Kissa Heer Va Ranjha : Ali Haider Multani

ਕਿੱਸਾ ਹੀਰ ਵ ਰਾਂਝਾ : ਅਲੀ ਹੈਦਰ ਮੁਲਤਾਨੀ

ਗੁਫਤਗੂ-ਏ-ਹੀਰ-ਬਾ-ਮਾਦਰ
(ਹੀਰ ਦਾ ਮਾਂ ਨਾਲ ਵਾਰਤਾਲਾਪ)

ਹਮਦ ਖੁਦਾਵੰਦ ਖਾਲਿਕ ਨੂੰ,
ਕੁਨ ਥੀਂ ਕੀਤਾ ਆਲਮ ਚਾ ।
ਜੋ ਕਨਜ਼ਨ ਸੀ ਮਖ਼ਫ਼ੀ ਆਹਾ,
ਇਸ਼ਕੋਂ ਜ਼ਾਹਿਰ ਹੋਇਆ ਆ ।
ਹੁਸਨ ਨਸੀਬ ਨਾਜ਼ ਅਜ਼ਲ ਨੇ,
ਨਿਆਜ਼ ਲਈ ਗਲ ਇਸ਼ਕੇ ਪਾ ।
ਆਸ਼ਿਕ ਦੇ ਦਿਲ ਕੇਹਾ ਅੰਦੇਸ਼ਾ,
ਦਿੱਤਾ ਦੇਂਹ ਤੇ ਰਾਤੀਂ ਲਾ ।
ਜਰੀ ਮਲਾਮਤ ਕਰੇ ਨ ਤੋਬਾ,
ਮੂੰਹ ਥੀਂ ਬੋਲੇ ਨਾਹੀਂ ਹਾ ।
ਹੈਦਰ ਆਖ ਸੁਣਾਵਾਂ ਜ਼ਰਾ
ਵਾਰੀ ਕੰਨ ਰੱਖੀਂ ਮੈਂ ਦਾ ।੧।

ਕਲਾਮ-ਮਾਦਰ ਬਾ ਦੁਖਤਰ
(ਮਾਂ ਦੀ ਧੀ ਨਾਲ ਗੱਲਬਾਤ)

ਨਾਲ ਮਲਾਮਤ ਦੇਂਦੀ ਤਾ'ਨੇ,
ਹੀਰੇ ਨੂੰ ਬਹ ਪੁੱਛੇ ਮਾਂ ।
ਗ਼ਮ ਤੇਰੇ ਥੋਂ ਢਲ ਗਈ ਦੇਹੀ,
ਕੰਮ ਨ ਸਾਨੂੰ ਸੁੱਝੇ ਕਾ ।
ਛੁਪੇ ਨ ਹੋਈ ਟਾਲਾ ਟੋਲੀ,
ਭੇਤ ਤੇਰੇ ਸਭ ਬੁੱਝੇ ਚਾ ।
ਸਮੀ ਮਾਰ ਨ ਹੋਰਨ ਹੈਦਰ,
ਦਿਲ ਤੇਰੇ ਤੇ ਗੁੱਝੇ ਘਾ ।੨।

ਐਜ਼ਨ
(ਉਹੀ)

ਆਖ ਵੇਖਾਂ ਕਿਉਂ ਸਹੇਂ ਉਲਾਹਮੇ,
ਨੇਹੁੰ ਨਦਾਨਾਂ ਲਾ ਕੇ ਧੀ ।
ਸ਼ਰਮ ਗੁਆਇਓ ਅਕਲ ਨ ਆਇਓ,
ਮੁਲਕੀਂ ਧੁੰਮਾਂ ਪਾ ਕੇ ਧੀ ।
ਸੁਣੀਂ ਨਸੀਹਤ ਮੰਨੀ ਕਹਿਆ,
ਚਾਕੇ ਥੀਂ ਚਿਤ ਚਾ ਕੇ ਧੀ ।
'ਅਲ ਇਸ਼ਕੁਨ ਨਾਰੁਨ' ਪੜ੍ਹੀ ਨਾਹੀਂ,
ਰੱਖੀ ਜਾਨ ਬਚਾ ਕੇ ਧੀ ।੩।

ਕਲਾਮ-ਏ-ਦੁਖ਼ਤਰ ਬਾ ਮਾਦਰ
(ਧੀ ਦੀ ਮਾਂ ਨਾਲ ਗੱਲਬਾਤ)

