Lohri Di Dhooni Geet Te Rasman : Neelam Saini
ਲੋਹੜੀ ਦੀ ਧੂਣੀ, ਗੀਤ ਤੇ ਰਸਮਾਂ : ਨੀਲਮ ਸੈਣੀ
ਪਹਿਲਾਂ ਪਹਿਲ ਲੋਹੜੀ ਵਾਲੇ ਘਰੋਂ ਸਾਰੇ
ਪਿੰਡ ਵਿਚ ਗੁੜ ਜਾਂ ਲੱਡੂ ਵੰਡੇ ਜਾਂਦੇ ਸਨ। ਪਿੰਡ
ਵਿਚ ਸ਼ਰੀਕੇ-ਭਾਈਚਾਰੇ ਨੂੰ ਲੋਹੜੀ ਪਾਉਣ ਲਈ
ਸੱਦਾ ਭੇਜਿਆ ਜਾਂਦਾ ਸੀ। ਅੰਤਾਂ ਦੀ ਠੰਢ ਹੋਣ
ਕਾਰਨ ਰਾਤ ਨੂੰ ਘਰ ਦੇ ਵਿਹੜੇ ਵਿਚ ਪਾਥੀਆਂ
ਅਤੇ ਲੱਕੜਾਂ ਦੇ ਖੁੰਢ ਇਕੱਠੇ ਕਰ ਕੇ ਧੂਣੀ
ਲਗਾਈ ਜਾਂਦੀ। ਘਰ ਵਾਲਿਆਂ ਦੇ ਸੱਦੇ ‘ਤੇ
ਰਿਸ਼ਤੇਦਾਰ ਅਤੇ ਦੋਸਤ-ਮਿਤਰ ਦੂਰੋਂ ਨੇੜਿਓਂ
ਚੱਲ ਕੇ ਆਉਂਦੇ। ਨਵ-ਵਿਆਹਿਆ ਜੋੜਾ ਜਾਂ
ਨਵ-ਜਨਮੇ ਬੱਚੇ ਦੀ ਮਾਂ, ਬੱਚੇ ਸਮੇਤ ਸਜਧਜ
ਕੇ (ਬੱਚੇ ਨੂੰ ਭਾਰੇ ਕੱਪੜੇ ਵਿਚ ਲਪੇਟ ਕੇ)
ਧੂਣੀ ਕੋਲ ਆ ਬੈਠਦੇ। ਸਭ ਚਾਚੀਆਂ-ਤਾਈਆਂ,
ਭੈਣਾਂ, ਮਾਮੀਆਂ-ਮਾਸੀਆਂ, ਦਾਦੀ ਤੇ ਨਾਨੀ,
ਸਭ ਧੂਣੀ ਸੇਕਦੇ ਵਕਤ ਲੋਹੜੀ ਦੇ ਗੀਤ
ਗਾਉਂਦੀਆਂ। ਕੁਝ ਗੀਤ ਗਾ ਚੁੱਕਣ ਮਗਰੋਂ
ਮੂੰਗਫ਼ਲੀ, ਰਿਉੜੀਆਂ, ਚਿੜਵੇ, ਤਿਲ ਆਦਿ
ਬਲਦੀ ਧੂਣੀ ਵਿਚ ਨਵ-ਜਨਮੇ ਬੱਚੇ ਜਾਂ
ਵਿਅ੍ਹਾਂਦੜ ਜੋੜੇ ਦੇ ਸਿਰੋਂ ਵਾਰ ਕੇ ਮਾਂ ਸੁੱਟਦੀ।
ਇਸ ਤੋਂ ਬਾਅਦ ਵਾਰੀ-ਵਾਰੀ ਸਾਰੇ ਇਹ ਰਸਮ
ਪੂਰੀ ਕਰਦੇ ਹੋਏ ਖ਼ੁਸ਼ਹਾਲੀ ਦੀ ਕਾਮਨਾ ਕਰਦੇ
ਕਹਿੰਦੇ- ‘ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ
ਦੀ ਜੜ੍ਹ ਚੁੱਲ੍ਹੇ ਪਾਏ।'
ਤਿਲ ਪਟਾਕ-ਪਟਾਕ ਕੇ ਵਾਤਾਵਰਨ ਨੂੰ
ਮਧੁਰ ਕਰਦੇ, ਮਨ ਨੂੰ ਟੁੰਬਦੇ ਹੋਏ ਕੰਨਾਂ ਵਿਚ
ਰਸ ਘੋਲਦੇ। ਬਲਦੀ ਧੂਣੀ ਵਿਚ ਨਵ-ਜਨਮੇ ਬੱਚੇ
ਜਾਂ ਨਵ-ਵਿਆਹੇ ਜੋੜੇ ਦੇ ਸਿਰ ਤੋਂ ਵਾਰ ਕੇ ਤਿਲ,
ਮੂੰਗਫ਼ਲੀ, ਚਿੜਵੇ ਆਦਿ ਸੁੱਟਣ ਦਾ ਵਿਸ਼ੇਸ਼
ਮਹੱਤਵ ਸਮਝਿਆ ਜਾਂਦਾ ਸੀ। ਕਹਾਵਤ ਹੈ ਕਿ
‘ਜਿੰਨੇ ਜਠਾਣੀ ਤਿਲ ਸੁੱਟੇਗੀ, ਉਨੇ ਦਰਾਣੀ ਪੁੱਤ
