Khat Tarian Nu : Madandeep Banga

ਖ਼ਤ ਤਾਰਿਆਂ ਨੂੰ : ਮਦਨਦੀਪ ਬੰਗਾ


ਜੁਗਨੂੰ ਫੜਨ ਦੀ ਖ਼ਾਹਿਸ਼

ਜੁਗਨੂੰ ਫੜਨ ਦੀ ਖ਼ਾਹਿਸ਼ ਕੈਸਾ ਮਜ਼ਾਕ ਨਿਕਲੀ। ਖੋਲ੍ਹੀ ਜਦੋਂ ਮੈਂ ਮੁੱਠੀ, ਮੁੱਠੀ ’ਚੋਂ ਖ਼ਾਕ ਨਿਕਲੀ। ਚਾਹਿਆ ਬੜਾ ਕਿ ਰੁੱਸੇ ਹਾਸੇ ਨੂੰ ’ਵਾਜ ਮਾਰਾਂ, ਪਰ ਹੌਕਿਆਂ ਦੇ ਕਾਰਨ ਮੂੰਹੋਂ ਨਾ ਹਾਕ ਨਿਕਲੀ ਇਸ਼ਕੇ ਤੋਂ ਝਾੜ ਦਿੱਤੀ ਜਦ ਜਿਸਮ ਦੀ ਮੈਂ ਮਿੱਟੀ ਅੱਲ੍ਹੜ ਜਿਹੀ ਮੁਹੱਬਤ, ਰੂਹਾਂ ਦਾ ਸਾਕ ਨਿਕਲੀ। ਤਾ-ਉਮਰ ਹਰਫ਼ ਭਾਲ਼ੇ, ਖ਼ਾਲੀ ਥਾਂ ਭਰਨ ਖ਼ਾਤਰ ਮਿਣਿਆ ਤਾਂ ‘ਜ਼ਿੰਦਗਾਨੀ’ ਪੂਰਾ ਹੀ ਵਾਕ ਨਿਕਲੀ। ਚੰਗਾ ਹੀ ਹੋਇਆ ਸੱਜਣਾ, ਕੀਤੀ ਜ਼ਫ਼ਾ ਤੂੰ ਜ਼ਾਹਿਰ, ਮੇਰਾ ਵੀ ਭਰਮ ਟੁੱਟਾ, ਤੇਰੀ ਵੀ ਝਾਕ ਨਿਕਲੀ।

ਇਤਰਾਜ਼ ਤੇਰੇ ’ਤੇ ਕੀ ਕਰਨਾ

ਇਤਰਾਜ਼ ਤੇਰੇ ’ਤੇ ਕੀ ਕਰਨਾ ਇਤਰਾਜ਼ ਵਿਖਾਵਾ ਅੱਖਰਾਂ ਦਾ ਕੀ ਕਰਨਾ ਗਿਲਾ ਬਹਾਰਾਂ ਦਾ, ਮੈ ਪੱਤਾ ਟੁੱਟਿਆ ਝੱਖੜਾਂ ਦਾ। ਮੇਰੀ ਮਹਿਕ ਦੀ ਪਿਆਸ ਕਿਸੇ ਨੂੰ ਨਈਂ ਮੈ ਖਿੜਿਆ ਫੁੱਲ ਹਾਂ ਰੱਕੜਾਂ ਦਾ ਤੇਰੇ ਗੁਲਦਾਨਾਂ ਦਾ ਅਦਬ ਕਰੇ ਮੇਰੇ ਘਰ ਦਾ ਜਾਲ਼ਾ ਮੱਕੜਾਂ ਦਾ ਤੈਨੂੰ ਦੇਣ ਸਲਾਮਾਂ ਮਹਿਕਾਂ ਨੀ ਅਸੀ ਝਾੜੀਏ ਗ਼ਰਦਾ ਝੱਖੜਾਂ ਦਾ ਤੇਰੇ ਬਾਗ਼ ਦਾ ਸੁਪਨਾ ਲੈਂਦਾ ਨੀ ਸਾਡਾ ਧੁਖਦਾ ਜੰਗਲ ਲੱਕੜਾਂ ਦਾ

ਪਿਆਰ ਦੇ ਸੌਦਾਗਰਾਂ ਦਿਲ ਲੁੱਟਿਆ ਹੈ ਫੇਰ

ਪਿਆਰ ਦੇ ਸੌਦਾਗਰਾਂ ਦਿਲ ਲੁੱਟਿਆ ਹੈ ਫੇਰ। ਅੰਦਰੋ ਅੰਦਰੀ ਦਿਲ ਮੇਰਾ ਅੱਜ ਤੜਪਿਆ ਹੈ ਫੇਰ। ਬਣ ਫੁੱਲ ਵਿਛ ਗਿਆ ਸਾਂ, ਮੈਂ ਜਿਸ ਦਿਆਂ ਰਾਹਾਂ ਵਿਚ, ਉਹ ਬਣਕੇ ਸੂਲ਼ ਪੈਰੀਂ ਮੁੜ ਚੁੱਭਿਆ ਹੈ ਫੇਰ। ਸਮਝਿਆ ਸੀ ਜਿਸਨੂੰ ਸਾਵਣ ਦੀ ਘਟਾ ਵਰਗਾ ਅੱਗ ਵਾਂਗ ਦਿਲ ਮੇਰੇ ’ਤੇ ਉਹ ਵਰ੍ਹ ਗਿਆ ਹੈ ਫੇਰ। ਜਿਸ ਵਾਸਤੇ ਦਿਨ ਰਾਤ ਦੁਆਵਾਂ ਮੈਂ ਮੰਗੀਆਂ ਸੀ ਖ਼ੰਜਰ ਉਨ੍ਹਾਂ ਦੇ ਹੱਥੀ ਮੁੜ ਲਿਸ਼ਕਿਆ ਹੈ ਫੇਰ। ਡਿੱਗਿਆ ਹੈ ਖਾ ਕੇ ਠੋਕ੍ਹਰਾਂ ‘ਬੰਗਾ’ ਮਗਰ ਸਦਾ ਹੀ, ਹਰ ਵਾਰ ਦੂਣੇ ਹੌਸਲੇ ਸੰਗ ਤੁਰ ਪਿਆ ਹੈ ਫੇਰ।

ਨਦੀ ਕਿਨਾਰੇ ਬੈਠਾ ਮੈਂ

ਨਦੀ ਕਿਨਾਰੇ ਬੈਠਾ ਮੈਂ, ਲਹਿਰਾਂ ਨੂੰ ਗਿਣਦਾ ਰਹਿੰਦਾ ਹਾਂ। ਕੋਈ ਮੇਰੀ ਖ਼ਾਤਰ ਤਰ ਆਵੇ, ਮੈਂ ਲਹਿਰਾਂ ਮਿਣਦਾ ਰਹਿੰਦਾ ਹਾਂ। ਮੈ ਸ਼ੀਸ਼ੇ ਦਾ ਬੁੱਤ ਗਿਣ ਸਕਿਆ ਨਾ ਆਪਣੀਆਂ ਹੀ ਕਿਰਚਾਂ-ਪਰ ਤੇਰੇ ਸ਼ਹਿਰ ਨੇ ਮਾਰੇ ਪੱਥਰ ਜੋ ਉਹ ਪੱਥਰ ਗਿਣਦਾ ਰਹਿੰਦਾ ਹਾਂ ਮੇਰੇ ਬੁੱਕ-ਬੁੱਕ ਰੋਂਦੇ ਨੈਣਾਂ ਨੂੰ, ਹਾਏ ਕਿਸੇ ਨੇ ਵੀ ਪਰਚਾਇਆ ਨਾ, ਹੁਣ ਸਾਹ ਲੰਮੇ ਹੌਕੇ ਨੇ, ਬਸ ਹੌਕੇ ਮਿਣਦਾ ਰਹਿੰਦਾ ਹਾਂ। ਜਿਨ੍ਹਾਂ ਰਾਹਾਂ ਉੱਤੇ ਤੂੰ ਤੇ ਮੈਂ ਸੀ ਪੈਂਡੇ ਕਰਨੇ ਤੈਅ ਸੱਜਣਾ, ਉਨ੍ਹਾਂ ਰਾਹਾਂ ’ਤੇ ਬਣ ਰੁੱਖ ਜਿਹਾ, ਬਸ ਰਸਤਾ ਮਿਣਦਾ ਰਹਿੰਦਾ ਹਾਂ। ਨਹੀਂ ਮਾਰਿਆ ਮੈਨੂੰ ਜ਼ਿੰਦਗੀ ਨੇ ਪਰ ਲੱਗਿਆ ਦੋਸ਼ ਨਸੀਬਾਂ ’ਤੇ ਕਿੰਨੇ ਲਏ, ਕਿੰਨੇ ਬਾਕੀ ਨੇ, ਬਸ ਸਾਹ ਹੀ ਗਿਣਦਾ ਰਹਿੰਦਾ ਹਾਂ।

ਨਾ ਖਾਇਆ ਕਰ ਕਸਮ

ਨਾ ਖਾਇਆ ਕਰ ਕਸਮ, ਕਰਿਆ ਨਾ ਕਰ ਈਮਾਨ ਦਾ ਦਾਅਵਾ। ਮੈ ਰੇਤਾ ਵਾਂਗ ਭੁਰਦਾ ਵੇਖਿਆ ਇਨਸਾਨ ਦਾ ਦਾਅਵਾ। ਢਲ਼ੀ ਜਦ ਸ਼ਾਮ ਤਾਂ ਸਾਏ ਤਰ੍ਹਾਂ ਵਿੱਛੜ ਗਿਆ ਮੈਥੋਂ , ਜੋ ਕਰਦਾ ਸੀ ਸਦਾ ਦੋ ਜਿਸਮ ਤੇ ਇਕ ਜਾਨ ਦਾ ਦਾਅਵਾ। ਮੇਰੇ ਦਿਲਬਰ ਦੀ ਹਰ ਇਕ ਬਾਤ ਵਿਚ ਹੈ ਦਿਲਕਸ਼ੀ ਐਸੀ, ਬੜਾ ਸੱਚਾ ਜਿਹਾ ਲੱਗਦਾ ਹੈ ਉਸ ਬੇਈਮਾਨ ਦਾ ਦਾਅਵਾ। ਉਹ ਆਪਣੇ ਦਰ ’ਤੇ ਵੀ ਹੁਣ ਦੋ ਘੜੀ ਬੈਠਣ ਨਹੀਂ ਦਿੰਦਾ, ਮੇਰੀ ਪਰਵਾਜ਼ ਲਈ ਕਰਦਾ ਸੀ ਜੋ ਅਸਮਾਨ ਦਾ ਦਾਅਵਾ। ਮੈਂ ਹਰ ਮੌਸਮ ’ਚ ਉਸਦੀ ਤਾਂਘ ਦੇ ਵਿਚ ਘਰ ਸਜਾ ਲੈਂਦਾਂ, ਤੇ ਮੌਸਮ ਵਾਂਗ ਲੰਘ ਜਾਂਦੈ ਮੇਰੇ ਮਹਿਮਾਨ ਦਾ ਦਾਅਵਾ।

