Lalleshwari
ਲੱਲੇਸ਼ਵਰੀ

ਲੱਲੇਸ਼ਵਰੀ/ਲੱਲ ਦੇਦ/ਮਾਂ (੧੩੨੦?-੧੩੯੨?) ਦਾ ਜਨਮ ਪਿੰਡ ਧਾਂਦਰਬਨ, ਤਹਿਸੀਲ ਪੰਧੋਰ (ਕਸ਼ਮੀਰ) ਦੇ ਇਕ ਪੰਡਿਤ ਘਰਾਣੇ ਵਿੱਚ ਹੋਇਆ । ਉਹ ਬਚਪਨ ਤੋਂ ਹੀ ਬ੍ਰਾਹਮਣੀ ਸੋਚ, ਰੰਗ-ਨਸਲ, ਜਾਤ-ਪਾਤ ਤੇ ਮਜ਼ਹਬੀ ਰਸਮਾਂ ਨੂੰ ਨਹੀਂ ਮੰਨਦੀ ਸੀ । ਉਸਦੇ ਮਾਪਿਆਂ ਨੇ ਉਸਦਾ ਵਿਆਹ ਇੱਕ ਕੱਟੜ ਬ੍ਰਾਹਮਣ ਪਰਿਵਾਰ ਵਿਚ ਕਰ ਦਿੱਤਾ, ਜਿੱਥੇ ਉਸਨੂੰ ਅੰਤਾਂ ਦਾ ਜ਼ੁਲਮ ਝੱਲਣਾ ਪਿਆ । ਅਖ਼ੀਰ ਉਹ ਗ੍ਰਹਿਸਤੀ ਛੱਡ ਯੋਗਨੀ ਬਣ ਗਈ । ਉਸਨੇ ਵਜਦ ਦੀ ਅਵਸਥਾ ਵਿਚ ਤਨ ਦੇ ਲੀੜੇ ਫਾੜ ਦਿੱਤੇ ਅਤੇ ਨੱਚਣ-ਗਾਉਣ ਲੱਗੀ । ਸ਼ਿਵ ਭਗਤ ਸਿੱਧ ਮੋਲ, ਸੱਯਦ ਅਲੀ ਸ਼ਾਹ ਹਮਦਾਨੀ ਅਤੇ ਹੋਰ ਸੰਤਾਂ-ਦਰਵੇਸ਼ਾਂ ਦੀ ਸੰਗਤ ਨੇ ਉਸਨੂੰ ਹਿੰਦੂ-ਮੁਸਲਮਾਨਾਂ ਦੀ ਰੂਹਾਨੀ ਪ੍ਰਚਾਰਕ ਬਣਾ ਦਿੱਤਾ । ਲੱਲੇਸ਼ਵਰੀ ਸ਼ਿਵ ਯੋਗਿਨੀ ਵੀ ਸੀ ਤੇ ਮਸਲਿਮ ਸੂਫ਼ੀ ਵੀ । ਉਸਦੀਆਂ ਰਚਨਾਵਾਂ ਨੂੰ ਵਾਖ਼ ਕਿਹਾ ਜਾਂਦਾ ਹੈ ।