ਜਣੇਗੀ।' ਇਸ ਤੋਂ ਬਾਅਦ ਸਭ ਮੂੰਗਫ਼ਲੀ
ਰਿਉੜੀਆਂ ਆਦਿ ਮਿਲ ਕੇ ਖਾਂਦੇ ਸਨ। ਪੰਜਾਬੀਆਂ
ਦਾ ਮੁੱਖ ਕਿੱਤਾ ਖੇਤੀ ਹੋਣ ਕਾਰਨ ਲੋਹੜੀ ਵਾਲੇ
ਦਿਨ ਰੁੱਤ ਦੇ ਇਹ ਮੇਵੇ ਖ਼ਾਸ ਹੁੰਦੇ ਸਨ।
ਇਸ ਦੌਰਾਨ ਲੋਹੜੀ ਮੰਗਣ ਵਾਲਿਆਂ
ਦੀਆਂ ਟੋਲੀਆਂ ਵਾਰੀ-ਵਾਰੀ ਗੀਤ ਗਾ ਕੇ ਲੋਹੜੀ
ਵਾਲ਼ੇ ਇਕ ਘਰ ਤੋਂ ਦੂਜੇ ਲੋਹੜੀ ਵਾਲੇ ਘਰ
ਆਉਂਦੀਆਂ-ਜਾਂਦੀਆਂ। ਘਰ ਦੇ ਮਰਦ ਵੱਖਰੇ
ਕਮਰੇ ਜਾਂ ਬੈਠਕ ਵਿਚ ਪੀਣ-ਪਿਲਾਉਣ ਵਿਚ
ਮਸਤ ਹੁੰਦੇ, ਪਰ ਉਹ ਢੋਲ ਦੀ ਆਵਾਜ਼ ਸੁਣ ਕੇ
ਭੰਗੜਾ ਪਾਉਣ ਲਈ ਵਿਹੜੇ ਵਿਚ ਜ਼ਰੂਰ ਆ
ਗੱਜਦੇ ਸਨ।
ਲੋਹੜੀ ਦੀ ਧੂਣੀ ਤੇ ਬਿਅ੍ਹਾਈਆਂ ਅਤੇ
ਘੋੜੀਆਂ ਗਾਈਆਂ ਜਾਂਦੀਆਂ ਸਨ। ਇਨ੍ਹਾਂ ਗੀਤਾਂ
ਵਿਚ ਬੱਚਾ ਹੋਣ ਤੋਂ ਪਹਿਲਾਂ ਮਾਂ ਅਤੇ ਪੂਰੇ
ਪਰਿਵਾਰਕ ਮੈਂਬਰਾਂ ਦੇ ਦਿਲਾਂ ਵਿਚ ਪੁੱਤਰ
ਜੰਮਣ ਦੀ ਸੱਧਰ ਸਾਫ਼ ਝਲਕਦੀ ਦਿਖਾਈ ਦਿੰਦੀ
ਸੀ। ਨਣਦਾਂ ਅਤੇ ਭਰਜਾਈਆਂ ਵਿਚ ਮੁੰਡਾ/ਕੁੜੀ
ਹੋਣ ਦੀਆਂ ਸ਼ਰਤਾਂ ਲੱਗਦੀਆਂ ਸਨ। ਇਹ ਸ਼ਰਤ
ਲਗਾਉਂਦੇ ਸਮੇਂ ਨਣਦਾਂ-ਭਰਜਾਈਆਂ ਕੋਲੋਂ
ਭਤੀਜਾ ਹੋਣ ਦੀ ਖ਼ੁਸ਼ੀ ਵਿਚ ਪਹਿਲਾਂ ਹੀ ਕੰਙਣ
ਲੈਣ ਦੇ ਇਕਰਾਰ ਲੈ ਲੈਂਦੀਆਂ ਸਨ। ਭਾਬੀ ਵਲੋਂ
ਬਾਅਦ ਵਿਚ ਮੰਗ ਪੂਰੀ ਨਾ ਕੀਤੇ ਜਾਣ ਤੇ ਰੁੱਸ
ਵੀ ਜਾਂਦੀਆਂ ਸਨ। ਲੋਹੜੀ ਦੇ ਗੀਤਾਂ ਤੋਂ ਇਹ
ਭਲੀ-ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਵੀਰ ਘਰ
ਪੁੱਤਰ ਜੰਮਣ ਦੀ ਸਭ ਤੋਂ ਵੱਧ ਖ਼ੁਸ਼ੀ ਭੈਣ ਨੂੰ
ਹੁੰਦੀ ਸੀ। ਭੂਆ ਬਣਨ ਦੇ ਚਾਅ ਵਿਚ ਉਸ ਦੇ
ਪੱਬ ਧਰਤੀ ‘ਤੇ ਨਹੀਂ ਲੱਗਦੇ ਸਨ। ਜਿਸ ਘਰ
ਵਿਚ ਧੀਆਂ ਤੋਂ ਬਾਅਦ ਜੰਮੇ ਪੁੱਤ ਦੀ ਲੋਹੜੀ
ਪਾਈ ਜਾ ਰਹੀ ਹੋਵੇ, ਉਹ ਘਰ ਸਾਰੇ ਪਿੰਡ
ਵਿਚ ਚਰਚਾ ਦਾ ਵਿਸ਼ਾ ਹੁੰਦਾ ਸੀ। ਸਭ ਤੋਂ ਛੋਟੀ
