Maan Sarovar : Gurdev Singh Maan

ਮਾਨ-ਸਰੋਵਰ : ਗੁਰਦੇਵ ਸਿੰਘ ਮਾਨ

ਤੇਰੇ ਜਿਹਾ ਤੂੰ

ਪੈਣ ਕਿਤੋਂ ਜਾਂ ਕੰਨਾਂ ਰਾਹੀਂ,
ਕਲੀਆਂ ਵਰਗੀਆਂ ਕੂਲੀਆਂ ਗੱਲਾਂ ।
ਦਿਲ-ਸਾਗਰ ਦੇ ਪਾਣੀ ਅੰਦਰ,
ਉੱਠਣ ਨਾਜ਼ਕ ਕੋਮਲ ਛੱਲਾਂ ।

ਮੈਂ ਨੱਸਦੀ ਹਾਂ ਦਿਲ ਤੋਂ ਮੂਹਰੇ,
ਦਿਲ ਨੱਸਦਾ ਏ ਮੈਥੋਂ ਮੂਹਰੇ ।
ਘੁਟਦੀ ਹਾਂ ਮਤ ਸੀਨਿਓਂ ਡਿੱਗ ਕੇ,
ਹੋ ਨਾ ਜਾਵੇ ਚੂਰੇ ਚੂਰੇ ।

ਮੁੜ ਜਦ ਅੱਖਾਂ ਵੇਖਦੀਆਂ ਨੇ,
ਮਦ-ਭਰੀਆਂ ਮਸਤਾਨੀਆਂ ਅੱਖੀਆਂ ।
ਬਾਹਵਾਂ ਖੁਲ੍ਹਣ ਮੱਲੋ ਮੱਲੀ,
ਬੁਕਲ ਦੇ ਵਿਚ ਘੁਟ ਘੁਟ ਰੱਖੀਆਂ ।

ਮੁਸਕਾਂਦਾ ਦਿੱਸੇਂ ਤਾਂ ਖਿੜਕੇ,
ਕੰਵਲ ਦਿਲੇ ਦਾ ਹੋਵੇ ਸਿੱਧਾ ।
ਫੁਰਕ ਫੁਰਕ ਕੇ ਦੋਵੇਂ ਬੁਲ੍ਹੀਆਂ,
ਨਿੰਮਾ ਨਿੰਮਾ ਪਾਵਣ ਗਿੱਧਾ।

ਫਿਰ ਜੇ ਕਿਧਰੋਂ ਅੱਖ ਬਚਾ ਕੇ,
ਨਾਲ ਪੱਲੇ ਦੇ ਛੋਹਵੇ ਪੱਲਾ ।
ਅੱਭੜਵਾਇਆ ਉੱਠ ਖਲੋਂਦਾ,
ਪਿੰਡੇ ਦਾ ਲੂੰ ਕੱਲਾ ਕੱਲਾ।

ਲੱਖ ਕਰੋੜ ਪਪੀਹੇ ਜੀਕੂੰ,
ਇਕ ਦਮ ਨੇ ਚੁੰਝਾਂ ਚੁਕ ਲੈਂਦੇ ।
ਅਣਸੁਣਵਾਂ ਜਿਹਾ "ਪੀਹੂ ਪੀਹੂ,"
ਬੈਠੀ ਹੋਈ ਅਵਾਜ਼ ਚਿ ਕਹਿੰਦੇ ।

ਝਰਨਾਟਾਂ ਦੀ ਸਾਂ ਸਾਂ ਵਿਚੋਂ,
ਜਾਗ ਪੈਣ ਸੰਗੀਤ ਹਜ਼ਾਰਾਂ ।
ਮੋਏ ਹੋਏ ਵੀ ਜਜ਼ਬੇ ਦਿਲ ਦੇ,
ਹੋ ਜਾਂਦੇ ਸੁਰਜੀਤ ਹਜ਼ਾਰਾਂ ।

ਕੀ ਜਾਣਾ ਮੁਰਝਾਏ ਮੂੰਹ ਤੇ,
ਚੜ੍ਹ ਜਾਂਦੀ ਏ ਲਾਲੀ ਕਿੱਥੋਂ ?
ਸੜਦੇ ਤਪਦੇ ਦਿਲ ਨੂੰ ਆਵੇ,
ਕੰਬਣੀ ਪਾਲੇ ਵਾਲੀ ਕਿੱਥੋਂ ?

ਸਮਝਾਂ ਵਾਲੇ ਸਮਝ ਨ ਸਕਦੇ,
ਮੇਰੇ ਦਿਲ ਦਾ ਭੇਦ ਨਿਰਾਲਾ ।
ਇਸ਼ਕੋਂ ਅੰਨ੍ਹਾਂ ਜਗ ਕੀ ਸਮਝੇ,
ਏਹ ਸਮਝੇ ਕੋਈ ਨੈਣਾਂ ਵਾਲਾ।

ਵਾਹ ! ਚੰਨੇ ਤੋਂ ਸੋਹਣੇ ਚੰਨੇ,
ਵਾਹ ਮਾਖਿਓਂ ਤੋਂ ਮਿੱਠੇ ਚੰਨੇ ।
ਤੇਰੇ ਜਿਹਾ ਨ ਡਿੱਠਾ ਚੰਨਾ !
ਲੱਖ ਦੁਨੀਆਂ ਦੇ ਡਿੱਠੇ ਚੰਨੇ ।

ਵਾਹ ਓ ! ਵਾਹ ਅਨੋਖੇ ਸਾਕੀ,
ਕੈਸੀ ਘੁੱਟ ਪਿਲਾਈ ਮੈਨੂੰ ।
ਆਪਣੇ ਅਤੇ ਬਿਗਾਨੇ ਭੁੱਲੇ,
ਭੁੱਲੀ ਕੁੱਲ ਲੁਕਾਈ ਮੈਨੂੰ ।

ਐਸੀ ਭੁੱਲੀ ਪੀ ਪਿਆਲੇ,
ਯਾਦ ਰੱਖਣ ਦੀ ਲੋੜ ਰਹੀ ਨਾ।
ਰਾਹ ਪੁਛਣ ਦੀ ਲੋੜ ਰਹੀ ਨਾ,
ਮੰਜ਼ਲ ਦੀ ਵੀ ਲੋੜ ਰਹੀ ਨਾ।

ਯਾਦ ਰਿਹਾ ਨ ਖਾਣਾ ਪੀਣਾ,
ਭੁੱਖਾਂ ਕਿਥੇ ਪਿਆਸਾਂ ਕਿਥੇ ?
ਫਿਰਦੀ ਹਾਂ ਅਲਬੇਲੀ ਹੋਈ,
ਨਾ ਜਾਣਾ ਮੈਂ ਜਾਸਾਂ ਕਿਥੇ ?

ਮੋਤੀ ਹਾਂ ਇਕ ਸੀਨੇ ਅੰਦਰ,
ਸਿੱਪੀ ਵਾਂਗ ਛੁਪਾਈ ਫਿਰਦੀ ।
ਮਿੱਟੀ ਦੇ ਇਸ ਬੁੱਤ ਦੇ ਅੰਦਰ,
ਮੈਂ ਹਾਂ ਨੂਰ ਲੁਕਾਈ ਫਿਰਦੀ ।

ਨੀਂਦਾਂ ਮੇਰੀਆਂ ਕਿਧਰ ਗਈਆਂ ?
ਘਰ ਦੇ ਢੂੰਡਣ ਸੇਜਾਂ ਥੱਲੇ ।
ਏਹਨਾਂ ਨੂੰ ਸਮਝਾਵੇ ਕਿਹੜਾ,
ਨੀਂਦਾਂ, ਜਾਗਾਂ ਤੇਰੇ ਪੱਲੇ।

ਜੇ ਚਾਹੁਨੈ ਤਾਂ ਗਾ ਗਾ ਸੋਹਲੇ,
ਸੂਲਾਂ ਉਤੇ ਘੂਕ ਸੁਵਾ ਦੇ।
ਜੇ ਚਾਹੁਨੈ ਤਾਂ ਛੋਹ ਲਗਾ ਕੇ,
ਸੁੱਤੇ ਫੁੱਲਾਂ ਵਾਂਗ ਜਗਾ ਦੇ।

ਤੇਰੇ ਦਰ ਦਿਆਂ ਦੁਖਾਂ ਅੰਦਰ,
ਦਿੱਸਣ ਸੁੱਖ ਛੁਪਾਏ ਹੋਏ ।
ਤੇਰੀਆਂ ਝਿੜਕਾਂ ਝੰਬਾਂ ਅੰਦਰ,
ਨਗ਼ਮੇ ਨੈਣ ਲੁਕਾਏ ਹੋਏ ।

ਮਝੀਆਂ ਦਾ ਛੇੜੂ ਨਾਨਕ

ਬੂਹੇ ਵੜਦਿਆਂ ਕਾਲੂ ਨੇ ਵਾਜ ਦਿੱਤੀ,
ਕਿਧਰ ਗਿਆ ਏਂ ਨਾਨਕਾ ! ਬੋਲ ਬੀਬਾ !
ਮਝੀ ਰਿੰਗਦੀਆਂ ਬੱਧੀਆਂ ਕਿੱਲਿਆਂ ਤੇ,
ਗਲੋਂ ਪਏ ਜ਼ੰਜੀਰਾਂ ਨੂੰ ਖੋਲ੍ਹ ਬੀਬਾ !

ਚੜ੍ਹਿਆ ਦਿਨ ਗੋਡੇ ਗੋਡੇ ਚਾਤਰਾਂ ਲਈ,
ਚਾਹੀਏ ਐਡ ਕੁਵੇਲੜਾ ਹੋਵਣਾ ਕੀ ?
ਜਿਨਾਂ ਛੇੜੂਆਂ ਅਜੇ ਨ ਵੱਗ ਛੇੜੇ,
ਸ਼ਾਮੀ ਉਨਾਂ ਨੇ ਆਣਕੇ ਚੋਵਣਾ ਕੀ ?

ਖੂੰਡੀ ਚੁਕ ਅਨੋਖੜਾ ਚਾਕ ਟੁਰਿਆ,
ਏਦਾਂ ਆਖ ਕੇ ਫੇਰ ਮੁਸਕਾਣ ਲੱਗਾ ।
ਏਡਾ ਲੇੜ੍ਹ ਕੇ ਆਵਸਨ 'ਡੋਕਲਾਂ' ਵੀ,
ਘੜਿਆਂ ਵਿਚ ਨਹੀਂ ਦੁੱਧ ਸਮਾਣ ਲੱਗਾ।

ਮਹੀਂ ਖੁਲ੍ਹਦਿਆਂ ਚਾਕ ਦੇ ਹੱਥ ਚੱਟਣ,
ਬਿਨਾ ਸੰਗਲੋਂ ਬੱਧੀਆਂ ਪਿਆਰ ਦੀਆਂ ।
ਕਦੇ ਨੱਸਦੀਆਂ ਕੁਦਦੀਆਂ ਦੂਰ ਜਾਵਣ,
ਫੇਰ ਮੁੜਦੀਆਂ ਚਾਘੀਆਂ ਮਾਰ ਦੀਆਂ ।

ਜਿਹੜੀ ਗਲੀ ਚੋਂ ਲੰਘਦਾ ਮਹੀਂ ਲੈਕੇ,
ਆਵਣ ਨੱਸਦੀਆਂ ਰੁਕਦੀਆਂ ਨੱਢੀਆਂ ਨਾ ।
ਚੜ੍ਹੇ ਚਾ ਨਾ ਕਿਸੇ ਤੋਂ ਜਾਣ ਠੱਲ੍ਹੇ,
ਠੱਲਾਂ ਕਿਸੇ ਦਰੀਆਵਾਂ ਨੂੰ ਬੱਧੀਆਂ ਨਾ।

ਚੰਨ ਚਮਕਦਾ ਵੇਖ ਕੇ ਚੌਧਵੀਂ ਦਾ,
ਚੜ੍ਹਦੀ ਲਹਿਰ ਨਾ ਰੁਕੇ ਸਮੁੰਦਰਾਂ ਦੀ ।
ਕੱਖਾਂ ਵਿਚ ਨਾ ਕਦੇ ਵੀ ਜਾਏ ਦੱਬੀ,
ਸੁਲਗੀ ਅੱਗ ਇਸ਼ਕੀਲੀਆਂ ਖੁੰਦਰਾਂ ਦੀ।

'ਕੁਦਰਤ ਹੀਰ ਨੇ ਫਟਿਐ' ਕਹਿਣ ਕੁੜੀਆਂ,
ਬਿਨਾ ਤਲਬ ਤਨਖਾਹ ਦੇ ਚਾਕ ਕੀਤਾ ।
ਚਾਕ ਮਹੀਂ ਦਾ ਦਿਲਾਂ ਦਾ ਚਾਕ ਹੋਇਆ,
ਸਾਰੇ ਜੱਗ ਦਾ ਸੂ ਸੀਨਾ ਚਾਕ ਕੀਤਾ।

ਫਿਰੇ ਲਟਕਦਾ ਇਸ਼ਕ ਦਾ ਨਸ਼ਾ ਪੀ ਕੇ,
ਨਿੱਕਾ ਜਿਹਾ ਮਸੂਮ ਨਸ਼ੱਈ ਜੇ ਨੀ ।
ਧੂਹੇ ਕਾਲਜੇ ਏਸ ਨੇ ਰੁੱਗ ਭਰਕੇ,
ਜਿੰਦ ਮੁੱਠੀਆਂ ਵਿਚ ਰਹਿ ਗਈ ਜੇ ਨੀ ।

ਅੱਗੇ ਅੱਗੇ ਅਨੋਖੜਾ ਚਾਕ ਟੁਰਦਾ,
ਸਾਰਾਂ ਕਿਸੇ ਨੂੰ ਮੂਲ ਨ ਔਂਦੀਆਂ ਨੇ,
ਪਿਛੇ ਮੱਝੀਆਂ ਦੇ ਛੇੜੂ ਫਿਰਨ ਭੌਂਦੇ,
ਇਹ ਦੇ ਮਗਰ ਪਰ ਮੱਝੀਆਂ ਭੌਂਦੀਆਂ ਨੇ ।

ਬੂਥੇ ਚੁੱਕ ਕੇ ਟੁਰਦੀਆਂ ਜਾਣ ਪਿਛੇ,
ਜਿਵੇਂ ਕੁਠੀਆਂ ਇਸ਼ਕ ਦੀ ਧਾਰ ਦੀਆਂ ।
ਪੜ੍ਹ ਪੜ੍ਹ ਇਸ਼ਕ ਦੇ ਕਾਂਡ ਖਾਮੋਸ਼ ਹੋਈਆਂ,
ਮੁੜ ਮੁੜ ਜੀਭ ਨੂੰ ਜੰਦਰੇ ਮਾਰਦੀਆਂ ।

ਘੜੀ ਘੜੀ ਵੇਖਣ ਉਹਨੂੰ ਚੁਗਦੀਆਂ ਵੀ,
ਲਗੇ ਵਾਹ ਨ ਕਰਨ ਵਿਸਾਹ ਮੱਝਾਂ ।
ਜਾਣ ਬੁਝ ਕੇ ਪਲਕ ਜੇ ਹੋਇ ਓਹਲੇ,
ਤਾਂ ਫਿਰ ਮੂੰਹ ਨ ਪਾਂਦੀਆਂ, ਘਾਹ ਮੱਝਾਂ ।

ਓਹਨੂੰ ਭਾਲ ਕੇ ਪਹਿਲਣਾਂ ਆਉਣ ਪਹਿਲੋਂ,
ਕਈ ਨੱਸਦੀਆਂ ਸੁੰਘ ਕੇ ਜਾਣ ਉਹਨੂੰ ।
ਪੂਛਾਂ ਚੁੱਕੀਆਂ ਜ਼ੋਰ ਕੁਦਾੜਿਆਂ ਤੇ,
ਟੱਕਰ ਲਾਡ ਦੀ ਆ ਕਈ ਲਾਣ ਉਹਨੂੰ ।

ਕਈ ਹਥਾਂ ਤੇ ਰਖਦੀਆਂ ਮੁੰਹ ਆ ਕੇ,
ਲੈ ਲੈ ਥਾਪੀਆਂ ਕਈ ਮੁੜ ਜਾਂਦੀਆਂ ਨੇ।
ਮੋਥਾ ਛੱਡ ਜੁਦਾਈ ਤੋਂ ਡਰਦੀਆਂ ਈ,
ਪੈਰਾਂ ਵਿੱਚ ਰੁਲਦੇ ਪੱਤਰ ਖਾਂਦੀਆਂ ਨੇ ।

ਜਾਦੂਗਰ ਅਨੋਖੜਾ ਇਹ ਸੱਚੀਂ,
ਝਮਕਣ ਦੀਦੇ ਨ ਇਦ੍ਹੇ ਉਪਾਸ਼ਕਾਂ ਦੇ ।
ਛਟੀ ਹੱਥ ਦੀ ਜਾਦੂ ਦੀ ਛਟੀ ਕੋਈ,
ਕੀਤੇ ਮੱਝੀਆਂ ਸੂ ਟੋਲੇ ਆਸ਼ਕਾਂ ਦੇ ।

ਐਡਾ ਬੇ-ਪਰਵਾਹ ਏ ਚਾਕ ਅੜੀਓ,
ਕਰਦਾ ਰਤਾ ਵੀ ਖ਼ੌਫ ਇਹ ਜੱਟ ਦਾ ਨਹੀਂ ।
ਮਹੀਂ ਖੇਤ ਵਿਚ ਸੌਂ ਗਿਆ ਵਣ ਥੱਲੇ,
ਲਿਆ ਇਨ੍ਹੇ ਸਰ੍ਹਾਣਾ ਵੀ ਵੱਟ ਦਾ ਨਹੀਂ ।

ਉਹਨੂੰ ਆਪਣੀ ਬੁਕਲੇ ਵੇਖ ਸੁੱਤਾ,
ਮਜ਼ਾ ਛਾਂ ਨੂੰ ਹੁਣੇ ਸੀ ਆਣ ਲੱਗਾ ।
ਝਟ ਛਾਂ ਨੂੰ ਮੂੰਹ ਤੋਂ ਦੇ ਧੱਕਾ,
ਸੂਰਜ ਕਿਰਨਾਂ ਦਾ ਚੌਰ ਝੁਲਾਣ ਲੱਗਾ ।

ਏਧਰ ਕਿਰਨਾਂ ਦੇ ਇਸ਼ਕ ਤੇ ਹਸਦ ਖਾ ਕੇ,
ਸ਼ੇਸ਼ ਨਾਗ ਨੇ ਫੱਨ ਖਿਲਾਰ ਦਿਤਾ।
ਭਾਵੇਂ ਕਿਰਨਾਂ ਨੇ ਗੁਸੇ ’ਚ ਲਾਲ ਹੋ ਕੇ,
ਸੌ ਸੌ ਡੰਗ ਗ਼ਰੀਬ ਨੂੰ ਮਾਰ ਦਿੱਤਾ ।

ਏਧਰ ਅੱਖ ਬਚਾ ਕੇ ਹਵਾ ਰਾਣੀ,
ਉਹਦੇ ਵਸਲ ਦੇ ਮਜ਼ੇ ਉਡਾਣ ਲੱਗੀ।
ਕੱਲੇ ਬੇ-ਪ੍ਰਵਾਹ ਮਹਿਬੂਬ ਉਤੇ,
ਕਈਆਂ ਆਸ਼ਕਾਂ ਦੀ ਅੱਖ ਆਣ ਲੱਗੀ ।

ਜਿਹਦਾ ਮਝੀਆਂ ਖੇਤ ਉਜਾੜ ਦੇਵਣ,
ਓਸ ਜੱਟ ਦਾ ਕਾਲਜਾ ਚਾਕ ਹੋਵੇ ।
ਜ਼ਾਰੋ ਜ਼ਾਰ ਰੋਵੇ ਮਾਰ ਮਾਰ ਢਾਹੀਂ,
ਸੁੱਤੇ ਚਾਕ ਲਈ ਭਾਵੇਂ ਮਜ਼ਾਕ ਹੋਵੇ ।

ਸਾਹਵੇਂ ਰਾਏ ਬੁਲਾਰ ਦੇ ਪਿਆ ਛਿੱਥਾ,
ਖੇਤੀ ਵਧੀ ਜਾਂ ਦੂਣ ਸਵਾਈ ਵੇਖੀ।
ਨਾਨਕ ਮੱਟਾਂ ਦੇ ਮੱਟ ਪਿਆਲ ਦਿਤੇ,
ਨੀਵੀਂ ਅੱਖ ਜਾਂ ਰਤਾ ਤਿਹਾਈ ਵੇਖੀ।

ਫੇਰ ਹਿੱਕਿਆ ਬੱਲ੍ਹੀਆਂ ਬਰੜੀਆਂ ਨੂੰ,
ਹੂੰਗਰ ਮਾਰੀ ਸੂ ਕੰਢੀਆਂ ਬੂਰੀਆਂ ਨੂੰ ।
ਵਿੱਚ ਜੰਗਲਾਂ ਬੇਲਿਆਂ ਫਿਰਨ ਲੱਗਾ,
ਖੌਰੇ ਖਾਣ ਲਈ ਕਿਸਦੀਆਂ ਚੂਰੀਆਂ ਨੂੰ ।

ਟਲ ਟਣਕਦੇ ਚੁਗਦੀਆਂ ਮੱਝੀਆਂ ਦੇ,
ਢੋਲੇ ਗਾਂਵਦਾ ਉਹਨਾਂ ਦੇ ਤਾਲ ਉੱਤੇ।
ਇਸ਼ਕ ਮਸਤੀਆਂ ਵਿਚ ਜਿਓਂ ਵਾਰ ਕਰਦਾ,
ਜਾਣ ਜਾਣ ਕੇ ਹੁਸਨ ਦੀ ਢਾਲ ਉੱਤੇ ।

ਹੇਕਾਂ ਮਾਰਦਾ ਅੰਦਰੋਂ ਖਿੱਚ ਖਾ ਕੇ,
ਇਕ ਇਕ ਹੇਕ ਵਿਚ ਮਜ਼ਾ ਹਜ਼ਾਰ ਜੇ ਨੀ !
ਖਵਰੇ ਰਾਧਾਂ ਤੋਂ ਬੰਸੀ ਖੁਹਾ ਕੇ ਤੇ,
ਗੌਣ ਲੱਗ ਪਿਆ ਕ੍ਰਿਸ਼ਨ ਮੁਰਾਰ ਜੇ ਨੀ ।

ਮੋਈਆਂ ਸਖੀਆਂ ਦੇ ਗੰਗਾ ਵਿਚ ਫੁੱਲ ਨੱਚੇ,
ਝੌਲੇ ਕਾਹਨ ਦੇ ਇਸ ਤਰ੍ਹਾਂ ਪੈਣ ਲਗੇ ।
ਆਪੇ ਵੀਣੀ ਗੁਵਾਲਣ ਮਰੋੜ ਬੈਠੀ,
ਮਟਕੇ ਦੁਧ ਦੇ ਗਲੀਆਂ 'ਚ ਢੈਣ੍ਹ ਲਗੇ ।

ਐਪਰ ਦੂਰ ਔਹ ਘਾਹ ਤੇ ਚੁਗਣ ਮੱਝੀਂ,
ਖੜਾ ਟਿੱਬੇ ਤੇ ਐਓਂ ਮੁਸਕਾਉਂਦਾ ਏ ।
ਜੀਕੂ ਚੰਨ ਚਕੋਰਾਂ ਦੀ ਡਾਰ ਲੈ ਕੇ,
ਪਿਆ ਰਿਸ਼ਮਾਂ ਦੇ ਚੋਗ ਚੁਗਾਉਂਦਾ ਏ।

ਇਕ ਮੂਸੇ ਦਾ ਰੱਬ ਦੇ ਰਿਹਾ ਜਲਵਾ,
ਰਿਸ਼ਮਾਂ ਝੱਲੀਆਂ ਜਾਣ ਨਾ ਨੂਰ ਦੀਆਂ ।
ਗਿਰਦੇ ਕਾਲੀਆਂ ਮੱਝੀਆਂ ਇਉਂ ਜੀਕੂੰ,
ਸੜੀਆਂ ਚੋਟੀਆਂ ਹੋਣ ਕੋਹਤੂਰ ਦੀਆਂ ।

ਅਕਲ ਖੁੰਝ ਗਈ ਵੇਂਹਦੀ ਬਰੂਪੀਏ ਨੂੰ,
ਭੇਸ ਨਵੇਂ ਤੋਂ ਨਵਾਂ ਵਟਾ ਲੈਂਦਾ ।
ਆਈ ਕਿਰਨ ਨੂੰ ਵੇਖ ਜਿਉਂ ਤੇਲ-ਤੁਪਕਾ,
ਪਲਕਾਂ ਵਿਚ ਕਈ ਰੰਗ ਪਲਟਾ ਲੈਂਦਾ।

ਮੋੜੀਂ ਮਾਨ ਵੇ ਰੱਬਦੇ ਨੇਤਰਾਂ ਚੋਂ,
ਛੁਟੇ ਹੋਏ ਅਣਿਆਲੜੇ ਤੀਰ ਤਾਂਈਂ ।
'ਸਰਮਦ' ਵਾਂਗ ਹਰ ਭੇਸ ਵਿਚ ਜਾਣਦੀ ਹਾਂ,
ਭੈਣ ਨਾਨਕੀ ਦੇ ਨਾਨਕ ਵੀਰ ਤਾਈਂ ।

ਮਹੀਂ ਚਾਰਨੇ ਦਾ ਹੈ ਜੇ ਸ਼ੌਕ ਬਹੁਤਾ,
ਸੁੰਞੇ ਬੇਲਿਆਂ ਵਿਚ ਨਾ ਜਾਹ ਕੱਲਾ ।
ਸਾਰੇ ਜਗਤ ਦੀ ਆਸ ਉਮੀਦ ਵਾਲੇ,
ਕਿਲ੍ਹੇ ਧੱਕਿਆਂ ਨਾਲ ਨਾ ਢਾਹ ਕੱਲਾ ।

ਨਵੇਂ ਛੇੜੂਆ ! ਛੇੜ ਰੁਬਾਬ ਆਕੇ,
ਸੌ ਸੌ ਵਾਰ ਇਕ ਤਾਰ ਵਿਚ ਬੱਝੀਆਂ ਹਾਂ ।
ਹੰਗਰ ਮਾਰ ਖਾਂ ਦਿਲਾਂ ਦਾ ਚਾਕ ਬਣਕੇ,
ਅਸੀਂ ਸਾਰੀਆਂ ਤੇਰੀਆਂ ਮੱਝੀਆਂ ਹਾਂ ।

ਕਤਕ ਦੀ ਪੁੰਨਿਆਂ

ਵਾਹ ! ਕਤਕ ਦੀ ਸੋਹਣੀ ਪੁੰਨਿਆਂ,
ਵਾਹ ਅਲ੍ਹੜ ਮਨਮੋਹਣੀ ਪੁੰਨਿਆਂ ।
ਕਿਹੜੇ ਅਰਸ਼ੋਂ ਆਈ ਏਂ ਤੂੰ?
ਕਿਥੋਂ ਨੂਰ ਲਿਆਈਂ ਏਂ ਤੂੰ?

ਕੀ ਚਾਂਦੀ ਵਿਚ ਟੁਬੀਆਂ ਲਾਈਆਂ ?
ਮਲ ਆਈ ਜਾਂ ਦੁੱਧ ਮਲਾਈਆਂ ?
ਦੱਸੀਂ ਨੈਣਾਂ ਵਾਲੀਏ ਮੈਨੂੰ,
ਰੂਪ ਲੱਭਾ ਇਹ ਕਿੱਥੋਂ ਤੈਨੂੰ ।

ਅੱਗੇ ਵੀ ਮੈਂ ਡਿੱਠਾ ਤੈਨੂੰ,
ਅੜੀਏ ਡਾਢਾ ਚੇਤੇ ਮੈਨੂੰ ।
ਤੂੰ ਕੋਹ-ਤੂਰ ਵੀ ਜੇਕਰ ਫੜਿਆ,
ਤੈਨੂੰ ਰੂਪ ਨਾ ਏਨਾ ਚੜ੍ਹਿਆ।
ਮੱਥੇ ਉਤੇ ਬਿੰਦੀ ਲਾ ਕੇ,
ਚੰਨ ਮਾਹੀ ਨੂੰ ਨਾਲ ਰਲਾ ਕੇ ।
ਕਰਨ ਚਲੀ ਤੂੰ ਸੈਰ ਨੀਂ ਕਿਧਰੇ ?
ਲਗਣ ਨਾ ਤੇਰੇ ਪੈਰ ਨੀਂ ਕਿਧਰੇ ?

ਕਿਵੇਂ ਕਿਥੋਂ ਇਹ ਮਿਹਰਾਂ ਵਰ੍ਹੀਆਂ,
ਕਿਥੋਂ ਲਈਆਂ ਚਿੱਟੀਆਂ ਜ਼ਰੀਆਂ ?
ਚਾਂਦੀ ਦੇ ਵਰਕਾਂ ਦੀ ਘੱਗਰੀ,
ਕਿਥੋਂ ਲਈ ਚੰਨ ਵਰਗੀ ਝੱਜਰੀ ।

ਕੀ ਝਨਾਂ ਵਿਚ ਠਿੱਲ੍ਹਣ ਚਲੀਓਂ ?
ਮਾਹੀ ਤਾਂਈਂ ਮਿੱਲਣ ਚਲੀਓਂ ।
ਕਿੱਥੋਂ ਅੰਮ੍ਰਤ ਲੈਣ ਚਲੀ ਏਂ ?
ਕਿਸ ਬੁਕਲ ਵਿਚ ਪੈਣ ਚਲੀ ਏਂ ?

ਸਿਰ ਉਤੇ ਜਾਂ ਰੱਖ ਪਟਾਰੀ,
ਸੋਹਣੀ ਸੋਹਣੀ ਪਿਆਰੀ ਪਿਆਰੀ ।
ਕੀਲਣ ਚਲੀਓਂ ਨਾਗ ਕਿਸੇ ਦੇ,
ਜਾਂ ਜਗਾਵਣ ਭਾਗ ਕਿਸੇ ਦੇ ।

ਯਾਂ ਤੂੰ ਦੱਸ ਚਕੋਰਾਂ ਖ਼ਾਤਰ,
ਲੈ ਆਈ ਏਂ ਮੰਨ ਦਾ ਠਾਕਰ ।
ਯਾਂ ਤਕ ਚਕ ਵੀ ਚਕਵੇ ਤਾਂਈਂ,
ਯਾਦ ਪਿਆ ਈ ਆਪਣਾ ਸਾਂਈਂ ।
ਘੜੀ ਦੁਖਾਂ ਦੀ ਤੋੜਨ ਆਈ,
ਵਿਛੜਿਆਂ ਨੂੰ ਜੋੜਨ ਆਈ ।
ਮੋਹਢੀਂ ਰੱਖ ਸਤਾਰਾਂ ਤਾਂਈਂ,
ਲੱਗੀਆਂ ਕਿਰਨਾਂ ਤਾਰਾਂ ਤਾਂਈਂ ।

ਨਿਮ੍ਹੇ ਸੁਰਾਂ 'ਚ ਛੇੜ ਰਹੀ ਏਂ,
ਮੀਟੇ ਨੈਣ ਉਘੇੜ ਰਹੀ ਏਂ ।
ਪਰ ਸ਼ਾਇਰ ਦਾ ਨਾਜ਼ਕ ਦਿਲ ਨੀ,
ਲਾ ਲਾ ਕੇ ਤੂੰ ਆਪਣਾ ਟਿਲ ਨੀ ।

ਅਰਸ਼ਾਂ ਉਤੇ ਚਾੜ੍ਹ ਰਹੀ ਏਂ,
ਦੁਨੀਆਂ ਨਾਲੋਂ ਪਾੜ ਰਹੀ ਏਂ ।
ਪੰਦਰਾਂ-ਵਰ੍ਹੀ ਜਵਾਨ ਕੁੜੀ ਏਂ,
ਕਿਧਰ ਕੱਲੀ ਰਾਤ ਟੁਰੀ ਏਂ ?

ਸੰਗਦੀ ਅੱਖ ਅੰਞਾਣੀ ਤੇਰੀ,
ਅੱਲ੍ਹੜ ਨਜ਼ਰ ਨਿਮਾਣੀ ਤੇਰੀ ।
ਪਈ ਨਿਸ਼ੰਗਾਂ ਵਾਂਗੂੰ ਝਾਕੇ,
ਪਲਕੋਂ ਪਲਕਾਂ ਦੂਰ ਹਟਾ ਕੇ ।

ਕਿਓਂ ਬਣ ਗਈ ਏਂ ਐਡ ਦੀਵਾਨੀ ?
ਮੋਈਏ ਨੀ ਐਡੀ ਮਸਤਾਨੀ ।
ਦਸ ਤੇਰੇ ਨੈਣ ਰਸੀਲੇ,
ਪੀ ਬੈਠੀਂ ਏਂ ਜਾਮ ਰੰਗੀਲੇ ।
ਵਿਚ ਉਜਾੜਾਂ ਬਹਿੰਦੀ ਏਂ ਤੂੰ,
ਕਾਹੀਆਂ ਦੇ ਨਾਲ ਖਹਿੰਦੀ ਏਂ ਤੂੰ ।
ਜਾ ਜਾ ਪਾਵੇਂ ਹਾਰ ਨਚਿੱਲੇ,
ਕੂਲੇ ਡੌਲੇ ਜਾਵਨ ਛਿੱਲੇ ।

ਚੁਹਲ ਚੁਪੀਤੇ ਕਰਦੀ ਕਰਦੀ,
ਤਾਰਿਆਂ ਵਿਚੋਂ ਤਰਦੀ ਤਰਦੀ ।
ਬਾਰੀਆਂ ਵਿਚੋਂ ਝਾਤਾਂ ਪਾ ਕੇ,
ਸੁੰਦਰੀਆਂ ਨੂੰ ਵੇਖੇਂ ਜਾ ਕੇ ।

ਬੁਕਲ ਵਿਚ ਸੰਸਾਰ ਸੁਵਾਇਆ,
ਰਮਜ਼ਾਂ ਦਾ ਇਕ ਸਾਜ ਵਜਾਇਆ।
ਹਰ ਜ਼ਰੇ ਵਿਚਿ ਹੁਸਨ ਰਚਾਇਆ,
ਦੋਜ਼ਖ ਨੂੰ ਵੀ ਸਵੱਰਗ ਬਣਾਇਆ ।

ਖੈਰ ਭਾਵੇਂ ਕੁਝ ਕਰਦੀ ਹੋਵੇਂ,
ਹੁਸਨ ਇਸ਼ਕ ਵਿਚ ਤਰਦੀ ਹੋਵੇਂ ।
ਸਾਨੂੰ ਪਰ ਕੀ ਤੇਰੇ ਤਾਂਈਂ ?
ਜਿਨ੍ਹਾਂ ਨੂੰ ਨਹੀਂ ਮਿਲਿਆ ਸਾਂਈਂ ।

ਸੋਹਣੀਏ ਤੇਰੇ ਚਾਨਣ ਦਾ ਨੀ,
ਅਸਾਂ ਗ਼ਰੀਬਾਂ ਨੂੰ ਕੀ ਭਾ ਨੀ ?
ਓਵੇਂ ਬਲਣ ਹਿਜਰ ਦੇ ਦੀਵੇ,
ਸੜਦੇ ਓਵੇਂ ਆਸ਼ਕ ਖੀਵੇ ।
ਸਾਡਾ ਨ੍ਹੇਰਾ ਦੂਰ ਨ ਹੋਇਆ,
ਦਿਲ ਨੂੰ ਕਦੀ ਸਰੂਰ ਨ ਹੋਇਆ ।
ਮੰਦਰੋਂ ਬਾਹਰ ਆਈਓਂ ਭਾਵੇਂ,
ਜਗ ਤੇ ਹੁਸਨ ਲਿਆਈਓਂ ਭਾਵੇਂ ।

ਪਰ ਵੇਖਣ ਲਈ ਰੋਂਦੇ ਸਾਨੂੰ,
ਨੀਂ ਤਕਦੀਰਾਂ ਧੋਂਦੇ ਸਾਨੂੰ ।
ਦੁੱਖਾਂ ਵਿਚ ਪਰੋਈ ਹੋਈ,
ਪਾਗਲ ਪਾਪਣ ਹੋਈ ਹੋਈ ।

ਮਹਿਲੋਂ ਆ ਤੂੰ ਡੰਡੀ ਡੰਡੀ,
ਵੇਖਣ ਆਈ ਏਂ ਤਲਵੰਡੀ ?
ਸੁਣ ਕੇ ਕਤਕ ਪੁੰਨਿਆ ਬੋਲੀ:-
ਦਿਲ ਦੀ ਘੁੰਡੀ ਇਉਂ ਉਸ ਖੋਲ੍ਹੀ ।

ਨੈਣ ਜਿਨ੍ਹਾਂ ਦੇ ਹੋਵਨ ਦੀਵੇ,
ਬਿਨਾਂ ਸ਼ਰਾਬਾਂ ਰਹਿੰਦੇ ਖੀਵੇ ।
ਪਿਆਰ ਮੇਰੇ ਦੀ ਕੁਲੀ ਖੁੱਲ੍ਹੇਗੀ;
ਨਰਗਸ ਖੁਸ਼ੀਆਂ ਨਾਲ ਡੁਲ੍ਹੇਗੀ ।

ਮੈਂ ਹਾਂ ਦੇਸ਼ ਬਚਾਵਣ ਵਾਲੀ,
ਸੁੱਤਿਆਂ ਤਾਂਈਂ ਜਗਾਵਣ ਵਾਲੀ ।
ਬਲਦੀ ਅੱਗ ਬੁਝਾਵਣ ਵਾਲੀ,
ਥਾਂ ਥਾਂ ਠੰਢਾਂ ਪਾਵਣ ਵਾਲੀ ।
ਰਾਖਸ਼ ਭਗਤ ਦਿਖਾਵਾਂਗੀ ਮੈਂ,
ਸੱਜਣ ਠੱਗ ਬਣਾਵਾਂਗੀ ਮੈਂ।
ਲੱਖਾਂ ਜੁਗਾਂ ਜੁਗਾਂਤਰਾਂ ਵਿਚੋਂ,
ਦਿਨਾਂ ਕਰੋੜਾਂ ਚਾਤਰਾਂ ਵਿਚੋਂ ।

ਮੇਰਾ ਫੁੱਲ ਆਸਾਂ ਦਾ ਖਿਲਿਆ,
ਮੈਨੂੰ ਹੀ ਏਹ ਮਾਣ ਹੈ ਮਿਲਿਆ ।
ਤਾਰਨ ਹਾਰ ਲਿਆਵਣ ਦਾ ਵੇ !
ਹੱਥਾਂ ਉੱਤੇ ਚਾਵਣ ਦਾ ਵੇ !

ਅਰਸ਼ ਫਰਸ਼ ਦੇ ਵਿਚਲੇ ਸਾਗਰ,
ਮੈਂ ਠਿੱਲ੍ਹੀ ਹਾਂ ਸੁੱਟ ਕੇ ਗਾਗਰ ।
ਲੈ ਅਸਮਾਨੋਂ ਜੋਤ ਖ਼ੁਦਾਈ,
ਮੈਂ ਨਿਰਬਲ ਹਾਂ ਤਰਦੀ ਆਈ ।

ਦੁਨੀਆਂ ਲਈ ਮੈਂ ਨੂਰ ਲਿਆਂਦਾਂ,
ਤੇਰੇ ਲਈ ਸਰੂਰ ਲਿਆਂਦਾ ।
ਧਰਮ ਲਈ ਮਨਸੂਰ ਲਿਆਂਦਾ,
ਦਿਲਾਂ ਲਈ ਕੋਹਤੂਰ ਲਿਆਂਦਾ ।

ਜਾ ਤੱਕ ਤੂੰ ਵੀ ਡੰਡੀ ਡੰਡੀ,
ਹੈ ਕੋਹਤੂਰ ਬਣੀ ਤਲਵੰਡੀ ।
ਹੁਣੇ ਬੁਝਾ ਦੇ ਬਿਰਹੋਂ-ਦੀਵੇ,
ਜੀਂਦੇ ਵੇਖੀਂ ਆਸ਼ਕ-ਖੀਵੇ ।
ਜਾਂ ਉਸ ਵਜਦ ਚਿ ਆਕੇ ਗਾਇਆ,
ਜਾਂ ਉਸ ਰੱਬੀ ਗੀਤ ਸੁਣਾਇਆ।
ਵੇ ਸੁੰਬਲ ਦੀਆਂ ਤਾਰਾਂ ਗਾਸਣ,
ਟੁੱਟੀਆਂ ਸੱਭ ਸਤਾਰਾਂ ਗਾਸਣ ।

ਦੁਨੀਆਂ ਬਣ ਜਾਣੀ ਮਸਤਾਨੀ,
ਕੱਲੀ ਨ ਮੈਂ ਰਹਾਂ ਦੀਵਾਨੀ ।
ਅੱਡੀ ਕਿਵੇਂ ਭੋਇਂ ਤੇ ਲੱਗੇ,
ਚਾਨਣ ਮੇਰੇ ਨੈਣਾਂ ਅੱਗੇ ।

ਨੱਚਾਂ ਨ ਐਵੇਂ ਹਰਜਾਈ,
ਫਿਰਾਂ ਨ ਐਵੇਂ ਵਾਲ ਵਧਾਈ ।
ਮੈਂ ਤੇ ਆਂਦਾ ਜੱਗ ਦਾ ਜਾਨੀ,
ਨ ਕੀਕਣ ਮੈਂ ਬਣਾਂ ਦੀਵਾਨੀ ।

ਕਹੇ ਕਿਸੇ ਦੀ ਜੋਗਣ ਮੈਨੂੰ,
ਦਸੇਂ ਪਿਆ ਵਿਯੋਗਣ ਮੈਨੂੰ ।
ਕਦੀ ਮੇਰੇ ਸਿਰ ਧਰੇਂ ਪਟਾਰੀ,
ਕਦੀ ਕਹੇ ਚਾਂਦੀ ਦੀ ਝਾਰੀ ।

ਗਲ ਦਸਾਂ ਮੈਂ ਤੈਨੂੰ ਸਾਰੀ,
ਨ ਏਹ ਝਾਰੀ ਨਹੀਂ ਪਟਾਰੀ।
ਨ ਮੈਂ ਜੋਗਣ ਕਰਮਾਂ-ਮਾਰੀ,
ਨ ਮੈਂ ਕੀਲਾਂ ਨਾਗ ਵਿਚਾਰੀ ।
ਸ਼ਾਮੀਂ ਰੱਬ ਬੁਲਾ ਕੇ ਮੈਨੂੰ,
ਉੱਚੇ ਅਰਸ਼ ਚੜ੍ਹਾ ਕੇ ਮੈਨੂੰ ।
ਘਲਿਆ 'ਮਾਨ ਖਿੜਾ ਕੇ ਮੈਨੂੰ,
ਭੇਤ ਦਿਲੀਂ ਸਮਝਾ ਕੇ ਮੈਨੂੰ ।

ਹਥ ਚਾਂਦੀ ਦਾ ਥਾਲ ਫੜ ਕੇ,
ਵਿੱਚ ਸੁਗਾਤਾਂ ਅਰਸ਼ੀ ਪਾ ਕੇ ।
ਆਖਿਆ ਦੇ ਕੇ ਦਿੱਲ ਨਰੋਆ,
ਐਹ ਲੈ ਜਾ ਨਾਨਕ ਲਈ ਢੋਆ ।

ਅੰਮ੍ਰਿਤ

ਅੰਮ੍ਰਿਤ ਏਸ ਦੀ ਕਰੇ ਵਡਿਆਈ ਕਿਹੜਾ ?
ਦੱਸੀ ਜਾਏ ਨ ਲੱਖ ਜ਼ਬਾਨ ਕੋਲੋਂ ।
ਗੂੰਜਾਂ ਹਰ ਥਾਂ ਏਹਦੀਆਂ ਪੈਂਦੀਆਂ ਨੇ,
ਭਾਵੇਂ ਪੁਛ ਲੈ ਸਾਰੇ ਜਹਾਨ ਕੋਲੋਂ ।

ਏਹਨੂੰ ਖੌਫ਼ ਨਹੀਂ ਗਿਣਤੀਆਂ ਮਿਣਤੀਆਂ ਦਾ,
ਰਹਿ ਰਹਿ ਵਿਚ ਬੇਫ਼ਿਕਰੀ ਦੇ ਹੱਸਦਾ ਏ ।
ਲੱਖਾਂ ਚੀਤੇ ਬਘੇਲੇ ਵੀ ਹੋਣ ਭਾਵੇਂ,
ਕੱਲਾ ਸ਼ੇਰ ਹੀ ਜੰਗਲੀ ਵੱਸਦਾ ਏ ।

ਉਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ,
ਕਿਸੇ ਪੁਛਿਆ ਇਹਦੇ ਵਿਚ ਭੇਦ ਕੀ ਏ ?
ਚੁੰਝ ਪਾਣੀ ਦੀ ਪਹੁੰਚੇ ਨ ਸੰਘ ਤੀਕਣ,
ਮਾਰਨ ਬਾਜ਼ ਨੂੰ ਦਸੋ ਇਹ ਖੇਡ ਕੀ ਏ ?
ਮੁੜਕੇ ਭੈੜਿਆ ਪਾਣੀ ਨ ਕਹੀਂ ਇਹਨੂੰ,
ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ ।
ਇੱਕ ਸਮਝੀਏ ਨਾ ਸ਼ੇਰਾਂ ਬਿੱਲੀਆਂ ਨੂੰ,
ਚੰਗੀ ਤਰ੍ਹਾਂ ਜੇ ਵੇਖੀਏ ਚਾਖੀਏ ਨਾ।

ਸਾਗਰ ਵਿਚ ਜਹਾਜ਼ ਚਲਾਉਨਾ ਏਂ,
ਤੈਨੂੰ ਪਤਾ ਏ ਏਸ ਵਿਚ ਖਾਰ ਕੀ ਏ ।
ਐਪਰ ਭੋਲਿਆ ਤੇਰੇ ਜਿਹੇ ਆਦਮੀ ਨੂੰ,
ਏਸ ਆਬੇ-ਹਯਾਤ ਦੀ ਸਾਰ ਕੀ ਏ ।

ਕਤਰਾ ਏਸ ਦਾ ਪਿਆ ਜੇ ਕੱਲਰਾਂ ਤੇ,
ਓਥੇ ਖੇਡਾਂ ਬਸੰਤ ਰਚਾਈਆਂ ਨੇ ।
ਗਿਆ ਛੋਹ ਜੇ ਡੁੱਬਦੇ ਪੱਥਰਾਂ ਨੂੰ,
ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ।

ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ,
ਪੈਰ ਸ਼ੇਰਾਂ ਦੇ ਉਹਨਾਂ ਥਿੜਕਾ ਦਿੱਤੇ।
ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ,
ਖੰਡੇ ਉੱਠ ਕੇ ਉਨ੍ਹਾਂ ਖੜਕਾ ਦਿੱਤੇ।

ਏਦਾਂ ਏਹਦੇ ਮਨਸੂਰਾਂ ਨੇ ਆਖਿਆ ਸੀ,
ਜਦੋਂ ਸੂਲੀਆਂ ਤੇ ਗਿਆ ਟੰਗਿਆ ਸੀ ।
ਚਿਰਾਂ ਪਿਛੋਂ ਅੱਜ ਮਿਲਿਆ ਏ ਤਖ਼ਤ ਸਾਨੂੰ,
ਕਲਗੀ ਵਾਲੜੇ ਤੋਂ ਜਿਹੜਾ ਮੰਗਿਆ ਸੀ ।

ਏਹਦੇ ਘੁੱਟ ਵਿਚ ਪਤਾ ਨਾ ਰਾਜ਼ ਕੀ ਏ,
ਜਿਹੜਾ ਪੀ ਲੈਂਦਾ ਮੌਤ ਲੱਭਦਾ ਏ ।
ਇਕ ਸੀਸ ਦੀ ਪਵੇ ਜੇ ਲੋੜ ਕਿਧਰੇ,
ਨਾਹਰਾ ਇਕ ਹੁੰਦਾ ਪੰਥ ਸੱਭ ਦਾ ਏ ।

ਏਸ ਚੁਲੀ ਦੇ ਵਿਚ ਹੈ ਬੰਦ ਕੀ ਕੀ ?
ਇਹ ਤਾਂ ਸ੍ਰੀ ਦਸਮੇਸ਼ ਹੀ ਜਾਣਦਾ ਏ।
ਯਾਂ ਫਿਰ ਏਸਨੂੰ ਵਾਂਗਰਾਂ ਆਸ਼ਕਾਂ ਦੇ,
ਜੇਹੜਾ ਪੀਂਵਦਾ ਸੋਈ ਪਛਾਣਦਾ ਏ ।

ਭੁੱਖਾ ਸ਼ੇਰ ਜਿਉਂ ਵੇਖ ਸ਼ਿਕਾਰ ਤਾਈਂ,
ਨੱਸ ਨੱਸ ਕੇ ਧਰਤ ਨੂੰ ਪੱਟਦਾ ਏ ।
ਓਵੇਂ ਸਦਾ ਕੁਰਬਾਨੀ ਦਾ ਨਾਂ ਸੁਣਕੇ,
ਸੱਚਾ ਸਿੱਖ ਕਚੀਚੀਆਂ ਵੱਟਦਾ ਏ।

ਕੋਈ ਆਖਦਾ ਮੌਤ ਨੂੰ ਢੂੰਡਦਾ ਹਾਂ,
ਕਿਤੇ ਸਦਾ ਦੀ ਜ਼ਿੰਦਗੀ ਜੀਣ ਖਾਤਰ ।
ਪਿਆ ਤੱਨ ਤੋਂ ਟਾਕੀਆਂ ਲਾਹੁੰਦਾ ਹਾਂ,
ਪਾਟੀ ਧਰਮ ਦੀ ਗੋਦੜੀ ਸੀਣ ਖ਼ਾਤਰ ।

ਖੇਡਾਂ ਖੇਡਦੇ ਮੌਤ ਦੇ ਨਾਲ ਅਣਖੀ,
ਮਾਣ ਰੱਖਦੇ ਨੇ ਤੀਰਾਂ ਭੱਥਿਆਂ ਤੇ ।
ਜੀਂਦੇ ਮੋਏ ਦੀ ਆਂਵਦੀ ਸਮਝ ਨਾਹੀਂ,
ਖਿੱਲੀ ਪਾਉਂਦੇ ਖੋਪਰਾਂ ਲੱਥਿਆਂ ਤੇ।

ਕੋਈ ਆਰੇ ਨੂੰ ਚੁੰਮ ਕੇ ਆਖਦਾ ਏ,
ਸਿਧਾ ਚੀਰ ਤੂੰ ਕੱਢ ਕੇ ਚੱਲੀ ਅੜਿਆ ।
ਮੇਰੇ ਖੂਨ ਦੇ ਪਾਕ ਸੰਧੂਰ ਤਾਂਈਂ,
ਵਿਚ ਮੀਢੀਆਂ ਦੇ ਖੂਬ ਮਲੀਂ ਅੜਿਆ ।
ਮੈਂ ਵੀ ਕਿਸੇ ਦੀ ਦਿਲੋਂ ਫਕੀਰਨੀ ਹਾਂ,
ਸਿੱਧਾ ਚੀਰ ਕੱਢ ਕੇ ਪਾਲ ਅੰਗ ਦੇਵੀਂ।
ਮੇਰੀ ਰੱਤ ਦੇ ਰੰਗਲੇ ਰੰਗ ਅੰਦਰ,
ਚੋਲਾ ਮੇਰਾ ਵੀ ਰੱਤੜਾ ਰੰਗ ਦੇਵੀਂ ।

ਜਿਹੜੇ ਸੀਨੇ ਵਿਚ ਏਸ ਦਾ ਘੁਟ ਹੋਵੇ,
ਤੀਰ ਓਸ ਲਈ ਖੰਭ ਸੁਰਖ਼ਾਬ ਦਾ ਏ ।
ਪਤਾ ਕੀਤਾ ਮੈਂ ਜੈਤੋ ਦੇ ਮੋਰਚੇ ਚੋਂ,
ਗੋਲੀ ਜਾਪਦੀ ਫੁੱਲ ਗੁਲਾਬ ਦਾ ਏ।

'ਮਾਨ' ਏਸ ਦੀ ਇੱਕ ਇੱਕ ਬੂੰਦ ਅੰਦਰ,
ਗਰਕ ਗਏ ਨੇ ਇਹਨੂੰ ਜ਼ਰਕੌਣ ਵਾਲੇ ।
ਪੈਰਾਂ ਹੇਠ ਇਹਦੇ ਤਲੀਆਂ ਰੱਖਦੇ ਸੀ,
ਏਹਦੇ ਉਤੋਂ ਦੀ ਇੰਜਣ ਚਲੌਣ ਵਾਲੇ ।

ਕਲਗੀ ਵਾਲੇ ਦੇ ਤੀਰ

ਤੀਰਾਂ ਵਾਲਿਆ ਤੀਰਾਂ ਦੀ ਸੌਂਹ ਤੈਨੂੰ,
ਤੈਨੂੰ ਯਾਦ ਨੇ ਬਚਪਨ ਦੇ ਤੀਰ ਮਾਹੀਆ ।
ਬਣੀ ਵਾਂਸ ਦੀ ਫੱਟੀ ਕਮਾਨ ਸੀ ਜਾਂ,
ਤੀਰ ਕਾਨਿਆਂ ਦੇ ਬੇ-ਨਜ਼ੀਰ ਮਾਹੀਆ ।
ਤੇਰੇ ਤੀਰ ਉਹ ਤੀਰਾਂ ਨੂੰ ਵਿੰਨ੍ਹਦੇ ਸੀ,
ਤੀਰ, ਤੀਰਾਂ ਨੂੰ ਜਾਂਦੇ ਸੀ ਚੀਰ ਮਾਹੀਆ ।
ਘੜੇ ਭੰਨ ਕੇ ਲੱਖ ਪਨਿਹਾਰਨਾਂ ਦੇ,
ਤੀਰ ਨੈਣਾਂ ਚੋਂ ਕੱਢਦੇ ਨੀਰ ਮਾਹੀਆ ।

ਤੇਰੇ ਤੀਰਾਂ ਕਈ ਨਜ਼ਰ ਦੇ ਤੀਰ ਮਾਰੇ,
ਬਣ ਗਏ ਚਾਟੜੇ ਲਖ ਰਾਹਗੀਰ ਤੇਰੇ ।
ਗਿਣਤੀ ਤੇਰੇ ਮੁਰੀਦਾਂ ਦੀ ਰੱਬ ਜਾਣੇ,
ਪੈਰੀਂ ਪੀਰ ਪਏ, ਪੀਰਾਂ ਦੇ ਪੀਰ ਤੇਰੇ ।

ਉਹ ਵੀ ਤੀਰ ਸਨ, ਜ਼ੁਲਮ ਲਈ ਬਣੇ ਆਫ਼ਤ,
ਆਫ਼ਤ ਓਹ ਜੋ ਆਫ਼ਤਾਂ ਢਾਹੁੰਦੀ ਸੀ।
ਝੁੱਕਦੀ ਜਦੋਂ ਕਮਾਨ ਸੀ ਕਹਿਰ ਅੰਦਰ,
ਝੁਕਣ ਸਾਰ ਹੀ ਵੈਰੀ ਝੁੱਕਾਉਂਦੀ ਸੀ ?
ਸਿਰੀ ਤੀਰ ਦੀ ਸਿਰੀ ਸਪੋਲੀਏ ਦੀ,
ਛੁੱਟਣ ਸਾਰ ਹੀ ਡੰਗ ਚਲਾਉਂਦੀ ਸੀ ।
ਤੇ ਸੋਹਣੀ ਮੁਖੀ ਜੇ ਸੋਨੇ ਦੀ ਜਾਪਦੀ ਸੀ,
ਸੌ ਸੌ ਨੂੰ ਸੁੱਕਣੇ ਪਾਉਂਦੀ ਸੀ ।

ਤੇਰੇ ਤੀਰ ਕਲੇਜੜੇ ਚੀਰ ਗਏ,
ਚੀਰ ਚੀਰ ਕੇ ਚੀਰ ਜਿਹੇ ਪਾਏ ਉਹਨਾਂ ।
ਲੀਰ ਲੀਰ ਕਰ ਦਿਤੇ ਸਰੀਰ ਸਾਰੇ,
ਲੀਰਾਂ ਵਿਚ ਲੰਗਾਰ ਬਣਾਏ ਉਹਨਾਂ ।