ਲੱਲੇਸ਼ਵਰੀ/ਲੱਲ ਦੇਦ/ਮਾਂ ਕਸ਼ਮੀਰੀ ਕਵਿਤਾ/ਵਾਖ਼
ਭਾਗ-ਪਹਿਲਾ ਅਨੁਵਾਦਕ ਕਰਮਜੀਤ ਸਿੰਘ ਗਠਵਾਲਾ

1. ਲਲ ਖਿੜੀ ਕਪਾਹ ਦਾ ਫੁੱਟ ਸੋਹਣਾ

ਲਲ ਖਿੜੀ ਕਪਾਹ ਦਾ ਫੁੱਟ ਸੋਹਣਾ
ਫਿਰ ਵੇਲਣੇ ਬੀਜੋਂ ਜੁਦਾ ਕੀਤਾ
ਪੇਂਜੇ ਪਿੰਜੀ ਹਜ਼ਾਰਾਂ ਵਾਰ ਮੁੜਕੇ
ਬਣੀ ਰੂੰ ਉਸ ਸਾਫ਼ ਸਫ਼ਾ ਕੀਤਾ
ਕੱਤਣ ਵਾਲੀ ਨੇ ਚਰਖੇ ਦੇ ਤਕਲੇ ਤੇ
ਫਿਰ ਧਾਗਾ ਮਹੀਨ ਕਤਾਇਆ ਸੀ
ਜੁਲਾਹੇ ਚਾੜ੍ਹ ਕੇ ਖੱਡੀ ਤੇ ਉਹੀ ਧਾਗਾ
ਉਹਦਾ ਕਪੜਾ ਸਾਦਾ ਬੁਣਾਇਆ ਸੀ

2. ਧੋਬੀ ਲੈ ਕੇ ਕਪੜਾ ਘਾਟ ਗਿਆ

ਧੋਬੀ ਲੈ ਕੇ ਕਪੜਾ ਘਾਟ ਗਿਆ
ਸਾਬਣ ਓਸ ਨੇ ਓਸ ਤੇ ਲਾ ਦਿੱਤਾ
ਬੇਤਰਸ ਹੋ ਓਸ ਅਣਗਿਣਤ ਵਾਰੀ
ਮੈਨੂੰ ਪੱਥਰ ਦੇ ਉੱਤੇ ਪਟਕਾ ਦਿੱਤਾ
ਦਰਜੀ ਫੜ ਕੈਂਚੀ ਟੁਕੜੇ ਕਰ ਦਿੱਤੇ
ਸੂਈਆਂ ਚੁਭ ਪੁਸ਼ਾਕ ਤਿਆਰ ਹੋਈ
ਲੱਲੀ ਝੱਲ ਕੇ ਐਡ ਮੁਸੀਬਤਾਂ ਨੂੰ
ਪਰਮ-ਪੁਰਖ ਦੇ ਗਲੇ ਦਾ ਹਾਰ ਹੋਈ

3. ਲਾਹੇਵੰਦਾ ਸੌਦਾ ਇਕ ਮੈਂ ਕੀਤਾ

ਲਾਹੇਵੰਦਾ ਸੌਦਾ ਇਕ ਮੈਂ ਕੀਤਾ
ਸਾਈਂ ਆਪਣੇ ਤਾਈਂ ਰਿਝਾਵਣੇ ਦਾ
ਸੇਵਾ ਪ੍ਰੇਮ ਤੇ ਭਗਤੀ ਨਾਲ ਕੀਤੀ
ਵੇਲਾ ਨਹੀਂ ਸੀ ਇਹ ਖੁੰਝਾਵਣੇ ਦਾ
ਮੈਂ ਵੇਖਿਆ ਮੇਰੇ ਸਿਰ ਉੱਤੇ
ਸਾਈਂ ਸੱਚੜਾ ਮਸਤ ਸੀ ਨਾਚ ਦੇ ਵਿਚ
ਮੇਰੀ ਸੇਵਾ ਨੂੰ ਉਹ ਫਲ ਲੱਗਾ
ਭਗਤ ਰਹਿੰਦੇ ਜੀਹਦੀ ਆਸ ਦੇ ਵਿਚ

4. ਲਗਾਤਾਰ ਅਭਿਆਸ ਮੈਂ ਰਹੀ ਕਰਦੀ

ਲਗਾਤਾਰ ਅਭਿਆਸ ਮੈਂ ਰਹੀ ਕਰਦੀ
ਸੰਸੇ ਦੂਰ ਹੋਏ ਫਲ ਪਾ ਲਿਆ
ਦੇਹ ਕਰਕੇ ਮਨ ਦੀ ਕਰਮ-ਭੂਮੀ
ਇਸ ਵਿੱਚੋਂ ਸਭ ਲੱਭ ਲਭਾ ਲਿਆ
ਮਨ ਦੇ ਸਭ ਖੂੰਜੇ ਨੂਰੋ-ਨੂਰ ਹੋਏ
ਸੱਚ ਮਿਲਿਆ ਖ਼ੁਸ਼ੀ ਅਨੰਤ ਹੋਈ
ਸੱਚਾ ਸੁਖ ਮਿਲਿਆ ਸਭ ਜਾਣ ਲਿਆ
ਸਾਰੇ ਪਾਸੇ ਬਸੰਤ ਬਸੰਤ ਹੋਈ

