Punjabi Kafian Lal Gir
ਪੰਜਾਬੀ ਕਾਫ਼ੀਆਂ ਲਾਲ ਗਿਰ
1. ਮਾਏ ਮੈਨੂੰ ਰਹਿਣ ਨਾ ਦੇਂਦੇ
ਮਾਏ ਮੈਨੂੰ ਰਹਿਣ ਨਾ ਦੇਂਦੇ,
ਲੈ ਚਲੇ ਲੰਬੜੇ ਦੇਸ ।ਟੇਕ।
ਰਾਖਣ ਹਾਰ ਨਹੀਂ ਕੋਈ ਸਾਡਾ,
ਬਹੁਤ ਕਬੀਲਾ ਹੈ ਖੇਸ ।
ਡੋਲੀ ਪੀੜ ਕਹਾਰਾਂ ਨੇ ਆਂਦੀ,
ਹੋ ਗਈ ਮੈਲੇ ਵੇਸ ।
ਨਾ ਕਤਿਆ ਨਾ ਦਾਜ ਰੰਗਾਇਆ,
ਸਾਨੂੰ ਆ ਗਿਆ ਲੈਣ ਜਨੇਸ਼ ।
ਅੱਤਣ ਮੇਰੀ ਚਰਖੀ ਤੇ ਪੀਹੜੀ,
ਗੋੜ੍ਹੇ ਰਹਿ ਗਏ ਸ਼ੇਸ਼ ।
ਚਲਦੀ ਵਾਰ ਨਾ ਮਿਲੀਆਂ ਨੀ ਸਈਆਂ,
ਨਹੀਂ ਜਾਂਦੀ ਕੋਈ ਪੇਸ਼ ।
ਓੜਕ ਨੂੰ ਘਰ ਸਹੁਰੇ ਦੇ ਜਾਣਾ,
ਪੇਕੇ ਨ ਰਹਿਣ ਹਮੇਸ਼ ।
ਹਾਈਂ ਮਾਰ ਪੁਕਾਰਾਂ ਨੀ ਸਈਓ,
ਗਲ ਵਿਚ ਖੁਲ੍ਹੜੇ ਕੇਸ਼ ।
ਲਾਲ ਗਿਰਾ ਕੁਛ ਨਹੀਂ ਵਸ ਮੇਰੇ,
ਜਾਣਾ ਪਿਆ ਪਰਦੇਸ ।
ਮਾਏ ਮੈਨੂੰ ਰਹਿਣ ਨਾ ਦੇਂਦੇ,
ਲੈ ਚਲੇ ਲੰਬੜੇ ਦੇਸ ।
(ਪਹਾੜੀ ਕਾਫ਼ੀ)
2. ਮਾਏ ਨਦੀਆਂ ਤਾਰੂ ਨੇ ਹੋਈਆਂ
ਮਾਏ ਨਦੀਆਂ ਤਾਰੂ ਨੇ ਹੋਈਆਂ,
ਕੈਸੇ ਜਾਵਾਂ ਮੈਂ ਪਾਰ ।
ਮਿਲਾ ਨਾ ਕੋਈ ਤੁਲਹਾ ਨਾ ਬੇੜੀ,
ਸਿਰ ਪਰ ਮੇਰੇ ਹੈ ਭਾਰ ।ਟੇਕ।
ਕੰਢੇ ਬੈਠੀ ਕਰਾਂ ਮੈਂ ਦਲੀਲਾਂ,
ਲਹਿਰਾਂ ਪੈਣ ਹਜ਼ਾਰ ।
ਰੋ ਰੋ ਕੂਕ ਸੁਨਾਵਾਂ ਕਿਸ ਨੂੰ,
ਕੋਈ ਨਾ ਸੁਣੇ ਯਹਿ ਪੁਕਾਰ ।
ਕੌਣ ਲੰਘਾਵੇ ਦਰਦੀ ਮੈਨੂੰ,
ਬੈਠੀ ਰਹਿ ਗਈ ਉਰਾਰ ।
ਕਪਰ ਕੜਕ ਡਰਾਵੇ ਸਈਓ,
ਰਾਤੀਂ ਨੇ ਅੰਧ ਗੁਬਾਰ ।
ਦੁਨੀਆਂ ਮੇਂ ਕੋਈ ਮੀਤ ਨਾ ਦੇਖਾ,
ਸਭ ਮਤਲਬ ਕੇ ਹੈਂ ਯਾਰ ।
ਡੁਬੇ ਬਹੁਤ ਤਰੇਗੀ ਥੋਰੀ,
ਨਹੀਂ ਕੋਈ ਲੇਖ ਸ਼ੁਮਾਰ ।
ਹੋਇ ਕੇ ਨਿਮਾਣੀ ਆਜ,
ਮੌਲਾ ਕੀ ਸ਼ਰਨ ਪੜੀ ਹੂੰ ਮੈਂ ਹਾਰ ।
ਸਾਈਂ ਬਾਝ ਨਹੀਂ ਕੋਈ ਵਾਲੀ,
ਲਾਲ ਗਿਰਾ ਦੇਵੇ ਤਾਰ ।
3. ਮਾਏ ਦੇਸ ਬਗਾਨੇ
ਮਾਏ ਦੇਸ ਬਗਾਨੇ,
ਸਾਡਾ ਚਲਦਾ ਨਹੀਂ ਕੋਈ ਜ਼ੋਰ ।
ਅਬ ਕੇ ਸਖੀ ਨੀ ਮੈਂ ਪਰ-ਵਸ ਹੋਈ,
