰ ਮਿਹਨਤ ਦਾ ਮੁੱਲ ਨਾ ਪਾਏ
ਇਹ ਦੁਨੀਆਂ ਕੰਜੂਸ !
ਆਏ, ਆਏ ਵਿਕਣ ਫਲੂਸ !

12. ਖਿਡੌਣੇ

ਬੱਚੇ ਲਈ ਖਿਡੌਣੇ ਮੇਲੇ 'ਚੋਂ ਆ ਰਹੇ ਨੇ,
ਮਿੱਟੀ ਦੇ ਚਿੜੀਆਂ ਤੋਤੇ ਫੜ ਫੜ ਉਡਾ ਰਹੇ ਨੇ ।
ਇਕ ਦੂਸਰੇ ਨੂੰ ਦਸ ਦਸ ਨੱਚਦੇ ਫਿਰਨ ਦੀਵਾਨੇ,
ਦਿਲ ਹੋ ਗਿਆ ਜੇ ਰਾਜ਼ੀ ਦੁਨੀਆਂ ਦੇ ਕੀ ਖ਼ਜ਼ਾਨੇ !
ਚੁੰਮਣ ਖਿਡੌਣਿਆਂ ਨੂੰ ਮਾਂ ਵਾਂਗ ਪਿਆਰ ਦੇਵਣ,
ਖ਼ਬਰੇ ਉਮੀਦ-ਬੇੜੀ ਕਿਸ ਕਿਸ ਨਦੀ 'ਚ ਖੇਵਣ !

ਬੱਚਾ ਹਾਂ ਮੈਂ ਵੀ ਆਖ਼ਰ, ਬੇਸ਼ਕ ਹਾਂ ਕੁਝ ਸੁਦਾਈ,
ਹੱਟੀ ਖਿਡੌਣਿਆਂ ਦੀ ਰਾਹ ਵਿਚ ਨਾ ਮੇਰੇ ਆਈ !
ਬੱਚਿਆਂ ਨੂੰ ਸੌ ਖਿਡੌਣੇ, ਸੌ ਰਾਗ-ਰੰਗ, ਗਾਉਣਾ;
ਮੇਰੇ ਲਈ ਨਿਰਾ ਬੱਸ ਜਗ-ਰੂਪ ਇਕ ਖਿਡੌਣਾ ।
ਭੱਦਾ ਜਿਹਾ ਇਹ ਹਾਥੀ ਮੈਂ ਜਿਸ ਤੋਂ ਅੱਕ ਗਿਆ ਹਾਂ,
ਤੁਰਿਆ ਨਹੀਂ, ਮੈਂ ਇਸ ਨੂੰ ਖਿਚ ਖਿਚ ਕੇ ਥੱਕ ਗਿਆ ਹਾਂ ।
ਪੁਚਕਾਰ ਕੇ ਭੁਆਇਆ, ਆਇਆ ਨਾ ਇਸਨੂੰ ਭੌਣਾ;
ਲੱਖ ਵਾਰ ਹੱਥ ਵਟਾਏ, ਨਾ ਬਦਲਿਆ ਖਿਡੌਣਾ ।
ਲੋਕਾਂ ਨੇ ਤੋੜ ਲੀਤੇ, ਟੁੱਟੇ ਨਾ ਇਹ ਨਿਕਾਰਾ ।
ਕੋਈ ਡੇਗ ਇਸ ਤੇ ਬਿਜਲੀ, ਕੋਈ ਤੋੜ ਇਸ ਤੇ ਤਾਰਾ !
ਦਰ ਕਾਸ਼ ! ਖੁਲ੍ਹ ਜਾਵਣ ਲੁਕਵੇਂ ਨਜ਼ਾਰਿਆਂ ਦੇ !
ਕਹਿਦੇ ਕਦੀ ਕਿ ਲੈ ਜਾ ਖੇਹਨੂ ਸਤਾਰਿਆਂ ਦੇ ।
ਮੁੱਦਤ ਹੋਈ ਕਿ ਇਕ ਦਿਨ ਮੇਲੇ 'ਚੋਂ ਆ ਰਿਹਾ ਸਾਂ,
ਜੀਵਨ ਦਾ ਇਕ ਖਿਡੌਣਾ ਹੱਸ ਹੱਸ ਲਿਆ ਰਿਹਾ ਸਾਂ ।
ਰਸਤੇ 'ਚ ਪਰ ਕਿਸੇ ਨੇ, ਦੇ ਕੇ ਫ਼ਰੇਬ ਖੋਹਿਆ,
ਉਸ ਦਿਨ ਤੋਂ ਮੇਰਾ ਜੀਵਨ ਹੱਸਿਆ ਕਦੇ ਨਾ ਰੋਇਆ ।
ਮਾਲਕ ਖਿਡੌਣਿਆਂ ਦੇ, 'ਬਾਜੀ' ਮੇਰੀ ਲਭਾ ਦੇ !
ਕੋਸ਼ਿਸ਼ ਤਾਂ ਕਰ ਰਿਹਾ ਹਾਂ, ਕੋਸ਼ਿਸ਼ 'ਚ ਜਾਨ ਪਾ ਦੇ ।

13. ਜ਼ਿੰਦਗੀ ਹੀ ਜ਼ਿੰਦਗੀ

ਜ਼ਿੰਦਗੀ ਦਾ ਫ਼ਲਸਫ਼ਾ ਰਗ ਰਗ 'ਚ ਹੈ,
ਕਿਉਂ ਨਾ ਗਾਵਾਂ ਜ਼ਿੰਦਗੀ ਹੀ ਜ਼ਿੰਦਗੀ ?
ਨੂਰ ਜਦ ਮਿਲਿਆ ਹੈ ਮੇਰੀ ਖ਼ਾਕ ਨੂੰ
ਕਿਉਂ ਨਾ ਦੇਵਾਂ ਰੋਸ਼ਨੀ ਹੀ ਰੋਸ਼ਨੀ ?
ਇਕ ਅੰਮ੍ਰਿਤ ਨੂੰ ਤਰਸਦੇ ਹਨ ਜਹਾਨ,
ਪੰਜ ਅੰਮ੍ਰਿਤ ਹਨ ਮੇਰੀ ਕੁਟੀਆ ਦੀ ਸ਼ਾਨ ।
ਇੱਕ ਮਹਾਂ-ਮਸਤੀ ਝਨਾਂ ਦੀ ਲਹਿਰ ਲਹਿਰ,
ਇਸ਼ਕ ਦੀ ਦੁਨੀਆਂ ਨੂੰ ਜਾਏ ਪੈਰ ਪੈਰ ।
ਸ਼ਾਮ ਇਸ ਦੀ ਹੁਸਨ ਤੋਂ ਆਬਾਦ ਹੈ,
ਹਰ ਉਸ਼ਾ ਇਸ ਦੇਸ਼ ਦੀ ਵਿਸਮਾਦ ਹੈ ।
ਇਸ ਪਵਿੱਤਰ ਖ਼ਾਕ ਤੇ ਉਤਰੇ ਨੇ ਵੇਦ,
ਇਸ ਨੂ ਹੁਣ ਤਕ ਯਾਦ ਹਨ ਅਜ਼ਲਾਂ ਦੇ ਭੇਦ ।
ਕਿਉਂ ਨਾ ਗਾਵਾਂ ਜ਼ਿੰਦਗੀ ਹੀ ਜ਼ਿੰਦਗੀ ?
ਜ਼ਿੰਦਗੀ ਦਾ ਫ਼ਲਸਫ਼ਾ ਰਗ ਰਗ 'ਚ ਹੈ ।