ਜਾਨ ਬਚਾ ਕੇ ਬਾਹਜੋਂ ਚਾਕੇ
ਰੱਖੇਂ ਕਿਉਂਕਰ ਹੋਈ ਮਾਂ ।
'ਯੁਹਰਕੁ ਮਾ ਸਵਾ ਅਲ ਮਹਬੂਬ'
ਰਹਿਆ ਗੈਰ ਨ ਕੋਈ ਮਾਂ ।
ਦਿਲ ਵਿਚ ਆਖੇ ਵੇਖ ਤਮਾਸ਼ੇ,
ਹੈ ਹੈ ਓਥੇ ਢੋਈ ਮਾਂ ।
ਮਨ ਹੋ ਮਿਕਨਾਤੀਸ ਹੈਦਰ,
ਓਸੇ ਦੀ ਖਿੱਚ ਰਖੀਓਈ ਮਾਂ ।੪।

ਮਾਂ

ਖਿੱਚ ਦਿਲੇ ਦੀ ਇਸ਼ਕੋਂ ਤੈਨੂੰ
ਫਿਲਵਾਕੇ ਮੈਂ ਜਾਤੀ ਧੀ ।
ਸਾਕ ਗੁਆਇਓ ਚਾਕ ਸੁਹਾਇਓ
ਲਾਇਓ ਦਾਗ ਕਿਉਂ ਜ਼ਾਤੀ ਧੀ ।
ਮਾਹੀ ਨਾਲ ਨਵਾਲਾ ਪਿਆਲਾ,
ਭੁੱਲੀ ਨ ਸਮਝ ਪਛਾਤੀ ਧੀ ।
ਹੈਦਰ ਮੱਤੀਂ ਦੇ ਦੇ ਥੱਕੇ
ਮਾਨੇ ਦੇਂਹ ਤੇ ਰਾਤੀਂ ਧੀ ।੫।

ਧੀ

ਮੈਂ ਤੇ ਰੰਗ ਮਾਹੀ ਦੇ ਰੱਤੀ,
ਮੈਂ ਤੇ ਮੱਤ ਨ ਆਵੇ ਮਾਂ ।
ਕਿਆ 'ਮੁਹਿਬ ਫੀਸ਼ਿਮੀਮਨ'
ਕੌਣ ਇਹ ਰਾਜ਼ ਸੁਣਾਵੇ ਮਾਂ ।
'ਅਲਹੁਬੁ ਯ ਅਲਾ' ਰਾਂਝੇ ਬਾਹਜੋਂ
ਹੋਰ ਨ ਨਜ਼ਰੀਂ ਆਵੇ ਮਾਂ ।
'ਮਨ ਯਹਦ ਅੱਲਾ ਹੂ' ਹੈਦਰ
ਉਸ ਨੂੰ ਰਾਹੋਂ ਕੌਣ ਭੁਲਾਵੇ ਮਾਂ ।੬।

ਮਾਂ

ਰਾਹੋਂ ਭੁੱਲ ਪਈਓਂ ਜਾ ਔਝੜ
ਭਲੀ ਹਦਾਇਤ ਪਾਈ ਧੀ ।
ਸੀਨਾ ਚਾਕ ਪਇਓਈ ਚਾਕੋਂ
ਅਜੇ ਭੀ ਮੱਤ ਨ ਆਈ ਧੀ ।
ਝੱਲਣ ਝੱਲ ਚਰੇਂਦੀ ਵਤੇਂ
ਝੱਲੀ ਝਿੜਕ ਲੋਕਾਈ ਧੀ ।
ਬੇਸਿਰ ਹੋ ਕੇ ਬਾਜ਼ ਨ ਆਵੇਂ,
ਬਿਰਹੋਂ ਦਿਲ ਭੁਲਾਈ ਧੀ ।
ਦਰਦ ਤੇਰੇ ਨਿੱਤ ਦੇਂਹ ਤੇ ਰਾਤੀਂ,
ਦੇਹੀ ਰੱਤ ਸੁਕਾਈ ਧੀ ।
ਹੈਦਰ ਚਾ ਛੱਡ ਚਾਲ ਅਵੱਲੀ
ਆ ਕਿਉਂ ਸ਼ਾਮਤ ਚਾਈ ਧੀ ।੭।

