Kurlandi Taan : Ashraf Gill
ਕੁਰਲਾਂਦੀ ਤਾਨ : ਅਸ਼ਰਫ਼ ਗਿੱਲ
1. ਹਮਦ-(ਰੱਬ ਦੀ ਸਿਫ਼ਤ)
ਤੇਰੀ ਸਿਫ਼ਤ ਬਿਆਨਾਂ ਕੀਵੇਂ, ਕੁਝ ਉਸਦਾ ਅੰਦਾਜ਼ ਨਈਂ,
ਕਿਉਂਕਿ ਤੇਰੀ ਸਿਫ਼ਤ ਸਨਾ ਦਾ, ਅੰਤ ਨਈਂ, ਅੰਦਾਜ਼ ਨਈਂ ।
ਮੰਗਾਂ ਤੈਥੋਂ ਓਹੀ ਦਾਤਾ, ਜੇਹੜੀ ਥੋੜ੍ਹ ਹੈ ਲੋੜ ਮਿਰੀ,
ਮੈਂ ਨਾ ਬਿੱਤੋਂ ਬਾਹਰਾ ਲੋੜਾਂ, ਏਹ ਮੇਰਾ ਅੰਦਾਜ਼ ਨਈਂ ।
ਜ਼ਿਕਰ ਤਿਰਾ ਇਨਸਾਨਾਂ ਤੇ ਹੈਵਾਨਾਂ ਤੀਕ ਨਹੀਂ ਸੀਮਤ,
ਤੇਰੀ ਤਸਬੀਹ ਬਿਰਖ ਵੀ ਪੜ੍ਹਦੇ, ਜਿਨ੍ਹਾਂ ਕੋਲ ਆਵਾਜ਼ ਨਈਂ ।
ਤੇਰੀ ਹੱਨਿਆਂ ਜੱਨਤ ਵਰਗੀ, ਦੋਜ਼ਖ਼ ਕੀਤੀ ਲੋਕਾਂ ਨੇਂ,
ਕੋਈ ਤੇਰਾ ਮੇਰੇ ਬਾਹਜੋਂ, ਦੁਨੀਆਂ ਤੇ ਹਮਰਾਜ਼ ਨਈਂ ।
ਸ਼ਬਦਾਂ ਦੇ ਜੋ ਹਾਰ ਪਰੋਕੇ, ਸ਼ੇਅਰਾਂ ਦੇ ਗਲ਼ ਪਾਨਾਂ ਵਾਂ,
ਤੇਰੀ ਦੇਣ ਬਿਨਾਂ ਕੁਝ ਮੇਰੀ, ਸੋਚਾਂ ਵਿੱਚ ਪਰਵਾਜ਼ ਨਈਂ ।
ਤੇਰੀ ਬਖ਼ਸ਼ਸ਼ ਦਾ ਮੈਂ ਤਾਲਬ, ਏਹ ਹੀ ਖ਼ਵਾਹਿਸ਼ ਲਾਲਚ ਹੈ,
ਤੇਰੇ ਬਾਹਜੋਂ ਮੇਰਾ ਯਾ ਰੱਬ, ਕੋਈ ਚਾਰਾ-ਸਾਜ਼ ਨਈਂ ।
ਤੇਰੀ ਮਾਫ਼ ਕਰਨ ਦੀ ਸਿਫ਼ਤੋਂ, ਚੁਕਦੈ ਬੰਦਾ ਫ਼ੈਦੇ, ਪਰ,
ਭੈੜੇ ਕੰਮਾਂ ਕਾਰਾਂ ਕੋਲੋਂ, ਰਹਿੰਦਾ ਫ਼ਿਰ ਵੀ ਬਾਜ਼ ਨਈਂ ।
ਘੁੱਪ ਹਨੇਰੇ ਵਿੱਚੋਂ ਕਢਨੈਂ, ਸੂਰਜ ਰੋਜ਼ ਈ ਸ਼ਾਨਾਂ ਨਾਲ,
ਕੀ ਏਹ ਤੇਰੀ ਵਡਿਆਈ ਦਾ, ਸਭ ਤੋਂ ਵੱਡਾ ਰਾਜ਼ ਨਈਂ !
ਗੱਲਾਂ ਮੇਰੀ ਜੀਭਾ ਉੱਤੇ, ਜ਼ਿਹਨ 'ਚ ਲਫ਼ਜ਼ਾਂ ਦੇ ਭੰਡਾਰ,
ਕਹਿਣ, ਲਿਖਣ ਨੂੰ ਫ਼ਿਰ ਵੀ ਮੇਰੇ ਕੋਲ, ਓਨੇ ਅਲਫ਼ਾਜ਼ ਨਈਂ ।
ਦੁਨੀਆਂ ਦੀ ਤਅਰੀਫ਼ ਦਾ ਰੱਬਾ, ਮੰਨਿਐਂ ਤੂੰ, ਮੋਹਤਾਜ ਨਈਂ,
ਪਰ ਤੇਰੀ ਮੋਹਤਾਜੀ ਤੋਂ ਬਿਨ, 'ਅਸ਼ਰਫ਼' ਸਰਅਫ਼ਰਾਜ਼ ਨਈਂ ।
(ਸਨਾ: ਤਾਰੀਫ਼)
2. ਨਆਤ-(ਪੈਗ਼ੰਬਰ ਦੀ ਸਿਫ਼ਤ)
ਇੱਕੋ ਹਾਦੀ, ਮਦਦਗਾਰ, ਤੇ ਰਹਿਨੁਮਾ,
ਨਾਮ ਉਸ ਜ਼ਾਤ ਦਾ, ਅਹਮਦੇ ਮੁਸਤਫ਼ਾ ।
ਜ਼ਿਕਰ ਦਿਨ ਰਾਤ ਕਰਨਾਂ, ਨਬੀ ਪਾਕ ਦਾ,
ਰੂਹ ਤੇ ਜਿਸਮ ਨੂੰ ਦੇਣੀ ਜਿਵੇਂ ਗ਼ਿਜ਼ਾ ।
ਕੀਤੀ ਜਦ ਰੱਬ, ਇਸਲਾਮ ਦੀ ਇਬਤਦਾ,
ਕੀਤੀ ਨਬੀਆਂ ਦੇ ਆਵਣ ਦੀ ਵੀ ਇੰਤਹਾ ।
ਰੱਬ ਦਿੱਤਾ ਮੁਹੰਮਦ ਨੂੰ ਈ ਮਰਤਬਾ,
ਓਸ ਤਾਈਂ ਵਿਖਾ, ਸਿਦਰਾ-ਤੁਲ-ਮੁੰਤਹਾ ।
ਵਿਰਦ ਕੀਤਾ ਏ ਜਿਸ ਨੇਂ ਨਬੀ ਪਾਕ ਦਾ,
ਪਾਸ ਜੱਨਤ ਦਾ, ਫ਼ਿਰ ਓਸ ਨੂੰ ਮਿਲ ਗਿਆ ।
ਕਲਮਾ ਤੱਈਅਬ ਵੀ ਓਦੋਂ, ਮੁਕੰਮਲ ਹੋਇਆ,
ਜਦ ਤੋਂ ਬਣਿਆਂ ਮੁਹੰਮਦ, ਰਸੂਲੇ ਖ਼ੁਦਾ ।
ਯਾਦ ਅਹਿਮਦ 'ਚ ਡੁਲ੍ਹਣ, ਹੈ ਮੇਰੀ ਦੁਆ,
ਹੋਣ ਅੱਖਾਂ ਦੇ ਖ਼ਾਲੀ, ਜੇ ਮੇਰੇ ਤਲਾਅ ।
ਓਹੀ ਮੰਜ਼ਰ, ਨਜ਼ਰ ਸਾਹਮਣੇ ਹੈ ਸਦਾ,
ਜਦ ਮਦੀਨਾ ਮੁਹੰਮਦ ਦਾ, ਮੈਂ ਵੇਖਿਆ ।
ਯਾ ਖ਼ੁਦਾ! ਪੂਰੀ 'ਅਸ਼ਰਫ਼' ਦੀ ਕਰਨਾਂ ਦੁਆ,
ਦੇਕੇ ਦੀਦਾਰ ਅਹਿਮਦ ਦੀ, ਮੈਨੂੰ ਅਤਾ ।
(ਸਿਦਰਾ-ਤੁਲ-ਮੁੰਤਹਾ: ਕੁਰਆਨ ਮੂਜਿਬ ਓਹ ਥਾਂ,
ਜਿਥੇ ਰੱਬ ਨੇ ਨਬੀ ਮੁਹੰਮਦ ਸਾਹਿਬ ਨੂੰ ਅਪਣੇ ਕੋਲ ਸੱਦਿਆ)
3. ਮਾਂ ਉੱਤੇ-ਅਓਂਦੇ ਸਾਰ ਜਗ ਵਿਚ
ਅਓਂਦੇ ਸਾਰ ਜਗ ਵਿਚ, ਪਹਿਲੀ ਵਾਰੀ ਤੱਕਿਆ ਤੇ, ਤੈਨੂੰ ਮੈਂ ਸੰਜਾਣਿਆਂ ਨੀ ਮਾਏ,
ਰੂਹ ਜਦੋਂ ਤਨ ਵਿਚ ਦੌੜੀ ਫ਼ੇਰ ਮਨ ਮੇਰੇ, ਤੈਨੂੰ ਰੱਬ ਜਾਣਿਆਂ ਨੀ ਮਾਏ ।
ਤੂੰ ਹੀ ਤੇ ਸੁਨਾਈਆਂ ਮੈਨੂੰ, ਚੰਨ ਦੀਆਂ ਲੋਰੀਆਂ ਤੇ, ਤਾਰਿਆਂ ਦੀ ਲੋਆਂ ਜਿਹੇ ਗੀਤ,
ਤੇਰੀ ਠੰਡੀ ਛਾਂ ਥੱਲੇ, ਸੇਕਿਆ ਮੈਂ ਸੂਰਜੇ ਨੂੰ, ਰੁੱਤਾਂ ਨੂੰ ਪਛਾਣਿਆਂ ਨੀ ਮਾਏ ।
ਖਿੜੀ ਫੁੱਲ ਵਾਂਗ ਮੇਰੀ ਖ਼ੁਸ਼ੀਆਂ ਤੇ, ਗ਼ਮ ਉੱਤੇ, ਸੌਣ ਵਾਂਗੂੰ ਵਰ੍ਹੇ ਤੇਰੇ ਨੈਣ,
ਤੇਰੇ ਜਜ਼ਬਾਤ ਭਰੇ ਪਿਆਰ ਦੀ ਬਹਾਰ ਨੂੰ ਮੈਂ, ਰੱਜ ਰੱਜ ਮਾਣਿਆਂ ਨੀ ਮਾਏ ।
ਤੋਤੇ ਵਾਂਗੂੰ ਰੱਟ ਕੇ ਤੇ, ਗਾਏ ਸੀ ਪਪੀਹੇ ਵਾਂਗੂੰ, ਤੇਰੇ ਕੋਲੋਂ ਸਿੱਖੇ ਹੋਏ ਬੋਲ,
ਹੁਣ ਜਾਪੇ ਗਿਰਝਾਂ ਜਿਉਂ, ਬੈਠੀਆਂ ਮੁਕਾਣੀਂ ਓਹਨਾਂ, ਸਮਿਆਂ ਸੁਹਾਣਿਆਂ ਨੀ ਮਾਏ ।
ਕੀਤੀਆਂ ਕਰੂਲੀਆਂ ਜੋ ਘਿਓ ਦੀਆਂ, ਤੇਰੇ ਭੁਖੇ ਢਿੱਡ ਨੂੰ ਮੈਂ ਸੰਨ੍ਹ ਮਾਰ ਮਾਰ,
ਪਤਾ ਸੀ ਏਹ ਖ਼ੌਰੇ ਤੈਨੂੰ, ਬਦਲਾ ਏਹ ਲੈਣਾਂ ਮੈਥੋਂ, ਮੇਰਿਆਂ ਨਿਆਣਿਆਂ ਨੀ ਮਾਏ ।
ਮਿਲਿਆ ਨਸੀਬ ਤੈਥੋਂ, ਨਵਾਂ ਤੇ ਨਿਕੋਰ, ਹਥੀਂ ਜੱਗ ਆਕੇ ਹੋਇਆ ਲੀਰੋ ਲੀਰ,
ਹੁਣ ਤੇ ਏੈਹ ਇੰਜ ਜੀਵੇਂ, ਫੁੰਡਿਆ ਸ਼ਿਕਾਰ, ਹੱਥੀਂ ਅੰਨ੍ਹਿਆਂ ਤੇ ਕਾਣਿਆਂ ਨੀ ਮਾਏ ।
ਪਿਆਰ ਹੀ ਸਿਖਾਇਆ ਤੂੰ ਤੇ, ਫ਼ੇਰ ਕਿਥੋਂ ਜੰਮੇ ਮੇਰੇ , ਦਿਲ ਵਿਚ ਵਲ਼, ਵੈਲ, ਵੈਰ,
ਲਗਦੈ ਕਰੋਧ ਸਾਰਾ ਦਿੱਤਾ ਏ ਉਧਾਰ ਮੈਨੂੰ, ਮੇਰਿਆਂ ਯਰਾਨਿਆਂ ਨੀ ਮਾਏ ।
ਟੁਰ ਗਈਓਂ ਓਥੇ ਜਿੱਥੋਂ, ਖ਼ਤ ਨਾ ਖ਼ਬਰ, ਨਾ ਹੀ ਆਵੇ ਜਾਵੇ ਕੋਈ ਸੰਦੇਸ,
ਜੰਦਰੇ ਵੀ ਮਾਰ ਗਈਓਂ, ਅਪਣੀ ਦੁਆਵਾਂ ਨਾਲ, ਬੂਥਵੇਂ ਖ਼ਜ਼ਾਨਿਆਂ ਨੀ ਮਾਏ ।
ਮਾਣੀਆਂ ਸੀ ਨੀਂਦਰਾਂ ਮੈਂ, ਤੇਰੀਆਂ ਜਵਾਨੀ ਵਾਲੇ, ਨਸ਼ੇ ਦੀਆਂ ਨੀਂਦਰਾਂ ਚੁਰਾ,
ਤਾਹੀਂ ਜਿੰਦ ਵੰਡੀ 'ਗਿੱਲ', ਹੁਣ ਜੁਰਮਾਨਿਆਂ ਤੇ, ਕੁਝ ਹਰਜਾਨਿਆਂ ਨੀ ਮਾਏ ।
4. ਤੂੰ ਛਡ ਦੇ ਦਿਲਾ ਏਹਨਾਂ ਹਾਵਾਂ ਦੀ ਰਾਖੀ
ਤੂੰ ਛਡ ਦੇ ਦਿਲਾ ਏਹਨਾਂ ਹਾਵਾਂ ਦੀ ਰਾਖੀ,
ਕਦੀ ਹੋ ਨਈਂ ਸਕਦੀ, ਹਵਾਵਾਂ ਦੀ ਰਾਖੀ ।
ਕਦੋਂ ਤਾਈਂ ਰੋਕੇਂਗਾ, ਟੋਕੇਂਗਾ ਮੈਨੂੰ,
ਨਹੀਂ ਮੈਥੋਂ ਹੋਣੀ, ਨਿਗਾਹਵਾਂ ਦੀ ਰਾਖੀ?