ਨਾਜ਼ ਕਰ ਸਕਦਾ ਹਾਂ ਅਪਣੇ ਆਪ ਤੇ,
ਮੈਂ ਭੀ ਹਾਂ ਇਸ ਖ਼ਾਕ ਤੋਂ ਇਕ ਆਦਮੀ ।
ਇਸ ਅਨੂਪਮ-ਖਾਕ 'ਚੋਂ ਚੜ੍ਹਿਆ ਰਵੀ,
ਸਭ ਤੋ ਪਹਿਲਾ ਉਹ ਜ਼ਮਾਨੇ ਦਾ ਕਵੀ,
ਜਿਸ ਨੇ ਲੱਖਾਂ ਹੀ ਬਣਾਏ ਰਾਮ ਹਨ,
ਜਿਸ ਦੇ ਅੱਖਰ ਜ਼ਿੰਦਗੀ ਦੇ ਜਾਮ ਹਨ-
ਕਿਉਂ ਨਾ ਗਾਵਾਂ ਜ਼ਿੰਦਗੀ ਹੀ ਜ਼ਿੰਦਗੀ ?

ਜਿਸ ਦੇ ਖੂਹ ਬੇਦਾਰ ਕਰਦੇ ਨੇ ਫ਼ਜ਼ਾ,
ਮਸਤ ਖੇਤਾਂ 'ਚੋਂ ਲਏ ਜੀਵਨ ਹਵਾ ।
ਜਿਸ ਤੇ ਆਇਆ ਹੈ ਜਹਾਨਾਂ ਦਾ ਗੁਰੂ,
ਧਰਤੀਆਂ ਦਾ, ਆਸਮਾਨਾਂ ਦਾ ਗੁਰੂ ।
ਬਣ ਕੇ ਕਵਿਤਾ ਦਿਲ 'ਚੋਂ ਨਿਕਲੇ ਜੋ ਖ਼ਿਆਲ,
ਹੋ ਗਏ ਬਾਣੀ-ਅਮਰ ਜਗਦੀ ਮਿਸਾਲ ।
ਖ਼ੂਨ 'ਚੋਂ ਉਠਦਾ ਹੈ ਜਿਸਦਾ ਫ਼ਲਸਫ਼ਾ,
ਟੋਰਦਾ ਹੈ ਜ਼ਿੰਦਗੀ ਦਾ ਕਾਫ਼ਲਾ ।
ਮੈਂ ਸਮਝਦਾ ਤਾਨ ਹਾਂ ਉਸ ਤਾਨ ਨੂੰ,
ਜੋ ਭਗਤ ਦੇ ਵੱਸ ਕਰੇ ਭਗਵਾਨ ਨੂੰ ।
ਕਵਿਤਾ ਕੋਈ ਦਿਲ-ਬਹਿਲਾਵਾ ਹੀ ਨਹੀਂ-
ਕਿਉਂ ਨਾ ਗਾਵਾਂ ਜ਼ਿੰਦਗੀ ਹੀ ਜ਼ਿੰਦਗੀ ?

ਹੋਣੀਆਂ ਦਾ ਡਰ ਉਡਾ ਸਕਦੀ ਹੈ ਇਹ,
ਪੰਧ ਅਸਲੇ ਦਾ ਵਿਖਾ ਸਕਦੀ ਹੈ ਇਹ ।
ਪਿਆਰ ਤੋ ਬਿਨ ਆਦਮੀ ਕੁਝ ਭੀ ਨਹੀਂ;
ਦਰਦ ਤੋਂ ਬਿਨ ਜ਼ਿੰਦਗੀ ਕੁਝ ਭੀ ਨਹੀਂ ।
ਹੀਰ, ਰਾਂਝੇ, ਸੋਹਣੀਆਂ ਤੋਂ ਹੈ ਮੁਰਾਦ,
ਬੱਚੇ ਬੱਚੇ ਦਾ ਧਰਮ ਹੈ ਪਿਆਰ-ਵਾਦ ।
ਰਾਮ ਤੀਰਥ ਲੈ ਕੇ ਆਪਣੀ ਰੀਤ ਨੂੰ
ਨਿਕਲਿਆ ਸੀ ਜ਼ਿੰਦਗੀ ਦੇ ਗੀਤ ਨੂੰ ।
ਉਮਰ ਤਕ ਇਕਬਾਲ ਨੇ ਗਾਈ ਹੈ ਜੋ
ਮੇਰੇ ਜੀਵਨ ਤੇ ਖ਼ੁਦੀ ਛਾਈ ਹੈ ਉਹ ।

ਹੁਨਰ ਉਹ ਹੈ ਜਿਸ 'ਚ ਰੂਹ ਹੈ, ਜਾਨ ਹੈ;
ਹੁਨਰ 'ਚੋਂ ਪੈਦਾ ਦਿਲਾਂ ਦੀ ਸ਼ਾਨ ਹੈ ।
ਹੁਨਰ ਹੈ ਹਰ ਇਲਮ ਦੀ ਕੈਦੋਂ ਬਰੀ,
ਹੁਨਰ ਹੈ ਇਕ ਰੂਹ ਦੀ ਜਾਦੂਗਰੀ ।
ਹੁਨਰ ਹੋ ਜਾਏਗਾ ਜਦ ਜੀਵਨ ਤੋਂ ਦੂਰ,
ਤਾਰੇ ਹੋ ਜਾਵਣਗੇ ਸਾਰੇ ਚੂਰ ਚੂਰ ।
ਹੁਨਰ ਇਕ ਖ਼ਾਲੀ ਖਿਡੌਣਾ ਹੀ ਨਹੀਂ;
ਹੁਨਰ ਬਸ 'ਜ਼ਾਹਰ' ਤੇ ਭੌਣਾ ਹੀ ਨਹੀਂ ।
ਕੀ ਕਲਾ ਮਦਰਾ ਤੋਂ ਖਾਲੀ ਜਾਮ ਹੈ ?
ਕੀ ਕਲਾ ਫ਼ੋਟੋਗਰੀ ਦਾ ਨਾਮ ਹੈ ?
ਹੈ ਬਜੁਰਗਾਂ ਤੋਂ ਕਲਾਕਾਰੀ ਮੇਰੀ;
ਕਿਉਂ ਨਾ ਗਾਵਾਂ ਜ਼ਿੰਦਗੀ ਹੀ ਜ਼ਿੰਦਗੀ
ਜੇ ਬਜੁਰਗਾਂ ਦਾ ਲਹੂ ਨਸ ਨਸ 'ਚ ਹੈ ?
ਜ਼ਿੰਦਗੀ ਦਾ ਫ਼ਲਸਫ਼ਾ ਰਗ ਰਗ 'ਚ ਹੈ ।

14. ਪਰਛਾਵੇਂ

ਅੱਤ ਡੂੰਘੇ ਪਰਛਾਵੇਂ-
ਇਨ੍ਹਾਂ 'ਚੋਂ ਇਕ ਯਾਦ ਤੇਰੀ ਦੀ ਪੁਤਲੀ ਜਾਗੇ,
ਨਾਚ ਕਰੇ ਆ ਪੁਤਲੀਆਂ ਲਾਗੇ,
ਜੋਬਨ-ਨਹਿਰ ਕਿਨਾਰੇ,
ਆਸ਼ਾ-ਬੋੜ੍ਹ ਦੀ ਛਾਵੇਂ-
ਅੱਤ ਡੂੰਘੇ ਪਰਛਾਵੇਂ !

ਹੋ ਸਪਣੀ ਪਾਣੀ ਤੇ ਲੇਟੀ
ਆਸ ਲਰਜ਼ਦੀ ਟਹਿਣੀ,
ਪ੍ਰੀਤ-ਫ਼ੌਜ ਇਸ ਦਰਵਾਜ਼ੇ 'ਚੋਂ
ਲੰਘਦਾ ਜਾਏ ਪਾਣੀ;
ਜਾਂ ਕੋਈ ਇਸ ਦੀ ਲੁਟ ਖ਼ੁਦਾਈ
ਚਾਨਣ-ਪੁਨੂੰ ਹੋ ਗਿਆ ਰਾਹੀ,
ਤੜਪ ਤੜਪ ਕੇ ਆਖ ਰਹੀ ਹੈ, "ਮੈਂ ਤੈਥੋਂ ਬਲਿਹਾਰੀ
ਪਾਣੀ ! ਮੈਂ ਫਿਰ ਤੇਰੇ ਲੇਖੇ ਦੱਸ, ਜੇ ਉਸ ਦੀ ਪਾਵੇਂ-"
ਅੱਤ ਡੂੰਘੇ ਪਰਛਾਵੇਂ !

ਤਣਿਆਂ ਤੇ ਪੱਤਿਆਂ ਦੇ ਪਾਤਰ,
ਧਰਤ ਤੇ ਆਏ ਖੇਡਣ ਖ਼ਾਤਰ;
ਦੋ ਸਾਏ ਕੁਝ ਦੂਰ ਨਿਕਲ ਕੇ
ਪਹੁੰਚੇ ਛਾਇਆ-ਹਰਿਮੰਦਰ ਤੇ;
ਕਰ ਕਰ ਨਖ਼ਰੇ, ਕਰ ਕਰ ਅੜੀਆਂ;
ਖੇਡ ਖੇਡ ਵਿਚ ਰਾਤਾਂ ਆਈਆਂ,
ਨੈਣਾਂ ਵਿਚ ਬਰਸਾਤਾਂ ਆਈਆਂ !
ਬਿਨ ਤੇਰੇ ਕੋਈ ਜਾਣ ਨਾ ਸਕੇ
ਕਿਉਂ ਹੱਸੇ, ਕਿਉਂ ਰੋਏ;
ਉਠ ਜਾਏ ਇਸ 'ਕਿਉਂ ?' ਦਾ ਪਰਦਾ
ਤੂੰ ਜੇ ਆਪ ਸੁਣਾਵੇਂ,
ਅੱਤ ਡੂੰਘੇ ਪਰਛਾਵੇਂ !

15. ਮਿੱਟੀ ਦਾ ਦੀਵਾ

ਹੇ ਜੋਤਿਕਾਰ ਕਲਿਆਣ !
ਮੈਂ ਮਿੱਟੀ ਦਾ ਦੀਵਾ,
ਕਾਇਆ ਰੂਪ ਹਨੇਰਾ;
ਬਿਨ ਬੱਤੀ ਬਿਨ ਤੇਲ,
ਕੀ ਹੋਵੇਗਾ ਮੇਲ ?
ਇਸ ਪਸਤੀ ਵਿਚ ਪਾ ਦੇ ਪਾ ਦੇ ਚਾਨਣ-ਜੀਵਨ ਜਾਨ !
ਹੇ ਜੋਤਿਕਾਰ ਕਲਿਆਣ !

ਜੀਵਨ ਜੀਣਾ-ਮਰਨਾ ;
ਖ਼ਾਲੀ ਹੋਣਾ, ਭਰਨਾ ।
ਰੱਖ ਨਾ ਮੈਨੂੰ ਖ਼ਾਲੀ,
ਭਰ ਦੇ ਲਘੂ ਪਿਆਲੀ !
ਅੰਨ੍ਹਾ ਹਾਂ ਜਦ ਤਕ ਮੈਂ ਖ਼ੁਦ ਹੀ ਰਾਹ ਕਿਸ ਨੂੰ ਫਿਰ ਪਾਵਾਂ ?
ਭੇਜ ਕਈ ਦਰਦਾਂ ਵਿਚ ਨੱਚਦੇ ਹਾਲਾ-ਰੰਗ ਪਰਾਣ !
ਹੇ ਜੋਤਿਕਾਰ ਕਲਿਆਣ !

ਅਮਰ-ਜੋਤ ਦਾ ਪਾ ਪਰਛਾਵਾਂ
ਇਸ ਦੀਵੇ ਨੂੰ ਬਾਲ !
ਰੋਸ਼ਨ ਹੋਵੇ 'ਆਵਣ-ਵਾਲਾ',
ਚਮਕ ਪਵੇ ਭੂਕਾਲ ,
ਸ਼ਾਮਾਂ ਵੇਲੇ ਨਿਤ ਨਿਤ ਕੋਈ
ਨਾਜ਼ਕ ਹੱਥ ਜਗਾਏ,
ਪਹਿਲੀ ਨੂਰ ਕਿਰਨ ਵਿਚ ਤੜਕੇ
ਨੂਰ ਰੂਪ ਹੋ ਜਾਏ ।
ਕਦੀ ਮੈਂ ਤੇਰੇ ਨਾਲ ਆ ਬੈਠਾਂ ਕਦੀ ਬਣਾਂ ਦਰਬਾਨ;
ਹੇ ਜੋਤਿਕਾਰ ਕਲਿਆਣ !

ਬੜਾ ਮਜ਼ਾ ਹੈ ਜਗਣਾ-ਬੁਝਣਾ,
ਮੇਲ 'ਚ ਹੱਸਣਾ, ਬਿਰਹੋਂ 'ਚ ਭੁੱਜਣਾ !
ਠੰਢੀ ਰਾਤ ਨੂੰ ਕੋਈ
ਪ੍ਰੀਤਮ ਦੇ ਸੰਗ ਬੈਠੀ ਹੋਈ ;
ਕੁਝ ਦਿਲ ਉਸ ਦੇ ਆਏ,
ਝਟ ਮੈਥੋਂ ਸ਼ਰਮਾਏ ;
ਟੁੱਟਦੇ ਅੰਗ, ਢਿਲਕਦੇ ਬਸਤਰ,
ਕੰਬਦੇ ਹੱਥਾਂ ਨਾਲ ਉਹ ਸੋਹਣੀ ਮੈਨੂੰ ਆਣ ਬੁਝਾਏ ।
ਨਿਕਲਣ ਕੁਝ ਅਰਮਾਨ !

ਇਕ ਜੋਤ ਵਧ ਜਾਏ ਜੇਕਰ
ਨਹੀਂ ਕੋਈ ਨੁਕਸਾਨ !
ਜੋਤੀ ਦੇ ਆਕਾਸ਼ ਤੇ ਚਮਕਾਂ
ਮੈਂ ਹੋ ਚੰਦ ਸਮਾਨ !
ਹੇ ਜੋਤਿਕਾਰ ਕਲਿਆਣ !

