Punjabi Ghazals Khavar Raja
ਪੰਜਾਬੀ ਗ਼ਜ਼ਲਾਂ ਖ਼ਾਵਰ ਰਾਜਾ
1. ਨ੍ਹੇਰੇ ਮੈਨੂੰ ਘੇਰੇ ਪਾਏ, ਦੁੱਖਾਂ ਲਾਏ ਡੇਰੇ ਨੇ
ਨ੍ਹੇਰੇ ਮੈਨੂੰ ਘੇਰੇ ਪਾਏ, ਦੁੱਖਾਂ ਲਾਏ ਡੇਰੇ ਨੇ ।
ਝੂਲੇ ਵਾਂਗੂੰ ਡੋਲਣ ਦੇਖੋ, ਭਾਗ ਅਵੱਲੇ ਮੇਰੇ ਨੇ ।
ਸਤਰੰਗੀਆਂ ਬਰਸਾਤਾਂ ਆਈਆਂ, ਯਾਦਾਂ ਦੀ ਬਰਸਾਤ ਸਣੇ,
ਐਪਰ ਭਾਂਬੜ ਮਚਦੇ ਦੇਖੋ, ਮੇਰੇ ਚਾਰ-ਚੁਫੇਰੇ ਨੇ ।
ਰਾਤ ਹਨ੍ਹੇਰੀ ਕਿਸ ਬੰਨ੍ਹ ਦਿੱਤੀ, ਚੰਨ ਵੀ ਨਜ਼ਰੀਂ ਆਵੇ ਨਾ,
ਹੱਥ ਨੂੰ ਹੱਥ ਨਾ ਦਿਸਦਾ ਫਿਰ ਵੀ, ਲੋਕੀ ਕਹਿਣ ਸਵੇਰੇ ਨੇ ।
ਮੈਨੂੰ ਨਾ ਕੋਈ ਰਸਤਾ ਦੱਸਦਾ, ਮੰਜ਼ਲ ਤੀਕਰ ਜਾਵਣ ਦਾ,
ਚੌਕ ਦੇ ਵਿੱਚ ਖਲੋਤੀ ਹੋਈ ਆਂ, ਰਸਤੇ ਚਾਰ-ਚੁਫੇਰੇ ਨੇ ।
ਉਹਦੀਆਂ ਸੱਭੇ ਗੱਲਾਂ-ਬਾਤਾਂ, ਹੁਣ ਮੈਂ ਖ਼ੂਬ ਪਛਾਣ ਗਈ,
ਗਿਰਗਟ ਨੇ ਕੀ ਰੰਗ ਬਦਲਣੈਂ, ਉਹਦੇ ਰੰਗ ਵਧੇਰੇ ਨੇ ।
ਇੰਜ ਤੇ ਹੈ ਅਸਮਾਨ ਇਹ ਸਾਰਾ, 'ਖ਼ਾਵਰ' ਭਰਿਆ ਤਾਰਿਆਂ ਦਾ,
ਅਪਣੀ ਕਿਸਮਤ ਉੱਤੇ ਫਿਰ ਵੀ, ਛਾਏ ਘੁੱਪ-ਹਨ੍ਹੇਰੇ ਨੇ ।
2. ਖ਼ੌਰੇ ਕਿਸ ਗਲੀ 'ਚੋਂ ਮੈਂ ਹਾਂ ਲੰਘਦੀ ਪਈ
ਖ਼ੌਰੇ ਕਿਸ ਗਲੀ 'ਚੋਂ ਮੈਂ ਹਾਂ ਲੰਘਦੀ ਪਈ ?
ਡਰਦੀ-ਡਰਦੀ ਸਹਿਮੀ-ਸਹਿਮੀ ਕੰਬਦੀ ਪਈ ।
ਹਰ ਬੂਹੇ 'ਤੇ ਰੁਕਦੀ, ਰੁਕ ਕੇ ਟੁਰ ਪੈਂਦੀ,
ਖ਼ੌਰੇ ਕੀਹਨੂੰ ਲੱਭਦੀ ? ਮੈਂ ਕੀ ਮੰਗਦੀ ਪਈ ?