ਧੀ ਜਿਸ ਤੋਂ ਬਾਅਦ ਪੁੱਤਰ ਜਨਮਿਆ ਹੋਵੇ,
ਭਾਗਾਂ ਵਾਲ਼ੀ ਮੰਨੀ ਜਾਂਦੀ। ਕਿਹਾ ਜਾਂਦਾ ਕਿ ‘ਵੀਰੇ
ਦੀ ਬਾਂਹ ਫੜ ਕੇ ਲਿਆਈ ਹੈ।' ਭੈਣਾਂ ਨੂੰ ਵੀ
ਭਰਾ ਦੀ ਲੋਹੜੀ ਦਾ ਗੋਡੇ-ਗੋਡੇ ਚਾਅ ਹੁੰਦਾ
ਸੀ। ਅੱਜ ਦੇ ਯੁੱਗ ਵਿਚ ਸਕੈਨਿੰਗ ਨੇ ਧੀਪੁੱਤਰ
ਦੇ ਜਨਮ ਦਾ ਰਹੱਸ ਹੀ ਖ਼ਤਮ ਨਹੀਂ
ਕੀਤਾ, ਸਗੋਂ ਭਰੂਣ ਹੱਤਿਆ ਜਿਹੀ ਲਾਹਨਤ ਨੂੰ
ਜਨਮ ਦਿੱਤਾ ਹੈ।
ਅਜੋਕੇ ਸਮੇਂ ਵਿਚ ਵੀ ਲੋਹੜੀ ਵਾਲੀ ਰਾਤ
ਅਗਨੀ ਪੂਜਾ ਕਰਦਿਆਂ ਇਹ ਰਸਮ ਦੇਰ ਰਾਤ
ਤੱਕ ਚਲਦੀ, ਨਵ-ਜਨਮੇ ਬਾਲ ਜਾਂ ਨਵ-ਵਿਆਹੀ
ਜੋੜੀ ਨੂੰ ਜੀਅ ਆਇਆਂ ਕਹਿੰਦੀ, ਚੌਗਿਰਦੇ ਨੂੰ
ਮਹਿਕਾਉਂਦੀ ਹੈ। ਇਹ ਰਸਮ ਨਿੱਘ ਅਤੇ ਪ੍ਰੇਮ
ਦਾ ਸੁਨੇਹਾ ਦਿੰਦੀ ਹੈ। ਪਰਦੇਸਾਂ ਵਿਚ ਅੱਗ ਬਾਲਣ
ਲਈ ਵਿਸ਼ੇਸ਼ ਥਾਂ ਹੁੰਦੀ ਹੈ ਜਿਸ ਨੂੰ ਫ਼ਾਇਰ ਪਲੇਸ
ਕਿਹਾ ਜਾਂਦਾ ਹੈ। ਪਰਦੇਸੀ ਪੰਜਾਬੀ ਬਾਹਰ ਵਿਹੜੇ
ਵਿਚ ਧੂਣੀ ਲਾਉਣ ਲਈ ਚੱਕਵੀਂ ਅੰਗੀਠੀ ਦੀ
ਵਰਤੋਂ ਕਰਦੇ ਹਨ।
ਸਮੇਂ ਨਾਲ ਸੋਚ ਬਦਲੀ ਹੈ। ਇਸ ਰਸਮ
ਵਿਚ ਵੀ ਬਹੁਤ ਵੱਡੀ ਤਬਦੀਲੀ ਆਈ ਹੈ। ਵਿਦੇਸ਼ਾਂ
ਵਿਚ ਇਹ ਤਿਉਹਾਰ ਪੁੱਤਰ ਅਤੇ ਧੀ ਦੋਵਾਂ ਦੇ
ਜਨਮ ਮੌਕੇ ਸਾਂਝੇ ਰੂਪ ਵਿਚ ਮਨਾਉਣ ਲਈ
ਸਭਿਆਚਾਰਕ ਸੰਸਥਾਵਾਂ ਅਹਿਮ ਭੂਮਿਕਾ
ਨਿਭਾਅ ਰਹੀਆਂ ਹਨ। ਪੰਜਾਬ ਵਿਚ ਵੀ ਕਈ
ਉਸਾਰੂ ਸੋਚ ਦੇ ਮਾਪਿਆ ਨੇ ਧੀਆਂ ਦੀ ਲੋਹੜੀ
ਪਾਉਣੀ ਸ਼ੁਰੂ ਕੀਤੀ ਹੈ। ਸਾਹਿਤਕਾਰ ਆਪਣੀ
ਕਲਮ ਨਾਲ ਬਣਦਾ ਯੋਗਦਾਨ ਪਾ ਰਹੇ ਹਨ।
ਹਰਜਿੰਦਰ ਕੰਗ ਦੀਆਂ ਇਹ ਸਤਰਾਂ ਧੀਆਂ ਅਤੇ
ਪੁੱਤਰਾਂ ਦੀ ਲੋਹੜੀ ਦੇ ਹੱਕ ਵਿਚ ਉਠ ਰਹੀ
ਆਵਾਜ਼ ਹਨ:
ਇੱਕੋ ਜਿਹੀਆਂ ਹੋਣ
ਸਾਰੇ ਜੀਆਂ ਦੀਆਂ ਲੋਹੜੀਆਂ।
ਮੁੰਡਿਆਂ ਦੇ ਵਾਂਗ ਵੰਡੋ
ਧੀਆਂ ਦੀਆਂ ਲੋਹੜੀਆਂ।
ਧੀਆਂ ਤੋਂ ਬਗੈਰ
ਨਹੀਂਓਂ ਬਣਦੀਆਂ ਜੋੜੀਆਂ।
