Lohri Samein Da Giddha : Neelam Saini

ਲੋਹੜੀ ਸਮੇਂ ਦਾ ਗਿੱਧਾ : ਨੀਲਮ ਸੈਣੀ

ਪਹਿਲਾਂ ਪਹਿਲ ਗਿੱਧੇ ਦੀ ਧਮਾਲ ਵੀ ਖੂਬ ਪੈਂਦੀ ਸੀ। ਗਿੱਧਾ ਪੰਜਾਬਣਾਂ ਦਾ ਪ੍ਰਸਿੱਧ ਲੋਕ ਨਾਚ ਹੈ। ਦੇਵਿੰਦਰ ਸਤਿਆਰਥੀ ਨੇ ਆਪਣੀ ਪੁਸਤਕ 'ਗਿੱਧਾ' ਦੀ ਭੂਮਿਕਾ ਵਿਚ ਕਿਹਾ ਹੈ ਕਿ ਗਿੱਧੇ ਦਾ ਜਨਮ ਸਾਂਝੇ ਵਲਵਲੇ ਨੂੰ ਇਕੋ ਲੜੀ ਵਿਚ ਪਰੋਣ ਲਈ ਹੋਇਆ। ਨੱਚਣ-ਕੁੱਦਣ ਦੇ ਜਿਉਂਦੇ ਹੁਲਾਰੇ, ਪਿਤਾ ਪੁਰਖੀ ਭਾਈਵਾਲੀ ਦੀਆਂ ਪ੍ਰੀਤ ਰੱਜੀਆਂ ਸੁਰਾਂ ਨਾਲ ਮੌਜ ਮੇਲਿਆਂ ਦੀ ਇਕ ਮਾਖਿਓਂ-ਮਿੱਠੀ ਦੁਨੀਆਂ ਵਸਾ ਦਿੰਦੇ ਹਨ। ਗਿੱਧਾ ਕੀ ਹੈ, ਦਿਲਾਂ ਦਾ ਸਾਂਝਾ ਪਿੜ ਹੈ। ਇਥੇ ਆ ਕੇ ਦਿਲਾਂ ਦੇ ਵਿਚਕਾਰ ਬਹੁਤੀਆਂ ਵਿੱਥਾਂ ਨਹੀਂ ਰਹਿੰਦੀਆਂ।
ਬਿਨਾ ਸ਼ੱਕ, ਪੰਜਾਬਣਾਂ ਇਸ ਨਾਚ ਰਾਹੀਂ ਆਪਣੇ ਮਨ ਦੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੀਆਂ ਸਨ। ਉਹ ਗਿੱਧੇ ਵਿਚ ਬੋਲੀਆਂ ਰਾਹੀਂ ਆਪਣੇ ਮਨ ਦੀ ਅਵਸਥਾ, ਅਰਥਾਤ ਜ਼ਿੰਦਗ਼ੀ ਦੇ ਕੌੜੇ ਤੋਂ ਕੌੜੇ ਤਜਰਬੇ ਨੂੰ ਪ੍ਰਸੰਨਤਾ ਨਾਲ ਬਿਆਨਦੀਆਂ ਸਨ। ਉਹ ਨੱਚ-ਨੱਚ ਕੇ ਧਰਤ ਹਿਲਾਉਂਦੀਆਂ, ਭਰਾ ਦੀ ਸ਼ਲਾਘਾ ਕਰਦੀਆਂ ਸਨ। ਭਰਾ 'ਤੇ ਮਾਣ ਕਰਦੀਆਂ, ਗਿੱਧੇ ਦੇ ਪਿੜ ਵਿਚ ਵਿਚ ਨੱਚ-ਨੱਚ ਧਮਾਲਾਂ ਪਾਉਂਦੀਆਂ ਸਨ। ਉਹ ਵੀਰ ਘਰ ਪੁੱਤ ਜੰਮਣ ਦੀ ਖ਼ੁਸ਼ੀ ਵਿਚ ਗਿੱਧੇ ਦੀਆਂ ਬੋਲੀਆਂ ਰਾਹੀਂ ਕਦੀ ਬਾਪ ਕੋਲੋਂ ਅਤੇ ਕਦੀ ਵੀਰ ਕੋਲੋਂ ਵਧਾਈ ਮੰਗਦੀਆਂ ਸਨ।
ਲਾਡਲੇ ਭਤੀਜੇ ਨੂੰ ਚੁੱਕ ਕੇ ਨੱਚਦੀਆਂ, ਉਸ ਦਾ ਮੱਥਾ ਚੁੰਮਦੀਆਂ ਅਤੇ ਮਾਪਿਆਂ ਦੀ ਸੁੱਖ ਮਨਾਉਂਦੀਆਂ ਸਨ। ਪੇਕੇ ਘਰ ਵਿਚ ਭਾਬੀ ਵਲੋਂ ਕੀਤੇ ਜਾਂਦੇ ਵਿਤਕਰੇ ਦਾ ਸ਼ਿਕਵਾ ਅਤੇ ਨਿਹੋਰੇ ਵੀ ਇਨ੍ਹਾਂ ਬੋਲੀਆਂ ਰਾਹੀਂ ਪ੍ਰਗਟਾਏ ਜਾਂਦੇ ਸਨ। ਸਹੁਰੇ ਪਰਿਵਾਰ ਵਿਚ ਸੱਸ ਅਤੇ ਜਠਾਣੀ ਵਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਦਾ ਖੁਲਾਸਾ ਵੀ ਇਨ੍ਹਾਂ ਬੋਲੀਆਂ ਰਾਹੀਂ ਕੀਤਾ ਜਾਂਦਾ ਸੀ। ਇਨ੍ਹਾਂ ਬੋਲੀਆਂ ਵਿਚ ਮਾਪਿਆਂ ਦੇ ਵਿਛੋੜੇ ਤੇ ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ ਦਾ ਜ਼ਿਕਰ ਵੀ ਹੁੰਦਾ ਸੀ। ਉਹ ਲੋਹੜੀ ਦੀ ਰਾਤ ਨੂੰ ਨੱਚ-ਨੱਚ ਕੇ ਬਾਬਲ ਦਾ ਵਿਹੜਾ ਪੁੱਟਦੀਆਂ ਸਾਰੇ ਪਿੰਡ ਦਾ ਰੌਣਕ ਬਣਦੀਆਂ ਸਨ। ਅਜੋਕੇ ਸਮੇਂ ਵਿਚ ਇਸ ਗਿੱਧੇ ਦੀ ਥਾਂ 'ਤੇ ਸਟੇਜੀ ਗਿੱਧਾ ਅਤੇ ਡੀ.ਜੇ. ਪ੍ਰਧਾਨ ਹੈ।
ਹੁੱਲੇ ਹੁਲਾਰੇ! ਹੁੱਲੇ ਹੁੱਲੇ ਨੀ ਹੁੱਲੇ! ਹੁੱਲੇ!
ਹੈ ਕੋਈ ਨੇੜੇ ਤੇੜੇ-ਹੁੱਲੇ!
ਆਓ ਰਲ ਮਿਲ ਗਾਈਏ-ਹੁੱਲੇ!
ਆਓ ਗਿੱਧਾ ਪਾਈਏ-ਹੁੱਲੇ!
ਚੰਨ ਚੜ੍ਹਿਆ ਨਣਾਨੇ,
ਤਾਰਾ-ਰਾਰਾ-ਰਾਰਾ...
ਚੰਨ ਚੜ੍ਹਿਆ ਨਣਾਨੇ,
ਤੀਰੀ-ਰੀਰੀ-ਰੀਰੀ।
ਚੰਨ ਚੜ੍ਹਿਆ ਬਾਪ ਦੇ ਵਿਹੜੇ,
ਨੀ ਵੀਰ ਘਰ ਪੁੱਤ ਜੰਮਿਆਂ।
ਮੈਨੂੰ ਗਿੱਧੇ ਵਿਚ ਮਿਲਣ ਵਧਾਈਆਂ,
ਨੀ ਵੀਰ ਘਰ ਪੁੱਤ ਜੰਮਿਆਂ।

