Kisan Andolan Poetry : Kamaljit Kaur Kamal
ਕਿਸਾਨ ਅੰਦੋਲਨ ਸੰਬੰਧੀ ਕਵਿਤਾਵਾਂ : ਕਮਲਜੀਤ ਕੌਰ ਕਮਲ
ਦਿੱਲੀਏ ਤੂੰ ਭੁੱਖੀ ਸਿਰਾਂ ਦੀ ਰਹੀ
ਰੁਖ ਮੋੜ ਰਹੇ ਤਕਦੀਰਾਂ ਦਾ , ਦੋਵੇਂ ਹੱਥਾਂ ਦੀਆਂ ਲਕੀਰਾਂ ਦਾ । ਸਦਾ ਦਿੱਲੀਏ ਤੈਨੂੰ ਬਚਾਉਂਦੇ ਰਹੇ, ਲਹੂ ਆਪਣਾ ਅਸੀਂ ਵਹਾਉਂਦੇ ਰਹੇ। ਤੂੰ ਸਦਾ ਹੀ ਧੋਖੇ ਦਿੰਦੀ ਰਹੀ, ਮਤੇਈ ਮਾਂ ਬਣ ਸਦਾ ਸਤਾਉਂਦੀ ਰਹੀ। ਇਹ ਕੌਮ ਵੀ ਕੌਮ ਸ਼ਹੀਦਾਂ ਦੀ , ਕੁਰਬਾਨੀਆਂ ਤੋਂ ਕਦੀ ਘਬਰਾਉਂਦੀ ਨਹੀਂ। ਦਿੱਲੀਏ ਤੂੰ ਭੁੱਖੀ ਸਿਰਾਂ ਦੀ ਰਹੀ , ਸਾਡੀ ਕੌਮ ਤੈਨੂੰ ਭੇਟ ਚੜ੍ਹਾਉਂਦੀ ਰਹੀ।
ਇਸ ਕੌਮ ਨੇ ਕਭੀ ਕਿਸੀ ਕਾ ਹੱਕ ਚੁਰਾਨਾ ਨਹੀਂ ਸੀਖਾ
ਇਸ ਕੌਮ ਨੇ ਕਭੀ ਕਿਸੀ ਕਾ ਹੱਕ ਚੁਰਾਨਾ ਨਹੀਂ ਸੀਖਾ , ਘਰ ਢਾਹ ਕਰ ਕਿਸੀ ਕਾ ਅਪਨਾ ਘਰ ਬਨਾਨਾ ਨਹੀਂ ਸੀਖਾ । ਨੌਵੇਂ ਪਾਤਸ਼ਾਹ ਸੇ ਹਮਨੇ ਸੀਖੀ ਹੈ ਕੁਰਬਾਨੀ, ਪੀਛੇ ਲਗ ਕਿਸੀ ਕੇ ਅਪਨਾ ਧਰਮ ਭੁਲਾਨਾ ਨਹੀਂ ਸੀਖਾ । ਧਰਮ ਕੇ ਲੀਏ ਨਾ ਲੜੇ ਹੈਂ ਨਾ ਲੜੇਗੇ ਕਭੀ ਹਮ , ਅਪਨੇ ਹੱਕੋਂ ਕੋ ਐਸੇ ਹੀ ਜਾਨੇ ਦੇਨਾ ਨਹੀਂ ਸੀਖਾ । ਅਨਪੜ੍ਹ ਨਹੀਂ ਪੜ੍ਹ ਸਕਤਾ ਕਭੀ ਇਤਿਹਾਸ ਕੀ ਬਾਤੇਂ, ਕੱਟੜਤਾ ਹੀ ਬਨਤੀ ਰਹੀ ਰਾਜਾਓ ਕੀ ਕਬਰੇਂ । ਨਾ ਝੁਕੇ ਹੈਂ ਨਾ ਝੁਕੇਗੇ ਜ਼ੁਲਮੀ ਕੇ ਆਗੇ ਹਮ , ਤਾਕਤ ਮੇਂ ਆਕਰ ਗ਼ਰੀਬ ਕੋ ਤੜਪਾਨਾ ਨਹੀਂ ਸੀਖਾ । ਇਸ ਕੌਮ ਨੇ ਕਭੀ ਕਿਸੀ ਕਾ ਹੱਕ ਚੁਰਾਨਾ ਨਹੀਂ ਸੀਖਾ ।
ਬੈਠਾ ਸੋਚਦਾ ਭਗਤ ਸਿੰਘ ਜੇਲ੍ਹ ਅੰਦਰ
ਬੈਠਾ ਸੋਚਦਾ ਭਗਤ ਸਿੰਘ ਜੇਲ੍ਹ ਅੰਦਰ, ਆਉਣਾ ਸਮਾਂ ਅਜ਼ਾਦੀ ਵਾਲੜਾ ਹੈ । ਦੇ ਕੁਰਬਾਨੀ ਦੇਸ ਛੁਡਾ ਚੱਲਾ, ਹੁਣ ਨਾ ਜ਼ਜਬਾ ਅਜ਼ਾਦੀ ਦਾ ਰੁਕਣਾ ਹੈ । ਲਏ ਸੁਫ਼ਨੇ ਜੋ ਵਤਨ ਵਾਸੀਆਂ ਲਈ, ਵਿੱਚ ਖੁੱਲੇ ਅਸਮਾਨੀਂ ਉੱਡਣਾ ਹੈ ॥ ਸਭ ਪਾਸੇ ਖੁਸ਼ੀਆਂ ਧਮਾਲ ਪਾਉਣੀ, ਝੰਡਾ ਦੇਸ ਦਾ ਉੱਚਾ ਝੂਲਣਾ ਹੈ । ਸੀ ਅਣਜਾਣ ਆਉਂਦੇ ਹਲਾਤਾਂ ਤੋਂ, ਝੰਡਾ ਬੇਈਮਾਨੀ ਦਾ ਦੇਸ ’ਚ ਝੂਲਣਾ ਹੈ। ਦੇਸ਼ ਦੇ ਲੀਡਰਾਂ ਦੇਸ ਨੂੰ ਲੁੱਟ ਲੈਣਾ, ਸਾਡੇ ਆਗੂਆਂ ਹੀ ਜੜ੍ਹਾਂ ਨੂੰ ਵੱਢਣਾ ਹੈ । ਇਮਾਨਦਾਰੀ ’ਚ ਪਰੋਏ ਬੰਦਿਆਂ ਨੂੰ, ਬੇਰੁਜ਼ਗਾਰੀ ਦੀ ਸੂਲੀ ਤੇ ਟੰਗਣਾ ਹੈ । ਅੰਨ ਦੇਣ ਵਾਲੇ ਅੰਨ ਦਾਤੇ ਨੇ , ਰਾਤਾਂ ਕਈ-ਕਈ ਦਿੱਲੀ ਵਿੱਚ ਰੁਲਣਾ ਹੈ । ਮਾੜੇ ਬੰਦਿਆਂ ਲਾਲ ਬੱਤੀ ਵਿੱਚ ਘੁੰਮਣਾ, ਚੰਗੇ ਲੋਕਾਂ ਨੂੰ ਕਿਸੇ ਨਾ ਪੁੱਛਣਾ ਹੈ | ਬੈਠਾ ਸੋਚਦਾ ਭਗਤ ਭਗਤ ਸਿੰਘ ਜੇਲ੍ਹ ਅੰਦਰ ...!
