Kull Mila Ke (Ghazals) : Tarlok Singh Anand

ਕੁੱਲ ਮਿਲਾ ਕੇ (ਗ਼ਜ਼ਲ ਸੰਗ੍ਰਹਿ) : ਤਰਲੋਕ ਸਿੰਘ ਆਨੰਦ


ਡੁਬਿਆ ਰਿਹਾ ਹਾਂ ਇਸ ਕਦਰ ਤੇਰੇ ਖ਼ਿਆਲ ਵਿਚ

ਡੁਬਿਆ ਰਿਹਾ ਹਾਂ ਇਸ ਕਦਰ ਤੇਰੇ ਖ਼ਿਆਲ ਵਿਚ ਮਿਸ਼ਰੀ ਦੀ ਥਾਂ ’ਤੇ ਬੰਨ੍ਹ ਲਿਆ ਪਾਣੀ ਰੁਮਾਲ ਵਿਚ ਪੱਥਰ ਨਹੀਂ ਹਾਂ ਮੈਂ ਮੇਰਾ ਕੁਝ ਤਾਂ ਖ਼ਿਆਲ ਕਰ ਧੁੱਪਾਂ ਵੀ ਠਿਠਰ ਜਾਂਦੀਆਂ ਬਿਫਰੇ ਸਿਆਲ ਵਿਚ ਨੈਣਾਂ ਦੇ ਨਿੱਕੇ ਟੀਲਿਆਂ ਕਿੰਨਾ ਕੁ ਸਾਂਭਣਾ ਲੱਖ ਸੂਰਜਾਂ ਦਾ ਮੇਲ ਹੈ ਉਸ ਦੇ ਜਲਾਲ ਵਿਚ ਜੇ ਸੁਣ ਸਕੇਂ ਤਾਂ ਸੱਚ ਇਕ ਮੈਂ ਵੀ ਹੈ ਆਖਣਾ ਸ਼ਾਮਲ ਹੈ ਤੇਰਾ ਇਸ਼ਕ ਵੀ ਮੇਰੇ ਜ਼ਵਾਲ ਵਿਚ ਤੇਰੀ ਜਫ਼ਾ ਤੇ ਵਕਤ ਨੇ ਲਿਆਂਦਾ ਹੈ ਜੋ ‘ਆਨੰਦ’ ਸੁਪਨੇ ਦੇ ਮਹਲ ਢਹਿ ਗਏ ਓਸੇ ਭੂਚਾਲ ਵਿਚ

ਸੋਚਿਆ ਸੀ ਦਰਦ ਹੁਣ ਭੁਲਿਆ ਰਹੇਗਾ ਦੇਰ ਤਕ

ਸੋਚਿਆ ਸੀ ਦਰਦ ਹੁਣ ਭੁਲਿਆ ਰਹੇਗਾ ਦੇਰ ਤਕ ਕੀ ਪਤਾ ਸੀ ਜ਼ਿਹਨ ਵਿਚ ਖੁਭਿਆ ਰਹੇਗਾ ਦੇਰ ਤਕ ਇਕ ਬੁੱਲਾ ਬਣ ਕੇ ਉਹ ਖ਼ੁਸ਼ਬੂ ਉੜਾ ਕੇ ਲੈ ਗਿਆ ਦਰਦ ਦਾ ਫੁੱਲ ਇਸ ਤਰ੍ਹਾਂ ਖਿੜਿਆ ਰਹੇਗਾ ਦੇਰ ਤਕ ਮਾਰ ਕੇ ਕੰਕਰ ਕਦੋਂ ਦਾ ਤੁਰ ਗਿਆ ਹੈ ਯਾਤਰੂ ਪਾਣੀਆਂ ਦੀ ਹਿੱਕ ਵਿਚ ਕਾਂਬਾ ਰਹੇਗਾ ਦੇਰ ਤਕ ਦੋ ਕੁ ਕੌੜੇ ਸ਼ਬਦ ਕਹਿ ਕੇ ਹੋ ਗਿਆ ਖ਼ਾਮੋਸ਼ ਉਹ ਪੌਣ ਦੇ ਵਿਚ ਜ਼ਹਿਰ ਪਰ ਘੁਲਿਆ ਰਹੇਗਾ ਦੇਰ ਤਕ ਦੁਸ਼ਮਣਾਂ ਦੇ ਪੱਥਰਾਂ ਦੀ ਮਾਰ ਤਾਂ ਭੁਲ ਜਾਏਗੀ ਦੋਸਤਾਂ ਦੇ ਫੁੱਲ ਦਾ ਚਰਚਾ ਰਹੇਗਾ ਦੇਰ ਤਕ

ਮੇਰੇ ਦਿਲ ਨੂੰ ਭਾ ਗਈ ਸੀ ਜਦ ਤਬਾਹੀ ਦਰਦ ਦੀ

ਮੇਰੇ ਦਿਲ ਨੂੰ ਭਾ ਗਈ ਸੀ ਜਦ ਤਬਾਹੀ ਦਰਦ ਦੀ ਕੀ ਸਿਤਮ ਕਿ ਹੋ ਗਈ ਹੈ ਹੁਣ ਮਨਾਹੀ ਦਰਦ ਦੀ ਦੇਖੋ ਕਿੰਨੀ ਖ਼ੂਬਸੂਰਤ ਬਣ ਗਈ ਹੈ ਪੋਰਟਰੇਟ ਸ਼ੀਸ਼ੇ ਸਾਹਵੇਂ ਬੈਠ ਕੇ ਤਸਵੀਰ ਵਾਹੀ ਦਰਦ ਦੀ ਕਿਸ ਤਰ੍ਹਾਂ ਹਸਦੇ ਹੋਏ ਝੱਲਿਆ ਹੈ ਅੰਬਰ ਦਾ ਸਿਤਮ ਲੈ ਲਵੋ, ਹਾਂ ਲੈ ਲਵੋ, ਬੇਸ਼ਕ ਗਵਾਹੀ ਦਰਦ ਦੀ ਮਿਟ ਗਏ ਨੇ ਚਿਹਰਿਆਂ 'ਤੋਂ ਪਿਆਰ ਦੇ ਪਹਿਚਾਣ ਚਿੰਨ੍ਹ ਦੇਖ ਕੇ ਬੇਦਰਦ ਪਿੰਜਰ ਖ਼ੈਰ ਚਾਹੀ ਦਰਦ ਦੀ ਜਿਸ ਤਰ੍ਹਾਂ ਛੱਡੇ ਨਾ ਕੋਈ ਸਖ਼ਤ ਮੁਜਰਿਮ ਨੂੰ ਇਕੱਲਾ ਇਸ ਤਰ੍ਹਾਂ ਦੀ ਹੈ ਨਿਰੰਤਰ ਬੇਵਸਾਹੀ ਦਰਦ ਦੀ ਚੁੱਪ ਦੀ ਦੌਲਤ ਮਿਲੇਗੀ ਤੇ ਉਦਾਸੀ ਦਾ ਨਸ਼ਾ ਤੂੰ ਅਜੇ ਦੇਖੀ ਨਹੀਂ ਹੈ ਬਾਦਸ਼ਾਹੀ ਦਰਦ ਦੀ ਉਸ ਗ਼ਜ਼ਲ ਵਰਗੀ ਗ਼ਜ਼ਲ ਕੋਈ ਲਿਖ ਕੇ ਦਿਖਾ ਤੂੰ ਵੀ ‘ਆਨੰਦ’ ਲੈ ਲਵੀਂ ਯਾਦਾਂ ਦੇ ਵਰਕੇ ਤੇ ਸਿਆਹੀ ਦਰਦ ਦੀ

ਕਲ੍ਹ ਪਰਸੋਂ ਇਸ ਬਸਤੀ ਅੰਦਰ ਘਟੀਆਂ ਕੁਝ ਘਟਨਾਵਾਂ

ਕਲ੍ਹ ਪਰਸੋਂ ਇਸ ਬਸਤੀ ਅੰਦਰ ਘਟੀਆਂ ਕੁਝ ਘਟਨਾਵਾਂ ਧੁੱਪਾਂ ਵਿੱਚੋਂ ਧੁੱਪ ਗੁਆਚੀ ਛਾਵਾਂ ਵਿੱਚੋਂ ਛਾਵਾਂ ਹਰ ਵਾਰੀ ਹੀ ਡਾਕੀਆ ਆ ਕੇ ਦੇ ਜਾਂਦਾ ਹੈ ਮੈਨੂੰ ਜਿਸ ਵੀ ਖ਼ਤ 'ਤੇ ਲਿਖਿਆ ਹੋਵੇ ਦਰਦਾਂ ਦਾ ਸਿਰਨਾਵਾਂ ਪਰਦੇਸਾਂ ਵਿਚ ਰੁਲ਼ਦੇ ਬੱਚਿਆਂ ਅਪਣੇ ਨਕਸ਼ ਗੁਆ ਲਏ ਤਸਵੀਰਾਂ 'ਤੋਂ ਗਰਦਾ ਝਾੜਨ ਘਰੇ ਨਿਕਰਮਣ ਮਾਵਾਂ ਇਕ ਹੀ ਦਿਨ ਵਿਚ ਖ਼ਬਰੇ ਕੀਕਰ ਇਹ ਘਟਨਾ ਹੈ ਹੋਈ ਚਿਹਰੇ ਸਭ ਬੇਗਾਨੇ ਲਗਦੇ ਪਰ ਓਹੀਓ ਨੇ ਥਾਵਾਂ ਮੁੱਕਣ ’ਤੇ ਉਮਰਾ ਹੈ ਆਈ, ਮੰਜ਼ਲ ਅਜੇ ਨਾ ਦਿੱਸੇ ਪਾਟੇ ਕੱਪੜੇ, ਟੁੱਟੀਆਂ ਜੁੱਤੀਆਂ ਤੇ ਥੱਕਿਆ ਪਰਛਾਵਾਂ

ਉਸ ਨੇ ਇਕ ਮਕਾਲਾ ਲਿਖਿਐ

ਉਸ ਨੇ ਇਕ ਮਕਾਲਾ1 ਲਿਖਿਐ ਮਸਜਿਦ ਨੂੰ ਸ਼ਿਵਾਲਾ ਲਿਖਿਐ ਲਿਖਤੁਮ ਆਪੇ ਪੜ੍ਹਤੁਮ ਆਪੇ ਐਸਾ ਖ਼ਤ ਨਿਰਾਲਾ ਲਿਖਿਐ ਉਸ ਦੀ ਸੋਚ ਨਾਬੀਨਾ2 ਹੈ ਸੀ ਸੂਰਜ ਨੂੰ ਜਿਸ ਕਾਲਾ ਲਿਖਿਐ ਦੋ ਡੰਗ ਰੋਟੀ ਨੂੰ ਵੀ ਤਰਸੇ ਉਸ ਨੂੰ ਕਰਮਾਂ ਵਾਲ਼ਾ ਲਿਖਿਐ 1. ਲੇਖ, ਮਜ਼ਮੂਨ, ਖੋਜ ਪੱਤਰ 2. ਅੰਨ੍ਹੀਂ

ਉਜਲੇ ਦਿਨਾਂ ਦੇ ਸਾਥ ਵਾਲ਼ੇ ਤੁਰ ਗਏ

ਉਜਲੇ ਦਿਨਾਂ ਦੇ ਸਾਥ ਵਾਲ਼ੇ ਤੁਰ ਗਏ ਦੇਖਿਆ ਦਿਨ ਹੋਏ ਕਾਲ਼ੇ ਤੁਰ ਗਏ ਆਸ ਹਮਸਾਇਆਂ ਤੋਂ ਕਰੀਏ ਕੀ ਭਲਾ ਖ਼ੂਨ ਦੇ ਕੇ ਜੋ ਸੀ ਪਾਲ਼ੇ ਤੁਰ ਗਏ ਆਖਦੇ ਸੀ ਜਿਹੜੇ ਕਿ ਹਾਂ ਹਮਕਦਮ ਜਦ ਪਏ ਪੈਰਾਂ 'ਚ ਛਾਲੇ ਤੁਰ ਗਏ ਦੁਸ਼ਮਣਾਂ ਨੇ ਦੁਸ਼ਮਣੀ ਕੀਤੀ ਇਵੇਂ ਦੋਸਤਾਂ ਦੇ ਕਰ ਹਵਾਲੇ ਤੁਰ ਗਏ ਸੜਕ ਦੇ ਵਿਚਕਾਰ ਜ਼ਖ਼ਮੀ ਸ਼ਖ਼ਸ ਇਕ ਦੇਖ ਕੇ ਸਭ ਅਪਣੀ ਚਾਲੇ ਤੁਰ ਗਏ ਕਲ੍ਹ ਛਪੇਗੀ ਇਹ ਖ਼ਬਰ ਅਖ਼ਬਾਰ ਵਿਚ ਤਰਲੋਕ ਸਿੰਘ ਪਟਿਆਲ਼ੇ ਵਾਲ਼ੇ ਤੁਰ ਗਏ

ਉੱਤੇ ਓੜ੍ਹ ਹਵਾ ਦੀ ਚਾਦਰ

ਉੱਤੇ ਓੜ੍ਹ ਹਵਾ ਦੀ ਚਾਦਰ ਸੌਂ ਗਏ ਹੇਠ ਵਿਛਾ ਕੇ ਪੱਥਰ ਮੇਰੇ ਕੋਲ਼ ਹੈ ਦੌਲਤ ਕਿੰਨੀ ਤੰਗਦਸ਼ਤੀ ਦੇ ਭਰੇ ਨੇ ਲਾਕਰ ਦੇਖੋ ਇਹ ਅਣਹੋਣੀ ਹੋਈ ਸੁੱਕ ਚੱਲਿਆ ਹੰਝੂਆਂ ਦਾ ਸਾਗਰ ਮੇਰੇ ਵਿੱਚੋਂ ਮੈਂ ਨੂੰ ਮਾਰੇ ਦੱਸੋ ਕੋਈ ਐਸਾ ਸ਼ਸਤਰ ਸ਼ਬਦ ਸਦੀਵੀ ਲਿਖ ਨਾ ਹੋਇਆ ਐਵੇਂ ਜੋੜੇ ਲੱਖਾਂ ਅੱਖਰ

ਆਖਾਂਗਾ ਇਕ ਗੱਲ ਮੈਂ ਤੈਨੂੰ, ਜੇ ਹੋਵੇ ਮਨਜ਼ੂਰ ਮੁਸਾਫ਼ਿਰ

ਆਖਾਂਗਾ ਇਕ ਗੱਲ ਮੈਂ ਤੈਨੂੰ, ਜੇ ਹੋਵੇ ਮਨਜ਼ੂਰ ਮੁਸਾਫ਼ਿਰ ਕਾਲ਼ੇ ਰਾਹਾਂ ਵਿਚ ਕਿਉਂ ਭਟਕੇਂ, ਤੇਰੇ ਅੰਦਰ ਨੂਰ ਮੁਸਾਫ਼ਿਰ ਅਪਣੇ ਤੋਂ ਅਪਣੇ ਹੀ ਤੱਕਦਾ, ਮੁੱਕਿਆ ਸਫ਼ਰ ਨਾ ਹਾਲੇ ਤਕ ਵੀ ਮੂੰਹ 'ਤੇ ਮਿੱਟੀ, ਪੈਰੀਂ ਛਾਲੇ, ਥੱਕ ਕੇ ਹੋਇਆ ਚੂਰ ਮੁਸਾਫ਼ਿਰ ਕੁਝ ਕੁ ਦਰਦਾਂ ਦੀ ਪੂੰਜੀ ਸੀ, ਤੁਰਿਆ ਸੀ ਜਦ ਸਫ਼ਰ ਦੇ ਉੱਤੇ ਵਾਪਸ ਆਇਐ ਤਾਂ ਲੈ ਕੇ ਆਇਐ, ਕਿੰਨੀ ਹੁਣ ਭਰਪੂਰ ਮੁਸਾਫ਼ਿਰ ਚਾਹਿਆ ਸੀ ਕਿ ਤੁਰਦੇ-ਤੁਰਦੇ ਮਿਲ ਜਾਵੇਗੀ ਮੰਜ਼ਿਲ ਇਕ ਦਿਨ ਰਸਤੇ ਕਦੇ ਨਾਂਹ ਹੋਵਣ ਅਪਣੇ, ਐਵੇਂ ਨਾ ਤੂੰ ਝੂਰ ਮੁਸਾਫ਼ਿਰ ਜਿਸ ਤੋਂ ਡਰ ਕੇ ਛੱਡਿਆ ਘਰ ਸੀ, ਨਾਲ-ਨਾਲ ਹੀ ਆਇਆ ਹੈ ਉਹ ਕੋਲ ਖਲੋਤੇ ਇਕਲਾਪੇ ਨੂੰ ਤਕਦੈਂ ਕਾਹਤੋਂ ਘੂਰ ਮੁਸਾਫ਼ਿਰ ਇਕ ਪਲ ਕਹਿੰਦੇ ‘ਜੀ ਆਇਆਂ ਨੂੰ' ਤੇ ਦੂਜੇ ਵਿਚ ਫੇਰ ਮਿਲਾਂਗੇ ਜਿਸ ਬਸਤੀ ਵਿਚ ਅੱਜ ਤੂੰ ਆਇਆਂ ਉਸ ਦਾ ਇਹ ਦਸਤੂਰ ਮੁਸਾਫ਼ਿਰ ਕੁਝ ਕੁ ਕਦਮਾਂ ਦੀ ਦੂਰੀ ਉੱਤੇ ਚਾਨਣੀਆਂ ਦੀ ਧਰਤੀ ਸੀ ਪਰ ਕਿਸਮਤ ਦੀ ਖ਼ੂਬੀ ਦੇਖੋ ਹੋਇਆ ਹੈ ਬੇਨੂਰ ਮੁਸਾਫ਼ਿਰ ਦੋਜ਼ਖ਼ ਵਰਗੇ ਦੇਸ਼ 'ਚ ਰੁਲਦੈਂ ਖ਼ਾਤਰ ਕੁਝ ਕੁ ਸਿੱਕਿਆਂ ਦੇ ਜੰਨਤ ਵਰਗੇ ਘਰ ਵਿਚ ਬੈਠੀ ਰੋਜ਼ ਉਡੀਕੇ ਹੂਰ ਮੁਸਾਫ਼ਿਰ ਖ਼ਬਰੇ ਕਿਹੜੀ ਵਸਤੂ ਸੀ ਜੋ ਛੱਡ ਆਇਐ ਹੈ ਪਿੱਛੇ ਉਹ ਓਨਾ ਹੀ ਘਰ ਚੇਤੇ ਆਵੇ, ਜਿੰਨਾ ਜਾਵੇ ਦੂਰ ਮੁਸਾਫ਼ਿਰ ਲਾਏ ਸਨ ਉਸ ਰੁੱਖ ਕਦੇ ਜੋ ਛਾਂ ਤੇ ਫਲ਼ ਦੀ ਖ਼ਾਤਰ ਕੁਝ ਸੋਚ ਰਿਹਾ ਹੈ ਉਹਨਾਂ ਉੱਤੇ ਆਇਆ ਹੋਸੀ ਬੂਰ ਮੁਸਾਫ਼ਿਰ ਕਾਲ਼ੀ ਬੋਲ਼ੀ ਉਮਰ ਦਾ ਰਸਤਾ ਮੁੱਕਣ ਵਾਲ਼ਾ ਹੀ ਹੈ ਹੁਣ ਤਾਂ ਬਸ ਦੋ ਕਦਮਾਂ ਦੀ ਵਿੱਥ ਉੱਤੇ ਦਿਸਦਾ ਹੈ ਕੋਹਤੂਰ ਮੁਸਾਫ਼ਿਰ

ਅੰਜਾਮ ਤਾਂ ਨਿਸ਼ਚਿਤ ਹੈ ਬੇਕਾਰ ਡਰੀ ਜਾਵੇ

ਅੰਜਾਮ ਤਾਂ ਨਿਸ਼ਚਿਤ ਹੈ ਬੇਕਾਰ ਡਰੀ ਜਾਵੇ ਹਰ ਦੌਰ ਦੀਵਾਨੇ ਨੂੰ ਸੰਗਸਾਰ ਕਰੀ ਜਾਵੇ ਉਸ ਸ਼ਖ਼ਸ ਦਾ ਜੀਣਾ ਕੀ, ਉਸ ਸ਼ਖ਼ਸ ਦਾ ਮਰਨਾ ਕੀ ਜੋ ਜੀਣ ਤੋਂ ਪਹਿਲਾਂ ਹੀ ਸੌ ਵਾਰ ਮਰੀ ਜਾਵੇ ਜਦ ਮੌਤ ਬਣੇ ਜੀਵਨ, ਇਕ ਛਿਣ ਦੀ ਕਹਾਣੀ ਹੈ ਜਦ ਅਣਖ ਦੀ ਗਰਦਨ 'ਤੇ ਤਲਵਾਰ ਧਰੀ ਜਾਵੇ ਇਹ ਮੇਰਾ ਹੀ ਜੇਰਾ ਹੈ, ਘਰ ਰੋਜ਼ ਬਣਾਂਦਾ ਹਾਂ ਇਕ ਵਕਤ ਦਾ ਹਾਕਮ ਹੈ ਮਿਸਮਾਰ ਕਰੀ ਜਾਵੇ ਇਹ ਕੈਸਾ ਮਸੀਹਾ ਹੈ ਕੀ ਉਸ ਦੀ ਹਕੀਮੀ ਹੈ ਜੋ ਰੋਗ ਨੂੰ ਜਾਣੇ ਬਿਨ ਉਪਚਾਰ ਕਰੀ ਜਾਵੇ ਏਧਰ ਵੀ ਕਿਨਾਰਾ ਨਾਂਹ ਓਧਰ ਵੀ ਕਿਨਾਰਾ ਨਾਂਹ ਜੀਵਨ ਦਾ ਸਫ਼ੀਨਾ1 ਪਰ ਵਿਚਕਾਰ ਤਰੀ ਜਾਵੇ 1. ਕਸ਼ਤੀ, ਬੇੜੀ

ਅੰਬਰ ਤਾਂ ਭਰਪੂਰ ਹੈ, ਚਾਹੁੰਦਾ ਮੈਂ ਸਾਰਾ ਨਹੀਂ

ਅੰਬਰ ਤਾਂ ਭਰਪੂਰ ਹੈ, ਚਾਹੁੰਦਾ ਮੈਂ ਸਾਰਾ ਨਹੀਂ ਲੇਕਿਨ ਮੇਰੇ ਵਾਸਤੇ ਕੀ ਇਕ ਵੀ ਤਾਰਾ ਨਹੀਂ ਚੀਰਦੇ ਹਾਂ ਚੀਰਦੇ ਮੇਰੇ ਜਿਸਮ ਨੂੰ ਚੀਰ ਦੇ ਹੌਸਲੇ ਨੂੰ ਕੱਟ ਸਕੇ ਐਸਾ ਕੋਈ ਆਰਾ ਨਹੀਂ ਮਿਲ ਗਈ ਹੈ ਇਹਨਾਂ ਵਿਚ ਕੋਈ ਵਿਯੋਗੀ ਚਾਸ਼ਨੀ ਹੰਝੂਆਂ ਦਾ ਇਹ ਸਮੁੰਦਰ ਮਿੱਠਾ ਬੜਾ ਖਾਰਾ ਨਹੀਂ ਤੇਰੀ ਨਜ਼ਰ ਦੇ ਨਾਲ ਦੇਖਾਂ, ਬੋਲਾਂ ਸਦਾ ਬੋਲੀ ਤੇਰੀ ਰਹਿਣ ਦੇ ਬਸ ਰਹਿਣ ਦੇ ਹੋਰ ਹੁਣ ਯਾਰਾ ਨਹੀਂ ਮੇਰੀ ਰਚਨਾ ਦੀ ਖ਼ਾਸੀਅਤ ਹੈ ਸੁਤੰਤਰ ਇਹ ਬੜੀ ਕੋਈ ਪ੍ਰਵਿਰਤੀ ਨਹੀਂ ਤੇ ਕੋਈ ਵੀ ਧਾਰਾ ਨਹੀਂ ਨ੍ਹੇਰ ਤੋਂ ਹੈ ਨ੍ਹੇਰ ਤਕ ਵੀ ਇਕ ਨਿਰੰਤਰ ਯਾਤਰਾ ਕੋਈ ਦੀਵਾ, ਕੋਈ ਜੁਗਨੂੰ, ਕੋਈ ਵੀ ਤਾਰਾ ਨਹੀਂ