16. ਉੱਲੂ

ਜ਼ਿੰਦਗੀ ਹਰ ਸ਼ੈ 'ਚ ਚਮਕੇ ਰਾਤ ਦਿਨ ।
ਕਿਣਕੇ ਕਿਣਕੇ ਵਿਚ ਸ਼ਮਾ ਬਲਦੀ ਨੂੰ ਦੇਖ।
ਕਝ ਮਿਲੇਗਾ ਘੁ੫ ਹਨੇਰਾ ਫੋਲ ਕੇ,
ਉਸ 'ਚ ਕੀ ਹੈ ਰੋਸ਼ਨੀ ਢਲਦੀ ਨੂੰ ਦੇਖ ।
ਕਝ ਨਜ਼ਰ ਆਏਗਾ ਬਣਦਾ, ਗ਼ੌਰ ਕਰ,
ਨੀਝ ਲਾ ਲਾ ਕੇ ਚਿਤਾ ਬਲਦੀ ਨੂੰ ਦੇਖ,
ਕੋਲਿਆਂ ਵਿਚ ਬਣ ਰਹੀ ਹਸਤੀ ਨੂੰ ਤੱਕ,
ਕਾਲਖਾਂ ਵਿਚ ਰੋਸ਼ਨੀ ਪਲਦੀ ਨੂੰ ਦੇਖ ।
ਅੰਤ ਦਰਿਆਵਾਂ ਤੋਂ ਇਕ ਦੁਨੀਆ ਸ਼ੁਰੂ,
ਜ਼ਿੰਦਗੀ ਵਿਚ ਜ਼ਿੰਦਗੀ ਰਲਦੀ ਨੂੰ ਦੇਖ ।
ਨਜ਼ਰ ਰੱਖ ਚਲਦੇ ਸਮੇਂ ਤੇ ਨਜ਼ਰ ਰੱਖ,
ਦੇਖ ਸਕੇ ਤਾਂ ਹਵਾ ਚਲਦੀ ਨੂੰ ਦੇਖ ।
ਹਰ ਨਜ਼ਾਰਾ ਜ਼ਿੰਦਗਾਨੀ ਦਾ ਗਵਾਹ,
ਹਰ ਇਸ਼ਾਰਾ ਜ਼ਿੰਦਗਾਨੀ ਦਾ ਗਵਾਹ ।
ਸਾਗਰੀ ਦੁਨੀਆ ਹੈ ਇਕ ਪਾਤਾਲ ਦੇਸ਼,
ਤਾਰਿਆਂ ਦਾ ਦੇਸ਼ ਇਕ ਬੇਕਾਲ ਦੇਸ਼ ।
ਇਕ ਖ਼ਿਆਲਾਂ ਦਾ ਮੁਲਕ ਆਬਾਦ ਦੇਖ,
ਉਸ ਦੇ ਵਾਸੀ ਕੈਦ ਦੇਖ, ਆਜ਼ਾਦ ਦੇਖ ।
ਦੇਸ਼ ਹਨ ਬੇ-ਗਿਣਤ, ਪਰ ਇਕ ਜ਼ਿੰਦਗੀ
ਹੈ ਅਕਾਸ਼ਾਂ ਤੋਂ ਪਤਾਲਾਂ ਤਕ ਗਈ ।
ਦਿਨ ਗਿਆ, ਰਾਤ ਆ ਗਈ ਪਰ ਜ਼ਿੰਦਗੀ
ਜਾਗਦੀ ਹੈ, ਜਾਗਦੀ ਹੈ, ਜਾਗਦੀ !

ਜੁਗਨੂੰਆਂ ਵਿਚ ਜਗ-ਮਗਾਏ ਜ਼ਿੰਦਗੀ,
ਸ਼ਮਾ ਦੀ ਲੋ ਵਿਚ ਸਮਾਏ ਜ਼ਿੰਦਗੀ,
ਇਸ਼ਕ ਪਰਵਾਨੇ 'ਚ ਬਣ ਜਾਂਦੀ ਹੈ ਇਹ ।
ਜਾਣ ਚਮਗਿੱਦੜ ਦੀਆਂ ਅੱਖਾਂ 'ਚ ਇਹ,
ਸਭ ਹਨੇਰੇ ਚਾਨਣੇ ਪੱਖਾਂ 'ਚ ਇਹ ।
ਝੂਠ ਸਭ ਕਹਿੰਦੇ ਨੇ ਨਹਿਸ਼ ਉੱਲੂ ਹੈ ਇਹ,
ਜ਼ਿੰਦਗੀ ਦਾਂ ਜਾਗਦਾ ਪਹਿਲੂ ਹੈ ਇਹ ।
ਇਸ ਬਿਨਾਂ ਹੈ ਨਾ-ਮੁਕੰਮਲ ਜ਼ਿੰਦਗੀ-
ਆਦਮੀ ਕੀ ਅੰਗ-ਹੀਣਾ ਆਦਮੀ ?
ਇਕ ਵਰਕਾ ਹੀ ਜੇ ਘਟ ਜਾਏ ਕਿਤਾਬ,
ਕੁਝ ਨਾ ਕੁਝ ਮਜ਼ਮੂਨ ਹੋ ਜਾਏ ਖ਼ਰਾਬ ।
ਫੁੱਲ 'ਚੋਂ ਖ਼ੁਸ਼ਬੂ ਨਿਕਲ ਜਾਏ ਹਨੇਰ;
ਜਿੰਦਗੀ ਸਾਗਰ ਦੀ ਕੀ ਲਹਿਰੋਂ ਬਗੇਰ ?
ਕੋਈ ਸ਼ੈ ਦੁਨੀਆਂ ਤੇ ਬੇ-ਫ਼ਾਇਦਾ ਨਹੀਂ,
ਰਹਿਣਾ ਇਕੋ ਹਾਲ ਪਰ ਕਾਇਦਾ ਨਹੀ ।

ਜ਼ਿੰਦਗੀ ਉੱਲੂ ਦੀ ਹੈ ਜਗਦੀ ਮਿਸਾਲ,
ਇਕ ਵਫਾਦਾਰੀ ਦਾ ਹੈ ਜੀਵਤ ਖ਼ਿਆਲ ।
ਜਿਸ ਥਾਂ ਦੁਨੀਆ ਜਾਏ ਨਾਤੇ ਤੋੜ ਕੇ,
ਉਸ ਥਾਂ ਇਹ ਬਹਿੰਦਾ ਹੈ ਰਿਸ਼ਤਾ ਜੋੜ ਕੇ ।
ਮੌਤ ਤੋਂ ਡਰਦਾ ਨਹੀਂ, ਡਰਦਾ ਨਹੀਂ ।

ਝੂਠ ਸਭ ਕਹਿੰਦੇ ਨੇ ਨਹਿਸ਼ ਉੱਲੂ ਹੈ ਇਹ;
ਜ਼ਿੰਦਗੀ ਦਾ ਕਾਫ਼ਲਾ ਚਾਲੂ ਹੈ ਇਹ ।
ਜ਼ਿੰਦਗੀ ਹਰ ਸ਼ੈ 'ਚ ਜਾਗੇ ਰਾਤ ਦਿਨ ।