ਜਦੋਂ ਤੀਰ ਤੂੰ ਤੀਰਾਂ ਦੇ ਪੀਰ ਬਾਂਕੇ,
ਵਾਰੋ ਵਾਰੀ ਸੀ ਧਰੇ ਕਮਾਨ ਅੰਦਰ ।
ਐਸੇ ਸੌਣ ਦੇ ਬਦਲਾਂ ਵਾਂਗ ਵੱਸੇ,
ਮੱਚ ਗਿਆ ਘੁਸਮਾਨ ਮੈਦਾਨ ਅੰਦਰ ।

ਨੀਲੇ ਅੰਬਰਾਂ ਤੇ ਤਾਰੇ ਟਿਮਕਦੇ ਨਹੀਂ,
ਏਹ ਕੁਝ ਹੋਰ ਹੀ ਆਵੇ ਧਿਆਨ ਅੰਦਰ ।
ਤੀਰਾਂ ਸਾਹਮਣੇ ਜਦੋਂ ਨਾ ਰਿਹਾ ਵੈਰੀ,
ਉਹਨਾਂ ਛੇਕ ਕੀਤੇ ਆਸਮਾਨ ਅੰਦਰ ।

ਗਏ ਗੁੱਸੇ ਵਿਚ ਆ ਕੇ ਵੱਲ ਲੱਖਾਂ,
ਵੱਲ ਵੱਲ ਵੈਰੀ ਐਸੇ ਵਲੇ ਉਹਨਾਂ ।
ਬਣ ਕੇ ਹੱਥੀ ਤੇ ਜਿਹੀ ਭਵਾਈ ਚੱਕੀ,
ਦਾਣੇ ਵਾਂਗਰਾਂ ਦੱਲ ਸੀ ਦਲੇ ਉਹਨਾਂ ।

ਬੰਦੇ ਤਾਂਈਂ ਤੂੰ ਦਿਤੇ ਸੀ ਤੀਰ ਜਿਹੜੇ,
ਹੱਥ ਬੰਦੇ ਦੇ ਬਰਕਤਾਂ ਆਈਆਂ ਉਹ ।
ਜਿਨ੍ਹਾਂ ਖ਼ੂਨੀ ਸਰਹੰਦ ਵਿਚ ਖ਼ੂਨ ਕੀਤੇ,
ਇੱਟ ਇੱਟ ਨਾਲ ਇੱਟਾਂ ਖੜਕਾਈਆਂ ਉਹ ।
ਲੱਗਾ ਲਹੂ ਮਸੂਮਾਂ ਦਾ ਜਿਨ੍ਹਾਂ ਨੂੰ ਸੀ,
ਖੂਨੀ ਵਹਿਣਾਂ ਚਿ ਖੂਬ ਰੁੜ੍ਹਾਈਆਂ ਉਹ ।
ਮੁਰਦਾ ਲੋਥਾਂ ਵੀ ਪੈਰਾਂ ਵਿਚ ਕੰਬਦੀਆਂ ਸੀ,
ਦਰ ਦਰ ਦੇਂਦੀਆਂ ਜਾਣ ਦੁਹਾਈਆਂ ਉਹ ।

ਮਾਰੇ ਤੀਰ ਕਿ ਮਾਰੇ ਸੂ ਰੜੇ ਵੈਰੀ,
ਵੈਰੀ ਭੱਜ ਗਏ ਕਹਿਣ ਭੁਚਾਲ ਆਇਆ ।
ਫੜਦੇ ਸਾਰ ਜੋ ਫਾੜੀਆਂ ਕਰੀ ਜਾਸੀ,
ਦੁਸ਼ਮਨ ਕਹਿਣ ਕੇ ਛੁਰੀਆਂ ਦਾ ਜਾਲ ਆਇਆ ।

ਸੁਰਮਾਂ ਸਮਝਕੇ ਧੂੜ ਅਨੰਦ ਪੁਰ ਦੀ

ਆ ਜਾ ਸੱਧਰਾਂ ਚਿਰ ਦੀਆਂ ਸੁੱਤੀਆਂ ਨੂੰ,
ਚੰਨਾ ! ਟੁੰਬ ਕੇ ਅੱਜ ਜਗਾ ਲਈਏ ।
ਸੂਲਾਂ ਮਸਲ ਕੇ ਵਸਲ ਦੇ ਚਾ ਅੰਦਰ,
ਸਮਝ ਬੋਤਲਾਂ ਛਾਤੀ ਨੂੰ ਲਾ ਲਈਏ ।

ਪ੍ਰੇਮ-ਭਰੇ ਨੇ ਨੈਣ ਜਿਓਂ ਮਸਤ ਪਿਆਲੇ,
ਡੰਝਾਂ ਸੱਜਣਾ ਪੀ ਪੀ ਲਾਹ ਲਈਏ ।
ਓਹਦੇ ਰਾਹਾਂ ਚੋਂ ਰੋੜ ਜੋ ਚੁਭਣ ਪੈਰੀਂ,
ਮੋਤੀ ਸਮਝ ਕੇ ਹਾਰ ਬਣਾ ਲਈਏ ।

ਝੱਲਣ ਵਾਸਤੇ ਤੂਰ ਦੇ ਜਲਵਿਆਂ ਨੂੰ,
ਜੋਤ ਨੈਣਾਂ ਦੀ ਪਹਿਲਾਂ ਵਧਾ ਲਈਏ ।
ਸੁਰਮਾਂ ਸਮਝ ਕੇ ਧੂੜ ਅਨੰਦ ਪੁਰ ਦੀ,
ਆ ਜਾ ਸਜਣਾ ! ਅੱਖਾਂ 'ਚ ਪਾ ਲਈਏ ।
ਏਹੋ ਧੂੜ ਹੈ ਸ਼ਾਹ ਮਮੀਰਿਆਂ ਦੀ,
ਅੰਨ੍ਹੀਂ ਅੱਖੀਂ ਜੋ ਜੋਤਨਾ ਪਾ ਦੇਵੇ ।
ਜਾਲੇ ਹਿਰਸ ਤੇ ਖ਼ੁਦੀ ਗੁਮਾਨ ਵਾਲੇ,
ਪਹਿਲੇ ਸੁਰਮਚੂ ਨਾਲ ਹਟਾ ਦੇਵੇ ।
ਦੁਖ ਦਰਦ ਦਲਿੱਦਰ ਨੂੰ ਦੂਰ ਕਰਕੇ,
ਠੰਢ ਅੱਖੀਆਂ ਵਿੱਚ ਵਰਤਾ ਦੇਵੇ ।
ਰਹੀ ਰਾਤ ਦੀ ਗੱਲ ਤੇ ਇਕ ਪਾਸੇ,
ਤਾਰੇ ਇਸ਼ਕਦੇ ਦਿਨੇ ਦਿਖਾ ਦੇਵੇ ।

ਗੁਥਲੇ ਕਿਸੇ ਸੰਨਿਆਸੀ ਨੇ ਪਲਟ ਦਿਤੇ,
ਆ ਜਾ ਬਿਰਹੋਂ ਦੇ ਮੋਤੀਏ ਲਾਹ ਲਈਏ ।
ਸੁਰਮਾ ਸਮਝ ਕੇ ਧੂੜ ਆਨੰਦ ਪੁਰ ਦੀ,
ਆ ਜਾ ਸਜਣਾ ! ਅੱਖਾਂ ਚ ਪਾ ਲਈਏ ।

ਸੋਹਣੀ ਵਾਂਗਰਾਂ ਘੜੇ ਕੀ ਭਾਲਣੇ ਨੇ,
ਆ ਜਾ ਠਿੱਲ੍ਹੀਏ ਇਸ਼ਕ ਝਨਾਂ ਅੰਦਰ ।
ਮੌਜ ਗੋਤਿਆਂ ਦੀ ਜੇਕਰ ਮਾਨਣੀ ਊਂ,
ਆ ਜਾ ਡੁੱਬੀਏ ਡੂੰਘੇ ਜਿਹੇ ਥਾਂ ਅੰਦਰ ।
ਗਲੇ ਮਿਲਣ ਦੇ ਮਜ਼ੇ ਜੇ ਲੁੱਟਣੇ ਨੀਂ,
ਬਾਂਹ ਘਤੀਏ ਲਹਿਰਾਂ ਦੀ ਬਾਂਹ ਅੰਦਰ ।
ਸਦਾ ਲਈ ਜੇ ਵਸਲ ਹੀ ਵਸਲ ਲੋੜੇਂ,
ਜਾਨ ਜਾਣ ਦੇ ਇਸ਼ਕ ਦੇ ਰਾਹ ਅੰਦਰ ।

ਹੋਇਆ ਕੀ ਜੇ ਮੰਜ਼ਲਾਂ ਵਿਚ ਰਹਿ ਗਏ,
ਮਜ਼ੇ ਦੀਦ ਦੇ ਏਥੋਂ ਵੀ ਜਾ ਲਈਏ ।
ਸੁਰਮਾਂ ਸਮਝ ਕੇ ਧੂੜ ਅਨੰਦ ਪੁਰ ਦੀ,
ਜੇਕਰ ਸਜਣਾ ! ਅੱਖਾਂ ਚ ਪਾ ਲਈਏ ।

ਹੋਇਆ ਕੀ ਜੇ ਬਿਸੀਅਰ ਤੇ ਨਾਗ ਕਾਲੇ,
ਪਏ ਚਾਨਣਾ ਰਾਹਾਂ ਵਿਚਕਾਰ ਨੇ ਇਹ ।
ਚੁੰਮ ਚੁੰਮ ਕੇ ਗਲੇ ਵਿਚ ਪਾ ਲਵਾਂਗਾ,
ਮੇਰੇ ਸ਼ਿਵਾਂ ਦੇ ਡਿਗੇ ਹੋਏ ਹਾਰ ਨੇ ਇਹ ।
ਚਿੰਤਾ-ਮਣੀ ਨੇ ਜਾਂ ਸੂਰਦਾਸ ਖ਼ਾਤਰ,
ਰੱਸੇ ਰੇਸ਼ਮੀ ਦਿਤੇ ਖਿਲਾਰ ਨੇ ਇਹ ।
ਇਸ਼ਕੋਂ ਸੱਖਣਾ ਹਿਲਦਾ ਜਗਤ ਸਾਰਾ,
ਜਦੋਂ ਮਾਰਦੇ ਜ਼ਹਿਰੀ ਫੁੰਕਾਰ ਨੇ ਇਹ ।

ਏਨ੍ਹਾਂ ਨਾਗਾਂ ਦੇ ਰੰਗਾਂ ਨੂੰ ਨੈਣ ਡੰਗਣ,
ਸ਼ੋਖ ਡੋਰੇ ਜੇ ਕਿਤੇ ਲਗਾ ਲਈਏ ।
ਸੁਰਮਾ ਸਮਝ ਕੇ ਧੂੜ ਅਨੰਦ ਪੁਰ ਦੀ,
ਜੇਕਰ ਸੱਜਣਾ ! ਅੱਖਾਂ ਚ ਪਾ ਲਈਏ ।

ਜਾਦੂ ਭਰੀ ਅਕਸੀਰ ਹੈ, ਨਹੀਂ ਧੂੜੀ,
ਪਾਈਏ ਅੱਖਾਂ ਤੇ ਇਸ਼ਕ ਗੁਲਜ਼ਾਰ ਦਿਸਦਾ ।
ਕਲਗੀ ਵਾਲਾ ਖਾਂ ਦੇਖੀਏ ਕਿਸੇ ਬੰਨੇ,
ਚਾਰੇ ਬੰਨੇ ਹੀ ਉਹਦਾ ਦੀਦਾਰ ਦਿਸਦਾ ।
ਦਯਾ ਰਾਮ ਵਰਗੇ ਧੌਣਾਂ ਡਾਹ ਦੇਂਦੇ,
ਦਿਲਬਰ ਜਦੋਂ ਤਲਵਾਰ ਦੀ ਧਾਰ ਦਿਸਦਾ।
ਐਸੀ ਅੱਖੀਆਂ ਚੋਂ ਕੋਈ ਅੱਖ ਖੁਲ੍ਹਦੀ,
ਸੂਲੀ ਵਿੱਚ ਵੀ ਹੱਸਦਾ ਯਾਰ ਦਿੱਸਦਾ ।
ਜੋਤ ਜਿਹੀ ਆਵੇ, ਜੋ ਨ ਕਦੀ ਜਾਵੇ,
ਤੱਤੇ ਸੁਰਮਚੂ ਭਾਵੇਂ ਫਿਰਵਾ ਲਈਏ ।
ਸੁਰਮਾ ਸਮਝ ਕੇ ਧੂੜ ਅਨੰਦ ਪੁਰ ਦੀ,
ਜੇਕਰ ! ਸੱਜਣਾ ਅੱਖਾਂ 'ਚ ਪਾ ਲਈਏ ।

ਬੇਦਾਵਾ

ਸਾਥੋਂ ਦਾਤਿਆ ਭੁੱਖ ਨਹੀਂ ਜਰੀ ਜਾਂਦੀ,
ਅਸੀਂ ਰੱਜ ਗਏ ਹਾਂ ਭੁੱਖੇ ਰਹਿ ਰਹਿ ਕੇ
ਸਾਨੂੰ ਚੁੱਪ ਚੁੱਪੀਤਿਆਂ ਜਾਣ ਦੇ ਤੂੰ,
ਅਸੀਂ ਥੱਕ ਗਏ ਹਾਂ ਤੈਨੂੰ ਕਹਿ ਕਹਿ ਕੇ ।

ਰੂਹ ਵੱਢਿਆ ਵੀ ਤੇਗ਼ ਚੁਕਦਾ ਨਹੀਂ,
ਢਾਲਾਂ ਹੱਥਾਂ ਚੋਂ ਅੱਜ ਤੇ ਢ੍ਹੈਂਦੀਆਂ ਨੇ ।
ਹੁਣ ਤੇ ਦਾਤਿਆ ਜੰਗ ਦੀ ਯਾਦ ਤੋਂ ਹੀ,
ਚੀਸਾਂ ਕਾਲਜੇ ਸਾਡੇ ਨੂੰ ਪੈਂਦੀਆਂ ਨੇ ।

ਕਲਗੀ ਵਾਲੇ ਨੇ ਆਖਿਆ “ਜਾਓ ਬੇਸ਼ਕ,
ਮੇਰੇ ਨਾਲ ਹਿਸਾਬ ਮੁਕਾ ਜਾਓ।
ਸਾਡੀ ਸਾਂਝ ਬਸ ਸਦਾ ਲਈ ਮੁਕ ਗਈ ਏ,
ਕਾਗਤ ਲਿਖ ਕੇ ਏਨਾ ਫੜਾ ਜਾਓ ।

ਕਾਗਤ ਲਿਖਆ ਸਿਦਕ ਤੋਂ ਡੋਲਿਆਂ ਨੇ,
"ਸਾਥੋਂ ਭੁਖਿਆਂ ਤੋਂ ਖੰਡੇ ਵੱਗਦੇ ਨਹੀਂ ।
ਕਲਗੀ ਵਾਲਾ ਨਹੀਂ ਅੱਜ ਤੋਂ ਗੁਰੂ ਸਾਡਾ,
ਕਲਗੀ ਵਾਲੇ ਦੇ ਅਸੀਂ ਕੁਝ ਲੱਗਦੇ ਨਹੀਂ ?"

ਮਾਰੇ ਭੁੱਖ ਦੇ ਮਾਵਾਂ ਦੇ ਸ਼ੇਰ ਓਹੋ,
ਵਾਂਗਰ ਗਿੱਦੜਾਂ ਘਰਾਂ ਨੂੰ ਨੱਸ ਆਏ ।
ਜਿਹੜੇ ਰਿਧੀਆਂ ਸਿੱਧੀਆਂ ਲਿਤੜਦੇ ਸੀ,
ਹੋਕੇ ਭੁੱਖ ਹੱਥੋਂ ਉਹ ਬੇ-ਵੱਸ ਆਏ ।

ਅਗੋਂ ਸਿੰਘਣੀਆਂ ਸ਼ੀਣੀਆਂ ਭੱਬਕ ਪਈਆਂ,
ਤੁਸੀ ਭੁੱਖ ਵਿਚ ਜੇ ਦੂਣੇ ਗੱਜਦੇ ਨਹੀਂ ।
ਅਸੀਂ ਕੁਝ ਤੁਹਾਡੀਆਂ ਲੱਗਦੀਆਂ ਨਾ,
ਅਤੇ ਤੁਸੀਂ ਸਾਡੇ ਕੁਝ ਲੱਗਦੇ ਨਹੀਂ ।

ਜੁੜੇ ਖੋਲ੍ਹ ਕੇ ਮੀਂਡੀਆਂ ਕਰੋ ਛੇਤੀ,
ਕੰਗੂ ਵਿੱਚ ਸਵਾਹ ਦਾ ਪਾ ਲਓ ਖਾਂ ।
ਵੇਖਣ ਸ਼ਕਲ ਨਾ ਅਣਖ ਦੀ ਰੱਤ ਵਾਲੇ,
ਪਰਦੇ ਸੋਫਿਆਂ ਅਗੇ ਲਟਕਾ ਲਓ ਖਾਂ ।

ਕੜੇ ਲਾਹੋ ਨਿਲੱਜੀਆਂ ਬਾਹੀਆਂ ਚੋਂ,
ਪਾ ਲਓ ਚੂੜੀਆਂ ਤੁਸੀਂ ਛਣਕਾਉਣੇ ਨੂੰ ।
ਲਾਹ ਕੇ ਗਾਤਰੇ ਗਾਨੀਆਂ ਗੁੰਦ ਲਓ ਖਾਂ,
ਗਲੀਂ ਤੱਗ ਤਵੀਤੀਆਂ ਪਾਉਣੇ ਨੂੰ ।

ਪੀ ਕੇ ਦੁੱਧ ਮਝੈਲਣਾਂ ਜੱਟੀਆਂ ਦਾ,
ਤੁਸੀਂ ਵਾੜ ਅੰਦਰ ਡੋਲ੍ਹ ਛੱਡਿਆ ਏ ।
ਹੋਇਆ ਹਜ਼ਮ ਨਾ ਤੁਸਾਂ ਦੀ ਅਣਖ ਕੋਲੋਂ,
ਤੁਸੀਂ ਆਪ ਉਗਲੱਛ ਕੇ ਕੱਢਿਆ ਏ ।

ਡੂੰਘੇ ਖੂਹ ਅੰਦਰ ਸ਼ਰਮ ਸੁੱਟ ਦਿਤੀ,
ਮੁੜ ਆਏ ਬੇ-ਸ਼ਰਮੀ ਨੂੰ ਭਾਗ ਲਾ ਕੇ ।
ਤੁਸੀਂ ਜੀਣਾ ਬੇ-ਅਣਖੀ ਦਾ ਚਾਹੁੰਦੇ ਓ !
ਕਲਗੀ ਵਾਲੇ ਦੇ ਅੰਮ੍ਰਤ ਨੂੰ ਦਾਗ ਲਾ ਕੇ ।

ਸੀਨੇ ਪਾਟ ਗਏ ਮਾਵਾਂ ਦੇ ਪੁਤਰਾਂ ਦੇ,
ਤੀਰ ਬੋਲੀਆਂ ਕਾਲਜੇ ਚੀਰ ਗਈਆਂ ।
ਬੱਜਰ ਸੀਨਿਆਂ ਦੀ ਕਰੜੀ ਖੱਲ ਤਾਂਈਂ,
ਕੈਂਚੀ ਵਾਂਗ ਕਰਕੇ ਲੀਰ ਲੀਰ ਗਈਆਂ ।

ਕਲਗੀ ਵਾਲੇ ਦੇ ਨਾਮ ਤੇ ਬਖ਼ਸ਼ ਦੇਵੋ,
ਲਗੇ ਕਹਿਣ ਦੁਹਾਈਆਂ ਪਾਂਵਦੇ ਹਾਂ ।
ਖਾਣਾ ਪੀਣਾ ਹੈ ਹੁਣ ਹਰਾਮ ਸਾਨੂੰ,
ਅਸੀਂ ਭੁਖਿਆਂ ਜੰਗ ਨੂੰ ਜਾਂਵਦੇ ਹਾਂ ।

ਅੰਤ ਚਾਲੀ ਦੇ ਚਾਲੀ ਹੀ ਸਿੰਘ ਸੂਰੇ,
ਤੇਗ਼ਾਂ ਚੁਕ ਕੇ ਫੇਰ ਤਿਆਰ ਹੋਏ ।
ਭਾਗਾਂ ਭਰੀ ਉਸ 'ਭਾਗੋ' ਨੂੰ ਨਾਲ ਲੈਕੇ,
ਟੁਰੇ ਜੰਗ ਲਈ ਲਾਲ ਅੰਗਾਰ ਹੋਏ ।

ਜਿਧਰ ਪਏ ਉਹ ਸਫ਼ਾਂ ਨੂੰ ਸਾਫ਼ ਕਰ ਗਏ,
ਜਿਧਰ ਲੱਥੇ ਉਹ ਲਾਹ ਗਏ ਘਾਣ ਲੱਖਾਂ ।
ਜਿਧਰ ਮੁੜੇ ਤੇ ਫੌਜਾਂ ਦੇ ਮੂੰਹ ਮੋੜੇ,
ਖਿਦੋ ਵਾਂਗਰਾਂ ਸੀਸ ਉਡਾਣ ਲੱਖਾਂ ।

ਮਹਾਂ ਸਿੰਘ ਨੇ ਮਾਰ ਕੇ ਤੇਗ ਅਪਣੀ,
ਜੰਗ ਵਿਚ ਘੜਮੱਸ ਮਚਾ ਦਿੱਤੀ ।
ਦਯਾ ਧਰਮ ਵਲੋਂ ਭੁੱਲੇ ਜ਼ਾਲਮਾਂ ਨੂੰ,
ਨਾਨੀ ਵਿੱਸਰੀ ਯਾਦ ਕਰਾ ਦਿੱਤੀ ।

ਤੇਗ਼ਾਂ ਮਾਰਦਾ ਮਾਰਦਾ ਉਹ ਯੋਧਾ,
ਆਖ਼ਰ ਡਿੱਗਿਆ ਕਰਮਾਂ ਦੀ ਮਾਰ ਖਾ ਕੇ!
ਆਖੇ "ਵੇਖ ਨਾ ਮੇਰੇ ਗੁਨਾਹ ਵੱਲੇ,
ਜਾਂਦੀ ਵਾਰ ਦਾਤਾ ਦੇ ਦੀਦਾਰ ਆ ਕੇ।"

ਦਾਤਾ ਦਿਲਾਂ ਦੀ ਦਿਲੀ ਵਿਚ ਵੱਸਦਾ ਸੀ,
ਆਇਆ ਸਾਹਮਣੇ ਬੁਲ੍ਹ ਮੁਸਕਾਉਂਦਾ ਉਹ ।
ਛਾਤੀ ਨਾਲ ਲਗਾ ਕੇ ਮਹਾਂ ਸਿੰਘ ਨੂੰ,
ਦੇ ਦੇ ਪਿਆਰ ਸੀ ਪਿਆ ਬੁਲਾਉਂਦਾ ਉਹ ।

ਮਹਾਂ ਸਿੰਘ ! ਕੁਝ ਮੰਗ ਲੈ ਅੱਜ ਮੈਥੋਂ,
ਜਾਂਦੀ ਵਾਰ ਨਿਰਾਸ ਨ ਜਾਈਂ ਬੱਚਾ।
ਖੁਸ਼ੀ ਨਾਲ ਸਿਧਾਰ ਜੇ ਸੁਰਗ ਚਾਹੇਂ,
ਐਵੇਂ ਅੱਖੀਆਂ ਨ ਡੁਬਡੁਬਾਈਂ ਬੱਚਾ ।

ਲੈ ਕੇ ਬਚਨ ਉਹ ਬੀਰ ਬਲਵਾਨ ਯੋਧਾ,
ਕਹਿਣ ਲੱਗਾ ਬੇਦਾਵਾ ਦਿਖਾ ਦਾਤਾ।
ਮੇਰੇ ਜਿਗਰ ਦੇ ਡੂੰਘੇ ਜਿਹੇ ਫੁੱਟ ਉਤੇ,
ਮਲ੍ਹਮ ਫੇਰ ਮਿਲਾਪ ਦੀ ਲਾ ਦਾਤਾ।

ਦਾਤੇ ਆਖਿਆ ਦਰਦ ਵਿਚ ਮਹਾਂ ਸਿੰਘਾ !
ਕੁਝ ਤੂੰ ਆਪਣੇ ਵਾਸਤੇ ਮੰਗ ਲੈਂਦੋ ।
ਅਜ ਦੋਹਾਂ ਜਹਾਨਾਂ ਦੀ ਜ਼ਿੰਦਗੀ ਨੂੰ,
ਸ਼ਾਹੀ ਰੰਗ ਅੰਦਰ ਭਾਵੇਂ ਰੰਗ ਲੈਂਦੋ ।

ਅੰਤ ਬੋਲਿਆ ਸਿਸਕਦਾ ਸੂਰਮਾ ਉਹ,
ਜਾਏ ਰੁਲ ਜੇ ਸੋਨੇ ਦਾ ਭਾਗ ਦਾਤਾ ।
ਮੇਰੇ ਸਿਦਕ ਦੇ ਲਹੂ ਥੀਂ ਜਾਏ ਧੋਤਾ,
ਭੁੱਲੇ ਮਾਝੇ ਦੇ ਮੱਥੇ ਦਾ ਦਾਗ਼ ਦਾਤਾ ।

ਨੈਣ ਡੁਲ੍ਹਕ ਪਏ ਸ੍ਰੀ ਦਸਮੇਸ਼ ਜੀ ਦੇ,
ਕਿਹਾ, "ਧੰਨ ਹੈ ਸਿੰਘਾ ਕਮਾਈ ਤੇਰੀ ।
ਕਿਸੇ ਵਾਸਤੇ ਛੱਡੇਂ ਤੂੰ ਸੁਖ ਅਪਣਾ,
ਚੌੜੀ ਸਾਗਰੋਂ ਦਿਲ-ਦਰਿਆਈ ਤੇਰੀ ।

ਐਹ ਲੈ ਵੇਖ ਬੇਦਾਵਾ ਮੈਂ ਪਾੜਿਆ ਏ,
ਚਾਲੀ ਪਾਟਿਆਂ ਦਿਲਾਂ ਨੂੰ ਜੋੜਨੇ ਲਈ ।
ਬੱਚਾ ਤੁਸੀਂ ਤਾਂ ਮੁੜੇ ਨਾ ਮੂਲ ਮੋੜੇ,
ਐਪਰ ਮੈਂ ਕਾਹਲਾ ਰਿਹਾ ਮੋੜਨੇ ਲਈ ।"

ਨੀਂਦ ਸੂਲਾਂ ਤੇ ਕਿਸਤਰ੍ਹਾਂ ਆਈ ਤੈਨੂੰ ?

ਜੀਵੇਂ ਪਟਨੇ ਵਾਲਿਆ ! ਚੰਨ ਮਾਹੀਆ !
ਕੁੱਝ ਯਾਦ ਹੈ, ਬੀਤੀ ਬਤਾਈ ਤੈਨੂੰ ।
ਕਲੀਆਂ ਭਰੇ ਰੰਗੀਲ ਪੰਘੂੜਿਆਂ ਵਿਚ,
ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ।
ਤੇਰੇ ਪਿੰਡੇ ਤੇ ਮਤਾਂ ਝਰੀਟ ਆਵੇ,
ਖਰ੍ਹਵੀ ਉਂਗਲ ਨਾ ਕਿਸੇ ਛੁਹਾਈ ਤੈਨੂੰ।
ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ,
ਤੱਤੀ ਵਾ ਨਾ ਚਾਨਣਾ ! ਲਾਈ ਤੈਨੂੰ ।

ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ,
ਰਾਤੀ ਰਖਿਆ ਉਨ੍ਹੇ ਜਗਾਈ ਤੈਨੂੰ ।
ਮੈਂ ਹੈਰਾਨ ਹਾਂ ਗੁਜਰੀ ਦੇ ਸੁਹਲ ਫੁਲਾ!
ਨੀਂਦ ਸੂਲਾਂ ਤੇ ਕਿਸਤਰ੍ਹਾਂ ਆਈ ਤੈਨੂੰ ?

ਕੀਤਾ ਗ਼ਜ਼ਬ ਤੂੰ ਗ਼ਜ਼ਬ ਦੀ ਹੱਦ ਤੋੜੀ,
ਪਿਤਾ ਆਪਣਾ ਮਰਨ ਲਈ ਟੋਰ ਦਿੱਤਾ ।
ਕੀਤੀ ਬੱਸ ਨਾ ਸਰਸਾ ਦੇ ਵਹਿਣ ਅੰਦਰ,
ਬਾਕੀ ਰਿਹਾ ਪਰਵਾਰ ਵੀ ਰੋੜ੍ਹ ਦਿੱਤਾ ।
ਦਿਲੋਂ ਦਰਦ ਵਾਲੀ ਉਠੀ ਲਹਿਰ ਐਸੀ,
ਰਿਸ਼ਤਾ ਰਿਸ਼ਤਿਆਂ ਦਾ ਓਨ੍ਹੇ ਤੋੜ ਦਿੱਤਾ ।
ਪੱਥਰ ਬੰਨ੍ਹਕੇ ਆਪਣੇ ਜਿਗਰ ਉਤੇ,
ਪਾਣੀ ਬਿਨਾ 'ਜੁਝਾਰ' ਨੂੰ ਮੋੜ ਦਿੱਤਾ।

ਅੱਕ ਜਾਂਦੀ ਸੀ ਨੀਂਦ ਲਿਆਉਣ ਬਦਲੇ,
ਚੰਨਾ ਥਪਕਦੀ ਥਪਕਦੀ ਦਾਈ ਤੈਨੂੰ ।
ਗੋਦੀ ਮੌਤ ਦੀ ਪਾ ਕੇ ਪੁੱਤਰਾਂ ਨੂੰ,
ਨੀਂਦ ਸੂਲਾਂ ਤੇ ਕਿਸਤਰ੍ਹਾਂ ਆਈ ਤੈਨੂੰ ?

ਤੈਨੂੰ ਦਰਦੀਆ ਕਿਵੇਂ ਬੇ-ਦਰਦ ਆਖਾਂ,
ਮੈਂ ਹਾਂ ਜਾਣਦਾ ਤੂੰ ਨਿਰਦਈ ਵੀ ਨਹੀਂ ।
ਦੁਖੀ ਦੁਨੀ ਦੇ ਦਰਦ ਤੂੰ ਦੂਰ ਕੀਤੇ,
ਰਿਸ਼ਵਤ ਕਿਸੇ ਕੋਲੋਂ ਰਿਸ਼ੀਆ ! ਲਈ ਵੀ ਨਹੀਂ ।
ਅੱਖਾਂ ਸਾਹਵੇਂ ਅਜੀਤ ਨੂੰ ਵਾਰ ਦਿੱਤਾ,
ਐਪਰ ਮੂੰਹ ਚੋਂ ਸੀ ਤੂੰ ਕਹੀ ਵੀ ਨਹੀਂ ।
ਝੱਲੇ ਦੁੱਖ ਦੁਖਿਆਰਾਂ ਦੇ ਦੁੱਖ ਬਦਲੇ,
ਕਸਰ ਦੁੱਖ ਦੀ ਪਿਛਾਂ ਕੁਝ ਰਹੀ ਵੀ ਨਹੀਂ।

ਨਾਲ ਛਾਲਿਆਂ ਛਾਨਣੀ ਪੈਰ ਹੈਸਨ,
ਦੁਖੀ ਦਰਦ ਜਹੀ ਕਰਦ ਚਲਾਈ ਤੈਨੂੰ ।
ਸ਼ੇਰਾ ਜ਼ਖਮੀਆ ! ਸਮਝ ਕੁਝ ਆਉਂਦੀ ਨਾ,
ਨੀਂਦ ਸੂਲਾਂ ਤੇ ਕਿਸਤਰ੍ਹਾਂ ਆਈ ਤੈਨੂੰ ?

ਮਾਛੀਵਾੜੇ ਦੇ ਤਿਖਿਆਂ ਕੰਡਿਆਂ ਚੋਂ,
ਦਿਤਾ ਇਸਤਰ੍ਹਾਂ ਕੁਝ ਸੁਣਾਈ ਮੈਨੂੰ ।
"ਅੜਿਆ ! ਸੂਲ ਸੀ ਮੈਨੂੰ ਸੁਰਾਹੀ ਵਰਗੀ,
ਖੰਜਰ ਮਸਤ ਪਿਆਲੜਾ ਮਾਹੀ ਮੈਨੂੰ ।
ਸਥਰ ਯਾਰ ਦਾ ਸੁਰਗ ਦੀ ਸੇਜ ਜਾਪੇ,
ਭੱਠ ਗ਼ੈਰ ਦੀ ਪਲੰਘ ਰਜਾਈ ਮੈਨੂੰ ।
ਸੂਲਾਂ ਉਤੇ ਮਜ਼ਲੂਮ ਦੀ ਆਰਜ਼ੂ ਦੀ,
ਮਿਲੀ ਹੋਈ ਸੀ ਨਰਮ ਵਿਛਾਈ ਮੈਨੂੰ ।

ਮੈਂ ਵੀ ਸੂਲ ਸਾਂ, ਸੂਲਾਂ ਤੇ ਸੂਲ ਵਾਂਗੂੰ,
ਸੂਲਾਂ ਇਕ ਨਾ ਸੂਲ ਚੁਭਾਈ ਮੈਨੂੰ ।
'ਮਾਨ' ਸੱਚ ਜੇਕਰ, ਮੈਥੋਂ ਪੁਛਦਾ ਏਂ,
ਐਸੀ ਨੀਂਦ ਫਿਰ ਕਦੀ ਨਹੀਂ ਆਈ ਮੈਨੂੰ ।"

ਚਮਕੌਰ ਦੀ ਗੜ੍ਹੀ

ਜਾਂ ਚਮਕੌਰ ਗੜ੍ਹੀ ਦੇ ਵਿਚੋਂ,
ਕੁੰਢੀਆਂ ਕੁੰਢੀਆਂ ਮੁੱਛਾਂ ਵਾਲੇ ।
ਮਛਰੇ ਵੈਰੀ-ਦਲ ਦੇ ਅੰਦਰ,
ਕੁਦਦੇ ਗਏ ਉਹ ਸ਼ੇਰ ਨਿਰਾਲੇ ।

ਜਦੋਂ ਸ਼ਮਾਂ ਦੀ ਸੈਨਤ ਉਤੋਂ,
ਮਰ ਗਏ ਹੋ ਪਰਵਾਨੇ ਝੱਲੇ ।
ਜਾਂ ਕਿਰਦੇ ਗਏ ਗਲ ਦੇ ਹਾਰੋਂ,
ਉਹਦੇ ਮੋਤੀ ਕੱਲੇ ਕੱਲੇ ।

ਜਾਂ ਉਸਦੇ ਨੈਣਾਂ ਦੇ ਤਾਰੇ,
ਟੁੱਟ ਗਏ ਅਸਮਾਨਾਂ ਵਿਚੋਂ ।
ਜਾਂ ਉਸਦੇ ਦੋ ਜਿਗਰੀ ਟੋਟੇ,
ਨਾ ਪਰਤੇ ਮੈਦਾਨਾਂ ਵਿਚੋਂ ।

ਉਸਦੇ ਇਸ਼ਕ 'ਚ ਹੋਏ ਅੰਨ੍ਹੇ,
ਹੰਝੂਆਂ ਨੂੰ ਸਿੰਘ ਰੋਕ ਨਾ ਸੱਕੇ ।
ਵੇਖ ਕੇ ਉਹਦਾ ਖਿੜਿਆ ਮੱਥਾ,
ਫਿਰ ਵੀ ਦਿਲ ਨੂੰ ਟੋਕ ਨਾ ਸਕੇ ।

ਕਹਿਣ ਲਗੇ 'ਹੇ ਕਲਗੀ' ਵਾਲੇ !
ਵੈਰੀ ਦਾ ਕੁਝ ਅੰਤ ਨ ਆਵੇ ।
ਲੈਕੇ ਲੱਖ ਕਰੋੜਾਂ ਫੌਜਾਂ,
ਪਿਆ ਗੜ੍ਹੀ ਨੂੰ ਘੇਰਾ ਪਾਵੇ ।

ਜਿਵੇਂ ਕਿਵੇਂ ਵੀ ਹੋ ਸਕਦਾ ਏ,
ਛੇਤੀ ਏਥੋਂ ਟੁਰ ਜਾ ਸਾਂਈਆਂ ।
ਅਪਣੀ ਜਿੰਦ ਕੀਮਤੀ ਲੈ ਕੇ,
ਜਿਓਂ ਜਾਣੇ ਤਿਉਂ ਮੁੜ ਜਾ ਸਾਂਈਆਂ ।

ਤੇਰੇ ਅੱਖਾਂ ਮੀਟਣ ਉੱਤੇ,
ਵਰਤ ਜਾਏਗੀ ਸੁੰਞ ਜਹਾਨੀਂ ।
ਨਵਾਂ ਚਾੜ੍ਹਿਆ ਸੱਚ ਦਾ ਸੂਰਜ,
ਹੋ ਜਾਵੇ ਨ ਕਿਧਰੇ ਫ਼ਾਨੀ ।

ਤੂੰ ਬਚ ਜਾਵੇਂ ਤਾਂ ਜੰਮ ਪੈਸਣ,
ਸਾਡੇ ਜਿਹੀਆਂ ਫ਼ੌਜਾਂ ਲੱਖਾਂ ।
ਏਸ ਗੜ੍ਹੀ ਚੋਂ ਬਾਹਰ ਜਾਕੇ,
ਜਿਥੇ ਪਈਆਂ ਤੇਰੀਆਂ ਅੱਖਾਂ ।

ਗਿਦੜਾਂ ਸ਼ੇਰ ਬਣਾਂਦੀਆਂ ਜਾਸਨ,
ਚਿੜੀਓਂ ਬਾਜ਼ ਤੁੜਾਂਦੀਆਂ ਜਾਸਨ ।
ਇਹੋ ਜਿਹੀਆਂ ਕਈ ਵੈਰੀ-ਫ਼ੌਜਾਂ,
ਪਲਕਾਂ ਵਿਚ ਮਿਟਾਂਦੀਆਂ ਜਾਸਨ।

ਸਾਡੇ ਲਈ ਜੇ ਜਾ ਨਹੀਂ ਸਕਦਾ,
ਟੁਰ ਜਾ ਕਰਕੇ ਯਾਦ ਦੁਹਾਈਆਂ ।
ਤੈਨੂੰ ਸੌਂਹ ਸਿੱਖੀ ਦੀ ਅੜਿਆ,
ਟੁਰ ਜਾ ਸਿਖੀ ਖਾਤਰ ਸਾਂਈਆਂ ।

ਕਹਿਣ ਲੱਗਾ ਉਹ ਸੁਣ ਸੁਣ ਗੱਲਾਂ,
ਕਰਕੇ ਅੱਖਾਂ ਲਾਲ ਅੰਗਾਰੇ ।
ਖਾ ਕੇ ਤੀਰ ਕਲੇਜੇ ਅੰਦਰ,
ਫੱਟੜ ਸ਼ੇਰ ਜਿਵੇਂ ਭੁੱਬ ਮਾਰੇ ।

ਸਿੰਘੋ ! ਬਸ ਖ਼ਾਮੋਸ਼ ਹੋ ਜਾਓ,
ਮੈਂ ਸੁਣਨਾ ਕੁਝ ਹੋਰ ਨਾ ਚਾਂਹਦਾ ।
ਏਸ ਤਰ੍ਹਾਂ ਰਣ ਵਿਚੋਂ ਲੁਕ ਕੇ,
ਮੇਰਾ ਇਕ ਵੀ ਵਾਲ ਨ ਜਾਂਦਾ ।

ਅਪਣੇ ਦਿਲ ਦੇ ਟੋਟਿਆਂ ਵੱਟੇ,
ਜਿਹੜੇ ਲਾਲ ਵਟਾਏ ਨੇ ਮੈਂ ।
ਜਿਨ੍ਹਾਂ ਦੀ ਜ਼ਿੰਦਗਾਨੀ ਖ਼ਾਤਰ,
ਹੀਰੇ ਦੋ ਕੁਹਾਏ ਨੇ ਮੈਂ ।

ਮੈਂ ਵੀ ਅਜ ਉਨ੍ਹਾਂ ਤੋਂ ਪਹਿਲੋਂ,
ਅਪਣਾ ਆਪਾ ਵਾਰ ਦਿਆਂਗਾ ।
ਏਸ ਜਿਸਮ ਦੀ ਖਾਕੀ ਬੇੜੀ,
ਖ਼ੂਨੀ ਨੈਂ ਵਿਚ ਤਾਰ ਦਿਆਂਗਾ ।

ਡੁੱਬ ਜਾਸੀ ਉਹ ਜੀਵਣ-ਨਈਆ,
ਚਹੁ-ਤੇਗ ਜਿਨੂੰ ਨਹੀਂ ਖੇਣਾ ।
ਡੁੱਬ ਜਾਣਾ ਮਝੀਆਂ ਨੂੰ ਮੇਣ੍ਹਾ
ਭੱਜ ਜਾਣਾ ਮਰਦਾਂ ਨੂੰ ਮੇਣ੍ਹਾ ।

ਮੇਰੀ ਬੋਟੀ ਬੋਟੀ ਜਦ ਤਕ,
ਤੇਗ਼ਾਂ ਉਤੇ ਨਾਚ ਨ ਨੱਚੇ ।
ਮੇਰੀ ਰਤ ਦੇ ਅੰਤਮ ਤੁਪਕੇ,
ਜਦ ਤੱਕ ਭੌਂਤੇ ਪੈ ਨ ਰੱਚੇ ।

ਓਦੋਂ ਤੱਕ ਓਏ ਸ਼ੇਰ ਜਵਾਨੋਂ !
ਸਾਹ ਸੁਖੀ ਕੋਈ ਆ ਨਹੀਂ ਸਕਦਾ।
ਓਦੋਂ ਤੱਕ ਤੇ ਇਸ ਗੜ੍ਹੀ ਚੋਂ,
ਕਦੇ ਗੋਬਿੰਦ ਸਿੰਘ ਜਾ ਨਹੀਂ ਸਕਦਾ।

ਸਿੰਘ ਨਿਰਾਸੇ ਜਿਹੇ ਤਦ ਹੋ ਕੇ,
ਪੇ ਗਏ ਸੋਚਾਂ ਅੰਦਰ ਸਾਰੇ ।
"ਬੁਝਣੋਂ ਸ਼ਮਾਂ ਬਚਾਈਏ ਕੀਕੂੰ,"
ਸੋਚਣ ਪਏ ਪਤੰਗ ਵਿਚਾਰੇ ।

ਦਯਾ ਸਿੰਘ ਦੇ ਦਿਲ ਕੁਝ ਆਯਾ,
ਨੈਣਾਂ ਵਿਚੋਂ ਉਹ ਮੁਸਕਾਇਆ ।
ਚਾਰ ਸਿੰਘਾਂ ਨੂੰ ਨਾਲ ਮਿਲਾਕੇ,
ਉਸ ਦਾਤੇ ਦੇ ਸਾਹਵੇਂ ਆਇਆ ।

ਗਰਜ ਕਿਹਾ ਉਸ "ਸੁਣੋਂ ਗੋਬਿੰਦ ਸਿੰਘ,
ਤਦ ਸੀ ਹਰ ਸਿਖ ਤਰਲੇ ਪਾਂਦਾ ।
ਹੁਣ ਪਰ ਪੰਥ ਖਾਲਸਾ ਤੈਨੂੰ,
ਏਸ ਤਰ੍ਹਾਂ ਹੈ ਹੁਕਮ ਸੁਣਾਂਦਾ ।

ਏਸ ਗੜ੍ਹੀ ਦੇ ਵਿਚੋਂ ਛੇਤੀ,
ਆਪਣਾ ਆਪ ਬਚਾ ਕੇ ਲੈ ਜਾ।
ਭਾਵੇਂ ਭੇਸ ਵਟਾ ਕੇ ਲੈ ਜਾ।
ਭਾਵੇਂ ਤੇਗ਼ ਵਿਖਾ, ਕੇ ਲੈ ਜਾ।

ਪਰ ਤੂੰ ਏਸ ਹੁਕਮ ਨੂੰ ਸੁਣ ਕੇ,
ਦੋ ਅੱਖਰ ਵੀ ਕਹਿ ਨਹੀਂ ਸਕਦਾ।
ਹੁਣ ਤੂੰ ਜੂਝਣ ਖ਼ਾਤਰ ਪਲ ਵੀ,
ਏਸ ਗੜ੍ਹੀ ਵਿਚ ਰਹਿ ਨਹੀਂ ਸਕਦਾ।

ਝਟ ਪਟ ਓਹਨਾਂ ਲਾਲ ਅੱਖਾਂ ਤੇ,
ਪੈ ਗਏ ਸਨ ਪਲਕਾਂ ਦੇ ਪਰਦੇ ।
ਜਿਓਂ ਦਰਬਾਰੀ ਸ਼ਾਹ ਅਪਣੇ ਦਾ,
ਝੁਕ ਝੁਕ ਕੇ ਨੇ ਆਦਰ ਕਰਦੇ ।

ਕਲਗੀ ਵਾਲੇ ਸੀਸ ਆਪਣਾ,
ਹੈਸੀ ਇੰਜ ਝੁਕਾਇਆ ਹੋਇਆ ।
ਜਿਓਂ ਸ਼ਾਹਾਂ ਦੇ ਸ਼ਾਹ ਦੇ ਅੱਗੇ,
ਕੋਈ ਮਾਤਹਿਤ ਆਣ ਖਲੋਇਆ ।

ਤਿੰਨ ਸਿੰਘਾਂ ਨੂੰ ਲੈ ਕੇ ਲੈ ਟੁਰਿਆ,
ਪੀਰ ਹਿੰਦ ਦਾ ਬਣਿਆ ਤਣਿਆਂ !
ਮੂੰਹ ਵਿਚ ਉਂਗਲਾਂ ਪਾ ਗਈ ਦੁਨੀਆ,
ਪੰਥ ਗੁਰੁ ਗੁਰ ਚੇਲਾ ਬਣਿਆ ।"

ਅਜੀਤ ਦੀ ਲੋਥ

ਕਾਲੀ ਬੋਲੀ ਰਾਤੋਂ ਡਰਕੇ,
ਚੰਨ ਨੇ ਅਪਣਾ ਮੂੰਹ ਲੁਕਾਇਆ ।
ਰੁਖ ਤੇ ਪ੍ਰਬਤ ਸਹਿਮੇ ਜਾਪਣ,
ਅੰਬਰ ਬਿਜਲੀ ਕੜਕ ਡਰਾਇਆ ।

ਥਾਂ ਥਾਂ ਉੱਤੇ ਖੜੇ ਸੰਤਰੀ,
ਮੋਢਿਆਂ ਉੱਤੇ ਚੁੱਕ ਬੰਦੂਕਾਂ ।
ਇਕ ਦੂਜੇ ਨੂੰ ਚੁਸਤ ਕਰਨ ਲਈ,
ਉੱਚੀ ਉੱਚੀ ਮਾਰਨ ਕੂਕਾਂ ।

ਇਸ ਵੇਲੇ ਬੇਖੌਫ਼ ਜਿਹਾ ਕੋਈ,
ਟੁਰਿਆ ਜਾਵੇ ਨਵਾਂ ਵਿਪਾਰੀ ।
ਇਸ ਖ਼ੂਨੀ ਮੰਡੀ ਨੂੰ ਦਿਤੀ,
ਆਪਣੀ ਪੂੰਜੀ ਓਸ ਉਧਾਰੀ ।

ਰਣ ਚੋਂ ਇਉਂ ਰਾਤੀ ਉਹ ਸੂਰਾ,
ਜਾਂਦਾ ਸੀ, ਹੁਕਮਾ ਦਾ ਬੱਧਾ ।
ਐਪਰ ਉਸਨੂੰ ਜਾਂਦੇ ਜਾਂਦੇ ਉਸਦੇ,
ਪੈਰ ਨੂੰ ਐਸਾ ਠੇਡਾ ਵੱਜਾ ।

ਡਿਗਦਾ ਡਿਗਦਾ ਮੂੰਧੇ ਮੂੰਹ ਉਹ,
ਸੰਭਲਿਆ ਸਾਥੀ ਨੂੰ ਫੜਕੇ ।
ਫੇਰ ਅਗ੍ਹਾਂ ਨੂੰ ਵਧਣ ਲੱਗਾ ਉਹ,
ਆਪਣੇ ਪੈਰਾਂ ਉਤੇ ਖੜ੍ਹਕੇ ।

ਸਿੰਘਾਂ ਨੇ ਤਦ ਅਰਜ਼ ਗੁਜ਼ਾਰੀ,
ਦੁੱਖ-ਭਰੇ ਅਰਮਾਨਾਂ ਅੰਦਰ ।
ਠੇਡਾ ਕੇੜੀ ਸ਼ੈ ਨੂੰ ਵੱਜਾ,
ਐਸੇ ਸਾਫ਼ ਮੈਦਾਨਾਂ ਅੰਦਰ,

ਏਨੇ ਚਿਰ ਨੂੰ ਲਿਸ਼ਕੀ ਬਿਜਲੀ,
ਉਸ ਦਾਤੇ ਦੀਆਂ ਖੁਲ੍ਹੀਆਂ ਬੁਲ੍ਹੀਆਂ।
ਜਿਸ ਸਾਕੀ ਦੀ ਮਹਿਫਲ ਅੰਦਰ,
ਆਪਾ ਹਨ ਕਈ ਰੂਹਾਂ ਭੁੱਲੀਆਂ ।

"ਮਰਕੇ ਵੀ ਮੋਹ ਲਾਲ ਨਾ ਛਡਿਆ,
ਭੁੱਲਾ ਜੰਗ ਦੀ ਰੀਤ ਵੀ ਸਿੰਘੋ ।
ਜਿਸਨੂੰ ਮੇਰਾ ਠੇਡਾ ਵੱਜਾ,
ਉਹ ਹੈ ਲੋਥ ਅਜੀਤ ਦੀ ਸਿੰਘੋ ।

ਨਾਮ ਅਜੀਤ ਸੁਣਦਿਆਂ ਸਾਰੇ,
ਚਿਮਟ ਗਏ ਝਟ ਲੋਥ ਨੂੰ ਆਕੇ ।
ਨਾਲ ਪਿਆਰ ਦੇ ਧਰ ਲਈ ਉਹਨਾਂ,
ਮੋਢਿਆਂ ਤੇ ਗਲਵੱਕੜੀ ਪਾਕੇ ।

ਕਹਿਣ ਲਗੇ 'ਨਹੀਂ ਜਰਿਆ ਜਾਂਦਾ,
ਲੋਥ ਵੀਰ ਦੀ ਰੁਲਦੀ ਹੋਵੇ ।
ਤੋੜਨ ਖ਼ਾਤਰ ਮਾਸ ਓਸਦਾ,
ਗਿਰਝ ਗਿਰਝ ਨਾਲ ਘੁਲਦੀ ਹੋਵੇ ।

ਓਸ ਕਿਹਾ ਪਰ 'ਸੋਚੋ ਸਿੰਘੋ !
ਇਹ ਤੇ ਹੈ ਇਕ ਠੀਕਰ ਭੱਜਾ ।
ਬਾਬੇ ਦੀ ਗੋਦੀ ਵਿਚ ਜਾਕੇ,
ਉਹ ਤੇ ਬੈਠਾ ਹੈ ਜੇ ਕੱਦ ਦਾ ।

ਜਦ ਤੀਕਣ ਗਿਰਝਾਂ ਆ ਆਕੇ,
ਮਾਸ ਏਸ ਦਾ ਖਾਣਗੀਆਂ ਨਾ ।
ਜੱਦ ਤੱਕ ਇਹਦੀ ਬੋਟੀ ਬੋਟੀ,
ਅੰਬਰ ਵਿਚ ਉਡਾਣਗੀਆਂ ਨਾ ।

ਓਦੋਂ ਤੀਕ ਸ਼ਹਾਦਤ ਦੀ ਇਸ,
ਕਦੀ ਨ ਪੂਰੀ ਪਦਵੀ ਪਾਉਣੀ ।
ਓਦੋਂ ਤੱਕ ਨ ਪਿਉ ਦੇ ਦਿਲ ਨੂੰ,
ਪੂਰੀ 'ਮਾਨ' ਤਸੱਲੀ ਆਉਣੀ।

ਸ਼ੁਕਰ ਕਰੋ ਦਿਤੀ ਗਈ ਮੈਥੋਂ,
ਓਹਦੀ ਅਜ ਅਮਾਨਤ ਸਿੰਘੋ ।
ਮਿਟੀ ਦੀ ਇੱਕ ਮੁੱਠ ਦੇ ਬਦਲੇ,
ਕਰੋ ਨ ਵਿਚ ਖ਼ਿਆਨਤ ਸਿੰਘੋ ।

ਇਹਦੀ ਇਕ ਇਕ ਬੋਟੀ ਤਾਈਂ,
ਵੀਰਾਂ ਦੇ ਸੰਗ ਰਹਿਣ ਦਿਓ ਹੁਣ ।
ਇਸ ਰੋੜਾਂ ਦੇ ਬਿਸਤਰ ਉਤੇ,
ਇਸਨੂੰ ਨੀਂਦਾਂ ਲੈਣ ਦਿਓ ਹੁਣ ।

ਸ਼ਹੀਦਾਂ ਦੇ ਖ਼ੂਨ ਦਾ ਕਤਰਾ

ਮਹਿੰਗਾ ਹੈ ਸ਼ਹੀਦਾਂ ਦੇ ਲਹੂ ਦਾ ਇੱਕ ਕਤਰਾ ਵੀ,
ਹਜ਼ਾਰਾਂ ਵੱਡਮੁਲੇ ਹੀਰਿਆਂ ਲਾਲਾਂ ਜਵਾਹਰਾਂ ਤੋਂ ।
ਸਿਦਕ ਦਾ ਫੁੱਲ ਮਿਟੀ ਤੇ, ਪਿਆ ਹੋਇਆ ਵੀ ਹਰ ਵੇਲੇ,
ਏਹ ਖ਼ੁਸ਼ਬੂ ਵੱਧ ਦੇਂਦਾ ਹੈ, ਕਈ ਖਿੜੀਆਂ ਬਹਾਰਾਂ ਤੋਂ।

ਪਿਆ ਘਨਸ਼ਾਮ ਦਾ ਫਿਰਦਾ ਜਿਵੇਂ ਚਕਰ ਸੁਦਰਸ਼ਨ ਇਹ,
ਹੈ ਤਿੱਖਾ ਜ਼ੁਲਮ ਦੀਆਂ, ਤੇਗ਼ ਦੀਆਂ ਤੇਜ਼ ਧਾਰਾਂ ਤੋਂ।
ਏਹ ਚੰਗਿਆੜਾ ਵਤਨ ਤੇ ਕੌਮ ਦੇ ਦਰਦਿ ਮੁਹਬਤ ਦਾ,
ਹੈ ਦੂਣਾ ਸਾੜਦਾ ਬੰਬਾਂ ਦੇ ਤੂਫ਼ਾਨੀ ਅੰਗਾਰਾਂ ਤੋਂ।

ਨਹੀਂ ਏਹ ਖੂਨ ਦਾ ਕਤਰਾ, ਵਲ੍ਹੇਟੀ ਆਰਜ਼ੂ ਕੋਈ,
ਜਦੋਂ ਏਹ ਹਿਲ ਪੈਂਦੀ ਏ, ਤਾਂ ਦੁਨੀਆਂ ਬਰਥਰਾਂਦੀ ਏ ।
ਵਤਨ ਦੀ ਅੱਖ ਬੇਸਬਰੀ, ਏਹ ਜਿਸਦਮ ਲਾਲ ਹੁੰਦੀ ਏ,
ਜ਼ੁਲਮ ਦੇ ਤਖ਼ਤ ਤਾਜ਼ਾਂ ਨੂੰ ਇਹ ਐਸੀ ਅੱਗ ਲਾਂਦੀ ਏ ।