ਇਕ ਦਿਨ ਅੱਖੀਆਂ ਸਾਹਮਣੇ ਇਹ ਮੰਜ਼ਰ ਵੀ ਆਏਗਾ

ਇਕ ਦਿਨ ਅੱਖੀਆਂ ਸਾਹਮਣੇ ਇਹ ਮੰਜ਼ਰ ਵੀ ਆਏਗਾ ਅੰਦਰ ਦਾ ਜੋ ਖ਼ਲਾਅ ਹੈ ਬਾਹਰ ਵੀ ਆਏਗਾ ਬਾਹਰ ਜੋ ਫੈਲਿਆ ਹੈ ਬੇਗਾਨਗੀ ਦਾ ਧੂੰਆਂ ਇਕ ਦਿਨ ਅਛੋਪਲੇ ਹੀ ਅੰਦਰ ਵੀ ਆਏਗਾ ਗਰਜ਼ਾਂ ਦੀ ਦੋਸਤੀ ਹੈ ਸਿਰ ਨੂੰ ਬਚਾ ਕੇ ਰੱਖਣਾ ਫੁੱਲਾਂ ਦਾ ਰੂਪ ਧਾਰ ਕੇ ਪੱਥਰ ਵੀ ਆਏਗਾ ਜੀਵਨ ਦਾ ਇਹ ਸਫ਼ਰ ਤਾਂ ਹੈ ਔਕੜਾਂ ਦਾ ਭਰਿਆ ਸਹਿਰਾ ਨੂੰ ਪਾਰ ਕਰ ਕੇ ਸਮੁੰਦਰ ਵੀ ਆਏਗਾ

ਸਹਿਜੇ-ਸਹਿਜੇ ਹੋ ਗਿਆ ਇਸ ਗੱਲ ਦਾ ਅਹਿਸਾਸ

ਸਹਿਜੇ-ਸਹਿਜੇ ਹੋ ਗਿਆ ਇਸ ਗੱਲ ਦਾ ਅਹਿਸਾਸ ਆਖ਼ਰ ਸਭ ਨੇ ਤੋੜਨਾ ਨਾਂਹ ਕਰ ਅਤਿ ਵਿਸ਼ਵਾਸ ਬਦਲਣਗੇ ਹਾਲਾਤ ਵੀ, ਕਰਨੀ ਇਸ ਦੀ ਆਸ ਜਦ ਤੀਕਰ ਹੈ ਆਰਜਾ ਜਦ ਤੀਕਰ ਨੇ ਸਵਾਸ ਸਾਧਨ ਸੁਖ ਆਰਾਮ ਦੇ ਬੱਚਿਆਂ ਲਾਏ ਢੇਰ ਦੋ ਪਲ ਬੈਠਣ ਕੋਲ਼ ਨਾਂਹ, ਵਿਹਲ ਨਾ ਉਹਨਾਂ ਪਾਸ ਔਖੇ ਹੋਏ ਪਾਲਣੇ ਰਿਸ਼ਤੇ, ਕੌਲ, ਕਰਾਰ ਬੀਤੇ ਨੂੰ ਪਰ ਯਾਦ ਕਰ ਮਿਲਦਾ ਹੈ ਧਰਵਾਸ ਭਾਗਾਂ ਭਰਿਆ ਦਿਨ ਚੜ੍ਹੇ, ਬੀਤੇ ਦੁਖ ਦੀ ਰਾਤ ਕੁਝ ਤਾਂ ਐਸਾ ਵਾਪਰੇ ਹੋਵੇ ਜਿਹੜਾ ਖ਼ਾਸ

ਸੰਨਾਟੇ ਦੀ ਗਹਿਰੀ ਝੀਲ

ਸੰਨਾਟੇ ਦੀ ਗਹਿਰੀ ਝੀਲ ਦੂਰ-ਦੂਰ ਤਕ ਫੈਲੀ ਝੀਲ 'ਕੱਠੇ ਬਹਿ ਕੇ ਰੋਈਏ ਸਭ ਆਓ ਬਣਾਈਏ ਅਪਣੀ ਝੀਲ ਦੰਡ ਭੋਗਿਆ ਸਭਨਾਂ 'ਕੱਠਾ 'ਕੱਲਿਆਂ-'ਕੱਲਿਆਂ ਡੀਕੀ ਝੀਲ 'ਕੱਠੇ ਬਹਿ ਕੇ ਸੋਚ ਰਹੇ ਹਾਂ ਕੀਕਰ ਸਾਡੀ ਸੁੱਕੀ ਝੀਲ ਨਾਂਹ ਕੋਈ ਪੰਛੀ, ਨਾਂਹ ਕੋਈ ਰਾਹੀ ਪਲ ਵਿਚ ਹੋ ਗਈ ਸੁੰਨੀ ਝੀਲ

ਸਾਥ ਤੇਰਾ ਦੋ ਘੜੀ ਜਦ ਮਾਣਿਆ

ਸਾਥ ਤੇਰਾ ਦੋ ਘੜੀ ਜਦ ਮਾਣਿਆ ਕਿਸ ਨੂੰ ਕਹਿੰਦੇ ਨੇ ‘ਸੁਗੰਧੀ’ ਜਾਣਿਆ ਮਿਲ ਕੇ ਤੈਨੂੰ ਦੇਖਿਆ ਸ਼ੀਸ਼ਾ ਜਦੋਂ ਅਪਣਾ ਚਿਹਰਾ ਨਾਂਹ ਗਿਆ ਪਹਿਚਾਣਿਆ ਪਿਆਰ ਦੀ ਪੋਥੀ ਨੂੰ ਇੰਜ ਪ੍ਰਕਾਸ਼ਿਆ ਯਾਦ ਤੇਰੀ ਦਾ ਚੰਦੋਆ ਤਾਣਿਆ ਫੇਰ ਤੋਂ ਆਵੇ ਹਯਾਤੀ ਦਾ ਮਜ਼ਾ ਫੇਰ ਤੂੰ ਆਖੀਂ ਉਵੇਂ ‘ਮਰਜਾਣਿਆ’

ਹਨੇਰਾ ਹੀ ਹਨੇਰਾ ਹੈ ਦਿਖਾਈ ਕੁਝ ਨਹੀਂ ਦਿੰਦਾ

ਹਨੇਰਾ ਹੀ ਹਨੇਰਾ ਹੈ ਦਿਖਾਈ ਕੁਝ ਨਹੀਂ ਦਿੰਦਾ ਇਹ ਕੈਸਾ ਸ਼ਹਿਰ ਤੇਰਾ ਹੈ ਦਿਖਾਈ ਕੁਝ ਨਹੀਂ ਦਿੰਦਾ ਹੈ ਜ਼ੁਲਮਤ ਵੀ, ਹੈ ਵਹਿਸ਼ਤ ਵੀ, ਤੇ ਦਹਿਸ਼ਤ ਵੀ ਤੇ ਨਫ਼ਰਤ ਵੀ ਇਹ ਪੁਰ ਕਾਲਖ਼ ਸਵੇਰਾ ਹੈ ਦਿਖਾਈ ਕੁਝ ਨਹੀਂ ਦਿੰਦਾ ਤੇਰੇ ਮਹਿਲਾਂ ਦੀ ਮਮਟੀ 'ਤੇ ਹਜ਼ਾਰਾਂ ਦੀਪ ਬਲਦੇ ਨੇ ਮਗਰ ਅੰਦਰ ਹਨੇਰਾ ਹੈ ਦਿਖਾਈ ਕੁਝ ਨਹੀਂ ਦਿੰਦਾ ਨਜ਼ਰ ਆਵੇਗਾ ਕਦ ‘ਆਨੰਦ’ ਮੁਖ ਉਜਲੇ ਸਵੇਰੇ ਦਾ ਅਜੇ ਜ਼ੁਲਮਤ ਦਾ ਡੇਰਾ ਹੈ ਦਿਖਾਈ ਕੁਝ ਨਹੀਂ ਦਿੰਦਾ

ਜਦ ਰਹਿੰਦਾ ਨਾ ਬਾਕੀ ਦਵਾ 'ਤੇ ਭਰੋਸਾ

ਜਦ ਰਹਿੰਦਾ ਨਾ ਬਾਕੀ ਦਵਾ 'ਤੇ ਭਰੋਸਾ ਤਾਂ ਕਰਨਾ ਹੀ ਪੈਂਦੈ ਦੁਆ ’ਤੇ ਭਰੋਸਾ ਮੇਰਾ ਗ਼ਮ ਮੇਰਾ ਹਮਦਮ ਹੈ ਪੱਕਾ ਮੈਨੂੰ ਹੈ ਇਸ ਦੀ ਵਫ਼ਾ 'ਤੇ ਭਰੋਸਾ ਤੋੜੇ ਨਾ ਕਿਧਰੇ ਇਹ ਟਹਿਣੀ 'ਤੋਂ ਤੈਨੂੰ ਫੁੱਲਾ! ਨਾ ਕਰ ਤੂੰ ਹਵਾ 'ਤੇ ਭਰੋਸਾ ਜੀਵਨ ਦੇ ਇਸ ਵਿਚ ਸਾਰੇ ਹੀ ਰੰਗ ਨੇ ਮੈਨੂੰ ਹੈ ਅਪਣੀ ਕਲਾ 'ਤੇ ਭਰੋਸਾ ਮਿਲ ਜਾਏਗੀ ਆਖ਼ਰ ਮੰਜ਼ਲ ਵੀ ਇਕ ਦਿਨ ਮੈਨੂੰ ਹੈ ਅਪਣੇ ਖ਼ੁਦਾ 'ਤੇ ਭਰੋਸਾ

ਹਾਕਮ ਕੋਲੋਂ ਮੰਗ ਵੇ ਬੰਦਿਆ

ਹਾਕਮ ਕੋਲੋਂ ਮੰਗ ਵੇ ਬੰਦਿਆ ਰੋਟੀ ਚੌਥੇ ਡੰਗ ਵੇ ਬੰਦਿਆ ਅੱਖਾਂ, ਮੂੰਹ ਤੇ ਕੰਨ ਵੀ ਬੰਦ ਜੀਣੇ ਦਾ ਹੈ ਢੰਗ ਵੇ ਬੰਦਿਆ ਖ਼ਤਰੇ ਵਿਚ ਤਿਤਲੀ ਦੀ ਹੋਂਦ ਉਸ ਦਾ ਇਕ ਨਈਂ ਰੰਗ ਵੇ ਬੰਦਿਆ ਰੂਹ ਨੇ ਫੜ ਕੇ ਏਨਾ ਕੁੱਟਿਐ ਦੁਖਦੈ ਹਰ ਇਕ ਅੰਗ ਵੇ ਬੰਦਿਆ ਸਰੇ ਬਾਜ਼ਾਰੀਂ ਬੋਲੀ ਲਾ ਦੇ ਵਿਕਣੇ ਤੋਂ ਨਾਂਹ ਸੰਗ ਵੇ ਬੰਦਿਆ ਹੀਰਾਂ ਨੂੰ ਹੁਣ ਖੇੜੇ ਭਾਉਂਦੇ ਨਾ ਰਾਂਝੇ ਨਾ ਝੰਗ ਵੇ ਬੰਦਿਆ ਇਕ ਦਿਨ ਆਖ਼ਰ ਲੜਨੀ ਪੈਣੀ ਅਪਣੇ ਸੰਗ ਹੀ ਜੰਗ ਵੇ ਬੰਦਿਆ

ਉਸ ਦਾ ਕੋਈ ਪਤਾ ਨਹੀਂ ਹੈ

ਉਸ ਦਾ ਕੋਈ ਪਤਾ ਨਹੀਂ ਹੈ ਲੇਕਿਨ ਉਹ ਲਾਪਤਾ ਨਹੀਂ ਹੈ ਮੈਂ ਉਸ ਨੂੰ ਹਰ ਸ਼ੈਅ 'ਚੋਂ ਦੇਖਾਂ ਇਹ ਤਾਂ ਕੋਈ ਖ਼ਤਾ ਨਹੀਂ ਹੈ ਬਖ਼ਸ਼ਿਸ਼ ਦਾ ਫੁੱਲ ਕੀਕਰ ਖਿੜਨਾ ਪੁੰਗਰੀ ਮਨ ਦੀ ਲਤਾ ਨਹੀਂ ਹੈ ਘਿਸ ਜਾਂਦੇ ਨੇ ਪੱਥਰ ਵੀ ਪਰ ਹਉਮੈ ਖੁਰਿਆ ਰਤਾ ਨਹੀਂ ਹੈ ਲੱਭਦੇ ਹੋ ‘ਆਨੰਦ' ਨੂੰ ਕਾਹਤੋਂ ਉਸ ਦਾ ਅਤਾ ਪਤਾ ਨਹੀਂ ਹੈ

ਤਮਗ਼ਾ ਗਲ ਵਿਚ ਪਾ ਦੇਵਾਂਗੇ ਤੇਰੀ ਇਸ ਆਵਾਜ਼ ਦੇ ਬਦਲੇ

ਤਮਗ਼ਾ ਗਲ ਵਿਚ ਪਾ ਦੇਵਾਂਗੇ ਤੇਰੀ ਇਸ ਆਵਾਜ਼ ਦੇ ਬਦਲੇ ਭਾਵੇਂ ਖੰਭ ਸੋਨੇ ਦੇ ਲੈ ਲਈਂ ਆਪਣੀ ਇਸ ਪਰਵਾਜ਼ ਦੇ ਬਦਲੇ ਹਰ ਵਾਰੀ ਹੀ ਛਿੜੇਗਾ ਇਸ ਤੋਂ ਰਾਗ ਜਿਹਨੂੰ ਦਰਬਾਰੀ ਕਹਿੰਦੇ ਸਾਡੇ ਕੋਲੋਂ ਵਾਜਾ ਲੈ ਲੈ ਖ਼ੁਦਦਾਰੀ ਦੇ ਸਾਜ਼ ਦੇ ਬਦਲੇ ਰਾਜੇ ਦਾ ਫ਼ੁਰਮਾਨ ਹੈ ਹੁਣ ਤਾਂ ਫੁੱਲ ਖਿੜਨ ਬਸ ਇਕ ਹੀ ਰੰਗਦੇ ਲੱਭਿਐ ਕੋਈ ਹੋਰ ਲਿਲਾਰੀ ਕੁਦਰਤ ਦੇ ਰੰਗਸਾਜ਼ ਦੇ ਬਦਲੇ ਤੇਰੇ ਸ਼ਿਅਰਾਂ ਵਿੱਚੋਂ ਕਿੰਨੀ ਗ਼ੱਦਾਰੀ ਦੀ ਬੂ ਪਈ ਆਵੇ ਦੇਖੀਂ ਕਿਧਰੇ ਸੋਧਿਆ ਜਾਵੇਂ ਅਪਣੇ ਇਸ ਅੰਦਾਜ਼ ਦੇ ਬਦਲੇ

ਤੱਕਿਆ ਰੁੱਖਾਂ ਹੇਠਾਂ ਖੜ੍ਹ ਕੇ

ਤੱਕਿਆ ਰੁੱਖਾਂ ਹੇਠਾਂ ਖੜ੍ਹ ਕੇ ਡਿਗਦੇ ਪੱਥਰ ਨੇ ਝੜ ਝੜ ਕੇ ਖ਼ੁਸ਼ਬੂ ਕੋਈ ਹੱਥ ਨਾ ਆਈ ਥੱਕਿਆ ਪੌਣਾਂ ਨੂੰ ਫੜ ਫੜ ਕੇ ਫੁੱਲਾਂ ਦੀ ਚਾਹਤ ਵਿਚ ਫਟਿਆ ਕੰਡਿਆਂ ਸੰਗ ਦੁਪੱਟਾ ਅੜ ਕੇ ਬਿਨ ਕਾਰਨ ਹੀ ਰੁੱਸਿਓਂ ਯਾਰਾ ਰੁਸਣਾ ਸੀ ਤਾਂ ਰੁਸਦਾ ਲੜ ਕੇ ਉਸ ਦਾ ਦਿਲ ਹੁਣ ਪੱਥਰ ਹੋਇਐ ਕੀ ਮਿਲਿਆ ਮੁੰਦਰੀ ਵਿਚ ਜੜ ਕੇ

ਡੂੰਘੇ ਦਿਲ ਤੋਂ ਵੀ ਕੁਝ ਡੂੰਘਾ ਸਰ ਸੀ ਉਸ ਦੀਆਂ ਅੱਖਾਂ ਵਿਚ

ਡੂੰਘੇ ਦਿਲ ਤੋਂ ਵੀ ਕੁਝ ਡੂੰਘਾ ਸਰ ਸੀ ਉਸ ਦੀਆਂ ਅੱਖਾਂ ਵਿਚ ਜਿਸ ਦੇ ਕੰਢੇ ਮੇਰਾ ਵੀ ਇਕ ਘਰ ਸੀ ਉਸ ਦੀਆਂ ਅੱਖਾਂ ਵਿਚ ਸਭ ਦਰਵਾਜ਼ੇ ਉਸ ਦੀ ਖ਼ਾਤਰ ਖੁੱਲ੍ਹੇ ਸਨ ਪਰ ਫਿਰ ਵੀ ਕਿਉਂ ਮੁੱਦਤ ਪਹਿਲਾਂ ਜੋ ਬੰਦ ਹੋਇਆ ਦਰ ਸੀ ਉਸ ਦੀਆਂ ਅੱਖਾਂ ਵਿਚ ਉਸ ਦਾ ਮਾਜ਼ੀ1 ਬਣ ਨਾਂਹ ਜਾਵੇ ਕਿਧਰੇ ਉਸ ਦਾ ਮੁਸਤਕਬਿਲ2 ਏਹੋ ਹੀ ਬਸ ਏਹੋ ਹੀ ਇਕ ਡਰ ਸੀ ਉਸ ਦੀਆਂ ਅੱਖਾਂ ਵਿਚ ਅਪਣਾ ਗੁੰਮਿਆ ਹੋਇਆ ਚਿਹਰਾ ਲੱਭਣਾ ਸੌਖਾ ਕੰਮ ਨਹੀਂ ਸਾਰੀ ਥਾਂ ’ਤੇ ਲੱਭਿਆ ਜਿਸ ਨੂੰ ਪਰ ਸੀ ਉਸ ਦੀਆਂ ਅੱਖਾਂ ਵਿਚ 1. ਭੂਤਕਾਲ 2. ਭਵਿੱਖ

ਤਕਦੇ-ਤਕਦੇ, ਸਹਿਜੇ-ਸਹਿਜੇ ਦੀਨ ਧਰਮ ਈਮਾਨ ਗਿਆ

ਤਕਦੇ-ਤਕਦੇ, ਸਹਿਜੇ-ਸਹਿਜੇ ਦੀਨ ਧਰਮ ਈਮਾਨ ਗਿਆ ਉਸ ਪਾਸੇ ਹੀ ਗਏ ਨੇ ਸਾਰੇ ਜਿਸ ਪਾਸੇ ਇਨਸਾਨ ਗਿਆ ਹੁਣ ਤਾਂ ਕੁੱਤੇ, ਸੱਪ, ਅਠੂੰਏਂ ਤੋਂ ਵੀ ਮਾੜਾ ਹੋਇਆ ਹੈ ਸਭ ਤੋਂ ਚੰਗਾ ਹੋਣ ਦਾ ਹੁਣ ਤਾਂ ਮਾਨਵ ਤੋਂ ਵਰਦਾਨ ਗਿਆ ਖ਼ਬਰੇ ਕਿਹੜੀ ਸੋਚ ਨੇ ਕੀਤੀ ਐਸੀ ਕਾਰਸਤਾਨੀ ਹੈ ਮਸਜਿਦ ਵਿੱਚੋਂ ਰੱਬ ਨਦਾਰਦ1 ਮੰਦਰ 'ਚੋਂ ਭਗਵਾਨ ਗਿਆ ਕਹਿੰਦੇ ਨੇ ਕਿ ਸਹਿਜੇ-ਸਹਿਜੇ ਮਾਨਵ ਬਣਿਆ ਸੀ ਹੈਵਾਨੋ ਫਿਰ ਕੀ ਹੋਇਆ ਮੁੜ ਕੇ ਜੇ ਉਹ ਬਣ ਹੈਵਾਨ ਗਿਆ ਜ਼ਿੰਦਾ ਰਹਿ ਕੇ ਜੀਂਦਿਆਂ ਵਰਗਾ ਕੋਈ ਤਾਂ ਕੰਮ ਕਰ ਲੈ ਤੂੰ ਕੁਝ ਨਹੀਂ ਹੋਣਾ ਤੇਰੇ ਕੋਲ਼ੋਂ ਜਦ ਤੂੰ ਵਿਚ ਸ਼ਮਸ਼ਾਨ ਗਿਆ 1. ਗ਼ੈਰ ਹਾਜ਼ਿਰ

ਤੁਸੀਂ ਜੇ ਸੱਚ ਬੋਲਣ ਦਾ ਰਤਾ ਕੁ ਹੌਸਲਾ ਕਰਦੇ

ਤੁਸੀਂ ਜੇ ਸੱਚ ਬੋਲਣ ਦਾ ਰਤਾ ਕੁ ਹੌਸਲਾ ਕਰਦੇ ਤੁਹਾਡੀ ਬਿਹਤਰੀ ਖ਼ਾਤਰ ਸਿਤਾਰੇ ਵੀ ਦੁਆ ਕਰਦੇ ਕਦੇ ਉਲਝਣ, ਕਦੇ ਨਫ਼ਰਤ, ਕਦੇ ਜ਼ੁਲਮਤ ਮਿਲੀ ਹੈ ਬਸ ਅਸਾਡੀ ਤਾਂ ਸਦਾ ਬੀਤੀ ਖ਼ੁਸ਼ੀ ਦੀ ਕਾਮਨਾ ਕਰਦੇ ਦਿਲਾਂ ਨੂੰ ਇਸ ਤਰ੍ਹਾਂ ਟੁੱਟਣ ਦਿਓਗੇ ਕੀ ਹਮੇਸ਼ਾ ਹੀ ਭਲਾ ਚੰਗੇ ਨਹੀਂ ਲੱਗਦੇ ਤੁਹਾਨੂੰ ਇਹ ਵਫ਼ਾ ਕਰਦੇ ਤੁਸੀਂ ਬੇਸ਼ਕ ਸਜ਼ਾ ਦੇਵੋ, ਅਸਾਡੀ ਬੇਵਫ਼ਾਈ ਦੀ ਯਕੀਨਨ ਵਸ ਤੁਹਾਡੇ ਸੀ ਵਫ਼ਾ ਕਰਦੇ ਜਫ਼ਾ ਕਰਦੇ ਹਮੇਸ਼ਾ ਹੀ ਰਹੇ ਤੁਰਦੇ ਥਕਾਵਟ ਨੂੰ ਭੁਲਾ ਕੇ ਪਰ ਬੜੀ ਦਿਲ ਦੀ ਤਮੰਨਾ ਸੀ ਕਿਤੇ ਰੁਕਦੇ ਪੜਾ ਕਰਦੇ ਹਮੇਸ਼ਾ ਹੀ ਰਹੀ ਹਸਰਤ ਮੇਰੇ ਇਸ ਦਿਲ ਵਿਚਾਰੇ ਨੂੰ ਹਵਾ ਦੇ ਵਿਚ ਬਿਖਰ ਜਾਂਦਾ ਅਤੇ ਉਹ ਜੋੜਿਆ ਕਰਦੇ