17. ਕਿਸੇ ਨੂੰ ਕੀ

ਬੇੜੀ ਮੇਰੀ ਨੂੰ ਦੇਖ ਕੇ ਇਹ ਹਨ ਹੈਰਾਨ ਕਿਉਂ !
ਆਉਂਦਾ ਨਹੀਂ ਜੇ ਮੇਰਾ ਕਿਨਾਰਾ ਕਿਸੇ ਨੂੰ ਕੀ ?
ਮੇਰੀ ਨਜ਼ਰ ਦੇ ਸ਼ੌਕ ਤੋਂ ਸੜਦੇ ਨੇ ਕਿਸ ਲਈ,
ਮੈਂ ਤੱਕ ਰਿਹਾ ਹਾਂ ਤੇਰਾ ਨਜ਼ਾਰਾ ਕਿਸੇ ਨੂੰ ਕੀ ?
ਕੋਸ਼ਿਸ਼ ਤਾਂ ਕਰ ਗਿਆ ਮੈਂ ਤੇਰੇ ਇਮਤਿਹਾਨ ਵਿਚ,
ਆਇਆ ਹਾਂ ਜੇ ਨਕਾਮ ਦੁਬਾਰਾ ਕਿਸੇ ਨੂੰ ਕੀ ?
ਹੰਝੂ ਦੀ ਕਦਰ ਜਾਣੀ ਨਾ ਬੇਦਿਲ ਜਹਾਨ ਨੇ,
ਮਿਟੀ 'ਚ ਰੁੱਲ ਗਿਆ ਜੇ ਵਿਚਾਰਾ ਕਿਸੇ ਨੂੰ ਕੀ ?
ਸ਼ਾਇਦ ਪਿਆਰ-ਦੀਪ ਦੀ ਬੁਨਿਆਦ ਉਹ ਬਣੇ,
ਟੁੱਟਾ ਜੇ ਮੇਰੇ ਅਰਸ਼ 'ਚੋਂ ਤਾਰਾ ਕਿਸੇ ਨੂੰ ਕੀ ?
ਝੱਲੇ ਖ਼ੁਦੀ ਅਹਿਸਾਨ ਭਲਾ ਕਿਉਂ ਜਹਾਨ ਦਾ,
ਹੁੰਦਾ ਨਹੀਂ ਜੇ ਮੇਰਾ ਗੁਜ਼ਾਰਾ ਕਿਸੇ ਨੂੰ ਕੀ ?
ਨੱਚਦੇ ਨੇ ਮੇਰੇ ਨਾਲ ਨਛੱਤਰ, ਹੈਰਾਨ ਜਗ,
ਕਰਦਾ ਹੈ ਮੈਨੂੰ ਚੰਦ ਇਸ਼ਾਰਾ, ਕਿਸੇ ਨੂੰ ਕੀ ?
ਸਾਗਰ ਦੇ ਗੋਤਿਆਂ 'ਚੋਂ ਮਹਾਂ ਨੂਰ ਮਿਲ ਗਿਆ,
ਹੁੰਦਾ ਨਹੀਂ ਜੇ ਪਾਰ-ਉਤਾਰਾ ਕਿਸੇ ਨੂੰ ਕੀ ?
ਨਾ ਦੁਖ ਸੁਣਾ ਕਿਸੇ ਨੂੰ, ਤੂੰ ਕਮਜ਼ੋਰ ਰੂਹ ਨਹੀਂ ;
ਦੇਵੇਗਾ ਤੈਨੂੰ ਕੋਈ ਸਹਾਰਾ ਕਿਸੇ ਨੂੰ ਕੀ?
ਚੱਪੂ-ਅਮਲ ਸੰਭਾਲ ਹੇ ਜੀਵਨ-ਕੁਮਾਰ ਦਿਲ !
ਡੁਬਦਾ ਰਹੇ ਜੇ ਤੇਰਾ ਸ਼ਿਕਾਰਾ ਕਿਸੇ ਨੂੰ ਕੀ ?

18. ਪੁਨਰ-ਬੇੜੀ

ਯਾਰ ! ਇਕ ਨਾਜ਼ਕ ਜਹੇ ਦਿਲ ਲਾਲ ਫੁੱਲ ਨੂੰ ਤੋੜ ਕੇ,
ਕੁਝ ਖ਼ਿਆਲਾਂ ਦਾ ਸਮੂਹ, ਕੁਝ ਨਾਲ ਆਸਾਂ ਜੋੜ ਕੇ,
ਇਕ ਸੁਬਕ ਬੇੜੀ ਬਣਾਈ ਅਪਣੇ ਮਨ ਦੇ ਰਾਜ਼ ਤੋਂ,
ਸਾਜ਼ ਇਕ ਬਣਿਆਂ ਅਨੋਖਾ ਮੇਰੇ ਦਿਲ-ਨਾਸਾਜ਼ ਤੋਂ !
ਸਾਜ਼ ਚੋਂ ਪ੍ਰੀਤਾਂ ਦੇ ਸੋਮੇ ਗੀਤ ਪੈਦਾ ਹੋ ਗਏ,
ਨੂਰ ਦੇ ਸੁਪਨੇ ਮੇਰੀ ਬੇੜੀ ਦੀ ਕਾਲ਼ਖ ਧੋ ਗਏ ।
ਜ਼ਿੰਦਗੀ ਦਾ ਸ਼ੌਕ ਆਇਆ ਦਿਲ ਮੇਰਾ ਠਾਰਨ ਲਈ,
ਇਸ ਮਹਾਂ ਸਾਗਰ 'ਚ ਬੇੜੀ ਨੂੰ ਮੇਰੀ ਤਾਰਨ ਲਈ ।
ਹੌਸਲਾ ਕਰ ਕੇ ਮੈਂ ਠੇਲ੍ਹੀ ਧਰ ਕੇ ਉਂਗਲਾਂ ਸਾਜ਼ ਤੇ,
ਮੇਰੀ ਬੇੜੀ ਚਲ ਰਹੀ ਸੀ ਰਾਗ ਦੀ ਆਵਾਜ਼ ਤੇ !
ਮੁਸਕਾਏ ਸੁਣ ਕੇ ਤਾਰੇ ਮੇਰੀ ਇਕ ਇਕ ਤਾਨ ਨੂੰ,
ਸਾਗਰੋਂ ਉਠੀਆਂ ਨੇ ਲਹਿਰਾਂ ਸੁਣ ਕੇ ਅੰਬਰ ਜਾਣ ਨੂੰ !
ਮੈਂ ਇਸੇ ਬੇੜੀ 'ਚ ਬੈਠਾ ਮੁੱਦਤਾਂ ਵਹਿੰਦਾ ਰਿਹਾ,
ਚੰਦ ਅਫ਼ਸਾਨੇ ਕਈ ਕਹਿੰਦਾ ਰਿਹਾ, ਕਹਿੰਦਾ ਰਿਹਾ ।

ਗੀਤ ਮੇਰੇ ਇਕ ਨਵੀਂ ਦੁਨੀਆ 'ਚ ਆਖ਼ਰ ਆ ਗਏ ।

ਕੋਈ ਨਗ਼ਮਾ ਦੌੜਿਆ ਜੰਗਲ ਦੇ ਬੰਨੇ ਭੌਂ ਗਿਆ,
ਕੋਈ ਖੇਤਾਂ ਦੀ ਹਰੀ ਗੋਦੀ 'ਚ ਜਾ ਕੇ ਸੌਂ ਗਿਆ,
ਗੀਤ ਕੁਝ ਲਹਿਰਾਂ ਚੁਰਾਏ, ਅਪਣੇ ਬੇਲੀ ਜਾਣ ਕੇ ।
ਪਰ ਕਈ ਨਗ਼ਮੇ ਮੇਰੇ ਪਰੀਆਂ ਉਡਾਏ ਆਣ ਕੇ,
ਗੌਣ ਕੁਝ ਮੇਰੇ ਗਏ ਝੀਲਾਂ 'ਚ ਜਾ ਕੇ ਰਹਿ ਗਏ ।
ਭੇਤ ਰਸਤੇ ਦਾ ਮਹਾਂ ਸਾਗਰ ਨੂੰ ਬਾਕੀ ਕਹਿ ਗਏ.....