ਜੇ ਪਾਣੀ ਏਸ ਤੇ ਪਾਈਏ, ਤਾਂ ਉਹ ਬਣ ਤੇਲ ਜਾਂਦਾ ਏ,
ਸਗੋਂ ਬੇਸਬਰ ਹੋ ਹੋ ਕੇ ਏਹ ਦੂਣੇ ਪੇਚ ਖਾਂਦੀ ਏ ।
ਬੁਝਾ ਸਕੇ ਨਾ ਲੰਬੂ ਏਸਦੇ, ਬੰਬਾਂ ਦੀ ਬਾਰਸ਼ ਵੀ ।
ਤੇ ਨਾ ਤੇਗ਼ਾਂ ਤੇ ਤੋਪਾਂ ਦੀ ਹੀ ਕੋਈ ਪੇਸ਼ ਜਾਂਦੀ ਏ ।

ਏਹ ਕਤਰਾ ਖ਼ੂਨ ਕੌਮਾਂ ਲਈ ਸਦਾ ਸਵਰਗੀ ਦਾ ਤਾਰਾ ਏ,
ਜੋ ਗ਼ਫ਼ਲਤ ਵਿਚ ਸੁਤੇ ਹੋਇ ਜਵਾਨਾਂ ਨੂੰ ਜਗਾਂਦਾ ਏ ।
ਕਿਸੇ ਦੇ ਖੌਫ਼ ਥੀਂ ਜੇਹੜੇ ਸਦਾ ਹੀ ਸਹਿਮੇ ਰਹਿੰਦੇ ਨੇ,
ਏਹ ਢੋਲੇ ਗੌਂਦਿਆਂ ਨੂੰ ਸੂਲੀਆਂ ਉਤੇ ਚੜਾਂਦਾ ਏ ।

ਬੇ ਅਣਖੀ ਕਾਇਰ ਤੇ ਬੁਜ਼ਦਿਲ, ਜਦੋਂ ਕੋਈ ਕੌਮ ਹੋ ਜਾਵੇ ।
ਉਹਦੇ ਹਰ ਗੱਭਰੂ ਦੇ ਹਥ ਵਿਚ ਤੇਗਾਂ ਫੜਾਂਦਾ ਏ ।
ਗੁਲਾਮੀ ਵਿਚ ਮਰ ਜਾਣਾ ਏਹੋ ਦਸਦਾ ਗੁਲਾਮਾਂ ਨੂੰ,
ਅਜ਼ਾਦੀ ਵਿਚ ਗ਼ੈਰਤ ਦਾ ਏਹੋ ਜੀਵਨ ਸਿਖਾਂਦਾ ਏ ।

ਏਹ ਕਤਰਾ-ਖੂਨ ਨਹੀਂ, ਹੈ ਮੱਟ ਇਕ ਕੌਮੀ ਲਲਾਰੀ ਦਾ,
ਅਣਖ ਵਿਚ ਰੰਗੇ ਜਾਂਦੇ ਨੇ, ਜਿਦ੍ਹੇ ਵਿਚ ਦਿਲ ਜਵਾਨਾਂ ਦੇ ।
ਜੋ ਹੁੱਸੇ ਡੌਲਿਆਂ ਅੰਦਰ ਲਿਆ ਤੂਫ਼ਾਨ ਦੇਂਦਾ ਏ,
ਗ਼ਜ਼ਬ ਦੇ ਜੋਸ਼ ਵਿਚ ਚੜ੍ਹਦੇ ਨੇ ਚਿੱਲੇ ਮੁੜ ਕਮਾਨਾਂ ਦੇ ।

ਜਿਥੇ ਵੀ ਚਾਨਣਾ ਪੈ ਜਾਏ ਨਿਕੇ ਜਹੇ ਸੂਹੇ ਸੂਰਜ ਦਾ,
ਚਮਕਦੇ ਭਾਗ ਨੇ ਮੁੜਕੇ, ਗ਼ੁਲਾਮਾਂ ਬੇ-ਜ਼ਬਾਨਾਂ ਦੇ ।
ਜੇ ਕਿਸਮਤ ਨਾਲ ਮਿਲ ਜਾਵੇ ਸ਼ਹੀਦਾਂ ਦੀ ਨਸ਼ਾਨੀ ਏਹ,
ਨਸ਼ਾਂ ਦੁਨੀਆਂ 'ਚ ਫਿਰ ਝੁਲਦੇ ਨੇ ਕੌਮਾਂ ਬੇ-ਨਸ਼ਾਨਾਂ ਦੇ ।

ਸੁੱਤੇ ਸ਼ੇਰ ਦੀ ਸ਼ਾਨ ਬਰਬਾਦ ਹੋ ਗਈ

ਕਲਗੀ ਵਾਲਿਆ ! ਪੀੜਾਂ ਕੀ ਪੁੱਛਦਾ ਏਂ,
ਦੌਲਤ ਸਦੀਆਂ ਦੀ ਸਾਡੀ ਬਰਬਾਦ ਹੋ ਗਈ।
ਉੱਚੀ ਧੌਣ ਅੱਜ ਅਗੇ ਨੂੰ ਝੁੱਕ ਗਈ ਏ,
ਰੱਤ ਅਣਖ ਦੀ ਫੋੜੇ ਦੀ ਰਾਦ੍ਹ ਹੋ ਗਈ ।
ਸਾਡੇ ਲਈ ਅਟਾਰੀ ਜੋ ਪਾਈ ਸੀ ਤੂੰ,
ਘੂਕ ਸੁਤਿਆਂ ਸਾਡੀ ਸਮਾਧ ਹੋ ਗਈ ।
ਜੀਹਦਾ ਕੰਮ ਹਕੂਮਤਾਂ ਕਰਨੀਆਂ ਸੀ,
ਉਹਦਾ ਕੰਮ ਅਜ ਨਿਰੀ ਫਰਿਆਦ ਹੋ ਗਈ ।

ਸੁੱਤਾ ਵੇਖ ਦੇ ਈ ਧਰਮੀ ਸ਼ਹਿਨਸ਼ਾਹ ਨੂੰ,
ਭੁਏ ਪਾਪ ਦੀ ਅਜ ਔਲਾਦ ਹੋ ਗਈ ।
ਚੰਨ ਤਾਰਿਆਂ ਸਾਰਿਆਂ ਰਲ ਕਿਹਾ,
ਸੁੱਤੇ ਸ਼ੇਰ ਦੀ ਸ਼ਾਨ ਬਰਬਾਦ ਹੋ ਗਈ ।

ਭੁੱਬ ਜਿਸਦੀ ਪਰਬਤੀਂ ਗੂੰਜਦੀ ਸੀ,
ਜੀਹਦੀ ਧਾਕ ਸੀ ਕਦੇ ਅਸਮਾਨ ਅੰਦਰ ।
ਪੱਤੇ ਜਿਹਦੀਆਂ ਪੌਂਦੇ ਕਹਾਣੀਆਂ ਸੀ,
ਹਰ ਇਕ ਬਾਗ਼ ਅੰਦਰ ਗੁਲਸਤਾਨ ਅੰਦਰ ।
ਖੈਬਰ ਵੇਖ ਕੇ ਜਿਹਨੂੰ ਸੀ ਕੰਬ ਉਠਦਾ,
ਸਹਿਮ ਜਾਂਦੀ ਸੀ ਗਿੱਠ ਜ਼ਬਾਨ ਅੰਦਰ ।
ਖਬਰੇ ਆਪਣੇ ਆਪ ਤੇ ਮਾਣ ਕਰਕੇ,
ਘੂਕ ਸੌਂ ਗਿਆ ਉਹ ਬੀਆਬਾਨ ਅੰਦਰ ।

ਨਿਕਲ ਖਡਾਂ ਚੋਂ ਹਿਕ ਤੇ ਚੜ੍ਹੇ ਚੂਹੇ,
ਮਹਿਫਲ ਨਾਚ ਦੀ ਉਤੇ ਆਬਾਦ ਹੋ ਗਈ ।
ਚੂਹਿਆਂ ਫੇਰੀਆਂ ਪੂਛਲਾਂ ਮੂੰਹ ਉਤੇ,
ਕਿਉਂਕਿ ਸ਼ੇਰ ਦੀ ਸ਼ਾਨ ਬਰਬਾਦ ਹੋ ਗਈ ।

ਲਾਇਆ ਤਾਜ ਦੇ ਵਿਚ ਕੋਹਨੂਰ ਏਹਨੇ,
ਏਹਦੀ ਤਾਬ ਨ ਸ਼ਹਿਨਸ਼ਾਹ ਝੱਲਦੇ ਸੀ ।
ਗਲਾਂ ਕਰਨ ਜੇ ਕਈਂ ਕਰਨੈਲ ਏਦ੍ਹੇ,
ਸਾਹਵਂੇ ਕਿਸੇ ਦੇ ਬੁੱਲ੍ਹ ਨ ਹੱਲਦੇ ਸੀ।
ਅਟਕ ਜਹੇ ਅਟਕਾਊ ਦਰਿਆ ਵੱਡੇ,
ਕਦੀ ਏਦ੍ਹੇ ਇਸ਼ਾਰੇ ਤੇ ਚੱਲਦੇ ਸੀ ।
ਏਦੀ ਆਗਿਆ ਬਿਨਾ ਧਨਾਢ ਭਾਰੇ,
ਫੌਜਾਂ ਸਤਲੁਜੋਂ ਪਾਰ ਹੀ ਠੱਲਦੇ ਸੀ ।

ਪਤਾ ਨਹੀਂ ਪਰ ਭਾਣਾ ਕੀ ਵਰਤਿਆ ਏ,
ਕਿਸਮਤ ਆਪਣੀ ਇਹਦੀ ਜੱਲਾਦ ਹੋ ਗਈ ।
ਹੁੰਦਾ ਜਾਗਦਾ ਤੇ ਕੌਣ ਜੰਮਿਆ ਸੀ,
ਇਹਦੀ ਸੁੱਤਿਆਂ ਸ਼ਾਨ ਬਰਬਾਦ ਹੋ ਗਈ !

ਏਹਦੀ ਮੁਛ ਦੇ ਕਾਲਿਆਂ ਕੁੰਡਲਾਂ ਵਿਚ,
ਇਹਦੇ ਵੈਰੀਆਂ ਲਈ ਬੈਠੇ ਨਾਗ ਹੈਸਨ।
ਫਤਹਿ ਇਹਦੇ ਮਿਆਨ ਵਿਚ ਵੱਸਦੀ ਸੀ,
ਰੁਲਦੇ ਇਹਦਿਆਂ ਪੈਰਾਂ ਚਿ ਭਾਗ ਹੈਸਨ।
ਏਹਦੇ ਹੱਡਾਂ ਵਿਚ ਰਚੀ ਸੀ ਹੁਕਮਰਾਨੀ,
ਗੱਲਾਂ ਇਹਦੀਆਂ ਅਣਖ ਦੇ ਰਾਗ ਹੈਸਨ ।
ਸਹਿਣੀ ਕਿਸੇ ਦੀ ਭੋਰਾ ਵੀ ਗਲ ਕੋਈ,
ਏਹਦੇ ਵਾਸਤੇ ਅੰਮ੍ਰਤ ਨੂੰ ਦਾਗ਼ ਹੈਸਨ ।

ਕਿਸੇ ਨੱਕ ਦੇ ਵਿਚ ਨਕੇਲ ਪਾ ਲਈ,
ਅੱਜ 'ਡੁਗਡੁਗੀ ਏਹਦੇ ਲਈ ਨਾਦ ਹੋ ਗਈ ।
ਫਿਰੇ ਚੱਟਦਾ ਪੈਰ ਮਦਾਰੀਆਂ ਦੇ,
ਵੇਖੋ ਸ਼ੇਰ ਦੀ ਸ਼ਾਨ ਬਰਬਾਦ ਹੋ ਗਈ ।

ਲਾ ਲਾ ਹੱਡੀਆਂ ਇਟਾਂ ਦੇ ਥਾਂ ਕਈਆਂ,
ਮਹਿਲ ਏਸਦੇ ਲਈ ਬਣਾਏ ਹੈਸਨ ।
ਖੋਪਰ ਕਈਆਂ ਨੇ ਸੁਚੇ ਬਲੋਰ ਵਾਂਗੂ,
ਤੋੜ ਤੋੜ ਬਨੇਰੇ ਤੇ ਲਾਏ ਹੈਸਨ ।
ਏਹਦੇ ਸੀਸ ਤੇ ਛਤਰ ਝੁਲਾਣ ਬਦਲੇ,
ਲਾਲ ਨੇਜ਼ਿਆਂ ਉਤੇ ਟੰਗਾਏ ਹੈਸਨ ।
ਏਹਦੇ ਕਿਲ੍ਹੇ ਨੂੰ ਪਕਿਆਂ ਕਰਨ ਖਾਤਰ,
ਹੀਰੇ ਨੀਹਾਂ ਦੇ ਵਿਚ ਚਿਣਾਏ ਹੈਸਨ ।

ਸੁੱਤਾ ਮਿਰਜ਼ੇ ਦੇ ਵਾਂਗਰਾਂ ਤੀਰ ਧਰਕੇ,
ਨੀਂਦਰ ਸਾਹਿਬਾਂ ਏਹਦੀ ਜਲਾਦ ਹੋ ਗਈ ।
ਹਥਲ ਜੱਟ ਨੂੰ ਚੰਧੜਾਂ ਚਿੱਥ ਦਿਤਾ,
ਸੁੱਤੇ ਸ਼ੇਰ ਦੀ ਸ਼ਾਨ ਬਰਬਾਦ ਹੋ ਗਈ ।

ਕਿੰਨਾਂ ਓਪਰਾ ਓਹ ਜਾਪਦਾ ਏ,
ਇਹਦੇ ਵਲ ਇਕ ਝਾਤ ਤੇ ਮਾਰ ਦਾਤਾ।
ਅੱਖਾਂ ਸ਼ਰਮ ਦਾ ਬੋਝ ਨਾ ਝਲ ਸੱਕਣ,
ਹੋਇਆ ਸ਼ਾਹ ਅੱਜ ਗੋਡਿਆਂ ਭਾਰ ਦਾਤਾ ।
ਹਾਏ ਥਾਂ ਅੱਜ ਸੋਨੇ ਦੇ ਕੰਗਣਾਂ ਦੇ,
ਸੁਣੇ ਸੰਗਲਾਂ ਦੀ ਛਣਕਾਰ ਦਾਤਾ ।
ਓਸ ਗਲੇ ਵਿਚ ਤੌਕ ਗੁਲਾਮੀਆਂ ਦਾ,
ਜੀਹਦੇ ਵਿਚ ਨੌਲੱਖੇ ਸੀ ਹਾਰ ਦਾਤਾ ।

ਔਣਾ ਅਜੇ ਨਹੀਂ ਪੰਥ ਦੇ ਵਾਲੀਆ ਕੀ,
ਲੋਕੀ ਕਹਿਣ ਸਹਿਤੀ ਨਾ ਮੁਰਾਦ ਹੋ ਗਈ,
ਸਾਨੂੰ ਕਹਿਣਾ ਨਹੀਂ ਕਹਿਣਗੇ ਲੋਕ ਤੈਨੂੰ,
ਤੇਰੇ ਸ਼ੇਰ ਦੀ ਸ਼ਾਨ ਬਰਬਾਦ ਹੋ ਗਈ ।

ਸਿਖ ਤੇ ਪੰਜਾਬ

ਨਕਸ਼ਾ ਦੁਨੀਆ ਦਾ ਰੱਬ ਬਣਾ ਲਿਆ ਜਾਂ,
ਸੱਦ ਕੇ ਨਾਨਕ ਨੂੰ ਕੋਲ ਬਹਾਲਿਓ ਸੂ ।
ਕਿਥੇ ਧਰਮ-ਪਨੀਰੀ ਤੂੰ ਲਾਵਣੀ ਏਂ,
ਖ਼ਾਕਾ ਜਗ ਦਾ ਖੋਲ੍ਹ ਦਿਖਾਲਿਓ ਸੂ ।

ਸਚ ਸੁਚੇ ਕੁਰਬਾਨੀ ਦੇ ਬੂਟਿਆਂ ਲਈ,
ਚੁਣ ਲੈ ਥਾਂ ਹੋਕੇ ਦਿਲੋਂ ਸ਼ਾਦ ਨਾਨਕ ।
ਪਹਿਲੋਂ ਤੈਨੂੰ ਮੈਂ ਰੱਜਕੇ ਖੁਸ਼ੀ ਕਰਸਾਂ,
ਪਿਛੋਂ ਕਰਾਂਗਾ ਜੱਗ ਆਬਾਦ ਨਾਨਕ ।

ਜਿਦ੍ਹੀ ਥਾਪਣਾ ਲੈਣ ਲਈ ਜੱਗ ਤਰਸੇ,
ਪੰਜਾ ਨਾਨਕ ਨੇ ਇਕ ਥਾਂ ਲਾ ਦਿੱਤਾ ।
ਨਾਮ ਰੱਖ ਕੇ ਉਹਦਾ ਪੰਜਾਬ ਰੱਬ ਨੇ,
ਮਥੇ ਹਿੰਦ ਦੇ ਉਤੇ ਸਜਾ ਦਿੱਤਾ।

ਪੰਜੇ ਉਂਗਲਾਂ ਪੰਜ ਦਰਿਆ ਬਣ ਗਏ,
ਵਿਚ ਅੰਮ੍ਰਤ ਬੈਕੁੰਠ ਦਾ ਵੈਣ੍ਹ ਲੱਗਾ ।
ਸਿਖੀ-ਫੁੱਲ ਕੁਰਬਾਨੀ ਦੀ ਪੀਂਘ ਪਾ ਕੇ,
ਝੂਟੇ ਸੋਹਣੇ ਪੰਜਾਬ ਵਿਚ ਲੈਣ ਲੱਗਾ ।

ਓਸੇ ਪੰਜੇ ਦੇ ਪੂਰੇ ਸਬੂਤ ਬਦਲੇ,
ਪਰਦਾ ਜੱਗ ਦੇ ਨੈਣਾਂ ਤੋਂ ਲਾਹ ਦਿੱਤਾ ।
ਸੁੱਕੇ ਹਸਨ ਅਬਦਾਲ ਦੇ ਪੱਥਰਾਂ ਤੇ,
ਪੰਜਾ ਨਾਨਕ ਨੇ ਫੇਰ ਲਗਾ ਦਿੱਤਾ ।

ਗਹੁ ਨਾਲ ਵੇਖੇ ਉਹਨੂੰ ਕੋਈ ਜੇਕਰ,
ਮੈਲ ਦੁਈ ਦੀ ਅਕਲ ਤੋਂ ਲੱਥਦੀ ਏ ।
ਓਥੇ ਕਟੜਾਂ ਤੋਂ ਕੱਟੜ ਮਨ ਜਾਂਦੇ,
ਮੋਹਰ ਲਗੀ ਇਹ ਨਾਨਕੀ ਹੱਥ ਦੀ ਏ ।

ਜੇਕਰ ਅਜੇ ਨ ਆਏ ਯਕੀਨ ਤੈਨੂੰ,
ਲੈ ਆ ਤੇਜ਼ ਕਿਧਰੋਂ ਖ਼ੁਰਦਬੀਨ ਕੋਈ ।
ਜਿਨੂੰ ਵੇਖ ਤੂੰ ਆਪੇ ਹੀ ਮੰਨ ਜਾਵੇਂ,
ਤੈਨੂੰ ਜਿਹਾ ਵਿਖਾਵਾਂਗਾ ਸੀਨ ਕੋਈ ।

ਜਿਹੜਾ ਜ਼ੱਰਾ ਵੀ ਵੇਖੇਂ ਪੰਜਾਬ ਦਾ ਤੂੰ,
ਵਿਚ ਕਰਬਲਾ ਏਹੋ ਜਹੀ ਬਣੀ ਹੋਈ ਏ ।
ਪੁਤਰ ਪਾਣੀ ਜੇ ਮੰਗਿਆ ਪਿਤਾ ਕੋਲੋਂ,
ਅਬਰੂ ਰੋਹ ਅੰਦਰ ਦੂਹਰੀ ਤਣੀ ਹੋਈ ਏ ।

ਕਿਧਰੇ ਦੋਹਾਂ ਜਹਾਨਾਂ ਦੇ ਚੰਦ ਸਾਡੇ,
ਨੀਂਹਾਂ ਇਹਦੀਆਂ ਵਿਚ ਚਿਣਾਏ ਹੋਏ ਨੇ ।
ਲੇਖ ਇਹਦੇ ਮਜ਼ਲੂਮਾਂ ਦੇ ਲਿਖਣੇ ਲਈ,
ਸੀਸ ਦਿਲੀ ਵਿਚ ਕਲਮ ਕਰਾਏ ਹੋਏ ਨੇ

ਏਥੇ ਸਿਦਕ ਦੇ ਬੂਟੇ ਉਗਾਣ ਬਦਲੇ,
ਖ਼ੂਨ ਡੋਲਣਾ ਪਿਆ ਏ ਮਾਲੀਆਂ ਨੂੰ ।
ਟੋਟੇ ਅਪਣੇ ਜਿਗਰ ਦੇ ਵਢ ਵਢ ਕੇ,
ਪੱਤਰ ਲਾਵਣੇ ਪਏ ਨੇ ਡਾਲੀਆਂ ਨੂੰ ।

ਇਹਦੇ ਇਕ ਇਕ ਪੱਤੇ ਦੇ ਦਾਗ਼ ਬਦਲੇ,
ਭੋਰਾਂ ਭੱਠੀਆਂ ਵਿਚ ਆਸਣ ਲਾ ਦਿਤੇ ।
ਏਹਦੀ ਲਮਕਦੀ ਜਾਨ ਬਚਾਣ ਬਦਲੇ,
ਜੰਡਾਂ ਨਾਲ ਨੇ ਵੀਰ ਲਮਕਾ ਦਿਤੇ।

ਕਿਧਰੇ ਜੇਲਾਂ 'ਚ ਏਸ ਦੇ ਦਰਦ ਬਦਲੇ,
ਸੋਹਲ ਦੇਵੀਆਂ ਚੱਕੀਆਂ ਝੋਈਆਂ ਨੇ।
ਇਹਦੇ ਪੈਰੀਂ ਪਾਂਜ਼ੇਬ ਸਜਾਣ ਬਦਲੇ,
ਮਾਸ ਹੱਡੀਆਂ ਕਈਆਂ ਪਰੋਈਆਂ ਨੇ।

ਜੋ ਜੋ ਸਿਦਕ ਦੀ ਤਾਰ ਤੇ ਡੋਲੀਆਂ ਨਾ,
ਰੱਤ ਡੁੱਲ੍ਹਦੀ ਵੇਖ ਨਿਮਾਣੀਆਂ ਦੀ ।
ਜ਼ੱਰੇ ਜ਼ੱਰੇ ਵਿਚ ਨਵੀਂ ਤੋਂ ਨਵੀਂ ਬੀਬਾ,
ਪਈ ਫ਼ਿਲਮ ਹੈ ਬੰਦ ਕੁਰਬਾਨੀਆਂ ਦੀ ।

ਕਲ੍ਹ ਸੋਹਣਿਆ ਏਸ ਪੰਜਾਬ ਅੰਦਰ,
ਲੈ ਲੈ ਖ਼ੂਨ ਸਾਡਾ ਨਦੀਆਂ ਵੱਗਦੀਆਂ ਸੀ ।
ਢਾਲ ਢਾਲ ਕੇ ਸਾਡੀਆਂ ਚਰਬੀਆਂ ਨੂੰ,
ਘਰੀਂ ਕਿਸੇ ਦੇ ਬੱਤੀਆਂ ਜਗਦੀਆਂ ਸੀ ।

ਅਸਾਂ ਮੁਸ਼ਕਲਾਂ ਨਾਲ ਉਸਾਰਿਆ ਏ,
ਲੋਕੀਂ ਰੱਖਦੇ ਨੇ ਕਿਵੇਂ ਦੰਦ ਉੱਤੇ ।
ਉਹ ਨਹੀਂ ਜਾਣਦੇ ਸਾਡੀਆਂ ਹੱਡੀਆਂ ਦਾ,
ਚੂੰਨਾ ਲੱਗਿਆ ਏ ਕੰਧ ਕੰਧ ਉੱਤੇ ।

ਬਾਰਾਂ ਵਰ੍ਹੇ ਜਿੰਨੇ ਮੱਝੀਂ ਚਾਰੀਆਂ ਨੇ,
ਕੱਟੀ ਕੈਦ ਜਿਸ ਨੇ ਖੁਲ੍ਹੇ ਬੇਲੜੇ ਦੀ ।
ਗਾਨੇ ਸ਼ਗਨਾਂ ਦੇ ਸੈਦੇ ਜਹੇ ਲਖ ਬੰਨ੍ਹਣ,
ਆਖਰ ਹੀਰ ਹੈ ਨਾਥ ਦੇ ਚੇਲੜੇ ਦੀ ।

ਕੀ ਕਿਸੇ ਦੀ ਸੋਹਣਿਆ ਧੌਂਸ ਸੁਣਕੇ,
ਧੌਣ ਯਾਰ ਦੀ ਬੁਕਲ ਚੋਂ ਕੱਢ ਦਈਏ ?
ਅਰਸ਼ੀ ਮਹਿਲ ਹਰਮੰਦਰ ਜਿਹੇ ਸੋਹਣਿਆਂ ਕੀ,
ਅਸੀਂ ਕਿਸੇ ਦੇ ਰਹਿਮ ਤੇ ਛਡ ਦਈਏ ।

ਕਿਥੋਂ ਲੱਭਾਂਗੇ ਦਮਦਮੇ ਸਾਹਿਬ ਦੱਸੀਂ,
ਮੁਕਤੀ ਕੇਹੜਿਆਂ ਸਰਾਂ ਤੋਂ ਮਿਲੇਗੀ ਫਿਰ ।
ਸੌਦੇ ਸੱਚ ਦੇ ਸਿਖਾਂਗੇ ਦੱਸ ਕਿੱਥੋਂ,
ਕਲੀ ਕਿਥੇ ਆਨੰਦ ਦੀ ਖਿਲੇਗੀ ਫਿਰ ।

ਸੁੱਤੇ ਹੋਏ ਸ਼ਹੀਦਾਂ ਦੇ ਦਸ ਨਗ਼ਮੇ,
ਸਾਨੂੰ ਝੁਣ ਕੇ ਕਿਥੇ ਜਗੌਣਗੇ ਫਿਰ ।
ਲਗ ਗਏ ਜੇ ਦਾਗ਼ ਬੇ-ਗ਼ੈਰਤੀ ਦੇ,
ਭਠੀ ਅਣਖ ਦੀ ਕਿਥੇ ਚੜ੍ਹਾਣਗੇ ਫਿਰ ।

ਜੀਕੂੰ ਬਲਬੁਲਾਂ ਬਾਗ਼ ਨਾ ਛੱਡ ਸਕਣ,
ਰਿਸ਼ਮਾਂ ਛਡ ਨ ਸਕਣ ਮਹਿਤਾਬ ਤਾਈਂ ।
ਜਿਵੇਂ ਸੱਪ ਨਹੀਂ ਮਣੀ ਨੂੰ ਛੱਡ ਸਕਦੇ,
ਸਿੱਖ ਛੱਡ ਨਾ ਸਕਣ ਪੰਜਾਬ ਤਾਈਂ ।

ਭਾਵੇਂ ਤਖ਼ਤ ਜ਼ਮੀਨ ਦਾ ਉਲਟ ਜਾਵੇ,
ਮਾਰ ਕੋਈ ਅਸਮਾਨ ਦੀ ਵੱਗ ਜਾਵੇ ।
ਏਹਨੂੰ ਵੱਸ ਨਹੀਂ ਕਿਸੇ ਦੇ ਪੈਣ ਦੇਣਾ,
'ਸੱਤਰ ਲੱਖ' ਭਾਵੇਂ ਸਾਡਾ ਲੱਗ ਜਾਵੇ ।

ਮੁੜਕੇ ਮੰਗੇਂ ਪੰਜਾਬ ਜੇ 'ਮਾਨ' ਕੋਲੋਂ,
ਕਿਤੇ ਤੈਨੂੰ ਪਛਤਾਣਾ ਨਾ ਪੈ ਜਾਵੇ ।
ਤੈਨੂੰ ਆਪਣੇ ਰਹਿਣ ਲਈ ਅਰਬ ਅੰਦਰ,
ਪਾਕਿਸਤਾਨ ਬਣਾਣਾ ਨ ਪੈ ਜਾਵੇ ।

ਗੁਰੂ ਅਮਰਦਾਸ

ਸੂਰਜ ਚੜ੍ਹਾ ਕੇ ਨੂਰ ਦਾ, ਧੁੰਦਾਂ ਮਿਟਾਵਣ ਵਾਲਿਆ !
ਮੁਖੜੇ ਤੋਂ ਪਰਦਾ ਚੁੱਕ ਕੇ, ਤਾਰੇ ਛੁਪਾਵਣ ਵਾਲਿਆ !
ਓ ! ਘੁੱਪ ਤੇ ਨ੍ਹੇਰੇ ਦਿਲੀਂ, ਜੋਤਾਂ ਜਗਾਵਣ ਵਾਲਿਆ !
ਓ ਖੱਡੀਆਂ ਵਿਚ ਡਿੱਗ ਕੇ, ਦੁਨੀਆ ਉਠਾਵਣ ਵਾਲਿਆ !

ਫੜਕੇ ਗ਼ਰੀਬੀ ਦੀ ਗਦਾ, ਸ਼ਾਹੀਆਂ ਝੁਕਾਵਣ ਵਾਲਿਆ !
ਓ ! ਮਸਤ ਨੈਣਾਂ ਦੇ ਵਿਚੋਂ, ਦਾਤਾਂ ਲੁਟਾਵਣ ਵਾਲਿਆ !

ਸੇਵਾ ਚਿ ਹੋਵਣ ਗੁੱਝੀਆਂ, ਕੰਨੀਂ ਉਹ ਫੂਕਾਂ ਮਾਰਦੇ ।
ਮਾਨ ਮੱਤੀਆਂ ਹੈਂਕੜਾਂ, ਕਰਕੇ ਇਸ਼ਾਰਾ ਸਾੜ ਦੇ ।
ਹਾਂ ! ਸਾੜਦੇ ਇਉਂ ਸਾੜ ਕੇ, ਤਪਦੇ ਜਿਗਰ ਨੂੰ ਠਾਰ ਦੇ ।
ਸੇਵਾ ਦੇ ਸ਼ਹੁ ਵਿਚ ਡੋਬਕੇ, ਸਾਂਈਆਂ ! ਤੂੰ ਮੈਨੂੰ ਤਾਰ ਦੇ ।

ਅਮਰੂ ਨਿਥਾਵਾਂ ਤੂੰ ਨਹੀਂ, ਸਾਰੇ ਜਗਤ ਦੀ ਥਾਂ ਹੈਂ ।
ਤੂੰ ਓਟ ਹੈਂ ਬੇਓਟ ਦੀ, ਦੁਖੀਆਂ ਦੀ ਠੰਢੀ ਛਾਂ ਹੈਂ ।

ਸੇਵਾ ਦੇ ਭੰਡਾਰੇ ਤੇਰੀ, ਗਾਗਰ 'ਚ ਪਾਏ ਹੋਏ ਨੇ ।
ਆਸਾਂ ਚੋਂ ਤੂੰ ਬੇਆਸ ਜਿਹੇ, ਦਰਿਆ ਵਗਾਏ ਹੋਏ ਨੇ।
ਮਸਤੀ ਭਰੇ ਲੀਰਾਂ 'ਚ, ਪੈਮਾਨੇ ਲਕਾਏ ਹੋਏ ਨੇ।
ਨੈਣਾਂ 'ਚ ਹੰਝੂ ਡਲ੍ਹਕਦੇ, ਮੋਤੀ ਛੁਪਾਏ ਹੋਏ ਨੇ।

ਜੇ ਤਿਲਕ ਕੇ ਤੂੰ ਢਹਿ ਪਿਓਂ, ਅੰਗਦ ਦਾ ਸੀਨਾ ਬਹਿ ਗਿਆ।
ਉਹ ਦੂਰ ਹੀ ਬੈਠਾ ਦਿਲੋਂ, ਹੰਝੂ ਵਗਾਂਦਾ ਰਹਿ ਗਿਆ।

ਤੂੰ ਅਮਰ ਹੈਂ ਹੁਣ ਮੇਹਰ ਕਰ, ਦਿਲ ਦਾਨ ਕਰਦੇ 'ਮਾਨ ਨੂੰ ।
ਸੇਵਾ ਦੀ ਝੋਲੀ ਖ਼ੈਰ ਪਾ, ਨਿਰਮਾਨ ਕਰਦੇ 'ਮਾਨ' ਨੂੰ ।

ਜਹਾਂਗੀਰ ਨੂੰ

(ਗੁਰੂ ਅਰਜਨ ਸਾਹਿਬ ਦੀ ਸ਼ਹੀਦੀ)

ਓਇ ! ਜਹਾਂਗੀਰਾ ਤੂੰ ਜਹਾਂਗੀਰ ਹੀ ਸਹੀ,
ਜਗੋਂ ਵੱਖਰੀ ਸਹੀ ਨੁਹਾਰ ਤੇਰੀ ।
ਸ਼ਹਿਨਸ਼ਾਹਾਂ ਦਾ ਵੀ ਸ਼ਹਿਨਸ਼ਾਹ ਹੀ ਤੂੰ,
ਮੰਨੀ ਜੱਗ ਨੇ ਤੇਗ਼ ਦੀ ਧਾਰ ਤੇਰੀ ।
ਭਾਵੇਂ ਭਾਜੜਾਂ ਪਈਆਂ ਫ਼ਰੰਗੀਆਂ ਨੂੰ,
ਲਿਸ਼ਕੀ ਨੈਣਾਂ ਦੀ ਜਦੋਂ ਕਟਾਰ ਤੇਰੀ ।
ਕਾਂਬਾ ਸਾਰੇ ਹੀ ਯੋਰਪ ਨੂੰ ਛਿੜ ਗਿਆ ਸੀ,
ਸਹਿ ਨਾ ਸਕਿਆ ਘੂਰੀ ਦੀ ਮਾਰ ਤੇਰੀ ।

ਫ਼ੱਕਰ ਨਾਲ ਪਰ ਸੋਚ ਕੇ ਲਈਂ ਟੱਕਰ,
ਫੌਜਾਂ ਹੁੰਦਿਆਂ ਹੋਵੇਗੀ ਹਾਰ ਤੇਰੀ ।
ਇਹਦੇ ਸਬਰ ਦੀ ਅੱਗ ਜਾਂ ਭੜਕ ਉਠੀ,
ਪੰਘਰ ਜਾਏਗੀ ਖ਼ੂਨੀ ਤਲਵਾਰ ਤੇਰੀ ।

ਇਹ ਨਿਹੱਥਾ ਨਹੀਂ ਏਸ ਦੇ ਹੱਥ ਅੰਦਰ,
ਹੱਥ ਸੋਹਣਿਆ ਕਈ ਹਜ਼ਾਰ ਨੇ ਉਹ ।
ਜੇਕਰ ਚਾਹੁਣ ਤੇ ਪਕੜ ਕੇ ਜੁੰਡਿਆਂ ਤੋਂ,
ਦੇਂਦੇ ਸ਼ਾਹੀਆਂ ਦੇ ਨਸ਼ੇ ਉਤਾਰ ਨੇ ਉਹ ।
ਇਹਦੇ ਮਸਤ ਨੈਣੀ ਜਿਹੀਆਂ ਹੈਣ ਚਿਣਗਾਂ,
ਵੇਖਣ ਵਿਚ ਤਾਂ ਠੰਢੀਆਂ ਠਾਰ ਨੇ ਉਹ ।
ਐਪਰ ਗੁੱਝੀਆਂ ਬੁੱਝੀਆਂ ਪੈਣ ਜਿਥੇ,
ਕਰ ਦੇਦੀਆਂ ਤਖਤ ਨੂੰ ਛਾਰ ਨੇ ਉਹ ।

ਤੇਰੇ ਤੋਪਖਾਨੇ ਹਾਰ ਹੰਭ ਜਾਸਨ,
ਫੌਜ ਹੁੱਸਣੀ ਘੋੜ-ਅਸਵਾਰ ਤੇਰੀ ।
ਇਹਦੇ ਸਬਰ ਦੀ ਅੱਗ ਜਾਂ ਭੜਕ ਉਠੀ,
ਪੰਘਰ ਜਾਏਗੀ ਖ਼ੂਨੀ ਤਲਵਾਰ ਤੇਰੀ ।

ਨਿਰੇ ਪੁਰੇ ਡਰਾਵੇ ਇਹ ਨਹੀਂ ਸ਼ਾਹਾ,
ਇਹਨੂੰ ਸੂਲੀ ਤੇ ਚਾੜ੍ਹ ਕੇ ਦੇਖ ਲੈ ਤੂੰ ।
ਤੇਸੇ ਜ਼ੁਲਮ ਦੇ ਰਾਜ ਦੇ ਮਾਰ ਤਿਖੇ,
ਖੋਪਰ ਏਸਦਾ ਪਾੜ ਕੇ ਦੇਖ ਲੈ ਤੂੰ ।
ਜਿਨ੍ਹਾਂ ਅੱਖੀਆਂ ਵਿੱਚ ਹੈ ਮੁਗਲ-ਘੂਰੀ,
ਉਹਨਾਂ ਨਾਲ ਵੀ ਤਾੜ ਕੇ ਦੇਖ ਲੈ ਤੂੰ ।
ਆਲੂ ਵਾਂਗਰਾ ਭੁੰਨ ਦੇ ਬਦਨ ਇਹਦਾ,
ਤੱਤੀ ਰੇਤ ਵਿਚ ਰਾੜ ਕੇ ਦੇਖ ਲੈ ਤੂੰ ।

ਕਰ ਲੈ ਤਵੀ ਨੂੰ ਲਾਲ ਤੂੰ ਲਖ ਵਾਰੀ,
ਜ਼ੋਰ ਲਾ ਲਵੇ ਦੋਜ਼ਖ਼ੀ ਨਾਰ ਤੇਰੀ ।
ਏਹਦੇ ਸਬਰ ਦੀ ਅੱਗ ਜਦ ਭੜਕ ਉਠੀ,
ਪੰਘਰ ਜਾਏਗੀ ਖ਼ੂਨੀ ਤਲਵਾਰ ਤੇਰੀ ।

ਕੂੜੇ ਰਾਜ ਦੇ ਸ਼ਾਨ ਗੁਮਾਨ ਅੰਦਰ,
ਕਿਤੇ ਹੋਸ਼ ਤੂੰ ਸਾਰਾ ਗਵਾ ਨ ਬਹੀਂ ।
ਏਸ ਆਪਣੀ ਤੇਗ਼ ਦੀ ਧਾਰ ਅੰਦਰ,
ਕਿਤੇ ਆਪਣਾ ਆਪ ਰੁੜ੍ਹਾ ਨ ਬਹੀਂ ।
ਏਸ ਫੁੱਲ ਨੂੰ ਤੋੜਦਾ ਤੋੜਦਾ ਤੂੰ,
ਹਥ ਕੰਡਿਆਂ ਨਾਲ ਪੜਵਾ ਨਾ ਬਹੀਂ ।
ਏਹਨੂੰ ਤਵੀ ਤੇ ਚਾੜ੍ਹਦਾ ਚਾੜ੍ਹਦਾ ਤੂੰ,
ਪੁੱਤ ਪੋਤਰੇ ਸੂਲੀ ਚੜ੍ਹਾ ਨਾ ਬਹੀਂ ।

ਤੌਰ ਭੌਰ ਹੋ ਜਾਣਗੇ ਹੋਸ਼ ਤੇਰੇ,
ਛਿਥੀ ਪਵੇਗੀ ਜਬਰ ਦੀ ਮਾਰ ਤੇਰੀ ।
ਇਹਦੇ ਸਬਰ ਦੀ ਅੱਗ ਜਾਂ ਭੜਕ ਉਠੀ,
ਪੰਘਰ ਜਾਏਗੀ ਖ਼ੂਨੀ ਤਲਵਾਰ ਤੇਰੀ ।

ਕੋਈ ਜਿਸਮ ਨਹੀਂ ਏਹ ਕੋਈ ਦੇਹ ਨਹੀਂਓ,
ਤੇਰੇ ਕਹਿਰ ਤੋਂ ਏਸਦਾ ਮਰੇਗਾ ਕੀ ?
ਏਹ ਤੇ ਜੱਗਦੀ ਜੋਤ ਇਕ ਆਤਮਾ ਏਂ,
ਤੇਰੀ ਅੱਗ ਵਿਚ ਏਸਦਾ ਸੜੇਗਾ ਕੀ ?
ਏਹ ਤੇ ਵੱਸਦੈ ਅੰਬਰੋਂ ਕਿਤੇ ਉੱਚਾ,
ਤੇਰਾ ਤੋਪਖ਼ਾਨਾ ਇਸ ਤੇ ਵਰ੍ਹੇਗਾ ਕੀ ?
ਸਿੱਖ ਸਿੱਖ ਵਿਚ ਵਸ਼ੀ ਜਾਂ ਜੋਤ ਇਹਦੀ,
ਜ਼ਾਲਮ ! ਤੇਰਾ ਜਲਾਦ ਦਸ ਕਰੇਗਾ ਕੀ ?

ਗੁਰੂ ਸਿੱਖ ਤੇ ਸਿੱਖ ਜਾਂ ਗੁਰੂ ਬਣਿਆ,
ਕੰਬ ਉਠੇਗੀ ਕੁਲ ਸਰਕਾਰ ਤੇਰੀ ।
ਇਹਦੇ ਸਬਰ ਦੀ ਅੱਗ ਜਾਂ ਭੜਕ ਉਠੀ,
ਪੰਘਰ ਜਾਏਗੀ ਖ਼ੂਨੀ ਤਲਵਾਰ ਤੇਰੀ ।

ਹਰ ਸਿੱਖ ਵਿਚ ਜਾਗਿਆ ਜਦੋਂ ਅਰਜਨ,
ਤੈਨੂੰ ਸਦਾ ਦੀ ਨੀਂਦ ਸੁਵਾਵਣਾ ਏਂ ।
ਤੇਰੇ ਏਸ ਮਗ਼ਰੂਰ ਜਿਹੇ ਤਾਜ ਤਾਈਂ,
ਇਨ੍ਹੇ ਪੈਰਾਂ ਦੇ ਨਾਲ ਠੁਕਰਾਵਣਾ ਏਂ ।
ਰਾਜ ਕਰਨਗੇ ਭੂਰਿਆਂ ਵਾਲੜੇ ਈ,
ਲੇਖਾ ਏਸ ਨੇ ਇੰਜ ਨਿਪਟਾਵਣਾ ਏਂ ।
ਦਰ ਦਰ ਮੰਗਦੀ ਫਿਰੂ ਉਲਾਦ ਤੇਰੀ,
ਕਿਸੇ ਮੰਗਿਆ ਖੈਰ ਨਾ ਪਾਵਣਾ ਏਂ ।

ਏਹਦੀ ਚੁੱਪ ਚੋਂ ਗੱਜਗਾ ਸ਼ੇਰ ਬੱਬਰ,
ਕੰਬੂ ਕਬਰ ਵਿਚ ਜਾਨ ਮੂੰਹ ਮਾਰ ਤੇਰੀ ।
ਟੰਗੀ ਹੋਈ ਲਾਹੌਰ ਦੇ ਕਿਲ੍ਹੇ ਅੰਦਰ,
ਤੇਰੇ ਲੇਖਾਂ ਨੂੰ ਰੋਊ ਤਲਵਾਰ ਤੇਰੀ ।

ਪੋਹ ਸੁਦੀ ਸਤਮੀਂ

ਸੁਦੀ ਸੱਤਮੀਂ ਪੋਹ ਦੀ ਕਿਸੇ ਵੇਲੇ,
ਦੁਖੀ ਹਿੰਦ ਦੇ ਦੁਖਾਂ ਨੂੰ ਕੱਟਿਆ ਸੀ ।
ਅਤੇ ਲੱਖਾਂ ਹਜ਼ਾਰਾਂ ਹੀ ਰਾਖ਼ਸ਼ਾਂ ਨੂੰ,
ਪਟਕ ਪਟਕ ਜ਼ਮੀਨ ਤੇ ਸੱਟਿਆ ਸੀ ।
ਦਰਦ-ਭਰੀ ਇਸ ਦੇਸ ਦੀ ਕੂਕ ਸੁਣਕੇ,
ਜਦੋਂ ਜਿਗਰ ਹਿਮਾਲਾ ਦਾ ਫੱਟਿਆ ਸੀ ।
ਤਦੋਂ ਰੱਬ ਨੇ ਖੰਡਾ ਦੋਧਾਰ ਵਾਲਾ,
ਫੁੱਲਾਂ ਵਿਚ ਵਲ੍ਹੇਟ ਕੇ ਸੱਟਿਆ ਸੀ ।

ਚੜ੍ਹਿਆ ਪਟਨਿਓਂ ਚੰਦ ਕੁਰਬਾਨੀਆਂ ਦਾ,
ਏਹਦੇ ਮਥੇ ਤੇ ਚਮਕਿਆ ਦਰਦ ਬਣ ਕੇ ।
ਪਈ ਰਿਸ਼ਮ ਅਨ੍ਹੇਰੇ ਦੇ ਖ਼ੂਨੀਆਂ ਤੇ,
ਨੋਕਦਾਰ ਕਟਾਰ ਤੇ ਕਰਦ ਬਣ ਕੇ ।

ਚੁੱਕ ਚੁੱਕ ਉਹ ਹੰਝੂ ਬੇ-ਦੋਸ਼ਿਆਂ ਦੇ,
ਹੀਰੇ ਜਾਣ ਕਲਗ਼ੀ ਉੱਤੇ ਲਾਂਵਦਾ ਸੀ ।
ਰੋ ਰੋ ਕੇ ਸੱਤੇ ਬੇ-ਦੋਸ਼ਿਆਂ ਨੂੰ,
ਚੁੰਮ ਪੁੱਤਰਾਂ ਵਾਂਗ ਜਗਾਂਵਦਾ ਸੀ ।
ਵੇਖ ਵੇਖ ਕੇ ਲੋਕਾਂ ਦੇ ਕੰਡਿਆਂ ਨੂੰ,
ਨੈਣਾਂ ਵਿਚੋਂ ਉਹ ਹੰਝੂ ਵਗਾਂਵਦਾ ਸੀ ।
ਐਪਰ ਵਾਰ ਕੇ ਆਪਣੇ ਬੱਚਿਆਂ ਨੂੰ,
ਓਹੋ ਬੁੱਲ੍ਹੀਆਂ ਵਿੱਚ ਮੁਸਕਾਂਵਦਾ ਸੀ ।

ਚਪੇ ਚਪੇ ਤੇ ਤੇਹ ਮਜ਼ਲੂਮ ਦੀ ਨੂੰ,
ਹੰਝੂ ਉਹਦੇ ਬੁਝਾ ਨਾ ਮੁੱਕਦੇ ਸੀ।
ਐਪਰ ਆਪਣੇ ਬਾਲ ਜੁਝਾਰ ਖ਼ਾਤਰ,
ਪਾਣੀ ਚੜ੍ਹੇ ਤਲਾਵਾਂ ਦੇ ਸੁੱਕਦੇ ਸੀ ।

ਖੜਕ ਖੜਕ ਕੇ ਉਦ੍ਹੇ ਨਗਾਰਿਆਂ ਨੇ,
ਮਿਠੀ ਨੀਂਦਰੇ ਜ਼ੁਲਮ ਸੁਵਾ ਦਿੱਤਾ।
ਫੇਰ ਉਹਦੇ ਪਿਆਰ ਹਲੂਣਿਆਂ ਨੇ,
ਦਇਆ ਧਰਮ ਨੂੰ ਨੀਂਦ ਜਗਾ ਦਿਤਾ।
ਉਦ੍ਹੀ ਅਣਖ ਤੇ ਦਯਾ ਦੇ ਹੰਝੂਆਂ ਨੇ,
ਲਖਾਂ ਮੋਇਆਂ ਨੂੰ ਜੀਣ ਸਿਖਾ ਦਿਤਾ।
ਉਦ੍ਹੇ ਨੂਰ ਦੀ ਇਕੋ ਇਕ ਰਿਸ਼ਮ ਨੇ ਹੀ,
ਸੁੱਕੇ ਫੁੱਲਾਂ ਨੂੰ ਫੇਰ ਖਿੜਾ ਦਿੱਤਾ।

ਜਿਹੜੀ ਜੰਗ ਦੇ ਵਿਚ ਵੀ ਮੁੱਕਦੀ ਨਾ,
ਉਹਦੀ ਦਯਾ ਅਨੋਖੜੇ ਮੁੱਲ ਦੀ ਸੀ ।
ਉਹਦੇ ਸਿਖਾਂ ਦੀ ਜੰਗ ਮੈਦਾਨ ਅੰਦਰ,
ਮਸ਼ਕ ਵੈਰੀ ਦੇ ਮੂੰਹਾਂ ਤੇ ਡੁੱਲ੍ਹ ਦੀ ਸੀ।

ਸਾਨੂੰ ਕੀ (ਪਰ) ਜੇ ਤੂੰ ਸੱਤਵੀਂ ਹੈਂ,
ਸਾਡੇ ਲਈ ਬਸ ਯਾਦ ਬਹਾਰ ਦੀ ਏਂ ।
ਅਸੀਂ ਸਮਝਦੇ ਹਾਂ ਤੈਨੂੰ ਇੱਕ ਮੂਰਤ,
ਉਹ ਵੀ ਉਜੜੇ ਹੋਏ ਗੁਲਜ਼ਾਰ ਦੀ ਏਂ ।
ਬਣੀ ਰਾਣੀਏਂ ਸਾਡੇ ਲਈ ਭੰਡ ਹੈਂ ਤੂੰ,
ਕਥਾ ਗਾਂਵਦੀ ਕਿਸੇ ਉਪਕਾਰ ਦੀ ਏਂ ।
ਜੇਹੜੀ ਉਖੜੀ ਹੋਈ ਏ ਤਾਲ ਉੱਤੋਂ,
ਬਸ ਰਾਗਣੀ ਓਹੋ ਮਲ੍ਹਾਰ ਦੀ ਏਂ।

ਦੀਵੇ ਜਗਣ ਅਜ ਇਕ ਰਵਾਜ ਵਾਂਗੂੰ,
ਸੁਟ ਸੁਟ ਅਥਰੂ ਦੀਵੇ ਬੁਝਾ ਦੇ ਖਾਂ ।
ਜਾਂ ਏਹ ਝੰਡੀਆਂ ਦੇ ਸਿਹਰੇ ਪਾੜ ਦੇ ਖਾਂ,
ਜਾਂ ਫਿਰ ਪਟਣੇ ਵਾਲਾ ਮੰਗਾ ਦੇ ਖਾਂ ।

ਸਿਖੀ

ਬਾਰ ਬਾਰ ਵੇਖੀਏ ਤੇ ਫਿੱਕੀ ਫਿੱਕੀ ਜਾਪਦੀ ਏ,
ਚੱਟਣੀ ਅਲੂਣੀ ਸਿਲਾ ਨਾਨਕ ਨੇ ਲਿੱਖੀ ਏ ।
ਗੁੱਛੀ ਹੈ ਖਜੂਰ ਦੀ ਖਜੂਰ ਦੀਆਂ ਟੀਸੀਆਂ ਤੇ,
ਜਾਨ ਹੀਲ ਤੋੜੇ, ਜਿੰਨ੍ਹੇ ਜਾਨ ਦੇਣੀ ਸਿਖੀ ਏ ।
ਸਿਰ ਧਰ ਤਲੀ ਜੇਹੜਾ ਗਲੀ ਗਲੀ ਢੂੰਡਦਾ ਏ,
ਸ਼ਮ੍ਹਾਂਂ ਦਿਲਦਾਰ ਵਾਲੀ ਉਹਨੂੰ ਮਸੇਂ ਦਿਖੀ ਏ ।
ਮ੍ਰਿਗ-ਸ਼ਾਲਾ ਛੱਡ ਜੋ ਸਮਾਧੀ ਲਾਵੇ ਤਵੀ ਉੱਤੇ,
ਇਹਦੇ ਦਰਬਾਰ ਵਿਚ ਓਹੋ ਸੱਚਾ ਰਿਖੀ ਏ ।

ਇਹਦੇ ਉਤੇ ਚਲੇ ਜੇਹੜਾ ਟੱਲੇ ਨਾ ਅਟੱਲ ਹੋਵੇ,
ਵਾਲਾਂ ਕੋਲੋਂ ਨਿੱਕੀ ਅਤੇ ਖੰਡਿਓਂ ਤ੍ਰਿੱਖੀ ਏ ।
ਆਪ ਜਿੱਥੋਂ ਸਿਖੀ ਨੇ ਹੈ ਜਾਚ ਸਿਖੀ ਜੀਵਣੇ ਦੀ,
ਬੇ-ਲਿਹਾਜ਼ ਉਹਨੂੰ ਵੀ ਚਪੇੜਾਂ ਲਾਉਣ ਸਿਖੀ ਏ ।

ਵੱਖਰੀ ਹੈ ਆਪ ਅਤੇ ਵੱਖਰੀ ਹੈ ਚਾਲ ਇਹਦੀ,
ਵੱਖਰੇ ਹੀ ਰੰਗ ਅਤੇ ਕੌਤਕ ਰਚਾਂਦੀ ਏ।
ਚੁਣ ਚੁਣ ਮੋਤੀਆਂ ਨੂੰ ਕੰਧਾਂ ਵਿਚ ਦੱਬਦੀ ਏ,
ਸੋਹਲ ਸੋਹਲ ਫੁੱਲਾਂ ਤਾਂਈਂ ਅੱਗ 'ਚ ਜਲਾਂਦੀ ਏ ।
ਹੱਥ ਜਿਹੜਾ ਪਾਵੇ ਉਹਨੂੰ ਹੱਥਾਂ ਉਤੇ ਚੁੱਕਦੀ ਏ,
ਹੱਥਾਂ ਉਤੇ ਚਾੜ੍ਹ ਕੇ ਤੇ ਹੱਥ ਜਿਹੇ ਵਿਖਾਂਦੀ ਏ ।
ਪੀਤੇ ਜਾਂਦੇ ਏਸਦੇ ਪਿਆਲਿਆਂ ਨੂੰ ਪੀਣ ਵਾਲੇ,
ਸੁੱਧ ਬੁੱਧ ਸਾਰੇ ਸੰਸਾਰ ਦੀ ਭੁਲਾਂਦੀ ਏ ।

ਨਸ਼ੇ ਇਹਦੇ ਨੱਸ ਨੱਸ ਵਿਚ ਜਦੋਂ ਨਸੇ ਜਾਂਦੇ,
ਸੂਲੀਆਂ ਤੇ ਜਾਂਦੀ ਇਹਦੀ ਮਸਤੀ ਪ੍ਰਿਖੀ ਏ ।
ਡੋਲ ਜਾਵੇ ਸੂਲੀ ਤੇ ਅਡੋਲ ਰਹੇ ਸੁਬੇਗ ਸਿੰਘ,
ਸੱਚ ਸੱਚ ਪੁਛੋ ਜੇ ਤੇ ਏਹੋ ਸਚੀ ਸਿਖੀ ਏ ।

ਹੋਵੇ ਜਿਹੜਾ ਇਹਦੇ ਜੋਗਾ, ਰਹੇ ਨਾ ਕਿਸੇ ਦੇ ਜੋਗਾ,
ਜੋਗੇ ਜਹੇ ਜੋਗੀਆਂ ਤੋਂ ਲਾਵਾਂ ਏਹ ਛੁੜਾ ਦਏ ।
ਸੇਹਰੇ ਸਿਰੀਂ ਲਾੜਿਆਂ ਦੇ ਬੰਨ੍ਹਦੀ ਤਤੀਰੀਆਂ ਦੇ,
ਆਰੇ ਹੇਠਾਂ ਬੈਠਿਆਂ ਨੂੰ ਖਾਰੇ ਤੇ ਚੜ੍ਹਾ ਦਏ ।
ਬੰਦ ਬੰਦ ਵਿਚ ਜਿਹੜਾ ਇਹਨੂੰ ਕਰ ਬੰਦ ਲਵੇ,
ਬਿੰਦ ਵਿਚ ਬੰਦ ਬੰਦ ਓਸਦੇ ਲੁਹਾ ਦਏ ।
ਕੱਚ ਦੇ ਪਿਆਲਿਆਂ 'ਚ ਪਾਵੇ ਨ ਪਿਆਲਕਾਂ ਨੂੰ,
ਖੱਪਰਾਂ ਦੇ ਛੰਨਿਆਂ 'ਚ ਰੱਜ ਕੇ ਪਿਆਲ ਦਏ ।