ਇਸ਼ਕ ਦੀ ਮਹਿਫੂਜ਼ ਨਿਸ਼ਾਨੀ ਰਹੀ

ਇਸ਼ਕ ਦੀ ਮਹਿਫੂਜ਼ ਨਿਸ਼ਾਨੀ ਰਹੀ। ਅੱਖੀਆਂ ਗਲ਼ ਅਸ਼ਕ ਦੀ ਗਾਨੀ ਰਹੀ। ਜ਼ਿੰਦਗੀ ਦੇ ਹੱਥ ਵਿਚ ਖ਼ੰਜਰ ਰਿਹਾ, ਤੇ ਮੇਰੇ ਅਹਿਸਾਸ ਹੱਥ ਕਾਨੀ ਰਹੀ। ਤੇਰੀ ਠੋਕਰ ਦੀ ਇਨਾਇਤ ਹੈ ਸਨਮ! ਭਟਕਣਾ ਵਿਚ ਚਾਲ ਮਸਤਾਨੀ ਰਹੀ। ਨਫ਼ਰਤਾਂ ਨਫ਼ਿਆਂ ’ਚ ਰਹੀਆਂ ਤੁੱਲਦੀਆਂ ਇਸ਼ਕ ਦੇ ਪੱਲੇ ਸਦਾ ਹਾਨੀ ਰਹੀ।

ਦਰਦ ਏ ਦਿਲ ਉਸਨੂੰ ਸੁਣਾ ਕੇ ਕੀ ਕਰਾਂ

ਦਰਦ ਏ ਦਿਲ ਉਸਨੂੰ ਸੁਣਾ ਕੇ ਕੀ ਕਰਾਂ? ਖ਼ੁਦ ਨੂੰ ਹੀ ਸ਼ੀਸ਼ਾ ਦਿਖਾ ਕੇ ਕੀ ਕਰਾਂ? ਔੜ ਵਿਚ ਰਲ਼ ਜਾਣਗੇ ਕਿੰਨੇ ਖ਼ਲਾਅ, ਖ਼ੁਦ ’ਚ ਦੱਸ ਤੈਨੂੰ ਘਟਾ ਕੇ ਕੀ ਕਰਾਂ? ਨਾਲ ਤੇਰੇ ਰਾਹ ਵੀ ਸਨ ਮੰਜ਼ਿਲ ਜਿਹੇ, ਬਿਨ ਤੇਰੇ ਮੰਜ਼ਿਲ ’ਤੇ ਆ ਕੇ ਕੀ ਕਰਾਂ? ਲਿਸ਼ਕਣਾ ਚਾਹਿਆ ਸੀ ਮੈਂ ਸੂਰਜ ਦੇ ਵਾਂਗ, ਅਸ਼ਕ ਵੱਤ ਇੰਞ ਝਿਲਮਿਲਾ ਕੇ ਕੀ ਕਰਾਂ?

ਕਿਆਸੇ ਸੀ ਅਸਾਂ ਤਾਂ ਮੋਹ-ਮੁਹੱਬਤ

ਕਿਆਸੇ ਸੀ ਅਸਾਂ ਤਾਂ ਮੋਹ-ਮੁਹੱਬਤ ਰਿਸ਼ਤਿਆਂ ਅੰਦਰ। ਕਦ ਸੀ ਚਿਤਵੀਆਂ ਤੇੜਾਂ ਅਸਾਂ ਨੇ ਸ਼ੀਸ਼ਿਆਂ ਅੰਦਰ? ਉਹ ਖੌਰੇ ਕਿਸ ਤਰ੍ਹਾਂ ਦੇ ਲੋਕ, ਜੋ ਦਿਲ ਤੋੜ ਦਿੰਦੇ ਨੇ, ਅਸੀ ਤਾਂ ਦਿਲ ਧੜਕਦਾ ਸੁਣ ਹਾਂ ਲੈਦੇ ਪੱਥਰਾਂ ਅੰਦਰ। ਨਾ ਚਿਹਰੇ ’ਤੇ ਮੁਖੌਟੇ ਲਾਉਣ ਦੀ ਫਿਰ ਲੋੜ ਸੀ ਰਹਿਣੀ, ਰਤਾ ਜਜ਼ਬਾਤ ਭਰ ਲੈਂਦੇ ਅਸੀ ਜੇਕਰ ਦਿਲਾਂ ਅੰਦਰ। ਕਿਵੇਂ ਪਰਦੇਸੀਆਂ ਦੇ ਦਿਲ ’ਚੋਂ ਪਿੰਡ ਕੱਢੂ ਕੋਈ ਪੱਛਮ, ਕੋਈ ਵੰਡੇਗਾ ਕਿੱਦਾਂ ਪਾਣੀਆਂ ਨੂੰ ਟੁਕੜਿਆਂ ਅੰਦਰ?

ਓਦਰੇ ਰੁੱਖਾਂ ’ਤੇ ਕਿੱਦਾਂ ਪੌਣ ਦੀ

ਓਦਰੇ ਰੁੱਖਾਂ ’ਤੇ ਕਿੱਦਾਂ ਪੌਣ ਦੀ ਸਰਗਮ ਲਿਖਾਂ? ਝੜ ਗਏ ਪੱਤੇ ’ਤੇ ਕਿੱਦਾਂ ਸਾਉਣ ਦਾ ਮੌਸਮ ਲਿਖਾਂ? ਹੰਝੂ ਭਿੱਜੇ ਵਰਕਿਆਂ ’ਤੇ ਫੈਲ ਜਾਂਦੇ ਹਰਫ਼ ਵੀ, ਪਾਣੀਆਂ ’ਤੇ ਕਿੰਝ ਆਪਣੀ ਪਿਆਸ ਦਾ ਆਲਮ ਲਿਖਾਂ? ਜਿਸ ਦੇ ਦਿੱਤੇ ਜ਼ਖ਼ਮ ਵੀ ਨਾਸੂਰ ਵਰਗੇ ਹੋ ਗਏ, ਉਸ ਸਿਤਮਗਰ ਨੂੰ ਮੈਂ ਫਿਰ ਵੀ ਜਾਨ ਦਾ ਮਹਿਰਮ ਲਿਖਾਂ। ਤੂੰ ਮੁਹੱਬਤ ਦੀ ਇਨਾਇਤ ਤੋਂ ਹੀ ਮੁਨਕਰ ਹੋ ਗਿਐ, ਕਿਸ ਤਰ੍ਹਾਂ ਭਗਵਾਨ ਤੈਨੂੰ ਐ ਮੇਰੇ ਗੌਤਮ ਲਿਖਾਂ?

ਜਿਸਦੀ ਨੀਂਹ ਵਿਚ ਦਫ਼ਨ ਸੀ ਕੋਈ

ਜਿਸਦੀ ਨੀਂਹ ਵਿਚ ਦਫ਼ਨ ਸੀ ਕੋਈ ਹੀਰ ਜਿਹੀ ਤਕਦੀਰ। ਓਸੇ ਕੰਧ ’ਤੇ ਲਟਕ ਰਹੀ ਸੀ ਸੱਸੀ ਦੀ ਤਸਵੀਰ। ਹੰਝੂ, ਹਉਕੇ, ਸਿਸਕੀਆਂ, ਕੁਝ ਅਰਮਾਨਾਂ ਦੀ ਖ਼ਾਕ, ਇਕ ਮੁਹੱਬਤ ਕਰ ਗਈ ਸਭ ਮੇਰੇ ਨਾਮ ਜਾਗੀਰ। ਪੱਥਰ ਵਿਚ ਵੀ ਵੱਸਦੀ ਹੁੰਦੀ ਹੈ ਗਹਿਰੀ ਝੀਲ, ਮੇਰੀਆਂ ਪੱਥਰ ਅੱਖੀਆਂ ਵਿਚ ਜਿੱਦਾਂ ਰਹਿੰਦੇ ਨੀਰ। ਜਿਹੜੇ ਚੰਨ ਨੂੰ ਖ਼ਾਬ ਨੇ ਸੀ ਕੀਤਾ ਮੁੱਠੀ ਬੰਦ, ਖੁੱਲ੍ਹੀ ਅੱਖ ਤਾਂ ਕਿਰ ਗਿਆ, ਉਹ ਰੇਤੇ ਵਾਂਗ ਅਖ਼ੀਰ।

ਚੁੱਪ ਦੇ ਹੋਠੀਂ ਵਿਲਕਦੀ

ਚੁੱਪ ਦੇ ਹੋਠੀਂ ਵਿਲਕਦੀ, ਅੱਜ ਵੀ ਇਕ ਫਰਿਆਦ। ਜੀਕਣ ਖੰਡਰ ਮਹਿਲ ਦਾ, ਇਕ ਕੋਨਾ ਆਬਾਦ। ਸਾਨੂੰ ਤੱਕ ਕੇ ਅੱਜ ਵੀ ਇਹ ਕਹਿੰਦੇ ਨੇ ਲੋਕ, ਵੇਖ ! ਇਸ਼ਕ ’ਚ ਇੰਝ ਵੀ ਕੁਝ ਹੁੰਦੇ ਨੇ ਬਰਬਾਦ। ਉਸ ਨੂੰ ਚੇਤੇ ਕਰਦਿਆਂ ਆ ਗਏ ਓਸ ਮਕਾਮ, ਜਿਥੇ ਆਪਣਾ ਆਪ ਵੀ ਹੁਣ ਆਪੇ ਨੂੰ ਨਾ ਯਾਦ। ਆਪ ਆਪਣੀ ਪੀੜ ਵਿਚ ਹਾਂ ਸਾਰੇ ਆਪਾਂ ਕੈਦ, ਵੇਖਣ ਨੂੰ ਜੋ ਘੁੰਮਦੇ ਹਾਂ ਪੰਛੀ ਵਾਂਗ ਆਜ਼ਾਦ।

