Latif Abid ਲਤੀਫ਼ ਆਬਿਦ
ਨਾਂ-ਮੁਹੰਮਦ ਲਤੀਫ਼, ਕਲਮੀ ਨਾਂ-ਲਤੀਫ਼ ਆਬਿਦ,
ਜਨਮ ਸਥਾਨ-ਕੜਿਆਲ ਕਲਾਂ, ਗੁਜਰਾਂਵਾਲਾ,
ਵਿਦਿਆ-ਬੀ. ਏ., ਕਿੱਤਾ-ਨੌਕਰੀ,
ਛਪੀਆਂ ਕਿਤਾਬਾਂ-ਸੱਜਰੀ ਪੈੜ (ਗ਼ਜ਼ਲ ਸੰਗ੍ਰਿਹ),
ਪਤਾ-ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ ।
ਪੰਜਾਬੀ ਗ਼ਜ਼ਲਾਂ (ਸੱਜਰੀ ਪੈੜ 1997 ਵਿੱਚੋਂ) : ਲਤੀਫ਼ ਆਬਿਦ
Punjabi Ghazlan (Sajjri Pair 1997) : Latif Abid
ਕਰ ਦਿਆਂ ਤੈਨੂੰ ਦਾਨ ਖਲੋਜਾ
ਕਰ ਦਿਆਂ ਤੈਨੂੰ ਦਾਨ ਖਲੋਜਾ । ਸੱਧਰ, ਖ਼ਾਹਿਸ਼, ਮਾਨ ਖਲੋਜਾ । ਕੱਠੇ ਚੱਲਨੇ ਆਂ ਨੀ ਜ਼ਿੰਦੇ, ਲੱਭ ਲਾਂ ਆਪਣਾ ਹਾਣ ਖਲੋਜਾ । ਹਾਵਾਂ ਵਿਚ ਸਾਹ ਵੰਡੇ ਜਾਵਣ, ਨਿਕਲੀ ਜਾਵੇ ਜਾਨ ਖਲੋਜਾ । ਤੂੰ ਨਾ ਵਿਛੜੀਂ ਇਹ ਜੱਗ ਵਾਲੇ, ਲੱਖ ਵਿਛੋੜੇ ਪਾਉਣ ਖਲੋਜਾ । ਇਸ਼ਕ, ਤਸੱਵਫ਼ 'ਤੇ ਅਕਲਾਂ ਦਾ, ਰਸਤਾ ਨਹੀਂ ਆਸਾਨ ਖਲੋਜਾ । ਜੀਅ ਕਰਦਾ ਏ ਇੱਕ ਇੱਕ ਕਰਕੇ, ਕੱਢ ਲਾਂ ਸਭ ਅਰਮਾਨ ਖਲੋਜਾ । ਐਵੇਂ ਆਕੜਨਾ ਏਂ 'ਆਬਿਦ', ਵੱਡਾ ਤੂੰ ਪਰਧਾਨ, ਖਲੋਜਾ ।
ਨਾਲ ਪਰੀਤਾਂ ਰੱਖਾਂ ਤੇਰਿਆਂ ਦੁੱਖਾਂ ਨੂੰ