ਧੀ

ਸ਼ਾਮਤ ਵੱਸੇ ਤੇਰੀ ਅੱਖੀਂ
ਸਾਨੂੰ ਐਨ ਸਆਦਤ ਮਾਂ ।
'ਕਾਨ ਲਮ ਯਕ ਮੁਨਿ ਹੋ ਸ਼ਈਅਨ'
ਤੁਧ ਕੀ ਇਹ ਕਰਾਮਤ ਮਾਂ ।
'ਫਾਜ਼ਾ ਤਸਬਹ' ਖ਼ੁਦਾ ਫਰਮਾਇਆ,
ਜ਼ਾਤੋਂ ਨਹੀਂ ਸ਼ਰਾਫਤ ਮਾਂ ।
'ਫਖਰ ਅਲਮਰ ਬਫਜ਼ਲ ਹੀ' ਅਦਾਏ
ਕਰ ਨਹੀਂ ਬਹੁਤ ਮਲਾਮਤ ਮਾਂ ।
'ਜਫ ਅਲਕਲਮ ਬਮਾਹੂ ਕਾ ਇਨ'
ਨ ਕਰ ਐਡ ਮਲਾਮਤ ਮਾਂ ।
'ਨਹਨ ਕਸਮਨ' ਕਿਸਮਤ ਹੈਦਰ,
ਮੋੜਣ ਨਾਹੀਂ ਆਦਤ ਮਾਂ ।੮।

ਮਾਂ

ਕਿਸਮਤ ਮੇਰੇ ਕਦੋਂ ਪਛਾਤੀਆ,
ਆਦਤ ਪਈ ਭਲੇਰੀ ਧੀ ।
ਅੱਜ ਤੋੜੀ ਅਸਾਂ ਤੋੜ ਨਿਬਾਹੀ,
ਜੋ ਕੁਝ ਖਾਹਸ਼ ਤੇਰੀ ਧੀ ।
ਅਜੇ ਹੈ ਵੇਲਾ ਹੋਸ਼ ਸੰਮ੍ਹਾਲੇਂ,
ਸੁਣ ਕੋਈ ਮੱਤ ਚੰਗੇਰੀ ਧੀ ।
ਹੈਦਰ ਭਾਹ ਬੁਝਾਵੇਂ ਥੋੜੀ,
ਮਚੀ ਨ ਭੜਕ ਵਧੇਰੀ ਧੀ ।੯।

ਧੀ

ਭੜਕੀ ਭਾਹ ਬਿਰਹੋਂ ਦੀ ਦਿਲ ਵਿਚ
ਹਰ ਦਮ ਕਰੇ ਇਸ਼ਾਰਾ ਮਾਂ ।
ਪਾਏਂ ਪਾਣੀ ਮਚਣ ਅਲੰਬੇ,
ਪੇਸ਼ ਨ ਜਾਂਦਾ ਚਾਰਾ ਮਾਂ ।
ਵੇਖ ਅਮਾਨਤ ਕਹ 'ਫਾਬੈਨਾ ਅਨ ਯਹਾ ਮਲਨਹਾ'
ਫੜਿਆ ਅਸਾਂ ਕਿਨਾਰਾ ਮਾਂ ।੧੦।

ਮਾਂ

ਜ਼ਾਲਿਮ ਜਾਹਿਲ ਹੋ ਕੇ ਹੀਰੇ,
ਕਿਉਂ ਇਹ ਭਾਰ ਉਠਾਇਆ ਧੀ ।
'ਇਨਾ ਅਸ਼ੈਤਨਾ ਵਿਚ ਕੁਰਾਨ'
ਆਪ ਖੁਦਾ ਫਰਮਾਇਆ ਧੀ ।
'ਮਰ ਬਿਲ ਫਹਸ਼ਾ' ਨ ਸਮਝੀਓ,
ਆਪੇ ਕੰਮ ਗਵਾਇਆ ਧੀ ।
ਓੜਕ ਏਸੇ ਵੈਰੀ ਤੈਨੂੰ,
ਪੰਧੋਂ ਔਝੜ ਲਾਇਆ ਧੀ ।
ਗਇਆ ਨਸੂਰ ਜਿਗਰ ਵਿਚ ਤੈਨੂੰ,
ਤੈਨੂੰ ਦਰਦ ਸਵਾਇਆ ਧੀ ।
ਇਸ਼ਕ ਮਾਹੀ ਦੇ ਹੈਦਰ ਤੈਨੂੰ,
ਜਾਦੂ ਪਾ ਭਰਮਾਇਆ ਧੀ ।੧੧।

