Laalaan Dian Lariaan : Babu Firoz Din Sharaf
ਲਾਲਾਂ ਦੀਆਂ ਲੜੀਆਂ : ਬਾਬੂ ਫ਼ੀਰੋਜ਼ਦੀਨ ਸ਼ਰਫ਼
ਮੁਖਬੰਧ
ਵੱਲੋਂ-ਸ੍ਰੀ ਮਾਨ ਲਾਲਾ ਧਨੀ ਰਾਮ ਜੀ 'ਚਾਤ੍ਰਿਕ'
ਪ੍ਰੈਜ਼ੀਡੈਂਟ ਪੰਜਾਬੀ ਸਭਾ ਅੰਮ੍ਰਿਤਸਰ
ਮੈਨੂੰ ਮੌਜੀ ਦੇ ਪ੍ਰਬੰਧਕਾਂ ਤੇ ਖ਼ਾਸ ਕਰਕੇ ਸਰਦਾਰ ਐਸ. ਐਸ. ਚਰਨ ਸਿੰਘ ਜੀ ਵਲੋਂ, ਪੰਜਾਬੀ ਬੋਲੀ ਦੇ ਹੋਣਹਾਰ ਲਾਲ, ਬਾਬੂ ਫ਼ੀਰੋਜ਼ ਦੀਨ ਜੀ ‘ਸ਼ਰਫ਼’ ਰਚਿਤ ‘ਲਾਲਾਂ ਦੀਆਂ ਲੜੀਆਂ’ ਲਈ ਮੁਖਬੰਧ ਲਿਖਣ ਦਾ ਸੁਨੇਹਾ ਪੁੱਜਾ ਹੈ। ਪਾਠਕਾਂ ਨਾਲ ‘ਸ਼ਰਫ਼’ ਜੀ ਦੀ ਜਾਣ ਪਛਾਣ ਕਰਾਉਣੀ ਤਾਂ ਲੱਭੇ ਨੂੰ ਲਭਾਉਣ ਵਾਲੀ ਗੱਲ ਹੈ। ਕਿਹੜਾ ਕਾਵ੍ਯ-ਬਗੀਚਾ ਹੈ, ਜਿਥੇ ਇਸ ‘ਪੰਜਾਬੀ ਬੁਲਬੁਲ’ ਦੇ ਤੱਰਾਨੇ ਨਹੀਂ ਗੂੰਜਦੇ? ਕਿਹੜੀ ਮਹਿਫ਼ਲ ਹੈ ਜਿਸ ਵਿਚ ‘ਸ਼ਰਫ਼’ ਦੇ ਵਾਕ੍ਯ-ਦੀਪਕ ਪਰ ਪਰਵਾਨੇ ਝੁਰਮਟ ਨਹੀਂ ਬੰਨ੍ਹਦੇ? ਕਿਹੜਾ ਕਵੀ ਦਰਬਾਰ ਹੈ, ਜਿਥੇ ਇਸ ਪ੍ਰੇਮ ਮਸਤਾਨੇ ਦੇ ਦੀਵਾਨੇ ਨਹੀਂ ਅਪੜਦੇ? ਅਰ ਕਿਹੜਾ ਗੁਰਪੁਰਬ ਉਤਸਵ ਹੈ ਜਿਥੇ ‘ਸ਼ਰਫ਼’ ਦੇ ਅਫ਼ਸਾਨੇ ਸੁਣਨ ਦੇ ਬਹਾਨੇ ਆਪਣੇ ਬਿਗਾਨੇ ਕੱਠੇ ਨਹੀਂ ਹੋ ਜਾਂਦੇ? ਪੰਜਾਬੀ ਦੇ ਕਾਵ੍ਯ-ਰਸੀਆਂ ਦੇ ਦਿਲਾਂ ਵਿਚ ‘ਸ਼ਰਫ’ ਫੁੱਲਾਂ ਦੀ ਵਾਸ ਵਾਂਗ ਵੱਸਿਆ ਹੋਯਾ ਹੈ। ਅਖਬਾਰਾਂ ਤੇ ਰਸਾਲਿਆਂ ਨੇ ਇਸ ਸਦਾ ਬਹਾਰੇ ਫੁੱਲ ਦੀ ਸੋ ਨੂੰ ਖ਼ੁਸ਼ਬੋ ਵਾਂਗ ਚੁੱਕ ਕੇ ਹਿੰਦੁਸਤਾਨੋਂ ਬਾਹਰ ਟਾਪੂਆਂ ਤੱਕ ਨੂੰ ਮਹਿਕਾ ਛੱਡਿਆ ਹੈ।
ਲਾਹੌਰ ਭਾਗਾਂ ਵਾਲਾ ਸ਼ਹਿਰ ਹੈ, ਜਿਸਦੀ ਗੋਦ ਵਿਚ ‘ਸ਼ਰਫ਼' ਵਰਗਾ ਲਾਇਕ ਪੰਜਾਬੀ ਸ਼ਾਇਰ ਜੰਮਿਆਂ ਪਲਿਆ ਹੈ। ਜਿਸ ਪੰਜਾਬੀ ਨੂੰ ਸਰਕਾਰੇ ਦਰਬਾਰੇ ਕਿਤੇ ਢੋਈ ਨਹੀਂ ਮਿਲਦੀ, ਅਰ ਜਿਸ ਦੇ ਆਪਣੇ ਢਿੱਡ ਦੋ ਜਣੇ ਭੀ ਇਸ ਨੂੰ ਇਲਮੀ ਜ਼ਬਾਨ ਮੰਨਣੋਂ ਕੰਨ ਕਤਰਾਉਂਦੇ ਹਨ, ਉਸ ਬੇਆਸਰੀ ਜ਼ਬਾਨ ਵਿਚ ਬੋਲਕੇ, ਪਰ੍ਹਿਆਂ ਦੇ ਪਰ੍ਹੇ ਬੁੱਤ ਬਣਾ ਕੇ ਖਲ੍ਹਾਰ ਛੱਡਣੇ, 'ਸ਼ਰਫ਼' ਦੀ ਜਾਦੂ ਬਿਆਨੀ ਦਾ ਜ਼ਿੰਦਾ ਸਬੂਤ ਹੈ। ਸ਼ਰਫ਼ ਦੇ ਮਾਨਯੋਗ ਉਸਤਾਦ ਬਾਬੂ ‘ਹਮਦਮ' ਸਹਿਬ ਨੂੰ ਮੈਂ ਵਧਾਈ ਦਿੰਦਾ ਹਾਂ, ਜਿਨ੍ਹਾਂ ਦੇ ਸਾਹਮਣੇ ਗੋਡੇ ਟੇਕ ਕੇ ‘ਸ਼ਰਫ਼' ਨੇ ਇਹ ਨਾਮ ਪਾਇਆ ਹੈ।ਜਿਸ ‘ਸ਼ਰਫ਼' ਦਾ ਨੌਜਵਾਨੀ ਵਿੱਚ ਇਹ ਰੰਗ ਹੈ, ਅੱਗੇ ਵਧ ਕੇ ਆਸ ਹੈ ਕਿ ਉਹ ਕਦੀ ਨਾਂ ਅਸਤਣ ਵਾਲਾ ਤਾਰਾ ਬਣੇਗਾ।
'ਸ਼ਰਫ਼' ਦੇ ਕਲਾਮ ਵਿਚ ਗੁੱਝੀਆਂ ਉਡਾਰੀਆਂ ਹਨ ਜਿਨ੍ਹਾਂ ਨੇ 'ਨਸੀਮ' ਦੀ ਹਵਾ ਬੰਨ੍ਹ ਦਿਤੀ ਸੀ। ਮੁਹਾਵਰੇ ਬੜੇ ਸਾਦੇ ਹੁੰਦੇ ਹਨ, ਜਿਸਤਰ੍ਹਾਂ ਘਰਾਂ ਵਿਚ ਬੋਲੇ ਚਾਲੇ ਜਾਂਦੇ ਹਨ, ਪਰ ਅਕਸਰ ਮੁਹਾਵਰੇ ਦੋ ਅਰਥਾਂ ਵਾਲੇ ਹੁੰਦੇ ਹਨ। ਆਸ਼ਾ ਹੈ ਕਿ ਕਿਸੇ ਦਿਨ ਨੂੰ ਸਾਡਾ ‘ਸ਼ਰਫ਼' ਪੰਜਾਬੀ ਦਾ ਇਕਬਾਲ ਬਣੇਗਾ।
ਮੈਨੂੰ ਇਹ ਸੁਣਕੇ ਬੜਾ ਆਨੰਦ ਹੋਯਾ ਹੈ; ਕਿ ‘ਸ਼ਰਫ਼' ਦੀਆਂ ‘ਲਾਲਾਂ ਦੀਆਂ ਲੜੀਆਂ' ਨੂੰ ਪੰਜਾਬੀ ਦੇ ਸਾਹਿਤ੍ਯਾ ਚਾਰਯ ਸ੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਦੇ ਨਾਮ ਪਰ ਸਮਰਪਣ ਕੀਤਾ ਗਿਆ ਹੈ, ਅਰ ਸ੍ਰੀ ਮਾਨ ਜੀ ਨੇ ‘ਸ਼ਰਫ਼' ਦੀ ਇਸ ਭੇਟਾ ਨੂੰ ਸ੍ਵੀਕਾਰਤਾ ਦਾ ਸ਼ਰਫ਼ ਬਖਸ਼ ਦਿਤਾ ਹੈ। ਸਚ ਮੁਚ ਇਹ ਸ਼ਰਧਾ ਦਾ ਫੁੱਲ ਇਸੇ ਕਾਵ੍ਯ ਮੰਦਰ ਵਿੱਚ ਚੱੜ੍ਹਨ ਦਾ ਅਧਿਕਾਰੀ ਸੀ। ‘ਸ਼ਰਫ਼' ਦੀ ਰਚਨਾ ਵਿੱਚ ਉਹ ਕੁਝ ਹੈ, ਜੋ ਹੋਰ ਕਿਤੇ ਬਹੁਤ ਘੱਟ ਨਜ਼ਰ ਆਉਂਦਾ ਹੈ। ਜਿਹੜੇ ਅਨਜਾਣ ਪੰਜਾਬੀ ਨੂੰ ਇਕ ਜਟਕੀ ਬੋਲੀ ਮਿਥੀ ਬੈਠੇ ਹਨ, ਇਹ ਰਚਨਾਂ ਉਨ੍ਹਾਂ ਦੀਆਂ ਅੱਖਾਂ ਤੋਂ ਪੱਟੀ ਉਤਾਰ ਦੇਵੇਗੀ। ਇਸ ਵਿਚ ਅਲੰਕਾਰਾਂ ਤੇ ਇਸਤਆਰਿਆਂ ਦੀ ਇੰਨੀ ਬਹੁਲਤ ਹੈ, ਕਿ ਪੰਜਾਬੀ ਦੇ ਆਮ ਤੁਕਬੰਦੀ ਕਵੀ ਉਸ ਤੋਂ ਢੇਰ ਸਾਰੀ ਸਿੱਖਯਾ ਲੈ ਸਕਦੇ ਹਨ।
ਬੇ-ਐਬ ਰੱਬ ਦਾ ਨਾਮ ਹੈ, ‘ਸ਼ਰਫ਼' ਦੇ ਕਲਾਮ ਵਿੱਚ ਭੀ ਖ਼ਾਮੀਆਂ ਉਕਾਈਆਂ ਤੇ ਥਿੜਕਾਂ ਥੋੜਾਂ ਜ਼ਰੂਰ ਮੌਜੂਦ ਹਨ। ‘ਸ਼ਰਫ਼’ ਨੇ ਇਹ ਦਾਹਵਾ ਨਹੀਂ ਬੱਧਾ ਕਿ ਉਹ ਕਮਾਲ ਨੂੰ ਅੱਪੜ ਪਿਆ ਹੈ। ਉਸ ਦੀ ਕਵਿਤਾ ਹਾਲੀ ਚੜ੍ਹਦੀ ਜਵਾਨੀ ਵਿੱਚ ਹੈ। ਅਰ ਲੜੀਆਂ ਦੀ ਸੰਚੀ ਪੰਜਾਬੀ ਸਾਹਿਤ੍ਯ ਦੇ ਲਾਲ ਦੀ ਪਹਿਲੀ ਖੱਟੀ ਹੈ। ਪਾਰਖੂ ਅੱਖਾਂ ਇਸ ਨਵੇਂ ਹਿਲਾਲ ਦੀ ਚਮਕ ਦੇਖਕੇ ਬਦਰ ਦੇ ਕਮਾਲ ਦੀ ਉਡੀਕ ਕਰ ਰਹੀਆਂ ਹਨ।
‘ਸ਼ਰਫ਼' ਦਾ ਕਲਾਮ ਉਂਝ ਤਾਂ ਸਾਰਾ ਹੀ ਸੁੱਧੜਾ ਸੋਨਾਂ ਹੈ, ਪਰ ਮੈਂ ਉਸ ਦੀਆਂ ਲੰਮੀਆਂ ਤਾਰੀਆਂ ਤੋ ਉਚੀਆਂ ਉਡਾਰੀਆਂ ਵਿਚੋਂ ਕੁਝ ਕੁ ਵੰਨਗੀਆਂ ਦਿਖਾ ਕੇ ਫੇਰ ਬੱਸ ਕਰਾਂਗਾ:
ਸਫਾ ੯- 'ਕੁਤਕੁਤਾਰੀਆਂ ਕੱਢੀਆਂ ਪੌਣ ਆਕੇ, ਮੂੰਹ ਕਲੀਆਂ ਦੇ ਹੱਸ ਹੱਸ ਲਾਲ ਹੋਏ' ਕੈਸਾ ਸਾਦਾ ਤੇ ਸੁੰਦਰ ਅਲੰਕਾਰ ਹੈ।
ਸਫਾ ੧੧—‘ਪਰੀਆਂ ਮੋਰਛਲ ਜਿਨ੍ਹਾਂ ਨੂੰ, ਕਰਨ ਆ ਕੇ ਤੇਰੇ ਬੂਹੇ 'ਤੇ ਫੇਰਦੇ ਬਹੁਕਰਾਂ ਨੇ' ਇਕ ਸੱਚਾਈ ਨੂੰ ਕਿਸ ਸਾਦਗੀ ਤੇ ਸ਼ਰਧਾ ਨਾਲ ਨਿਭਾਇਆ ਹੈ!
ਸਫਾ ੧੬— 'ਕੜ੍ਹਕੇ ਪੱਤ ਵਾਂਗੂੰ ਤਿਉਂ ਤਿਉ ਆਖਦੇ ਨੇ, ਭਾਣਾ ਮਿੱਠਾ ਪਿਆਰ ਦਾ ਲੱਗਦਾ ਹੈ ਇੱਧਰ (ਗੁੜ ਦੀ) ਪੱਤ ਵਾਂਗ ਚਰਬੀ ਦਾ ਢਲਨਾ ਤੇ ਉੱਧਰ ਭਾਣੇ ਦੀ ਮਿਠਾਸ ਕੈਸਾ ਸੁਹਣਾ ਮੇਲ ਹੈ?
ਸਫਾ ੧੭-‘ਸੱਸੀ ਪੁੱਛਿਆ ਰੇਤ ਦੇ ਜ਼ੱਰਿਆਂ ਨੂੰ, ਦੱਸੋ ਫੁੱਲ ਏਹ ਕਿਹੜੇ ਪਰਵਾਰ ਦਾ ਹੈ? ਇਬਰਾਹੀਮ ਵਾਂਗੂੰ ਚੜ੍ਹ ਕੇ ਚਿਖਾ ਉੱਤੇ, ਮਜ਼ਾ ਲੁੱਟਦਾ ਪਿਆ ਗੁਲਜ਼ਾਰ ਦਾ ਹੈ!' ਇਬਰਾਹੀਮ ਲਈ ਅੱਗ ਦੀ ਚਿਖਾ ਗੁਲਜ਼ਾਰ ਹੋ ਗਈ ਸੀ, ਇਸੇਤਰ੍ਹਾਂ ਗੁਰੂ ਪੰਚਮ ਪਾਤਸ਼ਾਹ ਲਈ ਤਸੀਹੇ ਠੰਢ ਪਾ ਰਹੇ ਹਨ। ਫੁੱਲ ਅਤੇ ਗੁਲਜ਼ਾਰ ਦੀ ਚਮਕ ਭੀ ਦੇਖਣ ਵਾਲੀ ਹੈ।
ਸਫਾ ੩੫-'ਕੁਈ ਨਾਂ ਜਿਨ੍ਹਾਂ ਦੇ ਅੱਥਰੂ ਪੂੰਝਦਾ ਸੀ, ਤੁਸੀਂ ਉਨ੍ਹਾਂ ਨੂੰ ਖਿੜ ਖਿੜ ਹਸੌਣ ਆਏ! ਸਭ ਕੁਝ ਆਪਣਾ ਉਜਾੜਕੇ ਤੇ, ਉੱਜੜ ਗਿਆਂ ਦੇ ਥੇਹ ਵਸੌਣ ਆਏ' ਕਲਗੀਧਰ ਦੇ ਉਪਕਾਰ ਦੀ ਝਾਕੀ ਕੈਸੇ ਸਾਦੇ ਤੇ ਦਿਲ ਖਿਚਵੇਂ ਲਫ਼ਜ਼ਾਂ ਵਿੱਚ ਦਿਖਾਈ ਹੈ।
ਸਫਾ ੫੬-'ਯਾ ਤੂੰ ਬੁਲਬੁਲਾ ਫੁੱਲ ਦੀ ਉਮਰ ਯਾ ਤੂੰ ਅੱਥਰੂ ਬੁਲਬੁਲ ਦੇ ਪ੍ਯਾਰ ਦਾ ਹੈਂ?' ਬੁਲਬੁਲੇ ਦੀ ਨਾਸਮਾਨਤਾ ਫੁੱਲ ਦੇ ਅਲਪ ਜੀਵਨ ਨਾਲੀ ਮੇਲੀ ਹੈ ਉੱਧਰ ਤਰੇਲ ਤੁਪਕੇ ਨੂੰ ਬੁਲਬੁਲ ਦੇ ਪ੍ਯਾਰ ਦਾ ਸਾਰ ਬਣਾਯਾ ਹੈ। ਇਹ ਸਾਰੀ ਨਜ਼ਮ ਹੀ ਗੂੜ੍ਹਿਆਂ ਇਸਤਆਰਿਆਂ ਨਾਲ ਭਰਪੂਰ ਹੈ! ਦੇਖੋ ਸਫਾ ੫੭ ਪਰ ਉਹੋ ਤੁਪਕਾ ਕਿਤੇ ਸ਼ਾਮ (ਕ੍ਰਿਸ਼ਨ) ਦੇ ਹਾਰ ਦਾ ਮੋਤੀ ਸੰਧਯਾ ਤੇ ਹਾਰ ਦਾ ਮੋਤੀ (ਤਾਰਾ) ਅਰ ਕਿਤੇ ਰਾਤ ਦੇ ਕੁਲਫ਼ੀ ਦੁਪੱਟੇ ਤੋਂ ਅਬਰਕ ਬਣ ਜਾਂਦਾ ਹੈ। ਹੇਠਾਂ ਜਾਕੇ ਇਹੋ ਤੁਪਕਾ ‘ਮੈਨੂੰ ਪਾਣੀ ਦੀ ਬੂੰਦ ਨਾਂ ਸਮਝ ਬੈਠੀ, ਮੈਂ ਤਾਂ ਸੱਤੇ ਸਮੁੰਦ੍ਰ ਏ ਤਰੇ ਹੋਏ ਨੇ' ਵਿੱਚ ਆਪਣੇ ਆਕਸ਼ ਪ੍ਰਿਥਵੀ ਦੇ ਨਿੱਤ ਦੇ ਆਵਾ ਗਵਨ ਨੂੰ ਕਿਸ ਬਰੀਕੀ ਨਾਲ ਸਮਝ ਰਿਹਾ ਹੈ। ਇਹੋ ਤੁਪਕਾ ਝਨਾਂ ਦਾ ਇੱਕ ਹਿੱਸਾ ਬਣਕੇ ਸੋਹਣੀ ਦਾ ਬੇੜਾ (ਘੜਾ) ਰੂਪ ਕੱਪੜਾ ਲਹਿਰਾਂ ਰੂਪੀ ਕੈਂਚੀਆਂ ਨਾਲ ਪੁਰਜ਼ਾ ਪੁਰਜ਼ਾ ਹੁੰਦਾ ਦੇਖਦਾ ਹੈ।
ਸਫਾ ੫੯-‘ਵਿਕਦਾ ਵੇਖਿਆ ਕਿਸੇ ਦੇ ਨਾਮ ਉੱਤੇ ਅੱਗੇ ਚਕ੍ਰਵਰਤੀਆਂ ਨੂੰ' ਵਿਚ ਹਰਿਸ਼ਚੰਦ੍ਰ ਦਾ ਧਰਮ ਲਈ ਸਰਵੱਸ੍ਵ ਦਾਨ ਕਿੰਨਾਂ ਦਿਲ ਖਿੱਚਵਾ ਹੈ, ਅਰ ‘ਉੱਡੇ ਖ਼ੰਜਰ ਪਿਆਰ ਦੀ ਡੋਰ ਉੱਤੇ, ਸਰਮਦ ਜਿਹਾਂ ਦੇ ਸੀਸ ਪਤੰਗ ਹੋਕੇ' ਵਿੱਚ ਡੋਰ (ਲਿਵ-ਆਸ਼੍ਰਾ) ਦਾ ਖੰਜਰ ਕਿਸ ਤਰ੍ਹਾਂ ਸਿਰ ਨੂੰ ਪਤੰਗ ਵਾਂਗ ਉਡਾ ਰਿਹਾ ਹੈ। ਜ਼ਰਾ ਉਡਾਉਣ ਦੇ ਦੋ ਵਰਤਾਉ ਦੇਖਣੇ!
ਸਫਾ ੬੧ ਪਰ-'ਭਰ ਗਈ ਸੀਸ ਵਿਚ ਵਾ ਤਕੱਬਰੀ ਦੀ, ਫੁੱਲਾ ਬਲਬੁਲੇ ਵਾਂਗ ਕਲਬੂਤ ਤੇਰਾ' ਵਿਚ ਕੈਸੀ ਬਾਰੀਕੀ ਨਾਲ ਹੰਕਾਰ ਭਰੇ ਦਿਮਾਗ਼ ਨੂੰ ਬੁਲਬੁਲ ਦੀ ਖਿੰਨਭੰਗਰਤਾ ਦੀ ਸਮਾਨਤਾ ਦਿੱਤੀ ਹੈ।
ਸਫਾ ੬੬-'ਮਹਿੰਦੀ ਵਾਂਗ ਤੂੰ ਉਪਰੋਂ ਹਰੀ ਦਿਸੇ, ਖੂਨੀ ਜਾਪਦਾ ਹੈ ਵਿੱਚੋਂ ਚਿੱਤ ਤੇਰਾ' ਵਿਚ ਮਹਿੰਦੀ ਦਾ ਅੰਦਰ ਬਾਹਰ ਕਿਸ ਖੂਬੀ ਨਾਲ ਦਸਿਆ ਹੈ।
ਸਫਾ ੭੩-'ਕਿਤੇ ਦੀਵਿਆਂ ਵਿੱਚ ਪਰਕਾਸ਼ ਕਰਦਾ, ਕਿਤੇ ਭੰਬਟਾਂ ਵਿੱਚ ਉਹ ਸਹਿਕਦਾ ਹੈ' ਇਥੇ ਸ਼ਮਾਂ ਤੇ ਪਰਵਾਨੇ ਦੀ ਦਸ਼ਾ ਦਿਖਾਉਣ ਵਿਚ ਕੈਸੀ ਸੁੰਦਰ ਯੁਕਤੀ ਵਰਤੀ ਹੈ।
ਸਫਾ ੭੯-'ਲੋਕਾਂ ਵਾਸਤੇ ਚਾਨਣੀ ਚੰਦ ਘੱਲੀ ਮੇਰੇ ਲਈ ਅਨ੍ਹੇਰ ਇਹ ਘੱਲ ਦਿਤਾ' ਵਿਚ ਦੁਖੀ ਦਿਲ ਲਈ ਸੁਖਦਾਈ ਚੀਜ਼ਾਂ ਨੂੰ ਕਲਪਾਊ ਕੈਸੀ ਸੁੰਦਰਤਾ ਨਾਲ ਸਾਬਤ ਕੀਤਾ ਹੈ।
ਸਫਾ ੮੪-'ਲਯ ਦੀਪਕ ਦੀ ਰੱਖਦੇ ਵੈਣ ਤੇਰੇ, ਅੱਗ ਫੁਲਾਂ ਦੀ ਹਿਕ ਤੇ ਬਾਲਨੀ ਹੈਂ। ਖਾਰੇ ਸੋਮਿਆਂ ਦਾ ਪਾਣੀ ਪਾ ਪਾ ਕੇ ਕਾਹਨੂੰ ਨਰਗਸੀ ਅੱਖੀਆਂ ਗਾਲਨੀ ਹੈਂ?' ਇਥੇ ਇਕ ਦੁਖਿਆਰੀ ਦਾ ਹੂ-ਬ-ਹੂ ਅਲੰਕਾਰ ਬੰਨ੍ਹਣ ਵਿਚ, ਕੈਸਾ ਕਮਾਲ ਦਿਖਾਇਆ ਹੈ।
ਸਫਾ ੧੦੨-'ਵੇ ਤੂੰ ਸੱਚ ਜਾਣੀ ਮੋਈ ਦੇ ਭੀ, ਪੈਂਦੇ ਵੈਣ ਨੇ ਦੋ ਕਰੋੜ ਅੰਦਰ' ਵਿਚ ਕੈਸੀ ਸੁੰਦਰ ਰੀਤ ਨਾਲ ਦਸਿਆ ਹੈ ਕਿ ਭਾਵੇਂ ਪੰਜਾਬੀ ਨੂੰ ਮੁਰਦਾ ਬੋਲੀ ਨਾਲ ਮਿਥਿਆ ਹੋਇਆ ਹੈ, ਪਰ ਅਸਲ ਵਿਚ ਮਾਤ੍ਰੀ ਭਾਸ਼ਾ ਇਹੋ ਹੈ। ਹਸਣਾ ਗਾਉਣਾ ਰਜ਼ਮਣਾ ਬੋਲਣਾ ਤਾਂ ਇਕ ਪਾਸੇ ਰਿਹਾ ਸਿਆਪਿਆਂ ਵਿਚ ਵੈਣ ਭੀ ਇਸੇ ਬੋਲੀ ਵਿਚ ਪੈ ਰਹੇ ਹਨ। ਪੰਜਾਬੀ ਦੇ ਵਿਰੋਧੀਆਂ ਲਈ ਇਕ ਚਾਬਕ ਹੈ।
ਸਫਾ ੧੧੪-‘ਆਪੋ ਵਿਚ ਖਹਿ ਖਹਿ ਵਾਂਸਾਂ ਵਾਂਗ ਕਿਧਰੇ ਏਸ ਝੱਲ ਨੂੰ ਅੱਗ ਨਾ ਲੱਗ ਜਾਵੇ' ਇਥੇ ਝੱਲ (ਪਾਗਲਪੁਣੇ) ਅਤ (ਬੇਲੇ) ਨੂੰ ਫੁੱਟ ਦੇ ਭੈੜੇ ਪਰਿਣਾਮ ਤੋਂ, ਕਿਸ ਸਫਾਈ ਨਾਲ ਵਾਂਸਾਂ ਦੀ ਅੱਗ ਦਾ ਨਜ਼ਾਰਾ ਦਿਖਾ ਕੇ ਏਕਤਾ ਵੱਲ ਪ੍ਰੇਰਿਆ ਹੈ।
ਸਫਾ ੧੫੨-'ਡੁਸਕ ਡੁਸਕ ਕੇ ਕਿਸੇ ਨੇ ਆਖਣਾ ਇਹ, ਧੋਖਾ ਹੋਰਨਾਂ ਨੂੰ ਵਿਓ ਛੱਲਿਆਂ ਦਾ।ਸਾਨੂੰ ਆਪਣੇ ਨਾਲ ਹੀ ਲਈ ਚਲੋ, ਸਾਡਾ ਜੀ ਨਹੀਂ ਲਗਦਾ ਕੱਲਿਆਂ ਦਾ' ਇਸ ਵਿਚ ਨਾਇਕਾ ਦੇ ਲਾਡ ਨੂ ਕਿਸ ਸਾਦਗੀ ਤੇ ਭੋਲੇਪਨ ਦੇ ਰੰਗ ਵਿਚ ਰੰਗਿਆ ਹੈ।
ਮੈਂ ਇਹ ਥੋੜੇ ਜਹੇ ਨਮੂਨੇ ਕਿਤੋਂ ਕਿਤੋਂ ਫੜੇ ਹਨ, ਅਸਲ ਵਿਚ ਇਸਤਰ੍ਹਾਂ ਦੇ ਮਾਸਟਰ ਪੀਸ 'ਸ਼ਰਫ਼' ਦੇ ਕਲਾਮ ਵਿਚ ਬੇਓੜਕੇ ਹਨ। ਪਾਠਕ ਜੇ ਇਸ ਸਾਰੀ ਸੰਚੀ ਨੂੰ ਧਿਆਨ ਨਾਲ ਪੜ੍ਹਨਗੇ ਤਾਂ ਸਚ ਮੁਚ ‘ਲਾਲਾਂ ਦੀਆਂ ਲੜੀਆਂ' ਹੀ ਸਿੱਧ ਹੋਣਗੀਆਂ।
‘ਮੌਜੀ' ਦੇ ਕਾਵਯ-ਰਸੀਏ ਮਾਲਕ ਸ੍ਰਦਾਰ ਐਸ.ਐਸ. ਚਰਨ ਸਿੰਘ ਜੀ ਬੜੀ ਵਧਾਈ ਦੇ ਭਾਗੀ ਹਨ, ਜਿਨ੍ਹਾਂ ਨੇ ਇਸ ਬੁਲਬੁਲ ਦੇ ਤੱਰਾਨਿਆਂ ਨੂੰ ਪੁਸਤਕ ਰੂਪੀ ਫ਼ੋਨੋਗ੍ਰਾਫ਼ ਵਿਚ ਭਰਕੇ ਘਰ ਘਰ ਪੁਚਾਉਣ ਦਾ ਉੱਦਮ ਕੀਤਾ ਹੈ, ਅਰ ‘ਸ਼ਰਫ਼' ਦੀ ਕਦਰਦਾਨੀ ਕਰਕੇ ਪੰਜਾਬੀ ਦੇ ਹੋਰ ਕਵੀਆਂ ਦਾ ਹੌਂਸਲਾ ਵਧਾਉਣ ਦਾ ਰਾਹ ਕਢ ਦਿਤਾ ਹੈ।ਮੌਜੀ ਦੇ ਗਾਹਕ ਭੀ ਬੜੇ ਨਸੀਬਾਂ ਵਾਲੇ ਹਨ, ਜਿਨ੍ਹਾਂ ਨੂੰ ਇਹ ‘ਲਾਲਾਂ-ਦੀਆਂ ਲੜੀਆਂ ਉਪਹਾਰ ਵਿਚ ਮੁਫਤ ਮਿਲ ਜਾਣੀਆਂ ਹਨ।
ਅੰਤ ਵਿਚ ਮੈਂ ਆਪਣੇ ਖ਼ੁਸ਼ ਨਸੀਬ ਕਵੀ ‘ਸ਼ਰਫ਼ ਨੂੰ ਵੱਡੀ ਵਡੀ ਵਧਾਈ ਦਿੰਦਾ ਹਾਂ, ਜਿਸ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਵਰਗੇ ਸੁਖ਼ਨਦਾਨ, ਸਰਦਾਰ ਐਸ. ਐਸ. ਚਰਨ ਸਿੰਘ ਵਰਗੇ ਕਦਰਦਾਨ ਤੇ ਮੌਜੀ ਦੇ ਪਾਠਕਾਂ ਵਰਗੇ ਗੁਣ-ਗ੍ਰਾਹਕ ਮਿਲ ਗਏ ਹਨ।
*****
੧ਓ ਸਤਿਗੁਰ ਪ੍ਰਸਾਦਿ ॥
ਪਹਿਲੀ ਲੜੀ
ਸਤਿਗੁਰਾਂ ਦੀ ਸ਼ਾਨ ਵਿਚ
ਮੌਸਮ ਖੁਸ਼ੀ ਦਾ ਆ ਗਿਆ ਜਗਤ ਅੰਦਰ!
ਮੌਸਮ ਖੁਸ਼ੀ ਦਾ ਆ ਗਿਆ ਜਗਤ ਅੰਦਰ, ਸਣੇ ਪੱਤਰਾਂ ਰੁੱਖ ਰੁੱਖ ਨਿਹਾਲ ਹੋਏ! ਕੁਤਕੁਤਾਰੀਆਂ ਕਢੀਆਂ ਪੌਣ ਆ ਕੇ, ਮੂੰਹ ਕਲੀਆਂ ਦੇ ਹੱਸ ਹੱਸ ਲਾਲ ਹੋਏ! ਕੀਤੀ ਸੋਟ ਐਸੇ ਸੁੱਚੇ ਮੋਤੀਆਂ ਦੀ, ਖਾਲੀ ਅੰਬਰਾਂ ਦੇ ਸੱਤੇ ਥਾਲ ਹੋਏ! ਜੀਭਾਂ ਕਢਕੇ ਫੁੱਲ ਪੈ ਸਹਿਕਦੇ ਸਨ, ਭਰ ਭਰ ਝੋਲੀਆਂ ਨੂੰ ਮਾਲਾ ਮਾਲ ਹੋਏ! ਗਾਵਨ ਗੀਤ ਇਹ ਬੁਲਬੁਲਾਂ ਮਸਤ ਹੋਈਆਂ! ਸੁਣਕੇ ਫੁਲਾਂ ਨੂੰ ਬੜਾ ਅਨੰਦ ਆਯਾ! ਇਕ ਓਅੰਕਾਰ ਦੀਆਂ ਰਿਸ਼ਮਾਂ ਪੌਣ ਵਾਲਾ, ਕਾਲੂ ਚੰਦ ਦੇ ਘਰੀਂ ਅਜ ਚੰਦ ਆਯਾ! ਬੁੱਲੇ ਵਹਿਦਤੀ ਛੱਛਕੇ ਹਿੰਦ ਅੰਦਰ, ਬੱਦਲ ਦੂਈ ਵਾਲੇ ਸਾਰੇ ਦੂਰ ਕੀਤੇ! ਜਲਵੇ ਇਕ ਓਅੰਕਾਰ ਦੇ ਸੁਟਕੇ ਤੇ, ਸੀਨੇ ਪੱਥਰਾਂ ਦੇ ਨੂਰੋ ਨੂਰ ਕੀਤੇ! ਜਿਹੜੇ ਨਾਮ ਵਲੋਂ ਹਿਰਦੇ ਸਖਣੇ ਸਨ, ਹਰੀ ਨਾਮ ਦੇ ਨਾਲ ਭਰਪੂਰ ਕੀਤੇ! ਐਸਾ ਕਰਨੀਆਂ ਦਾ ਚੰਦ ਚਾੜ੍ਹ ਦਿਤਾ, ਕੌਡੇ ਜਿਹਾਂ ਦੇ ਨਾਉਂ ਮਸ਼ਹੂਰ ਕੀਤੇ! ਬਾਲਿਪਨ ਅੰਦਰ ਕੀਤੇ ਖਰੇ ਸੌਦੇ, ਤਾਂਘ ਤੋੜਕੇ ਕੂੜੀਆਂ ਖੱਟੀਆਂ ਦੀ। ਫੱਟੇ ਹੋਏ ਸਨ ਕਾਲਜੇ ਪੱਥਰਾਂ ਦੇ, ਪੱਟੀ ਬੰਨ੍ਹ ਦਿਤੀ ਉਥੇ ਪੱਟੀਆਂ ਦੀ। ਤੇਰੀ ਪਰਉਪਕਾਰੀ ਦੀ ਸਿਫਤ ਕਰਨੀ, ਹੈ ਇਹ ਤੋੜਨਾ ਅੰਬਰੋਂ ਤਾਰਿਆਂ ਨੂੰ! ਸੱਤਾਂ ਪੀੜ੍ਹੀਆਂ ਦੀ ਸ਼ਾਹੀ ਬਖਸ਼ ਦੇਣੀ, ਬਾਬਰ ਜੇਹੇ ਨਸੀਬਾਂ ਦੇ ਹਾਰਿਆਂ ਨੂੰ! ਤੇਰੇ ਮਿਠੜੇ ਬੋਲ ਪਰੇਮ ਵਾਲੇ, ਮਿਠਾ ਕਰ ਦੇਵਨ ਖੂਹਾਂ ਖਾਰਿਆਂ ਨੂੰ! ਮੋਦੀਖਾਨਿਆਂ ਨੂੰ ਵਾਧੇ ਪਾ ਦੇਣੇ, ਲੰਗਰ ਵੰਡਕੇ ਭੁਖਿਆਂ ਸਾਰਿਆਂ ਨੂੰ! ਮੈਂ ਕੁਰਬਾਨ ਜਾਂ ਨੈਣਾਂ ਰਸੀਲਿਆਂ ਤੋਂ, ਐਸੀ ਮਦ ਦੇ ਨਾਲ ਸਨ ਭਰੇ ਹੋਏ! ਜਿੱਧਰ ਵਗ ਗਈ ਸੁੰਦਰ ਨਿਗਾਹ ਤੇਰੀ, ਲੱਖਾਂ ਉਜੜੇ ਖੇਤ ਸਨ ਹਰੇ ਹੋਏ! ਸੂਰਜਬੰਸੀ ਏ ਜੱਗ ਤੇ ਹੋਈ ਜ਼ਾਹਿਰ, ਰਿੱਧੀ ਸਿੱਧੀ ਦੀ ਨਵੀਂ ਤਾਸੀਰ ਤੇਰੀ! ਕਿਸਾ 'ਵਲੀ ਕੰਧਾਰੀ' ਦਾ ਯਾਦ ਆਵੇ, ਸ਼ਾਨ ਦੱਸਦੇ ਨੇ ਪਰਬਤ-ਨੀਰ ਤੇਰੀ! ਹਿੰਦੂ ਮੁਸਲਿਮ ਦੇ ਸਾਂਝਿਆਂ ਰਾਂਝਿਆ ਵੇ, ਸੰਗਤ ਬਾਵਰੀ ਹੋਈ ਏ ਹੀਰ ਤੇਰੀ! ਰੱਖੇ ਰੁਤਬਾ ਹੁਮਾ ਦਾ ਛਾਂ ਉਹਦੀ, ਜੇਹੜੀ ਕੰਧ ਤੇ ਹੋਵੇ ਤਸਵੀਰ ਤੇਰੀ! ਦਰਜੇ ‘ਦਾਰਾ 'ਸਕੰਦਰ' ਦੇ ਪਾ ਲੀਤੇ, ਤੇਰੇ ਨੌਕਰਾਂ ਅਦਨਾਂ ਦੇ ਨੌਕਰਾਂ ਨੇ! ਪਰੀਆਂ ਮੋਰਛਲ ਜਿਨ੍ਹਾਂ ਨੂੰ ਕਰਨ ਆਕੇ, ਤੇਰੇ ਬੂਹੇ 'ਤੇ 'ਫੇਰਦੇ ਬਹੁਕਰਾਂ ਨੇ! ਕਰਦੇ ਮਾਣ 'ਜਮਸ਼ੈਦ' ਨੇ ਠੀਕਰੀ ਦਾ, ਗਲਾਂ ਕੀਤੀਆਂ ਬਹੁਤ ਬੇਓਟੀਆਂ ਸਨ! ਅੰਤਰਯਾਮੀਆ! ਤੂੰ ਸ਼ੀਸ਼ੇ ਦਿਲ ਵਿਚੋਂ, ਤਾਰਾਂ ਵੇਖ ਲਈਆ ਖਰੀਆਂ ਖੋਟੀਆਂ ਸਨ! ਭਰੀ ਹੱਕ ਦੀ ਵੇਖਕੇ ਨਿਗਾਹ ਤੇਰੀ, ਲਹੂ ਦੁੱਧ ਵਗਾਉਂਦੀਆਂ ਰੋਟੀਆਂ ਸਨ! ਪੰਜੇ ਨਾਲ ਪਹਾੜਾਂ ਨੂੰ ਡੱਕ ਦੇਣਾ, ਇਹ ਗੱਲਾਂ ਤੇ ਛੋਟੀਆਂ ਛੋਟੀਆਂ ਸਨ। ਦੀਨਾਂ ਬੰਧੂ ਜੀ! ਖਿਜ਼ਰ ਖ੍ਵਾਜ ਬਣਕੇ, ਤੁਸੀਂ ਭੁੱਲਿਆਂ ਨੂੰ ਰਾਹੇ ਪਾਉਣ ਆਏ! ਚੱਪੇ ਮਾਰਕੇ ਇਕ ਓਅੰਕਾਰ ਵਾਲੇ, ਰੁੜ੍ਹਦੇ ਬੇੜਿਆਂ ਨੂੰ ਬੰਨੇ ਲਾਉਣ ਆਏ। ਓਹ ਕੀ ਸੁਰਗ ਨੂੰ ਜਾਣਦੇ ਭਲਾ, ਜਿੰਨ੍ਹਾਂ, ਸੱਚ ਖੰਡਦੀਆਂ ਵਾਟਾਂ ਤਕੀਆਂ ਸਨ? ਕੌੜੇ ਰੇਠਿਆਂ ਨੂੰ ਮਿੱਠੇ ਕਰ ਦੇਣਾ, ਇਹ ਕਰਾਮਾਤਾਂ ਤੇਰੀਆਂ ਪੱਕੀਆਂ ਸਨ! ਪਰਦੇ ਜ਼ੁਲਮ ਦੇ ਪਾ ਕੇ ਮੁੱਖੜੇ 'ਤੇ, ਅੱਖਾਂ ਲੋਦੀ ਸਕੰਦਰ ਨੇ ਢੱਕੀਆਂ ਸਨ! ਤੇਰੇ ਸ਼ਬਦ ਅਨੋਖੇ ਤੋਂ ਜਾਂ ਸਦਕੇ, ਫਿਰ ਫਿਰ ਸਾਹ ਨਾਂ ਲੈਂਦੀਆਂ ਚੱਕੀਆਂ ਸਨ! ਸ਼ਿਵਜੀ ਆਪ ਲਪੇਟਕੇ ਲਿਟਾਂ ਅੰਦਰ ਹੱਥੀਂ ਆਪਣੀਂ ਨਾਗ ਦੀ ਥਾਂ ਕੀਤੀ! ਤੈਨੂੰ ਸੁੱਤਿਆਂ ਕਿਤੇ ਜੇ ਧੁੱਪ ਆ ਗਈ, ਸਿਰ ਤੇ ਆਣਕੇ ਸੱਪਾਂ ਨੇ ਛਾਂ ਕੀਤੀ! ਸੱਤਨਾਮ ਦਾ ਸੂਰਜ ਚੜ੍ਹਾਕੇ ਤੇ, ਸੁੰਦਰ ਮਾਲਾਂ ਦੀਆਂ ਕਿਰਨਾਂ ਪਾਉਣ ਵਾਲੇ! ਦਾਣਾ ਤਿਲ ਦਾ ਸੰਗਤਾਂ ਸਾਰੀਆਂ ਨੂੰ, ਅਕਲ ਬੁੱਧ ਦੇ ਨਾਲ ਵਰਤਾਉਣ ਵਾਲੇ! ਬਰਛੇ ਮਾਰਕੇ ਸ਼ੋਰ ਜਮੀਨ ਉੱਤੋ, ਮਿੱਠੇ ਜਲਾਂ ਦੇ ਸੋਮੇਂ ਵਗਾਉਣ ਵਾਲੇ! ਸਚ ਖੰਡ ਦੇ ਵਾਸੀਆ! ਸੱਚ ਆਖਾਂ, ਤੇਰੇ ਜੱਸ ਨਹੀਂ ਗਿਣਨ ਵਿਚ ਆਉਣ ਵਾਲੇ! ਪੈ ਗਏ ਡੱਬ ਸਿਆਹੀ ਦੇ ਮੁੱਖੜੇ 'ਤੇ, ਦਾਗ਼ਦਾਰ ਹੈ ਚੰਦ ਦਾ ਨੂਰ ਹੋਯਾ! ਤੇਰੇ ਚਰਨਾਂ ਦੀ ਧੂੜ ਨਾ ਮਿਲੀ ਏਹਨੂੰ, ਫੋਲਾ ਅੱਖ ਦਾ ਤਦੇ ਨਾਂ ਦੂਰ ਹੋਯਾ! ਤੇਰੇ ਜਨਮ ਸੁਭਾਗ ਦੀ ਖ਼ੁਸ਼ੀ ਅੰਦਰ, ਚੜ੍ਹੀਆਂ ਅੱਜ ਤ੍ਰਿਲੋਕ ਨੂੰ ਲਾਲੀਆਂ ਨੇ! ਚਾਈਂ ਚਾਈਂ ਅਪੱਛਰਾਂ ਸੁਰਗ ਅੰਦਰ; ਸੂਰਜ ਚੰਦ ਦੀਆਂ ਪੁਰੋਸੀਆਂ ਥਾਲੀਆਂ ਨੇ। ਇੰਦ੍ਰਪੁਰੀ 'ਤੇ ਫੁੱਲ ਬਰਸਾ ਦਿਤੇ, ਸੱਚ ਖੰਡ ਦੇ ਗੰਧਰਬਾਂ ਮਾਲੀਆਂ ਨੇ। ਏਸ ਜਗ 'ਤੇ ਭੀ ਤੇਰੇ ਸੇਵਕਾਂ ਨੇ, ਘਰੋ ਘਰੀ ਦਿਵਾਲੀਆਂ ਬਾਲੀਆਂ ਨੇ! 'ਸ਼ਰਫ਼' ਤੋੜਕੇ ਫੁੱਲ ਕਵੀਸ਼ਰੀ ਦੇ, ਸੇਹਰ ਮੇਹਨਤਾਂ ਨਾਲ ਬਣਾਇਆ ਮੈ! ਬਾਬਾ! ਮੇਰੀ ਭੀ ਨਜ਼ਰ ਮਨਜ਼ੂਰ ਕਰਨੀ, ਬੜੀ ਸ਼ਰਧਾ ਦੇ ਨਾਲ ਹਾਂ ਆਇਆ ਮੈਂ!
ਪੰਚਮ ਗੁਰੂ ਮਹਾਰਾਜ!
ਲੱਖਾਂ ਪੁੰਨੂ ਜੇ ਏਸਤੋਂ ਕਰਾਂ ਸਦਕੇ, ਤਾਂ ਭੀ ਮੁੱਲ ਨਾਂ ਏਹਦੇ ਦੀਦਾਰ ਦਾ ਏ! ਘੋੜਾ ਅਕਲ ਦਾ ਪੀੜ ਦਿਮਾਗ਼ ਮੇਰਾ, ਤੁਰਿਆ ਜਦੋਂ ਮਜ਼ਮੂਨ ਦੀ ਭਾਲ ਅੰਦਰ? ਡਿੱਠੇ ਜੇਠ ਮਹੀਨੇ ਦੇ ਭੱਠ ਲੌਂਦੇ, ਝਾੱਕੀ ਥਲਾਂ ਦੀ ਫਿਰੀ ਖਿਆਲ ਅੰਦਰ! ਬਾਹਾਂ ਲੰਮੀਆਂ ਕੱਢਕੇ ਵੈਣ ਪਾਉਂਦੀ, ਡਿੱਠੀ ਇੱਕ ਮੁਟਿਆਰ ਇਸ ਹਾਲ ਅੰਦਰ! ਮੱਛੀ ਵਾਂਗ ਬਰੇਤੇ ਤੇ ਪਈ ਤੜਫ਼ੇ, ਫਸੀ ਹੋਈ ਸੀ ਕਿਰਨਾਂ ਦੇ ਜਾਲ ਅੰਦਰ! ਹੈ ਏ ਸੱਜਰੀ ਸੱਜਰੀ ਕੋਈ ਲਾੜੀ, ਗਾਨਾਂ ਮਹਿੰਦੀ ਪਏ ਸਗਨਾਂ ਦੇ ਦੱਸਦੇ ਸਨ! ਜਿਉਂ ਜਿਉਂ ਹਾੜੇ ਉਹ ਦੁੱਖਾਂ ਦੇ ਘੱਤਦੀ ਸੀ, ਤਿਉਂ ਤਿਉਂ ਜ਼ੱਰੇ ਪਏ ਰੇਤ ਦੇ ਹੱਸਦੇ ਸਨ! ਬੁੱਲਾ ਲੋ ਦਾ ਚੱਲਿਆ ਇੱਕ ਐਸਾ, ਕਿਣਕੇ ਰੇਤ ਦੇ ਉੱਡ ਉਡ ਆਉਣ ਲੱਗੇ! ਸੁਰਮੇ ਵਾਲੀਆਂ ਅੱਖੀਆਂ ਵਿਚ ਪੈਕੇ, ਉਹਦੇ ਭਾ ਹਨੇਰ ਕੁਝ ਪਾਉਣ ਲੱਗੇ! ਸੜੀ ਬਾਲੜੀ ਬੋੱਲੀ ਉਹ ਦੱਝਨ ਹੋਕੇ, ਕਾਹਨੂੰ ਤੱਤੀ ਨੂੰ ਤੱਤਿਓ ਤਉਣ ਲੱਗੇ? ਦੱਸਣ ਜੋਗੇ ਨਹੀਂ ਪੁੰਨੂੰ ਦਾ ਰਾਹ ਜੇਕਰ, ਮੈਨੂੰ ਅੰਨ੍ਹੀ ਭੀ ਕਿਉਂ ਹੋ ਬਣਾਉਣ ਲੱਗੇ? ਜ਼ੱਰੇ ਚਮਕ ਕੇ ਰੋਹ ਦੇ ਨਾਲ ਬੋਲੇ, ਵਿਰਲੇ ਲੱਭਣ ਪ੍ਰੀਤ ਨਿਭਾਉਣ ਵਾਲੇ! ਆ ਸੱਸੀਏ ਤੈਨੂੰ ਵਿਖਾਲ ਦਈਏ, ਅਸੀਂ, ਸੱਚ ਦਾ ਇਸ਼ਕ ਕਮਾਉਣ ਵਾਲੇ! ਉਹ ਵੇਖ ਲੈ ਜਿਨ੍ਹਾਂ ਦੇ ਘਰਾਂ ਅੰਦਰ, ਲਛਮੀ ਵਰਗੀਆਂ ਰਹਿੰਦੀਆਂ ਬਾਂਦੀਆਂ ਸਨ! ਇਹ ਤਾਸੀਰ ਸੀ ਜਿਨ੍ਹਾਂ ਦੀ ਨਿਗ੍ਹਾਂ ਅੰਦਰ, ਚਿਲਾਂ ਵਾਹਣ ਭੀ ਸੋਨਾ ਹੋ ਜਾਂਦੀਆਂ ਸਨ! ਪਾ ਕੇ ਬੇੜੀਆਂ ਪਰਉਪਕਾਰ ਦੀਆਂ, ਜਿਨ੍ਹਾਂ ਖਿੱਚਕੇ ਖ਼ਲਕਤਾਂ ਆਂਦੀਆਂ ਸਨ! ਸਦ-ਵਰਤ ਸਨ ਜਿਨ੍ਹਾਂ ਦੇ ਸਦਾ ਖੁੱਲ੍ਹੇ, ਭੁੱਖੇ ਆਪ ਤੇ ਸੰਗਤਾਂ ਖਾਂਦੀਆਂ ਸਨ! ਵੇਖ ਵੇਖ ਨੀ, ਕਿਸ ਤਰ੍ਹਾਂ ਝੱਲਦੇ ਨੇ, ਪਏ ਦੁੱਖ ਤੇ ਦੁੱਖ ਸੁਖਮਨੀ ਵਾਲੇ! ਵਾਂਗ ਫੁੱਲਿਆਂ ਦੇ ਖਿੜ ਖਿੜ ਹੱਸਦੇ ਨੇ, ਤੱਤੀ ਰੇਤ ਦੇ ਵਿਚ ਭੀ ਕਣੀ ਵਾਲੇ! 'ਰਾਮਦਾਸ' ਗੁਰ ਪਿਆਰੇ ਦੇ ਚੰਨ ਉਤੇ, ਹੁੰਦੇ ਜ਼ੁਲਮ ਪਏ ਕੇਡੇ ਹਨੇਰ ਦੇ ਨੇ! ਲੋਹੀ ਲਾਖੜੀ ਤਪੀ ਹੈ ਲੋਹ ਹੇਠਾਂ, ਉਤੋਂ ਰੇਤ ਤੱਤੀ ਪਾਪੀ ਕੇਰਦੇ ਨੇ! ਏਧਰ ਜ਼ੁਲਮ ਇਹ ਹੁੰਦੇ ਨੇ ਜ਼ਾਲਮਾਂ ਦੇ, ਓਧਰ ਸਿਦਕ ਇਹ ਗੁਰੂ ਜੀ ਸ਼ੇਰ ਦੇ ਨੇ! ਆਸਣ ਲੋਹ ਦਾ ਸਮਝਕੇ ਮ੍ਰਿਗਛਾਲਾ, ਮਾਲਾ ਪਿਆਰੇ ਨਾਮ ਦੀ ਫੇਰਦੇ ਨੇ! ਇਹ ਉਹ ਵਲੀ ਨੇ ਜਿਨ੍ਹਾਂ ਦੇ ਦਰਸ਼ਨ ਨੂੰ, ‘ਮੀਆਂ ਮੀਰ' ਜਹੇ ਪੀਰ ਭੀ ਆਂਵਦੇ ਸਨ! ਇਹ ਉਹਸ਼ਹਿਨਸ਼ਾਹ ਜਿਨ੍ਹਾਂ ਦੇ ਚਰਨ ਅੰਦਰ, 'ਅਕਬਰ' ਜਹੇ ਭੀ ਸੀਸ ਝੁਕਾਂਵਦੇ ਸਨ! ਜਿਵੇਂ ਜਿਵੇਂ 'ਨਮਰੂਦ' ਦੀ ਚਿਖਾ ਵਾਂਗੂੰ, ਭਾਂਬੜ ਲੋਹ ਥੱਲੇ ਬਲਦਾ ਅੱਗ ਦਾ ਏ! ਕੜ੍ਹਕੇ ਪੱਤ ਵਾਂਗੂੰ ਤਿਉਂ ਤਿਉਂ ਆਖਨੇ, ਭਾਣਾ ਮਿੱਠਾ ਪਿਆਰੇ ਦਾ ਲੱਗਦਾ ਏ! ਜਿਉਂ ਜਿਉਂ ਦੇਹ ਪਵਿਤ੍ਰ ਦਾ ਲਹੂ ਸੜਦਾ, ਤਿਉਂ ਤਿਉਂ ਆਤਮਾ ਦਾ ਦੀਵਾ ਜੱਗਦਾ ਏ! ਕੋਮਲ ਦੇਹ ਤੇ ਹੁੰਦੇ ਨੇ ਜ਼ੁਲਮ ਲੱਖਾਂ, ਹੰਝੂ ਇੱਕ ਨਾਂ ਅੱਖੀਓਂ ਵੱਗਦਾ ਏ! ਪਰਲੋ ਤੀਕ ਅਧੀਨ ਹੈ ਪੰਥ ਸਾਰਾ, ਪੰਚਮ ਗੁਰੂ ਦੀਆਂ ਮੇਹਰਬਾਨੀਆਂ ਦਾ! ਦੁੱਖ ਝੱਲਕੇ ਆਪਣੀ ਜਾਨ ਉੱਤੇ, ਰਾਹ ਦੱਸ ਗਏ ਜੇੜ੍ਹੇ ਕੁਰਬਾਨੀਆਂ ਦਾ! ‘ਮੀਆਂ ਮੀਰ’ਜੀ ਆਖਦੇ ‘ਗੁਰੂ ਸਾਹਿਬ, ਡਿੱਠੇ ਜਾਓ ਨਾਂ ਅਤਿਆਚਾਰ ਅੰਦਰ! ‘ਕਰੋ ਹੁਕਮ ਤੇ ਹੋਣ ਬਰਬਾਦ ਜ਼ਾਲਮ; ਲੱਗੇ ਅੱਗ ਬਰਬਾਦ ਸਰਕਾਰ ਅੰਦਰ! ਆਸ਼ਕ ਸਾਦਕ ਇਹ ਕਹਿੰਦੇ ਨੇ ‘ਪੀਰ ਪਿਆਰੇ; ਸਦਾ ਰਹਿਣਾ ਨਹੀਂ ਏਸ ਸੰਸਾਰ ਅੰਦਰ! ‘ਲੈਕੇ ਸੀਸ ਭੀ ਹੋਵੇ ਜੇ ਯਾਰ ਰਾਜ਼ੀ, ਤਾਂ ਭੀ ਖੱਟੀਏ ਏਸ ਵਪਾਰ ਅੰਦਰ! ਆਸ਼ਕ ਆਹ ਭੀ ਮੂੰਹੋਂ ਉਭਾਸਰੇ ਨਾਂ, ਹੋ ਕੇ ਰਾਜ਼ੀ ਰਜ਼ਾ ਤੇ ਬਹਿ ਜਾਵੇ! ਮੰਜ਼ਲ ਇਸ਼ਕ ਦੀ ਹੁੰਦੀ ਏ ਕਠਨ ਡਾਢੀ; ਕਰਕੇ 'ਸੀ' ਅਧਵਾਟੇ ਨਾਂ ਰਹਿ ਜਾਵੇ! 'ਸੱਸੀ ਪੁਛਿਆ ਰੇਤ ਦਿਆਂ ਜ਼ੱਰਿਆਂ ਨੂੰ, ਦੱਸੋ ਫੁੱਲ ਇਹ ਕੇਹੜੇ ਪਰਵਾਰ ਦਾ ਏ? ‘ਇਬਰਾਹੀਮ’ ਵਾਂਗੂੰ ਚੜ੍ਹਕੇ ਚਿਖਾ ਉਤੇ, ਮਜ਼ਾ ਲੁੱਟਦਾ ਪਿਆ ਗੁਲਜ਼ਾਰ ਦਾ ਏ? ਰਿੱਧੀ ਸਿੱਧੀ ਗੁਰਿਆਈ ਦੇ ਬਲ ਹੁੰਦੇ, ਪਿਆ ਦੁੱਖ ਤੇ ਦੁੱਖ ਸਹਾਰਦਾ ਏ? ਲੱਖਾਂ ‘ਪੁੰਨੂੰ’ਜੇ ਏਸ ਤੋਂ ਕਰਾਂ ਸੱਦਕੇ, ਤਾਂ ਭੀ ਮੁੱਲ ਨਾਂ ਇਹਦੇ ਦੀਦਾਰ ਏ? ਜ਼ੱਰੇ ਨਿਕਲਕੇ ਅੱਖੀਓਂ ਹਾਲ ਸਾਰਾ, ਸ਼ਾਂਤਮਈ ਅਵਤਾਰ ਦਾ ਕਹਿਣ ਲੱਗੇ! ਏਧਰ ਸੱਸੀ ਵਿਚਾਰੀ ਦੇ ਨੇਤਰਾਂ ਚੋਂ, ਵਾਂਗ ਰਾਵੀ ਦੇ ਅੱਥਰੂ ਵਹਿਣ ਲੱਗੇ! ਸੇਵਾਦਾਰ ਭੀ ਜਿੱਨ੍ਹਾਂ ਦੇ ਜੱਗ ਅੰਦਰ, ਰੁਤਬੇ ਖਾਸ ਲੁਕਮਾਨ ਦੇ ਪਾਂਵਦੇ ਨੇ! ਮਾਰ ਟੋਕਰੀ ਗਾਰ ਦੀ ਰੋਗੀਆਂ ਤੇ, ਕੁੰਦਨ ਵਰਗੀਆਂ ਦੇਹਾਂ ਬਨਾਂਵਦੇ ਨੇ! ਤਰਨ ਤਾਰਨ ਹੈ ਸਾਫ ਗਵਾਹ ਨਾਲੇ; ਕੋੜ੍ਹੇ ਪਿੰਗਲੇ ਭੀ ਗੀਤ ਗਾਂਵਦੇ ਨੇ! ਰੋਂਦੇ ਆਂਵਦੇ ਡੋਲੀਆਂ ਵਿੱਚ ਪੈਕੇ, ਘਰੀਂ ਹੱਸਦੇ ਖੇਡਦੇ ਜਾਂਵਦੇ ਨੇ! ਸ਼ਬਦਾਂ ਬਾਣੀਆਂ ਦੀ ਬੱਧੀ ਬੀੜ ਪਿਆਰੀ, ਜਿਨ੍ਹਾਂ ਗੁਰੂ ਗਰੰਥ ਕਿਤਾਬ ਅੰਦਰ! ਪੰਚਮ ਗੁਰੂ ਮਹਾਰਾਜ ਇਹ ‘ਸ਼ਰਫ਼’, ਜਿਨ੍ਹਾਂ, ਸੋਮੇ ਅੰਮ੍ਰਿਤ ਵਗਾਏ ਪੰਜਾਬ ਅੰਦਰ!
ਐਉਂ ਜ਼ੁਲਮ ਨੂੰ ਆਪਾਂ ਮਿਟਾਵਣਾ ਈ!