ਬੱਲੇ ਬੱਲੇ ਬਈ ਭਾਬੋ ਮੱਥੇ ਪਾਵੇ ਤਿਊੜੀਆਂ,
ਵੀਰਾ ਮੱਝੀਆਂ ਦੇ ਸੰਗਲ ਫੜਾਵੇ।
ਬੱਲੇ ਬੱਲੇ ਬਈ ਜੁੱਗ ਜੁੱਗ ਰਹੇ ਵੱਸਦਾ,
ਪੁੱਤ ਵੀਰ ਦਾ ਭਤੀਜਾ ਮੇਰਾ।
ਹਰਾ ਹਰਾ ਘਾਹ ਉਤੇ ਸੱਪ ਫ਼ੂਕਾਂ ਮਾਰਦਾ,
ਭੱਜੋ ਵੀਰੋ ਵੇ ਬਾਪੂ 'ਕੱਲਾ ਮੱਝਾਂ ਚਾਰਦਾ।
ਹਰੇ-ਹਰੇ ਘਾਹ ਉਤੇ ਉਡਣ ਭੰਬੀਰੀਆਂ,
ਬੋਲੋ ਵੀਰੋ ਵੇ ਭੈਣਾਂ ਮੰਗਣ ਜੰਜ਼ੀਰੀਆਂ।
ਬੱਲੇ ਬੱਲੇ ਬਈ ਸਿਰ ਪੁਰ ਹੱਥ ਰੱਖ ਕੇ,
ਭੈਣਾਂ ਰੋਂਦੀਆਂ ਨੂੰ ਚੁੱਪ ਕਰਾਉਂਦੇ।