ਅਮਰੀਕਾ ਵਿਚ ਲੋਹੜੀ ਸਮਾਗਮਾਂ ਦੌਰਾਨ
ਪੰਜਾਬੀ ਲੋਹੜੀ ਪਾਉਂਦੇ ਵਕਤ ‘ਸੁੰਦਰ ਮੁੰਦਰੀਏ'
ਗਾਉਂਦੇ ਹਨ। ਬੱਚੇ ਦੀਆਂ ਸਾਲ ਭਰ ਦੀਆਂ
ਤਸਵੀਰਾਂ ‘ਸਲਾਈਡ ਸ਼ੋਅ' ਦੇ ਰੂਪ ਵਿਚ ਪੇਸ਼
ਕੀਤੀਆਂ ਜਾਂਦੀਆਂ ਹਨ। ਲੋਹੜੀ ਦੀ ਧੂਣੀ ਤੇ
ਗਾਏ ਜਾਣ ਵਾਲੇ ਗੀਤ ਅਤੇ ਬਿਅ੍ਹਾਈਆਂ ਹੁਣ
ਲਗਭਗ ਲੋਪ ਹੋ ਗਏ ਹਨ।
ਬਿਅ੍ਹਾਈਆਂ ਅਤੇ ਘੋੜੀਆਂ
ਦੂਰੋਂ ਲਹੌਰੋਂ ਨਣਦੇ ਆਈ,
ਹੋਲਰ (ਨਵ-ਜੰਮਿਆ) ਲਈ ਕੀ ਲਿਆਈ।
ਭੈਣੋ! ਮੇਰੇ ਹੋਲਰ ਲਈ ਕੀ ਲੈ ਆਈ।
ਝੱਗਾ-ਚੁੰਨੀ, ਕੜਾ-ਤਦੀਰੀ,
ਮੇਰੇ ਹੋਲਰ ਲਈ ਲੈ ਆਈ।
ਭੈਣੋ! ਮੇਰੇ ਹੋਲਰ ਲਈ ਲੈ ਆਈ।
ਆ ਮੇਰੀ ਨਣਦੇ, ਬੈਠ ਪਲੰਘ 'ਤੇ,
ਕੋਈ ਮੰਗ ਵੀਰੇ ਤੋਂ ਵਧਾਈ।
ਅੜੀਏ! ਕੋਈ ਮੰਗ ਵੀਰੇ ਤੋਂ ਵਧਾਈ।
ਬੜੀਆਂ ਵਧਾਈਆਂ ਘਰ ਰੱਖ ਭਾਬੋ,
ਮੈਂ ਡੋਰੀਆ ਲੈ ਜਾਣਾ।
ਅੜੀਏ! ਮੈਂ ਡੋਰੀਆ ਲੈ ਜਾਣਾ।
ਡੋਰੀਆ ਤਾਂ ਮੇਰਾ ਚੱਕੀ ਦਾ ਪਰੋਲ਼ਾ,
ਕੋਈ ਮੰਗ ਵੀਰੇ ਤੋਂ ਸੋਨਾ ਅੜੀਏ।
ਕੋਈ ਮੰਗ ਵੀਰੇ ਤੋਂ ਚਾਂਦੀ।
ਸੋਨਾ ਚਾਂਦੀ ਘਰ ਰੱਖ ਭਾਬੋ,
ਮੈਂ ਡੋਰੀਆ ਲੈ ਜਾਣਾ!
ਅੜੀਏ! ਮੈਂ ਡੋਰੀਆ ਲੈ ਜਾਣਾ।
ਨਣਦੇ ਭਰਜਾਈ ਦਾ ਜੋੜ
ਹਾਂ ਨੀ! ਨਣਦੇ ਭਰਜਾਈ ਦਾ ਜੋੜ,
ਦੋਨੋਂ ਜਣੀਆਂ ਕੱਤਦੀਆਂ।
ਹਾਂ ਨੀ! ਕੱਤਦੀਆਂ ਬਹਿਸ ਪਈਆਂ।
ਭਾਬੋ! ਜੇ ਘਰ ਜਨਮੇਗਾ ਲਾਲ,
ਤਾਂ ਤੂੰ ਸਾਨੂੰ ਕੀ ਦੇਮੇਂਗੀ?
ਨਣਦੇ! ਜੇ ਘਰ ਜਨਮੇਗਾ ਲਾਲ,
ਹੱਥਾਂ ਦੇ ਕੰਙਣ ਮੈਂ ਦੇਮਾਂਗੀ।
ਹਾਂ ਨੀ! ਭਾਬੋ ਨੂੰ ਲੱਗੀਆਂ ਪੀੜਾਂ,
ਨਣਦਾਂ ਸਹੁਰੇ ਗਈਆਂ।
ਹਾਂ ਨੀ! ਭਾਬੋ ਨੂੰ ਜਨਮਿਆਂ ਲਾਲ,
ਨਣਦਾਂ ਆ ਨੀ ਗਈਆਂ।
ਭਾਬੋ ਦੇ-ਦੇ ਕੌਲ ਕਰਾਰ,
ਜਿਹੜੇ ਸਾਡੇ ਨਾਲ ਕੀਤੇ।
ਨਣਦੇ ਆਪਣੀ ਘੜਤ ਘੜਾ ਲਾ,
ਸੁੱਚੇ ਮੋਤੀ ਲਾ-ਲਾ।
ਆਪਣੀ ਬਾਹੀਂ ਪਾ ਲਾ,
ਮੈਂ ਇਹ ਕੰਙਣ ਨਾ ਦੇਵਾਂਗੀ।
ਹਰਿਆ ਨੀ ਮਾਏਂ, ਹਰਿਆ ਨੀ ਭੈਣੇ!