5. ਝੂਠ ਬੋਲਣਾ ਦਗ਼ਾ ਫ਼ਰੇਬ ਕਰਨਾ

ਝੂਠ ਬੋਲਣਾ ਦਗ਼ਾ ਫ਼ਰੇਬ ਕਰਨਾ
ਮੈਂ ਸਾਰੇ ਹੀ ਛੱਡ ਵਿਕਾਰ ਦਿੱਤੇ
ਮਨ ਆਪਣੇ ਨੂੰ ਸਮਝਾ ਲਿਆ ਮੈਂ
ਬਚ ਇਨ੍ਹਾਂ ਤੋਂ ਮਾੜੇ ਇਹ ਕਿੱਤੇ
ਮੈਂ ਬੰਦਿਆਂ ਵਿਚ ਨਹੀਂ ਫ਼ਰਕ ਕਰਦੀ
ਮੈਨੂੰ ਬੰਦੇ ਨੇ ਇਕ ਸਮਾਨ ਸਾਰੇ
ਸਭ ਨਾਲ ਮਿਲਾਂ ਸਭ ਨਾਲ ਖਾਵਾਂ
ਦੂਈ-ਤੀਈ ਵਾਲੇ ਮਿਟ ਗਏ ਪਾੜੇ

6. ਜੀਹਦੇ ਸਿਰ ਬਣੇ ਉਹੀ ਜਾਣਦਾ ਏ

ਜੀਹਦੇ ਸਿਰ ਬਣੇ ਉਹੀ ਜਾਣਦਾ ਏ
ਕੌਣ ਜਾਣਦਾ ਪੀੜਾਂ ਪਰਾਈਆਂ ਨੂੰ
ਗ਼ਮ ਦੇ ਕਪੜੇ ਸਮਝ ਕੇ ਲਈ ਫਿਰਾਂ
ਤਨ ਆਪਣੇ ਪੀੜਾਂ ਸਜਾਈਆਂ ਨੂੰ
ਘਰੋ-ਘਰ ਜਾਵਾਂ ਦਰੋ-ਦਰ ਜਾਵਾਂ
ਸਭਨਾਂ ਤਾਈਂ ਸੁਨੇਹਾ ਪੁਚਾਵਣੇ ਨੂੰ
ਕਈ ਵਾਰ ਜਾਪੇ ਮੈਂ ਰਹੀ 'ਕੱਲੀ
ਸਾਥੀ ਕੋਈ ਨਹੀਂ ਸਾਥ ਨਿਭਾਵਣੇ ਨੂੰ

ਭਾਗ-ਦੂਜਾ

1. ਸ਼ਿਵ ਤੈਨੂੰ ਟਿਕ-ਟਿਕ ਵੇਖ ਰਿਹਾ ਏ

ਸ਼ਿਵ ਤੈਨੂੰ ਟਿਕ-ਟਿਕ ਵੇਖ ਰਿਹਾ ਏ
ਮੂਰਖ, ਤੂੰ ਕਿਉਂ ਹਿੰਦੂ ਤੇ ਮੁਸਲਮਾਨ 'ਚ
ਫਰਕ ਕਰਨਾ ਏਂ
ਤੈਨੂੰ ਆਪਣੇ ਆਪ ਦੀ ਸੁਧ ਨਹੀਂ ਹੈ
ਜੇ ਮੁਕਤੀ ਚਾਹੁੰਦਾ ਏਂ ਤਾਂ
ਮਨੁੱਖ ਨੂੰ ਵੰਡਣ ਦੀ ਥਾਂ
ਆਪਣੇ ਆਪ ਨੂੰ ਪਛਾਣ