ਬੱਲੇ ਬੱਲੇ ਬਈ ਕੱਚਾ ਦੁੱਧ ਪੀਣ ਵਾਲ਼ੀਏ,
ਮੁੰਡਾ ਜੰਮੇਗੀ ਦਹੀਂ ਦੇ ਫੁੱਟ ਵਰਗਾ।

ਵੀਰ ਮੇਰੇ ਨੇ ਕੁੜਤੀ ਦਿੱਤੀ,
ਭਾਬੋ ਨੇ ਫ਼ੁਲਕਾਰੀ।
ਜੁੱਗ-ਜੁੱਗ ਜੀ ਭਾਬੋ,
ਲੱਗੇਂ ਜਾਨ ਤੋਂ ਪਿਆਰੀ।

ਬੱਲੇ-ਬੱਲੇ ਬਈ ਪੰਜ ਵੀਰ ਮੱਸਿਆ ਚੱਲੇ,
ਪੱਗਾਂ ਖੱਟੀਆਂ ਤੇ ਦੇਖਣ ਜੱਟੀਆਂ।
ਬੱਲੇ-ਬੱਲੇ ਬਈ ਪੰਜ ਵੀਰ ਮੱਸਿਆ ਚੱਲੇ,
ਪੱਗਾਂ ਕਾਲੀਆਂ ਤੇ ਦੇਖਣ ਸਾਲ਼ੀਆਂ।

ਵੀਰ ਮੇਰੇ ਨੇ ਚਰਖ਼ਾ ਦਿੱਤਾ,
ਵਿਚ ਸੋਨੇ ਦੀਆਂ ਮੇਖਾਂ।
ਵੀਰਾ ਤੈਨੂੰ ਯਾਦ ਕਰਾਂ,
ਵੇ ਮੈਂ ਜਦ ਚਰਖ਼ੇ ਵਲ ਦੇਖਾਂ।

ਬੱਲੇ-ਬੱਲੇ ਨੀ ਉਹ ਵੀਰ ਮੇਰਾ ਕੁੜੀਓ,
ਜਿਹੜਾ ਮੁਹਰਲੀ ਗੱਡੀ ਦਾ ਬਾਬੂ।
ਬੱਲੇ ਬੱਲੇ ਨੀ ਸਰਵਣ ਵੀਰ ਕੁੜੀਓ,
ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ।
ਬੱਲੇ ਬੱਲੇ ਨੀ ਬੋਤਾ ਭੈਣੇ ਫੇਰ ਬਨੂੰਗਾ,
ਮੱਥਾ ਟੇਕਦਾਂ ਅੰਮਾਂ ਦੀਏ ਜਾਈਏ।
ਬੱਲੇ ਬੱਲੇ ਨੀ ਸੱਸੇ ਤੇਰੀ ਮਹਿੰ ਮਰ ਜਾਏ,
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।
ਬੱਲੇ ਬੱਲੇ ਬਈ ਵੀਰਾ ਵੇ ਮੁਰੱਬੇ ਵਾਲਿਆ,
ਮੇਰਾ ਆਰਸੀ ਬਿਨਾ ਹੱਥ ਖਾਲੀ।
ਬੱਲੇ ਬੱਲੇ ਬਈ ਇਕ ਵੀਰ ਦੇਵੀਂ ਵੇ ਰੱਬਾ,
ਚਿੱਤ ਰੱਖੜੀ ਬੰਨ੍ਹਣ ਨੂੰ ਕਰਦਾ।
ਬੱਲੇ ਬੱਲੇ ਬਈ ਇਕ ਵੀਰ ਦੇਵੀਂ ਵੇ ਰੱਬਾ,
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।
ਬੱਲੇ ਬੱਲੇ ਬਈ ਦੋ ਵੀਰ ਦੇਵੀਂ ਵੇ ਰੱਬਾ,
ਛੋਟਾ ਮੁਣਸ਼ੀ ਵੱਡਾ ਪਟਵਾਰੀ।
ਬੱਲੇ ਬੱਲੇ ਬਈ ਦੋ ਵੀਰ ਦੇਵੀਂ ਵੇ ਰੱਬਾ,
ਮੇਰੇ ਸਾਰੀ ਉਮਰ ਦੇ ਮਾਪੇ।
ਬੱਲੇ ਬੱਲੇ ਬਈ ਮੱਲ ਵਾਂਗੂੰ ਪੈਰ ਚੁੱਕਦੀ,
ਬੋਤਾ ਵੀਰ ਦਾ ਨਜ਼ਰ ਜਦ ਆਇਆ।
ਬੱਲੇ ਨੀ ਉਹ ਵੀਰ ਮੇਰਾ ਕੁੜੀਓ,
ਹੱਥ ਛੱਤਰੀ ਰੁਮਾਲ ਪੱਲੇ ਸੇਮੀਆਂ।