ਧੀ

ਭਰਮ ਨ ਮੈਨੂੰ ਨ ਕੋਈ ਜਾਦੂ,
ਪੜ੍ਹ ਲਾਹੌਲ ਜ਼ਬਾਨੋਂ ਮਾਂ ।
'ਕਲੂਬ ਉਲਮੋਮਿਨ ਬੈਤ ਅੱਲਾਹ' ਹੈ ।
ਏਥੇ ਗ਼ੈਰ ਨ ਜਾਣੋਂ ਮਾਂ ।
ਮਾਹੀ ਤੇ ਮੈਂ ਚਾਹਦ ਵਾਸਿਲ
ਆ ਮੁੜ ਏਸ ਧਿਆਨੋਂ ਮਾਂ ।
ਲੈਸ ਸਿਵਾਹੁ ਅੱਸਾ ਹੂ ਵਿਚ
ਹੀਰ ਬਹਾਨਾ ਆਨੋ ਮਾਂ ।
ਹੈਦਰ ਮੈਂ ਤੇ ਮਾਹੀ ਇੱਕਾਰੇ,
ਨ ਗੱਲ ਅਖਾਣੋਂ ਮਾਂ ।੧੨।

ਮਾਂ

ਗੱਲਾਂ ਤੇਰੀਆਂ ਗਲੀਏਂ ਟੁਰੀਆਂ,
ਚਾਈਆ ਚਾਲ ਅਪੁੱਠੀ ਧੀ ।
ਨਾਲ ਦਲੀਲਾਂ ਕੀ ਤਮਸੀਲਾ,
ਸੱਚੀ ਹੋਵੇਂ ਝੂਠੀ ਧੀ ।
ਕੂਕ ਰਹੀ ਕਰ ਸ਼ੋਰ ਕਕਾਰਾ,
ਭਉਂਦੀ ਨਾਹੀਂ ਮੁੱਠੀ ਧੀ ।
ਹੈਦਰ ਇਹ ਦੁਖ ਦੇਖਣ ਆਹੇ,
ਜੰਮਦਿਆਂ ਨ ਤੂੰ ਕੁੱਠੀ ਧੀ ।੧੩।

ਧੀ

ਕੁੱਠੀ ਖੰਜਰ ਇਸ਼ਕ ਮਾਹੀ ਦੇ,
ਕੀਤੋਸ ਤਨ ਮਨ ਘਾਇਲ ਮਾਂ ।
ਚੰਗਲ ਮੇਰਾ ਦਾਮਨ ਉਸਦਾ,
ਓਸੇ ਦੇ ਵਲ ਮਾਇਲ ਮਾਂ ।
ਨਕਸ ਮੁਹੱਬਤ ਰਾਂਝੇ ਵਾਲਾ,
ਨ ਧੋਤਿਆਂ ਹੋਵੇ ਜ਼ਾਇਲ ਮਾਂ ।
'ਮਾਈ ਗੈਰਹੁ ਫਿਲਲ ਕੋਨੈਨ
ਛੱਡ ਦੇ ਸਬ ਲਾ ਤਾਇਲ ਮਾਂ ।
'ਲਿਮਨ ਉਲਮੁਲਕ ਅਲਯੌਮਾ'
ਦਿਹਾੜੇ ਏਸੇ ਉੱਤੇ ਕਾਇਲ ਮਾਂ ।
ਹੈਦਰ ਲੋਕ ਬਹਿਸ਼ਤ ਮੰਗੇਸਣ,
ਮੈਂ ਮਾਹੀ ਦੀ ਸਾਇਲ ਮਾਂ ।੧੪।

ਮਾਂ

ਮੁਫਤ ਬਹਿਸ਼ਤ ਨ ਮਿਲਸੀ ਲੋਕਾਂ,
ਨਾਲ ਭਲਿਆਂ ਕਿਰਦਾਰਾਂ ਧੀ ।
'ਅਫਲਹ ਮਨ ਜ਼ਕਹਾ' ਬਾਹਜੋਂ
ਕਦ ਹੋਸਣ ਛਟਕਾਰਾਂ ਧੀ ।
'ਵਹੀ ਅਲ ਨਫੀਰ' ਪੁੱਛਿਆ
ਦੁਨੀਆਂ ਕਰ ਰਹੀ ਨਿਤ ਪੁਕਾਰਾਂ ਧੀ ।
'ਸਿਜਨ ਉਲਮੋਮਿਨ' ਜਿਨਹਾਂ ਮਾਨੀ,
ਮਾਣਕ ਸੌ ਗੁਲਜ਼ਾਰਾਂ ਧੀ ।
ਬਾਗ ਬਹਿਸ਼ਤ ਪਛਾਣੋਂ ਦੁਨੀਆਂ,
ਕਰ ਰਹੀ ਨਿੱਤ ਪੁਕਾਰਾਂ ਧੀ ।
ਪਈ ਏਂ ਜਾ ਵਿਚ ਗਰਬ ਗੁਬਾਰਾਂ,
ਗਈ ਏਂ ਤੋੜ ਮੁਹਾਰਾਂ ਧੀ ।
ਮਾਨਿਆ ਹੈ 'ਲਾ ਤਕਤਲਵਾ ਤਫਤਲੂਆਹ' ਮੈਨੂੰ,
ਨਹੀਂ ਤੇ ਮਾਰ ਨਿਤਾਰਾਂ ਧੀ ।
ਹੈਦਰ ਕਿਉਂ ਇਹ ਉਮਰ ਅਕਾਰਥ,
ਦੁਖਾਂ ਵਿਚ ਗੁਜ਼ਾਰਾਂ ਧੀ ।੧੫।