ਕਲਮੇ ਮੇਰੀਏ ਅਦਬ ਦੇ ਨਾਲ ਨਿਉਂ ਨਿਉਂ, ਅੱਖਰ ਅੱਖਰ ਤੇ ਸੀਸ ਝੁਕਾਵਣਾ ਈ! ਭਾਗਾਂ ਵਾਲੀਏ, ਗੋਰੀਏ, ਕਾਲੀਏ, ਨੀ ਅੱਜ ਤੂੰ ਉਹਦੇ ਦਰਬਾਰ ਵਿਚ ਜਾਵਣਾ ਈ! ਇਨ੍ਹੇਂ ਸਭ ਕੋਲੋਂ ਪਹਿਲੇ ਪੰਥ ਅੰਦਰ, ਸਿਰ ਤੇ ਤਾਜ ਸ਼ਹੀਦੀ ਰਖਾਵਣਾ ਈ! ਹਾਲ ਓਹਦੀ ਸ਼ਹੀਦੀ ਦਾ ਜਦੋਂ ਸੁਣਿਆ, ਤੈਨੂੰ ਰੋਂਦਿਆਂ ਸਬਰ ਨਾਂ ਆਵਣਾ ਈ! ਨਾਲ ਦਰਦ ਦੇ ਕਰਦ ਦੇ ਵਿਚ ਤੂੰ ਭੀ ਰਗੜ ਰਗੜਕੇ ਸੀਸ ਵਢਾਵਣਾ ਈ! ਨਾਲ ਜ਼ੁਲਮ ਦੇ ਗੁਰੂ ਨੂੰ ਸ਼ੁਰੂ ਕੀਤਾ, 'ਚੰਦੂ' ਚੰਦਰੇ ਜਦੋਂ ਸਤਾਵਣਾ ਈ! ਉਹਦੀ ‘ਦੇਗ' ਦਾ ਹਾਲ ਨਾਂ ਸੁਣੀ ਮੈਥੋਂ; ਕਾਹਨੂੰ ਫੁੱਲਾਂ ਦਾ ਅਰਕ ਕਢਾਵਣਾ ਈ! ਤੱਤੀ ਭੱਠੀ ਦੀ ਰੇਤ ਦਾ ਜ਼ਿਕਰ ਐਸਾ, ਜਿਵੇਂ ਨਰਕ ਅੰਦਰ ਲਾਂਬੂ ਲਾਵਣਾ ਈ! ਛੱਲੇ ਪੈਣਗੇ ਫੁੱਲਿਆਂ ਵਾਂਗ ਤੈਨੂੰ, ਜਿਵੇਂ ਜ੍ਵਾਰ ਦਾ ਹੁੰਦਾ ਭੁਨਾਵਣਾ ਈ। ਓਸ ਤਪੀ ਹੋਈ ਲੋਹ ਦੀ ਗੱਲ ਸੁਣਕੇ, ਕਾਹਨੂੰ ਸੂਰਜ ਨੂੰ ਤਵਾ ਬਨਾਵਣਾ ਈ। ‘ਮੀਆਂ ਮੀਰ' ਜੀ ਵੇਖ ਇਹ ਜ਼ੁਲਮ ਬੋੱਲੇ, ਕਾਹਨੂੰ ਗੁਰੂ ਜੀ ਦੁੱਖ ਉਠਾਵਣਾ ਈ। ਜੇਕਰ ਕਹੋ ਤਾਂ ਤਖਤ ਦਾ ਹੋਇ ਤਖਤਾ ਅਸਾਂ ਕਹਿਣਾ ਤੇ ਰੱਬ ਉਲਟਾਵਣਾ ਈ। ਕਹਿਆ ਆਸ਼ਕਾਂ ਸਾਦਕਾਂ ਪੀਰ ਪਿਆਰੇ, ਨਾਂ ਇਹ ਕਰਨਾ ਤੇ ਨਾਂ ਇਹ ਕਰਾਵਣਾ ਈ। ਉਹੋ ਹੋਣਾ ਈ ਅਸਾਂ ਵਿਚਾਰਿਆਂ ਤੇ, ਜੇਹੜਾ ਓਸ ਕਰਤਾਰ ਨੂੰ ਭਾਵਣਾ ਈ। ਅਸਾਂ ਪ੍ਰੀਤਮ ਦੇ ਇਸ਼ਕ ਦੀ ਮਦ ਪੀਤੀ, ਸੀਸ ‘ਸਰਮਦ’ ਦੇ ਵਾਂਗ ਕਟਾਵਣਾ ਈ। ‘ਸ਼ਾਹ ਸ਼ੱਮਸ’ ਦੇ ਵਾਂਗ ਨਹੀਂ ‘ਸੀ' ਕਰਨੀ, ਨਾਲ ਖੁਸ਼ੀ ਦੇ ਚੰਮ ਲੁਹਾਵਣਾ ਈ। ਅਸਾਂ ਆਪਣਾ ਆਪ ਮਨਜ਼ੂਰ ਕਰਨਾ, ਸੂਲੀ ਵਾਂਗ ਮਨਸੂਰ ਚੜ੍ਹਾਵਨਾ ਈ। ਐਪਰ ਆਪਣੇ ਵਾਸਤੇ ਕਿਸੇ ਨੂੰ ਭੀ, ਕੰਡੇ ਤੀਕ ਨਾਂ ਕਦੇ ਚੁਭਾਵਨਾ ਈ। ਲੱਖਾਂ ਵਰ੍ਹੇ ਵੀ ਜੀਵੇ ਤੇ ਕੀ ਜੀਵੇ, ਅੰਤ ਜੋਤ ਵਿਚ ਜੋਤ ਸਮਾਵਣਾ ਈ। ਰਾਜ਼ੀ ਜਿਵੇਂ ਪਰਮਾਤਮਾ ਆਤਮਾ ਨੂੰ, ਅਸਾਂ ਓਹੋ ਹੀ ਹੁਕਮ ਮਨਾਵਣਾ ਈ। ਪੀਰ ਜੀ ਵਾਹ! ਗੁਰੂ ਵਾਹਿਗੁਰੂ ਦਾ, ਖੂਬ ਸਿੱਖਿਆ ਚਿਲਾ ਕਮਾਵਣਾ ਈ। ਸੁਰਮਾ 'ਸੁਲੇਮਾਨੀ' ਜਾਨੀ ਯਾ 'ਮੂਸਾ', ਫੂਕ ਫੂਕ ਦੇ ਨਾਲ ਉਡਾਵਣਾ ਈ। ਤੇਰੇ ਤੂਰ ਨੂੰ ਸਾੜੇ ਦੇ ਨਾਲ ਵੇਖੀਂ, ਨਾਲੇ ਇਸ ਤਰ੍ਹਾਂ ਰੋਜ਼ ਜਲਾਵਣਾ ਈ ‘ਗੁਰੂ ਅਰਜਨ' ਦੇ ਚਰਨਾਂ ਦੀ ਖ਼ਾਕ ਲੈਕੇ, ਸੁਰਮਾਂ ਅੱਖੀਆਂ ਵਿੱਚ ਮੈਂ ਪਾਵਣਾ ਈ। ਜਦੋਂ ਕਰੇ ਜੀਆ, ਪੀਆ ਵੇਖ ਲੈਣਾ, ਦਿਲ ਦਾ ਚਾਲਣਾ ਜਿਹਾ ਵਧਾਵਣਾ ਈ। ਸ਼ਾਂਤਮਾਈ ਦਾ ਪੱਲਾ ਨਾਂ ਛੱਡ ਦੇਵੀਂ ਜੇ ਤੂੰ ਓਸਦਾ ਚੇਰਾ ਸਦਾਵਣਾ ਈ। ਵਾਂਗੂੰ ਅਹਿਣ ਦੇ ਗੋਲੀਆਂ ਪੈਣ ਭਾਵੇਂ, ਪਰ ਤੂੰ ਪੈਰ ਨਾਂ ਪਿਛ੍ਹਾਂ ਹਟਾਵਣਾ ਈ। ਉਹਦੇ ਵਾਕ ਉੱਤੇ ਜਦੋਂ ਖ਼ਾਕ ਹੋਯੋਂ, ਤੈਥੋਂ ਸਾਇਆਂ ਨਾਂ ਖ਼ੌਫ ਖਾਵਣਾ ਈ। ਜਿਵੇਂ ਅੱਖਰ ਸਲੇਟ ਦੇ ਮਿੱਟਦੇ ਨੇ, ਏਵੇਂ ਜ਼ੁਲਮ ਨੂੰ ਆਪਾਂ ਮਟਾਵਣਾ ਈ। 'ਸ਼ਰਫ਼' ਬੀੜ ਗਰੰਥ ਦੀ ਬੰਨਣ ਵਾਲੇ, ਦੁੱਖ ਪੀੜ ਤੇਰਾ ਵੰਡਾਵਨਾ ਈ।
ਬਾਜਾਂ ਨਾਲ ਲੜਾਈਆਂ ਚਿੜੀਆਂ!
ਡਿਓਢ- ਸ਼ੁਭ ਘੜੀ, ਸ਼ੁਭ ਲਗਨ ਮਹੂਰਤ, ਮਾਤਾ ਗੁਜਰੀ ਜਾਏ! ਪਟਣੇ ਆਏ। ਮਾਰ ਦਿੱਤੇ ਲਿਸ਼ਕਾਰੇ ਐਸੇ, ਸੱਤ ਦੀਪ ਚਮਕਾਏ! ਦਰਸ ਦਿਖਾਏ। ਹੱਕ ਹਮਸਾਏ ਦੇਣ ਵਧਾਈਆਂ, ਕਰ ਕਰ ਖੁਸ਼ੀਆਂ ਚਾਹੇ! ਅੱਖੀਂ ਚਾਏ। ਗੰਧਰਭ ਹੋਰ ਅਪੱਛਰਾਂ ਆਈਆਂ, ਨੂਰੀ ਦਰਸ਼ਨ ਪਾਏ! ਰੂਪ ਵਧਾਏ। ਸੱਚ ਖੰਡ ਵਿਚੋਂ ਦੇਵਤੇ ਸਾਰੇ, ਹੁਮ ਹੁਮਾਕੇ ਧਾਏ! ਦਰਸ਼ਨ ਪਾਏ। ਬਾਲੇ ਪਨ ਵਿਚ ਗੁਰੂਆਂ ਵਾਲੇ, ਆ ਉਪਦੇਸ਼ ਸੁਣਾਏ ਭਰਮ ਮਿਟਾਏ। ਜ਼ੁਲਮ ਜਬਰ ਦੇ ਬੱਦਲ ਸਾਰੇ, ਧੂੜਾਂ ਵਾਂਗ ਉਡਾਏ! ਕਰਮ ਕਮਾਏ। ਨਾਤਾਣਾਂ ਤੇ ਤਾਣਾਂ ਵਾਲੇ, ਤੰਬੂ ਤਾਣ ਵਿਖਾਏ! ਦੁਖੀ ਸਹਾਏ। ਫੜ ਫੜ ਤੇਗਾਂ ਪਾਪੀ ਵੈਰੀ, ਸੁਸਰੀ ਵਾਂਗ ਸਵਾਏ! ਦੂਣ ਸਵਾਏ। ਕਰ ਸ਼ਾਦੀ ਪਰਸਾਦੀ ਹਾਥੀ, ਖੁੱਲ੍ਹਾ ਨਾਲ ਹੱਡਾਏ ! ਮਨ ਪਰਚਾਏ । ਛੇ ਛੇ ਸੂਰੇ ਛੇ ਪੂਰੇ ਕਰ ਕਰ, ਸੱਠਾਂ ਨਾਲ ਲੜਾਏ ! ਜੋ ਲੜ ਲਾਏ। ਬੇ ਪਰਤੀਤੇ ਆਏ ਜਿਹੜੇ, ਪਿੱਪਲ ਦਾ ਗਣਵਾਏ ! ਭਰਮ ਮਿਟਾਏ। ਤੀਰ ਪਿਆਰੇ ਚਿੱਲੋ ਵਿਚੋਂ, ਪਰੀਆਂ ਵਾਂਗ ਉਡਾਏ ! ਖਤ ਪਹੁੰਚਾਏ। ਉੱਕੇ ਕਦੀ ਨਾ ਟੀਚੇ ਉਤੋਂ, ਸਾਫ਼ ਨਿਸ਼ਾਨੇ ਲਾਏ ! ਜਿੱਧਰ ਧਾਏ ! ਤੇਰੇ ਨੀਲੇ ਦੇ ਖੁਰ ਉਤੋਂ, ਸੂਰਜ ਚੰਦ ਘੁਮਾਏ ! ਉਤ੍ਹਾਂ ਚੜ੍ਹਾਏ। ਸੁੰਦਰ ਕਲਗੀ ਵਾਲਿਆ ਤੇਰੇ, ਸਾਖੀਆਂ ਗੀਤ ਬਣਾਏ ! ਘਰ ਘਰ ਗਾਏ। ਨੀਲਾ ਘੋੜਾ ਬਾਂਕਾ ਜੋੜਾ, ਹਥ ਪੁਰ ਬਾਜ ਸੁਹਾਏ ! ਗੁਰੂ ਜੀ ਆਏ। ਧੀਰਜ ਦੇਵਨ ਬਾਜ ਤੇਰੇ ਓ, ਬਾਗ ਗੁਰੂ ਦੇ ਆਏ ! ਭਰਮ ਮਿਟਾਏ। ਸੰਗਤ ਦੇ ਵਿੱਚ ਅੰਮ੍ਰਿਤ ਵਾਲੇ, ਸੋਹਣੇ ਛੱਟੇ ਲਾਏ ! ਮੀਂਹ ਬਰਸਾਏ ! ਬਾਜਾਂ ਨਾਲ ਲੜਾਈਆਂ ਚਿੜੀਆਂ, ਗਿੱਦੜ ਸ਼ੇਰ ਬਣਾਏ! ਜੁਧ ਕਰਾਏ। ਧਰਮ ਸਚਾਈ ਬਦਲੇ ਪਿਆਰੇ, ਚਾਰੇ ਲਾਲ ਕੁਹਾਏ! ਵੰਸ ਲੁਟਾਏ। ‘ਨਾਨਕ’ ਵਾਗੂੰ ਦੁਨੀਆਂ ਉਤੇ, ਸਦਾ ਨਸ਼ਾਨ ਝੁਲਾਏ! ਜੋ ਰਬ ਭਾਏ। ਇਕ ਓਂਕਾਰ ਅਕਾਲ ਪੁਰਖ ਦੇ, ਸੁੰਦਰ ਸਬਕ ਪੜ੍ਹਾਏ! ਬੂਟੇ ਲਾਏ। ‘ਮਾਧੋ; ਵਰਗੇ ਜਾਦੂਗਰ ਭੀ, ਬੰਦੇ "ਸ਼ਰਫ" ਬਣਾਏ! ਭਰਮ ਮਿਟਾਏ।
ਵਾਹ ਵਾਹ ਸੁੰਦਰ ਕਲਗੀ ਤੇਰੀ ਮਾਰ ਦਿੱਤੇ ਲਿਸ਼ਕਾਰੇ
ਅਵਤਾਰਾਂ ਦਾ ਰਾਜਾ ਆ੍ਯੋਂ, ਧਰ ਨੂਰਾਨੀ ਕਲਗੀ। ਜਾਦੂਗਰ ਭੀ ਬੰਦੇ ਬਣ ਗਏ, ਵੇਖ ਨਿਸ਼ਾਨੀ ਕਲਗੀ। ਕਲਗੀਧਰ ਜੀ ਦੀਨਾ ਬੰਧੂ, ਸੋਹਣੀਆਂ ਸ਼ਾਨਾਂ ਵਾਲੇ। ਅੰਮ੍ਰਿਤ ਵਾਲੇ, ਪੰਥਾਂ ਵਾਲੇ, ਤੇ ਕਿਰਪਾਨਾਂ ਵਾਲੇ। ਕਲਗ਼ੀ ਵਾਲੇ, ਬਾਜਾਂ ਵਾਲੇ, ਤੀਰ ਕਮਾਨਾਂ ਵਾਲੇ। ਮੁਕਤੀ ਵਾਲੇ, ਸ਼ਕਤੀ ਵਾਲੇ, ਅਣਖਾਂ, ਆਨਾਂ ਵਾਲੇ। 'ਹੇਮ ਗੁਫਾ' ਦੇ ਸੁੰਦਰ ਚੰਦਾ, ਸੰਗਤ ਵਾਲਿਆ ਸਾਈਆਂ। ਸਚਖੰਡ ਅੰਦਰ ਪਹੁੰਚਨ ਤੈਨੂੰ, ਅਜ ਬੇਅੰਤ ਵਧਾਈਆਂ। ਵਾਹ ਮਨ ਮੋਹਣੀ ਨੀਲੀ ਤੇਰੀ, ਵਾਹ ਨੀਲੀ ਦੀਆਂ ਚਾਲਾਂ। ਸੋਹਣੀਆਂ ਦੌੜਾਂ ਬਾਂਕੇ ਪੋਈਏ, ਸੁੰਦਰ ਏਦ੍ਹੀਆਂ ਛਾਲਾਂ। ਝੱਲ ਨ ਸੱਕਾਂ ਬਾਈ ਧਾਰਾਂ, ਖੁਰ ਏਦ੍ਹੇ ਦੀਆਂ ਛਾਲਾਂ। ਧਮਕ ਪਏ ਜਿਸ ਰਣ ਵਿਚ ਏਦ੍ਹੀ, ਟੁੱਟਣ ਤੇਗਾਂ ਢਾਲਾਂ। ਜਿੱਧਰ ਜਿੱਧਰ ਨੀਲੀ ਤੇਰੀ; ਅੱਖਾਂ ਜਾ ਚਮਕਾਈਆਂ। ਆਟੇਵਾਲੀਆਂ ਗਊਆਂ ਬਣ ਬਣ, ਓਸੇ ਪਾਸਿਓਂ ਆਈਆਂ। ਵਾਹ ਵਾਹ ਤੇਰੇ ਤੀਰ ਪਿਆਰੇ, ਸਾਫ ਨਿਸ਼ਾਨੇ ਲਾਵਨ। ਵੇਖ ਉਡਾਰੀ ਤਾਰੀ ਪਿਆਰੀ, ਪਰੀਆਂ ਭੀ ਸ਼ਰਮਾਵਨ। ਐਸੇ ਮਿੱਠੇ ਫਲ ਏਨ੍ਹਾਂ ਦੇ, ਦੂਤੀ ਹਸ ਹਸ ਖਾਵਨ। ਉੱਕਾ ਪੁੱਕਾ ਵਿੰਨ੍ਹ ਕਲੇਜਾ, ਏਹ ਭੀ ਭੁੱਖ ਮਿਟਾਵਨ। ਵਾਂਗ ਕਬੂਤਰ ਚਿੱਠੀਆਂ ਖੜਕੇ, ਮਾਰਨ ਗੁੱਝੀਆਂ ਚੋਟਾਂ। ਚੌਸਰ ਖੇਲਨ ਵਾਲੇ ਚਾਤਰ, ਭੁੱਲਣ ਚਾਲਾਂ ਗੋਟਾਂ। ਤੇਗ ਤੇਰੀ ਏ ਵਿਚ ਮਿਆਨੇ, ਸਾਹਿਬ ਕੌਰ ਸਜਾਵੇ। ਰਣ ਵਿਚ ਆਵੇ ਚੰਚਲ ਬਣਕੇ, ਲਾਲਾਂ ਪਰੀ ਕਹਾਵੇ। ਬਰਸੇ ਸਾਵਨ ਬਰਖਾ ਵਾਂਗੂੰ, ਬਿਜਲੀ ਪਈ ਚਮਕਾਵੇ। ਖਿੱਦੋ ਵਾਗੂੰ ਸੀਸ ਸਰੀਰੋਂ ਟੋਟੇ ਮਾਰ ਉਡਾਵੇ। ਰੋਪੜ ਦੇ ਵਿਚ ਨਾਲ ਸਫਾਈ, ਕਰ ਗਈ ਐਸੀਆਂ ਕਾਟਾਂ। ਸੂਰਜ ਬਣ ਬਣ ਜ਼ੱਰੇ ਏਦ੍ਹੇ, ਅਜ ਪਏ ਮਾਰਨ ਲਾਟਾਂ। ਚਿੱਟੇ ਚਿੱਟੇ ਬਾਜ ਤੇਰੇ ਸਨ, ਅਰਸ਼ਾਂ ਉਤੋਂ ਆਏ। ਏਨ੍ਹਾਂ ਨੇ ਵੀ ਅੰਮ੍ਰਿਤ ਵਿਚੋਂ, ਬਲ ਸ਼ਕਤੀ ਦੇ ਪਾਏ। ਖੁੱਲ੍ਹ ਗਈਆਂ ਜਿਸ ਵੇਲੇ ਡੋਰਾਂ, ਪੈਂਛੀ ਮਾਰ ਉਡਾਏ। ਸ਼ੇਰਾਂ ਨੇਤਰ ਨੀਵੇਂ ਕੀਤੇ, ਬਿਰਈ ਮਾਰ ਮੁਕਾਏ। ਜੇਕਰ ਲੱਭੇ ਖੰਭ ਹੁਮਾ ਦਾ, ਓਹਦੀ ਕਲਮ ਸਜਾਵਾਂ। ਸਿਫ਼ਤ ਉਨ੍ਹਾਂ ਦੀ ਲਿਖਣੇ ਬਦਲੇ, ਕਾਗਜ਼ ਚੰਦ ਬਣਾਵਾਂ। ਵਾਹ ਵਾਹ ਸੁੰਦਰ ਕਲਗੀ ਤੇਰੀ, ਮਾਰ ਦਿੱਤੇ ਲਿਸ਼ਕਾਰੇ। ਨੂਰੋ ਨੂਰ ਹੋਯਾ ਹਿੰਦ ਸਾਰਾ, ਛੁੱਟੇ ਨੂਰ ਫੁਹਾਰੇ। ਕਿਰ ਕਰ ਕਿਰਨਾਂ ਸੂਰਜ ਮੁੱਖੋਂ, ਖਿੱਲਰ ਗਈਆਂ। ਬੰਜਰ ਬਾਰ ਮਲੋਈਆਂ ਦੇ ਭੀ, ਖੋਲ੍ਹ ਦਿੱਤੇ ਸੀ ਬਾਰੇ। ਅਵਤਾਰਾਂ ਦਾ ਰਾਜਾ ਆਯੋਂ, ਧਰ ਨੂਰਾਨੀ ਕਲਗੀ। ਜਾਦੂਗਰ ਭੀ ਬੰਦੇ ਬਣ ਗਏ, ਵੇਖ ਨਿਸ਼ਾਨੀ ਕਲਗੀ। ਅੰਮ੍ਰਿਤ ਪਿਆਲੇ ਐਸੇ ਪਿਆਏ, ਸੰਗਤ ਨੂੰ ਤੂੰ ਸਾਈਆਂ। ਬੱਕਰੀਆਂ ਨੂੰ ਸ਼ੇਰ ਬਣਾਯਾ, ਚਿੜੀਆਂ ਬਾਜ ਬਣਾਈਆਂ। ਤੁਬਕੇ ਬਦਲੇ ਸ਼ਾਹ ਸਕੰਦਰ, ਫਿਰਿਆ ਕੁਲ ਖੁਦਾਈਆਂ। ਤੁਸਾਂ ਅਨੰਦਪੁਰ ਅੰਮ੍ਰਿਤ ਵਾਲੀਆਂ, ਨਹਿਰਾਂ ਕਢ ਵਗਾਈਆਂ। ਏਕਤਾਈ ਦਾ ਨੂਰ ਡੁਲਾਇਆ, ਖੰਡੇ ਵਾਲੀਓਂ ਧਾਰੋਂ। ਜਾਤਾਂ ਪਾਤਾਂ ਰੋੜ੍ਹ ਗਵਾਈਆਂ, ਸੰਗਤ ਦੇ ਵਿਚਕਾਰੋਂ। ਜਨਮ ਤੇਰੇ ਦੇ ਚਾਓ ਅੰਦਰ, ਚੜ੍ਹੀ ਸ੍ਵਰਗ ਨੂੰ ਲਾਲੀ। ਇੰਦਰ ਪੁਰੀ ਗਈ ਚੜ੍ਹ ਅੰਬਰ, ਗਈ ਨ ਖੁਸ਼ੀ ਸੰਭਾਲੀ। ਸਚਖੰਡ ਵਾਲੇ ਮਾਲੀ ਪੁਰ ਸੀ, ਚੰਦ ਸੂਰਜ ਦੀ ਥਾਲੀ। ਇਸ ਜਗ ਤੇ ਭੀ ਸੰਗਤ ਤੇਰੀ, ਅੱਜ ਦੀਵਾਲੀ ਬਾਲੀ। ਫੁੱਲ ਸ਼ੇਅਰਾਂ ਦੇ ਚੁਣ ਚੁਣਕੇ ਮੈਂ, ਸੇਹਰਾ ‘ਸ਼ਰਫ਼' ਬਣਾਯਾ। ਦਸਮ ਗੁਰੂ ਜੀ ਸੀਸ ਚੜ੍ਹਾਓ, ਸ਼ਰਧਾ ਕਰਕੇ ਆਯਾ।
ਪੰਜ ਪੰਜ ਘੁੱਟ ਪਾਣੀ ਖੰਡੇ ਦਾ ਪਿਆਲ ਕੇ
ਕ: ਆ ਜਾ ਮੇਰੀ ਕਲਮ ਪ੍ਯਾਰੀ ਜਾਵਾਂ ਤੈਥੋਂ ਬਲਿਹਾਰੀ। ਚਲ ਖਾਂ ਚਕੋਰ ਵਾਲੀ ਚਾਲ ਝੂਲ ਝਾਲਕੇ। ਸੰਗਤਾਂ ਦੇ ਦਿਲਾਂ ਨੂੰ ਆਨੰਦ ਜ਼ਰਾ ਕਰ ਦੇਵੀਂ, ਕਲਗੀਧਰ ਤੇਗ਼ ਦਾ ਨਜ਼ਾਰਾ ਭੀ ਵਿਖਾਲਕੇ। ਸ਼ਾਹੀ ਫੌਜਾਂ ਬਿਕਰਮੀ ਸਤਾਰਾਂ ਸੌ ਤੇ ਸੱਠ ਵਿਚ, ਬੈਠੀਆਂ ਅਨੰਦ ਪੁਰ ਉੱਤੇ ਘੇਰਾ ਡਾਲਕੇ। ਲਹਿੰਦੇ ਵਲ ਜਾਓ ਬੱਚਾ ਹੜ੍ਹ ਵਾਂਗੂੰ ਚੜ੍ਹ ਆਓ, ਘਲਿਆ ‘ਅਜੀਤ' ਜੀ ਨੂੰ ਪਿਤਾ ਨੇ ਸਿਖਾਲਕੇ। ਦੂਜੀ ਗੁਠੋਂ ਆਪ ਆਏ ਚੜ੍ਹ ਕੇ ਹਨੇਰੀ ਵਾਂਗੂੰ, ਉੱਚ ਵਾਲੇ ਸਿੰਘ ਪੀਰ ਨਾਲ ਲੈਕੇ ਬਾਲਕੇ। ਸ਼ਾਹੀ ਫੌਜਾਂ ਨਾਲ ਆਕੇ ਹੋਯਾ ਐਸਾ ਟਾਕਰਾ ਸੀ, ਕਾਲ ਦਿਉਤਾ ਨੱਸ ਗਿਆ ਜਾਨ ਨੂੰ ਸੰਭਾਲਕੇ। ਤੇਗ਼ ਵਾਲੀ ਖੂੰਡੀ ਐਸੀ ਵਾਹੀ ਸੀ ‘ਅਜੀਤ’ ਜੀ ਨੇ, ਖਿਦੋ ਵਾਂਗ ਸੀਸ ਸੁੱਟੇ ਧੜਾਂ ਤੋਂ ਉਛਾਲਕੇ। ਜਿਹੜਾ ਆਯਾ ਸਾਮ੍ਹਣੇ ਉਹ ਇਕ ਦਾ ਬਣਾਯਾ ਦੋ, ਮਾਂ ਜਾਯਾ ਪੁੱਤ ਨ ਕੋਈ ਵਾਰ ਗਿਆ ਟਾਲਕੇ। ਗੋਰਾ ਗੋਰਾ ਮੁਖ ਜਿਨੂੰ ਤੇਗ ਦਾ ਵਿਖਾਲ ਦਿਤਾ, ਓਸੇ ਦਾ ਕਲੇਜਾ ਆਂਦਾ ਨਾਲੇ ਹੀ ਉਧਾਲਕੇ। ਦੂਜੇ ਪਾਸੇ ਚੱਟਦੀ ਸੀ ਤੇਗ ਦਸਮੇਸ਼ ਜੀ ਦੀ, ਵੈਰੀਆਂ ਦੇ ਕਾਲਜੇ ਦਾ ਖੂਨ ਭਾਲ ਭਾਲਕੇ।
ਬਿਜਲੀ ਬਣਕੇ ਰਣ ਵਿਚ ਲਿਸ਼ਕੀ, ਬੱਦਲ ਬਣਕੇ ਕੜਕੀ!
ਬਸਤੇ ਵਾਲੇ ਨਿਕਲ ਮਿਆਨੋਂ ਮੇਰੀ ਕਲਮ ਪਿਆਰੀ। ਕਰੀਂ ਮੁਹਿੰਮ ਮਿਰੀ ਸਰਸਾਰੀ ਬਣ ਗਈ ਸਿਰ ਤੇ ਭਾਰੀ। ਦਲ ਅੱਖਰ ਨੇ ਚੜ੍ਹ ਚੜ੍ਹ ਆਏ ਤੂੰ ਹੈਂ ਇਕ ਵਿਚਾਰੀ। ਕਲਗੀਧਰ ਦੀ ਤੇਗੋਂ ਲੈ ਗੁਣ ਬਣ ਜਾਂ ਤੇਗ ਦੁਧਾਰੀ। ਨਿੱਕੇ ਨਿੱਕੇ ਹੱਥ ਅਜੇਹੇ ਵਾਂਗ ਜੁਝਾਰ ਦਿਖਾਵੀਂ। ਕਾਗਜ਼ ਉਤੇ ਸ਼ੇਅਰਾਂ ਵਾਲੇ ਸੱਥਰ ਚਾ ਵਿਛਾਵੀਂ। ਦਸਮ ਗੁਰੂ ਜੀ! ਤੇਗ ਤੇਰੀ ਦੀ ਕੀਕਰ ਸਿਫ਼ਤ ਸੁਣਾਵਾਂ। ਦੀਪ ਕੌਰ ਇਹ ਜਿੱਧਰ ਪਹੁੰਚੀ ਸਾਂਭੇ ਪੁੱਤ ਨਾਂ ਮਾਵਾਂ। ਸ਼ਹਿਨਸ਼ਾਹਾਂ ਦੇ ਹਿਰਦੇ ਡੋਲੇ ਇਹਦੀਆਂ ਵੇਖ ਅਦਾਵਾਂ। ‘ਜ਼ੁਹੀਲ ਮਰੀਖ’ ਅਕਾਸ਼ੀਂ ਕੰਬੇ ਵੇਖ ਇਹਦਾ ਪਰਛਾਵਾਂ। ਸ਼ੀਸ਼ੇ ਅੰਦਰ ਇਹ 'ਪਦਮਾਵਤ' ਜੇਕਰ ਮੂੰਹ ਵਿਖਾਵੇ। ਦਿਲ ਵੈਰੀ ਦਾ ਵਾਂਗਰ ਕੱਚ ਦੇ ਟੋਟੇ ਹੋ ਹੋ ਜਾਵੇ। ਬਿਜਲੀ ਬਣਕੇ ਰਣ ਵਿਚ ਲਿਸ਼ਕੀ ਬੱਦਲ ਬਣਕੇ ਕੜਕੀ। ਮੱਛੀ ਵਾਂਗੂੰ ਤੜਫੀ ਜਾ ਜਾ ਏਹ ਲੜਾਕੀ ਲੜਕੀ। ਫੜਕੀ ਅੱਖ ਵੈਰੀ ਦੀ ਖੱਬੀ ਨਾਲੇ ਛਾਤੀ ਧੜਕੀ। ਤਿੱਖੀ ਧਾਰੋਂ ਆਬ ਪਿਲਾਕੇ ਮੱਠੀ ਕੀਤੀ ਭੜਕੀ। ਵਾਲ ਜਿੰਨੀ ਨਾਂ ਰੜਕੀ ਕਿਧਰੋਂ ਸਾਫ਼ ਸਰੀਰੋਂ ਨਿਕਲੀ। ਵਿਚੇ ਹੀ ਲਾ ਗਈ ਲੀਕਾਂ ਰੱਤ ਨਾਂ ਚੀਰੋਂ ਨਿਕਲੀ। ਝੰਮਣੀਆਂ ਦੇ ਵਾਂਗੂੰ ਟੇਢੀ ਬਾਂਕੇ ਵਾਰ ਚਲਾਵੇ। ਸਿਰ ਫੌਜਾਂ ਦੇ ਝੰਬੇ ਐਸੀ ਫੁੱਟੀਆਂ ਵਾਂਗ ਉਡਾਵੇ। ਚੱਲੇ ਕਲਮ ਰਬਾਣੀ ਬਣਕੇ ਕਿਸ ਤੋਂ ਮੋੜੀ ਜਾਵੇ? ਤਿੱਕੇ ਬੋਟੀ ਕਰ ਕਰ ਦੂਤੀ ਅੱਖਰ ਵਾਂਗ ਮਿਟਾਵੇ। ਨਿੱਤਰ ਨਿੱਤਰ ਕਰੇ ਨਿਤਾਰੇ ਦੰਦਿਆਂ ਦੰਦਾਂ ਵਾਲੀ। ਅਸ਼ਟ ਭੁਜੀ ਨੇ ਕਰ ਦਿਖਲਾਈਆਂ ਚਾਰੇ ਗੁੱਠਾਂ ਖਾਲੀ। ਦਾਤਰੀਆਂ ਦੇ ਵਾਂਗੂੰ ਮੁੜ ਮੁੜ ਐਸੇ ਦੰਦ ਦਿਖਾਏ। ਆਹੂ ਸੱਥਰ ਲਾਹ ਲਾਹ ਫੌਜਾਂ ਰਣ ਵਿਚ ਦੰਦੇ ਲਏ। ਖੂੰਡੀ ਵਾਂਗੂੰ ਦੂਹਰੀ ਹੋ ਹੋ ਐਸੇ ਟੋਣੇ ਲਾਏ। ਖਿਦੋ ਵਾਂਗੂੰ ਸੀਸ ਧੜਾਂ ਦੇ ਦਾਈਆਂ ਕੋਲ ਪੁਚਾਏ। ਵਾਂਗ ਚੰਦਰਮਾਂ ਉਚੀ ਹੋ ਹੋ, ਜੇਹੀਆਂ ਚੋਭਾਂ ਲਾਈਆਂ। ‘ਰੁਸਤਮ’ ਵਰਗੇ ਕਬਰਾਂ ਵਿਚੋਂ ਲੱਗੇ ਪਾਣ ਦੁਹਾਈਆਂ। ਅਮਰ-ਕੋਟ ਵਿਚ ਕੂੰਜਾਂ ਵਾਂਗੂੰ ਜਾ ਜਾ ਕੇ ਖੰਬ ਝਾੜੇ। ਡੇਹਰਾਦੂਨ ਨਦੋਨ ਅੰਦਰ ਜਾ ਪਾਪੀ ਵੈਰੀ ਤਾੜੇ। ਨਿਰਮੋਹ ਗੜ੍ਹ ਕਲਮੋਟਾ ਸਾੜੇ ਜੀਭੋਂ ਕੱਢ ਚੰਗਿਆੜੇ। ਹੱਸ ਹੱਸਕੇ ਇਹ ਆਖਣ ਲੱਗੇ ਕਾਇਰ ਲਿੱਸੇ ਮਾੜੇ। ‘ਗੁਰੂ ਗੋਬਿੰਦ ਸਿੰਘ ਖੂਬ ਬਣਾਯਾ ਏਕਤਾਈ ਦਾ ਮੰਦਰ। ਤੇਗਾਂ ਦੇਵੀ ਪਰਗਟ ਕੀਤੀ ਵਾਹ ਅਨੰਦ ਪੁਰ ਅੰਦਰ। ਚਮਕੀ ਵਿਚ ਚਮਕੌਰ ਅਜੇਹੀ ਲਾਲਾਂ ਪਰੀ ਸ੍ਵਾਣੀ। ਉੱਛਲ ਉੱਛਲ ਕਰਦਾ ਗੱਲਾਂ ਗਿਰੀ ਨਦੀ ਦਾ ਪਾਣੀ। ਲਾ ਰੁੱਤਾਂ ਦੇ ਝੱਟੇ ਕੀਤੀ ਰੋਪੜ ਤੀਕਣ ਘਾਣੀ। ਇਕ ਇਕ ਜ਼ੱਰਾ ਖੁਦਰਾਣੇ ਤਕ ਪਾਵੇ ਪਿਆ ਕਹਾਣੀ। ਅੰਤਰਿਆਂ ਦੀ ਦੇਵੀ ਬਣਕੇ ਕੀਤੇ ਕਿਤੇ ਉਤਾਰੇ। ਕੇਸਗੜ੍ਹ ਵਿਚ ਪਰਗਟ ਕੀਤੇ ਸੁੰਦਰ ਪੰਜ ਪਿਆਰੇ। ਮਾੜੇ ਦੀ ਇਹ ਦਰਦਣ ਬਣਕੇ ਦੁਖ ਵੰਡਾਵਣ ਆਈ। ਚੋਭਾਂ ਲਾ ਲਾ ਸੁਤੇ ਸ਼ੇਰ ਜਗਾਵਣ ਆਈ। ਪਾਪ ਜ਼ੁਲਮ ਨੂੰ ਸਾਹਵੀਂ ਹੋ ਹੋ ਹੱਥ ਵਿਖਾਉਣ ਆਈ। ਤੋੜ ਤਿੜਾਂ ਨੂੰ ਨਾਲ ਨਵ੍ਹਾਂ ਦੇ ਜੜ੍ਹਾਂ ਗਵਾਵਣ ਆਈ। ਤੇਗ ਤੇਰੀ ਨੇ ਕਲਗੀਧਰ ਜੀ! ਅਰਸ਼ੀ ਧੁੰਮਾਂ ਪਾਈਆਂ। ਜਦ ਇਹ ਲਿਖਿਆ 'ਸ਼ਰਫ਼' ਕਸੀਦਾ ਹੂਰਾਂ ਵੇਖਣ ਆਈਆਂ।
ਮੈਂ ਤਾਂ ਰਾਜਾ ਅਵਤਾਰਾਂ ਦਾ ਆਖਦਾ ਹਾਂ!
ਚਾਦਰ ਵੇਖ ਤੁਕਾਂਤ ਦੀ ਨਿਕੀ ਜੇਹੀ, ਮੇਰੀ ਨਜ਼ਮ ਨੇ ਪੈਰ ਸੰਗੋੜ ਦਿਤੇ। ਜਿਹੜੇ ਆਏ ਖਿਆਲ ਸਨ ਅਰਸ਼ ਉਤੋਂ, ਹਾੜੇ ਘੱਤਕੇ ਪਿਛ੍ਹਾਂ ਨੂੰ ਹੋੜ ਦਿਤੇ। ਲੋੜ੍ਹ ਕੋੜ੍ਹ ਤੇ ਰੋੜ੍ਹ ਤੇ ਥੋੜ ਵਾਲੇ, ਗੈਰ ਕਾਫ਼ੀਏ ਸਮਝਕੇ ਛੋੜ ਦਿਤੇ। ਨਾਲੇ ਭੌਂ ਨਾ ਲੇਖ ਦੀ ਪੱਧਰੀ ਸੀ, ਮੇਰੀ ਕਲਮ ਦੇ ਪੈਰ ਮਚਕੋੜ ਦਿਤੇ। ਕਹਿਣੀ ਸਿਫ਼ਤ ਸੀ ਫੁੱਲ ਦਸ਼ਮੇਸ਼ ਦੀ ਮੈਂ, ਲੋਕਾਂ ਹੋਰ ਹੀ, ਛਾਪੇ ਚਮੋੜ ਦਿਤੇ। ਸਚ ਪੁਛੋਂ ਤੇ ਏਸ ਸਮੱਸਿਆ ਨੇ, ਮੇਰੇ ਕੀਮਤੀ ਲਾਲ ਤਰੋੜ ਦਿਤੇ। ਪੰਜਾਂ ਅੱਖਰਾਂ ਤੇ ਦੋਹਾਂ ਬਿੰਦੀਆਂ ਨੂੰ, ਜਦੋਂ ਸੱਤ ਕਰਤਾਰ ਸਜਾਉਣ ਲੱਗੇ। ਸੱਤੀਂ ਅੰਬਰੀਂ ਚਮਕਕੇ ਸੱਤ ਤਾਰੇ; ਸ਼ਰਧਾ ਨਾਲ ਦਿਵਾਲੀ ਜਗਾਉਣ ਲੱਗੇ। ਸੱਤਾਂ ਸੁਰਾਂ ਸੁਹਾਗ ਦੇ ਗਵੇਂ ਸੋਹਲੇ, 'ਸ਼ਿਵਜੀ' ਖੁਸ਼ੀ ਵਿਚ ਡੌਰੂ ਵਜਾਉਣ ਲੱਗੇ। ਸੱਤਾਂ ਜ਼ਿਮੀਆਂ ਦੇ ਜਾਗ਼ ਪਏ ਭਾਗ ਸੁੱਤੇ, ਸਤਵੀਂ ਪੋਹੋਂ ਗੋਬਿੰਦ ਸਿੰਘ ਆਉਣ ਲੱਗੇ। ਜਲਵੇ ਸੁਟਕੇ ਦਯਾ ਤੇ ਧਰਮ ਵਾਲੇ, ਪਾਪ ਜੜ੍ਹਾਂ ਤੋਂ ਪਕੜ ਘਰੋੜ ਦਿਤੇ। ਤਿੱਖੀ ਖੰਡੇ ਦੀ ਧਾਰ ਵਿਖਾਲ ਇਕੋ, ਬਾਈਆਂ ਧਾਰਾਂ ਦੇ ਲੱਕ ਤਰੋੜ ਦਿਤੇ। ਤੇਗਾਂ-ਦੇਵੀ ਨੇ ਆਣਕੇ ਅੰਬਰਾਂ ਤੋਂ, ਕਲਗੀ ਵਾਲਿਆ! ਦੇਣੇ ਸਨ ਵਰ ਤੈਨੂੰ। ਤਦੇ ਰੱਬ ਨੇ ਘਲਿਆ ਜੱਗ ਉਤੇ, ਗੁਰੂ ਬਹਾਦਰ ਦੇ ਘਰ ਤੈਨੂੰ। ਮੈਂ ਤਾਂ ਰਾਜਾ ਅਵਤਾਰਾਂ ਦਾ ਆਖਦਾ ਹਾਂ; ਪਿਆ ਜੱਗ ਆਖੇ ਕਲਗੀਧਰ ਤੈਨੂੰ। ਤੇਰੇ ਨਾਲ ਜਦ ਵਾਹਿਗੁਰੂ ਆਪ ਹੈਸੀ, ਫੇਰ ਕਿਸੇ ਦਾ ਹੁੰਦਾ ਕੀ ਡਰ ਤੈਨੂੰ। ਵਗਕੇ ਤੇਰੇ ਹਿਮਾਇਤੀ ਨਾਲਿਆਂ ਨੇ, ਬੇੜੇ ਦੁਸ਼ਮਣਾਂ ਦੇ ਰਣ ਵਿਚ ਬੋੜ ਦਿਤੇ। ਤੇਰੇ ਸੂਰਿਆਂ ਨੇ ਸੀਸ ਹਾਥੀਆਂ ਦੇ, ਵਾਂਗ ਟਿੰਡਾਂ ਦੇ ਭੰਨ ਤਰੋੜ ਦਿਤੇ। ਕਲਗੀ ਸਜੀ ਯਾ ਨਿਕਲੀਆਂ ਹੈਣ ਕਿਰਨਾਂ, ਸੂਰਜ ਮੁੱਖੜਾ ਬਣਿਆਂ ਹਜ਼ੂਰ ਦਾ ਏ। ਅੱਖਾਂ ਵੇਖਕੇ ਠੰਢੀਆਂ ਹੁੰਦੀਆਂ ਨੇ, ਯਾ ਫੁਹਾਰਾ ਕੋਈ ਛੁਟਿਆ ਨੂਰ ਦਾ ਏ। ਯਾ ਇਹ ਸ਼ਾਹੀ ਦਿਮਾਗ ਦੇ ਸ਼ਬਦ ਵਿਚੋਂ, ਸਿੱਟਾ ਨਿਕਲਿਆ ਅਕਲ ਸ਼ਊਰ ਦਾ ਏ। ਬੈਠਾ ਹੋਯਾ ਹੁਮਾ ਯਾਂ ਸੀਸ ਉਤੇ, ਸੜਨ ਵਾਲਿਆਂ ਨੂੰ ਪਿਆ ਘੂਰਦਾ ਏ। ਤੇਰੇ ਨੀਲੇ ਨੇ ਚਮਕ ਚਮਕੌਰ ਅੰਦਰ, ਭੌਰ ਤਾਜ਼ੀਆਂ ਦੇ ਬੂਥੇ ਮੋੜ ਦਿਤੇ। ਤੇਰੀ ਤੇਗ ਨੇ ਚੰਨ ਦੁ-ਖੰਨ ਕੀਤੇ, ਤੇਰੇ ਤੀਰਾਂ ਨੇ ਤਾਰੇ ਤਰੋੜ ਦਿਤੇ। ਹੱਕ ਖੋਹ ਖੋਹ ਰੰਡੀਆਂ ਰੂੜ੍ਹੀਆਂ ਦੇ, ਜਿਹੜੇ ਆਪਣੇ ਘਰਾਂ ਵਿਚ ਵਾੜਦੇ ਹਨ। ਤੇਰੇ ਸੁੰਦਰ ਪ੍ਰਸ਼ਾਦੀ ਦੇ ਵਲ ਜਿਹੜੇ, ਕਰ ਕਰ ਕੈਰੀਆਂ ਅੱਖੀਆਂ ਤਾੜਦੇ ਸਨ। ਜਬਰ ਈਰਖਾ ਦੇ ਨਸ਼ੇ ਵਿਚ ਗੁੱਤੇ, ਜਿਹੜੇ ਪਲਕ ਨਾ ਕਦੀ ਉਘਾੜਦੇ ਸਨ। ਆਰੀ ਜ਼ੁਲਮ ਦੀ ਪਕੜਕੇ ਹਥ ਅੰਦਰ, ਜਿਹੜੇ ਅਦਲ ਦਾ ਬਾਗ ਉਜਾੜਦੇ ਸਨ। ਤੇਗ ਸੂਤਕੇ ਕੀਤੇ ਉਹ ਸੂਤ ਸਾਰੇ, ਫੜਕੇ ਅੱਟੀ ਦੇ ਵਾਂਗ ਮਰੋੜ ਦਿਤੇ। ਜਿਹੜੇ ਸੰਗਲ ਗੁਲਾਮੀ ਦੇ ਪਏ ਹੋਇ ਸਨ, ਕੱਚੀ ਤੰਦ ਦੇ ਵਾਂਗ ਤਰੋੜ ਦਿਤੇ। ਇਕ ਦਿਨ ਕਿਹਾ ਦਸਮੇਸ਼ ਦੀ ਮੂਰਤੀ ਨੂੰ:- ਇਹਦੇ ਅਰਥ ਤਾਂ ਮੈਨੂੰ ਸਮਝਾ ਦੇਣਾ। ਕਦੀ ਭਗਤ ਬਣਨਾ, ਕਦੀ ਲੁਕ ਜਾਣਾ, ਕਦੀ ਗੁਰੂ ਬਣਕੇ ਦਰਸ਼ਨ ਆ ਦੇਣਾ?' ਕਿਹਾ ਆਪ ਨੇ:-ਸੁਣੀਂ ਤੂੰ ਮੂਰਖਾ ਓ, ਮੇਰੀ ਸੰਗਤ ਨੂੰ ਨਾਲੇ ਸੁਣਾ ਦੇਣਾ। ਸੂਰਜ ਵਾਂਗ ਉਹ ਡੁੱਬਦੇ ਨਿਕਲਦੇ ਨੇ, ਜਿਨ੍ਹਾਂ ਹੋਵੇ ਹਨੇਰ ਮਿਟਾ ਦੇਣਾ। ਬੁੱਧੂ ਸ਼ਾਹ ਵਾਂਗੂੰ ਜਿਨ੍ਹਾਂ ਪੁੱਤ ਵਾਰੇ, ਸਣੇ ਕੁਲਾਂ ਉਹ ਤਾਰ—ਸਨਤੋੜ ਦਿਤੇ। ਕਾਲੇ ਖ਼ਾਂ ਵਾਂਗੂੰ ਹੋ ਗਏ ਮੂੰਹ ਕਾਲੇ, ਕਰਕੇ ਜਿਨ੍ਹਾਂ ਇਕਰਾਰ ਤਰੋੜ ਦਿਤੇ। ਰਾਮ ਰਾਵਨ ਦਾ ਜੁੱਧ ਭੀ ਹੋਇਆ ਐਸਾ, ਪਰਲੋ ਤੀਕ ਨਹੀਂ ਕਦੇ ਭੁਲਾਉਣ ਵਾਲਾ। ਮਹਾਭਾਰਤ ਦਾ ਨਕਸ਼ਾ ਭੀ ਜੱਗ ਉਤੋਂ, ਕੋਈ ਨਹੀਂ ਜੰਮਿਆਂ ਅਜੇ ਮਿਟਾਉਣ ਵਾਲਾ। ਜੇਕਰ ਕੀੜੇ ਨੂੰ ਵੇਖੀਏ ਗਹੁ ਕਰਕੇ, ਉਹ ਭੀ ਆਪੇ ਲਈ ਜਾਨ ਗਵਾਉਣ ਵਾਲਾ। ਐਪਰ ਕਿਸੇ ਦੇ ਦੁੱਖ ਤੇ ਸੁੱਖ ਬਦਲੇ, ਡਿਠਾ ਤੈਨੂੰ ਹੀ ਬੰਸ ਲੁਟਾਉਣ ਵਾਲਾ। ਸ਼ਿਵਜੀ ਗੰਗਾ ਵਗਾਈ ਸੀ ਲਿਟਾਂ ਵਿਚੋਂ, ਤੁਸਾਂ ਖੰਡੇ ਚੋਂ ਅੰਮ੍ਰਿਤ ਨਿਚੋੜ ਦਿਤੇ। ਚਿੜਕੇ ਆਨ ਉਤੋਂ ਚਿੜੀਆਂ ਤੇਰੀਆਂ ਨੇ, ਫੜਕੇ ਬਾਜਾਂ ਦੇ ਪਹੁੰਚੇ ਤਰੋੜ ਦਿਤੇ। ਪੀਰਾ-ਉਚ-ਦਿਆ ਦਿਲਾਂ ਵਿਚ ਰੁਚਦਿਆ ਵੇ, ਰਿਧੀ ਸਿਧੀ ਅਚਰਜ ਵਿਖਾ ਗਿਓਂ। ਕਿਤੇ ਘਾਟ ਨਗੀਨੇ ਬਣਾ ਦਿਤੇ, ਕਿਤੇ ਬੰਦੇ ਬਹਾਦਰ ਬਣਾ ਗਿਓਂ। ਕਲਮਾਂ ਸਿੱਧੀਆਂ ਪੁੱਠੀਆਂ ਵਾਹ ਕੇ ਤੇ, ਕਿਤੇ ਗੁਰੂ ਦੀ ਕਾਂਸ਼ੀ ਸਜਾ ਗਿਓਂ। ਖੰਡੇ ਨਾਲ ਉਖੇੜ ਕੇ ਤਿੜ ਕਿਧਰੇ, ਜੜ੍ਹ ਜ਼ੁਲਮ ਦੀ ਮੁਢੋਂ ਉਡਾ ਗਿਓਂ। ਨਵਾਂ ਦਿਨਾਂ ਤੇ ਨਵਾਂ ਮਹੀਨਿਆਂ ਵਿਚ, ਕਿਧਰੇ ਸ਼ਬਦ ਗਰੰਥ ਦੇ ਜੋੜ ਦਿੱਤੇ। ਧੀਰ ਮਲ ਜਹੇ ‘ਸ਼ਰਫ਼' ਗੁਮਾਨੀਆਂ ਦੇ, ਸਾਰੇ ਕਿਬਰ ਹੰਕਾਰ ਤਰੋੜ ਦਿਤੇ।
ਘੋੜਾ ਬਾਜ ਤੇ ਬਾਨ, ਕਮਾਨ ਖੰਡਾ!
ਸ਼ੁਭ ਵਾਰ ਸੀ ਜਦੋਂ ਦਸ਼ਮੇਸ਼ ਸਾਡੇ, ਤੁਸੀਂ ਜਗਤ ਅੰਦਰ ਫੇਰਾ ਪੌਣ ਆਏ। ਮਾਤਾ ਪਿਤਾ ਦੇ ਕਾਲਜੇ ਠੰਢ ਪਾਕੇ, ਭਾਂਬੜ ਪਾਪ ਦੇ ਨਾਲੇ ਬੁਝੌਣ ਆਏ। ਨੌਵਾਂ ਗੁਰੂਆਂ ਦੀ ਨੌਵੇਂ ਹੀ ਵਰ੍ਹੇ ਅੰਦਰ, ਤੁਸੀਂ ਬਲ ਤੇ ਸ਼ਕਤੀ ਵਿਖੌਣ ਆਏ। ਕੋਈ ਨਾਂ ਜਿਨ੍ਹਾਂ ਦੇ ਅਥਰੂ ਪੂੰਝਦਾ ਸੀ; ਤੁਸੀਂ ਓਨਾਂ ਨੂੰ ਖਿੜ ਖਿੜ ਹਸੌਣ ਆਏ। ਬੰਸ ਆਪਣਾ ਸਾਰਾ ਉਜਾੜ ਕੇ ਤੇ, ਉੱਜੜ ਗਿਆਂ ਨੂੰ ਤੁਸੀਂ ਵਸੌਣ ਆਏ। ਕਲਗੀਧਰ ਜੀ ਸ੍ਰੀ ਮਹਾਰਾਜ ਪਿਆਰੇ, ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ। ਪੱਥਰ ਚਿੱਤ ਪਹਾੜ ਦੇ ਰਾਜਿਆਂ ਨੇ; ਕਿਤੇ ਚਾਕ ਸਨ ਗਿਰੇਬਾਂ ਜੇਬ ਕੀਤੇ ਕਿਤੇ ਜ਼ਾਲਮ ਮਸੰਦਾਂ ਨੇ ਨਾਲ ਸਿੰਘਾਂ, ਲਖਾਂ ਜ਼ੁਲਮ ਤੇ ਦਗੇ ਫਰੇਬ ਕੀਤੇ। ਕਿਤੇ ਦਾਰਾ ਜਹੇ ਖੂਨ ਵਿਚ ਹਥ ਭਰਕੇ, ਔਰੰਗਜ਼ੇਬ ਸਨ ਰੰਗ, ਬੇਜ਼ੇਬ ਕੀਤੇ। ਸਾਯਾ ਪਾਯਾ ਸੀ ਆਣਕੇ ਤੁਸਾਂ ਐਸਾ, ਜਾਦੂਗਰਾਂ ਦੇ ਦੂਰ ਆਸੇਬ ਕੀਤੇ। ਦੀਨਾਂ ਬੰਧੂ ਜੀ! ਜ਼ੁਲਮ ਦੇ ਬੰਧਨਾਂ ਚੋਂ, ਫਸਿਆਂ ਹੋਇਆਂ ਨੂੰ ਤੁਸੀਂ ਛਡੌਣ ਆਏ। ਕਲਗੀਧਰ ਜੀ ਸ੍ਰੀ ਮਹਾਰਾਜ ਪਿਆਰੇ, ਰੁੜ੍ਹਦੇ ਬੇੜਿਆਂ ਨੂ ਬੰਨੇ ਲੌਣ ਆਏ। ਘੋੜਾ, ਬਾਜ ਤੇ ਬਾਨ, ਕਮਾਨ, ਖੰਡਾ, ਹੋਏ ਕੁਦਰਤੋਂ ਆਪ ਨੂੰ ਦਾਨ ਪੰਜੇ। ਧਰਮ, ਸਿਦਕ, ਸਚਾਈ, ਤੇ ਆਨ, ਸਿੱਖੀ, ਪੰਜੇ ਸਾਹਿਬ ਸਨ ਜੇੜ੍ਹੇ ਨਿਸ਼ਾਨ ਪੰਜੇ। ਟੁਕੜੇ ਜਿਗਰ ਦੇ ਚਾਰ ਤੇ ਪਿਤਾ ਪੰਜਵੇਂ, ਓਨ੍ਹਾਂ ਵਾਸਤੇ ਕੀਤੇ ਕੁਰਬਾਨ ਪੰਜੇ। ਪੰਜ ਤੱਤ ਦੇ ਅਰਥ ਇਹ ਤੁਸਾਂ ਦੱਸੇ, ਕੱਕੇ ਪੰਥ ਨੂੰ ਕੀਤੇ ਪਰਦਾਨ ਪੰਜੇ। ਧਰਮ ਨੇਮ, ਪ੍ਰੇਮ ਦੀ ਜੋਤ ਲੈ ਕੇ ਤੁਸੀਂ ਸਿਖੀ ਦੀ ਸ਼ਮਾਂ ਜਗੌਣ ਆਏ। ਕਲਗੀਧਰ ਜੀ ਸ੍ਰੀ ਮਹਾਰਾਜ ਪਿਆਰੇ ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ। ਡੱਲਾ ਵੇਖਕੇ ਕਿਤੇ ਨਿਗਾਹ ਤੇਰੀ, ਸਣੇ ਕਿਬਰ ਹੰਕਾਰ ਬਲਿਹਾਰ ਹੋਯਾ ਮਾਰਨ ਆਯਾ ਤੇ ਮਰ ਗਿਆ ਆਪ ਕਿਧਰੇ, ਜ਼ਖਮੀ ਤੇਗ਼ ਬਿਨ ਸਿਪਹ ਸਾਲਾਰ ਹੋਯਾ। ਲਿਆਂਦਾ ਇੱਕ ਤੇ ਭਰੇ ਦਰਿਆ ਵੇਖੋ, "ਹੀਰਾ" ਘਾਟ ਤੇ ਕੋਈ ਸ਼ਿਕਾਰ ਹੋਯਾ। ਬਿਨਾਂ ਉੱਕਿਆਂ, ਉੱਕਾ ਈ ਦਿਲ ਵਿੱਧਾ, ਜਿੱਧਰ ਸੁੰਦਰ ਨਿਗਾਹ ਦਾ ਵਾਰ ਹੋਯਾ। ਏਥੇ ਤੀਰ, ਤਲਵਾਰ ਦਾ ਕੰਮ ਕੀ ਸੀ, ਤੁਸੀਂ ਨੈਣਾਂ ਦੇ ਬਾਨ ਚਲੌਣ ਆਏ। ਕਲਗੀਧਰ ਜੀ ਸ੍ਰੀ ਮਹਾਰਾਜ ਪਿਆਰੇ, ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ। ਛੱਟੇ ਅੰਮ੍ਰਿਤ ਦੇ ਮਾਰਕੇ ਠੰਢ ਪਾਈ, ਜੇੜ੍ਹੀਆਂ ਨਿੱਤ ਦੀਆਂ ਹਿਕਾਂ ਸੜਦੀਆਂ ਸਨ। ਚਿੜਕੇ ਆਨ ਤੋਂ ਬਾਜਾਂ ਦੇ ਨਾਲ ਚਿੜੀਆਂ, ਬਾਜੀ ਲੌਂਦੀਆਂ ਸੀਸ ਤੇ ਧੜ ਦੀਆਂ ਸਨ। ਜਾਨਾਂ ਕੱਲੀਆਂ ਕੱਲੀਆਂ ਰਣ ਅੰਦਰ, ਸਵਾ ਲੱਖ ਦੇ ਨਾਲ ਜਾ ਲੜਦੀਆਂ ਸਨ। ਖਾ ਕੇ ਭਾਂਜ ਤੇ ਫ਼ੌਜਾਂ ਗ਼ਨੀਮ ਦੀਆਂ, ਅੱਗੇ ਸ਼ੇਰਾਂ ਦੇ ਜ਼ਰਾ ਨਾ ਅੜਦੀਆਂ ਸਨ। ਸਾਗਰ ਸ਼ਕਤੀ ਦੇ ਖਿਜ਼ਰ-ਖ੍ਵਾਜ ਬਨਕੇ, ਤੁਸੀਂ ਸਿੰਘਾਂ ਨੂੰ ਅੰਮ੍ਰਿਤ ਛਕੌਣ ਆਏ। ਕਲਗੀਧਰ ਜੀ ਸ੍ਰੀ ਮਹਾਰਾਜ ਪਿਆਰੇ, ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ। ਬਾਲ ਗਏ ਓਹ ਸ਼ਮਾਂ ਬਹਾਦਰੀ ਦੀ; ਭੀਮਸੈਣ ਵਾਂਗੂੰ ਅਰਜਨ ਬਲੀ ਵਾਂਗੂੰ। ਆਦਰ ਭਾ ਦੀ ਚਾਦਰ ਬਣਾ ਦਿਤੀ, ਵਗ ਵਗਕੇ ਸੂਤ ਦੀ ਨਲੀ ਵਾਂਗੂੰ। ਬੁੱਲੇ ਦਾਨ ਦੇ ਐਸੇ ਵਗਾ ਦਿਤੇ, ਹਰੀ ਚੰਦ ਵਾਂਗੂੰ, ਹਜ਼ਰਤ ਅਲੀ ਵਾਂਗੂੰ। ਖਾਨਦਾਨਾਂ ਦੇ ਖਾਨਦਾਂ ‘ਫੂਲ' ਬਣ ਗਏ, ਕਿਸਮਤ ਬੰਦ ਸੀ ਜਿਨ੍ਹਾਂ ਦੀ ਕਲੀ ਵਾਂਗੂੰ। ਤੁਸਾਂ ‘ਮਖਣ' ਚੁਰਾਕੇ ਨਹੀਂ ਖਾਧਾ, ਸਗੋਂ ਲੋਕਾਂ ਨੂੰ ਮੱਖਣ ਖੁਔਣ ਆਏ। ਕਲਗੀਧਰ ਜੀ ਸ੍ਰੀ ਮਹਾਰਾਜ ਪਿਆਰੇ, ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ। ਪਰਲੋ ਤੀਕ ਨਾ ਪੰਥ ਤੋਂ ਲਥਣਾ ਏਂ ਜੇੜ੍ਹਾ ਵਾਹਦਤ ਦਾ ਰੰਗ ਚੜਾ ਗਏ। ਸਾਡੇ ਪਿਛੇ ਨਾ ਬਣੇ ਸਮਾਧ ਸਾਡੀ, ਜਾਣ ਲਗੇ ਇਹੋ ਹੁਕਮ ਫਰਮਾ ਗਏ। ਮਤਾਂ ਲੋਕ ਸਮਾਧ ਦੀ ਕਰਨ ਪੂਜਾ, ਜਦੋਂ ਸ਼ਰਧਾ ਦੇ ਜੋਸ਼ ਵਿਚ ਆ ਗਏ। ਸਦਕੇ ਜਾਂ ਮੈਂ ਗੁਰੂ ਜੀ ਤੁਸੀਂ ਵਾਹ ਵਾਹ, ਇਕੋਂਕਾਰ ਦੇ ਅਰਥ ਸਮਝਾ ਗਏ। 'ਸ਼ਰਫ਼' ਦੁਸ਼ਮਣੀ ਕਿਸੇ ਦੇ ਨਾਲ ਨਹੀਂ ਸੀ, ਤੁਸੀਂ ਪਾਪ ਤੇ ਜ਼ੁਲਮ ਮਿਟੌਣ ਆਏ। ਕਲਗੀਧਰ ਜੀ ਸ੍ਰੀ ਮਹਾਰਾਜ ਪਿਆਰੇ, ਰੁੜ੍ਹਦੇ ਬੇੜਿਆਂ ਨੂੰ ਬੰਨੇ ਲੌਣ ਆਏ।
ਮੈਂ ਸੁਤਾ ਤੇ ਕਿਸਮਤ ਜਾਗੀ!