ਸਵੇਂ ਜੇ ਅੰਗਾਰਾਂ ਉਤੇ ਸਾੜ ਅੰਗਿਆਰ ਦਏ,
ਮੋੜ ਦਏ ਤੇਗ਼ਾਂ ਇਹ ਤੇਗ਼ਾਂ ਤੋਂ ਵੀ ਤਿੱਖੀ ਏ ।
ਇਕ ਵਾਰੀ ਕਟੀਏ ਤੇ ਦੂਣੀ ਚੌਣੀ ਫੁੱਟਦੀ ਏ,
ਐਸੀ ਏਨ੍ਹੇ ਜਾਚ ਕਿਤੋਂ ਜ਼ਿੰਦਗੀ ਦੀ ਸਿਖੀ ਏ ।

ਸਿਖੀ ਏਹ ਸਕੂਲਾਂ ਵਿਚੋਂ ਭੋਲਿਆ ਨਹੀਂ ਸਿਖੀ ਜਾਂਦੀ,
ਸਿਰ ਦੇ ਕੇ ਹੱਥ ਸਿਰਲੱਥਿਆਂ ਦੇ ਔਂਦੀ ਏ ।
ਲੋਕੀਂ ਕਹਿਣ ਮੌਤ ਏਹਦੀ ਮੌਤ ਮਾਰੂ ਜ਼ਿੰਦਗੀ ਨੂੰ,
ਜੀਂਦਿਆਂ ਨੂੰ ਮਾਰਦੀ ਤੇ ਮਾਰ ਕੇ ਜਿਵੌਂਦੀ ਏ ।
ਤੇਗ਼ਾਂ ਨਾਲ ਹੱਸਦੀ ਤੇ ਜਾਨ ਉਤੇ ਖੇਲਦੀ ਏ,
ਉਂਗਲਾਂ ਤੇ ਮੌਤ ਮਰ ਜਾਣੀ ਨੂੰ ਨਚੌਂਦੀ ਏ,
ਲੀਹਾਂ ਤੇ ਪਤੰਗਿਆਂ ਦੀ ਚਰਬੀ ਜਾਂ ਮਲ ਦੇਵੇ,
ਨੱਸੀ ਜਾਂਦੀ ਗੱਡੀ ਤਾਂਈਂ ਠਲ ਕੇ ਵਖੌਂਦੀ ਏ ।

ਤੱਤੇ ਤੱਤੇ ਸੂਏ ਜਦੋਂ ਅੱਖਾਂ ਵਿਚ ਫੇਰੇ ਜਾਂਦੇ,
ਆਖਦੇ ਦੀਵਾਨੇ ਤਦੋਂ ਹੁਣ ਸਾਨੂੰ ਦਿਖੀ ਏ ।
ਸੂਲੀਆਂ ਤੇ ਚੜ੍ਹੀ ਹੋਈ, ਤੀਰਾਂ ਨਾਲ ਵਿੰਨ੍ਹੀ ਹੋਈ,
ਅਜੇ ਵੀ ਜੋ ਹੱਸਦੀ ਏ 'ਮਾਨ' ਓਹੋ ਸਿਖੀ ਏ ।

ਮੈਦਾਨ ਦਾ ਮੋਹਰੀ

(ਸਿੰਘ ਦਾ ਸੁਭਾ)

ਰੋ ਰੋ ਜਗਤ ਇਤਹਾਸ ਇਹ ਦੱਸਦਾ ਏ,
ਹੁੰਦੇ ਰਹੇ ਨੇ ਜੰਗ ਜਹਾਨ ਅੰਦਰ ।
ਦੁਨੀਆਂ ਜਿਨ੍ਹਾਂ ਦੇ ਸਿੱਕੇ ਨੂੰ ਮੰਨਦੀ ਸੀ,
ਲੜੇ ਸੂੂਰਮੇ ਲੱਖਾਂ ਮੈਦਾਨ ਅੰਦਰ ।

ਜੰਗ ਕਈਆਂ ਨੇ ਕੀਤੀ ਹਕੂਮਤਾਂ ਲਈ,
ਲੁੱਟ ਧੰਨ ਦੀ ਕਈ ਮਚਾਉਂਦੇ ਰਹੇ ।
ਕਤਲ-ਆਮ ਕਰ ਕਈਆਂ ਡਰਾਏ ਲੋਕੀਂ,
ਕਈ ਮੰਦਰ ਮਸਕੀਨਾਂ ਦੇ ਢਾਹੁੰਦੇ ਰਹੇ ।

ਕਈਆਂ ਲਹੁ ਦੇ ਵਹਿਣ ਵਗਾ ਦਿੱਤੇ,
ਕੇਵਲ ਹਿਰਸ ਦੀ ਅੱਗ ਬੁਝਾਣ ਖ਼ਾਤਰ ।
ਲੜੇ ਕਈ ਸਿਕੰਦਰ ਨਪੋਲੀਅਨ ਕਈ,
ਸਾਰੇ ਜੱਗ ਤੇ ਝੰਡੇ ਝੁਲਾਣ ਖ਼ਾਤਰ ।

ਲੜੇ ਕਈ ਕਿ ਸੂਰਜ ਨਹੀਂ ਛਿਪਣ ਦੇਣਾ,
ਅਸੀਂ ਅਪਣੇ ਚੌੜੇ ਜਹੇ ਰਾਜ ਅੰਦਰ ।
ਲਖਾਂ ਨੈਣਾਂ ਦੇ ਨੂਰ ਮਲਾਏ ਮਿੱਟੀ,
ਲਾਣ ਲਈ ਕੁਹਨੂਰ ਨੂੰ ਤਾਜ ਅੰਦਰ ।

ਜੰਗ ਸਿੱਖ ਦਾ ਧਰਮ ਦਾ ਰਾਗ ਹੈ ਵੇ,
ਜਿਹੜਾ ਢਾਲ ਦੇ ਤਾਲ ਤੇ ਗਾਈਦਾ ਏ ।
ਭੜਥੂ ਪਾਵਣਾ ਤੇ ਇਹਦਾ ਭੰਗੜਾ ਏ,
ਜਿਹੜਾ ਇਸ਼ਕ ਦੀ ਮਸਤੀ ’ਚ ਪਾਈਦਾ ਏ ।

ਇੱਕ ਇੱਕ ਦੁਖੀ ਮਜ਼ਲੂਮ ਦੀ ਕੂਕ ਆ ਕੇ,
ਚੱਟ ਇਹਦੇ ਨਗਾਰੇ ਤੇ ਮਾਰਦੀ ਏ ।
ਕਿਸੇ ਅਬਲਾ ਵਿਚਾਰੀ ਦੀ ਚੀਕ ਸੁਣਕੇ,
ਏਸ ਜੋਗੀ ਨੂੰ ਘੋੜੀ ਤੇ ਚਾੜ੍ਹਦੀ ਏ ।

ਏਹਦਾ ਜੰਗ ਸੰਸਾਰ ਲਈ ਸਬਕ ਸਮਝੋ,
ਅੰਨ੍ਹੇ ਜ਼ਾਲਮਾਂ ਨੂੰ ਰਾਹ ਜੋ ਦੱਸਦਾ ਏ।
ਜਦੋਂ ਕਿਸੇ ਬਿਦੋਸ਼ੇ ਦੇ ਵੈਹਿਣ ਹੰਝੂ,
ਖੰਡਾ ਨਿਕਲ ਕੇ ਏਸਦਾ ਹੱਸਦਾ ਏ ।

ਜਦੋਂ ਜ਼ਾਲਮ ਤੂਫ਼ਾਨ ਬੇਖ਼ੌਫ ਹੋਕੇ,
ਥੱਪੜ ਧਰਮ ਦੀ ਬੇੜੀ ਨੂੰ ਮਾਰਦਾ ਏ ।
ਓਦੋਂ ਤੇਗ਼ ਦਾ ਚੱਪੂ ਬਣਾ ਕੇ ਤੇ,
ਏਹੋ ਡੁਬਦੀਆਂ ਬੇੜੀਆਂ ਤਾਰਦਾ ਏ ।

ਜੀਵਨ ਦੇਣ ਲਈ ਸੱਚਾ ਮਨੁੱਖਤਾ ਨੂੰ,
ਸੁਪਨਾ ਸਿਰਫ਼ ਲੈਂਦਾ ਉਦੋਂ ਜੰਗਦਾ ਏ ।
ਅਪਣੇ ਲਈ ਪਰ ਤੀਰਾਂ ਦੀ ਸਜੀ ਹੋਈ,
ਮੌਤ ਰਾਣੀ ਦੀ ਸੇਜ ਹੀ ਮੰਗਦਾ ਏ ।

ਏਸ ਫ਼ੱਕਰ ਦੀ ਉਠੇ ਕਮਾਨ ਜਿਸਦਮ,
ਉੱਡ ਜਾਂਵਦੀ ਹੋਸ਼ ਸੁਲਤਾਨ ਦੀ ਏ ।
ਇਹਦੇ ਸੀਸ ਦੀ ਬਣੇ ਜਾਂ ਕਲਮ ਬਾਂਕੀ,
ਜਾਂਦੀ ਲਿਖੀ ਤਕਦੀਰ ਜਹਾਨ ਦੀ ਏ।

ਏਸ ਵੀਰ ਘਨੱਈਏ ਦਾ ਕੰਮ ਹੈ ਏਹ,
ਹਰ ਕਿਸੇ ਨੂੰ ਪਾਣੀ ਪਲਾਈ ਜਾਣਾ।
ਹੱਸ ਹੱਸ ਜ਼ਾਲਮਾਂ ਤਾਂਈਂ ਗਿਰਾਈ ਜਾਣਾ,
ਮਲ੍ਹਮ ਲਾ ਲਾ ਦਰਦ ਵੰਡਾਈ ਜਾਣਾ ।

ਨਾਹੀ ਕੋਈ ਵੈਰੀ ਨਾਹੀ ਗੈਰ ਕੋਈ,
ਨਾਲ ਸਾਰਿਆਂ ਦੇ ਇਹਦੀ ਬਣੀ ਹੋਈ ਏ ।
ਸੇਵਕ ਕੁਲ ਸੰਸਾਰ ਦਾ ਸਿੰਘ ਸੂਰਾ,
ਏਦੀ ਨਾਲ ਅਪਰਾਧੀਆਂ ਠਣੀ ਹੋਈ ਏ ।

ਏਧਰ ਜਿਗਰ ਅੰਦਰ ਨਗ਼ਮੇ ਜਪੁਜੀ ਦੇ,
ਓਧਰ ਨੱਚਦਾ ਨਾਚ ਤਲਵਾਰ ਦਾ ਏ।
ਦੁਖੀ ਦਰਦ ਦੀ ਜਾਂ ਸੀਨੇ ਖਿੱਚ ਪੈਂਦੀ,
ਓਦੋਂ ਸ਼ਫ਼ਾਂ ਨੂੰ ਜਾਂਦਾ ਖਿਲਾਰ ਦਾ ਏ।

'ਮਾਨ' ਸੱਚ ਹੈ ਸੰਤ ਸਿਪਾਹੀ ਪੁਰਾ,
ਦਰਦ ਸਾਰੇ ਜਹਾਨ ਦੇ ਪੀਣ ਵਾਲਾ ।
ਮਾਲਾ ਗਲੇ ਤੇ ਹਥ ਤਲਵਾਰ ਲੈਕੇ,
ਇਹਹੈ ਮੌਤ ਦੀ ਆਸ ਤੇ ਜੀਣ ਵਾਲਾ ।

ਸਿੱਖ ਨੂੰ

ਦਸਮੇਸ਼ ਦੇ ਦੂਲਿਆ ਸੂਰਬੀਰਾ !
ਓ ਦੁਖੀਆਂ ਲਈ ਚੱਲਦੇ ਤੇਜ਼ ਤੀਰਾ !
ਪੁਜਾਰੀ ਭਗੌਤੀ ਦੇ ਸੱਚੇ ਫ਼ਕੀਰਾ !
ਓ ਸ਼ੇਰਾਂ ਦੇ ਸ਼ੇਰਾ ! ਓ ਅਣਖੀਲੇ ਬੀਰਾ !

ਤੂੰ ਕੋਹ-ਨੂਰ ਹੀਰੇ ਗਵਾਏ ਨੇ ਕਿਥੇ ?
ਕੜੇ, ਕੰਠੇ ਦਸ ਤੂੰ ਵੰਜਾਏ ਨੇ ਕਿੱਥੇ ?
ਤੂੰ ਲਾਲਾਂ ਦੇ ਸੇਹਰੇ ਲੁਟਾਏ ਨੇ ਕਿੱਥੇ ?
ਤੂੰ ਅਣਮੁੱਕ ਖ਼ਜ਼ਾਨੇ ਮੁਕਾਏ ਨੇ ਕਿੱਥੇ ?

ਮੈਂ ਜਾਣਾ ਤੂੰ ਕੀਕਣ ਮਿਟਾਇਆ ਗਿਆ ਏਂ ?
ਤੇ ਮਿਟੀ ’ਚ ਕੀਕਣ ਮਿਲਾਇਆ ਗਿਆ ਏਂ ?
ਤੂੰ ਇੱਕ ਫੁੱਟ ਹੱਥੋਂ ਰੁਲਾਇਆ ਗਿਆ ਏਂ ।
ਸ਼ਹਿਨਸ਼ਾਹ ਤੋਂ ਕੰਗਲਾ ਬਣਾਇਆ ਗਿਆ ਏਂ ।

ਝਨਾਵਾਂ ! ਤਾਂ ਰੁੱਕ ਰੁੱਕ ਵਗੇ ਤੇਰਾ ਪਾਣੀ ।
ਖ਼ਤਮ ਹੁੰਦੀ ਜਾਵੇ ਤਾਂ ਤੇਰੀ ਕਹਾਣੀ ।
ਨਹੀਂ ਪਾਂਦੀ ਸ਼ੂਕਾ ਇਹ ਤੇਰੀ ਰਵਾਨੀ ।
ਵੰਡੀ ਗਈ ਨੈਹਿਰਾਂ 'ਚ ਤੇਰੀ ਜਵਾਨੀ ।

ਕਿਸੇ ਦੀ ਰਜ਼ਾ ਵਿਚ ਵਗਾਇਆ ਜਾ ਸਕਨੈਂ ।
ਇਸ਼ਾਰੇ ਦੇ ਉਤੇ ਨਚਾਇਆ ਜਾ ਸਕਨੈਂ ।
ਜਿੱਥੇ ਦਿੱਲ ਚਾਹੇ ਲਜਾਇਆ ਜਾ ਸਕਨੈਂ,
ਜਿਵੇਂ ਜੀ ਕਰੇ ਤੂੰ ਰੁਲਾਇਆ ਜਾ ਸਕਨੈਂ ।

ਜਾਂ ਵੱਗਦਾ ਸੈਂ ਏਕੇ ਦੀ ਇੱਕ ਧਾਰ ਅੰਦਰ ।
ਤਾਂ ਬਿਜਲੀ ਦੀ ਤੇਜ਼ੀ ਸੀ ਰਫ਼ਤਾਰ ਅੰਦਰ ।
ਅਜਬ ਜੋਸ਼ ਸੀ ਤੇਰੀ ਸ਼ੂਕਾਰ ਅੰਦਰ ।
ਛਿੜੀ ਤੇਰੀ ਚਰਚਾ ਸੀ ਸੰਸਾਰ ਅੰਦਰ ।

ਵਹਿਣ ਆਪਣੇ ਮੁੜਕੇ ਤੂੰ ਕੱਠੇ ਵਗਾ ਲੈ ।
ਜਥੇ-ਬੰਦੀ ਦੇ ਫੇਰ ਜਜ਼ਬੇ ਜਗਾ ਲੈ ।
ਮਨਾ ਲੈ ਤੂੰ ਰੁੱਠੇ ਹੋਏ ਵੀ ਮਨਾ ਲੈ ।
ਤੇ ਵਿਗੜੀ ਹੋਈ ਫੇਰ ਅਪਣੀ ਬਣਾ ਲੈ।

ਗਈ ਪੋਚੀ ਫੱਟੀ ਤਿਰੇ ਲੇਖਦੀ ਏ।
ਓਹ ਤਕਦੀਰ ਤੇਰੀ ਕਲਮ ਦੇਖਦੀ ਏ ।
ਕਿਧਰ ਲੀਕ ਜਾਂਦੀ ਤੇਰੀ ਰੇਖਦੀ ਏ ?
ਹੋ ਬੇਚੈਨ ਦੁਨੀਆ ਬੜੀ ਦੇਖਦੀ ਏ ।

ਕਿ ਉਠੇਗਾ ਇਹ ਸ਼ੇਰ ਸ਼ੇਰਾਂ ਦੇ ਵਾਂਗੂੰ ।
ਤੇ ਮਾਵਾਂ ਦੇ ਪੁਤਾਂ ਦਲੇਰਾਂ ਦੇ ਵਾਂਗੂੰ ।
ਮਚਾਵੇਗਾ ਭੜਥੂ ਅਨ੍ਹੇਰਾਂ ਦੇ ਵਾਂਗੂੰ।
ਤੇ ਉੱਚਾ ਉਠੇਗਾ ਸੁਮੇਰਾਂ ਦੇ ਵਾਂਗੂੰ ।

ਕੀ ਹੋਇਆ ਜੇ ਤੂੰ ਪਹਿਨੀਆਂ ਨੇ ਜ਼ੰਜੀਰਾਂ ?
ਕੀ ਹੋਇਆ ਤੇਰੇ ਗਲ ’ਚ ਲਮਕਣ ਜੇ ਲੀਰਾਂ ?
ਕੀ ਹੋਇਆ ਜੇ ਰੁੱਲਿਆ ਏਂ ਵਾਂਗਰ ਫ਼ਕੀਰਾਂ ?
ਕੀ ਹੋਇਆ ਜੇ ਵਿੱਧਾ ਗ਼ੁਲਾਮੀ ਦੇ ਤੀਰਾਂ ?

ਭਬਕ ਸ਼ੇਰਾਂ ਵਾਂਗੂੰ ਤੇਰੀ ਧਾੜ ਸੱਕੇ ।
ਤੇ ਜ਼ਾਲਮ ਨੂੰ ਘੁਰਕੀ ਤੇਰੀ ਤਾੜ ਸੱਕੇ ।
ਪ੍ਰਣ-ਤੇਗ ਪੱਥਰ ਨੂੰ ਵੀ ਪਾੜ ਸੱਕੇ ।
ਨਜ਼ਰ ਤੇਰੀ ਜ਼ੰਜੀਰਾਂ ਨੂੰ ਸਾੜ ਸੱਕੇ ।

ਓ ! ਐਵੇਂ ਨਹੀਂ ਬੀਰ ਬਲਬੀਰ ਹੈਂ ਤੂੰ ।
ਜੇ ਚਲੇਂ ਤੇ ਬੰਦੇ ਦਾ ਇਕ ਤੀਰ ਹੈਂ ਤੂੰ ।
ਬਲੀ ਸ਼ਾਮ ਸਿੰਘ ਜੀ ਦੀ ਸ਼ਮਸ਼ੀਰ ਹੈਂ ਤੂੰ।
ਓ ! ਨਲੂਏ ਦੀ ਸਚਮੁਚ ਹੀ ਤਸਵੀਰ ਤੂੰ ।

ਕਿ ਬਾਵ੍ਹਾਂ ’ਚ ਤਾਕਤ ਹੈ ਬੇਜ਼ਾਰ ਤੇਰੀ,
ਮਿਆਨੇ ਪਈ ਤੜਫੇ ਤਲਵਾਰ ਤੇਰੀ ।
ਵਿਆਕੁਲ ਹੈ ਗੁੰਜਣ ਲਈ ਜੈਕਾਰ ਤੇਰੀ,
ਸਲਾਮੀ ਲਈ ਦੁਨੀਆ ਹੈ ਤਿੱਆਰ ਤੇਰੀ ।

ਸਿੰਘ ਦੀ ਅਰਦਾਸ

(ਨੋਟ-ਇਹ ਇਕ ਬੀਰ-ਰਸ ਦੀ ਵਾਰ ਹੈ, ਇਸ ਵਿਚ
ਇਕ ਘਟਨਾ ਬਿਆਨੀ ਗਈ ਏ, ਜੋ ਕਿ ਨੁਸ਼ਹਿਰੇ ਦੀ
ਲੜਾਈ ਸਮੇਂ ਅਕਾਲੀ ਫੂਲਾ ਸਿੰਘ ਜੀ ਦੇ ਪ੍ਰਣ ਪਾਲਣ
ਲਈ ਟੁਰਨ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ
ਰੋਕ ਪਾਣ ਤੇ ਪੈਦਾ ਹੋਈ । ਗੁਰੂ ਦਾ ਸਿੰਘ ਜਦੋਂ ਕਿਸੇ
ਕੰਮ ਲਈ ਅਰਦਾਸਾ ਸੋਧ ਲਵੇ ਫਿਰ ਉਸ ਨੂੰ ਕੋਈ
ਵੀ ਅਟਕਾ ਨਹੀਂ ਸਕਦਾ ।)

ਕਦੀ ਬੇਲਿਆਂ ਵਿਚ ਸ਼ੀਹ ਬੁੱਕਣੋਂ, ਨਹੀਂ ਰਹਿੰਦੇ ਹੋੜੇ ।
ਕਦੀ ਕੁੱਦਣੋਂ ਰੋਕ ਨ ਰੱਖ ਲਏ, ਅਸਵਾਰਾਂ ਘੋੜੇ ।
ਕਦੇ ਵਹਿਣ ਪਿਛ੍ਹਾਂ ਦਰਿਆ ਦੇ, ਨਹੀਂ ਜਾਂਦੇ ਮੋੜੇ ।
ਜੇ ਬੰਨ੍ਹ ਕਿਸੇ ਨੇ ਮਾਰ ਲਏ, ਉਨ੍ਹਾਂ ਬੰਨੇ ਤੋੜੇ ।
ਜਿਨ੍ਹਾਂ ਫੱਕੀ ਵਾ ਅਕਾਸ਼ ਦੀ, ਬਾਜ਼ਾਂ ਦੇ ਜੋੜੇ ।
ਉਹ ਪਾਏ ਕਿਸੇ ਦੇ ਪਿੰਜਰੇ, ਉਨ੍ਹਾਂ ਮਾਰੇ ਲੋੜ੍ਹੇ ।
ਜੇ ਸੀਖਾਂ ਟੁੱਟ ਨ ਸੱਕੀਆਂ, ਉਨਾਂ ਖੰਭ ਤਰੋੜੇ ।
ਹੋ ਜਾਣ ਗ਼ੁਲਾਮ ਜੇ ਸੂਰਮੇਂ, ਦਿਨ ਰਹਿੰਦੇ ਥੋੜੇ !
ਤਿਵੇਂ ਅੱਜ ਪਠਾਣੀ ਕੌਮ ਦੇ, ਗਏ ਸੀਨੇ ਪੋੜੇ ।
ਜਦੋਂ ਸਿੰਘਾਂ ਕਾਬੂ ਕਰ ਲਏ, ਕਾਬਲ ਦੇ ਘੋੜੇ ।
ਜਿਨ੍ਹਾਂ ਖਾਧਾ ਤੇਗੀਂ ਲੁੱਟ ਕੇ, ਫੜ ਮੁਲਕ ਝੰਜੋੜੇ ।
ਕਿਵੇਂ ਬਹਿ ਬਹਿ ਖਾਣ ਉਹ ਲੰਗਰੀਂ, ਬਣ ਬਣ ਕੇ ਕੋਹੜੇ ।
ਬਹਿ ‘ਦੋਸਤ ਮੁਹੰਮਦ’ ਝੂਰਦਾ, ਫੜ ਹੱਥ ਮਰੋੜੇ ।
ਉਨੂੰ ਗ਼ੈਰਤ ਪਾ ਪਾ ਲਾਨਤਾ, ਨਿੜ ਦੇਂਦੀ ਤੋੜੇ ।
ਹੁਣ ਕਿਲ੍ਹੇ ਸਿੰਘਾਂ ਦੇ ਜਾਪਦੇ, ਉਨੂੰ ਹਿੱਕ ਦੇ ਫੋੜੇ ।
ਉਹ ਗ਼ਲਬਾ ਸਿੰਘਾਂ ਸੂਰਿਆਂ ਦਾ ਲਾਹੁਣਾ ਲੋੜੇ ।

ਇਕ ਦਿਨ ਕੁਝ ਖ਼ਾਨ ਬੁਲਾ ਕੇ, ਉਸ ਜਾਚੇ ਤੱਕੇ ।
ਉਸ ਜੋਹ ਜੋਹ ਕੇ ਅੱਡ ਕਰ ਲਏ, ਜੋ ਜਾਪੇ ਪੱਕੇ।
ਉਸ ਦਿਲ ਦੀਆਂ ਖੁਲ੍ਹ ਕੇ ਆਖੀਆਂ, ਕੁਲ ਪਰਦੇ ਚੱਕੇ ।
ਅਸੀਂ ਉਮਤ ਇਕੇ ਨਬੀ ਦੀ, ਤੇ ਭਾਈ ਸੱਕੇ ।
ਪਰ ਕਲ੍ਹ ਜਿਹੜੀ ਪੰਜਾਬ ਨੂੰ, ਅਸੀਂ ਲੁੱਟ ਨ ਥੱਕੇ ।
ਜਿਦ੍ਹੇ ਵੀਹ ਵੀਹ ਮੰਦਰ ਢਹ ਗਏ, ਵਿਚ ਅੱਖ ਝਮੱਕੇ ।
(ਓਥੋਂ) ਆਕੇ ਢਾਈ ਟੋਟਰੂ, ਸਾਨੂੰ ਮਾਰਨ ਧੱਕੇ ।
ਅੱਜ ਤੀਕ ਹਕੁਮਤ ਕਿਸੇ ਦੀ, ਅਸੀਂ ਸਹਿ ਨ ਸੱਕੇ ।
(ਪਰ) ਇਨ੍ਹਾਂ ਨੇਜ਼ੀਂ ਵਿੰਨ੍ਹ ਵਿੰਨ੍ਹ ਪਾ ਲਈਆਂ, ਨੱਥਾਂ ਵਿਚ ਨੱਕੇ ।
ਅੱਗ ਵਾਂਗੂੰ ਖ਼ਬਰਾਂ ਖਿਲਰੀਆਂ, ਜਾ ਪਹੁੰਚੀਆ ਮੱਕੇ ।
ਸਾਨੂੰ ਮਿਹਣੇ ਦੇਣ ਤੀ੍ਮਤਾਂ, ਅਸੀਂ ਸੁਣ ਸੁਣ ਅੱਕੇ ।
ਕੋਈ ਛੇਤੀ ਕਰ ਲਓ ਫੈਸਲਾ, ਪਾ ਛੱਡੋ ਡੱਕੇ ।
ਨਹੀਂ ਵੇਲਾ ਵਕਤ ਗਵੌਣ ਦਾ, ਵਿਚ ਜੱਕੋ ਤੱਕੇ ।
ਤੁਸੀਂ ਫੜ ਕੇ ਝੰਡਾ ਹੈਦਰੀ, ਲਓ ਢੋਲ ਢਮੱਕੇ ।
ਤੁਸੀਂ ਪਿੰਡੋ ਪਿੰਡ ਫਿਰ ਨਿਕਲੋ, ਬਣ ਮੋਮਨ ਪੱਕੇ ।
ਤੁਸੀਂ ਜਾਬਰ ਪੁਤ ਪਠਾਣ ਦੇ, ਨਹੀਂ ਚੋਰ ਉਚੱਕੇ ।
ਪਰ ਅੱਜ ਪੰਜਾਬੀ ਲੈਣ ਜੋ, ਪਏ ਇੱਟ ਖੜੱਕੇ ।
ਰਲ ਆਏ ਜੁਲਾਹੇ ਤਖਾਣ ਨੇ, ਕੁਝ ਨਾਈ ਸੱਕੇ ।
ਸਾਨੂੰ ਵੇਖਦਿਆਂ ਹੋ ਜਾਣਗੇ, ਏਹ ਹੱਕੇ ਬੱਕੇ ।
ਅਸੀਂ ਤਲੀਏ ਰੱਖ ਰੱਖ ਮਾਰਨੇ, ਸਿੰਘਾਂ ਦੇ ਫੱਕੇ ।

ਇਓਂ ਬਹਿ ਕੇ ਖਾਨਾਂ ਯੋਧਿਆਂ, ਕੁਲ ਬਣਤ ਬਣਾਈ ।
ਉਨਾਂ ਸਾਰੀ ਖਿੱਲਰੀ ਖੱਪਰੀ, ਝਟ ਫੌਜ ਬੁਲਾਈ ।
ਜੋ ਖੱਲੀਂ ਖੂੰਜੀਂ ਪਈ ਸੀ, ਬੰਦੂਕ ਮੰਗਾਈ ।
ਗਜ਼ ਫਿਰੇ ਜੰਗਾਲੀਏਂ ਨਾਲੀਏਂ, ਹੋ ਗਈ ਸਫ਼ਾਈ ।
ਫਿਰ ਪਾਈ ਦੀਨ ਦੇ ਨਾਂ ਤੇ, ਹਰ ਪਿੰਡ ਦੁਹਾਈ:-
"ਓਏ ਗ਼ਾਜੀਓ ! ਅੱਜ ਇਸਲਾਮ ਤੇ, ਕੋਈ ਆਫ਼ਤ ਆਈ ।"
"ਤੁਸੀਂ ਤਾਲਬ ਹਜ਼ਰਤ ਅਲੀ ਦੇ, ਨਹੀਂ ਸ਼ੋਹਦੇ ਕਾਈ ॥"
"ਪਰ ਅੱਜ ਸ਼ਹਾਦਤ ਜਿਨ੍ਹੇ ਵੀ, ਮੈਦਾਨੇ ਪਾਈ ।"
"ਉਹਨੂੰ ਕੁਰਬ-ਹਜ਼ੂਰੀ ਮਿਲੇਗਾ, ਜੱਨਤਿ ਵਡਿਆਈ ।"
"ਮਿਲੂ ਹਰ ਸ਼ੈ ਮਾਲ-ਗ਼ਮੀਨਤੋਂ, ਜੋ ਹਿਸੇ ਆਈ।"
ਉਥੇ ਉੱਲਰੀ ਮਜ੍ਹਬੀ ਜੋਸ਼ ਦੀ, ਦਏ ਕਾਂਗ ਵਿਖਾਈ।
ਰਣ ਆ ਮੁਲਖੱਈਆ ਨਿਤਰਿਆ, ਉਸ ਧੁਮ ਮਚਾਈ ।
ਓਥੇ ਕੱਠੇ ਹੋਏ 'ਕਲਾਤੀਏ' ਆ ਗਏ 'ਗ਼ਿਲਜ਼ਾਈ' ।
ਕੁਝ 'ਯੂਸਫ਼ ਜਈਏ', 'ਜ਼ਕਰੀਏ', ਪਹੁੰਚੇ 'ਖ਼ਿਸ਼ਗਾਈ' ।
ਕੁਝ 'ਯਾਕੀ' ਅਤੇ 'ਵਜ਼ੀਰੀਏ', ਕੁਝ ‘ਬਾਰਕਜਾਈ' ।
ਦਏ ਕਲਮਾ ਪਾਕ ਮੁਹੰਮਦੀ, ਥਾਂ ਥਾਂ ਸੁਣਾਈ ।
ਓਥੇ ਇਕ ਇਕ ਪੱਗ-ਬੰਨ੍ਹ ਆਗਿਆ, ਘਰ ਰਿਹਾ ਨ ਕਾਈ ।
ਉਨ੍ਹਾਂ ਚੁਕੇ ਛੁਰੇ ਫ਼ੌਲਾਦ ਦੇ, ਖੰਜਰ ਲਮਕਾਈ ।
ਉਨ੍ਹਾਂ ਨੇਜ਼ੇ ਪਕੜ ਉਠਾ ਲਏ, ਗਜ਼ ਢਾਈ ਢਾਈ ।
ਉਹ ਅੰਦਰੋਂ ਲੈ ਕੇ ਨਿਕਲੇ, ਹੱਥ ਜੋ ਸ਼ੈ ਆਈ ।
ਉਨ੍ਹਾਂ ਚੁਲਿਓਂ ਤਵੇ ਉਤਾਰ ਕੇ, ਝਟ ਢਾਲ ਬਣਾਈ ।
(ਪਰ) ਨ ਕੀਤੇ ਗਿਲੇ ਪਠਾਣੀਆਂ, ਨ ਗੁਲੀ ਲ੍ਹਾਈ ।
ਜਾਂ ਘੋੜੇ ਰਹੇ ਨ ਚੜ੍ਹਨ ਨੂੰ, ਏਹ ਝੂਠ ਨ ਕਾਈ ।
ਉਹਨਾਂ ਲੰਙੀਂ ਲੁੰਞੀਂ ਟੈਰ ਤੇ, ਚੁੱਕ ਜੁੱਲੀ ਪਾਈ ।
ਮੁੜ ਜਾਂ ਲੁੰਡੇ ਦਰਿਆ ਨੂੰ, ਉਨ੍ਹਾਂ ਕੂਚ ਬੁਲਾਈ ।
ਰਲੇ ਕਾਮੇ ਫੜ ਫੜ ਬੇਲਚੇ, ਵਿਚ ਧਸੋ ਧਸਾਈ ।
ਕਈ ਗੰਢਾਂ ਸੁੱਟ ਕੇ ਰਲ ਗਏ, ਰਾਹ ਜਾਂਦੇ ਰਾਹੀ ।
ਛੱਡ ਭੇਡਾਂ ਰਲ ਗਏ ਆਜੜੀ, 'ਛੜ' ਮੋਢੇ ਚਾਈ ।
ਉਨ੍ਹਾਂ ਮਾਰੇ ਨਾਅਰੇ ਅਲੀ ਦੇ, ਕੁਲ੍ਹ ਹਵਾ ਕੰਬਾਈ ।
ਜਿਹੜੀ ਰਹਿਣੀ ਯਾਦ ਜਹਾਨ ਨੂੰ, ਅੱਜ ਛਿੜੂ ਲੜਾਈ ।
ਹਨ ਸਿੰਘ ਵੀ ਦਾਣੇ ਲੋਹੇ ਦੇ, ਕੋਈ ਨਹੀਂ ਮਠਿਆਈ ।

ਇਹ ਸਭ ਕੁਝ ਸੂਹੀਏ ਵੇਖਿਆ, ਛਹਿ ਧੀਰੇ ਧੀਰੇ ।
ਉਸ ਆਖਿਆ ਫੂਲਾ ਸਿੰਘ ਨੂੰ, ਸੁਣ ਗੁਣ ਗਹੀਰੇ ।
ਆ ਗਏ ਪਠਾਣ ਨੇ ਕਾਬਲੋਂ, ਕਰ ਪੰਧ ਲਮੀਰੇ ।
ਉਨ੍ਹਾਂ ਝਾਗੀਆਂ ਰਾਤਾਂ ਕਾਲੀਆਂ, ਆਇ ਲੰਘ ਜ਼ਖ਼ੀਰੇ ।
ਉਨ੍ਹਾਂ ਹੇਠਾਂ ਘੋੜੇ ਕਾਬਲੀ, ਜਿਨ੍ਹਾਂ ਪਰਬਤ ਚੀਰੇ ।
ਉਨ੍ਹਾਂ ਸਾਫ਼ ਕਨੌਤੀਆਂ ਪੈਰ ਚੁਸ਼ਤ, ਨਾ ਮੂਲ ਮਠੀਰੇ।
ਲਏ ਇਕੇ ਸਾਹ ਪੜਾ ਕੱਢ, ਉਨ੍ਹਾਂ ਤ੍ਹੀਰੇ ਤ੍ਹੀਰੇ।
ਉਨ੍ਹਾਂ ਨ੍ਹਾਤਿਆਂ ਸਦੀਆਂ ਲੰਘੀਆਂ, ਗਏ ਦੰਦ ਕਰੀੜੇ ।
ਉਨ੍ਹਾਂ ਦੁੰਬੇ ਭੁੰਨੇ ਭਾਂਬੜੀਂ, ਕੁਝ ਕੱਚ ਕਚੀੜੇ ।
ਉਨ੍ਹਾਂ ਮਾਸ ਗੁਲੱਚੀਂ ਖਾ ਲਿਏ, ਨਹੀਂ ਛੁਰੀਏ ਚੀਰੇ ।
ਉਨ੍ਹਾਂ ਛੇ ਛੇ ਖਾ ਢਿੱਡ ਭਰ ਲਏ, ਵਾਂਗਰ ਢਮਕੀਰੇ ।
ਉਨ੍ਹਾਂ ਲੱਤਾਂ ਲੱਠ ਜਿਉਂ ਕੋਹਲੂਆਂ, ਤੇ ਪੈਰ ਪਥੀੜੇ ।
ਉਨ੍ਹਾਂ ਰਾਹਦੇ ਪੱਥਰ ਤਿਲਾਂ ਵਾਂਗ,ਬਿਨ ਘਾਣੀਓਂ ਪੀੜੇ ।
ਹਨ ਸਤ ਸਤ ਫੁਟ ਦੇ ਉਹ ਵੀ, ਜੋ ਨੇ ਮਧਰ੍ਹੀੜੇ ।
ਉਨ੍ਹਾਂ ਜਮਦੂਤਾਂ ਦੇ ਝੁੰਡ ਦੇ, ਕੋਈ ਅਜਬ ਨੇ ਲੀੜੇ
ਉਨ੍ਹਾਂ ਕੁੜਤੇ ਵੀਹ ਵੀਹ ਗੱਜ਼ ਦੇ, ਹਾਲੀ ਵੀ ਭੀੜੇ ।
ਉਨ੍ਹਾਂ ਟਾਂਕੇ ਮਾਰੇ ਜਾਕਟੀਂ, ਨਹੀਂ ਲਾਏ ਬੀੜੇ ।
ਇਉਂ ਉਨਾਂ ਲੱਕ ਦੇ ਸੁਥਣਾਂ, ਜਿਵੇਂ ਤੰਬੂ ਸੀੜੇ ।
ਉਹ ਤਲੀਏਂ ਪੱਥਰ ਭੋਰਦੇ, ਜਿਓਂ ਗੂੰਦ ਕਤੀਰੇ ।
ਉਸ ਇਕ ਇਕ ਅਜ਼ਰਾਈਲ ਨੇ, ਏਹ ਚੁੱਕੇ ਬੀੜੇ:-
"ਇਹੋ ਆਏ ਨੇ ਸਾਡੇ ਸਾਹਮਣੇ, ਜੋ ਸਿੰਘ ਮਰੀੜੇ ।"
"ਅਸੀਂ ਕਾਬਲ ਬੰਨ੍ਹ ਲੈ ਜਾਵਣੇ, ਪਾ ਨੱਕ ਨਕੀੜੇ ।"
ਉਥੇ ਗਿਣਤੀ ਮੂਲ ਨ ਦਲਾਂ ਦੀ, ਨਹੀਂ ਚਿੱਠੇ ਚੀਰੇ ।
ਘਰ ਰਹੀਆਂ ਬਸ ਜਨਾਨੀਆਂ, ਜਾਂ ਬੁੱਢੇ ਠੀਰੇ ।
ਓਥੇ ਕਾਣੇ ਗੰਜੇ ਆ ਗਏ, ਕੁੱਲ ਬਾਖੇ ਟੀਰੇ ।
ਓਥੇ ਨਿਤ ਨਵੇਂ ਤੋਂ ਨਵੇਂ ਦਲ, ਆ ਰਲੇ ਵਹੀਰੇ।
ਜਿਵੇਂ ਰੁਡੀ ਪਾਣੀ ਪੈ ਗਿਆ, ਆ ਨਿਕਲੇ ਕੀੜੇ ।

ਇਉਂ ਸੂਹੀਏ ਦੀ ਹਰ ਗਲ ਨੇ, ਜਦ ਰੋਹ ਚੜ੍ਹਾਇਆ ।
ਤਦ ਸੰਤ 'ਸਿਪਾਹੀ' ਆਪਣੀ, ਆਈ ਤੇ ਆਇਆ ।
ਘਰ ਕਿੱਦਾਂ ਜਾਊ ਪਰਤ ਕੇ; ਉਹ ਮਾਂ ਦਾ ਜਾਇਆ ।
ਜਿਨ੍ਹੇ ਝੱਲੀਂ ਸੁੱਤੇ ਸ਼ੇਰ ਨੂੰ, ਆ ਟੁੰਬ ਜਗਾਇਆ ।
ਉਹਨੂੰ ਗੁੱਸਾ ਚੜ੍ਹ ਗਿਆ ਕਹਿਰ ਦਾ, ਨ ਹਟੇ ਹਟਾਇਆ।
ਪਰ ਰਤਾ ਕੁ ਆਪਣੇ ਆਪ ਤੇ, ਉਸ ਕਾਬੂ ਪਾਇਆ।
ਉਹਤੋਂ ਗਲ ਨ ਨਿਕਲੇ ਸਾਬਤੇ, ਕਈ ਵਾਰ ਥਥਾਇਆ ।
(ਪਰ) ਉਨ੍ਹੇ ਗਲਾਂ ਕੀਤੀਆਂ ਥੋੜੀਆਂ, ਮਤਲਬ ਸਮਝਾਇਆ।
ਫਿਰ ਆਖਿਆ ਮੂੰਹੋਂ ‘ਸਤਨਾਮ’, ਸਭ ਨੂੰ ਬਿਠਲਾਇਆ ।
ਕਰ ਪਾਠ 'ਚੰਡੀ ਦੀ ਵਾਰ' ਦਾ, ਉਸ ਆਪ ਸੁਣਾਇਆ ।
ਫਿਰ ਖੜਾ ਹੋਇਆ ਅਰਦਾਸ ਲਈ, ਗਲ ਪੱਲਾ ਪਾਇਆ ।
ਉਸ ਸਿਮਰ "ਭਗੌਤੀ ਪ੍ਰਿਥਮੇਂ", ਗੁਰੂ ਨਾਨਕ ਧਿਆਇਆ ।
ਫਿਰ ਸੱਭੇ ਸਿਮਰੇ 'ਪਾਤਸ਼ਾਹ', ਦਸਮੇਸ਼ ਮਨਾਇਆ।
ਉਨ੍ਹੇ ਰੱਜ ਰੱਜ ਸਭ ਕੁਝ ਕਹਿ ਲਿਆ, ਜੋ ਕਹਿਣਾ ਚਾਹਿਆ:-
"ਮੇਰੇ ਕਲਗੀਆਂ ਵਾਲੇ 'ਪਾਤਸ਼ਾਹ', ਸਿੰਘ ਸ਼ਰਨੀ ਆਇਆ ।
ਅਸੀਂ ਲੜਨ ਮਰਨ ਤੋਂ ਕਦੀ ਵੀ, ਨਹੀਂ ਚਿੱਤ ਚੁਰਾਇਆ ।
ਉਸ ਪਾਸੇ ਦਾਤਾ ਸੁਣੀਂਦਾ, ਮੁਲਖੱਈਆ ਧਾਇਆ ।
ਪਰ ਹੇਠ ਕਮਾਨ ਅਸਾਡੜੀ, ਅੱਜ ਸਿੰਘ ਸਵਾਇਆ ।
ਮੈਂ ਜੀਣਾਂ ਹੋਰ ਨ ਲੋੜਦਾ, ਮੈਨੂੰ ਕਾਲ ਸੁਖਾਇਆ ।
(ਪਰ) ਅੱਜ ਤਕ ਹਿੱਸੇ ਹਾਰਨਾ, ਨਹੀਂ ਸਾਡੇ ਆਇਆ ।
ਅਸੀਂ ਖਿਨ ਖਿਨ ਭੁਲੇ ਦਾਤਿਆ ! ਤੂੰ ਬਖ਼ਸ਼ ਮਿਲਾਇਆ ।
ਸਦਾ ਔਖੀ ਵੇਲੇ ਸਿੰਘ ਦੀ, ਤੂੰ ਰੱਖਦਾ ਆਇਆ ।
ਰੱਖੀ ਬਿਰਦ-ਬਾਣੇ ਦੀ ਲੱਜਿਆ, ਹੋ ਸੰਗ ਸਹਾਇਆ।"
ਫਿਰ ਟੇਕ ਮੱਥਾ ਸਰਬੱਤ ਦਾ, ਉਸ ਭਲਾ ਮੰਗਾਇਆ।
ਜੈਕਾਰਾ ਉਠ ਡੰਡੌਤ ਚੋਂ, ਜਾਂ ਓਸ ਗਜਾਇਆ ।
ਤਦ ਕਾਂਬਾ ਖਾਧਾ ਪਰਬਤਾਂ, ਅੰਬਰ ਲਰਜ਼ਾਇਆ ।
ਸੌ ਬਿਜਲੀਆਂ ਜਿਉਂ ਰਲ ਟੁੱਟੀਆਂ, ਅਕਾਸ਼ ਥੱਰਾਇਆ ।
ਆ ਪੰਛੀ ਸਹਿਮੇ ਆਹਲਣੀਂ, ਝੱਟ ਬੋਟ ਲੁਕਾਇਆ ।
(ਪਰ) ਕਿਸੇ ਲੇਖ ਸੜੇ ਦਾ ਆਲ੍ਹਣਾ, ਇਦ੍ਹੀ ਮਾਰ 'ਚ ਆਇਆ ।
ਹੁਣ ਕੂਚ ਬੁਲਾਵਣ ਲਈ ਜਾਂ, ਉਸ ਕਹਿਣਾ ਚਾਹਿਆ ।
ਇਸ ਵਲੇ ਆ ਕੇ ਰੱਬ ਨੇ, ਇਹ ਢੋ ਢੁਕਾਇਆ।
ਝੱਟ ਮਹਾਰਾਜੇ ਰਣਜੀਤ ਸਿੰਘ, ਫੜ ਬਾਹੋਂ ਹਿਲਾਇਆ:-
"ਘੜੀ ਠਹਿਰੋ ਸਿੰਘ ਨਿਹੰਗ ਜੀ !" ਉਸਨੇ ਫੁਰਮਾਇਆ:-
ਇਸ ਧਰਤ ਵੀ ਵੈਰੀ ਦਲਾਂ ਦਾ, ਨਹੀਂ ਬੋਝ ਉਠਾਇਆ ।
ਉਥੇ ਗਲੀਆਂ ਦਾ ਹਰ ਕੱਖ ਵੀ, ਫੜ ਸ਼ਸਤਰ ਆਇਆ ।
ਤੂੰ ਕਿਓਂ ਗੁੱਸੇ ਵਿਚ ਆਣਕੇ, ਹੈ ਹੋਸ਼ ਭੁਲਾਇਆ ।
ਮੇਰੇ ਲਸ਼ਕਰ ਲਾਗੇ ਆ ਗਏ, (ਮੈਂ) ਸੈ ਤੋਪ ਲਿਆਇਆ ।
ਜ਼ਰਾ ਸ਼ਾਹੀ ਫ਼ੌਜਾਂ ਆਉਣ ਦੇ, ਕਰੇ ਦਊਂ ਸਫਾਇਆ।
ਮਹਾਰਾਜੇ ਸਮਾ ਨਿਹੰਗ ਦਾ, ਬੇ-ਅਰਥ ਗਵਾਇਆ ।
ਆਈ ਠੰਡਾ ਕਰਨ ਤੇ੍ਲ ਜਿਓਂ, ਸੂਰਜ ਗਰਮਾਇਆ ।
ਗੱਲ ਪੋਹੀ ਇਕ ਨਾ ਸਿੰਘ ਨੂੰ, ਨਾ ਦਿਲ ਤੇ ਲਿਆਇਆ ।
ਉਦ੍ਹਾ ਮੱਥਾ ਭਖਿਆ ਭੱਠ ਜਿਉਂ, ਲੂੰ ਲੂੰ ਕੰਡਿਆਇਆ ।
ਉਦ੍ਹੇ ਨੈਣਾਂ ਲਾਟਾਂ ਛੱਡੀਆਂ, ਆਇ ਸੇਕ ਸਿਵਾਇਆ।
ਉਦ੍ਹੇ ਫੜਕ ਫੜਕ ਕੇ ਡੌਲਿਆਂ, ਏਹ ਖ਼ੌਫ਼ ਖਿੰਡਾਇਆ ।
ਏਹਨੇ ਸਾੜ ਸਵਾਹ ਕਰ ਸੁੱਟਣਾ, ਜੋ ਸਾਹਵੇਂ ਆਇਆ ।
ਉਸ ਮਹਾਰਾਜੇ ਰਣਜੀਤ ਨੂੰ, ਏਹ ਬਚਨ ਸੁਣਾਇਆ ।

“ਤੂੰ ਆਪ ਸੁਣੀਂ ਅਰਦਾਸ ਜਾਂ, ਸੁਣ ਲਿਆ ਜੈਕਾਰਾ ।
ਓਇ ਫਿਰ ਕਿਓਂ ਮੈਨੂੰ ਜਾਂਦਿਆਂ, ਪਾਇਆ ਅਟਕਾਰਾ ।
ਮੈਂ ਅੰਮ੍ਰਿਤ ਛਕਿਆ ਬਾਟਿਓਂ, ਲੈ ਖੰਡੇ ਧਾਰਾ ।
ਮੈਂ ਸਿੰਘ ਗੁਰੂ ਦਸਮੇਸ਼ ਦਾ, ਕੋਈ ਨਹੀਂ ਵਣਜਾਰਾ ।
ਮੇਰੀ ਬਾਹੀਂ ਨ ਛਣਕਣ ਚੂੜੀਆਂ, ਇਹ ਕੜਾ ਕਰਾਰਾ ।
ਏਥੇ ਜੋ ਘੜਿਆ ਸੋ ਭੱਜਸੀ, ਸੱਭ ਟੁੱਟਣ ਹਾਰਾ ।
ਸੌ ਤੋਪ ਨਹੀਂ ਤੇਰੀ ਚਾਹੀਦੀ, ਨ ਲਸ਼ਕਰ ਭਾਰਾ ।
ਉਤੇ ਪੀਰ-ਸੁਭਾਗੇ ਦੇ ਰਿਹਾ, ਮੇਰਾ ਗੁਰੂ ਦੀਦਾਰਾ ।
ਕੀ ਹੋਇਆ ਸਾਹਵੇਂ ਤੁਰਕੜਾ, ਜੇ ਬੇ-ਸ਼ੁਮਾਰਾ।
ਮੈਂ ਦਾਣਿਆਂ ਵਾਂਗੂੰ ਪੀਹ ਦਊਂ, ਵਿਚ ਅੱਖ ਪਲਕਾਰਾ ।
ਪਰ ਢੈਂਦੀਆਂ ਕਲਾਂ ਦਾ ਬਚਨ ਤੂੰ, ਅੱਜ ਕੀਤਾ ਸਾਰਾ ।
ਤੇਰੇ ਅੰਮ੍ਰਤ ਛਕਣ 'ਚ ਜਾਪਦਾ, ਕੋਈ ਵਿਘਨ ਏ ਭਾਰਾ ।
ਅਰਦਾਸ ਪਿਛੋਂ ਸਿੰਘ ਰੋਕਣਾ, ਇਹ ਕਿਹਾ ਵਿਹਾਰਾ ?
ਹੁਣ ਹੱਟ ਜਾ ਮੇਰੇ ਸਾਹਵਿਓਂ, ਕੋਈ ਹੋ ਜਾਊ ਕਾਰਾ ।
ਫਿਰ ਜਾਏ ਨ ਤੇਰੇ ਵਿੱਚਦੀ, ਖੰਡਾ ਦੋਧਾਰਾ ।
ਪਰ ਬਖ਼ਸ਼ਾਂ ਪੰਥ ਦੇ ਨਾਂ ਤੇ, ਤੈਨੂੰ ਇਕ ਵਾਰਾ ।
ਮਤੇ ਲੋੜ ਹੋਵੇ ਸਿੱਖ ਰਾਜ ਨੂੰ, ਤੇਰੀ ਸਰਦਾਰਾ !"
ਤਾਂ ਇਕ ਵਾਰੀ ਫਿਰ ਮਹਾਰਾਜ ਨੇ, ਕਰ ਜੀ ਕਰਾਰਾ ।
ਕਿਹਾ, 'ਮੇਰੇ ਅਕਾਲੀ ਯੋਧਿਆ, ਸੁਣ ਸ਼ਾਹ-ਸਵਾਰਾ ।'
ਮੇਰਾ ਵੱਧ ਘੱਟ ਆਖਿਆ ਬਖ਼ਸ਼ ਲਈਂ, ਸੁਣ ਜੱਥੇਦਾਰਾ ।
ਪਰ ਕੱਲਾ ਕੋਈ ਨ ਜੰਮਿਆ; ਜੱਗ ਜਿੱਤਣ ਹਾਰਾ ।
ਏਥੇ ਭਾਈ ਭਾਈਆਂ ਦੀ ਬਾਂਹ ਨੇ, ਭਾਈ ਸ਼ਸਤਰ ਭਾਰਾ ।
ਦਰਿਆਈਂ ਰੁੜ੍ਹਦੇ ਜਾਂਦਿਆਂ, ਹਰ ਕੱਖ ਸਹਾਰਾ।
ਏਥੇ ਕੱਲੇ ਟੁਰਨਾ, ਡਿਗਣ ਨੂੰ; ਪੁੱਟਣ ਖੂਹ ਖਾਰਾ ।
ਅੱਗੇ ਉਠ੍ਹਾਂ ਦਾ ਦਲ ਮਸਤਿਆ, ਉਹ ਬੇ-ਮੁਹਾਰਾ ।
ਘੜੀ ਬਹਿ ਕੇ ਥੱਲੇ ਰੁੱਖ ਦੇ, ਲਾ ਲੈ ਠਮਕਾਰਾ।
ਮੇਰੇ ਲਸ਼ਕਰ ਪਹੁੰਚੇ ਜਾਣ ਤੂੰ, ਵਿਚ ਅੱਖ ਪਲਕਾਰਾ ।
ਬੁਲ੍ਹ ਟੁਕੇ ਫੁਲਾ ਸਿੰਘ ਨੇ, ਉਦ੍ਹਾ ਚੜ੍ਹ ਗਿਆ ਪਾਰਾ ।
ਉਨ੍ਹੇ ਮਾਰ ਕੇ ਏਦਾਂ ਆਖਿਆ, ਸਿੰਘ ਨੂੰ ਲਲਕਾਰਾ ।