ਮੈਂ ਤਾਂ ਝੁੱਗੀਆਂ 'ਚ ਕੱਟਦੀ ਦਿਹਾੜੇ।
ਬੱਲੇ ਬੱਲੇ ਬਈ ਮੁੰਨੀਆਂ ਰੰਗੀਨ ਗੱਡੀਆਂ,
ਬੋਤਾ ਬੰਨ੍ਹ ਵੇ ਸਰਵਣਾਂ ਵੀਰਾ।
ਬੱਲੇ ਬੱਲੇ ਬਈ ਸਰਦਾ ਤਾਂ ਦੇ ਦੇ ਵੀਰਨਾ,
ਖੱਟੀ ਕੁੜਤੀ ਗ਼ੁਲਾਬੀ ਲੀੜਾ।
ਬੱਲੇ ਬੱਲੇ ਬਈ ਸੱਸ ਭਾਵੇਂ ਦੇਵੇ ਗਾਲ੍ਹੀਆਂ,
ਤੇਰੀ ਫੌਜ ਨੂੰ ਕਰਾਂ ਵੀਰਾ ਰੋਟੀ।
ਬੱਲੇ ਬੱਲੇ ਬਈ ਵੀਰ ਮੇਰਾ ਸਤਯੁਗੀਆ,
ਕਲਯੁਗ ਦੀ ਜੰਮੀ ਭਰਜਾਈ।
ਬੱਲੇ ਬੱਲੇ ਬਈ ਜਿਥੋਂ ਮੇਰਾ ਵੀਰ ਲੰਘਦਾ,
ਉਥੇ ਕਿੱਕਰਾਂ ਨੂੰ ਲੱਗਦੇ ਮੋਤੀ।

ਜਿਥੇ ਵੱਜਦੀ ਬੱਦਲ ਵਾਂਗੂੰ ਗੱਜਦੀ।
ਬੱਲੇ ਬੱਲੇ ਬਈ ਬਾਪੂ ਮੈਨੂੰ ਮੱਝ ਲੈ ਦੇ,
ਮੈਂ ਜੇਠ ਦੀ ਲੱਸੀ ਨਹੀਂ ਪੀਣੀ।
ਬੱਲੇ ਬੱਲੇ ਬਈ ਵੀਰ ਘਰ ਪੁੱਤ ਜੰਮਿਆਂ,
ਆਓ ਰਲ਼-ਮਿਲ਼ ਸ਼ਗਨ ਮਨਾਈਏ।
ਬੱਲੇ ਬੱਲੇ ਬਈ ਮੁੰਡਾ ਰੋਵੇ ਤੇਰੇ ਵੀਰ ਦਾ,
ਰਤਾ ਚੁੱਕ ਲੈ ਭੈੜੀਏ ਨਣਦੇ।
ਬੱਲੇ ਬੱਲੇ ਬਈ ਚਾਚੇ ਤਾਏ ਮਤਲਬ ਦੇ,
ਸ਼ੱਕਾਂ ਪੂਰਦੇ ਅੰਮਾਂ ਦੇ ਜਾਏ।
ਬੱਲੇ ਬੱਲੇ ਬਈ ਨਿਓਂ ਜੜ੍ਹ ਮਾਪਿਆਂ ਦੀ,
ਪੁੱਤ ਵੀਰ ਦਾ ਭਤੀਜਾ ਮੇਰਾ।

ਬੱਲੇ ਬੱਲੇ ਬਈ ਬੋਤਾ ਤੇਰਾ ਭੁੱਖਾ ਵੀਰਨਾ,
ਵੇ ਮੈਂ ਅਮਰ ਵੇਲ ਪੁੱਟ ਲਿਆਮਾਂ।
ਬੱਲੇ ਬੱਲੇ ਬਈ ਜਿਸ ਘਰ ਵੀਰ ਨਹੀਂ,
ਭੈਣਾਂ ਰੋਂਦੀਆਂ ਪਿਛੋਕੜ ਖੜ੍ਹ ਕੇ।
ਬੱਲੇ ਬੱਲੇ ਬਈ ਕੱਤਦੀ ਨੂੰ ਆਣ ਮਿਲਦਾ,
ਪੁੱਤ ਵੀਰ ਦਾ ਭਤੀਜਾ ਮੇਰਾ।
ਬੱਲੇ ਬੱਲੇ ਬਈ ਦੁੱਧ ਪੀ ਕੇ ਜਾਮੀ ਵੀਰਨਾ,
ਲੰਮੀ ਬੀਹੀ 'ਤੇ ਉਚਾ ਘਰ ਮੇਰਾ।
ਬੱਲੇ ਬੱਲੇ ਬਈ ਅੱਧੀ ਰਾਤੀਂ ਖ਼ਤ ਲਿਖਿਆ,
ਦਿਨ ਚੜ੍ਹਦੇ ਨੂੰ ਵੀਰ ਸਦਾਇਆ।
ਬੱਲੇ ਬੱਲੇ ਬਈ ਤੈਨੂੰ ਵੀਰਾ ਦੁੱਧ ਦਾ ਛੰਨਾ,
ਤੇਰੇ ਬੋਤੇ ਨੂੰ ਗੁਆਰੇ ਦੀਆਂ ਫ਼ਲੀਆਂ।