ਮੰਨ ਜਾ ਸਰਕਾਰੇ ਜ਼ਿੱਦੀਏ
ਆਜਾ ਮੇਰਾ ਪੰਜਾਬ ਵੇਖ ਲੈ ! ਇੱਥੇ ਖਿੜੀ ਬਹਾਰ ਵੇਖ ਲੈ ! ਖੇਤਾਂ ਵਿੱਚ ਸੋਨੇ ਰੰਗੀਆਂ , ਫਸਲਾਂ ਬੇਸ਼ੁਮਾਰ ਵੇਖ ਲੈ ! ਭੁੱਖਾ ਇੱਥੇ ਸੌਵੇਂ ਕੋਈ ਨਾ , ਬਾਬੇ ਦੀ ਅਸੀਸ ਦਾ ਕਮਾਲ ਵੇਖ ਲੈ ! ਗੁਰੂ ਘਰ ਸਾਂਝੇ ਸਭ ਦੇ , ਆ ਕੇ ਇੱਕ ਵਾਰ ਵੇਖ ਲੈ ! ਮਾਈ ਭਾਗੋ ਦਾ ਰੂਪ ਜੋ , ਇੱਥੋਂ ਦੀ ਮੁਟਿਆਰ ਵੇਖ ਲੈ ! ਸੁਹਣੀਆਂ ਨੇ ਪੱਗਾਂ ਬੰਨ੍ਹਦੇ , ਸਜੇ ਹੋਏ ਸਰਦਾਰ ਵੇਖ ਲੈ ! ਹੌਸਲੇ ਬੁਲੰਦ ਇਨ੍ਹਾਂ ਦੇ , ਭਗਤ ਸਰਾਭੇ ਜਿਹੇ ਸਰਦਾਰ ਵੇਖ ਲੈ ! ਮੰਨ ਜਾ ਸਰਕਾਰੇ ਜ਼ਿੱਦੀਏ, ਦਿੱਲੀ ਵਿੱਚ ਬੈਠਾ ਸੈਲਾਬ ਵੇਖ ਲੈ ! ਆਜਾ ਮੇਰਾ ਪੰਜਾਬ ਵੇਖ ਲੈ !
ਸੱਚੇ ਰਾਹਾਂ ਤੇ ਚੱਲਦਿਆਂ, ਬਲਦੇ ਨੇ ਸਿਵੇ ਮੇਰੇ ਦੋਸਤਾ
ਸੱਤਾ ਤਾਂ ਸਾਥ ਦਿੰਦੀ ਹੈ, ਮੁੱਢੋਂ ਹੀ ਬੇਈਮਾਨ ਦਾ, ਸੱਚੇ- ਪਾਕ ਇਨਸਾਨ ਤਾਂ, ਸੂਲੀ 'ਤੇ ਚੜ੍ਹਨ ਦੋਸਤਾ । ਨਾ ਸੋਚ ਐਨਾ ਜ਼ਿਆਦਾ ਤੂੰ, ਔਖੇ ਰਾਹਾਂ 'ਤੇ ਚੱਲਦਿਆਂ, ਚੱਕ ਤੂੰ ਕਿਤਾਬ ਨੂੰ, ਪੜ੍ਹ ਲੈ ਇਤਿਹਾਸ ਮੇਰੇ ਦੋਸਤਾ । ਸਾਰੀ ਉਮਰ ਨਾ ਬੁਝਦੀ, ਉਹ ਅੱਗ ਸਿਵੇ ਦੀ ਦਿਲਾਂ 'ਚੋਂ, ਮਾਰੇ ਜਾਂਦੇ ਜਿਨ੍ਹਾਂ ਦੇ ਪੁੱਤ, ਬੇਦੋਸ਼ੇ ਨੇ ਮੇਰੇ ਦੋਸਤਾ । ਦਬਾ ਦੇਣਾ ਸੱਚੀ ਪੁਕਾਰ ਨੂੰ, ਕੋਈ ਅੱਜ ਦੀ ਇਹ ਗੱਲ ਨਹੀਂ, ਚੱਲਦੀ ਆ ਰਹੀ ਇਹ ਰੀਤ, ਪੁਰਾਣੀ ਹੀ ਮੇਰੇ ਦੋਸਤਾ । ਸਾਡੇ ਆਪਣੇ ਹੀ ਰਹਿਨੁਮਾਂ ਨੇ, ਭਗਤ ਸਿੰਘ ਨੂੰ ਨਾ ਬਖਸ਼ਿਆ, ਤੂੰ ਸਮਝ ਬੈਠਾ ਕੀ ? ਆਪਣੇ ਆਪ ਨੂੰ ਮੇਰੇ ਦੋਸਤਾ । ਕਰ ਲਈਂ ਤਿਆਰੀਆਂ ਤੂੰ, ਹਰ ਮੋੜ 'ਤੇ ਨੇ ਮੁਸ਼ਕਲਾਂ, ਸੱਚੇ ਰਾਹਾਂ ਤੇ ਚੱਲਦਿਆਂ, ਬਲਦੇ ਨੇ ਸਿਵੇ ਮੇਰੇ ਦੋਸਤਾ । ਖੋ ਦੇਵੀਂ ਨਾ ਸਬਰ ਨੂੰ , ਸੜਕਾਂ ਦੇ ਉੱਤੇ ਬੈਠਿਆ , ਯਾਦ ਰੱਖੀਂ ਇਸ ਕੌਮ ਨੇ, ਬੰਦ ਬੰਦ ਕਟਵਾਏ ਮੇਰੇ ਦੋਸਤਾ ।
ਸਦਾ ਤੋਂ ਸਾਡੇ ਨਾਲ ਹੀ ਰਹਿੰਦੇ,ਨਾ ਡਰੀਏ ਇਨ੍ਹਾਂ ਗੱਦਾਰਾਂ ਤੋਂ!