ਧੀ

ਦੁਖ ਰਾਂਝਣ ਦੇ ਸੁਖ ਕਰ ਜਾਤੇ,
ਤੂੰ ਕਿਉਂ ਹਾਲ ਪੁਕਾਰੇਂ ਮਾਂ ।
ਸ਼ੱਕਰ ਵੰਡ ਕਰੇਂ ਸ਼ੁਕਰਾਣਾ,
ਖੈਰੀਂ ਵਕਤ ਗੁਜ਼ਾਰੇਂ ਮਾਂ ।
ਇਸ਼ਕ ਤਨੂਰ ਜਿਗਰ ਵਿਚ ਜਾਰੀ,
ਘਾਉ ਵਧੇਰਾ ਮਾਰੇਂ ਮਾਂ ।
ਖੇਡ ਖਿਲਾਰ ਕਰੇਂ ਮਨਸੂਬਾ,
ਬਾਜ਼ੀ ਕਦੇ ਨ ਹਾਰੇਂ ਮਾਂ ।
ਖੇੜਿਆਂ ਦੀ ਕਰ ਸਿਫਤ ਜ਼ਿਆਦਾ,
ਕੋਟ ਪਹਾੜ ਉਸਾਰੇਂ ਮਾਂ ।
ਪਰ ਖਾਕ ਬਰਾਬਰ ਇਸ਼ਕ ਨ ਛੱਡੇ,
ਤੂੰ ਰੋਵੇਂ ਚਾ ਚਾਹੜ੍ਹੇਂ ਮਾਂ ।
ਖੇੜਿਉਂ ਚਾ ਨਿਖੇੜੀਂ ਮੈਨੂੰ,
ਜੇ ਤੂੰ ਭਲਾ ਸਵਾਰੇਂ ਮਾਂ ।
ਹੈਦਰ ਹੀਰਾ ਅਸੀਰ ਮਾਹੀ ਦੀ,
ਖੇੜੀਂ ਕਿਸ ਨੂੰ ਵਾੜੇਂ ਮਾਂ ।੧੬।

ਮਾਂ

ਖੇੜਿਆਂ ਵਲ ਟੋਰੈਸਾਂ ਸਰ ਪਰ,
ਮਾਹੀ ਨੂੰ ਕਰ ਰਾਹੀ ਧੀ ।
ਚਾਹ ਮਾਹੀ ਦੀ ਸੱਟ ਵਿਚ ਚਾਹੇ,
ਚੂਚਕ ਨੂੰ ਪਾ ਚਾਹੀ ਧੀ ।
ਮਾਂ ਪਿਉਂ ਥੀਂ ਜੇ ਆਕ ਨ ਹੋਵੇ,
ਹੋਵੇ ਫਜ਼ਲ ਇਲਾਹੀ ਧੀ ।
'ਤਹਤੂ ਅਕਦਾਮੁ ਹੱਨਤੂ' ਜਾਣੀ,
ਲੈ ਕੇ ਸੱਚ ਗਵਾਹੀ ਧੀ ।
ਸੁਣ 'ਮਨ ਰਗ਼ਿਬ' ਹਦੀਸ ਨਬੀ ਦੀ,
ਛੱਡ ਦੇਹ ਇਹ ਗੁਮਰਾਹੀ ਧੀ ।
ਮਾਰ ਜੰਜਾਲ ਮੁਕਾਂਦੀ ਜਿੰਦੋਂ,
ਪਰ ਇਹ ਤੱਕ ਨ ਆਹੀ ਧੀ ।
ਹੈਦਰ ਸਮਝ ਕਦਾਹੀ ਹੀਰੇ,
ਸਦਾ ਨਾ ਸਮਝੇ ਮਾਹੀ ਧੀ ।੧੭।