ਕੀ ਆਖਾਂ ਅਜ ਰਾਤੀ ਜਿਹੜੇ ਦਿਤੇ ਗਮਾਂ ਹੁਲਾਰੇ। ਉੱਘੜ ਆਏ ਹਰਫਾਂ ਵਾਂਗੂੰ ਦਾਗ ਜਿਗਰ ਦੇ ਸਾਰੇ। ਅੰਬਰ ਉਤੋਂ ਅੱਖਾਂ ਕਢ ਕਢ ਘੂਰਨ ਲਗੇ ਤਾਰੇ ਦਿਲ ਦੇ ਅੰਦਰ ਚੋਭਾਂ ਪਈਆਂ ਗੁੱਝੇ ਨੇਜ਼ੇ ਮਾਰੇ। ਰਾਹ ਅੰਬਰਦਾ ਨਜ਼ਰੀਂ ਆਯਾ ਨਿਕਲੀ ਤੇਗ ਮਿਆਨੋਂ। ਲਗੀ ਲਗ ਗਈ ਕਰ ਘਾਇਲ ਛਡ ਗਈ ਪਰ ਜਾਨੋਂ। ਅਰਸ਼ਾਂ ਉਤੋਂ ਮੰਗਲ ਤਾਰੇ ਖੂਨੀ ਸ਼ਕਲ ਦਿਖਾਈ। ਟੁਟ ਸ਼ਹਾਬ ਡਿਗੇ ਅਸਮਾਨੋਂ ਅੱਖੋਂ ਅੱਗ ਵਗਾਈ। ਨਾੜਾਂ ਵਾਂਗੂੰ ਨਾੜਾਂ ਸੜੀਆਂ, ਲੂੰ ਲੂੰ ਨੂੰ ਅਗ ਲਗਾਈ। ਪਾਕੇ ਤੇਲ, ਤਰੇਲ ਹੰਝੂ ਦਾ ਬਲਦੀ ਹੋਰ ਮਚਾਈ। ਵਾ ਠੰਢੀ ਦੇ ਬੁੱਲੇ ਵਗ ਵਗ ਰਮਜ਼ਾਂ ਖੋਲ੍ਹਨ ਲਗੇ। ਦਬੀ ਹੋਈ ਅਗ ਸੀਨੇ ਦੀ ਸਾਰੀ ਫੋਲਣ ਲੱਗੇ। ਸਾੜ ਪੁਰਾਣੇ, ਅੱਗ ਨਵੀਂ ਨੇ ਤਨ ਮਨ ਲਾਂਬੂ ਬਾਲੇ। ਲਾਲਾ ਵਾਂਗੂੰ ਦਾਗ ਲਗਾਏ ਦਿਲ ਵਿਚ ਕਾਲੇ ਕਾਲੇ। ਘਾ ਸੀਨੇ ਦੇ ਅੱਲ੍ਹੇ, ਛਿੱਲੇ, ਤੋੜੇ ਕਚੇ ਛਾਲੇ। ਤੜਫਨ ਲਗਾ ਯਾਦ ਆਏ ਜਦ, ਝੂਠਿਆਂ ਕੌਲਾਂ ਵਾਲੇ। ਬੇ-ਵਸ ਹੋਇਆ ਆਖ਼ਰ ਰੋਸਿਆ, ਵੱਸ ਨਾ ਰਿਹਾ ਮੇਰੇ! ਕੁੜ੍ਹ ਕੁੜ੍ਹ ਕੇ ਮੈਂ ਸਿੱਟੇ ਵਾਂਗੂੰ, ਦਾਣੇ ਹੰਝੂ ਕੇਰੇ! ਮੈਂ ਅਣਤਾਰੂ ਤਰਨ ਨਾ ਜਾਣਾ, ਰੋਹੜ ਹੰਝੂ ਦਾ ਆਯਾ! ਡੂੰਘਿਆਂ ਵਣਾਂ ਆਕੇ ਮੈਨੂੰ, ਡੂੰਘੇ ਵਹਿਣ ਡੁਬਾਯਾ! ਦਿਲ ਘਟਿਆ ਤੇ ਵਧੀ ਬੇਹੋਸ਼ੀ, ਡੋਬ ਡੋਬਾਂ ਵਿਖਾਯਾ! ਰੁੜਿਆ ਜਾਂਦਾ ਗੋਤੇ ਖਾਂਦਾ ਮੌਜਾਂ ਮਾਰ ਮੁਕਾਯਾ! ਬੁਲਬੁਲਿਆਂ ਦੇ ਵਾਂਗੂੰ ਆਖਿਰ, ਬੇੜਾ ਮੇਰਾ ਟੁਟਿਆ। ਰੂਹ ਜਾ ਲੱਗਾ ਬੰਨੇ ਉਤੇ, ਬੁਤ ਪਾਣੀ ਵਿੱਚ ਸੁਟਿਆ। ਬੇ-ਦਰਦਾਂ ਦੀ ਗ਼ਫ਼ਲਤ ਆਕੇ ਦੀਦੇ ਮੇਰੇ ਘੁੱਟੇ। ਅੱਖਾਂ ਵਾਲੀਆਂ ਬਾਰੀਆਂ ਉੱਤੇ ਨੀਂਦਰ ਪਰਦੇ ਸੁੱਟੇ। ਰੂਹ ਸੈਲਾਨੀ ਸੁਫ਼ਨੇ ਅੰਦਰ, ਉਡ ਉਡ ਬੁੱਲੇ ਲੁੱਟੇ। ਖੱਟੇ ਪੈ ਕੇ ਚਮਕ ਪਏ ਸਨ, ਮੇਰੇ ਲੇਖ ਨਿਖੁੱਟੇ। ਮੈਂ ਸੁੱਤਾ ਤੇ ਕਿਸਮਤ ਜਾਗੀ, ਡਿੱਠਾ ਅਜਬ ਨਜ਼ਾਰਾ। ਖੁੱਲ੍ਹੇ ਬੂਹ ਸੁਰਗਾਂ ਅੰਦਰ, ਵੜਿਆ ਔਗਣਹਾਰਾ। ਲੱਗਾ ਇਕ ਦੀਵਾਨ ਡਿੱਠਾ ਮੈਂ ਜਗਮਗ ਜਗਮਗ ਕਰਦਾ। ਸੂਰਜ ਚੰਦਰ ਅਦਨਾ ਬਰਦਾ, ਉਸ ਨੂਰਾਨੀ ਦਰ ਦਾ। ਜਾ ਬੈਠਾ ਇਕ ਪਾਸੇ ਹੋਕੇ ਮੈਂ ਭੀ ਡਰਦਾ ਡਰਦਾ। ਐਨੇ ਅੰਦਰ ਦਰਸ਼ਨ ਹੋਯਾ ਮੈਨੂੰ ਕਲਗੀਧਰ ਦਾ। ਕਲਗੀਧਰ ਮਹਾਰਾਜ ਪੁਕਾਰੇ 'ਬੁੱਧੂ ਸ਼ਾਹ' ਜੀ ਜਾਓ। ‘ਸ਼ਰਫ' ਵਿਚਾਰੇ ਦੀ ਬਾਂਹ ਫੜ ਕੇ ਨਾਲ ਅੱਗੇ ਲੈ ਆਓ। ਚਰਨਾਂ ਅੰਦਰ ਹਾਜ਼ਰ ਹੋਕੇ ਅਦਬੋ ਸੀਸ ਝੁਕਾਇਆ। ਅੱਖੀਂ ਖ਼ਾਕ ਪਵਿਤ੍ਰ ਲਾਈ ਨੂਰ ਹਕੀਕੀ ਪਾਇਆ। ਦੀਨਾਂ ਬੰਧੂ ਸਤਿਗੁਰ ਜੀ ਨੇ ਫੜਕੇ ਸੀਸ ਉਠਾਇਆ। ਸੁੰਦਰ ਬੋਲ ਬੋਲਕੇ ਪ੍ਰੀਤਮ ਹਸ ਹਸ ਕੇ ਫਰਮਾਇਆ:- ‘ਪ੍ਯਾਰੇ ਕਾਰਨ ਤੁਹਫਾ ਖੜਦਾ ਮਿਲਣ ਕੋਈ ਜਦ ਜਾਂਦਾ। ਦੁਨੀਆਂ ਵਿਚੋਂ ਸਾਡੇ ਬਦਲੇ ਤੂੰ ਕੀ ਤੁਹਫਾ ਆਂਦਾ?' ਨਿੰਮੂਝੂਣੇ ਨੀਵੀਂ ਅਖੀਂ ਹਥ ਬੰਨ੍ਹ ਅਰਜ ਗੁਜਾਰੀ:- ‘ਜਗ ਵਿਚੋਂ ਕੀ ਤੁਹਫਾ ਲਿਔਂਦਾ ਪ੍ਯਾਰੇ ਪ੍ਰਉਪਕਾਰੀ। ‘ਪਰ ਇਕ ਚੀਜ਼ ਲਿਆਂਦੀ ਹੈ ਮੈਂ ਜੇੜ੍ਹੀ ਤੁਹਾਨੂੰ ਪ੍ਯਾਰੀ। ‘ਜੀਹਦੇ ਇਕ ਕਤਰੇ ਦੀ ਕੀਮਤ ਥੋੜੀ ਦੁਨੀਆਂ ਸਾਰੀ। 'ਖੂਨ ਸ਼ਹੀਦੀ ਜਥੇ ਦਾ ਮੈਂ ਭਰਕੇ ਪ੍ਯਾਲਾ ਲਿਆਂਦਾ। ਕਲਗੀਧਰ ਜੀ ਵੇਖੋ ਬੇਸ਼ਕ ਜੇ ਹੈ ਵੇਖਿਆ ਜਾਂਦਾ।
ਕਲਗੀ ਵਾਲੇ ਜੀ! ਆਪਦੇ ਨਾਮ ਉਤੋਂ!
ਹਾੜੇ ਸੁਣ ਸੁਣ ਕੇ ਦੁਖੀ ਬੰਦਿਆਂ ਦੇ, ਦਯਾ ਕਰਨ ਤੇ ਜਦੋਂ ਕਰਤਾਰ ਹੋਇਆ। 'ਪਟਨੇ' ਸ਼ਹਿਰ ਵਿਚ ਕ੍ਰਿਪਾ ਦੀ ਲੈਹਰ ਆਈ, ਵਿਚੋਂ 'ਲਾਲ' ‘ਸੁਚਾ’ ਪੈਦਾਵਾਰ ਹੋਇਆ। ‘ਮਾਤਾ ਗੁਜਰੀ' ਨੂੰ ਦਾਈ ਨੇ ਆਖਿਆ ਏ, ਤੁਹਾਡੇ ਘਰ ਕੋਈ ‘ਅਵਤਾਰ’ ਹੋਇਆ। ਪਿਤਾ 'ਤੇਗ ਬਹਾਦਰ' ਵਧਾਈਆਂ ਲੈ ਲੈ, ਫੁਲਫੁਲ ਖੁਸ਼ੀ ਵਿਚ ਬਾਗ ਬਹਾਰ ਹੋਇਆ। ਤੇਰਾ ਰੂਪ ਅਨੂਪ ਤੇ ਚੰਦ ਚੇਹਰਾ, ਜੀਹਨੇ ਵੇਖਿਆ ਓਹੋ ਬਲਿਹਾਰ ਹੋਇਆ। ਕਲਗੀ ਵਾਲੇ ਜੀ! ਆਪ ਦੇ ਨਾਮ ਉਤੋਂ, ਸਾਰਾ ਪੰਥ ਬਲਿਹਾਰ ਨਿਸਾਰ ਹੋਇਆ। ਆ ਕੇ ‘ਪੰਡਤਾਂ' ਆਪਦੇ ਸ਼ਹਿਰ ਅੰਦਰ, ਜਦੋਂ ਰੋ ਰੋ ਬੜਾ ਵਿਰਲਾਪ ਕੀਤਾ। ਇਹ ‘ਹਤਿਆ' ਸੀਸ ਕੋਈ ਮੰਗਦੀ ਏ, ਸੁਣਕੇ ਹੁਕਮ ਸੀ ਆਪ ਦੇ ਬਾਪ ਕੀਤਾ। ਨੌਵੇਂ ਵਰਹੇ ਦੋ ਵਿਚ ਸੌ ਤੁਸੀਂ ਓਦੋਂ, ਬੋਲ ਹਸਕੇ ਕੋਲੋਂ ਇਹ ਆਪ ਕੀਤਾ। ‘ਮੇਰੇ ਪਿਤਾ ਜੀ! ਸੀਸ ਭੀ ਜਾਏ ਭਾਵੇਂ, ਜਾਏ ਹਿੰਦ ਚੋਂ ਦੂਰ ਪਰ ਪਾਪ ਕੀਤਾ। ਕਲਗੀ ਵਾਲੇ ਜੀ! ਆਪ ਦੇ ਨਾਮ ਉਤੋਂ, ਸਾਰਾ ਪੰਥ ਬਲਿਹਾਰ ਨਿਸਾਰ ਹੋਇਆ। ‘ਧਰਮ ਰਖਸ਼ਾ' ਵਾਲੀ ਇਹ ਬਿਨੈ ਸੁਣਕੇ ਉਨ੍ਹਾਂ ਕੋਲੋਂ ਵੀ ਨਹੀਂ ਸੀ ਇਨਕਾਰ ਹੋਇਆ। ਕਲਗੀ ਵਾਲੇ ਜੀ ਆਪ ਦੇ ਨਾਮ ਉਤੋਂ, ਸਾਰਾ ਪੰਥ ਬਲਿਹਾਰ ਨਿਸਾਰ ਹੋਇਆ। ਪਥਰ ਦਿਲਾਂ ਦੇ ਡੱਕਰੇ ਹੋਏ ਸੁਣ ਕੇ, ਗਲਾਂ ਆਪ ਦੀਆਂ ਜੇਹੀਆ ਸੱਚੀਆਂ ਸਨ। ਲਹੂ ਆਪਣਾ ਡੋਲ ਬੁਝਾਈਆਂ ਚਾ; ਜੇਹੜੀਆਂ ਪਾਪ ਦੀਆਂ ਅੱਗਾਂ ਮੱਚੀਆਂ ਸਨ। ਸਚ ਕਹਵਾਂ ਮੈਂ ਖਾਲਸਾ ਧਰਮ ਦੀਆਂ, ਕੰਧਾਂ ਗੁਰੂ ਜੀ ਉਦੋਂ ਤੇ ਕੱਚੀਆਂ ਸਨ। ‘ਲਖਤੇ-ਜਿਗਰ’ ਕੁਹਾ ਕੇ ਯੁੱਧ ਅੰਦਰ, ਲਾਈਆਂ ਇਨ੍ਹਾਂ ਨੂੰ ਤੁਸਾਂ ਹੀ ਬੱਚੀਆਂ ਸਨ। ਬਦਲੇ ਇਟਾਂ ਦੇ ਨੀਂਹਾਂ ਵਿਚ ਲਾਲ ਦਿਤੇ, ਤਾਂ ਇਹੀ ਸਿਖੀ ਦਾ ਮੈਹਲ ਤਿਆਰ ਹੋਇਆ। ਕਲਗੀ ਵਾਲੇ ਜੀ ਆਪ ਦੇ ਨਾਮ ਉਤੋਂ, ਸਾਰਾ ਪੰਥ ਬਲਿਹਾਰ ਨਿਸਾਰ ਹੋਇਆ। ਇਕਦਰ ਸੰਗਤ ਤੇਰੀ ਇਕਦਰ ਗੈਰ ਬੈਠਾ, ਵਿਚ ਰਖੀ ਸ਼ਤਰੰਜ ਹੈ ਲਾਲ ਹੋਈ। ਘਰ ਆਣ ਕੇ ਗੈਰਾਂ ਨੇ ਮਲਿਆ ਏ, ਐਸੀ ਪੁਠੀ ਨਸੀਬਾਂ ਦੀ ਚਾਲ ਹੋਈ। ਦੇ ਕੇ 'ਸ਼ੈਹ' ਜੋ ਦੁਸ਼ਮਨ ਨੂੰ ਘਰੋਂ ਕੱਢੋ, ਹੁਣ ਹੈ ਓਸ ਖਿਲਾਰੂ ਦੀ ਭਾਲ ਹੋਈ। ਲੂੰ ਲੂੰ ਸੰਗਤ ਦਾ ਗ਼ਮਾਂ ਵਿਚ ਵਿਨ੍ਹਿਆ ਹੈ, ਦੁਖੀ ਆਪ ਬਾਝੋਂ ਵਾਲ ਵਾਲ ਹੋਈ। “ਨੀਲੀ ਵਾਲਿਆ” ਆਣ ਕੇ ਜਿਤ ਬਾਜ਼ੀ, ਬੜਾ ਚਿਰ ਤੇਰਾ ਇੰਤਜ਼ਾਰ ਹੋਇਆ।
ਦੂਜੀ ਲੜੀਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸ਼ਾਨ ਵਿੱਚ!
ਹਰੀਪੁਰ ਹਜ਼ਾਰੇ ਵਿੱਚ ਕਿਸੇ ਤਅੱਸਬੀ ਦੇ ਹਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤ੍ਰ ਦੇਹ ਜਲਾਈ ਜਾਣ ਸਬੰਧੀ। ਸਾਕੇ ਆਣਕੇ ਗੁਰੂ ਗ੍ਰੰਥ ਜੀ ਦੇ, ਮੇਰੇ ਚਿੱਤ ਤੇ ਇਸਤਰ੍ਹਾਂ ਵਾਰ ਕੀਤਾ। ਸੱਤੀਂ ਕਪੜੀਂ ਲੱਗ ਗਈ ਅੱਗ ਮੈਨੂੰ, ਹਿਰਦਾ ਸਾੜਕੇ ਵਾਂਗ ਅੰਗਿਆਰ ਕੀਤਾ। ਘਰੋਂ ਨਿਕਲਕੇ ਬਾਹਰ ਨੂੰ ਤੁਰ ਪਿਆ ਮੈਂ ਚੇਟਕ ਚਿੱਤ ਨੂੰ ਆਣ ਉਡਾਰ ਕੀਤਾ। ਅੱਗੇ ਪੰਡਤ, ਗ੍ਰੰਥੀ ਤੇ ਮੌਲਵੀ ਦਾ, ਕੱਠੇ ਬੈਠਿਆਂ ਜਾ ਦੀਦਾਰ ਕੀਤਾ। ਆਦਰ ਨਾਲ ਗ੍ਰੰਥੀ ਨੂੰ ਫ਼ਤੇ ਬੋਲੀ, ਪੰਡਤ ਸਾਹਿਬ ਨੂੰ ਭੀ ਨਮਸਕਾਰ ਕੀਤਾ। ਕਿਹਾ ਫੇਰ ਸਲਾਮ ਮੈਂ ਮੌਲਵੀ ਨੂੰ, ਕਿੱਸਾ ਸ਼ੁਰੂ ਤਾਂ ਲੋੜ ਅਨੁਸਾਰ ਕੀਤਾ। "ਕਰਕੇ ਮੇਹਰਬਾਨੀ ਤਿੰਨੇ ਦੱਸ ਦੇਣਾ; ਏਸ ਗੱਲ ਮੈਨੂੰ ਬੇਕਰਾਰ ਕੀਤਾ। ਗੈਰ ਦੀਨ ਦਿਆਂ ਧਰਮ ਪੁਸਤਕਾਂ ਲਈ, ਜੋ ਜੋ ਆਪਣੇ ਮਜ਼੍ਹਬ ਪਰਚਾਰ ਕੀਤਾ।" ਬਾਸ਼ੀ ਕਾਂਸ਼ੀ ਦੇ ਪੰਡਤ ਜੀ ‘ਓਮ' ਕਹਿਕੇ, ਪਹਿਲੇ ਆਪਣਾ ਆਪ ਤਿਆਰ ਕੀਤਾ। 'ਏਕੋ ਬ੍ਰਹਮ ਤੇ ਸਰਬ ਬ੍ਰਹਮ' ਮੰਤਰ, ਰਿਗ ਵੇਦ ਦੇ ਵਿਚੋਂ ਉਚਾਰ ਕੀਤਾ। ਅਰਥ ਏਹ ਕਿ ਆਪ ਪ੍ਰਮਾਤਮਾ ਨੇ, ਜ਼ੱਰੇ ਜ਼ੱਰੇ ਦੇ ਵਿਚ ਅਵਤਾਰ ਕੀਤਾ। ਓਹਦੇ ਵਾਸਤੇ ਸਭਨਾਂ ਦਾ ਇਕ ਰੁਤਬਾ, ਜੀਵ ਜੰਤ ਜੋ ਵਿਚ ਸੰਸਾਰ ਕੀਤਾ। ਕੀਤੀ ਕ੍ਰਿਪਾ ਬਾਹਮਨ ਤੇ ਨਹੀਂ ਉੱਚਾ, ਤੇ ਨਹੀਂ ਸ਼ੂਦਰ ਨੂੰ ਘਟ ਪਿਆਰ ਕੀਤਾ। ਰਾਮ—ਲਛਮਣ ਬੀ ਓਸੇ ਉਪਾਏ ਹੈਸਨ, ਪਰਗਟ ਓਸੇ ਨੇ ਚੇਤਾ ਚਮਿਆਰ ਕੀਤਾ। ਫ਼ਤੇ ਬੋਲ ਗ੍ਰੰਥੀ ਜੀ ਫੇਰ ਉਚਰੇ, 'ਸਾਡੇ ਧਰਮ ਨੇ ਇਹ ਪ੍ਰਚਾਰ ਕੀਤਾ। ਕਹੋ ਬੇਦ ਕਤੇਬ ਨੂੰ ਮਤ ਝੂਠਾ, ਝੂਠਾ, ਓਹ ਨਾਂ ਜਿਨ੍ਹੇ ਵਿਚਾਰ ਕੀਤਾ। ਓਹੋ ਰੱਦਿਆ ਗਿਆ ਦਰਗਾਹ ਵਿਚੋਂ, ਏਸ ਗੱਲ ਤੋਂ ਜਿਨ੍ਹੇ ਇਨਕਾਰ ਕੀਤਾ। ਰਚਨਾ ਓਸੇ ਦੀ ਸਾਰੀ ਰਚਾਈ ਹੋਈ ਏ, ਜੋ ਜੋ ਜੱਗ ਦੇ ਵਿਚ ਕਰਤਾਰ ਕੀਤਾ। ਵੱਖੋ ਵੱਖਰਾ ਨਾਮ ਜਪਾਉਣ ਬਦਲੇ, ਰੰਗ ਰੰਗ ਉਪਾ ਪਸਾਰ ਕੀਤਾ। ਇੱਕੋ ਟਿੰਗ ਉੱਤੇ ਕੰਢਾ ਫੁੱਲ ਲਾਕੇ, ਘ੍ਰਿਣਾ, ਈਰਖਾ ਵਿਚ ਸੁਧਾਰ ਕੀਤਾ। ਕਿਸੇ ਹੱਥ ਕੜਾ, ਕਿਸੇ ਹੱਥ ਤਸਬੀ, ਗਲ ਕਿਸੇ ਦੇ ਜੰਜੂ ਦਾ ਹਾਰ ਕੀਤਾ। ਇਕਨਾ ਸੋਹਣੀਆਂ ਸ਼ੌਹ ਭਰਮਾਣ ਬਦਲੇ, ਰੰਗ ਰੰਗ ਦਾ ਹਾਰ ਸਿੰਗਾਰ ਕੀਤਾ। ਇਕਨਾਂ ਚਾਤਰਾਂ ਵਿੱਦਿਆ ਪੜ੍ਹ ਪੜ੍ਹਕੇ, ਅਕਲ ਬੁੱਧ ਦਾ ਮਾਨ ਹੰਕਾਰ ਕੀਤਾ। ਇਕਨਾਂ ਕੋਝੀਆਂ ਓਸ ਨਿਰਪੱਖ ਸ਼ੌਹ ਦਾ, ਕਰਕੇ ਆਸਰਾ ਚਿੱਤ ਅਧਾਰ ਕੀਤਾ। ਓਥੇ ਕੌਣ ਸੁਹਾਗਣ ਤੇ ਕੌਣ ਰੰਡੀ, ਖ਼ਬਰੇ ਕਿੰਨੂੰ ਮਨਜ਼ੂਰ ਸਰਕਾਰ ਕੀਤਾ। ਫੇਰ ਮੌਲਵੀ ਸਾਹਿਬ ਨੇ ਆਖਿਆ ਏਹ, 'ਸੁਣ ਲੈ ਸਾਫ ਕੁਰਆਨ ਇਜ਼ਹਾਰ ਕੀਤਾ। ‘ਵਮਾਉਂਨ ਜ਼ਿਲਾ ਅਲੋਕਾ ਵਮਾਉਨ ਜ਼ਿਲਾ, ਮਿਨਕ ਬਲਿਕ ਦਾ ਜ਼ਾਹਿਰ ਇਸਰਾਰ ਕੀਤਾ। ‘ਵੱਲੇ ਕੁਲੌ ਕੌਮਿਨਹਾਦ' ਵਾਲੜਾ ਬੀ, ਸਾਫ਼ ਸਾਫ਼ ਹੈ ਹੁਕਮ ਗੱਫ਼ਾਰ ਕੀਤਾ। ਅਰਥ ਇਹ ਕਿ ਥਾਂ ਥਾਂ ਕੌਮ ਅੰਦਰ, ਪਰਗਟ ਰਿਸ਼ੀ ਪੈਗੰਬਰ ਅਵਤਾਰ ਕੀਤਾ। ਓਹਨਾਂ ਹੱਥ ਕਿਤਾਬਾਂ ਬੀ ਘੱਲੀਆਂ ਨੇ, ਤਾਂ ਜੇ ਸੱਚ ਦਾ ਜਾਏ ਇਤਬਾਰ ਕੀਤਾ। ਕਿਸੇ ਓਸ ਨੂੰ 'ਲਾ ਸ਼ਰੀਕ' ਕਿਹਾ, ਕਿਸੇ ਤਰਜਮਾ ‘ਇਕ ਓਅੰਕਾਰ' ਕੀਤਾ। ਆਦਰ ਦੂਜਿਆਂ ਮਜ੍ਹਬਾਂ ਦਾ ਕਰਨ ਬਦਲੇ, ਸਾਫ ਹੁਕਮ ਏਹ ਅਹਿਮਦ ਮੁਖ਼ਤਾਰ ਕੀਤਾ। ਬੁਰਾ ਬੋਲਕੇ ਕਿਸੇ ਦੇ ਬੁੱਤ ਨੂੰ ਵੀ, ਓਹਦਾ ਦਿਲ ਨਾਂ ਜਾਏ ਬੇਜ਼ਾਰ ਕੀਤਾ। ਤੇਰੇ ਅੱਲਾ ਨੂੰ ਕੱਢੇਗਾ ਗਾਲ ਓਹ ਬੀ, ਜੇ ਤੂੰ ਕਿਸੇ ਦੇ ਬੁੱਤ ਤੇ ਵਾਰ ਕੀਤਾ। ਜ਼ਾਤ ਪਾਤ ਦੀ ਓਸ ਨਹੀਂ ਰਈ ਕਰਨੀ, ਬੇੜਾ ਅਮਲਾਂ ਤੇ ਜਾਣਾ ਏ ਪਾਰ ਕੀਤਾ। ਮੈਂ ਏਹ ਬੋਲ ਨਿਰੋਲ ਨਿਰਪੱਖ ਸੁਣਕੇ, ਸੜਦੇ ਕਾਲਜੇ ਨੂੰ ਠੰਢਾ ਠਾਰ ਕੀਤਾ। ਫੇਰ ਆਖਿਆ ਮੈਂ ਹਰੀ ਪੁਰ ਅੰਦਰ, ਦੇਖੋ ਜ਼ੁਲਮ ਏਹ ਕਿਸੇ ਬੁਰਿਆਰ ਕੀਤਾ। ਅੱਗ ਬਾਲਕੇ ਗੁਰੂ ਗ੍ਰੰਥ ਉੱਤੇ, ਸੌਦਾ ਨਰਕ ਦਾ ਜੱਗ ਵਿਚਕਾਰ ਕੀਤਾ। ਹੌਕਾ ਮਾਰਕੇ ਬੋਲ ਸਰਾਪ ਵਾਲਾ, ਜਾਰੀ ਉਨ੍ਹਾਂ ਏਹ ਸੁਣਦਿਆਂ ਸਾਰ ਕੀਤਾ। ਓਹਦਾ ਕਫ਼ਨ ਬੀ ਓਹਨੂੰ ਫਿਟਕਾਰ ਪਾਸੀ, ਜਿਸ ਨੇ ਇਸਤਰ੍ਹਾਂ ਅੱਤਯਾਚਾਰ ਕੀਤਾ। ਕਾਲੋਂ ਪਾਪ ਦੀ ਜੱਗ ਤੇ ਆਪ ਲੈਕੇ, ਕਾਲਾ ਮੂੰਹ ਹੈ ਓਸ ਮੁਰਦਾਰ ਕੀਤਾ। ਲਾਈ ਓਸਨੇ ਅੱਗ ਗ੍ਰੰਥ ਨੂੰ ਨਹੀਂ, ਹੱਥੀਂ ਨਰਕ ਦਾ ਆਪ ਵਿਹਾਰ ਕੀਤਾ। ਸੜ ਗਏ ਜਿਉਂਦਿਆਂ ਜੱਗ ਤੇ ਭਾਗ ਓਹਦੇ, ਮੁਰਦਾ ਅੰਤ ਦੇ ਵਿੱਚ ਖ਼ਵਾਰ ਕੀਤਾ ‘ਸ਼ਰਫ਼' ਸੱਚ ਨੂੰ ਕਦੀ ਨਹੀਂ ਆਂਚ ਲਗਦੀ, ਸੜਕੇ ਬੀੜ ਨੇ ਪੰਥ ਗੁਲਜ਼ਾਰ ਕੀਤਾ।
ਤੀਜੀ ਲੜੀਮਾਨਯੋਗ ਸ਼ਹੀਦਾਂ ਦੀ ਸ਼ਾਨ ਵਿਚ
ਦਾਸਤਾਂ ਸ਼ਹੀਦਾਂ ਰੰਗੀਲਿਆਂ ਦੀ, ਜਦੋਂ ਲਿਖਣ ਲਈ ਮੇਰਾ ਖਿਆਲ ਤੁਰਿਆ। ਸਾਗਰ ਵਿਚ ਜਿਉਂ ਆਵੇ ਜੁਵਾਰ ਭਾਟਾ, ਖਾ ਕੇ ਇਸਤਰਾਂ ਜੋਸ਼ ਉਬਾਲ ਤੁਰਿਆ। ਕੇਸਰ ਭਿੰਨੇ ‘ਸ਼ਹੀਦਾਂ' ਦੀ ਯਾਦ ਅੰਦਰ, ਰੰਗ ਹੰਝੂਆਂ ਦਾ ਹੋ ਕੇ ਲਾਲ ਤੁਰਿਆ। ਸੀਨਾ ਹੋਇਆ ਦੋ ਡੱਕ ਕੜੱਕ ਕਰਕੇ, ‘ਕਲਮ‘ 'ਕਾਗਜ਼' ਤੇ ਥਿੜਕਦੀ ਚਾਲ ਤੁਰਿਆ। ਨਾਂ ਰਹਿਣੇ, ‘ਨਰੈਣੇ' ਦਾ ਜਗ ਅੰਦਰ, ਘਰ ਘਰ ਚਰਚਾ ਇਹ ਜਦੋਂ ਕਮਾਲ ਤੁਰਿਆ। ‘ਰਾਜ' ਗੁਰੂ ਨੇ ਜੀਹਨੂੰ ਬਹਾਲਿਆ ਸੀ, ‘ਚੱਕੀ’ ਚੱਟਨ ਓਹ ਉਠ 'ਛਨਾਲ’ ਤੁਰਿਆ। ਕਹਿੰਦਾ ਵਾਹਿਗੁਰੂ ਵਾਹਿਗੁਰੂ ਸਿੰਘ ਜਥਾ, ਐਸ ਗੱਲ ਦੀ ਕਰਨ ਪੜਤਾਲ ਤੁਰਿਆ। ‘ਸਬਰ’ ਸਿੰਘਾਂ ਦਾ ਵੇਖਣ ਨੂੰ ਸਵਰਗ ਵਿਚੋਂ, ਦਸਮ ਪਿਤਾ ਓਧਰ ‘ਲਾਜ ਪਾਲ' ਤੁਰਿਆ। ਬੈਠਾ ਮੋਰਚੇ ਗੱਡ ਕੇ 'ਦੁਸ਼ਟ' ਏਧਰ, ਠੋਕਰ ਮਾਰ ਕੇ ਜਿਨਹੂੰ 'ਇਕਬਾਲ' ਤੁਰਿਆ। ਲੈ ਕੇ ਸ਼ਿਮਰ ‘ਹਰਾਮੀਆਂ' ‘ਸਾਮੀਆਂ’ ਨੂੰ, ਮਾਰਨ ਜਿਉਂ ‘ਰਸੂਲ' ਦੀ ‘ਆਲ' ਤੁਰਿਆ। ਓਸੇ ਤਰ੍ਹਾਂ ‘ਗੁਰੂ ਨਾਨਕ' ਦੇ ਸੇਵਕਾਂ ਨੂੰ, ਕਤਲ ਕਰਨ ‘ਨਰੈਣਾ' ਚੰਡਾਲ ਤੁਰਿਆ। ਮਾਰ ਜੰਦਰੇ, ਅੰਦਰੇ ਸਿੰਘ ਮਾਰੇ, ‘ਬਾਸ਼ਕ' ਧੌਲ ਦੇ ਦਿਲੋਂ ਭੁਚਾਲ ਤੁਰਿਆ। ਧਰਤੀ 'ਜਲਿਆਂ ਵਾਲ' ਦੀ ਕੰਬ ਉਠੀ, ਧਰੂਹ ਭਗਤ ਵੀ ਹੋ ਕੇ ਬੇਹਾਲ ਤੁਰਿਆ। ਧਾਰਾਂ ਲਹੂ ਦੀਆਂ ਇਸਤਰ੍ਹਾਂ ਚਲੀਆਂ ਸਨ; ਆਵੇ ਖਾਲ ਦਾ ਜਿਵੇਂ ਨਿਕਾਲ ਤੁਰਿਆ । ਇਹ ਅਸਚਰਜ ਪਚਕਾਰੀਆਂ ਨਜ਼ਰ ਆਈਆਂ, ਨਾੜ ਨਾੜ ਚੋਂ ਲਾਲ ਗੁਲਾਲ ਤੁਰਿਆ। ‘ਨਾਫ਼ੇ’ ਖੁਲ੍ਹੇ ‘ਸ਼ਹੀਦਾਂ ਦੇ ਖੂਨ' ਦੇ ਜਹੇ, ਹਰਨ ਖਿ਼ਤਨ ਦਾ ਜਿਗਰ ਸੰਭਾਲੇ ਤੁਰਿਆ। 'ਖ਼ਾਕ ਪਾਕ' ਨਾਂ ਮਥੇ ਦੇ ਨਾਲ ਲਾਈ ਐਸੇ ਆਸ ਵਿਚ ਕੋਈ ਨਿਢਾਲ ਤੁਰਿਆ। ਐਸੇ ‘ਦੇਸ' ਨੂੰ ਕਿਸੇ ‘ਅਦੇਸ' ਕਹਿਆ, ਕੋਈ ਬੋਲ ‘ਸਤਿ ਸ੍ਰੀ ਅਕਾਲ' ਤੁਰਿਆ। ਦਰਸ਼ਨ ਕਰਨ ਦੀ ਕਿਸੇ ਨੂੰ ਰੀਝ ਰਹਿ ਗਈ, ਕੋਈ ਵੇਖ ‘ਦੀਦਾਰ' ਜਮਾਲ ਤੁਰਿਆ। ਕਿਸੇ ਹੱਸਕੇ ਛਵ੍ਹੀਆਂ ਦੇ ਵਾਰ ਝੱਲੇ, ਇਕ ਹਿੱਕ ਦੀ ਭੰਨਕੇ ਢਾਲ ਤੁਰਿਆ। ਬਲ ਅੱਖਾਂ ਦੇ ‘ਪ੍ਰੀਤਮ' ਦੀ ਗਲੀ ਅੰਦਰ, ਖ਼ਾਕ ਪਾਕ ਨੂੰ ਵੇਖ ਕੋਈ ਭਾਲ ਤੁਰਿਆ। ‘ਛੇਲ' ਸਿੰਘ ਕੋਈ ਵਾਂਗ ‘ਸੁਬੇਗ ਸਿੰਘ' ਦੇ, ਤੋੜ ਜੱਗ ਦੇ ਸਾਰੇ ਜੰਜਾਲ ਤੁਰਿਆ। ‘ਤਾਰੂ ਸਿੰਘ' ਵਾਗੂੰ ਮੰਗਣ ਦਾਨ ਕੋਈ, ਪਿਆਲਾ ਖੋਪਰੀ ਲਾਹ ਕੰਗਾਲ ਤੁਰਿਆ। ‘ਮਨੀ ਸਿੰਘ’ ਵਾਂਗੂੰ ਹੋਕੇ ਕਈ ਟੁਕੜੇ, ਅੰਮ੍ਰਿਤ ਛਕਣ ਦੇ ਕੌਲ ਨੂੰ ਪਾਲ ਤੁਰਿਆ। ਕੋਈ ‘ਦੀਪ ਸਿੰਘ’ ਧਰਮ ਦੇ ਦੀਪ ਉੱਤੇ, ਆਪਾ ਵਾਂਗ ਪਤੰਗ ਦੇ ਜਾਲ ਤੁਰਿਆ। ‘ਲਛਮਨ ਸਿੰਘ' ਕਹਿਆ ਮੈਂ ਵੀ ਚੱਲਨਾ ਹਾਂ, ਜਿਵੇਂ ‘ਲਛਮਨ' ਸੀ ‘ਰਾਮ' ਦੇ ਨਾਲ ਤੁਰਿਆ। ਦੁੱਖ ਪੰਥ ਦਾ ਵੇਖ਼ ਗ੍ਰੰਥ ਵਿਚੋਂ, ‘ਇਸਮ ਆਜ਼ਮ' ਉਡਕੇ ਓਸੇ ਹਾਲ ਤੁਰਿਆ। ਅੱਖਰ, ਅੱਖਰ ਦੀ ਅੱਖ ਸੀ ਭਰੀ ਲਹੂ ਦੀ, ਸੀਨਾ ਛਾਨਣੀ ਹੋਇਆ ਵਖਾਲ ਤੁਰਿਆ। ਕਿਸੇ ਮਾਂ ਦੁਖਿਆਰੀ ਦਾ ਚੋਹਗੜਾ ਈ, ਰਾਹ ਸਵਰਗ ਦੇ ਹੋਕੇ ਖੁਸ਼ਹਾਲ ਤੁਰਿਆ। ਬੁੱਢੇ ਪਿਤਾ ਦਾ ਠੁੱਮਨਾਂ ਪੁੱਤਰ ਕੋਈ, ਲੱਕ ਤੋੜਕੇ ਸੀ ਨੌ ਨਿਹਾਲ ਤੁਰਿਆ। ਕਿਸੇ ਵੀਰ ਦੀ ਭੱਜ ਗਈ ਬਾਂਹ ਸੱਜੀ, ਦੁੱਖਾਂ ਸੁਖਾਂ ਦਾ ਵੀਰ ਭਿਆਲ ਤੁਰਿਆ। ਭੈਣ ‘ਔਸੀਆਂ' ਪਾ ਪਾ ਰਾਹ ਵੇਖੇ, ਆਉਂਦਾ ਵੀਰ ਹੋਊਗਾ ਨੇਕ ਫ਼ਾਲ ਤੁਰਿਆ। ਨਾਰੀ ਆਖਦੀ ਉਡਕੇ ਦਸ ਕਾਵਾਂ, ਜੇਕਰ ਪਤੀ ਆਵੇ ਪ੍ਰਿਤਪਾਲ ਤੁਰਿਆ। ਠੇਡੇ ਖਾਂਦਾ ਕੋਈ ਪਿਤਾ ਦਾ ਰਾਹ ਵੇਖੇ, ਨੀਮ ਸੁਧ ਯਤੀਮ ਕੋਈ ਬਾਲ ਤੁਰਿਆ। ਬੋਲ ਫ਼ਤ੍ਹੇ, ਐਪਰ ਫਤੇਪੁਰ ਪਹੁੰਚਾ, ਜਥਾ ਫ਼ਤੇ ਕਰਕੇ ਵੈਰੋਵਾਲ ਤੁਰਿਆ। ਏਹਨਾਂ ਮੁਕਤਿਆਂ ਦਾ ਸਿਦਕ ਵੇਖਕੇ ਤੇ, 'ਮੁਕਤਸਰ' ਵੀ ਨੀਰ ਉਛਾਲ ਤੁਰਿਆ। ਡਿਠੇ ਜਦੋਂ ਇਹ ਚੱਨ ਦੋਖੱਨ ਹੋਏ, ‘ਚੱਨ ਚੌਧਵੀਂ’ ਦਾ ਹੋ ‘ਹਲਾਲ' ਤੁਰਿਆ। ਕਢੇ ਅੱਥਰੂ ਲਾਲਾਂ ਦੇ ਪਰਬਤਾਂ ਨੇ, ਸਾਗਰ ਮੋਤੀ ਦੇ ਹੰਝੂ ਉਪਰਾਲ ਤੁਰਿਆ। ਸੋਟ ਕਰਨ ‘ਸ਼ਹੀਦਾਂ' ਦੀ ਜੰਝ ਉਤੋਂ, ਚੰਦ ਤਾਰਿਆਂ ਦਾ ਭਰਕੇ ਥਾਲ ਤੁਰਿਆ। ਨਾਵਾਂ ਆਪਣਾ ਕਰ 'ਸ਼ਹੀਦ' ਰੌਸ਼ਨ, ‘ਪਾਪੀ’ ਜੱਗ ਦੀ ਖੱਟ ਮੁਕਾਲ ਤੁਰਿਆ। ਦਸਮੇਂ ਪਿਤਾ ਦੇ ‘ਸ਼ਰਫ਼' ਦੁਲਾਰਿਆਂ ਨੂੰ, ‘ਦਸਵੇਂ ਫਗਣੋਂ' ਹੈ ਚੌਥਾ ਸਾਲ ਤੁਰਿਆ।
ਕੇਹੜੇ ਵਿੱਛੜੇ ਨੇ ਹੰਸ ਡਾਰ ਵਿਚੋਂ?
ਖੂਨ ਫੁੱਟਿਆ ਕਿਨ੍ਹਾਂ ਬੇ-ਦੋਸਿਆਂ ਦਾ, ਥਾਂ ਫੁੱਲਾਂ ਦੀ ਅਜ ਅਨਾਰ ਵਿਚੋਂ? ਫੀਤੀ ਫੀਤੀ ਹੈ ਗੇਂਦੇ ਦਾ ਫੁੱਲ ਹੋਯਾ, ਕੇਹੜੇ ਚੁਣੇ ਗਏ ਫੁੱਲ ਗੁਲਜ਼ਾਰ ਵਿਚੋਂ? ਕੇਹੜੇ ਭੱਠੇ ਦੇ ਲੰਬੂ ਅਜ ਯਾਦ ਆ ਗਏ, ਨਿਕਲਣ ਲਗੀ ਏ ਅੱਗ ਕਚਨਾਰ ਵਿਚੋਂ? ਬਿਰਛਾਂ ਬੂਟਿਆਂ ਕਿਨ੍ਹਾਂ ਦੇ ਸੋਗ ਅੰਦਰ, ਪੱਤਰ ਤੋੜੇ ਨੇ ਹਾਰ ਸ਼ਿੰਗਾਰ ਵਿਚੋਂ? ਫੁੱਲ ਲਾਲਾਂ ਦੇ ਕਿਨ੍ਹਾਂ ਦੀ ਯਾਦ ਅੰਦਰ, ਸੀਨਾ ਕੱਢ ਬੈਠੇ ਦਾਗਦਾਰ ਵਿਚੋਂ? ਕਿਨ੍ਹਾਂ ਲਾਲਾਂ ਦਾ ਲਾਯਾ ਵਿਯੋਗ ਦਿਲ ਨੂੰ, ਦੱਸੋ ਸਰੋਂ ਨੇ ਏਸ ਸੰਸਾਰ ਵਿਚੋਂ? ਸਾਲੂ ਸਾਵਿਆਂ ਪੱਤਾਂ ਦਾ ਦੂਰ ਕਰਕੇ, ਮੁਖ ਕਢਿਆ ਪੀਲਾ, ਵਸਾਰ ਵਿਚੋਂ? ਸਜ ਵਾਂਗ ਅਜ ਨੈਣ ਵਿਰਲਾਪ ਕਰਦੇ, ਕੇਹੜੇ ਵਿੱਛੜੇ ਨੇ ਹੰਸ ਡਾਰ ਵਿਚੋਂ? ਕੂੰਨ੍ਹਾਂ ਅੰਮ੍ਰਿਤ ਦੀ ਸ਼ਕਤੀ ਵਖਾਲ ਦਿਤੀ, ਡੋਲ੍ਹੋ ਨੂਰ ਕਿਰਪਾਨ ਦੀ ਧਾਰ ਵਿਚੋਂ? ਕਿਨ੍ਹਾਂ ਕੇਸਾਂ ਦੀ ਬਾਸ਼ਨਾ ਖਿੱਲਰੀ ਏ, ਵੇਖਣ ਨਿਕਲਿਆਂ ਮੁਸ਼ਕ ਤਾਤਾਰ ਵਿਚੋਂ? ਕੇੜ੍ਹੇ ਲਾਲ ਨਾਯਾਬ ਗੁਆਚ ਗਏ ਨੇ, ਚਾਲੀ ਲਖ ਦੇ ਕੀਮਤੀ ਹਾਰ ਵਿਚੋਂ? ਅੰਬਰ ਅਜ ਕਲ ਜਿਨ੍ਹਾਂ ਦੀ ਯਾਦ ਅੰਦਰ, ਮੋਤੀ ਪਿਆ ਬਰਸ ਏ ਫੁਹਾਰ ਵਿਚੋਂ? ਫੜੀ ਹੋਈ ਸਤਾਰ ਹੈ ਝਿੰਮਣੀਆਂ ਦੀ, ਕੱਢਣ ਪੁਤਲੀਆਂ ਰਾਗ ਹਜ਼ਾਰ ਵਿਚੋਂ? ਹੰਝੂ ਵਾਂਗ ਅੰਗਿਆਰਿਆਂ ਡਿੱਗਦੇ ਨੇ, ਨਿਕਲੇ ਦੀਪਕ ਦੀ ਲੈ ਮਲਹਾਰ ਵਿਚੋਂ? ਕਿਨ੍ਹਾਂ ਸੂਰਿਆਂ ਪੂਰਿਆਂ ਸੀਸ ਦਿੱਤੇ, ਖੁੰਢੀ ਜ਼ੁਲਮ ਦੀ ਹੋਈ ਤਲਵਾਰ ਵਿਚੋਂ? ਕਿਨ੍ਹਾਂ ਕੱਢਿਆ ਚੰਦ ਸ਼ਹੀਦੀਆਂ ਦਾ, ਰਾਤ ਜ਼ੁਲਮ ਵਾਲੀ ਧੁੰਦੂਕਾਰ ਵਿਚੋਂ? ਨਾਮ, ਮੁਕਤੀਆਂ, ਭੁਕਤੀਆਂ ਪਾਏ ਕਿਨ੍ਹਾਂ, ਧਰਮ ਬੀਰਤਾ ਨੇਮ ਬਾਜ਼ਾਰ ਵਿਚੋਂ? ਕਾਹਨੂੰ ‘ਤੂਰ’ ਵਿਚਾਰੇ 'ਨੂੰ ਸਾੜਨਾ ਏਂ, ਜਲਵੇ ਮੰਗਕੇ ਖਾਸ ਦਰਬਾਰ ਵਿਚੋਂ? ਹਜ਼ਰਤ ਮੂਸਾ ਨਨਕਾਣੇ ਵਿਚ ਆ ਵੇਖੀਂ, ਸ਼ੋਲੇ ਨੂਰ ਦੇ ਨਿਕਲਦੇ ਨਾਰ ਵਿਚੋਂ? ਜਿਗਰ ਕਾਲਜੇ ਫੂਕਦੀ ਘੂਕਦੀ ਏ, ਨਿਕਲੀ ਕੂਕ ਸ਼ਹੀਦ ਦੀ ਤਾਰ ਵਿਚੋਂ:- ਏਹ ਅਜ ਓਹਨਾਂ ਦੀ ਬਰਸੀ ਤੇ ਫੁੱਲ ਬਰਸਨ, ਜੇਹੜੇ ਪੰਥ ਉਤੋਂ ਜਾਨ ਵਾਰ ਗਏ ਨੇ। ਨੈਂ ਲੰਘ ਗਏ ਆਪ ਸ਼ਹੀਦੀਆਂ ਦੀ, ਸਾਨੂੰ ਕੰਢੇ ਤੇ 'ਸ਼ਰਫ਼’ ਖਲ੍ਹਾਰ ਗਏ ਨੇ।
ਚੌਥੀ ਲੜੀਸਾਹਿਤਕ ਲਾਲਾਂ ਦੀ ਬਰਖਾ
(ਇਕ ਤਸਵੀਰ ਵਿਚ ਇਕ ਛੋਟਾ ਬੱਚਾ ਖੜੋਤਾ ਹੈ ਤੇ ਸਭ ਤੋਂ ਪਹਿਲਾਂ ਕਦਮ ਪੁਟਣ ਲਗਾ ਹੈ ਥੋੜੀ ਦੂਰ ਬਾਹਾਂ ਲੰਮੀਆਂ ਕਰਕੇ ਮਾਂ ਬਚੇ ਦਾ ਪਹਿਲਾ ਕਦਮ ਪੁਟਣ ਦੀ ਖੁਸ਼ੀ ਵਿਚ ਬੈਠੀ ਹੈ, ਬਚੇ ਨੇ ਵੀ ਮਾਂ ਦੇ ਵਲ ਬਾਹਾਂ ਖਿਲਾਰੀਆਂ ਹਨ ਤੇ ਡਿਗ ਪੈਣ ਤੋਂ ਡਰਦਾ ਕਦਮ ਨਹੀਂ ਪੁਟਦਾ। ਏਹ ਤਸਵੀਰ ਵੇਖਕੇ ਹੇਠ ਲਿਖੀ ਕਵਿਤਾ ਲਿਖੀ ਗਈ) ਮੇਰੇ ਹੀਰਿਆ ਡੋਲਦਾ ਡਲ੍ਹਕਦਾ ਈ, ਏਸੇ ਲਟਕ ਸੁਹਾਵਣੀ ਨਾਲ-ਆ ਜਾ। ਭਰ ਭਰ ਮੋਤੀਆਂ ਦੇ ਥਾਲ ਵੰਡ ਦੇਵਾਂ, ਹਸ ਹਸ ਕੇ ਹੰਸ ਦੀ ਚਾਲ-ਆ ਜਾ। ਜਾਵੇ ਮਾਂ ਘੋਲੀ ਏਸ ਹੰਬਲੇ ਤੋਂ, ਹੋਰ ਮਾਰ ਇਕ ਨਿਕੀ ਜਹੀ ਛਾਲ-ਆਜਾ। ਚੀਜੋ ਦਿਆਂ ਤੈਨੂੰ ਨਾਲੇ ਗੇਂਦ ਦੇਵਾਂ, ਆ ਆ ਛੇਤੀ ਮੇਰੇ ਲਾਲ-ਆ ਜਾ। ਘੁੱਟ ਘੁੱਟ ਕੇ ਹਿਕ ਦੇ ਨਾਲ ਲਾਵਾਂ, ਗਲੇ ਵਿਚ ਪਾਵਾਂ ਬਾਹਾਂ ਖੁਲੀਆਂ ਨੂੰ। ਘੁੱਟ ਅੰਮ੍ਰਿਤਾਂ ਦੇ 'ਸ਼ਰਫ਼' ਪੀ ਜਾਵਾਂ, ਚੁੰਮ ਚੁੰਮ ਕੇ ਸੋਹਣੀਆਂ ਬੁਲ੍ਹੀਆਂ ਨੂੰ।
ਕਤਰਾ ਵੇਖਿਆ ਇਕ ਤਰੇਲ ਦਾ ਮੈਂ
ਗਹੁ ਨਾਲ ਸੁਣਨਾ ਸਾਰੇ ਕੰਨ ਧਰਕੇ, ਕਿਸਾ ਕਹਾਂ ਅਚਰਜ ਸਵੇਲ ਦਾ ਮੈਂ। ਮੋਰ ਵਾਂਗ ਬਨਿਸਤ ਅਜ ਮਸਤ ਹੋ ਕੇ, ਗਿਆ ਬਾਗ ਵਿਚ ਰੇਲਦਾ ਪੇਲਦਾ ਮੈਂ। ਤੋੜ ਤੋੜ ਕੇ ਫੁੱਲਾਂ ਖਿਡੌਣਿਆਂ ਨੂੰ, ਹੈਸਾਂ ਜਾਤਕਾਂ ਦੇ ਵਾਂਗ ਖੇਲਦਾ ਮੈਂ। ਬੈਠਾ ਹੋਇਆ ਗੁਲਾਬ ਦੇ ਫੁੱਲ ਉਤੇ, ਕਤਰਾ ਵੇਖਿਆ ਇਕ ਤਰੇਲ ਦਾ ਮੈਂ। ਉਹਦੀ ਚਮਕ ਦੀ ਚੜ੍ਹਤ ਕੁਝ ਵਖਰੀ ਸੀ, ਸ਼ਮਸੀ1 ਹੀਰਿਆਂ ਦੀ ਰੰਗਣ ਦੱਖ ਕੋਲੋਂ। ਪਰ ਉਹ ਪਾਰੇ ਦੇ ਵਾਂਗ ਤ੍ਰਿਬਕਦਾ ਸੀ, ਰਤੀ ਤਿੱਖੜੀ ਕਿਸੇ ਦੀ ਅਖ ਕੋਲੋਂ। ਓਹਨੂੰ ਕਿਹਾ ਮੈਂ ਚੰਨ ਦੀ ਅੱਖ ਵਿਚੋਂ, ਹੰਝੂ ਡਿਗਿਆ ਤੂੰ ਜਾਂਦੀ ਵਾਰ ਦਾ ਏਂ। ਯਾ ਹੈਂ ਬੁਲਬੁਲਾ ਫੁੱਲ ਦੀ ਉਮਰ ਵਾਲਾ, ਜਾਂ ਤੂੰ ਅੱਥਰੂ ਬੁਲਬੁਲ ਦੇ ਪਿਆਰ ਦਾ ਏਂ। ਹਥੋਂ ਪਾਈ ਪ੍ਰੇਮ ਦੀ ਵਿਚ ਯਾ ਤੂੰ, ਮੋਤੀ ਟੁਟਿਆ ਸ਼ਾਮ ਦੇ ਹਾਰ ਦਾ ਏਂ। ਯਾ ਤੂੰ ਰੈਨ ਦੇ ਕੁਲਫੀ ਦੁਪੱਟੜੇ ਤੋਂ, ਅਬਰਕ ਝੜ ਡਿਗਾ ਚਮਕਾਂ ਮਾਰਦਾ ਏਂ? ਰਿੜੇਂ ਖਿੜੇਂ ਟਪੋਸੀਆਂ ਲਾ ਲਾ ਕੇ, ਫਿਰੇਂ ਖੰਬੜੀ ਖੰਬੜੀ ਫੋਲਦਾ ਤੂੰ। ਫੁੱਲਾਂ ਵਿਚ ਕੌਣ ਓ ਲੁਕਣ ਵਾਲਾ, ਜਿਨੂੰ ਏਕਣਾਂ ਨਾਲ ਹੈਂ ਟੋਲਦਾ ਤੂੰ? ਲਗਾ ਕਹਿਣ ਉਹ ਖੋਲ੍ਹਕੇ ਕੀ ਦਸਾਂ, ਪਾਈਆਂ ਕਿਸੇ ਨੇ ਅਸੀਆਂ ਫਾਹੀਆਂ ਨੇ। ਹੋਇਆ ਵਖ ਹਿਮਾਲਾ ਦਾ ਮੂੰਹ ਬੱਗਾ; ਜੋ ਜੋ ਔਕੜਾਂ ਸਖ਼ਤ ਨਿਬਾਹੀਆਂ ਨੇ। ਕਛੇ ਹੋਏ ਨੇ ਸੱਤੇ ਅਸਮਾਨ ਮੇਰੇ, ਸੱਤੇ ਧਰਤੀਆਂ ਮੇਰੀਆਂ ਗਾਹੀਆਂ ਨੇ। ਉਨ੍ਹਾਂ ਕੋਲੋਂ ਤੂੰ ਵਾਪਰੀ ਪੁਛ ਮੇਰੀ, ਸੂਰਜ ਚੰਦ ਦੋ ਸਾਫ ਗਵਾਹੀਆਂ ਨੇ। ਚਿਪਰ ਸ਼ੀਸ਼ੇ ਦੀ2 ਜਮ ਦਾ ਜਾਮ ਸਮਝਾਂ, ਜਲਵੇ ਜੱਗ ਦੇ ਮੇਰੇ ਵਿਚ ਭਰੇ ਹੋਏ ਨੇ। ਮੈਨੂੰ ਪਾਣੀ ਦੀ ਬੂੰਦ ਨ ਸਮਝ ਬੈਠੀਂ, ਮੈਂ ਤਾਂ ਸੱਤੇ ਸਮੁੰਦਰ ਏ ਤਰੇ ਹੋਏ ਨੇ। ਵੇਂਹਦਾ ਮਜਨੂੰ ਦੇ ਇਸ਼ਕ ਨਜਦ3 ਅੰਦਰ, ਮੈਂ ਓ ਲੇਲੀ ਦਾ ਹੁਸਨ ਕਮਾਲ ਡਿਠਾ। ਚਿਮਟਾ ਕਢਦਾ ਰਾਂਝੇ ਜਿਹੇ ਜੋਗੀਆ ਦਾ, ਲਖ ਲਖ ਅਲੱਖ ਦੀ ਤਾਲ ਡਿਠਾ। ਪੁਰਜ਼ੇ ਪੁਰਜ਼ੇ ਹੁੰਦਾ ਘੜਾ ਸੋਹਣੀ ਦਾ, ਤੇਜ਼ ਕੈਂਚੀਆਂ ਲਹਿਰਾਂ ਦੇ ਨਾਲ ਡਿਠਾ। ਬੈਠੀ ਡਾਚੀ ਦੇ ਖੁਰੇ ਤੇ ਰੋਂਵਦੀ ਸੀ, ਮੈਂ ਇਹ ਰਾਤ ਦੀ ਵਿਆਹੀ ਦਾ ਹਾਲ ਡਿਠਾ। ਪ੍ਰੀਤਮ ਵਾਸਤੇ ਘਾਟੇ ਨੂੰ ਲਾਹਾ ਸਮਝਨ, ਡਿਠੀ ਰੀਤ ਪ੍ਰੀਤ ਦੇ ਦਾਨਿਆਂ ਦੀ। ਛਡ ਮਹਿਲ ਜ਼ੁਲੇਖਾਂ ਦੇ ਵਾਂਗ ਕਈਆਂ, ਪਾ ਲਈ ਰਾਹ ਅੰਦਰ ਝੁਗੀ ਕਾਨਿਆਂ ਦੀ। ਵੇਖੇ ਹੈਣ ਮੈਂ ਭੀ ਪ੍ਰਹਿਲਾਦ ਵਰਗੇ, ਕਿਸੇ ਪਿਆਰੇ ਦੇ ਨਾਮ ਨੂੰ ਜਪਣ ਵਾਲੇ। ਠੰਢੇ ਹੋਏ ਮਰਦਾਨੇ ਦੇ ਲਈ ਵੇਖੇ, ਤੇਲ ਕਿਸੇ ਦੀ ਯਾਦ ਵਿਚ ਤਪਣ ਵਾਲੇ। ਪੰਡ ਕਿਸੇ ਦੇ ਪਿਆਰ ਦੀ ਚੁਕ ਸਿਰ ਤੇ, ਬਾਲਕਪਨ ਅੰਦਰ ਵੇਖੇ ਖਪਣ ਵਾਲੇ। ਸੂਹ ਕਿਸੇ ਦੀ ਅੰਬਰਾਂ ਤੀਕ ਲੈਂਦੇ। ਵੇਖੇ ਤਾਰਿਆਂ ਵਿਚ ਮੈਂ ਛਪਣ ਵਾਲੇ। ਡਿਠੇ ਕਿਸੇ ਦੇ ਹੁਸਨ ਦੀ ਖਿਰ ਦੇ ਮੈਂ, ਦਿਤੇ ਠੁੰਮਣੇ ਅੰਬਰਾਂ ਧਰਤੀਆਂ ਨੂੰ। ਵਿਕਦਾ ਵੇਖਿਆ ਕਿਸੇ ਦੇ ਨਾਮ ਉਤੇ, ਅਗੇ ਮੂਰਖਾਂ ਦੇ ਚਕਰਵਰਤੀਆਂ ਨੂੰ। ਡਿਠੇ ਕਿਸੇ ਦੇ ਜਲਵੇ ਦੀ ਸ਼ਮ੍ਹਾ ਉਤੇ। ਕੋਹਤੂਰ ਜਿਹੇ ਸੜੇ ਪਤੰਗ ਹੋ ਕੇ। ਉੱਡੇ ਖੰਜਰ ਪਿਆਰੇ ਦੀ ਡੋਰ ਉਤੇ, ਸਰਮਦ ਜਿਹਾਂ ਦੇ ਸੀਸ ਪਤੰਗ ਹੋ ਕੇ। ਕਿਸੇ ਪਰਦਾ ਨਸ਼ੀਨ ਦੀ ਵੀਹ ਅੰਦਰ, ਪੁਜੇ ਏਕਣਾਂ ਕਈ ਮਲੰਘ ਹੋ ਕੇ। ਚੋਲਾ ਖੱਲ ਦਾ ਵੀ ਲਾਹ ਕੇ ਤਨ ਉਤੋਂ, ਬੈਠੇ ਸਾਮਹਣੇ ਨੰਗ ਧੜੰਗ ਹੋ ਕੇ। ਡਿਗਿਆ ਕੰਡੇ ਦੀ ਚੁੰਝ ਤੇ-ਕਹਿਣ ਲਗਾ, ਕਰੜੇ ਜ਼ੁਲਮ ਵੇਖੋ ਦਾਹੀਆਂ ਕੂਲੀਆਂ ਤੇ। ਜਿਹੜੇ ਸ਼ਿਬਲੀ ਦਾ ਫੁੱਲ ਨਾ ਸਹਿ ਸਕੇ, ਏਦਾਂ ਚੜ੍ਹੇ ਉਹ ਕਿਸੇ ਲਈ ਸੂਲੀਆਂ ਤੋਂ। ਨੈਣ ਕਿਸੇ ਪਿਆਰੇ ਦੇ ਹੈਣ ਐਸੇ, ਮਿਕਨਾਤੀਸ ਵਾਂਗੂੰ ਖਿਚ ਪਾਉਣ ਵਾਲੇ। ਵੇਖੇ ਪ੍ਰੇਮ ਪਟਾਰੀ ਵਿਚ ਫੁਲ ਲੈ ਕੇ, ਆਏ ਗ਼ਜ਼ਨੀਓਂ ਭੇਟ ਚੜ੍ਹਾਉਣ ਵਾਲੇ। ਪਰਲੋ ਤੀਕ ਕਿਸੇ ਦੀ ਸੁੰਦਰਤਾ ਦੇ, ਰੰਗ ਗਿਣਤੀਆਂ ਵਿਚ ਨਹੀਂ ਆਉਣ ਵਾਲੇ। ਕਣਕ ਵਾਂਗ ਵੇਖੇ ਸੀਨਾ ਚਾਕ ਫਿਰਦੇ, ਨਾਲ ਸੈਨਤਾਂ ਚਕੀ ਚਲਾਉਣ ਵਾਲੇ। ਵੇਖ ਵੇਖ ਕੇ ਹੁਸਨ ਦੇ ਮੁਠਿਆਂ ਨੂੰ, ਲਗ ਗਿਆ ਹੈ ਇਸ਼ਕ ਕਮਾਲ ਮੈਨੂੰ। ਜੀਹਦੇ ਦੀਦ ਨੇ ਇਨ੍ਹਾਂ ਫਟਿਆ ਸੀ, ਹੈ ਅਜ ਓਸ ਪਿਆਰੇ ਦੀ ਭਾਲ ਮੈਨੂੰ, ਚੜ੍ਹਕੇ ਕਿਰਨਾਂ ਦੀ ਪਉੜੀ ਮੈਂ ਰੋਜ਼ ਦਿਨ ਨੂੰ, ਨੀਲੀ ਜੱਤ ਉਤੇ ਚਲਿਆ ਜਾਵਨਾ ਹਾਂ। ਲੈ ਕੇ ਬਾਂਸਰੀ ਪੌਣ ਦੇ ਬੁੱਲਿਆਂ ਦੀ, ਪੀਆ ਪੀਆ ਦੇ ਗੀਤ ਮੈਂ ਗਾਵਨਾ ਹਾਂ। ਰੱਸੀ ਰੇਸ਼ਮੀ ਰਿਸ਼ਮਾਂ ਦੀ ਪਕੜ ਕੇ ਤੇ ਰਾਤੀਂ ਲੱਥ ਅਸਮਾਨ ਤੋਂ ਆਵਨਾ ਹਾਂ। ਸ਼ੋਖ਼ ਅੱਖੀਆਂ ਵਾਲਾ ਓਹ ਕਿਤੋਂ ਲੱਭੇ, ਲੁਕ ਲੁਕ ਝਾਤੀਆਂ ਸਾਰੇ ਹੀ ਪਾਵਨਾ ਹਾਂ। ਝੁਰਮਟ ਵੇਖ ਕੇ ਬੁਲਬੁਲਾਂ ਭੌਰਿਆਂ ਦਾ, ਮੈਂ ਇਹ ਜਾਣਿਆ ਸੀ ਏਥੇ ਹੋਵਣਾ ਏ। ਪਰ ਮੈਂ ਭਾਗ ਨਿਖੁੱਟੇ ਨੂੰ ਕੀ ਆਖਾਂ, ਲਿਖਿਆ ਲੇਖ ਵਿਚ ਇਥੇ ਵੀ ਰੋਵਣਾ ਏ। ਸੁਣ ਕੇ ਓਹ ਦੀਆਂ ਗੱਲਾਂ ਮੈਂ ਕਿਹਾ ਮੁੜਕੇ, ਤੇਰਾ ਬੋਲ ਨਾ ਮੈਨੂੰ ਕੋਈ ਜੱਚਿਆ ਏ। ਬਾਜ਼ੀਗਰ ਵਾਂਗੂੰ ਚੜ੍ਹ ਕੇ ਵਾਸ ਉਤੇ, ਐਡਾ ਮੂਰਖ ਨਾਚ ਨੂੰ ਨੱਚਿਆ ਏ। ਓਹਦੀ ਜੋਤ ਨੂੰ ਚਿਤ ਚੋਂ ਲਭਣਾ ਸਾਈ, ਜੀਹਦਾ ਜੰਗ ਅੰਦਰ ਗੌਗ਼ਾ ਮੱਚਿਆ ਏ। ਅੰਦਰ ਦੁੱਧ ਦੇ ਹੁੰਦਾ ਏ ਤੇਜ ਜਿਵੇਂ, ਏਕਣ ਹਰੀ ਓ ਹਰ ਵਿਚ ਰੱਚਿਆ ਏ। ਜਿਵੇਂ ਵਗਦੀ ਰਾਤ ਦਿਨ ਜਗ ਅੰਦਰ, ਪਰ ਨਹੀਂ ਦਿੱਸਦੀ ਕਦੀ ਹਵਾ ਸਾਨੂੰ। ਏਸੇ ਤਰ੍ਹਾਂ ਓਹ ਥਾਂ ਥਾਂ ਵੱਸਦਾ ਈ, ਆਵੇ ਨਜ਼ਰ ਨਾ ਪਾਕ ਖ਼ੁਦਾ ਸਾਨੂੰ। ਤਾਂਣੇ ਬਾਂਣੇ ਜਹਾਨ ਦੇ ਤਣ ਤਣ ਕੇ, ਉੱਖੜ ਗਿਆ ਸਭ ਉਮਰ ਦਾ ਸੂਤ ਤੇਰਾ। ਭਰ ਗਈ ਸੀਸ ਵਿਚ ਵਾ ਤਕੱਬਰੀ ਦੀ, ਫੁੱਲਿਆ ਬੁਲਬਲੇ ਵਾਂਗ ਕਲਬੂਤ ਤੇਰਾ। ਓਸ ਇਕ ਨੇ ਤੈਨੂੰ ਕੀ ਲੱਭਣਾ ਏ, ਪਰਦਾ ਦੂਈ ਦਾ ਦਿੱਸੇ ਸਬੂਤ ਤੇਰਾ। ਕੱਚੇ ਜਗ ਦੇ ਕੱਚ ਲਈ ਕੱਚਿਆ ਓ, ਹੀਰਾ ਜਨਮ ਏ ਗਿਆ ਅਕੂਤ ਤੇਰਾ। ਕਿਸੇ ਕੋਠੜੀ ਦੀ ਵੜ ਕੇ ਨੁਕਰੇ ਜੇ, ਓਹਦੀ ਯਾਦ ਦੇ ਵਿਚ ਖਲੋ ਜਾਂਦੋਂ। 'ਸ਼ਰਫ' ਸਿੱਪ ਵਾਲੇ ਤੁਪਕੇ ਵਾਂਗ ਤੂੰ ਭੀ, ਕਿਉਂ ਨਾਂ ਸਾਫ ਸੁੱਚਾ ਮੋਤੀ ਹੋ ਜਾਂਦੋਂ। 1. ਸ਼ਮਸੀ ਹੀਰਾ ਇਕ ਬੜਾ ਕੀਮਤੀ ਹੀਰਾ ਹੁੰਦਾ ਹੈ, ਸੂਰਜ ਦੀਆਂ ਕਿਰਣਾਂ ਨਾਲ ਜਿਸਦੇ ਰੰਗ ਬਦਲਦੇ ਰਹਿੰਦੇ ਹਨ। 2. ਜਮ ਦਾ ਜਾਮ:-ਜਮਸ਼ੈਦ ਪਾਤਸ਼ਾਹ ਦਾ ਪਿਆਲਾ। 3. ਇਕ ਪਹਾੜੀ ਦਾ ਨਾਮ ਹੈ ਜਿਥੇ ਮਜਨੂੰ ਪਾਗਲ ਹੋਕੇ ਜਾ ਬੈਠਾ ਸੀ।
ਵੇ ਮੈਂ ਰਾਣੀ ਇਤਿਹਾਸ ਦੇ ਦੇਸ ਦੀ ਹਾਂ!