ਬਸ ਇਕ ਸਾਹ ਦੇ, ਅਓਣ ਜਾਵਣ ਦੀ ਖ਼ਾਤਰ,
ਹੈ ਕਰਨੀ ਪਈ, ਲੱਖਾਂ ਸਾਹਵਾਂ ਦੀ ਰਾਖੀ ।
ਕਦੀ ਭੁਲ ਭੁਲੇਖੇ, ਓਹ ਐਧਰ ਨਾ ਆਇਆ,
ਮੈਂ ਕੀਤੀ ਏ ਬੇਕਾਰ, ਰਾਹਵਾਂ ਦੀ ਰਾਖੀ ।
ਜੇ ਕਾਲਜ ਚੋਂ ਮਿਲਦੀ, ਸਵਾਬਾਂ ਦੀ ਡਿਗਰੀ,
ਸ਼ਰੇ ਆਮ ਹੁੰਦੀ, ਗੁਨਾਹਵਾਂ ਦੀ ਰਾਖੀ ।
ਜੋ ਮਰਜ਼ੀ ਐ ਮਾਲਿਕ ਦੀ, ਹੁੰਦਾ ਹੀ ਰਹਿਨੈਂ,
ਨਾ ਧੁੱਪਾਂ ਦੀ ਹੋਣੀ, ਨਾ ਛਾਵਾਂ ਦੀ ਰਾਖੀ ।
ਸਿਤਮ ਨੇ ਤੇ, ਸੁਸਰੀ ਦੇ ਵਾਂਗੂੰ ਸੀ ਸੌਣਾਂ,
ਵਫ਼ਾ ਜੇ ਨਾ ਕਰਦੀ, ਜਫ਼ਾਵਾਂ ਦੀ ਰਾਖੀ ।
ਬਨਾਣਾਂ ਸੀ ਮੈਂ ਤੇ, ਨਿਗਾਹਾਂ ਨੂੰ ਪੱਥਰ,
ਕਰਨ ਦੇਂਦੋਂ ਜੇਕਰ, ਅਦਾਵਾਂ ਦੀ ਰਾਖੀ ।
ਜਿਵੇਂ ਕਰਦੀਆਂ 'ਮਾਵਾਂ' 'ਅਸ਼ਰਫ਼' ਹਿਫ਼ਾਜ਼ਤ,
ਨਾ ਹੋਵੇ ਓਵੇਂ ਸਾਥੋਂ 'ਮਾਵਾਂ' ਦੀ ਰਾਖੀ ।
5. ਖਲੋਤਾ ਰਿਹਾ, ਓਹਦਾ ਦਰਵਾਜ਼ਾ ਮੱਲ ਕੇ
ਖਲੋਤਾ ਰਿਹਾ, ਓਹਦਾ ਦਰਵਾਜ਼ਾ ਮੱਲ ਕੇ,
ਓਹ ਟੁਰ ਵੀ ਗਿਆ, ਚੋਰ ਬੂਹਿਓਂ ਨਿਕਲ ਕੇ ।
ਕਿਸੇ ਬਿਨ, ਓਹ ਰਹਿੰਦਾ ਨਈਂ ਦੂਰ ਪਲ਼ ਵੀ,
ਮੇਰੇ ਵਾਸਤੇ ਪਰ, ਰਹੀ ਭਲਕੇ ਭਲਕੇ ।
ਏਹ ਨਰਮੀ ਮਿਰੀ ਹੋਣੀ ਤੇਰੇ ਤੇ ਹਾਵੀ,
ਜਿਵੇਂ ਸ਼ੋਖ਼ ਸ਼ਾਖ਼ਾਂ, ਰਹੇ ਵੇਲ ਵਲ਼ ਕੇ ।
ਹਰ ਇਕ ਰੁਤ ਨੂੰ, ਜ਼ਖ਼ਮਾਂ ਨੇਂ ਪਹਿਚਾਨ ਲੈਣੈਂ,
ਕੋਈ ਰੂਪ ਭਾਵੇਂ, ਓਹ ਆਵੇ ਬਦਲ ਕੇ ।
ਕਦੀ ਫੁੱਲ ਬਣਕੇ, ਕਦੀ ਧੂੜ ਵਾਂਗੂੰ,
ਤੇਰੇ ਨਾਲ਼ ਰਹਿਣੈਂ, ਜ਼ਮੀਂ ਵਿਚ ਵੀ ਰਲ਼ ਕੇ ।
ਅਸਾਡੇ ਮਿਲਣ, ਤੇ ਵਿਛੋੜੇ ਦਾ ਵੇਲ਼ਾ,
ਨਸੀਬਾਂ, ਰਕੀਬਾਂ ਨੇਂ, ਲਿਖਿਆ ਏ ਰਲ ਕੇ ।
ਓਹੀ ਬਾਤ ਅਸਲੀ, ਤੇ ਉੱਤਮ ਕਹਾਵੇ,
ਜੋ ਮੁਲ ਪਾਂਵਦੀ ਅਪਣਾ, ਮੂੰਹੋਂ ਨਿਕਲ ਕੇ ।
ਖ਼ੁਸ਼ੀ ਗ਼ਮ ਦੇ ਰੰਗਾਂ ਦੀ ਹੈ, ਜ਼ਿੰਦਗਾਨੀ,
ਕਦੀ ਰੰਗ ਗੂੜ੍ਹੇ, ਕਦੀ ਹਲਕੇ ਹਲਕੇ ।
ਜੇ ਢਿੱਲੀ ਹੋਈ ਵਾਗ, ਦਿਲ ਵਾਲੀ 'ਅਸ਼ਰਫ਼',
ਲਵਾ ਲੈਂਗਾ ਪੱਕੇ ਈ, ਅੱਖਾਂ 'ਚ ਨਲਕੇ ।
6. ਸਾਲ ਬੀਤੇ, ਹੰਝੂਆਂ ਨੂੰ ਪੀਂਦਿਆਂ
ਸਾਲ ਬੀਤੇ, ਹੰਝੂਆਂ ਨੂੰ ਪੀਂਦਿਆਂ,
ਫ਼ਿਰ ਵੀ ਤਿਰਹਾਇਆ ਹਾਂ, ਔੜਾਂ ਵਾਂਗਰਾਂ ।
ਰਖਦੀਆਂ ਦਿਲ ਨਾਲ, ਰਿਸ਼ਤੇ-ਦਾਰੀਆਂ,
ਮੇਰੀਆਂ ਅੱਖਾਂ 'ਚ ਬੂੰਦਾਂ ਤਰਦੀਆਂ ।
ਆਸ ਬੂਟੇ ਲਾਏ, ਨਿੱਕੇ ਹੁੰਦਿਆਂ,
ਬਣ ਗਏ ਹੁਣ ਰੁੱਖ, ਪਰਛਾਵੇਂ ਬਿਨਾਂ ।
ਹਟ ਗਿਆ ਏ ਓਹ, ਸਜ਼ਾਵਾਂ ਦੇਣ ਤੋਂ,
ਹੁਣ ਕਰਾਂ ਮੈਂ ਕਿਸ ਲਈ, ਗੁਸਤਾਖ਼ੀਆਂ?
ਬੇਲੀਆਂ ਨਾਲ, ਬੇਲਿਆਂ ਵਿਚ ਰੌਣਕਾਂ,
ਬਾਝ ਯਾਰਾਂ, ਸ਼ਹਿਰ ਵੀ ਸੁੰਜੇ ਗਰਾਂ ।
ਕੀਹ ਬਣੇ ਏਹ ਜ਼ਹਿਰ ਮ੍ਹੌਰਾ, ਜਾਂ ਕਿ ਜ਼ਹਿਰ,
ਘੋਟ ਕੇ ਸੱਚ, ਝੂਠ ਵਿਚ ਜੇ ਪੀ ਲਵਾਂ?
ਮੋਹਰ ਲੱਗੀ ਰਾਂਝਣੇ ਤੇ, ਇਸ਼ਕ ਦੀ,
ਖਾਣ ਵਾਲੇ ਸਨ ਬਥੇਰੇ, ਚੂਰੀਆਂ ।
ਬੇਰੁਖ਼ੀ ਤੇਰੀ ਨੇਂ, ਦਿੱਤਾ ਹੌਸਲਾ,
ਮਾਰਿਆ ਬਸ ਲਾਰਿਆਂ, ਭਰਵਾਸਿਆਂ ।
ਬੁਲਬੁਲਾਂ ਦੀ ਚਹਿਕ, ਫੁੱਲਾਂ ਖਿੜਨ ਤੀਕ,
ਮਗਰੋਂ ਰਹਿ ਜਾਂਦੇ ਨੇਂ, ਕਾਂ ਤੇ ਲਾਲੀਆਂ ।
ਹੜ੍ਹ ਕਈ ਅੱਖਾਂ ਚੋਂ 'ਅਸ਼ਰਫ਼', ਲੰਘ ਗਏ,
ਬਚ ਗਈਆਂ ਰੁੜ੍ਹਨੋਂ, ਉਮੰਗਾਂ, ਹਸਰਤਾਂ ।
7. ਸਫ਼ਲਤਾ ਵਾਸਤੇ, ਕੁਝ ਹਸਰਤਾਂ ਨੂੰ ਮਾਰਨਾ ਪੈਣੈਂ
ਸਫ਼ਲਤਾ ਵਾਸਤੇ, ਕੁਝ ਹਸਰਤਾਂ ਨੂੰ ਮਾਰਨਾ ਪੈਣੈਂ,
ਕਿਸੇ ਨੂੰ ਜਿੱਤਣੋਂ ਪਹਿਲਾਂ, ਓਸੇ ਤੋਂ ਹਾਰਨਾ ਪੈਣੈਂ ।
ਸੰਭਾਲ ਨ ਜਦ ਹੋਈ ਕਿਸ਼ਤੀ, ਨਹੀਂ ਮੱਲਾਹ ਕੋਲੋਂ ਵੀ,
ਕਿਸੇ ਨੂੰ ਰੋੜ੍ਹਨਾ ਪੈਣਾਂ, ਕਿਸੇ ਨੂੰ ਤਾਰਨਾ ਪੈਣੈਂ ।
ਤਿਰੀ ਚਾਹਤ, ਜਦੋਂ ਹਿਜਰਾਂ ਤੋਂ ਵਾਧੂ ਮੰਗ ਲਈ ਕੀਮਤ,
ਪਤਾ ਕੀ ਓਦੋਂ ਸਾਨੂੰ, ਰੂਪ ਕਿਹੜਾ ਧਾਰਨਾ ਪੈਣੈਂ?