2. ਜੇ ਤੂੰ ਅਕਲਮੰਦ ਏਂ

ਜੇ ਤੂੰ ਅਕਲਮੰਦ ਏਂ
ਤਾਂ ਬਾਹਰ ਦੀ ਦੁਨੀਆਂ ਵੱਲ ਜਾਣ ਦੀ ਥਾਂ
ਅੰਦਰ ਦੀ ਦੁਨੀਆਂ ਦੀ ਖੋਜ ਕਰ ।

3. ਗੁਰੂ ਨੇ ਮੈਨੂੰ ਇਕੋ ਗੱਲ ਕਹੀ

ਗੁਰੂ ਨੇ ਮੈਨੂੰ ਇਕੋ ਗੱਲ ਕਹੀ
ਬਾਹਰ ਤੋਂ ਅੰਦਰ ਪ੍ਰਵੇਸ਼ ਕਰ
ਇਸੇ ਗੱਲ ਨੇ ਲੱਲ ਦੀ ਕਾਯਾ ਕਲਪ ਕਰ ਦਿੱਤੀ
ਤੇ ਉਹ ਮਸਤੀ ਵਿੱਚ ਨੱਚਣ ਲੱਗੀ ।

4. ਓਹੋ ਪੱਥਰ

ਓਹੋ ਪੱਥਰ ਰਸਤੇ ਵਿੱਚ
ਤੇ ਓਹੋ ਦੀਵਾਰ ਵਿਚ
ਓਹੋ ਪੱਥਰ ਮੰਦਰ ਵਿੱਚ
ਓਹੋ ਚੱਕੀ ਦੇ ਪੁੜ ਬਣ ਕੇ ਘੁੰਮਦਾ
ਸ਼ਿਵ ਤੱਕ ਪੁੱਜਣਾ ਬੜਾ ਹੈ ਔਖਾ
ਇਸ ਲਈ ਰਾਹ ਪੁੱਛ ਗੁਰੂ ਕੋਲੋਂ ।

5. ਪਾਖੰਡੀ ਸਾਧੂ

ਪਾਖੰਡੀ ਸਾਧੂ
ਤੂੰ ਕੀ ਨੰਗਿਆਂ ਰਹਿਣ ਦਾ ਨਾਟਕ ਕਰਦਾ ਏਂ
ਤੈਨੂੰ ਪਤਾ ਨਹੀਂ ਪਈ ਤੀਰਥਾਂ ਤੇ ਨਹਾਉਣ ਦੇ ਬਦਲੇ
ਜੇ ਤੂੰ ਇਕ ਵਾਰੀ ਵੀ ਈਸ਼ਵਰ ਨੂੰ ਢੂੰਡਣ ਦਾ ਜਤਨ ਕਰਦਾ
ਤਾਂ ਤੂੰ ਉਹ ਨੂੰ ਆਪਣੇ ਕੋਲ ਪਾਂਵਦਾ ।

6. ਲੱਲ ਮਾਂ-ਆਪਣੇ ਬਾਰੇ

ਮਨ ਦੀ ਮੈਲ ਨੂੰ ਸਾੜਿਆ
ਰੀਝਾਂ ਤੇ ਤਾਂਘਾਂ ਦਾ ਗਲ ਘੁੱਟਿਆ
ਤਾਂ ਕਿਤੇ ਸਿਧ ਹੋਇਆ ਲੱਲ ਨਾਂ ।

7. ਮੈਂ ਅਮਲਾਂ ਦੇ ਸੰਘਰਸ਼ ਵਿਚ

ਮੈਂ ਅਮਲਾਂ ਦੇ ਸੰਘਰਸ਼ ਵਿਚ ਥੱਕ ਗਈ ਹਾਂ
ਮੇਰੇ ਅਮਲਾਂ ਦਾ ਸਫ਼ਰ ਲੰਮੇਰਾ ਹੈ
ਸੂਲਾਂ ਮੈਨੂੰ ਲਹੂ ਲੁਹਾਨ ਕਰ ਦਿੱਤਾ ਹੈ
ਮੈਂ ਸਫ਼ਰ ਵਿਚ ਵੱਖ ਵੱਖ ਤਰ੍ਹਾਂ ਦੇ ਲੋਕ ਵੇਖੇ
ਸਾਰੀ ਹਕੀਕਤ ਨੂੰ ਗੌਰ ਨਾਲ ਵੇਖਿਆ
ਮੈਨੂੰ ਮੇਰੇ ਗੁਰੂ ਮਹਾਰਾਜ ਦੇ ਦਰਸ਼ਨ ਹੋਏ
ਉਸ ਸਮਝਾਇਆ ਮੈਂ ਸਮਝ ਗਈ
ਕਿ ਸਾਰੇ ਇੱਕ ਨੇ
ਦੂਈ (ਦੁਸ਼ਮਣੀ) ਦਾ ਕੋਈ ਮਸਲਾ ਨਹੀਂ
ਉਹ ਇਕ ਹੈ ਤੇ ਉਸ ਦੀ ਬਣਾਈ ਸ੍ਰਿਸ਼ਟੀ
ਉਸ ਦਾ ਹੀ ਰੂਪ ਹੈ ।