ਦਿਲ ਤਾਂ ਕਰਦੈ ਮੋਰ ਬਣਜਾਂ ਬਦਲੀਆਂ ਨੂੰ ਦੇਖਕੇ

ਦਿਲ ਤਾਂ ਕਰਦੈ ਮੋਰ ਬਣਜਾਂ ਬਦਲੀਆਂ ਨੂੰ ਦੇਖਕੇ ਪੈਰ ਰੁਕ ਜਾਂਦੇ ਨੇ ਐਪਰ ਬੇੜੀਆਂ ਨੂੰ ਦੇਖਕੇ ਯਾਦ ਆਂਦੈ ਆਪਣਾ ਵੀ, ਸੀ ਕਿਤੇ ਇਕ ਆਲ੍ਹਣਾ ਹਸਰਤਾਂ ਦੀ ਕਬਰ ਬਣੀਆਂ, ਬਸਤੀਆਂ ਨੂੰ ਦੇਖਕੇ ਰੰਗ ਬਣ ਜਾਂ, ਗੰਧ ਬਣ ਜਾਂ, ਜਾਂ ਬਣਾ ਮਹਿਕੀ ਫ਼ਜ਼ਾ ਆਂਵਦਾ ਹੈ ਮਨ 'ਚ ਮੇਰੇ ਤਿਤਲੀਆਂ ਨੂੰ ਦੇਖਕੇ ਕਿਸ ਤਰ੍ਹਾਂ ਦਾ ਮੋੜ ਯਾਰੋ ਮੁੜ ਗਈ ਹੈ ਜ਼ਿੰਦਗੀ ਮਾਰੂਥਲ ਦੀ ਯਾਦ ਆਈ ਸਾਗਰਾਂ ਨੂੰ ਦੇਖਕੇ ਨਾਖ਼ੁਦਾਵਾਂ1 ਦੀ ਸਿਆਸਤ ਦਾ ਪਤਾ ਹੁਣ ਲੱਗ ਰਿਹੈ ਚੱਪੂਆਂ ਨੂੰ ਦੇਖਕੇ ਤੇ ਕਸ਼ਤੀਆਂ ਨੂੰ ਦੇਖਕੇ ਇਸ ਤਰ੍ਹਾਂ ਦਾ ਹਾਦਸਾ ਪਹਿਲਾਂ ਕਦੇ ਹੋਇਆ ਨਹੀਂ ਜ਼ੁਲਮਤਾਂ ਨੇ ਰੰਗ ਫੜਿਆ ਸੂਰਜਾਂ ਨੂੰ ਦੇਖਕੇ ਛਾਪ ਦੇ ਵਿਚ ਬਣ ਨਗੀਨਾ ਜੜੇ ਜਾਵਣ ਦਾ ਖ਼ਿਆਲ ਆਂਵਦਾ ਹੈ ਅਕਸਰ ਨਾਜ਼ੁਕ, ਉਂਗਲੀਆਂ ਨੂੰ ਦੇਖਕੇ ਸ਼ਹਿਰ ਦਾ ਦਰਵਾਜ਼ਾ ਕੋਈ ਹੁਣ ਨਹੀਂ ਖੁੱਲ੍ਹਣਾ ‘ਆਨੰਦ' ਜਾਣਕਾਰੀ ਹੋ ਗਈ ਹੈ ਖਿੜਕੀਆਂ ਨੂੰ ਦੇਖਕੇ 1. ਮਲਾਹ, ਪੱਥ ਪ੍ਰਦਰਸ਼ਕ

ਦਿਲ ਕਰਦੈ ਸੁਸਤਾਵਾਂ ਹੁਣ ਤਾਂ

ਦਿਲ ਕਰਦੈ ਸੁਸਤਾਵਾਂ ਹੁਣ ਤਾਂ ਥੱਕਿਆ ਹੈ ਪਰਛਾਵਾਂ ਹੁਣ ਤਾਂ ਬਦਲੇ ਰੰਗ ਭਰਾਵਾਂ ਹੁਣ ਤਾਂ ਰਾਜ ਨਾ ਕਰਨ ਖੜਾਵਾਂ ਹੁਣ ਤਾਂ ਸੀਤਲਤਾ ਬਣਵਾਸੀ ਹੋਈ ਧੁੱਪਾਂ ਵਰਗੀਆਂ ਛਾਵਾਂ ਹੁਣ ਤਾਂ ਫੁੱਲ ਬੀਜੇ ਤਾਂ ਕੰਡੇ ਉੱਗੇ ਰੁੱਖ ਕੰਡਿਆਲੇ ਲਾਵਾਂ ਹੁਣ ਤਾਂ ਕਾਲ਼ੇ ਤੋਂ ਪਹਿਚਾਣ ਨਾ ਹੋਵੇ ਰੰਗ ਬਦਲੇ ਨੇ ਕਾਵਾਂ ਹੁਣ ਤਾਂ ਘਰ ਵਿੱਚੋਂ ਅਪਣੱਤ ਨਾ ਲੱਭੇ ਓਪਰੀਆਂ ਸਭ ਥਾਵਾਂ ਹੁਣ ਤਾਂ ਕਿਹੜੇ ਦਰ 'ਤੇ ਦਸਤਕ ਦੇਵਾਂ ਭੁੱਲਿਆ ਹੈ ਸਿਰਨਾਵਾਂ ਹੁਣ ਤਾਂ ਅਣਲਿਖੀਆਂ ਗ਼ਜ਼ਲਾਂ ਦੀ ਪੂੰਜੀ ਤੇਰੇ ਨਾਂ ਕਰ ਜਾਵਾਂ ਹੁਣ ਤਾਂ

ਪਤੈ ਮੈਨੂੰ ਮੈਂ ਖ਼ੁਦ ਹੀ ਬੇਵਫ਼ਾ ਹਾਂ

ਪਤੈ ਮੈਨੂੰ ਮੈਂ ਖ਼ੁਦ ਹੀ ਬੇਵਫ਼ਾ ਹਾਂ ਜ਼ਮਾਨੇ ਨਾਲ ਫਿਰ ਕਾਹਤੋਂ ਖ਼ਫ਼ਾ ਹਾਂ ਮੈਂ ਅਪਣੇ ਆਪ ਦਾ ਹਾਂ ਰੋਗ ਆਪੇ ਮੈਂ ਅਪਣੇ ਆਪ ਦੀ ਆਪੇ ਸ਼ਫ਼ਾ1 ਹਾਂ ਅਜੇ ਵੀ ਸਮਝਿਆ ਨਾਂਹ ਚਿੰਤਕਾਂ ਜੋ ਮੈਂ ਕੁਝ ਐਸਾ ਕਦੀਮੀ ਫ਼ਲਸਫ਼ਾ ਹਾਂ ਹਜ਼ਾਰਾਂ ਵਾਰ ਲਿਖਿਆ ਜਾ ਚੁੱਕਾ ਪਰ ਅਜੇ ਵੀ ਜਾਪਦੈ ਕੋਰਾ ਸਫ਼ਾ ਹਾਂ ਅਜੇ ਵੀ ਬਦਲਿਆ ਨਾਂਹ ਮੇਰਾ ਖਾਸਾ ਮੈਂ ਦਰਦਾਂ ਨਾਲ ਹੀ ਕਰਦਾ ਵਫ਼ਾ ਹਾਂ ਸਦਾ ਹੀ ਤੈਰ ਕੇ ਆਇਆ ਹਾਂ ਬਾਹਰ ਗ਼ਮਾਂ ਵਿਚ ਡੁਬਿਆ ਕਿੰਨੀ ਦਫ਼ਾ ਹਾਂ 1. ਇਲਾਜ, ਦਵਾਈ, ਸਿਹਤ

ਫੁੱਲ ਸੁਰੱਖਿਅਤ ਖ਼ਾਰਾਂ ਕੋਲ਼ੋਂ

ਫੁੱਲ ਸੁਰੱਖਿਅਤ ਖ਼ਾਰਾਂ ਕੋਲ਼ੋਂ ਬਚਣਾ ਮੁਸ਼ਕਿਲ ਯਾਰਾਂ ਕੋਲ਼ੋਂ ਉੱਚਾ, ਸੁੱਚਾ, ਟੁੱਚਾ, ਲੁੱਚਾ ਡਰਨਾ ਪੈਂਦੈ ਚਾਰਾਂ ਕੋਲ਼ੋਂ ਉੱਚਿਓਂ ਹੋਰ ਉਡਾਰੀ ਉੱਚੀ ਟੁੱਟੀ ਨਾਂਹ ਪਰ ਡਾਰਾਂ ਕੋਲ਼ੋਂ ਅੰਤਮ ਜਿੱਤ ਹੈ ਆਖ਼ਰ ਤੇਰੀ ਡਰ ਨਾਂਹ ਜਾਵੀਂ ਹਾਰਾਂ ਕੋਲ਼ੋਂ ਸੀਸ ਹੈ ਜਿਸ ਦੇ ਧੜ ਦੇ ਉੱਤੇ ਡਰਦਾ ਨਈਂ ਤਲਵਾਰਾਂ ਕੋਲ਼ੋਂ

ਅੰਦਰ ਦੀ ਇਸ ਘੁਟਨ ਤੋਂ ਮਾਯੂਸ ਕਾਹਨੂੰ ਹੋਇਐਂ

ਅੰਦਰ ਦੀ ਇਸ ਘੁਟਨ ਤੋਂ ਮਾਯੂਸ ਕਾਹਨੂੰ ਹੋਇਐਂ ਖਿੜਕੀ ਰਤਾ ਕੁ ਖੋਲ੍ਹੀਂ ਫਿਰ ਆਏਗੀ ਹਵਾ ਖੋਲ੍ਹੇਗਾ ਨਾ ਦਰਵਾਜ਼ਾ, ਅੰਦਰ ਦਾ ਖ਼ੌਫ਼ ਉਸ ਨੂੰ ਬੇਚੈਨ ਹੋ ਕੇ ਕਿੰਨਾ ਖੜਕਾਏਗੀ ਹਵਾ ਫੁੱਲਾਂ ਦਾ ਸਾਥ ਮਿਲਿਆ ਪੱਤਿਆਂ ਦੇ ਨੇੜੇ-ਨੇੜੇ ਖ਼ੁਸ਼ਬੂ ਦਾ ਕਲਸ਼ ਲੈ ਕੇ ਫਿਰ ਆਏਗੀ ਹਵਾ ਜਿਹੜੇ ਨੇ ਬੇਕਸੂਰੇ, ਜੀਹਨਾਂ 'ਤੇ ਜ਼ੁਲਮ ਹੋਇਆ ਉਹਨਾਂ ਨੂੰ ਹੀ ਤਾਂ ਦੋਸ਼ੀ ਠਹਿਰਾਏਗੀ ਹਵਾ

ਬਚਾਓ ਜ਼ਿੰਦਗੀ ਜੇਕਰ ਬਚਾਈ ਜਾਂਦੀ ਹੈ

ਬਚਾਓ ਜ਼ਿੰਦਗੀ ਜੇਕਰ ਬਚਾਈ ਜਾਂਦੀ ਹੈ ਘਟਾ ਅਜੀਬ ਇਕ ਅੰਬਰ 'ਤੇ ਛਾਈ ਜਾਂਦੀ ਹੈ ਉਦਾਸੀ ਹਾਸਿਆਂ ਪਿੱਛੇ ਛੁਪਾਈ ਜਾਂਦੀ ਹੈ ਗ਼ਮਾਂ ਦੀ ਪੀੜ ਕੁਝ ਏਦਾਂ ਘਟਾਈ ਜਾਂਦੀ ਹੈ ਜਦੋਂ ਯਕੀਨ ਦਾ ਕਿਧਰੇ ਵੀ ਕਤਲ ਹੁੰਦਾ ਹੈ ਸੁਨਹਿਰੇ ਖ਼ਾਬਾਂ ਦੀ ਅਰਥੀ ਉਡਾਈ ਜਾਂਦੀ ਹੈ ਬਰੂਹਾਂ ਤੀਕਰ ਆ ਪੁੱਜੀ ਹੈ ਅੱਗ ਨਫ਼ਰਤ ਦੀ ਇਹ ਸਾਂਝਾਂ ਰਿਸ਼ਤਿਆਂ ਦਾ ਘਰ ਜਲਾਈ ਜਾਂਦੀ ਹੈ ਕਦੇ ਇਕ ਫੁੱਲ 'ਤੇ ਬੈਠੇ ਕਦੇ ਦੂਜੇ 'ਤੇ ਜਾ ਤਿਤਲੀ ਸਲੀਕੇ ਨਾਲ ਉਹ ਖ਼ੁਸ਼ਬੂ ਚੁਰਾਈ ਜਾਂਦੀ ਹੈ

ਬਾਹਰਲੇ ਹਾਲਾਤ ਕੋਲ਼ੋਂ ਡਰ ਗਿਆ ਹੈ

ਬਾਹਰਲੇ ਹਾਲਾਤ ਕੋਲ਼ੋਂ ਡਰ ਗਿਆ ਹੈ ਮੇਰੇ ਅੰਦਰ ਦਾ ਬੱਚਾ ਕਦੋਂ ਦਾ ਮਰ ਗਿਆ ਹੈ ਤੁਸੀਂ ਇਸ ਰਾਹ ਤੋਂ ਹਰਗਿਜ਼ ਨਾ ਜਾਣਾ ਹੁਣੇ ਇਸ ਰਾਹ ਤੋਂ ਤਾਂ ਰਹਿਬਰ ਗਿਆ ਹੈ ਭਲਾ ਦੱਸੋ ਕਿਸੇ ਨੂੰ ਰੋਕ ਸਕਦੇ ਹੋ ਕਦੋਂ ਤਕ ਜਿਨ੍ਹੇ ਜਾਣਾ ਸੀ ਉਹ ਆਖ਼ਰ ਗਿਆ ਹੈ ਉਸੇ ਨੇ ਪਾ ਲਿਆ ਹੈ ਲਾਮਕਾਂ1 ਨੂੰ ਜੋ ਅਪਣੇ ਆਪ ਦੇ ਅੰਦਰ ਗਿਆ ਹੈ ਮੈਂ ਚਾਹਿਆ ਸੀ ਸਦਾ ਮਿੱਠਾ ਹੀ ਬੋਲਾਂ ਕੁੜੱਤਣ ਜੀਭ ’ਤੇ ਉਹ ਧਰ ਗਿਆ ਹੈ 1. ਜਿਸ ਦਾ ਕੋਈ ਮਕਾਨ ਨਹੀਂ, ਪਰਮਾਤਮਾ, ਰੱਬ

ਬੋਲ ਕਹੇਗਾ ਜਿਹੜਾ ਸੱਚੇ

ਬੋਲ ਕਹੇਗਾ ਜਿਹੜਾ ਸੱਚੇ ਉਸ ਦੇ ਉਡਣੇ ਨੇ ਪਰਖੱਚੇ ਦਾਦਾ ਦਾਦੀ ਕਿਸ ਨੂੰ ਕਹਿੰਦੇ ਪੁਸਤਕ ਪੜ੍ਹ ਕੇ ਪੁੱਛਦੇ ਬੱਚੇ ਰਾਗ ਇਲਾਹੀ ਛਿੜਦਾ ਉਸ ਪਲ ਫੁੱਲਾਂ 'ਤੇ ਜਦ ਸ਼ਬਨਮ ਨੱਚੇ ਪੱਕਿਆਂ ਦੀ ਤਾਂ ਵਕਤੀ ਗੱਲ ਸੀ ਤਾਰਿਆ ਸੋਹਣੀ ਨੂੰ ਹੈ ਕੱਚੇ ਖਿੜ ਜਾਵੇ ਜਦ ਦਿਲ ਦਾ ਬੂਟਾ ਹੋਠਾਂ 'ਤੇ ਹਰਿਆਲੀ ਨੱਚੇ

ਮੇਰੀ ਚੰਗੀ-ਚੰਗੀ ਕਹਿ ਕੇ ਲੜਦੇ ਨੇ ਸੰਸਾਰੀ

ਮੇਰੀ ਚੰਗੀ-ਚੰਗੀ ਕਹਿ ਕੇ ਲੜਦੇ ਨੇ ਸੰਸਾਰੀ ਹਰ ਭਾਸ਼ਾ ਦੀ ਜਣਨੀ ਲੇਕਿਨ ਬੱਚੇ ਦੀ ਕਿਲਕਾਰੀ ਕਾਗ਼ਜ਼, ਕੰਧ, ਸਲੇਟ ਦੇ ਉੱਤੇ ਚੀਚ ਗਲੋਲੇ ਵਾਹੇ ਚਿੱਤਰਕਾਰਾਂ ਤੋਂ ਵੀ ਬਿਹਤਰ ਬੱਚੇ ਦੀ ਗੁਲਕਾਰੀ ਹਰ ਬੱਚੇ ਦੇ ਨਕਸ਼ਾਂ ਵਿੱਚੋਂ ਬੇਸ਼ਕ ਚਾਹੇ ਦੇਖੋ ਹਰ ਬੱਚੇ ਦੀ ਸੂਰਤ ਹੁੰਦੀ ਘਾੜਤ ਇਕ ਕਰਤਾਰੀ ਵੱਡੇ-ਵੱਡੇ ਨਾਢੂ ਖ਼ਾਂ ਵੀ ਘੋੜਾ, ਹਾਥੀ ਬਣਦੇ ਤੇ ਬੱਚੇ ਹਨ ਕਰਦੇ ਦੇਖੋ ਇਹ ਸ਼ਾਹੀ ਅਸਵਾਰੀ ‘ਮਾਖਨਚੋਰ’ ਸੁਹਾਵੇ ਕਿੰਨਾ ਸਭ ਦੇ ਮਨ ਨੂੰ ਭਾਵੇ ਜਿਸ ਦੇ ਨਾਂ ਹਨ ਕ੍ਰਿਸ਼ਨ, ਕਨੱਹੀਆ, ਗੋਵਰਧਨ, ਗਿਰਧਾਰੀ ਹਰ ਬੱਚਾ ਜਦ ਧਰਤੀ ਉੱਤੇ ਮਾਂ ਦੀ ਕੁੱਖ 'ਚੋਂ ਜਨਮੇ ਲਗਦਾ ਹੈ ਕਿ ਹੋਵੇਗਾ ਹੁਣ ਕਰਤਬ ਇਕ ਅਵਤਾਰੀ

ਮੈਂ ਤਾਂ ਸ਼ਾਮ ਸਵੇਰੇ ਲੱਭਾਂ

ਮੈਂ ਤਾਂ ਸ਼ਾਮ ਸਵੇਰੇ ਲੱਭਾਂ ਕੰਧਾਂ ਹੀਣ ਬਨੇਰੇ ਲੱਭਾਂ ਮੇਰੇ ਅੰਦਰ ਬੈਠਾ ਹੈ ਜੋ ਉਸ ਨੂੰ ਚਾਰ ਚੁਫੇਰੇ ਲੱਭਾਂ ਕੈਸਾ ਹੈ ਤਹਿਜ਼ੀਬ ਦਾ ਚਾਨਣ ਸੰਘਣੇ ਘੋਰ ਹਨੇਰੇ ਲੱਭਾਂ ਬੱਚਿਆਂ ਦੇ ਨਕਸ਼ਾਂ ਦੇ ਵਿੱਚੋਂ ਅਪਣੇ ਵੱਡ ਵਡੇਰੇ ਲੱਭਾਂ ਦਰਦਾਂ ਨਾਲ ਨਾ ਹੋਏ ਤੁਸ਼ਟੀ ਦੁਖੜੇ ਹੋਰ ਘਨੇਰੇ ਲੱਭਾਂ ਗੁੰਮ ਨਾ ਜਾਵਾਂ ਸ਼ਾਹ ਰਾਹ ਉੱਤੇ ਰਸਤੇ ਨਵੇਂ ਨਵੇਰੇ ਲੱਭਾਂ ਨਕਸ਼ ਗੁਆਚੇ ਲਭਦੇ ਨਹੀਂ ਹੁਣ ਖੰਡਰ ਸੁੰਨ ਬਥੇਰੇ ਲੱਭਾਂ

ਮੰਨਿਆ ਅਸਥਾਈ ਹੈ ਰਹਿਣੀ ਸਦਾ ਕਾਇਆ ਨਹੀਂ

ਮੰਨਿਆ ਅਸਥਾਈ ਹੈ ਰਹਿਣੀ ਸਦਾ ਕਾਇਆ ਨਹੀਂ ਲੇਕਿਨ ਹਕੀਕਤ ਵਿਚ ਇਹ ਛਲ ਨਹੀਂ ਮਾਇਆ ਨਹੀਂ ਸ਼ੇਸ਼ ਕੁਝ ਤਾਂ ਰਹਿ ਗਿਆ ਸ਼ਬਨਮੀ ਤਹਿਜ਼ੀਬ ਦਾ ਦਰਦ ਦਾ ਇਹ ਫੁੱਲ ਦੇਖੋ ਹਾਲੇ ਮੁਰਝਾਇਆ ਨਹੀਂ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਹੁੰਦੀਆਂ ਨੇ ਜੋ ਅਪਹੁੰਚ ਉਸ ਦੀ ਹਸਤੀ ਨਾ ਨਕਾਰੋ ਜੋ ਅਜੇ ਪਾਇਆ ਨਹੀਂ ਕਹਿਕਸ਼ਾਂ ਦੇ ਰੰਗਾਂ ਵਿਚ ਤਾਂ ਹੋਇਆ ਨਹੀਂ ਵਾਧਾ ਅਜੇ ਸੱਚ ਤਾਂ ਹੈ ਇਹ ਕਿ ਮੈਂ ਪੂਰੀ ਤਰ੍ਹਾਂ ਆਇਆ ਨਹੀਂ ਮੁਲ ਤਾਰਾਂ ਕਿੰਝ ਖ਼ੁਸ਼ੀ ਦਾ, ਕਿਸ ਤਰ੍ਹਾਂ ਪਾਵਾਂ ‘ਆਨੰਦ’ ਹੰਝੂਆਂ ਤੇ ਹਾਵਿਆਂ ਬਿਨ ਕੋਈ ਵੀ ਸਰਮਾਇਆ ਨਹੀਂ