ਏਥੇ ਤੇ ਕੱਚਿਆ ਪਿਲਿਆ, ਕੁਝ ਵੱਟਕ ਨ ਵੱਟੇ ।
ਕਿਹਾ ਗਿਲਾ ਪੀਹਣ ਖਿਲਾਰ ਕੇ, ਪਾਏ ਨੀ ਰੱਟੇ ?
ਜੇ ਸਾਗਰ ਸਾਰਾ ਸੁੱਕ ਜਾਏ, 'ਨੈਅ’ ਵੈਹਿਣ ਪਲੱਟੇ।
ਜੇ ਤਾਰੇ ਡਿਗਣ ਜ਼ਮੀਨ ਤੇ, ਬਣ ਬਣ ਕੇ ਵੱਟੇ ।
ਆਕਾਸ਼ ਜੇ ਥੱਲੇ ਆ ਰਵ੍ਹੇ, ਤੇ ਭੋਂ ਉਲੱਟੇ ।
ਬਣ ਜਾਵਣ ਬਰਫ਼ਾਂ ਬਿਜਲੀਆਂ, ਚੰਦ ਅਗਨੀ ਸੱਟੇ।
ਜੇ ਪਰਬਤ ਉਡਣ ਹਵਾ ਵਿਚ, ਬਣ ਜਾਣ ਭੰਬੱਟੇ ।
'ਕਦੇ ਕਰ ਅਰਦਾਸਾ ਖਾਲਸੇ, ਕਦੀ ਪਿਛਾਂਹ ਨਹੀਂ ਹੱਟੇ ।'
ਏਥੇ ਮੁੜਨਾ ਮੌਤ ਕਬੂਲਣੀ, ਤੇ ਜਾਣਾ ਪੱਟੇ ।
ਇਕ ਵਾਰ ਜੇ ਥੁੱਕੇ ਸੂਰਮਾ, ਮੁੜ ਫੇਰ ਨ ਚੱਟੇ।
ਅਰਦਾਸਾਂ ਕਰ ਬਾਈ-ਧਾਰ ਦੇ, ਅਸੀਂ ਪਰਬਤ ਪੱਟੇ ।
ਅਰਦਾਸਾ ਕਰ ਚਮਕੌਰ ਵਿਚ, ਦੰਦ ਕੀਤੇ ਖੱਟੇ।
ਲੱਖ ਦੁਸ਼ਮਣ ਸਿੰਘਾਂ ਚਾਲੀਆਂ, ਪਾ ਛੱਜੀਂ ਛੱਟੇ।
ਅਰਦਾਸੇ ਇਓਂ ਦਿਲ ਕਰ ਦਿਤਾ, ਹੁਣ ਪੈਂਦੀ ਸੱਟੇ ।
ਏਧਰ ਸ਼ੀਹ ਬੁੱਕਣ ਦਸਮੇਸ਼ ਦੇ, ਉਹ ੜਿੰਗਣ ਕੱਟੇ।
ਅਸੀਂ ਸਵਾ ਸਵਾ ਲੱਖ ਮਾਰਨੇ, ਗਿਣ ਅੱਟੇ ਸੱਟੇ ।
ਏਥੇ ਪੱਕੇ ਪਰਬਤ ਉਡਣਗੇ, ਬਣ ਬਣ ਕੇ ਘੱਟੇ ।
ਦਿਨ ਦੀਵੀਂ ਜੱਗ ਨੇ ਵੇਖਣੇ, ਸਿੰਘਾਂ ਦੇ ਝੱਟੇ।
ਨਿਤ ਨਫੇ ਵਿਹਾਜਣ ਬਾਦਸ਼ਾਹ, ਰੱਖਦੇ ਗਿਣ ਗੱਟੇ ।
ਦੇਹ ਰਾਜਨੀਤੀ ਦੇ ਸੌਦੜੇ, ਕਿਸੇ ਹੋਰਸ ਹੱਟੇ।
ਮੇਰਾ ਨੇਜ਼ਾ ਹਲਕਾ ਹੋ ਗਿਆ, ਪਿਆ ਝੱਗਾਂ ਸੱਟੇ ।
ਵੱਜ ਜਾਣ ਨ ਤੈਨੂੰ ਹਰਖ ਵਿਚ, ਅੱਜ ਫੱਟ ਕੁਫੱਟੇ ।
ਤੁਸੀਂ ਲਾਹ ਦਸਤਾਰਾਂ ਮੁੜ ਪਵੋ, ਲਓ ਓੜ੍ਹ ਦੁਪੱਟੇ।
ਸਿੰਘ ਲੜਨ ਮਰਨ ਨੂੰ ਜਾਣਗੇ, ਤੁਸੀਂ ਖਾਓ ਖੱਟੇ ।
ਇਉਂ ਆਖ ਨਬੇੜੇ ਸਿੰਘ ਨੇ, ਸਾਰੇ ਹੀ ਰੱਟੇ।
ਉਨ੍ਹਾਂ ਪਾਰ ਇਰਾਕੇ ਲੁੰਡਿਓਂ ਵਿਚ ਪਲਦੇ ਸੱਟੇ।

ਹੁਣ ਪੀਰ ਸੁਭਾਗ ਪਹਾੜ ਨੂੰ, ਸਿੰਘ ਹੋਏ ਰਵਾਨਾ।
ਤੇ ਜਿਥੇ ਇਰਾਕੇ ਲੰਘ ਗਏ, ਗਈ ਧੁੜ ਸਮਾਨਾਂ ।
ਕੁੰਢ ਪਾ ਪਾ ਫੂਕਾਂ ਮਾਰਦੇ, ਗਏ ਚੀਰ ਚਟਾਨਾਂ।
ਉਨ੍ਹਾਂ ਤਿੱਲੇ ਮੜ੍ਹੀਆਂ ਕਾਠੀਆਂ, ਤੇ ਸਬਜ ਪਲਾਨਾਂ।
ਬਹਿ ਪਿੱਠ ਅਕਾਲੀ ਫੱਬਦੇ, ਪਾ ਨੀਲਾ ਬਾਣਾ ।
ਉਨ੍ਹਾਂ ਕਮਰ ਕੱਸੇ ਵਿਚ ਜਮਧਰਾਂ, ਦਸਤਾਰ ਨਸ਼ਾਨਾ ।
ਉਨ੍ਹਾਂ ਬਿਛੁਏ ਟੰਗੇ ਪੇਟੀਏਂ, ਲਮਕਣ ਕ੍ਰਿਪਾਨਾਂ ।
ਸਿਰ, ਚੱਕਰ, ਪੰਜੇ ਸ਼ੇਰ ਦੇ, ਹੋਏ ਲਹੂ ਲੁਹਾਨਾ ।
ਉਨ੍ਹਾਂ ਫਰਲੇ ਉਡਣ ਸਿਰਾਂ ਤੋਂ, ਜਿਉਂ ਬਾਜ਼ ਉਡਾਨਾਂ ।
ਓਥੇ ਸਤਿ ਸ੍ਰੀ ਅਕਾਲ ਗਜਾ, ਰੋਹ ਚੜ੍ਹੇ ਜਵਾਨਾਂ ।
ਓਥੇ ਸ਼ਸਤਰ ਕਾਹਲੇ ਪੈ ਗਏ, ਜੰਗ ਦਾ ਸਮਿਆਨਾ ।
ਓਥੇ ਤੀਰਾਂ ਜੀਭਾਂ ਕੱਢੀਆਂ, ਵੱਟ ਖਾਣ ਕਮਾਨਾਂ ।
ਓਥੇ ਖੰਡੇ ਨਿਕਲੇ ਭੜਕ ਕੇ, ਭੰਨ ਤੋੜ ਮਿਆਨਾਂ ।
ਉਤੇ ਪੀਰ ਸੁਭਾਗੇ ਬੈਠਿਆਂ ਸੁਣ ਲਿਆ ਪਠਾਣਾਂ।
ਲੱਖ ਮਾਰੇ ਨਾਅਰੇ ਅਲੀ ਦੇ, ਗਿਣ ਗਿਣ ਕੇ ਖਾਨਾਂ ।
ਦਲ ਦੋਵੇਂ ਏਦਾਂ ਆ ਜੁੜੇ, ਜਿਉਂ ਖੇਤਰ ਧਾਨਾਂ ।
ਪਈ ਫਸਲ ਵਢਾਵਣ ਵਾਸਤੇ, ਜਿਉਂ ਮੰਗ ਕਿਸਾਨਾਂ ।

ਤਾਂ ਫ਼ੌਜੀ ਹੁਕਮ ਚੜ੍ਹਾ ਦਿਤੇ, ਦੋਹਾਂ ਸਰਦਾਰਾਂ ।
ਅੱਜ ਸ਼ੇਰਾਂ ਸਾਹਵੇਂ ਹੋ ਗਈਆਂ, ਸ਼ੇਰਾਂ ਦੀਆਂ ਮਾਰਾਂ ।
ਆ ਇਕ ਦੂਜੇ ਨੂੰ ਚੁੰਮਿਆ, ਪਰੀਆਂ ਤਲਵਾਰਾਂ ।
ਉਹ ਇਕੋ ਹੱਥੇ ਲਾਹ ਗਈਆਂ, ਸਿਰ ਠਾਰਾਂ ਠਾਰਾਂ ।
ਕਿਤੇ ਵੈਰੀ ਦੇ ਲਹੂ ਨ੍ਹਾਤੀਆਂ, ਨੇ ਇੰਜ ਕਟਾਰਾਂ ।
ਜਿਉਂ ਫਾਲੇ ਕੱਢੇ ਆਹਰਣੋਂ, ਤਾ ਤਾ ਲੁਹਾਰਾਂ।
ਉਥੇ ਬਿਜਲੀ ਨਾਲ ਵਟਾ ਲਈਆਂ, ਖੰਡਿਆਂ ਨੇ ਧਾਰਾਂ ।
ਲੰਘ ਕਾਠੀਆਂ ਘੋੜੇ ਵੱਢ ਗਏ, ਉਹ ਸਣੇ ਸਵਾਰਾਂ ।
ਲੱਖ ਤੀਰ ਸ਼ੂਕਦੇ ਵਿਨ੍ਹਦੇ, ਹੋਏ ਗਏ ਕਤਾਰਾਂ ।
ਇਓਂ ਗੋਲੀਆਂ ਢੇਰੀ ਕਰ ਗਈਆਂ, ਲੋਥਾਂ ਮੁਰਦਾਰਾਂ ।
ਪੜ੍ਹ ਮੰਤਰ ਲੋਕ ਸੁਆ ਦਿਤੇ, ਜਿਉਂ ਸ਼ਾਹ-ਮਦਾਰਾਂ ।
ਡਿੱਗ ਪਏ ਪਠਾਣ ਤੇ ਖ਼ਾਲਸੇ, ਸਨ ਵਾਰੋ ਵਾਰਾਂ ।
ਤੇ ਕਿਸੇ ਪਾਸੇ ਵੀ ਹੁੰਦੀਆਂ, ਨ ਦਿੱਸੀਆਂ ਹਾਰਾਂ ।
ਖਾ ਗੁੱਸਾ ਸਿੰਘਾਂ ਕਰ ਲਈਆਂ, ਅੱਖਾਂ ਅੰਗਿਆਰਾਂ ।
ਭਰ ਹੱਲਾ ਕੀਤਾ ਜ਼ੋਰ ਦਾ, ਮੁੜਕੇ ਇਕ ਵਾਰਾਂ ।
ਛੱਡੇ ਘੋੜੇ ਲੋਥਾਂ ਲਿਤੜਦੇ, ਬਰਛੇ ਬਰਦਾਰਾਂ ।
ਉਨ੍ਹਾਂ ਤੇਗਾਂ ਤੇ ਸਿਰ ਟੰਗ ਲਏ, ਇਉਂ ਕਈ ਹਜ਼ਾਰਾਂ ।
ਧੋ ਚਾਟੀਆਂ ਟੰਗਣ ਨ੍ਹੇਈਂ ਤੇ, ਪੇਂਡੂ ਮੁਟਿਆਰਾਂ ।
ਉੱਠ ਭੱਜੇ ਕੁਲ ਪਠਾਣ ਹੁਣ, ਪਲ ਕਰਨ ਨ ਠਾਰਾਂ ।
ਉਥੇ ਲੱਖ ਲੱਖ ਤਰਲੇ ਪਾ ਲਏ, ਕੁਲ ਸਿਪਾਹ ਸਲਾਰਾਂ ।
ਉਨਾਂ ਹੱਥੋਂ ਛੁੱਟੇ ਡਰਦਿਆਂ, ਕੁੱਲ ਛੁਰੇ ਕਟਾਰਾਂ ।
ਫਸ ਪੈਰੀਂ ਵਲ ਵਲ ਸੁਟਦੀਆਂ, ਸੁਥਣਾਂ ਸਲਵਾਰਾਂ ।
ਓਥੇ ਘੋੜੇ ਪਾਵਣ ਹਿਣਹਿਣਾਟ, ਹਾਥੀ ਚੰਘਿਆੜਾਂ ।
ਮੁੰਹ ਅੱਡ ਅੱਡ ੜਿੰਗਣ ਡਰਦੀਆਂ, ਪਰਬਤ ਦੀਆਂ ਗ਼ਾਰਾਂ ।
ਓਥੇ ਆਈਆਂ ਮਜਲਾਂ ਮਾਰਕੇ, ਗਿਰਜਾਂ ਦੀਆਂ ਡਾਰਾਂ ।
ਅੱਜ ਵਰਜੀ ਰੋਟੀ ਰੱਜਵੀਂ, ਸਿੰਘਾਂ ਸਰਦਾਰਾਂ ।

ਜਿੰਨ੍ਹੇ ਇਕ ਅਰਦਾਸ ਦੀ ਆਸ ਤੇ, ਸੀ ਖੰਡਾ ਵਾਹਿਆ ।
ਤੇ ਅੰਗ ਸੰਗ ਜਾਣ ਗੋਬਿੰਦ ਸਿੰਘ, ਨ ਚਿੱਤ ਡੁਲਾਇਆ ।
ਜਿਸ ਸ਼ਾਨ ਸਿਖੀ ਦੀ ਰਖ ਲਈ, ਸਿਰ ਤਲੀ ਟਿਕਾਇਆ ।
ਵਾਹ ਸਿਰੜ ਰੱਖਿਆ ਸਿੰਘ ਨੇ, ਤੇ ਸਿਦਕ ਨਿਭਾਇਆ ।
ਗੁਰ ਕਲਗੀ ਵਾਲੇ ਫਤਹਿ ਦਾ, ਸਿਰ ਤਾਜ ਧਰਾਇਆ ।
"ਸੇਵਕ ਕੀ ਮਹਾਰਾਜ, ਜੁਗੋ ਜੁਗ ਰੱਖਦਾ ਆਇਆ ।"

ਮਹਾਰਾਜੇ ਦੀ ਮੌਤ ਪਿਛੋਂ

ਉੱਜੜਿਆ ਦੇਸ਼, ਬਗੀਚੇ ਉੱਜੜੇ ।
ਉੱਜੜੇ ਫ਼ਰਸ਼, ਗਲੀਚੇ ਉੱਜੜੇ ।

ਉੱਜੜੇ ਮਹਿਲ, ਤੇ ਬਾਰਾਂ ਦਰੀਆਂ ।
ਉੱਜੜੀਆਂ ਨੇ ਸੁਖ ਦੀਆਂ ਘੜੀਆਂ ।

ਹਰੀ ਝਨਾਂ ਦੀ, ਵਾਦੀ ਉੱਜੜੀ ।
ਭਾਰਤ ਫੂਲਾਂ-ਜ਼ਾਦੀ ਉੱਜੜੀ ।

ਉੱਜੜੇ ਰੰਗ, ਤਮਾਸ਼ੇ ਉੱਜੜੇ ।
ਉੱਜੜੀਆਂ ਕਲੀਆਂ, ਹਾਸੇ ਉੱਜੜੇ ।

ਉੱਜੜ ਗਈ ਏ, ਭਾਰਤ ਸਾਰੀ ।
ਹਾਏ ਕਿਸੇ ਦੇ, ਬਿਰਹੋਂ ਮਾਰੀ ।

ਵਗਦੇ ਵਹਿਣ, ਅਣਖ ਦੇ ਖੜ ਗਏ ।
ਅੱਜ ਬਹਾਰ ਦੇ, ਪੱਤੇ ਝੜ ਗਏ ।

ਤਖ਼ਤ ਕਿਸੇ ਦੇ, ਹੋ ਗਏ ਸੁੰਞੇਂ ।
ਪਲੰਘਾਂ ਵਾਲੇ, ਸੌਂ ਰਹੇ ਭੁਞੇਂ ।

ਨਾ ਉਹ ਸਿੰਘ, ਨ ਭਬਕਾਂ ਰਹੀਆਂ ।
ਨਾ ਉਹ ਰੋਅਬ, ਨ ਧਮਕਾਂ ਰਹੀਆਂ ।

ਨਾ ਉਹ ਅਣਖਾਂ, ਵਾਲੀ ਛਾਤੀ ।
ਮਾਰਨ ਜੋਗੀ, ਖੁਲ੍ਹੀ ਝਾਤੀ ।

ਨੈਣਾਂ ਦੇ ਵਿਚ, ਨੂਰ ਰਿਹਾ ਨਾ ।
ਦਿਲ ਦੇ ਵਿਚ, ਸਰੂਰ ਰਿਹਾ ਨਾ ।

ਨਾ ਉਹ ਛੈਲ ਜਵਾਨੀ, ਰਹਿ ਗਈ।
ਨਾ ਉਹ ਤੇਗ, ਨੂਰਾਨੀ ਰਹਿ ਗਈ ।

ਉਹ ਬੇਦਾਗ਼, ਨ ਪੱਗਾਂ ਰਹੀਆਂ ;
ਉਹ ਇਜ਼ਤਾਂ, ਨਾ ਲੱਜਾਂ ਰਹੀਆਂ ।

ਨਾ ਉਹ ਖ਼ੂਨ, ਨਾ ਸੀਨੇ ਰਹਿ ਗਏ ।
ਨਾ ਉਹ ਲਾਲ, ਨਗੀਨੇ ਰਹਿ ਗਏ ।

ਨਾ ਉਹ ਤੇਗਾਂ, ਨ ਉਹ ਢਾਲਾਂ ।
ਨਾ ਉਹ ਤਸਬੀਆਂ, ਨਾ ਉਹ ਮਾਲਾਂ ।

ਨਾ ਉਹ ਆਨ, ਹਕੂਮਤ ਵਾਲੀ ।
ਨਾ ਉਹ ਸ਼ਾਨ, ਹਕੂਮਤ ਵਾਲੀ ।

ਨਾ ਅਣਝੱਕ, ਜ਼ਬਾਨੀ ਗੱਲਾਂ ।
ਨਾ , ਪਾਉਂਦੇ, ਚੋਬਰ ਤੜਥੱਲਾਂ ।

ਨਾ ਬੇ-ਖ਼ੌਫ, ਕਿਸੇ ਦੇ ਦੀਦੇ।
ਨਾ ਉਹ ਪਰਬਤ, ਵਾਂਗ ਅਕੀਦੇ।

ਆਹ! ਰਣਜੀਤ ਦੇ ਜਾਵਣ ਪਿੱਛੋਂ।
ਥਾਂ ਥਾਂ ਧੁੰਮਾਂ, ਪਾਵਣ ਪਿੱਛੋਂ।

ਬਦਲ ਗਿਆ, ਬਿਉਹਾਰ ਅਸਾਡਾ।
ਉਲਟ ਗਿਆ, ਸੰਸਾਰ ਅਸਾਡਾ।

ਅਣਖੀਲੀ ਸੰਤਾਨ, ਨ ਲੱਭੇ।
ਨਲੂਏ ਦੀ ਕ੍ਰਿਪਾਨ, ਨ ਲੱਭੇ।

ਜ਼ਾਲਮ ਧੌਣ, ਵਿਰੇ ਅਕੜਾਈ।
ਮੂੰਹ ਮੌਤ ਦੇ, ਖਲਕਤ ਆਈ।

ਤੇਗ਼ ਪੰਥ ਦੀ, ਹੋ ਗਈ ਖੁੰਢੀ।
ਅੱਜ ਭਾਰਤ, ਹੋ ਗਈ ਏ ਟੁੰਡੀ।

ਅੱਜ ਕੋਈ ਫਿਰਦਾ, ਮਸਤ ਸ਼ਰਾਬੀ।
ਪਰ ਜੇ ਹੁੰਦਾ, ਸ਼ੇਰ ਪੰਜਾਬੀ ।

ਥਾਂ ਥਾਂ ਵਿਚ, ਮਜ਼ਲੁਮ ਨਾ ਰੋਂਦੇ।
ਹਾਏ! ਕਰੋੜਾਂ, ਖ਼ੂਨ ਨਾ ਹੋਂਦੇ।

ਜ਼ਾਲਮ ਦੇ, ਬੰਬਾਂ ਦੀਆਂ ਗੂੰਜਾਂ!
ਸੁਣਦੀਆਂ ਨਾ, ਭਾਰਤ ਦੀਆਂ ਕੂੰਜਾਂ!'

ਪਰ ਕੀ ਦੋਸ਼, ਕਿਸੇ ਨੂੰ ਸਾਈਆਂ।
ਸਾਡੀਆਂ ਸਾਡੇ, ਅਗੇ ਆਈਆਂ।

ਹੁਟ ਗਈਆਂ ਸਭੇ ਤਦਬੀਰਾਂ।
ਫੁੱਟੀਆਂ ਮੱਥੇ ਚੋਂ, ਤਕਦੀਰਾਂ।

ਬਾਹਵਾਂ ਬਾਹਰ, ਗਲਾਂ ਚੋਂ ਆਈਆਂ।
'ਮਾਨ' ਭਰਾਵਾਂ, ਡਾਂਗਾਂ ਚਾਈਆਂ।

ਆਹ ਰਣਜੀਤ ਦੇ, ਜਾਵਣ ਪਿਛੋਂ।
ਥਾਂ ਥਾਂ ਧੁੰਮਾਂ,ਪਾਵਣ ਪਿਛੋਂ।

ਬਦਲ ਗਿਆ, ਬਿਓਹਾਰ ਅਸਾਡਾ।
ਉਲਟ ਗਿਆ ਸੰਸਾਰ ਅਸਾਡਾ।

ਬਾਰ ਪਰਾਏ ਬੈਸਣਾ ਸਾਂਈ ਮੁਝੈ ਨਾ ਦੇਹ॥

ਸੂਲੀ ਉੱਤੇ ਟੰਗ ਦੇ ਮੈਨੂੰ,
ਮੇਰੀ ਪੁੱਠੀ ਖੱਲ ਲੁਹਾ ਦੇ।
ਦੇਗਾਂ ਵਿਚ ਉਬਾਲੇ ਦੇ ਦੇ,
ਪੈਰਾਂ ਹੇਠਾਂ ਅੱਗ ਵਛਾ ਦੇ।

ਪੁੱਠਾ ਕਰਕੇ ਭਾਵੇਂ ਸਾਈਆਂ,
ਤੂੰ ਲਮਕਾ ਦੇ ਖੂਹੇ ਅੰਦਰ।
ਜਿਉਂ ਜਾਣੇ ਤਿਉਂ ਰੱਖੀਂ ਐਪਰ,
ਰੱਖੀਂ ਆਪਣੇ ਬੂਹੇ ਅੰਦਰ।

ਮੈਂ ਮੰਗਤੀ ਨੇ ਦਰ ਦਰ ਫਿਰਕੇ,
ਮੰਗਿਆ ਏ ਹਰ ਪਾਸਾ ਸਾਈਆਂ।
ਤੇਰੇ ਦਰ ਜਾਂ ਅਲਖ ਜਗਾਈ,
ਮੁੜ ਨਹੀਂ ਉਠਿਆ ਕਾਸਾ ਸਾਈਆਂ।

ਜਾਵਾਂ ਕਿੱਧਰ ਕੁਝ ਨ ਲੱਭੇ,
ਜਿੱਧਰ ਵੇਖਾਂ ਘੁੱਪ ਅਨ੍ਹੇਰਾ।
ਤਿੰਨਾਂ ਲੋਕਾਂ ਅੰਦਰ ਦਿੱਸੇ,
ਮੈਨੂੰ ਤੇ ਇਕ ਬੂਹਾ ਤੇਰਾ।

ਮੈਂ ਹਾਂ ਤੇਰੇ ਦਰ ਦੀ ਕੂਕਰ,
ਹੋਰ ਬੂਹੇ ਤੇ ਬੰਨ੍ਹ ਧਰੀਂ ਨਾ।
ਬਿਨ ਤੇਰੇ ਮੈਂ ਜੀ ਨਹੀਂ ਸਕਦੀ,
ਬੂਹੇ ਆਪਣੇ ਬੰਦ ਕਰੀਂ ਨਾ।

ਥੜ੍ਹਿਆਂ ਉੱਤੇ ਸੌਂਣ ਨ ਦੇਵੀਂ,
ਸੂਲਾਂ ਉੱਤੇ ਲੇਟ ਰਵ੍ਹਾਂਗੀ।
ਜਦ ਤਕ ਸੌਣ ਨ ਦੇਸਣ ਮੈਨੂੰ,
ਤਦ ਤੱਕ ਤੈਨੂੰ ਯਾਦ ਕਰਾਂਗੀ।

ਮਿਠੀ ਤੇ ਬੇਚੈਨ ਜਹੀ ਉਹ,
ਪੀੜ ਅਨੋਖੀ ਠਗਦੀ ਮੈਨੂੰ।
ਮਸਤੀ ਵਿਚ ਕੰਡਿਆਂ ਦੀ ਸੇਜਾ,
ਕਲੀਆਂ ਤੋਂ ਵੱਧ ਲੱਗਦੀ ਮੈਨੂੰ।

ਦਸ ਅਜਿਹੇ ਬੂਹੇ ਉਤੇ,
ਜਿਸਨੇ ਰਾਤ ਲੰਘਾਈ ਹੋਵੇ।
ਉਹ ਸ਼ਾਹੀਆਂ ਦੇ ਬਦਲੇ ਕੀਕੂੰ,
ਐਸੀ ਸ੍ਵਰਗੀ-ਸ਼ਾਹੀ ਖੋਵੇ।

ਤੇਰੇ ਬਾਝੋਂ ਅੱਖੀਆਂ ਅੰਦਰ,
ਨਾ ਜਚੇ ਕੋਈ ਹੋਰ ਵੇ ਸਾਈਆਂ!
ਤੇਰੀ ਸੁਰ ਬਿਨ ਗੀਤ ਜਗਤ ਦੇ,
ਮੈਨੂੰ ਜਾਪਣ ਸ਼ੋਰ ਵੇ ਸਾਈਆਂ।

ਤੈਥੋਂ ਰਾਠ ਵੱਡਾ ਕੋਈ ਹੋਵੇ,
ਤੈਥੋਂ ਉਚਾ ਸ਼ਾਹ ਕੋਈ ਹੋਵੇ।
ਅਤਿ ਉਚੇ ਦਰਬਾਰ ਤੇਰੇ ਤੋਂ,
ਹੋਰ ਯਾਂ ਉਚੀ ਜਾਹ ਕੋਈ ਹੋਵੇ।

ਤਾਂ ਵੀ ਕੋਈ ਬੰਨ੍ਹਿਆਂ ਰੁੰਨ੍ਹਿਆਂ,
ਹੋਰ ਕਿਸੇ ਬੂਹੇ ਜਾ ਰੋਏ।
"ਜਾਂਕਾ ਠਾਕਰ ਊਚਾ ਹੋਵੇ,
ਸੋ ਜਨ ਪਰ-ਘਰ ਜਾਤ ਨ ਸੇਹੇ।"

'ਕਰਵਤ ਭਲਾ ਨ ਕਰਵਟ ਤੇਰੀ',
ਪਹੁੰਚੀ ਹਾਂ ਦਰ ਤੇਰੇ ਮਰਕੇ।
ਨ ਸਾਈਆਂ! ਹੁਣ ਦੇਹ ਨ ਧੱਕੇ,
ਰੱਖ ਲੈ ਮੈਨੂੰ ਵੀ 'ਅਪਣੀ' ਕਰਕੇ।

ਜੇ ਮੈਨੂੰ ਲੋਕਾਂ ਤੱਕ ਪਾਇਆ,
ਹਿਜਰ 'ਚ ਪੱਖੇ ਵਾਂਗਰ ਝੁਲਦੀ।
ਜੇ ਤੱਕੀ ਤੇਰੀ ਦਾਸੀ ਲੋਕਾਂ,
ਗੈਰਾਂ ਦੇ ਬੂਹਿਆਂ ਤੇ ਰੁਲਦੀ।

ਤੇਰੀ ਚਰਚਾ ਕਰ ਕਰ ਭਾਵੇਂ,
ਦਿਲ ਦੇ ਛਾਲੇ ਫੇਣ੍ਹਗੇ ਲੋਕੀਂ।
ਮੈਨੂੰ ਕੁਝ ਕਿਸੇ ਨਹੀਂ ਕਹਿਣਾ,
ਤੈਨੂੰ ਮਿਹਣੇ ਦੇਣਗੇ ਲੋਕੀਂ।

ਸੱਚੀ ਗੱਲ ਹੈ ਬਾਕੀ ਗੱਲਾਂ,
ਭਾਵੇਂ ਮੇਰੇ ਹੋਣ ਬਹਾਨੇ।
ਪਰ ਇਕ ਸਾਈਆਂ ਤੇਰੇ ਬਾਝੋਂ,
ਮੇਰੇ ਲਈ ਸੱਭ ਲੋਕ ਬਿਗਾਨੇ।

"ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ,
ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ।"
ਤੂੰ ਮੇਰਾ ਠਾਕਰ ਤੂੰ ਮੇਰਾ ਸ੍ਵਾਮੀ,
ਤੂੰ ਹੀ ਮੇਰਾ ਜੀਵਣ-ਦਾਤਾ।

ਜਦ ਤਕ ਮਿਟੀ ਤੇਰੇ ਦਰਦੀ,
ਤੱਨ ਬਿਭੂਤੀ ਸੱਜਦੀ ਸਾਈਆਂ!
ਓਦੋਂ ਤੱਕ ਹੀ ਦਿਲ ਦੀ ਧੜਕਣ,
ਠੱਕ ਠਕ ਠਕ ਠਕ ਵਜਦੀ ਸਾਂਈਆਂ!

ਸਾਈਆਂ! ਫਿਰ ਕਿਉਂ ਦੇਨਾ ਏਂ ਧੱਕੇ,
ਛਡਣਾ ਮੇਰੀ ਯਾਦ ਨਾ ਤੈਨੂੰ।
ਪੈਰਾਂ ਦੇ ਵਿਚ ਫਸ ਫਸ ਵਾਲਾਂ,
ਦੇਣਾ ਰਹਿਣ ਆਜ਼ਾਦ ਨਾ ਤੈਨੂੰ।

ਮੈਂ ਕਰਕੇ ਜੇ ਤੇਰੇ ਸਾਂਈਆਂ,
ਬੂਹੇ ਦਾ ਸ਼ੰਗਾਰ ਰਹੇ ਨ।
ਸਸੂ ਬੂਹੇ ਸੁੱਟ ਨ ਮੈਨੂੰ,
ਇਹ ਕਮਲੀ ਕੁਝ ਹੋਰ ਕਹੇ ਨ।

ਨਰਕਾਂ ਅੰਦਰ ਸੁਟ ਦੇ ਮੈਨੂੰ,
ਜਿਥੇ ਅਗਨੀ ਸਾੜੀ ਜਾਵੇ।
ਮਾਰ ਮਾਰ ਜੱਲਾਦ ਹਥੌੜੇ,
ਮੇਰਾ ਖੋਪਰ ਪਾੜੀ ਜਾਵੇ।

ਜਿਥੇ ਚਲਣ ਜਿਗਰ ਤੇ ਛੁਰੀਆਂ,
ਅੰਗ ਅੰਗ ਉੱਤੇ ਚੱਲਣ ਆਰੇ।
ਜਿਥੇ ਨੈਣਾਂ ਅੰਦਰ ਜਾਵਣ,
ਤੱਤੇ ਤੱਤੇ ਸੂਏ ਮਾਰੇ।

ਰਾਜ਼ੀ ਹਾਂ, ਜੇ ਨਰਕੀ 'ਕੰਧ ਚੋਂ,
ਹੋਵੇ ਇਕ ਨਿੱਕੀ ਜਹੀ ਮੋਰੀ।
ਤੇਰੇ ਵੇਹੜੇ ਦੇ ਦਰ ਖੁਲ੍ਹੇ,
ਵੇਖ ਸਕਾਂ ਮੈਂ ਚੋਰੀ ਚੋਰੀ।

ਨਹੀਂ ਤੇ ਤੇਰੇ ਬਾਝੋਂ ਚੰਨਾ!
ਜਿੰਦ ਹਡਾਂ ਵਿਚ ਅੜ ਨਹੀਂ ਸਕਦੀ।
ਪਲ ਭਰਵੀ ਇਸ ਦਰ ਤੋਂ ਲ੍ਹਾਂਭੇ,
ਬਿਰਹਨ ਧੀਰਜ ਫੜ ਨਹੀਂ ਸਕਦੀ।

ਭੁਖਿਆਂ ਨੰਗਿਆਂ ਰੱਖ ਕੇ ਦਰ ਤੇ,
ਝੂਮ ਲੈਣ ਦੇ ਮਸਤੀ ਅੰਦਰ।
ਜੀਵਨ ਰਾਤ ਗੁਜ਼ਾਰ ਲੈਣ ਦੇ,
ਏਸ ਇਸ਼ਕ ਦੀ ਬਸਤੀ ਅੰਦਰ।

ਪੀਓ ਕਤ ਪਾਈਏ?

ਸਹੀਓ! ਮੈਨੂੰ ਕਰਨ ਮਜ਼ਾਖਾਂ,
ਕੰਤਾਂ ਵਾਲੀਆਂ ਪਈਆਂ।
ਉਹ ਮਾਹੀ ਨਾਲ ਮਾਨਣ ਸੇਜਾਂ,
(ਮੈਂ) ਬਣੀ ਤਣੀ ਰਹਿ ਗਈਆਂ।

ਨਾ ਮਿਲਿਆ ਤੱਤੜੀ ਦਾ ਸਾਈਂ,
ਬਾਹਵਾਂ ਤਣੀਆਂ ਰਹੀਆਂ।
ਸਾਉਣ ਪਿਛੋਂ ਵੀ ਨੈਣਾਂ ਵਿਚੋਂ,
ਵਰ੍ਹਦੀਆਂ ਕਣੀਆਂ, ਰਹੀਆਂ।

ਜੇ 'ਬੌਰੀ' ਦਾ ਮਾਹੀ ਕਿਧਰੇ,
ਸੌਣ ਸਮਝਕੇ ਆਵੇ।
ਨੀਂ ਪਿਪਲਾਂ ਦੀ ਠੰਢੀ ਛਾਵੇਂ,
ਇਕ ਅਧ ਪੀਂਘ ਚੜ੍ਹਾਵੇ,

ਪਰ ਉਹਨੂੰ ਭਰਮੌਂਦੀ ਨੀ ਮੈਂ,
ਆਪ ਭਰਮ ਵਿਚ ਖੋਈ।
ਤੱਕ ਤੱਕ ਕੇ ਮੈਂ ਝੌਲੇ ਉਸਦੇ,
ਜਿਹੀ ਬੌਰਾਨੀ ਹੋਈ।

ਪੀਂਘ ਦੇ ਰੱਸੇ ਜਾਣ ਕੇ ਮਾਰੇ,
'ਬਾਂਵਰੀਆਂ' ਨੂੰ ਝਟਕੇ।
'ਮਾਹੀਂ'ਜਾਣ ਮੈ ਪਾਈਆਂ ਜੱਫੀਆਂ,
ਰੁਖਾਂ ਨੂੰ ਹਟ ਹਟਕੇ।

ਮੈਂ ਉਠ ਨਸੀ ਬੇਲਿਆਂ ਵੱਲੇ,
ਸੁਣ ਕੋਈ ਵੰਜਲੀ ਵੱਜਦੀ।
ਜਿਤ ਵਲ ਤਾਨ ਪਵੇ ਖਿਚ ਪਾਵੇ,
ਉਤਵਲ ਜਾਵਾਂ ਭੱਜਦੀ।

ਮੈਂ ਕੂਕੇਂਦੀ ਨੱਸੀ ਜਾਵਾਂ,
(ਵਿਚ) ਬਾਲੂ ਗਰਮ ਥਲਾਂ ਦੇ।
ਤਲੀਆਂ ਝੁਲਸ ਗਈਆਂ ਪਏ ਛਾਲੇ,
ਲੋਹੜਾ! ਵਿਚ ਪਲਾਂ ਦੇ।

ਧਾ ਵੜੀਆਂ ਵਿਚ ਜੰਗਲ ਬੇਲੇ,
ਜਿਥੇ ਸ਼ੇਰ ਗਰਜਦੇ।
ਮੈਂ ਨਾਂ ਇੱਕ ਕਿਸੇ ਦੀ ਮੰਨੀ,
ਰਹਿ ਗਏ ਲੋਕ ਵਰਜਦੇ।

ਸਗਨਾਂ ਦੇ ਸਨ ਸੂਹੇ ਸਾਵੇ,
ਹੋ ਗਏ ਲੀਰਾਂ ਲੀਰਾਂ।
ਮੈਂ ਕਮਲੀ ਸੌਦਾਇਣ ਹੋ ਗਈ,
ਰੁਲਕੇ ਵਾਂਗ ਫਕੀਰਾਂ।

ਡਾਇਣ-ਰੂਪ ਮੈਂ ਹੋਕੇ ਅੜੀਓ!
ਫੁੱਲਾਂ ਨੂੰ ਜਾ ਚੰਬੜੀ।
ਜੋ ਫੁੱਲ ਮੈਨੂੰ ਸੋਹਣਾ ਲੱਗਾ,
ਕੀਤਾ ਖੰਭੜੀ ਖੰਭੜੀ।

ਮਤ ਮਾਹੀ ਦੀ ਸੰਦਰਤਾ ਨੀ,
ਹੋਵੇ ਓਸ ਛੁਪਾਈ।
ਬੈਠਾ ਹੋਵੇ ਮਤ ਡੋਡੀ ਵਿਚ,
ਆਪਣਾ ਆਪ ਲੁਕਾਈ।

ਰੋ ਰੋਕੇ ਮੱਛੀਆਂ ਨੂੰ ਆਖਾਂ,
ਸੱਟੋ ਫੋਲ ਡੂੰਘਾਈਆਂ।
ਚੁੰਮ ਚੁੰਮ ਕੇ ਨੀ ਚਰਨ ਮਾਹੀ ਦੇ,
ਨਦੀਆਂ ਹੋਸਨ ਆਈਆਂ।

ਮਸਤ ਜਿਹੀਆਂ ਉਹ ਹੋਸਨ ਅੜੀਓ!
ਸਦਾ-ਸ਼ਰਾਬੀ ਵਾਂਗੂੰ।
ਰੰਗ ਇਸ਼ਕ ਦਾ ਚੜ੍ਹਿਆ ਹੋਸੀ,
ਫੁੱਲ ਗੁਲਾਬੀ ਵਾਂਗੂੰ।

ਦਸ ਚਕੋਰੇ ਭਾਗਾਂ ਭਰੀਏ!
ਕੀਕੂੰ ਮਾਹੀ ਪਾਇਆ।?
ਨੀ ਮਸਿਆ ਦਾ ਰੁਠਾ ਹੋਇਆ,
ਕੀਕੂੰ ਚੰਨ ਮਨਾਇਆ?

ਕੀ ਆਖੇਂ ਦਰਦਾਂ ਦੀਆਂ ਚਿਠੀਆਂ,
ਦੋ ਹੰਝੂ ਸਨ ਸਿੱਟੇ।
ਸੂਰਜ ਤਰਸ ਤੱਤੀ ਤੇ ਖਾ ਕੇ,
ਜਾ ਚੰਨੇ ਨੂੰ ਦਿੱਤੇ।

ਪਰ ਮਸਿਆ ਨੀ ਤੇਰੀ ਅੜੀਏ,
ਚਿਰਾਂ ਪਿਛੋਂ ਸੀ ਆਈ।
ਮੈਂ ਨਾ ਚੰਨ ਕਦੀ ਵੀ ਡਿੱਠਾ,
ਐਸੀ ਮਸਿਆ ਛਾਈ।

ਰੋ ਰੋ ਮੇਰੇ ਅਥਰੂ ਮੁਕ ਗਏ,
ਰਹਿ ਗਏ ਨੇ ਬਸ ਦੋਵੇਂ।
ਉਹ ਵੀ ਕਾਹਨੂੰ ਮੈ ਬੇਸੁਧ ਤੋਂ,
ਭਾਗਾਂ ਭਰੀਏ ਖ੍ਹੋਵੇਂ।

ਘਾ ਤੇ ਡਿਗ ਕੇ ਮਤ ਏਹ ਚਿਠੀਆਂ,
ਤ੍ਰੇਲ ਅੰਦਰ ਲੁਕ ਜਾਵਣ।
ਰਾਜ-ਹੰਸ ਸਮਝਕੇ ਮੋਤੀ,
ਉਹਨਾਂ ਨੂੰ ਚੁੰਮ ਜਾਵਣ।

ਅੱਖੀਆਂ ਵਿਚ ਦਸ ਕੀ ਰਹਿ ਜਾਸੀ,
ਨੀ! ਡਲਕ੍ਹਾਵਣ ਖਾਤਰ
ਜੇ ਮਿਲਿਆ ਪੱਲੇ ਕੀ ਹੋਸੀ,
ਭੇਟ ਚੜਾਵਣ ਖਾਤਰ।

ਦਸੀਂ ਵੇ ਪੁੰਨਿਆਂ ਦੇ ਚੰਨਾ!
ਦਸ ਮਾਹੀ ਦੀਆਂ ਠ੍ਹਾਰਾਂ।
ਮੈਂ ਕਮਲੀ ਮੰਦਰਾਂ ਵਿਚ ਰੁਲ ਗਈ,
ਥਾਂ ਥਾਂ ਟੱਕਰਾਂ ਮਾਰਾਂ।

ਲੱਭੀਂ ਵੇ ਕਿਤੋਂ ਲੱਭੀ ਅੜਿਆ,
ਤੇਰੀਆਂ ਰਿਸ਼ਮਾਂ ਲੱਖਾਂ।
ਜ਼ੱਰੇ ਜ਼ੱਰੇ ਉਤੇ ਪੈਂਦੀਆਂ,
ਚੰਨਾ! ਤੇਰੀਆਂ ਅੱਖਾਂ।

ਘੱਟੋ ਘੱਟ ਕਿਰਨ ਇੱਕ ਤੇਰੀ,
ਮੇਰੇ ਦਿਲ ਤੇ ਪੈਂਦੀ।
ਘੱਟੋ ਘਟ ਕਿਰਨ ਇਕ ਤੇਰੀ,
ਉਸਦੇ ਦਿਲ ਤੇ ਪੈਂਦੀ।

ਏਸ ਕਿਰਨ ਰਾਹ ਮੇਰੇ ਦਿਲ ਦੀਆਂ,
ਜੇ ਚੰਨਾ! ਲੈ ਜਾਵੇਂ।
ਓਸ ਕਿਰਨ ਦੀ ਰਾਹੀਂ ਅੜਿਆ,
ਓਹ ਦੇ ਦਿਲ ਵਿਚ ਪਾਵੇਂ।

ਖਬਰੇ ਉਹਦੇ ਸ਼ਾਂਤ ਜਿਗਰ ਵਿਚ,
ਉਹ ਤੂਫ਼ਾਨ ਲਿਆਵਣ।
ਇਕ ਅੱਧ ਛੱਲ ਦਯਾ ਦੀ ਉਹਦੀ,
ਮੇਰੇ ਤੇ ਪਾ ਜਾਵਣ।

ਚੰਦ ਕਿਹਾ: ਤਾਰਾਂ ਨਹੀਂ ਕਿਰਨਾਂ,
ਏਹ ਨੇ ਮੇਰੀਆਂ ਬਾਹਵਾਂ।
ਮੈਂ ਤੇ ਆਪ ਸੁਣ ਅੰਨ੍ਹਿਆਂ ਵਾਂਗੂ,
ਉਹਨੂੰ ਟੋਲੀ ਜਾਵਾਂ।

ਸੁਣ ਸੁਣ ਕੇ ਨੀ ਐਸੇ ਉਤਰ,
ਆਸ਼ਾ ਰਹਿ ਗਈ ਮੇਰੀ।
ਤਲੀਆਂ ਮਲਦੀ ਮਲਦੀ ਨੀ ਤਕ,
ਰੇਖਾ ਛਹਿ ਗਈ ਮੇਰੀ।

ਭੁਲੀਆਂ ਮੈਨੂੰ ਜੱਗ ਦੀਆਂ ਲੱਜਾਂ,
(ਨੀ ਮੈਂ) ਖਿਚ ਖਿਚ ਕੁੜਤੀ ਪਾੜੀ।
ਸੰਘੀ ਜਿਸਦਮ ਬੈਹਿ ਗਈ ਮੇਰੀ,
ਕੂਕੀ ਨਾੜੀ ਨਾੜੀ।

ਨੀ ਸਾਗਰ ਵੱਲ ਜਾਂਦੀਓ ਨਦੀਓ!
ਮਾਹੀ ਕੀਕੂੰ ਪਾਵਾਂ।
ਬੇ ਪਰਵਾਹ ਨੂੰ ਮਿਲਣੇ ਖ਼ਾਤਰ,
ਕੇਹੜਾ ਭੇਸ ਵਟਾਵਾਂ?

ਏਨੇ ਚਿਰ ਨੂੰ ਕੰਨਾਂ ਦੇ ਵਿਚ,
ਧੁਨੀ ਰੁਬਾਬੋਂ ਆਈ।
ਉਹ ਦੇ ਵਿਚ ਇੰਜ ਰਲਿਆ ਹੋਇਆ,
ਸੁਣਿਆ ਰਾਗ ਇਲਾਹੀ।

"ਮਨ ਮੋਤੀ ਜੇ ਗਹਿਣਾ ਹੋਵੇ,
ਪੌਣ ਹੋਵੇ ਸੂਤ ਧਾਰੀ।
ਖਿਮਾ ਸੀਗਾਰ ਕਾਮਣ ਤਨ-ਪਹਿਰੇ,
(ਤਾਂ) ਰਾਵੇ ਲਾਲ ਪਿਆਰੀ।"

ਮੈਂ ਜੱਟੀ ਦੇਸ ਪੰਜਾਬ ਦੀ

ਜੱਟੀ:-(ਵੇ) ਮੈਂ ਜੱਟੀ ਦੇਸ ਪੰਜਾਬ ਦੀ, ਉੱਡਦੀ ਵਿਚ ਹਵਾ।
(ਮੈਂ) ਪਾਕ ਪੰਜਾਬ ਦੀ ਪੁੱਤਰੀ, (ਮੈਨੂੰ) ਮੈਲੇ ਹੱਥ ਨਾ ਲਾ।
ਮੇਰਾ ਮੱਥਾ ਖਿੜਿਆ ਵੇਖ ਕੇ, ਫੁੱਲ ਜਾਂਦੇ ਨੀਂ ਕੁਮਲਾ।
ਮੇਰੀ ਟੋਰ ਵੇਖ ਕੇ ਮੋਰ ਵੀ, ਲੈਂਦੇ ਧੌਣ ਨਿਵਾ।
ਮੈਨੂੰ ਲੱਭੀ ਏਸ ਪੰਜਾਬ ਚੋਂ, ਡਾਢੀ ਸ਼ਰਮ ਹਯਾ।
ਵੇ 'ਮਾਨ' ਹਿਠਾਂ ਕਰ ਅੱਖੀਆਂ, ਮੇਰੇ ਸਤ ਨੂੰ ਦਾਗ਼ ਨਾ ਲਾ।

ਜੱਟ:-(ਮੈਂ) ਗੱਭਰੂ ਦੇਸ ਪੰਜਾਬ ਦਾ, (ਮੇਰੀ) ਕੋਕਿਆਂ ਵਾਲੀ ਡਾਂਗ।
(ਮੇਰੇ) ਮੂੰਹ ਤੇ ਲਾਲੀ ਦੱਗਦੀ? ਚੜ੍ਹਦੇ ਸੂਰਜ ਵਾਂਗ।
(ਪੁੱਟ)ਦੇਵਾਂ ਜੰਡ ਕਰੀਰ ਨੀ, ਮੈਂ ਜਿਥੇ ਮਾਰਾਂ ਸਾਂਗ।
(ਸੁਣ) ਸ਼ੇਰ ਬਘੇਲੇ ਕੰਬਦੇ, ਮੇਰੀ ਗੱਭਰੂਆਂ ਵਾਲੀ ਚਾਂਗ।
(ਮੇਰੇ) ਪਾਕ ਪਵਿਤ੍ਰ ਹੱਥ ਨੀ, (ਮੇਰੇ) ਨੈਣ ਫ਼ਕੀਰਾਂ ਵਾਂਗ।
(ਨੀ ਮੈਂ) ਜਤ ਸਤ ਵਾਲਾ ਸੂਰਮਾ, ਨਾ ਜਾਣੀ ਊਤ-ਪਟਾਂਗ।

ਜੱਟੀ:-(ਵੇ! ਮੈਂ) ਅੱਲ੍ਹੜ ਕੁੜੀ ਪੰਜਾਬ ਦੀ, (ਮੈਂ) ਲਗਰੀਂ ਵੱਧਦੀ ਜਾਂ।
(ਮੈਂ) ਕੰਢੇ ਪੀਂਘਾਂ ਝੂਟਦੀ, (ਮੈਨੂੰ) ਵੇਂਹਦਾ ਰਹੇ ਝਨਾਂ।
(ਵਿਚ) ਮਸਤੀ ਝੂਲਣ ਰੁੱਖ ਵੀ, ਮੈਂ ਜਿਉਂ ਜਿਉਂ ਝੂਟੇ ਲਾਂ।
(ਮੇਰਾ) ਲੈਂਹਗਾ 'ਚ ਉਡਦਾ, (ਜਿਉਂ) ਵਗਦੀ ਨੈਅ ਵਿਚ ਛਾਂ।
ਮੇਰੇ ਹੱਥ ਪਿਪਲੀ ਦੇ ਪੱਤ ਵੇ, ਚੰਨ-ਪਹਿਲੀ ਵਾਂਗ 'ਭਵ੍ਹਾਂ'।
(ਵੇ) ਮੇਰੇ ਜਹੀ ਸੋਹਣੀ ਪਰੀ, ਕੋਈ ਪਰੀਆਂ ਵਿਚੋਂ ਨਾ।

ਜੱਟ:-{ਮੇਰੀ) ਚਰਚਾ ਪਰ੍ਹਿਆਂ ਵਿਚ ਨੀ, ਮੇਰੀ ਥਾਂ ਥਾਂ ਹੁੰਦੀ ਗੱਲ।
(ਨੀ) ਲੱਖ ਲੱਖ ਪਰੀਆਂ ਦੇਵੀਆਂ, ਝਾਕਣ ਮੇਰੇ ਵੱਲ।
ਮੈਂ ਕਰਨੀ ਵਾਲਾ ਸਾਧ ਨੀ, ਮੈਂ ਮੱਲਾਂ ਵਿਚੋਂ ਮੱਲ।
ਮੈਂ ਪੂਰਨ ਵਰਗ ਜਤੀ ਨੀ, ਮੈਂ ਪਰਬਤ ਵਾਂਗ ਅਟੱਲ।
ਜੱਟ ਜਿਧਰ ਅੱਖੀਂ ਫੇਰਦਾ, ਪਾ ਦੇਂਦਾ ਤੜਥੱਲ।
ਇਸ ਜਤ ਸਤ ਵਾਲੇ ਸ਼ੇਰ ਦੀ, ਕੋਈ ਡਾਂਗ ਨ ਸਕਦਾ ਝੱਲ।

ਜੱਟੀ:-ਮੇਰੀ ਚਰਖੀ ਗੂੰ ਗੂੰ ਗੂੰਜਦੀ, ਉਹਦੇ ਧੂੰ ਧੂੰ ਕਰਦੇ ਫੱਟ।
ਵੇ ਸੋਹਣੀ ਘੂਕਰ ਏਸਦੀ ਜਾ ਪਹੁੰਚੇ ਦਿਲੀ ਝੱਟ।
ਵੇ ਮੈਂ ਗਿਣ ਗਿਣ ਤੰਦਾਂ ਪਾਉਂਦੀ, ਮੈਂ ਕੱਤਦੀ ਪਤਲਾ ਪੱਟ।
ਮੈਂ ਤ੍ਰਿਞਣੀ ਨੱਚ ਨੱਚ ਘੁਮਦੀ, ਜਿਵੇਂ ਧਾਗੇ ਚੜ੍ਹਦਾ ਵੱਟ।
(ਮੈਂ) ਪਾਇਲਾਂ ਪਾਉਂਦੀ ਮੋਰਨੀ, ਮੋਰਾਂ ਨੂੰ ਜਾਂਦੀ ਪੱਟ।
ਮੇਰੀ ਝਾਂਜਰ ਜਿਸਦਮ ਛਣਕਦੀ, ਲਏ ਉਡਦੇ ਪੰਛੀ ਸੱਟ।

ਜੱਟ:-ਮੇਰੀ ਬੱਕੀ ਆਈ ਅਕਾਸ਼ ਤੋਂ, ਨੀ ਉਹ ਨੱਚਦੀ ਜ਼ੋਰੋ ਜ਼ੋਰ।
ਉਹਦੇ ਹਾਰ ਹਮੇਲਾਂ ਪਾਈਆਂ, ਮੇਰਾ ਲਗਿਆ ਲੱਖ ਕਰੋੜ।
ਉਹ ਤਾਰੇ ਤੋੜੇ ਅਰਸ਼ ਦੇ, ਜੇ ਮੈਨੂੰ ਹੋਵੇ ਲੋੜ।
ਉਹ ਨੱਚ ਨੱਚ ਧਰਤੀ ਪੁੱਟਦੀ, ਉਹਦੀ ਪਰੀਆਂ ਵਰਗੀ ਟੋਰ।
ਜੱਟ ਉਤੇ ਬੈਠੇ ਜਦੋਂ ਨੀ, ਬਿਨ ਪੀਤਿਆਂ ਆਵੇ ਲੋਰ।
ਮੈਨੂੰ ਵਾਜਾਂ ਮਾਰਨ ਜੱਟੀਆਂ "ਵੇ ਵਾਂਗਾ ਐਧਰ ਮੋੜ"।

ਜੱਟੀ:-ਮੇਰੇ ਸਿਪੀ ਵਰਗੇ ਬੁਲ ਵੇ-ਵਿਚ ਮੋਤੀ ਦੇਂਦੇ ਦੱਖ!
ਮੈਨੂੰ ਇੰਦਰ ਲੁੱਕ ਲੁੱਕ ਵੇਖਦਾ, ਉਹਦੀ ਕਦੇ ਨ ਰੱਜਦੀ ਅੱਖ।
ਉਹ ਆਖੇ ਵਾਰਾਂ ਤਖਤ ਮੈਂ, ਤੇ ਪਰੀਆਂ ਛੱਡ ਦਿਆਂ ਵੱਖ।
ਮੈਂ ਮਿੰਨਤਾਂ ਕਰਦਾ ਜੱਟੀਏ, ਮੈਨੂੰ ਚਾਕਰ ਆਪਣਾ ਰੱਖ।"
ਮੈਂ ਕਹਾਂ ਵੇ ਇੰਦਰਾ ਹੋਸ਼ ਕਰ, ਤੇਰੇ ਸੁਰਗ ਨੂੰ ਮਾਰਾਂ ਲੱਤ।
ਬੱਣ ਜਾਂਦੇ ਸਰੂ ਸਵੱਰਗ ਦੇ, ਮੇਰੇ ਪੇਰਾਂ ਨੂੰ ਛੋਹ ਕੱਖ।

ਜੱਟ:-ਮੈਂ ਸਿਧਰਾ ਪੱਧਰਾ ਜੱਟ ਨੀ, ਮੇਰੇ ਭੋਲੇ ਭਾਲੇ ਗੌਣ।
ਏਥੇ ਸ਼ਾਇਰ ਬੰਨ੍ਹ ਟੋਲੀਆਂ, ਮੇਰੇ ਗੌਣ ਸੁਣਨ ਨੂੰ ਔਣ।
ਲੈ ਮਸਤੀ ਇਕ ਮੇਰੀ ਹੇਕ ਚੋਂ, ਨੀ ਨੱਚਣ ਲੱਗ ਪਏ ਪੌਣ।
ਜਾਂ ਵਾਰਾਂ ਪੜਦਾ ਜੱਟੀਏ, ਅੰਗ ਅੰਗ ਮੇਰਾ ਗਰਮੌਣ।
ਓਦੋਂ ਅੱਖੀਂ ਹੋਣ ਚੰਗਾੜੀਆਂ ਲੂੰ ਲੂੰ ਨੂੰ ਲੰਬਾਂ ਔਣ।
ਜੇਹੜਾ ਝਾਲਾਂ ਝਲੇ ਮੇਰੀਆਂ, ਓਹ ਮਾਂ ਨੇ ਜੰਮਿਆਂ ਕੌਣ।

ਜੱਟੀ:-ਮੈਂ ਕੱਪੜੀਂ ਢੱਕ ਢੱਕ ਰੱਖਦੀ, ਮੇਰਾ ਡੁੱਲ੍ਹ ਡੁੱਲ੍ਹ ਪੈਂਦਾ ਰੂਪ।
ਵਲ ਖਾ ਖਾ ਜ਼ੁਲਫ਼ਾਂ ਮੇਰੀਆਂ, ਮੇਰੇ ਸਤਿ ਰੂਪ ਨੂੰ ਦੇਵਣ ਧੂਪ।
ਲੱਖਾਂ ਪਰੀਆਂ ਆ ਆ ਚੁਗਦੀਆਂ, ਮੇਰਾ ਡੁਲਦਾ ਪਿਆ ਸਰੂਪ।
ਵੇ ਲਾਲੀ ਮੇਰੇ ਨਵਾਂ ਦੀ, ਚੰਨ ਲੈਂਦਾ ਰਾਤੀਂ ਚੂਪ।
ਮੇਰੇ ਪੈਰਾਂ ਨੂੰ ਆ ਪੂਜਦੇ, ਕਈ ਤਾਜਾਂ ਵਾਲੇ ਭੂਪ।
ਉਹ ਵੀ ਲੱਖ ੨ ਸ਼ੁਕਰ ਮਨਾਉਂਦੇ, ਜੇ ਮੈਂ ਕਿਸੇ ਤੇ ਹੋਵਾਂ ਕਰੋਪ।

ਜੱਟੀ:-ਮੇਰੀ ਗਜ਼ ਗਜ਼ ਚੌੜੀ ਹਿੱਕ ਨੀ, ਮੇਰੀ ਸ਼ੇਰਾਂ ਵਰਗੀ ਜਾਨ।
ਮੈਨੂੰ ਚੋਬਰ ਕਹਿਣ ਪੰਜਾਬ ਦਾ, ਮੈਨੂੰ ਜਾਣੇ ਕੁੱਲ ਜਹਾਨ।
ਮੇਰੀ ਟ੍ਹੇਢੀ ਪੱਗ ਨੂੰ ਵੇਖਕੇ, 'ਪਟਿਆਲੇ ਸ਼ਾਹੀਆਂ' ਢਾਣ।
ਮੇਰੀ ਧੌਣ ’ਚ ਕੰਠਾ ਫੱਬਦਾ, ਨੀ! ਚੰਨ-ਪਰਵਾਰ ਸਮਾਨ।
ਮੇਰਾ ਸਰੂਆਂ ਵਰਗਾ ਕੱਦ ਨੀ, ਮੈਨੂੰ ਲੱਖਾਂ ਚੋਂ ਲੈਣ ਪਛਾਣ।
ਮੇਰੀ ਉੱਠਦੀ ਤੀਰ ਕਮਾਨ ਜਾਂ, ਓਦੋਂ ਵੈਰੀ ਲੁਕ ਛਿਪ ਜਾਣ।

ਜੱਟੀ:-'ਵੇ ਮੈਂ' ਦੇਵੀ ਆਈ ਅਕਾਸ਼ ਤੋਂ, ਮੈਨੂੰ ਰੱਬ ਚੜ੍ਹਾਏ ਰੰਗ।
ਮੇਰੇ ਬੁਲ੍ਹਾਂ ਦੀ ਲਾਲੀ ਵੇਖ ਕੇ, ਪਰੀਆਂ ਹੋਈਆਂ ਦੰਗ।
ਕੇਸਾਂ ਦੀਆਂ ਲਪਟਾਂ ਸੁੰਘਕੇ, ਹੋ ਜਾਂਦੇ ਮਿਰਗ ਮਲੰਗ।
ਮੇਰੇ ਨੈਣ ਚਮਕਦੇ ਵੇਖਕੇ, ਨਰਗਸ ਜਾਵੇ ਸੰਗ।
ਮੇਰੇ ਹੱਥ ਨੂੰ ਚੁੰਮਣ ਵਾਸਤੇ, ਵਿਚ ਫੁੱਲਾਂ, ਹੁੰਦੀ ਜੰਗ।
ਮੇਰੀ ਵੀਣੀ ਛੱਡਦੇ 'ਮਾਨ' ਵੇ, ਮੇਰੀ ਟੁੱਟ ਨ ਜਾਵੇ ਵੰਗ।

ਜੱਟੀ:-ਮੈਂ ਇਜ਼ਤ ਵਾਲਾ ਸ਼ੇਰ ਨੀ, ਨ ਮੰਨਦਾ ਕਿਸੇ ਦੀ ਈਨ।
ਮੇਰਾ ਸੀਨਾ ਭਰਿਆ ਅਣਖ ਦਾ, ਮੈਂ ਖਾਧੇ ਘਿਓ ਦੇ ਟੀਨ!
ਜਿਵੇਂ ਅਣਖਾਂ ਵਾਲੇ ਜੀਂਵਦੇ, ਮੈਂ ਸਿਖਿਆ ਓਦਾਂ ਜੀਣ।
ਨੀ ਮੇਰੀ ਅਣਖੀ ਜਾਨ ਨੂੰ, ਪਏ ਲੋਕ ਕਹਿਣ ਅਫਰੀਨ।
ਮੇਰਾ ਮਾਸ ਨ ਕੁੱਤੇ ਖਾਣ ਨੀ, ਮੇਰਾ ਲਹੂ ਨਾ ਡੈਣਾਂ ਪੀਣ।
ਬਾਂਹ ਫੜ ਨਹੀਂ ਛਡਣੀ 'ਮਾਨ' ਮੈਂ, ਚਾਹੇ ਮਿਲਣ 'ਸਮਾਨ ਜ਼ਮੀਨ।

ਜੱਟ:-ਛੱਡ ਛੱਡ ਵੇ ਸੋਹਣਿਆ ਗੱਭਰੂਆ, ਤੇਰੀ ਡਿਠੀ ਅਣਖੀ ਜਾਨ।
ਪਾ ਗਲ ਵਿਚ ਤੌਕ ਗੁਲਾਮੀਆਂ, ਤੂੰ ਸਮਝੀਂ ਫਿਰਦਾ ਏਂ ਸ਼ਾਨ।
ਤੇਰੇ ਮੂੰਹ ਤੇ ਦਾਗ ਗ਼ਲੱਮ ਦੇ, ਵਿਚ ਰੌਸ਼ਨ ਚਾਰ ਜਹਾਨ।
ਉਨ੍ਹਾਂ ਨਾਲ ਕਿਸੇ ਕੀ ਉਡਣਾ, ਜੋ ਪਿੰਜਰੀਂ ਤੜਫੀ ਜਾਨ।
ਬਾਂਹ ਛੱਡਦੇ ਮੇਰੀ ਚੋਬਰਾ, ਮੈਂ ਨ ਮਾਣਾਂ ਗ਼ੁਲਾਮੀ ਦੀ ਸ਼ਾਨ।
ਉਹਦਾ 'ਮਾਨ' ਕੀ ਜੱਗ ਤੇ ਜੀਵਣਾ, ਜੇਹੜਾ ਦੁਰੇ ਨ ਛਾਤੀ ਤਾਣ।

ਮਜ਼ਦੂਰ ਕਿਸਾਨ

ਉਠ ਬੰਨ੍ਹ ਲੰਗੋਟਾ ਥਾਪੀ ਲਾ,
ਕਿਉਂ ਨੀਵੀਂ ਪਾਈਂ ਬੈਠਾ ਏਂ?
ਲ੍ਹਾ ਬੁਕਲ ਕੰਬਲ ਸੁੱਟ ਪਰ੍ਹਾਂ,
ਕਿਉਂ ਸ਼ਾਨ ਛੁਪਾਈ ਬੈਠਾ ਏਂ?