ਪਾਲ਼ੋ-ਪਾਲ਼ ਨੇ ਲੱਗੀਆਂ ਦਾਖਾਂ,
ਉਪਰੋਂ ਲੰਘ ਗਈ ਤਿੱਤਲੀ।
ਵੀਰ ਦਿਆਂ ਮਹਿਲਾਂ 'ਚੋਂ,
ਮੈਂ ਛਮ-ਛਮ ਕਰਦੀ ਨਿਕਲੀ।

ਬੱਲੇ ਬੱਲੇ ਬਈ ਚੁੱਕ ਕੇ ਭਤੀਜੇ ਨੂੰ,
ਬੂਰੀ ਮੱਝ ਦੇ ਦੁਆਲੇ ਹੋਈ।
ਬੱਲੇ ਬੱਲੇ ਬਈ ਚੁੱਕ ਕੇ ਭਤੀਜੇ ਨੂੰ,
ਬਿਨ ਪੌੜੀਓਂ ਚੁਬਾਰੇ ਚੜ੍ਹ ਜਾਵਾਂ।
ਬੱਲੇ ਬਈ ਵੀਰ ਘਰ ਪੁੱਤ ਜੰਮਿਆ,
ਕੁਝ ਮੰਗ ਲੈ ਵੀਰ ਦੀਏ ਭੈਣੇ।
ਪਹਿਲੀ ਵਾਰੀ ਜਦ ਮੇਰਾ ਬਾਪੂ,
ਮੈਨੂੰ ਮਿਲਣ ਸੀ ਆਇਆ।
ਸੇਰ ਰਿਉੜੀਆਂ ਸੇਰ ਪਤਾਸੇ,
ਝੋਲੀ ਮੇਰੀ ਪਾਇਆ।
ਜਾਣ ਲੱਗੇ ਨੇ ਸੱਸ ਮੇਰੀ ਨੂੰ,
ਦਸ ਦਾ ਨੋਟ ਫੜਾਇਆ।
ਸੱਸ ਮੇਰੀ ਨਿੱਤ ਪੁੱਛਦੀ,
ਤੇਰਾ ਬਾਪੂ ਫ਼ੇਰ ਨਾ ਆਇਆ।

ਮਾਛੀਵਾੜੇ ਮਾਛੀਵਾੜੇ ਮੀਂਹ ਪੈਂਦਾ,
ਮੇਰਾ ਭਿੱਜਿਆ ਡੋਰੀਆ ਕਾਲਾ।
ਮੁੰਡਾ ਰੋਵੇ ਮੁੰਡਾ ਰੋਵੇ ਅੰਬੀਆਂ ਨੂੰ,
ਕਿਤੇ ਬਾਗ਼ ਨਜ਼ਰ ਨਾ ਆਵੇ।
ਚੁੱਪ ਕਰ ਚੁੱਪ ਕਰ ਕੰਜਰਾਂ ਦਿਆ,
ਵੇ ਤੇਰੇ ਮਾਮਿਆਂ ਦੇ ਬਾਗ਼ ਬਥੇਰੇ।

ਸੱਸ ਲੜਦੀ ਜਠਾਣੀ ਗੁੱਤ ਪੁੱਟਦੀ,
ਦਿਓਰ ਮਿਹਣੇ ਮਾਰੇ ਵੀਰਨਾ।

ਨੀ ਮੈਂ ਗੁੜ ਵੰਡਾਂ,
ਗੁੜ ਰਿਉੜੀਆਂ ਵੰਡਾਂ।
ਨੀ ਮੈਂ ਵੰਡੀ ਜਾਮਾਂ,
ਵੰਡੀ ਵੰਡੀ ਜਾਮਾਂ।

ਰੇਤ ਤਲੇ ਇਕ ਹਰਨੀ ਲੇਟੇ,
ਕਰਦੀ ਏਕੇ ਏਕੇ।
ਨੀ ਸਰਦਾਰ ਵੀਰ ਮੇਰਾ,
ਭੈਣਾਂ ਨੂੰ ਮੱਥਾ ਟੇਕੇ।

ਨੀ ਮੈਂ ਕਾਂਟੇ ਕਰਾਉਂਨੀ ਆਂ ਆਪ ਨੂੰ,
ਢੱਡ ਸਾਰੰਗੀ ਮੁੰਡੇ ਦੇ ਬਾਪ ਨੂੰ।
ਸਿਰ ਦੁਖ਼ਦਾ ਮੁੰਡੇ ਦਾ ਰਾਤ ਨੂੰ,
ਪਾਲ਼ਾ ਲੱਗਦਾ ਮੁੰਡੇ ਦੇ ਬਾਪ ਨੂੰ।