ਤਿਰਹਾਈ ਉਮਰਾ ਦੇ ਇੰਞ ਲੰਘਦੇ

ਤਿਰਹਾਈ ਉਮਰਾ ਦੇ ਇੰਞ ਲੰਘਦੇ ਸਾਲਾਂ ਦੇ ਸਾਲ ਰਹੇ। ਯਾਦ ਤੇਰੀ ਦੇ ਡੂੰਘੇ ਸਰਵਰ ਹਰਦਮ ਮੇਰੇ ਨਾਲ ਰਹੇ। ਹਿਜਰ ਤੇਰੇ ਦੀ ਔੜ ਨੂੰ ਕਿੱਦਾਂ ਔੜ ਭਲਾ ਮੈਂ ਕਹਿ ਦਿੰਦਾ? ਤਾਂਘ ਤੇਰੀ ਦੇ ਨੀਲੇ ਪਾਣੀ, ਹਰ ਮੌਸਮ-ਹਰ ਹਾਲ ਰਹੇ। ਗੀਤਾਂ ਮੇਰੀ ਪੀੜ ਵੰਡਾਈ, ਅੱਖਰ ਹੰਝੂ ਪੀਂਦੇ ਰੲ੍ਹੇ, ਦਰਦਾਂ ਦੇ ਤੀਰਾਂ ਦੇ ਮੂਹਰੇ ਕਾਗ਼ਜ਼ ਬਣਦੇ ਢਾਲ਼ ਰਹੇ। ਏਸ ਵਰ੍ਹੇ ਵੀ ਉੱਚੇ-ਉੱਚੇ ਉੱਸਰੇ ਮਹਿਲ ਮੁਨਾਰੇ-ਪਰ ਏਸ ਵਰ੍ਹੇ ਵੀ ਕਾਗ਼ਜ਼ ਚੁਗਦੇ, ਰੋੜੀ ਕੁੱਟਦੇ ਬਾਲ ਰਹੇ।

ਹਰ ਪੜਾਅ ’ਤੇ ਮਿਲੀ ਬੇਵੱਸੀ

ਹਰ ਪੜਾਅ ’ਤੇ ਮਿਲੀ ਬੇਵੱਸੀ ਵਾਂਗਰਾਂ! ਜ਼ਿੰਦਗੀ ਕਦ ਮਿਲੀ ਜ਼ਿੰਦਗੀ ਵਾਂਗਰਾਂ! ਦਿਲ ’ਚ ਖ਼ੰਜਰ ਦੇ ਵਾਂਗੂੰ ਹੀ ਖੁੱਭਿਆ ਨਾ ਕਰ, ਰੂਹ ’ਚ ਲੱਥਿਆ ਵੀ ਕਰ, ਸ਼ਾਇਰੀ ਵਾਂਗਰਾਂ! ਉਹ ਕਿਸੇ ਦਾ ਸੁਹਾਨਾ ਸਮਾਂ ਹੋ ਗਈ, ਤੇ ਮੈਂ ਹੋਇਆ ਹਾਂ ਬੀਤੀ ਸਦੀ ਵਾਂਗਰਾਂ! ਦਰਦ ਝੂਟਣ ਬੜੇ ਉਮਰ ਦੀ ਪੀਂਘ ’ਤੇ ਤੇ ਮੇਰੀ ਹੋਂਦ ਹੈ ਪਿੱਪਲੀ ਵਾਂਗਰਾਂ। ਤੂੰ ਕਿਸੇ ਦੀ ਨਜ਼ਰ ਦਾ ਨਜ਼ਾਰਾ ਏਂ ਹੁਣ, ਮੈ ਖ਼ਲਾਅ ਵਿਚ ਟਿਕੀ ਟਿਕਟਿਕੀ ਵਾਂਗਰਾਂ!

ਸਾਡੇ ਨੈਣੀ ਪੰਘਰੇ ਖ਼ਾਬ!

ਸਾਡੇ ਨੈਣੀ ਪੰਘਰੇ ਖ਼ਾਬ! ਡੁੱਬੇ ਹੰਝੂਆਂ ਵਿਚ ਗੁਲਾਬ! ਤੱਕ ਕੇ ਮਸਤ ਨਜ਼ਰ ਨਾਲ ਉਹ, ਨਾਕਾਰਾ ਕਰ ਗਿਆ ਸ਼ਰਾਬ! ਜਾਗ ਕੇ ਸਾਡੀ ਯਾਦ ’ਚ ਉਹ ਭਲਾ ਕਰੇ ਕਿਉਂ ਨੀਂਦ ਖ਼ਰਾਬ? ਜਿਸ ਦਿਨ ਤੋਂ ਤੂੰ ਵਿੱਛੜਿਐਂ, ਹੋ ਗਈ ਹਾਏ ਜਿੰਦ ਅਜ਼ਾਬ! ਦਿੱਤੀ ਖ਼ੂਬ ਨਿਸ਼ਾਨੀ ਤੂੰ, ਮੇਰੇ ਨੈਣੀਂ ਲੂਣੇ ਆਬ! ਤੇਰੇ ਸਾਹਵੇਂ ਚੁੱਪ ਰਿਹਾ, ਕੋਲ ਸੀ ਭਾਵੇਂ ਲੱਖ ਜਵਾਬ!

ਯਾਦ ਜਦੋਂ ਵੀ ਆਵੇਂ ਤੂੰ!

ਯਾਦ ਜਦੋਂ ਵੀ ਆਵੇਂ ਤੂੰ! ਖ਼ੂਨ ਦੇ ਹੰਝ ਰੁਆਵੇਂ ਤੂੰ! ਲੂਣ ਦੇ ਰੁੱਗ ਲੈ ਫਿਰਦੇ ਲੋਕ, ਕਿਸਨੂੰ ਜ਼ਖ਼ਮ ਦਿਖਾਵੇਂ ਤੂੰ? ਐ ਦਿਲ! ਉਸ ਪੱਥਰ ’ਤੇ ਕਿਉਂ, ਰੋ ਰੋ ਪਾਣੀ ਪਾਵੇਂ ਤੂੰ? ਮੌਤ ਵੀ ਟਾਲ਼ੀ ਜਾਂਦੇ ਆਂ, ਸ਼ਾਇਦ ਆ ਹੀ ਜਾਵੇਂ ਤੂੰ! ਸੁੱਕੇ ਜ਼ਖ਼ਮ ਉਚੇੜ ਲਵਾਂ, ਜੇਕਰ ਮਰ੍ਹਮ ਲਗਾਵੇਂ ਤੂੰ। ਡੁੱਬਦਾ ਹੋਇਆ ਤਰ ਆਵਾਂ, ਜੇ ਇਕ ਵਾਰ ਬੁਲਾਵੇਂ ਤੂੰ। ਵਿੱਛੜੇ ਸੱਜਣਾ! ਮਿਲ ਜਾਂਦੈਂ, ਨਿੱਤ ਯਾਦਾਂ ਦੀ ਛਾਂਵੇਂ ਤੂੰ।

ਕਿਸ ਬਿਧ ਅਉਧ ਹੰਢਾਈਏ

ਕਿਸ ਬਿਧ ਅਉਧ ਹੰਢਾਈਏ ਸੱਜਣਾ ਕਿਸ ਬਿਧ ਅਉਧ ਹੰਢਾਈਏ! ਆਸ ਦੀ ਸੁੰਞੀ ਥੇਹ ’ਤੇ ਕਦ ਤਕ ਮੋਏ ਮਨ ਦਾ ਸੋਗ ਮਨਾਈਏ ਹਿਜਰ ਸਰਾਪੀ ਉਮਰੋਂ ਲੰਮੀ ਕਿੱਦਾਂ ਰੋਗਣ ਰੁੱਤ ਬਿਤਾਈਏ ਕਦ ਤਕ ਭਰੀਏ ਤੱਤੀਆਂ ਆਹਾਂ ਕਦ ਤਕ ਟੁੱਕ ਸਬਰ ਦਾ ਖਾਈਏ! ਕਦ ਤਕ ਖੋਰ ਲਹੂ ਵਿਚ ਲਾਰੇ ਰਿਸਦੇ ਦੁਖਦੇ ਦਿਲ ’ਤੇ ਲਾਈਏ ਕਿਸ ਬਿਧ ਅਉਧ ਹੰਢਾਈਏ ਸੱਜਣਾ! ਕਿਸ ਬਿਧ ਅਉਧ ਹੰਢਾਈਏ! ਨੈਣਾਂ ਦੇ ਸੁੰਞੇ ਪੱਤਣਾਂ ’ਤੇ ਹੰਝੂਆਂ ਭਰ ਭਰ ਮੇਲਾ ਲਾਇਆ ਜਿਸ ਦੀ ਖ਼ਾਤਰ ਨੀਂਦਰ ਆਈ ਓਹ ਸੁਪਨਾ ਨਾ ਆਇਆ ਉਸ ਪਰਦੇਸੀ ਸੁਪਨੇ ਨੂੰ ਹਾਏ ਕਿੱਦਾਂ ਨੈਣਾਂ ਕੋਲ ਬੁਲਾਈਏ! ਕਿਸ ਬਿਧ ਅਉਧ ਹੰਢਾਈਏ ਸੱਜਣਾ! ਕਿਸ ਬਿਧ ਅਉਧ ਹੰਢਾਈਏ! ਸੱਜਣਾ ਕਿਸ ਬਿਧ ਅਉਧ ਹੰਢਾਈਏ!