ਉਠ ਝਟਕਾ ਦੇਹ ਖਾਂ ਬਾਹਵਾਂ ਨੂੰ,
ਤੂੰ ਜ਼ੋਰ ਲਗਾ ਕੇ ਛਾਤੀ ਦਾ।
ਖਾੜੇ ਵਿਚ ਗੂੰਜਾਂ ਪਾ ਦੇ ਖਾਂ,
ਤੂੰ ਖੜਕਾ ਕਰਕੇ ਥਾਪੀ ਦਾ।

ਅੰਜਾਣ ਤੂੰ ਆਪਣੀ ਤਾਕਤ ਤੋਂ,
ਖੱਡਾਂ ਵਿਚ ਲੁਕਦਾ ਫਿਰਦਾ ਏਂ।
ਪਾ ਲੀਤੀ ਨੱਥ ਮਦਾਰੀ ਨੇ,
ਪੈਰਾਂ ਤੇ ਝੁਕਦਾ ਫਿਰਦਾ ਏਂ।

ਕਿਉਂ ਮੋਤੀ ਸੁੱਚਾ ਅਣਖਾਂ ਦਾ,
ਤੂੰ ਸਿੱਪੀ ਵਾਂਗ ਛੁਪਾਇਆ ਏ?
ਕਿਉਂ ਹੀਰਾ ਆਪਣੀ ਹਿੰਮਤ ਦਾ,
ਤੂੰ ਲੀਰਾਂ ਵਿਚ ਲੁਕਾਇਆ ਏ।

ਡਰ ਡਰ ਕੇ ਪੈਂਟਾਂ ਕੋਟਾਂ ਤੋਂ,
ਤੂੰ ਕੱਜ ਨ ਜੀਵੇਂ ਲੀਰਾਂ ਨੂੰ।
ਲੱਕ ਬੰਨ੍ਹਕੇ ਲੀਰਾਂ ਨਾਲ ਹੁਣੇ,
ਪਲਟ ਕੇ ਦਸ ਤਕਦੀਰਾਂ ਨੂੰ।

ਇਹ ਜ਼ਿੰਦਗੀ ਤੇਰੀ ਗੁੱਡੀ ਏ,
ਕਿਉਂ ਡੋਰ ਕਿਸੇ ਤੇ ਸੁੱਟਦਾ ਏਂ?
ਪਰਭਾਤੀ ਤਾਰੇ ਵਾਂਗ ਕਿਉਂ,
ਮਰਦਾ ਏਂ ਅਰਸ਼ੋਂ ਟੁੱਟਦਾ ਏਂ?

ਸਦੀਆਂ ਤੋਂ ਭੁੱਖਾ ਮਰਦਾ ਏਂ,
ਦਸ ਜਾਣੀ ਜਾਣ ਖ਼ੁਦਾ ਤੇਰਾ।
ਕਿਉਂ ਸਬਰ ਤੇਰੇ ਨੂੰ ਵੇਂਹਦਾ ਨਹੀਂ?
ਕਿਉਂ ਕਰਦਾ ਨਹੀਂ ਬਚਾ ਤੇਰਾ?

ਕੀ ਭੁੱਖਾ ਰਹਿ ਰਹਿ ਰੱਜਿਆ ਨਹੀਂ,
ਤੂੰ ਭਾਣੇ ਮੰਨ ਤਕਦੀਰਾਂ ਦੇ?
ਕੀ ਟੂਣੇ ਕਰ ਕਰ ਥੱਕਿਆ ਨਹੀਂ,
ਚੱਟ ਚੱਟ ਕੇ ਪੈਰ ਫ਼ਕੀਰਾਂ ਦੇ।

ਉੱਠ! ਰਾਹੀ ਰਾਹ ਤੇ ਟੁਰਦਾ ਏਂ,
ਤਾਂ ਮੰਜ਼ਲ ਨੇੜੇ ਆਉਂਦੀ ਏ।
ਜੇ ਕਾਸਾ ਹੋਵੇ ਕੋਈ ਹਿੰਮਤ ਦਾ,
ਤਾਂ ਕੁਦਰਤ ਮੋਤੀ ਪਾਉਂਦੀ ਏ।

ਓਏ ਭਲਿਆ! ਹੁਣ ਤੇ ਮੱਲ ਅੱਖਾਂ,
ਤੂੰ ਤੱਕ ਤੇ ਸਹੀ ਚੁਫੇਰੇ ਨੂੰ।
ਹੋਸ਼ਾਂ ਦਾ ਸੂਰਜ ਚੜ੍ਹਿਆ ਈ,
ਔਹ ਨੱਸਦਾ ਵੇਖ ਅਨ੍ਹੇਰੇ ਨੂੰ।

ਤੂੰ ਕੱਲਰਾਂ ਦੇ ਵਿਚ ਬਹਿ ਬਹਿ ਕੇ,
ਬਾਗਾਂ ਦੇ ਸੁਪਨੇ ਲੈਂਦਾ ਏਂ।
ਤੂੰ ਢੇਰੀ ਢਾ ਕੇ ਹਿੰਮਤ ਦੀ,
ਭਾਗਾਂ ਦੇ ਸੁਪਨੇ ਲੈਂਦਾ ਏਂ।

ਤੱਕੇ ਨੀ ਬੱਚੇ ਉਹਨਾਂ ਦੇ,
ਕੇਕਾਂ ਨੂੰ ਥੂਹ ਥੂਹ ਕਰਦੇ ਨੇ।
ਪਰ ਤੇਰੇ ਨੰਗ ਮੁਨੰਗੇ ਇਹ,
ਤੱਕ ਟੁਕਰ ਹੌਕੇ ਭਰਦੇ ਨੇ।

ਉਹ ਕੋਠੀਆਂ ਅੰਦਰ ਵੱਸਦੇ ਨੇ,
ਤਸਵੀਰਾਂ ਸੌ ਸੌ ਲਾਈਆਂ ਨੇ।
ਪਰ ਤੇਰੀ ਕੱਚੀ ਕੁੱਲੀ ਨੂੰ,
ਤਕ ਤੇੜਾਂ ਲੱਖ ਲੱਖ ਆਈਆਂ ਨੇ।

ਤੇੜਾਂ ਨੇ ਤੇਰੀ ਕੁੱਲੀ ਵਿੱਚ,
ਖਿਚੇ ਨੇ ਨਕਸ਼ੇ ਭੁੱਖਾਂ ਦੇ।
ਕੰਧਾਂ ਤੇ ਧੂੰਏ ਚਿਤਰੇ ਨੇ,
ਓਇ ਸਦਮੇ ਪੋਹ ਦਿਆਂ ਦੁੱਖਾਂ ਦੇ।

ਓਇ ਪਰਬਤ ਵਰਗੇ ਬੋਹਲਾਂ ਚੋਂ,
ਬੋਟਾਂ ਨੂੰ ਚੋਗਾ ਮਿਲਿਆ ਨਾ।
ਇਕ ਡੰਗ ਵੀ ਤੇਰੀ ਵਹੁਟੀ ਨੂੰ,
ਹਾਏ ਰੱਜਣ ਜੋਗਾ ਮਿਲਿਆ ਨਾ।

ਤੱਕ ਹਰਿਆਂ ਹਰਿਆਂ ਖੇਤਾਂ ਨੂੰ,
ਕੀ ਆਸਾਂ ਦਿਲ ਵਿਚ ਕਰਦਾ ਏਂ?
ਫਿਰ ਇਕ ਦਮ ਅੱਖੀਆਂ ਭਰ ਭਰ ਕੇ,
ਕਾਹਦੇ ਲਈ ਹੌਕੇ ਭਰਦਾ ਏਂ?

ਪਰ ਭੁੱਖਿਆ ਸ਼ੇਰਾ! ਦੱਸ ਜ਼ਰਾ,
ਕੀ ਮਤਾ ਪਕਾਈਂ ਬੈਠਾ ਏਂ?
ਸਬਰਾਂ ਨਾਲ ਸਹਿ ਸਹਿ ਜਬਰਾਂ ਨੂੰ,
ਕਿਉਂ ਲਹੂ ਸੁਕਾਈਂ ਬੈਠਾ ਏਂ?

ਉਇ ਸੋਚਣ ਦਾ ਹੁਣ ਵੇਲਾ ਨਹੀਂ,
ਉੱਠ ਝੱਬਦੇ ਕੱਸ ਲੰਗੋਟੇ ਨੂੰ।
ਹੁਣ ਕੱਢ ਪੰਜਾਲੀ ਹੇਠੋਂ ਦੇ,
ਤੂੰ ਆਪਣੇ ਪਿੱਜਲ ਝੋਟੇ ਨੂੰ।

ਏਹ ਸੌਦਾ ਤੈਨੂੰ ਪੁੱਜਦਾ ਨਹੀਂ,
ਵਾਹਣਾ ਵਿੱਚ ਢਿੱਡ ਵਜਾਵਣ ਦਾ।
ਮਰ ਮਰ ਕੇ ਤੱਤੀਆਂ ਲੋਆਂ ਵਿਚ,
ਲੋਕਾਂ ਲਈ ਬੋਹਲ ਬਣਾਵਣ ਦਾ।

ਇਸ ਬੁਰਕੀ ਨੂੰ ਕੀ ਕਰਨਾ ਏਂ,
ਜੋ ਤੇਰੀ ਭੁੱਖ ਮਿਟਾਉਂਦੀ ਨਹੀਂ।
ਜੋ ਲਾਲ ਵਿਲਕਦੇ ਤੇਰੇ ਨੂੰ,
ਕਦੀ ਮਿੱਠੀ ਨੀਂਦ ਸੁਲਾਉਂਦੀ ਨਹੀਂ।

ਇਹ ਸਭ ਕਈ ਤੇਰੀ ਏ,
ਏਹ ਕੋਠੀਆਂ ਤੂੰ ਹੀ ਪਾਈਆਂ ਨੇ।
ਪਰ ਹਿੱਸੇ ਤੇਰੀਆਂ ਚੁੱਪਾਂ ਦੇ,
ਇਹ ਕੱਚੀਆਂ ਕੁੱਲੀਆਂ ਆਈਆਂ ਨੇ।

ਹੋਟਲ ਵਿਚ ਖਾਣੇ ਤੇਰੇ ਨੇ,
ਏਹ ਕਾਰਾਂ ਤੂੰ ਚਲਾਈਆਂ ਨੇ।
ਹਾਲੀ ਵੀ ਭੁੱਖਾ ਮਰਦਾ ਏਂ,
ਏਹ ਤੇਰੀਆਂ ਬੇਪਰਵਾਹੀਆਂ ਨੇ?

ਓਇ ਭੋਲਿਆ! ਇਹ ਤੇ ਸੋਚ ਸਹੀ,
ਤੂੰ ਕਾਰ ਕਰੇ ਜਾਂ ਮਰ ਮਰ ਕੇ।
ਫਿਰ ਤੇਰਾ ਏਹ ਵੀ ਹੱਕ ਨਹੀਂ,
ਤੂੰ ਖਾਵੇਂ ਵੀ ਢਿਡ ਭਰ ਭਰ ਕੇ।

ਤੇਰੇ ਘਰ ਛਾਹ ਦਾ ਘੁੱਟ ਨਹੀਂ,
ਲੋਕਾਂ ਦੇ ਦੁੱਧ ਦੀ ਗੰਗਾ ਏ।
ਇੱਕ ਵਾਰੀ ਭੁੱਖੇ ਮਰ ਜਾਣਾ,
ਨਿਤ ਸਿਸਕਣ ਨਾਲੋਂ ਚੰਗਾ ਏ।

ਗੱਡੇ ਤੇ ਬਹਿਕੇ

ਤਤਾ ਤਤਾ ਟੱਲੀਆਂ ਵਾਲੇ!
ਸਾਈਂ ਤੇਰੀਆਂ ਪੀੜਾਂ ਟਾਲੇ।
ਤੂੰਹੀਏਂ ਦੇਸ਼ ਹਜ਼ਾਰਾਂ ਪਾਲੇ,
ਸ਼ਾਬਾ ਹਰਿਆਂ ਸਿੰਗਾਂ ਵਾਲੇ!

ਹੌਲੀ ਹੌਲੀ ਟੁਰਦਾ ਜਾ,
ਡਿੱਗ ਡਿੱਗ ਕੇ ਵੀ ਰੁੜ੍ਹਦਾ ਜਾ।
ਟਲੀਆਂ ਤੇ ਘੁੰਗਰੂ ਛਣਕਾ,
ਅੱਗੇ ਅੱਗੇ ਵੱਧਦਾ ਜਾ।

ਨੈਣੀ ਪਾ ਲੈ ਰੱਬੀ ਨੂਰ,
ਮੰਨਜਲ ਸਾਡੀ ਡਾਢੀ ਦੂਰ।

ਟਣ ਟਣ ਕਰਦੀਆਂ ਤੇਰੀਆਂ ਟੱਲੀਆਂ,
ਕਿਸੇ ਅਨੋਖੇ ਰਾਹ ਨੂੰ ਚਲੀਆਂ।
ਖੜਕੀਂ ਜਾਵਣ ਹੋ ਹੋ ਝੱਲੀਆਂ,
ਗੂੰਜਾਂ ਵਿਚ ਹਵਾਵਾਂ ਰੱਲੀਆਂ।

ਲੋਕੋ ਅਸਾਂ ਵਜਾਏ ਸਾਰੇ,
ਨਿੱਕੇ ਨਿੱਕੇ ਕੂਚ ਨਗਾਰੇ।
ਸੁੱਤੇ ਕੰਨਾਂ ਵਿਚ ਗੁਜਾਰੇ,
ਗੀਤ ਕੂਚ ਦੇ ਨਿਆਰੇ ਨਿਆਰੇ।

ਟੁਰ ਪਿਆ ਏ ਨਿੱਕਾ ਜਿਹਾ ਪੂਰ,
ਮੰਜ਼ਲ ਸਾਡੀ ਡਾਢੀ ਦੂਰ।

ਵਾਹ ਵਾਹ ਬੁੱਢੇ ਢੱਗੇ ਵਾਹ,
ਹੰਢ ਗਿਓਂ ਪਰ ਜੱਗ ਹੰਢਾ।
ਤੂੰ ਡਿੱਠੇ ਕਈ ਡੂੰਘੇ ਰਾਹ,
ਤੂੰ ਡਿੱਠੇ ਦੁਨੀਆਂ ਦੇ ਚਾ।

ਤੂੰ ਡਿੱਠੇ ਕਈ ਗਮੀਆਂ ਹਾਸੇ,
ਤੂੰ ਡਿੱਠੇ ਕਈ ਰੰਗ ਤਮਾਸ਼ੇ।
ਤੂੰ ਡਿੱਠੇ ਕਈ ਤੋਲੇ ਮਾਸ਼ੇ,
ਤੂੰ ਡਿੱਠੇ ਲੱਖ ਰੁਅਬ ਦਿਲਾਸੇ।

ਪਰ ਨ ਬੀਤ ਗਈ ਨੂੰ ਝੂਰ,
ਮੰਜ਼ਲ ਸਾਡੀ ਡਾਢੀ ਦੂਰ।

ਖੜ੍ਹ ਖੜ੍ਹ ਕਰਦੇ ਫਲੜ ਟੁੱਟੇ,
ਤੂੰ ਟੁਰਿਆ ਚਲ ਵਾਟ ਨਾ ਖੁੱਟੇ।
ਏਹ ਟੁੱਟੇ ਹਿੰਮਤ ਤੋਂ ਰੁੱਠੇ,
ਏਹ ਰੁੱਠੇ ਦੁਨੀਆਂ ਦੇ ਸੁੱਟੇ।

ਖੜ੍ਹ ਖੜ੍ਹ ਕੇ ਨ ਪਿਛੇ ਨੂੰ ਤੱਕੀਂ,
ਦਿਲ ਆਪਣੇ ਨੂੰ ਕਾਬੂ ਰੱਖੀਂ।
ਥੱਕਦੇ ਪੈਰ ਅਗ੍ਹਾਂ ਨੂੰ ਚੱਕੀਂ,
ਅੱਖੀਆਂ ਖ੍ਹੋਲ ਅਗੇਰੇ ਤੱਕੀਂ।

ਔਹ ਵੇਖੇ ਨ ਉਡਦੀ ਧੂੜ,
ਮੰਜ਼ਲ ਸਾਡੀ ਡਾਢੀ ਦੂਰ।

ਪਹੀਏ ਦੋਵੇਂ ਚੀਂ ਚੀਂ ਕਰਦੇ,
ਖਵਰੇ ਪਾਗਲ ਵਾਟੋਂ ਡਰਦੇ।
ਰੋ ਰੋ ਹੱਟਕੋਰੇ ਭਰਦੇ,
ਲੀਹਾਂ ਦੇ ਵੀ ਧੱਕੇ ਜਰਦੇ।

ਲੱਗ ਨ ਥੱਮ੍ਹੇਂ, ਥਿੜਕ ਨ ਖਾ,
ਲੁੜ੍ਹਕ ਨ ਖਿਛੇ ਅੱਗੇ ਆ।
ਆਸ ਨ ਆਪਣੇ ਦਿਲ ਦੀ ਢਾਹ,
ਡੁੱਬਾ ਨਹੀਂ ਦਿਨ ਝਾਤੀ ਪਾ।

ਬੱਦਲਾਂ ਪਿਛੇ ਚਮਕੇ ਨੂਰ,
ਮੰਜ਼ਲ ਸਾਡੀ ਡਾਢੀ ਦੂਰ।

ਕੀ ਹੋਇਆ ਜੇ ਉਮਰ ਬਿਤਾਈ,
ਜੀਵਨ-ਕਲੀ ਤੇਰੀ ਮੁਰਝਾਈ।
ਨੈਣਾਂ ਦੇ ਵਿਚ ਨੂਰ ਨ ਕਾਈ,
ਦਿਲ ਦੇ ਵਿਚ ਸਰੂਰ ਨ ਕਾਈ।

ਕਰ ਹਿੰਮਤ ਦੇ ਕੱਠੇ ਤਾਰ,
ਵੱਟ ਕਚੀਚੀ ਹੰਭਲਾ ਮਾਰ।
ਮਰ ਜਾਣਾ ਮੰਜ਼ਲ ਵਿਚਕਾਰ,
ਇਹਨੂੰ ਆਂਹਦੇ ਲਗਣਾ ਪਾਰ।

'ਮਾਨ' ਜਿਵੇਂ ਪੁੱਜਾ ਮਨਸੂਰ,
ਮੰਜ਼ਲ ਸਾਡੀ ਡਾਢੀ ਦੂਰ।

ਨਸਦੇ ਤਿੱਤਰ ਨੂੰ!

ਸੁਣ ਵੇ ਛੈਲ ਛਬੀਲਿਆ ਤਿੱਤਰਾ,
ਮੇਰਿਆ ਰੰਗ ਰੰਗੀਲਿਆ ਮਿੱਤਰਾ।

ਡਰ ਡਰ ਕੇ ਕਿਉਂ ਲੁਕਦਾ ਜਾਵੇਂ?
ਢੀਮਾਂ ਉਹਲੇ ਛੁਪਦਾ ਜਾਵੇਂ।

ਕਿਉਂ ਮੈਥੋਂ ਲੁਕ ਲੁਕ ਕੇ ਗਾਵੇਂ?
ਉਹਲੇ ਕੋ ਹੋ ਹੋ ਪੈਲਾਂ ਪਾਵੇਂ।

ਆ ਮੇਰੇ ਮੋਢੇ ਤੇ ਬਹਿਕੇ,
ਤੂੰ ਅਰਸ਼ੀ ਲੋਰਾਂ ਵਿਚ ਪੈਕੇ।

ਕੰਨ ਮੇਰੇ ਨੂੰ ਚੁੰਝ ਲਗਾ,
ਹੌਲੀ ਹੌਲੀ ਗਾਵੀਂ ਜਾ।

ਢੀਮਾਂ ਓਹਲੇ ਹੋਕੇ ਅੜਿਆ,
ਆਪਣਾ ਆਪ ਲਕੋ ਕੇ ਅੜਿਆ।

ਸਹਿਮ ਸਹਿਮ ਸਿਰ ਚਾਂਦਾ ਤੂੰ,
ਤਿਤਰੀ ਤਾਈਂ ਡਰਾਂਦਾ ਤੂੰ।

ਏਹ ਜਿੰਦੜੀ ਤੜਫਾ ਨ ਅੜਿਆ,
ਸਹਿਮ ਸਹਿਮ ਮੁਰਝਾ ਨ ਅੜਿਆ।

ਮੈਂ ਕੋਈ ਆਦਮ ਖੋਰ ਨਹੀਂ ਹਾਂ,
ਮੈਂ ਜ਼ਾਲਮ ਦਾ ਜ਼ੋਰ ਨਹੀਂ ਹਾਂ।

ਨਹੀਂ ਕਿਸੇ ਨੂੰ ਮਾਰਨ ਜੋਗਾ,
ਵਿਚ ਪਿੰਜਰੇ ਨਹੀਂ ਤਾੜਨ ਜੋਗਾ,

ਨ ਮੈਂ ਧੌਣ ਮਰੋੜਨ ਜੋਗਾ,
ਨ ਮੈਂ ਲਗੀਆਂ ਤੋੜਨ ਜੋਗਾ।

ਮੈਂ ਕੀ ਖੰਭ ਕਿਸੇ ਦੇ ਖੋਹਣੇ?
ਮੈਂ ਕੀ ਕੇਸ਼ ਕਿਸੇ ਦੇ ਛੋਹਣੇ।

ਮੈਂ ਨਹੀਂ ਹਾਂ ਸੱਯਾਦ ਚਮਨ ਦਾ,
ਨ ਦੋਸਾਸ਼ਨ ਦਰਯੋਧਨ ਦਾ।

ਮੈਂ ਹਾਂ ਆਪ ਕਿਸੇ ਦਾ ਕੈਦੀ,
ਲਾਲੀ ਦੀ ਵੀ ਹੋਈ ਸੁਫੈਦੀ।

ਮੇਰੀ ਧੌਣ ’ਚ ਵਲ ਨੇ ਲੱਖਾਂ,
ਲਗ ਲਗ ਟੁਟੀਆਂ ਮੇਰੀਆਂ ਅੱਖਾਂ।

ਲਾਗੇ ਆ ਜਾ ਡਰ ਭੌ ਲ੍ਹਾਕੇ,
ਤਿਤਰੀ ਨੂੰ ਬੇ-ਫ਼ਿਕਰ ਬਣਾ ਕੇ।

ਹੌਲੀ ਹੌਲੀ ਗਾਈ ਜਾ,
ਮੇਰੇ ਦਰਦ ਵੰਡਾਈ ਜਾ।

ਪ੍ਰੀਤਮ ਦੇ ਰੰਗ ਰੱਤਾ ਹੋਇਆ,
ਐਪਰ ਮਾਨ ‘ਚਿ ਮੱਤਾ ਹੋਇਆ।

"ਪੀ ਤੱਕ ਪੀ ਤੱਕ" ਆਂਹਦਾ ਵੇਂ ਤੂੰ,
ਤਿਤਰੀ ਨੂੰ ਝੁਟਲਾਂਦਾ ਏਂ ਤੂੰ।

ਅੜਿਆ ਪ੍ਰੀਤਮ ਪਾ ਕੇ ਅਪਣਾ,
ਸੋਹਣਾ ਰੰਗ ਵਟਾ ਕੇ ਅਪਣਾ।

ਐਡਾ ਮਾਨ ਕਦੇ ਨ ਕਰੀਏ।
ਦਿਲ ਨੂੰ ਡਾਹਢਾ ਕਰਕੇ ਜ਼ਰੀਏ।

ਮੈਨੂੰ ਤਾਂ ਜਾਪੇਂ ਕੋਈ ਰਾਂਝਾ,
ਤਖ਼ਤ ਹਜ਼ਾਰਿਓਂ ਹੋ ਕੇ ਵਾਂਝਾ।

ਪਿਉ ਦੀ ਇੱਜ਼ਤ ਖ਼ਾਕ ਰੁਲਾ ਕੇ,
ਕੰਨਾਂ ਦੇ ਵਿਚ ਮੁੰਦਰਾਂ ਪਾ ਕੇ।

ਮਿਨਤਾਂ ਕਰ ਕਰ ਲੱਖ ਹਜ਼ਾਰਾਂ।
ਬਾਲ ਨਾਥ ਤੋਂ ਮਾਰੀਆਂ ਮਾਰਾਂ।

ਤਿਤਰਾਂ ਵਾਲੀ ਸ਼ਕਲ ਵਟਾਈ।
'ਕਾਲੀ-ਤਿਤਰੀ' ਹੀਰ ਬਣਾਈ।

ਖੁਰਾ ਕਿਤੇ ਕੁਈ ਕੱਢ ਲਏ ਨਾ।
ਖੇੜਾ ਲੱਭ ਕੇ ਵੱਢ ਦਏ ਨਾ।

ਜਾਨਣ ਲੋਕੀ ਕੀ ਵਿਚਾਰੇ।
ਏਸ ਨਵੇਂ ਜੋਗੀ ਦੇ ਕਾਰੇ।

---------
ਯਾਂ ਮਹੀਂਵਾਲ ਵਿਚਾਰਾ ਹੋਸੇਂ,
ਕਿਸੇ ਦਾ ਡੁੱਬਾ ਤਾਰਾ ਹੋਸੇਂ,

ਮਸਤੀ ਵਿਚ ਝਨਾਂ ਨੇ ਆਕੇ,
ਜੱਗ ਦੀ ਅੱਖੀਂ ਘੱਟਾ ਪਾ ਕੇ।

ਲਹਿਰਾਂ ਹੇਠ ਲੁਕਾਈ ਸੋਹਣੀ,
ਤੇਰੇ ਪੱਲੇ ਪਾਈ ਸੋਹਣੀ।

ਹੁਸਨ ਇਸ਼ਕ ਦੇ ਖੰਭ ਲਗਾ ਕੇ,
ਤੂੰ ਸੋਹਣੀ ਨੂੰ ਨਾਲ ਰਲਾ ਕੇ।

ਆ ਵੜਿਓਂ ਪਰਦੇਸਾਂ ਅੰਦਰ,
ਛੱਡ ਕੇ ਓਸ ਝਨਾਂ ਦੇ ਮੰਦਰ।

ਛਡਿਆ ਦੇਸ ਅਬਾਦੀ ਛੱਡੀ,
ਹਰੀ ਝਨਾਂ ਦੀ ਵਾਦੀ ਛੱਡੀ।

ਲੁਕਦਾ ਫਿਰਦੈ ਖਾਲੀਂ ਬੰਨੀਂ,
ਤ੍ਰਿਭਕਣ ਰਹਿੰਦੀ ਤੇਰੇ ਕੰਨੀਂ।

ਸਭ ਦੁਨੀਆਂ ਤੋਂ ਪਾਸੇ ਰਹਿ ਕੇ,
ਹੁਣ ਤੂੰ ਵਿਚ ਉਜਾੜਾਂ ਬਹਿ ਕੇ।

ਕੱਲਮ ਕੱਲਾ ਮਾਣੇ ਰਲੀਆਂ,
ਇਸ਼ਕ ਦੀਆਂ ਤੂੰ ਜੂਹਾਂ ਮਲੀਆਂ।

--------
ਪੁੰਨੂੰ! ਜਾਂ ਤੂੰ ਸੱਸੀ ਲੈਕੇ,
ਚੰਨ ਦੀਆਂ ਕਿਰਨਾਂ ਉੱਤੇ ਬਹਿਕੇ।

ਆ ਵੜਿਆਂ ਏ ਦੁਨੀਆਂ ਅੰਦਰ,
ਛਡ ਕੇ ਉਹ ਮਣੀਆਂ ਦੇ ਮੰਦਰ।

ਪਲੰਘ ਰੰਗੀਲੇ ਭਾਏ ਨ ਉਹ,
ਤਖ਼ਤ ਤੇਰੇ ਮਨ! ਆਏ ਨ ਉਹ।

ਉਹ ਸੁਰਗਾਂ ਦਾ ਜੀਵਨ ਬੱਲੇ!
ਅੜਿਆ ਕੀ ਸੀ ਏਦੂੰ ਥੱਲੇ?

ਯਾਰ ਤੇਰੇ ਦੇ ਸੱਥਰਾਂ ਤੋਂ ਵੀ,
ਇਹ ਵਾਹਣਾਂ ਦੇ ਪੱਥਰਾਂ ਤੋਂ ਵੀ।

---------
ਖ਼ੈਰ ਏਹ ਤੇਰੇ ਦਿਲ ਦੇ ਤਾਣੇ,
ਵਿਰਲਾ ਵਿਰਲਾ ਆਸ਼ਕ ਜਾਣੇ।

ਪਰ ਮੈਂ ਹਾਂ ਇਕ ਕੱਲਮ ਕੱਲਾ।
ਵਿਚ ਉਜਾੜਾਂ ਹੋਇਆ ਝੱਲਾ।

ਟੁੱਟਿਆ ਟਿੱਮ ਟਿੱਮ ਕਰਦਾ ਦੀਵਾ,
ਖ਼ਾਤਰ, ਕਿਸੇ ਦੀ ਹੋਇਆ ਖੀਵਾ।

ਖੂਨ ਜਿਗਰ ਦਾ ਪੀ ਕੇ ਆਪੇ,
ਪਿਆ ਸੜਾਂ ਪਰ ਅੱਗ ਨ ਜਾਪੇ।

ਮੇਰੇ ਲੇਖ ਚਿਰਾਂ ਦੇ ਸੁੱਤੇ,
ਮੇਰੀ ਤਪਦੀ ਲਾਟ ਦੇ ਉੱਤੇ।

ਨਾ, ਕੋਈ ਆ ਕੇ ਸੜੇ ਪਤੰਗਾ,
ਨ ਕੋਈ ਭੇਟਾ ਚੜ੍ਹੇ ਪਤੰਗਾ।

ਨ ਹੀ ਖਾਵੇ ਤਰਸ ਝਨ੍ਹਾਂ,
ਜੋਗੀ ਫੜਨ ਨ ਮੇਰੀ ਬਾਂਹ।

ਲਾਗੇ ਆ ਜਾ ਡਰ ਭੌ ਲਾ ਕੇ,
ਤਿਤਰੀ ਨੂੰ ਬੇ-ਖੌਫ ਬਣਾ ਕੇ।

ਹੌਲੀ ਹੌਲੀ ਗਾਈ ਜਾ,
ਮੇਰੇ ਦਰਦ ਵੰਡਾਈਂ ਜਾ।

ਖੰਭਾਂ ਵਾਲੇ ਹੇ ਮਹੀਂਵਾਲ,
ਮੈਨੂੰ ਲੈ ਜਾ ਆਪਣੇ ਨਾਲ।

ਬਹਿ ਬਹਿ ਜਿਥੇ ਹੱਸਦਾ ਏਂ ਤੂੰ,
ਕਈ ਡੁੱਬੇ ਦਿਲ ਖੱਸਦਾ ਏਂ ਤੂੰ।

ਤੂੰ, ਤਿੱਤਰੀ, ਤੇ 'ਮਾਨ' ਜਵਾਨੀ,
ਵਾਹਣਾਂ ਵਿਚ ਉਛਲੇ ਜ਼ਿੰਦਗਾਨੀ।

ਹੀਰ ਦੇ ਮਜ਼ਾਰ ਨੂੰ ਵੇਖਕੇ

ਵਗਦੇ ਇਸ਼ਕ ਝਨਾਂ ਵਿਚ ਨ੍ਹਾਤੀਏ ਨੀ,
ਕਿੱਥੇ ਸੁੱਤੀ ਏਂ ਲੰਮੀਆਂ ਤਾਣ ਅੜੀਏ।
ਛੁਪ ਗਈ ਏ ਨਿੱਕੀ ਜਹੀ ਕੋਠੜੀ ਵਿਚ,
ਤੈਨੂੰ ਭਾਲਦਾ ਫਿਰੇ ਜਹਾਨ ਅੜੀਏ।

ਮੈਂ ਵੀ ਰਿਹਾ ਉਡੀਕਦਾ ਸਬਰ ਕਰ ਕਰ,
ਸਾਡੇ ਪਿੰਡ ਵਲ ਕਦੀ ਤੇ ਆਏਂਗੀ ਤੂੰ।
ਜੋਗੀ ਨਾਥ ਦਾ ਮੁਨਿਆ ਨਵਾਂ ਚੇਲਾ,
ਨਵੀਏਂ ਜੋਗਣੇ! ਨਾਲ ਲਿਆਏਂਗੀ ਤੂੰ।

ਮੈਨੂੰ ਚਾਹ ਸੀ ਸੋਹਣੀਏਂ ਵੇਖਣੇ ਦੀ,
ਲਿਟਾਂ ਖੁੱਲੀਆਂ ਗਲੇ ਵਿਚ ਤੇਰੀਆਂ ਨੀ।
ਕਿਵੇਂ ਆਸ਼ਕ ਝਨਾਂ ਦੇ ਕੰਢਿਆਂ ਦੇ,
ਪਿੰਡ ਪਿੰਡ ਅੰਦਰ ਪੌਂਦੇ ਫੇਰੀਆਂ ਨੀ।

ਕਿਵੇਂ ਰਾਧਕਾਂ, ਕਾਨ੍ਹ ਦੇ ਨਾਲ ਫਿਰਦੀ,
ਕਿਵੇਂ ਕਾਨ੍ਹ ਦੀ ਬੰਸਰੀ ਵੱਜਦੀ ਏ।
ਕਿਵੇਂ ਧੂੜ ਚੰਨਣ ਦੀਆਂ ਲੱਕੜਾਂ ਦੀ,
ਤੇਰੇ ਡੁਲ੍ਹਦੇ ਰੂਪ ਨੂੰ ਕੱਜਦੀ ਏ।

ਮਾਲਾ ਬੇਰਾਂ ਦੀ ਕੋਮਲ ਕਲਾਈ ਉਤੇ,
ਥਾਂ ਕੰਗਣਾਂ ਦੀ ਕਿਵੇਂ ਫੱਬਦੀ ਏ।
ਕਿਵੇਂ ਬੁਲ੍ਹੀਆਂ ਪੱਤੀਆਂ ਵਰਗੀਆਂ ਚੋਂ,
ਅੜੀਏ ਸੱਦ ਅਲੱਖ ਦੀ ਜੱਗਦੀ ਏ।

ਕਿਵੇਂ ਚਿੱਪੀ ਨੂੰ ਜ਼ਰਾ ਉਲਾਰ ਅੱਗੇ,
ਖ਼ੈਰ ਜੱਟੀ ਮਜਾਜਨੇ ਮੰਗਨੀ ਏਂ।
ਨਵੀਏਂ ਜੋਗਣੇ ਦਾਤੀਆਂ ਅੱਖੀਆਂ ਚੋਂ,
ਦਾਣੇ ਲੈਣ ਲੱਗੀ ਕੀਕੂੰ ਸੰਗਨੀ ਏਂ।

(ਪਰ) ਮੇਰੇ ਮਨ ਦੀਆਂ ਰਹਿ ਗਈਆਂ ਮਨ ਅੰਦਰ,
ਮੇਰੇ ਨਾਲ ਕਈ ਰੋਂਦੇ ਫ਼ਕੀਰ ਰਹਿ ਗਏ।
ਗੁੱਝੇ ਇਸ਼ਕ ਵਿਚ ਵਾਰਿਸ ਜਹੇ ਹੋ ਝੱਲੇ,
ਮੂੰਹ ਪਾੜ ਕਰਦੇ ਹੀਰ ਹੀਰ ਰਹਿ ਗਏ।

ਬਾਲ ਨਾਥ ਬਹਿ ਕੇ ਉਤੇ ਟਿੱਲਿਆਂ ਦੇ,
ਰਿਹਾ ਰਾਹ ਰੰਝੇਟੇ ਦੇ ਭਾਲਦਾ ਨੀ।
ਜੱਟੀ ਹੀਰ ਦੇ ਕੰਨਾਂ ਨੂੰ ਪਾੜਨੇ ਲਈ,
ਜੋਗੀ ਉਸਤਰੇ ਰਿਹਾ ਸੰਭਾਲਦਾ ਨੀ।

ਲਾਰੇ ਖੱਬਰੇ ਤੂੰ ਕੈਸੇ ਲਾਏ ਹੈਸਨ,
ਵੱਖ ਕਰ ਦਿੱਤੀ ਅਪਣੀ ਛਾਂ ਮੋਈਏ!
ਕੋਹਾਂ ਦੂਰ ਅੱਜ ਝੰਗ ਤੋਂ ਬੇਲਿਆਂ ਵਿਚ,
ਤੈਨੂੰ ਢੂੰਡਦਾ ਫਿਰੇ ਝਨਾਂ ਮੋਈਏ।

ਕੱਲ ਪੁੱਛਿਆ ਤੇਰੇ ਝਨਾਂ ਕੋਲੋਂ,
ਫਿਰੇਂ ਕਿਵੇਂ ਇਹ ਹੱਡੀਆਂ ਗਾਲਦਾ ਤੂੰ।
ਕੋਹਾਂ ਦੂਰ ਅੱਜ ਝੰਗ ਤੋਂ ਬੇਲਿਆਂ ਵਿਚ,
ਫਿਰੇਂ ਕਮਲਿਆ ਹੀਰ ਨੂੰ ਭਾਲਦਾ ਤੂੰ।

ਅਗੋਂ ਕਿਹਾ ਝਨਾਂ ਨੇ "ਝੱਲਿਆ ਓਏ!,
ਨੱਢੀ ਹੀਰ ਨੂੰ ਤੇ ਖੂਬ ਜਾਣਦਾ ਹਾਂ।
(ਪਰ) ਰਾਂਝਾ ਢੂਡਣੇ ਦਾ ਦਿਤਾ ਹੁਕਮ ਉਸਨੇ,
ਤਾਂ ਮੈਂ ਖ਼ਾਕ ਜਹਾਨ ਦੀ ਛਾਣਦਾ ਹਾਂ।

ਤਾਂ ਵੀ ਘੁਮਾਂਗਾ ਸਾਰੀ ਜ਼ਮੀਨ ਉਤੇ,
ਮਿਲੇ ਕਿਤੇ ਜੇਕਰ ਰਾਂਝਣ ਵੀਰ ਮੈਨੂੰ।
ਮੈਂ ਵੀ ਏਹੋ ਜਹਾਨ ਚੋਂ ਖੱਟਣਾ ਏਂ,
ਥਾਪੀ ਦੇ ਦੇਵੇ ਜੱਟੀ ਹੀਰ ਮੈਨੂੰ।"

ਬੁੱਕਲ ਯਾਰ ਤੇ ਡੌਂਡੀਆਂ ਸ਼ਹਿਰ ਅੰਦਰ,
ਢੂੰਡਣ ਲਈ ਝਨਾਂ ਨੂੰ ਘੱਲਿਆ ਈ।
ਨੀ! ਕੀ ਖੱਟਿਆ ਆਸ਼ਕ ਨੂੰ ਦਗ਼ਾ ਦੇਕੇ?
ਘੁਰਨਾ ਵਿਚ ਉਜਾੜਾਂ ਦੇ ਮੱਲਿਆ ਈ।

ਸੁੰਞੇ ਛੱਡ ਕੇ ਬਾਬਲ ਦੇ ਮੰਦਰਾਂ ਨੂੰ,
ਡੇਰਾ ਲਾ ਲਿਓ ਈ ਕਬਰਸਤਾਨ ਅੰਦਰ।
ਮਰਲਾ ਥਾਂ ਨ ਤੈਨੂੰ ਪਸੰਦ ਆਈ,
ਅਰਬਾਂ ਕੋਹ ਦੇ ਚੌੜੇ ਜਹਾਨ ਅੰਦਰ।

'ਹੱਸੀ' ਰੋਂਵਦੀ ਕੂਕਦੀ ਪਈ ਲੱਭੇ,
ਰੋਣ ਹੋਰ ਸਹੇਲੀਆਂ ਪਿਆਰੀਆਂ ਨੀ!
ਤੇਰੀ ਕਿੱਸ਼ਤੀ ਨੂੰ ਢੂੰਡਣ ਝਨਾਂ ਅੰਦਰ,
ਲਹਿਰਾਂ ਕਮਲੀਆਂ ਹੋ ਵਿਚਾਰੀਆਂ ਨੀ!

ਰਾਂਝੇ ਨਾਲ ਪਈ ਮਾਣਦੀ ਲੱਖ ਮੌਜਾਂ,
ਤੈਨੂੰ ਅੱਜ ਨਾ ਕੋਈ ਵੀ ਰੋਕਦਾ ਨੀ!
ਉਹਦੀ ਲਤ ਫੜਕੇ ਲੋਕੀ ਤੋੜ ਦੇਂਦੇ,
ਤੈਨੂੰ ਅੱਜ ਜੇਕਰ ਕੈਦੋ ਟੋਕਦਾ ਨੀ।

ਅੱਜ ਪਤਾ ਏ ਸਿਆਲਾਂ ਤੇ ਖੇੜਿਆਂ ਨੂੰ,
ਲੈ ਕੇ ਅਰਸ਼ ਤੋਂ ਆਈ ਸੈਂ ਯਾਰ ਰਾਂਝਾ।
ਤੂੰ ਸੈਂ ਇਸ਼ਕ ਹਕੀਕੀ ਦੀ ਕੋਈ ਰਾਣੀ,
ਹੈਸੀ ਆਪ ਵਲੀ ਅਵਤਾਰ ਰਾਂਝਾ।

ਨਹੀਂ ਨਹੀਂ, ਤੂੰ ਰਾਧਾਂ ਤੇ ਕਾਨ੍ਹ ਸੀ ਉਹ,
ਉਹਦੀ ਵੰਝਲੀ ਬੰਸਰੀ ਕਾਨ੍ਹ ਦੀ ਸੀ।
ਤੇਰੇ ਬੇਲੇ ਸੀ ਬਿੰਦਰਾ-ਬਨ ਉਹਦੇ,
ਉਹਦੀ ਜਮਨਾ ਝਨਾਂ ਦੇ ਹਾਣ ਦੀ ਸੀ।

ਐਪਰ ਪੰਜ ਦਰਿਆ ਦੀਏ ਰਾਣੀਏ ਨੀ,
ਸੁੱਤੀ ਪਈ ਏਂ ਨਿੱਕੀ ਜਹੀ ਮੜ੍ਹੀ ਅੰਦਰ।
ਸਰੀ ਛੱਤ ਨਹੀਂ ਮਾਪਿਆਂ ਰਾਜਿਆਂ ਤੋਂ,
ਸਾਰੀ ਭਿੱਜ ਜਾਵੇਂ ਭਾਵੇਂ ਝੜੀ ਅੰਦਰ।

ਕਿਸੇ ਭੇਤੀ ਜਾਂ ਆਣ ਕੇ ਛਤ ਲਾਹੀ,
ਪਈ ਵੇਖ ਡਾਹਢੀ ਬੇਹਵਾਸ ਤੈਨੂੰ।
ਜਮ੍ਹਾ ਹੋ ਕੇ ਜਿਗਰ ਦੇ ਹਾਵਿਆਂ ਦੀ,
ਸਾੜ੍ਹ ਦਏ ਨ ਤੇਰੀ ਭੜਾਸ ਤੈਨੂੰ।

ਯਾਂ ਕੀ ਖੇੜਿਆਂ ਦੇ ਗਿਝੇ ਰਾਂਝਣੇ ਦੇ,
ਦਿਲ ਵਿਚ ਉੱਠਿਆ ਫੇਰ ਉਬਾਲ ਹੀਰੇ!
ਛੱਤ ਪਾੜ ਕੇ ਮੌਤ ਨੂੰ ਕੀਲਣੇ ਲਈ,
ਪੱਕੇ ਫ਼ਰਸ਼ ਉਤੇ ਮਾਰੀ ਛਾਲ ਹੀਰੇ।

ਤੈਨੂੰ ਮਾਪਿਆਂ ਨੇ ਦੱਬਿਆ ਦੂਰ ਤਾਂਹੀਏਂ,
ਲਾਗ ਕਿਸੇ ਨੂੰ ਜਾਏ ਨ ਲੱਗ ਤੇਰੀ।
ਨਿਕਲ ਨਿਕਲ ਕੇ ਤੱਤੀਏ ਜਿਗਰ ਵਿਚੋਂ,
ਠੰਢੀ ਹੋ ਜਾਏ ਇਸ਼ਕ ਦੀ ਅੱਗ ਤੇਰੀ।

ਯਾਂ ਕੀ ਮੂਸੇ ਦੀ ਮੰਨ ਕੇ ਗਲ ਮੋਈਏ,
ਕਰੇੰ ਰਾਜ ਸਤਵੇਂ ਅਸਮਾਨ ਉੱਤੇ।
ਖ਼ਾਲੀ ਕਬਰ ਵਿਚ ਜਾਣ ਕੇ ਹੀਰ ਸੁੱਤੀ,
ਐਵੇਂ ਰੋਂਦਾ ਨ ਰਹੇ ਜਹਾਨ ਉੱਤੇ।

ਮੇਰੀ ਵਜਦ ਵਿਚ ਆਈ ਹੋਈ ਆਤਮਾ ਨੂੰ,
ਕਿਸੇ ਆਤਮਾ ਆਖਿਆ ਬਸ ਕਵੀਆ।
ਕਿਵੇਂ ਛੱਤ ਪਾਟੀ ਤੈਨੂੰ ਦੱਸਨੀ ਹਾਂ,
ਐਵੇਂ ਊਤ ਪਟਾਂਗ ਨਾ ਦੱਸ ਕਵੀਆ।

"ਰੱਬ ਘੱਲਿਆ ਲੱਖਾਂ ਫ਼ਰਿਸ਼ਤਿਆਂ ਨੂੰ,
ਮੈਨੂੰ ਆਏ ਬੁਲਾਣ ਸਨ ਅਰਸ਼ ਉੱਤੇ।
ਪਰ ਮੈਂ ਘੁਟ ਕੇ ਚਮਟ ਗਈ ਰਾਂਝਣੇ ਨੂੰ,
ਸੱਤੀ ਰਹੀ ਮੈਂ ਖ਼ਾਕ ਦੇ ਫ਼ਰਸ਼ ਉੱਤੇ।

ਤਾਹੀਓਂ ਧਰਮ ਜਹਾਨ ਦਾ ਡੋਲਿਆ ਏ,
ਰੱਬ ਅੱਪਣੇ ਫ਼ਰਜ਼ ਲਿਤਾੜ ਦਾ ਏ।
ਛੱਤ ਪਾੜ ਕੇ ਤੇ ਮੇਰੀ ਕੱਬਰ ਉਤੋਂ,
ਪਾੜ ਪਾੜ ਕੇ ਅੱਖੀਆਂ ਤਾੜ ਦਾ ਏ।

ਤੇਰੀ ਜੁਤੀ ਤੋਂ ਵਾਰੇ ਬਹਿਸ਼ਤ ਅੜੀਏ,
ਠੁਠ ਤੇਰਾ ਅਸਮਾਨ ਨੂੰ ਜਾਏ ਹੀਰੇ।
ਉੱਚੇ ਅਰਸ਼ ਤੇ ਥੁੱਕੇ ਬਲਾ ਤੇਰੀ,
ਮੂਸਾ ਨਿਤ ਪਿਆ ਘੁੰਬਰਾਂ ਪਾਏ ਹੀਰੇ।

ਜੇਕਰ ਖ਼ਾਕ ਛੋਹੇ ਪੈਰਾਂ ਤੇਰਿਆਂ ਨੂੰ,
ਜ਼ੱਰੇ ਜ਼ੱਰੇ ਵਿਚ ਆਵੇ ਬਹਾਰ ਅੜੀਏ।
ਵਾਰ ਦਿਤੇ ਤੂੰ ਯਾਰ ਦੀ ਪੁਛ ਉਤੋਂ,
ਲੱਖਾਂ ਮੂਸੇ ਤੇ ਰੱਬ ਹਜ਼ਾਰ ਅੜੀਏ।

ਮੈਂ ਹੁਣ ਸਮਝਿਆ ਮਿੱਟੀ ਦੀ ਮੜ੍ਹੀ ਨਹੀਂ ਏਹ,
ਬੂਟਾ ਇਸ਼ਕ ਦਾ ਸਦਾ-ਬਹਾਰ ਹੈ ਇਹ।
ਸਾਂਭਣ ਲਈ ਜਾਂ ਤੇਰਿਆਂ ਜਜ਼ਬਿਆਂ ਨੂੰ,
ਦਿਤਾ ਇਸ਼ਕ ਨੇ ਮਹਿਲ ਉਸਾਰ ਹੈ ਇਹ।

ਸਦਾ ਯੂਸਫ਼ ਜ਼ੁਲੈਖ਼ਾਂ ਦੇ ਨਾਲ ਵੱਸੇ,
ਨਿਤ ਉੱਠਦੀ ਏ ਨਵੀਂ ਆਸ ਏਥੇ।
ਨਵੇਂ ਕਾਨ੍ਹ ਦੀ ਬੰਸਰੀ ਵੱਜਦੀ ਏ,
ਨਵੀਂ ਰਾਧਕਾਂ ਪਾਉਂਦੀ ਰਾਸ ਏਥੇ।

ਜੀਂਦੀ ਵੇਖ ਲੈਂਦੇ ਖਵਰੇ ਲੱਭਦਾ ਕੀ,
ਲੱਖਾਂ ਮੁਲ ਹੈ ਕਬਰ ਦੀ ਝਾਤ ਦਾ ਨੀ।
ਜਿਹੜਾ ਤੈਨੂੰ ਵੀ ਖ਼ਿਜ਼ਰ ਨੇ ਨਹੀਂ ਦਿੱਤਾ,
ਫਿੱਟੇ ਮੂੰਹ ਜਿਹੇ ਆਬਿ-ਹਯਾਤ ਦਾ ਨੀ।