ਜਸਵਿੰਦਰ ਗੁਰਦਵਾਰੇ ਨਾ ਜਾਇਆ ਕਰ,
ਮੁੰਡੇ ਨੂੰ ਨਾ ਲਿਜਾਇਆ ਕਰ।
ਮੁੰਡਾ ਤੇਰਾ ਰੋਊਗਾ,
ਕੰਮ ਖ਼ਰਾਬ ਹੋਊਗਾ।
ਟਿਮਕ ਟਿੱਡੀ ਟੈਂ-ਟੈਂ,
ਟਿਮਕ ਟਿੱਡੀ ਟੈਂ-ਟੈਂ।

ਬਾਸਮਤੀ ਤੇ ਚੌਲ ਰਿੱਧੇ,
ਉਤੇ ਪਾਈ ਖੰਡ।
ਖਾਣ-ਪੀਣ ਦਾ ਵੇਲ਼ਾ ਆਇਆ,
ਤੇਰੇ ਮੁੰਡੇ ਨੇ ਪਾ 'ਤੀ ਡੰਡ।
ਤੇਰੇ ਮੁੰਡੇ ਨੂੰ ਚੁੱਕਾਂ,
ਕਿ ਤੇਰਾ ਚਰਖ਼ਾ ਕੱਤਾਂ...

ਘੜਾ ਵੱਜੇ ਵੱਜੇ, ਨੀ ਘੜਾ ਵੱਜੇ ਵੱਜੇ।
ਥਾਲੀ ਵੱਜੇ ਵੱਜੇ, ਨੀ ਥਾਲੀ ਵੱਜੇ ਵੱਜੇ।
ਭੂਆ ਨੱਚੇ ਨੱਚੇ, ਨੀ ਗਿੱਧਾ ਮੱਚੇ ਮੱਚੇ।

ਨੀ ਸੱਸੀਏ! ਨੀ ਸੱਸੀਏ!
ਮੇਰੇ ਵਿਹੜੇ ਦੌੜੀ-ਦੌੜੀ ਆ।
ਨੀ ਦਾਈਏ! ਨੀ ਦਾਈਏ!
ਲਟ-ਲਟ ਦੀਵਾ ਨੀ ਜਗਾ।
ਨੀ ਸੱਸੀਏ! ਨੀ ਸੱਸੀਏ!
ਜੰਮ ਪਿਆ ਨੰਦ ਪੁੱਤ ਲਾਲ।
ਨੀ ਨਣਦੇ! ਨੀ ਨਣਦੇ!
ਨੱਚ-ਨੱਚ ਪਾ ਲੈ ਨੀ ਧਮਾਲ।

ਤੈਂ ਕਰ ਜੰਮਿਆਂ ਪੁੱਤ ਵੇ ਨਿਰੰਜਣਾ,
ਹੁਣ ਦਾਰੂ ਦੀ ਰੁੱਤ ਵੇ ਨਿਰੰਜਣਾ।
ਬੋਤਲ ਅੰਦਰ ਸੁੱਟ ਵੇ ਨਿਰੰਜਣਾ,
ਮਾਰ ਲਲਕਾਰਾ ਬੁੱਕ ਵੇ ਨਿਰੰਜਣਾ।
ਜਦ ਤੇਰੀ ਮਰ ਗਈ ਮਾਂ ਵੇ ਨਿਰੰਜਣਾ,
ਵਿਹਲੀ ਹੋ ਗਈ ਥਾਂ ਵੇ ਨਿਰੰਜਣਾ।
ਜਦ ਤੇਰਾ ਮਰ ਗਿਆ ਪਿਓ ਵੇ ਨਿਰੰਜਣਾ,
ਮਹਿੰਗਾ ਹੋ ਗਿਆ ਘਿਓ ਵੇ ਨਿਰੰਜਣਾ।
ਜਦ ਤੇਰੀ ਮਰ ਗਈ ਰੰਨ ਵੇ ਨਿਰੰਜਣਾ,
ਸਿਵਿਆਂ 'ਚ ਪਾ ਲਈਂ ਛੰਨ ਵੇ ਨਿਰੰਜਣਾ।

ਬੱਲੇ ਬੱਲੇ ਬਈ ਚਾੜ੍ਹ ਕੇ ਜਹਾਜ਼ ਬਾਬਲਾ,
ਕਿਉਂ ਅੱਖੀਆਂ 'ਚੋਂ ਨੀਰ ਵਹਾਵੇਂ?

ਬੱਲੇ ਬੱਲੇ ਬਈ ਪੀਜ਼ੇ ਉਤੇ ਜਿੰਦ ਰੁਲ਼ ਗਈ,
ਐਮ.ਏ. ਪਾਸ ਨਾ ਕਿਸੇ ਕੰਮ ਆਈ।
ਬੱਲੇ ਬੱਲੇ ਬਈ ਉਚੇ ਤੇਰੇ ਮਹਿਲ ਬਾਬਲਾ,
ਮੈਂ ਤਾਂ ਸੁਪਨੇ 'ਚ ਫੇਰੀਆਂ ਪਾਵਾਂ।