ਤੇਰਾ ਅਹਿਸਾਸ ਮੇਰੇ ਹੋਂਦ ’ਚੋਂ

ਤੇਰਾ ਅਹਿਸਾਸ ਮੇਰੇ ਹੋਂਦ ’ਚੋਂ ਐਦਾਂ ਗੁਜ਼ਰ ਜਾਂਦੈ! ਮੇਰੇ ਵਿਗੜੇ ਨਸੀਬਾਂ ਦਾ ਹਰਇਕ ਪਹਿਲੂ ਸੰਵਰ ਜਾਂਦੈ! ਉਦ੍ਹੇ ਰਾਹਾਂ ’ਚ ਕੰਡੇ ਚੁਗਦੀ ਰਹਿ ਜਾਏ ਮੇਰੀ ਪਤਝੜ, ਤੇ ਉਹ ਲੈ ਕੇ ਬਹਾਰਾਂ ਹੋਰ ਦੇ ਰਾਹ ਗੁਜ਼ਰ ਜਾਂਦੈ। ਮੇਰੀ ਅੱਖ ਤੱਕਦੀ ਰਹਿ ਜਾਂਦੀ ਹੈ ਮਾਸੂਮੀਅਤ ਉਸਦੀ, ਉਹ ਸ਼ਾਤਿਰ ਖੌਰੇ ਕਦ ਪਰ ਰੂਹ ਦੀ ਬਾਉਲੀ ਵਿਚ ਉਤਰ ਜਾਂਦੈ। ਮੇਰੇ ਹੰਝੂਆਂ ’ਚ ਐਦਾਂ ਤੈਰਦਾ ਰਹਿੰਦਾ ਤੇਰਾ ਚਿਹਰਾ, ਜਿਵੇ ਦਰਿਆ ਦੇ ਠਹਿਰੇ ਪਾਣੀਆਂ ਵਿਚ ਚੰਨ ਤਰ ਜਾਂਦੈ। ਹਾਏ ਕਿਉਂ ਸੋਚਿਆ ਨਾ ਛੱਡਦਿਆਂ ਮੈਨੂੰ ਤੂੰ ਅਧਵਾਟੇ, ਕਿ ਖੋਹ ਲਈਏ ਕਿਸੇ ਦੇ ਸਾਹ ਤਾਂ ਫਿਰ ਬੰਦਾ ਉਹ ਮਰ ਜਾਂਦੈ।

ਸੱਜਣਾ ਕੀ ਤੂੰ ਕੋਲ ਬਿਠਾਇਆ

ਸੱਜਣਾ ਕੀ ਤੂੰ ਕੋਲ ਬਿਠਾਇਆ ਦੋ ਪਲ ਆਪਣੀ ਛਾਵੇਂ। ਜਿੰਦੂ ਰੁੱਖੋਂ ਕਿਰ ਗਏ ਸਾਰੇ ਧੁੱਪਾਂ ਦੇ ਸਿਰਨਾਵੇ। ਅਸੀਂ ਤਾਂ ਦੀਵੇ ਨੈਣਾਂ ਦੇ ਹਾਂ ਬਾਲ ਦਲ੍ਹੀਜ਼ੇ ਬੈਠੇ, ਤੇਰੀ ਮਰਜ਼ੀ ਸੱਜਣਾ ਹੁਣ ਤੂੰ ਆਵੇ ਜਾਂ ਨਾ ਆਵੇਂ! ਨਾਲ ਤੇਰੇ ਸਨ ਰਾਹ ਵੀ ਲਗਦੇ, ਮੈਨੂੰ ਮੰਜ਼ਿਲ ਵਰਗੇ ਹੁੁਣ ਮੰਜ਼ਿਲ ਦੇ ਮੰਜ਼ਰ ਵੀ ਕਿੰਞ ਲਗਦੇ ਰਹਿਣ ਦੁਖਾਵੇਂ। ਬੇਤਰਤੀਬੇ ਲਫ਼ਜ਼ਾਂ ਵਰਗੀ ਹੈ ਜ਼ਿੰਦਗਾਨੀ ਮੇਰੀ, ਬਹਿਰਾਂ ਅੰਦਰ ਹੋ ਜਾਏਗੀ, ਜੇ ਤੂੰ ਗ਼ਜ਼ਲ ਇਹ ਗਾਵੇਂ! ਕਮੀ ਤੇਰੀ ਦਾ ਪਾਰਾ ਘੁਲ਼ ਨਾ ਸਕਿਆ ਕਿਸੇ ਵੀ ਹੀਲੇ, ਆਖਣ ਨੂੰ ਮੈਂ ਗਹਿਰਾ-ਡੂੰਘਾ ਇਕ ਦਰਿਆ ਸਾਂ ਭਾਵੇਂ!

ਤੇਰੀਆਂ ਯਾਦਾਂ ’ਚੋਂ ਜਦ ਕਿਧਰੇ

ਤੇਰੀਆਂ ਯਾਦਾਂ ’ਚੋਂ ਜਦ ਕਿਧਰੇ ਵਿਸਰ ਜਾਵਾਂਗਾਂ ਮੈ! ਟੁੱਟ ਕੇ ਉਸ ਦਿਨ ਖ਼ਲਾਅ ਤੀਕਰ ਬਿਖਰ ਜਾਵਾਂਗਾ ਮੈ! ਖ਼ਾਬ ਵਾਂਗੂੰ ਮੇਰਿਆਂ ਨੈਣਾਂ ’ਚ ਤੂੰ ਤਰਦਾ ਰਹੀਂ, ਅੱਗ ਦੇ ਦਰਿਆ ਵੀ ਵੇਖੀਂ ਹੱਸ ਤਰ ਜਾਵਾਂਗਾ ਮੈ! ਇਸ਼ਕ ਦੀ ਸ਼ਿੱਦਤ ਮੇਰੀ ਤੈਨੂੰ ਵਿਖਾਊ ਉਹ ਮਕਾਮ, ਹਰ ਪੜਾਅ, ਹਰ ਵਕਤ ਹਰ ਥਾਵੇਂ, ਨਜ਼ਰ ਆਵਾਂਗਾਂ ਮੈ! ਜੰਨਤਾਂ ਤੇ ਮੰਜ਼ਿਲਾਂ ’ਤੇ ਪੁੱਜ ਕੇ ਕਰਨਾ ਮੈਂ ਕੀ? ਤੇਰਿਆਂ ਰਾਹਾਂ ’ਚ ਹੀ ਆਖ਼ਰ ਠਹਿਰ ਜਾਵਾਂਗਾ ਮੈ! ਤੇਰੀਆਂ ਯਾਦਾਂ ’ਚੋਂ ਹੋਵਾਂ ਨਾ ਕਦੇ ਮੈਂ ਸੁਰਖਰੂ, ਏਸ ਭਟਕਣ ਤੋਂ ਰਿਹਾਅ ਹੋਕੇ ਕਿਧਰ ਜਾਵਾਂਗਾ ਮੈ?

ਨਾ ਸੀ ਨਸੀਬ ਕਿ ਐਸਾ ਹੁੰਦਾ!

ਨਾ ਸੀ ਨਸੀਬ ਕਿ ਐਸਾ ਹੁੰਦਾ! ਤੂੰ ਪਰਾਇਆ ਨਹੀਂ, ਮੇਰਾ ਹੁੰਦਾ! ਪਿਆਰ ਹੁੰਦਾ ਨਾ ਜੇ ਤੇਰਾ ਸੱਜਣਾ, ਤਾਂ ਜ਼ਿੰਦਗੀ ਦਾ ਨਾਂ ਸਜ਼ਾ ਹੁੰਦਾ। ਜਾਨ ਦੇ ਦਿੰਦੇ ਇਕ ਇਸ਼ਾਰੇ ’ਤੇ, ਤੂੰ ਇਕ ਵਾਰ ਤਾਂ ਕਿਹਾ ਹੁੰਦਾ। ਜ਼ਿੰਦਗੀ ਦੇ ਕਰੀਬ ਹੋਣਾ ਸੀ, ਨਾ ਜੇ ਉਹ ਇਕ ਹਾਦਸਾ ਹੁੰਦਾ। ਲੋਕ ਲੱਖ ਵਾਰ ਗ਼ੈਰ ਬਣ ਜਾਂਦੇ, ਹਾਏ! ਇਕ ਤੂੰ ਨਾ ਪਰਾਇਆ ਹੁੰਦਾ।

ਖੌਰੇ ਝੱਖੜ ਰੁੱਖ ਨੂੰ ਕੀ ਕਹਿ ਗਿਆ?

ਖੌਰੇ ਝੱਖੜ ਰੁੱਖ ਨੂੰ ਕੀ ਕਹਿ ਗਿਆ? ਸਾਖ਼ ਤੋਂ ਹਰ ਜ਼ਰਦ ਪੱਤਾ ਲਹਿ ਗਿਆ। ਕਿਣਕਾ ਕਿਣਕਾ ਬੁਰਜ ਖ਼ਾਬਾਂ ਦਾ ਢਿਹਾ, ਕਤਰਾ ਕਤਰਾ ਅਸ਼ਕਾਂ ਦੇ ਵਿਚ ਵਹਿ ਗਿਆ। ਇਸ਼ਕ ਤੇਰਾ ਰੇਤਲੇ ਪੁਲ਼ ਵਾਂਗ ਸੀ, ਢਹਿਣਾ ਹੀ ਸੀ ਏਸ ਨੇ, ਸੋ ਢਹਿ ਗਿਆ। ਹੋਂਦ ਨੂੰ ਐ ਦਿਲ! ਬਣਾ ਰੁੱਖਾਂ ਜਿਹਾ ਠਾਰ ਹਿਰਦਾ, ਜੋ ਵੀ ਛਾਂਵੇ ਬਹਿ ਗਿਆ।

ਪਤਾ ਨਈਂ ਕਦ ਮੈਂ ਰਲ਼ ਜਾਵਾਂ

ਪਤਾ ਨਈਂ ਕਦ ਮੈਂ ਰਲ਼ ਜਾਵਾਂ ਖ਼ਲਾਅ ਵਿਚ ਹਉਕਿਆਂ ਵਾਂਗੂੰ। ਸਮੇ ਦੀ ਤਾਰ ’ਤੇ ਲਟਕੇ ਪਏ ਹਾਂ ਤੁਪਕਿਆਂ ਵਾਂਗੂੰ। ਨਸੀਬਾਂ ਨੂੰ ਕਿਵੇ ਤਸ਼ਬੀਹ ਦਿਆਂ ਮੈਂ ਰਾਤ ਕਾਲ਼ੀ ਦੀ, ਤੇਰੇ ਦੋ ਨੈਣ ਯਾਦਾਂ ਵਿਚ ਨੇ ਜਗਦੇ ਦੀਵਿਆਂ ਵਾਂਗੂੰ। ਬਿਨਾ ਆਵਾਜ਼ ਨਿਭਦੇ, ਰੌਸ਼ਨੀ ਭਰਦੇ ਨੇ ਰਾਹਾਂ ਵਿਚ, ਕਈ ਰਿਸ਼ਤੇ ਨੇ ਹੁੰਦੇ ਹੂ-ਬ-ਹੂ ਬਸ ਪੁਸਤਕਾਂ ਵਾਂਗੂੰ। ਸ਼ਿਕਾਇਤ, ਨਫਰਤਾਂ, ਰੋਸੇ ਤੇ ਕਬਜ਼ਾ ਭਾਵਨਾ ਭਾਰੂ, ਕੀ ਦੱਸਾਂ, ਜ਼ਿੰਦਗੀ ਉਲਝੀ ਪਈ ਹੈ ਰਿਸ਼ਤਿਆਂ ਵਾਂਗੂੰ। ਮੈ ਤੇਰੀ ਯਾਦ ਨੂੰ ਹੈ ਠੀਕ ਓਦਾਂ ਸਾਂਭਿਆ ਸੱਜਣਾ, ਕਿਸੇ ਸ਼ਾਇਰ ਦੀਆਂ ਗ਼ਜ਼ਲਾਂ ’ਚ ਸਾਂਭੇ ਜਜ਼ਬਿਆਂ ਵਾਂਗੂੰ।