ਰੰਗਾਂ ਨੂੰ ਮੈਂ ਲਭਦੀ ਰਸਤਾ ਭੁੱਲ ਗਈ ਆਂ,
ਅੱਜ ਵੀ ਚੰਨਾਂ ਕਿਉਂ ਚੁੰਨੀ ਨੂੰ ਰੰਗਦੀ ਪਈ ?
ਕਿਧਰੇ ਝੱਲੀ ਤਾਂ ਨਹੀਂ ਹੋ ਗਈ, ਰੱਬ ਜਾਣੇ,
ਆਪੇ ਹਸਦੀ, ਰੋਂਦੀ, ਆਪੇ ਸੰਗਦੀ ਪਈ ।
ਨਿੱਤ ਟੁੱਟੀ ਇਹ ਲਾਂ, ਨਿੱਤ ਚੁੰਨੀ ਉਡ ਪੁੱਡ ਗਈ,
ਆਸਾਂ ਦੇ ਜੋੜੇ ਨਿੱਤ ਲਾਂ 'ਤੇ ਟੰਗਦੀ ਪਈ ।
ਰੂਪ ਦੀਆਂ ਗਲੀਆਂ ਦੇ ਵਿੱਚ ਗਵਾਚ ਗਈ,
'ਖ਼ਾਵਰ' ਬੇ-ਰੰਗਾਂ ਤੋਂ ਤੂੰ ਰੰਗ ਮੰਗਦੀ ਪਈ ?
3. ਗੱਲ ਕਦੇ ਨਾ ਆਖ ਸਕੀ ਮੈਂ, ਬੁੱਲ੍ਹਾਂ ਉੱਤੇ ਆਈ ਹੋਈ
ਗੱਲ ਕਦੇ ਨਾ ਆਖ ਸਕੀ ਮੈਂ, ਬੁੱਲ੍ਹਾਂ ਉੱਤੇ ਆਈ ਹੋਈ ।
ਚੰਨ-ਸੂਰਜ ਤੋਂ ਲੁਕਦੀ ਫਿਰਦੀ, 'ਵਾਵਾਂ ਤੋਂ ਘਬਰਾਈ ਹੋਈ ।
ਕੋਈ ਬੂਹਾ ਖੁੱਲ੍ਹਿਆ ਨਾਹੀਂ ਮੈਨੂੰ ਦੇਖ ਕੇ ਲੋਕੀਂ ਲੁਕਦੇ,
ਕਿੱਧਰ ਜਾਵਾਂ ? ਸੋਚ ਰਹੀ ਆਂ, ਬੰਦ-ਗਲੀ ਵਿੱਚ ਆਈ ਹੋਈ ।
'ਵਾ ਦੀ ਪੀਂਘ 'ਤੇ ਪੱਤੇ ਵਾਂਗੂੰ, ਏਧਰ-ਓਧਰ ਝੂਟੇ ਖਾਵਾਂ,
ਨਾ ਕੋਈ ਮੇਰਾ ਬਾਬਲ ਏਥੇ, ਨਾ ਕੋਈ ਮੇਰੀ ਮਾਈ ਹੋਈ ।
ਦਰਿਆ ਵੀ ਸਹਿਰਾ ਬਣ ਜਾਂਦੇ, ਮੇਰੇ ਕੋਲੋਂ ਲੰਘਦੇ ਲੰਘਦੇ,
ਨ੍ਹੇਰੇ ਦੇ ਵਿੱਚ ਲੁਕ ਜਾਂਦੀ ਏ, ਰੁੱਤ ਰੰਗੀਲੀ ਛਾਈ ਹੋਈ ।
ਦੁਖ ਵਧ ਕੇ ਘੱਟ ਹੋ ਜਾਂਦੇ ਨੇ, ਰਾਤ ਹਨ੍ਹੇਰੀ ਲੰਘਦੀ ਨਾਹੀਂ,
ਰੋਜ਼ ਈ ਡਿੱਗੇ ਬਿਜਲੀ ਘਰ 'ਤੇ, ਮੜੀਉਂ ਦਿਲ ਨੂੰ ਲਾਈ ਹੋਈ ।
ਕਾਲੀ ਘਟ ਛਾਵੇ ਨਾ ਛਾਵੇ, ਦਿਨ ਹੋਵੇ ਯਾ ਸ਼ਾਮਾਂ ਹੋਵਣ,
ਚੰਨ ਚਮਕੇ ਯਾ ਸੂਰਜ, 'ਖ਼ਾਵਰ', ਤੇਰੇ ਕਦ ਰੁਸ਼ਨਾਈ ਹੋਈ ?