ਹੋਂ ਗਈ ਮੁੱਦਤ ਗਵਾਚੇ ਗੀਤ ਸਭ ਰੋਂਦਾ ਸਾਂ ਮੈਂ ।

ਪਰ ਅਚਾਨਕ ਪ੍ਰੀਤ ਮੇਰੀ ਨਾਲ "ਕ੍ਰਿਸ਼ਨਾ" ਹੋ ਗਈ,
ਰੇਸ਼ਮੀ ਜ਼ੁਲਫ਼ਾਂ ਨੇ ਮੁੜ ਛੁਹਿਆ ਹੈ ਦਿਲ ਦੇ ਸਾਜ਼ ਨੂੰ ;
ਪਰੇਮ ਨੇ ਸਮਝਾਇਆ ਆ ਕੇ ਜ਼ਿੰਦਗੀ ਦੇ ਰਾਜ਼ ਨੂੰ ।
ਮੇਰੇ ਸਭ ਸੁਪਨੇ ਮਿਲੇ ਹਨ ਇਹਦੇ ਇਕ ਇਕ ਨਾਜ਼ 'ਚੋਂ,
ਗੀਤ ਮੇਰੇ ਮੁੜ ਮਿਲੇ ਹਨ ਰਸ ਭਰੀ ਅਵਾਜ਼ 'ਚੋਂ !
(ਐਚ. ਆਰ. ਵਿਸ਼ਵਾ ਮਿਤਰ ਦੀ ਛਾਇਆ)

19. ਜਵਾਨਾ

ਲਤਾੜ ਅੰਬਰਾਂ ਨੂੰ ਬਹਾਦਰ ਜਵਾਨਾ,
ਬਦਲ ਸਿਲਸਿਲਾ ਇਹ ਨਵਾਂ ਤੇ ਪੁਰਾਣਾ ।
ਬਦਲ ਦੇ ਜ਼ਮੀਨਾਂ, ਉਲਟ ਦੀਪ, ਅੰਬਰ ;
ਤੇਰੇ ਸਾਹਮਣੇ ਕੀ ਸੁਨਹਿਰੀ ਅਡੰਬਰ ।
ਤਰਸਦੇ ਨੇ ਪੈਰਾਂ ਨੂੰ ਤੇਰੇ ਸਤਾਰੇ,
ਮਹਾਂ ਸੁੰਨਤਾਈ 'ਚ ਗੁੰਮ ਸੁੰਮ ਨਜ਼ਾਰੇ ।
ਪਹਾੜਾਂ ਤੋਂ ਖਾ ਖਾ ਹਵਾਵਾਂ ਗੁਜ਼ਰ ਜਾ,
ਸਫ਼ਰ-ਸ਼ੌਕ ਨੂੰ ਦੇ ਦਵਾਵਾਂ ਗੁਜ਼ਰ ਜਾ ।
ਨਜ਼ਰ ਨਾਲ ਹੁਸਨਾਂ ਦੇ ਸਾਗਰ ਨੂੰ ਪੀ ਜਾ ;
ਜਵਾਨੀ ਦੇ ਪਾਂਧੀ ਕੋਈ ਦਿਨ ਤਾਂ ਜੀ ਜਾ।
ਮਸੰਦਾਂ ਦੇ ਤਾਜਾਂ ਦੀ ਮਿੱਟੀ ਉਡਾ ਦੇ ;
ਜਗਾ ਦੇ, ਹਿਮਾਲਾ ਦੀ ਸਰਦੀ ਜਗਾ ਦੇ।
ਨਿਕਲ ਨੀਲ ਰਾਵੀ ਤੇ ਦਜਲਾ ਨਿਕਲ ਜਾ;
ਤੂੰ ਲਾਲੀ, ਸੂਫ਼ੈਦੀ ਤੇ ਕਜਲਾ ਨਿਕਲ ਜਾ ।
ਸਮੇਂ ਦੀ ਮਿਟਾ ਦੇ ਨਵੀਂ ਹੋਸ਼ਿਆਰੀ।
ਤੇ ਤਹਿਤੇਗ ਕਰ ਦੇ ਇਹ ਸਰਮਾਇਆਦਾਰੀ ।
'ਕਿਸਾਨਾਂ ਦੀਆਂ ਝੁੱਗੀਆਂ' ਵਕਤ ਕਰ ਦੇ ;
ਤੂੰ ਅਰਸ਼ਾਂ ਦੀ ਬਿਜਲੀ ਹਥੌੜੇ 'ਚ ਭਰ ਦੇ ।
ਤੇਰੀ ਜ਼ਿੰਦਗਾਨੀ, ਤੇਰੇ ਝੀਲ, ਝਰਨੇ ;
ਤੇਰੇ ਸਾਂਭ ਤੁਪਕੇ ਬਣੇ ਤਾਜਵਰ ਨੇ ।
ਅਮਲ ਹੀ ਅਮਲ ਹੈ ਹਕੀਕਤ-ਸਚਾਈ,
ਅਮਲ ਹੀ ਤੋਂ ਪੈਂਦਾ ਹੈ ਸਾਰੀ ਖ਼ੁਦਾਈ ।
ਹਵਾ ਇਸ ਦੀ ਤੋਰੇ ਜਹਾਜ਼ ਆਦਮੀ ਦਾ ;
ਇਹ ਮੰਬਾ ਹੈ ਨੂਰੀ ਮਹਾਂਰੋਸ਼ਨੀ ਦਾ ।
"ਘੜੀ ਕੋਈ ਖ਼ਾਲੀ ਨਾ ਜਾਏ ਕਰਮ ਤੋਂ",
ਅਵਾਜ਼ ਆ ਰਹੀ ਹੈ ਕਿਸੇ ਦੀ ਹਵਾ ਚੋਂ,
"ਨਹੀਂ ਮੌਤ ਨੇ ਜਦ ਇਕ ਪਲ ਭੀ ਦੇਣਾ
"ਤਾਂ ਇਕ ਪਲ ਭੀ ਅਪਣਾ ਹੈ ਕਿਉਂ ਮੌਤ ਕਰਨਾ ।"

20. ਬੱਦਲ ਆ ਗਏ

ਬੱਦਲ ਆ ਗਏ ਜੀ, ਬੱਦਲ ਆ ਗਏ ਹਾਂ !
ਤੀਖਨ ਰੋਸ਼ਨੀ ਤੇ, ਬੇਦਿਲ ਰੋਸ਼ਨੀ ਤੇ,
ਟੂਣੇ ਹੋ ਗਏ ਜੀ, ਜਾਦੂ ਛਾ ਗਏ ਹਾਂ।
ਬੱਦਲ ਆ ਗਏ ਹਾਂ, ਬੱਦਲ ਆ ਗਏ ਹਾਂ !