ਦੇਵੀ ਸੁਰਗ ਦੀ ਜਗਤ ਦੀ ਮਹਾਰਾਣੀ, ਦਿਲ ਦੇ ਮਹਿਲ ਅੰਦਰ ਡੇਰਾ ਲੌਣ ਵਾਲੀ। ਖ਼ੁਮਰੇ1 ਵਾਂਗ ਜੋ ਗੁਟਕਦੀ ਵਿਚ ਗੱਲਾਂ, ਵਾਂਗ ਕਲੀਆਂ ਦੇ ਬੁੱਲ੍ਹ ਮੁਸਕੌਣ ਵਾਲੀ। ਅੱਖ ਬੰਦੇ ਦੀ ਸੱਜੀ ਫੁਰਕਾ ਕੇ ਤੇ, ਮੁੱਖ ਚੂਨੀਆਂ2 ਵਾਂਗ ਭਖੌਣ ਵਾਲੀ। ਜੀਹਦੇ ਆਉਂਦਿਆਂ ਨੱਸਦੇ ਗ਼ਮ ਸਾਰੇ, ਪੁਛੋ ਨਾਮ ਤੇ 'ਖੁਸ਼ੀ' ਸਦੌਣ ਵਾਲੀ। ਘਟਾਂ ਬੰਨ੍ਹ ਕੇ ਅੱਜ ਉਸ਼ੇਰ ਵੇਲੇ, ਮੇਰੇ ਦਿਲ ਉੱਤੇ ਕਿਤੋਂ ਆ ਗਈ ਸੀ। ਹੱਸ ਹੱਸ ਕੇ ਫੁਲਾਂ ਦੇ ਵਾਂਗ ਮੈਨੂੰ, ਚੇਟਕ ਬਾਗ਼ ਦੇ ਸੈਰ ਦੀ ਲਾ ਗਈ ਸੀ। ਗਿਆ ਟਹਿਲਦਾ ਟਹਿਲਦਾ ਬਾਗ਼ ਅੰਦਰ, ਜਾ ਕੇ ਫੁੱਲ ਅਡੋਲ ਇਕ ਤੋੜਿਆ ਮੈਂ। ਲੱਖ ਨੋਂਹਗਰਾ ਮਾਰੀਆਂ ਕੰਡਿਆਂ ਨੇ, ਖਾਲੀ ਹੱਥ ਨਾ ਪਿਛ੍ਹਾਂ ਨੂੰ ਮੋੜਿਆ ਮੈਂ। ਡਿੱਗਕੇ ਪੱਤੀਆਂ ਓਹਦੀਆਂ ਖਿੰਡ ਗਈਆਂ, ਜਦੋਂ ਸੁੰਘਣਾ ਓਸ ਨੂੰ ਲੋੜਿਆ ਮੈਂ। ਬੜੇ ਹਿਰਖ ਤੇ ਮਨਖ3 ਨਾਲ ਮੁੜਕੇ, ਇਕ ਇਕ ਖੰਭੜੀ ਨੂੰ ਫੜਕੋ ਜੋੜਿਆ ਮੈਂ। ਓਹਨੂੰ ਆਖਿਆ ਦੱਸ ਤੂੰ ਮੂਰਖਾ ਓ, ਵਿਗੜ ਚੱਲੀ ਸੀ ਸੁੰਘਿਆਂ ਸ਼ਾਨ ਤੇਰੀ? ਪਾਣ ਪੱਤ ਜਦ ਬੁਲਬੁਲਾਂ ਲਾਹੁੰਦੀਆਂ ਨੀ, ਓਦੋਂ ਜਾਂਦੀ ਏ ਕਿੱਥੇ ਇਹ ਆਨ ਤੇਰੀ? ਅੱਗੋਂ ਓਸਨੇ ਦਿੱਤਾ ਜਵਾਬ ਮੈਨੂੰ, ਟਾਹਣੀ ਵਾਲੜੇ ਤੋਂ ਪੁੱਛੀਂ ਹਾਲ ਸਾਰਾ। ਓਥੋਂ ਉੱਠਕੇ ਗਿਆ ਮੈਂ ਓਸ ਵੱਲੇ, ਜਾ ਕੇ ਕੱਢਿਆ ਦਿਲੀ ਉਬਾਲ ਸਾਰਾ। ਹੰਝੂ ਡੇਗ ਤਰੇਲ ਦੇ ਅੱਖੀਆਂ ਚੋਂ ਦੱਸਣ ਲਗਾ ਓਹ ਹਾਲ ਐਹਵਾਲ ਸਾਰਾ। ਏਸੇ ਸ਼ੁਭ ਸੁਲੱਖਣੇ ਵਾਰ ਬਦਲੇ, ਅਸਾਂ ਲੁਕ ਕੇ ਕੱਢਿਆ ਸਾਲ ਸਾਰਾ। ਹੁਣੇ ਨਾਰ ਮੁਟਿਆਰ ਇਕ ਆਵਣੀਏ, ਰਹਿੰਦੀ ਗੱਲ ਓਹ ਤੈਨੂੰ ਸਮਝਾ ਦਏਗੀ। ਤੇਰੇ ਚਿੱਤ ਤੋਂ ਭਰਮ ਮਿਟਾ ਸਾਰਾ, ਉੱਤੇ ਮੋਹਰ ਪਰਤੀਤ ਦੀ ਲਾ ਦਏਗੀ। ਏਨੇ ਵਿਚ ਇਕ ਨੂਰ ਦੀ ਲੱਸ ਚਮਕੀ, ਮੀਂਹ ਅੰਮ੍ਰਿਤ ਦਾ ਆਣਕੇ ਵਸਿਆ ਸੀ। ਵਗ ਵਗ ਪ੍ਰੇਮ ਦੇ ਬੁੱਲਿਆਂ ਨੇ, ਖਬਰੇ ਬਾਗ ਦੇ ਕੰਨ ਕੀ ਦਸਿਆ ਸੀ। ਗਿੱਧਾ ਮਾਰਿਆ ਕਲੀਆਂ ਤੇ ਪੱਤਰਾਂ ਨੇ, ਟਾਹ ਟਾਹ ਕਰਕੇ ਫੁੱਲ ਹੱਸਿਆ ਸੀ। ਮੁੱਦਾ ਕੀ ਕਿ ਬਾਗ ਨਿਵਾਸੀਆਂ ਲਈ, ਤਰਨ ਤਾਰਨੋਂ ਆ ਗਈ ਮੱਸਿਆ ਸੀ। ਆਦਰ ਨਾਲ ਸਿਹਾਰੀਆਂ ਵਾਂਗ ਹੋਕੇ, ਸਭਨਾਂ ਟਾਹਣੀਆਂ ਸੀਸ ਨਿਵਾ ਦਿਤੇ। ਤਰਸੇ ਹੋਏ ਉਡੀਕ ਵਿਚ ਘਾਹ ਨੇ ਭੀ, ਨੇਤਰ ਮਖਮਲੀ ਫ਼ਰਸ਼ ਵਿਛਾ ਦਿਤੇ। ਪ੍ਰਗਟ ਹੋਈ ਇਕ ਇਸਤ੍ਰੀ ਓਸ ਵੇਲੇ, ਬਦਲ ਨੂਰ ਦੇ ਜੀਹਦੇ ਤੇ ਛਾਏ ਹੋਏ ਸਨ। ਦਯਾ ਦਾਨ ਦੀ ਬਣੀ ਸੀ ਦੇਹ ਓਹਦੀ, ਪਤੀਬਰਤ ਦੇ ਅੰਗ ਸਜਾਏ ਹੋਏ ਸਨ। ਪਈ ਸਿਦਕ ਦੀ ਓਸ ਵਿਚ ਆਤਮਾ ਸੀ, ਸੇਵਾ ਟਹਿਲ ਦੇ ਹੱਥ ਬਣਾਏ ਹੋਏ ਸਨ। ਓਹਦਾ ਦਿਲ ਪਰੇਮ ਦਾ ਸਾਜਕੇ ਤੇ, ਵਿਚ ਦੁਖੜੇ ਜੱਗ ਤੇ ਪਾਏ ਹੋਏ ਸਨ। ਲਾਜ਼ ਸ਼ਰਮ ਦੀ ਨੱਕ ਵਿਚ ਪਈ ਤੀਲੀ ਮਥੇ ਚੰਦ ਹੈਸੀ ਰਾਜਧਾਨੀਆਂ ਦਾ। ਦੇਸ਼ ਸੇਵਾ ਦੀ ਹੱਥ ਵਿਚ ਆਰਸੀ ਸੀ, ਗਲੇ ਪਿਆ ਸੀ ਹਾਰ ਕੁਰਬਾਨੀਆਂ ਦਾ। ਓਹਦੀ ਸੁੰਦਰਤਾ ਇਸ ਤਰ੍ਹਾਂ ਡੁੱਲਦੀ ਸੀ, ਪਰਾਧੀਨਤਾ ਵਾਲੇ ਲਿਬਾਸ ਵਿਚੋਂ। ਤੇਜ ਦੁੱਧ ਦਾ ਜਿਸ ਤਰ੍ਹਾਂ ਡੁੱਲ੍ਹਦਾ ਏ, ਫੁੱਟ ਫੁੱਟ ਬਿਲੌਰੀ ਗਲਾਸ ਵਿਚੋਂ। ਸੂਰਜ ਓਹਦੀ ਜਵਾਨੀ ਦਾ ਓਸ ਵੇਲੇ, ਕਿਰਨਾਂ ਸੁੱਟਦਾ ਸੀ ਮੇਖ ਰਾਸ ਵਿਚੋਂ। ਲਿਖਦਾ ਸਿਫ਼ਤ ਮੈਂ ਓਹਦੀਆਂ ਅੱਖੀਆਂ ਦੀ, ਜੇਕਰ ਲੱਭਦੇ ਅੱਖਰ ਇਤਿਹਾਸ ਵਿਚੋਂ। ਠੁਮਕ ਠੁਮਕ ਕੇ ਹੰਸ ਦੀ ਚਾਲ ਚੱਲੇ, ਕਰ ਕਰ ਛੋਹਲੀਆਂ ਫੁੱਲ ਪਈ ਚੁੱਗਦੀ ਸੀ। ਜਿੱਥੋਂ ਪੱਬ ਟਿਕਾ ਕੇ ਲੰਘ ਗਈ ਓਹ, ਕਿਆਰੀ ਫੁੱਲਾਂ ਦੀ ਓਸ ਥਾਂ ਉਗਦੀ ਸੀ। ਤੋੜ ਤੋੜ ਕੇ ਫੁੱਲਾਂ ਦਾ ਗੁਲਦਸਤਾ, ਕੀਤਾ ਸ਼ੌਕ ਦੇ ਨਾਲ ਤਿਆਰ ਓਹਨੇ। ਪੀਚ ਪੀਚ ਕੇ ਸ਼ਰਧਾ ਦੇ ਵਲ ਦਿੱਤੇ, ਬੱਧੀ ਪਿਆਰ ਦੇ ਤਿੱਲੇ ਦੀ ਤਾਰ ਓਹਨੇ। ਸੂਈ ਪਕੜ ਪ੍ਰੀਤ ਦੀ ਹੱਥ ਅੰਦਰ, ਮਾਣ ਨਾਲ ਪ੍ਰੋਏ ਕੁਝ ਹਾਰ ਓਹਨੇ। ਫੇਰ ਇਕ ਪਟਾਰ ਦੇ ਵਿਚ ਸਾਰਾ, ਸਾਂਭ ਸੂਤ ਇਹ ਲਿਆ ਭੰਡਾਰ ਓਹਨੇ। ਪਰ ਲੱਗ ਗਏ ਚਾ ਦੇ ਜਹੇ ਓਹਨੂੰ, ਉੱਡਣ ਲਈ ਓਹ ਪਰੀ ਤਿਆਰ ਹੋ ਗਈ। ਗੱਲ ਕਰਨ ਦੇ ਵਾਸਤੇ ਔਹੜਿਆ ਮੈਂ, ਮੇਰੀ ਓਦ੍ਹੀ ਨਿਗਾਹ ਭੀ ਚਾਰ ਹੋ ਗਈ। ਉਹਨੂੰ ਕਿਹਾ ਮੈਂ ਦੱਸ ਖਾਂ ਭਾਗਵਾਨੇ, ਇਹ ਕੀ ਕੀਤੀਆਂ ਗੱਲਾਂ ਨਿਕਾਰੀਆਂ ਤੂੰ। ਕੀਤਾ ਰੱਬ ਦਾ ਭਉ ਨ ਭੌਰਿਆਂ ਤੇ, ਡੰਗ ਲਾ ਲਾ ਡੁੰਗੀਆਂ ਕਿਆਰੀਆਂ ਤੂੰ। ਗਹਿਣਾ ਲਾਹ ਲਾਹ ਫੁੱਲਾਂ ਦੀ ਟਾਹਣੀਆਂ ਤੋਂ, ਕਰ ਛੱਡੀਆਂ ਬੁੱਚੀਆਂ ਸਾਰੀਆਂ ਤੂੰ। ਤੈਨੂੰ ਕਹਿਣਗੇ ਚਿੱਤ ਕੀ ਬੁਲਬੁਲਾਂ ਦੇ, ਫੇਰ ਚੱਲੀ ਏਂ ਜਿਨ੍ਹਾਂ ਤੇ ਆਰੀਆਂ ਤੂੰ। ਦੇਵੀ ਦਯਾ ਦੀ ਬਾਹਰੋਂ ਜਾਪਦੀ ਏਂ, ਦਿੱਸੇ ਹੋਰ ਕੁਝ ਅੰਦਰੋਂ ਹਿੱਤ ਤੇਰਾ। ਮਹਿੰਦੀ ਵਾਂਗ ਤੂੰ ਉੱਪਰੋਂ ਹਰੀ ਲੱਗੇਂ, ਖ਼ੂਨੀ ਜਾਪਦਾ ਏ ਵਿਚੋਂ ਚਿੱਤ ਤੇਰਾ। ਸਹਿਜ ਭਾ ਦੇ ਨਾਲ ਓਹ ਕੁਈ ਅੱਗੋਂ, ਐਡਾ ਝੂਠ ਅਪਰਾਧ ਕਿਉਂ ਤੋਲਿਆ ਈ। ਮੇਰੀ ਹਿੱਕ ਤੇ ਉੱਕਰੇ ਗਏ ਸਾਰੇ, ਜੋ ਜੋ ਸੁਖ਼ਨ ਬਿਲੱਛਣਾ ਬੋਲਿਆ ਈ। ਅੱਭਰ ਮੇਰੇ ਤੇ ਲਾਈ ਊ ਊਜ ਜੇੜ੍ਹੀ, ਸੁਣਕੇ ਅਰਸ਼ ਦਾ ਕਿੰਗਰਾ ਡੋਲਿਆ ਈ। ਲੀਰਾਂ ਬਾਝ ਨਹੀਂ ਹੋਰ ਕੁਝ ਲਗਾ ਲੱਭਣ, ਐਵੇਂ ਖਿੱਦੋ ਉਧੇੜਕੇ ਫੋਲਿਆ ਈ। ਜੇ ਤੂ ਮੂਰਖਾ ਮੈਨੂੰ ਨਾਂ ਜਾਣਦਾ ਸੈਂ, ਮੇਰੀ ਸ਼ਕਲ ਤਾਂ ਵੇਖਣੀ ਚਾਖਣੀ ਸੀ। ਜੇਕਰ ਚੁੱਪ ਕਰਕੇ ਨਹੀਂ ਸੈਂ ਰਹਿਣ ਜੋਗਾ, ਮੂੰਹੋਂ ਗਲ ਤੇ ਜਾਚਕੇ ਆਖਣੀ ਸੀ? ਵੇ ਮੈਂ ਰਾਣੀ ਇਤਿਹਾਸ ਦੇ ਦੇਸ ਦੀ ਆਂ, ਹਰ ਇਕ ਮਜ਼੍ਹਬ ਦੇ ਸ਼ੈਹਰ ਵਿਚ ਰਹਿਣ ਵਾਲੀ। ਤਾਜ ਕਵਿਤਾ ਦਾ ਸੋਂਹਵਦਾ ਸੀਸ ਮੇਰੇ, ਵੇ ਮੈਂ ਵਿਦਿਆ ਦੇ ਤਖਤ ਬਹਿਣ ਵਾਲੀ। ਮੇਰੇ ਗੂੰਜਦੇ ਜਗ ਤੇ ਜ਼ਫ਼ਰਨਾਮੇ, ਗਲਾਂ ਸਚੀਆਂ ਸ਼ਾਹਾਂ ਨੂੰ ਕਹਿਣ ਵਾਲੀ। ਖੁਸ਼ੀ ਗ਼ਮੀ ਵਿਚ ਸੋਂਹਦੇ ਬੋਲ ਮੇਰੇ, ਦੁਖ ਸੁੱਖ ਜਹਾਨ ਦੇ ਸਹਿਣ ਵਾਲੀ। ਸੁੰਦਰ ਸੋਹਣਿਆਂ, ਫੁੱਲਾਂ ਦਾ ਗੁਲਦਸਤਾ, ਜੇਹੜਾ ਡਿਠਾ ਈ ਮੇਰੇ ਪਟਾਰ ਅੰਦਰ। ਭੇਟਾ ਕਰਨ ਏ ਚਲੀ ਦਸਮੇਸ਼ ਦੀ ਮੈਂ, ਸੱਚ ਖੰਡ ਦੇ ਖਾਸ ਦਰਬਾਰ ਅੰਦਰ। ਹੋਰ ਹਾਰ ਜੋ ਵੇਖੇ ਨੀ ਕੋਲ ਮੇਰੇ, ਏਹ ਮੈਂ ਓਨ੍ਹਾਂ ਦੇ ਸੀਸ ਚੜ੍ਹਾਵਣੇ ਨੇ। ਜਿਨ੍ਹਾਂ ਦੇਵੀਆਂ ਦੇ ਏਸ ਜੱਗ ਉਤੇ, ਪਰਲੋ ਤੀਕ ਲੋਕਾਂ ਗੀਤ ਗਾਵਣੇ ਨੇ। ਦੀਪ ਕੌਰ ਦੀ ਕਰਾਂਗੀ ਕੁਝ ਭੇਟਾ, ਮਾਈ ਭਾਗੋ ਦੇ ਗਲ ਕੁਝ ਪਾਵਣੇ ਨੇ। ਸਾਹਿਬ ਕੌਰ ਨਾਲ ਧਰਮ ਕੌਰ ਨੂੰ ਭੀ, ਬੜੀ ਸ਼ਰਧਾ ਦੇ ਨਾਲ ਪਹਿਨਾਵਣੇ ਨੇ। ਬਲ, ਸਿਦਕ, ਸੇਵਾ ਪਤੀਬਰਤ ਅੰਦਰ, ਧੰਨ ਹੌਂਸਲੇ ਸਨ ਇਨ੍ਹਾਂ ਬੀਬੀਆਂ ਦੇ। ਛਿਤਰ ਮਾਰਕੇ ਮਾਇਆ ਦੇ ਮੂੰਹ ਉੱਤੇ, ਕੀਤੇ ਸੱਥਰ ਮਨਜ਼ੂਰ ਗਰੀਬੀਆਂ ਦੇ। ਗਲਾਂ ਉਹਦੀਆਂ ਸਾਰੀਆਂ ਸੁਣ ਸੁਣਕੇ, ਮੈਨੂੰ ਚਤਰ ਚਲਾਕੀਆਂ ਭੁੱਲ ਗਈਆਂ। ਆਦਰ ਨਾਲ ਮੈਂ ਸੀਸ ਨਿਵਾ ਦਿਤਾ, ਲਤਾਂ ਬਾਹਾਂ ਵਿਚ ਖੁਸ਼ੀ ਦੇ ਫੁੱਲ ਗਈਆਂ। ਮੋਤੀ ਖਿਲਰੇ ਜਿਮੀਂ ਤੇ ਹੰਝੂਆਂ ਦੇ, ਅੱਖਾਂ ਵਾਲੀਆਂ ਡੱਬੀਆਂ ਡੁੱਲ੍ਹ ਗਈਆਂ। ਆਕੇ ਫੇਰ ਇਕ ਤੇਜ ਦੀ ਲਸ ਚਮਕੀ, ਓਧਰ ਅਰਸ਼ ਤੋਂ ਬਾਰੀਆਂ ਖੁਲ ਗਈਆਂ । ਚੜ੍ਹ ਗਈ ਮਾਰ ਉਡਾਰੀਆਂ ਅੰਬਰਾਂ ਤੇ, ਲੈਕੇ ਨਾਮ ਵਧਾਈ ਸਲਾਮ ਮੇਰਾ। ਜਾਣ ਲਗੀ ਏਹ ਆਖ ਗਈ ‘ਸ਼ਰਫ਼’ ਮੈਨੂੰ, ਹੈ ‘ਪੰਜਾਬੀ ਕਵੀਸ਼ਰੀ' ਨਾਮ ਮੇਰਾ। 1. ਖ਼ੁਮਰਾ ਇਕ ਘੁੱਘੀ ਤੋਂ ਛੋਟਾ ਗੁਟਕਣ ਵਾਲਾ ਪੰਛੀ ਹੈ। 2. ਚੂਨੀਆਂ ਲਾਲ ਦੀ ਕਿਸਮ। 3. ਅਰਮਾਨ, ਹਸਰਤ
ਮੱਕੇ ਜਾ ਜਾ ਸਾਸ ਮੁਕਾਏ ਨੇ ਮੈਂ !
ਦੁਨੀਆਂਦਾਰ ਇਕ ਭਗਤ ਨੂੰ ਕਹਿਣ ਲਗਾ, ਜੇਕਰ ਬਿਨੈ ਇਕ ਕਰੋ ਮਨਜ਼ੂਰ ਐਵੇਂ। ਤਾਂ ਮੈਂ ਹਿਰਦਿਓਂ ਹਾਲ ਕੁਝ ਖੋਲ੍ਹ ਦੱਸਾਂ, ਵਲਾਂ ਛਲਾਂ ਦੇ ਬਿਨਾਂ ਹਜ਼ੂਰ ਐਵੇਂ। ਉਹਨੇ ਕਿਹਾ:-ਗ੍ਰਹਸਤੀਆ ਮੂਰਖਾ ਓ ! ਬਹੁਤੇ ਸਾੜ ਨਾਂ ਅਕਲ ਸ਼ਊਰ ਐਵੇਂ। ਅਸੀਂ ਕਿਸੇ ਵੀ ਚੀਜ਼ ਦੇ ਨਹੀਂ ਲੋਭੀ, ਤੇਰਾ ਕਰਾਂਗੇ ਕਮ ਜ਼ਰੂਰ ਐਵੇਂ। ਕਿਹਾ ਓਸਨੇ ਭਗਤ ਜੀ ਲਾਲ ਹੋ ਹੋ, ਗੁਸੇ ਵਿਚ ਕਿਉਂ ਬਣੋਂ ਤੰਦੂਰ ਐਵੇਂ। ਓਸ ਰੱਬ ਦਾ ਪਤਾ ਕੁਝ ਦੇਹ ਮੈਨੂੰ, ਜਿਨੂੰ ਕੀਤਾ ਹੈ, ਤੁਸੀਂ ਮਸ਼ਹੂਰ ਐਵੇਂ। ਜਾ ਜਾ ਤੀਰਥੀ ਮੈਂ ਬੜੇ ਤੀਰ ਖਾਧੇ, ਮੱਕੇ ਜਾ ਜਾ ਸਾਸ ਮੁਕਾਏ ਨੇ ਮੈਂ। ਕਰ ਕਰ ਆਰਤੀ ਸੀਸ ਨੂੰ ਚੜ੍ਹੇ ਚੱਕਰ, ਸਜਦੇ ਕਰਦਿਆਂ ਪੱਥਰ ਘਸਾਏ ਨੇ ਮੈਂ । ਪਾਈ ਬੇੜੀ ਹਥਕੜੀ ਏ ਤਸਬੀਆਂ ਦੀ, ਗਲ ਜੰਜੂ ਦੇ ਫਾਹੇ ਵੀ ਪਾਏ ਨੇ ਮੈਂ। ਕਿਸੇ ਤਰ੍ਹਾਂ ਉਹ ਰੀਝਕੇ ਦਰਸ ਦੇਵੇ, ਕਈ ਰੂਪ ਤੇ ਸਾਂਗ ਵਟਾਏ ਨੇ ਮੈਂ। ਪਰ ਉਹ ਕਿਤੋਂ ਨਹੀਂ ਲਭਿਆ ਅਜ ਤੀਕਰ ਹੋਇਆ ਪੈਡਿਆਂ ਵਿਚ ਹਾਂ ਚੂਰ ਐਵੇਂ। ਬਣਿਆ ਵੇਦ ਕਤੇਬ ਤੇ ਪੋਥੀਆਂ ਦਾ; ਰਿਹਾ ਰਾਤ ਦਿਨ ਸਗੋਂ ਮਜੂਰ ਐਵੇਂ। ਰੱਬੀ ਭਗਤ ਨੇ ਉਹਨੂੰ ਇਹ ਕਿਹਾ ਅੱਗੋਂ, ਗੁੰਚਾ ਵਾ ਬਾਝੋ ਕਦੀ ਫੁੱਲਦਾ ਨਹੀਂ। ਦੁੱਧ ਜੰਮਦਾ ਕਦੀ ਨਹੀਂ ਜਾਗ ਬਾਝੋਂ, ਸੁਪਨਾ ਨੀਂਦ ਬਾਝੋਂ ਕਦੀ ਖੁੱਲਦਾ ਨਹੀਂ। ਮੀਂਹ ਬਾਝੋਂ ਨ ਪੁੰਗਰੇ ਰੁੱਖ ਬੂਟਾ, ਮੁਲਕ ਸੜਨ ਬਾਝੋਂ ਕਦੀ ਹੁੱਲਦਾ ਨਹੀਂ। ਚਾਨਣ ਵਿਚ ਹਨੇਰ ਨਹੀਂ ਦੂਰ ਹੁੰਦਾ, ਬਿਨਾਂ ਪਾਣੀਓਂ ਕੱਪੜਾ ਧੁੱਲਦਾ ਨਹੀਂ ਜਿਵੇਂ ਬਿਨਾਂ ਮਲਾਹ ਦੇ ਨੈਂ ਵਿਚੋਂ ਕੰਢੇ ਲੱਗਦਾ ਕਦੀ ਨਹੀਂ ਪੂਰ ਐਵੇਂ। ਓਸੇ ਤਰ੍ਹਾਂ ਈ ਗੁਰੂ ਤੇ ਪੀਰ ਬਾਝੋਂ, ਡਿਠਾ ਜਾਏ ਨਾਂ ਓਸ ਦਾ ਨੂਰ ਐਵੇਂ। ਰੰਗ ਓਸ ਲਲਾਰੀ ਦੇ ਕੌਣ ਗਾਖੇ, ਜਿਸਦੀ ਲੀਲ੍ਹਾ ਦਾ ਅੰਤ ਨਾਂ ਆਂਵਦਾ ਏ । ਬਣਕੇ ਬੰਸੀ ਉਹ ਕਿਤੇ ਕ੍ਰਿਸ਼ਨ ਜੀ ਦੀ, ਰਾਧਾਂ ਜਹੀਆਂ ਨੂੰ ਪਿਆ ਤੜਫਾਂਵਦਾ ਏ। ਪੜਦੇ ਪਾਂਵਦਾ ਕਿਤੇ ਦਰੋਪਤੀ ਤੇ, ਕਿਤੇ ਥੰਮ੍ਹ ਚੋਂ ਦਰਸ ਦਿਖਾਂਵਦਾ ਏ । ਕਿਤੇ ਜੱਟ ਦੀ ਅੜੀ ਤੇ ਉੜ ਉੜ ਕੇ, ਭੋਜਨ ਪੱਥਰ ਨੂੰ ਪਿਆ ਖੁਆਂਵਦਾ ਏ। ਕਿਤੇ ਭਗਤ 'ਸਿੰਗੀ' ਜਹੇ ਰਿਖੀਆਂ ਦੇ, ਦੇਵੇ ਡੋਬ ਤਪੱਸਿਆ ਦੇ ਪੂਰ ਐਵੇਂ। ਕਿਧਰੇ ਸਜਨ ਜਿਹੇ ਠਗਾਂ ਦਾ ਬਣ ਸੱਜਨ, ਕਰਦਾ ਭਗਤੀਆਂ ਨਾਲ ਭਰਪੂਰ ਐਵੇਂ। ਕੀਤੇ ਵੈਦ ਦੇ ਫੱਟ ਨਾ ਹੋਣ ਅੱਛੇ, ਫੱਟੇ ਹੋਏ ਜੋ ਓਸ ਬਾਣ ਦੇ ਨੇ। ਪੋਰੀ ਪੋਰੀ ਕਟਵਾ ਕੇ ਦੇਹ ਪਿਆਰੀ, ਮੌਜ ਓਸ ਦੀ ਗਲੀ ਵਿਚ ਮਾਣਦੇ ਨੇ। ਕਈ ਓਸ ਨੂੰ ਜਗ ਦੀਆਂ ਕੁਹਮਤਾਂ ਚੋਂ, ਚੜ੍ਹ ਕੇ ਚਰਖੀਆਂ ਉਤੇ ਪਛਾਣਦੇ ਨੇ। ਤੱਤੀ ਲੋਹ ਨੂੰ ਕਈ ਉਹਦੀ ਦੀਦ ਬਦਲੇ, ਸੇਜ ਸ੍ਵਰਗ ਦੇ ਫੁੱਲਾਂ ਦੀ ਜਾਣਦੇ ਨੇ । ਐਪਰ ਰਹਿਬਰੋਂ ਬਾਝ ਜੇ ਲੱਭ ਜਾਂਦਾ, ਉਹਦੇ ਮਿਲਣ ਦਾ ਰਾਹ ਦਸਤੂਰ ਐਵੇਂ। ਮੋਰ-ਛਲ ਕਿਉਂ ਝੱਲਦਾ ਕਦੀ ਬਾਲਾ, ਫੜਦਾ ਕਿਉਂ ਮਰਦਾਨਾ ਤੰਬੂਰ ਐਵੇਂ ? ਉਹਦੇ ਹੁਸਨ ਦਾ ਦਾਰੂ ਤੇਜ ਐਸਾ, ਆਸ਼ਕ ਵੇਂਹਦਿਆਂ ਸਾਰ ਬੇਹੋਸ਼ ਹੁੰਦਾ। ਸੀਸ ਕਿਸੇ ਦਾ ਉੱਡਦਾ ਵਾਂਗ ਖਿੱਦੋ, ਵੱਖ ਕਿਸੇ ਦੇ ਪਿੰਡ ਤੋਂ ਪੋਸ਼ ਹੁੰਦਾ। ਔਭੜ ਜੱਗ ਤੇ ਲੂਤੀਆਂ ਲਾਣ ਜਿਉਂ ਜਿਉਂ, ਤਿਉਂ ਤਿਉਂ ਦੂਣਾ ਇਸ਼ਕ ਦਾ ਜੋਸ਼ ਹੁੰਦਾ। ਮੋਤੀ ਭੇਦ ਦਾ ਸਾਂਭਕੇ ਰੱਖਦਾ ਉਹ, ਜਿਹੜਾ ਸੱਪ ਵਾਂਗੂੰ ਪੜਦਾ ਪੋਸ਼ ਹੁੰਦਾ। ਫਤਵਾ ਦਸਕੇ ਸ਼ਰ੍ਹਾ ਮੁਹੰਮਦੀ ਨੇ, ਸੂਲੀ ਚਾੜ੍ਹਿਆ ਨਹੀਂ ਮਨਸੂਰ ਐਵੇਂ। ਓਸ ਫੁੱਲ ਅਦੁਤੀ ਦੀ ਵਾਸ਼ਨਾ ਨੂੰ, ਖੋਹਲਣ ਲਗਾ ਸੀ ਵਾਂਗ ਕਾਫ਼ੂਰ ਐਵੇਂ। ਓਹਨੂੰ ਚੌਧਵੀਂ ਰਾਤ ਦੇ ਚੰਨ ਵਾਂਗੂੰ, ਸਾਵਾਂ ਸਾਰੇ ਜਹਾਨ ਦਾ ਪੱਖ ਹੋਵੇ। ਭਾਵੇਂ ਸ਼ਾਹੀ ਮਹੱਲ ਦੀ ਹੋਏ ਬੂਬੀ, ਭਾਵੇਂ ਕਿਸੇ ਦੀ ਝੁੱਗੀ ਦਾ ਕੱਖ ਹੋਵੇ। ਉਹਦੇ ਜ਼ੱਰੇ ਨੂੰ ਕਦੀ ਜੇ ਚੁਭੇ ਛਿਲਤਰ, ਅੰਨ੍ਹੀ ਗ੍ਰਹਿਣ ਵਿਚ ਸੂਰਜ ਦੀ ਅੱਖ ਹੋਵੇ । ਨਹੀਂ ਉਹ ਹੇਜਲਾ ਸੱਯਦਾਂ ਬਰਾਮ੍ਹਣਾਂ ਦਾ, ਨਾਂ ਉਹ ਸ਼ੂਦਰਾਂ ਨਾਲੋਂ ਹੀ ਵੱਖ ਹੋਵੇ। ਜਾਤ ਪਾਤ ਦੀਆਂ ਸੋਹਲ ਪਰਾਮ੍ਹਲਾਂ ਦਾ, ਬੈਠੇ ਆਹਲਣੇ ਘੱਤ ਮਗਰੂਰ ਐਵੇਂ। ਝੱਖੜ ਮੌਤ ਦੇ ਇਕੋ ਹੀ ਭੋਇ ਅੰਦਰ, ਓੜਕ ਰੋਲਣੇ ਨੇ ਵਾਂਗਰ ਬੂਰ ਐਵੇਂ। ਪਤਾ ਓਸ ਹੋਰ ਥਾਂਵ ਦਾ ਕੀ ਪੁੱਛੇ, ‘ਹਰ' ਹਰ ਅੰਦਰ ਓਹੋ ਟਹਿਕਦਾ ਏ। ਕਿਤੇ ਫੁੱਲ ਬਣਕੇ ਝੂਟੇ ਟਹਿਣੀਆਂ ਤੇ, ਬਣਕੇ ਵਾਸ਼ਨਾਂ ਕਿਤੇ ਉਹ ਮਹਿਕਦਾ ਏ । ਕਿਤੇ ਭੌਰਾਂ ਦੇ ਵਿਚ ਏ ਮਸਤ ਫਿਰਦਾ, ਕਿਤੇ ਬੁਲਬੁਲਾਂ ਵਿੱਚ ਉਹ ਚਹਿਕਦਾ ਏ । ਕਿਤੇ ਦੀਵਿਆਂ ਵਿਚ ਪ੍ਰਕਾਸ਼ ਕਰਦਾ, ਕਿਤੇ ਭੰਬਟਾ ਵਿਚ ਓਹ ਸਹਿਕਦਾ ਏ। 'ਸ਼ਰਫ' ਉਹਨੂੰ ਸੁਜਾਖਿਆਂ ਕੌਣ ਆਖੇ, ਉਹਦੇ ਮੱਥੇ ਜੇ ਮੜ੍ਹੇ ਕਸੂਰ ਐਵੇਂ। ਉਹ ਤੇ ਘੰਡੀਓਂ ਵੀ ਨੇੜੇ ਵੱਸਦਾ ਏ, ਮੂਸਾ ਢੂੰਡਦਾ ਫਿਰੇ ਕੋਹ-ਤੂਰ ਐਵੇਂ।
'ਸ਼ਰਫ਼’ ਵੇਖਕੇ ਬਾਗ ਵਿਚ ਸ਼ਾਮ ਕਾਲੀ
ਭਰਿਆ ਨੂਰ ਤੇ ਨਾਰ ਦਾ ਥਾਲ ਫੜਕੇ, ਜੋਗੀ ਉਤਰ ਹਿਮਾਲਾ ਤੋਂ ਔਣ ਵਾਲਾ। ‘ਧੁੱਪ-ਛਾਂ' ਦੇ ਕੱਪੜੇ ਪਾ ਤਨ ਤੇ, ਮੱਥੇ ਤਿਲਕ ਪਰਕਾਸ਼ ਦਾ ਲੌਣ ਵਾਲਾ। ਮਾਲਾ ਕਿਰਨਾਂ ਦੀ ਪਕੜਕੇ ਹੱਥ ਅੰਦਰ, ਘਰੋ ਘਰੀ ਜਾ ਅਲਖ ਜਗੌਣ ਵਾਲਾ । ਇੱਕੋ ਅੱਖ ਜੋ ਵੇਖਦਾ ਸਾਰਿਆਂ ਨੂੰ, ਮੁਲਕ ਮੁਲਕ ਵਿਚ ਝਾਤੀਆਂ ਪੈਣ ਵਾਲਾ। ਖੇਨੂੰ ਨੂਰ ਦਾ ਨੀਲ ਦਰਿਆ ਅੰਦਰ, ਰੋੜ੍ਹੇ ਪਿਆ ਜਾ ਲਹਿੰਦੇ ਵਿਚ ਡੁਬ ਗਿਆ । ਥੱਲੇ ਥੱਲੇ ਹੀ ਨਿਘਰਦਾ ਗਿਆ ਕਿਧਰੇ, ਐਸੀ ਜਿੱਲ੍ਹਣ ਅੰਦਰ ਜਾਕੇ ਖੁੱਭ ਗਿਆ। ਘੁੰਡ ਮਲਕੜੇ ਲਾਹਕੇ ਸ਼ਾਮ ਪਿਆਰੀ, ਮੁਖ ਸਾਵਲਾ ਆਣ ਵਿਖਾਲਿਆ ਏ । ਛਿਪਿਆ ਦਿਨ ਤਿਕਾਲਾਂ ਦੇ ਹੋਏ ਦਰਸ਼ਨ, ਰਾਮ ਸ਼ਾਮ ਦਾ ਰੂਪ ਵਟਾ ਲਿਆ ਏ। ਏਸ ਸਾਵਲੀ ਸਾਵਲੀ ਇਸਤਰੀ ਨੇ, ਜਾਦੂ ਜੱਗ ਤੇ ਇਸ ਤਰ੍ਹਾਂ ਪਾ ਲਿਆ ਏ । ਜਿਵੇਂ ਇੰਦਰ ਨੂੰ ਜ਼ੁਲਫ਼ ਸੁੰਘਾ ਕੇ ਤੇ, ਨੀਲਮ ਪਰੀ ਨੇ ਮਸਤ ਬਣਾ ਲਿਆ ਏ। ਲਟਬਾਵਰੀ ਕਾਲੋਂ ਦੀ ਸ਼ਾਹੀ ਕੀਤੀ, ਖੋਲ੍ਹ ਖੋਲ੍ਹਕੇ ਲਿਟਾਂ ਖਿਲਾਰੀਆਂ ਨੇ; ਐਰੀਂ ਐਰਾਂ ਦਾ ਕੱਜਲਾ ਸ਼ਾਮ ਲੈਕੇ, ਮਸਤ ਨੈਣਾਂ ਵਿਚ ਖਿੱਚੀਆਂ ਧਾਰੀਆਂ ਨੇ। ਟਾਵੇਂ ਟਾਵੇਂ ਸਤਾਰਿਆਂ ਲਿਸ਼ਕ ਮਾਰੀ, ਯਾ ਏ ਦੀਵੇ ਅਸਮਾਨ ਤੇ ਜਗ ਪਏ ਨੇ। ਊਦੀ ਕਾਸ਼ਨੀ ਨੀਲੀ ਜ਼ਮੀਨ ਉਤੇ, ਯਾ ਏ ਹੀਰਿਆਂ ਦੇ ਡਿੱਗ ਨਗ ਪਏ ਨੇ। ਮੋਟੇ ਮੋਟੇ ਗਲੇਡੂ ਵਗਾਹ ਯਾ ਏ, ਅੰਬਰ ਹੁਰੀਂ ਬੁਝਾਵਦੇ ਅੱਗ ਪਏ ਨੇ। ਨਿਕਲਨ ਲੱਗੀ ਭੜਾਸ ਜ਼ਮੀਨ ਦੀ ਭੀ, ਸੀਨੇ ਦੋਹਾਂ ਦੇ ਹੁਣ ਠਰਨ ਲਗ ਪਏ ਨੇ । ਲੱਗੇ ਮਾਨਣ ਸੁਹਾਗ ਦੀ ਰਾਤ ਕੋਈ, ਭਾ ਕਈਆਂ ਦੇ ਬਿਰਹੋਂ ਦਾ ਸੋਗ ਹੋਇਆ। ਏਧਰ ਰਾਤ ਦਿਨ ਘੁੱਟਕੇ ਪਾਈ ਜੱਫੀ, ਚਕਵੇ ਚਕਵੀ ਨੂੰ ਓਧਰ ਵਿਯੋਗ ਹੋਇਆ। ਰੰਗ ਰੱਤੜੀ ਨੀਂਦ ਵਿਚ ਮੱਤੜੀ ਨੇ, ਗੱਲਾਂ ਕੀਤੀਆਂ ਰੰਗ ਰੰਗੀਲੀਆਂ ਨੇ । ਲਾਲੀ ਹੱਥਾਂ ਦੀ ਦਸਕੇ ਅੰਬਰਾਂ ਤੋਂ, ਬਾਲ ਛਡੀਆਂ ਘਰਾਂ ਵਿਚ ਤੀਲੀਆਂ ਨੇ। ਕੀਤੇ ਫ਼ਰਸ਼ ਦਰਿਆਈ ਦੇ ਦੀਵਿਆਂ ਨੇ, ਰਿਸ਼ਮਾਂ ਛੱਡੀਆਂ ਲਾਲ ਤੇ ਪੀਲੀਆਂ ਨੇ । ਜੌਬਨ ਯਾਰ ਦਾ ਡੁਲਦਾ ਵੇਖਕੇ ਤੇ, ਓਧਰ ਆਸ਼ਕਾਂ ਨੇ ਜਾਨਾਂ ਹੀਲੀਆਂ ਨੇ। ਪੀਚੇ ਹੋਏ ਪ੍ਰੇਮ ਦੇ ਪੇਚ ਅੰਦਰ, ਨਿਕੇ ਨਿਕੇ ਜੇਹੇ ਖੰਭ ਖਿਲਾਰ ਆਏ। ਲਾਟ ਬੱਤੀ ਦੀ ਪਿਆਰ ਦੀ ਡੋਰ ਬਣ ਗਈ, ਉੱਡਣ ਲਈ 'ਪਤੰਗ' ਹਜ਼ਾਰ ਆਏ। ਤੇੱਲਾ ਗ਼ਮਾਂ ਦਾ ਪਿਆ ਤਰੇਲ ਨੂੰ ਭੀ, ਘੁੰਡ ਵਿਚ ਚੋਰੀ ਗੋਰੀ ਰੋਣ ਲਗੀ। ਜੇਹੜੇ ਸਾਗਰਾਂ ਵਿਚੋਂ ਭੀ ਲਭਦੇ ਨਹੀ, ਉਨ੍ਹਾਂ ਮੋਤੀਆਂ ਦੀ ਬਰਖਾ ਹੋਣ ਲਗੀ। ਤਾਪ ਜਿਨ੍ਹਾਂ ਨੂੰ ਧੁੱਪ ਦਾ ਚੜ੍ਹ ਗਿਆ ਸੀ, ਅੰਮ੍ਰਿਤ ਉਨ੍ਹਾਂ ਦੇ ਮੂੰਹ ਵਿਚ ਚੋਣ ਲਗੀ। ਹੋਈਆਂ ਗੋਰੀਆਂ ਚਿਟੀਆਂ ਦੁੱਧ ਵਾਂਗੂੰ, ਸੌ ਸੌ ਪਾਣੀ ਏ ਕਲੀਆਂ ਨੂੰ ਧੌਣ ਲਗੀ। ਕੁਝ ਤੇ ਖਿਲਰੇ ਮਖਮਲੀ ਫਰਸ਼ ਉੱਤੇ, ਮੋਤੀ-ਪੱਤਰਾ ਲਾਏ ਕੁਝ ਝਾਲਰਾਂ ਨੂੰ। ਰਹਿੰਦੇ ਕਲੀਆਂ ਨੇ ਹਾਰ ਤਿਆਰ ਕੀਤੇ, ਬਾਕੀ ਫੁਲਾਂ ਨੇ ਟਾਂਕ ਲਏ ਕਾਲਰਾਂ ਨੂੰ। ਭਾਵੇਂ ਦੌਲਤ ਕਾਰੂੰ ਦੀ ਖਰਚ ਕਰੀਏ, ਔਖੀ ਸਿਫ਼ਤ ਹੈ ਸ਼ਾਮ ਦੇ ਪਹਿਣਿਆਂ ਦੀ। ਤੁਬਕ ਤੁਬਕੇ ਵਿਚ ਦਿਸਦੇ ਨੇ ਚੰਦ ਤਾਰੇ, ਪਵੇ ਝਲਕ ਜਦ ਓਸਦੇ ਗਹਿਣਿਆਂ ਦੀ। ਦਿਲਾ ਚਲ ਹੁਣ ਵੇਖੀਏ ਲੁਕਣ ਮੀਟੀ, ਬਾਗਾਂ ਪੈਲੀਆਂ ਵਿਚ ਖੁਸ਼-ਰਹਿਣਿਆਂ ਦੀ। ਲੰਪ ਬਿਜਲੀ ਦੇ ਖੀਸਿਆਂ ਵਿਚ ਪਾਕੇ, ਨਿਕਲੀ ਸੈਰ ਨੂੰ ਫੌਜ ਟਟਹਿਣਿਆਂ ਦੀ। ‘ਸ਼ਰਫ਼' ਵੇਖਕੇ ਬਾਗ ਵਿਚ ਸ਼ਾਮ ਕਾਲੀ, ਮੈਨੂੰ ਨਾਮਾ ਐਮਾਲ ਦਾ ਯਾਦ ਆਯਾ ! ਕਲੀਆਂ ਵਾਂਗ ਚੁਪਕੀਤੜਾ ਗਿਆ ਸਾਂ ਮੈਂ, ਕਰਦਾ ਬੁਲਬੁਲਾਂ ਵਾਂਗ ਫਰਿਆਦ ਆਯਾ।
ਅੱਜ ਮੈਂ ਪਾਣੀਓਂ ਵੀ ਪਤਲੀ ਹੋਈ ਹੋਈ ਆਂ
ਇੰਦਰਪੁਰੀ ਦੀ ਸੀਤਲਾ ਮਹਾਂਰਾਣੀ, ਠੰਢ ਜ਼ਿਮੀਂ ਦੇ ਕਾਲਜੇ ਪੌਣ ਵਾਲੀ । ਨੂਰਾਂ ਪਰੀ ਓਹ ਨੂਰ ਦੀ ਭਰੀ ਹੋਈ, ਸਾਰੇ ਜੱਗ ਨੂੰ ਦਰਸ ਦਿਖੌਣ ਵਾਲੀ । ਲੀੜੇ ਰੇਸ਼ਮੀ-ਰਿਸ਼ਮਾਂ ਦੇ ਪਹਿਨ ਪੱਚਰ, ਨਖਰੇ ਨਾਲ ਅਸਮਾਨ ਤੇ ਔਣ ਵਾਲੀ। ਚੌਦਾਂ ਸਾਲ ਦੀ ਨਿੱਤਰੀ ਦੁੱਧ ਵਾਂਗੂੰ, ਚੰਨਾਂ ਚੌਧਵੀਂ ਰਾਤ ਸਦੌਣ ਵਾਲੀ। ਆਕੇ ਬੈਠ ਗਈ ਦੁਨੀਆਂ ਦੇ ਤਖਤ ਉਤੇ, ਸਿਕਾ ਆਪਣਾ ਸਾਰੇ ਚਲੌਣ ਲਗੀ। ਕਿਰਨਾਂ ਸੁੱਟ ਹਨੇਰੇ ਤੇ ਨੂਰ ਦੀਆਂ, ਗਲਤ ਅਖਰਾਂ ਵਾਂਗ ਮਿਟੌਣ ਲਗੀ। ਜਲਵੇ ਕੁਦਰਤੀ ਸੁੱਟਕੇ ਜ਼ਿਮੀਂ ਉੱਤੇ, ਕੰਧਾਂ ਕੋਠਿਆਂ ਨੂੰ ਨੂਰੋ-ਨੂਰ ਕੀਤਾ। ਕਿਰਨਾਂ ਤਿਰਛੀਆਂ ਬਰਛੀਆਂ ਮਾਰਕੇ ਤੇ, ਸਾਰਾ ਕੁਫ਼ਰ ਹਨੇਰੇ ਦਾ ਦੂਰ ਕੀਤਾ। ਨਜ਼ਰਾਂ ਪਿਆਰੀਆਂ ਮਾਰੀਆਂ ਜਿਸ ਪਾਸੇ, ਇਕ ਇਕ ਜ਼ੱਰੇ ਨੂੰ ਪਕੜ 1ਕੋਹਤੂਰ ਕੀਤਾ ਪਾਈ ਠੰਢ ਬਹਿਸ਼ਤਾਂ ਦੀ ਹੂਰ ਐਸੀ, ਸੂਰਜ ਵਾਲਾ ਵੀ ਠੰਢਾ ਤਨੂਰ ਕੀਤਾ । ਸ਼ੋਖ ਅੱਖ ਵਿਖਾਲਕੇ-ਚੰਦ ਖਾਤਰ, ਲੁੱਟੀ ਹੋਸ਼ ਅਸਮਾਨ ਤੇ ਸਾਰਿਆਂ ਦੀ। ਟੇਢੀ ਕਿਰਨਾਂ ਦੀ ਪਗੜ ਸਤਾਰੇ ਬਾਂਕੀ; ਮਧਮ ਕੀਤੀ ਸੀ ਲੋਅ ਸਤਾਰਿਆਂ ਦੀ। ਐਡੀ ਤਬ੍ਹਾ ਦੀ ਤੇਜ਼ ਲਡਿੱਕੜੀ ਇਹ; ਜਾ ਜਾ ਪਾਣੀ ਦੇ ਜਿਗਰ ਵਿਚ ਧਸਦੀ ਸੀ। ਐਡੀ ਬੇ-ਪ੍ਰਵਾਹ-ਸਿਰ-ਲੱਥ ਚੈਂਚਲ, ਬੀਆਬਾਨ ਵਿਚ ਨੱਚਦੀ ਹੱਸਦੀ ਸੀ। ਐਡੀ ਸ਼ੋਖ ਪਹਾੜਾਂ ਦੇ ਸਿਰ ਚੜ੍ਹਕੇ, ਪਈ ਹੁਸ਼ਨ ਵਾਲੇ ਨਖਰੇ ਦੱਸਦੀ ਸੀ। ਐਡੀ ਲਾਜਵੰਤੀ-ਗੂਹੜੇ ਸਤਰ ਵਾਲੀ, ਸੂਰਜ ਦੇਵਤੇ ਤੋਂ ਡਰਦੀ ਨੱਸਦੀ ਸੀ। ਖਹਿੰਦੀ ਜਾਂਦੀ ਸੀ ਬੂਟਿਆਂ ਨਾਲ ਕਿਧਰੇ, ਕਿਤੇ ਛੇੜਦੀ ਕਾਨਿਆਂ ਕਾਹੀਆਂ ਨੂੰ। ਕਿਤੇ ਮਕਰ ਦਾ ਜਾਲ ਖਲਾਰਕੇ ਤੇ, ਫੌਂਹਦੀ ਪਈ ਸੀ ਭੋਲਿਆਂ ਰਾਹੀਆਂ ਨੂੰ। ਠੰਢੇ-ਠਾਰ ਫੁਹਾਰੇ ਨੇ ਅੰਬਰਾਂ ਤੋਂ, ਛੱਟੇ ਮਾਰ ਸੰਸਾਰ ਨਿਹਾਲ ਕੀਤਾ। ਜਿਹੜਾ ਯਾਰ ਸੀ ਯਾਰ ਦੇ ਕੋਲ ਬੈਠਾ, ਓਹਨੂੰ ਵਸਲ ਅੰਦਰ ਮਾਲਾਮਾਲ ਕੀਤਾ। ਜਿਹੜਾ ਅੱਗੇ ਵਿਛੋੜੇ ਦਾ ਮਾਰਿਆ ਸੀ, ਬੁਰਾ ਓਸਦਾ ਏਸਨੇ ਹਾਲ ਕੀਤਾ । ਕਿਰਨਾਂ ਸੁੱਟਕੇ ਓਸਦੀ ਹਿੱਕ ਉਤੇ, ਜ਼ਖਮੀ ਕਾਲਜਾ ਨੇਜ਼ਿਆਂ ਨਾਲ ਕੀਤਾ। ਏਸੇ ਚਾਨਣੀ-ਚਾਨਣੀ—ਰਾਤ ਠੰਢੀ; ਦਿਲ ਤੇ ਜਿਗਰ ਸਨ ਸਾਰੇ ਹੀ ਸਾੜ ਦਿਤੇ। ਘੂਰ-ਘੂਰਕੇ ਅੰਬਰੋਂ ਤਾਰਿਆਂ ਨੇ, ਮੇਰੇ ਸੀਨੇ ਦੇ ਜ਼ਖਮ ਉਘਾੜ ਦਿਤੇ। ਲੋਕਾਂ ਵਾਸਤੇ ਚਾਨਣੀ ਚੰਦ ਘਲੀ, ਮੇਰੇ ਲਈ ਹਨੇਰ ਇਹ ਘਲ ਦਿਤਾ। ਵੇਲਾ ਬੀਤਿਆ ਯਾਦ ਕਰਾ ਮੈਨੂੰ, ਮਾਰ ਨਸ਼ਤਰਾਂ ਕਾਲਜਾ ਸੱਲ ਦਿਤਾ। ਰੱਸਾ ਰੇਸ਼ਮੀ-ਰਿਸ਼ਮਾਂ ਦਾ ਵਟਕੇ ਤੇ, ਮੇਰੇ ਗਲੇ ਅੰਦਰ ਸੌ-ਸੌ ਵਲ ਦਿਤਾ। ਦਰਦਾਂ ਮਲਿਆ ਮੈਂ ਮਰ-ਚਲਿਆ ਸਾਂ, ਆਕੇ ਬਾਗ ਦੀ ਯਾਦ ਨੇ ਠੱਲ੍ਹ ਦਿਤਾ । ਦਿਲ ਨੂੰ ਪਕੜਕੇ ਨਿਕਲਿਆ ਘਰ ਰੋਂਦਾ, ਸਾਰੇ ਰਾਹ ਅੰਦਰ ਗਿਣਦਾ ਦਾਗ ਆਯਾ। ਜਿਥੇ ਮਜ਼ੇ ਪਿਆਰ ਦੇ ਲੁਟਦਾ ਸਾਂ, ਮੇਰੀ ਕਿਸਮਤ ਨੂੰ ਅੱਗੋਂ ਉਹ ਬਾਗ ਆਯਾ। ਕਿਤੇ ਬੈਠਿਆ, ਉਠਿਆ, ਟਹਿਲਿਆ ਮੈਂ, ਕਿਤੇ ਫੁੱਲਾਂ ਦੇ ਕੋਲ ਖਲੋ ਗਿਆ ਸਾਂ । ਕਦੀ ਓਸ ਪਾਸੇ, ਕਦੀ ਏਸ ਪਾਸੇ, ਕਦੀ ਡੰਡੀ ਦੇ ਮੋੜ ਤੇ ਹੋ ਗਿਆ ਸਾਂ। ਔਧਰ ਜਾ ਚੰਬੇਲੀ ਦੇ ਫੁਲ ਤੋੜੇ, ਏਧਰ ਚੰਬੇ ਦੀ ਸੁੰਘ ਖੁਸ਼ਬੋ ਗਿਆ ਸਾਂ। ਫੇਰ ਚਾਰ ਉਲਾਂਘ ਮੈਂ ਪਿਛ੍ਹਾਂ ਆਇਆ, ਜੇਕਰ ਅਗ੍ਹਾਂ ਵਲੇ ਕਦਮ ਦੋ ਗਿਆ ਸਾਂ। ਬਾਗ ਵਿਚ ਵੀ ਘਾਹ ਤੇ ਬੂਟਿਆਂ ਤੇ, ਲਾਈ ਹੋਈ ਬਹਾਰ ਸੀ ਚਾਨਣੀ ਨੇ। ਪੌਡਰ ਨੂਰਾਂ ਦਾ ਫੁੱਲਾਂ ਤੇ ਧੂੜਿਆ ਸੀ, ਛਾਣ ਛਾਣ ਅਸਮਾਨ ਦੀ ਛਾਨਣੀ ਨੇ। ਠੰਡੀ ਚਾਨਣੀ-ਰਾਤ ਦੀ ਖੁਸ਼ੀ ਅੰਦਰ, ਕਿਤੇ ਚੜ੍ਹੀਆਂ ਗੁਲਾਬ ਨੂੰ ਲਾਲੀਆਂ ਸਨ। ਨਹੀਂ ਸਨ ਚੋਏ ਤਰੇਲ ਦੇ ਪੱਤੀਆਂ ਤੇ, ਭਰੀਆਂ ਮੋਤੀਆਂ ਨਾਲ ਇਹ ਥਾਲੀਆਂ ਸਨ। ਜਦੋਂ ਬੁੱਲੇ ਹਵਾ ਦੇ ਆਂਵਦੇ ਸਨ; ਕਲੀਆਂ ਮੂੰਹਾਂ ਤੋਂ ਲੌਂਹਦੀਆਂ ਜਾਲੀਆਂ ਸਨ । ਚੁੰਮਣ ਵਾਸਤੇ ਫੁਲਾਂ ਦੇ ਮੂੰਹ ਸੁੰਦਰ, ਝੁਕ ਝੁਕ ਦੂਹਰੀਆਂ ਹੁੰਦੀਆਂ ਜਾਂਦੀਆਂ ਸਨ। ਖਿੜ ਖਿੜ ਮੋਤੀਆ ਹਸਿਆ ਜਦੋਂ ਪ੍ਯਾਰਾ, ਹੈਸੀ ਚਮਕ ਐਸੀ ਇਕ ਇਕ ਦੰਦ ਅੰਦਰ । ਤਾਰੇ ਟੁਟਕੇ ਜ਼ਿਮੀਂ ਤੇ ਆਣ ਡਿੱਗੇ, ਲਗੇ ਦਾਗ ਅਸਮਾਨਾਂ ਦੇ ਚੰਦ ਅੰਦਰ । ਸੂਰਜ ਮੁਖੀ ਦੇ ਫੁਲ ਪਏ ਵੇਖਦੇ ਸਨ, ਕਿਤੇ ਨਰਗਸ ਬੀਮਾਰ ਨੂੰ ਝੁਕ ਝੁਕ ਕੇ। ਦਾਗ 'ਲਾਲਾਂ' ਦੇ 'ਨਰਗਸ' ਪਈ ਵੇਖਦੀ ਸੀ, ਕਿਤੇ ਅੱਖਾਂ ਸ਼ਰਮੀਲੀਆਂ ਚੁਕ ਚੁਕ ਕੇ । ਕਿਤੇ ਸੋਸਨ ਪਈ ਚੰਬੇ ਨੂੰ ਦਸਦੀ ਸੀ, ਰੰਗ ਮਿਸੀਆਂ ਦਾ ਨੇੜੇ ਢੁਕ ਢੁਕ ਕੇ। ਕਿਤੇ ਕਲੀ ਰਵੇਲ ਦੀ ਤਾੜਦੀ ਸੀ, ਮੌਲਸਰੀ ਦੇ ਫੁੱਲਾਂ ਨੂੰ ਲੁਕ ਲੁਕ ਕੇ। ਵਾਲਾਂ ਵਿਚ ਹਵਾ ਦੀ ਫੇਰ ਕੰਘੀ, ਕਿਤੇ ਸੁੰਬਲ ਨੇ ਜ਼ੁਲਫਾਂ ਸਵਾਰੀਆਂ ਸਨ। ਕਿਤ ਸੁੰਬਲ ਪਿਆਰੀ ਨੂੰ ਫੌਣ੍ਹ ਬਦਲੇ, ਇਸ਼ਕ ਪੇਚੇ ਨੇ ਫਾਹੀਆਂ ਖਲਾਰੀਆਂ ਸਨ। ਓਥੇ ਹੋਰ ਕੋਈ ਨਜ਼ਰ ਨਾਂ ਪਿਆ ਮੈਨੂੰ, ਵੇਂਹਦਾ ਰਿਹਾ ਮੈਂ ਕੱਲਾ ਨਜ਼ਾਰਿਆਂ ਨੂੰ। ਖੜੇ ਸਰੂ ਸ਼ਮਸ਼ਾਦ ਉਡੀਕਦੇ ਸਨ, ਓਥੇ ਆਪਣੇ ਆਪਣੇ ਪਿਆਰਿਆਂ ਨੂੰ। ਆਯਾ ਯਾਦ ਪਿਆਰ ਜਾਂ ਬੁਲਬੁਲਾਂ ਦਾ, ਸੂਲਾਂ ਵੱਜੀਆਂ ਫੁੱਲਾਂ ਵਿਚਾਰਿਆਂ ਨੂੰ । ਫੜਕੇ ਨੀਂਦ ਦਾ ਮੀਰ ਸ਼ਕਾਰ ਕਿਧਰੇ, ਲੈ ਗਿਆ ਸੀ ਆਸ਼ਕਾਂ ਸਾਰਿਆਂ ਨੂੰ। ਕੀਤਾ ਕਹਿਰ ਸੀ ਜਿਹਦੇ ਤੇ ਚਾਨਣੀ ਨੇ, ਆਸ਼ਕ ਇਕ ਮੈਂ ਓਸ ਥਾਂ ਹੋਰ ਡਿੱਠਾ। 2ਲੇਲੀ ਮਜਨੂੰ ਦੇ ਬੂਟੇ ਦੇ ਹੇਠ ਜਾ ਕੇ, ਜਾਨ ਤੋੜਦਾ ਸੁੰਦਰ ਚਕੋਰ ਡਿੱਠਾ। ਉਹਨੂੰ ਚੁੱਕ ਫੁਹਾਰੇ ਤੇ ਆ ਗਿਆ ਮੈਂ ਲਹੂ ਓਸਦੀ ਚੁੰਝ ਤੋਂ ਧੋਣ ਲੱਗਾ। ਮਿੱਟੀ ਝਾੜਕੇ ਓਹਦਿਆਂ ਪਰਾਂ ਉੱਤੋਂ, ਪਾਣੀ ਓਸਦੇ ਮੂੰਹ ਵਿਚ ਚੋਣ ਲੱਗਾ। ਵੇਖ ਵੇਖ ਕੇ ਓਸ ਨੂੰ ਮੱਛੀਆਂ ਦਾ, ਸੀਨਾ ਜਿਗਰ ਕਬਾਬ ਸੀ ਹੋਣ ਲੱਗਾ। ਛਾਲੇ ਦਿਲ ਦੇ ਬੁਲਬੁਲੇ ਤੋੜਦੇ ਸਨ, ਫੁੱਟ ਫੁੱਟ ਫੁਹਾਰਾ ਵੀ ਰੋਣ ਲੱਗਾ। ਜਲਵਾ ਚੰਦ ਦਾ ਵੇਂਹਦਿਆਂ ਵੇਂਹਦਿਆਂ ਈ, ਤੜਫ ਤੜਫ ਕੇ ਅੰਤ ਉਹ ਹਾਰ ਗਿਆ। ਸੱਚਾ ਇਸ਼ਕ ਚਕੋਰ ਦਾ ਵੇਖਿਆ ਮੈਂ, ਜਾਨ ਯਾਰ ਦੇ ਕਦਮਾਂ ਤੋਂ ਵਾਰ ਗਿਆ। ਓਸ ਦੁੱਖ ਦੇ ਮਾਰੇ ਦੀ ਲਾਸ਼ ਉੱਤੇ, ਜੇਬੋਂ ਕੱਢ ਰੁਮਾਲ ਮੈਂ ਪਾ ਦਿਤਾ। ਬੂਟਾ ਲਭ 3'ਸੁਖਚੈਨ' ਦਾ ਇਕ ਪਾਸੇ, ਜਾਕੇ ਓਸਦੇ ਹੇਠਾਂ ਦਬਾ ਦਿਤਾ। ਐਨੇ ਫੁੱਲ ਚੜ੍ਹਾਏ ਮੈਂ 4ਚਾਨਣੀ ਦੇ, ਉਹਦੀ ਕਬਰ ਨੂੰ ਵਿੱਚੇ ਲੁਕਾ ਦਿਤਾ। ਦੀਵੇ ਕੁਦਰਤੀ ਅੱਲਾ ਨੇ ਬਾਲ ਘੱਲੇ, ਆ ਕੇ ਮੇਲਾ ਟਟਹਣਿਆਂ ਲਾ ਦਿਤਾ। ਬੈਠਾ ਉਹਦੇ ਸਰ੍ਹਾਣੇ ਮਜ਼ੋਰ ਬਣਕੇ, ਗੱਲ ਹੁਸਨ ਤੇ ਇਸ਼ਕ ਦੀ ਸੋਚਦਾ ਸਾਂ। ਨੀਵਾਂ ਧੌਣ, ਖਿਆਲ ਸੀ ਅਰਸ਼ ਉੱਤੇ, ਤਿੜਾਂ ਤੋੜਦਾ, ਜ਼ਿਮੀਂ ਖਰੋਚਦਾ ਸਾਂ। ਭਿੱਜੀਜੀ ਦੁਖ ਦੀ ਹੋਰ ਇਕ ਚਾਂਗ ਨਿਕਲੀ; ਜਿਹਨੂੰ ਸੁਣਦਿਆਂ ਸਾਰ ਮੈਂ ਮੁਕ ਗਿਆ। ਸੜੀ ਹੋਈ ਸੀ ਦਰਦ ਦੇ ਨਾਲ ਐਸੀ, ਸੁਣਕੇ ਪਾਣੀ ਫੁਹਾਰੇ ਦਾ ਸੁੱਕ ਗਿਆ। ਸਹਿਮ ਨਾਲ ਸਾਰੇ ਹੋ ਗਏ ਫੁੱਲ ਗੁੱਛਾ, ਮੂੰਹ ਟਾਹਣੀਆਂ ਦਾ ਥੱਲੇ ਝੁੱਕ ਗਿਆ। ਪੈ ਗਈ ਭਾਂਜ ਅਸਮਾਨ ਤੇ ਤਾਰਿਆਂ ਨੂੰ, ਚੰਨ ਬਦਲੀ ਦੇ ਹੇਠਾਂ ਲੁੱਕ ਗਿਆ। ਨਹੀਂ ਸੀ ਚਾਂਗ ਓਹ, ਝੰਮਣੀ ਅੱਗ ਦੀ ਸੀ, ਜਾ ਕੇ ਅੰਬਰਾਂ ਨੂੰ ਜਿਹਨੇ ਝੰਬਿਆ ਸੀ। ਰਾਹੂ-ਕੇਤੂ5 ਪਿਛਾਹਾਂ ਨੂੰ ਉੱਠ ਨੱਸੇ, ਜਿਗਰਾ ਮੰਗਲ ਸਨੀਚਰ ਦਾ ਕੰਬਿਆ ਸੀ। ਮੈਨੂੰ ਚਿਤ ਦੇ ਵਿਚ ਖਿਆਲ ਆਇਆ, ਇਹ ਵੀ ਦੁਖੀ ਕੋਈ ਮੇਰੇ ਨਾਲ ਦਾ ਏ। ਵਿੱਛੜ ਗਿਆ ਏ ਇਹਦਾ ਵੀ ਯਾਰ ਖ਼ਬਰੇ, ਤਦੇ ਢਾਂਢਰੀ ਆਹਾਂ ਦੀ ਬਾਲਦਾ ਏ। ਚੱਲੋ ਚੱਲਕੇ ਪੁੱਛੀਏ ਸਾਰ ਇਹਦੀ, ਮਹਿਰਮ ਲਭਦਾ ਆਪਣੇ ਹਾਲ ਦਾ ਏ। ਦੇਕੇ ਡਾਢ ਕਲੇਜੇ ਨੂੰ ਤੁਰ ਪਿਆ ਮੈਂ, ਆਖਿਰ ਲਭ ਲੈਂਦਾ, ਜਿਹੜਾ ਭਾਲਦਾ ਏ। ਬੂਟੇ 'ਹਾਰ ਸ਼ਿੰਗਾਰ'6 ਦੇ ਹੇਠ ਵੇਖੀ, ਇਕ ਉੱਜੜੀ ਨਾਰ ਮੁਟਿਆਰ ਬੈਠੀ। ਦੁੱਖ ਕੋਲ ਖਲੋਤੇ ਪਏ ਹਸਦੇ ਸਨ, ਓਹ ਪਈ ਰੋਂਵਦੀ ਸੀ ਜ਼ਾਰੋ ਜ਼ਾਰ ਬੈਠੀ। ਓਹਨੂੰ ਕਿਹਾ ਮੈਂ ‘ਦੱਸ ਤੂੰ ਭਾਗਵਾਨੇ, ਕੀ ਕੁਝ ਮਾਪਿਆਂ ਰੱਖਿਆ ‘ਨਾਂ' ਤੇਰਾ ? ਬੈਠੀ ਬਾਗ਼ ਅੰਦਰ ਕੱਲੀ ਰੋਵਨੀ ਏਂ, ਰਿਹਾ ਜੱਗ ਤੇ ਕੋਈ ਨਹੀਂ ਥਾਂ ਤੇਰਾ ? ਵਾਸਾ ਸ਼ਹਿਰ ਦਾ ਤੈਨੂੰ ਹੀ ਭਾਂਵਦਾ ਨਹੀਂ, ਵੈਰੀ ਹੋਯਾ ਯਾ ਸ਼ਹਿਰ ਗਿਰਾਂ ਤੇਰਾ ? ਧਾੜ ਜ਼ੁਲਮ ਦੀ ਕਿੱਧਰੋਂ ਪਈ ਤੈਨੂੰ, ਕਿਸੇ ਹਾਕਮ ਨਹੀਂ ਕੀਤਾ ਨਿਆਂ ਤੇਰਾ ? ਲੋ ਦੀਪਕ ਦੀ ਰਖਦੇ ਵੈਣ ਤੇਰੇ, ਅੱਗ ਫੁਲਾਂ ਦੇ ਸੀਨੇ ਤੇ ਬਾਲਨੀ ਏਂ, ਖਾਰੇ ਸੋਮਿਆਂ ਦਾ ਪਾਣੀ ਪਾ ਪਾ ਕੇ, ਕਾਹਨੂੰ ਨਰਗਸੀ ਅੱਖੀਆਂ ਗਾਲਨੀ ਏਂ ?' ਕਹਿਣ ਲਗੀ ਉਹ 'ਦਸਾਂ ਮੈਂ ਕੀ ਤੈਨੂੰ ? ਬੜੀ ਦੁਖਾਂ ਦੇ ਮੂੰਹ ਵਿਚ ਢੋਈ ਹੋਈ ਆਂ। ਫਿਰਾਂ ਸਾਸ ਵਿਰੋਲਦੀ ਜੱਗ ਉਤੇ, ਜੀਉਂਦੀ ਜਾਣ ਨਾ ਵਿਚੋਂ ਮੈਂ ਮੋਈ ਹੋਈ ਆਂ। ਹੱਥੀਂ ਲੋਰੀਆਂ ਜਿਨ੍ਹਾਂ ਨੂੰ ਰਹੀ ਦੇਂਦੀ, ਉਹਨਾਂ ਵਾਸਤੇ ਅੱਜ ਮੈਂ ‘ਕੋਈ’ ਹੋਈ ਹਾਂ। ਉਂਜ ਤੇ ਪੰਜ ਦਰਿਆਵਾਂ ਦੀ ਹਾਂ ਮਾਲਕ, ਅਜ ਮੈਂ ਪਾਣੀਓਂ ਵੀ ਪਤਲੀ ਹੋਈ ਹੋਈ ਆਂ। ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਟੁਟੀ' ਹੋਈ ਸਤਾਰ ਰਬਾਬੀਆਂ ਦੀ। ਪੁਛੀ ਵਾਤ ਨਾ ਜਿਨ੍ਹਾਂ ਨੇ ‘ਸ਼ਰਫ਼' ਮੇਰੀ, ਵੇ ਮੈਂ ‘ਬੋਲੀ' ਹਾਂ ਉਹਨਾਂ ਪੰਜਾਬੀਆਂ ਦੀ। 1. ਤੂਰ ਉਹ ਪਹਾੜ ਹੈ, ਜਿਥੇ ਮੂਸਾ ਪੈਗੰਬਰ ਨੂੰ ਰਬ ਦਾ ਨੂਰੀ ਦੀਦਾਰ ਹੋਇਆ ਸੀ। 2. ਇਕ ਤਰਾਂ ਦਾ ਬੂਟਾ ਏ। 3. ਇਹ ਭੀ ਇਕ ਸੁਹਣਾ ਬੂਟਾ ਈ ਏ । 4. ਚਾਨਣੀ ਨਾਮ ਦਾ ਇਕ ਸੁੰਦਰ ਫੁੱਲਾਂ ਵਾਲਾ ਬੂਟਾ ਹੁੰਦਾ ਏ। 5. ਰਾਹੂ ਕੇਤੂ ਦੋ ਸਤਾਰੇ ਹਨ, ਜਿਨ੍ਹਾਂ ਦੀ ਚਾਲ ਪੁੱਠੀ ਹੈ । 6. ਇਕ ਤਰ੍ਹਾਂ ਦਾ ਬੜਾ ਮਹਿਕਦਾਰ ਫੁੱਲਾਂ ਦਾ ਬੂਟਾ ਏ।