4. ਬੂਹੇ ਵੱਲ ਨੂੰ ਦੇਖਦੀਆਂ ਕੀ ਅੱਖੀਆਂ ਨੇ
ਬੂਹੇ ਵੱਲ ਨੂੰ ਦੇਖਦੀਆਂ ਕੀ ਅੱਖੀਆਂ ਨੇ ?
ਸ਼ਾਇਦ ਤੇਰੀਆਂ ਹੁਣ ਵੀ ਤਾਂਘਾਂ ਰੱਖੀਆਂ ਨੇ ।
ਉੱਡ ਗਏ ਪੰਛੀ ਮੌਸਮ ਦੇ ਤੇ ਮੌਸਮ ਨਾਲ,
ਦੀਵੇ ਧਰੀ ਬਨੇਰੇ, ਬੈਠੀਆਂ ਸਖੀਆਂ ਨੇ ।
ਆਉਣ ਪਸੀਨੇ, ਲਹਿ ਜਾਏ ਖ਼ੌਰੇ ਤਾਪ ਤਿਰਾ,
ਕੰਮ ਆਉਣਾ ਓੜਕ ਯਾਦਾਂ ਦੀਆਂ ਪੱਖੀਆਂ ਨੇ ।
ਬਿਨ ਬੱਦਲ ਮੀਂਹ ਵਸਦਾ ਚਾਰ-ਚੁਫੇਰੇ ਹੈ,
ਸਾਵਣ-ਭਾਦੋਂ ਵਾਂਗੂੰ ਵਰ੍ਹੀਆਂ ਅੱਖੀਆਂ ਨੇ ।
ਮਹਿਲਾਂ ਦੇ ਅੰਦਰ ਉਹ ਕਿਤੇ ਗੁਆਚ ਗਈਆਂ,
ਲੋਕਾਂ ਭਾਵੇਂ ਰਾਣੀਆਂ ਕੰਤ-ਸੁਨੱਖੀਆਂ ਨੇ ।
ਉਹਦੇ ਲਈ ਕੀ ਲੁਤਫ਼ ਵਿਸਾਲਾਂ ਵਿੱਚ 'ਖ਼ਾਵਰ',
ਹਿਜਰ ਦੀਆਂ ਸੌਗ਼ਾਤਾਂ ਜਿਸ ਨੇ ਚੱਖੀਆਂ ਨੇ ।
5. ਅੱਖੀਆਂ ਨਾਲ ਨਜ਼ਾਰੇ ਹੁੰਦੇ, ਖਿੜਦੇ ਫੁੱਲ ਬਹਾਰਾਂ ਨਾਲ
ਅੱਖੀਆਂ ਨਾਲ ਨਜ਼ਾਰੇ ਹੁੰਦੇ, ਖਿੜਦੇ ਫੁੱਲ ਬਹਾਰਾਂ ਨਾਲ ।
ਗੀਤ ਮੁਹੱਬਤ ਵਾਲੇ ਗਾਏ ਜਾਂਦੇ ਦਿਲ ਦੀਆਂ ਤਾਰਾਂ ਨਾਲ ।
ਜਿਨ੍ਹਾਂ ਜਿਉਂਦਿਆਂ ਸ਼ਕਲ ਨਾ ਦੇਖੀ, ਹਾਲ ਪਰਤ ਕੇ ਪੁੱਛਿਆ ਨਾ,
ਦੇਖੋ ਉਹ ਅੱਜ ਰੋਂਦੇ ਫਿਰਦੇ, ਕਰ-ਕਰ ਬਾਤ ਮਜ਼ਾਰਾਂ ਨਾਲ ।
ਹੋਵੇ ਖ਼ੈਰ ਜ਼ਫ਼ਾ ਤੇਰੀ ਦੀ, ਮੈਂ ਮੁਜਰਮ ਇਸ ਗੱਲ ਦੀ ਹਾਂ,
ਕਿਉਂ ਮੈਂ ਉਮਰ ਗੁਜ਼ਾਰੀ ਤੇਰੇ ਝੂਠੇ ਕੌਲ-ਕਰਾਰਾਂ ਨਾਲ ?