ਨਾਲ ਪਰੀਤਾਂ ਰੱਖਾਂ ਤੇਰਿਆਂ ਦੁੱਖਾਂ ਨੂੰ । ਸਾਂਭਾਂ ਕੀਵੇਂ ਦੱਸ ਖਾਂ ਢਿੱਡ ਦੀਆਂ ਭੁੱਖਾਂ ਨੂੰ । ਸਾਡੇ ਤੋਂ ਕਿਉਂ ਬੂਥਾ ਵੱਟੀ ਫਿਰਦੇ ਨੇ, ਲਾਣ ਇਕ ਐਧਰ ਗੇੜ ਵੀ ਆਖਿਉ ਸੁੱਖਾਂ ਨੂੰ । ਵੇਲਾ ਅੰਦਰੋ-ਅੰਦਰੀ ਰੋਂਦਾ ਫਿਰਦਾ ਏ, ਵੇਖ ਜਵਾਨਾਂ ਦੇ ਮੁਰਝਾਏ ਮੁੱਖਾਂ ਨੂੰ । ਅਸੀਂ ਕਿਉਂ ਧੂੰ ਦਾ ਤੋਹਫ਼ਾ ਦਿੰਦੇ ਫਿਰਦੇ ਹਾਂ, ਠੰਢੀਆਂ ਛਾਵਾਂ ਦੇ ਵਰਤਾਵੇ ਰੁੱਖਾਂ ਨੂੰ । ਵਾਹਦਤ ਵਾਲਾ ਜਾਮ ਪਿਆਵੇ ਸਾਕੀ ਜੇ, ਪੀਵੇ ਰੱਜ ਕੇ 'ਆਬਿਦ' ਕੱਢੇ ਕੁੱਖਾਂ ਨੂੰ ।
ਕਦੋਂ ਮਗਰੋਂ ਲੱਥਣਗੇ ਪਾਲੇ ਸਫ਼ਰ ਦੇ
ਕਦੋਂ ਮਗਰੋਂ ਲੱਥਣਗੇ ਪਾਲੇ ਸਫ਼ਰ ਦੇ । ਐ ਰਾਹਬਰ! ਬੰਧਾ ਆਸ ਕੋਈ ਖ਼ਬਰ ਦੇ । ਸੁਨੇਹਾ, ਕੋਈ ਚਿੱਠੀ ਯਾ ਫਿਰ ਫ਼ੂਨ ਕਰਦੇ, ਫ਼ਿਰਾਕਾਂ ਦੀ ਰਾਤ ਏ ਕੋਈ ਤੇ ਸਹਿਰ ਦੇ । ਯਾ ਖ਼ਾਹਿਸ਼ ਉੜਣ ਦੀ, ਨਾ ਦੇਹ ਹਸਰਤਾਂ ਨੂੰ, ਯਾ ਸੱਧਰ ਨੂੰ ਮੇਰੀ ਚਟਾਨਾਂ ਦੇ ਪਰ ਦੇ । ਮੈਂ ਸੋਚਾਂ ਤੇ ਤਾਬੀਰ ਦਿੱਸੇ ਪਈ ਅੱਗੇ, ਖ਼ੁਦਾਇਆ! ਦੁਆ ਨੂੰ ਮੇਰੀ ਉਹ ਅਸਰ ਦੇ । ਅਸਾਡੀ ਗ਼ਜ਼ਲ ਏ ਪੜ੍ਹੀ ਇੰਜ ਲੋਕਾਂ, ਫ਼ਨਕਾਰ 'ਆਬਿਦ' ਹਾਂ ਜਿਉਂ ਲਮਹਾ ਭਰ ਦੇ ।
ਲੱਗ ਨਾ ਜਾਵਣ ਅੰਦਰ ਕਿਧਰੇ
ਲੱਗ ਨਾ ਜਾਵਣ ਅੰਦਰ ਕਿਧਰੇ ਰੌਣਕ-ਮੇਲੇ ਚੀਕਾਂ ਦੇ । ਏਹੋ ਸੋਚ ਕੇ ਸੁਣ ਲੈਨਾ ਵਾਂ ਮਿਹਣੇ ਰੋਜ਼ ਸ਼ਰੀਕਾਂ ਦੇ । ਸੋਚਾਂ ਚੂਸਣ ਰੱਤ ਜਿਗਰ ਦੀ, ਰੋਕੇ ਇਕ ਇਕ ਅੱਖਰ ਸਾਹ, ਮਰਨਿਆ ਕਿਨ੍ਹਾਂ ਹਵਾਲੇ ਕੀਤਾ, ਸਾਨੂੰ ਇਨ੍ਹਾਂ ਫ਼ਟੀਕਾਂ ਨੇ । ਆਇਆ ਏ ਅੱਜ ਦਰਸ਼ਨ ਕਰਲੈ, ਨੀ ਬੇ ਸੁਰਤੀਏ ਜਿੰਦੇ ਨੀ, ਆਸਾਂ ਭਰੀਆਂ ਮੀਟ ਕੇ ਅੱਖਾਂ, ਬੂਹੇ ਖੋਲ ਉਡੀਕਾਂ ਦੇ । ਡਾਂਜ ਸੀ ਐਸੀ ਕਿ ਹਰ ਅੱਖ ਚੋਂ ਪੀਵਣ ਨੂੰ ਦਿਲ ਕਰਦਾ ਸੀ, ਬੋਤਲ ਹੱਥ ਜਦ ਸਾਕੀ ਦਿੱਤੀ ਲੱਥ ਗਏ ਚਾਅ ਸਭ ਡੀਕਾਂ ਦੇ । ਹੱਥ ਨਜੂਮੀ ਤੀਕ ਦਿਖਾ ਕੇ ਐਵੇਂ ਭਰਮ ਗਵਾਇਆ ਏ, ਮੇਰੇ ਨਾਲ ਪਤਾ ਸੀ 'ਆਬਿਦ' ਲੇਖ ਨਹੀਂ ਮਿਲਣੇ ਲੀਕਾਂ ਦੇ ।
ਜਦੋਂ ਰੁੱਖਾਂ ਨੇ ਛਾਂ ਕੀਤੀ
ਜਦੋਂ ਰੁੱਖਾਂ ਨੇ ਛਾਂ ਕੀਤੀ, ਤੂੰ ਚੇਤੇ ਆ ਗਿਆ ਮੈਨੂੰ । ਨਜ਼ਰ ਆਪਣੀ ਉਤਾਂਹ ਕੀਤੀ, ਤੂੰ ਚੇਤੇ ਆ ਗਿਆ ਮੈਨੂੰ । ਮੇਰੀ ਮਾਯੂਸੀਆਂ ਦੀ ਵਾਜ਼ ਉੱਤੇ ਜਦ ਕਿਸੇ ਮੁੱਖੜੇ, ਜ਼ਰਾ ਨਿੰਮੀ ਜਿਹੀ ਹਾਂ ਕੀਤੀ, ਤੂੰ ਚੇਤੇ ਆ ਗਿਆ ਮੈਨੂੰ । ਜਦੋਂ ਮੁਟਿਆਰ ਨੇ ਆਪਣੇ ਪਈ ਮੋਢੇ ਤੇ ਨਾਗ਼ਣ ਜਿਹੀ, ਝਟਕ ਕੇ ਗੁੱਤ ਪਿਛਾਂ ਕੀਤੀ ਤੂੰ ਚੇਤੇ ਆ ਗਿਆ ਮੈਨੂੰ । ਮੇਰੇ ਅੰਦਰ ਦੀ ਉਹ ਕਲਪਨ ਜੋ ਤੇਰੀ ਰੂਹ ਨੇ ਇਕ ਦਿਨਮੇਰੇ ਅੱਖਰਾਂ ਦੇ ਨਾਂ ਕੀਤੀ ਤੂੰ ਚੇਤੇ ਆ ਗਿਆ ਮੈਨੂੰ । ਕਿਸੇ ਨੇ ਗ਼ੈਰ ਦੀ ਮਹਿਫ਼ਲ 'ਚ ਇਕ ਦਮ ਦੇਖਕੇ 'ਆਬਿਦ' ਮੇਰੇ ਬੈਠਣ ਲਈ ਥਾਂ ਕੀਤੀ ਤੂੰ ਚੇਤੇ ਆ ਗਿਆ ਮੈਨੂੰ ।
ਪੈਦਾ ਤੇਰੇ ਜਹਾਨ ਵਿਚ ਹੋਇਆ