ਤੇਰੀ ਕਬਰ ਤੇ ਆਵਣਾ ਇਕ ਵਾਰੀ,
ਲੱਖਾਂ ਤੀਰਥਾਂ ਦੇ ਹੁੰਦਾ ਤੁੱਲ ਅੜੀਏ।
ਮੜ੍ਹੀ ਵੇਖ ਜੇ ਬਣੇ ਮਜੌਰ ਕੋਈ,
ਤਾਂ ਵੀ ਤਰੇ ਨ ਦੀਦ ਦਾ ਮੁੱਲ ਅੜੀਏ।

ਮੱਥੇ ਟੇਕਦੇ ਨੇ ਲੋਕੀ ਸਾਧੂਆਂ ਨੂੰ,
ਸਾਧੂ ਤੇਰਿਆਂ ਪੈਰਾਂ ਤੇ ਝੁਕਦੇ ਨੇ।
ਖੋਜੀ ਇਸ਼ਕ ਹਕੀਕੀ ਦੇ ਰੋਜ਼ ਆ ਕੇ,
ਮਿੱਟੀ ਮੜ੍ਹੀ ਦੀ ਨੈਣਾਂ ਤੇ ਚੁੱਕਦੇ ਨੇ।

ਮੱਕਾ ਮੋਮਨਾਂ ਦਾ, ਕਾਂਸ਼ੀ ਬਾਹਮਣਾਂ ਦੀ,
ਤਰਬਾਂ ਛੇੜਦਾ ਰਹੇ ਰਾਂਝਣ ਯਾਰ ਤੇਰਾ।
ਸੱਜਦੇ ਕਰਨ ਸ਼ਾਇਰ ਰਾਣੀ ਇਸ਼ਕ ਦੀ ਨੂੰ,
'ਮਾਨ' ਵੱਸਦਾ ਰਹੇ ਮਜ਼ਾਰ ਤੇਰਾ।

ਆ ਰਿਹਾ ਹੈ ਇਕ ਤੂਫਾਨ

ਹੰਝੂਆਂ ਦੇ ਵਿਚ, ਵੀ ਇਤਹਾਦ ਪੈਦਾ ਹੋ ਰਿਹੈ।
ਭੁੱਖਿਆਂ ਦੀ ਕੁੱਖ ਚੋਂ, ਫ਼ੌਲਾਦ ਪੈਦਾ ਹੋ ਰਿਹੈ।

ਡਰ ਹੈ ਹੰਝੂ ਰੁਲਣ ਤੇ, ਆ ਜਾਏ ਨ ਕਿੱਧਰੇ ਤੂਫਾਨ।
ਲਹਿਰਾਂ ਦੀਆਂ ਛੁਰੀਆਂ ਦੇ ਸ੍ਹਾਵੇਂ,ਠਹਿਰ ਨਹੀਂ ਸਕਣਾ ਜਹਾਨ।
ਐ ਅਮੀਰੋ ਸੰਭਲਣਾ, ਹੁਣ ਆ ਰਿਹਾ ਹੈ ਇਕ ਤੂਫ਼ਾਨ।

ਭੁਖ ਭੰਨਿਆ, ਮੰਗਤੀ ਦੀ ਗੋਦ ਵਿਚ ਜੋ ਬਾਲ ਹੈ।
ਅਪਣੀਆਂ ਉਹ ਬੁਝਦੀਆਂ, ਅੱਖਾਂ ਨੂੰ ਕਰਦਾ ਲਾਲ ਹੈ।

ਉਸ ਦੇ ਪਿੰਜਰ ਦੀਆਂ ਓਹ, ਉਭਰ ਰਹੀਆਂ ਹੱਡੀਆਂ।
ਵੇਖਣਾ ਕਿੱਤੇ ਭੁਖ ਨੇ, ਹੋਵਣ ਨ ਛੁਰੀਆਂ ਕੱਢੀਆਂ।

ਯੁਗ ਪਲਟਾਊ ਇਹੋ, ਕਾਦਰ ਨ ਬਣ ਜਾਵੇ ਕਿਤੇ!
ਭੁਖਾ ਵਿਲਕਦਾ ਬਾਲ ਏਹ, ਨਾਦਰ ਨ ਬਣ ਜਾਵੇ ਕਿਤੇ।

ਆਖ਼ਰ ਨੂੰ ਕੋਈ ਚੀਜ਼ ਹੈ, ਇਸ ਭੁੱਖ ਦਾ ਵੀ ਇੰਤਕਾਮ।
ਏਹ ਕੋਈ ਵਾਧਾ ਨਹੀਂ, ਕਰਨਾ ਜੇ ਹੋਇਆ ਕਤਲਆਮ।
ਐ ਅਮੀਰੋ ਸੰਭਲਨਾ, ਆ ਰਿਹਾ ਹੈ ਇਕ ਤੂਫ਼ਾਨ।

ਕ੍ਰਿਸਾਨ ਦੇ ਮੁੜ੍ਹਕੇ ਦੀ, ਪੈਂਦੀ ਰਹੀ ਹੈ ਖੇਤਾਂ 'ਚ ਖਾਦ।
ਕਿਹੜਾ ਉਹ ਬੂਟਾ ਹੈ,ਜਿਸਨੂੰ ਗੱਲ ਇਹ ਹੋਣੀ ਨਹੀਂ ਯਾਦ।

ਕਣਕ ਦੇ ਵੀ ਸਿੱਟਿਆਂ ਨੂੰ, ਸ਼ਰਮ ਆਉਂਦੀ ਹੈ ਬੜੀ।
ਸਦੀਆਂ ਤੋਂ ਜਿਹੜੀ ਵੇਹਲਿਆਂ ਦੇ ਢਿੱਡ ਵਿਚ ਪੈ ਪੈ ਸੜੀ।

ਲੂੰ ਕੰਡਿਆਏ ਨੇ ਇਹ, ਪਿੰਡੇ ਉਹਦੇ ਉਤਲੇ ਕਸੀਰ।
ਖਾਣ ਵਾਲੇ ਦਾ ਇਨ੍ਹਾਂ ਨੇ, ਢਿੱਡ ਹੁਣ ਦੇਣਾ ਏਂ ਚੀਰ।

ਐ ਅਮੀਰੋ ਸੰਭਲਣਾ, ਆ ਰਿਹਾ ਹੈ ਇਕ ਤੂਫਾਨ।

ਦਰੋਪਤੀ ਚੀਰ ਹਰਨ

ਚੀਰ ਕਿਸੇ ਦੀ ਉਂਗਲ ਨੂੰ ਵੇਖਿਆ ਮੈਂ,
ਝਟ ਯਾਦ ਆਇਆ ਕੋਈ ਚੀਰ ਮੈਨੂੰ।
ਕਿਸੇ ਸਾੜੀ ਦੇ ਖਿਚ ਲੰਗਾਰ ਦਿਤੇ,
ਕਿਸੇ ਕਿਹਾ ਸੀ ਚਾਹੀਦੀ ਲੀਰ ਮੈਨੂੰ।

ਜਿਨਾ ਚਿਰ ਨਾ ਲਵੇਂਗੀ ਕਰਜ਼ ਅਪਣਾ,
ਅੱਖਾਂ ਏਹੋ ਮਸ਼ੰਦਗੀ ਭਰਨਗੀਆਂ।
ਮੈਂ ਵੀ ਵਣਜ ਦਾ ਖਰਾ ਹਾਂ ਯਾਦ ਰਖੀਂ,
ਤੇਰੀ ਲੀਰ ਤੋਂ ਸਾੜ੍ਹੀਆਂ ਤਰਨਗੀਆਂ।

ਮੇਰੇ ਅੰਦਰੋਂ ਝਟ ਇਕ ਕੂਕ ਉਠੀ,
ਅੱਖਾਂ ਸਾਹਮਣੇ ਖਾਬ ਇਕ ਫਿਰਨ ਲੱਗਾ।
ਜਦੋਂ ਗਰਜ ਦਰਯੋਧਨ ਦੀ ਪਈ ਕੰਨੀਂ,
ਮੇਰਾ ਕਾਲਜਾ ਸੀਨੇ ’ਚ ਘਿਰਨ ਲੱਗਾ।

ਅੱਜ ਇੰਦਰ ਪਰੱਸਤ ਦੀ ਮਹਾਰਾਣੀ,
ਕੱਖੋਂ ਹੌਲੀ ਸੀ ਕੈਦੀਆਂ ਵਾਂਗ ਤੱਤੀ।
ਉਹਦੇ ਕੇਸ਼ ਦੁਸ਼ਾਸਨ ਜਾ ਖਿਚਦਾ ਸੀ,
ਹੈਸੀ ਖਿਚਵੀਂ ਮਾਰਦੀ ਚਾਂਗ ਤੱਤੀ।

ਦੈਂਤ ਦੰਦਾਂ ਨੂੰ ਪੀਸਦਾ ਹਾਏ ਜ਼ਾਲਮ,
ਉੱਚੀ ਉੱਚੀ ਦਰਯੋਧਨ ਇਉਂ ਗੱਜਦਾ ਸੀ।
ਮੈ ਤੇ ਅੰਨ੍ਹੇ ਦਾ ਅੰਨ੍ਹਾ, ਸਾਂ ਸੋਚ ਤੇ ਸਹੀ,
ਹੋਇਆ ਕੀ ਜੇ ਮੈਨੂੰ ਨਹੀਂ ਲੱਭਦਾ ਸੀ।

ਅੱਖਾਂ ਵਾਲੀਏ ਅੰਨ੍ਹੀਏ ਵੇਖ ਤੇ ਸਹੀ,
ਕ੍ਹੀਦੇ ਹੁਕਮ ਅੰਦਰ ਬੱਧੀ ਖੜੀ ਏਂ ਤੂੰ।
ਗਿਣ ਗਿਣ ਕੇ ਲੈਣਗੇ ਅੱਜ ਬਦਲੇ,
ਧੱਕੇ ਡਾਹਢਿਆਂ ਦੇ ਮੋਈਏ ਚੜ੍ਹੀ ਏਂ ਤੂੰ।

ਘੜੀ ਪਲ ਵਿਚ ਵੇਖ ਸੁਜ਼ਾਖੀਏ ਨੀ,
ਤੈਨੂੰ ਅੰਨ੍ਹੇ ਦੇ ਹੱਥ ਵਿਖਾਣ ਲੱਗਾ।
ਪਰਦੇ ਅੰਨ੍ਹਿਆਂ ਦੇ ਸਾਹਵੇਂ ਫਬਦੇ ਨਹੀਂ,
ਏਹ ਵਲ੍ਹੇਟੀਆਂ ਸਾੜ੍ਹੀਆਂ ਲਾਣ ਲੱਗਾ।

ਦਯਾ ਧਰਮ ਜਹਾਨ ਦਾ ਕੰਬ ਉਠਿਆ,
ਕੰਬੀ ਜ਼ਿਮੀ ਤੇ ਨਾਲੇ ਅਸਮਾਨ ਕੰਬਿਆ।
ਕੰਬੇ ਪੰਖ ਪੰਖੇਰੂ ਪਹਾੜ ਕੰਬੇ,
ਕੰਬੀ ਖਲਕ ਤੇ ਸਾਰਾ ਜਹਾਨ ਕੰਬਿਆ।

ਨੈਹਰਾਂ ਕੱਢਦਾ ਡੁਬਕੇ ਮਰਨ ਖਾਤਰ,
ਗੁਰਜ਼ ਵਾਲੜਾ ਕੋਈ ਫਰਹਾਦ ਕੰਬਿਆ।
ਐਪਰ ਕਲੀ ਦੀ ਆਣ ਨੂੰ ਮਲਨ ਵੇਲੇ,
ਇਕ ਵਾਰ ਨ ਜ਼ਾਲਮ ਸਯਾਦ ਕੰਬਿਆ।

ਚੀਕਾਂ ਮਾਰਦੀ ਕਿਸੇ ਦੀ ਨਾਰ ਹਾਏ,
'ਕਿਥੇ ਗਿਆ ਯੁਧਿਸ਼ਟਰਾ! ਧਰਮ ਤੇਰਾ।
ਜੂਏ ਵਿਚ ਤ੍ਰ੍ਮੀਤ ਨੂੰ ਹਾਰ ਦੇਣਾ,
ਧਰਮ-ਪੁਤਰਾ! ਏਹੇ ਸੀ ਧਰਮ ਤੇਰਾ।

ਗੁਰਜ਼ ਵਾਲਿਆ ਗੁਰਜ਼ ਨੂੰ ਸਾਂਭ ਰੱਖੀਂ,
ਨੰਗੀ ਹੋਈ ਤਾਂ ਫੇਰ ਹਿਲਾਈਂ ਇਹਨੂੰ।
ਤੇਰਾ ਗੁਰਜ਼ ਨਹੀਂ ਤੇਰਾ ਇਹ ਛਣਕਣਾ ਏਂ,
ਬਣਕੇ ਬਾਲ ਫਿਰ ਖੂਬ ਛਣਕਾਈਂ ਇਹਨੂੰ।

ਤੇਰੇ ਤੀਰਾਂ ਨੂੰ ਲੱਗ ਗਈ ਅੱਗ ਅਰਜਨ,
ਤੰਦ ਟੁਟ ਗਈ ਤੇਰੀ ਕਮਾਨ ਦੀ ਕੀ?
ਬਾਹਵਾਂ ਤੇਰੀਆਂ ਚਿਲੇ ਨ ਚਾੜ੍ਹਦੀਆਂ,
ਰੱਤ ਸੁੱਕ ਗਈ ਏ ਤੇਰੀ ਆਨ ਦੀ ਕੀ?

ਕੀ ਤੂੰ ਮੈਨੂੰ ਸਵੰਬਰ ਚੋਂ ਜਿੱਤਿਆ ਸੀ,
ਅਗੇ ਕਿਸੇ ਦੇ ਜੂਏ 'ਚ ਹਾਰਨੇ ਲਈ।
ਵਿਚ ਪਰਦਿਆਂ ਮੈਨੂੰ ਕੀ ਰੱਖਦਾ ਸੈਂ,
ਨੰਗੀ ਸਾਰੇ ਦਰਬਾਰ ਖਲ੍ਹਾਰਨੇ ਲਈ।

ਨੀਵੀਂ ਨੁਕਲ ਸੈਹਦੇਵ ਜੀ ਪਾ ਲਈ ਏ,
ਕੀ ਜੰਗ ਤਲਵਾਰਾਂ ਨੂੰ ਖਾ ਗਿਆ ਏ?
ਯਾਂ ਕੀ ਕ੍ਹੋੜ ਬੇਸ਼ਰਮੀ ਦਾ ਫੁੱਟਿਆ ਏ,
ਵਿਚ ਹੱਥਾਂ ਦੇ ਫੋੜੇ ਬਣਾ ਗਿਆ ਏ।'

ਸਾੜ੍ਹੀ ਲਾਹ ਦੁਸ਼ਾਸ਼ਨਾ ਕਰ ਨੰਗੀ,
ਕੌਣ ਜੰਮਿਆ ਕੱਢੇ ਜੋ ਜਾਨ ਤੇਰੀ।

ਅਣਖ ਉੱਭਰੀ ਭੀਮ ਦੀ ਲਾਲ ਹੋ ਕੇ,
ਉੱਤੇ ਬੋਝ ਪਰ ਕਿਸੇ ਨੇ ਰੱਖ ਦਿਤਾ।
ਬਣ ਕੇ ਪਿੰਜਰਾ ਪਾਸੇ ਦੀ ਲੀਰ ਨੇ ਹੀ,
ਵੇਖੋ ਭੀਮ ਜਹੇ ਸ਼ੇਰ ਨੂੰ ਡੱਕ ਦਿਤਾ।

ਰੱਤ ਡੁਲ੍ਹਦੀ ਪੰਜਾਂ ਦੇ ਨੇਤਰਾਂ ਚੋਂ,
ਵੇਹਲ ਮੰਗਦੇ ਹੈਨ ਜ਼ਮੀਨ ਕੋਲੋਂ।
ਪਾਣੀ ਭਾਲਦੇ ਨੇ ਚੁਲੀ ਡੁੱਬਣੇ ਲਈ,
ਚੰਗੀ ਮੌਤ ਹੈ ਏਸ ਤੌਹੀਨ ਕੋਲੋਂ।

ਜਦੋਂ ਪਾਪੀ ਦੁਸ਼ਾਸ਼ਨ ਨੇ ਖਿੱਚ ਮਾਰੀ,
ਧੂ ਵੱਜੀ ਇਕ ਪੰਜਾਂ ਦੇ ਸੀਨਿਆਂ ਨੂੰ।
ਪੱਤੇ ਪੱਤੇ ਜਹਾਨ ਦੇ ਧਾ ਮਾਰੀ,
ਆਈ ਹੋਸ਼ ਨ ਦੋਹਾਂ ਕਮੀਨਿਆਂ ਨੂੰ।

ਬੱਦਲ ਪਾੜ ਗਈ ਚੀਖ ਦਰੋਪਦੀ ਦੀ,
ਸਤੀ ਆਖਿਆ ਹਾਏ ਤਕਦੀਰ ਮੇਰੀ।
ਬਨਸ਼ੀ ਵਾਲਿਆ ਤੂੰ ਵੀ ਜੇ ਭੁਲ ਗਿਐਂ,
ਫਿਰ ਮੋੜ ਦੇ ਸਾੜ੍ਹੀ ਦੀ ਲੀਰ ਮੇਰੀ।

ਕੁੜਤਾ ਪਾਟਿਆ ਕਿਸੇ ਦਾ ਵਿਚ ਗੋਕਲ,
ਦਰਦ ਓਸ ਦੇ ਸੀਨੇ ਵਿਚ ਫੜਕ ਉਠਿਆ।
ਉਹਨੇ ਰੁਕਮਣੀ ਨੂੰ, ਅਰਬ ਖਰਬ ਕਿਹਾ’,
ਓਧਰ ਕਾਲਜਾ ਕਿਸੇ ਦਾ ਭੜਕ ਉਠਿਆ।

'ਮਾਨ' ਸਾੜ੍ਹੀ ਦੇ ਚੀਰ ਨ ਮੁੱਕ ਸਕੇ,
ਹਰ ਵਾਰ ਦੀ ਨਵੀਂ ਕੋਈ ਤ੍ਹੈ ਹੋਵੇ।
ਕੰਨੋਂ ਪਕੜ ਦਰਯੋਧਨ ਨੂੰ ਕਿਸੇ ਕਿਹਾ,
ਬੋਲ ਕ੍ਰਿਸ਼ਨ ਭਗਵਾਨ ਦੀ ਜੈ ਹੋਵੇ।

ਐਹ ਲੈ ਸਾਂਭ ਲੈ ਆਪਣੇ ਤੀਰ ਕਾਹਨਾ!

(ਮਾਂਹ ਭਾਰਤ ਸਮੇਂ ਹਥਿਆਰ ਸੁੱਟਣ ਵੇਲੇ ਅਰਜਨ ਦੇ ਜਜ਼ਬਾਤ)

ਕੋਈ ਗੱਲ ਨ ਰਹਿ ਗਈ ਵੱਸ ਮੇਰੇ,
ਸੋਚ ਹੋ ਗਈ ਏ ਦਾਮਨਗੀਰ ਕਾਹਨਾ!
ਜੋਧੇ ਗ਼ੈਰਤਾਂ ਵਾਲੇ ਜੇ ਗਏ ਮਾਰੇ,
ਮਿੱਟੀ ਬਣੇਗੀ ਏਹਦੀ ਜ਼ਮੀਰ ਕਾਹਨਾ!
ਜੀਂਦੀ ਕਰੇਗਾ ਦੇਸ਼ ਦੀ ਸ਼ਾਨ ਕੇਹੜਾ,
ਫੜਕੇ ਅਣਖ ਦੀ ਹੱਥ ਸ਼ਮਸ਼ੀਰ ਕਾਹਨਾ!
ਮਤੇ ਮਣੀਆਂ ਦੇ ਮੰਦਰੀਂ ਵੱਸਣ ਵਾਲੀ,
ਮਾਹਾਰਾਣੀ ਹੋ ਜਾਏ ਫ਼ਕੀਰ ਕਾਹਨਾ!

ਮੰਗ ਖਾਵਣਾ ਮੈਂ ਮਨਜ਼ੂਰ ਕੀਤਾ,
ਲੜਨ ਲਈ ਖਰ ਖਿੱਚੀ ਲਕੀਰ ਕਾਹਨਾ।
'ਮਾਨ' ਬਖ਼ਸ਼ ਨ ਬਖ਼ਸ਼ ਗੁਨਾਹ ਮੇਰੇ,
ਐਪਰ ਸਾਂਭ ਲੈ ਆਪਣੇ ਤੀਰ ਕਾਹਨਾ!

ਮੈਨੂੰ ਚੜ੍ਹਿਆ ਨਹੀਂ ਨਸ਼ਾ ਹਕੂਮਤਾਂ ਦਾ,
ਮੈਨੂੰ ਆਬਰੂ ਦੀ ਲੱਗੀ ਤੋੜ ਕਾਹਨਾ!
ਮੇਰੀ ਆਤਮਾ ਕੰਬ ਕੰਬ ਉਠਦੀ ਏ,
ਮੇਰੇ ਸੀਨੇ 'ਚ ਪੈਣ ਮਰੋੜ ਕਾਹਨਾ!
ਕੀ ਤੂੰ ਚਾਹੁੰਦਾ ਏਂ ਛੋਟੇ ਰਾਜ ਬਦਲੇ,
ਨੰਗੀ ਹੋ ਜਾਏ ਮੇਰੀ ਕਮਰੋੜ ਕਾਹਨਾ!
ਰੰਗਣ ਲਈ ਮੈਂ ਸ਼ਾਹੀ ਸੰਘਾਸਣਾਂ ਨੂੰ,
ਦਿਆਂ ਭਾਈਆਂ ਦੀ ਰੱਤ ਨਚੋੜ ਕਾਹਨਾ!

ਆਖੂ ਜੱਗ ਹਕੁਮਤ ਦੇ ਨਸ਼ੇ ਅੰਦਰ,
ਮਾਰ ਦਿਤੇ ਸੀ ਵੀਰਾਂ ਨੇ ਵੀਰ ਕਾਹਨਾ!
ਮੈਥੋਂ ਮਿਹਣੇ ਨਹੀਂ ਜੱਗ ਦੇ ਜਰੇ ਜਾਣੇ,
ਐਹ ਲੈ ਸਾਂਭ ਲੈ ਆਪਣੇ ਤੀਰ ਕਾਹਨਾ!

ਸਕੇ ਚਾਚਿਆਂ ਤਾਇਆਂ ਦੇ ਜਾਇਆਂ ਤੇ,
ਮੇਰੇ ਕੋਲੋਂ ਨਹੀਂ ਤੀਰ ਕੋਈ ਛੁੱਟ ਸਕਦਾ।
ਰੰਜਿਸ਼ ਲੱਖ ਹੋਵੇ ਕੌਰੂ ਪਾਂਡਵਾਂ ਦੀ,
ਰਿਸ਼ਤਾ ਖ਼ੂਨ ਦਾ ਕਦੀ ਨਹੀਂ ਟੁੱਟ ਸਕਦਾ।
ਖਿੱਚੋ ਤਾਣ ਹੋਵੇ ਭਾਈਆਂ ਵਿਚ ਭਾਵੇਂ,
ਮਾਸ, ਨਵ੍ਹਾਂ ਦਾ ਜੋੜ ਨਹੀਂ ਟੁੱਟ ਸਕਦਾ।
ਰਾਜ ਪਾਟ ਦੀ ਹਿਰਸ ਵਿਚ ਹੋ ਅੰਨ੍ਹਾ,
ਮੈਂ ਨਹੀਂ ਪਿਛਲਿਆਂ ਦੀ ਮਿੱਟੀ ਪੁੱਟ ਸਕਦਾ।

ਅੱਖਾਂ ਮੇਰੀਆਂ ਤੇ ਬੰਨ੍ਹਦੇ ਪੱਟੀਆਂ ਜਾਂ,
ਜਾਂ ਫਿਰ ਕੁਚਲਦੇ ਮੇਰੀ ਜ਼ਮੀਰ ਕਾਹਨਾ!
ਮੈਥੋਂ ਵੀਰਾਂ ਦੇ ਕਾਲਜੇ ਵਿੰਨੀਦੇ ਨਹੀਂ,
ਆਹ ਸਾਂਭ ਲੈ ਆਪਣੇ ਤੀਰ ਕਾਹਨਾ!

ਕੰਬ ਉਠੇਗੀ ਭਾਰਤ ਦੀ ਏਹ ਧਰਤੀ,
ਸੜ ਜਾਏਗਾ ਸਾਰਾ ਜਹਾਨ ਕਾਹਨਾ!
ਚੇਲੇ ਏਸ ਸੁਲੱਖਣੀ ਜ਼ਿਮੀਂ ਦੇ ਜਾਂ,
ਲੱਗ ਪਏ ਗੁਰੂ ਤੇ ਜ਼ੋਰ ਅਜਮਾਨ ਕਾਹਨਾ!
ਭੀਸ਼ਮ ਜਹੇ ਤਿਆਗੀ ਫ਼ਕੀਰ ਉਤੇ,
ਤਣ ਗਈ ਜੇ ਮੇਰੀ ਕਮਾਨ ਕਾਹਨਾ!
ਰੁੜ੍ਹ ਜਾਏਗਾ ਸ਼ਾਤਰੂ ਧਰਮ ਮੇਰਾ,
ਮੇਰਾ ਨਸ਼ਟ ਹੋ ਜਾਊ ਸਨਮਾਨ ਕਾਹਨਾ!

ਥੋੜੇ ਦਿਨਾਂ ਦੇ ਸ਼ਾਨ ਗੁਮਾਨ ਬਦਲੇ,
ਮੈਂ ਨਹੀਂ ਮਾਰਨੇ ਗੁਰੂ ਤੇ ਪੀਰ ਕਾਹਨਾ!
ਦੁਨੀਆਂ ਲਈ ਮੈਂ ਦੀਨ ਨੂੰ ਵੇਚਣਾ ਨਹੀਂ,
ਐਹ ਲੈ ਸਾਂਭ ਲੈ ਆਪਣੇ ਤੀਰ ਕਾਹਨਾ!

ਮੈਥੋਂ ਚਿੱਲੇ ਨਹੀਂ ਏਥੇ ਚੜ੍ਹਾਏ ਜਾਣੇ,
ਕਾਇਰ ਕਹੇ ਪਿਆ ਸਾਰਾ ਜਹਾਨ ਮੈਨੂੰ!
ਬਾਣ-ਵਿਦਿਆ ਕੋਸਦੀ ਰਹੇ ਮੈਨੂੰ,
ਪਾਵੇ ਲਾਨਤਾਂ ਪਈ ਕਮਾਨ ਮੈਨੂੰ।
ਮਾਰੇ ਗਏ ਜੇ ਸੂਰਮੇਂ ਦੇਸ਼ ਵਿਚੋਂ,
ਦਸ ਕਹੇਗਾ ਕੀ ਹਿੰਦੁਸਤਾਨ ਮੈਨੂੰ।
ਆਪਣੀ ਹਿਰਸ ਤੇ ਹਵਸ ਦੇ ਅੰਨ੍ਹਿਆਂ ਨੇ,
ਕਰ ਦਿਤਾ ਏ ਜੀਂਦਾ ਮਸਾਣ ਮੈਨੂੰ।

ਵਸਦੇ ਚਾਲੀ ਕਰੋੜ ਜੇ ਮੁਰਦਿਆਂ ਨੂੰ,
ਮਾਰ ਲਏ ਆ ਕਿਸੇ ਜ਼ੰਜੀਰ ਕਾਹਨਾ!
ਤਾਂ ਮੈਂ ਡੁਬਾਂਗਾ ਕੇਹੜਿਆਂ ਪਾਣੀਆਂ ਵਿਚ,
ਐਹ ਲੈ ਸਾਂਭ ਲੈ ਆਪਣੇ ਤੀਰ ਕਾਹਨਾ!

ਬੀਰਤਾ

ਹੈਂ ਏਹ ਕੌਣ ਵੇ ਸ਼ਾਹੀ ਨੁਹਾਰ ਵਾਲਾ,
ਵਿਚ ਪੱਥਰਾਂ ਦੇ ਡੇਰਾ ਲਾਈ ਬੈਠਾ।
ਕੇਹੜਾ ਸੂਰਮਾ ਘਰੋਂ ਬੇ-ਘੱਰ ਹੋਕੇ,
ਮੁਛਾਂ ਕੁੰਢੀਆਂ ਵੱਟ ਚੜ੍ਹਾਈ ਬੈਠਾ।
ਖਿਚ ਖਿਚ ਤੰਦ ਕਮਾਣ ਦੀ ਪਰਖਦਾ ਏ,
ਤਰਕਸ਼ ਮੋਢੇ ਤੋਂ ਤੀਰਾਂ ਦਾ ਲਾਹੀ ਬੈਠਾ।
ਏਹ ਕੌਣ ਹੈ ਦੰਦਾਂ ਨੂੰ ਪੀਹ ਪੀਹ ਕੇ,
ਮਾਂਜ ਮਾਂਜ ਕੇ ਤੇਗ ਲਸ਼ਕਾਈ ਬੈਠਾ।

ਜ਼ਰਾ ਆਓ ਖਾਂ ਗੌਹ ਨਾਲ ਵੇਖ ਲਈਏ,
ਕਿਨ੍ਹੇ ਦਿਤੀ ਜਹਾਨ ਨੂੰ ਛਾਪ ਹੈ ਏਹ।
ਇਹ ਤੇ ਅੰਨਿਆਂ ਨੂੰ ਦੂਰੋਂ ਦਿੱਸਦਾ ਏ,
ਊਦੇ ਸਿੰਘ ਦਾ ਰਾਣਾ 'ਪਰਤਾਪ' ਹੈ ਏਹ।

ਮਾਰੀ ਲੱਤ ਜਿਸ ਸਿਪਾਹ-ਸਾਲਾਰੀਆਂ ਨੂੰ,
ਅਪਣੀ ਆਨ ਨਾ ਦਿਲੋਂ ਭੁਲਾਈ ਜਿਸਨੇ ।
ਅੱਕਬਰ ਆਜ਼ਮ ਜਿਹੇ ਸੂਰਮੇ ਸ਼ਾਹ ਅੱਗੇ,
ਉੱਚੀ ਧੌਣ ਨ ਕਦੀ ਝੁਕਾਈ ਜਿਸਨੇ ।
ਹੋਈਆਂ ਮੁਛਾਂ ਵੀ ਜੀਹਦੀਆਂ ਸਿਧੀਆਂ ਨ,
ਲਾਲੀ ਅੱਖ ਦੀ ਨਹੀਂ ਗਵਾਈ ਜਿਸਨੇ ।
ਏਹ ਉਹ ਮਰਦ ਏ ਦੇਵਤਾ ਬੀਰਤਾ ਦਾ,
ਜੰਗ ਡਾਢਿਆਂ ਨਾਲ ਮਚਾਈ ਜਿਸਨੇ ।

ਜੀਹਦਾ ਕਿਸੇ ਨੇ ਵਾਲ ਨ ਜ਼ੇਰ ਕੀਤਾ,
ਜੀਹਦੀ ਆਨ ਨੂੰ ਕੋਈ ਨ ਖੋਹ ਸਕਿਆ ।
ਲਾ ਲਾ ਜ਼ੋਰ ਤੇ ਪਬਾਂ ਦੇ ਭਾਰ ਹੋਕੇ,
ਜੀਹਦੇ ਤਾਜ ਨੂੰ ਅਕਬਰ ਨ ਛੋਹ ਸਕਿਆ ।

ਅੱਜ ਛੱਡ ਕੇ ਸ਼ਾਹੀ ਸੰਘਾਸਣਾਂ ਨੂੰ,
ਸੇਜ ਪੱਥਰਾਂ ਦੀ ਵੇਖੇ ਮੱਲਦਾ ਏ ।
ਕਿਵੇਂ ਖੰਘਰਾਂ ਕੰਕਰਾਂ ਕੰਡਿਆਂ ਤੇ,
ਪਿਆ ਸੋਹਲ ਪੈਰੀਂ ਨੰਗਾ ਚੱਲਦਾ ਏ ।
ਜ੍ਹੀਦੇ ਬੂਹੇ ਤੋਂ ਭੁਖੇ ਵੀ ਰੱਜਦੇ ਸੀ,
ਅੱਜ ਉਹ ਫ਼ਾਕਿਆਂ ਤੇ ਫ਼ਾਕੇ ਝੱਲਦਾ ਏ ।
ਐਪਰ ਓਸਦਾ ਅਣਖ ਦੇ ਥੜੇ ਉਤੋਂ,
ਜ਼ਰਾ ਪੈਰ ਪਿਛਾਂਹ ਨ ਹੱਲਦਾ ਏ ।

ਇਕੋ ਓਸਦੀ ਲਾਡਲੀ ਪੁਤਰੀ ਜੋ,
ਰਹੀ ਫੁਲਾਂ ਦੇ ਝੂਲਣੇਂ ਝੂਲਦੀ ਏ ।
ਭੁੱਖੀ ਭਾਣੀ ਉਹ ਤਿੱਖਿਆਂ ਪੱਥਰਾਂ ਦੀ,
ਵੇਖੋ ਅੱਜ ਪਈ ਸੇਜ ਕਬੂਲਦੀ ਏ।

ਨਾ ਅੱਜ ਦਾਈਆਂ ਨੇ ਉਹਨੂੰ ਪਰਚੌਣ ਬਦਲੇ,
ਲੱਭੇ ਛਣਕਣਾ ਨ ਛਣਕੌਣ ਵਲਾ।
ਨ ਅੱਜ ਹੀਰੇ ਤੇ ਲਾਲ ਨੇ ਖੇਡਣੇ ਨੂੰ,
ਨਾ ਹੀ ਸ਼ੀਸ਼ਾ ਏ ਕਾਕੇ ਵਖੌਣ ਵਾਲਾ।
ਆਖ਼ਰ ਰੋ ਪਈ ਭੁੱਖ ਤੋਂ ਤੰਗ ਆਕੇ,
ਨੌਕਰ ਆਇਆ ਨ ਮੱਖਣ ਖਵੌਣ ਵਾਲਾ।
ਫਿਰ ਵੀ ਲਾਡਲੀ ਧੀ ਪਰਤਾਪ ਦੀ ਨੂੰ,
ਅੱਜ ਕੋਈ ਨਾ ਚੁਪ ਕਰੌਣ ਵਾਲਾ।

ਵੇਖ ਜਿਗਰ ਪਰਤਾਪ ਦਾ ਤੜਫ ਉਠਿਆ,
ਧੀ ਨੇ ਆਨ ਦੇ ਜਜ਼ਬੇ ਮਧੋਲ ਦਿਤੇ।
ਜਦੋਂ ਓਸਨੇ ਬੇਹੀ ਗਰਾਹੀ ਬਦਲੇ,
ਸਾਰੇ ਪੋਣੇ ਤੇ ਖੀਸੇ ਫਰੋਲ ਦਿੱਤੇ।

ਘੁਟ ਕੇ ਹਿਕ ਦੇ ਨਾਲ ਲਗਾਈ ਬੱਚੀ,
ਕਿਹਾ ਚੁੰਮ ਕੇ ਬਚੂ ਬਲਵਾਨ ਮੇਰਾ।
ਤੂੰਹੀ ਦੁਖਾਂ ਵਿਚ ਹਥ ਵਟਾ ਪੁਤਰ!
ਵੈਰੀ ਹੋ ਗਿਆ ਏ ਅਸਮਾਨ ਮੇਰਾ।
ਕਿਤੇ ਭੁੱਖ ਦੇ ਦੁਖ ਤੋਂ ਤੰਗ ਆ ਕੇ,
ਨੀਂਵਾਂ ਕਰ ਨ ਦਈਂ ਨਿਸ਼ਾਨ ਮੇਰਾ।
ਪਾਣੀ ਖੂਨ ਦਾ ਪਾ ਪਾ ਵਸਾ ਰਿਹਾ ਹਾਂ,
ਉਜੜ ਜਾਏ ਨ ਬਚੂ ਜਹਾਨ ਮੇਰਾ।

ਅਪਣੀ ਧੌਣ ਨ ਕਦੀ ਝੁਕਾਈ ਏ ਮੈਂ,
ਮਿਠੇ ਖਾਣੇ ਜ਼ਲੀਲਾਂ ਦੇ ਖਾਣ ਬਦਲੇ।
ਅੱਡੀਆਂ ਰਗੜ ਕੇ ਜਾਨ ਮੈਂ ਦੇ ਦਿਆਂਗਾ,
ਉੱਚੀ ਸੁਚੀ ਰਜਪੂਤੀ ਦੀ ਸ਼ਾਨ ਬਦਲੇ।

ਕੱਠੀ ਕੀਤੀ ਮਹਾਰਾਣੀ ਨੇ ਘਾ ਸੁੱਕੀ,
ਰਗੜ ਰਗੜ ਕੇ ਆਟਾ ਬਨਾਣ ਲੱਗੀ।
ਮਾਹਲ ਪੂੜਿਆਂ ਦੇ ਵੇਖੋ ਖਾਣ ਵਾਲੀ,
ਰੋਟੀ ਘਾ ਦੀ ਤਵੇ ਤੇ ਪਾਣ ਲੱਗੀ।
ਹੱਥ ਲਗਿਆਂ ਕਿਤੇ ਨ ਭੁਰ ਜਾਵੇ,
ਬੋਚ ਬੋਚ ਕੇ ਉਹਨੂੰ ਉਲਟਾਣ ਲੱਗੀ।
ਆਖ਼ਰ ਰੋਟੀ ਫੜਾ ਕੇ ਟੁਰ ਗਈ ਉਹ,
ਰਾਜ ਪੁਤਰੀ ਨਹੀਂ ਸੀ ਖਾਣ ਲੱਗੀ।

ਐਪਰ ਹੱਥਾਂ ’ਚ ਪਕੜ ਕੇ ਮਾਰ ਫੂਕਾਂ,
ਖਾਣ ਲਈ ਉਹ ਜਦੋਂ ਤਿਆਰ ਹੋਈ।
ਇਕ ਬਿਲੀ ਪਹਾੜ ਦੀ ਪਈ ਆ ਕੇ,
ਉਹ ਵੀ ਖੋਹ ਕੇ ਕਿਧਰੇ ਫ਼ਰਾਰ ਹੋਈ।

ਚੀਕਾਂ ਮਾਰਦੀ ਲਿਟ ਗਈ ਪੱਥਰਾਂ ਤੇ,
ਦਿਲ ਪਾਟ ਪਰਤਾਪ ਦਾ ਢਹਿਣ ਲੱਗਾ।
ਐਪਰ ਆਪਣੇ ਆਪ ਤੇ ਪਾ ਕਾਬੂ,
ਉਹੋ ਜਿਗਰ ਨੂੰ ਨੱਪ ਕੇ ਕਹਿਣ ਲੱਗਾ।
ਤੇਰੀ ਝਪਟ ਤੋਂ ਖ਼ੂਨਣੇ ਬਿੱਲੀਏ ਨੀ,
ਮੇਰੇ ਸਿਦਕ ਹਿਮਾਲਾ ਨਹੀਂ ਢਹਿਣ ਲੱਗਾ।
ਏਸ ਟੁਕੜੇ ਨੇ ਮੋਈਏ ਕੀ ਡੱਕਣਾ ਏਂ,
ਠਾਠਾਂ ਮਾਰਦਾ ਸਾਰਾ ਜੋ ਵਹਿਣ ਲੱਗਾ।

ਤੜਫ਼ ਤੜਫ਼ ਸੁਨੈਹਰੀ ਜਹੀ ਲਾਟ ਵਾਲਾ,
ਭਾਵੇਂ ਬੁਝ ਜਾਏ ਮੇਰਾ ਚਰਾਗ ਕੋਈ।
ਅਪਣੇ ਮਥੇ ਤੇ ਐਪਰ ਮੈਂ ਚੰਨ ਵਾਂਗੂ,
ਲੱਗਣ ਦੇਣਾ ਨਹੀਂ ਕਾਲੋਂ ਦਾ ਦਾਗ ਕੋਈ।

ਸੂਰਬੀਰ ਹਾਂ, ਬੀਰਤਾ ਧਰਮ ਮੇਰਾ,
ਮੈਂ ਨਹੀਂ ਮੁਸ਼ਕਲਾਂ ਨੂੰ ਮੱਥੇ ਟੇਕ ਸਕਦਾ।
'ਮਾਨ' ਆਪਣੇ ਬੱਚੇ ਦੀ ਜਾਨ ਬਦਲੇ,
ਕੌਮੀ ਆਨ ਨੂੰ ਰੁਲਦਾ ਨਹੀਂ ਵੇਖ ਸਕਦਾ।

ਬਚਪਨ ਦੀ ਯਾਦ

ਭਾਵੇਂ ਅੱਜ ਜਵਾਨੀ ਆਈ,
ਲਾਡ ਲਡਾਂਦੀ ਸਾਨੂੰ।
ਭਾਵੇਂ ਮਿਠੀ ਹਵਾ ਬਾਗ ਦੀ,
ਅਤਰ ਲਗਾਂਦੀ ਸਾਨੂੰ।

ਭਾਵੇਂ ਜੁੜ ਜੁੜ ਵੇਲਾਂ ਬੂਟੇ,
ਧੂਹ ਸੀਨੇ ਨੂੰ ਪਾਂਦੇ।
ਭਾਵੇਂ ਅੱਜ ਤਿੱਤਰਾਂ ਦੇ ਜੋੜੇ,
ਰਮਜ਼ ਨਵੀਂ ਸਮਝਾਂਦੇ।

ਭਾਵੇਂ ਸਾਡੀਆਂ ਬਾਹਵਾਂ ਖੁਲ੍ਹ ਖੁਲ੍ਹ,
ਭਰਨੇ ਚਾਹੁਣ ਕਲਾਵੇ।
ਭਾਵੇਂ ਅੱਜ ਦਿਲ ਪਾੜ ਕੇ ਸੀਨਾ,
ਦਿਲ ਨੂੰ ਖਹਿਣਾ ਚਾਹਵੇ।

ਭਾਵੇਂ ਅੱਜ ਸੀਨੇ ਨੂੰ ਲੱਗ ਕੇ,
ਸੁਰਗੀ ਝੂਟਾ ਮਿਲਦਾ।
ਭਾਵੇਂ ਰਿਸ਼ਮ ਨੈਣਾਂ ਦੀ ਲੈ ਕੇ,
ਕਲੀ ਵਾਂਗ ਜੀਉ ਖਿਲਦਾ।

ਫਿਰ ਵੀ ਓਹੋ! ਬਚਪਨ ਕਿੱਥੇ,
ਚਲਾ ਗਿਆ ਕਿਸ ਪਾਸੇ।
ਕਿੱਥੇ ਉਹਦੀਆਂ ਮਿੱਠੀਆਂ ਗੱਲਾਂ,
ਕਿੱਥੇ ਉਹਦੇ ਹਾਸੇ।

ਉਹ ਹੈਸੀ ਅਣਭੋਲ ਜਵਾਨੀ,
ਪਿਆਰ 'ਨ' ਸਮਝਣ ਜੋਗੀ।
ਫਿਰ ਵੀ ਇਸ਼ਕ ਦੀ ਤੱਕੜੀ ਅੰਦਰ,
ਪੂਰਾ ਉਤਰਨ ਜੋਗੀ।

ਅੱਜ ਨਹੀਂ ਤੇ ਚਾਰ ਦਿਨਾਂ ਨੂੰ,
ਪਲਟ ਜਾਇਗੀ ਕਾਇਆਂ।
ਨਦੀ 'ਚ ਡਿੱਗੇ ਬੂਰ ਦੇ ਵਾਂਗੂੰ,
ਵੱਖ ਕਰ ਦੱਸਣ ਲਹਿਰਾਂ।

ਤੂੰ ਬਣ ਜਾਸੇਂ ਜਾਨ ਕਿਸੇ ਦੀ,
ਮੈਂ ਵੀ ਪ੍ਰਾਨ ਕਿਸੇ ਦਾ।
ਤੂੰ ਬਣ ਜਾਸੇਂ ਆਨ ਕਿਸੇ ਦੀ,
ਮੈਂ ਵੀ 'ਮਾਨ' ਕਿਸੇ ਦਾ।

ਬਾਹਵਾਂ ਕਿਸੇ ਅਨੋਭੜ ਦੀਆਂ,
ਘੁਟ ਲੈਣਗੀਆਂ ਤੈਨੂੰ।
ਜ਼ੁਲਫਾਂ ਕਿਸੇ ਨਾਵਾਕਿਫ਼ ਦੀਆਂ,
ਜਕੜ ਲੈਣਗੀਆਂ ਮੈਨੂੰ।

ਤੇਰੇ ਉੱਡਣੇ ਸੱਪ ਕਿਸੇ ਨੇ,
ਲੈਣੇ ਘੱਤ ਪਟਾਰੀ।
ਦਿਲ ਮੇਰੇ ਤੇ ਰੱਖੀ ਜਾਣੀ,
ਰਸਮਾਂ ਵਾਲੀ ਆਰੀ।

ਨਾ ਤੂੰ ਰਹਿਸੇਂ ਬੋਲਣ ਜੋਗੀ,
ਨਾ ਮੈਂ ਕੁਸਕਣ ਜੋਗਾ।
ਨ ਤੂੰ ਹੰਝੂ ਕੇਰਨ ਜੋਗੀ,
ਨ ਮੈਂ ਡੁਸਕਣ ਜੋਗਾ।

ਝੱਖੜ ਏਸ ਸਮਾਜੀ ਅੜੀਏ,
ਕੀ ਈ ਆਹਲਣੇ ਢਾਸਣ।
ਇੱਕ ਕਲੀ ਦੀਆਂ ਪੰਖੜੀਆਂ ਨੂੰ,
ਦੂਰ ਦੂਰ ਲੈ ਜਾਸਣ।

ਏਸ ਜਵਾਨੀ ਵਿਚ ਵੀ ਦਿਲ ਨੂੰ,
ਉਹ ਬਚਪਨ ਹੈ ਠੱਗਦਾ।
ਖਿੜਿਆਂ ਫੁਲਾਂ ਤੋਂ ਵੱਧ ਮੇਰਾ,
ਡੋਡੀਆਂ ਵਿਚ ਜੀ ਲੱਗਦਾ।

ਆ ਖਾਂ ਸੁੱਤੀਆਂ ਯਾਦਾਂ ਤਾਂਈਂ,
ਮੁੜ ਕੇ ਫੇਰ ਜਗਾਈਏ।
ਆ ਉਸ ਪਿੰਡ ਦੇ ਟੋਭੇ ਉਤੇ,
ਕੰਘੀਆਂ ਪਾ ਕੇ ਜਾਈਏ!

ਪੁੱਟ ਪੁੱਟ ਦੋਵੇਂ ਗਾਰਾ ਲਿਆਈਏ,
ਰੜੇ 'ਚ ਲਾਈਏ ਡੇਰਾ।
ਲੱਥ ਪੱਥ ਜੰਪਰ ਹੋ ਜਾਏ ਤੇਰਾ,
ਸਿਲਕੀ ਝੱਗਾ ਮੇਰਾ।

ਨਿੱਕੀ ਨਿੱਕੀ ਵੱਟ ਬਣਾ ਕੇ,
ਤੂੰ ਵਲ ਲਏਂ ਇਕ, ਵੇੜ੍ਹਾ।
ਮਨ ਮਰਜ਼ੀ ਦੇ ਖੇਤ ਦਾ ਮੈਂ ਵੀ,
ਵਲ੍ਹ ਲਾਂ ਖੁਲ੍ਹਾ ਘੇਰਾ।

ਚੁਲ੍ਹਾ, ਤਵਾ, ਪਰਾਤ, ਕੜਛੀਆਂ,
ਮਿੱਟੀ ਗੁੰਨ੍ਹ ਬਣਾਵੇਂ।
ਸੂਰਜ ਦੀਆਂ ਧੁੱਪਾਂ ਵਿਚ ਰੱਖ ਕੇ,
ਰੀਝਾਂ ਨਾਲ ਸੁਕਾਵੇਂ।

ਮੈਂ ਮਿੱਟੀ ਦੀ ਜੋਗ ਬਣਾਵਾਂ,
ਨਾਰੇ ਸਿੰਗਾਂ ਵਾਲੀ।
ਮੂੰਹ ਵਿਚ ਉਂਗਲਾਂ ਪਾ ਪਾ ਵੇਖਣ,
ਸੋਹਣੀਆਂ ਹਲਵਾਹੁੰਦੇ ਹਾਲੀ।

ਰਾਜੇ ਹਲ ਤੋਂ ਸੋਹਣਾ ਹਲ ਮੈਂ,
ਡੱਕੇ ਜੋੜ ਬਣਾਵਾਂ।
ਦੋਂਹ ਦਿਲਾਂ ਦੀ ਸਾਂਝੀ ਭੌਂ ਨੂੰ,
ਪਾੜ ਉਹਦੇ ਨਾਲ ਪਾਵਾਂ।

ਤੂੰ ਮਿਟੀ ਦੇ ਮੰਡੇ ਪਕਾਵੇਂ,
ਮੈਂ ਆਪਣਾ ਹਲ ਟੋਰਾਂ।
ਭੱਤਾ ਚੁੱਕ ਤੂੰ ਪੈਲਾਂ ਪਾਂਦੀ,
ਆਵੇਂ ਵਾਂਗਰ ਮੋਰਾਂ।

ਮੈਂ ਬੁਚਕਾਰ ਕੇ ਢੱਗੇ ਅਪਣੇ,
ਆਣ ਲੁਹਾਵਾਂ ਭੱਤਾ।
ਤੂੰ ਆਖੇਂ ਇਸ ਖਾਲ ਦੀ ਵੱਟ ਤੇ,
ਬਹਿ ਜਾ ਹਾਲੀ ਜੱਟਾ।

ਰੋਟੀ ਤੇ ਦੋ ਡਲੀਆਂ ਧਰ ਦਏਂ,
ਮੂੰਹ ਤੇ ਲਿਆਵੇਂ ਖੇੜਾ।
ਇਕ ਨੂੰ ਆਖੇਂ ਬੱਗਾ ਗੰਢਾ,
ਦੂਜਾ ਮੱਖਣ ਪੇੜਾ।

ਕੁੱਜੀ ਕਰ ਅਗਾਂਹ ਨੂੰ ਆਖੇਂ,
ਉਮਰ ਸਾਡੀ ਵੀ ਜੀ ਜਾ।
ਬੂਰੀ ਮੱਝ ਦੀ ਲੱਸੀ ਸ਼ੇਰਾ!
ਗਟ ਗਟ ਕਰਕੇ ਪੀ ਜਾ!