ਕੰਡੇ ਮੁਸ਼ਟੰਡੇ ਬੁਰੇ ਛੁਰੇ ਨੂੰ ਕੋਈ ਛੇੜਦਾ ਨਾ
ਫੁਲ ਨੂੰ ਸਵੇਰੇ ਅਜ ਬਾਗ ਅੰਦਰ ਆਖਿਆ ਮੈਂ, ਤੇਰੀ ਜੇਹੀ ਨਾ ਜਗ ਵਿਚ ਕਿਸੇ ਤੇ ਬਹਾਰ ਹੋਵੇ। ਵਾ ਨਾਲ ਹਿਲ ਜੁਲ ਹੰਝੂ ਕੇਰੇਂ ਤੇਲ ਵਾਲੇ, ਕਹਿਣ ਲਗਾ ਸੁਣ-'ਸ਼ੁਰੂ ਦੁਖਾਂ ਵਾਲੀ ਵਾਰ ਹੋਵੇ। ਜੰਮ ਅਜੇ ਚੁਕਦਾ ਨਹੀਂ ਸੁਕਦਾ ਨਹੀਂ ਨੀਰ ਮੇਰਾ, ਸੇਜ ਪਹਿਲੋਂ ਕੰਡਿਆਂ ਦੀ ਮੇਰੇ ਲਈ ਤਿਆਰ ਹੋਵੇ। ਤੈਨੂੰ ਓਦੋਂ ਸੁਤਿਆਂ ਵਿਗੁਤਿਆਂ ਨਹੀਂ ਹੋਸ਼ ਹੁੰਦੀ, ਧੱਮੀ ਵੇਲੇ ਧੱਫਿਆਂ ਦੀ ਜਦੋਂ ਮੈਨੂੰ ਮਾਰ ਹੋਵੇ। ਧੱਫਿਆਂ ਦੇ ਨਾਲ ਹੋਵੇ ਵਾਲ ਵਾਲ ਲਾਲ ਮੇਰਾ, ਸੋਹਲ ਤੇ ਮਲੂਕ ਪਿੰਡੇ ਮਾਰ ਨਾ ਸਹਾਰ ਹੋਵੇ। ਜੇ ਮੈਂ ਭੁਲਾਂ ਹਿਲਾਂ ਜੁਲਾਂ ਐਧਰ ਓਧਰ ਜ਼ਰਾ ਹੋਵਾਂ, ਅਗੋਂ ਨੇਜ਼ਾ ਮਾਰਨ ਨੂੰ ਤਿਆਰ ਪਹਿਰੇਦਾਰ ਹੋਵੇ। ਫਿੱਤੀ ਫਿੱਤੀ ਜਦੋਂ ਹੋਵਾਂ ਲੋਕੀਂ ਆਖਣ ਹੱਸਦਾ ਏ, ਦਿਲ ਮੇਰਾ ਰੋਂਦਾ ਪਿਆ ਵਿਚੋਂ ਜ਼ਾਰੋ ਜ਼ਾਰ ਹੋਵੇ। ਸੁਰਤ ਨਾਂ ਸੰਭਾਲਾਂ ਤੁਰਤ ਆਸ਼ਕਾਂ ਦੇ ਜਥੇ ਲੱਥਣ, ਲੈ ਕੇ ਚੁੰਝਾਂ ਤਿਖੀਆਂ ਨੂੰ ਤੇਜ ਆਰ ਪਾਰ ਹੋਵੇ। ਲਾਹੁਣ ਪਾਣ ਪਤ-ਪਤਿ ਰੋਲ ਤੇ ਘਚੋਲ ਛੱਡਣ, ਮੇਰੀ ਮੌਤ, ਓਹਨਾਂ ਦਾ ਇਹ ਲਾਡ ਤੇ ਪਿਆਰ ਹੋਵੇ। ਕਾਲੇ ਮੂੰਹ ਵਾਲੇ ਆਣ ਕਈ ਦਵਾਲੇ ਹੁੰਦੇ, ਰੂਪ ਚੂਪ ਲੈਂਦੇ ਜੇਹੜਾ ਜੋਬਨ ਦਾ ਸ਼ਿੰਗਾਰ ਹੋਵੇ। ਸੂਰਜ ਜੇਹਾ ਸੂਰਮਾ ਵੀ ਮੇਰੇ ਤੇ ਚੜ੍ਹਾਈ ਕਰਦਾ, ਨਾਲ ਨੇਜ਼ੇ ਵਾਲਿਆਂ ਦੀ ਫ਼ੌਜ ਬੇਸ਼ੁਮਾਰ ਹੋਵੇ । ਰਚ ਰਚ ਔਕੜਾਂ ਦੇ ਵਿਚ ਜੇ ਮੈਂ ਬਚ ਜਾਵਾਂ, ਅਗੋਂ ਸੁਣੀ ਹੋਰ ਮੇਰੇ ਨਾਲ ਕੀ ਕਾਰ ਹੋਵੇ । ਤੋੜਕੇ ਫੁਲੇਰਾ ਮੇਰਾ ਸੀਨਾ ਸੂਈ ਨਾਲ ਵਿੰਨ੍ਹੇ, ਹਾਰ ਜਾਂਦੇ ਲੇਖ ਜਦੋਂ ਫੇਰ ਮੇਰਾ ਹਾਰ ਹੋਵੇ । ਇਕੋ ਰਾਤ ਮੌਜ ਮਾਣੀ ਗਲੇ ਕਿਸੇ ਲਾ ਲਿਆ ਜੇ, ਦਿਨੇ ਫੇਰ ਰੂੜੀਆਂ ਤੇ ਮਿਟੀ ਤੇ ਪਈ ਖਵਾਰ ਹੋਵੇ। ਜਦੋਂ ਜਾਵਾਂ ਸੁੱਕ ਤੇ ਕੋਈ ਥੁੱਕਦਾ ਨਹੀਂ ਮੂੰਹ ਉਤੇ, ਓਦੋਂ ਮੇਰਾ ਚੁਕਣਾ ਭੀ ਮਣਾਂ ਮੂੰਹੀਂ ਭਾਰ ਹੋਵੇ। ਏਥੋਂ ਭੀ ਜੇ ਬਚ ਜਾਵਾਂ ਪਾਵਾਂ ਹੋਰ ਦੁਖ ਬਹੁਤੇ, ਹੋਵਾਂ ਫੱਟੀ ਹੱਟੀ ਦੀ ਤੇ ਸਾਹਮਣੇ ਅਤਾਰ ਹੋਵੇ। ਡੋਬ ਮੈਨੂੰ ਪੈਣ ਜਦੋਂ ਰੂਹ ਮੇਰਾ ਖਿਚਦੇ ਨੇ, ਮੈਂਤੇ ਹੋਵਾਂ ਗਰਕ ਮੇਰਾ ਅਰਕ ਅੰਮ੍ਰਿਤਧਾਰ ਹੋਵੇ। ਬੰਦ ਬੰਦ ਗਾਲ ਦੇਂਦੇ ਤਾਂ ਮੈਂ ਗੁਲਕੰਦ ਹੋਵਾਂ, ਹੁੰਦੀ ਏ-ਬੀ ਮਾਰ ਜਦੋਂ ਰਾਜ਼ੀ ਤਾਂ ਬੀਮਾਰ ਹੋਵੇ । ਦੱਸਾਂ ਤੈਨੂੰ ਅਤਰ ਮੇਰਾ ਕਿਹੜੇ ਵਤਰ ਨਾਲ ਕੱਢਣ, ਹੇਠਾਂ ਮੇਰੇ ਨਰਕ ਵਾਲੀ ਬਾਲੀ ਹੋਈ ਨਾਰ1 ਹੋਵੇ। ਕੰਡੇ ਮੁਸ਼ਟਡੇ ਬੁਰੇ ਛੁਰੇ ਨੂੰ ਕੋਈ ਛੇੜਦਾ ਨਾਂ, 'ਸ਼ਰਫ਼' ਮੇਰੇ ਵਰਗਿਆਂ ਤੇ ਜ਼ੁਲਮ ਕਈ ਹਜ਼ਾਰ ਹੋਵੇ। 1. ਅੱਗ
ਕੰਡੇ ਦਾ ਗਿਲਾ ! ਪਿਛੋਂ ਰੋਵੇਂਗਾ ਵੇਖ ਲਈਂ ਨੈਣ ਭਰ ਭਰ !
ਰਹਿਕੇ ਕਠਿਆਂ ਬਾਗ ਦੇ ਵਿਚ ਫੁੱਲਾ, ਵਾਹ ਏ ਚੰਗੀਆਂ ਯਾਰੀਆਂ ਘੋਲੀਆਂ ਨੀ। ਸੁਹਣਾ ਦਿਤਾ ਏ ਭਤਕਰਾ ਰਾਖੀਆਂ ਦਾ, ਭਾਂਤ ਭਾਂਤ ਦੀਆਂ ਬੋਲੀਆਂ ਬੋਲੀਆਂ ਨੀ। ਤੁਬਕੇ ਸੁਟ 'ਤਰੇਲ' ਦੇ ਸੜੇ ਹੋਏ, ਹਾਇ ਇਹ ਸੀਨੇ ਵਿਚ ਮਾਰੀਆਂ ਗੋਲੀਆਂ ਨੀ। ਰੰਗ ਰੱਤਿਆ ਜੋਬਨਾਂ ਮਤਿਆ ਓ, ਮੇਰੇ ਖੂਨ ਵਿਚ ਖੇਡੀਆਂ ਹੋਲੀਆਂ ਨੀ। ਬਦਲੇ ਦੁੱਧ ਦੇ ਲਹੂ ਚੁੰਘਾ ਕੇ ਤੇ, ਤੇਨੂੰ ਪਾਲਿਆ ਪੋਸਿਆ ਘੁੰਨਿਆ ਓ। ਅਜ ਤੂੰ ਵਾਂਗ ਕੋਲੇ ਲਾਲੋ ਲਾਲ ਹੋਕੇ, ਮੇਰੇ ਜਿਗਰ ਕਲੇਜੇ ਨੂੰ ਭੁੰਨਿਆ ਓ। ਚਾਕਰ ਮੁੱਢ ਕਦੀਮ ਦਾ ਮੈਂ ਤੇਰਾ, ਕੁੱਛੜ ਚੁਕਕੇ ਤੇਨੂੰ ਖਿਡਾਉਣ ਵਾਲਾ। ਤੇਰੇ ਵੱਲ ਜੋ ਉਂਗਲੀ ਕਰੇ ਕੋਈ, ਓਹਦੇ ਲਹੂ ਦੇ ਵਿਚ ਹਾਂ ਨ੍ਹਾਉਣ ਵਾਲਾ। ਮੇਰੇ ਜੀਉਂਦਿਆਂ ਬਾਗ ਦੇ ਵਿਚ ਤੈਨੂੰ, ਕਿਹੜਾ ਜੰਮਿਆਂ ਏ ਹੱਥ ਲੌਣ ਵਾਲਾ। ਜੇਕਰ ਸੱਚੀ ਨਿਤਾਰਕੇ ਪੁੱਛਣਾ ਏਂ, ਚਿੜਕੇ ਤੇਰੇ ਤੋਂ ਜਾਨ ਗਵੌਣ ਵਾਲਾ ! ਮੇਰੇ ਦਮ ਦੇ ਨਾਲ ਹੀ ਜੱਗ ਅੰਦਰ, ਏਹ ਸਭ ਮਿਲੀ ਹੋਈ ਏ ਆਦਰ ਭਾ ਤੈਨੂੰ। ਪਿੱਛੋਂ ਰੋਵੇਂਗਾ ਵੇਖ ਲਈਂ ਨੈਣ ਭਰ ਭਰ, ਆਈ ਯਾਦ ਜਦ ਮੇਰੀ ਵਫ਼ਾ ਤੈਨੂੰ। ਚੱਲ ਖੂਹ ਤੇ ਪੈਲੀਆਂ ਵੇਖ ਤਾਂ ਸਹੀ, ਕਰਦਾ ਰਾਖੀਆਂ ਜਿੱਥੇ ਮੈਂ ਥੱਕਦਾ ਨਹੀਂ। ਜੇੜ੍ਹੇ ਬੰਨੇ ਤੇ ਨੌਕਰੀ ਹੋਵੇ ਮੇਰੀ, ਓਧਰ ਪਸ਼ੂ ਭੀ ਕਦੀ ਕੋਈ ਤੱਕਦਾ ਨਹੀਂ। ਵਿਚਲਾ ਜੇੜ੍ਹੇ ਨਿਲੱਜ ਦਾ ਡੋਲ ਜਾਵੇ, ਓਦ੍ਹੇ ਚਾਨੇ ਭੀ ਲਾਹੁੰਦਿਆਂ ਝੱਕਦਾ ਨਹੀਂ। ਪਾਵਾਂ ਬੇੜੀਆਂ ਓਸਨੂੰ ਮੈਂ ਜਹੀਆਂ, ਨੱਸ ਭਜ ਓਹ ਕਿਤੇ ਭੀ ਸੱਕਦਾ ਨਹੀਂ। ਮੇਰੇ ਜੇਹੇ ਵਰਿਆਮ ਦੀ, ਮੂਰਖਾ ਓਇ, ਕਦਰ ਪੁੱਛਣੀ ਸੀ ਕਿਸੇ ਜੱਟ ਕੋਲੋਂ। ਜਿਹੜੀ ਥਾਂ ਤੇ ਗੱਡਦਾ ਵਾੜ ਮੇਰੀ, ਲੋਕੀਂ ਲੰਘਦੇ ਨੇ ਪਰੇ ਵੱਟ ਕੋਲੋਂ। ਤੇਰਾ ਚੜ੍ਹਿਆ ਦਿਮਾਗ ਹੈ ਅਰਸ਼ ਉੱਤੇ, ਲੱਗੀ ਬਾਗ ਦੀ ਜਹੀ ਹਵਾ ਤੈਨੂੰ। ਤੇਰੀ ਖਿੰਡ ਗਈ ਵਾਸ਼ਨਾ ਜੱਗ ਸਾਰੇ, ਹੁਣ ਤੇ ਬਾਸ਼ਿਆ, ਆਵੇ ਹਯਾ ਤੈਨੂੰ। ਗੱਲਾਂ ਵਿਤਕਰੇ ਵਾਲੀਆਂ ਕਰਨੀਆਂ ਇਹ, ਕਿੰਨ੍ਹੇ ਦਸੀਆਂ ਸਹਿਜ ਸੁਭਾ ਤੈਨੂੰ ? ਮੈਨੂੰ ਫੁੱਲਾਂ ਦੇ ਨਾਲ ਕਿਉਂ ਗੰਢਿਆ ਸੂ, ਇਹ ਭੀ ਖੋਲ੍ਹਕੇ ਦਿਆਂ ਸਮਝਾ ਤੈਨੂੰ ? 'ਕੰਡਾ' ਟਹਿਣੀ ਨੂੰ ਲਾਕੇ ਰੱਬ ਸੱਚੇ, ਕੰਡੇ ਫੁੱਲ ਨੂੰ ਇਕ ਥਾਂ ਤੋਲਿਆ ਏ। ਓਦ੍ਹੀ ਨਜ਼ਰ ਵਿਚ ਇੱਕੋ ਜਹੇ ਹੈਨ ਸਾਰੇ, ਓਹਨੇ ਭੇਦ ਏ ਆਪਣਾ ਖੋਲ੍ਹਿਆ ਏ। ਇਕੋ ਜਿਹਾ ਹਾਂ ਅੰਦਰੋਂ ਬਾਹਰੋਂ ਮੈਂ, ਮੈਨੂੰ ਲੋਕਾਂ ਨੇ ਖੂਬ ਪਛਾਣਿਆ ਏ । ਓਹਦੀ ਯਾਦ ਵਿਚ ਖੜਾ ਹਾਂ ਦਿਨੇ ਰਾਤੀ, ਫਾਨੀ ਜੱਗ ਨੂੰ ਮੁਢੋਂ ਮੈਂ ਜਾਣਿਆ ਏ । ਅਲਫ਼ ਬਣ ਗਿਆ ਹੂਬਹੂ ਆਪ ਭੀ ਮੈਂ, ਐਸਾ 1ਅਲਫ਼ ਦੇ ਇਸ਼ਕ ਨੇ ਰਾਣਿਆ ਏ। ਮੈਨੂੰ ਰੁਤਬਾ ਇਹ ਓਸਨੇ ਬਖਸ਼ ਦਿਤਾ, ਸਿਰ ਤੇ ਛਤਰ ਗੁਲਾਬ ਦਾ ਤਾਣਿਆ ਏ। ਮੇਰੇ ਜ਼ਾਹਰ ਤੇ ਬਾਤਨ ਨੇ ਇਕ ਹੋਇਆ, ਏਹੋ ਦੁਨੀਆਂ ਨੂੰ ਸਬਕ ਸਿਖਾਇਆ ਏ। ਜੇਹੜਾ ਅੰਦਰੋਂ ਬਾਹਰੋਂ ਇਕ ਹੋਇਆ। ਓਸ ਇਕ ਨੂੰ ਉਸੇ ਨੇ ਪਾਇਆ ਏ । ਜੇ ਤੂ ਚੰਗਾ ਏਂ ਮੈਨੂੰ ਕਿਉਂ ਬੁਰਾ ਕਹੇ ? ਜੇ ਮੈਂ ਬੁਰਾ ਹਾਂ ਤੈਨੂੰ ਕੀ ਚੰਗਿਆ ਓ। ਤੇਰੇ ਨਿਰੇ ਸੁਹਪਣ ਨੂੰ ਅੱਗ ਲਾਵਾਂ ? ਸ਼ੂਕਾ ਸ਼ਾਕੀ ਤੇ ਖੁਦੀ ਵਿਚ ਰੰਗਿਆ ਓ। ਬਹੇ ਫੁੱਲ ਫੁੱਲ ਤੁਰੇ ਨੂੰ ਵੇਖ ਉਚਾ, ਏਸ ਸੂਲੀ ਦੇ ਉਤੇ ਭੀ ਟੰਗਿਆ ਓ। ਡਿਗੇ ਵਾਂਗ ਫੁਹਾਰੇ ਦੇ ਸਿਰ ਪਰਨੇ, ਉਤਾਂਹ ਹੁੰਦਿਆਂ ਜਿਹੜਾ ਨਾ ਸੰਗਿਆ ਓ । ਕੀ ਹੋ ਗਿਆ ‘ਸ਼ਰਫ਼' ਜੇ ਮੂੰਹ 2ਕਾਲਾ, ਗੋਰੇ ਰੰਗ ਵਾਲੀ ਮਕਰ-ਚਾਨਣੀ ਨਹੀਂ। ਓਥੇ ਅਮਲਾਂ ਤੇ ਫੈਸਲੇ ਮੁੱਕਣੇ ਨੇ, ਰੰਗਤ, ਜ਼ਾਤ ਤੇ ਕਿਸੇ ਪਛਾਨਣੀ ਨਹੀਂ। 1. ਅੱਲਾਹ, ਖ਼ੁਦਾ। 2. ਕੰਡੇ ਦਾ ਮੂੰਹ ਅਗੋਂ ਰਤਾ ਕਾਲਾ ਹੁੰਦਾ ਹੈ।
ਤੇਰੀ ਜੁਤੀ ਦੇ ਟੁਟੇ ਹੋਏ ਤਾਰਿਆਂ ਨੂੰ
ਸੀਨੇ ਫੁੱਲਾਂ ਦੇ ਪਾਟਕੇ ਹੋਨ ਲੀਰਾਂ, ਬੰਨ੍ਹ ਸੰਦਲੇ ਬਲਬੁਲਾਂ ਰੋਣ ਲੱਗਣ। ਪਾਤ ਪਾਤ ਕਲੀਆਂ ਅੱਧੜਵੰਜਿਆਂ ਨੂੰ, ਹੋਕੇ ਨੰਗੀਆਂ ਅਲਫ਼ ਖਲੋਣ ਲੱਗਣ। ਨਿਕਲੇ ਅੱਗ ਪਹਾੜਾਂ ਦੇ ਪਥਰਾਂ ਚੋਂ, ਪਾਣੀ ਪਾਣੀ ਸਮੁੰਦਰ ਸਭ ਹੋਣ ਲੱਗਣ। ਫਿਰ ਫ਼ਿਰ ਜ਼ਿਮੀਂ ਅਸਮਾਨ ਦੇ ਪੁੜ ਦੋਵੇਂ, ਚੱਕੀ ਨਿੱਤ ਦੀ ਸੋਗਾਂ ਦੀ ਝੋਣ ਲੱਗਣ। ਇਕ ਇਕ ਵਲ ਜੀਹਦਾ ਗਲ ਦਾ ਹਾਰ ਹੋਵੇ, ਅੱਜ ਮੈਂ ਗੱਲ ਹਾਂ ਐਸੀ ਸੁਨੌਣ ਆਇਆ। ਗੂਹੜੀ ਨੀਂਦ ਅੰਦਰ ਸੌਣ ਵਾਲਿਆਂ ਨੂੰ, ਝੂਣ ਝੂਣ ਕੇ ਸਿਰੋਂ ਜਗੌਣ ਆਇਆ। ਕੱਲ ਆਈ ਸੀ ਮੇਰੇ ਤੇ ਰਾਤ ਓਹੋ, ਸੁਣਕੇ ਚਿਰਾਂ ਦਾ ਜਿਨੂੰ ਮੈਂ ਡੋਲਦਾ ਸੀ। ਹੁੱਸੜ ਆਣਕੇ ਰਗਾਂ ਤੋਂ ਘੁੱਟਦਾ ਸੀ, ਰਤੀ ਗੱਲ ਭੀ ਜੇ ਮੂੰਹੋਂ ਬੋਲਦਾ ਸੀ। ਗੰਢਾਂ ਜੇੜ੍ਹੀਆਂ ਹੱਥੀ ਮੈਂ ਦਿੱਤੀਆਂ ਸਨ, ਵਿਲਕ ਵਿਲਕ ਕੇ ਦੰਦੀਆਂ ਖੋਲ੍ਹਦਾ ਸੀ। ਕਾਲੀ ਜ਼ੁਲਫ਼ ਨਾ ਰੈਨ ਦੀ ਮੁੱਕਦੀ ਸੀ, ਪਿਆ ਸੱਪ ਵਾਗੂੰ ਵਿੱਸ ਘੋਲਦਾ ਸੀ। ਹੋ ਗਏ ਅੱਡਰੇ, ਗ਼ਮਾਂ ਕੁਝ ਸਾਂਝ ਤੋੜੀ, ਅੱਖ ਨੀਂਦ ਦੇ ਕੰਢੇ ਤੇ ਵੱਗ ਲੱਗੀ। ਉਹਦਾ ਇੱਕ ਚੰਗਿਆੜਾ ਮੈਂ ਦੱਸਨਾ ਹਾਂ, ਜੇੜ੍ਹੀ ਸੁਫ਼ਨੇ ਅੰਦਰ ਮੈਨੂੰ ਅੱਗ ਲੱਗੀ। ਐਸਾ ਧੌਲਰ ਇਕ ਵੇਖਿਆ ਮਨ-ਮੋਹਣਾ, ਜਿਸ ਨੂੰ ਵੇਖਕੇ ਹੋਵੇ ਹੈਰਾਨ "ਜੱਨਤ"। ਓਹਦੀ ਇਕ ਇਕ ਮੋਰੀ ਦੀ ਇੱਟ ਉਤੋਂ, ਕਰੇ ਪਿਆ 'ਸ਼ੱਦਾਦ' ਕੁਰਬਾਨ ਜੱਨਤ। ਓਹਨੂੰ ਵੇਖਣ ਜੇ ਓਪਰੇ ਮੁਲਕ ਵਾਲੇ, ਜੀਉਂਦੀ ਜਾਨ ਨਾ ਕਦੀ ਭੀ ਜਾਨ ਜੱਨਤ। ਲਿਖਿਆ ਹੋਇਆ ਸੀ ਮੋਟਿਆਂ ਅੱਖਰਾਂ ਦਾ, ਓਹਦੇ ਮੱਥੇ ਉੱਤੇ 'ਹਿੰਦੁਸਤਾਨ' ਜੱਨਤ। ਰਵਾਂ ਰਵੀਂ ਮੈਂ ਲੰਘਿਆ ਜਾ ਡਿੱਠਾ, ਓਹਦੇ ਵਿੱਚ ਇਕ ਲੱਗਾ ਦਰਬਾਰ ਸੁੰਦਰ। ਸ਼ੋਅਲੇ ਨੂਰ ਦੇ ਨਾੜਾਂ ਚੋਂ ਨਿਕਲਦੇ ਸਨ, ਚੜ੍ਹਦੀ ਇੱਕ ਤੋਂ ਇੱਕ ਸੀ ਨਾਰ ਸੁੰਦਰ। ਇੱਕਲਵਾਂਜੇ ਮੈਂ ਓਹਲੇ ਖਲੋ ਡਿੱਠੀ । ਜਿਹੜੀ ਜਿਹੜੀ ਸੀ ਉਨ੍ਹਾਂ ਨੇ ਕਾਰ ਕੀਤੀ। ਕਿਸੇ ਆਖਿਆ ਏ ਜ਼ਰਾ 'ਹਿੱਡੇ ਅੱਚੋ', ਮਿੱਠੀ 'ਸਿੰਧੀ' ਵਿੱਚ ਗੱਲ ਗੁਫ਼ਤਾਰ ਕੀਤੀ। ਕਿਸੇ ਕਿਹਾ ਗੁਜਰਾਤੀ ਵਿਚ 'ਤਮੀ ਚਾਲੋ', 'ਰਾਜ਼ੇ ਖ਼ੈਲੇ' ਦੀ ਕਿਸੇ ਪੁਕਾਰ ਕੀਤੀ ? ਫਿਰ ਫਿਰ ਵਾਂਗ 'ਮਰਹੱਟੀ' ਮਰ-ਹਟੀ ਕੋਈ, ਬੜੀ 'ਹੇਕੜੇ ਤੇਕੜੇ' ਮਾਰ ਕੀਤੀ । 'ਬਾੜੀ ਆਪਨਾ ਕੁਥੈ ਛੇ' ਕਿਸੇ ਕਹਿਕੇ, ਡਾਢੇ ਜਾਦੂ ਚਲਾਏ ਬੰਗਾਲੀਆਂ ਦੇ। 'ਮੰਚੀ ਮੰਚੀ' ਪੁਕਾਰ ਮਦਰਾਸ ਵਾਲੀ, ਮੂੰਹ ਕੀਤੇ ਸਨ ਬੰਦ ਸਵਾਲੀਆਂ ਦੇ। ਦੱਸ "ਹਿਨਾਕਸੁੱਲਰ ਦੇ" ਨਾਂ ਕੀ ਊ, ਲੰਕਾ ਵਾਲੀ ਦੁਲਾਰੀ ਵਸਨੀਕ ਬੋਲੀ। ਰਹਿਣ ਵਾਲੀ ਨਿਪਾਲ ਦੇ ਪੱਥਰਾਂ ਦੀ, 'ਨਿੱਕਾ ਨੰਦ ਛੋਹ' ਮਾਰਕੇ ਚੀਕ ਬੋਲੀ। ਬ੍ਰਹਮੀ 'ਮੋਟੇ ਮਮੂਲੇ' ਦਾ ਛਿੱਨ ਪਾਇਆ, 'ਕੱਥਬੋਜ਼' ਕਸ਼ਮੀਰ ਦੀ ਠੀਕ ਬੋਲੀ। ਇਕ ਸੀ ਸਾਰੇ ਜ਼ਮਾਨੇ ਦੀ ਛਟੀ ਹੋਈ, ਮੂੰਹੋਂ ਸੁੱਟਕੇ ਪਾਨ ਦੀ ਪੀਕ ਬੋਲੀ। "ਆਏ ਮੇਰੇ ਮੁਕਾਬਲ ਵੁਹ ਆਜ ਮੂਈ, ਜਿਸ ਕਰਨੀ ਹੋ ਦੁਨੀਆਂ ਮੇਂ ਰੀਸ ਮੇਰੀ। ਮੇਰੀ ਜ਼ਰੀ ਸੀ ਬਾਤ ਭੀ ਪਰੀ ਸੀ ਹੈ, ਚੋਟੀ ਗੂੰਦੇ ਹੈ ਸਦਾ 'ਬਲਕੀਸ', ਮੇਰੀ। ਦਿੱਤੀ ਜਦੋਂ ਉੜੇਸ 'ਓੜੀਸਾ' ਵਾਲੀ, ਇਕ ਨੇ ਹਿੰਦੀ ਅੰਦਰ 'ਵ੍ਯਾਖ੍ਯਾਨ' ਕੀਤਾ। ਦੋ ਤਿੰਨ ਡਿੱਠੀਆਂ ਉੱਥੇ ਪ੍ਰਾਹੁਣੀਆਂ ਭੀ, ਚੰਗੀ ਤਰਾਂ ਮੈਂ ਜਦੋਂ ਧਿਆਨ ਕੀਤਾ। ਇਖ਼ਤਸਾਰ ਗੁਫ਼ਤਮ ਦੋ ਸਿਹ ਚਾਰ ਕਲਮਾ, ਦੇ ਇਕ ਨੇ ਕਹਿਕੇ ਏ ਬੰਦ ਬਿਆਨ ਕੀਤਾ। ਕੁਮਕੁਮ ਯਾ ਹਬੀਬੀ ਇਕ ਪਈ ਆਖਦੀ ਸੀ, ਸਭ ਨੇ ਮਿੱਠੜਾ ਬੋਲ ਪਰਵਾਨ ਕੀਤਾ। ਬਣੀ ਹੋਈ ਸੀ ਜੇਹੜੀ ਪ੍ਰਧਾਨ ਉੱਥੇ, ਓਹ ਕੋਈ ਪਰੀ ਸਮੁੰਦਰੋਂ ਪਾਰ ਦੀ ਸੀ। ਰੌਲਾ ਪੈਂਦਾ ਸੀ ਜਦੋਂ ਦਰਬਾਰ ਅੰਦਰ, ਫੌਰਨ 'ਆਡਰ' ਪਲੀਜ਼ ਪੁਕਾਰ ਦੀ ਸੀ। ਜਿਹਨੂੰ ਅੱਖੀਆਂ ਮੇਰੀਆਂ ਵੇਂਹਦੀਆਂ ਸਨ, ਹਾਏ ਉਹ ਲੱਭੀ ਨਾਂ ਓਸ ਦਰਬਾਰ ਵਿੱਚੋਂ। ਟੁੱਟੀ ਡਾਢ ਕਲੇਜੇ ਨੂੰ ਵਾਢ ਲੱਗੀ, ਫਿਰ ਗਈ ਆਹਾਂ ਦੀ ਤੇਜ਼ ਤਲਵਾਰ ਵਿੱਚੋਂ। ਮੈਂ ਇਹ ਜਾਣਿਆ ਹੋਵੇਗੀ ਕਿਤੇ ਬੈਠੀ, ਦਿਲ ਨੇ ਕਿਹਾ ਏਹ ਮੈਨੂੰ ਪੁਕਾਰ ਵਿੱਚੋਂ। ਏਥੇ ਹੁੰਦੀ ਜੇ ਭਲਾ ਓਹ ਲੁਕੀ ਰਹਿੰਦੀ ? 'ਗੁੱਝੀ ਰਹੇ ਨਾਂ ਹੀਰ ਹਜ਼ਾਰ ਵਿੱਚੋਂ।' ਲਾਂਭੇ ਬੈਠ ਖਰੋਚ ਖਰੋਚ ਧਰਤੀ, ਹੋਰ ਹੋਰ ਸੋਚਾਂ ਸੋਚਣ ਲਗ ਪਿਆ ਮੈਂ। ਲੈਂਦਾ ਲੂਸਣੀ ਹੰਝੂ ਦੇ ਵਾਂਗ ਓੜਕ, ਓਥੋਂ ਨਿਕਲਕੇ ਬਾਹਰ ਨੂੰ ਵਗ ਪਿਆ ਮੈਂ। ਗਿਆ ਪੈਲੀ ਦੀ ਵਾਟ ਤੇ ਵੇਖਿਆ ਕੀ ? ਕੂੰਜ ਵਾਂਗ ਇਕ ਨਾਰ ਕੁਰਲਾਂਵਦੀ ਸੀ। ਪੂੰਝ ਪੂੰਝ ਕੇ ਅੱਥਰੂ ਰੱਤ ਭਿੰਨੇ, ਮਹਿੰਦੀ ਸੋਗਾਂ ਦੀ ਹੱਥਾਂ ਨੂੰ ਲਾਂਵਦੀ ਸੀ। ਲੀੜੇ ਮੈਲ ਦੇ ਨਾਲ ਸਨ ਕੁੜੇ ਉਹਦੇ, ਸੂਰਤ ਝੱਲੀ ਦੀ ਝੱਲੀ ਨਾਂ ਜਾਂਵਦੀ ਸੀ। ਮੈਂ ਇਹ ਸਮਝਿਆ 'ਦੀਪਕ' ਮਲ੍ਹਾਰ ਗਾਵੇਂ, ਉਹ ਪਈ ਜਿਗਰ ਦੀ ਲੰਬ ਬੁਝਾਂਵਦੀ ਸੀ। ਵੇਖ ਵੇਖ ਕੇ ਅੰਬਰਾਂ ਵੱਲ ਰੋਵੇ, ਅੱਖਾਂ ਵਿੱਚੋਂ ਪਏ ਅੱਥਰੂ ਛੁੱਟਦੇ ਸਨ। ਏਧਰ ਮੋਤੀ ਅਣਵਿੱਧ ਉਹ ਤੋੜਦੀ ਸੀ, ਓਧਰ ਤਾਰੇ ਅਸਮਾਨ ਤੋਂ ਟੁੱਟਦੇ ਸਨ। ਜਾਕੇ ਕੋਲ ਮੈਂ ਆਖਿਆ 'ਦੱਸ ਮਾਈ, ਬੜੇ ਦੁੱਖੜੇ ਵਾਲੀ ਸੰਞਾਪਨੀ ਏਂ। ਕੌਣ ਵਿਛੜਿਆ ਜੀਹਦੇ ਵਿਜੋਗ ਅੰਦਰ, ਡੂੰਘੇ ਵੈਣਾਂ ਦੇ ਰਾਗ ਅਲਾਪਨੀ ਏਂ? 'ਸਾਢੇ ਤਿੰਨ ਹੱਥ' ਲੰਮੀ ਹੈ ਆਹ ਤੇਰੀ, ਏਹ ਤੂੰ ਕਬਰ ਦੀ ਜਿਮੀਂ ਪਈ ਨਾਪਨੀ ਏਂ? ਕੇਸ ਵੇਸ ਤੇਰੇ ਟੁੱਟੇ ਖੁੱਸੇ ਹੋਏ ਨੇ, ਕਿਸੇ ਦੇਸ ਦੀ ਰਾਣੀ ਉਂਜ ਜਾਪਨੀ ਏਂ। ਜਿੱਥੇ ਜੰਮੀਓਂ ਉਗੀਓਂ ਹੋਈਓਂ ਐਡੀ, ਭਾਗਾਂ ਵਾਲਾ ਉਹ ਕੇਹੜਾ ਗਰਾਂ ਤੇਰਾ ? ਰੱਬ ਸੱਤਰ ਵਾਰੀ, ਤੇਰੇ ਸਤਰ ਕੱਜੇ, ਬੋਲੀਂ ਹੱਸਕੇ ਦੱਸ ਕੀ ਨਾਂ ਤੇਰਾ ?' ਕਹਿਣ ਲੱਗੀ ਉਹ ਮੇਰੇ ਵੱਲ ਮੂੰਹ ਕਰਕੇ:- 'ਕਿੱਥੋਂ ਆ ਗਿਓਂ ਮੈਨੂੰ ਪਤਿਆਉਣ ਵਾਲਾ ? ਸੱਜੇ ਪੱਟ 'ਚੋਂ ਨਿਕਲਿਆ ਪੁੱਤ ਜੇਠਾ, ਮੇਰੇ ਪੀੜਾਂ ਤੇ ਦਰਦ ਵੰਡਾਉਣ ਵਾਲਾ ? ਰਾਹੇ ਜਾਂਦਿਆਂ ਜਾਂਦਿਆਂ ਸਖ਼ੀ ਵੱਡਾ, 'ਹਾਤਮ' ਵਾਂਗ ਸਵਾਲ ਨਿਭਾਉਣ ਵਾਲਾ। 'ਰੁਸਤਮ' ਕੋਲੋਂ ਭੀ ਆਯੋਂ ਵਰਯਾਮ ਵਧਕੇ, ਨਵ੍ਹਾਂ ਨਾਲ ਹਿਮਾਲਾ ਨੂੰ ਢਾਉਣ ਵਾਲਾ। ਮੇਰੇ ਸੀਨੇ ਵਿੱਚ ਦਾਗ਼ ਬੇਅੰਤ ਲੱਗੇ, ਤੇਰੇ ਕੋਲੋਂ ਏਹ ਕਦੀ ਨਹੀਂ ਗਿਣੇ ਜਾਣੇ। ਜਾਹ। ਜਾ। ਪੈਂਡਾ ਨਾਂ ਆਪਣਾ ਕਰੀਂ ਖੋਟਾ, ਤੀਲੇ ਨਾਲ ਸਮੁੰਦਰ ਨਹੀਂ ਮਿਣੇ ਜਾਣੇ।' ਕੀਤਾ ਮੋੜ ਮੈਂ 'ਮਾਈ ਜੀ। ਕਰੋ ਜੇਰਾ, ਐਡ ਰੋਹ ਦੇ ਤੰਬੂ ਪਏ ਤਾਣੀਏ ਨਾਂ। ਲਾਲ ਪੱਥਰਾਂ ਵਿੱਚੋਂ ਈਂ ਨਿਕਲਦੇ ਨੇ, ਮੋਤੀ ਵਾਸਤੇ ਦੁੱਧ ਨੂੰ ਛਾਣੀਏ ਨਾਂ। ਜੋ ਜੋ ਰੱਬ ਨੇ ਕੀਤੀ ਹੈ ਚੀਜ਼ ਪੈਦਾ, ਉਹਨਾਂ ਵਿੱਚੋਂ ਨਿਗੂਣੀ ਕੋਈ ਜਾਣੀਏ ਨਾਂ! ਲੜ ਕੇ ਸੁੰਡ ਵਿੱਚ ਹਾਥੀ ਮਰੁੰਡ ਦੇਵੇ, ਕਦੀ ਕੀੜੀ ਭੀ ਕੂੜੀ ਪਛਾਣੀਏ ਨਾਂ। ਵੇਖੀਂ ਟੈਣੇ ਟਟਹਿਣੇ ਦੇ ਟਿਮਕਣੇ ਤੂੰ, ਉੱਡਿਆ ਜਾਂਦਾ ਵੀ ਕਰਦਾ ਓਹ ਲੋ ਜਾਵੇ। ਮੈਨੂੰ ਗੱਲਾਂ ਤੂੰ ਖੋਲ੍ਹਕੇ ਦੱਸ ਤੇ ਸਹੀ ? ਖ਼ਬਰੇ ਮੈਥੋਂ ਭੀ ਸੇਵਾ ਕੋਈ ਹੋ ਜਾਵੇ।' ਬੋਲੀ:-'ਖਹਿੜਾ ਜੇ ਮੇਰਾ ਤੂੰ ਛੱਡਣਾ ਨਹੀਂ, ਬਹਿ ਜਾ ਚੌਂਕੜੀ ਮਾਰਕੇ ਕੋਲ ਮੇਰੇ। ਫੜਕੇ ਤੱਕੜੀ ਅਕਲ ਦੀ ਹੋਈਂ ਤਕੜਾ, ਬੋਹਲ ਦੁੱਖਾਂ ਦੇ ਲਈਂ ਸਭ ਤੋਲ ਮੇਰੇ। ਹਾਸੇ ਵਿੱਚ ਨਾਂ ਐਵੇਂ ਘਚੋਲ ਸੁੱਟੀਂ, ਇਹ ਕਰੁੱਤੜੇ ਫੁੱਲ ਨੀ ਬੋਲ ਮੇਰੇ। ਹੜ ਵਗਣ ਨਾਂ ਇਨ੍ਹਾਂ ਚੋਂ ਹਾੜਿਆਂ ਦੇ, ਛਾਲੇ ਵੇਖੀਂ, ਪਰ ਵੇਖੀਂ ਅਡੋਲ ਮੇਰੇ। ਪੱਖੀ ਵਾਂਗ ਮੈਂ ਡੋਲਦੀ ਫਿਰਾਂ ਸਾਰੇ, ਮੈਨੂੰ ਝੱਲੀ ਨੂੰ ਲੋਕ ਨਾਂ ਝੱਲਦੇ ਨੇ। ਓਸ ਸੂਬੇ ਦੀ 'ਰਾਣੀ' ਮੈਂ ਗਈ ਰਾਣੀਂ, ਜੀਹਦੇ ਪੰਜ ਦਰਿਆ ਅਜ ਚੱਲਦੇ ਨੇ। 'ਅੰਗਦ ਦੇਵ' ਜੀ ਦੇ ਘਰ ਮੈਂ ਜਨਮ ਲੀਤਾ, ਪਾਈ ਦੀਦ ਅਪੱਛਰਾਂ ਆਣਕੇ ਵੇ। ਦਸਮ ਗੁਰੂ ਦੀ ਗੋਦ ਵਿੱਚ ਖੇਡਦੀ ਰਹੀ, ਉਨ੍ਹਾਂ ਪਾਲਿਆ ਲਾਡਲੀ ਜਾਣਕੇ ਵੇ! ਕੀਤੀ 'ਫੂਲ ਖ਼ਣਵਾਦੇ' ਨੇ ਕਦਰ ਮੇਰੀ, ਮੈਨੂੰ ਫੁੱਲਾਂ ਤੋਂ ਸੋਹਲ ਪਛਾਣਕੇ ਵੇ! ਆਵੇ ਯਾਦ ਦਰਬਾਰ ਰਣਜੀਤ ਸਿੰਘ ਦਾ, ਮੇਰੀ ਜਾਨ ਲੈ ਜਾਂਦਾ ਏ ਰਾਣਕੇ ਵੇ। ਖੁਲ੍ਹੇ ਕੇਸ ਪਰਾਂਦੜਾ ਹੱਥ ਫੜਿਆ, ਏਸੇ ਚੌਂਕ ਗਵਾਚੇ ਨੇ ਫੁੱਲ ਮੇਰੇ। ਗੱਲਾਂ ਔਂਦੀਆਂ ਮਿੱਠੀਆਂ ਯਾਦ ਜਿਸ ਦਮ, ਓਦੋਂ ਇਸਤਰ੍ਹਾਂ ਜੁੜਦੇ ਨੇ ਬੁੱਲ੍ਹ ਮੇਰੇ:- ਮੇਰੇ ਮਾਹੀ। ਮੈਂ ਮੋਈ ਮੁਹਾਰ ਮੋੜੀਂ, ਬਣਕੇ ਬਾਲ ਮੁਆਤੜਾ ਬਾਲ ਬੈਠੀ। ਪੀਆ। ਪਾਲ ਪਰੀਤ ਪ੍ਰੇਮ ਪਿਆਰੀ, ਬਨ ਬਨ ਬੰਨੀ ਬਾਲਮ ਭਾਲ ਬੈਠੀ। ਭੁੱਲੀ ਭੁੱਲ ਭੁਲਾਵੜੇ ਭਲੀ ਭੋਲੀ, ਮੋਈ ਮੋਈ ਮੁਹਾ ਮੈਂ ਮਾਲ ਬੈਠੀ। ਬਾਲੀ-ਬਣ ਬੁਲਬੁਲ ਫੁੱਲੀ ਫੁੱਲ ਬਣ ਬਣ, ਮਰ ਮਰ ਪ੍ਰੀਤ ਪਰੀਤਮਾਂ ਪਾਲ ਬੈਠੀ। ਪੰਡ ਪਿਆਰ ਪ੍ਰੇਮ ਦੀ ਪਾ ਮੋਢੇ, ਪਿੰਡੋ ਪਿੰਡ ਫਿਰਦੀ ਪੀ ਪੀ ਬੋਲਦੀ ਮੈਂ। ਭੌਂਦੀ ਮਿਸਲ ਭੰਬੀਰੀ ਮੈਂ ਭੌਰ ਬਣ ਬਣ, ਫੁੱਲ ਬਾਗ਼, ਪਰਬਤ, ਪੱਥਰ ਫੋਲਦੀ ਮੈਂ। ਮਾਰਨ ਪਈਆਂ ਪਟੋਕਰਾਂ ਨਾਲ ਦੀਆਂ, ਔਖੀ ਬਣ ਅੰਦਰ ਔਖੀ ਬਣੀ ਮੈਨੂੰ। ਹਾਸੇ ਟਿਚਕਰਾਂ ਤੇ ਰਹਿ ਗਏ ਇੱਕ ਪਾਸੇ, ਦੇਵੇ ਛਿੱਬੀਆਂ ਪਈ ਜਨੀ ਖਨੀ ਮੈਨੂੰ। ਪਰਦਾ ਕੱਜਦਾ ਜਿਹੜਾ ਕੁਚੱਜੜੀ ਦਾ, ਐਸਾ ਕੋਈ ਨਾ ਮਿਲਿਆ ਏ ਤਨੀ ਮੈਨੂੰ। 'ਕਣੀ' ਵਾਲੀ ਨੂੰ ਰੋਲਿਆ ਵਿੱਚ ਗਲੀਆਂ, ਲੋਕਾਂ ਸਮਝਿਆ ਚੌਲਾਂ ਦੀ ਕਨੀ ਮੈਨੂੰ। ਕਰਾਂ ਵੈਣ ਬੇ-ਆਸ 'ਬਿਆਸ' ਵਾਰੀ, ਮੇਰੇ ਦੀਦਿਆਂ ਦੇ ਜੇਹੇ ਵਹਿਣ ਖੁੱਲ੍ਹੇ। ਜਿਵੇਂ ਕੰਢੇ ਦਰਿਆ ਦੇ ਨਹੀਂ ਮਿਲਦੇ, ਮੇਰੇ ਬੁੱਲ੍ਹ ਭੀ ਇਸ ਤਰਾਂ ਰਹਿਣ ਖੁੱਲ੍ਹੇ:- ਸਈਆਂ ਸਾਰੀਆਂ ਹਾਰ ਸ਼ਿੰਗਾਰ ਲਾਏ, ਰੱਤੇ ਚੇਹਰਿਆਂ ਤੇ ਚੜ੍ਹੀਆਂ ਲਾਲੀਆਂ ਨੇ। ਸਾਡਾ ਕਾਲਜਾ ਛਾਨਣੀ ਛਾਨਣੀ ਏ । ਡਾਢੇ ਡੰਗ ਲਾਏ ਲਿਟਾਂ ਕਾਲੀਆਂ ਨੇ। ਲਾਂਝੇ ਰਾਂਝੇ ਦੇ ਕੀਰਨੇ ਨਿੱਤ ਕਰਦੀ, ਤੱਤੀ ਹੀਰ ਨੇ, ਅਖੀਆਂ ਗਾਲੀਆਂ ਨੇ। 'ਖੇਤ ਕੇਸਰੀ' ਕੱਲਰਾਂ ਸਾੜ ਛੱਡੇ, ਲਈ ਸਾਰ ਨਾਂ ਆਣਕੇ ਹਾਲੀਆਂ ਨੇ। ਗਲਾਂ ਕਿਸੇ ਨੇ ਆਣ ਨਜਿੱਠੀਆਂ ਨਹੀਂ, ਲਿਖ ਲਿਖ ਚਿੱਠੀਆਂ ਡਿੱਠੀਆਂ ਜੱਗ ਸਾਰੇ। ਦੇਖ ਦੇਖ ਹਾਂ ਰੇਖ ਦੇ ਲੇਖ ਸੜਦੀ, ਚਾਹਾਂ ਜਲ ਤੇ ਦੇਂਦੇ ਨੇ ਅੱਗ ਸਾਰੇ। ਪਾਈਆਂ ਜੱਗ ਵਾਹਰਾਂ 'ਵਾਰਾਂ' ਮੇਰੀਆਂ ਨੇ, ਨਾਲ 'ਸੁਰਾਂ' ਦੇ 'ਗੌਣ' 'ਕਬਿੱਤ' ਮੇਰੇ। 'ਕਲੀਆਂ' ਵਾਂਗ ਕਲੀਆਂ ਹੀਰੇ 'ਬੈਂਤ' 'ਦੋਹੜੇ' 'ਟੱਪੇ' 'ਡਿਓਢ' ਸੁਣ ਸੁਣ ਟੱਪਣ ਮਿੱਤ ਮੇਰੇ। ਪਾ ਪਾ ਕਵ੍ਹਾਂ 'ਅਖਾਣ' 'ਬੁਝਾਰਤਾਂ' ਕੀ ? 'ਬਾਤਾਂ' ਜੇਹੜੀਆਂ ਭਰੀਆਂ ਨੇ ਚਿੱਤ ਮੇਰੇ। 'ਸੋਹਲੇ' 'ਸਿੱਠਾਂ' ਵਿਆਹ ਵਿੱਚ ਕਹਿਣ ਕੁੜੀਆਂ, ਨੀਂਗਰ ਚੰਦ 'ਛੰਦ' ਆਖਦੇ ਨਿੱਤ ਮੇਰੇ। ਚੰਨਾਂ, 'ਬਾਣੀਆਂ' ਮੇਰੀਆਂ ਪੜ੍ਹ ਪੜ੍ਹ ਕੇ, ਹੋਵੇ ਚਾਨਣਾ ਦਿਲਾਂ ਦੀ ਖੋੜ ਅੰਦਰ। ਵੇ ਤੂੰ ਸੱਚ ਜਾਣੀ ਮੋਈ ਹੋਈ ਦੇ ਭੀ, ਪੈਂਦੇ 'ਵੈਣ' ਨੇ ਕਈ ਕਰੋੜ ਅੰਦਰ। ਹਹੁਕਾ ਮਾਰਿਆ ਓਸ ਨੇ ਫੇਰ ਐਸਾ, ਖੋਹਲ ਖੋਹਲ ਕੇ ਅੱਖਾਂ ਮਸਤਾਨੀਆਂ ਦੋ। 'ਸੂਰਜ' 'ਚੰਨ' ਦਾ ਕਾਲਜਾ ਵਿੰਨ੍ਹ ਗਈਆਂ, ਜੇਹੀਆਂ ਮੇਲਕੇ ਛੱਡੀਆਂ ਕਾਨੀਆਂ ਦੋ। ਮੈਨੂੰ ਮੋਢਿਓਂ ਝੂਣਕੇ ਕਹਿਣ ਲੱਗੀ, 'ਤੈਨੂੰ ਹੋਰ ਭੀ ਦਸਾਂ ਨਿਸ਼ਾਨੀਆਂ ਦੋ। ਏਹ ਹੈ ਇੱਕ 'ਕਿਤਾਬ' ਤੇ ਇੱਕ 'ਮਾਲਾ', ਹੋਈਆਂ ਮੇਰੇ ਉਤੇ ਮੇਹਰਬਾਨੀਆਂ ਦੋ। ਸੁੰਦਰ ਹਰਫ਼ ਸਨ ਓਸ ਕਿਤਾਬ ਦੇ ਭੀ, ਓਸ ਮਾਲਾ ਦੀ ਝਲਕ ਵੀ ਵੱਖਰੀ ਸੀ। ਇਕ ਤੇ ਹੀਰ ਹੈਸੀ ਵਾਰਸਸ਼ਾਹ ਵਾਲੀ, ਦੂਜੀ ਗੁਰਮੁਖੀ ਦੀ ਪੈਂਤੀ ਅੱਖਰੀ ਸੀ।' ਗੱਲਾਂ ਉਹਦੀਆਂ ਸਾਰੀਆਂ ਸੁਣ ਸੁਣ ਕੇ, ਪਹਿਲੇ ਚੁੱਪ ਮੈਂ ਵਾਂਗ ਤਸਵੀਰ ਹੋਇਆ। ਫੇਰ ਕੰਬਣੀ ਆਣਕੇ ਛਿੜੀ ਐਸੀ, ਲੂੰ ਕੰਡੇ ਸਭ ਮੇਰਾ ਸਰੀਰ ਹੋਇਆ। ਮੇਰੇ ਜਿਗਰ ਨੂੰ ਛਾਨਣੀ ਕਰਨ ਬਦਲੇ, ਹਰਇਕ ਵਾਲ ਸੀ ਪਿੰਡੇ ਦਾ ਤੀਰ ਹੋਇਆ। ਓੜਕ ਥੱਕਿਆ ਰਹਿ ਨਾਂ ਸੱਕਿਆ ਮੈਂ, ਜਾਰੀ ਅੱਖੀਆਂ ਦੇ ਵਿੱਚੋਂ ਨੀਰ ਹੋਇਆ। ਬਾਲ-ਪਨ ਦੀਆਂ ਲੋਰੀਆਂ ਯਾਦ ਆਈਆਂ, ਸੀਸ ਸੁੱਟਕੇ ਜ਼ਿਮੀਂ ਤੇ ਰੋਣ ਲੱਗਾ। ਗੰਗਾ-ਜਮਨਾ ਵਗਾਕੇ ਅੱਖੀਆਂ ਚੋਂ, ਚਰਨ ਮਾਤਾ ਪਿਆਰੀ ਦੇ ਧੋਣ ਲੱਗਾ। ਹੱਥ ਜੋੜਕੇ ਬੇਨਤੀ, ਏਹ ਕੀਤੀ:- 'ਏਥੋਂ ਤੀਕ ਤੇ ਟਿੱਲ ਮੈਂ ਲਾ ਦਿਆਂਗਾ। ਮੈਨੂੰ ਮਿਲੀ ਹੈ ਦੌਲਤ ਕਵੀਸ਼ਰੀ ਦੀ, ਤੇਰੇ ਵਾਸਤੇ ਸਾਰੀ ਲੁਟਾ ਦਿਆਂਗਾ। ਲਿਖ ਲਿਖ ਕੁਦਰਤੀ ਭਾਵ ਪ੍ਰੇਮ ਐਸਾ, ਤੇਰੀ ਸ਼ਾਨ ਮੈਂ ਨਵੀਂ ਦਿਖਾ ਦਿਆਂਗਾ। ਤੇਰੀ ਜੁੱਤੀ ਦੇ ਟੁੱਟੇ ਹੋਏ ਤਾਰਿਆਂ ਨੂੰ। ਫੜਕੇ ਚੰਦ ਅਸਮਾਨੀ ਬਣਾ ਦਿਆਂਗਾ। ਨਵੇਂ ਫੈਸ਼ਨ ਦਾ ਦਿਆਂਗਾ ਰੰਗ ਐਸਾ, ਚਮਕੇ ਸੂਰਜ ਦੇ ਵਾਂਗ ਇਤਿਹਾਸ ਤੇਰਾ। 'ਸ਼ਰਫ਼' ਓਪਰੇ ਭੀ ਲਾ ਲਾ ਦੂਰ-ਬੀਨਾਂ, ਦਿਨ ਰਾਤ ਪਏ ਲਭਣ ਅਕਾਸ਼ ਤੇਰਾ। (ਸ਼ੱਦਾਦ=ਓਹ ਪਾਤਸ਼ਾਹ, ਜਿਸ ਨੇ ਆਪਣੇ ਆਪ ਨੂੰ ਰੱਬ ਅਖਵਾਇਆ ਤੇ ਦੁਨੀਆਂ ਵਿਚ ਬਹਿਸ਼ਤ ਬਣਵਾਇਆ, ਹਿੱਡੇ ਅੱਚੋ= (ਸਿੰਧੀ) ਏਧਰ ਆ, ਤਮੀ ਚਾਲੋ= (ਕਾਠੀਆਵਾੜੀ) ਤੂੰ ਚੱਲ, ਰਾਜ਼ੇ ਖ਼ੈਲੇ= (ਪਸ਼ਤੋ) ਰਾਜ਼ੀ ਖੁਸ਼ੀ, ਹੈਕੜੇ ਤੇਕੜੇ= (ਮਰਹੱਟੀ) ਐਧਰ ਓਧਰ, ਬਾੜੀ ਅਪਨਾ ਕੁਥੈ ਛੇ=(ਬੰਗਾਲੀ) ਆਪਦਾ ਘਰ ਕਿੱਥੇ ਹੈ ? ਮੰਚੀ ਮੰਚ=(ਮਦਰਾਸੀ) ਅੱਛਾ ਅੱਛਾ, ਨਿਕਾ ਨੰਦ ਛੋਹ=(ਨੀਪਾਲੀ) ਰਾਜ਼ੀ ਖੁਸ਼ੀ ਹੈਂ ? ਮੋਟੇ ਮਮੂਲੇ=(ਬ੍ਰਹਮੀ) ਕਿੱਥੇ ਲੈ ਜਾਏਂਗੀ ? ਕੱਥਬੋਜ਼=(ਕਸ਼ਮੀਰੀ) ਮੇਰੀ ਗੱਲ ਸੁਣ, ਬਲਕੀਸ-ਸਲੈਮਾਨ ਪੈਗ਼ੰਬਰ ਦੀ ਰਾਣੀ, ਇਖ਼ਤਸਾਰ ਗੁਫ਼ਤਮ ਦੋ ਸਿਹ ਚਾਰ ਕਲਮ= (ਫਾਰਸੀ) ਦੋ ਤਿੰਨ ਚਾਰ ਗੱਲਾਂ ਆਖਕੇ ਬੱਸ ਕਰਦੀ ਹਾਂ, ਕੁਮਕੁਮ ਯਾ ਹਬੀਬ= (ਅਰਬੀ) ਉਠ ਉਠ ਮੇਰੇ ਪਿਆਰੇ, ਆਰਡਰ ਪਲੀਜ਼=(ਅੰਗ੍ਰੇਜ਼ੀ) ਚੁੱਪ ਰਹੋ, ਬੁੱਲ੍ਹ ਜੁੜਨੇ=ਇਸ ਬੈਂਤ ਵਿਚ ਜਿਤਨੇ ਸ਼ਬਦ ਹਨ ਉਨ੍ਹਾਂ ਦੇ ਉਚਾਰਨ ਕਰਨ ਨਾਲ ਬੁੱਲ੍ਹ ਜੁੜ ਜਾਂਦੇ ਹਨ, ਬੁੱਲ੍ਹ ਖੁੱਲ੍ਹਨੇ=ਇਸ ਬੈਂਤ ਵਿੱਚ ਸਾਰੇ ਸ਼ਬਦ ਅਜੇਹੇ ਵਰਤੇ ਹਨ, ਜਿਨ੍ਹਾਂ ਦੇ ਉਚਾਰਨ ਨਾਲ ਬੁੱਲ੍ਹ ਖੁੱਲ੍ਹੇ ਰਹਿੰਦੇ ਹਨ)।
ਬਦੋ-ਬਦੀ ਨਹੀਂ ਕਦੀ ਵਿਆਹ ਹੁੰਦੇ!