ਕੌਮ ਨਾਲ ਜੋ ਕੀਤੇ , ਮੁੱਕਰੀਏ ਕਦੇ ਨਾ ਉਨ੍ਹਾਂ ਕਰਾਰਾਂ ਤੋਂ । ਸਦਾ ਤੋਂ ਸਾਡੇ ਨਾਲ ਹੀ ਰਹਿੰਦੇ, ਨਾ ਡਰੀਏ ਇਨ੍ਹਾਂ ਗੱਦਾਰਾਂ ਤੋਂ । ਸਦੀਆਂ ਤੋਂ ਇਹ ਨਾਲ ਅਸਾਡੇ , ਜੋਕਾਂ ਵਾਂਗਰ ਚਿੰਬੜੇ ਨੇ । ਇਤਿਹਾਸ ਗਵਾਹ ਹੈ, ਵੱਖ-ਵੱਖ ਸਮੇਂ ‘ਤੇ ,ਸ਼ਹੀਦੀ ਖ਼ੂਨ ਨਾਲ ਲਿੱਬੜੇ ਨੇ । ਫੇਰ ਵੀ ਸੋਚ ਨਾ ਬਦਲੇ ਇਨ੍ਹਾਂ ਦੀ , ਕੋਈ ਹੱਲ ਨਾ ਇਨ੍ਹਾਂ ਗੱਦਾਰਾਂ ਦਾ । ਕੁਰਸੀ ਦੇ ਲਈ ਲਾਰ ਜਿਹੀ ਟਪਕੇ, ਕੋਈ ਹੱਲ ਨਾ ਇਨ੍ਹਾਂ ਗੱਦਾਰਾਂ ਦਾ । ਸਦਾ ਸਿਆਣੇ ਬਣ ਕੇ ਰਹੀਏ, ਬਚ ਕੇ ਚੱਲੀਏ ਇਨ੍ਹਾਂ ਗੱਦਾਰਾਂ ਤੋਂ । ਸਦਾ ਤੋਂ ਸਾਡੇ ਨਾਲ ਹੀ ਰਹਿੰਦੇ, ਨਾ ਡਰੀਏ ਇਨ੍ਹਾਂ ਗੱਦਾਰਾਂ ਤੋਂ । ਗੱਦਾਰਾਂ ਤੋਂ ਬਿਨ ਹਾਏ ਇਹ ਇਤਿਹਾਸ ਕਦੇ ਨਾ ਬਣ ਸਕਦੇ । ਘਬਰਾਈਏ ਨਾ ਕਦੇ ਇਨ੍ਹਾਂ ਤੋਂ , ਅਸੀਂ ਫੇਰ ਕਦੀ ਨਹੀਂ ਹਰ ਸਕਦੇ । ਗੰਗੂ ਬਣ ਇਹ ਵਾਰ-ਵਾਰ, ਇੱਥੇ ਆਉਂਦੇ ਰਹਿੰਦੇ ਸਦੀਆਂ ਤੋਂ । ਕੌਮ ਕਦੇ ਨਾ ਪਿੱਛੇ ਹਟਦੀ ,ਨਾ ਹਰਦੀ ਇਨ੍ਹਾਂ ਮੱਕਾਰਾਂ ਤੋਂ । ਸਦਾ ਤੋਂ ਸਾਡੇ ਨਾਲ ਹੀ ਰਹਿੰਦੇ , ਨਾ ਡਰੀਏ ਇਨ੍ਹਾਂ ਗੱਦਾਰਾਂ ਤੋਂ ।
ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ
ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ । ਭੈੜੇ ਕਾਲੇ ਕਨੂੰਨਾਂ ਤੋਂ, ਤੂੰ ਆਪੇ ਨੂੰ ਬਚਾ । ਥੋੜ੍ਹਾ ਸਿੱਖ ਤੂੰ ਵੀ ਵਲ, ਜ਼ਰਾ ਲੋਕਾਂ ਵਾਂਗੂੰ ਚਲ । ਚੱਲ ਛੱਡ ਭੋਲਾਪਨ, ਜ਼ਰਾ ਚੁਸਤੀ ਵਿਖਾ । ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ । ਮਾਰ ਝਾਤੀ ਆਸ ਪਾਸ, ਦੇਖ ਖੜ੍ਹ ਕੇ ਹਾਲਾਤ । ਕਿਵੇਂ ਛੋਟੇ ਛੋਟੇ ਕਾਮੇ, ਰਹੇ ਵੱਡੇ ਭਾਰਾਂ ਨੂੰ ਉਠਾ । ਮੋਢੇ ਨਾਲ ਮੋਢਾ ਜੋੜ, ਕਰ ਹਿੰਮਤ ਜ਼ਰਾ । ਪਿੱਛੇ ਮੁੜ ਕੇ ਨਾ ਦੇਖ, ਦੇ ਹੁਣ ਮਸਲੇ ਮੁਕਾ । ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ । ਉੱਠ ਜਾਗ ਤੂੰ ਕਿਸਾਨਾਂ, ਚੱਲ ਮੰਜ਼ਿਲ ਵੱਲ ਚੱਲ । ਐਵੇਂ ਦਿਲ ਨਾ ਛੱਡ ਤੂੰ, ਥੋੜ੍ਹਾ ਸਬਰ ਤੂੰ ਰੱਖ । ਏਕੇ ਵਿਚ ਹੀ ਹੈ ਤਾਕਤ, ਨਾ ਹੋਈਂ ਕਦੇ ਵੱਖ । ਕਾਹਤੋਂ ਐਨੀ ਛੇਤੀ ਰਿਹਾ ਹੈ, ਤੂੰ ਆਪੇ ਨੂੰ ਮੁਕਾ । ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ । ਤੈਨੂੰ ਸਮਝਣਾ ਹੀ ਪੈਣਾ, ਦੇਸ ਇਹ ਦੇਖ ਤੇਰਾ । ਜਿੱਥੇ ਰੁਲਦੇ ਨੇ ਕਾਮੇ, ਬੜੇ ਵਿਲਕਦੇ ਨੇ ਕਾਮੇ । ਫ਼ਸਲ ਮੰਗੇ ਠੇਕੇਦਾਰ, ਉਹ ਦੇਣੀ ਨਾ ਤੂੰ ਚਾਹਵੇਂ । ਪਰ ਨੇਤਾ ਤੇਰੇ ਦੇਸ ਦੇ, ਰਹੇ ਢਿੱਡਾਂ ਨੂੰ ਵਧਾ । ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ । ਕਾਹਤੋਂ ਹਾਰ ਗਿਆ ਤੂੰ, ਜਿੰਦ ਵਾਰ ਗਿਆ ਤੂੰ । ਮਾਪੇ ਛੱਡ ਗਿਆ ਤੂੰ, ਬੱਚੇ ਰੋਲ ਗਿਆ ਤੂੰ । ਨਾ ਕਰ ਖੁਦਕੁਸ਼ੀ , ਨਾ ਤੂੰ ਜਿੰਦ ਨੂੰ ਰੁਲਾ । ਤੇਰੇ ਦੇਸ ਦਿਆਂ ਲੀਡਰਾਂ ਨੂੰ, ਫ਼ਰਕ ਨਾ ਰਤਾ । ਮੇਰੇ ਦੇਸ ਦੇ ਕਿਸਾਨਾ, ਜ਼ਰਾ ਹਿੰਮਤ ਜੁਟਾ ।