ਮੇਰੇ ਬਨ ਵਿਚ ਨੱਚਦੇ ਨੇ ਮੋਰ ਸਖੀਓ,
ਨਾਚਾਂ ਵਿਚ ਹੈ ਚਿੱਤ-ਚੋਰ ਸਖੀਓ !
ਦਿਲ-ਕੁੰਜ ਗਲੀ 'ਚੋਂ ਨਿਕਲ ਸੁਪਨੇ
ਆਏ ਹਨ ਅੱਖ-ਜਮਨਾ-ਤਟ ਤੇ ।
ਬਿਜਲੀ ਚਮਕਦੀ ਏ, ਜੀ ਹਾਂ ਚਮਕਦੀ ਏ ;
ਬੋਹੜ-ਤਾਰਿਆਂ 'ਚੋਂ ਪੀਂਘ ਲਮਕਦੀ ਏ ।
ਆਓ ਰਲ ਮਿਲ ਹੂਟਿਆਂ ਦਾ ਤਾਰ ਬੰਨ੍ਹੀਏਂ
ਕਿਸੇ ਨਾਲ ਰੁਸੀਏ, ਕਿਸੇ ਨਾਲ ਮੰਨੀਏ !
ਅੱਜ ਆਪ ਮਾਹੀ ਫੇਰਾ ਪਾ ਗਏ ਹਾਂ,
ਬੱਦਲ ਆ ਗਏ ਜੀ, ਬੱਦਲ ਆ ਗਏ ਹਾਂ !

ਪਈ ਪੱਤਣ-ਝਨਾਂ ਤੇ ਬੰਸੀ ਵੱਜਦੀ ਏ,
ਰੂਹ ਉਸ ਦੀ ਫਵਾਰ ਤੋਂ ਰਜਦੀ ਏ ।
ਕਾਲੇ ਬੱਦਲ ਨੇ ਕੇਸ ਮੇਰੇ ਰਾਂਝਣੇ ਦੇ,
ਛਾਇਆ ਨੂਰ ਦੀ ਹੈ ਇਹ ਮੇਰੀ ਜ਼ਿੰਦਗੀ ਤੇ ।
ਬਾਰਸ਼ ਆ ਗਈ ਜੀ, ਬਾਰਸ਼ ਆ ਗਈ ਹਾਂ ।

ਮੇਰੇ ਸਾਗਰ 'ਚੋਂ ਉੱਠ ਨੇ ਸੁਪਨ ਵੱਸਦੇ,
ਕਰੇ ਨਾਚ ਕੁਟੀਆ, ਉਪਬਨ ਹੱਸਦੇ !

ਆਵੋ, ਆਵੋ, ਨੀ ਸਹੇਲੀਓ ! ਘਰ ਛੱਡ ਕੇ,
ਉੱਠੋ ਉੱਠੋ ਨੀ ਸਿਆਣੀਓਂ ਦਰ ਛੱਡ ਕੇ ।
ਤੁਰੋ ਲੈ ਤੁਰਨੀ ਆਪਣੀ ਆਪਣੀ,
ਇਸ ਬਾਰਸ਼ ਵਿਚ ਤਾਰਨ ਕਫਨੀ ।
ਦਰ ਕੋਟ ਪਹਾੜਾਂ ਤੋਂ ਲੰਘ ਜਾਵੋ,
ਗੀਤਾਂ ਸੰਗ ਦੁਨੀਆ ਰੰਗ ਜਾਵੋ ।
ਮੇਰੇ ਅੰਦਰ ਬਾਹਰ ਉਮੀਦਾਂ ਵਿਚ,
ਜਿੰਦ ਪਾ ਗਈ ਜੀ, ਜਿੰਦ ਪਾ ਗਈ ਹਾਂ!
ਬਾਰਸ਼ ਆ ਗਈ ਜੀ, ਬਾਰਸ਼ ਆ ਗਈ ਹਾਂ !

21. ਮੱਝੀਆਂ

ਝੂੰਮ ਝੂੰਮ ਕੇ ਆਵਣ ਜਾਵਣ ਸਿਰ ਤੋਂ ਵਕਤ ਲੰਘਾਵਣ ।
ਧੁੱਪਾਂ-ਛਾਵਾਂ, ਟਿੱਬੇ-ਟੋਏ ਲੰਘ ਲੰਘ ਕੇ ਚਰ ਆਵਣ ।
ਦਰਦੀ ਨੈਣ ਮਸੂਮਾਂ ਵਰਗੇ, ਦਿਲ-ਮਸਤੀ ਦੇ ਪਿਆਲੇ,
ਪੱਥਰ ਦਿਲ ਮੇਰੇ ਵਿਚ ਆਵਣ ਤੱਕ ਤੱਕ ਦਰਦ-ਉਛਾਲੇ ।
ਚਲਦੇ ਫਿਰਦੇ ਸੋਮੇ ਅੰਦਰ ਗੁੰਮ ਨੂਰਾਂ ਦੀਆਂ ਧਾਰਾਂ,
ਜਿਸ ਦੀ ਇਕ ਇਕ ਬੂੰਦ 'ਚ ਛਲਕਣ ਮਾਤਾ ਰੂਪ ਬਹਾਰਾਂ ।
ਚਿੱਕੜ-ਭਰੀਆਂ ਨੂੰ ਚਿਤ ਚਾਹੇ ਜਾ ਗਲਵਕੜੀ ਪਾਵਾਂ ।
ਚਿੱਟੇ ਕਾਲੇ ਭੋਲੇ ਮੁਖੜੇ ਰੋ ਰੋ ਚੁੰਮਦਾ ਜਾਵਾਂ ।
ਅਪਣੇ ਆਪ ਤੇ ਲਾਹਨਤ ਪਾਵਾਂ ਓ ਬੇਦਰਦ ਕਮੀਨਾ !
ਖਾ ਜਾਏਂ ਬਚਿਆਂ ਦੀ ਰੋਜ਼ੀ ਤੇ ਮਾਵਾਂ ਦਾ ਸੀਨਾ !
ਆਦਮ ਦੀ ਯਮ-ਲੋੜ ਨੇ ਫਾਹੀਆਂ ਕਿਉਂ ਪਾਣੀ ਦੀਆਂ ਪਰੀਆਂ?
ਨਫ਼ਸ ਖੁਸ਼ਕ ਖੇਤੀ ਨੂੰ ਘਲਣ ਦੇ ਦੇ ਇਸ ਦੀਆਂ ਤਰੀਆਂ ।
ਕੌਣ ਸੁਣੇ ਫ਼ਰਿਆਦ ਇਨ੍ਹਾਂ ਦੀ ? ਅਪਣੇ ਦੰਮ ਪਿਆਰੇ ।
ਕੀ ਜਾਣਨ ਇਨ੍ਹਾਂ ਦੇ ਦੁਖੜੇ ਪੰਛੀ ਖਾਵਣ-ਹਾਰੇ !
ਮਰਦੇ ਹਨ ਬੱਚੇ ਇਨ੍ਹਾਂ ਦੇ ਢੋ ਢੋ ਭਾਰ ਬਿਗਾਨਾ,
ਦੁਨੀਆਂ ਵਾਲੇ ਜ਼ਾਲਮ ਤਾਂ ਭੀ ਦੇਣ ਨਾ ਰਜਵਾਂ ਦਾਣਾ ।
ਜਾਗੋ ਕੋਈ ਸ਼ੌਕ ਜਗਾ ਕੇ ਮੱਝੀਆਂ ਦੇ ਚਰਵਾਲੋ ;
ਜੋਤ ਕਰੋ ਪੈਦਾ ਕੋਈ ਮੁੜ ਕੇ ਪੂਰਬ ਰੂਪ ਸਿਆਲੋ ।
ਦਰਦ ਪਿਆਰ ਗਵਾਇਆ ਜਦ ਦਾ ਦੁੱਧ ਸੁੱਕੇ ਮਾਵਾਂ ਦੇ,
ਸਾੜ ਰਹੇ ਹਨ ਸਾਏ ਸਾਨੂੰ ਆਪਣੀਆਂ ਛਾਵਾਂ ਦੇ ।