ਰੁੰਡ-ਮਰੁੰਡੇ ਰੁੱਖਾਂ ਉੱਤੇ ਨਾ ਟਾਹਣੀ ਨਾ ਪੱਤਾ ਸੀ

ਰੁੰਡ-ਮਰੁੰਡੇ ਰੁੱਖਾਂ ਉੱਤੇ ਨਾ ਟਾਹਣੀ ਨਾ ਪੱਤਾ ਸੀ ਦੱਸੋ ਕੀਕਰ ਆ ਕੇ ਬੈਠਣ ਇਹਨਾਂ 'ਤੇ ਹਵਾ ਦੇ ਪੰਛੀ ਖੰਭਾਂ ਦੀ ਪਰਵਾਜ਼ ਤਾਂ ਸੀਮਿਤ ਬਹੁਤੀ ਉੱਚੀ ਜਾਵੇ ਨਾਂਹ ਅੰਬਰਾਂ ਤੋਂ ਵੀ ਅੱਗੇ ਪਹੁੰਚਣ ਲੇਕਿਨ ਨੇਕ ਦੁਆ ਦੇ ਪੰਛੀ ਹੈ ਕਿਸਮਤ ਦੀ ਖੇਡ ਨਿਆਰੀ, ਇਸ ਦਾ ਕੋਈ ਭਰੋਸਾ ਨਹੀਂ ਹੱਸਣ ਗੇ ਜਾਂ ਰੋਵਣ ਗੇ ਹੱਥਾਂ ਵਿਚ ਹਿਨਾ ਦੇ ਪੰਛੀ ਉਡਦੇ-ਉਡਦੇ ਥੱਕ ਗਏ ਨੇ ਅਰਥ ਵਿਹੂਣੇ ਬੇਸ਼ਬਦੇ ਕਿਸ ਦਰ 'ਤੇ ਹੁਣ ਦਸਤਕ ਦੇਵਣ ਮੇਰੀ ਮੂਕ ਸਦਾ ਦੇ ਪੰਛੀ

ਲਾ ਲੈ ਜ਼ੋਰ ਤੂੰ ਕਿੰਨਾ ਭਾਵੇਂ

ਲਾ ਲੈ ਜ਼ੋਰ ਤੂੰ ਕਿੰਨਾ ਭਾਵੇਂ ਬੈਠ ਨਾ ਹੋਣਾ ਅਪਣੀ ਛਾਵੇਂ ਦਿਲ ਦਾ ਬੂਟਾ ਸੜ ਸੁੱਕ ਚਲਿਆ ਯਾਦਾਂ ਦੇ ਫੁੱਲ ਟਾਵੇਂ-ਟਾਵੇਂ ਹੋਰਾਂ ਦਾ ਘਰ ਲਭਦੇ-ਲਭਦੇ ਭੁੱਲ ਬੈਠੇ ਅਪਣੇ ਸਿਰਨਾਵੇਂ ਦਿਲ ਬਦਲੇ ਕਦ ਮਿਲਿਆ ਦਿਲ ਹੈ ਕਦ ਹੁੰਦੇ ਨੇ ਸੌਦੇ ਸਾਵੇਂ ਸੌ ਗ਼ਜ਼ਲਾਂ ਦਾ ਤੁਹਫ਼ਾ ਦੇਵਾਂ ਜੇ ਰਾਤੀ ਸੁਪਨੇ ਵਿਚ ਆਵੇਂ

ਸ਼ਹਿਰ ਤਾਂ ਸਭ ਵੀਰਾਨ ਹੋ ਗਿਆ

ਸ਼ਹਿਰ ਤਾਂ ਸਭ ਵੀਰਾਨ ਹੋ ਗਿਆ ਘੁੱਗ ਵਸਦਾ ਸ਼ਮਸ਼ਾਨ ਹੋ ਗਿਆ ਸੱਧਰਾਂ ਦਾ ਇਕ ਮਹਿਲ ਸੀ ਜਿਹੜਾ ਗਿਰ ਕੇ ਰੜਾ ਮੈਦਾਨ ਹੋ ਗਿਆ ਕਿਸ ਦੀ ਸਹੁੰ ਖਾਈਏ ਕਿ ਹੁਣ ਤਾਂ ਧੋਖਾਧੜੀ ਈਮਾਨ ਹੋ ਗਿਆ ਰਹਿਜ਼ਨ ਤੋਂ ਹੁਣ ਡਰ ਨਹੀਂ ਲਗਦਾ ਰੱਖਿਅਕ ਹੁਣ ਸ਼ੈਤਾਨ ਹੋ ਗਿਆ

ਸਰਸਬਜ਼ ਮੌਸਮ ਵਿਚ ਵੀ ਜੋ ਜ਼ਰਦ ਹੈ ‘ਆਨੰਦ’

ਸਰਸਬਜ਼ ਮੌਸਮ ਵਿਚ ਵੀ ਜੋ ਜ਼ਰਦ ਹੈ ‘ਆਨੰਦ’ ਪੈਰਾਂ ਤੋਂ ਲੈ ਕੇ ਸੀਸ ਤਕ ਇਕ ਦਰਦ ਹੈ ‘ਆਨੰਦ’ ਇਹ ਕਿਸ ਤਰ੍ਹਾਂ ਦੀ ਠੰਡ ਹੁਣ ਹੱਡਾਂ 'ਚ ਰਚ ਗਈ ਤਪਦੀ ਦੁਪਹਿਰ ਜੂਨ ਦੀ ਪਰ ਸਰਦ ਹੈ ‘ਆਨੰਦ' ਸ਼ੀਸ਼ਾ ਹਜ਼ਾਰ ਦੇਖ ਪਰ ਨਜ਼ਰੀਂ ਨਾ ਆਏਗਾ ਚਿਹਰੇ 'ਤੇ ਜੰਮੀ ਹੋਈ ਤੇਰੇ ਗਰਦ ਹੈ ‘ਆਨੰਦ’ ਜਿੱਤੀ ਨਹੀਂ ਹੈ ਕੋਈ ਵੀ ਬਾਜ਼ੀ ਕਮਾਲ ਹੈ ਹਾਰੀ ਹੈ ਜਿਹੜੀ ਪੁੱਗ ਕੇ ਉਹ ਨਰਦ ਹੈ ‘ਆਨੰਦ’ ਮੰਨਿਆ ਕਿ ਤੇਰੇ ਕੋਲ਼ ਬੜੇ ਗ਼ਮ ਹਯਾਤੀਏ ਸਹਿੰਦਾ ਰਹੇਗਾ ਸਾਰੇ ਕਿ ਇਕ ਮਰਦ ਹੈ “ਆਨੰਦ’

ਸ਼ਿਅਰ ਮੇਰੇ ਚੁਲਬਲੇ ਨੇ

ਸ਼ਿਅਰ ਮੇਰੇ ਚੁਲਬਲੇ ਨੇ ਬੇਮੁਹਾਰੇ ਵਲਵਲੇ ਨੇ ਉਹ ਇਕੱਲਾ ਪਾਰ ਲੰਘਿਆ ਡੁੱਬ ਗਏ ਪਰ ਕਾਫ਼ਲੇ ਨੇ ਦੋਸਤੀ ਦੀ ਪਰਖ ਹੁੰਦੀ ਪੈਣ ਜਦ ਵੀ ਮਾਮਲੇ ਨੇ ਹੈ ਨਿਸ਼ਾਨੀ ਯਾਤਰਾ ਦੀ ਪੈਰਾਂ ਵਿਚ ਜੋ ਆਬਲੇ1 ਨੇ ਵਕਤ ਦੀ ਬੇਰਹਿਮ ਅੱਗ 'ਚ ਬੋਲ ਮੇਰੇ ਵੀ ਜਲ਼ੇ ਨੇ ਸਾੜਦੀ ਬਰਸਾਤ ਦੇਖੀ ਪੰਛੀਆਂ ਦੇ ਘਰ ਜਲ਼ੇ ਨੇ ਕੋਲ਼ ਹਾਂ ਪਰ ਜਾਪਦਾ ਹੈ ਵਧ ਗਏ ਹੁਣ ਫ਼ਾਸਲੇ ਨੇ ਸੁਪਨਿਆਂ ਸਾਕਾਰ ਹੋਣਾ ਮੇਰੇ ਨੈਣੀ ਜੋ ਪਲ਼ੇ ਨੇ ਜ਼ੁਲਮ ਦੀ ਬਹੁਤਾਤ ਹੋਈ ਦਸ ਰਹੇ ਇਹ ਜ਼ਲਜ਼ਲੇ2 ਨੇ ਸਾਂਭ ਕੇ ਰਖਣਾ ਦਿਲਾਂ ਵਿਚ ਸ਼ਿਅਰ ਮੇਰੇ ਲਾਡਲੇ ਨੇ 1. ਛਾਲੇ 2. ਭੂਚਾਲ

ਚਿੱਟੇ ਦਿਨ ਵਿਚ ਸਿਖਰ ਦੁਪਹਿਰੇ ਸੌਣ ਤੋਂ ਪਹਿਲਾਂ ਇਹ ਗੱਲ ਸੁਣ

ਚਿੱਟੇ ਦਿਨ ਵਿਚ ਸਿਖਰ ਦੁਪਹਿਰੇ ਸੌਣ ਤੋਂ ਪਹਿਲਾਂ ਇਹ ਗੱਲ ਸੁਣ ਨਾਲ ਇਹਦੇ ਤਨ ਢੱਕ ਨਹੀਂ ਹੋਣਾ, ਸੁਪਨੇ ਦੀ ਚਾਦਰ ਨਾ ਬੁਣ ਆਸ ਕਿਸੇ ਦੀ ਦਿਲ ਵਿਚ ਲੈ ਕੇ ਜੀਵਨ ਦੀ ਰੁੱਤ ਬੀਤ ਚੁੱਕੀ ਹੈ ਉਹ ਨਿਰਮੋਹੀ ਯਾਦ ਨਾ ਆਵੇ, ਦਿਲ ਨੂੰ ਇਹ ਸਮਝਾ ਲੈ ਹੁਣ ਸ਼ਾਨ 'ਚ ਉਸ ਦੀ-ਕੀ ਕੁਝ ਆਖਾਂ, ਕੀ-ਕੀ ਮੈਂ ਤਾਰੀਫ਼ ਕਰਾਂ ਕਿ ਵਾਅਦਾ ਕਰਨਾ ਤੇ ਭੁਲ ਜਾਣਾ, ਇਹ ਵੀ ਹਨ ਉਸ ਦੇ ਹੀ ਗੁਣ ਜ਼ਰਦ ਸਵੇਰਾ, ਕਾਲ਼ਾ ਚਾਨਣ ਤੇ ਮਟਮੈਲੀ ਸਿਖਰ ਦੁਪਹਿਰ ਜ਼ਿੰਦਗੀ ਦੀ ਬਹੁਰੰਗੀ ਵਿੱਚੋਂ ਜਿਹੜਾ ਮਰਜ਼ੀ ਲੈ ਤੂੰ ਚੁਣ ਹਸਦਾ-ਰਸਦਾ ਕਲ੍ਹ ਤਕ ਜਿਹੜਾ ਇਕ ਸਬੂਤਾ ਮਾਨਵ ਸੀ ਅਜ ਖਾ ਗਿਆ ਯਾਰੋ ਓਸ ‘ਆਨੰਦ' ਨੂੰ ਗ਼ਮ ਤੇ ਇਕਲਾਪੇ ਦਾ ਘੁਣ

ਸੁਬਹ ਦਾ ਭੁਲਿਆ ਜਦ ਸ਼ਾਮ ਨੂੰ ਘਰ ਆਏਗਾ

ਸੁਬਹ ਦਾ ਭੁਲਿਆ ਜਦ ਸ਼ਾਮ ਨੂੰ ਘਰ ਆਏਗਾ ਅਜਨਬੀ ਕੰਧਾਂ ਦੀ ਵਲਗਣ ਵਿਚ ਵਲਿਆ ਜਾਏਗਾ ਭੁੱਲ ਸਕੇਂ ਤਾਂ ਭੁੱਲ ਜਾਵੀਂ, ਯਾਦ ਏਨਾ ਰੱਖ ਲਵੀਂ ਭੁੱਲ ਗਿਆ ਫਿਰ ਖ਼ਾਬ ਬਣ ਕੇ ਯਾਦ ਤੈਨੂੰ ਆਏਗਾ ਪਹਿਲਾਂ ਤਾਂ ਮੁਸਕਾਏਗਾ ਉਹ ਫੇਰ ਹੋਵੇਗਾ ਉਦਾਸ ਜਦ ਕਦੇ ਵੀ ਕੋਈ ਕਿਧਰੇ ਗੀਤ ਮੇਰਾ ਗਾਏਗਾ ਬਾਹਰ ਜੇ ਨਿਕਲਾਂ ਤਾਂ ਤੇਰੀ ਦੀਦ ਨੂੰ ਲੋਚਾਂਗਾ ਮੈਂ ਛੁਪ ਕੇ ਜੇ ਅੰਦਰ ਵੜਾਂ ਤਾਂ ਤੇਰਾ ਗ਼ਮ ਹੀ ਖਾਏਗਾ ਹੁਣ ਕਿਸੇ ਦੇ ਨਾਲ ਕੋਈ ਗੱਲ ਮੈਂ ਕਰਦਾ ਨਹੀਂ ਜ਼ਿਕਰ ਤੇਰਾ ਆ ਗਿਆ ਤਾਂ ਦਿਲ ਮੇਰਾ ਤੜਪਾਏਗਾ

ਆ ਆਪਾਂ ਦੋਵੇਂ ਹੀ ਰਲ਼ ਕੇ, ਅਪਣੀ ਇਕ ਬਣਾਈਏ ਐਲਬਮ

ਆ ਆਪਾਂ ਦੋਵੇਂ ਹੀ ਰਲ਼ ਕੇ, ਅਪਣੀ ਇਕ ਬਣਾਈਏ ਐਲਬਮ ਸਭ ਤਸਵੀਰਾਂ ਲਾ ਕੇ ਪੁੱਠੀਆਂ, ਵਖਰੀ ਤਰ੍ਹਾਂ ਸਜਾਈਏ ਐਲਬਮ ਕਿਧਰੇ ਸਾਡੇ ਰਾਜ਼ ਨਾ ਖੁੱਲ੍ਹਣ, ਹੋਈਏ ਨਾ ਬਦਨਾਮ ਅਸੀਂ ਹਰ ਇਕ ਵੈਰੀ ਅੱਖ ਤੋਂ ਕੀਕਰ, ਆਪਾਂ ਦਸ ਛੁਪਾਈਏ ਐਲਬਮ ਪਿਆਰ 'ਚ ਕੀ ਖੋਇਆ, ਕੀ ਪਾਇਆ, ਪੁੱਛ ਲਵੇ ਜੇ ਕੋਈ ਵਿਅਕਤੀ ਮੂੰਹੋਂ ਤਾਂ ਕੁਝ ਵੀ ਨਾ ਕਹੀਏ, ਬਸ ਉਸ ਨੂੰ ਦਿਖਲਾਈਏ ਐਲਬਮ ਜਿਸ ਵੀ ਥਾਂ ’ਤੇ ਹੋਏ ਆਯੋਜਿਤ, ਦੁਰਲਭ ਪੀੜਾਂ ਦਾ ਪ੍ਰਦਰਸ਼ਨ ਉਸ ਮੇਲੇ ਵਿਚ ਇਕਲਵਾਂਝੇ ਆਪਣੀ ਵੀ ਰਖਵਾਈਏ ਐਲਬਮ ਆ ਕਿ ਅੱਜ ਦੀ ਏਸ ਘੜੀ ਤੋਂ ਨਵਰੰਗਾਂ ਦੀ ਭਾਲ ਅਰੰਭੀਏ ਸਭ ਤੋਂ ਪਹਿਲਾਂ ਅਪਣੇ ਹੱਥੀਂ, ਅੱਗ ਦੇ ਵਿਚ ਜਲਾਈਏ ਐਲਬਮ

ਭਾਲ਼ ਤੇਰੀ ਵਿਚ ਨਿਕਲ਼ਿਆ ਜਿਹੜਾ ਹੋਰ ਭਲਾ ਕੀ ਕਰ ਜਾਵੇਗਾ

ਭਾਲ਼ ਤੇਰੀ ਵਿਚ ਨਿਕਲ਼ਿਆ ਜਿਹੜਾ ਹੋਰ ਭਲਾ ਕੀ ਕਰ ਜਾਵੇਗਾ ਅਪਣਾ ਪਰਛਾਵਾਂ ਵੀ ਖੋ ਕੇ ਖ਼ਾਲੀ ਹੱਥੀਂ ਘਰ ਜਾਵੇਗਾ ਐਸਾ ਗਾਹਕ ਨਾ ਮਿਲਣਾ ਮੁੜ ਕੇ, ਦੇਖੀਂ ਇਸ ਨੂੰ ਮੋੜ ਨਾ ਦੇਵੀਂ ਦੋ ਹੋਠਾਂ ਦੇ ਹਾਸੇ ਬਦਲੇ ਉਮਰਾ ਗਹਿਣੇ ਧਰ ਜਾਵੇਗਾ ਤੇਰੇ ਮੁੱਖ ਦਾ ਮਘਦਾ ਸੂਰਜ ਜਦ ਚੜ੍ਹਿਆ ਵਿਹੜੇ ਵਿਚ ਮੇਰੇ ਕੁੱਲ ਉਮਰਾ ਦਾ ਸਾਰਾ ਨ੍ਹੇਰਾ ਪਲ ਛਿਣ ਵਿਚ ਹੀ ਹਰ ਜਾਵੇਗਾ ਤੇਰੇ ਹੁੰਦਿਆਂ ਪਰਦਿਆਂ ਉਤਲੇ ਫੁੱਲਾਂ ਦੇ ਵਿਚ ਖ਼ੁਸ਼ਬੋਈ ਹੈ ਤੇਰੇ ਬਾਝੋਂ ਚਾਦਰ ਉਤਲਾ ਮੋਰ ਸੁਨਹਿਰੀ ਮਰ ਜਾਵੇਗਾ ਝੀਲਾਂ ਵਰਗੀਆਂ ਗਹਿਰੀਆਂ ਅੱਖਾਂ ਤੇ ਜੋਬਨ ਦਾ ਸੀਤਲ ਪਾਣੀ ਜੋ ਨਾ ਡੁਬਿਆ ਵਿਚ ਇਨ੍ਹਾਂ ਦੇ ਸਿਖਰ ਦੁਪਹਿਰੇ ਠਰ ਜਾਵੇਗਾ

ਹੋਵੇ ਜੇ ਦਿਲ ਉਦਾਸ ਤਾਂ ਮੇਰਾ ਕਲਾਮ ਪੜ੍ਹ

ਹੋਵੇ ਜੇ ਦਿਲ ਉਦਾਸ ਤਾਂ ਮੇਰਾ ਕਲਾਮ ਪੜ੍ਹ ਆਵੇ ਨਾ ਜੀਣ ਰਾਸ ਤਾਂ ਮੇਰਾ ਕਲਾਮ ਪੜ੍ਹ ਕਿੰਜ ਹਾਸਿਆਂ ਦੇ ਵਿਚ ਇਹ ਹੰਝੂ ਨੇ ਵਟ ਗਏ ਇਹ ਜਾਣਨਾ ਇਤਿਹਾਸ ਤਾਂ ਮੇਰਾ ਕਲਾਮ ਪੜ੍ਹ ਕੰਡਿਆਂ ਦੇ ਕੋਲ ਰਹਿ ਕੇ ਵੀ ਫੁੱਲਾਂ ਦੇ ਆਸ਼ਕਾ ਆਵੇ ਨਾ ਤੈਨੂੰ ਬਾਸ ਤਾਂ ਮੇਰਾ ਕਲਾਮ ਪੜ੍ਹ ਤਨਹਾਈਆਂ ਦੇ ਨ੍ਹੇਰ ਵਿਚ ਘਿਰਨਾ ਤਾਂ ਠੀਕ ਨਾ ਹੋਵੇ ਨਾ ਕੋਈ ਪਾਸ ਤਾਂ ਮੇਰਾ ਕਲਾਮ ਪੜ੍ਹ ਦਰਦਾਂ ਦੀ ਭੀੜ ਵਿਚ ਜਦ ਘਿਰ ਜਾਵੇ ਜ਼ਿੰਦਗੀ ਮੁਸ਼ਕਿਲ ਜੇ ਆਏ ਸਾਸ ਤਾਂ ਮੇਰਾ ਕਲਾਮ ਪੜ੍ਹ

ਕਲ੍ਹ ਤਕ ਹਰ ਪਾਸੇ ਦਿਸਦੇ ਸਨ ਖਿੰਡੇ ਹੋਏ ਕੁਝ ਖ਼ਾਬ ਸੁਨਹਿ

ਕਲ੍ਹ ਤਕ ਹਰ ਪਾਸੇ ਦਿਸਦੇ ਸਨ ਖਿੰਡੇ ਹੋਏ ਕੁਝ ਖ਼ਾਬ ਸੁਨਹਿਰੇ ਅੱਜ ਉਦਾਸੀ ਘਰ ਦੀ ਮਾਲਕ ਹੋਠਾਂ 'ਤੇ ਪੀੜਾਂ ਦੇ ਪਹਿਰੇ ਲਾਇਬ੍ਰੇਰੀ ਦੇ ਵਿਚ ਬੈਠੇ ਵਰਕੇ ਪਲਟੀ ਜਾਵਣ ਕਿਉਂ ਅੱਖੀਆਂ ਅੱਖਰ ਸ਼ੋਰ ਮਚਾਵਣ, ਸੁਣਦੇ ਨਹੀਂ ਕੀ ਲੋਕੀ ਬਹਿਰੇ ? ਪੁਛਦਾ ਏਂ ਕਿਉਂ ਕਾਰਨ ਮੈਥੋਂ, ਮੇਰੀ ਇਸ ਮਾਯੂਸੀ ਦਾ ਜੀਕਰ ਤੈਨੂੰ ਪਤਾ ਨਹੀਂ ਹੈ, ਫੁੱਲ ਖਿੜਦੇ ਨੂੰ ਕਦੋਂ ਦੁਪਹਿਰੇ ਆਣ ਥਲਾਂ ਵਿਚ ਸੱਸੀ ਵਾਕੁਰ, ਕਿਣਕਾ-ਕਿਣਕਾ ਵਿਛ ਗਿਐ ਉਹ ਰਾਹੀ ਜੋ ਤਰ ਕੇ ਆਇਆ, ਰਸਤੇ ਵਿਚ ਸਮੁੰਦਰ ਗਹਿਰੇ ਕਬਜ਼ੇ ਦੇ ਇਹਸਾਸ ਦੇ ਕਾਰਨ ਭੁੱਲ ਕੇ ਤੈਨੂੰ ਆਖ ਗਿਆ ਸਾਂ ਉਂਜ ਤਾਂ ਮੈਨੂੰ ਭੇਤ ਹੈ ਇਸ ਦਾ ਸੂਰਜ ਨਾ ਇਕ ਘਰ ਵਿਚ ਠਹਿਰੇ