ਮਲਕੀ ਆਖਦੀ ਬੀਤ ਗਈ ਉਮਰ ਹੀਰੇ, ਤੈਨੂੰ ਅਜੇ ਨਹੀਂ ਫ਼ਹਿਮ ਇਦਰਾਕ ਆਯਾ। ਤੇਰੇ ਸੀਸ ਤੇ ਕਿਆ ਮਹਾਸਤੀ ਦੇ, ਜਿਨ ਇਸ਼ਕ ਦਾ ਮਾਰ ਪਲਾਕ ਆਯਾ। ਚਾਦਰ ਸ਼ਰਮ ਹਯਾ ਤੂੰ ਚੀਰ ਸੁੱਟੀ, ਸਾਡੇ ਘਰ ਏਹ ਜਦੋਂ ਦਾ ਚਾਕ ਆਯਾ। ਬਦਲੇ ਮਹੀਆਂ ਦੇ ਸਾਨੂੰ ਹੀ ਚਾਰਿਆ ਸੂ, ਵਾਗੀ ਵੱਗ ਦਾ ਜਿਹਾ ਚਲਾਕ ਆਯਾ। ਸਾਨੂੰ ਏਸ ਗੱਲੇ ਢਾਹ ਢਾਹ ਮਾਰਨੀ ਏਂ, ਘੁੱਲਕੇ ਭਾਬੀਆਂ ਨਾਲ ਘੁਲਾਕ ਆਯਾ। ਭਰਮ ਭਾ ਗਵਾਕੇ ਭਾਈਆਂ ਦਾ, ਸਾਨੂੰ ਕਰਨ ਹੌਲਾ ਵਾਂਗ ਕਾਕ ਆਯਾ। ਡੋਕੇ ਬੂਰੀਆਂ ਦੇ ਚੁੰਘ ਕੇ ਫ਼ਿਟ ਗਿਆ, ਨੀ ! ਇਹ ਦੁਧ ਦਾ ਵਡਾ ਪਿਆਕ ਆਯਾ। ਤੇਰੀਆਂ ਚੂਰੀਆਂ ਕੀਕਰ ਪਚਾਉਂਦਾ ਇਹ, ਜੇੜ੍ਹਾ ਗੋਜੀ ਦੀ ਖਾਂਦਾ ਖੁਰਾਕ ਆਯਾ? ਤੈਨੂੰ ਯਾਦ ਏ ਓਦਨ ਦਾ ਹਾਲ ਇਹਦਾ, ਸਾਡੇ ਘਰ ਸੀ ਜਿੱਦਨ ਰੁਲਾਕ ਅਯਾ। ਲੱਥੇ ਹੋਏ ਲੰਗਾਰ ਸਨ ਲੀੜਿਆਂ ਦੇ, ਝੱਗਾ ਪਾਟਕੇ ਸੀ ਉੱਤੇ ਢਾਕ ਆਯਾ। ਜਾਇਦਾਦ ਹਜ਼ਾਰੇ ਦੀ ਲੈ ਵਡੀ, ਸੀ ਇਹ ਵੰਝਲੀ ਸ਼ੀਸ਼ਾ ਮਿਸਵਾਕ ਆਯਾ। ਫਸੀ ਤਖ਼ਤ ਹਜ਼ਾਰੇ ਵਿਚ ਰੰਨ ਕੋਈ ਨਾ, ਬੜਾ ਵਾਂਗ ਬੁਲਾਰੇ ਪਟਾਕ ਆਯਾ। ਸੁਣੀ ਰਾਮ ਕਹਾਣੀ ਨਾਂ ਕਿਸੇ ਇਹਦੀ, ਸਾਰੇ ਪਿੰਡਾਂ ਵਿਚ ਮਾਰਦਾ ਹਾਕ ਆਯਾ। ਜਿਨ੍ਹੇ ਆਪਣੇ ਸੱਕੇ ਨਾਂ ਮੂਲ ਜਾਤੇ, ਤੇਰਾ ਕਿਧਰੋਂ ਵਡਾ ਇਹ ਸਾਕ ਆਯਾ। ਨਾਂ ਭੁੱਲ ਚਾਕ ਦੇ ਚੋਪੜੇ ਬੋਦਿਆਂ ਤੇ, ਤੇਰੀ ਜਾਨ ਦਾ ਵੈਰੀ ਜ਼ੋਹਾਕ ਆਯਾ। ਖੇਹ ਤੇਰੀ ਭੀ ਹੁਣ ਇਹ ਉਡਾਣ ਲੱਗਾ, ਪਾ ਪਿਛਲੀਆਂ ਦੇ ਸਿਰ ਵਿਚ ਖ਼ਾਕ ਆਯਾ। ਦਾਹੜੀ ਬੱਬ ਦੀ ਮੇਰਾ ਸਫ਼ੈਦ ਝਾਟਾ, ਤੇਰੇ ਧਿਆਨ ਨਹੀਂ ਰਤਾ ਬੇਬਾਕ ਆਯਾ? ਨਾਂ ਤੂੰ ਵੀਰ ਦੀ ਪੱਗ ਦੀ ਲਾਜ ਰੱਖੀ, ਓਹ ਵੀ ਸੱਥ ਚੋਂ ਹੋ ਗਮਨਾਕ ਆਯਾ। ਮਾਪੇ ਪਿੰਡ ਦਾ ਪੋਸ਼ ਭੀ ਲਾਹ ਸੁਟਨ, ਅਗੋਂ ਧੀਆਂ ਨੂੰ ਕਰਨਾ ਨਹੀਂ ਵਾਕ ਆਯਾ। ਨੀ ਤੂੰ ਓਹਨੂੰ ਭੀ ਪਿਜੇ ਨਾਂ ਪਾਉਨੀ ਏਂ, ਮੱਤ ਦੇਣ ਜੋ ਤੀਜਾ ਧਿਆਕ ਆਯਾ? ਜਿਦੀ ਵਿਚ ਉਡੀਕ ਦੇ ਰੋ ਰੋ ਕੇ, ਸਾਸ ਨੱਕ ਤੇ ਤੇਰਾ ਨਪਾਕ ਆਯਾ। ਮੇਰੇ ਪੁੱਤ ਸੁਲਤਾਨ ਛਲਾਂਗ ਵੇਲੇ, ਮੱਝਾਂ ਚਾਰਨੋਂ ਓਸ ਨੂੰ ਠਾਕ ਆਯਾ। ਤੈਨੂੰ ਓਦੋਂ ਦੀ ਲਗੀ ਪਝੱਤਰੀ ਏ, ਵਾੱਜੇ ਵੱਜਨ ਦਾ ਜਦੋਂ ਖੜਾਕ ਆਯਾ। ਕਮਲੀ ਹੋ ਨਾਂ ਰਾਂਝੇ ਦੀ ਕੰਬਲੀ ਤੇ, ਅੰਗ ਲਾ ਨੀ ਜੋੜਾ ਪੁਸ਼ਾਕ ਆਯਾ। ਨੀ ਤੂੰ ਅਕਲ ਨੂੰ ਹੱਥ ਕੁਝ ਮਾਰ ਮੋਈਏ, ਚੂੜਾ ਪਾ ਬਾਹੀਂ ਅਰਕਾਂ ਤਾਕ ਆਯਾ। ਨਾਂ ਕਰ ਨੱਕ ਚੜ੍ਹਾ ਚੜ੍ਹਾ ਗਲਾਂ, ਹੀਰੇ ਵਾਲੜਾ ਵੇਖ ਬੁਲਾਕ ਆਯਾ। ਬਹਿ ਜਾ ਚਾੱਉ ਦੇ ਨਾਲ ਤੇ ਵੇਖ ਪੀੜ੍ਹਾ, ਜੜਿਆ ਸੋਨੇ ਦੀ ਨਾਲ ਸੁਲਾਕ ਆਯਾ। ‘ਸ਼ਰਫ਼’ ਕੰਡਿਆਂ ਦਾ ਢੀਂਗਰ ਲਾਹ ਮਗਰੋਂ, ਸੈਦਾ ਵੇਖ ਨੀ ਨੀਂਗਰ ਉਸ਼ਨਾਕ ਆਯਾ।
ਜਵਾਬ ਹੀਰ
ਹੀਰ ਆਖਦੀ ਮਾਏ ਨੀ ਪਵੇ ਲੋੜ੍ਹਾ, ਤੈਨੂੰ ਖਿਆਲ ਨਹੀਂ ਨੀ ਅਜੇ ਤਾਕ ਆਯਾ? ਮੈਂ ਕਦ ਰਾਜ਼ੀ ਸਾਂ ਏਸ ਝੁਲ੍ਹਾ ਉੱਤੇ, ਤੁਸਾਂ ਸੱਦਿਆ ਸੈਦਾ ਸੱਫ਼ਾਕ ਆਯਾ। ਬਦੋ ਬਦੀ ਨਹੀਂ ਕਦੀ ਵਿਆਹ ਹੁੰਦੇ, ਐਵੇਂ ਵਾਜ਼ਿਆਂ ਦੀ ਪੌਦਾ ਧਾਕ ਆਯਾ। ਮੇਰੀ ਮੌਤ ਦੀ ਪੜ੍ਹੇਗਾ ਮੇਲ ਚਿਠੀ, ਇਜ਼ਰਾਈਲ ਖੇੜਾ ਲੈਕੇ ਡਾਕ ਆਯਾ। ਛੁਰੀ ਸਗਨ ਦੀ ਪਕੜਕੇ ਹੱਥ ਜ਼ਾਲਮ, ਮੀਆ ਮੁੱਝ ਨੂੰ ਕਰਨ ਹਲਾਕ ਆਯਾ। ਸ਼ਾਨ ਰੱਬ ਦੀ ਖੇੜਿਆਂ ਝੇੜਿਆਂ ਲਈ, ਰੰਗ ਰੰਗ ਦਾ ਖਾਣਾ ਖੁਰਾਕ ਆਯਾ। ਨਾਂ ਕੋਈ ਰਾਂਝੇ ਗਰੀਬ ਨੂੰ ਪੁੱਛਦਾ ਏ, ਜੇੜ੍ਹਾ ਲੰਮੀਆਂ ਮੰਜ਼ਲਾਂ ਝਾਕ ਆਯਾ। ਅੱਗੇ ਜੱਨਤ ਹਜ਼ਾਰਿਓਂ-ਵਾਂਗ ਆਦਮ ਹੋਕੇ ਹੱਥੋਂ ਭਰਾਵਾਂ ਗਮਨਾਕ ਆਯਾ। ਚੱਕੀ ਦੁੱਖਾਂ ਦੀ ਤੁਸਾਂ ਭੀ ਪੀਸ ਦਿਤਾ, ਹੈਸੀ ਕਣਕ ਵਾਂਗੂੰ ਸੀਨਾ ਚਾਕ ਆਯਾ। ਵੇਖ ਵੇਖ ਮਾਏ ਓਹਦੇ ਹਾਲ ਉਤੇ, ਝੜੀਆਂ ਬੰਨ੍ਹਕੇ ਹਫ਼ਤ ਅਫ਼ਲਾਕ ਆਯਾ। ਅਧੜ ਵੰਜਾ ਕਬੂਲ ਰੰਝੇਟੜੇ ਦਾ, ਚੁੱਲ੍ਹੇ ਪਾ ਜੋ ਜੋੜਾ ਪਸ਼ਾਕ ਆਯਾ। ਨੀ ਮੈਂ ਓਸ ਰੰਝੇਟੇ ਦੀ ‘ਸ਼ਰਫ਼' ਬਾਂਦੀ, ਜਿਦ੍ਹੇ ਵਾਸਤੇ ਤਾਜ ਲੌਲਾਕ ਆਯਾ।
ਪੰਜਵੀਂ ਲੜੀ
ਇਤਫ਼ਾਕ ਤੇ ਦੇਸ਼ ਭਗਤੀ ਦੇ ਸੁੰਦਰ ਉਪਦੇਸ਼!ਕੀਤਾ ਫੁੱਟ ਡਾਢਾ ਚਕਨਾਚੂਰ ਸਾਨੂੰ
ਰੋ ਰੋ ਖਾਲਸਾ ਕੱਲ੍ਹ ਇਕ ਆਖਦਾ ਸੀ, ਗੁਰੂ ਜੀ ਛੱਡ ਨਾਂ ਬਿਨਾਂ ਕਸੂਰ ਸਾਨੂੰ। ਸਿਰ ਜਾਏ ਤੇ ਸਿਰੜ ਨਾਂ ਕਦੀ ਜਾਏ, ਆਪੇ ਦਸਿਆ ਤੁਸਾਂ ਦਸਤੂਰ ਸਾਨੂੰ। ਹੁਣ ਤੇ ਸ਼ਾਨਤੀ ਦੀ ਪੱਟੀ ਬੰਨਦੇ ਹੋ, ਅੰਮ੍ਰਿਤ ਪਾਨ ਦਾ ਚਾੜ੍ਹ ਸਰੂਰ ਸਾਨੂੰ। ਚੋਜਾਂ ਵਾਲਿਆ ਆਪੇ ਤੂੰ ਭੁੱਲ ਬੈਠੋਂ, ਕਰਕੇ ਜੱਗ ਦੇ ਵਿਚ ਮਸ਼ਹੂਰ ਸਾਨੂੰ। ਅਬਚਲ ਨਗਰ ਵਾਲੀ ਮਿੱਠੀ ਨੀਂਦ ਸੌਂਕੇ, ਜੇਕਰ ਵਿੱਸਰੇ ਤੁਸੀਂ ਹਜ਼ੂਰ ਸਾਨੂੰ। ਤੇਰੇ ਫ਼ੱਟ ਪੁਰਾਣੇ ਅਜ ਨਵੇਂ ਸਿਰਿਓਂ, ਪੈ ਗਏ ਦੱਸਣੇ ਫ਼ੇਰ ਜ਼ਰੂਰ ਸਾਨੂੰ। ਗਿਰੀ ਨਦੀ ਦੇ ਜਮਨਾਂ ਦੇ ਰਣ ਅੰਦਰ, ਡੋਬੂ ਕਾਂਗ ਬਣਕੇ ਅਸੀਂ ਫਿਰਨ ਵਾਲੇ। ਸੂਰਜ ਬੀਰਤਾ ਦਾ ਤੂੰ ਸੈਂ ਜੱਗ ਅੰਦਰ, ਅਸੀਂ ਬਣ ਬਣ ਕੇ ਕਿਰਨਾਂ ਕਿਰਨ ਵਾਲੇ। ਬਾਈ ਧਾਰਾਂ ਦੇ ਤੋੜਕੇ ਵਲਗਣੇ ਨੂੰ, ਤੇਰੇ ਕੜੇ ਦੇ ਘੇਰੇ ਵਿਚ ਘਿਰਨ ਵਾਲੇ। ਕੇਸਾਂ ਕੰਘਿਆਂ ਦੀ ਆਨ ਸ਼ਾਨ ਬਦਲੇ, ਅਸੀਂ ਨਾਲ ਕਲਵੱਤਰਾਂ ਚਿਰਨ ਵਾਲੇ। ਤੇਗੀ ਤੇਗ਼ ਦੇ ਅੰਤਰੇ ਦੇਣ ਦਾ ਭੀ, ਹੈ ਦਸ਼ਮੇਸ਼ ਜੀ ਮਾਨ ਜ਼ਰੂਰ ਸਾਨੂੰ। ਕੇਸ ਗੜ੍ਹ ਦੇ ਕਿਲੇ ਦਾ ਰੋੜ੍ਹ ਇਕ ਇਕ, ਪਿਆ ਕਹਿੰਦਾ ਏ ਜ਼ਿੰਦਾ ਮਨਸੂਰ ਸਾਨੂੰ। ਅਸੀਂ ਘੱਤਕੇ ਆ ਗਏ ਵਹੀਰ ਜਿਧਰ, ਸ਼ੇਰਾਂ ਡਰਦਿਆਂ ਨੇ ਜੰਗਲ ਛੋੜ ਦਿਤੇ। ਜੇੜ੍ਹੇ ਮੁੱਛ ਤੇ ਨਿੰਬੂ ਤੇ ਟਿਕਾਂਵਦੇ ਸਨ, ਫੜਕੇ ਨਿੰਬੂ ਦੇ ਵਾਂਗ਼ ਨਚੋੜ ਦਿਤੇ। ਸ਼ੀਸ਼ਾ ਆਤਸ਼ੀ ਤੇਗ਼ ਦਾ ਦੱਸਕੇ ਤੇ, ਸ਼ਾਹੀ ਦਲਾਂ ਦੇ ਮੂੰਹ ਸਨ ਮੋੜ ਦਿਤੇ। ਤੇਰੇ ਛੋਲਿਆਂ ਦੀ ਮੁੱਠ ਮੁੱਠ ਖਾਕੇ, ਖੀਵੇ ਹਾਥੀਆਂ ਦੇ ਸੀਸ ਤੋੜ ਦਿਤੇ। ਚਿੱਪਰ ਚਿੱਪਰ ਚਮਕੌਰ ਦੇ ਰੌੜ ਵਾਲੀ, ਹੈਸੀ ਜਾਪਦੀ ਸੁਰਗਾਂ ਦੀ ਹੂਰ ਸਾਨੂੰ। ਤੈਨੂੰ ਮਿਲੀ ਜੇ ਕਿਤੋਂ ਬੰਦੂਕ ਡਾਲੀ, ਉਹਦੀ ਗੋਲੀ ਸੀ ਵਾਂਗ ਅੰਗੂਰ ਸਾਨੂੰ। ਹੱਛੀ ਤਰ੍ਹਾਂ ਹੈ ਤੈਨੂੰ ਭੀ ਏਹ ਚੇਤਾ, ਤੈਥੋਂ ਕੀਕਰਾਂ ਜਾਨ ਘੁਮਾਂਵਦੇ ਸਾਂ। ਤੇਰੇ ਚਰਨਾਂ ਦਾ ਖੋਜ ਜੋ ਮੇਟਦਾ ਸੀ, ਅਸੀਂ ਜੱਗ ਤੋਂ ਓਹਨੂੰ ਮਿਟਾਂਵਦੇ ਸਾਂ। ਤੇਰੇ ਨਾਮ ਪਵਿਤਰ ਦੇ ਜਾਪ ਬਦਲੇ, ਦੌਲਤ ਦੁਨੀਆਂ ਦੀ ਮੂੰਹ ਨਾਂ ਲਾਂਵਦੇ ਸਾਂ। ਸਰੋ ਪਾ ਜਗੀਰਾਂ ਨੂੰ ਸਮਝ ਖਿੱਦੌ, ਅਸੀਂ ਠੇਡਿਆਂ, ਨਾਲ ਉਡਾਂਵਦੇ ਸਾਂ। ਪਰਲੋ ਤੀਕ ਓਹ ਕਦੀ ਭੀ ਭੁੱਲਣਾ ਨਹੀਂ, ਮੁਕਤਸਰ ਦਾ ਜਲਵਾ ਕੋਹਤੂਰ ਸਾਨੂੰ। ਧੰਨ ਧੰਨ ਸਿੱਖੀ ਤੂੰ ਭੀ ਆਖਿਆ ਸੀ, ਕਰਕੇ ਆਪਣੀ ਨਜ਼ਰ ਮਨਜ਼ੂਰ ਸਾਨੂੰ। ਤਰੁਨਾ ਦਲ ਜੇ ਚੜ੍ਹ ਪਿਆ ਕਦੀ ਸਾਡਾ, ਬਾਸ਼ਕ ਨਾਗ ਦੀ ਧੌਣ ਭੀ ਹੰਬਦੀ ਸੀ। ਤੀਰ ਵੇਖਕੇ ਤੇਰਿਆਂ ਬੰਦਿਆਂ ਦੇ, ਪਈ ਦਿਲੀ ਦੀ ਭੋਂ ਵੀ ਕੰਬਦੀ ਸੀ। ਪਿੱਤੇ ਫੁੱਟੀਆਂ ਹੁੰਦੇ ਸਨ ਰੁਸਤਮਾਂ ਦੇ, ਐਸਾ ਤੇਗ ਦੀ ਝੰਬਣੀ ਝੰਬਦੀ ਸੀ। ਅੱਗ ਵੇਖਕੇ ਸਾਡੀ ਬਹਾਦਰੀ ਦੀ, ਹਾਂਡੀ ਰਿੱਝਦੀ ਕਾਹਨਵਾਨ ਛੰਬ ਦੀ ਸੀ। ਤਿਖੇ ਖਿੰਘਰ ਓਹ ਪਰਬਤ ਖੁੰਦਰਾਂ ਦੇ, ਹੈਸਨ ਲੱਗਦੇ ਵਾਂਗ ਸਮੂਰ ਸਾਨੂੰ। ਚੰਨ ਪੂਰਨਮਾਸ਼ੀ ਦਾ ਜਾਪਦਾ ਸੀ, ਤੇਰੀ ਕਲਗੀ ਪਿਆਰੀ ਦਾ ਨੂਰ ਸਾਨੂੰ! ਸੁੰਦਰ ਮੀਰ ਸ਼ਿਕਾਰੀਆਂ ਕੇਸ ਤੇਰੇ, ਪੈ ਗਏ ਗੱਲਾਂ ਦੇ ਵਿਚ ਕਮੰਦ ਹੋ ਕੇ। ਜੇ ਤੂੰ ਇਕ ਸ਼ਹੀਦੀ ਦੀ ਮੰਗ ਮੰਗੀ, ਅਸਾਂ ਭਰੇ ਸੀ ਗੰਜ ਅਨੰਦ ਹੋ ਕੇ। ਚੜ੍ਹੇ ਹੱਸਦੇ ਹੱਸਦੇ ਚਰਖੀਆਂ ਤੇ, ਲਥੇ ਸੂਤ ਬਰੀਕ ਦੀ ਤੰਦ ਹੋਕੇ। ਗੋਬਿੰਦ ਨਾਮ ਦੇ ਅੱਖਰ ਲਿਖਦੇ ਸਨ, ਕਲਮ ਕਲਮ ਸਾਡੇ ਬੰਦ ਬੰਦ ਹੋਕੇ। ਚੱਕੀ ਪੀਂਹਦੀਆਂ ਸਿੰਘ ਬੀਰੰਗਣਾਂ ਦੇ, ਨਹੀਂ ਓਹ ਭੁਲਣੇ ਕਹਿਰ ਕਲੂਰ ਸਾਨੂੰ। ਟੋਟੇ ਪੁਤਾਂ ਦੇ ਝੋਲੀਆਂ ਵਿਚ ਪਾਉਣੇ, ਪਕਾ ਯਾਦ ਹੈ ਸਬਰ ਸਬੂਰ ਸਾਨੂੰ। ਗੰਢ, ਗੜ੍ਹ, ਨਾਲੇ ਨਾਨ ਗੁੱਲ ਵਾਲਾ, ਘੱਲੂਘਾਰਾ ਨਾਂ ਅਜੇ ਤਕ ਭੁਲਿਆ ਏ। ਥਾਂ ਥਾਂ ਠਿਰੀ ਪਹਾੜੀ ਦੇ ਪੱਥਰਾਂ ਤੇ, ਤੇਰੇ ਸੂਰਿਆਂ ਦਾ ਖੂਨ ਡੁੱਲ੍ਹਿਆ ਏ। ਫੂਲਾ ਸਿੰਘ ਦੀ ਡੁਲ੍ਹੀ ਸੀ ਰੱਤ ਜਿਥੇ, ਓਥੇ ਖੂਨੀ ਗੁਲਾਬ ਅੱਜ ਫੁਲਿਆ ਏ। ਬੂਟੀ ਹਰੀ-ਪੁਰ ਫੁੱਲਾਂ ਦੀ ਮਹਿਕਦੀ ਏ, ਜਿਥੇ ਹਰੀ ਸਿੰਘ ਦਾ ਮੁੜ੍ਹਕਾ ਰੁਲਿਆ ਏ। ਵਲ ਵਿੰਗ ਸਨ ਜਿਨ੍ਹਾਂ ਦੇ ਅਸਾਂ ਖੋਹਲੇ, ਅਜ ਓਹ ਵੇਖਦੇ ਨੇ ਘੂਰ ਘੂਰ ਸਾਨੂੰ। ਕਰੀਏ ਕੀਹ ਕੋਈ ਥਾਂ ਨਹੀਂ ਵੇਹਲ ਦੇਂਦੀ, ਜ਼ਿਮੀਂ ਸਖਤ ਤੇ ਅੰਬਰ ਹੈ ਦੂਰ ਸਾਨੂੰ। ਕੀਤੇ ਕੌਲ ਇਕਰਾਰ ਨਿਭਾਏ ਪਿੱਛੇ, ਅਗ੍ਹਾਂ ਪਾਲ ਵਿਖਾਉਣੀਆਂ ਬੋਲੀਆਂ ਨੇ। ਅੱਜ ਕਲ ਨਨਕਾਣੇ ਦੇ ਵਿਚ ਜਾਕੇ, ਰੱਤ ਭਿੰਨੀਆਂ ਖੇਡੀਆਂ ਹੋਲੀਆਂ ਨੇ। ਫਟ ਵੇਖ ਲੈ ਗੁਰੂ ਦੇ ਬਾਗ ਦੇ ਭੀ, ਅਸਾਂ ਅੱਕ ਕੇ ਛਾਤੀਆਂ ਖੋਲੀਆਂ ਨੇ। ਜੈਤੋ ਵਿਚ ਜਾ ਜਾ ਹੰਸਾਂ ਤੇਰਿਆਂ ਨੇ, ਮੋਤੀ ਸਮਝਕੇ ਖਾਧੀਆਂ ਗੋਲੀਆਂ ਨੇ। ਬੇੜੀ ਜੇਲ ਦੀ ਵਿਚ ਭੀ ਹਾਂ ਬੈਠੇ, ਹੁਣ ਤੇ ਪਾਰ ਲਾਦੇ ਪਹਿਲੇ ਪੂਰ ਸਾਨੂੰ। ਨੀਲੇ ਵਾਲਿਆ ਤੇਰੀ ਉਡੀਕ ਅੰਦਰ, ਪੈ ਗਏ ਅੱਖੀਆਂ ਦੇ ਵਿਚ ਨਾਥੂਰ ਸਾਨੂੰ। ਹੁਣ ਏਹ ਤੌਖਲਾ ਏ ਮੱਥੇ ਸੂਰਿਆਂ ਦੇ, ਕਿਤੇ ਹੋਰ ਕਲੰਕ ਨਾ ਲਗ ਜਾਵੇ। ਵਾ ਪੱਛਮੀ ਜੇਹੜੀ ਏਹ ਸਰਕਦੀ ਏ, ਬਣਕੇ ਕਿਤੇ ਹਨੇਰੀ ਨਾਂ ਵੱਗ ਜਾਵੇ। ਆਪੋ ਵਿਚ ਖਹਿ ਖਹਿ ਵਾਂਸਾਂ ਵਾਂਗ ਕਿਧਰੇ, ਏਸ ਝੱਲ ਨੂੰ ਅੱਗ ਨਾਂ ਲੱਗ ਜਾਵੇ। ਸਾਨੂੰ ਰੋਦਿਆਂ ਵੇਖਕੇ ਮਤਾਂ ਪਿੱਛੋਂ, ਕਰਦਾ ਚਿੱਘੀਆਂ ਹੱਸਦਾ ਜੱਗ ਜਾਵੇ। ‘ਸ਼ਰਫ਼' ਦਾਨ ਇਤਫ਼ਾਕ ਦਾ ਮੰਗਦੇ ਹਾਂ, ਕਰ ਦੇ ਮੋਹਰ ਦੇ ਨਾਲ ਭਰਪੂਰ ਸਾਨੂੰ। ਕਲਗੀ ਵਾਲਿਆ ਜੋੜ ਦੇ ਫੇਰ ਮੁੜਕੇ, ਕੀਤਾ ਫੁੱਟ ਡਾਢਾ ਚਕਨਾ ਚੂਰ ਸਾਨੂੰ।
ਧਰਮ ਦੀ ਕੁਠਾਲੀ ਵਿਚ ਕੀਕੂੰ ਜਿੰਦ ਗਾਲੀ ਦੀ!
ਐਸੇ ਵਗੇ ਜਗੇ ਹੋਇ ਨੇ ਦਾਗ਼ ਸਾਡੇ ਦਿਲ ਵਾਲੇ, ਬੁਝ ਜਾਵੇ ਦੀਪ-ਮਾਲਾ ਵੇਖਕੇ ਦੀਵਾਲੀ ਦੀ। 'ਮਾਨੀ' ਭੀ ਨਾਸ਼ਾਦ ਹੋਕੇ ਹੋਕੇ ਲੈਣ ਲੱਗ ਜਾਵੇ, ਮੂਰਤ ਜੇ ਬਨੌਣ ਲੱਗੇ ਸੰਗਤ ਦੁੱਖਾਂ ਵਾਲੀ ਦੀ। ਸਿੱਖ ਜਾਣ ਸਿੱਖਾਂ ਕੋਲੋਂ ਸੋਨਾ ਚਾਂਦੀ ਦੋਨੋਂ ਆਕੇ, ਧਰਮ ਦੀ ਕੁਠਾਲੀ ਅੰਦਰ ਕੀਕਰ ਜਿੰਦਗਾਲੀ ਦੀ। ਸੌਣਾ ਗੁਰੂ ਵਾਲਾ ਭੁੰਜੇ ਲਿਖ ਲੀਤਾ ਸੀਨਿਆਂ ਤੇ, ਲੋੜ ਤੋੜ ਛੱਡੀ ਤਦੇ ਲੇਫ ਤੇ ਨਿਹਾਲੀ ਦੀ। ਹੋਰ ਦੀ ਗ਼ੁਲਾਮੀ ਦੀ ਉਹ ਬੇੜੀ ਭਲਾ ਪਾਉਣ ਕੀਕੂੰ? ਵਾਲੀ ਜਿਨ੍ਹਾਂ ਕੰਨ ਪਾਈ ਦਸਮ ਪਿਤਾ ਵਾਲੀ ਦੀ। ਸ਼ੇਰ ਵਾਂਗੂੰ ਜਾਣ ਸਿੱਧਾ ਗੋਲੀਆਂ ਦੀ ਕਾਂਗ ਅੰਦਰ, ਛਕ ਲੀਤੀ ਬੂੰਦ ਜਿਨ੍ਹਾਂ ਅੰਮ੍ਰਿਤ ਪਿਆਲੀ ਦੀ। ਮੂੰਹ ਮੀਟ ਚੁੱਪ ਕੀਤੇ ਚੁਗ਼ਲ ਖੋਰ ਰਹਿਣ ਕੀਕੂੰ, ਵਾਦੀ ਜਿਨ੍ਹਾਂ ਡੰਗਰਾਂ ਨੂੰ ਮੁੱਢੋਂ ਹੈ ਜੁਗਾਲੀ ਦੀ। ਏਥੇ ਈ ਮੁਕਾਲਾ ਹੁੰਦਾ ਅੰਤ ਵੇਖੋ ਪਾਪੀਆਂ ਦਾ, ਕੋਲਿਆਂ ਦੇ ਵਣਜ ਇਹੋ ਖੱਟੀ ਹੈ ਦਲਾਲੀ ਦੀ। ਸ਼ਾਂਤਮਈ ਕੜੇ ਅੰਦਰ ਜੇ ਨਾਂ ਹੱਥ ਕੜੇ ਹੁੰਦੇ, ਫੇਰ ਅਸੀਂ ਦੱਸਦੇ ਜਿਉਂ ਸ਼ਾਨ ਏ ਵਿਖਾਲੀ ਦੀ। ਜ਼ੱਰਾ ਜ਼ੱਰਾ ਚਮਕਦਾ ਚਮਕੌਰ ਦੇ ਮੈਦਾਨ ਵਾਲਾ, ਅੰਬਰਾਂ ਨੂੰ ਲੱਗਦੀ ਦੁਪਹਿਰੇ ਅੱਗ ਲਾਲੀ ਦੀ। ਹੁਣ ਤੇ ਇਹ ਕੌਲ ਕੀਤਾ ਸ਼ਾਨਤੀ ਨੂੰ ਤੋੜਨਾ ਨਹੀਂ, ਭਾਵੇਂ ਵੱਸੇ ਮੀਂਹ ਵਾਂਗ ਗੋਲੀ ਪਈ ਦੁਨਾਲੀ ਦੀ। ਓਦੋਂ ਈ ਤੂੰ ਥੋਹਰ ਵਾਂਗੂੰ ਪਾਪ ਜਾਣਾ ਪੁੱਟਿਆ ਏ, ਜਦੋਂ ਕਿਤੇ ਨਿਗ੍ਹਾ ਪੈ ਗਈ ਦਸਮ ਗੁਰੂ ਮਾਲੀ ਦੀ। ਮਿੱਟੀ ਅੰਦਰ ਜਿੰਦ ਪਾਵੇ ਮੋਏ ਹੋਏ ਕਰੇ ਜ਼ਿੰਦਾ, ਡੁੱਲ੍ਹੇ ਜਿਥੇ ਛਿੱਟ ਖੂਨੀ ਕਿਸੇ ਜਾ ਅਕਾਲੀ ਦੀ। ‘ਸ਼ਰਫ਼' ਸਾਡੇ ਖੂਨ ਵਾਲੀ ਤੜਫਕੇ ਗਵਾਹੀ ਦੇਗੀ, ਮੱਛੀ, ਵਾਂਗੂੰ ਮੱਛ ਰੇਖਾ ਤੇਰੀ ਈ ਹਥਾਲੀ ਦੀ।
ਮੈਂ ਤਾਂ ‘ਸ਼ਰਫ਼’ ਆਜ਼ਾਦੀ ਨੂੰ ਪਿੱਟਨੀ ਹਾਂ
ਦਰਜਾ ਯਾਰ ਦਾ ਵੱਧ ਭਰਾ ਕੋਲੋਂ, ਲੋਕੀਂ ਆਖਦੇ ਹੈਨ ਜਹਾਨ ਅੰਦਰ। ਬਿਪਤਾ ਭੀੜ ਅੰਦਰ ਯਾਰ ਕੰਮ ਆਵੇ, ਯਾਰ ਨਿੱਤਰੇ ਰਣ ਮੈਦਾਨ ਅੰਦਰ। ਹੋਵੇ ਯਾਰ ਤਲਵਾਰ ਹਮੈਤ ਵਾਲੀ, ਸੱਚੇ ਪਿਆਰ ਦੀ ਸੁੰਦਰ ਮਿਆਨ ਅੰਦਰ। ਅੰਮਾਂ ਜਾਏ ਭਰਾ ਸ਼ਰੀਕ ਹੁੰਦੇ, ਦੁਨੀਆਂ ਦੱਸਦੀ ਪਈ ਅਖਾਨ ਅੰਦਰ। ਬੇਸ਼ਕ ਹੋਣਗੇ ਜੱਗ ਤੇ ਯਾਰ ਲੱਖਾਂ, ਅਸਲੇ ਵਾਲੜਾ ਕੋਈ ਕਹਾਂਵਦਾ ਏ। ਕਤਰੇ ਵੱਸਦੇ ਰਹਿਣ ਬੇਅੰਤ ਜਿਵੇਂ, ਮੋਤੀ ਕਿਸੇ ਨੂੰ ਰੱਬ ਬਣਾਂਵਦਾ ਏ। ਏਸੇ ਤਰ੍ਹਾਂ ਦਾ ਹੈ ਇੱਕ ਯਾਰ ਮੇਰਾ, ਸੈਆਂ ਯਾਰਾਂ ਚੋਂ ਇੱਕ ਕਹੌਣ ਵਾਲਾ। ਦੁੱਖ ਭੀੜ ਦੇ ਵਿਚ ਭਿਆਲ ਸਾਵਾਂ, ਮੇਰੇ ਮੁੜ੍ਹਕੇ ਤੇ ਰੱਤ ਵਗੌਣ ਵਾਲਾ। ਹਸਮੁਖ ਤੇ ਸੁਘੜ ਸੁਭਾ ਨਿੱਘਾ, ਰੋਂਦੀ ਪਰ੍ਹਿਆਂ ਨੂੰ ਕੱਲਾ ਹਸੌਣ ਵਾਲਾ। ਭਾਵੇਂ ਘਿਓ ਦਾ ਘੜਾ ਵੀ ਡੁੱਲ੍ਹ ਜਾਵੇ, ਤਿਲ ਜਿੰਨਾ ਓਹ ਭਰਮ ਨਹੀਂ ਲੌਣ ਵਾਲਾ। ਜਦੋਂ ਹੁੰਦਾ ਹੈ ਚਿੱਤ ਉਦਾਸ ਮੇਰਾ, ਗੱਲਾਂ ਓਹਦੀਆਂ ਨਾਲ ਹੀ ਪਰਚਦਾ ਏ। ਦੌਲਤ ਮੇਹਰ ਮਿਲਾਪ ਵਫ਼ਾ ਵਾਲੀ, ਖੁੱਲੇ ਦਿਲ ਦੇ ਨਾਲ ਓਹ ਖਰਚਦਾ ਏ। ਗਿਆ ਕੱਲ ਸਵੇਰੇ ਮੈਂ ਘਰ ਓਹਦੇ, ਪਿੰਡੇ ਝੁਣਝੁਣੀ ਹੋਈ ਕੁਝ ਤਾਪ ਦੀ ਸੀ। ਜਾ ਕੇ ਓਸ ਥਾਂ ਅੱਖੀਆਂ ਮੇਰੀਆਂ ਨੇ, ਡਿਠੀ ਗੱਲ ਏ ਬੜੇ ਸਰਾਪ ਦੀ ਸੀ ਕੰਧ ਨਾਲ ਇਕ ਪਿੰਜਰੇ ਵਿਚ ਬੁਲਬੁਲ, ਪਈ ਵੈਣਾਂ ਦੇ ਰਾਗ ਅਲਾਪਦੀ ਸੀ। ਰੱਖੇ ਹੋਏ ਬਨੇਰੇ ਤੇ ਕੁਝ ਢੀਂਗਰ, ਲੱਗੀ ਮਾਖਿਓਂ ਉਨ੍ਹਾਂ ਵਿਚ ਜਾਪਦੀ ਸੀ। ਚੁੰਝ ਰਖਕੇ ਤਾਰ ਦੇ ਆਸਰੇ ਤੇ, ਖੁਲ੍ਹਾ ਛੱਡ ਉਡੀਕ ਵਿਚ ਅਖੀਆਂ ਨੂੰ। ਬੜੀ ਚਾਹ ਦੇ ਨਾਲ ਪਈ ਵੇਖਦੀ ਸੀ। ਬੁਲਬੁਲ ਔਂਦੀਆਂ ਜਾਂਦੀਆਂ ਮੱਖੀਆਂ ਨੂੰ। ਆਕੇ ਕਿਸੇ ਖਿਆਲ ਦੇ ਸਪ ਜ਼ਹਿਰੀ, ਓਹਦੇ ਕਾਲਜੇ ਨੂੰ ਐਸਾ ਡੰਗ ਦਿਤਾ। ਤੜਫ ਤੜਫ ਕੇ ਓਸ ਮਲੂਕੜੀ ਨੇ, ਤੋੜ ਕੱਚ ਵਾਂਗੂੰ ਅੰਗ ਅੰਗ ਦਿਤਾ। ਮਾਰ ਮਾਰ ਕੇ ਟੱਕਰਾਂ ਜੋਸ਼ ਅੰਦਰ, ਨਾਲ ਖੂਨ ਦੇ ਪਿੰਜਰਾ ਰੰਗ ਦਿਤਾ। ਟੱਪ ਟੱਪ ਕੇ ਵਹਿਸ਼ਣਾਂ ਵਾਂਗ ਓਨ੍ਹੇ, ਕਈ ਤੀਲੀਆਂ ਤੇ ਪੋਸ਼ ਟੰਗ ਦਿਤਾ। ਸੁੱਕੀ ਕਲੀ ਦੀ ਖੰਭੜੀ ਜਾਪਦੀ ਸੀ, ਸਹਿਕ ਸਹਿਕ ਕੇ ਓਹਦੀ ਜ਼ਬਾਨ ਨਿਕਲੀ। ਨਾਂ ਤਾਂ ਪਿੰਜਰੇ ਵਿਚੋਂ ਓਹ ਨਿਕਲ ਸਕੀ, ਨਾਹੀਂ ਪਿੰਜਰ ਵਿਚੋਂ ਓਦ੍ਹੀ ਜਾਨ ਨਿਕਲੀ। ਆ ਗਈ ਉੱਡਕੇ ਓਸ ਥਾਂ ਇਕ ਮੱਖੀ, ਬੜੇ ਰੋਹ ਦੇ ਨਾਲ ਸਮਝੌਣ ਲਗੀ। ਨਿੱਤ ਜੰਮੀਏ ਤੱਤ ਕਰੱਮੀਏਂ ਨੀ, ਕਾਹਨੂੰ ਇਸ਼ਕ ਨੂੰ ਲਾਜ ਹੈਂ ਲੌਣ ਲਗੀ। ਮਰਕੇ ਆਪਣੇ ਆਪ ਹਰਾਮ ਮੌਤੇ, ਗਲੇ ਫਾਹ ਕਿਆਮਤ ਦਾ ਪੌਣ ਲਗੀ। ਤੇਰੇ ਜਹੇ ਕਈ ਹੋਰ ਵੀ ਹੈਨ ਆਸ਼ਕ, ਨੀ ਤੂੰ ਨਵਾਂ ਨਹੀਂ ਇਸ਼ਕ ਕਮੌਣ ਲਗੀ। ਹੋਈਓਂ ਕੈਦ ਤੇ ਹੋਗਿਆ ਕੀ ਮੋਈਏ? ਏਸੇ ਤਰ੍ਹਾਂ ਪ੍ਰੇਮ ਪਰਖਾਈਦਾ ਏ। ਯੂਸਫ ਵਾਂਗ ਪਹਿਲੋਂ ਬੰਦੀਵਾਨ ਬਣਕੇ, ਫੇਰ ਤਖਤ ਅਜ਼ੀਜ਼ ਦਾ ਪਾਈਦਾ ਏ। ਅੱਖਾਂ ਖੋਲ੍ਹਕੇ ਹੋਸ਼ ਦੇ ਨਾਲ ਬਹਿ ਜਾ, ਦੱਸਾਂ ਹਾਲ ਮੈਂ ਤੇਰੇ ਪਿਆਰਿਆਂ ਦਾ। ਤੇਰੇ ਪਿਆਰ ਪ੍ਰੇਮ ਦੇ ਹੇਰਵੇ ਨੇ, ਲਹੂ ਸਾੜ ਦਿਤਾ ਫੁੱਲਾ ਸਾਰਿਆਂ ਦਾ। ਸਰ੍ਹੋਂ ਫੁੱਲ ਗਈ ਦੀਦਿਆਂ ਵਿਚ ਮੇਰੇ, ਰੰਗ ਵੇਖ ਕੇ ਜ਼ਰਦ ਵਿਚਾਰਿਆਂ ਦਾ ਡੇਲੇ ਨਰਗਸੀ ਪੱਕਕੇ ਹੋਏ ਪੀਲੇ, ਜਾਂਦਾ ਠਰਕ ਨਹੀਂ ਅਜੇ ਨਜ਼ਾਰਿਆਂ ਦਾ। ਫਿੱਤੀ ਫਿੱਤੀ ਹਜ਼ਾਰੇ ਦਾ ਫੁੱਲ ਹੋਇਆ, ਤੇਰੇ ਹਿਜਰ ਦੀ ਝੰਬਣੀ ਝੰਬਿਆ ਏ। ਰੱਤ ਸੁੱਕ ਗਈ ਖੱਟਿਆਂ ਮਿੱਠਿਆਂ ਈ, ਵੇਖ ਵੇਖਕੇ ਕਿੰਬ ਭੀ ਕੰਬਿਆ ਏ। ਨਿੰਬੂ ਵਾਂਗ਼ ਨਚੋੜਿਆ ਸੰਗਤਰੇ ਨੂੰ, ਗਲਗਲ ਰੋਂਵਦੀ ਏ ਗੱਲ ਗੱਲ ਉਤੇ। ਆਖੇ ਮਾਲਟਾ ਪਿਆ ਚਕੋਧਰੇ ਨੂੰ, ਚਾਕੂ ਰੱਖ ਕੇ ਆਪਣੇ ਗ਼ਲ ਉਤੇ। ਝੂਠਾ ਸਾਰੇ ਜਹਾਨ ਦਾ ਨਜ਼ਰ ਆਇਆ, ਨਹੀਂ ਪ੍ਰਤੀਤ ਗੁਲਾਬ ਦੀ ਗਲ ਉਤੇ। ਵਰੀ ਆਪਣੇ ਸੀਸ ਦੀ ਚਾੜ੍ਹ ਦੇਈਏ, ਆਖੀ ਹੋਈ ਮਾਸ਼ੂਕ ਦੀ ਗੱਲ ਉੱਤੇ। ਮੁੱਦਾ ਕੀ ਕਿ ਬਾਗ ਦੇ ਵਿਚ ਹੁਣ ਤੋਂ, ਆਈ ਹੋਈ ਬਹਾਰ ਬਸੰਤ ਦੀ ਏ। ਤੇਰੇ ਹਿੱਜਰ ਨੇ ਜੱਗ ਦੇ ਮੁਖੜੇ ਤੇ, ਧੂੜੀ ਹੋਈ ਵਸਾਰ ਬਸ-ਅੰਤ ਦੀ ਏ। ਆ ਕੇ ਪੋਨੀਆਂ ਪੋਨੀਆਂ ਗੰਦਲਾਂ ਤੇ, ਝੜੀਆਂ ਇੰਜ ਬਸੰਤ ਨੇ ਲਾਈਆਂ ਨੇ। ਸਿਰ ਸੋਨੇ ਦੇ ਫੁੱਲ ਤੇ ਚੌਂਕ ਪਾਕੇ, ਨਵੀਆਂ ਵਹੁਟੀਆਂ ਵਾਂਗ ਸਜਾਈਆਂ ਨੇ। ਖੱਟੇ ਕਪੜੇ ਪਹਿਨ ਅਨਾਥ ਕੁੜੀਆਂ, ਯਾ ਏ ਆਸ਼ਰਮ ਦੇ ਵਿਚੋਂ ਆਈਆਂ ਨੇ। ਨਿੱਕੇ ਨਿੱਕੇ ਏਹ ਫੁੱਲਾਂ ਦੇ ਗੁਲਦਸਤੇ, ਭੇਟਾ ਕਰਨ ਹਕੀਕਤ ਦੀ ਧਾਈਆਂ ਨੇ। ਸੂਰਜ ਦੇਵਤੇ ਜਦੋਂ ਏਹ ਰੰਗ ਡਿਠਾ, ਕੱਢ ਕਿਰਨਾਂ ਦੀ ਜ਼ਰੀ ਲੁਟਾ ਦਿਤੀ। ਹੇਠਾਂ ਖੱਟੀ ਦਰਿਆਈ ਦਾ ਫ਼ਰਸ਼ ਕਰਕੇ! ਉੱਤੇ ਸਿਲਮੇਂ ਦੀ ਚਾਨਣੀ ਲਾ ਦਿਤੀ। ਤਾਰੇ ਮੀਰੇ ਪਿਆਰੇ ਦੇ ਖੇਤ ਅੰਦਰ, ਲੱਗੀ ਹੁਸਨ ਦੀ ਅੱਜ ਫੁਲਝੜੀ ਹੋਈ ਏ। ਹਰੀ ਹਰੀ ਜ਼ਮੁੱਰਦੀ ਸ਼ਾਲ ਕੋਈ, ਜਿਵੇਂ ਤਾਰਿਆਂ ਦੇ ਨਾਲ ਜੜੀ ਹੋਈ ਏ। ਵਿਰਲੀ ਵਾਂਜੜੀ ਰਾਈ ਦੀ ਕਿਤੇ ਗੰਦਲ, ਮੁੱਗੜ ਮਾਰਕੇ ਇਸਤਰ੍ਹਾਂ ਖੜੀ ਹੋਈ ਏ। ਜਿਵੇਂ ਸੱਜਰੀ ਸੱਜਰੀ ਬੰਨਰੀ ਕੋਈ, ਨਾਲ ਆਪਣੇ ਕੌਂਤ ਦੇ ਲੜੀ ਹੋਈ ਏ। ਸੁੱਕ ਗਿਆ ਸੀ ਤੋਰੀਆ ਤਾਂਘ ਅੰਦਰ, ਚਿੱਠੀ ਆ ਗਈ ਓਹਨੂੰ ਬੁਲਾਵਿਆਂ ਦੀ। ਬਣ ਕੇ ਚੰਦ ਬਕਰੀਦ ਦਾ ਜ਼ਿਬ੍ਹਾ ਕਰ ਗਈ, ਫਿਰ ਗਈ ਗਲੇ ਤੇ ਦਾਤਰੀ ਲਾਵਿਆਂ ਦੀ। ਬੁਲਬੁਲ ਰੋ ਕੇ ਮੱਖੀ ਨੂੰ ਆਖਿਆ ਏ, ‘ਗੁਸੇ ਨਾਲ ਮੈਨੂੰ ਤਾੜਨ ਵਾਲੀਏ ਨੀ। ਬਾਗ਼ਾਂ ਬੂਟਿਆਂ ਦੀ ਮਾਇਆ ਲੁੱਟ ਸਾਰੀ, ਕੱਲੇ ਢਿੱਡ ਅੰਦਰ ਵਾੜਨ ਵਾਲੀਏ ਨੀ। ਚੂਪ ਚੱਟਕੇ ਫੁੱਲਾਂ ਦਾ ਰੂਪ ਸੁੰਦਰ, ਸੀਨਾ ਬੁਲਬੁਲਾਂ ਦਾ ਪਾੜਨ ਵਾਲੀਏ ਨੀ। ਨਿੱਕੇ ਨਿੱਕੇ ਪਤੰਗਿਆਂ ਸ਼ੋਹਦਿਆਂ ਨੂੰ, ਮੋਮ ਬਤੀਆਂ ਨੂੰ ਸਾੜਨ ਵਾਲੀਏ ਨੀ। ਮੇਰੀ ਉਮਰ ਦੀ ਖਿਸਕਵੀਂ ਗੰਢ ਨੂੰ ਕਿਉਂ, ਵਲ ਗਲ ਵਿਚ ਪਾ ਪਾ ਨੂੜਿਆ ਈ? ਖੁੰਡ ਖੁੰਡ ਕੇ ਅੱਲੜੇ ਘਾ ਮੇਰੇ, ਕਾਹਨੂੰ ਸੋਖ਼ਤਾ ਦਾ ਲੂਣ ਧੂੜਿਆ ਈ? ਘੁੰਮਣ ਘੇਰ ਦਰਿਆ ਵਿਚ ਜਾ ਕੇ, ਬੇੜੀ ਪੈ ਜਾਏ ਜਿਨ੍ਹਾਂ ਬਿਆਸਿਆਂ ਦੀ। ਦਿਸੇ ਸਾਮ੍ਹਣੇ ਕਾਲ ਦਾ ਦਿਓ ਕਾਲਾ, ਆਸ ਟੁੱਟ ਜਾਏ ਸਾਰਿਆਂ ਪਾਸਿਆਂ ਦੀ। ਬਣਕੇ ਬੁਲਬੁਲੇ ਸਾਮ੍ਹਣੇ ਪਏ ਟੁੱਟਣ, ਫਿਰੇ ਨਿਗ੍ਹਾ ਵਿਚ ਸ਼ਕਲ ਪਤਾਸਿਆਂ ਦੀ। ਤੂੰ ਹੀ ਦੱਸ ਖਾਂ ਉਨ੍ਹਾਂ ਨੂੰ ਖੁਸ਼ੀ ਹੋਵੇ, ਕਦੋਂ 1ਚਾਰਲੀ ਹੁਰਾਂ ਦੇ ਹਾਸਿਆਂ ਦੀ। ਤੂੰ ਕੀ ਜਾਣਿਆਂ ਫੁਲਾਂ ਦੇ ਸੋਗ ਅੰਦਰ, ਮੈਂ ਇਹ ਰੱਤ ਦੇ ਅਥਰੂ ਸਿੱਟਣੀ ਆਂ? ਅੰਮੀ ਜੱਮੀ ਬਸੰਤ ਦੀ ਰੁਤ ਆਵੇ, ਮੈਂ ਤਾਂ ‘ਸ਼ਰਫ਼' ਅਜ਼ਾਦੀ ਨੂੰ ਪਿੱਟਨੀ ਆਂ।' 1. ਚਾਰਲੀ ਸਿਨੇਮਾ ਦਾ ਮਸ਼ਹੂਰ ਮਖਸਰਾ ਐਕਟਰ ਹੈ।
ਛੇਵੀਂ ਲੜੀ ਗਰੀਬਾਂ ਨੂੰ ਹਲੂਣੇਚੀਨੀ ਮਜੂਰ ਦਾ ਹੋਕਾ!