ਕਦੀ ਕਰਦਾ ਨਾ ਅੱਖਾਂ ਚਾਰ, ਜੇਕਰ ਏਹ ਪਤਾ ਹੁੰਦਾ,
ਤਿਰੀ ਬਿਜਲੀ ਭਰੀ ਨਜ਼ਰਾਂ ਨੂੰ, ਹੀ ਵੰਗਾਰਨਾ ਪੈਣੈਂ ।
ਹੈ ਭਾਵੇਂ ਏਸ ਦੀ ਬੁਨਿਆਦ, ਦਲਦਲ, ਰੇਤ, ਪਾਣੀ ਤੇ,
ਮਹਿਲ ਆਸਾਂ ਦਾ, ਹਰ ਹਾਲਤ ਦੇ ਵਿਚ ਉਸਾਰਨਾ ਪੈਣੈਂ ।
ਚਲੋ ਹੁਣ ਨਾ ਸਹੀ, ਕੱਲ੍ਹ ਨੂੰ ਤੇ ਏਹ ਕੰਮ ਹੋਕੇ ਰਹਿਣਾ ਏਂ,
ਕਿਸੇ ਉੱਤੇ, ਬਿਨਾਂ ਸੋਚੇ, ਏਹ ਤਨ ਮਨ ਵਾਰਨਾਂ ਪੈਣੈਂ ।
ਏਹ ਤੇਰੀ ਯਾਦ ਦੇ ਰੋਸੇ ਵੀ, ਬਾਲਾਂ ਵਾਂਗ ਲਗਦੇ ਨੇਂ ,
ਕਦੀ ਹਟਕਾਰਨਾਂ ਪੈਣੈਂ, ਕਦੀ ਪੁਚਕਾਰਨਾਂ ਪੈਣੈਂ ।
ਟਪਾਵਣ ਨੂੰ ਸੁਖਾਲੇ ਦਿਨ, ਬੜਾ ਆਸਾਨ ਨੁਸਖ਼ਾ ਏ,
ਜ਼ੁਰੂਰਤ-ਵੰਦ ਖ਼ਾਤਰ, ਮਤਲਬੀ ਹਟਕਾਰਨਾਂ ਪੈਣੈਂ ।
ਜਦੋਂ ਤਕ ਦੋਸਤਾਂ, ਤੇ ਮੌਸਮਾਂ ਨੇਂ ਬਦਲਦੇ ਰਹਿਣੈਂ,
ਤਦੋਂ ਤੀਕਰ ਵਜੂਦ 'ਅਸ਼ਰਫ਼', ਤਪਾਣਾ, ਠਾਰਨਾ ਪੈਣੈਂ ।
8. ਜ਼ਬਾਨਾਂ ਤੇ ਨੇ ਜ਼ੰਜੀਰਾਂ, ਤੇ ਮੂੰਹਾਂ ਉੱਤੇ ਤਾਲੇ ਨੇਂ
ਜ਼ਬਾਨਾਂ ਤੇ ਨੇ ਜ਼ੰਜੀਰਾਂ, ਤੇ ਮੂੰਹਾਂ ਉੱਤੇ ਤਾਲੇ ਨੇਂ,
ਬੜੀ ਵਾਰੀ ਏਹ ਦਿਨ ਸਾਨੂੰ, ਮੁਕੱਦਰ ਨੇ ਵਖਾਲੇ ਨੇਂ ।
ਸ਼ਹੀਦ ਹੋਏ ਹਜ਼ਾਰਾਂ, ਹੈ ਗਵਾਹ ਤਾਰੀਖ਼ ਇਸ ਗੱਲ ਦੀ,
ਅਸਾਡੇ ਦਿਨ ਤਦੇ ਹੀ ਅੱਜ, ਉਜਾਲੇ ਤੇ ਸੁਖਾਲੇ ਨੇਂ ।
ਏਹ ਦੁਨੀਆਂ ਦਾਲ ਵਿਚ ਕਾਲ਼ੇ ਤੇ, ਤਾਹੀਂ ਸ਼ੱਕ ਕਰਦੀ ਸੀ,
ਪਤਾ ਸੀ ਓਸ ਨੂੰ ਬੱਗੇ ਜੋ ਹਨ, ਅੰਦਰ 'ਚੋਂ ਕਾਲ਼ੇ ਨੇਂ ।
ਅਸਾਂ ਉਸਦੀ ਲਗਨ ਨੂੰ, ਐਸਰਾਂ ਦਿਲ ਪਿੰਜਰੇ ਪਾਇਐ,
ਕਿਸੇ ਸ਼ੌਕੀਨ ਨੇ ਅਜ ਤਕ, ਕਬੂਤਰ ਵੀ ਨਾ ਪਾਲੇ ਨੇਂ ।
ਅਸੀਂ ਇਸ ਦੇਸ਼ ਆਕੇ, ਐਸੇ ਦੋਰਾਹੇ ਖਲੋ ਗਏ ਹਾਂ,
ਅਗਾਂ੍ਹ ਟੁਰੀਏ ਨਦੀ ਨਾਲ਼ੇ, ਪਿਛਾਂਹ ਮੁੜੀਏ ਤੇ ਖਾਲ਼ੇ ਨੇਂ ।
ਜੋ ਹੜ੍ਹ ਅੱਖਾਂ ਚੋਂ ਫੁੱਟੇ ਹਨ, ਜ਼ਰੂਰੀ ਹੈ ਕੋਈ ਕਾਰਣ,
ਪਤਾ ਕੀਹ ਫਿਸ ਰਹੇ ਜਿਹੜੇ, ਮਿਰੇ ਜ਼ਖ਼ਮਾਂ ਦੇ ਛਾਲੇ ਨੇਂ ।
ਬੜੇ ਹਨ ਤਿਲਕਣੇਂ ਬਾਹਰੋਂ, ਬਥੇਰੇ ਖੋਭਵੇਂ ਵਿੱਚੋਂ,
ਜਵਾਨੀ ਦੇ ਭਰੇ ਦਿਨ, ਜਾਂਵਦੇ ਮੁਸ਼ਕਲ ਸੰਭਾਲੇ ਨੇਂ ।
ਤਿਰੇ ਸ਼ਹਿਰੋਂ ਨਿਕਲ ਕੇ, ਰੰਜ ਵੀ ਸੀ, ਪਰ ਸੀ ਮਜਬੂਰੀ,
ਬੜੇ ਇੱਜ਼ਤ ਤੇ ਗ਼ੈਰਤ ਦੇ, ਹੋਏ ਓਥੇ ਮੁਕਾਲੇ ਨੇਂ ।
ਅਸਾਂ ਆਕਾਸ਼ ਨੂੰ ਵੀ, ਰੋਣ ਤੇ ਮਜਬੂਰ ਕਰ ਦਿੱਤੈ,
ਜਦੋਂ ਨੀਰਾਂ ਦੇ ਦਰਿਆ, ਅੱਖੀਆਂ ਵਿਚੋਂ ਉਛਾਲੇ ਨੇਂ ।
ਫ਼ਕਤ ਦੋ ਚਾਰ ਹੀ ਪੁਛਦੇ ਨੇਂ, ਤੇਰਾ ਹਾਲ 'ਅਸ਼ਰਫ਼ ਗਿੱਲ",
ਬੜੇ ਹੀ ਲੋਕ ਓਸਰਾਂ ਤੇ, ਤਿਰੇ ਆਲ਼ੇ ਦਵਾਲ਼ੇ ਨੇ ।
9. ਹੱਦ ਤੋਂ ਵੱਧ, ਦਿਲਬਰੀ ਨੂੰ ਰਹਿਣ ਦੇ
ਹੱਦ ਤੋਂ ਵੱਧ, ਦਿਲਬਰੀ ਨੂੰ ਰਹਿਣ ਦੇ,
ਕੋਲ ਹੈ ਜਿੰਨੀ ਖ਼ੁਸ਼ੀ, ਨੂੰ ਰਹਿਣ ਦੇ ।
ਇਸ ਦੀ ਭਲਿਆਈ, ਨਈਂ ਆਰਾਮ ਵਿਚ,
ਉਲਝਣਾਂ ਵਿਚ, ਜ਼ਿੰਦਗੀ ਨੂੰ ਰਹਿਣ ਦੇ ।
ਸਖ਼ਤ ਦਿਲ ਦੁਨੀਆਂ ਦੇ, ਮੋਮ ਹੋਣੇ ਨਈਂ,
ਪਥਰਾਂ ਨਾਲ, ਸਰਕਸ਼ੀ ਨੂੰ ਰਹਿਣ ਦੇ ।
ਉਸ ਲਈ ਨਾ ਬੰਨ੍ਹ, ਤਾਰੀਫ਼ਾਂ ਦੇ ਪੁਲ਼,
ਆਦਮੀ ਹੀ, ਆਦਮੀ ਨੂੰ ਰਹਿਣ ਦੇ ।
ਯਾ ਤਸੱਲੀ ਦੇ, ਮੇਰਾ ਬਣ ਜਾਏਂਗਾ,
ਯਾ ਮਿਰੀ, ਦੀਵਾਨਗੀ ਨੂੰ ਰਹਿਣ ਦੇ ।
ਬੰਨ੍ਹ ਰਸਮਾਂ ਦੇ, ਨਈਂ ਸਕਦਾ ਜੇ ਤੋੜ,
ਰਹਿਣ ਦੇ ਫ਼ਿਰ, ਦਿਲ-ਲਗੀ ਨੂੰ ਰਹਿਣ ਦੇ ।
ਦੋਸਤੀ ਚੰਗੀ, ਨਿਭਾਵਣ ਵਾਸਤੇ,
ਕੋਲ਼ ਵੀ ਕੁਝ, ਦੁਸ਼ਮਣੀ ਨੂੰ ਰਹਿਣ ਦੇ ।
ਮੇਰੀਆਂ ਸੋਚਾਂ ਸਰਾ੍ਹਣੇ, ਨਾ ਖਲੋ,
ਮੇਰੇ ਸਿਰ ਵਿਚ, ਖਲਬਲੀ ਨੂੰ ਰਹਿਣ ਦੇ ।
ਲੋੜ ਰਹਿਣੀ ਏਂ ਸਦਾ, 'ਅਸ਼ਰਫ਼' ਓਹਦੀ,
ਕੋਲ ਭੋਰਾ ਕੁ, ਗ਼ਮੀ ਨੂੰ ਰਹਿਣ ਦੇ ।
10. ਹਵਾਲੇ ਜਦ ਕਿਸੇ ਦੇ ਵੀ, ਕਿਸੇ ਕੀਤਾ ਸਵਾਲ ਅਪਣਾ
ਹਵਾਲੇ ਜਦ ਕਿਸੇ ਦੇ ਵੀ, ਕਿਸੇ ਕੀਤਾ ਸਵਾਲ ਅਪਣਾ,
ਇਰਾਦੇ ਗ਼ੈਰ ਨਾਲ ਓਸ ਬੰਨ੍ਹ ਲਿਆ, ਫ਼ਿਰ ਵਾਲ ਵਾਲ ਅਪਣਾ ।
ਓਹਦੇ ਪਰਖਣ ਤੇ ਸੋਧਣ ਦਾ ਵੀ, ਮੈਨੂੰ ਹੈ ਕੁਝ ਅੰਦਾਜ਼ਾ,
ਮਿਰੇ ਬਾਰੇ ਖ਼ਿਆਲ ਉਸਦਾ ਹੈ ਸ਼ੱਕੀ, ਹੈ ਖ਼ਿਆਲ ਅਪਣਾ ।
ਸੁਣਾਂਦਾ ਸਾਂ ਕਹਾਣੀ ਤੇ, ਕਿਸੇ ਨੇ ਕੰਨ ਨਈਂ ਧਰਿਆ,
ਜਦੋਂ ਦਸਿਆ ਨਈਂ ਜਾਂਦਾ, ਤੇ ਸਭ ਪੁਛਦੇ ਨੇ ਹਾਲ ਅਪਣਾ ।
ਕਦੀ ਲੀਰਾਂ, ਕਦੀ ਟੋਟੇ, ਕਦੀ ਹੈ ਛਾਨਣੀ ਹੋਇਆ,
ਬੜੀ ਉਖਿਆਈ ਨਾਲ ਹੋਇਆ, ਏਥੇ ਪੱਲੂ ਸੰਭਾਲ ਅਪਣਾ ।
ਸਭਨਾਂ ਨੇ ਸਾਡੀਆਂ, ਕੋਤਾਹੀਆਂ ਤੇ ਹੀ ਨਜ਼ਰ ਰੱਖੀ,
ਅਸੀਂ ਬੇਕਾਰ ਹੀ ਲਾਂਹਦੇ ਰਹੇ, ਦਿਲ ਦਾ ਜੰਗਾਲ ਅਪਣਾ ।
ਖ਼ਮੋਸ਼ੀ ਉਸਦੀਆਂ ਨਜ਼ਰਾਂ ਦੀ, ਜਦ ਦੇਂਦੀ ਏ ਹੁੰਗਾਰਾ,
ਓਹਦੇ ਏਨੇ ਇਸ਼ਾਰੇ ਤੇ, ਭਟਕ ਜਾਂਦੈ ਸਵਾਲ ਅਪਣਾ ।
ਅਸਾਂ ਧਮਕੀ, ਡਰਾਵੇ, ਰੋਅਬ ਦੇ ਥੱਲੇ ਨਈਂ ਆਓਣਾਂ,
ਨਈਂ ਲੱਗਾ ਹੋਇਆ ਸ਼ਹਿਰ ਇਚ, ਤੁਹਾਡਾ ਕੋਤਵਾਲ ਅਪਣਾ ।
ਕੋਈ ਸੂਰਤ ਨਜ਼ਰ ਆਓਂਦੀ ਨਈਂ, ਦੁਨੀਆਂ ਨੂੰ ਸਮਝਣ ਦੀ,
ਐਥੇ ਮਰਨਾ ਵੀ ਔਖਾ ਏ, ਤੇ ਜੀਣਾ ਵੀ ਮੁਹਾਲ ਅਪਣਾ ।