ਅੰਨਦਾਤਿਆਂ ਸੜਕਾਂ 'ਤੇ ਬੈਠਣਾ ਅਜਾਈਂ ਨਹੀਂ ਜਾਵੇਗਾ
ਅੰਨਦਾਤਿਆਂ ਸੜਕਾਂ 'ਤੇ ਬੈਠਣਾ ਅਜਾਈਂ ਨਹੀਂ ਜਾਵੇਗਾ । ਇੱਕ ਨਾ ਇੱਕ ਦਿਨ ਤਾਂ ਉਹ ਦਿਨ ਜ਼ਰੂਰ ਆਵੇਗਾ । ਸੋਚ ਨਾ ਲਈਂ ਕਿਤੇ ਇਹ ਨਿਹਫ਼ਲ ਹੀ ਜਾਏਗਾ । ਡੁੱਲਿਆ ਜੋ ਖ਼ੂਨ ਤੇਰਾ ਪੀੜ੍ਹੀਆਂ ਦੇ ਕੰਮ ਆਏਗਾ । ਪੈਰ ਲਹੂ -ਲੁਹਾਣ ਨੇ ਫੇਰ ਵੀ ਤੂੰ ਬੇਡੋਲ ਤੁਰਦਾ ਜਾਏਂਗਾ । ਲਾਠੀਆਂ ਖਾ-ਖਾ ਕੇ ਵੀ ਧਰਮ ਆਪਣਾ ਨਿਭਾਏਗਾ । ਵੰਡੀਆਂ ਪਾਉਣੀਆਂ ਨਾ ਸਿੱਖੀਆ ਨਾ ਕਦੇ ਤੂੰ ਪਾਏਂਗਾ । ਸਭ ਧਰਮਾਂ ਤੇ ਸਭ ਜਾਤਾਂ ਨੂੰ ਗੁਰੂਆਂ ਵਾਂਗ ਜੋੜਦਾ ਹੀ ਜਾਏਂਗਾ । ਸਵੇਰੇ ਮਾਰਨਗੇ ਜੋ ਪੱਥਰ ਸ਼ਾਮ ਨੂੰ ਉਨ੍ਹਾਂ ਨੂੰ ਹੀ ਲੰਗਰ ਖਵਾਏਗਾ । ਆਪਣੇ ਮਕਸਦ ਤੋਂ ਨਾ ਹਿੱਲ ਕੇ ਤੂੰ ਅੱਗੇ ਵਧਦਾ ਜਾਏਗਾ । ਇਤਿਹਾਸ ਬਦਲਣ ਦੀ ਹਰ ਕੋਸ਼ਿਸ਼ ਸਦਾ ਕੀਤੀ ਗੱਦਾਰਾਂ ਨੇ । ਸ਼ਹੀਦੀਆਂ ਪਾ-ਪਾ ਕੇ ਉਸ ਕੋਸ਼ਿਸ਼ ਨੂੰ ਠੱਲ੍ਹਾ ਪਾਉਂਦਾ ਜਾਵੇਂਗਾ ।
ਸ਼ੁਕਰਾਨਾ
ਕਿਸਾਨੀ ਅੰਦੋਲਨ ਦੇ ਹਰ ਜੀਅ ਨੂੰ, ਸ਼ੁਕਰਾਨਾ ਕਰ ਰਹੇ ਹਾਂ । ਸਦੀਆਂ ਤੋਂ ਅਸੀਂ ਹਰਜਾਨਾ ਭਰ ਰਹੇ ਹਾਂ । ਵਪਾਰੀ ਜੇਬਾਂ ਭਰ ਰਹੇ ਨੇ ਅਸੀਂ ਜੇਲ੍ਹਾਂ ਭਰ ਰਹੇ ਹਾਂ । ਵੱਸਦੇ ਘਰਾਂ ਨੂੰ ਅਸੀਂ ਖਾਲੀ ਕਰ ਰਹੇ ਹਾਂ । ਸਾਰੇ ਲੋਕਾਂ ਦੇ ਹੱਕਾਂ ਲਈ ਅਸੀਂ ਹਿੱਕਾਂ ਤਾਣ ਕੇ ਲੜ ਰਹੇ ਹਾਂ । ਕਿਸਾਨੀ ਅੰਦੋਲਨ ਦੇ ਇੱਕ -ਇੱਕ ਸ਼ਹੀਦ ਦਾ , ਅੱਜ ਸ਼ੁਕਰਾਨਾ ਕਰ ਰਹੇ ਹਾਂ । ਅੱਜ ਸ਼ੁਕਰਾਨਾ ਕਰ ਰਹੇ ਹਾਂ ।