ਮੁਸ਼ਕਿਲ ਹੈ ਜੇ ਲਫ਼ਜ਼ਾਂ ਵਿਚ ਇਜ਼ਹਾਰ ਕਰਾਂ

ਮੁਸ਼ਕਿਲ ਹੈ ਜੇ ਲਫ਼ਜ਼ਾਂ ਵਿਚ ਇਜ਼ਹਾਰ ਕਰਾਂ। ਸੱਜਣਾ ਤੇਰਾ ਐਨਾ ਮੈਂ ਸਤਿਕਾਰ ਕਰਾਂ। ਬਾਲ਼ ਲਵਾਂਗਾ ਦੀਵੇ ਆਸ ਮੁਨਾਰੇ ’ਤੇ, ਪਰ ਪੌਣਾਂ ’ਤੇ ਕਿੰਝ ਭਲਾ ਇਤਬਾਰ ਕਰਾਂ? ਮੈਨੂੰ ਲੋਕੀ ਕਾਫ਼ਰ ਆਖਣ ਲੱਗ ਪਏ ਨੇ, ਰੱਬ ਨਾਲ਼ੋਂ ਵੀ ਵਧ ਤੇਰਾ ਇਤਬਾਰ ਕਰਾਂ। ਇਸਦੀ ਗਹਿਰਾਈ ਵਿਚ ਡੁੱਬ ਕੇ ਮਰਨਾ ਹੈ, ਇਸ਼ਕ ਤੇਰੇ ਦਾ ਸਾਗਰ ਕਿਉ ਮੈਂ ਪਾਰ ਕਰਾਂ? ਤੇਰੇ ਬਾਝੋਂ ਸਾਹਾਂ ਦੀ ਵੀ ਲੋੜ ਨਹੀਂ, ਐਨਾ ਹੀ ਮੈਂ ਸੱਜਣਾ! ਤੈਨੂੰ ਪਿਆਰ ਕਰਾਂ!

ਮੈਂ ਰੱਖਦਾ ਹਾਂ ਜਿਨ੍ਹਾਂ ਦੀ ਤਾਂਘ

ਮੈਂ ਰੱਖਦਾ ਹਾਂ ਜਿਨ੍ਹਾਂ ਦੀ ਤਾਂਘ ਨੂੰ ਨੈਣੀਂ ਸਜਾ ਕੇ। ਉਹ ਕਿਉ ਮਿਟ ਜਾਂਦੀਆਂ ਪੈੜਾਂ ਮੇਰੇ ਬੂਹੇ ’ਤੇ ਆ ਕੇ। ਹੈ ਤੈਨੂੰ ਵਾਸਤਾ ਮਹਿਰਮ! ਜਿਉਂਦੇ ਨੂੰ ਹੀ ਮਿਲ ਜਾ, ਕਿਤੇ ਰੱਖਣੀ ਹੀ ਨਾ ਪੈ ਜਏ, ਮੇਰੀ ਮੂਰਤ ਮੜ੍ਹਾ ਕੇ। ਕਦੇ ਬੇਰੋਕ ਹੁੰਦੇ ਸਾਂ ਅਸੀਂ ਦਰਿਆ ਦੇ ਵਾਂਗੂੰ, ਕਦੇ ਛੂੰਹਦੇ ਸਾਂ ਸੂਰਜ, ਚੰਦ ਹੁਣ ਜਾਂਦੈ ਜਲ਼ਾ ਕੇ। ਕਿਸੇ ਨਾ ਭੇਦ ਪਾਇਆ ਇਸ਼ਕ ਦੇ ਅੱਥਰੇ ਸੁਭਾਅ ਦਾ, ਇਹ ਬੇਲੀਂ ਤਖ਼ਤ ਰੋਲ਼ੇ, ਸੋਹਣੀਆਂ ਮਾਰੇ ਡੁਬਾ ਕੇ। ਬੜੀ ਵੱਖਰੀ ਤਰ੍ਹਾਂ ਦਾ ਕਤਲ ਤੇ ਕਾਤਿਲ ਹੈ ਮੇਰਾ, ਨਜ਼ਰ ਨਾਲ਼ ਵਿੰਨੇ ਦਿਲ ਮੇਰਾ ਤੇ ਮਾਰੇ ਮੁਸਕੁਰਾ ਕੇ!

ਆਖਦੇ ਨੇ ਲੋਕ ਕਿ ਮਸ਼ਹੂਰ ਹੋ ਗਿਆ

ਆਖਦੇ ਨੇ ਲੋਕ ਕਿ ਮਸ਼ਹੂਰ ਹੋ ਗਿਆ। ਕੋਈ ਕੀ ਜਾਣੇ ਖ਼ੁਦ ਤੋਂ ਹੀ ਹਾਂ ਦੂਰ ਹੋ ਗਿਆ। ਕੋਈ ਦਵਾ ਨਾ ਕੀਤੀ ਮੇਰੇ ਤਬੀਬ ਨੇ ਜਦ ਹਾਂ ਫੱਟ ਦਿਲ ਦਾ ਆਖ਼ਰ ਨਾਸੂਰ ਹੋ ਗਿਆ। ਸੁੰਞੇ ਜਿਹੇ ਨੈਣਾਂ ਵਿਚ ਆਉਦੇ ਨਾ ਅੱਥਰੂ ਹੁਣ, ਲੱਗਦੈ ਕਿ ਹੰਝੂਆਂ ਨੂੰ ਵੀ ਗ਼ਰੂਰ ਹੋ ਗਿਆ। ਉਹ ਇਸ਼ਕ ਦੀ ਦਿਸ਼ਾ ’ਚੋਂ ਐਦਾਂ ਸੀ ਉਦੈ ਹੋਇਆ, ਕਿ ਲੇਖਾਂ ਦਾ ਹਨੇਰਾ ਕਾਫੂਰ ਹੋ ਗਿਆ। ਖ਼ੁਸ਼ੀਆਂ ਨੂੰ ਦਿਲ ’ਚ ‘ਬੰਗੇ’ ਹੁਣ ਥਾਂ ਨਹੀਂ ਦੇ ਹੋਣਾ, ਤੇਰੇ ਹਿਜਰ ਨਾਲ ਦਿਲ ਇਹ ਭਰਪੂਰ ਹੋ ਗਿਆ।

ਸੋਚਿਆ ਨਹੀਂ ਸੀ ਕਿ ਵਿਚਾਲ਼ੇ

ਸੋਚਿਆ ਨਹੀਂ ਸੀ ਕਿ ਵਿਚਾਲ਼ੇ ਛੱਡ ਜਾਏਂਗਾ। ਜਿੰਨਾ ਤੂੰ ਹਸਾਇਆ ਸਾਨੂੰ ਓਨਾ ਹੀ ਰਵਾਏਂਗਾ। ਤੇਰੇ ਪਰਛਾਵਿਆਂ ’ਚ ਬਹਿਣ ਦੀ ਵੇ ਤਾਂਘ ਨੂੰ, ਤਪਦਿਆਂ ਥਲ਼ਾਂ ’ਚ ਦੁਪਹਿਰੇ ਆਜ਼ਮਾਏਂਗਾ। ਨੇਰ੍ਹਿਆਂ ਦੇ ਛਲ ਤੋਂ ਵੇ ਸਾਨੂੰ ਅਣਜਾਣਿਆਂ ਨੂੰ, ਦੀਵੇ ਜਿਹੀ ਹੋਂਦ ਫੂਕਾਂ ਮਾਰ ਕੇ ਬੁਝਾਵੇਂਗਾ। ਮੰਜ਼ਿਲਾਂ ਦੀ ਭਾਲ਼ ਵਿਚ ਭਟਕੇ ਹਾਂ ਅਜ਼ਲਾਂ ਤੋਂ, ਰਾਹਾਂ ਵਿਚੋਂ ਪੈੜ ਵੀ ਕੀ ਸਾਡੀ ਤੂੰ ਮਿਟਾਏਂਗਾ? ‘ਬੰਗਿਆ’ ਤੂੰ ਕਾਗਜ਼ਾਂ ਦੇ ਖੰਭ ਲਾ ਕੇ ਹੁੱਬਦਾ ਏਂ, ਬਲ਼ਦੀਆਂ ’ਵਾਵਾਂ ਵਿਚ ਝਟ ਸੜ ਜਾਏਂਗਾ।

ਪਿਆਰ ਦੇ ਸੌਦਾਗਰਾਂ ਦਿਲ ਲੁੱਟਿਆ

ਪਿਆਰ ਦੇ ਸੌਦਾਗਰਾਂ ਦਿਲ ਲੁੱਟਿਆ ਹੈ ਫੇਰ। ਅੰਦਰੋ-ਅੰਦਰੀ ਦਿਲ ਮੇਰਾ ਅੱਜ ਤੜਪਿਆ ਹੈ ਫੇਰ। ਬਣਕੇ ਫੁੱਲ ਸਾਂ ਵਿਛਿਆ ਮੈਂ ਸੱਜਣਾ ਦੇ ਰਾਹੀਂ, ਰੂਪ ਧਾਰ ਸੂਲ਼ ਦਾ ਉਹ ਚੁੱਭ ਗਿਆ ਹੈ ਫੇਰ। ਸਮਝਿਆ ਸੀ ਜਿਸ ਨੂੰ ਸਾਉਣ ਦੀ ਘਟਾ ਜਿਹਾ, ਉਹ ਅੱਗ ਵਾਂਗ ਦਿਲ ਮੇਰੇ ’ਤੇ ਵਰ੍ਹ ਗਿਆ ਹੈ ਫੇਰ। ਜਿਸ ਵਾਸਤੇ ਦਿਨ ਰਾਤ ਦੁਆਵਾਂ ਮੈਂ ਮੰਗੀਆਂ, ਖ਼ੰਜਰ ਉਨ੍ਹਾਂ ਦੇ ਹੱਥ ਹੀ ਅੱਜ ਲਿਸ਼ਕਿਆ ਹੈ ਫੇਰ। ਡਿੱਗ੍ਹਿਆ ਹੈ ਖਾ ਕੇ ਠੋਕਰ੍ਹਾਂ ‘ਬੰਗਾ’ ਮਗਰ ਸਦਾ ਹਰ ਵਾਰ ਦੂਣੇ ਹੌਂਸਲੇ ਸੰਗ ਤੁਰ ਪਿਆ ਹੈ ਫੇਰ!