ਡਰਾਕਲ ਕਰਨ ਦੀ ਕੋਸ਼ਿਸ਼, ਬੜੀ ਕੀਤੀ ਐ ਪੀੜਾਂ ਨੇ,
ਅਸੀਂ ਪਹਿਲਾਂ ਹੀ ਬੈਠੇ ਹਾਂ, ਜਿਗਰ ਪੱਥਰ 'ਚ ਢਾਲ ਅਪਣਾ ।
ਸਿਲਾ ਹੁਣ ਮੇਰੀਆਂ ਕੁਰਬਾਨੀਆਂ ਦਾ, ਆ ਰਿਹੈ ਨਜ਼ਰੀਂ,
ਲਿਖਣ 'ਅਸ਼ਰਫ਼' ਓਹ ਲੱਗਿਐ ਨਾਮ ਮੇਰਾ, ਨਾਂ ਦੇ ਨਾਲ ਅਪਣਾ ।
11. ਖ਼ੁਸ਼ੀ ਪਲ ਦੋ ਪਲ ਕੋਲ ਆਈ, ਗਈ
ਖ਼ੁਸ਼ੀ ਪਲ ਦੋ ਪਲ ਕੋਲ ਆਈ, ਗਈ,
ਗ਼ਮੀ ਸਾਥ ਹਰਦਮ, ਨਿਭਾਈ ਗਈ ।
ਤੇਰੇ ਸ਼ਹਿਰ ਅੰਦਰ, ਮਿਰੇ ਪਿਆਰ ਦੀ,
ਕਿਸੇ ਤੋਂ ਵੀ ਕੀਮਤ, ਨਾ ਲਾਈ ਗਈ ।
ਬਣੀ ਆਪ ਹੀ ਦਿਲ 'ਚ, ਨਫ਼ਰਤ ਦੀ ਕੰਧ,
ਕਿਸੇ ਵੀ ਤਰ੍ਹਾਂ, ਫ਼ਿਰ ਨਾ ਢਾਈ ਗਈ ।
ਮਿਲੇ ਦਿਲ ਕਿਸੇ ਨਾਲ, ਕਿਸਮਤ ਖੁਲ਼ੇ,
ਜਾਂ ਉਮਰਾਂ ਦੀ ਸਮਝੋ, ਕਮਾਈ ਗਈ ।
ਨਜ਼ਰ ਕੀਹ ਮਿਲੀ, ਦਿਲ ਨੇ ਮੈਨੂੰ ਕਿਹਾ,
ਕੋਈ ਸ਼ੈ ਤਿਰੀ, ਹੋ ਪਰਾਈ ਗਈ ।
ਸੁਰੀਲੀ ਤੇ ਅਕਸਰ, ਹੋਈ ਜ਼ਿੰਦਗੀ,
ਕਿਸੇ ਤੋਂ ਵੀ ਸੁਰ ਵਿਚ, ਨਾ ਗਾਈ ਗਈ ।
ਗ਼ਰੀਬਾਂ ਦੀ ਕਿਸਮਤ ਦਾ, ਪੁੱਛੋ ਨਾ ਹਾਲ,
ਰਜ਼ਾਈ ਮਿਲੀ, ਤੇ ਤੁਲਾਈ ਗਈ ।
ਏਹ ਸੀਨਾ ਮਿਰਾ, ਗੜ੍ਹ ਹੈ ਭੇਤਾਂ ਦਾ,
ਪਰ, ਮੁਹੱਬਤ ਨਾ ਇਸ ਤੋਂ, ਛੁਪਾਈ ਗਈ ।
ਅਸਾਡੀ ਵਫ਼ਾ ਕਰਦਿਆਂ, ਲੰਘ ਗਈ,
ਤੇਰੇ ਚੋਂ ਨਾ ਪਰ, ਬੇ-ਵਫ਼ਾਈ ਗਈ ।
'ਜਹੀ ਬਚਪਣੇ ਤੋਂ, ਪਈ ਏ ਮਗਰ,
ਅਜੇ ਤੀਕਰਾਂ, ਨਾ ਮਹਿੰਗਾਈ ਗਈ ।
ਹਿਆ ਤੇ ਸ਼ਰਮ ਦਾ, ਹੈ ਅੱਜ ਕਲ੍ਹ ਏਹ ਹਾਲ,
ਜਿਵੇਂ ਦੁੱਧ ਉੱਤੋਂ, ਮਲਾਈ ਗਈ ।
ਬਗਾਨੇ ਘਰਾਂ ਦੀ, ਸੁਲਾਹ ਵੇਖ ਕੇ,
ਨਾ ਅਪਣੇ ਘਰਾਂ ਚੋਂ, ਲੜਾਈ ਗਈ ।
ਬਿਰਖ, ਪੁਰਖ, ਪੰਛੀ ਵੀ ਗਾਵਣਗੇ ਨਾਲ,
ਗ਼ਜ਼ਲ ਜਦ ਮਿਰੀ, ਗੁਣਗੁਣਾਈ ਗਈ ।
ਬਚੀ ਬਸ ਹਿਆਤੀ, ਜ਼ਮਾਨੇ ਤੋਂ 'ਗਿੱਲ',
ਓਹ ਵੀ ਤਾਂ! ਜੇ ਇੱਜ਼ਤ ਗਵਾਈ ਗਈ ।
12. ਜਾਪਦਾ ਨਜ਼ਰਾਂ ਦਾ ਘੇਰਾ ਤੰਗ ਏ
ਜਾਪਦਾ ਨਜ਼ਰਾਂ ਦਾ ਘੇਰਾ ਤੰਗ ਏ,
ਫ਼ਿਰ ਵੀ ਬੰਦਾ ਵੇਖਦਾ ਹਰ ਰੰਗ ਏ ।
ਹਰ ਕੋਈ ਖ਼ੁਦ ਨੂੰ ਸਮਝਦੈ ਫ਼ਲਸਫ਼ੀ,
ਏਸ ਕਾਰਣ ਹੀ ਜਗਤ ਵਿਚ ਜੰਗ ਏ ।
ਜ਼ਿੰਦਗੀ ਦਾ ਦੂਸਰਾ ਨਾਂ, ਖ਼ਾਹਸ਼ਾਂ,
ਮਰ ਕੇ ਮੁਕਦੀ ਆਦਮੀ ਦੀ ਮੰਗ ਏ ।
ਪਿਘਰਦੀ ਏ ਸਾਹ ਦੇ ਸੇਕੇ ਦੇ ਨਾਲ,
ਮੋਮ ਦੇ ਵਰਗੀ, ਹਿਆ ਤੇ ਨੰਗ ਏ ।
ਜ਼ਿੰਦਗਾਨੀ, ਸ਼ੀਸ਼ਿਆਂ ਦਾ ਹੈ ਮਹਿਲ,
ਕਿਰਚਾਂ ਕਿਰਚਾਂ ਏਸ ਦਾ ਅੰਗ ਅੰਗ ਏ ।
ਡਾਂਗ, ਸੋਟਾ ਹਰ ਕੋਈ ਬੈਠੈ ਫੜੀ,
ਅਪਣਾ ਅਪਣਾ ਜੀਵਣੇ ਦਾ ਢੰਗ ਏ ।
ਚੜ੍ਹ ਕੇ ਜੋ ਆਕਾਸ਼, ਅਖਵਾਵੇ ਧਨੁਖ,
ਏਹ ਕਿਸੇ ਵਿਧਵਾ ਦੀ ਟੁੱਟੀ ਵੰਗ ਏ ।
ਰੱਬ ਨੇ ਵੰਡੀਆਂ ਸੀ ਖ਼ੁਸ਼ੀਆਂ ਬੇ-ਸ਼ੁਮਾਰ,
ਮੇਰੀ ਕਿਸਮਤ ਦੀ ਹੀ ਝੋਲ਼ੀ ਤੰਗ ਏ ।
ਜੀਣ ਜੋਗੀ ਜ਼ਿੰਦਗੀ, ਲਭਣ ਲਈ,
ਆਦਮੀ ਦਾ ਜਿਸਮ, ਡੰਗੋ ਡੰਗ ਏ ।
ਮੰਗ 'ਅਸ਼ਰਫ਼' ਖੁਲ੍ਹ ਕੇ ਉੁਸਤੋਂ ਕੋਈ ਸ਼ੈ,
ਲੈਂਦਿਆਂ ਆਈ ਨਾ ਜਿਸ ਤੋਂ ਸੰਗ ਏ ।
13. ਮੇਰੀ ਉਸਦੀ ਦੋਸਤੀ, ਨਿਭਦੀ ਨਜ਼ਰ ਅਓਂਦੀ ਨਈਂ
ਮੇਰੀ ਉਸਦੀ ਦੋਸਤੀ, ਨਿਭਦੀ ਨਜ਼ਰ ਅਓਂਦੀ ਨਈਂ ।
ਕੋਈ ਮੇਰੀ ਗੱਲ ਓਹਨੂੰ, ਸਿੱਧੀ ਨਜ਼ਰ ਅਓਂਦੀ ਨਈਂ ।
ਸੋਚਿਆਂ ਬਿਨ ਕਰ ਰਿਹੈ, ਮੇਰੇ ਤੇ ਓਹ ਸ਼ਿਕਵੇ ਗਿਲ੍ਹੇ,
ਉਸ ਨੂੰ ਖ਼ੌਰੇ ਮੇਰੀ ਮਜਬੂਰੀ, ਨਜ਼ਰ ਅਓਂਦੀ ਨਈਂ ।
ਝੋਲੀਆਂ ਭਰ ਲੋਕ ਬੈਠੇ, ਰੋੜਿਆਂ, ਪਥਰਾਂ ਦੇ ਨਾਲ,
ਇਸ਼ਕ ਮੁਖੜੇ ਡਰ ਦੀ ਪਰ, ਰੱਤੀ ਨਜ਼ਰ ਅਓਂਦੀ ਨਈ ।
ਵੇਖ ਮਜ਼ਲੂਮਾਂ ਨੂੰ ਜਾਂ, ਓਹ ਜਾਣ ਕੇ ਚੁਪ ਹੋ ਰਿਹੈ,
ਯਾ ਫ਼ਿਰ ਇਸ ਆਕਾਸ਼ ਨੂੰ, ਧਰਤੀ ਨਜ਼ਰ ਅਓਂਦੀ ਨਈਂ ।
ਚਾੜ੍ਹ ਲਏ ਲੋਕਾਂ ਚੁਬਾਰੇ, ਮੇਰੇ ਘਰ ਦੇ ਹਰ ਤਰਫ਼,
ਮੇਰੇ ਘਰ ਹੁਣ ਧੁਪ ਉਤਰਦੀ ਵੀ, ਨਜ਼ਰ ਅਓਂਦੀ ਨਈ ।
ਹਸਦੀਆਂ ਸ਼ਕਲਾਂ ਦੇ ਪਿੱਛੇ, ਤਿਊੜਿਆਂ ਤੇ ਨਫ਼ਰਤਾਂ,
ਏਥੇ ਕੋਈ ਚੀਜ਼ ਵੀ ਅਸਲੀ, ਨਜ਼ਰ ਅਓਂਦੀ ਨਈਂ ।
ਜਿਹਨੀਂ ਡਾਲੀਂ ਗੌਂ ਕੇ ਪੰਛੀ, ਉੱਡ ਗਏ, ਪਰਤੇ ਨਈਂ,
ਓਹਨਾਂ ਰੁੱਖਾਂ ਤੇ ਹੀ ਹਰਿਆਲੀ, ਨਜ਼ਰ ਅਓਂਦੀ ਨਈਂ ।
ਜ਼ਿਹਨ ਦੇ ਆਲ਼ੇ ਦਵਾਲੇ, ਏਸਰੈਂ ਗੂੜ੍ਹਾ ਧੁਆਂ,
ਸ਼ਕਲ ਸੋਚਾਂ ਨੂੰ ਵੀ ਹੁਣ ਅਪਣੀ, ਨਜ਼ਰ ਅਓਂਦੀ ਨਈਂ ।
ਲਗ ਗਈ ਜਿਸ ਨੂੰ ਬਿਮਾਰੀ, ਪਿਆਰ ਦੀ ਬਸ ਇਕ ਦਫ਼ਾ,
ਨਾਲ ਦਾਰੂ ਧਾਗਿਆਂ, ਜਾਂਦੀ ਨਜ਼ਰ ਅਓਂਦੀ ਨਈਂ ।
ਬੰਦ ਕਰ 'ਅਸ਼ਰਫ਼', ਕਮਾਈ ਸਿਫ਼ਰ ਤੋਂ ਵਧਣੀ ਨਈਂ,
ਇਸ਼ਕ ਦੀ ਹੱਟੀ ਦੇ ਵਿਚ ਖੱਟੀ, ਨਜ਼ਰ ਅਓਂਦੀ ਨਈਂ ।
14. ਹਜ਼ਾਰਾਂ ਬਖੇੜੇ, ਤੇ ਲੱਖਾਂ ਝਮੇਲੇ
ਹਜ਼ਾਰਾਂ ਬਖੇੜੇ, ਤੇ ਲੱਖਾਂ ਝਮੇਲੇ,
ਜ਼ਮਾਨੇ ਤੇ, ਖ਼ੁਸ਼ਿਆਂ ਦੇ ਵੀ ਹੈਣ ਰੇਲੇ ।
ਅਸੀਂ ਤੇਰੀ ਖ਼ਾਤਰ ਹਾਂ ਵੇਹਲੇ ਹੀ ਵੇਹਲੇ,
ਤੂੰ ਆ ਵੇਲੇ ਸਿਰ, ਜਾਂ ਵੇਲੇ ਕੁਵੇਲੇ ।
ਨਾ ਜਾਣੇਂ, ਅਸਾਂ ਕਿਹੜੇ ਟੇਸ਼ਣ ਤੇ ਲਹਿਣੈਂ,
ਚੜ੍ਹੇ ਹੋਏ ਹਾਂ, ਜ਼ਿੰਦਗਾਨੀ ਦੀ ਰੇਲੇ?