ਹਰਿਆ ਨੀ ਮਾਏਂ, ਹਰਿਆ ਨੀ ਭੈਣੇ!
ਹਰਿਆ ਤੇ ਭਾਗੀਂ ਭਰਿਆ।
ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆ,
ਸੋਈਓ ਦਿਹਾੜਾ ਭਾਗੀਂ ਭਰਿਆ।
ਗੀਗਾ ਜਰਮਿਆਂ ਨੀ
ਗੀਗਾ ਜਰਮਿਆਂ ਗੋਰੀਏ,
ਜੋ ਕੁਝ ਮੰਗਣਾਂ ਸੋ ਮੰਗ,
ਗੀਗਾ ਜਰਮਿਆਂ ਨੀ।
ਮੈਂ ਕੀ ਮੰਗਣਾਂ ਵੇ, ਮੈਂ ਕੀ ਮੰਗਣਾਂ ਵੇ,
ਲੈਣਾ ਤਾਰਿਆਂ ਦਾ ਹਾਰ,
ਮੈਂ ਕੀ ਮੰਗਣਾਂ ਵੇ।
ਇਹ ਕਿਨ ਦੱਸਿਆ ਨੀ,
ਇਹ ਕਿਨ ਦੱਸਿਆ ਗੋਰੀਏ,
ਕਾਰਸ਼ਤਾਨੀਆਂ ਦੀ ਮੱਤ,
ਤੇਰੀ ਮੱਤ ਸਾਡੇ ਹੱਥ।
ਤੇਰੀ ਕੁੜੀਆਂ ਦੀ ਮੱਤ,
ਇਹ ਕਿਨ ਦੱਸਿਆ ਨੀ,
ਮੈਂ ਕੀ ਮੰਗਣਾਂ ਵੇ, ਮੈਂ ਕੀ ਮੰਗਣਾਂ ਢੋਲਾ।
ਲੈਣੀ ਖੂਹੇ ਜਿੱਡੀ ਨੱਥ,
ਮੈਂ ਕੀ ਮੰਗਣਾਂ ਵੇ, ਮੈਂ ਕੀ ਮੰਗਣਾਂ ਢੋਲਾ।
ਬਾਗ਼ੀਂ ਮੋਰ ਬੋਲੇ
ਬਾਗ਼ੀਂ ਮੋਰ ਬੋਲੇ, ਗੀਗੇ ਜਰਮ ਲਿਆ।
ਦਾਦੀ ਨਿਕਲ ਗਈਓ, ਬਾਬਾ ਲੱਭਦਾ ਰਿਹਾ।
ਬਾਗ਼ੀਂ ਮੋਰ ਬੋਲੇ, ਗੀਗੇ ਜਰਮ ਲਿਆ।
ਨਾਨੀ ਸ਼ਗਨ ਮਨਾਵੇ, ਨਾਨਾ ਰਮਿਆ ਰਿਹਾ।
ਨੱਥ ਕਰਾ ਦੇ ਵੇ ਸੌਰ੍ਹਿਆ,
ਸਾਨੂੰ ਨੱਥ ਕਰਾ ਦੇ, ਵਿਚ ਪੁਆ ਦੇ ਵੇ,
ਵਿਚ ਪੁਆ ਦੇ ਵੇ ਚੀਨੀਆਂ।
ਨੱਥ ਤਾਂ ਤੇਰੀ ਨੀ ਨੂੰਹੇਂ ਤੇਰਾ ਬਾਪ ਲਿਆਵੇ।
ਅਜੇ ਤਾਂ ਪਿੰਡਾਂ ਦੇ,
ਪਿੰਡਾਂ ਦੇ ਮਾਮਲੇ ਜੀ ਰਹਿੰਦੇ।
ਸੁੰਢ ਪੰਜੀਰੀ ਨੀ ਨੂੰਹੇਂ ਤੇਰੀ ਸੱਸ ਲਿਆਈ,
ਉਠ ਨੂੰਹੇਂ ਨੀ ਤੂੰ ਖਾ ਲੈ,
ਸੱਸ ਕਰੇ ਤੇਰੀਆਂ ਜੀ ਮਿੰਨਤਾਂ।
ਸੁੰਢ ਪੰਜੀਰੀ ਨੀ ਸੱਸੂ ਤੇਰੀ,
ਕਦੇ ਵੀ ਨਾ ਖਾਵਾਂ, ਹੱਥ ਨਾ ਲਾਵਾਂ ਸੌਰ੍ਹੇ
ਨੇ ਮਾਰੀ ਸੀ ਬੋਲੀ,
ਨੱਥ ਨਾ ਸਰੀ ਜੀ ਸਾਡੇ ਬਾਬਲ ਤੋਂ।
ਹਰੀ ਹਰੀ ਦੁੱਭ ਨੀ ਭਾਬੋ
ਤੇਰੀ ਨਣਦ ਲਿਆਈ, ਨਣਦ ਲਿਆਈ ਉਠ
ਭਾਬੋ ਨੀ ਤੂੰ ਲੈ,
ਨਣਦ ਕਰੇ ਤੇਰੀਆਂ ਜੀ ਮਿੰਨਤਾਂ,
ਹਰੀ ਹਰੀ ਦੁੱਭ ਨੀ ਨਣਦੇ
ਮੈਂ ਕਦੀਓ ਨਾ ਲਾਵਾਂ।
ਫ਼ੁੱਲ ਵਿਕਣੇ ਆਏ ਨੀ