'ਮਸਜਿਦ' ਵਿੱਚ ਸ਼ਰਾਬੀ ਦਾ, ਕੀ ਕੰਮ ਮੁੱਲਾਂ ਦਾ ਮੈਖ਼ਾਨੇ ?
ਇਕ ਮਜ਼ਦੂਰ ਦਾ ਨਾਤਾ ਕੀ ਏ ਸ਼ਾਹਾਂ ਦੇ ਦਰਬਾਰਾਂ ਨਾਲ ?
ਦੁਸ਼ਮਣ ਦਾ ਅੱਜ ਪਤਾ ਕਰਨ ਨੂੰ ਅਸੀਂ ਕਛਾਰੇ ਨਿਕਲੇ ਸਾਂ,
ਦੇਖੋ ਕਿਸਮਤ, ਟੱਕਰ ਹੋ ਗਈ, ਫਿਰ ਆਪਣੇ ਹੀ ਯਾਰਾਂ ਨਾਲ ।
ਉੱਦਮ ਸੀ ਦਰਿਆਵਾਂ ਵਰਗਾ, ਹਿੰਮਤ ਵਾਂਗ ਚੱਟਾਨਾਂ ਦੇ,
ਵੈਰੀਆਂ ਤੋਂ ਤੇ ਮਰਦੇ ਨਹੀਂ ਸਾਂ ਸੱਜਣਾਂ ਮਾਰਿਆ ਪਿਆਰਾਂ ਨਾਲ ।
6. ਸੀਤੇ ਹੋਠ ਮੈਂ ਉਮਰਾਂ ਵਾਲੇ ਖੋਲ੍ਹਾਂ ਜਾਂ ਨਾ ਖੋਲ੍ਹਾਂ
ਸੀਤੇ ਹੋਠ ਮੈਂ ਉਮਰਾਂ ਵਾਲੇ ਖੋਲ੍ਹਾਂ ਜਾਂ ਨਾ ਖੋਲ੍ਹਾਂ ?
ਅਜ ਤੀਕਰ ਨਈਂ ਬੋਲੀ ਹੁਣ ਵੀ ਬੋਲਾਂ ਜਾਂ ਨਾ ਬੋਲਾਂ ?
ਡਰਦੀ, ਕੰਬਦੀ, ਝਕਦੀ ਮੈਂ ਤਾਂ ਸਾਰੀ ਉਮਰ ਗੁਜ਼ਾਰੀ,
ਹੁਣ ਵੀ ਸੋਚ ਰਹੀ ਹਾਂ ਦੁਖੜੇ ਫੋਲਾਂ ਜਾਂ ਨਾ ਫੋਲਾਂ ?
ਝੂਠ, ਫ਼ਰੇਬ, ਮਕਰ ਦੇ ਪਰਦੇ ਅਜ ਸਾਰੇ ਮੈਂ ਪਾੜਾਂ,
ਸਭ ਮੱਕਾਰੀ ਪੈਰਾਂ ਹੇਠਾਂ ਰੋਲਾਂ ਜਾਂ ਨਾ ਰੋਲਾਂ ?
ਚੁਪ ਦੀ ਸੂਲੀ ਉੱਤੇ ਮੈਂ ਤਾਂ ਕਈ ਸਦੀਆਂ ਦੀ ਟੰਗੀ,
ਚੁਪ ਦੇ ਜੰਦਰੇ ਤੋੜਾਂ ਮੂੰਹੋਂ ਬੋਲਾਂ ਜਾਂ ਨਾ ਬੋਲਾਂ ?
ਜਿੰਦੜੀ ਦੇ ਇਸ ਮਿਸਰ ਬਜ਼ਾਰੇ ਇਕ ਰੋਟੀ ਦੇ ਸ੍ਹਾਵੇਂ,
ਦਿਲ ਦਾ ਯੂਸਫ਼ ਰੀਤ ਦੀ ਤਕੜੀ ਤੋਲਾਂ ਜਾਂ ਨਾ ਤੋਲਾਂ ?