ਪੈਦਾ ਤੇਰੇ ਜਹਾਨ ਵਿਚ ਹੋਇਆ ਫ਼ਸਾਦ ਰੱਬਾ । ਆਉਂਦਾ ਨਹੀਂ ਜੀਣ ਦਾ ਹੁਣ ਉੱਕਾ ਸੁਆਦ ਰੱਬਾ । ਬੈਠਣ ਨੂੰ ਆਲ੍ਹਣਾ ਦੇਹ, ਖਾਵਣ ਨੂੰ ਦਾਲ-ਦਲੀਆ, ਸਾਡੀ ਵੀ ਕਰ ਚਾ ਪੂਰੀ ਕੋਈ ਮੁਰਾਦ ਰੱਬਾ । ਮੁਫ਼ਲਿਸ ਗ਼ੁਲਾਮ ਕਿਉਂ ਏ ਦੌਲਤ ਦੇ ਆਗੂਆਂ ਦਾ, ਕੀਤਾ ਸੀ ਪੈਦਾ ਤੂੰ ਤੇ ਸਭ ਨੂੰ ਆਜ਼ਾਦ ਰੱਬਾ । ਜਿੰਨੇ ਵੀ ਜੱਗ ਤੇ ਦੁੱਖ ਨੇ ਸਭ ਨਾਮ ਮੇਰੇ ਕਰਦੇ, ਸੱਜਣਾ ਨੂੰ ਸਾਡੇ ਐਪਰ ਰੱਖੀਂ ਆਬਾਦ ਰੱਬਾ । 'ਆਬਿਦ' ਦੀ ਇਕ ਦੁਆ ਹੈ ਜੇਕਰ ਕਬੂਲ ਕਰ ਲਏ, ਰੱਖੀਂ ਤੂੰ ਮੁਸ਼ਕਿਲਾਂ ਵਿਚ ਮੈਨੂੰ ਵੀ ਯਾਦ ਰੱਬਾ ।
ਮੇਰੇ ਮਹਿਬੂਬ ਦੀ ਸੂਰਤ
ਮੇਰੇ ਮਹਿਬੂਬ ਦੀ ਸੂਰਤ, ਤੇ ਨਾਲੇ ਚਾਲ ਦਾ ਬੰਦਾ । ਨਹੀਂ ਮਿਲਿਆ ਅਜੇ ਤੀਕਰ ਇਹ ਖ਼ੱਦੋ-ਖ਼ਾਲ ਦਾ ਬੰਦਾ । ਇਜਾਜ਼ਤ ਤੀਕ ਨਹੀਂ ਦਿੰਦਾ ਉਹ ਮੈਨੂੰ ਕੋਲ ਆਵਣ ਦੀ, ਜੋ ਮੇਰੇ ਵਾਸਤੇ ਹਰ ਦਮ ਹਰ ਇਕ ਨੂੰ ਟਾਲਦਾ ਬੰਦਾ । ਮੈਂ ਉਹਦੇ ਰੂਬਰੂ ਹੋ ਕੇ ਕਦੀ ਮਿਲਿਆ ਤੇ ਪੁੱਛਾਂਗਾ, ਕਈ ਸਦੀਆਂ ਪਿਛਾਂਹ ਸੁੱਟਿਆ ਤੂੰ ਕਾਹਤੋਂ ਹਾਲ ਦਾ ਬੰਦਾ । ਮੇਰੀ ਮਯਤ ਦੇ ਨੇੜੇ ਹੋ ਕੇ ਦੁਸ਼ਮਣ ਬੋਲਿਆ ਮੇਰਾ, ਖ਼ੁਦਾ ਬਖ਼ਸੇ, ਬੜਾ ਚੰਗਾ ਸੀ ਮੇਰੇ ਨਾਲ ਦਾ ਬੰਦਾ । ਲਕੀਰਾਂ ਮੇਰੇ ਮੂੰਹ 'ਤੇ ਸੋਚਾਂ ਪਾਰੋਂ ਲਾ ਲਿਆ ਡੇਰਾ, ਮੈਂ 'ਆਬਿਦ' ਇੱਕੀਆ ਲੱਗਾਂ ਪਚਾਸੀ ਸਾਲ ਦਾ ਬੰਦਾ ।