ਰਹਿਮ ਬਿਨਾਂ ਕੀ ਪਿਆਰ ਕਿਸੇ ਦਾ, ਰਹਿਮ ਬਿਨਾਂ ਕੀ ਜੀਣਾ !
ਰਹਿਮ ਬਿਨਾਂ ਬੇਕਾਰ ਹੈ ਸ਼ਾਇਰ ਤੇਰੀ ਜੀਵਨ-ਵੀਣਾ ।

22. ਸ਼ਾਮ ਵੇਲਾ

ਪਾਂਧੀ-ਅਲੱਸਤ ਥਲ ਦੀਆਂ ਖੁੱਲ੍ਹਾਂ 'ਚ ਮਿਲ ਗਿਆ ।
ਹਾਸਾ ਵਿਸ਼ਾਲ ਨੂਰ ਦਾ ਫੁੱਲਾਂ 'ਚ ਮਿਲ ਗਿਆ ।
ਸਭ ਜ਼ੱਰਿਆਂ ਦੇ ਤੜਪਦੇ ਦਿਲ ਨੇ ਮਿਲਾਪ ਨੂੰ ।
ਮਹਿਫਲ ਤਰਸ ਰਹੀ ਏ ਕਿਸੇ ਦੇ ਅਲਾਪ ਨੂੰ ।
ਪੈਰਾਂ ਦੀ ਕੀ ਮਜਾਲ, ਨਜ਼ਰ-ਦਿਲ ਭੀ ਚੂਰ ਹੈ ;
ਕਿਸ ਸ਼ੈ 'ਚੋਂ ਦਿਲ ਤੇ ਆ ਰਿਹਾ ਦੈਵੀ ਸਰੂਰ ਹੈ ?
ਲਾਲੀ 'ਚ ਮਿਲਦਾ ਜਾਂਦਾ ਏ ਦਿਲ ਸਾਫ਼ ਹੋ ਗ਼ੁਬਾਰ ;
ਰੂਹ ਕਰ ਰਹੀ ਹੈ ਸੀਨੇ ਦਾ ਹਰ ਪਰਦਾ ਤਾਰ ਤਾਰ ।
ਹਲਕੀ ਜਹੀ ਅਵਾਜ਼ ਕਿ ਬੇੜੀ ਨੂੰ ਠੇਲ੍ਹ ਦੇ,
ਹਰਕਤ ਮੇਰੀ ਨੂੰ ਵਿਸ਼ਵ-ਹਰਾਰਤ 'ਚ ਮੇਲ ਦੇ ।
ਰੌਲੇ ਕਫੂਰ, ਦਰਦ ਸਦੀਵੀ ਦਾ ਨਾਚ ਦੇਖ,
ਬੇਦਰ-ਮਹਲ 'ਚੋਂ ਨਿਕਲੀ ਮੁਹੱਬਤ ਦੀ ਜਾਚ ਦੇਖ,
ਦੀਵੇ ਮਸਾਲਚੀ, ਸਤਹ ਦਿਲ ਦੀ, ਪ੍ਰੇਮ ਰਾਹ-
ਪਾਂਧੀ-ਖ਼ਿਆਲ ਰਾਹ ਦੀਆਂ ਖੁੱਲਾਂ 'ਚ ਮਿਲ ਗਿਆ ।
ਆਈ ਮਿਠਾਸ ਬਾਗ਼ ਦੇ ਫੁੱਲਾਂ ਦੀ ਸ਼ਹਿਦ ਵਿਚ,
ਮੈਂ ਕਿਉਂ ਤੜਪਦਾ ਰਹਿ ਰਿਆ ਤੱਤਾਂ ਦੀ ਕੈਦ ਵਿਚ !
ਮਿਲਦੇ ਸਮੇਂ ਤੂੰ ਆਪਣੇ ਹੀ ਖ਼ਾਬਾਂ 'ਚ ਮੇਲ ਲੈ !

23. ਜੀਵਨ

ਜੀਵਨ ਹੈ ਰੋਣਾ ਤੇ ਹੱਸਣਾ,
ਮਾਰ ਪਲਾਕੀ ਕਾਲ ਤੇ ਚੜ੍ਹਨਾ,
ਡਿਗਣਾ ਫੇਰ ਉਸੇ ਵੱਲ ਨੱਸਣਾ-
ਜੀਵਨ ਹੈ ਰੋਣਾ ਤੇ ਹੱਸਣਾ ।

ਅੰਧਕਾਰ-ਖਿੰਘਰਾਂ ਸੰਗ ਖਹਿਣਾ,
ਦੁਖ-ਸੁਖ ਦੇ ਨਰਕਾਂ ਵਿਚ ਪੈਣਾ;
ਦਿਲ-ਸਾਗਰ 'ਚੋਂ ਉਠਦੇ ਰਹਿਣਾ,
ਲੁੱਛ ਲੁੱਛ ਨੈਣ-ਗਗਨ 'ਚੋਂ ਵੱਸਣਾ-
ਜੀਵਨ ਹੈ ਰੋਣਾ ਤੇ ਹੱਸਣਾ ।

ਕਦੇ ਕਿਸੇ ਨੂੰ ਦਿਲ ਦੇ ਬਹਿਣਾ,
ਅੱਜ-ਕੱਲ੍ਹ ਦੇ ਕੋਹਲੂ ਵਿਚ ਪੈਣਾ,
ਵਿਸਮਾਦੀ ਮੌਜਾਂ ਵਿਚ ਵਹਿਣਾ,
ਜਿਗਰ ਦੇ ਛਾਲੇ ਅਰਸ਼ ਨੂੰ ਦੱਸਣਾ-
ਜੀਵਨ ਹੈ ਰੋਣਾ ਤੇ ਹੱਸਣਾ ।

ਕੁਦਰਤ ਨਾਲ ਬਖੇੜਾ ਕਰਨਾ,
ਫੇਰ ਜੋ ਆਏ ਸਿਰ ਤੇ ਜਰਨਾ;
ਜੀਵਨ ਹੈ ਜਿੱਤਣਾ ਤੇ ਹਰਨਾ,
ਪਲ ਵਿਚ ਜੀਣਾ, ਪਲ ਵਿਚ ਮਰਨਾ ।
ਕਰ ਕਰ ਉਂਗਲਾਂ ਕਹੇ ਲੁਕਾਈ :
"ਔਹ ਜਾਂਦਾ ਹੈ ਨਵਾਂ ਸੁਦਾਈ !"
ਸੌ-ਰੰਗੀ ਮਸਤੀ ਵਿਚ ਰਹਿਣਾ ।
ਹੋਣੀ ਨਾਲ ਵੀ ਤੋੜੇ ਕੱਸਣਾ-
ਜੀਵਨ ਹੈ ਰੋਣਾ ਤੇ ਹੱਸਣਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਵਾ ਬਲਵੰਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