ਅਪਣੇ ਪਿੱਛੋਂ ਆਵਣ ਵਾਲਿਆਂ ਤਾਈਂ ਕਿੰਜ ਬਚਾਵਾਂ,
ਵੈਰੀਆਂ ਵਾਸਤੇ 'ਖ਼ਾਵਰ' ਮੌਹਰਾ ਘੋਲਾਂ ਜਾਂ ਨਾ ਘੋਲਾਂ ?
7. ਉਹਦੀ ਜਿੱਤ ਨੂੰ ਹਾਰ ਬਣਾਕੇ ਸੋਚ ਰਹੀ ਹਾਂ
ਉਹਦੀ ਜਿੱਤ ਨੂੰ ਹਾਰ ਬਣਾਕੇ ਸੋਚ ਰਹੀ ਹਾਂ ।
ਉਹਦੀ ਅੱਖ ਦਾ ਵਾਰ ਬਚਾਕੇ ਸੋਚ ਰਹੀ ਹਾਂ ।
ਘਰ ਆਏ ਦੀ ਪਤ ਲਾਹੁਣੀ ਵੀ ਠੀਕ ਨਾ ਹੁੰਦੀ,
ਇਹ ਗੱਲ ਉਹਨੂੰ ਘਰੇ ਬੁਲਾਕੇ ਸੋਚ ਰਹੀ ਹਾਂ ।
ਵੇਲਾ ਮੇਰਾ ਬਣਦਾ ਏ ਜਾਂ ਹੋਰ ਕਿਸੇ ਦਾ,
ਵੇਲੇ ਨਾਲ ਮੈਂ ਮੱਥਾ ਲਾਕੇ ਸੋਚ ਰਹੀ ਹਾਂ ।
ਦਿਲ ਦੀ ਗੁੱਝੀ ਆਖਾਂ ਜਾਂ ਨਾ ਆਖਾਂ ਉਹਨੂੰ,
ਉਹਨੂੰ ਅਪਣੇ ਕੋਲ ਬਠਾਕੇ ਸੋਚ ਰਹੀ ਹਾਂ ।
ਖ਼ਬਰੇ ਕਿਧਰੇ ਜੀਵਨ ਵਿਚ ਕੰਮ ਹੀ ਆ ਜਾਵੇ,
ਮੋਢੇ ਉੱਤੇ ਦਾਰ ਉਠਾਕੇ ਸੋਚ ਰਹੀ ਹਾਂ ।
8. ਪੈਂਡਿਆਂ ਦਾ ਹਾਲ ਦਸਦੀ ਉਸਦੇ ਮੁਖ ਦੀ ਗਰਦ ਸੀ
ਪੈਂਡਿਆਂ ਦਾ ਹਾਲ ਦਸਦੀ ਉਸਦੇ ਮੁਖ ਦੀ ਗਰਦ ਸੀ ।
ਇਸ ਲਈ ਤੇ ਸਭ ਤੋਂ ਬਹੁਤਾ ਰੰਗ ਉਸਦਾ ਜ਼ਰਦ ਸੀ ।
ਢੋ ਕੇ ਆਇਆ ਟੋਕਰੀ ਜਦ ਸ਼ਾਮ ਨੂੰ ਘਰ ਡੋਲਦਾ,
ਸਿਰਫ਼ ਖ਼ਾਲੀ, ਪਾਟਿਆ, ਖੀਸਾ ਮੇਰਾ ਹਮਦਰਦ ਸੀ ।
ਕੱਲ੍ਹ ਖ਼ਬਰੇ ਸੀਤ ਦੀ ਸੀ ਡੈਣ ਫੇਰਾ ਪਾ ਗਈ,
ਜਿਸਨੂੰ ਛੋਹਕੇ ਵੇਖਿਆ ਉਹ ਬਰਫ਼ ਵਾਂਗੂੰ ਸਰਦ ਸੀ ।
ਲੋਕ ਜਾਗੀਰਾਂ ਸਮਝਕੇ ਇਸ 'ਤੇ ਡਾਕੇ ਮਾਰਦੇ,