ਬੱਲੇ ਨੀ ਮੁੰਡੇ ਦਾ ਦਾਦਾ!
ਸ਼ਾਵਾ ਨੀ ਮੁੰਡੇ ਦਾ ਦਾਦਾ!
ਬੱਲੇ ਨੀ ਮੁੰਡੇ ਦਾ ਦਾਦਾ!
ਸ਼ਾਵਾ ਨੀ ਮੁੰਡੇ ਦਾ ਦਾਦਾ!
ਬੱਲੇ ਨੀ ਮੁੰਡੇ ਦਾ ਦਾਦਾ!
ਕੋਠੇ ਲਾਵੇ ਵਾਜਾ!
ਨੀ ਮੁੰਡੇ ਦਾ ਦਾਦਾ!
ਸ਼ਾਵਾ ਨੀ ਮੁੰਡੇ ਦਾ ਨਾਨਾ!
ਬੱਲੇ ਨੀ ਮੁੰਡੇ ਦਾ ਨਾਨਾ!
ਭਰਿਆ ਇਹਦਾ ਖਜ਼ਾਨਾ!
ਨੀ ਮੁੰਡੇ ਦਾ ਨਾਨਾ!
ਸ਼ਾਵਾ ਨੀ ਮੁੰਡੇ ਦਾ ਨਾਨੀ!
ਬੱਲੇ ਨੀ ਮੁੰਡੇ ਦੀ ਨਾਨੀ!
ਜੀਵੇ ਇਹਦੀ ਜਵਾਨੀ!
ਨੀ ਮੁੰਡੇ ਦੀ ਨਾਨੀ!
ਸ਼ਾਵਾ ਨੀ ਮੁੰਡੇ ਦਾ ਨਾਨੀ!
ਸ਼ਾਵਾ ਨੀ ਮੁੰਡੇ ਦਾ ਪਿਓ,
ਬੱਲੇ ਨੀ ਮੁੰਡੇ ਦਾ ਪਿਓ!
ਵੰਡੇ ਸ਼ੱਕਰ-ਘਿਓ!
ਨੀ ਮੁੰਡੇ ਦਾ ਪਿਓ!
ਸ਼ਾਵਾ ਨੀ ਮੁੰਡੇ ਦਾ ਪਿਓ।

ਮਸਾਂ ਲਿਆ ਮਸਾਂ ਲਿਆ ਮੇਰੇ ਲਾਲ,
ਅੱਜ ਦਿਨ ਮਸਾਂ ਲਿਆ।
ਲੋਹੜੀ ਦਾ ਲੋਹੜੀ ਦਾ ਦਿਨ ਲਾਲ,
ਅੱਜ ਦਿਨ ਮਸਾਂ ਲਿਆ।
ਸ਼ਗਨਾਂ ਦਾ ਗਿੱਧਾ ਤੇਰੀ ਦਾਦੀ ਪੁਆਵੇ,
ਦਾਦਾ ਵੰਡੇ ਗੁੜ ਰੋੜੀਆਂ।
ਅੱਜ ਦਿਨ ਮਸਾਂ ਲਿਆ,
ਮਸਾਂ ਲਿਆ ਮੇਰੇ ਲਾਲ,
ਅੱਜ ਦਿਨ ਮਸਾਂ ਲਿਆ।
ਮਸਾਂ ਲਿਆ ਮਸਾਂ ਲਿਆ ਮੇਰੇ ਲਾਲ,
ਅੱਜ ਦਿਨ ਮਸਾਂ ਲਿਆ।
ਲੋਹੜੀ ਦਾ ਲੋਹੜੀ ਦਾ ਦਿਨ ਲਾਲ,
ਅੱਜ ਦਿਨ ਮਸਾਂ ਲਿਆ।
ਸ਼ਗਨਾਂ ਦਾ ਗਿੱਧਾ ਤੇਰੀ ਨਾਨੀ ਪੁਆਵੇ,
ਨਾਨਾ ਵੰਡੇ ਗੁੜ ਰੋੜੀਆਂ,
ਅੱਜ ਦਿਨ ਮਸਾਂ ਲਿਆ,
ਮਸਾਂ ਲਿਆ ਮੇਰੇ ਲਾਲ,
ਅੱਜ ਦਿਨ ਮਸਾਂ ਲਿਆ।