ਸੱਸੇ ਲੈ ਦੇ ਫ਼ੁੱਲਾਂ ਦੀਆਂ ਜੋੜੀਆਂ,
ਫ਼ੁੱਲ ਮਹਿੰਗੇ ਵਿਕਦੇ ਆ
ਨੂੰਹੇ ਪੰਜ ਰੁਪਈਏ ਜੋੜੀਆਂ।
ਮੈਂ ਰੋਟੀਆਂ ਪਕਾਵਾਂ ਨੀ
ਸੱਸੇ ਲਾਲ ਪਿਆ ਮੇਰੀ ਗੋਦ ਮੇਂ,
ਮੈਂ ਆਪੇ ਖਿਡਾਮਾਂ ਨੀ
ਸੱਸੇ ਆਪੇ ਦੇਵਾਂ ਲੋਰੀਆਂ।
ਫ਼ੁੱਲ ਵਿਕਣੇ ਆਏ ਨੀ
ਨਣਦੇ ਲੈ ਦੇ ਫ਼ੁੱਲਾਂ ਦੀਆਂ ਜੋੜੀਆਂ,
ਫ਼ੁੱਲ ਮਹਿੰਗੇ ਵਿਕਦੇ ਆ
ਭਾਬੋ ਪੰਜ ਰੁਪਈਏ ਜੋੜੀਆਂ।
ਮੈਂ ਰੋਟੀਆਂ ਪਕਾਮਾਂ ਨੀ
ਨਣਦੇ ਲਾਲ ਪਿਆ ਮੇਰੀ ਗੋਦ ਮੇਂ,
ਮੈਂ ਆਪੇ ਖਿਡਾਮਾਂ ਨੀ
ਨਣਦੇ ਆਪੇ ਦੇਵਾਂ ਲੋਰੀਆਂ।
ਗਾਗਰ ਦੇ ਸੁੱਚੇ ਮੋਤੀ
ਰਾਜਾ ਤਾਂ ਕਹਿੰਦਾ ਰਾਣੀ!
ਸੁਣ ਮੇਰੀ ਬਾਤ ਨੂੰ,
ਜੀ ਸੁਣ ਮੇਰੀ ਬਾਤ ਨੂੰ।
ਗਾਗਰ ਦੇ ਸੁੱਚੇ ਮੋਤੀ, ਕਿਸ ਨੂੰ ਦਈਏ।
ਪਾਂਧੇ ਦੇ ਜਾਈਏ ਵੇ ਰਾਜਾ,
ਸਾਹਾ ਸੁਧਾਈਏ ਵੇ!
ਗਾਗਰ ਦੇ ਸੁੱਚੇ ਮੋਤੀ, ਉਸਨੂੰ ਦਈਏ।
ਪੁੱਤਰਾਂ ਦੇ ਜੰਮਣੇ ਵੇ ਰਾਜਾ,
ਨੂੰਹਾਂ ਦੇ ਆਉਣੇ ਵੇ।
ਇੰਦਰ ਦੀ ਵਰਖਾ ਵੇ ਰਾਜਾ, ਨਿੱਤ ਨਹੀਓਂ।
ਮਾਲਣ ਦੇ ਜਾਈਏ ਵੇ ਰਾਜਾ,
ਸਿਹਰਾ ਗੁੰਦਵਾਈਏ ਵੇ।
ਗਾਗਰ ਦੇ ਸੁੱਚੇ ਮੋਤੀ, ਉਸ ਨੂੰ ਦੇਈਏ।
ਪੁੱਤਰਾਂ ਦੇ ਜੰਮਣੇ ਵੇ ਰਾਜਾ,
ਨੂੰਹਾਂ ਦੇ ਆਉਣੇ ਵੇ।
ਇੰਦਰ ਦੀ ਵਰਖਾ ਵੇ ਰਾਜਾ, ਨਿੱਤ ਨਹੀਓਂ।
ਨਾਈ ਦੇ ਜਾਈਏ ਵੇ ਰਾਜਾ,
ਗੰਢਾਂ ਖੁਲ੍ਹਾਈਏ ਵੇ।
ਗਾਗਰ ਦੇ ਸੁੱਚੇ ਮੋਤੀ, ਉਸ ਨੂੰ ਦੇਈਏ।
ਪੁੱਤਰਾਂ ਦੇ ਜੰਮਣੇ ਵੇ ਰਾਜਾ,
ਨੂੰਹਾਂ ਦੇ ਆਉਣੇ ਵੇ।
ਇੰਦਰ ਦੀ ਵਰਖਾ ਵੇ ਰਾਜਾ, ਨਿੱਤ ਨਹੀਓਂ।
ਘਰ ਨੰਦ ਦੇ ਮਿਲਣ ਵਧਾਈਆਂ
ਘਰ ਨੰਦ ਦੇ ਮਿਲਣ ਵਧਾਈਆਂ,
ਜੀ ਘਰ ਨੰਦ ਦੇ।
ਅੱਧੀ ਰਾਤੀਂ ਮੇਰਾ ਗੋਬਿੰਦ ਜੰਮਿਆਂ,
ਜੱਗ ਵਿਚ ਧੁੰਮਾਂ ਪਾਈਆਂ।
ਮਥਰਾ ਦੇ ਵਿਚ ਜਨਮ ਲਿਆ ਸੀ,
ਗੋਕਲ ਮਿਲਣ ਵਧਾਈਆਂ।
ਘਰ ਨੰਦ ਦੇ ਜੀ ਮਿਲਣ ਵਧਾਈਆਂ,
ਜੀ ਘਰ ਨੰਦ ਦੇ।
ਕਾਹੇ ਦਾ ਤੇਰਾ ਬਣਿਆ ਪੰਘੂੜਾ,