ਧੀ

ਇਸ਼ਕ ਮਾਹੀ ਦੇ ਘਰ ਵਿਚ ਮੁੱਠੀ,
ਬਾਝੋਂ ਧਾਰਾਂ ਭੇੜੇ ਮਾਂ ।
ਪਈ ਤੜਫਾਂ ਮਾਹੀ ਵਾਂਗੂੰ
ਬਿਰਹੋਂ ਕੀਤੇ ਬੇਰੇ ਮਾਂ ।
ਸਮਝ 'ਵੁਜੂਦ ਯੋਮੀਜ਼ਾ'
ਕਿਉਂ ਦੇਂ ਹੁਣ ਦਰਦ ਵਧੇਰੇ ਮਾਂ ।
ਮਾਹੀ ਤੇ ਮੈਂ ਵਿੱਥ ਨ ਕਾਈ,
ਸ਼ਹਰਗ ਕੋਲੋਂ ਨੇੜੇ ਮਾਂ ।
'ਨਹਨ ਅਕਰਬੁ' ਜਾਣ ਸਮਝੀਵੇਂ,
ਦੂਰ ਹੋਵਣ ਸਬ ਝੇੜੇ ਮਾਂ ।
ਇਸ਼ਕ ਅਮੀਕ ਸਮੁੰਦਰ ਅੰਦਰ,
ਜਿੱਥੇ ਘੁੰਮਣ ਘੇਰੇ ਮਾਂ ।
'ਬਿਸਮਿੱਲਾ ਮਜਰੀਹਾ' ਪੜ੍ਹਕੇ,
ਠੱਲੇ ਦਿਲ ਦੇ ਬੇੜੇ ਮਾਂ ।
ਹੈਦਰ ਮੁੜਕੇ ਮਿਲਾਂ ਕਿਦਾਹੀਂ
ਕਿਉਂਕਰ ਮੁੱਲਾਂ ਨਿਖੇੜੇ ਮਾਂ ।੧੮।

ਮਾਂ

ਮੌਤ ਕਬੂਲ ਕਿਉਂ ਕਰੀਏ ਹੀਰੇ,
ਇਤਨੀ ਪਈ ਕੀ ਮੁਸ਼ਕਲ ਧੀ ।
ਲਾ ਯੁਗਲਕ ਬਾਬੂ ਤੋਬਾ
ਹੋਈ ਕਿਉਂ ਹੁਣ ਆਕਿਲ ਧੀ ।
ਹੱਕ ਕਹਿਆ 'ਲਾ ਤੁਲਕ ਵਾਬਿਦਯ ਕੁਫ਼ਰ'
ਪੜ੍ਹ ਲੈ ਨ ਹੋ ਗਾਫ਼ਿਲ ਧੀ ।
ਕੰਮ ਨ ਕਰੀਏ ਠਾਕਣ ਜਿੱਥੇ,
ਆਕਿਲ ਬਾਲਿਗ ਕਾਮਿਲ ਧੀ ।
ਵਾਗਾਂ ਹਥ ਸਵਾਰਾਂ ਹੋਵਣ,
ਪਹੁੰਚਣ ਤਦ ਕਿਸੇ ਮੰਜ਼ਲ ਧੀ ।
ਹੈਦਰ ਰਾਹ ਪਇਆ ਵਿਚ ਗਲ(ਥਲ) ਦੇ,
ਸਮਝ ਚਲਾਏਂ ਮਹਮਲ ਧੀ ।੧੯।

ਧੀ

ਵਾਗ ਦਿਲੇ ਦੀ ਹੱਥ ਨ ਮੇਰੇ,
ਮਹਮਲ ਕਿਉਂਕਰ ਠੱਲਾਂ ਮਾਂ ।
ਜਿਤ ਵਲ ਇਸ਼ਕ ਉਠਾਈਆਂ ਵਾਗਾਂ,
ਹੋ ਬੇ-ਉਜ਼ਰੀ ਚੱਲਾਂ ਮਾਂ ।
ਕਦੇ ਵਿਚ ਜੰਗਲ ਬੇਲੇ ਬਰਵਰ,
ਕਦੇ ਵਿਚ ਔਝੜ ਝੱਲਾਂ ਮਾਂ ।
ਇਸ ਥੀਂ ਇਹ ਥਲਕਾ ਮੈਨੂੰ,
ਕਰਦਾ ਇਸ਼ਕ ਅਵੱਲਾ ਮਾਂ ।
'ਇਨੀ ਫੀ ਹੁਬ ਮਹਬੂਬ'
ਕਿਉਂ ਦੇ ਹੁਣ ਝਿੜਕ ਧੜੱਲਾਂ ਮਾਂ ।
ਮੈਂ ਤੇ ਰਾਂਝਣ ਅਹਦ ਸਚਾਵਾਂ,
ਝੂਠੀਆਂ ਛੱਡ ਦੇਹ ਗੱਲਾਂ ਮਾਂ ।
'ਤਸ਼ਹਦ ਅਰ ਜੁਲਹੁਮ' ਜਾਂ ਹੋਸੀ,
ਮੂੰਹੋਂ ਹੋਸਣ ਗੱਲਾਂ ਮਾਂ ।
ਕਿਆਮਤ ਸਿਫਤ ਉਸ਼ਾਕਾਂ ਵਾਲੀ,
ਇਨਸ਼ਾ ਅੱਲਾ ਮੱਲਾਂ ਮਾਂ ।
ਚਾਕਰ ਚਾਕ ਹਜ਼ਾਰੇ ਦੇ ਵਿਚ,
ਮਲਕਾਂ ਮੁਲਕ ਮਹੱਲਾਂ ਮਾਂ ।
ਚਾਕੇ ਦੀ ਹੀਰ ਚਾਕਰ ਹੈਦਰ,
ਮੂੰਹੋਂ ਗਵਾਹੀ ਘੱਲਾਂ ਮਾਂ ।੨੦।