8. ਚੋਰੀ

ਤੂੰ ਅਟਨ (ਬਾਰਾਮੂਲਾ) ਵਿਚ ਚੋਰੀ ਕਰਕੇ
ਮਟਨ ਵਿਚ ਚੋਰੀ ਦਾ ਮਾਲ ਛੁਪਾਨਾ ਏਂ
ਮੇਰੇ ਲੋਕਾਂ ਨੂੰ ਪਰਮ ਗਿਆਨ ਦਾ ਭਾਸ਼ਨ ਦੇ ਕੇ
ਉਹਨਾਂ ਨੂੰ ਠੱਗਨਾਂ ਏਂ
ਤੇਰੇ ਜਿਹੇ ਲੋਕ/ਦੁਨੀਆਂ ਵਿਚ
ਕੁਝ ਹਾਸਲ ਨਹੀਂ ਕਰ ਸਕਦੇ ।
ਤੇਰੇ ਵਰਗੇ ਲੋਕ
ਬੇਨਾਮ ਆਉਂਦੇ ਤੇ ਬੇਨਾਮ ਜਾਂਦੇ ਨੇ ।

9. ਮੰਦਰ ਵਿਚ ਤੂੰ ਜਿਹੜਾ ਦੇਵਤਾ ਰੱਖਿਆ

ਮੰਦਰ ਵਿਚ ਤੂੰ ਜਿਹੜਾ ਦੇਵਤਾ ਰੱਖਿਆ ਏ
ਉਹ ਪੱਥਰ ਦਾ ਬਣਿਆ ਹੋਇਆ ਏ
ਜਿਸ ਨੇ ਦੇਵਤਿਆਂ ਨੂੰ ਰੱਖਿਆ ਏ
ਉਹ ਵੀ ਪੱਥਰ ਦਾ ਹੀ ਹੈ
ਉਤੋਂ ਹੇਠਾਂ ਤਕ ਉਹ ਜੜਿਆ ਹੋਇਆ ਹੈ
ਉਹ ਨਾ ਬੋਲਦਾ ਹੈ
ਨਾ ਹਰਕਤ ਕਰਦਾ ਹੈ
ਉਹ ਮੂਰਖ ਪੰਡਤ
ਤੂੰ ਕਿਸ ਨੂੰ ਪੂਜਨਾ ਏਂ
ਤੈਨੂੰ ਪਤਾ ਹੈ ਕਿ ਭਗਵਾਨ ਇਸ ਵਿਚ
ਟਿਕਿਆ ਹੋਇਆ ਏ
ਪਰ ਨਹੀਂ
ਤੂੰ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜ
ਇਹ ਹੀ ਸੱਚੀ ਪੂਜਾ ਹੈ ।

10. ਮੈਂ ਸਿੱਪੀ ਰਾਹੀਂ ਆਈ

ਮੈਂ ਸਿੱਪੀ ਰਾਹੀਂ ਆਈ ਸਾਂ
ਪਰ ਉਸੇ ਰਾਹੀਂ ਮੁੜੀ ਨਹੀਂ
ਮਨ ਰੂਪੀ ਪੁੱਲ (ਰਾਹ) ਵੱਲ ਜਾਂਦਿਆਂ
ਅਧਵਾਟੇ ਦਿਨ ਢਲ ਗਿਆ
ਮੈਂ ਖੀਸੇ ਵਿਚ ਹੱਥ ਪਾਇਆ
ਤਾਂ ਉਥੇ ਕੁਝ ਵੀ ਨਹੀਂ ਸੀ ।