ਸੀਮਿੰਟ, ਗਾਰਾ, ਇੱਟਾਂ, ਚੂਨਾ, ਬਣਦੇ ਪਏ ਮਕਾਨ

ਸੀਮਿੰਟ, ਗਾਰਾ, ਇੱਟਾਂ, ਚੂਨਾ, ਬਣਦੇ ਪਏ ਮਕਾਨ ਕੁਝ ਲਾਸ਼ਾਂ ਲਈ ਵੱਖੋ-ਵਖਰੇ ਜੀਕਰ ਕਬਰਿਸਤਾਨ ਹਸਦੇ ਫੁੱਲ ਤੇ ਖਿੜੀਆਂ ਕਲੀਆਂ, ਮਹਿਕੀ ਹੋਈ ਫ਼ਜ਼ਾ ਏਸ ਜਿਉਂਦੇ ਚੌਗਿਰਦੇ ਵਿਚ ਇਕ ਮੁਰਦਾ ਇਨਸਾਨ ਕੋਟ ਦੇ ਹਰ ਇਕ ਬਟਨ-ਹੋਲ ਵਿਚ ਲਟਕਾਏ ਮੈਂ ਫੁੱਲ ਕੈਰੀ ਨਜ਼ਰੇ ਘੂਰ ਰਿਹਾ ਹੈ ਇਕ ਸਖਣਾ ਗੁਲਦਾਨ ਇੱਕੋ ਘਾਟ ਤੁਹਾਡੀ ਹੀ ਸੀ ਲੰਘ ਆਵੋ ਨਾ ਅੰਦਰ ਕੁੱਲ ਆਲਮ1 ਦੀਆਂ ਪੀੜਾਂ ਅਜ ਹਨ ਮੇਰੇ ਘਰ ਮਹਿਮਾਨ ਜੀਕਰ ਮੇਰੀ ਕਿਸਮਤ ਨੂੰ ਅੱਜ ਭਰ ਗਿਐ ਕੋਈ ਚੂੰਢੀ ਅਧ ਵਿਚਕਾਰੀਂ ਕਸ਼ਤੀ ਹੈ ਪਰ ਆਉਂਦਾ ਨਹੀਂ ਤੂਫ਼ਾਨ 1. ਦੁਨੀਆ, ਸੰਸਾਰ

ਅੱਧੀ ਰਾਤੀਂ ਬੂਹੇ ਉੱਤੇ ਹੋਵੇ ਰੋਜ਼ ਬਰਾਬਰ ਦਸਤਕ

ਅੱਧੀ ਰਾਤੀਂ ਬੂਹੇ ਉੱਤੇ ਹੋਵੇ ਰੋਜ਼ ਬਰਾਬਰ ਦਸਤਕ ਦੇਵਣ ਕਦੇ ਹਵਾਵਾਂ, ਦੇਵੇ ਕਦੇ ਸਮੁੰਦਰ ਦਸਤਕ ਖ਼ੌਰੇ ਕਿਹੜੀ ਨਹਿਸ਼ ਘੜੀ ਵਿਚ ਜ਼ਿਹਨ ਤੋਂ ਸੀ ਬਾਹਰ ਆਈ ਮੰਜ਼ਿਲ ਬਾਝੋਂ ਭਟਕ ਰਹੀ ਹੈ, ਦੇਖੋ ਕੀਕਰ ਦਰ-ਦਰ ਦਸਤਕ ਸੁਣ ਕੇ ਇਸ ਨੂੰ ਅਣਸੁਣਿਆ ਹੀ ਦੇਖੀਂ ਕਿਧਰੇ ਮੋੜ ਨਾ ਦੇਵੀਂ ਤੇਰੇ ਦਰ ’ਤੇ ਕਦੇ ਨਾ ਹੋਣੀ ਇਸ ਨਾਲੋਂ ਕੋਈ ਬਿਹਤਰ ਦਸਤਕ ਸ਼ਾਇਦ ਮੇਰਾ ਗੁੰਮਿਆ ਹੋਇਆ ਚਿਹਰਾ ਕਿਧਰੋਂ ਲੱਭ ਹੀ ਜਾਵੇ ਏਸੇ ਆਸ 'ਚ ਦਿਨ ਰਾਤੀਂ ਹੀ ਦਿੰਦਾ ਹਾਂ ਮੈਂ ਘਰ-ਘਰ ਦਸਤਕ ਕੀਤਾ ਹੈ ਇੰਜ ਚੀਣਾ-ਚੀਣਾ, ਯਾਦ ਤੇਰੀ ਨੇ ਮੈਨੂੰ ਯਾਰਾ ਸ਼ੀਸ਼ੇ ਦੇ ਘਰ ਆ ਕੇ ਦੇਵੇ ਜੀਕਰ ਕੋਈ ਪੱਥਰ ਦਸਤਕ

ਅਪਣੀ ਅਣਖ ਨੂੰ ਛਿੱਕੇ ਟੰਗ ਕੇ ਕੰਡੇ ਉੱਤੇ ਤੁੱਲ ਗਿਆ ਹਾਂ

ਅਪਣੀ ਅਣਖ ਨੂੰ ਛਿੱਕੇ ਟੰਗ ਕੇ ਕੰਡੇ ਉੱਤੇ ਤੁੱਲ ਗਿਆ ਹਾਂ ਜਦ ਵੀ ਵਿਕਿਆ ਹਾਂ ਮੈਂ ਯਾਰੋ ਬਹੁਤ ਹੀ ਸਸਤੇ ਮੁੱਲ ਗਿਆ ਹਾਂ ਜਿਨ੍ਹਾਂ ਦੀਆਂ ਨਜ਼ਰਾਂ ਦੇ ਵਿਚ ਮੈਂ ਸੂਰਜ ਬਣ ਕੇ ਸਾਂ ਚੜ੍ਹਿਆ ਉਨ੍ਹਾਂ ਦੀਆਂ ਪੈਰਾਂ ਦੇ ਥੱਲੇ ਦੇਖੋ ਕੀਕਰ ਰੁਲ਼ ਗਿਆ ਹਾਂ ਇਕ ਦੋ ਪਲ ਦਾ ਤੱਕਿਆ ਹੋਇਆ ਚਿਹਰਾ ਕੀਕਰ ਯਾਦ ਰਹੇ ਤੀਹ ਸਾਲਾਂ ਤੱਕ ਤੱਕਿਆ ਜਿਸ ਨੂੰ ਅਪਣਾ ਚਿਹਰਾ ਭੁੱਲ ਗਿਆ ਹਾਂ ਮੇਰੀ ਹੋਂਦ ਨੂੰ ਅਪਣੇ ਵਿੱਚੋਂ ਦੱਸੋ ਕਿਵੇਂ ਨਿਖੇੜੋਗੇ ਪੌਣਾਂ ਦੇ ਵਿਚ, ਪਾਣੀ ਦੇ ਵਿਚ, ਸਾਹਾਂ ਦੇ ਵਿਚ ਘੁਲ਼ ਗਿਆ ਹਾਂ ਵਕਤ-ਵਕਤ ਦੀ ਗੱਲ ਹੈ ਕੱਲ੍ਹ ਤਕ ਸੀਤਲ ਸ਼ਾਂਤ ਹਵਾ ਸਾਂ ਮੈਂ ਅਜ ਭੜਕਦਾ ਭਾਂਬੜ ਬਣਿਆ ਨ੍ਹੇਰੀ ਬਣ ਕੇ ਝੁੱਲ ਗਿਆ ਹਾਂ

ਨਾਮ ਚਾਹੇ ਦੇ ਲਵੋ ਇਸ ਨੂੰ ਕੋਈ

ਨਾਮ ਚਾਹੇ ਦੇ ਲਵੋ ਇਸ ਨੂੰ ਕੋਈ ਇਕ ਨਿਰੰਤਰ ਮੌਤ ਹੈ ਇਹ ਜ਼ਿੰਦਗੀ ਬੰਦ ਹੋਠਾਂ ਦੀ ਵੀ ਹੁੰਦੀ ਹੈ ਜ਼ੁਬਾਨ ਅਰਥ ਜਿਸ ਦੇ ਨੋਕ ਹੈ ਤਲਵਾਰ ਦੀ ਕੰਨ ਸੁਣਨੋਂ, ਨੈਣ ਤਕਣੋਂ ਵਰਜਣੇ ਜੀਣ ਖ਼ਾਤਰ ਸ਼ਰਤ ਹੈ ਇਹ ਲਾਜ਼ਮੀ ਕੰਡਿਆਂ ਦਾ ਤਾਜ ਪਾ ਕੇ ਗੀਤ ਗਾ ਬਹੁਤ ਮੁਸ਼ਕਿਲ ਨਾਲ ਮਿਲਦੀ ਇਹ ਖ਼ੁਸ਼ੀ ਇਹ ਨਾ ਸਮਝੋ ਮੈਂ ਇਕੱਲਾ ਰਹਿ ਗਿਆਂ ਨਾਲ ਮੇਰੇ ਹੈ ਗ਼ਜ਼ਲ ਇਕ ਅਣਕਹੀ

ਕੰਡਿਆਂ ਵਰਗੇ ਫੁੱਲ ਸਨ ਉਹ ਜਾਂ ਫੁੱਲਾਂ ਵਰਗੇ ਖ਼ਾਰ

ਕੰਡਿਆਂ ਵਰਗੇ ਫੁੱਲ ਸਨ ਉਹ ਜਾਂ ਫੁੱਲਾਂ ਵਰਗੇ ਖ਼ਾਰ ਜੋ ਮੇਰੀ ਝੋਲੀ ਵਿਚ ਡਿਗਣੋ ਕਰਦੇ ਰਹੇ ਇਨਕਾਰ ਅੱਜ ਓਸ ਦੇ ਮਿਲ ਜਾਵਣ ’ਤੇ ਏਦਾਂ ਕਿਉਂ ਹੈ ਲਗਦਾ ਜੀਕਰ ਘੁੱਗੀ ਦੇ ਸੀਨੇ ਵਿਚ ਹੋਵੇ ਖੁਭੀ ਕਟਾਰ ਜਿਹੜੇ ਅਪਣੇ ਸਨ ਉਹਨਾਂ ਦਾ ਚਿੱਟਾ ਹੋਇਆ ਖ਼ੂਨ ਫਿਰ ਵੀ ਪਾਗਲ ਮਨ ਹੈ ਤਕਦਾ ਸੁਪਨੇ ਕੁਝ ਰੰਗਦਾਰ ਅਪਣੀ ਸੂਲ਼ੀ ਮੋਢੇ ਚੁਕ ਕੇ ਤੁਰਨਾ ਨਹੀਂ ਸ਼ੁਦਾਅ ਅੱਜ ਦੇ ਯੁਗ ਦਾ ਹਰ ਇਕ ਬੰਦਾ ਈਸਾ ਦਾ ਅਵਤਾਰ ਕੈਸੀ ਇਹ ਮਜਬੂਰੀ ਹੈ ਕਿ ਫਿਰ ਵੀ ਰੋਜ਼ ਉਡੀਕ ਜਾਣਦਿਆਂ ਕਿ ਹੁਣ ਤਕ ਉਸ ਨੂੰ ਭੁਲ ਚੁਕਿਆ ਇਕਰਾਰ

ਇਸ ਦੇ ਅੰਦਰ ਵੜਨ ਦੀ ਮੈਨੂੰ ਇਜਾਜ਼ਤ ਹੀ ਨਹੀਂ

ਇਸ ਦੇ ਅੰਦਰ ਵੜਨ ਦੀ ਮੈਨੂੰ ਇਜਾਜ਼ਤ ਹੀ ਨਹੀਂ ਚੁੰਮ ਕੇ ਦੀਵਾਰ ਮੁੜ ਜਾਵਾਂਗਾ ਅਪਣੇ ਸ਼ਹਿਰ ਦੀ ਜਿਸ ਦੀ ਖ਼ਾਤਰ ਜੱਗ ਸਾਰੇ ਤੋਂ ਬੇਗਾਨਾ ਹੋ ਗਿਆ ਅੱਜ ਮੇਰੇ ਵਾਸਤੇ ਹੀ ਬਣ ਗਿਐ ਉਹ ਅਜਨਬੀ ਚਾਰੇ ਪਾਸੇ ਛਾ ਗਿਆ ਹੈ ਇਕ ਡੂੰਘਾ ਘੁੱਪ ਨ੍ਹੇਰ ਜਲ ਰਹੇ ਨੇ ਦੀਪ ਵਾਕੁਰ ਸਾਸ ਮੇਰੇ ਆਖ਼ਰੀ ਹਰ ਘੜੀ ਹੀ ਮੌਤ ਦਾ ਹੈ ਇਹ ਮੁਸੱਲਸਲ1 ਇੰਤਜ਼ਾਰ ਹੋਰ ਕਿਸ ਨੂੰ ਆਖਦੇ ਨੇ ਲੋਕ ਯਾਰੋ ਜ਼ਿੰਦਗੀ ਉਸ ਦੀ ਥਾਂ 'ਤੇ ਓਸਦੀ ਤਸਵੀਰ ਨੂੰ ਮੈਂ ਕੀ ਕਰਾਂ ਚੰਦ ਦੀ ਤਸਵੀਰ ਤਾਂ ਦਿੰਦੀ ਨਹੀਂ ਹੈ ਰੌਸ਼ਨੀ 1. ਲਗਾਤਾਰ, ਨਿਰੰਤਰ

ਬਰਫ਼ ਲੱਦੀਆਂ ਚੋਟੀਆਂ 'ਤੇ ਸੀ ਹੁਣੇ ਚਲਦੀ ਹਵਾ

ਬਰਫ਼ ਲੱਦੀਆਂ ਚੋਟੀਆਂ 'ਤੇ ਸੀ ਹੁਣੇ ਚਲਦੀ ਹਵਾ ਉਹੀਉ ਦੇਖੀ ਹੈ ਹੁਣੇ ਮੈਂ ਰੇਤ ਵਿਚ ਜਲਦੀ ਹਵਾ ਦੇਖ ਲੈਣਾ ਕਹਿਰ ਬਣ ਕੇ ਇਕ ਦਿਹਾੜੇ ਝੁੱਲੇਗੀ ਸ਼ੀਸ਼ਿਆਂ ਤੇ ਕੰਡਿਆਂ ਦੀ ਨੋਕ 'ਤੇ ਚਲਦੀ ਹਵਾ ਤਾਰਿਆਂ ਦੇ ਨਾਲ ਸ਼ਾਇਦ ਨਾ ਰਿਹਾ ਹੁਣ ਰਾਬਤਾ ਹੁਣ ਨਹੀਂ ਸੰਦੇਸ਼ ਕੋਈ ਰਾਤ ਨੂੰ ਘਲਦੀ ਹਵਾ ਸ਼ਾਇਦ ਕਿਧਰੇ ਕੋਈ ਆਸ਼ਕ ਗ਼ਮ ਦੀ ਅੱਗ ਵਿਚ ਸੜ ਰਿਹੈ ਲੰਘ ਗਈ ਹੈ ਕੋਲ਼ ਦੀ ਜੋ ਇਸ ਕਦਰ ਜਲ਼ਦੀ ਹਵਾ ਮਰ ਗਿਐ ਹੈ ਅੱਜ ਕੋਈ ਸੂਰਜਾਂ ਦੇ ਹਾਣਦਾ ਬਲ਼ ਰਿਹੈ ਉਸ ਦਾ ਸਿਵਾ ਤੇ ਨਾਲ ਹੈ ਬਲ਼ਦੀ ਹਵਾ

ਰਸਤੇ ਵਿਚ ਅੰਗਿਆਰ ਬੜੇ ਨੇ

ਰਸਤੇ ਵਿਚ ਅੰਗਿਆਰ ਬੜੇ ਨੇ ਰਾਹੀ ਵੀ ਹੁਸ਼ਿਆਰ ਬੜੇ ਨੇ ਕਸ਼ਤੀ ਹੈ ਤੂਫ਼ਾਨ ਦੀ ਜ਼ਦ ਵਿਚ ਸਾਹਿਲ 'ਤੇ ਪਤਵਾਰ ਬੜੇ ਨੇ ਵਕਤ ਪੈਣ 'ਤੇ ਕੋਈ ਨਹੀਂ ਹੈ ਵੈਸੇ ਤਾਂ ਗ਼ਮਖ਼ਾਰ ਬੜੇ ਨੇ ਦੁਸ਼ਮਣ ਦੀ ਹੁਣ ਲੋੜ ਨਾ ਸਾਨੂੰ ਹੁਣ ਤਾਂ ਸਾਡੇ ਯਾਰ ਬੜੇ ਨੇ ਤੇਰੇ ਮੁੱਖ ਦਾ ਇਕ ਫੁੱਲ ਕਾਫ਼ੀ ਕੀ ਹੋਇਆ ਜੇ ਖ਼ਾਰ ਬੜੇ ਨੇ

ਜਦ ਕਦੇ ਵੀ ਅਰਸ਼ੀਂ ਤਾਰਾ ਟੁੱਟਿਆ

ਜਦ ਕਦੇ ਵੀ ਅਰਸ਼ੀਂ ਤਾਰਾ ਟੁੱਟਿਆ ਟੋਹ ਕੇ ਅਪਣੇ ਆਪ ਨੂੰ ਮੈਂ ਦੇਖਿਆ ਜ਼ਿੰਦਗੀ ਤੇ ਮੌਤ ਵਿਚਲਾ ਫ਼ਾਸਿਲਾ ਇਕ ਪਲ ਵਿਚ ਸੈਆਂ ਵਾਰੀ ਮਾਪਿਆ ਮਹਿਫ਼ਲਾਂ ਦਾ ਜੋ ਕਦੇ ਸ਼ਿੰਗਾਰ ਸੀ ਅੱਜ ਕਮਰੇ ਵਿਚ ਹੈ 'ਕੱਲਾ ਪਿਆ ਇਕ ਦੂਜੇ ਕੋਲ਼ ਆ ਕੇ ਜਾਪਿਆ ਵਧ ਗਿਆ ਹੈ ਪਹਿਲਾਂ ਨਾਲੋਂ ਫ਼ਾਸਲਾ ਆਖਦੇ ਸੀ ਜਿਸ ਨੂੰ ਹੈ ‘ਆਨੰਦ’ ਇਹ ਦੇਰ ਹੋਈ ਸ਼ਖ਼ਸ ਹੈ ਉਹ ਮਰ ਗਿਆ

ਖ਼ੌਰੇ ਉਹ ਕਿਹੜਾ ਸ਼ਬਦ ਸੀ ਜੋ ਆਖਿਆ ‘ਆਨੰਦ’

ਖ਼ੌਰੇ ਉਹ ਕਿਹੜਾ ਸ਼ਬਦ ਸੀ ਜੋ ਆਖਿਆ ‘ਆਨੰਦ’ ਮੇਰੇ ਹਰੇਕ ਰੋਮ ਵਿਚ ਫਿਰ ਜਾਗਿਆ ‘ਆਨੰਦ’ ਸੁਪਨੇ 'ਚ ਓਸ ਨੇ ਤਾਂ ਸੀ ਗਲ਼ਵਕੜੀ ਪਾ ਲਈ ਸੁੱਤਾ ਪਿਆ ਫਿਰ ਕਿਉਂ ਭਲਾ ਤੂੰ ਚੀਖਿਆ ‘ਆਨੰਦ’ ਖ਼ੌਰੇ ਸੀ ਕਿਹੜੀ ਗੱਲ ਜਿਹੜੀ ਯਾਦ ਆ ਗਈ ਜੋ ਹੱਸ ਰਿਹਾ ਸੀ ਹੁਣੇ, ਹੁਣ ਰੋ ਪਿਆ ‘ਆਨੰਦ’ ਇਸ ਹਾਦਸੇ ਨੂੰ ਦੱਸੋ ਕਿਹੜਾ ਨਾਮ ਦੇ ਦਿਆਂ ਪੁਛਦਾ ਪਿਆ ਸਾਂ ਖ਼ੁਦ ਨੂੰ ਤੂੰ ਹੈ ਦੇਖਿਆ ‘ਆਨੰਦ' ਇਹ ਕਿਸ ਤਰ੍ਹਾਂ ਦਾ ਮੁੜ ਗਈ ਹੈ ਮੋੜ ਜ਼ਿੰਦਗੀ ਖ਼ੁਦ ਸਾਏ ਦੇ ਵੀ ਸਾਥ ਨੂੰ ਹੈ ਤਰਸਿਆ ‘ਆਨੰਦ'

ਸੜ ਗਿਆ ਹੈ ਜਿਸਮ ਯਾਰੋ ਫਿਰ ਕਿਸੇ ਇਹਸਾਸ ਦਾ

ਸੜ ਗਿਆ ਹੈ ਜਿਸਮ ਯਾਰੋ ਫਿਰ ਕਿਸੇ ਇਹਸਾਸ ਦਾ ਹੋ ਗਿਆ ਹੈ ਖ਼ੂਨ ਜੀਕਰ ਇਕ ਪੁਰਾਣੀ ਆਸ ਦਾ ਲੋਕ ਜਿਸ ਨੂੰ ਤੱਕ ਰਹੇ ਨੇ ਤੁਰਦਾ ਫਿਰਦਾ ਹੱਸਦਾ ਦਰਅਸਲ ਇਕ ਬੁੱਤ ਹੈ ਪਰ ਬੁੱਤ ਹੈ ਉਹ ਮਾਸ ਦਾ ਮੈਂ ਕਿਹਾ ਈਸਾ ਹਾਂ ਮੈਂ ਵਿਸ਼ਵਾਸ ਨਾ ਕੋਈ ਕਰੇ ਦਰਅਸਲ ਇਹ ਯੁਗ ਸਾਡਾ ਯੁਗ ਨਹੀਂ ਵਿਸ਼ਵਾਸ ਦਾ ਦੇਖਿਆ ਹੈ ਜਿਸ ਘੜੀ ਤੋਂ ਜੀਭ ਨੂੰ ਜ਼ੰਜੀਰ ਵਿਚ ਮੋਹ ਰਿਹਾ ਨਾ ਫਿਰ ਕੋਈ ਵੀ ਜ਼ਿੰਦਗੀ ਦੀ ਰਾਸ ਦਾ ਸੋਚਦਾ ਹਾਂ ਕਿਸ ਤਰ੍ਹਾਂ ਦੀ ਇਸ ਦਫ਼ਾ ਹੈ ਇਹ ਬਹਾਰ ਫੁੱਲ ਦੀ ਪਰਵਾਹ ਨਹੀਂ, ਚਰਚਾ ਨਹੀਂ ਹੈ ਬਾਸ ਦਾ