ਦਿਲ ਦੀ ਕੁੱਲੀ ਵਿਚ ਮੈਂ ਜਿਹੜਾ ਸਾਂਭ ਰਖਿਆ ਦਰਦ ਸੀ ।
ਕੋਠੀਆਂ ਨੂੰ ਛਡਕੇ ਉਹ ਸੌਂਦਾ ਰਿਹਾ ਫੁਟਪਾਥ 'ਤੇ,
ਆਖਦੇ ਨੇ ਓਸਨੂੰ ਸਭ ਕਿਸ ਤਰ੍ਹਾਂ ਦਾ ਮਰਦ ਸੀ ।
ਛੱਡਕੇ ਸੁੱਖਾਂ ਦੀ ਛਾਂ ਜੋ ਦੁਖ ਦੀ ਛਾਵੇਂ ਬਹਿ ਗਿਆ,
ਸੋਚਦੀ ਆਂ ਖ਼ਬਰੇ ਉਹ ਆਦਮ ਹੀ ਪਹਿਲਾ ਮਰਦ ਸੀ ।
ਵੇਲੇ ਦੀ ਸ਼ਤਰੰਜ ਨੂੰ 'ਖ਼ਾਵਰ' ਮੈਂ ਕੀਕੂੰ ਜਿੱਤਦੀ,
ਮੇਰੀ ਹਰ ਇਕ ਖ਼ੁਸ਼ੀ ਦੀ, ਕਿਸਮਤ ਦੇ ਹਥ ਵਿਚ ਨਰਦ ਸੀ ।
9. ਉਹ ਕਾਗ਼ਜ਼ੀ ਸੀ ਸਨਮ ਜਿਸ ਦੀ ਬੰਦਗੀ ਕੀਤੀ
ਉਹ ਕਾਗ਼ਜ਼ੀ ਸੀ ਸਨਮ ਜਿਸ ਦੀ ਬੰਦਗੀ ਕੀਤੀ
ਹਵਾ ਦੇ ਨਾਂ ਤੇ ਬਸਰ ਸਾਰੀ ਜ਼ਿੰਦਗ਼ੀ ਕੀਤੀ
ਤੜਪ ਵਧੀ ਤੇ ਉਹ ਲਫ਼ਜ਼ਾਂ ਦੀ ਸ਼ਕਲ ਬਣਦੀ ਗਈ
ਕਦੋਂ ਝਰੋਖੇ ਦੇ ਵਿਚ ਬੈਠ ਸ਼ਾਇਰੀ ਕੀਤੀ
ਮੇਰਾ ਤੇ ਆਪ ਵੀ ਇਸ ਨੇਰ੍ਹ ਵਿਚ ਗਵਾਚ ਗਿਆ
ਮੈਂ ਅੰਗ ਅੰਗ ਜਲਾਇਆ ਤੇ ਰੌਸ਼ਨੀ ਕੀਤੀ
ਸਮੁੰਦਰਾਂ ਨੇ ਵੀ ਧੋਖੇ ਦੇ ਵਿਚ ਸਦਾ ਰੱਖਿਆ
ਹਵਾਵਾਂ ਨੇ ਵੀ ਮੇਰੇ ਨਾਲ ਦੁਸ਼ਮਣੀ ਕੀਤੀ
ਇਹ ਖ਼ੌਫ਼ਨਾਕ ਨੇ ਗਲੀਆਂ ਅਨੇਰੇ ਵਿਚ ਡੁੱਬੀਆਂ
ਇਹ ਕਿਸ ਸਮੇਂ ਵਿਚ ਆ ਕੇ ਤੂੰ ਸਕੰਦਰੀ ਕੀਤੀ
ਜਦੋਂ ਪਤਾ ਸੀ ਜੁੱਸਾ ਮਲੂਕ ਏ ਸ਼ੀਸ਼ੇ ਤੋਂ
ਤੂੰ ਕਿਹੜੇ ਮਾਣ ਤੇ ਪੱਥਰਾਂ ਥੀਂ ਦੋਸਤੀ ਕੀਤੀ