ਜੇ ਨੈਣਾਂ ਨੇ ਰਹਿਣਾਂ ਏਂ, ਡੋਬੂ ਹੀ ਡੋਬੂ,
ਤੇ ਖ਼ਾਬਾਂ ਵੀ ਰਹਿਣੈਂ, ਤਰੇਲੇ ਤਰੇਲੇ ।
ਜਦੋਂ ਤਾਈਂ ਆਟੇ 'ਚ, ਘੁਣ ਪੀਸਣਾਂ ਏਂ,
ਤਦੋਂ ਤਾਈਂ ਫ਼ਸਲਾਂ ਨੂੰ, ਖਾਣਾਂ ਏਂ ਤੇਲੇ ।
ਜ਼ਮਾਨੇ ਦੇ ਵਿਚ, ਬੌਹਤ ਲੋਕੀ ਨੇ ਜਿਹੜੇ,
ਬਿਨਾਂ ਸੰਘ ਨੱਪਣ ਤੋਂ, ਕੱਢਦੇ ਨੇ ਡੇਲੇ ।
ਬੜੀ ਏਹ ਹਿਆਤੀ, ਵਫ਼ਾਵਾਂ ਨੇ ਵਰਤੀ,
ਬਚੀ ਜੋ, ਜਫ਼ਾਵਾਂ ਦੇ ਖਾਂਦੀ ਏ ਢੇਲੇ ।
ਮਨਾਈ ਦਾ ਏ ਸੋਗ ਵੀ, ਟੁਰ ਗਿਆਂ ਦਾ,
ਕੁਲੋਂ ਬਾਅਦ, ਫ਼ਿਰ ਓਹੀ, ਰੌਣਕ ਤੇ ਮੇਲੇ ।
ਬਣਾਇਆ ਸੀ 'ਵਾਰਸ' ਨੇ, ਇੱਕੋ ਈ ਰਾਂਝਾ,
ਤੇ ਰਾਂਝੇ ਬਣਾਏ, ਹਜ਼ਾਰਾਂ ਹੀ ਚੇਲੇ ।
ਜੋ ਚਿੜਦੇ ਸੀ ਓਹਤੋਂ, ਮਿਰੀ ਸੁਣ ਕੇ 'ਅਸ਼ਰਫ਼',
ਫੜੀ ਰਹਿ ਗਏ ਨੇ, ਗੁਲੇਲਾਂ, ਗੁਲੇਲੇ ।
15. ਯਾਰੀਆਂ ਨਵੀਆਂ ਵਧਾਕੇ, ਕੀਹ ਕਰਾਂ
ਯਾਰੀਆਂ ਨਵੀਆਂ ਵਧਾਕੇ, ਕੀਹ ਕਰਾਂ,
ਹਾਲ ਗ਼ੈਰਾਂ ਨੂੰ ਸੁਣਾਕੇ, ਕੀਹ ਕਰਾਂ?
ਓਹ ਗਲ਼ੀ ਤੀਕਰ ਮਿਰੀ, ਅਓਂਦਾ ਨਈਂ,
ਮੈਂ ਭਲਾ ਘਰ ਨੂੰ ਸਜਾਕੇ, ਕੀਹ ਕਰਾਂ?
ਜਿਸ ਦੇ ਨਾਲ, ਇਨਸਾਨੀਅਤ ਜ਼ਖ਼ਮੀ ਹੋਵੇ,
ਮੈਂ ਓਹ ਫੁਲ-ਝੜੀਆਂ, ਪਟਾਕੇ, ਕੀਹ ਕਰਾਂ?
ਮੇਰੇ ਗਲ਼ ਦਾ ਹਾਰ, ਏਹਨਾਂ ਬਣਨਾਂ ਨਈਂ,
ਤੇਰੀਆਂ ਬਾਹਾਂ 'ਚ ਆਕੇ, ਕੀਹ ਕਰਾਂ?
ਜਿਸ ਨੇ ਨਜ਼ਰਾਂ ਫੇਰ ਕੇ, ਲੰਘ ਜਾਵਣੈਂ,
ਉਸ ਲਈ ਪਲਕਾਂ ਵਿਛਾਕੇ, ਕੀਹ ਕਰਾਂ?
ਨੱਕ ਉੱਤੇ ਗ਼ੁੱਸਾ ਜਿਹਦਾ, ਰਹਿੰਦੈ ਸਦਾ,
ਨਾਲ ਉਸਦੇ ਮੂੰਹ ਬਣਾਕੇ, ਕੀਹ ਕਰਾਂ?
ਟਾਲ ਤੇ ਦੇਨਾਂ ਹਾਂ, ਲੋਕਾਂ ਦੇ ਸਵਾਲ,
ਦਿਲ ਨੂੰ ਜਦ ਚੁੱਭਣ ਓਹ ਜਾਕੇ, ਕੀਹ ਕਰਾਂ?
ਝੂਠੀਆਂ ਕਸਮਾਂ ਜੋ ਖਾਂਦੈ, ਓਸ ਦੇ,
ਲਾਰਿਆਂ ਤੇ ਲਾਰ ਲਾਕੇ, ਕੀਹ ਕਰਾਂ?
ਲਾਲ ਧਰਤੀ, ਤੇ ਸਿਆਹ ਅੰਬਰ ਹੋਐ,
ਐਥੇ ਖ਼ੁਸ਼ਬੋਆਂ ਧੁਮਾਕੇ, ਕੀਹ ਕਰਾਂ?
ਜੇਸ ਥਾਂ ਰੌਲਾ ਹੈ 'ਅਸ਼ਰਫ਼' ਤੇਰ ਮੇਰ,
ਓਸ ਥਾਂ ਜਾਵਾਂ, ਤੇ ਜਾਕੇ ਕੀਹ ਕਰਾਂ?
16. ਉਤੋਂ ਹਸਦੇ ਦਿਸਦੇ ਲੋਕੀ, ਵਿਚੋਂ ਸੂਲ਼ੀ ਟੰਗੀ ਜਾਨ
ਉਤੋਂ ਹਸਦੇ ਦਿਸਦੇ ਲੋਕੀ, ਵਿਚੋਂ ਸੂਲ਼ੀ ਟੰਗੀ ਜਾਨ,
ਇਕ ਦੂਜੇ ਤੋਂ ਹੈਣ ਲੁਕਾਂਦੇ, ਅਪਣੇ ਖ਼ੂਨ 'ਚ ਰੰਗੀ ਜਾਨ ।
ਸ਼ੀਸ਼ੇ ਵਾਂਗੂੰ ਲਿਸ਼ਕ ਰਈ ਸੀ, ਕੋਰੀ ਵੀ ਸੀ ਕਾਗ਼ਜ਼ ਵਾਂਗ,
ਝੂਠੇ ਸੱਚੇ ਵੇਖ ਕੇ ਲੋਕੀ, ਹੋ ਗਈ ਰੰਗ-ਬਰੰਗੀ ਜਾਨ ।
ਮੇਰਾ ਜੀਵਣ ਸਭਨਾਂ ਅੱਗੇ, ਖੁੱਲ੍ਹਮ ਖੁੱਲ੍ਹਾ ਵਾਂਗ ਕਿਤਾਬ,
ਮਾਜ਼ੀ, ਹਾਲ, ਤੇ ਮੁਸਤਕਬਿਲ ਦੇ, ਹਰਫ਼ਾਂ ਰੰਗੀ ਨੰਗੀ ਜਾਨ ।
ਜਿਧਰ ਚਾਹਨਾਂ, ਜਾਂਦੀ ਹੀ ਨਈਂ, ਮੈਂ ਸਮਝਾਂਦਾ ਹਾਰ ਗਿਆਂ,
ਜਿਧਰੋਂ ਮੋੜਾਂ, ਮੁੜਦੀ ਨਾਹੀਂ, ਅੜਿਅਲ ਤੇ ਅੜਬੰਗੀ ਜਾਨ ।
ਡਾਢੇ ਨਾਲ ਭਿਆਲੀ ਪਾਕੇ, ਨਾਂ ਤੇ ਨਾਂਵਾਂ ਦੋਵੇਂ ਗਏ,
ਘਾਟਾ ਮੇਰੇ ਨਾਂ ਉਸ ਪਾਕੇ, ਮਾਲ ਦੇ ਬਦਲੇ ਮੰਗੀ ਜਾਨ ।
ਪਿੰਡੋਂ ਆਕੇ ਸ਼ਹਿਰ 'ਚ ਵੱਸੇ, ਸ਼ਹਿਰੋਂ ਆਕੇ ਪਰਦੇਸੀਂ,
ਖ਼ੁਦ ਨੂੰ ਸੌਖਾ ਕਰਦੇ ਕਰਦੇ, ਫਾਹ ਲਈ ਵਿਚ ਕੁੜੰਗੀ ਜਾਨ ।
ਆਲ ਦਵਾਲ਼ੇ ਦੇ ਸਭ ਝੇੜੇ, ਅਪਣੇ ਗਲ਼ ਵਿਚ ਪਾ ਲਏ ਨੇਂ,
ਏਹੋ ਜਹੇ ਮਾਹੌਲ 'ਚ ਦੱਸੋ, ਕੀਵੇਂ ਰਹਿੰਦੀ ਚੰਗੀ ਜਾਨ?