ਕਿਹੜੀ ਗੱਲ ਦੀ ਚਿੰਤਾ ਯਾਰੋ ਹੋਇਆ ਕੀ ਐਡਾ ਹੈ ਕਹਿਰ

ਕਿਹੜੀ ਗੱਲ ਦੀ ਚਿੰਤਾ ਯਾਰੋ ਹੋਇਆ ਕੀ ਐਡਾ ਹੈ ਕਹਿਰ ਮੇਰੇ ਵਾਕੁਰ ਸ਼ਿਵ ਸ਼ੰਕਰ ਵੀ ਰਿਹਾ ਜਿਉਂਦਾ ਪੀ ਕੇ ਜ਼ਹਿਰ ਸੂਰਜ ਦੀ ਸਾਥਣ ਨੇ ਉਸ ਨੂੰ ਦਿੱਤਾ ਹੋਣੈ ਸਮਾਂ ਮਿਲਣ ਦਾ ਤਾਂ ਹੀ ਇਤਨਾ ਵਿਆਕੁਲ ਹੁੰਦੈ ਜਦ ਵੀ ਹੁੰਦੀ ਸਿਖਰ ਦੁਪਹਿਰ ਹਿਜਰਾਂ ਦਾ ਇਕ ਪਲ ਹੈ ਸਾਥੀ, ਕਟਦਿਆਂ-ਕਟਦਿਆਂ ਕੱਟੇਗਾ ਅੱਖ ਫਰਕਣੇ ਵਿਚ ਜੋ ਬੀਤੇ ਇਹ ਨਹੀਂ ਉਹ ਵਸਲਾਂ ਦਾ ਪਹਿਰ ਯਾਦਾਂ ਨੂੰ ਮੰਥਨ ਦੇ ਵੇਲੇ, ਜਦੋਂ ਕਦੇ ਵੀ ਥੱਕ ਗਿਆ ਹਾਂ ਅੰਮ੍ਰਿਤ ਦਾ ਇਕ ਘੁੱਟ ਜਾਣ ਕੇ, ਬੁੱਕਾਂ ਭਰ-ਭਰ ਪੀਤਾ ਜ਼ਹਿਰ ਏਥੇ ਸੂਰਜ ਕੱਲ੍ਹ ਨਹੀਂ ਉਗਣਾ ਤੇ ਚੰਨ ਵੀ ਮਰ ਜਾਵੇਗਾ ਇਸ ਤੋਂ ਪਹਿਲਾਂ ਕਦੇ ਨਾ ਹੋਇਆ, ਧਰਤੀ ਉੱਪਰ ਐਸਾ ਕਹਿਰ

ਛੋਹਿਆ ਜਦੋਂ ਮੈਂ ਰਾਤ ਨੂੰ ਉਹ ਭੁਰਭੁਰਾ ਬਦਨ

ਛੋਹਿਆ ਜਦੋਂ ਮੈਂ ਰਾਤ ਨੂੰ ਉਹ ਭੁਰਭੁਰਾ ਬਦਨ ਪਿੱਛੋਂ ਤਾਂ ਹੋਇਆ ਸ਼ਾਂਤ, ਪਹਿਲਾਂ ਤੜਪਿਆ ਬਦਨ ਬੇਖ਼ੌਫ਼ ਸੌਂ ਰਿਹਾ ਸੀ ਜੋ ਬਾਹਾਂ 'ਚ ਹੋਰ ਦੇ ਕਮਰੇ 'ਚ ਮੇਰੇ ਰਾਤ ਭਰ ਉਹ ਜਾਗਿਆ ਬਦਨ ਨਜ਼ਰਾਂ ਗਵਾਹ ਨੇ ਪਹਿਲਾਂ ਕਦੇ ਦੇਖਿਆ ਨਹੀਂ ਪਰ ਪੋਟਿਆਂ ਨੂੰ ਜਾਪਦੈ ਪਹਿਚਾਣਿਆ ਬਦਨ ਭਾਵੇਂ ਜ਼ਮਾਨੇ ਵਾਸਤੇ ਇਹ ਇਕ ਚਟਾਨ ਸੀ ਉਸ ਦੀ ਨਜ਼ਰ ਦੇ ਸਾਹਮਣੇ ਪਰ ਪਿਘਲਿਆ ਬਦਨ ਫੁੱਲਾਂ ਦੀ ਛੋਹ ਉਹਨੂੰ ਕਿਉਂ ਜ਼ਖ਼ਮੀ ਹੈ ਕਰ ਗਈ ਖ਼ਾਰਾਂ ਦੀ ਜ਼ਦ ਵਿਚ ਵੀ ਕਦੇ ਜੋ ਜੀਵਿਆ ਬਦਨ

ਦਿਨ ਵਿਚ ਕਾਲਖ਼ ਦੀ ਬਰਸਾਤ

ਦਿਨ ਵਿਚ ਕਾਲਖ਼ ਦੀ ਬਰਸਾਤ ਹੋਵੇਗੀ ਫਿਰ ਕੈਸੀ ਰਾਤ ਸਾਡਾ ਜੀਣਾ ਮਰਨਾ ਮੁਸ਼ਕਿਲ ਤੂੰ ਮੀਰਾ ਤੇ ਮੈਂ ਸੁਕਰਾਤ ਤੀਹ ਸਾਲਾਂ ਦਾ ਮੇਰਾ ਜੀਵਨ ਨ੍ਹੇਰੀ ਕਾਲ਼ੀ ਬੋਲ਼ੀ ਰਾਤ ਦੇਖ ਲੈ ਇਹ ਨੈਣਾਂ ਦੀ ਨਗਰੀ ਹਰ ਮੌਸਮ, ਮੌਸਮ ਬਰਸਾਤ ਲੋਕੀ ਮੈਨੂੰ ਕਹਿਣ ‘ਆਨੰਦ’ ਗ਼ਮ ਤੇ ਮੇਰੀ ਇਕ ਹੀ ਜ਼ਾਤ

ਸ਼ਹਿਰ ਬਿਲਕੁਲ ਅਜਨਬੀ ਹੈ

ਸ਼ਹਿਰ ਬਿਲਕੁਲ ਅਜਨਬੀ ਹੈ ਗੁੰਮ ਜਾਵਣ ਦੀ ਖ਼ੁਸ਼ੀ ਹੈ ਆਪਣਾ ਆਪਾ ਨਾ ਅਪਣਾ ਅਜਬ ਯਾਰੋ ਬੇਬਸੀ ਹੈ ਉਸ ਦੇ ਤੇ ਮੇਰੇ ਵਿਚਾਲੇ ਖ਼ੁਸ਼ਕ ਹੰਝੂਆਂ ਦੀ ਨਦੀ ਹੈ ਜੀਭ ਜੋ ਕੁਝ ਰੋਕਦੀ ਹੈ ਅੱਖ ਉਹ ਸਭ ਆਖਦੀ ਹੈ ਉਸ ਨੂੰ ਮਿਲ ਕੇ ਜਾਪਿਆ ਹੈ ਖ਼ੈਰ ਉਹ ਵੀ ਆਦਮੀ ਹੈ

ਚਾਰਾਗਰ ਦੀ ਲਾਚਾਰੀ ਦਾ ਕਾਹਦਾ ਕਰਨਾ ਸੋਗ

ਚਾਰਾਗਰ ਦੀ ਲਾਚਾਰੀ ਦਾ ਕਾਹਦਾ ਕਰਨਾ ਸੋਗ ਜੀਵਨ ਹੀ ਜਦ ਜੀਵਨ ਖ਼ਾਤਰ ਬਣਿਆ ਹੋਇਐ ਰੋਗ ਮੰਜ਼ਿਲ ਉੱਤੇ ਸਾਬਤ ਪੁੱਜਣਾ ਸੰਭਵ ਹੁੰਦਾ ਕਿੰਜ ਖਿੰਡਰੇ ਸਨ ਜਦ ਰਾਹ ਵਿਚ ਮੇਰੇ ਹਾਦਸਿਆਂ ਦੇ ਚੋਗ ਜਿਸ ਨੇ ਦਿੱਤੇ ਗ਼ਮ ਤੇ ਹੰਝੂ ਉਹੀਓ ਪੁੱਛੇ ਫੇਰ ਮੈਨੂੰ ਕੋਈ ਸੇਵਾ ਦੱਸੋ ਜੋ ਮੈਂ ਕਰਨ ਦੇ ਯੋਗ ਚਾਨਣ ਵਿਚ ਗੁਆਚਣ ਐਪਰ ਨ੍ਹੇਰੇ ਵਿਚ ਮਿਲ ਪੈਣ ਕਿਹੋ ਜਿਹੇ ਨੇ ਇਹ ਪਰਛਾਵੇਂ ਪੁੱਛਦੇ ਫਿਰਦੇ ਲੋਗ ਉਸ ਬੰਦੇ ਨੂੰ ਹੋਰ ਭਲਾ ਕੀ ਦੇ ਸਕਦੇ ਹੋ ਦੰਡ ਅਪਣੇ ਆਪ ਤੋਂ ਵਿਛੜਨ ਦਾ ਜੋ ਸੱਲ ਰਿਹਾ ਹੈ ਭੋਗ

ਮਹਿਕਾਂ ਦੀ ਮੌਤ ਹੋਈ ਤਾਂ ਜੰਗਲ ਉਦਾਸ ਹੋ ਗਿਆ

ਮਹਿਕਾਂ ਦੀ ਮੌਤ ਹੋਈ ਤਾਂ ਜੰਗਲ ਉਦਾਸ ਹੋ ਗਿਆ ਕੀਤੀ ਕਿਸੇ ਦਿਲਜੋਈ ਤਾਂ ਜੰਗਲ ਉਦਾਸ ਹੋ ਗਿਆ ਆਜ਼ਾਦ ਜੋ ਫ਼ਜ਼ਾ ਦੇ ਵਿਚ ਤਿਤਲੀ ਸੀ ਉੜ ਰਹੀ ਯਕਲਖ਼ਤ ਡਿਗ ਕੇ ਮੋਈ ਤਾਂ ਜੰਗਲ ਉਦਾਸ ਹੋ ਗਿਆ ਹੱਸੇ ਦਿਨੇ ਜੇ ਫੁੱਲ ਤਾਂ ਸੀ ਬੇਹਿਸਾਬਾ ਝੂਮਿਆ ਸ਼ਬਨਮ ਜੇ ਰਾਤ ਰੋਈ ਤਾਂ ਜੰਗਲ ਉਦਾਸ ਹੋ ਗਿਆ ਪੰਛੀਆਂ ਦਾ ਸ਼ੋਰ ਤਾਂ ਜੰਗਲ ਦੀ ਜੀਕਰ ਜਿੰਦ ਸੀ ਸ਼ੋਰੀਲੀ ਕੂਲ੍ਹ ਸੋਈ ਤਾਂ ਜੰਗਲ ਉਦਾਸ ਹੋ ਗਿਆ ਸਾੜਦਾ ਹਰ ਚੀਜ਼ ਨੂੰ ਜਦ ਦਾਵਾਨਲ ਨੂੰ ਦੇਖਿਆ ਹਰਿਆ ਨਾ ਬਚਿਆ ਕੋਈ ਤਾਂ ਜੰਗਲ ਉਦਾਸ ਹੋ ਗਿਆ

ਦਿਲ ਦਾ ਚੈਨ, ਕਰਾਰ ਤੇ ਨੀਂਦਰ ਖੋਹ ਕੇ ਮੈਥੋਂ ਮੇਰੇ ਯਾਰ

ਦਿਲ ਦਾ ਚੈਨ, ਕਰਾਰ ਤੇ ਨੀਂਦਰ ਖੋਹ ਕੇ ਮੈਥੋਂ ਮੇਰੇ ਯਾਰ ਦੇ ਗਿਉਂ ਇਕ ਸੁਲਘਦੀ ਭਟਕਣ ਸਦਕੇ ਜਾਵਾਂ ਤੇਰੇ ਯਾਰ ਚੰਨ, ਸੂਰਜ ਦਾ ਚਾਨਣ ਕਿਉਂ ਹੈ ਜਲ-ਬਲ ਹੁੰਦਾ ਰਾਖ਼ ਪਿਆ ਮੇਰੇ ਵਿਹੜੇ ਆਣ ਕੇ ਢੁੱਕੇ ਅੱਜ ਤਲਿਸਮੀ ਨ੍ਹੇਰੇ ਯਾਰ ਫੁੱਲ ਟੁੱਟਾ ਤਾਂ ਕੋਈ ਨਾ ਰੋਇਆ, ਨਾ ਕੋਈ ਸ਼ੀਸ਼ਾ ਟੁੱਟੇ ਤੋਂ ਦਿਲ ਟੁੱਟਣਾ ਸੀ ਟੁੱਟ ਗਿਆ ਹੈ ਕਿਉਂ ਹੰਝੂ ਕੇਰੇ ਯਾਰ ਆਖਣ ਕੰਡਿਆਂ ਦੀ ਚਾਦਰ 'ਤੇ ਨਿੱਸਲ ਹੋ ਕੇ ਪੈ ਜਾ ਤੂੰ ਉੱਤੋਂ ਫੁੱਲ ਬਰਸਾਈ ਜਾਵਣ ਮੇਰੇ ਕੁਝ ਫੁਲੇਰੇ ਯਾਰ ਦੁੱਖ, ਹਨੇਰਾ, ਤੜਪ, ਉਦਾਸੀ, ਹੰਝੂ, ਹਾਵੇ ਸਾਰੇ ਹੀ ਹਰਦਮ ਫਿਰਦੇ ਰਹਿਣ ਚੁਫੇਰੇ ਵਫ਼ਾਦਾਰ ਹਨ ਮੇਰੇ ਯਾਰ

ਹੋਰ ਭਲਾ ਤੂੰ ਦੱਸ ਖਾਂ ਮੈਨੂੰ ਰਸਤੇ ਦੇ ਵਿਚ ਕੌਣ ਮਿਲੇ

ਹੋਰ ਭਲਾ ਤੂੰ ਦੱਸ ਖਾਂ ਮੈਨੂੰ ਰਸਤੇ ਦੇ ਵਿਚ ਕੌਣ ਮਿਲੇ ਮਿਲਦਾ ਕਦੇ ਸੁਲਘਦਾ ਸਾਗਰ, ਕਦੇ ਸਿਸਕਦੀ ਪੌਣ ਮਿਲੇ ਅੱਖੀਆਂ ਵਿਚ ਜਗਰਾਤਾ ਲੈ ਕੇ ਸਦੀਆਂ ਤੋਂ ਹੀ ਭਟਕ ਰਿਹਾਂ ਦਿਲ ਕਰਦਾ ਹੈ ਹੁਣ ਤਾਂ ਕਿਧਰੇ ਇਕ ਪਲ ਦੇ ਲਈ ਸੌਣ ਮਿਲੇ ਚੌਪਟ ਰਾਜੇ ਵਾਲੀ ਗੱਲ ਤਾਂ ਅੱਜ ਵੀ ਲਾਗੂ ਹੁੰਦੀ ਹੈ ਫੰਦਾ ਲੈ ਕੇ ਲੱਭ ਰਹੇ ਨੇ ਮਾਪ ਮੁਤਾਬਕ ਧੌਣ ਮਿਲੇ ਸੱਖਣੇਪਣ ਤੇ ਕੁੰਠਿਤ ਮਨ ਦੀ ਐਸੀ ਬਦਬੂ ਫੈਲੀ ਹੈ ਸੋਚ ਰਹੇ ਹਾਂ ਕਿੱਥੇ ਜਾਈਏ ਤਾਂ ਜੋ ਮਹਿਕੀ ਪੌਣ ਮਿਲੇ ਮਿਲ ਕੇ ਤੈਨੂੰ ਪਹਿਲਾਂ ਨਾਲੋਂ ਵੀ ਇਕਲਾਪਾ ਵਧਿਆ ਹੈ ਤੇਰੇ ਬਾਝੋਂ ਤੇਰੇ ਵਰਗਾ ਇਸ ਦੁਨੀਆ ਵਿਚ ਕੌਣ ਮਿਲੇ

ਜਦ ਨਾ ਕਿਧਰੇ ਉਸ ਦਾ ਦਿਸਦਾ ਚਿਹਰਾ ਹੈ

ਜਦ ਨਾ ਕਿਧਰੇ ਉਸ ਦਾ ਦਿਸਦਾ ਚਿਹਰਾ ਹੈ ਪਲਾਂ ਛਿਣਾਂ ਵਿਚ ਮੇਰਾ ਹਿਸਦਾ ਚਿਹਰਾ ਹੈ ਇਹ ਕੀ ਗੱਲ ਹੈ ਉਸ ਦਾ ਕੋਈ ਵੀ ਚਿਹਰਾ ਨਹੀਂ ਹਰ ਚਿਹਰੇ 'ਚੋਂ ਦਿਸਦਾ ਜਿਸ ਦਾ ਚਿਹਰਾ ਹੈ ਜਦ ਵੀ ਉਸ ਨੂੰ ਦੇਖਾਂ ਸੋਚੀਂ ਪੈ ਜਾਵਾਂ ਉਸ ਦੇ ਚਿਹਰੇ ਪਿੱਛੇ ਕਿਸ ਦਾ ਚਿਹਰਾ ਹੈ ਅੱਖੀਆਂ ਦਾ ਕੀ ਦੋਸ਼ ਕਿ ਦਿਲ ਹੀ ਰੋਗੀ ਹੈ ਸ਼ੀਸ਼ਾ ਤੱਕਿਆਂ ਉਸ ਦਾ ਦਿਸਦਾ ਚਿਹਰਾ ਹੈ ਏਦਾਂ ਲੱਗਿਆ ਦੇਖ ਕੇ ਅਪਣੀ ਫੋਟੋ ਨੂੰ ਬੇਪਹਿਚਾਣ ਜਿਹਾ ਇਹ ਕਿਸ ਦਾ ਚਿਹਰਾ ਹੈ

ਯਾਦਾਂ ਦੇ ਪਰਛਾਵੇਂ ਜਦ ਵੀ ਰਾਤ ਬਰਾਤੇ ਹਸਦੇ ਨੇ

ਯਾਦਾਂ ਦੇ ਪਰਛਾਵੇਂ ਜਦ ਵੀ ਰਾਤ ਬਰਾਤੇ ਹਸਦੇ ਨੇ ਅਪਣੇ ਘਰਾਂ 'ਚੋਂ ਉਠ-ਉਠ ਲੋਕੀ ਜੰਗਲ ਦੇ ਵੱਲ ਨਸਦੇ ਕਹਿੰਦੇ ਨੇ ਕਿ ਮੋਮ ਕਦੇ ਤਾਂ ਹੋ ਜਾਂਦੇ ਨੇ ਪੱਥਰ ਵੀ ਨਿਰਜਨ ਥਾਂ 'ਤੇ ਪਏ ਹੋਏ ਅਣਗੌਲੇ ਆਪੇ ਘਸਦੇ ਨੇ ਏਥੇ ਭਲਾ ਇਹ ਕਿੰਜ ਕਹਿੰਦੇ ਹੋ ਜੀਵੋ ਵੀ ਤੇ ਜੀਣ ਦਿਓ ਜਿਸ ਥਾਂ ਉਡਣੇ ਸੱਪ ਵਿਸ਼ੈਲੇ ਲਾਸ਼ਾਂ ਨੂੰ ਵੀ ਡਸਦੇ ਨੇ ਮਾਰੂਥਲ ਦੇ ਉੱਤੋਂ ਜਿਹੜੇ ਬਿਨ ਵਰ੍ਹਸੇ ਹੀ ਮੁੜ ਜਾਂਦੇ ਇਹ ਬੱਦਲ ਹਨ ਕੈਸੇ ਬੱਦਲ, ਸਾਗਰ 'ਤੇ ਜੋ ਵਸਦੇ ਨੇ ਕਿਸ ਦੇ ਉੱਤੇ ਹੁਣ ਕੋਈ ਵਿਸ਼ਵਾਸ ਕਰੇ ਉਸ ਬਸਤੀ ਵਿਚ ਅਪਣੇ ਹੀ ਪਰਛਾਵੇਂ ਜਿੱਥੇ ਫਿਰਦੇ ਸਭ ਨੂੰ ਡਸਦੇ ਨੇ

ਏਸ ਸ਼ਹਿਰ ਵਿਚ ਜਿਧਰ ਦੇਖੋ ਬਾਹਰੋਂ ਲਗਦੇ ਹਸਦੇ ਘਰ

ਏਸ ਸ਼ਹਿਰ ਵਿਚ ਜਿਧਰ ਦੇਖੋ ਬਾਹਰੋਂ ਲਗਦੇ ਹਸਦੇ ਘਰ ਅੰਦਰ ਕਿਹੜੀਆਂ ਘੋਰ ਕਥਾਵਾਂ ਇਹ ਗੱਲ ਕਦੋਂ ਨੇ ਦਸਦੇ ਘਰ ਰਾਤਾਂ ਨੂੰ ਜਦ ਗਗਨਾਂ ਉੱਤੇ ਉੱਚਾ-ਉੱਚਾ ਹੋਵੇ ਚੰਨ ਖੌਰੇ ਫਿਰ ਕਿਉਂ ਧਰਤੀ ਵਿਚ ਨੇ ਥੱਲੇ-ਥੱਲੇ ਧਸਦੇ ਘਰ ਕੁਝ ਬੰਦੇ ਨੇ ਜਿਹੜੇ ਇਸ ਨੂੰ ਖ਼ੂਬ ਤਮਾਸ਼ਾ ਕਹਿੰਦੇ ਨੇ ਜਦ ਵੀ ਮੂਰਖ ਕਿਸੇ ਦੇ ਆਖੇ ਉਜੜਨ ਹਸਦੇ ਵਸਦੇ ਘਰ ਜਿਸ ਗੱਡੀ ’ਚੋਂ ਮੈਂ ਸਾਂ ਲੱਥਾ, ਉਹ ਤਾਂ ਹੋ ਗਈ ਓਝਲ਼ ਪਰ ਫੇਰ ਅਜੇ ਕਿਉਂ ਦਿਸ ਰਹੇ ਨੇ ਅੱਗੇ ਪਿੱਛੇ ਨਸਦੇ ਘਰ ਭੇਤ ਨਹੀਂ ਇਹ ਕੇਹੋ ਜੇਹੀ ਰੁੱਤ ਐਤਕੀਂ ਆਈ ਹੈ ਹਰ ਸੂ ਜੀਕਰ ਜੰਗਲ-ਜੰਗਲ, ਸਾਰੇ ਜੀਕਰ ਡਸਦੇ ਘਰ

ਮੇਰੀ ਖ਼ਾਤਰ ਅਤਿ ਦੀ ਘਿਰਣਾ ਦਿਲ ਦੇ ਵਿਚ ਛੁਪਾ ਕੇ

ਮੇਰੀ ਖ਼ਾਤਰ ਅਤਿ ਦੀ ਘਿਰਣਾ ਦਿਲ ਦੇ ਵਿਚ ਛੁਪਾ ਕੇ ਸਾਲ ਨਵੇਂ ਲਈ ਸ਼ੁਭ ਇਛਾਵਾਂ ਦਿੱਤੀਆਂ ਉਸ ਮੁਸਕਾ ਕੇ ਤੈਨੂੰ ਲੱਭਣ ਖ਼ਾਤਰ ਨਿਕਲਾਂ ਬਾਹਰ ਕਦੇ ਕਦਾਈਂ ਫਿਰ ਅਪਣੇ ਹੀ ਅੰਦਰ ਲੁਕ ਜਾਂ ਆਪੇ ਤੋਂ ਘਬਰਾ ਕੇ ਹੋ ਜਾਵੇ ਇਹਸਾਸ ਕਿ ਮੈਂ ਹਾਂ ਹਾਲੇ ਤੀਕਰ ਜ਼ਿੰਦਾ ਇਕ ਵਾਰੀ ਫਿਰ ਤਕ ਲੈ ਮੈਨੂੰ ਪਹਿਲਾਂ ਜਿਉਂ ਮੁਸਕਾ ਕੇ ਅਪਣੇ ਹੋਠਾਂ ਉੱਤੇ ਲਾ ਕੇ ਲੰਬੀ ਚੁੱਪ ਦਾ ਜੰਦਰਾ ਖੌਰੇ ਕਿੱਥੇ ਤੁਰ ਜਾਂਦਾ ਹੈ ਮੈਨੂੰ ਕੋਲ ਬਿਠਾ ਕੇ ਭੁੱਲ ਜਾਂਦਾ ਹਾਂ ਅੱਜ ਦੇ ਯੁੱਗ ਵਿਚ ਵਿਹਲ ਨਹੀਂ ਹੈ ਭੋਰਾ ਮੇਰੀ ਆਦਤ ਹੈ ਮੈਂ ਕਰਦਾਂ ਹਰ ਇਕ ਗੱਲ ਲਮਕਾ ਕੇ