ਭਰਿਆ ਬੜਾ ਹੀ ਕੀਮਤੀ

ਭਰਿਆ ਬੜਾ ਹੀ ਕੀਮਤੀ ਬੇਸ਼ੱਕ ਸਾਮਾਨ ਹੈ। ਖ਼ਾਲੀ ਜਿਹਾ ਕਿਉ ਜਾਪਦਾ ਮੈਨੂੰ ਮਕਾਨ ਹੈ? ਮੈਂ ਪਰਤਿਆਂ ਹਾਂ ਲਗਜ਼ਰੀ ਗੱਡੀ ’ਚ ਬੈਠ ਕੇ, ਰੂਹ ਉੱਤੇ ਫਿਰ ਇਹ ਕਿਹੜੀ ਵਾਟ ਦੀ ਥਕਾਨ ਹੈ? ਮਾਏਂ! ਤੂੰ ਜੋ ਅਸਮਾਨ ਸੀ ਚਿਤਵੇ ਮੇਰੇ ਲਈ, ਉਹਨਾਂ ਦੀ ਹੀ ਬੁਲੰਦੀ ’ਤੇ ਮੇਰੀ ਉਡਾਣ ਹੈ। ਹੈ ਜ਼ਿੰਦਗੀ ਦੀ ਅੱਗ ’ਚੋਂ ਮਹਿਕਾਂ ਕਿਆਸਦਾ, ਪਾਗਲ ਹੈ ਕਿੰਨਾ? ਦਿਲ ਮੇਰਾ ਕਿੰਨਾ ਨਾਦਾਨ ਹੈ? ਕੂੜੇ ਦਿਆਂ ਢੇਰਾਂ ’ਚੋਂ ਰੋਟੀ ਚੁਗ ਰਹੇ ਬੱਚੇ, ਸਾਕਾਰ ਕਰ ਰਹੇ ‘ਮੇਰਾ ਭਾਰਤ ਮਹਾਨ ਹੈ।’

ਵਹਾਏ ਅਸ਼ਕ ਜਿੰਨੇ, ਸਾਰਿਆਂ ਦੇ ਖ਼ਤ

ਵਹਾਏ ਅਸ਼ਕ ਜਿੰਨੇ, ਸਾਰਿਆਂ ਦੇ ਖ਼ਤ ਲਿਖਾਂਗਾ ਮੈਂ। ਐ ਮੇਰੇ ਚੰਨ, ਤੈਨੂੰ ਤਾਰਿਆਂ ਦੇ ਖ਼ਤ ਲਿਖਾਂਗਾ ਮੈਂ। ਹਕੀਕਤ ਦੇ ਸਫ਼ੇ ’ਤੇ ਲਿਖ ਰਿਹਾ ਹਾਂ ਗੀਤ ਫਰਜ਼ਾਂ ਦੇ, ਕਿਵੇਂ ਤੈਨੂੰ ਨੀ ਕੁੜੀਏ, ਲਾਰਿਆਂ ਦੇ ਖ਼ਤ ਲਿਖਾਂਗਾ ਮੈਂ। ਕੋਈ ਦੀਵਾਰ ਸ਼ਾਹੀ ਢਹਿ ਪਵੇ ਸ਼ਾਇਦ ਨਮੋਸ਼ੀ ਸੰਗ ਤੇਰੀ ਕੁਰਸੀ ਨੂੰ ਢਹਿੰਦੇ ਢਾਰਿਆਂ ਦੇ ਖ਼ਤ ਲਿਖਾਂਗਾ ਮੈਂ।

ਕਿਆਸੇ ਸਨ ਅਸਾਂ ਤਾਂ ਮੋਹ ਮੁਹੱਬਤ ਰਿਸ਼ਤਿਆਂ ਅੰਦਰ। ਕਦੋਂ ਸੀ ਚਿਤਵੀਆਂ ਤੇੜਾਂ ਅਸਾਂ ਨੇ ਸ਼ੀਸ਼ਿਆਂ ਅੰਦਰ। ਪਰਿੰਦਾ ਹੀ ਨਹੀਂ ਮਾਯੂਸ ਹੋ ਡਿੱਗ੍ਹਿਆ ਜ਼ਮੀਂ ਉੱਤੇ, ਬੜਾ ਚਿਰ ਤੜਪਿਆ ਅਸਮਾਨ ਵੀ ਟੁੱਟੇ ਪਰਾਂ ਅੰਦਰ। ਅਸੀਂ ਘਰ ਤਾਂ ਸਜਾ ਬੈਠੇ ਹਾਂ ਆਲੀਸ਼ਾਨ ਚੀਜ਼ਾਂ ਸੰਗ, ਮਗਰ ਮੋਹ ਭਰ ਸਕੇ ਨਾ ਕਿਉ ਦਿਲਾਂ ਦੇ ਜਜ਼ਬਿਆਂ ਅੰਦਰ?

ਤੇਰੇ ਬਾਝੋਂ ਮੈਂ ਇਹਨਾਂ ਮੰਜ਼ਿਲਾਂ ਦਾ

ਤੇਰੇ ਬਾਝੋਂ ਮੈਂ ਇਹਨਾਂ ਮੰਜ਼ਿਲਾਂ ਦਾ ਕੀ ਕਰਾਂਗਾ? ਮੈਂ ਪੈਰੀਂ ਬੰਨ੍ਹ ਕੇ ਭਟਕਣ ਥਲ਼ਾਂ ਨੂੰ ਟੁਰ ਪਵਾਂਗਾ। ਤੇਰੇ ਹਿਜਰਾਂ ’ਚ ਸਾਰੇ ਤਾਰਿਆਂ ਨੂੰ ਗਿਣਨ ਮਗਰੋਂ, ਇਨ੍ਹਾਂ ਸਭ ਤਾਰਿਆਂ ਦੇ ’ਕੱਲੇ ’ਕੱਲੇ ਨਾਂ ਧਰਾਂਗਾ। ਜਿਵੇਂ ਬਾਰਿਸ਼ ਦੇ ਕਤਰੇ ਨੂੰ ਹੈ ਕੋਈ ਔੜ ਪੀਂਦੀ, ਤੇਰੀ ਦਿੱਤੀ ਹੋਈ ਹਰ ਪੀੜ ਨੂੰ ਏਦਾਂ ਜਰਾਂਗਾ। ਤੇਰੇ ਦਰਗਾਹ ਜਿਹੇ ਨੈਣਾਂ ਦੇ ਹਾਣੀ ਹੋ ਸਕਣ ਜੋ, ਨਵੇਂ ਰੰਗਾਂ ਦੇ ਚਾਨਣ ਵਾਲੜੇ ਸੁਪਨੇ ਘੜਾਂਗਾ। ਕਿਆਮਤ ਵਾਂਗ ਗੁਜ਼ਰੀ ਹੈ ਇਹ ਭਾਵੇਂ ਜ਼ਿੰਦਗੀ ਪਰ, ਮੈਂ ਆਇਤ ਵਾਂਗ ਤੇਰੇ ਜ਼ਿਕਰ ਦਾ ਵਰਕਾ ਪੜ੍ਹਾਂਗਾ।

ਜਜ਼ਬਾਤ ਜਦ ਮੈਂ ਵਰਕਿਆਂ ਅੰਦਰ ਸਮੇਟਦਾਂ!

ਜਜ਼ਬਾਤ ਜਦ ਮੈਂ ਵਰਕਿਆਂ ਅੰਦਰ ਸਮੇਟਦਾਂ! ਇਉ ਜਾਪਦੈ ਜਿਉ ਅੱਗ ਦੀਆਂ ਲਪਟਾਂ ਲਪੇਟਦਾਂ। ਤੈਨੂੰ ਪਤਾ ਕੀ ਖ਼ੁਦ ਨੂੰ ਮਿਟਾਉਦਾ ਹਾਂ ਕਿੰਨੀ ਵੇਰ, ਮੈਂ ਵਾਹ ਕੇ ਤੇਰਾ ਨਾਮ ਜਦ ਰੇਤਾ ’ਤੇ ਮੇਟਦਾਂ। ਤੇਰੇ ਬਗ਼ੈਰ ਬੈਠਦਾਂ ਕੰਡਿਆਂ ਦੇ ਪੀੜ੍ਹੇ ’ਤੇ ਤੇਰੇ ਬਗ਼ੈਰ ਕੱਚ ਦੇ ਬਿਸਤਰ ’ਤੇ ਲੇਟਦਾਂ। ਅਰਮਾਨ ਦੀ ਗੁੱਡੀ ਤਾਂ ਕੱਟ ਗਈ ਹੈ ਕਦੋਂ ਦੀ, ਹੁਣ ਕੱਚੀਆਂ ਸਾਹਾਂ ਦੀਆਂ ਡੋਰਾਂ ਵਲ੍ਹੇਟਦਾਂ।

ਕਰੀਂ ਕੋਸ਼ਿਸ਼ ਕਿ ਪੂਰਾ ਐਤਕੀਂ

ਕਰੀਂ ਕੋਸ਼ਿਸ਼ ਕਿ ਪੂਰਾ ਐਤਕੀਂ ਇਕਰਾਰ ਹੋ ਜਾਏ। ਕਿ ਮੈਨੂੰ ਵੀ ਮੁਹੱਤਬਤ ’ਤੇ ਜ਼ਰਾ ਇਤਬਾਰ ਹੋ ਜਾਏ। ਚਲੋ ਅੱਜ ਦੇਖਦੇ ਹਾਂ ਕਿਸ ’ਤੇ ਹੁੰਦਾ ਹੈ ਅਸਰ ਕਿੰਨਾ, ਤੇਰੀ ਤਲਵਾਰ, ਮੇਰੇ ਗੀਤ ਦੀ ਛਣਕਾਰ ਹੋ ਜਾਏ। ਮੇਰੇ ਦਿਲ ’ਤੇ ਖਿੜਾਏ ਨੇ ਜੋ ਜ਼ਖ਼ਮਾਂ ਦੇ ਤੂੰ ਗੁਲਮੋਹਰ, ਜ਼ਰਾ ਵੇਖੀਂ ਕਿਤੇ ਖਿੜਕੇ ਨਾ ਇਹ ਗੁਲਜ਼ਾਰ ਹੋ ਜਾਏ। ਤਬੀਬਾ! ਬਹੁੜ ਵੀ ਜਾ ਹੁਣ, ਕਿਤੇ ਹੋ ਜਾਏ ਨਾ ਐਦਾਂ, ਕਿ ਹਰ ਤੀਮਾਰਦਾਰੀ ਤੋਂ ਪਰ੍ਹੇ ਬੀਮਾਰ ਹੋ ਜਾਏ। ਇਨ੍ਹਾਂ ਪਥਰਾ ਗਏ ਨੈਣਾਂ ਨੂੰ ਪੱਥਰ ਹੀ ਰਹਿਣ ਦੇ ਹੁਣ ਦੁਆ ਕਰਨਾ ਨਾ ਇਹ ਲਾਵਾ ਕਦੇ ਸਰਸ਼ਾਰ ਹੋ ਜਾਏ।