ਮਾਂ

ਚਾਕੇ ਦੀ ਤੂੰ ਚਾਕਰ ਹੀਰੇ,
ਮੱਤੀਂ ਸਭ ਭੁਲਾਈਆਂ ਧੀ ।
ਅੱਖੀਂ ਨੀਂਦ ਕਦੀ ਨ ਲਾਈਆਂ,
ਨਿੱਜ ਸੜੀਆਂ ਤੁਧ ਲਾਈਆਂ ਧੀ ।
ਸਾਕ ਸ਼ਰੀਕਾਂ ਤੇ ਨਜ਼ਦੀਕਾਂ,
ਸਾਰਿਆਂ ਲੀਕਾਂ ਲਾਈਆਂ ਧੀ ।
ਹੈਦਰ ਖਾਕ ਕਬੂਲ ਕਿਉਂ ਕਰੀਏ,
ਹੋਂਦਿਆਂ ਪਾਸ ਤਲਾਈਆਂ ਧੀ ।੨੧।

ਧੀ

ਖਾਕ ਕਦਮ ਦਿਲਬਰ ਦੀ ਜ਼ਾਹਿਰ,
ਕੱਜਲ ਜਵਾਹਰ ਜਾਤੀ ਮਾਂ ।
ਜੋ ਕੁਝ ਮਾਹੀ ਸੋ ਮੈਂ ਆਹੀ,
ਸ਼ਰਮ ਨ ਰਹੀਆ ਜ਼ਾਤੀ ਮਾਂ ।
ਇਸ਼ਕ ਸ਼ਹਾਦਤ ਕਾਰਣ ਮੇਰੇ,
ਕੋਠੇ ਦੀ ਲਤ ਛਾਤੀ ਮਾਂ ।
ਜ਼ਾਤ ਗਵਾਹੀ ਤਾਂ ਵਿਚ ਮਾਹੀ,
ਵਹਦ ਜ਼ਾਤ ਪਛਾਤੀ ਮਾਂ ।
ਪਾਈ ਜਾਂ ਮੈਂ ਮਾਰ ਜਲਾਈ,
ਪਾ ਝਰੋਕਿਉਂ ਝਾਤੀ ਮਾਂ ।
ਹੈਦਰ ਜਾਮ ਵਿਸਾਲ ਮਾਹੀ ਦਾ,
ਪੀਏ ਹੋਈ ਮਧਮਾਤੀ ਮਾਂ ।੨੨।

ਮਾਂ

ਹੱਤੀ ਨਿੱਤ ਪਲੱਤੀ ਹੋਈ ਏਂ,
ਰੱਤੀ ਅਕਲ ਨ ਆਇਆ ਧੀ ।
ਏਸੇ ਇਸ਼ਕ ਅਵੱਲੇ ਤੇਰੇ,
ਗਲ ਵਿਚ ਕਜ਼ੀਆ ਪਾਇਆ ਧੀ ।
ਝੱਲੀਂ ਜਾ ਕੇ ਝੱਲੇਂ ਝਿੜਕਾਂ
ਝੱਲੀ ਨਾਉਂ ਧਰਾਇਆ ਧੀ ।
ਹੈਦਰ ਮੰਨ ਅਸਾਡੀਆਂ ਮੱਤਾਂ
ਆ ਕਿਉਂ ਚਿੱਤ ਚਾਇਆ ਧੀ ।੨੩।