ਸੁੰਦਰ ਪਿਰਚਾਂ ਕੱਪਾਂ ਉਤੇ ਫੁੱਲ ਬਨਾਵਨ ਵਾਲਾ, ਚੀਨੀ ਕਿਰਤੀ ਮੈਂ ਹਾਂ ਯਾਰੋ ਹੋਕਾ ਲਾਵਨ ਵਾਲਾ। ਹਿਕਮਤ ਅਮਲੀ ਐਸੀ ਕੀਤੀ ਦੌਲਤਮੰਦ ਹਕੀਮਾਂ, ਖੂਨ ਤੇਰਾ ਸਭ ਚੁੰਘ ਲਿਆ ਏ ਮੈਨੂੰ ਲਾ ਅਫੀਮਾਂ। ਆਣ ਵੜੇ ਸਨ ਦੇਸ ਮੇਰੇ ਵਿਚ ਯੂਰਪ ਦੇ ਅੰਨ ਦਾਤਾ, ਰੋਗਨ ਤੇ ਸੋਗਨ ਤੇ ਕਲਜੋਗਣ ਲੈਕੇ ਕਾਲੀ ਮਾਤਾ। ਏਸੇ ਆਹਰੇ ਲਾਕੇ ਮੈਨੂੰ ਕੀਤੀ ਖੂਬ ਸਫਾਈ, ਘਰ ਮੇਰੇ ਦੀ ਲੁਟੀ ਸਾਰੀ ਦੌਲਤ ਪਾਈ ਪਾਈ। ਘਰ ਮੇਰੇ ਨੂੰ ਹੂੰਜਾਂ ਫ਼ਿਰਿਆ ਤਾਂ ਹੁਣ ਹੋਸ਼ਾਂ ਆਈਆਂ, ਜੌਂ ਛੋਲੇ ਨਾਂ ਲੱਭਣ ਸਾਨੂੰ ਦੂਜੇ ਖਾਣ ਮਲਾਈਆਂ। ਅਣਖ ਮੇਰੀ ਨੇ ਆ ਕੇ ਮੈਨੂੰ ਮਾਰੀ ਅੱਖ ਪਿਆਰੀ, ਉੱਠ ਬਹੋ, ਹੁਣ ਹੋ ਜਾ ਤਕੜਾ, ਆਲਸ ਲਾਹਦੇ ਸਾਰੀ। ਜ਼ਾਹਿਰ ਅੱਖ ਅਣਖ ਨੇ ਮਾਰੀ ਗੁੱਝਾ ਤੀਰ ਚਲਾਇਆ, ਨੇਜ਼ਾ ਲੈ ਕੇ ਸੁਤ ਹੋਏ ਨੂੰ ਚੌਂਭੜ ਨਾਲ ਜਗਾਇਆ। ਚਾਰ ਚੁਫੇਰੇ ਖੋਲ੍ਹ ਦੁੜਾਈਆਂ ਨਿਕੀਆਂ ਨਿਕੀਆਂ ਅੱਖਾਂ, ਵਿਚ ਬਦੇਸ਼ਾਂ ਰੁਲਦੇ ਡਿਠੇ ਭਾਈ ਭੈਣਾਂ ਲੱਖਾਂ। ਕੀੜੇ ਕੱਢੇ ਦੰਦਾਂ ਦੇ ਕੋਈ, ਕੋਈ ਤਮਾਸ਼ੇ ਕਰਦਾ, ਕਾਗਜ਼ ਵਾਲੇ ਫੁੱਲ ਬਣਾਕੇ ਢਿੱਡ ਕੋਈ ਹੈ ਭਰਦਾ। ਘਰ ਵਿਚ ਜਿਹੜੇ ਰਹਿ ਗਏ ਛੇਕੜ ਬੈਠੇ ਨਿਮੋਝੂਣੇ, ਮੋਤੀ ਫੱਕਣ ਵਾਲੇ ਵੇਖੇ ਲੱਭਣ ਭੁੰਨੇ ਦਾਣੇ। ਘਰ ਵਾਲੇ ਤਾਂ ਏਦਾਂ, ਦੇਖੋ ਜਿਹੜੇ ਬਾਹਰੋਂ ਆਏ, ਚਾਘੜ ਹਥੇ ਫਿਰਦੇ ਡਿਠੇ ਢਾ ਮਰੋੜ ਪਰਾਏ। ਉਧ ਉੱਠੀ ਇਕ ਜਿਗਰੋਂ ਐਸੀ ਸੀਨੇ ਲਾਂਬੂ ਬਲਿਆ, ਪਾ ਕੜਾਹੀ ਗੈਰਤ ਵਾਲੀ ਦਿਲ ਮੇਰੇ ਨੂੰ ਤਲਿਆ। ਉੱਠ ਖਲੋਤਾ ਬੈਠਾ ਹੋਇਆ ਆਪਣੀ ਹੋਸ਼ ਸੰਭਾਲੀ, ਉੱਠੀ ਨਲਾ ਤਰੀਮਤ ਮੇਰੀ ਨਿੱਕੇ ਪੈਰਾਂ ਵਾਲੀ। ਵੱਜ ਵਜਾ ਕੇ ਆਖ ਸੁਣਾਵਾਂ ਸੁਣ ਲਓ ਮੇਰੇ ਕਹਿਣਾ, ਹੁਣ ਨਾਂ ਪੁਜੇ ਯਾਰੋ, ਗੋੱਲਾ ਬਣਕੇ ਰਹਿਣਾ। ਬੰਦੋਬਸਤ ਕਰਾਂਗਾ ਹੁਣ ਮੈਂ ਸਾਰਾ ਘਰ ਦਾ ਆਪੇ, ਮਗਰੋਂ ਲੱਥਣ ਦਰਦੀ ਵਡੇ ਸੂਲਾਂ ਵਾਲੇ ਛਾਪੇ। ਬੰਦੇ ਉਤੇ ਬੰਦੇ ਦਾ ਕੁਝ ਹੱਕ ਹੁਕਮ ਨਹੀਂ ਕਰਨਾ, ਠਾਠਾਂ ਮਾਰੇ ‘ਸ਼ਰਫ਼' ਅਜ਼ਾਦੀ ਤੋੜ ਗੁਲਾਮੀ ਤਰਨਾ।
ਅੰਗਰੇਜ਼ ਮਜੂਰਨਾਂ ਦਾ ਸੰਦੇਸ਼!
ਗੂੜ੍ਹੀ ਨੀਂਦਰ ਸੁਤੇ ਭਾਈਓ! ਉਠੋ ਹੋਸ਼ ਸੰਭਾਲੋ, ਯੂਰਪ ਵਾਲੇ ਕਿਰਤੀਆਂ ਵਾਂਗੂੰ ਵਧ ਵਧ ਹਥ ਵਖਾਲੋ। ਕੱਠੇ ਹੋ ਕੇ ਸਾਰੇ ਕਿਰਤੀ ਜੁਗਲਾਂ ਜੇਹਾ ਬਣਾਓ, ਦੁਨੀਆਂ ਦੇ ਵਿਚ ਕਾਇਮ ਕਰਕੇ ਕਿਰਤੀ ਸ਼ਾਨ ਵਖਾਓ। ਚੁੱਪ ਚਪਾਤੇ ਮੂੰਹ ਨਾਂ ਵੇਖੋ ਦੌਲਤਮੰਦਾਂ ਵਾਲਾ, ਉਹ ਨਾਂ ਚਾਹਵਨ ਕਦੀ ਤੁਹਾਡਾ ਲੰਘੇ ਝੱਟ ਸੁਖਾਲਾ। ਲਾਹ ਦਿਓ ਹੁਣ ਚੋਲੇ ਗਲ ਦੇ ਝੂਠ ਉਮੈਦਾਂ ਵਾਲੇ, ਦੂਜੇ ਦੇਸ਼ਾਂ ਵਾਲੇ ਪਾਵੋ ਤਨ ਤੇ ਵੇਸ ਨਿਰਾਲੇ। ਫ਼ਾਕੇ ਮਸਤ ਦੇ ਵਿਚ ਪਈਆਂ ਆਉਣ ਤੁਹਾਨੂੰ ਝੋਕਾਂ, ਲਹੂ ਤੁਹਾਡਾ ਚੁੰਘਣ ਪਈਆਂ ਮਾਇਆ ਧਾਰੀ ਜੋਕਾਂ। ਕਿਸਮਤ ਵਾਲੀ ਬੂਟੀ ਐਸੀ ਏਹਨਾਂ ਘੋਲ ਪਿਲਾਈ। ਠੁੱਡੇ ਮਾਰਨ ਪਏ ਤੁਹਾਨੂੰ ਤਾਂ ਭੀ ਹੋਸ਼ ਨਾ ਆਈ। ਵੰਡ ਕਰਨ ਨੂੰ ਕਿਸਮਤ ਆਂਹਦੇ ਸਾਰੇ ਲੋਕ ਸਿਆਣੇ, ਵੰਡ ਅੱਲਾ ਨੇ ਪੂਰੀ ਵੰਡੀ ਜੇਕਰ ਜੱਗ ਪਛਾਣੇ। ਵਾ ਠੰਢੀ ਦੇ ਦੁਨੀਆਂ ਅੰਦਰ ਐਸੇ ਬੂਹੇ ਖੋਲੇ, ਦੌਲਤਮੰਦ ਗਰੀਬਾਂ ਬਦਲੇ ਇੱਕੋ ਵਰਗੇ ਝੋਲੇ। ਇਕ ਘੜੀ ਜੇ ਬੰਦ ਹੋਵੇ ਇਹ ਤੜਪ ਮਰੇ ਜਗ ਸਾਰਾ, ਸ਼ਾਹ ਹੋਵੇ ਯਾਂ ਕਿਰਤੀ ਹੋਵੋ ਜਾਂ ਕੋਈ ਪਸ਼ੂ ਵਿਚਾਰਾ। ਅੰਮ੍ਰਿਤ ਵਰਗੀ ਨਿਹਮਤ ਉਹਨੇ ਸਭਨੂੰ ਪੂਰੀ ਵੰਡੀ, ਮਾਸਾ ਰਤੀ ਘਟ ਨਾਂ ਦਿੱਤੀ ਕੁਦਰਤ ਵਾਲੀ ਕੰਡੀ। ਇਹਦੇ ਵਾਂਗੂੰ ਪਾਣੀ ਦੇ ਵੀ ਸੋਮੇਂ ਓਸ ਵਗਾਏ, ਸੂਰਜ ਚੰਦ ਸਤਾਰੇ ਜ਼ਿਮੀਆਂ ਹੋਰ ਅਕਾਸ਼ ਸਜਾਏ। ਦੁੱਖ ਖੁਸ਼ੀ ਤੇ ਪਾਲਾ ਗਰਮੀ ਮਰਨਾ ਜੀਉਣਾ ਸਾਰੇ, ਲੈਣ ਸਵਾਦ ਇਨ੍ਹਾਂ ਦਾ ਹਰ ਥਾਂ ਇੱਕੋ ਜੇਹਾ ਸਾਰੇ। ਤੋੜ ਦਿਉ ਹੁਣ ਪੈਰਾਂ ਵਿੱਚੋਂ ਕਿਸਮਤ ਵਾਲੀ ਬੇੜੀ, ਚੜ੍ਹ ਬੈਠੋ ਹੁਣ ਸਾਰੇ ਕਿਰਤੀ ਉੱਦਮ ਵਾਲੀ ਬੇੜੀ। ਦਿੱਤੇ ਹੋਏ ਹੱਕ ਖੁਦਾ ਦੇ ਲੈ ਲੌ ਅਪਣੇ ਸਾਰੇ, ਨਾਲ ਚਲਾਕੀ ਦੋਲਤਮੰਦਾਂ ਗਏ ਜੇਹੜੇ ਨੇ ਮਾਰੇ। ਇਜ਼ਤ ਵਾਲਾ ਜੀਉਂਣਾ ਮਰਨਾ ਜੇ ਦੁਨੀਆਂ ਤੇ ਚਾਹੋ, ਗਲੋਂ ਪੰਜਾਲੀ ਆਲਸ ਵਾਲੀ ਤਕੜੇ ਹੋ ਕੇ ਲਾਹੋ। ਕਿਰਤ ਦੇ ਤੁਸੀਂ ਖਿੜਾਵੋ ਵਗ ਵਗ ਰਾਜ ਦੁਲਾਰੇ, ਮੱਖੀਆਂ ਬਣਕੇ ਮਾਇਆਧਾਰੀ ਚੂਪ ਲੈਣ ਰਸ ਸਾਰੇ। ਉੱਠੋ ਸਾਰੇ ਉੱਦਮ ਕਰਕੇ ਜੇ ਤੁਸਾਂ ਕੁਝ ਲੈਣਾਂ, ‘ਸ਼ਰਫ਼' ਜਗਾਵਨ ਆਈਆਂ ਹੁਣ ਤੇ ਰਲਕੇ ‘ਕਿਰਤਨ ਭੈਣਾਂ'।
ਸਰਮਯਾਦਾਰਾਂ ਤੇ ਮਜੂਰਾਂ ਦੇ ਝਾਕੇ ਪਹਿਲਾ ਸਰਮਾਯਾਦਾਰ
ਪਹਿਲਾ ਬੋਲਿਆ ਯਾਰ ਕੀ ਗੱਲ ਦੱਸਾਂ, ਸੂਟ ਮਖ਼ਮਲੀ ਨਵਾਂ ਬਣਵਾਇਆ ਏ। ਸੱਤਰ ਪੌਂਡ ਦੀ ਘੜੀ ਹੈ ਕੱਲ ਆਈ, ਮੇਰੇ ਗੁੱਟ ਨੂੰ ਕੱਲ ਇਹਨੇ ਸਜਾਇਆ ਏ। ਕਣੀਆਂ ਨਾਲ ਸੀ ਬੂਟ ਸਲਾਭ ਗਿਆ, ਪੰਜ ਪੌਂਡ ਦਾ ਹੋਰ ਇਹ ਆਇਆ ਏ। ਖਾ ਮਜੂਨ ਜਾਕੇ ਸੁੱਚੇ ਮੋਤੀਆਂ ਦੀ, ਵੈਦ ਰਾਜ ਨੇ ਅੱਜ ਸਮਝਾਇਆ ਏ। ਮਾਲਸ਼ ਵਾਸਤੇ ਕਿਹਾ ਬਦਾਮ ਰੋਗਨ, ਏਸ ਵਾਸਤੇ ਨਵਾਂ ਕਢਵਾਇਆ ਏ। ਅਰਕ ਸਾਰੇ ਵਲਾਇਤੀ ਮੇਵਿਆਂ ਦਾ ਪੀਣ ਲਈ ਉਸ਼ੇਰ ਫ਼ਰਮਾਇਆ ਏ। ਪੌਡਰ ਸੋਨੇ ਦਾ ਲੈਣਾ ਸੀ ਫੁੰਮਣੀ ਤੇ, ਏਸੇ ਵਾਸਤੇ ਕੁੰਦਨ ਮਰਵਾਇਆ ਏ। ਕੰਮ ਖ਼ਾਬ ਦਾ ਸੂਟ ਇਹ ਈਦ ਬਦਲੇ, ਬੇਗਮ ਸਾਹਿਬਾ ਲਈ ਸਿਲਵਾਇਆ ਏ। ਹੋਰ ਨਰਸ ਮੰਗਵਾਈ ਏ ਪੈਰਸੋਂ ਮੈਂ, ਹਿੰਦੀ ਟਹਿਲਣ ਨੇ ਮਗਜ਼ ਖਪਾਇਆ ਏ। ਕੁੱਤੇ ਲਈ ਚੁਬਾਰਾ ਬਣਵਾ ਕੇ ਤੇ, ਅੰਦਰ ਬਿਜਲੀ ਦਾ ਪੱਖਾ ਲਵਾਇਆ ਏ। ਕੱਥੂ ਵੱਲ ਸਨ ਨਿਕਲਦੇ ਸੱਤ ਆਨੇਂ, ਢੱਗਾ ਓਸ ਦਾ ਕੁਰਕ ਕਰਵਾਇਆ ਏ। ਓਹਦੋਂ ਲਈ ਸੀ ਦੁੱਧ ਦੀ ਬਾਂਧ ਕਰਨੀ, ਬੂਟੇ ‘ਨਫ਼ੇ' ਦਾ ਨਵਾਂ ਉਗਾਇਆ ਏ। ਦੱਸਾਂ ਕੀ ਮੈਂ ਐਤਕੀਂ ਬੰਕ ਅੰਦਰ, ਪੰਜ ਲੱਖ ਕੁਲ ਜਮਾਂ ਕਰਾਇਆ ਏ। ਚੌਦਾਂ ਆਨੇ ਦਿਹਾੜੀ ਦਾ ਰੇਟ ਕੀਤਾ, ਤਾਂ ਭੀ ਕਿਰਤੀਆਂ ਬੜਾ ਸਤਾਇਆ ਏ। ਧੂੜ ਪੈਰ ਦੀ ਨੂੰ ਬਾਜ਼ੇ ਮੂਰਖਾਂ ਨੇ, ਚੁਕ ਚੁਕ ਕੇ ਸਿਰੀਂ ਚੜ੍ਹਾਇਆ ਏ। ਯੂਰਪ ਵਾਲਿਆਂ ਦੀ ਰੀਸ ਕਰਨ ਲਗੇ, ਚਿੱਤ ਨਿੱਤ ਹੜਤਾਲ ਤੇ ਲਾਇਆ ਏ। ਆਡੋਂ ਪਾਰ ਅਜ ਕਰਾਂਗਾ ਸਭ ਜਾ ਕੇ, ਰੌਲਾ ਰੱਪਾ ਇਹ ਜਿਨ੍ਹਾਂ ਨੇ ਪਾਇਆ ਏ। ਮੇਰੇ ਕਿਰਤੀਆਂ ਵਿਚ ਸੀ ਮੁਖੀ ਜਿਹੜਾ, ਕਲ ਓਹਦਾ ਤੇ ਯੱਭ ਮੁਕਾਇਆ ਏ। ਪੈ ਗਿਆ ਹੈ ਗੁੱਟ ਨੂੰ 'ਸ਼ਰਫ਼' ਗਾਨਾ, ਮਾਰ ਮਾਰ ਕੇ ਐਸਾ ਸੁਜਾਇਆ ਏ।
ਦੂਜਾ ਸਰਮਾਯਾਦਾਰ
ਵੇਖਣ ਗਿਆ ਸਾਂ ਇਕ ਥਾਂ ਕੱਲ ਟੈਨਸ, ਜਾ ਕੇ ਓਸ ਥਾਂ ਬੜਾ ਖੁਆਰ ਹੋਇਆ। ਚਿੱਤ ਕਲੀ ਦੇ ਵਾਂਗ ਕੁਮਲਾ ਗਿਆ ਸੀ, ਕ੍ਰਿਕਟ ਵੇਖ ਕੇ ਬਾਗ ਬਹਾਰ ਹੋਇਆ। ਘੋੜ ਦੌੜ ਤੇ ਗਿਆ ਸਾਂ ਚੌਥ ਨਾਲੇ, ਓਥੇ ਐਤਕੀਂ ਬੜਾ ਤਕਰਾਰ ਹੋਇਆ। ਪਰਸੋਂ ਆਇਆ ਸਵਾਦ ਨਾ ਰਤਾ ਮੈਨੂੰ, ਫੁਟਬਾਲ ਤੋਂ ਜੀਉ ਬੇਜ਼ਾਰ ਹੋਇਆ। ਜਿੱਤ ਗਈ ਏ ਟੀਮ ਇੰਗਲੈਂਡ ਵਾਲੀ, ਟੋਲੇ ਵੇਖ ਕੇ ਚਿੱਤ ਬਲਿਹਾਰ ਹੋਇਆ। ਸਾਰੀ ਉਮਰ ਨਾਂ ਕਦੇ ਭੀ ਭੁੱਲਣਾ ਏ, ਹਾਕੀ ਮੈਚ ਜਿਹੜਾ ਬੁੱਧਵਾਰ ਹੋਇਆ। ਮੇਰੇ ਰਹਿੰਦੇ ਨੇ ਸਦਾ ਈ ਪੌਂ ਬਾਰਾਂ, ਜਦ ਦਾ ਨਾਲ ਸ਼ਤਰੰਜ ਪਿਆਰ ਹੋਇਆ। ਏਸ ਗੱਲ ਨੂੰ ਤੇ ਤੂੰ ਜਾਣਦਾ ਏਂ, ਚੌਪੜ ਵਿਚ ਮੈਂ ਬੜਾ ਹੁਸ਼ਿਆਰ ਹੋਇਆ। ਖਾਣਾ ਖਾਣ ਦੇ ਬਾਦ ਮੈਂ ਨਿੱਤ ਖੇਡਾਂ, ਤਾਸ਼ ਵਲੋਂ ਨਹੀਂ ਕਦੀ ਉਧਾਰ ਹੋਇਆ। ਵੇਖਣ ਗਿਆ ਸਾਂ ਰਾਤ ਨੂੰ ਅੱਜ ਥੇਟਰ, ਖੇਲ ਕੰਪਨੀ ਦਾ ਮਜ਼ੇਦਾਰ ਹੋਇਆ ਬਾਈਸਕੋਪ ਵਿਚ ਵੇਖਕੇ ਚਾਰਲੀ ਨੂੰ, ਹੱਸ ਹੱਸ ਕੇ ਜੀਉ ਨਿਸਾਰ ਹੋਇਆ। ਸਰਕਸ ਵੇਖ ਲਈ ਕੱਲ ਜਪਾਨੀਆਂ ਦੀ, ਆਸ਼ਕ ਜਿਦ੍ਹਾ ਸੀ ਕੁਲ ਸੰਸਾਰ ਹੋਇਆ। ਗੌਹਰਜਾਨ ਕਲਕੱਤੇ ਦੀ ਆਈ ਹੋਈ ਸੀ, ਗਾਣਾ ਓਸ ਦਾ ਅਪਰ ਅਪਾਰ ਹੋਇਆ। ਡੌਗ ਸ਼ੋ ਵਿੱਚੋਂ ਆਂਦਾ ਇਹ ਬੁੱਲੀ, ਮੁੱਲ ਇਸਦਾ ਤਿੰਨ ਹਜ਼ਾਰ ਹੋਇਆ। ਵਾ ਖ਼ੋਰੀ ਦੇ ਵਾਸਤੇ ਲਈ ਮੋਟਰ, ਹੈਸਾਂ ਗਿੱਗ ਕੋਲੋਂ ਅਵਾਜ਼ਾਰ ਹੋਇਆ। ਮਾਇਆ ਭਵਨ ਉਹ ਤੁਸੀਂ ਨਹੀਂ ਅਜੇ ਡਿੱਠਾ, ਅੱਜ ਕੱਲ ਜੋ ਨਵਾਂ ਤਿਆਰ ਹੋਇਆ। ਦੌਲਤ-ਲੁੱਟ ਸੀ ਫ਼ਰਮ ਜੋ ਹੋਰ ਖੋਲ੍ਹੀ, ਧਨ ਹਿੱਸਿਆਂ ਦਾ ਬੇਸ਼ੁਮਾਰ ਹੋਇਆ। ਗਵਰਨਮੈਂਟ ਨੂੰ ਦਿੱਤਾ ਸੀ ਕਰਜ਼ ਜੇਹੜਾ, ਉਹਦੇ ਵਿੱਚੋਂ ਇਹ ਹਾਸਲ ਹੈ ਯਾਰ ਹੋਇਆ। ਰਾਏ ਸਾਹਿਬ ਦਾ ਮਿਲਿਆ ਖ਼ਿਤਾਬ ਮੈਨੂੰ, ਸਾਰੀ ਕੌਮ ਦਾ ਹਾਂ ਸਰਦਾਰ ਹੋਇਆ। ਟੀ ਪਾਰਟੀ ਤੋ ‘ਸ਼ਰਫ਼’ ਚੱਲਿਆ ਹਾਂ, ਫੇਰ ਮਿਲਾਂਗਾ ਪੱਕ ਇਕਰਾਰ ਹੋਇਆ।
ਪਹਿਲਾ ਮਜੂਰ
ਪਹਿਲਾ ਬੋਲਿਆ ਯਾਰ ਕੀ ਹਾਲ ਦੱਸਾਂ, ਸੂਞੇਂ ਮੈਂਹਗ ਨੇ ਬੜਾ ਹੈਰਾਨ ਕੀਤਾ। ਇੱਧਰ ਅਜ ਕਾਰਖਾਨੇ ਦੇ ਮਾਲਕਾਂ ਨੇ, ਛਾਂਟੀ ਕਰਨ ਦਾ ਨਵਾਂ ਐਲਾਨ ਕੀਤਾ। ਦਿੱਤੀ ਤੋੜ ਤਨਖਾਹ ਹੈ ਬਹੁਤਿਆਂ ਦੀ, ਸਰਵਿਸ ਵੱਲ ਨਾਂ ਜ਼ਰਾ ਧਿਆਨ ਕੀਤਾ। ਹਫ਼ਤਾ ਇੱਕ ਜੁਰਮਾਨੇ ਦਾ ਹੋਯਾ ਆਕਰ, ਗਿਆ ਲੋਟ ਨਾਂ ਕੋਈ ਨੁਕਸਾਨ ਹੋਇਆ। ਮਾਰ ਲਈ ਗਰੈਚੁਏਟੀ ਬੁੱਢਿਆਂ ਦੀ, ਮੇਰੇ ਨਾਲ ਭੀ ਏਹੋ ਐਹਸਾਨ ਕੀਤਾ। ਮੇਰੇ ਬਾਪ ਦਾ ਬੋਨਸ ਭੀ ਘੁੱਟ ਬੈਠੇ, ਏਸ ਸੱਟ ਨੇ ਉਹਨੂੰ ਕਮਾਨ ਕੀਤਾ। ਕੀਤੀ ਬੰਦ ਤਰੱਕੀ ਹੈ ਸਾਰਿਆਂ ਦੀ, ਓਵਰ ਟਾਈਮ ਨਾਲੇ ਬੇ ਨਿਸ਼ਾਨ ਕੀਤਾ। ਜ਼ਰਦਾ ਸਮਝ ਕੇ ਖਾ ਗਏ ਕੁਲ ਭੱਤਾ, ਸਾਨੂੰ ਜਗਤ ਅੰਦਰ ਪ੍ਰੇਸ਼ਾਨ ਕੀਤਾ। ਕਰਕੇ ਬੰਦ ਮੁਆਵਜ਼ਾ ਫੱਟੜਾਂ ਦਾ, ਮੁਰਦਾ ਅੰਤ ਦੇ ਵਿੱਚ ਵੈਰਾਨ ਕੀਤਾ। ਹੈ ਸਨ ਕਾਲ ਐਲਾਉਂਸ ਦੋ ਦੋ ਮਿਲਦੇ, ਅੱਗੋਂ ਲਈ ਉਹ ਬੰਦ ਬਿਆਨ ਕੀਤਾ। ਡੀਊਟੀ ਕਰ ਦਿੱਤੀ ਨਾਲੇ ਦਸ ਘੰਟੇ, ਹਰ ਕੋਈ ਤੰਗ ਲੁਹਾਰ ਤਰਖਾਨ ਕੀਤਾ। ਛੁੱਟੀ ਬਿਨਾਂ ਤਨਖਾਹ ਭੀ ਨਹੀਂ ਦੇਂਦੇ, ਐਡੇ ਕਹਿਰ ਦਾ ਨਵਾਂ ਸਾਮਾਨ ਕੀਤਾ। ਹੁੰਦੀ ਖਬਰ ਜੇ ਪਾਸ ਭੀ ਨਹੀਂ ਮਿਲਨੋ, ਨੌਕਰ ਹੋਣ ਦਾ ਨਿੱਜ ਗੁਮਾਨ ਕੀਤਾ। ਪੜ੍ਹੇ ਕੋਈ ਨਮਾਜ਼ ਨਾਂ ਕੰਮ ਅੰਦਰ, ਇਹ ਮੈਨੇਜਰ ਨੇ ਕੱਲ ਫ਼ਰਮਾਨ ਕੀਤਾ। ਮਾਰ ਲਿਆ ਟ੍ਰਾਮ ਐਲਾਉਂਸ ਨਾਲੇ, ਬੜੇ ਦਿਨ ਇਹ ਐਤਕੀਂ ਦਾਨ ਕੀਤਾ। ਅਗੋਂ ਵਾਸਤੇ ਰੇਟ ਘਟਾ ਦਿਤੇ, ਇਹ ਭੀ ਮਰਦਿਆਂ ਅਸਾਂ ਪਰਵਾਨ ਕੀਤਾ। ਡੈਮਫੂਲ ਦੇ ਗਲੇ ਵਿਚ ਹਾਰ ਪਾ ਪਾ, ਸਭਨਾਂ ਕਿਰਤੀਆਂ ਦਾ ਆਦਰ ਮਾਨ ਕੀਤਾ। ਗੱਲ ਗੱਲ ਤੇ ਠੁੱਡ ਹੀ ਠੁੱਡ ਵਜੇ, ਵੈਰੀ ਢਿੱਡ ਨੇ ਪਸੂ ਇਨਸਾਨ ਕੀਤਾ। ‘ਸ਼ਰਫ਼' ਐਸੀ ਗੁਲਾਮੀ ਨੂੰ ਕਰਾਂ ਸਦਕੇ, ਆਦਮ ਜੂਨ ਨੂੰ ਜਿਨ੍ਹੇ ਕੁਰਬਾਨ ਕੀਤਾ।
ਦੂਜਾ ਮਜੂਰ
ਮੇਰਾ ਦੁਖੜਾ ਸੁਣੀਂ ਤੂੰ ਹੁਣ ਕੰਨ ਧਰਕੇ, ਤੂੰ ਤੇ ਆਪਣਾ ਹਾਲ ਸੁਣਾ ਲਿਆ ਏ। ਏਸ ਕਾਲ ਦੇ ਕਾਲ ਹਮਾਤੜਾਂ ਨੂੰ, ਫੜਕੇ ਡੋਲਿਆਂ ਵਾਂਗ ਉਧਾਲਿਆ ਏ। ਇਕੋ ਕੱਲਾ ਸੀ ਸੀਸ ਲੁਕਾਣ ਵਾਲਾ, ਵੇਚ ਵੱਟ ਚਰੋਕਣਾ ਖਾ ਲਿਆ ਏ। ਖੋਭੇ ਵਿਚ ਹਾਂ ਗੋਡਿਆਂ ਤੀਕ ਧਸਿਆ, ਬੋਬਾ ਸੀਸ ਤੋ ਬੜਾ ਚੜ੍ਹਾ ਲਿਆ ਏ। ਲਾਂਘਾ ਨਾਲ ਤਨਖਾਹ ਦੇ ਲੰਘਦਾ ਨਹੀਂ, ਖਾਣਾ ਪੀਣਾ ਭੀ ਬੜਾ ਘਟਾ ਲਿਆ ਏ। ਕਰਕੇ ਬੁੱਚੀ ਬਿਠਾਈ ਭਰਜਾਈ ਤੇਰੀ, ਨੱਕ ਕੰਨ ਸਾਰਾ ਗਹਿਣੇ ਪਾ ਲਿਆ ਏ। ਹੈਸਨ ਨੱਤੀਆਂ ਕੁੜੀ ਦੇ ਕੰਨ ਪਾਈਆਂ, ਜਾਕੇ ਅਜ ਮੈਂ ਉਹਨਾਂ ਨੂੰ ਢਾਲਿਆ ਏ। ਜੀਆ ਜੰਤ ਸੀ ਕੱਲ ਦਾ ਸਭ ਫ਼ਾਕੇ, ਵੇਚ ਵਾਚ ਕੇ ਟੁੱਕ ਖੁਆ ਲਿਆ ਏ। ਹੁਣ ਤਾਂ ਰਿਹਾ ਨਹੀਂ ਸਤਰ ਲੁਕਾਣ ਜੋਗਾ, ਪਿਛਲਾ ਪਿਆ ਸੀ ਕੁਲ ਹੰਢਾ ਲਿਆ ਏ। ਬਿਜਲੀ ਕਾਲ ਨੇ ਹੈ ਜਦ ਦੀ ਆਣ ਡੇਗੀ, ਦੀਵਾ ਰਾਤ ਨੂੰ ਕਦੇ ਨਾਂ ਬਾਲਿਆ ਏ। ਕਈ ਵੇਰ ਤਾਂ ਮੇਰਿਆਂ ਚਾਨਣਾਂ ਨੇ, ਚੰਨ ਨਾਲ ਈ ਜੀਉ ਪਰਚਾ ਲਿਆ ਏ। ਝੁਲਕੇ ਢਿੱਡ ਨੂੰ ਭੁਖ ਦੇ ਰਹਿਣ ਲੱਗੇ, ਜੁੱਸਾ ਢਾਂਡਰੀ ਦੇ ਵਾਂਗ ਜਾਲਿਆ ਏ। ਇਕ ਲੇਫ ਤੇ ਚਾਰ ਹਾਂ ਸੌਣ ਵਾਲੇ, ਗੋਹੇ ਸੇਕ ਕੇ ਸਿਆਲ ਲੰਘਾ ਲਿਆ ਏ। ਨਿਕੇ ਬਾਲ ਨੂੰ ਹੋ ਗਿਆ ਸੰਨ ਹੈਸੀ, ਜਾ ਕੇ ਵੈਦ ਨੂੰ ਜਦੋਂ ਵਿਖਾਲਿਆ ਏ। ਉਹਨੇ ਦਸਿਆ ਆਂਡੇ ਦਾ ਲੇਪ ਕਰਨਾ, ਬਿਨਾਂ ਪੈਸਿਉਂ-ਲਾਲ-ਗਵਾ ਲਿਆ ਏ। ਵੇਹੜੇ ਵਾਲਿਆਂ ਰੱਬ ਦਾ ਭਉ ਕਰਕੇ, ਮੁਰਦਾ ਓਸਦਾ ਅੰਤ ਸੰਭਾਲਿਆ ਏ। ਕੋਠੇ ਵਾਲਾ ਸੀ ਸਾਫ ਜਵਾਬ ਦਿੰਦਾ, ਓਹਨੂੰ ਤਰਲਿਆਂ ਨਾਲ ਪਸਮਾ ਲਿਆ ਏ। ਪਾਣੀ ਖ਼ਾਂ ਦੇ ਨਲਕਿਉਂ ਲੈਣ ਗਿਆ, ਘੜਾ ਠੁੱਡ ਦੇ ਨਾਲ ਭਨਵਾ ਲਿਆ ਏ। ਘੱਲ ਘੱਲ ਗਰੀਬਾਂ ਨੂੰ ਜੱਗ ਉਤੇ, ਖਬਰੇ ਰੱਬ ਨੇ ਨਫਾ ਕੀ ਭਾਲਿਆ ਏ। ਦਸਾਂ ਵਾਂਗ ਜੇ ‘ਸ਼ਰਫ਼' ਨਹੀਂ ਦੇਣ ਜੋਗਾ, ਕਾਹਨੂੰ ਨਬਿਆਂ ਦਾ ਟਿੱਕ ਲਾ ਲਿਆ ਏ।
ਚਿੱਟਾ ਕੱਪੜਾ ਤੇ ਇੱਜ਼ਤਦਾਰ ਰੋਟੀ
ਬੋਲੀ ਨਾਲ ਤਨੋੜੇ ਦੇ ਨਾਲ ਮੇਰੀ, ਇਕ ਦਿਨ ਸ਼ਾਮ ਨੂੰ ਨੂੰ ਵੇਖ ਅਚਾਰ ਰੋਟੀ। 'ਚੌਕ ਫੁੱਲ ਤੇ ਸੜੇ ਸਨ ਏਸ ਘਰ ਦੇ, ਹੋ ਗਈ ਸਿਰ ਤੇ ਸੁੱਕੀ ਅਸਵਾਰ ਰੋਟੀ। ‘ਗੁਲੂਬੰਦ ਹਮੇਲ ਦੀ ਥਾਂ ਬਣ ਗਈ, ਬਿਨਾਂ ਲਾਜਮੇਂ ਗਲੇ ਦਾ ਹਾਰ ਰੋਟੀ। 'ਟੂੰਬਾਂ ਵੰਨ ਸੁਵੰਨੀਆਂ ਜਗ ਪਾਵੇ, ਸਾਡੇ ਲਈ ਆ ਗਈ ਅਲੋਕਾਰ ਰੋਟੀ। ਓਹਨੂੰ ਕਿਹਾ ਮੈਂ ਮੂਰਖੇ! ਨਿੰਦੀਏ ਨਾਂ, ਰੁੱਖੀ, ਕੋਸੜੀ, ਕਦੀ ਭੀ ਨਾਰ ਰੋਟੀ। ਤੇਰੇ ਜੇਹੀਆਂ ਪਕੌਂਦੀਆਂ ਹੋਣ ਕੋਲੇ, ਅਜੇ ਮਰਦ ਕਮੌਣ ਸਭਿਆਰ ਰੋਟੀ। ਨਰ ਨੈਣਾਂ ਦਾ, ਆਤਮਾ ਉਮਰ ਦੀ ਏ, ਸ਼ਕਤੀ ਸੁਰਤ ਦੀ ਜੱਗ ਵਿਚਕਾਰ ਰੋਟੀ। ਜਾਨ ਬਲ ਦੀ ਤਾਣ ਹਰ ਗ਼ਲ ਦੀ ਏ, ਕੁਦਰਤ ਹੈ; ਜੇ ਨਹੀਂ ਕਰਤਾਰ ਰੋਟੀ। ਸ਼ੀਸ਼ਾ ਸਾਫ਼ ਹੈ ਅਕਲ ਦੀ ਆਰਸੀ ਦਾ, ਦਸੇ ਫ਼ਲਸਫੇ ਕਈ ਹਜ਼ਾਰ ਰੋਟੀ। ਆਦਮ ਜੂਨ ਫਰੀਕਾ ਦੇ ਬਣੇ ਨਾਂਗੇ, ਖਾਧੀ ਓਨ੍ਹਾਂ ਨੇ ਜਦੋਂ ਇਕ ਵਾਰ ਰੋਟੀ। ਇਹਦੇ 1ਫੁੱਲਾਂ ਤੋਂ ਦੁਨੀਆਂ ਦੇ ਬਾਗ ਸਦਕੇ, ਖੁਸ਼ੀ, ਐਸ ਦੀ ਖਿੜੀ ਗੁਲਜ਼ਾਰ ਰੋਟੀ। ਕਲੀਆਂ ਵਾਂਗ ਹੈ ਬਾਗ਼ ਪਰਵਾਰ ਖਿੜਦਾ, ਆਵੇ ਪੱਕ ਕੇ ਜਦੋਂ ਬਹਾਰ ਰੋਟੀ। ਅਜੇ ਨੰਗਾ, ਨਿਥਾਵਾਂ ਤਾਂ ਰਹਿ ਸਕੇ, ਦੇਂਦੀ ਫਾਕਿਆਂ ਨਾਲ ਪਰ ਮਾਰ ਰੋਟੀ। ਮਿਲੇ ਡੰਗ ਨ ਜਦੋਂ ਹਨੇਰ ਵਰਤੇ, ਸੂਰਜ ਚੰਨ ਕੋਲੋਂ ਅਪਰ ਅਪਾਰ ਰੋਟੀ। ਚੌਂਕੇ ਚੁੱਲੇ ਤੇ ਤਵੇ ਪਰਾਤ ਦੀ ਵੀ, ਬਾਨੀ ਕਾਰ ਰੋਟੀ, ਹੈ ਮੁਖਤਾਰ ਰੋਟੀ। ਓਸ ਘਰ ਅੰਦਰ ਭੰਗ ਭੁਜਦੀ ਏ; ਜਿਥੇ ਕਰੇ ਨਾਂ ਗਰਮ ਬਾਜ਼ਾਰ ਰੋਟੀ। ਲੱਖਾਂ ਐਬ ਜਹਾਨ ਏ ਕੱਜ ਲੈਂਦੀ, ਇਕੋ ਲਾਜਵੰਤੀ, ਪਰਦੇ ਦਾਰ ਰੋਟੀ। ਅਗੇ ਅਗੇ ਹਰ ਜੀਵ ਦੇ ਫਿਰੇ ਰਿੜ੍ਹਦੀ, ਮਗਰੋਂ ਪਕੜਦਾ ਫਿਰੇ ਸੰਸਾਰ ਰੋਟੀ। ਦੀਵਾ ਜਾਨ ਦਾ ਰਖਕੇ ਤਲੀ ਉਤੇ, ਰਾਤੀਂ ਲਭਦੇ ਚੋਰ ਚਕਾਰ ਰੋਟੀ। ਚੱਕਰ ਵਰਤੀ, ਇਹ ਲੱਖਾਂ ਨੂੰ ਪਾਏ ਚਕਰ, ਖੜਦੀ ਖਿਚ ਸਮੁੰਦਰੋਂ ਪਾਰ ਰੋਟੀ। ਰੋਟੀ ਸ਼ੇਰਾਂ ਦੇ ਨੱਕ ਨੂੰ ਨੱਥਦੀ ਏ, ਪੰਛੀ ਉਡਦੇ ਕਰੇ ਸ਼ਿਕਾਰ ਰੋਟੀ। ਤਾਜ ਵਾਲੇ ਭੀ ਹੈਨ ਮੁਥਾਜ ਇਹਦੇ, ਪ੍ਰਗਟ ਹੋਈ ਅਚਰਜ ਸਰਕਾਰ ਰੋਟੀ। ਸੁਲੇਮਾਨ ਜਿਹੇ ਝੋਕਦੇ ਭੱਠ ਜਾ ਕੇ, ਜਦੋਂ ਕਰਦੀ ਏ ਬਹੁਤ ਲਾਚਾਰ ਰੋਟੀ। ਇਹਦੇ ਵਲਾਂ ਵਿਚ ਵਲੀ ਬੀ ਵਲੇ ਹੋਏ ਨੇ, ਕੀਤੀ ਕਾਠ ਦੀ 2ਕਈਆਂ ਤਿਆਰ ਰੋਟੀ। ਛੱਡ ਮੂਸਾ ਦੀ ਕੌਮ ਨੇ 3‘ਮੱਨਸਲਵਾ' ਮੰਗੀ ਰੱਬ ਕੋਲੋਂ ਬਾਰ ਬਾਰ ਰੋਟੀ। ਕਾਹਨੂੰ ਕਿਸੇ ਦੀ ਚੋਪੜੀ ਵੇਖ ਤਰਸੋ, ਸੁਕੀ ਜਾਣ ਅਪਣੀ ਅੰਮ੍ਰਿਤਧਾਰ ਰੋਟੀ। ਕਰਕੇ ਹੱਕ ਹਲਾਲ ਦੀ ਖਾਏ ਜਿਹੜਾ, ਖੋਹਲੇ ਓਸ ਤੇ ਰੱਬੀ ਇਸਰਾਰ ਰੋਟੀ। ਅੰਨ, ਧੰਨ ਦੀ ਓਸ ਘਰ ਵਰ੍ਹੇ ਗੰਗਾ, ਜਿਹੜਾ ਰੱਖਦਾ ਸਾਂਭ ਸਵਾਰ ਰੋਟੀ। ਰੱਬ ਝੱਬ ਨਿਆਦਰੀ ਕਰੇ ਓਹਦੀ, ਗੰਦੀ ਥਾਂ ਜੋ ਸੁਟੇ ਗਵਾਰ ਰੋਟੀ। ਖਾਣੇ ਲਖ ਪ੍ਰਕਾਰ ਦੇ ਹੈਨ ਭਾਵੇਂ, ਪਰ ਹੈ ਸਭ ਦੀ ਬਣੀ ਸਰਦਾਰ ਰੋਟੀ। ਜੀਹਦੇ ਖਾਧਿਆਂ ਉਘੜਦੀ ਅੱਖ ਹੈ ਨੀ, ਹਾਏ! ਉਹ ਗਹਿਣਿਆਂ ਉਤੇ ਨਾ ਵਾਰ ਰੋਟੀ। ਗਹਿਣਾ ਨਾਰ ਦਾ ਸਿਊਣ, ਪਰੋਣ ਹੁੰਦਾ; ਹੁੰਦਾ ਸਦਾ ਸੁਹਾਗ *ਸ਼ਿੰਗਾਰ ਰੋਟੀ। ਜਿਹਨੂੰ ਸਿਉਣ, ਪਕੌਣ ਦਾ ਚੱਜ ਨਹੀਂ ਏ, ਓਹ ਤੇ ਕੰਤ ਦੀ ਕਰੇ ਬੇਕਾਰ ਰੋਟੀ। ਲੈ ਕੇ ਮੰਗਤੇ ਤੋਂ ਬਾਦਸ਼ਾਹ ਤੀਕਰ, ਕੀਤੇ ਹੋਏ ਨੇ ਕੁੱਲ ਖ਼ਵਾਰ ਰੋਟੀ। ਸ੍ਹਵੇ ਗੱਲ ਨਾਂ ਕਿਸੇ ਦੀ ਕਦੇ ਕੋਈ, ਜੇ ਨਾਂ ਢਿੱਡ ਨੂੰ ਹੋਵੇ ਦਰਕਾਰ ਰੋਟੀ। ਪਾਪੜ ਵੇਲੀਏ ਲੱਖ ਤੇ ਤਦ ਕਿਧਰੇ, ਰੋਕੜ ਕਾਰ ਤੇ ਮਿਲੇ ਹੁਦਾਰ ਰੋਟੀ। ਓਹ ਦਿਨ ਲੱਦ ਗਏ, ਇੱਕ ਦੀ ਕਿਰਤ ਉੱਤੇ, ਜਦੋਂ ਖਾਂਦਾ ਸੀ ਕੁੱਲ ਪਰਵਾਰ ਰੋਟੀ। ਧੰਦੇ ਪੇਟ ਦੇ ਪਿੱਟੀਏ! ਸਭ ਹੁਣ ਤੇ, ਤਾਂ ਇਹ ਢਿੱਡ ਦਾ ਭਰੇ ਭੰਡਾਰ ਰੋਟੀ[ ਤੈਨੂੰ ਗਹਿਣਿਆਂ ਦੇ ਸ਼ੌਂਕ ਸੁੱਝਦੇ ਨੇ, ਦਿੱਤੀ ਵਾਂਜੀਏ ਮਨੋਂ ਵਿਸਾਰ ਰੋਟੀ[ ਮੈਂ ਤੇ ਰੱਬ ਕੋਲੋਂ ‘ਸ਼ਰਫ਼' ਮੰਗਦਾ ਹਾਂ, ਚਿੱਟਾ ਕੱਪੜਾ ਤੇ ਇੱਜ਼ਤਦਾਰ ਰੋਟੀ। 1. ਔਰਤਾਂ ਦੇ ਮੁਹਾਵਰੇ ਵਿਚ ਰੋਟੀ ਉਤੇ ਪੱਕਕੇ ਜਿਹੜੇ ਸੁਰਖ (ਲਾਲ) ਨਿਸ਼ਾਨ ਪੈ ਜਾਂਦੇ ਹਨ, ਉਹਨਾਂ ਨੂੰ ਫੁੱਲ ਕਹਿੰਦੇ ਹਨ। 2. ਬਾਬਾ ਫਰੀਦ ਜੀ ਗੰਜ ਸ਼ਕਰ ਫਰੀਦ। 3. ਇਕ ਕਿਸਮ ਦਾ ਖਾਣਾ ਸੀ, ਜਿਹੜਾ ਕੁਦਰਤੀ ਹਜ਼ਰਤ ਮੂਸਾ ਦੀ ਕੌਮ ਤੇ ਅਰਸ਼ੋਂ ਉਤਰਿਆ ਕਰਦਾ ਸੀ, ਪਰ ਉਹਨਾਂ ਨੇ ਦੁਨਿਆਵੀ ਰੋਟੀ ਮੰਗੀ।
ਸਤਵੀਂ ਲੜੀ ਪ੍ਰੇਮ ਦੇ ਤੀਰਜਲ ਭਰੀਆਂ ਅੱਖੀਆਂ ਰੋਂਦੀਆਂ ਨੇ!
ਮੈਥੋਂ ਪੁਛੋ ਸਹੇਲੀਓ ਹਾਲ ਕੁਝ ਨਾਂ, ਜੋ ਜੋ ਇਸ਼ਕ ਮੁਸੀਬਤਾਂ ਪਾਈਆਂ ਨੇ। ਫਿਰਾਂ ਦਰ-ਬ-ਦਰ ਜੋਗਨਾਂ ਵਾਂਗ ਤੱਤੀ, ਸ਼ਰਮਾਂ ਇਸ਼ਕ ਨੇ ਸਭ ਗਵਾਈਆਂ ਨੇ। ਕਦੀ ਸ਼ੌਂਕ ਦੇ ਨਾਲ ਮੈਂ ਗੁੰਦਦੀ ਸਾਂ, ਜ਼ੁਲਫ਼ਾਂ ਖੁੱਲ੍ਹ ਜੋ ਹਿੱਕ ਤੇ ਆਈਆਂ ਨੇ। ਹਾਇ! ਮੈਂ ਸਾਰੇ ਜਹਾਨ ਵਿੱਚ ਨਸ਼ਰ ਹੋਈ, ਮੇਹਣੇ ਦੇਂਦੀਆਂ ਕੁੱਲ ਹਮਸਾਈਆਂ ਨੇ। ਸੁਫ਼ਨੇ ਵਿੱਚ ਭੀ ਕਦੀ ਨਹੀਂ ਦਰਸ ਦਿੱਤਾ, ਓਸ ਮਾਹੀ ਦੀਆਂ ਬੇਪ੍ਰਵਾਹੀਆਂ ਨੇ। ਜਲ ਭਰੀਆਂ ਅੱਖੀਆਂ ਰੋਂਦੀਆਂ ਇਹ, ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ। ਬੱਤਰ ਹੋਈ ਇਹ ਜ਼ਿੰਦਗੀ ਮੌਤ ਕੋਲੋਂ, ਨੀ! ਇੱਕ ਸ਼ੋਖ ਤੇ ਹੋਈਆਂ ਫ਼ਿਦਾ ਅੱਖੀਆਂ। ਪੈ ਗਏ ਕੁੱਕਰੇ ਤੇ ਪਲਕਾਂ ਗਲ ਗਈਆਂ, ਰੋ ਰੋ ਕੇ ਲਈਆਂ ਸੁਜਾ ਅਖੀਆਂ। ਮੇਰੇ ਨਾਲ ਸੀ ਏਹਨਾਂ ਨੇ ਦਗਾ ਕੀਤਾ, ਕੀਤਾ ਆਪਣਾ ਭੀ ਲਿਆ ਪਾ ਅੱਖੀਆਂ। ਸੁਣ ਇਹ ਦਰਸ ਦੀਦਾਰ ਦੀ ਚਾਹ ਰੱਖਣ, ਮਾਹੀ ਵੇਖ੍ਹ ਕੇ ਲਵੇ ਚੁਰਾ ਅੱਖੀਆਂ। ਜੇ ਮੈਂ ਬੰਦ ਕਰਾਂ ਏਹਨਾਂ ਅੱਖੀਂਆਂ ਨੂੰ, ਸਗੋਂ ਹੁੰਦੀਆਂ ਦੂਣ ਸਵਾਈਆਂ ਨੇ। ਜਲ ਭਰੀਆਂ ਅੱਖੀਆਂ ਰੋਂਦੀਆਂ ਨੇ, ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ। ਇਕ ਦਿਨ ਕਿਹਾ ਨਜੂਮੀ ਨੂੰ ਵੇ ਵੀਰਾ! ਖੋਹਲ ਪੱਤਰੀ ਵੇਖ ਨਸੀਬ ਮੇਰੇ। ਮਰਜ਼ ਇਸ਼ਕ ਦੀ ਕੀਤੇ ਨੇ ਹੱਡ, ਥੋਥੇ, ਕਦੋਂ ਮਿਲਣਗੇ ਦੱਸੀਂ ਤਬੀਬ ਮੇਰੇ? ਕਦੋਂ ਵਿੱਚ ਸੁਹਾਗਣਾਂ ਮੈਂ ਹੋਸਾਂ? ਕਦੋਂ ਆਉਂਣਗੇ ਪਿਆਰੇ ਹਬੀਬ ਮੇਰੇ? ਕਿਸੇ ਪਾਸਿਓਂ-ਆਵੇ ਨਾਂ ਵਾ ਠੰਢੀ, ਐਸੇ ਸੜੇ ਨੇ ਲੇਖ ਗ਼ਰੀਬ ਮੇਰੇ। ਮੈਨੂੰ ਕਿਹਾ ਨਜੂਮੀਏ ਫ਼ਾਲ ਪਾਕੇ, ਬਾਤਾਂ ਵਿੱਚ ਹਿਸਾਬ ਇਹ ਆਈਆਂ ਨੇ। ਜਲ ਭਰੀਆਂ ਅੱਖੀਆਂ ਰੋਂਦੀਆਂ ਇਹ; ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ। ਸੁੱਧ ਬੁੱਧ ਜਹਾਨ ਦੀ ਰਹੀ ਨਾਹੀਂ, ਐਸੀ ਇੱਸ਼ਕ ਵਿੱਚ ਹੋਈ ਦਿਵਾਨੀਆਂ ਮੈਂ। ਏਸੇ ਤਰਾਂ ਕਲੇਜੇ ਨੂੰ ਠੰਢ ਪੈਂਦੀ, ਰਵ੍ਹਾਂ ਆਖਦੀ:-‘ਜਾਨੀਆਂ ਜਾਨੀਆਂ ਮੈਂ।' ਤੱਤੀ ਆਹ ਦੇ ਵਿੱਚ ਭੀ ਅਸਰ ਨਾਹੀਂ, ਨਿੱਤ ਕੂੰਜ ਦੇ ਵਾਂਗ ਕੁਰਲਾਨੀਆਂ ਮੈਂ। ਕਦੀ ਕਾਗ ਉਡਾਨੀ ਹਾਂ ਖੜੀ ਸਈਓ, ਕਦੀ ਬੈਠਕੇ ਔਸੀਆਂ ਪਾਨੀਆਂ ਮੈਂ। ਮੇਰਾ ਚੰਦ ਦਿਲਦਾਰ ਨਹੀਂ ਕਦੀ ਆਯਾ, ਤਾਰੇ ਗਿਣ ਗਿਣ ਰਾਤਾਂ ਲੰਘਾਈਆਂ ਨੇ। ਜਲ ਭਰੀਆਂ ਅੱਖੀਆਂ ਰੋਂਦੀਆਂ ਇਹ, ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ। ਹੀਰ ਵਾਂਗ ਮੈਂ ਹੋਈ ਬਦਨਾਮ ਸਾਰੇ, ਮੇਰੀ ਗੱਲ ਜਹਾਨ ਵਿੱਚ ਤੁਰੀ ਸਈਓ। ਯਾਦ ਮਾਹੀ ਦੀ ਚੰਨ ਨਾਂ ਲੈਣ ਦੇਵੇ, ਮੇਰੇ ਲੱਗੇ ਕਲੇਜੇ ਵਿੱਚ ਛੁਰੀ ਸਈਓ। ਡਰਦੀ ਹਾਲ ਨਾ ਕਿਸੇ ਨੂੰ ਦੱਸਨੀ ਹਾਂ, ਵਿਚੇ ਵਿਚ ਮੈਂ ਤੱਤੀ ਹਾਂ ਖੁਰੀ ਸਈਓ। ਅੱਲਾ ਕਰੇ ਨਾਂ ਕਿਸੇ ਨੂੰ ਲਗ ਜਾਵੇ, ਚਿੰਤਾ ਨਿਤ ਦੀ ਹੁੰਦੀ ਏ ਬੁਰੀ ਸਈਓ। ਮੇਰਾ ਪਿਆਰੇ ਨੇ ਅਜੇ ਨਹੀਂ ਕਦਰ ਪਾਯਾ, ਪਾਈਆਂ ਰੋ ਕੇ ਤਦੇ ਦੁਹਾਈਆਂ ਨੇ । ਜਲ ਭਰੀਆਂ ਅੱਖੀਆਂ ਰੋਂਦੀਆਂ ਇਹ, ਤੱਤੀ ਨਾਲ ਬੇਕਦਰਾਂ ਦੇ ਲਾਈਆ ਨੇ। ਮੇਰੀ ਆਖ਼ਰੀ ਗਲ ਇਕ ਸੁਣੋ ਸਈਓ, ਅਲਾ ਵਾਸਤੇ ਮੰਨ ਸਵਾਲ ਜਾਣਾ। ਆਵੇ ਸ੍ਵਾਮੀ ਤਾਂ ਓਸਨੂੰ ਆਖਣਾ ਇਹ, ਕਿਤੇ ਭੁੱਲ ਨਾਂ ਤੁਸੀਂ ਖ਼ਿਆਲ ਜਾਣਾ। ਤੇਰੇ ਬ੍ਰਿਹੋਂ ਨੇ ਬਾਲੀਏ ਇਹ ਬਾਲੀ, ਏਹਦੀ ਕਬਰ ਤੇ ਦੀਵਾ ਤੇ ਬਾਲ ਜਾਣਾ। ਤੇਰੇ ਮੁੱਖ ਗੁਲਾਬੀ ਦੀ ਸੀ ਆਸ਼ਕ, ਦੋ ਤਿੰਨ ਫੁੱਲ ਗੁਲਾਬ ਦੇ ਡਾਲ ਜਾਣਾ। ਮੇਰੀ ਕਬਰ ਨੇ 'ਸ਼ਰਫ਼' ਭੀ ਆਖਣਾ ਏ, ਫੇਰਾ ਪਾਇਆ ਜੇ ਕਦੀ ਨਾਂ ਸਾਈਆਂ ਨੇ ! ਜਲ ਭਰੀਆਂ ਅੱਖੀਆਂ ਰੋਂਦੀਆਂ ਇਹ, ਤੱਤੀ ਨਾਲ ਬੇਕਦਰਾਂ ਦੇ ਲਾਈਆ ਨੇ।
ਡਾਢਾ ਮਜ਼ਾ ਆ ਜਾਂਦਾ ਕੱਸਮੇ ਪਿਆਰ ਦਾ!