ਗੀਤ ਹਜ਼ਾਰਾਂ ਬਹੁੜੇ ਸਨ

ਗੀਤ ਹਜ਼ਾਰਾਂ ਬਹੁੜੇ ਸਨ। ਸਾਹ ਦੇ ਵਰਕੇ ਥੋੜ੍ਹੇ ਸਨ। ਤੇਰੇ ਬਾਝੋਂ ਹਾਸੇ ਮੈਂ, ਸਾਰੇ ਬੂਹਿਓਂ ਮੋੜੇ ਸਨ। ਤੇਰੇ ਬਖ਼ਸ਼ੇ ਹੰਝੂ ਵੀ ਅੱਖ ਨੂੰ ਲੱਖ ਕਰੋੜੇ ਸਨ। ਮੈਂ ਭਟਕਣ ਦਾ ਬੇਲੀ ਸਾਂ, ਮੰਜ਼ਿਲ ਨਈਂ, ਰਾਹ ਲੋੜੇ ਸਨ। ਹਿਜਰ ਤੇਰੇ ਦੇ ਨੇਜੇ ਵੇ! ਅੰਬਰ ਜਿੰਨੇ ਚੌੜੇ ਸਨ। ਸਿੱਕੇ ਚੁੱਕ ਕੇ ਵੇਖੇ ਮੈਂ, ਕਿੰਨੇ ਸੋਹਣੇ ਰੋੜੇ ਸਨ।

ਕਿਸ ਤਰ੍ਹਾਂ ਸੁਰ-ਸਾਜ਼ ਤੋਂ ਵੱਖਰੇ

ਕਿਸ ਤਰ੍ਹਾਂ ਸੁਰ-ਸਾਜ਼ ਤੋਂ ਵੱਖਰੇ ਤਰਾਨੇ ਹੋ ਗਏ। ਆਪਣੇ ਹੀ ਅਕਸ ਤੋਂ ਆਪਾਂ ਬੇਗਾਨੇ ਹੋ ਗਏ। ਵਕਤ, ਸੋਚਾਂ, ਬੇਵਫਾਈ, ਰੋਸ, ਸ਼ਿਕਵੇ ਤੇ ਨਸੀਬ, ਇੱਕ ਜੁਦਾਈ ਦੇ ਲਈ ਕਿੰਨੇ ਬਹਾਨੇ ਹੋ ਗਏ। ਪਿਆਰ ਸਾਡਾ ਤਾਂ ਸੀ ਢਾਈ ਅੱਖਰਾਂ ਦੀ ਦਾਸਤਾਂ, ਉਮਰ ਤੋਂ ਲੰਮੇ ਕਿਵੇਂ ਹਾਏ ਫਸਾਨੇ ਹੋ ਗਏ? ਹੋਂਦ ਉੱਤੇ ਹਿਜਰ ਦਾ ਮੌਸਮ ਸਦੀਵੀ ਠਹਿਰਿਆ, ਹਾਸਿਆਂ ਦੀ ਰੁੱਤ ਆਈ ਨੂੰ ਜ਼ਮਾਨੇ ਹੋ ਗਏ। ਜ਼ਿੰਦਗੀ ਦੇ ਮੇਲਿਆਂ ਵੱਲ ਵੇਖਿਆ ਹੀ ਨਾ ਗਿਆ, ਦਿਲ ਦੇ ਕੋਨੇ ਵਿਚ ਹੀ ਐਨੇ ਵੀਰਾਨੇ ਹੋ ਗਏ।

ਸੂਹੇ ਗੁਲਾਬ ਸਾਰੇ

ਸੂਹੇ ਗੁਲਾਬ ਸਾਰੇ, ਲੈ ਜਾਓ ਮੋੜ ਹਾਲੇ। ਹੁੰਦੀ ਪਈ ਏ ਗਹਿਰੀ, ਇਸ ਦਿਲ ਦੀ ਔੜ ਹਾਲੇ। ਤਿੜਕੀ ਹਯਾਤ ਅੰਦਰ, ਸਾਬਤ ਨੇ ਸਾਹ ਅਜੇ ਕੁਝ, ਐ ਜ਼ਿੰਦਗੀ! ਮੇਰਾ ਦਿਲ ਕੁਝ ਹੋਰ ਤੋੜ ਹਾਲੇ। ਹਾਲੇ ਕਿਹਾ ਨੀਂ ਜਾਣਾ, ਉਸ ਬੇਵਫਾ ਨੂੰ ਕਾਫ਼ਿਰ, ਲੱਗਦੇ ਨੇ ਖ਼ੁਦਾ ਵਰਗੇ, ਉਸ ਰਾਹ ਦੇ ਰੋੜ ਹਾਲੇ। ਉਹ ਨਾ-ਸਮਝ ਨਾ ਸਮਝੇ, ਦਿਲ ਟੁੱਟ ਕੇ ਨੲ੍ਹੀਂ ਜੁੜਦਾ, ਆਸ਼ਿਕ ੳਹ ਟੁੱਟੇ ਦਿਲ ਨੂੰ ਲਾਉਦਾ ਹੈ ਜੋੜ ਹਾਲੇ।

ਤੂੰ ਮੈਨੂੰ ਆਖਦੈਂ ਜ਼ੰਜੀਰ ਵਰਗਾ

ਤੂੰ ਮੈਨੂੰ ਆਖਦੈਂ ਜ਼ੰਜੀਰ ਵਰਗਾ। ਮੈਂ ਤੈਨੂੰ ਆਖਦਾਂ ਜਾਗੀਰ ਵਰਗਾ। ਤੂੰ ਮੈਨੂੰ ਆਖਦੈਂ ਸ਼ਮਸ਼ੀਰ ਵਰਗਾ, ਤੂੰ ਮੈਨੂੰ ਰੰਗਲੀ ਤਸਵੀਰ ਵਰਗਾ। ਕਿਆਸੇਂ ਮੈਨੂੰ ਤੂੰ ਰੋਹੀ ਦਾ ਰੁੱਖੜਾ, ਮੈਂ ਤੈਨੂੰ ਚਿਤਵਦਾ ਹਾਂ ਹੀਰ ਵਰਗਾ। ਹਾਂ, ਸਾਰੀ ਉਮਰ ਸੁਣ ਸਕਦਾਂ ਮੈਂ ਤੈਨੂੰ, ਨਿਰਾ ਤੂੰ ਇਸ਼ਕ ਦੀ ਤਕਰੀਰ ਵਰਗਾ। ਤੇਰੀ ਚੁੰਨੀ ਦਾ ਬਣਦਾ ਕਿੰਝ ਗੋਟਾ? ਮੈਂ ਤਾਰੋ-ਤਾਰ ਹੋਈ ਲੀਰ ਵਰਗਾ।

ਹਉਕੇ, ਹਾਸੇ, ਯਾਦਾਂ, ਮਹਿਕਾਂ

ਹਉਕੇ, ਹਾਸੇ, ਯਾਦਾਂ, ਮਹਿਕਾਂ, ਖ਼ਾਰ ਕਈ। ਇਕ ਬੰਦੇ ਦੇ ਹੁੰਦੇ ਨੇ ਵਿਸਥਾਰ ਕਈ। ਝੂਠਾ, ਸੱਚਾ, ਢੋਂਗੀ, ਸਾਧੂ, ਡਾਕੂ ਵੀ, ਇੱਕੋ ਸ਼ਖ਼ਸ ਨਿਭਾਉਦਾ ਹੈ ਕਿਰਦਾਰ ਕਈ। ਵਿਚ ਹਕੀਕਤ ਕੋਈ ਮੰਜ਼ਿਲ ਮਿਲਦੀ ਨੲ੍ਹੀਂ ਸੋਚਾਂ ਅੰਦਰ ਹੁੰਦੇ ਨੇ ਸੰਸਾਰ ਕਈ। ਆਪਣਿਆਂ ਦੇ ਦਿਲ ਦੇ ਦਰਦ ਨਾ ਪੜ੍ਹ ਹੋਵਣ, ਉਜ ਰੋਜ਼ਾਨਾ ਪੜ੍ਹਦੇ ਹਾਂ ਅਖ਼ਬਾਰ ਕਈ। ਉਸਦੀ ਹਾਕ ’ਚ ਐਸਾ ਕੋਈ ਜਾਦੂ ਸੀ, ਖੁੱਲ੍ਹ ਜਾਂਦੇ ਸਨ ਕੰਧਾਂ ਅੰਦਰ ਬਾਰ ਕਈ।

ਜਿਸਦੇ ਜ਼ਖ਼ਮਾਂ ਦਾ ਦਿਲ ’ਤੇ

ਜਿਸਦੇ ਜ਼ਖ਼ਮਾਂ ਦਾ ਦਿਲ ’ਤੇ ਇਕ ਨਿਸ਼ਾਨ ਹੁੰਦਾ ਹੈ। ਜ਼ਿਕਰ ਉਸਦਾ ਹੀ ਸ਼ਾਇਰੀ ਦੀ ਜਾਨ ਹੁੰਦਾ ਹੈ। ਦਿਲ ਮੇਰਾ ਹੁੰਦਾ ਹੈ ਹਾਏ ਉਦ੍ਹੇ ਨਿਸ਼ਾਨੇ ’ਤੇ, ਤੇ ਉਸ ਬੇਦਰਦ ਦੇ ਹੱਥ ਵਿਚ ਕਮਾਨ ਹੁੰਦਾ ਹੈ। ਰੋਜ਼ ਹੁੰਦੀ ਹੈ ਜੰਗ ਫਰਜ਼ਾਂ ਦੀ ਤੇ ਖ਼ਾਬਾਂ ਦੀ, ਤੇ ਰੋਜ਼ ਦਿਲ ਮੇਰਾ ਜੰਗ ਦਾ ਮੈਦਾਨ ਹੁੰਦਾ ਹੈ। ਝਾੜ ਦੇ ਉਮਰ ਦੇ ਪਿੰਡਿਆਂ ਉੱਤੋਂ ਨਫ਼ਰਤ, ਸਫ਼ਰ ਇਉਂ ਜ਼ਿੰਦਗੀ ਵਾਲਾ ਆਸਾਨ ਹੁੰਦਾ ਹੈ। ਰੀਝਾਂ, ਸਧਰਾਂ ਦੀਆਂ ਤੰਦਾਂ ਤੇ ਬਰਕਤੀ ਗਹਿਣੇ, ਮਾਂ ਦੇ ਸੰਦੂਕ ਵਿਚ ਰੂਹ ਦਾ ਸਾਮਾਨ ਹੁੰਦਾ ਹੈ।