ਮਾੜੇ ਦੀ ਸੰਘੀ ਤੇ ਗੂਠਾ, ਰੱਖ ਕੇ ਕੰਮ ਕਰਵਾ ਲੈਂਦੀ,
ਪਰ ਤਗੜੇ ਦੀਆਂ ਤੜੀਆਂ ਅੱਗੇ, ਝਲਦੀ ਏ ਹਰ ਤੰਗੀ ਜਾਨ ।
ਐਵੇਂ ਥੋੜਾ ਮੇਰਾ ਜੀਵਣ, ਹਸਦਾ, ਰਸਦਾ, ਦਿਸਦਾ ਏ,
ਧੁੱਪੀਂ ਸੜਦੀ, ਪਾਲੀਂ ਠਰਦੀ, ਮਲ੍ਹਿਆਂ ਵਿਚੋਂ ਲੰਘੀ ਜਾਨ ।
'ਅਸ਼ਰਫ਼' ਜਿਸਰਾਂ ਪੀੜਾਂ ਚਸਕਣ, ਮਾੜੇ ਭੁੱਘੇ ਜੋੜਾਂ ਵਿਚ,
ਆਸਾਂ ਜੁੜੀਆਂ ਨਾਲ ਹਿਆਤੀ, ਸਾਹਵਾਂ ਨਾਲ ਹੈ ਟੰਗੀ ਜਾਨ ।
17. ਜੀਵਨ ਇਕ ਕਿਤਾਬ ਜਿਵੇਂ
ਜੀਵਨ ਇਕ ਕਿਤਾਬ ਜਿਵੇਂ,
ਦੁਖ ਸੁਖ ਦੇ ਦੋ ਬਾਬ ਜਿਵੇਂ ।
ਜਾਗਣ ਵੇਲ਼ੇ ਖ਼ਾਹਸ਼ਾਂ ਇੰਜ,
ਨੀਦਰ ਅੰਦਰ ਖ਼ਾਬ ਜਿਵੇਂ ।
ਹਸਦੈ ਪਿਆ ਸਵਾਲਾਂ ਤੇ,
ਦੇਂਦੈ ਪਿਆ ਜਵਾਬ ਜਿਵੇਂ ।
ਨਿਤ ਦਿਨ ਖੁੱਭੀ ਜਾਨੇਂ ਹਾਂ,
ਇਹ ਦੁਨੀਆਂ ਏਂ ਗਾਬ ਜਿਵੇਂ ।
ਰਹਿਤਲ਼ ਅਪਣੀ ਦੁਨੀਆਂ ਵਿਚ,
ਕੰਡਿਆਂ ਵਿਚ ਗੁਲਾਬ ਜਿਵੇਂ ।
ਇੰਜੇ ਬੇ-ਇਤਬਾਰੈ ਓਹ,
ਅਮਰੀਕਾ ਦੀ ਜਾਬ ਜਿਵੇਂ ।
ਆ ਏਵੇਂ ਘੁਲ਼ ਮਿਲ਼ ਜਾਈਏ,
ਰਾਵੀ ਵਿਚ 'ਚਨਾਬ' ਜਿਵੇਂ ।
ਹੋਰਾਂ ਖਿੱਚ ਅਮਰੀਕਾ ਇੰਜ,
ਸਾਨੂੰ ਸਿੱਕ 'ਪੰਜਾਬ' ਜਿਵੇਂ ।
'ਅਸ਼ਰਫ਼' ਅਸਲੀ ਜੀਵਨ ਏਹ,
ਦੇਣਾਂ ਰੋਜ਼ ਹਿਸਾਬ ਜਿਵੇਂ ।
18. ਘਰ ਆਏ ਹੋਏ ਸਜਣਾਂ ਨੂੰ, ਮੈਂ ਟੋਰ ਗਵਾਇਆ, ਕੀਹ ਕੀਤਾ
ਘਰ ਆਏ ਹੋਏ ਸਜਣਾਂ ਨੂੰ, ਮੈਂ ਟੋਰ ਗਵਾਇਆ, ਕੀਹ ਕੀਤਾ?
ਪਥੱਰ ਤੋਂ ਪੱਕ ਇਰਾਦੇ ਨੂੰ, ਕੰਮਜ਼ੋਰ ਬਣਾਇਆ, ਕੀਹ ਕੀਤਾ?
ਦਿਲ ਉੱਤੇ ਕੁਝ ਤਹਿਰੀਰਾਂ ਸਨ, ਰੰਗੀਨ ਕਈ ਤਸਵੀਰਾਂ ਸਨ,
ਯਾਦਾਂ ਦੀ ਵਰਸ਼ਾ ਦੀ ਰਿੰਮ ਝਿੰਮ, ਸਭ ਖੋਰ ਗਵਾਇਆ, ਕੀਹ ਕੀਤਾ?
ਅਣ-ਕੀਤੇ ਜੁਰਮ ਕਬੂਲਣ ਤੇ, ਦੁਖ, ਦਰਦ, ਅਜ਼ਾਬ ਵਸੂਲੇ ਨੇਂ,
ਬਸ ਪਿਆਰ ਤੋਂ ਤੌਬਾ ਨਾ ਕੀਤੀ, ਦਸ ਹੋਰ ਖ਼ੁਦਾਇਆ, ਕੀਹ ਕੀਤਾ?
ਅਮਰੀਕੀ ਲੋਕਾਂ ਦੇ ਚਿਹਰੇ, ਏਹ ਸੋਚਣ ਤੇ ਮਜਬੂਰ ਕਰਨ,
ਇਹਸਾਸ ਤੋਂ ਵਾਂਜੇ ਲੋਕਾਂ ਲਈ ਕਿਉਂ ਲਹੌਰ ਗਵਾਇਆ, ਕੀਹ ਕੀਤਾ?
ਮਾੜੇ ਦੇ ਅੰਦਰ ਭਾਜੜ ਕਿਉਂ, ਮਾਯੂਸੀ ਦੀ, ਨਿਰਾਸ਼ਾ ਦੀ,
ਦੌਲਤ ਨੇ ਗ਼ੁਰਬਤ ਦਾ ਏਨਾਂ, ਕਿਉਂ ਘੋਲ ਕਰਾਇਆ, ਕੀਹ ਕੀਤਾ?
ਵੇਖ ਉਸਦੇ ਰੂਪ ਨੂੰ ਅੱਲ੍ਹਾ ਦੀ, ਤਅਰੀਫ਼ ਹੀ ਬਸ ਮੈਂ ਕੀਤੀ ਸੀ,
ਮਗ਼ਰੂਰ ਜਿਹੇ ਇਕ ਬੰਦੇ ਨੂੰ, ਚਿਤ ਚੋਰ ਬਣਇਆ, ਕੀਹ ਕੀਤਾ?
ਸੱਚੇ ਟੁਰ ਟੁਰ ਕੇ ਸੂਲ਼ਾਂ ਤੇ, ਚੁਪ ਚਾਪ ਚੜ੍ਹੇ ਜਾ ਸੂਲ਼ੀ ਤੇ,
ਝੂਠੇ ਲੋਕਾਂ ਓਹਨਾਂ ਪਿੱਛੇ, ਜਦ ਢੋਲ ਵਜਾਇਆ, ਕੀਹ ਕੀਤਾ?
ਧੱਮੀ ਵੇਲ਼ੇ, ਮੇਰੇ ਖ਼ਾਬੀਂ, ਓਹ ਆਕੇ ਹਾਲੀ ਬੈਠਾ ਸੀ,
ਚੜ੍ਹਦੇ ਸੂਰਜ ਦੇ ਚਾਨਣ ਨੇ, ਕਿਉਂ ਆਣ ਜਗਾਇਆ, ਕੀਹ ਕੀਤਾ?
'ਅਸ਼ਰਫ਼' ਨੇ ਰੀਝਾਂ ਨਾਲ ਬੜੀ, ਫੁੱਲਾਂ ਦੀ ਪੌਦ ਲਗਾਈ ਸੀ,
ਬਦ-ਨੀਅਤਾਂ ਓਸ ਪਨੀਰੀ ਵਿਚ, ਜਾ ਥੋਰ ਰਲ਼ਾਇਆ, ਕੀਹ ਕੀਤਾ?
19. ਖ਼ੁਸ਼ੀਆਂ ਦਾ ਰੰਗ ਖੁਰ ਗਿਐੈ, ਹੁੰਦਾ ਸੀ ਲਾਲ ਲਾਲ
ਖ਼ੁਸ਼ੀਆਂ ਦਾ ਰੰਗ ਖੁਰ ਗਿਐੈ, ਹੁੰਦਾ ਸੀ ਲਾਲ ਲਾਲ,
ਹਾਵਾਂ ਨੇ ਦਿਲ ਧਵਾਂਖਿਐੈ, ਧੁਖ਼ ਧੁਖ਼ ਕੇ ਨਾਲ ਨਾਲ ।
ਪੀੜਾਂ ਨੂੰ ਇੰਜ ਜਾਲਿਐੈ, ਜੀਵਣ ਦੇ ਨਾਲ ਨਾਲ,
ਸੁਰਤਾਂ ਨੂੰ ਜਿੰਜ ਸੰਭਾਲਿਐ, ਗਿਣ ਗਿਣ ਕੇ ਸਾਲ ਸਾਲ ।
ਹਿਕਮਤ ਦੇ ਨਾਲ ਵੀ ਹੋਈਆਂ, ਥੋੜਾਂ ਨਾ ਪੂਰੀਆਂ,
ਜੋੜਾਂ ਤੇ ਭਾਰ ਵਧ ਗਿਐੈ, ਲੋੜਾਂ ਨੂੰ ਪਾਲ ਪਾਲ ।
ਖ਼ੁਸ਼ ਨੇ ਓਹ ਲੋਕ, ਜੋ ਨਈਂ ਕੰਨਾਂ ਨੂੰ ਵਰਤਦੇ,
ਅਪਣਾ ਵਜੂਦ ਗਲ਼ ਗਿਐ, ਗੱਲਾਂ ਨੂੰ ਗਾਲ਼ ਗਾਲ਼ ।
ਰੁੱਖਾਂ ਤੇ ਪਿਆਰ ਤੋਂ ਕਦੀ, ਪੰਛੀ ਨਾ ਬੈਠਦੇ,
ਲੋੜਾਂ ਵਜੋਂ ਹੀ ਚਹਿਕਦੇ, ਫਿਰਦੇ ਨੇਂ ਡਾਲ ਡਾਲ ।
ਆਈ ਨਾ ਮੁੱਕਣ ਵਿਚ ਕਦੀ, ਹਿਜਰਾਂ ਦੀ ਸੀਤ ਰਾਤ,
ਮੇਰੇ ਨਸੀਬ ਸੇਕਿਆ, ਮੈਨੂੰ ਹੀ ਬਾਲ਼ ਬਾਲ਼ ।
ਮੇਰੀ ਤੇ ਉਮਰ ਖਾ ਲਈ ਏ, ਉਸਦੇ ਵਾਦਿਆਂ,
ਓਹਦਾ ਵੀ ਵਕਤ ਟਲ਼ ਗਿਐ, ਮੈਨੂੰ ਟਾਲ ਟਾਲ ।
ਮੌਸਮ ਨਵੇਂ 'ਚ ਔਣ ਜਦ, ਯਾਦਾਂ ਪੁਰਾਣੀਆਂ,
ਕੁਝ ਦੇਰ ਜ਼ਖ਼ਮ ਹੋਕੇ ਹਰੇ, ਹੁੰਦੇ ਲਾਲ ਲਾਲ ।
'ਅਸ਼ਰਫ਼', ਅਜ਼ਾਦ ਮੁਲਕ ਦੀ, ਇਹ ਵੱਡੀ ਦੇਣ ਨਈਂ,
ਕਰਜ਼ੇ ਦੇ ਨਾਲ ਬੰਨ੍ਹ ਲਿਐ, ਜਿਸ ਸਾਡਾ ਵਾਲ ਵਾਲ?
20. ਵੱਜੀਆਂ ਨੇ ਮੇਰੇ ਪਿਆਰ ਦਵਾਲ਼ੇ, ਤੇ ਵਲਗਨਾਂ
ਵੱਜੀਆਂ ਨੇ ਮੇਰੇ ਪਿਆਰ ਦਵਾਲ਼ੇ, ਤੇ ਵਲਗਨਾਂ,
ਇਸ ਹਾਲ ਵਿਚ ਪਤਾ ਨਈਂ, ਜੀਣਾਂ ਏਂ ਕਿਸਤਰ੍ਹਾਂ?