ਲੋਕੀਂ ਨਿੱਤ ਪੁੱਤ ਜੰਮਦੇ, ਹਾਲ ਵੇ ਰੱਬਾ।
ਮੈਂ ਵੀ ਪੰਜਾਂ ਉਤੋਂ ਜੰਮਿਆਂ, ਹਾਲ ਵੇ ਰੱਬਾ।
ਮੈਂ ਵੀ ਪੰਜੂ ਨਾਂ ਰੱਖਿਆ, ਹਾਲ ਵੇ ਰੱਬਾ।
ਪੰਜੂ ਨਾਨਾ ਨਾਨਾ ਕਰਦਾ, ਹਾਲ ਵੇ ਰੱਬਾ।
ਮੈਂ ਵੀ ਨਾਨੇ ਕੁੱਛੜ ਚਾੜ੍ਹਿਆ,
ਹਾਲ ਵੇ ਰੱਬਾ।
ਨਾਨੇ ਲੱਖ ਰੁਪਈਆ ਵਾਰਿਆ,
ਹਾਲ ਵੇ ਰੱਬਾ।
ਪੰਜੂ ਬਾਬਾ ਬਾਬਾ ਕਰਦਾ,
ਹਾਲ ਵੇ ਰੱਬਾ।
ਮੈਂ ਵੀ ਬਾਬੇ ਕੁੱਛੜ ਚਾੜ੍ਹਿਆ,
ਹਾਲ ਵੇ ਰੱਬਾ।
ਬਾਬੇ ਖੋਟਾ ਪੈਸਾ ਵਾਰਿਆ,
ਹਾਲ ਵੇ ਰੱਬਾ।
ਜਦ ਮੈਂ ਪੇਕਿਆਂ ਤੋਂ ਆਈ ਸੀ,
ਹਾਲ ਵੇ ਰੱਬਾ।
ਪੰਜੂ ਨਾਨੇ ਵਰਗਾ ਲਿਆਈ ਸੀ,
ਹਾਲ ਵੇ ਰੱਬਾ।
ਕੰਜਰ ਦਾਦੇ ਵਰਗਾ ਹੋ ਗਿਆ,
ਹਾਲ ਵੇ ਰੱਬਾ।
(ਇਸ ਬੋਲੀ ਵਿਚ ਇੱਕ ਇੱਕ ਕਰ ਕੇ ਸਾਰੇ ਰਿਸ਼ਤੇ ਦੁਹਰਾਏ ਜਾਂਦੇ ਹਨ)।

ਹਾਏ ਜੈ ਵੱਢੀ ਦਾ ਬਲੂੰਗੜਾ ਰੋਵੇ...
ਬਾਪੂ ਬਾਪੂ ਕਰਦਾ ਬਲੂੰਗੜਾ ਰੋਵੇ...
ਬਾਪੂ ਇਹਦੇ ਪਿਓ ਦਾ ਹੈ ਨਈਂ,
ਇਹਦੇ ਕਿਥੋਂ ਹੋਵੇ,
ਹਾਏ ਜੈ ਵੱਢੀ ਦਾ ਬਲੂੰਗੜਾ ਰੋਵੇ...
ਬਾਪੂ ਨੇ ਨਾ ਚੁੱਕਿਆ
ਤੇ ਮੈਂ ਵੀ ਦੇਮਾਂ ਸੁੱਟ ਨੀ,
ਬਲੂੰਗੜਾ ਰੋਵੇ।
ਹਾਏ ਜੈ ਵੱਢੀ ਦਾ ਬਲੂੰਗੜਾ ਰੋਵੇ...
ਨੀ ਮੈਂ ਆਪੇ ਲਵਾਂ ਚੁੱਕ,
ਨੀ ਮੈਂ ਇਥੇ ਲਵਾਂ ਰੱਖ।
ਮੇਰੇ ਕਾਲਜੇ ਦੀ ਅੱਗ,
ਨੀ ਬਲੂੰਗੜਾ ਰੋਵੇ।
ਹਾਏ ਜੈ ਵੱਢੀ ਦਾ ਬਲੂੰਗੜਾ ਰੋਵੇ...

ਗੱਡੀ ਸਹਿਜੇ ਸਹਿਜੇ ਤੋਰ ਜਾਲਮਾ,
ਸੱਸੂ ਲੜਦੀ ਪੁੱਤਾਂ ਦੇ ਜੋਰ ਜਾਲਮਾ।
ਮੈਂ ਵੀ ਲੜਾਂਗੀ ਵੀਰਾਂ ਦੇ ਜੋਰ ਜਾਲਮਾ,
ਮੈਂ ਵੀ ਲੜਾਂਗੀ ਵੀਰਾਂ ਦੇ ਜੋਰ ਜਾਲਮਾ।
ਤੂੰ ਨੱਚ ਤੂੰ ਨੱਚ ਮੁੰਡੇ ਦੀ ਮਾਮੀ,
ਲਾਗੀਆਂ ਦਾ ਲਾਗ ਦਵਾ ਦੇ।
ਜੇ ਤੇਰੇ ਕੋਲ਼ ਪੈਸਾ ਹੈ ਨਈਂ,
ਮਾਮੇ ਦੀ ਵੇਲ ਕਰਾ ਦੇ।
ਪਰਦੇਸਾਂ ਵਿਚ ਇਹ ਗਿੱਧਾ ਸਟੇਜੀ ਗਿੱਧੇ ਦੇ ਰੂਪ 'ਚ, ਢੋਲ ਵਜਾ ਕੇ ਜਾਂ ਡੀ.ਜੇ. ਨਾਲ ਸਮੂਹਿਕ ਰੂਪ ਵਿਚ ਪਾਇਆ ਜਾਂਦਾ ਹੈ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