ਯਾਦ ਤੇਰੀ ਤੋਂ ਦਿਲ ਇਹ ਮੁਨਕਰ

ਯਾਦ ਤੇਰੀ ਤੋਂ ਦਿਲ ਇਹ ਮੁਨਕਰ ਨੲ੍ਹੀਂ ਹੋਇਆ। ਸ਼ੀਸ਼ੇ ਦਾ ਇਕ ਟੁਕੜਾ ਪੱਥਰ ਨੲ੍ਹੀਂ ਹੋਇਆ। ਹੰਝੂ, ਹਉਕਾ, ਰੋਜ਼ ਤਮਾਸ਼ਾ ਦੁਨੀਆ ਦਾ, ਜ਼ਿੰਦਗੀ! ਮੈਂ ਕੀ ਤੇਰੀ ਖ਼ਾਤਰ ਨੲ੍ਹੀਂ ਹੋਇਆ। ਉਸ ਧਰਤੀ ਦੇ ਪੈਰਾਂ ਹੇਠਾਂ ਵਿਛ ਗਿਆ ਸਾਂ, ਗਿਲਾ ਹੈ ਊਸਨੂੰ ਕਿ ਮੈਂ ਅੰਬਰ ਨੲ੍ਹੀਂ ਹੋਇਆ। ਸੁਣਿਐਂ, ਨਦੀ ਉਹ ਠਹਿਰ ਗਈ ਅਧਵਾਟੇ ਹੀ, ਫਿਰ ਮੈਂ ਵੀ ਅੱਜ ਤੀਕ ਸਮੁੰਦਰ ਨੲ੍ਹੀਂ ਹੋਇਆ। ਦੁਨੀਆ ਦੀ ਮਹਿਫਿਲ ਵਿਚ ਸ਼ਾਮਿਲ ਹੋ ਜਾਂਦਾ, ਹੋ ਸਕਦਾ ਸੀ ਮੁਮਕਿਨ, ਐਪਰ ਨੲ੍ਹੀਂ ਹੋਇਆ। ਚਾਹੁੰਦਾ ਸੀ ਉਹ ਇਸ਼ਕ ’ਤੇ ਨਾ ਇਤਬਾਰ ਕਰੇ, ਫਿਰ ਵੀ ਆਸ਼ਕ ਸੀ, ਉਹ ਕਾਫ਼ਰ ਨੲ੍ਹੀਂ ਹੋਇਆ।

ਕਦੇ ਹਰ ਪੀੜ ਤੇ ਹਰ ਭਟਕਣਾ

ਕਦੇ ਹਰ ਪੀੜ ਤੇ ਹਰ ਭਟਕਣਾ ਤੋਂ ਸੁਰਖਰੂ ਹੋਵਾਂ। ਖ਼ੁਦਾਇਆ! ਇੰਝ ਵੀ ਹੋਵੇ, ਮੈਂ ਉਸ ਦੇ ਰੂ-ਬ-ਰੂ ਹੋਵਾਂ! ਤੇਰੀ ਠੋਕਰ੍ਹ ’ਚ ਰੁਲਦੇ ਦਿਲ ਮੇਰੇ ਦੀ ਹੈ ਇਹੋ ਹਸਰਤ- ਤੂੰ ਮੈਨੂੰ ਤਾਂਘਦਾ ਹੋਵੇਂ-ਮੈਂ ਤੇਰੀ ਜੁਸਤਜੂ ਹੋਵਾਂ। ਜਿਵੇਂ ਉਹ ਮੇਰੀਆਂ ਗ਼ਜ਼ਲਾਂ ਦੀਆਂ ਸਤਰਾਂ ’ਚ ਹੈ ਰਹਿੰਦੀ, ਮੈਂ ਸ਼ਾਇਦ ਉਸ ਦੀ ਖ਼ਾਮੋਸ਼ੀਆਂ ਦੀ ਗੁਫਤਗੂ ਹੋਵਾਂ!

ਤੇਰੀਆਂ ਯਾਦਾਂ ਨੇ ਫਿਰ

ਤੇਰੀਆਂ ਯਾਦਾਂ ਨੇ ਫਿਰ, ਮਹਿਫਿਲ ਲਗਾਈ - ਰਾਤ ਭਰ। ਨੀਂਦ ਤੇ ਖ਼ਾਬਾਂ ਦੀ ਫਿਰ ਚੱਲੀ ਲੜਾਈ - ਰਾਤ ਭਰ। ਨੇਰ੍ਹਿਆਂ ਦੇ ਖ਼ੌਫ਼ ਵਿਚ ਦਹਿਲੇ ਹੋਏ ਇਸ ਦਿਲ ਨੂੰ ਮੈਂ, ਜੁਗਨੂੰਆਂ ਦੇ ਗੀਤ ਦੀ ਲੋਰੀ ਸੁਣਾਈ - ਰਾਤ ਭਰ। ਹਉਕਿਆਂ ਦਾ ਵੇਗ ਵੀ ਪੂਰੀ ਰਵਾਨੀ ’ਤੇ ਰਿਹਾ, ਸਾਹਾਂ ਦੇ ਦੀਵੇ ਦੀ ਲੋਅ ਵੀ ਥਰਥਰਾਈ - ਰਾਤ ਭਰ। ਇਸ਼ਕ ਨੇ ਜਾਗੀਰ ਕੀਤੀ ਨਾਂ ਵਸੀਅਤ ਜੋ ਮੇਰੇ, ਅੱਖੀਆਂ ਨੇ ਅਸ਼ਕਾਂ ਦੀ ਦੌਲਤ ਲੁਟਾਈ - ਰਾਤ ਭਰ।

ਜਦੋਂ ਵੀ ਦਿਲ ਨੂੰ ਉਸ ’ਤੇ

ਜਦੋਂ ਵੀ ਦਿਲ ਨੂੰ ਉਸ ’ਤੇ ਐਤਬਾਰ ਹੁੰਦਾ ਹੈ। ਨਿਸ਼ਾਨਾ ਉਸਦਾ ਮੁੜ ਤੋਂ ਫਿਰ ਤਿਆਰ ਹੁੰਦਾ ਹੈ। ਦਿਲ ਤਾਂ ਦਿੱਤਾ ਸੀ ਉਸਨੂੰ ਬੱਸ ਮੈਂ ਇੱਕੋ ਵਾਰੀ, ਦਰਦ-ਏ-ਦਿਲ ਸਾਰੀ ਉਮਰ ਵਾਰ ਵਾਰ ਹੁੰਦਾ ਹੈ। ਤੇਰੇ ਰਾਹੀਂ ਵਿਛਾਏ ਮੈਂ ਹਰੇਕ ਰੰਗ ਦੇ ਫੁੱਲ ਉਸ ਵਲੋਂ ਮੇਰੇ ਰਾਹੀਂ ਤੇਜ਼ ਖ਼ਾਰ ਹੁੰਦਾ ਹੈ। ਲਿਸਕਦਾ ਹੈ ਜਦੋਂ ਤੇਰੇ ਖ਼ਿਆਲ ਦਾ ਸੂਰਜ, ਸ਼ਾਇਰੀ ਮੇਰੀ ’ਤੇ ਵੱਖਰਾ ਨਿਖ਼ਾਰ ਹੁੰਦਾ ਹੁੰਦਾ ਹੈ। ਮੈਂ ਤੇਰੇ ਇਸ਼ਕ ਦਾ ਸ਼ੁਕਰਾਨਾ ਦੱਸ ਕਰਾਂ ਕਿੱਦਾਂ? ਕਰਜ਼ ਇਹ ਸੱਜਣਾ! ਜਨਮਾਂ ’ਚ ਤਾਰ ਹੁੰਦਾ ਹੈ।

ਸ਼ੇਅਰ

ਤੇਰੇ ਜਿੰਨਾ ਸਾਨੂੰ ਕਿਸੇ ਕਰਨਾ ਖੁਆਰ ਨੲ੍ਹੀਂ। ਸਾਡੇ ਜਿੰਨਾ ਤੈਨੂੰ ਕਿਸੇ ਕਰਨਾ ਪਿਆਰ ਨੲ੍ਹੀਂ। *** ਤਕਦੀਰ ਨੇ ਸੀ ਪਰਖਣਾ ਐਦਾਂ ਹੀ ਮੇਰਾ ਜੇਰਾ। ਤੇਰਾ ਮੈਂ ਹੋਣਾ ਸੀ ਮਗਰ ਤੂੰ ਨੲ੍ਹੀਂ ਸੀ ਹੋਣਾ ਮੇਰਾ। *** ਵਿੱਛੜਿਆ ਸੱਜਣਾ ਵੇ! ਝੋਰਿਆਂ ਨੇ ਖਾ ਲਈ ਜਿੰਦ, ਹਉਕਿਆਂ ਨੇ ਲਿਆ ਸਾਨੂੰ ਪੀ *** ਪਰਤੇਂਗਾ ਤਾਂ ਰਾਹ ਕੰਢੇ, ਸੁੰਞੀ ਮਜ਼ਾਰ ਵੇਖੀਂ। ਐ ਜਾਣ ਵਾਲੇ ਸਾਡਾ ਵੀ ਇੰਤਜ਼ਾਰ ਵੇਖੀਂ। *** ਆਪੋ ਆਪਣੇ ਦਿਲ ਦੀਆਂ ਕਬਰਾਂ ’ਚ ਨਿੱਤ ਲਹਿੰਦੇ ਨੇ ਲੋਕ। ਫਿਰ ਵੀ ਐਸੀ ਜ਼ਿੰਦਗੀ ਨੂੰ ਜ਼ਿੰਦਗੀ ਕਹਿੰਦੇ ਨੇ ਲੋਕ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