ਯਾਦ ਤੈਨੂੰ ਦਿਲਰੁਬਾ ਇਕ ਦਿਲਰੁਬਾ ਰਹਿ ਜਾਏਗੀ

ਯਾਦ ਤੈਨੂੰ ਦਿਲਰੁਬਾ ਇਕ ਦਿਲਰੁਬਾ ਰਹਿ ਜਾਏਗੀ ਹੋਸ਼ ਤੈਨੂੰ ਕੁਝ ਨਾ ਮੇਰੇ ਐ ਦਿਲਾ ਰਹਿ ਜਾਏਗੀ ਲੈ ਕੇ ਇਕ ਸੂਰਜ ਸੁਲਘਦਾ ਨਿਕਲਾਂਗਾ ਮੈਂ ਸਫ਼ਰ ’ਤੇ ਵਾਪਸੀ 'ਤੇ ਪਾਸ ਮੇਰੇ ਇਕ ਨਿਸ਼ਾ ਰਹਿ ਜਾਏਗੀ ਇਕ ਦਿਹਾੜੇ ਬੋਲ ਮੇਰੇ ਹੋਣਗੇ ਖ਼ਾਮੋਸ਼ ਪਰ ਪਰ ਉਦਾਸੇ ਗੀਤ ਦੀ ਬਾਕੀ ਸਦਾ ਰਹਿ ਜਾਏਗੀ ਮੇਘ ਬਣ ਕੇ ਜੋ ਨਾ ਬਰਸੀ ਦਿਲ ਦੇ ਰੇਗਿਸਤਾਨ 'ਤੇ ਯਾਦ ਬਣ ਕੇ ਰਿਮਝਿਮਾਂਦੀ ਉਹ ਘਟਾ ਰਹਿ ਜਾਏਗੀ ਸ਼ਾਮ ਪਸਰੇਗੀ ਜਦੋਂ ਹਰ ਇਕ ਘਰਾਂ ਨੂੰ ਜਾਏਗਾ ਦਰ ਬ ਦਰ ਬਸ ਭਟਕਦੀ ਬਾਕੀ ਹਵਾ ਰਹਿ ਜਾਏਗੀ ਮੰਨਿਆ ਕਿ ਉਮਰ ਬੀਤੀ ਕੰਡਿਆਂ ਦੀ ਨੋਕ 'ਤੇ ਮੌਤ ਪਿੱਛੋਂ ਪਰ ਸੁਗੰਧਿਤ ਇਹ ਫ਼ਜ਼ਾ ਰਹਿ ਜਾਏਗੀ

ਲੋਕ ਦਿਖਾਵੇ ਖ਼ਾਤਰ ਉਸ ਨੇ ਸੀਸ ਤਲੀ 'ਤੇ ਧਰਿਐ ਹੋਇਐ

ਲੋਕ ਦਿਖਾਵੇ ਖ਼ਾਤਰ ਉਸ ਨੇ ਸੀਸ ਤਲੀ 'ਤੇ ਧਰਿਐ ਹੋਇਐ ਸੱਚੀ ਗੱਲ ਤਾਂ ਇਹ ਹੈ ਵਿੱਚੋਂ ਉਹ ਤਾਂ ਬੜਾ ਹੀ ਡਰਿਆ ਹੋਇਐ ਲਾ ਕੇ ਪੂੰਜੀ ਇਸ਼ਕ ਦੀ ਮਿਲਿਆ ਮੈਨੂੰ ਸੂਦ ਹੈ ਅਸ਼ਕਾਂ ਦਾ ਮੂਲ ਮੇਰੇ ਦਾ ਪਤਾ ਨਾ ਲੱਗੇ ਡੁਬਿਆ ਹੈ ਕਿ ਤਰਿਆ ਹੋਇਐ ਇਸ ਕਮਰੇ ਵਿਚ ਬੈਠਣ ਲੱਗਿਆਂ ਇਹਤਆਤ ਤੋਂ ਕੰਮ ਹੀ ਲੈਣਾ ਇਸ ਵਿਚ ਕੋਈ ਵੀ ਥਾਂ ਨਹੀਂ ਖ਼ਾਲੀ ਇਹ ਪੀੜਾਂ ਦਾ ਭਰਿਆ ਹੋਇਐ ਲੈ ਚੱਲੇ ਹੋ ਅੱਜ ਉਠਾ ਕੇ ਜਿਸ ਦੀ ਅਰਥੀ ਫੂਕਣ ਖ਼ਾਤਰ ਚਾਲੀ ਸਾਲਾਂ ਦਾ ਇਹ ਬੰਦਾ ਵੀਹ ਸਾਲਾਂ ਤੋਂ ਮਰਿਆ ਹੋਇਐ ਦੂਰ ਅਜੇ ਵੀ ਘਰ ਹੈ ਕਿੰਨਾ ਸ਼ਾਮ ਵੀ ਉੱਤੋਂ ਢਲ਼ਦੀ ਪਈ ਹੈ ਨ੍ਹੇਰੀ ਬਾਰਸ਼ ਦਾ ਮੌਸਮ ਹੈ, ਪੰਛੀ ਵੀ ਕੁਝ ਠਰਿਆ ਹੋਇਐ ਯੁਗਾਂ ਯੁਗਾਂ ਤੋਂ ਹੁੰਦੀ ਪਈ ਹੈ ਇਕ ਨਿਰੰਤਰ ਮੁੱਕੇਬਾਜ਼ੀ ਹਰ ਚੱਕਰ ‘ਆਨੰਦ' ਹੈ ਜਿੱਤਿਆ ਅਤੇ ਜ਼ਮਾਨਾ ਹਰਿਆ ਹੋਇਐ

ਚੰਗੇ ਕੰਮ ਤੋਂ ਰਤਾ ਨਾ ਉੱਕ

ਚੰਗੇ ਕੰਮ ਤੋਂ ਰਤਾ ਨਾ ਉੱਕ ਮੌਕਾ ਮਿਲੇ ਤਾਂ ਚੰਨ 'ਤੇ ਥੁੱਕ ਆਪਣਾ ਕੰਮ ਸੰਵਾਰ ਤੂੰ ਆਪੇ ਅਪਣੀ ਅਰਥੀ ਆਪੇ ਚੁੱਕ ਆਪਾ ਬਾਲ ਤੇ ਚਾਨਣ ਕਰ ਸੂਰਜ ਤੋਂ ਪਹਿਲਾ ਨਾ ਮੁੱਕ ਐਸੀ ਕਿਸੇ ਜ਼ੰਜੀਰ ਨੂੰ ਖਿੱਚ ਗ਼ਮ ਦੀ ਗੱਡੀ ਜਾਵੇ ਰੁੱਕ ਯਾਰਾ! ਉਸ ਨੂੰ ਵੀ ਤਾਂ ਪੜ੍ਹ ਤੁੱਕ ਦੇ ਹੇਠਾਂ ਹੈ ਜੋ ਤੁੱਕ ਚਾਨਣ ਜੇ ਨਾ ਚੰਗਾ ਲਗਦਾ ਮਲ ਸੂਰਜ ਦੇ ਮੂੰਹ 'ਤੇ ਲੁੱਕ

ਨਾ ਚਿੱਟਾ ਨਾ ਕਾਲ਼ਾ ਸੂਰਜ

ਨਾ ਚਿੱਟਾ ਨਾ ਕਾਲ਼ਾ ਸੂਰਜ ਚੜ੍ਹਿਆ ਅੱਜ ਨਿਰਾਲਾ ਸੂਰਜ ਕਿਰਨਾਂ ਦਾ ਦੁੱਧ ਡੋਲ੍ਹੀ ਜਾਂਦੈ ਪਾਗਲ ਇਕ ਗਵਾਲਾ ਸੂਰਜ ਅੱਧੀ ਰਾਤੀਂ ਆ ਚੜ੍ਹਦਾ ਹੈ ਫੜਿਆ ਇਹ ਕੀ ਚਾਲਾ ਸੂਰਜ ਕੀ ਹੋਇਆ ਹੈ ਸੇਕ ਨੂੰ ਇਸ ਦੇ ਕਰਦੈ ਘਾਲ਼ਾ ਮਾਲ਼ਾ ਸੂਰਜ ਵਕਤ ਦਿਆਂ ਪੈਰਾਂ ਦੇ ਥੱਲੇ ਬਣਿਆ ਹੈ ਇਕ ਛਾਲਾ ਸੂਰਜ

ਅੱਜ ਦੁਪਹਿਰੇ ਤੱਕੇ ਸੁਪਨੇ

ਅੱਜ ਦੁਪਹਿਰੇ ਤੱਕੇ ਸੁਪਨੇ ਚਿੱਟੇ ਕਾਲੇ ਕੱਕੇ ਸੁਪਨੇ ਮੁੜ-ਮੁੜ ਆਏ ਉਹਨੀਂ ਅੱਖੀਂ ਫਿਰ ਵੀ ਮੂਲ ਨਾ ਅੱਕੇ ਸੁਪਨੇ ਸਾਥ ਨਾ ਛੱਡਿਆ ਜਿਨ੍ਹਾਂ ਅਜੇ ਵੀ ਯਾਰ ਬੜੇ ਹਨ ਪੱਕੇ ਸੁਪਨੇ ਜਿਸ ਪਲ ਗਲ਼ਵਕੜੀ 'ਚੋਂ ਨਿਕਲ਼ੇ ਓਦੋਂ ਪਲ ਭਰ ਝੱਕੇ ਸੁਪਨੇ ਸੱਚ ਨੂੰ ਘਰ ਵਿਚ ਬੈਠਾ ਤਕਿਆ ਰਹਿ ਗਏ ਹੱਕੇ ਬੱਕੇ ਸੁਪਨੇ

ਉਹ ਗਿਆ ਹੈ ਕੁਝ ਅਜੇਹਾ ਬੋਲ ਕੇ

ਉਹ ਗਿਆ ਹੈ ਕੁਝ ਅਜੇਹਾ ਬੋਲ ਕੇ ਮੁਸਕਰਾ ਕੇ ਰੋ ਲਵੀਂ ਦਿਲ ਖੋਲ੍ਹ ਕੇ ਤੇਰੀ ਖ਼ਾਤਰ ਜ਼ਿੰਦਗੀ ਦਾ ਜ਼ਹਿਰ ਵੀ ਪੀ ਗਏ ਹਾਂ ਵਾਅਦਿਆਂ ਵਿਚ ਘੋਲ਼ ਕੇ ਗੱਲ ਉਹ ਵੀ ਕਰ ਰਹੇ ਦਸਤਾਰ ਦੀ ਵੇਚਿਆ ਹੈ ਸਿਰ ਜਿਨ੍ਹਾਂ ਨੇ ਤੋਲ ਕੇ ਹੈ ਤੇਰਾ ਇਕ ਬਹੁਤ ਹੀ ਵੱਡਾ ਕਸੂਰ ਤੂੰ ਕਿਉਂ ਚਲਦਾ ਏਂ ਅੱਖਾਂ ਖੋਲ੍ਹ ਕੇ ਰਾਖ਼ ਵੀ ਚਾਹੋ ਨਾ ਲੱਭੇਗੀ ਕਦੇ ਕੀ ਮਿਲੇਗਾ ਦਰਦ ਦਿਲ ਦਾ ਫੋਲ ਕੇ ਜਿਹੜੀ ਗੱਲ ਨੂੰ ਆਖਦੈ ਸਾਰਾ ਵਜੂਦ ਕਹਿ ਨਹੀਂ ਸਕਿਆ ਮੈਂ ਉਸ ਨੂੰ ਬੋਲ ਕੇ ਇਹਨਾਂ ਵਿੱਚੋਂ ਸੱਚ ਤਾਂ ਮਿਲਿਆ ਨਹੀਂ ਦੇਖਿਆ ਹੈ ਸੁਪਨਿਆਂ ਨੂੰ ਫੋਲ ਕੇ

ਪਿੰਜਰੇ ਵਿਚ ਬੰਦ ਹੋਈ ਨਹੀਂ ਸੀ

ਪਿੰਜਰੇ ਵਿਚ ਬੰਦ ਹੋਈ ਨਹੀਂ ਸੀ ਕੀ ਉਸ ਦੀ ਖ਼ੁਸ਼ਬੋਈ ਨਹੀਂ ਸੀ ਫੁੱਲ ਕਿਉਂ ਹੋਇਆ ਲੀਰਾਂ-ਲੀਰਾਂ ਕੰਡਿਆਂ ਲੋਕ ਚੁਭੋਈ ਨਹੀਂ ਸੀ ਦੇਖ ਕੇ ਮੈਨੂੰ ਹੱਸਣ ਲੱਗੇ ਦੱਸੋ ਇਹ ਦਿਲਜੋਈ ਨਹੀਂ ਸੀ ? ਫੇਰ ਕਿਵੇਂ ਇਹ ਬੁੱਤ ਹੈ ਬਣਿਆ ਮੈਂ ਇਹ ਮਿੱਟੀ ਗੋਈ ਨਹੀਂ ਸੀ ਦਿਲ ਤਾਂ ਸੀ ਬਸ ਹੰਝੂ-ਹੰਝੂ ਅੱਖ ਤਾਂ ਫਿਰ ਵੀ ਰੋਈ ਨਹੀਂ ਸੀ ਕਮਰੇ ਅੰਦਰ ਤੂੰ ਸੈਂ, ਮੈਂ ਸਾਂ ਕਮਰੇ ਅੰਦਰ ਕੋਈ ਨਹੀਂ ਸੀ

ਨ੍ਹੇਰੀਆਂ ਤੇ ਬਾਰਸ਼ਾਂ ਦਾ ਝੰਬਿਆ

ਨ੍ਹੇਰੀਆਂ ਤੇ ਬਾਰਸ਼ਾਂ ਦਾ ਝੰਬਿਆ ਰੁੱਖ ਲੱਗਦਾ ਹੈ ਮੇਰੇ ਬਾਪੂ ਜਿਹਾ ਜ਼ਿੰਦਗੀ ਕੈਸਾ ਮੁਸਲਸਲ ਦਰਦ ਹੈ ਮੇਰੀ ਮਾਂ ਦੇ ਚਿਹਰੇ 'ਤੇ ਹੈ ਉਕਰਿਆ ਭੈਣ ਮੇਰੀ ਸੱਚ ਤੋਂ ਡਰਦੀ ਹੈ ਹੁਣ ਉਸ ਦਾ ਸੁਪਨਾ ਬੇਵਫ਼ਾਈ ਕਰ ਗਿਆ ਵੀਰ ਮੇਰਾ ਸਾਲ ਸੋਲ਼ਾਂ ਗਾਲ਼ ਕੇ ਇਲਮ ਤੋਂ ਖ਼ਾਲੀ ਦਾ ਖ਼ਾਲੀ ਰਿਹਾ ਮੇਰੀ ਪਤਨੀ ਅਕਸਰ ਏਦਾਂ ਸੋਚਦੀ ਜ਼ਿੰਦਗੀ ਜਾਂ ਸਫ਼ਰ ਹੈ ਜਾਂ ਫ਼ਾਸਲਾ ਭੁਲ ਗਿਆ ਪਹਿਚਾਣ ਓਸੇ ਸ਼ਖ਼ਸ ਦੀ ਮੇਰੀ ਥਾਵੇਂ ਅੱਜ ਤਕ ਜੋ ਜੀਵਿਆ ਸੋਚਿਆ ਕਿ ਕਿੰਨੀ ਕੌੜੀ ਹੈ ਹਯਾਤ ਦੇਖਿਆ, ਇਕ ਬਾਲ ਸੀ ਹਸਦਾ ਪਿਆ

ਗ਼ੈਰ ਬਣ ਕੇ ਕੋਲ਼ੋਂ ਲੰਘਿਆ ਤੇਰੇ ਤੋਂ ਪਰਦਾ ਵੀ ਕੀ

ਗ਼ੈਰ ਬਣ ਕੇ ਕੋਲ਼ੋਂ ਲੰਘਿਆ ਤੇਰੇ ਤੋਂ ਪਰਦਾ ਵੀ ਕੀ ਹਸਦੇ-ਹਸਦੇ ਰੋ ਨਾ ਪੈਂਦਾ ਹੋਰ ਮੈਂ ਕਰਦਾ ਵੀ ਕੀ ਮੰਨਿਆ ਕਿ ਦੀਦ ਤੇਰੀ ਦੇ ਰਤਾ ਵੀ ਯੋਗ ਨਾ ਵਿਚ ਖ਼ਾਬਾਂ ਵੀ ਨਾ ਆਵੇਂ ਐਸਾ ਬੇਦਰਦਾ ਵੀ ਕੀ ਲੱਖ ਗ਼ਮੀਆਂ ਤੇ ਥੁੜਾਂ ਹੀ ਜਿਹੜੀ ਥਾਂ ’ਤੇ ਹਨ ਮੁਕੀਮ1 ਇਕ ਖ਼ੁਸ਼ੀ ਨੂੰ ਦੱਸ ਕੇ ਲੈਣਾ ਰਸਤਾ ਉਸ ਘਰ ਦਾ ਵੀ ਕੀ ਉਹਦੀਆਂ ਨਜ਼ਰਾਂ ਦੇ ਸਾਹਵੇਂ ਸਾਸ ਨਿਕਲੇ ਆਖ਼ਰੀ ਇਸ ਤੋਂ ਵੱਧ ਇਲਜ਼ਾਮ ਸਿਰ ’ਤੇ ਮੇਰੇ ਉਹ ਧਰਦਾ ਵੀ ਕੀ ਉਹ ਭਲਾ ਆਂਦੇ ਕਦੋਂ ਨੇ ਆ ਹੀ ਨਿਕਲ਼ੇ ਚਾਣਚਕ ਦਮਬਖ਼ੁਦ ਜੇ ਮੈਂ ਨਾ ਹੁੰਦਾ ਹੋਰ ਫਿਰ ਕਰਦਾ ਵੀ ਕੀ ਅਣਪਛਾਤਾ ਚਿਹਰਾ ਦਿਸਿਆ ਜਦ ਵੀ ਦੇਖੀ ਆਰਸੀ ਫਿਰ ਭਲਾ ‘ਆਨੰਦ’ ਇਹ ਜੀਂਦਾ ਵੀ ਕੀ ਮਰਦਾ ਵੀ ਕੀ 1. ਰਹਿ ਰਹੀਆਂ, ਰੁਕੀਆਂ ਹੋਈਆਂ

ਨ੍ਹੇਰਿਆਂ ਨੂੰ ਦੇਖ ਕੇ ਸੀ ਮੁਸਕਰਾਈ ਚਾਨਣੀ

ਨ੍ਹੇਰਿਆਂ ਨੂੰ ਦੇਖ ਕੇ ਸੀ ਮੁਸਕਰਾਈ ਚਾਨਣੀ ਸੂਰਜਾਂ ਦੇ ਸੇਕ ਦੀ ਗਰਮੀ ਚੁਰਾਈ ਚਾਨਣੀ ਜਦ ਵੀ ਤੇਰੇ ਬੁੱਲ੍ਹ ਫਰਕੇ ਡਗਮਗਾਈ ਹੈ ਨਜ਼ਰ ਬੁਝ ਗਏ ਦੀਵੇ ਦੀ ਓਦੋਂ ਟਿਮਟਿਮਾਈ ਚਾਨਣੀ ਉਹ ਹੀ ਮੇਰੇ ਕੁੱਲ ਜੀਵਨ ਨੂੰ ਹਨੇਰਾ ਕਰ ਗਿਐ ਜਿਸ ਦਿਆਂ ਪੈਰਾਂ ਦੇ ਥੱਲੇ ਸੀ ਵਿਛਾਈ ਚਾਨਣੀ ਦੇਖ ਕੇ ਜਿਸ ਨੂੰ ਤੂੰ ਕਲਵਲ ਹੋ ਰਿਹੈਂ ਮੂਰਖ ਮਨਾ ਹੁਣ ਕਿਸੇ ਦੀ ਹੋ ਗਈ ਹੈ, ਹੁਣ ਪਰਾਈ ਚਾਨਣੀ ਘੁੱਪ ਨ੍ਹੇਰੇ ਰਸਤਿਆਂ ਵਿਚ ਤੁਰ ਕੇ ਥੱਕੀ ਸੀ ਬੜੀ ਜਦ ਮੇਰੇ ਘਰ ਕੋਲ਼ ਪੁੱਜੀ ਡਗਮਗਾਈ ਚਾਨਣੀ ਮੈਂ ਸ੍ਵੈ ਤੋਂ ਬਚਣ ਖ਼ਾਤਰ ਚੁੱਪ ਦਾ ਪਾਇਆ ਕਵਚ ਕਿਸ ਤਰ੍ਹਾਂ ਫਿਰ ਛੇਦ ਕਰ ਕੇ ਅੰਦਰ ਆਈ ਚਾਨਣੀ ਹੋ ਗਿਆ ਹਾਂ ਭੀੜ ਵਿਚ ਮੈਂ ਇਸ ਕਦਰ ’ਕੱਲਾ ‘ਅਨੰਦ’ ਜਿਸ ਨੂੰ ਮਿਥ ਕੇ ਸੀ ਭੁਲਾਇਆ ਯਾਦ ਆਈ ਚਾਨਣੀ

ਕੀਤਾ ਸੀ ਜੋ ਪਿਆਰ ਜਿਹਾ

ਕੀਤਾ ਸੀ ਜੋ ਪਿਆਰ ਜਿਹਾ ਸੀ ਬਚਪਨ ਦੀ ਮਾਰ ਜਿਹਾ ਮੇਰੇ ਨਕਸ਼ ਉਘਾੜੇ ਨਾ ਸ਼ੀਸ਼ਾ ਹੈ ਬੀਮਾਰ ਜਿਹਾ ਹਰ ਦਰਵਾਜ਼ਾ ਲੱਗਿਆ ਹੈ ਮੈਨੂੰ ਇਕ ਦੀਵਾਰ ਜਿਹਾ ਤੇਰੇ ਮਿੱਠੇ ਬੋਲਾਂ ਨੇ ਕੀਤਾ ਹੈ ਸੰਗਸਾਰ ਜਿਹਾ ਮੈਂ ਤੈਨੂੰ ਭੁੱਲ ਬੈਠਾ ਹਾਂ ਆਉਂਦਾ ਨਹੀਂ ਇਤਬਾਰ ਜਿਹਾ ਚਿਹਰਾ ਭਾਵੇਂ ਹੱਸਦਾ ਏ ਮਨ ਹੈ ਪਰ ਬੀਮਾਰ ਜਿਹਾ ਕੁਝ ਪਲ ਮੇਰੇ ਕੋਲ ਖਲੋ ਲਗਦਾ ਏਂ ਤੂੰ ਯਾਰ ਜਿਹਾ