ਕਾਹੇ ਡੋਰਾਂ ਪਾਈਆਂ।
ਚੰਦਨ ਦਾ ਤੇਰਾ ਬਣਿਆ ਪੰਘੂੜਾ,
ਰੇਸ਼ਮ ਡੋਰਾਂ ਪਾਈਆਂ।
ਪੱਟ ਦੇ ਪੰਘੂੜੇ ਮੇਰਾ ਗੋਬਿੰਦ ਖੇਡੇ,
ਝੂਟੇ ਦੇਵਣ ਦਾਈਆਂ।
ਰਲ-ਮਿਲ ਸਖ਼ੀਆਂ ਦੇਵਣ ਝੂਟੇ,
ਮੈਂ ਵੀ ਦੇਵਣ ਆਈਆਂ।
ਘਰ ਨੰਦ ਦੇ ਮਿਲਣ ਵਧਾਈਆਂ,
ਜੀ ਘਰ ਨੰਦ ਦੇ।
ਲਿਖ ਪਰਵਾਨਾ ਭੇਜਾਂ
ਲਿਖ ਪਰਵਾਨਾ ਭੇਜਾਂ ਵੇ,
ਘਰ ਪੱਖੀ ਦੀ ਲੋੜ।
ਢੋਲ ਮੇਰਾ, ਮਾਹੀ ਵੇ, ਘਰ ਪੱਖੀ ਦੀ ਲੋੜ।
ਕੁੱਛੜ ਬਾਲ ਨਿਆਣਾ ਵੇ,
ਗਰਮੀ ਕਰਦੀ ਏ ਜ਼ੋਰ।
ਲੈ ਪੱਖੀ ਮੈਂ ਬੈਠੀ ਪੀੜ੍ਹੇ,
ਸੱਸੂ ਮਾਰਦੀ ਬੋਲ।
ਲੈ ਲੈ ਸੱਸੂ ਨੀ ਪੱਖੀ ਆਪਣੀ,
ਮਾਹੀ ਘੱਲੇਗਾ ਹੋਰ।
ਲੈ ਪੱਖੀ ਮੈਂ ਬੈਠੀ ਪੀੜ੍ਹੇ,
ਨਣਦੇ ਮਾਰਦੀ ਬੋਲ।
ਦਿਲ ਵਿਚ ਰੱਖਦੇ ਸਾਰੇ ਗੁੱਸੇ,
ਪੱਖੀ ਛੱਡੀ ਮਰੋੜ।
ਲਿਖ ਪਰਵਾਨਾ ਭੇਜਾਂ ਵੇ,
ਘਰ ਪੱਖੀ ਦੀ ਲੋੜ।
ਢੋਲ ਮੇਰਾ, ਮਾਹੀ ਵੇ, ਘਰ ਪੱਖੀ ਦੀ ਲੋੜ।
ਕੁੱਛੜ ਬਾਲ ਨਿਆਣਾ ਵੇ,
ਗਰਮੀ ਕਰਦੀ ਏ ਜ਼ੋਰ।
ਹਰੀਏ ਹਰੀਏ ਡੇਕੇ
ਹਰੀਏ ਹਰੀਏ ਡੇਕੇ ਨੀ ਫ਼ੁੱਲ ਦੇਦੇ।
ਅੱਜ ਮੈਂ ਜਾਣਾ ਪੇਕੇ ਨੀ ਫ਼ੁੱਲ ਦੇ ਦੇ।
ਬਾਬਲ ਮੇਰੇ ਬਾਗ਼ ਲੁਆਇਆ,
ਵਿਚ ਚੰਬਾ ਤੇ ਮਰੂਆ।
ਮਾਂ ਮੇਰੀ ਮਾਲਣ ਫ਼ੁੱਲ ਪਈ ਚੁਣਦੀ,
ਵੀਰਾ ਤਾਂ ਬੂਟਾ ਹਰਿਆ।
ਹਰੀਏ ਹਰੀਏ ਡੇਕੇ ਨੀ ਫ਼ੁੱਲ ਦੇ ਦੇ।
ਵੀਰ ਮੇਰੇ ਬਾਗ਼ ਲੁਆਇਆ,
ਵਿਚ ਚੰਬਾ ਤੇ ਮਰੂਆ।
ਭਾਬੋ ਮਾਲਣ ਫ਼ੁੱਲ ਪਈ ਚੁਣਦੀ,
ਗਿੱਗਾ ਤਾਂ ਬੂਟਾ ਹਰਿਆ।
ਹਰੀਏ ਹਰੀਏ ਡੇਕੇ ਨੀ ਫ਼ੁੱਲ ਦੇ ਦੇ।
ਦਾਈ ਮਾਈ ਇਹੋ ਘਰ ਆ
ਉਠ ਵੇ ਕੰਤਾ ਹੋ ਤਿਆਰ, ਘੋੜੇ ਅਸਵਾਰ।
ਦਾਈ ਨੂੰ ਸੱਦ ਬੁਲਾਇ,
ਕਲੇਜੇ ਮੇਰੇ ਦਰਦ ਉਠੇ।
ਜਿੰਦਾ ਲਾਵਾਂ ਹਟਵਾੜ, ਕੁੰਜੀ ਬੋਝੇ ਡਾਲ।
ਘੋੜੇ ਅਸਵਾਰ, ਦਾਈ ਮਾਈ ਲੈਣ ਚੱਲੇ।
ਪੁੱਛਦਾ ਨਗਰ ਬਜ਼ਾਰ, ਘੋੜੇ ਅਸਵਾਰ।
ਕਿ ਦਾਈ ਮਾਈ, ਕਿਹੜਾ ਘਰ ਆ?