ਸੀ ਸੀ ਕਰ ਮੈਂ ਆਖਾਂ,"ਪਾਰੋ"
ਅਜ ਹੈ ਸਾਗ ਕਰਾਰਾ।
ਐਵੇਂ ਐਵੇਂ ਖਾ ਪੀ ਕੇ ਫਿਰ,
ਮੈਂ ਰੱਜ ਜਾਵਾਂ ਸਾਰਾ।

ਬੱਸ ਮੈਂ ਏਨੀ ਖੇਡੀ ਚਾਹਵਾਂ,
'ਬਚਪਨ ਯਾਦ' ਪੁਰਾਣੀ।
ਦੋਂਹ ਦਿਲਾਂ ਦੀ ਖੇਡੀ ਹੋਈ,
ਗੁੰਝਲਦਾਰ ਕਹਾਣੀ।

ਆਵਣ ਵਾਲੀ ਜਵਾਨੀ ਦੇ ਲਈ,
ਨਾਟਕ ਆਸਾਂ ਭਰਿਆ।
ਭੋਲੇ ਭਾ ਜੀਵਨ ਰਿਸ਼ਤੇ ਲਈ,
ਜੋ ਵਾਦਾ ਹੋਏ ਕਰਿਆ।

ਐਪਰ 'ਮਾਨ' ਉਹ ਬਚਪਨ ਸੋਹਣੀ,
ਮੁੜ ਨ ਫੇਰੇ ਪਾਂਦੀ।
ਸ਼ੀਸ਼ੇ ਦੇ ਵਿਚ ਪਰੀ ਵਿਖਾ ਕੇ,
ਜਗ ਦਾ ਜੀ ਤਰਸਾਂਦੀ।

ਜੇ ਮੈਨੂੰ ਰਬ ਬਣਾ ਦੇਵੇਂ

ਸੌਂਹ ਤੇਰੀ ਰੱਬਾ ਇਕ ਦਿਨ ਲਈ,
ਜੇ ਮੈਨੂੰ ਰੱਬ ਬਣਾ ਦੇਵੇਂ।
ਅਪਣੀ ਨੂਰਾਨੀ ਹਿਕਮਤ ਨੂੰ,
ਜੇ ਮੇਰੀ ਭੇਟ ਚੜ੍ਹਾ ਦੇਵੇਂ।

ਹੈਰਾਨ ਹੋ ਵੇਖੇਂ ਅਰਸ਼ਾਂ ਚੋਂ,
ਮੈਂ ਕੀ ਰੰਗ ਦਿਖਾਂਦਾ ਹਾਂ!
ਜ਼ੁਲਮਾਂ ਦੀ ਬਲਦੀ ਅਗਨੀ ਨੂੰ,
ਬਿਨ ਪਾਣੀ ਕਿਵੇਂ ਬੁਝਾਂਦਾ ਹਾਂ।

ਤਹਿਜ਼ੀਬ ਚੋਂ ਜੰਮੀ ਵਹਸ਼ਤ ਨੂੰ,
ਮੈਂ ਡੂੰਘੇ ਖੂਹ ਵਿਚ ਪਾ ਦੇਵਾਂ।
ਮੰਦਰਾਂ ਨੂੰ ਖੱਡਾਂ ਕਰ ਦੇਵਾਂ,
ਪਲਕਾਂ ਵਿਚ ਜੁਗ ਪਲਟਾ ਦੇਵਾਂ।

ਮੈਂ ਲੜਦੀਆਂ ਹੋਈਆਂ ਫ਼ੌਜਾਂ ਨੂੰ,
ਇਕ ਨੀਂਦਰ ਨਵੀਂ ਸੁਵਾ ਦੇਵਾਂ।
ਫਿਰ ਬੰਬਾਂ ਅਤੇ ਬਰੂਦਾਂ ਨੂੰ,
ਢੀਮਾਂ ਤੇ ਖ਼ਾਕ ਬਣਾ ਦੇਵਾਂ।

ਮੈਂ ਉਡਦੇ ਹੋਏ ਜਹਾਜ਼ਾਂ ਨੂੰ,
ਚਿੜੀਆਂ ਤੇ ਕਾਂ ਬਣਾਵਾਂ ਫਿਰ।
ਸਾਗਰ ਵਿਚ ਤਰਦੀ ਵਹਿਸ਼ਤ ਦਾ,
ਡੱਡੂਆਂ ਦਾ ਭੇਸ ਵਟਾਵਾਂ ਫਿਰ।

ਫਿਰ ਤੋਂਪਾਂ ਅਤੇ ਬੰਦੂਕਾਂ ਦੇ,
ਡੰਡੇ ਤੇ ਮੁਢ ਬਣਾਵਾਂ ਮੈਂ।
ਤਲਵਾਰਾਂ ਅਤੇ ਕਟਾਰਾਂ ਨੂੰ,
ਕਰ ਪੱਤੇ ਘਾ ਨੂੰ ਲਾਵਾਂ ਮੈਂ।

ਮੈਂ ਪਰਬਤ ਜੇਡਿਆਂ ਟੈਂਕਾਂ ਨੂੰ,
ਟਿਬੇ ਤੇ ਪੱਥਰ ਕਰ ਦੇਵਾਂ।
ਪੋਟਾਸ਼ ਗੰਧਕ ਦੀਆਂ ਕਾਨ੍ਹਾਂ ਨੂੰ,
ਮੈਂ ਘਾਸ ਫੂਸ ਨਾਲ ਭਰ ਦੇਵਾਂ।

ਮੁੜ ਬੰਦੇ ਖਾਣੀ ਸਾਇੰਸ ਲਈ,
ਸਾਗਰ ਵਿਚ ਟੋਏ ਪੁੱਟਾਂ ਮੈਂ।
ਇਸ ਵਹਸ਼ਿਤ ਜਾਈ ਸਭਿਤਾ ਨੂੰ,
ਕਰ ਖੰਭੜੀ ਖੰਭੜੀ ਸੁੱਟਾਂ ਮੈਂ।

ਹਾਏ ਜਿਸ ਨੇ ਬੰਦੇ ਬੰਦਿਆਂ ਜਿਹੇ,
ਬੰਦਿਆਂ ਦੇ ਵੈਰੀ ਕੀਤੇ ਨੇ।
ਜਿਸ ਲਾਹ ਲਾਹ ਖਲ ਗ਼ੁਲਾਮਾਂ ਦੀ,
ਪੈਰਾਂ ਲਈ ਜੋੜੇ ਸੀਤੇ ਨੇ।

ਹੋਏ ਸੇਠ ਧਨਾਡਾਂ ਹਥੋਂ ਹੀ,
ਇਹ ਮੇਰੇ ਦਿਲ ਵਿਚ ਫੋੜੇ ਨੇ।
ਜਿਨਾਂ ਭੁੱਖੇ ਪੁੱਤਰ ਭਾਰਤ ਦੇ,
ਬੱਘੀਆਂ ਦੇ ਅੱਗੇ ਜੋੜੇ ਨੇ।

ਤਦ ਸੋਨੇ-ਲੱਦੇ ਖੋਤੇ ਇਹ,
ਦਿਲ ਮੇਰੇ ਛੁਰੀ ਚਲਾਂਦੇ ਨੇ।
ਜਦੋਂ ਬੈਂਦ੍ਹੇ ਰਿਕਸ਼ਾਂ ਵਾਲੇ ਨੂੰ,
ਇਹ ਤੇਜ਼ ਚਲੋ ਫੁਰਮਾਂਦੇ ਨੇ।

ਮੇਰਾ ਤੜਫ਼ ਤੜਫ਼ ਦਿਲ ਪੈਂਦਾ ਏ,
ਮਾਨੁਖਤਾ ਮੇਰੀ ਸੰਗ ਜਾਵੇ।
ਜਾਪੇ ਹਰ ਪਹੀਆ ਰਕਸ਼ਾ ਦਾ,
ਮੇਰੇ ਦਿਲ ਉਤੋਂ ਲੰਘ ਜਾਵੇ।

ਇਕ ਹਿੰਦ ਨਹੀਂ ਸਾਰੀ ਦੁਨੀਆ ਚੋਂ,
ਦਿਲ ਦੁੱਖ ਰੜਕਦੇ ਦੁਖੀਆਂ ਦੇ।
ਹੋ ਚੁੱਕੇ ਕਰੰਗ ਮਾਸੂਮਾਂ ਦੇ,
ਮੈਨੂੰ ਲੱਖਾਂ ਮਾਵਾਂ ਭੁੱਖੀਆਂ ਦੇ।

ਜਿਨ੍ਹਾਂ ਹਿਰਸਾਂ ਭਰਿਆਂ ਜੰਗ ਛੇੜੀ,
ਏਹ ਸ਼ਾਹ ਨੇ ਬੁਰੇ ਫ਼ਕੀਰਾਂ ਤੋਂ।
ਜਿਨ੍ਹਾਂ ਲਾਲ ਖਪਾਏ ਲਾਲਾਂ ਲਈ,
ਉਹ ਤਾਜ ਨੇ ਕੋਝੇ ਲੀਰਾਂ ਤੋਂ।

ਇਸ ਜਗ ਦੇ ਬੰਦੇ ਪਸੂ ਬਣੇ,
ਹੁਣ ਕੱਠੇ ਰਹਿਣਾ ਆਉਂਦਾ ਨਹੀਂ।
ਏਹ ਟੱਕਰਾਂ ਮਾਰਨ ਮਾੜੇ ਨੂੰ,
ਰਲ ਮਿਲ ਕੇ ਬਹਿਣਾ ਆਉਂਦਾ ਨਹੀਂ।

ਜਿਹੇ ਦੁਨੀਆਂ ਦੇ ਇਨਸਾਨਾਂ ਨੂੰ,
ਤਹਜ਼ੀਬ ’ਚ ਪਲੇ ਹੈਵਾਨਾਂ ਨੂੰ।
ਪੀ ਪੀ ਕੇ ਘੁਟ ਸ਼ਰਾਬਾਂ ਦੇ,
ਬਸ ਪਾਗਲ ਹੋਏ ਜਵਾਨਾਂ ਨੂੰ।

ਫੜ ਕੱਲਮ-ਕੱਲੇ ਕਰ ਦੇਵਾਂ,
ਪਾਗਲ-ਪਨ ਸਭ ਦਾ ਲਾਹਵਾਂ ਮੈਂ।
ਤਦ ਹੋਸ਼ ਇਨ੍ਹਾਂ ਨੂੰ ਆ ਜਾਵੇ,
ਮੂੰਹ ਗੁੰਗੇ ਜਦੋਂ ਬਣਾਵਾਂ ਮੈਂ।

ਬਸ ਨੰਗ ਧੜੰਗੇ ਕਰ ਦੇਵਾਂ,
ਉਹ ਵਕਤ ਪੁਰਾਣਾ ਆ ਜਾਵੇ।
ਹਰ ਕੋਈ ਆਪਣੇ ਸੌਣ ਲਈ,
ਖੱਡਾਂ ਵਿਚ ਫੂਸ ਵਿਛਾ ਜਾਵੇ।

ਸਭ ਮੋਟੇ ਢਿੱਡਾਂ ਵਾਲੇ ਜੋ,
ਸੂਦਾਂ ਤੇ ਸੂਦ ਲਗੌਂਦੇ ਨੇ।
ਦੇ ਦੇ ਕੇ ਸੌ ਗ਼ਰੀਬਾਂ ਨੂੰ,
ਲੱਖਾਂ ਦੀ ਰਕਮ ਬਣਾਂਦੇ ਨੇ।

ਜੋ ਬਹਿ ਬਹਿ ਕਿ ਵਿਚ ਕਾਰਾਂ ਦੇ,
ਪੀਂਦਾ ਏ ਖੂਨ ਗ਼ਰੀਬਾਂ ਦਾ।
ਭੁੱਖਿਆ ਨੂੰ ਜੇਹੜਾ ਆਂਹਦਾ ਏ,
ਮੈਂ ਮਾਲਕ ਤਿਰੇ ਨਸੀਬਾਂ ਦਾ।

ਜੰਗਲਾਂ ਵਿਚ ਪਿਟਣ ਚੀਕਣ ਉਹ,
ਖੱਡਾਂ ਵੀ ਪੁੱਟੀਆਂ ਜਾਵਣ ਨਾ।
ਟੁਰਿਆ ਨਾ ਜਾਵੇ ਨੰਗਿਆਂ ਤੋਂ,
ਲੱਤਾਂ ਵੀ ਚੁੱਕੀਆਂ ਜਾਵਣ ਨਾ।

ਬਸ ਫਿਰ ਕੀ ਸਾਰੀ ਦੁਨੀਆਂ ਹੀ,
ਆ ਮੇਰੇ ਪੈਰੀਂ ਪੈ ਜਾਵੇ।
ਰੋ ਰੋ ਕੇ ਪਸ਼ਚਾ-ਤਾਪ ਕਰੇ,
ਬਸ ਮੇਰੀ ਸ਼ਰਨੀ ਢਹਿ ਜਾਵੇ।

ਮੜ ਕੱਠੇ ਕਰ ਦੇ ਰੱਬਾ ਤੂੰ,
ਹੁਣ ਪ੍ਰੇਮ ਨਗਰ ਵਿਚ ਵੱਸਾਂਗੇ।
ਜੀਵਾਂਗੇ ਸਦਕੇ ਵੀਰਾਂ ਦੇ,
ਵੀਰਾਂ ਵਿਚ ਬਹਿ ਬਹਿ ਹੱਸਾਂਗੇ।

ਹਾਕਮ ਨ ਕੋਈ ਹੋਵੇਗਾ,
ਮਹਕੂਮ ਨ ਕੋਈ ਹੋਵੇਗਾ।
ਤਕੜਾ ਨਾ ਜ਼ੁਲਮ ਕਮਾਵੇਗਾ,
ਮਾੜਾ ਨ ਮੁੜਕੇ ਰੋਵੇਗਾ।

ਫ਼ਾਂਸੀ ਤੇ ਜੇਲ੍ਹ ਨ ਹੋਵੇਗੀ,
ਖੁਲ੍ਹੇ ਮੈਦਾਨੀ ਜੀਵਾਂਗੇ।
ਘੁਟ ਘੁਟ ਵੀ ਤੇਰੇ ਅੰਮ੍ਰਤ ਦੀ,
ਵੰਡ ਤੁਪਕਾ ਤੁਪਕਾ ਪੀਵਾਂਗੇ।

ਅਸੀਂ ਕਲੀਆਂ ਵਾਂਗੂ ਹੱਸਾਂਗੇ,
ਅਸੀਂ ਬੁਲਬੁਲ ਵਾਂਗੂ ਗਾਵਾਂਗੇ।
ਅਸੀਂ ਵਿਆਕੁਲ ਹੋਏ ਸਾਰੰਗ ਦੀ,
ਹੰਝੂਆਂ ਨਾਲ ਪਿਆਸ ਬੁਝਾਵਾਂਗੇ।

ਬਸ ਫਿਰ ਤੋਂ ਕੱਠੇ ਕਰ ਦੇਵਾਂ,
ਇਕ ਪਿਆਰ ਦੀ ਦੁਨੀਆ ਬਣ ਜਾਵੇ।
ਉਸ ਦੁਨੀਆ ਉਤੇ ਹਰ ਇਕ ਲਈ,
ਇੱਕ ਦਰਦ ਅਨੋਖਾ ਤਣ ਜਾਵੇ।

ਜੋ ਪਿਆਰ ’ਚ ਪਗਲੀ ਹੋ ਜਾਵੇ,
ਜਹੀ ਦੁਨੀਆਂ 'ਮਾਨ' ਵਸਾਵਾਂ ਮੈਂ।
ਖ਼ੁਸ਼ੀਆਂ ਵਿਚ ਫੁੱਲਿਆ ਹੋਇਆ ਫਿਰ,
ਤਦ ਤੇਰੇ ਵੱਲ ਨੂੰ ਆਵਾਂ ਮੈਂ।

ਲੈ ਰੱਬਾ ਸਾਂਭ ਖ਼ੁਦਾਈ ਨੂੰ,
ਮੈਂ ਪ੍ਰੇਮ ਨਗਰ ਨੂੰ ਜਾਣਾ ਏਂ।
ਤੂੰ ਆਖੇਂ ਰਖ ਖ਼ੁਦਾਈ ਨੂੰ,
ਮੈਂ ਤੈਥੋਂ ਪਹਿਲੋਂ ਜਾਣਾ ਏਂ।

ਪ੍ਰਭਾਤ ਝਾਤ

ਛਾਤੀ ਤਾਣ ਕੇ ਕੁੱਕੜ ਨੇ ਬਾਂਗ ਦਿੱਤੀ,
ਇਕੇ ਜੰਗ ਦਾ ਨਾਦ ਘੁਕਾਇਆ ਸੀ।
ਕਾਲੀ ਰਾਤ ਦੇ ਬਖ਼ਤ ਸਿਆਹ ਉਤੇ,
ਆ ਪ੍ਰਭਾਤ ਨੇ ਕਟਕ ਚੜ੍ਹਾਇਆ ਸੀ।

ਹੋਈਆਂ ਟੱਕਰਾਂ ਪੂਰਬੀ ਮੋਰਚੇ ਤੇ,
ਜੰਗ ਮਚਿਆ ਬੜੇ ਘਮਸਾਨ ਅੰਦਰ।
ਲਾਲੀ ਆਣ ਅਸਮਾਨ ਨੂੰ ਚੜ੍ਹਨ ਲੱਗੀ,
ਐਨਾ ਡੁਲ੍ਹਿਆ ਲਹੂ ਮੈਦਾਨ ਅੰਦਰ।

ਹਾਰ ਖਾ ਕੇ ਮੰਨ ਗਈ ਈਨ ਜਾਪੇ,
ਬੁਢੀ ਰਾਤ ਨੇ ਬਿਸਤਰਾ ਗੋਲ ਕੀਤਾ।
ਜਿਤੇ ਦੇਸ ਦੇ ਵਿਚ ਪ੍ਰਭਾਤ ਰਾਣੀ,
ਆਸਣ ਤਖ਼ਤ ਤੇ ਆਣ ਅਡੋਲ ਕੀਤਾ।

ਪੀੜ੍ਹੇ ਡਾਹ ਕੇ ਚੁਪ ਜਹੀ ਆਣ ਬੈਠੀ,
ਨਵੀਂ ਵਹੁਟੜੀ ਆਈ ਪਰਭਾਤ ਵੇਖੋ।
ਜਾਂਦੇ ਜਾਂਦੇ ਉਸ਼ੇਰ ਦੇ ਤਾਰਿਆਂ ਨੇ,
ਪਈ ਘੁੰਡ ਚੋਂ ਰਤਾ ਕੁ ਝਾਤ ਵੇਖੋ।

ਚੁੰਨੀ ਅੰਬਰੀ ਅਬਰਕਾਂ ਵਾਲੜੀ ਦਾ,
ਘੁੰਡ ਓਸਨੇ ਰਤਾ ਲਮਕਾ ਦਿਤਾ।
(ਪਰ) ਚੜ੍ਹਦੀ ਵਲੋਂ ਪਰ ਲਾਡਲੇ ਦਿਓਰ ਆ ਕੇ,
ਸਿਰ ਤੋਂ ਲੀੜਾ ਹੀ ਖਿੱਚ ਕੇ ਲਾਹ ਦਿੱਤਾ।

ਸੰਨ੍ਹਾਂ ਛੱਡ ਕੇ ਚੋਰ ਨੇ ਉਠ ਨੱਸੇ,
ਪੈਂਚ ਖੂਹ ਤੇ ਡੋਲ ਖੜਕਾਉਣ ਲੱਗਾ।
ਗੜਵੀ ਸਾਂਭ ਕੇ ਚੱਲਿਆ ਘਰੋਂ ਪੰਡਤ,
ਭਾਈ ਆਣ ਕੇ ਸੰਖ ਵਜਾਉਣ ਲੱਗਾ।

ਆਪੋ ਅਪਣੇ ਕੰਮਾਂ ਤੇ ਗਏ ਕਾਮੇ,
ਆਈ ਜਾਗ ਹੈ ਰੱਬ ਦੇ ਪਿਆਰਿਆਂ ਨੂੰ।
ਜੋਬਨ ਵਿਚ ਜਾਂ ਰੱਬੀ ਰਬਾਬ ਆਈ,
ਚੜ੍ਹੀਆਂ ਮਸਤੀਆਂ ਇਸ਼ਕ-ਹੁਲਾਰਿਆਂ ਨੂੰ।

ਰਾਗੀ ਜਦੋਂ ਹਰਮੰਦਰ ਦੇ ਵਿਚ ਬਹਿਕੇ,
ਸਬਦ ਨਾਨਕ ਦੀ ਬਾਣੀ ਦੇ ਗਾਣ ਲੱਗੇ।
ਲੱਖਾਂ ਧੁਖਦਿਆਂ ਦਿਲਾਂ ਨੂੰ ਸ਼ਾਂਤ ਆਈ,
ਚੰਚਲ-ਚਿਤ ਸਮਾਧੀਆਂ ਲਾਣ ਲੱਗੇ।

ਰਹੀਆਂ ਰਾਤ ਭਰ ਘੁਟੀਆਂ ਜਿਹੜੀਆਂ ਸੀ,
ਬਾਹਵਾਂ ਪੀਆ ਦੇ ਗਲੇ ਚੋਂ ਖੁਲ੍ਹ ਗਈਆਂ।
ਛਣਕ ਛਣਕ ਰੰਗੀਲੀਆਂ ਚੂੜੀਆਂ ਚੋਂ,
ਲੱਖਾਂ ਹਸਰਤਾਂ ਸੇਜ ਤੇ ਡੁਲ੍ਹ ਗਈਆਂ।

ਬਾਰ ਬਾਰ ਅੰਗੜਾਈਆਂ ਭੰਨਦਾ ਏ,
ਉਤੇ ਮੰਜੀਆਂ ਹੁਸ਼ਨ ਕਵਾਰੀਆਂ ਦਾ।
ਨੈਣ ਵੇਖ ਉਨੀਂਦਰੇ ਭਾਬੀਆਂ ਦੇ,
ਜੀਆ ਡੋਲਦਾ ਪਿਆ ਵਿਚਾਰੀਆਂ ਦਾ।

ਦੁੱਧਾਂ ਵਿਚ ਮਧਾਣੀਆਂ ਪੈ ਗਈਆਂ,
ਫੁੱਲ ਚਾਟੀਆਂ ਵਿਚ ਇਓਂ ਖੜਕਦੇ ਨੇ।
ਗੱਲ ਗੱਲ ਜਿਓਂ ਪੀਆ ਦਾ ਯਾਦ ਕਰਕੇ,
ਸੀਨੇ ਸੱਜ-ਵਿਆਹੀਆਂ ਦੇ ਧੜਕਦੇ ਨੇ।

ਭੁੱਖੇ ਰਾਤ ਦੇ ਗਾਈਆਂ ਨੂੰ ਲੇਹਣ ਵੱਛੇ,
ਪਿਛੋਂ ਰੋਜ਼ਿਆਂ ਦੇ ਈਦ ਹੋਣ ਲੱਗੀ।
ਥਣ ਨਿੰਬੂਆਂ ਵਾਂਗ ਨਚੋੜ ਸੁੱਟੇ,
ਧਾਰ ਨਵੀਂ ਮੁਟਿਆਰ ਹੈ ਚੋਣ ਲੱਗੀ।

ਝਾੜੂ ਫੇਰ ਕੇ ਵਿਹੜੇ ਮਸੂਮ ਕੁੜੀਆਂ,
ਦਿਲ ਦੇ ਸ਼ੀਸ਼ਿਆਂ ਵਾਂਗ ਸਫ਼ਾ ਕੀਤੇ।
ਫੜ ਕੇ ਚੱਕੀ ਦੀ ਕਿਸੇ ਭੁਆਈ ਹੱਥੀਂ,
ਦਾਣੇ ਪਲਾਂ ਵਿਚ ਆਟੇ ਦੇ ਭਾ ਕੀਤੇ।

ਤੰਦਾਂ ਤੋੜ ਤੱਕੇ ਸ਼ੀਸ਼ੇ ਚਰਖੜੀ ਦੇ,
ਕਿਸ਼ਤੀ ਗ਼ਮਾਂ ਦੀ ਨੂੰ ਕੋਈ ਖੇਣ ਲੱਗੀ।
ਢਲਦੇ ਰੂਪ ਨੂੰ ਵੇਖ ਕੇ ਰੂਪ-ਮੱਤੀ,
ਮਿਹਣੇ ਪਤੀ ਪਰਦੇਸੀ ਨੂੰ ਦੇਣ ਲੱਗੀ।

ਕਾਗ ਬੋਲ ਪਏ ਆਣ ਬਨੇਰਿਆਂ ਤੇ,
ਕੋਈ ਬੁੱਕ ਭੁੱਲੀ ਆਟਾ ਮਿਣਨ ਲੱਗੀ।
ਉਹਨੂੰ ਛੁਟੀ ਦੀਆਂ ਚਿੱਠੀਆਂ ਯਾਦ ਆਈਆਂ,
ਦਿਨ ਪੀਆ ਦੇ ਆਉਣ ਦੇ ਗਿਣਨ ਲੱਗੀ।

ਚਿੜੀਆਂ ਵਿਚ ਨਿਆਈਆਂ ਦੇ ਚੂਕ ਪਈਆਂ,
ਲੰਘੀ ਸ਼ੂਕਦੀ ਡਾਰ ਕਬੂਤਰਾਂ ਦੀ।
ਵਿਚ ਤ੍ਰਿੰਞਣਾਂ ਚਰਖੀਆਂ ਘੂਕ ਪਈਆਂ,
ਪੈ ਗਈ ਲੋੜ ਜੁਲਾਹਿਆਂ ਨੂੰ ਸੂਤਰਾਂ ਦੀ।

ਘੁਗੂ ਬੋਲਿਆ ਉੱਠ ਮਜ਼ਦੂਰ ਨੱਸੇ,
ਪਾਟੇ ਜੁੱਲਿਆਂ ਦੀ ਸੜੇਹਾਨ ਵਿੱਚੋਂ।
ਅਸਰਾਫ਼ੀਲ ਨੇ ਜਿਵੇਂ ਸਰਨਾ ਫੂਕੀ,
ਮੁਰਦੇ ਉੱਠ ਨੱਸੇ ਕਬਰਸਤਾਨ ਵਿੱਚੋਂ।

ਘੂਕ ਸੁੱਤਿਆਂ ਦਿਹੁੰ ਜਾਂ ਚੜ੍ਹ ਆਇਆ,
ਬੁਢੇ ਆਣ ਜਗਾਇਆ ਹਾਲੀਆਂ ਨੂੰ।
ਕਈ ਹਲਾਂ ਦੇ 'ਚੋ' ਸਞਾਂਣਦੇ ਨੇ,
ਪਾ ਪਾ ਅਰਲੀਆਂ ਵੇਖਣ ਪੰਜਾਲੀਆਂ ਨੂੰ।

ਪਿਛੇ ਪਿਛੇ ਮੁੱਛ-ਫੋਟ ਗਭਰੂਟ ਮੁੰਡਾ,
ਅੱਗੇ ਅੱਗੇ ਹਰਨ੍ਹਾਲੀ ਹਿਸਾਰੀਆਂ ਦੀ।
ਢੱਗੇ ਜਾਣ ਕੇ ਜਿਨ੍ਹਾਂ ਨੇ ਮਿਰਗ ਵੇਚੇ,
ਮਾਰੀ ਮੱਤ ਗਈ ਉਹਨਾਂ ਵਿਪਾਰੀਆਂ ਦੀ।

ਕਾਲੇ ਘੱਟ ਕਮਾਦ ਦੇ ਖੇਤ ਇਕ ਧਿਰ,
ਇਕ ਧਿਰ ਖੜਾ ਨਰਮਾ ਜੁੜਿਆ ਕੰਧ ਵਾਂਗੂੰ।
ਟੀਂਡੇ ਹੱਸਦੇ ਵਾਂਗਰਾਂ ਤਾਰਿਆਂ ਦੇ,
ਜੱਟ ਜਾਪਦਾ ਉਗੱਦੇ ਚੰਦ ਵਾਂਗੂੰ।

ਤਿੱਤਰ ਬੋਲਦੇ ਜੱਟ ਦੇ ਦੋਹੀਂ ਪਾਸੀਂ,
ਮਸਤੀ ਬੁਲ੍ਹਾਂ ਤੇ ਹਾਸੇ ਨਚੌਣ ਵਾਲੀ।
ਬੈਠੀ ਟਿੱਲੇ ਤੇ ਕੁੜੀ ਪਹਾੜੀਆਂ ਦੀ,
ਤਾਲੋਂ ਖੁੰਝ ਗਈ ਠੁਮਰੀਆਂ ਗੌਣ ਵਾਲੀ।

ਚੁਪ ਚਾਪ ਜਹੇ ਨਦੀ ਦੇ ਪਾਣੀਆਂ ਤੋਂ,
ਵਾਜ ਰੁਮਕਦੀ ਲੰਘਦੀ ਟੱਲੀਆਂ ਦੀ।
ਹਿੱਲ ਹਿੱਲ ਮੱਕਈ ਦੇ ਖੇਤ ਅੰਦਰ,
ਪੱਤੇ ਜ਼ੁਲਫ਼ ਸਵਾਰਦੇ ਛੱਲੀਆਂ ਦੀ।

ਛੇੜੇ ਕਿਤੇ ਬੰਬੀਹੇ ਨੇ ਗੀਤ ਉਹਦੇ,
ਤਿਲੀਅਰ ਤਾਲ ਤੇ ਖੰਭ ਫੜਕੌਣ ਲੱਗੇ।
ਉਹਦੀ ਜ਼ੁਲਫ਼ ਦੇ ਨਾਗ ਨੂੰ ਕੀਲਣੇ ਲਈ,
ਬਿੰਡੇ ਅਪਣੀ ਬੀਨ ਵਜੌਣ ਲੱਗੇ।

ਫੇਰ ਫੇਰ ਚੁੰਝਾਂ ਭੋਲੇ ਪੰਛੀਆਂ ਨੇ,
ਕਰ ਲਿਆ ਤਿਆਰ ਹੈ ਖੰਭੀਆਂ ਨੂੰ।
ਚਕਵੇ ਚਕਵੀਆਂ ਵਸਲ ਦੇ ਜਾਮ ਦਿਤੇ,
ਅੱਖੀਂ ਬਿਰਹੋਂ ਦੀ ਝੰਬਣੀ ਝੰਬੀਆਂ ਨੂੰ।

ਲਾ ਲਾ ਕੇ ਜਾਲ ਬਟੇਰ-ਬਾਜ਼ਾਂ,
ਲਾਗੇ ਰੱਖਿਆ ਆਣ ਬੁਲਾਰਿਆਂ ਨੂੰ।
ਲਾਨਤ ਲੱਖ ਗੁਲਾਮਾਂ ਦੀ ਜ਼ਿੰਦਗੀ ਨੂੰ,
ਫਸੇ ਆਪ ਫਸਾਉਂਦੇ ਸਾਰਿਆਂ ਨੂੰ।

ਛੱਲਾਂ, ਨੀਲੀਆਂ ਸਾਟਾਂ ਦੇ ਵਾਂਗ ਪਾਈਆਂ,
ਨਦੀਆਂ ਨੀਂਦ ਦੀ ਗੋਦ ਸਵਾਲੀਆਂ ਨੂੰ।
ਡਾਂਗਾਂ ਮਾਰੀਆਂ ਵਾ ਦੇ ਬੁਲਿਆਂ ਨੇ,
ਬੀਟੀ ਮਾਰਿਆ ਜਿਵੇਂ ਅਕਾਲੀਆਂ ਨੂੰ।

ਟੁਰੇ ਜਾਉਂਦੇ ਪੀਆ ਨੂੰ ਰੋਕਣੇ ਲਈ,
ਥਾਂ ਥਾਂ ਸੁੰਡੀਆਂ ਨੇ ਜਾਲੇ ਤਣੇ ਹੋਏ ਨੇ।
ਉਤੇ ਪੱਤਰਾਂ ਝੂਲਣੇ-ਮਹਿਲ ਵੇਖੋ,
ਅਜਬ ਰੇਸ਼ਮੀ ਤਾਰਾਂ ਦੇ ਬਣੇ ਹੋਏ ਨੇ।

ਕਿਤੇ ਫੁਲਾਂ ਤੋਂ ਤਿਲਕ ਕੇ ਤ੍ਰੇਲ ਤੁਪਕੇ,
ਦਿੱਸਨ ਜਾਲਿਆਂ ਵਿਚ ਇਉਂ ਫਸੇ ਹੋਏ।
ਪਾਕ ਸ਼ਾਫ਼ ਤਸੱਵਰ ਜਿਓਂ ਪੀਆ ਜੀ ਦੇ,
ਮਨ ਦੇ ਮੰਦਰਾਂ ਵਿਚ ਨੇ ਵੱਸੇ ਹੋਏ।

ਡਾਢੀ ਛੱਬ ਹੈ ਘਾ ਦੇ ਫ਼ਰਸ਼ ਉਤੇ,
ਥਾਂ ਥਾਂ ਤ੍ਰੇਲ ਦੇ ਮੋਤੀ ਖਿਲਾਰਿਆਂ ਦੀ।
ਰਾਤੋ ਰਾਤ ਜਿਓਂ ਫ਼ਤਹ ਅਸਮਾਨ ਕਰਕੇ,
ਲੱਥੀ ਜ਼ਿਮੀਂ ਤੇ ਫ਼ੌਜ ਸਤਾਰਿਆਂ ਦੀ।

ਕਿਰਨਾਂ ਪਹਿਲੀਆਂ ਸੁੱਟ ਪ੍ਰਭਾਤ-ਰਾਣੀ,
ਏਦਾਂ ਬੂਰ ਲਿਸ਼ਕਾਏ ਨੇ ਕਾਨਿਆਂ ਦੇ।
ਲਾ ਲਾ ਸੋਨੇ ਦੀਆਂ ਕਲਗੀਆਂ ਜਿਵੇਂ ਰੱਖੇ,
ਸਿਰ ਤੇ ਤਾਜ ਸ਼ਾਹਜ਼ਾਦਿਆਂ ਦਾਨਿਆਂ ਦੇ।

ਇਹਦੇ ਮੂੰਹ ਤੇ ਭੱਖਦੀਆਂ ਲਾਲੀਆਂ ਨੇ,
ਲਾਲੀ ਫੁੱਲਾਂ ਦੇ ਬੁਲ੍ਹਾਂ ਤੇ ਚਾੜ੍ਹ ਦਿੱਤੀ।
ਇਹਦੇ ਸ਼ੋਖ਼ ਜਹੇ ਚਮਕਦੇ ਦੀਦਿਆ ਨੇ,
ਕਲੀ ਕਲੀ ਦੀ ਸੋਖ਼ੀ ਉਘਾੜ ਦਿਤੀ।

ਮੁਕਦੀ ਗੱਲ, ਕਿ ਪੈਰ ਪ੍ਰਭਾਤ ਪਾਕੇ,
ਸਾਰੇ ਜਗਤ ਤੇ ਬੜਾ ਉਪਕਾਰ ਕੀਤਾ।
ਕਾਲਾ ਕੋਹਜੜਾ ਰੂਪ ਕਰੂਪ ਵਾਲਾ,
ਨੂਰੋ ਨੂਰ ਇਸ ਕੁਲ ਸੰਸਾਰ ਕੀਤਾ।

(ਪਰ) ਸੁੱਤੇ ਆਲਸੀ ਅਤੇ ਸ਼ਰਾਬੀਆਂ ਲਈ,
ਫੇਰੀ ਏਸ ਜੇ ਪਾਈ ਤੇ ਕੀ ਪਾਈ।
ਦੱਸ 'ਮਾਨ' ਗ਼ੁਲਾਮਾਂ ਤੇ ਅੰਨ੍ਹਿਆਂ ਲਈ,
ਜੇ ਪ੍ਰਭਾਤ ਵੀ ਆਈ ਤੇ ਕੀ ਆਈ ?

ਅਣਖੀ ਪ੍ਰਤਾਪ

ਭਾਵੇਂ ਮਿਟਾਇਆ ਇਨ੍ਹਾਂ ਨੂੰ,
ਸਦੀਆਂ ਦੀ ਬੇ-ਰਹਮੀ ਨੇ ਆ।

ਚਰਚਾ ਹੈ ਹੁਣ ਵੀ ਜੱਗ ਤੇ,
ਹਾਂ ਉਜੜਿਆਂ ਦੀ ਸ਼ਾਨ ਦਾ।

ਰਾਜਪੂਤੀ ਅਣਖ ਦਾ,
ਸਾਬਤ ਮੁਨਾਰਾ ਹੈ ਖੜਾ।

ਜ਼ੋਰ ਅਕਬਰ ਨੇ ਲਗਾਇਆ,
ਨਿਤ ਜਿਸ ਨੂੰ ਢਾਣ੍ਹ ਦਾ।

ਭਾਵੇਂ ਨਵੇਂ ਤੋਂ ਨਵਾਂ ਹੀ,
ਖੇਖਣ ਰਚਾਇਆ ਓਸਨੇ।

ਆਟਾ ਲਗਾ ਕੇ ਕੁੰਡੀਆਂ ਵਿਚ,
ਮਛੀਆਂ ਨੂੰ ਫਾਣ੍ਹ ਦਾ।

ਤਸਬੀਆਂ ਦੇ ਨਾਲ ਵੀ,
ਜੰਜੂ ਅੜਾਏ ਓਸਨੇ।

ਈਮਾਨ ਕੋਈ ਵੀ ਨਹੀਂ ਸੀ,
'ਮਾਨ' ਉਸ ਸੁਲਤਾਨ ਦਾ।

ਜਾਂ ਕੌਮ ਦੇ ਲੱਖਾਂ ਹੀ ਸੂਰੇ,
ਓਸ ਨੇ ਭਿਚਲਾ ਲਏ।

ਤੇ ਮਾਨ ਸਿੰਘ ਜਹੇ ਤਾਜ਼ ਖੋ,
ਬੈਠੇ ਸੀ ਅਪਣੇ ਮਾਨ ਦਾ।

ਫੇਰ ਵੀ ਜੋ ਫਸਿਆ ਨਾ,
ਰੇਸ਼ਮੀ ਇਸ ਜਾਲ ਵਿਚ।

ਸੂਰਮਾ ਪਰਤਾਪ ਸੀ,
ਪਰਤਾਪ ਹਿੰਦੁਸਤਾਨ ਦਾ।

ਏਦਾਂ ਜਾਂ ਮੰਨੀ ਈਨ ਨਾ,
ਤਾਂ ਸ਼ਹਿਨਸ਼ਾਹ ਦੇ ਹੁਕਮ ਤੋਂ।

ਸ਼ਹਿਨਸ਼ਾਹੀ ਫ਼ੌਜ ਦੀ,
ਤਾਕਤ ਵੀ ਫਿਰ ਅਜ਼ਮਾਈ ਗਈ।

ਤੋਪਾਂ ਤੁਫੰਗਾਂ ਧਮਕੀਆਂ,
ਮੁੜ ਓਸਨੂੰ ਧਮਕਾਣ ਲਈ।

ਇੱਟ ਦੇ ਨਾਲ ਇੱਟ ਵੀ,
ਕਹਿੰਦੇ ਨੇ ਖੜਕਾਈ ਗਈ।

ਅਕਬਰ ਦੇ ਤੀਰਾਂ ਆਖਿਆ,
ਲੱਖ ਵਾਰ ਓਹਨੂੰ ਕਰ ਸੁਲ੍ਹਾ।

ਪਰਤਾਪ ਦੇ ਨੇਜ਼ੇ ਤੋਂ ਵੀ,
ਚਿਠੀ ਇਹ ਲਿਖਵਾਈ ਗਈ।

'ਤਲਵਾਰ ਵਰਗਾ ਵਿੰਗ,
ਮੇਰੀ ਮੁੱਛ ਦਾ ਨਹੀਂ ਖੁੱਲ੍ਹਣਾ।

ਸਿਰ ਮੇਰੇ ਤਲਵਾਰ ਭਾਵੇਂ,
ਲੱਖ ਚਮਕਾਈ ਗਈ।

ਆਕੜੀ ਹੋਈ ਧੌਣ ਤੇ,
ਹਰ ਇਕ ਮੁਸੀਬਤ ਆਉਣ ਦੇ।

ਸਿਰ ਪਰ ਨਹੀਂ ਝੁਕਣਾ,
ਸੰਗਰਾਮ ਦੀ ਸੰਤਾਨ ਦਾ।

ਹਿੰਦ ਉੱਤੋਂ ਵਾਰ ਦੇਣਾ,
ਜ਼ਿੰਦ ਮੇਰਾ ਧਰਮ ਹੈ।

(ਮੈਂ) ਸੂਰਮਾ ਪਰਤਾਪ ਹਾਂ,
ਪਰਤਾਪ ਹਿੰਦੁਸਤਾਨ ਦਾ।

ਇੱਕ ਦਿੱਨ ਟਿੱਲੇ ਤੇ ਬੈਠਾ,
ਬਾਦਸ਼ਾਹ, ਖ਼ਾਨਾ ਬਦੋਸ਼।

ਇਸਤਰ੍ਹਾਂ ਕੁਝ ਗੁਣ ਗੁਣਾ,
ਕਹਿੰਦਾ ਸੀ ਆਪਣੇ ਆਪ ਨੂੰ।

ਈਨ ਮੰਨ ਕੇ ਕਿਸੇ ਦੀ,
ਨੱਚੇ ਜੋ ਸੈਨਤ ਤੇ ਪਈ।

ਬੰਦ ਕਰਦੇ ਮਾਲਕਾ,
ਉਸ ਘੋੜਿਆਂ ਦੀ ਟਾਪ ਨੂੰ।

ਬੱਚੇ ਦੀ ਭੁੱਖ ਨੂੰ ਵੇਖ ਕੇ,
ਜੋ ਥਿੜਕ ਪਏ ਆਦਰਸ਼ ਤੇ।

ਸਾੜ ਕਿਓਂ ਦਿਤਾ ਨ ਜਾਵੇ,
ਇਸਤਰ੍ਹਾਂ ਦੇ ਬਾਪ ਨੂੰ।

ਪਰਤਾਪ ਹੋ ਕੇ ਦੇਸ਼ ਦਾ,
ਪਰਤਾਪ ਜਿਹੜਾ ਖੋ ਦਏ।

ਪਰ-ਤਾਪ ਫਿਰ ਕਿਉਂ ਨ ਚੜ੍ਹੇ,
ਏਹੋ ਜਿਹੇ ਪਰਤਾਪ ਨੂੰ।

ਸੂਰਮਾਂ ਹਾਂ ਇਸ ਲਈ,
ਮੈਂ ਨੇਂਮ੍ਹਤਾਂ ਖਾਂਦਾ ਨਹੀਂ।

ਸ਼ੌਕ ਹੈ ਬਰਛੀ ਕਿਸੇ ਦੀ,
ਕਾਲਜੇ ਵਿਚ ਖਾਣ ਦਾ।

ਤਾਂ ਜੋ ਮੇਰੀ ਮੜ੍ਹੀ ਤੇ,
ਹਿੰਦੀ ਇਹ ਆਖਣ ਰੱਲ ਕੇ,

ਸੂਰਮਾ ਪਰਤਾਪ ਸੀ,
ਪਰਤਾਪ ਹਿੰਦੁਸਤਾਨ ਦਾ।

ਮੇਰੀ ਕਮਾਨੋ! ਜੱਦ ਤੋੜੀ,
ਤੰਦ ਤੇਰੀ ਸਾਬਤੀ।

ਤੰਦਾਂ ਮੇਰੀ ਤਾਣੀ ਦੀਆਂ,
ਦੱਸੀਂ ਖਿੰਡਾ ਸਕਦਾ ਹੈ ਕੌਣ।

ਲਹੂ ਮੇਰੇ ਹੱਥ ਦੀ ਨਾੜੀਂ,
ਹੈ ਜਦ ਤਕ ਚੱਲਦਾ।

ਤੇਗ਼ ਮੇਰੀ ਨੂੰ ਮਿਆਨੇ,
ਫਿਰ ਸੁਵਾ ਸੱਕਦਾ ਹੈ ਕੌਣ।

ਸਿਰ ਤਲੀ ਤੇ ਰੱਖਣਾ,
ਝੰਡਾ ਹੈ ਮੇਰੀ ਕੌਮ ਦਾ।

ਏਹੋ ਜਿਹੇ ਝੰਡੇ ਨੂੰ ਦੱਸ ਖਾਂ,
ਝੁਕਾ ਸਕਦਾ ਹੈ ਕੌਣ।

ਮੇਰੀਆਂ ਮੁੱਛਾਂ ਦੇ ਕਾਲੇ ਨਾਗ,
ਤੈਨੂੰ ਦਸ ਖਾਂ।

ਮੌਤ ਤੋਂ ਪਹਿਲਾਂ ਪਟਾਰੀ ਵਿਚ,
ਪਾ ਸਕਦਾ ਹੈ ਕੌਣ।

ਤੋਲ ਦੇਵਾਂਗਾ ਮੈਂ ਬਰਬਾਦੀ ਨੂੰ,
ਅਜ਼ਾਦੀ ਦੇ ਨਾਲ।

ਤੋਲ ਪਾਣਾ ਵੀ ਪਵੇ,
ਬੇਸ਼ੱਕ ਅਪਣੀ ਜਾਨ ਦਾ।

ਕਾਇਰ ਨਹੀਂ ਕਿ ਮੌਤ ਤੋਂ,
ਡਰ ਖਿਮ੍ਹਾ ਦਾ ਯਾਚਕ ਬਣਾਂ।

ਮੈਂ ਸੂਰਮਾ ਪਰਤਾਪ ਹਾਂ,
ਪਰਤਾਪ ਹਿੰਦੁਸਤਾਨ ਦਾ।

ਕਿਤੇ ਆ ਪੀਆ

(ਪ੍ਰਦੇਸ ਗਏ ਪੀਆ ਨੂੰ ਪ੍ਰੇਮਣ ਦੀ ਚਿਠੀ)

ਸਾਵਣ ਦੇ ਨਜ਼ਾਰੇ ਆ ਗਏ ਨੇ,
ਫੁੱਲਾਂ ’ਚ ਹੁਲਾਰੇ ਆ ਗਏ ਨੇ।
ਔਹ ਘਾ ਦਿਆਂ ਹਰਿਆ ਅੰਬਰਾਂ ਤੇ,
ਜੁਗਨੂੰ ਬਣ ਤਾਰੇ ਆ ਗਏ ਨੇ।

ਅਜ ਬਿਹਬਲ ਵਹਿੰਦੀਆਂ ਨਦੀਆਂ ਨੂੰ,
ਸਾਗਰ ਦੇ ਕਿਨਾਰੇ ਆ ਗਏ ਨੇ।
ਨੱਢੀਆਂ ਦੇ ਸਿਪਾਹੀ ਲਾਮਾਂ ਚੋਂ,
ਵਰਦੀ 'ਚ ਸ਼ਿੰਗਾਰੇ ਆ ਗਏ ਨੇ।

ਬਣ ਬਣ ਕੇ ਜੋਗੀ ਰਾਂਝੇ ਕਈ,
ਹੀਰਾਂ ਦੇ ਦਵਾਰੇ ਆ ਗਏ ਨੇ।
ਗਲ ਕੀ ਸੰਸਾਰ 'ਚ ਸਾਰੇ ਹੀ,
ਸਭਨਾਂ ਦੇ ਸਾਰੇ ਆ ਗਏ ਨੇ।

ਮੇਰਾ ਵੀ ਜਹਾਨੋਂ-ਜਾਣੀ ਦਾ,
ਮੁੜ ਫੇਰ ਜਹਾਨ ਵਸਾ ਪੀਆ।
ਅਜ ਆ ਪੀਆ ਮਿਲ ਜਾ ਪੀਆ,
ਸੀਨੇ ਸੰਗ ਲਾ ਕੇ ਤੱਤੜੀ ਦੇ,
ਜੀਉੜੇ ਦਾ ਰੋਗ ਵੰਞਾ ਪੀਆ।

ਵਾਵਾਂ ਨੇ ਵੱਗੀਆਂ ਮਸੀਂ ਮਸੀਂ।
ਝੜੀਆਂ ਨੇ ਲੱਗੀਆਂ ਮਸੀਂ ਮਸੀਂ।
ਵਰ੍ਹੀਆਂ ਨੇ ਘਟਾਂ ਪਹਾੜਾਂ ਤੇ,
ਨਦੀਆਂ ਨੇ ਵੱਗੀਆਂ ਮਸੀਂ ਮਸੀਂ।

ਲਹਿਰਾਂ ਵਿਚ ਮੱਛੀਆਂ ਪਾਗਲ ਹੋ,
ਜਿੱਦ ਜਿੱਦ ਨੇ ਨੱਚੀਆਂ ਮਸੀਂ ਮਸੀਂ।
ਭੌਰਾਂ ਨੇ ਕੱਢੀਆਂ ਕੁਤਕੁਤੀਆਂ,
ਕਲੀਆਂ ਨੇ ਹੱਸੀਆਂ ਮਸੀਂ ਮਸੀਂ।

ਵੇਹੜੇ ਵਿਚ ਅੰਬੀ ਫਲ ਪਈਏ,
ਅੰਬੀਆਂ ਨੇ ਰਸੀਆਂ ਮਸੀਂ।
ਮੈਂ ਲਾਹ ਲਾਹ ਡੋਰੇ ਨੈਣਾਂ ਦੇ,
ਡੋਰਾਂ ਨੇ ਵੱਟੀਆਂ ਮਸੀਂ ਮਸੀਂ।

ਪਲਕਾਂ ਦੇ ਕੋਮਲ ਕੇਸਾਂ ਤੇ,
ਦਿਤੀਆਂ ਨੇ ਪੀਂਘਾਂ ਪਾ ਪੀਆ।
ਅਜ ਆ ਪੀਆ ਮਿਲ ਜਾ ਪੀਆ।
ਇਹ ਭਾਗੀ ਵੇਲਾ ਜੁੜਿਆ ਈ,
ਆ ਆ ਕੋਈ ਪੀਂਘ ਚੜ੍ਹਾ ਪੀਆ।

ਕੀ ਦਿਲ ਨਵੇਂ ਕੁਈ ਭਾਲੇ ਨੀ,
ਦਿਲ ਸਾਡਾ ਟੋਟੇ ਕਰ ਕਰ ਕੇ।
ਕੀ ਸਾਨੂੰ ਦਿਲੋਂ ਉਤਾਰ ਦਿੱਤਾ,
ਲੋਕਾਂ ਦੇ ਅੱਡੇ ਚੜ੍ਹ ਚੜ੍ਹ ਕੇ।

ਲੱਗੀਆਂ ਤੋਂ ਮੁੱਕਰ ਲੱਖ ਵਾਰੀ,
ਤੂੰ ਕੂੜ-ਕਹਾਣੀਆਂ ਕਰ ਕਰ ਕੇ।
ਅਸੀਂ ਕੀਕਣ ਤੈਨੂੰ ਭੁਲ ਜਾਈਏ,
ਜਦ ਲੱਭਾ ਤੈਨੂੰ ਮਰ ਮਰ ਕੇ।

ਰੁਗ ਭਰੇ ਕਲੇਜੇ ਸਾਡੇ ਨੂੰ,
ਲੋਕਾਂ ਦੀਆਂ ਬਾਹਵਾਂ ਫੜ ਫੜ ਕੇ।
ਤੂੰ ਅਪਣੀ ਈਦ ਮਨਾਂਦਾ ਏਂ,
ਸਾਡੇ ਗਲ ਛੁਰੀਆਂ ਧਰ ਧਰ ਕੇ।

ਚੌਂਪਟ ਥਾਂ ਥਾਂ ਵਿਛਾਈ ਆ,
ਇਸ਼ਕੇ ਦੀ ਬਾਜੀ ਹਰ ਹਰ ਕੇ।
ਕੀ ਕਰਨੀ ਊਂ ਗਿਣਤੀ ਸਖੀਆਂ ਦੀ,
ਰਾਧਾ ਸੰਗ ਰਾਸ ਰਚਾ ਪੀਆ।
ਇਸ਼ਕੇ ਦੀ ਨਿੱਘੀ ਬੁਕਲ ਵਿਚ,
ਉਂਘਲਾਂਦਾ ਹੀ ਸੌਂ ਜਾ ਪੀਆ।

ਖਾ ਖ਼ਾਰਾਂ ਮਿੱਠੀਆਂ ਆਸਾਂ ਤੋਂ,
ਦੁਨੀਆ ਦੀਆਂ ਨਜ਼ਰਾਂ ਵਿਚਲ ਗਈਆਂ।
ਮੇਰੀਆਂ ਹਮਦਰਦਨ ਅੱਖੀਆਂ ਵੀ,
ਛੱਡ ਮੈਨੂੰ ਖਵਰੇ ਕਿਤਲ ਗਈਆਂ।

ਫੁਲਾਂ ਦੇ ਦੀਦੇ ਫੁੱਲ ਗਏ ਨੇ,
ਬੁਲਬੁਲ ਦੀਆਂ ਬੁਲੀਆਂ ਵਿਟਲ ਗਈਆਂ।
ਸਾੜ੍ਹੇ ਨੇ ਕੋਇਲ ਸਾੜ੍ਹ ਸੁੱਟੀ,
ਚੰਦਰੀ ਦੀਆਂ ਚੀਕਾਂ ਨਿਕਲ ਗਈਆਂ।

ਸੁੱਟੀਆਂ ਸਨ ਜੋ ਮੈਂ ਸੇਜਾਂ ਤੇ,
ਕਲੀਆਂ ਉਹ ਕਾਗਤ ਨਿਕਲ ਪਈਆਂ।
ਸੁਰ ਹੋਈਆਂ ਵਸਲ ਦੇ ਗੀਤਾਂ ਲਈ,
ਵੀਣਾ ਦੀਆਂ ਤਾਰਾਂ ਵਿਚਲ ਗਈਆਂ।

ਮੈਂ ਦੀਨ ਗਵਾਈਂ ਬੈਠੀ ਸਾਂ,
ਦੁਨੀਆ ਵੀ ਲਈ ਗਵਾ ਪੀਆ।
ਸਾੜੇ ਖਾ ਜਾਣ ਸ਼ਰੀਕਾਂ ਨੂੰ,
ਜੇ ਕਿਧਰੋਂ ਜਾਵੇਂ ਆ ਪੀਆ।

ਦਸ ਤੂੰਹੀਏਂ! ਕਿੰਞ ਸਮਝਾਵਾਂ ਮੈਂ,
ਹੁਣ ਵੰਗਾਂ ਦੇ ਛਣਕਾਰਾਂ ਨੂੰ।
ਗਲ ਪਾਏ ਸਨ ਜੋ ਜਿੱਤਾਂ ਲਈ,
ਕੀ ਆਖਾਂ ਉਹਨਾਂ ਹਾਰਾਂ ਨੂੰ।

ਖੜਕਾਵਾਂ ਕੇਹੜੇ ਤਾਲਾਂ ਤੇ,
ਪੰਜੇਬ ਦੀਆਂ ਝੁਣਕਾਰਾਂ ਨੂੰ।
ਵਿਚ ਮੇਢੀਆਂ ਮਛਰੇ ਨਾਗ ਪਏ,
ਕਿੰਞ ਡੱਕਾਂ ਹੁਣ ਫੁੰਕਾਰਾਂ ਨੂੰ।

ਕੀ ਆਖਾਂ ਲਾਈਆਂ ਬੂਹੇ ਤੇ,
ਹੁਣ ਫੁੱਲਾਂ ਦੀਆਂ ਕਤਾਰਾਂ ਨੂੰ।
ਕਿਸ ਹੌਕੇ ਨਾਲ ਉਡਾ ਦੇਵਾਂ,
ਆਸਾਂ ਦੇ ਲਾਏ ਅੰਬਾਰਾਂ ਨੂੰ।

ਨਹੀਂ ਢਿਡ ਦੇ ਵਿਚ ਬੁਝਾ ਸਕਦੀ,
ਮੈਂ ਆਹਾਂ ਦੇ ਅੰਗਿਆਰਾਂ ਨੂੰ।
ਮੈਂ ਮੁੜ ਮੁੜ ਤਰਲੇ ਪਾਂਦੀ ਹਾਂ,
ਮਹਿੰਦੀ ਨ ਲਹੂ ਬਣਾ ਪੀਆ।

ਲੇਖਾਂ ਦੀਆਂ ਕਾਲੀਆਂ ਰਾਤਾਂ ਵਿਚ,
ਪੁੰਨਿਆਂ ਦੇ ਚੰਨ ਚੜ੍ਹਾ ਪੀਆ।
ਮੇਰਾ ਵੀ, ਸੌਣ ਮਨਾ ਪੀਆ,
ਮੇਰੀ ਵੀ ਈਦ ਮਨਾ ਪੀਆ।

ਰੁਬਾਈਆਂ

ਟੋਰਿਆ ਲਾ ਸਗਨਾਂ ਦੀ ਮਹਿੰਦੀ,
(ਮੈਨੂੰ) ਅੱਜ ਪ੍ਰਭਾਤ ਦੀ ਲਾਲੀ।
ਮੈਂ ਦੁਨੀਆਂ ਨੂੰ ਦਿੱਤੀਆਂ ਰਿਸ਼ਮਾਂ,
(ਜੋ) ਦਿੱਤੀਆਂ ਮੇਰੇ ਵਾਲੀ।
ਸੰਦਰਤਾ ਵਿਚ ਖੇਲਦਿਆਂ ਨੂੰ,
‘ਮਾਨ ਜਾਂ ਸੰਧਿਆ ਹੋਈ।
ਹੱਸਦੇ ਹੱਸਦੇ ਨੂੰ ਹੱਸ ਹੱਸ ਕੇ,
ਘੁਟ ਲਿਆ ਸ਼ਾਮ ਦੀ ਲਾਲੀ।

--------

ਹੇ ਬ੍ਰਾਹਮਣ! ਹੇ ਵਲੀ ਅੱਲ੍ਹਾ ਦੇ,
ਭੌਂ ਆਇਓਂ ਤੂੰ ਤੀਰਥ ਸਾਰੇ।
ਮਾਲਾ ਜਪ ਜਪ ਘਸੀਆਂ ਉਂਗਲਾਂ,
ਮੱਕੇ ਦੇ ਕਈ ਹੱਜ ਗੁਜ਼ਾਰੇ।
ਪਰ ਮੁਕਤੀ ਦੇ ਬੂਹੇ ਉਤੇ,
ਪੁੱਛਿਆ ਜਾਵੇਗਾ ਇਹ ਤੈਨੂੰ।
"ਕਿਸੇ ਦੁਖੀ ਦੇ ਹੰਝੂਆਂ ਅੰਦਰ,
ਹੈਣ ਕਦੀ ਤੂੰ ਗੋਤੇ ਮਾਰੇ"?

--------

ਕੁਦਰਤ ਦੀ ਅੱਖੋਂ ਡਿੱਗਿਆ,
ਇਕ ਅਥਰੂ ਹਾਂ ਪਾਕ ਮੈਂ।
ਬਸ ਬੇਜ਼ਬਾਂ ਮਜ਼ਲੂਮ ਦਾ,
ਇਕ ਦਰਦ ਹਾਂ ਬੇਬਾਕ ਮੈਂ।
ਦੀਨ ਦੁਨੀਆ ਦੇ ਵਿਚਾਲੇ,
ਮਾਨ ਇਕ ਜ਼ੰਜ਼ੀਰ ਹਾਂ:-
ਹਾਂ ਹੀਰ ਰਾਂਝੇ ਵਿਚ ਵੀ,
ਇਕ ਬੇਪਤਾ ਜਿਹਾ ਸਾਕ ਮੈਂ।

-------

ਮੈਂ ਪੁਜਾਰੀ ਤੇਰਾ ਹਾਂ,
ਪਰ ਦਿਲ ਬਦੀਆਂ ਵਲ ਜਾਵੇ।
ਉਹ ਬਦੀਆਂ ਦਾ ਚਿਕੜ ਮਲ ਮਲ,
ਭੈੜਾ ਭੇਸ ਬਣਾਵੇ।
ਆਖੇ,"ਸੁਖ ਵਿਚ ਸੋਹਣੇ ਫੁੱਲ ਨੂੰ,
ਹਰ ਕੋਈ ਗਲ ਲਾਂਦਾ।"
ਪਰ ਮੈਂ ਭਾਲਾਂ ਪ੍ਰੀਤਮ ਐਸਾ,
ਜੋ ਲਿਬੜੇ ਨੂੰ ਗਲ ਲਾਵੇ

-------

ਮੁੜ ਮੁੜ ਮੈਂ ਪੈਰਾਂ ਤੇ ਡਿੱਗਿਆ,
ਸੀ ਗੁਸਤਾਖ਼ੀ ਮੇਰੀ।
ਚਿੱਕੜ ਦੇ ਵਿਚ ਲਿਬੜੇ ਪਾਈ,
ਦਰ ਉਸ ਦੇ ਤੇ ਫੇਰੀ।
ਪਰ ਉਸ ਆਖਿਆ ਗਲੇ ਲਗਾਕੇ,
(ਤੇਰਾ) ਗਾਰਾ ਕੇਸਰ ਵਰਗਾ।
ਮੇਰੇ ਲਈ ਹੈ ਹੋ ਗਈ ਇੱਕੋ,
ਬਦੀ ਤੇ ਨੇਕੀ ਤੇਰੀ।

-------

ਮਾਇਆ ਮਾਇਆ ਕਹਿ ਕੇ ਯੋਗੀ,
ਟੁੱਟਿਆ ਜੱਗ ਤੋਂ ਮੋਇਆ,
ਜੇ ਹੋ ਜਾਸਣ ਪਾਪ ਦੋ ਤੈਥੋਂ,
ਤਾਂ ਅੜਿਆ ਕੀ ਹੋਇਆ?
ਤੇਰਾ ਬ੍ਰਹਮ ਪਿਆਰਾ ਦੱਸੀਂ,
ਪੂੰਝ ਨ ਸਕਸੀ ਤੈਨੂੰ?
ਜੋ ਮਾਇਆ ਦੀ ਮਲ ਨ ਲਾਹਵੇ,
ਉਹ ਰੱਬ ਕਾਹਦਾ ਹੋਇਆ?

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