Lala Banke Dayal ਲਾਲਾ ਬਾਂਕੇ ਦਿਆਲ
ਲਾਲਾ ਬਾਂਕੇ ਦਿਆਲ (੧੮੮੦-੧੯੨੯) ਪੰਜਾਬੀ ਕਵੀ ਤੇ ਦੇਸ਼ ਭਗਤ ਸਨ । ਉਨ੍ਹਾਂ ਦਾ ਜਨਮ ਪਿੰਡ ਭਾਵਨਾ ਜਿਲਾ ਝੰਗ ਵਿੱਚ ਲਾਲਾ ਮਈਆ ਦਾਸ ਦੇ ਘਰ ਹੋਇਆ ਜੋ ਕਿ ਥਾਣੇਦਾਰ ਸਨ । ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜਦਾ ਹੈ । ਮੈਟ੍ਰਿਕ ਦੀ ਪੜ੍ਹਾਈ ਪੂਰੀ ਨਹੀਂ ਕੀਤੀ, ਸ਼ਾਇਰੀ ਦਾ ਸ਼ੌਕ ਸੀ । ਕੁਝ ਦੇਰ ਝੰਗ ਸਿਆਲ ਅਤੇ ਰਘਬੀਰ ਪੱਤ੍ਰਿਕਾ ਸੰਪਾਦਤ ਕੀਤੀ । ਕੁਝ ਦੇਰ ਸਰਕਾਰੀ ਨੌਕਰੀ ਵੀ ਕੀਤੀ। ਪਰ ਜ਼ਿਆਦਾ ਮਨ ਸ਼ਾਇਰੀ ਵਿੱਚ ਹੀ ਲੱਗਦਾ ਸੀ । ਆਜ਼ਾਦੀ ਦੀ ਲਹਿਰ ਵਿੱਚ ਕੈਦ ਵੀ ਕੱਟੀ । ਗਿਆਨੀ ਹੀਰਾ ਸਿੰਘ ਦਰਦ ਅਨੁਸਾਰ ਬਾਂਕੇ ਦਿਆਲ ਹੱਡ ਕਾਠ ਵਲੋਂ ਗੁਜਰਾਂਵਾਲੇ ਦੇ ਦੂਜੇ ਅਮਾਮ ਬਖਸ਼ ਪਹਿਲਵਾਨ ਸਨ।....ਸ਼ੇਅਰ ਬੜੀ ਗੂੰਜ ਤੇ ਗਰਜ ਵਾਲੀ ਆਵਾਜ਼ ਤੇ ਸੁਰ ਨਾਲ ਪੜ੍ਹਦੇ, ਸ਼ੇਅਰਾਂ ਵਿੱਚ ਸੰਜਮ, ਰਵਾਨੀ ਤੇ ਜ਼ੋਰ ਵੀ ਬੜਾ ਸੀ । ੧੯੦੭ ਵਿੱਚ ਲਾਇਲਪੁਰ ਵਿੱਚ ਆਬਾਦਕਾਰਾਂ ਦਾ ਬੜਾ ਭਾਰੀ ਜਲਸਾ ਹੋਇਆ, ਜਿਸ ਵਿੱਚ ਉਨ੍ਹਾਂ 'ਪੱਗੜੀ ਸੰਭਾਲ ਜੱਟਾ' ਗੀਤ ਪੜ੍ਹਿਆ ਤੇ ਇਹ ਗੀਤ ਕਿਸਾਨ ਲਹਿਰ ਦੇ ਨਾਂ ਨਾਲ ਹੀ ਜੁੜ ਗਿਆ ।
ਪੰਜਾਬੀ ਕਵਿਤਾ ਲਾਲਾ ਬਾਂਕੇ ਦਿਆਲ
ਪਗੜੀ ਸੰਭਾਲ ਜੱਟਾ
ਪਗੜੀ ਸੰਭਾਲ ਜੱਟਾ,
ਪੱਗੜੀ ਸੰਭਾਲ ਓ ।
ਹਿੰਦ ਸੀ ਮੰਦਰ ਸਾਡਾ, ਇਸਦੇ ਪੁਜਾਰੀ ਓ ।
ਝਲੇਂਗਾ ਹੋਰ ਅਜੇ, ਕਦ ਤਕ ਖੁਆਰੀ ਓ ।
ਮਰਨੇ ਦੀ ਕਰ ਲੈ ਹੁਣ ਤੂੰ, ਛੇਤੀ ਤਿਆਰੀ ਓ ।
ਮਰਨੇ ਤੋਂ ਜੀਣਾ ਭੈੜਾ, ਹੋ ਕੇ ਬੇਹਾਲ ਓ ।
ਪਗੜੀ ਸੰਭਾਲ ਓ ਜੱਟਾ ?
ਮੰਨਦੀ ਨਾ ਗੱਲ ਸਾਡੀ, ਇਹ ਭੈੜੀ ਸਰਕਾਰ ਵੋ ।
ਅਸੀਂ ਕਿਉਂ ਮੰਨੀਏ ਵੀਰੋ, ਏਸਦੀ ਕਾਰ ਵੋ ।
ਹੋਇਕੇ ਕੱਠੇ ਵੀਰੋ, ਮਾਰੋ ਲਲਕਾਰ ਵੋ।
ਤਾੜੀ ਦੋ ਹਥੜ ਵਜਣੀ, ਛੈਣਿਆਂ ਨਾਲ ਵੋ ।
ਪਗੜੀ ਸੰਭਾਲ ਓ ਜੱਟਾ ?
ਫਸਲਾਂ ਨੂੰ ਖਾ ਗਏ ਕੀੜੇ ।
ਤਨ ਤੇ ਨਾ ਦਿਸਦੇ ਲੀੜੇ ।
ਭੁੱਖਾਂ ਨੇ ਖੂਬ ਨਪੀੜੇ ।
ਰੋਂਦੇ ਨੀ ਬਾਲ ਓ ।
ਪਗੜੀ ਸੰਭਾਲ ਓ ਜੱਟਾ ?
ਬਨ ਗੇ ਨੇ ਤੇਰੇ ਲੀਡਰ ।
ਰਾਜੇ ਤੇ ਖਾਨ ਬਹਾਦਰ ।
ਤੈਨੂੰ ਫਸਾਉਣ ਖਾਤਰ ।
ਵਿਛਦੇ ਪਏ ਜਾਲ ਓ ।
ਪਗੜੀ ਸੰਭਾਲ ਓ ਜੱਟਾ ?
ਸੀਨੇ ਵਿਚ ਖਾਵੇਂ ਤੀਰ ।
ਰਾਂਝਾ ਤੂੰ ਦੇਸ਼ ਏ ਹੀਰ ।
ਸੰਭਲ ਕੇ ਚਲ ਓਏ ਵੀਰ ।
ਰਸਤੇ ਵਿਚ ਖਾਲ ਓ ।
ਪਗੜੀ ਸੰਭਾਲ ਓ ਜੱਟਾ ?
(ਨੋਟ: ਇਹ ਰਚਨਾ ਅਧੂਰੀ ਹੈ । ਜੇ ਕਿਸੇ ਕੋਲ
ਪੂਰੀ ਰਚਨਾ ਹੈ ਭੇਜ ਦਿਓ । ਧੰਨਵਾਦੀ ਹੋਵਾਂਗੇ ।)