ਵੇਖਣ ਲਈ ਓਹ ਆ ਗਿਆ ਏ, ਮੈਨੂੰ ਮਰਦਿਆਂ,
ਭਰਕੇ ਨਜ਼ਰ ਨਾ ਵੇਖਿਆ, ਜਿਸ ਮੈਨੂੰ ਜਿਉਂਦਿਆਂ ।
ਕੁਝ ਬੇਵਸੀ ਨੇ ਦੋਸਤੀ, ਕੀਤੀ ਅਗਾਂਹ ਪਿਛਾਂਹ,
ਕੁਝ ਯਾਰ ਆਪ ਈ ਗਏ ਨੇ, ਤੋੜ ਯਾਰੀਆਂ ।
ਆਕਾਸ਼ ! ਜਦ ਤੋਂ ਧਰਤ ਦੇ, ਜ਼ੁਲਮਾਂ ਤੇ ਹੈ ਖ਼ਮੋਸ਼,
ਮਜ਼ਲੂਮ ਤਦ ਤੋਂ ਕਹਿ ਰਿਹੈ, ਰੱਬ ਦਾ ਗ਼ਲਤ ਨਿਆਂ ।
ਦੁਖ ਤੇ ਬੜਾ ਏ, ਹੋ ਗਏ ਵਖਰੇ ਜਹਾਨ ਤੋਂ,
ਸਾਥੋਂ ਮਿਲਾਈ ਨਾ ਗਈ, ਲੋਕਾਂ ਦੀ ਹਾਂ 'ਚ ਹਾਂ ।
ਹੋਇਆ ਨਾ ਕੁਝ ਵੀ ਫ਼ਾਇਦਾ, ਸੱਟਾਂ ਛੁਪਾਣ ਦਾ,
ਰਿਸ ਪਏ ਨੇ ਬਣ ਕੇ ਜ਼ਖ਼ਮ ਓਹ, ਲਾਸਾਂ ਸੀ ਜਿਹੜੀਆਂ ।
ਸੋਚਾਂ 'ਚ ਸਾਰੇ ਲੋਕ ਤੇ, ਮੁੱਦਤ ਤੋਂ ਗ਼ਰਕ ਨੇਂ,
ਕੁਝਨਾਂ ਨੂੰ ਰੋਹੜਦਾ ਪਿਆ, ਰਾਵੀ ਕਦੀ ਝਨਾਂ ।
ਬਦਲੋ ਜ਼ਰੂਰ ਰਾਜ ਪਰ, ਏਹ ਵੀ ਤੇ ਹੈ ਗ਼ਲਤ,
ਅੰਨ੍ਹੇ ਤੋਂ ਖੋਹ ਕੇ ਦੇਵਣਾਂ, ਕਾਣੇ ਦੇ ਹੱਥ ਨਿਆਂ ।
ਕਟਣੀ ਪਈ ਅਸਾਨੂੰ ਸਦਾ, ਅਪਣਿਆਂ ਦੀ ਕੈਦ,
ਮਿਲੀਆਂ ਨੇ ਤਦ ਹੀ, ਗ਼ੈਰ ਦੇ ਕੋਲ਼ੋਂ ਅਜ਼ਾਦੀਆਂ ।
ਜਗ 'ਚੋਂ ਸੀ ਨੁਕਸ ਟੋਲਦੇ, ਖ਼ੁਦ ਚੋਂ ਹੀ ਲਭ ਪਿਐ,
'ਗਿਲ' ਨੇ ਜੋ ਲੈਕੇ ਵੇਖੀਆਂ, ਨਜ਼ਰਾਂ ਉਧਾਰੀਆਂ ।
21. ਜਦੋਂ ਮਿਲਦੈ, ਵਧਾ ਦੇਂਦੈ, ਮਿਰੇ ਅੰਦਰ ਗ਼ਲਤ-ਫ਼ਹਿਮੀ
ਜਦੋਂ ਮਿਲਦੈ, ਵਧਾ ਦੇਂਦੈ, ਮਿਰੇ ਅੰਦਰ ਗ਼ਲਤ-ਫ਼ਹਿਮੀ,
ਚਲਾ ਜਾਵੇ ਤੇ ਛਡ ਜਾਂਦਾ ਏ, ਮੇਰੇ ਘਰ ਗ਼ਲਤ-ਫ਼ਹਿਮੀ ।
ਓਹਦੇ ਹਾਸੇ ਨੇਂ ਮੈਨੂੰ ਹੀ, ਭੁਲੇਖੇ ਵਿਚ ਨਈਂ ਪਾਇਆ,
ਓਹਦੀ ਆਦਤ ਤੇ ਸਭ ਨੂੰ ਹੀ ਰਹੀ, ਅਕਸਰ ਗ਼ਲਤ-ਫ਼ਹਿਮੀ।
ਅਜੇ ਰਾਤੀਂ ਹੀ ਛਾਂਗੀ ਹਰ ਲਗ਼ਰ, ਨਫ਼ਰਤ ਦੇ ਰੁੱਖ ਉੱਤੋਂ,
ਸਵੇਰੇ ਮੂੰਹ ਹਨ੍ਹੇਰੇ ਫ਼ਿਰ ਪਈ ਪੁੰਗਰ, ਗ਼ਲਤ-ਫ਼ਹਿਮੀ ।
ਜਦੋਂ ਬੇੜੀ ਮੁਹੱਬਤ ਦੀ, ਜ਼ਰਾ ਡੋਲੇ, ਸਮਝ ਲੈਣਾਂ,
ਭਰੋਸੇ ਦੇ ਸਮੁੰਦਰ 'ਚੋਂ, ਪਈ ਪੁੰਗਰ, ਗ਼ਲਤ-ਫ਼ਹਿਮੀ ।
ਕਰੇ ਹੰਕਾਰ ਨੂੰ ਹੀਣਾਂ, ਅਤੇ ਕਮਜ਼ੋਰ ਨੂੰ ਪੀਡਾ,
ਕਰੇ ਪੱਥਰ ਨੂੰ ਪਾਣੀ, ਮੋਮ ਨੂੰ ਪੱਥਰ, ਗ਼ਲਤ-ਫ਼ਹਿਮੀ ।
ਬਹਾਰਾਂ ਵਿਚ ਦਰਖ਼ਤਾਂ ਦੇ, ਬਣੇ ਸਨ ਜਿਹੜੇ ਪਹਿਨਾਵੇ,
ਖ਼ਿਜ਼ਾਵਾਂ ਵਿਚ ਝੜੇ ਬਣ ਕੇ, ਓਹੀ ਪੱਤਰ, ਗ਼ਲਤ-ਫ਼ਹਿਮੀ ।
ਓਹਦੀ ਸੁਣਦਾ ਏ ਹਰ ਕੋਈ, ਤੇ ਵਸਦੀ ਬਣ ਕੇ ਸ਼ਹਿਜ਼ਾਦੀ,
ਗ਼ਰੀਬਾਂ ਦੇ ਘਰਾਂ ਤੋਂ ਲੈਕੇ, ਸ਼ਾਹਾਂ ਘਰ ਗ਼ਲਤ-ਫ਼ਹਿਮੀ ।
ਕਿਸੇ ਦੀ ਖੋਜ ਅੰਦਰ ਜਦ, ਕਰਾਰ ਅਓਂਦਾ ਨਈਂ ਦਿਲ ਨੂੰ,
ਫਿਰਾਂਦੀ ਬੇਲ਼ੇ, ਜੰਗਲ, ਤੇ ਕਦੀ ਦਰ ਦਰ ਗ਼ਲਤ-ਫ਼ਹਿਮੀ ।
ਜਦੋਂ ਦਾ ਬੀ ਮੁਹੱਬਤ ਦਾ, ਓਹ ਦਿਲ ਵਿਚ ਬੀ ਗਿਆ 'ਅਸ਼ਰਫ਼',
ਅਵਾਜ਼ਾਰੀ ਦੇ ਵਿਚ ਰਾਤਾਂ, ਅਤੇ ਦਿਨ ਭਰ ਗ਼ਲਤ-ਫ਼ਹਿਮੀ ।
22. ਆਸਾਂ ਦੇ ਸ਼ਹਿਰ ਅੰਦਰ, ਕੁਝ ਲੋਕ ਨੇਂ ਨਿਰਾਸੇ
ਆਸਾਂ ਦੇ ਸ਼ਹਿਰ ਅੰਦਰ, ਕੁਝ ਲੋਕ ਨੇਂ ਨਿਰਾਸੇ,
ਗ਼ਮ ਕਰ ਰਹੇ ਨੇਂ ਮੌਜਾਂ, ਖ਼ੁਸ਼ੀਆਂ ਦੇ ਆਸੇ ਪਾਸੇ ।
ਵੇਖੇ ਫ਼ਰੇਬ ਖਾਂਦੇ, ਜਦ ਯਾਰ ਯਾਰੀਆਂ ਤੋਂ,
ਦੁਸ਼ਮਣ ਵੀ ਅਪਣੇ ਦੁਸ਼ਮਣ ਨੂੰ, ਦੇ ਰਿਹੈ ਦਿਲਾਸੇ।
ਜ਼ੁਲਮਾਂ ਦੇ ਜ਼ਹਿਰ ਫੱਕੇ, ਸਾਰੀ ਹੀ ਜ਼ਿੰਦਗੀ, ਪਰ,
ਦਿੱਤੇ ਨਾ ਪੀਣ ਜ਼ਾਲਮ ਨੂੰ, ਘੋਲ਼ ਕੇ ਪਤਾਸੇ।
ਮਿਲਿਆ ਜਾਂ ! ਹਾਲ ਪੁਛਿਆ, ਤੇ ਉਦਾਸ ਹੋ ਗਿਆ ਓਹ,
ਮੈਂ ਤੇ ਸੀ ਗੱਲ ਕੀਤੀ, ਬਸ ਐਵੇਂ ਹਾਸੇ ਹਾਸੇ।
ਰਗ ਰਗ ਤੋਂ ਮੇਰੀ ਵਾਕਫ਼, ਏਹ ਦਰਦ ਜਾਪਦਾ ਏ,
ਬਹਿੰਦਾ ਰਿਹਾ ਏ ਸ਼ਾਇਦ, ਮੇਰੀ ਕਿਸੇ ਕਲਾਸੇ।
ਹਰ ਬਾਤ ਮੇਰੀ ਸੁਣਦੈ, ਤੇ ਜਵਾਬ ਠੀਕ ਦੇਂਦੈ,
ਜਦ ਪਿਆਰ ਵਾਲੀ ਛੇੜਾਂ, ਪਾ ਦੇਂਦੈ ਵਿਚ ਹਾਸੇ।
ਦੁਨੀਆਂ ਦੀ ਸ਼ਕਲ ਬਦਲੀ, ਇਨਸਾਨ ਨੇ, ਪਰ ਆਪੀਂ,
ਜਿਉਂ ਬਲਦ ਵਿਚ ਪੰਜਾਲ਼ੀ, ਜੁਪਿਐ ਖੂਹੇ ਖਰਾਸੇ।
ਜ਼ਿਹਨਾਂ ਚੋਂ ਘਿਣ, ਕਰਾਹਤ, ਮੁਕਣੀ ਏਂ ਏਸਰਾਂ,
ਜੇ, ਨਫ਼ਰਤ ਦਾ ਜ਼ਹਿਰ ਡੀਕੋ, ਇਕ ਸਾਹੇ, ਇਕ ਗਲਾਸੇ।
ਕਿਸ ਕਿਸ ਨਾ ਢਾਹ ਲਾਈ, ਢਾਵਣ ਦੀ ਮੈਨੂੰ ਯਾਰੋ,
ਦਰਦਾਂ ਨੇ ਜਿਸਮ ਅੰਦਰ, ਦੁਨੀਆਂ ਨੇਂ ਚਾਰ ਪਾਸੇ।
ਧਰਤੀ ਤੇ ਆਦਮੀ ਦਾ, ਰਿਸ਼ਤਾ ਅਟੂਟ 'ਅਸ਼ਰਫ਼',
ਦੋਵੇਂ ਹੀ ਰਲ਼ ਕੇ ਸਹਿੰਦੇ, ਪਾਲ਼ੇ ਕਦੀ ਚੁਮਾਸੇ।
23. ਮੁਸੀਬਤ ਦੇ ਟਾਲਣ ਨੂੰ, ਢਲਣਾ ਪਵੇਗਾ
ਮੁਸੀਬਤ ਦੇ ਟਾਲਣ ਨੂੰ, ਢਲਣਾ ਪਵੇਗਾ,
ਹਨੇਰੇ ਉਜਾਲਣ ਨੂੰ ਜਲਣਾ ਪਵੇਗਾ।
ਅਦਾਵਤ, ਰਕਾਬਤ, ਹਕਾਰਤ ਦਾ ਹੁਲੀਆ,
ਮੁਹੱਬਤ ਦੀ ਖ਼ਾਤਰ, ਬਦਲਣਾ ਪਵੇਗਾ।
ਘਰੋਂ ਟੁਰ ਪਏ ਸਾਂ, ਜ਼ਮਾਨੇ ਨੂੰ ਬਦਲਣ,
ਪਤਾ ਕੀਹ ਸੀ, ਖ਼ੁਦ ਨੂੰ ਬਦਲਣਾ ਪਵੇਗਾ!
ਖਲਾਰੀ ਜਾ ਚੰਨ ਜਿਹਾ ਚਾਨਣ ਤੂੰ ਜਗ ਵਿਚ,
ਬਣੇਂਗਾ ਜੇ ਸੂਰਜ, ਤੇ ਬਲ਼ਣਾ ਪਵੇਗਾ।
ਗਵਾਈਂ ਨਾ ਅੰਦਰ ਦੇ ਤਾਲ਼ੇ ਦੀ ਚਾਬੀ,
ਕਦੀ ਤੇ ਖ਼ੁਦੀ 'ਚੋਂ ਨਿਕਲਣਾ ਪਵੇਗਾ।
ਜ਼ਮੀਨੋਂ ਜੇ ਉੱਚਾ ਖੜੇਂਗਾ ਤੂੰ ਐਟਮ,
ਭਲਾ ਭੋਲਿਆ ! ਕੀਹ ਏਹ ਚਲ ਨਾ ਪਵੇਗਾ?
ਕਦੀ ਰੋਜ਼ ਸੂਰਜ ਨੂੰ ਨਿਗਲੇ ਨਾ ਧਰਤੀ,
ਜੇ ਜਾਣੇ, ਸਵੇਰੇ ਉਗਲਣਾ ਪਵੇਗਾ!