ਬੂਹੇ ਤਾਂ ਚੰਨਣ ਰੁੱਖ, ਲੌਂਗਾਂ ਦੀਆਂ ਵਾੜਾਂ।
ਵਿਹੜੇ ਖੇਲੰਦੜਾ ਪੁੱਤ,
ਦਾਈ ਮਾਈ ਇਹੋ ਘਰ ਆ।
ਸਾਡੇ ਜਰਮਿਆਂ ਕ੍ਰਿਸ਼ਨ ਗੁਪਾਲ
ਸਾਡੇ ਜਰਮਿਆਂ ਕ੍ਰਿਸ਼ਨ ਗੁਪਾਲ,
ਸਈਓ ਕੰਮ ਕੌਣ ਕਰੇ?
ਸਾਡੀ ਸੱਸੂ ਨੇ ਮਾਰੀ ਸੀ ਬੋਲੀ,
ਨੂੰਹੇਂ ਉੱਠ ਕੰਮ ਕਰ।
ਸਾਡੇ ਸਹੁਰੇ ਨੇ ਦਿੱਤਾ ਦਿਲਾਸਾ,
ਨੂੰਹੇਂ ਬੈਠੀ ਰਾਜ ਕਰੋ।
ਬਾਲੇ ਜਨਮ ਲਿਆ
ਬਾਲੇ ਜਨਮ ਲਿਆ, ਬਾਲੇ ਜਨਮ ਲਿਆ।
ਕੌਣ ਹੱਸੇ ਕੌਣ ਡਰ ਨੀ ਗਿਆ?
ਭੂਆ ਹੱਸੇ, ਫ਼ੁੱਫ਼ੜ ਡਰ ਨੀ ਗਿਆ।
ਡਰਦਾ ਵਿਚ ਭੜੋਲੇ ਦੇ ਵੜ ਨੀ ਗਿਆ।
ਬਾਲੇ ਜਨਮ ਲਿਆ, ਬਾਲੇ ਜਨਮ ਲਿਆ।
ਕੌਣ ਹੱਸੇ ਕੌਣ ਡਰ ਨੀ ਗਿਆ?
ਮਾਸੀ ਹੱਸੇ, ਮਾਸੜ ਡਰ ਨੀ ਗਿਆ।
ਡਰਦਾ ਵਿਚ ਭੜੋਲੇ ਦੇ ਵੜ ਨੀ ਗਿਆ।
ਸਾਡੇ ਜਨਮਿਆਂ ਲਾਲ
ਸਾਡੇ ਜਨਮਿਆਂ ਲਾਲ,
ਸਾਡੀ ਹੋ ਗਈ ਮਜਾਜ।
ਅਸੀਂ ਸੱਸੂ ਨਾਲ਼ ਕਾਨ੍ਹਾ ਵੇ ਨਹੀਂ ਬੋਲਣਾ।
ਸਾਡੇ ਜਨਮਿਆਂ ਲਾਲ,
ਸਾਡੀ ਹੋ ਗਈ ਮਜਾਜ।
ਅਸੀਂ ਜਠਾਣੀ ਨਾਲ਼ ਕਾਨ੍ਹਾ ਵੇ ਨਹੀਂ ਬੋਲਣਾ।
ਸਾਡੇ ਜਨਮਿਆਂ ਲਾਲ,
ਸਾਡੀ ਹੋ ਗਈ ਮਜਾਜ।
ਅਸੀਂ ਦਰਾਣੀ ਨਾਲ਼ ਕਾਨ੍ਹਾ ਵੇ ਨਹੀਂ ਬੋਲਣਾ।
ਸਾਡੇ ਜਨਮਿਆਂ ਲਾਲ,
ਸਾਡੀ ਹੋ ਗਈ ਮਜਾਜ।
ਅਸੀਂ ਨਣਦ ਨਾਲ਼ ਕਾਨ੍ਹਾ ਵੇ ਨਹੀਂ ਬੋਲਣਾ।