11. ਸਾਗਰ ਵਿਚ ਮੈਂ ਕੱਚੇ ਧਾਗੇ ਨਾਲ

ਸਾਗਰ ਵਿਚ ਮੈਂ ਕੱਚੇ ਧਾਗੇ ਨਾਲ ਬੇੜੀ ਖਿੱਚ ਰਹੀ ਹਾਂ
ਕਾਸ਼ ਈਸ਼ਵਰ ਮੇਰੀ ਸੁਣੇ ਤੇ ਮੈਨੂੰ ਪਾਰ ਲਗਾਵੇ
ਮੇਰੀ ਦਸ਼ਾ ਮਿੱਟੀ ਦੇ ਉਸ ਕੱਚੇ ਭਾਂਡੇ ਵਾਂਗਰ ਏ
ਜੋ ਪਾਣੀ ਚੂਸਦਾ ਰਹਿੰਦਾ ਹੈ
ਮੇਰਾ ਜੀ ਬੇਚੈਨ ਹੈ ਆਪਣੇ ਘਰ ਜਾਣ ਲਈ
ਆਪਣੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਣ ਲਈ ।

12. ਨਾਰੀ ਪ੍ਰਤੀ

ਐ ਬੰਦੇ ! ਜਿਸ ਨਾਰੀ ਨੂੰ ਤੂੰ ਬਾਜ਼ਾਰੀ ਬਣਾਇਆ
ਤੂੰ ਸਮਝਦਾ ਨਹੀਂ ਕਿ ਉਹ ਨਾਰੀ
ਕਦੇ ਮਾਂ ਬਣਦੀ ਹੈ
ਕਦੇ ਧੀ ਕਦੇ ਭੈਣ
ਕਦੇ ਪਤਨੀ ਬਣ ਕੇ ਸ੍ਰਿਸ਼ਟੀ ਦੀ ਰਚਨਾ ਕਰਦੀ ਹੈ
ਇਹ ਨਾਰੀ ਈਸ਼ਵਰ ਦਾ ਸਰੂਪ ਹੈ
ਇਹ ਔਰਤ ਸ਼ਿਵ ਸ਼ਕਤੀ ਹੈ
ਤੇ ਇਹਦੇ ਕਦਮਾਂ ਹੇਠ ਸਵਰਗ ਹੈ ।

13. ਨਾਰੀ ਪ੍ਰਤੀ

ਮੈਂ ਵਿਚ ਬਾਜ਼ਾਰੇ ਜੰਦਰੇ ਬਗ਼ੈਰ ਦੁਕਾਨ ਬਣ ਗਈ ਹਾਂ
ਮੇਰਾ ਵਜੂਦ ਇਕ ਬਾਂਝ ਧਰਤੀ ਹੈ ਤੀਰਥ ਬਗ਼ੈਰ
ਮੇਰੀ ਇਹ ਪੀੜਾ ਕੌਣ ਜਾਣੇ ।

14. ਕਰਾਮਾਤਾਂ ਨੂੰ ਨਕਾਰਨਾ

ਵਗਦੀ ਨਦੀ ਨੂੰ ਰੋਕ ਲੈਣਾ
ਅੱਗ ਦੇ ਭਾਂਬੜ ਨੂੰ ਬੁਝਾਣਾ
ਅਸਮਾਨ ਤੇ ਚਲਣਾ
ਲਕੜੀ ਦੀ ਗਾਂ ਤੋਂ ਦੁੱਧ ਚੋਣਾ
ਇਹ ਸਭ ਮਕਰ ਫ਼ਰੇਬ ਦੀਆਂ ਚਾਲਾਂ ਨੇ ।

(ਉਪਰਲੀ ਰਚਨਾ ਦਾ ਭਾਗ-ਦੂਜਾ ਜਨਾਬ ਖ਼ਾਲਿਦ ਹੁਸੈਨ
ਦੇ ਲੇਖ 'ਕਸ਼ਮੀਰ ਦੀ ਸੂਫ਼ੀ ਪਰੰਪਰਾ' ਤੇ ਆਧਾਰਿਤ ਹੈ)