ਜੇ ਲਾਲਚ ਹੈ ਤਿਲਕਣ, ਤੇ ਦੁਨੀਆਂ ਹੈ ਖੋਭਾ,
ਸੰਭਲਣਾ, ਤੇ ਬਚ ਬਚ ਕੇ ਚਲਣਾ ਪਵੇਗਾ।
ਸੁਣਾਂਗਾ, ਫ਼ਿਰ ਅਪਣੀ ਸੁਣਾਵਾਂਗਾ "ਅਸਰਫ਼',
ਬਸ਼ਰਤੇ ! ਕੋਈ ਮੇਰੇ ਗਲ਼ ਨਾ ਪਵੇਗਾ!
24. ਕਰ ਕਰ ਕੰਨੀਂ ਗੱਲਾਂ ਲੋਕ
ਕਰ ਕਰ ਕੰਨੀਂ ਗੱਲਾਂ ਲੋਕ,
ਲਾਂਦੇ ਸੀਨੇ ਸੱਲ੍ਹਾਂ ਲੋਕ।
ਸਾਡੇ ਖਾਤੇ ਪਾਈ ਜਾਣ,
ਕਰ ਕਰ ਭੁੱਲਾਂ ਭੱਲਾਂ ਲੋਕ।
ਪੱਕੇ ਚਿਭੜ ਲਭਣ ਲਈ,
ਮਿਧਣ ਕੂਲੀਆਂ ਵੱਲਾਂ ਲੋਕ।
ਆਪਸ ਦੇ ਵਿਚ ਕਰਦੇ ਰਹਿਣ,
ਲਿਆ ਲਿਆ ਤੈਨੂੰ ਗੱਲਾਂ ਲੋਕ।
ਅਪਣੇ ਸੂਟ ਸਵਾਵਣ ਲਈ,
ਲਾਂਹਦੇ ਫਿਰਦੇ ਖੱਲਾਂ ਲੋਕ।
ਤੇਰੇ ਮੇਰੇ ਹੱਕਾਂ ਤੇ,
ਮਾਰੀ ਬੈਠੇ ਮੱਲਾਂ ਲੋਕ।
ਚੱਪਾ ਹਮਦਰਦੀ ਜਤਲਾਣ,
ਕਰਦੇ ਗਿਠ ਗਿਠ ਗੱਲਾਂ ਲੋਕ।
ਸੜਕੇ, ਚਿੜਕੇ, ਤੈਥੋਂ ਏਹ,
ਖ਼ੁਦ ਨੂੰ ਪਾਣ ਕੁੜੱਲਾਂ ਲੋਕ।
'ਅਸ਼ਰਫ਼', ਕਿਉਂ ਦਿਲ ਤੇ ਲਾਨੈਂ,
ਕਰਦੇ ਰੱਬ ਨੂੰ ਗੱਲਾਂ ਲੋਕ।
25. ਲੱਖਾਂ ਕੋਹ ਗੁਜ਼ਰਕੇ ਧਰਤੀ
ਲੱਖਾਂ ਕੋਹ ਗੁਜ਼ਰਕੇ ਧਰਤੀ ।
ਆਈ ਸੜਕੇ ਠਰਕੇ ਧਰਤੀ ।
ਇਸ ਨੂੰ ਮਾਂ ਵੀ ਕਹਿਨਾਂ ਐਂ,
ਪਰ ਰਹਿੰਦੀ ਤੈਥੋਂ ਡਰਕੇ ਧਰਤੀ।
ਜਦ ਦੀ ਜੰਮੀ, ਮੈਂ ਨਈਂ ਸੁਣਿਆਂ,
ਸੁੱਤੀ ਨੀਂਦਰ ਭਰਕੇ ਧਰਤੀ।
ਨਸਦੇ ਹਫ਼ਦੇ ਲੋਕਾਂ ਕਾਰਣ,
ਹਰਦਮ ਹਰਪਲ਼ ਘਰਕੇ ਧਰਤੀ।
ਟੁੱਟੀ ਐ ਅਸਮਾਨੋਂ, ਜਾਂ ਫ਼ਿਰ
ਆਈ ਜਲ 'ਚੋਂ ਤਰਕੇ ਧਰਤੀ ।
ਵੱਢਣ, ਟੁੱਕਣ ਇਸਨੂੰ ਲੋਕੀ,
ਸਮਝਣ ! ਸਾਥੋਂ ਯਰਕੇ ਧਰਤੀ ।
ਤੈਨੂੰ ਜ਼ਿੰਦਾ ਰੱਖਣ ਦੇ ਲਈ,
ਜੀਂਦੀ ਐ ਮਰ ਮਰ ਕੇ ਧਰਤੀ ।
ਕੀਹ ਲੱਭਾ ਐ ਲੋਕਾਂ ਮੁਲਕਾਂ,
ਵਰਕੇ ਵਰਕੇ ਕਰਕੇ ਧਰਤੀ?
ਤੇਰੇ ਪੈਰ ਟਿਕਾਵਣ ਆਈ,
ਖ਼ੁਦ ਨੂੰ ਖ਼ੁਦ ਤੇ ਧਰਕੇ ਧਰਤੀ ।
ਤੇਰੇ ਉੱਡਣ ਖ਼ਾਤਰ ਬੈਠੀ,
ਅਪਣੇ ਖੰਭ ਕਤਰਕੇ ਧਰਤੀ ।
ਸਭ ਨੂੰ ਸੈਰ ਕਰਾਂਦੀ ਫਿਰਦੀ,
ਅਪਣੀ ਹਿੱਕੇ ਧਰਕੇ ਧਰਤੀ ।
ਮੋਈ ਹੁੰਦੀ ਜੀਂਦੀ ਜਾਪੇ,
ਫੁੱਲੀਂ ਖ਼ੁਸ਼ਬੋ ਭਰਕੇ ਧਰਤੀ ।
ਲੋਕੀ ਇਸਨੂੰ ਖਿਚਦੇ ਧੂੰਹਦੇ,
ਪੋਟਾ ਵੀ ਨਾ ਸਰਕੇ ਧਰਤੀ ।
'ਅਸ਼ਰਫ਼' ਹੜ੍ਹ ਆ ਜਾਂਦੇ ਨੇ ਜਦ,
ਰੋਵੇ ਹੰਝੂ ਭਰਕੇ ਧਰਤੀ ।
26. ਦੁਨੀਆਂ ਭੋਲੇ ਨਾਲ ਬੜੀ ਹੈ ਭੋਲੀ ਵੀ
ਦੁਨੀਆਂ ਭੋਲੇ ਨਾਲ ਬੜੀ ਹੈ ਭੋਲੀ ਵੀ ।
ਬੜਬੋਲੇ ਦੇ ਨਾਲ ਉਵੇਂ ਬੜਬੋਲੀ ਵੀ ।
ਹੋਰ ਕਿਸੇ ਮਾਂ-ਬੋਲੀ ਦਾ ਕੁਝ ਰਹਿੰਦਾ ਨਹੀਂ,
ਪੰਜਾਬੀ ਦੀ 'ਪੰਜਾਬੀ' ਮਾਂ ਬੋਲੀ ਵੀ ।
ਮੰਨਦੇ ਹਾਂ ਬੰਦੇ ਨੇ ਔਰਤ ਰੋਲੀ ਹੈ,
ਉਹ ਹੀ ਅੱਥਰੂ ਕੇਰੇ ਚੁੱਕ ਕੇ ਡੋਲੀ ਵੀ ।
ਉੱਥੇ ਇਕੋ ਗੱਲ ਹੀ ਦੂਸਰ-ਪਾਰ ਗਈ,
ਜਿੱਥੇ ਕੁੱਝ ਨਾ ਕਰ ਸਕਦੀ ਸੀ ਗੋਲੀ ਵੀ ।
ਕਿੱਧਰੇ ਕਿਸਮਤ ਛੱਪੜ ਪਾੜ ਕੇ ਦੇ ਜਾਂਦੀ,
ਕਿਧਰੇ ਅੱਡੀ ਰਹਿ ਜਾਂਦੀ ਏ ਝੋਲੀ ਵੀ ।
ਏਹੋ ਸੁਣਿਐਂ ਤੇਰੇ ਬਾਰੇ ਲੋਕਾਂ ਤੋਂ,
ਤੇਰੀ ਆਦਤ ਜ਼ਿੱਦੀ ਹੈ ਪਰ ਭੋਲੀ ਵੀ ।
ਜਿਸ ਨੂੰ ਬੋਲਣ ਲੱਗਿਆਂ ਕੋਈ ਝਾਕਾ ਨਹੀਂ,
ਉਸ ਬੋਲੀ ਨੂੰ ਕਹਿੰਦੇ ਨੇ ਮਾਂ-ਬੋਲੀ ਵੀ ।
ਬਿਨ ਮਤਲਬ ਨਾ ਸੁਣਦੀ ਏ ਨਾ ਵਹਿੰਦੀ ਏ,
ਇਹ ਦੁਨੀਆਂ ਏ ਅੰਨ੍ਹੀ ਵੀ ਤੇ ਬੋਲੀ ਵੀ ।
'ਅਸ਼ਰਫ਼' ਸਾਡੇ ਹੀ ਬੂਹੇ ਤੇ ਤਾਲਾ ਸੀ,
ਉੱਪਰ ਵਾਲੇ ਤਾਂ ਕਿਸਮਤ ਸੀ ਖੋਲ੍ਹੀ ਵੀ ।
27. ਤੂੰ ਕਠਪੁਤਲੀ ਸਮਝ ਸਭ ਨੂੰ
ਤੂੰ ਕਠਪੁਤਲੀ ਸਮਝ ਸਭ ਨੂੰ ਅਤੇ ਪਲ ਪਲ ਨਚਾਈ ਚੱਲ ।
ਨਜ਼ਰ ਮਾੜੀ ਜਿਹੀ ਭੁੱਲ ਕੇ, ਹਮਾਤੜ ਤੇ ਵੀ ਪਾਈ ਚੱਲ ।
ਮੇਰੀ ਖ਼ਾਹਿਸ਼ ਉਧੇੜਣ ਨੂੰ, ਤੇ ਬੀ ਯਾਦਾਂ ਦੇ ਬੀਜਣ ਨੂੰ,
ਮੇਰੇ ਦਿਲ ਦੀ ਨਿਆਈ ਤੇ, ਨਜ਼ਰ ਦਾ ਹਲ ਚਲਾਈ ਚੱਲ ।
ਭਰਮ ਰੱਖ ਲੈ ਮੁਹੱਬਤ ਦਾ, ਜਾਂ ਫਿਰ ਸਿੱਧਾ ਜੁਆਬਾ ਦੇਹ,
ਜਾਂ ਨਾਂਹ ਕਰਦੇ, ਜਾਂ ਹਾਂ ਕਰਦੇ, ਨਾ ਗਲ ਵਿਚ ਗਲ ਫਸਾਈ ਚੱਲ ।
ਹਮਾਇਤ ਕਰਕੇ ਝੂਠੇ ਦੀ, ਬੜੀ ਸ਼ਾਵਾ, ਬੜੀ ਵਾਹ ਵਾਹ,
ਜੇ ਸੱਚਾਈ ਤੇ ਚੱਲਣਾ ਈ, ਤੇ ਆਪਣੀ ਖੱਲ ਲੁਹਾਈ ਚੱਲ ।
ਸਫ਼ਲਤਾ ਦੇ ਸਫ਼ਰ ਦੀ ਵੀ ਕੋਈ ਮੰਜ਼ਿਲ ਨਹੀਂ ਫਿਰ ਵੀ,
ਕਦਮ ਪਲ ਪਲ ਵਧਾਈ ਚੱਲ, ਸਫ਼ਰ ਚੱਲ ਚੱਲ ਘਟਾਈ ਚੱਲ ।
ਤੇਰਾ ਕਾਤਿਲ ਬਣੀ ਬੈਠਾ, ਤਿਰਾ ਮੁਨਸਿਫ਼, ਤੂੰ ਪਹਿਲੋਂ ਹੀਤਲੀ
ਤੇ ਸਿਰ ਨੂੰ ਰੱਖੀ ਚੱਲ, ਤੇ ਫਾਹੀ ਗਲ 'ਚ ਪਾਈ ਚੱਲ ।
ਵਫ਼ਾ ਮੇਰੀ ਨੂੰ ਕਾਫ਼ੀ ਏ, ਫ਼ਕਤ ਵਾਅਦੇ ਦਾ ਤੋਹਫ਼ਾ, ਪਰਸਹਾਰਾ
ਲੈ ਕੇ ਵਾਅਦੇ ਦਾ, ਨਾ ਹਰ ਪਲ ਕਲ ਵਿਖਾਈ ਚੱਲ ।
ਬਿਨਾ ਪੌੜੀ ਉਚਾਈ 'ਤੇ ਜੇ ਚੜ੍ਹਨਾ ਈ, ਸੁਖਾਲਾ ਏ,
'ਅਸ਼ਰਫ਼'ਸਭ ਦੀ ਹਾਂ ਵਿਚ ਹਾਂ ਤੇ ਗੱਲ ਨਾਲ ਗੱਲ ਮਿਲਾਈ ਚੱਲ ।
(ਅਧੂਰੀ ਰਚਨਾ)