ਜੋ ਪਹਿਲਾਂ ਸਾਰਾ ਹੀ ਜੀਵਨ ਮੱਲਦਾ ਹੈ

ਜੋ ਪਹਿਲਾਂ ਸਾਰਾ ਹੀ ਜੀਵਨ ਮੱਲਦਾ ਹੈ ਓਹੀਓ ਪਿੱਛੋਂ ਰਾਹ ਬਦਲ ਕੇ ਚਲਦਾ ਹੈ ਧੋਖਾ ਹਰ ਕੋਈ ਦਿੰਦਾ ਅਪਣੇ ਆਪੇ ਨੂੰ ਕੌਣ ਕਿਸੇ ਨੂੰ ਦੁਨੀਆ ਦੇ ਵਿਚ ਛਲਦਾ ਹੈ ਹੋਰ ਕਿਸੇ ਦੇ ਸਾਹਵੇਂ ਭੁਰ-ਭੁਰ ਜਾਵਾਂ ਮੈਂ ਮੈਨੂੰ ਕੇਵਲ ਅਪਣਾ ਸਾਥ ਹੀ ਫਲਦਾ ਹੈ ਵਾਰ-ਵਾਰ ਮੈਂ ਸੱਚ ਨੂੰ ਫੜਨਾ ਚਾਹਿਆ ਹੈ ਕੌਣ ਹੈ ਮੈਨੂੰ ਸੁਪਨੇ ਵੱਲ ਜੋ ਘਲਦਾ ਹੈ ਮੇਰਾ ਗ਼ਮ ਤਾਂ ਹੈ ਇਕ ਵਿਲੱਖਣ ਬੂਟਾ ਛਾਂਗ ਦਿਉ ਤਾਂ ਹੋਰ ਵਧੇਰੇ ਫੁਲਦਾ ਹੈ ਚਾਹੁਣ ਜਦ ਵੀ ਨਵਾਂ ਮੁਖੌਟਾ ਲਾ ਲੈਂਦੇ ਫੇਰ ਮੁਖੌਟਾ ਸਾਰੇ ਸੰਕਟ ਝਲਦਾ ਹੈ ਉਂਗਲੀ ਕਰ ਕੇ ਕਿਸ ਨੂੰ ਦੋਸ਼ੀ ਆਖ ਦਿਆਂ ਸਭ ਦਾ ਚਿਹਰਾ ਇਕ ਦੂਜੇ ਸੰਗ ਰਲ਼ਦਾ ਹੈ

ਜਦ ਵੀ ਤੇਰਾ ਨਾਮ ਲਿਆ ਹੈ

ਜਦ ਵੀ ਤੇਰਾ ਨਾਮ ਲਿਆ ਹੈ ਜੇਕਰ ਕੋਈ ਸ਼ਿਅਰ ਕਿਹਾ ਹੈ ਹੁਣੇ-ਹੁਣੇ ਤੂੰ ਕੋਲ਼ ਸੀ ਮੇਰੇ ਸਾਰਾ ਕਮਰਾ ਮਹਿਕ ਰਿਹਾ ਹੈ ਰਾਤੀਂ ਸੁਪਨੇ ਵਿਚ ਮੈਂ ਤੈਨੂੰ ਪਹਿਲੀ ਵਾਰੀ ਚੁੰਮ ਲਿਆ ਹੈ ਮੈਂ ਤੇਰੇ ਵੱਲ ਦੇਖ ਰਿਹਾ ਹਾਂ ਮਨ ਖ਼ੌਰੇ ਕੀ ਸੋਚ ਰਿਹਾ ਹੈ ਖ਼ੌਰੇ ਮੈਂ ਕੀ ਸੋਚ ਰਿਹਾ ਸਾਂ ਮੁੜ-ਮੁੜ ਤੇਰਾ ਨਾਂ ਲਿਖਿਆ ਹੈ ਆ ਤੇਰੇ ਵਾਲ਼ਾਂ ਵਿਚ ਟੰਗਾਂ ਹੁਣੇ-ਹੁਣੇ ਮੈਂ ਸ਼ਿਅਰ ਕਿਹਾ ਹੈ ਲੋਕੀ ਇਸ ਨੂੰ ਸ਼ਿਅਰ ਕਹਿਣਗੇ ਪਰ ਮੈਂ ਤੈਨੂੰ ਖ਼ਤ ਲਿਖਿਆ ਹੈ

ਉਹ ਇਕ ਚਾਨਣ ਬਣ ਕੇ ਦੇਖੋ ਚਮਕ ਰਿਹਾ

ਉਹ ਇਕ ਚਾਨਣ ਬਣ ਕੇ ਦੇਖੋ ਚਮਕ ਰਿਹਾ ਮੈਨੂੰ ਕਿਉਂ ਫਿਰ ਅਪਣਾ ਰਸਤਾ ਭੁੱਲ ਗਿਆ ਆਉਂਦਾ ਹੈ ਵਣਜਾਰਾ ਐਸਾ ਕਦੇ-ਕਦੇ ਦੇ ਕੇ ਲੱਖਾਂ ਖ਼ੁਸ਼ੀਆਂ ਇੱਕੋ ਦਰਦ ਲਿਆ ਉਸ ਨੂੰ ਦੱਸੋ ਚਾਨਣ ਦੀ ਪਹਿਚਾਣ ਹੈ ਕੀ ਜਿਸ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਡੁੱਬ ਗਿਆ ਸ਼ੀਸ਼ੇ ਸਾਹਵੇਂ ਖੜ੍ਹ ਕੇ ਏਦਾਂ ਲਗਦਾ ਹੈ ਕੋਈ ਪਰਾਇਆ ਜੀਕਰ ਮੈਨੂੰ ਦੇਖ ਰਿਹਾ ਭਾਵੇਂ ਓਦੋਂ ਚਹੁੰ ਜਣਿਆਂ ਦੇ ਮੋਢੇ ਸਾਂ ਫਿਰ ਵੀ ਮਿੱਤਰ ਅੱਖ ਬਚਾ ਕੇ ਲੰਘ ਗਿਆ ਕਿਸ ਭਾਸ਼ਾ ਵਿਚ ਅਪਣੀ ਗੱਲ ਸੁਣਾਵਾਂ ਮੈਂ ਮੇਰਾ ਹਰ ਇਕ ਸ਼ਬਦ ਹੀ ਅਰਥੋਂ ਟੁੱਟ ਗਿਆ ਓਦੋਂ ਮੇਰੇ ਬੋਲਾਂ ਨੂੰ ਵੀ ਤਰਸੋਗੇ ਜਦ ਮੈਂ ਛੋਹ ਤੇ ਪਕੜ ਦੀ ਹੱਦ 'ਚੋਂ ਨਿਕਲ਼ ਗਿਆ

ਜਿਸ ਨੇ ਅਪਣੇ ਆਪੇ ਉੱਤੇ ਸੁਪਨੇ ਦੀ ਹੈ ਚਾਦਰ ਤਾਣੀ

ਜਿਸ ਨੇ ਅਪਣੇ ਆਪੇ ਉੱਤੇ ਸੁਪਨੇ ਦੀ ਹੈ ਚਾਦਰ ਤਾਣੀ ਉਸ ਬੰਦੇ ਨੂੰ ਅਪਣੀ ਹਸਤੀ ਜਾਪੇ ਇਕ ਵਸਤੂ ਅਣਜਾਣੀ ਇਸ ਵੇਲੇ ਮੈਂ ਗੱਲ ਕਰਦਾ ਹਾਂ ਮਿਲਦਾ ਨਹੀਂ ਹੁੰਗਾਰਾ ਕੋਈ ਪਰ ਲੋਕੀ ਇਸਰਾਰ ਕਰਨਗੇ ਮੈਨੂੰ ਹੈ ਜਦ ਗੱਲ ਭੁੱਲ ਜਾਣੀ ਜ਼ਖ਼ਮ, ਉਦਾਸੀ, ਹੰਝੂ, ਹੌਕੇ, ਸੱਖਣਾਪਣ ਤੇ ਪਿੰਗਲਾ ਮਨ ਹਰ ਪਲ ਮੇਰੇ ਸੰਗ ਸਾਥ ਹੈ ਪੱਕੇ ਮਿਤਰਾਂ ਦੀ ਇਹ ਢਾਣੀ ਅੱਧੀ ਰਾਤੀਂ ਕਿਉਂ ਮਨ ਮੇਰਾ ਭੁੱਲ ਕੇ ਉਸ ਵਿਚ ਜਾ ਵੜਿਆ ਸੀ ਜਿਸ ਬਸਤੀ ਵਿਚ ਹਰ ਇਕ ਪਾਸੇ ਦਿਸਦਾ ਸੀ ਪਾਣੀ ਹੀ ਪਾਣੀ ਆਉਂਦੀ ਹੋਈ ਰੁੱਤ ਨੂੰ ਲੋਕੀ ਰਸਤੇ ਦੇ ਵਿਚ ਰੋਕ ਰਹੇ ਨੇ ਸਾਰਾ ਰੂਪ ਗੁਆ ਬੈਠੇਗੀ ਜਦ ਤਕ ਮੇਰੇ ਘਰ ਹੈ ਆਣੀ ਮਨ ਚਾਹੇ ਮੈਂ ਦੁੱਖ ਸਹੇੜਾਂ, ਤਨ ਚਾਹੇ ਸੁਖ ਨੂੰ ਅਪਨਾਣਾ ਸੁਣਿਆ ਹੈ ਕਿ ਪਿਆਰਾ ਲਗਦੈ ਸਭ ਨੂੰ ਅਪਣਾ-ਅਪਣਾ ਹਾਣੀ

ਕੋਈ ਸੂਰਜ ਸ਼ਾਇਦ ਮੇਰੇ ਅੰਦਰ ਬੈਠ ਗਿਆ

ਕੋਈ ਸੂਰਜ ਸ਼ਾਇਦ ਮੇਰੇ ਅੰਦਰ ਬੈਠ ਗਿਆ ਏਅਰ-ਕੰਡੀਸ਼ੰਡ ਕਮਰੇ ਵਿਚ ਵੀ ਸੜਦਾ ਜਿਸਮ ਰਿਹਾ ਖ਼ੁਸ਼ਬੋਆਂ ਨੂੰ ਇੰਜ ਨਾ ਅਪਣੇ ਸੀਨੇ ਦੇ ਵਿਚ ਡੱਕੋ ਭਟਕ ਭਟਕ ਕੇ ਹੋ ਨਾ ਜਾਏ ਪਾਗਲ ਕਿਤੇ ਹਵਾ ਫਿਰਦੇ ਸਨ ਉਹ ਕੋਟਾਂ ਉੱਤੇ ਓਵਰਕੋਟ ਸਜਾਈ ਸਰਦੀ ਵਿਚ ਮੈਂ ਠਿਠਰ ਰਿਹਾ ਸਾਂ ਨੰਗੇ ਰੁੱਖ ਜਿਹਾ ਮੈਨੂੰ ਢੂੰਡਣ ਜਦੋਂ ਕਦੇ ਵੀ ਯਾਦ ਓਸਦੀ ਆਈ ਤਨਹਾਈਆਂ ਤੋਂ ਰਹੀ ਪੁੱਛਦੀ ਮੇਰਾ ਅਤਾ-ਪਤਾ ਜਿਸ ਨੇ ਯੁਗ ਦੀ ਪੀੜਾ ਡੀਕੀ ਓਸੇ ਕਾਫ਼ਿਰ ਨੂੰ ਪਹਿਲਾਂ ਸੂਲੀ ਟੰਗਿਆ ਲੋਕਾਂ ਪਿੱਛੋਂ ਰੱਬ ਕਿਹਾ ਝੂਣ ਜਗਾਇਆ ਕਹਿ ਕੇ ਉਸ ਨੇ ਮੰਜ਼ਿਲ ਮੈਂ ਹੀ ਹਾਂ ਮੇਰੇ ਲਈ ਤਾਂ ਮੁੱਕਿਆ ਸੀ ਬਸ ਕੇਵਲ ਇਕ ਪੜਾ ਗੁੰਗੀ ਬਸਤੀ ਦੇ ਵਿਚ ਹੈ ਖ਼ਾਮੋਸ਼ੀ ਸਾਰੇ ਪਾਸੇ ਤੁਸੀਂ ਹੀ ਮੇਰੇ ਮਨ ਦੀਓ ਸੁਧਰੋ ਬੋਲੋ ਅੱਜ ਰਤਾ

‘ਨਾਲ ਜੀਆਂਗੇ ਨਾਲ ਮਰਾਂਗੇ' ਵਾਅਦੇ ਸੀ ਜੋ ਕਰਦਾ

‘ਨਾਲ ਜੀਆਂਗੇ ਨਾਲ ਮਰਾਂਗੇ' ਵਾਅਦੇ ਸੀ ਜੋ ਕਰਦਾ ਹੁਣ ਤਾਂ ਮੇਰੇ ਪਰਛਾਵੇਂ ਤੋਂ ਸ਼ਖ਼ਸ ਉਹੀ ਹੈ ਡਰਦਾ ਨਾਲ ਤੁਰੇ ਦੋ ਕਦਮ 'ਤੇ ਲੱਗਿਆ ਜੀਵਨ ਕਿੰਨਾ ਛੋਟਾ ਇਕ ਇਕ ਯੁਗ 'ਤੇ ਭਾਰੂ ਹੋਇਆ ਵਕਫ਼ਾ ਹੁਣ ਪਲ ਭਰ ਦਾ ਮਿਲ ਜਾਵੇ ਤਾਂ ਉਸ ਦੀ ਸੂਰਤ ਜਾਣੀ ਨਹੀਂ ਪਛਾਣੀ ਭੁੱਲ ਨਹੀਂ ਸਕਿਆ ਹੁਣ ਤਕ ਮੈਨੂੰ ਰਸਤਾ ਜਿਸ ਦੇ ਘਰ ਦਾ ਜਿਹੜਾ ਸਭ ਦੇ ਸਾਹਾਂ ਵਿਚ ਸੀ ਹਰ ਪਲ ਸੇਕ ਜਗਾਂਦਾ ਉਹ ਫਿਰਦਾ ਹੈ ਅੱਜ ਅਪਣੇ ਹੀ ਪਾਲ਼ੇ ਦੇ ਵਿਚ ਠਰਦਾ ਅੱਖ ਲੱਗੇ ਤਾਂ ਛੂੰਹਦੀ ਮੈਨੂੰ ਖ਼ੁਸ਼ਬੂ ਉਸ ਦੇ ਤਨ ਦੀ ਦਿਨ ਚੜ੍ਹਿਆਂ ਪਰ ਹਰ ਇਕ ਸੁਪਨਾ ਕੱਚੀ ਉਮਰੇ ਮਰਦਾ ਉਸ ਦੀਆਂ ਨੀਂਹਾਂ ਖੋਖਲੀਆਂ ਸਨ ਤੇ ਕੰਧਾਂ ਵੀ ਕੱਚੀਆਂ ਦਿਲ ਦੀ ਧਰਤੀ ਉੱਤੇ ਵਾਹਿਆ ਨਕਸ਼ਾ ਜਿਹੜੇ ਘਰ ਦਾ ਹੁਣ ਨਾ ਆਂਦਾ ਕਮਰੇ ਵਿੱਚੋਂ ਅਪਣਤ ਦਾ ਕੋਈ ਨਿਘ ਹੀ ਹੁਣ ਨਾ ਕੋਈ ਵੀ ਖ਼ੁਸ਼ਬੂ ਦਿੰਦਾ ਫੁੱਲਾਂ ਵਾਲਾ ਪਰਦਾ ਖ਼ਬਰੇ ਕਿਹੜੀ ਸੋਚੇ ਡੁਬਿਆ ਫਿਰਦਾ ਕੱਲ੍ਹ ‘ਆਨੰਦ’ ਸੀ ਪੁੱਛ ਰਿਹਾ ਸੀ ਖੰਡਰਾਂ ਕੋਲ਼ੋਂ ਰਸਤਾ ਅਪਣੇ ਘਰ ਦਾ

ਅਹੁ ਗਈ ਤਿਤਲੀ, ਅਹਿ ਗਈ ਤਿਤਲੀ

ਅਹੁ ਗਈ ਤਿਤਲੀ, ਅਹਿ ਗਈ ਤਿਤਲੀ ਖ਼ੌਰੇ ਕਿੱਥੇ ਬਹਿ ਗਈ ਤਿਤਲੀ ਝੂਮ ਰਿਹਾ ਏ ਕਿੰਨਾ ਖ਼ੁਸ਼-ਖ਼ੁਸ਼ ਫੁੱਲ ਨੂੰ ਕੁਝ ਹੈ ਕਹਿ ਗਈ ਤਿਤਲੀ ਫਿਰਦਾ ਹੈ ਨਸ਼ਿਆਇਆ ਏਦਾਂ ਜੀਕਰ ਕੋਈ ਖਹਿ ਗਈ ਤਿਤਲੀ ਉਹੀਓ ਥਾਂ ਹੋ ਜਾਏ ਮੁਅੱਤਰ1 ਜਿਸ ਥਾਂ ਘੜੀ ਕੁ ਬਹਿ ਗਈ ਤਿਤਲੀ ਰੰਗਾਂ ਦੀ ਭਾਸ਼ਾ ਵਿਚ ਮੈਨੂੰ ਰਾਜ਼ ਹਯਾਤੀ ਕਹਿ ਗਈ ਤਿਤਲੀ ਭੁਲ ਗਿਆ ਮੈਨੂੰ ਬਾਕੀ ਸਭ ਕੁਝ ਯਾਦਾਂ ਦੇ ਵਿਚ ਰਹਿ ਗਈ ਤਿਤਲੀ ਉਡਦੀ ਸੀ ਆਜ਼ਾਦ ਫ਼ਜ਼ਾ ਵਿਚ ਜਾਲ ਨੂੰ ਕੀਕਰ ਸਹਿ ਗਈ ਤਿਤਲੀ ਖ਼ੂਨ 'ਚ ਲਿਬੜੇ ਖੰਭਾਂ ਵਾਲੀ ਮੇਰੇ ਦਿਲ ਵਿਚ ਲਹਿ ਗਈ ਤਿਤਲੀ ਭਾਵੇਂ ਦਿਸਣੋਂ ਹਟ ਚੁੱਕਾ ਏ ਅੱਖਾਂ ਅੱਗੇ ਰਹਿ ਗਈ ਤਿਤਲੀ 1. ਸੁਗੰਧਤ, ਖ਼ੁਸ਼ਬੂਦਾਰ

ਇਕ ਅਜੇਹੇ ਮੋੜ 'ਤੇ ਅਜ ਆ ਖਲੋਈ ਜ਼ਿੰਦਗੀ

ਇਕ ਅਜੇਹੇ ਮੋੜ 'ਤੇ ਅਜ ਆ ਖਲੋਈ ਜ਼ਿੰਦਗੀ ਮੌਤ ਦੀ ਪਰਯਾਯਵਾਚੀ ਜਿੱਦਾਂ ਹੋਈ ਜ਼ਿੰਦਗੀ ਕਤਰਾ-ਕਤਰਾ ਭੋਰਾ-ਭੋਰਾ ਖ਼ਤਮ ਹੋਈ ਜ਼ਿੰਦਗੀ ਮੋਢਿਆਂ ’ਤੇ ਉਮਰ ਭਰ ਇਕ ਮੌਤ ਢੋਈ ਜ਼ਿੰਦਗੀ ਭਾਵੇਂ ਲੱਖਾਂ ਹਾਸਿਆਂ ਵਿਚ ਮੈਂ ਲੁਕੋਈ ਜ਼ਿੰਦਗੀ ਜ਼ਿੰਦਗੀ ਅਜ ਮੌਤ ਹੈ ਤੇ ਮੌਤ ਹੋਈ ਜ਼ਿੰਦਗੀ ਥਿੜਕਿਆ ਹੈ ਪੈਰ ਮੇਰਾ ਇਕ ਬੁਲੰਦੀ 'ਤੋਂ ਇਵੇਂ ਆਪਣੇ ਹੀ ਬੋਝ ਥੱਲੇ ਪਿਸ ਕੇ ਮੋਈ ਜ਼ਿੰਦਗੀ ਜਿਸ ਨੇ ਇਸ ਦੇ ਲੜਖੜਾਂਦੇ ਪੈਰੋਂ ਕੰਡਾ ਕੱਢਿਆ ਸੂਲ ਨੈਣਾਂ ਵਿਚ ਉਦ੍ਹੇ ਮੁੜ-ਮੁੜ ਚੁਭੋਈ ਜ਼ਿੰਦਗੀ ਇਕ ਤਿਹਾਈ ਸਦੀ ਤਕ ਫੈਲੀ ਹੈ ਜੋ ਗ਼ਜ਼ਲ ਦੇ ਬਸ ਚੰਦ ਸ਼ਿਅਰਾਂ ਵਿਚ ਸਮੋਈ ਜ਼ਿੰਦਗੀ ਮੌਤ ਵਰਗੇ ਸਾਗਰਾਂ ਦੀ ਹਿੱਕ 'ਤੇ ਤਰਦਾ ਹੈ ਉਹ ਜਿਸ ਕਿਸੇ ਨੇ ਝੀਲ-ਨੈਣਾਂ ਵਿਚ ਡੁਬੋਈ ਜ਼ਿੰਦਗੀ ਸੁੰਘਣ, ਸੋਚਣ, ਤੱਕਣ, ਆਖਣ ਦੀ ਮਨਾਹੀ ਵਾਲੜੀ ਇਹ ਵੀ ਕੋਈ ਜ਼ਿੰਦਗੀ ਹੈ ਇਹ ਵੀ ਕੋਈ ਜ਼ਿੰਦਗੀ ਇਕ ਅਜੇਹੀ ਮੌਤ ਯਾਰਾ ਮਰਿਆ ਹੈ ‘ਆਨੰਦ' ਕਿ ਪਹਿਲਾਂ ਹੱਸੀ ਖਿੜ ਖਿੜਾ ਕੇ ਫੇਰ ਰੋਈ ਜ਼ਿੰਦਗੀ

ਸੋਚਦਾ ਹਾਂ ਜਿਸ ਘੜੀ ਮੈਨੂੰ ਬੁਲਾਇਆ ਜਾਏਗਾ

ਸੋਚਦਾ ਹਾਂ ਜਿਸ ਘੜੀ ਮੈਨੂੰ ਬੁਲਾਇਆ ਜਾਏਗਾ ਉਸ ਦੇ ਦਰ 'ਤੇ ਮੈਥੋਂ ਪਹਿਲਾਂ ਮੇਰਾ ਸਾਇਆ ਜਾਏਗਾ ਆਰਸੀ ਨੂੰ ਦੇਖਦੇ ਦੇਖੀਂ ਨਾ ਗੁੰਮ ਜਾਵੀਂ ਕਿਤੇ ਗੁੰਮ ਗਿਆ ਤਾਂ ਖ਼ੁਦ ਤਲਕ ਵਾਪਸ ਨਾ ਆਇਆ ਜਾਏਗਾ ਹੋਣ ਵਾਲ਼ੇ ਹਾਦਸੇ ਦੀ ਕੁੱਖ 'ਚੋਂ ਜਨਮੇਗਾ ਜੋ ਦਰਦ ਉਸ ਨੂੰ ਨਾਮ ਤੇਰੇ ਸੰਗ ਬੁਲਾਇਆ ਜਾਏਗਾ ਜਾਣਦਾ ਹਾਂ ਜਿਸ ਨੂੰ ਤੇਰੇ ਜਨਮ ਦਿਨ 'ਤੇ ਰਚਾਂਗਾ ਮੌਤ ਮੇਰੀ ’ਤੇ ਉਹੀ ਫਿਰ ਗੀਤ ਗਾਇਆ ਜਾਏਗਾ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਤਰਲੋਕ ਸਿੰਘ ਆਨੰਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