ਜੈਸੇ ਗੁਡੀ ਵਸ ਡੋਰ ।ਟੇਕ।
ਗ਼ਾਫ਼ਲ ਹੋਇ ਕੇ ਸੁਤੀ ਜਿਸ ਵੇਲੇ,
ਲੈ ਗਏ ਲੁਟ ਕੇ ਚੋਰ ।
ਤਬ ਕਾ ਮੈਨੂੰ ਸੁਖ ਨਹੀਂ ਮਾਏ,
ਜਬ ਕੀ ਦੀਨੀ ਡੋਲੀ ਟੋਰ ।
ਮਹਿਲਾਂ ਦੇ ਵਿਚ ਵਾਸ ਕਰੇਂਦੀ,
ਪਲ ਮੇਂ ਜਾ ਬੈਠੀ ਗੋਰ ।
ਮੈਂ ਜਾਣਾ ਨਿਤ ਰਹਾਂਗੀ ਅਕੇਲੀ,
ਅਗੇ ਇਥੇ ਲਖ ਕਰੋਰ ।
ਛੋਡੇ ਤਖ਼ਤ ਰਾਜ ਸੰਗ ਰਾਣੀ,
ਦਿਨ ਦਿਨ ਆਵਨ ਹੋਰ ।
ਲਾਲ ਗਿਰਾ ਮੈਨੂੰ ਇਸ ਦੁਨੀਆਂ ਤੋਂ,
ਕਾਲ ਲੈ ਗਿਆ ਵਿਛੋਰ ।
ਮਾਏ ਦੇਸ ਬਗਾਨੇ,
ਸਾਡਾ ਚਲਦਾ ਨਹੀਂ ਕੋਈ ਜ਼ੋਰ ।
ਅਬ ਕੇ ਸਖੀ ਨੀ ਮੈਂ ਪਰ-ਵਸ ਹੋਈ,
ਜੈਸੇ ਗੁਡੀ ਵਸ ਡੋਰ ।
4. ਮਾਏ ਮੈਂ ਕਮਲੀ ਦੀ
ਮਾਏ ਮੈਂ ਕਮਲੀ ਦੀ,
ਕੌਣ ਸੁਣੇ ਅਜ ਕੂਕ ।
ਆਸ਼ਿਕ ਜਾਂਦੇ ਨੀ ਰਸਤੇ ਸਿਧੇ,
ਜਗਤ ਗਿਆ ਸਭ ਚੂਕ ।ਟੇਕ।
ਅੰਤ ਸਮੇਂ ਕਾ ਕੋਈ ਨਹੀਂ ਵਾਲੀ,
ਤਨ ਸੇ ਨਿਕਲੀ ਜੋ ਫੂਕ ।
ਦਰਗਹ ਜਾਇ ਖਲੇ ਜਿਸ ਵੇਲੇ,
ਗਏ ਨੇ ਸ਼ਾਹਾਂ ਮੁਖ ਸੂਕ ।
ਓਲ੍ਹੇ ਬੈਠਾ ਮੌਲਾ ਦੇਖੇ,
ਮੁਖ ਸੇ ਹੋਇਆ ਮੂਕ ।
ਜੋ ਨਾ ਲੇਵੇ ਸਾਰ ਸਾਜਨ ਦੀ,
ਤਿਸ ਕੇ ਜਨਮ ਕੋ ਥੂਕ ।
ਜਿਸ ਮਾਰਗ ਸੇ ਆਸ਼ਕ ਲੰਘਦੇ,
ਪਾਛੇ ਪੈਂਦੀ ਹੈ ਹੂਕ ।
ਲਾਲ ਗਿਰਾ ਢੋਈ ਉਸਕੋ ਮਿਲਦੀ,
ਜਿਸ ਕਾ ਸਭ ਦੇ ਨਾਲ ਸਲੂਕ ।
ਮਾਏ ਮੈਂ ਕਮਲੀ ਦੀ,
ਕੌਣ ਸੁਣੇ ਅਜ ਕੂਕ ।
ਆਸ਼ਿਕ ਜਾਂਦੇ ਨੀ ਰਸਤੇ ਸਿਧੇ,
ਜਗਤ ਗਿਆ ਸਭ ਚੂਕ ।
(ਮੂਕ=ਚੁੱਪ, ਢੋਈ=ਆਸਰਾ)
5. ਵੇ ਬੀਨ ਬਜਾਕੇ
ਵੇ ਬੀਨ ਬਜਾਕੇ
ਮੋਹ ਲੀਆ ਮਨ ਮੋਰਾ ।ਟੇਕ।
ਕੌਨ ਦੇਸ ਕਾ ਜੋਗੀ ਆਹਿਆ,
ਭੇਦ ਨਾ ਮਿਲਿਆ ਤੋਰਾ ।
ਬੀਨ ਤੇਰੀ ਕੋਹੀ ਜਾਦੂ ਵਾਲੀ,
ਖੈਂਚ ਗਈ ਦਿਲ ਡੋਰਾ ।
ਗਲ ਖਫਨੀ ਹਥ ਖਪਰੀ ਤੇਰੇ,
ਪੈਰ ਖੜਾਵਾਂ ਕਾ ਜੋਰਾ ।
ਕੌਨ ਗੁਰੂ ਕਾ ਚੇਲਾ ਹੋਇਆ,
ਲਾਲ ਗਿਰਾ ਭ੍ਰਮ ਫੋਰਾ ।
ਵੇ ਬੀਨ ਬਜਾਕੇ
ਮੋਹ ਲੀਆ ਮਨ ਮੋਰਾ ।