ਹਾਏ ਰੱਬਾ ਮੇਰਿਆ ਤੂੰ ਸ਼ੀਸ਼ਾ ਈ ਬਣਾ ਦੇਂਦੋਂ, ਮੈਨੂੰ ਮੇਰੇ ਯਾਰ ਦਾ ਮੈਂ ਹੁੰਦਾ ਕਿਸੇ ਕਾਰ ਦਾ। ਓਥੇ ਈ ਖਲੋਤਾ ਰਹਿੰਦਾ ਕੰਧ ਨਾਲ ਲਗਕੇ ਮੈਂ, ਜਿਥੇ ਮੈਨੂੰ ਆਪ ਜਾਨੀ ਫੜ ਕੇ ਖਲ੍ਹਾਰ ਦਾ। ਸੁੱਤਾ ਹੋਯਾ ਉਠਕੇ ਸਵੇਰੇ ਮੇਰੇ ਸਾਹਮਣੇ ਆ, ਵਲਾਂ ਵਾਲੇ ਓਹ ਵਾਲ ਜਾਂ ਸਵਾਰਦਾ। ਮਲਕੜੇ ਈ ਬੈਠਾ ਹੋਯਾ ‘ਹਲਬ’ ਵਿਚੋਂ ਵੇਖਦਾ ਮੈਂ, ਚੀਨ ਅੰਦਰ ਜੰਗ ਹੁੰਦਾ ਖੁਤਨ ਤੇ ਤਾਤਾਰ ਦਾ। ਚੜ੍ਹਦਾ ਉਮਾਹ ਮੈਨੂੰ ਹਰਖ ਸਾਰਾ ਲਹਿ ਜਾਂਦਾ, ਹੁੰਦਾ ਜਦੋਂ ਚਾਹ ਉਹਨੂੰ ਹਾਰ ਤੇ ਸ਼ਿੰਗਾਰ ਦਾ। ਜੋਬਨਾਂ ਦੇ ਮਤਵਾਲੇ ਨਸ਼ੇ ਵਿਚ ਗੁਤਿਆਂ ਨੂੰ, ਵਲ ਪੇਚ ਦੱਸਦਾ ਮੈਂ ਕੱਲੀ ਕੱਲੀ ਤਾਰ ਦਾ। ਸਾਣ ਉਤੇ ਲਗਦੀ ਕਟਾਰ ਦੀ ਮੈਂ ਧਾਰ ਵੇਂਹਦਾ, ਜਦੋਂ ਡੋਰਾ ਖਿਚਦਾ ਓਹ ਕੱਜਲੇ ਦੀ ਧਾਰ ਦਾ। ਚਿੱਟੇ ਚਿੱਟੇ ਦੰਦਾਂ ਵਿਚ ਊਦੀ ਉਦੀ ਮਿਸੀ ਪਾ, ਨੀਲਮਾਂ ਦੀ ਖਾਨ ਸਾਰੀ ਮੋਤੀਆਂ ਤੋਂ ਵਾਰਦਾ। ਮਲਦਾ ਦੰਦਾਸੜਾ ਜਾਂ ਲਾਲ ਲਾਲ ਬੁਲ੍ਹੀਆਂ ਤੇ, ਖੂਨ ਉਤੇ ਖੂਨ ਸੋਹਣਾ ਹੋਰ ਭੀ ਗੁਜ਼ਾਰਦਾ। ਖਾਲ ਜਦੋਂ ਕੱਢਕੇ ਓਹ ਗੋਰੇ ਗੋਰੇ ਮੁੱਖੜੇ ਤੇ, ਪੰਛੀ ਦਿਲ ਫਾਹੁਣ ਲਈ ਚੋਗ ਚਾ ਖਿਲਾਰਦਾ। ਲਾਉਂਦਾ ਫੁੱਲ ਸੋਸਨੀ ਬਲੌਰ ਦੀ ਜ਼ਮੀਨ ਵਿਚ, ਵਾਧਾ ਏਹ ਵਿਖਾਲ ਦੇਂਦਾ ਹੁਸਨ ਦੀ ਬਹਾਰ ਦਾ। ਕੋਲ ਓਹਦੇ ਬੈਠ ਜਾਂਦਾ, ਗੋਡੇ ਨਾਲ ਲਗਕੇ ਮੈਂ, ਲਾਡ ਤੇ ਨਹੋਰੇ ਮੇਰੇ ਯਾਰ ਵੀ ਸਹਾਰਦਾ। ਜਾਗਦੇ ਨਸੀਬ ਮੇਰੇ, ਰੱਜਕੇ ਮੈਂ ਸੌ ਲੈਂਦਾ, ਪੱਟ ਦਾ ਸਰ੍ਹਾਣਾ ਹੁੰਦਾ ਪੱਟ ਦਿਲਦਾਰ ਦਾ। ਆਰਸੀ ਦੇ ਵਿਚ ਹੁੰਦਾ, ਫੇਰ ਤੇ ਏਹ ਭਾਗ ਮੇਰਾ, ਚੌਧਵੀਂ ਦੇ ਚੰਨ ਵਾਂਗ ਪਿਆ ਲਿਸ਼ਕ ਮਾਰਦਾ। ਸਾਰੀ ਉਮਰ ਛੱਡਦਾ ਨਾਂ ਮਹਿਦੀ ਵਾਲਾ ਹੱਥ ਕਦੀ, ਸੜੀ ਹੋਈ ਹਿਕ ਨੂੰ ਮੈਂ ਰੱਜ ਰੱਜ ਠਾਰਦਾ। ਲੰਬੂ ਲਗੇ ਹੋਏ ਮੇਰੇ ਸੀਨੇ ਦੇ ਵੀ ਦਿਸ ਪੈਂਦੇ, ਲਾਲ ਸੂਹੇ ਹਥ ਜਦੋਂ ਸਾਹਮਣੇ ਪਸਾਰਦਾ। ਦੋਹੀਂ ਧਿਰੀਂ ਇਕੋ ਜਿਹੀ ਲਗੀ ਹੋਈ ਅੱਗ ਹੁੰਦੀ, ਡਾਢਾ ਮਜ਼ਾ ਆ ਜਾਂਦਾ ਕੱਸਮੇ ਪਿਆਰ ਦਾ। ਵੇਖ ਵੇਖ ਜਿਊਂਦਾ ਓਹ ਰੋਜ਼ ਮੇਰਾ ਯਾਰ ਮੈਨੂੰ, ਮੋਯਾ ਹੁੰਦਾ ਮੈਂ ਭੀ ਨਿਤ ਓਸਦੇ ਦੀਦਾਰ ਦਾ। ਕਰਦਾ ਹੰਕਾਰ ਮੈਨੂੰ ਫੇਰ ਬੀ ਜੇ ਦੇਖਕੇ ਓਹ, ਰਾਹ ਓਹਨੂੰ ਦਸ ਦੇਂਦਾ ਮਿਸਰ ਦੇ ਬਾਜ਼ਾਰ ਦਾ। ਇਕ ਅੱਟੀ ਸੂਤ ਦੀ ਜਾਂ ਮੁੱਲ ਪੈਂਦਾ ‘ਸ਼ਰਫ਼' ਓਹਦਾ, ਟੁਟਦਾ ਗੁਮਾਨ ਕੱਚੀ ਤੰਦ ਵਾਂਗ ਯਾਰ ਦਾ।
ਵੇਖਕੇ ਗਲੇਡੂ ਓਹਦੇ ਉਤੋਂ ਤੇ ਮੈਂ ਹੱਸ ਪਿਆ!
ਬਿਰ੍ਹੋਂ ਆ ਕੇ ਝੱਟ ਪੱਟ ਸਟ ਜੇਹੀ ਕਾਰੀ ਮਾਰੀ, ਡੱਕ ਤੱਕ ਥਕਿਆ ਨਾਂ ਸਕਿਆ ਸੰਭਾਲ ਹੰਜੂ। ਚਿੱਤ ਦਾ ਕਬੂਤਰ ਮੇਰਾ ਚਿਤ ਹੋਯਾ ਹਿਤ ਵਿਚ, ਰੱਤ ਨਾਲ ਰੰਗੇ ਹੋਏ ਨਿਕਲਦੇ ਨੇ ਲਾਲ ਹੰਜੂ। ਨਹੀਂ ਨਹੀਂ ਪਾਨ ਖਾਧੇ ਤਿੱਕ ਮੇਰੇ ਕਾਲਜੇ ਦੇ, ਸੂਹੇ ਸੂਹੇ ਪੁਤਲੀਆਂ ਨੇ ਸੁੱਟੇ ਨੇ ਉਗਾਲ ਹੰਜੂ। ਅੱਖੀਆਂ ਰਲਾਕੇ ਓਹਨੇ ਭਵਾਂ ਫੇਰ ਫੇਰੀਆਂ ਨੇ, ਪੁੱਠੀ ਛੁਰੀ ਨਾਲ ਹੋਏ ਹੋਏ ਨੇ ਹਲਾਲ ਹੰਜੂ। ਵਾਧਾ ਹੋਰ ਵੇਖਿਆ ਜੇ ਕਾਲੀ ਕਾਲੀ ਅੱਖ ਦਾ ਏ, ਕੋਲਿਆਂ ਦੀ ਖਾਨ ਵਿਚੋਂ ਕੱਢ ਦਿਤੇ ਲਾਲ ਹੰਜੂ। ਮੱਛੀਆਂ ਦੇ ਵਾਂਗ ਪਈਆਂ ਡਾਬੂ ਲੈਣ ਅੱਖੀਆਂ ਏ, ਕਢ ਕਢ ਸੁੱਕੀਆਂ ਸੁਕਾਉਣ ਲਗੇ ਤਾਲ ਹੰਜੂ। ਡੂੰਘੇ ਵਹਿਣ ਵਿਚ ਮੇਰੀ ‘ਆਹ ਸੋਹਣੀ’ ਡੁੱਬ ਗਈ, ਪਿਛੇ ਓਹਦੇ ਰੁੜ੍ਹੇ ਜਾਂਦੇ ਬਣ ਮਹੀਂਵਾਲ ਹੰਜੂ। ਅਰਸ਼ ਵਾਲਾ ਕਿੰਗਰਾ ਹੈ ਤੋੜ ਦਿਤਾ ਦਿਲ ਓਹਨੇ, ਅੱਖਾਂ ਵਿਚ ਰੜਕਦੇ ਨੇ ਰੋੜਿਆਂ ਦੇ ਹਾਲ ਹੰਜੂ। ਪਥਰਾਂ ਦੇ 'ਮਨ' ਮੇਰੀ ਕੂਕ ਨਾਲ ਮੋਮ ਹੋਏ, ਮਾਰ ਮਾਰ ਹੌਕੇ ਦਿਤੇ ਬਰਫ ਵਾਂਗੂੰ ਢਾਲ ਹੰਜੂ। ਇਕ ਇਕ ਅੱਖ ਹੱਥ ਨਹੀਂ ਚੰਗਿਆੜੇ ਲੱਖਾਂ, ਭਰ ਭਰ ਮੋਤੀਆਂ ਦੇ ਵੰਡਦੇ ਨੇ ਥਾਲ ਹੰਜੂ। ਲਗਣ ਜਿਵੇਂ ਝੰਬਣੀ ਨੂੰ ਫੁਟੀਆਂ ਕਪਾਹ ਦੀਆਂ, ਚੰਬੜੇ ਨੇ ਇੰਜ ਮੇਰੀ ਝਿੰਮਣੀ ਦੇ ਨਾਲ ਹੰਜੂ। ਬੱਧੀ ਹੋਈ ਟੀਂਡ ਏਹਨਾਂ ਖੂਹ ਦੀਆਂ ਟਿੰਡਾਂ ਵਾਂਗ, ਸੌੜ ਔੜ ਵਿਚ ਮੈਨੂੰ ਕਰਨਗੇ ਨਿਹਾਲ ਹੰਜੂ। ਸੋਕੇ ਨਾਲ ਸੁਕਦੇ ਨਹੀਂ, ਬਦਲਾਂ ਤੇ ਥੁਕਦੇ ਨਹੀਂ, ਇਕੋ ਜਿਹੇ ਵਗਦੇ ਨੇ ਹਾੜ ਤੇ ਸਿਆਲ ਹੰਜੂ। ਕਾਇਮ ਰੱਖੇ ਦਾਇਮ ਅੱਲਾ ਸਿੱਪ ਮੇਰੇ ਦੀਦਿਆਂ ਦੇ, ਮੋਤੀਆਂ ਦਾ ਜਗ ਉਤੇ ਕਰਨਗੇ ਸੁਕਾਲ ਹੰਜੂ। ਗ਼ਮਾਂ ਦੀ ਹਨੇਰੀ ਨਾਲ ਬੇਰਾਂ ਵਾਂਗ ਝੜ ਪੈਂਦੇ, ਉਂਜ ਤੇ ਮੈਂ ਝਾੜਾਂ ਵਿਚ ਰੱਖੇ ਹੋਏ ਨੇ ਪਾਲ ਹੰਜੂ। ਗਿੱਲਾ ਪੀਹਣ ਔਕੁੜਾਂ ਦਾ ਨਾਲ ਮੇਰੇ ਬੈਠਕੇ ਤੇ, ਦਾਣਾ ਦਾਣਾ ਪੀਹਣ ਲੱਗੇ ਦੁੱਖ ਦੇ ਭਿਆਲ ਹੰਜੂ। ਬਾਗ਼ ਮੇਰੀ ਹਿੱਕ ਦਿਆਂ ਦਾਗਾਂ ਵਾਲਾ ਸੁੱਕ ਗਿਆ, ਕੱਢਕੇ ਲਿਆਏ ਤਦੇ ਸੋਮਿਆਂ ਦੇ ਖਾਲ ਹੰਜੂ। ਉੱਭੇ ਸਾਹ ਰੋਂਦੇ ਰੋਂਦੇ ਚਾਂਗਰਾਂ ਤੇ ਜ਼ੋਰ ਪਾਯਾ, ਰੋਣ ਦੀ ਵੀ ਤੇਹ ਰਹਿ ਗਈ, ਤੋੜਗੇ ਨਿਕਾਲ ਹੰਜੂ। ਦੇਖੋ ਕੇਡਾ ਸ਼ੋਰ ਪਾਯਾ ਲੂਣ ਦੀਆਂ ਮਿੱਕਰਾਂ ਨੇ, ਦੇਣਗੇ ਪਤਾਸੇ ਵਾਂਗ ਦੀਦਿਆਂ ਨੂੰ ਗਾਲ ਹੰਜੂ। ਮੋਤੀ ਟੋਭੇ ਲਭਦੇ ਸਮੁੰਦਰਾਂ ਦੇ ਖੋਭੇ ਵਿਚੋਂ, ਅਰਸ਼ਾਂ ਉੱਤੋਂ ਆਂਦੇ ਹੋਏ ਪਰ ਮੈਂ ਏਹ ਭਾਲ ਹੰਜੂ। ਓਸ ਪਰੀ ਉੱਤੇ ਪਰ ਰਤਾ ਵੀ ਨਾਂ ਪੋਹਿਆ ਕੋਈ, ਹੁੱਬ ਚ ਵਜ਼ੀਫ਼ੇ ਰਹੇ ਪੜ੍ਹਦੇ ਕਈ ਸਾਲ ਹੰਜੂ। ਬਿੱਟ ਬਿੱਟ ਵੇਂਹਦੀਆਂ ਨੇ ਪੁਤਲੀਆਂ ਬੀ ਮਾਂ ਵਾਂਗੂ, ਗੋਦ ਵਿਚੋਂ ਨਿਕਲਕੇ ਤੇ ਰਿੜ੍ਹੇ ਜਾਂਦੇ ਬਾਲ ਹੰਜੂ। ਪੱਥਰਾਂ ਜੇਹੇ ਮਨ ਓਦੋਂ ਰੋਏ ਬੈਠੇ ਮਨ ਉੱਤੇ, ਤੁਰੇ ਜਦੋਂ ਬੰਨ੍ਹਕੇ ਯਤੀਮਾਂ ਵਾਂਗ ਪਾਲ ਹੰਜੂ। ਕੌਡੀਆਂ ਗ਼ਰੀਬ ਦੀਆਂ ਪੈਣ ਇਹ ਕਬੂਲ ਸ਼ਾਹਾ, ਬਣਾਂ ਮੈਂ ਕਾਹਨੂੰ ਕਹਾ ਨੂੰ ਜੋੜ ਜੋੜ ਮਾਲ ਹੰਜੂ। ਉੱਚਿਆਂ ਖ਼ਿਆਲਾਂ ਵਾਲਾ ਯਾਰ ਵੇਖ ਕੰਬ ਗਿਆ, ਅੰਬਰਾਂ ਦੇ ਉੱਤੇ ਬੀ ਲਿਆਏ ਨੇ ਭੁਚਾਲ ਹੰਜੂ। ਰੁੱਠਾ ਹੋਯਾ ਜਾਨੀ ਮੇਰਾ ਝੱਟ ਪੱਟ ਮੰਨ ਪਿਆ, ਜੌਹਰੀਆਂ ਦੇ ਪੁੱਤ ਜਦੋਂ ਬਣ ਗਏ ਦਲਾਲ ਹੰਜੂ। ਮੋਤੀ ਦਿੱਤੇ ਯਾਰ ਨੂੰ ਮੈਂ ਮੁੱਖੜਾ ਵਖਾਲਣੀ ਦੇ, ਦੇਖ ਲਿਆ ਮੂੰਹ ਉਹਦਾ, ਓਸਨੂੰ ਵਿਖਾਲ ਹੰਜੂ। ਦੂਤੀਆਂ ਦੀ ਹਿੱਕ ਵਿੱਚ ਗੋਲੀਆਂ ਦੇ ਵਾਂਗ ਵੱਜੇ, ਪੂੰਝੇ ਜਦੋਂ ਓਸਨੇ ਦੁਪੱਟੜੇ ਦੇ ਨਾਲ ਹੰਜੂ। ਮੇਰੇ ਸੱਚੇ ਹੇਰਵੇ ਨੇ ਕਰ ਦਿੱਤੇ ਵੇਰਵੇ ਏਹ, ਲੱਗ ਪਿਆ ਕੇਰਨ ਓਹ ਬੀ ਹੋਇਕੇ ਨਿਢਾਲ ਹੰਜੂ। ਮਾਘ ਦੇ ਮਹੀਨੇ ਮੇਰੇ ਸੀਨੇ ਦੀ ਬਿਆਈ ਸੜੀ, ਗੜੇ ਵਾਂਗ ਡੇਗੇ ਓਹਦੇ ਦੀਦਿਆਂ ਕਮਾਲ ਹੰਜੂ। ਨਰਗਸੀ ਕਿਆਰੀ ਵਿਚੋਂ ਮਾਰਕੇ ਉਡਾਰੀ ਚੱਲੇ, ਚੰਦ ਜੈਸੇ ਮੁੱਖ ਤੇ ਚਕੋਰ ਵਾਲੀ ਚਾਲ ਹੰਜੂ। ਹਰਨਾਂ ਦਿਆਂ ਜਿੰਗਾਂ ਉੱਤੇ ਕੈਸ ਦੀਆਂ ਚਿੱਠੀਆਂ ਨੇ, ਪਲਕਾਂ ਉੱਤੇ ਪਾਗਲਾਂ ਨੇ ਕੀਤੇ ਏਹ ਖਿਆਲ ਹੰਜੂ। ਵੇਖਕੇ ਗਲੇਡੂ ਓਹਦੇ ਉੱਤੋਂ ਤੇ ਮੈਂ ਹੱਸ ਪਿਆ, ਉਂਜ ਮੇਰਾ ਦਿਲ ਵਿਚੋਂ ਲੈ ਗਏ ਉਧਾਲ ਹੰਜੂ। ਫੜਕੇ ਬਹਾਯਾ ਬਾਹੋਂ, ਰੋਂਦੇ ਨੂੰ ਹਸਾਯਾ ਨਾਲੇ, ਗੱਲ੍ਹਾਂ ਉਤੋਂ ਪੂੰਝ ਦਿੱਤੇ ਚਿੱਟੇ ਚਿੱਟੇ ਖ਼ਾਲ ਹੰਜੂ। ਧੁੱਪ ਜਯੋਂ ਉਡਾਵੇ ਮੋਤੀ, ਫੁੱਲ ਦੀਆਂ ਜੇਬਾਂ ਵਿੱਚੋਂ ਚੱਕ ਲਏ ਅਡੋਲ, ਓਵੇਂ ਰੇਸ਼ਮੀ ਰੁਮਾਲ ਹੰਜੂ। ਆਖੀ ਓਹਨੂੰ ਗੱਲ ਕੋਈ, ਮਿਲ੍ਯਾ ਏਹ ਜਵਾਬ ਜੀਹਦਾ:- 'ਤੈਨੂੰ ਤੇ ਮੈਂ ਅੱਖੀਆਂ ਦਾ ਹੋਵਾਂ ਨਾਂ ਦਵਾਲ ਹੰਜੂ। ਅੱਖਾਂ ਵਿਚੋਂ ਚੱਲ ਪੈ ਉਦਾਸ ਤੇ ਨਿਰਾਸ ਹੋਕੇ, ਠੋਡੀ ਵਾਲੇ ਡੂੰਘ ਆਕੇ ਮਾਰ ਗਏ ਛਾਲ ਹੰਜੂ। ਹੁਸਨ ਦਾ ਸਮੁੰਦਰ ਦੇਖੋ ਦਿਲ ਮੇਰਾ ਲੈ ਗਿਆ ਓਹ, ਖੂਹਾਂ ਤੇ ਤਲਾਵਾਂ ਵਿਚ ਪਾਉਂਦੇ ਫਿਰਨ ਜਾਲ ਹੰਜੂ। ਰਮਲੀਏ ਵਾਂਗ ਪਏ ਕਮਲੇ ਤੇ ਹਮਲੇ ਏ, ਕੇਡਾ ਜਫਰ ਜਾਲ ਜਾਲ ਕੱਢਦੇ ਨੇ ਫ਼ਾਲ ਹੰਜੂ। ਬੁਲਬੁਲੇ ਦੇ ਕੋਲੋਂ ਉਂਜ ਸੋਹਲ ਮੈਨੂੰ, ਜਾਣਦੇ ਨੇ, ਫੇਰ ਬੀ ਏਹ ਟੁਟਦੇ ਨੇ ਝੱਲਦੇ ਨਹੀਂ ਝਾਲ ਹੰਜੂ। ਝੱਟ ਪੱਟ ਫਿੱਸ ਪੈਂਦੇ, ਗਲ ਬੀ ਨ ਸਹਿ ਸਕਣ, ਤਬਾਂ ਦੇ ਮਲੂਕ ਐਡ, ਉਂਜ ਏ ਕੰਗਾਲ ਹੰਜੂ। ਰਹਿਮਤਾਂ ਦੇ ਛਿੱਟਿਆਂ ਚੋਂ ਇਕੋ ਛਿੱਟ ਦੇ ਦੇ ਸਾਨੂੰ, ਤੇਰੇ ਅੱਗੇ ਮਾਲਕਾ! ਏਹ ਪਾਉਂਦੇ ਸਵਾਲ ਹੰਜੂ। ਛੁੱਟ ਪਈ ਤਰੇਲੀ ਜਦੋਂ ਪਿੰਡੇ ਉਤੇ ਜਾਣਿਆ ਮੈਂ, ਨਿਕੇ ਨਿਕੇ ਦੀਦਿਆਂ ਚੋਂ ਡੇਗਦੇ ਨੇ ਵਾਲ ਹੰਜੂ। 'ਸ਼ਰਫ਼' ਬੜੀ ਝੜੀ ਲਾਈ ਰੱਬ ਦੀਆਂ ਰਹਿਮਤਾਂ ਨੇ, ਧੋਣ ਲਗੇ ਕਾਲੇ ਕਾਲੇ ਨਾਮੇ ਦੇ ਆਮਾਲ ਹੰਜੂ।
ਗਮ ਖਾਵੇ ਨਿੱਤ ਮੈਨੂੰ ਗਮਾਂ ਨੂੰ ਮੈਂ ਨਿੱਤ ਖਾਵਾਂ!
ਯਾਰ ਦੇ ਵਿਛੋੜੇ ਮੈਨੂੰ ਰੰਗ ਐਸਾ ਚਾੜ੍ਹਿਆ ਏ, ਅੱਖਾਂ ਵਿਚੋਂ ਚਲਦੇ ਪੈ ਖੂਨ ਦੇ ਫੁਹਾਰੇ ਨੇ। ਰੋਣ ਨਾਲ ਬੁੱਝਦੀ ਨਹੀਂ ਅੱਗ ਮੇਰੇ ਕਾਲਜੇ ਦੀ, ਦੂਣੀ ਅਗ ਬਾਲਦੇ ਪੈ ਸਗੋਂ ਅੰਗਿਆਰੇ ਨੇ। ਦਿਲ ਤੇ ਕਲੇਜਾ ਮੇਰਾ ਤੜਫਦਾ ਨਾਂ ਬਾਜ਼ ਆਵੇ, ਸਾਂਭ ਸਾਂਭ ਹੱਥ ਮੇਰੇ ਥੱਕ ਗੈ ਵਿਚਾਰੇ ਨੇ। ਬਾਗ ਮੇਰੇ ਦਾਗ ਵਾਲਾ ਇੱਕੋ ਅਜੇ ਵੇਖਿਆ ਸੀ, ਫੀਤੀ ਫੀਤੀ ਕਰ ਲੀਤਾ ਕਾਲਜਾ ਹਜ਼ਾਰੇ ਨੇ। ਯਾਰ ਪਏ ਤੱਕਦੇ, ਪਛਾਣ ਮੈਨੂੰ ਸਕਦੇ ਨਹੀਂ, ਹੁਲੀਆ ਈ ਵਿਗਾੜ ਦਿਤਾ ਅੱਲਾ ਦੇ ਸਵਾਰੇ ਨੇ। ਪਥਰ ਦੇ ਸੀਨੇ ਵਿਚ ਅੱਗ ਏਹਨੇ ਬਾਲ ਦਿਤੀ, ਰੀਸ ਮੇਰੇ ਦਿਲ ਦੀ ਕੀ ਕਰਨੀ ਹੈ ਪਾਰ ਨੇ? ਦੀਦਿਆਂ, ਨਦੀਦਿਆਂ ਦੀ ਗੱਲ ਕੀ ਮੈਂ ਖੋਲ੍ਹ ਦਸਾਂ? ਵੈਣਾਂ ਵਾਲੇ ਵਹਿਣ ਵਿਚ ਬੜੇ ਏਹ ਨਿਘਾਰੇ ਨੇ। ਪੀਂਘ ਮੇਰੀ ਰੇਸ਼ਮੀ ਸੀ ਯਾਰ ਦੇ ਪਿਆਰ ਵਾਲੀ, ਤੋੜ ਦਿਤੀ ਆਣਕੇ ਵਿਛੋੜੇ ਦੇ ਹੁਲਾਰੇ ਨੇ। ਗਮ ਖਾਵੇ ਨਿੱਤ ਮੈਨੂੰ; ਗਮਾਂ ਨੂੰ ਮੈਂ ਨਿਤ ਖਾਵਾਂ, ਖੁੱਲੇ ਡੁੱਲ੍ਹੇ ਲੰਘਦੇ ਪੈ ਦੋਹਾਂ ਦੇ ਗੁਜ਼ਾਰੇ ਨੇ। ਭਵਾਂ ਦੀ ਕਮਾਨ ਵਿਚ ਤੀਰ ਰਖ ਝਿਮਣੀ ਦੇ, ਖਿਚਕੇ ਨਿਸ਼ਾਨੇ ਮੇਰੀ ਹਿੱਕ ਵਿਚ ਮਾਰੇ ਨੇ। ਕੇੜ੍ਹੇ ਕੇੜ੍ਹੇ ਫੱਟਾਂ ਉੱਤੇ ਪੱਟੀਆਂ ਮੈਂ ਹਾਇ ਬੰਨ੍ਹਾਂ, ਵਿੰਨ੍ਹ ਦਿਤਾ ਲੂੰ ਲੂੰ ਓਸਦੇ ਨਜ਼ਾਰੇ ਨੇ। ਸਾਂਭ ਸਾਂਭ ਰਖੀਆਂ ਨਿਸ਼ਾਨੀਆਂ ਏਹ ਯਾਰ ਦੀਆਂ, ਦਾਗ ਮੈਨੂੰ ਦਿਲ ਵਾਲੇ ਜਾਨ ਤੋਂ ਪਿਆਰੇ ਨੇ। ਦੁਨੀਆਂ ਦੇ ਬਾਗ਼ ਵਿਚ ਲੁੱਟੀ ਨਾਂ ਬਹਾਰ ਕੋਈ, ਜੜ੍ਹ ਮੇਰੀ ਪੁੱਟ ਦਿਤੀ ਏਸ ਜੜ੍ਹ ਮਾਰੇ ਨੇ। ਕਦੋਂ ਤੀਕ ਹੰਜੂਆਂ ਦੇ ਘੁੱਟ ਯਾਰੋ ਮੈਂ ਪੀਆਂ, ਹੱਡ ਮੇਰੇ ਖੋਰ ਦਿੱਤੇ ਏਸ ਪਾਣੀ ਖਾਰੇ ਨੇ। ਜਦੋਂ ਮੈਨੂੰ ਜਾਣ ਲੱਗੇ ਸੱਜਣਾਂ ਨੇ ਕੰਡ ਦਿੱਤੀ, ਐਸ਼ ਤੇ ਆਰਾਮ ਮੇਰੇ ਓਦੋਂ ਦੇ ਸਿਧਾਰੇ ਨੇ। ਚੀਰ ਦਿਤਾ ਦਿਲ ਮੇਰਾ ਤਾਨਿਆਂ ਤੇ ਮੋਹਣਿਆਂ ਨੇ, ਰੋਜ਼ ਮੇਰੇ ਸੀਨੇ ਉੱਤੇ ਚੱਲਦੇ ਪੈ ਆਰੇ ਨੇ। ਸੱਜਣ ਮੈਨੂੰ ਅਜ ਕਲ ਕੋਈ ਬੀ ਨਾਂ ਦਿੱਸਦਾ ਹੈ, ਵੈਰੀ ਮੇਰੇ ਜੱਗ ਉੱਤੇ ਹੋਏ ਹੋਏ ਸਾਰੇ ਨੇ। ਰੋਂਦਾ ਹੋਯਾ ਰਾਤ ਨੂੰ ਮੈਂ ਅੰਬਰਾਂ ਦੇ ਵਲ ਦੇਖਾਂ, ਕੱਢ ਕੱਢ ਅੱਖੀਆਂ ਪੈ ਘੂਰਦੇ ਸਤਾਰੇ ਨੇ। ਭਰਮ ਭਾ ਆਪਣਾ ਕੀ ਖੋਲਕੇ ਮੈਂ ਦਸ ਦੇਵਾਂ? ਗਲੀਆਂ ਦੇ ਕੱਖ ਬੀ ਤੇ ਮੇਰੇ ਕੋਲੋਂ ਭਾਰੇ ਨੇ। ਕਾਸਦਾਂ ਕਬੂਤਰਾਂ ਦੀ ਵਾਹ ਓਥੇ ਚੱਲਦੀ ਨਾਂ, ਵੈਰੀਆਂ ਦੇ ਪਹਿਰਿਆਂ ਦੇ ਜਾਲ ਜੇਹੇ ਖਿਲਾਰ ਨੇ। ‘ਸ਼ਰਫ਼' ਹਸ ਦੰਦਾਂ ਦੀ ਪਰੀਤ ਸਾਡੀ ਜੱਗ ਜਾਣੇ, ਐਵੇਂ ਸਾਡੇ ਮਗਰ ਪਏ ਲੋਕ ਹੈਂਸਿਆਰੇ ਨੇ।
ਕਾਹਨੂੰ ਨਹੁੰ ਲੁਹਾਉਂਨਾ ਏਂ ਗ਼ੈਰ ਕੋਲੋਂ?
ਜ਼ਖਮੀ ਲੇਲੇ ਦੇ ਵਾਂਗ ਮੈਂ ਦਿਆਂ ਲਿੱਲਾਂ, ਐਸੀ ਲਾਈ ਹੈ ਮੈਨੂੰ ਤੂੰ ਲਿੱਲ ਜਾਨੀ। ਛਾਲੇ ਪਾ ਦਿੱਤੇ ਮੇਰੇ ਦਿਲ ਉੱਤੇ, ਜ਼ੁਲਫ਼ਾਂ ਤੇਰੀਆਂ ਨੇ ਹਿੱਲ ਹਿੱਲ ਜਾਨੀ। ਲਾ ਦਿੱਤੀ ਬਹਾਰ ਜਿਹੀ ਛਾਲਿਆਂ ਨੇ, ਬਣਿਆਂ ਗੁੱਛਾ ਅੰਗੂਰਾਂ ਦਾ ਦਿੱਲ ਜਾਨੀ। ਪੱਕ ਪੱਕ ਕੇ ਐਸਾ ਹੁਣ ਰੱਸਿਆ ਏ, ਪਿਆ ਕਰੇ ਹਰ ਦਮ ਪਿੱਲ ਪਿੱਲ ਜਾਨੀ। ਪਾ ਸਬਜ਼ਾ ਜ਼ਮੁੱਰਦ ਦਾ ਨੱਥਲੀ ਨੂੰ, ਲਾ ਦਿੱਤੀ ਉ ਸਰੂ ਨੂੰ ਲਿੱਲ੍ਹ ਜਾਨੀ। ਕਾਹਨੂੰ ਨਹੁੰ ਲੁਹਾਉਂਨਾ ਏਂ ਗ਼ੈਰ ਕੋਲੋਂ? ਮੇਰੇ ਅੱਲੇ ਖਰੀਂਢ ਨਾਂ ਛਿੱਲ ਜਾਨੀ। ਜੋਬਨ ਲੁੱਟਣਾ ਚਾਹੁੰਦੇ ਬੜੇ ਡਾਕੂ, ਸਾਂਭ ਰੱਖ ਰਸਾਇਣ ਨੂੰ ਬਿੱਲ ਜਾਨੀ। ਲਾਈ ਤੇਰੇ ਪ੍ਰੇਮ ਨੇ ਚੋਟ ਐਸੀ, ਚੋਰ ਹੋ ਗਈ ਏ ਸਬਰ ਦੀ ਸਿੱਲ੍ਹ ਜਾਨੀ। ਪਿਆ ਧੁੱਪ ਕਿਆਮਤ ਦੀ ਢੂੰਢਦਾ ਹਾਂ, ਰੋ ਰੋ ਅੱਖੀਆਂ ਨੇ ਕੀਤੀ ਸਿੱਲ ਜਾਨੀ। ਐਸਾ ਤੇਰੀ ਜੁਦਾਈ ਨੇ ਭੁੰਨ ਦਿੱਤਾ, ਜਿੱਦਾਂ ਹੁੰਦੀ ਸੁਹਾਗੇ ਦੀ ਖਿੱਲ ਜਾਨੀ। ਮੈਂ ਅਣਤਾਰੂ ਤੇ ਇਸ਼ਕ ਦੀ ਨੈਂ ਡੋਬੂ, ਤੇਰੇ ਆਸਰੇ ਪਿਆ ਸਾਂ ਠਿੱਲ੍ਹ ਜਾਨੀ। ਸਗੋਂ ਤੂੰ ਭੀ ਰੁਆ ਰੁਆ ਕੇ ਤੇ, ਮੇਰੀ ਅਗਲੀ ਸੁਕਾਈ ਊ ਗਿੱਲ ਜਾਨੀ? ਵੇਖੀਂ ਕੰਨ ਚਰੌਣੋਂ ਵੀ ਨਹੀਂ ਟੱਲਣਾ, ਟਿੱਲੇ ਤੱਕ ਮੈਂ ਲਾਵਾਂਗਾ ਟਿੱਲ ਜਾਨੀ। ਸਾਰਾ ਹਾਲ ਹਵਾਲ ਜੇ ਪੁੱਛਣਾ ਈਂ, ਕਿੱਧਰੇ ਵੱਖਰਾ ‘ਸ਼ਰਫ਼' ਨੂੰ ਮਿੱਲ ਜਾਨੀ।
ਸਾਡਾ ਜੀ ਨਹੀਂ ਲੱਗਦਾ ਕੱਲਿਆਂ ਦਾ
ਮੱਛੀ ਵੇਚੀ ਹੋਈ ਸੀ ਕਿਤੇ ਡੱਡੀਆਂ ਨੇ, ਕਿਧਰੇ ਅੰਬਰਾਂ ਤੇ ਬੱਦਲ ਗੱਜਦਾ ਸੀ। ਕਿਧਰੇ ਬਿਜਲੀ ਪਈ ਨੈਣ ਵਿਖਾਂਵਦੀ ਸੀ, ਕਿਧਰੇ ਪਿਆ ਸੂਰਜ ਮੂੰਹ ਕੱਜਦਾ ਸੀ। ਘਟਾਂ ਕਾਲੀਆਂ ਕਾਲੀਆਂ ਵਿਚ ਬਗਲਾ, ਬੱਗਾ ਜੇਹਾ ਕੁਝ ਉੱਜਦਾ ਸੱਜਦਾ ਸੀ। ਪੀਆ! ਪੀਆ! ਪਪੀਹੇ ਦਾ ਕੂਕਣਾ ਉਹ, ਆਕੇ ਤੀਰ ਉੱਤੇ ਤੀਰ ਵੱਜਦਾ ਸੀ। ਕਹਿਣਾ ਕਿਸੇ ਨੇ ਪਕੜਕੇ ਬਾਂਹ ਮੇਰੀ, ਮਿਨਤਾਂ ਸਾਡੀਆਂ ਵਲ ਧਿਆਨ ਦੇਣਾ। ਆ ਗਈ ਰੁਤ ਸੁਹਾਵਣੀ ਝੜੀ ਲਗੀ, ਅਜ ਮੈਂ ਘਰੋਂ ਸੁਹਾਗ ਨਹੀਂ ਜਾਣ ਦੇਣਾ। ਬੱਦਲ ਟਿੱਲਿਓਂ ਸ਼ੂਕਦਾ ਆਣ ਪਹੁੰਚਾ, ਬੁੱਲੇ ਸੁਰਗ ਦੇ ਆਣਕੇ ਝੁੱਲ ਗਏ ਨੇ। ਜੇਹੜੇ ਦਿਲ ਸਨ ਗ਼ਮਾਂ ਝਲੂਹ ਦਿਤੇ, ਉਹ ਵੀ ਕਲੀਆਂ ਦੇ ਵਾਂਗ ਅਜ ਫੁੱਲ ਗਏ ਨੇ। ਸਾਵਣ ਮੀਂਹ ਨੇ ਰੰਗ ਜਮਾ ਲਿਆ ਏ, ਚਹੁੰਆਂ ਪਾਸਿਆਂ ਤੇ ਬੱਦਲ ਘੁੱਲ ਗਏ ਨੇ। ਬੱਦਲ ਘੁੱਲ ਗਏ ਨੇ ਕਿ ਇਹ ਪੇਚ ਪੀਚੇ, ਬਰਖਾ ਰਾਣੀ ਦੇ ਕੇਸਾਂ ਦੇ ਘੁੱਲ ਗਏ ਨੇ। ਕਹਿਣਾ ਕਿਸੇ ਨੇ ਉਂਗਲੀ ਖੜੀ ਕਰਕੇ, ਵੇਖੋ! ਮੀਂਹ ਕਿਸ ਸ਼ਾਨ ਦਾ ਵੱਸਦਾ ਏ। ਐਸੀ ਰੁੱਤ ਸੁਹਾਵਣੀ ਵਿਚ ਦੱਸੋ? ਪਿਆਰਾ, ਪਿਆਰੀ ਨੂੰ ਛਡ ਕੋਈ ਨਸਦਾ ਏ, ਮੇਰੀ ਆਗਿਆ ਤੇ ਕਿਸੇ ਚੁਪ ਰਹਿਣਾ, ਕਿਸੇ ਰੋਵਣਾ ਮੇਰਿਆਂ ਹਾਸਿਆਂ ਤੇ। ਅਥੱਰ ਪੁਣੇ ਦੀ ਕਿਸੇ ਰਿਹਾੜ ਕਰਨੀ, ਹੱਥ ਛਿੜਕਣੇ ਮੇਰੇ ਦਿਲਾਸਿਆਂ ਤੇ। ਲਿਵੇ ਸਾਜੀਆਂ ਮੇਰੀਆਂ ਵੇਖ਼ ਕੇ ਤੇ, ਮੂੰਹ ਕਿਸੇ ਨੇ ਮੋੜਨਾ ਪਾਸਿਆਂ ਤੇ। 'ਆਹੋ ਜੀ!' ਕਿਸੇ ਕਹਿਕੇ ਰੁੱਸ ਜਾਣਾ, ਧਰਨਾ ਚਿਤ ਨਾਂ ਮੇਰੇ ਭਰਵਾਸਿਆਂ ਤੇ। ਡੁਸਕ ਡੁਸਕ ਕੇ ਕਿਸੇ ਨੇ ਆਖਣਾ ਇਹ, ਧੋਖਾ ਹੋਰਨਾਂ ਨੂੰ ਦਿਓ ਛੱਲਿਆਂ ਦਾ। ਸਾਨੂੰ ਆਪਣੇ ਨਾਲ ਹੀ ਲੈ ਚੱਲੋ, ਸਾਡਾ ਜੀ ਨਹੀਂ ਲੱਗਦਾ ਕੱਲਿਆਂ ਦਾ। ਕਿਧਰੇ ਪਿਆਰ ਪਰੇਮ ਦੀ ਲੋਰ ਅੰਦਰ, ਓਹਦਾ ਰੁੱਸਣਾ ਮੇਰਾ ਮਨਾਵਣਾ ਓਹ। ਉੱਡ ਉੱਡ ਕੇ ਕਿਤੇ ਸਲਾਰਿਆਂ ਨੇ, ਸੋਹਣਾ ਗੀਤ ਬਹਾਰ ਦਾ ਗਾਵਣਾ ਓਹ। ਵਗਣੀ ਵਾ ਤੇ ਪਿੱਪਲ ਦੇ ਪੱਤਿਆਂ ਦਾ, ਰਲਕੇ ਖੁਸ਼ੀ ਅੰਦਰ ਗਿੱਧਾ ਪਾਵਣਾ ਓਹ। ਓਧਰ ਮੋਰ ਨੇ ਆਪਣੀ ਮੋਰਨੀ ਨੂੰ, ਪੈਲਾਂ ਪਾ ਪਾ ਨਾਚ ਵਿਖਾਉਣਾ ਓਹ। ਇੱਧਰ ਵੇਖਕੇ ਕਿਸੇ ਨੇ ਆਖਣਾ ਏਹ, ਰੱਬਾ! ਗੱਲ ਨਾਂ ਸਾਡੀ ਕੁਥਾਰ ਜਾਵੇ। ਸਾਡੇ ਮੋਯਾਂ ਦਾ ਮੂੰਹ ਓਹ ਫੇਰ ਵੇਖੇ, ਜੇਹੜਾ ਅੱਜ ਜੁਦਾਈ ਵਿਚ ਮਾਰ ਜਾਵੇ। ਹਾਇ! ਹਾਇ! ਵੇਲਾ ਮੇਰੇ ਟੁਰਣ ਵਾਲਾ, ਜਿਵੇਂ ਜਿਵੇਂ ਆ ਕੇ ਨੇੜੇ ਢੁਕਦਾ ਓਹ। ਤਿਓਂ ਤਿਓਂ ਕਿਸੇ ਨੇ ਵਿਚ ਉਦਰੇਵਿਆਂ ਦੇ, ਰੋਣਾ, ਤੜਫਣਾ, ਲੁੜਛਣਾ, ਮੁਕਦਾ ਓਹ। ਪੈਣੇ ਕਿਸੇ ਨੂੰ ਤਿਓਂ ਤਿਓਂ ਡੋਬ ਘਾਟਾਂ, ਜਿਓਂ ਜਿਓਂ ਘਟਾਂ ਨੇ ਵਰ੍ਹਨਾ ਤੇ ਝੁਕਣਾ ਓਹ। ਪਾਣੀ ਨਾਲ ਭਰਨੇ ਜਿਓਂ ਜਿਓਂ ਟੋਏ ਖਾਈਆਂ, ਤਿਓਂ ਤਿਓਂ ਕਿਸੇ ਨੇ ਸਹਿਮਕੇ ਸੁਕਣਾ ਓਹ। ਝੋਲੀ ਅੱਡਕੇ ਕਿਸੇ ਨੇ ਆਖਣਾ ਇਹ, ਹੁਣ ਤਾਂ ਗੱਲ ਹੈ ਇਹੋ ਈ ਕਹਿਣ ਜੋਗੀ। ਰੱਬਾ! ਏਸ ਵਿਛੋੜੇ ਤੋਂ ਮੌਤ ਚੰਗੀ, ਐਡੇ ਦੁੱਖ ਨਹੀਂ ਜਿੰਦੜੀ ਸਹਿਣ ਜੋਗੀ। ਵੇਖ, ਵੇਖਕੇ ਮੇਰੀਆਂ ਛੇਤੀਆਂ ਨੂੰ, ਕਿਸੇ ਘੜੀ ਤੋਂ ਛੜੀ ਲੁਕਾ ਦੇਣੀ। ਓਧਰ ਦਿਨ ਹੋਰਾਂ ਨ੍ਹਾ ਕੇ ਮੀਂਹ ਅੰਦਰ, ਧੋਤੀ ਸ਼ਾਮ ਨਚੋੜ ਕੇ ਪਾ ਦੇਣੀ। ਏਧਰ ਰੈਣ ਨੇ ਨਿੱਤਰੇ ਅੰਬਰਾਂ ਤੇ, ਚੁਣਕੇ ਚੰਬੇ ਦੀ ਸੇਜ ਵਿਛਾ ਦੇਣੀ। ਏਧਰ ਤੇਤਰੀ ਮੇਤਰੀ ਬੱਦਲੀ ਚੋਂ, ਨਿਕਲ ਤਾਰਿਆਂ ਨੇ ਝਿਲਮਿਲ ਲਾ ਦੇਣੀ। ਹਾਉਕੇ ਲੈਂਦਿਆਂ ਕਿਸੇ ਨੇ ਆਖਣਾ ਇਹ, ਸਾਨੂੰ ਆਂਹਦੀ ਕੀ ਚੰਦ ਦੀ ਚਾਨਣੀ ਏਂ? ਓਹਲੇ-ਆਸਰੇ ਬੂਹੇ ਦੇ ਅਸਾਂ ਰੋਣਾ, ਭਾਗਾਂ ਵਾਲਿਆਂ ਨੇ ਮੌਜ ਮਾਨਣੀ ਏਂ। ਕਰ ਕਰ ਜਸ਼ਨ ਮਹਿਤਾਬੀ ਦੀ ਖੁਸ਼ੀ ਏਧਰ, ਗੌਣਾ ਬੀਂਡਿਆਂ ਨੇ ਇਕੋ ਤਾਰ ਅੰਦਰ। ਉੱਡ ਉੱਡਕੇ ਓਧਰ ਟਟਹਿਣਿਆਂ ਨੇ, ਬਾਲ ਦੇਣੀ ਦੀਵਾਲੀ ਸੰਸਾਰ ਅੰਦਰ। ਅੱਖਾਂ ਸਾਮ੍ਹਣੇ ਰਿਸ਼ਮਾਂ ਨੇ ਇੰਜ ਫਿਰਨਾ, ਚੂਨੇ ਗਚ ਪੁਰਾਣੇ ਪਸਾਰ ਅੰਦਰ। ਲਾਯਾ ਹੋਯਾ ਏ ਪਰੀਆਂ ਨੇ ਨਾਚ ਜਿੱਦਾ, ਰਾਜੇ ਇੰਦਰ ਦੇ ਖਾਸ ਦਰਬਾਰ ਅੰਦਰ। ਕਹਿਣਾ ਕਿਸੇ ਨੇ ਜੋੜਕੇ ਹੱਥ ਦੋਵੇਂ, ਅੱਜ ਤੇ ਰਬ ਦੇ ਵਾਸਤੇ ਰਹਿ ਜਾਣਾ। ਸਾਡਾ ਅਜੇ ਨਹੀ ਲਥਦਾ ਚਾ ਮਾਹੀਆ, ਸਾਡੇ ਕੋਲ ਅਜ ਰੱਜਕੇ ਬਹਿ ਜਾਣਾ। ਮਹਿੰਦੀ ਰੰਗਲੇ ਕਿਸੇ ਦੇ ਹੱਥ ਵਿਚੋਂ, ਪਲਾ ਤਰਲਿਆਂ ਨਾਲ ਛੁਡਾਵਣਾ ਮੈਂ। ਖ਼ਾਨ ਹੁਸਨ ਜਵਾਨੀ ਦੀ ਭਰੀ ਹੋਈ ਨੂੰ, ਹਾਵੇ ਹੇਰਵੇ ਵਿਚ ਰੁਲਾਵਣਾ ਮੈਂ। ਚੜ੍ਹਕੇ ਕਿਸੇ ਨੇ ਵੇਖਣਾ ਕੋਠਿਆਂ ਤੋਂ, ਪਰਤ ਪਰਤਕੇ ਵੇਂਹਦਿਆਂ ਜਾਵਣਾ ਮੈਂ। ਅਗੋਂ ਜਾਂਦਿਆਂ ਰੇਲ ਨੇ ਚਲੇ ਜਾਣਾ, ਅਧੀ ਰਾਤ ਮੁੜਕੇ ਘਰ ਨੂੰ ਆਵਣਾ ਮੈਂ। ਹੰਜੂ ਪੰਜਕੇ ਹੱਸਦੇ ਕਿਸੇ ਕਹਿਣਾ, ਕਿਉਂਜੀ ਡਿਠਾ ਜੋ ਮੋੜ ਲਿਆਉਣ ਵਾਲਾ? ‘ਸ਼ਰਫ਼' ਤੁਸੀਂ ਤੇ ਰੋਂਦਿਆਂ ਛਡ ਗਏ ਸਓ, ਸਾਡਾ ਰਬ ਸੀ ਸਾਨੂੰ ਹਸਾਉਣ ਵਾਲਾ।'
ਰੁਖ਼ਸਤੀ ਸੁਨੇਹਾ!
ਦੋਲਤ ਮਾਲ ਦੀ ਹਿਰਸ ਨਾਂ ਕਰੀਂ ਐਡੀ, ਐਥੋਂ ਚੱਲਣਾ ਈ ਇੱਕ ਦਿਨ ਯਾਰ ਖ਼ਾਲੀ। ਹਿਰਸ, ਹਵਸ ਤੇ ਤਮਾਂ ਦੇ ਹਰਫ਼ ਦੇਖੀਂ, ਬਿਨਾਂ ਨੁਕਤਿਓਂ ਕਰਨ ਤਕਰਾਰ ਖ਼ਾਲੀ। ਮੈਂ, ਤੂੰ, ਤੇ ਕੁਝ ਭੀ ਚੀਜ਼ ਨਾਹੀਂ, ਵੱਡੇ ਵੱਡੇ ਗਏ ਤਾਜਦਾਰ ਖ਼ਾਲੀ। ਜਿਸ ਦਿਨ ਮੋਯਾ ਸਕੰਦਰ ਸੀ ਕਫ਼ਨ ਵਿਚੋਂ, ਦੋਵੇਂ ਹੱਥ ਹੈਸਨ ਬਾਹਰ ਵਾਰ ਖ਼ਾਲੀ। ਮਤਲਬ ਇਹ ਕਿ ਆਯਾ ਸਾਂ ਹੱਥ ਖ਼ਾਲੀ, ਹੁਣ ਭੀ ਚੱਲਿਆਂ ਹਾਂ ਆਖਰਕਾਰ ਖ਼ਾਲੀ। ਦੋ ਗਜ਼ ਕਫ਼ਨ ਹੈ ਸਿਰਫ਼ ਨਸੀਬ ਹੋਯਾ, ਓਹ ਭੀ ਦੇਖ ਲਵੋ ਪੱਲੇ ਚਾਰ ਖ਼ਾਲੀ। ਏਸ 1ਦੰਮ ਨ ਕਈਆਂ ਨੂੰ ਦਮ ਕੀਤਾ, ਏਸ ਦੰਮ ਤੇ ਦਮ ਨਾਂ ਮਾਰ ਖ਼ਾਲੀ। ਓਹਦੀ ਯਾਦ ਵਿਚ ਹੋ ਜਾ ਮਹਿਵ ਐਸਾ, ਇੱਕ ਸਵਾਸ ਨਾਂ 'ਸ਼ਰਫ਼' ਗੁਜ਼ਾਰ ਖ਼ਾਲੀ। 1. ਦੌਲਤ
ਤੋਤੇ ਚਸ਼ਮ
ਤੋਤੇ ਚਸ਼ਮ ਜਾਨੀ ਮੈਂ ਨ ਜਾਣਦਾ ਸਾਂ। ਬਦਲ ਜਾਣਗੇ ਐਸੇ ਖਿਆਲ ਤੇਰੇ। ਉਹ ਰੋਜ਼ ਨਹੀਂ ਯਾਦ ਹਰਜਾਈ ਤੈਨੂੰ, ਹੈਸਨ ਵਾਂਗ ਫ਼ਕੀਰਾਂ ਦੇ ਹਾਲ ਤੇਰੇ। ਤੈਨੂੰ ਮਾਂਗ ਵੀ ਕਢਨ ਦਾ ਵਲ ਨਹੀਂ ਸੀ, ਖੁਲ੍ਹੇ ਰਹਿੰਦੇ ਸਨ ਮੁਖ ਦੇ ਵਾਲ ਤੇਰੇ। ਹੈਸੀ ਚੰਨ ਨੂੰ ਗੋਯਾ ਗਰੇਹਣ ਲੱਗਾ, ਰੁਖ ਭਰੇ ਸਨ ਮੈਲ ਦੇ ਨਾਲ ਤੇਰੇ। ਝੂਠੀ ਮੂਠੀ ਵੀ ਕਦੇ ਪੁਸ਼ਾਕ ਸੁੱਚੀ, ਤੈਨੂੰ ਗਲ ਵੀ ਕਰਨੀ ਨਾ ਆਉਂਦੀ ਸੀ, ਜ਼ੇਬੇ ਤਨ ਨ ਵੇਖੀ ਸੀ ਲਾਲ ਤੇਰੇ। ਵਿਗੜੇ ਹੋਏ ਸਨ ਬੋਲ ਤੇ ਚਾਲ ਤੇਰੇ। ਸਾਰੇ ਨਾਲ ਮਖੌਲ ਉਡਾਉਂਦੇ ਸਨ, ਹਮਨਸ਼ੀਨ ਇਹ ਪਰੀ ਜਮਾਲ ਤੇਰੇ। ਹੈਸਨ ਵਿਚ ਹਨੇਰੇ ਦੇ ਪਏ ਹੋਏ, ਫਾਹੁਣ ਵਾਲੇ ਇਹ ਜ਼ੁਲਫ਼ ਤੇ ਖ਼ਾਲ ਤੇਰੇ। ਹੋਇਓਂ ਸਾਡੀ ਬਦੌਲਤ ਯਕਤਾ ਹੁਣ ਤੂੰ, ਚਮਕ ਪਏ ਨੇ ਬਖਤ, ਇਕਬਾਲ ਤੇਰੇ। ਇਹ ਤਾਸੀਰ ਏ ਰੰਗੀਨ ਆਮਲਾ ਦੀ, ਹੋ ਗਏ ਕੁੰਡਲ ਵਾਲੇ ਅਜ ਵਾਲ ਤੇਰੇ। ਗ਼ਾਜੇ ਯੂਸਫੀ ਹੁਸਨ ਅਫ਼ਜ਼ਾ ਮਲਮਲ, ਰੁਖ ਬਦਰ ਹੋਏ ਅਬਰੂ ਹਲਾਲ ਤੇਰੇ। ਓਹ ਗੁਲਬਦਨ ਬਿਨ ਅਤਲਸ ਕੰਮਖ਼ਾਬ ਆਵੇ, ਮਖਮਲ ਪੈਰਾਂ ਵਿਚ ਹੋਵੇ ਪਾਮਾਲ ਤੇਰੇ। ਸੁਬਹਾਨ ਅੱਲਾ ਨਿਜ਼ਾਕਤਾਂ ਇਹ ਹਰਦਮ, ਰਹਿਨ ਰੇਸ਼ਮੀ ਹੱਥ ਰੁਮਾਲ ਤੇਰੇ। ਹੋ ਗਏ ਵਿਡੀਆਂ ਵਿਚ ਫਕੀਰ ਭਾਵੇਂ, ਪੂਰੇ ਕੀਤੇ ਪਰ ਸਾਰੇ ਪਲਾਲ ਤੇਰੇ। ਤੇਰੇ ਪਿਛੇ ਜ਼ਮਾਨੇ ਦੇ ਨਾਲ ਵਿਗੜੀ, ਅਜ ਤਕ ਰਿਹਾਂ ਬੋਲ ਮੈਂ ਪਾਲ ਤੇਰੇ। ਸਦ ਅਫਸੋਸ ਕਿ ‘ਸ਼ਰਫ਼' ਹੁਣ ਗੈਰ ਹੋਇਆ, ਬਣੇ ਯਾਰ ਅੱਜ ਨਵੇਂ ਚੰਡਾਲ ਤੇਰੇ।