ਧੀ

ਮਤ ਮਲਾਮਤ ਕਾਰ ਨ ਮੈਨੂੰ,
ਇਸ਼ਕ ਲਈਆਂ ਫੜ ਵਾਗਾਂ ਮਾਂ ।
ਹੋਸ਼ ਜੇ ਹੋਵੇ ਕਾਇਮ ਮੇਰੀ,
ਕਦ ਇਹ ਤਾਨਾ ਝਾਗਾਂ ਮਾਂ ।
'ਜਾਅਦ ਅਲਲੈਲ ਲਿਬਾਸਨ' ਸਮਝਾਂ,
ਤਾਂ ਕਿਉਂ ਰਾਤੀਂ ਜਾਗਾਂ ਮਾਂ ।
ਰੱਤੀ ਰੰਗ ਮਾਹੀ ਦੇ ਹੈਦਰ,
ਝਾਗ ਬਿਰਹੋਂ ਦੀਆਂ ਲਾਗਾਂ ਮਾਂ ।੨੪।

ਮਾਂ

ਚੜ੍ਹ ਕੇ ਰੰਗਣ ਮਾਹੀ ਵਾਲੀ,
ਦਾਗ ਸਿਆਲੀਂ ਲਾਇਆ ਧੀ ।
ਇੱਜ਼ਤ ਦਾ ਤੁਧ ਜੋੜਾ ਖਾਸਾ,
ਸਹਜ ਨ ਅੰਗ ਹੰਢਾਇਆ ਧੀ ।
ਸ਼ਰਮ ਹਿਆ ਦਾ ਸ਼ੀਸ਼ਾ ਨਾਜ਼ਕ,
ਪੱਥਰ ਸੰਗ ਰੁਲਾਇਆ ਧੀ ।
ਨਿੱਤ ਉਲਾਹਮਿਆਂ ਤੇਰਿਆਂ ਬੇਸ਼ਕ,
ਸਾਨੂੰ ਬਹੁਤ ਸਤਾਇਆ ਧੀ ।
ਅਕਸਰ ਸਹੂੰ ਬੁਰਾ ਨਤੀਜਾ,
ਮੰਨ ਖੁਦ ਫਰਮਾਇਆ ਧੀ ।
'ਹੱਲ ਜਜ਼ਾ ਉਲ-ਇਹਸਾਨ ਇੱਲਾ ਅਲੈਇ ਹਸਾਨ',
ਤੂੰ ਕਿਉਂ ਬੁਰਾ ਮਨਾਇਆ ਧੀ ।
ਹੈਦਰ ਮਾਪਿਆਂ ਦੋਸ ਨ ਕੋਈ,
ਜੋ ਲਿਖਿਆ ਸੋ ਪਾਇਆ ਧੀ ।੨੫।

ਧੀ

ਲਿਖਿਆ ਲੇਖ ਅਜ਼ਲ ਦਾ ਆਹਾ,
ਦਰਦ ਰੰਝੇਟੇ ਵਾਲਾ ਮਾਂ ।
ਤੈਨੂੰ ਜ਼ਹਰ ਪਿਆਲਾ ਪੀਵਣ,
ਲੋਕਾਂ ਇਸ਼ਕ ਸੁਖਾਲਾ ਮਾਂ ।
ਇਕਸੇ ਵਾਰੀ ਲਈ ਜਿੱਤ ਬਾਜ਼ੀ,
ਵੇਖ ਬਿਰਹੇਂ ਦਾ ਚਾਲਾ ਮਾਂ ।
ਹੈਦਰ ਵਲੀਂ ਖੇਡਣ ਕੇਹਾ,
ਹਾਰ ਮੰਨੀ ਕਰ ਮਾਲਾ ਮਾਂ ।੨੬।

ਮਾਂ

ਟਾਲਾ ਤੁਧ ਸੁਖਾਲਾ ਜਾਤਾ,
ਭਾਹ ਮੱਚੀ ਮਨ ਮੇਰੇ ਧੀ ।
ਗ਼ੈਰਤ ਖਿੱਚ ਕਟਾਰ ਗ਼ਜ਼ਬ ਦੀ,
ਕੀਤੋਸ ਦਿਲ ਬੇਰੇ ਧੀ ।
"ਅਲ ਸੈਫੁਨ ਕਾਤੇ' ਜਾਂ ਗੁਜ਼ਰਿਆ ਵੇਲਾ,
ਹੋਂਦੀ ਖਬਰ ਅਗੇਰੇ ਧੀ ।
ਹੈਦਰ ਸੁਣਦੀ ਕਿਉਂ ਇਹ ਗੱਲਾਂ,
ਵੇਖਦੇ ਨ ਦੁੱਖ ਤੇਰੇ ਧੀ ।੨੭।